(ਗੁਰਚਰਨ ਰਾਮਪੁਰੀ
ਪੰਜਾਬੀ ਦਾ ਬਹੁਚਰਚਿਤ ਸ਼ਾਇਰ ਹੈ। ਉਹਦੇ ਕਾਵਿ-ਜਗਤ ਬਾਰੇ ਚੰਦਰ ਮੋਹਨ ਦਾ ਖੋਜ-ਭਰਪੂਰ
ਆਰਟੀਕਲ ਪੇਸ਼ ਹੈ)
ਆਧੁਨਿਕ ਪੰਜਾਬੀ ਕਵਿਤਾ ਦੇ ਵਿਕਾਸ ਨੂੰ ਭਾਈ ਵੀਰ ਸਿੰਘ ਕਾਲ, ਤਜਰਬਿਆਂ ਦਾ ਕਾਲ ਤੇ ਨਵੀਨ
ਕਾਲ ਵਿੱਚ ਵੰਡ ਕੇ ਦੇਖਣ ਦੀ ਸਿਫਾਰਸ਼ ਕਰਦਿਆਂ ਡਾ.ਅਤਰ ਸਿੰਘ ਨੇ ਪੁਸਤਕ ‘ਕਾਵਿ-ਅਧਿਅਨ‘ ਦੇ
ਮਜ਼ਮੂਨ ‘ਨਵੀਂ ਪੰਜਾਬੀ ਕਵਿਤਾ‘ ਵਿੱਚ ਲਿਖਿਆ ਹੈ ਕਿ ‘ਵੰਡ ਤੇ ਵੰਡ ਤੋਂ ਪੈਦਾ ਹੋਈਆਂ
ਤੰਗੀਆਂ-ਤੁਰਸ਼ੀਆਂ ਨੇ ਪੰਜਾਬ ਦੇ ਕੋਮਲ ਭਾਵੀ ਕਵੀਆਂ ਨੂੰ ਝੰਜੋੜ ਦਿੱਤਾ, ਤੇ ਚਾਰੇ ਪਾਸੇ
ਪਸਰੇ ਕਾਲੇ ਸ਼ਾਹ ਹਨੇਰਿਆਂ ਵਿੱਚ ਆ ਘਿਰੇ ਹੋਏ ਸਾਡੇ ਕਵੀ ਇਸ ਬਿਜਲੀ ਲਿਸ਼ਕਾਰ ਨਾਲ ਇਕਦਮ ਹਰ
ਤਰ੍ਹਾਂ ਦੇ ਭਰਮਾਂ ਤੋਂ ਮੁਕਤ ਹੋ ਕੇ ਸਮਾਜਕ ਤੇ ਭਾਈਚਾਰਕ ਜ਼ਿੰਮੇਵਾਰੀਆਂ ਤੋਂ ਜਾਣੂ ਹੋ
ਗਏ। ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਲੋਕ-ਮੁਖੀ ਹੋ ਗਈ ਤੇ ਇਹਨਾਂ ਦੀਆਂ
ਪੈੜਾਂ ਉੱਤੇ ਤੁਰਦੀ ਪੰਜਾਬੀ ਕਵੀਆਂ ਦੀ ਇੱਕ ਨਵੀਂ ਢਾਣੀ ਸਾਹਮਣੇ ਆਈ। ਸੰਤੋਖ ਸਿੰਘ ਧੀਰ,
ਪਿਆਰਾ ਸਿੰਘ ਸਹਿਰਾਈ, ਤਾਰਾ ਸਿੰਘ, ਹਰਿਭਜਨ ਸਿੰਘ, ਜਸਵੰਤ ਸਿੰਘ ਨੇਕੀ, ਤਖਤ ਸਿੰਘ ਤੇ
ਗੁਰਚਰਨ ਰਾਮਪੁਰੀ ਇਸ ਨਵੀਨ ਕਵਿਤਾ ਦੇ ਸੱਜਰੇ ਕਵੀ ਹਨ। ‘
ਗੁਰਚਰਨ ਰਾਮਪੁਰੀ ਦੀ ਕਵਿਤਾ ਦਾ ਸੱਜਰਾਪਣ ਉਸਦੀ ਮੌਲਿਕ ਕਾਵਿ-ਬਿੰਬਾਵਾਲੀ ਉੱਤੇ ਰਾਜਸੀ
ਸੂਝ ਦੀ ਚੜ੍ਹੀ ਸਾਣ ਕਰਕੇ ਬਣਦਾ ਹੈ। ਜਿਸ ਦੀ ਭਾਲ ਸਹਿਜੇ ਹੀ ਉਸਦੇ ਸਿਰਜਣਈ ਪਿਛੋਕੜ
ਵਿਚੋਂ ਹੋ ਸਕਦੀ ਹੈ। ਅਤੇ ਜਿਸਨੂੰ ਉਸਦੇ ਹੀ ਵਿਚਾਰਾਂ ਨਾਲ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ
ਹੈ। ਉਹ ਕਹਿੰਦਾ ਹੈ ਕਿ ਉਸਨੇ ਕਵਿਤਾ ਲਿਖਣੀ ਉਦੋਂ ਸ਼ੁਰੂ ਕੀਤੀ ਜਦੋਂ ਭਾਰਤ ਵਿੱਚ ਅੰਗਰੇਜ਼ੀ
ਰਾਜ ਦਾ ਦੀਵਾ ਬੁਝਣ ਤੋਂ ਪਹਿਲਾਂ ਭੜਕ ਰਿਹਾ ਸੀ। ਅੰਗਰੇਜ਼ੀ ਇਲਾਕੇ ਵਿੱਚ 1946 ਦੀਆਂ
ਚੋਣਾਂ ਦਾ ਘੋਲ ਭਖ਼ ਰਿਹਾ ਸੀ। ਪਰ ਉਸਦਾ ਪਿੰਡ ਰਾਮਪੁਰ ਰਿਆਸਤ ਪਟਿਆਲਾ ਵਿੱਚ ਹੋਣ ਕਾਰਨ
ਉਸਨੂੰ ਵੀ ਆਮ ਲੋਕਾਂ ਦੀ ਤਰ੍ਹਾਂ ਵੋਟ ਪਾਉਣ ਦਾ ਹੱਕ ਨਹੀਂ ਸੀ। ਉਹ ਦੂਹਰੇ ਗ਼ੁਲਾਮ ਸਨ।
ਜਦੋਂ ਆਜ਼ਾਦੀ ਆਈ, ਹਿੰਦੁਸਤਾਨ ਦੇ ਦੋ ਟੋਟੇ ਹੋ ਗਏ। ਫਿਰਕੂ ਫਸਾਦਾਂ ਦਾ ਕਹਿਰ ਉਸ ਐਨ
ਵਿਚਕਾਰ ਖਲੋ ਕੇ ਵੇਖਿਆ ਤਾਂ ਉਸਨੂੰ ਆਜ਼ਾਦੀ ਨਕਲੀ ਨਕਲੀ ਲੱਗੀ। ਉਸ ਸਮੇਂ ਯਾਨੀ 1950 ਦੇ
ਨੇੜ-ਤੇੜੇ ਸੰਸਾਰ ਅਮਨ ਲਹਿਰ ਆਪਣੇ ਜੋਬਨ ਉੱਤੇ ਸੀ। ਤੇਰਾ ਸਿੰਘ ਚੰਨ, ਜੋਗਿੰਦਰ ਬਾਹਰਲਾ,
ਸੰਤੋਖ ਸਿੰਘ ਧੀਰ, ਅਜਾਇਬ ਚਿਤ੍ਰਕਾਰ ਤੇ ਸੁਰਜੀਤ ਰਾਮਪੁਰੀ ਸਮੇਤ ਪੰਜਾਬ ਵਿੱਚ ਥਾਂ ਥਾਂ
ਲਗਾਈਆਂ ਜਾਂਦੀਆਂ ਅਮਨ ਕਾਨਫਰੰਸਾਂ ਤੇ ਸਾਹਿਤਕ
ਮੇਲਿਆਂ ਵਿੱਚ ਉਹ ਕਵਿਤਾ ਪੜ੍ਹਨ ਜਾਇਆ ਕਰਦਾ ਸੀ। ਉਸਦਾ ਮੰਨਣਾ ਹੈ ਕਿ ਅਜਿਹੀਆਂ
ਕਾਨਫਰੰਸਾਂ ਤੇ ਮੇਲਿਆਂ ਦੌਰਾਨ ਹੀ ਉਸਦੀ ਸਾਹਿਤਕ, ਕਲਾਤਮਕ ਤੇ ਰਾਜਸੀ ਸੂਝ ਨਿੱਖਰੀ।

(ਗੁਰਚਰਨ ਰਾਮਪੁਰੀ)
ਅਜਿਹੀ ਕਲਾਤਮਕ ਤੇ ਰਾਜਸੀ
ਸੂਝ ਹੀ ਉਸਦੇ ਕਾਵਿ-ਅਨੁਭਵ ਦਾ ਰੂਪ ਧਾਰ ਗਈ, ਜਿਸਦੇ ਆਧਾਰ ਉੱਤੇ ਉਸਨੇ ‘ਕਣਕਾਂ ਦੀ
ਖੁਸ਼ਬੋ‘ (1953), ‘ਕੌਲ ਕਰਾਰ‘ (1960), ‘ਕਿਰਨਾਂ ਦਾ ਆਲ੍ਹਣਾ‘ (1963), ‘ਅੰਨ੍ਹੀ ਗਲੀ‘
(1972), ‘ਕੰਚਨੀ‘ (1980), ‘ਕਤਲਗਾਹ‘ (1985) ਤੇ ‘ਅਗਨਾਰ‘ (1993) ਜਿਹੇ ਕਾਵਿ
ਸੰਗ੍ਰਿਹਾਂ ਦੀ ਸਿਰਜਣਾ ਕੀਤੀ। ਇਹਨਾਂ ਸੰਗ੍ਰਹਿਆਂ ਵਿੱਚ ਦਰਜ ਕਵਿਤਾਵਾਂ ਨੂੰ ‘ਅੱਜ ਤੋਂ
ਆਰੰਭ ਤੱਕ‘ ਦੇ ਸਿਰਲੇਖ ਹੇਠ ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ ਨੇ 2001 ਵਿੱਚ ਮੁੜ
ਪ੍ਰਕਾਸ਼ਤ ਕੀਤਾ, ਜਿਸਦਾ ਮੁਤਾਲਿਆ ਕਰਦਿਆਂ ਗੁਲਜ਼ਾਰ ਸਿੰਘ ਸੰਧੂ ਨੇ ਠੀਕ ਹੀ ਲਿਖਿਆ ਸੀ ਕਿ
ਰਾਮਪੁਰੀ ਦੀ ਕਵਿਤਾ ‘ਸਾਹਿਤਕ ਕਵਿਤਾ‘ ਅਤੇ ‘ਕਵੀ ਦਰਬਾਰੀ ਕਵਿਤਾ‘ ਦੇ ਐਨ ਵਿਚਕਾਰ ਇੱਕ
