Welcome to Seerat.ca

ਇਨਸਾਨੀ ਜਿਸਮ ਦਾ ਜਸ਼ਨ

 

- ਅਮਰਜੀਤ ਚੰਦਨ

ਨੌਕਰੀ

 

- ਇਕਬਾਲ ਰਾਮੂਵਾਲੀਆ

ਰੁਸਤਮੇ ਮੈਰਾਥਨ ਫੌਜਾ ਸਿੰਘ

 

- ਪ੍ਰਿੰ. ਸਰਵਣ ਸਿੰਘ

ਬਦਦੁਆ

 

- ਹਰਜੀਤ ਅਟਵਾਲ

ਵਗਦੀ ਏ ਰਾਵੀ / ਰਿਸ਼ਤਿਆਂ ਦੀ ਗੁੰਝਲ ਕਿੰਨੀ ਸਾਦਾ ਤੇ ਸਹਿਜ

 

- ਵਰਿਆਮ ਸਿੰਘ ਸੰਧੂ

ਸੰਤ ਫ਼ਤਿਹ ਸਿੰਘ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਵਿਕਾਸ, ਪ੍ਰਗਤੀ ਅਤੇ ਇਨਸਾਨ

 

- ਬਲਦੇਵ ਦੂਹੜੇ

ਨਰਮ-ਨਾਜ਼ੁਕ ਪਰ ਲੋਹੇ ਦੇ ਜਿਗਰੇ ਵਾਲੇ

 

- ਰਜਵੰਤ ਕੌਰ ਸੰਧੂ

ਇੱਕ ਲੱਪ ਕਿਰਨਾਂ ਦੀ..... / ਛੱਡੋ ਜੱਟ ਨੂੰ ਬਥੇਰਾ ਲੀਰੋ-ਲੀਰ ਕਰਤਾ........!

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਇਕ ਦੇਸ਼ ਜੋ ਮੈਂ ਦੇਖਿਆ

 

- ਗੁਰਦੇਵ ਸਿੰਘ ਬਟਾਲਵੀ

ਗ਼ਜ਼ਲ

 

- ਉਂਕਾਰਪ੍ਰੀਤ

ਇਸ ਵਰ੍ਹੇ ਸਿਖਰਾ ਛੂੰਹੇਗਾ ਪੰਜਾਬੀ ਸਿਨੇਮਾ

 

- ਸਪਨ ਮਨਚੰਦਾ ਫ਼ਰੀਦਕੋਟ

ਦੋ ਵਿਅੰਗ ਕਵਿਤਾਵਾਂ

 

- ਗੁਰਦਾਸ ਮਿਨਹਾਸ

ਗਜ਼ਲ

 

- ਸੁਰਿੰਦਰ ਕੌਰ ਬਿਨਰ

ਪਿੰਡ ਨੂੰ ਪਏ ਘੇਰੇ ਦੀ ਕਹਾਣੀ

 

- ਸੁਪਨ ਸੰਧੂ

ਹੁੰਗਾਰੇ

 

ਵਗਦੀ ਏ ਰਾਵੀ
ਰਿਸ਼ਤਿਆਂ ਦੀ ਗੁੰਝਲ ਕਿੰਨੀ ਸਾਦਾ ਤੇ ਸਹਿਜ
- ਵਰਿਆਮ ਸਿੰਘ ਸੰਧੂ

 

