Welcome to Seerat.ca

ਦਾਰੇ ਦੁਲਚੀਪੁਰੀਏ ਦੀ ਦਾਸਤਾਨ

 

- ਪ੍ਰਿੰ. ਸਰਵਣ ਸਿੰਘ

ਬਾਰੀ ਵਿਚ ਖੜ੍ਹੀ ਔਰਤ

 

- ਅਮਰਜੀਤ ਚੰਦਨ

ਸਰਗਮ ਦਾ ਸਫ਼ਰਨਾਮਾ

 

- ਸਰਗਮ ਸੰਧੂ

ਵਗਦੀ ਏ ਰਾਵੀ
ਰੌਸ਼ਨੀਆਂ ਦਾ ਸ਼ਹਿਰ

 

- ਵਰਿਆਮ ਸਿੰਘ ਸੰਧੂ

ਸਮੇਂ ਦਾ ਹਾਣੀ: ਗੁਰਚਰਨ ਰਾਮਪੁਰੀ

 

- ਚੰਦਰ ਮੋਹਨ

ਮੇਰੀ ਅੱਖਰ ਮਾਲਾ ਚੇਤਨਾ

 

- ਸੁਰਿੰਦਰ ਪਾਮਾ

ਨਜ਼ਮ

 

- ਉਂਕਾਰਪ੍ਰੀਤ

ਕਹਾਣੀ / ਕੀ ਕੀਤਾ ਜਾਵੇ

 

- ਵਕੀਲ ਕਲੇਰ

ਇਉਂ ਵੇਖਿਆ ਮੈ ਕੇਨਜ਼ ਦਾ ਪਹਿਲਾ ਸਿੱਖ ਖੇਡ ਮੇਲਾ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਦੋ ਕਵਿਤਾਵਾਂ

 

- ਗੁਰਦਾਸ ਮਿਨਹਾਸ

ਮੇਰੀ ਜਾਣਕਾਰੀ ਭਰਪੂਰ ਚੀਨ ਯਾਤਰਾ

 

- ਸਤਵੰਤ ਸਿੰਘ

ਪੰਜਾਬੀ ਫ਼ਿਲਮ ‘ਅੰਨ੍ਹੇ ਘੋੜੇ ਦਾ ਦਾਨ’ ਲੰਡਨ ਦੇ ਕੌਮਾਂਤਰੀ ਫ਼ਿਲਮ ਮੇਲੇ ਚ

 

- ਸੁਖਦੇਵ ਸਿੱਧੂ

 


ਇਉਂ ਵੇਖਿਆ ਮੈ ਕੇਨਜ਼ ਦਾ ਪਹਿਲਾ ਸਿੱਖ ਖੇਡ ਮੇਲਾ
- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ
 

 