ਤਕੜੀ ਕੜੀ ਹੈ। ਉਸਨੇ ਦੋਹਾਂ ਨੂੰ ਇੱਕ ਦੂਜੀ ਨਾਲੋਂ ਟੁੱਟਣ ਨਹੀਂ ਦਿੱਤਾ।
ਸੰਨ 1954 ਵਿੱਚ ਪੰਜਾਬ ਦੇ ਬਿਜਲੀ ਮਹਿਕਮੇ ਵਿੱਚ ਨਕਸ਼ਾ-ਨਵੀਸ (ਡਰਾਫ਼ਟਸਮੈਨ) ਦੀ ਆਸਾਮੀ
ਉੱਤੇ ਦਸ ਸਾਲ ਦੀ ਨੌਕਰੀ ਕਰਨ ਉਪਰੰਤ, ਸੰਨ 1964 ਦੇ ਨਵੰਬਰ ਮਹੀਨੇ ਦੇ ਅਖੀਰਲੇ ਹਫਤੇ,
ਰਾਮਪੁਰ ਛੱਡ ਕੇ ਕੈਨੇਡਾ ਵਸਣ ਵਾਲਾ ਸਾਡਾ ਇਹ ਪ੍ਰਤੀਬੱਧ ਸ਼ਾਇਰ ਲੋਕ ਰੰਗ ਤੇ ਸਾਹਿਤਕ
ਵੰਨਗੀ ਦੀ ਕਵਿਤਾ ਸਿਰਜਣ ਵੇਲੇ ਸਮੇਂ ਦਾ ਹਾਣੀ ਬਣ ਕੇ ਪੇਸ਼ ਹੁੰਦਾ ਹੈ ਕਿਉਂਕਿ ਬੁਨਿਆਦੀ
ਤੌਰ ਉੱਤੇ ਉਹ ਅਜਿਹੀ ਮਾਰਕਸਵਾਦੀ ਵਿਚਾਰਧਾਰਾ ਨੂੰ ਪਰਨਾਇਆ ਹੋਇਆ ਹੈ, ਜੋ ਭਗਵਾਨ ਸਿੰਘ
ਜੋਸ਼ ਦੀ ਪੁਸਤਕ ‘ਪੰਜਾਬ ਵਿੱਚ ਕਮਿਊਨਿਸਟ ਲਹਿਰ‘ ਵਿਚਲੇ ਕਥਨ ਅਨੁਸਾਰ ‘ਬੌਧਿਕ ਚਾਨਣ‘
ਗ੍ਰਹਿਣ ਕਰਨ ਤੇ ਕਰਵਾਉਣ ਦਾ ਹਥਿਆਰ ਵਰਤਦੀ ਹੈ। ਕਵੀ ਵਜੋਂ ਗੁਰਚਰਨ ਰਾਮਪੁਰੀ ਨੇ ਆਪਣੀਆਂ
ਕਵਿਤਾਵਾਂ ਵਿੱਚ ਯਥਾਰਥਵਾਦੀ ਪ੍ਰਗਤੀਸ਼ੀਲ ਵੰਨਗੀ ਦੀ ਪਾਰਦਰਸ਼ੀ ਕਾਵਿ-ਦ੍ਰਿਸ਼ਟੀ ਰਾਹੀਂ
‘ਬੌਧਿਕ ਚਾਨਣ‘ ਭਰਿਆ ਹੈ। ਏਸੇ ਲਈ ਉਹ ਪਾਠਕਾਂ ਨੂੰ ਸੰਬੋਧਤ ਹੁੰਦਾ ਹੋਇਆ ਲਿਖਦਾ ਹੈ ਕਿ
‘ਆਓ ਰਲ ਕੇ ਪਸ਼ੂ-ਜੁੱਗ ਦਾ ਸੋਹਿਲਾ ਪੜ੍ਹੀਏ/ ਸੋਚ, ਸਮਾਂ, ਪਿੰਡ ਅੱਗੇ ਖੜੀਏ। ‘ ਇਥੇ ਸ਼ਬਦ
ਸੋਚ: ਮਾਨਵਵਾਦੀ ਵਿਚਾਰਧਾਰਾ ਦਾ ਸੂਚਕ ਹੈ, ਸਮਾਂ: ਇਤਿਹਾਸ, ਅਤੇ ਪਿੰਡ: ਸਮਾਜ ਦਾ।
ਮਨੁੱਖੀ ਸਮਾਜ ਦੇ ਇਤਿਹਾਸਕ ਵਿਕਾਸ ਵਿਚਲੀ ਮਾਨਵਵਾਦੀ ਵਿਚਾਰਧਾਰਾ ਨੂੰ ਅੱਗੇ ਲਿਜਾਣ ਲਈ
ਉਸਨੇ ਕੁੱਝ ਧਾਰਨਾਵਾਂ ਵੀ ਪ੍ਰਸਤੁਤ ਕੀਤੀਆਂ ਹਨ ਜਿਵੇਂ, ਵਿਅਕਤੀ ਨੂੰ ਆਪਣੀ ਸੋਚ ਤੇ ਜੀਭ
ਨੂੰ ਗਹਿਣੇ ਨਹੀਂ ਧਰਨਾ ਚਾਹੀਦਾ, ਸਮਾਜ ਵਿੱਚ ਹੁੰਦੇ ਮੰਦੇ ਕੰਮ ਨੂੰ ਤੁਰੰਤ ਮੰਦਾ ਆਖ
ਦੇਣਾ ਚਾਹੀਦਾ ਹੈ, ਗੁਆਂਢੀ ਨਾਲ ਹੁੰਦੇ ਅਨਿਆਂ ਤੋਂ ਨਜ਼ਰ ਚੁਰਾ ਕੇ ਚੁੱਪ ਕਰਕੇ ਅੰਦਰ ਲੁਕ
ਕੇ ਨਹੀਂ ਬੈਠ ਜਾਣਾ ਚਾਹੀਦਾ, ਕਪਟੀ ਸ਼ਬਦਾਂ ਦੇ ਟੂਣੇ ਤੋਂ ਬਚਣਾ ਚਾਹੀਦਾ ਹੈ, ਸਮਾਜ ਵਿੱਚ
ਧਰਮ-ਬੋਲੀ-ਫ਼ਲਸਫੇ ਤੇ ਕੌਮ ਦੇ ਨਾਂ ਉੱਤੇ ਲਗਦੇ ਨਾਅਰਿਆਂ ਦੇ ਉਹਲੇ ਲੁਕੀ ਸੱਚੇ ਨਾਅਰੇ ਦੀ
ਕਿਲਕਾਰੀ ਦੀ ਪਛਾਣ ਕਰਨੀ ਚਾਹੀਦੀ ਹੈ, ਜੀਵਨ ਵਿਚੋਂ ਬੇਲੋੜੀ ਕਾਹਲ਼ੀ ਨੂੰ ਕੱਢਣਾ ਚਾਹੀਦਾ
ਹੈ, ਰਵਾਂ ਰਵੀ ਜੀਣ ਦੀ ਆਦਤ ਧਾਰਨ ਕਰਨੀ ਚਾਹੀਦੀ ਹੈ, ਇਹ ਵਿਚਾਰ ਦਿਲ ‘ਚ ਵਸਾਉਣਾ ਚਾਹੀਦਾ
ਹੈ ਕਿ ਜੀਵਨ ਉਸਨੂੰ ਸਤਿਕਾਰਦਾ ਹੈ ਜੋ ਮੌਤ ਨੂੰ ਵੰਗਾਰਦਾ ਹੈ, ਕਿਉਂ ਕਾਹਤੋਂ ਕਿੰਤੂ ਦੀ
ਆਦਤ ਜਿਊਂਦੀ ਰੱਖੋ, ਹੱਡ-ਹਰਾਮੀ ਨਾ ਬਣੋ …।
ਗੁਰਚਰਨ ਰਾਮਪੁਰੀ ਉਪਰੋਕਤ ਧਾਰਨਾਵਾਂ ਦੀ ਸਿਰਜਣਾ ਇਸ ਲਈ ਕਰ ਸਕਿਆ ਹੈ ਕਿਉਂਕਿ ਉਸਨੂੰ
ਦਵੰਦਾਤਮਕ ਇਤਿਹਾਸਕ ਭੌਤਿਕਵਾਦ ਦੀ ਨਾ ਕੇਵਲ ਸਮਝ ਹੈ ਬਲਕਿ ਇਸ ਸਮਝ ਨੂੰ ਕਵਿਤਾ ਵਿੱਚ ਢਾਲ
ਸਕਣ ਦੀ ਕਾਵਿ ਯੋਗਤਾ ਵੀ ਹਾਸਲ ਹੈ। ਉਸਦਾ ਕਾਵਿ-ਤਰਕ ਹੈ ਕਿ ਮਨੁੱਖੀ ਸਮਾਜ ਦੇ ਇਤਿਹਾਸਕ
ਵਿਕਾਸ ਦੌਰਾਨ ਵਿਅਕਤੀ ਨੇ ਆਪਣੇ ਭਲੇ ਲਈ ਜੋ ਧਰਮ, ਸਿਆਸਤ, ਰੱਬ ਤੇ ਫਲਸਫੇ ਸਿਰਜੇ ਹਨ,
ਉਹੀ ਉਸਨੂੰ ਚਾਬਕਾਂ ਮਾਰ ਕੇ ਰੁਆ ਰੁਆ ਕੇ ਮੌਤ ਦੇ ਘਾਟ ਉਤਾਰ ਰਹੇ ਹਨ; ਉਸ ਹੱਥੋਂ ਰੋਟੀ
ਤੇ ਸਮਝ ਖੋਹ ਕੇ ਉਸਨੂੰ ਆਪਣੇ ਆਪਣੇ ਅਖੌਤੀ ਸੱਚ ਦੇ ਪਾਠ ਪੜ੍ਹਨ ਲਈ ਮਜਬੂਰ ਕਰ ਰਹੇ ਹਨ।
ਕਵੀ ਰੱਬ, ਧਰਮ, ਸਿਆਸਤ ਤੇ ਫਲਸਫੇ ਜਿਹੇ ਵਰਤਾਰਿਆਂ ਨਾਲ ਦਸਤਪੰਜਾ ਲੈਣ ਲਈ ਸ਼ਬਦ ਦੀ ਸ਼ਕਤੀ
ਦਾ ਸਹਾਰਾ ਲੈਂਦਾ ਹੈ ਕਿਉਂਕਿ ਉਸ ਲਈ ਸ਼ਬਦ ‘ਅਕਾਲ‘ ਹੈ। ਸ਼ਬਦ ਦੇ ਅਕਾਲ ਸਰੂਪ ਦੀ ਵਰਤੋਂ
ਸਦਕਾ ਹੀ ਉਹ ਕਹਿ ਉੱਠਦਾ ਹੈ: ਸੱਚ ਦੁਨੀਆਂ ਦਾ ਹੈ ਵੱਡਾ ਦੀਨ ਕੋਲੋਂ/ ਰੱਬ ਤੇ ਮਾਇਆ ਨੇ
ਇਕੋ ਜਾਲ ਦੀਆਂ ਰੱਸੀਆਂ। ਅੰਬਰੀਂ ਜੇ ਉੱਡਣਾ ਹੈ ਜਾਲ਼ ਨੂੰ ਕੱਟੋ ਪਰ੍ਹਾਂ। … ਸੱਚ ਕੋਈ ਵੀ
ਨਹੀਂ ਹੈ ਆਖਰੀ/ ਸੱਚ ਤਾਂ ਰਾਹ ਹੈ ਕੋਈ ਮੰਜ਼ਿਲ ਨਹੀਂ/ਤੇਰੀ ਮੰਜ਼ਿਲ ਤਾਂ ਹੈ ਰੌਸ਼ਨ ਜ਼ਿੰਦਗੀ।