ਡਾ. ਜਗਤਾਰ ਦੀ ਡਾਇਰੀ ਉਸ ਦੇ ਪਾਕਿਸਤਾਨੀ ਮਿੱਤਰਾਂ ਦੇ ਟੈਲੀਫੋਨ ਨੰਬਰਾਂ ਨਾਲ ਭਰੀ ਹੋਈ ਸੀ। ਪਹਿਲੇ ਦਿਨ ਸਵੇਰੇ ਉਠਦਿਆਂ ਹੀ ਉਸਨੇ ਟੈਲੀਫੋਨ ਚੁੱਕਿਆ ਤੇ ਲਾਹੌਰ ਦੇ ਸਥਾਨਕ ਤੇ ਨੇੜੇ-ਤੇੜੇ ਦੇ ਮਿੱਤਰਾਂ ਨੂੰ ਆਪਣੇ ਆਉਣ ਦੀ ਖ਼ਬਰ ਦਿੱਤੀ। ਅਗਲੇ ਦਿਨ ਸਵੇਰੇ ਮੈਨੂੰ ਕਹਿਣ ਲੱਗਾ, ‘‘ਸੰਧੂ! ਯਾਰ ਆਹ ਫੋਨ ਫੜਾਈਂ ਜ਼ਰਾ। ਪਾਕਪਟਨ ‘ਚ ਆਪਣਾ ਮਿੱਤਰ ਹੈ ਇਕ ਉਮਰ ਗਨੀ...ਉਹਨੂੰ ਕਹਿੰਦੇ ਆਂ...ਆਪਣੀ ਕਾਰ-ਕੂਰ ਲੈ ਕੇ ਆਵੇ। ਸਾਨੂੰ ਘੁਮਾਵੇ-ਫਿਰਾਵੇ...ਦੋ ਦਿਨ ਲਾਹੌਰ ਵਿਚ...।’’
ਹੈਰਾਨੀ ਦੀ ਗੱਲ, ਫੋਨ ਸੁਣਦਿਆਂ ਹੀ ਉਮਰ ਗਨੀ ਤਿਆਰ ਹੋਇਆ। ਦੁਪਹਿਰ ਤਕ ਡਰਾਈਵਰ ਤੇ ਕਾਰ ਸਮੇਤ ਉਹ ਫਲੈਟੀਜ਼ ਹੋਟਲ ਆਣ ਪੁੱਜਾ। ਸਲੇਟੀ ਰੰਗ ਦੀ ਸਲਵਾਰ ਕਮੀਜ਼, ਪਹਿਲਵਾਨੀ ਜਿਸਮ ਤੇ ਵਾਲਾਂ ਦਾ ਵੀ ਪਹਿਲਵਾਨੀ ਕੱਟ। ਅੱਖਾਂ ‘ਤੇ ਨਜ਼ਰ ਦੀਆਂ ਐਨਕਾਂ। ਥੋੜ੍ਹਾ ਚਿਰ ਪਹਿਲਾਂ ਮੱਕੇ ਦਾ ਹੱਜ ਕਰਕੇ ਪਰਤਿਆ ਸੀ।
‘‘ਹਾਜੀ ਲੋਕ ਮੱਕੇ ਨੂੰ ਜਾਂਦੇ ਤੇ ਅਸੀਂ ਜਾਣਾ ਤਖ਼ਤ ਹਜ਼ਾਰੇ।’’ ਜਗਤਾਰ ਨੇ ਹੱਸ ਕੇ ਉਸ ਨੂੰ ਗਲ ਨਾਲ ਲਾਇਆ ਤੇ ਫਿਰ ਸਾਡੀ ਦੋਹਾਂ ਦੀ ਜਾਣ-ਪਛਾਣ ਕਰਵਾਈ।
ਉਮਰ ਗਨੀ ‘ਬੈਂਕ ਆਫ ਪਟਿਆਲਾ’ ਵਿਚੋਂ ਜਨਰਲ ਮੈਨੇਜਰ ਦੇ ਅਹੁਦੇ ਤੋਂ ਪਿੱਛੇ ਜਿਹੇ ਰਿਟਾਇਰ ਹੋਇਆ ਸੀ। ਪੰਦਰਾਂ ਸੋਲਾਂ ਸਾਲ ਪਹਿਲਾਂ ਜਦੋਂ ਉਹ ਮੁਲਤਾਨ ਵਿਚ ਹੁੰਦਾ ਸੀ ਤਾਂ ਉਸ ਨੇ ਜਗਤਾਰ ਨੂੰ ਖ਼ਤ ਲਿਖਿਆ ਤੇ ਉਸ ਨਾਲ ਰਾਬਤਾ ਬਣਾਉਣ ਦੀ ਇੱਛਾ ਜ਼ਾਹਿਰ ਕੀਤੀ। ਉਹ ਆਪ ਵੀ ਅੱਛਾ ਸ਼ਾਇਰ ਹੈ ਤੇ ਜਗਤਾਰ ਦੀ ਸ਼ਾਇਰੀ ਦਾ ਕਦਰਦਾਨ। ਖ਼ਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮੁਹੱਬਤ ਭਰੇ ਸ਼ਬਦਾਂ ‘ਚ ਭਿੱਜ ਕੇ ਦੋਸਤੀ ਗੂੜ੍ਹੀ ਅਤੇ ਭਾਰੀ ਹੁੰਦੀ ਗਈ। ਇਸੇ ਦੋਸਤੀ ਦੇ ਮਾਣ ਵਿਚੋਂ ਹੀ ਜਗਤਾਰ ਨੇ ਕਿਸੇ ਖ਼ਾਸ ਵਿਸ਼ੇ ਨਾਲ ਸਬੰਧਤ ਕੁਝ ਪੁਸਤਕਾਂ ਦੀ ਉਸ ਕੋਲੋਂ ਮੰਗ ਕੀਤੀ ਤਾਂ ਉਸ ਨੇ ਉਸ ਵਿਸ਼ੇ ਨਾਲ ਸੰਬਧਤ ਜਿੰਨੀਆਂ ਕਿਤਾਬਾਂ ਮਿਲਦੀਆਂ ਸਨ, ਖ਼ਰੀਦ ਕੇ ਜਗਤਾਰ ਨੂੰ ਭੇਜ ਦਿੱਤੀਆਂ। ਤਿੰਨ ਹਜ਼ਾਰ ਦੇ ਕਰੀਬ ਮੁੱਲ ਦੀਆਂ ਕਿਤਾਬਾਂ। ਫਿਰ ਉਹ ਲਾਹੌਰ ਬਦਲ ਕੇ ਆਇਆ ਤਾਂ ਜਗਤਾਰ ਨੇ ਸਿੱਕਿਆਂ ਨਾਲ ਸਬੰਧਤ ਕੁਝ ਕਿਤਾਬਾਂ ਦੀ ਮੰਗ ਕੀਤੀ। ਅਗਲੀ ਡਾਕ ਵਿਚ ਹੀ ਕਿਤਾਬਾਂ ਪਹੁੰਚ ਗਈਆਂ। ਜਗਤਾਰ ਦੀ ਪਤਨੀ ਨੇ ਹੱਸ ਕੇ ਕਿਹਾ, ‘‘ਤੁਸੀਂ ਕੀ ਪਾਖੰਡ ਬਣਾਇਐ। ਵਿਚਾਰੇ ਨੂੰ ਰੋਜ਼ ਕਿਸੇ ਨਾ ਕਿਸੇ ਕਿਤਾਬ ਦੀ ਮੰਗ ਰੱਖ ਦਿੰਦੇ ਹੋ।’’
ਪਤਨੀ ਦੀ ਮਿੱਠੀ ਝਿੜਕ ਸੁਣ ਕੇ ਜਗਤਾਰ ਹੱਸ ਪਿਆ, ‘‘ਭਲੀਏ ਲੋਕੇ! ਅਜੇ ਤਾਂ ਤੈਨੂੰ ਮੈਂ ਇਹ ਨਹੀਂ ਦੱਸਿਆ ਕਿ ਮੈਂ ਉਸ ਨੂੰ ਮਲਿਕਾ ਹਾਂਸ, ਜਿੱਥੇ ਵਾਰਿਸ ਨੇ ਹੀਰ ਲਿਖੀ ਸੀ ਅਤੇ ਵਰਿਸ ਦੀ ਮਜ਼ਾਰ ਦੀਆਂ ਰੰਗਦਾਰ ਤਸਵੀਰਾਂ ਖਿੱਚ ਕੇ ਭੇਜਣ ਲਈ ਚਿੱਠੀ ਲਿਖੀ ਹੋਈ ਹੈ।’’
