Welcome to Seerat.ca
|
-
ਸੰਪਾਦਕ ਜੀਓ,
ਗੁਰਦੇਵ ਚੌਹਾਨ ਦਾ “ਪਰਗਤੀਸ਼ੀਲ ਲਹਿਰ ਤੇ ਪੰਜਾਬੀ ਸਾਹਿਤ” ਲੇਖ ਪੜ੍ਹਿਆ ਜੋ ਸਮੁੱਚੀ
ਪੰਜਾਬੀ ਸਾਹਿਤ ਦੀ ਅਲੋਚਨਾ ਜਾਂ ਲੇਖੇ ਜੋਖੇ ਦਾ ਦਾਹਵਾ ਕਰਦਾ ਹੈ। ਪਰ ਜੇ ਸਾਰੇ ਲੇਖ ਨੂੰ
ਦੇਖਿਆ ਜਾਵੇ ਤਾਂ ਇਹ ਲੋਕਾਂ ਦੇ ਨਾਂ ਲਿਖਣ ਤੋਂ ਸਿਵਾ ਹੋਰ ਕੁੱਝ ਸੁਨੇਹਾ ਨਹੀਂ ਦਿੰਦਾ
ਲਗਦਾ। ਨਾਂ ਦੇਣ ਲੱਗਿਆਂ ਵੀ ਚੌਹਾਨ ਸਾਹਿਬ ਸਿਰਫ਼ ਕਵਿਤਾਵਾਂ, ਕਹਾਣੀਆਂ, ਨਾਵਲਾਂ, ਤੇ
ਨਾਟਕਾਂ ਨੂੰ ਹੀ ਸਾਹਿਤ ਮੰਨਦੇ ਹਨ। ਜਦੋਂ ਕਿ ਅਜਿਹੀ ਪਰਿਭਾਸ਼ਾ ਕਿਤੇ ਵੀ ਪਰਚੱਲਿਤ ਨਹੀਂ
ਹੈ। ਵਿੱਕੀਪੀਡੀਆ ਦਾ ਲੇਖ ਸਾਹਿਤ ਦੀਆਂ ਉਨ੍ਹਾਂ ਸਾਰੀਆਂ ਲਿਖਤਾਂ ਨੂੰ ਸਬੰਧਤ ਦਰਸਾਉਂਦਾ
ਹੈ ਜੋ ਛਪੀਆਂ ਹਨ, ਪਰ ਅਣਛਪੀਆਂ ਲਿਖਤਾਂ ਨੂੰ ਵੀ ਅੱਖੋਂ-ਪਰੋਖੇ ਨਹੀਂ ਕਰਦਾ। ਖੈਰ
ਵਿੱਕੀਪੀਡੀਆ ਨੂੰ ਆਖਰੀ ਸ਼ਬਦ ਨਾ ਵੀ ਮੰਨੀਏ ਤਾਂ ਦੂਸਰੇ ਸਰੋਤਾਂ ਤੋਂ ਵੀ ਇਹੀ ਰਾਇ
ਨਿੱਕਲ਼ਦੀ ਹੈ। ਡਿਕਸ਼ਨਰੀ.ਕੌਮ (ਦਚਿਟੋਿਨਅਰੇ।ਚੋਮ) ਦੀਆਂ ਤਿੰਨ ਪਰਿਭਾਸ਼ਾਵਾਂ ਸਭ ਲਿਖਤੀ
ਜਾਂ ਛਪੇ ਵਰਣਨਾਂ ਨੂੰ ਸਾਹਿਤ ਮੰਨਦਾ ਹੈ। ਪੰਜਾਬੀ ਸਾਹਿੱਤ ਅਕਾਦਮੀ (ਲੁਧਿਆਣਾ) ਦੇ ਨਾਂ
ਤੇ ਨਜ਼ਰ ਮਾਰੋ ਤਾਂ ਉਨ੍ਹਾਂ ਨੇ ਸਾਹਿੱਤ ਦੀ ਪਰਿਭਾਸ਼ਾ ਲੋਕ-ਹਿੱਤ ਨਾਲ਼ ਜੋੜ ਦਿੱਤੀ ਹੈ।
ਹੁਣ ਜੇ ਇਨ੍ਹਾਂ ਸਭ ਵਿਚਾਰਾਂ ਦਾ ਵਿਸ਼ਲੇਸ਼ਣ ਕਰਾਂਗੇ ਤਾਂ ਚੌਹਾਨ ਸਾਹਿਬ ਦੀ ਪਰਿਭਾਸ਼ਾ