… ਹੋਵੇ ਗੱਦੀਦਾਰ ਦੀ ਜਾਂ ਬਾਗ਼ੀ ਦੀ ਤਲਵਾਰ/ ਜੋ ਲੋਕਾਂ ਦੀ ਜੀਭ ਨੂੰ ਜਿੰਦਰਾ ਦੇਂਦੀ ਮਾਰ।
ਅੰਬਰ ਉੱਡਣ ਲਾਣ ਥਾਂ ਦਏ ਪਤਾਲ ਉਤਾਰ/ਕੁਝ ਵੀ ਹੋਵੇ ਉਹ ਲੋਕਾਂ ਦੀ ਨਹੀਂ ਯਾਰ। … ਹੁਣ
ਸੋਚਦਾ ਹਾਂ ਕਿ ਇਹ ਝੰਡੇ, ਸਿਧਾਂਤ, ਨਾਅਰੇ/ ਕਿੰਨਾ ਕੁ ਹੈਨ ਓਹਲਾ/ ਸੱਤਾ ਦੀ ਭੁੱਖ ਦਾ
ਹੀ/ ਜੀਵਨ ‘ਚ ਨ੍ਹੇਰ ਹੈ ਜੇ/ ਕਿਸ ਕੰਮ ਫਲਸਫਾ ਹੈ? … ਯੁੱਗ-ਪੁਰਸ਼/ਫਲਸਫ਼ੀ ਜੋ/ ਆਦਰਸ਼
ਕਲਪਦੇ ਰਹੇ/ ਬਣਿਆ ਹੈ ਕੀ ਉਹਨਾਂ ਦਾ? … ਕੁਈ ਕਰਾਂਤੀ ਦਗ਼ਾ ਕਿਉਂ/ ਆਪਣੇ ਹੀ ਨਾਲ ਕਰਦੀ
….ਇਤਿਆਦਿ।
ਉਂਝ ਤਾਂ ਗੁਰਚਰਨ ਰਾਮਪੁਰੀ ਜੀਵਨ ਦੇ ਖੁਸ਼ੀ, ਪੀੜਾ, ਗ਼ਮ, ਪਿਆਰ, ਵਿਰੋਧ ਆਦਿ ਪੱਖਾਂ ਨੂੰ
ਆਪਣੀ ਕਵਿਤਾ ਦੇ ਵਿਸ਼ੇ ਬਣਾਉਂਦਾ ਹੈ ਪਰ ਰਾਜਨੀਤੀ ਤੇ ਮਜ਼ਹਬ ਉਸਦੇ ਮਨਪਸੰਦ ਵਿਸ਼ੇ ਹਨ। ਉਸਨੇ
ਵੀਹਵੀਂ ਸਦੀ ਵਿੱਚ ਵਾਪਰੀਆਂ ਪ੍ਰਾਂਤਕ, ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਰਾਜਨੀਤਕ
ਘਟਨਾਵਾਂ ਤੇ ਕ੍ਰਾਂਤੀਕਾਰੀ ਸੁਰਾਂ ਨੂੰ ਆਲੋਚਨਾਤਮਕ ਯਥਾਰਥਵਾਦੀ ਦ੍ਰਿਸ਼ਟੀ ਤਹਿਤ
ਪੁਣਿਆ-ਛਾਣਿਆ ਹੈ। ਮਿਸਾਲ ਦੇ ਤੌਰ ‘ਤੇ ਪਹਿਲੀ ਤੇ ਦੂਸਰੀ ਸੰਸਾਰ ਜੰਗ ਦੀ ਤਬਾਹੀ ਦਾ ਹਾਲ;
ਜੈਤੋ, ਬਜਬਜ ਤੇ ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ; ਨਾ ਮਿਲਵਰਤਣ ਲਹਿਰ;
ਦੇਸ਼-ਵੰਡ ਵੇਲੇ ਹੋਈ ਕਤਲੋਗ਼ਾਰਤ; ਸੰਸਾਰ ਅਮਨ ਲਹਿਰ ਦਾ ਹੋਕਾ; ਤਿਲੰਗਾਨਾ ਦਾ ਮਹਾਂ ਘੋਲ;
ਰੂਸ ਤੇ ਚੀਨ ਦੀਆਂ ਸਮਾਜਵਾਦੀ ਨੀਤੀਆਂ ਉੱਤੇ ਸ਼ੱਕ; ਭਾਰਤੀ ਕਮਿਊਨਿਸਟ ਪਾਰਟੀ ਦੀ ਦੁਫਾੜ
ਸਥਿਤੀ; ਅਫਰੀਕੀ ਮਹਾਂਦੀਪ ਦੇ ਲੋਕ ਮੁਕਤੀ ਸੰਗਰਾਮ, ਕੈਨੇਡਾ ਦੇ ਆਦਿ-ਵਾਸੀ ਇੰਡੀਅਨਾਂ ਨਾਲ
ਹੋਏ ਇਤਿਹਾਸਕ ਧੱਕੇ; ਸਾਮਰਾਜੀ ਮੁਲਕਾਂ ਖਿਲਾਫ਼ ਉੱਠੀ ਏਸ਼ੀਆਈ ਦੇਸ਼ਾਂ ਦੀ ਸਾਂਝੀ ਗਰਜ,
ਕੇਂਦਰ ਤੇ ਪੰਜਾਬ ‘ਚ ਰਾਜ ਕਰਦੀਆਂ ਪਾਰਟੀਆਂ ਦੇ ਅਮਾਨਵੀ ਚਰਿੱਤਰ: ਪੰਜਾਬ, ਦਿੱਲੀ ਤੇ
ਕਾਨਪੁਰ ਵਿੱਚ ਹੋਏ ਦੰਗੇ ਤੇ ਦਹਿਸ਼ਤਗਰਦੀ ਦਾ ਮਾਹੌਲ; ਕੋਰੀਆ-ਵੀਅਤਨਾਮ- ਚੇਕੋਸਲੋਵਾਕੀਆ ਤੇ
ਬੰਗਲਾਦੇਸ਼ ਦੇ ਸੂਰਬੀਰਾਂ ਦਾ ਜਸ ਗਾਇਨ ਇਤਿਆਦਿ।
ਰਾਜਨੀਤਕ ਪ੍ਰਸੰਗਾਂ ਦੀ ਸੰਕੇਤਕ ਪੇਸ਼ਕਾਰੀ ਗੁਰਚਰਨ ਰਾਮਪੁਰੀ ਦੀ ਸਥਾਪਤੀ ਵਿਰੋਧੀ
ਵਿਚਾਰਧਾਰਾ ਨੂੰ ਹੀ ਉਘਾੜਦੀ ਹੈ ਕਿਉਂਕਿ ਰਾਮਪੁਰੀ ਨੇ ਆਪਣੀ ਕਵਿਤਾ ਵਿੱਚ ਹਰ ਉਸ ਸਰਕਾਰੀ
ਤੇ ਗ਼ੈਰ-ਸਰਕਾਰੀ ਤਸ਼ੱਦਦ ਦਾ ਵਿਰੋਧ ਕੀਤਾ ਹੈ ਜੋ ਆਮ ਲੋਕਾਂ ਦੇ ਸਮਾਜਕ, ਆਰਥਿਕ ਤੇ
ਰਾਜਨੀਤਕ ਜੀਵਨ ਨੂੰ ਤਬਾਹ ਕਰਦਾ ਹੈ। ਏਸੇ ਲਈ ਨਿਸਚਤ ਇਤਿਹਾਸਕ ਪ੍ਰਸੰਗ ਵਿੱਚ ਉਸਨੂੰ
‘ਹਾਕਮਾਂ‘ ਤੇ ‘ਭਗੌੜਿਆਂ‘ ਵਿੱਚ ਅੰਤਰ ਨਜ਼ਰ ਨਹੀਂ ਆਉਂਦਾ। ਉਸਨੂੰ ਦੋਵੇਂ ਇਕੋ ਢਾਣੀ ਦੇ
ਡਾਕੂ ਜਾਪਦੇ ਹਨ ਜਿਹਨਾਂ ਦਾ ਕੰਮ ਲੋਕ-ਸਾਂਝਾਂ ਨੂੰ ਲੁੱਟਣਾ ਹੋਵੇ। ਰਾਮਪੁਰੀ ਦੀ ਨਜ਼ਰ ‘ਚ
‘ਰਾਜ‘ ਲੋਟੂ ਜਮਾਤ ਦੀ ਸਰਦਾਰੀ ਨੂੰ ਕਾਇਮ ਰੱਖਣ ਅਤੇ ਸਮਾਜ ਵਿੱਚ ਲੁੱਟ-ਖਸੁੱਟ ਨੂੰ
ਬਦਸਤੂਰ ਜਾਰੀ ਰੱਖਣ ਵਾਲੀ ਹੀ ਇੱਕ ਸੰਸਥਾ ਹੈ। ਏਸੇ ਲਈ ਉਹ ਅਖੌਤੀ ਵਿਦਵਾਨਾਂ ਤੇ ਹਾਕਮਾਂ
ਦੀ ਭਿਆਲੀ ਨੂੰ ਪਛਾਣ ਸਕਿਆ ਹੈ, ‘ਕ੍ਰਾਂਤੀ‘ ਨੂੰ ਆਪਣੇ ਨਾਲ ਹੀ ਦਗ਼ਾ ਕਮਾਉਂਦੀ ਨੂੰ ਦੇਖ
ਸਕਿਆ ਹੈ, ਰਾਜ ਅੰਦਰ ਕਾਰਜ ਕਰਦੀ ਉਸ ‘ਸ਼ਕਤੀ‘ ਨੂੰ ਵੇਖ ਸਕਿਆ ਹੈ ਜੋ ਆਮ ਮਨੁੱਖੀ
ਜ਼ਿੰਦਗੀਆਂ ਵਿੱਚ ਅਰਥਹੀਣਤਾ ਦੇ ਅਹਿਸਾਸ ਪੈਦਾ ਕਰਦੀ ਹੈ। ਏਸੇ ਲਈ ਰਾਮਪੁਰੀ ਦੀ
ਕਾਵਿ-ਦ੍ਰਿਸ਼ਟੀ ਅੰਦਰ ਸਮਾਜਵਾਦੀ ਰਾਜ ਦਾ ਸੰਕਲਪ ਕਾਰਜਸ਼ੀਲ ਹੋ ਉੱਠਦਾ ਹੈ।
ਗੁਰਚਰਨ ਰਾਮਪੁਰੀ ਅਜਿਹੀ ਕਵਿਤਾ ਇਸ ਲਈ ਸਿਰਜ ਸਕਿਆ ਹੈ ਕਿਉਂਕਿ ਉਸਨੇ ਆਪਣੇ ਜੀਵਨ ਵਿੱਚ
ਭਾਰਤ ਦੇ ਆਮ ਲੋਕਾਂ ਦੀ ਲੁੱਟ-ਖਸੁੱਟ ਨੂੰ ਬੜੀ ਸ਼ਿੱਦਤ ਨਾਲ ਮਹਿਸੂਸਿਆ ਤੇ ਹੰਢਾਇਆ ਹੈ।
