ਹਰਨੇਕ ਸਿੰਘ ਘੜੂੰਆਂ ਦੀ
ਲਿਖਤ ਦੀ ਗੱਲ ਕਰਨ ਤੋਂ ਪਹਿਲਾਂ ਥੋੜ੍ਹੀ ਜਿਹੀ ਗੱਲ ਉਸ ਬਾਰੇ ਵੀ ਕਰ ਲਈਏ; ਕਿਉਂਕਿ ਉਸਦੀ
ਲਿਖਤ ਵਿੱਚ ਦਾਖ਼ਲ ਹੋਣ ਲਈ ਪਹਿਲਾ ਦਰਵਾਜ਼ਾ ਤਾਂ ਉਸਦੀ ਸ਼ਖ਼ਸੀਅਤ ਵਿਚੋਂ ਹੀ ਖੁੱਲ੍ਹਣਾ
ਹੈ।
ਜਿੱਥੋਂ ਤੱਕ ਮੇਰੀ ਗੱਲ ਹੈ; ਮੈਂ ਹਰਨੇਕ ਸਿੰਘ ਘੜੂੰਆਂ ਨੂੰ ਪੜ੍ਹਿਆ ਵੀ ਹੋਇਆ ਸੀ, ਵੇਖਿਆ
ਵੀ ਹੋਇਆ ਸੀ, ਉਸ ਬਾਰੇ ਸੁਣਿਆ ਵੀ ਹੋਇਆ ਸੀ ਪਰ ਉਸਨੂੰ ਕਦੀ ਮਿਲਿਆ ਨਹੀਂ ਸਾਂ। ਮਿਲਣ ਦੀ
ਕਦੀ ਤਾਂਘ ਹੀ ਨਹੀਂ ਸੀ ਪੈਦਾ ਹੋਈ। ਉਹ ‘ਵੱਡਾ’ ਆਦਮੀ ਸੀ। ਖਰੜ ਦੇ ਚੋਣ-ਹਲਕੇ ਵਿਚੋਂ
ਕੈਪਟਨ ਅਮਰਿੰਦਰ ਸਿੰਘ ਵਰਗੇ ਅਹਿਮ ਆਗੂ ਨੂੰ ਹਰਾ ਕੇ ਐਮ ਐਲ ਏ ਬਣਿਆਂ ਸੀ ਤੇ
ਮੁੱਖ-ਮੰਤ੍ਰੀ ਹਰਚਰਨ ਸਿੰਘ ਬਰਾੜ ਦੀ ਕੈਬਨਿਟ ਵਿੱਚ ਮਾਲ-ਮੰਤਰੀ ਰਹਿ ਚੁੱਕਾ ਸੀ।
ਪਾਕਿਸਤਾਨ ਦੇ ਲੋਕਾਂ ਨਾਲ ਸਾਂਝ ਵਧਾਉਣ ਲਈ ਕਾਇਮ ਕੀਤੇ ‘ਆਲਮੀ ਪੰਜਾਬੀ ਪਰਿਵਾਰ’ ਦਾ
ਚੇਅਰਮੈਨ ਸੀ। ਪਾਕਿਸਤਾਨ ਦੀਆਂ ਯਾਤਰਾਵਾਂ ‘ਤੇ ਜਾਂਦਾ ਸੀ ਤਾਂ ਉਸਦੀਆਂ ਮਿਲਣੀਆਂ
ਪਾਕਿਸਤਾਨ ਦੇ ਆਮ ਸੂਬਾਈ-ਵਜ਼ੀਰਾਂ ਤੋਂ ਲੈ ਕੇ ਉਥੋਂ ਦੇ ਪ੍ਰਧਾਨ-ਮੰਤਰੀ ਤੱਕ ਨਾਲ
ਹੁੰਦੀਆਂ ਸਨ। ਉਹਨਾਂ ਵੱਲੋਂ ਉਸਨੂੰ ਵਿਸ਼ੇਸ਼ ਮਹਿਮਾਨ ਵਜੋਂ ਆਦਰ-ਸਤਿਕਾਰ ਦਿੱਤਾ ਜਾਂਦਾ
ਸੀ।
ਅਜਿਹੇ ‘ਵਿਸ਼ੇਸ਼’ ਬੰਦੇ ਨਾਲ ਕਿਸੇ ਸਾਧਾਰਨ ਲੇਖਕ ਦਾ ਮੇਲ-ਮਿਲਾਪ ਕਾਹਦਾ! ਪਰ ਜਦੋਂ ਮੈਂ
ਕਦੀ ਕਦੀ ‘ਪੰਜਾਬੀ ਟ੍ਰਿਬਿਊਨ’ ਵਿੱਚ ਉਸਦੀ ਕਿਸੇ ਨਾ ਕਿਸੇ ਪਾਕਿਸਤਾਨ-ਫੇਰੀ ਬਾਰੇ ਲਿਖਿਆ
ਉਸਦਾ ਕੋਈ ਆਰਟੀਕਲ ਪੜ੍ਹਦਾ ਤਾਂ ਉਹ ਮੈਨੂੰ ਡਾਢਾ ਆਪਣਾ ਲੱਗਦਾ। ਉਹ ਆਪਣੀਆਂ ਲਿਖਤਾਂ ਵਿੱਚ
ਮੇਰੇ ਦਿਲ ਦੀਆਂ ਗੱਲਾਂ ਕਰਦਾ ਜਾਪਦਾ। ਉਹ ਵੀ ਮੇਰੇ ਵਾਂਗ ਜਾਂ ਸ਼ਾਇਦ ਮੈਥੋਂ ਵੀ ਵੱਧ
ਪੱਛਮੀ ਪੰਜਾਬ ਦੀ ਵਿਛੜੀ ਧਰਤੀ ਦੇ ਮੋਹ ਵਿੱਚ ਭਿੱਜਿਆ ਹੋਇਆ ਸੀ। ਉਹਦੇ ਅੰਦਰ ਵੀ ‘ਆਪਣਿਆਂ
ਦੇ ਵਿਛੋੜੇ’ ਦੀ ਹੂਕ ਕੂਕਦੀ ਸੀ। ਉਹਨੂੰ ਵੀ ਬਾਬਾ ਫ਼ਰੀਦ, ਬਾਬਾ ਨਾਨਕ, ਗੁਰੂ ਅਰਜਨ,
ਹੀਰ, ਮਿਰਜ਼ੇ, ਸੋਹਣੀ, ਦੁੱਲੇ, ਵਾਰਸ, ਬਾਹੂ, ਬੁੱਲ੍ਹੇ ਅਤੇ ਸ਼ਾਹ-ਹੁਸੈਨ ਦੀ ਧਰਤੀ
ਬਾਹਾਂ ਖੋਲ੍ਹ ਕੇ ਬੁਲਾਉਂਦੀ ਰਹਿੰਦੀ ਸੀ। ਉਹਦਾ ਦਿਲ ਵੀ ਇਸ ਧਰਤੀ ਨੂੰ ਵਾਰ ਵਾਰ ਨਮਸਕਾਰਨ
ਅਤੇ ਉਸਦੀ ਮਿੱਟੀ ਵਾਰ ਵਾਰ ਮਸਤਕ ‘ਤੇ ਲਾਉਣ ਲਈ ਤੜਪਦਾ-ਲੁੱਛਦਾ ਰਹਿੰਦਾ ਸੀ। ਲੇਖਕ ਵਜੋਂ
ਤਾਂ ਉਹ ਮੇਰੇ ਦਿਲ ਦੀ ਆਪਣੀ ਹੀ ਆਵਾਜ਼ ਲੱਗਦਾ ਸੀ।
‘ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ’ ਦੀ ਹਕੀਕਤ ਨੂੰ ਸੱਚ ਕਰਦਿਆਂ, ਮੇਰੀ
ਪਾਕਿਸਤਾਨ-ਫੇਰੀ ਨਾਲ ਸੰਬੰਧਿਤ ਮੇਰੇ ਯਾਤਰਾ-ਪ੍ਰਸੰਗ ‘ਵਗਦੀ ਏ ਰਾਵੀ’ ਵਿਚੋਂ ਮੇਰੇ ਦਿਲ
ਦੀ ਆਵਾਜ਼ ਪਛਾਣ ਕੇ ਇੱਕ ਦਿਨ ਆਪ ਹੀ ਉਸਨੇ ਮੈਨੂੰ ਆਵਾਜ਼ ਮਾਰ ਲਈ। ਉਸਦਾ ਫੋਨ ਸੁਣਕੇ
ਲੱਗਾ ਉਹ ਮੇਰੇ ਲਈ ਕੋਈ ਓਪਰਾ ਨਹੀਂ। ਉਸਦੇ ਬੋਲਾਂ ਵਿਚਲੀ ਅਪਣੱਤ ਤੇ ਮੋਹ ਵੇਖ ਕੇ ਅਤੇ
ਪਿੱਛੋਂ ਮੇਲ-ਮਿਲਾਪ ਵਧਣ ਕਰਕੇ ਉਹ ਮੈਨੂੰ ਆਪਣੇ ਵੱਡੇ ਭਰਾ ਵਾਂਗ ਲੱਗਣ ਲੱਗਾ। ਮੇਰੇ
ਅੱਗੋਂ ਉਸਦੇ ‘ਅਪਹੁੰਚ ਵਡੱਪਣ’ ਵਾਲੀ ਕੰਧ ਢਹਿ ਗਈ ਸੀ। ਉਸਨੇ ਤਾਂ ਸ਼ਾਇਦ ਆਪਣੇ ਅੱਗੇ
ਅਜਿਹੀ ਕੰਧ ਉਸਾਰੀ ਹੀ ਨਹੀਂ ਸੀ ਹੋਈ।
ਫਿਰ ਉਹ ਮੈਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾ ਕੇ ਪਾਕਿਸਤਾਨ ਦੀ ਫੇਰੀ ‘ਤੇ ਆਪਣੇ ਨਾਲ ਲੈ
ਕੇ ਗਿਆ। ਉਹ ਮੈਨੂੰ ਤੇ ਸੁਰਜੀਤ ਪਾਤਰ ਦੋਵਾਂ ਨੂੰ ਆਪਣੇ ਨਾਲ ਲਿਜਾਣਾ ਚਾਹੁੰਦਾ ਸੀ ਅਤੇ
ਵਿਖਾਉਣਾ ਚਾਹੁੰਦਾ ਸੀ ਕਿ ਪਾਕਿਸਤਾਨ ਦਾ ਆਮ ਅਵਾਮ ਕਿਵੇਂ ਚੜ੍ਹਦੇ ਪੰਜਾਬ ਦੇ ਆਪਣੇ
ਭੈਣ-ਭਰਾਵਾਂ ਨੂੰ ਮਿਲਣ ਅਤੇ ਸਾਂਝ ਵਧਾਉਣ ਲਈ ਤਰਲੋ-ਮੱਛੀ ਹੋ ਰਿਹਾ ਹੈ। ਉਹ ਇਹ ਵੀ
ਚਾਹੁੰਦਾ ਸੀ ਕਿ ਅਸੀਂ ਪਾਕਿਸਤਾਨੀ ਭਰਾਵਾਂ ਦੇ ਮੋਹ-ਭਰੇ ਦਿਲ ‘ਚੋਂ ਡੋਬਾ ਲੈ ਕੇ ਇਧਰ ਆਕੇ
ਕੁੱਝ ਮੁਹੱਬਤ-ਭਰੇ ਅੱਖਰ ਲਿਖੀਏ ਤਾਂਕਿ ਇਹ ਮੁਹੱਬਤੀ-ਸਾਂਝ ਹੋਰ ਗੂੜ੍ਹੀ ਤੇ ਰੰਗੀਨ ਹੋ
ਸਕੇ। ਪਰ ਸਰਹੱਦ ‘ਤੇ ਜਾਕੇ ਪਤਾ ਲੱਗਾ ਕਿ ਪਾਤਰ ਤਾਂ ਆਇਆ ਹੀ ਨਹੀਂ ਸੀ। ਹੁਣ ਪਾਕਿਸਤਾਨ
ਜਾਣ ਵਾਲੇ ਸਨ ਦੋਵੇਂ ਜੀਅ ਉਹ ਆਪ ਤੇ ਦੋ ਉਹਨਾਂ ਦੇ ਬੱਚੇ ਅਤੇ ਪੰਜਵਾਂ ਜਣਾ ਮੈਂ। ਮੈਂ
ਤਾਂ ਇਹ ਸੋਚ ਕੇ ਉਸ ਨਾਲ ਪਾਕਿਸਤਾਨ ਜਾਣ ਦੀ ਹਾਮੀ ਭਰੀ ਸੀ ਕਿ ਮਿਥੇ ਹੋਏ ਪ੍ਰੋਗਰਾਮ
ਅਨੁਸਾਰ ਸੁਰਜੀਤ ਪਾਤਰ ਵੀ ਸਾਡੇ ਨਾਲ ਜਾਵੇਗਾ। ਘੜੂੰਆਂ-ਪਰਿਵਾਰ ਆਪਸ ਵਿੱਚ ਰੁੱਝਿਆ ਰਹੇਗਾ
ਅਤੇ ਮੈਂ ਤੇ ਪਾਤਰ ਆਪੋ ਵਿੱਚ ਦਿਲ ਲਾਈ ਰੱਖਾਂਗੇ। ਪਰ ਐਨ ਮੌਕੇ ‘ਤੇ ਪਾਤਰ ਦੇ ਘਰ ਵਿੱਚ
ਕੋਈ ਸਮੱਸਿਆ ਬਣ ਜਾਣ ਕਰਕੇ ਉਹ ਆ ਨਹੀਂ ਸੀ ਸਕਿਆ ਅਤੇ ਮੈਂ ਇਕੱਲਾ ਰਹਿ ਗਿਆ ਸਾਂ। ਮੈਂ
ਆਪਣੀ ਅਣਸੁਖਾਵੀਂ ਸਥਿਤੀ ਬਾਰੇ ਸੋਚਕੇ ਪਰੇਸ਼ਾਨ ਹੋ ਰਿਹਾ ਸਾਂ। ਮੈਨੂੰ ਲੱਗਣ ਲੱਗਾ ਜਿਵੇਂ
ਮੈਂ ਉਹਨਾਂ ਦੇ ਪਰਿਵਾਰ ਨਾਲ ਵਾਧੂ ਦਾ ਬੰਦਾ ਟਾਂਕਿਆ ਹੋਇਆ ਹਾਂ। ਪਰ ਉਹਨਾਂ ਦੇ ਪਰਿਵਾਰ
