ਛਾਤੀ ਤੇਰੀ ਪੁਤ ਮੰਗਦੀ ਤੇਰੇ ਪੱਟ ਮੰਗਦੇ ਮੁਕਲਾਵਾ। - ਲੋਕਗੀਤ
ਇਕ ਦਾਣੇ ਤੋਂ ਬੋਹਲ਼ ਦਾ
ਪਤਾ ਲਗ ਜਾਂਦਾ ਹੁੰਦਾ ਹੈ। ਇਸ ਇੱਕੋ ਬੋਲੀ ਤੋਂ ਪੰਜਾਬੀ ਲੋਕਬਾਣੀ ਦੀ ਅਮੀਰੀ ਦਾ ਅੰਦਾਜ਼ਾ
ਹੋ ਸਕਦਾ ਹੈ। ਇਹ ਬੋਲੀ ਤੀਵੀਂ ਦੇ ਪਿੰਡੇ ਨੂੰ ਮਾਣਨ ਤੇ ਮਾਣਦਿਆਂ ਦੇਖ ਸਕਣ, ਵਾਤ੍ਸਲਯ
ਅਤੇ ਜ਼ਿੰਦਗੀ ਦੀ ਵੇਲ ਹਰੀ ਦੇਖਣ ਦੀ ਖ਼ਾਹਿਸ਼ ਹੈ। ਇਹ ਇਨਸਾਨੀ ਜਿਸਮ ਦੇ ਜਸ਼ਨ ਚ ਸ਼ਾਮਿਲ ਹੋਣ
ਦਾ ਸੱਦਾ ਹੈ। ਇਹ ਬੋਲੀ ਪਹਿਲਾਂ ਕਿਹਨੇ ਪਾਈ ਹੋਏਗੀ? ਇਹ ਕਿਸੇ ਕੁਆਰੀ ਜਾਂ ਪੇਕੇ ਬੈਠੀ
ਵਿਆਹੀ ਕੁੜੀ ਨੂੰ ਸੁਣਾਈ ਗਈ ਹੈ। ਇਹ ਬੋਲੀ ਪਾਣ ਵਾਲ਼ਾ ਕਿੰਨਾ ਸੁਹਣਾ ਮੁੰਡਾ ਹੋਏਗਾ;
ਸੁਹਣੀਆਂ ਅੱਖਾਂ ਵਾਲ਼ਾ। ਸਾਡੇ ਸਮਾਜ ਵਿਚ ਮੁੰਡੇ ਕੁੜੀ ਦਾ ਇਸ਼ਕ ਤਲਵਾਰ ਦੀ ਧਾਰ ਉੱਤੇ ਤੁਰਨ
ਬਰਾਬਰ ਹੁੰਦਾ ਸੀ। ਉਹ ਵੇਲੇ ਹੁਣ ਵਾਲ਼ੇ ਨਹੀਂ ਸਨ। ਅੱਜ ਜਿੰਨੀ ਖੁੱਲ੍ਹ ਓਦੋਂ ਕਿੱਥੇ ਸੀ।
ਪਹਿਲਾਂ ਪਿਆਰ ਪਰਵਾਨ ਕਿਹਦਾ ਚੜ੍ਹਦਾ ਸੀ? ਇਕ ਛੁਹ, ਇਕ ਨਜ਼ਰ ਦੇ ਸਰਸ਼ਾਰੇ ਅਪਣੀ ਜੂਨ ਕਟ
ਜਾਂਦੇ ਸਨ।
ਇਹ ਬੋਲੀ ਸ਼ਾਇਦ ਛਪਾਰ ਵਰਗੇ ਕਿਸੇ ਮੇਲੇ ਵਿਚ ਕਿਸੇ ਛੜੇ ਨੇ ਜਾਂ ਤਰਸੇਵੇਂ ਦੇ ਮਾਰੇ ਕਿਸੇ
ਮਸਫੁੱਟ ਨੇ ਬਲ਼ਦੀ ਮਸ਼ਾਲ ਦੀ ਲੋਏ ਅਪਣੀਆਂ ਨਸ਼ੱਈ ਅੱਖਾਂ ਵਿਚ ਕਿਸੇ ਕੁੜੀ ਨੂੰ ਵਸਾ ਕੇ ਉਚਰੀ
ਹੋਏਗੀ। ਸੋਚ ਕੇ ਸਾਹ ਘੁੱਟਦਾ ਹੈ ਕਿ ਜਿਸ ਕੁੜੀ ਲਈ ਇਹ ਬੋਲੀ ਪਾਈ ਗਈ ਹੈ; ਉਹ ਸੁਣ ਨਹੀਂ
