Welcome to Seerat.ca

ਇਨਸਾਨੀ ਜਿਸਮ ਦਾ ਜਸ਼ਨ

 

- ਅਮਰਜੀਤ ਚੰਦਨ

ਨੌਕਰੀ

 

- ਇਕਬਾਲ ਰਾਮੂਵਾਲੀਆ

ਰੁਸਤਮੇ ਮੈਰਾਥਨ ਫੌਜਾ ਸਿੰਘ

 

- ਪ੍ਰਿੰ. ਸਰਵਣ ਸਿੰਘ

ਬਦਦੁਆ

 

- ਹਰਜੀਤ ਅਟਵਾਲ

ਵਗਦੀ ਏ ਰਾਵੀ / ਰਿਸ਼ਤਿਆਂ ਦੀ ਗੁੰਝਲ ਕਿੰਨੀ ਸਾਦਾ ਤੇ ਸਹਿਜ

 

- ਵਰਿਆਮ ਸਿੰਘ ਸੰਧੂ

ਸੰਤ ਫ਼ਤਿਹ ਸਿੰਘ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਵਿਕਾਸ, ਪ੍ਰਗਤੀ ਅਤੇ ਇਨਸਾਨ

 

- ਬਲਦੇਵ ਦੂਹੜੇ

ਨਰਮ-ਨਾਜ਼ੁਕ ਪਰ ਲੋਹੇ ਦੇ ਜਿਗਰੇ ਵਾਲੇ

 

- ਰਜਵੰਤ ਕੌਰ ਸੰਧੂ

ਇੱਕ ਲੱਪ ਕਿਰਨਾਂ ਦੀ..... / ਛੱਡੋ ਜੱਟ ਨੂੰ ਬਥੇਰਾ ਲੀਰੋ-ਲੀਰ ਕਰਤਾ........!

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਇਕ ਦੇਸ਼ ਜੋ ਮੈਂ ਦੇਖਿਆ

 

- ਗੁਰਦੇਵ ਸਿੰਘ ਬਟਾਲਵੀ

ਗ਼ਜ਼ਲ

 

- ਉਂਕਾਰਪ੍ਰੀਤ

ਇਸ ਵਰ੍ਹੇ ਸਿਖਰਾ ਛੂੰਹੇਗਾ ਪੰਜਾਬੀ ਸਿਨੇਮਾ

 

- ਸਪਨ ਮਨਚੰਦਾ ਫ਼ਰੀਦਕੋਟ

ਦੋ ਵਿਅੰਗ ਕਵਿਤਾਵਾਂ

 

- ਗੁਰਦਾਸ ਮਿਨਹਾਸ

ਗਜ਼ਲ

 

- ਸੁਰਿੰਦਰ ਕੌਰ ਬਿਨਰ

ਪਿੰਡ ਨੂੰ ਪਏ ਘੇਰੇ ਦੀ ਕਹਾਣੀ

 

- ਸੁਪਨ ਸੰਧੂ

ਹੁੰਗਾਰੇ

 


ਨਰਮ-ਨਾਜ਼ੁਕ ਪਰ ਲੋਹੇ ਦੇ ਜਿਗਰੇ ਵਾਲੇ
- ਰਜਵੰਤ ਕੌਰ ਸੰਧੂ
 

 

