Welcome to Seerat.ca

ਇਨਸਾਨੀ ਜਿਸਮ ਦਾ ਜਸ਼ਨ

 

- ਅਮਰਜੀਤ ਚੰਦਨ

ਨੌਕਰੀ

 

- ਇਕਬਾਲ ਰਾਮੂਵਾਲੀਆ

ਰੁਸਤਮੇ ਮੈਰਾਥਨ ਫੌਜਾ ਸਿੰਘ

 

- ਪ੍ਰਿੰ. ਸਰਵਣ ਸਿੰਘ

ਬਦਦੁਆ

 

- ਹਰਜੀਤ ਅਟਵਾਲ

ਵਗਦੀ ਏ ਰਾਵੀ / ਰਿਸ਼ਤਿਆਂ ਦੀ ਗੁੰਝਲ ਕਿੰਨੀ ਸਾਦਾ ਤੇ ਸਹਿਜ

 

- ਵਰਿਆਮ ਸਿੰਘ ਸੰਧੂ

ਸੰਤ ਫ਼ਤਿਹ ਸਿੰਘ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਵਿਕਾਸ, ਪ੍ਰਗਤੀ ਅਤੇ ਇਨਸਾਨ

 

- ਬਲਦੇਵ ਦੂਹੜੇ

ਨਰਮ-ਨਾਜ਼ੁਕ ਪਰ ਲੋਹੇ ਦੇ ਜਿਗਰੇ ਵਾਲੇ

 

- ਰਜਵੰਤ ਕੌਰ ਸੰਧੂ

ਇੱਕ ਲੱਪ ਕਿਰਨਾਂ ਦੀ..... / ਛੱਡੋ ਜੱਟ ਨੂੰ ਬਥੇਰਾ ਲੀਰੋ-ਲੀਰ ਕਰਤਾ........!

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਇਕ ਦੇਸ਼ ਜੋ ਮੈਂ ਦੇਖਿਆ

 

- ਗੁਰਦੇਵ ਸਿੰਘ ਬਟਾਲਵੀ

ਗ਼ਜ਼ਲ

 

- ਉਂਕਾਰਪ੍ਰੀਤ

ਇਸ ਵਰ੍ਹੇ ਸਿਖਰਾ ਛੂੰਹੇਗਾ ਪੰਜਾਬੀ ਸਿਨੇਮਾ

 

- ਸਪਨ ਮਨਚੰਦਾ ਫ਼ਰੀਦਕੋਟ

ਦੋ ਵਿਅੰਗ ਕਵਿਤਾਵਾਂ

 

- ਗੁਰਦਾਸ ਮਿਨਹਾਸ

ਗਜ਼ਲ

 

- ਸੁਰਿੰਦਰ ਕੌਰ ਬਿਨਰ

ਪਿੰਡ ਨੂੰ ਪਏ ਘੇਰੇ ਦੀ ਕਹਾਣੀ

 

- ਸੁਪਨ ਸੰਧੂ

ਹੁੰਗਾਰੇ

 


ਬਦਦੁਆ

- ਹਰਜੀਤ ਅਟਵਾਲ

 

