Welcome to Seerat.ca
Welcome to Seerat.ca

"ਛੋਟੀ ਮਾਂ ਦਾ ਵੱਡਾ ਹੌਸਲਾ"

 

- ਮੰਗਤ ਰਾਮ ਪਾਸਲਾ

ਗੱਲਾਂ ‘ਚੋਂ ਗੱਲ਼ੀ

 

- ਬਲਵਿੰਦਰ ਗਰੇਵਾਲ

ਸਾਹਿਤਕ ਸਵੈਜੀਵਨੀ / ਜ਼ਰਖ਼ੇਜ਼ ਜ਼ਮੀਨ ਵਿੱਚ ਡਿੱਗਦੇ ਬੀਜ

 

- ਵਰਿਆਮ ਸਿੰਘ ਸੰਧੂ

ਚੋਲ੍ਹਰ ਪਾ ਕੇ ਉੱਡੀਆਂ ਚਿੜੀਆਂ

 

- ਡਾ. ਬਲਵਿੰਦਰ ਕੌਰ ਬਰਾੜ

ਵਕਤ ਦੇ ਨਾਲ ਨਾਲ

 

- ਗੁਲਸ਼ਨ ਦਿਆਲ

ਔਰਤ ਦੀ ਤਾਕਤ

 

- ਬੇਅੰਤ ਗਿੱਲ ਮੋਗਾ

ਵਗਦੀ ਏ ਰਾਵੀ / ਅਖ਼ਬਾਰ ਦੇ ਸੰਪਾਦਕ ਨਾਲ ਮੁਲਾਕਾਤ

 

- ਵਰਿਆਮ ਸਿੰਘ ਸੰਧੂ

ਇੰਜ ਮਹਿਸੂਸ ਕੀਤਾ ਮੈਂ ਸ਼ਿਮਲਾ ਵੇਖ ਕੇ

 

- ਮਲਿਕਾ ਮੰਡ

ਲਿਖਤ ਪੜਤ: ਕਰਾਮਾਤੀ ਰਚਨਾ

 

- ਮੰਗੇ ਸਪਰਾਏ

ਮੈਂ ਤਾਂ ਪੁੱਤ ਕੱਲੀ ਰਹਿਜੂੰ

 

- ਵਕੀਲ ਕਲੇਰ

Indian establishment glorifies controversial figure over real Vancouver hero

 

- Gurpreet Singh

 

"ਛੋਟੀ ਮਾਂ ਦਾ ਵੱਡਾ ਹੌਸਲਾ"
- ਮੰਗਤ ਰਾਮ ਪਾਸਲਾ

 

ਇਕ ਦਿਨ ਮੈਂ ਤੇ ਮੇਰਾ ਇਕ ਪਰਮ ਮਿੱਤਰ ਤੇ ਹੋਰ ਦੋ ਕੁ ਦੋਸਤ, ਕਿਸੇ ਜਾਣਕਾਰ ਦੀ ਮਾਤਾ ਦੀ ਅੰਤਮ ਅਰਦਾਸ ਵਿਚ ਸ਼ਾਮਲ ਹੋਣ ਪਿੱਛੋਂ ਵਾਪਸ ਪਰਤ ਰਹੇ ਸਾਂ। ਮੇਰਾ ਜਾਣਕਾਰ ਸਮਾਜਕ ਮਾਪ-ਦੰਡਾਂ ਅਨੁਸਾਰ ਚੱਲਦਾ-ਪੁਰਜਾ ਆਦਮੀ ਸੀ। ਮਾਤਾ ਨੂੰ ਸ਼ਰਧਾਂਜਲੀ ਦਿੰਦਿਆਂ ਬੁਲਾਰੇ ਜਿਵੇਂ ਉਹਦੀ ਮਾਤਾ ਦੀ ਸਾਧਾਰਨ ਸ਼ਖ਼ਸੀਅਤ ਨੂੰ ਅਸਧਾਰਨ ਬਣਾ ਕੇ ਵੱਡੇ ਵੱਡੇ ਵਿਸ਼ੇਸ਼ਣ ਲਾ ਕੇ ਵਡਿਆ ਰਹੇ ਸਨ, ਇਹ ਸਭ ਕੁਝ ਮੈਨੂੰ ਬੜਾ ਓਪਰਾ ਤੇ ਮਸਨੂਈ ਲੱਗ ਰਿਹਾ ਸੀ। ਮੈਂ ਉਸ ਨੇਕ-ਦਿਲ ਸਾਧਾਰਨ ਔਰਤ ਨੂੰ ਚੰਗੀ ਤਰ੍ਹਾਂ ਜਾਣਦਾ ਸਾਂ ਪਰ ਬੁਲਾਰਿਆਂ ਵੱਲੋਂ ਉਸਦੀ ਕੀਤੀ ਬੇਬਹਾ ਉਪਮਾ ਨੇ ਮੇਰੇ ਚਿਹਰੇ ‘ਤੇ ਵਿਅੰਗਮਈ ਮੁਸਕਰਾਹਟ ਲੈ ਆਂਦੀ।

