Welcome to Seerat.ca
Welcome to Seerat.ca

"ਛੋਟੀ ਮਾਂ ਦਾ ਵੱਡਾ ਹੌਸਲਾ"

 

- ਮੰਗਤ ਰਾਮ ਪਾਸਲਾ

ਗੱਲਾਂ ‘ਚੋਂ ਗੱਲ਼ੀ

 

- ਬਲਵਿੰਦਰ ਗਰੇਵਾਲ

ਸਾਹਿਤਕ ਸਵੈਜੀਵਨੀ / ਜ਼ਰਖ਼ੇਜ਼ ਜ਼ਮੀਨ ਵਿੱਚ ਡਿੱਗਦੇ ਬੀਜ

 

- ਵਰਿਆਮ ਸਿੰਘ ਸੰਧੂ

ਚੋਲ੍ਹਰ ਪਾ ਕੇ ਉੱਡੀਆਂ ਚਿੜੀਆਂ

 

- ਡਾ. ਬਲਵਿੰਦਰ ਕੌਰ ਬਰਾੜ

ਵਕਤ ਦੇ ਨਾਲ ਨਾਲ

 

- ਗੁਲਸ਼ਨ ਦਿਆਲ

ਔਰਤ ਦੀ ਤਾਕਤ

 

- ਬੇਅੰਤ ਗਿੱਲ ਮੋਗਾ

ਵਗਦੀ ਏ ਰਾਵੀ / ਅਖ਼ਬਾਰ ਦੇ ਸੰਪਾਦਕ ਨਾਲ ਮੁਲਾਕਾਤ

 

- ਵਰਿਆਮ ਸਿੰਘ ਸੰਧੂ

ਇੰਜ ਮਹਿਸੂਸ ਕੀਤਾ ਮੈਂ ਸ਼ਿਮਲਾ ਵੇਖ ਕੇ

 

- ਮਲਿਕਾ ਮੰਡ

ਲਿਖਤ ਪੜਤ: ਕਰਾਮਾਤੀ ਰਚਨਾ

 

- ਮੰਗੇ ਸਪਰਾਏ

ਮੈਂ ਤਾਂ ਪੁੱਤ ਕੱਲੀ ਰਹਿਜੂੰ

 

- ਵਕੀਲ ਕਲੇਰ

Indian establishment glorifies controversial figure over real Vancouver hero

 

- Gurpreet Singh

 


ਇੰਜ ਮਹਿਸੂਸ ਕੀਤਾ ਮੈਂ ਸ਼ਿਮਲਾ ਵੇਖ ਕੇ
- ਮਲਿਕਾ ਮੰਡ

 


ਸਾਡਾ ਘਰ ਲੋਕਾਂ ਦੇ ਘਰਾਂ ਨਾਲੋਂ ਵੈਸੇ ਤਾਂ ਕਈ ਗੱਲਾਂ ਵਿੱਚ ਅਨੋਖਾ ਤੇ ਵੱਖਰਾ ਹੈ, ਪਰ ਇਕ ਵਖਰੇਵਾਂ ਇਹ ਵੀ ਏ ਬਈ ਜਿੱਥੇ ਹਰ ਸਾਲ ਲੋਕੀਂ ਛੁੱਟੀਆਂ ਤੇ ਜਾਣ ਲਈ ਕਈ ਕਈ ਮਹੀਨੇ ਪਲੈਨਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਬਈ ਕਿੱਥੇ, ਕਦੋਂ ਕਿੰਨੇ ਦਿਨਾ ਲਈ ਜਾਣਾ ਏ, ਉੱਥੇ ਸਾਡੇ ਘਰ ਜਾਣ ਤੋਂ ਇਕ ਦਿਨ ਪਹਿਲਾਂ ਹੀ ਘੁੰਮਣ ਜਾਣ ਵਾਲੀ ਥਾਂ ਦੇ ਬਾਰੇ ਸਹਿਮਤੀ ਬਣਦੀ ਤੇ ਉਹ ਵੀ ਬੜੀ ਜੱਦੋ ਜਹਿਦ ਤੋਂ ਬਾਅਦ। ਤੇ ਇਹ ਛੁੱਟੀਆਂ ਵਿਚ ਘੁੰਮਣ ਜਾਣ ਲਈ ਕਿਤੇ ਜਾਣ ਦਾ ਸਿਲਸਿਲਾ ਵੀ ਚਾਰ ਪੰਜ ਸਾਲ ਤੋਂ ਹੀ ਬਹੁਤਾ ਸ਼ੁਰੂ ਹੋਇਆ। ਆਪਣੇ ਨਿੱਕੇ ਹੰਦਿਆਂ ਤੋਂ ਲੈ ਕੇ ਮੈਨੂੰ ਯਾਦ ਹੈ ਕਿ ਅਸੀਂ ਮੁਸ਼ਕਲ ਨਾਲ ਹੀ ਛੁੱਟੀਆਂ ਵਿੱਚ ਵੱਧ ਤੋ ਵੱਧ ਦੋ ਜਾਂ ਤਿੰਨ ਕੁ ਵਾਰੀ ਹੀ ਡਲਹੌਜੀ ਜਾਂ ਧਰਮਸ਼ਾਲਾ ਗਏ ਹੋਵਾਂਗੇ। ਇਹਦਾ ਮੁੱਖ ਕਾਰਨ ਤਾਂ ਇਹ ਹੈ ਬਈ ਸਾਡਾ ਸ਼ਹਿਰ ਤਲਵਾੜਾ ਜੋ ਕਿ ਹਿਮਾਚਲ ਦੀਆਂ ਬਰੂਹਾਂ ਤੇ ਵੱਸਿਆ ਹੋਇਆ ਪੰਜਾਬ ਦਾ ਆਖਰੀ ਸ਼ਹਿਰ ਦਾ ਕਸਬਾ ਏ, ਤਿੰਨਾ ਪਾਸਿਆਂ ਤੋਂ ਸ਼ਿਵਾਲਿਕ ਦੀਆਂ ਨੀਵੀਆਂ ਤੇ ਹਰੀਆਂ ਭਰੀਆਂ ਪਹਾੜੀਆਂ ਨਾਲ ਘਿਰਿਆ ਹੋਣ ਕਰਕੇ ਪਹਾੜਾਂ ਵਾਗੂੰ ਹੀ ਇੱਥੇ ਮਿੱਠਾ-ਮਿੱਠਾ ਮੌਸਮ ਰਹਿੰਦਾ ਏ ਸਾਰਾ ਸਾਲ, ਅੱਤ ਦੀ ਗਰਮੀ ਨਹੀਂ ਪੈਂਦੀ। ਜੇ ਕਦੀ ਅਸੀਂ ਪਾਪਾ ਨੂੰ ਕਿਤੇ ਲਿਜਾਣ ਲਈ ਕਹਿਣਾ ਵੀ ਤਾਂ ਉਹਨਾਂ ਹੱਸ ਕੇ ਕਹਿਣਾ,‘ਓਏ ਮਿੱਠੂ, ਆਪਾਂ ਤਾਂ ਅੱਗੇ ਹਿੱਲ ਸਟੇਸ਼ਨ ਤੇ ਰਹਿਣ ਡਹੇ ਆਂ। ਹੋਰ ਤੁਸਾਂ ਕਿੱਥੇ ਜਾਣਾ ਏ। ਆਪ ਦੱਸੋ ਭਲਾ ਤਲਵਾੜੇ ਤੋਂ ਸੁਹਣੀ ਥਾਂ ਕੋਈ ਹੋਰ ਹੋ ਸਕਦੀ ਆ।‘ ਤੇ ਅਸੀਂ ਸਹਿਮਤ ਹੋ ਜਾਣਾ। ਤੇ ਦੂਜਾ ਕਾਰਨ ਪਾਪਾ ਦਾ ਇਕ ਮੁੱਠ ਚੁੱਕ ਲੈ ਦੂਜੀ ਤਿਆਰ ਵਾਲਾ ਰੁਝੇਵੇਂ ਭਰਿਆ ਸ਼ਡਿਊਲ। ਕਾਲਜ ਦੀ ਨੌਕਰੀ ਕਰਕੇ ਪਾਪਾ ਕੋਲ ਵੀ ਛੁੱਟੀਆਂ ਦੇ ਇਹ ਦਿਨ ਹੀ ਹੁੰਦੇ, ਜਿਨ੍ਹਾ ਵਿਚ ਉਹਨਾ ਲਗਭਗ ਹਰ ਵਾਰੀ ਪਹਿਲਾਂ ਤੋਂ ਹੀ ਕੋਈ ਨਾ ਕੋਈ ਨਵੀਂ ਕਿਤਾਬ ਦਾ ਪ੍ਰੋਜੈਕਟ ਮਿਥਿਆ ਹੁੰਦਾ। ਉਹਨਾ ਦੇ ਸਿਰਜਣਾਤਮਕ ਕੰਮ ਲਈ ਰੱਖੇ ਸਮੇਂ ਵਿਚ ਕਿਤੇ ਲਿਜਾਣ ਲਈ ਪੰਗਾ ਪਾਉਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ। ਜਾਂ ਫਿਰ ਪਾਪਾ ਨੇ ਪਾਕਿਸਤਾਨ, ਅਮਰੀਕਾ, ਕਨੇਡਾ ਜਾਣ ਦਾ ਪ੍ਰੋਗਰਾਮ ਬਣਾਇਆ ਹੁੰਦਾ।

ਪਰ ਜਿਵੇਂ ਕਹਿੰਦੇ ਨੇ ਬਈ ਵੱਡੇ ਵੱਡੇ ਬਦਲਾਅ ਵੀ ਤਾਂ ਆਉਂਦੇ ਨੇ ਜੇ ਕੋਈ ਸੱਚੇ ਮਨੋ ਜੱਦੋ-ਜਹਿਦ ਕਰਨ ਵਾਲਾ ਹੋਵੇ ਪੂਰੇ ਨਿਸ਼ਚੇ ਨਾਲ। ਤੇ ਸਾਡੇ ਘਰ ਵਿਚ ਇਸ ਗੱਲ ਲਈ ਜੇ ਸਭ ਤੋਂ ਵੱਧ ਕਿਸੇ ਨੇ ਜ਼ੋਰ ਲਾਇਆ ਉਹ ਸਾਡੇ ਘਰ ਦਾ ਸਭ ਤੋਂ ਛੋਟਾ ਮੈਂਬਰ ਮੇਰੀ 10 ਕੁ ਸਾਲਾਂ ਦੀ ਸਭ ਤੋਂ ਛੋਟੀ ਭੈਣ ‘ਸੀਰਤ‘ ਨੇ। ਤੇ ਇਸ ਸਭ ਦੇ ਸ਼ੁਰੂ ਹੋਣ ਦਾ ਵਾਕਿਆ ਵੀ ਬੜਾ ਦਿਲਚਸਪ ਹੈ, ਜੋ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗੀ।

ਅੱਜ ਤੋਂ ਛੇ ਕੁ ਸਾਲ ਪਹਿਲਾਂ ਦੀ ਗੱਲ ਐ। ਸੀਰਤ ਉਦੋਂ ਕੋਈ ਚਾਰ ਕੁ ਸਾਲ ਦੀ ਹੋਊਗੀ। ਜਦੋਂ ਉਹ ਮੰਮੀ ਪਾਪਾ ਹੋਰਾਂ ਨਾਲ ਪਹਿਲੀ ਵਾਰ ਡਲਹੌਜੀ ਗਈ। ਜਾ ਕੇ ਬੇਹੱਦ ਖੁਸ਼ ਤੇ ਕਈ ਚਿਰ ਡਲਹੌਜੀ ਦੀਆਂ ਗੱਲਾਂ ਕਰਨੋ ਨਾ ਹਟੇ। ਹੈਰਾਨੀ ਸਾਨੂੰ ਉਦੋਂ ਹੋਈ ਜਦੋਂ ਸੀਰਤ ਨੇ ਇਹ ਐਲਾਨ ਕਰ ਦਿੱਤਾ ਬਈ ਅੱਜ ਤੋਂ ਬਾਦ ਨਾ ਤਾਂ ਮੈਂ ਜਨਮ ਦਿਨ ਤੇ ਕੋਈ ਤੋਹਫਾ ਲੈਣਾ ਤੁਹਾਡੇ ਤੋਂ ਤੇ ਨਾ ਹੀ ਤੁਸੀਂ ਮੇਰਾ ਜਨਮ ਦਿਨ ਮਨਾਇਆ ਕਰੋ ਪਰ ਇਹਦੇ ਬਦਲੇ ਮੈਨੂੰ ਕਿਤੇ ਬਾਹਰ ਘੁਮਾਉਣ ਲੈ ਜਾਇਆ ਕਰੋ ਹਰ ਸਾਲ।
ਅਸੀਂ ਏਨੀ ਛੋਟੀ ਸੀਰਤ ਦੇ ਨਵੀਆਂ ਥਾਵਾਂ ਵੇਖਣ ਦੇ ਲਈ ਉਤਸ਼ਾਹ ਨੂੰ ਵੇਖ ਕੇ ਖੁਸ਼ ਵੀ ਹੋਏ ਤੇ ਹੈਰਾਨ ਵੀ ਪਰ ਅਸੀਂ ਉਹਦੀ ਗੱਲ ਹਾਸੇ ਵਿਚ ਉਡਾ ਦਿੱਤੀ ਬਈ ਨਿੱਕਾ ਨਿਆਣਾ, ਇਹਨੂੰ ਕਿਹੜਾ ਯਾਦ ਰਹਿਣਾ, ਪਰ ਉਹ ਪੱਕੀ ਨਿਕਲੀ। ਸੀਰਤ ਦੇ ਲਾਏ ਜੈੱਕ ਸਦਕਾ ਹੀ ਅਸੀਂ ਉਸ ਤੋਂ ਬਾਅਦ ਤਕਰੀਬਨ ਹਰ ਸਾਲ ਹੀ ਮਨਾਲੀ, ਡਲਹੌਜੀ, ਧਰਮਸ਼ਾਲਾ, ਨੂਰਪੁਰ ਤੇ ਸ਼੍ਰੀਨਗਰ ਗਏ। ਇਸ ਵਾਰ ਵੀ ਸੌ ਦਲੀਲੀਂ ਪੈ ਕੇ ਅਸੀਂ ਸ਼ਿਮਲੇ ਜਾਣ ਦਾ ਪ੍ਰੋਗਰਾਮ ਬਣਾਇਆ। ਅਸੀਂ ਸਿੰਘਾਂ ਵਾਲਾ ਅਰਦਾਸਾ ਸੋਧ ਕੇ 3 ਜੁਲਾਈ ਨੂੰ ਸਵੇਰੇ ਸਾਢੇ ਕੁ ਅੱਠ ਵਜੇ ਆਪਣੀ ਕਾਰ ਤੇ ਸ਼ਿਮਲੇ ਨੂੰ ਚਾਲੇ ਪਾ ਦਿੱਤੇ। ਵਾਇਆ ਹਮੀਰਪੁਰ ਜਾਣ ਦੀ ਸਲਾਹ ਸੀ। ਤਲਵਾੜੇ ਤੋਂ ਹਮੀਰਪੁਰ ਤੱਕ ਨੀਮ ਪਹਾੜੀ ਇਲਾਕਾ ਸੀ ਪਰ ਅਸੀਂ ਅਜੇ ਅੱਧਾ ਰਾਹ ਵੀ ਨਾ ਗਏ ਹੋਵਾਂਗੇ ਕਿ ਮੀਂਹ ਦੀ ਛਹਿਬਰ ਨੇ ਸਾਡਾ ਸੁਆਗਤ ਕੀਤਾ। ਤੇ ਮੌਸਮ ਖੁਸ਼ਗਵਾਰ ਹੋ ਗਿਆ। ਪਹਾੜਾਂ ਵਿੱਚ ਪੂਰੀ ਜਲ-ਥਲ ਹੋਈ ਪਈ ਸੀ। ਅਸੀਂ ਇੱਕ ਕਸਬੇ ਜਿਹੇ ਦੇ ਬਾਹਰਵਾਰ ਰੁਕ ਕੇ ਰੋਟੀ ਛਕੀ ਤੇ ਤੁਰ ਪਏ।

ਸ਼ਿਮਲਾ ਹਿਮਾਲਿਆ ਦੇ ਪੈਰਾਂ ਵਿਚ ਵੱਸਿਆ ਹਿਮਾਚਲ ਦਾ ਉੱਘਾ ਸ਼ਹਿਰ ਤੇ ਰਾਜਧਾਨੀ ਵੀ ਹੈ ਤੇਇੱਕ ਉੱਘਾ ਸੈਲਾਨੀ ਕੇਂਦਰ ਵੀ। ਸ਼ਿਮਲਾ ਦਾ ਪਹਿਲਾ ਨਾ ਸਿਮਲਾ ਸੀ, ਜੋ ਇਕ ਦੇਵੀ ਸਾਮਲਾ ਦੇ ਨਾਂ ਤੋਂ ਲਿਆ ਗਿਆ ਮੰਨਿਆ ਜਾਂਦਾ ਹੈ। ਸਿਮਲਾ ਸਿਰਫ ਇੱਕ ਪਹਾੜੀ ਪਿੰਡ ਹੁੰਦਾ ਸੀ 1830 ਤਕ, ਜਿਸਨੂੰ ਅੰਗਰੇਜਾਂ ਨੇ ਪਹਿਲੇ ਐਂਗਲੋ-ਗੋਰਖਾ ਯੁੱਧ ਤੋਂ ਬਾਦ ਉਸਾਰਿਆ। ਮੁੱਖ ਕਾਰਨ ਤਾਂ ਇਹੀ ਰਿਹਾ ਹੋਵੇਗਾ ਬਈ ਅੰਗਰੇਜ਼ ਹੁਕਮਰਾਨਾ ਦੇ ਇੰਗਲੈਂਡ ਵਰਗੇ ਠੰਡੇ ਮੁਲਕ ਦੇ ਬਸ਼ਿੰਦੇ ਹੋਣ ਕਰਕੇ ਉਹਨਾ ਲਈ ਇੱਥੋਂ ਦੀ ਕੜਕਵੀਂ ਗਰਮੀ ਨਾ-ਕਾਬਲੇ ਬਰਦਾਸ਼ਤ ਹੋਵੇਗੀ। 1864 ਤੋਂ ਸ਼ਿਮਲਾ ਅੰਗਰੇਜ਼ਾ ਦੀ ਗਰਮੀਆਂ ਦੀ ਰਾਜਧਾਨੀ ਰਿਹਾ। ਤੇ ਬਰਤਾਨਵੀ ਫੌਜ ਦਾ ਮੁੱਖ ਹੈੱਡਕੁਆਟਰ ਵੀ ਸ਼ਿਮਲੇ ਵਿਚ ਹੀ ਸਥਿਤ ਸੀ। ਅਜ਼ਾਦੀ ਤੋਂ ਬਾਅਦ ਜਦੋਂ ਤੱਕ ਪੰਜਾਬੀ ਸੂਬਾ ਨਹੀਂ ਸੀ ਬਣਿਆ ਉਦੋਂ ਤੱਕ ਕੁਝ ਸਾਲਾਂ ਲਈ ਸ਼ਿਮਲਾ ਪੰਜਾਬ ਦੀ ਰਾਜਧਾਨੀ ਵੀ ਰਿਹਾ। ਬੰਗਲਾਦੇਸ਼ ਦੀ 1971 ਦੀ ਭਾਰਤ-ਪਾਕਿ ਜੰਗ ਤੋਂ ਬਾਅਦ ਹੋਇਆ ਸਮਝੌਤਾ ਜੀਹਦੇ ਅਨੁਸਾਰ ਪਾਕਿਸਤਾਨ ਦੇ 95 ਹਜਾਰ ਜੰਗੀ ਕੈਦੀ ਵਾਪਸ ਕੀਤੇ ਗਏ ਸਨ ਤੇ ਦੋਵੇਂ ਮੁਲਕਾਂ ਨੇ ਇਹ ਫੈਸਲਾ ਕੀਤਾ ਸੀ ਕਿ ਦੋਵੇਂ ਮੁਲਕ ਕਸ਼ਮੀਰ ਮਸਲਾ ਬਿਨਾ ਕਿਸੇ ਬਾਹਰੀ ਤਾਕਤ ਦੇ ਦਖਲ ਵਿਚੋਲਗਿਰੀ ਦੇ ਦਬਾਅ ਤੋਂ ਬਿਨਾ ਅਮਨ ਤੇ ਆਪਸੀ ਗੱਲਬਾਤ ਰਾਹੀਂ ਸੁਲਝਾਉਣਗੇ, ਵੀ ਸ਼ਿਮਲੇ ਹੀ ਹੋਇਆ ਸੀ ਜੀਹਨੂੰ ‘ਸ਼ਿਮਲਾ ਸਮਝੌਤੇ‘ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਸ ਤਰਾਂ ਸ਼ਿਮਲਾ ਸ਼ੁਰੂ ਤੋਂ ਹੀ ਇਤਿਹਾਸਕ ਮਹੱਤਵ ਰੱਖਣ ਵਾਲਾ ਸ਼ਹਿਰ ਰਿਹਾ ਹੈ।