ਬਦਦੁਆ ਬੰਦੇ ਦੀ ਕਾਢ ਹੈ। ਹਾਲੇ ਕੁਦਰਤ ਨੂੰ ਇਸ ਬਾਰੇ ਕੁਝ ਨਹੀਂ ਪਤਾ।
ਜਦੋਂ ਬੰਦਾ ਕਿਸੇ ਦਾ ਬੁਰਾ ਸੋਚਦਾ ਹੈ ਤਾਂ ਬਦਦੁਆ ਦਾ ਸਹਾਰਾ ਲੈ ਕੇ ਅਗਲੇ ਦਾ ਨੁਕਸਾਨ ਕਰਨਾ ਚਾਹੁੰਦਾ ਹੈ। ਪਤਾ ਨਹੀਂ ਪੰਜਾਬ ਦਾ ਦੁਸ਼ਮਣ ਕੌਣ ਸੀ ਕਿ ਲਗਾਤਾਰ ਕਈ ਸਦੀਆਂ ਤੋਂ ਪੰਜਾਬ ਬਦਦੁਆਵਾਂ ਦੀ ਜ਼ੱਦ ਵਿਚ ਆ ਰਿਹਾ ਸੀ। ਕੋਈ ਆਉਂਦਾ ਤੇ ਪੰਜਾਬ ਨੂੰ ਲਤਾੜ ਕੇ ਸੁਟ ਜਾਂਦਾ। ਕੱਟਿਆ ਵੱਢਿਆ ਪੰਜਾਬ ਆਪਣੇ ਜ਼ਖਮ ਸਹਿਲਾਉਂਦਾ ਮੁੜ ਪੈਰਾਂ ਤੇ ਖੜਨ ਦੀ ਕੋਸਿ਼ਸ਼ ਕਰਨ ਲਗਦਾ। ਹਾਲੇ ਜ਼ਰਾ ਕੁ ਸੰਭਲਿਆ ਹੀ ਹੁੰਦਾ ਕਿ ਇਸ ਨੂੰ ਲਤਾੜਨ ਲਈ ਕੋਈ ਹੋਰ ਆ ਜਾਂਦਾ। ਸਰਕਾਰ ਵੇਲੇ ਪੰਜਾਬ ਪੈਰੀਂ ਆ ਗਿਆ ਸੀ ਤੇ ਜਾਪਦਾ ਸੀ ਕਿ ਬਦਦਆਵਾਂ ਤੋਂ ਪੰਜਾਬ ਦਾ ਛੁਟਕਾਰਾ ਹੋ ਗਿਆ ਹੈ ਪਰ ਸਰਕਾਰ ਦੀ ਮੌਤ ਤੋਂ ਬਾਅਦ ਤਾਂ ਪੰਜਾਬ ਕੋਲ ਇਕ ਵਾਰ ਫਿਰ ਬਦਦੁਆਵਾਂ ਦੇ ਢੇਰ ਲਗੇ ਪਏ ਸਨ।
ਅਜਿਹੀ ਕਿਸੇ ਬਦਦੁਆ ਦੀ ਛਾਂ ਹੇਠ ਜਵਾਹਰ ਸਿੰਘ ਨੂੰ ਸਰਬਤ ਖਾਲਸੇ ਸਾਹਮਣੇ ਪੇਸ਼ ਹੋਣਾ ਪੈ ਰਿਹਾ ਸੀ। ਅਗਲੀ ਸਵੇਰ ਮੰਗਲਾ ਨੇ ਜਵਾਹਰ ਸਿੰਘ ਮੁਹਰੇ ਮਣੀ ਦੀ ਤਸ਼ਤਰੀ ਲਿਆ ਰੱਖੀ। ਉਸ ਨੇ ਆਮ ਤੋਂ ਜਿ਼ਆਦਾ ਦਾਣੇ ਚੁੱਕ ਲਏ ਤੇ ਗਰਮ ਪਾਣੀ ਨਾਲ ਅੰਦਰ ਲੰਘਾ ਲਏ। ਉਸ ਦੇ ਜਾਣ ਲਈ ਹਾਥੀ ਤਿਆਰ ਸੀ। ਇਕ ਭਰੀ ਬੋਰੀ ਮੋਹਰਾਂ ਤੇ ਹੋਰ ਸੋਨੇ ਦੇ ਹੋਰ ਗਹਿਣਿਆਂ ਦੀ ਜਿਹੜੇ ਉਸ ਨੇ ਮੁਆਫੀ ਦੇ ਬਦਲੇ ਵਿਚ ਖਾਲਸਾ ਫੌਜ ਨੂੰ ਦੇਣ ਸਨ। ਉਸ ਨੇ ਮਹਾਂਰਾਜਾ ਦਲੀਪ ਸਿੰਘ ਨੂੰ ਆਪਣੀ ਛਾਤੀ ਨਾਲ ਬੰਨਿਆਂ ਤੇ ਹਾਥੀ ਦੇ ਹੌਦੇ ਵਿਚ ਜਾ ਬੈਠਾ ਤੇ ਮੀਆਂ ਮੀਰ ਛਾਉਣੀ ਵਲ ਹਾਥੀ ਤੋਰ ਲਿਆ। ਉਸ ਦੇ ਮਗਰਲੇ ਹਾਥੀ ਉਪਰਲੇ ਹੌਦੇ ਵਿਚ ਰਾਣੀ ਜਿੰਦਾਂ ਆਪਣੀਆਂ ਗੋਲੀਆਂ ਨਾਲ ਸਵਾਰ ਸੀ। ਘੋੜਿਆਂ ਉਪਰ ਅੰਗ-ਰੱਖਿਅਤ ਤੇ ਹੋਰ ਲੋਕ। ਉਸ ਦੇ ਆਲੇ ਦੁਆਲੇ ਖਾਲਸਾ ਫੌਜ ਵੀ ਚਲ ਰਹੀ ਸੀ ਤਾਂ ਜੋ ਜਵਾਹਰ ਸਿੰਘ ਭੱਜ ਨਾ ਜਾਵੇ। ਕੱਲ ਰਾਤ ਇਸੇ ਫੌਜ ਨੂੰ ਉਹ ਪੰਜਾਹ ਹਜ਼ਾਰ ਤਕ ਰਿਸ਼ਵਤ ਦੇਣ ਦੀ ਕੋਸਿ਼ਸ਼ ਕਰਦਾ ਰਿਹਾ ਸੀ ਕਿ ਇਕ ਵਾਰ ਉਸ ਨੂੰ ਕਿਲ੍ਹੇ ਵਿਚੋਂ ਨਿਕਲ ਜਾਣ ਦਿਤਾ ਜਾਵੇ ਪਰ ਉਸ ਦੀ ਗੱਲ ਕਿਸੇ ਨੇ ਨਹੀਂ ਸੀ ਮੰਨੀ। ਹੁਣ ਵੀ ਉਸ ਨੂੰ ਪਤਾ ਸੀ ਕਿ ਜ਼ਰਾ ਜਿੰਨੀ ਵੀ ਭੱਜਣ ਦੀ ਕੋਈ ਕੋਸਿ਼ਸ਼ ਕਰੇਗਾ ਤਾਂ ਗੋਲੀ ਮਾਰ ਦਿਤੀ ਜਾਵੇਗੀ। ਉਹ ਬੁਝੇ ਹੋਏ ਦਿਲ ਨਾਲ ਮੀਆਂ ਮੀਰ ਪੁੱਜ ਗਿਆ। ਮੀਆਂ ਮੀਰ ਛਾਉਣੀ ਵਿਚ ਉਸ ਦੀ ਹੀ ਉਡੀਕ ਹੋ ਰਹੀ ਸੀ। ਖਾਲਸਾ ਫੌਜ ਪਰੇਡ ਕਰ ਰਹੀ ਸੀ। ਪੰਚ ਕਚਿਹਰੀ ਲਾਈ ਬੈਠੇ ਸਨ। ਬਹੁਤ ਸਾਰੇ ਸਿਪਾਹੀ ਪਹਿਰੇ ‘ਤੇ ਸਨ। ਇਕ ਪਾਸੇ ਕੁਝ ਤੰਬੂ ਲਗੇ ਹੋਏ ਸਨ। ਜਵਾਹਰ ਸਿੰਘ ਦਾ ਹਾਥੀ ਪੰਚਾਂ ਸਾਹਮਣੇ ਰੁਕ ਗਿਆ। ਪੰਚ ਜਵਾਲਾ ਸਿੰਘ ਗਰਜਿਆ,
“ਜਵਾਹਰ ਸਿੰਘ, ਹੇਠਾਂ ਉਤਰ, ਤੇਰੇ ਨਾਲ ਗੱਲ ਕਰਨੀ ਏਂ।”
“ਮੈਂ ਹੇਠਾਂ ਨਹੀਂ ਉਤਰਾਂਗਾ।”
“ਹੇਠਾਂ ਤਾਂ ਤੈਨੂੰ ਉਤਰਨਾ ਹੀ ਪਵੇਗਾ।”
ਜਵਾਲਾ ਸਿੰਘ ਦੇ ਕਹਿੰਦਿਆਂ ਹੀ ਪ੍ਰਿਥੀ ਸਿੰਘ ਤੇ ਦੀਵਾਨ ਜਵਾਹਰ ਮਲ ਤੇ ਹੋਰ ਸਿਪਾਹੀਆਂ ਨੇ ਜਵਾਹਰ ਸਿੰਘ ਦੇ ਹਾਥੀ ਨੂੰ ਘੇਰੇ ਵਿਚ ਲੈ ਲਿਆ। ਇਸੇ ਦੁਰਮਿਆਨ ਰਾਣੀ ਜਿੰਦਾਂ ਵੀ ਪੁੱਜ ਗਈ। ਉਸ ਦੇ ਹਾਥੀ ਦੇ ਮਹਾਵਤ ਨੇ ਹਾਥੀ ਹੇਠਾਂ ਬੈਠਾਇਆ ਤੇ ਪੌੜੀ ਲਾ ਕੇ ਰਾਣੀ ਤੇ ਗੋਲੀਆਂ ਨੂੰ ਹੌਦੇ ਵਿਚੋਂ ਉਤਾਰ ਦਿਤਾ। ਰਾਣੀ ਭੱਜ ਕੇ ਪੰਚਾਂ ਮੁਹਰੇ ਜਾ ਖੜੀ ਤੇ ਝੋਲੀ ਫੈਲਾਉਂਦੀ ਹੋਈ ਬੋਲੀ,
“ਸੋਹਣੇ ਸਰਦਾਰੋ, ਅਸੀਂ ਤੁਹਾਡੀ ਸਰਕਾਰ ਦੀ ਪਤਨੀ ਹਾਂ ਤੇ ਆਪਣੇ ਭਰਾ ਦੀ ਜਾਨ ਦੀ ਤੁਹਾਡੇ ਤੋਂ ਭੀਖ ਮੰਗਦੇ ਹਾਂ।”
“ਮਾਈ, ਤੂੰ ਇਕ ਪਾਸੇ ਹੋ ਜਾਹ, ਤੂੰ ਸਰਕਾਰ ਦੀ ਪਤਨੀ ਏਂ ਇਸੇ ਲਈ ਜਿਉਂਦੀ ਏਂ ਨਹੀਂ ਤਾਂ ਤੇਰਾ ਗੁਹਾਨ ਵੀ ਬਖਸ਼ਣਯੋਗ ਨਹੀਂ ਏ।”
“ਤੁਸੀਂ ਸਾਰੇ ਈ ਬੱਚਿਆਂ ਵਾਲੇ ਓ, ਇਹ ਤੁਹਾਡੀ ਸਰਕਾਰ ਦਾ ਬੱਚਾ ਆਪਣੇ ਮਾਮੇ ਬਿਨਾਂ ਯਤੀਮ ਹੋ ਜਾਵੇਗਾ, ਤੁਸੀਂ ਉਸ ਦੀ ਭੁੱਲ ਨੂੰ ਬਖਸ਼ ਦਿਓ, ਆਪਣੇ ਮਹਾਂਰਾਜੇ ਦੀ ਖਾਤਰ ਹੀ ਸਹੀ।”
“ਮਾਈ, ਤੂੰ ਸਰਕਾਰ ਦੇ ਇਕ ਪੁੱਤਰ ਦੀ ਖਾਤਰ ਇਸ ਲਈ ਰਹਿਮ ਮੰਗ ਰਹੀ ਏਂ! ..ਇਹਨੇ ਸਰਕਾਰ ਦੇ ਦੂਜੇ ਪੁੱਤਰ ਦਾ ਕਤਲ ਕੀਤਾ ਏ, ਇਹ ਕੋਈ ਸਾਧਾਰਣ ਗੱਲ ਨਹੀਂ ਏ, ਮਾਈ ਤੂੰ ਅੰਦਰ ਖੇਮੇ ਵਿਚ ਜਾਹ।”
“ਨਹੀਂ, ਅਸੀਂ ਕਿਤੇ ਨਹੀਂ ਜਾਵਾਂਗੇ, ਸਾਨੂੰ ਆਪਣਾ ਭਰਾ ਚਾਹੀਦਾ ਏ, ਜੇ ਸਾਡੇ ਭਰਾ ਨੂੰ ਕੁਝ ਹੋ ਗਿਆ ਤਾਂ ਅਸੀਂ ਵੀ ਨਹੀਂ ਬਚਣਾ ਤੇ ਮਹਾਂਰਾਜਾ ਵੀ ਨਹੀਂ, ਇਸ ਤੋਂ ਪਹਿਲਾਂ ਤੁਸੀਂ ਸਾਨੂੰ ਮਾਰੋ।”
