Welcome to Seerat.ca
Welcome to Seerat.ca

ਕੀ ਸਰਾਭੇ ਦੀ ਕੋਈ ਪ੍ਰੇਮਿਕਾ ਵੀ ਸੀ?

 

- ਵਰਿਆਮ ਸਿੰਘ ਸੰਧੂ

ਭੁੱਬਲ ਦੀ ਅੱਗ ਮੇਰੀ ਮਾਂ

 

- ਅਜਮੇਰ ਸਿੰਘ ਔਲਖ

ਸ੍ਵੈ-ਕਥਨ

 

- ਸੁਰਜੀਤ ਪਾਤਰ

ਸ਼ਹੀਦ ਭਗਤ ਸਿੰਘ ਬਾਰੇ ਕੁਝ ਰੌਚਿਕ ਤੱਥ

 

- ਯਸ਼ਪਾਲ

ਤਾ ਕਿ ਸਨਦ ਰਹੇ-ਅੰਮ੍ਰਿਤਾ ਪ੍ਰੀਤਮ

 

- ਸਾਧੂ ਸਿੰਘ

ਕੁਦਰਤ ਦਾ ਕੌਤਕ ਬਾਬਾ ਫੌਜਾ ਸਿੰਘ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਬਿਖੜੇ ਪੈਂਡੇ

 

-  ਹਰਜੀਤ ਅਟਵਾਲ

ਸ਼ਮਸ਼ੇਰ ਸੰਧੂ, ਮੈ ਆਪ ਤੇ ਯਾਦਾਂ ‘ਪੰਜਾਬੀ ਟ੍ਰਿਬਿਊਨ‘ ਦੀਆਂ

 

- ਗੁਰਦਿਆਲ ਸਿੰਘ ਬੱਲ

ਰਾਮ ਗਊ

 

- ਹਰਪ੍ਰੀਤ ਸੇਖਾ

ਆਜ਼ਾਦੀ ਦੇ ‘ਲਾਲਾਂ ਚੋਂ ਲਾਲ’– ਭਗਤ ਸਿੰਘ

 

- ਉਂਕਾਰਪ੍ਰੀਤ

ਦੋ ਕਵਿਤਾਵਾਂ

 

- ਸੁਰਜੀਤ

ਇਕ ਗ਼ਜ਼ਲ ਅਤੇ ਇਕ ਛੰਦ ਪਰਾਗੇ

 

- ਗੁਰਨਾਮ ਢਿੱਲੋਂ

ਰੇਤ ਨਿਗਲ ਗਈ ਹੀਰਾ

 

- ਬੂਟਾ ਸਿੰਘ ਚੌਹਾਨ

ਐੱਮਪੀਜ਼ ਦੀਆਂ ਪੈਨਸ਼ਨਾਂ ਨੇ ਕਿ ਰਾਜਿਆਂ, ਮਹਾਂਰਾਜਿਆਂ ਵਾਲੇ ਵਜ਼ੀਫੇ ਨੇ!

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸੱਚੇ ਮਾਰਗ ਦੀ ਤਲਾਸ਼

 

- ਸੁਪਨ ਸੰਧੂ

ਇੱਕੀਵੀ ਸਦੀ ਦੇ ਵੱਡੇ ਮਨੁਖੀ ਦੁਖਾਂਤ ਚੋਂ ਗੁਜਰ ਰਿਹਾ ਸੀਰੀਆ

 

- ਹਰਜਿੰਦਰ ਸਿੰਘ ਗੁਲਪੁਰ

ਸਾਡੇ ਪੁਰਖਿਆਂ ਦੀ ਵਿਰਾਸਤ ਸਾਡਾ ਪਹਿਰਾਵਾ

 

- ਕਰਨ ਬਰਾੜ

ਚੱਟ ਲਿਆ ਚਿੱਟੇ ਨੇ ਪੰਜਾਬ ਮੇਰਾ ਸਾਰਾ ?

 

- ਗੁਰਬਾਜ ਸਿੰਘ

ਮੇਰੀ ਆਤਮ-ਕਥਾ / ਅਸੀਂ ਵੀ ਜੀਵਣ ਆਏ

 

- ਕੁਲਵਿੰਦਰ ਖਹਿਰਾ

ਹੁੰਗਾਰੇ

 
Online Punjabi Magazine Seerat


ਰਾਮ ਗਊ

- ਹਰਪ੍ਰੀਤ ਸੇਖਾ ( 604-599-4986 )
 

 

ਮੈਨੂੰ ਅਚਵੀ ਲੱਗੀ ਹੋਈ ਸੀ। ਕਦੇ ਪੈ ਜਾਂਦਾ, ਕਦੇ ਤੁਰਨ ਲੱਗਦਾ ਪਰ ਕੁਲਜੀਤ ਸਾਰੇ ਕੁਝ ਤੋਂ ਬੇਖ਼ਬਰ ਘੂਕ ਸੁੱਤੀ ਪਈ ਸੀ। ਮੈਨੂੰ ਵਾਰ-ਵਾਰ ਕਨੇਡਾ ਆਉਣ ‘ਤੇ ਖਿਝ ਚੜ੍ਹ ਰਹੀ ਸੀ। ਕੀ ਘਾਟਾ ਸੀ ਉੱਥੇ, ਸਰਦਾਰੀ ਸੀ ਤੇ ਐਥੇ ਛੋਟੇ ਭਰਾ ਗੁਰਮੇਲ ਵਰਗੇ ਆਖਦੇ ਆ, “ਜਾ ਰਲਿਆ ਵੱਗ ‘ਚ।” ਵਾਰ ਵਾਰ ਮਨ ਨੂੰ ਸਮਝਾਉਂਦਾ ਰਿਹਾ ਕਿ ਗੁਰਮੇਲ ਦਾ ਸੁਭਾਅ ਹੀ ਮਖੌਲੀਐ, ਪਰ ਗੱਲ ਦਿਮਾਗ ‘ਚੋਂ ਨਿਕਲਦੀ ਹੀ ਨਹੀਂ ਸੀ। ਇਹ ਗੱਲ ਉਸਨੇ ਬਹੁਤ ਦਿਨ ਪਹਿਲਾਂ ਜਦੋਂ ਉਸਨੂੰ ਪਤਾ ਲੱਗਾ ਸੀ ਕਿ ਮੈਂ ਸੀਨੀਅਰਜ਼ ਸੈਂਟਰ ‘ਚ ਜਾਣ ਲੱਗ ਪਿਆ ਹਾਂ, ਉਦੋਂ ਕਹੀ ਸੀ। ਪਰ ਮੈਨੂੰ ਕਦੇ-ਕਦੇ ਜਦੋਂ ਅਜੇਹੀ ਹੀ ਕੋਈ ਬੇਇੱਜ਼ਤੀ ਵਾਲੀ ਗੱਲ ਯਾਦ ਆ ਜਾਂਦੀ, ਮੈ ਬੇਚੈਨ ਹੋ ਜਾਂਦਾ। ‘ਉਂਝ ਗੁਰਮੇਲ ਦੀ ਗੱਲ ਤਾਂ ਠੀਕ ਸੀ’ ਮਨ ‘ਚ ਖਿਆਲ ਆਇਆ। ਫੇਰ ਸੋਚਿਆ ‘ਹੋਰ ਕਰਾਂ ਵੀ ਕੀ?’
ਕੁਲਜੀਤ ਨੇ ਪਾਸਾ ਪਰਤਿਆ। “ਵਾਹਗੁਰੂ ਵੇਖ ਕਿਵੇਂ ਝੱਖੜ ਝੁੱਲਦੈ,” ਉਸ ਕਿਹਾ। ਮੈਨੂੰ ਹੈਰਾਨੀ ਹੋਈ ਕਿ ਉਸ ਨੂੰ ਮੇਰੇ ਅੰਦਰ ਝੁੱਲ ਰਹੇ ਝੱਖੜ ਦੀ ਕਿਵੇਂ ਭਿਣਕ ਪੈ ਗਈ। ਬੱਦਲ ਗਰਜਣ ਦੀ ਆਵਾਜ਼ ਸੁਣ ਕੇ ਮੈਨੂੰ ਸਮਝ ਲੱਗੀ ਕਿ ਇਹ ਤਾਂ ਬਾਹਰ ਝੁੱਲ ਰਹੇ ਝੱਖੜ ਦੀ ਗੱਲ ਕਰ ਰਹੀ ਸੀ। ਮੈਂ ਆਪਣੇ -ਆਪ ‘ਚ ਗੁਆਚਿਆ ਹੋਇਆ ਸੀ ਬਾਹਰ ਵਾਲੇ ਝੱਖੜ ਦੀ ਮੈਨੂੰ ਸੁਰਤ ਹੀ ਨਹੀਂ ਸੀ। ਤੇਜ਼ ਹਵਾ ਖਿੜਕੀ ਦੇ ਸ਼ੀਸ਼ੇ ਨਾਲ ਟਕਰਾਈ। ਕੁਲਜੀਤ ਉੱਠੀ। ਉਸਨੇ ਨੇ ਬੱਤੀ ਜਗਾਈ। ਮੈਨੂੰ ਸਰਾਹਣੇ ਨਾਲ ਢੋਅ ਲਾਕੇ ਬੈਠਾ ਦੇਖ ਬੋਲੀ , “ਤੁਸੀਂ ਸੁੱਤੇ ਨੀਂ? ਨੀਂਦ ਨਹੀਂ ਸੀ ਆਉਂਦੀ ਤਾਂ ਮੈਨੂੰ ਜਗਾ ਲੈਣਾ ਸੀ।”
“ਕੁਲਜੀਤ ਇੱਥੇ ਆ ਕੇ ਤਾਂ ਸੱਚੀਂ ਰਾਮਗਊ ਬਣ ਗਿਆਂ,” ਮੈਂ ਕਿਹਾ।
“ਐਵੇਂ ਨਾ ਪੁੱਠਾ ਸਿੱਧਾ ਸੋਚੀ ਜਾਇਆ ਕਰੋ,” ਕੁਲਜੀਤ ਨੇ ਕਿਹਾ। ਫੇਰ ਉਹ ਪਰਦਾ ਹਟਾਕੇ ਬਾਹਰ ਦੇਖਦੀ ਬੋਲੀ, “ਵੇਖੋ ਕਿਵੇਂ ਗੱਜਦੈ, ਜਵਾਂ ਇੰਡੀਆ ਆਂਗੂ।”
“ਇੱਥੇ ਕੋਈ ਹੋਰ ਰੱਬ ਐ?” ਮੈਂ ਕਿਹਾ।
“ਜੇ ਰੱਬ ਹੋਰ ਨੀਂ ਤਾਂ-----?” ਆਖਦੀ ਕੁਲਜੀਤ ਚੁੱਪ ਹੋ ਗਈ। ਫੇਰ ਆ ਕੇ ਮੇਰਾ ਮੱਥਾ ਦਬਾਉਣ ਲੱਗੀ ਕਹਿੰਦੀ, “ਤੁਸੀਂ ਐਵੇਂ ਨਾ ਹਰ ਗੱਲ ਚਿੱਤ ‘ਤੇ ਲਾ ਲਿਆ ਕਰੋ। ਗੁਰਮੇਲ ਦਾ ਚੰਗਾ ਭਲਾ ਪਤੈ ਥੋਨੂੰ, ਐਵੇਂ ਭੌਂਕਦਾ ਰਹਿੰਦੈ। ਆਪਾਂ ਹੱਥੀਂ ਪਾਲਿਐ ਓਹਨੂੰ। ਆਪਣੇ ਵਿਆਹ ਵੇਲੇ ਮਸਾਂ ਤੇਰਾਂ-ਚੌਦਾਂ ਸਾਲਾਂ ਦਾ ਹੋਵੇਗਾ।”
“ਉਹ ਤਾਂ ਠੀਕ ਐ ਕੁਲਜੀਤ ਪਰ ਮੈਂ ਕਿਹੜਾ ਮੱਲੋ-ਮੱਲੀ ਸੋਚਦੈਂ, ਐਵੇਂ ਦਿਮਾਗ ‘ਚ ਆ ਜਾਂਦੈ,” ਮੈਂ ਕਿਹਾ।
“ਪਤਾ ਨਹੀਂ ਕਿਉਂ ਤੁਸੀਂ ਢਹਿੰਦੀਆਂ ਕਲਾਂ ‘ਚ ਸੋਚਣ ਲੱਗ ਪਏ। ਤੁਹਾਨੂੰ ਤਾਂ ਸਗੋਂ ਮਾਣ ਹੋਣਾ ਚਾਹੀਦੈ ਆਪਣੇ-ਆਪ ਉੱਤੇ। ਰਾਜੂ ਦੀ ਵਧੀਆ ਪਰਵਰਿਸ਼ ਤਾਂ ਕਰਨੀ ਹੀ ਸੀ ਸਗੋਂ ਬਾਪੂ ਜੀ ਦੀ ਸਾਰੀ ਕਬੀਲਦਾਰੀ ਤੁਸੀਂ ਕਿਉਂਟੀ ਐ। ਗੁਰਮੇਲ ਤੇ ਗੁੱਡੀ ਨੂੰ ਪੜ੍ਹਾਇਆ-ਲਿਖਾਇਆ, ਗੁੱਡੀ ਦਾ ਵਿਆਹ ਕੀਤਾ। ਬਾਪੂ ਜੀ ਦੀ ਕਮਾਈ ਨਾਲ ਤਾਂ ਘਰ ਦਾ ਰੋਟੀ-ਫੁਲਕਾ ਵੀ ਨਹੀਂ ਸੀ ਚੱਲਣਾਂ,” ਕੁਲਜੀਤ ਨੇ ਸਿਰ ਦੀ ਮਾਲਿਸ਼ ਦੇ ਨਾਲ-ਨਾਲ ਗੱਲਾਂ ਦੀ ਟਕੋਰ ਕਰਕੇ ਮੈਨੂੰ ਸਵਾ ਦਿੱਤਾ।

