ਲਿਖਤ ਪੜਤ (ਲੇਖ), ਲੇਖਕ: ਅਮਰਜੀਤ ਚੰਦਨ, ਸਰਵਰਕ: ਗੁਰਵਿੰਦਰ ਸਿੰਘ, ਨਵਯੁਗ ਪ੍ਰਕਾਸ਼ਨ,
2013, ਸਫ਼ੇ 138, ਮੁੱਲ 125 ਰੁ:
ਅਮਰਜੀਤ ਚੰਦਨ ਪੰਜਾਬੀ ਦਾ ਨਾਮਵਰ ਕਵੀ, ਵਾਰਤਕ ਲੇਖਕ ਤੇ ਅਨੁਵਾਦਕ ਹੈ। ਲੇਖਕਾਂ ਦਾ ਲੇਖਕ
ਹੈ। ਪੰਜਾਬੀ ਵਾਲੇ ਇਹਦੀ ਲਿਖਤ ਜਾਂ ਕਿਤਾਬ ਦੀ ਉਡੀਕ ਕਰਦੇ ਰਹਿੰਦੇ ਨੇ। ਮੁਖ ਤੌਰ ’ਤੇ
ਕਵੀ ਚੰਦਨ ਅਨੋਖੀ, ਨਿਆਰੀ ਤੇ ਵਿਲੱਖਣ ਵਾਰਤਕ ਦਾ ਲੇਖਕ ਹੈ। ਹੁਣੇ-ਹੁਣੇ ਇਹਦੀ ਨਵੀਂ
ਕਿਤਾਬ ਲਿਖਤ ਪੜਤ ਆਈ ਹੈ। ਕਈ ਕਿਤਾਬਾਂ ਮਤਾਬੀ ਅਸਰ ਵਾਲੀਆਂ ਹੁੰਦੀਆਂ ਨੇ; ਕਈ ਅਨਾਰਾਂ
ਵਰਗੀਆਂ ਤੇ ਕਈ ਗਗਨ ਮੇਂ ਹੁੰਦੀ ਆਰਤੀ ਵਰਗੀਆਂ। ਅਮਰਜੀਤ ਚੰਦਨ ਦੀ ਕਿਤਾਬ ਮੈਨੂੰ ਭਵਖੰਡਨਾ
ਤੇਰੀ ਆਰਤੀ ਵਰਗੀ ਹੀ ਲੱਗੀ ਹੈ – ਚਿਰਜੀਵੀ; ਹਮੇਸ਼ਾਂ ਜੀਂਦੀ ਰਹਿਣ ਵਾਲੀ।
ਜੁਗਨੀ ਲੇਖ ਪੰਜਾਬ ਦੀ ਤਵਾਰੀਖ ਦੀਆਂ ਗੱਲਾਂ ਹਨ। ਇਹ ਸਾਹਿਤਕ ਰੈਫ਼ਰੈਂਸ ਦਸਤਾਵੇਜ਼ ਹੈ।
ਇਹਦੇ ਵਿਚਲੇ ਹਵਾਲੇ ਅਗਲੀਆਂ ਪੀੜ੍ਹੀਆਂ ਵਰਤਿਆ ਕਰਨਗੀਆਂ। ਇਹ ਕਲਾਸਿਕ ਵਾਰਤਿਕ ਦਾ ਨਮੂਨਾ
ਹੈ। ਏਸ ਵਰਗੀ ਮੈਂ ਹੋਰ ਕਿਤੇ ਨਹੀਂ ਦੇਖੀ-ਪੜ੍ਹੀ। ਜੁਗਨੀ ਦਾ ਮੁੱਢ ਬੱਝਣ ਤੋਂ ਲੈ ਕੇ ਹੁਣ
ਤਕ ਦਾ ਸਾਰਾ ਹਾਲ ਇਸ ਵਿਚ ਵਿਦਮਾਨ ਹੈ। ਸਦੀ ਭਰ ਦਾ ਬੇਬਾਕ ਇਤਿਹਾਸਕ ਬਿਆਨ ਹੈ। ਬਸਤੀਵਾਦ
ਦਾ, ਗ਼ਦਰੀ ਬਾਬਿਆਂ ਦਾ, ਸਿੱਖ ਮੋਰਚਿਆਂ ਦਾ, ਸਿਆਸੀ-ਸਮਾਜਿਕ ਉਤਰਾਵਾਂ-ਚੜ੍ਹਾਵਾਂ ਦਾ ਤੇ