ਰਾਣੀ ਆਪਣਾ ਰੌਲਾ ਪਾਉਂਦੀ ਜਾ ਰਹੀ ਸੀ ਪਰ ਉਸ ਦੀ ਗੱਲ ਕੋਈ ਨਹੀਂ ਸੀ ਸੁਣ ਰਿਹਾ। ਉਹ ਜਿਵੇਂ ਕੰਧਾਂ ਨਾਲ ਹੀ ਗੱਲਾਂ ਕਰਦੀ ਹੋਵੇ। ਜਵਾਹਰ ਸਿੰਘ ਨਾਲ ਵੀ ਬਹੁਤੇ ਸਵਾਲ ਜਵਾਬ ਨਹੀਂ ਹੋਏ। ਪੰਚ ਦੇ ਇਸ਼ਾਰੇ ਤੇ ਇਕ ਸਿਪਾਹੀ ਹਾਥੀ ਦੀ ਪੂਛ ਫੜ ਕੇ ਉਪਰ ਚੜਿਆ ਤੇ ਜਵਾਹਰ ਸਿੰਘ ਤੋਂ ਮਹਾਂਰਾਜਾ ਜਬਰਦਸਤੀ ਖੋਹਣ ਲਗਿਆ। ਜਵਾਹਰ ਸਿੰਘ ਮਹਾਂਰਾਜੇ ਨੂੰ ਛੱਡ ਨਹੀਂ ਸੀ ਰਿਹਾ। ਸਿਪਾਹੀ ਨੇ ਉਸ ਦੀ ਲੱਤ ਵਿਚ ਨੇਜ਼ਾ ਮਾਰਿਆ। ਜਵਾਹਰ ਸਿੰਘ ਦੀ ਮਹਾਂਰਾਜੇ ਤੋਂ ਪਕੜ ਢਿਲੀ ਪੈ ਗਈ। ਉਸ ਨੇ ਮਹਾਂਰਾਜਾ ਖੋਹ ਕੇ ਦੂਜੇ ਸਿਪਾਹੀ ਨੂੰ ਫੜਾ ਦਿਤਾ। ਕੁਝ ਸਿਪਾਹੀ ਮਹਾਂਰਾਜੇ ਨੂੰ ਇਕ ਤੰਬੂ ਵਿਚ ਲੈ ਗਏ। ਜਵਾਹਰ ਸਿੰਘ ਪੰਚਾਂ ਦੇ ਮਿਨੰਤ ਤਰਲੇ ਕਰਨ ਲਗਿਆ। ਦੌਲਤ ਦੀ ਭਰੀ ਬੋਰੀ ਦਿਖਾਉਂਦਾ ਉਹ ਬੋਲਿਆ,
“ਖਾਲਸਾ ਜੀ, ਮੈਨੂੰ ਮੁਆਫ ਕਰ ਦਿਓ, ਆਹ ਦੇਖੋ ਇਹ ਸਭ ਤੁਹਾਡੇ ਲਈ ਏ, ਤੁਹਾਡੀ ਤਨਖਾਹ ਵਿਚ ਇਕ ਰੁਪਏ ਦਾ ਹੋਰ ਵਾਧਾ ਕਰ ਦਿਤਾ ਜਾਏਗਾ ਤੇ ਜਿਵੇਂ ਤੁਸੀਂ ਕਹੋਂਗੇ ਮੈਂ ਕਰਾਂਗਾ।”
“ਇਸ ਵੇਲੇ ਤੂੰ ਹੇਠਾਂ ਉਤਰ ਫਿਰ ਗੱਲ ਕਰਦੇ ਹਾਂ।”
ਜਵਾਹਰ ਸਿੰਘ ਹਾਥੀ ਤੋਂ ਉਤਰਨੋਂ ਇਨਕਾਰ ਕਰਦਾ ਜਾ ਰਿਹਾ ਸੀ। ਰਾਣੀ ਜਿੰਦਾਂ ਉਚੀ ਉਚੀ ਸ਼ੋਰ ਮਚਾਉਂਦੀ ਰਹਿਮ ਦੀ ਭੀਖਿਆ ਮੰਗੀ ਜਾ ਰਹੀ ਸੀ। ਕਦੇ ਮਹਾਂਰਾਜੇ ਦੇ ਵਾਸਤੇ ਪਾਉਂਦੀ, ਕਦੇ ਸਰਕਾਰ ਦੇ ਤੇ ਕਦੇ ਵਾਹਿਗੁਰੂ ਦੇ ਪਰ ਪੰਚਾਂ ਨੂੰ ਕੁਝ ਨਹੀਂ ਸੀ ਸੁਣ ਰਿਹਾ। ਪੰਚਾਂ ਦੇ ਹੁਕਮ ‘ਤੇ ਦੋ ਸਿਪਾਹੀ ਰਾਣੀ ਨੂੰ ਧੂੰਹਦੇ ਹੋਏ ਇਕ ਤੰਬੂ ਵਿਚ ਲੈ ਗਏ। ਪਹਿਲਾਂ ਉਹ ਮਿੰਨਤਾਂ ਤਰਲੇ ਕਰ ਰਹੀ ਸੀ ਪਰ ਫਿਰ ਗਾਲ੍ਹਾਂ ਕੱਢਣ ਲਗੀ। ਪ੍ਰਿਥੀ ਸਿੰਘ ਨੇ ਜਵਾਹਰ ਸਿੰਘ ਨੇ ਜਵਾਹਰ ਸਿੰਘ ਉਪਰ ਨੇਜ਼ੇ ਨਾਲ ਵਾਰ ਕੀਤਾ ਤੇ ਹੌਦੇ ਤੋਂ ਖਿਚ ਕੇ ਹੇਠਾਂ ਸੁਟ ਲਿਆ। ਉਸ ਦੇ ਮਗਰੇ ਹੀ ਦੀਵਾਨ ਜਵਾਹਰ ਮੱਲ ਨੇ ਵਾਰ ਕੀਤਾ ਤੇ ਫਿਰ ਹੋਰ ਬਰਛੇ ਉਸ ਦੇ ਜਿਸਮ ਵਿਚ ਵਜਣ ਲਗੇ ਤੇ ਫਿਰ ਬੰਦੂਕ ਦੇ ਫਾਇਰ ਵੀ ਹੋਏ। ਫਿਰ ਸਿਪਾਹੀ ਪਿਸ਼ੌਰਾ ਸਿੰਘ ਦੇ ਕਤਲ ਦੇ ਬਦਲੇ ਤੇ ਜਵਾਹਰ ਸਿੰਘ ਦੀ ਮੌਤ ਦਾ ਜਸ਼ਨ ਮਨਾਉਣ ਲਗ ਪਏ। ਜੈਕਾਰੇ ਬੁਲਾਉਣ ਲਗੇ। ਸਾਰੇ ਪੰਚ ਆਪੋ ਆਪਣੇ ਤੰਬੂਆ ਵਿਚ ਜਾ ਵੜੇ। ਉਹ ਹਿਦਾਇਤ ਕਰ ਗਏ ਕਿ ਹਾਲੇ ਕੁਝ ਦਿਨ ਮਹਾਂਰਾਜਾ ਫੌਜ ਦੀ ਨਿਗਰਾਨੀ ਹੇਠ ਹੀ ਰਖਿਆ ਜਾਵੇ ਕਿਉਂਕਿ ਗੁੱਸੇ ਵਿਚ ਆਈ ਰਾਣੀ ਜਿੰਦਾਂ ਮਹਾਂਰਾਜੇ ਦਾ ਕੋਈ ਨੁਕਸਾਨ ਕਰ ਸਕਦੀ ਸੀ। ਜਵਾਹਰ ਸਿੰਘ ਦੀ ਲਾਸ਼ ਹੇਠਾਂ ਮਿਟੀ ਵਿਚ ਰੁਲ਼ੀ ਫਿਰਦੀ ਸੀ। ਜਿੰਦਾਂ ਕਨਾਤ ਵਿਚੋਂ ਆਪਣਾ ਆਪ ਛੁਡਾ ਕੇ ਭੱਜੀ ਆਈ ਤੇ ਜਵਾਹਰ ਸਿੰਘ ਦੀ ਲਾਸ਼ ਨਾਲ ਚੁੰਬੜ ਗਈ ਤੇ ਵੈਣ ਪਾਉਣ ਲਗੀ ਤੇ ਖਾਲਸਾ ਫੌਜ ਦੇ ਪੰਚਾਂ ਨੂੰ ਗੰਦੀਆਂ ਗੰਦੀਆਂ ਗਾਲ਼ਾਂ ਦੇਣ ਲਗੀ। ਉਹ ਆਪਣੇ ਵਾਲ਼ ਖੋਹ ਰਹੀ ਸੀ ਤੇ ਫੌਜ ਨੂੰ ਬਦੁਦਆਵਾਂ ਦਿੰਦੀ ਜਾ ਰਹੀ ਸੀ। ਉਸ ਨੂੰ ਨਾ ਆਪਣੀ, ਨਾ ਦੁਨੀਆਂ ਦੀ ਕੋਈ ਸੁਧ-ਬੁਧ ਸੀ। ਮੋਤੀਆ ਉਸ ਨੂੰ ਚੁੱਪ ਕਰਾਉਣ ਦੀ ਕੋਸਿ਼ਸ਼ ਕਰ ਰਹੀ ਸੀ। ਸਾਰੀਆਂ ਗੋਲੀਆਂ ਸਹਿਮੀਆਂ ਖੜੀਆਂ ਸਨ। ਮੰਗਲਾ ਵੀ ਵੈਣ ਪਾ ਰਹੀ ਸੀ। ਰਾਣੀ ਜਿੰਦਾਂ ਵੀ ਪਿੱਟ ਪਿੱਟ ਕੇ ਬੇਹੋਸ਼ ਜਿਹੀ ਹੋ ਗਈ। ਫਿਰ ਕੁਝ ਸਿਪਾਹੀ ਜਿਹੜੇ ਉਸ ਨਾਲ ਹਮਦਰਦੀ ਰਖਦੇ ਸਨ ਨਜ਼ਦੀਕ ਆ ਗਏ। ਉਹ ਰਾਣੀ ਨੂੰ ਹੌਂਸਲਾ ਦੇਣ ਲਗੇ। ਇਕ ਸਿਪਾਹੀ ਨੇ ਕਿਹਾ,
“ਮਾਈ ਜੀ, ਜੋ ਹੋਣਾ ਹੋ ਗਿਆ ਹੁਣ ਆਪਣੇ ਆਪ ਨੂੰ ਸਾਂਭੋ ਤੇ ਜਵਾਹਰ ਸਿੰਘ ਦੇ ਸਸਕਾਰ ਬਾਰੇ ਸੋਚੋ।”
ਰਾਣੀ ਉਠੀ ਤੇ ਸੰਭਲਣ ਦੀ ਕੋਸਿ਼ਸ਼ ਕਰਨ ਲਗੀ। ਮੋਤੀਆ ਨੇ ਉਸ ਦੇ ਵਾਲ ਬੰਨੇ। ਠੀਕ ਹੋ ਕੇ ਰਾਣੀ ਸਿਪਾਹੀ ਨੂੰ ਬੋਲੀ,
“ਠੀਕ ਏ ਭਾਨ ਸਿੰਘ, ਮੇਰੇ ਭਰਾ ਦਾ ਸਰੀਰ ਲੈ ਚਲੋ, ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਇਸ ਦਾ ਬਦਾਮੀ ਬਾਗ ਵਿਚ ਲੈ ਜਾ ਕੇ ਦਾਹ-ਸਸਕਾਰ ਕਰ ਦਿਤਾ ਜਾਵੇ।”
ਇਸ ਗੱਲ ਦਾ ਪੰਚ ਜਵਾਲਾ ਸਿੰਘ ਨੂੰ ਪਤਾ ਚਲਿਆ ਤਾਂ ਉਹ ਬਾਹਰ ਆਇਆ। ਰਾਣੀ ਜਿੰਦਾਂ ਨੇ ਉਸ ਵਲ ਬਹੁਤ ਹੀ ਭਿਆਨਕ ਤੱਕਣੀ ਸੁਟੀ। ਜਵਾਲਾ ਸਿੰਘ ਇਕ ਵਾਰ ਤਾਂ ਝਿਪ ਗਿਆ ਪਰ ਉਹ ਆਪਣਾ ਹੁਕਮ ਸੁਣਾਉਂਦਾ ਬੋਲਿਆ,
“ਨਹੀਂ ਭਾਨ ਸਿੰਘ, ਇਸ ਬੰਦੇ ਦਾ ਬਦਾਮੀ ਬਾਗ ਵਿਚ ਦਾਹ-ਸਸਕਾਰ ਨਹੀਂ ਕੀਤਾ ਜਾ ਸਕਦਾ, ਇਹ ਇਕ ਗੱਦਾਰ ਏ, ਇਸ ਨਾਲ ਗੱਦਾਰਾਂ ਵਾਲਾ ਸਲੂਕ ਈ ਹੋਣਾ ਚਾਹੀਦਾ ਏ, ਇਹ ਕੁੱਤੇ ਦੀ ਮੌਤ ਮਰਿਆ ਏ ਤੇ ਇਵੇਂ ਹੀ ਕੁੱਤੇ ਵਾਲੀ ਹੀ ਏਹਦੀ ਹਰ ਰਸਮ ਹੋਏਗੀ।”
