ਇੱਕ ਆਮ ਜਿਹੇ ਬੰਦੇ ਨੇ
ਕਦੀ ਗੱਲਾਂ-ਗੱਲਾਂ ਵਿੱਚ ਕਿਹਾ ਸੀ ਕਿ ਇਨਸਾਨ ਦੇ ਚੰਗੇ-ਮਾੜੇ ਹੋਣ ਦਾ ਪਤਾ ਉਦੋਂ ਲਗਦਾ ਹੈ
ਜਦੋਂ ਉਹ ਇਨਸਾਨ ਜ਼ਿੰਦਗੀ ਦੀਆਂ ਚੰਗੀਆਂ-ਮਾੜੀਆਂ ਪ੍ਰਸਥਿਤੀਆਂ ਵਿੱਚੋਂ ਲੰਘਦਾ ਦਿਖਾਈ
ਦਿੰਦਾ ਹੈ। ਉਸ ਆਮ ਜਿਹੇ ਬੰਦੇ ਦੀ ਕਹੀ ਹੋਈ ਇਹ ਗੱਲ ਅਰਵਿੰਦ ਨੂੰ ਅਕਸਰ ਯਾਦ ਆ ਜਾਂਦੀ
ਸੀ। ਅਰਵਿੰਦ ਵੱਖ-ਵੱਖ ਪ੍ਰਸਥਿਤੀਆਂ ਵਿੱਚ ਵੱਖ-ਵੱਖ ਲੋਕਾਂ ਦੀ ਕਹਿਣੀ ਅਤੇ ਕਰਨੀ ਦੇ
ਵੱਖ-ਵੱਖ ਰੂਪ ਬੜੇ ਗਹੁ ਨਾਲ ਵੇਖਦਾ ਰਹਿੰਦਾ ਸੀ।
ਜਦੋਂ ਅਰਵਿੰਦ ਪਹਿਲੀ ਵਾਰ ਮੈਡਮ ਭਾਰਤੀ ਨੂੰ ਮਿਲਿਆ ਸੀ ਤਾਂ ਉਹ ਮੈਡਮ ਭਾਰਤੀ ਦੀਆਂ
ਵਿਦਵਤਾ ਭਰਪੂਰ ਗੱਲਾਂਬਾਤਾਂ ਤੋਂ ਕਾਫੀ ਪ੍ਰਭਾਵਿਤ ਹੋਇਆ ਸੀ। ਮੈਡਮ ਭਾਰਤੀ ਨਾਲ ਪਹਿਲੀ
ਮੁਲਾਕਾਤ ਵਿੱਚ ਹੀ ਅਰਵਿੰਦ ਨੂੰ ਕੁੱਝ ਸ਼ੱਕ ਤਾਂ ਹੋਇਆ ਸੀ ਕਿ ਮੈਡਮ ਭਾਰਤੀ ਜਿਸ ਢੰਗ ਨਾਲ
ਆਪਣੇ ਵਿਦਵਾਨ ਹੋਣ ਦਾ ਪ੍ਰਗਟਾਵਾ ਕਰ ਰਹੀ ਹੈ ਸ਼ਾਇਦ ਅਸਲ ਵਿੱਚ ਉਹ ਉੰਨੀ ਯੋਗਤਾ ਵਾਲੀ ਨਾ
ਹੋਵੇ। ਉਸ ਸਮੇਂ ਅਰਵਿੰਦ ਨੇ ਅੰਦਰ ਹੀ ਅੰਦਰ ਮੁਸਕਰਾਉਂਦਿਆਂ ਆਪਣੇ ਆਪ ਨੂੰ ਕਿਹਾ ਸੀ ਕਿ
ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਪ੍ਰਸਥਿਤੀਆਂ ਮੈਡਮ ਭਾਰਤੀ ਦੀ ਸਾਰੀ ਅਸਲੀਅਤ ਆਪਣੇ-ਆਪ