ਸਾਡੇ ਰਿਸ਼ਤੇ ਬਾਰੇ ਸੰਧੂ ਸਾਹਿਬ ਸਦਾ ਹੱਸਦੇ ਹੋਏ ਕਹਿੰਦੇ ਰਹੇ ਹਨ ਕਿ ਆਪਾਂ ਤਾਂ ਲਾਟਰੀ ਪਾਈ ਸੀ। ਲਾਟਰੀ ਠੀਕ ਨਿਕਲ ਆਈ। ਰੱਬ ਦਾ ਸ਼ੁਕਰ ਹੈ ਲਾਟਰੀ ਮੇਰੀ ਵੀ ਠੀਕ ਨਿਕਲ ਆਈ। ਉਂਜ ਸਾਡਾ ਰਿਸ਼ਤਾ ਹੋਣ ਵੇਲੇ ਕਈ ਰੁਕਾਵਟਾਂ ਵੀ ਪਈਆਂ। ਜਦੋਂ ਰਿਸ਼ਤੇ ਦੀ ਗੱਲ ਚੱਲੀ ਤਾਂ ਸੰਧੂ ਸਾਹਿਬ ਨੇ ਪਤਾ ਕਰਨਾ ਚਾਹਿਆ ਕਿ ਕੁੜੀ ਕਿਹੋ ਜਿਹੀ ਹੈ। ਉਹਨਾਂ ਨੇ ਆਪਣੇ ਪਿੰਡ ਦੇ ਇਕ ਦੋਸਤ ਅਧਿਆਪਕ ਨੂੰ ਕਿਹਾ ਕਿ ਪਤਾ ਕਰਕੇ ਦੱਸੇ। ਉਹ ਅਧਿਆਪਕ ਸਾਡੇ ਸੈਂਟਰ ਵਿਚ ਗੱਲ ਕਰ ਬੈਠਾ ਤਾਂ ਮੇਰੇ ਚਾਚੇ ਦੀ ਕੁੜੀ ਨੂੰ ਰਿਸ਼ਤੇ ਦੀ ਗੱਲ ਪਤਾ ਲੱਗ ਗਈ। ਉਹਨੇ ਆਪਣੇ ਘਰ ਗੱਲ ਕਰ ਦਿੱਤੀ। ਉਹਦਾ ਜੀਜਾ ਇਹਨਾਂ ਦਾ ਜਾਣੂ ਸੀ ਤੇ ਇਹਨਾਂ ‘ਤੇ ਬੜਾ ਨਰਾਜ਼ ਸੀ ਕਿਉਂਕਿ ਇਹਨਾਂ ਨੇ ਬਾਬੇ ਭਕਨੇ ਦੇ ਚਲਾਣੇ ਤੇ ‘ਅਜੀਤ’ ਅਖ਼ਬਾਰ ਵਿਚ ਲਿਖੇ ਲੇਖ ਵਿਚ ਉਸ ਪੜ੍ਹੇ ਲਿਖੇ ਅਧਿਆਪਕ ਦਾ ਨਾਂ ਲੈਣ ਤੋਂ ਬਿਨਾਂ ਸਾਡੀ ਵਿਦਿਆ ਅਤੇ ਪ੍ਰਬੰਧ ਦਾ ਮਜ਼ਾਕ ਉਡਾਉਂਦਿਆਂ ਕਿਹਾ ਸੀ ਕਿ ਇਹ ਸਾਡਾ ਕਿਹੋ ਜਿਹਾ ਸਿਸਟਮ ਹੈ ਕਿ ਸਾਡੇ ਪੜ੍ਹੇ ਲਿਖੇ ਨੌਜਵਾਨ ਵੀ ਬਾਬੇ ਭਕਨੇ ਜਿਹੇ ਦੇਸ਼ ਭਗਤ ਦਾ ਨਾਂ ਨਹੀਂ ਜਾਣਦੇ। ਉਸਨੇ ਕਿਹਾ ਕਿ ਮੁੰਡਾ ਤਾਂ ਤੱਤੇ ਖਿ਼ਆਲਾਂ ਦਾ ਹੈ, ਸੁਭਾ ਦਾ ਵੀ ਗੁੱਸੇ ਖੋਰ ਤੇ ਆਪ-ਹੁਦਰਾ ਹੈ ਤੇ ਮਾਂ-ਪਿਓ ਦੀ ਵੀ ਨਹੀਂ ਮੰਨਦਾ। ਪੁੱਠੇ ਪਾਸੇ ਤੁਰਿਆ ਹੋਇਐ। ਘਰ ਦੀ ਆਰਥਕ ਹਾਲਤ ਵੀ ਬਹੁਤੀ ਚੰਗੀ ਨਹੀਂ। ਓਧਰ ਰਿਸ਼ਤਾ ਨਾ ਕੀਤਾ ਜਾਵੇ। ਉਸਨੇ ਇਕ ਹੋਰ ਰਿਸ਼ਤੇ ਦੀ ਦੱਸ ਵੀ ਪਾ ਦਿੱਤੀ। ਮੇਰੀ ਚਚੇਰੀ ਭੈਣ ਨੇ ਬੜੀ ਚਿੰਤਾ ਜ਼ਾਹਰ ਕਰਦਿਆਂ ਇਹ ਸਾਰੀ ਗੱਲ ਮੈਨੂੰ ਆਣ ਦੱਸੀ।
ਪਹਿਲਾਂ ਤਾਂ ਮੈਂ ਬੜੀ ਉਦਾਸ ਹੋਈ ਤੇ ਸੋਚਿਆ ਕਿ ਆਪਣੀ ਬੀ ਜੀ ਨੂੰ ਆਖਾਂ ਇਹ ਰਿਸ਼ਤਾ ਨਾ ਕਰਨ। ਮਨ ‘ਤੇ ਬੜਾ ਭਾਰ। ਬੜਾ ਸੋਚਿਆ। ਦੋ ਦਿਨ ਸੋਚਦੀ ਰਹੀ। ਸਾਰੀ ਗੱਲ ਤਾਂ ਮੈਂ ਘਰ ਵਿਚ ਪਹਿਲਾਂ ਹੀ ਦੱਸ ਦਿੱਤੀ ਸੀ ਪਰ ਬੜੀ ਸੋਚ ਵਿਚਾਰ ਤੋਂ ਬਾਅਦ ਮੈਂ ਆਪਣੀ ਬੀ ਜੀ ਨੂੰ ਕਿਹਾ ਕਿ ਤੁਸੀਂ ਉਹਨਾਂ ਦੇ ਪਿੰਡ ਜਾਓ, ਓਥੇ ਭੂਆ ਦਾ ਲੜਕਾ ਵਿਆਹਿਆ ਹੋਇਆ ਹੈ। ਉਹ ਤਾਂ ਰਿਸ਼ਤੇ ਦੀ ਦੱਸ ਪਾਉਣ ਵਾਲੇ ਨਹੀਂ। ਉਹ ਸੱਚ ਹੀ ਦੱਸਣਗੇ। ਕੋਈ ਓਹਲਾ ਕਿਓਂ ਰੱਖਣਗੇ। ਆਪਣੇ ਰਿਸ਼ਤੇਦਾਰ ਨੇ, ਠੀਕ ਸਲਾਹ ਵੀ ਦੇਣਗੇ। ਜਿੱਥੋਂ ਤੱਕ ਘਰ ਦੀ ਆਰਥਕ ਹਾਲਤ ਦੀ ਗੱਲ ਹੈ, ਜੇ ਮੇਰੀ ਕਿਸਮਤ ਚੰਗੀ ਹੋਈ ਤੇ ਮੁੰਡਾ ਚੰਗਾ ਨਿਕਲਿਆ ਤਾਂ ਕੱਖ ਤੋਂ ਲੱਖ ਹੋ ਜਾਣਗੇ। ਬੀ ਜੀ ਸੁਰ ਸਿੰਘ ਗਏ ਤਾਂ ਸਾਡਾ ਰਿਸ਼ਤੇਦਾਰ ਸਵਰਨ ਸਿੰਘ ਕਹਿੰਦਾ ਕਿ ਅਸੀਂ ਸੁਣਿਐਂ ਉਹ ਮੁੰਡਾ ਰਿਸ਼ਤੇ ਲਈ ਅਜੇ ਤਾਂ ਮੰਨਦਾ ਈ ਨਹੀਂ। ਪਰ ਜੇ ਉੁਹ ਰਿਸ਼ਤੇ ਲਈ ਤਿਆਰ ਹੈ ਤਾਂ ਉਹ ਬਹੁਤ ਚੰਗੇ ਵਿਚਾਰਾਂ ਦਾ, ਸਿਆਣਾ ਤੇ ਲਾਇਕ ਲੜਕਾ ਹੈ। ਉਹਨਾਂ ਦੀ ਜ਼ਮੀਨ ਵੀ ਹੈਗੀ। ਇਹ ਸ਼ਾਮ ਨੂੰ ਸਕੂਲ ਵਿਚ ਵਾਲੀਬਾਲ ਖੇਡਦੇ ਹੁੰਦੇ ਸਨ। ਉਹ ਇਹਨਾਂ ਨੂੰ ਬੁਲਾ ਲਿਆਇਆ। ਮੇਰੇ ਬੀ ਜੀ ਇਹਨਾਂ ਨੂੰ ਵੇਖ ਕੇ ਬੜੇ ਖ਼ੁਸ਼ ਹੋਏ। ਘਰ ਆ ਕੇ ਸਾਨੂੰ ਦੱਸਣ ਕਿ ਮੁੰਡਾ ਤਾਂ ਬਿਲਕੁਲ ਤੁਹਾਡੇ ਭਾਪਾ ਜੀ ਵਰਗਾ ਹੈ। ਉਸੇਤਰ੍ਹਾਂ ਪਤਲਾ, ਲੰਮਾ, ਉੱਚਾ ਜਵਾਨ ਤੇ ਖਿਡਾਰੀ। ਸਾਦ-ਮੁਰਾਦਾ। ਖੇਡਦਾ ਖੇਡਦਾ ਉਹਨਾਂ ਈ ਕੱਪੜਿਆਂ ਵਿਚ ਉਹ ਮੈਨੂੰ ਮਿਲਣ ਆ ਗਿਆ। ਮੇਰੀ ਬੀ ਜੀ ਨੇ ਓਸੇ ਵੇਲੇ ਮੁੰਡਾ ਮੱਲਣ ਦੀ ਸੋਚੀ ਤੇ ਇਕ ਸੌ ਇਕ ਰੁਪੈ ਇਹਨਾਂ ਨੂੰ ਦੇਣੇ ਚਾਹੇ। ਪਰ ਇਹਨਾਂ ਨੇ ਇਕ ਰੁਪਈਆ ਹੀ ਲਿਆ। ਬੀ ਜੀ ਬੜੇ ਖ਼ੁਸ਼ ਹੋ ਹੋ ਕੇ ਇਹ ਗੱਲਾਂ ਦੱਸਣ। ਬੀ ਜੀ ਨੇ ਇਹ ਵੀ ਕਿਹਾ ਕਿ ਜੇ ਸੰਧੂ ਸਾਹਿਬ ਮੈਨੂੰ ਵੇਖਣਾ ਚਾਹੁੰਦੇ ਹੋਣ ਤਾਂ ਉਹਨਾਂ ਦੀ ਜੇ ਬੀ ਟੀ ਦੀ ਜਮਾਤਣ ਤੇ ਮੇਰੀ ਕੁਲੀਗ ਗੁਰਦੀਪ ਕੌਰ ਦੇ ਘਰ ਉਹ ਮੈਨੂੰ ਵੇਖ ਵੀ ਸਕਦੇ ਨੇ। ਮੈਂ ਇਸਤੋਂ ਬਹੁਤ ਨਰਾਜ਼ ਹੋਈ ਤੇ ਇਸਤਰ੍ਹਾਂ ਵਿਖਾਏ ਜਾਣ ਤੋਂ ਬੀ ਜੀ ਨੂੰ ਨਾਂਹ ਕਰ ਦਿੱਤੀ। ਪਰ ਅੱਗੋਂ ਇਹਨਾਂ ਨੇ ਵੀ ਬੀ ਜੀ ਨੂੰ ਆਖ ਦਿੱਤਾ ਸੀ ਕਿ ਇਹ ਇਸਤਰ੍ਹਾਂ ਕੁੜੀ ਵੇਖਣਾ ਠੀਕ ਨਹੀਂ ਸਮਝਦੇ।
ਜਦੋਂ ਇਹਨਾਂ ਨੇ ਘਰ ਜਾ ਕੇ ਆਪਣੀ ਬੀਜੀ ਨੂੰ ਇਹ ਗੱਲ ਦੱਸੀ ਤਾਂ ਉਹ ਕਹਿੰਦੇ ਕਿ ਤੂੰ ਤਾਂ ਕਹਿੰਦਾ ਸੀ ਅਜੇ ਵਿਆਹ ਨਹੀਂ ਕਰਾਉਣਾ, ਹੁਣ ਆਪੇ ‘ਹਾਂ’ ਕਰ ਆਇਆ ਏਂ? ਇਹ ਹੱਸ ਕੇ ਕਹਿੰਦੇ ਕਿ ਇੱਕ ਰੁਪਈਆ ਈ ਲਿਆਇਆਂ; ਕਹਿੰਦੇ ਓ ਤਾਂ ਮੋੜ ਦਿੰਦੇ ਆਂ। ਅਸਲ ਵਿਚ ਇਹਨਾਂ ਨੇ ਵੀ ਪਹਿਲਾਂ ਮੇਰੇ ਬਾਰੇ ਪੁੱਛ ਦੱਸ ਲਿਆ ਸੀ ਤੇ ਇਹਨਾਂ ਦੇ ਘਰਦਿਆਂ ਨੂੰ ਵੀ ਸਾਰੀ ਗੱਲ ਦਾ ਪਤਾ ਸੀ। ਉਹ ਇਹਨਾਂ ਦੀ ਮਰਜ਼ੀ ਨਾਲ ਰਾਜ਼ੀ ਸਨ। ਪਰ ਇਹਨਾਂ ਦਾ ਮਨ ਵਿਚ-ਵਿਚਾਲੇ ਜਿਹੇ ਸੀ। ਇਹਨਾਂ ਨੇ ਅਗਲੇ ਅਗਲੇਰੇ ਦਿਨ ਆਪਣੀ ਕਿਤਾਬ ‘ਲੋਹੇ ਦੇ ਹੱਥ’ ਭੇਜ ਕੇ ਅਖਵਾ ਘੱਲਿਆ ਕਿ ਮੈਂ ਇਨਕਲਾਬੀ ਵਿਚਾਰਾਂ ਦਾ ਹਾਂ। ਹੋ ਸਕਦਾ ਹੈ ਕੱਲ ਕਲੋਤਰ ਨੂੰ ਜੇਲ੍ਹ ਜਾਣਾ ਪਵੇ ਜਾਂ ਹੋਰ ਵੀ ਕੁਝ ਹੋ ਜਾਵੇ। ਹੁਣੇ ਈ ਸੋਚ ਵਿਚਾਰ ਲਵੋ। ਮੈਂ ਤਾਂ ਇਕ ਵਾਰ ਫੇਰ ਡਰ ਗਈ। ਪਰ ਮੇਰੀ ਬੀ ਜੀ ਇਹਨਾਂ ਨੂੰ ਮਿਲ ਕੇ ਕੁਝ ਜਿ਼ਆਦਾ ਹੀ ਪ੍ਰਭਾਵਤ ਸਨ। ਕਹਿਣ ਲੱਗੇ ਕੋਈ ਗੱਲ ਨਹੀਂ, ਤੂੰ ਫਿ਼ਕਰ ਨਾ ਕਰ, ਵਿਆਹ ਤੋਂ ਪਿੱਛੋਂ ਆਪੇ ਸਭ ਕੁਝ ਠੀਕ ਹੋ ਜਾਣੈਂ। ਉਹ ਸਾਡੇ ਟੱਬਰ ਦੇ ਕਮਿਊਨਿਸਟ ਚਾਚੇ ਤਾਇਆਂ ਬਾਰੇ ਦੱਸਣ ਲੱਗੀ ਜਿਹੜੇ ਹੁਣ ਆਪਣੇ ਘਰਾਂ ਵਿਚ ਰੁਝੇ ਹੋਏ ਸਨ।