ਰਾਣੀ ਜਿੰਦਾਂ ਗੁੱਸੇ ਵਿਚ ਮੁਖੀਏ ਵਲ ਦੇਖਦੀ ਰਹੀ ਪਰ ਬੋਲੀ ਕੁਝ ਨਾ। ਸਾਰੇ ਪੰਚ ਹੀ ਇਕ ਵਾਰ ਫਿਰ ਤੰਬੂਆਂ ਤੋਂ ਬਾਹਰ ਆ ਗਏ। ਰਾਣੀ ਨੇ ਸਭ ਵਲ ਵਾਰੀ ਵਾਰੀ ਦੇਖਿਆ ਤੇ ਚੀਖਦੀ ਹੋਈ ਕਹਿਣ ਲਗੀ,
“ਹਰਾਮਜ਼ਾਦਿਓ, ਤੁਹਾਨੂੰ ਇਹਦੀ ਸਜ਼ਾ ਮਿਲੇਗੀ, ਜ਼ਰੂਰ ਮਿਲੇਗੀ, ਹਰ ਹਾਲਤ ਵਿਚ ਮਿਲੇਗੀ, ਮੇਰੇ ਤੋਂ ਮੇਰਾ ਭਰਾ ਖੋਹਿਆ ਏ, ਮੇਰੇ ਪੁੱਤਰ ਦੇ ਸਿਰ ਤੋਂ ਛਾਂ ਖੋਹੀ ਏ, ਸਜ਼ਾ ਮਿਲੇਗੀ, ਤੁਸੀਂ ਵੀ ਕੁੱਤੇ ਦੀ ਮੌਤ ਹੀ ਮਰੋਂਗੇ।”
ਕਿਸੇ ਪੰਚ ਨੇ ਉਸ ਦੀ ਗੱਲ ਦਾ ਜਵਾਬ ਨਾ ਦਿਤਾ। ਉਹ ਸਮਝਦੇ ਸਨ ਕਿ ਰਾਣੀ ਆਪਣੇ ਆਪ ਵਿਚ ਨਹੀਂ ਹੈ। ਜਵਾਹਰ ਸਿੰਘ ਦੀ ਦੇਹ ਲੈ ਜਾਣ ਦੀ ਆਗਿਆ ਦੇ ਦਿਤੀ ਗਈ। ਰਾਣੀ ਦੇ ਅੰਗ-ਰੱਖਿਅਕ ਜਵਾਹਰ ਸਿੰਘ ਦੀ ਦੇਹ ਕਿਲ੍ਹੇ ਵਿਚ ਲੈ ਆਏ। ਖਾਲਸਾ ਫੌਜ ਦਾ ਚਾਰੇ ਪਾਸੇ ਭਾਰੀ ਪਹਿਰਾ ਸੀ। ਉਹ ਇਸ ਸਸਕਾਰ ਨੂੰ ਇਕ ਆਮ ਬੰਦੇ ਦੇ ਸਸਕਾਰ ਤੋਂ ਵੱਡਾ ਨਹੀਂ ਸੀ ਬਣਨ ਦੇਣਾ ਚਾਹੁੰਦੇ। ਮਸਤੀ ਦਰਵਾਜ਼ੇ ਦੇ ਨਜ਼ਦੀਕ ਚਿਤਾ ਬਣਾਈ ਗਈ। ਜਵਾਹਰ ਸਿੰਘ ਦੀਆਂ ਦੋ ਵਿਧਵਾਵਾਂ ਸਜ-ਧਜ ਕੇ, ਗਹਿਣਾ-ਗੱਟਾ ਪਾ ਕੇ ਤੇ ਨਾਲ ਦੋ ਗੋਲੀਆਂ ਲੈ ਕੇ ਚਿਤਾ ਵਿਚ ਬੈਠ ਗਈਆਂ। ਅਚਾਨਕ ਖਾਲਸਾ ਫੌਜ ਦੇ ਸਿਪਾਹੀ ਝਪਟੇ ਤੇ ਸਤੀ ਹੋਣ ਵਾਲੀਆਂ ਔਰਤਾਂ ਦੇ ਗਹਿਣੇ ਖੋਹਣ ਲਗ ਪਏ। ਉਹ ਨਾਲ ਦੀ ਨਾਲ ਉਚੀ ਉਚੀ ਹਸਦੇ ਜਾ ਰਹੇ ਸਨ। ਉਹਨਾਂ ਨੂੰ ਰੋਕਣ ਦੀ ਕਿਸੇ ਵਿਚ ਹਿੰਮਤ ਨਹੀਂ ਸੀ। ਵਿਧਵਾਵਾਂ ਦਰੁਅਸੀਸਾਂ ਦੇਣ ਬਿਨਾਂ ਕੁਝ ਕਰ ਵੀ ਨਹੀਂ ਸਨ ਸਕਦੀਆਂ। ਉਹ ਸਿਪਾਹੀਆਂ ਨੂੰ ਸਰਾਪ ਦੇ ਰਹੀਆਂ ਸਨ, ਖਾਲਸਾ ਫੌਜ ਨੂੰ ਸਰਾਪ ਦੇ ਰਹੀਆਂ ਸਨ ਤੇ ਪੂਰੇ ਪੰਜਾਬ ਨੂੰ ਹੀ ਗਰਕ ਜਾਣ ਦੀਆਂ ਬਦਦੁਆਵਾਂ ਦੇ ਰਹੀਆਂ ਸਨ। ਦੇਖਣ ਵਾਲੇ ਲੋਕ ਕੰਨਾਂ ‘ਤੇ ਹੱਥ ਧਰਨ ਲਗੇ ਕਿਉਂਕਿ ਕਿਹਾ ਜਾਂਦਾ ਹੈ ਕਿ ਸਤੀ ਹੋਣ ਵਾਲੀ ਔਰਤ ਦੀ ਬਦਦੁਆ ਕਦੇ ਅਜਾਈਂ ਨਹੀਂ ਜਾਂਦੀ। ਇਵੇਂ ਪੰਜਾਬ ਦੀ ਝੋਲੀ ਵਿਚ ਪਏ ਬਦੁਦਆਵਾਂ ਦੇ ਢੇਰ ਵਿਚ ਹੋਰ ਵਾਧਾ ਹੋ ਗਿਆ ਸੀ।
ਸਿਪਾਹੀਆਂ ਦਾ ਵਿਵਹਾਰ ਦੇਖ ਕੇ ਰਾਣੀ ਜਿੰਦਾਂ ਦਾ ਸਦਮਾ ਹੋਰ ਵੀ ਡੂੰਘਾ ਹੋ ਗਿਆ। ਉਸ ਨੇ ਸਸਕਾਰ ਦੀਆਂ ਰਸਮਾਂ ਬਹੁਤ ਮੁਸ਼ਕਲ ਨਾਲ ਪੂਰੀਆਂ ਕੀਤੀਆਂ। ਉਸ ਦੀ ਹਾਲਤ ਬਹੁਤ ਹੀ ਅਜੀਬ ਹੋ ਗਈ ਜਿਵੇਂ ਦੁਨੀਆਂ ਤੋਂ ਬੇਖਬਰ ਹੋ ਗਈ ਹੋਵੇ। ਉਸ ਨੇ ਵਾਲ਼ ਵਾਹੁਣੇ ਛੱਡ ਦਿਤੇ। ਨਹਾਉਣਾ-ਧੋਣਾ ਵੀ। ਉਹ ਕਮਲੀ ਜਿਹੀ ਹੋ ਕੇ ਕਿਲ੍ਹੇ ਵਿਚ ਘੁੰਮਦੀ ਰਹਿੰਦੀ। ਕਈ ਵਾਰ ਉਹ ਕਿਲ੍ਹੇ ਤੋਂ ਬਾਹਰ ਨਿਕਲ ਕੇ ਲਹੌਰ ਦੀਆ ਗਲੀਆਂ ਵਲ ਚਲੇ ਜਾਂਦੀ। ਗੋਲੀਆਂ ਉਸ ਦੇ ਮਗਰ ਹੁੰਦੀਆਂ। ਇਕ ਵਾਰ ਤਾਂ ਸਭ ਨੂੰ ਲਗਿਆ ਕਿ ਉਹ ਪਾਗਲ ਹੋ ਗਈ ਹੈ। ਉਸ ਨੇ ਖੁਦ ਮੋਹਰੇ ਹੋ ਕੇ ਜਵਾਹਰ ਸਿੰਘ ਦੇ ਅਸਤ ਚੁਗੇ। ਆਪ ਖੁਦ ਅਸਤਾਂ ਨੂੰ ਜਲ ਪ੍ਰਵਾਹ ਕਰਨ ਗਈ। ਉਸ ਨੇ ਅਸਤ ਰਾਵੀ ਵਿਚ ਵਹਾ ਦਿਤੇ ਤੇ ਕੁਝ ਦੇਰ ਚੁਪ ਚਾਪ ਵਹਿੰਦੇ ਪਾਣੀ ਵਲ ਦੇਖਦੀ ਰਹੀ। ਫਿਰ ਉਸ ਨੇ ਰਾਵੀ ਵਿਚੋਂ ਪਾਣੀ ਦਾ ਬੁੱਕ ਭਰਿਆ ਤੇ ਆਖਣ ਲਗੀ,
“ਮੇਰੇ ਵੀਰੇ, ਅਸੀਂ ਤੈਨੂੰ ਬਚਾ ਨਹੀਂ ਸਕੇ ਪਰ ਅਸੀਂ ਹੁਣ ਛੱਡਣੇ ਇਹ ਦੁਸ਼ਮਣ ਵੀ ਨਹੀਂ, ਇਕ ਇਕ ਤੋਂ ਬਦਲਾ ਲਵਾਂਗੇ, ਇਹ ਸਾਰੀ ਫੌਜ, ਉਹ ਸਾਰੇ ਲੋਕ ਜੋ ਤੇਰੇ ਖਿਲਾਫ ਭੁਗਤੇ ਹੁਣ ਸਾਡੀ ਦਿਤੀ ਸਜ਼ਾ ਭੁਗਤਣਗੇ। ਅਸੀਂ ਪੰਜਾਬ ਦੇ ਸ਼ੇਰ ਦੀ ਸ਼ੇਰਨੀ ਹਾਂ ਤੇ ਦੁਸ਼ਮਣ ਨੂੰ ਇਵੇਂ ਮੁਆਫ ਨਹੀਂ ਕਰਾਂਗੇ ਤੇ ਭੱਜਣ ਵੀ ਨਹੀਂ ਦੇਵਾਂਗੇ, ਪਿਆਰੇ ਵੀਰੇ, ਤੂੰ ਦੇਖੇਂਗਾ ਕਿ ਅਸੀਂ ਇਹਨਾਂ ਦਾ ਕੀ ਹਾਲ ਕਰਦੇ ਹਾਂ!”
ਉਸ ਦਿਨ ਤੋਂ ਬਾਅਦ ਰਾਣੀ ਮੁੜ ਠੀਕ ਹੋਣ ਲਗੀ। ਹੌਲੀ ਹੌਲੀ ਸਭ ਕੁਝ ਸਧਾਰਣ ਹੋਣ ਵਲ ਵਧਣ ਲਗਿਆ। ਹੁਣ ਰਾਣੀ ਹਰ ਵੇਲੇ ਕੁਝ ਨਾ ਕੁਝ ਸੋਚਦੀ ਰਹਿੰਦੀ ਸੀ। ਮਹਾਂਰਾਜਾ ਦਲੀਪ ਸਿੰਘ ਨੂੰ ਫੌਜ ਨੇ ਕੁਝ ਦਿਨ ਆਪਣੇ ਕੋਲ ਰੱਖ ਕੇ ਵਾਪਸ ਰਾਣੀ ਨੂੰ ਦੇ ਦਿਤਾ ਸੀ। ਮਹਾਂਰਾਜੇ ਉਪਰ ਵੀ ਇਸ ਘਟਨਾ ਦਾ ਅਸਰ ਸਾਫ ਦਿਸਦਾ ਸੀ। ਉਸ ਨੇ ਜਵਾਹਰ ਸਿੰਘ ਦਾ ਕਤਲ ਹੁੰਦਾ ਆਪਣੀ ਅੱਖੀ ਦੇਖਿਆ ਸੀ। ਉਸ ਨੇ ਜਵਾਹਰ ਸਿੰਘ ਦਾ ਚੀਕ ਚਿਹਾੜਾ ਸੁਣਿਆ ਸੀ ਤੇ ਰਾਣੀ ਜਿੰਦਾਂ ਦਾ, ਇਹ ਸਭ ਹਾਲੇ ਵੀ ਉਸ ਦੇ ਕੰਨਾਂ ਵਿਚ ਗੂਝ ਰਿਹਾ ਸੀ। ਮਹਾਂਰਾਜਾ ਵੀ ਕੁਝ ਦਿਨ ਚੁੱਪ-ਗੜੁੱਪ ਰਹਿ ਕੇ ਠੀਕ ਹੋਣ ਲਗਿਆ।
ਇਕ ਦਿਨ ਖਾਲਸਾ ਫੌਜ ਦੇ ਕੁਝ ਨੁਮਾਇੰਦੇ ਰਾਣੀ ਕੋਲ ਜਵਾਹਰ ਸਿੰਘ ਦਾ ਅਫਸੋਸ ਕਰਨ ਆਏ। ਉਹ ਦੀਵਾਨ ਜਵਾਹਰ ਮੱਲ ਨੂੰ ਨਾਲ ਲੈ ਆਏ ਸਨ। ਪੰਚ ਬੂੜ ਸਿੰਘ ਕਹਿਣ ਲਗਿਆ,
