ਮੇਰੇ ਬਾਪੂ ਨੇ ਅਖੀਰ ਬਹੁਤ ਮਾੜਾ
ਦੇਖਿਆ। ਅਸੀਂ ਛੋਟੇ ਛੋਟੇ ਛੇ ਜਾਣੇ ਤੇ ਉਹ ਸਾਨੂੰ ਸਾਂਭਣ ਵਾਲਾ ਇਕੱਲਾ। ਪੂਰੀ ਜਿ਼ੰਦਗੀ
ਉਹ ਗੈਰਜਿ਼ੰਮੇਵਾਰ ਰਿਹਾ ਪਰ ਸਾਨੂੰ ਸੰਭਾਲਣ ਵਿਚ ਉਸਨੇ ਆਪਣਾ ਪੂਰਾ ਜ਼ੋਰ ਲਾ ਦਿਤਾ। ਉਹ
ਸਸਤੇ ਸਮੇਂ ਸਨ। ਜਿ਼ੰਦਗੀ ਸੌਖੀ ਸੀ। ਇਕ ਵਾਰ ਸਾਡੇ ਪਿੰਡ ਕਿਸੇ ਨੇ ਵਿਆਹ ਕਰਨਾ ਸੀ।
ਸ਼ਹਿਰੋਂ ਕਿਸੇ ਤੋਂ ਚਾਂਦੀ ਦਾ ਰੁਪੱਈਆ ਮੰਗ ਕੇ ਲਿਆਇਆ ਕਿ ਉਸ ਨੇ ਕੁੜੀ ਦੇ ਦਾਜ ਵਿਚ
ਦਿਖਾਉਣਾ ਹੈ। ਇਹ ਸੀ ਉਸ ਸਮੇਂ ਰੁਪੱਈਏ ਦੀ ਅਹਿਮੀਅਤ। ਭਾਵੇਂ ਸਾਡੀ ਬਹੁਤੀ ਜ਼ਮੀਨ ਡੱਬਰੀ
ਵਿਚ ਸੀ ਤੇ ਉਪਜਾਊ ਨਹੀਂ ਸੀ ਪਰ ਢੱਕੀ ਦੀ ਜ਼ਮੀਨ ਨਾਲ ਗੁਜ਼ਾਰਾ ਠੀਕ ਚਲ ਰਿਹਾ ਸੀ। ਮੇਰਾ
ਵਿਆਹ ਸੰਨ ਵੀਹ ਇਕੀ ਦੀਆਂ ਸਰਦੀਆਂ ਨੂੰ ਹੋਇਆ। ਜਦ ਮੈਂ ਵਿਆਹਿਆ ਗਿਆ ਤਾਂ ਬਾਪੂ ਕਹਿਣ
ਲਗਿਆ,
“ਬੂਟਿਆ, ਹੁਣ ਲਗਦਾ ਮੈਂ ਬਹੁਤੀ ਦੇਰ ਨਹੀਂ ਕੱਢਣੀ, ਤੂੰ ਆਪਣੇ ਛੋਟੇ ਭਰਾ ਨੂੰ ਆਪਣੇ
ਹੱਥੀਂ ਵਿਆਹ ਦੇਈਂ।”
“ਕੁਸ਼ ਨਹੀਂ ਹੁੰਦਾ ਬਾਪੂ, ਤੂੰ ਹਾਲੇ ਚੰਗਾ ਭਲਾਂ।”
“ਪਤਾ ਨਹੀਂ ਅੰਦਰ ਕੁਸ਼ ਟੁੱਟਦਾ ਰਹਿੰਦਾ, ਚਾਹੁੰਦਾ ਤਾਂ ਮੈਂ ਇਹ ਆਂ ਕਿ ਆਪਣੇ ਪੋਤੇ ਦਾ
ਮੂੰਹ ਦੇਖ ਜਾਵਾਂ।”
ਬਾਪੂ ਲੋਭੀ ਹੋ ਗਿਆ ਸੀ। ਕਿਥੇ ਔਲਾਦ ਨੂੰ ਤਰਸਦਾ ਸੀ ਤੇ ਕਿਥੇ ਹੁਣ ਇਸ ਉਮਰ ਵਿਚ ਪੋਤੇ ਦਾ
ਮੂੰਹ ਦੇਖਣਾ ਚਾਹੁੰਦਾ ਸੀ। ਉਹ ਕੁਝ ਦਿਨ ਢਿੱਲਾ ਰਿਹਾ। ਅਸੀਂ ਵੀ ਡਰ ਗਏ ਕਿ ਵਕਤ ਆ ਗਿਆ
ਪਰ ਬਾਪੂ ਨਰੋਈ ਹੱਡੀ ਦਾ ਸੀ, ਕੁਝ ਦਿਨ ਬਿਮਾਰ ਰਹਿ ਕੇ ਠੀਕ ਹੋ ਗਿਆ। ਉਹ ਬੈਠਦਾ ਉਠਦਾ
ਪੋਤੇ ਦੀਆਂ ਗੱਲਾਂ ਕਰਨ ਲਗਿਆ। ਮੇਰਾ ਛੋਟਾ ਭਰਾ ਚੰਨਣ ਮੇਰੇ ਤੋਂ ਪਹਿਲਾਂ ਵਿਆਹ ਹੋ ਗਿਆ
ਸੀ ਪਰ ਉਹਨਾਂ ਦੇ ਹਾਲੇ ਬੱਚਾ ਨਹੀਂ ਸੀ ਹੋਇਆ। ਇਕ ਕੁੜੀ ਉਹਨਾਂ ਦੀ ਜ਼ਾਇਆ ਹੋ ਗਈ ਸੀ।
ਉਹਨਾਂ ਦਿਨਾਂ ਵਿਚ ਇਹੋ ਬਹੁਤ ਸੀ ਕਿ ਬੱਚੇ-ਜੱਚੇ ਵਿਚੋਂ ਔਰਤ ਸਬੂਤੀ ਨਿਕਲ ਆਵੇ। ਬਾਪੂ