ਅਸਲ ਵਿਚ ਜਦੋਂ ਕਦੀ ਵੀ ਮੈਂ ਕਿਸੇ ਮਿਰਤਕ ਔਰਤ ਦੀ ਅੰਤਮ ਅਰਦਾਸ ‘ਤੇ ਜਾਂਦਾ ਹਾਂ ਤਾਂ ਆਮ ਤੌਰ ‘ਤੇ ਸ਼ਰਧਾਂਜਲੀ ਸਮਾਗਮ ਦੇ ਹਰ ਵਕਤਾ ਵਲੋਂ ਔਰਤਾਂ ਦੇ ਵੱਖ ਵੱਖ ਰੂਪਾਂ ਦਾ ਜ਼ਿਕਰ ਕਰਕੇ ਵਿਛੜ ਚੁੱਕੀ ਆਤਮਾ ਦਾ ਗੁਣਗਾਨ ਕੀਤਾ ਜਾਂਦਾ ਹੈ। ਕਦੀ ਮਾਂ, ਕਦੀ ਭੈਣ, ਕਦੀ ਪਤਨੀ ਤੇ ਕਦੀ ਕੰਜਕ ਦੇ ਰੂਪ ਵਿਚ ਔਰਤ ਦੀ ਮਹਾਨਤਾ ਨੂੰ ਦਰਸਾਇਆ ਜਾਂਦਾ ਹੈ। ਸਵਰਗਵਾਸੀ ਔਰਤ ਦੀ ਉਪਮਾ ਉਸੇ ਰੂਪ ਨਾਲ ਜੋੜ ਕੇ ਕੀਤੀ ਜਾਂਦੀ ਹੈ ਜਿਸ ਰੂਪ ਨਾਲ ਉਸਦਾ ਬਾਕੀ ਪਰਿਵਾਰ ਦੂਰੋ ਨੇੜਿਓਂ ਬੱਝਾ ਹੁੰਦਾ ਹੈ। ਰਾਜਨੀਤੀ, ਧਰਮ, ਸਭਿਆਚਾਰ, ਖੇਡਾਂ, ਵਿਦਿਆ, ਸਿਹਤ, ਜਾਂ ਘਰੇਲੂ ਕਾਰੋਬਾਰ ਭਾਵ ਜਿਸ ਖੇਤਰ ਨਾਲ ਵੀ ਸੰਬੰਧਤ ਔਰਤ ਜਾਂ ਉਸਦੇ ਪਰਿਵਾਰ ਦੇ ਕਿਸੇ ਦੂਸਰੇ ਮੈਂਬਰ ਨੇ ਕੋਈ ਨਾਮਣਾ ਖੱਟਿਆ ਹੁੰਦਾ ਹੈ, ਉਸੇ ਸਬੰਧ ਵਿਚ ਸੰਬੰਧਤ ਬੀਬੀ ਵਲੋਂ ਨਿਭਾਈ ਗਈ ਭੂਮਿਕਾ ਨੂੰ ਤਰ੍ਹਾਂ ਤਰ੍ਹਾਂ ਦੇ ਵਿਸ਼ੇਸ਼ਣ ਲਾ ਕੇ ਪੇਸ਼ ਕੀਤਾ ਜਾਂਦਾ ਹੈ। ਕਈ ਵਾਰ ਤਾਂ ਇਹ ਸਭ ਹਕੀਕਤ ਦੇ ਨੇੜੇ ਤੇੜੇ ਹੁੰਦਾ ਹੈ ਪ੍ਰੰਤੂ ਕਦੀ ਕਦੀ (ਬਹੁਤੀ ਵਾਰ) ਅਤਕਥਨੀਆਂ ਦਾ ਸਹਾਰਾ ਵੀ ਲਿਆ ਜਾਂਦਾ ਹੈ।

