Welcome to Seerat.ca

ਐਮ.ਐਸ. ਰੰਧਾਵਾ

 

- ਬਲਵੰਤ ਗਾਰਗੀ

ਕੈਨਡਾ ‘ਚ ਕਿਰਪਾਨ ਦਾ ਮੁੱਦਾ:

 

- ਇਕਬਾਲ ਰਾਮੂਵਾਲੀਆ

ਮੇਰਾ ਪੋਤਾ

 

- ਹਰਜੀਤ ਅਟਵਾਲ

‘ਰੱਬਾ ਹੁਣ ਕੀ ਕਰੀਏ!’ ਦੀ ਹੂਕ ‘ਉੱਠ ਗਏ ਗਵਾਂਢੋਂ ਯਾਰ’

 

- ਵਰਿਆਮ ਸਿੰਘ ਸੰਧੂ

ਭਗਤ ਕਾਲ਼ਾ ਕੁੱਤਾ

 

- ਸੁਖਦੇਵ ਸਿੱਧੂ

ਬਾਤ ਨਿਕਲੀ ਹੈ ਤੋ---

 

- ਸੁਪਨ ਸੰਧੂ

ਇਨਸਾਨੀ ਲੋੜਾਂ

 

- ਅਰਸ਼ਦ ਮਹਿਮੂਦ ਨੰਦਨ

ਸੂਲ਼ੀ ਟੰਗਿਆ ਸਫ਼ਰ

 

- ਸੁਸ਼ੀਲ ਦੁਸਾਂਝ

ਸਰਾਂ ਯਾਦ ਕਰਦੀ ਹੈ

 

- ਦਰਸ਼ਨ ਜੋਗਾ

ਯਾਦਗਾਰੀ ਕਹਾਣੀ / ਮੂੰਹ ਉੱਤੇ ਹੱਥ

 

- ਰਘੁਬੀਰ ਢੰਡ

ਯਾਰ ਦਾ ਰੂਪ

 

- ਕਾਕਾ ਗਿੱਲ

 

 


ਯਾਦਗਾਰੀ ਕਹਾਣੀ
ਮੂੰਹ ਉੱਤੇ ਹੱਥ
- ਰਘੁਬੀਰ ਢੰਡ
 

 

