ਰੰਗ ਉਸਦਾ ਨਕੋਰਾ ਰੂਪ ਉਸਦਾ ਇਲਾਹੀ।
ਸ਼ਖਸ਼ੀਅਤ ਨੇ ਜੋਗੀ ਬਣਾਏ ਰਾਂਝੇ ਮਾਹੀ।
ਨਕਸ਼ ਸੰਗਮਰਮਰ ਤੋਂ ਘੜੇ ਲੰਮੇ ਰੇਸ਼ਮੀ ਵਾਲ਼
ਸੀਨਾ ਮਾਣ ਨਾਲ ਭਰਿਆ ਨੈਣ ਕੀਲਦੇ ਨਾਗ
ਛਾਤੀਆਂ ਦੇ ਉਭਾਰ ਹਿਮਾਲੀਆ ਤੋਂ ਉੱਚੇ
ਅੱਖਾਂ ਮਿਲਾਕੇ ਉਸ ਨਾਲ ਰਾਹ ਭੁੱਲਦੇ ਰਾਹੀ।
ਕੱਦ ਉਸਦਾ ਉੱਚਾ, ਬੁੱਲ੍ਹ ਪੱਤੀਆਂ ਗੁਲਾਬੀ
ਖਾ ਜਾਂਦੀ ਤੱਕਣੀ ਉਸਦੀ ਬਣਕੇ ਗੰਧਕ ਤਿਜਾਬੀ
ਫ਼ੁੱਲ ਝੜ ਜਾਂਦੇ ਜਦੋਂ ਬਾਗ ਵਿੱਚ ਲੰਘੇ
ਸੁਨਿਆਰੇ ਦੀ ਹੱਟੀ ਲੁੱਟਦੇ ਗਹਿਣੇ ਚੁਰਾਉਂਦੇ ਸਿਪਾਹੀ।
ਮਹਿੰਦੀ ਵਾਲੇ ਹੱਥਾਂ ਦੀਆਂ ਸੁਣਕੇ ਤਾੜੀਆਂ
ਸਾਹ ਟੁੱਟ ਜਾਂਦੇ ਕਬੱਡੀ ਦੇ ਖਿਲਾੜੀਆਂ
ਲੜਨ ਲੱਗੇ ਬਾਣੀਆਂ ਗਾਹਕਾਂ ਦੇ ਨਾਲ
ਕੁਰਾਹੇ ਪੈਣ ਤੋਂ ਕੋਈ ਕਰੇ ਨਾ ਮਨਾਹੀ।
ਹੱਸਦੀ ਦੇ ਚਿੱਟੇ ਦੰਦ ਹੰਸ ਦੇਖ ਸੜੇ
ਗੌਣ ਸੁਣਕੇ ੳਸਦੇ ਕੋਇਲਾਂ ਨੂੰ ਨਸ਼ੇ ਚੜ੍ਹੇ
ਉਸਨੂੰ ਦੇਖਣ ਲੁਹਾਰ ਛੱਡ ਆਹਰਣ ਘੁਮਾਉਣਾਂ
ਤਿਆਰ ਹੁੰਦੇ ਗੱਭਰੂ ਗਲ਼ ਲੈਣ ਲਈ ਫਾਹੀ।
ਮੱਥਾ ਹਾਸੇ ਨਾਲ ਚਮਕੇ, ਠੋਡੀ ਪੈਣ ਟੋਏ
ਅਵਾਜ ਦਾ ਸੰਗੀਤ ਸੁਣਕੇ, ਬੈਂਜੋ ਬੰਦ ਹੋਏ
ਜਵਾਨੀ ਪੁੰਨਿਆਂ ਵਾਂਗਰ ਕਦੇ ਕਦਾਈਂ ਦਿਖਦੀ
ਦਿਲਦਾਰਾਂ ਨੇ ਗੇੜੇ ਮਾਰਕੇ ਉਸਦੀ ਗਲੀ ਗਾਹੀ।
ਪੰਜੇਬਾਂ ਦੀ ਮਿੱਠੀ ਤਰਜ ਗਾਉਂਦੇ ਨੌਜਵਾਨ
ਹੱਲਾਸ਼ੇਰੀ ਸੁਣਕੇ ਉਸਦੀ ਜਿੱਤੇ ਹਾਰਦਾ ਭਲਵਾਨ
ਅਖ਼ਾੜੇ ਵਿੱਚ ਨੱਚਦੀ ਉਹ ਧਰਤ ਹਿਲਾਉਂਦੀ
ਲੰਬੜਦਾਰਾਂ ਨੂੰ ਭੁੱਲ ਜਾਂਦੀ ਕਰਨੀ ਉਗਰਾਹੀ।
ਉਸ ਰੱਖੀ ਦਾਗਹੀਣ ਸ਼ਾਨਦਾਰ ਆਪਣੀ ਰਹਿਣੀ
ਚੋਟੀ ਦੀਆਂ ਨਾਰਾਂ ਨਾਲ ਉੱਠਣੀ ਬਹਿਣੀ
ਚਲਿੱਤਰ ਦੇ ਚਰਚੇ ਸੱਥਾਂ ਵਿੱਚ ਉੱਠਣ
ਅਜਨਬੀ ਰੁਕ ਪੁੱਛਣ ਉਹ ਕੁਆਰੀ ਜਾਂ ਵਿਆਹੀ।
