ਸੌ ਸਾਲ ਤੋਂ ਟੱਪਿਆ
ਬਾਬਾ ਫੌਜਾ ਸਿੰਘ ਕੁਦਰਤ ਦਾ ਕ੍ਰਿਸ਼ਮਾ ਹੈ। ਮਨੁੱਖੀ ਅਜੂਬਾ। ਉਹ ਅਜੇ ਵੀ ਜੁਆਨਾਂ ਵਾਂਗ
ਚੁੰਗੀਆਂ ਭਰ ਰਿਹੈ। ਰੋਜ਼ ਸੱਤ ਅੱਠ ਮੀਲ ਤੁਰਦਾ, ਵਗਦਾ ਤੇ ਦੁੜਕੀਆਂ ਲਾਉਂਦੈ। ਉਹ ਅਜਬ
ਸ਼ੈਅ ਹੈ। ਵਡਉਮਰਿਆਂ ਲਈ ਰੋਲ ਮਾਡਲ ਤੇ ਬੰਦੇ ਦੇ ਬੁਲੰਦ ਜੇਰੇ ਦੀ ਜਿਊਂਦੀ ਜਾਗਦੀ ਮਿਸਾਲ।
ਸਿਰੜੀ, ਮਿਹਨਤੀ ਤੇ ਮੰਜਿ਼ਲਾਂ ਮਾਰਨ ਵਾਲਾ ਮੈਰਾਥਨ ਦਾ ਮਹਾਂਰਥੀ। ਬਜ਼ੁਰਗਾਂ ਦਾ ਰਾਹ
ਦਸੇਰਾ। ਬੁੱਲ੍ਹੇ ਸ਼ਾਹ ਵਰਗੀ ਮਸਤ ਤਬੀਅਤ ਦਾ ਮਾਲਕ ਤੇ ਸ਼ਾਹ ਹੁਸੈਨ ਜਿਹਾ ਫੱਕਰ।
ਸਹਿਜਤਾ, ਮਸੂਮੀਅਤ ਤੇ ਭੋਲੇਪਨ ਦੀ ਮੂਰਤ। ਉਹਦੀਆਂ ਗੱਲਾਂ ਸਿੱਧੀਆਂ, ਸਾਦੀਆਂ, ਭੋਲੀਆਂ ਤੇ
ਨਿਰਛਲ
ਹਨ।
ਹਾਸਾ ਠੱਠਾ ਕਰਨਾ ਉਹਦਾ ਸੁਭਾਅ ਹੈ ਜਿਸ ਨਾਲ ਹੱਸਦੇ ਦੀਆਂ ਅੱਖਾਂ ਛਲਕ ਪੈਂਦੀਆਂ ਹਨ।
ਛਲਕਦੀਆਂ ਅੱਖਾਂ ਉਤੇ ਸਿਹਲੀਆਂ ਦੀ ਤੇ ਹੱਸਦੇ ਹੋਠਾਂ ਉਤੇ ਮੁੱਛਾਂ ਦੀ ਛਾਂ ਹੈ। ਦੌੜਦੇ ਦੀ
ਉਹਦੀ ਲੰਮੀ ਦਾੜ੍ਹੀ ਝੂਲਦੀ ਤੇ ਆਸੇ ਪਾਸੇ ਲਹਿਰਾਉਂਦੀ ਹੈ।
ਰਤਾ ਸੋਚੋ, ਕੋਈ ਬੰਦਾ ਪਹਿਲੀ ਵਿਸ਼ਵ ਜੰਗ ਤੋਂ ਪਹਿਲਾਂ ਦਾ ਜੰਮਿਆ ਹੋਵੇ, ਨਿਰਾ ਜੱਟ ਬੂਟ
ਹੋਵੇ, ਕੋਰਾ ਅਨਪੜ੍ਹ ਤੇ ਕੁਲ ਦਸ ਗਿਣਨ ਹੀ ਜਾਣਦਾ ਹੋਵੇ। ਕੱਦ 5 ਫੁਟ 8 ਇੰਚ ਤੇ ਸਰੀਰਕ
ਵਜ਼ਨ ਸਿਰਫ਼ 52 ਕਿਲੋਗਰਾਮ ਹੋਵੇ ਪਰ ਲੁਧਿਆਣੇ ਤੋਂ ਦੌੜਨ ਲੱਗਾ ਫਗਵਾੜਾ ਲੰਘ ਕੇ ਦਮ ਲਵੇ
ਤੇ ਅਗਲੀ ਝੁੱਟੀ ਜਲੰਧਰ ਤੋਂ ਅਗਾਂਹ ਆਪਣੇ ਪਿੰਡ ਜਾ ਵੜੇ। ਬਿਆਸਪਿੰਡ ਪਹੁੰਚ ਕੇ ਆਪਣੇ
ਪੇਂਡੂਆਂ ਨਾਲ ਹਾਸਾ ਠੱਠਾ ਕਰੇ। ਹੱਸੇ ਹੱਸਾਵੇ। ਕੌਣ ਫਿਰ ਅਜਿਹੇ ਅਫਲਾਤੂਨ ਤੋਂ
ਵਾਰੇ-ਵਾਰੇ ਨਾ ਜਾਵੇ?
ਫੌਜਾ ਸਿੰਘ 20ਵੀਂ ਸਦੀ ਦੇ ਆਰੰਭ ਵਿਚ ਜੰਮਿਆ ਸੀ। 20ਵੀਂ ਸਦੀ ਦੇ ਅਖ਼ੀਰ ਤਕ ਉਹ ਅਣਗੌਲਿਆ
ਰਿਹਾ। ਗੌਲਣ ਵਾਲੀ ਕੋਈ ਗੱਲ ਹੀ ਨਹੀਂ ਸੀ ਕੀਤੀ ਉਹਨੇ। ਪਰ 21ਵੀਂ ਸਦੀ ਚੜ੍ਹਨ ਤੋਂ ਉਹ
ਅਖ਼ਬਾਰੀ ਖ਼ਬਰਾਂ ਦਾ ਸਿ਼ੰਗਾਰ ਹੈ। ਡੱਬੀ ਵਾਲੀਆਂ ਖ਼ਬਰਾਂ ਲੱਗਦੀਆਂ ਹਨ ਉਹਦੇ ਬਾਰੇ।
ਉਹਦੇ ਨਾਂ ਨਾਲ ਅਨੇਕਾਂ ਵਿਸ਼ੇਸ਼ਣ ਜੋੜੇ ਗਏ ਨੇ। ਮੈਰਾਥਨ ਦਾ ਮਹਾਂਰਥੀ। ਪਗੜੀਧਾਰੀ ਝੱਖੜ।
ਬੁੱਢਿਆਂ ਦਾ ਰੋਲ ਮਾਡਲ। ਹਸਮੁਖ ਬਾਬਾ। ਬੱਲੇ ਬਾਬਾ ਫੌਜਾ ਸਿੰਘ ਦੇ। ਨੲ੍ਹੀਂ ਰੀਸਾਂ ਫੌਜਾ
ਸਿੰਘ ਦੀਆਂ...।
ਉਹ ਰੌਣਕੀ ਬੰਦਾ ਹੈ। ਸਿਰੇ ਦਾ ਗਾਲੜੀ। ਬੇਫਿਕਰ, ਬੇਪਰਵਾਹ, ਬੇਬਾਕ, ਦਾਨੀ ਤੇ ਦਇਆਵਾਨ।
ਮੈਰਾਥਨ ਦੌੜਾਂ ਦਾ ਬਾਦਸ਼ਾਹ। ਉਹਨੇ ਗੁੰਮਨਾਮੀ ‘ਚ ਚੱਲ ਵਸਣਾ ਸੀ ਜੇ ਦੌੜਨ ਨਾ ਲੱਗਦਾ।
ਦੌੜਾਂ ਲਾਉਣ ਨਾਲ ਉਹ ਮਰਨੋ ਬਚ ਗਿਆ। ਗ਼ਮਗ਼ੀਨੀ ‘ਚੋਂ ਨਿਕਲ ਕੇ ਜਿਉਂਦਿਆਂ ‘ਚ ਹੋ ਗਿਆ।
ਬੁੱਢੇਵਾਰੇ ਦੌੜਾਂ ‘ਚ ਪੈ ਕੇ ਉਹਨੇ ਪੂਰੇ ਜਹਾਨ ਵਿਚ ਬੱਲੇ-ਬੱਲੇ ਕਰਵਾਈ। ਉਸ ਨੂੰ 2004,
2008 ਤੇ 2012 ਦੀਆਂ ਓਲੰਪਿਕ ਖੇਡਾਂ ਦੀ ਮਿਸ਼ਾਲ ਲੈ ਕੇ ਦੌੜਨ ਦਾ ਮਾਣ ਮਿਲਿਆ। ਆਸ ਹੈ ਉਹ
2016 ਵਿਚ ਰੀਓ ਦੀਆਂ ਓਲੰਪਿਕ ਖੇਡਾਂ ਦੀ ਮਿਸ਼ਾਲ ਵੀ ਫੜੇਗਾ। ਉਸ ਨੂੰ ਬਰਤਾਨੀਆ ਦੀ
ਮਹਾਰਾਣੀ ਐਲਜ਼ਾਬੈੱਥ ਨੇ ਸੌ ਸਾਲ ਦਾ ਸੀਨੀਅਰ ਸਿਟੀਜ਼ਨ ਹੋ ਜਾਣ ਦੀ ਚਿੱਠੀ ਲਿਖ ਕੇ ਵਧਾਈ
ਦਿੱਤੀ ਤੇ ਸ਼ਾਹੀ ਮਹਿਲਾਂ ਵਿਚ ਖਾਣੇ ‘ਤੇ ਸੱਦਿਆ। ਮਹਾਰਾਣੀ ਨੂੰ ਮਿਲ ਕੇ ਉਹਦੀ ਉਮਰ ਹੋਰ
ਵਧ ਗਈ। ਉਹ ਹੋਰ ਜੁਆਨ ਹੋ ਗਿਆ!
ਉਹ ਸੌ ਸਾਲ ਤੋਂ ਵਡੇਰੀ ਉਮਰ ਦਾ ਇਸ ਧਰਤੀ ਦਾ ਪਹਿਲਾ ਮਨੁੱਖ ਹੈ ਜਿਸ ਨੇ 16 ਅਕਤੂਬਰ 2011
ਨੂੰ ਟੋਰਾਂਟੋ ਦੀ ਵਾਟਰ ਫਰੰਟ ਮੈਰਾਥਨ ਦੌੜ ਪੂਰੀ ਕੀਤੀ। ਉਥੇ ਉਸ ਨੇ 42.2 ਕਿਲੋਮੀਟਰ ਦਾ
ਪੰਧ 8 ਘੰਟੇ 11 ਮਿੰਟ 6 ਸੈਕੰਡ ਵਿਚ ਮੁਕਾਇਆ। ਉਹਦਾ ਨਾਂ ਗਿੱਨੀਜ਼ ਬੁੱਕ ਆਫ਼ ਵਰਲਡ
ਰਿਕਾਰਡਜ਼ ਵਿਚ ਦਰਜ ਹੋ ਜਾਣਾ ਸੀ ਜੇ ਉਹਦੀ ਜਨਮ ਤਾਰੀਖ਼ ਦਾ ਜਲੰਧਰ ਦੇ ਜਨਮ ਮਰਨ
ਤਾਰੀਖ਼ਾਂ ਦੇ ਰਜਿਸਟਰਾਰ ਵੱਲੋਂ ਅਸਲੀ ਸਰਟੀਫਿਕੇਟ ਮਿਲ ਜਾਂਦਾ। ਫੌਜਾ ਸਿੰਘ ਨੇ ਮਹਾਰਾਣੀ
ਐਲਿਜ਼ਬੈੱਥ ਵੱਲੋਂ ਭੇਜੀ ਚਿੱਠੀ ਤੇ ਪਾਸਪੋਰਟ ਦੀ ਕਾਪੀ ਪੇਸ਼ ਕੀਤੀ ਜੋ ਗਿੱਨੀਜ਼ ਬੁੱਕ
ਵਾਲਿਆਂ ਨੇ ਜਨਮ ਤਾਰੀਖ ਦਾ ਸਹੀ ਸਬੂਤ ਨਹੀਂ ਮੰਨੀ।
ਹਕੀਕਤ ਇਹ ਹੈ ਕਿ 1911 ਵਿਚ ਬਿਆਸਪਿੰਡ ‘ਚ ਜੰਮੇ ਕਿਸੇ ਵੀ ਬੱਚੇ ਦਾ ਜਨਮ ਰਿਕਾਰਡ ਨਹੀਂ
ਮਿਲਦਾ। ਉਦੋਂ ਕਿਸੇ ਦਾ ਜਨਮ ਰਿਕਾਰਡ ਰੱਖਿਆ ਹੀ ਨਹੀਂ ਗਿਆ। ਬੇਸ਼ਕ ਬ੍ਰਿਟਿਸ਼ ਰਾਜ ਵਿਚ
ਦਿੱਲੀ ਦੇ ਇਕ ਬੰਦੇ ਨੂੰ 23 ਫਰਵਰੀ 1879 ਦੇ ਦਿਨ ਜੰਮਣ ਦਾ ਰਿਕਾਰਡ ਲੱਭ ਗਿਆ ਹੈ ਪਰ
ਪੰਜਾਬ ਦੇ ਪਿੰਡਾਂ ਵਿਚ ਜੰਮੇ ਸਾਰੇ ਬੱਚਿਆਂ ਦਾ ਜਨਮ ਰਿਕਾਰਡ 20ਵੀਂ ਸਦੀ ਦੇ ਮੁੱਢਲੇ
ਸਾਲਾਂ ਦਾ ਵੀ ਨਹੀਂ ਮਿਲਦਾ। ਇਸੇ ਕਰਕੇ ਫੌਜਾ ਸਿੰਘ ਦੀ ਅਸਲੀ ਜਨਮ ਤਾਰੀਖ਼ ਵੀ ਜਿ਼ਲ੍ਹਾ
ਜਲੰਧਰ ਦੇ ਜਨਮ ਰਜਿਸਟਰ ਵਿਚੋਂ ਨਹੀਂ ਲੱਭੀ। ਉਸ ਤੋਂ ਵਡੇਰੀ ਉਮਰ ਦੇ ਦੋ ਬੰਦਿਆਂ ਦੀ
ਗਵਾਹੀ ਤੇ ਹਲਫ਼ੀਆ ਬਿਆਨ ਦੇਣ ਉਤੇ ਹੀ ਉਸ ਦੀ ਜਨਮ ਤਾਰੀਖ਼ 1 ਅਪ੍ਰੈਲ 1911 ਲਿਖੀ ਗਈ ਜੋ
ਉਸ ਦੇ ਪਾਸਪੋਰਟ ਉਤੇ ਦਰਜ ਹੈ। ਇਹੋ ਜਨਮ ਤਾਰੀਖ ਉਸ ਦੇ ਹਰੇਕ ਕੰਮ ਆ ਰਹੀ ਹੈ।
ਫੌਜਾ ਸਿੰਘ ਮੈਰਾਥਨ ਦੌੜਾਂ ਦਾ ਅਜਿਹਾ ਬਜ਼ੁਰਗ ਨਾਇਕ ਹੈ ਜੋ 2000 ਤੋਂ ਖ਼ਬਰਾਂ ਵਿਚ ਰਹਿ
ਰਿਹੈ। ਉਹਦੀ ਵਡਿਆਈ ਇਸ ਗੱਲ ਵਿਚ ਨਹੀਂ ਕਿ ਉਹ ਲੰਮੀਆਂ ਦੌੜਾਂ ਦੌੜ ਲੈਂਦੈ ਸਗੋਂ ਇਸ ਗੱਲ
ਵਿਚ ਹੈ ਕਿ ਸੌ ਸਾਲਾਂ ਤੋਂ ਵੱਧ ਉਮਰ ਦਾ ਹੋ ਕੇ ਵੀ ਦੌੜੀ ਜਾਂਦੈ! ਸੌ ਸਾਲ ਦੀ ਉਮਰ ਕਹਿ
ਦੇਣੀ ਗੱਲ ਹੈ। ਏਨੇ ਸਮੇਂ ‘ਚ ਚਾਰ ਪੀੜ੍ਹੀਆਂ ਬਦਲ ਜਾਂਦੀਐਂ। ਫੌਜਾ ਸਿੰਘ ਵੀ ਪੜਦਾਦਾ
ਬਣਿਆ ਹੋਇਐ। ਏਡੀ ਉਮਰ ਤਕ ਕੋਈ ਵਿਰਲਾ ਹੀ ਪਹੁੰਚਦੈ ਤੇ ਜਿਹੜਾ ਪਹੁੰਚ ਜਾਵੇ ਉਹਤੋਂ ਉੱਠ
ਬੈਠ ਨਹੀਂ ਹੁੰਦਾ। ਨੈਣ ਪ੍ਰਾਣ ਜਵਾਬ ਦੇ ਜਾਂਦੇ ਨੇ। ਪਰ ਜਲੰਧਰ ਲਾਗੇ ਬਿਆਸਪਿੰਡ ਵਿਚ
ਜੰਮਿਆ ਤੇ ਬੁੱਢੇਵਾਰੇ ਇੰਗਲੈਂਡ ‘ਚ ਰਹਿੰਦਾ ਫੌਜਾ ਸਿੰਘ ਅਜੇ ਵੀ ਹਿਰਨਾਂ ਵਾਂਗ ਚੁੰਗੀਆਂ
ਭਰ ਰਿਹੈ। ਚੀਤੇ ਵਰਗੇ ਜੁੱਸੇ ਨਾਲ ਚੀਤੇ ਵਾਂਗ ਦੌੜ ਰਿਹੈ। 24 ਫਰਵਰੀ 2013 ਨੂੰ
ਹਾਂਗਕਾਂਗ ਵਿਖੇ 10 ਕਿਲੋਮੀਟਰ ਦੀ ਮੈਰਾਥਨ ਦੌੜ ਕੇ ਉਸ ਨੇ ਮੁਕਾਬਲੇ ਦੀਆਂ ਮੈਰਾਥਨ ਦੌੜਾਂ
ਦੌੜਨ ਨੂੰ ਅਲਵਿਦਾ ਕਹਿ ਦਿੱਤੀ ਹੈ ਪਰ ਆਪਣੀ ਸਿਹਤ ਕਾਇਮ ਰੱਖਣ ਤੇ ਕਲਿਆਣਕਾਰੀ ਕਾਰਜਾਂ ਲਈ
ਦੌੜਾਂ ਦੌੜਨ ਤੋਂ ਬੱਸ ਨਹੀਂ ਕੀਤੀ।
ਟੋਰਾਂਟੋ ਦੀ ਵਾਟਰ ਫਰੰਟ ਮੈਰਾਥਨ ਤੋਂ ਕੁਝ ਮਹੀਨੇ ਪਹਿਲਾਂ 2011 ਦੇ ਆਰੰਭ ਵਿਚ ਉਸ ਨੇ
ਜਰਮਨੀ ਦੀ ਹਾਫ਼ ਮੈਰਾਥਨ ਭਾਵ 21.1 ਕਿਲੋਮੀਟਰ ਦੀ ਦੌੜ ਦੌੜੀ ਸੀ। ਸੌ ਸਾਲ ਦੀ ਉਮਰ ‘ਚ
ਇੱਕੀ ਕਿਲੋਮੀਟਰ ਦੌੜ ਲੈਣਾ ਵੀ ਕਮਾਲ ਦਾ ਕਾਰਨਾਮਾ ਸੀ। ਕਈਆਂ ਤੋਂ ਏਨੀ ਵਾਟ ਸਾਈਕਲ ਹੀ
ਨਹੀਂ ਚਲਾਇਆ ਜਾਂਦਾ। ਮਈ 2010 ਵਿਚ ਉਸ ਨੇ ਲਕਸ਼ਮਬਰਗ ਦੀ ਇੰਟਰਫੇਥ ਮੈਰਾਥਨ ਦੌੜ ਵਿਚ ਭਾਗ
ਲਿਆ ਸੀ। 98 ਸਾਲ ਦੀ ਉਮਰ ਵਿਚ ਉਹ ਐਡਨਬਰਗ ਦੀ ਮੈਰਾਥਨ ਦੌੜ ਦੌੜਿਆ ਸੀ। ਉਸ ਤੋਂ ਪਹਿਲਾਂ
2004 ਵਿਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਉਤੇ ਚਮਕੌਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਤਕ
ਦੌੜਿਆ ਤੇ ਜੋ ਮਾਇਆ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਵੱਲੋਂ ਭੇਟ ਹੋਈ ਉਹ ਮੌਕੇ ਉਤੇ
ਹੀ ਲੋੜਵੰਦਾਂ ਵਿਚ ਵੰਡ ਦਿੱਤੀ।
2005 ਵਿਚ ਉਹ ਲਾਹੌਰ ਦੀ ਪਹਿਲੀ ਸਟੈਂਡਰਡ ਚਾਰਟਡ ਮੈਰਾਥਨ ਦੌੜ ਵਿਚ ਭਾਗ ਲੈਣ ਗਿਅ। ਉਥੇ
ਉਸ ਦਾ ਸ਼ਾਹੀ ਸਵਾਗਤ ਹੋਇਆ। ਉਸ ਵੇਲੇ ਪਾਕਿਸਤਾਨ ਦੇ ਸਦਰ ਜਨਰਲ ਪਰਵੇਜ਼ ਮੁਸ਼ੱਰਫ ਨੇ ਉਸ
ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਤੇ ਖੁਸ਼ ਆਮਦੀਦ ਕਿਹਾ। ਬੇਗਮਾਂ ਨੇ ਬੁਰਕੇ ਉਤਾਰ ਕੇ
ਫੌਜਾ ਸਿੰਘ ਦੇ ਦਰਸ਼ਨ ਕੀਤੇ। ਉਸ ਦਾ ਨਿਵਾਸ ਪੰਜ ਤਾਰਾ ਹੋਟਲ ਵਿਚ ਕਰਵਾਇਆ। ਲਾਹੌਰ ਦੀਆਂ
ਇਤਿਹਾਸਕ ਥਾਵਾਂ ਦੀ ਸੈਰ ਤੇ ਨਨਕਾਣਾ ਸਾਹਿਬ ਦੀ ਯਾਤਰਾ ਕਰਵਾਈ ਗਈ। ਪੰਜਾ ਸਾਹਿਬ ਪਹਾੜੀ
ਪੱਥਰ ਉਤੇ ਲੱਗਾ ਪੰਜਾ ਵਿਖਾਇਆ ਗਿਆ। ਸਿੰਘ ਨੂੰ ਥਾਓਂ ਥਾਂ ਸਲਾਮਾਂ ਹੁੰਦੀਆਂ ਰਹੀਆਂ।
ਪਾਕਿਸਤਾਨ ‘ਚੋਂ ਉਹ ਮਿੱਠੀਆਂ ਪਿਆਰੀਆਂ ਯਾਦਾਂ ਲੈ ਆਇਆ।
2004 ਵਿਚ ਟੋਰਾਂਟੋ ਦੀ ਹਾਫ਼ ਮੈਰਾਥਨ ਦੌੜਦਿਆਂ ਉਸ ਨੇ 2 ਘੰਟੇ 29.59 ਮਿੰਟ ਦਾ ਨਵਾਂ
ਵਿਸ਼ਵ ਰਿਕਾਰਡ ਰੱਖਿਆ ਸੀ। ਉਸ ਤੋਂ ਪਹਿਲਾਂ ਉਹ 2000 ਵਿਚ ਲੰਡਨ ਦੀ ਫਲੋਰਾ ਮੈਰਾਥਨ
ਲਾਉਂਦਿਆਂ ਅੱਸੀ ਸਾਲ ਤੋਂ ਵਡੇਰੀ ਉਮਰ ਵਾਲਿਆਂ ਲਈ 6 ਘੰਟੇ 54 ਮਿੰਟ ਦਾ ਨਵਾਂ ਰਿਕਾਰਡ
ਰੱਖ ਕੇ ਖ਼ਬਰਾਂ ਵਿਚ ਆ ਚੁੱਕਾ ਸੀ। ਉਸ ਨੇ 58 ਮਿੰਟਾਂ ਦੇ ਫਰਕ ਨਾਲ ਪਹਿਲਾ ਰਿਕਾਰਡ
ਤੋੜਿਆ ਸੀ। 2003 ਵਿਚ ਟੋਰਾਂਟੋ ‘ਚ ਉਸ ਨੇ ਆਪਣਾ ਹੀ ਰਿਕਾਰਡ ਫਿਰ ਤੋੜ ਦਿੱਤਾ। ਉਦੋਂ ਉਸ
ਨੇ 42.2 ਕਿਲੋਮੀਟਰ ਦੀ ਦੌੜ 5 ਘੰਟੇ 40 ਮਿੰਟ 04 ਸਕਿੰਟ ਵਿਚ ਪੂਰੀ ਕੀਤੀ। ਉਹਦੀ ਦੌੜ
ਉਤੇ ‘ਟੋਰਾਂਟੋ ਸਟਾਰ’ ਵਰਗੇ ਅਖ਼ਬਾਰਾਂ ਨੇ ਉਹਦੀ ਸਟਾਰ ਖਿਡਾਰੀਆਂ ਵਾਂਗ ਮਸ਼ਹੂਰੀ ਕੀਤੀ
ਸੀ। ਮੁੱਖ ਪੰਨਿਆਂ ਉਤੇ ਉਹਦੀਆਂ ਤਸਵੀਰਾਂ ਛਾਪੀਆਂ ਸਨ। ਟੀ. ਵੀ. ਚੈਨਲਾਂ ਨੇ ਉਹਦੀਆਂ
ਦੌੜਦੇ ਦੀਆਂ ਝਲਕਾਂ ਵਿਖਾ ਕੇ ‘ਫੌਜਾ-ਫੌਜਾ’ ਕਰਵਾ ਦਿੱਤੀ ਸੀ। ਟੋਰਾਂਟੋ ਦੇ ਸਿੰਘਾਂ ਦਾ
ਸੇਰ-ਸੇਰ ਲਹੂ ਵਧ ਗਿਆ ਸੀ ਕਿ ਵੇਖੋ ਸਾਡੇ ਸਿੰਘ ਦੀ ਚੜ੍ਹਾਈ!