(1934)
ਉਸ ਦਾ ਬਾਪੂ ਉਸ ਦੀ ਬੇਬੇ ਨੂੰ ਉੱਨਾ ਚਿਰ ਕੁੱਟਦਾ ਰਿਹਾ ਜਿੰਨਾ ਚਿਰ ਉਹ ਮਰ ਨਹੀਂ ਗਈ…………।
ਉਸ ਦੀ ਭਦਾ ਮੁੜ ਵਿਆਹ ਨਹੀਂ ਸੀ ਕੀਤਾ- ਉਹ ਆਪਣੇ ਪੇਕਿਆਂ ਦਾ ਗੋਹਾ ਕੂੜਾ ਕਰਦੀ ਤੇ ਆਪਣੀਆਂ ਭਾਬੀਆਂ ਦੀਆਂ ਗਾਲ੍ਹਾਂ ਖਾਂਦੀ ਪੱਚੀ ਸਾਲ ਦੀ ਉਮਰ ਵਿਚ ਮਰ ਗਈ ਸੀ…………।
ਉਸ ਦੇ ਆਪਣੇ ਸੁਪਨਿਆਂ ਦੀ ਕੁੜੀ ਹਾਲਾਤ ਦੀਆਂ ਮਜਬੂਰੀਆਂ ਨੇ ਮਾਰ ਦਿੱਤੀ ਅਤੇ ਉਸਦੀਆਂ ਅੱਖਾਂ ਸਾਹਵੇਂ ਸਾਰੇ ਚਾਨਣ ਬੁਝ ਗਏ ਸਨ………।
ਇੰਨ੍ਹਾਂ ਤਿੰਨਾਂ ਔਰਤਾਂ ਨੇ ਉਸਦੀ ਜਿ਼ੰਦਗੀ ਤੇ ਇੰਨਾ ਡੂੰਘਾ ਅਸਰ ਪਾਇਆ ਕਿ ਉਹ ਔਰਤ ਸੰਬੰਧੀ ‘ਲੱਤ ਉੱਤੇ ਰੱਖਣ ਵਾਲੀ’ ਆਪਣੀ ਖ਼ਾਨਦਾਨੀ ਰੀਤ ਨੂੰ ਤਿਆਗ, ਔਰਤ ਨੂੰ ਧਰਤੀ ਮਾਤਾ ਜਿੰਨੀ ਮਹਾਨ ਤੇ ਖ਼ੁਸ਼ਬੂ ਵਰਗੀ ਪਵਿੱਤਰ ਚੀਜ਼ ਸਮਝਣ ਲੱਗ ਪਿਆ। ਉਸ ਦੀ ਇਹ ਮਚਲਦੀ ਖ਼ਾਹਿਸ਼ ਸੀ ਕਿ ਉਸਦਾ ਪਹਿਲਾ ਬੱਚਾ ਲੜਕੀ ਹੋਵੇ। ਉਸਦੀ ਇਹ ਖ਼ਾਹਿਸ਼ ਵੀ ਪੂਰੀ ਹੋ ਗਈ। ਜਦੋਂ ਚੁੰਨੀ ਦੇ ਲੜ ਨਾਲ ਅੱਖਾਂ ਪੂੰਝਦੀ ਉਸ ਦੀ ਸੱਸ ਨੇ ਜਨਮ-ਕਮਰੇ ਦੀ ਦਹਿਲੀਜ਼ ਤੇ ਖਲੋ ਕੇ ਆਖਿਆ, “ਕਾਕਾ, ਲਛਮੀ ਆਈ ਐ।”
ਇਹ ਸੁਣਦਿਆਂ ਹੀ ਉਸਨੂੰ ਜਾਪਿਆ ਜਿਵੇਂ ਉਸਦੇ ਪਿਆਸੇ-ਹੋਠਾਂ ਤੇ ਕਿਸੇ ਤ੍ਰੇਲ ਤ੍ਰੌਂਕ ਦਿੱਤੀ ਹੋਵੇ- ਮਾਰੂਥਲ ਵਿਚ ਕੂਲਾਂ ਫੁੱਟ ਪਈਆਂ ਹੋਣ- ਟਿਮ ਟਿਮ ਕਰਦੀਆਂ ਬੱਤੀਆਂ ਲਾਟਾਂ ਵਾਂਗ ਮਚ ਪਈਆਂ ਹੋਣ- ਰੁੱਖੇ ਧੁਆਂਖੇ ਮਾਹੌਲ ਵਿੱਚ ਹਜ਼ਾਰਾਂ ਗੁਲਾਬ ਖਿੜੇ ਪਏ ਹੋਣ………।
ਅੱਜ ਉਸਦਾ ਧਰਤੀ ਤੇ ਪੈਰ ਨਹੀਂ ਸੀ ਲਗ ਰਿਹਾ- ਉਹ ਬਾਰ ਬਾਰ ਆਪਣੀ ਬੱਚੀ ਨੂੰ ਚੁੰਮੇ- ਭਾਂਤ ਭਾਂਤ ਦੇ ਨਾਵਾਂ ਨਾਲ ਉਸ ਨੂੰ ਪੁਕਾਰੇ- ਬਾਰ ਬਾਰ ਆਪਣੀ ਪਤਨੀ ਦਾ ਹੱਥ ਚੁੰਮੇ- ਉਸਦਾ ਧੰਨਵਾਦ ਕਰਦਾ ਨਾ ਥੱਕੇ- ਉਸ ਤੇ ਕੁਰਬਾਨ ਹੋ ਹੋ ਜਾਵੇ- ਤਾਸ਼ ਦੇ ਪੱਤਿਆਂ ਵਾਂਗ ਜੇਬ 'ਚੋਂ ਸਕੂਲ ਦੀਆਂ ਫ਼ੀਸਾਂ ਦੇ ਨੋਟ ਵੰਡੀ ਜਾਏ, ਪੰਜ ਰੁਪਏ ਰਾਜੋ ਭੰਗਣ ਨੂੰ, ਦਸ ਸਕੂਲ ਦੀਆਂ ਕੁੜੀਆਂ ਨੂੰ, ਵੀਹ ਫ਼ੀਸਟ ਲਈ ਮਾਸਟਰਾਂ ਨੂੰ………।
ਉਸ ਦੀ ਸੱਸ ਨੂੰ ਇਹ ਵੇਖ ਵੇਖ ਕੇ ਭੌਣੀਆਂ ਆ ਰਹੀਆਂ ਸਨ ਤੇ ਆਪਣੇ ਪਾਗਲ ਜਵਾਈ ਤੇ ਖਿਝ੍ਹ ਚੜ੍ਹ ਰਹੀ ਸੀ, ਜਿਸਨੂੰ ਹਾਲੀ ਤੱਕ ਇੰਨੀ ਅਕਲ ਵੀ ਨਹੀਂ ਸੀ ਕਿ ਧੀਆਂ ਜੰਮੀਆਂ ਤੇ ਨੱਚ ਨੱਚ ਰੁਪਏ ਨਹੀਂ ਵੰਡੀਦੇ ਬਲਕਿ ਕਿਸੇ ਖੂੰਜੇ ਵਿਚ ਬਹਿ ਕੇ ਆਪਣੇ ਮਾੜੇ ਕਰਮਾਂ ਨੂੰ ਰੋਈਦਾ ਹੈ।
