ਸਾਂਝ ਦੇ ਮਾਹੌਲ ਵਿੱਚ
ਜਿੱਥੇ ਮੇਰਾ ਆਪਾ ਧਾਰਮਿਕ ਤੰਗ-ਦਿਲੀ ਦੀਆਂ ਵਲਗਣਾ ਤੋਂ ਪਾਰ ਜਾ ਕੇ ਖੁੱਲ੍ਹ-ਦਿਲੇ
ਮਾਨਵਵਾਦ ਦਾ ਧਾਰਨੀ ਬਣ ਰਿਹਾ ਸੀ ਓਥੇ ਮੇਰਾ ਸੰਵੇਦਨਸ਼ੀਲ ਮਨ ਸੁਣੀਆਂ ਕਥਾ-ਕਹਾਣੀਆਂ ਰਾਹੀਂ
ਲੇਖਕ ਬਣਨ ਲਈ ਜ਼ਰਖ਼ੇਜ਼ ਜ਼ਮੀਨ ਬਣ ਰਿਹਾ ਸੀ। ਪਰ ਅਜੇ ਤੱਕ ਇਸ ਜ਼ਮੀਨ ਵਿੱਚ ਕਹਾਣੀ ਦੇ ਮੌਖਿਕ
ਬੀਜ ਹੀ ਡਿੱਗੇ ਸਨ।
ਲਿਖ਼ਤੀ ਸਾਹਿਤ ਨਾਲ ਮੇਰੀ ਸਭ ਤੋਂ ਪਹਿਲੀ ਸਾਂਝ ਮੇਰੇ ਪਿਤਾ ਨੇ ਪਵਾਈ। ਉਹ ਅਖ਼ਬਾਰ, ਨਾਵਲ
ਅਤੇ ਕਹਾਣੀਆਂ ਪੜ੍ਹਨ ਦਾ ਸ਼ੌਕੀਨ ਸੀ। ਆਪਣੇ ਪਿਤਾ ਦੁਆਰਾ ਲਿਆਂਦੀ ਸਭ ਤੋਂ ਪਹਿਲੀ ਪੁਸਤਕ,
ਜਿਹੜੀ ਮੈਂ ਆਪਣੇ ਘਰ ਵੇਖੀ, ਉਹ ਸੀ ਗੁਰਮੁਖ਼ ਸਿੰਘ ਮੁਸਾਫ਼ਿਰ ਦੀ ‘ਵੱਖਰੀ ਦੁਨੀਆਂ’ ; ਜਿਸ
ਵਿੱਚ ਉਹਦੇ ਜੇਲ੍ਹ-ਜੀਵਨ ਨਾਲ ਸੰਬੰਧਤ ਕਹਾਣੀਆਂ ਸਨ। ਮੈਂ ਉਦੋਂ ਦੂਸਰੀ ਜਮਾਤ ਵਿੱਚ ਸਾਂ
ਅਤੇ ਕਿਤਾਬ ਦਾ ਨਾਮ ਆਪ ਪੜ੍ਹ ਸਕਦਾ ਸਾਂ। ਅਜੇ ਵੀ ਮੈਨੂੰ ਕੰਧ ਨਾਲ ਲੱਗੇ ਭਾਂਡੇ ਰੱਖਣ
ਵਾਲੇ ਲੱਕੜ ਦੇ ਲੰਮੇਂ ਵਾਧੇ ਉੱਤੇ ਪਈ ਉਹ ਕਿਤਾਬ ਦਿਸਦੀ ਹੈ। ਸਾਡੇ ਪਿੰਡ ਦੇ ਵਾਸੀ
ਸੂਰਜਜੀਤ ਸੰਧੂ ਕੋਲ ਪ੍ਰੀਤ-ਲੜੀ ਆਇਆ ਕਰਦੀ ਸੀ। ਜਿਵੇਂ ਮੈਂ ਦੱਸ ਆਇਆ ਹਾਂ, ਉਹ ਮੇਰੇ
ਪਿਤਾ ਲਈ ‘ਪ੍ਰੀਤ-ਲੜੀ’ ਲੈ ਕੇ ਆਉਂਦਾ ਤੇ ਸਾਡੀ ਡਿਓੜ੍ਹੀ ਵਿੱਚ ਬੈਠੇ ਬੰਦਿਆਂ ਨੂੰ ਉਸ
ਵਿਚੋਂ ਕੁੱਝ ਲੋੜੀਂਦੇ ਅੰਸ਼ ਵੀ ਪੜ੍ਹ ਕੇ ਸੁਣਾਉਂਦਾ। ਇੰਜ ਪ੍ਰੀਤ-ਲੜੀ ਦਾ ਪਾਠਕ ਵੀ ਮੈਂ
ਆਪਣੇ ਪਿਤਾ ਸਦਕਾ ਬਣਿਆ। ਜਦੋਂ ਅਜੇ ਮੇਰੀ ਪੜ੍ਹਣ ਦੀ ਉਮਰ ਵੀ ਨਹੀਂ ਸੀ ਉਦੋਂ ਵੀ ਰਾਤ ਨੂੰ
ਲਾਲਟੈਨ ਦੇ ਮੱਧਮ ਚਾਨਣ ਵਿੱਚ ਉਹ ਸਾਨੂੰ ਨਾਵਲ ਅਤੇ ਕਹਾਣੀਆਂ ਪੜ੍ਹ ਕੇ ਸੁਣਾਉਂਦਾ। ਮੈਂ
ਉਹਦੇ ਨਾਲ ਬਿਸਤਰੇ ਉੱਤੇ ਲੇਟਿਆ, ਉਹਨੂੰ ਪੜ੍ਹਦਿਆਂ ਅਤੇ ਕਿਤਾਬ ਦੇ ਵਰਕੇ ਉਥੱਲਦਿਆਂ
ਵੇਖਦਾ ਰਹਿੰਦਾ ਤੇ ਸੁਣਾਈ ਜਾ ਰਹੀ ਕਹਾਣੀ ਦੀ ਦੁਨੀਆਂ ਵਿੱਚ ਗੁੰਮਿਆ-ਗਵਾਚਿਆ ਕਲਪਨਾ ਦੇ
ਇਸ ਰੰਗ-ਬਰੰਗੇ ਸੰਸਾਰ ਵਿੱਚ ਤਾਰੀਆਂ ਲਾਉਂਦਾ। ਉਰਦੂ ਦੀ ਅਖ਼ਬਾਰ ਵਿੱਚੋਂ ਉਹ ਕੋਈ ਕਿਸ਼ਤਵਾਰ
ਨਾਵਲ ਪੜ੍ਹਦਾ। ਨਾਵਲ ਦੀ ਕਹਾਣੀ ਇਤਨੀ ਦਿਲਚਸਪ, ਖਿੱਚ-ਪਾਊ ਅਤੇ ਉਸ ਪੜਾਅ ਤੇ ਟੁੱਟਣ ਵਾਲੀ
ਹੁੰਦੀ ਕਿ ਅਗਲਾ ਹਫ਼ਤਾ ਉਡੀਕਣ ਦੀ ਲਲਕ ਓਸੇ ਪਲ ਤੋਂ ਮਨ ਨੂੰ ਬੇਚੈਨ ਕਰਨਾ ਸ਼ੁਰੂ ਕਰ
ਦਿੰਦੀ। ਮੇਰੀ ਮਾਂ ਵੀ ਦੂਜੇ ਮੰਜੇ ‘ਤੇ ਲੇਟੀ ਸਭ ਕੁੱਝ ਬੜੇ ਧਿਆਨ ਨਾਲ ਸੁਣਦੀ। ਅਸਲ ਵਿੱਚ
ਸੁਣਾ ਤਾਂ ਮੇਰਾ ਪਿਤਾ ਮੇਰੀ ਮਾਂ ਨੂੰ ਹੀ ਰਿਹਾ ਹੁੰਦਾ। ਮੈਨੂੰ ਤਾਂ ‘ਝੋਨੇ ਦੇ ਪੱਜ ਡੀਲੇ
ਨੂੰ ਪਾਣੀ ਆਉਣ’ ਵਾਲੀ ਗੱਲ ਸੀ। ਉਸ ਅਨੁਸਾਰ ਤਾਂ ਸ਼ਾਇਦ ਪੜ੍ਹੇ ਗਏ ਨੂੰ ਸੁਣਨ-ਸਮਝਣ ਦੀ
ਅਜੇ ਮੇਰੀ ਉਮਰ ਹੀ ਕਿੱਥੇ ਸੀ!