ਕੁਝ ਦਿਨਾਂ ਵਿਚ ਹੀ ਨੈਗੇਟਿਵਾਂ ਸਮੇਤ ਤਸਵੀਰਾਂ ਪਹੁੰਚ ਗਈਆਂ। ਇਹ ਬੇਗ਼ਰਜ਼ ਦੋਸਤੀ ਸੀ ਪਰ ਫਿਰ ਵੀ ਮੋੜਵੇਂ ਮੁਹੱਬਤੀ ਸੰਕੇਤ ਵਜੋਂ ਐਤਕੀਂ ਡਾ. ਜਗਤਾਰ ਨੇ ਵੀ ਆਪਣੇ ਕਿਸੇ ਰਿਸ਼ਤੇਦਾਰ ਦੇ ਹੱਥ ਉਸ ਲਈ ਕੱਪੜੇ, ਲੋਈਆਂ ਤੇ ਹੋਰ ਸਾਮਾਨ ਭੇਜਿਆ। ਇੰਜ ਦੋਸਤੀ ਪੀਚਵੀਂ ਤੋਂ ਪੀਚਵੀਂ ਹੁੰਦੀ ਗਈ। 1998 ਵਿਚ ਜਦੋਂ ਜਗਤਾਰ ਪਾਕਿਸਤਾਨ ਗਿਆ ਤਾਂ ਉਦੋਂ ਗੁਜਰਾਂਵਾਲੇ ਸੀ ਉਮਰ ਗਨੀ ਦੀ ਪੋਸਟ। ਜਗਤਾਰ ਨੇ ਫੋਨ ਕੀਤਾ ਤਾਂ ਉਸ ਦੱਸਿਆ ਕਿ ਭਾਵੇਂ ਵੱਡੇ ਅਹੁਦੇ ਕਾਰਨ ਤੇ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦਿਨਾਂ ਵਿਚ ਵਧ ਗਏ ਕੰਮ ਸਦਕਾ ਉਸ ਦੀਆਂ ਮੀਟਿੰਗਾਂ ਚਲ ਰਹੀਆਂ ਹਨ ਪਰ ਉਹ ਭਾਵੇਂ ਥੋੜ੍ਹੇ ਸਮੇਂ ਲਈ ਹੀ ਆਵੇ, ਉਸ ਨੂੰ ਮਿਲਣ ਜ਼ਰੂਰ ਲਾਹੌਰ ਆਵੇਗਾ।
ਉਮਰ ਗਨੀ ਲਾਹੌਰ ਆਇਆ। ਅੱਧਾ-ਪੌਣਾ ਘੰਟਾ ਮੁਲਾਕਾਤ ਹੋਈ ਤੇ ਫਿਰ ਡਿਊਟੀ ‘ਤੇ ਪਰਤ ਗਿਆ। ਅੱਧੇ-ਪੌਣੇ ਘੰਟੇ ਦੇ ਮਿਲਾਪ ਵਾਲੀ ਸੋਲਾਂ ਵਰ੍ਹਿਆਂ ‘ਤੇ ਫੈਲੀ ਇਹ ਦੋਸਤੀ ਅੱਜ ਫਿਰ ਆਪਣੇ ਜਲੌਅ ਵਿਚ ਮੇਰੇ ਸਾਹਮਣੇ ਸੀ। ਮਿੱਤਰ ਦਾ ਫੋਨ ਸੁਣਿਆ ਤੇ ਉਮਰ ਗਨੀ ਕਾਰ ਲੈ ਕੇ ਭੱਜਾ ਆਇਆ। ਜਿਵੇਂ ਲਾਵਾਂ ਲੈ ਰਹੇ ਜੋਗਾ ਸਿੰਘ ਨੂੰ ਗੁਰੂ ਦਾ ਸੁਨੇਹਾ ਮਿਲਿਆ ਹੋਵੇ ਅਤੇ ਉਹ ਲਾਵਾਂ ਵਿਚੇ ਛੱਡ ਕੇ ਆਪਣੇ ਗੁਰੂ ਵੱਲ ਤੁਰ ਪਿਆ ਹੋਵੇ।