ਦੇ ਵਤੀਰੇ ਦੀ ਕਰਾਮਾਤ ਹੀ ਸੀ ਕਿ ਕੁੱਝ ਹੀ ਪਲਾਂ ਵਿੱਚ ਮੈਂ ਸਚਮੁੱਚ ਦੋਵਾਂ ਜੀਆਂ ਦਾ
ਛੋਟਾ ਭਰਾ ਬਣ ਗਿਆ ਅਤੇ ਬੱਚਿਆਂ ਦਾ ਪਿਆਰਾ ਅੰਕਲ। ਮੈਨੂੰ ਸਾਰੀ ਫੇਰੀ ਦੌਰਾਨ ਕਦੀ ਇੱਕ ਪਲ
ਵੀ ਉਹਨਾਂ ਮਹਿਸੂਸ ਨਾ ਹੋਣ ਦਿੱਤਾ ਕਿ ਮੈਂ ਉਹਨਾਂ ਤੋਂ ਓਪਰਾ ਜਾਂ ਵੱਖਰਾ ਹਾਂ। ਬਹੁਤ
ਥਾਵਾਂ ਤੇ ਜਿੱਥੇ ਮੁੱਖ-ਮਹਿਮਾਨ ਵਜੋਂ ਉਸਦੇ ‘ਕੁਝ ਸ਼ਬਦ’ ਕਹਿਣ ਦੀ ਥਾਂ ਹੁੰਦੀ ਉਹ ਪਿਆਰ
ਤੇ ਆਦਰ ਵਜੋਂ ਮੈਨੂੰ ਬੋਲਣ ਲਈ ਅੱਗੇ ਕਰ ਦਿੰਦਾ। ਉਸਦੀ ਸੁਹਿਰਦ ਨਿਰਮਾਣਤਾ ਨੇ ਮੇਰਾ ਮਨ
ਮੋਹ ਲਿਆ। ਮੈਨੂੰ ਉਸਦੇ ਸੁਭਾ ਅਤੇ ਸ਼ਖ਼ਸੀਅਤ ਦੇ ਵਿਭਿੰਨ ਰੰਗਾਂ ਦਾ ਦੀਦਾਰ ਹੋਣ ਲੱਗਾ।
ਇਸ ਸਫ਼ਰ ਦੌਰਾਨ ਉਸਦੀ ਸ਼ਖ਼ਸੀਅਤ ਦੇ ਕਈ ਕਿਵਾੜ ਮੇਰੇ ਅੱਗੇ ਖੁੱਲ੍ਹਦੇ ਗਏ।
ਉਸਦਾ ਜਿਹੜਾ ਰੰਗ ਸਭ ਤੋਂ ਪਹਿਲਾਂ ਮੇਰੇ ਅੱਗੇ ਰੌਸ਼ਨ ਹੋਇਆ ਉਹ ਇਹ ਸੀ ਕਿ ਭਾਵੇਂ ਉਹ
ਪੰਜਾਬ ਸਰਕਾਰ ਦਾ ਵਜ਼ੀਰ ਰਹਿ ਚੁੱਕਾ ਹੈ, ਪਰ ਉਸਦੀ ਰੂਹ ਉੱਤੇ ਵਰਤਮਾਨ ਸਿਆਸੀ ਆਗੂਆਂ
ਵਾਲੀ ਝਾਲ ਨਹੀਂ ਫਿਰੀ ਹੋਈ। ਜਿਹੜਾ ਸਿਆਸੀ ਆਗੂ ਆਪਣੇ ਖ਼ਾਨਦਾਨ ਤੋਂ ਪਾਰ ਜਾ ਕੇ ਸਾਰੇ
ਆਲਮ ਨੂੰ ਆਪਣਾ ‘ਪਰਿਵਾਰ’ ਬਨਾਉਣ ਦੀ ਤਾਂਘ ਰੱਖਦਾ ਹੈ ਅਤੇ ਉਸ ਵੱਡੇ ‘ਪਰਿਵਾਰ’ ਲਈ ਹੀ
ਕੁੱਝ ਕਰਨਾ ਅਤੇ ਉਸ ਲਈ ਹੀ ਜਿਊਣਾ ਚਾਹੁੰਦਾ ਹੈ; ਉਸਨੂੰ ਨਿਰੋਲ ਨਿੱਜ ਤੱਕ ਸੋਚਣ ਵਾਲੀ
ਅਜੋਕੀ ਭ੍ਰਿਸ਼ਟ ਸਿਆਸਤ ਆਪਣੇ ਵਿੱਚ ਲੰਮਾਂ ਸਮਾਂ ਕਿਵੇਂ ਟਿਕਣ ਦੇ ਸਕਦੀ ਹੈ! ਉਹ ਭਲਾਮਾਣਸ
ਤਾਂ ਜ਼ਮੀਰ, ਈਮਾਨਦਾਰੀ ਤੇ ਨੇਕੀ ਦੀ ਸਿਆਸਤ ਕਰਨਾ ਚਾਹੁੰਦਾ ਹੈ। ਅਜਿਹੀ ਸਿਆਸਤ ਲਈ ਭਲਾ
ਅੱਜ ਕੱਲ੍ਹ ਕਿੱਥੇ ਥਾਂ ਹੈ! ਉਸ ਭਲੇ ਲੋਕ ਨੂੰ ਮੌਕੇ ਮੁਤਾਬਕ ਨਾ ਤਾਂ ਦਲ ਬਦਲਣਾ ਆਉਂਦਾ
ਹੈ ਤੇ ਨਾ ਹੀ ਧੜਾ ਬਦਲਣਾ। ਉਸ ਵੇਲੇ ਦੇ ਜਿਸ ਮਹੱਤਵ-ਪੂਰਨ ਕੇਂਦਰੀ ਵਜ਼ੀਰ ਰਾਹੀਂ ਘੜੂੰਏਂ
ਨੇ ਮੁਢਲੇ ਦਿਨਾਂ ਵਿੱਚ ਸਿਆਸਤ ਵਿੱਚ ਪੈਰ ਰੱਖਿਆ ਸੀ ਜਦੋਂ ਉਸਨੇ ਘੜੂੰਏਂ ਨੂੰ ਇਹ ਕਿਹਾ
ਕਿ ਹਰਚਰਨ ਸਿੰਘ ਬਰਾੜ ਦੀ ਸਰਕਾਰ ਟੁੱਟ ਜਾਣੀ ਹੈ ਤੇ ਤੂੰ ਉਸਦਾ ਸਾਥ ਛੱਡ ਦੇ ਤਾਂ ਉਸਨੇ
ਉਸ ਵੱਡੇ ਕੇਂਦਰੀ ਵਜ਼ੀਰ ਨੂੰ ਨਿਮਰਤਾ ਨਾਲ ਆਖ ਦਿੱਤਾ ਕਿ ਜਿਸਦੇ ਸਾਥ ਵਿੱਚ ਚੰਗੇ ਦਿਨ
ਕੱਟੇ ਹਨ ਹੁਣ ਉਸਨੂੰ ਮੰਝਧਾਰ ਵਿੱਚ ਛੱਡ ਕੇ ਤੁਰ ਜਾਣ ਨੂੰ ਉਸਦੀ ਆਤਮਾ ਮੰਨਦੀ ਨਹੀਂ।
ਮੁਸ਼ਕਿਲ ਵੇਲੇ ਸਾਥ ਛੱਡ ਜਾਣਾ ਪੰਜਾਬੀ ਕਿਰਦਾਰ ਦੀ ਰਵਾਇਤ ਨਹੀਂ। ਜਦੋਂ ਅਮਰਿੰਦਰ ਸਿੰਘ
ਮੁੱਖ-ਮੰਤ੍ਰੀ ਬਣਿਆਂ ਤਾਂ ਚੋਣਾਂ ਵੇਲੇ ਟਿਕਟਾਂ ਦੀ ਵੰਡ ਕਰਨ ਲੱਗਿਆਂ ਹਰਨੇਕ ਸਿੰਘ ਨੂੰ
ਟਿਕਟ ਮਿਲਣੀ ਲਗਭਗ ਤੈਅ ਹੋ ਚੁੱਕੀ ਸੀ। ਟਿਕਟਾਂ ਵੰਡਣ ਵਾਲੇ ਆਗੂ ਨੇ ਉਸਨੂੰ ਸਲਾਹ ਦਿੱਤੀ
ਕਿ ਜੇ ਉਹ ਉਸ ਨਾਲ ਚੱਲਣਾ ਚਾਹੁੰਦਾ ਹੈ ਤਾਂ ਉਸਨੂੰ ਹਰ ਹਾਲ ਵਿੱਚ ਘੜੂੰਏਂ ਦੀ ਪਿੱਠ ‘ਤੇ
ਹੱਥ ਰੱਖਣ ਵਾਲੀ ਇੱਕ ਹੋਰ ਆਗੂ ਸੁਖਬੰਸ ਕੌਰ ਭਿੰਡਰ ਦਾ ਸਾਥ ਛੱਡਣਾ ਹੋਵੇਗਾ ਤਾਂ ਉਸਨੇ
ਫੇਰ ਨਿਮਰਤਾ ਸਹਿਤ ਜਵਾਬ ਦਿੱਤਾ ਕਿ ਉਹ ਆਪਣੀ ਨਵੀਂ ਬਣਨ ਵਾਲੀ ਸਰਕਾਰ ਦੇ ਮੁਖੀ ਨਾਲ ਚੱਲਣ
ਲਈ ਬਿਲਕੁਲ ਤਿਆਰ ਹੈ ਪਰ ਇਸ ਲਈ ਉਹ ਪੁਰਾਣੀਆਂ ਸਾਂਝਾਂ ਅਤੇ ਮਿਹਰਬਾਨੀਆਂ ਭੁੱਲ ਕੇ
ਸੁਖਬੰਸ ਕੌਰ ਭਿੰਡਰ ਵੱਲੋਂ ਅਕਾਰਨ ਹੀ ਮੂੰਹ ਕਿਵੇਂ ਮੋੜ ਸਕਦਾ ਹੈ! ਇਹ ਸਭ ਕੁੱਝ ਉਹ ਤਾਂ
ਹੀ ਕਹਿ ਅਤੇ ਕਰ ਪਾਇਆ ਕਿਉਂਕਿ ਉਹ ਦੂਹਰੇ ਵਿਹਾਰ ਤੇ ਮੀਸਣੇ ਕਿਰਦਾਰ ਦਾ ਮਾਲਕ ਨਹੀਂ। ਉਂਝ
ਉਸਦੀ ਧੌਣ ਵਿੱਚ ਹਉਮੈਂ ਦਾ ਕਿੱਲਾ ਵੀ ਠੁਕਿਆ ਹੋਇਆ ਨਹੀਂ ਤੇ ਨਾ ਹੀ ਉਸਦੇ ਬੋਲਾਂ ਵਿੱਚ
ਬਨਾਉਟੀ ਨਿਰਮਾਣਤਾ ਹੈ।
ਇਹੋ ਕਾਰਨ ਹੈ ਕਿ ਪਿਛਲੇ ਕਈ ਸਾਲਾਂ ਤੋਂ ਉਸਦੀ ਦੇਣ ਅਤੇ ਪ੍ਰਾਪਤੀਆਂ ਦੇ ਬਾਵਜੂਦ ਟਿਕਟਾਂ
ਵੰਡਣ ਵਾਲੇ ਆਗੂਆਂ ਨੇ ਉਸਨੂੰ ਸਦਾ ਅੱਖੋਂ ਓਹਲੇ ਕੀਤੀ ਰੱਖਿਆ ਹੈ। ਪਰ ਉਹ ਹੈ ਕਿ ਕੁਰਬਾਨ
ਹੋਣਾ ਤਾਂ ਜਾਣਦਾ ਹੈ ਪਰ ਭਖ਼ੇ ਮੈਦਾਨ ਵਿੱਚ ਸਾਥੀਆਂ ਨੂੰ ਪਿੱਠ ਦੇ ਜਾਣਾ ਉਸਦੀ ਖ਼ਾਸੀਅਤ
ਨਹੀਂ। ਉਹ ਤਾਂ ਉਸ ਲੋਕ ਕਹਾਣੀ ਦੇ ਪੰਛੀ ਵਰਗਾ ਹੈ ਜਿਹੜਾ ਲੰਮੇ ਸਮੇਂ ਤੋਂ ਕਿਸੇ ਬ੍ਰਿਛ
‘ਤੇ ਆਲ੍ਹਣਾ ਬਣਾ ਕੇ ਰਹਿੰਦਾ ਸੀ; ਜਦੋਂ ਉਸ ਬ੍ਰਿਛ ਨੂੰ ਅੱਗ ਲੱਗੀ ਤਾਂ ਵੀ ਉਹ ਓਸੇ
ਬ੍ਰਿਛ ‘ਤੇ ਬੈਠਾ ਰਿਹਾ ਅਤੇ ਸਾਥੀਆਂ ਦੀ ਇਹ ਸਲਾਹ ਮੰਨਣ ਤੋਂ ਇਨਕਾਰੀ ਹੋ ਗਿਆ ਕਿ ਉਹ ਵੀ
ਉਹਨਾਂ ਵਾਂਗ ਬ੍ਰਿਛ ਨੂੰ ਅੱਗ ਲੱਗੀ ਵੇਖ ਕੇ ਓਥੋਂ ਉੱਡ ਜਾਵੇ। ਪਰ ਉਸਨੇ ਕਿਹਾ, ਕਿ ਜਿਹੜੇ
ਬ੍ਰਿਛ ਦੀ ਏਨੇ ਸਾਲ ਛਾਂ ਮਾਣੀ, ਜਿਸਦੇ ਫ਼ਲ ਖਾਧੇ, ਜਿਹੜਾ ਧੁੱਪਾਂ ਤੇ ਮੀਹਾਂ ਵਿੱਚ ਉਸਦਾ
ਆਸਰਾ ਬਣਿਆਂ ਰਿਹਾ; ਉਸ ਬ੍ਰਿਛ ਨੂੰ ਸੰਕਟ ਦੀ ਘੜੀ ਸੜਨ ਲਈ ਇਕੱਲਿਆਂ ਛੱਡ ਕੇ ਉਹ ਕਿਵੇਂ
ਜਾ ਸਕਦਾ ਹੈ! ਉਹ ਆਰਾਮ ਨਾਲ ਬੈਠਾ ਰਿਹਾ ਅਤੇ ਉਸ ਬ੍ਰਿਛ ਨਾਲ ਸੜ ਕੇ ਸਵਾਹ ਹੋ ਗਿਆ।
ਬਿਲਕੁਲ ਅਜਿਹਾ ਹੀ ਹੈ ਹਰਨੇਕ ਸਿੰਘ ਘੜੂੰਆਂ। ਹੁਣ ਤੁਸੀਂ ਆਪ ਹੀ ਦੱਸੋ ਕਿ ਅੱਜ ਦੀ
ਕਲਜੁਗੀ ਸਿਆਸਤ ਵਿੱਚ ਅਜਿਹੇ ਸਤਜੁਗੀ ਬੰਦਿਆਂ ਲਈ ਕਿੰਨੀ ਕੁ ਥਾਂ ਹੋ ਸਕਦੀ ਹੈ!