ਅਸੀਂ ਸ਼ਾਮੀ ਸਾਢੇ ਕੁ ਪੰਜ ਵਜੇ ਸ਼ਿਮਲੇ ਪਹੁੰਚੇ। ਰਸਤੇ ਵਿੱਚ ਅਸੀਂ ਸਕੂਲੀ ਬੱਚਿਆਂ ਨੂੰ ਸਵੈਟਰਾਂ ਪਾਈਆਂ ਵੇਖੀਆਂ। ਜਦੋਂ ਮੈਂ ਆਪਣੇ ਵੱਲੋਂ ਕੋਈ ਵੀ ਗਰਮ ਕੱਪੜਾ ਨਾਲ ਨਾ ਲਿਆਉਣ ਤੇ ਫਿਕਰ ਜ਼ਾਹਿਰ ਕੀਤਾ ਤਾਂ ਮੰਮੀ ਹੱਸ ਕੇ ਕਹਿਣ ਲੱਗੇ ਬਈ ਸਾਡੀ ਪੰਜਾਬ ਦੀ ਗਰਮੀ ਦੇ ਝੰਬਿਆਂ ਦੀ ਥਾਂ ਮਸਾਂ ਗਰਮੀ ਹੀ ਨਿਕਲਣੀ ਆ ਏਨੀ ਕੁ ਠੰਡ ਨਾਲ।

ਹੁਣ ਅਗਲਾ ਮਸਲਾ ਸੀ ਠਹਿਰਨ ਦਾ। ਅਸੀਂ ਚਲਦੇ ਰਸਤੇ ਤੋਂ ਹੀ ਅਕਾਸ਼ਵਾਣੀ ਕੇਂਦਰ ਦੇ ਲਾਗੇ ਹਿਮਾਚਲ ਟੂਰਿਜ਼ਮ ਵਾਲਿਆਂ ਦੇ ਹੋਟਲ ਦਾ ਬੋਰਡ ਲੱਗਾ ਵੇਖਿਆ ਤੇ ਬਿਨਾ ਝਿਜਕ ਕਾਰ ਘੁਮਾ ਲਈ ਓਧਰ ਨੂੰ। ਕੋਈ 100-150 ਮੀਟਰ ਚੜ੍ਹਾਈ ਚੜ੍ਹ ਕੇ ਜਦੋਂ ਅਸੀਂ ਉਪਰ ਵੱਲ ਪਹੁੰਚੇ ਤਾਂ ਸਾਹਮਣੇ ਇਕ ਖੁੱਲ੍ਹਾ-ਡੁੱਲ੍ਹਾ ਬੜਾ ਹੀ ਸੁਹਣਾ ਵੱਡਾ ਸਾਰਾ ਲਾਅਨ ਸੀ। ਜਿੱਥੋਂ ਅਸੀਂ ਹੇਠਾਂ ਵੱਲ ਤੇ ਖੱਬੇ ਪਾਸੇ ਵੱਲ ਸ਼ਿਮਲਾ ਸ਼ਹਿਰ ਦਾ ਸੰਘਣਾ ਆਬਾਦੀ ਵਾਲਾ ਇਲਾਕਾ ਵਿਖਾਈ ਦਿੰਦਾ ਸੀ ਤੇ ਸਾਹਮਣੇ ਦੂਰ ਦੂਰ ਤੱਕ ਜਿੱਥੋਂ ਤਕ ਵੀ ਨਜ਼ਰ ਜਾਂਦੀ ਸੀ ਪਹਾੜੀਆਂ ਸਨ। ਪਾਪਾ ਅੰਦਰ ਜਦੋਂ ਤੱਕ ਕਮਰਾ ਬੁੱਕ ਕਰਾਉਣ ਗਏ ਤਾਂ ਅਸੀਂ ਚਾਰਾਂ ਜਣਿਆਂ ਨੇ ਉੱਥੇ ਖੂਬ ਫੋਟੋਗ੍ਰਾਫੀ ਕੀਤੀ। ਇਹ ਗੱਲ ਹਿਮਾਚਲ ਸਰਕਾਰ ਦੀ ਪੰ੍ਰਸਸਾਯੋਗ ਹੈ ਬਈ ਉਹਨਾਂ ਨੇ ਆਪਣੀ ਕੁਦਰਤੀ ਖੂਬਸੂਰਤੀ ਦਾ ਲਾਹਾ ਲੈਂਦਿਆਂ ਆਪਣੇ ਰਾਜ ਵਿਚ ਸੈਰ ਸਪਾਟਾ ਉਦਯੋਗ ਨੂੰ ਖੂਬ ਉਤਸ਼ਾਹਿਤ ਕੀਤਾ ਹੈ। ਲਗਭਗ ਸਾਰੇ ਹੀ ਹਿੱਲ ਸਟੇਸ਼ਨ ਭਾਵੇਂ ਉਹ ਮਨਾਲੀ, ਸ਼ਿਮਲਾ, ਧਰਮਸ਼ਾਲਾ ਹੋਵੇ ਜਾਂ ਡਲਹੌਜੀ, ਪਾਲਮਪੁਰ, ਕਾਂਗੜਾ ਤੇ ਲੇਹ ਹੋਵੇ ਸਭ ਥਾਵਾਂ ਤੇ ਹੀ ਹਿਮਾਚਲ ਟੂਰਿਜ਼ਮ ਵਾਲਿਆਂ ਦੇ ਆਪਣੇ ਹੋਟਲ ਨੇ। ਵਾਜਿਬ ਰੇਟ ਤੇ ਸੁਹਣੀ ਸਲੀਕੇ ਵਾਲੀ ਤੇ ਟੌਪ ਦੀਆਂ ਸਹੂਲਤਾਂ ਨਾਲ ਲੈਸ ਤੇ ਨਾਲ ਹੀ ਪ੍ਰੰਪਰਾਗਤ ਵੀ। ਪਰ ਸਭ ਤੋਂ ਵਧੀਆ ਗੱਲ ਇਹਨਾ ਦੀ ਇਹ ਹੁੰਦੀ ਐ ਬਈ ਇਹ ਬਹੁਤ ਹੀ ਸੋਹਣੀ ਥਾਂ ਤੇ ਬਣੇ ਹੁੰਦੇ ਨੇ ਚੁਣ ਕੇ। ਅਸੀਂ ਜਦੋਂ ਦੋ ਸਾਲ ਪਹਿਲਾਂ ਮਨਾਲੀ ਗਏ ਸਾਂ ਉਦੋਂ ਵੀ ਹਿਮਾਚਲ ਟੂਰਿਜ਼ਮ ਵਾਲਿਆਂ ਦੇ ਹੋਟਲ ਵਿੱਚ ਰਹਿਣ ਦਾ ਤਜ਼ਰਬਾ ਬੜਾ ਵਧੀਆ ਰਿਹਾ ਸੀ। ਮਨਾਲੀ ਤੋਂ 20 ਕੁ ਕਿਲੋਮੀਟਰ ਉਰਾਂ ਇੱਕ ਖੱਡ ਦੀ ਵੱਖੀ ਤੇ ਸੀ ਉਹ ਥਾਂ, ਤੇ ਵਿੱਚ ਵਗਦਾ ਦਰਿਆ ਤੇ ਸਾਹਮਣੇ ਪਹਾੜ। ਹਾਂ ਇਹ ਗੱਲ ਹੈ ਬਈ ਇਨਾਂ ਹੋਟਲਾਂ ਵਿੱਚ ਖਾਣਾ ਪੀਣਾ ਕਾਫ਼ੀ ਮਹਿੰਗਾ ਹੁੰਦਾ ਏ। ਆਪਣਾ ਬਜਟ ਘੱਟ ਕਰਨ ਲਈ ਖਾਣਾ ਬਾਹਰੋਂ ਵੀ ਖਾਧਾ ਜਾ ਸਕਦੈ।
ਆਪਣੇ ਕਮਰੇ ਵਿਚ ਸਮਾਨ ਟਿਕਾ ਕੇ ਚਾਹ ਪੀਣ ਤੋਂ ਪਹਿਲਾਂ ਸਾਰੇ ਜਣੇ ਤਾ ਫਰੈਸ਼ ਹੋਣ ਚਲੇ ਗਏ। ਉਸ ਕਮਰੇ ਦੀ ਬਾਰੀ ਚੋਂ ਬਾਹਰ ਵੱਲ ਨਿਗਾਹ ਮਾਰੀ ਤਾਂ ਉਥੇ ਲੰਬੇ ਤੇ ਖੂਬਸੂਰਤ ਪਰਾ-ਇਤਿਹਾਸਕ ਦੇਵਦਾਰ ਦੇ ਰੁੱਖ ਖੜੇ ਸਨ। ਏਦਾਂ ਲਗਦਾ ਸੀ ਜਿਵੇਂ ਇਹ ਅਨੰਤ ਕਾਲ ਤੋਂ ਏਥੇ ਖਲੋਤੇ ਹੋਣ ਤੇ ਅਨੰਤ ਕਾਲ ਤੱਕ ਏਦਾਂ ਹੀ ਖੜ੍ਹੇ ਰਹਿਣਗੇ ਅਡੋਲ, ਅਝੁੱਕ ਤੇ ਮਾਣਮੱਤੇ ਅਸਮਾਨ ਵੱਲ ਹਿੱਕ ਤਾਣੀ। ਉਹਨਾ ਵੱਲ ਵੇਖਕੇ ਮੈਨੂੰ ਇੱਕ ਹੋਰ ਨਜ਼ਾਰਾ ਯਾਦ ਆਇਆ। ਜਦੋਂ ਅਸੀਂ ਸ਼ਿਮਲਾ ਸ਼ਹਿਰ ਵਿਚ ਵੜੇ ਹੀ ਸਾਂ ਤੇ ਹੋਟਲ ਲਭ ਰਹੇ ਸਾਂ ਤਾਂ ਥੋੜੀ ਦੂਰੀ ਤੇ ਸੜਕ ਦੇ ਕੰਢੇ ਨੀਲੀਆਂ ਜੈਕਟਾਂ ਪਾਈ ਬੰਦੇ ਟੋਲਿਆਂ ਦੇ ਰੂਪ ਵਿਚ ਖੜੇ ਸਨ ਜੋ ਬੋਲਣ ਚਾਲਣ, ਕੱਪੜਿਆਂ ਤੇ ਸ਼ਕਲ ਸੂਰਤੋਂ ਪ੍ਰਤੱਖ ਰੂਪ ਵਿਚ ਕਸ਼ਮੀਰੀ ਜਾਪ ਰਹੇ ਸਨ। ਜਦੋਂ ਕੋਈ ਕਾਰ ਉਹਨਾ ਕੋਲੋਂ ਲੰਘਦੀ ਤਾਂ ਉਹਨਾ ਵਿਚੋਂ ਕਈ ਜਣੇ ਕਾਰ ਦੇ ਪਿੱਛੇ ਭੱਜਦੇ। ਜ਼ਰਾ ਸੋਚ ਕੇ ਵੇਖੋ ਕਿ ਪੂਰੀ ਤੇਜ ਜਾਂਦੀ ਕਾਰ ਦੇ ਨਾਲ ਨਾਲ ਭੱਜਣ ਦੀ ਕੋਸ਼ਿਸ਼ ਕਰਦੇ ਲੋਕ। ਤੇ ਜਦੋਂ ਤੁਸੀਂ ਕਾਰ ਦਾ ਸ਼ੀਸ਼ਾਹੇਠਾਂ ਕਰੋ ਤਾਂ ਉਹ ਤੁਹਾਨੂੰ ਗਾਈਡ ਬਣ ਕੇ ਸ਼ਿਮਲਾ ਤੇ ਕੁਫਰੀ ਤੋ ਹੋਰ ਆਸਾ ਪਾਸਾ ਵਿਖਾਉਣ ਦੀ ਟੁੱਟੀੰ ਫੁੱਟੀ ਕਸ਼ਮੀਰੀ ਲਹਿਜ਼ੇ ਵਾਲੀ ਹਿੰਦੀ ਵਿਚ ਪੇਸ਼ਕਸ਼ ਕਰਨਗੇ ਤੇ ਕਹਿਣਗੇ ਭਾਵੇਂ ਪੰਜਾਹ ਰੁਪਏ ਦੇ ਦਿਓ। ਇਹੋ ਜਿਹਾ ਹੀ ਦਿਲ ਹਿਲਾਉਣ ਵਾਲਾ ਤਜਰਬਾ ਜਦੋਂ ਅਸੀਂ ਪਿਛਲੇ ਸਾਲ ਕਸ਼ਮੀਰ ਗਏ ਸਾਂ ਉੱਥੇ ਗੁਲਮਰਗ ਵਿਚ ਵੀ ਹੋਇਆ ਸੀ।