ਰਹੀ; ਉਹ ਸੁਣ ਸਕਦੀ ਹੀ ਨਹੀਂ। ਦੁਨੀਆ ਦੇ ਬੰਧੇਜ ਦੀ ਬੱਝੀ ਉਹ ਦੂਰ ਕਿਤੇ ਮਰਦ ਦੀ ਛੁਹ
ਨੂੰ ਤੜਫਦੀ ਬੈਠੀ ਹੈ। ਕੀ ਇਸ ਬੋਲੀ ਪਾਣ ਵਾਲ਼ੇ ਨੇ ਨੰਗੀ ਤੀਵੀਂ ਦੇਖੀ ਹੋਏਗੀ? ਹਿੱਕ ਤੇ
ਪੱਟ? ਓਦੋਂ ਹੁਣ ਵਾਲ਼ੀਆਂ ਬੇਹਯਾ ਤਸਵੀਰਾਂ ਤੇ ਫ਼ਿਲਮਾਂ ਦਾ ਵੀ ਜ਼ਮਾਨਾ ਨਹੀਂ ਸੀ।
ਗੀਤਾਂ ਵਿਚ ਪੰਜਾਬਣ ਸੰਙਦੀ ਨਹੀਂ, ਮਰਦ ਇਸ਼ਾਰਿਆਂ ਨਾਲ਼ ਗੱਲਾਂ ਕਰਦਾ ਹੈ। ਨੇੜੇ ਹੋਣ ਲਈ
ਮਰਦ ਨੂੰ ਔਰਤ ਨਾਲ਼ੋਂ ਵਧ ਮਿਹਨਤ ਕਰਨੀ ਪੈਂਦੀ ਹੈ। ਆਮ ਤੌਰ ‘ਤੇ ਔਰਤ ਮਰਦ ‘ਤੇ ਤਰਸ ਕਰਕੇ
ਮਿਹਰਬਾਨ ਹੁੰਦੀ ਹੈ। ਕੁੜੀਆਂ ਨੂੰ ਜੰਮਣਸਾਰ ਜਾਨੋਂ ਮਾਰਨ ਦੀ ਕੁਰੀਤ ਕਰਕੇ ਪੰਜਾਬ ਵਿਚ
ਹਾਲੇ ਵੀ ਮਰਦਾਂ ਦੀ ਆਬਾਦੀ ਔਰਤਾਂ ਨਾਲ਼ੋਂ ਵਧ ਹੈ। ਫੇਰ ਮੰਦਹਾਲੀ, ਸੁੰਗੜਦੀਆਂ ਜ਼ਮੀਨਾਂ
ਕਰਕੇ ਛੜੇ ਵਧਦੇ ਗਏ। ਮਲਵਈ ਬੋਲੀ ਹੈ - ਘਰ ਦੀ ਨਾਰ ਬਿਨਾਂ, ਕਾਹਦੀਆਂ ਭਰਾਵੋ ਜੂਨਾਂ। -
ਅਖਾੜੇ ਚ ਨਿਤਰ ਕੇ ਵੀ ਮਰਦਾਂ ਦੀ ਢਾਣੀ ਵਿਚ ਵੀ ਭਗਤੂ ਦੀ ਸੰਙ ਨਹੀਂ ਗਈ। ਉਹਨੂੰ ਪਤਾ ਹੈ,
ਦਿਲ ਦੀ ਗੱਲ ਆਖਿਆਂ ਕੋਈ ਕੰਧ ਨਹੀਂ ਢਹਿ ਜਾਣੀ, ਪਰ ਤਾਂ ਵੀ ਨਹੀਂ ਆਖੀ ਜਾਂਦੀ। ਅੱਗੋਂ
ਰੰਨ ਕਿਹੜੀ ਨਿਆਣੀ ਹੈ।
ਬੋਲੀ ਪਾਮਾ ਰੂਹ ਖੁਸ਼ ਕਰ ਦਿਆਂ, ਲੈ ਕੇ ਖੂਪ ਅਨੰਦ ਨੀਂ
ਅੱਡੀਓਂ ਲੈ ਕੇ ਧੁਰ ਚੋਟੀ ਤਾਈਂ, ਰੰਨੇਂ ਗਿਣਾਂ ਅੰਗ ਅੰਗ ਨੀਂ