“ਮਾਈ ਜੀ, ਮੈਂ ਸਾਰੀ ਫੌਜ ਵਲੋਂ ਮੁਆਫੀ ਮੰਗਦਾਂ, ਜੇ ਜਵਾਹਰ ਸਿੰਘ ਮੂੰਹੋਂ ਕੁਝ ਕੂੰਦਾ ਤਾਂ ਸ਼ਾਇਦ ਗੱਲ ਏਨੀ ਨਾ ਵਿਗੜਦੀ, ਇਹ ਪ੍ਰਿਥੀ ਸਿੰਘ ਤੇ ਦੀਵਾਨ ਜਵਾਹਰ ਮੱਲ ਵੀ ਕਾਹਲੀ ਕਰ ਗਏ। ਪ੍ਰਿਥੀ ਸਿੰਘ ਤਾਂ ਭੱਜ ਕੇ ਕਸ਼ਮੀਰ ਜਾ ਵੜਿਆ ਏ ਪਰ ਆਹ ਦੀਵਾਨ ਜਵਾਹਰ ਮੱਲ ਤੁਹਾਡੇ ਸਾਹਮਣੇ ਪੇਸ਼ ਏ, ਇਹ ਤੁਹਾਡਾ ਗੁਨਾਹਗਾਰ ਏ, ਜੋ ਚਾਹੋਂ ਸਜ਼ਾ ਦੇ ਸਕਦੇ ਹੋ।”
“ਸਰਦਾਰ ਜੀ, ਅਸੀਂ ਕਿਸੇ ਨੂੰ ਕੋਈ ਸਜ਼ਾ ਨਹੀਂ ਦੇਣੀ, ਏਹਨੂੰ ਵੀ ਜਾਣ ਦਿਓ।”
ਰਾਣੀ ਨੇ ਕਿਹਾ। ਅਫਸੋਸ ਕਰਨ ਵਾਲੇ ਚਲੇ ਗਏ। ਰਾਣੀ ਸਮਝਦੀ ਸੀ ਕਿ ਉਸ ਦੇ ਗੁਨਾਹਗਾਰ ਇਹ ਦੋ ਬੰਦੇ ਨਹੀਂ ਪੂਰੀ ਫੌਜ ਹੈ। ਜਦ ਉਹ ਸਾਵੀਂ ਹੋ ਗਈ ਤਾਂ ਉਸ ਨੇ ਇਕ ਦਿਨ ਲਾਲ ਸਿੰਘ ਨੂੰ ਬੁਲਾਵਾ ਭੇਜਿਆ ਤੇ ਕਹਿਣ ਲਗੀ,
“ਰਾਜਾ ਜੀ, ਸਾਨੂੰ ਤੁਹਾਡੀ ਮੱਦਦ ਦੀ ਲੋੜ ਏ।”
“ਮਾਈ ਜੀ, ਮੁਆਫ ਕਰਨਾ, ਪੰਚਾਂ ਦੇ ਖਿਲਾਫ ਕੁਝ ਨਹੀਂ ਕਰ ਸਕਿਆ ਪਰ ਵੈਸੇ ਮੈਂ ਤੁਹਾਡੇ ਨਾਲ ਈ ਹਾਂ, ਅਸਲ ਵਿਚ ਸਰਬਤ ਖਾਲਸੇ ਦੀ ਤਾਕਤ ਬਹੁਤ ਵੱਡੀ ਏ, ਇਸ ਤੋਂ ਸਾਰੇ ਡਰਦੇ ਨੇ, ਭਾਵੇਂ ਫੌਜ ਦੇ ਕਾਇਦੇ ਕਨੂੰਨ ਖਤਮ ਹੋ ਚੁੱਕੇ ਨੇ ਪਰ ਫਿਰ ਵੀ ਸਾਰੀ ਫੌਜ ਇਕ ਡੋਰ ਵਿਚ ਬੱਝੀ ਹੋਈ ਏ, ਸਰਬਤ ਖਾਲਸਾ ਮੁਹਰੇ ਨਾ ਹੀ ਮੇਰੀ ਕੋਈ ਪੁੱਛ ਏ ਤੇ ਨਾ ਹੀ ਕਿਸੇ ਹੋਰ ਦੀ।”
“ਰਾਜਾ ਜੀ, ਸਾਨੂੰ ਪਤਾ ਏ ਕਿ ਉਸ ਸਮੇਂ ਕੋਈ ਵੀ ਬੋਲਦਾ ਤਾਂ ਉਸ ਦਾ ਵੀ ਹਾਲ ਸਾਡੇ ਭਰਾ ਵਾਲਾ ਹੀ ਹੁੰਦਾ।”
“ਮਾਈ ਜੀ, ਬਿਲਕਲੁ ਹੁੰਦਾ, ਇਸ ਲਈ ਸਾਰੇ ਚੁੱਪ ਸਨ, ਫੌਜ ਦੀ ਤਾਕਤ ਮੁਹਰੇ ਕੌਣ ਖੜ ਸਕਦਾ ਏ!”
“ਰਾਜਾ ਜੀ, ਅਸੀਂ ਚਾਹੁੰਦੇ ਹਾਂ ਕਿ ਫੌਜ ਦੀ ਇਸ ਤਾਕਤ ਨੂੰ ਕਮਜ਼ੋਰ ਕੀਤਾ ਜਾਵੇ।”
“ਕਿਵੇਂ?”
“ਰਾਜਾ ਜੀ, ਤੁਸੀਂ ਕਮਾਂਡਰ ਹੋ, ਤੁਸੀਂ ਸੋਚੋ।”
“ਮਾਈ ਜੀ, ਫੌਜ ਵਿਚ ਨਵੀਂ ਭਰਤੀ ਬੰਦ ਕਰ ਦਿਤੀ ਜਾਵੇ, ਖਜ਼ਾਨਾ ਖਾਲੀ ਹੋਣ ਦੇ ਬਹਾਨੇ ਖਰਚ ਘਟਾਏ ਜਾਣ।”
ਇਹਨਾਂ ਦਿਨਾਂ ਵਿਚ ਫੌਜ ਨੇ ਆਪਣੀ ਨਫਰੀ ਹੋਰ ਵਧਾ ਲਈ ਸੀ। ਕਈ ਹੋਰ ਬਟਾਲੀਅਨਾਂ ਖੜੀਆਂ ਕਰ ਲਈਆਂ ਸਨ। ਭਾਈ ਬੀਰ ਸਿੰਘ ਦੇ ਡੇਰੇ ਦੇ ਬਹੁਤ ਸਾਰੇ ਸਿਪਾਹੀ ਖਾਲਸਾ ਫੌਜ ਵਿਚ ਆ ਕੇ ਭਰਤੀ ਹੋ ਗਏ ਸਨ। ਕੁਝ ਦਿਨਾਂ ਬਾਅਦ ਹੀ ਰਾਣੀ ਨੇ ਫੌਜ ਦੇ ਖਰਚੇ ਘੱਟ ਕਰਨ ਦੇ ਕੁਝ ਫਰਮਾਨ ਜਾਰੀ ਕਰ ਦਿਤੇ। ਜਦ ਖਬਰ ਖਾਲਸਾ ਫੌਜ ਤਕ ਪੁੱਜੀ ਤਾਂ ਉਹ ਹੈਰਾਨ ਹੋ ਗਏ। ਇਸ ਵੇਲੇ ਤਾਂ ਦੁਸ਼ਮਣ ਸਾਹਮਣੇ ਖੜਾ ਸੀ ਤੇ ਹੋਰ ਫੌਜ ਦੀ ਲੋੜ ਸੀ ਤੇ ਹਥਿਆਰਾਂ ਦੀ ਵੀ ਪਰ ਰਾਣੀ ਕੁਝ ਹੋਰ ਕਰ ਰਹੀ ਸੀ। ਪੰਚਾਂ ਨੇ ਆਪਣੇ ਪੰਜ ਸਿਪਾਹੀ ਰਾਣੀ ਦੇ ਨਾਂ ਚਿੱਠੀ ਦੇ ਕੇ ਭੇਜੇ। ਮੁਖ ਸਿਪਾਹੀ ਕਹਿਣ ਲਗਿਆ,
“ਮਾਈ ਜੀ, ਜਥੇਦਾਰ ਜਵਾਲਾ ਸਿੰਘ ਦਾ ਸੁਨੇਹਾ ਏ ਤੁਹਾਡੇ ਲਈ, ਇਹ ਖਤ ਵੀ ਏ ਤੇ ਅਸੀਂ ਜ਼ੁਬਾਨੀ ਵੀ ਦਸ ਰਹੇ ਹਾਂ ਕਿ ਤੁਹਾਡਾ ਕੰਮ ਏ ਮਹਾਂਰਾਜਾ ਦੀ ਦੇਖਭਾਲ ਕਰਨਾ, ਉਸ ਦੇ ਚੰਗੇ ਬੁਰੇ ਬਾਰੇ ਸੋਚਣਾ, ਤੁਸੀਂ ਉਸੇ ਤਕ ਮਹਿਦੂਦ ਰਹੋ, ਖਾਲਸਾ ਫੌਜ ਬਾਰੇ ਨਿਰਣੈ ਪੰਚ ਲੈਣਗੇ, ਤੁਸੀਂ ਕੋਈ ਗਲਤ ਨਿਰਣਾ ਲਵੋਂਗੇ ਤਾਂ ਤੁਹਾਡਾ ਬਹੁਤ ਨੁਕਸਾਨ ਹੋਵੇਗਾ।”
“ਕੀ ਮਤਲਵ ਏ ਤੁਹਾਡਾ? ਪੰਜਾਬ ਦੀ ਸਰਕਾਰ ਅਸੀਂ ਚਲਾ ਰਹੇ ਹਾਂ, ਸਾਨੂੰ ਪਤਾ ਏ ਖਜ਼ਾਨੇ ਵਿਚ ਕੀ ਏ ਜਾਂ ਫਿਰ ਦੀਵਾਨ ਦੀਨਾ ਨਾਥ ਜੀ ਨੂੰ, ਸਾਡੇ ਕੋਲ ਵਾਧੂ ਖਰਚ ਦੀ ਗੁੰਜਾਇਸ਼ ਨਹੀਂ ਏ।”
“ਮਾਈ ਜੀ, ਖਾਲਸਾ ਫੌਜ ਦਾ ਕੰਮ ਏ ਦੁਸ਼ਮਣ ਤੋਂ ਦੇਸ਼ ਨੂੰ ਬਚਾਉਣਾ, ਚਾਹੇ ਦੁਸ਼ਮਣ ਸਰਹੱਦ ਉਪਰ ਹੋਵੇ ਜਾਂ ਘਰ ਵਿਚ ਹੀ, ਖਾਲਸਾ ਫੌਜ ਦੇ ਮੁਖੀ ਦਾ ਕਹਿਣਾ ਏ ਕਿ ਜੇ ਤੁਸੀਂ ਕੋਈ ਗਲਤ ਕਦਮ ਲਵੋਂਗੇ ਤਾਂ ਮਹਾਂਰਾਜਾ ਸ਼ੇਰ ਸਿੰਘ ਦੇ ਪੁੱਤਰ ਸਿ਼ਵਦੇਵ ਸਿੰਘ ਨੂੰ ਦਲੀਪ ਸਿੰਘ ਥਾਵੇਂ ਮਹਾਂਰਾਜਾ ਬਣਾਉਣ ਬਾਰੇ ਸੋਚਿਆ ਜਾਵੇਗਾ, ਉਹ ਵੀ ਸਰਕਾਰ ਦਾ ਪੋਤਰਾ ਏ ਤੇ ਸ਼ੇਰ ਸਿੰਘ ਤੋਂ ਬਾਅਦ ਅਸਲੀ ਹੱਕਦਾਰ ਵੀ ਉਹੀ ਬਣਦਾ ਏ।”
ਇਸ ਗੱਲ ਨੇ ਰਾਣੀ ਨੂੰ ਇਕ ਦਮ ਚੁੱਪ ਕਰਾ ਦਿਤਾ ਬਲਕਿ ਫਿਕਰਾਂ ਵਿਚ ਪਾ ਦਿਤਾ। ਉਹ ਸਮਝ ਗਈ ਕਿ ਫੌਜ ਨਾਲ ਸਿਧਿਆਂ ਟੱਕਰ ਨਹੀਂ ਲਈ ਜਾ ਸਕਦੀ। ਕੋਈ ਹੋਰ ਤਰੀਕਾ ਵਰਤਣਾ ਪਵੇਗਾ। ਉਹ ਸਵੇਰੇ ਸ਼ਾਮ ਬੈਠਦੇ ਉਠਦੇ ਹਰ ਵੇਲੇ ਹੀ ਸੋਚਦੀ ਰਹਿੰਦੀ ਕਿ ਕੀ ਕੀਤਾ ਜਾਵੇ। ਕਈ ਵਾਰ ਉਹ ਲਾਲ ਸਿੰਘ ਨਾਲ ਸਲਾਹਾਂ ਕਰਨ ਵੀ ਬਹਿ ਜਾਂਦੀ। ਇਕ ਦਿਨ ਉਸ ਨੂੰ ਅਚਾਨਕ ਖਿਆਲ ਆਇਆ ਤੇ ਉਹ ਲਾਲ ਸਿੰਘ ਨੂੰ ਪੁੱਛਣ ਲਗੀ,