ਹੁਣ ਤੱਕ ਮੈਂ ਸਿਰਫ਼ ਇੱਕ ਸਰੋਤਾ ਸਾਂ। ਤੀਸਰੀ ਵਿੱਚ ਪੜ੍ਹਦਾ ਸਾਂ ਜਦੋਂ ਮੈਂ ਇੱਕ ਛੋਟੀ
ਜਿਹੀ ਪੁਸਤਕ ਖ਼ੁਦ ਪੜ੍ਹੀ ਜਿਹੜੀ ਪਾਠ-ਕ੍ਰਮ ਦੀ ਪੁਸਤਕ ਤੋਂ ਵੱਖਰੀ ਸੀ। ਸਾਡੇ ਅਧਿਆਪਕ
ਵੱਲੋਂ ਸਾਨੂੰ ਦੋ-ਦੋ ਤਿੰਨ-ਤਿੰਨ ਜਣਿਆਂ ਨੂੰ ਲਾਇਬ੍ਰੇਰੀ ਦੀ ਇੱਕ-ਇੱਕ ਛੋਟੀ ਕਿਤਾਬ
ਦਿੱਤੀ ਤਾਂ ਕਿ ਅਸੀਂ ਉਸਨੂੰ ਪੜ੍ਹ ਸਕੀਏ। ਇਹ ਸ਼ਾਇਦ ਬੱਚਿਆਂ ਵੱਚ ਪੜ੍ਹਨ-ਰੁਚੀ ਪੈਦਾ ਕਰਨ
ਦਾ ਸਾਡੇ ਅਧਿਆਪਕ ਜਾਂ ਮੁਖ-ਅਧਿਆਪਕ ਦਾ ਹੀ ਕੋਈ ਯਤਨ ਹੋਣਾ ਹੈ ਨਹੀਂ ਤਾਂ ਹੁਣ ਕਿੱਥੇ
ਪਿੰਡਾਂ ਵਿੱਚ ਬੱਚਿਆਂ ਨੂੰ ਏਸ ਉਮਰ ਵਿੱਚ ਲਾਇਬ੍ਰੇਰੀ ਦੀਆਂ ਕਿਤਾਬਾਂ ਉਚੇਚੇ ਤੌਰ ‘ਤੇ
ਪੜ੍ਹਨ ਲਈ ਦਿੱਤੀਆਂ ਜਾਂਦੀਆਂ ਨੇ! ਆਪ ਕਿਤਾਬ ਪੜ੍ਹ ਕੇ ਕਲਪਨਾ ਦੇ ਘੋੜੇ ਉੱਤੇ ਸਵਾਰ ਹੋ
ਕੇ ਕਹਾਣੀ ਦੇ ਨਾਲ ਨਾਲ ਤੁਰਨ ਦਾ ਆਨੰਦ ਹੀ ਅਲਹਿਦਾ ਸੀ। ਕਿਤਾਬ ਦੇ ਕਾਲੇ ਅੱਖਰਾਂ ਵਿਚੋਂ
ਰਾਜਕੁਮਾਰ ਘੋੜੇ ਤੇ ਅਸਵਾਰ ਹੋ ਕੇ ਨਿਕਲਿਆ ਅਤੇ ਬਾਗ਼-ਬਗੀਚਆਂ ਅਤੇ ਜੰਗਲਾਂ ਵਿਚੋਂ ਲੰਘਦਾ
ਮਹਿਲ ਦੀ ਛੱਤ ‘ਤੇ ਵਾਲ ਸੁਕਾਉਂਦੀ ਰਾਜਕੁਮਾਰੀ ਕੋਲ ਜਾ ਪਹੁੰਚਾ ਸੀ। ਉਸਨੂੰ ਵੇਖ ਕੇ
ਰਾਜਕੁਮਾਰੀ ਪਹਿਲਾਂ ਹੱਸਦੀ ਦਿਸੀ ਤੇ ਫਿਰ ਰੋਂਦੀ। ‘ਆਦਮ ਬੋ! ਆਦਮ ਬੋ’ ਕਰਦਾ ਦੈਂਤ ਵੀ
ਆਇਆ ਤੇ ਮੈਂ ਡਰ ਗਿਆ। ਰਾਜਕੁਮਾਰੀ ਨੇ ਮੱਖੀ ਬਣਾ ਕੇ ਰਾਜਕੁਮਾਰ ਨੂੰ ਕੰਧ ਨਾਲ ਚਿਪਕਾ
ਦਿੱਤਾ। ਮੈਨੂੰ ਸੁਖ ਦਾ ਸਾਹ ਆਇਆ ਜਦੋਂ ਦੈਂਤ ‘ਆਦਮ-ਜ਼ਾਤ’ ਨੂੰ ਲੱਭਦਾ ਲੱਭਦਾ ਘਰੋਂ ਬਾਹਰ
ਚਲਾ ਗਿਆ। ਰਾਜਕੁਮਾਰੀ ਦੇ ਦੱਸੇ ਅਨੁਸਾਰ ਪਿੰਜਰੇ ਵਿੱਚ ਪਏ ਤੋਤੇ ਨੂੰ, ਜਿਸ ਵਿੱਚ ਦੈਂਤ
ਦੀ ਜਾਨ ਸੀ, ਮਾਰ ਕੇ ਰਾਜਕੁਮਾਰ ਜਦੋਂ ਰਾਜਕੁਮਾਰੀ ਨੂੰ ਘੋੜੇ ਤੇ ਬਿਠਾ ਕੇ ਆਪਣੇ ਘਰ ਲਿਆ
ਰਿਹਾ ਸੀ ਤਾਂ ਮੈਂ ਉਹਨਾਂ ਦੇ ਨਾਲ ਹੀ ਘੋੜੇ ਉੱਤੇ ਬੈਠਾ ਹੋਇਆ ਸਾਂ।
ਕਾਲੇ ਅੱਖਰਾਂ ਦੀ ਕਿਆ ਸੁਨਹਿਰੀ ਕਰਾਮਾਤ ਸੀ! ਇਹ ਕੇਵਲ ਅੱਖਰ ਨਹੀਂ ਸਨ ਇਹ ਤਾਂ
ਜਿਊਂਦਾ-ਜਾਗਦਾ ਸੰਸਾਰ ਸੀ। ਇਹਨਾਂ ਕਾਲੀਆਂ ਸਤਰਾਂ ਵਿੱਚ ਹਾਸਾ, ਰੋਣਾ, ਸਹਿਮ, ਸੁਖ ਅਤੇ
ਹੋਰ ਕਿੰਨਾਂ ਕੁੱਝ ਸੀ ਜਿਹੜਾ ਇਹਨਾਂ ‘ਤੇ ਫਿਰਦੀ ਨਜ਼ਰ ਨਾਲ ਹੀ ਮਤਾਬੀ ਵਾਂਗ ਬਲ ਪੈਂਦਾ
ਸੀ। ਉਸਤੋਂ ਬਾਅਦ ਤਾਂ ਮੈਨੂੰ ਛਪੇ ਕਾਲੇ ਅੱਖਰਾਂ ਨਾਲ ਇਸ਼ਕ ਹੋ ਗਿਆ। ਮੈਂ ਵੱਡੀਆਂ ਜਮਾਤਾਂ
ਦੇ ਵਿਦਿਆਰਥੀਆਂ ਦੀਆਂ ਕਿਤਾਬਾਂ ਵੀ ਲੈ ਕੇ ਪੜ੍ਹਨ ਲੱਗਾ। ਘਰ ਆਉਂਦੀ ਪੰਜਾਬੀ ਦੀ ਅਖ਼ਬਾਰ
ਵਿੱਚ ਛਪਦੀਆਂ ਕਹਾਣੀਆਂ ਦੇ ਨਾਲ ਨਾਲ ਕਰਮ ਸਿੰਘ ਜ਼ਖ਼ਮੀ ਤੇ ਗਿਆਨੀ ਭਜਨ ਸਿੰਘ ਦੇ ਲਿਖੇ
ਕਿਸ਼ਤਵਾਰ ਇਤਿਹਾਸਕ ਨਾਵਲ ਵੀ ਬੜੀ ਰੀਝ ਨਾਲ ਪੜ੍ਹਣ ਲੱਗਾ। ਮੇਰਾ ਪਿਤਾ ਵੀ ਕਿਤਿਓਂ ਕੋਈ ਨਾ
ਕੋਈ ਨਾਵਲ-ਕਹਾਣੀ ਦੀ ਪੁਸਤਕ ਲੈ ਆਉਂਦਾ। ਸ਼ੁਰੂ ਵਿੱਚ ਮੈਂ ਆਪਣੇ ਪਿਤਾ ਦੁਆਰਾ ਲਿਆਂਦੇ ਹੋਏ
ਹੀ ਨਾਨਕ ਸਿੰਘ ਦੇ ਕੁੱਝ ਨਾਵਲ ਪੜ੍ਹੇ ਸਨ। ਸਕੂਲ ਜਾਣ ਸਮੇਂ ਜਦੋਂ ਲਾਇਬ੍ਰੇਰੀ ਵਿਚੋਂ
ਪੁਸਤਕਾਂ ਕਢਵਾ ਕੇ ਲਿਆਉਣ ਲੱਗਾ ਤਾਂ ਅਸੀਂ ਪਿਉ-ਪੁੱਤ ਵਾਰੀ ਵਾਰੀ ਉਹ ਪੁਸਤਕਾਂ ਪੜ੍ਹਦੇ।
ਕਈ ਵਾਰ ‘ਪਹਿਲਾਂ ਮੈਂ ਪੜ੍ਹਨਾ’ ਦੀ ਜ਼ਿਦ ਵੀ ਹੋ ਜਾਂਦੀ।
ਮੇਰੇ ਪਿਤਾ ਤੋਂ ਪਿੱਛੋਂ ਮੇਰੇ ਖ਼ਿਆਲਾਂ ਨੂੰ ਚੌੜਿੱਤਣ ਬਖ਼ਸ਼ਣ ਅਤੇ ਸਾਹਿਤ ਨਾਲ ਪਿਆਰ ਪੈਦਾ
ਕਰਨ ਲਈ ਮੇਰੇ ਕੁੱਝ ਅਧਿਆਪਕਾਂ ਦਾ ਵੀ ਯੋਗਦਾਨ ਰਿਹਾ ਹੈ।
ਸਭ ਤੋਂ ਪਹਿਲਾ ਤਾਂ ਸੀ ਮਾਸਟਰ ਹਰਚਰਨ ਸਿੰਘ। ਉਹ ਸਾਨੂੰ ਛੇਵੀਂ ਜਮਾਤ ਵਿੱਚ ਪੰਜਾਬੀ
ਪੜ੍ਹਾਉਣ ਲੱਗਾ। ਉਸ ਕੋਲ ਪੜ੍ਹਾਉਂਦਿਆਂ ਆਪਣੀ ਗੱਲ ਨੂੰ ਪੁਸ਼ਟ ਕਰਨ ਅਤੇ ਪ੍ਰਭਾਵਸ਼ਾਲੀ
ਬਨਾਉਣ ਲਈ ਬਹੁਤ ਸਾਰੀਆਂ ਲੋਕ-ਕਹਾਣੀਆਂ ਹੁੰਦੀਆਂ ਸਨ। ਉਸਨੂੰ ਮਜ਼ਾਹ ਦਾ ਰੰਗ ਮਿਲਾ ਕੇ
ਗੰਭੀਰ ਗੱਲਾਂ ਬੜੇ ਹੀ ਦਿਲਚਸਪ ਅੰਦਾਜ਼ ਵਿੱਚ ਸੁਨਾਉਣ ਦਾ ਹੁਨਰ ਆਉਂਦਾ ਸੀ। ਪੁਸਤਕ ਵਿਚਲਾ
ਪਾਠ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਪਿੱਛੋਂ ਉਹ ਉਸ ਪਾਠ ਨਾਲ ਜੁੜਦੀਆਂ ਹੋਰ ਗੱਲਾਂ ਅਤੇ
ਖ਼ਿਆਲ ਆਪਣੇ ਵਿਸ਼ਾਲ ਅਨੁਭਵ ‘ਚੋਂ ਸਾਡੇ ਨਾਲ ਸਾਂਝੇ ਕਰਦਾ। ਉਹ ਰਸ ਲੈ ਲੈ ਕੇ ਸਬਕ
ਪੜ੍ਹਾਉਂਦਾ। ਅਸੀਂ ਉਸ ਰਸ ਵਿੱਚ ਡੁੱਬੇ ਰਹਿੰਦੇ ਅਤੇ ਉਸਦੀ ਘੰਟੀ ਨੂੰ ਚਾਅ ਨਾਲ ਉਡੀਕਦੇ।
ਵੱਡੇ ਹੋ ਕੇ ਅਧਿਆਪਕ ਬਣਨ ਤੋਂ ਪਿੱਛੋਂ ਮੈਂ, ਲੱਗਦਾ ਹੈ, ਅਚੇਤ ਰੂਪ ਵਿੱਚ ਉਸਦੀ ਇਸ ਜੁਗਤ
ਨੂੰ ਅਪਣਾਇਆ ਅਤੇ ਇਸਤਰ੍ਹਾਂ ਵਿਦਿਆਰਥੀਆਂ ਨੂੰ ਆਪਣੀ ਕੀਲ ਵਿੱਚ ਲੈਣ ਦੀ ਕੋਸ਼ਿਸ਼ ਕਰਦਾ
ਰਿਹਾ। ਹਰਚਰਨ ਸਿੰਘ ਸਾਦਾ ਕੁੜਤਾ ਪਜਾਮਾ ਪਾਉਂਦਾ। ਖੇਸ ਦੀ ਬੁੱਕਲ ਮਾਰ ਕੇ ਸਕੂਲ ਆਉਂਦਾ।
ਛੁੱਟੀ ਹੁੰਦਿਆਂ ਦਾਤਰੀ ਅਤੇ ਰੱਸੀ ਲੈ ਕੇ ਪੱਠਿਆਂ ਦੀ ਪੰਡ ਵੱਢ ਕੇ ਸਿਰ ‘ਤੇ ਚੁੱਕ ਕੇ
ਲਿਆਉਂਦਾ। ਸ਼ਾਮ ਨੂੰ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਮਿਲ ਕੇ ਵਾਲੀਬਾਲ ਖੇਡਦਾ। ਉਸ ਕੋਲੋਂ
ਮੈਂ ਕਹਾਣੀ-ਰਸ ਦੇ ਮਹੱਤਵ, ਆਪਣੇ ਵਿਸ਼ਾਲ ਅਨੁਭਵ ‘ਚੋਂ ਵਿਭਿੰਨ ਰੰਗ ਲੈ ਕੇ ਸੰਬੰਧਤ ਪਾਠ
ਨੂੰ ਵਧੇਰੇ ਰੌਚਕ ਅਤੇ ਮੁੱਲਵਾਨ ਬਨਾਉਣ ਦੀ ਅਧਿਆਪਨ-ਕਲਾ ਦੇ ਨਾਲ ਨਾਲ ਕੰਮ ਨਾਲ ਪਿਆਰ ਅਤੇ
ਸਾਦਾ ਜੀਵਨ ਦੀ ਵਡਿਆਈ ਅਤੇ ਮਹੱਤਵ ਨੂੰ ਜਾਣਿਆ।
ਛੇਵੀਂ ਜਮਾਤ ਵਿੱਚ ਉਸਨੇ ਸਾਨੂੰ ਮੰਟੋ ਦੀ ਕਹਾਣੀ ‘ਟੋਭਾ ਟੇਕ ਸਿੰਘ’ ਦੇ ਕਿਰਦਾਰ ਬਾਰੇ
ਜਾਣਕਾਰੀ ਦਿੱਤੀ ਅਤੇ ਹਿੰਦ-ਪਾਕਿ ਦੀ ਦੁਖਾਂਤਕ-ਵੰਡ ਦੀ ਹਕੀਕਤ ਨੂੰ ਖੋਲ੍ਹ ਕੇ ਦੱਸਿਆ।
ਅਸੀਂ ਮੁੰਡੇ ਉਸ ਕਹਾਣੀ ਦੇ ਪਾਤਰ ਬਿਸ਼ਨ ਸਿੰਘ ਦੇ ਤਕੀਆ-ਕਲਾਮ ‘ਔਪੜ ਦੀ ਗੜ ਗੜ ਦਿ ਅਨੈਕਸ
ਦੀ ਬੇਧਿਆਨਾ ਦੀ ਮੂੰਗ ਦੀ ਦਾਲ ਦੀ ਪਾਕਿਸਤਾਨ ਐਂਡ ਹਿੰਦੁਸਤਾਨ ਆਫ਼ ਦੀ ਦੁਰ-ਫਿੱਟੇ-ਮੂੰਹ!’