ਪਹਿਲੇ ਦਿਨ ਏਅਰਪੋਰਟ ਤੋਂ ਘਰ ਆਉਂਦਿਆਂ ਹੀ ਗੁਰਮੇਲ ਨੇ ਬਾਹਰ ਸੜਕ ‘ਤੇ ਤੁਰੇ ਜਾਂਦੇ ਚਾਰ-ਪੰਜ ਪੱਗਾਂ ਵਾਲੇ ਬਜ਼ੁਰਗਾਂ ਵੱਲ ਇਸ਼ਾਰਾ ਕਰਕੇ ਕਿਹਾ ਸੀ, “ਆਹ ਜਾਂਦੀਐਂ ਰਾਮ ਗਊਆਂ।”
“ਤੇਰੀ ਆਦਤ ਨੀ ਗਈ,”ਆਖ ਮੈਂ ਹੱਸ ਪਿਆ।
“ਹੱਸ ਨਾ, ਤੂੰ ਵੀ ਚਾਰ ਕੁ ਦਿਨਾਂ ਨੂੰ ਇਨ੍ਹਾਂ ‘ਚ ਹੀ ਰਲਣੈ,” ਗੁਰਮੇਲ ਨੇ ਕਿਹਾ। ਸਾਰੇ ਹੱਸ ਪਏ। ਲੱਗਿਆ ਕਿ ਉਹ ਮਖੌਲ ਕਰ ਰਿਹਾ ਸੀ। ਉਸ ਦਿਨ ਸ਼ਾਮ ਨੂੰ ਗੁਰਮੇਲ ਹੋਰੀਂ, ਗੁੱਡੀ ਦਾ ਪ੍ਰੀਵਾਰ ਸਾਰੇ ਇੱਧਰ ਰਾਜੂ ਦੇ ਘਰ ਹੀ ਆ ਗਏ। ਮੈਂ ਖੁਸ਼ੀ ਦੇ ਮੂਡ ‘ਚ ਸੀ। ਕਿੰਨੇ ਸਾਲਾਂ ਬਾਅਦ ਸਾਰਾ ਪ੍ਰੀਵਾਰ ਇਕੱਠਾ ਹੋਇਆ ਸੀ। ਰਾਜੂ ਦੇ ਬੱਚਿਆਂ ਨੂੰ ਤਾਂ ਪਹਿਲੀ ਵਾਰ ਹੀ ਵੇਖ ਰਹੇ ਸਾਂ। ਮੇਰੇ ਤੋਂ ਛੋਟੀ ਗੁੱਡੀ ਵਿਆਹ ਤੋਂ ਬਾਅਦ ਕਨੇਡਾ ਆ ਗਈ ਸੀ। ਫੇਰ ਉਸਨੇ ਬੇਬੇ ,ਬਾਪੂ ਅਤੇ ਗੁਰਮੇਲ ਨੂੰ ਬੁਲਾ ਲਿਆ। ਪੰਜ ਕੁ ਸਾਲ ਪਹਿਲਾਂ ਰਾਜੂ ਵਾਸਤੇ ਇਨ੍ਹਾਂ ਨੇ ਏਧਰ ਹੀ ਕੁੜੀ ਲੱਭ ਲਈ। ਇਸ ਤਰ੍ਹਾਂ ਉਹ ਵੀ ਆ ਗਿਆ। ਪਿੱਛੇ ਰਹਿ ਗਏ ਮੈਂ ਤੇ ਕੁਲਜੀਤ। ਐਡਾ ਘਰ ਖਾਲੀ-ਖਾਲੀ ਖਾਣ ਨੂੰ ਆਇਆ ਕਰੇ। ਸ਼ਾਮ ਨੂੰ ਘਰ ਵੜਨ ਨੂੰ ਦਿਲ ਨਾ ਕਰਿਆ ਕਰੇ। ਪਹਿਲਾਂ ਬੇਬੇ-ਬਾਪੂ ਹਰ ਦੋ ਸਾਲਾਂ ਬਾਅਦ ਗੇੜਾ ਮਾਰ ਜਾਂਦੇ, ਚਾਰ-ਪੰਜ ਮਹੀਨੇ ਘਰ ‘ਚ ਵਾਹਵਾ ਰੌਣਕ ਲੱਗੀ ਰਹਿੰਦੀ। ਪਰ ਦੋ ਕੁ ਸਾਲ ਪਹਿਲਾਂ ਉਹ ਅੱਗੜ-ਪਿੱਛੜ ਚੜ੍ਹਾਈ ਕਰ ਗਏ। ਗੁਰਮੇਲ ਤਾਂ ਆਉਂਦਾ ਹੀ ਚਾਰ-ਪੰਜ ਸਾਲ ਬਾਅਦ ਸੀ। ਉਹ ਵੀ ਤਿੰਨ-ਚਾਰ ਹਫ਼ਤਿਆਂ ਵਾਸਤੇ। ਰਾਜੂ ਹਾਲੇ ਨਵਾਂ ਆਇਆ ਸੀ। ਇੱਧਰ ਸੈੱਟ ਹੋਣ ‘ਚ ਹੀ ਲੱਗਿਆ ਰਿਹਾ। ਦੋ ਬੱਚੇ ਹੋ ਗਏ। ਰੁਪਿੰਦਰ ਤੋਂ ਕੰਮ ਕਾਹਦਾ ਹੋਣਾ ਸੀ। ਅਸੀਂ ਕਿਹਾ ਵੀ ਰਾਜੂ ਨੂੰ ਕਿ ਸਾਡੇ ਕੋਲ ਛੱਡ ਜਾ ਬੱਚਿਆਂ ਨੂੰ ਪਰ ਇਹ ਮੰਨੇ ਹੀ ਨਾ। ਰੁਪਿੰਦਰ ਕਾਨੂੰਨਣ ਜਿਹੀ ਐ। ਆਖ ਦਿਆ ਕਰੇ, “ ਉੱਥੇ ਬੱਚਿਆਂ ਦੀ ਚੰਗੀ ਦੇਖ-ਭਾਲ ਨਹੀਂ ਹੋ ਸਕਦੀ ,ਚੰਗੀਆਂ ਮੈਡੀਕਲ ਸਹੂਲਤਾਂ ਨਹੀਂ ਉੱਥੇ।”
ਹੱਥਲ਼ ਜਿਹੇ ਹੋਏ ਬੈਠੇ ਅਸੀਂ ਸੋਚਦੇ ਰਹਿੰਦੇ ਕਿ ਕਦ ਬੱਚਿਆਂ ਕੋਲ ਪਹੁੰਚਾਂਗੇ। ਇੱਕ ਦਿਨ ਖਾਸੀ ਸ਼ਾਮ ਜਿਹੇ ਪ੍ਰਾਹੁਣੇ ਆ ਗਏ। ਮੈਂ ਤਾਂ ਟੱਲੀ ਹੋਇਆ ਬੈਠਾ ਸੀ। ਕੁਲਜੀਤ ਆਪ ਭੱਜੀ ਆਂਡੇ ਲੈਣ ਸਬਜ਼ੀ ਲਈ। ਠੇਕੇ ਉਹ ਜਾ ਨਹੀਂ ਸੀ ਸਕਦੀ। ਮੈਂ ਡੱਬੇ ਦੀ ਆਖਰੀ ਬੋਤਲ ਮੁਕਾ ਚੁੱਕਾ ਸੀ। ਸੋਚਿਆ ਸੀ ਕਿ ਕੱਲ੍ਹ ਨੂੰ ਸਕੂਲੋਂ ਮੁੜਦਾ ਫੜੀ ਆਵਾਂਗਾ। ਆਂਢ-ਗੁਆਂਢ ਕੋਈ ਥਿਆਇਆ ਨਾ। ਆਪ ਹੀ ਡਿੱਕੇ-ਡੋਲੇ ਜਿਹੇ ਖਾਂਦਾ ਸੱਥ ਤੱਕ ਗਿਆ। ਉੱਥੋਂ ਘੁਮਿਆਰਾਂ ਦੇ ਰੁਲਦੂ ਨੂੰ ਭੇਜਿਆ। ਵਾਪਸ ਆਏ ਨੂੰ ਉਸ ਨੂੰ ਵੀ ਇੱਕ ਪੈੱਗ ਲੁਆ ਦਿੱਤਾ। ਉਹ ਕਹਿਣ ਲੱਗਾ, “ਮਾਸਟਰ ਸਾਡੇ ਬੰਸੇ ਨੂੰ ਰੱਖ ਲੋ ਕੋਲ, ਨਾਲੇ ਥੋਡੀ ਸੇਵਾ ਕਰੂ ਨਾਲੇ ਚਾਰ ਅੱਖਰ ਸਿੱਖ ਜੂ।” ਮੈਨੂੰ ਇਹ ਸਕੀਮ ਵਧੀਆ ਲੱਗੀ। ਉਹ ਦੂਜੇ ਦਿਨ ਹੀ ਬੰਸੇ ਨੂੰ ਸਾਡੇ ਘਰ ਛੱਡ ਗਿਆ। ਸਾਨੂੰ ਬੰਸੇ ਦਾ ਬਹੁਤ ਸੁੱਖ ਹੋਇਆ। ਉਹ ਕੁਲਜੀਤ ਨਾਲ ਘਰ ਦਾ ਕੰਮ ਕਰਾਉਂਦਾ। ਸਕੂਲ ਪੜ੍ਹਾਉਣ ਜਾਣ ਲੱਗੀ ਕੁਲਜੀਤ ਉਸ ਨੂੰ ਵੀ ਨਾਲ ਹੀ ਲੈ ਜਾਂਦੀ। ਬੰਸਾ ਭਾਵੇਂ ਘਰ ‘ਚ ਕਿੰਨੀ ਵੀ ਰੌਣਕ ਲਾਉਂਦਾ ਪਰ ਆਪਣਾ ਪ੍ਰੀਵਾਰ ਆਪਣਾ ਹੀ ਹੁੰਦੈ।
ਤੇ ਉਦੋਂ ਪਹਿਲੇ ਦਿਨ ਆਪਣੇ ਪ੍ਰੀਵਾਰ ‘ਚ ਬੈਠਿਆਂ ਮੈਥੋਂ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ। ਦਿਲ ਕਰਦਾ ਸੀ ਕਿ ਹੱਸੀ ਜਾਵਾਂ। ਮੈਂ ਗੁਰਮੇਲ ਨੂੰ ਛੇੜ ਲਿਆ, “ਕਿਉਂ ਗੁਰਮੇਲ ਉਹ ਰਾਮ ਗਊਆਂ ਵਾਲੀ ਕੀ ਗੱਲ ਸੀ? ਯਾਰ, ਬਜ਼ੁਰਗਾਂ ਨੂੰ ਤੂੰ ਰਾਮ ਗਊਆਂ ਹੀ ਦੱਸਦਾ ਸੀ।” ਗੁਰਮੇਲ ਥੋੜ੍ਹਾ ਜਿਹਾ ਮੁਸਕਰਾਇਆ। ਕਹਿੰਦਾ, “ਬਾਈ ਕੀ ਲੈਣਾ ਤੂੰ ਜਾਣ ਕੇ, ਤੈਨੂੰ ਆਪ ਹੀ ਪਤਾ ਲੱਗ ਜਾਣੈ। ਅਖੇ ਨਾਈਆ ਵਾਲ ਕਿੱਡੇ-ਕਿੱਡੇ ਕੁ ਐ ? ਅਖੇ, ਜਜਮਾਨਾ ਸਾਹਮਣੇ ਹੀ ਆਉਣੇ ਆ,” ਆਖ ਕੇ ਗੁਰਮੇਲ ਹੱਸ ਪਿਆ। ਗੁੱਡੀ ਦਾ ਪ੍ਰਾਹੁਣਾ ਜੀਤਾ ਸਿਓਂ ਵੀ ਹੱਸਿਆ। ਰਾਜੂ ਖੁੱਲ੍ਹ ਕੇ ਨਹੀਂ ਹੱਸਿਆ। ਮੈਂ ਖਹਿੜੇ ਪੈ ਗਿਆ , “ ਨਹੀਂ ਯਾਰ ਤੂੰ ਹੀ ਦੱਸ। ਜਦੋਂ ਪਤਾ ਲੱਗੂ ਦੇਖੀ ਜਾਊ।”
“ਸਵੇਰੇ ਨਿਕਲ ਜਾਂਦੇ ਐ ਛਤਰੀਆਂ ਜੀਆਂ ਚੁੱਕ ਕੇ। ਗੁਰਦੁਆਰੇ ਜਾ ਵੜਦੇ ਐ, ੳੁੱਥੇ ਚਾਹ-ਪਾਣੀ ਛਕਦੇ ਐ, ਤਾਸ਼ਾਂ ਖੇਡਦੇ ਐ ਫੇਰ ਗਊਆਂ ਵਾਂਗ ਸੜਕਾਂ ਤੇ ਤੁਰੇ ਫਿਰਦੇ ਐ। ਕਿਸੇ ਸ਼ਾਪਿੰਗ ਸੈਂਟਰ ‘ਚ ਜਾ ਬਹਿੰਦੇ ਐ। ਲੰਘਦਿਆਂ -ਟੱਪਦਿਆਂ ਵੱਲ ਵੇਖੀ ਜਾਂਦੇ ਐ। ਰਾਮ ਗਊਆਂ ਨਾਲੋਂ ਘੱਟ ਐ”? ‘ਛਤਰੀਆਂ ਜੀਆਂ ਚੁੱਕ ਕੇ’ ਤੋਂ ਮੈਨੂੰ ਹਾਸਾ ਆ ਗਿਆ।
“ਟੈਮ ਤਾਂ ਪਾਸ ਕਰਨਾ ਹੀ ਹੁੰਦੈ। ਘਰੇ ਕਿਵੇਂ ਬੈਠੇ ਰਿਹਾ ਕਰਨ ਸਾਰਾ ਦਿਨ। ਤੂੰ ਵੀ ਗੁਰਮੇਲ ਐਵੇਂ ਬਜ਼ੁਰਗਾਂ ਦੇ ਮਗਰ ਪੈ ਜਾਨੈਂ,” ਗੁੱਡੀ ਨੇ ਕਿਹਾ।