ਘੱਗਰਾ ਢਕਦਾ ਲੱਤਾਂ, ਗਿੱਟੇ ਉਸਦੇ ਦਿਖਦੇ
ਘਣੀਆਂ ਜ਼ੁਲਢਾਂ ਨਾਲ ਫਨੀਅਰ ਸੱਪ ਲਿਪਟੇ
ਰੂਪ ਦੀਆਂ ੳਸਤਤਾਂ ਲਿਖਕੇ ਨਿੱਭਾਂ ਘਸੀਆਂ
ਕਵੀਆਂ ਦੇ ਕਲਮ ਵਿੱਚੋਂ ਮੁੱਕੀ ਸਿਆਹੀ।
ਅਦਾ ਨਾਲ ਉਸਦੀ, ਰੰਗ ਬਦਲਦੇ ਅੰਬਰ
ਉਸਨੂੰ ਬਣਾਕੇ ਸਾਂਚਾ ਤੋੜ ਦੇਵੇ ਪੈਗੰਬਰ
ਬਣੇ ਜੋਗੀ ਹਿਜਰ ਵਿੱਚ ਤਾਕਤਾਂ ਵਾਲੇ
ਪੈਰਾਂ ਤੇ ਉਹਦੇ ਰੱਖ ਰਾਜ, ਤਖਤ, ਸ਼ਹਿਨਸ਼ਾਹੀ।
ਮੈਂ ਬਚਨ ਦੇਵਾਂ ਤੇਰੇ ਨਾਲ ਜਿਉਣ ਦਾ
ਯਾਰੀ ਆਖਰੀ ਸਾਹ ਤੱਕ ਨਿਭਾਉਣ ਦਾ
ਜਦ ਹੁਸਨ ਢਲੇ ਤੈਨੂੰ ਪਿਆਰ ਕਰਾਂਗਾ
ਯਾਰਾ ਮੇਰੀ ਮੁਹੱਬਤ ਦੀ ਰੱਬ ਦੇਵੇ ਗਵਾਹੀ।
ਤੂੰ
ਕਾਕਾ ਗਿੱਲ
ਮੇਰਾ ਗੀਤ ਹੈ ਤੂੰ ਮੇਰੀ ਗ਼ਜ਼ਲ ਹੈ ਤੂੰ।
ਮੇਰਾ ਰਾਹ ਹੈ ਤੂੰ ਮੇਰੀ ਮੰਜਿਲ ਹੈ ਤੂੰ।
ਕਾਹਤੋਂ ਪਿਆਰ ਦੀ ਹੁੰਦੀ ਚੁੰਬਕ ਵਰਗੀ ਖਿੱਚ
ਗੁਜਾਰੀ ਮੈਂ ਉਮਰ ਸਾਰੀ ਇਸਦਾ ਜੁਆਬ ਲੱਭਣ ਵਿੱਚ
ਮੇਰੀ ਚੁੱਪ ਹੈ ਤੂੰ ਮੇਰੀ ਗੱਲ ਹੈ ਤੂੰ।
ਦਿਲ ਲੁੱਟਣ ਵਾਲੇ ਚੋਰਾਂ ਦੇ ਪੈਰ ਨਹੀਂ ਹੁੰਦੇ
ਲਾਕੇ ਮੁਹੱਬਤਾਂ ਰਾਜਾਂ ਵਾਲੇ ਸੌਂਦੇ ਕੁੱਲੀਆਂ ਛੱਡਕੇ ਬੁੰਗੇ
ਮੇਰੀ ਕੱਸ ਹੈ ਤੂੰ ਮੇਰੀ ਢਿੱਲ ਹੈ ਤੂੰ।
ਸੇਕ ਸਹਿਕੇ ਉੱਬਲਦੀ ਸੱਧਰ ਉੱਠਣ ਹਵਾ ਦੇ ਬੁਲਬਲੇ
ਭੱਠੀ ਦੀ ਗਰਮ ਰੇਤਾ ਵਿੱਚ ਭੁੰਨੇ ਜਾਂਦੇ ਦਿਲਜਲੇ
ਮੇਰਾ ਦਾਣਾ ਹੈ ਤੂੰ ਮੇਰੀ ਖਿੱਲ ਹੈ ਤੂੰ।
ਕਦੇ ਗੁਆਚੇ ਹੋਏ ਮਸ਼ੂਕ ਥਲੀਂ ਹਿਜਰ ਵਿੱਚ ਭਟਕਣ
ਲੱਭਦੇ ਗੁਜਰੇ ਹੋਏ ਕਾਫ਼ਲਿਆਂ ਨੂੰ ਬਿਰਹੋਂ ਵਿੱਚ ਤੜਫਣ
ਮੇਰਾ ਹਕੀਮ ਹੈ ਤੂੰ ਮੇਰਾ ਕਾਤਿਲ ਹੈ ਤੂੰ।
ਕੋਈ ਇਸ਼ਕ ਦਾ ਮਾਰਿਆ ਜੋਗੀ ਧੂਣੀ ਧੁਖਾਈ ਬੈਠਾ
ਕੋਈ ਭਗਵੇਂ ਕੱਪੜੇ ਪਾਕੇ ਕੰਨੀਂ ਮੁੰਦਰਾਂ ਪੁਆਈ ਬੈਠਾ
ਮੇਰਾ ਮਨ ਹੈ ਤੂੰ ਮੇਰਾ ਦਿਲ ਹੈ ਤੂੰ।
-0- |