ਨੂੰ ਅਕਸਰ ਦੁਹਰਾਉਂਦੇ ਰਹਿੰਦੇ। ਇਸਤਰ੍ਹਾਂ ਅਸੀਂ ਝੂਠੀ-ਮੂਠੀ ਦੀ ਅੰਗਰੇਜ਼ੀ ਬੋਲ ਕੇ ਖ਼ੁਸ਼
ਵੀ ਹੁੰਦੇ ਪਰ ਅਚੇਤ ਮਨ ਵਿੱਚ ਕਿਧਰੇ ਬਿਸ਼ਨ ਸਿੰਘ ਦਾ ਹਾਉਕਾ ਵੀ ਬੀਜਆ ਜਾ ਚੁੱਕਾ ਸੀ।
ਹਰਚਰਨ ਸਿੰਘ ਨੇ ਹੀ ਸ਼ਬਦਾਂ ਵਿੱਚ ਲੁਕੇ ਅਰਥਾਂ ਦੇ ਰਹੱਸ ਨਾਲ ਜਾਣ-ਪਛਾਣ ਕਰਾਈ। ਇੱਕ ਦਿਨ
ਉਸਨੇ ਸਾਨੂੰ ਦੱਸਿਆ ਕਿ ਮੁਸਲਿਮ ਅਖ਼ਬਾਰਾਂ ਵਿੱਚ ਉਹ ਮਹਾਤਮਾ ਗਾਂਧੀ ਨੂੰ ‘ਮਹਾਂ’
‘ਤਮ੍ਹਾਂ’ ਗਾਂਧੀ ਲਿਖਦੇ ਸਨ। ਭਾਵ ਕਿ ਉਹਨਾਂ ਮੁਤਾਬਕ ਗਾਂਧੀ ਨਾਂ ਦਾ ਹੀ ਮਹਾਤਮਾ ਸੀ ਉਂਜ
ਉਸ ਅੰਦਰ ਦੇਸ ਦੀ ਸਿਆਸਤ ਵਿੱਚ ਕੇਵਲ ਤੇ ਕੇਵਲ ਆਪਣੀ ਚੱਲਦੀ ਵੇਖਣ ਦੀ ਬਹੁਤ ਭਾਰੀ (ਮਹਾਂ)
‘ਤਮ੍ਹਾਂ’ (ਲਾਲਚ) ਸੀ।
ਅਖ਼ਬਾਰਾਂ ਵਿੱਚ ਇਸ਼ਤਿਹਾਰ-ਬਾਜ਼ੀ ਦੇ ਹੁਨਰ ਬਾਰੇ ਦੱਸਦਿਆਂ ਉਸਨੇ ਕਿਹਾ ਸੀ ਕਿ ਇਸ਼ਤਿਹਾਰ ਓਨਾ
ਹੀ ਵਧੇਰੇ ਪੜ੍ਹਿਆ ਜਾਵੇਗਾ ਜਿੰਨਾਂ ਉਸ ਦੀ ਭਾਸ਼ਾ ਪੜ੍ਹਨ ਵਾਲੇ ਦੇ ਮਨ ਵਿੱਚ ਉਤਸੁਕਤਾ
ਪੈਦਾ ਕਰਨ ਦੇ ਸਮਰੱਥ ਹੋਵੇਗੀ। ਉਹਨੇ ਅਖ਼ਬਾਰ ਵਿਚੋਂ ਇੱਕ ਇਸ਼ਤਿਹਾਰ ਦੀ ਇਬਾਰਤ ਪੜ੍ਹ ਕੇ
ਸੁਣਾਈ ਜੋ ਕੁੱਝ ਇਸਤਰ੍ਹਾਂ ਸ਼ੁਰੂ ਹੁੰਦੀ ਸੀ, ‘ਮੈਨੂੰ ਬਿਲਕੁਲ ਨਾ ਪੜ੍ਹਨਾਂ!’ ਉਸ
ਇਸ਼ਤਿਹਾਰ ਦਾ ਇਹ ਸਿਰਲੇਖ ਹੀ ਵਰਜਿਤ-ਫ਼ਲ ਨੂੰ ਚੱਖਣ ਜਿਹੀ ਜੁਗਿਆਸਾ ਪੈਦਾ ਕਰਕੇ ਸਾਰੇ
ਇਸ਼ਤਿਹਾਰ ਨੂੰ ਇੱਕੋ-ਸਾਹੇ ਪੜ੍ਹ ਜਾਣ ਲਈ ਉਤੇਜਤ ਕਰਦਾ ਸੀ।
ਸ਼ਾਇਦ ਰਚਨਾ ਵਿੱਚ ਜੁਗਿਆਸਾ ਕਾਇਮ ਰੱਖਣ ਦੀ ਜੁਗਤ ਦਾ ਕੋਈ ਕਿਣਕਾ ਮਾਸਟਰ ਹਰਚਰਨ ਸਿੰਘ
ਦੀਆਂ ਪਾਠ-ਕ੍ਰਮ ਤੋਂ ਬਾਹਰਲੀਆਂ ਇਹਨਾਂ ਗੱਲਾਂ ਵਿਚੋਂ ਸਹਿਜੇ ਹੀ ਮੇਰੇ ਅੰਦਰ ਵੀ ਡਿੱਗ
ਪਿਆ ਹੋਵੇ!
ਸਾਡਾ ਡਰਾਇੰਗ ਮਾਸਟਰ ਹੁੰਦਾ ਸੀ, ਵਿਲੀਅਮ। ਇਹ ਵੀ ਪੰਜਵੀਂ-ਛੇਵੀਂ ਦੀਆਂ ਗੱਲਾਂ ਨੇ। ਉਹਨੇ
ਸੇਬ ਜਾਂ ਕੇਲਾ ਬਲੈਕਬੋਰਡ ਉੱਤੇ ਵਾਹ ਦੇਣਾ ਅਤੇ ਸਾਨੂੰ ਉਹਦੀ ਤਸਵੀਰ ਬਨਾਉਣ ਲਈ ਆਖਣਾ।
‘ਮਾਡਲ’ ਵਾਹ ਕੇ ਵਿਹਲਾ ਹੋ ਚੁੱਕਾ ਵਿਲੀਅਮ ਕੋਈ ਨਾ ਕੋਈ ਕਹਾਣੀ ਛੁਹ ਲੈਂਦਾ। ਉਸ ਕੋਲ ਵੀ
ਕਹਾਣੀ ਕਹਿਣ ਦਾ ਕਮਾਲ ਦਾ ਹੁਨਰ ਸੀ। ਅਸੀਂ ਕੀਲੇ ਹੋਏ ਉਸਦੀਆਂ ਗੱਲਾਂ ਸੁਣਦੇ। ਵਿੱਚ ਵਿੱਚ
ਉਹ ਕਿਸੇ ਕਿਸੇ ਦੇ ਬਣਾਏ ਕੇਲੇ-ਸੰਤਰੇ ਦੀ ਸੁਧਾਈ ਵੀ ਕਰਦਾ ਰਹਿੰਦਾ। ਉਸਦੇ ਇਸੇ ਗੁਣ ਕਰਕੇ
ਅਸੀਂ ਉਸਦੇ ਮੱਛੀਆਂ ਫੜ੍ਹਨ ਲਈ ਆਪਣੇ ਖੇਤਾਂ ਵਿੱਚ ਜਾ ਕੇ ਖਾਲਾਂ ਵਿਚੋਂ ਗੰਡੋਏ ਪੁੱਟ ਕੇ
ਖ਼ੁਸ਼ੀ ਖ਼ੁਸ਼ੀ ਉਸਦੀ ਸੇਵਾ ਵਿੱਚ ਹਾਜ਼ਰ ਕਰਦੇ।
ਹਰਚਰਨ ਸਿੰਘ ਅਤੇ ਵਿਲੀਅਮ ਨੇ ਕਹਾਣੀ ਸੁਣਨ ਦੀ ਮੇਰੀ ਭੁੱਖ ਨੂੰ ਤ੍ਰਿਪਤ ਕਰਨ ਅਤੇ ਕਹਾਣੀ
ਨਾਲ ਪ੍ਰੇਮ ਪਾਉਣ ਵਿੱਚ ਵੱਡਾ ਰੋਲ ਅਦਾ ਕੀਤਾ।
ਗਿਆਨੀ ਨਿਰੰਜਣ ਸਿੰਘ ਅਜਿਹਾ ਅਧਿਆਪਕ ਸੀ ਜਿਸਦਾ ਇਸ ਗੱਲ ਉੱਤੇ ਜ਼ੋਰ ਹੁੰਦਾ ਕਿ ਪੰਜਾਬੀ ਦੀ
ਸੰਬੰਧਤ ਸ਼੍ਰੇਣੀ ਦੀ ਪਾਠ-ਪੁਸਤਕ ਦਾ ਹਰੇਕ ਲੇਖ, ਕਵਿਤਾ ਅਤੇ ਕਹਾਣੀ ਸਾਨੂੰ ਜ਼ਬਾਨੀ ਯਾਦ
ਹੋਣੀ ਚਾਹੀਦੀ ਹੈ ਅਤੇ ਉਹ ਇਸ ਗੱਲ ਉੱਤੇ ਡਟਵਾਂ ਪਹਿਰਾ ਦੇ ਕੇ ਸਾਨੂੰ ਪਾਠ-ਪੁਸਤਕ ਯਾਦ
ਕਰਵਾਉਂਦਾ। ਉਸ ਵੇਲੇ ਦੀਆਂ ਯਾਦ ਕੀਤੀਆਂ ਕਈ ਕਵਿਤਾਵਾਂ ਅਜੇ ਵੀ ਮੇਰੇ ਚੇਤੇ ਵਿੱਚੋਂ ਪਾਣੀ
ਵਾਂਗ ਵਹਿ ਨਿਕਲਦੀਆਂ ਹਨ। ਜ਼ਬਾਨੀ ਯਾਦ ਕੀਤੀਆਂ ਅਤੇ ਵਾਰ ਵਾਰ ਦੁਹਰਾਈਆਂ ਅਤੇ ਸੁਣਾਈਆਂ