2004 ਵਿਚ ਖੇਡਾਂ ਦਾ ਸਮਾਨ ਬਣਾਉਣ ਵਾਲੀ ਮਸ਼ਹੂਰ ਕੰਪਨੀ ਐਡੀਡਾਸ ਨੇ ਮੁਹੰਮਦ ਅਲੀ ਤੇ
ਡੇਵਿਡ ਬੈਕ੍ਹਮ ਵਾਂਗ ਉਹਨੂੰ ਆਪਣਾ ਬਰਾਂਡ ਅੰਬੈਸਡਰ ਬਣਾ ਲਿਆ ਸੀ। ਦੌੜਨ ਵਾਲੇ ਇਕ ਬੂਟ
ਉਤੇ ‘ਫੌਜਾ’ ਤੇ ਦੂਜੇ ਉਤੇ ‘ਸਿੰਘ’ ਦੇ ਸਟਿੱਕਰ ਲੱਗ ਗਏ। ਪੱਗ ਉਤੇ ਖੰਡਾ ਤੇ ਲੰਮੀ ਝੂਲਦੀ
ਦਾੜ੍ਹੀ ਨਾਲ ਦੌੜਦੇ ਦੀਆਂ ਉਹਦੀਆਂ ਤਸਵੀਰਾਂ ਲੰਡਨ ਦੀਆਂ ਸਟਰੀਟਾਂ ਤੇ ਸੜਕਾਂ ‘ਤੇ ਲੱਗ
ਗਈਆਂ ਸਨ। ਨਾਲ ਲਿਖਿਆ ਗਿਆ ਸੀ-ਕੁਝ ਵੀ ਅਸੰਭਵ ਨਹੀਂ। ਗੋਰੇ ਕਾਲੇ ਸਭ ਫੌਜਾ ਸਿੰਘ ਦੀ
ਮਹਿਮਾ ਕਰਨ ਲੱਗੇ। ਅਨੇਕਾਂ ਖੇਡ ਅਦਾਰਿਆਂ ਤੇ ਗੁਰਦਵਾਰਿਆਂ ਨੇ ਉਹਦਾ ਮਾਣ ਸਨਮਾਨ ਕੀਤਾ।
ਉਹਨੂੰ ਜੋ ਮਾਇਆ ਮਿਲਦੀ ਰਹੀ ਉਹ ਗੋਲਕ ਵਿਚ ਪਾਉਂਦਾ ਗਿਆ ਜਾਂ ਲੋੜਵੰਦਾਂ ਨੂੰ ਵੰਡਦਾ ਗਿਆ।
ਕਈ ਸਾਲਾਂ ਤੋਂ ਉਹ ਚੈਰਿਟੀ ਭਾਵ ਪੁੰਨ ਦਾਨ ਲਈ ਦੌੜ ਰਿਹੈ। 2012 ਵਿਚ ਉਹ 10 ਕਿਲੋਮੀਟਰ
ਦੀ ਹਾਂਗਕਾਂਗ ਮੈਰਾਥਨ ਦੌੜਿਆ ਤਾਂ ਚੈਰਿਟੀ ਲਈ 25800 ਡਾਲਰ ‘ਕੱਠੇ ਹੋਏ ਜੋ ਉਸ ਨੇ ਉਥੇ
ਹੀ ਪੁੰਨ ਕਰ ਦਿੱਤੇ। ਉਹ ਪੈਸੇ ਧੇਲੇ ਵੱਲੋਂ ਭਾਵੇਂ ਅਮੀਰ ਨਹੀਂ ਪਰ ਦਿਲ ਦਾ ਸ਼ਹਿਨਸ਼ਾਹ
ਹੈ। ਕਲਜੁਗ ਦੇ ਦੌਰ ਵਿਚ ਸਤਜੁਗ ਵਰਤਾਅ ਰਿਹੈ। ਉਹ ਹੈ ਹੀ ਸਤਜੁਗੀ ਜਿਊੜਾ!
ਫੌਜਾ ਸਿੰਘ ਮਿਲਣਸਾਰ ਸੱਜਣ ਹੈ। ਸਿਰੇ ਦਾ ਗਾਲੜੀ ਹੈ ਜਿਸ ਕਰਕੇ ਉਹਦੀਆਂ ਗੱਲਾਂ ਵੀ ਬੜੀਆਂ
ਦਿਲਚਸਪ ਨੇ। ਲੰਮੀ ਦੌੜ ਵਾਂਗ ਉਹ ਵੀ ਲੰਮੀਆਂ ਹੁੰਦੀਆਂ ਨੇ ਜੋ ਮੁੱਕਣ ਵਿਚ ਨਹੀਂ
ਆਉਂਦੀਆਂ। ਉਹਦੀ ਦਾਹੜੀ ਵੀ ਲੰਮੀ ਹੈ ਤੇ ਲੱਤਾਂ ਵੀ ਲੰਮੀਆਂ। ਮੈਂ ਉਹਦੇ ਪਿੰਡ ਗਿਆ ਜੋ
ਜਲੰਧਰ ਤੋਂ ਪਠਾਨਕੋਟ ਜਾਣ ਵਾਲੀ ਸੜਕ ਉਤੇ ਪੈਂਦੈ। ਪਿੰਡ ਵਾਲੇ ਅਜੇ ਵੀ ਉਹਨੂੰ ‘ਊਂਈਂ’
ਸਮਝ ਰਹੇ ਨੇ। ਕਹਿੰਦੇ ਨੇ ‘ਅੱਛਾ ਓਹੀ ਫੌਜਾ!’ ਇਹ ‘ਕੱਲੇ ਫੌਜਾ ਸਿੰਘ ਦੀ ਗੱਲ ਨਹੀਂ,
ਹਰੇਕ ਪਿੰਡ ਦੇ ਸਿਰਕੱਢ ਬੰਦੇ ਨੂੰ ਉਹਦੇ ਪਿੰਡ ਦੇ ਸ਼ਰੀਕ ਊਂਈਂ ਸਮਝਦੇ ਨੇ। ਉਹ ਉਨ੍ਹਾਂ
ਦੇ ਵਿਚੋਂ ਜੁ ਹੋਇਆ! ਮੈਂ ਢੁੱਡੀਕੇ ਵਿਚ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਨੂੰ ਪਿੰਡ
ਦੇ ਬੰਦੇ ‘ਕੰਬਲ’ ਕਹਿੰਦੇ ਸੁਣੇ ਨੇ। ਸਿਆਣਿਆਂ ਨੇ ਐਵੇਂ ਨਹੀਂ ਕਿਹਾ-ਘਰ ਦਾ ਜੋਗੀ ਜੋਗੜਾ
ਬਾਹਰ ਦਾ ਜੋਗੀ ਸਿੱਧ! ਫੌਜਾ ਸਿੰਘ ਵਿਸ਼ਵ ਰਿਕਾਰਡ ਰੱਖਣ ਵਾਲਾ ਮੈਰਾਥਨ ਦੌੜਾਕ ਹੈ ਪਰ
ਪਿੰਡ ਦੇ ਬੰਦਿਆਂ ਲਈ ਉਹ ਉਹੀ ਹਲਵਾਹ ਫੌਜਾ ਹੈ। ਡੰਡਿਆਂ ਦਾ ਫੌਜਾ!
ਪਿੰਡ ‘ਚ ਫੌਜਾ ਸਿੰਘ ਦੇ ਖਾਨਦਾਨ ਦੀ ਅੱਲ ‘ਡੰਡੇ’ ਪਈ ਹੋਈ ਹੈ। ਉਨ੍ਹਾਂ ਦੀਆਂ ਲੱਤਾਂ
ਡੰਡਿਆਂ ਵਰਗੀਆਂ ਜੁ ਹੋਈਆਂ। ਪਰ ਡੰਡਿਆਂ ਵਰਗੀਆਂ ਲੱਤਾਂ ਵਾਲੇ ਫੌਜਾ ਸਿੰਘ ਨੇ ਉਹ ਕੁਝ ਕਰ
ਵਿਖਾਇਆ ਜੋ ਮੂੰਗਲੀਆਂ ਵਰਗੀਆਂ ਲੱਤਾਂ ਵਾਲੇ ਵੀ ਨਹੀਂ ਕਰ ਸਕੇ। ਕਈਆਂ ਨੇ ਉਹਦੀਆਂ ਲੱਤਾਂ
ਨੂੰ ਲੋਹੇ ਦੀਆਂ ਲੱਠਾਂ ਕਹਿ ਕੇ ਵਡਿਆਇਆ। ਡਾਕਟਰੀ ਪਰਖ ਨੇ ਉਹਦੀਆਂ ਲੱਤਾਂ ਦੀਆਂ ਹੱਡੀਆਂ
ਦੀ ਡੈਂਸਟੀ ਜੁਆਨਾਂ ਦੀਆਂ ਦੀਆਂ ਲੱਤਾਂ ਵਰਗੀ ਦੱਸੀ ਹੈ। ਸਰੀਰ ਦੇ ਬਾਕੀ ਅੰਗ ਵੀ ਉਮਰ
ਨਾਲੋਂ 180 ਫੀਸਦੀ ਜੁਆਨ ਹਨ।
ਉਹਦੇ ਦੱਸਣ ਮੂਜਬ ਉਹ ਤਿੰਨਾਂ ਖੁਰਾਕਾਂ ‘ਤੇ ਉਡਿਆ ਫਿਰਦੈ। ਉਹਦੀ ਪਹਿਲੀ ਖੁਰਾਕ ਹੈ ਸਾਦਾ
ਦਾਲ ਫੁਲਕਾ। ਸਵੇਰੇ ਚਾਹ ਦੇ ਕੱਪ ਨਾਲ ਅਲਸੀ ਦੀ ਪਿੰਨੀ। ਦੁਪਹਿਰੇ ਦਾਲ ਜਾਂ ਸਬਜ਼ੀ ਨਾਲ
ਇਕ ਰੋਟੀ। ਰਾਤ ਦੀ ਰੋਟੀ ਪਿੱਛੋਂ ਦੁੱਧ ਦਾ ਗਲਾਸ। ਖ਼ਾਸ ਖੁਰਾਕ ਹੈ ਅਧਰਕ ਦੀ ਤਰੀ। ਦੂਜੀ
ਖੁਰਾਕ ਹੈ ਹਾਸਾ ਮਖੌਲ ਜੀਹਦੇ ‘ਚ ਉਹ ਆਪਣੇ ਆਪ ਨੂੰ ਵੀ ਨਹੀਂ ਬਖਸ਼ਦਾ। ਤੇ ਤੀਜੀ ਖੁਰਾਕ
ਹੈ ਰੋਜ਼ਾਨਾ ਕਸਰਤ। ਉਹਨੂੰ ਨਿੱਤ ਅੱਠ ਦਸ ਮੀਲ ਤੁਰੇ/ਦੌੜੇ ਬਿਨਾਂ ਨੀਂਦ ਨਹੀਂ ਆਉਂਦੀ। ਉਹ
ਗੁਰਦਵਾਰੇ ਵੀ ਜਾਂਦੈ ਤੇ ਸਟੇਡੀਅਮ ਵੀ। ਪਾਰਕ ਵਿਚ ਹਾਣੀਆਂ ਨਾਲ ਹਾਸਾ ਮਖੌਲ ਕਰਦੈ। ਉਹ
ਹਮੇਸ਼ਾਂ ਪ੍ਰਸੰਨ ਚਿੱਤ ਰਹਿੰਦੈ। ਉਹਨੇ ਘਰਦਿਆਂ ਤੇ ਸੱਜਣਾਂ ਮਿੱਤਰਾਂ ਨੂੰ ਆਖ ਰੱਖਿਐ,
“ਮੈਨੂੰ ਚੰਗੀ ਖ਼ਬਰ ਈ ਦੱਸਿਓ, ਮਾੜੀ ਨਾ ਦੱਸਿਓ। ਕੋਈ ਮੇਰੀ ਖੁਸ਼ੀ ਵਿਚ ਭੰਗਣਾ ਨਾ ਪਾਵੇ
ਸਗੋਂ ਖ਼ੁਸ਼ੀ ਵਾਲੀ ਗੱਲ ਦੱਸ ਕੇ ਚਿੱਤ ਖ਼ੁਸ਼ ਕਰੇ।”
ਫੌਜਾ ਸਿੰਘ ਨਾਲ ਮੇਰੀਆਂ ਪੰਜ ਮੁਲਾਕਾਤਾਂ ਹੋਈਆਂ ਹਨ। ਪਹਿਲੀ ਲੰਡਨ ਲਾਗੇ ਈਰਥ, ਦੂਜੀ
ਟੋਰਾਂਟੋ ਕੋਲ ਬਰੈਂਪਟਨ, ਤੀਜੀ ਬਰਮਿੰਘਮ ਨੇੜੇ ਟੈੱਲਫੋਰਡ, ਚੌਥੀ ਵੈਨਕੂਵਰ ਦੇ ਰੇਡੀਓ
ਸਟੇਸ਼ਨ ਉਤੇ ਅਤੇ ਪੰਜਵੀਂ ਮੇਰੇ ਆਪਣੇ ਪਿੰਡ ਚਕਰ। ਫੋਨ ‘ਤੇ ਵੀ ਗੱਲਾਂ ਬਾਤਾਂ ਹੋਈਆਂ।
ਪਹਿਲੀ ਮਿਲਣੀ ਸਮੇਂ ਈਰਥ-ਵੂਲਿਚ ਦੇ ਟੂਰਨਾਮੈਂਟ ਵਿਚ ਉਹ ਕਬੱਡੀ ਦੇ ਦਾਇਰੇ ਦੁਆਲੇ ਰੇਵੀਏ
ਪਿਆ ਫਿਰਦਾ ਸੀ। ਗੇੜੇ ‘ਤੇ ਗੇੜੇ ਲਾ ਰਿਹਾ ਸੀ। ਧੁੱਪ ਖਿੜੀ ਹੋਈ ਸੀ, ਉਹਦੀ ਚਾਂਦੀ ਰੰਗੀ
ਲੰਮੀ ਦਾਹੜੀ ਝੂਲ ਰਹੀ ਸੀ ਤੇ ਧੁੱਪ ਵਿਚ ਸੋਨੇ ਦਾ ਕੜਾ ਲਿਸ਼ਕਾਂ ਮਾਰ ਰਿਹਾ ਸੀ। ਸਿਰ ਉਤੇ
ਪੱਗ ਸੀ ਤੇ ਪੱਗ ਉਤੇ ਨਿੱਕਾ ਜਿਹਾ ਖੰਡਾ। ਤੇੜ ਟਰੈਕ ਸੂਟ। ਉਹਦੇ ਪੈਰੀਂ ਦੌੜਨ ਵਾਲੇ ਬੂਟ
ਸਨ। ਉਹ ਕਿਸੇ ਮਸਤੀ ‘ਚ ਮਖ਼ਮੂਰ ਲੱਗਦਾ ਸੀ। ਪਹਿਲੀ ਨਜ਼ਰੇ ਮੈਨੂੰ ਉਹ ਖ਼ਬਤੀ ਬੁੱਢਾ ਬੀਅਰ
ਖੇੜਦਾ ਜਾਪਿਆ। ਉਹ ਤਾਂ ਰੁਕਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ। ਕਾਫੀ ਦੇਰ ਬਾਅਦ ਜਦ ਉਹ
ਰੁਕਿਆ ਤਾਂ ਮੈਂ ਉਹਦੇ ਨਾਲ ਗੱਲਾਂ ਕੀਤੀਆਂ ਪਰ ਕਾਪੀ ਵਿਚ ਨੋਟ ਨਾ ਕਰ ਸਕਿਆ। ਉਂਜ ਪਤਾ
ਲੱਗ ਗਿਆ ਕਿ ਬਾਬਾ ਕਮਾਲ ਦੀ ਸ਼ੈਅ ਹੈ ਜੀਹਨੇ ਕੋਈ ਬੀਅਰ ਬੱਤਾ ਨਹੀਂ ਸੀ ਪੀਤਾ ਹੋਇਆ। ਫਿਰ
ਪਤਾ ਲੱਗਾ ਕਿ ਬੀਅਰ ਵਿਸਕੀ ਤਾਂ ਉਹ ਪੀਂਦਾ ਹੀ ਨਹੀਂ ਸੀ। ਰਸਮੀ ਗੱਲਾਂ ਕਰ ਕੇ ਮੈਂ ਬਾਬੇ
ਨੂੰ ਫਤਿਹ ਬੁਲਾਈ ਤੇ ਰੁਖ਼ਸਤ ਲੈ ਲਈ। ਇਹ ਜੁਲਾਈ 1999 ਦੀ ਗੱਲ ਸੀ।
2000 ਵਿਚ ਮੈਂ ਫੌਜਾ ਸਿੰਘ ਦੀਆਂ ਵੱਡੇ-ਵੱਡੇ ਅਖ਼ਬਾਰਾਂ ਵਿਚ ਤਸਵੀਰਾਂ ਲੱਗੀਆਂ ਵੇਖੀਆਂ।
ਮੈਂ ਉਸ ਨੂੰ ਸਿਆਣ ਲਿਆ। ਉਸ ਨੇ ਲੰਡਨ ਦੀ ਮਸ਼ਹੂਰ ਮੈਰਾਥਨ ਦੌੜ ਵਿਚ ਅੱਸੀ ਸਾਲ ਤੋਂ ਵੱਡੀ
ਉਮਰ ਦੇ ਦੌੜਾਕਾਂ ‘ਚ ਨਵਾਂ ਵਿਸ਼ਵ ਰਿਕਾਰਡ ਰੱਖ ਦਿੱਤਾ ਸੀ! ਉਸ ਮੈਰਾਥਨ ਵਿਚ 32860
ਦੌੜਾਕਾਂ ਨੇ ਭਾਗ ਲਿਆ ਸੀ ਤੇ ਉਹ ਦਸ ਹਜ਼ਾਰ ਦੌੜਾਕਾਂ ਨੂੰ ਪਿੱਛੇ ਛੱਡ ਗਿਆ ਸੀ। ਮੈਂ
ਸੋਚਣ ਲੱਗਾ ਕਿ ਮੈਨੂੰ ਤਾਂ ਏਡੇ ਵੱਡੇ ਦੌੜਾਕ ਬਾਬੇ ਨੂੰ ਮਿਲਣ ਦਾ ਇਤਫ਼ਾਕ ਰੱਬ ਸਬੱਬੀਂ
ਮਿਲ ਗਿਆ ਸੀ। ਮੈਨੂੰ ਝੋਰਾ ਹੋਇਆ ਕਿ ਮੈਂ ਈਰਥ ਵਿਚ ਉਸ ਦੀ ਇੰਟਰਵਿਊ ਕਿਉਂ ਨਾ ਨੋਟ ਕਰ
ਸਕਿਆ? ਮੈਂ ਮੌਕਾ ਲੱਭਣ ਲੱਗਾ ਕਿ ਅਜਿਹੇ ਬਾਬੇ ਨਾਲ ਕਿਤੇ ਖੁੱਲ੍ਹੀਆਂ ਗੱਲਾਂ ਕੀਤੀਆਂ
ਜਾਣ।
28 ਸਤੰਬਰ 2003 ਨੂੰ ‘ਸਕੋਸ਼ੀਆਬੈਂਕ ਟੋਰਾਂਟੋ ਵਾਟਰਫਰੰਟ ਮੈਰਾਥਨ’ ਨਾਂਅ ਦੀ ਮੈਰਾਥਨ ਦੌੜ
ਟੋਰਾਂਟੋ ਵਿਚ ਲੱਗੀ। ਮੈਂ ਉਦੋਂ ਟੋਰਾਂਟੋ ਵਿਚ ਹੀ ਸਾਂ। ਫੌਜਾ ਸਿੰਘ ਇੰਗਲੈਂਡ ਤੋਂ ਉਸ
ਦੌੜ ਵਿਚ ਭਾਗ ਲੈਣ ਆਇਆ। ਉਹਦਾ ਪੱਕਾ ਟਿਕਾਣਾ ਲੰਡਨ ਲਾਗੇ ਇਲਫੋਰਡ ਸ਼ਹਿਰ ਵਿਚ ਹੈ।
ਟੋਰਾਂਟੋ ਵਿਚ ਬਿਆਸਪਿੰਡੀਆਂ ਨੇ ਆਪਣੇ ਪੇਂਡੂ ਦੌੜਾਕ ਨੂੰ ਪੂਰਾ ਸਹਿਯੋਗ ਦਿੱਤਾ। ਉਹ ਹੁਮ
ਹੁਮਾ ਕੇ ਦੌੜ ਵੇਖਣ ਪਹੁੰਚੇ। ਆਪਣੇ ਪੇਂਡੂਆਂ ਦੀ ਹੱਲਾਸ਼ੇਰੀ ਨਾਲ ਉਹ ਹੌਂਸਲੇ ‘ਚ ਦੌੜਦਾ
ਗਿਆ। ਉਹ ਦੌੜ ਮੈਂ ਵੀ ਵੇਖੀ। ਉਹਦੇ ਕੇਸਰੀ ਪੱਗ ਬੱਧੀ ਹੋਈ ਸੀ ਤੇ ਦੌੜਦੇ ਦੀ ਲੰਮੀ ਦਾਹੜੀ
ਉੱਡ ਰਹੀ ਸੀ। ਵੱਜਦੀਆਂ ਤਾੜੀਆਂ ਦਾ ਸ਼ੁਕਰੀਆ ਉਹ ਹੱਥ ਉਠਾ ਕੇ ਕਰਦਾ ਜਾਂਦਾ। ਕੈਮਰੇ ਉਹਦੇ
ਫੋਟੋ ਲਾਹੀ ਜਾਂਦੇ। ਦੌੜ ਮੁੱਕੀ ਤਾਂ ਉਸ ਨੇ ਆਪਣਾ ਹੀ ਰਿਕਾਰਡ ਪਹਿਲਾਂ ਨਾਲੋਂ 31 ਮਿੰਟ
ਘੱਟ ਸਮੇਂ ਨਾਲ ਤੋੜ ਦਿੱਤਾ। ਮੇਮਾਂ ਇਕ ਦੂਜੀ ਤੋਂ ਅੱਗੇ ਹੋ ਕੇ ਫੌਜਾ ਸਿੰਘ ਨੂੰ ਜੱਫੀਆਂ
ਪਾਉਂਦੀਆਂ ਵਧਾਈਆਂ ਦੇਣ ਲੱਗੀਆਂ। ਨਿਆਣੇ ਆਟੋਗਰਾਫ ਲੈਣ ਲੱਗੇ। ਕੈਮਰੇ ਵਾਰ-ਵਾਰ ਫਲੈਸ਼ਾਂ
ਮਾਰਦੇ। ਕਾਮਲ ਦਾ ਨਜ਼ਾਰਾ ਸੀ ਉਹ। ਬਿਆਸਪਿੰਡੀਆਂ ਨੇ ਫੌਜਾ ਸਿੰਘ ਨੂੰ ਮੋਢਿਆਂ ‘ਤੇ ਚੁੱਕ
ਲਿਆ। ਦੌੜਦੇ ਹੋਏ ਫੌਜਾ ਸਿੰਘ ਦੀਆਂ ਤਸਵੀਰਾਂ ਟੋਰਾਂਟੋ ਦੇ ਮੀਡੀਏ ਨੇ ਟੀ. ਵੀ. ਤੋਂ
ਵਿਖਾਈਆਂ ਤੇ ਅਖ਼ਬਾਰਾਂ ਵਿਚ ਛਾਪੀਆਂ। ਫੌਜਾ ਸਿੰਘ ਦੀ ਬੱਲੇ-ਬੱਲੇ ਹੋ ਗਈ। ਉਹਦੀਆਂ
ਤਸਵੀਰਾਂ ਦੀ ਵਿਲੱਖਣਤਾ ਸੀ ਕਿ ਉਹ ਝੂਲਦੀ ਸਫੈਦ ਦਾੜ੍ਹੀ ਨਾਲ ਕੇਸਰੀ ਦਸਤਾਰ ‘ਤੇ ਛੋਟਾ
ਜਿਹਾ ਜਿਸਤੀ ਖੰਡਾ ਸਜਾ ਕੇ ਦੌੜਿਆ ਸੀ। ਉਹਦੇ ਨਿਆਰੇ ਸਰੂਪ ਨੇ ਉਹਦੀ ਮਸ਼ਹੂਰੀ ਹੋਰ ਵੀ
ਵੱਧ ਕਰਾਈ!