ਅਖ਼ੀਰ ਚ ਸਿੱਖ ਮੁੰਡਿਆਂ ਦਾ ਮੌਤ ਦੇ ਮੂੰਹ ਚ ਹੱਥ ਪਾਉਣ ਦਾ। ਸਾਰਾ ਦੁਖਾਂਤ ਹੀ ਦੁਖਾਂਤ
ਹੈ। ਕੇ ਪੀ ਐਸ ਗਿੱਲ ਦਾ ਕਾਲ਼ੇ ਦਿਨਾਂ ਨੂੰ ਜੱਟ-ਜੱਟਾਂ ਦੀ ਲੜਾਈ ਕਹਿਣਾ ਤੇ ਢਾਈ ਕੁ ਸੌ
ਮੁੰਡਿਆਂ ਦਾ ਪੰਜਾਬ ਨੂੰ ਦਸ ਸਾਲ ਸੁੱਕਣੇ ਪਾਈ ਰੱਖਣਾ ਤੇ ਕਾਮਰੇਡ ‘ਹਰਕਿਸ਼ਨ ਸਿੰਘ ਸੁਰਜੀਤ
ਵੀ ਸਿੱਖਾਂ ਦਾ ਹੀ ਲੀਡਰ ਸੀ’, ਵਰਗੇ ਬਿਆਨ ਪਹਿਲੀ ਵਾਰ ਪੜ੍ਹਨ ਨੂੰ ਮਿਲ਼ੇ ਹਨ।
ਪੰਜਾਬੀਆਂ ਦੀ 1857 ਦੇ ਗ਼ਦਰ ਵੇਲੇ ਦੇ ਦੇਸ਼ ਧ੍ਰੋਹ ਨੂੰ ਆਪੂੰ-ਘੜੇ ਤਰਕਾਂ ਨਾਲ ਨਕਾਰਨ ਦੀ
ਕੋਸ਼ਿਸ਼ ਇਤਿਹਾਸਕਾਰ (ਖ਼ਾਸ ਕਰਕੇ ਪੰਜਾਬੀ) ਅਕਸਰ ਕਰਦੇ ਹਨ। ਉਸ ਤੋਂ ਬਾਅਦ ਦੇ ਸੋਹਲਿਆਂ ਨਾਲ
ਕਿਤਾਬਾਂ ਭਰੀਆਂ ਪਈਆਂ ਹਨ। ਸਰਾਭਾ, ਭਗਤ ਸਿੰਘ ਤੇ ਊਧਮ ਸਿੰਘ ਤਿੰਨਾਂ ਨੂੰ ਛੱਡ
ਸਿੱਖਾਂ/ਪੰਜਾਬੀਆਂ ਨੂੰ ਹੋਰ ਕੋਈ ਸ਼ਹੀਦ ਹੀ ਨਹੀਂ ਲੱਗਦਾ; ਬਹੁਤਿਆਂ ਦੇ ਨਾਂ ਵੀ ਯਾਦ
ਨਹੀਂ। ਸ਼ਾਸਤਰ-ਸ਼ਸਤਰ-ਸੁਹਜ ਦਾ ਪੰਜਾਬੀ ਸੋਚ ’ਤੇ ਅਸਰ ਪਹਿਲੀ ਵਾਰ ਪੜ੍ਹਿਆ ਹੈ। ਬਾਰੀਕਬੀਨ
ਸੋਚ ਪ੍ਰਤੱਖ ਦਿਸਦੀ ਹੈ।
ਮਹਾਰਾਜੇ ਰਣਜੀਤ ਸਿੰਘ ਦੀ ਪੋਤੀ ਸੋਫ਼ੀਆ ਉਰਫ਼ ਗਿਆਨੋ ਬਾਰੇ ਪੜ੍ਹ ਕੇ ਨਵੀਂ ਗੱਲ ਦਾ ਪਤਾ
ਲੱਗਾ ਹੈ। ਹੁਣ ਵੀ ਸਾਡੇ ਸਿੱਖ ਮਹਾਰਾਜੇ ਦੀਆਂ ਸਿਫ਼ਤਾਂ ਦੇ ਅੰਬਾਰ ਉਸਾਰੀ ਜਾਣਗੇ। ਪਰ