ਗੁਲਮਰਗ ਪਹੁੰਚਦਿਆਂ ਹੀ ਕਾਰ ਪਾਰਕਿੰਗ ਤੇ ਹੀ 20-20 ਬੰਦਿਆਂ ਨੇ ਸਾਡੀ ਕਾਰ ਨੂੰ ਘੇਰ ਲਿਆ। ਬੜੀ ਮੁਸ਼ਕਿਲ ਨਾਲ ਕਾਰ ਪਾਰਕ ਕਰਕੇ ਜਦੋਂ ਅਸੀਂ ਬਾਹਰ ਨਿਕਲੇ ਤਾਂ ਉਹ ਸਾਨੂੰ ਲੱਕੜ ਦੀਆਂ ਸਲੈਜਾਂ ਤੇ ਬਿਠਾ ਕੇ ਬਰਫ਼ ਤੇ ਘੜੀਸਣ ਦੀਆਂ ਪੇਸ਼ਕਸ਼ਾਂ ਕਰਨ ਲੱਗੇ ਜੋ ਤਰਲੇ ਵਰਗੀਆਂ ਵਧੇਰੇ ਸਨ। ਜਦੋਂ ਪਾਪਾ ਨੇ ਉਨਾਂ ਦੀ ਜਿੱਦ ਕਾਰਨ ਉਨ੍ਹਾਂ ਨੂੰ ਆਖਿਆ ਕਿ ਬੱਚੇ ਵੱਡੇ ਹਨ, ਬੈਠਣਾ ਨਹੀਂ ਚਾਹੁੰਦੇ ਤੁਸੀਂ ਉਦਾਂ ਹੀ ਪੈਸੇ ਲੈ ਲਓ। ਤਾਂ ਇਹ ਸੁਣ ਕੇ ਉਹ ਵਾਪਸ ਮੁੜ ਤੁਰੇ ਅਤੇ ਕਹਿੰਦੇ, ‘ਸਾਬ੍ਹ ਹਮ ਵਰਕਰ ਹੈਂ, ਭਿਖਾਰੀ ਨਹੀਂ, ਕਾਮ ਕਰੇਂਗੇ ਤੋ ਪੈਸੇ ਲੇਂ ਗੇ।‘ ਜੀਹਦੇ ਕਰਕੇ ਸਾਡੇ ਅਣਮਨੇ ਹੋਣ ਦੇ ਬਾਵਜੂਦ ਪਾਪਾ ਨੇ ਸਾਨੂੰ ਤਿੰਨਾ ਭੈਣਾਂ, ਮੈਨੂੰ, ਮੰਨਤ ਤੇ ਸੀਰਤ ਨੂੰ ਉਨ੍ਹਾ ਤੇ ਬਿਠਾ ਦਿੱਤਾ ਤੇ ਦੋ ਤਿੰਨ ਸੌ ਮੀਟਰ ਤੋਂ ਹੀ ਵਾਪਸ ਆ ਕੇ ਉਹਨਾ ਨੂੰ ਪੂਰੇ ਪੈਸੇ ਦੇ ਦਿੱਤੇ।
ਸ਼ਿਮਲੇ ਵਿੱਚ ਅਗਲੇ ਦਿਨ ਫਿਰ ਸੜਕ ਕੰਢੇ ਢਲਾਨ ਤੇ ਬਣੇ ਇਕ ਆਰੇ ਤੋਂ ਕਈ ਕਸ਼ਮੀਰੀ ਮਜ਼ਦੂਰਾਂ ਨੂੰ ਲੱਕੜ ਦੀਆਂ ਭਾਰੀਆਂ ਗੇਲੀਆਂ ਤੇ ਫੱਟਿਆਂ ਨੂੰ ਘੜੀਸਣ ਤੇ ਚੁੱਕ ਕੇ ਖੜਨ ਵਰਗਾ ਹੱਡ ਭੰਨਵਾਂ ਕੰਮ ਕਰਦੇ ਹੋਏ ਵੇਖਿਆ। ਮੈਂ ਕਸ਼ਮੀਰ ਜਿਹਨੂੰ ਧਰਤੀ ਦੀ ਬਹਿਸ਼ਤ ਕਹਿੰਦੇ ਨੇ ਦੇ ਦਰਸ਼ਨ ਵੀ ਕੀਤੇ ਹੋਏ ਨੇ। ਮੈਨੂੰ ਹੈਰਾਨੀ ਹੋਈ ਕਿ ਰੋਜ਼ੀ ਕਮਾਉਣ ਦੀ ਮਜਬੂਰੀ ਉਹਨਾਂ ਲੋਕਾਂ ਨੂੰ ਆਪਣੇ ਘਰ ਤੇ ਏਡੀ ਸੋਹਣੀ ਮਾਂ ਭੂਮੀ ਤੋਂ ਕਿੰਨੀ ਦੂਰ ਲੈ ਆਈ ਸੀ। ਸੱਚ ਪੁੱਛੋ ਤਾਂ ਮਨ ਦੁੱਖ ਤੇ ਗਿਲਾਨੀ ਨਾਲ ਭਰ ਗਿਆ ਤੇ ਬੇਚੈਨ ਜਿਹਾ ਹੋ ਗਿਆ। ਬਾਰ ਬਾਰ ਇਹੀ ਗੱਲਾਂ ਮਨ ਵਿੱਚ ਉੱਠ ਰਹੀਆਂ ਸਨ ਕਿ ਕਸ਼ਮੀਰ ਵਰਗੀਆਂ ਸੁਹਣੀਆਂ ਜੰਨਤ ਵਰਗੀਆਂ ਥਾਵਾਂ ਤੇ ਰਹਿਣ ਵਾਲੇ ਲੋਕ ਕਿਉਂ ਆਪਣੇ ਹੀ ਘਰਾਂ ਵਿਚ ਇੱਜ਼ਤ ਮਾਣ ਦੀ ਰੋਟੀ ਨਹੀਂ ਖਾ ਸਕਦੇ? ਕਿਉਂ ਪਹਾੜਾਂ ਵਾਦੀਆਂ ਤੇ ਅਜ਼ਾਦ ਹਵਾਵਾਂ ਦੇ ਪੁੱਤਰਾਂ ਦੇ ਹੱਥਾਂ ਕੋਲ ਕਰਨ ਲਈ ਕਿਰਤ ਨਹੀਂ, ਜੋ ਉਹਨਾਂ ਨੂੰ ਇਜ਼ਤ ਦੀ ਰੋਟੀ ਦੇ ਸਕੇ? ਕਿਉਂ ਕਸ਼ਮੀਰ ਦੇ ਏਨੇ ਹੁਨਰਮੰਦ, ਕਾਮੇ, ਨੱਕਾਸ਼, ਕਿਸਾਨ, ਗਲੀਚਾਸਾਜ਼ ਤੇ ਦਸਤਕਾਰ ਅੱਜ ਭੁੱਖੇ ਮਰਨ ਦੀ ਕਗਾਰ ਤੇ ਪਹੁੰਚ ਕੇ ਆਪਣੇ ਸਦੀਆਂ ਤੇ ਪਿਤਾ ਪੁਰਖੀ ਕਿੱਤੇ ਨੂੰ ਛੱਡ ਕੇ ਰੋਜ਼ੀ ਦੀ ਖਾਤਰ ਇਹੋ ਜਿਹੀ ਜੂਨ ਭੋਗਣ ਲਈ ਮਜਬੂਰ ਹੁੰਦੇ ਨੇ ਜਿੱਥੇ ਉਹਨਾਂ ਦੀ ਮਿਹਨਤ ਦਾ ਸ਼ੋਸ਼ਣ ਹੁੰਦਾ ਐ ਤੇ ਪੈਸੇ ਮਜ਼ਦੂਰੀ ਵੀ ਘੱਟ ਮਿਲਦੀ ਐ? ਕਿਉਂ ਕੁਦਰਤੀ ਸਾਧਨਾ ਨਾਲ ਭਰਪੂਰ ਤੇ ਸੁੱਹਪਣ ਨਾਲ ਲਬਰੇਜ਼ ਇਹ ਧਰਤੀ ਉਹਨਾਂ ਨੂੰ ਰਿਜ਼ਕ ਨਾ ਦੇ ਸਕੀ? ਕਿਉਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਬਿਗਾਨੀਆਂ ਧਰਤੀਆਂ ਤੇ ਧੱਕੇ ਖਾਣੇ ਪੈਂਦੇ ਨੇ?
ਇਹਨਾਂ ਸਾਰੇ ਸੁਆਲਾਂ ਨਾਲ ਘਿਰੇ ਮਨ ਨਾਲ ਜਦੋਂ ਅਸੀਂ ਚਾਹ ਤੇ ਰਾਤ ਦੀ ਰੋਟੀ ਖਾ ਕੇ ਵਿਹਲੇ ਹੋਏ ਤੇ ਸੌਣ ਤੋਂ ਪਹਿਲਾ ਥੋੜੀ ਜਿਹੀ ਚਹਿਲਕਦਮੀ ਕਰਨ ਲਈ ਹੋਟਲ ਦੇ ਸਾਹਮਣੇ ਬਣੇ ਖੁਲ੍ਹੇ ਲਾਅਨ ਵਿੱਚ ਪਹੁੰਚੇ ਤਾਂ ਸਾਹਮਣੇ ਵਾਲੇ ਦ੍ਰਿਸ਼ ਨੇ ਸਾਨੂੰ ਆਚੰਭਿਤ ਕਰ ਦਿੱਤਾ। ਸਾਹਮਣੇ ਵੱਲ ਨੂੰ ਖੱਬੇ ਹੱਥ ਸ਼ਿਮਲੇ ਸ਼ਹਿਰ ਦੀਆਂ ਜਗਮਗ ਕਰਦੀਆਂ ਬੱਤੀਆਂ ਸਨ ਜੋ ਸਾਡੇ ਤੋਂ ਦੂਰ ਡੂੰਘੀ ਖੱਡ ਵਿਚ ਜਗਦੀਆਂ ਲੱਗਦੀਆਂ ਸਨ ਤੇ ਅਸੀਂ ਕਾਫੀ ਉਚਾਈ ਤੇ ਖਲੋਤੇ ਹੋਏ ਸਾਂ। ਸੀਰਤ ਕਹਿਣ ਲੱਗ ਕਿ ਇੰਜ ਲਗਦੈ ਜਿਵੇਂ ਜੁਗਨੂੰਆਂ ਦਾ ਝੁੰਢ ਹੋਵੇ। ਮੰਮੀ ਇਹਦੀ ਤੁਲਨਾ ਜ਼ਮੀਨ ਤੇ ਵਿਛੇ ਤਾਰਿਆਂ ਨਾਲ ਕਰਨ ਲੱਗੇ।

ਭਾਗ-2

ਰਾਤ ਨੂੰ ਅਸੀਂ ਅਗਲੇ ਦਿਨ ‘ਚੈਲ‘ ਜਾਣ ਦੀ ਸਲਾਹ ਬਣਾ ਕੇ 11 ਕੁ ਵਜੇ ਟਿਕ ਗਏ। ਪਰ ਮੈਨੂੰ ਨੀਂਦ ਸ਼ਾਇਦ ਨਵੀਂ ਥਾਂ ਹੋਣ ਕਰਕੇ ਤੇ ਇਸ ਕਰਕੇ ਵੀ ਨਹੀਂ ਸੀ ਆ ਰਹੀ ਕਿ ਮੈਂ ਤੇ ਮੰਨਤ ਨੇ ਇਹ ਸਲਾਹ ਬਣਾਈ ਸੀ ਕਿ ਸਵੇਰੇ ਪੰਜ ਕੁ ਵਜੇ ਉੱਠ ਕੇ ਬਾਹਰ ਸੈਰ ਕਰਾਂਗੇ ਤੇ ਪਹਾੜਾਂ ਦੀ ਸਵੇਰ ਹੁੰਦੀ ਵੇਖਾਂਗੇ। ਅਸੀਂ ਦੋਵੇਂ ਸਵੇਰੇ ਸਵੱਖਤੇ ਕਰੀਬ ਸਾਢੇ ਕੁ ਚਾਰ ਵਜੇ ਹੀ ਉੱਠ ਗਏ। ਰਾਤ ਦਾ ਪਿਛਲਾ ਪਹਿਰ ਹੋਣ ਕਰਕੇ ਚੰਨ ਦੀ ਚਾਨਣੀ ਰੁੱਖਾਂ ਵਿਚੋਂ ਝਰ ਕੇ ਆ ਰਹੀ ਸੀ ਤੇ ਏਵੇਂ ਲੱਗ ਰਿਹਾ ਸੀ ਜਿੱਦਾਂ ਕੋਈ ਸੁਪਨਾ ਵੇਖ ਰਹੇ ਹੋਈਏ। ਚਾਨਣ ਹੋਣ ਤੇ ਹੀ ਅਸੀਂ ਬਾਹਰ ਜਾ ਕੇ ਅੱਧਾ ਕੁ ਘੰਟਾ ਸੈਰ ਕੀਤੀ ਤੇ ਕੁਝ ਫੋਟੋਆਂ ਖਿੱਚੀਆਂ।

ਸਾਡੀ ਉਸ ਦਿਨ ਪੰਜਾਬ ਯੂਨੀਵਰਸਿਟੀ ਦੇ ਫੈਕਲਿਟੀ ਹਾਊਸ ਵਿੱਚ ਬੁਕਿੰਗ ਸੀ। ਸੋ ਸਲਾਹ ਇਹ ਬਣਾਈ ਕਿ ਪਹਿਲਾਂ ਜਾ ਕੇ ਕਮਰਾ ਲੈ ਕੇ ਉਹਦੇ ਵਿੱਚ ਸਮਾਨ ਟਿਕਾ ਲਈਏ ਤੇ ਫਿਰ ਉੱਥੋਂ ਚੈਲ ਨਿਕਲਜਾਵਾਂਗੇ। ਫੈਕਲਿਟੀ ਹਾਊਸ ਉਥੋਂ ਬਹੁਤ ਦੂਰ ਨਹੀਂ ਸੀ। ਲੱਭਦੇ ਲੱਭਦਿਆਂ ਅਸੀਂ ਵੇਖਿਆ ਉੱਥੋਂ ਅੱਗੇ ਥੱਲੇ ਵੱਲ ਨੂੰ ਇਕ ਤੰਗ ਤੇ ਪਹਾੜੀ ਸੜਕਾਂ ਵਰਗੀ ਭੀੜੀ ਜਿਹੀ ਸੜਕ ਸੀ। ਦੋ ਕੁ ਤਿੱਖੇ ਮੋੜਾਂ ਤੇ ਤਿੱਖੀ ਚੜ੍ਹਾਈ ਉਤਰਾਈ ਨੇ ਸਾਡੇ ਸਾਰਿਆਂ ਦੇ ਚੰਗੇ ਸਾਹ ਸੁਕਾਏ। ਗੱਡੀ ਪਾਰਕ ਕਰਕੇ ਪਾਪਾ ਅੰਦਰ ਚਲੇ ਗਏ ਤੇ ਅਸੀਂ ਸਾਰੇ ਉੱਤਰ ਕੇ ਆਲੇ-ਦੁਆਲੇ ਦਾ ਜਾਇਜ਼ਾ ਲੈਣ ਲੱਗੇ। ਖੁੱਲ੍ਹਾ ਡੁੱਲ੍ਹਾ ਤੇ ਕਾਫੀ ਟਿਕਾਣੇ ਤੇ ਬਣਿਆਂ ਹੋਇਆ ਸੀ ਫੈਕਲਿਟੀ ਹਾਊਸ, ਸਾਫ ਸੁਥਰਾ ਤੇ ਪੂਰੀਆਂ ਸਹੂਲਤਾਂ ਨਾਲ ਲੈਸ। ਖੁੱਲ੍ਹੇ ਡੁੱਲ੍ਹੇ ਕਮਰੇ, ਐਲ.ਸੀ.ਡੀ., ਗਰਮ ਪਾਣੀ, ਸਾਫ ਤੇ ਆਰਾਮਦਾਇਕ ਬਿਸਤਰੇ ਤੇ ਮੇਰੇ ਲਈ ਸਭ ਤੋਂ ਵੱਡੀ ਗੱਲ ਕਮਰਿਆਂ ਦੇ ਦੋਹੀਂ ਪਾਸੀਂ ਵੱਡੀਆਂ ਵੱਡੀਆਂ ਬਾਰੀਆਂ ਸਨ। ਮੈਂ ਜਾਂਦੇ ਸਾਰ ਹੀ ਚੌੜ-ਚੁਪੱਟ ਖੋਲ੍ਹ ਦਿੱਤੀਆਂ। ਕਮਰਾ ਤਾਜਾ ਹਵਾ ਤੇ ਚਾਨਣ ਨਾਲ ਭਰ ਗਿਆ ਤੇ ਦਿਲ ਖੁਸ਼ੀ ਨਾਲ ਤੇ ਬਾਕੀ ਦੀ ਕਸਰ ਮੈੱਸ ਦੇ ਸੁਆਦੀ ਤੇ ਸੁਚੱਜੀ ਤਰਾਂ ਬਣੇ ਹੋਏ ਖਾਣੇ ਨੇ ਪੂਰੀ ਕਰ ਦਿੱਤੀ ਬਿਲਕੁਲ ਜਿਵੇਂ ਘਰ ਬੈਠ ਕੇ ਹੀ ਖਾ ਰਹੇ ਹੋਈਏ। ਬੜਾ ਸੁਖਾਵਾਂ ਤਜ਼ਰਬਾ ਹੋਇਆ ਉੱਥੇ ਰਹਿਣ ਦਾ।
ਕੋਈ ਸਾਢੇ ਕੁ ਬਾਰਾਂ ਵਜੇ ਅਸੀਂ ਚੈਲ ਲਈ ਤੁਰ ਪਏ। ਰਾਹ ਵਿਚ ਇਕ ਦੁਕਾਨਦਾਰ ਨੇ ਸਾਨੂੰ ਚੈਲ ਜਾਣ ਦਾ ਸ਼ਾਰਟਕੱਟ ਰਾਹ ਸਮਝਾਇਆ ਜੋ ਸ਼ਾਰਟ ਤਾਂ ਭਾਵੇਂ ਏਨਾ ਨਹੀਂ ਸੀ ਪਰ ਵਧੇਰੇ ਸਾਫ ਤੇ ਘੱਟ ਭੀੜ ਭੜੱਕੇ ਵਾਲਾ ਸੀ। ਅਸੀਂ ਰਸਤੇ ਦੇ ਅਦਭੁੱਤ ਨਜ਼ਾਰਿਆਂ ਦਾ ਆਨੰਦ ਲੈਂਦਿਆਂ ਚੀਲ੍ਹ ਤੇ ਦੇਓਦਾਰ ਦੇ ਸੰਘਣੇ ਜੰਗਲਾਂ ਵਿਚੋਂ ਵਲ ਖਾਂਦੀ ਸੜਕ ਤੋਂ ਲੰਘਦੇ ਚੈਲ ਵੱਲ ਤੁਰੇ ਜਾ ਰਹੇ ਸਾਂ। ਮੰਨਤ ਕਹਿਣ ਲੱਗੀ ਬਈ ਜੀਅ ਕਰਦੈ ਕਿ ਅੱਖਾਂ ਵਿੱਚ ਇਕ ਵੀਡੀਓ ਰਿਕਾਰਡਿੰਗ ਕਰਨ ਵਾਲਾ ਕੈਮਰਾ ਵੀ ਲੱਗਾ ਹੋਣਾ ਚਾਹੀਦੈ ਤਾਂ ਕਿ ਬੰਦਾ ਵਾਰ ਵਾਰ ਵੀ ਮੁੜਕੇ ਉਹ ਦ੍ਰਿਸ਼ ਵੇਖ ਸਕੇ। ਜਾਣ ਤੋਂ ਪਹਿਲਾਂ ਨੈੱਟ ਤੇ ਮਾਰੀ ਸਰਚ ਕਰਕੇ ਮੈਨੂੰ ਚੈਲ ਬਾਰੇ ਮੁਢਲੀ ਜਾਣਕਾਰੀ ਸੀ ਤੇ ਮੈਂ ਘਰਦਿਆਂ ਨੂੰ ਵੀ ਉਹੀ ਦੱਸ ਰਹੀ ਸਾਂ। ਪਟਿਆਲੇ ਦੇ ਮਹਾਰਾਜੇ ਦੇ ਬ੍ਰਿਟਿਸ਼ ਵਾਇਸਰਾਏ ਦੀ ਧੀ ਨੂੰ ਸ਼ਿਮਲੇ ਤੋਂ ਭਜਾ ਲਿਜਾਣ ਤੋਂ ਬਾਅਦ ਮਹਾਰਾਜੇ ਤੇ ਸ਼ਿਮਲੇ ਵਿਚ ਵੜਨ ਤੇ ਪਾਬੰਦੀ ਲਾ ਦਿੱਤੀ ਗਈ। ਆਪਣੇ ਰਹਿਣ ਲਈ ਤੇ ਇਸ ਬੇਇਜ਼ਤੀ ਦਾ ਬਦਲਾ ਲੈਣ ਲਈ ਸ਼ਿਮਲੇ ਨੂੰ ਟੱਕਰ ਦੇਣ ਲਈ ਮਹਾਰਾਜੇ ਨੇ ਚੈਲ ਵਸਾਇਆ।

ਪ੍ਰਚੱਲਿਤ ਧਾਰਨਾ ਅਨੁਸਾਰ ਸਕੈਂਡਲ ਪੁਆਇੰਟ ਤੋਂ ਵਾਇਸਰਾਏ ਦੀ ਕੁੜੀ ਨਾਲ ਭੱਜਣ ਤੇ ਫਿਰ ਅੰਗਰੇਜਾਂ ਤੋਂ ਵੱਟ ਖਾ ਕੇ ਚੈਲ ਵਸਾਉਣ ਵਾਲੇ ਘਟਨਾਕ੍ਰਮ ਨੂੰ ਮਹਾਰਾਜਾ ਭੁਪਿੰਦਰ ਸਿੰਘ ਦੇ ਨਾਂ ਨਾਲ ਜੋੜਿਆ ਜਾਂਦਾ ਹੈ। ਜਦੋਂ ਕਿ ਪੰਜਾਬ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੀ ਪ੍ਰੋਫੈਸਰ ਲੇਖਕ ਮੰਜੂ ਜਾਦਕਾ ਨੇ ਆਪਣੀ ਲਿਖੀ ਕਿਤਾਬ ‘‘ਸਕੈਂਡਲ ਪੁਆਇੰਟ‘‘ ਵਿੱਚ ਇਤਿਹਾਸਕ ਵੇਰਵਿਆਂ ਤੇ ਸਬੂਤਾਂ ਰਾਹੀਂ ਇਹ ਗੱਲ ਖੋਲ੍ਹੀ ਹੈ ਕਿ ਉਹ ਕਹਾਣੀ ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਨਾਲ ਨਹੀਂ ਬਲਕਿ ਉਸਦੇ ਪਿਤਾ ਮਹਾਰਾਜਾ ਰਜਿੰਦਰ ਸਿੰਘ ਨਾਲ ਜੁੜਦੀ ਐ ਅਸਲ ਵਿਚ।