ਹੋਰ ਵੀ ਮਿਲਣ-ਗਿਲਣ ਵਾਲਿਆਂ ਦੀ ਭੀੜ ਸੀ। ਮੈਂ ਵੀ ਚਾਹੁੰਦਾ ਸਾਂ ਕਿ ਦੋਵੇਂ ਮਿੱਤਰ ਦੇਰ ਬਾਅਦ ਮਿਲੇ ਹਨ ਤਾਂ ਰੱਜ ਕੇ ਗੱਲਾਂ ਕਰ ਲੈਣ। ਦੋਵਾਂ ਨੂੰ ਛੱਡ ਕੇ ਮੈਂ ਪੁਸਤਕਾਂ ਦੇ ਸਟਾਲਾਂ ਵੱਲ ਚਲਾ ਗਿਆ। ਅੱਧਾ ਕੁ ਘੰਟਾ ਘੁੰਮ-ਘੁਮਾ ਕੇ ਜਦੋਂ ਮੈਂ ਵਾਪਸ ਪਰਤਿਆ ਤਾਂ ਪਰ੍ਹੇ ਬਾਹਰਲੇ ਹਾਲ ਵਿਚ ਇਕ ਪਾਸੇ ਜਗਤਾਰ ਇਕ ਔਰਤ ਕੋਲ ਬੈਠਾ ਹੋਇਆ ਸੀ। ਦੂਜੀ ਕੁਰਸੀ ਉਤੇ ਪੰਦਰਾਂ-ਸੋਲਾਂ ਵਰ੍ਹਿਆਂ ਦੀ ਖ਼ੂਬਸੂਰਤ ਮੁਟਿਆਰ ਬੈਠੀ ਹੋਈ ਸੀ। ਜਗਤਾਰ ਨੇ ਮੈਨੂੰ ਇਸ਼ਾਰੇ ਨਾਲ ਕੋਲ ਸੱਦਿਆ ਤੇ ਮੇਰੇ ਬਾਰੇ ਦੱਸਦਿਆਂ ਉਸ ਔਰਤ ਬਾਰੇ ਜਾਣ-ਪਛਾਣ ਕਰਵਾਈ, ‘‘ਇਹ ਬੀਬੀ ਖਾਵਰ ਰਾਜਾ ਏ ਗੁੱਜਰਾਂਵਾਲੇ ਤੋਂ। ਪੇਸ਼ੇ ਤੋਂ ਵਕੀਲ ਐ। ਉਂਜ ਬਹੁਤ ਅੱਛਾ ਅਫ਼ਸਾਨਾ ਲਿਖਦੀ ਏ। ਤੇ ਇਹ ਮੇਰੀ ਬੱਚੀ ਹੈ, ਮੇਰੀ ਧੀ...ਅਲ ਬਰਕਾਤ...‘‘ ਉਸ ਨੇ ਨੇੜੇ ਬੈਠੀ ਖਾਵਰ ਰਾਜਾ ਦੀ ਮੁਟਿਆਰ ਧੀ ਵੱਲ ਇਸ਼ਾਰਾ ਕੀਤਾ।
ਖਾਵਰ ਰਾਜਾ ਅਜੇ ਹੁਣੇ ਹੁਣੇ ਹੀ ਆਈ ਸੀ ਤੇ ਅਜੇ ਮੁਢਲੀਆਂ ਗੱਲਾਂ ਹੀ ਚੱਲ ਰਹੀਆਂ ਸਨ।
‘‘ਅੱਛਾ! ਤੂੰ ਮੇਰੀ ਮਾਂ ਬਾਰੇ ਦੱਸ! ਕੀ ਹਾਲ ਹੈ ਉਸਦਾ...‘‘ ਜਗਤਾਰ ਖਾਵਰ ਦੀ ਅੰਮੀ ਬਾਰੇ ਪੁੱਛ ਰਿਹਾ ਸੀ।
ਇਹ ਪਤਾ ਲੱਗਣ ‘ਤੇ ਕਿ ਖਾਵਰ ਦੀ ਅੰਮੀ ਦੀ ਪਿੱਛੇ ਜਿਹੇ ਮੌਤ ਹੋ ਗਈ ਹੈ, ਜਗਤਾਰ ਨੂੰ ਡਾਢਾ ਸਦਮਾ ਲੱਗਾ ਤੇ ਉਹਨੇ ਦੁੱਖ ਭਰਿਆ ਗਿਲਾ ਕੀਤਾ, ‘‘ਤੁਸੀਂ ਮੈਨੂੰ ਕਿਉਂ ਨਾ ਦੱਸਿਆ?’’
