ਭਾਵੇਂ ਕਿਸੇ ਨੇ ਅਮਲ
ਕੀਤਾ ਹੋਵੇ ਜਾਂ ਨਾ ਪਰ ‘ਪਰਮਗੁਣੀ ਭਗਤ ਸਿੰਘ’ ਦੇ ਚਾਚਾ ਅਜੀਤ ਸਿੰਘ ਜੀ ਵੱਲੋਂ ਵਿੱਢੀ
‘ਪੱਗੜੀ ਸੰਭਾਲ ਜੱਟਾ’ ਲਹਿਰ ਬਾਰੇ ਜਰੂਰ ਸੁਣਿਆ ਹੋਵੇਗਾ। ਅੱਜ ਇਹੀ ਗੱਲ ਘੁਣ ਵਾਂਗੂੰ
ਅੰਦਰੋ ਅੰਦਰੀ ਖਾ ਰਹੀ ਹੈ ਕਿ ਚਾਚਾ ਅਜੀਤ ਸਿੰਘ ਨੇ ਤਾਂ ਜੱਟ ਨੂੰ ‘ਪਰਾਏ’ ਵੈਰੀਆਂ ਤੋਂ
ਪੱਗੜੀ ਸੰਭਾਲਣ ਦਾ ਹੋਕਾ ਦੇ ਦਿੱਤਾ ਸੀ ਪਰ ਅਜੋਕੇ ਸਮੇਂ ਵਿੱਚ ‘ਆਪਣੇ’ ਵੈਰੀਆਂ ਹੱਥੋਂ
ਜੱਟ ਦੀ ਬਚੀ ਖੁਚੀ ਪੱਗੜੀ ਦੀਆਂ ਲੀਰਾਂ ਹੋਣੋਂ ਬਚਾਉਣ ਲਈ ਕੌਣ ਅੱਗੇ ਆਵੇਗਾ? ਪਤਾ ਨਹੀਂ
ਕਿਉਂ ਹੁਣ ‘ਵਿਚਾਰੇ’ ਜੱਟ ਦੇ ਪੱਖ ਦੀਆਂ ਦੋ ਕੁ ਗੱਲਾਂ ਕਰਨ ਨੂੰ ਮਨ ਕੀਤੈ.. ਓਹ ਵੀ ਇਸ
ਕਰਕੇ ਕਿ ਗੀਤਾਂ ਰਾਹੀਂ ਜਿਹੜਾ ਜੱਟ ‘ਬੰਦੇਮਾਰ’ ਬਣਾ ਕੇ ਦਿਖਾਇਆ ਜਾ ਰਿਹੈ, ਉਹਦੀ ਦੁਰਗਤੀ
ਹੁੰਦੀ ਬੜੀ ਨੇੜੇ ਤੋਂ ਦੇਖ ਚੁੱਕਾਂ। ਪਹਿਲੀ ਗੱਲ ਤਾਂ ਜੱਟ ਕੋਲ ਜ਼ਮੀਨ ਬਚੀ ਨਹੀਂ, ਜਿਸ
ਕੋਲ ਹੈ ਤਾਂ ਘੱਟ ਹੈ ਭਾਵ ਜ਼ਮੀਨ ਓਨੀ ਕੁ ਹੀ ਤੇ ਪਰਿਵਾਰ ‘ਚ ਵਾਧਾ ਹੁੰਦੇ ਰਹਿਣ ਨਾਲ
ਜ਼ਮੀਨ ਛੋਟੇ ਛੋਟੇ ਟੁਕੜਿਆਂ ‘ਚ ਵੰਡੀ ਜਾ ਰਹੀ ਹੈ। ਆਉਣ ਵਾਲੇ ਸਮੇਂ ‘ਚ ਇਹੀ ਛੋਟੇ ਛੋਟੇ
ਟੁਕੜੇ ਸਿਰਫ ਘਰਾਂ ਤੱਕ ਸੀਮਤ ਹੋ ਕੇ ਰਹਿ ਜਾਣਗੇ। ਜੇ ਜੱਟ ਖੇਤੀ ਵੱਲ ਨੂੰ ਤੁਰਦੈ ਤਾਂ
ਫ਼ਸਲ ਬੀਜਣ ਤੋਂ ਲੈ ਕੇ ਵੱਢਣ ਤੱਕ ਨਿਰੰਤਰ ਲੁੱਟ ਦਾ ਸਿ਼ਕਾਰ ਹੁੰਦਾ ਰਹਿੰਦੈ। ਕਦੇ