“ਕਿਸੇ ਹੋਰ ਕਮਿਊਨਿਟੀ ਦੇ ਬੁੜ੍ਹੇ ਵੇਖੇ ਐ ਇਓਂ ਫਿਰਦੇ? ਨਾਲੇ ਸਾਡਾ ਗੁਆਂਢੀ ਦਿਲਦਾਰ ਸਿਓਂ ਕਿਵੇਂ ਟਾਈਮ ਪਾਸ ਕਰਦੈ? ਵੇਖੀ ਐ ਗਾਰਡਨ ਬਣਾਈ ਵੀ? ਆਵਦੇ ਘਰ ਮੂਹਰੇ ਤਾਂ ਫੁੱਲ-ਬੂਟੇ ਲਾਉਣੇ ਹੀ ਹੈ, ਸਾਡੇ ਵੀ ਲਾ ਗਿਆ। ਸਾਡੇ ਕੀ ਆਂਢ-ਗੁਆਂਢ ‘ਚ ਸਾਰੇ ਘਰਾਂ ਮੂਹਰੇ ਉਸਨੇ ਫੁੱਲ-ਬੂਟੇ ਲਾਏ ਐ। ਜਵਾਕਾਂ ਨੂੰ ਸਕੂਲ ਛੱਡ ਕੇ ਆਉਂਦੈ, ਲੈ ਕੇ ਆਉਂਦੈ। ਪੰਜਾਬੀ ਪੜ੍ਹਾਉਂਦੈ। ਆਂਢ-ਗੁਆਂਢ ਦੇ ਜਵਾਕਾਂ ਨੂੰ ਵੀ ਪੜ੍ਹਾ ਦਿੰਦੈ,” ਹੁਣ ਗੁਰਮੇਲ ਹਾਸੇ ਦੇ ਮੂਡ ‘ਚ ਨਹੀਂ ਸੀ।
“ਅੱਡ-ਅੱਡ ਸ਼ੌਂਕ ਹੁੰਦੇ ਐ। ਸੁਭਾਅ ਹੁੰਦੈ। ਗਰਮੀਆਂ ‘ਚ ਵਿਚਾਰੇ ਖੇਤਾਂ ‘ਚ ਰੁਲਦੇ ਐ। ਆਹ ਠੰਡ ਦੇ ਦਿਨਾਂ ‘ਚ ਹੀ ਮੌਕਾ ਹੁੰਦੈ ਵਿਹਲੇ ਰਹਿ ਕੇ ਖਾਣ ਦਾ,” ਗੁੱਡੀ ਨੇ ਦਲੀਲ ਦਿੱਤੀ।
“ਵਿਹਲੇ ਰਹਿ ਕੇ ਕਿਵੇਂ ਬਈ ?” ਮੈਂ ਜਗਿਆਸਾ ਵੱਸ ਪੁੱਛ ਲਿਆ।
“ਵਿਹਲੇ ਇਸ ਤਰ੍ਹਾਂ ਬਈ ਸਿਆਲਾਂ ‘ਚ ਖੇਤਾਂ ‘ਚ ਕੰਮ ਨਾ ਹੋਣ ਕਰਕੇ ਗੌਰਮਿੰਟ ਇਮਪਲਾਇਮੈਂਟ ਇੰਸ਼ੋਰੈਂਸ ਦੇ ਦਿੰਦੀ ਐ,” ਜੀਤਾ ਸਿਓਂ ਨੇ ਦੱਸਿਆ।
“ਫੇਰ ਤਾਂ ਮੌਜ ਐ ਬਈ,” ਮੈਨੂੰ ਇਹ ਸੌਦਾ ਵਧੀਆ ਲੱਗਿਆ, ਛੇ ਮਹੀਨੇ ਕੰਮ ਕਰਕੇ ਖਾਓ ਤੇ ਛੇ ਮਹੀਨੇ ਵਿਹਲੇ ਰਹਿ ਕੇ।
“ਲੱਗ ਜੂ ਪਤਾ।”ਆਖ ਕੇ ਗੁਰਮੇਲ ਹੱਸਿਆ।
“ਮੌਜ-ਮੂਜ ਕੋਈ ਨੀ ਡੈਡੀ ਖੇਤਾਂ ‘ਚ ਕੰਮ ਬਹੁਤ ਔਖੈ, ਬਣਦਾ-ਬੁਣਦਾ ਕੁਛ ਹੈ ਨੀ,”ਰਾਜੂ ਨੇ ਦੱਸਿਆ।
“ਤੇ ਤੇਰਾ ਗੁਆਂਢੀ ਗੁਰਮੇਲ ਕੀ ਨਾਂ ਦੱਸਿਆ ਸੀ? ਹਾਂ ਦਿਲਦਾਰ ਸਿਓਂ ਫੁੱਲ-ਬੂਟਿਆਂ ਤੇ ਬੱਚੇ ਸਾਂਭਣ ਤੋਂ ਬਿਨਾਂ ਹੋਰ ਕੋਈ ਕੰਮ ਨੀ ਕਰਦਾ?”ਮੈਂ ਸੁਣ ਰੱਖਿਆ ਸੀ ਕਿ ਕਨੇਡਾ ‘ਚ ਹਰ ਬੰਦੇ ਨੂੰ ਕੰਮ ਕਰਨਾ ਪੈਂਦਾ ਹੈ।
“ਇਹ ਥੋੜ੍ਹਾ ਕੰਮ ਐ ਡੈਡੀ ਪੋਤੇ-ਪੋਤੀ ਨੂੰ ਵਧੀਆ ਅਕਲ ਦੇ ਰਿਹੈ, ਘਰ ਦੀ ਵਧੀਆ ਲੁੱਕ ਆਫ਼ਟਰ ਕਰੀ ਜਾਂਦੈ,” ਰਾਜੂ ਉਸ ਤੋਂ ਕਾਫ਼ੀ ਪ੍ਰਭਾਵਿਤ ਲਗਦਾ ਸੀ।
ਗੱਲ ਹੋਰ ਪਾਸੇ ਚਲੀ ਗਈ ਸੀ, ਮੈਂ ਹਾਲੇ ਵੀ ਹਾਸੇ ਦੇ ਮੂਡ ‘ਚ ਸੀ। ਮੈਂ ਗੁਰਮੇਲ ਨੂੰ ਫੇਰ ਛੇੜ ਲਿਆ , “ਕਿਓਂ ਗੁਰਮੇਲ ਤੇਰੀਆਂ ਇਹ ਰਾਮ ਗਊਆਂ ਛਤਰੀਆਂ ਚੁੱਕ ਕੇ ਕਿਓਂ ਤੁਰਦੀਐਂ?”
“ਬਾਈ ਜੀ ਛਤਰੀਆਂ ਦੋ ਕੰਮ ਦਿੰਦੀਐਂ। ਇੱਕ ਤਾਂ ਇੱਥੇ ਮੌਸਮ ਦਾ ਕੋਈ ਭਰੋਸਾ ਨਹੀਂ ਬਿੰਦ ‘ਚ ਧੁੱਪ ਐ ਤੇ ਝੱਟ ‘ਚ ਮੀਂਹ। ਦੂਜਾ ਜਦੋਂ ਕੋਈ ਗੋਰਾ ਛੋਕਰਾ ਹਾਤ-ਹੂਤ ਕਰਦੈ ਉਦੋਂ ਇਹ ਬਾਬੇ ਛਤਰੀ ਦੇ ਕਿੱਲ ਵਾਲਾ ਪਾਸਾ ਮੂਹਰੇ ਕਰਕੇ ਹਥਿਆਰ ਬਣਾ ਲੈਂਦੇ ਐ,”ਗੁਰਮੇਲ ਤੋਂ ਪਹਿਲਾਂ ਹੀ ਜੀਤਾ ਸਿਓਂ ਬੋਲ ਪਿਆ।
“ਹਥਿਆਰ ਨਾ ਆਖ, ਸਿੰਗ ਆਖ,” ਕਹਿ ਕੇ ਗੁਰਮੇਲ ਹੱਸ ਪਿਆ, ਮੇਰਾ ਵੀ ਹਾਸਾ ਨਿਕਲ ਗਿਆ।
ਪਰ ਮੇਰਾ ਇਹ ਹਾਸਾ ਬਹੁਤੇ ਦਿਨ ਨਾ ਚੱਲਿਆ। ਸਾਡੇ ਆਉਣ ਤੋਂ ਦੋ ਕੁ ਹਫ਼ਤੇ ਬਾਅਦ ਰੁਪਿੰਦਰ ਨੇ ਫੁੱਲ-ਟਾਈਮ ਕੰਮ ਸ਼ੁਰੂ ਕਰ ਲਿਆ। ਰਾਜੂ ਤੇ ਰੁਪਿੰਦਰ ਕੰਮ ‘ਤੇ ਚਲੇ ਜਾਂਦੇ। ਬੱਚੇ ਬਹੁਤ ਖਰੂਦੀ, ਆਖੇ ਹੀ ਨਾ ਲੱਗਿਆ ਕਰਨ। ਝਿੜਕ ਨੂੰ ਗੌਲਦੇ ਹੀ ਨਾ। ਮਾਰ ਸਕਦੇ ਨਹੀਂ ਸੀ। ਰੁਪਿੰਦਰ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਐਥੋਂ ਦੇ ਕਾਨੂੰਨ ਮੁਤਾਬਿਕ ਬੱਚਿਆਂ ਨੂੰ ਕੁੱਟ-ਮਾਰ ਨਹੀਂ ਸੀ ਸਕਦੇ। ਛੋਟਾ ਸੁਮੀਤ ਤਾਂ ਕਈ ਵਾਰੀ ਰੋਣ-ਹਾਕਾ ਕਰ ਦਿੰਦਾ। ਇੰਡੀਆ ਕਲਾਸ ‘ਚ ਪੈਰ ਧਰਨਾ ਤੇ ਬੱਚਿਆਂ ਨੇ ਫੱਟ ਸ਼ਾਂਤ ਹੋ ਜਾਣਾ। ਇੱਥੇ ਇਹ ਦੋ ਹੀ ਨਹੀਂ ਸੀ ਟਿਕਣ ਦਿੰਦੇ। ਕੁਲਜੀਤ ਨਾਲ ਠੀਕ ਰਹਿੰਦੇ। ਉਹ ਸਾਰਾ ਦਿਨ ਲੇਲੇ-ਪੇਪੇ ਜਿਹੇ ਕਰਦੀ ਰਹਿੰਦੀ, ਮੈਥੋਂ ਇਹ ਹੁੰਦੇ ਨਹੀਂ ਸੀ। ਮੈਨੂੰ ਤੰਗ ਕਰਕੇ ਜਿਵੇਂ ਉਨ੍ਹਾਂ ਨੂੰ ਸਵਾਦ ਆਉਂਦਾ ਹੋਵੇ। ਨਾ ਟੀ.ਵੀ. ਵੇਖਣ ਦਿੰਦੇ। ਨਾ ਰੇਡੀਓ ਸੁਨਣ ਦਿੰਦੇ। ਆਪਸ ‘ਚ ਲੜ ਪੈਂਦੇ, ਉੱਚੀ-ਉੱਚੀ ਰੌਲਾ ਪਾਉਂਦੇ। ਉਨ੍ਹਾਂ ਦਾ ਰੌਲਾ ਮੇਰੇ ਕੰਨਾਂ ‘ਚ ਵੱਜਦਾ। ਘਰ ਬੈਠਾ ਸਾਰਾ ਦਿਨ ਮੈਂ ਅੱਕ ਜਾਂਦਾ। ਹਾਰ ਕੇ ਇੱਕ ਦਿਨ ਰਾਜੂ ਨੂੰ ਆਖ ਦਿੱਤਾ ਕਿ ਕੋਈ ਕੰਮ ਲੱਭ ਦੇਵੇ। ਪਰ ਉਹ ਮੰਨਿਆ ਨਾ, ਕਹਿੰਦਾ, “ ਡੈਡੀ ਤੁਸੀਂ ਸਾਰੀ ਉਮਰ ਕੋਈ ਫਿਜ਼ੀਕਲ ਕੰਮ ਨਹੀਂ ਕੀਤਾ ,ਹੁਣ ਏਸ ਉਮਰ ‘ਚ ਕਿੱਥੋਂ ਕਰ ਲਵੋਂਗੇ। ਤੇ ਨਾ ਹੀ ਥੋਨੂੰ ਕਰਨ ਦੇਣੈ। ਬੱਸ, ਬੱਚਿਆਂ ਨੂੰ ਸੰਭਾਲੀ ਜਾਓ। ਕੰਮ ਕਰਨ ਦੀ ਸਾਡੀ ਉਮਰ ਐ।” ਪਰ ਮੇਰਾ ਘਰ ਰਹਿ ਕੇ ਮਨ ਅੱਕ ਜਾਂਦਾ। ਬੱਚਿਆਂ ਨੂੰ ਕੁਲਜੀਤ ਸੰਭਾਲੀ ਜਾਂਦੀ। ਮੈਨੂੰ ਲਗਦਾ ਜਿਵੇਂ ਮੈਂ ਬੋਝ ਹੋਵਾਂ ਰਾਜੂ ਹੋਰਾਂ ‘ਤੇ। ਕੁਲਜੀਤ ਕਹਿੰਦੀ, “ ਐਵੇਂ ਨਾ ਵਾਧੂ-ਘਾਟੂ ਸੋਚੀ ਜਾਇਆ ਕਰੋ, ਬੋਝ ਕਿੱਥੋਂ ਹੋ ਗਏ, ਆਵਦੇ ਘਰ ਬੈਠੇ ਆਂ।” ਮੇਰਾ ਦਿਲ ਨਾ ਲੱਗਦਾ। ਉੱਥੇ ਹੈੱਡਮਾਸਟਰ ਸਾਹਬ -ਹੈੱਡਮਾਸਟਰ ਸਾਹਬ ਹੁੰਦੀ ਸੀ। ਲੋਕ ਸਲਾਹਾਂ ਲੈਣ ਆਉਂਦੇ। ਏਥੇ ਬੱਜਰ ਹੋਇਆ ਬੈਠਾ ਸੀ।