ਮਗਰੋਂ ਕੈਨੇਡਾ ਵਰਗੇ ਅਤਿ ਉੱਨਤ ਦੇਸ਼ ‘ਚ ਰਹਿੰਦਿਆਂ ਵੀ ਵਿਸ਼ਵ ਕ੍ਰਾਂਤੀ ਦੇ ਇਤਿਹਾਸ ਨੂੰ
ਉਸਨੇ ਘੋਖਿਆ ਅਤੇ ਵੇਲੇ ਦੀ ਸਮਾਜਕ ਤੇ ਰਾਜਸੀ ਹਕੀਕਤ ਨੂੰ ਜਾਣਿਆ ਹੈ। ਅਜਿਹੇ ਹੰਢਾਏ,
ਘੋਖੇ ਤੇ ਸਮਝੇ ਨੂੰ ਲੋਕਾਂ ਦਾ ਕਵੀ ਬਣ ਕੇ ਉਸ ਨੇ ਬਿਆਨਿਆ ਹੈ। ਕਿਉਂਕਿ ਲੋਕ-ਕਵੀ ਆਪਣੇ
ਸਮੇਂ ਦੇ ਹਾਣੀ ਹੋਇਆ ਕਰਦੇ ਨੇ। ਅਤੇ ਜਿਵੇਂ ਸੰਤੋਖ ਸਿੰਘ ਧੀਰ ਨੇ ਮੰਨਿਆ ਹੈ, ਰਾਮਪੁਰੀ
ਤਾਂ ਹੈ ਹੀ ਲੋਕ-ਜੁੱਗ ਦਾ ਸਮਰੱਥ ਕਵੀ।
ਖੇਤਰੀ ਹੱਦ-ਬੰਦੀਆਂ ਦੀ ਕੈਦੋਂ ਮੁਕਤ ਸਰਬ ਵਿਆਪਕ ਮਾਨਵਤਾ ਨਾਲ ਸਾਂਝ ਪਾਉਣ ਵਾਲੇ ਸਾਡੇ ਇਸ
ਲੋਕ-ਕਵੀ ਨੇ ਚੋਣਵੇਂ ਇਤਿਹਾਸਕ ਤੇ ਮਿਥਿਹਾਸਕ ਵਰਤਾਰਿਆਂ ਨੂੰ ਕਾਵਿ-ਮਾਧਿਅਮ ਵਜੋਂ ਚੁਣਿਆ
ਹੈ। ਏਸੇ ਲਈ ਉਸਦੀ ਕਵਿਤਾ ਵਿੱਚ ਇਤਿਹਾਸਕ ਤੇ ਮਿਥਿਹਾਸਕ ਪ੍ਰਤੀਕਾਂ ਦੀ ਭਰਮਾਰ ਪਾਈ ਜਾਂਦੀ
ਹੈ। ਉਸਨੇ ਬਾਬਰ, ਮਲਕ ਭਾਗੋ, ਹਿਟਲਰ, ਚੰਗੇਜ਼ ਖਾਂ, ਨਾਦਰ ਸ਼ਾਹ, ਔਰੰਗਜ਼ੇਬ, ਕਾਰੂ ਬਾਦਸ਼ਾਹ,
ਕੌਟਲਯ, ਚਾਣਕਯ, ਨੱਥੂ ਰਾਮ ਗੌਡਸੇ, ਨਾਜ਼ੀ ਡਾਕਟਰ ਮੈਂਗਲੇ, ਰਾਵਣ, ਦੁਰਯੋਧਨ, ਹਰਨਾਖਸ਼,
ਮਨੂੰ ਇਤਿਆਦਿ ਨੂੰ ਅੱਜੋਕੇ ਮਾਨਵ ਦੇ ਖਲਨਾਇਕੀ ਗੁਣਾਂ ਨੂੰ ਦਰਸਾਉਣ ਲਈ ਵਰਤਿਆ ਹੈ। ਅਤੇ
ਭਗਤ ਸਿੰਘ, ਊਧਮ ਸਿੰਘ, ਲੁਮੂੰਬਾ, ਚੀ-ਗਵੇਰਾ, ਮਾਓ, ਰਾਮ ਪ੍ਰਸਾਦ ਬਿਸਮਿਲ, ਜਮੀਲਾ,
ਡਾ.ਕਿਚਲੂ, ਨਾਨਕ, ਹਾਸ਼ਮ, ਗ਼ਾਲਿਬ, ਨਹਿਰੂ, ਪਾਬਲੋ ਪਿਕਾਸੋ, ਸੂਰਦਾਸ, ਤੁਲਸੀ, ਗੋਬਿੰਦ
ਸਿੰਘ, ਗੁਰੂ ਅਰਜਨ, ਬੁੱਲ੍ਹਾ, ਸਰਵਣ, ਪ੍ਰਹਿਲਾਦ, ਸ਼ਿਵ, ਪਾਰੋ, ਵਿਸ਼ਵਾਮਿੱਤਰ, ਮੇਨਕਾ,
ਗੌਤਮ-ਅਹੱਲਿਆ, ਮਿਰਜ਼ਾ, ਹੀਰ, ਰਾਂਝਾ, ਪਾਂਡਵ, ਕ੍ਰਿਸ਼ਨ, ਮਨਸੂਰ, ਈਸਾ, ਰਿਸ਼ੀ ਵਿਆਸ, ਰਿਸ਼ੀ
ਬਾਲਮੀਕ, ਹਨੂੰਮਾਨ ਇਤਿਆਦਿ ਨੂੰ ਨਾਇਕੀ ਗੁਣਾਂ ਵਾਸਤੇ। ਰਾਮਪੁਰੀ ਦੀ ਕਵਿ-ਵਿਸ਼ੇਸ਼ਤਾ ਇਸ
ਗੱਲ ਵਿੱਚ ਹੈ ਕਿ ਉਸਨੇ ਇਹਨਾਂ ਨਾਇਕੀ ਤੇ ਖਲਨਾਇਕੀ ਗੁਣਾਂ ਵਾਲੇ ਇਤਿਹਾਸਕ-ਮਿਥਿਹਾਸਕ
ਪਾਤਰਾਂ ਨੂੰ ਵਿਅੰਗ ਦੇ ਰੂਪ ਵਜੋਂ ਵਰਤ ਕੇ ਆਪਣੀ ਕਾਵਿ-ਕਲਾ ਨੂੰ ਅਨੋਖੀ ਨੁਹਾਰ ਪ੍ਰਦਾਨ
ਕੀਤੀ ਹੈ। ਮਿਸਾਲ ਦੇ ਤੌਰ ‘ਤੇ ਕੁੱਝ ਕਾਵਿ-ਟੋਟੇ ਲੈਂਦੇ ਹਾਂ:
ਅੱਜ ਮਨੁੱਖਤਾ ਹੋਈ ਮੂਰਛਤ
ਹਨੂੰਮਾਨ ਦਾ ਸੁਆਂਗ ਰਚਾਉਂਦਾ ਹੈ ਸ਼ਹਿਜ਼ਾਦਾ
ਪਰ ਸਰਬੌਖਧ ਪਰਬਤ ਦੇ ਰਾਹੇ ਨਾ ਪੈਂਦਾ
ਪੂਛ ਆਪਣੀ ਨੂੰ ਲਾਟ ਬਣਾ ਕੇ
ਆਪ ਅਯੁੱਧਿਆ ਵਿੱਚ ਉਹ ਟਹਿਲ ਰਿਹਾ ਹੈ
ਗੁਰਚਰਨ ਰਾਮਪੁਰੀ ਬੁਨਿਆਦੀ ਤੌਰ ‘ਤੇ ਆਪਣੇ ਸਮਿਆਂ ਦੇ ਵਸਤੂਗਤ ਯਥਾਰਥ ਨੂੰ ਆਲੋਚਨਾਤਮਕ
ਨਜ਼ਰੀਏ ਨਾਲ ਪੇਸ਼ ਕਰਨ ਵਾਲਾ ਅਜਿਹਾ ਕਵੀ ਹੈ ਜਿਸਦਾ ਦਿਲ ਆਮ ਲੋਕਾਂ ਲਈ ਧੜਕਦਾ ਹੈ। ਸ਼ਾਇਦ
ਏਸੇ ਲਈ ਉਸਨੇ ਭਾਰਤੀ ਇਤਿਹਾਸ ਤੇ ਮਿਥਿਹਾਸ ਦੇ ਮਹੱਤਵਪੂਰਨ ਕਿਰਦਾਰਾਂ ਨੂੰ ਵਿਅੰਗਭਾਵੀ
ਦ੍ਰਿਸ਼ਟੀ ਤੋਂ ਚਿਤਰਿਆ ਹੈ; ਵਰਤਮਾਨ ਸਮਾਜਕ ਯਥਾਰਥ ਦੇ ਵਿਭਿੰਨ ਕਰੂਰ ਪੱਖਾਂ ਦੀ ਸਮਝ
ਪ੍ਰਦਾਨ ਕਰਨ ਲਈ।
ਜਿੱਥੇ ਰਾਮਪੁਰੀ ਨੇ ਇਤਿਹਾਸਕ ਤੇ ਮਿਥਿਹਾਸਕ ਕਿਰਦਾਰਾਂ ਨੂੰ ਪ੍ਰਤੀਕਾਂ ਦੇ ਰੂਪ ਵਿੱਚ ਵਰਤ
ਕੇ ਆਪਣੀ ਕਵਿਤਾ ਦਾ ਕਲਾਤਮਕ ਨਿਰਮਾਣ ਕੀਤਾ ਹੈ ਉੱਥੇ ਪੰਜਾਬੀ ਸਮਾਜ, ਸਾਹਿਤ ਤੇ ਸਭਿਆਚਾਰ
ਵਿੱਚ ਆਮ ਪ੍ਰਚਲੱਤ ਰਵਾਇਤੀ ਰੂਪਕਾਂ ਦੀ ਵਰਤੋਂ ਵੀ ਏਸੇ ਮੰਤਵ ਲਈ ਕੀਤੀ ਹੈ ਜਿਵੇਂ, ਹੰਸ,
ਮੋਰ, ਨਾਗ, ਭੇਡ, ਕਬੂਤਰ, ਸ਼ੇਰ, ਕੋਇਲ, ਕਾਂ, ਬੁਲਬੁਲ, ਗਿਰਝ, ਢੱਗਾ, ਚੂਹਾ, ਬਘਿਆੜ,
ਹਲਕੇ ਕੁੱਤੇ, ਜੰਗਲੀ ਬਿੱਲਾ, ਜੋਕ, ਮਿਰਗ, ਘੁੱਗੀ, ਬਾਜ਼, ਚਿੜੀ, ਜੁਗਨੂੰ, ਡਾਚੀ, ਬਟੇਰਾ,
ਸ਼ਿਕਰਾ ਆਦਿ। ਇਥੇ ਕੁੱਝ ਉਦਾਹਰਣਾਂ ਲੈਂਦੇ ਹਾਂ ਜਿਹਨਾਂ ਵਿੱਚ ਰਾਮਪੁਰੀ ਨੇ ਅਜਿਹੇ ਰੂਪਕਾਂ
ਨੂੰ ਪ੍ਰਤੀਕਾਂ ਵਿੱਚ ਤੇ ਪ੍ਰਤੀਕਾਂ ਨੂੰ ਅਗਾਂਹ ਕਾਵਿ-ਬਿੰਬ ਵਜੋਂ ਉਘਾੜਿਆ ਹੈ:
ਮੋਰ ਮੋਰ ਨੱਚਦੇ ਵੀ ਰੋਈ ਜਾਂਦੇ ਨੇ
ਹੰਸ ਮਰਦੇ ਸਮੇਂ ਵੀ ਗੌਂਦਾ ਹੈ
ਘੁੱਗੀ: ਅੱਜ ਘੁੱਗੀ ਦੇ ਫਰਕਣ ਖੰਭ, ਓਏ!