ਆੜ੍ਹਤੀਆਂ ਹੱਥੋਂ ਤੇ ਕਦੇ ਸਰਕਾਰੀ ਅਫ਼ਸਰਾਂ ਹੱਥੋਂ..। ਕਿਸੇ ਵੇਲੇ ਦੇਸ਼ ਦਾ ਅੰਨਦਾਤਾ
ਸਮਝਿਆ ਜਾਂਦਾ ਕਿਸਾਨ ਵਿਚਾਰਾ ਅੱਜ ਲਾਈਲੱਗ ਜਿਹਾ ਬਣਿਆ ਪਿਆ ਹੈ। ਚਾਰੇ ਪਾਸੇ ਤੋਂ ਲੁੱਟਿਆ
ਜਾ ਰਿਹਾ ਜੱਟ ਵਿਚਾਰਾ ਚਾਬੀ ਵਾਲੇ ਖਿਡੌਣੇ ਵਾਂਗ ਆਪਣੀ ਜੱਗ ਹਸਾਈ ‘ਤੇ ਹੀ ਤਾੜੀਆਂ ਮਾਰ
ਮਾਰ ਹੱਸ ਰਿਹਾ ਹੈ। ਭੰਗੜੇ ਪਾ ਰਿਹਾ ਹੈ, ਬੱਕਰੇ ਬੁਲਾ ਰਿਹਾ ਹੈ, ਬਾਘੀਆਂ ਪਾਈ ਜਾ ਰਿਹੈ।
ਬੜਾ ਵੱਡਾ ਜੇਰਾ ਹੈ ਜੱਟ ਦਾ...।
1999 ਤੋਂ ਲੈ ਕੇ 2007 ਤੱਕ ਅਧਿਆਪਕ ਵਜੋਂ ਸੇਵਾ ਨਿਭਾਉਣ ਦਾ ਮੌਕਾ ਵੀ ਮਿਲਿਆ। ਐਸੇ ਜੱਟ
ਵੀ ਦੇਖੇ ਜਿਹਨਾਂ ਕੋਲ ਜੁਆਕਾਂ ਦੀ ਫੀਸ ਦੇਣ ਦਾ ਤਮਾਨ ਵੀ ਨਹੀਂ ਸੀ ਹੁੰਦਾ, ਕਿਤਾਬਾਂ
ਕਾਪੀਆਂ ਲੈ ਕੇ ਦੇਣੀਆਂ ਤਾਂ ਦੂਰ ਦੀ ਗੱਲ ਹਨ। ਜੁਆਕਾਂ ਨੂੰ ਵਰਦੀ ਨਾ ਪਾ ਕੇ ਆਉਣ ਬਦਲੇ
ਅਧਿਆਪਕਾਂ ਵੱਲੋਂ ਝਿੜਕਾਂ ਪੈਂਦੀਆਂ। ਮਾਪਿਆਂ ਦੇ ਤਰਲੇ ਵੀ ਸੁਣੇ ਹੋਏ ਹਨ ਜਿਹਨਾਂ ਕੋਲ
ਜੁਆਕਾਂ ਦੀ ਵਰਦੀ ਜੋਗੇ ਛਿੱਲੜ ਵੀ ਨਹੀਂ ਸਨ ਹੁੰਦੇ। ਪਰ ਅਜੋਕੇ ਗਾਇਕਾਂ ਗੀਤਕਾਰਾਂ ਵੱਲੋਂ
ਜੱਟ ਦੀ ਜੋ ਤਸਵੀਰ ਪੇਸ਼ ਕੀਤੀ ਜਾ ਰਹੀ ਹੈ ਉਸ ਬਾਰੇ ਇੱਕ ਵਾਰ ਤਾਂ ਖੁਦ ਵੀ ਭਰਮ ਜਿਹਾ
ਪੈਦਾ ਹੋ ਜਾਦੈ ਕਿ ਇਹ ਜੱਟ ਕਿਸ ਧਰਤੀ ਦਾ ਜੀਵ ਹੋਵੇਗਾ? ਕਿਉਂਕਿ ਜਿੰਨੇ ਕੁ ਵਿਚਾਰੇ ਜੱਟ
ਦੇਖੇ ਹਨ ਓਹ ਤਾਂ ਮਰਹੂਮ ਲੋਕ ਕਵੀ ਸੰਤ ਰਾਮ ਉਦਾਸੀ ਜੀ ਦੇ ਗੀਤਾਂ-ਕਵਿਤਾਵਾਂ ਦੇ ਪਾਤਰ ਹੀ
ਦਿਸਦੇ ਹਨ।