ਮੈਂ ਸੋਚਿਆ ਤੇ ਮਹਿਸੂਸ ਕੀਤਾ ਕਿ ਕੀਰਤ ਤੇ ਸੁਮੀਤ ਹਾਲੇ ਛੋਟੇ ਹੋਣ ਕਰਕੇ ਮੈਥੋਂ ਸੂਤ ਨਹੀਂ ਆਉਂਦੇ। ਮੇਰਾ ਵਾਹ ਤਾਂ ਹਮੇਸ਼ਾ ਵੱਡੀਆਂ ਜਮਾਤਾਂ ਦੇ ਬੱਚਿਆਂ ਨਾਲ ਰਿਹਾ ਸੀ। ਤੇ ਮੈਨੂੰ ਇਹ ਸੁੱਝੀ ਕਿ ਕਿਓਂ ਨਾ ਗੁਰਮੇਲ ਦੇ ਬੱਚਿਆਂ ਨੂੰ ਮੈਥ ਹੀ ਪੜ੍ਹਾ ਦਿਆ ਕਰਾਂ। ਨਾਲੇ ਟਾਈਮ ਨਿਕਲ ਜਾਇਆ ਕਰੇਗਾ। ਹੋ ਸਕਦੈ ਬੱਚੇ ਮੈਥੋਂ ਟਿਊਸ਼ਨਾਂ ਹੀ ਪੜ੍ਹਨ ਲੱਗ ਪੈਣ। ਇੱਕ ਸ਼ਾਮ ਮੈਂ ਗੁਰਮੇਲ ਦੇ ਘਰ ਗਿਆ। ਬੱਚੇ ਬਾਹਰ ਖੇਡਣ ਗਏ ਹੋਏ ਸਨ। ਮੈਂ ਗੁਰਮੇਲ ਨੂੰ ਆਪਣੇ ਮਨ ਦੀ ਦੱਸੀ। ਉਹ ਹੱਸ ਪਿਆ। ਕਹਿੰਦਾ, “ਬਾਈ, ਤੂੰ ਕਿੱਥੋਂ ਪੜ੍ਹਾ ਦੇਵੇਂਗਾ ਇਨ੍ਹਾਂ ਨੂੰ? ਟੀ.ਵੀ.ਦੀਆਂ ਖਬਰਾਂ ਦੀ ਤਾਂ ਤੈਨੂੰ ਹਾਲੇ ਸਮਝ ਨਹੀਂ ਆਉਂਦੀ।” ਗੁਰਮੇਲ ਨੇ ਓਦਣ ਦੀ ਗੱਲ ਦੁਹਰਾਈ ਜਿੱਦਣ ਸਾਰੇ ਜਣੇ ਬੜੇ ਧਿਆਨ ਨਾਲ ਕੋਈ ਖਬਰ ਵੇਖ ਰਹੇ ਸਨ। ਫਿਰ ਸਾਰੇ ਹੀ ਹੱਸ ਪਏ ਸਨ ਪਰ ਮੈਂ ਠੀਕ ਤਰ੍ਹਾਂ ਸਮਝ ਨਹੀਂ ਸੀ ਸਕਿਆ। ਨੀਵੀਂ ਜਿਹੀ ਆਵਾਜ਼ ‘ਚ ਮੈਂ ਗੁਰਮੇਲ ਨੂੰ ਪੁੱਛ ਲਿਆ ਕਿ ਕੀ ਖਬਰ ਸੀ। ਉਹ ਕਹਿੰਦਾ, “ਵੜੇਵੇਂ! ਹੈੱਡ ਮਾਸਟਰ ਸਾਹਬ।”
“ਇਹ ਬੋਲਦੇ ਹੀ ਏਸ ਤਰ੍ਹਾਂ ਐਂ, ਯਾਰ ਪੱਲੇ ਈ ਕੁਛ ਨੀ ਪੈਂਦਾ,” ਮੈਂ ਨਿੰਮੋਝੂਣਾ ਜਿਹਾ ਹੋ ਗਿਆ।
“ਕੋਈ ਨੀ ਡੈਡੀ, ਪਹਿਲਾਂ-ਪਹਿਲਾਂ ਸਾਨੂੰ ਵੀ ਸਮਝ ਨਹੀਂ ਸੀ ਲੱਗਦੀ ਹੁੰਦੀ। ਹੌਲੀ-ਹੌਲੀ ਪਿਕ-ਅਪ ਕਰ ਲਓਗੇ,” ਰਾਜੂ ਨੇ ਧਰਵਾਸ ਦਿੱਤਾ। ਪਰ ਗੁਰਮੇਲ ਤਾਂ ਉਸ ਗੱਲ ਨੂੰ ਲੈ ਕੇ ਜਿਵੇਂ ਮੇਰੇ ਮਗਰ ਹੀ ਪੈ ਗਿਆ ਸੀ।
ਮੈਂ ਕਿਹਾ, “ਸਾਰੀ ਉਮਰ ਬੱਚੇ ਈ ਪੜ੍ਹਾਏ ਐ ,ਐਥੇ ਕੀ ਅਲੋਕਾਰ ਪੜ੍ਹਾਈ ਐ। ਤੂੰ ਕਿਤਾਬਾਂ ਦੱਸ ਕਿੱਥੇ ਐ?”
“ਆ ਜੋ ਵੀਰ ਜੀ, ਮੈਂ ਵਿਖਾਵਾਂ ਉਨ੍ਹਾਂ ਦੀਆਂ ਕਿਤਾਬਾਂ। ਇਹ ਤਾਂ ਐਵੇਂ ਆਪਣੀਆਂ ਹੀ ਮਾਰਦੇ ਰਹਿੰਦੇ ਐ,”ਗੁਰਮੇਲ ਦੇ ਘਰਵਾਲੀ ਤੇਜਵੰਤ ਮੈਨੂੰ ਬੱਚਿਆਂ ਦੇ ਕਮਰੇ ‘ਚ ਲੈ ਗਈ। ਕਮਰੇ ਦੇ ਇੱਕ ਪਾਸੇ ਵੱਡੇ ਦੀਆਂ ਕਿਤਾਬਾਂ ਪਈਆਂ ਸਨ, ਉਹ ਗ੍ਰੇਡ ਟਵੈਲਵ ‘ਚ ਸੀ ਤੇ ਦੂਜੇ ਪਾਸੇ ਛੋਟੇ ਦੀਆਂ ਜਿਹੜਾ ਗ੍ਰੇਡ ਟੈੱਨ ‘ਚ ਸੀ। ਮੈਂ ਦੋਹਾਂ ਦੀਆਂ ਮੈਥ ਦੀਆਂ ਕਿਤਾਬਾਂ ਚੁੱਕ ਲਈਆਂ ਅਤੇ ਵੇਖਣ ਲੱਗਾ।
“ਯਾਰ ਗੁਰਮੇਲ ਐਵੇਂ ਡਰਾਈ ਜਾਂਦਾ ਸੀ, ਇਹ ਤਾਂ ਕੁਛ ਵੀ ਨੀ। ਆਹ ਮੈਥ ਤਾਂ ਆਪਣੇ ਉਥੇ ਅੱਠਵੀਂ-ਨੌਵੀਂ ਵਾਲੇ ਬੱਚੇ ਕਰਦੇ ਐ,” ਮੈਂ ਕਿਤਾਬਾਂ ਵੇਖ ਕੇ ਕਿਹਾ।
“ਚੱਲ ਵੇਖ ਲੀਂ ਆ ਜਾਂਦੇ ਐ,”ਗੁਰਮੇਲ ਨੇ ਕਿਹਾ।
ਖੇਡ ਤੋਂ ਪਰਤੇ ਭਤੀਜੇ ਸਿੱਧੇ ਆਪਣੇ ਕਮਰੇ ‘ਚ ਚਲੇ ਗਏ। ਗੁਰਮੇਲ ਨੇ ਆਵਾਜ਼ ਮਾਰੀ, “ਓਹ ਲਵੀ, ਅੰਕਲ ਨੂੰ ਆ ਕੇ ਮਿਲੋ।” ਪਹਿਲਾਂ ਛੋਟਾ ਆਇਆ। ਮੈਨੂੰ ਲੱਗਾ ਜਿਵੇਂ ਉਸ ਨੇ ‘ਸਤਿ ਸ਼੍ਰੀ ਆਕਾਲ’ ਚਲਾ ਕੇ ਮਾਰੀ ਹੋਵੇ।
“ਬਹਿ ਜਾ ਬੱਲੇ,” ਮੈਂ ਪਿਆਰ ਨਾਲ ਉਸ ਨੂੰ ਸੋਫੇ ‘ਤੇ ਬੈਠਣ ਲਈ ਥਾਂ ਦਿੱਤੀ।
“ਆਈ ਐਮ ਫਾਈਨ, ਅੰਕਲ,” ਆਖ ਕੇ ਉਹ ਵਾਪਸ ਮੁੜਨ ਲੱਗਾ।
“ਅੰਕਲ ਨੇ ਤੈਨੂੰ ਮੈਥ ਪੜਾਉਣੈ, ਆ ਜਾ,” ਗੁਰਮੇਲ ਨੇ ਕਿਹਾ।
“ਹੁਣ ?” ਉਸਨੇ ਪੈਰ ਮਲਦੇ ਨੇ ਪੁੱਛਿਆ।
“ਹਾਂ-ਹਾਂ ਥੋਨੂੰ ਪੜ੍ਹਾਉਣ ਵਾਸਤੇ ਈ ਆਏ ਐ।”
“ਬੱਟ ਡੈਡ, ਆਈ ਹੈਵ ਸਮ ਅਦਰ ਸਟੱਫ ਟੂ ਡੂ। ਐਂਡ ਆਈ ਡੌਂਟ ਨੀਡ ਐਨੀ ਹੈਲਪ,” ਆਖ ਕੇ ਉਹ ਚਲਿਆ ਗਿਆ।
ਵੱਡੇ ਨੇ ਆ ਕੇ ਸਤਿ ਸ਼੍ਰੀ ਆਕਾਲ ਬੁਲਾਈ ਅਤੇ ਕੋਲ ਬੈਠ ਗਿਆ।
“ਕੀ ਹਾਲ ਐ ਬੱਲੇ, ਤੇਰੀ ਪੜ੍ਹਾਈ ਕਿਵੇਂ ਚੱਲਦੀ ਐ?” ਮੈਂ ਪਿਆਰ ਨਾਲ ਪੁੱਛਿਆ।
“ਠੀਕ, ਅੰਕਲ।”
“ਬੱਲੇ, ਮੈਂ ਤੇਰੀ ਆਹ ਮੈਥ ਦੀ ਬੁੱਕ ਵੇਖੀ ਐ। ਆਈ ਕੈਨ ਟੀਚ ਯੂ ਅਲਜਬਰਾ। ਵੈਰੀ ਇਜ਼ੀ,” ਮੈਂ ਅੰਗ੍ਰੇਜ਼ੀ ਬੋਲ ਕੇ ਦੱਸਣਾ ਚਾਹਿਆ ਕਿ ਮੈਂ ਅੰਗਰੇਜ਼ੀ ਜਾਣਦਾ ਹਾਂ।
ਉਸਨੇ ਹੈਰਾਨੀ ਜਿਹੀ ਨਾਲ ਮੇਰੇ ਵੱਲ ਵੇਖਿਆ, ਫੇਰ ਮੇਰੇ ਕੋਲ ਪਈ ਆਪਣੀ ਕਿਤਾਬ ਵੇਖ ਕੇ ਕਹਿਣ ਲੱਗਾ, “ਓ ਅਲਜੈਬਰਾ ,ਓ ਓ ਓਕੇ। ਤਾਂ ਤੁਸੀਂ ਮੇਰੀ ਹੋਮਵਰਕ ਕਰਨ ‘ਚ ਹੈਲਪ ਕਰ ਸਕਦੇ ਐਂ”? ‘ਅਲਜੈਬਰਾ’ ਸ਼ਬਦ ਉਸਨੇ ਥੋੜ੍ਹਾ ਉੱਚੀ ਬੋਲਿਆ ਜਿਵੇਂ ਮੈਨੂੰ ਗਲਤ ਉਚਾਰਨ ਦਾ ਅਹਿਸਾਸ ਕਰਾਉਣਾ ਚਾਹੁੰਦਾ ਹੋਵੇ।
“ਹਾਂ-ਹਾਂ, ਸਿ਼ਓਰ-ਸਿ਼ਓਰ,” ਮੈਨੂੰ ਖੁਸ਼ੀ ਹੋਈ।
ਉਹ ਆਪਣੀ ਫਾਈਲ ਚੁੱਕ ਲਿਆਇਆ। ਸਾਧਾਰਣ ਜਿਹੇ ਸਵਾਲ ਸਨ। ਮੈਂ ਉਸ ਨੂੰ ਸਮਝਾਉਣ ਲੱਗ ਪਿਆ। ਚਾਰ-ਪੰਜ ਮਿੰਟ ਤਾਂ ਉਹ ਚੁੱਪ ਕਰਕੇ ਬੈਠਾ ਰਿਹਾ ਫਿਰ ਕਹਿੰਦਾ, “ਅੰਕਲ ਸੌਰੀ ਟੂ ਸੇ, ਮੈਨੂੰ ਤੁਹਾਡੀ ਸਮਝ ਨੀ ਲੱਗਦੀ।” ਤੇ ਉਹ ਉੱਠ ਕੇ ਚਲਾ ਗਿਆ।
“ਕਿਓਂ? ਪੜ੍ਹਾ ਲਏ ਜਵਾਕ, ਹੈੱਡਮਾਸਟਰ ਸਾਹਬ?” ਕਹਿਕੇ ਗੁਰਮੇਲ ਹੱਸ ਪਿਆ।
“ਪੜ੍ਹਾਉਣ ਨੂੰ ਤਾਂ ਐਹੋਜੇ ਸਵਾਲ ਮੈਂ ਸੁੱਤਾ ਪਿਆ ਹੱਲ ਕਰ ਦਿਆਂ। ਪਤਾ ਨੀ ਇਹਨੂੰ ਕਿਓਂ ਨੀ ਸਮਝ ਲੱਗੀ,” ਮੈਂ ਨਿੰਮੋਝੂਣਾ ਹੋ ਕੇ ਕਿਹਾ।
“ਤੂੰ ਬਾਈ, ਪਹਿਲਾਂ ਸਕੂਲ ਲੱਗਕੇ ਅੰਗ੍ਰੇਜ਼ੀ ਸਿੱਖ।” ਲੱਗਿਆ ਜਿਵੇਂ ਗੁਰਮੇਲ ਨੇ ਟਾਂਚ ਕੀਤੀ ਹੋਵੇ।
“ਆਹ ਉਮਰ ਹੁਣ ਸਕੂਲ ਪੜ੍ਹਨ ਦੀ ਐ,” ਮੈਂ ਨਿਰਾਸਤਾ ਜਿਹੀ ‘ਚ ਕਿਹਾ। ਦੋਹਾਂ ਬੱਚਿਆਂ ਦੇ ਹੱਸਣ ਦੀ ਆਵਾਜ਼ ਆਈ। ਮੈਨੂੰ ਲੱਗਾ ਜਿਵੇਂ ਮੇਰਾ ਮਖੌਲ ਉਡਾ ਰਹੇ ਹੋਣ। ਮੈਨੂੰ ਆਪਣਾ-ਆਪ ਬੌਣਾ-ਬੌਣਾ ਲੱਗਾ। ਮੈਂ ਛਤਰੀ ਚੁੱਕ ਕੇ ਘਰ ਨੂੰ ਤੁਰ ਪਿਆ। ਗੁਰਮੇਲ ਕਹਿੰਦਾ , “ਬਾਈ ਰੋਟੀ ਬਣਦੀ ਐ ,ਖਾ ਕੇ ਜਾਈਂ।ਮੈਂ ਕਾਰ ‘ਤੇ ਛੱਡ ਆਊਂ।”
