ਹੰਡਿਆਇਆ ਬਾਜ਼ਾਰ ‘ਚ ਉਹ
ਮੈਨੂੰ ਅਚਾਨਕ ਦਿਸ ਪਈ ਸੀ। ਵੇਖ ਕੇ ਹੈਰਾਨੀ ਹੋਈ ਸੀ ਕਿ ਇਹ ਏਥੇ ਕਿਵੇਂ? ਕੀ ਇਹ ਬਰਨਾਲੇ
ਵਿਆਹੀ ਹੋਈ ਹੈ ਜਾਂ ਕਿਸੇ ਨੇੜਲੇ ਪਿੰਡ ‘ਚ?
ਪਹਿਲੀ ਵਾਰ ਵੇਖਿਆਂ ਭੁਲੇਖਾ ਪਿਆ ਸੀ ਕਿ ਸ਼ਾਇਦ ਇਹ ਉਹ ਕੁੜੀ ਨਹੀਂ ਹੈ। ਕੋਈ ਹੋਰ ਹੈ।
ਮੈਨੂੰ ਉਹਦੇ ਮੂੰਹ ਦਾ ਇੱਕ ਪਾਸਾ ਦਿਸਿਆ ਸੀ। ਪਰ ਜਦੋਂ ਉਹਨੇ ਸਬਜ਼ੀ ਵਾਲੀ ਰੇਹੜੀ ਤੋਂ ਇੱਕ
ਵਾਰ ਸੜਕ ਵੱਲ ਵੇਖਿਆ ਸੀ ਤਾਂ ਮੇਰੇ ਭੁਲੇਖੇ ਦੇ ਪੈਰ ਉਖੜ ਗਏ ਸਨ ਤੇ ਉਹ ਫੇਰ ਰੇਹੜੀ ‘ਤੇ
ਲੱਗੀ ਭਰਿੰਡੀਆਂ ਦੀ ਢੇਰੀ ‘ਚੋਂ ਕੱਚੀਆਂ ਭਰਿੰਡੀਆਂ ਛਾਂਟਣ ਲੱਗ ਪਈ ਸੀ। ਰੇਹੜੀ ਦੇ ਪਿਛਲੇ
ਪਾਸੇ ਖੜ੍ਹਾ ਕਾਲੇ ਰੰਗ ਦਾ ਭਈਆ ਉਹਦੀ ਨਿਗ੍ਹਾ ਤੋਂ ਤਿਲਕ-ਤਿਲਕ ਡਿਗਦੀਆਂ ਪੱਕੀਆਂ
ਭਰਿੰਡੀਆਂ ਦੀ ਕਿਸਮਤ ‘ਤੇ ਝੁਰਦਾ ਹੋਇਆ ਉਹਨੂੰ ਨੀਵੀਂ ਪਾਈ ਖੜ੍ਹੀ ਨੂੰ ਕੌੜ ਅੱਖ ਨਾਲ ਵੇਖ
ਰਿਹਾ ਸੀ।
ਕੁਝ ਚਿਰ ਪਹਿਲਾਂ ਮੈਨੂੰ ਘਰੇ ਫੋਨ ਆਇਆ ਸੀ। ਇੱਕ ਕਾਂਗਰਸੀ ਦੇ ਘਰੇ ਇੱਕ ਕਾਂਗਰਸੀ ਮੰਤਰੀ
ਨੇ ਆਉਣਾ ਸੀ ਪਰ ਜਦੋਂ ਮੈਂ ਸਬਜ਼ੀ ਮੰਡੀ ਕੋਲ ਆਇਆ ਸੀ ਤਾਂ ਦਰਸ਼ਨ ਸਿੰਘ ਗੁਰੂ ਨੇ ਮੈਨੂੰ
ਆਵਾਜ਼ ਮਾਰ ਲਈ। ਉਹ ਸਬਜ਼ੀ ਲੈ ਕੇ ਜਾਣ ਹੀ ਲੱਗਿਆ ਸੀ ਕਿ ਮੈਂ ਆ ਗਿਆ ਸੀ।
ਗੁਰੂ ਸਾਡੀ ਸਾਹਿਤ ਸਭਾ ਦਾ ਮੈਂਬਰ ਸੀ। ਉਹ ਕੋਈ ਆਪਣੀ ਅਖ਼ਬਾਰ ਵਿੱਚ ਛਪੀ ਕਹਾਣੀ ਬਾਰੇ
ਦੱਸਣ ਲੱਗਿਆ। ਪਰ ਮੇਰਾ ਧਿਆਨ ਭਰੇ ਭਾਂਡੇ ‘ਚੋਂ ਵਾਰ-ਵਾਰ ਪਾਣੀ ਵਾਂਗ ਬਾਹਰ ਛਲਕਦਾ। ਮੈਂ
ਗੁਰੂ ਵੱਲ ਮੂੰਹ ਕਰਕੇ ਉਹਨੂੰ ਸੁਣ ਵੀ ਰਿਹਾ ਸੀ। ਮੇਰੀ ਨਿਗ੍ਹਾ ਉਸ ਕੁੜੀ ਵੱਲ ਜਾਂਦੀ।
ਹੁੰਗਾਰਾ ਅਧਰੰਗਿਆ ਜਾਂਦਾ।
ਕੁੜੀ ਨੇ ਭਰਿੰਡੀਆਂ ਦੀ ਊਣੀ ਟੋਕਰੀ ਭਈਏ ਨੂੰ ਫੜਾਈ ਤੇ ਪੈਸੇ ਦੇ ਕੇ ਜਦੋਂ ਉਹ ਇੱਕ ਸਕੂਟਰ
ਵੱਲ ਆਈ ਤਾਂ ਮੈਂ ਵੇਖਿਆ, ਸਕੂਟਰ ਕੋਲ ਇੱਕ ਬੰਦਾ ਖੜ੍ਹਾ ਸੀ, ਜਿਸਦਾ ਚਿਹਰਾ ਤਣਿਆ ਹੋਇਆ
ਸੀ। ਉਹਦੀ ਪੈਂਟ ਦਾ ਰੰਗ ਹੋਰ, ਬੁਸ਼ਰਟ ਤੇ ਪੱਗ ਦਾ ਰੰਗ ਹੋਰ ਸੀ। ਦਾਹੜੀ ‘ਚੋਂ ਕੋਈ-ਕੋਈ
ਧੌਲਾ ਝਾਕ ਰਿਹਾ ਸੀ।
ਸਬਜ਼ੀ ਮੰਡੀ ਵਿੱਚ ਆਲੇ-ਦੁਆਲੇ ਹੋਰ ਵੀ ਰੇਹੜੀਆਂ ਲੱਗੀਆਂ ਹੋਈਆਂ ਸਨ। ਹਰ ਰੇਹੜੀ ‘ਤੇ
ਔਰਤਾਂ ਮਰਦ ਸਬਜ਼ੀ ਛਾਂਟ ਰਹੇ ਸਨ। ਮੈਨੂੰ ਹੈਰਾਨੀ ਹੋ ਰਹੀ ਸੀ ਕਿ ਉਹਦੇ ਵੱਲ ਕੋਈ ਵੀ ਨਹੀਂ
ਸੀ ਵੇਖ ਰਿਹਾ।
ਕੁੜੀ ਨੇ ਆਪ ਹੀ ਬਿਨਾਂ ਕੁੱਝ ਕਹੇ ਸਕੂਟਰ ਦੀ ਹੁੱਕ ‘ਚ ਭਰਿੰਡੀਆਂ ਵਾਲਾ ਲਿਫ਼ਾਫਾ ਟੁੰਗਿਆ
ਤੇ ਸਕੂਟਰ ਦੇ ਮਗਰਲੀ ਸੀਟ ‘ਤੇ ਬੈਠੇ ਚਾਰ ਕੁ ਸਾਲ ਦੇ ਮੁੰਡੇ ਨੂੰ ਗੋਦੀ ਚੁੱਕਿਆ ਤੇ
ਸਕੂਟਰ ਦੀ ਮਗਰਲੀ ਸੀਟ ‘ਤੇ ਬੈਠ ਗਈ।
ਉਹ ਪਹਿਲਾਂ ਨਾਲੋਂ ਕਾਫ਼ੀ ਪਤਲੀ ਹੋ ਗਈ ਸੀ। ਤੋਰ ਵਿੱਚ ਲਚਕ ਨਹੀਂ ਸੀ ਰਹੀ। ਅੱਖਾਂ ਦੇ
ਛੱਪਰਾਂ ਦਾ ਕਸਾਅ ਢਿੱਲਾ ਹੋ ਗਿਆ ਸੀ ਅਤੇ ਕੋਇਆਂ ਦੇ ਉਪਰ-ਥੱਲੇ ਸੁਆਹ ਰੰਗੇ ਘੇਰੇ ਪਤਾ
ਨਹੀਂ ਕਿਧਰੋਂ ਆ ਗਏ ਸਨ ਪਰ ਸੂਟ ਤੇ ਚੁੰਨੀ ਦਾ ਮਿਲਵਾਂ ਰੰਗ ਅਜੇ ਵੀ ਅੰਦਰਲੇ ਸ਼ਊਰ ਦੀ
ਹਾਮੀ ਭਰ ਰਿਹਾ ਸੀ। ਉਹਦੇ ਕੰਨਾਂ ‘ਚ ਹਲਕੇ ਟੌਪਸ ਪਾਏ ਹੋਏ ਸਨ। ਸੱਜੇ ਹੱਥ ਦੀ ਤੀਜੀ ਉਂਗਲ
‘ਚ ਨਿੱਕੀ ਜਿਹੀ ਸੋਨੇ ਦੀ ਛਾਪ ਸੀ।
ਉਹਦੇ ਪਤੀ ਨੇ ਸਕੂਟਰ ਤੋਰਿਆ। ਸੜਕ ‘ਤੇ ਨਿੱਕੇ-ਨਿੱਕੇ ਟੋਏ ਸਨ। ਸਕੂਟਰ ਬੁੜ੍ਹਕਿਆ ਤਾਂ
ਨਾਲ ਉਹਦੇ ਵਾਲਾਂ ‘ਤੇ ਲਾਈਆਂ ਹੋਈਆਂ ਸੂਈਆਂ ਵੀ ਹਿੱਲ ਰਹੀਆਂ ਸਨ। ਮੈਂ ਸੋਚਿਆ, ਕਿੱਥੇ ਗਏ
ਉਹ ਵਾਲ? ਜਿਹੜੇ ਇਕ-ਦੂਜੇ ਦੀ ਜੜ੍ਹ ‘ਚ ਕਦੇ ਜਿਦ-ਜਿਦ ਕੇ ਉਗੇ ਵਿਖਾਈ ਦਿੰਦੇ ਹੁੰਦੇ ਸਨ
ਅਤੇ ਚੁੰਨੀ ਦੇ ਹੇਠਾਂ ਵਿਛੇ ਹੋਏ ਵੀ ਉਫ਼ਣ-ਉਫ਼ਣ ਪੈਂਦੇ ਅਤੇ ਚੁੰਨੀ ਵਾਰ-ਵਾਰ ਤਿਲ੍ਹਕਦੀ
ਸੀ। ਤੁਰਨ ਵੇਲੇ ਪੰਜ-ਸੱਤ ਪੁਲਾਂਘਾਂ ਪੁੱਟਣ ਪਿੱਛੋਂ ਚੁੰਨੀ ਠੀਕ ਕਰਨੀ ਪੈਂਦੀ।
ਸਬਜ਼ੀ ਮੰਡੀ ਵਿੱਚ ਰੇਹੜੀ ਵਾਲਿਆਂ ਦੀਆਂ ਆਵਾਜ਼ਾਂ ਉਚੀਆਂ ਹੋ ਰਹੀਆਂ ਸਨ। ਸੂਰਜ ਘਸਮੈਲ਼ਾ ਹੋ
ਰਿਹਾ ਸੀ। ਗੁਰੂ ਨਾਲ ਹੱਥ ਮਿਲਾ ਕੇ ਮੈਂ ਮੰਤਰੀ ਦੁਆਲੇ ਬੈਠੇ ਪੱਤਰਕਾਰਾਂ ‘ਚ ਜਾ ਬੈਠਾ।
ਗੱਲਬਾਤ ਖ਼ਤਮ ਹੋਈ ਤਾਂ ਮੈਂ ਫੈਕਸ ਰਾਹੀਂ ਖ਼ਬਰ ਭੇਜ ਦਿੱਤੀ। ਆਉਣ ਵੇਲੇ ਮੇਰੇ ਮਨ ਦੇ