“ਰਾਜਾ ਜੀ, ਫਿਰੰਗੀਆਂ ਨਾਲ ਆਪਣੀ ਗੱਲਬਾਤ ਕਿਵੇਂ ਚਲ ਰਹੀ ਏ?”
“ਮਾਈ ਜੀ, ਫਿਰੰਗੀ ਲਹੌਰ ਆ ਕੇ ਕਿਸੇ ਕਿਸਮ ਦਾ ਦਖਲ ਨਹੀਂ ਦੇਣਗੇ, ਇਹ ਤਾਂ ਜੇ ਲੜਾਈ ਲਗੀ ਤਾਂ ਫਿਰ...।”
“ਰਾਜਾ ਜੀ, ਸਾਨੂੰ ਯਕੀਨ ਏ ਕਿ ਸਾਡਾ ਗੁਜ਼ਾਰਾ ਇਸ ਫੌਜ ਨਾਲ ਨਹੀਂ ਹੋ ਸਕਣਾ, ਜਿਸ ਫੌਜ ਨੇ ਸਾਡੇ ਭਰਾ ਨੂੰ ਨਹੀਂ ਬਖਸਿ਼ਆ, ਸਾਡੀ ਇਕ ਨਾ ਸੁਣੀ ਅਗੇ ਜਾ ਕੇ ਸਾਡਾ ਉਹ ਕੀ ਭਲਾ ਕਰੇਗੀ। ਹੁਣ ਸਾਨੂੰ ਇਸ ਦਾ ਬਦਲ ਚਾਹੀਦਾ ਏ।”
“ਮਾਈ ਜੀ, ਕੈਸਾ ਬਦਲ?”
“ਫਿਰੰਗੀਆਂ ਨਾਲ ਕੋਈ ਅਜਿਹਾ ਸਮਝੌਤਾ ਕਿ ਉਹ ਆਕੇ ਪੰਜਾਬ ਉਪਰ ਕਬਜ਼ਾ ਕਰ ਲੈਣ ਪਰ ਅਸੀਂ ਇਵੇਂ ਹੀ ਰਾਜ ਕਰਦੇ ਰਹੀਏ, ਸਾਡਾ ਬੇਟਾ ਇਵੇਂ ਹੀ ਮਹਾਂਰਾਜਾ ਰਹੇ ਤੇ ਅਸੀਂ ਰੀਜੰਟ। ਕੀ ਅਜਿਹਾ ਕੁਝ ਸੰਭਵ ਏ?”
“ਸੰਭਵ ਨੂੰ ਤਾਂ ਮਾਈ ਜੀ ਕੁਝ ਵੀ ਅਸੰਭਵ ਨਹੀਂ ਪਰ ਇਹ ਤਾਂ ਫਿਰੰਗੀਆਂ ਨਾਲ ਗੱਲਬਾਤ ਕਰ ਕੇ ਪਤਾ ਚਲੇਗਾ।”
“ਗੱਲਬਾਤ ਕਰੋ ਪਰ ਬਹੁਤ ਹੀ ਗੁਪਤ, ਕਿਸੇ ਨੂੰ ਭਿਣਕ ਤਕ ਨਾ ਲਗੇ।”
ਲਹੌਰ ਵਿਚ ਅੰਗਰੇਜ਼ਾਂ ਦੇ ਜਸੂਸਾਂ ਦੀ ਘਾਟ ਨਹੀਂ ਸੀ। ਕੁਝ ਅੰਗਰੇਜ਼ ਵੀ ਸਨ ਪਰ ਬਹੁਤੇ ਪੰਜਾਬੀ ਹੀ ਸਨ। ਇਹਨਾਂ ਵਿਚੋਂ ਮੁਸਲਮਾਨ ਜਿ਼ਆਦਾ ਸਨ। ਲਾਲ ਸਿੰਘ ਤਕ ਇਕ ਜਸੂਸ ਨੇ ਆਪ ਪਹੁੰਚ ਕਰ ਲਈ ਤੇ ਅਗੇ ਉਸ ਨੂੰ ਨਿਕਲਸਨ ਦਾ ਏਜੰਟ ਮਿਲਾ ਦਿਤਾ। ਥੋੜੀ ਗੱਲ ਅਗੇ ਵਧੀ ਤਾਂ ਲਾਲ ਸਿੰਘ ਲਈ ਇਸ ਸਾਫ ਹੋ ਗਿਆ ਕਿ ਅੰਗਰੇਜ਼ ਪੰਜਾਬ ਉਪਰ ਹਮਲਾ ਹਾਲੇ ਨਹੀਂ ਕਰਨਗੇ। ਉਹ ਇਸ ਵੇਲੇ ਆਪਣਾ ਰੈਜ਼ੀਡੈਂਟ ਲਹੌਰ ਵਿਚ ਤਾਇਨਾਤ ਕਰਨ ਦੀ ਕੋਸਿ਼ਸ਼ ਵਿਚ ਸਨ। ਇਹ ਗੱਲ ਫੌਜ ਨੂੰ ਮਨਜ਼ੂਰ ਨਹੀਂ ਸੀ ਹੋਣੀ। ਰਾਣੀ ਦੀ ਸੋਚ ਨੂੰ ਫਲ਼ ਨਹੀਂ ਸੀ ਲਗਣ ਵਾਲਾ। ਇਸ ਲਈ ਲਾਲ ਸਿੰਘ ਚੁੱਪ ਕਰ ਗਿਆ। ਉਸ ਨੂੰ ਪਤਾ ਸੀ ਕਿ ਜ਼ਰਾ ਕੁ ਗੱਲ ਬਾਹਰ ਨਿਕਲੀ ਤਾਂ ਫੌਜ ਉਸ ਦਾ ਜਵਾਹਰ ਸਿੰਘ ਵਾਲਾ ਹਾਲ ਕਰ ਸਕਦੀ ਹੈ।...
ਜਵਾਹਰ ਸਿੰਘ ਦੇ ਕਤਲ ਤੋਂ ਬਾਅਦ ਕੋਈ ਵੀ ਪੰਜਾਬ ਦਾ ਵਜ਼ੀਰ ਬਣਨ ਲਈ ਤਿਆਰ ਨਹੀਂ ਸੀ। ਲਾਲ ਸਿੰਘ ਤੇ ਤੇਜ ਸਿੰਘ ਫੌਜਾਂ ਦੇ ਕਮਾਂਡਰ ਸਨ ਪਰ ਉਹ ਦੋਨੋਂ ਹੀ ਫੌਜ ਪ੍ਰਤੀ ਬਿਲਕੁਲ ਵਫਾਦਾਰ ਨਹੀਂ ਸਨ। ਪੰਚ ਉਹਨਾਂ ਦੀ ਸਹਿਜੇ ਹੀ ਲਾਹ ਪਾਹ ਕਰ ਦਿੰਦੇ ਸਨ। ਭਾਵੇਂ ਫੌਜ ਵਿਚ ਕਾਫੀ ਸਾਰੇ ਡੋਗਰੇ ਤੇ ਹੋਰ ਗੈਰ ਸਿੱਖ ਵੀ ਸਨ ਪਰ ਸਿੱਖ ਜਨਰਲ ਇਹਨਾਂ ਦੋਨਾਂ ਤੋਂ ਖਾਰ ਖਾਂਦੇ ਸਨ ਕਿ ਸਿੱਖਾਂ ਨੂੰ ਛੱਡ ਕੇ ਇਹਨਾਂ ਗੈਰ-ਸਿੱਖਾਂ ਨੂੰ ਕਮਾਂਡਰ ਕਿਉਂ ਬਣਾਇਆ ਹੋਇਆ ਹੈ। ਇਸ ਕਰਕੇ ਫੌਜ ਵਿਚ ਸਹੀ ਤਾਲਮੇਲ ਦੀ ਘਾਟ ਸੀ। ਅੰਦਰੋ ਅੰਦਰ ਤੇਜ ਸਿੰਘ ਲਾਲ ਸਿੰਘ ਨੂੰ ਵੀ ਪਸੰਦ ਨਹੀਂ ਸੀ ਕਰਦਾ। ਰਾਣੀ ਜਿੰਦਾਂ ਨਾਲ ਲਾਲ ਸਿੰਘ ਦੀ ਨੇੜਤਾ ਉਸ ਨੂੰ ਬਹੁਤ ਬੁਰੀ ਲਗਦੀ ਸੀ।
ਹੁਣ ਸਰਬਤ ਖਾਲਸਾ ਨੇ ਪੰਜਾਬ ਦਾ ਸਾਰਾ ਰਾਜ ਆਪਣੇ ਹੱਥ ਵਿਚ ਲੈ ਲਿਆ ਸੀ। ਮਹਾਂਰਾਜੇ ਦੇ ਅਧਿਕਾਰ ਬਹੁਤ ਸੀਮਤ ਕਰ ਦਿਤੇ ਸਨ। ਪੰਜਾਬ ਦਾ ਵਜ਼ੀਰ ਹੁਣ ਦੀਵਾਨ ਦੀਨਾ ਨਾਥ ਨੂੰ ਬਣਾ ਦਿਤਾ ਗਿਆ ਸੀ ਪਰ ਉਹ ਵੀ ਨਾਂ ਦਾ ਹੀ ਵਜ਼ੀਰ ਸੀ। ਸਰਬਤ ਖਾਲਸਾ ਨੇ ਆਪਣੇ ਨਾਂ ਹੇਠ ਸਰਕਾਰੀ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿਤੀਆਂ। ਮੋਹਰ ਉਪਰ ‘ਅਕਾਲ ਸਹਾਏ’ ਲਿਖਿਆ ਹੁੰਦਾ। ਆਲੇ ਦੁਆਲੇ ਦੇ ਮੁਲਕਾਂ ਨੂੰ ਇਸ ਦੀ ਸੂਚਨਾ ਭੇਜ ਦਿਤੀ ਗਈ ਕਿ ਇਸ ਮੋਹਰ ਵਾਲੀ ਚਿੱਠੀ ਹੀ ਸਰਕਾਰੀ ਚਿੱਠੀ ਹੋਵੇਗੀ। ਅੰਗਰੇਜ਼ਾਂ ਲਈ ‘ਸਰਬਤ ਖਾਲਸਾ’ ਤੇ ‘ਅਕਾਲ ਸਹਾਏ’ ਨਵੇਂ ਸ਼ਬਦ ਸਨ ਪਰ ਉਹਨਾਂ ਨੇ ਇਹਨਾਂ ਨੂੰ ਜਲਦੀ ਹੀ ਮਨਜ਼ੂਰ ਕਰ ਲਿਆ।...
ਸ਼ਾਹੀ ਮਹਿਲ ਦੇ ਸੁਮਨ ਬੁਰਜ ਵਿਚ ਰਾਣੀ ਜਿੰਦਾਂ ਬਹੁਤ ਹੀ ਬੇਅਰਾਮ ਸੀ। ਅਜ ਹੀ ਉਸ ਨੇ ਦੀਵਾਨ ਦੀਨਾ ਨਾਥ ਨਾਲ ਮੁਲਾਕਾਤ ਕੀਤੀ ਸੀ। ਦੀਵਾਨ ਵੀ ਬੁਰਛਿਆਂ ਤੋਂ ਸਤਿਆ ਪਿਆ ਸੀ। ਉਹ ਉਸ ਦੀ ਪੈਰ ਪੈਰ ‘ਤੇ ਬੇਇਜ਼ਤੀ ਕਰਦੇ ਰਹਿੰਦੇ ਸਨ। ਫੌਜ ਦੇ ਪੰਚਾਂ ਨੂੰ ਨਾ ਹੀ ਸਿਆਸਤ ਦੀ ਸਮਝ ਸੀ ਤੇ ਨਾ ਹੀ ਕਿਸੇ ਕਨੂੰਨ ਦੀ। ਉਹ ਜੋ ਚਾਹੁੰਦੇ ਦੀਵਾਨ ਨੂੰ ਹੁਕਮ ਕਰ ਦਿੰਦੇ, ਦੀਵਾਨ ਵਿਚ ਇਨਕਾਰ ਕਰਨ ਦੀ ਹਿੰਮਤ ਨਹੀਂ ਸੀ ਤੇ ਨਾ ਹੀ ਉਹ ਕੋਈ ਸਲਾਹ ਮੰਨਦੇ ਸਨ। ਉਸ ਨੇ ਆਪਣਾ ਦੁਖ ਰਾਣੀ ਨਾਲ ਸਾਂਝਾ ਕੀਤਾ ਤਾਂ ਰਾਣੀ ਨੇ ਅੰਗਰੇਜ਼ਾਂ ਨਾਲ ਲੜਾਈ ਲਾ ਦੇਣ ਵਾਲੀ ਆਪਣੀ ਸੋਚ ਬਾਰੇ ਗੱਲ ਕੀਤੀ ਤਾਂ ਦੀਵਾਨ ਨੇ ਕਿਹਾ ਸੀ,
