Welcome to Seerat.ca

ਇਨਸਾਨੀ ਜਿਸਮ ਦਾ ਜਸ਼ਨ

 

- ਅਮਰਜੀਤ ਚੰਦਨ

ਨੌਕਰੀ

 

- ਇਕਬਾਲ ਰਾਮੂਵਾਲੀਆ

ਰੁਸਤਮੇ ਮੈਰਾਥਨ ਫੌਜਾ ਸਿੰਘ

 

- ਪ੍ਰਿੰ. ਸਰਵਣ ਸਿੰਘ

ਬਦਦੁਆ

 

- ਹਰਜੀਤ ਅਟਵਾਲ

ਵਗਦੀ ਏ ਰਾਵੀ / ਰਿਸ਼ਤਿਆਂ ਦੀ ਗੁੰਝਲ ਕਿੰਨੀ ਸਾਦਾ ਤੇ ਸਹਿਜ

 

- ਵਰਿਆਮ ਸਿੰਘ ਸੰਧੂ

ਸੰਤ ਫ਼ਤਿਹ ਸਿੰਘ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਵਿਕਾਸ, ਪ੍ਰਗਤੀ ਅਤੇ ਇਨਸਾਨ

 

- ਬਲਦੇਵ ਦੂਹੜੇ

ਨਰਮ-ਨਾਜ਼ੁਕ ਪਰ ਲੋਹੇ ਦੇ ਜਿਗਰੇ ਵਾਲੇ

 

- ਰਜਵੰਤ ਕੌਰ ਸੰਧੂ

ਇੱਕ ਲੱਪ ਕਿਰਨਾਂ ਦੀ..... / ਛੱਡੋ ਜੱਟ ਨੂੰ ਬਥੇਰਾ ਲੀਰੋ-ਲੀਰ ਕਰਤਾ........!

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਇਕ ਦੇਸ਼ ਜੋ ਮੈਂ ਦੇਖਿਆ

 

- ਗੁਰਦੇਵ ਸਿੰਘ ਬਟਾਲਵੀ

ਗ਼ਜ਼ਲ

 

- ਉਂਕਾਰਪ੍ਰੀਤ

ਇਸ ਵਰ੍ਹੇ ਸਿਖਰਾ ਛੂੰਹੇਗਾ ਪੰਜਾਬੀ ਸਿਨੇਮਾ

 

- ਸਪਨ ਮਨਚੰਦਾ ਫ਼ਰੀਦਕੋਟ

ਦੋ ਵਿਅੰਗ ਕਵਿਤਾਵਾਂ

 

- ਗੁਰਦਾਸ ਮਿਨਹਾਸ

ਗਜ਼ਲ

 

- ਸੁਰਿੰਦਰ ਕੌਰ ਬਿਨਰ

ਪਿੰਡ ਨੂੰ ਪਏ ਘੇਰੇ ਦੀ ਕਹਾਣੀ

 

- ਸੁਪਨ ਸੰਧੂ

ਹੁੰਗਾਰੇ

 

ਰੁਸਤਮੇ ਮੈਰਾਥਨ ਫੌਜਾ ਸਿੰਘ
- ਪ੍ਰਿੰ. ਸਰਵਣ ਸਿੰਘ

 

ਫੌਜਾ ਸਿੰਘ ਗੁੰਮਨਾਮੀ ‘ਚ ਚੱਲ ਵਸਣਾ ਸੀ ਜੇ ਬੁੱਢੇਵਾਰੇ ਦੌੜਾਂ ਵਿਚ ਨਾ ਪੈਂਦਾ। ਹੁਣ ਉਹਦੀ ਪੂਰੇ ਜਹਾਨ ਵਿਚ ਬੱਲੇ ਬੱਲੇ ਹੈ। ਉਹਦਾ ਨਾਂ ਗਿੱਨੀਜ਼ ਦੀ ਵਰਲਡ ਰਿਕਾਰਡਾਂ ਵਾਲੀ ਕਿਤਾਬ ਵਿਚ ਆ ਗਿਐ। ਉਹ ਮੈਰਾਥਨ ਦਾ ਮਹਾਂਰਥੀ ਹੈ ਜੋ ਬਾਰਾਂ ਸਾਲ ਤੋਂ ਖ਼ਬਰਾਂ ਵਿਚ ਰਹਿ ਰਿਹੈ। ਹੁਣ ਉਹ ਸੌ ਸਾਲਾਂ ਤੋਂ ਉਤੇ ਹੋ ਗਿਐ। ਉਹਦੀ ਵਡਿਆਈ ਇਸ ਗੱਲ ਵਿਚ ਨਹੀਂ ਕਿ ਉਹ ਲੰਮੀਆਂ ਦੌੜਾਂ ਦੌੜ ਲੈਂਦੈ ਸਗੋਂ ਇਸ ਗੱਲ ਵਿਚ ਹੈ ਕਿ ਸੌ ਸਾਲਾਂ ਦਾ ਹੋ ਕੇ ਵੀ ਦੌੜੀ ਜਾਂਦੈ। ਸੌ ਸਾਲ ਦੀ ਉਮਰ ਕਹਿ ਦੇਣੀ ਗੱਲ ਹੈ। ਏਨੇ ਸਮੇਂ ‘ਚ ਪੰਜ ਪੀੜ੍ਹੀਆਂ ਬਦਲ ਜਾਂਦੀਐਂ। ਇਸ ਉਮਰ ਤਕ ਕੋਈ ਵਿਰਲਾ ਹੀ ਪਹੁੰਚਦੈ ਤੇ ਜਿਹੜਾ ਪਹੁੰਚ ਜਾਵੇ ਉਹਤੋਂ ਉੱਠ ਬੈਠ ਨਹੀਂ ਹੁੰਦਾ। ਨੈਣ ਪ੍ਰਾਣ ਜਵਾਬ ਦੇ ਜਾਂਦੇ ਨੇ। ਪਰ ਜਲੰਧਰ ਲਾਗੇ ਪਿੰਡ ਬਿਆਸ ਵਿਚ ਜੰਮਿਆ ਤੇ ਹੁਣ ਇੰਗਲੈਂਡ ਰਹਿੰਦਾ ਬਾਬਾ ਫੌਜਾ ਸਿੰਘ ਅਜੇ ਵੀ ਹਿਰਨਾਂ ਵਾਂਗ ਚੁੰਗੀਆਂ ਭਰ ਰਿਹੈ। ਚੀਤੇ ਵਰਗੇ ਜੁੱਸੇ ਨਾਲ ਚੀਤੇ ਵਾਂਗ ਦੌੜ ਰਿਹੈ।
2011 ਦੇ ਸ਼ੁਰੂ ਵਿਚ ਉਸ ਨੇ ਜਰਮਨੀ ‘ਚ ਹਾਫ਼ ਮੈਰਾਥਨ ਭਾਵ 21.1 ਕਿਲੋਮੀਟਰ ਦੀ ਦੌੜ ਪੂਰੀ ਕੀਤੀ ਹੈ। ਸੌ ਸਾਲ ਦੀ ਉਮਰ ‘ਚ ਇੱਕੀ ਕਿਲੋਮੀਟਰ ਦੌੜ ਲੈਣਾ ਕਮਾਲ ਦਾ ਕਾਰਨਾਮਾ ਹੈ। ਕਈਆਂ ਤੋਂ ਏਨੀ ਦੂਰ ਸਾਈਕਲ ਨਹੀਂ ਚਲਾਇਆ ਜਾਂਦਾ। ਮਈ 2010 ਵਿਚ ਉਸ ਨੇ ਲਕਸ਼ਮਬਰਗ ਦੀ ਇੰਟਰਫੇਥ ਮੈਰਾਥਨ ਦੌੜ ਵਿਚ ਭਾਗ ਲਿਆ ਸੀ। 98 ਸਾਲ ਦੀ ਉਮਰ ਵਿਚ ਉਹ ਐਡਨਬਰਗ ਦੀ ਮੈਰਾਥਨ ਦੌੜ ਦੌੜਿਆ। ਉਸ ਤੋਂ ਪਹਿਲਾਂ 2004 ਵਿਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਉਤੇ ਚਮਕੌਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਅਤੇ 2005 ਵਿਚ ਲਾਹੌਰ ਦੀ ਸਟੈਂਡਰਡ ਚਾਰਟਡ ਮੈਰਾਥਨ ਦੌੜ ਵਿਚ ਭਾਗ ਲੈਣ ਬਹੁੜਿਆ।