ਅਸੀਂ ਰਾਜਿਆਂ ਮਹਾਰਾਜਿਆਂ ਦੀਆਂ ਐਸ਼ਪ੍ਰਸਤੀਆਂ, ਰਾਜਾਸ਼ਾਹੀ ਇੱਕ ਸਿਸਟਮ ਵਜੋਂ ਇਹਨਾਂ ਵਿਸ਼ਿਆਂ ਤੇ ਗੱਲਾਂ ਕਰਦੇ ਕੋਈ ਸਵਾ ਕੁ ਦੋ ਘੰਟੇ ਵਿੱਚ ਸ਼ਿਮਲੇ ਤੋਂ ਚੈਲ ਪਹੁੰਚ ਗਏ। ਇੱਕ ਕਸਬੇ ਦੇ ਬਜਾਰ ਵਰਗਾ ਨਿੱਕਾ ਜਿਹਾ ਬਜਾਰ ਆਇਆ। ਇਸ ਤੋਂ ਅੱਗੇ ਪਾਸੇ ਨੂੰ ਇਕ ਸੜਕ ਮੁੜ ਗਈ ਜਿੱਥੋਂ ਦੋ ਕਿਲੋਮੀਟਰ ਚੈਲ ਪੈਲੇਸ ਦਾ ਬੋਰਡ ਲੱਗਾ ਸੀ। ਏਥੋਂ ਹੀ ਸੜਕ ਨੇ ਜੰਗਲ ਵਿਚੋਂ ਲੰਘਦੀ ਸੜਕ ਦਾ ਰੂਪ ਲੈ ਲਿਆ। ਆਸੇ ਪਾਸੇ ਸੰਘਣੇ ਦੇਵਦਾਰ ਦੇ ਰੁੱਖ ਤੇ ਪਾਸਿਆਂ ਨੂੰ ਨਿਕਲਦੀਆਂ ਪਗਡੰਡੀਆਂ ਜਿਨ੍ਹਾਂ ਤੇ ਸ਼ਾਇਦ ਸੈਰ ਕਰਨ ਲਈ ਜਾਇਆ ਜਾ ਸਕਦਾ ਸੀ। ਵੈਸੇ ਏਥੇ ਇੱਕਲਵਾਂਜੇ ਰਹਿਣ ਨੂੰ ਪਹਿਲ ਦੇਣ ਵਾਲਿਆਂ ਲਈ ਕੌਟਜਿਜ਼ ਤੇ ਲਾਗ ਹੱਟਸ ਦਾ ਵੀ ਇੰਤਜ਼ਾਮ ਸੀ। ਮੌਸਮ ਠੰਡਾ ਹੋ ਗਿਆ ਸੀ ਤੇ ਬੱਦਲ ਧੁੰਦ ਵਾਗੂੰ ਸਾਡੇ ਆਲੇ ਦੁਆਲੇ ਉੱਡਦੇ ਫਿਰ ਰਹੇ ਸਨ। ਉਹਨਾਂ ਚੋਂ ਲੰਘਦੇ ਅਸੀਂ ਪੈਲੇਸ ਪਹੁੰਚ ਗਏ। ਥਾਂ ਤਾਂ ਸੱਚੀਂ ਬੇਹੱਦ ਸੋਹਣੀ ਸੀ ਜਿਵੇਂ ਜੰਗਲ ਵਿਚ ਮੰਗਲ ਲੱਗਾ ਹੋਵੇ। ਆਸੇ ਪਾਸੇ ਸੰਘਣਾ ਜੰਗਲ ਤੇ ਵਿੱਚ ਤਿੰਨ ਮੰਜਿਲਾ ਉੱਚੀ ਇਮਾਰਤ ਖੜੀ ਸੀ, ਜੀਹਨੂੰ ਹੁਣ ਹਿਮਾਚਲ ਟੂਰਿਜ਼ਮ ਨੇ ਲੈ ਕੇ ਇੱਕ ਹੋਟਲ ਵਿੱਚ ਤਬਦੀਲ ਕਰ ਦਿੱਤਾ ਹੋਇਆ ਹੈ। ਪ੍ਰਤੀ ਵਿਅਕਤੀ ਐਂਟਰੀ ਫੀਸ 100 ਰੁਪਏ ਹੈ। ਅੰਦਰੋਂ ਵੇਖਣ ਤੇ ਪਤਾ ਲਗਦਾ ਬਈ ਮਹਿਲ ਨੂੰ ਉਸੇ ਹੀ ਹਾਲਤ ਵਿਚ ਸੁਰੱਖਿਅਤ ਰੱਖਿਆ ਗਿਆ ਜਿਹੋ ਜਿਹਾ ਇਹ ਪੁਰਾਣੇ ਸਮਿਆਂ ਵਿੱਚ ਹੁੰਦਾ ਸੀ। ਅੰਦਰ ਸਾਰੇ ਮਹਿਲ ਵਿੱਚ ਭਾਰੀ ਗਲੀਚੇ ਵਿਛੇ ਹੋਏ ਸਨ, ਤੇ ਕੰਧਾਂ ਤੇ ਵੱਡੇ ਵੱਡੇ ਪੁਰਾਣੀ ਕਿਸਮ ਦੇ ਸੁਨਿਹਰੇ ਫਰੇਮ ਵਾਲੇ ਸੀਸ਼ੇ ਲੱਗੇ ਹੋਏ ਸਨ, ਪੂਰੀ ਪੂਰੀ ਕੰਧ ਜਿੱਡੀਆਂ ਪੇਂਟਿੰਗਜ਼, ਅੰਦਰ ਪੁਰਾਣੀ ਕਿਸਮ ਦਾ ਪਰ ਬੇਹੱਦ ਸੰਭਾਲਿਆ ਹੋਇਆ ਫਰਨੀਚਰ ਸੀ। ਹੇਠਲੀ ਮੰਜ਼ਿਲ ਤੇ ਤਿੰਨਾ ਪਾਸਿਆਂ ਤੋਂ ਮਹਿਲ ਦੇ ਅੰਦਰ ਆਉਣ ਦਾ ਰਸਤਾ ਸੀ। ਏਸੇ ਹੇਠਲੀ ਮੰਜ਼ਿਲ ਤੇ ਹੀ ਮਹਿਮਾਨਾ ਲਈ ਹਾਲ ਰੂਪੀ ਸੁਆਗਤੀ ਕਮਰਾ ਸੀ ਵੜਦਿਆਂ ਸਾਰ ਹੀ, ਜਿੱਥੇ ਸ਼ਾਇਦ ਰਾਜਾ ਆਇਆਂ-ਗਿਆਂ ਨੂੰ ਮਿਲਦਾਹੋਵੇਗਾ ਤੇ ਜੀਹਨੂੰ ਲੋੜ ਪੈਣ ਤੇ ਡਾਂਸ ਪਾਰਟੀਆਂ ਲਈ ‘ਬਾਲ ਰੂਮ‘ ਵਜੋਂ ਵਰਤਿਆ ਜਾਂਦਾ ਹੋਵੇਗਾ। ਲੱਕੜੀ ਦੀ ਨਕਾਸ਼ੀ ਦਾ ਕੰਧਾਂ ਤੇ ਛੱਤਾਂ ਤੇ ਹੋਇਆ ਸੋਹਣਾ ਕੰਮ, ਛੱਤ ਨਾਲ ਲਟਕਦੇ ਵੱਡੇ-ਵੱਡੇ ਫ਼ਾਨੂਸ, ਬੜਾ ਹੀ ਸੋਹਣਾ ਪਿਆਨੋ ਤੇ ਐਂਟੀਕ ਫਰਨੀਚਰ ਗੱਲ ਕਿ ਸਾਰਾ ਕੁਛ ਹੀ ਸ਼ਾਹੀਪਨ ਦਾ ਅਹਿਸਾਸ ਕਰਵਾਉਂਦਾ ਸੀ। ਉੱਥੇ ਸਾਈਡ ਤੇ ਮਹਿਲ ਦਾ ਬਹੁਤ ਖੂਬਸੂਰਤ ਲੱਕੜੀ ਦਾ ਮਾਡਲ ਪਿਆ ਸੀ। ਇੱਕ ਪਾਸੇ ਬਿਲੀਅਰਡ ਰੂਮ ਵੀ ਸੀ ਤੇ ਬਾਰ ਵੀ। ਉੱਪਰਲੀ ਮੰਜ਼ਿਲ ਤੇ ਰਿਹਾਇਸ਼ੀ ਕਮਰੇ ਸਨ। ਇਹ ਸਾਰਾ ਮਾਹੌਲ ਇੰਜ ਦਾ ਅਹਿਸਾਸ ਕਰਵਾ ਰਿਹਾ ਸੀ ਜਿਵੇਂ ਅਸੀਂ 19ਵੀਂ ਸਦੀ ਦੇ ਸਮੇਂ ਵਿਚ ਵਿਚਰ ਰਹੇ ਹੋਈਏ। ਪਰ ਉਸ ਸੱਜੇ-ਫੱਬੇ ਮਹਿਲ ਵਿਚ ਘੁੰਮਦਿਆਂ ਜਿਸ ਵਿਚ ਐਸ਼ਪ੍ਰਸਤੀ ਦੀ ਹਰ ਚੀਜ਼ ਮੌਜੂਦ ਸੀ ਇਹ ਖਿਆਲ ਵੀ ਬਾਰ ਬਾਰ ਮਨ ਵਿਚ ਆ ਰਿਹਾ ਸੀ ਕਿ ਇਸ ਹਰ ਚਮਕਦੀ, ਅੱਖਾਂ ਚੁੰਧਿਆਂਦੀ ਚੀਜ਼ ਲਈ ਹੱਥੀਂ ਕੰਮ ਕਰਨ ਵਾਲੇ ਲੋਕਾਂ ਤੇ ਗਰੀਬ ਕਿਸਾਨਾ ਦੀ ਮਿਹਨਤ ਦੀ ਕਮਾਈ ਜੋ ਉਹਨਾ ਨੇ ਸਲਾਨਾ ਲਗਾਨ ਦੇ ਰੂਪ ਵਿੱਚ ਰਾਜਿਆਂ ਨੂੰ ਦੇਣੀ ਹੀ ਹੁੰਦੀ ਸੀ, ਪਾਣੀ ਵਾਂਗੂੰ ਵਹਾਈ ਗਈ ਸੀ। ਹੱਡ-ਭੰਨਵੀਂ ਕਿਰਤ ਕਰਨ ਵਾਲੇ ਲੋਕਾਂ ਨੂੰ ਖਾਣ ਨੂੰ ਵੀ ਰੱਜਵਾਂ ਨਹੀਂ ਸੀ ਜੁੜਦਾ ਜਦੋਂ ਕਿ ਉਹਨਾ ਦੇ ਹੱਕ ਦੀ ਕਮਾਈ ਤੇ ਇਹੋ ਜਿਹੇ ਲੋਕ ਰਾਜੇ ਕਬਜਾ ਕਰਕੇ ਉਸਨੂੰ ਆਪਣੀ ਐਸ਼ ਲਈ ਉਡਾਉਂਦੇ ਸਨ। ਪਰ ਫਿਰ ਖਿਆਲ ਆਇਆ ਬਈ ਚੱਲ ਤਾਂ ਸਾਰਾ ਉਹੀ ਕੰਮ ਰਿਹੈ, ਬਸ ਪਾਤਰਾਂ ਦੇ ਨਾਂ ਬਦਲ ਜਾਂਦੇ ਨੇ। ਅੱਜ ਵੀ ਮਿਹਨਤ ਕਰਕੇ, ਔਖਿਆਈਆਂ ਝੱਲ ਕੇ ਜਿਣਸ ਕਿਸਾਨ ਪੈਦਾ ਕਰਦਾ ਹੈ ਜਦੋਂ ਕਿ ਮੁਨਾਫ਼ਾ ਸਾਰਾ ਵਪਾਰੀ ਵਰਗ ਲੈ ਜਾਂਦਾ ਐ। ਸਾਡੀ ਧਰਤੀ ਵਿੱਚ ਏਨੀ ਤਾਕਤ ਹੈ ਬਈ ਇਹ ਸਾਰਿਆਂ ਨੂੰ ਰੱਜਵਾਂ ਰਿਜ਼ਕ ਦੇ ਸਕਦੀ ਐ ਪਰ ਸਾਰਿਆਂ ਦੇ ਹਿੱਸੇ ਦੇ ਰਿਜ਼ਕ ਤੇ ਕੁਝ ਕੁ ਕਾਰਪੋਰੇਟ ਘਰਾਣੇ ਕਬਜ਼ਾ ਕਰ ਕੇ ਬੈਠ ਗਏ ਨੇ ਤੇ ਸਰਕਾਰਾਂ ਦੀਆਂ ਨੀਤੀਆਂ ਵੀ ਚੋਰ ਕੁੱਤੀ ਰਲਣ ਵਾਗੂੰ ਉਹਨਾਂ ਨੂੰ ਲਾਭ ਪਹੁੰਚਾਉਣ ਵਾਲੀਆਂ ਹੀ ਨੇ। ਤੇ ਇਹਨਾਂ ਦਾ ਵੱਸ ਹੋਵੇ ਤਾਂ ਇਹ ਸਾਰੇ ਮੁਲਕ ਨੂੰ ਹੀ ਬਹੁਕੌਮੀ ਕੰਪਨੀਆਂ ਨੂੰ ਹਿੱਸੇ ਠੇਕੇ ਤੇ ਦੇਣ। ਕਾਸ਼ ਇਹ ਗੱਲ ਸਾਨੂੰ ਜਲਦੀ ਸਮਝ ਆ ਜਾਏ!

ਖੈਰ, ਮਹਿਲ ਤਾਂ ਸਿਰਫ ਇੱਕ ਇਮਾਰਤ ਸੀ ਪਰ ਉਸ ਜਗ੍ਹਾ ਦਾ ਅਸਲੀ ਸੁਹੱਪਣ ਤੇ ਰੂਹ ਸੀ ਉਸ ਇਮਾਰਤ ਦੇ ਇਕ ਪਾਸੇ ਬਣਿਆ ਖੁੱਲ੍ਹਾ ਗਰਾਉਂਡ ਰੂਪੀ ਲਾਅਨ। ਇਹ ਏਡਾ ਵੱਡਾ ਤੇ ਲੰਬਾ ਚੌੜਾ ਸੀ, ਜਿੱਡੀ ਸਾਡੇ ਤਲਵਾੜੇ ਦੇ ਸਰਕਾਰੀ ਮਾਡਲ ਹਾਈ ਸਕੂਲ ਦੀ ਖੁੱਲ੍ਹੀ ਗਰਾਉਂਡ ਹੁੰਦੀ ਸੀ। ਇਹਦੇ ਚਾਰ ਚੁਫੇਰੇ ਲੱਗੇ ਫੁੱਲਾਂ ਦੇ ਬੂਟੇ ਆਸੇ ਪਾਸੇ ਦੇ ਰੁੱਖਾਂ ਦੇ ਝੁਰਮੁਟ ਤੇ ਵਿੱਚ ਵਿੱਚ ਬਣੀਆਂ ਪੱਕੀਆਂ ਪਗਡੰਡੀਆਂ ਇਹਨੂੰ ਹੋਰ ਸੋਹਣਾ ਬਣਾ ਰਹੇ ਸਨ। ਬਾਹਰ ਹਲਕੀ ਬੂੰਦਾ ਬਾਂਦੀ ਹੋ ਰਹੀ ਸੀ ਜੀਹਦੇ ਕਰਕੇ ਸਾਡੇ ਵਰਗੇ ਹੋਰ ਵੀ ਸੈਲਾਨੀ ਜੋ ਉੱਥੇ ਆਏ ਹੋਏ ਸਨ ਮਹਿਲ ਦੇ ਅੰਦਰ ਵੜੇ ਬੈਠੇ ਸਨ। ਮੰਮੀ ਤੇ ਪਾਪਾ ਥੋੜਾ ਹੋਰ ਸ਼ਾਹੀ ਮਹਿਸੂਸ ਕਰਨ ਲਈ ਅੰਦਰ ਹੀ ਬਣੇ ਰੈਸਤਰਾਂ ਵਿਚ ਚਾਹ ਪੀਣ ਚਲੇ ਗਏ। ਮੈਂ ਘਰੋਂ ਤੁਰਨ ਲੱਗਿਆਂ ਜਦੋਂ ਛਤਰੀਆਂ ਰੱਖਣ ਲੱਗੀ ਤਾਂ ਮੰਨਤ ਰੌਲਾ ਪਾਉਣ ਲੱਗੀ ਕਿ ਇਹ ਕੀ ਕਰਨੀਆਂ ਨੇ। ਪਰ ਹੁਣ ਉਹੀ ਛਤਰੀਆਂ ਦੇ ਕੰਮ ਆਉਣ ਦਾ ਵੇਲਾ ਸੀ। ਅਸੀਂ ਆਰਾਮ ਨਾਲ ਆਪਣੀਆਂ ਛਤਰੀਆਂ ਤਾਣ ਕੇ ਉੱਥੇ ਖੂਬ ਫੋਟੋਆਂ ਖਿਚੀਆਂ। ਸਾਨੂੰ ਵੇਖ ਕੇ ਹੋਰ ਲੋਕੀਂ ਵੀ ਹੌਲੀ ਹੌਲੀ ਨਿਕਲ ਆਏ। ਹੁਣ ਥੋੜ੍ਹੀ ਥੋੜ੍ਹੀ ਠੰਡ ਵੀ ਮਹਿਸੂਸ ਹੋਣ ਲੱਗ ਪਈ ਸੀ। ਮੰਨਤ ਤੇ ਸੀਰਤ ਦੋਵੇਂ ਇਕ ਦੂਜੇ ਦੀਆਂ ਫੋਟੋਆਂ ਖਿੱਚਣ ਫਕੈਲਿਟੀ ਵਿੱਚ ਮਸ਼ਰੂਫ ਹੋ ਗਈਆਂ ਤੇ ਮੈਂ ਉੱਥੇ ਇੱਕ ਬੈਂਚ ਤੇ ਬੈਠ ਗਈ।