ਕਿਸੇ ਚੀਜ਼ ਨੂੰ ਮੰਨਦਾ ਨਹੀਂ ਸੀ। ਉਸ ਨੂੰ ਕੋਈ ਵਹਿਮ ਭਰਮ ਨਹੀਂ ਸੀ। ਕਈ ਲੋਕ ਬਾਪੂ ਨੂੰ
ਬਦਲਣ ਦੀ ਕੋਸਿ਼ਸ਼ ਕਰਨ ਲਗਦੇ ਪਰ ਉਹ ਜੋ ਸੀ ਉਵੇਂ ਹੀ ਰਹਿਣਾ ਚਾਹੁੰਦਾ ਸੀ। ਉਸ ਨੂੰ ਆਪਣੇ
ਹੁੱਕੇ ਨਾਲ ਮੋਹ ਸੀ। ਬਾਪੂ ਨੇ ਭਾਵੇਂ ਸਿੱਖੀ ਨਹੀਂ ਸੀ ਅਪਣਾਈ ਪਰ ਸਾਡੀ ਬੜੀ ਮਾਂ ਸਾਨੂੰ
ਸਿੱਖੀ ਦੇ ਗਈ ਸੀ, ਫਿਰ ਸਾਡੇ ਚੱਕ ਮਾਈਦਾਸ ਵਾਲੇ ਨਾਨਕੇ ਪੂਰੇ ਗੁਰਸਿਖ ਸਨ ਸੋ ਸਾਡੇ
ਤਿੰਨਾਂ ਭਰਾਵਾਂ ਉਪਰ ਉਹਨਾਂ ਦਾ ਅਸਰ ਸੀ। ਇਸੇ ਅਸਰ ਅਧੀਨ ਆ ਕੇ ਮੈਂ ਬਾਪੂ ਦਾ ਹੁੱਕਾ ਬੰਦ
ਕਰਾਉਣ ਦੀ ਕੋਸਿ਼ਸ਼ ਕੀਤਾ ਪਰ ਬਾਪੂ ਕਿਸੇ ਦੀ ਗੱਲ ਮੰਨਣ ਵਾਲਾ ਨਹੀਂ ਸੀ। ਫਿਰ ਮੈਂ ਵੀ
ਸੋਚਦਾ ਕਿ ਇਸ ਦੀ ਇੰਨੇ ਸਾਲਾਂ ਦੀ ਆਦਤ ਹੈ ਬਣੀ ਰਹਿਣ ਦਿਓ। ਇਕ ਖਾਸ ਗੱਲ ਇਹ ਸੀ ਕਿ ਬਚਪਨ
ਤੋਂ ਹੀ ਬਾਪੂ ਦਾ ਹੁੱਕਾ ਭਰਨ ਦੀ ਜਿ਼ੰਮੇਵਾਰੀ ਮੇਰੀ ਰਹੀ ਸੀ। ਹੁੱਕਾ ਸਾਨੂੰ ਕਿਸੇ ਨੂੰ
ਵੀ ਚੰਗਾ ਨਹੀਂ ਸੀ ਲਗਦਾ ਪਰ ਬਾਪੂ ਦਾ ਮਜ਼ਾਹੀਆ ਸੁਭਾਅ ਸਾਨੂੰ ਉਸ ਪ੍ਰਤੀ ਕਿਸੇ ਕਿਸਮ ਦਾ
ਗੁੱਸਾ ਆਉਣ ਹੀ ਨਾ ਦਿੰਦਾ। ਇਕ ਦਿਨ ਮੈਂ ਡੱਬਰੀ ਤੋਂ ਆਇਆ ਤਾਂ ਬਾਪੂ ਕਹਿਣ ਲਗਿਆ,
“ਬੂਟਿਆ, ਐਨੇ ਦਿਨ ਹੋ ਗਏ ਤੇਰੇ ਵਿਆਹ ਨੂੰ, ਤੂੰ ਕੀ ਕਰੀ ਜਾਨਾਂ?”
ਮੈਨੂੰ ਉਸ ਦੀ ਗੱਲ ਤੇ ਹਾਸਾ ਆ ਗਿਆ। ਮੈਂ ਸਮਝਦਾ ਸੀ ਕਿ ਉਸ ਦਾ ਇਸ਼ਾਰਾ ਕਿਸ ਪਾਸੇ ਹੈ,
ਮੈਂ ਕਿਹਾ,
“ਬਾਪੂ, ਤੂੰ ਸੱਠ ਸਾਲ ਲਾ ‘ਤੇ ਸੀ, ਸਬਰ ਕਰ ਹਾਲੇ ਤਾਂ ਕੁਸ਼ ਮਹੀਨੇ ਈ ਹੋਏ ਆ ਵਿਆਹ
ਨੂੰ।”
“ਸੱਠ ਸਾਲ ਮੇਰੇ ਅਲੋਂ ਨਹੀਂ ਸੀ ਲਗੇ, ਦੂਜੇ ਪਾਸੇ ਦੀ ਢਿੱਲ ਸੀ, ਜੇ ਏਦਾਂ ਦੀ ਗੱਲ ਆ ਤਾਂ
ਮੈਂ ਤੇਰਾ ਵਿਆਹ ਦੁਬਾਰਾ ਕਰ ਲੈਣਾਂ ਪਰ ਮੇਰੇ ਜੀਂਦੇ ਜੀ ਕਰ ਕੁਸ਼।”
“ਪਹਿਲਾਂ ਤਾਂ ਮੇਰਾ ਮਸਾਂ ਵਿਆਹ ਹੋਇਆ ਹੋਰ ਕਿਥੋਂ ਕਰ ਲਵੇਂਗਾ?”