ਲਾਹੌਰ ਉਸ ਦਾ ਸ਼ਾਹੀ ਸਵਾਗਤ ਹੋਇਆ। ਜਨਰਲ ਪ੍ਰਵੇਜ਼ ਮੁਸ਼ੱਰਫ ਨੇ ਉਸ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਬੇਗਮਾਂ ਨੇ ਬੁਰਕੇ ਉਤਾਰ ਕੇ ਬਾਬੇ ਦੇ ਦਰਸ਼ਨ ਕੀਤੇ। ਉਸ ਦਾ ਨਿਵਾਸ ਪੰਜ ਤਾਰਾ ਹੋਟਲ ਵਿਚ ਕਰਵਾਇਆ। ਲਾਹੌਰ ਦੀਆਂ ਇਤਿਹਾਸਕ ਥਾਵਾਂ ਦੀ ਸੈਰ ਤੇ ਨਨਕਾਣਾ ਸਾਹਿਬ ਦੀ ਯਾਤਰਾ ਕਰਵਾਈ। ਪੰਜਾ ਸਾਹਿਬ ਦਾ ਪੰਜਾ ਵਿਖਾਇਆ। ਸਿੰਘ ਨੂੰ ਥਾਓਂ ਥਾਂ ਸਲਾਮਾਂ ਹੁੰਦੀਆਂ ਰਹੀਆਂ। ਕੁਝ ਸਾਲ ਪਹਿਲਾਂ ਟੋਰਾਂਟੋ ਦੀ ਹਾਫ਼ ਮੈਰਾਥਨ ਦੌੜ ਵਿਚ ਉਸ ਨੇ ਨਵਾਂ ਵਿਸ਼ਵ ਰਿਕਾਰਡ ਰੱਖਿਆ ਸੀ। ਉਸ ਤੋਂ ਪਹਿਲਾਂ ਉਹ ਲੰਡਨ ਦੀ ਮੈਰਾਥਨ ਵਿਚ ਅੱਸੀ ਸਾਲ ਤੋਂ ਵਡੇਰੀ ਉਮਰ ਵਾਲਿਆਂ ਲਈ ਨਵਾਂ ਰਿਕਾਰਡ ਰੱਖ ਕੇ ਖ਼ਬਰਾਂ ਵਿਚ ਆਇਆ ਸੀ। 2003 ਵਿਚ ਟੋਰਾਂਟੋ ‘ਚ ਉਸ ਨੇ ਆਪਣਾ ਹੀ ਰਿਕਾਰਡ ਫਿਰ ਤੋੜ ਦਿੱਤਾ। ਉਦੋਂ ਉਸ ਨੇ 42.2 ਕਿਲੋਮੀਟਰ ਦੀ ਦੌੜ 5 ਘੰਟੇ 40 ਮਿੰਟ 04 ਸਕਿੰਟ ਵਿਚ ਪੂਰੀ ਕੀਤੀ। 26 ਸਤੰਬਰ 2004 ਨੂੰ ਟੋਰਾਂਟੋ ਵਿਚ ਹੀ ਦੌੜਦਿਆਂ ਉਸ ਨੇ 21.1 ਕਿਲੋਮੀਟਰ ਦੌੜ 2 ਘੰਟੇ 30 ਮਿੰਟ 02 ਸਕਿੰਟ ਵਿਚ ਪੂਰੀ ਕਰ ਵਿਖਾਈ।
ਉਹਦੀ ਦੌੜ ਉਤੇ ‘ਟੋਰਾਂਟੋ ਸਟਾਰ’ ਵਰਗੇ ਅਖ਼ਬਾਰਾਂ ਨੇ ਉਹਦੀ ਸਟਾਰ ਖਿਡਾਰੀਆਂ ਵਾਂਗ ਮਸ਼ਹੂਰੀ ਕੀਤੀ। ਮੁੱਖ ਪੰਨਿਆਂ ਉਤੇ ਉਹਦੀਆਂ ਤਸਵੀਰਾਂ ਛਾਪੀਆਂ। ਟੀਵੀ ਚੈਨਲਾਂ ਨੇ ਉਹਦੀਆਂ ਦੌੜਦੇ ਦੀਆਂ ਝਲਕਾਂ ਵਿਖਾ ਕੇ ਫੌਜਾ ਸਿੰਘ ਫੌਜਾ ਸਿੰਘ ਕਰਵਾ ਦਿੱਤੀ। ਸਾਡਾ ਟੋਰਾਂਟੋ ਵਾਸੀਆਂ ਦਾ ਸੇਰ ਸੇਰ ਲਹੂ ਵਧ ਗਿਆ ਕਿ ਵੇਖੋ ਸਾਡੇ ਸਿੰਘ ਦੀ ਟ੍ਹੌਅਰ! 2004 ਵਿਚ ਖੇਡਾਂ ਦਾ ਸਮਾਨ ਬਣਾਉਣ ਵਾਲੀ ਮਸ਼ਹੂਰ ਕੰਪਨੀ ਐਡੀਡਾਸ ਨੇ ਮੁਹੰਮਦ ਅਲੀ ਤੇ ਡੇਵਿਡ ਬੈਕਹਾਮ ਵਾਂਗ ਉਹਨੂੰ ਆਪਣਾ ਬਰਾਂਡ ਅੰਬੈਸਡਰ ਬਣਾ ਲਿਆ। ਦੌੜਨ ਵਾਲੇ ਬੂਟਾਂ ਦੇ ਇਕ ਪੈਰ ਉਤੇ ‘ਫੌਜਾ’ ਤੇ ਦੂਜੇ ਉਤੇ ‘ਸਿੰਘ’ ਦੇ ਸਟਿੱਕਰ ਲੱਗ ਗਏ। ਪੱਗ ਉਤੇ ਖੰਡਾ ਤੇ ਲੰਮੀ ਝੂਲਦੀ ਦਾੜ੍ਹੀ ਨਾਲ ਦੌੜਦੇ ਦੀਆਂ ਉਹਦੀਆਂ ਤਸਵੀਰਾਂ ਲੰਡਨ ਦੀਆਂ ਸਟਰੀਟਾਂ ਤੇ ਸੜਕਾਂ ‘ਤੇ ਲੱਗ ਗਈਆਂ। ਨਾਲ ਲਿਖਿਆ ਗਿਆ-ਕੁਝ ਵੀ ਅਸੰਭਵ ਨਹੀਂ। ਗੋਰੇ ਕਾਲੇ ਸਭ ਸਿੰਘ ਦੀ ਮਹਿਮਾ ਕਰਨ ਲੱਗੇ। ਅਨੇਕਾਂ ਖੇਡ ਅਦਾਰਿਆਂ ਤੇ ਗੁਰਦਵਾਰਿਆਂ ਨੇ ਉਹਦਾ ਮਾਣ ਸਨਮਾਨ ਕੀਤਾ। ਉਹਨੂੰ ਜੋ ਮਾਇਆ ਮਿਲਦੀ ਰਹੀ ਉਹ ਗੋਲਕ ਵਿਚ ਪਾਉਂਦਾ ਗਿਆ ਜਾਂ ਲੋੜਵੰਦਾਂ ਨੂੰ ਵੰਡਦਾ ਗਿਆ। ਪਾਠਕ ਜਾਣਨਾਂ ਚਾਹੁਣਗੇ ਕਿ ਆਖ਼ਰ ਉਹ ਹੈ ਕੀ ਸ਼ੈਅ?
ਉਹ ਕਮਾਲ ਦੀ ਸ਼ੈਅ ਹੈ। ਇਕ ਅਜੂਬਾ, ਕੁਦਰਤ ਦਾ ਕ੍ਰਿਸ਼ਮਾ ਤੇ ਬੰਦੇ ਦੇ ਬੁਲੰਦ ਜੇਰੇ ਦੀ ਜਿਊਂਦੀ ਜਾਗਦੀ ਮਿਸਾਲ। ਮਨੁੱਖੀ ਸਿਰੜ ਦਾ ਮੁਜੱਸਮਾ। ਬੁੱਢਿਆਂ ਦਾ ਉਹ ਰੋਲ ਮਾਡਲ ਹੋ ਸਕਦੈ। ਰਤਾ ਸੋਚੋ ਕੋਈ ਬੰਦਾ ਪਹਿਲੀ ਵਿਸ਼ਵ ਜੰਗ ਤੋਂ ਪਹਿਲਾਂ ਦਾ ਜੰਮਿਆ ਹੋਵੇ, ਜੱਟ ਬੂਟ ਹੋਵੇ, ਕੋਰਾ ਅਨਪੜ੍ਹ ਤੇ ਕੁਲ ਦਸ ਗਿਣਨ ਜਾਣਦਾ ਹੋਵੇ। ਸਰੀਰਕ ਵਜ਼ਨ ਸਿਰਫ ਬਵੰਜਾ ਕਿਲੋਗਰਾਮ ਹੋਵੇ ਪਰ ਭੱਜਣ ਲੱਗਾ ਲੁਧਿਆਣੇ ਤੋਂ ਫਗਵਾੜਾ ਲੰਘ ਕੇ ਖੜ੍ਹੇ ਤੇ ਅਗਲੀ ਝੁੱਟੀ ਨਾਲ ਆਪਣੇ ਪਿੰਡ ਬਿਆਸ ਜਾ ਵੜੇ। ਕੌਣ ਹੈ ਜਿਹੜਾ ਫਿਰ ਅਜਿਹੇ ਅਫਲਾਤੂਨ ਨੂੰ ਸਲਾਮ ਨਾ ਕਰੇ?