ਉਸਦੀ ਪਤਨੀ ਤਾਂ ਬਹੁਤ ਹੀ ਖ਼ੁਸ਼ ਸੀ। ਉਹ ਬੱਚੀ ਦੇ ਆਉਣ ਤੋਂ ਪਿੱਛੋਂ ਆਪਣੇ ਪਤੀ ਵਿਚ ਇੱਕ ਵੱਡਾ ਪਰਿਵਰਤਨ ਵੇਖ ਰਹੀ ਸੀ। ਪਹਿਲਾਂ ਉਹ ਘੰਟਿਆਂ ਬੱਧੀ ਬਹੁਤ ਉਦਾਸ ਹੋ ਜਾਂਦਾ ਸੀ ਅਤੇ ਘੰਟਿਆਂ ਬੱਧੀ ਨਿੰਮੋਝੂਣਾ ਬੈਠਾ ਰਹਿੰਦਾ ਸੀ। ਭਾਵੇਂ ਉਸ ਆਲੇ ਦੁਆਲੇ ਹੁਣ ਵੀ ਉਹੀ ਤਲਖ਼ੀਆਂ ਸਨ- ਉਹੀ ਬੇਇਨਸਾਫ਼ੀਆਂ ਸਨ- ਉਹੀ ਕੁਹਜ ਖਿਲਰਿਆ ਪਿਆ ਸੀ। ਹੁਣ ਵੀ ਉਸ ਨੂੰ ਸਾਰੇ ਮਾਸਟਰਾਂ ਤੋਂ ਵੱਧ ਡਿਗਰੀਆਂ ਹੋਣ ਦੇ ਬਾਵਜੂਦ ਵੀ ਸਕੂਲ ਦਾ ਪ੍ਰਿੰਸੀਪਲ ਨਹੀਂ ਸੀ ਬਣਾਇਆ ਗਿਆ ਕਿਉਂਕਿ ਉਹ ਸੈਕਟਰੀ ਅਤੇ ਮੈਨੇਜਰ ਨੂੰ ਸਲਾਮ ਨਹੀਂ ਸੀ ਮਾਰਨ ਜਾਂਦਾ। ਸਕੂਲ ਵਿਚ ਹੁਣ ਵੀ ਬਾਪੂ ਗਾਂਧੀ ਦਾ ਨਾਂ ਵਰਤ ਕੇ ਮੁੰਡਿਆਂ ਤੋਂ ਨਾਜਾਇਜ਼ ਉਗਰਾਹੀ ਕੀਤੀ ਜਾਂਦੀ ਸੀ।
ਹੁਣ ਵੀ ਉਸ ਦੇ ਪਾਸਪੋਰਟ ਦੇ ਕਾਗਜ਼ ਨੋਟਾਂ ਦੀ ਛੁਹ ਬਿਨਾਂ ਮੇਜ਼ ਨਹੀਂ ਸਨ ਬਦਲਦੇ- ਅਤੇ ਹੁਣ ਵੀ ਦੇਸ਼ ਦੇ ਰਹਿਬਰਾਂ ਦੀਆਂ ਤਕਰੀਰਾਂ ਰੇਡੀਓ ਤੇ ਨਸ਼ਰ ਹੁੰਦੀਆਂ ਕਿ ਸਾਡਾ ਦੇਸ਼ ਏਸ਼ੀਆ ਵਿਚ ਲੋਕ ਰਾਜ ਦਾ ਸਭ ਤੋਂ ਵੱਡਾ ਤਜਰਬਾ ਕਰ ਰਿਹਾ ਹੈ- ਪਰ ਹੁਣ ਉਹ ਪਹਿਲਾਂ ਜਿੰਨਾ ਉਦਾਸ ਨਹੀਂ ਸੀ ਰਹਿੰਦਾ, ਜਿਵੇਂ ਬੱਚੀ ਦੀ ਛੁਹ ਨਾਲ ਹੀ- ਇਹਨਾਂ ਤਲਖ਼ੀਆਂ ਦੀ ਧੁੰਦ ਤੇ ਸਿ਼ੱਦਤ ਪੈ ਕੇ ਕੁਝ ਫਿੱਕੀ ਪੈ ਜਾਂਦੀ ਸੀ। ਕਦੀ ਉਸਨੂੰ ਪੰਘੂੜੇ ਵਿਚ ਪਾ ਕੇ ਝੂਟੇ ਦੇਣ ਲੱਗ ਪੈਂਦਾ ਤੇ ਗੀਤ ਗਾਉਂਦਾ- ਕਦੀ ਝੋਲੀ ਵਿਚ ਪਾ ਕੇ ਦੁੱਧ ਪਿਆਉਂਦਾ- ਸੌਣ ਤੋਂ ਪਹਿਲਾਂ ਉਸ ਨੂੰ ਬਾਰ ਬਾਰ ਚੁੰਮਦਾ ਤੇ ਘੁੱਟ ਘੁੱਟ ਆਪਣੇ ਨਾਲ ਲਾਉਂਦਾ। ਉਸਨੂੰ ਇਸ ਤਰ੍ਹਾਂ ਦਾ ਝੱਲ ਚੜ੍ਹਿਆ ਵੇਖ ਉਸ ਦੀ ਪਤਨੀ ਕਈ ਵਾਰ ਕਹਿੰਦੀ:
“ਏਨਾ ਮੋਹ ਨਾ ਪਾਓ। ਇੰਗਲੈਂਡ ਜਾ ਕੇ ਦੁਖੀ ਹੋਵੋਂਗੇ ਤੇ ਏਧਰ ਕੁੜੀ ਮੈਨੂੰ ਦੁਖੀ ਕਰੇਗੀ……।”
ਉਸਦੀ ਪਤਨੀ ਠੀਕ ਹੀ ਕਹਿੰਦੀ ਸੀ। ਜਿਸ ਦਿਨ ਦਾ ਉਹ ਇੰਗਲੈਂਡ ਵਿਚ ਆਇਆ ਸੀ ਉਸਦਾ ਬਿਲਕੁਲ ਦਿਲ ਨਹੀਂ ਸੀ ਲਗ ਰਿਹਾ। ਕਈ ਵਾਰ ਉਸਨੂੰ ਨੀਂਦ ਸੀ ਪੈਂਦੀ ਅਤੇ ਰਾਤ ਪਰਬਤ ਵਾਂਗ ਅੜ ਕੇ ਖਲੋ ਜਾਂਦੀ। ਬੱਸ ਵਿੱਚ ਜੇ ਕਦੇ ਉਹ ਸਾਲ ਕੁ ਦਾ ਬੱਚਾ ਵੇਖਦਾ ਤਾਂ ਉਸ ਵੱਲ ਵੇਖੀ ਜਾਂਦਾ, ਵੇਖੀ ਜਾਂਦਾ। ਆਪਣੇ ਕਮਰੇ ਵਿਚ ਆ ਕੇ ਬੱਚੀ ਦੀ ਤਸਵੀਰ ਵੱਲ ਵੇਖਦਾ, ਚੁੰਮਦਾ ਰਹਿੰਦਾ, ਚੁੰਮਦਾ ਰਹਿੰਦਾ। ਜਦੋਂ ਨੀਂਦ ਨਾ ਆਉਂਦੀ ਆਪਣੀ ਬੱਚੀ ਦੇ ਸੁਪਨੇ ਲੈਂਦਾ ਰਹਿੰਦਾ। ਉਸਦੀ ਪਤਨੀ ਨੇ ਠੀਕ ਹੀ ਆਖਿਆ ਸੀ- ਉਹ ਇੰਗਲੈਂਡ ਵਿਚ ਆ ਕੇ ਆਪਣੀ ਬੱਚੀ ਬਿਨਾਂ ਬਹੁਤ ਦੁਖੀ ਹੋਇਆ ਸੀ।
ਜਦੋਂ ਉਸਦੀ ਪਤਨੀ ਦੀ ਚਿੱਠੀ ਆਉਂਦੀ ਤਾਂ ਉਸ ਵਿਚ ਵੀ ਬਹੁਤੀਆਂ ਇਹੀ ਗੱਲਾਂ ਹੁੰਦੀਆਂ: “ਬੱਚੀ ਤੁਹਾਡੀ ਫੋਟੋ ਵੇਖ ਉਸਨੂੰ ਫੜਨ ਜਾਂਦੀ ਹੈ- ਜਦੋਂ ਕੋਈ ਜਹਾਜ਼ ਲੰਘਦਾ ਹੈ ਤਾਂ ਉਸਨੂੰ ਫੜਨ ਲਈ ਕਾਹਲੀ ਪੈ ਜਾਂਦੀ ਹੈ- ਤੁਹਾਡੇ ਵਿਜੋਗ ਵਿਚ ਕਾਫ਼ੀ ਮਾੜੀ ਹੋ ਗਈ ਹੈ- ਸਾਨੂੰ ਛੇਤੀ ਸੱਦ ਲਵੋ……।”