ਮੇਰੇ ਦੋਸਤ ਨੇ ਮੇਰੀ ਵਿਅੰਗਮਈ ਮੁਸਕਰਾਹਟ ਦਾ ਕਾਰਨ ਜਾਨਣਾ ਚਾਹਿਆ। ਇਹਨਾਂ ਸਾਰੇ ਤਜਰਬਿਆਂ ਉਪਰ ਪਿਛਲ ਝਾਤ ਮਾਰਦਿਆਂ ਮੈਂ ਆਪਣੇ ਪਰਮ ਮਿੱਤਰ ਨੂੰ ਕਿਹਾ, “ਭਾਈ ਸਾਹਿਬ! ਸੋਚਦਾਂ ਕਿ ਮੈਂ ਆਪਣੀ ਮਾਤਾ ਦੀ ਅੰਤਮ ਅਰਦਾਸ ਸਮੇਂ ਕੋਈ ਲੰਬਾ ਚੌੜਾ ਸ਼ਰਧਾਂਜਲੀ ਸਮਾਗਮ ਨਹੀਂ ਕਰਨਾ। ਅਫ਼ਸੋਸ ਕਰਨ ਆਏ ਸਾਰੇ ਮਿੱਤਰਾਂ ਤੇ ਸਬੰਧੀਆਂ ਦਾ ਧੰਨਵਾਦ ਕਰਦਿਆਂ ਬਸ ਏਨਾ ਆਖ ਕੇ ਕਿ “ਬਾਕੀ ਦੁਨੀਆਂ ਦੀਆਂ ਮਾਵਾਂ ਵਾਂਗਰ ਮੇਰੀ ਮਾਂ ਵੀ ਮੈਨੂੰ ਬਹੁਤ ਪਿਆਰ ਕਰਦੀ ਸੀ ਤੇ ਉਸਨੇ ਮੇਰੇ ਲਈ ਸਾਰੀ ਜ਼ਿੰਦਗੀ ਬਹੁਤ ਜਫ਼ਰ ਜਾਲੇ‘‘ ਗੱਲ ਸਮਾਪਤ ਕਰ ਦੇਣੀ ਆਂ।

ਮੇਰੇ ਮੂੰਹੋਂ ਮਾਂ ਵੱਲੋਂ ਮੇਰੇ ਲਈ ‘ਜਫ਼ਰ ਜਾਲਣ’ ਦਾ ਜਿ਼ਕਰ ਸੁਣ ਕੇ ਮੇਰੇ ਮਿੱਤਰ ਨੇ ਮੇਰੀ ਮਾਂ ਬਾਰੇ ਕੁਝ ਹੋਰ ਜਾਨਣਾ ਚਾਹਿਆ। ਬਸ ਫੇਰ ਕੀ ਸੀ, ਮੈਨੂੰ ਇੰਝ ਜਾਪਿਆ ਜਿਵੇਂ ਮੈਨੂੰ ਕੁੱਝ ਸਮਾਂ ਭਾਸ਼ਣ ਦੇਣ ਦਾ ਮੌਕਾ ਮਿਲ ਗਿਆ ਹੋਵੇ ਤੇ ਮੈਂ ਵੀ ਉਸਦਾ ਭਰਪੂਰ ਲਾਹਾ ਲਿਆ।

ਮੈਂ ਚੌਂਹ ਕੁ ਵਰ੍ਹਿਆਂ ਦਾ ਸਾਂ ਜਦੋਂ ਮੇਰੇ ਪਿਤਾ ਜੀ ਚਲਾਣਾ ਕਰ ਗਏ। ਇਸ ਕਰਕੇ ਮੇਰੀ ਮਾਂ ਨੇ ਰੰਡੇਪੇ ਨਾਲ ਗਰੀਬੀ ਵੀ ਹੰਢਾਈ। ਕੋਈ ਜ਼ਮੀਨ ਦਾ ਟੁਕੜਾ ਜਾਂ ਹੋਰ ਕਮਾਈ ਦਾ ਸਾਧਨ ਨਹੀਂ ਸੀ ਪਰਿਵਾਰ ਕੋਲ। ਮੈਂ ਸਾਂ ਵੀ ਇਕੱਲਾ ਹੀ ਪੁੱਤਰ। ਸ਼ਾਇਦ ਇਸੇ ਕਰਕੇ ਮੇਰਾ ਨਾਂ ਰੱਬ ਤੋਂ ਮੰਗਿਆ (ਮੰਗਤ) ਰੱਖਿਆ ਗਿਆ। ਖੁਸ਼ੀ ਗਮੀ ਦੇ ਮੌਕਿਆਂ ਉਪਰ ਘਰ-ਘਰ ਦੀਆਂ ਰੋਟੀਆਂ ਬਣਾਈਆਂ, ਭਾਂਡੇ ਮਾਂਜੇ, ਲੋਕਾਂ ਦੀਆਂ ਡੋਲੀ ਚੜ੍ਹਦੀਆਂ ਧੀਆਂ ਦਾ ਸਾਥ ਦੇ ਕੇ ਮਾਂ ਵਰਗੀ ਸੁਰੱਖਿਆ ਪ੍ਰਦਾਨ ਕੀਤੀ। ਇਹ ਸਾਰਾ ਕੁੱਝ ਕਰਕੇ ਮੈਨੂੰ ਜੁਆਨ ਹੋਇਆ ਵੀ ਤੇ ਇਕ ਕਮਾਊ ਪੁੱਤ ਵੀ, ਦੇਖਣਾ ਚਾਹੁੰਦੀ ਸੀ ਮੇਰੀ ਮਾਂ।