ਚਿਤਰਪਟ ਤੋਂ ਉਸ ਕੁੜੀ ਦੇ ਦੋਵੇਂ ਵਜੂਦ ਇਕ-ਦੂਜੇ ਨੂੰ ਮੋਢਾ ਮਾਰਦੇ ਵਾਰ-ਵਾਰ ਅੱਗੇ-ਪਿੱਛੇ
ਹੋ ਰਹੇ ਸਨ। ਘਰੇ ਆਉਣ ਤੱਕ ਮੈਂ ਸੋਚਦਾ ਰਿਹਾ ਕਿ ਸਮਾਂ ਆਪਣੇ ਨਾਲ ਦਰਖ਼ਤਾਂ ਦੇ ਪੱਤੇ,
ਧੂੜ, ਦਿਨ ਦੀ ਧੁੱਪ-ਛਾਂ ਅਤੇ ਲੋਕਾਂ ਦੀਆਂ ਗ਼ਮੀਆਂ-ਖੁਸ਼ੀਆਂ ਹੀ ਉਡਾ ਕੇ ਨਹੀਂ ਲਿਜਾਂਦਾ,
ਨਾਲ-ਨਾਲ ਰੰਗ-ਰੂਪ ਵੀ ਉਡਾ ਕੇ ਲੈ ਜਾਂਦਾ ਹੈ ਤੇ ਜ਼ਿੰਦਗੀ ਦੇ ਫਿੱਟੇ ਰੰਗਾਂ ਅਤੇ ਵਕਤ ਦੀ
ਮਾਰ ਹੇਠਾਂ ਆਏ ਧੁੰਦਲੇ ਨਕਸ਼ਾਂ ਕੋਲ ਬੀਤੇ ਸਮੇਂ ਦੀ ਉਦਾਸ ਗਵਾਹੀ ਦੇਣ ਤੋਂ ਬਿਨਾਂ ਕੋਈ
ਚਾਰਾ ਨਹੀਂ ਰਹਿੰਦਾ।
ਕੋਈ ਸਮਾਂ ਸੀ। ਇਹ ਕੁੜੀ ਤਪੇ ਕੁੜੀਆਂ ਵਾਲੇ ਸਕੂਲ ‘ਚ ਪੜ੍ਹਦੀ ਹੁੰਦੀ। ਸਕੂਲ ਰੋਡ ਦੇ
ਸਾਰੇ ਛੋਟੇ-ਵੱਡੇ ਦੁਕਾਨਦਾਰ ਉਹਨੂੰ ਆਉਂਦੀ-ਜਾਂਦੀ ਨੂੰ ਹਸਰਤ ਨਾਲ ਵੇਖਦੇ। ਅੱਠਵੀਂ ‘ਚ
ਪੜ੍ਹਦੀ ਉਹ ਹੋਰਾਂ ਕੁੜੀਆਂ ‘ਚੋਂ ਸਿਰ ਕੱਢਦੀ ਸੀ।
ਉਹ ਹਰ ਰੋਜ਼ ਤਪੇ ਪਿੰਡ ਵਾਲੇ ਪਾਸਿਓਂ ਆਉਂਦੀ। ਮੇਰੀ ਦੁਕਾਨ ਦੇ ਸਾਹਮਣੇ ਤੇ ਪਵਨੇ
ਬਿਸਕੁਟਾਂ ਵਾਲੇ ਦੀ ਦੁਕਾਨ ਦੇ ਉਰਲੇ ਪਾਸੇ ਇੱਕ ਲੱਕੜ ਦਾ ਵੱਡਾ ਸਟੂਲ ਡਾਹਿਆ ਹੁੰਦਾ।
ਪਵਨੇ ਦੀ ਭੱਠੀ ਅਜੇ ਤਪ ਰਹੀ ਹੁੰਦੀ। ਬਿਸਕੁਟ ਬਣਵਾਉਣ ਵਾਲੇ ਪਿੰਡਾਂ ਦੇ ਗਾਹਕ ਅਜੇ ਰਾਹਾਂ
‘ਚ ਹੁੰਦੇ। ਉਸ ਤੋਂ ਪਹਿਲਾਂ ਖਾਲੀ ਪਏ ਸਟੂਲ ‘ਤੇ ਆਲੇ-ਦੁਆਲੇ ਦੀਆਂ ਗਲੀਆਂ ਦੇ ਵਿਹਲੜ ਜਾਂ
ਵਿਆਜੜੀਏ ਆ ਬਹਿੰਦੇ। ਉਨ੍ਹਾਂ ‘ਚੋਂ ਕਈ ਪਵਨੇ ਦੀ ਹੱਟ ਤੋਂ ਚੁੱਕ ਕੇ ਅਖ਼ਬਾਰ ਪੜ੍ਹੀ
ਜਾਂਦੇ। ਬਹੁਤੇ ਗੱਲਾਂ ਮਾਰਦੇ ਅਤੇ ਬੱਸ ਅੱਡੇ ‘ਤੇ ਜਾਣ ਵਾਲੀਆਂ ਔਰਤਾਂ ਤੇ ਕੁੜੀਆਂ ਨੂੰ
ਤਾੜਦੇ। ਉਨ੍ਹਾਂ ਦੇ ਰੇਸ਼ਮੀ ਸੂਟ ਤੇ ਸਾੜ੍ਹੀਆਂ ਪਾਈਆਂ ਹੁੰਦੀਆਂ। ਉਨ੍ਹਾਂ ਦੀ ਨਿਗ੍ਹਾ ਦੂਰ
ਤੱਕ ਰੰਗਾਂ ਦਾ ਪਿੱਛਾ ਕਰਦੀ। ਜਦੋਂ ਰਾਹ ਖਾਲੀ ਹੁੰਦਾ, ਉਹ ਆਲੇ-ਦੁਆਲੇ ਦੀਆਂ ਗਲੀਆਂ ‘ਚ
ਵਾਪਰੀ ਕਿਸੇ ਗੱਲ ਦੀ ਜੁਗਾਲੀ ਕਰਦੇ।
ਜਦੋਂ ਉਹ ਅਚਾਨਕ ਚੁੱਪ ਕਰਦੇ। ਉਨ੍ਹਾਂ ਦੀ ਨਿਗ੍ਹਾ ਟਰੱਕ ਯੂਨੀਅਨ ਵਾਲੇ ਪਾਸੇ ਜਾਂਦੀ। ਮੈਂ
ਸਮਝ ਜਾਂਦਾ ਸੀ ਕਿ ਉਹ ਆ ਰਹੀ ਹੋਵੇਗੀ। ਮੈਂ ਕਾਰੀਗਰਾਂ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਲਈ
ਕੱਪੜੇ ਕਟਦਾ-ਕਟਦਾ ਸਾਹਮਣੇ ਕੰਧ ‘ਤੇ ਲੱਗੇ ਟਾਈਮ-ਪੀਸ ਵੱਲ ਵੇਖਦਾ। ਨੌਂ ਵੱਜਣ ਵਿੱਚ
ਪੰਜ-ਸੱਤ ਮਿੰਟ ਰਹਿੰਦੇ ਹੁੰਦੇ। ਮੈਂ ਸੋਚਦਾ, ਕਦੇ ਤਾਂ ਇਹ ਪਛੜ ਕੇ ਆਵੇ। ਲਗਦਾ ਜਿਵੇਂ ਘਰ
ਤੋਂ ਸਕੂਲ ਤੱਕ ਦੀ ਦੂਰੀ ਨਾਪ ਰੱਖੀ ਹੋਵੇ।
ਉਹਦੇ ਨਾਲ ਬਾਣੀਆਂ ਦੀ ਇੱਕ ਕੁੜੀ ਹੁੰਦੀ। ਮਧਰੀ, ਭਾਰੀ ਤੇ ਕਾਲੀ। ਉਹ ਉਹਦੇ ਨਾਲ ਕਾਹਲੇ
ਕਦਮੀਂ ਤੁਰਦੀ ਤਾਂ ਅੱਖਾਂ ਬਾਹਰ ਨਿਕਲ-ਨਿਕਲ ਪੈਂਦੀਆਂ ਅਤੇ ਉਹ ਵਾਰ-ਵਾਰ ਅੱਖਾਂ ਨੂੰ
ਝਪਕਦੀ-ਝਪਕਦੀ ਤੁਰੀ ਆਉਂਦੀ। ਦੋ-ਚਾਰ ਕਦਮ ਪਿੱਛੇ ਰਹਿੰਦੀ ਤਾਂ ਆਪਣੀ ਪਾਟਵੀਂ ਆਵਾਜ਼ ‘ਚ
ਉਹਤੋਂ ਕੋਈ ਗੱਲ ਪੁਛਦੀ। ਉਹ ਮੂੰਹ ਭੰਵਾ ਕੇ ਹੌਲੀ ਜਿਹੀ ਜਵਾਬ ਦਿੰਦੀ ਅਤੇ ਮਗਰ ਆਉਂਦੀ
ਕੁੜੀ ਨਾਲ ਰਲ਼ ਜਾਂਦੀ।
ਸਕੂਲ ਦੀਆਂ ਬਹੁਤੀਆਂ ਕੁੜੀਆਂ ਛੁੱਟੀ ਹੋਣ ਪਿੱਛੋਂ ਬਾਜ਼ਾਰ ਗੇੜੇ ਮਾਰਦੀਆਂ। ਹੱਟਾਂ ‘ਤੇ
ਸਾਮਾਨ ਲੈਣ ਆਉਂਦੀਆਂ ਤੇ ਵਾਰ-ਵਾਰ ਲਈਆਂ ਹੋਈਆਂ ਚੀਜ਼ਾਂ ਮੋੜਨ ਦੇ ਬਹਾਨੇ ਘਰ ਦੀ
ਚਾਰ-ਦੀਵਾਰੀ ‘ਚੋਂ ਬਾਹਰ ਆ ਕੇ ਵੇਖਦੀਆਂ ਕਿ ਉਨ੍ਹਾਂ ਵੱਲ ਕੌਣ-ਕੌਣ ਵੇਖਦਾ ਹੈ। ਉਹ
ਇਕ-ਦੂਜੀ ਨਾਲ ਗੱਲਾਂ ਵੀ ਕਰੀ ਜਾਂਦੀਆਂ ਤੇ ਤਿਰਛੀਆਂ ਅੱਖਾਂ ਨਾਲ ਆਲੇ-ਦੁਆਲੇ ਦਾ ਝੁਕਾਅ
ਵੀ ਜਜ਼ਬ ਕਰਦੀਆਂ। ਉਨ੍ਹਾਂ ਦੇ ਬੈਲਬਾਟਮਾਂ ਪਾਈਆਂ ਹੁੰਦੀਆਂ ਤੇ ਫੈਸ਼ਨ ਦੀ ਸਿਖ਼ਰ ਤੇ ਪੈਰ
ਲਾਈ ਖੜ੍ਹੇ ਪਤਲੇ ਤੇ ਰੇਸ਼ਮੀ ਸੂਟ ਵੀ ਪਾਏ ਹੁੰਦੇ। ਉੱਚੀ ਅੱਡੀ ਦੇ ਸੈਂਡਲ ਵੀ ਪਾਉਂਦੀਆਂ।
ਹਲਕਾ-ਹਲਕਾ ਮੇਕਅੱਪ ਵੀ ਕੀਤਾ ਹੁੰਦਾ। ਹਰ ਮੰਗਲਵਾਰ ਵਾਲੇ ਦਿਨ ਬਾਬਾ ਮੱਠ ਮੱਥਾ ਟੇਕਣ ਜਾਣ
ਵੇਲੇ ਉਨ੍ਹਾਂ ਦਾ ਨਿਖ਼ਾਰ ਹੋਰ ਵੀ ਜਰਬ ਖਾਂਦਾ। … ਪਰ ਉਹ ਕੁੜੀ ਕਦੇ ਬਹੁਤਾ ਬਾਜ਼ਾਰ ਨਹੀਂ
ਸੀ ਆਉਂਦੀ। ਕਦੇ-ਕਦੇ ਆਪਣੀ ਮਾਂ ਨਾਲ ਆਉਂਦੀ। ਸਾਧਾਰਨ ਫੁੱਲਾਂ ਵਾਲੇ ਸੂਤੀ ਕੱਪੜੇ ਵੀ
ਉਹਦੇ ਫ਼ਬਦੇ। ਪਤਾ ਨਹੀਂ ਸੀ ਇਹ ਸੂਟ ਕਿਸਦੇ ਸਿਉਂਤੇ ਹੁੰਦੇ। ਕਿਸੇ ਪਾਸੇ ਵੀ ਕੱਪੜਾ ਲਟਕਦਾ