ਗੋਲ਼ ਵੀਣੀ ਤੇ ਸਜਣ ਚੂੜੀਆਂ, ਭੀੜੀ ਚੜ੍ਹਾਮੇਂ ਵੰਗ ਨੀਂ
ਇੰਦਰ ਲੋਕ ਦੀ ਪਰੀ ਦਿਸੇਂ ਤੂੰ, ਉੜਦੀ ਐਂ ਬਿਨ ਫੰਗ ਨੀਂ
ਧੁੰਨੀ ਤੇਰੀ ਕੌਲ ਸ਼ਰਾਬ ਦਾ, ਪੰਛੀ ਪੀਣ ਭਰ ਭੰਗ ਨੀਂ
ਇਕ ਗੱਲ ਦਾ ਤੈਨੂੰ ਕਹਿਣਾ, ਕੀ ਢਹਿ ਜੂ ਗੀ ਕੰਧ ਨੀਂ
ਭਗਤੂ ਦੀ ਬੋਲੀ ਨੂੰ ਕੋਈ ਨਿੰਦ ਨ ਸਕੂ ਮਲੰਗ ਨੀਂ
ਆਪੇ ਸਮਝ ਰੰਨੇਂ, ਕਹਿੰਦੇ ਨੂੰ ਲਗਦੀ ਸੰਗ ਨੀਂ
ਇਹ ਬੋਲੀ ਸਾਡੇ ਸਾਹਿਤ ਚ ਕਿਉਂ ਨਹੀਂ ਬੋਲਦੀ? ਸਾਡੀ ਜ਼ਿੰਦਗੀ ਚ ਇਹ ਚੁੱਪ ਕਿਉਂ ਹੈ? ਸਾਡੀ
ਬਾਹਲ਼ੀ ਕਵਿਤਾ ਕੀਰਨਿਆਂ ਦੀ ਕਵਿਤਾ ਹੈ। ਪੰਜਾਬੀ ਕੌਮ ਕਿਹਦੀ ਮੁਕਾਣ ਦੇ ਰਹੀ ਹੈ? ਖ਼ੁਸ਼ੀ
ਦੁਰਲੱਭ ਹੈ। ਇਹ ਦੁਰਲਭ ਵੇਲਾ ਕਵਿਤਾ ਕਹਾਣੀ ਚ ਕਿਉਂ ਨਹੀਂ ਘਟਦਾ? ਸਾਨੂੰ ਨੱਚਣਾ ਕਿਉਂ
ਨਹੀਂ ਆਉਂਦਾ?
ਮਾਰਕਸ ਨੇ ਹਿੰਦੁਸਤਾਨ ਵਿਚ ਬਰਤਾਨਵੀ ਹਕੂਮਤ ਨਾਂ ਵਾਲ਼ੇ ਲੇਖ ਵਿਚ ਲਿਖਿਆ ਸੀ ਕਿ
ਹਿੰਦੁਸਤਾਨ ਆਇਰਲੈਂਡ ਵਰਗਾ ਹੀ ਹੈ: ਸਮਾਜੀ ਲਿਹਾਜ਼ ਨਾਲ਼ ਹਿੰਦੁਸਤਾਨ ਪੂਰਬੀ ਇਟਲੀ ਨਹੀਂ,
ਆਇਰਲੈਂਡ ਹੈ। ਆਇਰਲੈਂਡ ਵਾਂਙ ਹਿੰਦੁਸਤਾਨੀਆਂ ਦੀ ਧਾਰਮਿਕ ਪਰੰਪਰਾ ਦੀਆਂ ਦੋ ਗੱਲਾਂ ਵੀ
ਸਾਂਝੀਆਂ ਨੇ - ਇੰਦ੍ਰਿਆਵੀ ਸੁਖਾਵਾਂ ਜਗਤ ਤੇ ਦੁੱਖਾਂ ਦਾ ਜਗਤ। ਇਹ ਧਰਮ ਇਕ ਪਾਸੇ ਤਾਂ
ਇੰਦ੍ਰਿਆਵੀ ਉਛਾਲੇ ਦਾ ਧਰਮ ਹੈ ਅਤੇ ਦੂਜੇ ਪਾਸੇ ਅਪਣੇ ਆਪ ਨੂੰ ਤਸੀਹੇ ਦੇਣ ਵਾਲ਼ੇ ਤਪ ਦਾ
ਧਰਮ।