ਮੈਰਾਥਨ ਪੂਰੀ ਕਰਨ ਤੇ ਵਿਸ਼ਵ ਰਿਕਾਰਡ ਨਵਿਆਉਣ ਪਿਛੋਂ ਉਹਦੇ ਆਦਰ ਮਾਣ ਦਾ ਦੌਰ ਸ਼ੁਰੂ
ਹੋਇਆ। ਸਾਡੀ ਦੂਜੀ ਮੁਲਾਕਾਤ ਟੋਰਾਂਟੋ ਦੇ ਲਾ-ਸੁਹਾਗ ਬੈਂਕੁਅਟ ਹਾਲ ਵਿਚ ਹੋਈ ਜਿਥੇ ਉਹਦੇ
ਪਿੰਡ ਵਾਸੀ ਤੇ ਕੁਝ ਹੋਰ ਸੱਜਣ ਮਿੱਤਰ ਉਹਦਾ ਮਾਣ ਸਨਮਾਨ ਕਰ ਰਹੇ ਸਨ। ਉੱਦਣ ਉਹਦੇ ਕਰੀਮ
ਰੰਗੀ ਪੱਗ ਬੱਧੀ ਹੋਈ ਸੀ। ਕਰੀਮ ਰੰਗਾ ਹੀ ਸੂਟ ਤੇ ਚਮਕਦੇ ਬੂਟ ਸਨ। ਉਹ ਲਾੜਾ ਬਣਿਆ ਹੋਇਆ
ਸੀ। ਉਹਦੀ ਤੋਰ ਵਿਚ ਮਟਕ ਸੀ ਤੇ ਅੱਖਾਂ ‘ਚ ਮਸਤੀ। ਸਟੇਜ ਤੋਂ ਉਹਦੀ ਉਸਤਤ ਵਿਚ ਭਾਸ਼ਨ ਹੋਏ
ਤੇ ਕਵਿਤਾਵਾਂ ਪੜ੍ਹੀਆਂ ਗਈਆਂ। ਇਕ ਕਵਿਤਾ ਦਾ ਉਨਵਾਨ ਸੀ-ਅਧਰਕ ਦੀ ਤਰੀ ਦਾ ਕਮਾਲ! ਸਟੇਜ
ਦੀ ਕਾਰਵਾਈ ਪਿੱਛੋਂ ਨਵੇਕਲੇ ਕਮਰੇ ਵਿਚ ਕੁਝ ਸੱਜਣ ਦਾਰੂ ਪਿਆਲਾ ਪੀਣ ਲੱਗੇ ਤਾਂ ਬਾਬੇ ਨੂੰ
ਪੁੱਛਿਆ ਗਿਆ, ਦੁੱਧ ਪੀਓਗੇ ਜਾਂ ਚਾਹ? ਬਾਬੇ ਦਾ ਜੁਆਬ ਸੀ, “ਕਿਉਂ ਮੈਂ ਰੰਡੀ ਦਾ ਜੁਆਈ
ਆਂ?” ਖੁਸ਼ੀ ਦੇ ਮਾਹੌਲ ਵਿਚ ਬਾਬਾ ਫੌਜਾ ਸਿੰਘ ਵੀ ਸਰਸ਼ਾਰ ਸੀ।
ਸੰਗਦੇ-ਸੰਗਦੇ ਵਰਤਾਵੇ ਨੇ ਬਾਬੇ ਨੂੰ ਵੀ ਘੁੱਟ ਪਾਈ ਤੇ ਹੱਸਦੇ-ਹੱਸਦੇ ਬਾਬੇ ਨੇ ਸਰਬੱਤ ਦਾ
ਭਲਾ ਕਹਿ ਕੇ ਗਲਾਸ ਚੁੱਕ ਲਿਆ ਪਰ ਪੀਤਾ ਇਕੋ ਹਾੜਾ ਹੀ। ਬਾਅਦ ਵਿਚ ਉਹ ਇਕੋ ਪੀਣਾ ਵੀ ਛੱਡ
ਗਿਆ ਤੇ ਪੱਕਾ ਵੈਸ਼ਨੋ ਬਣ ਗਿਆ। ਫਿਰ ਅਸੀਂ ਲਾਂਭੇ ਬਹਿ ਕੇ ਖੁੱਲ੍ਹੀਆਂ ਗੱਲਾਂ ਕੀਤੀਆਂ।
ਉਦੋਂ ਮੈਂ ਉਹਦੀਆਂ ਗੱਲਾਂ ਨੋਟ ਕਰਨੋਂ ਨਹੀਂ ਉਕਿਆ। ਗੱਲਾਂ ਉਹਦੀਆਂ ਸਨ ਵੀ ਦਿਲਚਸਪ। ਉਸ
ਨੇ ਹੁੱਬ ਕੇ ਦੱਸਿਆ ਕਿ ਪਿੰਡ ਹਲ ਵਾਹੁੰਦਿਆਂ ਉਹਨੂੰ ਕੋਈ ਪਾਣੀ ਵੀ ਨਹੀਂ ਸੀ ਪੁੱਛਦਾ ਪਰ
ਹੁਣ ਮੇਮਾਂ ਕੋਕ ਚੁੱਕੀ ਪਿਛੇ-ਪਿਛੇ ਤੁਰੀਆਂ ਫਿਰਦੀਆਂ। ਉਹ ਸਹੁਰੀਆਂ ਮਸਤੀਆਂ ਹੋਈਆਂ
ਚੁੰਮੀਆਂ ਵੀ ਲੈ ਜਾਂਦੀਐਂ! ਕੈਮਰਿਆਂ ਵਾਲੇ ਫੋਟੂ ਲੌਹਣੋਂ ਨੀ ਹਟਦੇ। ਪਿੰਡ ਵਾਲੇ ਮੈਨੂੰ
ਫੌਜੂ ਕਹਿੰਦੇ ਹੁੰਦੇ ਸੀ, ਅਖ਼ਬਾਰਾਂ ਵਾਲੇ ਹੁਣ ਵੱਡਾ ਸਾਰਾ ਨਾਂ ਬਾਬਾ ਫੌਜਾ ਸਿੰਘ ਲਿਖੀ
ਜਾਂਦੇ ਹਨ। ਉਸ ਨੇ ਕਿਹਾ, “ਇਹ ਸਭ ਕੁਜਰਤ ਦੀ ਖੇਡ ਐ।” ਕੁਦਰਤ ਨੂੰ ਉਹ ਕੁਜਰਤ ਕਹਿ ਰਿਹਾ
ਸੀ!
ਫੌਜਾ ਸਿੰਘ ਨੇ ਆਪਣੀ ਜਨਮ ਤਾਰੀਖ਼ 1 ਅਪ੍ਰੈਲ 1911 ਲਿਖਾਈ ਜੋ ਉਸ ਦੇ ਪਾਸਪੋਰਟ ਉਤੇ ਦਰਜ
ਸੀ। ਉਹ ਮਾਪਿਆਂ ਦਾ ਸਭ ਤੋਂ ਛੋਟਾ ਪੁੱਤਰ ਸੀ। ਪਿਤਾ ਦਾ ਨਾਂ ਮਿਹਰ ਸਿੰਘ, ਮਾਤਾ ਦਾ ਭਾਗੋ
ਤੇ ਪਤਨੀ ਦਾ ਨਾਂ ਗਿਆਨ ਕੌਰ ਲਿਖਾਇਆ। ਉਹਦੇ ਜਨਮ ਸਮੇਂ ਪਿੰਡ ਦੀ ਦਾਈ ਰਹਿਮੋ ਸੀ।
ਜਮਾਂਦਰੂ ਤੌਰ ‘ਤੇ ਉਹ ਬਹੁਤ ਕਮਜ਼ੋਰ ਬੱਚਾ ਸੀ। ਉਹ ਰਿੜ੍ਹਨ ਤੇ ਖੜ੍ਹਨ ਬੜੀ ਦੇਰ ਨਾਲ
ਲੱਗਾ। ਛੇਵਾਂ ਸਾਲ ਲੱਗਣ ‘ਤੇ ਜਦੋਂ ਉਹ ਤੁਰਨ ਜੋਗਾ ਹੋਇਆ ਤਾਂ ਘਰ ਦਿਆਂ ਨੇ ਪਿੰਡ ‘ਚ
ਕੜਾਹ ਵੰਡਿਆ। ਉਹਦੀ ਮਾਂ ਖੇਤ ਰੋਟੀ ਲੈ ਕੇ ਜਾਂਦੀ ਤਾਂ ਉਹ ਨਾਲ ਜਾਣ ਦੀ ਜਿ਼ਦ ਕਰਦਾ ਪਰ
ਉਹਤੋਂ ਤੁਰ ਨਾ ਹੁੰਦਾ। ਲੱਤਾਂ ‘ਚ ਚੀਸਾਂ ਪੈਣ ਲੱਗਦੀਆਂ। ਮਾਂ ਉਹਦੀਆਂ ਲੱਤਾਂ ‘ਤੇ
ਪੱਟੀਆਂ ਬੰਨ੍ਹਦੀ। ਤੁਰਦਾ ਤਾਂ ਜਿਥੇ ਕਿਸੇ ਰੁੱਖ ਦੀ ਛਾਂ ਆਉਂਦੀ ਉਥੇ ਬਹਿ ਕੇ ਦਮ ਲੈਣ
ਲੱਗਦਾ। ਪੰਦਰਾਂ ਸਾਲ ਦੀ ਉਮਰ ਤਕ ਉਹ ਲਗਾਤਾਰ ਇਕ ਮੀਲ ਵੀ ਨਾ ਤੁਰ ਸਕਿਆ। ਅਜਿਹੇ ਮੁੰਡੇ
ਨੂੰ ਰਿਸ਼ਤਾ ਹੋਣਾ ਮੁਸ਼ਕਲ ਸੀ। ਉਦੋਂ ਜੱਟਾਂ ਦੇ ਮੁੰਡੇ ਲਵੀ ਉਮਰ ‘ਚ ਵਿਆਹੇ ਜਾਂਦੇ ਤਾਂ
ਵਿਆਹੇ ਜਾਂਦੇ ਨਹੀਂ ਛੜੇ ਰਹਿ ਜਾਂਦੇ।
ਫੌਜਾ ਸਿੰਘ ਵੱਡਾ ਹੋ ਕੇ ਹਲ ਵਾਹੁਣ ਲੱਗਾ ਤਾਂ ਉਹਦਾ ਪੱਚੀ ਸਾਲ ਦੀ ਉਮਰ ਵਿਚ ਵਿਆਹ ਹੋਇਆ।
ਸਾਕ ਪੁੰਨ ਦਾ ਸੀ। ਬਰਾਤ ਗੱਡੇ ਉਤੇ ਚੜ੍ਹ ਕੇ ਪਿੰਡ ਕਾਲਘਟਾਂ ਗਈ। ਇਕ ਬਲਦ ਉਹਨਾਂ ਦੇ ਘਰ
ਦਾ ਸੀ ਤੇ ਦੂਜਾ ਉਹਦੇ ਮਸੇਰ ਦਾ। ਜਨੇਤ ਦੀ ਸੇਵਾ ਲੰਮੇ ਬੇਸਣੀ ਪਕੌੜਿਆਂ ਤੇ ਸ਼ੱਕਰ ਘਿਓ
ਨਾਲ ਹੋਈ। ਵਿਆਂਦੜ ਹੋਣ ਕਰਕੇ ਉਹਨੂੰ ਚਾਬੀ ਦੇ ਲੱਠੇ ਵਾਲੇ ਨਵੇਂ ਕਪੜੇ ਜੁੜ ਗਏ ਸਨ ਜੋ
ਖ਼ਾਸ ਮੌਕਿਆਂ ‘ਤੇ ਪਾਏ ਜਾਂਦੇ। ਉਹ ਹਲ ਵਾਹੀ ਕਰ ਕੇ ਟੱਬਰ ਪਾਲਣ ਲੱਗਾ। ਕਦੇ ਫਸਲ ਚੰਗੀ
ਹੋ ਜਾਂਦੀ ਕਦੇ ਮਾੜੀ ਤੇ ਕਦੇ ਮੌਸਮ ਦੀ ਕਰੋਪੀ ਨਾਲ ਮਾਰੀ ਜਾਂਦੀ। ਉਹਦੇ ਘਰ ਤਿੰਨ
ਪੁੱਤਰਾਂ ਤੇ ਤਿੰਨ ਧੀਆਂ ਨੇ ਜਨਮ ਲਿਆ ਜਿਨ੍ਹਾਂ ਨੂੰ ਉਹ ਬਹੁਤਾ ਪੜ੍ਹਾ ਲਿਖਾ ਤਾਂ ਨਾ
ਸਕਿਆ ਪਰ ਇਕ ਪੁੱਤਰ ਤੇ ਧੀ ਨੂੰ ਇੰਗਲੈਂਡ ਤੇ ਕੈਨੇਡਾ ਵਿਆਹੁਣ ਵਿਚ ਕਾਮਯਾਬ ਹੋ ਗਿਆ।
ਬਚਪਨ ਵਿਚ ਨਾ ਉਹ ਖੇਡਣ ਜੋਗਾ ਸੀ ਤੇ ਨਾ ਪੜ੍ਹਨ ਜੋਗਾ। ਉਹਨਾਂ ਦਿਨਾਂ ‘ਚ ਪੜ੍ਹਾਈ ਆਮ
ਬੱਚਿਆਂ ਦੇ ਕਰਮਾਂ ਵਿਚ ਨਹੀਂ ਸੀ। ਗਭਰੂ ਹੋ ਕੇ ਉਹ ਫੁੱਟਬਾਲ ਨੂੰ ਕਿੱਕਾਂ ਮਾਰਨ ਲੱਗਾ।
1947 ਦੇ ਰੋਲਿਆਂ ਗੌਲਿਆਂ ਵਿਚ ਕਿੱਕਾਂ ਵੀ ਭੁੱਲ ਗਈਆਂ। ਉਹਦੀ ਦੁਨੀਆ ਘਰ ਤੋਂ ਖੇਤ ਤੇ
ਖੇਤਾਂ ਤੋਂ ਘਰ ਤਕ ਹੀ ਸੀਮਤ ਰਹੀ। ਪੜ੍ਹਾਈ ਲਿਖਾਈ ਜਾਂ ਕਿਸੇ ਹੁਨਰ ਵੱਲੋਂ ਉਹ ਅਸਲੋਂ
ਕੋਰਾ ਰਿਹਾ। ਸਿਰਫ਼ ਆਪਣੇ ਦਸਖ਼ਤ ਕਰਨੇ ਹੀ ਸਿੱਖਿਆ ਤੇ ਉਹ ਵੀ ਉਰਦੂ ਵਿਚ। ਇੰਗਲੈਂਡ ‘ਚ
ਬੁਢਾਪਾ ਪੈਨਸ਼ਨ ਲੈਣ ਵੇਲੇ ਵੀ ਉਹ ਉਰਦੂ ਵਿਚ ਹੀ ਦਸਖ਼ਤ ਕਰਦਾ ਹੈ। ਐਨਕ ਦੀ ਉਹਨੂੰ ਕਦੇ
ਲੋੜ ਨਹੀਂ ਪਈ। ਤੋਹਫਿਆਂ ਵਿਚ ਮਿਲੀਆਂ ਐਨਕਾਂ ਉਸ ਨੇ ਉਂਜ ਈ ਸੰਭਾਲ ਰੱਖੀਆਂ ਹਨ। ਚਮਕਦਾਰ
ਜੁ ਹੋਈਆਂ। ਦੰਦ ਜਾੜ੍ਹਾਂ ਡੰਗਸਾਰੂ ਨੇ ਪਰ ਕੰਨਾਂ ਨੂੰ ਪੂਰਾ ਸੁਣਦੈ। ਬੁੱਲ੍ਹ ਪਤਲੇ ਨੇ,
ਉਤਲੇ ਦੰਦ ਚੌੜੇ ਤੇ ਹੇਠਲੇ ਬਰੀਕ ਨੇ। ਹੁਣ ਉਨ੍ਹਾਂ ਵਿਚ ਵਿਰਲਾਂ ਪੈ ਗਈਆਂ ਹਨ। ਅੱਖਾਂ
ਹੇਠ ਗੰਨੀਆਂ ਦਾ ਮਾਸ ਰਤਾ ਕੁ ਉਭਰਿਆ ਹੋਇਐ। ਦਾੜ੍ਹੀ ਹੋਰ ਲੰਮੀ ਤੇ ਹੋਰ ਬੱਗੀ ਹੋ ਗਈ ਹੈ।
ਗੱਲਾਂ ਬਾਤਾਂ ਕਰਦਿਆਂ ਮੈਂ ਨੋਟ ਕੀਤਾ ਕਿ ਬਾਬਾ ਫੌਜਾ ਸਿੰਘ ਅੰਦਰ ਅਜੇ ਵੀ ਸ਼ੌਂਕੀ ਬੰਦਾ
ਛੁਪਿਆ ਬੈਠਾ ਸੀ। ਉਹਨੇ ਸੋਨੇ ਦਾ ਕੜਾ ਪਾਇਆ ਹੋਇਆ ਸੀ ਤੇ ਸੁਨਹਿਰੀ ਘੜੀ ਬੱਧੀ ਹੋਈ ਸੀ।
ਵਿਚਕਾਰਲੀ ਉਂਗਲ ਵਿਚ ਛਾਪ ਸੀ। ਕਪੜਿਆਂ ‘ਚੋਂ ਅਤਰ ਫੁਲੇਲ ਦੀ ਮਹਿਕ ਆ ਰਹੀ ਸੀ। ਮੈਂ ਤਾਂ
‘ਕੱਲੀ ਛਾਪ ਬਾਰੇ ਹੀ ਪੁੱਛਿਆ ਸੀ ਕਿ ਕਿਸੇ ਵਿਆਹ ‘ਚ ਮਿਲੀ ਜਾਂ ਆਪ ਬਣਾਈ ਪਰ ਉਸ ਨੇ ਸਾਰਾ
ਕੁਝ ਈ ਦੱਸ ਦਿੱਤਾ, “ਛਾਪ ਵੀ ਆਪ ਬਣਾਈ ਤੇ ਨੌਂ ਤੋਲੇ ਸੋਨੇ ਦਾ ਕੜਾ ਵੀ ਆਪ। ਘੜੀ ਮਾੜੀ
ਮੋਟੀ ਨੲ੍ਹੀਂ, ਰਾਡੋ ਐ। ਇਹ ਮੈਂ ਸਾਢੇ ਤਿੰਨ ਸੌ ਪੌਂਡ ਦੀ ਲਈ ਸੀ। ਲਵਾਂ ਕਿਉਂ ਨਾ ਜਦੋਂ
ਚਾਰ ਸੌ ਪੌਂਡ ਪਿਲਸ਼ਨ ਮਿਲਦੀ ਐ? ਪੌਂਡ ਕਿਹੜਾ ਹਿੱਕ ‘ਤੇ ਧਰ ਕੇ ਲਿਜਾਣੇ ਐਂ? ਪੌਂਡਾਂ ਦਾ
ਆਪਾਂ ਨੂੰ ਲਾਲਚ ਨੀ। ਰੂਹ ਖ਼ੁਸ਼ ਹੋਣੀ ਚਾਹੀਦੀ ਆ। ਆਪਾਂ ਹੁਣ ਖ਼ੁਸ਼ ਈ ਰਹਿਨੇ ਆਂ ਤੇ
ਨਾਲ ਕਰੀ ਦੀ ਐ ਵਜਰਸ।” ਉਹ ਵਰਜਿਸ਼ ਨੂੰ ਵਜਰਸ ਕਹਿ ਰਿਹਾ ਸੀ!
