“ ਮਖਾ ਬੋਲਦੇ ਨੀ “
ਗੁਰਮੀਤ ਕੌਰ ਨੇ ਸਤਿੰਦਰ ਨੂੰ ਕਿਹਾ, ਉਹ ਟੀ ਵੀ ਵੇਖੀ ਜਾਂਦਾ ਸੀ
“ ਹਾਂ ਕੀ ਐ ? “
“ ਆਪਾਂ ਬੇਜੀ ਤੇ ਬਾਪੂ ਜੀ ਨੂੰ ਨਾ ਸੱਦ ਲੀਏ “
“ ਕੀਉਂ ਹੁਣ ਐਨਾ ਹੇਜ ਜਾ ਕਾਹਤੋਂ ਜਾਗ ਪਿਆ ਤੈਨੂੰ ਜਦੋਂ ਮੈਂ ਕਹਿੰਦਾ ਸੀ ਤਾਂ ਚਾਰੇ ਚੱਕ
ਕੇ ਆਉਂਦੀ ਸੀ ਅਕੇ ਉਹਨਾਂ ਨੇ ਏਥੇ ਆਕੇ ਕੀ ਕਰਨੈ, ਤੇ ਹੁਣ ਉਹ ਏਥੇ ਆਕੇ ਕੀ ਹਨੂੰਮਾਨ
ਚਾਲੀਸੇ ਦਾ ਪਾਠ ਕਰਨਗੇ “
“ ਆਹ ਜਿਹੜੀ ਥੋਡੀ ਭਰਜਾਈ ਐ ਏਸਦਾ ਨਕੌੜਾ ਈ ਨੀ ਸੂਤ ਆਉਂਦਾ ਜਦੋਂ ਕਿਤੇ ਵਿਆਹ ਸ਼ਾਦੀ ਤੇ
ਕੱਠੇ ਹੋਈਏ ਮੈਨੂੰ ਮਚਾਉਣ ਦੀ ਮਾਰੀ ਆਖੂ ‘ ਛਾਡਾ ਤਾਂ ਪੰਜ ਬਿੱਡ ਰੂਮ ਘਰ ਐ ਦੋ ਈ ਵਰਤਦੇ
ਆਂ ਤੇ ਬਾਕੀ ਵਿਹਲੇ ਈ ਪਏ ਐ, ਬੇਸ ਮਿੰਟ ਸਾਰੀ ਫਿਨਸ਼ ਕੀਤੀ ਵਈ ਐ ਬਈ ਸਾਡਾ ਮੁੰਡਾ ਆਵਦਾ
ਟੀ ਵੀ ਤੇ ਹੋਰ ਨਿੱਕ-ਸੁੱਕ ਜਾ ਓਥੇ ਰੱਖੀ ਬੈਠੈ, ਅਸੀਂ ਕਿਹੜਾ ਲੋਕਾਂ ‘ ਆਂਗੂੰ ‘ ਰਿੰਟ
ਤੇ ਚੜ੍ਹਾਉਣੀ ਐ, ਮੇਰੇ ਪਿਉ ਦੀ ਰੱਨ ਮਠਾਰ ਮਠਾਰ ਗੱਲਾਂ ਕਰੂ ਜਾਣ ਜਾਣ ਕਾਲਜਾ ਸਾੜੂ,
ਆਪਾਂ ਤਾਂ ਆਪ ਚਾਹੇ ਔਖੇ ਹੋਈਏ ਕੇਰਾਂ ਏਸਤੋਂ ਵੀ ਵੱਡਾ ਘਰ ਲੈਕੇ ਵਖਾਉਣਾ
ਐ..................”
“ ਤੇ ਬੇਬੇ ਬਾਪੂ ਆਪਾਂ ਨੂੰ ਵੱਡਾ ਘਰ ਲੈ ਦੇਣਗੇ ਆਕੇ, ਤੇ ਨਾਲੇ ਤੇਰੇ ਬੇਬੇ ਹੋਰੀਂ ਐਥੇ
ਐ ?”