ਸਾਹਮਣੇ ਲਿਆ ਦੇਣਗੀਆਂ।
ਹੌਲੀ-ਹੌਲੀ ਅਰਵਿੰਦ ਨੂੰ ਅੰਦਾਜ਼ਾ ਹੋਣ ਲੱਗ ਪਿਆ ਸੀ ਕਿ ਮੈਡਮ ਭਾਰਤੀ ਨੂੰ ਹਮੇਸ਼ਾ ਤੋਂ
ਹਰੇਕ ਕੰਮ ਆਪਣੀ ਮਨ-ਮਰਜ਼ੀ ਅਨੂੰਾਰ ਕਰਵਾਉਣ ਦੀ ਆਦਤ ਰਹੀ ਹੋਵੇਗੀ। ਮੈਡਮ ਭਾਰਤੀ ਚੰਗੀ
ਪੜ੍ਹੀ-ਲਿਖੀ ਔਰਤ ਸੀ। ਮੈਡਮ ਭਾਰਤੀ ਦੀ ਉਮਰ ਪੰਜਾਹ ਸਾਲਾਂ ਤੋਂ ਟੱਪ ਚੁੱਕੀ ਸੀ ਅਤੇ ਉਸ
ਨੇ ਅਜੇ ਤੱਕ ਵਿਆਹ ਨਹੀਂ ਕਰਵਾਇਆ ਸੀ। ਮੈਡਮ ਭਾਰਤੀ ਕਾਫੀ ਸੋਹਣੀ ਵੀ ਸੀ। ਇਸ ਕਾਰਨ ਸ਼ਾਇਦ
ਜਵਾਨੀ ਦੇ ਦਿਨਾਂ ਵਿੱਚ ਇੱਕ-ਇੱਕ ਇਸ਼ਾਰੇ ਤੇ ਦੂਜਿਆਂ ਤੋਂ ਆਪਣੀ ਮਨ ਮਰਜ਼ੀ ਮੁਤਾਬਿਕ ਕੰਮ
ਕਰਵਾਉਣ ਵਿੱਚ ਮੈਡਮ ਭਾਰਤੀ ਨੂੰ ਕਦੀ ਕੋਈ ਔਖ ਨਹੀਂ ਆਈ ਹੋਵੇਗੀ।
ਮੈਡਮ ਭਾਰਤੀ ਨੂੰ ਮਿਲਣ ਤੋਂ ਬਾਅਦ ਅਰਵਿੰਦ ਇੱਕ-ਡੇਢ ਮਹੀਨੇ ਤੱਕ ਮੈਡਮ ਭਾਰਤੀ ਨੂੰ ਬੜੀ
ਨਿਮਰਤਾ ਨਾਲ ਮਿਲਿਆ ਕਰਦਾ ਸੀ। ਜਦੋਂ ਮੈਡਮ ਭਾਰਤੀ ਆਪਣੀ ਹਰੇਕ ਗੱਲ ਮਨਵਾਉਣ ਲਈ ਅੜੀ
ਰਹਿੰਦੀ ਅਤੇ ਦੂਜੇ ਬੰਦੇ ਦੀ ਗੱਲ ਬਿਲਕੁਲ ਨਾ ਸੁਣਦੀ ਤਾਂ ਅਰਵਿੰਦ ਨੂੰ ਚੰਗਾ ਨਹੀਂ ਲਗਦਾ
ਸੀ। ਮੈਡਮ ਭਾਰਤੀ ਦੇ ਇਹੋਜਿਹੇ ਅੜੀਅਲ ਅਤੇ ਸੁਆਰਥੀ ਸੁਭਾਅ ਕਾਰਨ ਅਰਵਿੰਦ ਅਤੇ ਹੋਰ ਲੋਕ
ਮੈਡਮ ਭਾਰਤੀ ਤੋਂ ਜਾਣਬੁੱਝ ਕੇ ਕੰਨੀ ਕਤਰਾਉਣ ਲੱਗੇ ਸਨ।
