ਸਾਢੇ ਤਿੰਨ ਦਹਾਕੇ ਤੋਂ
ਵੱਧ ਸਮਾਂ ਅਧਿਆਪਨ ਖੇਤਰ ਵਿਚ ਵਿਚਰੀ ਹਾਂ। ਕਦੇ ਮੈਂ ਇਨ੍ਹਾਂ ਵਿਚੋਂ ਆਪਣਾ ਗੁਆਚਿਆ
ਅਤੀਤ ਜਾਂ ਆਪਣੀ ਧੀ ਦਾ ਹੱਥੋਂ ਤਿਲਕਿਆ ਸਮਾਂ ਤਲਾਸ਼ਦੀ ਰਹੀ। ਕਈ ਪਲ ਸੱਜਰੇ ਕਰਦੀ ਸੀ ਜੋ
ਨਾ ਤਾਂ ਰਪੀਟ ਹੋ ਸਕਦੇ ਹਨ ਤੇ ਨਾ ਹੀ ਸੀਨੇ ਦੀ ਤਖਤੀ ਤੋਂ ਡਿਲੀਟ ਹੋ ਸਕਦੇ ਨੇ।
ਯੂਨੀਵਰਸਿਟੀ ਵਿਚ ਪੜ੍ਹਾਉਣ ਦਾ ਇਕ ਨੁਕਸਾਨ ਹੁੰਦਾ ਹੈ ਕਿ ਵਿਦਿਆਰਥੀ ਆਪਣੀ ਅੱਲ੍ਹੜ
ਵਰੇਸ ਦਾ ਪਹਿਲਾ ਤੇ ਨਾਜ਼ੁਕ ਮੋੜ ਕੱਟ ਕੇ ਹੀ ਸਾਡੇ ਤਕ ਅੱਪੜਦੇ ਹਨ। ਜਿੱਥੇ ਭਲੇ ਬੁਰੇ
ਦੀ ਸੋਝੀ ਸਿਰ ਚੁਕਦੀ ਹੈ, ਜਿੱਥੇ ਸੋਚਾਂ ਦੀ ਫਸਲ ਨਿੱਸਰਨ ਤੇ ਆ ਰਹੀ ਹੁੰਦੀ ਹੈ ਤੇ
ਜਿੱਥੇ ਭਵਿੱਖੀ ਜ਼ਿੰਦਗੀ ਤਲਖੀਆਂ, ਹਕੀਕਤਾਂ ਅਤੇ ਜਿੰਮੇਵਾਰੀਆਂ ਭਰਿਆ ਵਿਕਰਾਲ ਰੂਪ ਧਾਰਨ
ਕਰਕੇ ਕਿੰਨੀਆਂ ਹੀ ਚਿੰਤਾਵਾਂ ਪਰੋਸ ਰਹੀ ਹੁੰਦੀ ਹੈ, ਅੱਗੇ ਕੀ ਹੋਵੇਗਾ? ਵਾਲਾ ਸਵਾਲੀਆ
ਨਿਸ਼ਾਨ ਹਰ ਮੱਥੇ ਤੇ ਉਭਰਨ ਲਗਦਾ ਹੈ। ਇਸ ਸਮੇਂ ਸਾਡੇ ਬੋਲ ਉਨ੍ਹਾਂ ਦੇ ਸੀਨੇ ਤੇ ਉਕਰਨੇ
ਔਖੇ ਲਗਦੇ ਹਨ ਕਿਉਂ ਜੋ ਮਨ ਦੀ ਸਲੇਟ ਕੋਰੀ ਨਹੀਂ ਹੁੰਦੀ ਪਰ ਇਸ ਉਮਰ ਦੇ ਲਾਭ ਬਹੁਤ
ਹੁੰਦੇ ਹਨ। ਸਭ ਸੋਚਾਂ ਦਾ ਉਬਾਲ ਆਠਰ ਰਿਹਾ ਹੁੰਦਾ ਹੈ । ਬਾਂਹ ਵਧਾ ਕੇ ਤਾਰੇ ਤੋੜ
ਮਹਿਬੂਬ ਦੇ ਕੇਸਾਂ ਵਿਚ ਗੁੰਦ ਲੈਣ ਜਿਹੇ ਸੁਪਨੇ ਧਰਤੀ ਵੱਲ ਲੁੜਕਣ ਲਗਦੇ ਹਨ। ਦੂਜਾ ਇਸ
ਸਮੇਂ ਸਭ ਜਵਾਨੀ ਦੀ ਸਰਦਲ ਤੇ ਕਿਸੇ ਹਮ ਉਮਰ ਸਾਥੀ ਦੇ ਪੋਟਿਆਂ ਦੀ ਬਿੜਕ ਉਡੀਕ ਰਹੇ
ਹੁੰਦੇ ਹਨ। ਕਿਸੇ ਦੇ ਵਾਲਾ ਦੀ ਖ਼ੁਸਬੂ ਕਿਸੇ ਦੇ ਪੈਰਾਂ ਦੀ ਆਹਟ, ਕਿਸੇ ਦੀ ਅੱਖ ਦਾ
ਜਾਦੂ, ਕਿਸੇ ਦੀ ਹਾਸੀ ਦੀ ਟੁਣਕ, ਕਿਸੇ ਦੀ ਪੱਗ ਦਾ ਪੇਚ ਤੇ ਹੋਰ ਕਈ ਬਿੜਕਾਂ ਪਤਾ ਨਹੀਂ
ਕਿਹੜੇ ਵੇਲੇ ਧੂ ਪਾਉਣ ਦਾ ਕਾਰਨ ਹੋ ਜਾਵੇ ਜਿਸ ਦਾ ਨਿਬੇੜਾ ਕਿਸੇ ਜ਼ਿੰਦਗੀ ਦੀ ਸ਼ੁਰੂਆਤ
ਕਰ ਦੇਵੇ। ਹਰ ਕੋਈ ਆਪਣੀਆਂ ਸਭ ਖੂਬਸੂਰਤੀਆਂ ਸਮੇਤ ਪੇਸ਼ ਹੋਣ ਦਾ ਦਾਅਵਾ ਸਿਰਜਦਾ ਹੈ।
ਜ਼ਿੰਦਗੀ ਦੇ ਸੁਪਨਿਆ ਦੀ ਤਰਤੀਬ ਕਿਆਸਦੇ ਪੂਰੇ ਸਾਊ, ਸੁਸ਼ੀਲ, ਸੁਹਿਰਦ ਅਤੇ ਸੁੰਦਰ ਦਿੱਖ
ਵਾਲੇ ਹੋ ਕੇ ਵਿਚਰਦੇ ਹਨ। ਇਹ ਸਭ ਹਸੂੰ ਹਸੂੰ ਕਰਦੇ ਚਿਹਰੇ ਨਾਲ ਖੁਸ਼ੀਆਂ ਦੀ ਛਹਿਬਰ
ਲਗਾਉਂਦੇ ਸਭ ਉਦਾਸੀਆਂ ਨੂੰ ‘ਹੱਟ ਪਿੱਛੇ ਫੇਰ ਮਿਲਾਂਗੇ’ ਆਖਦੇ ਲਗਦੇ ਹਨ।
ਮੁੰਡਿਆਂ ਵਿਚਲੇ ਪ੍ਰਸੰਗ ਨੂੰ ਵਿਚਾਲੇ ਛੱਡ ਕੇ ਮੈਂ ਕੁੜੀਆਂ ਵਾਲੇ ਪ੍ਰਸੰਗ ਵੱਲ ਰੁਖ
ਕਰਦੀ ਹਾਂ। ਜਾਣਦੀ ਹਾਂ ਅੱਜ ਸਿੱਕਿਆਂ ਵਾਂਗ ਛਣਕਦੀਆਂ ਕੱਲ੍ਹ ਨੋਟਾਂ ਦੀਆਂ ਥੱਬੀਆਂ ਬਣ
ਸਾਂਭੀਆਂ ਜਾਣਗੀਆਂ। ਇਹ ਵੀ ਜਾਣਦੀ ਹਾਂ ਇਨ੍ਹਾਂ ਸਭ ਨੇ ਕੱਲ੍ਹ ਨੂੰ ਏਕਮ ਦਾ ਚੰਨ ਹੋ
ਜਾਣਾ ਹੈ। ਕਈ ਕੇਸਰ ਦੀਆਂ ਤਰਦੇ ਘੁਲ-ਘੁਲ ਜਾਂਦੇ ਦੁੱਧ ਰੰਗੀਆਂ, ਧੁੱਪ ਰੰਗੀਆਂ ਜਾਂ ਕਈ
ਸੌਲੇ ਰੰਗ ਵਿਚ ਵੀ ਖੁਸ਼ਖਤ ਲਿਖਾਈ ਨਾਲ ਉੱਕਰੇ ਅੱਖਰਾਂ ਵਰਗੇ ਨਕਸ਼ਾਂ ਵਾਲੀਆਂ, ਸ਼ਬਦਾਂ
ਪਿੱਛੇ ਪਲਦੇ ਅਰਥਾਂ ਵਾਲੇ ਰਹੱਸ ਵਰਗੀਆਂ, ਮਹਿਕ ਲਪੇਟੀਆਂ ਲਿਖੇ ਹਰਫਾਂ ਸੰਗ ਵਿਛ ਵਿਛ
