(ਵਕੀਲ ਕਲੇਰ ਨਵਾਂ ਨਵਾਂ
ਕਹਾਣੀ ਲਿਖਣ ਲੱਗਾ ਹੈ। ਉਸ ਕੋਲ ਮਲਵਈ ਉਪਭਾਸ਼ਾ ਦਾ ਭਰਪੂਰ ਖ਼ਜ਼ਾਨਾ ਹੈ ਤੇ ਇਸਨੂੰ
ਵਾਰਤਾਲਾਪਾਂ ਵਿਚ ਵਰਤਣ ਦਾ ਹੁਨਰ ਵੀ ਆਉਂਦਾ ਹੈ। ਸੰਭਾਵਨਾਵਾਂ ਭਰਪੂਰ ਇਸ ਕਥਾਕਾਰ ਨੂੰ
‘ਸੀਰਤ’ ਵੱਲੋਂ ‘ਜੀ-ਆਇਆਂ’-ਸੰਪਾਦਕ)
‘ਕਿਵੇਂ ਢਿੱਲਾ ਜਾ ਹੋਇਆ ਬੈਠੈਂ ਸੁੱਖ ਐ ? “ ਗੁਰਬਚਨ ਨੇ ਲੰਚ ਰੂਮ ‘ਚ ਆਕੇ ਗੁਰਪ੍ਰਤਾਪ
ਨੂੰ ਚੁੱਪ ਜਿਹਾ ਬੈਠਾ ਵੇਖਕੇ ਆਖਿਆ । ਇਹ ਦੋਵੇਂ ਫਰਨੀਚਰ ਦੀ ਫੈਕਟਰੀ ‘ਚ ਕੰਮ ਕਰਦੇ ਸੀ
ਤੇ ਹੁਣ ਲੰਚ ਬਰੇਕ ਹੋਣ ਕਰਕੇ ਲੰਚ ਰੂਮ ‘ਚ ਆ ਗਏ ਸਨ ।“ ਨਹੀਂ ਐਹੇ ਜੀ ਤਾਂ ਕੋਈ ਗੱਲ ਨੀ,
ਬੱਸ ਊਂ ਈ ਚਿੱਤ ਜਾ ਨੀ ਲਗਦਾ ਯਾਰ “ ਗੁਰਬਚਨ ਨੇ ਘਰੋਂ ਲਿਆਦੇ ਪਰੌਂਠੇ ਮਾਈਕਰੋਵੇਵ ‘ਚ
ਗਰਮ ਕਰਦਿਆਂ ਪੁੱਛਿਆ, “ ਕਿਵੇਂ ਲੰਚ ਨੀ ਲਿਆਇਆ ਅੱਜ, ਕੇ ਭੁੱਖ ਨੀ ? ““ ਨਹੀਂ ਅੱਜ ਮੈਂ
ਲਿਆਂਦਾ ਈ ਨੀ, ਰਾਤ ਤੇਰੀ ਭਰਜਾਈ ਦੇ ਦਰਦ ਬਾਹਲੀ ਹੁੰਦੀ ਰਹੀ ਬੱਸ ਭੱਜ-ਦੌੜ ‘ਚ ਈ ਸਾਰੀ
ਰਾਤ ਨਿਕਲਗੀ ਸਵੇਰੇ ਜੇ ਜਾਕੇ ਉਸਨੇ ਅੱਖ ਲਾਈ ਤੇ ਮੈਂ ਵੀ ਬੱਸ ਐਵੇਂ ਮਾੜਾ ਜਾ ਈ ਸੁੱਤਾ
ਜਦੋਂ ਤੜਕੇ ਉੱਠਿਆ ਸਾਰਾ ਸਰੀਰ ਐਂ ਹੋਇਆ ਪਿਆ ਜਿਵੇਂ ਕਿਸੇ ਨੇ ਡਾਂਗਾਂ ਨਾਲ ਝੰਬਿਆ ਹੋਵੇ,
ਅੱਖਾਂ ਵੀ ਮੱਚੀ ਜਾਂਦੀਐਂ, ਪਿੰਜਣੀਆਂ ‘ਚੋਂ ਚੀਸਾਂ ਨਿੱਕਲੀ ਜਾਂਦੀਐ, ਬੱਸ ਜਾਣੀ ਦਾ ਚਿੱਤ
ਜਾ ਨੀ ਠੀਕ”“ ਤੇ ਫੇਰ ਸਿੱਕ ਕਾਲ ਕਰ ਦੇਣੀ ਸੀ”“ ਓਹ ਬਾਈ ਸਿਆਂ ਪਿਛਲੇ ਹਫਤੇ ਜਦੋਂ ਦੋ ਕੁ
ਦਿਨ ਤੇਰੀ ਭਰਜਾਈ ਬਾਹਲੀ ਢਿੱਲੀ ਸੀ ਤੇ ਮੈਥੋਂ ਕੰਮ ਤੇ ਨੀ ਸੀ ਆਇਆ ਗਿਆ ਤਾਂ ਆਹ ਸਾਲਾ
ਬਿੱਲਾ ਜਾ ਆਪਣਾ ਫੋਰਮੈਨ ਮੈਨੂੰ ਆਕੇ ਕਹਿੰਦਾ, ‘ ਮਿਸਟਰ ਗੈਰੀ ਤੂੰ ਪਿਛਲੇ ਮਹੀਨੇ ਵੀ ਕਈ