ਫੌਜਾ ਸਿੰਘ ਦੇ ਜੀਵਨ ਵਿਚ ਬੜੇ ਉਤਰਾਅ ਚੜ੍ਹਾਅ ਆਏ। ਦੁੱਖ ਵੀ ਭੋਗਿਆ ਤੇ ਸੁੱਖ ਵੀ
ਮਾਣਿਆਂ। ਗੁੰਮਨਾਮ ਵੀ ਰਿਹਾ ਤੇ ਮਸ਼ਹੂਰ ਵੀ ਹੋਇਆ। ਉਸ ਨੇ ਕਿਹਾ ਕਿ ਬੰਦਾ ਠੋਹਕਰ ਖਾਧੇ
ਬਿਨਾਂ ਨਹੀਂ ਸੁਧਰਦਾ। ਉਸ ਨੇ ਖ਼ੁਦ ਜੀਵਨ ਵਿਚ ਠੋਹਕਰਾਂ ਖਾਧੀਆਂ। ਉਸ ਦੇ ਗਭਲੇ ਪੁੱਤਰ
ਕੁਲਦੀਪ ਸਿੰਘ ਦੀ ਭਰ ਜੁਆਨੀ ਵਿਚ ਮੌਤ ਹੋ ਗਈ। ਉਹ ਛੱਤ ਤੋਂ ਡਿੱਗ ਪਿਆ ਸੀ। ਪਹਿਲਾਂ ਉਸ
ਦੀ ਪਤਨੀ ਗੁਜ਼ਰ ਗਈ ਸੀ। ਪਤਨੀ 1992 ਵਿਚ ਪੂਰੀ ਹੋਈ ਤੇ ਪੁੱਤਰ 1994 ਵਿਚ। ਦੁਖੀ ਹੋਇਆ
ਉਹ ਸਿਵਿਆਂ ‘ਚ ਬੈਠਾ ਰਹਿੰਦਾ ਤੇ ਸੁੰਨੀਆਂ ਥਾਵਾਂ ‘ਤੇ ਤੁਰਿਆ ਫਿਰਦਾ। ਜੁਆਨ ਪੁੱਤ ਦਾ
ਵੈਰਾਗ ਉਹਨੂੰ ਲੈ ਬੈਠਾ। ਉਹਦੀ ਸੁਧ ਬੁਧ ਗੁਆਚ ਗਈ ਤੇ ਲੋਕ ਉਹਨੂੰ ਸ਼ੁਦਾਈ ਕਹਿਣ ਲੱਗ ਪਏ।
ਉਦੋਂ ਉਹਦਾ ਮਰਨ ਨੂੰ ਜੀਅ ਕਰਦਾ ਸੀ ਪਰ ਮਰਨ ਦੀ ਕੋਸਿ਼ਸ਼ ਸਿਰੇ ਨਾ ਚੜ੍ਹੀ। ਉਹਦੇ ਅੰਦਰ
ਛੁਪੇ ਹੋਏ ਚੰਗੇਰੇ ਭਵਿੱਖ ਨੇ ਉਹਨੂੰ ਜਿਉਂਦਾ ਰੱਖਿਆ।
ਉਸ ਦਾ ਇਕ ਪੁੱਤਰ ਇੰਗਲੈਂਡ ਵਿਚ ਸੀ। ਉਹ ਦਿਲ ਢਾਹੀ ਬੈਠੇ ਉਦਾਸੇ ਬਾਪ ਨੂੰ ਇੰਗਲੈਂਡ ਲੈ
ਗਿਆ। ਪਰ ਫੌਜਾ ਸਿੰਘ ਦਾ ਵਲਾਇਤ ‘ਚ ਜੀਅ ਨਾ ਲੱਗਾ। ਉਹ ਮੁੜ ਪਿੰਡ ਪਰਤ ਆਇਆ। ਪਿੰਡ ਆ ਕੇ
ਫਿਰ ਉਹੀ ਹਾਲ ਸ਼ੁਦਾਈਆਂ ਵਾਲਾ। ਦੁਬਾਰਾ ਇੰਗਲੈਂਡ ਗਿਆ ਤੇ ਫਿਰ ਪਿੰਡ ਨੂੰ ਮੁੜ ਪਿਆ।
ਤਿੰਨ ਗੇੜੇ ਖਾ ਕੇ ਆਖ਼ਰ ਉਹ ਇੰਗਲੈਂਡ ਵਿਚ ਈ ਟਿਕ ਗਿਆ। ਇੰਗਲੈਂਡ ਵਿਚ ਟਿਕਾਇਆ ਬਠਿੰਡੇ
ਵੱਲ ਦੇ ਇੰਗਲੈਂਡ ਪਹੁੰਚੇ ਦੌੜਾਕ ਹਰਮੰਦਰ ਸਿੰਘ ਨੇ।
ਹਰਮੰਦਰ ਸਿੰਘ ਖ਼ੁਦ 10000 ਮੀਟਰ ਦੌੜ ਦਾ ਦੌੜਾਕ ਸੀ। ਮਾਸਕੋ-1980 ਦੀਆਂ ਓਲੰਪਿਕ ਖੇਡਾਂ
ਲਈ ਉਸ ਨੇ ਟਰਾਇਲ ਦਿੱਤੇ ਸਨ ਪਰ ਮਾਮੂਲੀ ਅੰਤਰ ਨਾਲ ਯੂ. ਕੇ. ਦੀ ਟੀਮ ਵਿਚ ਆਉਣੋ ਰਹਿ ਗਿਆ
ਸੀ। ਫਿਰ ਉਹ ਮੈਰਾਥਨ ਦੌੜਾਂ ਲਾਉਣ ਲੱਗਾ। ਉਹ ਪਾਰਕ ਵਿਚ ਦੌੜਨ ਜਾਂਦਾ ਤਾਂ ਫੌਜਾ ਸਿੰਘ
ਨੂੰ ਬੈਂਚ ਉਤੇ ਸਿਰ ਸੁੱਟੀ ਬੈਠਾ ਵੇਖਦਾ। ਇਕ ਦਿਨ ਉਸ ਨੇ ਨਿਮੋਝੂੰਣੇ ਬੈਠੇ ਫੌਜਾ ਸਿੰਘ
ਨੂੰ ਕਿਹਾ ਕਿ ਜੇ ਉਹ ਉਹਦੇ ਨਾਲ ਦੌੜਨ ਲੱਗ ਪਵੇ ਤਾਂ ਉਹਦੀ ਉਦਾਸੀ ਚੁੱਕੀ ਜਾਵੇਗੀ। ਉਹਦੀ
ਪ੍ਰੇਰਨਾ ਨਾਲ ਉਹ ਹੌਲੀ-ਹੌਲੀ ਦੌੜਨ ਲੱਗ ਪਿਆ ਤੇ ਦੌੜ ਕੇ ਨੇੜੇ ਦੇ ਗੁਰਦੁਆਰਿਆਂ ਵਿਚ ਜਾਣ
ਲੱਗ ਪਿਆ। ਹਰਮੰਦਰ ਸਿੰਘ ਉਹਦਾ ਕੋਚ ਬਣ ਗਿਆ ਜੋ ਪਹਿਲਾਂ ਹੀ ਵੈਟਰਨ ਦੌੜਾਂ ਵਿਚ ਭਾਗ
ਲੈਂਦਾ ਸੀ। ਉਹ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਤੇ ਇਕ ਗੁਰਦਵਾਰੇ ਤੋਂ ਦੂਜੇ ਗੁਰਦਵਾਰੇ ਤਕ
ਦੌੜਨ ਲੱਗੇ। ਹਰਮੰਦਰ ਸਿੰਘ ਦਾ ਫੌਜਾ ਸਿੰਘ ਨੂੰ ਮੈਰਾਥਨਾਂ ਲੁਆਉਣ ਵਿਚ ਸਭ ਤੋਂ ਵੱਧ
ਯੋਗਦਾਨ ਹੈ।
ਫੌਜਾ ਸਿੰਘ ਨੇ ਅੱਸੀ ਸਾਲ ਤੋਂ ਵੱਡੀ ਉਮਰ ਦਾ ਹੋ ਕੇ ਦੌੜਨਾ ਸ਼ੁਰੂ ਕੀਤਾ ਤੇ ਫਿਰ ਪਿਛੇ
ਮੁੜ ਕੇ ਨਹੀਂ ਵੇਖਿਆ। ਉਸ ਦੀ ਜੀਵਨ ਕਹਾਣੀ ਦੱਸਦੀ ਹੈ ਕਿ ਕਿਸੇ ਬੰਦੇ ਦੇ ਜੀਵਨ ਵਿਚ
ਕਿੰਨੇ ਵੀ ਦੁੱਖ ਕਿਉਂ ਨਾ ਆਏ ਹੋਣ ਤੇ ਉਹ ਕਿੱਡੀ ਵੀ ਵੱਡੀ ਉਮਰ ਦਾ ਕਿਉਂ ਨਾ ਹੋ ਗਿਆ
ਹੋਵੇ ਜੇ ਉਹ ਹਿੰਮਤ ਧਾਰ ਲਵੇ ਤਾਂ ਕੁਛ ਦਾ ਕੁਛ ਕਰ ਸਕਦਾ ਹੈ। ਜੋ ਕੁਝ ਫੌਜਾ ਸਿੰਘ ਨੇ
ਕੀਤਾ ਉਹ ਮਿਸਾਲੀ ਹੈ। ਲਾਮਿਸਾਲ ਹੈ!
ਫੌਜਾ ਸਿੰਘ 31 ਮਾਰਚ 2016 ਨੂੰ 105 ਸਾਲਾਂ ਦਾ ਹੋ ਰਿਹੈ। ਉਹ ਸਵੱਖਤੇ ਉਠਦੈ। ਚਾਹ ਦੇ
ਕੱਪ ਨਾਲ ਅਲਸੀ ਦੀ ਪਿੰਨੀ ਖਾਂਦੈ ਤੇ ਦੌੜਨ ਦੀ ਮਸ਼ੀਨ ਉਤੇ ਦੌੜੀ ਜਾਂਦਾ ਰਹਿੰਦੈ। ਦਿਨ
ਪੱਧਰੇ ਹੋਣ ਤਾਂ ਦੌੜ ਕੇ ਬਾਰਕਿੰਗ ਦੇ ਗੁਰਦਵਾਰੇ ਚਲਾ ਜਾਂਦੈ। ਦੁਪਹਿਰੇ ਦਾਲ ਜਾਂ ਸਬਜ਼ੀ
ਨਾਲ ਇਕ ਫੁਲਕਾ ਤੇ ਇਕ ਫੁਲਕਾ ਉਹਦੀ ਰਾਤ ਦੀ ਖੁਰਾਕ ਹੈ। ਸੌਣ ਤੋਂ ਪਹਿਲਾਂ ਉਹ ਦੁੱਧ ਦਾ
ਗਲਾਸ ਪੀਂਦੈ ਤੇ ਉਹਦੀ ਮਨਭਾਉਂਦੀ ਤਰਕਾਰੀ ਅਦਰਕ ਦੀ ਤਰੀ ਹੈ। ਪਹਿਲਾਂ ਕਦੇ ਕਦਾਈਂ ਹਾੜਾ
ਲਾ ਲੈਂਦਾ ਸੀ ਪਰ ਪਿਛਲੇ ਕਈ ਸਾਲਾਂ ਤੋਂ ਉਹ ਵੀ ਬੰਦ ਹੈ।
ਇੰਗਲੈਂਡ ਵਿਚ ਉਹ ਆਪਣੇ ਪੁੱਤਰ ਦੇ ਆਲੀਸ਼ਾਨ ਘਰ ‘ਚ ਰਹਿੰਦਾ ਹੁੱਬ ਕੇ ਕਹਿੰਦਾ ਹੈ, “ਜਦੋਂ
ਮੈਂ ਮਰਿਆ ਤਾਂ ਜਿਹੜੇ ਲੋਕ ਅਫਸੋਸ ਕਰਨ ਆਉਣਗੇ ਉਹ ਮੇਰੇ ਪੁੱਤ ਦਾ ਪੰਜ ਲੱਖ ਪੌਂਡ ਦਾ ਘਰ
ਵੇਖ ਕੇ ਕਹਿਣਗੇ ਬਈ ਬਿਆਸੀਆ ਬੁੱਢਾ ਮਹਿਲਾਂ ਵਿਚ ਰਹਿੰਦਾ ਸੀ!” ਤੇ ਪੁੱਤਰ ਦੇ ਦੋਸਤ ਫੌਜਾ
ਸਿੰਘ ਦੇ ਹਾਸੇ ਵਿਚ ਸ਼ਾਮਲ ਹੁੰਦੇ ਕਹਿੰਦੇ ਹਨ, “ਅਸੀਂ ਵੀ ਭਾਈਏ ਦਾ ਸਸਕਾਰ ਸ਼ਹਿਜ਼ਾਦੀ
ਡਿਆਨਾ ਵਾਂਗ ਬੱਘੀ ਜੋੜ ਕੇ ਕਰਾਂਗੇ!”
ਫੌਜਾ ਸਿੰਘ ਹੁਣ ਪੁੰਨ ਦੇ ਕਾਰਜਾਂ ਲਈ ਦੌੜਦਾ ਹੈ। ਚੈਰਟੀ ਲਈ ‘ਕੱਠੇ ਹੋਏ ਪੈਸਿਆਂ ਵਿਚ
ਥੋੜ੍ਹੇ ਬਹੁਤੇ ਆਪਣੇ ਵੱਲੋਂ ਵੀ ਪਾਉਂਦਾ ਹੈ ਤੇ ਪੁੰਨ ਦਾਨ ਕਰ ਛੱਡਦਾ ਹੈ। 2003 ਵਿਚ ਉਹ
ਨਿਊਯਾਰਕ ਦੀ ਮੈਰਾਥਨ ‘ਸਿੱਖ ਪਛਾਣ’ ਲਈ ਦੌੜਿਆ ਸੀ। ਟੋਰਾਂਟੋ ਦੀ ਵਾਟਰ ਫਰੰਟ ਹਾਫ਼
ਮੈਰਾਥਨ ਉਹ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਲਈ ਦੌੜਿਆ। ਉਸ ਬਾਰੇ ਉਸ ਦੇ
ਪੇਂਡੂਆਂ ਨੇ ਦੋ ਕਵਿਤਾਵਾਂ ਜੋੜੀਆਂ ਹਨ। ਇਕ ਦਾ ਸਿਰਲੇਖ ਹੈ-ਅਦਰਕ ਦੀ ਤਰੀ ਦਾ ਕਮਾਲ।
ਦੂਜੀ ਇੰਜ ਸ਼ੁਰੂ ਹੁੰਦੀ ਹੈ-ਫੌਜਾ ਸਿੰਘ ਸਰਦਾਰ ਦੀ ਹੈ ਇਕ ਵੱਖਰੀ ਸ਼ਾਨ, ਇਸ ਦੇ ਕਰਤਬ
ਵੇਖ ਕੇ ਦੁਨੀਆ ਹੋਏ ਹੈਰਾਨ...।
ਫੌਜਾ ਸਿੰਘ ਨਾਲ ਮੇਰੀ ਤੀਜੀ ਮੁਲਾਕਾਤ ਬਰਮਿੰਘਮ ਨੇੜੇ ਟੈੱਲਫੋਰਡ ਦੇ ਕਬੱਡੀ ਮੇਲੇ ‘ਚ
ਜੁਲਾਈ 2005 ਵਿਚ ਹੋਈ ਸੀ। ਉਦੋਂ ਉਹ 94 ਸਾਲਾਂ ਦਾ ਹੋ ਗਿਆ ਸੀ। ਉਹਦਾ ਸੋਨੇ ਦਾ ਕੜਾ
ਗ਼ਾਇਬ ਸੀ। ਪੁੱਛਣ ‘ਤੇ ਉਸ ਨੇ ਦੱਸਿਆ, “ਕਿਸੇ ਗੁਰਮੁਖ ਨੇ ਕਹਿ ਦਿੱਤਾ, ਹੁਣ ਤੂੰ ਸਿਆਣਾ
ਬਿਆਣਾ ਐਂ। ਬਾਹਰ ਅੰਦਰ ਜਾਨੈਂ। ਸੋਨੇ ਦੇ ਕੜੇ ਮੁੰਦੀਆਂ ਨੀ ਸੋਂਹਦੇ ਤੇਰੇ। ਇਹਨਾਂ ਨੂੰ
ਲਾਹ ਸੁੱਟ। ਤੇ ਮੈਂ ਲਾਹ ਸੁੱਟੇ। ਹੁਣ ਸਟੀਲ ਦਾ ਕੜਾ ਪਾਇਐ।” ਉਸ ਨੇ ਬਾਂਹ ਅੱਗੇ ਕਰ ਕੇ
ਸਟੀਲ ਦਾ ਪਤਲਾ ਕੜਾ ਵਿਖਾਇਆ। ਫਿਰ ਉਸ ਨੇ ਐਡੀਦਾਸ ਦੇ ਦੌੜਨ ਵਾਲੇ ਬੂਟ ਵਿਖਾਏ। ਉਹਦੇ
ਸੱਜੇ ਬੂਟ ਉਤੇ ਫੌਜਾ ਤੇ ਖੱਬੇ ਉਤੇ ਸਿੰਘ ਦਾ ਠੱਪਾ ਲੱਗਿਆ ਹੋਇਆ ਸੀ। ਦਾੜ੍ਹੀ ਦਾ
ਕੋਈ-ਕੋਈ ਵਾਲ ਹਾਲੇ ਵੀ ਕਾਲਾ ਸੀ। ਉਸ ਨੇ ਨੀਲਾ ਸੂਟ ਪਾਇਆ ਤੇ ਨੀਲੇ ਰੰਗ ਦੀ ਹੀ
ਫੈਸ਼ਨਦਾਰ ਟਾਈ ਲਾਈ ਹੋਈ ਸੀ। ਸ਼ੌਕੀਨ ਬਣਿਆ ਉਹ ਸਿੱਧਾ ਸਲੋਟ ਤੁਰਦਾ ਸੀ। ਗੱਲ ਗੱਲ ‘ਤੇ
ਮਖੌਲ ਕਰਦਾ ਸੀ। ਗੱਲ ਗੱਲ ‘ਤੇ ਹੱਸਦਾ ਸੀ। ਬੁੱਢਾ ਹੋਇਆ ਤਾਂ ਉਹ ਲੱਗਦਾ ਹੀ ਨਹੀਂ ਸੀ।
ਉਥੇ ਮੈਂ ਉਹਦੀਆਂ ਹੋਰ ਗੱਲਾਂ ਨੋਟ ਕੀਤੀਆਂ।
ਉਸ ਨੇ ਲਿਖਾਇਆ, “ਮੈਂ ਮੁਕਾਬਲੇ ਦੀਆਂ ਤੇਰਾਂ ਮੈਰਾਥਨਾਂ ਦੌੜ ਚੁੱਕਾਂ। ਜੇ ਜੀਂਦਾ ਰਿਹਾ
ਤਾਂ 98 ਸਾਲ ਦੀ ਉਮਰ ਵਿਚ ਛੱਬੀ ਮੀਲ ਦੌੜ ਫਿਰ ਪੂਰੀ ਕਰਾਂਗਾ ਭਾਵੇਂ ਤੁਰ ਕੇ ਈ ਪੂਰੀ
ਕਰਾਂ।” ਮੈਂ ਆਖਿਆ, “ਅਠੰਨਵੇਂ ਸਾਲ ਕਿਉਂ, ਸੌ ਸਾਲ ਕਿਉਂ ਨਹੀਂ?” ਉਸ ਨੇ ਹੱਸਦਿਆਂ ਕਿਹਾ
ਸੀ, “ਪਹਿਲਾਂ ਮੈਨੂੰ ਅਠੰਨਵੇਂ ਸਾਲਾਂ ਦਾ ਤਾਂ ਹੋ ਲੈਣ ਦਿਓ। ਜਦੋਂ ਹੋ ਗਿਆ ਫੇ ਗਾਂਹ ਦਾ
ਪ੍ਰੋਗਰਾਮ ਵੀ ਦੱਸ ਦੂੰ!” ਫੇਰ ਨੂੰ ਫੇ ਕਹਿ ਰਿਹਾ ਸੀ।
ਗੱਲਾਂ ਬਾਤਾਂ ਤੋਂ ਪਤਾ ਲੱਗਾ ਕਿ ਉਹਦੀ ਖੱਬੀ ਲੱਤ ਸੱਜੀ ਨਾਲੋਂ ਕਮਜ਼ੋਰ ਹੈ। ਉਹ ਦੌੜਦਿਆਂ
ਖੱਬੀ ਲੱਤ ਉਤੇ ਘੱਟ ਭਾਰ ਦਿੰਦਾ ਹੈ। ਉਤਰਾਈ ਤੇ ਚੜ੍ਹਾਈ ਉਤੇ ਔਖਾ ਦੌੜਦਾ ਹੈ ਤੇ ਪੱਧਰੇ
ਉਤੇ ਸੌਖਾ। ਪਹਿਲੇ ਪੰਦਰਾਂ ਮੀਲ ਸੌਖੇ ਦੌੜ ਲੈਂਦਾ ਹੈ, ਪੰਜ ਮੀਲ ਔਖੇ ਤੇ ਅਖ਼ੀਰਲੇ ਛੇ
ਮੀਲਾਂ ‘ਚ ਹਾਲਤ ਅਜਿਹੀ ਹੋ ਜਾਂਦੀ ਹੈ ਜਿਵੇਂ ਆਰੇ ਨਾਲ ਚੀਰਿਆ ਜਾ ਰਿਹਾ ਹੋਵੇ। ਉਸ ਵੇਲੇ
ਉਹ ਇਕ ਕਦਮ ‘ਤੇ ‘ਵਾਹਿ’ ਤੇ ਦੂਜੇ ਉਤੇ ‘ਗੁਰੂ’ ਦਾ ਜਾਪ ਕਰਦਾ ਦੌੜਦਾ ਹੈ। ਉਸ ਦੇ ਪੈਰਾਂ
ਦੇ ਨਹੁੰ ਦੌੜਦਿਆਂ ਸੁੱਕ ਗਏ ਸਨ ਜੋ ਬਾਅਦ ਵਿਚ ਫਿਰ ਉੱਗ ਆਏ ਹਨ। ਕਿਸੇ ਅਨੋਭੜ ਨੇ ਅਫ਼ਵਾਹ
ਉਡਾ ਦਿੱਤੀ ਪਈ ਉਹ ਨਸ਼ੇ ਦੀ ਗੋਲੀ ਲੈ ਕੇ ਦੌੜਦੈ। ਗੋਲੀ ਬਿਨਾਂ ਏਡਾ ਬੁੱਢਾ ਕਿਵੇਂ ਦੌੜ
ਸਕਦੈ? ਪਰ ਡੋਪ ਟੈੱਸਟ ਵਿਚ ਉਹ ਅਫਵਾਹ ਝੂਠੀ ਨਿਕਲੀ। ਉਮਰ ਬਾਰੇ ਸ਼ੱਕ ਪਾਈ ਕਿ ਪਾਸਪੋਰਟ
‘ਤੇ ਵੱਧ ਲਿਖਾਈ ਐ। ਏਡੀ ਹੋ ਨਹੀਂ ਸਕਦੀ। ਸੌ ਸਾਲ ਦਾ ਬੰਦਾ ਕਿਵੇਂ ਮਰਾਥਨ ਦੌੜ ਸਕਦੈ?
ਡਾਕਟਰਾਂ ਨੇ ਉਮਰ ਪਰਖਣ ਲਈ ਉਹਦੀਆਂ ਹੱਡੀਆਂ ਦੀ ਜਾਂਚ ਕੀਤੀ ਤੇ ਸਰਟੀਫਿਕੇਟ ਦਿੱਤਾ ਕਿ
ਉਮਰ ਠੀਕ ਲਿਖੀ ਹੈ। ਫੌਜਾ ਸਿੰਘ ਦਾ ਕਹਿਣਾ ਹੈ ਕਿ ਜਨਮ ਤਾਰੀਖ ਤਾਂ ਲੋਕ ਬਰਾਕ ਓਬਾਮਾ ਦੀ
ਵੀ ਸਹੀ ਨਹੀਂ ਮੰਨਦੇ। ਨਾ ਮਿਲਖਾ ਸਿੰਘ ਦੀ ਮੰਨਦੇ ਨੇ। ਹੋਰ ਦੱਸੋ ਕਿੰਨੇ ਗਿਣਾਵਾਂ?