‘‘ਅਸੀ ਕਿਹਾ ਐਵੇਂ ਦੁਖੀ ਤੇ ਪ੍ਰੇਸ਼ਾਨ ਹੋਵੋਗੇ।’’ ਜਗਤਾਰ ਪਿਛਲੀਆਂ ਯਾਦਾਂ ਵਿਚ ਉਤਰ ਗਿਆ। ਉਸ ਤੋਂ ਬਾਅਦ ਵਿਚ ਟੋਟਾ-ਟੋਟਾ ਕਰਕੇ ਜਿਹੜੀ ਕਹਾਣੀ ਬਣੀ ਉਹ ਕੁਝ ਇੰਜ ਸੀ ਜਗਤਾਰ ਦੀ ਆਪਣੀ ਜ਼ੁਬਾਨੀ:
‘‘ਬਹੁਤ ਸਾਲ ਹੋਏ ਮੈਨੂੰ ਅਮੀਨ ਖਿ਼ਆਲ ਹੁਰਾਂ ਨੇ ਕਿਹਾ ਕਿ ਤੂੰ ਗੁੱਜਰਾਂਵਾਲੇ ਆਉਣੈ। ਮੈਨੂੰ ਹੋਰ ਤਾਂ ਉਥੇ ਕੋਈ ਨਹੀਂ ਸੀ ਜਾਣਦਾ ਉਦੋਂ। ਇਕ ਮੁਹਸਿਨ ਨਾਂ ਦਾ ਬੰਦਾ ਸੀ, ਸਟੂਡਿਓ ਚਲਾਉਂਦਾ ਸੀ। ਅਮੀਨ ਖਿ਼ਆਲ ਨੇ ਕਿਹਾ ਕਿ ਉਸ ਕੋਲ ਘਰ ਦਾ ਪਤਾ-ਪੁਤਾ ਪੁੱਛ ਲਵੀਂ। ਮੈਂ ਲੰਘ ਰਿਹਾ ਸੀ ਕਿ ਇਕ ਬੰਦਾ ਆਇਆ ਤੇ ਮੈਨੂੰ ਕਿਹਾ ਕਿ ਤੁਹਾਨੂੰ ਇਕ ਮਾਤਾ ਜੀ ਬੁਲਾਉਂਦੇ ਨੇ। ਮੈਨੂੰ ਤਾਂ ਉਥੇ ਕੋਈ ਜਾਣਦਾ ਨਹੀਂ। ਮੈਨੂੰ ਭਲਾ ਕਿਹੜੀ ਮਾਤਾ ਨੇ ਬੁਲਾਉਣਾ ਸੀ! ਉਹ ਅਸਲ ਵਿਚ ਖਾਵਰ ਦੀ ਮਾਤਾ ਸੀ। ਇਹ ਉਦੋਂ ਰਾਮ-ਗਲੀ ਵਿਚ ਰਹਿੰਦੇ ਹੁੰਦੇ ਸਨ। ‘ਕੁਦਸੀ’ ਮੇਰੇ ਨਾਲ ਸੀ। ਕਹਿਣ ਲੱਗਾ, ‘‘ਜਾਣ ‘ਚ ਕੀ ਹਰਜ ਏ।’’ ਅਸੀਂ ਚਲੇ ਗਏ।
ਬਜ਼ੁਰਗ ਮਾਤਾ ਨੇ ਸਾਨੂੰ ਬਿਠਾਇਆ ਤੇ ਬੜੇ ਮੋਹ ਨਾਲ ਮੇਰੇ ਵੱਲ ਵੇਖਣ ਲੱਗੀ। ਕਹਿੰਦੀ, ‘‘ਤੂੰ ਮੈਨੂੰ ਆਪਣੇ ਬੱਚਿਆਂ ਵਰਗਾ ਲਗਦਾ ਏਂ। ਮੇਰਾ ਆਪਣਾ ਪੁੱਤ!’’
ਮੈਂ ਪੁੱਛਿਆ, ‘‘ਮਾਤਾ ਜੀ, ਕੀ ਤੁਹਾਡਾ ਆਪਣਾ ਕੋਈ ਪੁੱਤਰ ਨਹੀਂ?’’ ਤਾਂ ਕਹਿੰਦੀ, ‘‘ਪੁੱਤ ਵੀ ਹੈ ਤੇ ਧੀਆਂ ਵੀ ਨੇ ਪਰ ਪਤਾ ਨਹੀਂ ਕਿਉਂ ਮੇਰਾ ਦਿਲ ਕਹਿੰਦਾ ਏ ਕਿ ਤੂੰ ਮੇਰਾ ਪੁੱਤਰ ਏਂ।’’