ਦਿਖਾਈ ਨਾ ਦਿੰਦਾ। ਉਹਦੀ ਦਿੱਖ ਅਤੇ ਕੱਪੜੇ ‘ਚ ਦਿਸਦੀ ਇਕਸੁਰਤਾ ਵੇਖਣ ਵਾਲੇ ਦਾ ਧਿਆਨ
ਖਿਚਦੀ। ਕਈ ਵਾਰ ਮਗਰ ਤੁਰਦੇ ਆਉਂਦੇ ਮੁੰਡੇ ਜਾਂ ਅਧਖੜ੍ਹ ਕਾਹਲੇ ਕਦਮੀਂ ਹੋ ਕੇ ਕੋਲ ਦੀ
ਲੰਘਦੇ। ਅਗਾਂਹ ਜਾ ਕੇ ਇੱਕ ਵਾਰ ਪਿੱਛੇ ਮੁੜ ਕੇ ਵੇਖਦੇ। ਕੋਈ ਸਾਈਕਲ ‘ਤੇ ਲੰਘਦਾ। ਪਹਿਲਾਂ
ਕਿਸੇ ਦੁਕਾਨ ਵੱਲ ਨਿਗ੍ਹਾ ਮਾਰਦਾ ਅਤੇ ਫਿਰ ਮੂੰਹ ਭੰਵਾ ਕੇ ਹੱਥ ‘ਚ ਡੋਲਿਆ ਹੋਇਆ ਹੈਂਡਲ
ਸਿੱਧਾ ਕਰਦਾ।
ਸਮੇਂ ਨਾਲ ਉਹਦੀਆਂ ਕਲਾਸਾਂ ਵਧ ਰਹੀਆਂ ਸਨ। ਅੱਖਾਂ ਦਾ ਤੇਜ਼, ਰੰਗ ਰੂਪ ਅਤੇ ਆਲੇ-ਦੁਆਲੇ ਦਾ
ਝੁਕਾਅ ਵੀ। ਸੜਕ ‘ਤੇ ਤੁਰਦਿਆਂ-ਤੁਰਦਿਆਂ ਉਹ ਬਹੁਤੀ ਨੀਵੀਂ ਨਹੀਂ ਸੀ ਪਾਉਂਦੀ ਅਤੇ ਨਾ ਹੀ
ਬਹੁਤੀਆਂ ਖੁੱਲ੍ਹੀਆਂ ਅੱਖਾਂ ਨਾਲ ਆਲੇ-ਦੁਆਲੇ ਦੇਖਦੀ। ਤੁਰਦੀ-ਤੁਰਦੀ ਕਦੇ-ਕਦੇ ਲੰਬੀ
ਨਿਗ੍ਹਾ ਮਾਰਦੀ। ਸਾਡੇ ਬਾਜ਼ਾਰ ਦੇ ਸਿਰੇ ਤੱਕ ਰਾਹ ਵਿੱਚ ਮੰਦਰ ਤੇ ਗੁਰਦੁਆਰਾ ਵੀ ਆਉਂਦੇ
ਸਨ। ਲਗਦਾ ਜਿਵੇਂ ਉਹ ਦੋਵਾਂ ਤੋਂ ਅਗਾਂਹ ਤੱਕ ਵੀ ਵੇਖਦੀ ਹੋਵੇ।
ਉਹਨੂੰ ਪੜ੍ਹਨ ਆਉਂਦੀ ਅਤੇ ਕਦੇ-ਕਦਾਈਂ ਬਾਜ਼ਾਰ ਆਈ ਨੂੰ ਹੱਟਾਂ ‘ਚ ਸੌਦਾ ਤੋਲ ਰਹੇ ਜਾਂ
ਗਾਹਕਾਂ ਨੂੰ ਉਡੀਕਦੇ ਦੁਕਾਨਦਾਰ ਚੋਰ-ਅੱਖ ਨਾਲ ਵੇਖਦੇ ਅਤੇ ਸਿੱਧਾ ਵੀ। ਦੁਕਾਨਦਾਰਾਂ ਦਾ
ਇਸ ਤਰ੍ਹਾਂ ਵੇਖਣਾ ਆਪਣੇ-ਆਪਣੇ ਗਾਹਕਾਂ ਦੀ ਪਛਾਣ ਕਰਕੇ ਆਵਾਜ਼ ਮਾਰਨ ਦੀ ਆੜ ‘ਚ ਲੁਕ ਜਾਂਦਾ
ਪਰ ਉਨ੍ਹਾਂ ਨੇ ਜਦੋਂ ਸਾਡੇ ਬਾਜ਼ਾਰ ‘ਚੋਂ ਸਾਮਾਨ ਲੈਣਾ ਹੁੰਦਾ, ਉਹ ਇਕੋ ਬਸਾਤੀ ਵਾਲੀ
ਦੁਕਾਨ ‘ਤੇ ਆਉਂਦੀ। ਆਲਾ-ਦੁਆਲਾ ਵੇਖਦਾ ਤਾਂ ਉਹਦੇ ‘ਤੇ ਅਸਰ ਹੀ ਨਾ ਹੋਵੇ। ਪੱਥਰ ‘ਤੇ
ਪਾਣੀ ਪਈ ਜਾਂਦਾ। ਤਿਲ੍ਹਕੀ ਜਾਂਦਾ। ਸੁੱਕੀ ਜਾਂਦਾ।
ਸਕੂਲੋਂ ਛੁੱਟੀ ਹੁੰਦੀ। ਕੁੜੀਆਂ ਦਾ ਰੌਲਾ ਇਕਦਮ ਉਚਾ ਹੁੰਦਾ, ਜਿਵੇਂ ਉਹ ਦਿਨ ਭਰ ਦੀ
ਜੇਲ੍ਹ ਕੱਟ ਕੇ ਆਈਆਂ ਹੋਣ। ਕਿਸੇ ਜੇਲ੍ਹ ਦਾ ਜਿੰਦਰਾ ਖੁੱਲ੍ਹਿਆ ਹੋਵੇ ਤੇ ਜਿਸ ਕਿਸੇ ਨੇ
ਮਾਸਟਰ ਨੂੰ ਉਲੂ ਬਣਾ ਕੇ ਨਾ ਕੰਮ ਕਰਨ ਦਾ ਬਹਾਨਾ ਲਾਇਆ ਹੁੰਦਾ, ਕਿਸੇ ਦੇ ਕੁੱਟ ਪਈ
ਹੁੰਦੀ, ਉਹਨੂੰ ਵੇਖ ਕੇ ਹੋਰ ਕੁੜੀਆਂ ਉਚੀ-ਉਚੀ ਹਸਦੀਆਂ। ਅੱਗੋਂ ਖਿਝੀ ਕੁੜੀ ਖਿਝਾਉਣ ਵਾਲੀ
ਕੁੜੀ ਦੇ ਧੌਲ-ਧੱਫ਼ਾ ਵੀ ਕਰਦੀ। ਬਚਣ ਲਈ ਕੁੜੀਆਂ ਇਕ-ਦੂਜੀ ਵਿੱਚ ਵੀ ਵਜਦੀਆਂ। ਗਲੀ
ਖੁੱਲ੍ਹੀ ਹੋ ਕੇ ਵੀ ਸੁੰਗੜੀ ਲਗਦੀ। ਉਨ੍ਹਾਂ ਨੂੰ ਖ਼ਿਆਲ ਨਾ ਰਹਿੰਦਾ ਕਿ ਉਨ੍ਹਾਂ ਦੇ
ਬੋਲ-ਕੁਬੋਲ ਕਿੱਥੋਂ ਤੱਕ ਸੁਣ ਰਹੇ ਨੇ। ਸਕੂਲ ਦੇ ਬਾਰ ਤੋਂ ਲੈ ਕੇ ਹਰੇ ਰੰਗ ਦੇ ਜੰਪਰਾਂ
ਅਤੇ ਚਿੱਟੀਆਂ ਸਲਵਾਰਾਂ ਦੇ ਰਲੇ ਰੰਗਾਂ ਦਾ ਪ੍ਰਵਾਹ ਚੌਕ ਤੱਕ ਆਉਂਦਾ। ਹਰੀ ਰਾਮ ਦੀ ਦੁਕਾਨ
ਕੋਲ ਆ ਕੇ ਉਹ ਕੁੱਝ ਸੰਭਲਦੀਆਂ ਪਰ ਨਿਆਣ-ਮੱਤ ਉਸੇ ਤਰ੍ਹਾਂ ਖਹਿਬੜਦੀ ਆਉਂਦੀ।
ਇਕ ਦਿਨ ਛੁੱਟੀ ਹੋਈ ਤਾਂ ਮੇਰੀ ਦੁਕਾਨ ਦਾ ਰਵੀ ਕਾਨ੍ਹਪੁਰੀਆ ਕਾਰੀਗਰ ਰਵੀ ਮੇਰੇ ਕੋਲ ਕੰਮ
ਕਰਦੇ ਬਜ਼ੁਰਗ ਕਾਰੀਗਰ ਵਿਵੇਕ ਨੂੰ ਕਹਿੰਦਾ, ‘ਤਾਊ! ਸਕੂਲ ਮੇਂ ਛੁੱਟੀ ਹੋ ਗਈ ਹੈ। ਔਰ
ਚਿੜੀਆਂ ਚਿਰ-ਚਿਰ ਕਰਤੀ ਆ ਰਹੀ ਹੈਂ।’ ਫੇਰ ਉਹਨੇ ਮੇਰੇ ਵੱਲ ਨਿਗ੍ਹਾ ਕਰਕੇ ਚੌਂਤਰਿਆਂ ‘ਤੇ
ਖੜ੍ਹੇ ਕੁੜੀਆਂ ਤਕਾਉਣ ਆਏ ਮੁੰਡਿਆਂ ਵੱਲ ਮੂੰਹ ਕਰਦਿਆਂ ਕਿਹਾ, ‘ਯੇ ਸਾਲੇ ਚਿੜੀਓਂ ਕੋ
ਦਾਨਾ ਡਾਲਨੇ ਆਏ ਹੈਂ। ਦਾਨਾ ਐਸੇ ਥੋੜ੍ਹਾ ਡਲਤਾ ਹੈ?’
‘ਔਰ ਕੈਸੇ ਡਲਤਾ ਹੈ?’ ਵਿਵੇਕ ਨੇ ਗੁੱਸੇ ਹੋ ਕੇ ਕਿਹਾ। ਵਿਵੇਕ ਦੇ ਆਪਣੇ ਦੋ ਲੜਕੀਆਂ ਸਨ।
ਉਹਨੂੰ ਕਦੇ ਵੀ ਕਿਸੇ ਕੁੜੀ ਬਾਰੇ ਕੱਚੀ-ਪਿੱਲੀ ਗੱਲ ਸੁਣਨੀ ਜਾਂ ਕਰਨੀ ਚੰਗੀ ਨਹੀਂ ਸੀ
ਲਗਦੀ। ਪਰ ਰਵੀ ਉਹਦੀ ਰਮਜ਼ ਨਹੀਂ ਸੀ ਸਮਝਿਆ, ਸਗੋਂ ਆਪਣੇ ਘਸਮੈਲ਼ੇ ਦੰਦ ਕੱਢਦਾ ਹੋਇਆ
ਬੋਲਿਆ, ‘ਤਾਊ, ਯੇ ਕਭੀ ਆਪ ਕੋ ਫਿਰ ਬਤਾਏਂਗੇ ਕਿ ਦਾਨਾ ਕੈਸੇ ਡਲਤਾ ਹੈ। ਅਭੀ ਤੁਮ ਬੱਚੇ
ਹੋ। ਵਿਗੜ ਜਾਓਗੇ। ਹਮਾਰੀ ਤਾਈ ਕੋ ਪਤਾ ਚਲ ਗਿਆ ਤੋ ਹਮਾਰਾ ਜੀਨਾ ਹਰਾਮ ਕਰ ਦੇਗੀ।’
ਅਖ਼ੀਰਲੀਆਂ ਕੁੜੀਆਂ ਦੇ ਪੂਰ ‘ਚ ਉਹ ਆਉਂਦੀਆਂ। ਉਦੋਂ ਤੱਕ ਰੌਲੇ-ਰੱਪੇ ਦਾ ਲਗਭਗ ਸਾਹ ਘੁਟ
ਚੁੱਕਿਆ ਹੁੰਦਾ ਇਸੇ ਤਰ੍ਹਾਂ ਇੱਕ ਦਿਨ ਉਹ ਆ ਰਹੀਆਂ ਸਨ ਤਾਂ ਵੇਖ ਕੇ ਰਵੀ ਕਹਿੰਦਾ, ‘ਤਾਊ!