ਆਸੇ ਪਾਸੇ ਜੰਗਲ ਚੋਂ ਪੰਛੀਆਂ ਦੀਆਂ ਕਈ ਤਰਾਂ ਦੀਆਂ ਏਨੀਆਂ ਸੁਰੀਲੀਆਂ ਤੇ ਇਕਸਾਰ ਅਵਾਜ਼ਾਂ ਆ ਰਹੀਆਂ ਸਨ ਕਿ ਬੰਦਾ ਸਾਰੀ ਉਮਰ ਉਨਾਂ ਨੂੰ ਸੁਣਦਿਆਂ ਨਾ ਅੱਕੇ ਏਥੇ ਬੈਠਿਆਂ। ਮੈਨੂੰ ਕੁਦਰਤ ਦੇ ਟੂਣੇ ਦੇ ਅਸਰ ਦਾ ਅਹਿਸਾਸ ਹੋਇਆ। ਏਡੇ ਸੋਹਣੇ ਮਾਹੌਲ ਵਿਚ, ਜੰਗਲ ਵਿੱਚ, ਧੁੰਦ ਵਾਂਗ ਉਡਦੇ ਬੱਦਲ ਜੋ ਤੁਹਾਡੇ ਤੇ ਤਰੇਲ਼ ਦੀਆਂ ਬੂੰਦਾਂ ਛੱਡ ਜਾਂਦੇ ਹੋਣ, ਤੇ ਨਾਲ ਹੀ ਜੰਗਲੀ ਪੰਛੀਆਂ ਦਾ ਸੁਰੀਲਾ ਰਾਗ ਹੋਵੇ ਤਾਂ ਕੁਝ ਬੋਲਣ ਦੀ ਲੋੜ ਮਹਿਸੂਸ ਨਹੀਂ ਹੁੰਦੀ ਬਸ ਬੰਦਾ ਚੁੱਪਚਾਪ ਬੈਠਾ ਇਹ ਸਭ ਮਹਿਸੂਸ ਕਰਦਾ ਰਹੇ ਕਿੰਨਾ ਚੰਗਾ ਚੰਗਾ ਤੇ ਪੂਰਾ ਪੂਰਾ ਲਗਦਾ ਹੈ ਆਪਣਾ ਆਪ। ਮੈਨੂੰ ਕੀਟਸ ਦੀ ਕਵਿਤਾ ‘ਓਡ ਟੂ ਏ ਨਾਈਟਿਂਗੇਲ‘ ਜੋ ਮੈਂ ਪਹਿਲਾਂ ਪੜ•ੀ ਤਾਂ ਅਣਗਿਣਤ ਵਾਰ ਸੀ ਪਰ ਸਮਝ ਅੱਜ ਆ ਰਹੀ ਸੀ। ਪਹਿਲਾਂ ਹਮੇਸ਼ਾਂ ਹੀ ਮੈਨੂੰ ਉਹਦੀ ਕਵਿਤਾ ਵਿਚਲਾ ਇਹ ਹਿੱਸਾ ਵਧਾਅ ਚੜਾਅ ਕੇ ਲਿਖਿਆ ਹੋਇਆ ਲੱਗਦਾ ਹੁੰਦਾ ਸੀ ਪਰ ਉਹਦੀ ਗਹਿਰਾਈ ਅੱਜ ਸਮਝ ਆ ਰਹੀ ਸੀ। ਜਿੱਥੇ ਉਹ ਕਹਿੰਦਾ ਹੈ ਬਈ ਬੁਲਬੁਲ ਦਾ ਗੀਤ ਸੁਣਦਿਆਂ ਮੈਂ ਏਨਾ ਖੁਸ਼ ਤੇ ਭਰਿਆ ਭਰਿਆ ਮਹਿਸੂਸ ਕਰ ਰਿਹਾ ਹਾਂ ਕਿ ਜੇ ਇਹ ਪਲ ਮੇਰੇ ਜੀਵਨ ਦਾ ਆਖਰੀ ਪਲ ਵੀ ਹੋਵੇ ਤਾਂ ਵੀ ਮੈਨੂੰ ਇਸ ਗੱਲ ਦਾ ਭੋਰਾ ਵੀ ਦੁੱਖ ਨਾ ਹੋਵੇ। ਮੈਨੂੰ ਵੀ ਕੁਝ ਏਸੇ ਤਰਾਂ ਦਾ ਮਹਿਸੂਸ ਹੋ ਰਿਹਾ ਸੀ। ਸੱਚਮੁੱਚ ਹੀ ਕੁਦਰਤ ਵਿਚ ਕੋਈ ਐਸੀ ਤਾਕਤ ਹੁੰਦੀ ਐ ਜੋ ਤੁਹਾਨੂੰਖਿੱਚਦੀ, ਬੁਲਾਉਂਦੀ ਹੈ ਤੇ ਇਸ ਗੱਲ ਦਾ ਅਹਿਸਾਸ ਤੁਹਾਨੂੰ ਉਦੋਂ ਹੁੰਦੈ ਜਦੋਂ ਕਦੀ ਤੁਸੀਂ ਕੁਦਰਤੀ ਆਲੇ-ਦੁਆਲੇ ਵਿੱਚ ਭਾਵੇਂ ਕੁਝ ਪਲ ਹੀ ਇਕੱਲ ਦੇ ਬਿਤਾਓ। ਤੁਸੀਂ ਕੁਦਰਤ ਨਾਲ ਤੇ ਆਲੇ ਦੁਆਲੇ ਨਾਲ ਇਕਰੂਪਤਾ ਤੇ ਸਦੀਵੀਂ ਇਕਸੁਰਤਾ ਵਾਲਾ ਐਸਾ ਰਿਸ਼ਤਾ ਮਹਿਸੂਸੋਗੇ ਕਿ ਜਿਵੇਂ ਕਦੀ ਤੁਸੀਂ ਇਹਦੇ ਤੋਂ ਵੱਖ ਕਦੇ ਸੀ ਹੀ ਨਹੀਂ। ਕੁਦਰਤ ਨਾਲ ਇਹੀ ਇਕਸੁਰਤਾ ਬੰਦੇ ਨੂੰ ਜਿੱਥੇ ਆਪਣੇ ਆਪ ਨਾਲ ਜੋੜਨ ਵਿਚ ਸਹਾਈ ਹੁੰਦੀ ਐ ਉਥੇ ਉਸਨੂੰ ਸੋਚਣ, ਸਮਝਣ ਤੇ ਚਿੰਤਨ ਕਰਨ ਦੀ ਤਾਕਤ ਵੀ ਦਿੰਦੀ ਹੈ ਜੋ ਸਾਨੂੰ ਅੱਗੇ ਜਾ ਕੇ ਸਭ ਇਨਸਾਨਾ ਤੇ ਉਸ ਤੋਂ ਵੀ ਅੱਗੇ ਜਾ ਸਾਰੇ ਬ੍ਰਹਿਮੰਡੀ ਵਰਤਾਰੇ ਨੂੰ ਸਮਦ੍ਰਿਸ਼ਟੀ ਨਾਲ ਵੇਖਣ ਦੀ ਪ੍ਰੇਰਨਾ ਦਿੰਦੀ ਐ। ਇਹੀ ਸੱਚ ਹਜਾਰਾਂ ਸਾਲ ਪਹਿਲਾਂ ਰਿਸ਼ੀਆਂ ਮੁਨੀਆਂ ਨੇ ਵੇਦਾਂ ਉਪਨਿਸ਼ਦਾਂ ਰਾਹੀਂ ਤੇ ਬੁੱਧ ਤੇ ਬਾਬੇ ਨਾਨਕ ਵਰਗੇ ਸਿਆਣੇ ਦਾਰਸ਼ਨਿਕਾਂ ਨੇ ਸਾਨੂੰ ਅੱਡ-ਅੱਡ ਯੁੱਗਾਂ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਕੁਦਰਤ ਨਾਲ ਜੁੜਨਾ ਤਾਂ ਦੂਰ ਦੀ ਗੱਲ ਰਹੀ ਅਸੀਂ ਤਾਂ ਉਹਦੀ ਇੱਜ਼ਤ ਕਰਨਾ ਵੀ ਨਾ ਸਿੱਖ ਸਕੇ ਏਸੇ ਲਈ ਅੱਜ ਪਾਣੀ, ਹਵਾ ਤੇ ਧਰਤੀ ਨੂੰ ਅੰਨ੍ਹੇਵਾਹ ਪਲੀਤ ਕਰੀ ਜਾ ਰਹੇ ਆਂ। ਬਹੁਤ ਸਾਰੇ ਮਨੋਵਿਗਿਆਨੀ ਅੱਜ ਦੇ ਸਮੇਂ ਵਿੱਚ ਬੰਦੇ ਦੀਆਂ ਮਾਨਸਿਕ ਸਮੱਸਿਆਵਾਂ ਤੇ ਅਣਮਨੁੱਖੀ ਵਿਹਾਰ ਦਾ ਇਕ ਕਾਰਨ ਕੁਦਰਤ ਤੋਂ ਦੂਰ ਹੋ ਜਾਣਾ ਵੀ ਮੰਨਦੇ ਨੇ। ਕੁਦਰਤ ਦੀ ਏਸੇ ਖੂਬੀ ਤੇ ਸ਼ਕਤੀ ਕਰਕੇ ਹੀ ਅੰਗ੍ਰੇਜ਼ੀ ਕਵੀ ‘ਵਰਡਜ਼ਵਰਥ‘ ਆਪਣੀਆਂ ਕਵਿਤਾਵਾਂ ਵਿੱਚ ਇਨਸਾਨ ਨੂੰ ਕੁਦਰਤ ਦੀ ਸ਼ਰਨ ਵਿੱਚ ਜਾਣ ਲਈ ਕਹਿੰਦਾ ਹੈ ਕਿਉਂ੍ਯਕਿ ਇਸ ਦੇ ਸਾਥ ਨਾਲ ਬੰਦੇ ਅੰਦਰਲੀ ਚੰਗਿਆਈ, ਸੰਵੇਦਨਸ਼ੀਲਤਾ ਤੇ ਇਨਸਾਨੀਅਤ ਬਚੀ ਰਹਿੰਦੀ ਹੈ। ਸ਼ਾਇਦ ਏਸੇ ਕਰਕੇ ਪੁਰਾਣੇ ਸਮਿਆਂ ਵਿੱਚ ਰਿਸ਼ੀ ਧਿਆਨ ਕਰਨ ਲਈ ਜੰਗਲਾਂ ਦੇ ਇਕਾਂਤ ਵਿੱਚ ਜਾਇਆ ਕਰਦੇ ਸਨ। ਏਸੇ ਲਈ ਸ਼ਾਇਦ ਵਰਡਜ਼ਵਰਥ, ਕੀਟਸ, ਕੌਲਰਿੱਜ਼ ਤੇ ਸਾਊਥੇ ਵਰਗੇ ਅੰਗ੍ਰੇਜ਼ ਕਵੀ ਲੇਕ ਡਿਸਟ੍ਰਿਕਟ ਜੋ ਕਿ ਇੰਗਲੈਂਡ ਦਾ ਬੇਹੱਦ ਸੋਹਣਾ ਇਲਾਕਾ ਹੈ, ਸਾਰੀ ਉਮਰ ਉੱਥੇ ਰਹੇ। ਅਮਰੀਕਨ ਕਵੀ ਰਾਬਰਟ ਫਰਾਸਟ ਨੇ ਆਪਣੇ ਕੁਦਰਤੀ ਸੁਹੱਪਣ ਲਈ ਮਸ਼ਹੂਰ ਨਿਊ ਇੰਗਲੈਂਡ ਦੇ ਇਲਾਕੇ ਨੂੰ ਰਹਿਣ ਲਈ ਚੁਣਿਆ ਤੇ ਏਸੇ ਲਈ ਮੈਨੂੰ ਸ਼ਾਇਦ ਇਸ ਬੈਂਚ ਤੇ ਬੈਠਿਆਂ ਏਨੀਆਂ ਵਧੀਆ ਗੱਲਾਂ ਸੁੱਝ ਰਹੀਆਂ ਸਨ।

ਅਗਲੀ ਵਾਰ ਚੈਲ ਘੱਟੋ ਘੱਟ ਇੱਕ ਦਿਨ ਰੁਕਣ ਦੀ ਸਲਾਹ ਬਣਾ ਕੇ ਤੇ ਆਪਣੀ ਚੈਲ ਫੇਰੀ ਦੀ ਸਫਲਤਾ ਦੀ ਸੰਤੁਸ਼ਟੀ ਨਾਲ ਭਰੇ ਹੋਏ ਅਸੀਂ ਸਾਢੇ ਕੁ ਤਿੰਨ ਵਜੇ ਸ਼ਿਮਲੇ ਲਈ ਚਾਲੇ ਪਾ ਦਿੱਤੇ ਤੇ ਕੋਈ ਸਾਢੇ ਪੰਜ ਵਜੇ ਪੂਰੇ ਦੋ ਘੰਟਿਆਂ ਵਿਚ ਸ਼ਿਮਲਾ ਵਾਪਸ ਆਣ ਪਹੁੰਚੇ। ਰਾਤੀਂ ਰੋਟੀ ਖਾ ਕੇ ਸਾਰੇ ਦਿਨ ਦੇ ਥੱਕਿਆਂ ਨੂੰ ਪਤਾ ਨਹੀਂ ਕਦੋਂ ਨੀਂਦ ਆ ਗਈ।
 ਭਾਗ-3

ਅਗਲੇ ਦਿਨ ਸ਼ਿਮਲੇ ਵਿੱਚ ਸਾਡਾ ਆਖਰੀ ਦਿਨ ਸੀ। ਉਸ ਦਿਨ ਦਾ ਪ੍ਰੋਗਰਾਮ ਬਣਾਉਂਦਿਆਂ ਮੇਰੀ ਇੱਛਾ ਸ਼ਿਮਲਾ ਤੋਂ ਕਾਲਕਾ ਤੱਕ ਚਲਦੀ ‘ਟੋਆਏ ਟਰੇਨ‘ ਤੇ ਜ਼ਰੂਰ ਚੜ•ਨ ਦੀ ਸੀ। ਮੈਂ ਇਹਦੇ ਬਾਰੇ ਕਾਫੀ ਪੜਿ•ਆ ਸੁਣਿਆ ਹੋਇਆ ਸੀ। 1903 ਵਿਚ ਬਣ ਕੇ ਤਿਆਰ ਹੋਈ ਇਹ ਰੇਲ ਲਾਈਨ ਇੰਜਨੀਅਰਿੰਗ ਦਾ ਆਪਣੇ ਆਪ ਵਿਚ ਸ਼ਾਨਦਾਰ ਨਮੂਨਾ ਹੈ। ਕਰੀਬ ਇੱਕ ਕਰੋੜ ਇਕਹੱਤਰ ਲੱਖ ਦੀ ਲਾਗਤ ਨਾਲ ਬਣ ਕੇ ਤਿਆਰ ਹੋਈ ਇਸ ਰੇਲ ਲਾਈਨ ਦੇ ਰਸਤੇ ਵਿਚ 107 (ਹੁਣ 103) ਸੁਰੰਗਾਂ, 864 ਪੁਲ਼ ਤੇ 919 ਮੋੜ ਹਨ, ਜੋ ਆਪਣੇ ਆਪ ਵਿਚ ਹੀ ਇਕ ਅਜੂਬਾ ਹੈ। ਇਸ ਲਾਈਨ ਤੇ ਚਲਦੀ ਸ਼ਿਵਾਲਿਕ ਡੀਲਕਸ ਐਕਸਪ੍ਰੈਸ 96.54 ਕਿ.ਮੀ. ਦਾ ਸਫਰ ਤੈਅ ਕਰਕੇ ਟਕਸਾਲ, ਗੁਮਾ, ਸੋਨਵਾੜਾ, ਸੋਲਨ, ਕਨੌਰ, ਤਾਰਾਦੇਵੀ ਤੇ ਸਮਰਹਿੱਲ ਵਰਗੇ 17 ਮੁੱਖ ਸਟੇਸ਼ਨਾ ਤੋਂ ਲੰਘਦੀ ਹੋਈ ਸ਼ਿਮਲਾ ਪਹੁੰਚਦੀ ਹੈ। ਏਸ ਲਾਈਨ ਨੂੰ 2008 ਵਿਚ ਯੂਨੇਸਕੋ ਵੱਲੋਂ ਵਿਸ਼ਵ ਵਿਰਾਸਤ ਵਾਲੇ ਸਥਾਨਾਂ ਦੀ ਸੂਚੀ ਵਿਚ ਸ਼ਾਮਲ ਕਰ ਲਿਆ ਗਿਆ ਹੈ। ਪਰ ਸਮੇਂ ਦੀ ਘਾਟ ਹੋਣ ਕਰਕੇ ਤੇ ਰੇਲ ਗੱਡੀ ਵਾਲੀ ਇੱਛਾ ਨੂੰ ਅਗਲੀ ਫੇਰੀ ਤੇ ਪਾ ਕੇ ਅਸੀਂ ਕੁਫਰੀ ਜਾਣ ਦਾ ਫੈਸਲਾ ਕੀਤਾ। ਸ਼ਿਮਲੇ ਤੋਂ 16 ਕੁ ਕਿਲੋਮੀਟਰ ਦੂਰ ਕੁਫਰੀ ਦਾ ਰਾਹ ਬੇਹੱਦ ਸਾਫ ਤੇ ਸੋਹਣਾ ਸੀ। ਪਰ ਕੁਫਰੀ ਤੋਂ ਕੁਝ ਕੁ ਕਿਲੋਮੀਟਰ ਉਰਾਂ ਹੀ ਕੁਝ ਘੁਮਾਵਦਾਰ ਮੋੜ ਆਏ ਜਿਨਾ ਦੇ ਸਿਰਿਆਂ ਤੇ ਪਾਰਕਿੰਗਜ਼ ਬਣੀਆਂ ਹੋਈਆਂ ਸਨ। ਏਹੋ ਜਿਹੀਆਂ ਦੋ ਪਾਰਕਿੰਗਜ਼ ਚੋਂ ਲੰਘ ਕੇ ਜਦੋਂ ਅਸੀਂ ਤੀਜੀ ਦੇ ਲਾਗੇ ਪਹੁੰਚੇ ਤਾਂ ਉਸ ਸੜਕ ਉਤੇ ਤਾਂ ਤੌਬਾ, ਨੱਕ ਨਹੀਂ ਸੀ ਦਿਤਾ ਜਾਂਦਾ। ਖੱਚਰਾਂ ਦੀਆਂ ਲਿੱਦਾਂ ਅਤੇ ਪਾਣੀ ਦੇ ਮਿਲਗੋਭੇ ਜਿਹੇ ਤੇ ਲੋਕਾਂ ਦੁਆਰਾ ਤੁਰ ਤੁਰ ਕੇ ਘਾਣੀ ਜਿਹੀ ਵੱਜੀ ਹੋਈ ਸੀ ਤੇ ਗੰਦੀ ਜਿਹੀ ਬੋਅ ਨੱਕ ਨੂੰ ਚੜ੍ਹ ਰਹੀ ਸੀ। ਸੀਰਤ ਤੇ ਮੰਨਤ ਨੇ ਰੌਲਾ ਪਾਉਣ ਲੱਗੀਆਂ ਉਥੋਂ ਵਾਪਸ ਜਾਣ ਲਈ। ਉੱਥੋਂ ਲੋਕੀਂ ਖੱਚਰਾਂ ਤੇ ਸਵਾਰਹੋ ਕੇ ਤਿੰਨ ਕੁ ਕਿਲੋਮੀਟਰ ਉੱਪਰ ਬਣੇ ‘ਫਨ ਪੁਆਇੰਟ‘ ਜਿਹੇ ਤੇ ਜਾ ਰਹੇ ਸਨ। ਅੱਗੇ ਅਸੀਂ ਇੱਕ ਰੋਹਤਾਂਗ ਇਹੋ ਜਿਹਾ ਤਜਰਬਾ ਕਰ ਚੁੱਕੇ ਸਾਂ, ਜੋ ਚੰਗਾ ਨਹੀਂ ਸੀ ਰਿਹਾ।