ਸੱਚੀ ਗੱਲ ਤਾਂ ਇਹ ਹੈ ਕਿ ਸਿਆਸੀ ਬੰਦੇ ਨਾਲੋਂ ਉਹ ਇੱਕ ਸਭਿਆਚਾਰਕ ਕਾਮਾ ਅਤੇ ਸਮਾਜਿਕ ਆਗੂ
ਵਧੇਰੇ ਹੈ। ਜੇ ਉਹ ਸਿਆਸਤ ਵੀ ਕਰਨੀ ਜਾਣਦਾ ਹੈ ਤਾਂ ਉਹ ਹੈ ਮੁਹੱਬਤ ਦੀ ਸਿਆਸਤ। ਉਹ ਤੋੜਨ
ਨਾਲੋਂ ਜੋੜਨ ਦੀ ਸਿਆਸਤ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ। ਸ਼ਾਇਦ ਇਹੋ ਹੀ ਕਾਰਨ ਹੈ ਕਿ
ਕੁਦਰਤ ਨੇ ਉਸਦੇ ਸਰਗਰਮ ਸਿਆਸਤ ਵਿੱਚ ਰਹਿੰਦਿਆਂ ਹੀ ਉਸਨੂੰ ਇਸ ਪਾਸੇ ਸਹਿਵਨ ਹੀ ਮੋੜ
ਦਿੱਤਾ ਸੀ। ਵਜ਼ੀਰ ਹੁੰਦਿਆਂ ਉਹ ਪਾਕਿਸਤਾਨ ਦਾ ਗੇੜਾ ਲਾ ਕੇ ਆਇਆ ਤਾਂ ਉਸ ਅੰਦਰ ਸੰਤਾਲੀ
ਦਾ ਦਰਦ ਮੁੜ ਤੋਂ ਜਾਗ ਪਿਆ। ਉਸਨੂੰ ਬਚਪਨ ਵਿੱਚ ਮੌਤ ਵੱਲੋਂ ਖੋਹ ਲਿਆ ਯਾਰ ਜੁੰਮਾਂ ਚੇਤੇ
ਆਉਣ ਲੱਗਾ ਜਿਹੜਾ ਉਸਨੂੰ ਆਖ ਰਿਹਾ ਸੀ ਕਿ “ਤੂੰ ਤੇ ਪਾਕਿਸਤਾਨ ਜਾ ਕੇ ਮੀਆਂ ਨਵਾਜ਼
ਸ਼ਰੀਫ਼ ਤੋਂ ਲੈ ਕੇ ਕਿੰਨੇ ਗਾਇਕਾਂ ਤੇ ਹੋਰ ਨਾਮਵਰ ਬੰਦਿਆਂ ਨੂੰ ਮਿਲ ਸਕਦਾ ਏਂ, ਕਦੀ
ਮੇਰੀ ਗਰੀਬੜੀ ਭੈਣ ਨੂੰ ਮਿਲਣ ਦੀ ਜ਼ਰੂਰਤ ਨਹੀਂ ਸਮਝੀ।” ਜੁੰਮੇਂ ਦੀ ਭੈਣ ਸੀਬੋ ਘੜੂੰਏਂ
ਨੂੰ ਬਾਹਵਾਂ ਖੋਲ੍ਹ ਕੇ ਉਡੀਕਦੀ, ਉਸਦੇ ਚਿਹਰੇ ਵਿਚੋਂ ਆਪਣੇ ਵਿੱਛੜੇ ਵੀਰ ਦਾ ਮੂੰਹ ਵੇਖਣ
ਲਈ ਵਿਲਕਦੀ, ਤਾਂਘਦੀ ਦਿਸਣ ਲੱਗੀ। ਸੀਬੋ ਦੇ ਪਿੱਛੇ ਉਸਨੂੰ ਅਜਿਹੀਆਂ ਹਜ਼ਾਰਾਂ ਭੈਣਾਂ
ਦੀਆਂ ਖੁੱਲ੍ਹੀਆਂ ਬਾਹਵਾਂ ਅਤੇ ਉਡੀਕ ਵਿੱਚ ਰੋ ਰੋ ਕੇ ਉਹਨਾਂ ਦੀਆਂ ਲਾਲ ਹੋਈਆਂ ਅੱਖਾਂ
ਦਿਸਣ ਲੱਗੀਆਂ। ਆਪਣੀ ਵਿਛੜੀ ਮਾਮੀ ਦੇ ਵੈਰਾਗ ਵਿੱਚ ਉਸਦਾ ਅੰਦਰ ਤੜਫ਼ਣ ਲੱਗਾ। ਮਾਮੀ ਭੰਤ
ਪਹਿਲਾਂ ਭਾਵੇਂ ਅਨੈਤ ਬੀਬੀ ਸੀ ਪਰ ਸੰਤਾਲੀ ਦੇ ਰੌਲਿਆਂ ਵੇਲੇ ਉਸਦੇ ਮਾਪਿਆਂ ਦੇ ਕਤਲ ਹੋ
ਜਾਣ ਤੋਂ ਬਾਅਦ ਉਸਨੂੰ ਇੱਕ ਬਜ਼ੁਰਗ ਔਰਤ ਜਸਵੰਤ ਕੌਰ ਨੇ ਉਸਦੀਆਂ ਦੂਜੀਆਂ ਭੈਣਾਂ ਸਮੇਤ
ਧੀਆਂ ਵਾਂਗ ਸੰਭਾਲ ਲਿਆ ਸੀ ਅਤੇ ਘੜੂੰਏਂ ਦੇ ਮਾਮੇ ਨੇ ਉਸਦਾ ਪੁੰਨ ਦਾ ਸਾਕ ਪਰਵਾਨ ਕਰਕੇ
ਉਸਨੂੰ ਜਿ਼ੰਦਗੀ ਨਾਲ ਮੁੜ ਤੋਂ ਜੋੜ ਲਿਆ ਸੀ। ਆਪਣੇ ਪਰਿਵਾਰ ਵਿੱਚ ਸੁੱਖੀ-ਸਾਂਦੀ ਵੱਸਦੀ
ਅਤੇ ਘੜੂੰਏਂ ਨੂੰ ਪੁੱਤਾਂ ਵਾਂਗ ਲਾਡ ਲਡਾਉਣ ਵਾਲੀ ਮਾਮੀ ‘ਭੰਤ’ ਨੂੰ ਕੁੱਝ ਸਮੇਂ ਬਾਅਦ
‘ਅਨੈਤ ਬੀਬੀ’ ਹੋਣ ਕਰਕੇ ਪੁਲਿਸ ਪਾਕਿਸਤਾਨ ਲੈ ਗਈ ਸੀ ਅਤੇ ਘੜੂੰਏਂ ਨੂੰ ਹੁਣ ਤੱਕ ਮਾਮੀ
ਦੀਆਂ ਮੋਹ-ਭਰੀਆਂ ਸੋਹਲ ਉਂਗਲੀਆਂ ਆਪਣੇ ਵਾਲਾਂ ਵਿੱਚ ਫਿਰਦੀਆਂ ਮਹਿਸੂਸ ਹੋ ਰਹੀਆਂ ਸਨ।
ਉਸਦਾ ਮਨ ਆਪਣੀ ਮਾਮੀ ਨੂੰ ਲੱਭਣ ਅਤੇ ਮਿਲਣ ਲਈ ਵਿਲਕਣ ਲੱਗਾ।
ਹੁਣ ਉਸਨੂੰ ਸਿ਼ੱਦਤ ਨਾਲ ਅਹਿਸਾਸ ਹੋਇਆ ਕਿ ਅਜਿਹੀ ਪੀੜ ਨਾਲ ਹੂੰਗਣ ਵਾਲਾ ਉਹ ਇਕੱਲਾ
ਵਿਅਕਤੀ ਨਹੀਂ ਹੈ। ਹਜ਼ਾਰਾਂ-ਲੱਖਾਂ ਲੋਕ ਸਰਹੱਦ ਦੇ ਦੋਵੀਂ ਪਾਸੀਂ ਉਸ ਵਾਂਗ ਹੀ ਆਪਣੇ
ਵਿਛੜ ਚੁੱਕੇ ਪਿਆਰਿਆਂ, ਸੱਜਣਾਂ-ਸਨੇਹੀਆਂ ਨੂੰ ਮਿਲਣ ਲਈ ਸਿੱਕਾਂ ਸਿੱਕਦੇ ਪਏ ਨੇ। ਆਪਣੀ
ਵਿਛੜੀ ਜਨਮ-ਭੋਂ ਦੀ ਮਿੱਟੀ ਮਸਤਕ ਨਾਲ ਲਾਉਣ ਲਈ ਉਹਨਾਂ ਦੀ ਰੂਹ ਲੁੱਛ ਰਹੀ ਹੈ। ਇਹ ਪੀੜ
ਹਰ ਛੋਟੇ ਵੱਡੇ ਦੇ ਦਿਲ ਵਿੱਚ ਬਰਾਬਰ ਦੀ ਕਸਕ ਪਾਉਂਦੀ ਹੈ। ਇਸੇ ਕਸਕ ਨੂੰ ਮਿਟਾਉਣ ਲਈ
ਪਾਕਿਸਤਾਨ ਦਾ ਵਜ਼ੀਰੇ-ਆਜ਼ਮ ਨਵਾਜ਼ ਸ਼ਰੀਫ਼ ਆਪਣੇ ਘਰ ਦੇ ਦਰਵਾਜ਼ੇ ਨਾਲੋਂ ਤੋੜ ਕੇ
ਲਿਆਂਦੇ ਗਏ ਲੱਕੜੀ ਦੇ ਛੋਟੇ ਜਿਹੇ ਟੁਕੜੇ ਨੂੰ ਬਾਰ ਬਾਰ ਚੁੰਮਦਾ ਹੈ ਅਤੇ ਕਿੰਨ੍ਹਾਂ ਚਿਰ
ਭਰੇ ਗਲੇ ਤੇ ਸਿੱਲ੍ਹੀਆਂ ਅੱਖਾਂ ਨਾਲ ਉਸਨੂੰ ਆਪਣੇ ਕਲੇਜੇ ਨਾਲ ਘੁੱਟੀ ਰੱਖਦਾ ਹੈ। ਇਹ
ਲੱਕੜੀ ਦਾ ਟੋਟਾ ਯਾਦ-ਨਿਸ਼ਾਨੀ ਵਜੋਂ ਨਵਾਜ਼ ਸ਼ਰੀਫ ਦੇ ਅੰਮ੍ਰਿਤਸਰ ਜਿ਼ਲ੍ਹੇ ਵਿਚਲੇ ਪਿੰਡ
ਜਾਤੀ ਉਮਰਾ ਤੋਂ ਉਹਨਾਂ ਦੇ ਬੇਕਾਰ ਹੋ ਕੇ ਡਿੱਗੇ ਪਏ ਦਰਵਾਜ਼ੇ ਨਾਲੋਂ ਤੋੜ ਕੇ ਘੜੂੰਆਂ
ਆਪਣੇ ਨਾਲ ਪਾਕਿਸਤਾਨ ਲੈ ਗਿਆ ਸੀ। ਕਿਸੇ ਇੱਕ ਲਈ ਬੇਕਾਰ ਹੋ ਗਏ ਦਰਵਾਜ਼ੇ ਦਾ ਦੋ-ਚਾਰ ਇੰਚ
ਲੱਕੜੀ ਦਾ ਟੋਟਾ ਦੂਜੇ ਮੁਲਕ ਦੇ ‘ਸ਼ਹਿਨਸ਼ਾਹ’ ਲਈ ਸਭ ਤੋਂ ਕੀਮਤੀ ਤੇ ਅਨਮੋਲ ਤੁਹਫ਼ਾ ਸੀ।
ਹਰਨੇਕ ਸਿੰਘ ਘੜੂੰਆਂ ਦਾ ਕੋਈ ਖ਼ਾਨਦਾਨੀ ਵਡੇਰਾ, ਉਸ ਧਰਤੀ ਨੂੰ ਸੰਤਾਲੀ ਵਿੱਚ ਛੱਡ ਕੇ,
ਆਪਣੀ ਜਾਇਦਾਦ ਗਵਾ ਕੇ, ਆਪਣੇ ਪਰਿਵਾਰ ਦੇ ਜੀਅ ਗੁਆ ਕੇ, ਭਾਵੇਂ ਉੱਜੜ ਕੇ ਏਧਰ ਨਹੀਂ ਸੀ
ਆਇਆ ਤਦ ਵੀ ਉਸਨੂੰ ਸਦਾ ਲੱਗਣ ਲੱਗਾ ਜਿਵੇਂ ਉਸਦਾ ਅੱਧਾ ਹਿੱਸਾ ਤਾਂ ਕਿਧਰੇ ਓਧਰ ਹੀ ਰਹਿ
ਗਿਆ ਹੈ। ਉਸ ‘ਅੱਧੇ’ ਹਿੱਸੇ ਨੂੰ ਮਿਲ ਕੇ ਹੀ ਉਹ ‘ਪੂਰਨ’ ਹੋ ਸਕਦਾ ਹੈ। ਇਹ ਹੈ ਵੀ ਸੱਚ
ਸੀ। ਪੰਜਾਬ ਦੀ ਸਾਂਝੀ ਵਿਰਾਸਤ ਦੇ ਮਾਣ-ਮੱਤੇ ਅਨੇਕਾਂ ਨਾਇਕਾਂ, ਗੁਰੂਆਂ, ਸੂਫ਼ੀਆਂ,
ਆਸ਼ਕਾਂ, ਸਾਦਕਾਂ ਅਤੇ ਇਨਕਲਾਬੀਆਂ ਦੀ ਉਸ ਅਜ਼ੀਮ ਜਨਮ-ਭੂਮੀ ਅਤੇ ਕਰਮ-ਭੂਮੀ ਨੂੰ ਕੇਵਲ
ਧਰਤੀ ‘ਤੇ ਵਾਹੀ ਵੰਡ ਦੀ ਲੀਕ ਹੀ ਬਿਗ਼ਾਨਾ ਤੇ ਓਪਰਾ ਨਹੀਂ ਸੀ ਬਣਾ ਸਕਦੀ! ਇਹੋ ਹੀ ਕਾਰਨ
ਸੀ ਕਿ ਉਸਨੇ ਕੰਡੇ-ਦਾਰ ਤਾਰਾਂ ਦੇ ਉਰਾਰ-ਪਾਰ ਆਪਸੀ-ਸਾਂਝ ਅਤੇ ਪਿਆਰ-ਮੁਹੱਬਤ ਦਾ ਰਾਂਗਲਾ,
ਸਤਰੰਗਾ ਪੁਲ ਉਸਾਰਨ ਦੀ ਠਾਣ ਲਈ। ਉਸਨੇ ਉਧਰ ਵੱਸਦੇ ਬਹੁਤ ਸਾਰੇ ਪੰਜਾਬੀਆਂ ਦੇ ਮਨਾ ਵਿੱਚ
ਵੀ ਇੱਕ ਦੂਜੇ ਨੂੰ ਗਲ਼ਾਂ ਨਾਲ ਲਾ ਲੈਣ ਦੀ, ਲਬਾ-ਲਬ ਭਰੀ ਅਜਿਹੀ ਤਾਂਘ ਅਤੇ ਤੜਪ ਦਾ
ਅਹਿਸਾਸ ਕਰ ਲਿਆ ਸੀ। ਇਸੇ ਅਹਿਸਾਸ ਵਿਚੋਂ ਉਸਨੇ ‘ਆਲਮੀ ਪੰਜਾਬੀ ਪਰਿਵਾਰ’ ਦੀ ਸਥਾਪਨਾ
ਕੀਤੀ।
ਸਾਡੇ ਗੁਰੂਆਂ-ਪੀਰਾਂ ਅਤੇ ਸੂਫ਼ੀਆਂ ਨੇ ਸ਼ਾਇਰੀ ਤੇ ਸੰਗੀਤ ਦੇ ਮਾਧਿਅਮ ਨਾਲ ‘ਆਪਣੇ ਰੱਬ’
ਅਤੇ ਆਮ ਲੋਕਾਈ ਨੂੰ ਆਪਣੇ ਨਾਲ ਜੋੜਨ ਦਾ ਬੀੜਾ ਚੁੱਕਿਆ ਸੀ। ਹਰਨੇਕ ਸਿੰਘ ਘੜੂੰਏਂ ਨੂੰ ਵੀ
ਲੱਗਾ ਕਿ ਸ਼ਾਇਰੀ ਅਤੇ ਸੰਗੀਤ ਤੋਂ ਇਲਾਵਾ ਦੋਵਾਂ ਪੰਜਾਬਾਂ ਨੂੰ ਜੋੜਨ ਦਾ ਹੋਰ ਕੋਈ ਵਧੀਆ
ਵਸੀਲਾ ਨਹੀਂ ਹੋ ਸਕਦਾ। ਉਸਨੇ ਦੋਵਾਂ ਮੁਲਕਾਂ ਵਿੱਚ ਗਾਇਕੀ ਵਿੱਚ ਲਤਾ ਮੰਗੇਸ਼ਕਰ ਵਾਂਗ ਹੀ
ਸਿਖ਼ਰਲੇ ਨਾਂ ਵਾਲੀ ਮਲਕਾ-ਏ-ਤਰੰਨੁਮ ਨੂਰ ਜਹਾਂ ਦੇ ਨਾਂ ਨੂੰ ਸਮਰਪਿਤ ਇੱਕ ਯਾਦਗ਼ਾਰੀ
ਮੇਲਾ ਮੋਹਾਲੀ ਵਿੱਚ ਕਰਵਾਉਣ ਦਾ ਨਿਰਣਾ ਕਰ ਲਿਆ। ਇਸ ਮਕਸਦ ਦੀ ਪੂਰਤੀ ਲਈ ਉਸਨੇ ਆਪਣੀ