ਅਰਵਿੰਦ ਅਤੇ ਹੋਰਨਾਂ ਲੋਕਾਂ ਵੱਲੋਂ ਮੈਡਮ ਭਾਰਤੀ ਤੋਂ ਪਰ੍ਹਾਂ-ਪਰ੍ਹਾਂ ਰਹਿਣ ਕਾਰਨ ਮੈਡਮ
ਭਾਰਤੀ ਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਤਕੜੇ ਝਟਕੇ ਲੱਗਣ ਲੱਗੇ ਸਨ। ਅਰਵਿੰਦ ਅਤੇ ਆਪਣੇ
ਆਲੇ-ਦੁਆਲੇ ਦੇ ਹੋਰਨਾਂ ਲੋਕਾਂ ਦੇ ਕੰਨੀ ਕਤਰਾਉਣ ਵਾਲੇ ਵਿਵਹਾਰ ਕਾਰਨ ਕਈ ਵਾਰ ਮੈਡਮ
ਭਾਰਤੀ ਜ਼ਖਮੀ ਸੱਪਣੀ ਵਾਂਗ ਵਲ ਖਾ ਕੇ ਰਹਿ ਜਾਂਦੀ ਸੀ। ਪਰ ਮੈਡਮ ਭਾਰਤੀ ਕਿਸੇ ਵੀ ਤਰ੍ਹਾਂ
ਆਪਣੇ ਅੜੀਅਲ ਸੁਭਾਅ ਅਤੇ ਆਪਣੀ ਉਮਰ ਦੀ ਅਸਲੀਅਤ ਵੱਲ ਧਿਆਨ ਦੇਣ ਲਈ ਤਿਆਰ ਨਹੀਂ ਸੀ।
ਅਜੇ ਲੋਕਾਂ ਵੱਲੋਂ ਮੈਡਮ ਭਾਰਤੀ ਤੋਂ ਕੰਨੀ-ਕਤਰਾਉਣ ਦੀ ਪੀੜ ਮੈਡਮ ਭਾਰਤੀ ਦੇ ਦਿਲ ਅਤੇ
ਦਿਮਾਗ ਵਿੱਚ ਪੂਰੀ ਤਰ੍ਹਾਂ ਨਹੀਂ ਫੈਲੀ ਸੀ ਕਿ ਮੈਡਮ ਭਾਰਤੀ ਨੂੰ ਉਮੀਦ ਦੀ ਇੱਕ ਸੁਨਹਿਰੀ
ਕਿਰਨ ਨਜ਼ਰ ਆਉਣ ਲੱਗੀ। ਮੈਡਮ ਭਾਰਤੀ ਦੇ ਨਾਲ ਕੰਮ ਕਰਨਾ ਵਾਲਾ ਮੈਡਮ ਭਾਰਤੀ ਤੋਂ ਅੱਧੀ ਉਮਰ
ਦਾ ਇੱਕ ਮੁੰਡਾ ਰਾਹੁਲ ਮੈਡਮ ਭਾਰਤੀ ਵਿੱਚ ਕਾਫੀ ਦਿਲਚਸਪੀ ਲੈਣ ਲੱਗ ਪਿਆ ਸੀ।
ਰਾਹੁਲ ਦੂਜੇ ਬੰਦਿਆਂ ਦੀਆਂ ਗੱਲਾਂ ਨੂੰ ਸਮਝਣ ਅਤੇ ਦੂਜੇ ਬੰਦਿਆਂ ਨੂੰ ਆਪਣੀਆਂ ਗੱਲਬਾਤਾਂ
ਸਮਝਾਉਣ ਵਿੱਚ ਕੁੱਝ ਜ਼ਿਆਦਾ ਹੀ ਕਮਜ਼ੋਰ ਸੀ। ਪਰ ਮੈਡਮ ਭਾਰਤੀ ਨੇ ਰਾਹੁਲ ਦੀ ਦਿਲਚਸਪੀ ਨੂੰ