“ਮਾਈ ਜੀ, ਮੈਂ ਇਸ ਲੜਾਈ ਦੇ ਹੱਕ ਵਿਚ ਨਹੀਂ ਹਾਂ ਪਰ ਲੜਾਈ ਅਟੱਲ ਏ, ਅਸੀਂ ਸਾਰਾ ਹਿਸਾਬ ਲਾ ਕੇ ਦੇਖਿਆ ਏ। ਮੇਰਾ ਬੇਟਾ ਅਮਰਨਾਥ ਹਰ ਵੇਲੇ ਅਜਿਹੇ ਮੁਤਾਲਿਆ ਹੀ ਕਰਦਾ ਰਹਿੰਦਾ ਏ।”
ਰਾਣੀ ਦੀਵਾਨ ਦੀਨਾ ਨਾਥ ਦੀ ਗੱਲ ਧਿਆਨ ਨਾਲ ਸੁਣਨ ਲਗੀ। ਦੀਵਾਨ ਨੇ ਫਿਰ ਕਿਹਾ,
“ਇਕ ਤਾਂ ਫਿਰੰਗੀਆਂ ਦੀ ਨੀਤੀ ਈ ਪੰਜਾਬ ਉਪਰ ਕਬਜ਼ੇ ਵਾਲੀ ਏ, ਭਾਵੇਂ 1909 ਦਾ ਸਮਝੌਤਾ ਹੋ ਗਿਆ ਸੀ ਪਰ ਉਹਨਾਂ ਦੀ ਨੀਤੀ ਸਾਰੇ ਪੰਜਾਬ ਨੂੰ ਹੜੱਪਣ ਵਾਲੀ ਏ, ਦੂਜੇ ਸਾਡੀ ਫੌਜ ਵੀ ਅੰਗਰੇਜ਼ਾਂ ਨੂੰ ਏਨੀ ਨਫਰਤ ਕਰਦੀ ਏ ਕਿ ਲੜਾਈ ਦੇ ਹੱਕ ਵਿਚ ਏ, ਤੀਜੇ ਹਰ ਕੋਈ ਗੱਦੀ ਦੀ ਸਥਿਰਤਾ ਲਈ ਖਾਲਸਾ ਫੌਜ ਦੀ ਹਿਮਾਇਤ ਲੈਣ ਲਈ ਉਹਨਾਂ ਅੰਦਰ ਕੌਮੀ ਭਾਵਨਾ ਪੈਦਾ ਕਰਨ ਖਾਤਰ ਫੌਜ ਨੂੰ ਫਿਰੰਗੀਆਂ ਖਿਲਾਫ ਚੁੱਕਦਾ ਰਿਹਾ ਏ। ਲੜਾਈ ਲਗਣ ਦਾ ਇਕ ਹੋਰ ਕਾਰਣ ਵੀ ਏ ਕਿ ਖਾਲਸਾ ਫੌਜ ਨੂੰ ਲੁੱਟ ਮਾਰ ਦੀ ਆਦਤ ਪਈ ਹੋਈ ਏ ਤੇ ਇਹ ਹਿੰਦੁਸਤਾਨ ਨੂੰ ਲੁੱਟਣ ਦੇ ਸੁਫਨੇ ਦੇਖਦੀ ਰਹਿੰਦੀ ਏ।”
ਦੀਵਾਨ ਨੇ ਆਪਣੀ ਗੱਲ ਮੁਕਾਈ ਤੇ ਚੁੱਪ ਕਰ ਗਿਆ। ਰਾਣੀ ਜਿੰਦਾਂ ਬੋਲੀ,
“ਲੜਾਈ ਦਾ ਇਕ ਫਾਇਦਾ ਏ ਕਿ ਬੁਰਛਾ ਗਰਦੀ ਕੁਝ ਘਟੇਗੀ।”
“ਤੁਹਾਡੇ ਵਾਂਗ ਹੋਰ ਵੀ ਕਈ ਸੋਚਦੇ ਨੇ ਪਰ ਮਾਈ ਜੀ, ਇਹ ਸਹੀ ਨਹੀਂ ਏ, ਗੋਰੇ ਸਾਡੀ ਭਲੇ ਲਈ ਕਦੇ ਲੜ੍ਹਾਈ ਨਹੀਂ ਲੜ੍ਹਨਗੇ, ਉਹ ਆਪਣੇ ਲਈ ਲੜ੍ਹਨਗੇ, ਉਹ ਇਕ ਵਾਰ ਪੰਜਾਬ ਵਿਚ ਆ ਗਏ ਤਾਂ ਵਾਪਸ ਨਹੀਂ ਜਾਣਗੇ। ਹੋ ਸਕਦਾ ਏ ਕਿ ਉਹ ਇਹਨਾਂ ਬੁਰਛਿਆਂ ਤੋਂ ਵੀ ਭੈੜੇ ਹੋਣ।”
ਦੀਵਾਨ ਦੀਨਾ ਨਾਥ ਆਪਣੀ ਗੱਲ ਕਰ ਕੇ ਚਲੇ ਗਿਆ ਤੇ ਰਾਣੀ ਨੂੰ ਸੋਚਾਂ ਵਿਚ ਪਾ ਗਿਆ। ਦੀਵਾਨ ਸੱਚਾ ਸੀ ਕਿ ਫਿਰੰਗੀ ਸਿਰਫ ਆਪਣੇ ਲਈ ਹੀ ਲੜਨਗੇ। ਰਾਣੀ ਇਕ ਵਾਰ ਫਿਰ ਸੋਚਾਂ ਵਿਚ ਉਤਰ ਗਈ। ੳਹ ਗਈ ਰਾਤ ਨੂੰ ਛੱਤ ਉਪਰ ਘੁੰਮਦੀ ਸੋਚਦੀ ਰਹੀ ਕਿ ਕੀ ਕੀਤਾ ਜਾ ਸਕਦਾ ਹੈ। ਉਸ ਨੂੰ ਇਵੇਂ ਫਿਰਦਿਆਂ ਦੇਖ ਕੇ ਮੰਗਲਾ ਬੋਲੀ,
“ਰਾਣੀ ਜੀ, ਸੌਂ ਜਾਓ, ਬਹੁਤ ਹੋ ਗਿਆ, ਕਿੰਨਾ ਕੁ ਤੜਫੋਂਗੇ!”
“ਮੰਗਲਾ, ਹੁਣ ਤਾਂ ਤੜਫਣਾ ਈ ਜਿ਼ੰਦਗੀ ਏ।”
“ਰਾਣੀ ਜੀ, ਕਿਹੋ ਜਿਹੇ ਦਿਨ ਆ ਗਏ! ਅਸੀਂ ਜੰਮੂ ਵਿਚ ਕਿੰਨੇ ਖੁਸ਼ ਸਾਂ।”
“ਹਾਂ ਮੰਗਲਾ, ਸਾਰੇ ਦਿਨ ਇਕੋ ਜਿਹੇ ਨਹੀਂ ਹੋ ਸਕਦੇ, ਉਹ ਸੌਖੇ ਦਿਨ ਨਹੀਂ ਰਹੇ ਤੇ ਇਹ ਔਖੇ ਵੀ ਨਹੀਂ ਰਹਿਣਗੇ, ਜੇ ਦਲੀਪ ਸਮਝਣ ਜੋਗਾ ਹੁੰਦਾ ਤਾਂ ਮੈਨੂੰ ਜ਼ਰਾ ਸੌਖ ਹੁੰਦੀ, ਉਹ ਆਪਣੇ ਆਪ ਨੂੰ ਸੰਭਾਲ ਸਕਦਾ।”
“ਰਾਣੀ ਜੀ, ਮੈਂ ਤਾਂ ਸਿ਼ਵ ਮੁਹਰੇ ਪ੍ਰਾਰਥਨਾ ਕਰ ਕਰ ਕੇ ਥੱਕ ਗਈ ਹਾਂ ਪਰ ਇਹਨਾਂ ਬੁਰਛਿਆਂ ਤੋਂ ਪਿੱਛਾ ਛੁੱਟਦਾ ਨਹੀਂ ਦਿਸਦਾ।”
“ਸਤਿਗੁਰੂ ਮਹਾਨ ਏ ਮੰਗਲਾ, ਸ਼ਾਇਦ ਕੁਝ ਹੋ ਜਾਵੇ, ਫਿਰੰਗੀ ਇਹਨਾਂ ਨੂੰ ਜ਼ਰਾ ਹੌਲ਼ੇ ਕਰ ਦੇਣਗੇ ਤਾਂ ਸਭ ਠੀਕ ਹੋ ਜਾਵੇਗਾ।”
“ਰਾਣੀ ਜੀ, ਖਾਲਸਾ ਫੌਜ ਫਿਰੰਗੀਆਂ ਦੇ ਮੁਕਾਬਲੇ ਬਹੁਤ ਮਜ਼ਬੂਤ ਏ, ਮੈਨੂੰ ਯਕੀਨ ਏ ਕਿ ਖਾਲਸਾ ਫੌਜ ਜਿੱਤ ਜਾਵੇਗੀ।”
“ਮੰਗਲਾ, ਫਿਰ ਵੀ ਠੀਕ ਏ, ਇਹਨਾਂ ਬੁਰਛਿਆਂ ਦਾ ਕੰਮ ਏ ਲੁੱਟ ਮਾਰ ਕਰਨਾ ਤੇ ਬੁਰਛੇ ਹਿੰਦੁਸਤਾਨ ਵਿਚੋਂ ਲੁਟ-ਮਾਰ ਕਰਨ ਵਿਚ ਰੁਝ ਜਾਣਗੇ ਤੇ ਸਾਡਾ ਜੀਣਾ ਕੁਝ ਸੌਖਾ ਹੋ ਜਾਏਗਾ ਤੇ ਨਾਲ ਹੀ ਪੰਜਾਬ ਦੀਆਂ ਸਰਹੱਦਾਂ ਵੀ ਵੱਡੀਆਂ ਹੋ ਜਾਣਗੀਆਂ।”
“ਰਾਣੀ ਜੀ, ਜੇ ਫਿਰੰਗ ਿਜਿੱਤ ਗਏ ਤਾਂ?”
“ਮੰਗਲਾ, ਫਿਰ ਵੀ ਕੋਈ ਬੁਰਾ ਨਹੀਂ, ਹੁਣ ਨਾਲੋਂ ਤਾਂ ਜਿ਼ੰਦਗੀ ਸੌਖੀ ਹੀ ਹੋਵੇਗੀ, ਦਲੀਪ ਦਾ ਜੀਵਨ ਵੀ ਖਤਰੇ ਵਿਚ ਨਹੀਂ ਹੋਵੇਗਾ, ਲੋਕ ਵੀ ਚੈਨ ਦਾ ਸਾਹ ਲੈਣਗੇ, ਇਹ ਲੜਾਈ ਦਾ ਸਾਨੂੰ ਦੋਨਾਂ ਪਾਸਿਆਂ ਤੋਂ ਈ ਫਾਇਦਾ ਏ, ਇਸ ਲਈ ਇਹ ਜ਼ਰੂਰੀ ਏ।”
ਰਾਣੀ ਜਿੰਦਾਂ ਦੀ ਇਹ ਦੂਰ ਦੀ ਸੋਚ ਸੀ। ਜਲਦੀ ਹੀ ਲਾਲ ਸਿੰਘ ਵੀ ਖਬਰ ਲੈ ਆਇਆ ਕਿ ਅੰਗਰੇਜ਼ ਲਹੌਰ ਵਿਚ ਆਪਣਾ ਇਕ ਰੈਜ਼ੀਡੈਂਟ ਰੱਖਣਾ ਚਾਹੁੰਦੇ ਸਨ, ਪੰਜਾਬ ਦਾ ਰਾਜ ਭਾਵੇਂ ਇਵੇਂ ਹੀ ਚਲਦਾ ਰਹੇ। ਇਕ ਰਾਤ ਫਿਰ ਰਾਣੀ ਨੂੰ ਅਲਾਦੀਨ ਦਾ ਚਿਰਾਗ ਲੱਭ ਪੈਣ ਵਾਲਾ ਸੁਫਨਾ ਆਇਆ।...
ਅਗਲੇ ਦਿਨ ਹੀ ਦੀਵਾਨ ਦੀਨਾ ਨਾਥ ਨੇ ਦਰਬਾਰ ਵਿਚ ਇਕ ਚਿੱਠੀ ਪੜ੍ਹ ਕੇ ਸੁਣਾਈ ਜਿਹੜੀ ਕਿ ਸਤਲੁਜ ਦੇ ਇਲਾਕੇ ਵਿਚੋਂ ਕਿਸੇ ਪਿੰਡ ਦੇ ਮੁਖੀ ਦੀ ਆਈ ਦੱਸੀ ਜਾਂਦੀ ਸੀ। ਚਿੱਠੀ ਵਿਚ ਲਿਖਿਆ ਸੀ ਕਿ ਅੰਗਰੇਜ਼ ਫੌਜਾਂ ਦਰਿਆ ਪਾਰ ਕਰਕੇ ਪੰਜਾਬ ਵਿਚ ਆ ਵੜੀਆਂ ਸਨ ਤੇ ਲੁੱਟ ਮਾਰ ਕਰ ਰਹੀਆਂ ਸਨ। ਉਸ ਤੋਂ ਅਗਲੇ ਦਿਨ ਹੀ ਲਾਲ ਸਿੰਘ ਨੇ ਸ਼ਾਲੀਮਾਰ ਬਾਗ ਵਿਚ ਫੌਜ ਦੇ ਪੰਚਾਂ ਤੇ ਅਫਸਰਾਂ ਤੇ ਦਰਬਾਰ ਦੇ ਦਰਬਾਰੀਆਂ ਦੀ ਬੈਠਕ ਬੁਲਾ ਲਈ। ਨਵੰਬਰ ਦਾ ਮਹੀਨਾ ਸੀ ਤੇ ਧੁੱਪ ਖਿੜੀ ਹੋਈ ਸੀ। ਲਾਲ ਸਿੰਘ ਦੇ ਹੱਥ ਵਿਚ ਕਈ ਕਾਗਜ਼ ਫੜੇ ਹੋਏ ਸਨ। ਉਸ ਨੇ ਸਭ ਨੂੰ ਫਤਿਹ ਬੁਲਾਈ ਤੇ ਬੋਲਣਾ ਸ਼ੁਰੂ ਕੀਤਾ,