ਮੈਂ ਤਾਂ ਇਹਨਾਂ ਬਾਰੇ ਵਿਚੋਲਿਆਂ ਤੇ ਬੀ ਜੀ ਦੇ ਦੱਸਣ ਨਾਲ ਹੀ ਸੰਤੁਸ਼ਟ ਸੀ ਪਰ ਹੁਣ ਇਹਨਾਂ ਦੇ ਮਨ ਵਿਚ ਮੇਰੇ ਬਾਰੇ ਜਾਨਣ ਤੇ ਮੈਨੂੰ ਵੇਖਣ ਦੀ ਇੱਛਾ ਜਾਗ ਪਈ। ਇਹਨਾਂ ਦੀ ਉਦੋਂ ਹੀ ਬੜੀ ਜਾਣ-ਪਛਾਣ ਸੀ ਇਲਾਕੇ ਵਿਚ। ਇਹਨਾਂ ਦੇ ਕੁਝ ਦੋਸਤ ਮੇਰੇ ਪਿੰਡ ਝਬਾਲ ਹਾਈ ਸਕੂਲ ਵਿਚ ਪੜ੍ਹਾਉਂਦੇ ਸਨ। ਇਹਨਾਂ ਨੇ ਉਹਨਾਂ ਤੋਂ ਮੇਰੇ ਬਾਰੇ ਪੁੱਛਿਆ ਤਾਂ ਉਹ ਹਾਸੇ ਨਾਲ ਕਹਿੰਦੇ, ਤੂੰ ਛੇਤੀ ਏਥੋਂ ਚਲਿਆ ਜਾ। ਕੁੜੀ ਤੇਰੇ ਮੁਕਾਬਲੇ ‘ਤੇ ਏਨੀ ਸੋਹਣੀ ਏਂ ਕਿ ਜੇ ਕੁੜੀ ਨੇ ਤੈਨੂੰ ਵੇਖ ਲਿਆ ਤਾਂ ਕਿਤੇ ਜਵਾਬ ਨਾ ਦੇ ਦੇਵੇ। ਮੇਰੇ ਪਿਤਾ ਦੇ ਬਹੁਤ ਹੀ ਕਦਰਦਾਨ ਰਹੇ ਬਜ਼ੁਰਗ ਅਧਿਆਪਕ ਸ ਦੀਦਾਰ ਸਿੰਘ ਨੇ ਇਹਨਾਂ ਨੂੰ ਕਿਹਾ ਕਿ ਇਹ ਲੜਕੀ ਤਾਂ ਸਾਡੇ ਪਿੰਡ ਦੀ ਮਿਸਾਲੀ ਧੀ ਹੈ। ਅਸੀਂ ਚੰਗੀ ਧੀ-ਭੈਣ ਦੀ ਮਿਸਾਲ ਦੇਣੀ ਹੋਵੇ ਤਾਂ ਰਜਵੰਤ ਦਾ ਨਾਂ ਲੈਂਦੇ ਹਾਂ। ਉਹ ਬੰਤਾ ਸਿੰਘ ਠਾਣੇਦਾਰ ਦੀ ‘ਧੀ’ ਨਹੀਂ, ‘ਪੁੱਤ’ ਹੈ।
ਸਾਰੀਆਂ ਗੱਲਾਂ ਸੁਣ ਕੇ ਇਹਨਾਂ ਦੇ ਮਨ ਵਿਚ ਮੈਨੂੰ ਵੇਖਣ ਦੀ ਇੱਛਾ ਹੋਰ ਤੀਬਰ ਹੋ ਗਈ। ਇਹਨਾਂ ਨੇ ਮੈਨੂੰ ਚੋਰੀ ਵੇਖਣ ਦਾ ਮਨ ਬਣਾ ਲਿਆ। ਮੈਂ ਬੀ ਏ ਦਾ ਇਮਤਿਹਾਨ ਦੇ ਰਹੀ ਸਾਂ ਤੇ ਅਸੀਂ ਤਿੰਨ ਕੁੜੀਆਂ ਸਕੂਲ ਲੱਗਣ ਤੋਂ ਪਹਿਲਾਂ ਮਾਸਟਰ ਮਨੋਹਰ ਲਾਲ ਤੋਂ ਅੰਗਰੇਜ਼ੀ ਦੀ ਟਿਊਸ਼ਨ ਪੜ੍ਹਦੀਆਂ ਸਾਂ। ਦਸੰਬਰ ਦੇ ਠੰਡੇ ਦਿਨ ਸਨ। ਇਹ ਆਪਣੇ ਇਕ ਦੋਸਤ ਨਲ ਸਵੇਰੇ ਸਵੱਖਤੇ ਸਕੂਲ ਦੇ ਮੋੜ ‘ਤੇ ਆਣ ਖਲੋਤੇ। ਇਹ ਦੱਸਦੇ ਸੀ ਜਦੋਂ ਟਿਊਸ਼ਨ ਖ਼ਤਮ ਹੋਈ ਤਾਂ ਦੋ ਕੁੜੀਆਂ ਇਕ ਪਾਸੇ ਤੁਰ ਗਈਆਂ। ਤੂੰ ਜਦੋਂ ਪੰਝੀ ਤੀਹ ਗ਼ਜ਼ ਦੀ ਵਿੱਥ ਤੋਂ ਘਰ ਨੂੰ ਲੰਘੀ ਤਾਂ ਬਕਾਲ ਬੁੱਕਲ ਮਾਰੀ ਹੋਈ ਸੀ। ਸਾਰਾ ਮੂੰਹ ਸਿਰ ਢੱਕਿਆ ਹੋਇਆ ਸੀ। ਇਕ ਬੰਦ ਬੋਰੀ ਦਿਸ ਰਹੀ ਸੀ। ਅਸੀਂ ਨਿਰਾਸ ਮੁੜ ਰਹੇ ਸਾਂ ਤੇ ਨਾਲੇ ਤੇਰੇ ਜਾਣ ਵਾਲੇ ਰਾਹ ਵੱਲ ਮੁੜ ਮੁੜ ਵੇਖੀਏ ਤੇ ਸ਼ਰਮਿੰਦੇ ਹੋਏ ਆਪਣੀ ‘ਸਫ਼ਲਤਾ’ ‘ਤੇ ਹੱਸੀਏ। ਪਿਛੋਂ ਕੋਈ ਮਾਸਟਰਾਣੀ ਆ ਰਹੀ ਸੀ। ਉਸ ਸਮਝਿਆ ਕਿ ਉਹਨੂੰ ਵੇਖ ਕੇ ਸ਼ਰਾਰਤ ਨਾਲ ਹੱਸ ਰਹੇ ਨੇ। ਉਹ ਗਲ਼ ਪੈ ਗਈ ਤੇ ਇਹਨਾਂ ਦੀ ਸੇਵਾ ਕਰਨ ਲਈ ਜੁੱਤੀ ਲਾਹੁਣ ਨੂੰ ਤਿਆਰ ਤੇ ਪੁਲਿਸ ਨੂੰ ਫੜਾਉਣ ਲਈ ਆਪਣੇ ਹਮਦਰਦ ਡਾਕਟਰ ਬਲਦੇਵ ਨੂੰ ਬੁਲਾ ਲਿਆ। ਬਲਦੇਵ ਇਹਨਾਂ ਨੂੰ ਵੀ ਜਾਣਦਾ ਹੋਣ ਕਰਕੇ ਜਾਨ ਛੁੱਟੀ। ਨਹੀਂ ਤਾਂ ਇਹ ਕਹਿੰਦੇ ਜੇ ਪੁਲਿਸ ਤਲਾਸ਼ੀ ਲੈਂਦੀ ਤਾਂ ਸਾਡੇ ਕੋਲ ਤਾਂ ਨਕਸਲੀ ਪਾਰਟੀ ਦੇ ਅੰਡਰਗਰਾਊਂਡ ਨਿਕਲਦੇ ਪਰਚੇ ‘ਲੋਕ-ਯੁਧ’ ਦੀਆਂ ਕਾਪੀਆਂ ਵੀ ਸਨ। ਦੂਹਰਾ ਵਖ਼ਤ ਪੈ ਜਾਣਾ ਸੀ।
ਸੋ ਇਹ ਤਾਂ ਸੀ ਸਾਡੀ ਵੇਖ-ਵਖਾਈ ਦਾ ਕਿੱਸਾ। ਪਰ ਇਕ ਵਾਰ ਸਬੱਬੀਂ ਸਾਡਾ ਅੱਧਾ-ਅਧੂਰਾ ਵੇਖਣ ਹੋ ਗਿਆ। ਇਹ ਬੱਸ ਵਿਚ ਬੈਠੇ ਸਨ ਤੇ ਝਬਾਲੋਂ ਮੈਂ ਤੇ ਭੈਣ ਜੀ ਗੁਰਦੀਪ ਡੀ ਈ ਓ ਦਫ਼ਤਰ ਜਾਣ ਲਈ ਬੱਸ ਵਿਚ ਚੜ੍ਹੀਆਂ। ਗੁਰਦੀਪ ਇਹਨਾਂ ਨੂੰ ਜਾਣਦੀ ਸੀ। ਕਹਿੰਦੀ, ਬੱਸ ਵਿਚ ਵਰਿਆਮ ਵੀ ਬੈਠਾ। ਮੈਂ ਤਾਂ ਡਰ ਗਈ ਤੇ ਸੰਗਦੀ ਸੀਟ ਵਿਚ ਹੀ ਵੜਦੀ ਜਾਵਾਂ। ਨਾ ਅਸੀਂ ਇਹਨਾਂ ਨਾਲ ਅੱਖ ਮਿਲਾਈ ਨਾ ਇਹਨਾਂ ਸਾਡੇ ਨਾਲ। ਜਦੋਂ ਅਸੀਂ ਹਾਲ ਬਜ਼ਾਰ ਉੱਤਰੀਆਂ ਤਾਂ ਇਹ ਵੀ ਉੱਤਰ ਕੇ ਖ਼ਾਲਸਾ ਕਾਲਜ ਨੂੰ ਜਾਣ ਵਾਲੀ ਲੋਕਲ ਬੱਸ ਦੀ ਬਾਰੀ ਵਿਚ ਖਲੋਤੇ ਦਿਸੇ। ਇਹਨਾਂ ਦੇ ਮੈਨੂੰ ਚਿੱਟੇ ਦੰਦ ਹੀ ਦਿਸੇ। ਮੇਰੀਆਂ ਲੱਤਾਂ ਕੰਬਣ ਲੱਗੀਆਂ। ਇਹ ਘਰ ਜਾ ਕੇ ਬੀ ਜੀ ਨੂੰ ਕਹਿੰਦੇ ਕਿ ਅੱਜ ਤੇਰੀ ਨੂੰਹ ਵੇਖ ਆਇਆਂ। ਉੁਹਦੀਆਂ ਤਾਂ ਲੱਤਾਂ ਵਿੰਗੀਆਂ ਨੇ। ਵਿਆਹ ਤੋਂ ਬਾਅਦ ਵੀ ਘਰ ਵਿਚ ਇਹ ਮਖ਼ੌਲ ਚੱਲਦਾ ਰਿਹਾ।
1971 ਵਿਚ ਸਾਡੀ ਮੰਗਣੀ ਹੋਈ ਤੇ ਦੋ ਸਾਲ ਬਾਅਦ ਨੌਂ ਦਸੰਬਰ 1973 ਨੂੰ ਸਾਡਾ ਵਿਆਹ ਹੋਇਆ। ਇਹਨਾਂ ਨੇ ਪਹਿਲਾਂ ਈ ਸਾਡੀ ਵਿਚੋਲਣ ਨੂੰ ਕਿਹਾ ਕਿ ਮੈਂ ਦਾਜ-ਦਹੇਜ ਕੁਝ ਨਹੀਂ ਲੈਣਾ ਤੇ ਨਾ ਹੀ ਕੋਈ ਗਹਿਣਾ ਵਗ਼ੈਰਾ ਪਾਉਣਾ ਹੈ। ਇਹਨਾਂ ਨੇ ਸਾਡੇ ਪਿੰਡ ਦੇ ਆਪਣੇ ਦੋਸਤ ਦੇ ਘਰ ਬੀ ਜੀ ਨੂੰ ਬੁਲਾਕੇ ਸਾਰੀ ਗੱਲ ਆਖੀ ਤੇ ਇਹ ਵੀ ਕਿਹਾ ਕਿ ਜੰਝ ਵਿਚ ਸਿਰਫ਼ ਪੰਜ ਬੰਦੇ ਆਉੁਣਗੇ। ਮੇਰੇ ਘਰਦਿਆਂ ਸੋਚਿਆ ਕਿ ਮੁੰਡੇ ਵਾਲੇ ਇਹ ਗੱਲ ਰਸਮੀ ਤੌਰ ‘ਤੇ ਕਹਿੰਦੇ ਹੀ ਹੁੰਦੇ ਨੇ। ਉਹਨਾਂ ਨੇ ਉਹਨਾਂ ਵੇਲਿਆਂ ਵਿਚ ਆਉਣ ਵਾਲੀ ਸੱਠ-ਸੱਤਰ ਬੰਦਿਆਂ ਦੀ ਰੋਟੀ ਤਿਆਰ ਕਰਵਾਈ। ਦਾਜ-ਦਹੇਜ ਵੀ ਸਮੇਂ ਮੁਤਾਬਕ ਪੂਰਾ ਬਣਾਇਆ ਤੇ ਗਹਿਣੇ ਵਗ਼ੈਰਾ ਵੀ। ਓਧਰੋਂ ਇਹ ਤਾਂ ਆਪਣੇ ਕਹਿਣ ‘ਤੇ ਪੂਰੇ ਉੱਤਰੇ। ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਦੇ ਖਾਣ-ਪੀਣ ਦਾ ਆਪਣੇ ਘਰ ਪੂਰਾ ਬੰਦੋਬਸਤ ਕਰਕੇ ਕਹਿੰਦੇ ਕਿ ਤੁਸੀਂ ਖਾਓ-ਪੀਓ। ਅਸੀਂ ਪੰਜ ਬੰਦੇ ਗਏ ਤੇ ਹੁਣੇ ਕੁੜੀ ਵਿਆਹ ਕੇ ਲੈ ਆਏ। ਪਰ ਇਹਨਾਂ ਦੇ ਦੋਸਤ ਮਿੱਤਰ ਵੀ ਉੱਤੋਂ ਦੀ ਪਏ। ਕਹਿੰਦੇ ਅਸੀਂ ਵਿਆਹ ਵੇਖਣ ਆਏ ਆਂ, ਨਿਰ੍ਹਾ ਖਾਣ-ਪੀਣ ਤਾਂ ਨਹੀਂ ਆਏ। ਉਹ ਵੱਡੀ ਗਿਣਤੀ ਵਿਚ ਇਹਨਾਂ ਤੋਂ ਪਹਿਲਾਂ ਹੀ ਬੱਸ ‘ਤੇ ਚੜ੍ਹ ਕੇ ਆਪੇ ਹੀ ਬਰਾਤੀ ਬਣ ਕੇ ਝਬਾਲ ਅੱਪੜ ਗਏ। ਸਾਡਾ ਪੂਰੀ ਜੰਜ ਲਈ ਬਣਾਇਆ ਖਾਣਾ ਇਹਨਾਂ ਦੀ ਵੀ ਤੇ ਸਾਡੀ ਵੀ ਇੱਜ਼ਤ ਰੱਖ ਗਿਆ। ਇਹਨਾਂ ਦੀ ਮੰਨ ਲੈਂਦੇ ਤਾਂ ਸਾਡੀ ਕਿੰਨੀ ਹਾਸੋਹੀਣੀ ਹੋਣੀ ਸੀ। ਜੇ ਇਹਨਾਂ ਦਾ ਦੋਸਤ ਅਮਰਜੀਤ ਚੰਦਨ ਸਾਡੇ ਵਿਆਹ ਦੀਆਂ ਤਸਵੀਰਾਂ ਆਪਣੇ ਕੈਮਰੇ ਨਾਲ ਨਾ ਖਿੱਚਦਾ ਤਾਂ ਸਾਡੇ ਕੋਲ ਤਾਂ ਵਿਆਹ ਦੀ ਕੋਈ ਯਾਦਗ਼ਾਰੀ ਤਸਵੀਰ ਵੀ ਨਹੀਂ ਸੀ ਹੋਣੀ।
ਜਦੋਂ ਇਹ ਪਲੰਘ ‘ਤੇ ਬੈਠੇ ਤਾਂ ਸ਼ਰੀਕਾ-ਭਾਈਚਾਰਾ ਸ਼ਗਨ ਪਾਉਂਦਾ ਹੈ। ਇਹ ਉੱਠ ਕੇ ਖਲੋ ਗਏ। ਕਹਿੰਦੇ, ਮੈਂ ਕੋਈ ਸ਼ਗਨ ਨਹੀਂ ਲੈਣਾ। ਲੋਕ ਬੜੇ ਖ਼ੁਸ਼। ਇਕ ਤਾਂ ਉਹਨਾਂ ਦੇ ਪੈਸੇ ਬਚ ਗਏ। ਦੂਜਾ ਉਹ ਇਹਨਾਂ ਦੇ ਖਿ਼ਆਲਾਂ ਤੋਂ ਪ੍ਰਭਾਵਤ ਵੀ ਬੜੇ ਹੋਏ। ਕਈ ਜ਼ਨਾਨੀਆਂ ਮੈਨੂੰ ਵਿਆਹ ਤੋਂ ਬਾਅਦ ਵੀ ਆਖਿਆ ਕਰਨ; ਅੜੀਏ! ਸਾਡੀ ਕੁੜੀ ਲਈ ਵੀ ਆਪਣੇ ਘਰ ਵਾਲੇ ਵਰਗਾ ਮੁੰਡਾ ਲੱਭ ਕੇ ਦੇ। ਸਾਡੇ ਵਿਆਹ ਵੇਲੇ ਵੀ ਬਹੁਤੀ ਜੰਝ ਤੇ ਦਾਜ-ਦਹੇਜ ਦਾ ਵਾਹਵਾ ਰਿਵਾਜ ਹੋ ਗਿਆ ਸੀ। ਪਰ ਇਹਨਾਂ ਨੇ ਜੰਝ ਘੱਟ ਲਿਆ ਕੇ ਤੇ ਦਾਜ ਨਾ ਲੈ ਕੇ ਅਸਲੋਂ ਨਵੀਂ ਪਿਰਤ ਪਾ ਕੇ ਇਲਾਕੇ ਵਿਚ ਬੜੀ ਵਾਹ! ਵਾਹ! ਖੱਟੀ ਸੀ।
ਅਗਲੇ ਦਿਨ ਮੇਰੇ ਪਰਿਵਾਰ ਵਾਲਿਆਂ ਸੋਚਿਆ ਕਿ ਸਾਡੀ ਧੀ ਨੇ ਦਾਜ ਲਈ ਹੱਥੀਂ ਚੀਜ਼ਾਂ ਬਣਾਈਆਂ ਤੇ ਖ਼ਰੀਦੀਆਂ ਸਨ। ਉਹ ਦਾਜ ਨਾ ਲਿਜਾਣ ਕਰਕੇ ਅੰਦਰੋਂ ਉਦਾਸ ਹੋਵੇਗੀ। ਮੇਰੇ ਤਾਇਆ ਜੀ, ਮੇਰੇ ਭਰਾ ਤੇ ਚਚੇਰੇ ਭਰਾਵਾਂ ਤੇ ਭਣਵੱਈਆਂ ਨੇ ਦਾਜ ਦਾ ਸਮਾਨ ਟਰੱਕ ‘ਤੇ ਲੱਦਿਆ ਤੇ ਮੇਰੇ ਸਹੁਰੇ ਘਰ ਲੈ ਆਏ। ਸੁਰ ਸਿੰਘ ਸਾਡਾ ਘਰ ਬਾਜ਼ਾਰ ਵਿਚ ਹੋਣ ਕਰਕੇ ਟਰੱਕ ਤੋਂ ਸਮਾਨ ਲਾਹ ਕੇ ਜਦੋਂ ਘਰ ਲਿਜਾਇਆ ਜਾ ਰਿਹਾ ਸੀ ਤਾਂ ਇਹਨਾਂ ਨੂੰ ਪਤਾ ਲੱਗਾ ਤਾਂ ਕਹਿੰਦੇ ਸਮਾਨ ਵਾਪਸ ਕਰ ਦਿਓ। ਸਿਆਣਿਆਂ ਨੇ ਸਮਝਾਇਆ ਕਿ ਇਸਤਰ੍ਹਾ ਕਰਨਾ ਸੋਭਾ ਨਹੀਂ ਦਿੰਦਾ। ਇਹ ਤਾਂ ਘੁੱਟੇ-ਵੱਟੇ ਜਿਹੇ ਗਏ ਪਰ ਇਹਨਾਂ ਦੇ ਬਾਪੂ ਜੀ ਤੇ ਫੁੱਫੜ ਬੜੇ ਖ਼ੁਸ਼। ਬਾਪੂ ਆਖੇ ਸਰਦਾਰਾ! ਝਬਾਲੀਆਂ ਤਾਂ ਸਾਡਾ ਘਰ ਭਰ ਦਿੱਤਾ। ਪਿੱਛੋਂ ਜਦੋਂ ਅਸੀਂ ਘਰੋਂ ਅੱਡ ਹੋਏ ਜਾਂ ਕਰ ਦਿੱਤੇ ਗਏ ਤੇ ਸਾਨੂੰ ਗਲ਼ ਦੇ ਕੱਪੜਿਆਂ ਜਾਂ ਵਰਤੇ ਜਾਂਦੇ ਮੰਜੇ ਬਿਸਤਰੇ ਤੋਂ ਇਲਾਵਾ ਕੁਝ ਵੀ ਨਾ ਮਿਲਿਆ ਜਾਂ ਕੁਝ ਵੀ ਨਾ ਦਿੱਤਾ ਗਿਆ ਤਾਂ ਇਹ ਵੀ ਹੱਸਦੇ ਹੋਏ ਆਖਦੇ ਹੁੰਦੇ ਸਨ ਕਿ ਰਜਵੰਤ! ਚੰਗਾ ਹੋਇਆ ਤੇਰੇ ਘਰ ਦੇ ਸਮਾਨ ਛੱਡ ਗਏ। ਨਹੀਂ ਤਾਂ ਆਪਣੇ ਘਰ ਹੁਣ ਹੈ ਵੀ ਕੀ ਸੀ! ਕਈ ਚਿਰ ਤਾਂ ਸਮਾਨ ਬਣਾਉਂਦਿਆਂ ਈ ਲੱਗ ਜਾਣਾ ਸੀ!
ਵਿਆਹ ਵਾਲੀ ਰਾਤ ਦੀ ਇਕ ਹੋਰ ਗੱਲ ਮੈਨੂੰ ਨਹੀਂ ਭੁੱਲਦੀ। ਡੋਲੇ ਨਾਲ ਉਹਨੀਂ ਦਿਨੀ ਲਾਗਣ ਜਾਂਦੀ ਸੀ। ਮੈਂ ਮੁੱਢੋਂ ਸੁਭਾ ਦੀ ਸ਼ਰਮਾਕਲ ਸੀ ਤੇ ਬੜਾ ਲੰਮਾ ਘੁੰਡ ਕੱਢਿਆ ਹੋਇਆ ਸੀ। ਮੇਰੇ ਲਾਗੇ ਕਮਰੇ ਵਿਚ ਪਲੰਘ ‘ਤੇ ਸਾਡੀ ਨਾਇਣ ਬੈਠੀ ਹੋਈ ਸੀ। ਸਭ ਜ਼ਨਾਨੀਆਂ ਤੇ ਰਿਸ਼ਤੇਦਾਰ ਔਰਤਾਂ ਮੈਨੂੰ ਵੇਖਣ ਆ ਜਾ ਰਹੀਆਂ ਸਨ। ਜਦੋਂ ਇਹ ਕਿਸੇ ਕੰਮ ਕਮਰੇ ਵਿਚ ਆਏ ਤਾਂ ਮੇਰੀ ਵੱਡੀ ਨਣਾਨ ਨੇ ਮੇਰਾ ਘੁੰਡ ਚੁੱਕ ਕੇ ਦੋਵਾਂ ਹੱਥਾਂ ਨਾਲ ਮੇਰਾ ਝੁਕਿਆ ਚਿਹਰਾ ਉਤਾਂਹ ਕਰ ਦਿੱਤਾ। ਮੇਰੀਆਂ ਅੱਖਾਂ ਮੀਟੀਆਂ ਹੋਈਆਂ ਸਨ। ਓਸੇ ਵੇਲੇ ਬੱਤੀ ਚਲੇ ਗਈ। ਇਹ ਆਖਣ ਲੱਗੇ, ‘ਮੇਰੇ ਘਰ ਚਾਨਣ ਆ ਗਿਆ ਹੈ। ਮੈਨੂੰ ਬਨਾਉਟੀ ਬੱਤੀਆਂ ਦੀ ਲੋੜ ਈ ਨਹੀਂ।’ ਇਹ ਗਾਉਂਦੇ ਫਿਰਨ, ‘ਸਾਨੂੰ ਤਾਂ ਬੱਤੀ ਦੀ ਲੋੜ ਨਹੀਂ ਹੈ, ਸਾਡੇ ਘਰ ਤਾਂ ਚਾਨਣ ਆਇਆ।’
ਜਦੋਂ ਇਹਨਾਂ ਕਿਹਾ ਕਿ ‘ਸਾਡੇ ਘਰ ਤਾਂ ਚਾਨਣ ਆਇਆ।’ ਤਾਂ ਇਹਨਾਂ ਦੇ ਸ਼ਬਦ ਸੁਣ ਕੇ ਮੇਰੇ ਨਾਲ ਗਈ ਲਾਗਣ, ਜਿਸਨੂੰ ਮੈਂ ਭਾਬੀ ਕਹਿੰਦੀ ਸਾਂ, ਬੜੀ ਹੀ ਖ਼ੁਸ਼ ਹੋਈ। ਉਹ ਮੇਰੇ ਸਾਹਮਣੇ ਬੈਠੀ ਸੀ। ਉਹਦੀ ਰੱਜੀ ਹੋਈ ਮੁਸਕਰਾਹਟ ਤੇ ਅੱਖਾਂ ਵਿਚਲੀ ਖ਼ੁਸ਼ੀ ਮੈਨੂੰ ਅੱਜ ਵੀ ਦਿਸ ਰਹੀ ਹੈ। ਉਹਦੇ ਖ਼ੁਸ਼ੀ ਵਿਚ ਫ਼ਰਕਦੇ ਬੁੱਲ੍ਹ ਇਸਤਰ੍ਹਾਂ ਲੱਗ ਰਹੇ ਸਨ ਜਿਵੇਂ ਮਾਂ ਨੂੰ ਆਪਣੀ ਧੀ ਦੇ ਸਹੁਰੇ ਘਰ ਖੁਸ਼ੀਆਂ ਖੇੜਿਆਂ ਨਾਲ ਹੋਏ ਸਵਾਗਤ ਨੇ ਧੰਨ ਕਰ ਦਿੱਤਾ ਹੋਵੇ!