ਫੌਜਾ ਸਿੰਘ ਗਾਲੜੀ ਬੰਦਾ ਹੈ ਜਿਸ ਕਰਕੇ ਉਹਦੀਆਂ ਗੱਲਾਂ ਵੀ ਬੜੀਆਂ ਦਿਲਚਸਪ ਨੇ। ਲੰਮੀ ਦੌੜ ਵਾਂਗ ਉਹ ਵੀ ਲੰਮੀਆਂ ਹੁੰਦੀਆਂ ਨੇ ਜੋ ਮੁੱਕਣ ਵਿਚ ਨਹੀਂ ਆਉਂਦੀਆਂ। ਉਹਦੀ ਦਾਹੜੀ ਵੀ ਲੰਮੀ ਹੈ ਤੇ ਲੱਤਾਂ ਵੀ ਲੰਮੀਆਂ। ਮੈਂ ਉਹਦੇ ਪਿੰਡ ਗਿਆ ਜੋ ਜਲੰਧਰ ਤੋਂ ਪਠਾਨਕੋਟ ਜਾਣ ਵਾਲੀ ਸੜਕ ਉਤੇ ਪੈਂਦੈ। ਪਿੰਡ ਵਾਲੇ ਅਜੇ ਵੀ ਉਹਨੂੰ ‘ਊਂਈਂ’ ਸਮਝ ਰਹੇ ਨੇ। ਜਾਣ ਕੇ ਕਹਿੰਦੇ ਨੇ ‘ਅੱਛਾ ਓਹੀ ਫੌਜਾ!’ ਇਹ ‘ਕੱਲੇ ਫੌਜਾ ਸਿੰਘ ਦੀ ਗੱਲ ਨਹੀਂ, ਹਰੇਕ ਪਿੰਡ ਦੇ ਨਾਮੀ ਬੰਦੇ ਨੂੰ ਉਹਦੇ ਪਿੰਡ ਦੇ ਸ਼ਰੀਕ ਇੰਜ ਈ ਸਮਝਦੇ ਨੇ। ਉਹ ਉਨ੍ਹਾਂ ਦੇ ਵਿਚੋਂ ਜੁ ਹੋਇਆ! ਮੈਂ ਢੁੱਡੀਕੇ ਵਿਚ ਪ੍ਰਸਿੱਧ ਨਾਵਲਕਾਰ ਕੰਵਲ ਨੂੰ ਪਿੰਡ ਦੇ ਬੰਦੇ ‘ਕੰਬਲ’ ਕਹਿੰਦੇ ਸੁਣੇ ਨੇ। ਸਿਆਣਿਆਂ ਨੇ ਐਵੇਂ ਨਹੀਂ ਕਿਹਾ-ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ!
ਪਿੰਡ ‘ਚ ਫੌਜਾ ਸਿੰਘ ਦੇ ਖਾਨਦਾਨ ਦੀ ਅੱਲ ‘ਡੰਡੇ’ ਪਈ ਹੋਈ ਹੈ। ਉਨ੍ਹਾਂ ਦੀਆਂ ਲੱਤਾਂ ਡੰਡਿਆਂ ਵਰਗੀਆਂ ਜੁ ਹੋਈਆਂ। ਪਰ ਡੰਡਿਆਂ ਵਰਗੀਆਂ ਲੱਤਾਂ ਵਾਲੇ ਫੌਜਾ ਸਿੰਘ ਨੇ ਉਹ ਕੁਝ ਕਰ ਵਿਖਾਇਆ ਜੋ ਮੂੰਗਲੀਆਂ ਵਰਗੀਆਂ ਲੱਤਾਂ ਵਾਲੇ ਵੀ ਨਹੀਂ ਕਰ ਕੇ ਵਿਖਾ ਸਕੇ। ਕਈਆਂ ਨੇ ਉਹਦੀਆਂ ਲੱਤਾਂ ਨੂੰ ਸਟੀਲ ਦੀਆਂ ਲੱਤਾਂ ਕਹਿ ਕੇ ਵਡਿਆਇਆ ਹੈ। ਉਹਦੇ ਦੱਸਣ ਮੂਜਬ ਉਹ ਤਿੰਨਾਂ ਖੁਰਾਕਾਂ ‘ਤੇ ਉਡਿਆ ਫਿਰਦੈ। ਉਹਦੀ ਪਹਿਲੀ ਖੁਰਾਕ ਹੈ ਸਾਦਾ ਦਾਲ ਫੁਲਕਾ। ਦੂਜੀ ਹਾਸਾ ਮਖੌਲ ਜੀਹਦੇ ‘ਚ ਉਹ ਆਪਣੇ ਆਪ ਨੂੰ ਵੀ ਨਹੀਂ ਬਖਸ਼ਦਾ। ਤੇ ਤੀਜੀ ਖੁਰਾਕ ਹੈ ਰੋਜ਼ਾਨਾ ਕਸਰਤ। ਉਹਨੂੰ ਨਿੱਤ ਅੱਠ ਦਸ ਕਿਲਮੀਟਰ ਤੁਰੇ/ਦੌੜੇ ਬਿਨਾਂ ਨੀਂਦ ਨਹੀਂ ਆਉਂਦੀ। ਉਹ ਗੁਰਦਵਾਰੇ ਵੀ ਜਾਂਦੈ ਤੇ ਸਟੇਡੀਅਮ ਵੀ। ਉਹ ਹਮੇਸ਼ਾਂ ਪ੍ਰਸੰਨ ਚਿੱਤ ਰਹਿੰਦੈ। ਉਹਨੇ ਘਰਦਿਆਂ ਤੇ ਸੱਜਣਾਂ ਮਿੱਤਰਾਂ ਨੂੰ ਕਹਿ ਰੱਖਿਐ, “ਮੈਨੂੰ ਚੰਗੀ ਖ਼ਬਰ ਈ ਦੱਸਿਓ, ਮਾੜੀ ਨਾ ਦੱਸਿਓ। ਕੋਈ ਮੇਰੀ ਖੁਸ਼ੀ ਵਿਚ ਭੰਗਣਾ ਨਾ ਪਾਵੇ ਸਗੋਂ ਖ਼ੁਸ਼ੀ ਵਾਲੀ ਗੱਲ ਦੱਸ ਕੇ ਚਿੱਤ ਖ਼ੁਸ਼ ਕਰੇ।”
ਹੁਣ ਤਕ ਮੇਰੀਆਂ ਫੌਜਾ ਸਿੰਘ ਨਾਲ ਚਾਰ ਮੁਲਾਕਾਤਾਂ ਹੋਈਆਂ ਹਨ। ਇਕ ਲੰਡਨ ਲਾਗੇ ਈਰਥ, ਦੂਜੀ ਟੋਰਾਂਟੋ ਕੋਲ ਬਰੈਂਪਟਨ, ਤੀਜੀ ਬਰਮਿੰਘਮ ਨੇੜੇ ਟੈੱਲਫੋਰਡ ਤੇ ਚੌਥੀ ਵੈਨਕੂਵਰ ਦੇ ਰੇਡੀਓ ਸਟੇਸ਼ਨ ‘ਤੇ। ਈਰਥ-ਵੂਲਿਚ ਦੇ ਟੂਰਨਾਮੈਂਟ ਵਿਚ ਉਹ ਕਬੱਡੀ ਦੇ ਦਾਇਰੇ ਦੁਆਲੇ ਰੇਵੀਏ ਪਿਆ ਫਿਰਦਾ ਸੀ। ਧੁੱਪ ਖਿੜੀ ਹੋਈ ਸੀ, ਉਹਦੀ ਲੰਮੀ ਦਾਹੜੀ ਝੂਲ ਰਹੀ ਸੀ ਤੇ ਸੋਨੇ ਦਾ ਕੜਾ ਲਿਸ਼ਕਾਂ ਮਾਰ ਰਿਹਾ ਸੀ। ਉਹਦੇ ਪੈਰੀਂ ਦੌੜਨ ਵਾਲੇ ਬੂਟ ਸਨ ਤੇ ਉਹ ਕਿਸੇ ਮਸਤੀ ‘ਚ ਮਖ਼ਮੂਰ ਲੱਗਦਾ ਸੀ। ਪਹਿਲੀ ਨਜ਼ਰੇ ਮੈਨੂੰ ਉਹ ਖ਼ਬਤੀ ਬੁੱਢਾ ਬੀਅਰ ਖੇੜਦਾ ਜਾਪਿਆ। ਉਹ ਰੁਕਣ ਦਾ ਨਾਂ ਨਹੀਂ ਸੀ ਲੈ ਰਿਹਾ। ਜਦ ਉਹ ਰੁਕਿਆ ਤਾਂ ਮੈਂ ਉਹਦੇ ਨਾਲ ਗੱਲਾਂ ਕੀਤੀਆਂ ਪਰ ਕਾਪੀ ਵਿਚ ਨੋਟ ਨਾ ਕਰ ਸਕਿਆ। ਉਂਜ ਪਤਾ ਲੱਗ ਗਿਆ ਕਿ ਬਾਬਾ ਕਮਾਲ ਦੀ ਸ਼ੈਅ ਹੈ ਜੀਹਨੇ ਕੋਈ ਬੀਅਰ ਬੱਤਾ ਨਹੀਂ ਸੀ ਪੀਤਾ ਹੋਇਆ। ਪਤਾ ਲੱਗਾ ਕਿ ਬੀਅਰ ਵਿਸਕੀ ਤਾਂ ਉਹ ਪੀਂਦਾ ਹੀ ਨਹੀਂ ਸੀ। ਫਿਰ ਕਦੇ ਮਿਲਣ ਦਾ ਵਾਇਦਾ ਕਰ ਕੇ ਮੈਂ ਬਾਬੇ ਨੂੰ ਫਤਿਹ ਬੁਲਾਈ ਤੇ ਰੁਖ਼ਸਤ ਲਈ। ਇਹ ਜੁਲਾਈ 1999 ਦੀ ਗੱਲ ਹੈ।