ਮੈਂ ਕਹਾਣੀ ਨੂੰ ਅੱਗੇ ਵਧਾਈ ਜਾ ਰਿਹਾ ਸਾਂ।

ਜਦੋਂ ਮੈਂ ਪੜ੍ਹਦਿਆਂ ਹੋਇਆਂ ਪਿੰਡ ਦੀ ਨੌਜਵਾਨ ਸਭਾ ਵਿਚ ਥੋੜੀ ਜਿਹੀ ਸਰਗਰਮੀ ਸ਼ੁਰੂ ਕੀਤੀ ਤੇ ਲਾਲ ਝੰਡਾ ਫੜਕੇ ਕਮਿਊਨਿਸਟ ਵਿਚਾਰਧਾਰਾ ਨਾਲ ਨਾਤਾ ਜੋੜਨ ਦਾ ਮੁਢਲਾ ਯਤਨ ਕੀਤਾ ਤਾਂ ਮੇਰੀ ਮਾਂ ਨੂੰ ਥੋੜਾ ਜਿਹਾ ਡਰ ਵੀ ਲੱਗਾ ਤੇ ਗੁੱਸਾ ਵੀ ਆਇਆ। ਪਰ ਉਹ ਤਾਂ ਮੈਨੂੰ ‘ਸਰਵਣ ਪੁੱਤ‘ ਸਮਝਦੀ ਸੀ ਤੇ ਮੇਰੇ ਕਹੇ ਹਰ ਬੋਲ ਨੂੰ ਇਲਾਹੀ ਬਾਣੀ ਸਮਝ ਕੇ ਸੱਚ ਮੰਨ ਲੈਂਦੀ ਸੀ। ਤਾਂ ਹੀ ਤਾਂ ਉਸਨੇ ਮੈਨੂੰ ਕਮਿਊਨਿਸਟ ਲਹਿਰ ਵਿਚ ਜਾਣ ਤੋਂ ਓਨਾ ਨਹੀਂ ਵਰਜਿਆ, ਜਿੰਨਾਂ ਉਹ ਵਰਜਣ ਦਾ ਹੱਕ ਰੱਖਦੀ ਸੀ। ਇਸ ਰਾਹੇ ਪੈਣੋਂ ਵਰਜਣਾ, ਸ਼ਾਇਦ, ਦੁਨਿਆਵੀ ਮਾਵਾਂ ਵਾਂਗ ਉਹਦੀ ਲੋੜ ਵੀ ਸੀ ਕਿਉਂਕਿ ਮੈਂ ਹੀ ਤਾਂ ਉਸਦਾ ਇਕੋ-ਇਕ ਸਹਾਰਾ ਸਾਂ ਪਰ ਕਮਿਊਨਿਸਟ ਲਹਿਰ ਵਿਚ ਸ਼ਾਮਲ ਹੋਣ ਤੋਂ ਬਾਅਦ ਦੇਸ਼ ਦੀਆਂ ਹੋਰਨਾਂ ਮਾਵਾਂ ਦੀ ਜਿ਼ੰਮੇਵਾਰੀ ਓਟ ਲੈਣ ਕਾਰਨ ਸ਼ਾਇਦ ਮੈਂ ਆਪਣੀ ਮਾਂ ਦਾ ਏਨਾ ‘ਕਮਾਊ ਪੁੱਤ’ ਵੀ ਨਹੀਂ ਸੀ ਰਹਿਣਾ। ਪਰ ਮੇਰੀ ਮਾਂ ਨੇ ਇਸ ਗੱਲ ਦੀ ਪ੍ਰਵਾਹ ਨਾ ਕੀਤੀ।

ਗੱਲ ਅੱਗੇ ਤੋਰਦਿਆਂ ਮੈਂ ਆਪਣੇ ਦੋਸਤ ਨੂੰ ਦੱਸਿਆ ਕਿ 1973 ਵਿਚ ਜਦੋਂ ਪਾਰਟੀ ਵਲੋਂ ਮਹਿੰਗਾਈ ਵਿਰੁੱਧ ਮੋਰਚਾ ਲਾਇਆ ਗਿਆ ਤੇ ਜਥਿਆਂ ਦੇ ਰੂਪ ਵਿਚ ਪੰਜਾਬ ਸਰਕਾਰ ਵਿਰੁੱਧ ਗ੍ਰਿਫ਼ਤਾਰੀਆਂ ਦੇਣ ਦਾ ਪਲਾਨ ਬਣਿਆ ਤਾਂ ਮੇਰੀ ਮਾਂ ਨੇ ਕੱਚੇ ਘਰ ਦੇ ਛੋਟੇ ਜਿਹੇ ਵਿਹੜੇ ਵਿਚ ਲੱਕੜ ਦੀ ਪੌੜੀ ਕੋਲ ਖੜੀ ਹੋ ਕੇ ਮੇਰੇ ਗੁੱਟ ਉਪਰ ਲਾਲ ਰੰਗ ਦਾ ਗਾਨਾਂ ਬੰਨਕੇ ਜੇਲ੍ਹ ਜਾਣ ਵਾਲੇ ਜਥੇ ਵਿਚ ਮੈਨੂੰ ਭੇਜਿਆ ਸੀ। ਉਸ ਸਮੇਂ ਉਸਦੀਆਂ ਅੱਖਾਂ ਵਿਚ ਮੋਹ ਤੇ ਚਿੰਤਾ ਦੇ ਹੰਝੂ ਸਾਫ ਦਿਖਾਈ ਦੇ ਰਹੇ ਸਨ। ਮੇਰੇ ਪਿੰਡ ਤੋਂ ਅਸੀਂ ਤਿੰਨ ਜਣੇ ਜੇਲ੍ਹ ਗਏ ਸਾਂ ਉਸ ਮੋਰਚੇ ਵਿਚੋਂ।