ਇਕ ਰਾਤ ਨੂੰ ਸ. ਗੁਰਿੰਦਰ ਸਿੰਘ ਮਾਵੀ ਦਾ ਕੇਨਜ਼ ਤੋਂ ਫ਼ੋਨ ਆਇਆ ਉਹ ਕਿ 6 ਅਗੱਸਤ ਨੂੰ ਕੇਨਜ਼ ਵਿਖੇ ਸਿੱਖ ਖੇਡ ਮੇਲਾ ਕਰਵਾ ਰਹੇ ਹਨ ਤੇ ਮੈ ਉਸ ਸਮੇ ਪਹੁੰਚਾਂ। ਫਿਰ ਕੁਝ ਦਿਨ ਹਟ ਕੇ ਸ. ਸੋਨਾ ਸਿੰਘ ਭੇਲਾ ਦਾ ਫ਼ੋਨ ਵੀ ਏਸੇ ਮਕਸਦ ਲਈ ਆਇਆ।
ਮੈ ਤਾਂ ਸਿਡਨੀ ਤੋਂ ਸਰਦੀਆਂ ਸਮੇ ‘ਉਤਰਾਖੰਡ’ ਵਾਲ਼ੇ ਪਾਸੇ ਨੂੰ ਉਡਾਰੀ ਮਾਰਨ ਦੀ ਤਾਕ ਵਿਚ ਹੀ ਰਹਿੰਦਾ ਹਾਂ। ਇਸ ਸੱਦੇ ਨੂੰ ਰੱਬੋਂ ਆਈ ਰਹਿਮਤ ਸਮਝ ਕੇ ਕਬੂਲ ਕੀਤੀ ਤੇ ਸਮਾ ਆਉਣ ਤੇ ‘ਜੈਟ ਸਟਾਰ’ ਤੇ ਸਵਾਰ ਹੋ ਕੇ ਵੀਰਵਾਰ 4 ਦੀ ਸ਼ਾਮ ਨੂੰ ਜਾ ਉਤਰਿਆ ਕੇਨਜ਼ ਦੇ ਹਵਾਈ ਅੱਡੇ ਤੇ। ਸੋਨਾ ਸਿੰਘ ਨੂੰ ਰਿੰਗਿਆ ਪਰ ਉਸ ਸਮੇ ਉਹ ਸਰਦਾਰਾਂ ਦੀ ਸ਼ਾਮ ਨੂੰ ਸਜਣ ਵਾਲ਼ੀ ਮਹਿਫ਼ਲ ਵਿਚ ਸਜਿਆ ਹੋਣ ਕਰਕੇ ਉਸ ਨੇ ਮੈਨੂੰ ਖ਼ੁਦ ਹੀ ਪਹੁੰਚ ਕੇ ਦਰਸ਼ਨ ਦੇਣ ਲਈ ਆਖ ਦਿਤਾ ਤੇ ਮੈ ਮਿਨੀ ਬਸ ਤੇ ਸਵਾਰ ਹੋ ਕੇ ਉਸ ਦੇ ਹੋਟਲ ‘ਸਨ ਸ਼ਾਈਨ ਟਾਵਰ’ ਵਿਚ ਜਾ ਉਸ ਨੂੰ ਦਰਸ਼ਨ ਦਿਤੇ। ਸਰਦਾਰ ਮਾਵੀ ਜੀ ਨੂੰ ਫ਼ੋਨ ਰਾਹੀਂ ਆਪਣੇ ਆ ਜਾਣ ਦੀ ਇਤਲਾਹ ਵੀ ਦੇ ਦਿਤੀ
ਉਸ ਰਾਤ ਤੇ ਅਗਲਾ ਸਾਰਾ ਦਿਨ ਹੋਟਲ ਤੇ ਇਸ ਦੇ ਦੁਆਲੇ ਹੀ ਸਰਗਰਮੀਆਂ ਜਾਰੀ ਰਹੀਆਂ।