ਵਿਆਹ ਤੋਂ ਬਾਅਦ ਜਦੋਂ ਵਾਪਸ ਪੇਕੇ ਘਰ ਆਈ ਤਾਂ ਮੇਰੇ ਕੋਲ ਕੋਈ ਵੀ ਗਹਿਣਾ ਸਹੁਰਿਆਂ ਵੱਲੋਂ ਪਾਇਆ ਨਾ ਵੇਖ ਕੇ ਜਿੱਥੇ ਔਰਤਾਂ ਨਿਰਾਸ ਹੋਈਆਂ ਓਥੇ ਮੈਨੂੰ ਵੀ ਪਲ ਭਰ ਲਈ ਬਹੁਤ ਸਦਮਾ ਲੱਗਾ ਤੇ ਨਮੋਸ਼ੀ ਵੀ ਹੋਈ ਕਿ ਜ਼ਨਾਨੀਆਂ ਕੀ ਆਖਣਗੀਆਂ ਕਿ ਕੁੜੀ ਨੂੰ ਕਿਹੋ ਜਿਹੇ ਸਹੁਰੇ ਮਿਲੇ ਨੇ। ਪਰ ਮੈਂ ਇਹਨਾਂ ਨੂੰ ਪਾ ਕੇ ਸਾਰਾ ਕੁਝ ਭੁੱਲ ਗਈ। ਫਿਰ ਵੀ ਆਮ ਕੁੜੀਆਂ ਵਾਲੀਆਂ ਰੀਝਾਂ ਮੇਰੇ ਅੰਦਰ ਵੀ ਤਾਂ ਸਨ। ਜਦੋਂ ਨਵਾਂ ਨਵਾਂ ਵਿਆਹ ਹੋਇਆ ਤਾਂ ਮੇਰੇ ਮਨ ਵਿਚ ਵੀ ਹੋਰ ਨਵ-ਵਿਆਹੀਆਂ ਕੁੜੀਆਂ ਵਾਂਗ ਘੁੰਮਣ ਫਿਰਨ ਦਾ ਚਾਅ ਸੀ ਕਿਉਂਕਿ ਮੇਰੀਆਂ ਜਿਨ੍ਹਾਂ ਸਾਥਣਾ ਦੇ ਨਵੇਂ ਵਿਆਹ ਹੋਏ ਸਨ ਉਹ ਰੋਜ਼ ਆਪਣੇ ਹਨੀਮੂਨਾਂ ਜਾਂ ਸੈਰ-ਸਪਾਟੇ ਬਾਰੇ ਬੜਾ ਹੁੱਬ ਕੇ ਦੱਸਦੀਆਂ। ਮੇਰੇ ਕੋਲ ਦੱਸਣ ਵਾਲੀ ਕੋਈ ਗੱਲ ਨਾ ਹੁੰਦੀ। ਮੈਂ ਰੋਜ਼ ਇਹਨਾਂ ਨੂੰ ਕਹਿਣਾ ਕਿ ਮੈਨੂੰ ਕਿਤੇ ਘੁਮਾ ਲਿਆਓ, ਕਿਉਂਕਿ ਮੈਂ ਤਾਂ ਅੱਜ ਤੱਕ ਕਿਤੇ ਵੀ ਨਹੀਂ ਸਾਂ ਗਈ। ਅੱਗੋਂ ਇਹਨਾਂ ਦਾ ਸੁਭਾ ਅਸਲੋਂ ਹੀ ਵੱਖਰਾ। ਇਹ ਘੁੰਮਣ ਫਿਰਨ ਦੇ ਬਿਲਕੁਲ ਸ਼ੌਕੀਨ ਨਹੀਂ। ਘਰ ਰਹਿ ਕੇ ਖ਼ੁਸ਼ ਰਹਿੰਦੇ ਨੇ। ਭਾਵੇਂ ਹੁਣ ਤੱਕ ਕਈ ਦਿੱਲੀ-ਦੱਖਣ ਗਾਹ ਚੁੱਕੇ ਨੇ ਪਰ ਇਹ ਸਫ਼ਰ ਸੈਰ-ਸਪਾਟੇ ਦੇ ਮਕਸਦ ਨਾਲ ਨਹੀਂ ਕੀਤੇ ਸਗੋਂ ਸਾਹਿਤਕ ਕਾਨਫ਼ਰੰਸਾਂ ਜਾਂ ਸਮਾਗਮਾਂ ਬਹਾਨੇ ਮਜਬੂਰੀ ਵਜੋਂ ਹੀ ਗਏ ਨੇ। ਕਈ ਵਾਰ ਅਜਿਹੇ ਥਾਵਾਂ ‘ਤੇ ਜਾਣੋਂ ਵੀ ਇਨਕਾਰ ਕਰ ਦਿੰਦੇ ਨੇ। ਇਕ ਵਾਰ ਮੁੰਬਈ ਤੇ ਇਕ ਵਾਰ ਕਲਕੱਤੇ ਤੋਂ ਬਾਈ ਏਅਰ ਆਉਣ ਦਾ ਖ਼ਰਚਾ ਪ੍ਰਬੰਧਕਾਂ ਵੱਲੋਂ ਦਿੱਤੇ ਜਾਣ ਦੇ ਬਾਵਜੂਦ ਜਾਣ ਤੋਂ ਨਾਂਹ ਕਰ ਦਿੱਤੀ ਸੀ। ਪਰ ਬਾਰ ਬਾਰ ਮੇਰੇ ਜ਼ੋਰ ਦੇਣ ‘ਤੇ ਮੈਨੂੰ ਕਹਿੰਦੇ; ਚੱਲ ਤੈਨੂੰ ਜਲੰਧਰ ਲੈ ਜਾਂਦੇ ਆਂ। ਜਲੰਧਰ ਵਿਚ ਪੰਜਾਬ ਭਰ ਦੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਰੈਲੀ ਸੀ। ਭਾਵੇਂ ਅਸੀਂ ਬੇਰੁਜ਼ਗਾਰ ਨਹੀਂ ਸਾਂ ਪਰ ਇਹ ਅਧਿਆਪਕ ਯੂਨੀਅਨ ਵਿਚ ਵੀ ਕੰਮ ਕਰਦੇ ਸਨ। ਮੈਂ ਵੀ ਬੁਰੀ ਸ਼ਾਮਤ ਨੂੰ ਚਲੀ ਗਈ। ਗਰਮੀਆਂ ਦੇ ਦਿਨੀਂ ਸਿਖ਼ਰ ਦੁਪਹਿਰੇ ਜਲੰਧਰ ਦੀਆਂ ਸੜਕਾਂ ਤੇ ਨਿਕਲ ਰਹੇ ਜਲੂਸ ਦੀਆਂ ਲਾਈਨਾ ਵਿਚ ਮੈਨੂੰ ਵਾੜ ਦਿੱਤਾ। ਆਪ ਜਲੂਸ ਨਾਲ ਨਾਅਰ੍ਹੇ ਮਾਰਦੇ ਫਿਰਨ। ਮੈਂ ਪਰੈਗਨੈਂਟ ਸੀ। ਗਰਮੀ ਵਿਚ ਤੁਰ ਤੁਰ ਕੇ ਮੇਰਾ ਬੁਰਾ ਹਾਲ। ਪਿਆਸ ਨਾਲ ਬੇਹਾਲ ਹੋਈ ਪਈ ਸਾਂ। ਮੂੰਹ ਸੁੱਕ ਰਿਹਾ ਸੀ। ਵੇਖਿਆ ਇਹ ਜਲੂਸ ਤੋਂ ਬਾਹਰ ਆਪਣੀ ਬੀ ਐੱਡ ਦੀ ਪੁਰਾਣੀ ਜਮਾਤਣ ਨਾਲ ਹੱਸ ਹੱਸ ਗੱਲਾਂ ਕਰਨ। ਮੈਨੂੰ ਬੜੀ ਖਿਝ ਆਈ। ਮੈਂ ਇਹਨਾਂ ਨੂੰ ਬਾਹੋਂ ਫੜ੍ਹ ਕੇ ਖਿੱਚ ਲਿਆਈ। ਹਾਲੋਂ ਬੇਹਾਲ ਹੋਈ ਘਰ ਪਹੁੰਚੀ ਤਾਂ ਮੈਂ ਗਰਮੀ ਨਾਲ ਬੇਹੋਸ਼ ਹੋ ਕੇ ਡਿੱਗ ਪਈ। ਫਿਰ ਕਈ ਦਿਨ ਥਕਾਵਟ ਦੀ ਭੰਨੀ ਮੰਜੇ ਤੋਂ ਨਾ ਉੱਠ ਸਕੀ। ਇਹ ਸੀ ਸਾਡਾ ‘ਹਨੀਮੂਨ’। ਹੋਰ ਗੱਲ ਵੀ ਸੁਣ ਲਵੋ। ਵਿਆਹ ਤੋਂ ਬਾਅਦ ਮੈਨੂੰ ਭਗਤ ਸਿੰਘ ਸ਼ਹੀਦ ‘ਤੇ ਬਣੀ ਫਿ਼ਲਮ ‘ਸ਼ਹੀਦ’ ਵਿਖਾਉਣ ਲੈ ਗਏ। ਇਹਨਾਂ ਦੇ ਸਿਰ ‘ਤੇ ਤਾਂ ਆਪਣੇ ਵਿਚਾਰਾਂ ਦਾ ਭੂਤ ਸਵਾਰ ਸੀ। ਨਵੀਂ ਵਿਆਹੀ ਕੁੜੀ ਨੂੰ ਬੰਦਾ ਕੋਈ ਰੋਮਾਂਟਕ ਫਿ਼ਲਮ ਵਿਖਾਉਂਦਾ। ਅੱਜ ਆਪਣੀ ਇਸ ਮੂਰਖ਼ਤਾ ‘ਤੇ ਆਪ ਹੀ ਹੱਸ ਪੈਂਦੇ ਨੇ। ਹੁਣ ਤਾਂ ਕਈ ਵਾਰ ਇਹ ਵੀ ਕਹਿ ਦਿੰਦੇ ਨੇ ਕਿ ਰਜਵੰਤ ਵਿਆਹ ‘ਤੇ ਜਿਨ੍ਹਾਂ ਰਸਮਾਂ ‘ਤੇ ਕੋਈ ਖ਼ਰਚ ਨਹੀਂ ਆਉਂਦਾ ਪਰ ਘਰਦਿਆਂ ਜੀਆਂ ਨੂੰ ਉਹ ਰਸਮਾਂ ਕਰਦਿਆਂ ਖ਼ੁਸ਼ੀ ਮਿਲਦੀ ਹੈ ਤਾਂ ਉਹ ਰਸਮਾਂ ਜ਼ਰੂਰ ਕਰ ਲੈਣੀਆਂ ਚਾਹੀਦੀਆਂ ਨੇ। ਕਿਉਂਕਿ ਇਹਨਾਂ ਨੇ ਨਾ ਵਟਣਾ ਮਲ ਕੇ ਨਹਾਤਾ, ਨਾ ਘੋੜੀ ਚੜ੍ਹੇ, ਨਾ ਸਿਹਰਾ ਲਾਇਆ, ਨਾ ਵਾਗ ਗੁੰਦਾਈ। ਹੁਣ ਕਹਿੰਦੇ ਨੇ; ਜੇ ਘਰਦਿਆਂ ਨੂੰ ਇਹ ਕਰ ਲੈਣ ਦਿੰਦਾ ਤਾਂ ਕੀ ਵਿਗੜ ਚੱਲਿਆ ਸੀ। ਉਹਨਾਂ ਦੀ ਰੂਹ ਰਾਜ਼ੀ ਹੋ ਜਾਂਦੀ।
ਪਰ ਇਹਨਾਂ ਨੂੰ ਤਾਂ ‘ਲੋਹੇ ਦੇ ਹੱਥਾਂ’ ਦਾ ਬੜਾ ਮਾਣ ਸੀ। ਮੈਂ ਵਿਆਹ ਪਿੱਛੋਂ ਇਹਨਾਂ ਦੀ ਕਿਤਾਬ ਫੜ੍ਹ ਕੇ ਕਿਹਾ ਕਿ ਇਸਦੇ ਟਾਈਟਲ ‘ਤੇ ਬਣੇ ਹੱਥ ਬੜੇ ਮਜ਼ਬੂਤ ਨੇ ਤਾਂ ਕਹਿੰਦੇ, ਇਹ ਲੋਹੇ ਦੇ ਹੱਥ ਨੇ। ਫ਼ੌਲਾਦੀ ਹੱਥ। ਕਿਰਤੀਆਂ ਕਾਮਿਆਂ ਦੇ ਹੱਥ। ਬਿਨਾਂ ਕੰਮ ਕਰਨ ਵਾਲੇ ਹੱਥਾਂ ਤੋਂ ਗੁਰੂ ਗੋਬਿੰਦ ਸਿੰਘ ਨੇ ਪਾਣੀ ਨਹੀਂ ਸੀ ਪੀਤਾ। ਇੰਜ ਇਹ ਕਿਰਤੀ ਵਰਗ ਨੂੰ ਮੁੱਢ ਤੋਂ ਹੀ ਬੜਾ ਪਿਆਰ ਕਰਦੇ ਨੇ। ਮੇਰੇ ਸਹੁਰੇ ਘਰ ਕੰਮ ਕਰਦੀ ਇਕ ਮਜ਼੍ਹਬੀ ਸਿੱਖ ਪਰਿਵਾਰ ਦੀ ਔਰਤ ਬੀਬੀ ਸਵਰਨੋਂ ਸਾਡੇ ਪਰਿਵਾਰ ਦਾ ਹੀ ਅੰਗ ਮੰਨੀ ਜਾਂਦੀ ਸੀ ਤੇ ਹੈ ਵੀ। ਉਹ ਵੀ ਸਾਡੇ ਪਰਿਵਾਰ ਨੂੰ ਬੜਾ ਪਿਆਰ ਕਰਦੀ ਤੇ ਅਸੀਂ ਸਾਰੇ ਉਹਨੂੰ। ਇਹ ਹਮੇਸ਼ਾ ਉਹਨੂੰ ‘ਗੋੌਰਮਿੰਟ’ ਕਹਿ ਕੇ ਬੁਲਾਉਂਦੇ ਤੇ ਉਹਨੇ ਇਹਨਾਂ ਨੂੰ ਕਹਿਣਾ, ‘ਸਾਡੀ ਗੌਰਮਿੰਟ ਜੀ।’ ਮੈਂ ਸੁਣ ਕੇ ਹੈਰਾਨ ਹੋਈ ਕਿ ਇਸਦਾ ਕੀ ਅਰਥ ਹੈ ਤਾਂ ਇਹ ਕਹਿੰਦੇ ਕਿ ਸਾਡਾ ਸੁਪਨਾ ਹੈ ਕਿ ਕਦੀ ਕਿਰਤੀਆਂ ਕਾਮਿਆਂ ਦੀ ਗੌਰਮਿੰਟ ਹੋਵੇਗੀ। ਇਸ ਕਰਕੇ ਅਸੀਂ ਇਕ ਦੂਜੇ ਨੂੰ ‘ਗੌਰਮਿੰਟ’ ਆਖਦੇ ਆਂ।