ਉਸਨੇ ਵੀ ਛੇ ਮਹੀਨੇ ਨਾ ਪੈਣ ਦਿੱਤੇ ਕਿ ਉਹਨਾਂ ਨੂੰ ਸੱਦ ਲਿਆ। ਜਿਸ ਦਿਨ ਉਨ੍ਹਾਂ ਆਉਣਾ ਸੀ ਉਸ ਤੋਂ ਪਹਿਲੀ ਰਾਤ ਉਹ ਬਹੁਤ ਘੱਟ ਸੌਂ ਸਕਿਆ- ਕਦੀ ਉਹ ਆਪਣੀ ਬੱਚੀ ਦੀ ਸ਼ਕਲ ਕਲਪਨਾ ਰਾਹੀਂ ਸਾਕਾਰ ਕਰਦਾ ਜਿਹੜੀ ਕਿ ਉਸ ਬਿਨਾਂ ਕੁਮਲਾ ਗਈ ਸੀ। ਕਦੀ ਆਪਣੀ ਪਤਨੀ ਦਾ ਚਿਹਰਾ ਕਲਪਦਾ ਜਿਹੜਾ ਕਿ ਵਿਛੋੜੇ ਨੇ ਪੀਲਾ ਪਾ ਦਿੱਤਾ ਸੀ ਤੇ ਜਿਸ ਨੇ ਪਤਾ ਨਹੀਂ ਸਾਵਣ ਦੀਆਂ ਝੜੀਆਂ ਕਿਵੇਂ ਬਿਤਾ ਲਈਆਂ ਸਨ- ਕਦੀ ਉਹ ਬੁਰਾ ਬੁਰਾ ਵੀ ਸੋਚਦਾ ਕਿ ਜੇ ਜਹਾਜ਼ ਨੂੰ ਕੁਝ ਹੋ ਗਿਆ……ਫਿ਼ਰ ਆਪ ਹੀ ਆਪਣੇ ਆਪ ਨੂੰ ਲਾਹਨਤ ਪਾ ਕੇ ਇਸ ਸੋਚ ਨੂੰ ਮਿਲਣ ਘੜੀ ਵਿਚ ਬਦਲਦਾ। ਘੜੀ, ਜਦੋਂ ਉਹ ਆਪਣੀ ਬੱਚੀ ਨੂੰ ਘੁੱਟ ਲਏਗਾ, ਚੁੰਮ ਲਏਗਾ। ਪਰ ਜੇ ਉਸਨੇ ਮੈਨੂੰ ਪਛਾਣਿਆ ਨਾ- ਪਰ ਇਹ ਕਿਵੇਂ ਹੋ ਸਕਦਾ ਹੈ? ਦਿਲਾਂ ਨੂੰ ਦਿਲਾਂ ਵਿਚ ਰਾਹ ਹੁੰਦੀ ਹੈ……।
ਬਿਲਕੁਲ ਦਿਲਾਂ ਨੂੰ ਦਿਲਾਂ ਵਿਚ ਰਾਹ ਹੁੰਦੀ ਹੈ। ਉਸਦੀ ਬੱਚੀ ਬਾਹਾਂ ਉਲਾਰ ਕੇ ਉਸਦੇ ਗਲ ਚੰਬੜ ਗਈ ਸੀ। ਬਸ, ਉਹ ਤੇ ਜਿਵੇਂ ਪਾਗਲ ਹੋ ਗਿਆ- ਬੱਚੀ ਨੂੰ ਚੁੰਮ ਚੁੰਮ ਨਾ ਥੱਕੇ- ਗਲ ਨਾਲ ਲਾ ਲਾ ਨਾ ਥੱਕੇ। ਇਸ ਨਾਟਕ ਦਾ ਕੋਈ ਅੰਤ ਨਾ ਹੁੰਦਾ ਵੇਖ ਕੇ, ਉਸਦੀ ਪਤਨੀ ਨੇ ਕਿਹਾ: “ਮੈਂ ਕਿਹਾ ਸੀ………।”
ਉਸ ਦੀਆਂ ਹਰਕਤਾਂ ਇਕ ਦਮ ਰੁਕੀਆਂ ਤੇ ਉਸਨੇ ਆਪਣੀ ਪਤਨੀ ਦੀਆਂ ਪਿਆਸੀਆਂ ਅੱਖਾਂ 'ਚ ਵੇਖਿਆ, ਜਿਵੇਂ ਕਹਿ ਰਹੀਆਂ ਹੋਣ: ‘ਹਮ ਭੀ ਤੋ ਪੜੇ ਹੈਂ ਰਾਹੋਂ ਮੇਂ……।’ ਉਸਨੇ ‘ਉਹ ਸੌਰੀ’ ਕਿਹਾ ਅਤੇ ਘਰ ਆ ਗਏ।
ਮਾਲਕ ਮਕਾਨ ਤਾਂ ਬਿਲਕੁਲ ਉਸਦਾ ਆਪਣਾ ਆਦਮੀ ਸੀ। ਭਾਰਤ ਵਿਚ ਉਹ ਇੱਕੋ ਹੀ ਪਾਰਟੀ ਵਿਚ ਕੰਮ ਕਰਦੇ ਸਨ- ਮਾਲਕ ਮਕਾਨ ਦੀ ਪਤਨੀ ਤਾਂ ਉਸਦੀ ਜਿਵੇਂ ਸਕੀ ਭੈਣ ਹੋਵੇ ਕਿਉਂਕਿ ਉਹ ਉਹਦੇ ਪਰਮ ਮਿੱਤਰ ਦੀ ਭੈਣ ਸੀ।
ਉਨ੍ਹਾਂ ਨੇ ਬੜਾ ਆਦਰ ਕੀਤਾ। ਦੋ ਦਿਨ ਉਸਦੀ ਪਤਨੀ ਨੂੰ ਰੋਟੀ ਨਾ ਪਕਾਉਣ ਦਿੱਤੀ। ਮਾਲਕ ਮਕਾਨ ਦੀ ਪਤਨੀ ਤਾਂ ਵਾਰੀ ਵਾਰੀ ਜਾਏ । ਆਖੇ, ‘ਭਰਜਾਈ ਤੇ ਭਤੀਜੀ ਤਾਂ ਨਿਰਾ ਲਛਮੀ ਦਾ ਰੂਪ ਨੇ- ਹਾਲੀਂ ਆਈਆਂ ਨੂੰ ਦਸ ਦਿਨ ਨਹੀਂ ਹੋਏ, ਇਨ੍ਹਾਂ ਨੂੰ ਤੀਹ ਪੌਂਡ ਤੀਕ ਤੇ ਪੱਕੀਆਂ ਨੈਟਾਂ ਤੇ ਕੰਮ ਮਿਲ ਗਿਐ।’
ਉਹ ਬਹੁਤ ਖੁਸ਼ ਸੀ। ਸਵੇਰ ਤੋਂ ਸ਼ਾਮ ਤੱਕ ਫ਼ੈਕਟਰੀ ਵਿਚ ਸਖ਼ਤ ਮਿਹਨਤ ਕਰ ਕੇ ਜਦੋਂ ਉਹ ਘਰ ਮੁੜਦਾ ਤਾਂ ਆਪਣੀ ਬੱਚੀ ਨੂੰ ਚੁੰਮ ਕੇ ਗਲ ਨਾਲ ਲਾ ਕੇ ਸਾਰੀ ਥਕਾਵਟ ਭੁੱਲ ਜਾਂਦਾ। ਰੋਟੀ ਖਾਂਦਿਆਂ ਨਿੱਕੀਆਂ ਨਿੱਕੀਆਂ ਬੁਰਕੀਆਂ ਉਸਦੇ ਮੂੰਹ’ਚ ਪਾਣਾ ਉਸਨੂੰ ਕਿੰਨਾ ਚੰਗਾ ਚੰਗਾ ਲਗਦਾ।
ਪਰ ਕੁਝ ਚਿਰ ਪਿਛੋਂ ਉਸਦੀ ਪਤਨੀ ਵਿਚ ਇੱਕ ਸੰਕੋਚ, ਇੱਕ ਤਬਦੀਲੀ ਆਉਣੀ ਸ਼ੁਰੂ ਹੋ ਗਈ। ਉਸਦਾ ਸਲੂਕ ਬੱਚੀ ਨਾਲ ਕੁਝ ਰੁੱਖਾ ਰੁੱਖਾ ਹੁੰਦਾ ਜਾ ਰਹਿਾ ਸੀ। ਜਦੋਂ ਉਹ ਹੱਸੇ ਤਾਂ ਉਹ ਹੱਸਣ ਤੋਂ ਵਰਜੇ- ਜਦੋਂ ਰੋਵੇ ਛੇਤੀ ਨਾਲ ਕੋਈ ਖਿਡਾਉਣਾ ਜਾਂ ਖਾਣ ਵਾਲੀ ਚੀਜ਼ ਦੇ ਉਸਨੂੰ ਰੋਣ ਤੋਂ ਵਰਜੇ- ਜੇ ਉਹ ਬੂਹੇ ਤੋਂ ਬਾਹਰ ਜਾਵੇ ਤਾਂ ਝੱਟ ਅੰਦਰ ਧੂਹ ਲਿਆਵੇ……।