ਜਾਂਦੀਆਂ, ਮਟਕਦੇ ਕਦਮਾਂ ਨਾਲ ਮੇਲ੍ਹਦੀਆਂ ਗੁੱਤਾਂ ਜਾਂ ਗੱਲ੍ਹ ਦੇ ਕਾਲੇ ਤਿਲ ਤੋਂ
ਬੇਖ਼ਬਰ, ਸੀਨੇ ਅੰਦਰ ਖੌਲਦੇ ਸਮੁੰਦਰ ਜਿਹੀਆਂ ਰੀਝਾਂ ਪਾਲਦੀਆਂ ਸਵੱਛ ਪੰਜਾਬਣਾਂ ਹਨ।
ਇਨ੍ਹਾਂ ਧੀਆਂ ਨੇ ਜ਼ਿੰਦਗੀ ਦਾ ਨਿੱਘ, ਹੁੰਮਸ, ਪਾਲਾ ਸਭ ਜਰਨਾ ਹੈ। ਕਿਲਕਾਰੀਆਂ,
ਠਹਾਕਿਆਂ ਅਤੇ ਹੰਝੂ ਹੌਂਕਿਆਂ ਵਿਚੋਂ ਦੀ ਗੁਜ਼ਰਨਾ ਹੈ। ਮੈਂ ਇਨ੍ਹਾਂ ਦੇ ਉਨ੍ਹਾਂ
ਡਾਵਾਂਡੋਲ ਪਲਾਂ ਦਾ ਜਿਕਰ ਛੂਹ ਰਹੀ ਹਾਂ ਜਿਨ੍ਹਾਂ ਦੀ ਇਕ ਕੰਨੀ ਮੇਰੀਆਂ ਯਾਦਾਂ ਨਾਲ ਆ
ਲਗਦੀ ਹੈ। ਇਹ ਤਸੱਲੀ ਭਰੇ ਉਨ੍ਹਾਂ ਪਲਾਂ ਦੀ ਦਾਸਤਾਂ ਹੈ ਜੋ ਸਿਲੇਬਸ ਬਾਹਰਾ ਸਵਾਲ ਹੱਲ
ਕਰਨ ਵਾਂਗ ਹੋਵੇ। ਯੂਨੀਵਰਸਿਟੀ ਵਿਚ ਪਿਛਲੇ ਕੁਝ ਅਰਸੇ ਤੋਂ ਕੁੜੀਆਂ ਦੀ ਗਿਣਤੀ ਵਧ ਰਹੀ
ਹੈ। ਪਿਛਲੇ ਇਕ ਦੋ ਦਹਾਕਿਆਂ ਤੋਂ ਕੁੜੀਆਂ ਨੇ ਹਰ ਖੇਤਰ ਵਿਚ ਮੁੰਡਿਆਂ ਨੂੰ ਪਛਾੜਿਆ ਹੈ।
ਮਾਰਕੀਟ ਮੁੱਲ ਵਧਾਉਣ ਲਈ ਮਾਪਿਆਂ ਨੂੰ ਵੀ ਸੋਚਣਾ ਪਿਆ ਕਿ ਬਾਹਰ ਦੇ ਪੀਹਣ ਨੇ ਤਾਂ ਬਾਹਰ
ਹੀ ਸੁੱਕਣਾ ਹੈ। ਘਰ ਦੇ ਵੀ ਹੋਸਟਲ ਭੇਜ ਕੇ ਥੌੜ੍ਹਾ ਚਿਰ ਸੁਰਖਰੂ ਹੋਏ ਸੌਖਾ ਸਾਹ ਲੈ
ਲੈਂਦੇ ਹਨ। ਘਰੇ ਫਿਰਦੀ ਹਿੱਕ ਤੇ ਵਧ ਰਹੇ ਕਰਜੇ ਹਾਣ ਲਗਦੀ ਹੈ। ਦੂਜਾ ਘਰ ਵਿਚ ਕਿਸੇ
ਹੋਰ ਭਾਈ ਭੈਣ ਦੀ ਨਿਸਹੋਂਦ ਘਰਦਿਆਂ ਦੀ ‘ਇਹ ਨਾ ਕਰ ਔ ਕਰ ਲੈ’ ਵਾਲੀ ਇਬਾਰਤ ਤੋਂ ਪਾਰ
ਬਰਾਬਰ ਦੀਆਂ ਖਰਮਸਤੀਆਂ ਸੰਗ ਪਲਦਾ ਜੀਵਨ ਵਧੇਰੇ ਸੁਖਦ ਲਗਦਾ ਹੈ। ਵਿਹੜੇ ਪਲਦਾ ਨਿੱਤ
ਵਾਰ ਆਉਣ ਵਾਲਾ ਕੱਦ ਬੁੱਤ ਹੁਣ ਮਾਪਿਆਂ ਦੀਆਂ ਅੱਖਾਂ ਸਾਹਵੇਂ ਨਹੀਂ ਉਸਰਦਾ ਸਗੋਂ
ਡਿਗਰੀਆਂ ਸਮੇਟ ਰਹੀਆਂ ਧੀਆਂ ਘਰ ਦੀਆਂ ਵਿਵਰਜਤ ਰੇਖਾਵਾਂ ਤੋਂ ਨਿਜ਼ਾਤ ਪਾ ਕੇ ਬੱਸਾਂ,
ਕਾਰਾਂ, ਟੈਂਪੂਆਂ ਜਾਂ ਰਿਕਸ਼ਿਆਂ ਤੇ ਸਵਾਰ ਹੋ ਹੋਸਟਲਾਂ ਵਿਚ ਨਿਵਾਸ ਕਰਦੀਆਂ ਮਾਪਿਆਂ
ਤੋਂ ਓਹਲੇ ਆਪਣੇ ਭਵਿੱਖ ਦੀਆਂ ਮੀਢੀਆਂ ਆਪ ਗੁੰਦ ਲੈਣ ਦੀ ਠਾਣ ਰਹੀਆਂ ਹਨ । ਧੀ ਵੱਲੋਂ
ਆਪ ਕੀਤੀ ਚੋਣ ’ਤੇ ਮਾਪੇ ਅਤੇ ਲੋਕ ਦੋਵੇਂ ਹੀ ਹੁਣ ਤਕ ਕਿੰਤੂ ਪਰੰਤੂ ਕਰਦੇ ਰਹੇ ਹਨ। ਉਸ
ਚੋਣ ਦੇ ਉਲਾਰ ਜਾਂ ਇਕ ਪਾਸੜ ਹੋਣ ਦਾ ਖਦਸ਼ਾ ਪਲਦਾ ਸੀ ਪਰ ਹੁਣ ਕੁੜੀਆਂ ਆਪਣੀ ਦਿੱਖ,
ਆਪਣਾ ਨਿੱਜ, ਆਪਣੀ ਯੋਗਤਾ, ਆਪਣਾ ਭਵਿੱਖ, ਆਪਣੀ ਸਮਰਥਾ ਅਤੇ ਆਪਣੇ ਉਸਰ ਰਹੇ ਘਰ ਬਾਰੇ
ਸੁਚੇਤ ਹੋ ਰਹੀਆਂ ਹਨ। ਯੂਨੀਵਰਸਿਟੀ ਵਿਚ ਲੜਕਿਆਂ ਨੂੰ ਪਛਾੜਨ ਨਾਲ ਉਨ੍ਹਾਂ ਦੇ ਹੌਸਲੇ,
ਸਵੈ-ਵਿਸਵਾਸ ਅਤੇ ਬੇਬਾਕੀ ਨੂੰ ਥਾਂ ਮਿਲੀ ਹੈ। ਆਪਣਾ ਭਵਿੱਖ ਕਿਆਸ ਰਹੀ ਇਕ ਲੜਕੀ ਆਖਦੀ
ਹੈ ਕਿ ਮੈਨੂੰ ਤਾਂ ਇਹੋ ਜਿਹਾ ਗੁਟਕੂੰ-ਗੁਟਕੂੰ ਕਰਦਾ ਦਿਲ ਜਾਨੀ ਲੋੜੀਦੈ ਜੋ ਤਕੀਏ ਹੇਠ
ਰੱਖੇ ਫੁੱਲਾਂ ਦੀ ਖੁਸ਼ਬੂ ਵਰਗਾ ਹੋਵੇ, ਜੋ ਅੱਖ ਦੀ ਰਮਜ਼ ਪੜ੍ਹ ਸਕੇ, ਜਿਸ ਦੇ ਹੱਸੇ ਤੋਂ
ਫਸਲਾਂ ਦੇ ਪੱਕਣ ਵਰਗਾ ਅਹਿਸਾਸ ਹੋਵੇ, ਜੋ ਮੇਰੇ ਮਨ ਦੀ ਅਣਕਹੀ ਦਾ ਉਲਥਾ ਜਾਣਦਾ ਹੋਵੇ
ਤੇ ਸਭ ਤੋਂ ਵੱਧ ਜਿਸ ਨੂੰ ਮੈਂ ਸਾਰੇ ਦਾ ਸਾਰਾ ਪਿਆਰ ਜਤਲਾ ਸਕਾਂ ,ਪਾ ਸਕਾਂ, ਹੰਢਾ
ਸਕਾਂ। ਇਸ ਦੇ ਜਵਾਬ ਵਿਚ ਦੂਜੀ ਹਕੀਕਤ ਦੇ ਹਾਣ ਹੋ ਖੜਦੀ ਮੋੜ ਦਿੰਦੀ ਹੈ ‘ਛੱਡ ਪਰੇ !