ਸ਼ੁੱਕਰਵਾਰ ਦੀ ਰਾਤ ਨੂੰ ਦੇਸੋਂ ਸੱਦੇ ਗਵਈਆਂ ਦੇ ਗਰੁਪ ਦਾ ਅਖਾੜਾ ਸੀ। ਇਹ ਹੋਣਾ ਤਾਂ ਖੇਡਾਂ ਤੋਂ ਪਿੱਛੋਂ ਛਨਿਛਰਵਾਰ ਦੀ ਰਾਤ ਨੂੰ ਸੀ ਪਰ ਗਵਈਆਂ ਦੇ ਐਡੀਲੇਡ ਦੇ ਪਹਿਲਾਂ ਹੀ ਬਣ ਚੁੱਕੇ ਪ੍ਰੋਗਰਾਮ ਕਰਕੇ ਇਕ ਰਾਤ ਪਹਿਲਾਂ ਹੀ ਕਰਨਾ ਪੈ ਗਿਆ। ਮੈਨੂੰ ਵੀ ਇਹ ਸੁਣਨ ਲਈ ਇਕ ਸੱਜਣ ਸੱਦਣ ਆਇਆ ਤੇ ਓਥੇ ਜਾਣ ਵਿਰੁਧ ਮੈਨੂੰ ਕੋਈ ਝਿਜਕ ਵੀ ਨਹੀ ਸੀ ਪਰ ਸਾਜਾਂ ਦੇ ਕੰਨ ਪਾੜਵੇਂ ਰੌਲ਼ੇ ਨੂੰ ਝੱਲਣ ਤੋਂ ਅਸਮਰਥ ਹੋਣਾ ਤੇ ਬੇਲੋੜੇ ਅਸ਼ਲੀਲ਼ ਗਾਣੇ ਸੁਣਨ ਦਾ ਕੋਈ ਸ਼ੌਕ ਨਾ ਹੋਣ ਕਰਕੇ, ਮੈ ਹੋਟਲ ਦੇ ਕਮਰੇ ਵਿਚ ਬੈਠ ਕੇ ਕੰਪਿਊਟਰ ਨੂੰ ‘ਕੁਤਕਤਾਰੀਆਂ’ ਕਢਦੇ ਰਹਿਣਾ ਵਧ ਲਾਭਦਾਇਕ ਸਮਝਿਆ। ਬਾਅਦ ਵਿਚ ਸ. ਸੋਨਾ ਸਿੰਘ ਨੇ ਦੱਸਿਆ ਕਿ ਗਵਈਆਂ ਦੇ ਗਰੁਪ ਵਿਚ ਗਿੱਪੀ ਮਾਨ, ਸ਼ੇਰੀ ਮਾਨ, ਜੀਤਾ ਜੈਲਦਾਰ ਤੇ ਨੀਰੂ ਬਾਜਵਾ ਵੀ ਸ਼ਾਮਲ ਸਨ।
ਅਗਲੇ ਦਿਨ ਖੇਡ ਮੈਦਾਨ ਵਿਚ ਜਾਣ ਦਾ ਸੁਭਾਗ ਪਰਾਪਤ ਹੋਇਆ। ਕੇਨਜ਼ ਅਤੇ ਇਸ ਦੇ ਗਿਰਦ ਨਿਵਾਹੀ ਦੇ ਛੋਟੇ ਸ਼ਹਿਰਾਂ ਦੀਆਂ ਟੀਮਾਂ ਤੋਂ ਇਲਾਵਾ, ਆਸਟ੍ਰੇਲੀਆ ਦੇ ਦੂਜੇ ਵੱਡੇ ਸ਼ਹਿਰਾਂ: ਮੈਲਬਰਨ, ਸਿਡਨੀ, ਗ੍ਰਿਫਿ਼ਥ, ਬ੍ਰਿਸਬਿਨ ਤੋਂ ਵੀ ਕਬੱਡੀ, ਫੁੱਟਬਾਲ, ਰੱਸੇ ਆਦਿ ਦੀਆਂ ਟੀਮਾਂ ਗਰਾਊਂਡ ਵਿਚ ਪਹੁੰਚੀਆਂ ਹੋਈਆਂ ਸਨ।