“ ਗੱਲ ਨੂੰ ਪੁੱਠੀ ਨਾਂ ਪਾਇਆ ਕਰੋ,ਬੇਬੇ ਬਾਪੂ ਜੁਆਕ ਸਾਂਭਣਗੇ ਮੈਂ ਵੀ ਕੰਮ ਤੇ ਲੱਗਜੂੰ,
ਆਹ ਜਿਹੜਾ ਚਿੜੀ ਦੇ ਪੌਂਚੇ ਜਿਨਾ ਐ ਏਸਨੂੰ ਵੇਚਕੇ ...............”
“ ਤੇ ਨਾਲੇ ਤੇਰੇ ਐਥੇ ਈ ਐ ਉਹਨਾਂ ਨੂੰ ਆਖ ਆਪਣੇ ਨਾਲ ਆਕੇ ਰਹਿ ਲੈਣ ?”
“ ਉਹ ਤਾਂ ਦੋਵੇਂ ਕੰਮ ਕਰਦੇ ਐ “
“ਤੇ ਮੇਰਿਆਂ ਦੇ ਛਪਾਕੀ ਨਿੱਕਲੀ ਐ ? ਉਹ ਨਾ ਕੰਮ ਕਰਨਗੇ ? “
“ ਲੈ ਉਹਨਾਂ ਨੂੰ ਕੀ ਲੋੜ ਐ ਉਹਨਾਂ ਦੇ ਨੂੰਹ ਪੁੱਤ ਕਮਾਉਣਗੇ, ਨਾਲੇ ਮੇਰੇ ਤਾਂ ਅਜੇ ਦੋ
ਭੇਣਾਂ ਬੈਠੀਐਂ ਵਿਹਾਉਣ ‘ ਆਲੀਆਂ .....................”
ਗੁਰਮੀਤ ਦੀ ਜਿਦ ਵੇਖਕੇ ਸਤਿੰਦਰ ਨੇ ਮਾਂ ਬਾਪ ਨੂੰ ਸੱਦ ਲਿਆ, ਇਹਨਾਂ ਦਾ ਬੇਟਾ, ਗੁਰਕੀਰਤ,
ਉਦੋਂ ਦੋ ਕੁ ਸਾਲ ਦਾ ਸੀ ਗੁਰਮੀਤ ਵੀ ਕੰਮ ਤੇ ਲੱਗ ਗਈ, ਸਤਿੰਦਰ ਨੇ ਆਵਦਾ ਟਰੱਕ ਪਾ ਲਿਆ
ਦੋ ਢਾਈ ਸਾਲਾਂ ‘ਚ ਪੁਰਾਣਾ ਘਰ ਵੇਚਕੇ ਵੱਡਾ ਨਵਾਂ ਲੈ ਲਿਆ, ਹੁਣ ਗੁਰਕੀਰਤ 13-14 ਸਾਲਾ
ਦਾ ਹੋ ਗਿਆ ਉਸਨੂੰ ਬੇਬੀ ਸਿਟਿੰਗ ਦੀ ਕੋਈ ਲੋੜ ਨਹੀਂ ਸੀ ਪਰ ਉਹ ਦਾਦੇ ਦਾਦੀ ਕੋਲ ਪਲਿਆ
ਹੋਣ ਕਰਕੇ ਉਹਨਾਂ ਦਾ ਮੋਹ ਬਹੁਤ ਕਰਦਾ ਸੀ । ਇੱਕ ਦਿਨ ਸਤਿੰਦਰ ਨੂੰ ਗੁਰਮੀਤ ਕਹਿੰਦੀ, “
ਆਪਾਂ ਬੁੜ੍ਹੇ ਬੁੜ੍ਹੀ ਨੂੰ ਸੀਨੀਅਰ ਸਿਟੀਜਨ ਹੋਮ ਨਾਂ ਛੱਡ ਆਈਏ ਇਹ ਵੀ ਸੌਖੇ ਆਪਾਂ ਵੀ “
“ ਕਿਉਂ ਤੈਨੂੰ ਇਹ ਕੀ ਆਹਦੇ ਐ ?”