ਸਰਕਾਰ ਨੂੰ ਰਾਜ਼ੀ ਕਰ ਲਿਆ। ਉਦੋਂ ਉਹ ਕੈਬਨਿਟ ਮਨਿਸਟਰ ਸੀ। ਨਵੰਬਰ 1996 ਵਿੱਚ ਮੋਹਾਲੀ
ਵਿਖੇ ਕਰਵਾਏ ਜਾਣ ਵਾਲੇ ਇਸ ਮੇਲੇ ਵਿੱਚ ਪਾਕਿਸਤਾਨ ਦੇ ਸੌ ਦੇ ਲਗਭਗ ਨਾਮਵਰ ਗਾਇਕਾਂ,
ਸੰਗੀਤਕਾਰਾਂ ਅਤੇ ਸਭਿਆਚਾਰ ਦੇ ਖੇਤਰ ਨਾਲ ਜੁੜੀਆਂ ਨਾਮਵਰ ਸ਼ਖ਼ਸੀਅਤਾਂ ਨੂੰ ਸੱਦਾ-ਪੱਤਰ
ਭੇਜ ਦਿੱਤੇ। ਉਹ ਕਲਾਕਾਰ ਕਿਉਂਕਿ ਬੜੇ ਵੱਡੇ ਨਾਂ ਸਨ ਇਸ ਲਈ ਉਹਨਾਂ ਦੀ ਹਾਜ਼ਰੀ ਯਕੀਨੀ
ਬਨਾਉਣ ਲਈ ਉਹਨਾਂ ਨੂੰ ‘ਮਾਣ-ਭੇਟਾ’ ਕਰਨ ਦਾ ਵਾਅਦਾ ਵੀ ਕੀਤਾ ਗਿਆ। ਸਭ ਵੱਲੋਂ ਖ਼ੁਸ਼ੀ
ਖ਼ੁਸ਼ੀ ਆਉਣ ਦੀ ਹਾਮੀ ਭਰੀ ਗਈ।
ਇਹ ਪਹਿਲਾ ਮੌਕਾ ਸੀ ਜਦੋਂ ਦੋਵਾਂ ਪੰਜਾਬਾਂ ਦੇ ਗਾਇਕ-ਕਲਾਕਾਰ ਏਨੀ ਵੱਡੀ ਗਿਣਤੀ ਵਿੱਚ ਮਿਲ
ਬੈਠਣੇ ਸਨ। ਕੋਈ ਵੀ ਇਸ ਸੁਨਹਿਰੀ ਮੌਕੇ ਨੂੰ ਹੱਥੋਂ ਨਹੀਂ ਗਵਾਉਣਾ ਚਾਹੁੰਦਾ ਸੀ। ਜ਼ਾਹਿਰ
ਹੈ ਏਨੇ ਵੱਡੇ ਪ੍ਰਬੰਧ ਲਈ ਬਹੁਤ ਜਿ਼ਆਦਾ ਮਾਇਆ ਦਰਕਾਰ ਸੀ। ਏਨੇ ਲੋਕਾਂ ਨੂੰ ਚੰਗੀ
ਰਿਹਾਇਸ਼ ਮੁਹੱਈਆ ਕਰਵਾਉਣੀ, ਉਹਨਾਂ ਲਈ ਖਾਣ-ਪੀਣ ਦਾ ਵਧੀਆ ਇੰਤਜ਼ਾਮ ਕਰਨਾ, ਉਹਨਾਂ ਦੇ
ਆਉਣ ਜਾਣ ਲਈ ਵਾਹਨਾਂ ਦਾ ਪ੍ਰਬੰਧ ਆਦਿ ਕਰਨਾ ਸੀ। ਇਹ ਅਤੇ ਇਸਤੋਂ ਇਲਾਵਾ ਹੋਰ ਅਨੇਕਾਂ
ਖ਼ਰਚਿਆਂ ਲਈ ਲੱਖਾਂ ਰੁਪਈਆਂ ਦੀ ਜ਼ਰੂਰਤ ਸੀ। ਭਾਵੇਂ ਇਸ ਸਾਰੇ ਖ਼ਰਚੇ ਦੀ ਜਿ਼ੰਮੇਵਾਰੀ
ਸਰਕਾਰ ਦੇ ਸਿਰ ਸੀ ਪਰ ਉਸਦੇ ਇਸ ਬੇਮਿਸਾਲ ਉੱਦਮ ਅਤੇ ਚੰਗੇ ਕਾਰਜ ਨੂੰ ਵੇਖਦੇ ਹੋਏ ਬਹੁਤ
ਸਾਰੇ ਧਨੀ ਲੋਕ ਉਸਦੀ ਸਹਾਇਤਾ ਲਈ ਅੱਗੇ ਆ ਗਏ ਸਨ। ਕੁੱਝ ਆਪਣੇ ਹੋਟਲਾਂ ਵਿੱਚ ਹਿੱਸੇ
ਆਉਂਦੀ ਮੁਫ਼ਤ ਰਿਹਾਇਸ਼ ਦੇਣੀ ਮੰਨ ਗਏ ਸਨ ਅਤੇ ਕੁੱਝ ਹੋਰਨਾਂ ਨੇ ਫੁਟਕਲ ਖ਼ਰਚਿਆਂ ਦਾ
ਜਿ਼ੰਮਾਂ ਉਠਾ ਲਿਆ ਸੀ। ਹਰਨੇਕ ਸਿੰਘ ਆਪਣੇ ਏਡੇ ਵੱਡੇ ਉੱਦਮ ਦੀ ਸਫ਼ਲਤਾ ਦੀ ਕਲਪਨਾ ਕਰਕੇ
ਖ਼ੁਸ਼ੀ ਵਿੱਚ ਫੁੱਲਿਆ ਨਹੀਂ ਸੀ ਸਮਾ ਰਿਹਾ। ਦੋਵਾਂ ਮੁਲਕਾਂ ਦੇ ਪਿਛਲੇ ਕਈ ਦਹਾਕਿਆਂ ਦੇ
ਇਤਿਹਾਸ ਵਿੱਚ ਪਹਿਲੀ ਵਾਰ ਇਹ ਕ੍ਰਿਸ਼ਮਾ ਹੀ ਤਾਂ ਹੋਣ ਜਾ ਰਿਹਾ ਸੀ।
ਇਹ ਆਸਾਂ-ਉਮੰਗਾਂ ਦੀ ‘ਕਾਲੀ ਤਿਤਰੀ’ ਅਜੇ ‘ਕਮਾਦੋਂ ਨਿਕਲੀ’ ਹੀ ਸੀ ਕਿ ਇਸਨੂੰ ‘ਉੱਡਦੀ
ਨੂੰ ਬਾਜ਼ ਪੈ ਨਿਕਲੇ।’ ਮੇਲੇ ਵਿੱਚ ਅਜੇ ਕੁੱਝ ਕੁ ਦਿਨ ਬਾਕੀ ਸਨ ਕਿ ਜਿਸ ਸਰਕਾਰ ਦਾ ਉਹ
ਬੜਾ ਮਹੱਤਵ-ਪੂਰਨ ਮੰਤ੍ਰੀ ਸੀ ਅਤੇ ਜਿਸ ਸਰਕਾਰ ਦੀ ਪਹਿਲਕਦਮੀ ‘ਤੇ ਇਹ ਮੇਲਾ ਹੋਣਾ ਸੀ;
ਮੇਲੇ ਤੋਂ ਐਨ ਚਾਰ ਦਿਨ ਪਹਿਲਾਂ ਉਹ ਸਰਕਾਰ ਹੀ ਟੁੱਟ ਗਈ। ਸਰਕਾਰ ਟੁੱਟੀ ਤਾਂ ਸਹਾਇਤਾ ਲਈ
ਨਿੱਤਰੇ ‘ਲੱਡੂਆਂ ਵਾਲੇ ਯਾਰ’ ਵੀ ਯਰਾਨੇ ਤੋੜ ਗਏ। ਉਹਨਾਂ ਦੇ ਯਰਾਨੇ ਤਾਂ
‘ਮਾਲ-ਮੰਤ੍ਰੀ’ਹਰਨੇਕ ਸਿੰਘ ਘੜੂੰਏਂ ਨਾਲ ਸਨ। ਨਿਰ੍ਹੇ ਹਰਨੇਕ ਸਿੰਘ ਘੜੂੰਏਂ ਨਾਲ ਉਹਨਾਂ
ਦਾ ਕਾਹਦਾ ਵਾਹ-ਵਾਸਤਾ! ਹਰਨੇਕ ਸਿੰਘ ਘੜੂੰਆਂ ਆਪਣੇ ਇਕੱਲੇ ਦੇ ਸਿਰ ਉੱਤੇ ਆਣ ਪਏ ਖ਼ਰਚੇ
ਦੀ ਸੋਚ ਕੇ ਬੌਂਦਲ ਗਿਆ। ਦੂਜੇ ਪਾਸੇ ਉਸਦੇ ਕੁੱਝ ਸਾਥੀਆਂ ਨੇ ਉਸਨੂੰ ਸਲਾਹ ਦਿੱਤੀ ਕਿ ਉਹ
ਇਸ ‘ਮੇਲੇ-ਮੂਲੇ’ ਨੂੰ ਪਾਸੇ ਛੱਡ ਕੇ ਦਿੱਲੀ ਜਾ ਕੇ ਬੈਠੇ ਅਤੇ ਨਵੀਂ ਬਣ ਰਹੀ ਸਿਆਸੀ
ਸਫ਼ਬੰਦੀ ਵਿੱਚ ਆਪਣੀ ਥਾਂ ਬਨਾਉਣ ਦਾ ਚਾਰਾ ਕਰੇ। ਪਰ ਉਹ ਹੁਣ ਪਿੱਛੇ ਨਹੀਂ ਸੀ ਮੁੜਨਾ
ਚਾਹੁੰਦਾ। ਉਸ ਅੰਦਰ ਪੰਜਾਬੀਆਂ ਵਾਲੀ ਅਣਖ਼ ਤੇ ਮੜਕ ਕਾਇਮ ਸੀ। ਇਸ ਮੇਲੇ ਰਾਹੀਂ ਦੋਵਾਂ
ਪੰਜਾਬਾਂ ਨੂੰ ਮਿਲਾਉਣ ਦਾ, ਉਹ, ਜਿਹੜਾ ਸੁਪਨਾ ਸਾਕਾਰ ਕਰਨ ਲਈ ਤਾਂਘ ਰਿਹਾ ਸੀ ਉਸ ਸੁਪਨੇ
ਵੱਲੋਂ ਐਨ ਮੌਕੇ ਦੇ ਮੌਕੇ ਮੂੰਹ ਮੋੜ ਲੈਣਾ ਉਸਨੂੰ ਗਵਾਰਾ ਨਹੀਂ ਸੀ। ਸਿਆਸਤ ਵਿੱਚ ਉਸ ਨਾਲ
ਜੁੜੇ ਰਹੇ ‘ਹਰਿਆਂ ਬੂਟਿਆਂ ਵਰਗੇ’ ਉਸਦੇ ਕੁੱਝ ਸੁਹਿਰਦ ਮਿੱਤਰਾਂ ਨੇ ਉਸਦੀ ਪ੍ਰਤੀਬੱਧਤਾ
ਨੂੰ ਵੇਖਦਿਆਂ ਉਸਦੀ ਧਿਰ ਬਣਨਾ ਪਰਵਾਨ ਕਰ ਲਿਆ ਅਤੇ ਉਹ ਉਸਦੀ ਹਰ ਪ੍ਰਕਾਰ ਦੀ ਸਹਾਇਤਾ ਕਰਨ
ਲਈ ਮੈਦਾਨ ਵਿੱਚ ਨਿੱਤਰ ਪਏ।
ਉਸ ਅੰਦਰਲਾ ਮਹਿਮਾਨ-ਨਵਾਜ਼ ਪੰਜਾਬੀ ਭਲੀ-ਭਾਂਤ ਜਾਣਦਾ ਸੀ ਕਿ ਊਠਾਂ ਵਾਲਿਆਂ ਨਾਲ ਯਾਰੀ
ਲਾਉਣੀ ਹੋਵੇ ਤਾਂ ਘਰ ਦੇ ਦਰਵਾਜ਼ੇ ਵੱਡੇ ਰੱਖਣੇ ਪੈਂਦੇ ਹਨ। ਉਸਦੇ ਘਰ ਦੇ ਦਰਵਾਜ਼ੇ ਤਾਂ
ਭਾਵੇਂ ਏਡੇ ਵੱਡੇ ਨਾ ਵੀ ਹੋਣ ਪਰ ਉਸਨੇ ਆਉਣ ਵਾਲੇ ਪ੍ਰਾਹੁਣਿਆਂ ਲਈ ਆਪਣੇ ਦਿਲ ਦੇ
ਦਰਵਾਜ਼ੇ ਚੌੜ-ਚੁਪੱਟ ਖੋਲ੍ਹ ਦਿੱਤੇ। ਮੇਲੇ ‘ਤੇ ਹੋਣ ਵਾਲੇ ਖ਼ਰਚਿਆਂ ਦੀ ਪੂਰਤੀ ਲਈ ਉਸਨੇ
ਆਪਣਾ ਘਰ ਹੀ ਵੇਚ ਦਿੱਤਾ ਅਤੇ ਆਪ ਕਿਰਾਏ ਦੇ ਮਕਾਨ ਵਿੱਚ ਰਹਿਣਾ ਪ੍ਰਵਾਨ ਕਰ ਲਿਆ।
ਮੋਹਾਲੀ ਵਾਲਾ ਮੇਲਾ ਆਪਣੀ ਬੇਮਿਸਾਲ ਸਫ਼ਲਤਾ ਸਦਕਾ ਦੋਵਾਂ ਪੰਜਾਬਾਂ ਦੇ ਇਤਿਹਾਸ ਵਿੱਚ
ਮਹੱਤਵ ਪੂਰਨ ਇਤਿਹਾਸਕ ਘਟਨਾ ਬਣ ਗਿਆ। ਉਸਨੇ ਪ੍ਰਾਹੁਣਾਚਾਰੀ ਵਿੱਚ ਕਿਸੇ ਕਿਸਮ ਦੀ ਕਾਣ
ਨਹੀਂ ਸੀ ਆਉਣ ਦਿੱਤੀ। ਹੋਰ ਤਾਂ ਹੋਰ ਆਏ ਕਲਾਕਾਰਾਂ ਦੀ ਕੀਤੇ ਵਾਅਦੇ ਅਨੁਸਾਰ ਤਿੱਲ਼-ਫੁੱਲ
ਨਾਲ ਸੇਵਾ ਵੀ ਕੀਤੀ। ਉਸ ਵੇਲੇ ਤੱਕ ਸਰਕਾਰਾਂ ਦੇ ਮਨ ਭਾਵੇਂ ਇੱਕ-ਦੂਜੇ ਲਈ ਬੰਦ ਸਨ ਪਰ ਇਸ
ਮੇਲੇ ਨੇ ਦੋਵਾਂ ਪੰਜਾਬਾਂ ਦੇ ਆਮ ਲੋਕਾਂ ਦੇ ਮਨਾਂ ਦੇ ਬੰਦ ਪਏ ਦਰਵਾਜ਼ੇ ਖੋਲ੍ਹ ਦਿੱਤੇ
ਸਨ। ਪਰਾਏਪਨ ਤੇ ਵੱਖਰੇਪਨ ਦਾ ਭੈਅ ਅਤੇ ਗ਼ਲਤਫ਼ਹਿਮੀਆਂ ਦੂਰ ਹੋ ਰਹੀਆਂ ਸਨ। ਸਾਂਝੀ
ਵਿਰਾਸਤ ਦਾ ਗੌਰਵ ਮੁੜ ਤੋਂ ਬਹਾਲ ਹੋਣ ਲੱਗਾ। ਸਰਹੱਦੋਂ ਉਰਾਰ-ਪਾਰ ਵੱਸਦੇ ਲੋਕਾਂ ਦੇ ਮਨਾਂ
ਵਿੱਚ ਪਿਆਰ-ਮੁਹੱਬਤ ਦੀ ਠੰਢੀ-ਮਿੱਠੀ ਹਵਾ ਰੁਮਕਣ ਲੱਗੀ ਸੀ। ਘਰ ਵੇਚ ਕੇ ਵੀ ਹਰਨੇਕ ਸਿੰਘ
ਘੜੂੰਆਂ ਨੇ ਵੱਡੀ ਖੱਟੀ ਖੱਟ ਲਈ ਸੀ। ਉਸਨੇ ਤਾਂ ਚੜ੍ਹਦੇ ਪੰਜਾਬ ਦੇ ਸੰਵੇਦਨਸ਼ੀਲ ਲੋਕਾਂ
ਤੋਂ ਇਲਾਵਾ ਲਹਿੰਦੇ ਪੰਜਾਬ ਦੇ ਹਜ਼ਾਰਾਂ ਲੋਕਾਂ ਦੇ ਮਨਾਂ ਵਿੱਚ ਆਪਣਾ ਘਰ ਬਣਾ ਲਿਆ ਸੀ।
ਹੁਣ ਪੱਛਮੀ ਪੰਜਾਬ ਤਾਂ ਜਿਵੇਂ ਉਸਦਾ ਦੂਜਾ ਘਰ ਹੀ ਬਣ ਗਿਆ। ਉਸਦੀ ਪ੍ਰਾਹੁਣਚਾਰੀ ਮਾਣ ਕੇ
ਗਏ ਲੋਕ ਉਸਨੂੰ ਕੋਲ ਬੁਲਾਉਣ ਅਤੇ ਉਸਦੀ ਮੁਹੱਬਤ ਦਾ ਕਰਜ਼ਾ ਲਾਹੁਣ ਲਈ ਉਤਾਵਲੇ ਹੋਣ ਲੱਗੇ।
ਉਹ ਓਧਰ ਜਾਂਦਾ ਤਾਂ ਆਪਣੇ ਨਾਲ ਆਪਣੀ ਵਿਛੜੀ ਧਰਤੀ ਦਾ ਦੀਦਾਰ ਕਰਨ ਲਈ ਸਹਿਕਦੇ ਕੁੱਝ