ਆਫ ਕਰਲੇ ਜੇ ਤੇਰੇ ਘਰ ‘ਚ ਪਰਾਬਲਮ ਐ ਤਾਂ ਕੋਈ ਹੋਰ ਜਾਬ ਲੱਭ ਲੈ ਅਸੀਂ ਅਫੋਰਡ ਨੀ ਕਰਦੇ ‘
ਮੈਂ ਉਸਨੂੰ ਕਹਿਤਾ ਸੀ ਬਈ ਅੱਗੇ ਤੋਂ ਨੀ ਦਿਨ ਮਾਰਦਾ, ਭਰਾਵਾ ਐਸ ਉਮਰ ‘ਚ ਹੋਰ ਕੀਹਨੇ ਕੰਮ
ਦੇਣਾ ਐ ਐਥੇ ਵਾਹਵਾ ਟਿਕੇ ਵਏ ਆਂ, ਰਾੜਾ ਵੀੜ੍ਹਾ ਜਾ ਚੱਲੀ ਜਾਂਦੈ ਹੁਣ ਗੁਜਾਰਾ ਤਾਂ
ਭਰਾਵਾ ਕਰਨਾ ਈ ਐ ਨਾ “ ਆਖਕੇ ਗੁਰਪ੍ਰਤਾਪ ਬਹਾਨਾ ਬਣਾਕੇ ਵਾਸ਼ਰੂਮ ‘ਚ ਚਲਾ ਗਿਆ ਅਸਲ ‘ਚ
ਉਹ ਨਹੀਂ ਚਾਹੁੰਦਾ ਸੀ ਉਸਦੀਆਂ ਅੱਖਾਂ ਵਿੱਚ ਆਏ ਅੱਥਰੂ ਗੁਰਬਚਨ ਵੇਖ ਲਵੇ । ਉਸਦੇ ਮੁੜਦੇ
ਨੂੰ ਗੁਰਬਚਨ ਨੇ ਆਵਦੀ ਰੋਟੀ ਤੇ ਸਬਜੀ ਗਰਮ ਕਰ ਲਈ ਤੇ ਇੱਕ ਪਰਾਂਉਠੇ ਤੇ ਸਬਜੀ ਪਾਕੇ
ਉਸਨੂੰ ਫੜਾਉਂਦਾ ਕਹਿੰਦਾ, “ ਐਂ ਹੁਣ ਭੁੱਖਾ ਧਿਆਇਆ ਦਿਹਾੜੀ ਕਿਵੇਂ ਪੂਰੀ ਕਰੇਂਗਾ, ਲੈ
ਫੜ੍ਹ ਖਾਲੈ, ਤਕੜਾ ਹੋ ਔਖਿਆਈਆਂ ਸੌਖਿਆਈਆਂ ਤਾਂ ਬਣੀਆਂ ਈ ਐ ਬਾਈ, ਤਕੜਾ ਹੋ ਲੈ ਫ੍ਹੜ ਇੱਕ
ਪਰਾਂਉਠਾ ਤੂੰ ਲੈਲਾ ਫੇਰ ਆਪਾਂ ਚਾਹ ਪੀਨੇ ਆਂ, ਬਾਹਲੀ ਗੱਲ ਐ ਤੂੰ ਮਾੜਾ ਮੋਟਾ ਜਾ ਹੱਥ
ਹਿਲਾਈ ਜਾਈਂ ਮੈਂ ਆਪੇ ਖਿੱਚੀ ਆਊਂ ਕੰਮ ਨੂੰ ਕਦੇ ਵਾਸ਼ਰੂਮ ਉਠ ਜਿਆ ਕਰੀਂ ਐਂ ਈ ਦਿਹਾੜੀ
ਪੂਰੀ ਕਰ ਲੈਨੇ ਆਂ ਮੂਹਰੇ ‘ ਬੀਕ ‘ ਐੱਡ ਆ ਰਿਹੈ, ਅਸੀਂ ਮਾਰਾਂਗੇ ਗੇੜਾ ਥੋਡੇ ਘਰੇ ਕਲ੍ਹ
ਨੂੰ ਗਰੌਸਰੀ ਲੈਣ ਜਾਣੈ ਮੁੜਦੇ ਆਵਾਂਗੇ ਗੱਲਾ ਬਾਤਾਂ ਕਰਕੇ ਬੰਦੇ ਦਾ ਚਿੱਤ ‘ ਕੁਸ ‘ ਹੋਰ
ਹੋ ਜਾਂਦੈ “ ਤੇ ਉਹ ਦੋਵੇਂ ਲੰਚ ਕਰਨ ਪਿੱਛੋਂ ਆਵਦੇ ਕੰਮ ਤੇ ਜਾ ਲੱਗੇ ।
ਗੁਰਪ੍ਰਤਾਪ ਨੂੰ ਕੈਨੇਡਾ ਆਏ ਨੂੰ ਵੀਹ ਵਰ੍ਹਿਆਂ ਤੋਂ ਉੱਤੇ ਹੋਗੇ ਸੀ, ਕਈ ਪਾਪੜ ਵੇਲੇ
ਟੈਕਸੀ ਚਲਾਈ ਫੈਕਟਰੀਆਂ ‘ਚ ਕੰਮ ਕੀਤਾ, ਕੋਈ ਸਕਿੱਲ ਤਾਂ ਹੈਨੀ ਸੀ ਜੋ ਕੰਮ ਮਿਲਿਆ ਬੱਸ
ਉਹੀ ਕਰ ਲਿਆ, ਉਸਦੀ ਘਰਵਾਲੀ ਜਸਵਿੰਦਰ ਨੇ ਵੀ ਦੇਹ ਤੋੜ ਕੇ ਕੰਮ ਕੀਤਾ ਉਸਨੂੰ ਇੱਕ ਜਹਾਜਾ