ਜਾਣ ਵਾਲੀਆਂ ਇਹਨਾਂ ਕਵਿਤਾਵਾਂ ਦੀ ਬਦੌਲਤ ਹੀ ਮੇਰਾ ਕਵਿਤਾ ਨਾਲ ਪਿਆਰ ਪਿਆ ਤੇ ਮੈਨੂੰ
ਕਵਿਤਾ ਦੇ ਮੀਟਰ, ਬਹਿਰ ਅਤੇ ਵਜ਼ਨ ਦੀ ਵੀ ਸਹਿਜ-ਸੋਝੀ ਮਿਲ ਗਈ। ਬਿਨਾਂ ਕਿਸੇ ਬਾਕਾਇਦਾ
ਸਿੱਖਿਆ ਦੇ ਮੈਨੂੰ ਕਵਿਤਾ ਵਿੱਚ ਵਜ਼ਨ ਦੀ ਘਾਟ-ਵਾਧ ਦਾ ਤੁਰੰਤ ਪਤਾ ਚੱਲ ਜਾਂਦਾ ਹੈ। ਰਚਨਾ
ਨੂੰ ਜ਼ਬਾਨੀ ਯਾਦ ਕਰਨ ਨਾਲ ਹਰੇਕ ਸ਼ਬਦ ਅਤੇ ਵਾਕ ਨੂੰ ਨੇੜਿਓਂ ਜਾ ਕੇ ਮਿਲਣ, ਸਮਝਣ ਅਤੇ
ਮਾਨਣ ਦਾ ਮੌਕਾ ਮਿਲਦਾ।
ਸ਼ਬਦਾਂ ਦੇ ਏਨਾ ਨੇੜੇ ਜਾ ਕੇ ਅਤੇ ਹਰ ਪਲ ਯਾਦ ਵਿੱਚ ਵੱਸੇ ਹੋਣ ਕਰਕੇ ਪ੍ਰਾਪਤ ਹੋਈ ‘ਸ਼ਬਦਾਂ
ਦੀ ਰਹੱਸਮਈ ਤਾਕਤ’ ਨੂੰ ਵੀ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਸਤਵੀਂ ਵਿੱਚ ਪੜ੍ਹਦਾ ਸਾਂ
ਜਦੋਂ ਸ਼ਹੀਦ ਭਗਤ ਸਿੰਘ ਨਾਲ ਸੰਬੰਧਤ ਇੱਕ ਲੇਖ ਪਾਠ-ਪੁਸਤਕ ਵਿੱਚੋਂ ਪੜ੍ਹਿਆ ਅਤੇ ਯਾਦ
ਕਰਦਿਆਂ ਮੈਂ ਸ਼ਬਦਾਂ ਦੇ ਰਾਹੀਂ ਭਗਤ ਸਿੰਘ ਦੇ ਏਨਾ ਨੇੜੇ ਚਲਾ ਗਿਆ ਕਿ ਇੱਕ ਮਹਾਂਨਾਇਕ
ਵਾਂਗ ਉਹ ਮੇਰੇ ਅੰਦਰ ਵੱਸ ਗਿਆ। ਗ਼ਲਤ ਨਿਜ਼ਾਮ ਨੂੰ ਬਦਲਣ ਦੀ ਤਾਂਘ ਰੱਖਣ ਅਤੇ ਲੋੜੀਂਦਾ ਕਰਮ
ਕਰਨ ਦੀ ਪਹਿਲੀ ਚੰਗਿਆੜੀ ਮੇਰੇ ਅੰਦਰ ਇਸ ਲੇਖ ਨੇ ਪੈਦਾ ਕੀਤੀ। ਸ਼ਾਇਦ ਇਹ ਚਿਣਗ ਨਾ ਜਾਗਦੀ
ਜਾਂ ਕਿਤੇ ਪਿੱਛੋਂ ਜਾ ਕੇ ਜਾਗਦੀ ਜੇ ਗਿਆਨੀ ਨਿਰੰਜਣ ਸਿੰਘ ਦੀ ਬਦੌਲਤ ਮੈਂ ਸ਼ਬਦ ਦੇ ਏਨਾ
ਨੇੜੇ ਨਾ ਪੁੱਜਦਾ ਅਤੇ ਉਹ ਸ਼ਬਦ ਮੇਰੀ ਯਾਦ-ਤਖ਼ਤੀ ‘ਤੇ, ਮੇਰੇ ਮਨ-ਮਸਤਕ ਉੱਤੇ ਮੈਨੂੰ ਹਮੇਸ਼ਾ
ਲਿਖੇ ਦਿਖਾਈ ਨਾ ਦਿੰਦੇ ਰਹਿੰਦੇ; ਉਹਨਾਂ ਨੂੰ ਯਾਦ ਕਰਨ ਲਈ ਵਾਰ ਵਾਰ ਰੱਟਾ ਨਾ ਲਾਉਂਦਾ
ਅਤੇ ਹੌਲੀ ਹੌਲੀ ਯਾਦ ਕੀਤੇ ਨੂੰ ਆਪਣੀ ਆਤਮਾ ਦਾ ਹਿੱਸਾ ਨਾ ਬਣਾ ਲੈਂਦਾ!
ਗਿਆਨੀ ਨਿਰੰਜਣ ਸਿੰਘ ਜਦੋਂ ਕੋਈ ਲੇਖ ਜਾਂ ਅਰਜ਼ੀ ਲਿਖਵਾਉਂਦਾ ਤਾਂ ਕਾਪੀਆਂ ਚੁਕਵਾ ਕੇ ਆਪਣੇ
ਘਰ ਲੈ ਜਾਂਦਾ। ‘ਕੱਲ੍ਹੇ ‘ਕੱਲ੍ਹੇ ਮੁੰਡੇ ਦੀ ਕਾਪੀ ਵੇਖਦਾ। ਇੱਕ ਇੱਕ ਅੱਖਰ ਪੜ੍ਹਦਾ ਤੇ
ਲਾਲ ਪੈੱਨ ਨਾਲ ਸ਼ਬਦ-ਜੋੜਾਂ, ਕੌਮਿਆਂ, ਬਿੰਦੀਆਂ-ਟਿੱਪੀਆਂ ਦੀਆਂ ਗ਼ਲਤੀਆਂ ਲਾਉਂਦਾ। ਫਿਰ
ਕਿਸੇ ਦਿਨ ਕਾਪੀਆਂ ਮੰਗਵਾ ਕੇ ਜਮਾਤ ਦੇ ਮੇਜ਼ ਉੱਤੇ ਰੱਖਦਾ। ਹਰੇਕ ਮੁੰਡੇ ਨੂੰ ਵਾਰੀ ਵਾਰੀ
ਕੋਲ ਬੁਲਾਉਂਦਾ, ਗ਼ਲਤੀਆਂ ਵਿਖਾਉਂਦਾ ਤੇ ਠੀਕ ਕਰਨ ਦਾ ਵੱਲ ਸਮਝਾਉਂਦਾ ਤੇ ਕਿਸੇ ਕਿਸੇ
ਖ਼ਰ-ਦਿਮਾਗ਼ ਨੂੰ ਚਪੇੜਾਂ ਦਾ ਪ੍ਰਸ਼ਾਦ ਵੀ ਛਕਾਉਂਦਾ। ਪੰਜਾਬੀ ਨੂੰ ਸ਼ੁਧ ਅਤੇ ਧਿਆਨ ਨਾਲ
ਪੜ੍ਹਨ-ਲਿਖਣ ਪਿੱਛੇ ਉਸਦੀ ਦੇਣ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ।
ਉਸਦੇ ਵਿਦਿਆਰਥੀਆਂ ਨੂੰ ਝਿੜਕਦੇ ਬੋਲਾਂ ਵਿੱਚ ਅਜੀਬ ਰੰਗੀਨੀ ਅਤੇ ਹਾਸ-ਵਿਅੰਗ ਹੁੰਦਾ। ਉਹ
‘ਕੀ ਸਦੇ’ ਤਕੀਆ-ਕਲਾਮ ਦੀ ਅਕਸਰ ਵਰਤੋਂ ਕਰਦਾ ਅਤੇ ‘ਭੂਤਨੀ ਦਿਆ’ ਕਹਿ ਕੇ ਗੱਲ ਸ਼ੁਰੂ
ਕਰਦਾ। ਕਈ ਸਾਲ ਗੁਜ਼ਰ ਜਾਣ ਬਾਅਦ ਵੀ ਜਦੋਂ ਅਸੀਂ ਪੁਰਾਣੇ ਜਮਾਤੀ ਕਿਤੇ ਮਿਲਦੇ ਤੇ ਸਕੂਲ
ਵੇਲੇ ਦੀਆਂ ਗੱਲਾਂ ਕਰਦੇ ਤਾਂ ਗਿਆਨੀ ਨਿਰੰਜਣ ਸਿੰਘ ਦੀਆਂ ਝਿੜਕਾਂ ਦਾ ਭਾਸ਼ਾਈ-ਮੁਹਾਵਰਾ
ਦੁਹਰਾ ਕੇ ਸਵਾਦ ਲੈਂਦੇ। ਮਸਲਨ: ਇੱਕ ਵਾਰ ਸਾਡਾ ਜਮਾਤੀ ਅਤਰ ਸਿੰਘ ਉਸਦੇ ਪੀਰੀਅਡ ਵਿੱਚ