ਉਸਨੂੰ ਆਪਣੀ ਪਤਨੀ ਵਿਚ ਆਈ ਇਹ ਤਬਦੀਲੀ ਬੜੀ ਨਾ-ਪਸੰਦ ਸੀ ਤੇ ਉਹ ਚਾਹੁੰਦਾ ਸੀ ਕਿ ਉਹ ਇੰਝ ਨਾ ਕਰੇ। ਪਰ ਹਾਲਾਤ ਤਾਂ ਹੋਰ ਵੀ ਵਿਗੜਦੇ ਜਾ ਰਹੇ ਸਨ ਤੇ ਫਿਰ ਇਕ ਦਿਨ ਉਹ ਵੀ ਆ ਗਿਆ ਜਦੋਂ ਉਸਦੀ ਪਤਨੀ ਨੇ ਬੱਚੀ ਨੂੰ ਬੂਹਾ ਖੜਕਾਉਂਦਿਆਂ ਵੇਖ ਉਸ ਦੇ ਵੱਟ ਕੇ ਚਪੇੜ ਮਾਰੀ ਤੇ ਉਹ ਬੁਲ੍ਹੀਆਂ ਡਸਕਾਉਂਦੀ ਆਪਣੇ ਡੈਡੀ ਦੇ ਗਲ ਨਾਲ ਚਿੰਬੜ ਗਈ………।
ਉਸ ਦਾ ਜੀਅ ਕੀਤਾ ਕਿ ਉਹ ਇਹੋ ਜਿਹੀ ਚਪੇੜ ਆਪਣੀ ਪਤਨੀ ਦੇ ਮਾਰੇ ਪਰ ਉਸਨੂੰ ਅਮਲ ਵਿਚ ਲਿਆਉਣ ਤੋਂ ਪਹਿਲਾਂ ਹੀ ਉਸਨੇ ਵੇਖਿਆ ਕਿ ਉਸਦੀ ਪਤਨੀ ਦੀਆਂ ਅੱਖਾਂ ਆਬਸ਼ਾਰਾਂ ਵਾਂਗ ਵਹਿ ਰਹੀਆਂ ਸਨ। ਆਪਣੀ ਮੰਮੀ ਨੂੰ ਇੰਝ ਰੋਂਦਿਆਂ ਵੇਖ ਕੇ ਬੱਚੀ ਚੁੱਪ ਕਰ ਗਈ। ਉਹ ਉਸਦੇ ਗਲ ਦੁਆਲੇ ਬਾਂਹ ਪਾ ਕੇ ਇਸ ਦਾ ਕਾਰਨ ਪੁੱਛਣ ਲੱਗਿਆ। ਉਸ ਦੇ ਬਾਰ ਬਾਰ ਪੁੱਛਣ ਤੇ ਉਸਦੀ ਪਤਨੀ ਨੇ ਦੱਸਿਆ, “ਮਾਲਕ ਮਕਾਨਣੀ ਕਹਿੰਦੀ ਐ ਤੁਹਾਡੀ ਕੁੜੀ ਬਹੁਤ ਉੱਚੀ ਹਸਦੀ ਐ- ਬਹੁਤ ਉੱਚੀ ਰੋਂਦੀ ਐ- ਡੋਰਾਂ ਖੜਕਾਉਂਦੀ ਐ ਤੇ ਇਨ੍ਹਾਂ ਦੀ ਨੀਂਦ ਖ਼ਰਾਬ ਹੁੰਦੀ ਐ……ਮੋਠਾਂ ਦੀ ਦਾਲ ਨਾਲ ਗੈਸ ਬਹੁਤ ਜਲਦੀ ਐ………।”
ਪਤਨੀ ਦੀਆਂ ਗੱਲਾਂ ਹਥੌੜੇ ਵਾਂਗ ਉਸਦੇ ਦਿਮਾਗ਼ ਤੇ ਲੱਗੀਆਂ ਤੇ ਉਸਦੇ ਤਨ ਬਦਨ ਨੂੰ ਜਿਵੇਂ ਅੱਗ ਲੱਗ ਗਈ। “ਇਹ ਤੇ ਕਦੀ ਵੀ ਸੁਣਿਆ ਨਹੀਂ ਕਿ ਹੱਸਣ ਤੇ ਪਾਬੰਦੀਆਂ- ਰੋਣ ਤੇ ਵੀ ਪਾਬੰਦੀਆਂ। ਅਸੀਂ ਸਾਢੇ ਤਿੰਨ ਪੌਂਡ ਇਸ ਕਮਰੇ ਦਾ ਕਿਰਾਇਆ ਦਿੰਦੇ ਆਂ, ਕੋਈ ਮੁਫ਼ਤ ਤਾਂ ਨ੍ਹੀਂ ਹਸਦੇ?” ਪ੍ਰਤੀਕਰਮ ਵਜੋਂ ਉਹ ਆਪਣੀ ਬੱਚੀ ਨੂੰ ਚੁਕ ਉੱਚੀ ਉੱਚੀ ਗਾਉਣ ਲੱਗ ਪਿਆ- ਹੱਸਣ ਲਗ ਪਿਆ- ਚੀਕਣ ਲਗ ਪਿਆ।
ਘਰ ਵਿਚ ਇਹੋ ਜਿਹਾ ਮਾੜਾ ਸਲੂਕ ਵੇਖ ਕੇ ਮਾਲਕ ਮਕਾਨ ਨੇ ਉਹਨਾਂ ਦੇ ਕਮਰੇ ਵਿਚ ਵੜਦਿਆਂ ਹੀ ਆਖਿਆ:
“ਹੱਦ ਹੋਗੀ ਬਈ- ਤੂੰ ਤਾਂ ਨਿਆਣਿਆਂ ਨਾਲੋਂ ਵੀ ਟਪਾਤੀ, ਇਨਸਾਨ ਨੂੰ ਮੈਨਰਜ਼ ਸਿਖਣੇ ਚਾਹੀਦੇ ਨੇ- ਪੰਜ ਦਿਨ ਤੇਰੀ ਕੁੜੀ ਨੀ ਸੌਣ ਦਿੰਦੀ ਤੇ ਵੀਕ ਐਂਡ ਤੇ ਤੂੰ ਨ੍ਹੀਂ ਸਾਹ ਲੈਣ ਦਿੰਦਾ……।”
“ਤੇਰੇ ਨਿਆਣੇ ਨ੍ਹੀਂ ਰੋਲਾ ਪੌਂਦੇ? ਉਹ ਨ੍ਹੀਂ ਹੱਸਦੇ, ਉਹ ਨ੍ਹੀਂ ਰੋਂਦੇ?”
“ਉਹ ਇੰਗਲੈਂਡ 'ਚ ਜੰਮੇ ਨੇ- ਉਹਨਾਂ ਦਾ ਹੱਸਣ ਤੇ ਰੋਣ ਦਾ ਟਾਈਮ ਐ- ਉਹਨਾਂ ਨੂੰ ਮੈਨਰਜ਼ ਔਂਦੇ ਨੇ………।”
“ਚੰਗਾ ਦੋਸਤ, ਬਹੁਤੀਆਂ ਗੱਲਾਂ ਕਰਨ ਦੀ ਲੋੜ ਨੀ- ਅਸੀਂ ਮਕਾਨ ਬਦਲ ਲਾਂਗੇ!”
“ਬੜੀ ਖੁਸ਼ੀ ਨਾਲ!” ਲਾਪਰਵਾਹੀ ਨਾਲ ਕਹਿੰਦਿਆਂ ਮਾਲਕ ਮਕਾਨ ਕਮਰਿਓਂ ਬਾਹਰ ਹੋ ਗਿਆ।