ਵਾਸਤੇ ਫਰੂਟ ਪੈਕ ਕਰਨ ਵਾਲੀ ਫੈਕਟਰੀ ‘ਚ ਕੰਮ ਮਿਲ ਗਿਆ ਬੱਸ ਪੰਦਰਾਂ ਸਤਾਰਾਂ ਸਾਲ ਓਸੇ
ਫੇਕਟਰੀ ‘ਚ ਈ ਕੰਮ ਕਰੀ ਗਈ ਓਵਰ ਟਾਈਮ ਨਾ ਛਡਦੀ, ਵੀਕ-ਐਂਡ ਤੇ ਵੀ ਕਰ ਲੈਂਦੀ, ਦੋਹਾਂ
ਜੀਆਂ ਨੇ ਹੱਡ-ਭੰਨ ਮਿਹਨਤ ਕੀਤੀ ਚਾਰ ਪੈਸੇ ਕੱਠੇ ਕਰਕੇ ਕਿਸੇ ਨਾਲ ਫਰਨੀਚਰ ਦਾ ਬਿਜਨਸ
ਸ਼ੁਰੂ ਕਰ ਲਿਆ, ਇਹ ਤਿਨੇ, ਗੁਰਮੀਤ, ਭਜਨ ਤੇ ਗੁਰਪ੍ਰਤਾਪ, ਫਰਨੀਚਰ ਦੀ ਫੈਕਟਰੀ ‘ਚ ਕੰਮ
ਕਰਦੇ ਕਰਕੇ ਐਕਸਪੀਰੀਐਂਸ ਸੀ ਤਿੰਨਾ ਨੇ ਇੱਕੋ ਜੇ ਪੈਸੇ ਪਾਕੇ ਮਾੜਾ ਮੋਟਾ ਕੰਮ ਤੋਰ ਲਿਆ ।
ਹੌਲੀ ਹੌਲੀ ਕੰਮ ਚੰਗਾ ਰਿੜ੍ਹ ਪਿਆ । ਏਸੇ ਦੌਰਾਨ ਤਿੰਨਾਂ ਪਾਰਟਰਾਂ ਨੇ ਸਕੀਮ ਬਣਾਈ ਬਈ
ਬਿਜਨਸ ਵਧਾਇਆ ਜਾਵੇ । ਗੁਰਪ੍ਰਤਾਪ ਕੋਲ ਹੋਰ ਪੂੰਜੀ ਤਾਂ ਹੈਨੀ ਸੀ ਸੋ ਦੋਹਾਂ ਜੀਆਂ ਨੇ
ਸਲਾਹ ਬਣਾਈ ਬਈ ਚੱਲ ਪਿੰਡ ਜਿਹੜੀ ਚਾਰ ਕਿੱਲੇ ਜ਼ਮੀਨ ਐ ਉਹ ਵੇਚ ਦਿੰਦੇ ਹਾਂ । ਉਹਨਾਂ ਦੀ
ਜ਼ਮੀਨ ਗੁਰਪ੍ਰਤਾਪ ਦੇ ਚਾਚੇ ਦੇ ਮੁੰਡਿਆਂ ਕੋਲ ਠੇਕੇ ਤੇ ਸੀ । ਜਦੋਂ ਗੁਰਪ੍ਰਤਾਪ ਨੇ ਪਿੰਡ
ਜਾਕੇ ਆਵਦੀ ਇੱਛਾ ਦੱਸੀ ਤਾਂ ਚਾਚੇ ਦੇ ਮੁੰਡਿਆਂ ਨੂੰ ਆਵਦੇ ਕੋਲੋਂ ਜ਼ਮੀਨ ਖੁਸਦੀ ਦਿੱਸੀ ।
ਉਹ ਹਰ ਹੱਥ-ਕੰਡਾ ਵਰਤਕੇ ਜ਼ਮੀਨ ਆਵਦੇ ਕਬਜ਼ੇ ‘ਚ ਹੀ ਰੱਖਣੀ ਚਾਹੁੰਦੇ ਸੀ । ਉਹਨਾਂ ਨੇ
ਗੁਰਪ੍ਰਤਾਪ ਨੂੰ ਕਿਹਾ ਬਈ ਜੇ ਵੇਚਣੀ ਹੀ ਹੈ ਤਾਂ ਅਸੀਂ ਹੀ ਰੱਖ ਲੈਂਦੇ ਹਾਂ। ਗੁਰਪ੍ਰਤਾਪ
ਨੇ ਕਿਹਾ ਜੇ ਤੁਸੀਂ ਲੈਣੀ ਐ ਤਾਂ ਜੋ ਆਮ ਮੁੱਲ ਐ ਓਸਤੋਂ ਵੀ ਮੈਂ ਤੁਹਾਨੂੰ ਕੁਝ ਸਸਤੀ ਦੇ
ਦਿੰਦਾ ਹਾਂ । ਸੌਦਾ ਹੋ ਗਿਆ । ਪਰ ਗੁਰਪ੍ਰਤਾਪ ਦੇ ਚਾਚੇ ਦੇ ਪੁੱਤਾਂ ਦੇ ਦਿਲ ਵਿੱਚ ਮੈਲ
ਸੀ ਉਹਨਾ ਨੇ ਡਿਪਾਜਟ ਤਾਂ ਦੇ ਦਿੱਤਾ ਪਰ ਪੂਰੀ ਰਕਮ ਤਾਰਕੇ ਰਜਿਸਟਰੀ ਕਰਾਉਣ ਤੋਂ ਅਨਾ-ਕਣੀ