ਸੁਹਿਰਦ ਸੱਜਣ ਇਧਰਲੇ ਪੰਜਾਬ ਵਿਚੋਂ ਵੀ ਨਾਲ ਲੈ ਜਾਂਦਾ। ਉਹ ਪਰਤਦੇ ਤਾਂ ਓਧਰੋਂ ਮਿਲੀ
ਮੁਹੱਬਤ ਨਾਲ ਛਲਕਦੇ ਦਿਲਾਂ ਦੀਆਂ ਕਹਾਣੀਆਂ ਉਹਨਾਂ ਦੇ ਲਬਾਂ ‘ਤੇ ਹੁੰਦੀਆਂ। ਓਧਰ ਜਾਂਦਾ
ਤਾਂ ਏਧਰ ਰਹਿ ਗਈ ਆਪਣੀ ਮਾਂ-ਮਿੱਟੀ ਦਾ ਹੱਜ ਕਰਨ ਲਈ ਸਹਿਕਦੇ ਲੋਕ ਉਸ ਕੋਲੋਂ ਭਾਰਤ ਦਾ
ਵੀਜ਼ਾ ਲਵਾਉਣ ਲਈ ਤਰਲੇ ਕਰਨ ਲੱਗੇ। ਉਸਦਾ ਇੱਕ ਕਿਰਦਾਰ ਅਜਿਹੇ ਬੰਦਿਆਂ ਦਾ ਪ੍ਰਤੀਨਿਧ
ਨਮੂਨਾ ਹੈ ਜੋ ਘੜੰਏਂ ਦਾ ਹੱਥ ਫੜ੍ਹ ਕੇ ਕੰਬਦੀ ਹੋਈ ਆਵਾਜ਼ ਵਿੱਚ ਕਹਿੰਦਾ ਹੈ, “ਸਰਦਾਰ
ਸਾਹਿਬ, ਇੱਕ ਵਾਰ ਜਨਮ-ਭੂਮੀ ਦੇ ਦਰਸ਼ਨ ਕਰਵਾ ਦਿਓ, ਮੇਰਾ ਹੱਜ ਹੋ ਜਾਏਗਾ।” ਉਹ ਪੂਰਬੀ
ਅਤੇ ਪੱਛਮੀ ਪੰਜਾਬ ਦੇ ਅਨੇਕਾਂ ਅਜਿਹੇ ਸੱਜਣਾਂ ਲਈ ਆਉਣ ਜਾਣ ਦਾ ਰਾਹ ਖੋਲ੍ਹਣ ਵਾਲਾ
‘ਦਿੱਲੀ ਦਰਵਾਜ਼ਾ’ ਅਤੇ ‘ਲਾਹੌਰੀ ਦਰਵਾਜ਼ਾ’ ਬਣ ਗਿਆ ਸੀ।
ਉਸਨੇ ਦੋਵਾਂ ਪੰਜਾਬਾਂ ਵਿੱਚ ਅਜਿਹਾ ਮਾਹੌਲ ਬਣਾ ਦਿੱਤਾ ਸੀ ਕਿ ਦਹਾਕਿਆਂ ਤੋਂ ਸਿਆਸਤ ਦੀ
ਅੱਗ ਨਾਲ ਸੜਦੇ ਹਿਰਦਿਆਂ ਵਿੱਚ ਠੰਢ ਪੈਣ ਲੱਗੀ ਤੇ ਪਥਰਾਏ ਮਨਾਂ ਵਿੱਚ ਸੂਫ਼ੀ ਬਾਬਿਆਂ ਦੀ
ਰੂਹ ਹਰਕਤ ਕਰਨ ਲੱਗੀ। ਨਫ਼ਰਤ ਨਾਲ ਖ਼ੁਸ਼ਕ ਕਰ ਦਿੱਤੇ ਗਏ ਮਨਾਂ ਦੀ ਤਪਦੀ ਰੇਤ ਹੇਠੋਂ
ਆਪਸੀ-ਮਿਲਣੀਆਂ ਦੀ ਥਪਥਪਾਹਟ ਨਾਲ ਮੁਹੱਬਤ ਦਾ ਠੰਢਾ-ਮਿੱਠਾ ਪਾਣੀ ਸਿੰਮਣ ਲੱਗਾ।
ਏਧਰ ਆਉਣ ਵਾਲੇ ਪ੍ਰਾਹੁਣਿਆਂ ਨੂੰ ਸਾਂਭਣ ਲਈ ਉਹ ਅਤੇ ਉਸਦਾ ਪਰਿਵਾਰ ਹਰ ਪਲ ਤਿਆਰ ਰਹਿੰਦੇ
ਸਨ ਅਤੇ ਓਧਰ ਤਾਂ ਉਸਦੇ ਪਿਆਰ, ਨਿਰਛਲਤਾ, ਨੇਕ-ਨੀਅਤੀ ਤੇ ਨਿਰ-ਸਵਾਰਥ ਪਹੁੰਚ ਨੇ ਲੋਕਾਂ
ਦੇ ਦਿਲਾਂ ਉੱਤੇ ਅਜਿਹਾ ਕਬਜ਼ਾ ਕਰ ਲਿਆ ਸੀ ਕਿ ਉਹਦੇ ਲਈ ਵੱਡੇ ਵੱਡੇ ਕਿਲ੍ਹਿਆਂ ਦੇ ਬੰਦ
ਪਏ ਵਰਜਿਤ ਦਰਵਾਜ਼ੇ ਵੀ ਖੁੱਲ੍ਹਣ ਲੱਗ ਪਏ ਸਨ। ਆਪਣੀ ਇੱਕ ਫੇਰੀ ‘ਤੇ ਉਸਦਾ ਸ਼ੇਖ਼ੂਪੁਰੇ
ਦਾ ਉਹ ਇਤਿਹਾਸਕ ਕਿਲ੍ਹਾ ਵੇਖਣ ਨੂੰ ਦਿਲ ਕਰ ਆਇਆ, ਜਿਸ ਕਿਲ੍ਹੇ ਵਿੱਚ ਕਦੀ ਪੰਜਾਬ ਦੀ
ਮਹਾਰਾਣੀ ਜਿੰਦਾਂ ਕੈਦ ਰਹੀ ਸੀ। ਜਦੋਂ ਉਹ ਇਸ ਮਕਸਦ ਲਈ ਕਿਲ੍ਹੇ ਦੇ ਦਰਵਾਜ਼ੇ ਅੱਗੇ ਪੁੱਜੇ
ਤਾਂ ਕਿਲ੍ਹੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਦਰਵਾਜ਼ਾ ਖੜਕਾਉਣ ‘ਤੇ ਕਿਲ੍ਹੇ ਦੇ ਇਨਚਾਰਜ
ਨੇ ਬਾਹਰ ਆਕੇ ਜਦੋਂ ਉਹਨਾਂ ਦੀ ਕਿਲ੍ਹਾ ਵੇਖਣ ਦੀ ਬੇਨਤੀ ਸੁਣੀ ਤਾਂ ਕਰੜਾਈ ਨਾਲ ਜਵਾਬ
ਦਿੱਤਾ ਕਿ ਉਹ ਅਜਿਹਾ ਹਰਗਿ਼ਜ਼ ਨਹੀਂ ਕਰ ਸਕਦਾ ਕਿਉਂਕਿ ਕਿਲ੍ਹਾ ਵਿਖਾਉਣ ‘ਤੇ ਸਖ਼ਤ
ਪਾਬੰਦੀ ਲੱਗੀ ਹੋਈ ਹੈ। ਕੀਤੀਆਂ ਬੇਨਤੀਆਂ ਦਾ ਕੋਈ ਵੀ ਅਸਰ ਨਾ ਹੁੰਦਾ ਵੇਖ ਕੇ ਘੜੂੰਏਂ ਦੇ
ਮੇਜ਼ਬਾਨ ਐਡਵੋਕੇਟ ਅਰਸ਼ਦ ਵਿਰਕ ਨੇ ਇੱਕ ਵਾਰ ਫੇਰ ਤਰਲਾ ਲਿਆ, “ਦੇਖੋ, ਸਰਦਾਰ ਸਾਹਿਬ ਉਸ
ਪੰਜਾਬ ਵਿੱਚ ਵਜ਼ੀਰ ਰਹਿ ਚੁੱਕੇ ਹਨ। ਕਿੰਨੀ ਦੂਰੋਂ ਚੱਲ ਕੇ ਆਏ ਹਨ, ਇਸਤਰ੍ਹਾਂ ਨਾ ਕਰੋ।”
ਉਸਦਾ ਜਿ਼ਕਰ ਹੋਣ ਦੀ ਦੇਰ ਸੀ ਕਿ ਉਹ ਸੱਜਣ ਪੁੱਛਣ ਲੱਗਾ, “ਇੱਕ ਵਜ਼ੀਰ ਸਾਹਿਬ ਵੜੈਚ
ਹੁਰਾਂ ਦੇ ਘਰ ਠਹਿਰਦੇ ਹੁੰਦੇ ਨੇ?” ਜਦੋਂ ਘੜੂੰਏਂ ਨੇ ਕਿਹਾ, “ਮੈਂ ਹੀ ਉਹਨਾਂ ਦੇ ਘਰ
ਠਹਿਰਦਾ ਹੁੰਦਾ ਸਾਂ।” ਤਾਂ ਉਸ ਸੱਜਣ ਦਾ ਚਿਹਰਾ ਖਿੜ ਗਿਆ। ਉਹ ਬੇਸ਼ੱਕ ਘੜੂੰਏਂ ਨੂੰ
ਪਛਾਣਦਾ ਨਹੀਂ ਸੀ ਪਰ ਉਹ ਉਸਨੂੰ ਜਾਣਦਾ ਜ਼ਰੂਰ ਸੀ। ਘੜੂੰਏਂ ਦੀ ਖ਼ੁਸ਼ਬੂ ਤਾਂ ਉਸਦੇ
ਸ਼ਹਿਰ ਵਿੱਚ ਦੂਰ ਦੂਰ ਤੱਕ ਫੈਲੀ ਹੋਈ ਸੀ। ਕਿਲ੍ਹੇ ਦੇ ਇਨਚਾਰਜ ਨੂੰ ਪਸ਼ੇਮਾਨੀ ਹੋਈ ਕਿ
ਇਹ ਖ਼ੁਸ਼ਬੂ ਅੱਜ ਉਸਦੇ ਦੁਆਰ ਆਈ ਸੀ ਤਾਂ ਉਸਨੇ ਇਸ ਖ਼ੁਸ਼ਬੂ ਨੂੰ ਦਰਵਾਜ਼ੇ ਦੇ ਅੰਦਰ
ਜਾਣੋਂ ਰੋਕ ਦਿੱਤਾ ਸੀ! ਉਸਨੇ ਕਿਲ੍ਹੇ ਦਾ ਦਰਵਾਜ਼ਾ ਖੋਲ੍ਹਦਿਆਂ ਕਿਹਾ, “ਫਿਰ ਤਾਂ ਤੁਸੀਂ
ਸਾਡੇ ਮਹਿਮਾਨ ਹੋਏ। ਆਓ ਸਾਡੇ ਧੰਨਭਾਗ! ਜੀ ਆਇਆਂ ਨੂੰ!” ਕਿਲ੍ਹੇ ਦੇ ਬੰਦ ਪਏ ਦਰਵਾਜ਼ੇ ਦਾ
ਤਾਲਾ ਉਸਦੇ ਆਪਣੇ ਨਾਂ ਦੀ ਕੁੰਜੀ ਨਾਲ ਹੀ ਖੁੱਲ੍ਹ ਗਿਆ।
ਏਸੇ ਕੁੰਜੀ ਨਾਲ ਹੀ ਉਸਨੇ ਆਪਣੇ ਹੀ ਮਨ ਦਾ ਬੰਦ ਪਿਆ ਇੱਕ ਹੋਰ ਦਰਵਾਜ਼ਾ ਖੋਲ੍ਹ ਕੇ ਵੇਖਿਆ
ਤਾਂ ਉਸਨੂੰ ਦਿਸਿਆ ਉਸਦੇ ਵਿਹੜੇ ਵਿੱਚ ਤਾਂ ਸਿਰਜਣਾ ਦੇ ਫੁੱਲ ਖਿੜਨ ਲਈ ਕਲਵਲ ਹੋ ਰਹੇ ਹਨ।
ਉਸਨੇ ਕਲਮ ਚੁੱਕੀ ਤਾਂ ਕਾਗ਼ਜ਼ਾਂ ‘ਤੇ ਜਜ਼ਬਿਆਂ-ਗੁੱਧੀ ਮੁਹੱਬਤ ਦੇ ਮੋਤੀ ਕਿਰਨੇ ਸ਼ੁਰੂ
ਹੋ ਗਏ। ਆਪਣੀਆਂ ਨਿਰੰਤਰ ਕੀਤੀਆਂ ਜਾਂਦੀਆਂ ਪਾਕਿਸਤਾਨ-ਯਾਤਰਾਵਾਂ ਤੋਂ ਪ੍ਰਾਪਤ ਹੋਏ
ਅਨੁਭਵਾਂ ਨੂੰ ਸਮੂਰਤ ਕਰਦੀਆਂ ਉਸਦੀਆਂ ਲਿਖਤਾਂ ਛਪਣ ਲੱਗੀਆਂ ਤਾਂ ਉਸਦੇ ਅਨੁਭਵ ਦੀ
ਸਿ਼ੱਦਤ, ਗਹਿਰਾਈ, ਸੁੱਚਮਤਾ, ਸੰਵੇਦਨਸ਼ੀਲਤਾ ਅਤੇ ਪੇਸ਼ਕਾਰੀ ਦਾ ਸਹਿਜ-ਸਲੀਕਾ ਦੇਖ ਕੇ
ਪੰਜਾਬੀ ਪਾਠਕਾਂ ਨੂੰ ਪਹਿਲੀ ਵਾਰ ਲੱਗਾ ਕਿ ਉਹਨਾਂ ਨੂੰ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ
ਸਾਂਝੀ-ਪੀੜ ਨੂੰ ਜ਼ਬਾਨ ਦੇਣ ਵਾਲਾ ਸੁਲੱਖਣਾ ਲੇਖਕ ਮਿਲ ਗਿਆ ਹੈ। ਜਦੋਂ ਪੰਜਾਬੀ ਟ੍ਰਿਬਿਊਨ
ਤੋਂ ਬਾਅਦ ਅਸੀਂ ਕਨੇਡਾ ਤੋਂ ਛਪਦੇ ਆਪਣੇ ਮਾਸਿਕ-ਪੱਤਰ ‘ਸੀਰਤ’ ਵਿੱਚ ਇਹਨਾਂ ਲਿਖਤਾਂ ਨੂੰ
ਪੁਨਰ-ਪ੍ਰਕਾਸ਼ਤ ਕੀਤਾ ਤੇ ਇਹ ਰਚਨਾਵਾਂ ‘ਸੀਰਤ’ ਦੀ ਵੈਬ ਸਾਈਟ ਰਾਹੀਂ ਦੁਨੀਆਂ ਦੇ ਹਰ
ਕੋਨੇ ਵਿੱਚ ਬੈਠੇ ਪੰਜਾਬੀ ਪਾਠਕਾਂ ਕੋਲ ਪਹੁੰਚਣ ਲੱਗੀਆਂ ਤਾਂ ਸਾਨੂੰ ਦੇਸ-ਵਿਦੇਸ਼ ਤੋਂ
ਉਸਦੀ ਲਿਖਤ ਦੇ ਡੁੱਲ੍ਹ-ਡੁੱਲ੍ਹ ਪੈਂਦੇ ਆਸ਼ਕਾਂ ਦੇ ਜ਼ਬਰਦਸਤ ਹੁੰਗਾਰੇ ਆਉਣ ਲੱਗੇ।
‘ਸੀਰਤ’ ਵਿੱਚ ਹਰ ਮਹੀਨੇ ਪੰਜਾਬੀ ਦੇ ਕਹਿੰਦੇ ਕਹਾਉਂਦੇ ਲੇਖਕਾਂ ਦੇ ਮਜ਼ਮੂਨ ਛਪਦੇ ਹੋਣ ਦੇ
ਬਾਵਜੂਦ ਸਾਰੇ ਪਾਠਕ ਇੱਕ ਜ਼ਬਾਨ ਨਾਲ ਕਹਿੰਦੇ ਕਿ ਉਹਨਾਂ ਨੂੰ ਹਰ ਮਹੀਨੇ ਸਭ ਤੋਂ ਵੱਧ
ਹਰਨੇਕ ਸਿੰਘ ਘੜੂੰਆਂ ਨੂੰ ਪੜ੍ਹਨ ਦੀ ਉਡੀਕ ਲੱਗੀ ਰਹਿੰਦੀ ਹੈ। ਪਰਚਾ ਮਿਲਣ ਜਾਂ ਸਾਈਟ ‘ਤੇ
ਉਪਲਬਧ ਹੋਣ ‘ਤੇ ਉਹ ਸਭ ਤੋਂ ਪਹਿਲਾਂ ਉਸਦੀ ਲਿਖਤ ਨੂੰ ਹੀ ਉੱਡ ਕੇ ਪੜ੍ਹਦੇ ਹਨ। ਕੀ ਸੀ
ਉਸਦੀ ਲਿਖਤ ਵਿੱਚ ਜਿਸਨੇ ਦਹਾਕਿਆਂ ਤੋਂ ਬੜਾ ਮੁੱਲਵਾਨ ਲਿਖ ਰਹੇ ਕਹਿੰਦੇ-ਕਹਾਉਂਦੇ ਲੇਖਕਾਂ
ਨੂੰ ਪਿੱਛੇ ਛੱਡ ਦਿੱਤਾ ਸੀ!