ਹੌਲੀ ਹੌਲੀ ਇਹਨਾਂ ਦੇ ਵਿਚਾਰਾਂ ਦਾ ਮੇਰੇ ‘ਤੇ ਵੀ ਰੰਗ ਚੜ੍ਹਨ ਲੱਗਾ। ਇਹਨਾਂ ਨੇ ਮੈਨੂੰ ਪਿਆਰ ਹੀ ਏਨਾ ਦਿੱਤਾ ਕਿ ਮੈਂ ਸਭ ਕੁਝ ਭੁੱਲ ਗਈ। ਇਹ ਵੀ ਭੁੱਲ ਗਈ ਕਿ ਦਰਵਾਜ਼ੇ ਕੋਲ ਪੱਕੀ ਬੈਠਕ ਤੇ ਪਸ਼ੂਆਂ ਲਈ ਪੱਕੇ ਬਰਾਂਡੇ ਤੋਂ ਬਿਨਾਂ ਸਾਰੇ ਹੀ ਕਮਰੇ ਕੱਚੇ ਸਨ। ਇਹਨਾਂ ਵੱਲੋਂ ਦੱਸੇ ਕਿਰਤ ਤੇ ਮਾਣ ਨੂੰ ਮੁੱਖ ਰੱਖ ਕੇ ਮੈਂ ਹਰ ਸਾਲ ਆਪ ਆਪਣੀਆਂ ਤਲੀਆਂ ਨਾਲ ਉਹਨਾਂ ਕੱਚੇ ਕੋਠਿਆਂ ਤੇ ਕੰਧਾਂ ਨੂੰ ਲਿੰਬਦੀ ਪੋਚਦੀ। ਮੇਰੇ ਪੇਕਿਆਂ ਦੇ ਤਾਂ ਪੱਕੇ ਘਰ ਸਨ ਤੇ ਉਂਜ ਵੀ ਛੋਟੀ ਉਮਰ ਵਿਚ ਨੌਕਰੀ ਮਿਲ ਜਾਣ ਕਰਕੇ ਮੈਂ ਕਦੀ ਘਰ ਦਾ ਹੱਥੀਂ ਕਰਨ ਵਾਲਾ ਕੰਮ ਨਹੀਂ ਸੀ ਕੀਤਾ। ਹੁਣ ਜਦੋਂ ਮੈਂ ਕੋਠੇ ਲਿੰਬਦੀ ਤਾਂ ਆਸੇ ਪਾਸੇ ਦੀਆਂ ਬਾਹਮਣੀਆਂ ਖ਼ਤਰਾਣੀਆਂ ਤੇ ਹੋਰ ਔਰਤਾਂ ਮੇਰੇ ‘ਤੇ ਤਰਸ ਕਰਦੀਆਂ ਤੇ ਇਹਨਾਂ ਨੂੰ ਕਹਿੰਦੀਆਂ ਕਿ ਇਸ ਵਿਚਾਰੀ ਸੁਹਲ ਜਿਹੀ ਕੁੜੀ ਕੋਲੋਂ ਕਿਉਂ ਕੰਮ ਕਰਵਾਉਂਦੇ ਓ। ਇਸਦੇ ਨਰਮ ਹੱਥ ਇਹ ਕੰਮ ਕਰਨ ਵਾਲੇ ਨਹੀਂ। ਪਰ ਮੈਨੂੰ ਇਹ ਕੰਮ ਕਰਨ ਵਿਚ ਕੋਈ ਨਮੋਸ਼ੀ ਨਹੀਂ ਸੀ ਹੁੰਦੀ। ਹਾਲਾਂ ਕਿ ਆਪਣੇ ਪੇਕੇ ਕਦੀ ਅਜਿਹਾ ਕੰਮ ਨਾ ਕਰਨ ਕਰਕੇ ਮੈਨੂੰ ਚੰਗੀ ਤਰ੍ਹਾਂ ਮਿੱਟੀ ਲਾਉਣੀ ਆਉਂਦੀ ਵੀ ਨਹੀਂ ਸੀ। ਪਰ ਇਹਨਾਂ ਨੇ ਮੈਨੂੰ ਏਨੀ ਖ਼ੁਸ਼ੀ ਦਿੱਤੀ ਕਿ ਮੈਂ ਹੱਸ ਹੱਸ ਕੇ ਸਾਰੇ ਕੰਮ ਕਰਦੀ। ਮੇਰੇ ਪਿਤਾ ਦੀ ਮੌਤ ਮੇਰੀ ਛੋਟੀ ਉੁਮਰ ਵਿਚ ਹੋ ਗਈ ਸੀ। ਮੈਨੂੰ ਪਿਆਰ ਦੀ ਬੜੀ ਭੁੱਖ ਸੀ। ਇਹਨਾਂ ਮੇਰੀ ਪਿਆਰ ਦੀ ਇਹ ਭੁੱਖ ਪੂਰੀ ਕਰ ਦਿੱਤੀ ਸੀ ਤੇ ਉੁਸ ਸਾਹਮਣੇ ਕੱਚੇ ਘਰ ਜਾਂ ਹੋਰ ਕੋਈ ਵੀ ਘਾਟ ਮੈਨੂੰ ਦੁੱਖ ਨਹੀਂ ਸੀ ਦਿੰਦੀ।
ਜਿੱਥੇ ਇਹਨਾਂ ਦੇ ਸਾਥ ਵਿਚ ਮੈਨੂੰ ਬੇਅੰਤ ਖ਼ੁਸ਼ੀ ਤੇ ਮਾਣ ਮਿਲਿਆ ਓਥੇ ਜਿ਼ੰਦਗੀ ਵਿਚ ਝਟਕੇ ਵੀ ਬੜੇ ਲੱਗੇ। ਹੁਣ ਸੋਚਦੀ ਆਂ ਇਹ ਝਟਕੇ ਕਿਵੇਂ ਬਰਦਾਸ਼ਤ ਕਰ ਲਏ? ਜਿਹੜੀ ਚੇਤਾਵਨੀ ਇਹਨਾਂ ਨੇ ਆਪਣੇ ਬਾਰੇ ਮੰਗਣੀ ਹੋਣ ਵੇਲੇ ‘ਲੋਹੇ ਦੇ ਹੱਥ’ ਕਿਤਾਬ ਭੇਜ ਕੇ ਦਿੱਤੀ ਸੀ, ਉਸਦਾ ਸਬੂਤ ਤਾਂ ਉਦੋਂ ਹੀ ਮਿਲ ਗਿਆ ਜਦੋਂ ਵਿਆਹ ਤੋਂ ਪਹਿਲਾਂ ਈ ਇਹ ਮੋਗਾ ਐਜੀਟੇਸ਼ਨ ਮੌਕੇ ਜੇਲ੍ਹ ਯਾਤਰਾ ਕਰ ਆਏ। ਫਿਰ ਐਮਰਜੈਂਸੀ ਵਿਚ ਦੋ ਵਾਰ ਫੜ੍ਹੇ ਗਏ। ਪਹਿਲੀ ਵਾਰ ਫੜੇ ਗਏ ਤਾਂ ਮੇਰੀ ਬੱਚੀ ਅਜੇ ਹਫ਼ਤੇ ਕੁ ਦੀ ਸੀ। ਮੈਂ ਤਰਲੇ ਲਵਾਂ ਕਿ ਮੈਨੂੰ ਕਚਹਿਰੀਆਂ ਵਿਚ ਉਹਨਾਂ ਦੀ ਪੇਸ਼ੀ ਮੌਕੇ ਲੈ ਜਾਓ। ਮੈਂ ਉਹਨਾਂ ਨੂੰ ਮਿਲਣਾ ਹੈ। ਮੇਰਾ ਦਿਓਰ ਪਰੌਂਠੇ ਖਾਈ ਜਾਵੇ ਪਰ ਨਾਲ ਨਾ ਤੁਰੇ। ਇਹਨਾਂ ਦੀ ਭੂਆ ਕੁਦਰਤੀ ਆਈ ਹੋਈ ਸੀ ਕਹਿੰਦੀ, ‘ਮੱਲੋ! ਕੁੜੀ ਨੂੰ ਕੁਛ ਹੋ ਜੂ। ਤੁਸੀਂ ਨਹੀਂ ਜਾਂਦੇ ਤਾਂ ਮੈਂ ਜਾਂਦੀ ਆਂ ਲੈ ਕੇ।’ ਫਿਰ ਮੇਰਾ ਦਿਓਰ ਕਹਿੰਦਾ ਤੁਸੀਂ ਬਜ਼ਾਰ ਨਿਕਲੋ , ‘ਮੈਂ ਆਇਆ ਸਾਈਕਲ ਲੈ ਕੇ।’ ਮੈਂ ਛਿਲੇ ਵਿਚ ਕਮਜ਼ੋਰੀ ਦੀ ਹਾਲਤ ਵਿਚ ਭੂਆ ਨਾਲ ਤੁਰ ਪਈ। ਸਾਡੇ ਘਰੋਂ ਬੱਸਾਂ ਦਾ ਅੱਡਾ ਕਿਲੋਮੀਟਰ ਦੂਰ ਹੋਏਗਾ। ਮੈਂ ਚਾਰ ਵਾਰ ਰਾਹ ‘ਚ ਬਹਿ ਬਹਿ ਕੇ ਅੱਡੇ ਤੇ ਪਹੁੰਚੀ। ਦਿਓਰ ਸਾਈਕਲ ਲੈ ਕੇ ਨਾ ਆਇਆ। ਅੱਡੇ ਤੇ ਮੇਰੀ ਡਲਿਵਰੀ ਕਰਨ ਵਾਲੀ ਨਰਸ ਹਰਬੰਸ ਮਿਲ ਪਈ। ਉਹ ਮੈਨੂੰ ਇਹਨੀ ਦਿਨੀ ਤੇ ਇਸ ਹਾਲਤ ਵਿਚ ਵੇਖ ਕੇ ਤੇ ਮੇਰੇ ਪੀਲੇ ਰੰਗ ਤੇ ਕਮਜ਼ੋਰ ਸਰੀਰ ਵੱਲ ਵੇਖ ਕੇ ਮੈਨੂੰ ਝਿੜਕਣ ਲੱਗੀ ਕਿ ਤੂੰ ਇਸ ਹਾਲਤ ਵਿਚ ਘਰੋਂ ਬਾਹਰ ਨਿਕਲੀ ਹੀ ਕਿਉਂ। ਪਰ ਇਸੇ ਹਾਲਤ ਵਿਚ ਅਸੀਂ ਦੋਵੇਂ ਜਣੀਆਂ ਪੱਟੀ ਕਚਹਿਰੀਆਂ ਵਿਚ ਇਹਨਾਂ ਨੂੰ ਜਾ ਮਿਲੀਆਂ। ਇਹਨਾਂ ਨੂੰ ਠੀਕ-ਠਾਕ ਵੇਖ ਕੇ ਮੈਨੂੰ ਹੌਂਸਲਾ ਮਿਲਿਆ। ਕੁਝ ਹਫ਼ਤਿਆਂ ਬਾਅਦ ਅਸੀਂ ਇਹਨਾਂ ਦੀ ਜ਼ਮਾਨਤ ਕਰਵਾ ਲਈ ਪਰ ਦੂਜੀ ਵਾਰ ਇਹਨਾਂ ਨੂੰ ਤਰੀਕ ਭੁਗਤਣ ਗਿਆਂ ਨੂੰ ਫੜ੍ਹ ਕੇ ਲੈ ਗਏ ਤੇ ਬਿਆਸ ਥਾਣੇ ਤੋਂ ਡੀ ਆਈ ਆਰ ਦਾ ਕੇਸ ਪਾ ਕੇ ਇੰਟੈਰੋਗੇਸ਼ਨ ਸੈਂਟਰ ਭੇਜ ਦਿੱਤਾ। ਮੈਨੂੰ ਦੋ ਹਫ਼ਤੇ ਇਹਨਾਂ ਦੀ ਕੋਈ ਉੱਘ-ਸੁੱਘ ਨਾ ਮਿਲੀ। ਮੈਂ ਨਾਲੇ ਰੋਵਾਂ ਨਾਲੇ ਸੋਚਾਂ ਕਿ ਕਿਤੇ ਇਹਨਾਂ ਨੂੰ ਮਾਰ ਮੂਰ ਕੇ ਖਪਾ ਦਿੱਤਾ ਹੈ। ਫਿਰ 1986 ਵਿਚ ਸਾਡੇ ਪਿੰਡ ਗੋਲੀ ਚੱਲੀ। ਅਸੀਂ ਜ਼ਖਮੀਆਂ ਨੂੰ ਬਚਾਇਆ, ਹਸਪਤਾਲ ਪੁਚਾਇਆ ਪਰ ਉਲਟਾ ਇਹਨਾਂ ਤੇ ਕਤਲ ਕੇਸ ਪਾ ਦਿੱਤਾ। ਇਹ ਤਾਂ ਸਾਡੀ ਚੰਗੀ ਕਿਸਮਤ ਕਿ ਇਲਾਕੇ ਦੇ ਲੋਕਾਂ ਨੇ ਦਬਾਅ ਪਾਇਆ ਤੇ ਲੋਕਲ ਪੁਲਿਸ ਨੇ ਵੀ ਸਚਾਈ ਸਮਝਦਿਆਂ ਸਾਥ ਦਿੱਤਾ ਨਹੀਂ ਤਾਂ ਉਤਲੇ ਅਫ਼ਸਰਾਂ ਵੱਲੋਂ ਤਾਂ ਇਹਨਾਂ ਨੂੰ ਪੁੱਛ-ਗਿੱਛ ਦੇ ਨਾਂ ‘ਤੇ ਮਾਰ ਦੇਣ ਲਈ ਵੀ ਆਖਿਆ ਗਿਆ ਸੀ। ਇਸਤੋਂ ਬਿਨਾਂ ਜਦੋਂ ਵੀ ਕਿਤੇ ਗੜਬੜ ਹੁੰਦੀ ਇਹਨਾਂ ਨੂੰ ਪੁਲਿਸ ਫੜ ਕੇ ਲੈ ਜਾਂਦੀ। ਅੱਤਵਾਦ ਦੇ ਦੌਰ ਵਿਚ ਤਾਂ ਕਈ ਵਾਰ ਮਸਾਂ ਮਰਨੋ ਬਚੇ। ਹੁਣ ਵੀ ਉਹਨਾਂ ਦਿਨਾਂ ਬਾਰੇ ਸੋਚਕੇ ਕੰਬ ਜਾਂਦੀ ਹਾਂ। ਉਂਜ ਇਹ ਦਲੇਰ ਬੜੇ ਸਨ। ਜਦੋਂ ਖਾਦਾਂ ਦੀ ਬਲੈਕ ਹੁੰਦੀ ਸੀ ਤਾਂ ਇਹ ਬਲੈਕ ਵਿਚ ਮਿਲਦੀ ਖਾਦ ਸਾਥੀਆਂ ਦੀ ਮਦਦ ਨਾਲ ਫੜਕੇ ਆਮ ਲੋਕਾਂ ਵਿਚ ਸਸਤੇ ਠੀਕ ਭਾਅ ਤੇ ਵਿਕਵਾਉਂਦੇ। ਇਕ ਵਾਰ ਬਲੈਕ ਖਾਦ ਦਾ ਟਰੱਕ ਇਹਨਾਂ ਨੇ ਰਾਤ ਨੂੰ ਸੂਹ ਮਿਲਣ ‘ਤੇ ਕਬਜ਼ੇ ਵਿਚ ਕਰ ਲਿਆ ਤੇ ਫੇਰ ਪੁਲਿਸ ਦੀ ਹਾਜ਼ਰੀ ਵਿਚ ਲੋੜਵੰਦ ਕਿਸਾਨਾਂ ਵਿਚ ਵੰਡ ਕੇ ਵਿਕਾਇਆ। ਇਕ ਵਾਰ ਪਿੰਡ ਦੇ ਕਿਸੇ ਬਜ਼ੁਰਗ ਦੀ ਸ਼ਰਾਬੀ ਥਾਣੇਦਾਰ ਨੇ ਰਾਤ ਨੂੰ ਬਜ਼ਾਰ ਵਿਚ ਜਾਂਦੇ ਦੀ ਦਾੜ੍ਹੀ ਪੁੱਟੀ। ਉਹਦੀ ਪਿੰਡ ਵਿਚੋਂ ਕਿਸੇ ਨੇ ਵੀ ਪੁਲਿਸ ਤੋਂ ਡਰਦੇ ਨੇ ਮਦਦ ਨਾ ਕੀਤੀ ਤਾਂ ਉਹ ਦਾੜ੍ਹੀ ਦੇ ਵਾਲ ਲੈ ਕੇ ਇਹਨਾਂ ਕੋਲ ਆ ਗਿਆ। ਇਹਨਾਂ ਨੇ ਪਿੰਡ ਤੇ ਇਲਾਕੇ ਵਿਚੋਂ ਸਾਥੀ ਕੱਠੇ ਕਰਕੇ ਐਸ ਐਸ ਪੀ ਤੱਕ ਪਹੁੰਚ ਕੀਤੀ। ਥਾਣੇਦਾਰ ਦੀ ਇਨਕੁਆਰੀ ਕਰਵਾਈ ਤੇ ਸਜ਼ਾ ਦਿਵਾਈ। ਥਾਣੇਦਾਰ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਸਾਡੇ ਘਰ ਲੈ ਆਇਆ ਤੇ ਇਹਨਾਂ ਅੱਗੇ ਮਾਫ਼ੀ ਲਈ ਤਰਲੇ ਕਰੇ। ਇਹ ਕਹਿੰਦੇ ਜਿਹੜੇ ਬਜ਼ੁਰਗ ਦੀ ਦਾੜ੍ਹੀ ਪੁੱਟੀ ਊ ਉਸਤੋਂ ਮਾਫ਼ੀ ਮੰਗ। ਥਾਣੇਦਾਰ ਨੇ ਬਜ਼ੁਰਗ ਦੇ ਗੋਡਿਆਂ ਨੂੰ ਹੱਥ ਲਾਕੇ ਮਾਫ਼ੀ ਮੰਗੀ ਪਰ ਬਜ਼ੁਰਗ ਨੇ ਕਿਹਾ, ‘ਹੁਣ ਮੇਰੀ ਵਾਰੀ ਹੈ। ਪਰੇ ਹੋ ਜਾ ਤੇ ਮੈਨੂੰ ਆਪਣੇ ਗੰਦੇ ਹੱਥ ਨਾ ਲਾਈਂ। ਮੈਨੂੰ ਮੇਰੇ ਪੁੱਤ ਨੇ ਹੁਣ ਤੇਰੇ ਅੱਗੇ ਬੋਲਣ ਜੋਗਾ ਕਰ ਦਿੱਤਾ ਹੈ। ਮੈਂ ਤੈਨੂੰ ਮਾਫ਼ ਨਹੀਂ ਕਰਨ ਲੱਗਾ।’ ਥਾਣੇਦਾਰ ਨੂੰ ਮਾਫ਼ੀ ਨਾ ਮਿਲੀ ਤੇ ਸਜ਼ਾ ਭੁਗਤਣੀ ਪਈ। ਇੰਜ ਇਹ ਬੇਇਨਸਾਫ਼ੀ ਦੇ ਵਿਰੁਧ ਹਮੇਸ਼ਾ ਡਟਦੇ ਰਹੇ। ਇਸਤਰ੍ਹਾਂ ਦੀਆਂ ਕਈ ਮਿਸਾਲਾਂ ਨੇ।
ਇਹ ਨਾਸਤਕ ਵਿਚਾਰਾਂ ਦੇ ਹਨ। ਮੈਂ ਆਸਤਕ ਵਿਚਾਰਾਂ ਦੀ ਸੀ। ਵਿਆਹ ਤੋਂ ਪਹਿਲਾਂ ਹਰ ਰੋਜ਼ ਪਾਠ ਕਰਦੀ ਸਾਂ। ਇਕ ਦਿਨ ਹੱਸ ਕੇ ਪੁੱਛਦੇ ਕਿ ਤੂੰ ਰੋਜ਼ ਪਾਠ ਕਰਦੀ, ਗੁਰਦਵਾਰੇ ਜਾਂਦੀ ਸੀ ਤਾਂ ਆਪਣੇ ਰੱਬ ਤੋਂ ਕੀ ਮੰਗਦੀ ਸੀ। ਮੈਂ ਕਿਹਾ ਮੈਂ ਤਿੰਨ ਚੀਜ਼ਾਂ ਮੰਗਦੀ ਸਾਂ। ਇਕ ਕਹਿੰਦੀ ਸਾਂ ਰੱਬਾ! ਇੱਜ਼ਤ ਪਤ ਦੇਵੀਂ; ਦੂਜਾ ਵਿਦਿਆ ਦਾ ਦਾਨ ਦੇਈਂ ਤੇ ਤੀਜਾ ਜਿਹੜਾ ਪਤੀ ਮੈਨੂੰ ਮਿਲੇ ਉਹ ਮੇਰੇ ਤੋਂ ਵੱਧ ਪੜ੍ਹਿਆ ਲਿਖਿਆ ਤੇ ਸਿਆਣਾ ਮਿਲੇ। ਫਿਰ ਪੁੱਛਦੇ ਤੇਰੀ ਇੱਛਾ ਪੂਰੀ ਹੋਈ ਕਿ ਨਹੀਂ? ਮੈਂ ਕਿਹਾ ਕਿਉਂ ਨਹੀਂ, ਮੈਨੂੰ ਰੱਬ ਨੇ ਇਜ਼ਤ ਪਤ ਵੀ ਦਿੱਤੀ। ਆਪਣੀ ਹਿੰਮਤ ਨਾਲ ਤੁਹਾਡੇ ਵਾਂਗ ਉੱਚੀ ਵਿਦਿਆ ਵੀ ਪ੍ਰਾਪਤ ਕੀਤੀ ਤੇ ਸਭ ਤੋਂ ਵੱਧ ਤੁਸੀਂ ਮੈਨੂੰ ਮਿਲੇ। ਇਹ ਕਹਿੰਦੇ, ‘ਤੇਰੇ ਪਿਤਾ ਪੁਲਿਸ ਇਨਸਪੈਕਟਰ ਸਨ, ਜੇ ਜਿਊਂਦੇ ਰਹਿੰਦੇ ਉੁਹਨਾਂ ਤੇਰਾ ਵਿਆਹ ਮੇਰੇ ਵਰਗੇ ਬੰਦੇ ਨਾਲ ਕਿੱਥੇ ਕਰਨਾ ਸੀ।’ ਮੈਂ ਕਹਿੰਦੀ ਹਾਂ ਉਹ ਵੱਧ ਤੋਂ ਵੱਧ ਕਿਸੇ ਅਮੀਰ ਜਾਂ ਅਫ਼ਸਰ ਨਾਲ ਮੈਨੂੰ ਵਿਆਹ ਦੇਂਦੇ ਪਰ ਤੁਹਾਡੀ ਵਰਗੇ ਗੁਣਾਂ ਦੇ ਸੋਨੇ ਦੀ ਖਾਣ ਮੈਨੂੰ ਕਿੱਥੇ ਮਿਲਣੀ ਸੀ। ਵਿਆਹ ਤੋਂ ਬਾਅਦ ਮੈਂ ਇਹਨਾਂ ਦੇ ਅਸਰ ਹੇਠ ਪਾਠ ਕਰਨਾ ਛੱਡ ਦਿੱਤਾ ਸੀ। ਪਰ ਪਿਛਲੇ ਕੁਝ ਸਾਲਾਂ ਤੋਂ ਮੈਂ ਫਿਰ ਪਾਠ ਕਰਦੀ ਹਾਂ। ਇਹ ਹੁਣ ਮੇਰਾ ਮਜ਼ਾਕ ਨਹੀਂ ਉਡਾਉਂਦੇ। ਕਹਿੰਦੇ ਹਨ ਕਿ ਜੇ ਤੈਨੂੰ ਇਸਤਰ੍ਹਾਂ ਮਾਨਸਕ ਸ਼ਾਂਤੀ ਮਿਲਦੀ ਹੈ ਤਾਂ ਮੈਂ ਕਿਉਂ ਰੋਕਾਂ। ਆਪ ਇਹ ਰੱਬ ਨੂੰ ਨਹੀਂ ਮੰਨਦੇ, ਕੋਈ ਪਾਠ ਪੂਜਾ ਨਹੀਂ ਕਰਦੇ। ਉਂਜ ਗੁਰੂਆਂ ਨੂੰ ਬੜਾ ਮੰਨਦੇ ਨੇ। ਗੁਰੁ ਨਾਨਕ ਸਾਹਿਬ ਨੂੰ ਤਾਂ ਕਹਿੰਦੇ ਨੇ ਇਹ ਮੇਰਾ ਬਾਪੂ ਏ। ਇਸ ਬਾਪੂ ਨਾਲ ਦੀ ਰੀਸ ਹੀ ਨਹੀਂ। ਉਹ ਬੜਾ ਮਹਾਨ ਮਨੁੱਖ ਤੇ ਮਹਾਨ ਸ਼ਾਇਰ ਸੀ। ਵੱਡਾ ਤਰਕਸ਼ੀਲ। ਕਹਿੰਦੇ ਨੇ ਜੇ ਮੇਰੇ ਕੋਲ ਹੋਵੇ ਤਾਂ ਮੈਂ ਉਸੇਤਰ੍ਹਾਂ ਲਾਡ ਨਾਲ ਬਾਬੇ ਦੇ ਗਲ ਚੰਬੜ ਜਾਵਾਂ ਜਿਵੇਂ ਮੇਰੀ ਪੋਤਰੀ ਸਰਗਮ ਮੇਰੇ ਗਲ ਨਾਲ ਚੰਬੜਦੀ ਹੈ। ਹੁਣ ਤਾਂ ਮੇਰੇ ਆਖੇ ਇਹਨਾਂ ਨੇ ਧੀਆਂ ਦੇ ਵਿਆਹ ‘ਤੇ ਆਖੰਡ ਪਾਠ ਕਰਨ ਦੀ ਖੁੱਲ੍ਹ ਵੀ ਦੇ ਦਿੱਤੀ ਸੀ।
ਉਂਜ ਮੈਂ ਜੇ ਇਹਨਾਂ ਨੂੰ ਸੁਭਾ ਦੇ ਸਾਧ ਵੀ ਆਖ ਦਿਆਂ ਤਾਂ ਅਤਕਥਨੀ ਨਹੀਂ ਹੋਵੇਗੀ। ਪੈਸੇ ਨਾਲ ਤਾਂ ਉੱਕਾ ਕੋਈ ਪਿਆਰ ਨਹੀਂ। ਮੈਂ ਜਿਵੇਂ ਚਾਹਵਾਂ ਤੇ ਜਿੱਥੇ ਮਰਜ਼ੀ ਖ਼ਰਚਾਂ, ਇਹਨਾਂ ਨੇ ਕਦੀ ਪੁੱਛਿਆ ਤੱਕ ਨਹੀਂ। ਪੁੱਛਣਾ ਵੀ ਕੀ ਹੈ, ਇਹਨਾਂ ਦੀ ਤਾਂ ਜੇਬ ਵਿਚ ਵੀ ਮੈਂ ਆਪ ਹੀ ਪੈਸੇ ਪਾਉਂਦੀ ਹਾਂ। ਉਂਜ ਗਰੀਬ ਤੇ ਲੋੜਵੰਦ ਦੀ ਮਦਦ ਕਰਨ ਨੂੰ ਤਰਜੀਹ ਦਿੰਦੇ ਨੇ। ਇਸ ਪੱਖੋਂ ਅਸੀਂ ਦੋਵੇਂ ਇਕੋ ਜਿਹੇ ਹਾਂ। ਮੈਂ ਜਿੱਥੇ ਵੀ ਜਾਵਾਂ ਇਹ ਬੜੇ ਮਾਣ ਨਾਲ ਦੱਸਦੀ ਹਾਂ ਕਿ ਮੈਂ ਸੰਧੂ ਸਾਹਿਬ ਦੀ ਘਰਵਾਲੀ ਹਾਂ। ਇਹ ਵੀ ਤੇ ਬੱਚੇ ਵੀ ਕਈ ਵਾਰ ਮੇਰਾ ਇਸ ਗੱਲੋਂ ਮਜ਼ਾਕ ਉਡਾਉਂਦੇ ਨੇ। ਆਖਣਗੇ ਇਹ ਤਾਂ ਬਜਾਜੀ ਵਾਲੇ ਨੂੰ ਵੀ ਆਖੂ ਕਿ ਫਲਾਣੇ ਦੀ ਘਰਵਾਲੀ ਆਂ। ਕੱਪੜਾ ਚੰਗ ਵਿਖਾਈਂ। ਘਰਵਾਲਾ ਸੰਧੂ ਸਾਹਿਬ ਨਾ ਹੋ ਗਿਆ, ਰਾਸ਼ਟਰਪਤੀ ਹੋ ਗਿਆ। ਉਹਨਾਂ ਦੀ ਗੱਲ ਸੱਚ ਹੈ। ਇਕ ਵਾਰ ਅੰਮ੍ਰਿਤਸਰ ਦੀ ਗੱਲ ਹੈ, ਸੁਪਨਦੀਪ ਅਜੇ ਛੋਟਾ ਸੀ, ਮੈਂ ਪਗੜੀ ਹਾਊਸ ਵਿਚ ਗਈ ਤੇ ਦੁਕਾਨਦਾਰ ਨੂੰ ਕਹਿਣ ਲੱਗੀ ਕਿ ਇਹਦੇ ਸਿਰ ਤੇ ਬੰਨ੍ਹਣ ਲਈ ਵਧੀਆ ਪਟਕੇ ਵਿਖਾ, ਇਹ ਵਧੀਆ ਲੇਖਕ ਦਾ ਮੁੰਡਾ ਹੈ। ਓਥੇ ਇਕ ਹੋਰ ਸਰਦਾਰ ਖਲੋਤਾ ਸੀ। ਪੁੱਛਦਾ ਕਿ ਲੇਖਕ ਦਾ ਨਾਂ ਤਾਂ ਦੱਸੋ। ਮੈਂ ਦੱਸਿਆ ਤਾਂ ਹੱਸ ਕੇ ਕਹਿੰਦਾ ਕਿ ਆਹੋ ਭਾਈ ਇਹ ਸੱਚੀਂ ਮੁਚੀਂ ਵਧੀਆ ਲੇਖਕ ਦਾ ਮੁੰਡਾ ਏ, ਵਧੀਆ ਪਟਕੇ ਵਿਖਾਈਂ। ਕਈ ਸਾਲ ਬਾਅਦ ਉਸ ਸਰਦਾਰ ਨੇ ‘ਪੰਜਾਬੀ ਸੱਥ’ ਦੇ ਸਮਾਗਮ ਵਿਚ ਸੰਧੂ ਸਾਹਿਬ ਬਾਰੇ ਬੋਲਦਿਆਂ ਇਹ ਗੱਲ ਸੁਣਾਈ ਤਾਂ ਬੜਾ ਹਾਸਾ ਪਿਆ। ਉਹ ਸਰਦਾਰ ਅਸਲ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਫਿ਼ਜਿ਼ਕਸ ਦੇ ਪ੍ਰੋਫ਼ੈਸਰ ਤੇ ਸਾਇੰਸ ਦੀ ਵਾਰਤਕ ਲਿਖਣ ਵਾਲੇ ਵੱਡੇ ਲੇਖਕ ਹਰਦੇਵ ਸਿੰਘ ਵਿਰਕ ਸਨ। ਹੁਣ ਤਾਂ ਕਈ ਵਾਰ ਮੈਨੂੰ ਵੀ ਆਪਣੀਆਂ ਇਹੋ ਜਿਹੀਆ ਝੱਲ-ਵਲੱਲੀਆ ‘ਤੇ ਹਾਸਾ ਆ ਜਾਂਦਾ ਹੈ ਪਰ ਉਂਜ ਅਜੇ ਵੀ ਮੈਂ ਪਹਿਲੀ ਵਾਰ ਮਿਲਣ ਵਾਲੇ ਨਾਲ ਆਨੇ ਬਹਾਨੇ ਇਹਨਾਂ ਦੀ ਪਤਨੀ ਹੋਣ ਦਾ ਜਿ਼ਕਰ ਜ਼ਰੂਰ ਕਰ ਦਿੰਦੀ ਹਾਂ। ਇਕ ਦਿਨ ਮੈਂ ਘਰ ਦੇ ਜੀਆਂ ਦੇ ਮਜ਼ਾਕ ਦਾ ਜਵਾਬ ਲੱਭ ਲਿਆ। ਮੈਂ ਆਖਦੀ ਹਾਂ ਕਿ ਜਿਵੇਂ ਸੰਤ ਸਿੰਘ ਸੇਖੋਂ ਦੀ ਕਹਾਣੀ ‘ਪੇਮੀ ਦੇ ਨਿਆਣੇ’ ਵਿਚ ਬੱਚੇ ਆਪਣੀ ਮਾਂ ‘ਪੇਮੀ’ ਦਾ ਨਾਂ ਲੈ ਕੇ ਡਰਾਉਣੀ ਸੜਕ ਪਾਰ ਕਰ ਜਾਂਦੇ ਨੇ ਮੈਨੂੰ ਵੀ ਸੰਧੂ ਸਾਹਿਬ ਦੇ ਨਾਂ ਦਾ ਓਸੇਤਰ੍ਹਾਂ ਦਾ ਆਸਰਾ ਹੈ। ਉਹਨਾਂ ਬੱਚਿਆਂ ਲਈ ਉੁਹਨਾਂ ਦੀ ਮਾਂ ਸਭ ਤੋਂ ਵੱਡੀ ਤਾਕਤ ਸੀ, ਮੇਰੇ ਲਈ ਸੰਧੂ ਸਾਹਿਬ ਮੇਰੀ ਸਭ ਤੋਂ ਵੱਡੀ ਤਾਕਤ ਹਨ। ਉਹ ਮੇਰਾ ਮਾਂ, ਪਿਓ, ਮੇਰਾ ਪਤੀ, ਭਰਾ; ਮੇਰਾ ਸਭ ਕੁਝ ਹਨ। ਮੈਂ ਉਹਨਾਂ ਨੂੰ ਰੱਬ ਤੋਂ ਦੂਜਾ ਦਰਜਾ ਦਿੱਤਾ ਹੈ।
ਉਮਰ ਦੇ ਨਾਲ ਅੱਜ ਕੱਲ੍ਹ ਮੇਰੀ ਸਿਹਤ ਠੀਕ ਨਹੀਂ ਰਹਿੰਦੀ। ਕੰਮ ਕਰਦੀ ਮੈਂ ਥੱਕ ਜਾਂਦੀ ਹਾਂ। ਮੈਂ ਕਹਿੰਦੀ ਆਂ, ਕੋਈ ਕੰਮ ਤੁਸੀਂ ਵੀ ਨਿੱਕਾ ਮੋਟਾ ਕਰ ਲਿਆ ਕਰੋ। ਆਖਣਗੇ ਕਿ ‘ਪਹਿਲਾਂ ਤੂੰ ਆਪ ਹੀ ਮੈਨੂੰ ਵਿਚਾਲ ਲਿਆ ਹੈ। ਸਾਰਾ ਕੰਮ ਆਪ ਕਰਦੀ ਰਹੀ ਏਂ। ਮੈਂ ਕਰਨਾ ਚਾਹੁੰਦਾ ਵੀ ਸਾਂ ਤਾਂ ਰੋਕ ਦਿੰਦੀ ਸੈਂ। ਹੁਣ ਮਾੜੀਆਂ ਆਦਤਾਂ ਤੂੰ ਆਪ ਪਾ ਦਿੱਤੀਆਂ। ਇਹ ਵਿਗੜ ਗਈਆਂ। ਮੈਂ ਸਿਧਾਂਤਕ ਤੌਰ ਤੇ ਮੰਨਦਾ ਹਾਂ ਕਿ ਬੰਦੇ ਨੂੰ ਘਰ ਦੇ ਕੰਮ ਵਿਚ ਮਦਦ ਕਰਨੀ ਚਾਹੀਦੀ ਹੈ ਪਰ ਅਮਲੀ ਤੌਰ ਤੇ ਹੁਣ ਕੁਝ ਨਹੀਂ ਕਰ ਸਕਦਾ। ਹੁਣ ਮੇਰੇ ਤੋਂ ਕੰਮ ਦੀ ਆਸ ਨਾ ਰੱਖ।’ ਪਾਣੀ ਦਾ ਗਲਾਸ ਵੀ ਆਪ ਫੜ ਕੇ ਨਹੀਂ ਪੀਂਦੇ। ਜਦੋਂ ਛੋਟੀ ਬੇਟੀ ਦਾ ਵਿਆਹ ਨਹੀਂ ਸੀ ਹੋਇਆ ਤਾਂ ਸਵੇਰੇ ਕਾਲਜ ਜਾਣ ਵੇਲੇ ਆਵਾਜ਼ਾਂ ਮਾਰਨੀਆਂ; ਨੀ ਆਵੀਂ ਰਮਣੀਕ। ਵੇਖੀਂ, ਧੋਬੀ ਦੇ ਪ੍ਰੈਸ ਕੀਤੇ ਕੱਪੜਿਆਂ ਵਿਚ ਵੱਟ ਜਾਪਦੇ ਨੇ ਦੁਬਾਰਾ ਪ੍ਰੈਸ ਕਰ ਦੇ। ਮੇਰੀ ਇਸ ਸੂਟ ਨਾਲ ਦੀ ਟਾਈ ਫੜਾ। ਮੇਰੀਆਂ ਜੁਰਾਬਾਂ ਕਿੱਥੇ ਨੇ। ਜੁੱਤੀ ਫੜਾਈਂ ਵਗ਼ੈਰਾ। ਉਂਜ ਜਨਾਬ ਨੂੰ ਸੱਜਣ ਫੱਬਣ ਦਾ ਸ਼ੌਕ ਮੁੱਢੋਂ ਰਿਹਾ ਹੈ। ਮੈਚ ਕਰਦੀ ਕਮੀਜ਼ ਤੇ ਪੱਗ। ਆਪਣੇ ਆਪ ਨੂੰ ਸ਼ੀਸ਼ੇ ਵਿਚ ਕਈ ਕਈ ਵਾਰ ਵੇਖਣਾ ਤੇ ਫਿਰ ਮੈਨੂੰ ਪੁੱਛਣਾ ਕਿ ਮੈਂ ਠੀਕ ਲੱਗਦਾਂ, ਮੇਰੀ ਪੱਗ ਠੀਕ ਬੱਝੀ ਹੈ। ਖਾਣਾ ਪੀਣਾ ਇਹਨਾਂ ਦਾ ਬਿਲਕੁਲ ਸਾਦਾ। ਬੱਸ ਦਾਲ, ਸਬਜ਼ੀ, ਰੋਟੀ ਤੇ ਨਾਲ ਦਹੀਂ। ਸ਼ਰਾਬ-ਮੀਟ ਤਾਂ ਉੱਕਾ ਨਹੀਂ। ਸਬਜ਼ੀਆਂ ਵਿਚ ਭਿੰਡੀ, ਕਰੇਲੇ, ਕੱਦੂ ਪਾਕੇ ਬਣਾਈ ਛੋਲਿਆਂ ਦੀ ਦਾਲ, ਘੀਆ ਕੱਦੂ ਦਾ ਰਾਇਤਾ, ਸਾਗ ਤੇ ਮਕਈ ਦੀ ਰੋਟੀ ਇਹਨਾਂ ਦਾ ਮਨ ਪਸੰਦ ਖਾਣਾ ਹੈ।
ਇਹਨਾਂ ਦੀ ਇੱਕ ਗੱਲ ਇਕੋ ਵੇਲੇ ਮੈਨੂੰ ਚੰਗੀ ਵੀ ਲੱਗਦੀ ਹੈ ਤੇ ਮਾੜੀ ਵੀ। ਇਹ ਅਗਲੇ ਨੂੰ ਮਖ਼ੌਲ ਕਰਦਿਆਂ ਹਾਸੇ ਹਾਸੇ ਵਿਚ ਬੜੀ ਕਰੜੀ ਗੱਲ ਵੀ ਆਖ ਦਿੰਦੇ ਨੇ। ਲਾਗੇ ਬੈਠੇ ਲੋਕ ਵੀ ਹੱਸਦੇ ਹਨ ਤੇ ਜਿਸਨੂੰ ਗੱਲ ਆਖੀ ਗਈ ਹੁੰਦੀ ਹੈ ਸ਼ਰਮਿੰਦਿਆਂ ਦੇ ਤਾਣ ਹੱਸੀ ਉੁਹ ਵੀ ਜਾਂਦਾ ਹੈ। ਮੈਂ ਆਖਦੀ ਹਾਂ ਕਿ ਇਹ ਤਾਂ ਅਗਲੇ ਦਾ ਦਿਲ ਹੀ ਜਾਣਦਾ ਹੈ ਕਿ ਉਹ ਕਿਵੇਂ ਹੱਸ ਰਿਹਾ ਹੈ। ਪਰ ਇਹ ਇਹਨਾਂ ਦੇ ਸੁਭਾ ਦਾ ਹਿੱਸਾ ਹੈ। ਖ਼ਰੀ ਗੱਲ ਕਹਿਣੋਂ ਬਾਜ਼ ਨਹੀਂ ਆਉਂਦੇ। ਕਈ ਵਾਰ ਤਾਂ ਮੇਰੇ ਨਾਲ ਵੀ ਇਹ ਭਾਣਾ ਵਾਪਰ ਜਾਂਦਾ ਹੈ। ਮੈਂ ਕੁਝ ਚਿਰ ਲਈ ਰੁੱਸ ਜਾਦੀ ਹਾਂ। ਪਰ ਇਹਨਾਂ ਦੀ ਇਹ ਵੀ ਸਿਫ਼ਤ ਹੈ ਕਿ ਮੈਨੂੰ ਬਹੁਤਾ ਚਿਰ ਕਦੀ ਰੁਸੀ ਨਹੀਂ ਰਹਿਣ ਦਿੱਤਾ। ਆਪ ਹੀ ਮਨਾ ਲੈਂਦੇ ਰਹੇ ਨੇ। ਪਰ ਮੈਂ ਇਹਨਾਂ ਨੂੰ ਆਖਦੀ ਆਂ ਕਿ ਮੈਨੂੰ ਤਾਂ ਮਨਾ ਲਿਆ ਪਰ ਅਗਲੇ ਨੂੰ ਹਾਸੇ ਨਾਲ ਲਾਏ ਜ਼ਖ਼ਮਾਂ ਦਾ ਇਲਾਜ ਕੌਣ ਕਰੂ। ਪਰ ਵਾਦੜੀਆਂ ਸਜਾਦੜੀਆਂ ਦਾ ਕੀ ਕੀਤਾ ਜਾ ਸਕਦਾ ਹੈ। ਕਹਿੰਦੇ ਨੇ, ਕੀ ਕਰਾਂ ਮੇਰੇ ਕੋਲੋਂ ਮਨ ਵਿਚ ਗੱਲ ਰੱਖ ਨਹੀਂ ਹੁੰਦੀ। ਕਦੀ ਕਦੀ ਬੜੇ ਗੁੱਸੇ ਵਿਚ ਵੀ ਆ ਜਾਂਦੇ ਨੇ। ਲੱਗੂ ਜਿਵੇਂ ਹੁਣੇ ਬੱਦਲ ਫਟਿਆ। ਉਂਜ ਇਹਨਾਂ ਦਾ ਗੁੱਸਾ ਵੀ ਦੁੱਧ ਦੇ ਉਬਾਲ ਵਰਗਾ ਹੈ ਪਰ ਅੰਦਰੋਂ ਬੜੇ ਹੀ ਨਾਜ਼ਕ ਤੇ ਨਰਮ ਮਿਜ਼ਾਜ ਹਨ। ਹੁਣ ਤਾਂ ਕਈ ਵਾਰ ਕੋਈ ਗੱਲ ਕਰਦਿਆਂ ਭਾਵੁਕ ਵੀ ਹੋ ਜਾਂਦੇ ਨੇ। ਅੱਖਾਂ ਵਿਚ ਅੱਥਰੂ ਭਰ ਲੈਂਦੇ ਨੇ। ਚਿੜੀਆਂ ਦੇ ਚੰਬੇ ਵਾਲਾ ਗੀਤ ਤਾਂ, ਜਦੋਂ ਧੀਆਂ ਬਾਲੜੀਆਂ ਸਨ, ਉਦੋਂ ਵੀ ਸੁਣਦੇ ਸਨ ਤਾਂ ਰੋ ਪੈਂਦੇ ਸਨ। ਪਰ ਇਹ ਵੀ ਵਰਿਆਮ ਸਿੰਘ ਸੰਧੂ ਹੀ ਹਨ, ਲੋਹੇ ਦੇ ਜਿਗਰੇ ਵਾਲੇ ਕਿ ਵੱਡੇ ਵੱਡੇ ਸੰਕਟ ਆਉਂਦੇ ਰਹੇ, ਕਦੇ ਸੀ ਨਾ ਕੀਤੀ, ਸਭ ਚੁੱਪ ਕਰਕੇ ਸਹਿ ਗਏ, ਜਿਵੇਂ ਕੁਝ ਹੋਇਆ ਈ ਨਹੀਂ ਹੁੰਦਾ।

-0-