ਕਰਨ ਲੱਗੇ ਤਾਂ ਗੁਰਪ੍ਰਤਾਪ ਕਹਿੰਦਾ ਜੇ ਤੁਹਾਡੇ ਕੋਲ ਪੈਸੇ ਨਹੀਂ ਹਨ ਤਾਂ ਮੈਂ ਤੁਹਾਡਾ
ਡਿਪਾਜਟ ਮੋੜ ਦਿੰਦਾ ਹਾਂ ਅਤੇ ਜ਼ਮੀਨ ਪਾਸੇ ਵੇਚ ਦਿੰਦਾ ਹਾਂ । ਏਸ ਗੱਲੋਂ ਝਗੜਾ ਹੋ ਗਿਆ
ਉਹਨਾਂ ਨੇ ਆਵਦੇ ਆਪ ਹੀ ਸੱਟਾਂ ਮਾਰਕੇ ਪੁਲਿਸ ਨੂੰ ਪੈਸੇ ਚਾਹੜਕੇ ਗੁਰਪ੍ਰਤਾਪ ਤੇ ਇਰਾਦਾ
ਕਤਲ ਦਾ ਕੇਸ ਕਰਤਾ ।
ਏਧਰ ਗੁਰਪ੍ਰਤਾਪ ਦੇ ਪਾਰਟਨਰਾਂ ਨੂੰ ਜਦੋਂ ਪਤਾ ਲੱਗ ਗਿਆ ਕਿ ਉਹ ਤਾਂ ਇੰਡੀਆ ‘ਚ ਕੇਸ ‘ਚ
ਫਸ ਗਿਆ ਇਹਨਾਂ ਦੇ ਦਿਲ ਬੇਈਮਾਨ ਹੋ ਗਏ । ਫੈਕਟਰੀ ਚੱਲੀ ਨੂੰ ਵਾਹਵਾ ਦੇਰ ਹੋ ਗਈ ਸੀ
ਕਰੈਡਿਟ ਬਣਿਆ ਹੋਇਆ ਸੀ, ਸਪਲਾਇਰਜ ਤੋਂ ਦੋ ਮਹੀਨਿਆਂ ਦਾ ਕਰੈਡਿਟ ਅਪਰੂਵ ਹੋਇਆ ਹੋਇਆ ਸੀ,
ਮਾਲ ਅੱਜ ਚੁੱਕੋ ਭੁਗਤਾਨ ਦੋ ਮਹੀਨਿਆਂ ਨੂੰ ਕਰੋਂ । ਉਹਨਾਂ ਨੇ ਜਿੱਥੋਂ ਜਿੰਨਾ ਵੀ ਹੋ
ਸਕਿਆ, ਮਾਲ ਮੰਗਾ ਲਿਆ ਤੇ ਮਾਰਕਿਟ ਨਾਲੋਂ ਬਹੁਤ ਹੀ ਸਸਤੇ ਭਾਅ ਵੇਚਕੇ ਪੈਸੇ ਜੇਬ ‘ਚ ਪਾਏ
। ਜਿੱਥੋਂ ਮਾਲ ਚੱਕਿਆ ਸੀ ਉਹਨਾਂ ਨੂੰ ਇੱਕ ਪੈਨੀ ਵੀ ਨਾ ਦਿੱਤੀ, ਜਿਨ੍ਹਾਂ ਕੰਪਨੀਆਂ
ਕੋਲੋਂ ਕਰੈਡਿਟ ਨਹੀਂ ਮਿਲਦਾ ਸੀ ਉਹਨਾਂ ਨੂੰ ਚੈੱਕ ਤਾਂ ਦੇ ਦਿੱਤੇ ਪਰ ਉਹ ਕਲੀਅਰ ਨਾ ਹੋਏ
ਬੌਂਸ ਹੋ ਗਏ । ਏਧਰੋਂ ਜਿਨਾ ਵੀ ਹੋ ਸਕਿਆ ਸਸਤੇ ਤੋਂ ਸਸਤਾ ਮਾਲ ਵੇਚਕੇ ਅਪਣੇ
ਰਿਸ਼ਤੇਦਾਰਾਂ ਦੇ ਖਾਤਿਆਂ ‘ਚ ਪੈਸਾ ਜਮਾਂ ਕਰਾ ਦਿੱਤਾ । ਜਦੋਂ ਲੈਣੇਦਾਰਾਂ ਨੂੰ ਭੁਗਤਾਨ
ਨਾ ਹੋਇਆ ਉਹਨਾਂ ਨੇ ਕਾਰਵਾਈ ਸ਼ੁਰੂ ਕਰਕੇ ਅਪਣੀ ਰਕਮ ਵਸੂਲ ਕਰਨੀ ਚਾਹੀ ਪਰ ਉਥੇ ਤਾਂ ਹੈ ਈ
ਕੁਛ ਨਹੀਂ ਸੀ, ਗੁਰਪ੍ਰਤਾਪ ਦੇ ਪਾਰਟਨਰਾਂ ਨੇ ਬੈਂਕਰਪਸੀ ਕਰ ਦਿੱਤੀ, ਇਹਨਾਂ ਦੋਵਾਂ ਦੇ
ਨਾਂ ਤੇ ਕੋਈ ਪਰਾਪਰਟੀ ਵੀ ਨਹੀਂ ਸੀ, ਗੁਰਪ੍ਰਤਾਪ ਦਾ ਘਰ ਤਾਂ ਦੋਹਾਂ ਜੀਆਂ ਦੇ ਨਾਮ ਸੀ,