“ਖਾਲਸਾ ਜੀ, ਪੰਜਾਬ ਲਈ ਮੁਸ਼ਕਲ ਦੀ ਘੜੀ ਆ ਗਈ ਏ, ਇਹ ਮੇਰੇ ਹੱਥ ਵਿਚ ਕੁਝ ਖਤ ਨੇ ਜੋ ਸਰਹੱਦੀ ਇਲਾਕੇ ਵਿਚੋਂ ਵੱਖ ਵੱਖ ਮੋਹਤਬਾਰ ਲੋਕਾਂ ਨੇ ਭੇਜੇ ਨੇ, ਅੰਗਰੇਜ਼ ਫੌਜ ਸਾਡੇ ਇਲਾਕੇ ਵਿਚ ਸ਼ਹਿਰਾਂ ਕਸਬਿਆਂ ਦੀ ਲੁੱਟ ਮਾਰ ਕਰ ਰਹੀ ਏ ਤੇ ਕਾਫੀ ਅੰਦਰ ਤਕ ਆ ਚੁੱਕੀ ਏ, ਦੂਜੇ ਪਾਸੇ ਖਬਰ ਇਹ ਵੇ ਕਿ ਹਿੰਦੁਸਤਾਨ ਦੀਆਂ ਛਾਉਣੀਆਂ ਜਿਵੇਂ ਕਿ ਦਿੱਲੀ, ਮੇਰਠ, ਅੰਬਾਲੇ ਤੇ ਕਸੌਲੀ ਤੋਂ ਹੋਰ ਭਾਰੀ ਮਿਕਦਾਰ ਵਿਚ ਫੌਜ ਪੰਜਾਬ ਵਲ ਤੁਰ ਪਈ ਏ ਤੇ ਅੰਗਰੇਜ਼ ਫੌਜ ਇਹ ਕ੍ਰਿਸਮਸ ਲਹੌਰ ਮਨਾਉਣਾ ਚਾਹੁੰਦੀ ਏ, ਹੁਣ ਤੁਸੀਂ ਦੱਸੋ ਕਿ ਕਿਵੇਂ ਕਰਨਾ ਏਂ, ਫੈਸਲਾ ਕਰੋ ਕਿ ਇਥੇ ਬੈਠ ਕੇ ਫਿਰੰਗੀਆਂ ਨੂੰ ਉਡੀਕਣਾ ਏਂ ਕਿ ਸਹਰੱਦ ਤੇ ਜਾ ਕੇ ਮਿਲਣਾ ਏਂ।”
ਲਾਲ ਸਿੰਘ ਆਪਣੀ ਗੱਲ ਕਹਿ ਕੇ ਰੁਕ ਗਿਆ ਕਿ ਸ਼ਾਇਦ ਕੋਈ ਹੋਰ ਕੁਝ ਕਹਿਣਾ ਚਾਹੇ, ਸ਼ਇਦ ਕੋਈ ਉਸ ਦੇ ਵਿਰੋਧ ਵਿਚ ਹੀ ਬੋਲੇ ਪਰ ਪੂਰਾ ਇਕੱਠ ਚੁੱਪ ਰਿਹਾ। ਲਾਲ ਸਿੰਘ ਨੇ ਫਿਰ ਕਹਿਣਾ ਸ਼ੁਰੂ ਕੀਤਾ,
“ਮੈਂ ਚਾਹੁੰਦਾ ਹਾਂ ਕਿ ਲੜਾਈ ਦੀ ਤਿਆਰੀ ਕੀਤੀ ਜਾਵੇ ਤੇ ਸਰਹੱਦ ਵਲ ਕੂਚ ਕਰ ਦਿਤਾ ਜਾਵੇ, ਦੁਸ਼ਮਣ ਨੂੰ ਆਪਣੇ ਘਰ ਤੋਂ ਦੂਰ ਹੀ ਕੁਚਲਿਆ ਜਾਵੇ, ਇਹ ਅੰਗਰੇਜ਼ ਫੌਜ ਖਾਲਸਾ ਫੌਜ ਦੇ ਸਾਹਮਣੇ ਬਹੁਤ ਮਾਮੂਲੀ ਏ, ਇਹ ਤੁਸੀਂ ਬਾਖੂਬੀ ਜਾਣਦੇ ਹੋ, ਫੌਜ ਦੀ ਕੌਂਸਲ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਅਗਲੀ ਰਣਨੀਤੀ ਤਿਆਰ ਕੀਤੀ ਜਾਵੇ।”
ਸਭ ਨੇ ਲੜਾਈ ਦੀ ਤਿਆਰੀ ਦੀ ਹਾਮੀ ਭਰ ਦਿਤੀ। ਲੜਾਈ ਦੀ ਤਿਆਰੀ ਸ਼ੁਰੂ ਹੋ ਗਈ। ਫੌਜ ਦਾ ਇਕ ਹਿੱਸਾ ਰਾਜਾ ਗੁਲਾਬ ਸਿੰਘ ਨੂੰ ਕਮਾਂਡਰ ਇਨ ਚੀਫ ਬਣਾਉਣਾ ਚਾਹੁੰਦਾ ਸੀ ਪਰ ਗੁਲਾਬ ਸਿੰਘ ਤਾਂ ਆਪ ਲਹੌਰ ਦੇ ਖਿਲਾਫ ਅੰਗਰੇਜ਼ਾਂ ਦੀ ਮੱਦਦ ਲਈ ਆਪਣੀ ਫੌਜ ਨੂੰ ਤਿਆਰ ਕਰ ਰਿਹਾ ਸੀ। ਲਾਲ ਸਿੰਘ ਨੂੰ ਵਜ਼ੀਰ ਤੇ ਤੇਜ ਸਿੰਘ ਨੂੰ ਫੌਜਾਂ ਦਾ ਕਮਾਂਡਰ ਇਨ ਚੀਫ ਬਣਾ ਦਿਤਾ ਗਿਆ। ਵੈਸੇ ਤਾਂ ਫੌਜ ਵਿਚ ਬਹੁਤ ਸਾਰੇ ਅਜਿਹੇ ਅਫਸਰ ਸਨ ਜੋ ਲਾਲ ਸਿੰਘ ਤੇ ਤੇਜ ਸਿੰਘ ਤੋਂ ਖਾਰ ਖਾਂਦੇ ਸਨ ਤੇ ਉਹਨਾਂ ਨੂੰ ਕਤਲ ਕਰਨ ਦੀਆਂ ਸਕੀਮਾਂ ਵੀ ਬਣਾਉਂਦੇ ਰਹਿੰਦੇ ਸਨ ਪਰ ਹੁਣ ਅਚਾਨਕ ਲੜਾਈ ਦੇ ਡਰ ਕਾਰਨ ਇਹ ਗੱਲਾਂ ਅਗੇ ਪੈ ਗਈਆਂ ਸਨ। ਸਦਾ ਵਾਂਗ ਲੜਾਈ ਦੇ ਡਰ ਨੇ ਸਾਰੇ ਪੰਜਾਬ ਨੂੰ ਇਕੱਠਿਆਂ ਕਰ ਦਿਤਾ ਸੀ। ਫੌਜ ਵਿਚ ਆਪਣੇ ਵਿਰੋਧ ਬਾਰੇ ਲਾਲ ਸਿੰਘ ਤੇ ਤੇਜ ਸਿੰਘ ਨੂੰ ਪਤਾ ਸੀ ਇਸੇ ਲਈ ਉਹਨਾਂ ਨੇ ਲੜਾਈ ਨੂੰ ਤੁਰਨ ਤੋਂ ਪਹਿਲਾਂ ਸਭ ਨੂੰ ਵਫਾਦਾਰੀ ਦੀਆਂ ਸੌਹਾਂ ਖਵਾਈਆਂ। ਸਿੱਖਾਂ ਨੂੰ ਰਣਜੀਤ ਸਿੰਘ ਦੀ ਸਮਾਧ ‘ਤੇ ਲਿਆ ਕੇ ਸੌਂਹਾਂ ਚੁਕਾਈਆਂ। ਮੁਸਲਮਾਨਾਂ ਨੇ ਕੁਰਾਨ ਉਪਰ ਹੱਥ ਰੱਖ ਕੇ ਤੇ ਹਿੰਦੂਆਂ ਨੇ ਗੀਤਾ ‘ਤੇ ਹੱਥ ਰੱਖ ਕੇ ਸੌਹਾਂ ਉਠਾਈਆਂ। ਕੌਂਸਲ ਵਲੋਂ ਲੜਾਈ ਦਾ ਨਕਸ਼ਾ ਤਿਆਰ ਕੀਤਾ ਗਿਆ। ਸਰਦਾਰ ਰਣਯੋਧ ਸਿੰਘ ਮਜੀਠੀਆ ਨੂੰ ਫਿਲੌਰ ਦੇ ਕਿਲ੍ਹੇ ਦੀ ਤੇ ਉਸ ਇਲਾਕੇ ਦੀ ਕਮਾਂਡ ਸੰਭਾਲੀ ਗਈ। ਲਾਲ ਸਿੰਘ ਨੇ ਮੁਦਕੀ ਤੇ ਤੇਜ ਸਿੰਘ ਨੇ ਫਿਰੋਜ਼ਪੁਰ ਨਿਯੁਕਤ ਹੋਣਾ ਸੀ। ਲਾਲ ਸਿੰਘ ਨੇ ਇਹ ਪੂਰਾ ਨਕਸ਼ਾ ਉਸੇ ਦਿਨ ਹੀ ਦਰਿਆ ਪਾਰ ਆਪਣੇ ਦੋਸਤ ਅੰਗਰੇਜ਼ਾਂ ਨੂੰ ਭੇਜ ਦਿਤਾ।
ਇਕ ਸ਼ਾਮ ਰਾਣੀ ਜਿੰਦਾਂ ਨੇ ਆਪਣੇ ਬਾਹਰ ਜਾਣ ਲਈ ਡੋਲੀ ਤਿਆਰ ਕਰਵਾਈ ਤੇ ਨਾਲ ਮੰਗਲਾ ਤੇ ਮੋਤੀਆ ਨੂੰ ਲਿਆ ਤੇ ਰਾਵੀ ਦਰਿਆ ਕੰਢੇ ਜਾ ਪੁੱਜੀ। ਉਸ ਨੇ ਡੋਲੀ ਉਥੇ ਕੁ ਰੁਕਵਾ ਲਈ ਜਿਥੇ ਜਵਾਹਰ ਸਿੰਘ ਦੇ ਅਸਤ ਜਲ-ਪ੍ਰਵਾਹ ਕੀਤੇ ਸਨ। ਰਾਣੀ ਵਹਿੰਦੇ ਹੋਵੇ ਰਾਵੀ ਵਲ ਦੇਖਣ ਲਗੀ ਤੇ ਕਿੰਨਾ ਚਿਰ ਹੀ ਦੇਖਦੀ ਰਹੀ। ਮੰਗਲਾ ਨੇ ਰਾਣੀ ਨੂੰ ਪਿਛਿਓਂ ਦੀ ਜੱਫੀ ਪਾ ਲਈ ਤੇ ਰੋਂਦੀ ਹੋਈ ਬੋਲੀ,
“ਰਾਣੀ ਜੀਓ, ਤੁਸੀਂ ਮੈਨੂੰ ਸਰਦਾਰ ਜੀ ਨਾਲ ਸਤੀ ਕਿਉਂ ਨਹੀਂ ਹੋਣ ਦਿਤਾ?”
“ਮੰਗਲਾ, ਮੈਨੂੰ ਤੇਰੀ ਬਹੁਤ ਲੋੜ ਏ।”
ਫਿਰ ਰਾਣੀ ਨੇ ਉਸ ਦੀਆਂ ਅੱਖਾਂ ਪੂੰਝੀਆਂ ਤੇ ਹੋਲੇ ਜਿਹੇ ਕਿਹਾ,
“ਨਹੀਂ ਮੰਗਲਾ, ਹੁਣ ਆਪਣਾ ਰੋਣ ਦਾ ਵਕਤ ਲੰਘ ਗਿਆ ਏ ਤੇ ਹੋਰਨਾਂ ਦਾ ਸ਼ੁਰੂ ਹੋ ਗਿਆ ਏ।”
(ਤਿਆਰੀ ਅਧੀਨ ਨਾਵਲ: ‘ਦਸ ਸਾਲ ਦਸ ਯੁੱਗ’ ਵਿਚੋਂ)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346