ਸਮਝਣ ਵਿੱਚ ਜ਼ਰਾ ਵੀ ਦੇਰ ਨਾ ਕੀਤੀ। ਹੁਣ ਮੈਡਮ ਭਾਰਤੀ ਅਤੇ ਰਾਹੁਲ ਦੇਰ-ਦੇਰ ਤੱਕ ਗੱਲਾਂ
ਕਰਨ ਲੱਗੀ ਸੀ। ਮੈਡਮ ਭਾਰਤੀ ਅਤੇ ਰਾਹੁਲ ਦੇ ਨੇੜੇ-ਤੇੜੇ ਰਹਿਣ ਵਾਲੇ ਬੰਦੇ ਬੜੇ ਹੈਰਾਨ
ਪ੍ਰੇਸ਼ਾਨ ਸੀ ਕਿ ਮੈਡਮ ਭਾਰਤੀ ਅਤੇ ਰਾਹੁਲ ਕੀ-ਕੀ ਗੱਲਾਂ ਕਰਦੇ ਹੋਣਗੇ।
ਅਰਵਿੰਦ ਜਾਣ ਗਿਆ ਸੀ ਕਿ ਜ਼ਿੰਦਗੀ ਦੇ ਇਸ ਮੋੜ ਤੇ ਮੈਡਮ ਭਾਰਤੀ ਅਤੇ ਰਾਹੁਲ ਨੂੰ ਮਿਲੇ ਇਸ
ਦੁਰਲੱਭ ਮੌਕੇ ਦਾ ਅਧਾਰ ਇੱਕ-ਦੂਜੇ ਨੂੰ ਮਿਲਣ ਅਤੇ ਚਾਹੁਣ ਜਿਹੀਆਂ ਕੁੱਝ ਸੁਭਾਵਿਕ ਇਨਸਾਨੀ
ਲੋੜਾਂ ਸਨ। ਮੈਡਮ ਭਾਰਤੀ ਅਤੇ ਰਾਹੁਲ ਇਨ੍ਹਾਂ ਵਿਪਰੀਤ ਪ੍ਰਸਥਿਤੀਆਂ ਵਿੱਚ ਮਿਲੇ ਇਸ
ਦੁਰਲੱਭ ਮੌਕੇ ਦਾ ਭਰਪੂਰ ਲਾਭ ਉਠਾ ਕੇ ਆਪਣੀਆਂ ਸੁਭਾਵਿਕ ਇਨਸਾਨੀ ਲੋੜਾਂ ਦੀ ਤ੍ਰਿਪਤੀ ਕਰ
ਲੈਣਾ ਚਾਹੁੰਦੇ ਸਨ।
ਕਠੋਰ ਦਿਲ
ਸ਼ਮਸ਼ੇਰ ਨੂੰ ਜ਼ਿੰਦਗੀ ਵਿੱਚ
ਬਹੁਤ ਘੱਟ ਬੰਦੇ ਅਜਿਹੇ ਮਿਲੇ ਸਨ ਜਿਨ੍ਹਾਂ ਨੂੰ ਮਿਲਣ ਲਈ ਵਾਰ-ਵਾਰ ਉਸ ਦਾ ਦਿਲ ਕਰਦਾ ਸੀ।
ਨਿਤਿਨ ਨਾਲ ਪਹਿਲੀ ਲੰਬੀ ਮੁਲਾਕਾਤ ਤੋਂ ਬਾਅਦ ਸ਼ਮਸ਼ੇਰ ਹਰ ਹਫਤੇ ਨਿਤਿਨ ਨੂੰ ਮਿਲਣ ਲੱਗਿਆ
ਸੀ। ਇੱਕ ਅਜੀਬ ਅਪਣੱਤ ਭਰੀ ਖਿੱਚ ਸੀ ਜੋ ਵਾਰ-ਵਾਰ ਸ਼ਮਸ਼ੇਰ ਨੂੰ ਨਿਤਿਨ ਕੋਲ ਖਿੱਚ ਕੇ ਲੈ
ਜਾਂਦੀ ਸੀ।