“ ਸਾਰੀ ਸਾਰੀ ਰਾਤ ਬਾਪੂ ਜੀ ਖੰਘੀ ਜਾਂਦੇ ਐ ਸੌਣ ਨੀ ਦਿੰਦੇ ਓਥੇ ਆਪੇ ਨਰਸਾਂ ਸਾਂਭਣ ਗੀਆ
ਨਾਲੇ ਇਹਨਾਂ ਦਾ ਜੀਅ ਲੱਗਿਆ ਰਹੂ”ਨੂੰਹ ਦੀਆਂ ਗੱਲਾਂ ਸਤਿੰਦਰ ਦੀ ਮਾਂ ਨੇ ਸੁਣਲੀਆਂ ਉਹ
ਇੱਕ ਦਿਨ ਸਤਿੰਦਰ ਨੂੰ ਕਹਿੰਦੀ “ ਵੇ ਪੁੱਤਾ ਸਾਨੂੰ ਆਹ ਛਿਟੀਜਨ ਆਲਿਆਂ ਦੇ ਨਾਂ ਘੱਲਿਆ ਜੇ
ਸਾਨੂੰ ਤਾਂ ਭਾਈ ਪਿਛਾਹਾਂ ਪਿੰਡ ਨੂੰ ਈ ਮੋੜ ਦਿਉ ਥੋਡਾ ਜਵਾਕ ਅਡਾਰ ਕਰਤਾ, ਹੁਣ ਉਹ ਆਪਦਾ
ਆਪ ਸਾਂਭਣ ਜੋਗਾ ਹੋ ਗਿਆ ਪਰ ਸਾਨੂੰ .....”
“ ਪਰ ਬੇਬੇ ਉਥੇ ਹੁਣ ਆਪਣਾ ਕੌਣ ਐ ? ਥੋਡੀ ਦੇਖ ਭਾਲ ਕੌਣ ਕਰੂ ? ਨਹੀਂ ਐਥੇ ਈ ਰਹੋ”
ਸਤਿੰਦਰ ਦੂਜੇ ਤੀਜੇ ਦਿਨ ਰੇੜਕਾ ਪਾਕੇ ਬਹਿ ਜਿਆ ਕਰੇ ਅਖੀਰ ਸਤਿੰਦਰ ਨੇ ਇਹ ਫੈਸਲਾ ਕਰ ਲਿਆ
ਬਈ ਬੇਬੇ ਹੋਰਾਂ ਨੂੰ ਵੀਕ ਐਂਡ ਤੇ ਲਿਆਇਆ ਕਰਾਂਗੇ ਤੇ ਮੰਡੇ ਮੌਰਨਿੰਗ ਛੱਡ ਆਇਆ ਕਰਾਂਗੇ,
ਦੋ ਤਿੰਨ ਵਾਰੀ ਵੀਕ ਡੇਅ ’ਚ ਵੀ ਮਿਲ ਆਇਆ ਕਰਾਂਗੇ , ਬੇਬੇ ਬਾਪੂ ਨੇ ਮਾੜੀ ਮੋਟੀ ਨਾਂਹ
ਨੁੱਕਰ ਜੀ ਕੀਤੀ ਪਰ ਸਤਿੰਦਰ ਨੇ ਦਲੀਲਾਂ ਦਿੱਤੀਆਂ ਬਈ ਓਥੇ ਨਰਸਾਂ ਹਮੇਸ਼ਾ ਹੁੰਦੀਐਂ, ਹੋਰ
ਬਜੁਰਗ ਵੀ ਹੁੰਦੇ ਐ ਥੋਡਾ ਜੀਅ ਲੱਗਿਆ ਰਹੂ ਨਾਲ ਇਹ ਵੀ ਫੈਸਲਾ ਹੋਇਆ ਬਈ ਜੇ ਓਥੇ ਦਿਲ ਨਾ
ਲੱਗਿਆ ਤਾਂ ਵਾਪਸ ਲੈ ਆਵਾਂਗੇ ਤੇ ਫੇਰ ਜੇ ਚਾਹੁਣਗੇ ਤਾਂ ਇੰਡੀਆ ਵੀ ਭੇਜ ਦਿਆਂਗੇ,
ਮਾਂ-ਬਾਪ ਨੇ ਹਾਂ ਕਰਤੀ । ਜਿਸ ਦਿਨ ਉਹਨਾਂ ਨੂੰ ਛੱਡਕੇ ਆਉਣਾ ਸੀ ਗੁਰਕੀਰਤ ਸਕੂਲ ਨਾ ਗਿਆ
ਗੁਰਮੀਤ ਨੇ ਪੁੱਛਿਆ “ ਅੱਜ ਤੂੰ ਸਕੂਲ ਨੀ ਗਿਆ ?”
“ ਮੈਂ ਵੀ ਨਾਲ ਚੱਲੂੰ ਗਰੈਂਡ ਪੇਰੈਂਟਸ ਨੂੰ ਛੱਡਣ” ਸਤਿੰਦਰ ਤੇ ਗੁਰਮੀਤ ਦੋਹੇਂ ਕੱਠੇ ਈ
ਬੋਲਪੇ “ ਕਿਉਂ ਤੂੰ ਕੀ ਲੈਣ ਜਾਣੈ ?”
“ ਮੈਂ ਵੇਖਣਾ ਚਾਹੁਨਾਂ ਕੀ ਪਰੋਸੀਜਰ ਐ ਓਲਡ ਪੀਪਲ ਨੂੰ ਓਥੇ ਛਡੱਣ ਦਾ ?” ਗੁਰਮੀਤ ਕਹਿੰਦੀ
“ ਕਿਉਂ ਤੈਨੂੰ ਕੀ ਲੋੜ ਪੈਗੀ ?”
“ ਮੈਂ ਪਰੋਸੀਜਰ ਸਟੱਡੀ ਕਰਨਾ ਮੰਗਦਾਂ ਕਿ ਓਲਡ ਪੀਪਲ ਨੂੰ ਕਿਵੇਂ ਸੀਨੀਅਰ ਸਿਟੀਜਨ ਹੋਮਜ
ਵਿੱਚ ਛੱਡੀਦਾ ਹੈਗਾ “ ਗੁਰਮੀਤ ਕਹਿੰਦੀ ਤੈਨੂੰ ਕੀ ਲੋੜ ਪੇਗੀ ?”
“ ਆਫਟਰ ਆਲ ਤੁਸੀਂ ਵੀ ਤਾਂ ਓਲਡ ਹੋਣਾ ਈ ਹੈਗਾ, ਗਰੈਂਡ ਪੇਰੈਂਟਸ ਵਾਂਗੂ, ਮੈਂ ਵੀ ਤਾਂ
ਓਥੇ ਈ ਸ਼ਿਫਟ ਕਰੂੰ ਥੋਨੂੰ “ ਦੋਹਾਂ ਦੇ ਮੂੰਹੋਂ ਨਿਕਲਿਆ “ ਹੈਂਅ “ ਇੱਕਦਮ ਚੇਤਾ ਆ ਗਿਆ
ਬਈ ਜੇ ਅੱਜ ਅਸੀਂ ਆਵਦੇ ਮਾਂ-ਬਾਪ ਨੂੰ ਸੀਨੀਅਰ ਸਿਟੀਜਨ ਹੋਮ ‘ਚ ਛੱਡਦੇ ਹਾਂ ਤਾਂ ਕਲ੍ਹ
ਨੂੰ ਸਾਡੇ ਪੁੱਤ ਧੀਆਂ ਵੀ ਤਾਂ ਏਹੋ ਕੁਛ ਕਰਨਗੇ, ਬੇਬੇ ਬਾਪੂ ਨੂੰ ਓਥੇ ਛਡੱਣ ਦਾ ਇਰਾਦਾ
ਹਟਾਤਾ ।
( 6 ਸਤੰਬਰ 2011 )
-0-
|