ਅਜੇ ਮੈਂ ਇੰਗਲੈਂਡ ਵਿਚ ਹੀ ਸਾਂ ਕਿ ਫੌਜਾ ਸਿੰਘ ਦੀਆਂ ਅੰਗਰੇਜ਼ੀ ਦੇ ਵੱਡੇ ਅਖ਼ਬਾਰਾਂ ਵਿਚ ਤਸਵੀਰਾਂ ਲੱਗੀਆਂ ਵੇਖੀਆਂ। ਉਸ ਨੇ ਲੰਡਨ ਦੀ ਮਸ਼ਹੂਰ ਮੈਰਾਥਨ ਵਿਚ ਅੱਸੀ ਸਾਲ ਤੋਂ ਵੱਡੀ ਉਮਰ ਦੇ ਦੌੜੀਆਂ ਵਿਚ ਨਵਾਂ ਵਿਸ਼ਵ ਰਿਕਾਰਡ ਰੱਖ ਦਿੱਤਾ ਸੀ। ਉਸ ਮੈਰਾਥਨ ਵਿਚ 32860 ਦੌੜੀਆਂ ਨੇ ਭਾਗ ਲਿਆ ਸੀ ਤੇ ਉਹ ਦਸ ਹਜ਼ਾਰ ਦੌੜਾਕਾਂ ਨੂੰ ਪਿੱਛੇ ਛੱਡ ਗਿਆ ਸੀ। ਮੈਨੂੰ ਏਡੇ ਵੱਡੇ ਦੌੜਾਕ ਬਾਬੇ ਨਾਲ ਮਿਲਣ ਦਾ ਇਤਫ਼ਾਕ ਤਾਂ ਰੱਬ ਸਬੱਬੀਂ ਹੀ ਹੋ ਗਿਆ ਸੀ। ਮੈਨੂੰ ਝੋਰਾ ਹੋਇਆ ਕਿ ਮੈਂ ਇੰਟਰਵਿਊ ਕਿਉਂ ਨਾ ਨੋਟ ਕਰ ਸਕਿਆ? ਮੈਂ ਮੌਕਾ ਲੱਭਣ ਲੱਗਾ ਕਿ ਬਾਬੇ ਨਾਲ ਕਿਤੇ ਖੁੱਲ੍ਹੀਆਂ ਗੱਲਾਂ ਕੀਤੀਆਂ ਜਾਣ।
28 ਸਤੰਬਰ 2003 ਨੂੰ ‘ਸਕੋਸ਼ੀਆਬੈਂਕ ਟੋਰਾਂਟੋ ਵਾਟਰਫਰੰਟ ਮੈਰਾਥਨ’ ਨਾਂਅ ਦੀ ਦੌੜ ਲੱਗੀ। ਫੌਜਾ ਸਿੰਘ ਇੰਗਲੈਂਡ ਤੋਂ ਉਸ ਦੌੜ ਵਿਚ ਭਾਗ ਲੈਣ ਆਇਆ। ਉਹਦਾ ਪੱਕਾ ਟਿਕਾਣਾ ਲੰਡਨ ਲਾਗੇ ਇਲਫੋਰਡ ਵਿਚ ਹੈ। ਟੋਰਾਂਟੋ ਵਿਚ ਬਿਆਸ ਪਿੰਡੀਆਂ ਨੇ ਆਪਣੇ ਪੇਂਡੂ ਦੌੜਾਕ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ। ਆਪਣੇ ਪੇਂਡੂਆਂ ਦੀ ਹੱਲਾਸ਼ੇਰੀ ਨਾਲ ਉਹ ਹੌਂਸਲੇ ‘ਚ ਦੌੜਦਾ ਗਿਆ। ਉਹ ਦੌੜ ਮੈਂ ਵੀ ਵੇਖੀ। ਉਹਦੇ ਕੇਸਰੀ ਪੱਗ ਬੱਧੀ ਹੋਈ ਸੀ ਜਿਸ ਉਤੇ ਖੰਡਾ ਸਜਾਇਆ ਹੋਇਆ ਸੀ। ਦੌੜ ਮੁੱਕੀ ਤਾਂ ਉਸ ਨੇ ਆਪਣਾ ਹੀ ਰਿਕਾਰਡ ਇਕੱਤੀ ਮਿੰਟ ਦੇ ਸਮੇਂ ਨਾਲ ਤੋੜ ਦਿੱਤਾ। ਗੋਰੀਆਂ ਮੇਮਾਂ ਇਕ ਦੂਜੀ ਤੋਂ ਅੱਗੇ ਹੋ ਕੇ ਫੌਜਾ ਸਿੰਘ ਨੂੰ ਜੱਫੀ ਪਾਉਂਦੀਆਂ ਤੇ ਮੂੰਹ ਚੁੰਮਦੀਆਂ ਵਧਾਈ ਦੇਣ ਲੱਗੀਆਂ। ਦੋੜਦੇ ਹੋਏ ਫੌਜਾ ਸਿੰਘ ਦੀਆਂ ਤਸਵੀਰਾਂ ਟੋਰਾਂਟੋ ਦੇ ਮੀਡੀਏ ਨੇ ਟੀਵੀ ਤੋਂ ਵਿਖਾਈਆਂ ਤੇ ਅਖ਼ਬਾਰਾਂ ਵਿਚ ਛਾਪੀਆਂ। ਉਸ ਦੀਆਂ ਤਸਵੀਰਾਂ ਦੀ ਵਿਲੱਖਣਤਾ ਸੀ ਕਿ ਉਹ ਝੂਲਦੀ ਲੰਮੀ ਸਫੈਦ ਦਾੜ੍ਹੀ ਨਾਲ ਦਸਤਾਰ ‘ਤੇ ਖੰਡਾ ਸਜਾ ਕੇ ਦੌੜਿਆ ਸੀ।
ਮੈਰਾਥਨ ਪੂਰੀ ਕਰਨ ਤੇ ਵਿਸ਼ਵ ਰਿਕਾਰਡ ਨਵਿਆਉਣ ਪਿਛੋਂ ਉਹਦੇ ਆਦਰ ਸਤਿਕਾਰ ਦਾ ਦੌਰ ਸ਼ੁਰੂ ਹੋਇਆ। ਸਾਡੀ ਦੂਜੀ ਮੁਲਾਕਾਤ ਟੋਰਾਂਟੋ ਦੇ ਲਾ-ਸੁਹਾਗ ਬੈਂਕੁਅਟ ਹਾਲ ਵਿਚ ਹੋਈ ਜਿਥੇ ਉਹਦੇ ਪਿੰਡ ਵਾਸੀ ਤੇ ਕੁਝ ਹੋਰ ਸੱਜਣ ਉਹਦਾ ਮਾਣ ਸਨਮਾਨ ਕਰ ਰਹੇ ਸਨ। ਉੱਦਣ ਉਹਦੇ ਘਿਓ ਕਪੂਰੀ ਰੰਗ ਦੀ ਪੱਗ ਬੱਧੀ ਹੋਈ ਸੀ। ਕਰੀਮ ਰੰਗਾ ਸੂਟ ਤੇ ਚਮਕਦੇ ਬੂਟ। ਉਹਦੀ ਤੋਰ ਵਿਚ ਮਟਕ ਸੀ ਤੇ ਅੱਖਾਂ ਮਸਤੀ ਦੇ ਸੁਨੇਹੇ ਦੇ ਰਹੀਆਂ ਸਨ। ਅਸੀਂ ਨਿਵੇਕਲੇ ਬਹਿ ਕੇ ਖੁੱਲ੍ਹੀਆਂ ਗੱਲਾਂ ਕੀਤੀਆਂ। ਇਸ ਵਾਰ ਮੈਂ ਉਹਦੀਆਂ ਗੱਲਾਂ ਨੋਟ ਕਰਨੋਂ ਨਹੀਂ ਉਕਿਆ।