ਵਲੈਤ ਚ ਔਰਤਾਂ ਨੂੰ ਵੋਟ ਦਾ ਹੱਕ ਲੈ ਕੇ ਦੇਣ ਵਾਲੇ ਕਾਫ਼ਲੇ ਚ ਓਹਦੀ ਪੋਤੀ ਬਾਰੇ ਕਿੰਨੇ ਕੁ
ਸਿੱਖਾਂ ਨੂੰ ਗਿਆਨ ਹੈ; ਜਾਂ ਉਹ ਜਾਨਣਾ ਵੀ ਚਾਹੁੰਦੇ ਹੋਣਗੇ? ਜੇ ਲੇਖਕ ਮੇਰੇ ਪਿੰਡ ਦੀ
ਕੇਵਲ ਬਾਰੇ ਹੋਰ ਲਿਖੇ, ਤਾਂ ਚੰਗਾ ਲੱਗੇਗਾ; ਪਿੰਡ ਚ ਉਸਦੀ -ਪਤਾ ਨਹੀਂ ਕੀ ਹੈ- ਕੋਈ ਗੱਲ
ਕਰਨ ਨੂੰ ਤਿਆਰ ਨਹੀਂ।
ਧੀ ਪੰਜਾਬੀ ਤਬੀਅਤ ਦੇ ਮੇਚ ਨਹੀਂ ਬਹਿੰਦੀ। ਕੁੜੀਆਂ ਦੀ ਘਟਦੀ ਗਿਣਤੀ ਫ਼ਿਕਰਮੰਦੀ ਦੀ ਲਖਾਇਕ
ਹੈ। ਪੰਜਾਬੀ ਦੇ ਵੱਡੇ ਲੇਖਕਾਂ ਦੀਆਂ ਧੀਆਂ ਬਾਰੇ ਲਿਖਤਾਂ ਤੇ ਔਰਤ ਲੇਖਕਾਂ ਦੇ
ਸਵੈ-ਬਿਆਨਾਂ ਦੇ ਹਵਾਲਿਆਂ ਨਾਲ ਲੇਖਕ ਨੇ ਬਹੁਤ ਉੱਚੀਆਂ ਗੱਲਾਂ ਕੀਤੀਆਂ ਨੇ। ਕੈਲਾਸ਼ ਪੁਰੀ
ਤੇ ਮਨਜੀਤ ਟਿਵਾਣਾ ਦੇ ਦੁੱਖ ਬਹੁਤ ਗਹਿਰੇ ਨੇ। ਧੀਆਂ ਹੁਣ ਗ਼ਰੀਬ ਜਾਂ ਮੱਧਵਰਗੀਆਂ ਦੇ ਘਰੀਂ
ਸਭ ਤੋਂ ਵੱਧ ਜੰਮਦੀਆਂ ਹਨ। ਉਚ-ਮੱਧ ਵਰਗ ਤੇ ਕੁਲੀਨ ਵਰਗ, ਸਣੇ ਗ੍ਰਿਹਸਥੀ ਸਾਧਾਂ ਦੇ,
ਧੀਆਂ ਟਾਂਵੀਆਂ ਹੀ ਜੰਮਦੀਆਂ ਹਨ। ਇਹਦਾ ਕੋਈ ਕਾਰਨ ਲੱਭੇ।
ਆਇਆ ਨੰਦ ਕਿਸ਼ੋਰ ਸੁਰਜੀਤ ਪਾਤਰ ਦੀਆਂ ਚੰਗੀਆਂ ਕਵਿਤਾਵਾਂ ਚੋਂ ਬਹੁਤ ਚੰਗੀ ਕਵਿਤਾ ਹੈ ਤੇ
ਊੜਾ ਰੋਟੀ ਅਮਰਜੀਤ ਦੇ ਚੰਗੇ ਵਾਰਤਿਕ ਲੇਖਾਂ ਚੋਂ ਬਹੁਤ ਚੰਗਾ ਲੇਖ ਹੈ। ਇਹ ਸੋਨੇ ’ਤੇ
ਸੁਹਾਗਾ ਹੈ। ਇਹ ਇਸ ਕਰਕੇ ਵੀ ਨਿਆਰਾ ਲੇਖ ਹੈ ਕਿ ਕਵੀਆਂ ਚ ਆਪਸੀ ਕਸਬੀ ਈਰਖਾ ਦੇ ਬਾਵਜੂਦ