ਗੱਲ ਸੁਣਾ ਕੇ ਜਗਤਾਰ ਨੇ ਮਾਤਾ ਦਾ ਪਿਛੋਕੜ ਦੱਸਿਆ। ਉਸ ਦੇ ਵਡੇਰੇ ਹਿੰਦੂਆਂ ਤੋਂ ਮੁਸਲਮਾਨ ਬਣੇ ਸਨ। ਕਹਿੰਦੀ, ‘‘ਮੈਨੂੰ ਹਿੰਦੂ-ਸਿੱਖ ਬੜੇ ਚੰਗੇ ਲੱਗਦੇ ਨੇ। ਸਗੋਂ ਆਪਣੇ ਮੁਸਲਮਾਨ ਵੀ ਮੈਨੂੰ ਏਨੇ ਚੰਗੇ ਨਹੀਂ ਲੱਗਦੇ।’’ ਬਜ਼ੁਰਗ ਔਰਤ ਨੇ ਮੁਸਕਰਾ ਕੇ ਜਗਤਾਰ ਦੇ ਮੁਸਲਮਾਨ ਦੋਸਤਾਂ ਵੱਲ ਵੇਖਿਆ। ਅਸਲ ਵਿਚ ਬੰਦੇ ਦੇ ਸੰਸਕਾਰ ਉਹਦਾ ਪਿਛੋਕੜ ਉਹਦੇ ਅਵਚੇਤਨ ਵਿਚ ਏਨਾ ਡੂੰਘਾ ਧਸ ਜਾਂਦੇ ਹਨ ਕਿ ਇਨ੍ਹਾਂ ਤੋਂ ਮੁਕਤ ਹੋ ਸਕਣਾ ਏਨਾ ਸੌਖਾ ਨਹੀਂ।
ਸੰਸਕਾਰਾਂ ਦੀ ਗੱਲ ਹੀ ਸੀ ਕਿ ਜਦੋਂ ਖਾਵਰ ਦਾ ਪਹਿਲਾ ਬੱਚਾ ਬਦਕਿਸਮਤੀ ਨਾਲ ਇਸ ਸੰਸਾਰ ਤੋਂ ਤੁਰ ਗਿਆ ਤਾਂ ਬਜ਼ੁਰਗ ਔਰਤ ਨੇ ਆਪਣੇ ਪੁੱਤ ਜਗਤਾਰ ਨੂੰ ਤਾਰ ਦੇ ਕੇ ਕਿਹਾ ਕਿ ਉਹ ਕਿਸੇ ਜੋਤਸ਼ੀ ਨੂੰ ਇਸ ਬਾਰੇ ਪੁੱਛੇ। ਖ਼ੁਦ ਵਿਸ਼ਵਾਸ ਨਾ ਹੁੰਦਿਆਂ ਵੀ ਜਗਤਾਰ ਨੇ ਜਲੰਧਰ ਰਹਿੰਦੇ ਸ਼ਾਮ ਸੁੰਦਰ ਨਾਂ ਦੇ ਜੋਤਸ਼ੀ ਨੂੰ ਸਾਰੀ ਕਹਾਣੀ ਸੁਣਾ ਕੇ ਉਪਾਅ ਪੁੱਛਿਆ। ਉਸ ਨੇ ਇਕ ਤਵੀਤ ਬਣਾ ਕੇ ਦਿੱਤਾ ਤੇ ਕਿਹਾ ਕਿ ਬੱਚਾ ਜ਼ਰੂਰ ਹੋਵੇਗਾ।
‘‘ਇਹ ਤਾਂ ਬਜ਼ੁਰਗ ਦਾ ਵਿਸ਼ਵਾਸ ਸੀ। ਮੈਂ ਤਾਂ ਇਨ੍ਹਾਂ ਗੱਲਾਂ ਨੂੰ ਮੰਨਦਾ ਨਹੀਂ। ਪਰ ਖਾਵਰ ਦੇ ਬੱਚੀ ਹੋਈ ਜਿਸ ਦਾ ਨਾਂ ਅਲ ਬਰਕਾਤ ਰੱਖਿਆ ਗਿਆ। ਮਾਤਾ ਕਹਿਣ ਲੱਗੀ, ‘‘ਇਹ ਤੇਰੀ ਹੀ ਧੀ ਹੈ...ਤੇਰੀ ਬੱਚੀ...ਤੂੰ ਹੀ ਇਸ ਨੂੰ ਅੱਲਾ ਕੋਲੋਂ ਮੰਗਿਐੈ।’’