ਇਸ ਘਟਨਾ ਨੇ ਉਸ ਦੇ ਮਨ ਦਾ ਸਾਰਾ ਅਮਨ ਭੰਗ ਕਰ ਦਿੱਤਾ। ਉਹ ਹੁਣ ਘਰ ਬਦਲ ਲੈਣਾ ਚਾਹੁੰਦਾ ਸੀ। ਦਿਨ ਨੂੰ ਉਹ ਫੈਕਟਰੀ ਵਿਚ ਕੰਮ ਕਰਦਾ ਤੇ ਸ਼ਾਮ ਨੂੰ ਦੁਕਾਨਾਂ ਉੱਤੇ ਲੱਗੇ ਨੋਟਿਸ ਪੜ੍ਹ ਕੇ ਖਾਲੀ ਘਰ ਵੇਖਣ ਜਾਂਦਾ। ਅੰਗਰੇਜ਼ ਤਾਂ ਕਾਲਾ ਆਦਮੀ ਵੇਖ ਕੇ ਪਹਿਲਾਂ ਹੀ ‘ਸੌਰੀ’ ਕਹਿ ਦਿੰਦੇ ਤੇ ਉਸਦੇ ਆਪਣੇ ਦੇਸ਼ ਵਾਸੀ ਇਕ ਬੱਚਾ ਸੁਣ ਕੇ ਨਾਂਹ ਕਰ ਦਿੰਦੇ।
ਬੜੀ ਭੱਜ ਨੱਠ ਤੋਂ ਬਾਅਦ ਉਸਦੀ ਭੂਆ ਦੇ ਲੜਕੇ ਨੇ ਉਹਨਾਂ ਨੂੰ ਇੱਕ ਕਮਰਾ ਦੇ ਦਿੱਤਾ। ਉਸਦਾ ਨਵਾਂ ਨਵਾਂ ਘਰ ਖੁੱਿਲ੍ਹਆ ਸੀ। ਕਿਰਾਏਦਾਰ ਰੱਖਣ ਤੇ ਪਾਬੰਦੀ ਸੀ। ਇਸੇ ਲਈ ਉਸਦੇ ਭਰਾ ਨੇ ਕਿਹਾ ਕਿ ਜੇ ਕੋਈ ਚੈੱਕ ਕਰਨ ਆਵੇ ਤਾਂ ਇਹੀ ਆਖਣਾ ਕਿ ਅਸੀਂ ਪ੍ਰਾਹੁਣੇ ਹਾਂ ਤੇ ਕੁਝ ਦਿਨਾਂ ਤਕ ਚਲੇ ਜਾਵਾਂਗੇ……।
ਭਾਵੇਂ ਸਭ ਕੁਝ ਉਹੋ ਸੀ। ਉਸਦੀ ਬੱਚੀ, ਉਸਦੀ ਪਤਨੀ- ਪਰ ਉਹ ਪਹਿਲੀ ਕੁਦਰਤੀ ਖੁ਼ਸ਼ੀ ਨਹੀਂ ਸੀ। ਉਸ ਵਿਚ ਵਿਸ਼ਵਾਸ ਘਟਦਾ ਜਾ ਰਿਹਾ ਸੀ। ਘਟੀਆਪਣ ਦਾ ਅਹਿਸਾਸ ਪੈਦਾ ਹੋ ਗਿਆ ਸੀ।
ਹੁਣ ਜਦੋਂ ਉਹ ਘਰ ਆਉਂਦਾ, ਉਸਨੂੰ ਅੱਗੇ ਜਿੰਨਾ ਚਾਅ ਨਾ ਹੁੰਦਾ। ਜਦੋਂ ਉਸਦੀ ਬੱਚੀ ਹੱਸਦੀ, ਉਹ ਉਸ ਵੱਲ ਵੇਖ ਕੇ ਮਸਨੂਈ ਜਿਹਾ ਹਸ ਛਡਦਾ। ਜਦੋਂ ਰੋਂਦੀ ਫੌਰਨ ਚੁਪ ਕਰਾਉਣ ਦਾ ਯਤਨ ਕਰਦਾ-ਉਹ ਬਹੁਤ ਡਰ ਗਿਆ ਸੀ।
ਉਸਦੀ ਭਰਜਾਈ ਦਾ ਵਤੀਰਾ ਵੀ ਕੁਝ ਦਿਨਾਂ ਤੋਂ ਮਾੜੇ ਤੋਂ ਮਾੜਾ ਹੁੰਦਾ ਜਾ ਰਿਹਾ ਸੀ। ਜਦੋਂ ਉਹ ਸ਼ਾਮ ਨੂੰ ਘਰ ਆਉਂਦਾ ਤਾਂ ਉਸਦੀ ਪਤਨੀ ਅਕਸਰ ਉਦਾਸ ਹੀ ਹੁੰਦੀ ਤੇ ਉਸਦੇ ਪੁੱਛਣ ਤੇ ਭਰਜਾਈ ਦਾ ਪਾਠ ਆਰੰਭ ਕਰ ਦਿੰਦੀ ਸੀ
ਅੱਜ ਭਰਜਾਈ ਕਹਿੰਦੀ ਸੀ:
“ਤੇਰੀ ਕੁੜੀ ਨੇ ਗਿੱਲੇ ਹੱਥ ਲਾ ਕੇ ਪੇਪਰ ਖ਼ਰਾਬ ਕਰ ਦਿੱਤਾ……।”
ਅੱਜ ਭਰਜਾਈ ਕਹਿੰਦੀ ਸੀ।
“ਤੇਰੀ ਕੁੜੀ ਨ੍ਹਾਉਣ ਲੱਗੀ ਬਾਥ 'ਚ ਟੱਪਦੀ ਐ ਤੇ ਬਾਹਰ ਛਿੱਟੇ ਪੈ ਕੇ ਲਾਇਨੋ ਖ਼ਰਾਬ ਹੁੰਦੀ ਐ।”
“ਰਾਤ ਤੇਰੀ ਕੁੜੀ ਅੱਧੀ ਰਾਤੋਂ ਰੋਂਦੀ ਪਈ ਸੀ। ਇਨ੍ਹਾਂ ਦੀ ਅੱਖ ਖੁਲ੍ਹ ਗਈ ਤੇ ਇਨ੍ਹਾਂ ਨੇ ਬੜਾ ਮੈਂਡ ਕੀਤਾ- ਜੇ ਗੁਆਂਢੀ ਗੋਰੇ ਰਪੋਟ ਕਰ ਦਿੰਦੇ ਤਾਂ ਪੁਲਸ ਵੀ ਫੜ੍ਹ ਕੇ ਲੈ ਜਾਂਦੀ……।”
ਭਰਜਾਈ ਅੱਜ ਕਹਿੰਦੀ ਸੀ……।
ਭਰਜਾਈ ਅੱਜ ਕਹਿੰਦੀ ਸੀ……।
ਉਸਦੀ ਅਜੀਬ ਹਾਲਤ ਸੀ। ਫ਼ੈਕਟਰੀ ਵਿੱਚੋਂ ਛੁੱਟੀ ਹੁੰਦਿਆਂ ਜਿਵੇਂ ਉਸਦੇ ਪੈਰ ਜੰਮ ਜਾਂਦੇ- ਉਸਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਤੇ ਉਸਦੇ ਦਿਮਾਗ਼ ਉੱਤੇ ਭਰਜਾਈ ਦੇ ਕਹੇ ਸ਼ਬਦ ਵਦਾਣਾਂ ਵਾਂਗ ਵੱਜਣ ਲੱਗ ਪੈਂਦੇ। ਉਸਦੇ ਮਨ ਵਿਚ ਹਰ ਸਮੇਂ ਇੱਕ ਘੋਲ ਹੁੰਦਾ ਰਹਿੰਦਾ।