ਅਸੀ ਸਾਰਿਆਂ ਨੇ ਆਪਸ ਵਿਚ ਸਲਾਹ ਕੀਤੀ ਬਈ ਅੱਗੇ ਜਾ ਕੇ ਕੋਈ ਬਹੁਤਾ ਲਾਭ ਨਹੀਂ, ਖੱਜਲ ਖੁਆਰੀ ਵਾਧੂ ਦੀ ਹੋਵੇਗੀ। ਸੋ ਅਸੀਂ ਉਥੋਂ ਇਕ ਸਾਫ ਜਿਹੀ ਦੁਕਾਨ ਤੋਂ ਚਾਹ ਪੀਤੀ ਤੇ ਵਾਪਸ ਮੁੜ ਪਏ। ਢਾਈ ਕੁ ਵਜੇ ਅਸੀਂ ਵਾਪਸ ਸ਼ਿਮਲੇ ਆ ਪਹੁੰਚੇ। 2 ਕੁ ਘੰਟੇ ਅਰਾਮ ਕਰਕੇ ਅਸੀਂ ਸ਼ਾਮੀ ਪੰਜ ਕੁ ਵਜੇ ‘ਰਿੱਜ‘ ਤੇ ਜਾਣ ਦਾ ਪ੍ਰੋਗਰਾਮ ਬਣਾਇਆ। ਪੈਦਲ ਹੀ ਸ਼ਾਰਟਕੱਟ ਤੋਂ ਹੁੰਦੇ ਹੋਏ ਅਸੀਂ ਮਾਲ ਰੋਡ ਤੇ ਪਹੁੰਚ ਗਏ। ਮਾਲ ਰੋਡ ਤੇ ਸਰਕਾਰੀ ਗੱਡੀਆਂ ਤੋ ਇਲਾਵਾ ਪ੍ਰਾਈਵੇਟ ਵਾਹਨ ਲਿਜਾਣ ਦੀ ਇਜਾਜ਼ਤ ਨਹੀਂ ਇਸ ਲਈ ਉੱਥੇ ਲੋਕੀਂ ਪੈਦਲ ਹੀ ਤੁਰੇ ਜਾ ਰਹੇ ਸਨ। ਇਹ ਮਾਲ ਰੋਡ ਕਦੇ ਕਲਾਸ ਤੇ ਨਾਵਲਟੀ ਦਾ ਪ੍ਰਤੀਕ ਹੁੰਦੀ ਸੀ। ਅੰਮ੍ਰਿਤਸਰ ਦੇ ਕੂਪਰ ਰੋਡ, ਚੰਡੀਗੜ੍ਹ ਦੇ ਸਤਾਰਾਂ ਸੈਕਟਰ ਤੇ ਦਿੱਲੀ ਦੇ ਕਨਾਟ ਪਲੇਸ ਇਲਾਕੇ ਵਾਗੂੰ। ਇਸ ਸੜਕ ਦੇ ਸੱਜੇ ਪਾਸੇ ਡੂੰਘੀ ਖੱਡ ਸੀ ਤੇ ਦੂਰ ਤੱਕ ਦਿੱਸਦੇ ਪਹਾੜ। ਏਥੇ ਸੈਲਾਨੀਆਂ ਦੀ ਇੰਨੀ ਭੀੜ ਸੀ ਕਿ ਏਵੇਂ ਲੱਗ ਰਿਹਾ ਸੀ ਬਈ ਜਿਵੇਂ ਮੇਲਾ ਲੱਗਿਆ ਹੋਵੇ। ਏਸੇ ਮਾਲ ਰੋਡ ਤੇ ਬਹੁਤਾ ਕਰਕੇ ਸੱਜੇ ਹੱਥ ਬਹੁਤ ਸਾਰੀਆਂ ਦੁਕਾਨਾਂ ਬਣੀਆਂ ਹੋਈਆਂ ਹਨ। ਏਸੇ ਰੋਡ ਤੇ ਮਿਉਂਸੀਪਲ ਕਮੇਟੀ ਦਾ ਦਫਤਰ, ਮੇਅਰ ਦਾ ਦਫਤਰ, ਬੀ.ਐਸ.ਐਨ.ਐਲ ਦਾ ਦਫਤਰ, ਡੀਫੈਂਸ ਕਲੱਬ, ਸੜਕ ਵਿਭਾਗ ਦਾ ਮੁੱਖ ਦਫਤਰ ਤੇ ਚੀਫ ਐਡਵਾਇਜ਼ਰ ਦਾ ਵੀ ਦਫਤਰ ਵੀ ਹੈ। ਇਹਨਾਂ ਵਿਚੋਂ ਮਿਉਂਸੀਪਲ ਕਮੇਟੀ, ਮੇਅਰ ਦਾ ਦਫਤਰ ਤੇ ਡੀਫੈਂਸ ਕਲੱਬ ਸਮੇਤ ਕਈ ਹੋਰ ਇਮਾਰਤਾਂ ਅੰਗ੍ਰੇਜ਼ਾ ਦੇ ਵੇਲੇ ਦੀਆਂ ਨੇ ਜਿਨਾਂ ਨੂੰ ਉਹਨਾਂ ਦੇ ਉਸੇ ਰੂਪ ਵਿਚ ਸੁਰੱਖਿਅਤ ਰੱਖਿਆ ਗਿਆ ਏ। ਇੱਕਲੇ ਮਿਉਂਸੀਪਲ ਕਮੇਟੀ ਦੇ ਦਫਤਰ ਦੀ ਮੁਰੰਮਤ ਤੇ ਪਿੱਛੇ ਜਹੇ 17 ਲੱਖ ਖਰਚੇ ਗਏ ਨੇ। ਇਹਨਾ ਇਮਾਰਤਾਂ ਨੂੰ ਵੇਖਦਿਆਂ ਬੰਦੇ ਦਾ ਮਨ ਬਦੋ ਬਦੀ ਪਿਛਾਂਹ ਵੱਲ ਨੂੰ ਤੁਰ ਪੈਂਦਾ ਹੈ। ਤੇ ਬਦੋ ਬਦੀ ਸ਼ਿਮਲਾ ਵਸਾਉਣ ਵਿਚ ਯੋਗਦਾਨ ਪਾਉਣ ਵਾਲੇ ਉਹਨਾ ਅੰਗ੍ਰੇਜ਼ ਇੰਜੀਨੀਅਰਾਂ ਦੀ ਤਾਰੀਫ ਕਰਨ ਨੂੰ ਜੀਅ ਕਰ ਪੈਂਦਾ ਹੈ।

ਜੈਕੁਅਸ ਦੈਰੀਦਾ ਉੱਘਾ ਚਿੰਤਕ ਤੇ ਵਿਦਵਾਨ ਆਪਣੀ ਡੀਕੰਸਟਰਕਸ਼ਨ ਦੀ ਥਿਊਰੀ ਵਿਚ ਚੀਜ਼ਾਂ ਨੂੰ, ਭਾਸ਼ਾ ਨੂੰ ਬਿਲਕੁਲ ਉਲਟਾ ਕੇ ਬਾਇਨਰੀ ਉਪੋਜੀਸ਼ਨ ਰਾਹੀਂ ਵੇਖਣ ਸਮਝਣ ਲਈ ਕਹਿੰਦਾ ਹੈ। ਕਿਉਂਕਿ ਏਦਾਂ ਗੱਲਾਂ ਤੇ ਭਾਸ਼ਾ ਦੇ ਲੁਕੇ ਹੋਏ ਅਰਥ ਸਾਡੇ ਸਾਹਮਣੇ ਉਜਾਗਰ ਹੋ ਜਾਂਦੇ ਨੇ। ਅੰਗ੍ਰੇਜ਼ ਬਸਤੀਵਾਦੀ ਸ਼ਾਸਨ ਜਿੰਨ੍ਹੇ ਹਿੰਦੋਸਤਾਨ ਤੇ ਲਗਭਗ 150 ਸਾਲ ਰਾਜ ਕੀਤਾ ਜੋ ਭਾਵੇਂ ਹੋਰਨਾ ਬਸਤੀਆਂ ਵਾਗੂੰ ਭਾਰਤ ਦੀ ਕੁਦਰਤੀ ਵਸੀਲਿਆਂ ਦੀ ਲੁੱਟ-ਚੋਂਘ ਦੀ ਨੀਤੀ ਤੇ ਅਧਾਰਿਤ ਸੀ, ਪਰ ਇਸਨੇ ਭਾਰਤ ਨੂੰ ਕਈ ਕੁੱਝ ਐਸਾ ਵਡਮੁੱਲਾ ਵੀ ਦਿਤਾ ਹੈ ਜੀਹਦਾ ਇਤਿਹਾਸ ਵਿਚ ਨਿਰਪੱਖ ਮੁਲਾਂਕਣ ਹੋਣਾ ਅਜੇ ਬਾਕੀ ਹੈ।

ਹਜ਼ਾਰਾਂ ਸਾਲਾਂ ਤੋਂ ਇਹ ਮੁਲਕ ਜੀਹਨੂੰ ਅਸੀਂ ਅੱਜ ਭਾਰਤ ਦੇ ਨਾਂ ਨਾਲ ਜਾਣਦੇ ਆਂ, ਕਦੀ ਵੀ ਇਕ ਰਾਸ਼ਟਰ ਨਹੀਂ ਸੀ ਬਲਕਿ ਸੈਂਕੜੇ ਛੋਟੀਆਂ ਛੋਟੀਆਂ ਰਿਆਸਤਾਵਾਂ ਦਾ ਸਮੂਹ ਸੀ। ਜਿਹੜੇ ਆਪਸ ਵਿੱਚ ਲੜਦੇ ਘੁਲਦੇ ਰਹਿੰਦੇ ਸਨ। ਇਹ ਤਾਂ ਬਰਤਾਨਵੀਂ ਅੰਗ੍ਰੇਜ਼ ਸ਼ਾਸਕ ਹੀ ਸਨ ਜਿਨਾਂ ਨੇ ਆਪਣੀ ਲੋੜ ਮੂਜਬ ਇਹਨਾਂ ਚੋਂ ਬਹੁਤੀਆਂ ਰਿਆਸਤਾਂ ਨੂੰ ਜਿੱਤ ਕੇ, ਕਈਆਂ ਨੂੰ ਜ਼ੋਰ ਨਾਲ, ਕਈਆਂ ਨੂੰ ਡਰਾ ਧਮਕਾ ਕੇ ਤੇ ਕਈਆਂ ਨੂੰ ਪੁੱਤ-ਬੱਚਾ ਕਰਕੇ ਬਰਤਾਨਵੀ ਰਾਜ ਵਿਚ ਮਿਲਾ ਕੇ ਪਹਿਲੀ ਵਾਰ ਇੱਕ ਸੰਗਠਿਤ ਸ਼ਾਸਨ (ਸੈਂਟਰਲਾਇਜ਼ਡ ਐਡਮਨਿਸਟਰੇਸ਼ਨ) ਦੇ ਅਧੀਨ ਲਿਆਂਦਾ। ਭਾਵ ਕਿ ਪਹਿਲੀ ਵਾਰ ਪੂਰਾ ਹਿੰਦੋਸਤਾਨ ਇੱਕ ਮੁਦਰਾ, ਇੱਕ ਸ਼ਾਸਕ ਤੇ ਇਕ ਝੰਡੇ ਹੇਠ ਆਇਆ। ਇਹਦੇ ਬਾਰੇ ਪੂਰੀ ਸਪੱਸ਼ਟ ਜਾਣਕਾਰੀ ਸਾਨੂੰ ਅੰਗਰੇਜ਼ਾਂ ਦੇ ਸ਼ਾਸ਼ਨ ਕਾਲ ਵੇਲੇ ਦੇ 18ਵੀਂ ਸਦੀ ਦੇ ਪਿਛਲੇ ਅੱਧ ਦੇ ਸਮੇਂ ਦੇ ਲਗਾਨ ਨਾਲ ਸਬੰਧਤ ਦਸਤਾਂਵੇਜ਼ਾਂ ਤੋਂ ਮਿਲਦੀ ਹੈ। ਤੇ ਸ਼ਾਇਦ ਅੰਗ੍ਰੇਜਾਂ ਦਾ ਹਿੰਦੋਸਤਾਨ ਨੂੰ ਇਕ ਸੰਗਠਿਤ ਰਾਜ ਬਣਾਉਣਾ ਹੀ ਅੰਗ੍ਰੇਜੀ ਹਾਕਮਾਂ ਦੇ ਸਭ ਤੋਂ ਵੱਧ ਵਿਰੁੱਧ ਭੁਗਤਿਆ ਕਿਉਂਕਿ ਇਹੀ ਗੱਲ ਸਾਂਝ ਦਾ ਉਹ ਪਹਿਲਾ ਸੂਤਰ ਬਣੀ ਜੀਹਦੇ ਕਰਕੇ ਮੁਲਕ ਦੀ ਆਵਾਮ ਵਿੱਚ ਏਕੇ ਦੀ, ਇੱਕਜੁੱਟਤਾ ਦੀ ਭਾਵਨਾ ਜਾਗੀ ਜੀਹਦੇ ਵਿਚੋਂ ਇਕ ਐਸੀ ਸਾਂਝੀ ਲੋਕ ਲਹਿਰ ਉਪਜਣ ਦਾ ਮੁੱਢ ਬੱਝਾ ਜੀਹਨੇ ਬਾਦ ਵਿਚ ਅੰਗ੍ਰੇਜੀ ਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ।

ਦੂਜੀ ਵੱਡੀ ਗੱਲ ਜਿਹੜੀ ਨਜ਼ਰ ਆਉਂਦੀ ਐ ਉਹ ਐ ਸਿਸਟਮ ਦੀ ਬਦਲੀ, ਜਗੀਰਦਾਰੀ ਰਾਜਾਸ਼ਾਹੀ ਤੋਂ ਡੈਮੋਕਰੇਟਿਕ ਦਿੱਸਣ ਵਾਲੀ ਸਰਮਾਏਦਾਰੀ ਵੱਲ। ਅੰਗ੍ਰੇਜਾਂ ਨੇ ਭਾਰਤੀ ਰਾਜਸ਼ਾਹੀ ਨੂੰ ਭਾਵੇਂ ਪੂਰੀ ਤਰਾਂ ਖਤਮ ਨਾ ਕੀਤਾ। ਪਟਿਆਲਾ, ਨਾਭਾ, ਜੀਂਦ, ਗਵਾਲੀਅਰ ਤੇ ਕਪੂਰਥਲਾ ਵਰਗੀਆਂ ਹੋਰ ਕਈ ਰਿਆਸਤਾਂ ਜਿਨ੍ਹਾਂ ਨੇ 1857 ਦੇ ਗਦਰ ਨੂੰ ਦਬਾਉਣ ਵਿਚ ਅੰਗ੍ਰੇਜਾਂ ਦਾ ਸਾਥ ਦਿੱਤਾ ਸੀ। ਉਹਨਾਂ ਦੀਆਂ ਰਿਆਸਤਾਂ ਨੂੰ ਨਾ ਤਾਂ ਭਾਵੇਂ ਅੰਗ੍ਰੇਜਾਂ ਨੇ ਬਹਾਲ ਰਹਿਣ ਦਿੱਤਾ ਪਰ ਉਹਨਾਂ ਉਤੇ ਕਰੜੇ ਰਾਜਸੀ ਤੇ ਸੈਨਿਕ ਪ੍ਰਤੀਬੰਧ ਲਾ ਕੇ ਉਹਨਾਂ ਨੂੰ ਏਨਾ ਕੁ ਕਮਜ਼ੋਰ ਕਰ ਦਿਤਾ ਕਿ ਉਹ ਅੰਗ੍ਰੇਜ਼ਾਂ ਲਈ ਮੁਕਾਬਲੇ ਦੀ ਰਾਜਨੀਤਿਕ ਧਿਰ ਵਜੋਂ ਉਭਰਨ ਦੀ ਆਪਣੀ ਸੰਭਾਵਨਾ ਸਦਾ ਲਈ ਗੁਆ ਬੈਠੇ। ਜੇ ਸੋਚ ਕੇ ਵੇਖੀਏ ਬਈ ਜੇ ਕਿਤੇ ਹਿੰਦੋਸਤਾਨ ਦੇ ਲੋਕਾਂ ਨੇ ਇਕੱਠਾ ਦੇਸੀ ਰਾਜਿਆਂ ਦੇ ਰਾਜਾਸ਼ਾਹੀ ਨਿਜ਼ਾਮ ਦੇ ਖਿਲਾਫ ਲੜਨਾ ਹੁੰਦਾ ਤਾਂ ਸ਼ਾਇਦ ਭਾਰਤ ਅੱਜ ਵੀ ਰਾਜਾਸ਼ਾਹੀ ਹੇਠ ਹੀ ਹੁੰਦਾ।