ਜਿਊਣਾ ਚਾਹੁੰਦੀ ਏ ਹੁਣ
ਗਈ ਮਰ ਮਰ ਜ਼ਿੰਦਗੀ ਹੰਭ, ਓਏ!
ਕੋਇਲ: ਕਿਹੜਾ ਬੂਰ ਅੰਬਾਂ ਦਾ ਝਾੜੇ? ਕੋਇਲ ਬੋਲ ਰਹੀ
ਸਾਡੇ ਪਿੱਪਲਾਂ ‘ਤੇ ਘੁੱਗੀਆਂ ਬੋਲਣ: ਜੀਣ ਸਾਡੇ ਭੋਲੇ ਬੱਚੜੇ
ਹੰਸ: ਹੰਸ ਦਿਲ ਦੇ ਨੂੰ ਚੋਗ ਪਾਵਣ ਲਈ
ਕਿੰਨੇ ਹੰਝੂ ਯੁਗਾਂ ਨੇ ਕੇਰੇ ਨੇ
ਡਾਚੀ: ਪਿਆਰ ਦੀ ਭਟਕਣ ਨੂੰ ਡਾਚੀ ਦਾ ਖੁਰਾ ਹੈ ਲੱਭਿਆ
ਆਪ ਮੰਜ਼ਿਲ ਰਾਹੀਆਂ ਨੂੰ ਪਈ ਹਾਕਾਂ ਮਾਰਦੀ
ਜੁਗਨੂੰ: ਆਸ ਦਾ ਜੁਗਨੂੰ ਫਿਰ ਆ ਕੇ ਦਿਲ ਦੀ ਲਗਰੇ ਬਹਿ ਗਿਆ
ਮੱਸਿਆ ਮੇਰੀ ਦੇ ਮੱਥੇ ਚੰਨ ਚਮਕੇ ਨੇ ਕਈ
ਮਿਰਗ: ਮੇਰੇ ਅੰਬਰ ਦੇ ਸਭ ਤਾਰੇ ਚੋਰੀ ਹੋ ਗਏ
ਨਫ਼ਰਤ ਦੀ ਸਭਯਤਾ ਨੇ ਮੇਰਾ ਨੂਰ ਗ੍ਰੱਸਿਆ
ਮਿਰਗਾਂ ਦੇ ਗਲ਼ ਸੰਗਲ਼ ਪਾਏ
ਬੁਲਬੁਲ: ਹੁਣ ਸਮਿਆਂ ਦੇ ਓਸ ਮੋੜ ‘ਤੇ ਆ ਪਹੁੰਚੇ ਹਾਂ
ਜਿੱਥੇ ਡਰ ਹੈ / ਰਾਖੀ ਖਾਤਰ ਲਾਏ ਪਹਿਰੇ
ਰੁਮਕਦੀਆਂ ‘ਵਾਵਾਂ ਦੇ ਰਾਹ ਵਿੱਚ ਹੋ ਨਾ ਜਾਵਣ ਕੰਧਾਂ
ਕਾਵਾਂ ਖਾਤਰ ਤਣੇ ਗੁਲੇਲੇ/ ਮਤੇ ਬੁਲਬੁਲਾਂ ਮਾਰ ਮੁਕਾਵਣ
ਉੱਲੂ: ਉੱਲੂ ਹਰ ਥਾਂ/ ਨ੍ਹੇਰ ਉਜਾੜਾਂ ਚਾਹਣ
ਜੋਕ: ਹੁਣ ਮਿਰੇ ਪਿੰਡ ਸਹਿਮ-ਝੰਡੇ ਝੂਲਦੇ ਨੇ
ਕੈਦ ਭੈਅ ਦੀ ਮਹਾਂ ਕਰੜੀ
ਸਹਿਮ ਦੇ ਪਹਿਰੇ ਤਾਂ ਰੱਤ ਹਰ ਪਲ ਸੁਕੇਂਦੀ
ਜੋਕ ਏਹੇ ਕਦੇ ਵੀ ਰੱਜਦੀ ਨਹੀਂ ਹੈ
ਢੱਗਾ: ਢੱਗਾ ਸਮਝ ਰਿਹਾ / ਕੋਹਲੂ ਦਾ ਚਾਲਕ ਓਹੋ
ਸਰ੍ਹੋਂ ਨਪੀੜੀ ਦੀ ਕਿਸਮਤ ਦਾ ਮਾਲਕ ਓਹੋ
ਨਾਗ/ਕੁੱਤੇ: ਖੂਨ ਦਾ ਮਾਰੂ ਤਮਾਸ਼ਾ ਹੋ ਰਿਹਾ ਹੈ ਦੇਰ ਤੋਂ
ਕਾਲਿਆਂ ਨਾਗਾਂ ਤੇ ਹਲਕੇ ਕੁੱਤਿਆਂ ਦੀ
ਭੀੜ ਵਿੱਚ ਲੋਕੀਂ ਘਿਰੇ ਹਨ
ਬਾਜ਼/ਚਿੜੀ: ਜ਼ਿੰਦਗੀ ਤੇ ਜ਼ੋਰ ਦੀ ਤਾਂ ਲਗਦੀ ਆਈ ਸਦਾ
ਬਾਜ਼ ਨੂੰ ਮਾਸੂਮ ਚਿੜੀਆਂ ਦੀ ਉਡਾਰੀ ਕਦੇ ਵੀ ਭਾਈ ਨਹੀਂ
ਸ਼ੇਰ/ਭੇਡ: ਹੁਣੇ ਮੈਂ ਸੋਚਿਆ ਹੈ/ ਕਿ ਇਹਨਾਂ ਖਾਤਰ ਬਲੀ ਚੜ੍ਹਨੋਂ ਚੰਗੇਰਾ ਹੈ:
ਇਹਨਾਂ ਦੀ ਖੇਡ ਨੂੰ ਸਮਝਾਂ/ ਮੈਂ ਆਪਣੀ ਭੇਡ ਨੂੰ ਖੁਦ ਮਾਰਾਂ
ਕਿ ਸ਼ੇਰਾਂ ਨੂੰ ਕੋਈ ਮੁੰਨਦਾ ਨਹੀਂ ਹੈ
ਚੂਹੇ, ਸੱਪ: ਕੋਈ ਵਿਰਲਾ ਮਰਦ-ਅਗੰਮੜਾ
ਬਘਿਆੜ ਚੂਹੇ ਸੱਪ ਬਘਿਆੜਾਂ ਦੇ ਸਿਰ ਕੁਚਲਣ ਖਾਤਰ
ਮੋਢੇ ਖੂੰਡਾ, ਜਾਨ ਤਲੀ ‘ਤੇ ਧਰ ਕੇ
ਗਲ਼ੀਏਂ ਗੇੜਾ ਮਾਰ ਰਿਹਾ ਹੈ
ਉਪਰੋਕਤ ਹਵਾਲਿਆਂ ਤੋਂ ਸਪਸ਼ਟ ਹੁੰਦਾ ਹੈ ਕਿ ਗੁਰਚਰਨ ਰਾਮਪੁਰੀ ਸਥਾਪਤੀ ਦਾ ਕਵੀ ਨਹੀਂ ਹੈ।
ਉਹ ਤਾਂ ਸਥਾਪਤੀ ਦੀਆਂ ਲੋਕ-ਵਿਰੋਧੀ ਕੁਚਾਲਾਂ ਨੂੰ ਗਰਮ ਖਿਆਲਾਂ ਨਾਲ ਨੋਚ ਕੇ ਲੋਕ ਸ਼ਕਤੀ
ਦੀ ਪੈਰਵੀ ਕਰਨ ਵਾਲਾ ਪ੍ਰਤੀਬੱਧ ਕਵੀ ਹੈ। ਲੋਕ-ਪੀੜਾ ਦੇ ਵਰਤਮਾਨ ਸਰੂਪ ਨੂੰ ਦੇਖਦਾ ਹੋਇਆ
ਧਰਮ ਤੇ ਰਾਜਨੀਤੀ ਨੂੰ ਆੜੇ ਹੱਥੀਂ ਲੈਂਦਾ ਹੈ। ਉਸਦਾ ਕਵੀ-ਦਿਲ ਸਮਾਜਕ ਕ੍ਰਾਂਤੀ ਦੀ ਤਵੱਕੋ
ਰੱਖਣ ਦੇ ਨਾਲ ਨਾਲ ਸ਼ਾਂਤਮਈ ਜੀਵਨ ਜਿਊਣ ਦੀ ਜਾਚ ਨਾਲ ਵੀ ਭਰਿਆ ਪਿਆ ਹੈ। ਆਸ਼ਾਵਾਦੀ ਸੋਚ
ਉਸਦੇ ਅੰਗ-ਸੰਗ ਰਹਿੰਦੀ ਹੈ। ਏਸੇ ਲਈ ਉਹ ਪ੍ਰੇਮ, ਪੀੜਾ ਤੇਕ੍ਰਾਂਤੀ ਦੇ ਸੰਕਲਪਾਂ ਨੂੰ
ਬਦਲਦੇ ਸਮਾਜਕ, ਸਭਿਆਚਾਰਕ, ਰਾਜਨੀਤਕ ਤੇ ਆਰਥਿਕ ਪ੍ਰਸੰਗਾਂ
ਸਮੇਤ ਰੂਪਮਾਨ ਕਰਦਾ ਹੈ। ਕ੍ਰਾਂਤੀ ਨੂੰ ਉਹ ਰਾਜ-ਮੁਖੀ ਨਹੀਂ ਸਗੋਂ ਲੋਕ-ਮੁਖੀ ਸਰੂਪ ਦੀ
ਗਰਦਾਨਦਾ ਹੈ। ਏਸੇ ਲਈ ਉਹ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਸਭ ਰਾਜ-ਵਿਵਸਥਾਵਾਂ
ਦੀਆਂ ਨੀਤੀਆਂ ਉੱਤੇ ਸ਼ੱਕ ਕਰਦਾ ਹੈ। ਇੰਝ ਸਮਾਜਵਾਦੀ ਦੇਸ਼ਾਂ ਦੀਆਂ ਸਥਾਪਤੀਵਾਦੀ ਨੀਤੀਆਂ ਦਾ