“ਮੇਰੀ ਬਥੇਰੀ ਵਾਕਫੀ ਆ, ਕਿਸੇ ਛੋਟੇ ਪਿੰਡੋਂ ਈ ਸਹੀ, ਮੈਨੂੰ ਪੋਤਾ ਚਾਹੀਦਾ ਤੇ ਉਹ ਵੀ
ਜਲਦੀ।”
“ਬਾਪੂ, ਇਹ ਖੀਰ ਆ ਬਈ ਹੁਣੇ ਥਾਲੀ ‘ਚ ਲਿਆ ਕੇ ਰੱਖ ਦਿਆਂ।”
“ਬੂਟਿਆ, ਤੂੰ ਦੱਸ, ਤੇਰੇ ‘ਚ ਕੋਈ ਨੁਕਸ ਤਾਂ ਨਹੀਂ?”
“ਬਾਪੂ, ਤੇਰਾ ਦਿਮਾਗ ਘੁੰਮ ਗਿਆ!”
“ਜੇ ਨੁਕਸ ਹੈਗਾ ਤਾਂ ਦਸ, ਆਹ ਮੀਆਂ ਫਤਿਹ ਦੀਨ ਤੋਂ ਦੁਆਈ ਲੈ ਦਿੰਨਾਂ।”
ਉਸ ਦਾ ਸ਼ੁਗਲ ਦਾ ਸੁਭਾਅ ਸੀ ਪਰ ਇਹ ਗੱਲ ਉਸ ਹਾਸੇ ਵਿਚ ਨਹੀਂ ਸੀ ਕਹਿ ਰਿਹਾ ਸਗੋਂ ਬਹੁਤ
ਗੰਭੀਰ ਸੀ। ਮੈਂ ਘਰ ਨੰਦੀ ਨਾਲ ਗੱਲ ਕੀਤੀ ਤਾਂ ਉਹ ਸ਼ਰਮਾਈ ਵੀ ਜਾਵੇ ਤੇ ਹੱਸਣੋਂ ਵੀ ਨਾ
ਹਟੇ। ਉਹਨੀਂ ਦਿਨੀਂ ਮੈਂ ਮੰਢਾਲੀ ਰੋਜ਼ਾ ਸ਼ਰੀਫ ‘ਤੇ ਬਹੁਤ ਜਾਂਦਾ ਹੁੰਦਾ ਸੀ। ਸਾਡੇ ਪਿੰਡ
ਦੇ ਨੇੜੇ ਹੀ ਸੀ। ਐਵੇਂ ਤਿੰਨ ਕੁ ਕੋਹ ਹੋਵੇਗਾ। ਮੇਰਾ ਥੋੜਾ ਬਹੁਤ ਯਕੀਨ ਵੀ ਸੀ। ਮੇਰੇ
ਮੁਸਲਮਾਨ ਦੋਸਤ ਬਹੁਤ ਸਨ ਤੇ ਸਾਰੇ ਹੀ ਇਕ ਜਗਾਹ ਨੂੰ ਬਹੁਤ ਮੰਨਦੇ ਸਨ। ਤਿੰਨ ਦਿਨ ਮੇਲਾ
ਚਲਣਾਂ, ਅਸੀਂ ਤਿੰਨੇ ਦਿਨ ਜਾ ਪਹੁੰਚਣਾਂ। ਇਕ ਦਿਨ ਬਾਪੂ ਕਹਿਣ ਲਗਿਆ,
“ਤੂੰ ਆਹ ਪੀਰ-ਪੂਰ ਨੂੰ ਈ ਕਹਿ ਕੇ ਦੇਖ ਲਾ, ਜੇ ਗੱਲ ਬਣਦੀ ਆ ਤਾਂ।”
ਬਾਪੂ ਦੀ ਇੰਨੀ ਲਾਲਸਾ ਦੇਖ ਕੇ ਮੈਂ ਵੀ ਕੁਝ ਗੰਭੀਰ ਹੋ ਗਿਆ। ਮੈਨੂੰ ਵੀ ਫਿਕਰ ਜਿਹਾ ਪੈ
ਗਿਆ। ਮੈਂ ਰੋਜ਼ਾ ਸ਼ਰੀਫ ਮੰਢਾਲੀ ਜਾ ਕੇ ਮੰਨਤ ਵੀ ਮੰਨ ਲਈ ਹਾਲਾਂਕਿ ਯਕੀਨ ਮੇਰਾ ਨਹੀਂ ਸੀ
ਕਿ ਮੰਨਤ ਮੰਨਣ ਨਾਲ ਬੱਚਾ ਹੋ ਜਾਵੇਗਾ। ਮੇਰੇ ਤੋਂ ਬਾਪੂ ਦੀ ਪੋਤੇ ਲਈ ਤੜਫ ਨਹੀਂ ਸੀ ਦੇਖੀ
ਜਾਂਦੀ। ਮੈਂ ਮੰਨਤ ਮੰਨ ਆਇਆ ਪਰ ਕੋਈ ਫਾਇਦਾ ਨਾ ਹੋਇਆ। ਬਾਪੂ ਦੇ ਹੁੱਕੇ ਦੀ ਗੁੜਗੁੜ ਤੇਜ਼
ਹੋ ਜਾਂਦੀ। ਉਹ ਹਵੇਲੀ ਤੋਂ ਘਰ ਤੇ ਘਰ ਤੋਂ ਹਵੇਲੀ ਦੇ ਕਈ ਚੱਕਰ ਮਾਰਦਾ। ਉਸ ਦੀ ਚਾਲ ਦੀ
ਤੇਜ਼ੀ ਉਸ ਦੇ ਅੰਦਰਲੀ ਉਥਲ-ਪੁਥਲ ਬਾਰੇ ਦਸ ਰਹੀ ਹੁੰਦੀ। ਉਸ ਦੇ ਬਹੁਤ ਸਾਰੇ ਦੋਸਤ ਸਨ