ਉਹਨੇ ਆਪਣੀ ਜਨਮ ਤਾਰੀਖ਼ 1 ਅਪ੍ਰੈਲ 1911 ਲਿਖਾਈ ਜੋ ਉਸ ਦੇ ਪਾਸਪੋਰਟ ‘ਤੇ ਦਰਜ ਸੀ। ਹੋ ਸਕਦੈ ਥੋੜ੍ਹੀ ਬਹੁਤੀ ਵੱਧ ਘੱਟ ਹੋਵੇ। ਪਿਤਾ ਦਾ ਨਾਂ ਮਿਹਰ ਸਿੰਘ, ਮਾਤਾ ਦਾ ਭਾਗੋ ਤੇ ਪਤਨੀ ਦਾ ਨਾਂ ਗਿਆਨ ਕੌਰ ਲਿਖਾਇਆ। ਉਹਦੇ ਜਨਮ ਸਮੇਂ ਪਿੰਡ ਦੀ ਦਾਈ ਰਹਿਮੋ ਸੀ। ਜਮਾਂਦਰੂ ਤੌਰ ‘ਤੇ ਉਹ ਬਹੁਤ ਕਮਜ਼ੋਰ ਬੱਚਾ ਸੀ। ਉਹ ਰਿੜ੍ਹਨ ਤੇ ਖੜ੍ਹਨ ਦੇਰ ਨਾਲ ਲੱਗਾ। ਛੇਵਾਂ ਸਾਲ ਲੱਗਣ ‘ਤੇ ਜਦੋਂ ਉਹ ਤੁਰਨ ਜੋਗਾ ਹੋਇਆ ਤਾਂ ਘਰ ਦਿਆਂ ਨੇ ਪਿੰਡ ‘ਚ ਕੜਾਹ ਵੰਡਿਆ। ਉਹਦੀ ਮਾਂ ਖੇਤ ਰੋਟੀ ਲੈ ਕੇ ਜਾਂਦੀ ਤਾਂ ਉਹ ਨਾਲ ਜਾਣ ਦੀ ਜਿ਼ਦ ਕਰਦਾ ਪਰ ਉਹਤੋਂ ਤੁਰ ਨਾ ਹੁੰਦਾ। ਲੱਤਾਂ ‘ਚ ਚੀਸਾਂ ਪੈਣ ਲੱਗਦੀਆਂ। ਮਾਂ ਉਹਦੀਆਂ ਲੱਤਾਂ ‘ਤੇ ਪੱਟੀਆਂ ਬੰਨ੍ਹਦੀ। ਫਿਰ ਤੁਰਦਾ ਤਾਂ ਜਿਥੇ ਰੁੱਖ ਦੀ ਛਾਂ ਆਉਂਦੀ ਉਥੇ ਬਹਿ ਕੇ ਦਮ ਲੈਣ ਲੱਗਦਾ। ਅਜਿਹੇ ਮੁੰਡੇ ਨੂੰ ਤਾਂ ਰਿਸ਼ਤਾ ਹੋਣਾ ਵੀ ਮੁਸ਼ਕਲ ਸੀ। ਉਦੋਂ ਜੱਟਾਂ ਦੇ ਮੁੰਡੇ ਲਵੀ ਉਮਰ ‘ਚ ਵਿਆਹੇ ਜਾਂਦੇ ਤਾਂ ਵਿਆਹੇ ਜਾਂਦੇ ਨਹੀਂ ਛੜੇ ਰਹਿ ਜਾਂਦੇ।
ਫੌਜਾ ਸਿੰਘ ਵੱਡਾ ਹੋ ਕੇ ਹਲ ਵਾਹੁਣ ਲੱਗਾ ਤਾਂ ਉਹਦਾ ਵਿਆਹ ਪੱਚੀ ਸਾਲ ਦੀ ਉਮਰ ਵਿਚ ਹੋਇਆ। ਸਾਕ ਪੁੰਨ ਦਾ ਸੀ। ਬਰਾਤ ਗੱਡੇ ਉਤੇ ਚੜ੍ਹ ਕੇ ਪਿੰਡ ਕਾਲ ਘਟਾਂ ਗਈ। ਇਕ ਬਲਦ ਘਰ ਦਾ ਸੀ ਤੇ ਦੂਜਾ ਮਾਸੀ ਦੇ ਮੁੰਡੇ ਦਾ। ਜਨੇਤ ਦੀ ਸੇਵਾ ਲੰਮੇ ਪਕੌੜਿਆਂ ਤੇ ਸ਼ੱਕਰ ਘਿਓ ਨਾਲ ਹੋਈ। ਵਿਆਂਦੜ ਹੋਣ ਕਾਰਨ ਉਹਨੂੰ ਲੱਠੇ ਦੇ ਨਵੇਂ ਕਪੜੇ ਜੁੜ ਗਏ। ਉਹ ਹਲ ਵਾਹੀ ਕਰ ਕੇ ਟੱਬਰ ਪਾਲਣ ਲੱਗਾ। ਕਦੇ ਫਸਲ ਚੰਗੀ ਹੋ ਜਾਂਦੀ ਕਦੇ ਮਾੜੀ ਤੇ ਕਦੇ ਮੌਸਮ ਦੀ ਕਰੋਪੀ ਨਾਲ ਮਾਰੀ ਜਾਂਦੀ। ਉਹਦੇ ਘਰ ਤਿੰਨ ਪੁੱਤਰਾਂ ਤੇ ਤਿੰਨ ਧੀਆਂ ਨੇ ਜਨਮ ਲਿਆ ਜਿਨ੍ਹਾਂ ਨੂੰ ਉਹ ਬਹੁਤਾ ਪੜ੍ਹਾ ਲਿਖਾ ਤਾਂ ਨਹੀਂ ਸਕਿਆ ਪਰ ਇਕ ਪੁੱਤਰ ਤੇ ਇਕ ਧੀ ਨੂੰ ਇੰਗਲੈਂਡ ਤੇ ਕੈਨੇਡਾ ਵਿਆਹੁਣ ਵਿਚ ਕਾਮਯਾਬ ਹੋ ਗਿਆ।
ਬਚਪਨ ‘ਚ ਨਾ ਉਹ ਖੇਡਣ ਜੋਗਾ ਸੀ ਤੇ ਨਾ ਪੜ੍ਹਨ ਜੋਗਾ। ਵੱਡਾ ਹੋ ਕੇ ਉਹ ਫੁਟਬਾਲ ਖੇਡਣ ਲੱਗਾ। ਪੜ੍ਹਾਈ ਲਿਖਾਈ ਵੱਲੋਂ ਉਹ ਅਸਲੋਂ ਕੋਰਾ ਹੈ। ਸਿਰਫ ਆਪਣੇ ਦਸਖਤ ਕਰਨੇ ਹੀ ਸਿੱਖਿਆ ਹੈ ਤੇ ਉਹ ਵੀ ਉਰਦੂ ਵਿਚ। ਐਨਕ ਦੀ ਉਹਨੂੰ ਅਜੇ ਤਕ ਲੋੜ ਨਹੀਂ ਪਈ। ਤੋਹਫ਼ੇ ਵਿਚ ਮਿਲੀਆਂ ਐਨਕਾਂ ਉਸ ਨੇ ਉਂਜ ਈ ਸੰਭਾਲ ਰੱਖੀਆਂ ਹਨ। ਚਮਕਦਾਰ ਜੁ ਹੋਈਆਂ। ਦੰਦ ਜਾੜ੍ਹਾਂ ਡੰਗਸਾਰੂ ਨੇ ਪਰ ਕੰਨਾਂ ਨੂੰ ਪੂਰਾ ਸੁਣਦੈ। ਉਸ ਨੇ ਹੁੱਬ ਕੇ ਦੱਸਿਆ ਕਿ ਪਿੰਡ ਹਲ ਵਾਹੁੰਦਿਆਂ ਕੋਈ ਪਾਣੀ ਨੀ ਸੀ ਪੁੱਛਦਾ ਤੇ ਹੁਣ ਮੇਮਾਂ ਕੋਕ ਚੁੱਕੀ ਪਿਛੇ-ਪਿਛੇ ਤੁਰੀਆਂ ਫਿਰਦੀਆਂ। ਉਹ ਸਹੁਰੀਆਂ ਚੁੰਮੀਆਂ ਵੀ ਲੈ ਜਾਂਦੀਐਂ! ਕੈਮਰਿਆਂ ਵਾਲੇ ਫੋਟੂ ਲੌਹਣੋਂ ਨੀ ਹਟਦੇ। ਪਿੰਡ ਵਾਲੇ ਫੌਜੂ ਕਹਿੰਦੇ ਸੀ ਤੇ ਅਖ਼ਬਾਰਾਂ ਵਾਲੇ ਸਰਦਾਰ ਫੌਜਾ ਸਿੰਘ ਲਿਖੀ ਜਾਂਦੇ ਐ। ਉਸ ਨੇ ਕਿਹਾ,“ਇਹ ਸਭ ਕੁਦਰਤ ਦੀ ਖੇਡ ਐ।”
ਗੱਲਾਂ ਬਾਤਾਂ ਨੋਟ ਕਰਦਿਆਂ ਮੈਂ ਵੇਖਿਆ ਕਿ ਫੌਜਾ ਸਿੰਘ ਅੰਦਰ ਸ਼ੌਂਕੀ ਬੰਦਾ ਵੀ ਲੁਕਿਆ ਬੈਠਾ ਸੀ। ਉਹਨੇ ਸੋਨੇ ਦਾ ਕੜਾ ਪਾਇਆ ਹੋਇਆ ਸੀ ਤੇ ਸੁਨਹਿਰੀ ਘੜੀ ਬੱਧੀ ਹੋਈ ਸੀ। ਕਪੜਿਆਂ ‘ਚੋਂ ਮਹਿਕ ਆ ਰਹੀ ਸੀ। ਮੈਂ ਤਾਂ ‘ਕੱਲੀ ਛਾਪ ਬਾਰੇ ਈ ਪੁੱਛਿਆ ਕਿ ਕਿਸੇ ਵਿਆਹ ‘ਚ ਮਿਲੀ ਜਾਂ ਆਪ ਬਣਾਈ ਪਰ ਉਸ ਨੇ ਸਾਰਾ ਕੁਝ ਈ ਦੱਸ ਦਿੱਤਾ, “ਛਾਪ ਵੀ ਆਪ ਬਣਾਈ ਤੇ ਨੌਂ ਤੋਲੇ ਦਾ ਕੜਾ ਵੀ ਆਪ। ਘੜੀ ਮਾੜੀ ਮੋਟੀ ਨੲ੍ਹੀਂ, ਰਾਡੋ ਐ। ਇਹ ਮੈਂ ਸਾਢੇ ਤਿੰਨ ਸੌ ਪੌਂਡ ਦੀ ਲਈ ਸੀ। ਲਵਾਂ ਕਿਉਂ ਨਾ ਜਦੋਂ ਚਾਰ ਸੌ ਪੌਂਡ ਪਿਲਸ਼ਨ ਮਿਲਦੀ ਐ? ਪੌਂਡ ਕਿਹੜਾ ਹਿੱਕ ‘ਤੇ ਧਰ ਕੇ ਲਿਜਾਣੇ ਐਂ? ਰੂਹ ਖ਼ੁਸ਼ ਹੋਣੀ ਚਾਹੀਦੀ ਆ। ਆਪਾਂ ਹੁਣ ਖ਼ੁਸ਼ ਈ ਰਹਿਨੇ ਆਂ ਤੇ ਨਾਲ ਕਰੀ ਦੀ ਐ ਵਜਰਸ।” ਉਹ ਵਰਜਿਸ਼ ਨੂੰ ਵਜਰਸ ਕਹਿ ਰਿਹਾ ਸੀ।