ਸਮਰਥਨ ਕਰਨ ਵਾਲੇ ਤਥਾ-ਕਥਿਤ ਪ੍ਰਗਤੀਵਾਦੀ ਪੰਜਾਬੀ ਕਵੀਆਂ ਨਾਲੋਂ ਉਹ ਆਪਣੀ ਨਿਵੇਕਲੀ ਪਛਾਣ
ਬਣਾਉਣ ਵਿੱਚ ਸਫ਼ਲ ਹੁੰਦਾ ਹੈ। ਉਸਦੀ ਕਵਿਤਾ ਅੰਦਰ ਉਹ ਸਦੀਵੀ ਪ੍ਰਸ਼ਨ ਮੌਜੂਦ ਹਨ ਜਿਹਨਾਂ ਦੀ
ਭਾਲ ਲਈ ਕਵਿਤਾ ਦੀ ਸਿਰਜਣਾ ਹੁੰਦੀ ਹੈ ਅਤੇ ਜਿਹਨਾਂ ਦਾ ਸੰਬੰਧ ਵਿਅਕਤੀ ਦੇ ਭਾਵਮੂਲਕ,
ਹੋਂਦਮੂਲਕ ਤੇ ਵਿਦਰੋਹਮੂਲਕ ਸੁਭਾਅ ਦੇ ਚਿਤਰਣ ਨਾਲ ਹੈ। ਇਹਨਾਂ ਤਿੰਨਾਂ ਦੀ ਇਕ-ਇਕ ਮਿਸਾਲ
ਵੇਖੋ:
ਤੇਰੇ ਹੰਝੂਆਂ ਦੇ ਸਰਵਰ ਵਿਚ, ਡੁੱਬੀਆਂ ਸਾਡੀਆਂ ਸਾਰੀਆਂ ਗੱਲਾਂ
ਇਹ ਸੋਚਾਂ ਹੀ ਪੱਲੇ ਰਹੀਆਂ, ਆਪਣੀ ਕਹੀਏ? ਤੇਰੀ ਸੁਣੀਏ?
000
ਮੈਂ ਆਪਣੀ ਹਸਤੀ ਦੇ ਕਾਰਨਾਂ ਵਿੱਚ ਹੀ
ਹੋਂਦ ਆਪਣੀ ਗੁਆ ਲਈ ਹੈ
ਵਿਚਾਰਦਾ ਹਾਂ, ਮੈਂ ਆਪ ਕੀ ਹਾਂ?
000
‘ਹੁਣ‘ ਭਿਆਨਕ ‘ਭਵਿੱਖ‘ ਝਾਉਲਾ ਹੈ
ਸਾਰਾ ਜੀਵਨ ਹੀ ਰਾਮ ਰੌਲਾ ਹੈ
ਚੁੱਪ ਏਕਾਂਤ ਸ਼ਾਂਤੀ ਕਿੱਥੇ
ਮਰ ਗਈ ਕੱਲ੍ਹ ‘ਚ ਕੁੱਝ ਨਹੀਂ ਲੱਭਣਾ
ਉਹ ਕੇਵਲ ਬੇਜਾਨ ਕਬਰ ਹੈ
ਕਬਰਾਂ ਛੰਡ ਕੇ ਜਬਰ ਅੱਜੋਕੇ ਦੀ ਗੱਲ ਤੋਰੋ
ਜਾਂ ਆਉਂਦੀ ਸੁੰਦਰ ਸਰਘੀ ਦੀ
ਉੱਪਰ ਦਿੱਤੀਆਂ ਤਿੰਨ ਮਿਸਾਲਾਂ ਰਾਮਪੁਰੀ ਦੀ ਕਾਵਿ-ਦ੍ਰਿਸ਼ਟੀ ਦੇ ਤਿੰਨ ਰੰਗ ਸਾਕਾਰ ਕਰਦੀਆਂ
ਹਨ-ਰੁਮਾਂਸਵਾਦੀ, ਹੋਂਦਵਾਦੀ ਤੇ ਪ੍ਰਗਤੀਵਾਦੀ। ਏਸੇ ਲਈ ਉਸਦੀ ਕਵਿਤਾ ਵਿੱਚ
ਪ੍ਰੇਮ, ਆਤਮ ਪੀੜਾ ਤੇ ਕ੍ਰਾਂਤੀ ਦੇ ਸੰਕਲਪ ਘੁਲੇ ਮਿਲੇ ਨਜ਼ਰ ਆਉਂਦੇ ਹਨ। ਉਸਦੇ
ਕਾਵਿ-ਸਿਧਾਂਤ ਨੂੰ ਉਸ ਦੀਆਂ ਹੇਠ ਲਿਖੀਆਂ ਸਤਰਾਂ ਰਾਹੀਂ ਵੀ ਸਮਝਿਆ ਜਾ ਸਕਦਾ ਹੈ:
ਮੇਰੇ ਹੱਥਾਂ ਵਿੱਚ ‘ਗ਼ਾਲਿਬ‘ ਹੈ, ਮੇਰੇ ਹੱਥਾਂ ਵਿੱਚ ਸੂਰਜ ਹੈ
ਮੇਰੀ ਰੂਹ ਨੇ ਚਾਨਣ ਕੀਤਾ
ਮੇਰੇ ਹਿਰਦੇ ਸੂਰਦਾਸ ਹੈ, ਤੁਲਸੀ ਹਾਸ਼ਮ ਤੇ ਨਾਨਕ ਹੈ
ਸੈਆਂ ਸੂਰਜ ਚਮਕ ਰਹੇ ਨੇ, ਮਨ ਦੇ ਮਾਨ-ਸਰੋਵਰ ਉੱਤੇ
ਅਕਲ ਬੇਖੁਦੀ ਜੋਟੀ ਬੰਨ੍ਹ ਕੇ ਨੱਚ ਰਹੀਆਂ ਨੇ
‘ਅਕਲ‘ ਤੇ ‘ਬੇਖੁਦੀ‘ ਦਾ ਜੋਟੀ ਬੰਨ੍ਹ ਕੇ ਨੱਚਿਆ ਨਾਚ ਰਾਮਪੁਰੀ ਦੇ ਰੁਮਾਂਸਵਾਦੀ,
ਹੋਂਦਵਾਦੀ ਤੇ ਪ੍ਰਗਤੀਵਾਦੀ ਵਿਚਾਰਧਾਰਾਵਾਂ ਦੇ ਸੰਗਮ ਵੱਲ ਇਸ਼ਾਰਾ ਕਰਦਾ ਕਲਾਤਮਕ ਤੱਥ ਹੈ।
ਏਸੇ ਤੱਥ ਸਹਾਰੇ ਉਸਨੇ ਮਨੁੱਖੀ ਸਭਿਅਤਾ ਦਾ ਆਦਿ-ਬਿੰਦੂ ਮੰਨੇ ਗਏ ‘ਆਦਮ‘ ਤੇ ‘ਹਵਾ‘ ਨੂੰ
ਆਪਣੇ ਪ੍ਰਥਮ ਕਾਵਿ-ਨਾਇਕ ਬਣਾਇਆ ਹੈ ਅਤੇ ਅੱਜੋਕੇ ਨਰ ਤੇ ਨਾਰੀ ਨੂੰ ਇਹਨਾਂ ਦਾ ਹੀ ਵਿਕਸਤ
ਰੂਪ ਮੰਨਿਆ ਹੈ ਜੋ ਪ੍ਰੇਮ, ਪੀੜਾ ਤੇ ਵਿਦਰੋਹ ਦੇ ਭਾਵਾਂ ਨਾਲ ਗੜੁੱਚ ਹਨ। ਕੁਦਰਤ ਉਹਨਾਂ
ਦੇ ਅੰਗ-ਸੰਗ ਵਿਚਰਦੀ ਹੈ। ਉਹਨਾਂ ਦੇ ਦੁੱਖਾਂ ਤੇ ਸੁੱਖਾਂ ਦੀ ਭਾਈਵਾਲ ਬਣਦੀ ਹੈ। ਰਾਮਪੁਰੀ
ਦਾ ਖਿਆਲ ਹੈ ਕਿ ਕੁਦਰਤ ਵਿੱਚ ਕੁੱਝ ਵੀ ਅਕਾਰਨ ਨਹੀਂ ਵਾਪਰਦਾ ਅਤੇ ਜਦੋਂ ਵੀ ਕੁਦਰਤ ਮਨੁੱਖ
ਸਾਹਵੇਂ ਸਵਾਲ ਪਾਉਂਦੀ ਹੈ ਤਾਂ ਉਹ ਉੱਤਰ ਦੀ ਸ਼ਕਲ ‘ਚ ਗਿਆਨ ਦੇ ਫਲਸਫੇ ਪੈਦਾ ਕਰਦਾ ਹੈ ਤੇ
ਵਿਗਿਆਨ ਦੀਆਂ ਕਾਢਾਂ ਕੱਢਦਾ ਹੈ। ਵਿਗਿਆਨ ਦੀ ਤਰੱਕੀ ਨੂੰ ਦਰਸਾਉਂਦੀਆਂ ਇਹ ਸਤਰਾਂ ਵੇਖੋ:
ਧਰਤ ਦੀ ਕੁੱਖ ਜਣ ਰਹੀ ਹੈ ਲਾਲ ਮਾਨਵ ਦੇ ਲਈ
ਸੌਂ ਰਹੇ ਪਾਤਾਲ ਵਿੱਚ ਹੀਰਾ ਹੈ ਚਾਨਣ ਭਾਲ਼ਦਾ
ਸਾਗਰਾਂ ਦੀ ਛੱਲ ਮੋਤੀ ਵੰਡਦੀ, ਕਣਕ ਦਾ ਸੋਨਾ ਸਿਰਜਦਾ ਹੈ ਰਵੀ
ਅੱਜ ਨਦੀਆਂ ਭਰਨ ਪਾਣੀ ਆਦਮੀ ਦਾ
‘ਕੱਲ੍ਹ‘ ਦੇ ਇਹ ਦੇਵਤੇ, ਦਾਸ ‘ਅੱਜ‘ ਦੇ ਹੋ ਗਏ।