ਉਹ ਅਜਿਹੀਆਂ ਗੱਲਾਂ ਵੀ ਸੋਚਦਾ ਰਹਿੰਦਾ ਜਿਹੜੀਆਂ ਹਾਲੇ ਵਾਪਰੀਆਂ ਵੀ ਨਹੀਂ ਸਨ।ਜੇ ਮੇਰੀ ਬੱਚੀ ਬਿਮਾਰ ਹੋ ਜਾਏ ਤੇ ਉਹ ਸਾਰੀ ਰਾਤ ਰੋਂਦੀ ਰਹੇ ਤਾਂ ਇਹ ਸਾਨੂੰ ਅਗਲੇ ਦਿਨ ਹੀ ਘਰੋਂ ਕੱਢ ਦੇਣ……ਜੇ ਧੁੱਪ ਨਿਕਲਣ ਤੇ ਮੇਰੀ ਬੱਚੀ ਗਾਰਡਨ ਵਿਚ ਖੇਡਣ ਲੱਗ ਜਾਏ ਤੇ ਹੱਸਣ ਲੱਗ ਪਏ ਤਾਂ ਭਰਜਾਈ ਨੇ ਆਖਣਾ ਹੈ: “ਇਸ ਨੂੰ ਕਮਰੇ ਵਿਚ ਬੰਦ ਕਰ ਲਵੋ, ਗਵਾਂਢੀ ਗੋਰੇ ਨੇ ਰਪੋਟ ਕਰਕੇ ਪੁਲਸ ਬੁਲਾ ਲੈਣੀ ਹੈ……ਜੇ……ਜੇ……।”
ਭਰਜਾਈ ਅੱਜ ਕਹਿੰਦੀ ਸੀ………।
ਉਸਦੀ ਅਜੀਬ ਹਾਲਤ ਸੀ। ਉਹ ਹਰ ਸਮੇਂ ਖੋਇਆ ਖੋਇਆ, ਅੱਕਿਆ ਅੱਕਿਆ, ਮੱਚਿਆ ਮੱਚਿਆ ਰਹਿਣ ਲੱਗ ਪਿਆ। ਘਰ ਵਿਚ ਖੁਸ਼ੀਆਂ ਉੱਡ ਗਈਆਂ ਤੇ ਤਲਖ਼ੀਆਂ ਵਧ ਗਈਆਂ।
ਹਿਲਾਂ ਪਹਿਲਾਂ ਚੁੱਪ ਚੁੱਪ ਰਹਿਣ ਲੱਗ ਪਿਆ……।
ਫਿਰ ਆਪਣੀ ਪਤਨੀ ਨਾਲ ਕੌੜਾ ਬੋਲਣ ਲਗ ਪਿਆ……।
ਫਿਰ ਆਪਣੀ ਬੱਚੀ ਨੂੰ ਗਾਲ੍ਹਾਂ ਕੱਢਣ ਲੱਗ ਪਿਆ……।
ਫਿਰ ਉਸਨੂੰ ਮਾਰਨ ਲੱਗ ਪਿਆ- ਰੋਜ਼ ਮਾਰਨ ਲੱਗ ਪਿਆ……।
ਤੇ ਬੱਚੀ ਦੀਆਂ ਗੱਲ੍ਹਾਂ ਤੇ ਉਂਗਲਾਂ ਦੇ ਨਿਸ਼ਾਨ ਇਉਂ ਲੱਗਦੇ ਸਨ ਜਿਵੇਂ ਜਮਾਂਦਰੂ ਹੋਣ…।
ਪਰ ਕੁੜੀ ਏਨੀ ਢੀਠ ਸੀ ਕਿ ਚਪੇੜਾਂ ਤੇ ਚਪੇੜਾਂ ਖਾ ਕੇ ਵੀ ਰੋਂਦੀ ਰਹਿੰਦੀ- ਸਗੋਂ ਹੋਰ ਉੱਚੀ ਰੋਂਦੀ।
ਉਸਦੀ ਅਜੀਬ ਹਾਲਤ ਸੀ।
ਕੰਮ ਕਰਦਿਆਂ ਉਹ ਆਪਣੇ ਆਪ ਨੂੰ ਲਾਹਨਤਾਂ ਪਾਉਂਦਾ ਰਹਿੰਦਾ- ਪਛਤਾਉਂਦਾ ਰਹਿੰਦਾ। ਪਰ ਘਰ ਆ ਕੇ ਉਸਦਾ ਉਹੀ ਵਤੀਰਾ ਹੁੰਦਾ। ਕੰਮ ਕਰਦਿਆਂ ਕਈ ਵਾਰ ਉਹ ਇੰਜ ਵੀ ਸੋਚਦਾ ਕਿ ਇਹ ਕੁੜੀ ਜੇ ਕਿਸੇ ਤਰ੍ਹਾਂ ਮਰ ਜਾਏ ਤਾਂ ਸਾਰੀਆਂ ਮੁਸੀਬਤਾਂ ਕੱਟੀਆਂ ਜਾਣ। ਪਰ ਦੂਜੇ ਹੀ ਪਲ ਉਹ ਆਪਣੇ ਆਪ ਨੂੰ ਲਾਹਨਤਾਂ ਪਾਉਂਦਾ। ਉਸਨੂੰ ਆਪਣੇ ਆਪ ਤੋਂ ਬਦਬੂ ਆਉਣ ਲੱਗਦੀ……।
ਕੁਝ ਦਿਨਾਂ ਤੋਂ ਬੱਚੀ ਨੂੰ ਚੁੱਪ ਕਰਾਉਣ ਲਈ ਉਸਨੇ ਇੱਕ ਨਵਾਂ ਤਰੀਕਾ ਈਜਾਦ ਕਰ ਲਿਆ ਸੀ ਜਿਹੜਾ ਕਾਫ਼ੀ ਹੱਦ ਤੱਕ ਕਾਮਯਾਬ ਸੀ। ਜਦੋਂ ਉਸਦੀ ਬੱਚੀ ਰੋਂਦੀ ਤਾਂ ਉਹ ਦਬਕਾ ਮਾਰਦਾ ‘ਚੁੱਪ!’ ਜੇ ਉਹ ਹੋਰ ਉੱਚੀ ਰੋਣ ਲੱਗ ਪੈਂਦੀ ਤਾਂ ਉਹ ਉਸਦੇ ਮੂੰਹ ਉੱਤੇ ਹੱਥ ਰੱਖ ਕੇ ਉਸਦੀ ਚੀਕ ਅੰਦਰ ਹੀ ਨੱਪ ਦਿੰਦਾ- ਬੱਚੀ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਤੇ ਗਲ ਦੀਆਂ ਨਾੜਾਂ ਖੜੀਆਂ ਹੋ ਜਾਂਦੀਆਂ- ਸਾਹ ਰੁਕ ਜਾਂਦਾ। ਕੁਝ ਦਿਨਾਂ ਦੇ ਇਸ ਤਜਰਬੇ ਨੇ ਆਪਣਾ ਹੀ ਰੰਗ ਵਿਖਾਇਆ ਕਿ ਬੱਚੀ ਉੱਕਾ ਹੀ ਹੱਸਣੋਂ ਬੋਲਣੋਂ ਹਟ ਗਈ ਉਹ ਜਿਵੇਂ ਇੱਕ ਪੱਥਰ ਹੋਵੇ।
ਇਸ ਹਾਲਤ ਨੇ ਉਸਨੂੰ ਅਤੇ ਉਸਦੀ ਪਤਨੀ ਨੂੰ ਹੋਰ ਵੀ ਦੁਖੀ ਕਰ ਦਿੱਤਾ। ਉਸਦੀ ਪਤਨੀ ਦਿਲ ਘਟਣ ਦੀ ਸਿ਼ਕਾਇਤ ਕਰਨ ਲੱਗ ਪਈ। ਉਹ ਅੱਠੇ ਪਹਿਰ ਆਪਣੇ ਆਪ ਨੂੰ ਕੋਸਦਾ ਰਹਿੰਦਾ- ਕੋਸਦਾ ਰਹਿੰਦਾ।