ਇਕ ਵੱਡੇ ਕਵੀ ਨੇ ਦੂਸਰੇ ਵੱਡੇ ਕਵੀ ਦੀ ਕਵਿਤਾ ਬਾਰੇ ਲੇਖ ਲਿਖਿਆ ਹੈ। ਇਸ ਤੋਂ ਵੀ ਵੱਡੀ
ਗੱਲ ਹੈ ਕਿ ਇਹ ਪੰਜਾਬ ਤੇ ਪੰਜਾਬੀ ਦੇ ਫ਼ਿਕਰ ਦਾ ਮਸਲਾ ਹੈ। ਪਾਤਰ ਨੇ ਨਰਮ ਕਾਵਿਕ ਦਲੀਲ
ਨਾਲ ਕਵਿਤਾ ਵਿਚ ਅਸਲ ਮੁੱਦਾ ਉਭਾਰਿਆ; ਇਹ ਨੁਕਤਾ ਦੂਜੇ ਕਵੀ ਨੇ ਪਕੜ ਲਿਆ ਹੈ ਤੇ ਲੇਖ ਲਿਖ
ਕੇ ਇਸ ਨੂੰ ਹੋਰ ਫ਼ਿਕਰਮੰਦਾਂ ਵੱਲ ਤੋਰਿਆ ਹੈ। ਜ਼ਮੀਨਾਂ ਦੇ ਭਾਅ ਵਧਣ ਕਰਕੇ ਬਣੇ ਨੌਦੌਲਤੀ
ਸਰਦਾਰਾਂ ਤੇ ਪੁਤ-ਪੋਤੇ ਹੁਣ ਪੰਜਾਬੀ ਵੱਲ ਮੂੰਹ ਨਹੀਂ ਕਰਦੇ। ਕਿਰਤ-ਕਮਾਈ ਲਈ ਆਏ ਪੂਰਬੀਆਂ
ਦੇ ਨਿਆਣੇ ਹੁਣ ਸਰਕਾਰੀ ਸਕੂਲਾਂ ਚ ਪੜ੍ਹਦੇ ਹਨ। ਸਕੂਲ ਮੇਰੇ ਰੁਜ਼ਗਾਰ ਦਾ ਸਾਧਨ ਹੈ। ਅਪਣੇ
ਸਾਰੇ ਸਕੂਲਾਂ ਚ ਬੱਚਿਆਂ ਦੇ ਆਰਥਿਕ ਤੇ ਸਮਾਜਿਕ ਰੁਤਬੇ ਦੀ ਮੈਨੂੰ ਸਾਰੀ ਜਾਣਕਾਰੀ ਹੈ।
ਜ਼ਿੰਮੀਦਾਰਾਂ ਦੇ ਬੱਚੇ ਨਾ ਹੋਣ ਦੇ ਬਰਾਬਰ ਹਨ। ਸਾਰੇ ਦਲਿਤਾਂ ਦੇ ਹਨ, ਗੁੱਜਰਾਂ ਦੇ ਜਾਂ
ਪੂਰਬੀਆਂ ਦੇ। ਟੌਹੜਿਆਂ ਤੇ ਕੰਵਲਾਂ ਦਾ ਪੂਰਬੀਆਂ ਦਾ ਪੰਜਾਬ ਆ ਕੇ ਕੰਮ ਕਰਨ ਤੇ ਵਸ ਜਾਣ
ਦਾ ਫ਼ਿਕਰ ਕਿੰਨਾ ਕੁ ਸਹੀ ਹੋ ਸਕਦਾ ਹੈ, ਜਦ ਪੰਜਾਬੀਆਂ ਖ਼ਾਸ ਕਰਕੇ ਕਿਸਾਨਾਂ ਦਾ ਬਾਹਰ ਜਾ
ਵਸਣ ਦੀ ਅਪਣੀ ਖੁੱਲ੍ਹ ਹੈ। ਕੰਵਲ ਕੋਲ ਹੁਣ ਸਮਾਂ ਹੈ, ਜੇ ਉਹ ਪੰਜਾਬੀਆਂ ਨੂੰ ਦਸਾਂ
ਨਹੁੰਆਂ ਦੀ ਕਿਰਤ ਦੀ ਮਤ ਦੇ ਸਕੇ, ਤਾਂ ਓਹਦਾ ਡਰ ਘਟ ਵੀ ਸਕਦਾ ਹੈ।