ਗੱਲਾਂ ਕਰਨੋਂ ਨਾ ਹਟੇ। ਗਿਆਨੀ ਨੇ ਉਸਨੂੰ ਵਰਜਿਆ, “ਉਏ ਭੂਤਨੀ ਦਿਆ ਅਤਰਿਆ! ਕੀ ਸਦੇ, ਤੂੰ
ਕੀ ਕੁਕੜੀ ਦੀ ਤਰ੍ਹੇ ਕੁੜ ਕੁੜ ਲਾਈ ਹੋਈ ਏ। ਆਰਾਮ ਨਾਲ ਬੈਠ। ਨਹੀਂ ਤਾਂ ਮੈਂ ਤੇਰੇ, ਕੀ
ਸਦੇ, ਓਥੇ ਮਾਰਾਂਗਾ, ਜਿੱਥੋਂ ਘਰ ਜਾ ਕੇ ਜਾ ਕੇ ਮਾਂ ਨੂੰ ਵੀ ਵਿਖਾਉਣ ਜੋਗਾ ਨਾ ਰਹਵੇਂ।”
ਪਰ ਅਤਰ ਸਿੰਘ ‘ਅਰਾਮ ਨਾਲ’ ਨਾ ਬੈਠਿਆ ਤੇ ਕੁੱਝ ਪਲਾਂ ਬਾਅਦ ਫਿਰ ‘ਕੁੜ-ਕੁੜ’ ਸ਼ੁਰੂ ਕਰ
ਦਿੱਤੀ ਤਾਂ ਗਿਆਨੀ ਨੇ ਭਾਸ਼ਾਈ-ਬਾਣ ਛੱਡਿਆ, “ਉਏ ਭੂਤਨੀ ਦਿਆ ਮੈਂ ਤੈਨੂੰ ਕੁੜ-ਕੁੜ ਬੰਦ
ਕਰਨ ਲਈ ਕਿਹਾ; ਪਰ ਤੂੰ ਸਗੋਂ ਮੱਛਰਦਾ ਹੀ ਜਾਂਦੈ। ਤੂੰ ਸਮਝਦੈਂ ਕਿ ਟਟਿਆਹੁਲੀ ਦੀ ਤਰ੍ਹੇ,
ਕੀ ਸਦੇ, ਤੂੰ ਹੀ ਅਸਮਾਨ ਆਪਣੀਆਂ ਟੰਗਾਂ ਤੇ ਖੜਾ ਕੀਤਾ ਹੋਇਐ। ਟਟਿਆਹੁਲੀ ਵੀ ਇੰਜ ਹੀ
ਸਮਝਦੀ ਸੀ ਤੇ ਟੰਗਾਂ ਅਸਮਾਨ ਵੱਲ ਕਰਕੇ ਪਈ ਸੀ ਪਰ ਜਦੋਂ ਕਾਂ ਨੇ ਆ ਕੇ ‘ਓਥੇ’ ਕਰਕੇ ਚੁੰਝ
ਮਾਰੀ ਤਾਂ ਫਿਰ ਕਰਦੀ ਫਿਰੇ, ‘ਆਏ, ਕੀ ਕੀਤਾ! ਹਾਏ, ਕੀ ਕੀਤਾ’। ਫਿਰ ਜੂ; ਭੂਤਨੀ ਦਿਆ
ਅਤਰਿਆ! ਟਟਿਆਹੁਲੀ ਦੀ ਤਰ੍ਹੇ, ਕੀ ਸਦੇ, ਕਰਦਾ ਫਿਰੇਂਗਾ, ‘ਆਏ ਕੀ ਕੀਤਾ! ਹਾਏ ਕੀ ਕੀਤਾ’
; ਹੁਣੇ ਅਰਾਮ ਨਾਲ ਬੈਠ ਖਾਂ ਉਏ।”
ਇਸਤੋਂ ਬਾਅਦ ਅਤਰ ਨੇ ਉਸਦੀ ਜਮਾਤ ਵਿੱਚ ਮੁੜ ਕਦੀ ‘ਕੁੜ-ਕੁੜ’ ਨਾ ਕੀਤੀ।
ਇੱਕ ਵਾਰ ਗਿਆਨੀ ਨੇ ਵਿਦਿਆਰਥੀਆਂ ਤੋਂ ਆਮ ਪੁੱਛਿਆ ਜਾਣ ਵਾਲਾ ਸਵਾਲ ਕੀਤਾ, ‘ਤੁਸੀਂ ਵੱਡੇ
ਹੋ ਕੇ ਕੀ ਬਣਨਾ ਚਾਹੁੰਦੇ ਹੋ?’ ਸਾਰਿਆਂ ਨੇ ਆਪੋ ਆਪਣਾ ਜਵਾਬ ਦਿੱਤਾ। ਮੈਨੂੰ ਆਪਣਾ ਜਵਾਬ
ਤਾਂ ਚੇਤੇ ਨਹੀਂ ਰਿਹਾ ਪਰ ਜੋਗਿੰਦਰ ਦਾ ਜਵਾਬ ਯਾਦ ਹੈ ਜਿਸਨੇ ਕਿਹਾ ਸੀ, “ਮਾਸਟਰ ਜੀ ਮੈਂ
ਟਰੱਕ ਡਰੈਵਰ ਬਣਨਾ ਚਾਹੁੰਦਾ ਹਾਂ।” ਸਾਰੀ ਜਮਾਤ ਖਿੜ-ਖਿੜਾ ਕੇ ਹੱਸ ਪਈ। ਜੋਗਿੰਦਰ ਵੱਡੀ
ਸਾਰੀ ਢਿੱਲੜ ਜਿਹੀ ਪੱਗ ਬੰਨ੍ਹਦਾ ਜਿਸਦੇ ਆਖ਼ਰੀ ਪੱਲੇ ਨੂੰ ਉਹ ਕੁੱਝ ਇਸਤਰ੍ਹਾਂ ਵਲ੍ਹੇਟਦਾ
ਕਿ ਉਸਦੀ ਸੱਜੀ ਅੱਖ ਅੱਧੀ ਕੁ ਕੱਜੀ ਰਹਿੰਦੀ। ਆਪਣੀ ਜ਼ਿੰਦਗੀ ਦਾ ਭਵਿੱਖੀ-ਸੁਪਨਾ ਸੁਣਾ ਕੇ
ਹਟੇ ਜੋਗਿੰਦਰ ਨੂੰ ਅਜੇ ਕੁੱਝ ਚਿਰ ਹੀ ਹੋਇਆ ਸੀ ਕਿ ਗਿਆਨੀ ਨੇ ਕੱਲ੍ਹ ਪੜ੍ਹਾਏ ਫ਼ਰੀਦ ਦੇ
ਸਲੋਕਾਂ ਦੇ ਅਰਥ, ਵਿਦਿਆਰਥੀਆਂ ਕੋਲੋਂ, ਸੁਣਨੇ ਸ਼ੁਰੂ ਕਰ ਦਿੱਤੇ। ਜੋਗਿੰਦਰ ਦੀ ਵਾਰੀ ਆਈ
ਤਾਂ ਉਹ ਸਲੋਕਾਂ ਦੇ ਅਰਥ ਨਾ ਕਰ ਸਕਿਆ। ਗਿਆਨੀ ਨੇ ਉਸਨੂੰ ਕੋਲ ਸੱਦਿਆ ਅਤੇ ਅੱਖ ‘ਤੇ ਸਰਕ
ਆਏ ਉਸਦੀ ਪੱਗ ਦੇ ਪੱਲੇ ਨੂੰ ਉਤਾਂਹ ਕਰਕੇ ਉਸਦੇ ਕੰਨ ਨੂੰ ਫੜ੍ਹ ਕੇ ਜ਼ੋਰ ਦੀ ਹਲੂਣਦਿਆਂ
ਕਹਿੰਦਾ, “ਭੂਤਨੀ ਦਿਆ, ਕੀ ਸਦੇ, ਕੀ ਕਹਿਦੈਂ, ਟਰੱਕ ਡਰੈਵਰ ਬਣਨੈਂ?” ਫਿਰ ਉਸਨੇ ਉਸਦੀ
ਢਿੱਲੜ ਜਿਹੀ ਪੱਗ ਨੁੰ ਹੋਰ ਉਤਾਂਹ ਕਰਦਿਆਂ ਉਸਦੀ ਗੱਲ੍ਹ ਨੰਗੀ ਕੀਤੀ ਤੇ ਜ਼ੋਰ ਦੀ ਚਪੇੜ
ਉਹਦੇ ਮੂੰਹ ‘ਤੇ ਮਾਰ ਕੇ ਕਹਿੰਦਾ, “ਭੂਤਨੀ ਦਿਆ! ਕੀ ਸਦੇ, ਆਹ ਹਵਾਈ ਜਹਾਜ਼ ਜਿਹਾ ਤਾਂ
ਅੱਖਾਂ ਤੋਂ ‘ਤਾਂਹ ਕਰਕੇ ਰੱਖ। ਐਵੇਂ ਕਿਤੇ ਗੱਡੀ ਖੱਡਿਆਂ ‘ਚ ਮਾਰੇਂਗਾ। ਅਖ਼ੇ: ਮੈਂ ਟਰੱਕ
ਡਰੈਵਰ ਬਣਨੈਂ।”
ਠੀਕ ਤਰ੍ਹਾਂ ਸਬਕ ਨਾ ਸੁਣਾ ਸਕਣ ਤੋਂ ਇਲਾਵਾ ਉਸਨੂੰ ਇਸ ਗੱਲ ਦੀ ਵੀ ਖਿਝ ਸੀ ਕਿ ਉਸਦੇ
ਵਿਦਿਆਰਥੀ ਨੇ ਭਵਿੱਖ ਦਾ ਕੋਈ ਵੱਡਾ ਸੁਪਨਾ ਕਿਉਂ ਨਹੀਂ ਲਿਆ!