ਸੱਚ ਤਾਂ ਇਹ ਹੈ ਕਿ ਸਾਡੇ ਲੋਕਾਂ ਨੇ ਰਾਜਾਸ਼ਾਹੀ ਤੋਂ ਬਗੈਰ ਕਿਸੇ ਹੋਰ ਪ੍ਰਬੰਧ ਦਾ ਕਦੇ ਸੁਪਨਾ ਹੀ ਨਹੀਂ ਸੀ ਲਿਆ। ਬੇਸ਼ੱਕ ਸਿਕੰਦਰ ਦੇ ਹਮਲੇ ਵੇਲੇ ਹੁਣ ਵਾਲੇ ਪੰਜਾਬ ਦੇ ਇਲਾਕੇ ਵਿੱਚ ਕਾਇਮ ਲੋਕਤੰਤਰਿਕ ਲੀਹਾਂ ਤੇ ਖੜੋਤੇ ਜਨਪਦ ਤੇ ਮਹਾਂਜਨਪਦ ਜਿਹਨਾਂ ਦੇ ਬਾਹੂਬਲੀ ਡੌਲਿਆਂ ਨਾਲ ਟਕਰਾ ਕੇ ਸੰਸਾਰ ਜੇਤੂ ਸਿਕੰਦਰ ਦਾ ਹੰਕਾਰ ਵੀ ਵਾਪਸ ਮੁੜ ਜਾਣ ਤੇ ਮਜਬੂਰ ਹੋ ਗਿਆ ਸੀ, ਹੁਣ ਬੀਤ ਚੁੱਕੇ ਸਮੇਂ ਦੀ ਭੁੱਲੀ-ਵਿਸਰੀ ਗੱਲ ਬਣ ਚੁੱਕੇ ਸਨ। ਏਥੋਂ ਤੱਕ ਕਿ 1857 ਦਾ ਵਿਦਰੋਹ ਵੀ ਵਿਦੇਸ਼ੀ ਸ਼ਾਸਕਾਂ ਨੂੰ ਭਜਾ ਕੇ ਦੇਸੀ ਰਾਜਾਸ਼ਾਹੀ ਦੀ ਬਹਾਲੀ ਵਾਸਤੇ ਹੀ ਲੜਿਆ ਗਿਆ ਸੀ, ਪ੍ਰਬੰਧ ਦੀ ਬਦਲੀ ਵਾਸਤੇ ਨਹੀਂ।

ਜੇ ਕਿਤੇ ਖੁਦਾ-ਨਾਖਸਤਾ ਉਹ ਵਿਦਰੋਹ ਸਫਲ ਹੋ ਜਾਂਦਾ ਤਾਂ ਉਸ ਗਲ਼ੇ ਸੜੇ ਰਾਜਾਸ਼ਾਹੀ ਪ੍ਰਬੰਧ ਨੇ ਹੋਰ ਪਤਾ ਨਹੀਂ ਕਿੰਨੀਆਂ ਸਦੀਆਂ ਲੋਕਾਂ ਦੇ ਗਲੋਂ ਨਹੀਂ ਸੀ ਲਹਿਣਾ। ਅੰਗ੍ਰੇਜ਼ਾਂ ਨੇ ਸਾਨੂੰ ਇਕ ਨਵਾਂ ਪ੍ਰਬੰਧ ਦਿੱਤਾ ਜੀਹਦੇ ਵਿਚ ਸ਼ਾਸਕ ਭਾਵੇਂ ਮਹਾਰਾਣੀ ਹੀ ਸੀ ਜਿਵੇਂ ਹੁਣ ਰਾਸ਼ਟਰਪਤੀ ਹੈ ਪਰ ਕਾਰਜਕਾਰੀ ਮੁਖੀ ਪ੍ਰਧਾਨ ਮੰਤਰੀ ਵਰਗਾ ਵਾਇਸਰਾਏ ਹੁੰਦਾ ਸੀ। ਜੋ ਆਪਣੀ ਕੌਂਸਲ ਨਾਲ ਮਿਲ ਕੇ ਸ਼ਾਸਨ ਪ੍ਰਬੰਧ ਚਲਾਉਂਦਾ ਸੀ। ਇਹ ਤਾਂ ਸਾਡਾ ਅੰਗ੍ਰੇਜ਼ਾਂ ਦੇ ਦੇਣਦਾਰ ਹੋਣਾ ਬਣਦੈ ਬਈ ਉਹਨਾ ਨੇ ਰਾਜਾਸ਼ਾਹੀ ਦੀਆਂ ਜੜ੍ਹਾਂ ਏਨੀਆਂ ਕੁ ਖੋਖਲੀਆਂ ਕਰ ਦਿੱਤੀਆਂ ਕਿ ਜਦੋਂ ਅਜ਼ਾਦੀ ਤੋਂ ਬਾਅਦ ਦੇਸੀ ਰਿਆਸਤਾਂ ਦੇ ਹਿੰਦੁਸਤਾਨ ਵਿਚ ਸ਼ਾਮਲ ਹੋਣ ਦੀ ਗੱਲ ਆਈ ਤਾਂ ਅੰਦਰੋਂ ਬਥੇਰੇ ਔਖੇ ਹੋਣ ਦੇ ਬਾਵਜੂਦ ਵੀ ਇਹਨਾਂ ਭਾਰਤੀ ਰਾਜਿਆਂ ਵਿਚੋਂ ਕੋਈ ਵੀ ਅੜਨ ਦੀ ਹਿੰਮਤ ਨਾ ਕਰ ਸਕਿਆ।
ਤੀਜੀ ਬ੍ਰਿਟਿਸ਼ ਸ਼ਾਸਨ ਦੀ ਭਾਰਤ ਨੂੰ ਦੇਣ ਹੈ ਅੰਗ੍ਰੇਜ਼ ਭਾਸ਼ਾ। ਭਾਵੇਂ ਉਹਨਾਂ ਦੀ ਸਿੱਖਿਆ ਨੀਤੀ ਦਾ ਮੁੱਖ ਮਨੋਰਥ ਵਧੀਆ ਕਲਰਕ ਪੈਦਾ ਕਰਨ ਦੀ ਸੀ। ਪਰ ਅੰਗ੍ਰੇਜ਼ਾਂ ਦੁਆਰਾ ਦਿੱਤੀ ਗਈ ਇਸ ਭਾਸ਼ਾ ਰਾਹੀਂ ਹੀ ਲੋਕਾਂ ਲਈ ਉਹ ਰਾਹ ਖੁੱਲਿਆ, ਜੀਹਦੇ ਰਾਹੀਂ ਉਹਨਾਂ ਦੀ ਬਾਹਰੀ ਦੁਨੀਆਂ ਤੱਕ ਪਹੁੰਚ ਬਣੀ। ਏਸੇ ਰਾਹੀਂ ਹੀ ਉਹ ਜਾਣ ਸਕੇ ਕਿ ਬਾਹਰ ਕੀ ਵਾਪਰ ਰਿਹੈ ਤੇ ਆਪਣੀ ਗੱਲ ਉਹ ਦੁਨੀਆਂ ਤੱਕ ਪੁਚਾ ਸਕੇ। ਉਨਾਂ ਦੀ ਸੰਸਾਰ ਸਾਹਿਤ ਅਤੇ ਹੋਰ ਗਿਆਨ ਖੇਤਰਾਂ ਤੱਕ ਉਹਨਾ ਦੀ ਰਸਾਈ ਹੋਈ। ਗਿਆਨ ਦੇ ਉਸ ਦੀਵੇ ਦੀ ਵਿਚਾਰਧਾਰਕ ਲੋਅ ਹੇਠਾਂ ਹੀ ਗਦਰੀ ਸੂਰਬੀਰਾਂ, ਚੰਦਰ ਸ਼ੇਖਰ ਅਜ਼ਾਦ, ਭਗਤ ਸਿੰਘ, ਬਿਸਮਿਲ ਤੇ ਸੁਭਾਸ਼ ਚੰਦਰ ਬੋਸ ਵਰਗੇ ਅਜ਼ਾਦੀ ਘੁਲਾਟੀਆਂ ਦੀ ਸੋਚ ਨੂੰ ਇਨਕਲਾਬੀ ਪਾਣ ਚੜ੍ਹੀ ਤੇ ਉਹ ਅਜ਼ਾਦੀ ਦਾ ਉਹ ਮਹਾਨ ਸੁਪਨਾ ਲੈ ਤੇ ਪੂਰਾ ਕਰ ਸਕੇ।
ਅੰਗ੍ਰੇਜ਼ਾਂ ਤੋਂ ਪਹਿਲਾਂ ਭਾਵੇਂ ਕਈ ਸਮਾਜ ਸੁਧਾਰਕਾਂ ਤੇ ਧਾਰਮਿਕ ਰਹਿਬਰਾਂ ਨੇ ਬਾਲ ਵਿਆਹ, ਸਤੀ ਪ੍ਰਥਾ, ਕੰਨਿਆ ਭਰੂਣ ਹੱਤਿਆ ਵਰਗੀਆਂ ਕੁ-ਪ੍ਰਥਾਵਾਂ ਦਾ ਸਖਤੀ ਨਾਲ ਖੰਡਨ ਕੀਤਾ ਪਰ ਕਦੀ ਕਿਸੇ ਸ਼ਾਸਕḲਰਾਜੇ ਨੇ ਇਤਿਹਾਸ ਵਿਚ ਇਹਨਾਂ ਦੇ ਖਿਲਾਫ ਡਟਣ ਦਾ ਹੌਂਸਲਾ ਨਹੀਂ ਵਿਖਾਇਆ। ਪਰ ਪਹਿਲੀ ਵਾਰ ਅੰਗ੍ਰੇਜ਼ੀ ਸ਼ਾਸਨ ਨੇ ਰਾਜਾ ਰਾਮ ਮੋਹਨ ਰਾਏ ਦੀ ਬੇਨਤੀ ਤੇ ਇੱਕ ਆਰਡੀਨੈਂਸ ਪਾਸ ਕਰਕੇ ਇਹਨਾਂ ਸਾਰੀਆਂ ਸਮਾਜਿਕ ਕੁਰੀਤੀਆਂ ਨੂੰ ਗੈਰ ਕਨੂੰਨੀ ਘੋਸ਼ਿਤ ਕੀਤਾ।

ਬਰਤਾਨਵੀਂ ਹਕੂਮਤ ਦੌਰਾਨ ਪੱਛਮੀ ਵਿਗਿਆਨਿਕ, ਉਦਯੋਗਿਕ ਤੇ ਤਕਨੀਕੀ ਤਰੱਕੀ ਹਿੰਦੁਸਤਾਨ ਵਿਚ ਤੇਜ਼ੀ ਨਾਲ ਹੋਈ। ਵਿੱਦਿਆ ਦੇ ਪਸਾਰ ਲਈ ਸਰਕਾਰੀ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਖੋਲ੍ਹੀਆਂ ਗਈਆਂ, ਹਸਪਤਾਲ ਉਸਾਰੇ ਗਏ, ਸਿੰਚਾਈ ਦੇ ਵਾਜਬ ਪ੍ਰਬੰਧ ਲਈ ਨਹਿਰਾਂ ਕੱਢੀਆਂ ਗਈਆਂ, ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਪੂਰੇ ਭਾਰਤ ਵਿਚ ਰੇਲਾਂ ਦਾ ਜਾਲ ਵਿਛਾਇਆ ਗਿਆ ਭਾਵੇਂ ਕਿ ਜਿਸਦਾ ਅਸਲ ਮਕਸਦ ਤਾਂ ਅੰਗ੍ਰੇਜੀ ਲੁੱਟ ਚੋਂਘ ਲਈ ਸਾਰੇ ਮੁਲਕ ਚੋਂ ਕੱਚਾ ਮਾਲ ਢੋਣਾ ਸੀ। ਲੋਕੀਂ ਅੱਜ ਵੀ ਅੰਗ੍ਰੇਜ਼ ਹਕੂਮਤ ਨੂੰ ਪ੍ਰਸ਼ਾਸਨਿਕ ਯੋਗਤਾ ਕਰਕੇ ਇੱਜਤ ਨਾਲ ਯਾਦ ਕਰਦੇ ਨੇ ਜਦੋਂ ਕਿ ਅਜ਼ਾਦੀ ਦੇ ਸੱਤਰ ਕੁ ਸਾਲਾਂ ਦੇ ਅੰਦਰ ਹੀ ਲੋਕੀਂ ਵੱਢੀਖੋਰੀ ਤੋਂ ਏਨੇ ਤੰਗ ਆਏ ਹੋਏ ਨੇ ਕਿ ਅੱਜ ਮੁਲਕ ਭਰ ਵਿਚ ਭ੍ਰਿਸ਼ਟਾਚਾਰ ਦੇ ਖਿਲਾਫ ਅੰਦੋਲਨ ਚੱਲ ਰਹੇ ਨੇ। ਅੰਗ੍ਰੇਜ਼ਾਂ ਨੇ ਦੂਰ ਅੰਦੇਸ਼ੀ ਤੋਂ ਕੰਮ ਲੈਦਿਆਂ ਸਿੰਚਾਈ ਦਾ ਸੁਚੱਜਾ ਪ੍ਰਬੰਧ ਵਿਕਸਿਤ ਕੀਤਾ ਸੀ, ਉਹਨਾਂ ਦੇ ਜ਼ਮਾਨੇ ਵਿਚ ਬਣੇ ਨਹਿਰੀ ਵਿਸ਼ਰਾਮ ਘਰ ਤੇ ਬਹੁਤੇ ਰੇਲਵੇ ਸਟੇਸ਼ਨ ਅਜੇ ਵੀ ਜਿਉਂ ਦੇ ਤਿਉਂ ਖੜੇ ਹਨ ਪਰ ਇਹਦੇ ਮੁਕਾਬਲੇ ਅੱਜ ਸਾਡੀਆਂ ਪੰਜਾਬ ਸਰਕਾਰਾਂ ਦੀ ਕਮਾਲ ਦੂਰ ਅੰਦੇਸ਼ੀ ਦੀ ਵੀ ਦਾਦ ਦੇਣੀ ਬਣਦੀ ਹੈ ਜੀਹਨੇ ਸਿੰਚਾਈ ਦਾ ਨਹਿਰੀ ਪ੍ਰਬੰਧ ਠੁੱਸ ਕਰ ਕਤੇ ਲੋਕਾਂ ਨੂੰ ਪ੍ਰਸ਼ਾਦ ਵਾਗੂੰ ਟਿਊਬਵੈੱਲਾਂ ਦੇ ਅੰਨੇਵਾਹ ਕੁਨੈਕਸ਼ਨ ਵੰਡ ਕੇ ਇਕ ਪਾਸੇ ਤਾਂ ਪੰਜਾਬ ਦੀ ਜਰਖੇਜ਼ ਧਰਤੀ ਨੂੰ ਬੰਜਰ ਹੋਣ ਦੀ ਕਗਾਰ ਤੇ ਲਿਆ ਖੜ੍ਹਾ ਕੀਤਾ ਹੈ ਤੇ ਦੂਜੇ ਪਾਸੇ ਉਹਨਾਂ ਹੀ ਕਿਸਾਨਾਂ ਨੂੰ ਬਿਜਲੀ ਦੇ ਦਿੱਤੀ ਸਬਸਿਡੀ ਦਾ ਮੁੱਲ ਚੁਕਾਉਣ ਲਈ ਹਜ਼ਾਰਾਂ ਕਰੋੜ ਦੀ ਕੀਮਤ ਵਾਲੇ, ਅੰਗ੍ਰੇਜ਼ਾਂ ਦੇ ਸਮੇਂ ਦੇ ਬੜੀ ਖੁੱਲੀਆਂ ਡੁੱਲੀਆਂ ਥਾਵਾਂ ਵਿਚ ਬ੍ਯਣੇ ਉਹਨਾਂ ਨਹਿਰੀ ਵਿਸ਼ਰਾਮ ਘਰਾਂ ਨੂੰ ਕੌਡੀਆਂ ਦੇ ਭਾਅ ਵੇਚ ਦਿੱਤੇ ਸੁਣੀਂਦੇ ਹਨ।
ਸ਼ਿਮਲੇ ਦੀ ਸੁਚੱਜੀ ਵਿਉਂਤਬੰਦੀ ਤੇ ਅੰਗ੍ਰੇਜੀ ਹਕੂਮਤ ਦੇ ਸਿੱਕੇਬੰਦ ਪ੍ਰਸ਼ਾਸਨਿਕ ਤੇ ਪੁਲਿਸ ਪ੍ਰਬੰਧ ਨੂੰ ਵੇਖਦਿਆਂ ਇਕ ਗੱਲ ਤਾਂ ਪੂਰੇ ਵਿਸ਼ਵਾਸ ਨਾਲ ਕਹੀ ਜਾ ਸਕਦੀ ਐ ਬਈ ਸ਼ਾਇਦ ਬਰਤਾਨਵੀ ਹੁਕਮਰਾਨਾ ਨੇ ਕਦੇ ਇਹ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ ਕਿ ਉਹਨਾ ਨੂੰ ਇਹ ਮੁਲਕ ਏਡੀ ਛੇਤੀ ਤੇ ਇਸ ਤਰਾਂ ਛੱਡਣਾ ਪਵੇਗਾ। ਉਹ ਤਾਂ ਇਤਿਹਾਸ ਨੇ ਐਸਾ ਕੂਹਣੀ ਮੋੜ ਕੱਟਿਆ ਕਿ ਉਹਨਾ ਦੀ ਕੋਈ ਪੇਸ਼ ਹੀ ਨਾ ਗਈ। ਉੱਪਰਥੱਲੀ ਦੋ ਸੰਸਾਰ ਜੰਗਾਂ ਝੱਲਣ ਕਰਕੇ ਅੰਦਰੋਂ ਤੇ ਭਾਰਤ ਵਿਚ ਸੁਤੰਤਰਤਾ ਅੰਦੋਲਨ ਤੇ ਜਨਤਕ ਲਾਮਬੰਦੀ ਨੇ ਬਾਹਰੋਂ ਬ੍ਰਿਟਿਸ਼ ਹਕੂਮਤ ਨੂੰ ਐਸਾ ਤਕੜਾ ਝਟਕਾ ਦਿੱਤਾ ਕਿ ਅੰਗ੍ਰੇਜ਼ ਸਮਾਰਾਜ ਜੀਹਦੇ ਵਿਚ ਕਹਿੰਦੇ ਸੀ ਕਦੀ ਸੂਰਜ ਨਹੀਂ ਸੀ ਡੁੱਬਦਾ ਉਹਦੀ ਤਾਕਤ ਦਾ ਸੂਰਜ ਸਦਾ ਲਈ ਅਸਤ ਹੋ ਗਿਆ।