ਕਿਤਾਬੀ ਸਤਰਾਂ ਨੂੰ, ਪੂਰੇ ਪਿਆਰ ਵਾਲਾ ਮਿਲੇ ਨਾ ਤੇ ਅਧੂਰੇ ਵਾਲਾ ਵੀ ਹੱਥੋਂ ਗਵਾ ਲਈਏ,
ਸਭ ਕਾਸੇ ਦੀ ਪ੍ਰਸੈਂਟ ਜਿਹੀ ਕੱਢ ਕੇ ਅੱਧ ਪਚੱਧਾ ਨੇੜੇ ਤੇੜੇ ਜਿਹਾ ਹੀ ਠੀਕ ਐ। ਬੱਸ
ਜੇਬ ਭਾਰੀ ਹੋਣੀ ਚਾਹੀਦੀ ਹੈ। ਬਾਕੀ ਸਭ ਆਪੇ ਠੀਕ ਕਰ ਲਾਂਗੇ। ਜੇਬ ਵਿਚਲਾ ਵਜ਼ਨ 90 ਫੀ
ਸਦੀ ਕੁੜੀਆਂ ਦੀ ਅੱਖ ਹੇਠ ਹੈ।
ਇਉਂ ਕੁੜੀਆਂ ਨੇ ਮਿਲੀ ਆਜ਼ਾਦੀ ਦਾ ਵੱਧ ਮੁੱਲ ਤਾਰ ਕੇ ਕੀਤੀਆਂ ਪ੍ਰਾਪਤੀਆਂ ਕਾਰਨ ਆਪਣੇ
ਸੁਪਨਿਆਂ ਦੀਆਂ ਹੱਦਾਂ ਹੋਰ ਮੋਕਲੀਆਂ ਕਰ ਲਈਆਂ ਹਨ। ਇਸ ਮੁੱਲ ਦੇ ਵਧਣ ਨਾਲ ਕੁੜੀਆਂ ਦੇ
ਵੇਸ, ਹਰਕਤਾਂ, ਤੋਰ, ਗੱਲਬਾਤ, ਉੱਠਣ ਬੈਠਣ, ਰੋਣ ਹੱਸਣ, ਸੌਣ ਜਾਗਣ ਤੇ ਸੋਚਣ ਵਿਚਾਰਨ
ਸਭ ਦਾ ਮੁਹਾਂਦਰਾ ਹੀ ਹੋਰ ਦਾ ਹੋਰ ਕਰ ਦਿੱਤਾ ਹੈ। ਪਹਿਲਾਂ ਪਹਿਲਾਂ ਵਿਭਾਗ ਵਿਚ
ਆਉਂਦੀਆਂ ਕੁੜੀਆਂ ਭੱਜ-ਭੱਜ ਕੰਮਾਂ ਨੂੰ ਹੱਥ ਪਾਉਂਦੀਆਂ। ਅੰਦਰੋਂ ਬਾਹਰੋਂ ਇਕ ਦਿਸਦੀਆਂ,
ਇਮੋਸ਼ਨਲ ਹੋ ਕੇ ਹਰ ਸਾਂਝ ਨਾਲ ਹਾਮੀ ਭਰਦੀਆਂ, ਭਰੇ ਭੁਕੰਨੇ ਘਰਾਂ ਦੀਆਂ ਕਿਲਕਾਰੀਆਂ ਸੰਗ
ਜੀਅ ਲਗਾ ਕੇ ਹੰਢਣਸਾਰ ਖੁਸ਼ੀਆਂ ਦੇ ਨੇੜੇ ਢੁਕਦੀਆਂ, ਸਹੁਰੇ ਘਰਾਂ ਦੇ ਢਲਦੇ ਉਤਰਦੇ
ਪ੍ਰਛਾਵਿਆਂ ਹੇਠ ਬਹਿ ਕੇ ਜੂਨ ਕੱਟਣ ਨੂੰ ਤਿਆਰ ਲਗਦੀਆਂ ਸਨ। ਔਰਤ ਮਰਦ ਦੇ ਰਿਸ਼ਤੇ ਦੀ
ਪਾਕੀਜਗੀ ਦਾ ਅਰਥ ਜਾਣਦੀਆਂ ਸਨ। ਹਮ ਉਮਰ ਜਮਾਤੀ ਮੁੰਡਿਆਂ ਕੋਲੋਂ ਲੰਘਦਿਆਂ ਉਨ੍ਹਾਂ
ਦੀਆਂ ਗੱਲਾਂ ਵਿਚ ਗੁਲਾਲ ਖਿੜਦੇ ਸਨ। ਪਿਆਰ, ਵਿਆਹ, ਬਲਾਤਕਾਰ, ਦੇਹ-ਵਪਾਰ ਜਿਹੇ ਸ਼ਬਦ
ਸੁਣ ਕੇ ਸੀਨੇ ਅੰਦਰ ਹੁੰਦੀ ਕਲਵਲ, ਅੱਖਾਂ ’ਚ ਉਤਰਦੀ ਪੜ੍ਹੀ ਜਾ ਸਕਦੀ ਸੀ। ਉਨ੍ਹਾਂ ਲਈ
ਵਕਤ ਕੱਚ ਦੀਆਂ ਗੁਰਗਾਬੀਆਂ ਪਾ ਤੁਰਿਆ ਸੀ । ਹਿਰਨੀ ਜਿਹੀਆਂ ਅੱਖਾਂ ਵਿਚ ਅਜੀਬ ਖੁਮਾਰੀ
ਸੀ। ਲਿਖੀ ਕਵਿਤਾ ਦੇ ਅੱਖਰਾਂ ਵਰਗਾ ਰਹੱਸ ਹਰ ਕੁੜੀ ਦੀ ਅੱਖ ’ਚ ਤੈਰਦਾ ਸੀ। ਉਨ੍ਹਾਂ
ਅੱਲ੍ਹੜਾਂ ਦੀ ਮਾਸੂਮੀਅਤ, ਨਿਰਛਲਤਾ, ਭੋਲਾਪਨ, ਸੰਗ ਸ਼ਰਮ, ਲੋਕਲਾਜ ਅਰਥਾਂ ਦੇ ਨੇੜੇ ਸੀ।
ਉਨ੍ਹਾਂ ਅੰਦਰ ਜ਼ਿੰਦਗੀ ਨੂੰ ਜਿਉਂ ਲੈਣ ਦੀ ਲੂਹਰੀ ਸੀ। ਹਰ ਤਿਉਹਾਰ ਤੇ ਡੁਲ੍ਹਦਾ ਚਾਅ
ਸੀ। ਇਕ ਦਾ ਵਿਆਹ ਧਰਿਆ ਹੁੰਦਾ, ਦਰਜੀ ਤੋਂ ਫੜਿਆ ਲਾਲ ਸੂਹਾ ਜੋੜਾ, ਕਮਰਾ ਬੰਦ ਕਰਕੇ ਸਭ
ਸਖੀਆਂ ਪਾ ਪਾ ਸ਼ੀਸ਼ੇ ਮੂਹਰੇ ਬੈਠਦੀਆਂ ਆਪੋ ਆਪਣੇ ਭਵਿੱਖੀ ਸੁਪਨਿਆਂ ਨਾਲ ਗੱਲਾਂ ਕਰਦੀਆਂ
ਪਰ ਹਰ ਸਾਲ ਕੰਧ ਤੋਂ ਉਤਰਦੇ ਕੈਲੰਡਰ ਨਾਲ ਹੀ ਇਸ ਰੰਗ ਦਾ ਕੋਈ ਸ਼ੇਡ ਖੁਰਨ ਲੱਗਾ। ਪਿਛਲੇ
ਕੁਝ ਸਾਲਾਂ ਤੋਂ ਬਹੁਤੀਆਂ ਕੁੜੀਆਂ ‘ਸਾਨੂੰ ਸਭ ਪਤੈ, ਤੂੰ ਨਹੀਂ ਤਾਂ ਕੋਈ ਹੋਰ ਸਹੀ’,