“ਤੂੰ ਮਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵਿਹੜੇ।” ਜਾਂ
“ਗਲ ਲੱਗ ਕੇ ਸੀਰੀ ਦੇ ਜੱਟ ਰੋਵੇ,
ਬੋਹਲਾਂ ਵਿੱਚੋਂ ਨੀਰ ਵਗਿਆ।
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ,
ਤੂੜੀ ਵਿੱਚੋਂ ਪੁੱਤ ਜੱਗਿਆ।”
ਵਰਗੇ ਗੀਤ ਅੱਜ ਵੀ ਅਜੋਕੇ ਜੱਟ ਦੀ ਹਾਲਤ ਨੂੰ ਬਾਖੂਬੀ ਬਿਆਨਦੇ ਹਨ ਪਰ ਪਤਾ ਨਹੀਂ ਸਾਡੇ
ਗਾਇਕ ਗੀਤਕਾਰ ਕਿਸ ਦੁਨੀਆਂ ‘ਚ ਵਿਚਰ ਰਹੇ ਹਨ ਕਿ ਉਹਨਾਂ ਨੂੰ ਜੱਟ ਮੋਟੇ ਮੋਟੇ ਟਾਇਰਾਂ
ਵਾਲੀਆਂ ਲੰਡੀਆਂ ਜੀਪਾਂ ‘ਤੇ ਬੈਠ ਕੇ, ਹੱਥਾਂ ‘ਚ ਰਫਲਾਂ ਚੁੱਕ ਕੇ, ਪੰਜ ਸੱਤ ਲਫੰਡਰ
ਯਾਰਾਂ ਨਾਲ ਕਚਿਹਰੀਆਂ ‘ਚ ਭਲਵਾਨੀ ਗੇੜਾ ਮਾਰਨ ਆਉਂਦਾ ਹੀ ਦਿਸਦਾ ਹੈ ਜਾਂ ਫਿਰ ਕੁੜੀਆਂ
ਮਗਰ ਮਟਰ-ਗਸ਼ਤੀ ਕਰਦਾ ਹੀ ਦਿਸਦਾ ਹੈ। ਜਾਂ ਫਿਰ ਮਹਿੰਗੀਆਂ ਜ਼ਮੀਨਾਂ ਨੂੰ ਲੱਖਾਂ ਰੁਪਏ
ਪ੍ਰਤੀ ਕਿੱਲੇ ਦੇ ਹਿਸਾਬ ਨਾਲ ਵੇਚਣ ਤੋਂ ਬਾਦ ਜੱਟ ਨੂੰ ਪੈਸਾ ਰੂੰਅ ਦੇ ਫੰਬਿਆਂ ਵਾਂਗ
ਉਡਾਉਂਦਾ ਦਿਖਾਇਆ ਗਿਆ ਹੈ। ਜੱਟ ਵੀ ਮਹਿੰਗੀਆਂ ਹੋਈਆਂ ਜ਼ਮੀਨਾਂ ਵੇਚ ਕੇ ਮੁੱਛਾਂ ਨੂੰ ਤਾਅ
ਦੇ ਦੇ ਕੇ ਮੇਹਲ ਮੇਹਲ ਤੁਰਦਾ ਦਿਖਾਇਆ ਗਿਐ। ਪਰ ਕਿਸੇ ਵੀ ਗਾਇਕ ਜਾਂ ਗੀਤਕਾਰ ਨੇ ਉਸ
ਜ਼ਮੀਨੀ ਹਕੀਕਤ ਦੇ ਦਰਸ਼ਨ ਨਹੀਂ ਕਰਵਾਏ ਕਿ ਜ਼ਮੀਨ ਵੇਚ ਕੇ ਮਿਲੀ ਮਾਇਆ ਦਾਰੂ ਪਿਆਲਿਆਂ ‘ਚ
ਉਡਾਉਣ ਤੋਂ ਬਾਦ ਵਿਚਾਰੇ ਜੱਟ ਦਾ ਠੂਠੇ ਨਾਲ ਕਨਾਲਾ ਕਿਵੇਂ ਵੱਜਦੈ? ਕਿਸੇ ਨੂੰ ਘੱਟ ਹੀ