ਗੁਰਚਰਨ ਰਾਮਪੁਰੀ ਨੇ ਆਪਣੀ ਵੇਦਨਾ, ਸੰਵੇਦਨਾ ਤੇ ਚੇਤਨਾ ਨੂੰ ਪ੍ਰਗਟਾਉਣ ਲਈ ਕੁਦਰਤੀ
ਦ੍ਰਿਸ਼ਾਂ, ਬਿੰਬਾਂ, ਵਸਤਾਂ ਆਦਿ ਦੀ ਭਰਪੂਰ ਵਰਤੋਂ ਕਲਾਤਮਕ ਜੁਗਤ ਵਜੋਂ ਕੀਤੀ ਹੈ।
ਜਿਵੇਂ, ਸਾਉਣ ਦੇ ਬੱਦਲ, ਅੱਸੂ ਦੀ ਧੁੱਪ, ਅੱਸੂ ਦੀ ਸਵੇਰ, ਜੇਠ ਦੀ ਧੁੱਪ, ਕਣਕਾਂ ਦੀ
ਖੁਸ਼ਬੋ, ਤਾਰਿਆਂ ਦੀ ਲੋਅ, ਪੱਛੋਂ ਦੀ ਹਵਾ, ਸਾਵਣ ਦੀ ਸ਼ਾਮ, ਪਹੁ ਫੁਟਾਲੇ, ਮੱਸਿਆ ਦੀ ਰਾਤ,
ਸਾਉਣ ਦੀ ਸਵੇਰ, ਸੰਦਲੀ ਸਵੇਰਾ, ਨਦੀ ਦਾ ਨਾਦ ਆਦਿ। ਉਸਦੀ ਕਵਿਤਾ ਵਿੱਚ ਬੇਸ਼ੁਮਾਰ ਕੁਦਰਤੀ
ਰੂਪਕਾਂ ਦੀ ਲੈਅ-ਯੁਕਤ ਵਰਤੋਂ ਸਾਬਤ ਕਰਦੀ ਹੈ ਕਿ ਗੁਰਚਰਨ ਰਾਮਪੁਰੀ ਕੁਦਰਤ ਨੂੰ ਪਿਆਰ ਕਰਨ
ਵਾਲਾ ਕਵੀ ਹੈ। ਏਸੇ ਲਈ ਉਹ ਸੰਬੋਧਨੀ ਸੁਰ ਵਿੱਚ ਪਾਠਕਾਂ ਨੂੰ ਇੰਝ ਮੁਖ਼ਾਤਬ ਹੋ ਉੱਠਦਾ ਹੈ:
ਕੁਝ ਤਾਂ ਇਸਦਾ ਰੂਪ ਹੰਢਾਓ
ਥੱਕੇ ਨੈਣ ਤ੍ਰੇਲੀਂ ਧੋਵੋ
ਕੁਝ ਘੜੀਆਂ ਤਾਂ ਆਪਣੇ ਨਾਲ ਗੁਜ਼ਾਰੋ
ਕੁਦਰਤ ਦੀ ਕਵਿਤਾ ਨੂੰ ਮਾਣੋ
ਸੁਣ! ਪਹਾੜੀ ਨਦੀ ਵਾਲਾ ਨਾਦ ਸੁਣ! !
ਏਸ ਦੇ ਵਿੱਚ ਜ਼ਿੰਦਗੀ ਦੀ ਦੌੜ ਹੈ
ਬੈਠ ਦੋ ਪਲ ਜ਼ਿੰਦਗੀ ਦੀ ਏਸ ਸਤਰੰਗੀ ਦੇ ਕੋਲ਼ੇ
ਸ਼ਹਿਰ ਦੇ ਧੂੰਏਂ ਤੇ ਭੀੜਾਂ ਵਿੱਚ ਕੀ ਧਰਿਆ ਪਿਆ ਹੈ
ਗੁਰਚਰਨ ਰਾਮਪੁਰੀ ਨੂੰ ਸ਼ਬਦ ਦੀ ਸ਼ਕਤੀ ਦਾ ਡੂੰਘਾ ਗਿਆਨ ਹੈ। ਏਸੇ ਗਿਆਨ ਦੇ ਆਧਾਰ ਉੱਤੇ ਉਹ
ਢੁਕਵੇਂ ਕਾਵਿ-ਰੂਪਾਂ ਦੀ ਚੋਣ ਕਰਦਾ ਹੈ। ਇੰਝ ਉਸਨੇ ਸ਼ਬਦਾਂ ਰਾਹੀਂ ਸੁਹਜ ਸੁਆਦ ਸਿਰਜਣ
ਵੇਲੇ ਵਿਭਿੰਨ ਕਾਵਿ-ਰੂਪਾਂ ਦੀ ਵਰਤੋਂ ਕੀਤੀ ਹੈ। ਖੁੱਲ੍ਹੀ ਕਵਿਤਾ ਲਿਖਣ ਦੇ ਨਾਲ ਨਾਲ
ਗ਼ਜ਼ਲ, ਗੀਤ ਤੇ ਟੱਪੇ ਵੀ ਲਿਖੇ ਹਨ। ਉਮਰ ਦੇ 82 ਵਰ੍ਹੇ ਪੂਰੇ ਕਰਕੇ ਪ੍ਰੌੜ ਅਵਸਥਾ ਨੂੰ
ਪੁੱਜੇ ਸਾਡੇ ਇਸ ਕਲਮਕਾਰ ਨੇ ਪੁਰਾਤਨ ਕਾਵਿ-ਰੂਪ ‘ਦੋਹਾ‘ ਦੀ ਵਰਤੋਂ ਕਰਕੇ ‘ਦੋਹਾਵਲੀ‘ ਨਾਂ
ਦੀ ਕਾਵਿ-ਪੁਸਤਕ ਵੀ ਰਚੀ ਹੈ। ਉਸਦੇ ਰਚੇ ਦੋਹਿਆਂ ਵਿੱਚ ਵੀ ਉਸਦੀ ਕਵਿਤਾ ਵਾਂਗ ਹੀ ਧਰਮ,
ਰਾਜਨੀਤੀ ਤੇ ਜੀਵਨ ਨੂੰ ਸਹੀ ਸੇਧ ਦੇਣ ਵਾਲੇ ਵਿਸ਼ੇ ਭਾਰੂ ਹਨ। ਜਿਵੇਂ ਕਿ ਹੇਠ ਲਿਖੇ ਦੋਹੇ
ਵਿੱਚ ਉਸਨੇ ਸਮੇਂ ਦੇ ਧਾਰਮਿਕ ਪਾਖੰਡ ਨੂੰ ਇੰਝ ਪਕੜਿਆ ਹੈ:
ਆਪ ਕਮੇਟੀ ਵੇਚਦੀ, ਕਰੇ ਕਰਾਏ ਪਾਠ
ਨਿੰਦੇ ਬ੍ਰਾਹਮਣਵਾਦ ਨੂੰ, ਅਜਬ ਵਪਾਰੀ ਠਾਠ
ਅੱਜੋਕੇ ਰਾਜਨੀਤੱਗਾਂ ਦੀਆਂ ਕਪਟੀ, ਫਰੇਬੀ ਤੇ ਰਿਸ਼ਵਤੀ ਰਗਾਂ ਉੱਤੇ ਉਂਗਲ ਧਰਦਾ ਇੱਕ ਦੋਹਾ
ਇਸ ਪ੍ਰਕਾਰ ਹੈ:
ਆਪਣੀ ਨੇਤਾਗਿਰੀ ਲਈ ਕਰਦਾ ਕਪਟ ਫਰੇਬ
ਆਦਤ ਉਸਦੀ ਰਿਸ਼ਵਤੀ, ਭਾਰੀ ਉਸਦੀ ਜੇਬ
ਕਵਿਤਾ ਵਾਂਗ ਹੀ, ਦੋਹਿਆਂ ਵਿੱਚ ਵੀ ਉਸਨੇ ਇਤਿਹਾਸ ਤੇ ਮਿਥਿਹਾਸ ਦੀ ਸੁਚੱਜੀ ਵਰਤੋਂ ਕੀਤੀ
ਹੈ ਜਿਵੇਂ:
ਬ੍ਰਾਹਮਣ ਆਪਣੇ ਪੁੱਤ੍ਰ ਨੂੰ ਸ਼ਸਤਰ-ਕਲਾ ਸਿਖਾਏ
ਦੱਛਣਾ ਗੂਠਾ ਭੀਲ ਦਾ, ਦ੍ਰੋਣਾ ਕਪਟ ਕਮਾਏ
ਦੋਹਿਆਂ ਵਾਂਗ ਹੀ ਟੱਪਿਆਂ ਵਿੱਚ ਵੀ ਰਾਮਪੁਰੀ ਨੇ ਧਰਮ ਤੇ ਰਾਜਨੀਤੀ ਦੀ ਚੰਗੀ ਖਾਤਰ ਕੀਤੀ
ਹੈ। ਅਤੇ ਗ਼ਜ਼ਲ ਦੇ ਸ਼ਿਅਰਾਂ ਵਿੱਚ ਵੀ ਉਹ ਰਾਜਨੀਤੱਗਾਂ ਨੂੰ ਜਾਬਰ ਕਹਿਣ ਤੋਂ ਨਹੀਂ ਝਕਿਆ।
ਰਾਜ ਦੇ ਅਮਾਨਵੀ ਕਾਰਨਾਮਿਆਂ ਨਾਲ ਟੱਕਰ ਲੈਣ ਦੇ ਕ੍ਰਾਂਤੀਸ਼ੀਲ ਸਮੂਹਕ ਵਲਵਲੇ ਉਸਦੇ ਗੀਤਾਂ
ਵਿੱਚ ਵੀ ਵਿਦਮਾਨ ਹਨ। ਵੇਖੋ ਇੱਕ ਗੀਤ:
ਹੈ ਦਿਲ ਦਿਲਬਰ ਤੋਂ ਮੋੜ ਲਿਆ, ਪਰ ਫੇਰ ਗੰਵਾਈ ਬੈਠੇ ਹਾਂ।
ਦਰ ਉਸਦਾ ਛੱਡ ਕੇ ਲੋਕਾਂ ਦੇ, ਦਰ ਅਲਖ ਜਗਾਈ ਬੈਠੇ ਹਾਂ।