ਅਸੀਂ ਮੁੰਡਿਆਂ ਦੇ ਬਰਾਬਰ ਨਹੀਂ ਸਗੋਂ ਦੋ ਰੱਤੀ ਅੱਗੇ ਹਾਂ, ਆਖਦੀਆਂ ਆ ਰਹੀਆਂ ਹਨ।
ਇਨ੍ਹਾਂ ਨੂੰ ਟੁੱਟਦੇ ਵਿਛੜਦੇ ਰਿਸ਼ਤੇ ਨਾਲ ਬੱਸ ਵਕਤੀ ਅਸਰ ਹੁੰਦਾ ਹੈ। ‘ਵੀ ਡੌਂਟ ਕੇਅਰ,
ਇਟਸ ਮਾਈ ਲਾਈਫ’ ਜਾਂ ਹੂ ਕੇਅਰਜ਼’ ਇਨ੍ਹਾਂ ਦੇ ਖ਼ਾਸ ਅਤੇ ਮਨ ਪਸੰਦ ਸ਼ਬਦ ਹਨ। ਵਿਆਹ ਸਮੇਂ
ਮਾਪਿਆਂ ਤੋਂ ਵਿਛੜਨ ਵਾਲਾ ਰੋਣ ਧੋਣ ਵੀ ਇਹ ਪਹਿਲਾਂ ਪਹਿਲਾਂ ਹੋਸਟਲ ਜਾਣ ਸਮੇਂ ਨਿਬੇੜ
ਲੈਂਦੀਆਂ ਹਨ। ਦੂਜਾ ਵਿਆਹ ਸਮੇਂ ਕੀਤਾ ਮੇਕ-ਅੱਪ ਜਾਂ ਕੱਪੜੇ ਗਹਿਣਿਆਂ ਦੀ ਨੁਮਾਇਸ਼ ਬਣ
ਰਹੀ ਮੂਵੀ ਸਭ ਰੋਣ ਤੋਂ ਪੂਰੀ ਤਰ੍ਹਾਂ ਵਰਜ ਕੇ ਉਨ੍ਹਾਂ ਅਰਥਾਂ ਤੋਂ ਪਾਰ ਲੈ ਜਾਂਦੇ ਹਨ
ਜਿੱਥੇ ਰਿਸ਼ਤਿਆਂ ਦੀ ਕਿਤਾਬ ਦਾ ਅਗਲਾ ਵਰਕਾ ਥੱਲਿਆ ਜਾ ਰਿਹਾ ਹੁੰਦਾ ਹੈ। ਇਹ ਅਤੀਤ ਜਾਂ
ਭਵਿੱਖ ਦੀ ਥਾਂ ਵਰਤਮਾਨ ਦੇ ਹਾਣ ਹੋ ਖੜਦੀਆਂ ਹਨ। ਫੇਰ ਦੀ ਫੇਰ ਵੇਖੀ ਜਾਊ ਸੋਚਦੀਆਂ ਹਨ।
ਇਨ੍ਹਾਂ ਦੀਆਂ ਹਥੇਲੀਆਂ ਵਿਚੋਂ ਵਿਸ਼ਵਾਸ ਕਿਰ ਗਏ ਹਨ। ਰਿਸ਼ਤਾ, ਸਮਾਂ ਜਾਂ ਸਾਂਝ ਕਿਸੇ ਤੇ
ਵੀ ਨਾ ਆਪ ਪੂਰਾ ਵਿਸ਼ਵਾਸ ਕਰਦੀਆਂ ਹਨ ਤੇ ਨਾ ਆਪ ਕਰਵਾਉਣ ਯੋਗ ਹਨ। ਕਈ ਕੁੜੀਆਂ ਚੰਚਲ,
ਸ਼ੋਖ, ਚਟਖ ਜਾਂ ਭੜਕੀਲੇ ਲਿਬਾਸ ਵਿਚ ਥੋੜ੍ਹ ਚਿਰੀਆਂ ਨਾ ਹੰਢਣਸਾਰ ਸਾਂਝਾਂ ਪਾਲਦੀਆਂ ਯੂਜ਼
ਐਂਡ ਥਰੋ ਦੀ ਧਾਰਨਾ ਪਾਲਦੀਆਂ ਹਨ। ਕਈ ਵਾਰੀ ਅੱਧ ਪਚੱਧੇ ਪਾਏ ਲਿਬਾਸ ਹੇਠੋਂ ਪਾਏ
ਕੱਪੜਿਆਂ ਦੀਆਂ ਬੱਧਰੀਆਂ ਚੋਰ ਝਾਤੀਆਂ ਮਾਰਦੀਆਂ ਹਨ ਜਿਵੇਂ ਕੱਪੜੇ ਆਪਾ ਲੁਕਾਉਣ ਲਈ
ਨਹੀਂ ਸਗੋਂ ਦਿਖਾਉਣ ਲਈ ਪਾਏ ਹੋਣ। ਨਹੁੰ ਪਾਲਸ਼, ਕਜਲਾ, ਪੈਰਾਂ ਦੀ ਚੱਪਲ, ਗਲ ਪਾਏ ਸੂਟ
ਦੀ ਭਾ ਦਾ ਕੁਝ ਹਿੱਸਾ ਅੱਖਾਂ ਜਾਂ ਚਿਹਰੇ ਤੇ ਹਾਮੀ ਭਰਦਾ ਹੋਵੇ ਜਾਂ ਢਲਦੇ ਦਿਨ ਨਾਲ
ਕੱਲ੍ਹ ਨੂੰ ਪਾਉਣ ਵਾਲੇ ਕੱਪੜੀਆਂ ਦਾ ਮਸਲਾ ਕਾਫੀ ਵੱਡਾ ਹੋ ਜਾਂਦਾ ਹੈ। ਇਹ ਸਵਾਲ ਤਾਂ
ਤਕਰੀਬਨ ਹਰ ਕੁੜੀ ਦੇ ਮੱਥੇ ਤੇ ਨਿੱਤ ਉਭਰਦਾ ਹੈ। ਬਦਲ ਰਹੇ ਰੰਗ ਦਾ ਇਕ ਸ਼ੇਡ ਹੋਰ ਹੈ।
ਕਈ ਕੁੜੀਆਂ ਹਮ ਉਮਰ ਮੁੰਡਿਆਂ ਦੇ ਪੱਟਾਂ ਤੇ ਹੱਥ ਮਾਰਦੀਆਂ ਯਾਰ ਯਾਰ ਕਰਕੇ ਬੋਲਦੀਆਂ
ਗੰਦੀਆਂ ਗਾਲਾਂ ਤਕ ਦੇ ਲੈਂਦੀਆਂ ਹਨ। ਸ਼ਾਇਦ ਇਹ ਔਰਤ ਮਰਦ ਦੀ ਬਰਾਬਰੀ ਨੂੰ ਜਾਂਦੀ ਬੀਹੀ
ਹੋਵੇ ਜਿਸਦੀ ਸਮਝ ਸਾਡੀ ਪੀੜ੍ਹੀ ਦੀ ਮੇਰੇ ਵਰਗਿਆਂ ਦੀ ਸੋਚ ਦੇ ਮੇਚ ਨਾ ਆ ਸਕੀ ਹੋਵੇ ਪਰ
ਆਪਣੀ ਔਰਤ ਹੋਂਦ ਖਾਰਜ ਕਰਕੇ ਖੱਟੀ ਇਸ ਬਰਾਬਰੀ ਨੇ ਕਿੱਥੇ ਅੱਪੜਨਾ ਹੈ? ਰੱਬ ਜਾਣੇ ।
ਮੈਂ ਵਾਪਿਸ ਆਪਣੀਆਂ ਵਿਦਿਆਰਥਣਾਂ ਵੱਲ ਪਰਤਾਂ।
ਵੱਖ-ਵੱਖ ਘਰਾਂ ਵਿਚ ਪਲ ਕੇ ਹੋਸਟਲ ਵਿਚ ਜਦੋਂ ਕਿਸੇ ਹੋਰ ਨਾਲ ਕਮਰਾ ਸਾਂਝਾ ਕਰਨਾ ਪੈ
ਜਾਏ ਤਂ ਮਸਲਾ ਬਣ ਖੜਦਾ ਹੈ। ਕਮਰੇ ਵਿਚ ਦੋ ਵੱਖ-ਵੱਖ ਸੁਭਾਵਾਂ ਨਾਲ ਇਕੋ ਛੱਤ ਹੇਠ ਰਹਿਣ
ਨਾਲ ਪਲੀਆਂ ਸਭ ਆਦਤਾਂ ਦੀਆਂ ਸਭ ਪਰਤਾਂ ਖੁੱਲ੍ਹ ਕੇ ਵਿਹੜੇ ਖਿੱਲਰਦੀਆਂ ਹਨ। ਇਕ ਕੁੜੀ
ਨੂੰ ਲਾਈਟ ਬੰਦ ਕਰਕੇ ਸੌਣ ਦੀ ਆਦਤ ਹੁੰਦੀ ਹੈ ਪਰ ਦੂਜੀ ਨੂੰ ਲਾਈਟ ਬਿਨਾਂ ਡਰ ਲਗਦਾ ਹੈ।
ਇਕ ਕੁੜੀ ਨੂੰ ਇਕੱਲਿਆਂ ਸੌਣਾ ਪਸੰਦ ਹੁੰਦਾ ਹੈ, ਦੂਜੀ ਇਕੱਠਾ ਸੌਣਾ ਚਾਹ ਰਹੀ ਹੁੰਦੀ
ਹੈ। ਇਕ ਨੂੰ ਮਿਊਜ਼ਕ ਲਾ ਕੇ ਪੜ੍ਹਨ ਦੀ ਲੱਤ ਲੱਗੀ ਹੁੰਦੀ ਹੈ, ਦੂਜੀ ਸ਼ਾਂਤ ਬੇਆਵਾਜ਼
ਮਾਹੌਲ ਵਿਚ ਪੜ੍ਹਨਾ ਚਾਹ ਰਹੀ ਹੁੰਦੀ ਹੈ। ਇਕ ਸਾਰਾ ਦਿਨ ਪਾਠ ਕਰਦੀ ਹੈ, ਦੂਜੀ ਉਸ ਨੂੰ
ਭਗਤਣੀ ਜਾਂ ਸਾਧਨੀ ਦੀ ਪਦਵੀ ਦੇ ਮਾਰਦੀ ਹੈ। ਇਕ ਨੂੰ ਵਾਰ ਵਾਰ ਫੋਨ ਆਉਂਦੇ ਹਨ, ਦੂਜੀ
ਇਸ ਤੇ ਖਿਝਦੀ ਹੈ। ਇਕ ਨੂੰ ਬਹੁਤਾ ਬੋਲਣ ਦੀ ਆਦਤ ਹੈ, ਦੂਜੀ ਨੂੰ ਆਵਾਜ ਨਾਲ ਹੀ ਨਫਰਤ
ਹੈ। ਇਕ ਨੂੰ ਚੋਰੀ ਕਰਨ ਦੀ ਬਿਮਾਰੀ ਹੈ, ਦੂਜੀ ਤਾਲੇ ਲਾ ਲਾ ਰਖਦੀ ਹੈ। ਇਕ ਉਚੀ-ਉਚੀ
ਹਸਦੀ ਹੈ, ਦੂਜੀ ਦੇ ਮੱਥੇ ਤ੍ਰਿਸ਼ੂਲ ਉਭਰਦਾ ਹੈ। ਇਕ ਟੀਚਰਾਂ ਦੀਆਂ ਜਾਂ ਮੁੰਡਿਆਂ ਦੀਆਂ
ਨਕਲਾਂ ਉਤਾਰਦੀ ਹੈ, ਦੂਜੀ ਉਸ ਨੂੰ ਤਮੀਜਹੀਣ ਜਾਣਦੀ ਹੈ। ਇਕ ਘਰਦਿਆਂ ਨੂੰ ਯਾਦ ਕਰਦੀ
ਹੈ, ਦੂਜੀ ਮੁੰਡਿਆਂ ਦੀਆਂ ਫੋਟੋਆਂ ਨਾਲ ਕੰਧਾਂ ਭਰਦੀ ਹੈ। ਇੱਕ ਨੂੰ ਖਿਲਾਰਾ ਪਾ ਕੇ
ਰੱਖਣ ਦੀ ਆਦਤ ਹੈ, ਦੂਜੀ ਨਸੀਹਤਾਂ ਪਾਲਦੀ ਹੈ। ਕਿਸੇ ਨੂੰ ਚੁਗਲੀਆਂ ਕਰਨ ਦੀ, ਦੂਜਿਆਂ
ਦੇ ਨੁਕਸ ਗਿਣਨ ਦੀ ਜਾਂ ਬਹੁਤਾ ਖਾਣ ਦੀ ਆਦਤ ਹੈ, ਦੂਜੀ ਇਹ ਸਭ ਨਾ ਪਸੰਦ ਕਰਦੀ ਹੈ, ਦੇਰ
ਰਾਤ ਤੱਕ ਜਾਗਣ, ਕਿਲਕਾਰੀਆਂ ਚੀਕਾਂ ਤੇ ਸੀਟੀਆਂ ਜਾਂ ਤਾੜੀਆਂ ਮਾਰਣ ਦੀ ਆਮ ਆਦਤ
ਹੋਸਟਲਾਂ ਵਿੱਚ ਪਲਦੀ ਹੈ, ਜਿੱਥੇ ਘਰ ਦੀ ਚਾਰਦੀਵਾਰੀ ਅੰਦਰਲਾ ਅਨੁਸਾਸ਼ਨ ਦਮ ਘੁਟਵਾਂ
ਲਗਦਾ ਹੈ। ਇਹ ਸਭ ਵੱਖ-ਵੱਖ ਆਦਤਾਂ ਪਾਲ ਕੇ ਹੀ ਉਹ ਸਭ ਸਹੁਰੇ ਘਰ ਦੀ ਦਹਿਲੀਜ਼ ਤੇ ਕਦਮ
ਰਖਦੀਆਂ ਹਨ। ਫੇਰ ਉਥੋ ਦੀਆਂ ਵੱਖਰੀਆ ਹੋਂਦਾ ਨਾਲ ਇਹ ਸਭ ਆਦਤਾਂ ਖਹਿੰਦੀਆਂ ਕਈ ਕਲੇਸ਼ਾ
ਨੂੰ ਜਨਮ ਦਿੰਦੀਆਂ ਹਨ। ਸਾਡੇ ਕਿਸੇ ਰਿਸ਼ਤੇ ਵਿੱਚ ਯੂਨੀਵਰਸਿਟੀ ਤੋਂ ਆਈ ਲੜਕੀ ਸਵੇਰੇ
ਘਰਦਿਆਂ ਤੋਂ ਬੈਡ ਟੀ ਮੰਗਦੀ ਰਹੀ। ਉਸ ਨੂੰ ਪਿਆਜ਼ ਛਿਲਦਿਆਂ ਹੱਥਾਂ ਵਿੱਚੋਂ ਬਦਬੂ ਆਉਂਦੀ
ਸੀ, ਸਬਜੀ ਕੱਟਣ ਲੱਗਿਆਂ ਉਂਗਲਾਂ ਦੇ ਪੋਟੇ ਖਰਾਬ ਹੋਣ ਦਾ ਖਦਸ਼ਾ ਸੀ। ਪਰ ਕਮੀਜ਼ ਤੇ ਲੱਗੀ
ਜੇਬ ਵਾਂਗ ਕੁਝ ਕੁੜੀਆਂ ਹਰ ਤਜ਼ਰਬੇ ਨੂੰ ਪੱਲੇ ਬੰਨ ਤੁਰਦੀਆਂ ਹਨ। ਅੱਗਾ ਸੌਰਨ ਵਾਲੀ
ਉਕਤੀ ਉਨ੍ਹਾਂ ਦੇ ਸੀਨੇ ਹਰ ਪਲ ਪਲਸੇਟੇ ਲੈਂਦੀ ਹੈ। ਵਕਤ ਦੀ ਨਬਜ਼ ਪਛਾਣ ਰੱਖਣ ਵਾਲੀਆਂ