ਧਿਆਨ ਨਾਲ ਸੋਚਿਆ ਤੇ ਵੇਖਿਆ ਤਾਂ ਮਹਿਸੂਸ ਹੋਇਆ ਕਿ ਉਸਨੇ ਦੇਸ਼-ਵੰਡ ਨਾਲ ਚੀਰੇ ‘ਤੇ
ਵੱਢੇ-ਟੁੱਕੇ ਪੰਜਾਬ ਦੇ ਪੀੜ ਨਾਲ ਭਰੇ ਤੇ ਟੱਸ ਟੱਸ ਕਰਦੇ ਜ਼ਖ਼ਮਾਂ ਨੂੰ ਬੜੇ ਹੰਢੇ-ਵਰਤੇ
ਸੁਘੜ ਤਜਰਬੇਕਾਰ ਜੱਰਾਹ ਵਾਂਗ ਆਪਣੀ ਕਲਮ ਦੀ ਨਸ਼ਤਰ ਨਾਲ ਚੀਰਾ ਦੇ ਕੇ ਉਹਨਾਂ ਜ਼ਖ਼ਮਾਂ
ਵਿੱਚ ਭਰੇ ਮੁਆਦ ਨੂੰ ਬਾਹਰ ਨਿਕਲਣ ਦਾ ਮੌਕਾ ਦਿੱਤਾ ਹੈ। ਪੱਕੇ ਹੋਏ ਫੋੜੇ ਨੂੰ ਚੀਰਾ ਦੇਣ
ਨਾਲ ਅਤੇ ਪੀਕ ਨਿਕਲ ਜਾਣ ਨਾਲ ਜਿਵੇਂ ਮਰੀਜ਼ ਨੂੰ ਠੰਢਕ ਦਾ ਅਹਿਸਾਸ ਹੁੰਦਾ ਹੈ; ਇਹਨਾਂ
ਲਿਖਤਾਂ ਦੇ ਪਾਠ ਨਾਲ ਹੋਏ ਭਾਵ-ਵਿਰੇਚਨ (ਕਥਾਰਸਿਸ) ਰਾਹੀਂ ਪੰਜਾਬੀ ਪਾਠਕਾਂ ਨੂੰ ਇੰਝ ਹੀ
ਸੰਤੁਸ਼ਟੀ ਅਤੇ ਸਕੂਨ ਦਾ ਅਹਿਸਾਸ ਹੁੰਦਾ ਹੈ। ਇਹਨਾਂ ਲਿਖਤਾਂ ਨੂੰ ਪੜ੍ਹਦਿਆਂ ਹੋਇਆਂ ਪਾਠਕ
ਆਪਣੇ ਵਡੇਰਿਆਂ ਦੀਆਂ ਗ਼ੈਰ-ਮਾਨਵੀ ਕਰਤੂਤਾਂ ਦਾ ਅਹਿਸਾਸ ਕਰਕੇ ਸ਼ਰਮਿੰਦਾ ਵੀ ਹੁੰਦਾ ਹੈ,
ਉਹਨਾਂ ਦੇ ਲਾਏ ਜ਼ਖ਼ਮਾਂ ਨਾਲ ਤੜਫ਼ਦੇ-ਲੁੱਛਦੇ, ਵਿਗੋਚੇ ਤੇ ਵਿਛੋੜੇ ਦੀ ਪੀੜ ਨਾਲ ਕਲਵਲ
ਹੁੰਦੇ ਲੋਕਾਂ ਨੂੰ ਵੇਖ ਕੇ ਹਾਉਕੇ ਭਰਦਾ ਤੇ ਅੱਥਰੂ ਕੇਰਦਾ ਹੈ ਅਤੇ ਆਪਣੇ ਤੀਬਰ ਭਾਵਾਂ ਦਾ
ਨਿਕਾਸ ਵੀ ਕਰਦਾ ਹੈ। ਛੇੜੇ ਜਾਣ ਕਰਕੇ ਇਹ ਜ਼ਖ਼ਮ, ਨਿਰਸੰਦੇਹ, ਹਰੇ ਵੀ ਹੁੰਦੇ ਹਨ ਪਰ
ਇਸਦੇ ਨਾਲ ਇਹ ‘ਹਰੇ ਹੋਏ ਜ਼ਖ਼ਮ’ ਪੰਜਾਬੀ ਬੰਦੇ ਅੰਦਰ ਸੌਂਦੀ ਜਾ ਰਹੀ ਮਾਨਵਤਾ ਨੂੰ ਮੁੜ
ਤੋਂ ਜਗਾਉਣ ਦਾ ਅਤੇ ਪਥਰਾਏ ਮਨਾਂ ਨੂੰ ਤਰਲ ਕਰਨ ਦਾ ਵਡਮੁੱਲਾ ਕਾਰਜ ਵੀ ਨਿਭਾਉਂਦੇ ਹਨ।
ਸੱਚੀ ਗੱਲ ਤਾਂ ਇਹ ਹੈ ਕਿ ਹਰਨੇਕ ਸਿੰਘ ਘੜੂੰਆਂ ‘ਪੰਜਾਬੀ ਦੇ ਲੇਖਕ’ ਨਾਲੋਂ ਵੀ ਵਧੇਰੇ
‘ਪੰਜਾਬ ਦਾ ਲੇਖਕ’ ਹੈ। ਉਸਦੀ ਲਿਖਤ ਵਿਚੋਂ ਪੰਜਾਬ ਦੀ ਸੱਚੀ-ਸੁੱਚੀ ਆਤਮਾ ਬੋਲਦੀ ਸੁਣਾਈ
ਦਿੰਦੀ ਹੈ। ਇਸ ਆਤਮਾ ਦੇ ਨਕਸ਼ ਪੰਜਾਬ ਦੇ ਆਪਸੀ-ਸਹਿਹੋਂਦ ਵਾਲੇ, ਗੁਰਮਤਿ ਅਤੇ ਸੂਫ਼ੀਮਤਿ
ਦੀਆਂ ਉੱਜਲ ਧਾਰਾਵਾਂ ਨਾਲ ਸਿੰਜੇ ਹੋਏ ਤੇ ਸਦੀਆਂ ਤੋਂ ਖਿੜਦੇ-ਵਿਗਸਦੇ ਰਹੇ ਸੰਗਠਿਤ
ਭਾਈਚਾਰੇ ਵਿਚੋਂ ਪਛਾਣੇ ਜਾ ਸਕਦੇ ਹਨ। ਪੰਜਾਬੀ ਵਸੇਬ ਦੀ ਖੂਬਸੂਰਤੀ ਹੀ ਇਸਦੀ ਬਹੁਰੰਗਤਾ
ਵਿੱਚ ਸੀ/ਹੈ। ਆਪਸੀ ਸਹਿਹੋਂਦ ਵਾਲੀ ਇਸ ਬਹੁਰੰਗਤਾ ਦੇ ਗਵਾਚ ਜਾਣ ਨੂੰ ਘੜੂੰਏਂ ਦੇ ਇੱਕ
ਮੇਜ਼ਬਾਨ ਰਹਿਮਤ-ਉਲਾ ਦੇ ਹਾਉਕੇ ਵਿਚੋਂ ਸਹਿਜੇ ਵੇਖਿਆ ਜਾ ਸਕਦਾ ਹੈ, “ਸਰਦਾਰ ਜੀ ਜੋ ਸੁਆਦ
ਮਿੱਸੇ ਰਹਿਣ ਦਾ ਏ, ਕੱਲੇ ਰਹਿਣ ਦਾ ਨੀ।”
ਸਾਡੇ ਵਡੇਰਿਆਂ ਨੇ ਬਾਹਰੀ ਵਖਰੇਵਿਆਂ ਦੇ ਬਾਵਜੂਦ ਇਸ ‘ਮਿੱਸੇਪਨ’ ਦੀ ਹਕੀਕਤ ਨੂੰ ਪਛਾਣਿਆਂ
ਤੇ ਸਵੀਕਾਰਿਆ ਹੋਇਆ ਸੀ। ਦਿਲ ਦੀ ਹੇਠਲੀ ਧਰਾਤਲ ਤੋਂ ਪੰਜਾਬ ਦੀ ਆਤਮਾ ਸਦੀਆਂ ਤੋਂ
ਸਾਂਝੀਵਾਲਤਾ ਤੇ ਮੁਹੱਬਤ ਦੇ ਸੂਤਰ ਵਿੱਚ ਬੱਝੀ ਰਹੀ ਹੈ। ਗੁਰੂਆਂ ਤੇ ਸੂਫ਼ੀਆਂ ਨੇ ਪੰਜਾਬੀ
ਭਾਈਚਾਰੇ ਦੀ ਸੰਮਿਲਤ ਪਛਾਣ ਬਨਾਉਣ ਲਈ ਮਜ਼੍ਹਬਾਂ ਦੀ ਕੱਟੜਤਾ ਦੀਆਂ ਇੱਕ ਦੂਜੇ ਨੂੰ ਵੱਜਣ
ਤੇ ਚੁਭਣ ਵਾਲੀਆਂ ਨੁੱਕਰਾਂ ਨੂੰ ਘਸਾ ਕੇ ਨਿਰੋਲ ਹਿੰਦੂ ਜਾਂ ਮੁਸਲਮਾਨ ਬਣਨ ਨਾਲੋਂ ਵੀ ਵੱਧ
‘ਬੰਦਾ’ ਬਣਨ ਤੇ ਜ਼ੋਰ ਦਿੱਤਾ ਸੀ। ਇਸੇ ਕਰਕੇ ਮਰਦਾਨਾ ਨਾਨਕ ਦੇ ਕਲੇਜੇ ਦਾ ਟੁਕੜਾ ਹੈ।
ਦੋਵੇਂ ਇੱਕ-ਦੂਜੇ ਦੇ ਅਟੁੱਟ ਸੰਗੀ-ਸਾਥੀ ਹਨ। ਇੱਕ ਸ਼ਬਦ ਹੈ ਤਾਂ ਦੂਜਾ ਸੰਗੀਤ। ਇੰਝ ਹੀ
ਗੁਰੂ ਅਰਜਨ-ਮੀਆਂ ਮੀਰ; ਬੁੱਲ੍ਹੇ ਸ਼ਾਹ ਤੇ ‘ਤੇਗ਼ ਬਹਾਦਰ ਗ਼ਾਜ਼ੀ’; ਗੁਰੂ ਗੋਬਿੰਦ ਸਿੰਘ
ਅਤੇ ਪੀਰ ਬੁੱਧੂ ਸ਼ਾਹ, ਗਨੀ ਖ਼ਾਂ-ਨਬੀ ਖ਼ਾਂ, ਰਾਇ ਕੱਲ੍ਹਾ; ਮਾਧੋਲਾਲ-ਸ਼ਾਹ ਹੁਸੈਨ ਦੇ
ਸੰਵਾਦੀ ਤੇ ਸਹਿਯੋਗੀ ਜੁੱਟ ਸਾਡੇ ਆਪਸੀ ਸਹਿਹੋਂਦ ਵਾਲੇ ਸੰਗਠਿਤ ਸਮਾਜ ਦੇ ਰੌਸ਼ਨ ਚਿਰਾਗ਼
ਹਨ। ਸ਼ਾਹ ਮੁਹੰਮਦ ਇਸੇ ਆਪਸੀ ਮੁਹੱਬਤ ਤੇ ਸਦ-ਭਾਵਨਾ ਦੇ ਗਵਾਚ ਜਾਣ ਦਾ ਰੋਣਾ ਰੋਂਦਾ ਹੋਇਆ
ਹੀ ਆਖਦਾ ਹੈ,
“ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,
ਸਿਰ ਦੋਹਾਂ ਦੇ ਉੱਤੇ ਆਫ਼ਾਤ ਆਈ।
ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ,
ਕਦੇ ਨਹੀਂ ਸੀ ਤੀਸਰੀ ਜ਼ਾਤ ਆਈ।”
ਇਸ ‘ਤੀਸਰੀ ਜ਼ਾਤ’ ਦੀ ਆਮਦ ਨੇ ਅਤੇ ਹਾਲਾਤ ਦੇ ਭਾਰੂ ਹੋ ਗਏ ਗੰਧਲੇ ਵਹਾਓ ਤੇ ਵੇਗ ਨੇ
ਸੰਗਠਿਤ-ਭਾਈਚਾਰੇ ਦੇ ਇਸ ਰੌਸ਼ਨ ਚਿਹਰੇ ਨੂੰ ਵਿਗਾੜ, ਲਬੇੜ ਤੇ ਧੁੰਦਲਾ ਕਰ ਦਿੱਤਾ। ਹਰਨੇਕ
ਸਿੰਘ ਘੜੂੰਆਂ ਇਸ ਲਿੱਬੜੇ ਚਿਹਰੇ ਦੀ ਮੈਲ਼ ਆਪਣੇ ਅੱਥਰੂਆਂ ਨਾਲ ਧੋ ਕੇ ਉਸਦੇ ਬਿੰਬ ਨੂੰ
ਮੁੜ ਲਿਸ਼ਕਾਉਣ, ਚਮਕਾਉਣ ਦਾ ਚਾਰਾ ਕਰ ਰਿਹਾ ਹੈ।
ਹਰਨੇਕ ਸਿੰਘ ਘੜੂੰਆਂ ਸਾਂਝੀ ਪੰਜਾਬੀਅਤ ਦੇ ਧਰੂ-ਤਾਰਿਆਂ; ਗੁਰੂਆਂ, ਸੂਫ਼ੀਆਂ, ਸ਼ਾਇਰਾਂ
ਤੇ ਗਾਇਕਾਂ ਦੀਆਂ ਯਾਦਗਾਰਾਂ ਦੀ ਹੀ ਜਿ਼ਆਰਤ ਨਹੀਂ ਕਰਦਾ/ਕਰਵਾਉਂਦਾ ਅਤੇ ਉਹਨਾਂ ਦੇ ਰੌਸ਼ਨ
ਮਾਨਵ-ਸੁਨੇਹੇ ਤੋਂ ਹੀ ਚਾਨਣ ਦਾ ਟੋਟਾ ਲੈ ਕੇ ਆਪਣੀ ਰੂਹ ਵਿੱਚ ਨਹੀਂ ਉਤਾਰਦਾ ਸਗੋਂ ਪੰਜਾਬ
ਦੇ ਸਾਂਝੇ ਨਾਇਕਾਂ ਅਤੇ ਆਸ਼ਕਾਂ-ਸਾਦਕਾਂ ਨੂੰ ਵੀ ਦਿਲ ਦੀਆਂ ਗਹਿਰਾਈਆਂ ਤੋਂ ਪਿਆਰਦਾ ਹੈ।
ਹੀਰ-ਰਾਂਝਾ, ਮਿਰਜ਼ਾ-ਸਾਹਿਬਾਂ, ਬਾਲੋ-ਮਾਹੀਆ, ਸੋਹਣੀ-ਮਹੀਂਵਾਲ, ਸੱਸੀ-ਪੁੰਨੂੰ ਆਦਿ ਦਾ
ਉਸਦੀਆਂ ਲਿਖਤਾਂ ਵਿੱਚ ਜਦੋਂ ਵੀ ਜਿ਼ਕਰ ਆਉਂਦਾ ਹੈ ਤਾਂ ਉਹ ਸਾਰੇ ਪੰਜਾਬੀਆਂ ਦੇ ਨਿਰੋਲ
ਆਪਣੀ ਰੂਹ ਤੱਕ ਖੁਭੇ ਹੋਏ ਕਿਰਦਾਰਾਂ ਵਜੋਂ ਹੀ ਪੇਸ਼ ਹੁੰਦੇ ਹਨ; ਕੋਈ ਸਿੱਖ-ਹਿੰਦੂ ਜਾਂ
ਮੁਸਲਮਾਨ ਕਿਰਦਾਰਾਂ ਵਜੋਂ ਨਹੀਂ। ਉਸਨੂੰ ਤਾਂ ਜਾਬਰਾਂ ਨਾਲ ਲੋਹਾ ਲੈਣ ਵਾਲੇ ਅਤੇ ਪੰਜਾਬ
ਦੀ ਆਨ-ਅਣਖ਼ ਲਈ ਕੁਰਬਾਨ ਹੋ ਜਾਣ ਵਾਲੇ ਦੁੱਲਾ-ਭੱਟੀ, ਅਹਿਮਦ-ਖ਼ਰਲ, ਜਿਊਣਾ-ਮੌੜ, ਮਲੰਗੀ
ਤੇ ਜੱਗੇ ਜੱਟ ਜਿਹੇ ਕਿਰਦਾਰ ਸਵੈਮਾਣ ਨਾਲ ਲਬਾ-ਲਬ ਭਰੇ ਸੂਰਮੇ ਕੇਵਲ ਤੇ ਕੇਵਲ ‘ਪੰਜਾਬੀ’
ਹੀ ਨਜ਼ਰ ਆਉਂਦੇ ਹਨ ਜਿੰਨ੍ਹਾਂ ਨੇ ਭਾਈਚਾਰੇ ਦੀ ਆਜ਼ਾਦੀ ਸਿਰਾਂ ਦੇ ਸੌਦੇ ਕਰਕੇ ਕਾਇਮ
ਰੱਖੀ। ਉਹਨਾਂ ਨੂੰ ਦੋਵਾਂ ਪੰਜਾਬਾਂ ਦੇ ਲੋਕ ਕਿਵੇਂ ਆਪਣੀ-ਆਪਣੀ ਹੋਂਦ ਦਾ ਹਿੱਸਾ ਮੰਨਦੇ
ਹਨ ਇਸਦੀ ਇੱਕ ਉਦਾਹਰਣ ਜੱਗੇ-ਡਾਕੂ ਨਾਲ ਜੁੜੇ ਉਸ ਬਿਰਤਾਂਤ ਵਿਚੋਂ ਸਹਿਜੇ ਹੀ ਮਿਲ ਜਾਂਦੀ
ਹੈ ਜਦੋਂ ਜੱਗੇ ਬਾਰੇ ਜਾਣ ਕੇ ਹਰਨੇਕ ਸਿੰਘ ਘੜੂੰਆਂ ਆਪਣੇ ਮੁਸਲਮਾਨ ਮੇਜ਼ਬਾਨ ਅਰਸ਼ਦ ਵਿਰਕ
ਨੂੰ ਆਖਦਾ ਹੈ, “ਯਾਰ ਇਹ ਜੱਗਾ ਤੇ ਸਾਡਾ ਏ।” ਤਾਂ ਅਰਸ਼ਦ ਵਿਰਕ ਮਿੱਠੇ ਜਿਹੇ ਉਲ੍ਹਾਮੇਂ
ਨਾਲ ਆਖਦਾ ਹੈ, “ਨਹੀਂ ਸਰਦਾਰ ਸਾਹਿਬ ਏਨੀ ਜਿ਼ਆਦਤੀ ਨਾ ਕਰੋ। ਜੱਗਾ ਵੀ ਤੁਹਾਡਾ ਤੇ
ਕਸ਼ਮੀਰ ਵੀ ਤੁਹਾਡਾ, ਤੇ ਫੇਰ ਸਾਡੇ ਪੱਲੇ ਕੀ ਰਿਹਾ!” ਤੇ ਫਿਰ ਲੱਗਦੇ ਹੱਥ ਨਵੀਦ ਵੜੈਚ ਦਾ
ਕਥਨ ਹੈ, “ਨਾ ਜੱਗਾ ਹਿੰਦੋਸਤਾਨ ਦਾ ਏ, ਨਾ ਪਾਕਿਸਤਾਨ ਦਾ ਏ; ਜੱਗਾ ਤਾਂ ਪੰਜਾਬ ਦਾ ਏ,
ਪੰਜਾਬ ਦਾ ਮਸ਼ਹੂਰ ਕਿਰਦਾਰ ਜੁ ਹੋਇਆ!”