ਓਂਟੈਰੀਉ ਦੇ ਕਾਨੂੰਨ ਮੁਤਾਬਕ ਅਗਰ ਤੁਸੀਂ ਲਿਮਿਟੱਡ ਪਾਰਟਨਰਸ਼ਿਪ ਨਹੀਂ ਕੀਤੀ ਤਾਂ ਸੌ ਫੀ
ਸਦੀ ਦੇ ਹੀ ਜਿੰਮੇਵਾਰ ਹੁੰਦੇ ਹੋ, ਸੋ ਸਾਰਾ ਭੁਗਤਾਨ ਗੁਰਪ੍ਰਤਾਪ ਦੀ ਜਿਮੇਵਾਰੀ ਬਣ ਗਈ ।
ਜਿਨ੍ਹਾਂ ਕੰਪਨੀਆਂ ਨੇ ਹਿਮੰਤ ਕੀਤੀ ਉਹਨਾਂ ਨੇ ਗੁਰਪ੍ਰੀਤ ਦੇ ਘਰ ਤੇ ਲੀਅਨ ਪੁਆ ਦਿੱਤੀ ।
ਏਧਰ ਇੰਡੀਆ ਵਿੱਚ ਗੁਰਪ੍ਰਤਾਪ ਦੇ ਸਹੁਰਿਆਂ ਨੇ ਭੱਜ-ਨੱਠ ਕਰਕੇ ਉਸਦੀ ਜਮਾਨਤ ਕਰਾ ਲਈ ।
ਜਿਤਨੀ ਦੇਰ ਕੇਸ ਨਹੀਂ ਸੀ ਮੁਕਦਾ ਗੁਰਪ੍ਰਤਾਪ ਇੰਡੀਆ ਛੱਡਕੇ ਨਹੀਂ ਸੀ ਜਾ ਸਕਦਾ ।
ਗੁਰਪ੍ਰਤਾਪ ਦੀ ਵਾਈਫ ਦੇ ਸਿਰ ਘਰ ਦੇ ਸਾਰੇ ਖਰਚੇ ਆ ਪਏ ਵਿੱਚੇ ਉਹ ਦੋ ਵਾਰੀ ਗੁਰਪ੍ਰਤਾਪ
ਦਾ ਪਤਾ ਵੀ ਲੈਕੇ ਆਈ, ਏਸੇ ਦੌਰਾਨ ਵੱਡੇ ਮੁੰਡੇ ਨੇ ਸਕੂਲੋਂ ਗਰੈਜੂਏਸ਼ਨ ਕਰ ਲਈ ਤੇ ਹੁਣ
ਯੁਨੀਵਰਸਿਟੀ ਜਾਣਾ ਸੀ, ਪਰ ਘਰ ਦੀ ਹਾਲਤ ਇਹ ਸੀ ਕਿ ਗੁਜਾਰਾ ਔਖਾ ਹੋਇਆ ਪਿਆ ਸੀ । ਪਰ
ਜਸਵਿੰਦਰ ਹਰ ਹਾਲਤ ਵਿੱਚ ਬੱਚਿਆਂ ਦੀ ਪੜ੍ਹਾਈ ਪੂਰੀ ਕਰਾਉਨਾ ਚਾਹੁੰਦੀ ਸੀ । ਸੋ ਘਰ ਵੇਚਨਾ
ਪਿਆ ਪਰ ਕਿਉਂਕਿ ਕੰਪਨੀਆਂ ਦੇ ਪੈਸੇ ਦੇਣੇ ਸਨ ਕੱਟ ਕਟਾਕੇ ਬਹੁਤ ਥੋਹੜਾ ਪੈਸਾ ਹੱਥ ਆਇਆ ਉਹ
ਦੋਵਾਂ ਬੱਚਿਆਂ ਨੂੰ ਲੈਕੇ ਬੇਸਮੈਂਟ ਕਿਰਾਏ ਤੇ ਲੈਕੇ ਰਹਿਣ ਲੱਗ ਪਈ । ਵੱਡੇ ਮੁੰਡੇ ਨੇ
ਯੁਨੀਵਰਸਿਟੀ ਵਿੱਚ ਕੋ-ਆਪ ਪਰੋਗਰਾਮ ਲੈ ਲਏ ਇਸ ਨਾਲ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਕੰਮ
ਵੀ ਕਰ ਲੈਂਦਾ ਹੈ ਸੋ ਔਖੇ ਸੌਖੇ ਗੁਜਾਰਾ ਹੋਣ ਲੱਗ ਪਿਆ ।
ਦੋ ਸਾਲਾਂ ਪਿੱਛੋਂ ਕੇਸ ਦਾ ਫੈਸਲਾ ਹੋਇਆ ਗਵਾਹੀਆਂ ਦੇ ਅਧਾਰ ਤੇ ਜੱਜ ਨੂੰ ਅਸਲੀਅਤ ਦਾ ਪਤਾ
ਲੱਗ ਗਿਆ ਤੇ ਗੁਰਪ੍ਰਤਾਪ ਕੇਸ ਵਿੱਚੋਂ ਬਰੀ ਹੋ ਗਿਆ । ਪਰ ਕੇਸ ਝਗੜਨ ਲਈ ਰਿਸ਼ਤੇਦਾਰਾਂ