ਆਪਣੀ ਇਹ ਤਮੰਨਾ ਉਹਨਾਂ ਨਾਲ ਸਾਂਝੀ ਕਰਦਾ ਰਹਿੰਦਾ। ਸਾਡੇ ਨਾਨਕੇ ਚੱਕ ਮਾਈ ਦਾਸ ਵਾਲੇ
ਸਾਡਾ ਬਹੁਤ ਮੋਹ ਕਰਦੇ ਸਨ, ਉਥੋਂ ਕੋਈ ਮਿਲਣ ਵਾਲਾ ਆਉਂਦਾ ਤਾਂ ਬਾਪੂ ਉਹਨਾਂ ਨਾਲ ਦਲੀਲਾਂ
ਕਰਨ ਲਗਦਾ ਕਿ ਕੀ ਕੀਤਾ ਜਾਵੇ। ਸੰਨ 1923 ਦੀ ਲੋਹੜੀ ਨੂੰ ਬਾਪੂ ਅੰਦਰੋਂ ਹੀ ਨਹੀਂ ਨਿਕਲਿਆ
ਨਹੀਂ ਤਾਂ ਉਹ ਹਰੇਕ ਸਾਲ ਮੁਹਰੇ ਹੋ ਕੇ ਲੋਹੜੀ ਮੰਗਣ ਵਾਲਿਆਂ ਨੂੰ ਗੁੜ ਪਾਇਆ ਕਰਦਾ ਸੀ।
ਉਹ ਕਹਿੰਦਾ ਰੱਬ ਨੇ ਮੈਨੂੰ ਉਮਰ ਦੇ ਉਸ ਪੜਾਅ ‘ਤੇ ਔਲਾਦ ਦਿਤੀ ਹੈ ਹੁਣ ਮੇਰਾ ਹਰ ਲੋਹੜੀ
ਵਿਚ ਹਿੱਸਾ ਪਾਉਣਾ ਹੱਕ ਬਣਦਾ।
ਇਕ ਦਿਨ ਬਾਪੂ ਕਹਿਣ ਲਗਾ,
“ਬੂਟਿਆ, ਹੋਲਾ ਮਹੱਲਾ ਆ ਰਿਹਾ, ਜਾ, ਬਹੂ ਨੂੰ ਅਨੰਦ ਪੁਰ ਲੈ ਜਾ, ਨਾਲ਼ੇ ਮੇਲਾ ਦੇਖ ਲਿਓ
ਨਾਲ ਕੋਈ ਸੁੱਖ ਸੁਖ ਲਿਓ, ਹੁਣ ਤਾਂ ਦੋ ਸਾਲ ਹੋ ਗਏ ਤੇਰੇ ਵਿਆਹ ਨੂੰ।”
“ਬਾਪੂ, ਮੇਰਾ ਦਿਲ ਨਹੀਂ ਕਰਦਾ ਮੇਲੇ ਜਾਣ ਨੂੰ।”
“ਬਹੂ ਦਾ ਤਾਂ ਕਰਦਾ ਈ ਹੋਊ, ਨਾਲ਼ੇ ਮੇਲਾ ਦੇਖ ਹੋ ਜਾਊ ਤੇ ਨਾਲ਼ੇ ਮੱਥਾ ਟੇਕ ਕੇ ਸੁੱਖ
ਸੁਖ ਲਿਓ।”
ਮੈਂ ਮੇਲਾ ਦੇਖਣ ਜਾਣ ਨੂੰ ਤਿਆਰ ਨਹੀਂ ਸਾਂ। ਤੁਰਨਾ ਬਹੁਤ ਪੈਂਦਾ ਸੀ। ਉਹਨਾਂ ਦਿਨਾਂ ਵਿਚ
ਲੋਕ ਬਹੁਤਾ ਸਫਰ ਪੈਦਲ ਹੀ ਕਰਿਆ ਕਰਦੇ ਸਨ। ਬਾਪੂ ਦੇ ਜਿ਼ਆਦਾ ਕਹਿਣ ‘ਤੇ ਮੈਂ ਤਿਆਰ ਹੋਣ
ਲਗਿਆ। ਨੰਦੀ ਤਾਂ ਪਹਿਲਾਂ ਹੀ ਜਾਣਾ ਚਾਹੁੰਦੀ ਸੀ। ਉਹ ਰੁੜਕੇ ਤੋਂ ਆਪਣੇ ਘਰਦਿਆਂ ਨਾਲ
ਜਾਂਦੀ ਰਹਿੰਦੀ ਸੀ। ਜਾਣ ਤੋਂ ਇਕ ਦਿਨ ਪਹਿਲਾਂ ਬਾਪੂ ਕਹਿਣ ਲਗਿਆ,
“ਲੈ ਬਈ, ਆਖਰੀ ਕੋਸ਼ਟ ਆ, ਨਹੀਂ ਤਾਂ ਮੈਂ ਕਰੂੰ ਗੱਲ ਕਾਬਲ ਸੂੰਹ ਨਾਲ਼, ਤੇਰੇ ਵਿਆਹ ਦਾ
ਕੋਈ ਇੰਤਜ਼ਾਮ ਕਰਦੇ ਆਂ।”
ਮੈਨੂੰ ਉਸ ਦੀ ਇਸ ਗੱਲ ‘ਤੇ ਹਾਸਾ ਵੀ ਆਇਆ ਤੇ ਤਰਸ ਵੀ। ਮੈਂ ਕਿਹਾ,
“ਬਾਪੂ, ਤੂੰ ਹੋਸ਼ੀਆਂ ਨਾ ਮਾਰ, ਚੰਨਣ ਦੇ ਵੀ ਤਾਂ ਹਾਲੇ ਏਦਾਂ ਈ ਆ, ਆਪਾਂ ਗੁਰਬਚਨ ਨੂੰ
ਵਿਆਹੁਣਾ ਹਾਲੇ। ਤੂੰ ਤਾਂ ਐਮੇਂ ਕਾਹਲਾ ਪਈ ਜਾਨਾਂ।”
“ਓ, ਮੇਰੇ ਕੋਲ ਵਕਤ ਨਹੀਂ, ਪਤਾ ਨਹੀਂ ਹੁਣ ਕਿਹੜੇ ਵੇਲੇ ਤੁਰ ਜਾਣਾਂ।”
“ਨਾਲੇ਼ ਕਹਿੰਨਾਂ ਹੁੰਨਾਂ ਕਿ ਆਪਣੇ ਖਾਨਦਾਨ ‘ਚ ਹੱਡ ਰਗੜ ਰਗੜ ਕੇ ਮਰਦੇ ਆ, ਤੂੰ ਸਾਲ ਭਰ
ਹੱਡ ਵੀ ਤਾਂ ਰਗੜਾਏਂਗਾ।”
“ਤੂੰ ਮੇਰੀ ਗੱਲ ਨੂੰ ਪੂਰੀ ਤਰ੍ਹਾਂ ਨਹੀਂ ਸਮਝਦਾ, ਮੈਂ ਆਪਣੇ ਪੋਤੇ ਨੂੰ ਖਲ੍ਹੌਣਾ
ਚਾਹੁੰਨਾਂ, ਇਹਨਾਂ ਹੱਥਾਂ ‘ਚ। ਮੇਰੇ ਭੁੰਜੇ ਲਾਹੇ ਤੇ ਪੋਤਾ ਆਇਆ ਤਾਂ ਕੀ ਆਇਆ!”
ਕਹਿੰਦਿਆਂ ਉਸ ਨੇ ਆਪਣੇ ਦੋਵੇਂ ਹੱਥ ਮੈਨੂੰ ਦਿਖਾਏ ਤੇ ਅੱਖਾਂ ਭਰ ਲਈਆਂ। ਮੇਰੇ ਲਈ ਬਹੁਤ
ਮੁਸ਼ਕਲ ਬਣ ਗਈ। ਮੈਂ ਸੋਚਣ ਲਗਿਆ ਕਿ ਬਾਪੂ ਨੂੰ ਖੁਸ਼ ਕਰਾਂ ਤਾਂ ਕਿਸ ਤਰਾਂ।
ਪਿੰਡੋਂ ਲੋਕਾਂ ਨਾਲ ਅਸੀਂ ਵੀ ਮੇਲੇ ਨੂੰ ਚਲੇ ਗਏ। ਤਿੰਨ-ਚਾਰ ਦਿਨ ਅਨੰਦ ਪੁਰ ਰਹੇ। ਮੇਲੇ
‘ਤੇ ਘਰ ਦੀ ਕੱਢੀ ਸ਼ਰਾਬ ਵਿਕਦੀ ਹੁੰਦੀ ਸੀ ਪਰ ਵਿਕਦੀ ਸੀ ਬਹੁਤ ਚੋਰੀ। ਸ਼ਰਾਬ ਬਹੁਤ ਖਰੀ
ਹੁੰਦੀ ਸੀ। ਗਲਾਸ ਵਿਚ ਪਾਓ ਤਾਂ ਕਿੰਨਾ ਕਿੰਨਾ ਚਿਰ ਕੰਗਣੀ ਨਾ ਟੁੱਟਣੀ। ਉਂਗਲ ਨੂੰ ਲਾ ਕੇ
ਦੇਖੋ ਤਾਂ ਅੱਗ ਦੌੜ ਕੇ ਇਦਾਂ ਪੈਣੀ ਜਿਦਾਂ ਮਿਟੀ ਦੇ ਤੇਲ ਨੂੰ ਪੈਂਦੀ ਹੁੰਦੀ ਹੈ। ਮੈਨੂੰ
ਇਸ ਟਿਕਾਣੇ ਦਾ ਪਤਾ ਸੀ। ਜਦੋਂ ਕਦੇ ਮੇਲੇ ਆਉਂਦਾ ਤਾਂ ਇਥੇ ਚਲੇ ਜਾਇਆ ਕਰਦਾ ਸਾਂ। ਮੈਂ ਤੇ
ਮੇਰਾ ਇਕ ਦੋਸਤ ਨੱਥਾ ਸਿੰਘ ਸ਼ਾਮ ਜਿਹੇ ਨੂੰ ਉਸ ਖੂਹ ਤੇ ਚਲੇ ਜਾਂਦੇ ਤੇ ਇਕ ਬੋਤਲ ਲੈਂਦੇ,
ਪਾਈਆ ਪਾਈਆ ਉਥੇ ਪੀਂਦੇ ਤੇ ਪਾਈਆ ਪਾਈਆ ਰਾਤ ਦੇ ਲੰਗਰ ਤੋਂ ਪਹਿਲਾਂ। ਮੈਂ ਮੇਲੇ ਵਿਚ
ਅਜਿਹਾ ਖੁੱਭਿਆ ਕਿ ਮੇਰੇ ਤੋਂ ਮੱਥਾ ਟੇਕਣ ਜਾ ਹੀ ਨਹੀਂ ਹੋਇਆ। ਨੰਦੀ ਪਿੰਡ ਦੀਆਂ ਹੋਰ
ਬੁੜੀਆਂ ਨਾਲ ਤਕਰੀਬਨ ਰੋਜ਼ ਈ ਕੇਸ ਗੜ੍ਹ ਸਾਹਿਬ ਮੱਥਾ ਟੇਕਣ ਚਲੇ ਜਾਂਦੀ। ਮੈਨੂੰ ਨਹੀਂ
ਪਤਾ ਕਿ ਉਸ ਨੇ ਕੁਝ ਮੰਗਿਆ ਕਿ ਨਹੀਂ। ਅਸੀਂ ਮੇਲਾ ਦੇਖ ਕੇ ਵਾਪਸ ਆ ਗਏ। ਬਾਪੂ ਦਾ ਉਹੋ
ਸਵਾਲ। ਪੁੱਛਣ ਲਗਾ,
“ਰੱਬ ਤੋਂ ਕੁਸ਼ ਮੰਗਿਆ ਵੀ ਕਿ ਨਹੀਂ?