ਸਾਡੇ ਮਨ ਵਿਚ ਦੁੱਖ ਦਾ ਸੰਸਕਾਰ ਭਾਰੂ ਹੈ, ਤਾਂਹੀਉਂ ਜੋ ਦਿਨ ਲੰਘ ਜਾਏ ਸ਼ੁਕਰ ਕਰੀਦਾ ਹੈ।
ਬਰਤਾਨੀਆ ਦੀ ਗ਼ੁਲਾਮੀ ਹੇਠ ਹਿੰਦੁਸਤਾਨ ਅਪਣੀਆਂ ਰੀਤਾਂ ਤੇ ਇਤਿਹਾਸ ਨਾਲ਼ੋਂ ਟੁੱਟ ਗਿਆ।
ਸਾਡੇ ਧਰਮ ਦਾ ਇੰਦ੍ਰਿਆਵੀ ਪੱਖ ਧਾਰਮਕ ਸੁਧਾਰ ਲਹਿਰਾਂ ਨੇ ਦਬਾ ਕੇ ਰਖ ਦਿੱਤਾ। ਚਿਰ ਹੋਇਆ,
ਵਾਰਿਸ ਸ਼ਾਹ ਨੇ ਕਲਾਮ ਰਾਂਝੇ ਵਿਚ ਪੰਜੇ ਇੰਦਰੀਆਂ ਨੂੰ ਮਾਰ ਕੇ ਨਿਰਵਾਣ ਪਦ ਪਹੁੰਚਣ ਦੀ
ਝੂਠੀ ਚੇਤਨਾ ਨੂੰ ਰਦ ਕਰ ਦਿੱਤਾ ਸੀ:
ਰੰਨਾਂ ਨਾਲ਼ੋਂ ਜੋ ਵਰਜਦੇ ਚੇਲਿਆਂ ਨੂੰ
ਉਹ ਗੂਰੂ ਨਾ ਬੰਨ੍ਹ ਕੇ ਚੋਵਣੇ ਨੇ
ਹੱਸ ਖੇਡਣਾ ਤੁਸੀਂ ਚਾ ਮਨ੍ਹਾ ਕੀਤਾ
ਅਸੀਂ ਧੂੰਏਂ ਦੇ ਗੋਹੇ ਨਾ ਢੋਵਣੇ ਨੇ
...
ਰੰਨ ਵੇਖਣੀ ਐਬ ਹੈ ਅੰਨ੍ਹਿਆਂ ਨੂੰ
ਰੱਬ ਅੱਖੀਆਂ ਦਿੱਤੀਆਂ ਵੇਖਣੇ ਨੂੰ
ਰੱਬ ਨੈਣ ਦਿੱਤੇ ਜਗ ਦੇਖਣੇ ਨੂੰ
ਤੀਵੀਂਆਂ ਸਿੰਘ ਸਭਾ ਲਹਿਰ ਨੂੰ ਕੋਸਦੀਆਂ ਹਨ - ਮਰ ਜਾਣ ਸਿੰਘ ਸਭੀਏ, ਜਿਨ੍ਹਾਂ ਗਿੱਧੇ
ਪਿੰਡਾਂ ਦੇ ਬੰਦ ਕੀਤੇ। - ਇਸੇ ਲਹਿਰ ਨਾਲ਼ ਘੱਗਰਾ ਵੀ ਅਲੋਪ ਹੋ ਗਿਆ। ਬੋਲੀ ਵੀ ਹੈ -
ਘੱਗਰਾ ਬਣ ਮੁੰਡਿਆ, ਤੈਨੂੰ ਗੋਰਿਆਂ ਪੱਟਾਂ ਵਿਚ ਪਾਵਾਂ।
ਤਰੱਕੀਪਸੰਦ ਸਾਹਿਤ ਦੀ ਸੁਰ ਵੀ ਅਖ਼ਲਾਕਪ੍ਰਸਤ ਰਹੀ। ਕਵੀ ਪਿਆਰ ਨੂੰ ਤਰੱਕੀ ਦੇ ਰਾਹ ਦਾ
ਰੋੜਾ ਦੱਸੀ ਗਏ। ਇਸੇ ਕਰਕੇ ਸਾਹਿਤ ਵਿਚ ਵਿਅੰਗ ਵੀ ਨਹੀਂ ਹੋਇਆ। ਪੰਜਾਬੀ ਪਿਆਰ ਕਵਿਤਾ