ਉਸਦੀ ਪਤਨੀ ਭਾਵੇਂ ਆਪ ਬੜੀ ਔਖੀ ਸੀ, ਪਰ ਉਸਨੂੰ ਆਪਣੇ ਪਤੀ ਦਾ ਬਹੁਤਾ ਫਿ਼ਕਰ ਰਹਿੰਦਾ, ਜਿਵੇਂ ਹਿੰਦੁਸਤਾਨੀ ਔਰਤਾਂ ਨੂੰ ਹੁੰਦਾ ਹੈ। ਉਹ ਹਰ ਸਮੇਂ ਕੋਈ ਰਾਹ ਲਭਦੀ ਰਹਿੰਦੀ……।
ਇੱਕ ਸ਼ਾਮ ਰੋਟੀ ਖਾਣ ਤੋਂ ਬਾਅਦ, ਉਸਦੀ ਪਤਨੀ ਨੇ ਗੱਲ ਤੋਰੀ:
“ਜੇ ਆਪਾਂ ਗੁੱਡੀ ਨੂੰ ਇੰਡੀਆ ਤੋਰ ਦੇਈਏ ਤਾਂ ਇਹ ਆਰਾਮ ਨਾਲ ਮੇਰੇ ਮਾਂ ਬਾਪ ਕੋਲ ਰਹੇਗੀ- ਉਹ ਅੰਤਾਂ ਦਾ ਚਾਅ ਕਰਦੇ ਨੇ।”
ਪਤਨੀ ਦੀ ਗੱਲ ਸੁਣ ਕੇ ਉਸਨੇ ਆਪਣੇ ਆਪ ਨੂੰ ਇਉਂ ਸਾਵਧਾਨ ਕੀਤਾ ਜਿਵੇਂ ਪੱਥਰ ਵਿਚ ਜਾਨ ਪੈ ਗਈ ਹੋਵੇ। ਉਸਨੇ ਆਪਣੀ ਪਤਨੀ ਦੇ ਹੱਥ ਫੜ੍ਹ ਕੇ ਬੁਲ੍ਹਾਂ ਨਾਲ ਲਾ ਲਏ। ਦੋਵੇਂ ਉੱਠ ਕੇ ਸੁੱਤੀ ਪਈ ਬੱਚੀ ਨੂੰ ਤੱਕਣ ਲੱਗੇ। ਬੱਚੀ, ਜਿਵੇਂ ਕੌਟ ਵਿਚ ਇਕ ਪੱਥਰ ਪਿਆ ਹੋਵੇ…।
ਉਨ੍ਹਾਂ ਇਕ ਬੰਦਾ ਵੀ ਲੱਭ ਲਿਆ, ਜਿਸਨੇ ਅਗਲੇ ਮਹੀਨੇ ਇੰਡੀਆ ਜਾਣਾ ਸੀ!
ਬੱਚੀ ਦੇ, ਉਸਦੀ ਬੱਚੀ ਦੇ ਇੰਡੀਆ ਜਾਣ ਦਾ ਦਿਨ ਨੇੜੇ ਆ ਰਿਹਾ ਸੀ ਤੇ ਉਸਦਾ ਸਲੂਕ ਹੁਣ ਬਦਲ ਰਿਹਾ ਸੀ- ਉਹ ਬੱਚੀ ਨੂੰ ਚੁੱਕਣ ਦੀ ਕੋਸਿ਼ਸ਼ ਕਰਦਾ ਪਰ ਉਹ ਇੱਕ ਪੱਥਰ ਵਾਂਗ ਕੰਧ ਵੱਲ ਵੇਖਦੀ ਰਹਿੰਦੀ ਤੇ ਉਹ ਆਪਣੇ ਆਪ ਨੂੰ ਹੋਰ ਲਾਹਨਤਾਂ ਪਾਉਂਦਾ……।
ਜਿਸ ਦਿਨ ਉਸਦੀ ਬੱਚੀ ਨੇ ਜਾਣਾ ਸੀ, ਉਸਤੋਂ ਪਹਿਲੀ ਰਾਤ ਉਹ ਬਿਲਕੁਲ ਨਾ ਸੌਂ ਸਕਿਆ। ਉਸ ਨੂੰ ਜਾਪ ਰਿਹਾ ਸੀ ਜਿਵੇਂ ਉਹ ਬਹੁਤ ਵੱਡਾ ਪਾਪੀ ਹੋਵੇ ਤੇ ਉੇਸ ਦੇ ਸਾਰੇ ਪਾਪ ਉਸਦੇ ਜਿਗਰ ਵਿਚ ਸੰਗੀਨਾਂ ਮਾਰ ਰਹੇ ਹੋਣ- ਉਸਦੀਆਂ ਅੱਖਾਂ ਆਬਸ਼ਾਰਾਂ ਵਾਂਗ ਵਹਿ ਰਹੀਆਂ ਸਨ……।
ਦਿਨ ਚੜ੍ਹਿਆ, ਤਿਆਰ ਹੋਏ ਤੇ ਉਠ ਪਏ। ਪਰ ਬੱਚੀ ਸੀ ਕਿ ਉੱਕਾ ਹੀ ਚੁਪ, ਪੱਥਰ ਦੀ ਪੱਥਰ।
ਏਅਰ-ਪੋਰਟ ਤੇ ਜਦੋਂ ਏਅਰ ਇੰਡੀਆ ਦੀਆਂ ਸਵਾਰੀਆਂ ਨੂੰ ਆਵਾਜ਼ ਪਈ, ਉਸਦੀ ਪਤਨੀ ਨੇ ਬੱਚੀ ਜਾਣ ਵਾਲੇ ਸੱਜਣ ਨੂੰ ਫੜ੍ਹਾ ਦਿੱਤੀ। ਜਾਣ ਤੋਂ ਪਹਿਲਾਂ ਉਸਨੇ ਆਪਣੀ ਬੱਚੀ ਨੂੰ ਫੜ੍ਹਨਾ ਚਾਹਿਆ, ਕਿਉਂਕਿ ਜਦੋਂ ਦੀ ਉਹ ਪੱਥਰ ਬਣੀ ਸੀ, ਉਸ ਨੇ ਉਸ ਵੱਲ ਮੂੰਹ ਤੱਕ ਨਹੀਂ ਸੀ ਕੀਤਾ- ਵਿਦਾਇਗੀ ਸਮੇਂ ਵੀ ਉਹ ਉਸ ਕੋਲ ਨਾ ਆਈ।
ਜਦੋਂ ਜਾਣ ਵਾਲਾ ਸੱਜਣ ਉਸਨੂੰ ਮੋਢੇ ਲਾ ਕੇ ਤੁਰਿਆ, ਤਾਂ ਚਾਰ ਕੁ ਕਦਮ ਜਾ ਕੇ ਬੱਚੀ ਉੱਚੀ ਉੱਚੀ ਚੀਕਾਂ ਮਾਰਨ ਲੱਗ ਪਈ। ਉਹ ਆਪਣੀ ਬੱਚੀ ਨੂੰ ਆਖ਼ਰੀ ਵਾਰ ਗਲ ਲਾਉਣ ਲਈ ਉਸ ਵੱਲ ਭੱਜਿਆ। ਹਾਲੀਂ ਉਸਨੇ ਆਪਣੀਆਂ ਬਾਹਾਂ ਵਧਾਈਆਂ ਹੀ ਸਨ, ਕਿ ਉਸਦੀ ਬੱਚੀ ਨੇ ਬਿਜਲੀ ਦੀ ਤੇਜ਼ੀ ਨਾਲ ਆਪਣਾ ਹੱਥ ਮੂੰਹ ਉੱਤੇ ਰੱਖ ਲਿਆ ਅਤੇ ਜਾਣ ਵਾਲੇ- ਅਜਨਬੀ ਦੇ ਗਲ ਨਾਲ ਚੰਬੜ ਗਈ।

-0-

Home  |  About us  |  Troubleshoot Font  |  Feedback  |  Contact us

© 2007-08 Seerat.ca, Canada

Website Designed by Gurdeep Singh +91 98157 21346 9815721346