ਦਰ ਏਹੇ ਬਿਜਲੀਆਂ ਵੰਡਦਾ ਹੈ, ਟੁੱਟੀਆਂ ਨੂੰ ਮੁੜ ਕੇ ਗੰਢਦਾ ਹੈ
ਇਕ ਚਿਣਗ ਲਈ ਇਸ ਦਰ ਮੂਹਰੇ, ਝੋਲੀ ਫੈਲਾਈ ਬੈਠੇ ਹਾਂ।
ਜ਼ੁਲਫਾਂ ਦੀ ਛਾਂ ਨਸ਼ਿਆਉਂਦੀ ਏ, ਪਲ ਭਰ ਭਗਵਾਨ ਬਣਾਉਂਦੀ ਏ
ਧਰਤੀ ਦੀ ਜ਼ੁਲਫ ਸੰਵਾਰਨ ਲਈ, ਸੇਜਾ ਨੂੰ ਭੁਲਾਈ ਬੈਠੇ ਹਾਂ।
ਇਕ ਚਿਣਗੋਂ ਲਾਟ ਬਣਾਵਾਂਗੇ, ਲਹਿਰੋਂ ਤੂਫਾਨ ਉਠਾਵਾਂਗੇ
ਸਬਰਾਂ ਦੇ ਕੱਖਾਂ ਵਿੱਚ ਅਸੀਂ, ਇਕ ਅੱਗ ਲੁਕਾਈ ਬੈਠੇ ਹਾਂ।
ਇਸ ਦਰੋਂ ਮੁਰਾਦਾਂ ਪਾਵਾਂਗੇ, ਧਰਤੀ ‘ਤੇ ਸ੍ਵਰਗ ਲਿਆਂਵਾਗੇ
ਅੰਬਰ ਨੂੰ ਬੁੱਕਲੇ ਲੈਣ ਲਈ, ਬਾਹਾਂ ਫੈਲਾਈ ਬੈਠੇ ਹਾਂ।
ਗੁਰਚਰਨ ਰਾਮਪੁਰੀ ਦੀਆਂ ਕਾਵਿ-ਰਚਨਾਵਾਂ ਦੇ ਸਰੋਦੀ ਸਰੂਪ ਨੇ ਹੀ ਉਸਨੂੰ ਇੱਕ ਆਡੀਓ ਕੈਸਿਟ
ਰਿਕਾਰਡ ਕਰਵਾਉਣ ਲਈ ਪ੍ਰੇਰਿਆ। ਸਿੱਟੇ ਵਜੋਂ, ਸੁਰਿੰਦਰ ਕੌਰ, ਡੌਲੀ
ਗੁਲੇਰੀਆ ਤੇ ਜਗਜੀਤ ਜ਼ੀਰਵੀ ਦੀਆਂ ਆਵਾਜ਼ਾਂ ਵਿੱਚ ‘ਇਸ਼ਕ ਠੋਕਰ ਤੇ ਮੁਸਕਰਾਉਂਦਾ ਹੈ‘ ਨਾਂ ਦੀ
ਆਡੀਓ ਕੈਸਿਟ ਸਾਹਵੇਂ ਆਈ, ਜੋ ਪੰਜਾਬੀ ਸੰਗੀਤ ਤੇ ਗੀਤ ਦੇ ਖੇਤਰ ਵਿੱਚ ਸ਼ੁਭ ਕਾਰਜ ਮੰਨੀ ਗਈ
ਹੈ।
ਗੁਰਚਰਨ ਰਾਮਪੁਰੀ ਦੀਆਂ ਖੁੱਲ੍ਹੀਆਂ ਨਜ਼ਮਾਂ, ਗ਼ਜ਼ਲਾਂ, ਗੀਤਾਂ, ਟੱਪਿਆਂ ਤੇ ਦੋਹਿਆਂ ਦੇ ਸ਼ਬਦ
ਤੇ ਫਿਕਰੇ ਲੈਅ, ਤਾਲ ਤੇ ਸਰੋਦੀ ਹੂਕ ਨਾਲ ਭਰੇ ਪਏ ਹਨ, ਜੋ ਮਾਨਵੀ ਭਾਵਾਂ ਦੇ ਰੋਹ,
ਵਿਦਰੋਹ ਤੇ ਮੋਹ-ਭਿੱਜੇ ਰੂਪਾਂ ਨੂੰ ਸਾਕਾਰ ਕਰਦੇ ਹਨ। ਅਤੇ ਇੱਕ ਅਜਿਹੇ ਸਮਾਜਕ ਤੇ
ਸਭਿਆਚਾਰਕ ਰਚਨਾਤਮਕ ਵਰਤਾਰੇ ਨੂੰ ਸਿਰਜਦੇ ਹਨ, ਜਿਸਦਾ ਆਪਣਾ ਹੀ ਨਵਾਂ-ਨਵੇਲਾ ਮੌਲਿਕ ਰੂਪ
ਹੈ।
ਸ਼ਬਦਾਂ ਦੇ ਮਿਰਗ, ਸ਼ਬਦਾਂ ਦੇ ਲੱਛੇ, ਸ਼ਬਦਾਂ ਦੀ ਕੁੰਜੀ, ਸ਼ਬਦਾਂ ਦੀ ਸੰਘੀ, ਸ਼ਬਦਾਂ ਦੀ ਹੱਟ,
ਸ਼ਬਦਾਂ ਦੇ ਟੂਣੇ, ਸ਼ਬਦਾਂ ਦੇ ਪੈਰੀਂ ਸ਼ਬਦਾਂ ਦੇ ਕੰਵਲ, ਮੋਹ ਦੇ ਸ਼ਬਦ, ਨਫ਼ਰਤ ਵਾਲਾ ਸ਼ਬਦੀ
ਛਾਂਟਾ, ਸਮੇਂ ਦਾ ਮੰਡੇਰ, ਸਮੇਂ ਦੇ ਝੱਖੜ, ਸਮੇਂ ਦੀ ਸੁਰੰਗ, ਸਮੇਂ ਦੀ ਤੱਕੜੀ, ਸਮੇਂ ਦਾ
ਬੁੱਲਾ, ਸਮੇਂ ਦੀ ਅੱਖ, ਸਮੇਂ ਦੀ ਰਾਖ, ਸਮੇਂ ਦੀਆਂ ਪੈੜਾਂ, ਜੀਵਨ ਦੀ ਤਸਵੀਰ, ਜ਼ਿੰਦਗੀ ਦੇ
ਬਾਗ਼, ਜ਼ਿੰਦਗੀ ਦੀ ਰਣਭੂਮੀ, ਜ਼ਿੰਦਗੀ ਦੇ ਸੰਗਰਾਮ, ਜ਼ਿੰਦਗੀ ਦੀ ਦੌੜ, ਜੀਵਨ ਦਾ ਰਿਵਾਜ,
ਜੀਵਨ ਦਾ ਰਾਜ਼, ਜ਼ਿੰਦਗੀ ਦਾ ਭਾਰ, ਜੀਵਨ ਦੀ ਸਰਘੀ, ਜੀਵਨ ਦੇ ਸੁਪਨੇ, ਸੋਚ ਦਾ ਹੰਸ, ਸੋਚ
ਦੀ ਸੱਸੀ, ਸੋਚਾਂ ਦੀ ਵਾਦੀ, ਸੋਚ ਦੀ ਟਹਿਣੀ, ਸੋਚ ਦਾ ਫਨੀਅਰ, ਦਿਲ ਦਾ ਹੰਸ, ਦਿਲਾਂ ਦਾ
ਸ਼ੀਸ਼ਾ, ਦਿਲ ਦੀ ਘੁੰਡੀ, ਦਿਲ ਦਾ ਗੁਲਾਬ, ਸੱਚ ਦਾ ਰਿਸ਼ਤਾ, ਰਿਸ਼ਤਿਆਂ ਦਾ ਸੱਚ, ਸੱਚ ਦੀ
ਸੈਨਾ, ਹੌਸਲੇ ਦੀ ਧਾਰ, ਚੇਤਨਾ ਦੀ ਲਾਟ, ਸਾਂਝ ਦੀਆਂ ਬਰਕਤਾਂ, ਗ਼ਮਾਂ ਦੀ ਤੰਦ, ਤਰਕ ਦੇ
ਚਾਨਣ, ਨਫਰਤ ਦੀ ਸਭਯਤਾ, ਲਹੂ-ਭਿੱਜੇ ਪ੍ਰਸ਼ਨ, ਹੰਝੂਆਂ ਦੇ ਖੱਫਣ, ਹਾਕਮ ਦੀ ਹਿੱਕ, ਹਉਂ ਦੇ
ਬਿੰਦੂ, ਹੱਕ ਦੀ ਤਲਵਾਰ, ਕਾਰਜ ਦੀ ਕੁੱਖ, ਡਰ ਦਾ ਕੈਲਾਸ਼, ਸੰਘਰਸ਼ ਦੀ ਲੀਲ੍ਹਾ, ਹੁਕਮ ਦੀ
ਰੇਖਾ, ਆਵਾਜ਼ਾਂ ਦਾ ਹੜ੍ਹ, ਲੋੜਾਂ ਦੇ ਪਰਛਾਵੇਂ, ਲੁੱਟ ਦਾ ਕੂੜਾ, ਸਬਰ ਦੇ ਕੈਲਾਸ਼ ਇਤਿਆਦਿ।
ਸ਼ਬਦ-ਸਮੂਹ ਸੰਬੰਧਤ ਕਾਵਿ-ਰੂਪਾਂ ਦੇ ਸ਼ਿਲਪ ਮੁਤਾਬਕ ਜੁੜ ਕੇ ਰਾਮਪੁਰੀ-ਕਾਵਿ ਦੀ ਕਲਾਤਮਕ ਤੇ
ਵਿਚਾਰਧਾਰਕ ਸਿਰਜਣਾ ਕਰਦੇ ਹਨ।
ਰੀਡਰ,
ਈਵਨਿੰਗ ਸਟੱਡੀਜ਼,
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।
-0-
|