ਦਿਸਿਆ ਹੈ ਕਿ ਵਿਚਾਰੇ ਜੱਟ ਜਾਂ ਉਸ ਦੇ ਕੰਮ ਦੇ ਭਾਈਵਾਲ ਕੰਮੀਆਂ ‘ਤੇ ਅਜਿਹੇ ਹਾਲਾਤ ਵੀ
ਬਣੇ ਹੋਏ ਹਨ ਕਿ ਖੁਸ਼ੀਆਂ- ਮੁਸਾਹਬਿਆ ਮੌਕੇ ਜਰੂਰੀ ਸਮਝੇ ਜਾਂਦੇ ਕਾਰ-ਵਿਹਾਰ ਵੀ ਕਰਜਈ ਹੋ
ਹੋ ਕਰਨੇ ਪੈਂਦੇ ਹਨ ਇੱਥੋਂ ਤੱਕ ਕਿ ਨਵੇਂ ਜੰਮੇ ਜੁਆਕਾਂ ਦੀ ਪੰਜੀਰੀ ਵੀ ਕਰਜੇ ਦੇ ਸਮਾਨ
ਨਾਲ ਬਣਦੀ ਹੈ। ਇਸ ਤੋਂ ਵੱਡੀ ਬੇਵਕੂਫੀ ਕੀ ਹੋਵੇਗੀ ਕਿ ਸਰਕਾਰਾਂ ਦੀਆਂ ਨਾਲਾਇਕੀਆਂ ਦਾ
ਸਤਾਇਆ ਜੱਟ ਮਰਨ ਨੂੰ ਥਾਂ ਲੱਭ ਰਿਹਾ ਹੈ, ਖੁਦਕੁਸ਼ੀਆਂ ਕਰ ਰਿਹਾ ਹੈ। ਜੱਟ ਵਿਚਾਰਾ ਛੋਲੇ
ਖਾ ਰਿਹਾ ਹੈ ਪਰ ਸਾਡੇ ਗਾਇਕ ਗੀਤਕਾਰ ਉਸ ਨੂੰ ਬਦਾਮਾਂ ਦੇ ਡਕਾਰ ਲੈਂਦਾ ਦਿਖਾ ਰਹੇ ਹਨ।
ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਣ ਲਈ ਹਰ ਪੰਜ ਸਾਲ ਬਾਦ ਸਿਆਸੀ ਧਿਰਾਂ ਆਪਣਾ ਹਰ ਹਰਬਾ
ਵਰਤਦੀਆਂ ਹਨ ਕਿ ਜੱਟ ਜਾਂ ਉਸ ਨਾਲ ਜੁੜੀਆਂ ਧਿਰਾਂ ਨੂੰ ਕਿਵੇਂ ਮੋਹਿਆ ਜਾਵੇ? ਕਦੇ ਮੁਫਤ
ਬਿਜ਼ਲੀ ਦਾ ਲਾਲਚ ਦਿੱਤਾ ਜਾਂਦੈ, ਕਦੇ ਸਬਸਿਡੀਆਂ ਦਾ ਚੂਸਾ ਫੜ੍ਹਾ ਦਿੱਤਾ ਜਾਂਦੈ, ਕਦੇ
ਕਰਜੇ ਮਾਫ ਕਰਨ ਦਾ ਲੱਕੜ ਦਾ ਮੁੰਡਾ ਫੜਾ ਦਿੱਤਾ ਜਾਂਦੈ। ਪਰ ਕਦੇ ਵੀ ਕਿਸੇ ਸਰਕਾਰ ਨੇ
ਆਵਦੇ ਪੁੱਤ ਭਤੀਜੇ ਪਾਲਣ ਨਾਲੋਂ ਆਮ ਲੋਕਾਂ ਦੇ ਪੱਖ ਦੀ ਗੱਲ ਨਹੀਂ ਕੀਤੀ ਕਿ ਅਸੀਂ ਹਰ
ਕਿਸੇ ਨੂੰ ਰੁਜ਼ਗਾਰ ਦਿੰਦੇ ਹਾਂ। ਇਹ ਨਹੀਂ ਵਿਵਸਥਾ ਕਰਦੇ ਕਿ ਜੇ ਲੋਕਾਂ ਨੂੰ ਕੰਮ
ਦੇਵਾਂਗੇ ਤਾਂ ਓਹ ਮੁਫਤ ਬਿਜ਼ਲੀ, ਸਬਸਿਡੀਆਂ ਜਾਂ ਹੋਰ ਚੋਗਿਆਂ ‘ਤੇ ਖੁਦ ਹੀ ਝਾਕ ਲਾਉਣੋਂ
ਹਟ ਜਾਣਗੇ। ਪਰ ਅਜਿਹਾ ਕਰਨ ਨਾਲ ਇਹਨਾਂ ਸਿਆਸੀ ਧਿਰਾਂ ਦਾ ਤੋਰੀ ਫੁਲਕਾ ਚੱਲਣੋਂ ਹਟ
ਜਾਵੇਗਾ। ਆਪਣੇ ਤੋਰੀ ਫੁਲਕੇ ਦੀ ਆਸ ਵਿੱਚ ਹੀ ਹਰ ਕਿਸੇ ਨੂੰ ਜਰੂਰੀ ਹੋ ਜਾਦੈ ਕਿ ਜਿੰਨਾ
ਹੋ ਸਕੇ ਜੱਟ ਨੂੰ ਘੜੀਸੋ, ਕਿਉਂਕਿ ਬੜੇ ਵੱਡੇ ਜੇਰੇ ਦਾ ਮਾਲਕ ਐ ਜੱਟ। ਬੇਸ਼ੱਕ ਗੀਤਾਂ
ਰਾਹੀਂ ਉਸਨੂੰ ਖੁਦ ਨੂੰ ਗਾਲ੍ਹਾਂ ਕੱਢੋ, ਭਾਵੇਂ ਉਸਦੀ ਮਾਂ-ਧੀ-ਭੈਣ ‘ਇੱਕ’ ਕਰ ਦਿਓ ਪਰ
ਸ਼ਰਤ ਇਹ ਹੈ ਕਿ ਢੋਲ ਵੱਜਣਾ ਚਾਹੀਦਾ ਹੈ, ਬੱਲੇ ਬੱਲੇ ਹੋਣੀ ਚਾਹੀਦੀ ਹੈ। ਜੱਟ ਤਾਂ
ਵਿਚਾਰਾ ਆਪ ਹੀ ਲੁੱਡੀਆਂ ਪਾਉਣ ਲੱਗ ਜਾਂਦੈ। ਜਿੰਨਾ ਜੱਟ ਨੂੰ ਭੈੜਾ ਬਣਾ ਕੇ ਜਾਂ ਬਦਨਾਮੀ
ਕਰਕੇ ਪੇਸ਼ ਕੀਤਾ ਜਾਦੈ, ਇਹ ਓਨਾ ਹੀ ਵੱਧ ਖੁਸ਼ ਹੁੰਦੈ। ਇਹੀ ਵਜ੍ਹਾ ਹੈ ਕਿ ਦੇਸ਼ ਦੇ
ਅੰਨਦਾਤੇ ਨੂੰ ਖੁਸ਼ ਕਰਨ ਲਈ ਕਦੇ ਇਸ ਨੂੰ ‘ਬੰਦੇਮਾਰ’, ਕਦੇ ‘ਵੈਲੀ’, ਕਦੇ ‘ਪਿਆਕੜ’ ਦਿਖਾ
ਕੇ ਉਸਦੇ ਸਿਰ ਵਿੱਚ ਬਦਨਾਮੀ ਦੇ ਤਾਜ ਮੱਲੋਮੱਲੀ ਟੋਪੀਆਂ ਵਾਲੀਆਂ ਮੇਖਾਂ ਠੋਕ ਕੇ ਗੱਡੇ ਜਾ
ਰਹੇ ਹਨ ਤਾਂ ਜੋ ਜੱਟ ਸਿਰੋਂ ਇਹ ਬਦਨਾਮੀ ਦੇ ਤਾਜ ਛੇਤੀ ਕੀਤੇ ਲਹਿ ਨਾ ਜਾਣ। ਜੱਟ ਦੇ ਵੱਡੇ
ਜੇਰੇ ਦੀ ਗੱਲ ਕਰਦਿਆਂ ਹੀ ਇੱਕ ਗੱਲ ਯਾਦ ਆ ਜਾਂਦੀ ਐ ਕਿ ਜਦੋਂ ਅਜੋਕੇ ‘ਮੈਰਿਜ ਪੈਲੇਸ