ਫੌਜਾ ਸਿੰਘ ਦੇ ਜੀਵਨ ਵਿਚ ਬੜੇ ਉਤਰਾਅ ਚੜ੍ਹਾਅ ਆਏ। ਦੁੱਖ ਵੀ ਭੋਗਿਆ ਤੇ ਸੁੱਖ ਵੀ ਮਾਣਿਆਂ। ਗੁੰਮਨਾਮ ਵੀ ਰਿਹਾ ਤੇ ਮਸ਼ਹੂਰ ਵੀ ਹੋਇਆ। ਉਸ ਨੇ ਕਿਹਾ ਕਿ ਬੰਦਾ ਠੋਹਕਰ ਖਾਧੇ ਬਿਨਾਂ ਨਹੀਂ ਸੁਧਰਦਾ। ਉਸ ਨੇ ਖ਼ੁਦ ਜੀਵਨ ਵਿਚ ਠੋਹਕਰਾਂ ਖਾਧੀਆਂ। ਉਸ ਦੇ ਗਭਲੇ ਪੁੱਤਰ ਕੁਲਦੀਪ ਦੀ ਭਰ ਜੁਆਨੀ ਵਿਚ ਮੌਤ ਹੋ ਗਈ। ਪਹਿਲਾਂ ਉਸ ਦੀ ਪਤਨੀ ਗੁਜ਼ਰ ਗਈ ਸੀ। ਦੁਖੀ ਹੋਇਆ ਉਹ ਸਿਵਿਆਂ ‘ਚ ਬੈਠਾ ਰਹਿੰਦਾ ਤੇ ਸੁੰਨੀਆਂ ਥਾਵਾਂ ‘ਤੇ ਤੁਰਿਆ ਫਿਰਦਾ। ਜੁਆਨ ਪੁੱਤ ਦਾ ਵੈਰਾਗ ਉਹਨੂੰ ਲੈ ਬੈਠਾ ਸੀ। ਉਹਦੀ ਸੁਧ ਬੁਧ ਗੁਆਚ ਗਈ ਤੇ ਲੋਕ ਉਹਨੂੰ ਸ਼ੁਦਾਈ ਕਹਿਣ ਲੱਗ ਪਏ।
ਉਸ ਦਾ ਇਕ ਪੁੱਤਰ ਇੰਗਲੈਂਡ ਸੀ। ਉਸ ਨੇ ਉਦਾਸੇ ਬਾਪ ਨੂੰ ਇੰਗਲੈਂਡ ਸੱਦ ਲਿਆ। ਪਰ ਫੌਜਾ ਸਿੰਘ ਦਾ ਵਲਾਇਤ ਵਿਚ ਵੀ ਜੀਅ ਨਾ ਲੱਗਾ। ਉਹ ਵਾਪਸ ਵਤਨ ਪਰਤ ਆਇਆ। ਪਿੰਡ ਫਿਰ ਉਹੀ ਹਾਲ। ਦੁਬਾਰਾ ਇੰਗਲੈਂਡ ਗਿਆ ਤੇ ਫਿਰ ਪੰਜਾਬ ਮੁੜ ਪਿਆ। ਤਿੰਨ ਗੇੜੇ ਖਾ ਕੇ ਆਖ਼ਰ ਉਹ ਇੰਗਲੈਂਡ ‘ਚ ਈ ਟਿਕ ਗਿਆ। ਇੰਗਲੈਂਡ ‘ਚ ਟਿਕਾਇਆ ਬਠਿੰਡੇ ਵੱਲ ਦੇ ਹਰਮੰਦਰ ਸਿੰਘ ਨੇ। ਹਰਮੰਦਰ ਸਿੰਘ ਪਾਰਕ ਵਿਚ ਦੌੜਨ ਜਾਂਦਾ ਤਾਂ ਫੌਜਾ ਸਿੰਘ ਨੂੰ ਬੈਂਚ ਉਤੇ ਸਿਰ ਸੁੱਟੀ ਬੈਠਾ ਵੇਖਦਾ। ਉਸ ਨੇ ਉਦਾਸੇ ਫੌਜਾ ਸਿੰਘ ਨੂੰ ਕਿਹਾ ਕਿ ਜੇ ਉਹ ਉਹਦੇ ਨਾਲ ਦੌੜਨ ਲੱਗ ਪਵੇ ਤਾਂ ਉਦਾਸੀ ਚੁੱਕੀ ਜਾਵੇਗੀ। ਉਹਦੀ ਪ੍ਰੇਰਨਾ ਨਾਲ ਉਹ ਹੌਲੀ ਹੌਲੀ ਦੌੜਨ ਲੱਗ ਪਿਆ ਤੇ ਦੌੜ ਕੇ ਨੇੜੇ ਦੇ ਗੁਰਦੁਆਰਿਆਂ ਵਿਚ ਜਾਣ ਲੱਗ ਪਿਆ। ਹਰਮੰਦਰ ਸਿੰਘ ਉਹਦਾ ਕੋਚ ਬਣ ਗਿਆ ਜੋ ਪਹਿਲਾਂ ਹੀ ਵੈਟਰਨ ਖੇਡਾਂ ਵਿਚ ਭਾਗ ਲੈਂਦਾ ਸੀ। ਉਹ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਤੇ ਇਕ ਗੁਰਦਵਾਰੇ ਤੋਂ ਦੂਜੇ ਗੁਰਦਵਾਰੇ ਤਕ ਦੌੜਨ ਲੱਗੇ।
ਆਮ ਧਾਰਨਾ ਦੇ ਉਲਟ ਉਸ ਨੇ ਬੁੱਢੇਵਾਰੇ ਦੌੜਨਾ ਸ਼ੁਰੂ ਕੀਤਾ ਤੇ ਫਿਰ ਪਿਛੇ ਮੁੜ ਕੇ ਨਹੀਂ ਵੇਖਿਆ। ਉਸ ਦੀ ਜੀਵਨ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਕਿਸੇ ਬੰਦੇ ਦੇ ਜੀਵਨ ਵਿਚ ਕਿੰਨੇ ਵੀ ਦੁੱਖ ਸੁੱਖ ਕਿਉਂ ਨਾ ਆਏ ਹੋਣ ਤੇ ਉਹ ਕਿੱਡੀ ਵੀ ਉਮਰ ਦਾ ਕਿਉਂ ਨਾ ਹੋ ਗਿਆ ਹੋਵੇ ਜੇ ਉਹ ਹਿੰਮਤ ਧਾਰ ਲਵੇ ਤਾਂ ਕੁਛ ਦਾ ਕੁਛ ਕਰ ਸਕਦਾ ਹੈ। ਜੋ ਕੁਝ ਫੌਜਾ ਸਿੰਘ ਨੇ ਕੀਤਾ ਉਹ ਮਿਸਾਲੀ ਹੈ।
ਫੌਜਾ ਸਿੰਘ ਸਵੱਖਤੇ ਉਠਦਾ ਹੈ। ਚਾਹ ਦੇ ਕੱਪ ਨਾਲ ਅਲਸੀ ਦੀ ਪਿੰਨੀ ਖਾਂਦਾ ਹੈ ਤੇ ਦੌੜਨ ਦੀ ਮਸ਼ੀਨ ਉਤੇ ਦੌੜੀ ਜਾਂਦਾ ਰਹਿੰਦਾ ਹੈ। ਦਿਨ ਪੱਧਰੇ ਹੋਣ ਤਾਂ ਦੌੜ ਕੇ ਬਾਰਕਿੰਗ ਦੇ ਗੁਰਦਵਾਰੇ ਚਲਾ ਜਾਂਦਾ ਹੈ। ਦੁਪਹਿਰੇ ਦਾਲ ਜਾਂ ਸਬਜ਼ੀ ਨਾਲ ਇਕ ਫੁਲਕਾ ਤੇ ਇਕ ਫੁਲਕਾ ਉਹਦੀ ਰਾਤ ਦੀ ਖੁਰਾਕ ਹੈ। ਸੌਣ ਲੱਗਾ ਉਹ ਗਲਾਸ ਦੁੱਧ ਦਾ ਪੀਂਦਾ ਹੈ ਤੇ ਉਹਦੀ ਮਨਭਾਉਂਦੀ ਤਰਕਾਰੀ ਅਦਰਕ ਦੀ ਤਰੀ ਹੈ। ਪਹਿਲਾਂ ਕਦੇ ਕਦੇ ਕਦਾਈਂ ਹਾੜਾ ਲਾ ਲੈਂਦਾ ਸੀ ਪਰ ਪਿਛਲੇ ਕਈ ਸਾਲਾਂ ਤੋਂ ਬੰਦ ਹੈ। ਉਹਨੂੰ ਗੁਰਦਾਸ ਮਾਨ ਦਾ ਇਹ ਗੀਤ ਬੜਾ ਪਸੰਦ ਹੈ-ਦਿਲ ਹੋਣਾ ਚਾਹੀਦੈ ਜਵਾਨ ਉਮਰਾਂ ‘ਚ ਕੀ ਰੱਖਿਆ।