ਇੰਝ ਹੱਦਾਂ ਤੋਂ ਪਾਰ ਜਾ ਕੇ, ਮਜ਼੍ਹਬਾਂ ਤੋਂ ਪਾਰ ਜਾ ਕੇ ਨਿਰੋਲ ਪੰਜਾਬੀ ਕਿਰਦਾਰਾਂ ਨੂੰ
ਪਛਾਨਣਾ ਤੇ ਪੇਸ਼ ਕਰਨਾ ਉਸਦੀ ਲਿਖਤ ਦਾ ਕੇਂਦਰੀ ਸੂਤਰ ਹੈ। ਕਿਸੇ ਵੀ ਲੇਖਕ ਦੀ ਕਿਸੇ
ਵਿਚਾਰ ਜਾਂ ਵਿਚਾਰਧਾਰਾ ਨਾਲ ਫੋਕੀ ਪ੍ਰਤੀਬੱਧਤਾ ਕਿਸੇ ਅਰਥ ਨਹੀਂ ਜੇ ਉਸ ਨੂੰ ਲਿਖਣ ਅਤੇ
ਨਿਭਾਉਣ ਦਾ ਵੱਲ ਨਾ ਆਉਂਦਾ ਹੋਵੇ। ਹਰਨੇਕ ਸਿੰਘ ਘੜੂੰਆਂ ਦੀ ਵਿਸ਼ੇਸ਼ਤਾ ਹੀ ਇਹ ਹੈ ਕਿ
ਉਸਦੀਆਂ ਇਹ ਲਿਖਤਾਂ ਰਚਨਾਤਮਕ ਸੁਹਜ ਨੂੰ ਪ੍ਰਣਾਈਆਂ ਹੋਈਆਂ ਹਨ। ਇਹਨਾਂ ਵਿੱਚ ਅਥਾਹ
ਪੜ੍ਹਨ-ਯੋਗਤਾ ਹੈ। ਉਹ ਸਮੁੱਚੇ ਬਿਰਤਾਂਤ ਨੂੰ ਸੁਚੱਜੇ ਗਲਪਕਾਰ ਵਾਂਗ ਵਿਉਂਤਦਾ ਤੇ ਗੁੰਦਦਾ
ਹੈ। ਚੰਗੀ ਨਿੱਕੀ ਕਹਾਣੀ ਵਰਗੀ ਤੇਜ਼ ਗਤੀ ਨਾਲ ਬਿਰਤਾਂਤ ਅੱਗੇ ਤੁਰਦਾ ਹੈ ਅਤੇ ਕਹਾਣੀ
ਵਰਗੀ ਗੋਲਾਈ ਨਾਲ ਹੀ ਸਾਡੇ ਦਿਲ ਅਤੇ ਚੇਤਨਾ ਵਿੱਚ ਛੇਕ ਕਰਦੀ ਲਿਖਤ ਚੇਤਿਆਂ ਵਿੱਚ ਡੂੰਘਾ
ਉੱਤਰ ਜਾਂਦੀ ਹੈ। ਉਹ ਵਰਤਮਾਨ ਚੋਂ ਇਤਿਹਾਸ ਵੱਲ ਪਰਤਦਾ ਹੈ ਤੇ ਉਸਦੀਆਂ ਰੰਗੀਨੀਆਂ,
ਸਾਂਝਾਂ, ਨਫ਼ਰਤਾਂ, ਕਤਲਾਂ, ਮੁਹੱਬਤਾਂ ਅਤੇ ਪਛਤਾਵਿਆਂ ਵਿਚੋਂ ਚੁੱਭੀ ਲਾ ਕੇ ਭਿੱਜੇ ਹੋਏ
ਆਪੇ ਨਾਲ ਫਿਰ ਵਰਤਮਾਨ ਨਾਲ ਆ ਜੁੜਦਾ ਹੈ। ਉਹ ਤੁਹਾਨੂੰ ਨਾਲ ਲੈ ਕੇ ਅੱਗ ਦਾ ਦਰਿਆ ਤਰ ਕੇ
ਵਾਪਸ ਆਉਂਦਾ ਹੈ ਤਾਂ ਉਸਦੇ ਨਾਲ ਤੁਹਾਡੀਆਂ ਅੱਖਾਂ ਵੀ ਵੈਰਾਗ ਦੇ ਕੋਸੇ ਅੱਥਰੂਆਂ ਨਾਲ
ਸਿੱਲ੍ਹੀਆਂ ਹੋ ਜਾਂਦੀਆਂ ਹਨ। ਰਚਨਾ ਖ਼ਤਮ ਹੋ ਜਾਣ ਤੋਂ ਬਾਅਦ ਵੀ ਤੁਸੀਂ ਖ਼ਾਮੋਸ਼ੀ ਦੇ
ਡੂੰਘ ਵਿੱਚ ਉੱਤਰਦੇ ਜਾਂਦੇ ਹੋ ਅਤੇ ਸਹਿਵਨ ਹੀ ਤੁਹਾਡੇ ਅੰਦਰਲੀ ਕੱਟੜਤਾ ਅਤੇ ਹਉਮੈਂ ਪਿਆਰ
ਅਤੇ ਹਮਦਰਦੀ ਦੇ ਤਰਲ ਭਾਵਾਂ ਵਿੱਚ ਪਿਘਲ ਜਾਂਦੀ ਹੈ। ਤੁਹਾਡੇ ਅੰਦਰਲੀ ਮੈਲ਼ ਧੁਪ ਜਾਂਦੀ
ਹੈ। ਸ਼ੁਧ ਇਨਸਾਨੀ ਰੂਪ ਵਿੱਚ ਤੁਹਾਡਾ ਆਪਾ ਲਿਸ਼ਕ ਉੱਠਦਾ ਹੈ।
ਰਚਨਾ ਨੂੰ ਵਧੇਰੇ ਪੜ੍ਹਨ-ਯੋਗ ਅਤੇ ਦਿਲਚਸਪ ਬਨਾਉਣ ਲਈ ਉਹ ਕੁੱਝ ਨਾ ਕੁੱਝ ਨਵਾਂ ਲੱਭ ਕੇ
ਵੀ ਪਾਠਕਾਂ ਦੀ ਚੇਤਨਾ ਵਿੱਚ ਜੋੜਨਾ ਚਾਹੁੰਦਾ ਹੈ। ਇਸਨੂੰ ਭਾਵੇਂ ਉਹ ਆਪਣਾ ‘ਪਰਛਾਵੇਂ
ਫੜ੍ਹਨ ਦਾ ਅਵੱਲਾ ਸ਼ੌਕ’ ਆਖਦਾ ਹੈ ਪਰ ਇਹਨਾਂ ਪਰਛਾਵਿਆਂ ਵਿਚੋਂ ਹੌਲੀ ਹੌਲੀ ਧੜਕਦੇ ਬੁੱਤ
ਸਿਰਜ ਦੇਣੇ ਉਸਦੀ ਖੋਜੀ ਬਿਰਤੀ ਤੇ ਸਿਰਜਣਾਤਮਕ ਸ਼ਕਤੀ ਦਾ ਹੀ ਕਮਾਲ ਹੈ। ਉਸਨੇ ਹੀ ਸਭ ਤੋਂ
ਪਹਿਲਾਂ ਪੰਜਾਬੀ ਪਾਠਕਾਂ ਨੂੰ ਲੱਭ ਕੇ ਦੱਸਿਆ ਕਿ ਲੋਕ-ਗੀਤਾਂ ਤੇ ਲੋਕ-ਕਹਾਣੀਆਂ ਦਾ ਨਾਇਕ
‘ਜੱਗਾ ਡਾਕੂ’ ਸਦੀਆਂ ਪਹਿਲਾਂ ਹੋਇਆ ਕੋਈ ਵਿਅਕਤੀ ਨਹੀਂ ਸਗੋਂ ਪਿਛਲੀ ਸਦੀ ਵਿੱਚ ਹੋਇਆ
ਅਜਿਹਾ ਸੂਰਮਾ ਹੈ ਜੋ ਕਾਨੂੰਨ ਦਾ ਬਾਗ਼ੀ ਪਰ ਮਾੜਿਆਂ ਧੀੜਿਆਂ ਦਾ ਸੰਗੀ ਤੇ ਹਮਦਰਦ ਸੀ ਤੇ
ਜਿਹੜਾ ਕੇਵਲ ਤਿੰਨ ਮਹੀਨੇ ਭਗੌੜਾ ਰਿਹਾ ਅਤੇ ਉਨੱਤੀ ਸਾਲਾਂ ਦੀ ਛੋਟੀ ਜਿਹੀ ਉਮਰ ਵਿੱਚ ਹੀ
ਮਰ ਕੇ ਲੋਕ-ਇਤਿਹਾਸ ਦਾ ਸਦਾ ਜਿਊਂਦਾ ਪਾਤਰ ਬਣ ਗਿਆ। ਇਹ ਵੀ ਪਹਿਲੀ ਵਾਰ ਹੈ ਕਿ ਤੁਸੀਂ
ਘੜੂੰਏਂ ਦੀਆਂ ਨਜ਼ਰਾਂ ਨਾਲ ਮਿਰਜ਼ੇ ਦੀ ਕੱਚੀਆਂ-ਪਿੱਲੀਆਂ ਇੱਟਾਂ ਵਾਲੀ ਕਬਰ ਵੇਖਦੇ ਹੋ
ਅਤੇ ਉਸ ਕਬਰ ਦੇ ਨੇੜੇ ਖਲੋਤਾ ਬੀਤੇ ਦੀਆਂ ਕਹਾਣੀਆਂ ਕਹਿੰਦਾ ਜੰਡ ਦਾ ਉਹ ਬੁੱਢਾ ਦਰਖ਼ਤ ਵੀ
ਵੇਖਦੇ ਹੋ ਜਿਸਦੇ ਹੇਠਾਂ ਕਦੀ ਮਿਰਜ਼ਾ ਸੁੱਤਾ ਸੀ ਅਤੇ ਜਿਸਦੀਆਂ ਟਾਹਣੀਆਂ ‘ਤੇ ਸਾਹਿਬਾਂ
ਦੁਆਰਾ ਲਟਕਾਏ ਤੇ ਲੁਕਾਏ ਤੀਰਾਂ ਦੇ ਨਾਲ ਤੁਹਾਨੂੰ ਅਜੇ ਵੀ ਸਿਆਲਾਂ ਦੇ ਘੋੜਿਆਂ ਦੀਆਂ
ਪੌੜਾਂ ਦੀ ਧਮਕ ਦੁਹਾਈਆਂ ਪਾਉਂਦੀ ਤੇ ਧੂੜ ਉਡਾਉਂਦੀ ਦਿਖਾਈ ਦਿੰਦੀ ਹੈ। ਬੂਟਾ ਸਿਘ ਜਿਹੇ
ਸਿਦਕੀ ਆਸ਼ਕ ਦੀ ਕਬਰ ਲੱਭਦਿਆਂ ਉਹ ਦੁੱਲਾ ਭੱਟੀ ਦੀ ਕਬਰ ਖੋਜ ਲੈਂਦਾ ਹੈ ਅਤੇ ਦਿੱਲੀ ਤੇ
ਲਾਹੌਰ ਦੇ ਤਖ਼ਤ ਨੂੰ ਭਾਜੜਾਂ ਪਾ ਦੇਣ ਵਾਲੇ ਉਸ ਲੋਕ-ਨਾਇਕ ਦੇ ਪਿੰਡ ਅਤੇ ਉਸਦੀ ਅੰਸ-ਬੰਸ
ਬਾਬਾ ਹੇਤਮ ਨੂੰ ਲੱਭ ਕੇ ਪੰਜਾਬੀ ਪਾਠਕਾਂ ਨੂੰ ਪਹਿਲੀ ਵਾਰ ਮਿਲਾਉਂਦਾ ਹੈ। ਇੰਝ ਹੀ
ਬਾਲੋ-ਮਾਹੀਆ ਦੀ ਪ੍ਰੇਮ-ਕਹਾਣੀ ਦਾ ਖੁਰਾ ਲੱਭਣ ਅਤੇ ਉਸਨੂੰ ਪਾਠਕਾਂ ਦੇ ਸਾਹਮਣੇ ਪਹਿਲੀ
ਵਾਰ ਉਜਾਗਰ ਕਰਨ ਲਈ ਉਸਨੇ ਜਿੰਨੇ ਸਾਲ ਕੋਸਿ਼ਸ਼ ਤੇ ਖੋਜ ਕੀਤੀ ਮੈਂ ਇਸਦਾ ਖੁਦ ਗਵਾਹ ਹਾਂ।
ਘੜੂੰਏਂ ਦੀ ਰਚਨਾ ਵਿੱਚ ਭਾਸ਼ਾਈ ਸੁਹਜ ਦੀ ਸਿਰਜਣਾ ਦਾ ਮਿਕਨਾਤੀਸੀ ਕਮਾਲ ਪਾਠਕ ਨੂੰ ਦਿਲ
ਦੀਆਂ ਡੁੰਘਾਣਾਂ ਤੋਂ ਰਚਨਾ ਨਾਲ ਜੋੜ ਦਿੰਦਾ ਹੈ ਅਤੇ ਉਸਦੀ ਵਾਰਤਕ ਦੇ ਹੁਸਨ ਨੂੰ ਸੁਨਹਿਰੀ
ਲਿਸ਼ਕ ਬਖ਼ਸ਼ਦਾ ਹੈ। ਏਨੀ ਖੂਬਸੂਰਤ ਵਾਰਤਕ ਲਿਖਣ ਵਾਲੇ ਘੜੂੰਏਂ ਅੰਦਰ ਸੰਗੀਤਕਾਰ ਅਤੇ
ਸ਼ਾਇਰ ਦੀ ਆਤਮਾ ਦਾ ਵੀ ਵਾਸਾ ਹੈ। ਸੰਗੀਤ ਦੀ ਮਧੁਰਤਾ ਅਤੇ ਸ਼ਾਇਰੀ ਦੀ ਤਰਲਤਾ ਉਸਦੀ
ਵਾਰਤਕ ਦੇ ਸੁਹਜ ਨੂੰ ਦੋਬਾਲਾ ਕਰ ਦਿੰਦੀ ਹੈ। ਉਹ ਭਾਸ਼ਾ ਦੀ ਅਜਿਹੀ ਸੁਚੱਜੀ ਤੇ ਸੁਹਜੀਲੀ
ਵਰਤੋਂ ਕਰਦਾ ਹੈ ਅਤੇ ਥੋੜ੍ਹੇ ਜਿਹੇ ਸ਼ਬਦਾਂ ਦੀ ਅਜਿਹੀ ਸੁੰਦਰ ਜੁੜਤ ਜੋੜਦਾ ਹੈ ਕਿ ਪੂਰੇ
ਦਾ ਪੂਰਾ ਦ੍ਰਿਸ਼ ਸਜੀਵ ਰੂਪ ਵਿੱਚ ਤੁਹਾਡੀਆਂ ਅੱਖਾਂ ਅੱਗੇ ਲਿਸ਼ਕ ਉੱਠਦਾ ਹੈ ਅਤੇ
ਵਿਸ਼ੇਸ਼ ਪ੍ਰਕਾਰ ਦੇ ਭਾਵਾਂ ਦਾ ਸਹਿਜ-ਸੰਚਾਰ ਵੀ ਹੋ ਜਾਂਦਾ ਹੈ। ਅਜਿਹੇ ਭਾਸ਼ਾਈ ਹੁਸਨ ਦੇ
ਝਲਕਾਰੇ ਵਜੋਂ ਕੁੱਝ ਵਾਕ ਨਮੂਨੇ ਵਜੋਂ ਹਾਜ਼ਰ ਹਨ:
0 ਹਨੇਰੀ ਰਾਤ ਦਾ ਕੰਬਿਆ ਪਿੰਡਾ ਫਿਰ ਸ਼ਾਂਤ ਹੋ ਗਿਆ।
0 ਕਦੇ ਕਲ ਕਲ ਕਰਦੇ ਝਰਨੇ ਮਨੁੱਖ ਦੀ ਆਤਮਾ ਨੂੰ ਠੰਢਕ ਪਹੁੰਚਾਉਂਦੇ ਸਨ। ਕਦੇ ਖੂਹ ਤੇ
ਵਗਦੇ ਬੈਲਾਂ ਦੀਆਂ ਘੁੰਗਰਾਲਾਂ ਦੀ ਛਣ ਛਣ, ਹਲਟ ਦੇ ਕੁੱਤੇ ਦੀ ਟੱਕ ਟੱਕ, ਦੂਰ ਦੂਰ ਕਿਤੇ
ਆਟਾ ਪੀਂਹਦੀ ਚੱਕੀ ਦੀ ਆਵਾਜ਼ ਐਸਾ ਸੰਗੀਤ ਪੈਦਾ ਕਰਦੇ ਕਿ ਪੂਰਾ ਆਲਾ -ਦੁਆਲਾ ਸੰਗੀਤਮਈ ਹੋ
ਜਾਂਦਾ।
0 ਜਦੋਂ ਰੇਸ਼ਮਾ ਕੰਨ ਤੇ ਹੱਥ ਰੱਖ ਕੇ ਅਲਾਪ ਲਾਉਂਦੀ ਪੂਰੇ ਵਾਤਾਵਰਨ ਦਾ ਪਿੰਡਾ ਥਰਥਰਾ
ਜਾਂਦਾ। ਕਿੱਕਰਾਂ ਤੇ ਕਰੀਰਾਂ ਨਾਲ ਟਕਰਾਉਂਦੀ ਆਵਾਜ਼ ਕਿਸੇ ਅਲਾਹੀ ਆਤਮਾ ਦਾ ਭੁਲੇਖਾ
ਪਾਉਂਦੀ।
0 ਪੂਰੇ ਦਾ ਪੂਰਾ ਅਸਮਾਨ ਸੰਦਲੀ ਰੰਗ ਦਾ ਦੁਪੱਟਾ ਲਪੇਟ ਕੇ, ਨਵ-ਵਿਆਹੀ ਵਹੁਟੀ ਵਾਂਗ,