ਚਾਰੇ ਪਾਸੇ ਨਿਤਿਨ ਦੇ ਮਾੜੇ ਸੁਭਾਅ ਅਤੇ ਨਿਤਿਨ ਵੱਲੋਂ ਆਪਣੇ ਪਰਿਵਾਰ ਨਾਲ ਮਾੜੇ ਸਲੂਕ
ਦੀਆਂ ਗੱਲਾਂ ਫੈਲੀਆਂ ਹੋਈਆਂ ਸਨ। ਇਸ ਕਰਕੇ ਲੋਕ ਆਮ ਤੌਰ ਤੇ ਨਿਤਿਨ ਤੋਂ ਦੂਰ ਰਹਿਣ ਰਹਿਣ
ਦੀ ਕੋਸ਼ਿਸ਼ ਕਰਦੇ ਸਨ। ਇੱਕ ਦਿਨ ਮੁਹੱਲੇ ਦੇ ਕਿਸੇ ਸਾਂਝੇ ਕੰਮ ਲਈ ਸ਼ਮਸ਼ੇਰ ਨੂੰ ਨਿਤਿਨ ਨਾਲ
ਕਿਸੇ ਦੂਜੇ ਸ਼ਹਿਰ ਜਾਣਾ ਪਿਆ। ਜਿਵੇਂ-ਜਿਵੇਂ ਨਿਤਿਨ, ਸ਼ਮਸ਼ੇਰ ਨਾਲ ਲੰਬੇ ਸਫਰ ਤੇ ਅਗਾਂਹ ਵਧ
ਰਿਹਾ ਸੀ, ਤਿਵੇਂ-ਤਿਵੇਂ ਨਿਤਿਨ ਦੇ ਹਸਮੁੱਖ ਅਤੇ ਚੰਗੇ ਸੁਭਾਅ ਦੀਆਂ ਪਰਤਾਂ ਸ਼ਮਸ਼ੇਰ ਅੱਗੇ
ਖੁਲ੍ਹਦੀਆਂ ਜਾ ਰਹੀਆਂ ਸਨ। ਇਸ ਸਫਰ ਦੌਰਾਨ ਨਿਤਿਨ ਨੇ ਆਪਣੇ ਪਰਿਵਾਰਕ ਅਤੇ ਨਿੱਜੀ ਜੀਵਨ
ਦੀਆਂ ਉਹ ਗੱਲਾਂ ਵੀ ਸ਼ਮਸ਼ੇਰ ਨਾਲ ਸਾਂਝੀਆਂ ਕੀਤੀਆਂ ਜੋ ਕੋਈ ਵੀ ਬੰਦਾ ਆਮ ਤੌਰ ਤੇ ਸਾਲਾਂ
ਬੱਧੀ ਗੂੜ੍ਹੀ ਮਿੱਤਰਤਾ ਤੋਂ ਬਾਅਦ ਵੀ ਕਿਸੇ ਨਾਲ ਸਾਂਝੀਆਂ ਨਹੀਂ ਕਰਦਾ।
ਬਸ ਉਸ ਦਿਨ ਤੋਂ ਬਾਅਦ ਸ਼ਮਸ਼ੇਰ ਹਰ ਹਫਤੇ ਅਤੇ ਹਰ ਮਹੀਨੇ ਨਿਤਿਨ ਨੂੰ ਮਿਲਣ ਲੱਗਿਆ ਸੀ। ਹਰ
ਮੁਲਾਕਾਤ ਦੌਰਾਨ ਨਿਤਿਨ ਬੜੀਆਂ ਗੰਭੀਰ, ਦਿਲਚਸਪ ਅਤੇ ਹਾਸੇ ਨਾਲ ਭਰਪੂਰ ਗੱਲਾਂ ਕਰਿਆ ਕਰਦਾ
ਸੀ। ਉਨ੍ਹੀਂ ਦਿਨੀਂ ਸਾਰੇ ਮੁਹੱਲੇ ਵਿੱਚ ਨਿਤਿਨ ਦੀਆਂ ਆਪਣੀ ਪਤਨੀ ਅਤੇ ਧੀ ਨਾਲ ਝਗੜੇ