“ਹਾਂ, ਹਾਂ, ਮੈਂ ਅਰਦਾਸ ਕਰਾਈ ਸੀ।”
“ਕੀ ਕਿਹਾ ਸੀ ਅਰਦਾਸ ਵਿਚ?”
“ਮੈਂ ਕਿਹਾ ਰੱਬਾ, ਮੇਰੇ ਬਾਪੂ ਨੂੰ ਇਕ ਪੋਤਾ ਦੇ ਦੇਹ।”
ਮੈਂ ਝੂਠ ਕਹਿ ਦਿਤਾ। ਬਾਪੂ ਖਿਝਦਾ ਹੋਇਆ ਬੋਲਿਆ,
“ਏਦਾਂ ਰੱਬ ਕੀ ਦੇਊ, ਓਹਨੇ ਮੈਨੂੰ ਬਥੇਰਾ ਕੁਸ਼ ਦੇ ‘ਤਾ, ਤੂੰ ਆਪਣੇ ਲਈ ਕੁਸ਼ ਮੰਗਣਾਂ
ਸੀ, ਤੂੰ ਤਾਂ ਬੂਟਿਆ, ਪੜ੍ਹ ਲਿਖ ਕੇ ਈ ਗੁਆ ਲਿਆ। ਏਨੀ ਗੱਲ ਸਮਝ ਨਹੀਂ ਆਈ ਕਿ ਤੂੰ ਆਪਣੇ
ਲਈ ਮੰਗਦਾ ਤਾਂ ਰੱਬ ਸੁਣਦਾ।”
ਉਹ ਮੇਰੀ ਇਸ ਗਲਤੀ ਕਾਰਨ ਸਤ ਗਿਆ। ਮੈਂ ਕਿਹਾ,
“ਬਾਪੂ, ਤੂੰ ਖਫਾ ਨਾ ਹੋ, ਮੈਂ ਅਗਲੇ ਸਾਲ ਫੇ’ ਜਾਊਂ।”
“ਅਗਲੇ ਸਾਲ ਮੈਂ ਬਚੂੰ ਤਾਂ ਈ ਆਂ!”
“ਚਲ ਮੈਂ ਪਿੰਡ ਦੇ ਗੁਰਦਵਾਰੇ ਜਾ ਆਊਂ।”
“ਫੇ’ ਉਹੀ ਗੱਲ ਕਰ ‘ਤੀ ਨਾ, ਭਲਾ ਓਸ ਜਗਾਹ ਵਿਚ ਤੇ ਏਸ ਜਗਾਹ ਵਿਚ ਕੋਈ ਫਰਕ ਈ ਨਹੀਂ?”
“ਚਲ, ਮੈਂ ‘ਨੰਦ ਪੁਰ ਜਾ ਆਊਂ ਵਿਸਾਖੀ ‘ਤੇ।”
“ਵਿਸਾਖੀ ‘ਤੇ ਉਹ ਗੱਲ ਨਹੀਂ ਹੁੰਦੀ।”
ਉਸ ਨੇ ਨਿਰਾਸ਼ ਅਵਾਜ਼ ਵਿਚ ਕਿਹਾ। ਮੈਂ ਵੀ ਉਸ ਨੂੰ ਟਰਕਾਉਣ ਲਈ ਹੀ ਕਿਹਾ ਸੀ। ਵਿਸਾਖੀ
ਤੋਂ ਬਾਅਦ ਤਾਂ ਵਾਢੀ ਪੈ ਜਾਣੀ ਸੀ, ਫੇਰ ਤਾਂ ਓਦਾਂ ਈ ਸਿਰ ਖੁਰਕਣ ਦੀ ਵਿਹਲ ਨਹੀਂ ਸੀ
ਮਿਲਣੀ।
ਉਹਨਾਂ ਦਿਨਾਂ ਵਿਚ ਸਾਡੇ ਫਲ਼ੇ ਚਲਦੇ ਸੀ ਜਦੋਂ ਨੰਦੀ ਨੂੰ ਪਹਿਲੀਆਂ ਉਲਟੀਆਂ ਆਈਆਂ। ਬਾਪੂ
ਤਾਂ ਖੁਸ਼ੀ ਵਿਚ ਨੱਚਣ ਹੀ ਲਗ ਪਿਆ। ਉਹ ਕਹਿਣ ਲਗਿਆ,
“ਲੈ ਬਈ, ਹੁਣ ਰਲ਼ੇ ਦੀ ਐਸੀ ਜੜ੍ਹ ਲਗ ਗਈ ਕਿ ਕੋਈ ਨਹੀਂ ਪੁੱਟ ਸਕਦਾ।”
ਕਈ ਵਾਰ ਉਹ ਆਖਣ ਲਗਦਾ,
“ਬੂਟਿਆ, ਹੁਣ ਇਕ ਆਰੀ ਮੈਂ ਆਪਣੇ ਪੋਤੇ ਦੇ ਦਰਸ਼ਨ ਕਰ ਲਵਾਂ ਫੇ’ ਭਮਾਂ ਅਗਲੇ ਦਿਨ ਜਮਦੂਤ
ਆ ਜਾਣ।”
“ਬਾਪੂ, ਤੈਨੂੰ ਕੀ ਪਤਾ ਇਕ ਮੁੰਡਾ ਈ ਹੋਊ?”