ਤੋਂ ਮਦਦ ਲੈਕੇ ਪੈਸਾ ਖਰਚਿਆ ਸੀ ਉਹ ਤਾਂ ਮੋੜਨਾ ਹੀ ਪੈਣਾ ਸੀ ਜਮੀਨ ਵੇਚਕੇ ਦੇਣਾ-ਲੈਣਾ
ਲਾਹ ਕੇ ਜੋ ਥੋੜਾ ਬਹੁਤ ਬਚਿਆ ਲੈਕੇ ਗੁਰਪਰਤਾਪ ਕੈਨੇਡਾ ਆ ਗਿਆ । ਉਸਦੇ ਪਾਰਟਨਰ ਟਰਾਂਟੋ
ਤੋਂ ਮੂਵ ਹੋਕੇ ਕਿਤੇ ਹੋਰ ਚਲੇ ਗਏ । ਜੇ ਏਥੇ ਵੀ ਹੁੰਦੇ ਤਾਂ ਵੀ ਗੁਰਪ੍ਰਤਾਪ ਉਹਨਾਂ ਦਾ
ਕੁਝ ਨਹੀਂ ਵਿਗਾੜ ਸਕਦਾ ਸੀ ਕਾਨੂੰਨ ਹੀ ਅਜਿਹਾ ਹੈ ਤੁਸੀਂ ਕਿਸੇ ਨੂੰ ਟੱਚ ਵੀ ਨਹੀਂ ਕਰ
ਸਕਦੇ । ਹੁਣ ਗੁਰਪ੍ਰਤਾਪ ਨੇ ਜਾਬ ਲੱਭਣ ਦੀ ਟਰਾਈ ਕੀਤੀ ਤਾਂ ਐਕਸਪੀਰੀਐਂਸ ਹੋਣ ਕਰਕੇ
ਉਸਨੂੰ ਫਰਨੀਚਰ ਦੀ ਫੈਕਟਰੀ ਵਿੱਚ ਹੀ ਜਾਬ ਮਿਲ ਗਈ । ਪਰ ਅਜੇ ਏਸ ਪਰਿਵਾਰ ਤੋਂ ਛਨੀ ਦਾ
ਗਰੈਹ ਟਲਿਆ ਨਹੀਂ ਸੀ । ਇੱਕ ਦਿਨ ਜਸਵਿੰਦਰ ਕੰਮ ਕਰਕੇ ਜਦੋਂ ਘਰਨੂੰ ਆਉਣ ਲਈ ਭੱਜਕੇ ਬੱਸ
ਫੜ੍ਹਨ ਲੱਗੀ ਤਾਂ ਸਨੋਅ ਤੋਂ ਤਿਲਕ੍ਹਕੇ ਡਿੱਗਣ ਨਾਲ ਉਸਦੀ ਰੀੜ ਦੀ ਹੱਡੀ ਵਿੱਚ ਸੱਟ ਲੱਗੀ
ਤੇ ਡਿਸਕ ਹਿੱਲ ਗਈ, ਜੇ ਕੰਮ ਕਰਦਿਆਂ ਲਗਦੀ ਤਾਂ ਵਰਕਰਜ ਸੇਫਟੀ ਇੰਸ਼ੋਰੈਂਸ ਬੋਰਡ ਵੱਲੋਂ
ਮਦਦ ਹੋ ਜਾਣੀ ਸੀ ਪਰ ਕਿਉਂਕਿ ਸੱਟ ਫੈਕਟਰੀ ਤੋਂ ਬਾਹਰ ਲੱਗੀ ਸੀ ਸੋ ਇਹ ਕੇਸ ਏਸ
ਇੰਸ਼ੋਰੈਂਸ ਦਾ ਨਹੀਂ ਬਣਦਾ ਸੀ ।
ਹੁਣ ਗੁਰਪ੍ਰਤਾਪ ਨੂੰ ਆਵਦੀ ਵਾਈਫ ਦਾ ਵੀ ਖਿਆਲ ਰੱਖਣਾ ਪੈਂਦਾ ਤੇ ਕੰਮ ਤੇ ਵੀ ਜਾਣਾ ਪੈਂਦਾ
ਕੁੜੀ ਵੀ ਪੜ੍ਹਦੀ ਸੀ ਉਹ ਵੀ ਘਰ ਨਹੀਂ ਰਹਿ ਸਕਦੀ ਸੀ ਰਿਸ਼ਤੇਦਾਰਾਂ ‘ਚੋਂ ਇੱਕ ਅੱਧਾ ਦਿਨ
ਤਾਂ ਕੋਈ ਮਦਦ ਕਰ ਸਕਦਾ ਸੀ ਉਹਨਾਂ ਲਈ ਵੀ ਮੁਸ਼ਕਿਲ ਸੀ ਹਰ ਰੋਜ ਆਕੇ ਮਦਦ ਕਰਨੀ ਸੋ
ਗੁਰਪ੍ਰਤਾਪ ਨੂੰ ਹੀ ਸਾਰੇ ਪਾਸੀਂ ਭੱਜ-ਨੱਠ ਕਰਨੀ ਪੈਂਦੀ ਸੀ । ਵੱਡਾ ਮੁੰਡਾ ਹੁਣ ਪੜ੍ਹਕੇ
ਸੀ. ਏ. ਦੀ ਤਿਆਰੀ ਕਰ ਰਿਹਾ ਸੀ ਜਿਹੜੇ ਚਾਰ ਪੈਸੇ ਗੁਰਪ੍ਰਤਾਪ ਨੂੰ ਜਮੀਨ ਵੇਚਣ ਪਿੱਛੋਂ