“ਆਹ ਤਾਂ ਘਰ ਐ, ਮੈਂ ਤੁਰਿਆ ਜਾਨੈਂ,” ਆਖ ਕੇ ਮੈਂ ਬਾਹਰ ਆ ਗਿਆ। ‘ਕਿਸੇ ਕੰਮ ਦੇ ਨਹੀਂ ਰਹੇ ਇੱਥੇ’ ਸੋਚਦਾ ਮੈਂ ਪਤਾ ਹੀ ਨਾ ਲੱਗਾ ਕਦੋਂ ਘਰ ਪਹੁੰਚ ਗਿਆ। ਘਰ ਜਾ ਕੇ ਮੈਂ ਬੈੱਲ ਕੀਤੀ। ਰੁਪਿੰਦਰ ਨੇ ਡੋਰ ਖੋਹਲੀ। ਉਹ ਮੇਰੇ ਵੱਲ ਵੇਖ ਕੇ ਹੈਰਾਨ ਰਹਿ ਗਈ , “ਡੈਡੀ ਤੁਸੀਂ ਕਿਵੇਂ ਸਾਰੇ ਭਿੱਜੇ ਪਏ ਐਂ? ਛਤਰੀ ਤੁਹਾਡੇ ਕੋਲ ਐ।”
“ਓਹ, ਮੈਨੂੰ ਖਿਆਲ ਹੀ ਨਹੀਂ ਰਿਹਾ ਕਿ ਮੀਂਹ ਪੈ ਰਿਹੈ,” ਮੈਂ ਸ਼ਰਮਿੰਦਾ ਜਿਹਾ ਹੋਕੇ ਹੱਥ ‘ਚ ਫੜੀ ਬੰਦ ਛਤਰੀ ਵੱਲ ਵੇਖਿਆ।
“ਚੰਗਾ ਡੈਡੀ, ਤੁਸੀਂ ਇੱਥੇ ਬਾਹਰ ਈ ਸ਼ੂਅ ਵਗੈਰਾ ਲਾਹ ਦੇਵੋ। ਮੈਂ ਇੱਥੇ ਹੀ ਤੁਹਾਡੀਆਂ ਚੱਪਲਾਂ ਤੇ ਤੌਲੀਆ ਲਿਆ ਦਿੰਨੀ ਆਂ, ਨਹੀਂ ਤਾਂ ਅੰਦਰ ਮੀਂਹ ਦੇ ਪਾਣੀ ਨਾਲ ਸਾਰੀ ਫਲੋਰ ਗੰਦੀ ਹੋ ਜਾਣੀ ਐ,” ਆਖ ਕੇ ਰੁਪਿੰਦਰ ਅੰਦਰ ਚਲੀ ਗਈ। ਮੈਨੂੰ ਆਪਣਾ-ਆਪ ਗੰਦ ‘ਚ ਲਿਬੱੜ ਕੇ ਆਏ ਪਾਲਤੂ ਜਾਨਵਰ ਵਰਗਾ ਲੱਗਾ।
ਰਾਤ ਨੂੰ ਮੇਰਾ ਮਨ ਭਰ-ਭਰ ਆਵੇ। ਮੈਂ ਆਪਣੇ ਆਪ ਨੂੰ ਰੋਕੀ ਰੱਖਿਆ। ਪਰ ਜਦ ਕੁਲਜੀਤ ਆ ਕੇ ਬੈੱਡ ‘ਤੇ ਪਈ “ਮੇਰਾ ਜੀਅ ਨਹੀਂ ਲੱਗਦਾ ਇੱਥੇ” ਆਖਕੇ ਮੇਰੀ ਭੁੱਬ ਨਿਕਲ ਗਈ। ਰਾਜੂ ਹੋਰੀਂ ਹਾਲੇ ਜਾਗਦੇ ਸਨ ਉਹ ਵੀ ਆ ਗਏ।
“ਕੀ ਹੋ ਗਿਆ ਡੈਡੀ ?” ਰਾਜੂ ਨੇ ਪੁੱਛਿਆ।
“ਹੋਣਾ ਕੀ ਐ, ਕਹਿੰਦੇ ਮੇਰਾ ਜੀਅ ਨਹੀਂ ਲੱਗਦਾ,” ਕੁਲਜੀਤ ਨੇ ਦੱਸ ਦਿੱਤਾ।
“ਡੈਡੀ ਸਾਡੇ ਵੱਲੋਂ ਕੋਈ ਤਕਲੀਫ਼ ਐ ਤਾਂ ਦੱਸੋ? ਰਾਜੂ ਮੇਰੇ ਨਾਲ ਹੋ ਕੇ ਬੈਠ ਗਿਆ। ਮੈਂ ਉਸਨੂੰ ਜੱਫੀ ‘ਚ ਲੈ ਲਿਆ ਮੇਰਾ ਰੋਣ ਹੋਰ ਉੱਚੀ ਹੋ ਗਿਆ। “ਮੈਂ ਬੱਲੇ ਕਿਸੇ ਕੰਮ ਦਾ ਨਹੀਂ ਰਿਹਾ, ਨਾ ਕੁਛ ਕਮਾਵਾਂ ਨਾ ਤੁਹਾਡਾ ਕੁਛ ਸੰਵਾਰਾਂ, ਬੋਝ ਐਂ ਤੁਹਾਡੇ ਸਿਰ।”
“ਡੈਡੀ ਤੁਸੀਂ ਸਾਰੀ ਉਮਰ ਕਮਾਇਐ,” ਰਾਜੂ ਦੀਆਂ ਅੱਖਾਂ ਵੀ ਛਲਕ ਪਈਆਂ।
“ਡੈਡੀ ਤੁਸੀਂ ਬੋਝ ਕਿਓਂ ਐਂ, ਥੋਡਾ ਸਾਨੂੰ ਕਿੰਨਾ ਆਸਰੈ। ਥੋਡੇ ਸਿਰ ਬੱਚਿਆਂ ਵੱਲੋਂ ਬੇਫਿਕਰ ਹੋ ਕੇ ਅਸੀਂ ਕੰਮਾਂ ‘ਤੇ ਜਾਨੇ ਆਂ। ਜੇ ਅਸੀਂ ਥੋਡਾ ਕਿਸੇ ਗੱਲੋਂ ਦਿਲ ਦੁਖਾਇਆ ਹੋਵੇ ਤਾਂ ਦੱਸੋ, ਅਸੀਂ ਅਗਾਂਹ ਨੂੰ ਖਿਆਲ ਰੱਖਾਂਗੇ। ਪਰ ਇੱਦਾਂ ਰੋਂਦੇ ਵੇਖ ਕੇ ਸਾਨੂੰ ਚੰਗਾ ਨੀ ਲੱਗਦਾ,” ਭਰੇ ਗਲੇ ਵਿੱਚੋਂ ਰੁਪਿੰਦਰ ਬੋਲੀ।
“ਨਾ ਭਾਈ, ਤੁਸੀਂ ਤਾਂ ਦੋਹੇਂ ਹੀਰੇ ਐਂ ਮੇਰੇ। ਪਰ ਇਹ ਜੀਅ ਐ ਨਾ, ਹੌਲੀ-ਹੌਲੀ ਲੱਗੂ। ਸਾਰੀ ਉਮਰ ਉੱਥੇ ਰਹੇ ਆਂ ਨਾ,” ਮੈਂ ਆਪਣੇ ਆਪ ਨੂੰ ਟਿਕਾਉਣ ਲੱਗਾ।
“ਜੇ ਥੋਡਾ ਦਿਲ ਨਹੀਂ ਲੱਗਦਾ ਤਾਂ ਇੰਡੀਆ ਗੇੜਾ ਮਾਰ ਆਓ,”ਰਾਜੂ ਨੇ ਕਿਹਾ।
“ਨਹੀਂ-ਨਹੀਂ ਬੱਲੇ, ਮੈਂ ਠੀਕ ਆਂ। ਆਪੇ ਹੌਲੀ-ਹੌਲੀ ਮਨ ਟਿਕ ਜਾਵੇਗਾ। ਤੁਸੀਂ ਜਾ ਕੇ ਸੌਵੋਂ,” ਮੈਂ ਮੱਲੋ-ਮੱਲੀ ਉਨ੍ਹਾਂ ਨੂੰ ਤੋਰਿਆ।
ਉਨ੍ਹਾਂ ਦੇ ਜਾਣ ਤੋਂ ਬਾਅਦ ਕੁਲਜੀਤ ਕਹਿੰਦੀ, “ਕੀ ਹੋ ਜਾਂਦੈ ਤੁਹਾਨੂੰ? ਕਦੇ-ਕਦੇ ਬੱਚਿਆਂ ਵਾਂਗ ਰੋਣ ਲੱਗ ਜਾਨੇ ਐਂ। ਥੋਨੂੰ ਏਦਾਂ ਉਦਾਸ ਵੇਖ ਕੇ ਰਾਜੂ ਵੇਖਿਐ ਕਿਵੇਂ ਉਦਾਸ-ਉਦਾਸ ਰਹਿਣ ਲੱਗ ਪਿਐ। ਆਪਾਂ ਉਨ੍ਹਾਂ ਨੂੰ ਸਹਾਰਾ ਦੇਣਾ ਕਿ ਦੁਖੀ ਕਰਨੈ। ਸੰਭਾਲੋ ਆਪਣੇ-ਆਪ ਨੂੰ।”
“ਕੀ ਕਰਾਂ ਕੁਲਜੀਤ, ਮਨ ਟਿਕਦਾ ਹੀ ਨਹੀਂ ਇੱਥੇ,”ਮੈਂ ਨਿਰਾਸ਼ਾ ‘ਚ ਸਿਰ ਮਾਰਿਆ।
“ਇਹਨੂੰ ਟਿਕਾਓ ਜੇ ਇਹ ਆਪਣੇ ਘਰ ਨਹੀਂ ਟਿਕਦਾ ਤਾਂ ਹੋਰ ਕਿੱਥੇ ਟਿਕੂ?”
“ਇਹੋ ਤਾਂ ਰੌਲੈ, ਇਹ ਘਰ ਲੱਗਦਾ ਹੀ ਨਹੀਂ ਆਵਦਾ। ਜੇ ਪਿੰਡ ਵਾਲਾ ਘਰ ਹੁੰਦਾ ਉੱਥੇ ਇਹ ਦੋਹੇਂ ਜੀਅ ਆਪਣੀ ਸੇਵਾ ਕਰਦੇ। ਕਿੰਨੀ ਖੁਸ਼ੀ ਹੁੰਦੀ। ਉਹ ਘਰ ਆਪ ਬਣਾਇਆ ਸੀ। ਇੱਥੇ ਤਾਂ ਪ੍ਰਾਹੁਣਿਆ ਵਾਂਗ ਲਗਦੈ।”
“ਮੈਨੂੰ ਤਾਂ ਕੋਈ ਨੀ ਲੱਗਦਾ ਪ੍ਰਾਹੁਣਿਆ ਵਾਂਗ, ਮੈਨੂੰ ਤਾਂ ਆਵਦਾ ਲੱਗਦੈ।”
“ਆਵਦਾ ਤਾਂ ਹੈਗਾ ਪਰ ਮਨ ਨੂੰ ਲੱਗਦਾ ਨੀ, ਕਿਓਂ ਕੁਲਜੀਤ ,ਆਪਾਂ ਇੰਡੀਆ ਨਾ ਚੱਲੀਏ।”
“ਇੰਡੀਆ ਕੀ ਐ? ਸਾਰਾ ਪ੍ਰੀਵਾਰ ਤਾਂ ਐਥੇ ਆ। ਬੱਚੇ ਰੁਲ ਜਾਣਗੇ ਬੇਬੀ ਸਿਟਰ ਦੇ ਤੁਹਾਨੂੰ ਏਦਾਂ ਨਹੀਂ ਡੋਲਣਾ ਚਾਹੀਦਾ।”
ਮੈਂ ਆਪਣੇ ਮਨ ਨੂੰ ਟਿਕਾਉਣ ਲੱਗਾ।
ਹਾਰ ਕੇ ਇੱਕ ਦਿਨ ਜੀਤਾ ਸਿਓਂ ਦੇ ਨਾਲ ਗੁਰਦੁਆਰੇ ਚਲਾ ਗਿਆ। ਜੀਤਾ ਸਿਓਂ ਰਾਹ ਦਿਖਾ ਕੇ ਕੰਮ ‘ਤੇ ਚਲਾ ਗਿਆ। ਉੱਥੇ ਸੀਨੀਅਰਜ਼ ਸੈਂਟਰ ‘ਚ ਤਾਸ਼ ਖੇਡਦੇ, ਗੱਪਾਂ ਵੱਜਦੀਆਂ, ਅਖ਼ਬਾਰਾਂ ਪੜ੍ਹੀਆਂ ਜਾਂਦੀਆਂ, ਨਾਲ ਹ਼ੀ ਗੁਰਦੁਆਰੇ ਦੇ ਲੰਗਰ ‘ਚ ਦੁਪਿਹਰ ਦਾ ਲੰਗਰ ਛਕਿਆ ਜਾਂਦਾ, ਚਾਹ ਪੀਤੀ ਜਾਂਦੀ। ਮੇਰੀੇ ਦਿਹਾੜੀ ਵਧੀਆ ਨਿਕਲ ਗਈ ।
ਮੈਂ ਅਖਬਾਰ ਪੜ੍ਹਦਾ। ਮੇਰਾ ਪਿਛਲਾ ਪਿੰਡ ਕਿਹੜਾ ਹੈ, ਲਾਸਟ ਨਾਮ ਕੀ ਹੈ, ਕੁੜੀ ਕੋਲ ਆਇਆ ਹਾਂ ਜਾਂ ਮੁੰਡੇ ਕੋਲ, ਉੱਥੇ ਕੀ ਕਰਦਾ ਸੀ, ਵਗੈਰਾ, ਮੈਥੋਂ ਪਹਿਲੇ ਦਿਨ ਹੀ ਕਈਆਂ ਨੇ ਪੁੱਛ ਲਿਆ ਸੀ। ਪਰ ਮੈਂ ਕਿਸੇ ਨਾਲ ਬਹੁਤੀ ਬੋਲ-ਚਾਲ ਨਾ ਰੱਖਦਾ। ਇੱਕ ਦਿਨ ਤਾਸ਼ ਖੇਡ ਰਹੀ ਇੱਕ ਢਾਣੀ ਨੂੰ ਮੇਰੀ ਚੁੱਪ ਚੁੱਭ ਗਈ।
“ਸਾਨੂੰ ਵੀ ਪੜ੍ਹਾ ਦਿਆ ਕਰੋ ਹੈੱਡਮਾਸਟਰ ਸਾਹਬ,” ਤਾਸ਼ ਖੇਡਦੇ ਬਰਾੜ ਨੇ ਕਿਹਾ। ਮੈਨੂੰ ਲੱਗਾ ਜਿਵੇਂ ‘ਹੈੱਡਮਾਸਟਰ ਸਾਹਬ’ ਉਸਨੇ ਵਿਅੰਗਮਈ ਸੁਰ ‘ਚ ਕਿਹਾ ਹੋਵੇ।