ਦੀਆਂ ਗੱਲਾਂ ਆਮ ਹੋਣ ਲੱਗੀਆਂ ਸਨ। ਕਿਸੇ ਵੀ ਮੁਲਾਕਾਤ ਦੌਰਾਨ ਨਿਤਿਨ ਨੇ ਕਦੀ ਵੀ ਸ਼ਮਸ਼ੇਰ
ਨਾਲ ਆਪਣੇ ਕਿਸੇ ਪਰਿਵਾਰਿਕ ਝਗੜੇ-ਝਮੇਲੇ ਦੀ ਗੱਲ ਸਾਂਝੀ ਨਹੀਂ ਕੀਤੀ ਸੀ। ਸ਼ਮਸ਼ੇਰ ਨੇ ਵੀ
ਕਦੀ ਨਿਤਿਨ ਨੂੰ ਉਸ ਦੇ ਪਰਿਵਾਰਿਕ ਝਗੜਿਆਂ-ਝਮੇਲਿਆਂ ਬਾਰੇ ਨਹੀਂ ਪੁੱਛਿਆ ਸੀ।
ਇੱਕ ਦਿਨ ਅੱਧੀ ਰਾਤੀਂ ਨਿਤਿਨ ਦੀ ਪਤਨੀ ਅਤੇ ਧੀ ਨੰਗੇ ਪੈਰੀਂ ਰੋਂਦੀਆਂ-ਕੁਰਲਾਉਂਦੀਆਂ
ਘਰੋਂ ਬਾਹਰ ਨਿਕੱਲ ਕੇ ਗਲੀਆਂ ਬਾਜਾਰਾਂ ਵਿੱਚੋਂ ਹੁੰਦੀਆਂ ਹੋਈਆਂ ਥਾਣੇ ਪਹੁੰਚ ਗਈਆਂ। ਉਸ
ਘਟਨਾਂ ਤੋਂ ਬਾਅਦ ਥਾਣੇ ਵਿੱਚ ਨਿਤਿਨ ਵਿਰੁੱਧ ਹੋਈ ਕਿਸੇ ਤਰ੍ਹਾਂ ਦੀ ਕਿਸੇ ਕਾਰਵਾਈ ਬਾਰੇ
ਕਿਸੇ ਨੂੰ ਕੋਈ ਪਤਾ ਨਹੀਂ ਲੱਗਾ ਸੀ। ਹਾਂ ਉਸ ਘਟਨਾਂ ਤੋਂ ਬਾਅਦ ਨਿਤਿਨ ਦੀ ਪਤਨੀ ਅਤੇ
ਨਿਤਿਨ ਦੀ ਧੀ ਸਦਾ ਲਈ ਨਿਤਿਨ ਦੇ ਘਰੋਂ ਨਿਤਿਨ ਦੇ ਸਹੁਰਿਆਂ ਦੇ ਘਰ ਚਲੀਆਂ ਗਈਆਂ ਸਨ।
ਆਪਣੀ ਪਤਨੀ ਅਤੇ ਆਪਣੀ ਧੀ ਦੇ ਚਲੇ ਜਾਣ ਤੋਂ ਬਾਅਦ ਨਿਤਿਨ ਆਪਣੇ ਘਰ ਇੱਕਲਾ ਹੀ ਰਹਿੰਦਾ
ਸੀ। ਸ਼ਮਸ਼ੇਰ ਨੇ ਕਦੀ ਵੀ ਇਕੱਲੇਪਣ ਕਾਰਨ ਕਿਸੇ ਵੀ ਤਰ੍ਹਾਂ ਦੀ ਕਿਸੇ ਉਦਾਸੀ ਜਾਂ ਕਿਸੇ
ਦੁੱਖ ਦੀ ਕੋਈ ਲਕੀਰ ਨਿਤਿਨ ਦੇ ਚਿਹਰੇ ਤੇ ਨਹੀਂ ਵੇਖੀ ਸੀ। ਇੱਕ ਦਿਨ ਸ਼ਮਸ਼ੇਰ ਨੇ ਨਿਤਿਨ