2005 ਵਿਚ ਐਡਨਬਰਗ ਦੀ ਮੈਰਾਥਨ 45 ਮੁਲਕਾਂ ਦੇ 11000 ਹਜ਼ਾਰ ਦੌੜਾਕ ਪੰਜ ਮੈਂਬਰੀ ਰੀਲੇਅ
ਟੀਮਾਂ ਬਣਾ ਕੇ ਦੌੜੇ ਸਨ। 94 ਸਾਲ ਦੇ ਫੌਜਾ ਸਿੰਘ ਦੀ ਟੀਮ ਵਿਚ 76 ਸਾਲ ਦਾ ਕਰਨੈਲ ਸਿੰਘ,
74 ਸਾਲ ਦਾ ਅਜੀਤ ਸਿੰਘ, 73 ਸਾਲ ਦਾ ਗੁਰਬਖ਼ਸ਼ ਸਿੰਘ ਤੇ 72 ਸਾਲ ਦਾ ਅਮਰੀਕ ਸਿੰਘ ਸ਼ਾਮਲ
ਸੀ। ‘ਸਿੱਖਸ ਇਨ ਸਿਟੀ’ ਨਾਂਅ ਦੀ ਉਸ ਟੀਮ ਦੀ ਉਮਰ 389 ਸਾਲ ਸੀ ਜਿਸ ਨੂੰ ਸਭ ਤੋਂ ਵੱਧ
ਸਫਲਤਾ ਮਿਲੀ। ਚਾਰ ਸਾਲ ਬਾਅਦ 2009 ਵਿਚ ਉਹ ਐਡਨਬਰਗ ਮੈਰਾਥਨ ਫਿਰ ਦੌੜੇ ਤਾਂ ਟੀਮ ਦੀ ਉਮਰ
400 ਸਾਲਾਂ ਤੋਂ ਟੱਪ ਗਈ ਜੋ ਨਵਾਂ ਰਿਕਾਰਡ ਸੀ। ਉਹ ਦੌੜਦੇ ਹੋਏ ਹਉਂਕਦੇ ਤਾਂ ਗਏ ਪਰ
ਕਹਿੰਦੇ ਰਹੇ ਕਿ ਹਾੜ੍ਹੀ ਵੱਢਣ ਨਾਲੋਂ ਤਾਂ ਫੇਰ ਵੀ ਸੌਖੇ ਆਂ! ਦੌੜ ਪੂਰੀ ਕਰ ਕੇ ਉਹ ਇਕ
ਦੂਜੇ ਨਾਲ ਚੋਹਲ ਮੋਹਲ ਕਰਦੇ ਹੱਸਦੇ ਰਹੇ। ਉਨ੍ਹਾਂ ਦੀ ਦੌੜ ਨੇ ਹੋਰਨਾਂ ਬੁੱਢਿਆਂ ਨੂੰ ਵੀ
ਦੌੜਨ ਦੀ ਚੇਟਕ ਲਾ ਦਿੱਤੀ। ਦੌੜ ਦੌਰਾਨ ਉਹ ਨਿਆਰੇ ਸਰੂਪ ਵਾਲੇ ਸਿੰਘ ਬਾਬੇ ਦਰਸ਼ਕਾਂ ਦੀਆਂ
ਨਜ਼ਰਾਂ ਦੇ ਕੇਂਦਰ ਬਣੇ ਰਹੇ। ਉਨ੍ਹਾਂ ‘ਚੋਂ ਦੋ ਬਾਬੇ ਮੈਨੂੰ ਰੱਬ ਸਬੱਬੀਂ ਹੀ ਮਿਲ ਗਏ।
ਇਕ ਦਾ ਨਾਂਅ ਹੈ ਅਜੀਤ ਸਿੰਘ ਤੇ ਦੂਜੇ ਦਾ ਅਮਰੀਕ ਸਿੰਘ। ਉਨ੍ਹਾਂ ਨੇ ਦੌੜ-ਦੌੜ ਕੇ ਗਲਾਸਗੋ
ਦੇ ਪਾਰਕ ਘਸਾਏ ਹੋਏ ਹਨ। ਜੇਕਰ ਉਹ ਧਰਤੀ ਦੁਆਲੇ ਦੌੜਨ ਲੱਗਦੇ ਤਾਂ ਉਨ੍ਹਾਂ ਦਾ ਚੌਥਾ ਗੇੜਾ
ਸ਼ੁਰੂ ਹੋ ਜਾਣਾ ਸੀ। ਉਹ 1970 ਤੋਂ ਦੌੜ ਰਹੇ ਹਨ ਤੇ ਫੌਜਾ ਸਿੰਘ ਤੋਂ ਕਈ ਸਾਲ ਪਹਿਲਾਂ
1985 ਤੋਂ ਲੰਡਨ ਦੀਆਂ ਮੈਰਾਥਨ ਦੌੜਾਂ ਵਿਚ ਭਾਗ ਲੈ ਰਹੇ ਹਨ। ਉਹ ਲੰਡਨ, ਨਿਊਯਾਰਕ,
ਬਰਲਿਨ, ਟੋਰਾਂਟੋ, ਲਾਹੌਰ, ਬੈਲਜੀਅਮ, ਹਾਲੈਂਡ, ਫਰਾਂਸ ਤੇ ਹੋਰ ਮੁਲਕਾਂ ਦੇ ਸ਼ਹਿਰਾਂ ਵਿਚ
ਦੌੜ ਚੁੱਕੇ ਹਨ। ਜਦੋਂ ਉਹ ਫੌਜਾ ਸਿੰਘ ਨਾਲ ਦੌੜਦੇ ਹਨ ਤਾਂ ਉਨ੍ਹਾਂ ਦੀ ਟੀਮ ਦਾ ਨਾਂ
‘ਸਿੱਖਸ ਇਨ ਸਿਟੀ’ ਹੁੰਦਾ ਹੈ। ਉਨ੍ਹਾਂ ਨੇ ਟੋਰਾਂਟੋ ਦੀ ਸਕੋਸ਼ੀਆ ਬੈਂਕ ਵਾਟਰਫਰੰਟ
ਮੈਰਾਥਨ ਦੌੜ ਵੀ ਲਾਈ ਹੈ।
2005 ਵਿਚ ਉਹ ਲਾਹੌਰ ਦੀ ਸਟੈਂਡਰਡ ਚਾਰਟਡ ਮੈਰਾਥਨ ਦੌੜ ਕੇ ਭਾਰਤ ਆਏ ਤਾਂ ਅਚਾਨਕ ਹੀ ਮੇਰੇ
ਕੋਲ ਅਮਰਦੀਪ ਮੈਮੋਰੀਅਲ ਕਾਲਜ ਮੁਕੰਦਪੁਰ ਪਹੁੰਚ ਗਏ। ਕਾਲਜ ਦੇ ਦਫਤਰ ਵਿਚ ਮੇਰੀਆਂ ਉਨ੍ਹਾਂ
ਨਾਲ ਖੁੱਲ੍ਹੀਆਂ ਗੱਲਾਂ ਹੋਈਆਂ। ਉਹ ਲੱਖ ਮੀਲ ਤੋਂ ਉਪਰ ਦੌੜ ਚੁੱਕੇ ਸਨ ਤੇ ਪਤਾ ਨਹੀਂ ਅਜੇ
ਕਿੰਨੇ ਸਾਲ ਦੌੜੀ ਜਾਣਾ ਸੀ? ਉਹ ਆਪਣੀਆਂ ਦੌੜਾਂ ਦੀਆਂ ਅਲੋਕਾਰ ਗੱਲਾਂ ਦੱਸਣ ਲੱਗੇ ਤਾਂ ਜੋ
ਮੈਂ ਹੋਰਨਾਂ ਨੂੰ ਦੱਸ ਸਕਾਂ। ਉਨ੍ਹਾਂ ਨੂੰ ਕਿਸੇ ਦੱਸਿਆ ਸੀ ਕਿ ਮੈਂ ਖੇਡਾਂ ਤੇ ਖਿਡਾਰੀਆਂ
ਬਾਰੇ ਅਖ਼ਬਾਰਾਂ ਵਿਚ ਲਿਖਦਾ ਹਾਂ। ਉਹ ਆਪਣੇ ਬਾਰੇ ਵੀ ਅਖ਼ਬਾਰਾਂ ਵਿਚ ਲਿਖਾਉਣਾ ਚਾਹੁੰਦੇ
ਸਨ।
ਅਜੀਤ ਸਿੰਘ ਨੇ ਪਹਿਲੀ ਗੱਲ ਇਹ ਲਿਖਾਈ ਕਿ ਪਹਿਲਾਂ ਪਹਿਲ ਉਹ ਆਪਣੇ ਕੁੱਤੇ ਨਾਲ ਦੌੜਨ ਲੱਗਾ
ਸੀ। ਪਰ ਕੁੱਤੇ ਨਾਲ ਦੌੜ ਕੇ ਉਹ ਗੱਲ ਨਹੀਂ ਸੀ ਬਣਦੀ ਜਿਹੜੀ ‘ਕੱਲਿਆਂ ਦੌੜ ਕੇ ਬਣਦੀ ਸੀ।
ਕੁੱਤਾ ਤਾਂ ਦਸ ਮੀਲ ਦੌੜ ਕੇ ਹੀ ਬਹਿ ਜਾਂਦਾ ਸੀ ਜਦ ਕਿ ਅਜੀਤ ਸਿੰਘ ਨੇ ਵੀਹ ਮੀਲ ਦੌੜਨ ਦੀ
ਪ੍ਰੈਕਟਿਸ ਕਰਨੀ ਹੁੰਦੀ ਸੀ। ਉਂਜ ਵੀ ਕੁੱਤਾ ਰਾਤ ਨੂੰ ਦੌੜਨ ਤੋਂ ਕੰਨੀ ਕਤਰਾਉਂਦਾ ਸੀ ਜਦ
ਕਿ ਅਜੀਤ ਸਿੰਘ ਨੂੰ ਵਕਤ ਈ ਰਾਤ ਨੂੰ ਦੌੜਨ ਦਾ ਮਿਲਦਾ ਸੀ। ਜਿਵੇਂ ਇਕ ਅਮਲੀ ਦੂਜੇ ਨੂੰ
ਅਮਲ ਲਾ ਦਿੰਦਾ ਹੈ ਉਵੇਂ ਉਸ ਨੇ ਵੀ ਇਕ ਦਿਨ ਅਮਰੀਕ ਸਿੰਘ ਨੂੰ ਲੱਭ ਲਿਆ। ਫਿਰ ਅਮਰੀਕ
ਸਿੰਘ ਨੂੰ ਵੀ ਅਜੀਤ ਸਿੰਘ ਵਾਲਾ ਅਮਲ ਲੱਗ ਗਿਆ!
ਕੋਈ ਪੁੱਛ ਸਕਦੈ ਕਿ ਕੁੱਤਿਆਂ ਨੂੰ ਹੰਭਾਅ ਦੇਣ ਵਾਲੇ ਇਹ ਬਾਬੇ ਕਿਸ ਮਿੱਟੀ ਦੇ ਬਣੇ ਨੇ?
ਜੇ ਉਨ੍ਹਾਂ ਵਰਗੇ ਹੀ ਨੇ ਤਾਂ ਹੋ ਸਕਦੈ ਉਹ ਵੀ ਲੇਫ਼ਾਂ ‘ਚੋਂ ਨਿਕਲ ਕੇ ਦੁੜਕੀ ਚਾਲੇ ਪੈ
ਜਾਣ ਤੇ ਆਪਣੇ ਨਾਂਅ ਦੀ ਮਸ਼ਹੂਰੀ ਕਰਾਉਣ ਲੱਗ ਪੈਣ। ਜਿਵੇਂ ਅਜੀਤ ਸਿੰਘ ਹੋਰਾਂ ਨੇ ਫੌਜਾ
ਸਿੰਘ ਨੂੰ ਦੌੜਨ ਦੀ ਚੇਟਕ ਲਾਈ ਤੇ ਉਹ ਦੁਨੀਆ ‘ਚ ਮਸ਼ਹੂਰ ਹੋਇਆ ਉਵੇਂ ਉਨ੍ਹਾਂ ਦੀ ਵੀ
ਬੱਲੇ-ਬੱਲੇ ਹੋ ਜਾਵੇ! ਅਜੀਤ ਸਿੰਘ ਤੇ ਅਮਰੀਕ ਸਿੰਘ ਬੁਢਾਪੇ ਵੱਲ ਵਧ ਰਹੇ ਬੰਦਿਆਂ ਨੂੰ
ਆਪਣੇ ਰੰਗ ਵਿਚ ਰੰਗ ਸਕਦੇ ਨੇ। ਮੁੜ ਜੁਆਨ ਕਰ ਸਕਦੇ ਨੇ!
ਅਜੀਤ ਸਿੰਘ ਬੀ ਏ, ਬੀ ਟੀ ਹੈ ਤੇ ਅਮਰੀਕ ਸਿੰਘ ਤੀਜੀ ‘ਚੋਂ ਹਟਿਆ ਹੋਇਐ। ਦੋਹਾਂ ਨੂੰ
ਇੰਗਲੈਂਡ ਵਿਚ ਰਹਿੰਦਿਆਂ ਅੱਧੀ ਸਦੀ ਬੀਤ ਗਈ ਹੈ। ਅਜੀਤ ਸਿੰਘ ਕਾਰ ਚਲਾਉਣੀ ਨਹੀਂ ਸਿੱਖਿਆ
ਕਿਉਂਕਿ ਲੱਤਾਂ ਹੀ ਉਸ ਨੇ ਵਾਹਣ ਬਣਾਈ ਰੱਖੀਆਂ ਹਨ। ਕਾਰ ਦਾ ਲਸੰਸ ਅਮਰੀਕ ਸਿੰਘ ਕੋਲ ਹੈ।
ਉਹੀ ਅਜੀਤ ਸਿੰਘ ਨੂੰ ਦੂਰਦੁਰਾਡੇ ਦੇ ਸ਼ਹਿਰਾਂ ਵਿਚ ਲਿਜਾਂਦਾ ਹੈ। ਦੌੜਾਂ ਦੀ ਜਾਣਕਾਰੀ ਤੇ
ਦਾਖਲੇ ਲਈ ਚਿੱਠੀ ਪੱਤਰ ਅਜੀਤ ਸਿੰਘ ਕਰਦਾ ਹੈ। ਦੋਵੇਂ ਇਕ ਦੂਜੇ ‘ਤੇ ਨਿਰਭਰ ਹਨ ਤੇ ਦੋਹਾਂ
‘ਚ ਬਣਦੀ ਵੀ ਬੜੀ ਹੈ। ਦੋਵੇਂ ਅੰਮ੍ਰਿਤਧਾਰੀ ਹਨ। ਅੰਗਰੇਜ਼ ਉਨ੍ਹਾਂ ਨੂੰ ‘ਹੈਪੀ
ਬ੍ਰੱਦਰਜ਼’ ਕਹਿੰਦੇ ਹਨ ਤੇ ਦੌੜਦਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਹੱਲਾਸ਼ੇਰੀ ਦਿੰਦੇ
ਹਨ।
ਦੋਵੇਂ 1964 ਵਿਚ ਇੰਗਲੈਂਡ ਗਏ ਸਨ। ਉਹ ਇਕ ਕਦਮ ਨਾਲ ‘ਵਾਹਿ’ ਤੇ ਦੂਜੇ ਨਾਲ ‘ਗੁਰੂ’
ਕਹਿੰਦੇ ਹਨ। ਉਨ੍ਹਾਂ ਦੀ ਖਾਧ ਖੁਰਾਕ ਚਾਹ/ਦੁੱਧ ਦਾ ਕੱਪ, ਅਲਸੀ ਦੀ ਪਿੰਨੀ, ਕੁਝ ਫਲ, ਦਾਲ
ਫੁਲਕਾ ਤੇ ਗੁਰਦਵਾਰੇ ਦੀ ਦੇਗ ਹੈ। ਕੜਾਹ ਪ੍ਰਸ਼ਾਦ ਲਈ ਉਹ ਦੌੜ ਕੇ ਦੂਜੇ ਗੁਰਦਵਾਰੇ ਵੀ
ਚਲੇ ਜਾਂਦੇ ਹਨ। ਮੀਟ ਸ਼ਰਾਬ ਤੋਂ ਉਹ ਲਾਂਭੇ ਹਨ। ਦੋਹਾਂ ਦਾ ਭਾਰ ਪੰਜਾਹ ਕਿਲੋਗਰਾਮ ਤੋਂ
ਘੱਟ ਰਹਿੰਦਾ ਹੈ ਤੇ ਕੱਦ ਕਾਠ ਵੀ ਸਾਢੇ ਪੰਜ ਫੁੱਟ ਤੋਂ ਘੱਟ ਹੈ। ਵੇਖਣ ਨੂੰ ਉਹ ਮਾੜਚੂ
ਜਿਹੇ ਲੱਗਦੇ ਹਨ ਪਰ ਹੈਗੇ ਫੌਲਾਦੀ ਬਾਬੇ। ਚੈਰਿਟੀ ਦੀਆਂ ਦੌੜਾਂ ‘ਚੋਂ ਜਿਹੜਾ ਪੈਸਾ ਮਿਲਦਾ
ਹੈ ਉਹ ਲੋੜਵੰਦਾਂ ਨੂੰ ਦੇ ਦਿੰਦੇ ਹਨ। ਸਰਬੱਤ ਦਾ ਭਲਾ ਮੰਗਦੇ ਹਨ। ਆਏ ਗਏ ਦੀ ਸੇਵਾ ਕਰਦੇ
ਹਨ ਤੇ ਰੱਬ ਦੀ ਰਜ਼ਾ ਵਿਚ ਖ਼ੁਸ਼ ਰਹਿੰਦੇ ਹਨ। ਸੱਚੇ ਸੁੱਚੇ ਗੁਰਸਿੱਖ ਹਨ ਇਹ ਦੌੜਾਕ
ਬਾਬੇ।
ਅਜੀਤ ਸਿੰਘ ਦਾ ਜਨਮ 25 ਮਾਰਚ 1931 ਨੂੰ ਮੁੱਲਾਂਪੁਰ ਜਿ਼ਲ੍ਹਾ ਲੁਧਿਆਣਾ ਵਿਚ ਧੰਨਾ ਸਿੰਘ
ਦੇ ਘਰ ਮਾਤਾ ਮਾਨ ਕੌਰ ਦੀ ਕੁੱਖੋਂ ਹੋਇਆ ਸੀ। ਉਸ ਨੇ ਗੁਰੂਸਰ ਸੁਧਾਰ ਤੋਂ ਦਸਵੀਂ ਤੇ ਮੋਗੇ
ਤੋਂ ਬੀ ਏ, ਬੀ. ਟੀ. ਕੀਤੀ। ਫਿਰ ਉਹ ਮੋਹੀ, ਫੇਰੂ ਸ਼ਹਿਰ ਤੇ ਕੱਸੋਆਣੇ ਦੇ ਹਾਈ ਸਕੂਲਾਂ
ਵਿਚ ਹਿਸਾਬ ਦਾ ਮਾਸਟਰ ਲੱਗਾ ਰਿਹਾ। ਮੁੱਲਾਂਪੁਰ ਤੋਂ ਸੁਧਾਰ ਤਕ ਉਹ ਦੌੜ ਕੇ ਪੜ੍ਹਨ ਜਾਂਦਾ
ਸੀ! 1956 ਵਿਚ ਉਸ ਦਾ ਮਾਂਗੇਵਾਲ ਦੀ ਬੀਬੀ ਮਹਿੰਦਰ ਕੌਰ ਨਾਲ ਵਿਆਹ ਹੋ ਗਿਆ ਜਿਥੇ ਉਹ ਦੌੜ
ਕੇ ਹੀ ਚਲਾ ਜਾਂਦਾ!
ਅਮਰੀਕ ਸਿੰਘ ਨੂੰ ਪੱਕਾ ਪਤਾ ਨਹੀਂ ਕਿ ਉਸ ਦਾ ਵਿਆਹ ਕਿਹੜੇ ਸੰਨ ਤੇ ਕਿੰਨੀ ਉਮਰ ਵਿਚ ਹੋਇਆ
ਸੀ? ਬੱਸ ਏਨਾ ਯਾਦ ਹੈ ਕਿ ਜਦੋਂ ਉਹਦੇ ਵੱਡੇ ਭਰਾ ਦਾ ਵਿਆਹ ਹੋਇਆ ਤਾਂ ਨਾਲ ਈ ਉਹਦੇ ਵੀ
ਆਨੰਦ ਕਾਰਜ ਪੜ੍ਹਾ ਦਿੱਤੇ। ਚੇਤੇ ਉਤੇ ਜ਼ੋਰ ਪਾ ਕੇ ਉਹਨੇ ਦੱਸਿਆ ਕਿ ਵਿਆਹ ਹੋਏ ਨੂੰ ਸੱਠ
ਸਾਲ ਤੋਂ ਉਤੇ ਤਾਂ ਹੋ ਹੀ ਗਏ ਹੋਣਗੇ! ਉਹਨੇ ਆਪਣਾ ਕੱਦ ਪੰਜ ਫੁੱਟ ਤੋਂ ਉਤੇ ਦੱਸਿਆ। ਉਤੇ
ਕਿੰਨੇ ਇੰਚ ਹਨ ਇਹ ਪਤਾ ਨਹੀਂ। ਕਹਿਣ ਲੱਗਾ, “ਕਦੇ ਮਿਣਿਆਂ ਈ ਨਹੀਂ!” ਮਿਣਵਾ ਤਾਂ ਮੈਂ
ਕਾਲਜ ਵਿਚ ਹੀ ਲੈਂਦਾ ਪਰ ਆਖਿਆ, “ਜੇ ਏਨੀ ਉਮਰ ਲੰਘ ਗਈ ਤਾਂ ਕੀ ਪਿਆ ਮਿਣਨ ਗਿਣਨ ਵਿਚ?”
ਅਜੀਤ ਸਿੰਘ ਨੇ ਆਪਣਾ ਕੱਦ ਪੰਜ ਫੁੱਟ ਛੇ ਇੰਚ ਲਿਖਾਇਆ ਤੇ ਭਾਰ ਸੰਤਾਲੀ ਕਿਲੋਗਰਾਮ। ਅਮਰੀਕ
ਸਿੰਘ ਨੂੰ ਪੁੱਛਿਆ ਤਾਂ ਕਹਿਣ ਲੱਗਾ, “ਭਾਰ ਤੋਲ ਕੇ ਈ ਲਿਖਾਊਂ ਹੋਰ ਨਾ ਕਿਤੇ ਗ਼ਲਤ
ਹੋ-ਜੇ? ਪਿਛਲੇ ਸਾਲ ਪੰਜਾਹ ਕਿੱਲੋ ਸੀ। ਜੇ ਲਿਖਣਾ ਈ ਐਂ ਤਾਂ ਫੇਰ ਮੇਰਾ ਵੀ ਅਜੀਤ ਸਿੰਹੁ
ਜਿੰਨਾ ਈ ਲਿਖ-ਲੋ। ਸਾਡੇ ‘ਚ ਕੋਈ ਫਰਕ ਨੀਂ!” ਬਾਬਿਆਂ ਦੇ ਬਚਨ ਬਿਲਾਸ ਦਿਲਚਸਪ ਸਨ। ਮੈਨੂੰ
ਉਹ ਦੋ ਵਾਰ ਮਿਲੇ। ਦੋਵੇਂ ਵਾਰ ਮੈਂ ਉਨ੍ਹਾਂ ਨੂੰ ਕੁਝ ਖਾਣ ਪੀਣ ਲਈ ਕਿਹਾ ਪਰ ਉਨ੍ਹਾਂ ਨੇ
ਕੁਝ ਵੀ ਨਾ ਖਾਧਾ ਪੀਤਾ। ਕਹਿੰਦੇ ਰਹੇ, “ਬੱਸ ਦਰਸ਼ਨ ਮੇਲੇ ਨਾਲ ਈ ਨਿਹਾਲ ਐਂ!”