“ਦੇਖ ਪਹਿਲਾਂ ਮੇਰਾ ਬਾਬਾ ਗੁਰਦਿਤਾ ਜੇਠਾ, ਫੇਰ ਬਾਪੂ ਜੈਮਲ ਜੇਠਾ ਸੀ ਤੇ ਫੇਰ ਮੈਂ ਤੇ
ਤੂੰ ਵੀ ਤੇ ਇਹ ਵੀ ਜੇਠਾ ਤੇ ਮੁੰਡਾ ਈ ਹੋਣਾਂ।”
ਫਿਰ ਕੁਝ ਦੇਰ ਸੋਚਦਾ ਹੋਇਆ ਬੋਲਿਆ,
“ਚਲ, ਓਹ ਜਾਣੇ, ਜੇ ਕੁੜੀ ਵੀ ਹੋ ਗਈ ਤਾਂ ਜੜ੍ਹ ਤਾਂ ਅਗਲੀ ਪੀੜ੍ਹੀ ਦੀ ਲਗ ਗਈ।”
ਬਾਪੂ ਹਰ ਵੇਲੇ ਬਹੁਤ ਖੁਸ਼ ਰਹਿੰਦਾ। ਹੁਣ ਉਸ ਦੇ ਹੁੱਕਾ ਪੀਣ ਵਾਲੇ ਬਹੁਤੇ ਦੋਸਤ ਨਹੀਂ
ਸਨ। ਸਾਡੇ ਤਾਂ ਪੂਰੇ ਪਿੰਡ ਵਿਚ ਇਕ ਉਹ ਹੀ ਜੱਟ ਸੀ ਜੋ ਹੁੱਕਾ ਪੀਂਦਾ ਸੀ। ਜਿਹੜੇ ਉਸ ਦੇ
ਹਾਣੀ ਆਲੇ ਦੁਆਲੇ ਦੇ ਪਿੰਡਾਂ ਤੋਂ ਆਇਆ ਕਰਦੇ ਸਨ ਉਹ ਹੁਣ ਸਿਆਣੇ ਹੋ ਚੁੱਕੇ ਸਨ, ਬਹੁਤੇ
ਤਾਂ ਉਹਨਾਂ ਵਿਚੋਂ ਗੁਜ਼ਰ ਵੀ ਗਏ ਸਨ। ਤਿਰਆਨਵੇਂ ਸਾਲ ਦੀ ਉਮਰ ਤਾਂ ਬਾਪੂ ਦੀ ਹੀ ਸੀ।
ਹੁੱਕਾ ਪੀਣ ਨੂੰ ਸਾਡੇ ਬਹੁਤ ਬੁਰਾ ਮੰਨਿਆਂ ਜਾਂਦਾ ਸੀ ਪਰ ਬਾਪੂ ਦੇ ਹੁੱਕੇ ਨੂੰ ਸਭ ਨੇ
ਮਨਜ਼ੂਰ ਕਰ ਲਿਆ ਹੋਇਆ ਸੀ। ਆਪਣੀ ਹੁੱਕੀ ਲੈ ਕੇ ਉਹ ਪਰਿਆ ਵਿਚ ਵੀ ਜਾ ਬੈਠਿਆ ਕਰਦਾ। ਸਾਰੇ
ਸਰਦਾਰ ਉਸ ਨੂੰ ਝੱਲ ਲੈਂਦੇ। ਮੈਂ ਖਿਝਦਾ ਕਿ ਪਰਿਆ ਵਿਚ ਤਾਂ ਹੁੱਕੀ ਨਾਲ ਲੈ ਕੇ ਜਾਵੇ ਪਰ
ਮੇਰੀ ਖਿਝ ਦਾ ਉਸ ‘ਤੇ ਕੋਈ ਅਸਰ ਨਾ ਹੁੰਦਾ।
ਦਰਸ਼ਨ ਦਾ ਜਨਮ ਅੱਠ ਪੋਹ ਦਾ ਹੈ, ਅੰਗਰੇਜ਼ੀ ਮਹੀਨੇ ਦੇ ਹਿਸਾਬ ਨਾਲ ਬਾਈ ਦਸੰਬਰ ਸੰਨ 1923
ਦਾ। ਜਿਸ ਦਿਨ ਉਹ ਜੰਮਿਆਂ ਤਾਂ ਬਾਪੂ ਦੀ ਖੁਸ਼ੀ ਦੇਖਣ ਵਾਲੀ ਸੀ। ਬੱਚੇ ਦੇ ਜਨਮ ਤੋਂ
ਪਹਿਲਾਂ ਨੰਦੀ ਦੀ ਮਾਂ ਉਸ ਨੂੰ ਲੈਣ ਆਈ ਤਾਂ ਬਾਪੂ ਉਹਦੇ ਗਲ਼ ਹੀ ਪੈ ਗਿਆ। ਭਲਾ ਉਹ ਆਪਣੇ
ਪੋਤੇ ਨੂੰ ਕਿਸੇ ਦੇ ਘਰ ਕਿਵੇਂ ਜੰਮ ਲੈਣ ਦਿੰਦਾ। ਨੰਦੀ ਹਾਲੇ ਛਿਲੇ ਵਿਚ ਹੀ ਸੀ ਤਾਂ ਬਾਪੂ