ਇੰਗਲੈਂਡ ਵਿਚ ਉਹ ਆਪਣੇ ਪੁੱਤਰ ਦੇ ਆਲੀਸ਼ਾਨ ਘਰ ‘ਚ ਰਹਿੰਦਾ ਹੁੱਬ ਕੇ ਕਹਿੰਦਾ ਹੈ, “ਜਦੋਂ ਮੈਂ ਮਰਿਆ ਤਾਂ ਜਿਹੜੇ ਲੋਕ ਅਫਸੋਸ ਕਰਨ ਆਉਣਗੇ ਉਹ ਮੇਰੇ ਪੁੱਤ ਦਾ ਪੰਜ ਲੱਖ ਪੌਂਡ ਦਾ ਘਰ ਵੇਖ ਕੇ ਕਹਿਣਗੇ ਬਈ ਬਿਆਸੀਆ ਬੁੱਢਾ ਮਹਿਲਾਂ ‘ਚ ਰਹਿੰਦਾ ਸੀ!” ਤੇ ਪੁੱਤਰ ਦੇ ਦੋਸਤ ਫੌਜਾ ਸਿੰਘ ਦੇ ਹਾਸੇ ਵਿਚ ਸ਼ਾਮਲ ਹੁੰਦੇ ਕਹਿੰਦੇ ਹਨ, “ਅਸੀਂ ਵੀ ਭਾਈਏ ਦਾ ਸਸਕਾਰ ਸ਼ਹਿਜ਼ਾਦੀ ਡਿਆਨਾ ਵਾਂਗ ਬੱਘੀ ਜੋੜ ਕੇ ਕਰਾਂਗੇ।”
ਉਹ ਪੁੰਨ ਦੇ ਕਾਰਜਾਂ ਲਈ ਦੌੜਦਾ ਹੈ। ਦੌੜ ਲਈ ‘ਕੱਠੇ ਹੋਏ ਪੈਸਿਆਂ ਵਿਚ ਥੋੜ੍ਹੇ ਬਹੁਤੇ ਆਪਣੇ ਵੱਲੋਂ ਵੀ ਪਾਉਂਦਾ ਹੈ ਤੇ ਪੁੰਨ ਦਾਨ ਕਰ ਛੱਡਦਾ ਹੈ। ਉਹ ਨਿਊਯਾਰਕ ਦੀ ਮੈਰਾਥਨ ‘ਸਿੱਖ ਪਛਾਣ’ ਲਈ ਦੌੜਿਆ ਸੀ। ਪਿੱਛੇ ਜਿਹੇ ਟੋਰਾਂਟੋ ਦੀ ਵਾਟਰ ਫਰੰਟ ਹਾਫ਼ ਮੈਰਾਥਨ ਉਹ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਲਈ ਦੌੜਿਆ। ਉਸ ਬਾਰੇ ਉਸ ਦੇ ਪੇਂਡੂਆਂ ਨੇ ਦੋ ਕਵਿਤਾਵਾਂ ਜੋੜੀਆਂ ਹਨ। ਇਕ ਦਾ ਸਿਰਲੇਖ ਹੈ-ਅਦਰਕ ਦੀ ਤਰੀ ਦਾ ਕਮਾਲ। ਦੂਜੀ ਇੰਜ ਸ਼ੁਰੂ ਹੁੰਦੀ ਹੈ-ਫੌਜਾ ਸਿੰਘ ਸਰਦਾਰ ਦੀ ਹੈ ਇਕ ਵੱਖਰੀ ਸ਼ਾਨ, ਇਸ ਦੇ ਕਰਤਬ ਵੇਖ ਕੇ ਦੁਨੀਆਂ ਹੋਏ ਹੈਰਾਨ...।
ਫੌਜਾ ਸਿੰਘ ਨਾਲ ਮੇਰੀ ਤੀਜੀ ਮੁਲਾਕਾਤ ਬਰਮਿੰਘਮ ਨੇੜੇ ਟੈੱਲਫੋਰਡ ਦੇ ਕਬੱਡੀ ਮੇਲੇ ‘ਚ ਜੁਲਾਈ 2005 ਵਿਚ ਹੋਈ। ਉਦੋਂ ਉਹਦਾ ਸੋਨੇ ਦਾ ਕੜਾ ਗ਼ਾਇਬ ਸੀ। ਪੁੱਛਣ ‘ਤੇ ਉਸ ਨੇ ਦੱਸਿਆ, “ਕਿਸੇ ਗੁਰਮੁਖ ਨੇ ਮੈਨੂੰ ਕਹਿ ਦਿੱਤਾ, ਹੁਣ ਤੂੰ ਸਿਆਣਾ ਬਿਆਣਾ ਐਂ। ਬਾਹਰ ਅੰਦਰ ਜਾਨੈਂ। ਸੋਨੇ ਦੇ ਕੜੇ ਮੁੰਦੀਆਂ ਨਹੀਂ ਸਜਦੇ ਤੇਰੇ। ਇਹਨਾਂ ਨੂੰ ਲਾਹ ਸੁੱਟ। ਤੇ ਮੈਂ ਲਾਹ ਸੁੱਟੇ। ਹੁਣ ਲੋਹੇ ਦਾ ਕੜਾ ਪਾਇਐ।” ਮੈਂ ਵੇਖਿਆ ਉਹਦੇ ਸੱਜੇ ਬੂਟ ਉਤੇ ਫੌਜਾ ਤੇ ਖੱਬੇ ਉਤੇ ਸਿੰਘ ਦਾ ਠੱਪਾ ਲੱਗਿਆ ਹੋਇਆ ਸੀ। ਦਾੜ੍ਹੀ ਦਾ ਕੋਈ-ਕੋਈ ਵਾਲ ਹਾਲੇ ਵੀ ਕਾਲਾ ਸੀ। ਉਸ ਨੇ ਨੀਲਾ ਸੂਟ ਪਾਇਆ ਤੇ ਨੀਲੇ ਰੰਗ ਦੀ ਹੀ ਫੈਸ਼ਨਦਾਰ ਟਾਈ ਲਾਈ ਹੋਈ ਸੀ। ਸ਼ੌਕੀਨ ਬਣਿਆ ਉਹ ਸਿੱਧਾ ਸਲੋਟ ਤੁਰਦਾ ਸੀ।
ਉਸ ਨੇ ਲਿਖਾਇਆ, “ਮੈਂ ਮੁਕਾਬਲੇ ਦੀਆਂ ਤੇਰਾਂ ਮੈਰਾਥਨਾਂ ਦੌੜ ਚੁੱਕਾਂ। ਜੇਕਰ ਜੀਂਦਾ ਰਿਹਾ ਤਾਂ 98 ਸਾਲ ਦੀ ਉਮਰ ਵਿਚ ਛੱਬੀ ਮੀਲ ਦੌੜ ਪੂਰੀ ਕਰਾਂਗਾ ਭਾਵੇਂ ਤੁਰ ਕੇ ਈ ਪੂਰੀ ਕਰਾਂ।” ਮੈਂ ਆਖਿਆ, “ਅਠੰਨਵੇਂ ਸਾਲ ਕਿਉਂ, ਸੌ ਸਾਲ ਕਿਉਂ ਨਹੀਂ?” ਉਸ ਨੇ ਹੱਸਦਿਆਂ ਕਿਹਾ, “ਪਹਿਲਾਂ ਮੈਨੂੰ ਅਠੰਨਵੇਂ ਸਾਲਾਂ ਦਾ ਤਾਂ ਹੋ ਲੈਣ ਦਿਓ। ਜਦੋਂ ਹੋ ਗਿਆ ਫੇਅ ਗਾਂਹ ਦਾ ਪ੍ਰੋਗਰਾਮ ਵੀ ਦੱਸ ਦੂੰ!”
ਗੱਲਾਂ ਬਾਤਾਂ ਤੋਂ ਪਤਾ ਲੱਗਾ ਕਿ ਉਹਦੀ ਖੱਬੀ ਲੱਤ ਸੱਜੀ ਨਾਲੋਂ ਕਮਜ਼ੋਰ ਹੈ। ਉਹ ਦੌੜਦਿਆਂ ਖੱਬੀ ਲੱਤ ਉਤੇ ਘੱਟ ਭਾਰ ਦਿੰਦਾ ਹੈ। ਉਤਰਾਈ ਤੇ ਚੜ੍ਹਾਈ ਉਤੇ ਔਖਾ ਦੌੜਦਾ ਹੈ ਤੇ ਪੱਧਰੇ ਉਤੇ ਸੌਖਾ। ਪਹਿਲੇ ਪੰਦਰਾਂ ਮੀਲ ਸੌਖੇ ਦੌੜ ਲੈਂਦਾ ਹੈ, ਪੰਜ ਮੀਲ ਔਖੇ ਤੇ ਅਖੀਰਲੇ ਛੇ ਮੀਲਾਂ ‘ਚ ਹਾਲਤ ਅਜਿਹੀ ਹੋ ਜਾਂਦੀ ਹੈ ਜਿਵੇਂ ਆਰੀ ਨਾਲ ਚੀਰਿਆ ਜਾ ਰਿਹਾ ਹੋਵੇ। ਹੁਣ ਉਹ ਵਧੇਰੇ ਕਰ ਕੇ ਹਾਫ਼ ਮੈਰਾਥਨ ਈ ਦੌੜਦਾ ਹੈ। ਉਸ ਦੇ ਪੈਰਾਂ ਦੇ ਨਹੁੰ ਸੁੱਕ ਗਏ ਸਨ ਪਰ ਹੁਣ ਫਿਰ ਉੱਗ ਆਏ ਹਨ। ਕਿਸੇ ਨੇ ਅਫ਼ਵਾਹ ਉਡਾ ਦਿੱਤੀ ਸੀ ਕਿ ਉਹ ਨਸ਼ੇ ਵਾਲੀ ਗੋਲੀ ਲੈ ਕੇ ਦੌੜਦੈ। ਪਰ ਡੋਪ ਟੈੱਸਟ ਵਿਚ ਉਹ ਅਫਵਾਹ ਝੂਠੀ ਨਿਕਲੀ। ਉਮਰ ਬਾਰੇ ਸ਼ੱਕ ਪੈਦਾ ਹੋਈ ਕਿ ਪਾਸਪੋਰਟ ਵਿਚ ਵੱਧ ਲਿਖਾਈ ਐ। ਡਾਕਟਰਾਂ ਨੇ ਹੱਡੀਆਂ ਦੀ ਜਾਂਚ ਕਰ ਕੇ ਸਰਟੀਫਿਕੇਟ ਦੇ ਦਿੱਤਾ ਕਿ ਉਮਰ ਠੀਕ ਹੈ। ਫੌਜਾ ਸਿੰਘ ਦਾ ਕਹਿਣਾ ਹੈ ਕਿ ਜਨਮ ਤਾਰੀਖ ਤਾਂ ਲੋਕ ਬਰਾਕ ਓਬਾਮਾ ਦੀ ਵੀ ਸਹੀ ਨਹੀਂ ਮੰਨਦੇ।
ਐਡਨਬਰਗ ਵਿਚ 45 ਮੁਲਕਾਂ ਦੇ 11000 ਹਜ਼ਾਰ ਦੌੜਾਕ ਪੰਜ ਮੈਂਬਰੀ ਰੀਲੇਅ ਟੀਮਾਂ ਬਣਾ ਕੇ ਦੌੜੇ ਸਨ। 94 ਸਾਲ ਦੇ ਫੌਜਾ ਸਿੰਘ ਦੀ ਟੀਮ ਵਿਚ 76 ਸਾਲ ਦਾ ਕਰਨੈਲ ਸਿੰਘ, 74 ਸਾਲ ਦਾ ਅਜੀਤ ਸਿੰਘ, 73 ਸਾਲ ਦਾ ਗੁਰਬਖ਼ਸ਼ ਸਿੰਘ ਤੇ 72 ਸਾਲ ਦਾ ਅਮਰੀਕ ਸਿੰਘ ਸ਼ਾਮਲ ਸੀ। ‘ਸਿੱਖਸ ਇਨ ਸਿਟੀ’ ਨਾਂਅ ਦੀ ਇਸ ਟੀਮ ਦੀ ਉਮਰ 389 ਸਾਲ ਸੀ ਜਿਸ ਨੂੰ ਸਭ ਤੋਂ ਵੱਧ ਸਫਲਤਾ ਮਿਲੀ। ਇਸ ਦੌੜ ਪਿੱਛੋਂ ਫੌਜਾ ਸਿੰਘ ਨੇ ਕਿਹਾ ਸੀ ਕਿ ਸਾਡੀ ਇਸ ਪ੍ਰਾਪਤੀ ਨਾਲ ਹੋਰ ਵੀ ਬਜ਼ੁਰਗ ਉਤਸ਼ਾਹਿਤ ਹੋਣਗੇ। ਜੁਆਨ ਇਨ੍ਹਾਂ ਬਾਬਿਆਂ ਦੀ ਰੀਸ ਕਰਨ ਤਾਂ ਕੁਝ ਦਾ ਕੁਝ ਕਰ ਸਕਦੇ ਹਨ।
ਫੌਜਾ ਸਿੰਘ ਦਾ ਕਹਿਣਾ ਹੈ ਕਿ ਉਹ ਕੁਦਰਤ ਦੇ ਰੰਗਾਂ ਵਿਚ ਰਾਜ਼ੀ ਹੈ। ਉਸ ਨੂੰ ਦੁਨੀਆਂ ਦੇ ਕਿਸੇ ਪਦਾਰਥ ਦੀ ਭੁੱਖ ਨਹੀਂ। ਉਹ ਪ੍ਰਹੇਜ਼ਗਾਰ ਹੈ, ਦਿਆਲੂ ਹੈ ਤੇ ਦਾਨੀ ਹੈ। ਕਹਿੰਦਾ ਹੈ, “ਕਮਾਉਣ ਨੂੰ ਤਾਂ ਭਾਵੇਂ ਮੈ ਮਿਲੀਅਨ ਡਾਲਰ ਕਮਾ ਲਵਾਂ ਪਰ ਕਰਨੇ ਕੀ ਆ? ਲੋੜ ਜੋਗਾ ਰੱਬ ਦਾ ਦਿੱਤਾ ਬਹੁਤ ਕੁਝ ਹੈ। ਬੱਸ ਤੰਦਰੁਸਤੀ ਚਾਹੀਦੀ ਐ।”
ਮੇਰੀ ਚੌਥੀ ਮੁਲਾਕਾਤ ਉਹਦੇ ਨਾਲ ਵੈਨਕੂਵਰ ਦੇ ਇਕ ਖੇਡ ਮੇਲੇ ‘ਚ ਹੋਈ। ਕੈਨੇਡਾ ਉਹ ਆਪਣੀ ਲੜਕੀ ਨੂੰ ਮਿਲਣ ਆਇਆ ਸੀ। ਦੂਜੇ ਦਿਨ ਅਸੀਂ ਇਕ ਗੁਰੂਘਰ ਵਿਚ ‘ਕੱਠੇ ਜਿਥੇ ਸਾਨੂੰ ਸਿਰੋਪਿਆਂ ਦੀ ਬਖ਼ਸਿ਼ਸ਼ ਹੋਈ। ਲੰਗਰ ਹਾਲ ਵਿਚ ਉਸ ਨੇ ਨਾ ਕੋਈ ਮਠਿਆਈ ਖਾਧੀ ਤੇ ਨਾ ਸਮੋਸਾ ਪਕੌੜਾ। ਸਿਰਫ਼ ਚਾਹ ਦਾ ਕੱਪ ਪੀਤਾ। ਉਸ ਨੇ ਕਿਹਾ ਕਿ ਮੈਂ ਤਲੀਆਂ ਚੀਜ਼ਾਂ ਨਹੀਂ ਖਾਂਦਾ ਤੇ ਚੌਲ ਵੀ ਮੈਨੂੰ ਵਾਈਬਾਦੀ ਕਰਦੇ ਨੇ। ਉਸ ਨੇ ਲਾਈਨ ਵਿਚ ਲੱਗ ਕੇ ਇਕ ਕੜਛੀ ਦਾਲ ਤੇ ਇਕ ਰੋਟੀ ਲਈ। ਮੈਂ ਹੈਰਾਨ ਸਾਂ ਕਿ ਏਨੀ ਥੋੜ੍ਹੀ ਖੁਰਾਕ ਨਾਲ ਉਹ ਏਨੀਆਂ ਲੰਮੀਆਂ ਦੌੜਾਂ ਕਿਵੇਂ ਦੌੜ ਲੈਂਦੈ?
ਫਿਰ ਅਸੀਂ ਰੇਡੀਓ ਸਟੇਸ਼ਨ ‘ਤੇ ਚਲੇ ਗਏ ਜਿਥੇ ਸਰੋਤਿਆਂ ਦੇ ਸਨਮੁੱਖ ਹੋਏ। ਉਹ ਬੜਾ ਹਾਜ਼ਰ ਜਵਾਬ ਨਿਕਲਿਆ। ਹਾਸੇ ਮਖੌਲ ‘ਚ ਭਗਵੰਤ ਮਾਨ ਨੂੰ ਮਾਤ ਪਾ ਰਿਹਾ ਸੀ। ਮੈਂ ਨਹਿਲਾ ਧਰਦਾ ਤਾਂ ਉਹ ਦਹਿਲਾ ਮਾਰਦਾ। ਸਰੋਤਿਆਂ ਦੇ ਸੁਆਲਾਂ ਦਾ ਜੁਆਬ ਉਹ ਹੁੱਬ ਕੇ ਦਿੰਦਾ। ਹੱਸਣ ਹਸਾਉਣ ਦੀਆਂ ਗੱਲਾਂ ਕਰਦਿਆਂ ਉਸ ਨੇ ਕਿਹਾ, “ਮੇਰੇ ਮਿੱਤਰ ਛੇੜਦੇ ਰਹਿੰਦੇ ਆ, ਭਾਈਆ ਤੇਰਾ ਵਿਆਹ ਕਰ ਦਈਏ? ਬਥੇਰੀਆਂ ਮੇਮਾਂ ਮਰਦੀਆਂ ਤੇਰੇ ‘ਤੇ। ਮੈਂ ਆਹਨਾਂ, ਵਿਆਹ ਦਾ ਕੀ ਐ। ਵਿਚੋਲੇ ਵੀ ਲੱਭ ਪੈਣਗੇ ਤੇ ਸਰਬਾਲ੍ਹੇ ਵੀ ਬਣ ਜਾਣਗੇ। ਪਰ ਇਹ ਦੱਸੋ ਕੁੜਮ ਕਿਥੋਂ ਲੱਭਾਂਗੇ?”

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346