ਸੌੜੀ ਲਗਦੀ ਹੈ। ਅਸਲ ਵਿੱਚ ਸੌੜੀ ਹੈ ਹੀ, ਤਾਂ ਹੀ ਤਾਂ ਚੌਹਾਨ ਸਾਹਿਬ ਨੂੰ ਸ਼ਹੀਦ ਭਗਤ
ਸਿੰਘ ਦਾ ਲਿਖਿਆ ਲੇਖ “ਮੈਂ ਨਾਸਤਿਕ ਕਿਉਂ ਹਾਂ?” ਆਪਣੇ ਪਰਚੇ ਵਿੱਚ ਸ਼ਾਮਿਲ ਨਹੀਂ ਕੀਤਾ।
ਕੀ ਬੇਵਜਾ ਲਿਖੀ ਜਾਣਾ ਹੀ ਸਾਹਿਤ ਹੁੰਦਾ ਹੈ? ਵੈਸੇ ਭਗਤ ਸਿੰਘ ਦਾ ਇਹ ਲੇਖ ਚੌਹਾਨ ਸਾਹਿਬ
ਦੇ ਦਿੱਤੇ ‘ਪਰਗਤੀਵਾਦ’ ਦੇ ਸਾਲ 1935 ਤੋਂ ਪਹਿਲਾਂ ਦਾ ਹੈ। ਵੈਸੇ ਵੀ ਚੌਹਾਨ ਸਾਹਿਬ ਭੁੱਲ
ਗਏ ਲਗਦੇ ਨੇ ਕਿ ਗੱਲ ਪਰਗਤੀਸ਼ੀਲ ਸਾਹਿਤ ਦੀ ਹੋ ਰਹੀ ਸੀ, ਕੋਈ ‘ਪਰਗਤੀਵਾਦ’ ਵਰਗੀ ਓਪਰੀ
ਜਿਹੀ ਭਾਵਨਾ ਨਾਲ਼ ਕਾਫ਼ਲੇ ਦੀ ਇਸ ਗਤੀਵਿਧੀ ਦਾ ਕੋਈ ਲੈਣਾ ਦੇਣਾ ਨਹੀਂ ਸੀ। ਪਰਗਤੀਵਾਦ
ਪਰਗਤੀਸ਼ੀਲਤਾ ਦੀ ਗਹਿਰਾਈ ਨੂੰ ਛੁਟਿਆਉਂਦਾ ਹੋਇਆ ਇੱਕ ਵਿਅੰਗਮਈ ਈਰਖਾਲੂ ਜੁਮਲਾ ਹੈ, ਹੋਰ
ਕੁੱਝ ਨਹੀਂ।
ਅੱਗੇ ਚੱਲ ਕੇ ਚੌਹਾਨ ਸਾਹਿਬ ਦਾ ਵਖਿਆਨ ਹੈ ਕਿ “ਅਸਲ ਵਿਚ ਸਾਹਿਤ ਦਾ ਕੰਮ ਸਿਖਿਆ ਦੇਣਾ
ਨਹੀਂ ਸਿਰਫ ਸਿਖਿਆ ਲੈਣ ਦਾ ਵਾਤਾਵਰਣ ਜਾਂ ਮਾਹੌਲ ਪੈਦਾ ਕਰਨ ਦਾ ਹੈ ਜਿਸ ਨਾਲ ਪਾਠਕ ਲਈ
ਸੱਚ ਅਤੇ ਝੂਠ ਦਾ ਨਿਤਾਰਾ ਕਰਨਾ ਸੰਭਵ ਹੋ ਸਕੇ ਅਤੇ ਉਸ ਨੂੰ ਕੋਝ ਦਾ ਬੋਧ ਹੋ ਸਕੇ। ਸਾਹਿਤ
ਦਾ ਕੰਮ ਸਮਾਜ ਨੂੰ ਬਦਲਣਾ ਨਹੀਂ।” ਇਸ ਤੋਂ ਸਾਫ਼ ਦਿਸਦਾ ਹੈ ਕਿ ਚੌਹਾਨ ਸਾਹਿਬ ਲੋਕਹਿੱਤ
ਤੋਂ ਰਹਿਤ ਸਾਹਿਤ ਦੀ ਗੱਲ ਕਰ ਰਹੇ ਹਨ। ਕਾਫਲੇ ਵੱਲੋਂ ਦੋ-ਤਿੰਨ ਸਾਲ ਇਹ ਸਿਲਸਿਲਾ ਚਲਾਇਆ