ਸੜਕ ਪੇ ਦੇਖੋ! ਪੌਣੇ ਬਾਰਾਂ ਵਜ ਗਏ ਹੈਂ। ਏਕ ਸੂਈ ਬਾਰਾਂ ਪੇ ਹੈ ਅਤੇ ਏਕ ਨੌਂ ਪੇ।’
ਬਾਣੀਆਂ ਦੀ ਕੁੜੀ ਉਹਦੇ ਮੋਢੇ ਤੱਕ ਮਸਾਂ ਆਉਂਦੀ ਸੀ। ਵਿਵੇਕ ਨੂੰ ਫੇਰ ਗੁੱਸਾ ਆਇਆ ਤਾਂ
ਉਹਨੇ ਤਿੱਖੀ ਨਿਗ੍ਹਾ ਨਾਲ ਉਹਦੇ ਵੱਲ ਵੇਖਿਆ। ਰਵੀ ਪੈਂਟ ਪ੍ਰੈਸ ਕਰਦਾ-ਕਰਦਾ ਨੀਵੀਂ ਪਾ
ਗਿਆ।
ਬਰਸਾਤਾਂ ਦੇ ਦਿਨ ਆਉਂਦੇ। ਚੌਕ ਤੋਂ ਲੈ ਕੇ ਸਕੂਲ ਤੱਕ ਪਾਣੀ ਖੜ੍ਹਦਾ। ਕਈ ਵਾਰ ਚੌਂਤਰਿਆਂ
‘ਤੇ ਵੀ ਪਾਣੀ ਫਿਰ ਜਾਂਦਾ। ਸ਼ਹਿਰ ਦਾ ਸੀਵਰੇਜ ਪੁਰਾਣਾ ਸੀ। ਹੌਲੀ-ਹੌਲੀ ਪਾਣੀ ਸੜਾਕਦਾ।
ਪਾਣੀ ਕਾਰਨ ਗਾਹਕ ਇਧਰ ਆਉਂਦਾ ਹੀ ਨਾ। ਦੁਕਾਨਦਾਰ ਥੜ੍ਹਿਆਂ ‘ਤੇ ਸਟੂਲ ਡਾਹ-ਡਾਹ ਕੇ ਬੈਠੇ
ਰਹਿੰਦੇ ਤੇ ਨਗਰ ਕੌਂਸਲ ਵਾਲਿਆਂ ਨੂੰ ਗਾਲ-ਦੁੱਪੜ ਕਰੀ ਜਾਂਦੇ। ਭਾਸ਼ਾ ਪੰਡਿਤ, ਜੀਹਦੀ
ਦੁਕਾਨ ਨੀਵੀਂ ਸੀ ਤੇ ਜਦੋਂ ਕੋਈ ਟਰੱਕ ਜਾਂ ਟਰੈਕਟਰ ਲੰਘਦਾ ਤਾਂ ਉਹਦੀ ਦੁਕਾਨ ‘ਚ ਪਾਣੀ ਦੀ
ਛੱਲ ਆਉਂਦੀ। ਭਾਵੇਂ ਉਸਨੇ ਅੰਦਰਲੇ ਫ਼ਰਸ਼ ਨਾਲੋਂ ਕਿਰਾਏ ‘ਤੇ ਲਈ ਦੁਕਾਨ ਦੀ ਦੇਹਲੀ ‘ਤੇ
ਪਾਣੀ ਦੀ ਮਾਰ ਤੋਂ ਬਚਾਅ ਕੀਤਾ ਹੋਇਆ ਸੀ ਪਰ ਫਿਰ ਵੀ ਖਿਝ ਕੇ ਕਹਿੰਦਾ, ‘ਸਾਲਾ ਮੀਂਹ
ਘੜੈਲੇ ਪੈਂਦੈ। ਪਾਣੀ ਏਥੇ ਆ ਖੜ੍ਹਦੈ। ਹਰ ਸਾਲ ਇਹ ਕੁੱਤਖਾਨਾ ਹੁੰਦੈ। ਕਮੇਟੀ ਆਲਿਆਂ ਨੂੰ
ਸ਼ਰਮ ਨੀ ਆਉਂਦੀ। ਭੈਣ ਦੇ ਕੁਸ਼ ਲਗਦਿਆਂ ਨੂੰ। ਸਰਕਾਰ ਜੇ ਰੁਪਈਆ ਭੇਜਦੀ ਐ, ਚੁਆਨੀ ਕਿਹੜਾ
ਲਾਉਂਦੇ ਐ। ਸੌਲਟੇ ਮੇਰੇ।’
ਮੀਂਹ ‘ਚ ਕੁੜੀਆਂ ਨੂੰ ਬੜੀ ਔਖ ਹੁੰਦੀ। ਸਕੂਲ ਆਉਣ-ਜਾਣ ਵੇਲੇ ਉਨ੍ਹਾਂ ਦਾ ਇੱਕ ਹੱਥ ਮੋਢੇ
ਪਾਏ ਝੋਲੇ ਦੀਆਂ ਤਣੀਆਂ ਨੂੰ ਪਾਇਆ ਹੁੰਦਾ। ਦੂਜੇ ਹੱਥ ਨਾਲ ਗੋਡੇ ਜੋੜ ਕੇ ਸਲਵਾਰਾਂ ਉਤਾਂਹ
ਚੁੱਕੀਆਂ ਹੁੰਦੀਆਂ। ਉਹ ਹੌਲੀ-ਹੌਲੀ ਤੁਰਦੀਆਂ। ਸੜਕ ਵਿਚਲੇ ਪੱਕੇ ਟੋਇਆਂ ਦੀ ਉਨ੍ਹਾਂ ਨੂੰ
ਪਛਾਣ ਹੁੰਦੀ। ਉਨ੍ਹਾਂ ਦੀ ਨੀਵੀਂ ਪਾਈ ਹੁੰਦੀ। ਵਿੰਗੇ-ਟੇਢੇ ਪੈਰ ਧਰਦੀਆਂ। ਉਸੇ ਤਰ੍ਹਾਂ
ਇਕ-ਦੂਜੀ ਨਾਲ ਗੱਲਾਂ ਕਰਦੀਆਂ ਆਉਂਦੀਆਂ-ਜਾਂਦੀਆਂ। ਦੁਕਾਨਦਾਰ ਉਨ੍ਹਾਂ ਦੀ ਬੇਵਸੀ ਵੇਖ ਕੇ
ਕਮੇਟੀ ਵਾਲਿਆਂ ਨੂੰ ਗਾਲ਼ਾਂ ਵੀ ਕਢਦੇ। ਹਥਲੇ ਕੰਮ ਕਰਦੇ-ਕਰਦੇ ਉਨ੍ਹਾਂ ਦੀਆਂ ਬੇ-ਪਰਦ
ਲੱਤਾਂ ਵੀ ਤਾੜੀ ਜਾਂਦੇ।
ਉਹ ਦੋਵੇਂ ਸਭ ਤੋਂ ਪਿੱਛੋਂ ਆਉਂਦੀਆਂ। ਪਾਣੀ ਜੇ ਪਿੰਜਣੀ ਤੋਂ ਉਚਾ ਹੁੰਦਾ। ਉਹ ਦੋਵੇਂ
ਸਲਵਾਰਾਂ ਉਤਾਂਹ ਨਾ ਚੁੱਕਦੀਆਂ। ਪਾਣੀ ਪਵਨੇ ਬਿਸਕੁਟਾਂ ਵਾਲੇ ਦੀ ਦੁਕਾਨ ਦੇ ਥੜ੍ਹੇ ਤੋਂ
ਨੀਵਾਂ ਹੁੰਦਾ, ਉਹ ਥੜ੍ਹੇ ‘ਤੇ ਚੜ੍ਹਦੀਆਂ ਅਤੇ ਜੁਗਰਾਜ ਦਰਜੀ ਦੀ ਦੁਕਾਨ ਤੱਕ ਦੁਕਾਨਦਾਰਾਂ
ਦੇ ਥੜ੍ਹੇ ਬਦਲਦੀਆਂ ਅਗਾਂਹ ਤੁਰੀਆਂ ਜਾਂਦੀਆਂ। ਅੱਗੇ ਉਚਾਣ ਸੀ ਤੇ ਪਿੰਡ ਵਾਲਾ ਪਾਸਾ
ਹੌਲੀ-ਹੌਲੀ ਉਚਾ ਹੁੰਦਾ ਜਾਂਦਾ।
ਇਕ ਵਾਰ ਗਰਮੀਆਂ ‘ਚ ਮੀਂਹ ਪਿਆ। ਉਹ ਦੋਵੇਂ ਪਵਨੇ ਦੇ ਥੜ੍ਹੇ ‘ਤੇ ਚੜ੍ਹ ਕੇ ਲੰਘਣ ਲੱਗੀਆਂ
ਤਾਂ ਇੱਕ ਤਪੇ ਨੇੜਲੇ ਪਿੰਡ ਦੇ ਦੁਕਾਨਦਾਰ ਮੁੰਡੇ ਨੇ ਸਾਹਮਣੀ ਦੁਕਾਨ ਵਾਲੇ ਸੁਨਿਆਰਾਂ ਦੇ
ਮੁੰਡੇ ਨਾਲ ਸ਼ੈਨਤ ਮਿਲਾ ਕੇ ਕਿਹਾ, ‘ਗੁਰਮੁਖਾ! ਐਤਕੀਂ ਮੀਂਹ ਬੜੇ ਪਏ ਐ। ਲਗਦੈ ਹੋਰ ਵੀ
ਪੈਣਗੇ। ਐਤਕੀਂ ਮੀਂਹਾਂ ਪਿੱਛੋਂ ਤੂੰ ਸਫ਼ੈਦੇ ਵਧਦੇ ਵੇਖੀਂ।’
ਉਹ ਭਾਵੇਂ ਅੱਗੇ ਲੰਘ ਗਈ ਸੀ ਪਰ ਜਾਂਦੀ-ਜਾਂਦੀ ਕਹਿ ਗਈ, ‘ਸਫ਼ੈਦੇ ਤਾਂ ਮੀਂਹਾਂ ‘ਚ ਸਭ ਦੇ
ਘਰੀਂ ਵਧਦੇ ਐ। ਪਰ ਆਵਦੇ ਘਰੇ ਦੀਂਹਦੇ ਨੀਂ। ਘਰੇ ਵੇਖ ਲਿਆ ਕਰੋ। ਕਾਹਨੂੰ ਬਾਹਰ ਝਾਕਣਾ
ਪਵੇ।’
ਮੁੰਡਾ ਦੁਕਾਨ ਅੱਗੇ ਸਟੂਲ ਡਾਹੀ ਬੈਠਾ ਸੀ। ਉਹਦੀ ਆਵਾਜ਼ ਆਲੇ-ਦੁਆਲੇ ਦੇ ਦੋ-ਦੋ ਤਿੰਨ-ਤਿੰਨ
ਦੁਕਾਨਦਾਰਾਂ ਨੂੰ ਸੁਣ ਗਈ ਸੀ ਅਤੇ ਕੱਪੜੇ ਕਟਦੇ-ਕਟਦੇ ਮੈਨੂੰ ਵੀ। ਪਰ ਕੁਦਰਤੀ ਬਾਜ਼ਾਰ ਦੇ
ਦਿਆਨਤਦਾਰ ਬੰਦੇ ਪਰਲੇ ਪਾਸੇ ਥੜ੍ਹੇ ‘ਤੇ ਤਾਸ਼ ਖੇਡ ਰਹੇ ਸਨ ਤੇ ਨਾ ਹੀ ਉਹਨੇ ਖੜ੍ਹ ਕੇ
ਬਹੁਤਾ ਕੁੱਝ ਕਿਹਾ ਸੀ। ਮੁੰਡੇ ਦੀ ਭਾਵੇਂ ਬੱਚਤ ਰਹਿ ਗਈ ਸੀ ਪਰ ਫਿਰ ਵੀ ਸ਼ਹਿਣੇ ਵਾਲਾ
ਸਿਲਾਈ ਮਸ਼ੀਨਾਂ ਸੰਵਾਰਨ ਵਾਲਾ ਜਰਨੈਲ ਛੇੜਨ ਵਾਲੇ ਮੁੰਡੇ ਨੂੰ ਕਹਿੰਦਾ, ‘ਕਿਉਂ? ਆ ਗਈ
ਪਤੰਦਰਨੀ ਦੀ ਪਾਈ ਛਾਪ ਮੇਚ? ਜੇ ਭੀੜੀ ਐ, ਦੱਸ ਦੇ। ਮੈਂ ਤੇਲ ਲਾ ਕੇ ਪਾ ਦਿੰਨਾਂ।’
ਪਰ ਉਹਨੇ ਸ਼ਰਮ ਨਹੀਂ ਮੰਨੀ, ਸਗੋਂ ਆਪਣੇ ਬਰੀਕ-ਬਰੀਕ ਦੰਦ ਕੱਢਦਾ ਰਿਹਾ।
ਜਰਨੈਲ ਫੇਰ ਬੋਲਿਆ, ‘ਸਾਲਿਆ ਫੱਕਾ ਮਾਰਨ ਤੋਂ ਪਹਿਲਾਂ ਵੇਖ ਤਾਂ ਲਿਆ ਕਰ। ਖੰਡ ਐ ਕਿ
ਰੇਤਾ? ਸਾਲਿਆਂ ਤੋਂ ਹੱਟਾਂ ਦੇ ਕਿਰਾਏ ਨੀਂ ਪੂਰੇ ਹੁੰਦੇ। ਆਸ਼ਕੀਆਂ ਨੂੰ ਮੂੰਹ ਮਾਰਦੇ ਐ।
ਪਿੰਡੇ ‘ਤੇ ਕਾਂ ਨੀ ਰਜਦਾ। ਡਾਰਾਂ ਨੂੰ ਸੱਦੇ ਦੇਈ ਜਾਂਦੇ ਐ। ਵੱਡੇ ਰਾਂਝੇ।’
ਅਸੀਂ ਸੋਚਦੇ ਸੀ ਉਹ ਘਰੇ ਜਾ ਕੇ ਗੱਲ ਕਰੇਗੀ। ਉਸਦੇ ਭਾਈ ਅਤੇ ਬਾਪ, ਜਿਨ੍ਹਾਂ ਦੇ ਕੱਦ