ਰੂਸੀਆਂ ਦੇ ਖ਼ਿਲਾਫ਼ ਖੜ੍ਹੇ ਕੀਤੇ ਅਮਰੀਕਾ ਦੇ ਤਾਲਿਬਾਨ ਹੁਣ ਲਗਾਮਾਂ ਛੁਡਾ ਕੇ ਮਨਮਰਜ਼ੀ ’ਤੇ
ਆ ਹੋਏ ਹਨ। ਲੇਖ ਬਾਮਿਆਨ ਬਾਮਿਆਨ ਪੜ੍ਹ ਕੇ ਇਹੀ ਪ੍ਰਭਾਵ ਬਣਦਾ ਹੈ ਕਿ ਧਰਮ ਮਨੁੱਖ ਲਈ ਹੈ
ਤੇ ਬੰਦਿਆਂ ਨੂੰ ਧਰਮ ਨੂੰ ਬੰਦਿਆਂ ਵਾਂਗ ਹੀ ਨਿਭਾਉਣਾ ਚਾਹੀਦਾ ਹੈ। ਕਿਸੇ ਦੂਜੇ ਧਰਮ
ਵਾਲਿਆਂ ਦੀ ਸਾਡੇ ਨਾਲ ਕੀਤੀ ਸਾਨੂੰ ਚੁੱਭਦੀ ਹੈ, ਪਰ ਅਜੇਹੀ ਹੀ ਕਰਦੇ ਧਰਮ ਰੱਖਅਿਕ ਬਣ
ਜਾਂਦੇ ਹਾਂ। ਵਾਹ ਜੀ ਧਰਮਾਂ ਵਾਲਿਓ। ਰੱਬ ਨੂੰ ਨਕਾਰਨ ਵਾਲੇ ਮਹਾਤਮਾ ਬੁੱਧ ਦੀਆਂ
ਪ੍ਰਸ਼ੰਸਕਾਂ ਨੇ ਮੂਰਤੀਆਂ ਬਣਾਈਆਂ ਸੋ ਬਣਾਈਆਂ, ਮੇਰੇ ਲਾਗਲੇ ਸ਼ਹਿਰ, ਕਿਸੇ ਮੰਦਰ ਵਿਚ
ਦਸ-ਬਾਰਾਂ ਦੇਵੀ-ਦੇਵਤਿਆਂ ਚ ਕਿਸੇ ਦੀ ਫਸਾਈ ਭਗਤ ਸਿੰਘ ਫ਼ੋਟੋ ਪਈ ਹੈ। ਮੇਰੇ ਨਾਲ ਦੇ ਟੀਚਰ
ਦੇ ਘਰ ਗੁਰੂ ਸਾਹਿਬਾਨਾਂ ਨਾਲ ਭਿੰਡਰਾਂਵਾਲੇ ਦੀ ਬਰਛੇ ਵਾਲੀ ਤੇ ਭਗਤ ਸਿੰਘ ਦੀ ਪਸਤੌਲ
ਵਾਲੀ ਫ਼ੋਟੋ ਹੈ। ਤਰਲੇ ਸਿਫ਼ਾਰਸ਼ਾਂ ਕਰਨ ਦੇ ਬਾਵਜੁਦ ਉਤਮ ਕਲਾ ਦੇ ਨਮੂਨਿਆਂ ਦੇ ਤਾਲਿਬਾਨਾਂ
ਨੇ ਤੂੰਬੇ ਉੜਾ ਦਿੱਤੇ ਸੀ।
ਪੰਜਾਬੀ ਦਾ ਸਤਿਆਨਾਸ, ਲੇਖਕ ਦੀ ਪੰਜਾਬੀ ਨਾਲ ਮੋਹ ਦੀ ਕਹਾਣੀ ਹੈ। ਚੰਦਨ ਆਪ ਮਿਹਨਤ ਨਾਲ਼
ਲਿਖਦਾ ਪੜ੍ਹਦਾ ਹੈ ਤੇ ਇਹੋ ਤਵੱਕੋ ਦੂਜਿਆਂ ਤੋਂ ਵੀ ਰੱਖਦਾ ਹੈ; ਜਿਥੇ ਘਾਟ ਨਜ਼ਰ ਆਉਂਦੀ