ਬਚੇ ਸਨ ਉਹ ਵੱਡੇ ਮੁੰਡੇ ਵਿਸ਼ਵ ਪ੍ਰਤਾਪ ਨੇ ਇਹ ਕਹਿਕੇ ਲੈ ਲਏ ਕਿ ਮੇਰਾ ਸਟੂਡੈਂਟ ਲੋਨ
ਪੇਅ ਦਿਉ ਜਦੋਂ ਮੈਂ ਜਾਬ ਲੈ ਲਈ ਤੁਹਾਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਮੈਂ ਆਪੇ ਸਾਂਭੂੰ
ਸਭ ਕੁੱਛ, ਗੁਰਪ੍ਰਤਾਪ ਤੇ ਜਸਵਿੰਦਰ ਨੇ ਇਸੇ ਤਰਾਂ ਕੀਤਾ । ਕਈ ਸੁਹਿਰਦ ਦੋਸਤਾਂ ਨੇ
ਗੁਰਪ੍ਰਤਾਪ ਨੂੰ ਸਮਝਾਇਆ ਵੀ ਸੀ ਕਿ ਭਾਈ ਏਥੋਂ ਦੀ ਔਲਾਦ ਦਾ ਕੋਈ ਭਰੋਸਾ ਨਹੀਂ ਤੁਸੀਂ
ਆਵਦੇ ਕੋਲ ਚਾਰ ਪੈਸੇ ਰੱਖੋ ਪਰ ਗੁਰਪ੍ਰਤਾਪ ਨੇ ਪੁੱਤ ਦਾ ਸਾਰਾ ਸਟੂਡੈਂਟ ਲੋਨ ਲਾਹਕੇ
ਉਸਨੂੰ ਸੁਰਖੁਰੂ ਕਰ ਦਿੱਤਾ ਇਹ ਸੋਚਕੇ ਕਿ ਜਦੋਂ ਇਸਨੇ ਜਾਬ ਲੈ ਲਈ ਤਾਂ ਵਾਰੇ ਨਿਆਰੇ ਹੋ
ਜਾਣਗੇ ਕੋਈ ਫਿਕਰ ਨਹੀਂ ਰਹਿ ਜਾਵੇਗਾ ।
ਅੱਜ ਗੁਰਬਚਨ ਦੇ ਜਿਆਦਾ ਈ ਪੁਛੱਣ ਤੇ ਗੁਰਪ੍ਰਤਾਪ ਨੇ ਅਪਣਾ ਦੁੱਖ ਸਾਂਝਾ ਕੀਤਾ, “ ਲੈ
ਸੁਣਲਾ ਫੇਰ, ਤੈਨੂੰ ਪਤਾ ਈ ਐ ਸਾਡੇ ਨਾਲ ਰੱਬ ਨੇ ਕੀ ਕੀ ਕੀਤਾ, ਸੋਚਿਆ ਸੀ ਚਲੋ ਕੋਈ ਨੀ
ਮੁੰਡਾ ਪੜ੍ਹਕੇ ਸਿਰੇ ਲੱਗਜੇ ਆਪੇ ਸਾਰਾ ‘ ਕੁਸ ‘ ਠੀਕ ਹੋਜੂ, ਉਸਨੂੰ ਔਖੇ ਹੋਕੇ ਪ੍ਹੜਾਇਆ
ਲਿਖਾਇਆ ਜਿੱਥੇ ਆਖਿਆ ਵਿਆਹ ਕਰਤਾ ਇੱਕ ਮਹੀਨਾ ਨੀ ਸਾਡੇ ਨਾਲ ਕੱਟਿਆ ਅਖੇ ਸਾਨੂੰ
ਪ੍ਰਾਈਵੇਸੀ ਚਾਹੀਦੀ ਐ ਚੱਕਕੇ ਜੁੱਲੀਆਂ ਅਹੁ ਜਾ ਬੈਠੇ ਐ ਡਾਊਨ ਟਾਊਨ ਕਦੇ ਮੱਲਾ ਬਾਤ ਨੀ
ਪੁੱਛੀ ਬਈ ਤੁਸੀਂ ਜਿਉਂਦੇ ਓਂ ਕਿ ਮਰਗੇ, ਸਾਡੇ ਕਿਸੇ ਸਜੱਣ-ਮਿਤੱਰ ਦੇ ਪ੍ਰੋਗਰਾਮ ਹੋਵੇ
ਅਬੱਲ ਤਾਂ ਦੋਹੇਂ ਜੀਅ ਆਉਂਦੇ ਹੀ ਨਹੀਂ ਤੇ ਜਾਂ ਐਨ ਮਗਰੋਂ ਜੇ ਆਉਣਗੇ ਤੇ ਵੱਧ ਤੋਂ ਵੱਧ
ਘੰਟਾ ਡੂਢ ਘੰਟਾ ਈ ਠਹਿਰਨਗੇ ਤੇ ਜੇ ਹੋਵੇ ਓਸਦੇ ਸਹੁਰਿਆਂ ਦੇ ਕੋਈ ਕਾਰਜ ਤਾਂ ਹਫਤਾ ਹਫਤਾ