ਮੈਂ ਹੈਰਾਨ ਸਾਂ ਇਹ ਬਾਬੇ ਦੌੜਦੇ ਕਾਹਦੇ ਸਿਰ ‘ਤੇ ਹਨ? ਪੁੱਛਣ ‘ਤੇ ਪਤਾ ਲੱਗਾ ਕਿ ਉਹ
ਸ਼ੁਧ ਵੈਸ਼ਨੂੰ ਹਨ। ਮੀਟ ਕਬਾਬ ਤਾਂ ਕੀ ਆਂਡੇ ਵੀ ਨਹੀਂ ਖਾਂਦੇ। ਖਾਧ ਖੁਰਾਕ ਦਾ ਰੋਜ਼ਾਨਾ
ਖਰਚਾ ਪੁੱਛਿਆ ਤਾਂ ਜਵਾਬ ਸੀ, “ਖੁਰਾਕ ਦਾ ਤਾਂ ਕੋਈ ਖਰਚਾ ਈ ਨਹੀਂ। ਖਰਚਾ ਤਾਂ ਬੱਸ ਦੌੜਨ
ਵਾਲੇ ਬੂਟਾਂ ਦਾ ਹੀ ਹੈ ਜਿਨ੍ਹਾਂ ਦੇ ਸਾਲ ‘ਚ ਤਿੰਨ ਚਾਰ ਜੋੜੇ ਮਾਂ ਨੂੰ ਨਹੀਂ ਜੰਮੇ!”
ਉਨ੍ਹਾਂ ਨੂੰ ਬੁਢਾਪਾ ਪੈਨਸ਼ਨਾਂ ਮਿਲਦੀਆਂ ਹਨ ਜਿਨ੍ਹਾਂ ਦਾ ਦਸਵੰਧ ਉਹ ਪਿੰਗਲਵਾੜੇ ਨੂੰ
ਦਿੰਦੇ ਹਨ। ਸਾਦਾ ਖਾਣਾ, ਸਾਦਾ ਪਹਿਨਣਾ ਤੇ ਵੇਖ ਵਿਖਾਵੇ ਰਹਿਤ ਵਿਚਰਨਾ ਉਨ੍ਹਾਂ ਦੀ ਜੀਵਨ
ਸ਼ੈਲੀ ਹੈ। ਸਬਰ ਸੰਤੋਖ ਉਨ੍ਹਾਂ ਦਾ ਸਰਮਾਇਆ ਹੈ। ਅਮਰੀਕ ਸਿੰਘ ਦਾ ਜਨਮ 16 ਜਨਵਰੀ 1931
ਨੂੰ ਪੱਦੀ ਖਾਲਸਾ ਜਿ਼ਲ੍ਹਾ ਜਲੰਧਰ ਵਿਚ ਪਿਤਾ ਗੁਰਦਿੱਤਾ ਦੇ ਘਰ ਮਾਤਾ ਨਾਮ੍ਹੀ ਦੀ ਕੁੱਖੋਂ
ਹੋਇਆ ਸੀ। ਉਹਦਾ ਵਿਆਹ ਜੌੜੇ ਉਪਲੀਂ ਹੋਇਆ। ਉਸ ਦੇ ਦੋ ਲੜਕੇ ਤੇ ਪੰਜ ਲੜਕੀਆਂ ਹਨ।
ਇੰਗਲੈਂਡ ਪਹੁੰਚ ਕੇ ਪਹਿਲਾਂ ਫਾਊਂਡਰੀ ‘ਚ ਕੰਮ ਕੀਤਾ, ਫਿਰ ਬਿਲਡਿੰਗਾਂ ‘ਚ ਪਿਆ ਤੇ ਅਖ਼ੀਰ
ਗਰੌਸਰੀ ਦਾ ਬਿਜ਼ਨਸ ਕਰ ਲਿਆ। ਉਹ ਸਵੇਰੇ ਸੱਤ ਵਜੇ ਦੁਕਾਨ ਖੋਲ੍ਹਦੈ ਤੇ ਰਾਤ ਦਸ ਵਜੇ ਬੰਦ
ਕਰਦੈ। ਚਾਰ ਕੁ ਘੰਟੇ ਸੌਂ ਕੇ ਵੱਡੇ ਤੜਕੇ ਈ ਉੱਠ ਖੜ੍ਹਦੈ ਤੇ ਦੌੜਨ ਲੱਗ ਪੈਂਦੈ। ਦੌੜ ਕੇ
ਈ ਦੁਕਾਨ ‘ਤੇ ਜਾਂਦਾ ਤੇ ਸਾਰਾ ਦਿਨ ਖੜ੍ਹੀ ਲੱਤ ਦਾਲਾਂ ਸਬਜ਼ੀਆਂ ਵੇਚੀ ਜਾਂਦੈ। ਥਕਾਵਟ
ਨੂੰ ਉਹ ਨੇੜੇ ਨਹੀਂ ਢੁੱਕਣ ਦਿੰਦਾ।
ਅਮਰੀਕ ਸਿੰਘ ਦੇ ਗਾਤਰੇ ਉਤੇ ‘ਸਤਿਨਾਮ ਵਾਹਿਗੁਰੂ’ ਲਿਖਿਆ ਹੋਇਆ ਸੀ। ਉਹਦੀ ਫਿਫਟੀ ਕੇਸਰੀ
ਸੀ ਤੇ ਪਗੜੀ ਕਾਲੀ। ਅਜੀਤ ਸਿੰਘ ਦੀ ਫਿਫਟੀ ਲਾਲ ਸੀ। ਮੈਂ ਕੇਸਰੀ ਤੇ ਲਾਲ ਫਿਫਟੀ ਦੇ
ਵਖਰੇਵੇਂ ਦਾ ਕਾਰਨ ਪੁੱਛਿਆ ਤਾਂ ਕਹਿੰਦੇ ਇਹ ਸਾਡਾ ਆਪੋ ਆਪਣਾ ਸ਼ੌਂਕ ਐ! ਦੋਵਾਂ ਦੀਆਂ
ਦਾੜ੍ਹੀਆਂ ਖੁੱਲ੍ਹੀਆਂ ਸਨ ਤੇ ਪੱਗਾਂ ਕਾਲੀਆਂ। ਪੈਰੀਂ ਦੌੜਨ ਵਾਲੇ ਬੂਟ ਸਨ। ਕੀ ਪਤਾ
ਕਿਹੜੇ ਵੇਲੇ ਦੌੜਨ ਦਾ ਦਾਅ ਲੱਗ ਜਾਵੇ?
ਅਜੀਤ ਸਿੰਘ ਸਰਕਾਰੀ ਸਕੂਲ ਦਾ ਅਧਿਆਪਕ ਸੀ। ਉਹ ਇੰਪਲਾਏਮੈਂਟ ਵਾਊਚਰ ਉਤੇ ਇੰਗਲੈਂਡ ਗਿਆ
ਸੀ। ਜਦੋਂ ਉਹ ਹੀਥਰੋ ਹਵਾਈ ਅੱਡੇ ‘ਤੇ ਉਤਰਿਆ ਤਾਂ ਉਹਦੀ ਜ਼ੇਬ ‘ਚ ਸਾਢੇ ਤਿੰਨ ਪੌਂਡ ਸਨ।
ਉਨ੍ਹਾਂ ਨਾਲ ਉਹ ਆਪਣੇ ਜਾਣਕਾਰ ਦੇ ਘਰ ਪੁੱਜਾ। ਰਸਤੇ ਦਾ ਭੇਤੀ ਹੁੰਦਾ ਤਾਂ ਦੌੜ ਕੇ ਈ ਚਲਾ
ਜਾਂਦਾ ਤੇ ਟੈਕਸੀ ਦਾ ਕਿਰਾਇਆ ਬਚਾਅ ਲੈਂਦਾ! ਫਿਰ ਸ਼ੁਰੂ ਹੋਈ ਇੰਗਲੈਂਡ ਦੀ ਕਰੜੀ ਮੁਸ਼ੱਕਤ
ਤੇ ਅਧਿਆਪਕ ਬਣਨ ਲਈ ਹੋਰ ਪੜ੍ਹਾਈ। 1968 ਵਿਚ ਉਹ ਨੌਟਿੰਘਮ ਯੂਨੀਵਰਸਿਟੀ ਤੋਂ ਟੀਚਿੰਗ ਦਾ
ਕੋਰਸ ਕਰ ਕੇ ਸਕਾਟਲੈਂਡ ‘ਚ ਲਾਰਕਹਾਲ ਦੀ ਅਕੈਡਮੀ ਵਿਚ ਅਧਿਆਪਕ ਲੱਗ ਗਿਆ। ਉਥੇ ਉਸ ਨੇ
1990 ਤਕ ਪੜ੍ਹਾਇਆ ਤੇ ਕਾਰ ਉਤੇ ਜਾਣ ਦੀ ਥਾਂ ਦੌੜ ਕੇ ਈ ਸਕੂਲ ਜਾਂਦਾ ਰਿਹਾ। ਉਸ ਨੇ
ਆਪਣੀਆਂ ਦੋਹਾਂ ਟੰਗਾਂ ਨੂੰ 11 ਨੰਬਰ ਬੱਸ ਕਹਿਣਾ ਸ਼ੁਰੂ ਕਰ ਲਿਆ। ਜਦੋਂ ਪੈਦਲ ਹੀ ਕਿਸੇ
ਪਾਸੇ ਜਾਣ ਦੀ ਤਿਆਰੀ ਖਿੱਚਣੀ ਤਾਂ ਆਖਣਾ, “ਚੱਲ ਗਿਆਰਾਂ ਨੰਬਰ ਬੱਸ ‘ਤੇ ਚੜ੍ਹੀਏ!”
ਕਾਲਜ ਤੋਂ ਬਾਹਰ ਸੜਕ ਉਤੇ ਤੁਰਦੇ ਹੋਏ ਵੀ ਅਸੀਂ ਗੱਲਾਂ ਕਰਦੇ ਰਹੇ। ਗੱਲਾਂ ਕਰਦਿਆਂ ਅਜੀਤ
ਸਿੰਘ ਖੱਬਾ ਹੱਥ ਹਿਲਾਉਂਦਾ। ਮੈਨੂੰ ਉਹ ਖਬਚੂ ਲੱਗਾ। ਮੈਂ ਉਹਦੇ ਖੱਬੇ ਹੱਥ ਹੋਇਆ ਤਾਂ ਉਹ
ਫਿਰ ਮੇਰੇ ਖੱਬੇ ਪਾਸੇ ਹੋ ਗਿਆ। ਦੋ ਤਿੰਨ ਵਾਰ ਅਜਿਹਾ ਹੋਇਆ ਤਾਂ ਮੈਂ ਸਮਝ ਗਿਆ ਕਿ ਹੱਥ
ਤਾਂ ਉਹਦਾ ਖੱਬਾ ਚੱਲਦੈ ਪਰ ਸੁਣਦਾ ਸੱਜੇ ਕੰਨੋਂ ਹੀ ਹੈ। ਮੇਰਾ ਅੰਦਾਜ਼ਾ ਸੱਚਾ ਨਿਕਲਿਆ।
ਉਹਦਾ ਖੱਬਾ ਕੰਨ ਸੱਚੀਓਂ ਬੋਲਾ ਸੀ!
ਉਸ ਨੂੰ ਕਈ ਹਾਦਸਿਆਂ ਦਾ ਸਿ਼ਕਾਰ ਹੋਣਾ ਪਿਆ ਸੀ। ਪਰ ਧੰਨ ਸੀ ਉਹਦਾ ਜੁੱਸਾ ਜਿਹੜਾ ਹਸਪਤਾਲ
ਵਿਚ ਦਾਖਲ ਹੋਇਆਂ ਵੀ ਦੌੜਨ ਲਈ ਅਹੁਲਦਾ ਰਹਿੰਦਾ। ਇਕੇਰਾਂ ਡਾਕਟਰ ਉਹਦਾ ਉਪ੍ਰੇਸ਼ਨ ਕਰਨ
ਲੱਗੇ ਤਾਂ ਉਹ ਆਖੀ ਜਾਵੇ, “ਪਹਿਲਾਂ ਮੈਨੂੰ ਮੈਰਾਥਨ ਲਾ ਆਉਣ ਦਿਓ। ਜਾਣ ਆਉਣ ਈ ਕਰਨੈ। ਬੱਸ
ਗਿਆ ਤੇ ਬਹਿੰਦੇ ਆਇਆ। ਫੇਰ ਕਰ ਲਿਓ ਜਿਹੜੀ ਚੀਰ ਫਾੜ ਕਰਨੀ ਐਂ!”
ਜਦੋਂ ਉਹਦੇ ਗੋਡੇ ਦਾ ਉਪ੍ਰੇਸ਼ਨ ਹੋਇਆ ਤਾਂ ਡਾਕਟਰ ਨੇ ਕੁਝ ਮਹੀਨੇ ਉਹਦਾ ਦੌੜਨਾ ਬੰਦ ਕਰ
ਦਿੱਤਾ ਸੀ। ਉਹ ਸਮਾਂ ਉਸ ਨੇ ਮਸ਼ੀਨੀ ਸਾਈਕਲ ਚਲਾ ਕੇ ਮਸਾਂ ਲੰਘਾਇਆ। ਇਉਂ ਲੱਗਾ ਜਿਵੇਂ
ਜੇਲ੍ਹ ਕੱਟੀ ਹੋਵੇ। ਸਾਈਕਲ ਚਲਾਉਣ ‘ਚ ਪੈਰੀਂ ਦੌੜਨ ਵਰਗਾ ਅਨੰਦ ਕਿਥੇ? ਉਹਨੂੰ ਦੌੜ ਦੇ
ਇਸ਼ਕ ਨੇ ਟਿਕਣ ਨਾ ਦਿੱਤਾ ਤੇ ਉਹ ਮੁੜ ਦੌੜਨ ਲੱਗ ਗਿਆ। ਅਜੀਤ ਸਿੰਘ, ਅਮਰੀਕ ਸਿੰਘ, ਫੌਜਾ
ਸਿੰਘ ਤੇ ਉਹਦਾ ਕੋਚ ਹਰਮੰਦਰ ਸਿੰਘ ਚਾਰੇ ਜਣੇ 2005 ਵਿਚ ਲਾਹੌਰ ਦੀ ਮੈਰਾਥਨ ਦੌੜ ਦੌੜਨ
ਗਏ। ਲਹੌਰੀਆਂ ਨੇ ਸਿੰਘਾਂ ਲਈ ਸਭ ਤੋਂ ਵੱਧ ਤਾੜੀਆਂ ਮਾਰੀਆਂ ਤੇ ਉਹ ਦੌੜਾਕਾਂ ਦੀ ਭੀੜ ਵਿਚ
ਖ਼ਾਸ ਖਿੱਚ ਦਾ ਕੇਂਦਰ ਬਣੇ ਰਹੇ। ਉਨ੍ਹਾਂ ਦੀਆਂ ਪੱਗਾਂ ਤੇ ਝੂਲਦੀਆਂ ਦਾੜ੍ਹੀਆਂ ਨੇ
ਕੈਮਰਿਆਂ ਦੀਆਂ ਸਿ਼ਸ਼ਤਾਂ ਆਪਣੇ ਵੱਲ ਸਿਧਾਈ ਰੱਖੀਆਂ। ਸ਼ਾਇਦ ਕੋਈ ਜਾਨਣਾ ਚਾਹੇ ਕਿ
ਅੱਸੀਆਂ ਤੋਂ ਟੱਪੇ ਇਹ ਬਾਬੇ ਦੌੜਦੇ ਕਿੰਨਾ ਕੁ ਤੇਜ਼ ਨੇ?
ਬੁੱਢਿਆਂ ਦੀਆਂ ਦੌੜਾਂ ਤੇਜ਼ ਦੌੜਨ ਦੀ ਥਾਂ ਪੂਰੀਆਂ ਦੌੜਨੀਆਂ ਵਧੇਰੇ ਮਹੱਤਵਪੂਰਨ ਹੁੰਦੀਆਂ
ਹਨ। ਉਹ ਦੌੜ ਦੇ ਸਨਮੁੱਖ ਦੌੜਦੇ ਹਨ ਨਾ ਕਿ ਸਮੇਂ ਦੇ ਸਨਮੁੱਖ। ਦੌੜ ਪੂਰੀ ਕਰਨ ਵਾਲਾ
ਭਾਵੇਂ ਪਿੱਛੇ ਹੀ ਰਵ੍ਹੇ ਫਿਰ ਵੀ ਜੇਤੂ ਅਖਵਾਉਂਦਾ ਹੈ। ਅਮਰੀਕ ਸਿੰਘ ਨੇ ਦੱਸਿਆ ਕਿ ਉਸ ਨੇ
ਸੈਂਕੜੇ ਦੌੜਾਂ ਵਿਚ ਭਾਗ ਲਿਆ ਪਰ ਕੋਈ ਦੌੜ ਵਿਚਾਲੇ ਨਹੀਂ ਛੱਡੀ। ਉਂਜ ਉਹ 42 ਕਿਲੋਮੀਟਰ
ਦੀ ਮੈਰਾਥਨ 3 ਘੰਟੇ 18 ਮਿੰਟ ਵਿਚ ਪੂਰੀ ਕਰ ਚੁੱਕੈ ਤੇ 21 ਕਿਲੋਮੀਟਰ ਦੀ ਅੱਧੀ ਮੈਰਾਥਨ 1
ਘੰਟਾ 27 ਮਿੰਟ ਵਿਚ। ਅਜੀਤ ਸਿੰਘ ਦੇ ਜੁੱਸੇ ਵਿਚ ਪਤਾ ਨਹੀਂ ਕੀ ਜਾਦੂ ਹੈ ਕਿ ਉਹ ਹਰੇਕ
ਹਾਦਸੇ ਪਿੱਛੋਂ ਵਧੇਰੇ ਫਿੱਟ ਹੁੰਦਾ ਰਿਹੈ। ਹਾਦਸੇ ਵੀ ਕਈ ਹੋਏ। ਇਹੋ ਹਾਲ ਅਮਰੀਕ ਸਿੰਘ ਦਾ
ਹੈ। ਮਾੜੀ ਮੋਟੀ ਸੱਟ ਨੂੰ ਉਹ ਕੁਝ ਨਹੀਂ ਜਾਣਦੇ। ਸਰੀਰਕ ਕਸਰਤ ਉਨ੍ਹਾਂ ਨੇ ਕਦੇ ਨਹੀਂ
ਖੁੰਝਾਈ।
‘ਫਿੱਟਨੈਸ’ ਉਨ੍ਹਾਂ ਦਾ ਖ਼ਬਤ ਹੈ। ਅੰਗਰੇਜ਼ ਉਨ੍ਹਾਂ ਦੀਆਂ ਫਿਲਮਾਂ ਬਣਾਉਂਦੇ ਹਨ ਤੇ
ਉਨ੍ਹਾਂ ਦੀ ਰੀਸੇ ਦੌੜਨ ਲੱਗਦੇ ਹਨ। ਅਜੀਤ ਸਿੰਘ ਨੌਕਰੀ ਤੋਂ ਰਿਟਾਇਰ ਹੋ ਕੇ ਹਡਰਸਫੀਲਡ
ਵਿਚ ਆਪਣੇ ਪੁੱਤਰਾਂ ਕੋਲ ਰਹਿਣ ਲੱਗ ਪਿਆ ਹੈ ਜੋ ਡਾਕਟਰ ਹਨ। ਉਸ ਦੀ ਧੀ ਵੀ ਚੰਗੇ ਅਹੁਦੇ
ਉਪਰ ਹੈ। ਆਰਥਿਕ ਪੱਖੋਂ ਪਰਿਵਾਰ ਸੁਖਾਲਾ ਹੈ। ਉਨ੍ਹਾਂ ਨੇ ਗੁਰੂ ਅੰਗਦ ਓਲੰਪਿਕ ਸੰਸਥਾ
ਕਾਇਮ ਕੀਤੀ ਹੈ ਜਿਸ ਰਾਹੀਂ ਲੋੜਵੰਦ ਖਿਡਾਰੀਆਂ ਦੀ ਮਦਦ ਕੀਤੀ ਜਾਂਦੀ ਹੈ। ਵਡੇਰੀ ਉਮਰ ਦੇ
ਇਹਨਾਂ ਸਿੰਘਾਂ ਵਿਚ ਦੌੜੀ ਜਾਣ ਦਾ ਅਮੁੱਕ ਜਜ਼ਬਾ ਹੈ ਜਿਹੜਾ ਉਨ੍ਹਾਂ ਨੂੰ ਦੇਸ ਪਰਦੇਸ
ਉਡਾਈ ਫਿਰਦਾ ਹੈ। ਉਹ ਮੈਡਲਾਂ ਦੀਆਂ ਝੋਲੀਆਂ ਭਰੀ ਫਿਰਦੇ ਹਨ ਪਰ ਸਿੱਖ ਸੰਸਥਾਵਾਂ ਨੂੰ
ਅਜਿਹੇ ਜੋਧੇ ਖਿਡਾਰੀਆਂ ਨੂੰ ਸਨਮਾਨਣ ਦਾ ਸ਼ਾਇਦ ਅਜੇ ਚੇਤਾ ਨਹੀਂ ਆਇਆ। ਧੰਨ ਹਨ ਇਹ ਬਾਬੇ
ਜਿਹੜੇ ਮਾਨਾਂ ਸਨਮਾਨਾਂ ਤੋਂ ਨਿਰਲੇਪ ਆਪਣੀ ਧੁਨ ‘ਚ ਦੌੜੀ ਜਾਂਦੇ ਹਨ ਤੇ ਸਿੱਖ ਸਰੂਪ ਦੀ
ਪਰਦਰਸ਼ਨੀ ਵੀ ਕਰੀ ਜਾਂਦੇ ਹਨ। ਜੀਂਦੇ ਰਹਿਣ ਇਹ ਮੈਰਾਥਨ ਦੌੜਾਂ ਦੇ ਮਹਾਂਰਥੀ!