ਨੂੰ ਉਦਾਸੀਆਂ ਅਤੇ ਦੁੱਖਾਂ ਤੋਂ ਮੁਕਤ ਰਹਿਣ ਦੇ ਢੰਗ-ਤਰੀਕਿਆਂ ਬਾਰੇ ਪੁੱਛਿਆ ਸੀ। ਨਿਤਿਨ
ਨੇ ਹਸਦਿਆਂ-ਹਸਦਿਆਂ ਬੜੇ ਆਰਾਮ ਨਾਲ ਸ਼ਮਸ਼ੇਰ ਨੂੰ ਕਿਹਾ ਸੀ ਕਿ ਉਦਾਸੀਆਂ ਅਤੇ ਦੁੱਖਾਂ ਤੋਂ
ਬਚਣ ਲਈ ਹਰ ਰੋਜ਼ ਸਵੇਰੇ-ਸਵੇਰੇ ਸੈਰ ਕਰਨੀ ਚਾਹੀਦੀ ਹੈ ਅਤੇ ਸਵੇਰੇ-ਸਵੇਰੇ ਉਦਾਸੀਆਂ ਅਤੇ
ਦੁੱਖਾਂ ਦੀਆਂ ਪੰਡਾਂ ਨੂੰ ਬਾਹਰਵਾਰ ਕਿਤੇ ਗੰਦਗੀ ਦੇ ਕਿਸੇ ਵੱਡੇ ਢੇਰ ਤੇ ਸੁੱਟ ਦੇਣਾ
ਚਾਹੀਦਾ ਹੈ।
ਨਿਤਿਨ ਆਪਣੀ ਜ਼ਿੰਦਗੀ ਵਾਪਰਦੇ ਸੱਚ ਵੱਲ ਧਿਆਨ ਦੇਣ ਦੀ ਬਜਾਏ ਲੋਕਾਂ ਨਾਲ ਦਾਰਿਸ਼ਨਕਤਾ
ਭਰਪੂਰ ਗੱਲਾਂ ਕਰਦਾ ਰਹਿੰਦਾ ਸੀ। ਅਸਲ ਵਿੱਚ ਨਿਤਿਨ ਦੇ ਦਿਲ ਅਤੇ ਦਿਮਾਗ ਤੇ ਜੋ ਬੀਤ ਰਹੀ
ਸੀ ਉਨ ਨੂੰ ਨਿਤਿਨ ਸੁਚੇਤ ਅਤੇ ਅਚੇਤ ਰੂਪ ਵਿੱਚ ਵਿਸਾਰ ਛੱਡਦਾ ਸੀ। ਡੂੰਘੇ ਸਦਮਿਆਂ ਕਾਰਨ
ਸ਼ਾਇਦ ਨਿਤਿਨ ਦਾ ਦਿਲ ਅਤੇ ਦਿਮਾਗ ਬੜਾ ਕਠੋਰ ਹੋ ਗਿਆ ਸੀ। ਕਠੋਰ ਦਿਲ ਅਤੇ ਦਿਮਾਗ ਵਾਲੇ
ਨਿਤਿਨ ਨੂੰ ਵੇਖ ਕੇ ਸ਼ਮਸ਼ੇਰ ਅਕਸਰ ਹੀ ਉਦਾਸ ਅਤੇ ਦੁੱਖੀ ਹੋ ਜਾਂਦਾ ਸੀ।
ਅਰਸ਼ਦ ਮਹਿਮੂਦ ਨੰਦਨ
ਲਾਲ ਬਹਾਦੁਰ ਸ਼ਾਸ਼ਤਰੀ ਰਾਸ਼ਟਰੀ ਪ੍ਰਸ਼ਾਸ਼ਨ ਅਕਾਦਮੀ,
ਮਸੂਰੀ-248179
ਉੱਤਰਾਖੰਡ (ਭਾਰਤ)
ਫੋਨ : + 91 9411383400
E-Mail :
arshadnandan@lbsnaa.ernet.in
-0-
|