ਧੀਆਂ ਦਾ ਵਕਤ ਵੀ ਸਿਰ ਪਲੋਸਦਾ ਹੋਵੇਗਾ।
ਮੇਰੀਆਂ ਵਿਦਿਆਰਥਣਾਂ ਜਦੋਂ ਮੇਰੇ ਚੁਫੇਰੇ ਕਿਲਕਾਰੀਆਂ ਵਰਗੀਆਂ, ਕੁਤਕੁਤਾਰੀਆਂ ਵਰਗੀਆਂ,
ਕਿਰਦੀਆਂ ਕਣੀਆਂ ਵਰਗੀਆਂ ਗੱਲਾਂ ਕਰਦੀਆਂ ਨੇ, ਮੇਰੇ ਚੰਦਰੇ ਮਨ ਅੰਦਰ ਖੌਰੇ ਕਿਉਂ ਖੌਫ
ਪਸਰਦਾ ਹੈ। ਇਨ੍ਹਾਂ ਸਭ ਦੇ ਮਨਾਂ ਦੇ ਬਨੇਰਿਆਂ ਤੇ ਜੋ ਕਾਸ਼ਨੀ ਧੁੱਪ ਉੱਸਰ ਰਹੀ ਹੈ। ਇਸ
ਨਾਲ ਇਨ੍ਹਾਂ ਦੇ ਅੰਤਰਮਨ ਵਿਚ ਖਿੜੇ ਮੋਤੀਏ ਦੀ ਫਸਲ ਤੇ ਕੋਈ ਹੋਣੀ ਕਿਤੇ ਤੇਜ਼ਾਬੀ
ਛਿੱਟਿਆਂ ਦਾ ਛਿੜਕਾ ਨਾ ਕਰ ਦੇਵੇ। ਇਨ੍ਹਾਂ ਹਿਰਨੀ ਵਰਗੀਆਂ ਅੱਖਾਂ ਵਿਚ ਤੈਰ ਰਹੇ
ਸੁਪਨਿਆਂ ਵਿਚ ਕਿਤੇ ਪੋਹਲੀ ਦੀ ਫਸਲ ਨਾ ਉੱਗ ਪਵੇ। ਗੁਲਜ਼ਾਰ ਵੱਲ ਉਠਦੇ ਇਨ੍ਹਾਂ ਨਾਜ਼ੁਕ
ਕਦਮਾਂ ਹੇਠ ਕਿਤੇ ਉਜਾੜ ਬੀਆਬਾਨ ਵਿਚ ਇਕੱਲੀ ਭਟਕਦੀ ਜਿੰਦ ਜਿਹਾ ਅਹਿਸਾਸ ਨਾ ਵਿਛ ਜਾਵੇ।
ਮੈਂ ਲੰਘੇ ਪੂਰਾਂ ਵਿਚੋਂ ਕਈ ਸੁੱਡਲ ਜਿਹੀਆਂ ਬੇਲਾਗ, ਬੇਕਿਰਕ ਅਤੇ ਬੇਸਹੂਰ ਕੁੜੀਆਂ ਨੂੰ
ਵੀ ਪੂਰੀ ਸੁੱਖੀਂ ਸਾਂਦੀ ਸੁਰਨ-ਸੁਰਨ ਵਸਦੀਆਂ ਸੁਣੀਆਂ ਹੈ ਤੇ ਨਾਲ ਹੀ ਕਈ ਆਪਣੇ ਆਪ ਨੂੰ
ਬਾਰਾਂ ਤਾਲੀਆਂ ਅਖਵਾਉਂਦੀਆਂ ਜਾਂ ਪੂਰੀਆਂ ਤਿੱਲੇਤਾਰਨੀਆਂ, ਅਸਮਾਨੀ ਟਾਕੀ ਲਾਉਣ ਦੀ
ਸਮੱਰਥਾ ਰਖਦੀਆਂ ਵੀ ਜਾਂ ਹਰ ਸਿਆਣਪ ਨੂੰ ਆਪਣੀ ਝੋਲੀ ਸਮੇਟ ਕੇ ਵਾਪਿਸ ਜਾਂਦੀਆਂ ਵੀ
ਗਲੀਆਂ ਦੇ ਕੱਖਾਂ ਤੁਲ ਰੁਲਦੀਆਂ ਸੁਣੀਆਂ ਹਨ। ਰੂਪ ਹੋਵੇ, ਕਰਮ ਖਾਵੇ ਵਾਲੀ ਸਤਰ ਅਨੁਸਾਰ
ਪਤਾ ਨਹੀਂ ਕਿਹੜੇ ਪਲ ਇਨ੍ਹਾਂ ਧੀਆਂ ਦੇ ਲੇਖ ਕਿਸ ਰੁੱਖ ਪਾਸਾ ਥੱਲ ਲੈਣ। ਰੱਬ ਕਰੇ ਹਰ
ਵਿਹੜੇ ਇਕ ਧੀ ਜ਼ਰੂਰ ਹੋਵੇ ਅਤੇ ਹਰ ਧੀ ਆਪੋ ਆਪਣੀ ਥਾਂ ਤੇ ਆਪਣਾ ਯੋਗ ਮੁੱਲ ਪਾ ਸਕੇ।
ਫੁਲਕਾਰੀ ਦੇ ਸ਼ੋਖ ਰੰਗਾਂ ਵਰਗੇ ਸੁਪਨੇ ਵਕਤ ਦੀਆਂ ਧੁੱਪਾਂ ਨਾਲ ਫਿੱਕੇ ਨਾ ਪੈਣ ਇਨ੍ਹਾਂ
ਦੁਆਲੇ ਮੰਡਰਾਉਂਦੀ ਸੰਦਲੀ ਰੁੱਤ ਹਮੇਸ਼ਾ ਇਨ੍ਹਾਂ ਦੇ ਅੰਗ ਸੰਗ ਰਹੇ। ਇਹ ਅਜਿਹੀ ਗੁਲਾਬੀ
ਰੁੱਤੇ ਛੋਟੀ ਜਿਹੀ ਗੱਲ ਤੋਂ ਬਹੁਤ ਹੀ ਖੁਸ਼ ਜਾਂ ਬਹੁਤ ਹੀ ਉਦਾਸ ਹੋ ਜਾਂਦੀਆਂ ਨੇ।
ਇਨ੍ਹਾਂ ਵਿਚ ਨਿਭਦਿਆਂ ਮੈਨੂੰ ਉਛਲ ਉਛਲ ਪੈਂਦੇ ਚਾਅ ਵੇਲੇ ਮੇਰੇ ਅੰਦਰਲੇ ਕੋਨੇ ਨੂੰ
ਹੁੱਝ ਮਾਰਦਾ ਹੈ ਜਿਸ ਤੇ ਕਿਸੇ ਚੜ੍ਹੇ ਲੱਥੇ ਦਿਨ ਦਾ ਕੋਈ ਵੱਖਰਾ ਅਸਰ ਨਹੀਂ ਹੁੰਦਾ।
ਮੈਂ ਬਹੁਤੀ ਵਾਰੀ ਇਸ ਲੂਹਰੀਆਂ ਉਠਦੇ ਚਾਵਾਂ ਵਿਚ ਐਵੇਂ ਹੁੰਗਾਰਾ ਭਰਦੀ ਉਨ੍ਹਾਂ ਦੇ ਹਾਣ
ਹੋ ਖੜਦੀ ਹਾਂ ਫੇਰ ਮੇਰੇ ਦੁਆਲੇ ਦੇ ਲੋਕ ਮੇਰੇ ਲੰਘੇ ਦਹਾਕੇ ਉਂਗਲਾਂ ਤੇ ਭੰਨਦੇ ਮੇਰੇ
ਅੰਦਰ ਬਚੇ ਖੁਚੇ ਬਚਪਨ ਬਾਰੇ ਕਿਆਸ ਲਗਾਉਂਦੇ, ਅੱਖਾਂ ਮਿਲਾਉਂਦੇ ਮੈਂ ਪੜ੍ਹ ਲੈਂਦੀ ਹਾਂ।