ਲੰਬੇ ਸਨ। ਛੇੜਨ ਵਾਲੇ ਦੀ ਛਿਤਰੌਲ ਕਰਨਗੇ। ਪਰ ਨਹੀਂ, ਉਹ ਨਹੀਂ ਆਏ। ਕੁੜੀ ਅਗਲੇ ਦਿਨ
ਪੜ੍ਹਨ ਆਈ ਸੀ ਅਤੇ ਉਸੇ ਤਰ੍ਹਾਂ ਮੁੰਡੇ ਦੀ ਦੁਕਾਨ ਵੱਲ ਝਾਕੇ ਬਿਨਾਂ ਆਪਣੀ ਸਹੇਲੀ ਨਾਲ
ਲੰਘ ਗਈ ਸੀ। ਸਕੂਲ ‘ਚ ਛੁੱਟੀ ਹੋਣ ਵੇਲੇ ਮੁੰਡਾ ਇਧਰ-ਉਧਰ ਹੋ ਗਿਆ ਸੀ। ਇਕ-ਦੋ ਦਿਨਾਂ
ਬਾਅਦ ਉਹਦਾ ਸਾਹ ਟਿਕਾਣੇ ਆਉਣ ਲੱਗਿਆ।
ਕੁੜੀ ਦੇ ਘਰਦਿਆਂ ਦੇ ਮਰਦਾਵੇਂ ਕੱਪੜੇ ਮੇਰੀ ਦੁਕਾਨ ਤੋਂ ਬਣਦੇ ਸਨ। ਕਦੇ-ਕਦੇ ਛੁੱਟੀ ਹੋਣ
ਪਿੱਛੋਂ ਉਹ ਕੱਪੜਿਆਂ ਬਾਰੇ ਪੁੱਛਣ ਆਉਂਦੀ। ਪਰ ਥੜ੍ਹੇ ‘ਤੇ ਚੜ੍ਹਨ ਵੇਲੇ ਉਹਦੇ ਪੈਰਾਂ ਦਾ
ਖੜਾਕ ਵੀ ਨਾ ਹੁੰਦਾ। ਲਗਦਾ, ਜਿਵੇਂ ਅਸਮਾਨ ਤੋਂ ਉਤਰ ਕੇ ਆਈ ਹੋਵੇ। ਉਹ ਕਹਿੰਦੀ, ‘ਸਾਡੇ
ਕੱਪੜੇ ਬਣਗੇ ਜਾਂ ਨਹੀਂ ਜੀ?’ ਉਹਦੀ ਆਵਾਜ਼ ‘ਚ ਇੱਕ ਖਨਕ ਸੀ ਅਤੇ ਭੁਰਭਰਾਪਣ ਵੀ, ਜਿਹੜਾ
ਦੁਕਾਨ ‘ਚ ਮੱਕੀ ਦੇ ਆਟੇ ਵਾਂਗ ਖਿੱਲਰ ਜਾਂਦਾ।
ਮੈਂ ਕੱਪੜੇ ਕਟਦਾ-ਕਟਦਾ ਇਕਦਮ ਉਤਾਂਹ ਝਾਕਦਾ। ਵਿਵੇਕ ਮੇਰੇ ਕਹਿਣ ਤੋਂ ਪਹਿਲਾਂ ਹੀ ਆਪਣੇ
ਮਗਰਲੇ ਪਾਸੇ ਅਲਮਾਰੀ ਦੇ ਵਿਚਕਾਰਲੇ ਫੱਟੇ ‘ਤੇ ਚਲਦਾ ਰੇਡੀਓ ਬੰਦ ਕਰਦਾ। ਉਹਦੇ ਆਉਣ ਨਾਲ
ਦੁਕਾਨ ‘ਚ ਚੁੱਪ ਪਸਰ ਜਾਂਦੀ। ਲੰਘਦੇ ਸਮੇਂ ਨੂੰ ਮੋਚ ਆਉਂਦੀ। ਦੁਕਾਨ ‘ਚ ਕੰਮ ਕਰ ਰਹੇ
ਕਾਰੀਗਰ ਉਹਦੇ ਵੱਲ ਇੱਕ ਵਾਰ ਵੇਖਦੇ। ਫੇਰ ਛੇਤੀ-ਛੇਤੀ ਝਾਕਣ ਦਾ ਹੀਂਆਂ ਨਾ ਪੈਂਦਾ। ਉਹ
ਨੀਵੀਆਂ ਪਾਈ ਹਥਲਾ ਕੱਪੜਾ ਸਿਉਂਈਂ ਜਾਂਦੇ। ਹੱਥ ਉਖੜੇ-ਉਖੜੇ ਚਲਦੇ।
ਮੈਂ ਮਾਲਕ ਹੋਣ ਕਰਕੇ ਬੇ-ਝਿਜਕ ਸੀ। ਮੇਰਾ ਵਾਹ ਸਭ ਨਾਲ ਪੈਂਦਾ। ਸਾਡੀ ਦੁਕਾਨ ‘ਤੇ
ਮਰਦਾਵੇਂ ਕੱਪੜੇ ਲੈਣ ਲੜਕੀਆਂ ਅਤੇ ਔਰਤਾਂ ਵੀ ਆਉਂਦੀਆਂ। ਪਰ ਬਹੁਤਾ ਸਮਾਂ ਗੱਲ ਕਰਨ ਵੇਲੇ
ਮੇਰੇ ਅੱਖਾਂ ‘ਤੇ ਵੀ ਭਾਰ ਪੈਣ ਲਗਦਾ। ਮਨ ਦੇ ਖਿੰਡਾ ਨੂੰ ਸਾਂਭਦਾ ਮੈਂ ਜਵਾਬ ਦਿੰਦਾ।
ਜੇਕਰ ਕੱਪੜੇ ਬਣੇ ਹੁੰਦੇ। ਮੈਂ ਕਿਸੇ ਕਾਰੀਗਰ ਨੂੰ ਲਿਫ਼ਾਫੇ ਵਿੱਚ ਪਾਉਣ ਲਈ ਕਹਿੰਦਾ।
ਕੱਪੜੇ ਨਾ ਬਣੇ ਹੁੰਦੇ। ਅਗਲੇ ਦਿਨ ਬਾਰੇ ਦਸਦਾ।
ਦੁਕਾਨ ‘ਚ ਆ ਕੇ ਉਹ ਖੜ੍ਹਦੀ ਨਹੀਂ ਸੀ। ਸਾਹਮਣੇ ਡਹੇ ਸਟੂਲ ‘ਤੇ ਬੈਠ ਜਾਂਦੀ। ਬਾਣੀਆਂ ਦੀ
ਕੁੜੀ ਗਲ਼ ‘ਚ ਝੋਲ਼ਾ ਪਾਈ ਥੜ੍ਹੇ ‘ਤੇ ਖੜ੍ਹੀ ਰਹਿੰਦੀ। ਉਹ ਦੁਕਾਨ ਵਿੱਚ ਬੈਠੀ ਨਾ ਹੀ ਬਹੁਤਾ
ਬਾਹਰ ਝਾਕਦੀ ਸੀ ਅਤੇ ਨਾ ਹੀ ਦੁਕਾਨ ‘ਚ ਬਣੇ ਹੋਏ ਹੈਂਗਰਾਂ ਨਾਲ ਭਰਿਆਂ ਕੱਪੜਿਆਂ ਵੱਲ। ਉਹ
ਸਿੱਧਾ ਝਾਕਦੀ। ਉਹਦੇ ਨੱਕ ਦੇ ਸਿਰੇ ਤੋਂ ਦੋਵੇਂ ਪਾਸੀਂ ਕਾਫ਼ੀ ਡੂੰਘ ਸੀ। ਆਲੇ-ਦੁਆਲੇ ਉੱਚੇ
ਸਨ। ਲਗਦਾ ਜੇ ਕਦੇ ਅੱਖ ‘ਚੋਂ ਇੱਕ ਹੰਝੂ ਵੀ ਡਿੱਗੇ, ਸਿੱਧਾ ਬੁੱਲ੍ਹ ਦੀ ਜੜ੍ਹ ‘ਚ ਆ ਕੇ
ਖਿੱਲਰ ਜਾਵੇਗਾ।
ਉਹਦੇ ਬੁੱਲ੍ਹਾਂ ਦੀਆਂ ਨੁੱਕਰਾਂ ਸਿੱਧੀਆਂ ਨਹੀਂ ਸਨ, ਸਗੋਂ ਸਿਰਿਆਂ ਤੋਂ ਹੇਠਾਂ ਨੂੰ
ਹਲਕੀਆਂ-ਹਲਕੀਆਂ ਝੁਕੀਆਂ ਹੋਈਆਂ, ਜਿਹੜੀਆਂ ਉਪਰਲੇ ਬੁੱਲ੍ਹ ਵਿਚਕਾਰ ਹਲਕੀ ਜਿਹੀ ਦੂਰੀ
ਬਣਾਈ ਰਖਦੀਆਂ। ਚੁੱਪ ਬੈਠਣ ਵੇਲੇ ਉਪਰਲਾ ਬੁੱਲ੍ਹ ਇਉਂ ਪ੍ਰਤੀਤ ਹੁੰਦਾ, ਜਿਵੇਂ ਹੇਠਲੇ
ਬੁੱਲ੍ਹ ‘ਤੇ ਭਾਰ ਦੇਣ ਤੋਂ ਝਿਜਕਦਾ ਹੋਵੇ।
ਉਹ ਥੜ੍ਹੇ ਤੋਂ ਉਤਰ ਕੇ ਜਾਂਦੀ ਪਰ ਫੇਰ ਵੀ ਉਹਦੇ ਆਉਣ ਦਾ ਪ੍ਰਭਾਵ ਲੰਘਦੇ ਸਮੇਂ ਦੇ ਪੈਰ
ਜਕੜੀ ਰਖਦਾ ਤੇ ਫੇਰ ਜਦੋਂ ਵਿਵੇਕ ਰੇਡੀਓ ਦਾ ਬਟਨ ਘੁਮਾਉਂਦਾ ਤਾਂ ਜ਼ਖ਼ਮੀ ਹੋਏ ਪਲ
ਹੌਲੀ-ਹੌਲੀ ਤਾੜੇ ਆ ਕੇ ਚਾਲ ਫੜਦੇ।
ਵਿਵੇਕ ਉਹਨੂੰ ਬਾਪ ਦੀ ਅੱਖ ਨਾਲ ਵੇਖਦਾ। ਇੱਕ ਦਿਨ ਉਹਦੇ ਜਾਣ ਪਿੱਛੋਂ ਉਹ ਚਾਹ ਪੀਣ ਲਈ
ਉਠਿਆ। ਜਾਣ ਤੋਂ ਪਹਿਲਾਂ ਮੇਰੇ ਕੋਲ ਆ ਕੇ ਨੀਵੀਂ ਪਾ ਕੇ ਕਹਿਣ ਲੱਗਿਆ, ‘ਮੂੰਹ ਮੱਥੇ ਤਾਂ
ਏਨ੍ਹਾਂ ਦਾ ਸਾਰਾ ਟੱਬਰ ਈ ਲਗਦੈ। ਪਰ ਇਸ ਬੱਚੀ ਨੂੰ ਰੰਗ ਰੂਪ ਦੇਣ ਦੀ ਰੱਬ ਨੇ ਕੋਈ ਕਸਰ
ਨੀਂ ਛੱਡੀ। ਅੱਖਾਂ ‘ਚ ਵੇਖੋ ਕਿੰਨੀ ਸ਼ਰਮ ਐ। ਮੈਂ ਕਦੇ ਅੱਖ ਪੱਟ ਕੇ ਨੀ ਝਾਕਦੀ ਵੇਖੀ ਕਿਸੇ
ਬੰਨ੍ਹੀ।’
ਮੈਂ ਉਹਦੀ ਗੱਲ ਸੁਣੀ ਤੇ ਕਿਹਾ, ‘ਫੌਜੀਆ, ਸਿਆਣੇ ਬੰਦਿਆਂ ਦੇ ਸਾਰੇ ਕੰਮ ਈ ਸਿਆਣੇ ਹੁੰਦੇ
ਐ।’
ਵਿਵੇਕ ਨੂੰ ਸ਼ਾਇਦ ਮੇਰੀ ਗੱਲ ਸਮਝ ਨਹੀਂ ਸੀ ਆਈ। ਸਾਡੇ ਕੋਲ ਤਪੇ ਪਿੰਡ ‘ਚੋਂ ਵੀ ਮੁੰਡੇ
ਪੈਂਟਾਂ-ਕਮੀਜ਼ਾਂ ਸਿਲਾਉਣ ਆਉਂਦੇ। ਸ਼ਹਿਰ ਦੇ ਅਧਖੜ ਤੇ ਮੁੰਡੇ ਵੀ। ਕੰਮ ਦੀ ਹਰ ਰੁੱਤ ‘ਚ
ਭੀੜ ਰਹਿੰਦੀ। ਮੈਂ ਗਾਹਕ ਦੇ ਸਰੀਰ ਤੇ ਸੁਭਾਅ ਨੂੰ ਮਨ ‘ਚ ਜਜ਼ਬ ਕਰਕੇ ਕਟਾਈ ਕਰਦਾ ਤੇ
ਬਣਾਉਣ ਵੇਲੇ ਕਾਰੀਗਰ ‘ਤੇ ਵੀ ਅੱਖ ਰਖਦਾ। ਇਸੇ ਲਈ ਅਸੀਂ ਇੱਕ ਗਾਹਕ ਦੇ ਕੱਪੜੇ ਬਣਾ ਕੇ
ਹਟਦੇ, ਦੂਜਾ ਸਿਰ ਆ ਕਢਦਾ। ਮੇਰੇ ਲਈ ਗਾਹਕ ਦੀ ਨਾਰਾਜ਼ਗੀ ਸਭ ਤੋਂ ਵੱਡਾ ਘਾਟਾ ਹੁੰਦੀ। ਜਿਸ
ਕਾਰਨ ਥੋੜ੍ਹਾ-ਬਹੁਤਾ ਲਾਰਾ-ਲੱਪਾ ਵੀ ਚਲਦਾ। ਕੰਮ ਬਹੁਤਾ ਜ਼ੋਰ ਫੜਦਾ। ਅਸੀਂ ਵੱਡੇ ਬੰਦਿਆਂ