ਫੌਜਾ ਸਿੰਘ ਹੁਣ ਇੰਗਲੈਂਡ ਦੇ ਉਨ੍ਹਾਂ ਪਤਵੰਤੇ ਸੱਜਣਾਂ ਵਿਚ ਸ਼ਾਮਲ ਹੈ ਜਿਨ੍ਹਾਂ ਨੂੰ ਦਿਨ
ਦਿਹਾੜੇ ਸ਼ਾਹੀ ਸਮਾਗਮਾਂ ਵਿਚ ਸੱਦਿਆ ਜਾਂਦੈ। ਉਹ ਅਮਰੀਕਾ ਦੇ ਪ੍ਰਧਾਨ ਜਾਰਜ ਬੁਸ਼ ਤੇ
ਪਾਕਿਸਤਾਨ ਦੇ ਸਦਰ ਮੁਸ਼ੱਰਫ ਨੂੰ ਮਿਲ ਚੁੱਕੈ। ਉਸ ਨੂੰ ਮਹਾਰਾਣੀ ਐਲਿਜ਼ਾਬੈਥ ਨੇ ਸੌਵੇਂ
ਜਨਮ ਦਿਨ ‘ਤੇ ਵਧਾਈ ਸੰਦੇਸ਼ ਭੇਜਿਆ ਸੀ ਤੇ ਸ਼ਾਹੀ ਖਾਣੇ ਲਈ ਆਪਣੇ ਮਹਿਲਾਂ ਵਿਚ ਬੁਲਾਇਆ
ਸੀ। ਉਦੋਂ ਘਰ ਦਿਆਂ ਨੇ ਕਿਹਾ ਸੀ, “ਬਾਪੂ, ਵੇਖੀਂ ਕਿਤੇ ਰਾਣੀ ਦਾ ਸਿਰ ਨਾ ਪਲੋਸ ਬਹੀਂ।
ਅੰਗਰੇਜ਼ਾਂ ਵਾਂਗ ਹੱਥ ਈ ਮਿਲਾਈਂ।” ਫੌਜਾ ਸਿੰਘ ਨੇ ਹੱਥ ਮਿਲਾਇਆ ਤਾਂ ਰਾਣੀ ਨੇ ਵਧਾਈ
ਦਿੰਦਿਆਂ ਉਹਦੀ ਲੰਮੀ ਉਮਰ ਦੀ ਕਾਮਨਾ ਕੀਤੀ ਸੀ।
ਜਿਸ ਦਿਨ ਉਹ ਲੰਡਨ ਓਲੰਪਿਕ-2012 ਦੀ ਮਿਸ਼ਾਲ ਲੈ ਕੇ ਦੌੜਿਆ ਸੀ ਤਾਂ ਰਸਤੇ ਵਿਚ ਛਬੀਲਾਂ
ਲੱਗ ਗਈਆਂ ਸਨ ਅਤੇ ਲੰਗਰ ਲਾਏ ਗਏ ਸਨ। ਇਓਂ ਛਬੀਲਾਂ ਤੇ ਲੰਗਰ ਪਹਿਲੀ ਵਾਰ ਓਲੰਪਿਕ ਖੇਡਾਂ
ਦੇ ਅੰਗ ਬਣੇ। ਵੀਹਵੀਂ ਸਦੀ ਵਿਚ ਪੱਗਾਂ ਦਾੜ੍ਹੀਆਂ ਵਾਲੇ ਫੌਜੀਆਂ ਤੇ ਹਾਕੀ ਦੇ ਖਿਡਾਰੀਆਂ
ਨੇ ਸਿੱਖ ਸਰੂਪ ਦੀ ਪਛਾਣ ਬਾਕੀ ਦੁਨੀਆ ਨੂੰ ਕਰਾਈ ਸੀ। ਇੱਕੀਵੀਂ ਸਦੀ ਦੇ ਆਰੰਭ ਵਿਚ ਪੱਗ
ਦਾੜ੍ਹੀ ਦੀ ਜਿੰਨੀ ਪਛਾਣ ਬਾਬਾ ਫੌਜਾ ਸਿੰਘ ਨੇ ਕਰਾਈ ਹੈ ਉਨੀ ਹੋਰ ਕਿਸੇ ਸਿੱਖ ਨੇ ਨਹੀਂ
ਕਰਾਈ। ਫੌਜਾ ਸਿੰਘ ਆਪ ਕਹਿੰਦਾ ਹੈ ਕਿ ਮੇਰੀ ਪਛਾਣ ਉਨੀ ਮੇਰੇ ਦੌੜਨ ਕਰਕੇ ਨਹੀਂ ਜਿੰਨੀ
ਪੱਗ ਦਾੜ੍ਹੀ ਕਰਕੇ ਹੈ। ਇਹੋ ਕਾਰਨ ਹੈ ਕਿ ਉਹ ਕਦੇ ਨੰਗੇ ਸਿਰ ਨਹੀਂ ਦੌੜਿਆ ਤੇ ਕਦੇ
ਦਾੜ੍ਹੀ ਨਹੀਂ ਬੰਨ੍ਹੀ।
ਫੌਜਾ ਸਿੰਘ ਦਾ ਕਹਿਣਾ ਹੈ ਕਿ ਉਹ ਕੁਦਰਤ ਦੇ ਰੰਗਾਂ ਵਿਚ ਰਾਜ਼ੀ ਹੈ। ਉਸ ਨੂੰ ਦੁਨੀਆ ਦੇ
ਕਿਸੇ ਪਦਾਰਥ ਦੀ ਭੁੱਖ ਨਹੀਂ। ਉਹ ਪ੍ਰਹੇਜ਼ਗਾਰ ਹੈ, ਸਿਰੜੀ ਹੈ ਤੇ ਲੋਭ ਲਾਲਚ ਤੋਂ ਪਰੇ
ਹੈ। ਕਹਿੰਦਾ ਹੈ, “ਕਮਾਉਣ ਨੂੰ ਤਾਂ ਭਾਵੇਂ ਮੈ ਮਿਲੀਅਨ ਡਾਲਰ ਕਮਾ ਲਵਾਂ ਪਰ ਕਰਨੇ ਕੀ ਆ?
ਲੋੜ ਜੋਗਾ ਰੱਬ ਦਾ ਦਿੱਤਾ ਬਹੁਤ ਕੁਝ ਹੈ। ਤੰਦਰੁਸਤੀ ਚਾਹੀਦੀ ਐ। ਜੀਹਦੇ ਕੋਲ ਤੰਦਰੁਸਤੀ ਐ
ਉਹਦੇ ਕੋਲ ਸਾਰੀਆਂ ਦੌਲਤਾਂ।” ਉਹ ਸਰਬੱਤ ਦਾ ਭਲਾ ਲੋਚਦੈ ਤੇ ਹਰ ਇਕ ਨੂੰ ਸਿਹਤਯਾਬ ਵੇਖਣਾ
ਚਾਹੁੰਦੈ।
ਫੌਜਾ ਸਿੰਘ ਨਾਲ ਮੇਰੀ ਚੌਥੀ ਮੁਲਾਕਾਤ ਵੈਨਕੂਵਰ ਦੇ ਇਕ ਖੇਡ ਮੇਲੇ ‘ਚ ਹੋਈ। ਉਥੇ ਉਹ ਆਪਣੀ
ਲੜਕੀ ਨੂੰ ਮਿਲਣ ਗਿਆ ਸੀ। ਖੇਡ ਮੇਲੇ ਵਿਚ ਉਸ ਦਾ ਮਾਣ ਸਨਮਾਨ ਕੀਤਾ ਗਿਆ। ਕੈਨੇਡੀਅਨ
ਬੱਚਿਆਂ ਨੇ ਉਹਦੇ ਆਟੋਗਰਾਫ ਲਏ ਤੇ ਫੋਟੋ ਲੁਹਾਏ। ਦੂਜੇ ਦਿਨ ਅਸੀਂ ਇਕ ਗੁਰੂਘਰ ਵਿਚ ‘ਕੱਠੇ
ਹੋਏ ਜਿਥੇ ਸਾਨੂੰ ਸਿਰੋਪਿਆਂ ਦੀ ਬਖ਼ਸਿ਼ਸ਼ ਹੋਈ। ਗੁਰੂਘਰ ਦੇ ਪ੍ਰਬੰਧਕਾਂ ਨੇ ਫੌਜਾ ਸਿੰਘ
ਨੂੰ ਕਿਰਾਏ ਭਾੜੇ ਵਜੋਂ ਲਫ਼ਾਫ਼ੇ ‘ਚ ਡਾਲਰ ਪਾ ਕੇ ਫੜਾਏ ਤਾਂ ਉਸ ਨੇ ਉਥੇ ਹੀ ਗੋਲਕ ਵਿਚ
ਪਾ ਦਿੱਤੇ।
ਬਾਅਦ ਵਿਚ ਮੈਂ ਪੁੱਛਿਆ, “ਜੇ ਤੁਹਾਡਾ ਗਿਆਰਾਂ ਲੱਖ ਰੁਪਏ ਨਾਲ ਮਾਨ ਸਨਮਾਨ ਕੀਤਾ ਜਾਵੇ
ਤਾਂ ਉਹ ਪੈਸੇ ਕਿਵੇਂ ਵਰਤੋਗੇ?” ਉਸ ਨੇ ਪੁੱਛਿਆ, “ਕਿਥੋਂ ਦੁਆਓਂਗੇ ਗਿਆਰਾਂ ਲੱਖ?” ਮੈਂ
ਕਿਹਾ, “ਕੀ ਪਤਾ ਸ਼੍ਰੋਮਣੀ ਕਮੇਟੀ ਹੀ ਦੇ ਦੇਵੇ?” ਫੌਜਾ ਸਿੰਘ ਦਾ ਉੱਤਰ ਸੀ, “ਚਮਕੌਰ
ਸਾਹਿਬ ਤੋਂ ਫਤਿਹਗੜ੍ਹ ਸਾਹਿਬ ਤਕ ਦੌੜਨ ਵੇਲੇ ਪੰਜਾਬ ਸਰਕਾਰ ਨੇ ਲੱਖ ਰੁਪਿਆ ਦਿੱਤਾ ਸੀ।
ਉਹ ਆਪਾਂ ਓਥੇ ਈ ਵੰਡ ਦਿੱਤਾ। ਹੁਣ ਜੇ ਕੋਈ ਗਿਆਰਾਂ ਲੱਖ ਦੀ ਥਾਂ ਕਰੋੜ ਵੀ ਦੇਵੇ ਤਾਂ
ਆਪਾਂ ਉਹ ਵੀ ਓਹ ਵੀ ਓਥੇ ਈ ਲੋੜਵੰਦਾਂ ‘ਚ ਵੰਡ ਦਿਆਂਗੇ। ਆਪਾਂ ਨੂੰ ਤਾਂ ਆਪਣੀ ਪਿਲਸ਼ਨ ਈ
ਨੀ ਮੁੱਕਦੀ। ਹਫ਼ਤੇ ਦੇ 120 ਪੌਂਡ ਮਿਲ ਜਾਂਦੇ ਆ!”
ਕਿਥੇ ਫੌਜਾ ਸਿੰਘ ਤੇ ਕਿਥੇ ਕਰੋੜਾਂ ਰੁਪਏ ‘ਕੱਠੇ ਕਰਨ ਵਾਲੇ ਰਾਜਸੀ ਨੇਤਾ ਤੇ ਵੱਡੇ ਅਫਸਰ!
ਉਹ ਕਰੋੜਾਂ ਰੁਪਏ ਕੋਲ ਹੋਣ ਦੇ ਬਾਵਜੂਦ ਵੀ ਨਹੀਂ ਰੱਜਦੇ ਜਦ ਕਿ ਫੌਜਾ ਸਿੰਘ ਬਿਨਾ ਬੈਂਕ
ਬੈਲੈਂਸ ਦੇ ਹੀ ਰੱਜਿਆ ਪੁੱਜਿਆ ਹੈ। ਇਹ ਗੱਲ ਨਹੀਂ ਕਿ ਉਸ ਦਾ ਪਰਿਵਾਰ ਨਾ ਹੋਵੇ। ਉਸ ਦੇ
ਪੁੱਤਰ ਵੀ ਹਨ ਤੇ ਧੀਆਂ ਵੀ। ਅੱਗੋਂ ਪੋਤਰੇ ਤੇ ਦੋਹਤਰੇ ਹਨ। ਜੇ ਉਹ ਚਾਹੁੰਦਾ ਤਾਂ ਐਡੀਦਾਸ
ਕੰਪਨੀ ਤੋਂ ਹੀ ਬਹੁਤ ਸਾਰਾ ਪੈਸਾ ਲੈ ਸਕਦਾ ਸੀ। ਦੌੜਾਂ ਦੇ ਸਿਰ ‘ਤੇ ਜਿੰਨੇ ਮਰਜ਼ੀ ਕਮਾ
ਲੈਂਦਾ। ਉਸ ਨੇ ਲੰਮੀ ਦੌੜ ਦਾ ਰਿਕਾਰਡ ਹੀ ਨਹੀਂ ਰੱਖਿਆ ਬੇਲੋੜੀ ਮਾਇਆ ਦੇ ਤਿਆਗ ਕਰਨ ਦਾ
ਰਿਕਾਰਡ ਵੀ ਰੱਖ ਦਿੱਤੈ!
ਲੰਗਰ ਹਾਲ ਵਿਚ ਉਸ ਨੇ ਨਾ ਕੋਈ ਮਠਿਆਈ ਖਾਧੀ ਤੇ ਨਾ ਸਮੋਸਾ ਪਕੌੜਾ। ਸਿਰਫ਼ ਚਾਹ ਦਾ ਕੱਪ
ਪੀਤਾ। ਉਸ ਨੇ ਕਿਹਾ ਕਿ ਮੈਂ ਤਲੀਆਂ ਚੀਜ਼ਾਂ ਨਹੀਂ ਖਾਂਦਾ ਤੇ ਚੌਲ ਵੀ ਮੈਨੂੰ ਬਾਈਬਾਦੀ
ਕਰਦੇ ਨੇ। ਉਸ ਨੇ ਲਾਈਨ ਵਿਚ ਲੱਗ ਕੇ ਇਕ ਕੜਛੀ ਦਾਲ ਦੀ ਪੁਆਈ ਤੇ ਇਕ ਫੁਲਕਾ ਲਿਆ। ਦਹੀਂ
ਇਸ ਕਰਕੇ ਨਾ ਲਿਆ ਕਿਤੇ ਖੱਟਾ ਨਾ ਹੋਵੇ। ਮੈਂ ਹੈਰਾਨ ਸਾਂ ਕਿ ਏਨੀ ਥੋੜ੍ਹੀ ਖੁਰਾਕ ਨਾਲ ਉਹ
ਏਨੀਆਂ ਲੰਮੀਆਂ ਦੌੜਾਂ ਕਿਵੇਂ ਦੌੜ ਲੈਂਦੈ?
ਉਸ ਨੇ ਭੇਤ ਦੀ ਗੱਲ ਦੱਸੀ ਕਿ ਘੱਟ ਖਾਣ ਨਾਲ ਬੰਦੇ ਘੱਟ ਮਰਦੇ ਨੇ ਤੇ ਵੱਧ ਖਾਣ ਨਾਲ ਵੱਧ।
ਉਸ ਦੀ ਲੰਮੀ ਉਮਰ ਤੇ ਤੰਦਰੁਸਤ ਸਿਹਤ ਦਾ ਰਾਜ਼ ਵਾਧੂ ਖਾਣ ਪੀਣ ਤੋਂ ਪ੍ਰਹੇਜ਼ ਕਰਨਾ ਹੈ।
ਉਹ ਸੁਆਦਾਂ ਮਗਰ ਨਹੀਂ ਜਾਂਦਾ। ਪੂੜੇ, ਪਰੌਂਠੇ ਤੇ ਪਕੌੜੇ ਖਾਣੇ ਉਹਨੇ ਬੜੀ ਦੇਰ ਦੇ ਛੱਡ
ਰੱਖੇ ਨੇ। ਉਹ ਅਲਸੀ ਤੇ ਅਦਰਕ ਦੀ ਵਰਤੋਂ ਆਮ ਕਰਦੈ ਤੇ ਸੁੰਢ ਦੀ ਤਰੀ ਸ਼ੌਕ ਨਾਲ ਪੀਂਦੈ।
ਹਰ ਪਰਕਾਰ ਦੇ ਨਸਿ਼ਆਂ ਤੋਂ ਬਚਿਆ ਹੋਇਐ। ਇਕ ਕਟੋਰੀ ਦਹੀਂ ਤੇ ਇਕ ਗਲਾਸ ਦੁੱਧ ਦਾ ਕਾਫੀ
ਸਮਝਦੈ। ਫਲ ਖਾ ਲੈਂਦੈ ਤੇ ਨਾਲ ਸਬਜ਼ੀ ਸਲਾਦ। ਤਲੀਆਂ ਚੀਜ਼ਾਂ ਤੇ ਮਠਿਆਈ ਤੋਂ ਪ੍ਰਹੇਜ਼
ਕਰਦੈ। ਬੋਲੀ ਜੋੜੀ ਹੈ:
-ਸਬਜ਼ੀ ਤੇ ਫਲ ਖਾ ਤੂੰ ਮਿੱਤਰਾ, ਛੱਡ ਖਾਣੀ ਮਠਿਆਈ
ਮੁਰਗੇ ਸ਼ੁਰਗੇ ਖਾ ਖਾ ਕੇ ਤੂੰ ਜਾਨੈਂ ਢਿੱਡ ਵਧਾਈ
ਕਸਰਤ ਦੇ ਰਾਹ ਪੈ ਜਾ ਮਿੱਤਰਾ ਵਧੀਆ ਇਹ ਦਵਾਈ
ਵਿਹਲਾ ਬੈਠਾ ਤੂੰ ਜਾਨੈਂ ਸਿਹਤ ਗੁਆਈ...।
ਫਿਰ ਅਸੀਂ ਰੇਡੀਓ ਸਟੇਸ਼ਨ ਗਏ ਜਿਥੇ ਸਰੋਤਿਆਂ ਦੇ ਸਨਮੁੱਖ ਹੋਏ। ਉਹ ਬੜਾ ਹਾਜ਼ਰ ਜਵਾਬ
ਨਿਕਲਿਆ। ਹਾਸੇ ਮਖੌਲ ‘ਚ ਭਗਵੰਤ ਮਾਨ ਨੂੰ ਵੀ ਮਾਤ ਪਾਈ ਜਾਵੇ। ਮੈਂ ਨਹਿਲਾ ਧਰਾਂ ਤਾਂ ਉਹ
ਦਹਿਲਾ ਮਾਰੇ। ਸਰੋਤਿਆਂ ਦੇ ਸੁਆਲਾਂ ਦਾ ਜੁਆਬ ਉਹਨੇ ਹੁੱਬ ਕੇ ਦਿੱਤਾ। ਹੱਸਣ ਹਸਾਉਣ ਦੀਆਂ
ਗੱਲਾਂ ਕਰਦਿਆਂ ਉਸ ਨੇ ਕਿਹਾ, “ਮੇਰੇ ਮਿੱਤਰ ਛੇੜਦੇ ਰਹਿੰਦੇ ਆ, ਭਾਈਆ ਤੇਰਾ ਵਿਆਹ ਨਾ ਕਰ
ਦਈਏ? ਬਥੇਰੀਆਂ ਮੇਮਾਂ ਮਰਦੀਆਂ ਤੇਰੇ ‘ਤੇ। ਮੈਂ ਆਹਨਾਂ, ਵਿਆਹ ਦਾ ਕੀ ਐ। ਵਿਚੋਲੇ ਵੀ ਲੱਭ
ਪੈਣਗੇ ਤੇ ਸਰਬਾਲ੍ਹੇ ਵੀ ਬਣ ਜਾਣਗੇ। ਪਰ ਇਹ ਦੱਸੋ ਕੁੜਮ ਕਿਥੋਂ ਲੱਭਾਂਗੇ?”
ਫੌਜਾ ਸਿੰਘ ਕੇਵਲ ਪੰਜਾਬੀ ਬੋਲਣੀ ਹੀ ਜਾਣਦਾ ਹੈ। ਉਸ ਨਾਲ ਇੰਟਰਵਿਊ ਸਮੇਂ ਉਹਦਾ ਕੋਚ
ਹਰਮੰਦਰ ਸਿੰਘ ਸਾਥ ਦਿੰਦਾ ਹੈ ਜੋ ਉਲਥਾਕਾਰ ਦਾ ਕੰਮ ਵੀ ਕਰਦਾ ਹੈ। ਉਸ ਨੇ ਉਸ ਨੂੰ ਲੀੜਾ
ਲੱਤਾ ਪਾਉਣਾ ਸਿਖਾਇਆ ਤੇ ਫਿਰਨਾ ਤੁਰਨਾ ਵੀ। ਉਹਦੇ ਬਿਨਾਂ ਉਹ ਅਧੂਰਾ ਹੈ। ਉਹੀ ਉਸ ਨੂੰ
ਦੇਸ਼ ਵਿਦੇਸ਼ ਦੀਆਂ ਮੈਰਾਥਨਾਂ ਲੁਆਉਣ ਲਈ ਲੈ ਜਾਂਦਾ ਹੈ। ਉਸ ਨੇ ਲੰਡਨ ਦੀਆਂ ਪੰਜ,
ਟੋਰਾਂਟੋ ਦੀਆਂ ਦੋ ਤੇ ਨਿਊ ਯਾਰਕ ਦੀ ਇਕ ਮੈਰਾਥਨ ਦੇ ਨਾਲ ਕਈ ਹਾਫ਼ ਮੈਰਾਥਨਾਂ ਤੇ ਹੋਰ
ਦੌੜਾਂ ਜਿੱਤੀਆਂ ਹਨ। ਉਸ ਨੇ 94 ਮਿੰਟਾਂ ਦੇ ਸਮੇਂ ਵਿਚ ਯੂ. ਕੇ. ਦੇ 200 ਮੀਟਰ, 400
ਮੀਟਰ, 800 ਮੀਟਰ ਤੇ 3000 ਮੀਟਰ ਦੇ ਨਵੇਂ ਰਿਕਾਰਡ ਰੱਖੇ ਹਨ। ਸੌ ਸਾਲ ਦੀ ਉਮਰ ਟੱਪ ਕੇ
ਟੋਰਾਂਟੋ ਵਿਚ ਦੌੜਦਿਆਂ ਉਸ ਨੇ ਇਕੋ ਦਿਨ ਅੱਠ ਦੌੜਾਂ ਲਾਈਆਂ ਤੇ ਪੰਜ ਵਿਸ਼ਵ ਰਿਕਾਰਡ
ਰੱਖੇ। ਉਹ 100 ਮੀਟਰ 23.14 ਸੈਕੰਡ, 200 ਮੀਟਰ 52.23, 400 ਮੀਟਰ 2:12.48, 800 ਮੀਟਰ
5:32.18, 1500 ਮੀਟਰ 11:27.81, ਇਕ ਮੀਲ 11:53.45 ਤੇ 5000 ਮੀਟਰ 49 ਮਿੰਟ 57.39
ਸੈਕੰਡ ਵਿਚ ਦੌੜਿਆ। ਬਾਅਦ ਵਿਚ ਉਸ ਨੇ ਭੰਗੜਾ ਵੀ ਪਾਇਆ।
ਉਹਦੇ ਨਾਲ ਮੇਰੀ ਪੰਜਵੀਂ ਮੁਲਾਕਾਤ ਮੇਰੇ ਪਿੰਡ ਚਕਰ ਵਿਚ ਹੋਈ। ਮਾਰਚ 2014 ਵਿਚ ਚਕਰ ਦੀ
ਸ਼ੇਰੇ ਪੰਜਾਬ ਅਕੈਡਮੀ ਵੱਲੋਂ ਫੁੱਟਬਾਲ ਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਸੀ। ਉਹਨੀਂ
ਦਿਨੀਂ ਫੌਜਾ ਸਿੰਘ ਆਪਣੇ ਪਿੰਡ ਆਇਆ ਹੋਇਆ ਸੀ। ਮੈਂ ਫੋਨ ‘ਤੇ ਸੰਪਰਕ ਕੀਤਾ ਤੇ ਸੱਦਾ
ਦਿੱਤਾ ਕਿ ਸਾਡੇ ਪਿੰਡ ਦੇ ਟੂਰਨਾਮੈਂਟ ਦੀ ਸ਼ਾਨ ਵਧਾਓ। ਬਿਆਸਪਿੰਡ ਤੋਂ ਉਹਦਾ ਭਤੀਜਾ ਤੇ
ਪੋਤਾ ਉਸ ਨੂੰ ਜਲੰਧਰ, ਨਕੋਦਰ ਤੇ ਸਿਧਵਾਂ ਬੇਟ ਵਿਚ ਦੀ ਚਕਰ ਲੈ ਆਏ। ਢੋਲ ਢਮੱਕੇ ਨਾਲ
ਉਹਦਾ ਸਵਾਗਤ ਕੀਤਾ ਗਿਆ। ਮੈਂ ਉਹਦੀ ਜਾਣ ਪਛਾਣ ਫੌਜਾ ਸਿੰਘੀ ਸਟਾਈਲ ਵਿਚ ਕਰਾਈ। ਅਕੈਡਮੀ
ਦੇ ਬੱਚਿਆਂ ਨੂੰ ਮਿਲ ਕੇ ਉਸ ਨੂੰ ਪ੍ਰਸੰਨਤਾ ਹੋਈ ਤੇ ਉਹ ਵੀ ਬੱਚਿਆਂ ਨਾਲ ਬੱਚਾ ਹੀ ਬਣ
ਗਿਆ। ਉਹਨੇ ਨਿੱਕੇ ਖਿਡਾਰੀਆਂ ਦੀ ਖੇਡ ਵਿਚ ਡੂੰਘੀ ਦਿਲਚਸਪੀ ਲਈ। ਸਟੇਡੀਅਮ ਦੇ ਟਰੈਕ ਵਿਚ
ਤੁਰਦਿਆਂ ਉਹਦੀਆਂ ਪਾਈਆਂ ਪੈੜਾਂ ਚਕਰੀਆਂ ਦਾ ਹਾਸਲ ਹੈ। ਮਾਈਕ ਤੋਂ ਉਹ ਬਹੁਤ ਵਧੀਆ ਬੋਲ
ਲੈਂਦੈ। ਗੱਲਾਂ ਹਾਸਰਸੀਆਂ ਹੋਣ ਕਾਰਨ ਸਰੋਤੇ ਸੁਣਦੇ ਵੀ ਦਿਲਚਸਪੀ ਨਾਲ ਨੇ। ਉਸ ਨੇ ਚਕਰੀਆਂ
ਨੂੰ ਹਸਾਇਆ ਵੀ ਖ਼ੂਬ!
ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਦਾ ਜਨਮਦਾਤਾ ਅਜਮੇਰ ਸਿੰਘ ਸਿੱਧੂ ਟੋਰਾਂਟੋ ਦੀ ਵਾਟਰਫਰੰਟ
ਮੈਰਾਥਨ ਦੌੜ ਤੋਂ ਹੀ ਫੌਜਾ ਸਿੰਘ ਦਾ ਜਾਣੂੰ ਸੀ। ਉਥੇ ਉਹ ਬਾਬੇ ਦੀ ਦੇਖ ਭਾਲ ਕਰਨ ਤੇ
ਹੱਲਾਸ਼ੇਰੀ ਦੇਣ ਵਾਲਿਆਂ ਵਿਚ ਸੀ। ਟੂਰਨਾਮੈਂਟ ਤੋਂ ਵਿਹਲੇ ਹੋ ਕੇ ਅਸੀਂ ਬਾਬੇ ਨੂੰ ਪਿੰਡ
ਵਿਖਾਉਣ ਲੈ ਗਏ। ਇਤਿਹਾਸਕ ਗੁਰਦਵਾਰਾ ਵਿਖਾਇਆ, ਝੀਲਾਂ ਵਿਖਾਈਆਂ ਤੇ ਕਿਸ਼ਤੀ ਵਿਚ ਮਾਰਗਨ
ਝੀਲ ਦੀ ਸੈਰ ਕਰਾਈ। ਫੌਜਾ ਸਿੰਘ ਹੈਰਾਨ ਹੋਇਆ ਕਿ ਪੰਜਾਬ ਦੇ ਪਿੰਡ ਵਿਚ ਝੀਲ ਦੀ ਸੈਰ! ਉਸ
ਨੇ ਪਿੰਡ ਦੀਆਂ ਮਾਡਰਨ ਸੱਥਾਂ ਵੇਖੀਆਂ ਤੇ ਬਜ਼ੁਰਗਾਂ ਨਾਲ ਗੱਲਾਂ ਕੀਤੀਆਂ। ਗਲੀਆਂ, ਫਿਰਨੀ
ਤੇ ਰਾਹਾਂ ‘ਤੇ ਲਾਏ ਰੁੱਖ ਬੂਟੇ ਵੇਖੇ। ਚਕਰ ਦੇ ਸੀਵਰੇਜ ਸਿਸਟਮ ਨੂੰ ਸਲਾਹਿਆ। ਸਾਡੇ ਪਿੰਡ
ਦੀਆਂ ਗੱਲਾਂ ਉਹ ਬਿਆਸਪਿੰਡ ਪਹੁੰਚ ਕੇ ਵੀ ਕਰਦਾ ਰਿਹਾ।
ਫੌਜਾ ਸਿੰਘ ਦੇਸੀ ਢੰਗ ਨਾਲ ਵੱਡੀ ਪੱਗ ਬੰਨ੍ਹਦੈ। ਉਹਦੀਆਂ ਪੱਗਾਂ ਦੇ ਰੰਗ ਬਦਲਦੇ ਰਹਿੰਦੇ
ਨੇ। ਕਦੇ ਪੱਗ ਉਤੇ ਖੰਡਾ ਲਾ ਲੈਂਦੈ ਕਦੇ ਲਾਹ ਦਿੰਦੈ। ਵੱਖ-ਵੱਖ ਸਮੇਂ ਤੇ ਵੱਖੋ ਵੱਖ ਥਾਂ
ਹੋਈਆਂ ਮੁਲਾਕਾਤਾਂ ਵਿਚ ਮੈਂ ਇਹ ਗੱਲ ਉਚੇਚੀ ਨੋਟ ਕੀਤੀ ਕਿ ਉਹ ਕੱਟੜਪੰਥੀ ਨਹੀਂ। ਉਸ ਦਾ
ਸਿੱਖ ਧਰਮ ਵਿਚ ਅਟੁੱਟ ਵਿਸ਼ਵਾਸ ਹੈ ਪਰ ਕਿਸੇ ਹੋਰ ਧਰਮ ਨੂੰ ਨਿੰਦਦਾ ਨਹੀਂ ਸੁਣਿਆਂ।
ਕੁਦਰਤ ਦੇ ਕਾਦਰ ਬਾਰੇ ਵਾਰ-ਵਾਰ ਆਖਦੈ ਕਿ ਉਹੀ ਮੈਨੂੰ ਦੌੜਾਈ ਫਿਰਦੈ। ਨਹੀਂ ਤਾਂ ਮੈਂ ਕੀ
ਆਂ?
ਇੰਟਰਵਿਊ ਦਿੰਦਿਆਂ ਉਹ ਬੜੀਆਂ ਖੁੱਲ੍ਹ ਕੇ ਗੱਲਾਂ ਕਰਦੈ। ਕਿਸੇ ਗੱਲ ‘ਚ ਰਹੱਸ, ਕਿਸੇ ‘ਚ
ਅਟੱਲ ਸਚਾਈ ਤੇ ਕਿਸੇ ‘ਚ ਹਾਸਾ ਮਜ਼ਾਕ। ਕਹਿੰਦਾ ਹੈ, “ਉਮਰ ਦੀਆਂ ਸਾਰੀਆਂ ਛੱਲੀਆਂ ਚੂੰਡ
ਕੇ ਵਿਦਾ ਹੋਵਾਂਗਾ!”
ਇਕ ਵਾਰ ਮੈਂ ਪੁੱਛਿਆ, “ਕਪੜੇ ਤੁਸੀਂ ਬੜੇ ਮਹਿੰਗੇ ਤੇ ਬਰਾਂਡਿਡ ਪਾਉਂਦੇ ਓ, ਕਿਤੇ ਕਿਸੇ
ਨੂੰ ਪੱਟਣਾ ਤਾਂ ਨੀ?”
ਬਾਬਾ ਹੱਸਿਆ, “ਇਹ ਸੁਆਲ ਹੋਰ ਪੱਤਰਕਾਰ ਵੀ ਪੁੱਛਦੇ ਆ। ਪਹਿਲੀ ਗੱਲ ਤਾਂ ਇਹ ਆ ਕਿ ਮੈਂ
ਆਪਣੇ ਆਪ ਨੂੰ ਕਦੇ ਬੁੱਢਾ ਸਮਝਿਆ ਈ ਨੀ। ਰਹੀ ਗੱਲ ਪੱਟਣ ਦੀ। ਪੱਟਣਾ ਪੁਟਣਾ ਮੈਂ ਹੁਣ
ਕੀਹਨੂੰ ਐਂ? ਜਦੋਂ ਤਕ ਸਾਹ ਐ, ਦੌੜਦੇ ਰਹਿਣ ਦੀ ਇੱਛਾ ਹੈ। ਅਮਰੀਕਾ ਦੀਆਂ ਛੱਲੀਆਂ ਬਹੁਤ
ਸੁਆਦ ਹੁੰਦੀਆਂ। ਮੈਂ ਉਹ ਛੱਲੀਆਂ ਬੜੇ ਚਾਅ ਨਾਲ ਚੂੰਡਦਾਂ। ਉਮਰ ਦੀਆਂ ਛੱਲੀਆਂ ਵੀ ਇੰਜ
ਸੁਆਦ ਨਾਲ ਚੂੰਡਦਾ ਹੋਇਆ ਹੰਢਾਉਣ ਦਾ ਚਾਹਵਾਨ ਆਂ। ਰੱਬ ਮੇਰੇ ਉਤੇ ਦਿਆਲ ਐ। ਅੱਜ ਮੈਨੂੰ
ਜੋ ਹਾਸਲ ਹੋ ਰਿਹੈ ਸਭ ਉਹਦੀ ਮਿਹਰ ਐ। ਮੇਰੀ ਔਕਾਤ ਈ ਕੀ ਸੀ? ਐਹੋ ਜੇ ਸੋਹਣੇ ਕਪੜੇ ਮੈਨੂੰ
ਮੇਰੇ ਵਿਆਹ ਵੇਲੇ ਵੀ ਨਾ ਸੀ ਜੁੜੇ। ਪਿੰਡ ‘ਚ ਕਦੇ ਚੱਜ ਦੀ ਪੱਗ ਨੀ ਸੀ ਜੁੜੀ। ਬੱਸ ਉਪਰ
ਵਾਲੇ ਦੀਆਂ ਮਿਹਰਾਂ ਨੇ। ਵੈਸੇ ਕਈ ਵਾਰ ਮਹਿੰਗੇ ਸਟੋਰਾਂ ਉਤੇ ਜਾ ਕੇ ਕਪੜੇ ਵੇਖਣ ਨਾਲ
ਹਾਲਤ ਹਾਸੋਹੀਣੀ ਵੀ ਹੋ ਜਾਂਦੀ ਐ। ਇਕ ਵਾਰ ਇਕ ਸੱਜਣ ਮੈਨੂੰ ਤੋਹਫ਼ਾ ਦੇਣ ਲਈ ਵੱਡੇ ਸਟੋਰ
‘ਚ ਲੈ ਗਿਆ। ਓਥੇ ਜਿਹੜੀ ਜੈਕਟ ਪਸੰਦ ਕੀਤੀ ਉਹਦਾ ਮੁੱਲ ਸੀ ਚੌਦਾਂ ਸੌ ਡਾਲਰ। ਭਾਅ ਸੁਣ ਕੇ
ਉਸ ਸੱਜਣ ਦੀ ਹਾਲਤ ‘ਮੁੰਡਾ ਹੱਟੀਓਂ ਖਿਸਕਦਾ ਜਾਵੇ ਕੁੜਤੀ ਦਾ ਮੁੱਲ ਸੁਣ ਕੇ’ ਵਰਗੀ ਹੋ
ਗਈ!”
ਸਾਡੇ ਪਿੰਡ ਆਉਣ ਸਮੇਂ ਮੈਂ ਪੁੱਛਿਆ ਸੀ, “ਇਸ ਉਮਰ ‘ਚ ਕੀ ਚੰਗਾ ਲੱਗਦੈ?”
ਜਵਾਬ ਮਿਲਿਆ, “ਬੱਚੇ। ਬੱਚੇ ਰੱਬ ਦਾ ਰੂਪ ਹੁੰਦੇ ਨੇ। ਜਦੋਂ ਮੈਨੂੰ ਸਕੂਲਾਂ ‘ਚ ਜਾਣ ਦਾ
ਮੌਕਾ ਮਿਲਦੈ ਤਾਂ ਬੱਚਿਆਂ ਨੂੰ ਦੇਖ ਕੇ ਮੇਰੀ ਰੂਹ ਖਿੜ ਜਾਂਦੀ ਐ। ਉਹਨਾਂ ਦੀ ਸੰਗਤ ਮੈਨੂੰ
ਖ਼ੁਸ਼ੀ ਬਖ਼ਸ਼ਦੀ ਐ। ਮੈਂ ਆਪ ਤਾਂ ਸਕੂਲ ਕਾਲਜ ਗਿਆ ਨੀ, ਪਰ ਕਿੰਨੇ ਚੰਗੇ ਭਾਗ ਆ ਮੇਰੇ ਕਿ
ਹੁਣ ਸਕੂਲਾਂ ‘ਚ ਜਾਣ ਦਾ ਮੌਕਾ ਮਿਲ ਰਿਹੈ। ਮੇਰੇ ਦਿਲ ‘ਚ ਬੱਚਿਆਂ ਵਰਗੀ ਖ਼ੁਸ਼ੀ ਫੁੱਟਦੀ
ਰਹਿੰਦੀ ਆ। ਬੱਚਿਆਂ ਵਾਂਗ ਮੈਂ ਵੀ ਲੋਭ-ਲਾਲਚ ਤੋਂ ਪਰੇ ਆਂ। ਤਾਂਹੀਓਂ ਉਹ ਮੈਨੂੰ ਭਾਉਂਦੇ
ਆ। ਮੈਂ ਨਵੀਆਂ ਜੰਮੀਆਂ ਬੱਚੀਆਂ ਲਈ ਚੈਰਿਟੀ ਦੌੜਾਂ ਦੌੜਦਾਂ। ਮੇਰਾ ਸੁਭਾਗ ਐ ਕਿ ਬੁੱਢੀ
ਉਮਰ ਦਾ ਆਦਮੀ ਨਿੱਕੀ ਉਮਰ ਵਾਲਿਆਂ ਲਈ ਦੌੜਦੈ। ਵੈਸੇ ਮੈਂ ਬੁੱਢਾ ਨਹੀਂ, ਲੋਕਾਂ ਨੂੰ ਐਵੇਂ
ਵਹਿਮ ਈ ਐਂ। ਧੁਰ ਅੰਦਰੋਂ ਤਾਂ ਮੈਂ ਬੱਚਾ ਈ ਆਂ!”
“ਜੀਵਨ ਜਿਥੇ ਲੈ ਆਇਆ, ਉਸ ਮੁਕਾਮ ‘ਤੇ ਕੀ ਮਹਿਸੂਸ ਕਰਦੇ ਓ?”
“ਰੱਬ ਦਾ ਸ਼ੁਕਰ ਐ। ਕਦੇ ਚਿੱਤ ਚੇਤੇ ਵੀ ਨਾ ਸੀ ਕਿ ਉਹ ਐਨੀਆਂ ਰਹਿਮਤਾਂ ਦੀ ਬਰਖਾ ਕਰੇਗਾ।
ਜਦੋਂ ਮੈਂ ਸਦਮੇ ‘ਚੋਂ ਗੁਜ਼ਰ ਰਿਹਾ ਸੀ ਉਹਨੇ ਮੇਰੇ ਅੰਦਰ ਦੌੜਨ ਦੀ ਚੁਆਤੀ ਲਾਈ ਤੇ ਆਪਣੀ
ਬੁੱਕਲ ‘ਚ ਸਮੋ ਲਿਆ। ਮੈਂ ਕੌਣ ਆਂ ਦੌੜਨ ਵਾਲਾ? ਹਾਂ, ਇਕ ਗੱਲ ਪੱਕੀ ਐ ਕਿ ਮੈਂ ਕਦੇ ਲਾਲਚ
ਲਈ ਨੀ ਦੌੜਿਆ। ਜੋ ਪੈਸਾ ਧੇਲਾ ਦੌੜਾਂ ‘ਚੋਂ ਮਿਲਿਆ, ਉਹ ਚੈਰਿਟੀ ਦੇ ਕੰਮਾਂ ਨੂੰ ਦਾਨ ਦੇ
ਦਿੱਤਾ। ਸੋਚਦਾਂ ਖੌਰੇ ਕਦੇ ਕਿਸੇ ਗ਼ਰੀਬ ਦਾ ਭਲਾ ਕੀਤਾ ਹੋਊ ਜੀਹਦੀਆਂ ਅਸੀਸਾਂ ਨਾਲ ਦੌੜੀ
ਜਾ ਰਿਹਾਂ।”
“ਕਦੇ ਤੰਗਦਿਲ ਲੋਕਾਂ ਨਾਲ ਵੀ ਵਾਹ ਪਿਆ?”
“ਇਹ ਭਾਈ ਸਾਰੀਆਂ ਥਾਵਾਂ ਉਤੇ ਈ ਮਿਲਦੇ ਆ। ਇਹਨਾਂ ਪਿੱਛੇ ਲੱਗ ਕੇ ਕੋਈ ਕੰਮ ਪੂਰਾ ਨੀ
ਕੀਤਾ ਜਾ ਸਕਦਾ। ਮੈਂ ‘ਸਿੱਖਜ਼ ਇਨ ਸਿਟੀ’ ਵਿਚਲੇ ਆਪਣੇ ਸਾਥੀਆਂ ਨੂੰ ਆਮ ਈ ਆਖਦਾਂ ਕਿ
ਮਿਹਨਤ ਕਰਨ ਵਾਲੇ ਦੇ ਦਿਲ ਦੀ ਹਾਲਤ ਵਿਹਲੜ ਨੀ ਸਮਝ ਸਕਦੇ। ਇਸ ਕਰਕੇ ਉਲਟੀਆਂ ਸਿੱਧੀਆਂ
ਗੱਲਾਂ ਕਰਨ ਵਾਲਿਆਂ ਵੱਲ ਧਿਆਨ ਈ ਨਾ ਦਿਓ। ਜੇ ਕੁਝ ਆਖੋਗੇ ਤਾਂ ਇਹ ਭੱਦਰ ਪੁਰਸ਼ ਔਖੇ
ਹੋਣਗੇ। ਔਖੇ ਤਾਂ ਇਹ ਪਹਿਲਾਂ ਹੀ ਹਨ। ਇਹਨਾਂ ਬਾਰੇ ਤਾਂ ਏਹੋ ਆਖਿਆ ਜਾ ਸਕਦੈ ‘ਜੇ ਨਾ
ਬੋਲਾਂ ਤਾਂ ਕਹਿੰਦੇ ਨੇ ਲੜੀ ਹੋਈ ਏ, ਜੇ ਕੁਝ ਬੋਲਾਂ ਤਾਂ ਕਹਿੰਦੇ ਨੇ ਰਲੀ ਹੋਈ ਏ!’ ਇਕ
ਵਾਰ ਸੱਸੀ ਦੇ ਕਮੀਜ਼ ਨੂੰ ਵੇਖ ਕੇ ਇਕ ਮਨਚਲਾ ਆਖਣ ਲੱਗਾ ਕਿ ਕਮੀਜ਼ ਕਿੰਨਾ ਭਾਗਾਂ ਵਾਲਾ
ਹੈ ਜੀਹਨੂੰ ਸੱਸੀ ਨਿੱਤ ਪ੍ਰੇਮ ਨਾਲ ਗਲੇ ਲਾਉਂਦੀ ਹੈ। ਆਖਦੇ ਹਨ ਕਿ ਕਮੀਜ਼ ਨੇ ਜਵਾਬ
ਦਿੱਤਾ, ਜੇਕਰ ਤੂੰ ਵੀ ਮੇਰੇ ਵਾਂਗ ਪਹਿਲਾਂ ਬੀਜ ਬਣ ਕੇ ਮਿੱਟੀ ਵਿਚ ਮਿਲਣ, ਡਾਲੀਓਂ
ਟੁੱਟਣ, ਪੇਂਜੇ ਦੀਆਂ ਤੁਣਕਾਂ ਸਹਿਣ ਤੇ ਹੋਰ ਜੱਫਰਾਂ ਵਿਚੋਂ ਦੀ ਲੰਘਣ ਲਈ ਤਿਆਰ ਏਂ ਤਾਂ
ਸ਼ਰਤੀਆ ਸੱਸੀ ਤੈਨੂੰ ਵੀ ਗਲੇ ਲਾ ਸਕਦੀ ਹੈ। ਇਹ ਜਲਣ ਵਾਲੇ ਨਹੀਂ ਜਾਣਦੇ ਕਿ ਸਫਲਤਾ ਲਈ
ਕਿੰਨੇ ਜਫ਼ਰ ਜਾਲਣੇ ਪੈਂਦੇ ਨੇ। ਇਸ ਕਰਕੇ ਕਦੇ ਵੀ ਇਹਨਾਂ ਵੱਲ ਧਿਆਨ ਨਾ ਦਿਓ। ਬੱਸ
ਸ਼ੁਕਰ-ਸ਼ੁਕਰ ਕਰਦੇ ਆਪਣੀ ਚਾਲੇ ਤੁਰਦੇ ਜਾਓ। ਜੀਵਨ ਉਲਝਣ ਦਾ ਨਾਂ ਨਹੀਂ ਸਗੋਂ ਤੁਰਦੇ
ਰਹਿਣ ਦਾ ਨਾਂ ਹੈ। ਜੇ ਜੀਵਨ ਦੌੜ ਬਣ ਜਾਵੇ ਤਾਂ ਕਹਿਣੇ ਹੀ ਕੀ?”
“ਰੱਬ ਦਾ ਅਹਿਸਾਸ ਕਰਨ ਲਈ ਕੀ ਕੀਤਾ ਜਾਵੇ?”
“ਸੱਚ ਦੇ ਨੇੜੇ ਤੇੜੇ ਰਹੋ ਤੇ ਕਿਸੇ ਦਾ ਦਿਲ ਨਾ ਦੁਖਾਓ। ਜੇ ਕੋਈ ਤੁਹਾਡਾ ਦਿਲ ਦੁਖਾਵੇ
ਵੀ, ਆਖ ਦਿਓ ਭਾਈ ਤੂੰ ਸੱਚਾ ਤੇ ਮੈਂ ਝੂਠਾ। ਵਾਧੂ ਉਲਝੋ ਨਾ। ਜਦੋਂ ਗੱਲ ਬਹਿਸ ਵਿਚ ਪੈ
ਜਾਂਦੀ ਐ ਤਾਂ ਮਾਮਲਾ ਖਰਾਬ ਹੋ ਜਾਂਦੈ। ਰੱਬ ਬਹਿਸ ਵਿਚ ਨਹੀਂ, ਰਜ਼ਾਮੰਦੀ ਵਿਚ ਐ।”
“ਤੁਸੀਂ ਦੁਨੀਆ ਦੇਖੀ ਹੈ, ਸਭ ਤੋਂ ਚੰਗੀ ਥਾਂ ਕਿਹੜੀ ਹੈ।”
ਮੈਰਾਥਨ ਦਾ ਮਹਾਂਰਥੀ ਮੁਸਕਰਾਇਆ, “ਜਿਥੇ ਤੁਸੀਂ ਵਸਦੇ ਓ, ਓਹੀ ਥਾਂ ਸਭ ਤੋਂ ਚੰਗੀ ਐ।
ਗੁਰਦਾਸ ਮਾਨ ਦਾ ਗੀਤ ‘ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨੀ ਮੰਗੀਦਾ’ ਮੇਰਾ ਮਨਭਾਉਂਦਾ
ਗੀਤ ਐ। ਇਹ ਜੀਵਨ ਦਾ ਸੱਚ ਬਿਆਨਦੈ। ਵੈਸੇ ਬੱਚੇ ਨੂੰ ਉਹ ਥਾਂ ਚੰਗੀ ਲੱਗਦੀ ਐ ਜਿਥੇ ਉਹਦੇ
ਮਾਪੇ ਹੋਣ, ਬਾਲਗ ਨੂੰ ਉਹ ਥਾਂ ਚੰਗੀ ਲੱਗਦੀ ਐ ਜਿਥੇ ਉਹਨੂੰ ਰੁਜ਼ਗਾਰ ਮਿਲੇ ਤੇ ਪ੍ਰੇਮੀ
ਨੂੰ ਉਹ ਥਾਂ ਪਿਆਰੀ ਜਿਥੇ ਉਹਦਾ ਪਿਆਰਾ ਵੱਸਦਾ ਹੋਵੇ।”
“ਹੋਰ ਕਿੰਨੀ ਕੁ ਉਮਰ ਜਿਊਣ ਦਾ ਇਰਾਦੈ?”
ਬਾਬਾ ਖੇੜੇ ਵਿਚ ਸੀ, “ਦਿਲ ਹੋਣਾ ਚਾਹੀਦੈ ਜੁਆਨ ਉਮਰਾਂ ‘ਚ ਕੀ ਰੱਖਿਐ?”
-0-
|