ਇਉਂ ਹੀ ਕਿਸੇ ਦੂਰ ਵਾਪਰੀ ਉਦਾਸ ਘਟਨਾ ਜਾਂ ਹਾਦਸਾ ਇਨ੍ਹਾਂ ਅੱਲੜ੍ਹਾਂ ਅੰਦਰ ਡੱਕੇ
ਹੰਝੂਆਂ ਦਾ ਨੱਕਾ ਤੋੜਦਾ ਹੈ ਤਾਂ ਮੈਨੂੰ ਖਿਝ ਆਉਂਦੀ। ਆਪਣੇ ਹੰਢਾਏ ਹਾਦਸੇ ਉਨ੍ਹਾਂ
ਸਾਵੇ ਪਹਾੜਾਂ ਨੂੰ ਸਰ ਕਰਨ ਵਰਗੇ ਲਗਦੇ। ਫੇਰ ਅਛੋਪਲੇ ਹੀ ਇਨ੍ਹਾਂ ਦੁਆਲੇ ਹਾਸੇ
ਮੰਡਰਾਉਂਦੇ ਪਰ ਮੈਂ ਉਸ ਉਦਾਸ ਮੋੜ ਤੇ ਪਿੱਛੇ ਹੀ ਖੜੀ ਕੁਝ ਦਿਲਚਸਪ ਹੋਈਆਂ ਬੀਤੀਆਂ ਦਾ
ਉਲੇਖ ਕਾਗਜ਼ ਤੇ ਉਤਾਰਨਾ ਚਾਹਾਂਗੀ।
ਪਹਿਲੇ ਦਿਨ ਜਦੋਂ ਬੀ.ਏ. ਭਾਗ ਪਹਿਲਾ ਦੀ ਜਮਾਤ ਲੈਣ ਮੈਂ ਮੁਖੀ ਨਾਲ ਲਗਦੇ ਕਮਰੇ ਵਿਚ ਗਈ
ਤਾਂ ਇਕ ਪਤਲੀ ਛਮਕ ਜਿਹੀ ਲੜਕੀ ਟੀਚਰ ਦੀ ਕੁਰਸੀ ਤੇ ਬੈਠੀ ਮੂਹਰੇ ਪਏ ਮੇਜ ਤੇ ਆਪਣੇ
ਪੋਟਿਆਂ ਨਾਲ ਢੋਲਕੀ ਵਜਾ ਰਹੀ ਕੋਈ ਗੀਤ ਗਾ ਰਹੀ ਮਸਤ ਸੀ। ਮੈਂ ਉਸ ਦੇ ਸਿਰ ਤੇ ਜਾ ਖੜੀ
ਤੇ ਕੁਰਸੀ ਤੋਂ ਉੱਠਣ ਲਈ ਕਿਹਾ। ਉਸ ਨੇ ਪੂਰੇ ਨਖਰੇ ਨਾਲ ਘੂਰਿਆ। ‘ਕਿਉਂ?’ ਮੈਂ ਕਿਹਾ
ਇਕ ਘੰਟੇ ਲਈ ਇਹ ਕੁਰਸੀ ਮੈਨੂੰ ਮਿਲੀ ਹੈ। ਇਹ ਮੇਰਾ ਪਹਿਲਾ ਵਾਹ ਸੀ ਵਿਭਾਗ ਦੀਆਂ
ਕੁੜੀਆਂ ਨਾਲ। ਇਕ ਵਾਰੀ ਜਮਾਤ ਵੱਲ ਜਾ ਰਹੀ ਸੀ। ਇਕ ਪੁਰਾਣੀ ਵਿਦਿਆਰਥਣ ਭੱਜੀ ਭੱਜੀ ਆਈ,
ਮੇਰੇ ਹੱਥ ਬਰਫੀ ਦਾ ਡੱਬਾ ਦੇ ਕੇ ਬੋਲੀ, ਮੈਡਮ ਮੇਰੇ ਬੇਟਾ ਹੋਇਆ ਹੈ। ਮੈਂ ਡੱਬਾ ਜਮਾਤ
ਵਿਚ ਲੈ ਗਈ। ਬੱਚਿਆਂ ਨੇ ਪੁੱਛਿਆ ਇਹ ਡੱਬਾ ਕਿਸ ਖੁਸ਼ੀ ਵਿਚ? ਮੈਂ ਕਿਹਾ ਇਕ ਸ਼ਰਤ ਹੈ ਕਿ
ਜਦੋਂ ਇਹ ਖੁਸ਼ੀ ਤੁਹਾਡੇ ਵਿਹੜੇ ਆਵੇ, ਤੁਸੀਂ ਮੇਰੀ ਬਰਫੀ ਵਾਪਿਸ ਕਰ ਦੇਣੀ, ਇਉਂ ਮੈਂ ਉਹ
ਬਰਫੀ ਦੀ ਫਸਲ ਬੀਜ ਦਿੱਤੀ। ਕੋਈ ਵਿਦਿਆਰਥਣ ਆਪਣੇ ਘਰ ਵਾਲੇ ਨੂੰ ਲੈ ਕੇ ਮੇਰੇ ਤਕ ਆਉਂਦੀ
ਹੈ, ਇਸ ਫਸਲ ਨੂੰ ਹੀ ਪਾਣੀ ਨਹੀਂ ਮਿਲਦਾ, ਇਕ ਸਾਂਝ ਦਾ ਖੇਤ ਸਦਾ ਲਹਿਲਹਾਉਂਦਾ ਹੈ।
ਮੈਨੂੰ ਆਪਣਾ ਆਪ ਇਕ ਲਗਰ ਤੋਂ ਟਾਹਣੀ ਹੋਇਆ ਲਗਦਾ ਹੈ ਜਿਸ ਤੇ ਚਿੜੀਆਂ ਚੋਲ੍ਹਰ ਪਾ ਕੇ
ਮਾੜੇ ਜਿਹੇ ਖੜਕੇ ਨਾਲ ਉੱਡ ਜਾਂਦੀਆਂ, ਟਾਹਣੀ ਸੁੰਨੀ ਕਰ ਜਾਂਦੀਆਂ ਹਨ।
ਜਦੋਂ ਮੈਂ ਮੁਖੀ ਦੀ ਕੁਰਸੀ ਤੇ ਤਾਇਨਾਤ ਸੀ ਤਾਂ ਇਕ ਬੱਗਾ ਜਿਹਾ ਲੜਕਾ ਮੇਰੇ ਕੋਲ
ਉਲਾਂਭਾ ਲੈ ਕੇ ਆਇਆ ਕਿ ਫਲਾਂ ਕੁੜੀ ਮੈਨੂੰ ਤੰਗ ਕਰਦੀ ਹੈ, ਮੇਰੇ ਪਿੱਛੇ ਆਉਂਦੀ ਹੈ,
ਮੇਰੀ ਕੱਲ੍ਹ ਨੂੰ ਬੰਨ੍ਹਣ ਵਾਲੀ ਪੱਗ ਦਾ ਰੰਗ ਪੁੱਛਦੀ ਨਾਲ ਦਾ ਸੂਟ ਪਾ ਪਾ ਆਉਂਦੀ ਹੈ,
ਮੇਰੇ ਘਰ ਫੋਨ ਕਰਦੀ ਹੈ, ਮੁੰਡੇ ਮੇਰਾ ਮੌਜੂ ਉਡਾਉਂਦੇ ਨੇ। ਮੈਂ ਉਸ ਨੂੰ ਭੱਜ ਕੇ ਪਈ,
‘ਤੂੰ ਬਾਅਲਾ ਨਾ ਬਣ, ਇਹ ਨੀ ਹੋ ਸਕਦਾ, ਤੂੰ ਆਪਣੇ ਆਪ ਨੂੰ ਸਮਝਦਾ ਕੀ ਐਂ? ਜਿਸ ਕੁੜੀ
ਦੀ ਉਹ ਸ਼ਿਕਾਇਤ ਲਗਾ ਰਿਹਾ ਸੀ ਉਹ ਨਿਰੋਲ ਪੇਂਡੂ, ਅਨਪੜ੍ਹ ਮਾਪਿਆਂ ਦੀ ਇਕਲੌਤੀ ਧੀ ਸੀ।