ਕੁਝ ਵੀ ਸੀ, ਗਿਆਨੀ ਨਿਰੰਜਣ ਸਿੰਘ ਦੇ ਟੇਢੇ ਬੋਲਾਂ ਵਿੱਚ ਲੁਕੇ ਹਾਸ-ਵਿਅੰਗ ਦਾ ਮੇਰੇ
ਅਵਚੇਤਨ ਦਾ ਵੀ ਕੋਈ ਹਿੱਸਾ ਬਣ ਜਾਣਾ ਅਸਲੋਂ ਝੂਠ ਨਹੀਂ ਹੋ ਸਕਦਾ।
ਸਤਵੀਂ ਵਿੱਚ ਸਾਨੂੰ ਇੱਕ ਹੋਰ ਨਵਾਂ ਅਧਿਆਪਕ ਵੀ ਪੜ੍ਹਾਉਣ ਆਣ ਲੱਗਾ। ਸਾਡੇ ਪਿੰਡ ਸ਼ਾਇਦ
ਉਸਦੀ ਅਧਿਆਪਕ ਵਜੋਂ ਇਹ ਪਹਿਲੀ ਹੀ ਨਿਯੁਕਤੀ ਸੀ। ਉਸਦਾ ਨਾਂ ਸੁਖਦੇਵ ਸਿੰਘ ਸੀ। ਉਹ ਸਾਨੂੰ
ਅਖ਼ਬਾਰਾਂ ਦੀਆਂ ਦਿਲਚਸਪ ਖ਼ਬਰਾਂ ਅਤੇ ਹਵਾਲੇ ਵੀ ਸੁਣਾਉਂਦਾ ਰਹਿੰਦਾ। ਮੈਨੂੰ ਯਾਦ ਹੈ ਉਸਨੇ
ਅਖ਼ਬਾਰ ਤੋਂ ਸਾਨੂੰ ਉਸ ਵੇਲੇ ਦੇ ਕੇਂਦਰੀ ਵਿਦਿਆ ਮੰਤਰੀ ਅਬੁੱਲ ਕਲਾਮ ਆਜ਼ਾਦ ਦੀ ਤਸਵੀਰ
ਵਿਖਾਉਂਦਿਆਂ ਉਸਦੀ ਜ਼ਹਾਨਤ ਬਾਰੇ ਦੱਸਿਆ ਸੀ ਅਤੇ ਫਿਰ ਉਸਦੀ ਟੋਪੀ ਅਤੇ ਨਿੱਕੀਆਂ ਮੁੱਛਾਂ
ਵਾਲੀ ਤਸਵੀਰ ਬਲੈਕਬੋਰਡ ਉੱਤੇ ਬਣਾ ਕੇ ਸਾਨੂੰ ਮਨੁੱਖੀ ਸ਼ਕਲ ਬਨਾਉਣ ਦਾ ਵੱਲ ਵੀ ਦੱਸਿਆ।
ਉਸਨੇ ਸਾਨੂੰ ਉਹਨਾਂ ਦਿਨਾਂ ਵਿੱਚ ਵਾਪਰੀ ਅਤੇ ਹਰ ਰੋਜ਼ ਅਖ਼ਬਾਰਾਂ ਵਿੱਚ ਛਪ ਰਹੀ ਬੂਟਾ
ਸਿੰਘ-ਜੈਨਬ ਦੀ ਪ੍ਰੇਮ- ਕਹਾਣੀ ਬੜੇ ਵਿਸਥਾਰ ਵਿੱਚ ਸੁਣਾਈ।
ਸੰਤਾਲੀ ਵੇਲੇ ਜ਼ੈਨਬ ਨਾਂ ਦੀ ਮੁਟਿਆਰ ਦਾ ਬੂਟਾ ਸਿੰਘ ਨਾਲ ਵਿਆਹ ਹੋ ਗਿਆ ਸੀ ਅਤੇ ਉਹਨਾਂ
ਦੀ ਇੱਕ ਧੀ ਵੀ ਸੀ। ਪਰ ਕੁੱਝ ਸਾਲਾਂ ਬਾਅਦ ਦੋਵਾਂ ਸਰਕਾਰਾਂ ਦੇ ਆਪਸੀ ਸਮਝੌਤੇ ਅਨੁਸਾਰ
ਦੋਵਾਂ ਮੁਲਕਾਂ ਵਿੱਚ ਪਿੱਛੇ ਰਹਿ ਗਈਆਂ ਜਾਂ ਉਧਾਲੀਆਂ ਗਈਆਂ ਔਰਤਾਂ ਨੂੰ ਵਾਪਸ ‘ਆਪਣੇ
ਆਪਣੇ’ ਮੁਲਕ ਵਿੱਚ ਭੇਜਣ ਦੀ ਮੁਹਿੰਮ ਸ਼ੁਰੂ ਹੋਈ ਤਾਂ ਜ਼ੈਨਬ ਨੂੰ ਵੀ ਉਸਦੀ ਮਰਜ਼ੀ ਦੇ
ਵਿਰੁੱਧ ਪੁਲਿਸ ਜੀਪ ਵਿੱਚ ਬਿਠਾ ਕੇ ਲੈ ਗਈ। ਬੂਟਾ ਸਿੰਘ ਤਰਲੇ ਲੈਂਦਾ ਰਿਹਾ ਤੇ ਜ਼ੈਨਬ ਦੇ
ਜਾਣ ਸਮੇਂ ਕੀਤੇ ਵਾਅਦੇ ਅਨੁਸਾਰ ਕਿ ਉਹ ਹਰ ਹਾਲਤ ਵਿੱਚ ਵਾਪਸ ਪਰਤ ਆਏਗੀ, ਉਸਨੂੰ ਉਡੀਕਦਾ
ਰਿਹਾ। ਪਰ ਜ਼ੈਨਬ ਵਾਪਸ ਨਾ ਪਰਤੀ। ਆਪਣੀ ਉਡੀਕ ਨੂੰ ਫ਼ਲ ਨਾ ਲੱਗਦਾ ਵੇਖ ਕੇ ਉਹ ਮੁਸਲਮਾਨ ਬਣ
ਕੇ ਜ਼ੈਨਬ ਨੂੰ ਲੱਭਣ ਪਾਕਿਸਤਾਨ ਗਿਆ। ਉਹਨਾਂ ਦੀ ਧੀ ਵੀ ਉਸਦੇ ਨਾਲ ਸੀ। ਲੰਮੀ ਜਦੋ-ਜਹਿਦ
ਤੋਂ ਬਾਅਦ ਜਦੋਂ ਉਸਨੇ ਜ਼ੈਨਬ ਨੂੰ ਲੱਭ ਲਿਆ ਤਾਂ ਜ਼ੈਨਬ ਨੇ ਆਪਣੇ ਮਾਪਿਆਂ ਦੇ ਦਬਾਅ ਅਧੀਨ
ਉਸਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ। ਬੂਟਾ ਸਿੰਘ ਨੇ ਨਿਰਾਸ਼ ਹੋ ਕੇ ਰੇਲ ਦੀ ਲਾਈਨ ‘ਤੇ
ਸਿਰ ਰੱਖ ਕੇ ਆਤਮ-ਹੱਤਿਆ ਕਰ ਲਈ।
ਇਸ ਕਹਾਣੀ ਦੇ ਵੇਰਵੇ ਬੜੇ ਦਿਲ-ਹਿਲਾਉਣ ਵਾਲੇ ਸਨ। ਸੁਨਾਉਣ ਲੱਗਿਆਂ ਸੁਖਦੇਵ ਸਿੰਘ ਨੇ ਇਸ
ਵਿੱਚ ਆਪਣੀ ਸੰਵੇਦਨਾਂ ਦਾ ਰੰਗ ਵੀ ਭਰ ਦਿੱਤਾ। ਦੇਸ਼-ਵੰਡ ਦੀ ਕਰੂਰ ਹਕੀਕਤ ਦੇ ਵੇਰਵੇ ਸਾਡੇ
ਕੋਲ ਪਹਿਲਾਂ ਵੀ ਸਨ ਪਰ ਇਸ ਵੇਰਵੇ ਨੇ ਸਾਡੇ ਮਨਾਂ ਨੂੰ ਝੂਣ-ਹਲੂਣ ਦਿੱਤਾ। ਧਰਮ ਦੀ
ਅੰਨ੍ਹੀ ਕੱਟੜਤਾ ਨਾਲ ਸਾਨੂੰ ਡੂੰਘੀ ਨਫ਼ਰਤ ਹੋ ਗਈ ਸੀ।
ਸੁਖਦੇਵ ਸਿੰਘ ਦੱਸਦਾ ਕਿ ਉਹ ‘ਪ੍ਰੀਤ-ਲੜੀ’ ਦਾ ਬਾਕਾਇਦਾ ਪਾਠਕ ਹੈ। ਮੈਂ ਤਾਂ ਭਾਵੇਂ
‘ਪ੍ਰੀਤ-ਲੜੀ’ ਬਾਰੇ ਆਪਣੇ ਘਰੋਂ ਸੁਣਿਆਂ ਅਤੇ ਇਸਨੂੰ ਪੜ੍ਹਿਆ ਵੀ ਹੋਇਆ ਸੀ ਪਰ ਦੂਜੇ
ਮੁੰਡਿਆਂ ਲਈ ਇਹ ਨਾਂ ਬਿਲਕੁਲ ਨਵਾਂ ਸੀ ਅਤੇ ਇਸਦੇ ਸੰਪਾਦਕ ਗੁਰਬਖ਼ਸ਼ ਸਿੰਘ ਦੀ ਸੋਚ ਅਤੇ
ਲਿਖਤਾਂ ਦਾ ਹਵਾਲਾ ਅਤੇ ਵੇਰਵਾ ਸਾਡੇ ਸਾਰਿਆਂ ਲਈ ਸੋਚ-ਸਮਝ ਦਾ ਤਲਿਸਮੀ ਦਰਵਾਜ਼ਾ ਖੁੱਲ੍ਹਣ
ਵਾਂਗ ਸੀ। ਉਹ ਸਾਨੂੰ ਭੂਤ-ਪ੍ਰੇਤਾਂ ਦੀ ਅਣਹੋਂਦ ਅਤੇ ਵਹਿਮਾਂ-ਭਰਮਾਂ ਦੇ ਖੋਖਲੇਪਨ ਬਾਰੇ
ਦੱਸਦਾ ਰਹਿੰਦਾ। ਉਸਦੀ ਸੋਚ ਦਾ ਰੰਗ ਹੌਲੀ ਹੌਲੀ ਸਾਡੀ ਸੋਚ ਉੱਤੇ ਵੀ ਚੜ੍ਹਨ ਲੱਗਾ। ਹਰਚਰਨ
ਸਿੰਘ ਵਾਂਗ ਹੀ ਸੁਖਦੇਵ ਸਿੰਘ ਨੂੰ ਸ਼ਬਦਾਂ ਨੂੰ ਟੁਣਕਾਉਣ ਦਾ ਹੁਨਰ ਆਉਂਦਾ ਸੀ। ਇੱਕ ਦਿਨ
ਜਦੋਂ ਵਿਦਿਆਰਥੀਆਂ ਨੇ ਉਸਤੋਂ ਉਸਦੀ ਵਿਦਿਅਕ-ਯੋਗਤਾ ਬਾਰੇ ਪੁੱਛਿਆ ਕਿ ਕੀ ਉਹ ਬੀ ਏ ਬੀ ਟੀ
ਪਾਸ ਹਨ ਤਾਂ ਉਸਨੇ ਕੁੱਝ ਇਸਤਰ੍ਹਾਂ ਕਿਹਾ ਸੀ, “ਕਿਸੇ ਨੇ ਕਿਹਾ ਸੀ ਅਖ਼ੇ ‘ਜੇ’ ਸਾਡੇ ਘਰ
ਸਾਡੀ ਭੂਆ ਨਾ ਜੰਮਦੀ ਤਾਂ ਸਾਡਾ ਇੱਕ ਹੋਰ ਚਾਚਾ ਹੋਣਾ ਸੀ! ਮੈਂ ਬੀ ਏ ਪਾਸ ਤਾਂ ਹਾਂ ਪਰ