ਦੇ ਕੱਪੜੇ ਦਿਨੇ ਸਿਉਂਦੇ ਅਤੇ ਮੁੰਡਿਆਂ ਨੂੰ ਦੇਰ ਰਾਤ ਤੱਕ ਕੋਲ ਬਿਠਾਈ ਰਖਦੇ। ਉਹ ਵੀ
ਸਾਡਾ ਭੇਤ ਪਾ ਗਏ ਸਨ। ਸੂਰਜ ਛਿਪਦਾ। ਦੋ-ਦੋ ਤਿੰਨ-ਤਿੰਨ ਇਕੱਠੇ ਹੋ ਕੇ ਆਉਂਦੇ। ਰਾਤ ਨੂੰ
ਸਾਰੇ ਕਾਰੀਗਰ ਨਹੀਂ ਸੀ ਰਹਿੰਦੇ। ਬਾਹਰਲੇ ਕਾਰੀਗਰਾਂ ਤੋਂ ਮੈਂ ਦੋ ਘੁੱਟ ਪਿਲਾ ਕੇ ਕੰਮ ਵੀ
ਲੈ ਲੈਂਦਾ। ਉਨ੍ਹਾਂ ਨੂੰ ਪੱਲਿਓਂ ਪੈਸੇ ਨਹੀਂ ਸੀ ਲਾਉਣੇ ਪੈਂਦੇ। ਦੁਕਾਨ ਦਾ ਗਾਹਕ ਭੁਗਤ
ਜਾਂਦਾ ਸੀ।
ਅਸੀਂ ਰਲ ਕੇ ਕੱਪੜੇ ਬਣਾਉਂਦੇ। ਇੱਕ ਜਣਾ ਮਸ਼ੀਨ ‘ਤੇ ਕੱਪੜੇ ਸਿਉਂਦਾ। ਦੂਜਾ ਹੇਠਾਂ ਅੱਡੇ
‘ਤੇ ਪ੍ਰੈਸ ਕਰੀ ਜਾਂਦਾ। ਮੁੰਡੇ ਸਾਡਾ ਕੰਮ ਸ਼ੁਰੂ ਹੋਣ ਤੱਕ ਗੱਲਾਂ ਕਰਦੇ। ਅਸੀਂ ਕੱਪੜਿਆਂ
‘ਚ ਖੁਭਦੇ ਜਾਂਦੇ। ਉਹ ਆਪਣੀਆਂ ਗੱਲਾਂ ਕਰਨ ਲੱਗ ਪੈਂਦੇ। ਸਾਡਾ ਧਿਆਨ ਵੀ ਉਨ੍ਹਾਂ ਵੱਲ
ਬਹੁਤਾ ਨਹੀਂ ਸੀ ਜਾਂਦਾ ਪਰ ਜਦੋਂ ਉਹ ਕੱਚੀਆਂ-ਪਿੱਲੀਆਂ ਗੱਲਾਂ ਕਰਦੇ, ਜਿਨ੍ਹਾਂ ‘ਚ
ਕੁੜੀਆਂ ਦਾ ਜ਼ਿਕਰ ਹੁੰਦਾ, ਉਨ੍ਹਾਂ ਦੇ ਮਾਂ-ਬਾਪ ਅਤੇ ਭਾਈਆਂ ਦਾ ਵੀ। ਸਾਡੇ ਕੰਨ ਉਨ੍ਹਾਂ
ਵੱਲ ਖਿੱਚੇ ਜਾਂਦੇ ਪਰ ਹੈਰਾਨੀ ਹੁੰਦੀ ਕਿ ਤਪੇ ਪਿੰਡ ਵਾਲੇ ਪਾਸਿਉਂ ਸਾਡੇ ਕੋਲ ਬਹਿ ਕੇ
ਕੱਪੜੇ ਸਿਲਾਉਣ ਆਏ ਮੁੰਡਿਆਂ ਦੀਆਂ ਗੱਲਾਂ ‘ਚ ਉਹਦਾ ਕਦੇ ਜ਼ਿਕਰ ਨਹੀਂ ਸੀ ਆਇਆ।
ਜ਼ਿਆਦਾਤਰ ਉਸਦਾ ਬਾਪ ਹੀ ਸਾਡੇ ਕੋਲ ਕੱਪੜੇ ਲੈਣ-ਦੇਣ ਆਉਂਦਾ। ਮੁੰਡਿਆਂ ਦੇ ਨਾਪ ਅਸੀਂ ਪੱਕੇ
ਲਿਖੇ ਹੋਏ ਸਨ। ਉਸਦੇ ਬਾਪ ਦਾ ਰੰਗ ਗੋਰਾ ਸੀ। ਕੱਦ ਲੰਬਾ। ਹੱਸ ਕੇ ਗੱਲ ਕਰਦਾ ਪਰ ਜਦੋਂ ਉਹ
ਉਦਾਸ ਆਉਂਦਾ, ਮੈਨੂੰ ਪਤਾ ਲੱਗ ਜਾਂਦਾ ਸੀ ਕਿ ਅੱਜ ਉਹ ਆਪਣੇ ਘਰ ਦੀ ਕੋਈ ਨਾ ਕੋਈ ਮਜ਼ਬੂਰੀ
ਦੱਸੇਗਾ। ਉਧਾਰ ਕੱਪੜੇ ਲੈਣ ਆਏ ਗਾਹਕ ਜਦੋਂ ਘਰ ਦੀ ਗੱਲ ਛੇੜਦੇ ਤਾਂ ਮੈਂ ਪਹਿਲਾਂ ਹੀ ਭਾਂਪ
ਜਾਂਦਾ ਸੀ।
ਇਕ ਦਿਨ ਉਹ ਆਇਆ। ਮੈਂ ਕੁੜੀ ਦੇ ਭਾਈ ਦੀਆਂ ਦੋ ਕਮੀਜ਼ਾਂ-ਪੈਂਟਾਂ ਬਣਾਈਆਂ ਸਨ। ਮੈਂ ਕਾਰੀਗਰ
ਤੋਂ ਹੈਂਗਰਾਂ ‘ਚੋਂ ਕੱਪੜੇ ਲੁਹਾਏ ਅਤੇ ਜਦੋਂ ਲਿਫ਼ਾਫੇ ‘ਚ ਪਾ ਕੇ ਫੜਾਏ ਤਾਂ ਉਹ ਕਹਿੰਦਾ,
‘ਮੈਂ ਜੀ ਪੈਸੇ ਕੁਸ਼ ਦਿਨ ਠਹਿਰ ਕੇ ਦੇ ਕੇ ਜਾਊਂ। ਆਪਣੀ ਕੁੜੀ ਦਸਵੀਂ ਪਾਸ ਕਰ ਗਈ। ਨੰਬਰ
ਵੀ ਵਧੀਆ ਆਏ ਐ। ਅਸੀਂ ਕਾਲਜ ‘ਚ ਪੜ੍ਹਨ ਲਾਉਣੈ। ਸ਼ਾਇਦ ਟੁਕੜੇ ਈ ਪੈ ਜੇ।’
ਤਪੇ ਨਵਾਂ-ਨਵਾਂ ਕਾਲਜ ਖੁੱਲ੍ਹਿਆ ਸੀ। ਇੱਕ ਡੇਰੇ ਦੇ ਮਹੰਤ ਨੇ ਚਾਰ ਕਿੱਲੇ ਜ਼ਮੀਨ ਦਾਨ
ਕਰਕੇ ਆਪਣੇ ਨਾਂਅ ‘ਤੇ ਜਿਉਂਦੇ ਜੀਅ ਕਾਲਜ ਖੁੱਲ੍ਹਵਾ ਲਿਆ ਸੀ। ਤਪਾ ਮੰਡੀ ਪਛੜੀ ਹੋਣ ਕਰਕੇ
ਲੋਕ ਬਰਨਾਲੇ ਜਾਂ ਰਾਮਪੁਰੇ ਕੁੜੀਆਂ ਪੜ੍ਹਨ ਭੇਜਣ ਤੋਂ ਝਿਜਕਦੇ ਜਾਂ ਇਕੋ ਗਲੀ ‘ਚ ਕਈ-ਕਈ
ਮਾਪੇ ਕੁੜੀਆਂ ਇਕੱਠੀਆਂ ਪੜ੍ਹਨ ਲਾਉਂਦੇ। ਪਰ ਤਪੇ ਬਣੇ ਕਾਲਜ ਨੇ ਗਰੀਬ ਤੋਂ ਗਰੀਬ ਘਰਾਂ ਦੇ
ਮਾਪਿਆਂ ਨੂੰ ਹੋਰਾਂ ਪੱਖਾਂ ਤੋਂ ਕਬੀਲਦਾਰੀ ਸੰਕੋਚ ਕੇ ਕੁੜੀਆਂ ਨੂੰ ਅਗਾਂਹ ਪੜ੍ਹਾਉਣ ਦੇ
ਰਾਹ ਪਾ ਦਿੱਤਾ ਸੀ।
ਕਾਲਜ ਨੂੰ ਰਸਤਾ ਬੱਸ ਅੱਡੇ ਤੋਂ ਜਾਂਦਾ ਸੀ। ਮੇਰੀ ਦੁਕਾਨ ਸ਼ਹਿਰ ਦੇ ਅੰਦਰ ਸੀ। ਉਹ
ਕਦੇ-ਕਦੇ ਹੀ ਆਪਣੀ ਮਾਂ ਨਾਲ ਬਾਜ਼ਾਰ ਆਉਂਦੀ। ਉਹਦਾ ਕੱਦ ਅਜੇ ਵੀ ਵਧ ਰਿਹਾ ਸੀ। ਰੰਗ ਰੂਪ
ਤੇ ਝਾਕਣ ਦਾ ਸਲੀਕਾ ਵੀ। ਤੁਰਨ ਵੇਲੇ ਉਹਦੀ ਸੱਜੀ ਲੱਤ ਹਲਕੀ ਜਿਹੀ ਬਾਹਰ ਨੂੰ ਨਿਕਲਦੀ।
ਜਿਹੜੀ ਵੇਖਣ ਵਾਲੇ ਦਾ ਧਿਆਨ ਖਿਚਦੀ।
ਮੇਰੇ ਕੋਲ ਕੱਪੜਿਆਂ ਦੀ ਭੀੜ ਵਧਣ ਲੱਗੀ। ਕਾਰੀਗਰ ਬਾਹਰਲੇ ਬਹੁਤੇ ਨਹੀਂ ਸਨ ਆਉਂਦੇ।
ਵੱਡਿਆਂ ਸ਼ਹਿਰਾਂ ਦੇ ਹੋਣ ਕਰਕੇ ਫਿਲਮਾਂ ਦੇਖਣ ਦੇ ਸ਼ੌਕੀਨ ਹੁੰਦੇ। ਤਪੇ ਤੋਂ ਬਰਨਾਲੇ ਜਾ ਕੇ
ਵੇਖਣੀ ਭਾਰੀ ਲਗਦੀ ਤਾਂ ਦੋ-ਚਾਰ ਹਫ਼ਤਿਆਂ ਬਾਅਦ ਬਰਨਾਲੇ ਕਿਸੇ ਹੋਰ ਦੁਕਾਨ ‘ਚ ਜੜ੍ਹ ਲਾ
ਲੈਂਦੇ।
ਕੱਪੜਿਆਂ ਦੇ ਇਕਰਾਰ ਲੰਮੇ ਕਰਕੇ ਅਤੇ ਰਾਤਾਂ ਝਾਗਣ ਦੇ ਡਰੋਂ ਮੈਂ ਸਿਲਾਈ ਵਧਾ ਦਿੱਤੀ।
ਕਮਜ਼ੋਰ ਗਾਹਕ ਝੜ ਗਏ ਪਰ ਉਹ ਪਰਿਵਾਰ ਕਲਾ ਦਾ ਕਦਰਦਾਨ ਸੀ। ਮੇਰੀ ਮਹਿੰਗੀ ਸਿਲਾਈ ਦੀ ਮਾਰ
ਝੱਲਣ ਦੇ ਡਰੋਂ ਕਿਸੇ ਹੋਰ ਦੁਕਾਨ ‘ਤੇ ਨਹੀਂ ਸੀ ਜਾਣ ਲੱਗਿਆ।
ਮੇਰੇ ਕੋਲ ਕਦੇ ਮੰਦਾ ਨਹੀਂ ਸੀ ਪੈਂਦਾ। ਨਾ ਹੀ ਮੈਂ ਕਿਸੇ ਵਾਧੂ ਕੰਮ ‘ਚ ਉਲਝ ਕੇ ਕੰਮ ਦੀ
ਗਤੀ ਤੋਂ ਪਾਸੇ ਹੁੰਦਾ। ਕੰਮ ‘ਚ ਰੁੱਝੇ ਰਹਿਣਾ। ਸਿਲਾਈ-ਕਟਾਈ ਵੇਲੇ ਖੁਭ ਕੇ ਕੰਮ ਕਰਨ ਨਾਲ
ਪਤਾ ਹੀ ਨਾ ਲੱਗਿਆ, ਹਿਰਨਾਂ ਵਾਂਗ ਚੁੰਘੀਆਂ ਭਰਦੇ ਦੋ ਸਾਲ ਕਿਵੇਂ ਲੰਘ ਗਏ।
ਇਕ ਦਿਨ ਕੁੜੀ ਦਾ ਪਿਉ ਮੇਰੀ ਦੁਕਾਨ ‘ਤੇ ਆਇਆ। ਉਹਨੇ ਕਾਊਂਟਰ ‘ਤੇ ਆ ਕੇ ਕੱਪੜਿਆਂ ਦਾ
ਭਰਿਆ ਹੋਇਆ ਝੋਲ਼ਾ ਉਲਟਾ ਦਿੱਤਾ। ਕੱਪੜਿਆਂ ਦੀ ਢੇਰੀ ਉਚੀ ਵੇਖ ਕੇ ਮੈਂ ਕਿਹਾ, ‘ਸੁੱਖ ਤਾਂ
ਐ। ਦੁਕਾਨ ਈ ਖਾਲੀ ਕਰ ਆਏ ਇਹ ਤਾਂ ਕਿਸੇ ਦੀ।’
‘ਦੁਕਾਨ ਕਾਹਦੀ ਖਾਲੀ ਕਰਨੀ ਸੀ ਜੀ। ਕੁੜੀ ਦਾ ਵਿਆਹ ਐ।’
‘ਕਿਹੜੀ ਕੁੜੀ ਦਾ?’