“ਤੁਸੀਂ ਬਰਾੜ ਸਾਹਬ ਪੜ੍ਹੇ-ਪੜ੍ਹਾਏ ਐਂ। ਥੋਂਨੂੰ ਕੋਈ ਕੀ ਪੜ੍ਹਾ ਸਕਦੈ,”ਮੈਂ ਜਵਾਬ ਦਿੱਤਾ।
ਬਰਾੜ ਮੁਸਕਰਾਇਆ, “ਮੈਂ ਕਿਹਾ ਹੈੱਡਮਾਸਟਰ ਸਾਹਬ ਸਾਡੇ ਨਾਲ ਗੱਲ ਈ ਨਹੀਂ ਕਰਦੇ। ਅਖਬਾਰਾਂ ਜੀਆਂ ਪੜ੍ਹ ਕੇ ਮੁੜ ਜਾਂਦੇ ਐ।”
“ਮੈਂ ਕਦੇ ਤਾਸ਼ ਖੇਡੀ ਹੀ ਨਹੀਂ ਇਸ ਕਰਕੇ ਅਖਬਾਰਾਂ ‘ਚ ਪਰਚੇ ਰਹੀਦੈ,” ਮੈਂ ਕਿਹਾ।
“ਲੱਗਦੈ ਨਿਆਣੇ ਕੁੱਟਣੇ ਮਿੱਸ ਕਰਦੇ ਐ,” ਉਸੇ ਢਾਣੀ ‘ਚ ਬੈਠਾ ਕੈਰੋਂ ਬੋਲਿਆ।
“ਨਿਆਣੇ ਕੁੱਟਣ ਨੂੰ ਕੀਹਦਾ ਜੀਅ ਕਰਦਾ ਹੁੰਦੈ ਕੈਰੋਂ ਸਾਹਬ। ਨਾਲੇ ਅੱਜ-ਕੱਲ੍ਹ ਦੇ ਨਿਆਣੇ ਕਿੱਥੇ ਕੁੱਟ ਖਾਂਦੇ ਐ,” ਮੈਂ ਅਖਬਾਰ ਉਸੇ ਤਰ੍ਹਾਂ ਫੜੀ ਰੱਖੀ। ਉੱਠ ਕੇ ਉਨ੍ਹਾਂ ਵਾਲੇ ਬੈਂਚ ‘ਤੇ ਜਾਣ ਨੂੰ ਜੀਅ ਨਾ ਕੀਤਾ।
“ਜਵਾਕ ਕੁੱਟਣੇ ਮਿੱਸ ਨੀ ਕਰਦੇ ਤਾਂ ਵੇਹਲੀਆਂ ਖਾਣੀਆਂ ਮਿੱਸ ਕਰਦੇ ਹੋਵੋਂਗੇ। ਗੱਲ ਤਾਂ ਕੋਈ ਹੈ। ਬਿਨ੍ਹਾਂ ਕਿਸੇ ਗੱਲ ਤੋਂ ਬੰਦਾ ਕਿਵੇਂ ਚੁੱਪ-ਗੜੁੱਪ ਰਹਿ ਸਕਦੈ,”ਬਰਾੜ ਨੇ ਕਿਹਾ।
“ਵਿਹਲੀਆਂ ਕਿਵੇਂ ਬਈ”? ਢਾਣੀ ‘ਚੋਂ ਹੀ ਇੱਕ ਨੇ ਪੁੱਛਿਆ ਜਿਸ ਦਾ ਨਾਂ ਮੈਂਨੂੰ ਨਹੀਂ ਸੀ ਪਤਾ।
“ਹੋਰ ਮਾਸਟਰ ਸਕੂਲਾਂ ‘ਚ ਉੱਥੇ ਵੱਟਾਂ ਪਾਉਂਦੇ ਐ? ਵਿਹਲੇ ਰਹਿ ਕੇ ਤਨਖਾਹਾਂ ਕੁੱਟੀ ਜਾਂਦੇ ਐ,”ਬਰਾੜ ਨੇ ਕਿਹਾ ਅਤੇ ਉਹ ਸਾਰੇ ਹੱਸ ਪਏ।
“ਐਥੇ ਵੀ ਵਿਹਲੀਆਂ ਈ ਖਾਂਦੇ ਐ ਐਥੇ ਕਿਹੜਾ ਹਲ਼ ਜੁੜੇ ਐ,” ਕੈਰੋਂ ਨੇ ਕਿਹਾ।
ਮੇਰਾ ਜੀਅ ਕੀਤਾ ਕਿ ਉੱਥੋਂ ਉਠ ਕੇ ਬਾਹਰ ਨਿਕਲ ਜਾਵਾਂ ਪਰ ਮੈਂ ਉਵੇਂ ਹੀ ਅਖਬਾਰ ਅੱਖਾਂ ਅੱਗੇ ਕਰਕੇ ਬੈਠਾ ਰਿਹਾ।
“ਐਥੇ ਵੇਹਲਿਆਂ ਨੂੰ ਕੌਣ ਦੇ ਦੂ। ਨਾਲੇ ਤੂੰ ਵੇਹਲੀਆਂ ਖਾਂਦਾ ਹੋਵੇਂਗਾ। ਬੇਰੀ ਸ਼ੁਰੂ ਹੋ ਲੈਣਦੇ ਫੇਰ ਵੇਖੀਂ,” ਕਿਸੇ ਨੇ ਕਿਹਾ। ਹੁਣ ਮੈਨੂੰ ਸਿਰਫ ਆਵਾਜ਼ਾਂ ਸੁਣ ਰਹੀਆਂ ਸਨ।
“ਆਪਾਂ ਵੇਹਲੀਆਂ ਕਿਓਂ ਖਾਈਏ, ਸਗੋਂ ਦਿੰਨੇ ਆਂ ਮੁੰਡੇ ਨੂੰ। ਬਣੀ-ਤਣੀ ਚੈੱਕ ਫੜਾ ਦੇਈਦੀ ਐ ਅੰਮਪਲਾਏਮੈਂਟ ਵਾਲੀ।”
“ਚੈੱਕ ਤੇਰੀ ਹੁੰਦੀ ਐ ਨਾ ਹਜ਼ਾਰਾਂ ‘ਚ,” ਇਹ ਹਾਸਾ ਬਰਾੜ ਦਾ ਸੀ।
“ਸਾਲ ਰਹਿ ਗਿਆ ਪੈਨਸ਼ਨ ਲੱਗਣ ‘ਚ ਫੇਰ ਤੇਰੇ ਜਿੱਡੀ ਆਉਣ ਲੱਗ ਜੂ। ਤੈਨੂੰ ਸਾਲ ਪਹਿਲਾਂ ਲੱਗ ਗੀ ਤੂੰ ਤਾਂ ਖੌਰੂ ਪਾਉਨੈ।” ਉਹ ਆਪਸ ‘ਚ ਉਲਝ ਪਏ। ਮੈਂ ਅਖਬਾਰ ਰੱਖ ਕੇ ਬਾਹਰ ਆ ਗਿਆ। ਬਾਹਰ ਮੀਂਹ ਪੈ ਰਿਹਾ ਸੀ। ਪਾਣੀ ਢਲਾਣ ਵੱਲ ਵਗ ਕੇ ਗਟਰ ‘ਚ ਪੈ ਰਿਹਾ ਸੀ। ਮੈਂ ਮੂੰਹ ‘ਚ ਬਰਾੜ ਨੂੰ ਵੱਡੀ ਸਾਰੀ ਗਾਲ ਕੱਢੀ ਅਤੇ ਛਤਰੀ ਖੋਹਲ ਕੇ ਗਟਰ ‘ਤੇ ਖੜ੍ਹ ਗਿਆ। ਚਿੱਤ ‘ਚ ਆਇਆ ਜਿਵੇਂ ਗਟਰ ਪਾਣੀ ਨੂੰ ਆਪਣੇ ‘ਚ ਸਮਾ ਰਿਹਾ ਹੈ ਮੈਨੂੰ ਵੀ ਸਮਾਅ ਲਵੇ। ਸੀਨੀਅਰ ਸੈਂਟਰ ‘ਚੋਂ ਬਾਹਰ ਆ ਕੇ ਮੈਂ ਸੜਕਾਂ ‘ਤੇ ਫਿਰਨ ਲੱਗਾ। ‘ਵਿਹਲੀਆਂ ਖਾਦੈ’ ਮੇਰੇ ਦਿਮਾਗ ‘ਚ ਸਾਂ-ਸਾਂ ਕਰ ਰਿਹਾ ਸੀ। ‘ਥੋਡੇ ਘਰੋਂ ਖਾਨੈਂ’ ਮੇਰੇ ਅੰਦਰ ਕਚੀਚੀ ਜਿਹੀ ਉੱਠੀ। ‘ਨਾ ਜਾਣ ਨਾ ਪਹਿਚਾਣ। ਐਨੀ ਖੁੱਲ੍ਹ ਤਾਂ ਬੰਦਾ ਆਵਦੇ ਨੇੜਲੇ ਦੋਸਤਾਂ ਨਾਲ ਵੀ ਨਹੀਂ ਲੈਂਦਾ ਤੇ ਇਹ ਬੂਝੜ ਇੱਕ ਅਨਜਾਣ ਬੰਦੇ ਨਾਲ ਏਸ ਤਰ੍ਹਾਂ ਬੇਬਾਕ ਗੱਲਾਂ ਕਰਦੇ ਐ। ਇਸ ਕਰਕੇ ਹੀ ਮੈਂ ਇਨ੍ਹਾਂ ਕੋਲ ਨਹੀਂ ਸੀ ਬੈਠਦਾ। ਵੇਖਣ ‘ਚ ਹੀ ਸੱਥ ‘ਚ ਬੈਠੇ ਅਨਪੜ੍ਹ ਲੋਕਾਂ ਵਰਗੇ ਲੱਗਦੇ ਐ। ਲਗਦੇ ਕੀ, ਹੈ ਈ ਅਨਪੜ੍ਹ ਪਰ ਮੈਂ ਉਦੋਂ ਕੁਝ ਬੋਲਿਆ ਕਿਓਂ ਨਹੀਂ’। ਮੈਨੂੰ ਆਪਣੇ-ਆਪ ‘ਤੇ ਖਿਝ ਆਉਣ ਲੱਗੀ। ਦਿਮਾਗ ਸੁੰਨ ਹੋ ਗਿਆ, ਗੱਲਾਂ ਸੁਣ ਕੇ। ਕੁਝ ਅਹੁੜਿਆ ਹੀ ਨਾ। ‘ਪੂਰੀ ਈਮਾਨਦਾਰੀ ਨਾਲ ਡਿਊਟੀ ਨਿਭਾਈ ਦੀ ਸੀ। ਮੈਥ ‘ਚੋਂ ਕਦੇ ਕਿਸੇ ਨੂੰ ਫੇਹਲ ਨਹੀਂ ਸੀ ਹੋਣ ਦਿੱਤਾ। ਨਹੀਂ ਤਾਂ ਹੈੱਡਮਾਸਟਰ ਚੌਧਰ ‘ਤੇ ਰਹਿੰਦੇ ਐ। ਮੈਂ ਜਾਣ ਕੇ ਸਭ ਤੋਂ ਔਖੀ ਦਸਵੀਂ ਦੇ ਮੈਥ ਦੀ ਕਲਾਸ ਲੈਂਦਾ। ਇਹ ਸਰਦਾਰ ਕਹਿੰਦੇ ਐ ਕਿ ਵੇਹਲੀਆਂ ਖਾਣੀਆਂ ਮਿੱਸ ਕਰਦਾ ਹੋਵੇਂਗਾ’। ਸਿਰ ਪਾਟਣ-ਪਾਟਣ ਕਰਨ ਲੱਗਾ। ਦਿਲ ‘ਚ ਆਇਆ ਕਿ ਕਿਤੇ ਦੂਰ ਚਲਾ ਜਾਵਾਂ। ਰਾਜੂ ਨੁੰ ਕਹਾਂ ਕਿ ਇੰਡੀਆ ਦਾ ਟਿਕਟ ਲੈ ਦੇਵੇ।‘ਰਾਜੂ ਨੂੰ ਜਿਵੇਂ ਮੈਂ ਡਾਲਰ ਕਮਾਕੇ ਦਿੰਨੈ?’ ਮੈਨੂੰ ਆਪਣਾ-ਆਪ ਅੱਧ ਵਿਚਕਾਰ ਲਟਕਦਾ ਮਹਿਸੂਸ ਹੋਇਆ।