ਮੇਰੀ ਬੀ ਟੀ ਨਾਲ ਵੀ ਅਜੇ ‘ਜੇ’ ਲੱਗਾ ਹੋਇਆ ਹੈ। ਸੋ ਮੈਂ ਬੀ ਏ, ਬੀ ਟੀ ਨਹੀਂ ਸਗੋਂ ਬੀ
ਏ, ਜੇ ਬੀ ਟੀ ਹਾਂ।”
ਉਹ ਜੇ ਬੀ ਟੀ ਕਰਨ ਪਿੱਛੋਂ ਪ੍ਰਾਈਵੇਟ ਤੌਰ ਤੇ ਪੜ੍ਹ ਰਿਹਾ ਸੀ ਅਤੇ ਅੱਗੇ ਕੁੱਝ ਹੋਰ ਬਣਨ
ਦਾ ਇਰਾਦਾ ਰੱਖਦਾ ਸੀ। ਪਿਛੋਂ ਉੱਚੀ ਤਾਲੀਮ ਲੈ ਕੇ ਉਹ ਮਹਿਕਮਾ ਮਾਲ ਵਿੱਚ ਤਹਿਸੀਲਦਾਰ ਜਾ
ਲੱਗਾ ਅਤੇ ਕਿਸੇ ਵੱਡੇ ਅਹੁਦੇ ਤੋਂ ਰਿਟਾਇਰ ਹੋਇਆ। ਮੈਂ ਉਸਨੂੰ ਪੰਜਾਬ ਯੂਨੀਵਰਸਿਟੀ
ਚੰਡੀਗੜ੍ਹ ਵਿੱਚ ਹੋਏ ਇੱਕ ਕਹਾਣੀ ਦਰਬਾਰ ਸਮੇਂ ਲਗਭਗ ਚਾਲੀ ਸਾਲਾਂ ਬਾਅਦ ਉਦੋਂ ਮਿਲਿਆ
ਜਦੋਂ ਉਹ ਕਹਾਣੀ ਦਰਬਾਰ ਵਿੱਚ ਪੜ੍ਹੀ ਗਈ ਮੇਰੀ ਕਹਾਣੀ ਦੀ ਪਰਸੰਸਾ ਕਰਨ ਮੇਰੇ ਕੋਲ ਆਣ
ਖਲੋਤਾ। ਚਾਲੀ ਸਾਲਾਂ ਵਿੱਚ ਸ਼ਕਲਾਂ ਦਾ ਬੜਾ ਫ਼ਰਕ ਪੈ ਜਾਂਦਾ ਹੈ। ਮੈਂ ਪੱਕ ਕਰਨ ਲਈ ਉਸਦਾ
ਨਾਂ ਪੁੱਛਿਆ। ‘ਸੁਖਦੇਵ ਸਿੰਘ’ ਦੱਸੇ ਜਾਣ ‘ਤੇ ਮੈਂ ਉਸਦਾ ਆਪਣੇ ਪਿੰਡ ਸੁਰ ਸਿੰਘ ਨਾਲ ਕਦੀ
ਕੋਈ ਸੰਬੰਧ ਰਿਹਾ ਹੋਣ ਬਾਰੇ ਪੁੱਛਿਆ ਤਾਂ ਉਸਨੇ ਅਧਿਆਪਕ ਵਜੋਂ ਸੁਰ ਸਿੰਘ ਵਿੱਚ ਹੋਈ ਆਪਣੀ
ਨਿਯੁਕਤੀ ਬਾਰੇ ਅਤੇ ਓਥੇ ਗੁਜ਼ਾਰੇ ਚੰਗੇ ਦਿਨਾਂ ਬਾਰੇ ਬੜੇ ਡੁੱਲ੍ਹ ਡੁੱਲ੍ਹ ਪੈਂਦੇ ਚਾਅ
ਨਾਲ ਦੱਸਿਆ ਤਾਂ ਉਸਦੀਆਂ ਅੱਖਾਂ ਵਿੱਚ ਜਵਾਨੀ ਵਾਲੀ ਲਿਸ਼ਕ ਆ ਗਈ। ਮੈਂ ਜਦੋਂ ਉਸਦੇ ਗੋਡਿਆਂ
ਨੂੰ ਹੱਥ ਲਾ ਕੇ ਦੱਸਿਆ ਕਿ ਮੈਂ ਉਸਦਾ ਸਤਵੀਂ ਜਮਾਤ ਵਿੱਚ ਵਿਦਿਆਰਥੀ ਰਿਹਾਂ ਅਤੇ ਉਸਦਾ
ਮੇਰੀ ਸ਼ਖ਼ਸੀਅਤ ਉੱਤੇ ਯਾਦਗਾਰੀ ਪ੍ਰਭਾਵ ਹੈ ਤਾਂ ਉਸਦਾ ਚਿਹਰਾ ਖ਼ੁਸ਼ੀ ਅਤੇ ਅਸਚਰਜਤਾ ਨਾਲ ਖਿੜ
ਉੱਠਿਆ। ਆਪਣੀ ਸ਼ਖ਼ਸੀਅਤ ਉੱਤੇ ਪਏ ਉਸਦੇ ਸਹਿਜ ਅਤੇ ਅਚੇਤ ਪ੍ਰਭਾਵ ਬਾਰੇ ਮੈਂ ਉਸਨੂੰ ਮਿਲਣ
ਤੋਂ ਬਾਅਦ ਇੱਕ ਲੇਖ ਲਿਖਿਆ ਸੀ, ‘ਕਹੀ ਦੇ ਟੱਪ ਦੀ ਕਰਾਮਾਤ’।
ਇਹ ਕਰਾਮਾਤ ਕੁੱਝ ਇਸਤਰ੍ਹਾਂ ਹੋਈ।
ਸਾਡੇ ਸਕੂਲ ਦੀ ਲਹਿੰਦੀ ਬਾਹੀ ਸਵਾ-ਡੇਢ ਕੁ ਏਕੜ ਥਾਂ ਵਿੱਚ ਮੁਸਲਮਾਨੀ ਤਕੀਆ ਸੀ। ਇਸ ਤਕੀਏ
ਅਤੇ ਸਕੂਲ ਵਿਚਕਾਰ ਕੱਚੀ ਕੰਧ ਸੀ। ਪਚਵੰਜਾ ਦੇ ਵੱਡੇ ਹੜ੍ਹਾਂ ਵਿੱਚ ਇਸ ਕੱਚੀ ਕੰਧ ਦਾ
ਬਹੁਤਾ ਹਿੱਸਾ ਢਹਿ ਗਿਆ ਅਤੇ ਸਕੂਲ ਅਤੇ ਤਕੀਏ ਵਿਚਕਾਰ ਲਾਂਘਾ ਜਿਹਾ ਬਣ ਗਿਆ। ਦੇਸ਼-ਵੰਡ
ਤੋਂ ਪਹਿਲਾਂ ਇਸ ਤਕੀਏ ਵਿੱਚ ਰੌਣਕ ਰਹਿੰਦੀ ਸੀ। ਇਸ ਵਿਚਕਾਰ ਬਣੇ ਉੱਚੇ ਥੜ੍ਹੇ ਉੱਤੇ
ਮੁਸਲਮਾਨ ਪੀਰਾਂ-ਫ਼ਕੀਰਾਂ ਦੀਆਂ ਤਿੰਨ ਕਬਰਾਂ ਸਨ। ਕੁੱਝ ਲੋਕ ਅਜੇ ਵੀ ਵੀਰਵਾਰ ਵਾਲੇ ਦਿਨ
ਇਹਨਾਂ ਕਬਰਾਂ ਤੇ ਚਿਰਾਗ਼ ਬਾਲਦੇ। ਪਰ ਉਂਜ ਹੁਣ ਇਹ ਥਾਂ ਲਗਭਗ ਉਜਾੜ ਸੀ। ਪਿੰਡ ਦੇ ਲੋਕ
ਏਥੇ ਕੂੜਾ-ਕਰਕਟ ਵੀ ਸੁੱਟਣ ਲੱਗੇ ਸਨ। ਵੇਲਾ ਤਕਾ ਕੇ ਕਈ ਰਾਤ-ਬਰਾਤੇ ਜੰਗਲ-ਪਾਣੀ ਵੀ ਕਰ
ਜਾਂਦੇ। ਗ਼ੈਰ-ਸਮਾਜਕ ਹਰਕਤਾਂ ਕਰਨ ਵਾਲੇ ਵੀ ਵੇਲੇ ਕੁਵੇਲੇ ਇਸ ਥਾਂ ਦੀ ਵਰਤੋਂ ਕਰਦੇ
ਰਹਿੰਦੇ ਸਨ। ਇਸ ਥਾਂ ਤੇ ਕਸਟੋਡੀਅਨ ਦਾ ਕਬਜ਼ਾ ਹੋਣ ਕਰਕੇ ਇਸਦਾ ਕੋਈ ਵਾਲੀ-ਵਾਰਸ ਨਹੀਂ ਸੀ।
ਇੱਕ ਦਿਨ ਸੁਖਦੇਵ ਸਿੰਘ ਨੇ ਜਮਾਤ ਵਿੱਚ ਗੱਲ ਕੀਤੀ ਕਿ ਜੇ ਸਕੂਲ ਅਤੇ ਤਕੀਏ ਵਿਚਕਾਰਲੀ
ਲਗਭਗ ਢਹਿ ਚੁੱਕੀ ਕੱਚੀ ਕੰਧ ਸਾਫ਼ ਕਰਕੇ ਅਤੇ ਤਕੀਏ ਵਿਚਲੀਆਂ ਕਬਰਾਂ ਨੂੰ ਢਾਹ ਕੇ ਤਕੀਏ ਦੀ
ਸਾਫ਼-ਸਫ਼ਾਈ ਕਰਕੇ ਉਸ ਥਾਂ ਨੂੰ ਸਕੂਲ ਦੀ ਗਰਾਊਂਡ ਵਜੋਂ ਸਕੂਲ ਦੇ ਅਹਾਤੇ ਨਾਲ ਸ਼ਾਮਲ ਕਰ ਲਿਆ
ਜਾਵੇ ਤਾਂ ਕਿੰਨਾਂ ਵਧੀਆ ਰਹੇਗਾ! ਉਸਨੇ ਇਸ ਮਕਸਦ ਲਈ ਵਿਦਿਆਰਥੀਆਂ ਨੂੰ ਅਹਾਤੇ ਦੀ ਸਫ਼ਾਈ
ਕਰਨ ਲਈ ਵੰਗਾਰਿਆ। ਵਿਦਿਆਰਥੀਆਂ ਨੇ ਉਤਸ਼ਾਹ ਵਿੱਚ ਆ ਕੇ ਹਾਮੀ ਭਰੀ।
ਅਸਲ ਗੱਲ ਇਹ ਸੀ ਕਿ ਉਸਨੇ ਪਹਿਲਾਂ ਹੀ ਇਹ ਗੱਲ ਸਾਰੇ ਸਟਾਫ਼ ਵਿੱਚ ਚਲਾ ਕੇ ਵੇਖੀ ਸੀ।
ਮੁੱਖ-ਅਧਿਆਪਕ ਅਤੇ ਹਰਚਰਨ ਸਿੰਘ ਸਮੇਤ ਇਕ-ਦੋ ਹੋਰ ਅਧਿਆਪਕ ਤਾਂ ਇਸ ਲਈ ਰਾਜ਼ੀ ਸਨ ਪਰ
ਬਹੁਤੇ ਅਧਿਆਪਕ ‘ਜ਼ਾਹਿਰੇ ਪੀਰਾਂ-ਫ਼ਕੀਰਾਂ’ ਦੀ ਜਗ੍ਹਾ ਨੂੰ ਛੇੜਨ ਦੇ ਖ਼ਿਲਾਫ਼ ਸਨ ਅਤੇ ਉਹਨਾਂ
ਦੀ ‘ਕਰੋਪੀ’ ਦਾ ਸ਼ਿਕਾਰ ਹੋਣ ਦੀ ਉਹਨਾਂ ਦੀ ਕੋਈ ਮਨਸ਼ਾ ਨਹੀਂ ਸੀ। ਹੌਲੀ ਹੌਲੀ ਅਧਿਆਪਕਾਂ
ਤੇ ਵਿਦਿਆਰਥੀਆਂ ਰਾਹੀਂ ਇਹ ਚਰਚਾ ਪਿੰਡ ਵਿੱਚ ਵੀ ਚੱਲ ਪਈ। ਪਿੰਡ ਵਿੱਚ ਵੀ ਦੋ ਧੜੇ ਬਣ
ਗਏ। ਪਰ ਸਿਆਣੇ ਬੰਦੇ ਸੋਚਦੇ ਕਿ ਜੇ ਤਕੀਏ ਦੀ ਸਾਫ਼-ਸਫ਼ਾਈ ਹੋ ਜਾਵੇਗੀ ਤਾਂ ਇੱਕ ਤਾਂ ਇਹ
ਥਾਂ ਪਿੰਡ ਵਿੱਚ ਗੰਦਗੀ ਫ਼ੈਲਾਉਣ ਦਾ ਸਾਧਨ ਨਹੀਂ ਰਹੇਗੀ ਅਤੇ ਦੂਜਾ ਸਕੂਲ ਨੂੰ ਬੱਚਿਆਂ ਦੇ
ਖੇਡਣ ਤੇ ਹੋਰ ਵਰਤੋਂ ਲਈ ਵਧੀਆ ਥਾਂ ਵੀ ਮੁਹੱਈਆ ਹੋ ਜਾਵੇਗੀ। ਪਰ ਅਵਚੇਤਨ ਵਿੱਚ ਬੈਠੇ
ਸੰਸਕਾਰਾਂ ਦੇ ਭੈਅ ਕਾਰਨ ਸਾਰੇ ਇਸ ਗੱਲੋਂ ਡਰਦੇ ਸਨ ਤੇ ਕੋਈ ਵੀ ਕਬਰਾਂ ਢਾਹੁਣ ਦੀ
ਜ਼ਿੰਮੇਵਾਰੀ ਆਪਣੇ ਸਿਰ ਨਹੀਂ ਸੀ ਲੈਣਾ ਚਾਹੁੰਦਾ। ਸੁਖਦੇਵ ਸਿੰਘ ਇਹ ਜ਼ਿੰਮੇਵਾਰੀ ਆਪਣੇ ਸਿਰ
ਲੈਣ ਲਈ ਤਿਆਰ ਸੀ।
ਜੇ ਉਹ ਪੀਰਾਂ ਫ਼ਕੀਰਾਂ ਦੀ ਕਰੋਪੀ ਆਪਣੇ ਸਿਰ ਲੈਣ ਲਈ ਤਿਆਰ ਸੀ ਤਾਂ ਉਹਦੀ ਮਰਜ਼ੀ! ਕਿਸੇ
ਨੂੰ ਇਸ ਵਿੱਚ ਕੀ ਇਤਰਾਜ਼ ਹੋ ਸਕਦਾ ਸੀ! ਹੌਲੀ ਹੌਲੀ ਮਾਹੌਲ ਉਸਦੇ ਹੱਕ ਵਿੱਚ ਬਣਦਾ ਜਾ
ਰਿਹਾ ਸੀ। ਵਹਿਮੀ ਅਤੇ ਅੰਧ-ਵਿਸ਼ਵਾਸੀ ਲੋਕ ਹੁਣ ਇਹ ਤਮਾਸ਼ਾ ਵੇਖਣ ਲਈ ਤਿਆਰ ਸਨ ਕਿ ਉਸਦੀ
ਵਧੀਕੀ ਦੀ, ਪੀਰ-ਫ਼ਕੀਰ ਉਸ ‘ਤੇ ਕਰੋਪ ਹੋ ਕੇ, ਉਸਨੂੰ ਕੀ ਸਜ਼ਾ ਦਿੰਦੇ ਹਨ! ਉਹਨਾਂ ਅਨੁਸਾਰ
ਅੱਜ ਤੱਕ ਇਸ ਥਾਂ ਦੀ ਬੇਹੁਰਮਤੀ ਕਰਨ ਦੀ ਸੋਚ ਮਨ ਵਿੱਚ ਵੀ ਲਿਆਉਣ ਵਾਲੇ ਬੰਦਿਆਂ ਨੂੰ
ਬੜੀਆਂ ਤਕਲੀਫ਼ਾਂ ਦਾ ਸਾਹਮਣਾ ਕਰਨਾ ਪਿਆ ਸੀ। ਪਰ ਸੁਖਦੇਵ ਸਿੰਘ ਇਸਦਾ ਸਾਹਮਣਾ ਕਰਨ ਲਈ
ਤਿਆਰ ਸੀ। ਮੁੰਡਿਆਂ ਨੂੰ ਤਾਂ ਉਹ ਰੋਜ਼ ‘ਪ੍ਰੀਤ-ਲੜੀ’ ਦਾ ਪਾਠ ਪੜ੍ਹਾਉਂਦਾ ਸੀ। ਉਹ ਉਸਦਾ
ਹਰ ਤਰ੍ਹਾਂ ਸਾਥ ਦੇਣ ਲਈ ਤਿਆਰ ਸਨ। ਇੱਕ ਦਿਨ ਨਿਯਤ ਕਰਕੇ ਸਵੇਰ ਦੀ ਪ੍ਰਾਰਥਨਾ ਤੋਂ ਬਾਅਦ
ਸਾਰਾ ਸਕੂਲ ਤਕੀਏ ਦੇ ਅਹਾਤੇ ਵਿੱਚ ਇਕੱਠਾ ਹੋ ਗਿਆ। ਪਿੰਡ ਦੇ ਤਮਾਸ਼ਬੀਨਾਂ ਦੀ ਭੀੜ ਵੀ ਜੁੜ
ਗਈ। ਸੁਖਦੇਵ ਸਿੰਘ ਕਬਰਾਂ ਵਾਲੇ ਥੜ੍ਹੇ ਦੀਆਂ ਪੌੜੀਆਂ ਚੜ੍ਹ ਕੇ ਉੱਪਰ ਗਿਆ ਤੇ ਆਮ ਲੋਕਾਂ
ਦੀ ਤਸੱਲੀ ਲਈ ਪੀਰਾਂ-ਫ਼ਕੀਰਾਂ ਅੱਗੇ ਅਰਦਾਸ ਵਰਗਾ ਕੁੱਝ ਕਰਦਿਆਂ ਉਹਨਾਂ ਦੀ ਕਰੋਪੀ ਕੇਵਲ
ਤੇ ਕੇਵਲ ਆਪਣੇ ਸਿਰ ਝੱਲਣ ਦਾ ਵਾਅਦਾ ਕੀਤਾ ਅਤੇ ਫਿਰ ਕਹੀ ਆਪਣੇ ਹੱਥ ਵਿੱਚ ਲੈ ਕੇ ਅਸਮਾਨ
ਵੱਲ ਉੱਚੀ ਕੀਤੀ। ਦੂਜੇ ਪਲ ਉਸਨੇ ਇੱਕ ਕਬਰ ਦੇ ਭੁਰਪੁਰੇ ਹੋ ਚੁੱਕੇ ਚੂਨੇ ਉੱਤੇ ਕਹੀ ਦਾ
ਟੱਪ ਜ਼ੋਰ ਨਾਲ ਮਾਰਿਆ।
ਉਸ ਵੱਲੋਂ ਕਬਰਾਂ ਉੱਤੇ ਕਹੀ ਦਾ ਪਹਿਲਾ ਟੱਪ ਮਾਰਨ ਦੀ ਦੇਰ ਸੀ ਕਿ ਭੀੜ ਵਿਚੋਂ ‘ਬੋਲੇ ਸੋ
ਨਿਹਾਲ-ਸਤਿ ਸ੍ਰੀ ਅਕਾਲ’ ਦਾ ਜੈਕਾਰਾ ਗੂੰਜਿਆ ਅਤੇ ਮੁੰਡਿਆਂ ਦੀ ਭੀੜ ਕਬਰਾਂ ‘ਤੇ ਕਹੀਆਂ
ਅਤੇ ਸੰਧੇਵੇ ਲੈ ਕੇ ਟੁੱਟ ਪਈ। ‘ਬਾਂਦਰ-ਸੈਨਾ’ ਨੇ ਕੁੱਝ ਹੀ ਘੰਟਿਆਂ ਵਿੱਚ ਕਬਰਾਂ ਸਮੇਤ
ਉੱਚੇ ਥੜ੍ਹੇ ਦਾ ਮਲਬਾ ਜ਼ਮੀਨ ‘ਤੇ ਖਿਲਾਰ ਦਿੱਤਾ। ਸੁਖਦੇਵ ਸਿੰਘ ਤੇ ਹਰਚਰਨ ਸਿੰਘ ਦੁਆਰਾ
ਵਿਗਿਆਨਕ ਸੋਚ ਦੀ ਚੰਗਿਆੜੀ ਤਾਂ ਸਾਡੇ ਅੰਦਰ ਪਹਿਲਾਂ ਹੀ ਬਾਲੀ ਜਾ ਚੁੱਕੀ ਸੀ ਪਰ ਫਿਰ ਵੀ
ਕਿਧਰੇ ਅਵਚੇਤਨ ਵਿੱਚ ਇੱਕ ਭੈਅ ਵੀ ਲੁਕਿਆ ਹੋਇਆ ਸੀ ਕਿ ਨੇ ਜਾਣੀਏਂ ਕਿਤੇ! ਪਰ ਸੁਖਦੇਵ
ਸਿੰਘ ਨੇ ਕਬਰ ਉੱਤੇ ਕਹੀ ਦਾ ਟੱਪ ਕੀ ਮਾਰਿਆ ਮੇਰੇ ਅੰਦਰ ਵਹਿਮ-ਭਰਮ ਅਤੇ ਅੰਧ-ਵਿਸ਼ਵਾਸ ਦੀ
ਸਾਰੀ ਰਹਿੰਦ-ਖੂੰਹਦ ਪੁੱਟੇ ਜਾਣ ਲਈ ਪਹਿਲਾ ਟੱਪ ਵੀ ਲੱਗ ਗਿਆ ਸੀ। ਉਸਤੋਂ ਬਾਅਦ ਵਿਗਿਆਨਕ
ਸੋਚ ਲਈ ‘ਜੀ ਆਇਆਂ’ ਕਹਿੰਦਾ ਵੱਡਾ ਦਰਵਾਜ਼ਾ ਮੇਰੇ ਮਨ-ਮਸਤਕ ਵਿੱਚ ਖੁੱਲ੍ਹ ਗਿਆ ਅਤੇ ਹੌਲੀ
ਹੌਲੀ ਵਿਗਿਆਨਕ ਪ੍ਰਭਾਵਾਂ ਨੂੰ ਗ੍ਰਹਿਣ ਕਰਨ ਸਦਕਾ ਮੇਰੇ ਮਨ ਅੰਦਰਲਾ ਵਹਿਮ-ਭਰਮ ਦਾ ਨਦੀਨ
ਸੁੱਕਣਾ ਸ਼ੁਰੂ ਹੋ ਗਿਆ। ਕੁੱਝ ਦਿਨਾਂ ਵਿੱਚ ਤਕੀਏ ਵਾਲੀ ਥਾਂ ਸਾਫ਼ ਕਰਕੇ ਓਥੇ ਆਸੇ-ਪਾਸੇ
ਕਿਆਰੀਆਂ ਬਣਾ ਕੇ ਫੁੱਲ-ਬੂਟੇ ਲੱਗ ਗਏ। ਵਿਚਕਾਰ ਬੱਚਿਆਂ ਦੇ ਖੇਡਣ ਲਈ ਮੈਦਾਨ ਤਿਆਰ ਹੋ
ਗਿਆ। ਇਸਦੇ ਨਾਲ ਹੀ ਬਹੁਤ ਸਾਰੇ ਬੱਚਿਆਂ ਦੇ ਮਨ ਵੀ ਮੈਦਾਨ ਹੋ ਗਏ ਅਤੇ ਉਹਨਾਂ ਵਿੱਚ
ਵਿਗਿਆਨਕ ਸੋਚ ਦੇ ਫੁੱਲ ਖਿੜਨੇ ਸ਼ੁਰੂ ਹੋ ਗਏ।
-0-
|