‘ਜਿਹੜੀ ਆਪਾਂ ਉਦੋਂ ਕਾਲਜ ‘ਚ ਪੜ੍ਹਨ ਲਾਈ ਸੀ।’
‘ਫੇਰ ਅਜੇ ਉਹਦਾ ਵਿਆਹ ਕਰਨ ਦੀ ਕੀ ਲੋੜ ਸੀ। ਪੜ੍ਹਨ ਨੂੰ ਚੰਗੀ ਦਸਦੇ ਸੀ ਤੁਸੀਂ।’
‘ਚੰਗੀ ਤਾਂ ਸੀ ਜੀ। ਪਰ ਉਹਦੀ ਭੂਆ ਮੰਨੀ ਈ ਨੀ। ਦੋ ਦਿਨ ਬੈਠੀ ਰਹੀ, ਅਖੇ ਤੀਹੋ ਕਾਲ਼ ਸਾਕ
ਲੈ ਕੇ ਜਾਣੈ। ਵੱਡੀ ਭੈਣ ਸੀ, ਅਖ਼ੀਰ ਕਿਵੇਂ ਖਾਲੀ ਪੱਲੇ ਮੋੜਦੇ ਉਹਨੂੰ।’
ਤੇ ਫੇਰ ਉਹ ਜਿਵੇਂ ਸਹੀ ਗੱਲ ‘ਤੇ ਆ ਗਿਆ ਹੋਵੇ। ਕਹਿੰਦਾ, ‘ਥੋਨੂੰ ਪਤੈ ਜੀ! ਪੜ੍ਹਾਈਆਂ
ਕਿੰਨੀਆਂ ਮਹਿੰਗੀਆਂ ਹੋ ਗੀਆਂ ਨੇ। ਅੱਡਲੀ ਦਾ ਪੈਸਾ ਲਗਦੈ। ਸੋਚਿਆ ਸਿਰੋਂ ਭਾਰ ਲਾਹੀਏ।
ਆਪੇ ਸਹੁਰੇ ਘਰੇ ਬੈਠੀ ਪੜ੍ਹ ਜਾਊ।’
ਉਹ ਕੱਪੜੇ ਦੇ ਕੇ ਚਲਾ ਗਿਆ। ਮੈਨੂੰ ਲੱਗਿਆ ਜਿਵੇਂ ਪਾਣੀ ‘ਚੋਂ ਮੱਛੀ ਕੱਢ ਕੇ ਟਿੱਬੇ ‘ਤੇ
ਰੱਖ ਦਿੱਤੀ ਹੋਵੇ।
ਮੈਂ ਉਨ੍ਹਾਂ ਦੇ ਕਾਊਂਟਰ ‘ਤੇ ਨਾਪ ਕੇ ਰੱਖੇ ਕੱਪੜਿਆਂ ਦੀਆਂ ਤੈਹਾਂ ਮਾਰ ਰਿਹਾ ਸੀ ਕਿ
ਵਿਵੇਕ ਉਠ ਕੇ ਮੇਰੇ ਕੋਲ ਆਇਆ ਤੇ ਨੇੜੇ ਹੋ ਕੇ ਕਹਿਣ ਲੱਗਿਆ, ‘ਵਿਆਹ ਦੀ ਬੜੀ ਕਾਹਲ ਕੀਤੀ
ਏਨ੍ਹਾਂ ਨੇ?’
‘ਮਾਪਿਆਂ ਨੂੰ ਸੌ ਗੱਲਾਂ ਸੋਚਣੀਆਂ ਪੈਂਦੀਆਂ ਨੇ। ਆਪਾਂ ਨੂੰ ਪੁੱਛ ਕੇ ਥੋੜ੍ਹਾ ਕਰਨਾ ਸੀ
ਵਿਆਹ।’
‘ਇਹ ਤਾਂ ਠੀਕ ਐ। ਪਰ ਪੜ੍ਹਾਈ ਦਾ ਜ਼ਮਾਨੈ। ਫੇਰ ਵੀ। ਨਹੀਂ ਤਾਂ ਚੁੱਲ੍ਹਾ ਖਾ ਜਾਂਦੈ
ਕੁੜੀਆਂ ਨੂੰ।’
ਮੈਂ ਚੁੱਪ ਰਿਹਾ।
ਫਿਰ ਉਹ ਥੋੜ੍ਹਾ ਜਿਹਾ ਹੋਰ ਨੇੜੇ ਹੋਇਆ ਤੇ ਦਬਵੀਂ ਆਵਾਜ਼ ‘ਚ ਕਹਿਣ ਲੱਗਿਆ, ‘ਕਿਤੇ ਕੋਈ
ਹੋਰ ਗੱਲ ਤਾਂ ਨੀ ਹੋ ਗਈ?’
‘ਹੋਰ ਗੱਲ ਕੀ ਹੋਣੀ ਸੀ। ਮੁੱਠੀ ਭਰ ਤਾਂ ਮੰਡੀ ਐ। ਆਦਮੀ ਮਰਦਾ-ਮਰਦਾ ਸ਼ਹਿਰ ਦੁਆਲੇ ਗੇੜਾ
ਦੇ ਦੇ। ਹੁਣ ਨੂੰ ਢੋਲ ਵੱਜ ਜਾਣੇ ਸੀ।’
ਮੇਰੀ ਗੱਲ ਸੁਣ ਕੇ ਜਿਵੇਂ ਉਹਦੀ ਤਸੱਲੀ ਨਾ ਹੋਈ ਹੋਵੇ। ਮੈਂ ਹਸਦਿਆਂ ਕਿਹਾ, ‘ਕੋਈ ਗੱਲ
ਹੋਈ ਹੁੰਦੀ, ਭਾਸ਼ੇ ਪੰਡਿਤ ਨੇ ਸਭ ਤੋਂ ਪਹਿਲਾਂ ਬਾਜ਼ਾਰ ਦੇ ਕੰਨ ‘ਚ ਫੂਕ ਮਾਰਨੀ ਸੀ। ਜੇ
ਉਹਨੇ ਅਜੇ ‘ਵਾਜ ਨੀ ਕੱਢੀ। ਫ਼ਿਕਰ ਨਾ ਕਰ ਫੌਜੀਆ, ਸਭ ਸੁੱਖ-ਸਾਂਦ ਐ।’
ਵਿਆਹ ਪਿੱਛੋਂ ਮੈਂ ਉਹਨੂੰ ਇੱਕ ਵਾਰ ਵੇਖਿਆ ਸੀ। ਉਹ ਆਪਣੀ ਮਾਂ ਨਾਲ ਆਈ ਸੀ, ਜਿਹੜੀ ਨਾਲ
ਤੁਰੀ ਜਾਂਦੀ ਉਹਦੀ ਵੱਡੀ ਭੈਣ ਵਰਗੀ ਲਗਦੀ ਸੀ। ਉਹ ਬਸਾਤੀ ਦੀ ਦੁਕਾਨ ‘ਤੇ ਕੁੱਝ ਲੈਣ ਆਈਆਂ
ਸਨ।
ਮੈਂ ਵੇਖਿਆ ਉਹਦੇ ਪਿੰਡੇ ‘ਤੇ ਵਿਆਹ ਦਾ ਪਾਣੀ ਫਿਰ ਗਿਆ ਸੀ। ਸੂਹਾ ਸੂਟ ਪਾਇਆ ਸੀ ਤੇ
ਸੁਨਹਿਰੀ ਕਿਨਾਰੀ ਵਾਲੀ ਲਾਲ ਚੁੰਨੀ ਲਈ ਹੋਈ ਸੀ, ਜਿਹੜੀ ਗਲ ‘ਚ ਪਾਈ ਹੋਈ ਸੀ ਤੇ ਵਾਲਾਂ
ਦਾ ਜੂੜਾ ਕੀਤਾ ਹੋਇਆ ਸੀ। ਉਹਦੇ ਹੱਥਾਂ, ਕੰਨਾਂ ਅਤੇ ਗਲ ‘ਚ ਗਹਿਣੇ ਸਨ। ਉਹਦੇ ਰੂਪ ਦੀ
ਸਿਖ਼ਰ ਕੰਬਦੇ ਹੱਥ ‘ਤੇ ਪਾਣੀ ਦੀ ਭਰੀ ਥਾਲੀ ਵਾਂਗ ਛਲਕ ਰਹੀ ਸੀ। ਪਰ ਤੁਰਨ ਵੇਲੇ ਝਾਂਜਰ ਦੀ
ਛਣ-ਛਣ ਵਿਚੋਂ ਤੇਜ ਹਵਾ ‘ਚ ਖੜਕਦੇ ਸੁੱਕੇ ਪੱਤਿਆਂ ਦਾ ਉਦਾਸ ਸੰਗੀਤ ਵੀ ਝਰਦਾ ਲਗਦਾ ਸੀ।
ਬਾਜ਼ਾਰ ਅੱਜ ਵੀ ਉਸਨੂੰ ਹਸਰਤ ਨਾਲ ਵੇਖ ਰਿਹਾ ਸੀ। ਬਾਜ਼ਾਰ ਦਾ ਕੰਮ ਹੀ ਆਉਂਦਿਆਂ-ਜਾਂਦਿਆਂ
ਨੂੰ ਵੇਖਣਾ ਅਤੇ ਜੇਬਾਂ ਨੂੰ ਹਾੜਨਾ ਹੁੰਦਾ ਹੈ। ਬਾਜ਼ਾਰ ਵਿੱਚ ਆਏ ਡੁਲ੍ਹਦੇ ਰੰਗ ਕਿੱਥੇ
ਗਏ? ਉਨ੍ਹਾਂ ਦਾ ਪਿੱਛੋਂ ਜਾ ਕੇ ਕੀ ਬਣਿਆ? ਰੂਪ ਦੀਆਂ ਭਰੀਆਂ ਡੁਲ੍ਹਦੀਆਂ ਟਿੰਡਾਂ ਬਾਜ਼ਾਰ
ਦੀ ਅੱਖ ਨੂੰ ਖਿਚਦੀਆਂ ਰਹਿੰਦੀਆਂ ਹਨ। ਬਾਜ਼ਾਰ ਕਦੇ ਪਿੱਛੇ ਨਹੀਂ ਵੇਖਦਾ। ਫੇਰ ਉਹ ਸਮਾਂ ਵੀ
ਆਇਆ, ਮੇਰੇ ਹੱਥ ਕੱਪੜੇ ਦੀ ਥਾਂ ਕਲਮ ਆ ਗਈ। ਬਾਜ਼ਾਰੀ ਦੁਨੀਆਂ ਨਾਲ ਮੇਰਾ ਰਿਸ਼ਤਾ ਹੀ ਨਾ
ਰਿਹਾ। ਤਪੇ ਤੋਂ ‘ਅਜੀਤ’ ਦੀ ਪੱਤਰਕਾਰੀ ਕਰਦਾ-ਕਰਦਾ ਬਰਨਾਲੇ ਆ ਟਿਕਿਆ। ਸਾਰਾ ਦਿਨ