ਕਲਚਰ’ ਤੋਂ ਬਿਨਾਂ ਸੱਚੀਆਂ ਸੁੱਚੀਆਂ ਰਸਮਾਂ ਨਾਲ ਵਿਆਹ ਘਰਾਂ ਵਿੱਚ ਹੀ ਕੀਤੇ ਜਾਦੇ ਸਨ
ਤਾਂ ਡੋਲੀ ਤੁਰਨ ਵੇਲੇ ਲੜਕੀ ਦੇ ਪੇਕੇ ਪਿੰਡ ਦੀ ਲਾਗਣ (ਜਿਆਦਾਤਰ ਰਾਜੇ ਸਿੱਖ ਭਾਵ ਨਾਈ
ਸਿੱਖ ਹੀ ਲਾਗੀ ਹੁੰਦੇ ਸਨ) ਉਸ ਨਵ-ਵਿਆਹੁਤਾ ਲੜਕੀ ਨਾਲ ਉਸਦੇ ਸਹੁਰੇ ਘਰ ਜਾਂਦੀ ਹੁੰਦੀ
ਸੀ। ਦੂਸਰੇ ਦਿਨ ਕੁੜੀ ਦੇ ਮੁੜਦੇ ਡੋਲੇ ਨਾਲ ਵਾਪਸ ਮੁੜ ਜਾਦੀ ਸੀ। ਲਾਗੀ ਪਰਿਵਾਰ ਵੱਲੋਂ
ਆਪਣੀ ਤ੍ਰੀਮਤ ਨੂੰ ਅਣਜਾਣ ਜੱਟਾਂ ਦੇ ਘਰ ਕੁੜੀ ਨਾਲ ਤੋਰਨ ਦੇ ਜੇਰੇ ਨੂੰ ਦਰਸਾਉਂਦੀ ਇੱਕ
ਕਹਾਵਤ ਆਮ ਹੀ ਬੋਲ ਦਿੱਤੀ ਜਾਂਦੀ ਸੀ ਕਿ
“ਧੰਨ ਜੇਰਾ ਨਾਈਆਂ ਦਾ, ਜਿੰਨ੍ਹਾਂ ਨਾਇਣ ਜੱਟਾਂ ਨਾਲ ਤੋਰੀ।”
ਪਰ ਜਦੋਂ ਅਜੋਕੇ ਗਾਇਕਾਂ ਗੀਤਕਾਰਾਂ ਦੀ ਸੋਚ ‘ਚੋਂ ਉਪਜੇ ਗੀਤਾਂ ਵਿੱਚੋਂ ‘ਬੱਲੇ ਜੱਟੀਏ’
‘ਹਾਏ ਜੱਟੀਏ’ ‘ਤੇਰੇ ਨਾਲ ਨੱਚਲਾਂ’ ‘ਮੈਨੂੰ ਦਿਲ ਦੇ ਦੇ’ ‘ਮੇਰਾ ਦਿਲ ਰੁੱਗ ਭਰ ਕੇ ਲੈਗੀ
ਜੱਟੀਏ’ ਵਰਗੇ ਬੋਲ ਆਮ ਹੀ ਸੁਣੀਦੇ ਹਨ ਤਾਂ ਵਿਚਾਰੇ ਮਿਹਨਤਕਸ਼ ਨਾਈਆਂ ਦੇ ਜੇਰੇ ਨਾਲ ਜੋੜੀ
ਕਹਾਵਤ ਵੀ ਛੋਟੀ ਜਿਹੀ ਲੱਗਣ ਲੱਗ ਜਾਂਦੀ ਐ ਕਿ “ਧੰਨ ਜੇਰਾ ਜੱਟਾਂ ਦਾ।” ਕਿਉਂਕਿ ਜਿੰਨੀ
ਬਦਖੋਹੀ ਜੱਟ ਜਾਂ ਜੱਟੀ ਦੀ ਗੀਤਾਂ ਗੀਤਾਂ ਬਹਾਨੇ ਕੀਤੀ ਜਾ ਰਹੀ ਹੈ ਸ਼ਾਇਦ ਹੀ ਕਿਸੇ ਹੋਰ
ਜਾਤੀ ਨੂੰ ‘ਸੁਭਾਗ’ ਪ੍ਰਾਪਤ ਹੋਇਆ ਹੋਵੇ। ਵੱਡੇ ਜੇਰੇ ਦਾ ਮਾਲਕ ਜੱਟ ਫਿਰ ਵੀ ਢੋਲ ਦੀ ਤਾਲ