ਸੀਨੀਅਰਜ਼ ਸੈਂਟਰ ‘ਚ ਜਾਣ ਨੂੰ ਦਿਲ ਨਾ ਕਰਦਾ। ਸਾਰਾ ਦਿਨ ਸੜਕਾਂ ‘ਤੇ ਆਵਾਰਾ ਘੁੰਮਦਾ ਰਹਿੰਦਾ। ਮੈਨੂੰ ਆਪਣਾ-ਆਪ ਹੀਣਾ ਹੀਣਾ ਲੱਗਦਾ। ਘਰ ਆ ਕੇ ਮੈਨੂੰ ਲਗਦਾ ਜਿਵੇਂ ਮੈਂ ਇੱਕ ਵਾਧੂ ਜੀਅ ਹੋਵਾਂ। ਰਾਜੂ ਸ਼ਰਾਬ ਦੀ ਬੋਤਲ ਮੁੱਕਣ ਤੋਂ ਪਹਿਲਾਂ ਹੀ ਨਵੀਂ ਲਿਆ ਕੇ ਰੱਖ ਦਿੰਦਾ। ਪਹਿਲਾਂ-ਪਹਿਲਾਂ ਤਾਂ ਮੈਂ ਪੀਂਦਾ ਰਿਹਾ ਫਿਰ ਪੀਣ ਨੂੰ ਦਿਲ ਕਰਨਂੋ ਹਟ ਗਿਆ। ਸੋਚਿਆ ਕਰਾਂ ਕਿ ਜਦੋਂ ਰਾਜੂ ਦਾ ਕੋਈ ਕੰਮ ਨਹੀਂ ਸੰਵਰਾਦਾ ਤਾਂ ਵਾਧੂ ਦਾ ਖਰਚਾ ਕਿਓਂ ਕਰਾਵਾਂ। ਰਾਜੂ ਆਖਦਾ ਕਿ ਡੈਡੀ ਖਰਚ ਦਾ ਫਿ਼ਕਰ ਨਾ ਕਰੋ। ਆਵਦਾ ਪੀ ਕੇ ਅਰਾਮ ਨਾਲ ਸੌਂਇਆ ਕਰੋ। ਉਸਨੂੰ ਪਤਾ ਸੀ ਕਿ ਰਾਤ ਨੂੰ ਮੈਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਸੀ ਆਉਂਦੀ। ਮੈਂਨੂੰ ਆਪਣਾ-ਆਪ ਰਾਜੂ ‘ਤੇ ਇੱਕ ਭਾਰ ਜਿਹਾ ਲੱਗਦਾ। ਰੋਟੀ ਖਾਂਦੇ ਨੂੰ ਵੀ ਸ਼ਰਮ ਆਇਆ ਕਰੇ। ਨਾ ਕਿਸੇ ਨੂੰ ਬਲਾਉਣ ਨੂੰ ਦਿਲ ਕਰਿਆ ਕਰੇ ਨਾ ਕਿਤੇ ਆਉਣ-ਜਾਣ ਨੂੰ। ਲਗਦਾ ਜਿਵੇਂ ਕੁਲਜੀਤ ਵੀ ਮੇਰਾ ਧਿਆਨ ਰੱਖਣੋਂ ਹਟ ਗਈ ਹੋਵੇ। ਇੱਕ ਦਿਨ ਉਸ ਤੋਂ ਪਏ ਨੇ ਪਾਣੀ ਮੰਗ ਲਿਆ। “ਆਪ ਉੱਠ ਕੇ ਲੈ ਲਓ। ਐਨਾਂ ਵੀ ਨਹੀਂ ਕਰ ਸਕਦੇ ਕਿ ਉੱਠ ਕੇ ਪਾਣੀ ਪੀ ਲਵਾਂ। ਇੱਧਰ ਬੱਚੇ ਨੀ ਟਿਕਣ ਦਿੰਦੇ ਉੱਪਰੋਂ ਥੋਨੂੰ ਮਿਲੇ ਸਾਰਾ ਕੁਝ ਬਿਸਤਰੇ ‘ਚ ਪਿਆਂ ਨੂੰ ।” ਲੱਗਿਆ ਜਿਵੇਂ ਕੁਲਜੀਤ ਮੈਥੋਂ ਅੱਕੀ ਪਈ ਹੋਵੇ। ਸ਼ਾਮ ਨੂੰ ਮੇਰੇ ਇੱਕ ਪੁਰਾਣੇ ਵਾਕਿਫ਼ ਦਾ ਫ਼ੋਨ ਆ ਗਿਆ। ਗੱਲ ਕਰਦਾ ਮੈਂ ਆਖ ਬੈਠਾ , “ਫਸ ਗਏ ਯਾਰ ਕਨੇਡਾ ਆ ਕੇ, ਜੀਅ ਨੀ ਲੱਗਦਾ, ਕੰਮ ਦੇ ਨਾ ਕਾਰ ਦੇ ਢਾਈ ਸੇਰ ਅਨਾਜ ਦੇ।” ਰੁਪਿੰਦਰ ਨੇ ਸੁਣ ਲਿਆ ਕਹਿੰਦੀ , “ਡੈਡੀ ਜਿਸ ਨੂੰ ਤੁਸੀਂ ਦੱਸਦੇ ਸੀ ਕਿ ਫਸ ਗਏ ਇੱਥੇ ਆ ਕੇ ਓਹਨੇ ਸੋਚਣੈਂ ਕਿ ਨੂੰਹ ਤੰਗ ਕਰਦੀ ਹੋਣੀ ਐਂ।”
“ਮੈਂ ਤਾਂ ਸੁਭਾਵਕ ਕਿਹਾ ਸੀ ਭਾਈ ਕਿ ਫਸ ਗਏ, ਆਪਣੇ ਬੱਚਿਆਂ ਦੀ ਨਿੰਦਾ ਕਿਸੇ ਕੋਲ ਕਿਵੇਂ ਕਰ ਸਕਦੈਂ।”
“ਫੇਰ ਦੱਸੋ ਡੈਡੀ ਥੋਡਾ ਜੀਅ ਕਿਵੇਂ ਲਵਾਈਏ?” ਰਾਜੂ ਦੀ ਆਵਾਜ਼ ਮੈਨੂੰ ਆਮ ਨਾਲੋਂ ਉੱਚੀ ਲੱਗੀ। ਮੈਨੂੰ ਲੱਗਾ ਜਿਵੇਂ ਉਹ ਸਾਰੇ ਰਲ ਕੇ ਮੇਰੇ ਵਿਰੁੱਧ ਕੋਈ ਸਾਜਿ਼ਸ਼ ਰਚ ਰਹੇ ਹੋਣ। ਇਹ ਮੇਰੇ ਮਨ ‘ਚ ਘੁੰਮੀ ਜਾਇਆ ਕਰੇ। ਇੱਕ ਸ਼ਾਮ ਜਦ ਘਰ ਮੁੜਿਆ ਤਾਂ ਸਾਰਾ ਪ੍ਰੀਵਾਰ ਲਿਵਿੰਗ ਰੂਮ ‘ਚ ਟੀ.ਵੀ. ਮੂਹਰੇ ਬੈਠਾ, ਹੱਸੀ ਜਾਵੇ। ਮੈਂ ਚੁੱਪ-ਚਪੀਤਾ ਜਿਹਾ ਅੰਦਰ ਜਾਣ ਲੱਗਾ। ਰਾਜੂ ਦੀ ਨਿਗ੍ਹਾ ਮੇਰੇ ‘ਤੇ ਪੈ ਗਈ , “ਸਾਸਰੀਕਾਲ ਡੈਡੀ, ਕਿਵੇਂ ਐਂ, ਘੁੰਮ-ਫਿਰ ਆਏ”? ਉਸ ਨੇ ਕਿਹਾ। ਮੈਨੂੰ ਲੱਗਾ ਜਿਵੇਂ ਉਸ ਕਿਹਾ ਹੋਵੇ, ‘ਕਰ ਆਏ ਆਵਾਰਾ-ਗਰਦੀ’। ਮੈਂ ਸਾਸਰੀਕਾਲ ਆਖ ਕੇ ਅੰਦਰ ਲੰਘ ਗਿਆ। ਉਨ੍ਹਾਂ ਦੇ ਹੱਸਣ ਦੀ ਆਵਾਜ਼ ਤੋਂ ਲੱਗਾ ਜਿਵੇਂ ਉਹ ਸਾਰੇ ਰਲਕੇ ਮੇਰਾ ਮਜ਼ਾਕ ਉਡਾ ਰਹੇ ਹੋਣ। ਮੇਰੇ ਦਿਮਾਗ ‘ਚ ਸਾਂਅ-ਸਾਂਅ ਹੋਣ ਲੱਗੀ। ਫੇਰ ਲੱਗਾ ਜਿਵੇਂ ਹਾਸਾ ਗੁਰਮੇਲ ਦਾ ਹੋਵੇ, ਨਹੀਂ-ਨਹੀਂ ਗੁਰਮੇਲ ਦੇ ਬੱਚਿਆਂ ਦਾ, ਨਹੀਂ-ਨਹੀਂ ਬਰਾੜ ਦਾ। ਲੱਗਿਆ ਜਿਵੇਂ ਬਹੁਤ ਸਾਰੀਆਂ ਹੱਸਣ ਦੀਆਂ ਆਵਾਜ਼ਾਂ ਮੇਰਾ ਮਜ਼ਾਕ ਉਡਾ ਰਹੀਆਂ ਹੋਣ। ਮੇਰੀਆਂ ਬਾਂਹਾਂ ‘ਚੋਂ ਸੇਕ ਨਿਕਲਣ ਲੱਗਾ। ਮੇਰੇ ਦੋਨੋਂ ਹੱਥ ਕੰਨਾਂ ਉੱਪਰ ਚਲੇ ਗਏ। ਮੈਂ ਕਮਰੇ ਤੋਂ ਦੂਜੇ ਕਮਰੇ ‘ਚ ਕਾਹਲੀ-ਕਾਹਲੀ ਫਿਰਨ ਲੱਗਾ। ਪਰ ਹਾਸੇ ਦੀਆਂ ਆਵਾਜ਼ਾਂ ਮੇਰਾ ਪਿੱਛਾ ਨਹੀਂ ਸੀ ਛੱਡ ਰਹੀਆਂ। ‘ਓਹ ਛੱਡ ਦਿਓ ਖਹਿੜਾ’ ਆਖਦਾ-ਆਖਦਾ ਮੈਂ ਲਿਵਿੰਗਰੂਮ ‘ਚ ਬੈਠੇ ਰਾਜੂ ਹੋਰਾਂ ਸਾਹਮਣੇ ਫਲੋਰ ਤੇ ਜਾ ਡਿੱਗਾ। ਜਿਵੇਂ ਸਾਰੇ ਅੰਗ-ਪੈਰ ਆਪ-ਮੁਹਾਰੇ ਹੋ ਗਏ ਹੋਣ। ਮੈਂ ਫਲੋਰ ਤੇ ਲਿਟਿਆ ਲੱਤਾਂ-ਬਾਹਾਂ ਚਲਾਉਣ ਲੱਗਾ। ਰਾਜੂ ਅਤੇ ਕੁਲਜੀਤ ਮੈਨੂੰ ਫੜ ਕੇ ਚੁੱਪ ਕਰਾਉਣ ਲੱਗੇ। ਮੈਂ ਉਨ੍ਹਾਂ ਤੋਂ ਛੁੱਟ-ਛੁੱਟ ਜਾਂਵਾਂ। ਦੋਹੇਂ ਬੱਚੇ ਰੋਣ ਲੱਗੇ। ਰਾਜੂ ਹੋਰੀਂ ਮੈਨੂੰ ਕਲੀਨਿਕ ਲੈ ਗਏ। ਡਾਕਟਰ ਕਹਿੰਦਾ ਕਿ ਮੈਨੂੰ ਡਿਪਰੈਸ਼ਨ ਹੈ। ਉਸਨੇ ਦਵਾਈ ਲਿਖ ਦਿੱਤੀ, ਨੀਂਦ ਦੀ ਦਵਾਈ ਵੀ ਲਿਖ ਦਿੱਤੀ। ਮੈਨੂੰ ਨੀਂਦ ਆ ਗਈ। ਅਗਲੇ ਦਿਨ ਉਸ ਮੈਨੂੰ ਸਾਇਕੈਟਰਿਸਟ ਦੇ ਭੇਜ ਦਿੱਤਾ। ਸਾਇਕੈਟਰਿਸਟ ਨੇ ਮੈਨੂੰ ਤੇ ਰਾਜੂ ਨੂੂੰ ਕਈ ਸਵਾਲ ਪੁੱਛੇ। ਉਸ ਨੇ ਕੁਝ ਦਵਾਈਆਂ ਲਿਖ ਦਿੱਤੀਆਂ। ਘਰ ਆ ਕੇ ਕੁਲਜੀਤ ਕਹਿੰਦੀ , “ਪਾਠ ਕਰਿਆ ਕਰੋ ਮਨ ਟਿਕਾਣੇ ਆ ਜਾਵੇਗਾ।” ਪਰ ਮੇਰਾ ਜੀਅ ਨਾ ਕੀਤਾ। ਕੁਲਜੀਤ ਕਹਿੰਦੀ ਕਿ ਮੈਂ ਉਸਦੇ ਮਗਰ-ਮਗਰ ਬੋਲਾਂ। ਉਹ ਵਾਹਿਗੁਰੂ-ਵਾਹਿਗੁਰੂ ਕਰਨ ਲੱਗੀ। ਮੈਂ ਉਸਦੇ ਮਗਰ ਬੋਲਣ ਲੱਗਾ। ਬੋਲਦੇ-ਬੋਲਦੇ ਮੈਂ ਆਵਾਜ਼ਾਂ ਮਾਰਨ ਲੱਗਾ, “ਓਹ ਵਾਹਗੁਰੂ ਕਿਥੇ ਐਂ ਤੂੰ।” ਕੁਲਜੀਤ ਨੇ ਮੈਨੂੰ ਜੱਫੀ ‘ਚ ਲੈ ਲਿਆ। ਰਾਜੂ ਘਬਰਾ ਗਿਆ। ਉਸਨੇ ਉਦੋਂ ਹੀ ਡਾਕਟਰ ਨੂੰ ਫੋਨ ਕਰ ਲਿਆ। ਡਾਕਟਰ ਕਹਿੰਦਾ ਕਿ ਘਬਰਾਓ ਨਾ, ਸਭ ਠੀਕ-ਠਾਕ ਹੋ ਜਾਵੇਗਾ। ਦਵਾਈਆਂ ਦਾ ਅਸਰ ਹੋਣ ‘ਚ ਦੋ ਕੁ ਹਫ਼ਤੇ ਲੱਗ ਜਾਂਦੇ ਐ।
ਦਵਾਈਆਂ ਦੇ ਅਸਰ ਨਾਲ ਮੇਰਾ ਦਿਮਾਗ ਸੁੰਨ ਜਿਹਾ ਰਹਿਣ ਲੱਗ ਪਿਆ। ਪਹਿਲਾਂ ਵਾਂਗ ਕੋਈ ਉਤੇਜਨਾਂ ਨਹੀਂ ਸੀ ਹੁੰਦੀ। ਪਰ ਫੇਰ ਵੀ ਕਦੇ-ਕਦੇ ਕੋਈ ਅਣਸੁਖਾਵੀਂ ਗੱਲ ਯਾਦ ਆ ਜਾਂਦੀ ਤੇ ਮੈਨੂੰ ਬੇਚੈਨ ਕਰ ਜਾਂਦੀ। ਜਦੋਂ ਮੈਂ ਸਾਇਕੈਟਰਿਸਟ ਦੇ ਜਾਂਦਾ ਉਹ ਮੇਰੇ ਨਾਲ ਦੋਸਤਾਂ ਵਾਂਗ ਗੱਲਾਂ ਕਰਦਾ। ਉਸ ਮੈਨੂੰ ਦੱਸਿਆ ਕਿ ਇੰਡੀਆ ਤੋਂ ਐਥੇ ਆ ਕੇ ਹਾਲਾਤ ਦੇ ਬਦਲਣ ਨਾਲ ਅਤੇ ਕੋਈ ਰੁਝੇਵਾਂ ਵਗੈਰਾ ਨਾ ਹੋਣ ਕਰਕੇ ਮੇਰਾ ਸੈਲਫ਼ਕੌਨਫੀਡੈਂਸ ਖਤਮ ਹੋ ਗਿਆ ਅਤੇ ਮੈਂ ਡਿਪਰੈਸ਼ਨ ਦਾ ਸਿ਼ਕਾਰ ਹੋ ਗਿਆ ਸਾਂ। ਮੈਨੂੰ ਉਹ ਕਿਸੇ ਪਾਸੇ ਰੁੱਝਣ ਦੀ ਸਲਾਹ ਦਿੰਦਾ।