ਸੂਰਜ ਦੀ ਆਮਦ ਵਿੱਚ ਲਾਲ ਸੂਹਾ ਹੋਇਆ ਨਜ਼ਰ ਆ ਰਿਹਾ ਸੀ।
0 ਬਿਰਧ ਬਾਬੇ ਦੀ ਮਹਿੰਦੀ ਰੰਗੀ ਭੂਰੀ ਦਾੜ੍ਹੀ ਵਿੱਚ ਫਸੇ ਦੋ ਹੰਝੂ ਉਸ ਪੱਕੀ ਹੋਈ ਕਾਂਗੜ
ਚਰ੍ਹੀ ਦੇ ਪੱਤਿਆਂ ਤੇ ਪਈ ਤਰੇਲ ਦੇ ਦੋ ਤੁਪਕੇ ਜਾਪੇ, ਜਿਸਨੂੰ ਕਿਸਾਨ ਦੀ ਦਾਤੀ ਕਿਸੇ
ਵੇਲੇ ਵੀ ਢਹਿ ਢੇਰੀ ਕਰ ਸਕਦੀ ਹੈ।
0 ਤਾੜਾ ਟਿਕੀ ਹੋਈ ਰਾਤ ਵਿੱਚ ਸੰਗੀਤ ਪੈਦਾ ਕਰ ਦਿੰਦਾ। ‘ਧੱਕ-ਧੱਕ ਧਾਂ-ਧਾਂ’। ਰੂੰਈਂ ਦੇ
ਫੰਬੇ ਇੱਧਰ-ਉੱਧਰ ਬਰਫ਼ ਬਣਕੇ ਉੱਡਦੇ ਰਹਿੰਦੇ।
0 ਉਹਨਾਂ ਦੀਆਂ ਮਾਵਾ ਲੱਗੀਆਂ ਦੁੱਧ ਚਿੱਟੀਆਂ ਪੱਗਾਂ ਦੇ ਤੁਰਲੇ, ਜਦੋਂ ਉਹ ਦੂਹਰੇ ਤੀਹਰੇ
ਹੋ ਕੇ ਗਾਉਂਦੇ, ਹਵਾ ਵਿੱਚ ਮੋਰਾਂ ਵਾਂਗ ਪੈਲਾਂ ਪਾਉਣ ਲੱਗ ਪੈਂਦੇ।
0 (ਬੁੱਲ੍ਹੇ ਸ਼ਾਹ ਨੇ) ਪੱਥਰ ਦਿਲ ਰਾਜਿਆਂ ਮਹਾਰਾਜਿਆਂ ਦੇ ਸਤਾਏ, ਹਿੰਦੂ-ਸਿੱਖ,
ਮੁਸਲਮਾਨਾਂ ਦੇ ਜ਼ਖਮਾਂ ਤੇ ਬੁੱਲ੍ਹ ਰੱਖ ਕੇ ਸਾਰੀ ਪੀੜਾ ਚੂਸਣ ਦੀ ਕੋਸਿ਼ਸ਼ ਕੀਤੀ।
ਲੋਕ-ਗੀਤਾਂ ਦੀ ਹੂਕ ਉਸਦੇ ਗੁੰਬਦਾਂ ਵਿੱਚ ਹਰ ਪਲ਼ ਗੂੰਜਦੀ ਸੁਣਾਈ ਦਿੰਦੀ ਹੈ। ਉਸਦੇ
ਬਹੁਤੇ ਮਜ਼ਮੂਨਾਂ ਦੇ ਸਿਰਲੇਖਾਂ ਅਤੇ ਉਹਨਾਂ ਦੇ ਅੰਤ ਉੱਤੇ ਦਿੱਤੀ ਰਚਨਾਤਮਕ ਗੋਲਾਈ ਸਮੇ
ਵਰਤੀਆਂ ਗਈਆਂ ਲੋਕ-ਗੀਤਾਂ ਦੀਆਂ ਸਦਾ ਜਿਊਂਦੀਆਂ ਤੁਕਾਂ ਵਿੱਚ ਪੂਰੀ ਰਚਨਾ ਵਿਚਲੀ ਪੀੜ,
ਸਿ਼ੱਦਤ ਅਤੇ ਸੁਖ ਨੂੰ ਅਨੁਭਵ ਕੀਤਾ ਜਾ ਸਕਦਾ ਹੈ।
ਕਿਸੇ ਵੀ ਰਚਨਾ ਨੂੰ ਸਜੀਵ ਬਨਾਉਣ ਵਿੱਚ ਉਸਦੇ ਕਿਰਦਾਰਾਂ ਦੀ ਉਚਾਰਣੀ ਭਾਸ਼ਾ ਦੀ ਸੁਚੱਜੀ
ਵਰਤੋਂ ਦਾ ਆਪਣਾ ਵਿਲੱਖਣ ਯੋਗਦਾਨ ਹੁੰਦਾ ਹੈ। ਘੜੂੰਏਂ ਦੇ ਕਿਰਦਾਰਾਂ ਦੀ ਉਚਾਰਣੀ ਭਾਸ਼ਾ
ਵਿਚੋਂ ਤੁਸੀਂ ਵਿਸ਼ੇਸ਼ ਭੁਗੋਲਿਕ ਖਿੱਤੇ ਦੀ ਸਥਾਨਕ ਮਹਿਕ ਵੀ ਮਹਿਸੂਸ ਕਰਦੇ ਹੋ ਅਤੇ
ਮਨੁੱਖੀ ਅੰਦਰਲੇ ਦੀ ਤਰਲਤਾ ਵਿੱਚ ਵੀ ਘੁਲਦੇ ਹੋ। ਉਚਾਰਣੀ ਭਾਸ਼ਾ ਦੇ ਸੁਹਜ ਦੀ ਸਭ ਤੋਂ
ਸੁੰਦਰ ਮਿਸਾਲ ਬਾਬਾ ਹੇਤਮ ਦੇ ਬੋਲਾਂ ਵਿਚੋਂ ਵੇਖੀ ਜਾ ਸਕਦੀ ਹੈ:
0 “ਮੌਲਵੀ ਬਹੁ ਲਾਲਚੀ ਸਾਈ, ਵੱਢੀ ਜਾ ਖਾਧੀ ਸਰਕਾਰੇ ਦਰਬਾਰੇ, ਮੌਲਵੀ ਨੇ ਗਵੇੜ ਬਣਾਈ,
ਦੁੱਲੇ ਕੀ ਆਖਣ ਲੱਗਾ, ‘ਹਿੱਕ ਕੰਮ ਲਾਈ ਤੇਰੇ ਗੋਚਰੇ। ਮੇਰੇ ਨਾਲ ਖਾਨਗਾਹ ਡੋਗਰਾਂ ਚੱਲ,
ਮੁੰਨਾ ਕੋਹ ਤੇ ਪੈਂਡਾ ਏ।”
ਬਾਬੇ ਹੇਤਮ ਦੇ ਬੋਲ ਤਾਂ ਇੱਕ ਪ੍ਰਮਾਣਿਕ ਵੰਨਗੀ ਵਜੋਂ ਹੀ ਪੇਸ਼ ਹਨ ਉਂਝ ਉਸਦੀ ਸਮੁੱਚੀ
ਰਚਨਾ ਵਿੱਚ ਵੱਖ ਵੱਖ ਕਿਰਦਾਰ ਕਿਧਰੇ ਲਾਹੌਰੀ-ਮਾਝੀ ਬੋਲਦੇ ਹਨ, ਕਿਤੇ ਉਹਨਾਂ ਦੇ ਬੋਲਾਂ
ਵਿਚੋਂ ਲਹਿੰਦੀ ਦੀ ਪੁੱਠ ਦੀ ਮਹਿਕ ਉੱਠਦੀ ਹੈ ਤੇ ਕਿਤੇ ਮਾਲਵੇ ਅਤੇ ਪੁਆਧ ਦੀ ਬੋਲੀ ਦਾ
ਰੰਗ ਲਿਸ਼ਕਦਾ ਦਿਖਾਈ ਦਿੰਦਾ ਹੈ।
ਉਸਦੀ ਰਚਨਾ-ਸ਼ੈਲੀ ਦੀ ਹੋਰ ਵਿਸ਼ੇਸ਼ਤਾ ਉਸਦੀ ਬਿਰਤਾਂਤ ਸਿਰਜਣਾ ਦੇ ਨਿਰ-ਉਚੇਚ ਅਤੇ
ਸਹਿਜ-ਸੰਚਾਰ ਵਿੱਚ ਨਿਹਿਤ ਹੈ। ਨਿਰ-ਉਚੇਚ ਪੇਸ਼ਕਾਰੀ ਦਾ ਹੀ ਕਮਾਲ ਹੈ ਕਿ ਉਹ ਮੁੱਖ
ਬਿਰਤਾਂਤ ਦੇ ਨਾਲ ਨਾਲ ਬੜੇ ਸਹਿਜ ਨਾਲ ਪਾਕਿਸਤਾਨੀ ਪੰਜਾਬ ਦੇ ਰਾਜਨੀਤਕ ਤੇ ਸਭਿਆਚਾਰਕ
ਦ੍ਰਿਸ਼ ਨਾਲ ਵੀ ਤੁਹਾਡੀ ਜਾਣ-ਪਛਾਣ ਕਰਵਾਈ ਜਾਂਦਾ ਹੈ। ਕਿਧਰੇ ਮਾਹੀਏ ਤੇ ਢੋਲੇ ਗਾਏ ਜਾ
ਰਹੇ ਹਨ, ਕਿਧਰੇ ਢੋਲ ਵੱਜਦੇ ਪਏ ਹਨ ਅਤੇ ਘੋੜਿਆਂ ਦੇ ਨਾਚ ਹੋ ਰਹੇ ਹਨ। ਕਿਧਰੇ ਹੋਰ
ਡਾਕੂਆਂ ਦੀ ਦਹਿਸ਼ਤ ਤੇ ਉਹਨਾਂ ਦੇ ਘੋੜਿਆਂ ਦੀ ‘ਦਗੜ ਦਗੜ’ ਹੈ ਤੇ ਕਿਤੇ ਹੋਰ ਕਲਾਸ਼ਨੀਕੋਵ
ਦੇ ਗੜਗੜਾਉਂਦੇ ਫ਼ਾਇਰ ਪਾਕਿਸਤਾਨੀ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਉਜਾਗਰ ਕਰ
ਜਾਂਦੇ ਹਨ। ਜਾਗੀਰਦਾਰੀ ਜਲੌਅ ਅਤੇ ਸਿਆਸੀ ਜਲੌਅ ਆਪਸ ਵਿੱਚ ਘੁਲੇ-ਮਿਲੇ ਨਜ਼ਰ ਆਉਂਦੇ ਹਨ।
ਗ਼ਰੀਬੀ ਦੇ ਦ੍ਰਿਸ਼ ਵੀ ਹਨ ਅਤੇ ਹੱਦੋਂ ਵੱਧ ਅਮੀਰੀ ਦੇ ਵੀ। ਸਭ ਤੋਂ ਉੱਘੜਵਾਂ ਰੰਗ ਹੈ
ਪੰਜਾਬੀ ਭਰਾਵਾਂ ਦੀ ਮਹਿਮਾਨ ਨਵਾਜ਼ੀ ਦਾ। ਘੜੂੰਏਂ ਦੇ ਨਾਲ ਪਾਠਕ ਨੂੰ ਵੀ ਲੱਗਦਾ ਹੈ ਕਿ
ਮਹਿਮਾਨ-ਨਵਾਜ਼ੀ ਦੇ ਪੱਖੋਂ ਸ਼ਾਇਦ ਅਸੀਂ ਉਹਨਾਂ ਨਾਲ ਸਾਵੇਂ ਨਹੀਂ ਤੁੱਲ ਸਕਦੇ।
ਪਰ ਇਸ ਰਚਨਾ ਦੀ ਸਭ ਤੋਂ ਵੱਡੀ ਤਾਕਤ ਤਾਂ ਇਸਦੇ ਆਰ-ਪਾਰ ਫ਼ੈਲਿਆ ਉਹ ਦਰਦ ਹੈ ਜਿਸਨੂੰ
ਸੂਤਰਿਕ ਰੂਪ ਬੁੱਲੇ ਸ਼ਾਹ ਦੀ ਮਜ਼ਾਰ ‘ਤੇ, ਹਾਰਮੋਨੀਅਮ ਦੀਆਂ ਸੁਰਾਂ ‘ਤੇ, ਵਿਗੋਚੇ ਅਤੇ
ਹਸਰਤ ਦੇ ਰਲਵੇਂ ਭਾਵਾਂ ਵਿੱਚ ਭਿੱਜ ਕੇ ਗਾਉਣ ਵਾਲੇ ਬਜ਼ੁਰਗ ਬਾਬੇ ਦੇ ਸ਼ਬਦਾਂ ਵਿੱਚੋਂ
ਮਹਿਸੂਸ ਕੀਤਾ ਜਾ ਸਕਦਾ ਹੈ:
ਉੱਠ ਗਏ ਗਵਾਂਢੋਂ ਯਾਰ
ਰੱਬਾ ਹੁਣ ਕੀ ਕਰੀਏ
ਉਹ ਜਾਣਦਾ ਹੈ ਕਿ ਗਵਾਂਢੀ ਘਰਾਂ ਵਿਚੋਂ ਉੱਠ ਕੇ ਦੂਜੇ ਦੇਸ਼ ਚਲੇ ਗਏ ਪਿਆਰਿਆਂ ਯਾਰਾਂ ਨੇ
ਹੁਣ ਕਦੇ ਵੀ ਗਵਾਂਢ ਵਾਲੇ ਘਰ ਵਿੱਚ ਆ ਕੇ ਵੱਸਣਾ ਨਹੀਂ। ਹੁਣ ਆਪੇ ਵਾਹੀ ਲੀਕ ਦੇ
ਉਰਾਰ-ਪਾਰ ਵੱਖੋ-ਵੱਖਰੇ ਮੁਲਕਾਂ ਵਿੱਚ ਇਕ-ਦੂਜੇ ਤੋਂ ਅਲੱਗ ਇਕੱਲਿਆਂ ਵੱਸਣਾ ਹੀ ਉਹਨਾਂ ਦੀ
ਸਦੀਵੀ ਹੋਣੀ ਹੈ। ਤਾਂ ਫਿਰ ਮੇਰਿਆ ਰੱਬਾ! ਹੁਣ ਕੀਤਾ ਕੀ ਜਾਵੇ? ਇਸਦਾ ਜਵਾਬ ਦਿੰਦਿਆਂ
ਕਿਸੇ ਹੋਰ ਥਾਂ ਸ਼ੇਖ਼ੂਪੁਰੇ ਜਿ਼ਲ੍ਹੇ ਦਾ ਤਵੱਕਲਉਲਾ ਆਖਦਾ ਹੈ, “ਦੁਆ ਕਰੋ, ਦੋਨੋਂ
ਮੁਲਕਾਂ ਦੇ ਹਾਲਾਤ ਠੀਕ ਹੋਣ ਤੇ ਆਉਣਾ ਜਾਣਾ ਸ਼ੁਰੂ ਕਰੀਏ।”
ਇਸੇ ਦੁਆ ਨਾਲ ਆਪਣੀ ਦੁਆ ਜੋੜਨ ਵਾਲੇ ਹਰਨੇਕ ਸਿੰਘ ਘੜੂੰਆਂ ਦੀ ਰਚਨਾ ਦਾ ਵਿਵੇਕ ਵੀ ਇਹੋ
ਕਹਿੰਦਾ ਹੈ ਕਿ ਇਹ ਸਰਹੱਦ ਵਾਲੀ ਲੀਕ ਮਿਟਾ ਦੇਣੀ ਉਸਦਾ ਮਕਸਦ ਹਰਗਿ਼ਜ਼ ਨਹੀਂ ਪਰ ਇਸ ਲੀਕ
ਉੱਤੇ ਕੰਡੇਦਾਰ ਤਾਰ ਦੀ ਥਾਂ ਫੁੱਲਾਂ ਦੀ ਫ਼ਸਲ ਉਗਾਈ ਜਾਣੀ ਚਾਹੀਦੀ ਹੈ ਜਿਹੜੀ ਦਹਾਕਿਆਂ
ਤੋਂ ਸਰਹੱਦ ਤੇ ਪਈਆਂ ਲਾਸ਼ਾਂ ਤੇ ਬਾਰੂਦ ਦੀ ਬੋ ਨੂੰ ਧੋ ਦੇਵੇ ਅਤੇ ਸਾਡੇ ਮਨਾਂ ਵਿੱਚ
ਮੁਹੱਬਤ ਦੇ ਚਿਰਾਗ਼ ਬਾਲ ਦੇਵੇ।
ਹਰਨੇਕ ਸਿੰਘ ਘੜੂੰਆਂ ਦੇ ਦੋਵਾਂ ਪੰਜਾਬਾਂ ਵਿੱਚ ਵੱਸਦੇ ਲੋਕਾਂ ਦੀ ਖ਼ੈਰ-ਸੁੱਖ ਮੰਗਣ ਲਈ
‘ਦੁਆ ਵਿੱਚ ਜੁੜੇ ਹੱਥਾਂ’ ਨੂੰ ਉਸਦਾ ਇੱਕ ਵਡੇਰਾ ਪ੍ਰੋ ਪੂਰਨ ਸਿੰਘ ਚੁੰਮ ਲੈਂਦਾ ਹੈ ਤੇ
ਦੋਵੇਂ ਆਵਾਜ਼ ਮਿਲਾ ਕੇ ਤੇ ਮਿਲ ਕੇ ਗਾਉਂਦੇ ਲੱਗਦੇ ਹਨ:
ਆ ਪੰਜਾਬ ਪਿਆਰ ਤੂੰ ਮੁੜ ਆ!
-0- |