‘ਤੇ ਲਲਕਾਰੇ ਮਾਰ ਰਿਹਾ ਹੈ। ਕਦੇ ਜੱਟ ਦੇ ਪੁੱਤ ਨੂੰ ਬੁੱਲਟ ਮੋਟਰ ਸਾਈਕਲ ਲੈ ਕੇ ਦੁਗ-ਦੁਗ
ਕਰਦੇ ਫਿਰਨ ਦੇ ਪੰਪ ਮਾਰੇ ਜਾਂਦੇ ਹਨ ਤੇ ਕਦੇ ਕਾਲਜਾਂ ‘ਚ ਪੜ੍ਹਾਈ ਕਰਨ ਨਾਲੋਂ ਆਸ਼ਕੀ ਕਰਨ
ਦੀਆਂ ਨਸੀਹਤਾਂ ਦਿੱਤੀਆਂ ਜਾਂਦੀਆਂ ਹਨ। ਜੱਟ ਵਿਚਾਰੇ ਨੂੰ ਦਾਰੂ ਦੀ ਬੋਤਲ ਜਾਂ ਰਫਲ ਨਾਲ
ਬੰਨ੍ਹ ਕੇ ਬਿਠਾ ਦਿੱਤੈ। ਜੱਟ ਜਿੱਧਰ ਨੂੰ ਵੀ ਜਾਦੈ ਤਾਂ ਕਿਸੇ ਅੱਥਰੇ ਪਸ਼ੂ ਦੇ ਗਲ ਨਾਲ
ਬੰਨ੍ਹੇ ਡਹੇ ਵਾਗੂੰ ਦਾਰੂ ਦੀ ਬੋਤਲ ਤੇ ਰਫਲ ਜੱਟ ਦੇ ਗਿੱਟਿਆਂ ‘ਚ ਹੀ ਵੱਜੀ ਜਾਦੀਆਂ ਨੇ।
ਇੱਕ ਦਿਨ ਵਿਹਲਾ ਜਿਹਾ ਬੈਠਾ ਜੱਟ ਦੀ ਗੀਤਾਂ ਰਾਹੀਂ ਹੁੰਦੀ ਦੁਰਦਸ਼ਾ ਬਾਰੇ ਸੋਚੀ ਜਾ ਰਿਹਾ
ਸਾਂ ਕਿ ਮੈਨੂੰ ਵੀ ‘ਰਕਾਟ’ ਲਿਖਣ ਦਾ ਝੱਲ ਜਿਹਾ ਉੱਠ ਖੜ੍ਹਿਆ। ਕਹਿੰਦੇ ਨੇ ਕਿ “ਜਾਂ ਤਾਂ
ਕਮਲੀ ਨਹਾਉਂਦੀ ਨਹੀ, ਜੇ ਨਹਾ ਵੀ ਲਵੇ ਤਾਂ ਪਿੰਡਾ ਉਚੇੜ ਲੈਂਦੀ ਆ।” ਆਪਣੀ ਵੀ ਓਹੀ ਗੱਲ
ਆ, ਜੇ ਕੁਛ ਲਿਖਿਆ ਤਾਂ ਓਹ ਵੀ ਪਿੰਡਾ ਉਚੇੜਨ ਵਰਗਾ ਹੀ ਐ.... ਆਓ ਫਿਰ ਜੱਟ ਲਈ ਹਾਅ ਦਾ
ਨਾਅਰਾ ਮਾਰੀਏ.. ਉਮੀਦ ਹੈ ਕਿ ਜੇ ਕੋਈ ਗਾਇਕ ਜੱਟ ਦਾ ਸੱਚੇ ਦਿਲੋਂ ਹਮਦਰਦ ਹੋਇਆ ਤਾਂ ਜਰੂਰ
ਇਹਨਾਂ ਸਤਰਾਂ ਨੂੰ ਵਿਚਾਰੇਗਾ।
“ਸ਼ਾਬਾਸ਼ੇ ਤੁਹਾਡੇ ਗਾਇਕੋ ਅਤੇ ਗੀਤਕਾਰੋ,
ਤੁਸੀਂ ਬੜਾ ਸੱਭਿਆਚਾਰ ਨੂੰ ਅਮੀਰ ਕਰਤਾ।
ਮਿੰਨਤ ਕਰਾਂ ਕਿ ਹੁਣ ਹੋਰ ਗੱਲ ਛੇੜੋ,
ਛੱਡੋ ਜੱਟ ਨੂੰ ਬਥੇਰਾ ਲੀਰੋ ਲੀਰ ਕਰਤਾ।
ਮਿੰਨਤ ਕਰਾ ਕਿ.......................!