ਅਲ ਬਰਕਾਤ ਅੱਜ ਆਪਣੀ ਮਾਂ ਦੇ ਨਾਲ ਆਈ ਸੀ ਉਸ ਬਜ਼ੁਰਗ ਨੂੰ ਮਿਲਣ, ਜੋ ਉਸ ਦੀ ਨਾਨੀ ਦਾ ਪੁੱਤ ਸੀ, ਉਸ ਦੀ ਮਾਂ ਦਾ ਭਰਾ ਤੇ ਉਸ ਦਾ ਮਾਮਾ। ਪਰ ਬਜ਼ੁਰਗ ਮਾਤਾ ਦਾ ਖਿ਼ਆਲ ਸੀ ਜੇ ਜਗਤਾਰ ਉਹ ਤਵੀਤ ਨਾ ਭੇਜਦਾ ਤਾਂ ਅਲ ਬਰਕਾਤ ਨੇ ਸ਼ਾਇਦ ਇਸ ਸੰਸਾਰ ਵਿਚ ਨਹੀਂ ਸੀ ਆਉਣਾ। ਇੰਜ ਇਹ ਬੱਚੀ ਉਸ ਨੇ ਜਗਤਾਰ ਨੂੰ ਸੌਂਪ ਦਿੱਤੀ ਸੀ। ਉਸ ਦੀ ਧੀ ਬਣਾ ਦਿੱਤੀ ਸੀ।
ਕਿੰਨੀ ਅਜੀਬ ਤੇ ਅਲੌਕਿਕ ਸੀ ਇਹ ਰਿਸ਼ਤਿਆਂ ਦੀ ਗੁੰਝਲ, ਪਰ ਕਿੰਨੀ ਸਾਦਾ ਅਤੇ ਸਹਿਜ ਵੀ।
ਉਮਰ ਗਨੀ ਵੀ ਹੋਰ ਦੋਸਤਾਂ ਮਿੱਤਰਾਂ ਨੂੰ ਮਿਲਣ ਉਪਰੰਤ ਸਾਡੇ ਕੋਲ ਆ ਖੜੋਤਾ ਸੀ। ਉਹ ਜਦੋਂ ਗੁਜਰਾਂਵਾਲੇ ਹੁੰਦਾ ਸੀ, ਬਤੌਰ ਲੇਖਿਕਾ ਉਦੋਂ ਤੋ ਹੀ ਖਾਵਰ ਨੂੰ ਜਾਣਦਾ ਸੀ।
‘‘ਗਨੀ, ਤੂੰ ਸਾਨੂੰ ਸਾਡੇ ਸਾਂਝੇ ਬਾਬੇ ਦੇ ਦੀਦਾਰ ਕਰਵਾ ਕੇ ਲਿਆ। ਹਜ਼ਰਤ ਮੀਆਂ ਮੀਰ ਦੇ ; ਜਿਸ ਨੇ ਉਦੋਂ ਤੋਂ ਹੀ ਸਾਡੇ ਗੁਰੂ ਨਾਲ ਮਿਲ ਕੇ ਸਾਡਾ ਤੁਹਾਡਾ ਜੋੜ ਮੇਲ ਦਿੱਤਾ ਸੀ।’’
ਜਗਤਾਰ ਦੇ ਮੂੰਹੋਂ ਨਿਕਲੇ ਬੋਲਾਂ ਨੂੰ ਪੁਗਾਉਣ ਲਈ ਤੁਰੰਤ ਹੀ ਉਮਰ ਗਨੀ ਦੀ ਕਾਰ ਫਲੈਟੀਜ਼ ਹੋਟਲ ਦੇ ਹਾਲ ਕਮਰੇ ਦੇ ਮੁੱਖ ਦਰਵਾਜ਼ੇ ਅੱਗੇ ਆ ਰੁਕੀ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346