ਗਿਆ ਸੀ ਕਿ “ਆਪਾਂ ਕਿਉਂ ਲਿਖਦੇ ਹਾਂ?” ਜਿਸ ਮੁਤਾਬਿਕ ਕਈ ਲਿਖਾਰੀਆਂ ਨੇ ਆਪਣੇ ਵਿਚਾਰ
ਰੱਖੇ ਸਨ। ਉਸ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਸੀ ਕਿ ਲਿਖਿਆ ਲੋਕ ਹਿੱਤ ਨੂੰ ਮੁੱਖ
ਰੱਖਕੇ ਹੀ ਜਾਂਦਾ ਹੈ। ਜੇ ਤੁਸੀਂ ਲਿਖ ਕੇ ਕਿਸੇ ਨੂੰ ਕੁੱਝ ਨਹੀਂ ਦੱਸਣਾ ਤਾਂ ਲਿਖਣਾ ਤਾਂ
ਕੀ ਤੁਹਾਨੂੰ ਬੋਲਣਾ ਵੀ ਨਹੀਂ ਚਾਹੀਦਾ। ਲਿਖਤਾਂ ਹੋਰਾਂ ਵਾਸਤੇ ਹੀ ਹੋ ਸਕਦੀਆਂ ਹਨ,
ਲਿਖਾਰੀ ਖੁਦ ਇਹ ਚੀਜ਼ਾਂ ਜਾਣਦਾ ਹੀ ਹੈ। ਇਸ ਲਈ ਉਸ ਨੂੰ ਐਵੇਂ ਕਾਗਜ਼ ਕਾਲ਼ੇ ਕਰਨ ਜਾਂ
ਕੰਪਿਊਟਰ ਤੇ ਮੱਥਾ ਮਾਰਨ ਦੀ ਕੀ ਲੋੜ ਹੈ? ਮੈਨੂੰ ਜਾਪਦਾ ਹੈ ਕਿ ਚੌਹਾਨ ਸਾਹਿਬ ਸਾਹਿਤ ਦੀ
ਪਰਿਭਾਸ਼ਾ ਬਾਰੇ ਆਪ ਉਲ਼ਝਣ ‘ਚ ਹਨ, ਉਨ੍ਹਾਂ ਨੂੰ ਇਸ ਬਾਰੇ ਹੋਰ ਖੋਜ ਦੀ ਲੋੜ ਜਾਪਦੀ ਹੈ।
ਜਸਵਿੰਦਰ ਸੰਧੂ
-
ਸੁਪਨ ਸੰਧੂ ਜੀ, ਤੁਹਾਡੀ ਹੱਡ ਬੀਤੀ ਲਿਖਤ 'ਜਦੋਂ ਬਲੂ ਸਟਾਰ ਪਿੱਛੋਂ ਪਹਿਲੀ ਵਾਰ ਦਰਬਾਰ
ਸਾਹਿਬ ਵੇਖਿਆ' ਨੂੰ ਪੜ੍ਹਦਿਆਂ ਇਸ ਲਿਖਤ ਵਿੱਚੋਂ ਤੁਹਾਡੀ ਦੁੱਖੀ ਹੋਈ ਆਤਮਾ ਦਾ ਅਹਿਸਾਸ
ਹੁੰਦਾ ਹੈ । ਤੁਹਾਡੀਆਂ ਲਿਖਤਾ ਵੀ ਤੁਹਾਡੇ ਪਿਤਾ ਜੀ ਸ੍ਰ. ਵਰਿਆਮ ਸਿੰਘ ਜੀ ਵਾਂਗੂ ਹੀ
ਲੱਗਦੀਆਂ ਹਨ । ਆਸ ਕਰਦਾ ਹਾਂ ਕਿ ਅਕਾਲ ਪੁਰਖ ਦੀ ਕਿਰਪਾ ਅਤੇ ਤੁਹਾਡੀ ਮੇਹਨਤ ਸਦਕਾ ਤੁਸੀਂ
ਵੀ ਉਹਨਾ ਵਾਂਗੂ ਪੰਜਾਬੀ ਮਾਂ ਬੋਲੀ ਦੇ ਸਿਖਰ ਵਾਲੇ ਲਿਖਾਰੀਆਂ ਵਿੱਚੋਂ ਹੋਵੋਗੇ ।
ਗੁਰਸ਼ਰਨ ਸਿੰਘ ਕਸੇਲ
|