ਇਧਰੋਂ-ਉਧਰੋਂ ਖ਼ਬਰਾਂ ਇਕੱਠੀਆਂ ਕਰਨੀਆਂ। ਖ਼ਾਸ ਖ਼ਬਰਾਂ ਫੈਕਸ ਰਾਹੀਂ ਭੇਜਣੀਆਂ ਤੇ ਬਾਕੀ ਡਾਕ
ਮੈਂ ਬਰਨਾਲਾ ਕਚਹਿਰੀ ਚੌਕ ਵਿੱਚ ਸਵੇਰੇ ਸਵਾ ਨੌਂ ਵਜੇ ਆਉਣ ਵਾਲੀ ਰੂਪ ਬੱਸ ਦੇ ਡਰਾਈਵਰ
ਨੂੰ ਫੜਾ ਦਿੰਦਾ। ਉਹ ਜਲੰਧਰ ਬੱਸ ਅੱਡੇ ‘ਤੇ ‘ਅਜੀਤ’ ਦੇ ਲੱਗੇ ਬਕਸੇ ‘ਚ ਪਾ ਦਿੰਦਾ ਸੀ।
ਕਚਹਿਰੀ ਚੌਕ ਮੇਰੇ ਤੇ ਤਪੇ ਦੇ ਲੋਕਾਂ ‘ਚ ਪੁਲ ਦਾ ਕੰਮ ਵੀ ਕਰਦਾ ਸੀ। ਤਪੇ ਤੋਂ ਸਵਾਰੀਆਂ
ਉਤਰਦੀਆਂ। ਕੋਈ ਨਾ ਕੋਈ ਮਿੱਤਰ-ਪਿਆਰਾ ਮਿਲ ਜਾਂਦਾ। ਉਥੋਂ ਦੀ ਸੁੱਖ-ਸਾਂਦ ਦਾ ਪਤਾ ਲਗਦਾ
ਰਹਿੰਦਾ। ਮੈਂ ਫੇਰ ਵੀ ਉਥੇ ਸਤਾਰਾਂ ਸਾਲ ਗੁਜ਼ਾਰੇ ਸਨ। ਜੜ੍ਹਾਂ ਡੂੰਘੀਆਂ ਲੱਗ ਜਾਣ ਕਾਰਨ
ਬਹੁਤ ਸਾਰੇ ਮਨ ਮੇਰੇ ਘੇਰੇ ‘ਚ ਆ ਗਏ ਸਨ। ਤਪੇ ਪਿੰਡ ਦੇ ਘਰਾਂ ‘ਚ ਵੀ ਮੇਰੀ ਆਉਣੀ-ਜਾਣੀ
ਸੀ। ਇੱਕ ਦਿਨ ਉਸ ਕੁੜੀ ਦੇ ਘਰਾਂ ਨੇੜਲਾ ਇੱਕ ਮੁਲਾਜ਼ਮ ਬੱਸੋਂ ਉਤਰਿਆ। ਉਹ ਵੀ ਮੇਰਾ ਗਾਹਕ
ਰਿਹਾ ਸੀ।
ਮੈਂ ਉਹਦੇ ਨਾਲ ਹੱਥ ਮਿਲਾਇਆ। ਚਾਹ ਪਿਲਾਉਣ ਲਈ ਹੋਟਲ ਵੱਲ ਖਿੱਚਣ ਲੱਗਿਆ ਤਾਂ ਉਹਦੇ ‘ਚੋਂ
ਦਫ਼ਤਰ ਜਾਣ ਦੀ ਕਾਹਲ਼ ਨਜ਼ਰ ਆਉਣ ਲੱਗੀ ਪਰ ਜਦੋਂ ਮੈਂ ਉਸ ਕੁੜੀ ਬਾਰੇ ਪੁੱਛਿਆ ਤਾਂ ਉਹ ਦੱਸਣ
ਲੱਗਿਆ, ‘ਹਾਂ ਉਹ ਬਰਨਾਲੇ ਵਿਆਹੀ ਹੋਈ ਐ।’ ਪਰ ਉਹਦੇ ਚਿਹਰੇ ਦਾ ਕਸਾਅ ਵਧਣ ਲੱਗਿਆ। ਦਫ਼ਤਰ
ਜਾਣ ਦੀ ਕਾਹਲ਼ ਪਤਾ ਨਹੀਂ ਕਿੱਧਰ ਚਲੀ ਗਈ। ਅੱਖਾਂ ‘ਚ ਡਰ ਦੇ ਭਾਵ ਦਿਖਾਈ ਦੇਣ ਲੱਗੇ ਤੇ
ਫਿਰ ਉਹਨੇ ਪੁੱਛਿਆ, ‘ਕਿਉਂ ਸੁੱਖ ਤਾਂ ਹੈ?’
ਮੈਂ ਹਲਕਾ ਜਿਹਾ ਮੁਸਕਰਾਇਆ। ਉਹਦਾ ਡਰ ਘਟਿਆ।
‘ਹਾਂ, ਸੁੱਖ ਈ ਐ। ਪਰ ਤੁਸੀਂ ਘਬਰਾਏ ਬੜੇ?’ ਮੈਂ ਕਿਹਾ।
ਮੈਨੂੰ ਹਸਦੇ ਨੂੰ ਵੇਖ ਕੇ ਉਹਦੀ ਹਾਸੀ ਪਲ-ਛਿਣ ਸਾਂਝੀ ਹੋਈ। ਪਰ ਫਿਰ ਉਹਦਾ ਅੰਦਰਲਾ ਡਰ
ਬਾਹਰ ਆਉਣ ਲੱਗਿਆ। ‘ਮੈਂ ਤਾਂ ਡਰ ਈ ਗਿਆ ਸੀ। ਸੋਚਿਆ, ਤੁਸੀਂ ਪੱਤਰਕਾਰ ਓਂ। ਸਭ ਤੋਂ
ਪਹਿਲਾਂ ਮਾੜੀ ਖ਼ਬਰ ਉਡ ਕੇ ਤੁਹਾਡੇ ਕੋਲ ਈ ਪਹੁੰਚਦੀ ਐ।’
‘ਨਹੀਂ ਨਹੀਂ। ਇਹੋ ਜੀ ਕੋਈ ਗੱਲ ਨੀਂ। ਮੈਂ ਤਾਂ ਊਈਂ ਪੁੱਛਿਆ ਸੀ ਤੁਹਾਡੇ ਕੋਲੋਂ। ਕਈ ਦਿਨ
ਪਹਿਲਾਂ ਬਾਜ਼ਾਰ ‘ਚ ਦੇਖਿਆ ਸੀ ਮੈਂ ਉਸ ਕੁੜੀ ਨੂੰ।’
‘ਅੱਛਾ! ਅੱਛਾ! ਤਾਂ ਹੀ ਪੁਛਦੇ ਓਂ।’
ਮੇਰੀ ਗੱਲ ਸੁਣ ਕੇ ਉਹ ਦੱਸਣ ਲੱਗਿਆ, ‘ਦੇਖ ਲਓ ਜੀ! ਬੜੀ ਛੈਲ ਸੀ ਕੁੜੀ। ਪੜ੍ਹਨ ‘ਚ ਵੀ
ਬੜੀ ਹੁਸ਼ਿਆਰ ਸੀ। ਵਿਆਹ ਤੋਂ ਬਾਅਦ ਵੀ ਪੜ੍ਹਨਾ ਚਾਹੁੰਦੀ ਸੀ ਪਰ ਸਹੁਰੇ ਮੰਨੇ ਈ ਨਾ। ਖਾਸਾ
ਚਿਰ ਉਹ ਤਪੇ ਬੈਠੀ ਰਹੀ। ਫੇਰ ਰਿਸ਼ਤੇਦਾਰਾਂ ਨੇ ਵਿੱਚ ਪੈ ਕੇ ਤੁਰਵਾਈ।’
ਉਹ ਗੱਲਾਂ ਕਰਦਾ-ਕਰਦਾ ਮੇਰੇ ਵੱਲ ਝਾਕਿਆ। ਆਪਣੀ ਗੱਲ ‘ਚ ਮੇਰੀ ਦਿਲਚਸਪੀ ਵਧੀ ਵੇਖ ਕੇ ਉਹ
ਫੇਰ ਕਹਿਣ ਲੱਗਿਆ, ‘ਅਸਲ ‘ਚ ਜੀ ਸਹੁਰੇ ਘਰ ‘ਚ ਸੱਸ ਦੀ ਪੁਗਦੀ ਐ। ਵਿਆਹ ਪਿੱਛੋਂ ਲੈਣ-ਦੇਣ
ਦਾ ਰੌਲਾ ਪਿਆ ਸੀ। ਮੁੰਡਾ ਮਾਂ ਦੇ ਮਗਰ ਲਗਦੈ। ਸਹੁਰਾ ਊਂ ਈ ਭਗਤ ਦਸਦੇ ਐ।’
ਉਹ ਗੱਲਾਂ ਕਰਦਾ-ਕਰਦਾ ਉਦਾਸ ਹੋ ਗਿਆ ਸੀ। ਫੇਰ ਜਦੋਂ ਉਹਨੂੰ ਆਪਣੇ ਦਫ਼ਤਰ ਦਾ ਅਹਿਸਾਸ ਹੋਣ
ਲੱਗਿਆ ਤਾਂ ਆਪਣੀ ਗੱਲ ਨਿਬੇੜਦਾ ਕਹਿਣ ਲੱਗਿਆ, ‘ਬਾਹਲੀਆਂ ਗੱਲਾਂ ਕੀ ਕਰਨੀਆਂ ਨੇ ਜੀ,
ਪਾਣੀ ‘ਚ ਮਧਾਣੀ ਜਿੰਨੀ ਮਰਜ਼ੀ ਪਾ ਲਉ ਪਰ ਨਿਕਲਦਾ ਕੁਛ ਨੀਂ ਵਿਚੋਂ। ਸਭ ਕਿਸਮਤਾਂ ਦੀਆਂ
ਗੱਲਾਂ ਨੇ। ਐਵੇਂ ਤਾਂ ਨੀ ਕਿਸੇ ਨੇ ਕਿਹਾ ਅਖ਼ੇ! ਕਿਸਮਤਾਂ ਦੇ ਕੜਛੇ, ਕਿਸੇ ਨੂੰ ਖਾਲੀ,
ਕਿਸੇ ਨੂੰ ਭਰ ਕੇ।’ ਇਹ ਕਹਿ ਕੇ ਉਹਨੇ ਮੇਰੇ ਵੱਲ ਵੇਖਿਆ, ਜਿਵੇਂ ਆਪਣੀ ਗੱਲ ਦੀ ਹਾਮੀ
ਭਰਵਾਉਣਾ ਚਾਹੁੰਦਾ ਹੋਵੇ ਪਰ ਮੈਥੋਂ ਉਹਦੀ ਹਾਂਅ ‘ਚ ਹਾਂਅ ਨਹੀਂ ਮਿਲਾਈ ਗਈ।
ਸ਼ਹੀਦ ਭਗਤ ਸਿੰਘ ਨਗਰ, ਬਰਨਾਲਾ।
-0-
|