ਥੋਡੀ ਭੈਣ ਨੂੰ ਕੋਈ ਸੱਸੀ, ਸਾਹਿਬਾਂ, ਹੀਰ ਆਖੇ,
ਸੱਚੋ ਸੱਚ ਦੱਸੋ ਗੁੱਸਾ ਕਰੋਗੇ ਕਿ ਨਹੀਂ?
ਥੋਡੀ ਭੈਣ ਦੀ ਕੋਈ ਨੱਚਦੀ ਦੀ ਬਾਂਹ ਫੜ੍ਹੇ,
ਸੱਚੋ ਸੱਚ ਦੱਸੋ ਗੱਲ ਜਰੋਗੇ ਕਿ ਨਹੀਂ?
ਦੋਵੇਂ ਹੀ ਗੱਲਾਂ ਜੇ ਨਹੀਂ ਤੁਹਾਨੂੰ ਮਨਜੂਰ,
ਕਾਹਤੋਂ ਲੋਕਾਂ ਦੀਆਂ ਕੁੜੀਆਂ ਨੂੰ ਹੀਰ ਕਰਤਾ?
ਮਿੰਨਤ ਕਰਾ ਕਿ.......................!
ਮੰਦਰਾਂ ਮਸੀਤਾਂ ਵਾਂਗੂੰ ਪੂਜਦੇ ਨੇ ਲੋਕੀਂ,
ਤੁਸੀ ਕਾਲਜਾਂ ਸਕੂਲਾਂ ‘ਚ ਪੁਚਾਤੀ ਆਸ਼ਕੀ।
ਲੋਕਾਂ ਦਿਆਂ ਮਨਾਂ ਵਿੱਚ ਐਸੀ ਜ਼ਹਿਰ ਬੀਜੀ,
ਬੱਸ ਅੱਡਿਆਂ ‘ਤੇ ਵੀ ਖਿੰਡਾਤੀ ਆਸ਼ਕੀ।
ਮਾਪਿਆਂ ਦੇ ਸਹੁੰ ਖਾਣ ਜੋਗਿਆਂ ਪੁੱਤਾਂ ਨੂੰ,
ਤੁਸੀਂ ਗੀਤਾਂ ਗੀਤਾਂ ਰਾਹੀਂ ਹੀ ਮੰਡ੍ਹੀਰ ਕਰਤਾ।
ਮਿੰਨਤ ਕਰਾ ਕਿ.......................!
ਬਿਜਲੀ ਪਾਣੀ ‘ਤੇ ਸਬਸਿਡੀਆਂ ਦੇ ਨਾਂ ‘ਤੇ,
ਜਿਸ ਤੋਂ ਵੀ ਹੋਈ, ਲੁੱਟ ਜੱਟ ਦੀ ਕਰੀ।
ਬਣਗੇ ਬੇਸ਼ੱਕ ਪ੍ਰਮਾਣੂ ਹਥਿਆਰ,
ਪਰ ਨਰਮੇ ਦੀ ਸੁੰਡੀ ਅਜੇ ਤੱਕ ਨਾ ਮਰੀ।
ਤੁਸੀਂ ਬੇਜਤੀ ਕਰੋਂ ... ਓਹ ਨੱਚੇ ਟੱਪੇ ਖੁਸ਼ ਹੋਵੇ,
ਮਾਰ ਮਾਰ ਪੰਪ ਬੁੱਧੂਆਂ ਦਾ ਪੀਰ ਕਰਤਾ।
ਮਿੰਨਤ ਕਰਾ ਕਿ.......................!
ਮਿੱਤਰੋ! ਇਹ ਤਾਂ ਮੇਰੀ ਭੜਾਸ ਸੀ। ਉਮੀਦ ਕਰਾਂਗੇ ਕਿ ਤੁਹਾਡੇ ਮੁਖਾਰਬਿੰਦਾਂ ‘ਚੋਂ ਜੱਟ ਦੇ
ਰਿਸਦੇ ਜ਼ਖਮਾਂ ‘ਤੇ ਫੈਹਾ ਧਰਨ ਵਰਗੇ ਗੀਤ ਸੁਨਣ ਨੂੰ ਮਿਲਣਗੇ। ਮਰਜ਼ੀ ਤੁਹਾਡੀ ਹੈ ਕਿਉਂਕਿ
ਹੁਣ ਤਾਂ ਛੱਡੋ ਜੱਟ ਨੂੰ..... ਬਥੇਰਾ ਲੀਰੋ ਲੀਰ ਕਰਤਾ...।
ਮੋ:- 0044 75191 12312
khurmi13deep@yahoo.in
-0-
|