‘ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ।।।’ ਤੋਂ ਚਲ ਕੇ ਬਿਰਹੋਂ ਦੇ ਕੀੜਿਆਂ ਤਕ ਹੀ ਪਹੁੰਚੀ
ਹੈ। ਸਾਹਿਤ ਵਿਚ ਔਰਤ ਦੋਸਤ ਨਹੀਂ ਹੈ। ਸਾਡੀ ਕਿਸੇ ਲੇਖਕਾ ਨੇ ਨੰਗੇ ਮਨੁੱਖ ਦੇ ਦੀਦਾਰ
ਨਹੀਂ ਕੀਤੇ ਲਗਦੇ। ਇਹਦੇ ਨਾਲ਼ੋਂ ਤਾਂ ਪਿੰਡ ਦੀ ਕੁੜੀ ਕਿਤੇ ਮੋਹਰੇ ਹੈ -
ਤੇਰੀ ਸੇਜ ‘ਤੇ ਜੰਜੀਰੀ ਭੁੱਲ ਆਈ ਆਂ
ਮੈਂ ਆਸ਼ਕਾਂ ਦੀ ਤੱਕੜੀ ਤੁੱਲ ਆਈ ਆਂ
ਸੂਟਾ ਖਿੱਚ ਲੈ ਇਸ਼ਕ ਦਾ ਮੇਰਾ
ਦੰਦੀਆਂ ਦਾ ਕੀ ਵੱਢਣਾ
ਯਾਰਾ ਤੇਰਾ ਘੁੱਟ ਭਰ ਲਾਂ
ਤੈਨੂੰ ਦੇਖਿਆਂ ਸਬਰ ਨਾ ਆਵੇ
ਮੇਰਾ ਯਾਰ ਨੀ ਸਰੂ ਦਾ ਬੂਟਾ
ਰੱਬ ਕੋਲ਼ੋਂ ਲਿਆਈ ਮੰਗ ਕੇ
ਹਿੱਕ ‘ਤੇ ਝੂਟ ਗਿਆ
ਜੱਫੀਆਂ ਦੀ ਪੀਂਘ ਬਣਾ ਕੇ
ਸਾਡੇ ਸੂਫੀ ਕਵੀ ਜਿਸਮਾਨੀ ਇਸ਼ਕ ਦੀ ਗੱਲ ਨਿਸ਼ੰਗ ਕਰਦੇ ਹਨ। ਵਾਰਿਸ ਸ਼ਾਹ, ਮੀਆਂ ਮੁਹੰਮਦ ਬਖ਼ਸ਼
ਤੇ ਹਾਫ਼ਿਜ਼ ਬਰਖ਼ੁਰਦਾਰ ਦੀ ਸ਼ਾਇਰੀ ਚੋਂ ਐਸੀਆਂ ਕਈ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਸ਼ਿਵ
ਕੁਮਾਰ ਦੀ ਕਵਿਤਾ ਵਿਚ ਇਹਦਾ ਝਲਕਾਰਾ ਕਿਤੇ-ਕਿਤੇ ਦਿਸਦਾ ਹੈ। ਮੁਨੀਰ ਨਿਆਜ਼ੀ ਦੀ ਕਵਿਤਾ
ਕੁੜੀ ਪੜ੍ਹਨ ਵਾਲ਼ੀ ਹੈ। ਇਸ ਵਿਚ ਕੋਈ ਵੀ ਗੱਲ ਨਾਕਾਫ਼ੀ ਨਹੀਂ।
ਉੱਚਾ ਕੱਦ ਤੇ ਸ਼ਾਨ ਨਿਰਾਲੀ
ਨਜ਼ਰਾਂ ਵਾਂਙ ਖ਼ਿਆਲ
ਰੰਗ ਕਮੀਜ਼ ਦਾ ਭਿੱਜਿਆ ਹੋਇਆ
ਗਰਮ ਪਸੀਨੇ ਨਾਲ਼
ਬੁੱਲ੍ਹ ਸਨ ਉਸ ਕੁੜੀ ਦੇ