ਇਨ੍ਹਾਂ ਸਲਾਹਾਂ ਬਾਰੇ ਸੋਚਦਾ ਹੀ ਮੈਂ ਬਿਸਤਰੇ ‘ਚ ਪਿਆ ਸੀ। ਕੁਲਜੀਤ ਮੈਨੂੰ ਸਵਾ ਕੇ ਆਪ ਵੀ ਸੌਂ ਗਈ ਸੀ ਪਰ ਮੇਰੀ ਤਿੰਨ ਕੁ ਘੰਟਿਆ ਬਾਅਦ ਅੱਖ ਖੁੱਲ ਗਈ। ਬਾਹਰ ਤੇਜ਼ ਹਵਾ ਥੰਮ ਗਈ ਸੀ ਪਰ ਮੀਂਹ ਹਾਲੇ ਵੀ ਪੈ ਰਿਹਾ ਸੀ। ਦਿਮਾਗ ‘ਚ ਆਇਆ ਕਿ ਸਾਇਕੈਟਰਿਸਟ ਦੀ ਸਲਾਹ ਮੰਨ ਕੇ ਕੋਈ ਰੁਝੇਵਾਂ ਜ਼ਰੂਰ ਅਪਣਾਵਾਂ, ਨਹੀਂ ਤਾਂ ਵਿਹਲੇ ਨੂੰ ਰਾਤ ਵਾਂਗ ਢਹਿੰਦੀਆਂ ਕਲਾ ਵਾਲੀਆਂ ਗੱਲਾਂ ਯਾਦ ਆ ਕੇ ਬੇਚੈਨ ਕਰਦੀਆਂ ਰਹਿਣਗੀਆਂ। ਪਰ ਕੁਝ ਕਰਨ ਨੂੰ ਦਿਲ ਹੀ ਨਹੀਂ ਕਰਦਾ। ਫੇਰ ਸਇਕੈਟਰਿਸਟ ਦੀ ਸਲਾਹ ਯਾਦ ਆਈ। ਉਸ ਕਿਹਾ ਸੀ, “ਸਾਰੀ ਉਮਰ ਤੁਸੀਂ ਸਕੂਲਾਂ ‘ਚ ਨੌਕਰੀ ਕੀਤੀ ਹੈ। ਇਸ ਕਰਕੇ ਤੁਹਾਨੂੰ ਸਕੂਲ ਜਾਣ ਬਾਰੇ ਸੋਚਣਾ ਚਾਹੀਦਾ ਹੈ। ਸਕੂਲ ਦਾ ਮਾਹੌਲ ਤੁਹਾਨੂੰ ਠੀਕ ਹੋਣ ‘ਚ ਸਹਾਈ ਹੋ ਸਕਦੈ।”
“ਸਕੂਲ ਪੜ੍ਹ ਕੇ ਹੁਣ ਕੀ ਅਫ਼ਸਰ ਲੱਗਣੈ,” ਮੇਰਾ ਇਹ ਜਵਾਬ ਸੁਣ ਕੇ ਸਾਇਕੈਟਰਿਸਟ ਨੇ ਕਿਹਾ ਸੀ, “ਸਕੂਲ ਸਿਰਫ਼ ਨੌਕਰੀ ਲੱਭਣ ਲਈ ਹੀ ਨਹੀਂ ਹੁੰਦੇ, ਕੁਝ ਨਵਾਂ ਸਿੱਖਣ ਲਈ ਵੀ ਹੁੰਦੇ ਹਨ।”
“ਹਾਂ ਜੀ ਜ਼ਰੂਰ ਸੋਚਾਂਗੇ।” ਉਦੋਂ ਤਾਂ ਮੈਂ ਆਖ ਦਿੱਤਾ ਸੀ ਪਰ ਮਨ ‘ਚ ਆਇਆ ਕਿ ਨਵਾਂ ਸਿੱਖ ਕੇ ਹੁਣ ਕੀ ਕਰਨਂੈ, ਕਬਰ ‘ਚ ਲੱਤਾਂ ਨੇ’। ਪਰ ਸਾਇਕੈਟਰਿਸਟ ਨੇ ਕਿਹਾ ਸੀ ਕਿ ਕੁਝ ਨਾ ਕੁਝ ਧੱਕੇ ਨਾਲ ਹੀ ਸ਼ੁਰੂ ਕਰਨਾ ਪਵੇਗਾ। ਪਹਿਲਾਂ-ਪਹਿਲਾਂ ਜੀਅ ਨਹੀਂ ਕਰਨਾ ਕੁਝ ਕਰਨ ਨੂੰ, ਬਾਅਦ ‘ਚ ਇਸ ‘ਚੋਂ ਸੁਆਦ ਆਉਣ ਲੱਗ ਪਵੇਗਾ। ਇਨ੍ਹਾਂ ਸੋਚਾਂ ‘ਚ ਹੀ ਫਿਰ ਸੌਂ ਗਿਆ। ਸੁਪਨੇ‘ਚ ਮੈਨੂੰ ਗਊਆਂ ਦਾ ਇੱਕ ਬਹੁਤ ਵੱਡਾ ਵੱਗ ਦਿਸਿਆ। ਮੈਂ ਧੂੜ ਉਡਾਉਂਦੇ ਜਾ ਰਹੇ ਵੱਗ ਦੇ ਵਿਚਕਾਰ ਘਿਰਿਆ ਹੋਇਆ ਸੀ। ਅੱਗੇ-ਪਿੱਛੇ, ਸੱਜੇ-ਖੱਬੇ ਗਊਆਂ ਹੀ ਗਊਆਂ। ਮੈਂ ਇੱਕ ਪਾਸਿਓਂ ਵੱਗ ‘ਚੋਂ ਨਿਕਲਣ ਲਈ ਕੋਸਿ਼ਸ਼ ਕਰਦਾ ਪਰ ਗਊਆਂ ਮੁੱਕਣ ‘ਚ ਹੀ ਨਾ ਆਉਂਦੀਆਂ। ਹਾਰਕੇ ਮੈਂ ਦੂਜੇ ਪਾਸੇ ਕੋਸਿ਼ਸ਼ ਕਰਨ ਲੱਗਦਾ। ੳੁੱਧਰ ਵੀ ਇਹੀ ਹਾਲ ਹੁੰਦਾ। ਮੈਂ ਇੱਧਰ-ਉੱਧਰ ਦੌੜ ਰਿਹਾ ਸੀ ਪਰ ਮੈਨੂੰ ਨਿਕਲਣ ਲਈ ਕੋਈ ਰਾਹ ਨਹੀਂ ਸੀ ਮਿਲ ਰਿਹਾ। ਫਿਰ ਮੇਰੇ ਸਿਰ ‘ਤੇ ਸਿੰਗ ਲੱਗ ਜਾਂਦੇ ਹਨ। ਬੇਵੱਸ ਹੋਇਆ ਮੈਂ ਚੀਕਣ ਦੀ ਕੋਸਿ਼ਸ਼ ਕਰਦਾ ਹਾਂ ਪਰ ਮੇਰੀ ਆਵਾਜ਼ ਨਹੀਂ ਨਿਕਲਦੀ। ਇਸੇ ਖਿੱਚੋਤਾਣ ‘ਚ ਹੀ ਕੁਲਜੀਤ ਨੇ ਮੈਨੂੰ ਝੰਜੋੜਿਆ , “ਕੀ ਹੋਈ ਜਾਂਦੈ ਥੋਨੂੰ? ਜ਼ੋਰ ਜਾ ਲਾਈ ਜਾਨੇ ਐਂ, ਨਾਲੇ ਊਂ-ਊਂ ਕਰੀ ਜਾਨੇ ਐਂ। ਉੱਠੋ, ਲੱਗਦੈ ਦਬਾਅ ਪੈ ਗਿਐ।” ਮੈਂ ਤ੍ਰਭਕ ਕੇ ਉੱਠਿਆ। ਮੇਰਾ ਸਾਰਾ ਸਰੀਰ ਪਸੀਨੇ ਨਾਲ ਤਰ-ਬ-ਤਰ ਸੀ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346