ਦਰਸ਼ਨ ਨੂੰ ਚੁੱਕੀ ਫਿਰਿਆ ਕਰੇ। ਨਾਂ ਵੀ ਉਸੇ ਨੇ ਰੱਖਿਆ ਸੀ। ਜਿਵੇਂ ਜਿਵੇਂ ਦਰਸ਼ਨ ਰੁੜਨ
ਲਗਿਆ ਬਾਪੂ ਵੀ ਉਸ ਨਾਲ ਬੱਚਾ ਬਣਿਆ ਰੁੜ੍ਹਦਾ ਫਿਰਦਾ। ਉਸ ਨਾਲ ਤੋਤਲੀਆਂ ਤੋਤਲੀਆਂ ਗੱਲਾਂ
ਕਰਦਾ। ਹਰ ਵੇਲੇ ਉਸ ਨੂੰ ਚੁੱਕੀ ਫਿਰਦਾ। ਇਕ ਹੱਥ ਬਾਪੂ ਦੇ ਹੁੱਕਾ ਹੁੰਦਾ ਤੇ ਦੂਜੀ ਕੱਛ
ਵਿਚ ਦਰਸ਼ਨ। ਇਸ ਉਮਰ ਵਿਚ ਬਾਪੂ ਦੀ ਸਿਹਤ ਕਾਫੀ ਕਮਜ਼ੋਰ ਸੀ। ਕੁਝ ਕੁ ਕੁੱਬਾ ਹੋ ਕੇ
ਤੁਰਦਾ ਸੀ। ਨੰਦੀ ਡਰਿਆ ਕਰੇ ਕਿ ਬੁੜਾ ਕਿਤੇ ਮੁੰਡੇ ਨੂੰ ਨਾ ਸੁੱਟ ਦੇਵੇ ਪਰ ਬਾਪੂ ਕਿਸ ਦੀ
ਮੰਨਣ ਵਾਲਾ ਸੀ। ਉਹ ਤਾਂ ਰਾਤ ਨੂੰ ਵੀ ਦਰਸ਼ਨ ਨੂੰ ਨਾਲ ਹੀ ਸੁਲਾਉਂਦਾ। ਉਸ ਦੇ ਪੋਤੜੇ ਵੀ
ਧੋ ਦਿੰਦਾ। ਮੈਂ ਉਸ ਨੂੰ ਰੋਕਦਾ ਤਾਂ ਆਖਦਾ,
“ਤੁਹਾਡੇ ਛੇਆਂ ਦੇ ਧੋਤੇ ਆ ਤਾਂ ਇਕ ਇਹਦਾ ਵੀ ਧੋ ਦਊਂ ਤਾਂ ਕੀ ਫਕਰ ਪੈ ਜਾਊ।”
ਫਿਰ ਬਾਪੂ ਬਿਮਾਰ ਪੈ ਗਿਆ। ਸਾਨੂੰ ਸਭ ਨੂੰ ਲਗਿਆ ਕਿ ਉਹਦਾ ਅੰਤ ਆ ਗਿਆ। ਉਹ ਜਿ਼ਦ ਕਰਦਾ
ਕਿ ਦਰਸ਼ਨ ਨੂੰ ਉਸ ਨਾਲ ਪਾ ਦੇਈਏ। ਦਰਸ਼ਨ ਡੇੜ ਸਾਲ ਦਾ ਹੋ ਗਿਆ ਸੀ ਟਿਕ ਕੇ ਬੈਠਣ ਵਾਲਾ
ਨਹੀਂ ਸੀ ਇਸ ਕਰਕੇ ਬਹੁਤੀ ਦੇਰ ਉਸ ਕੋਲ ਨਾ ਰਹਿੰਦਾ। ਪਰ ਬਾਪੂ ਘੜੀ ਕੁ ਬਾਅਦ ਪੁੱਛਣ
ਲਗਦਾ,
“ਮੇਰਾ ਪੋਤਾ ਕਿਥੇ ਆ?”
ਜਿਵੇਂ ਬਾਪੂ ਆਪ ਹੀ ਕਿਹਾ ਕਰਦਾ ਸੀ ਕਿ ਉਸ ਦੀ ਮੌਤ ਸਭ ਨੂੰ ਤੰਗ ਕਰੇਗੀ, ਉਸ ਨੂੰ ਵੀ ਤੇ
ਉਪਰਲਿਆਂ ਨੂੰ ਵੀ, ਇਵੇਂ ਹੀ ਹੋਇਆ। ਉਹ ਮੰਜੇ ਨਾਲ ਮੰਜਾ ਹੀ ਹੋ ਗਿਆ। ਬਾਪੂ ਦੇ ਸਾਹ ਬਹੁਤ
ਔਖੇ ਨਿਕਲੇ। ਪਰ ਜਿੰਨਾ ਚਿਰ ਉਸ ਨੂੰ ਹੋਸ਼ ਰਹੀ ਇਹੋ ਸਵਾਲ ਕਰਦਾ ਕਿ ਮੇਰਾ ਪੋਤਾ ਕਿਥੇ
ਹੈ। ਅਸੀਂ ਦਰਸ਼ਨ ਨੂੰ ਉਸ ਦੇ ਮੁਹਰੇ ਕਰ ਦਿੰਦੇ। ਉਸ ਦੇ ਚਿਹਰੇ ‘ਤੇ ਅਥਾਹ ਤਸੱਲੀ ਹੁੰਦੀ।
-0-
|