ਪਹਿਲਾਂ ਈ ਜਾ ਖੜ੍ਹਨਗੇ, ਹੁਣ ਤੁੰ ਦੱਸ ਮੇਰੀ ਕੋਈ ਉਮਰ ਐ ਫੈਕਟਰੀਆਂ ‘ਚ ਧੱਕੇ ਖਾਣ ਦੀ ਪਰ
ਸਰਦਾ ਨੀ ਕੀ ਕਰੀਏ ਓਧਰੋਂ ਕੁੜੀ ਕੋਠੇ ਜਿੱਡੀ ਹੋਈ ਖੜ੍ਹੀ ਐ, ਏਸਦੇ ਵੀ ਹੱਥ ਪੀਲੇ ਕਰਨੇ
ਐਂ, ਘਰ ‘ ਆਲੀ ‘ ਊਂ ਮੰਜੇ ਤੇ ਪਈ ਐ ਜੇ ਕਿਸੇ ਦਿਨ ਓਸਦੀ ਹਾਲਤ ਬਾਹਲੀ ਮਾੜੀ ਹੋਜੇ
ਮੈਂਨੂੰ ਮਜਬੂਰਨ ਕੰਮ ਤੋਂ ਆਫ ਲੈਣਾ ਪੈਜੇ ਤਾਂ ਆਹ ਫੈਕਟਰੀ ਆਲੇ ਦਬਕੇ ਮਾਰਦੇ ਐ ਬਈ ਜੇ
ਇਉਂ ਕਰਨਾ ਐ ਤਾਂ ਕੰਮ ਛੱਡਦੇ ਉਹ ਵੀ ਭਾਈ ਸੱਚੇ ਐ ਉਹਨਾ ਨੂੰ ਤਾਂ ਕੰਮ ਚਾਹੀਂਦੈ ਕਿਸੇ ਦੀ
ਘਰੇਲੂ ਸਮੱਸਿਆ ਨਾਲ ਉਹਨਾਂ ਨੂੰ ਕੀ, ਬਾਈ ਕਿਤੇ ਕਿਤੇ ਤਾਂ ਚਿੱਤ ਕਰਦੈ ਆਵਦੇ ਵੀ ਗੋਲੀ
ਮਾਰਲਾਂ ਨਾਲੇ ਘਰ ਵਾਲੀ ਦੇ ਵੀ.....”“ ਓਹ ਨਹੀਂ ਯਾਰ ਐਨੀਆਂ ਦਿਲਗੀਰੀਆਂ ਨੀਂ ਫੜ੍ਹੀ
ਦੀਆਂ, ਅਸੀਂ ਆਉਨੇ ਕਲ੍ਹ ਨੂੰ ਆਪਾਂ ਚੱਲਾਂਗੇ ਮੁੰਡੇ ਕੋਲੇ ਸਮਝਾਵਾਂਗੇ ਓਸਨੂੰ
ਬਈ......”“ਵਥੇਰਾ ਸਮਝਾਅ ਲਿਆ ਉਹ ਤਾਂ ਕਿਤੇ ਕਿਤੇ ਢੈਲਾ ਵੀ ਪੈ ਜਾਂਦਾ ਐ ਪਰ ਸਾਡੀ ਨੂੰਹ
ਨੀ ਪੱਟੀ ਬ੍ਝਣ ਦਿੰਦੀ ਬੱਸ ਇਉਂ ਵੇਖਲਾ ਬਈ ਅਸੀਂ ਨੀ ਓਸਦੇ ‘ ਕੁਸ ‘ ਲਗਦੇ ਜੋ ‘ ਕੁਸ ‘ ਐ
ਓਸਦੇ ਸਹੁਰੇ ਈ ਐ ਕੀ ਲੈਣਾ ਸੀ ਐਹੇ ਜੀ ਗੰਦੀ ਲਾਦ ਜੰਮਕੇ” ਗੁਰਪਰਤਾਪ ਨੇ ਪਾਸੇ ਮੂੰਹ
ਕਰਕੇ ਅਪਣੇ ਅੱਥਰੂ ਛੁਪਾਉਣ ਦੀ ਕੋਸ਼ਿਸ਼ ਕੀਤੀ । ਗੁਰਬਚਨ ਵੀ ਭਾਵੁਕ ਹੋ ਗਿਆ ਕਹਿੰਦਾ “ਆਹ
‘ ਜਾਰ ‘ ਥੋਡੀ ਗੱਲ ਸੁਣਕੇ ਤਾਂ ਮੈਨੂੰ ਵੀ ਖੁੜਕਗੀ ਬਈ ਬੰਦੇ ਨੂੰ ਧੀਆ ਪੁੱਤਾਂ ਤੋਂ ਕੋਈ
ਝਾਕ ਨੀ ਰੱਖਣੀ ਚਾਹੀਦੀ, ਏਥੋਂ ਦਾ ਤਾਂ ਬਾਈ ਪਾਣੀਓ ਮਾੜਾ ਐ ਬੱਸ....”“ਚਲੋ ਜੋ ਕਿਸ਼ਮਤ
‘ਚ ਲਿਖਿਐ ਭੋਗੀ ਜਾਨੇ ਆਂ, ਹੁਣ ਕੀਤਾ ਵੀ ਕੀ ਜਾਵੇ” ਆਖਕੇ ਗੁਰਪ੍ਰਤਾਪ ਆਵਦੇ ਕੰਮ ਤੇ ਜਾ
ਲੱਗਿਆ ।
-0-
|