ਹੈ। ਇਹ ਕਿਸੇ ਨੂੰ ਨਹੀਂ ਬਖ਼ਸ਼ਦਾ – ਮੂਹਰੇ ਭਾਵੇਂ ਸੰਤ ਸਿੰਘ ਸੇਖੋਂ ਹੋਵੇ ਜਾਂ ਅੰਮ੍ਰਿਤਾ
ਪ੍ਰੀਤਮ ਹੋਵੇ ਤੇ ਭਾਵੇਂ ਪ੍ਰੋਫ਼ੈਸਰ ਪ੍ਰੀਤਮ ਸਿੰਘ; ਇਹ ਅਪਣਾ ਫ਼ਿਕਰ ਦੱਸ ਦਿੰਦਾ ਹੈ।
ਪੰਜਾਬੀ ਪ੍ਰਤੀ ਲੇਖਕ ਦੇ ਸਹਿਰਦ ਮੋਹ ਦੀ ਨਿਸ਼ਾਨੀ ਹੈ। ਵੱਡਿਆਂ ਲੇਖਕਾਂ ਦੀਆਂ ਗ਼ਲਤੀਆਂ
ਚੰਦਨ ਹੀ ਫੜ ਸਕਦਾ ਹੈ ਤੇ ਸੁਆਲ ਵੀ ਕਰ ਸਕਦਾ ਹੈ, ਸਾਡੇ ਵਰਗਿਆਂ ਲਈ ਤਾਂ ਇਹ ਉਪਰੋਂ
ਉਤਰੀਆਂ ਹੁੰਦੀਆਂ ਨੇ। ਅੱਧੀਆਂ ਕੁ ਦੀ ਸਮਝ ਆਉਂਦੀ ਹੈ; ਬਾਕੀ ਸਿਰ ’ਤੋਂ ਦੀ ਲੰਘ ਜਾਂਦੀਆਂ
ਨੇ। ਅਪਣੀ ਬੁੱਧੀ ਵੀ ਤੁਛ ਮੰਨ ਲਈਦੀ ਹੈ। ਪਰ ਚੰਦਨ ਦੀਆਂ ਦਲੀਲਾਂ ਦੀ ਕਾਟ ਕਿਸੇ ਕੋਲ
ਨਹੀਂ। ਸੇਖੋਂ ਤੇ ਅੰਮ੍ਰਿਤਾ ਵਰਗੇ ਵਿਦਵਾਨ ਇੱਕੋ ਪੈਰੇ ਚ ਏਨੀ ਵਾਰ ਬੇਲੋੜਾ ਇਕ ਪਾਈ ਗਏ
ਹਨ। ਸਾਡੀ ਸ਼ੁਭਕਾਮਨਾ ਹੈ ਏਨੀ ਕਾਵਾਂ ਰੌਲੀ ਚ ਮਾਰੀਆਂ ਅਮਰਜੀਤ ਚੰਦਨ ਦੀਆਂ ਕੂਕਾਂ ਹੀ ਨਾ
ਬਣ ਜਾਣ; ਸਗੋਂ ਵੱਡਾ ਫ਼ਿਕਰ ਬਣ ਜਾਵੇ।
ਅਮਰਜੀਤ ਦਾ ਲੱਲੇ ਨਾਲ ਪਿਆਰ ਲਗਦਾ ਹੈ। ਕਦੇ ਇਹ ਫੈਲਸੂਫੀਆਂ ਚ ਪੁੱਠਾ ਹੋ ਜਾਂਦਾ ਹੈ ਤੇ
ਲਿਖਤ ਪੜਤ ਚ ਦੇਵਨਾਗਰੀ ਦਾ। ਇਹਦੀ ਅਪਣੀ ਕਥਨੀ ਮੁਤਾਬਿਕ ਫੈਲਸੂਫੀਆਂ ਚ ਇਹ ਸ਼ਰਾਰਤ ਵਜੋਂ
ਸੀ, ਪਰ ਐਤਕੀ ਤਾਂ ਪੰਜਾਬੀ ਹੋਣ ਦੇ ਨਾਲ ਹਿੰਦੀ ਹੋਣ ਦਾ ਲਖਾਇਕ ਵੀ ਹੈ। ਸਾਡੀ ਮਾਂ ਬੋਲੀ
ਪੰਜਾਬੀ ਹੈ। ਪਰ ਹਿੰਦੀ ਬਿਨਾਂ ਵੀ ਨਹੀਂ ਸਰਨਾ ਤੇ ਹੋਰ ਭਾਸ਼ਾਵਾਂ ਦਾ ਵੀ ਗਿਆਨ ਜ਼ਰੂਰੀ ਹੈ।