ਮੈਂ ਗੱਲ ਸੁਣਾਉਂਦਾ ਸੁਣਾਉਂਦਾ ਥੋੜਾ ਜਿਹਾ ਭਾਵੁਕ ਹੋ ਗਿਆ ਸਾਂ।

ਫੇਰ ਮੇਰੀ ਕਹਾਣੀ ਦੀ ਲੜੀ ਛੇਹਰਟੇ ਪ੍ਰਤਾਪ ਮਿੱਲ ਦੀ ਹੜਤਾਲ ਨਾਲ ਜਾ ਜੁੜੀ ਜਦੋਂ ਸ਼ਾਇਦ 1978 ਵਿਚ ਪ੍ਰਤਾਪ ਮਿਲ ਦੇ ਹੜਤਾਲੀ ਮਜ਼ਦੂਰਾਂ ਉਪਰ ਮਿਲ ਮਾਲਕਾਂ ਦੇ ਗੁੰਡਿਆਂ ਅਤੇ ਪੁਲਸ ਨੇ ਸਾਂਝੇ ਤੌਰ ‘ਤੇ ਅੰਧਾਧੁੰਦ ਗੋਲੀ ਚਲਾ ਦਿੱਤੀ ਸੀ। ਮਜ਼ਦੂਰ ਚਲਦੀ ਗੋਲੀ ਵਿਚ ਪੁਲਸ ਵੱਲ ਨੂੰ ਇੱਟਾਂ ਪੱਥਰ ਮਾਰਨ ਲੱਗ ਪਏ। ਬਸ ਫੇਰ ਕੀ ਸੀ? 2 ਘੰਟੇ ਦੀ ਗੋਲੀਬਾਰੀ ਨਾਲ ਟੀਅਰ ਗੈਸ ਦੇ ਗੋਲਿਆਂ ਦਾ ਮੀਂਹ ਵਰ੍ਹਾ ਦਿੱਤਾ ਗਿਆ। ਸਾਰੇ ਪਾਸੇ ਧੂੰਆਂ ਧੂੰਆਂ ਹੋ ਗਿਆ। ਲੋਕਾਂ ਨੂੰ ਕੁੱਝ ਨਹੀਂ ਸੀ ਦੀਂਹਦਾ। ਗੈਸ ਦੇ ਗੋਲਿਆਂ ਦੀ ਜ਼ਹਿਰ ਅੱਖਾਂ ਨੂੰ ਚੜ੍ਹ ਰਹੀ ਸੀ। ਮਜ਼ਦੂਰ ਤੇ ਨੇੜੇ ਤੇੜੇ ਦੇ ਇਲਾਕਿਆਂ ਦੇ ਇਕੱਠੇ ਹੋਏ ਲੋਕ ਘਬਰਾਹਟ ਵਿਚ ਬਚਾਅ ਲਈ ਏਧਰ ਓਧਰ ਨੂੰ ਭੱਜ ਰਹੇ ਸਨ। ਮੈਂ ਦੇਖਿਆ ਮੇਰੀ ਮਾਂ (ਮੈਂ ਉਸਨੂੰ ਬੀਬੀ ਆਖਦਾ ਸਾਂ) ਛੋਟੀ ਜਿਹੀ ਬਾਲਟੀ ਵਿਚਲੇ ਪਾਣੀ ਵਿਚੋਂ ਕੱਪੜੇ ਦਾ ਟੁਕੜਾ ਭਿਓਂ ਕੇ ਮਜ਼ਦੂਰਾਂ ਦੀਆਂ ਅੱਖਾਂ ਨੂੰ ਪਾਣੀ ਦੇ ਫੇਹੇ ਲਾ ਰਹੀ ਸੀ, ਅੱਥਰੂ ਗੈਸ ਦਾ ਅਸਰ ਘਟਾਉਣ ਲਈ। ਕਿੰਨੇ ਕੁ ਲੋਕਾਂ ਨੂੰ ਇਸਦਾ ਫਾਇਦਾ ਹੋਇਆ ਹੋਵੇਗਾ, ਮੈਨੂੰ ਨਹੀਂ ਪਤਾ ਪ੍ਰੰਤੂ ਮੇਰੀ ਮਾਂ ਨੇ ਇਹ ਕੰਮ ਦੋ-ਢਾਈ ਘੰਟੇ ਜਾਰੀ ਰੱਖਿਆ। ਮਜ਼ਦੂਰਾਂ ਦੀਆਂ ਅੱਖਾਂ ਵਿਚਲੀ ਜ਼ਹਿਰ ਧੋਣ ਦਾ। ਸਾਰੇ ਮਜ਼ਦੂਰ ਉਸ ਲਈ, ਉਸ ਵਕਤ, ਸ਼ਾਇਦ ‘ਮੰਗਤ ਰਾਮ’ ਹੀ ਸਨ। ਉਦੋਂ ਉਹ ਆਪਣੇ ਪੁੱਤਾਂ ਦੀਆਂ ਅੱਖਾਂ ਵਿਚਲੀ ਜ਼ਹਿਰ ਚੂਸ ਰਹੀ ਸੀ।

ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਮੇਰਾ ਮਿੱਤਰ ਤੇ ਦੋ ਕੁ ਹੋਰ ਨਾਲ ਬੈਠੇ ਸੱਜਣ ਮੇਰੀ ਗੱਲ ਤੋਂ ਉਕਤਾ ਤਾਂ ਨਹੀਂ ਗਏ ਮੈਂ ਕਥਾ ਦਾ ਅੰਤਲਾ ਭਾਗ ਵੀ ਬਿਆਨਣਾ ਚਾਹੁੰਦਾ ਸਾਂ।

ਪਾਰਟੀ ਦੀ ਸੂਬਾ ਕਮੇਟੀ ਵਲੋਂ ਪੰਜਾਬ ਮਸਲੇ ਦੇ ਰਾਜਸੀ ਹੱਲ ਤੇ ਕੁਝ ਹੋਰ ਮੰਗਾਂ ਲਈ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਗਿਆ। ਅੱਤਵਾਦ ਦਾ ਕਾਲਾ ਦੌਰ ਜਾਰੀ ਸੀ ਪੰਜਾਬ ਅੰਦਰ। ਮੈਂ ਆਪਣੀ ਮਾਤਾ ਨੂੰ ਜਥੇ ਵਿਚ ਜੇਲ੍ਹ ਜਾਣ ਲਈ ਤਿਆਰ ਕਰ ਲਿਆ। ਇਕ ਝੋਲੇ ਵਿਚ ਦੋ ਕੁ ਪੁਰਾਣੇ ਸੂਟ, ਇਕ ਤੌਲੀਆ, ਕੰਘੀ, ਇਤਿਆਦ ਚੀਜ਼ਾਂ ਪਾ ਕੇ ਬੀਬੀ ਜੇਲ੍ਹ ਜਾਣ ਲਈ ਤਿਆਰ ਹੋ ਗਈ। ਉਹ ਏਦਾਂ ਖੁਸ਼ ਸੀ ਜਿਵੇਂ ਕਿਸੇ ਦੇ ਵਿਆਹ ਜਾ ਰਹੀ ਹੋਵੇ। ਆਮ ਲੋਕਾਂ ਲਈ ਘਰ ਤੇ ਜੇਲ੍ਹ ਵਿਚਲੇ ਜੀਵਨ ਦਾ ਖਾਣ ਪੀਣ ਦੇ ਨਜ਼ਰੀਏ ਤੋਂ ਕੋਈ ਬਹੁਤਾ ਅੰਤਰ ਨਹੀਂ ਹੁੰਦਾ। ਸਿਰਫ ਖੁੱਲ੍ਹਾ ਘੁੰਮਣ ਫਿਰਨ ਉਪਰ ਹੀ ਪਾਬੰਦੀ ਸਮਝੋ। ਚਾਰ ਕੁ ਸੌ ਲੋਕਾਂ ਦੇ ਜਥੇ ਵਿਚ ਮੇਰੀ ਮਾਂ ਵੀ ਸ਼ਾਮਲ ਹੋ ਗਈ ਤੇ ਚੰਡੀਗੜ੍ਹ ਵਿਚਲੀ ਪੰਜਾਬ ਅਸੰਬਲੀ ਵੱਲ ਨੂੰ ਚਾਲੇ ਪਾ ਦਿੱਤੇ। ਸਿਰਾਂ ਉਪਰ ਲਾਲ ਪੱਟੀਆਂ, ਹੱਥਾਂ ਵਿਚ ਝੋਲੇ ਤੇ ਜ਼ੁਬਾਨ ਉਪਰ ਨਾਅਰੇ। ਜਥਾ ਅੱਗੇ ਵੱਧ ਰਿਹਾ ਸੀ। ਗ੍ਰਿਫਤਾਰ (ਗ੍ਰਿਫ਼ਤਾਰ) ਕਰਨ ਦੀ ਥਾਂ ਚੰਡੀਗੜ੍ਹ ਪੁਲੀਸ ਨੇ ਲਾਠੀਆਂ ਤੇ ਅੱਥਰੂ ਗੈਸ ਦੀ ਝੜੀ ਲਾ ਦਿੱਤੀ। ਮੈਂ ਜਥੇ ਦੇ ਪਿੱਛੇ ਰਹਿ ਕੇ ਜਥਾ ਵਿਦਾ ਕਰਨ ਦਾ ਕੰਮ ਕਰ ਰਿਹਾ ਸਾਂ। ਚੰਡੀਗੜ੍ਹ ਦੀਆਂ ਓਪਰੀਆਂ ਸੜਕਾਂ, ਅੱਥਰੂ ਗੈਸ ਦਾ ਝਮੇਲਾ ਤੇ ਵਿਚਾਰੀ ਮਾਂ ਦੀ ਅਣਜਾਣਤਾ। ਜਥਾ ਖਿੰਡਰ ਪੁੰਡਰ ਗਿਆ। ਲੋਕੀਂ ਅੱਗੇ ਪਿੱਛੇ ਵੱਖ ਵੱਖ ਦਿਸ਼ਾਵਾਂ ਨੂੰ ਭੱਜ ਰਹੇ ਸਨ। ਮੈਂ ਵੀ ਇਸ ਰੌਲੇ ਵਿਚ ਗੁਆਚਾ ਹੋਇਆ ਸਾਂ ਆਪਣੇ ਕੁੱਝ ਸਾਥੀਆਂ ਨਾਲ। ਦੇਖਿਆ ਇਕ ਸੜਕ ਕੰਢੇ ਦਰੱਖਤਾਂ ਦੇ ਝੁੰਡ ਹੇਠਾਂ ਬੀਬੀ ਅੱਖਾਂ ‘ਤੇ ਹੱਥ ਰੱਖੀ ਖੜੀ ਸੀ। ਮੈਂ ਭੱਜ ਕੇ ਨੇੜੇ ਗਿਆ। ਮੇਰੀ ਆਵਾਜ਼ ਪਛਾਣ ਕੇ ਆਖਣ ਲੱਗੀ, “ਮੰਗਿਆ, ਇਹ ਗ੍ਰਿਫਤਾਰ ਤਾਂ ਕਰਦੇ ਨਹੀਂ। ਆਹ ਔਂਤਰਾ ਗੈਸ ਜਿਹਾ ਛੱਡੀ ਜਾਂਦੇ ਆਂ।‘‘ ਮੇਰੇ ਕੋਲ ਨਾ ਪਾਣੀ ਸੀ ਤੇ ਨਾ ਕੋਈ ਗਿੱਲਾ ਕੱਪੜਾ। ਬਸ ਮਾਂ ਨੂੰ ਕਲਾਵੇ ਵਿਚ ਲੈ ਕੇ ਮੈਂ ਸੜਕ ਕੰਢੇ ਵਾਪਸ ਪਾਰਟੀ ਦਫਤਰ ਵੱਲ ਨੂੰ ਤੁਰਿਆ ਜਾ ਰਿਹਾ ਸਾਂ।
ਛੋਟੇ ਜਿਹੇ ਦਾਇਰੇ ਵਿਚ ਜ਼ਿੰਦਗੀ ਹੰਢਾ ਰਹੀ ਮਾਂ ਨੇ ਹੁਕਮਰਾਨਾਂ ਵਿਰੁੱਧ ਬੋਲਣ ਦਾ ਕਿੱਡਾ ਵੱਡਾ ਹੌਂਸਲਾ ਕਰ ਲਿਆ। ਮੇਰੇ ਲਈ ਇਹ ਹੈਰਾਨੀ ਭਰੀ ਘਟਨਾ ਸੀ। ਲੋਕਾਂ ਦੇ ਹੰਝੂ ਪੂੰਝਦੀ ਪੂੰਝਦੀ ਮੇਰੀ ਮਾਂ ਆਪ ਅੰਨ•ੀ ਹੋ ਗਈ ਜਾਪੀ ਮੈਨੂੰ‘‘।