ਭਾਗ-4

ਇਹੀ ਵਿਚਾਰ ਚਰਚਾ ਕਰਦਿਆਂ ਅਸੀਂ ਖੂਬ ਜਲਦੀ ਜਲਦੀ ਤੁਰਦੇ ਹੋਏ ਮਾਲ ਰੋਡ ਤੋਂ ਰਿੱਜ ਤੇ ਪਹੁੰਚੇ। ਜਿਹੜੀ ਥਾਂ ਤੇ ਮਾਲ ਰੋਡ ਅਤੇ ਰਿੱਜ ਰੋਡ ਆਪਸ ਵਿੱਚ ਮਿਲਦੀਆਂ ਨੇ ਉਸ ਥਾਂ ਨੂੰ ਸਕੈਂਡਲ ਪੁਆਇੰਟ ਕਹਿੰਦੇ ਨੇ। ਏਸੇ ਸਕੈਂਡਲ ਪੁਆਇੰਟ ਤੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦਾ ਬਹੁਤ ਵੱਡਾ ਬੁੱਤ ਲੱਗਾ ਹੋਇਆ ਏ ਜੋ ਉੱਥੇ ਲੱਗਾ ਬੜਾ ਅਜੀਬ ਤੇ ਮਿਸਫਿਟ ਜਿਹਾ ਲੱਗਾ ਮੈਨੂੰ। ਏਸੇ ਬੁੱਤ ਨੂੰ ਵੇਖਕੇ ਮੈਨੂੰ ਉਹ ਲੇਖ ਯਾਦ ਆਇਆ, ਸਕੂਲੇ 9 ਵੀਂ ਜਮਾਤ ਵਿਚ ਹਿੰਦੀ ਦੀ ਕਿਤਾਬ ਵਿਚ ਲੱਗਾ, ਜੀਹਦੇ ਵਿੱਚ ਲੇਖਕ ਉਸੇ ਜਗ•ਾ ਤੇ ਦੇ ਨੇੜੇ ਬੈਂਚ ਤੇ ਬੈਠਾ ਲਾਲਾ ਜੀ ਦੀ ਆਤਮਾ ਨਾਲ ਕਾਲਪਨਿਕ ਸੰਵਾਦ ਰਚਾਉਂਦਾ ਹੈ। ਇੱਥੇ ਲਾਲਾ ਜੀ 1947 ਵਿਚ ਮਿਲੀ ਅਧੂਰੀ ਆਜ਼ਾਦੀ, ਅੱਜ ਦੇ ਭਾਰਤ ਦੀ ਤਰਸਯੋਗ ਹਾਲਤ ਤੇ ਆਜ਼ਾਦੀ ਸੰਗਰਾਮੀ ਦੇਸ਼ ਭਗਤਾਂ ਦੇ ਅਧੂਰੇ ਰਹਿ ਗਏ ਸੁਪਨਿਆਂ ਬਾਰੇ ਆਪਣਾ ਦਰਦ ਸਾਂਝਾ ਕਰਦੇ ਹਨ। ਇਹੀ ਸੋਚਦਿਆਂ ਅਸੀਂ ਰਿੱਜ ਤੇ ਪਹੁੰਚੇ ਜਿੱਥੇ ਛੁੱਟੀਆਂ ਹੋਣ ਕਰਕੇ ਭਾਰੀ ਗਿਣਤੀ ਵਿੱਚ ਸੈਲਾਨੀ ਜਮ•ਾਂ ਸਨ। ਏਥੇ ਬਣੇ ਬੈਂਚਾਂ ਤੇ ਬੈਠ ਕੇ ਅਸੀਂ ਚੰਨ-ਚਾਨਣੀ ਵਿਚ ਸੌਫਟੀ ਦਾ ਆਨੰਦ ਲਿਆ। ਫਿਰ ਉਸੇ ਸੜਕ ਤੇ ਬਣੇ ਮਸ਼ਹੂਰ ਸ਼ੇਰ-ਏ-ਪੰਜਾਬ ਢਾਬੇ ਤੋਂ ਰੋਟੀ ਖਾਧੀ। ਉੱਥੇ ਟੇਬਲ ਲੈਣ ਲਈ ਸਾਨੂੰ ਥੋੜੀ ਉਡੀਕ ਵੀ ਕਰਨੀ ਪਈ ਪਰ ਸੁਆਦੀ ਖਾਣੇ ਨੇ ਸਭ ਭੁਲਾ ਦਿੱਤਾ। ਰਿੱਜ ਤੇ ਹੀ ਸ਼ਿਮਲਾ ਸਮਝੌਤੇ ਦੀ ਯਾਦ ਵਿਚ ਇੰਦਰਾ ਗਾਂਧੀ ਦਾ ਇਕ ਬੁੱਤ ਵੀ ਲੱਗਾ ਹੋਇਆ ਹੈ। ਲੱਤਾਂ ਨੂੰ ਥਕਾਵਟ ਦਾ ਵਾਪਸ ਆਉਂਦਿਆਂ ਪਤਾ ਲੱਗਾ ਤੇ ਕਮਰੇ ਵਿਚ ਆਉਂਦਿਆਂ ਸਾਰ ਹੀ ਅਸੀਂ ਸਾਰੇ ਪਤਾ ਨਹੀਂ ਕਦੋਂ ਸੌਂ ਗਏ।
ਅਗਲਾ ਦਿਨ ਵਾਪਸੀ ਦਾ ਸੀ। ਅਸੀਂ ਸਾਢੇ ਕੁ ਨੌ ਵਜੇ ਸਵੇਰੇ ਤਲਵਾੜੇ ਲਈ ਚਾਲੇ ਪਾ ਦਿੱਤੇ। ਵਾਪਸੀ ਵਾਇਆ ਚੰਡੀਗੜ੍ਹ ਦੀ ਸੀ। ਸੜਕ ਹਾਈਵੇਅ ਹੋਣ ਕਾਰਨ ਹਮੀਰਪੁਰ ਵਾਲੀ ਸੜਕ ਤੋਂ ਕਿਤੇ ਵੱਧ ਖੁੱਲ੍ਹੀ ਤੇ ਸਾਫ ਸੁਥਰੀ ਸੀ। ਰਸਤੇ ਵਿਚ ਲਗਭਗ ਹਰ ਇੱਕ ਡੇਢ ਕਿਲੋਮੀਟਰ ਦੇ ਫਾਸਲੇ ਤੇ ਫਰੂਟ ਦੀਆਂ ਖੋਖਾ ਟਾਈਪ ਦੁਕਾਨਾਂ ਸਨ। ਜਿੱਥੇ ਪੈਕ ਕੀਤੇ ਗਏ ਤਾਜ਼ੇ ਫਲ ਵਿਕਦੇ ਸਨ। ਅਸੀਂ ਵੀ ਇੱਕ ਐਸੀ ਦੁਕਾਨ ਤੋਂ ਆੜੂ ਤੇ ਗੱਬੂਗੋਸ਼ੇ ਲਏ, ਸ਼ਿਮਲੇ ਦੀ ਯਾਦ ਨਿਸ਼ਾਨੀ ਵੱਜੋਂ।

ਇੰਜ ਦੀਆਂ ਫਲ਼ਾਂ ਦੀਆਂ ਦੁਕਾਨਾਂ ਤੁਹਾਨੂੰ ਲਗਭਗ ਹਰ ਹਿਲ ਸਟੇਸ਼ਨ ਤੇ ਆਸ ਪਾਸ ਮਿਲ ਜਾਣਗੀਆਂ ਤੇ ਨਾਲ ਹੀ ਹਿਮਾਚਲ ਸਰਕਾਰ ਦੀਆਂ ਆਪਣੀਆਂ ਵੱਡੀਆਂ ਵੱਡੀਆਂ ਦੁਕਾਨਾਂ ਵੀ ਹਿਮਾਚਲ ਵਿਚ ਥਾਂ ਥਾਂ ਹਨ ਜਿੱਥੇ ਇਹਨਾਂ ਹੀ ਫਲ਼ਾਂ ਦੇ ਜੂਸ, ਜੈਮ, ਚਟਣੀਆਂ, ਸਨੈਕਸ, ਆਚਾਰ ਆਦਿ ਰੂਪੀ ਸੈਂਕੜੇ ਉਤਪਾਦ ਤੁਹਾਨੂੰ ਵਾਜਿਬ ਰੇਟ ਤੇ ਮਿਲ ਜਾਣਗੇ। ਪਾਪਾ ਕਹਿਣ ਲੱਗੇ ਬਈ ਹਿਮਾਚਲ ਸਰਕਾਰ ਦਾ ਇਹ ਕਿਸਾਨ ਹਿਤੈਸ਼ੀ ਕਦਮ ਪ੍ਰਸੰਸਾਯੋਗ ਵੀ ਹੈ ਤੇ ਦੂਜਿਆਂ ਰਾਜਾਂ ਲਈ ਸਿੱਖਣਯੋਗ ਵੀ ਜਿਸ ਤਰਾਂ ਹਿਮਾਚਲ ਸਰਕਾਰ ਨੇ ਏਥੋਂ ਦੀਆਂ ਮੁੱਖ ਖੇਤੀ ਜਿਣਸਾਂ ਜਿਨਾਂ ਵਿਚ ਫਲ਼ ਮੁੱਖ ਹਨ ਉਹਨਾਂ ਦੀ ਪ੍ਰੋਸੈਸਿੰਗ ਤੇ ਮਾਰਕਿਟਿੰਗ ਨੂੰ ਸਰਕਾਰੀ ਕੰਟਰੋਲ ਵਿਚ ਲੈ ਕੇ ਜਿੱਥੇ ਇਹਨਾਂ ਜਿਣਸਾਂ ਦੀ ਸਹੀ ਤੇ ਸੁੱਚਜੀ ਵਰਤੋਂ ਤੇਸੰਭਾਲ ਨੂੰ ਯਕੀਨੀ ਬਣਾਇਆ ਹੈ ਉੱਥੇ ਵਾਜਿਬ ਮੁੱਲਾਂ ਤੇ ਸਰਕਾਰ ਨੂੰ ਆਪਣੀ ਜਿਣਸ ਵੇਚ ਕੇ ਕਿਸਾਨੀ ਦੀ ਆਰਥਿਕਤਾ ਨੂੰ ਨਵਾਂ ਹੁਲਾਰਾ ਦਿੱਤਾ ਹੈ। ਨਾਲ ਹੀ ਗੱਲ ਹੋਣ ਲੱਗ ਪਈ ਬਈ ਹਿਮਾਚਲ ਸਰਕਾਰਾਂ ਨੇ ਕਿਵੇਂ ਨਵੀਂ ਨੀਤੀ ਤਹਿਤ ਵਧੀਆਂ ਤਰੀਕੇ ਨਾਲ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਸੁਹਿਰਦ ਯਤਨ ਕੀਤੇ ਹਨ। ਹਰ ਸੈਲਾਨੀ ਕੈਂਦਰ ਵਿਚ ਸਰਕਾਰੀ ਟੂਰਿਸਟ ਇਨਫਰਮੇਸ਼ਨ ਸੈਂਟਰ ਹਨ। ਹਿਮਾਚਲ ਸਰਕਾਰ ਦੇ ਆਪਣੇ ਗੈਸਟ ਹਾਊਸ ਰੂਪੀ ਹੋਟਲ ਹਨ। ਸ਼ਿਮਲਾ ਸ਼ਹਿਰ ਵਿਚ ਏਨੇ ਸੈਲਾਨੀਆਂ ਦੇ ਰੋਜ਼ਾਨਾ ਆਉਂਣ ਦੇ ਬਾਵਜੂਦ ਵੀ ਸ਼ਹਿਰ ਦਾ ਅੰਦਰੂਨੀ ਆਵਾਜਾਈ ਪ੍ਰਬੰਧ ਬੇਹੱਦ ਵਧੀਆ ਸੀ। ਸ਼ਹਿਰ ਬੇਹੱਦ ਸਾਫ ਸੁੱਥਰਾ ਸੀ ਤੇ ਥਾਂ ਥਾਂ ਤੇ ਕੂੜਾਦਾਨ ਪਏ ਸਨ। ਕਈ ਥਾਵਾਂ ਤੇ ਅਸੀਂ ਲਿਖਿਆ ਪੜਿ•ਆ ਬਈ ਜਨਤਕ ਥਾਵਾਂ ਤੇ ਥੁੱਕਣ ਤੇ ਸਿਗਰਟ ਪੀਣ ਵਾਲੇ ਨੂੰ ਜੁਰਮਾਨਾ ਕੀਤਾ ਜਾਵੇਗਾ। ਕਿਸੇ ਤੋਂ ਰਾਹ ਪੁੱਛਣ ਦੀ ਲੋੜ ਨਹੀਂ ਪੈਂਦੀ। ਥਾਂ ਥਾਂ ਰਾਹ ਦੱਸਣ ਵਾਲੇ ਬੋਰਡ ਲੱਗੇ ਹੋਏ ਸਨ। ਮੰਮੀ ਕਹਿਣ ਲੱਗੇ ਬਈ ਸ਼ਹਿਰ ਦੇ ਵਿਚ ਏਨੀ ਭੀੜ ਹੋਣ ਦੇ ਬਾਵਜੂਦ ਵੀ ਸਾਨੂੰ ਇਕ ਵੀ ਜਾਮ ਨਹੀਂ ਮਿਲਿਆ। ਟ੍ਰੈਫਿਕ ਪੁਲਿਸ ਦਾ ਏਨਾ ਚੁਸਤ ਤੇ ਵਧੀਆ ਡਸਿਪਲਨ। ਸੀਰਤ ਜੇ ਹੁਣ ਤੱਕ ਚੁੱਪ ਕਰਕੇ ਸਾਡੀਆਂ ਗੱਲਾਂ ਸੁਣਦੀ ਪਈ ਸੀ ਕਹਿੰਦੀ ‘ਹਾਂ, ਮੰਮੀ ਤੇ ਨਾਲੇ ਉਹ ਸਾਰੇ ਪੁਲਿਸ ਵਾਲੇ ਕਿੰਨੇ ਸਲਿਮ ਤੇ ਸਮਾਰਟ ਵੀ ਸਨ।‘ ਅਸੀਂ ਸਾਰੇ ਛੋਟੀ ਸੀਰਤ ਦੀ ਗੱਲ ਸੁਣ ਕੇ ਖਿੜ ਖਿੜਾ ਕੇ ਹੱਸ ਪਏ।

ਇਹ ਗੱਲਾਂ ਕਰਦੇ ਅਸੀਂ ਅਜੇ ਸ਼ਿਮਲੇ ਤੋਂ 20 ਕੁ ਕਿਲੋਮੀਟਰ ਹੀ ਗਏ ਹੋਵਾਂਗੇ ਕਿ ਸਾਨੂੰ ਸ਼ਿਮਲਾ ਕਾਲਕਾ ਵਾਲੀ ਸ਼ਿਵਾਲਿਕ ਐਕਸਪ੍ਰੈਸ ਵੀ ਦਿੱਸ ਪਈ। ਅਸੀਂ ਬੱਚੇ ਤਾਂ ਖੁਸ਼ੀ ਵਿਚ ਉੱਛਲ ਹੀ ਪਏ। ਗੱਡੀ ਦੀ ਲਾਈਨ ਸੜਕ ਦੇ ਬਰਾ ਬਰੋਬਰ ਹੀ ਜਾਂਦੀ ਹੈ ਕਿਤੇ ਕਿਤੇ ਕਿਸੇ ਸਰੁੰਗ ਚੋਂ ਲੰਘਦਿਆਂ ਜ਼ਰੂਰ ਅੱਖਾਂ ਤੇ ਓਝਲ ਹੋ ਜਾਂਦੀ ਪਰ ਫਿਰ ਦਿਸ ਪੈਂਦੀ। ਚਲੋ, ਸਮੇਂ ਦੀ ਘਾਟ ਕਰਕੇ ਉਹਦੀ ਸਵਾਰੀ ਭਾਵੇਂ ਅਸੀਂ ਨਾ ਕਰ ਸਕੇ ਪਰ ਅੱਧੀ ਕੁ ਤੱਸਲੀ ਤਾਂ ਉਸਨੂੰ ਵੇਖ ਕੇ ਸਾਡੀ ਹੋ ਗਈ। ਮੰਮੀ ਕਹਿਣ ਲੱਗੇ ਚੱਲੋ ਕੋਈ ਨਾ ਅਗਲੀ ਵਾਰੀ ਸ਼ਿਮਲੇ ਆਉਣ ਦਾ ਬਹਾਨਾ ਵੀ ਤਾਂ ਚਾਹੀਦਾ ਐ ਨਾ। ਜਾਖੂ ਮੰਦਰ, ਸ਼ਿਵਾਲਿਕ ਐਕਸਪ੍ਰੈਸ ਤੇ ਮਿਊਜ਼ੀਅਮ ਦੀ ਸੈਰ ਅਗਲੀ ਫੇਰੀ ਤੇ ਸਹੀ। ਚੰਡੀਗੜ੍ਹ ਪਹੁੰਚੇ ਤਾਂ ਖੂਬ ਮੋਹਲੇਧਾਰ ਮੀਂਹ ਪੈ ਰਿਹਾ ਸੀ। ਅਸੀਂ ਸ਼ਾਮ ਨੁੂੰ ਕੋਈ ਸਾਢੇ ਕੁ ਛੇ ਵਜੇ ਘਰ ਤਲਵਾੜੇ ਪਹੁੰਚੇ।

ਸਿਰਫ ਤਿੰਨ ਰਾਤਾਂ ਘਰੋਂ ਬਾਹਰ ਰਹਿ ਕੇ ਆਏ ਸਾਂ ਪਰ ਏਦਾਂ ਲੱਗਦਾ ਪਿਆ ਸੀ ਜਿਵੇਂ ਤਿੰਨ ਮਹੀਨਿਆਂ ਪਿੱਛੋਂ ਮੁੜੇ ਹੋਈਏ। ਪਰ ਸਿਰਫ ਇਸ ਤਿੰਨ ਦਿਨਾ ਦੇ ਸਫਰ ਨੇ ਸਾਡੇ ਮਨਾ ਨੂੰ ਪੂਰੇ ਸਾਲ ਲਈ ਤਰੋ ਤਾਜ਼ਾ ਕਰ ਦਿੱਤਾ ਹੈ। ਸ਼ਿਮਲੇ ਦਾ ਸਾਡਾ ਇਹ ਸਫਰ ਯਾਦਗਾਰੀ ਰਿਹਾ ਤੇ ਸਫਲ ਵੀ। ਮੈਨੂੰ ਲਗਦਾ ਹੈ ਕਿ ਇਹ ਸਫਰ ਸਾਰੇ ਸਾਲ ਦੇ ਬੋਝਲ ਤੇ ਪ੍ਰੇਸ਼ਾਨੀ ਭਰੇ ਪਲਾਂ ਨੂੰ ਖੁਸ਼ੀ ਤੇ ਤਾਜ਼ਗੀ ਨਾਲ ਭਰਨ ਲਈ ਕਾਫੀ ਹੋਵੇਗਾ। ਆਖਿਰ ਕੀਟਸ ਨੇ ਐਂਵੇ ਤਾਂ ਨਹੀਂ ਸੀ ਲਿਖਿਆ ‘ਏ ਥਿੰਗ ਆਫ ਬਿਊਟੀ ਇਜ਼ ਏ ਜੋਆਏ ਫਾਰਏਵਰ‘ (ਇੱਕ ਸੁੰਦਰ ਚੀਜ਼ ਦਾ ਅਨੁਭਵ ਖੁਸ਼ੀ ਤੇ ਪ੍ਰਸੰਨਤਾ ਦਾ ਸਦੀਵੀਂ ਸੋਮਾ ਹੁੰਦੀ ਹੈ।

ਮਲਿਕਾ ਮੰਡ
148 ਸੁੰਦਰ ਵਿਹਾਰ, ਤਲਵਾੜਾ ਤਹਿਸੀਲ ਮੁਕੇਰੀਆਂ, ਜਿਲ੍ਹਾ ਹੁਸ਼ਿਆਰਪੁਰ

-0-