ਦਾਖਲ ਹੋਣ ਵੇਲੇ ਸੂਚੀ ਤੇ ਸਭ ਤੋਂ ਉਪਰ ਉਸ ਦਾ ਨਾਂ ਸੀ ਪਰ ਮਾਪੇ ਉਸ ਨੂੰ ਦਾਖਲ ਨਹੀਂ
ਕਰਾ ਰਹੇ ਸਨ। ਮੈਂ ਮਿੰਨਤ ਤਰਲਾ ਕਰਕੇ ਦਾਖਲ ਕਰਵਾ ਲਿਆ ਸੀ। ਮੈਂ ਕੁੜੀ ਨੂੰ ਪੁੱਛਿਆ
ਤਾਂ ਉਹ ਬਿਨਾਂ ਕਿਸੇ ਝਿਜਕ ਦੇ ਆਖ ਰਹੀ ਸੀ ‘ਹਾਂ ਜੀ, ਮੈਂ ਇਹ ਦੇ ਘਰ ਫੋਨ ਕਰਦੀ ਹਾਂ
ਕਿਉਂਕਿ ਇਹ ਮੈਨੂੰ ਚੰਗਾ ਲਗਦੈ।’ ਮੇਰੇ ਵਾਸਤੇ ਇਹ ਕੋਈ ਅਲੋਕਾਰ ਤੋਂ ਘੱਟ ਨਹੀਂ ਸੀ
ਕਿਉਂਕਿ ਮੇਰੇ ਹਾਣਦੀਆਂ ਸਖੀਆਂ ਤਾਂ ਭਲੇ ਦਿਨਾਂ ਵਿਚ ਵੀ ਆਪਣੇ ਪਤੀ ਨੂੰ ਵੀ ਇਹ ਸ਼ਬਦ
ਕਹਿਣ ਤੋਂ ਧੁਰ ਅੰਦਰ ਤਕ ਸੰਗਦੀਆਂ ਰਹੀਆਂ। ਕਿਤੇ ਇਨ੍ਹਾਂ ਸ਼ਬਦਾਂ ਨਾਲ ਔਰਤ ਦੀ ਅਣਖ ਨੂੰ
ਠੇਸ ਨਾ ਲੱਗੇ। ਮੈਂ ਸੁਣਿਐ ਤਬਦੀਲ ਹੋ ਰਹੀ ਇਸ ਦੁਨੀਆਂ ਦਾ ਇਹ ਰੰਗ ਦਿਨੋ ਦਿਨ ਉਘੜਨ
ਲੱਗਿਐ।
ਹੁਣ ਹਵਾ ਦਾ ਰੁਖ ਇਨ੍ਹਾਂ ਦੀਆਂ ਸੋਚਾਂ ਦੀਆਂ ਹੱਦਾਂ ਮੋਕਲੀਆਂ ਕਰਦਾ ਹੋਰ ਸੁਚੇਤ ਕਰ
ਰਿਹਾ ਹੈ। ਇਹ ਆਪਣੇ ਚੁਫੇਰੇ ਤੋਂ ਵੱਧ ਬੇਬਾਕ, ਨਿਸੰਗ ਅਤੇ ਨਿਡਰ ਹੋ ਕੇ ਵਿਚਰਨ ਲੱਗੀਆਂ
ਸੋਹਣੀਆਂ ਲਗਦੀਆਂ ਹਨ। ਬੱਸਾਂ ਵਿਚ ਸਫਰ ਕਰਦਿਆਂ ਅਕਸਰ ਇਹ ਧਾਰਨਾ ਪਲਦੀ ਹੈ ਕਿ ਹਾਣ ਦੇ
ਮੁੰਡੇ ਤੋਂ ਘੱਟ ਖਤਰਾ ਹੁੰਦਾ ਹੈ, ਅਧਖੜ ਉਮਰ ਦੇ ਆਦਮੀ ਮੀਸਣੇ ਬਣ ਕੇ ਉਮਰ ਦਾ ਨਜਾਇਜ਼
ਲਾਭ ਉਠਾਉਂਦੇ ਵੱਧ ਤੰਗ ਕਰਦੇ ਹਨ। ਇਕ ਦਿਲਚਸਪ ਘਟਨਾ ਇਸ ਬਾਰੇ-ਮੇਰੀ ਇਕ ਵਿਦਿਆਰਥਣ
ਅੰਮ੍ਰਿਤਸਰ ਤੋਂ ਪਟਿਆਲੇ ਦਾ ਸਫਰ ਕਰ ਰਹੀ ਸੀ, ਨਾਲ ਇਕ ਢਲ ਰਹੀ ਉਮਰ ਦਾ ਮਰਦ ਆ ਬੈਠਾ।
ਅਖ਼ਬਾਰ ਪੜ੍ਹਨ ਦੇ ਬਹਾਨੇ ਉਹ ਆਪਣੀਆਂ ਬਾਹਾਂ ਅਤੇ ਲੱਤਾਂ ਪਸਾਰਦਾ ਕੁੜੀ ਨੂੰ ਖੂੰਜੇ ਲਾ
ਰਿਹਾ ਸੀ, ਕੁੜੀ ਨੇ ਕੁਝ ਚਿਰ ਤਾਂ ਬਰਦਾਸ਼ਤ ਕੀਤਾ ਜਦੋਂ ਉਹ ਨਾ ਹਟਿਆ ਤਾਂ ਕੁੜੀ ਨੇ
ਪੁੱਛਿਆ, ‘ਅੰਕਲ ਅਖ਼ਬਾਰ ਪੜ੍ਹਦੇ ਹੋ? ਇਕ ਪੇਜ ਮੈਨੂੰ ਵੀ ਦਿਉ? ਮਰਦ ਨੇ ਖੁਸ਼ੀ ਖੁਸ਼ੀ
ਵਿਚਕਾਰਲਾ ਪੰਨਾ ਪੇਸ਼ ਕੀਤਾ। ਕੁੜੀ ਨੇ ਅਖ਼ਬਾਰ ਦੀ ਉਪਰ ਵਾਲੀ ਥਾਂ ਤੇ ਲਿਖ ਦਿੱਤਾ,
‘ਅੰਕਲ ਬੰਦਾ ਬਣ ਕੇ ਬੈਠ, ਨਹੀਂ ਮੈਂ ਤੈਨੂੰ ਬੰਦਾ ਬਣਾ ਦਿਉਂਗੀ।’ ਪੇਜ ਵਾਪਿਸ ਕਰਦਿਆਂ
ਕਿਹਾ ‘ਅੰਕਲ ਆਹ ਖ਼ਬਰ ਵੀ ਪੜ੍ਹ ਲੈਣੀ।’ ਉਹ ਮਰਦ ਬੰਦਾ ਬਣ ਕੇ ਸਿਮਟ ਗਿਆ। ਮੇਰੀ ਜਾਚੇ
ਇਹੋ ਜਿਹਾ ਉਦਮ ਹਰ ਧੀ ਨੂੰ ਸਿੱਖਣਾ ਬਣਦਾ ਹੈ।
ਗੱਲਾਂ ਹੋਰ ਵੀ ਖੱਟੀਆਂ ਮਿੱਠੀਆਂ ਨੇ ਪਰ ਅਜੇ ਏਨੀਆਂ ਹੀ। ਧੀਆਂ ਨੇ ਜੇ ਨਵੇਂ ਰਾਹਾਂ
’ਤੇ ਪੈੜਾਂ ਪਾਉਣੀਆਂ ਨੇ ਤਾਂ ਰਾਹ ’ਚ ਕੰਡੇ ਤੇ ਫੁੱਲ ਦੋਵੇਂ ਨੇ। ਫੁੱਲਾਂ ਨਾਲ ਝੋਲ
ਭਰਦਿਆਂ ਕੰਡੇ ਵੀ ਚੁਗਣੇ ਹਨ ਤਾਂ ਜੋ ਅੱਗੋਂ ਉਨ੍ਹਾਂ ਦੀਆਂ ਧੀਆਂ ਦੇ ਪੈਰਾਂ ਵਿਚ ਫੁੱਲ
ਹੀ ਬਿਖਰਨ।
-0- |