ਸਾਡੇ ਬਾਬੇ ਨਾਨਕ ਦੀ ਬੋਲੀ-ਲਿਖਤ ਕਿਹੜੀ ਸੀ ਤੇ ਭਗਤ ਗੁਰੂਆਂ ਦੀ ਕਿਹੜੀ।
ਚੰਦਨ ਨੇ ਇਸ ਕਿਤਾਬ ਚ ਕੁਝ ਤਿੱਖੀਆਂ ਪਰ ਸੱਚੀਆਂ ਗੱਲਾਂ ਵੀ ਕੀਤੀਆਂ ਨੇ। ਸਿੱਖਾਂ ਨੂੰ
ਭਾਈ ਕਾਹਨ ਸਿੰਘ ਦਾ ਹਿੰਦੀ ਬੋਲਣ ਤਾਂ ਚੁੱਭਦਾ ਨਹੀਂ; ਲਾਲੇ ਲਾਜਪਤ ਰਾਏ ਦਾ ਚੁੱਭਦਾ ਹੈ।
ਸੇਖੋਂ ਨੇ ਆਤਮ ਕਥਾ ਉਮਰ ਦਾ ਪੰਧ ਵਿਚ ਅਪਣੀ ਦੇਣ ਦੀਆਂ ਫੜ੍ਹਾਂ ਮਾਰੀਆਂ ਹਨ।
ਸਤਾਲਿਨਵਾਦੀਆਂ ਦਾ ਧਰਮ ਨਾਲ ਬੇਮਤਲਬ ਆਢ੍ਹਾ ਵੀ ਸਮਾਜਵਾਦ ਦੇ ਪਤਨ ਦਾ ਕਾਰਨ ਬਣਿਆ।
ਪੰਜਾਬੀ ਵਾਰਤਕ ਉਂਗਲਾਂ ’ਤੇ ਗਿਣਨ ਜੋਗੇ ਲੇਖਕ ਹੀ ਲਿਖਦੇ ਹਨ ਤੇ ਚੰਗੀ ਵਾਰਤਿਕ ਅੱਠ-ਦਸ
ਲੇਖਕ ਹੀ ਲਿਖਦੇ ਹੋਣਗੇ। ਅਮਰਜੀਤ ਸਭ ਤੋਂ ਉਪਰ ਲੱਗਦਾ ਹੈ। ਪ੍ਰੋਫ਼ੈਸਰ ਭਗਵਾਨ ਜੋਸ਼ ਸਹੀ
ਕਹਿੰਦੇ ਹਨ ਕਿ ਚੰਦਨ ਨੂੰ ਸ਼ਬਦ ਦਾ ਵਰਦਾਨ ਮਿਲਿਆ ਹੋਇਆ ਹੈ। ਸ਼ਬਦ ਨਾਲ ਮੋਹ ਕਰਕੇ ਅਹਿਜੀਆਂ
ਕਰਾਮਾਤੀ ਰਚਨਾਵਾਂ ਨੂੰ ਫਲ ਪੈਂਦਾ ਹੈ। ਇਹ ਕਿਤਾਬ ਇਸ ਗੱਲ ਦਾ ਸਬੂਤ ਹੈ ਤੇ ਪੰਜਾਬੀ
ਵਾਰਤਿਕ ਚ ਮੀਲ ਪੱਥਰ। ਇਹ ਕਿਤਾਬ, ਸਾਂਭਣ ਵਾਲੀ ਹੈ, ਪੜ੍ਹਨ ਵਾਲੀ ਹੈ ਤੇ ਮੁੜ-ਮੁੜ ਕੇ
ਪੜ੍ਹਨ ਵਾਲੀ ਹੈ। ਅਮਰਜੀਤ ਚੰਦਨ ਦਾ ਧੰਨਵਾਦ ਹੈ ਕਿ ਉਸਨੇ ਇਹ ਕਿਤਾਬ ਲਿਖੀ ਤੇ ਅਸੀਂ
ਇਸਨੂੰ ਪੜ੍ਹ ਸਕੇ ਹਾਂ। ਤਸਵੀਰਾਂ ਕਿਤਾਬ ਦੀ ਸ਼ਾਨ ਵਧਾਉਂਦੀਆਂ ਨੇ।
-0-
|