ਜਿਵੇਂ ਲਾਲ ਲਹੂ ਦਾ ਜਾਲ਼
ਸੱਪ ਦੀ ਤਰ੍ਹਾਂ ਹੁਸ਼ਿਆਰ ਬਦਨ ਸੀ
ਬੇਪਰਵਾਹ ਜਿਹੀ ਚਾਲ
ਹੌਲ਼ੀ-ਹੌਲ਼ੀ ਟੁਰੀ ਸੀ ਘਰ ਨੂੰ
ਡਰ ਨੇ ਦਿੱਤਾ ਰੋਕ
ਐਸਾ ਹੁਸਨ ਸੀ ਸ਼ਾਮਾਂ ਵੇਲੇ
ਚੁੱਪ-ਜਿਹੇ ਕਰ ਗਏ ਲੋਕ
ਭਰਪੂਰ ਜ਼ਿੰਦਗੀ ਮਾਣਨ ਦਾ ਜਿੰਨਾ ਚਾਅ ਪਾਬਲੋ ਨਰੂਦਾ ਦੀ ਕਵਿਤਾ ਵਿਚ ਹੈ, ਓਨਾ ਹੋਰ ਕਿਸੇ
ਤਰੱਕੀਪਸੰਦ ਦੀ ਕਵਿਤਾ ਵਿਚ ਘਟ ਹੀ ਨਜ਼ਰ ਆਉਂਦਾ ਹੈ। ਕਿਸੇ ਪੰਜਾਬੀ ਕਵੀ ਨੇ ਕਿਹਾ ਸੀ -
ਨਰੂਦਾ ਵਰਗੇ ਮੌਕੇ ਸਾਨੂੰ ਵੀ ਮਿਲਣ। ਅਸੀਂ ਇਹਦੇ ਵਰਗੀ ਕਵਿਤਾ ਲਿਖ ਕੇ ਦਿਖਾ ਦਈਏੇ!
ਸਾਨੂੰ ਤਾਂ ਗੱਲ ਕਰਨ ਲਈ ਵੀ ਤੀਵੀਂ ਨਹੀਂ ਮਿਲ਼ਦੀ। ਸਾਡੀ ਔਰਤ ਜਾਂ ਮਾਂ ਹੈ, ਭੈਣ ਹੈ,
ਭਰਜਾਈ ਜਾਂ ਘਰਵਾਲ਼ੀ ਜਾਂ ਵੇਸਵਾ ਹੈ; ਉਹ ਦੋਸਤ ਨਹੀਂ ਹੈ।
ਇੰਦਰਿਆਵੀ ਹੋਣ ਦਾ ਮਤਲਬ ਸਿਰਫ਼ ਲਿੰਗਕ ਹੋਣ ਤੋਂ ਕਢ ਲਿਆ ਜਾਂਦਾ ਹੈ। ਪੱਛਮ ਦਾ ਸਾਰਾ ਧਿਆਨ
ਲਿੰਗਕ ਹੈ। ਇਹ ਹੋਰਨਾਂ ਇੰਦਰੀਆਂ ਨੂੰ ਜਾਂ ਅਣਡਿੱਠ ਕਰਦਾ ਹੈ ਜਾਂ ਵਿਗਾੜਦਾ ਹੈ ਤੇ ਜਾਂ
ਮਾਰਦਾ ਹੈ। ਇਸ ਨਾਲ਼ ਉਲਾਰ ਤੇ ਬਦਜ਼ੌਕ ਪੈਦਾ ਹੁੰਦਾ ਹੈ। ਭਾਰਤੀ ਦਰਸ਼ਨ ਵਿਚ ਇਕ ਪਾਸੇ
ਸਨਾਤਨੀ ਧਰਮ ਔਰਤ ਨੂੰ ਬਾਘਣੀ ਆਖ ਕੇ ਪੰਜੇ ਇੰਦਰੀਆਂ ਨੂੰ ਮਾਰ ਕੇ ਨਿਰਵਾਣ ਪਦ ਪ੍ਰਾਪਤ
ਕਰਨ ਦਾ ਕੁਰਾਹ ਹੈ ਅਤੇ ਦੂਜਾ ਸਿਰਾ ਲੱਚਰ ਰਜਨੀਸ਼ਵਾਦ ਹੈ। ਹਮਾਤੜਾਂ ਨੂੰ ਇਹ ਦੋਹਵੇਂ ਰਾਹ
ਨਹੀਂ ਪੁੱਗਦੇ।
-0-
|