ਕਹਿੰਦੇ ਨੇ ਹਨੇਰੇ ਤੋਂ ਬਾਅਦ ਚਾਨਣ ਆਉਂਦਾ ਹੈ। ਸ਼ਾਇਦ ਇਸੇ ਆਸ ਨਾਲ ਉਹ ਜਫ਼ਰ ਜਾਲੀ ਜਾ ਰਹੀ ਸੀ। ਪਰ ਹੁਣ ਉਹਦਾ ਜ਼ਫਰ ਜਾਲਣ ਦਾ ਦਾਇਰਾ ਮੇਰੇ ਤੋਂ ਤੁਰ ਕੇ ਹੋਰ ਵੱਡਾ ਹੋ ਗਿਆ ਸੀ ਤੇ ਇਸ ਵਿਚ ਇਕ ਤੋਂ ਵੱਧ ‘ਮੰਗਤ ਰਾਮ’ ਸ਼ਾਮਲ ਹੋ ਗਏ ਸਨ। ਸਾਰੇ ਉਹਦੇ ਆਪਣੇ ਪੁੱਤਰ ਬਣ ਕੇ। ਪਤਾ ਨਹੀਂ ਮਾਂ ਦੀਆਂ ਅੱਖਾਂ ਸਾਹਮਣਿਓਂ ਤੇ ਉਹਦੇ ਵਡੇ ਦਾਇਰੇ ਵਾਲੇ ਪੁਤਾਂ ਦੀਆਂ ਅੱਖਾਂ ਸਾਹਮਣਿਓਂ ਹਨੇਰਾ ਕਦੋਂ ਹਟੇਗਾ?

ਕੀ ਮੈਂ ਇਸ ਵਿਚ ਕੁੱਝ ਯੋਗਦਾਨ ਪਾ ਸਕਾਂਗਾ?

ਇਹ ਸਾਰੀ ਕਹਾਣੀ ਮੈਂ ਕਿੰਨੀ ਦੇਰ ਵਿਚ ਕਿਵੇਂ ਸੁਣਾਈ, ਇਸ ਬਾਰੇ ਮੈਨੂੰ ਪੂਰਾ ਨਹੀਂ ਪਤਾ। ਮੈਨੂੰ ਜੇਲ੍ਹ ਭੇਜਣ ਸਮੇਂ ਲਾਲ ਗਾਨਾ ਬੰਨ੍ਹਣ ਵਾਲੀ ਮਾਂ ਲੋਕਾਂ ਦੇ ਅੱਥਰੂ ਪੂੰਝਦੀ ਹੋਈ ਆਪ ਅੱਥਰੂ ਗੈਸ ਦੀ ਮਾਰ ਕਿੰਝ ਝੱਲਦੀ ਹੋਵੇਗੀ, ਮੈਂ ਇਸ ਬਾਰੇ ਕੁੱਝ ਨਹੀਂ ਦੱਸ ਸਕਿਆ ਹੋਵਾਂਗਾ। ਨਾ ਹੀ ਬਿਆਨ ਕਰ ਸਕਿਆ ਹੋਵਾਂਗਾ ਮਾਂ ਦੇ ਮਨ ਵਿਚ ਉਥਲ-ਪੁਥਲ ਕਰਦੇ ਤੇ ਉਛਲਦੇ ਭਾਵਨਾਵਾਂ ਦੇ ਸਾਗਰੀ ਉਛਾਲ ਨੂੰ।

“ਪ੍ਰੰਤੂ ਹੁਣ ਮੈਨੂੰ ਨਾ ਰੋਕੀਂ ਆਪਣੀ ਮਾਂ ਦੇ ਭੋਗ ਸਮੇਂ ਬੋਲਣ ਤੋਂ‘‘ ਆਪਣੇ ਯਾਰ ਦੀ ਇਸ ਮੰਗ ਨੂੰ ਕਿਵੇਂ ਪੂਰਾ ਕਰਾਂਗਾ ਜਾਂ ਕਿਤੇ ਮਾਂ ਨੂੰ ਤਾਂ ਨਹੀਂ ਇਕ ਹੋਰ ਜਫ਼ਰ ਜਾਲਣਾ ਪਵੇਗਾ, ਘਰ ਆਉਂਦਿਆਂ ਹੋਇਆਂ ਮੈਂ ਇਹੀ ਸੋਚਦਾ ਰਿਹਾ।

ਇਸ ਸੋਚ ਕੇ ਮੇਰਾ ਮਨ ਮਾਣ ਨਾਲ ਭਰ ਗਿਆ ਕਿ ਮੇਰੀ ਮਾਂ ਭਾਵੇਂ ਕਿੰਨੀ ‘ਛੋਟੀ’ ਸੀ ਪਰ ਉਹਦਾ ਹੌਸਲਾ ਕਿੰਨਾਂ ਵੱਡਾ ਸੀ। ਧਰਤੀ ਜਿੱਡਾ ਤੇ ਧਰਤੀ ਦੇ ਪੁੱਤਾਂ-ਧੀਆਂ ਜਿੱਡਾ।
 

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346