ਮੈਨੂੰ ਸਿੱਖ ਸਮਾਜ ਦੇ ਉਘੇ ਆਗੂ ਅਤੇ ਗੇਮਾਂ ਦੇ ਇਨਚਾਰਜ ਸ. ਸੋਨਾ ਸਿੰਘ ਨੇ, ਮੇਰੇ ਪੁੱਛਣ ਤੇ, ਇਹਨਾਂ ਖੇਡਾਂ ਦੇ ਪਿਛੋਕੜ ਬਾਰੇ ਸੰਖੇਪ ਵਿਚ ਦੱਸਿਆ ਕਿ ਸਫ਼ਲ ਆਸਟ੍ਰੇਲੀਅਨ ਸਿੱਖ ਖੇਡਾਂ ਤੋਂ ਪ੍ਰਭਾਵਤ ਹੋ ਕੇ ਅਤੇ ਉਤਸ਼ਾਹ ਪਰਾਪਤ ਕਰਕੇ, ਕਈ ਸਾਲਾਂ ਤੋਂ ਅਜਿਹਾ ਖੇਡ ਮੇਲਾ ਕੇਨਜ਼ ਵਿਚ ਵੀ ਸਿਰਜਣ ਬਾਰੇ ਵਿਚਾਰ ਤਾਂ ਹੁੰਦਾ ਰਿਹਾ ਪਰ ਕਦੀ ਕੋਈ ਤੇ ਕਦੀ ਕੋਈ ਵਿਘਨ ਪੈ ਜਾਣ ਕਰਕੇ ਇਹ ਚੰਗਾ ਕੰਮ ਪਛੜਦਾ ਹੀ ਰਿਹਾ। ਖੇਡ ਮੈਦਾਨ ਵਿਚ ਵਾਹਵਾ ਜਿਹੀ ਹੀ ਰੌਣਕ ਸੀ। ਜਿੰਨੀ ਆਸ ਕੀਤੀ ਜਾਂਦੀ ਸੀ ਓਨੇ ਭਾਵੇਂ ਨਹੀ ਸੀ ਪਰ ਫਿਰ ਵੀ ਮੇਲੇ ਦਾ ਵਾਤਵਰਣ ਸਿਰਜਿਆ ਲੱਗਦਾ ਸੀ। ਖੇਡਾਂ ਦੇ ਆਰੰਭ ਹੋਣ ਤੋਂ ਪਹਿਲਾਂ ਗਿਆਨੀ ਸਤਿਨਾਮ ਸਿੰਘ, ਗੁਰਬੰਤ ਸਿੰਘ ਕਰਮਬੀਰ ਸਿੰਘ ਜੀ ਦੇ ਜਥੇ ਦੁਆਰਾ ਸ਼ਬਦ ਕੀਰਤਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਨੂੰ, ਆਏ ਸੱਜਣਾਂ ਤੇ ਟੀਮਾਂ ਦੇ ਸਵਾਗਤ ਵਜੋਂ ਕੁਝ ਸ਼ਬਦ ਆਖਣ ਲਈ ਪ੍ਰੇਰਿਆ ਗਿਆ। ਮੈ ਸੁਥਰੀਆਂ ਖੇਡਾਂ ਦਾ ਸਿੱਖ ਧਰਮ ਵਿਚ ਸਥਾਨ ਅਤੇ ਇਹਨਾਂ ਦੇ ਇਤਿਹਾਸ ਬਾਰੇ ਕੁਝ ਸ਼ਬਦ ਆਖੇ ਤੇ ਉਪ੍ਰੰਤ ਰਾਗੀ ਜਥੇ ਨੇ ਕੀਰਤਨ ਕਰਕੇ ਆਰੰਭਤਾ ਦਾ ਅਰਦਾਸਾ ਸੋਧਿਆ।
ਫਿਰ ਖੇਡਾਂ ਵਿਚ ਖਿਡਾਰੀਆਂ ਨੇ ਆਪੋ ਆਪਣੀਆਂ ਟੀਮਾਂ ਸਮੇਤ ਖੇਡਾਂ ਦੇ ਦਾ-ਪੇਚ ਅਤੇ ਕਮਾਏ ਹੋਏ ਸਰੀਰਾਂ ਦੇ ਜੌਹਰ ਵਿਖਾਉਣੇ ਆਰੰਭ ਕਰ ਦਿਤੇ। ਖੇਡਾਂ ਨੂੰ ਚਾਰ ਚੰਨ ਲਾਉਂਦੀ ਸ. ਸਤਨਾਮ ਸਿੰਘ ਸੱਤਾ ਦੀ ਕਮੈਂਟਰੀ ਸਭ ਦੀ ਤਵੱਜੋਂ ਖਿੱਚ ਰਹੀ ਸੀ। ਮੇਰੀ ਹੈਰਾਨੀ ਦੀ ਕੋਈ ਹੱਦ ਰਹੀ ਜਦੋਂ ਮੈ ਸਵੇਰ ਤੋਂ ਸ਼ਾਮ ਤੱਕ ਇਹ ਨੌਜਵਾਨ, ਜੋ ਸਾਢੇ ਚੌਦਾਂ ਸਾਲ ਦੀ ਉਮਰ ਵਿਚ, ਪੰਜਾਬ ਛੱਡ ਕੇ ਨਿਊ ਜ਼ੀਲੈਂਡ ਵਿਚ ਆ ਵੱਸਿਆ ਸੀ, ਇਕ ਸ਼ਬਦ ਵੀ ਅੰਗ੍ਰੇਜ਼ੀ ਦਾ ਬੋਲੇ ਬਿਨਾ, ਸਾਰਾ ਦਿਨ ਧਾਰਾ ਪ੍ਰਵਾਹਕ ਪੰਜਾਬੀ ਵਿਚ ਕਮੈਂਟਰੀ ਕਰਦਾ ਰਿਹਾ। ਨਾ ਥੱਕਿਆ, ਨਾ ਅੱਕਿਆ ਤੇ ਨਾ ਹੀ ਭੁੱਲਿਆ। ਸਮੇ ਨਾਲ਼ ਸਬੰਧਤ ਕਵਿਤਾਵਾਂ ਅਤੇ ਸੁੱਚੇ ਚੁਟਕਲੇ ਸੁਣਾ ਕੇ ਸਰੋਤਿਆਂ ਦਾ ਮਨੋਰੰਜਨ ਕਰਨ ਦੇ ਨਾਲ਼ ਨਾਲ਼ ਖਿਡਾਰੀਆਂ ਦੇ ਉਤਸ਼ਾਹ ਵਿਚ ਵਾਧਾ ਕਰਦਾ ਰਿਹਾ।
ਖੇਡਾਂ ਦੀ ਸਮਾਪਤੀ ਤੋਂ ਪਹਿਲਾਂ, ਬ੍ਰਿਸਬਿਨ ਦੇ ਵਸਨੀਕ ਸ. ਗੁਰਦੀਪ ਸਿੰਘ ਨਿਝਰ ਵੱਲੋਂ ਤਿਆਰ ਕੀਤੀ ਭੰਗੜਾ ਟੀਮ ਨੇ ਉਹ ਰੰਗ ਬੰਨ੍ਹਿਆਂ ਕਿ ਪੰਜਾਬ ਦੀ ਕਿਸੇ ਵੀ ਭੰਗੜਾ ਟੀਮ ਨਾਲ਼ੋਂ ਇਹਨਾਂ ਦੀ ਅਦਾਕਾਰੀ ਕਿਸੇ ਗੱਲੋਂ ਪਿਛੇ ਨਾ ਰਹੀ। ਭੰਗੜਾ ਟੀਮ ਵਿਚ ਸ਼ਾਮਲ ਮੋਗੇ ਤੋਂ ਵਿਦਿਆਰਥੀ ਵਜੋਂ ਆਈ ਬੱਚੀ ਸਰੋਜ ਨੇ ਆਪਣੀ ਅਦਾਕਾਰੀ ਨਾਲ਼ ਦਰਸ਼ਕਾਂ ਤੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿਤਾ। ਇਹ ਲੇਡੀ ਇਉਂ ਜਾਪਦਾ ਹੈ ਜਿਵੇਂ ਕਿ ਗਿਫ਼ਟਿਡ ਕਲਾਕਾਰ ਹੋਵੇ!
ਸਮਾਪਤੀ ਤੇ ਹੈਲਥ ਮਿਨਿਸਟਰ ਕਰਟਿਸ ਪਿੱਟ ਦੇ ਹੱਥੀਂ ਖਿਡਾਰੀਆਂ ਅਤੇ ਆਏ ਪਤਵੰਤੇ ਸੱਜਣਾਂ ਨੂੰ ਇਨਾਮ ਤੇ ਸਨਮਾਨ ਚਿੰਨ੍ਹ ਵੰਡੇ ਗਏ। ਬਹੁਤ ਹੀ ਜਵਾਨ ਦਿੱਖ ਵਾਲ਼ੇ ਮੰਤਰੀ ਜੀ ਨੂੰ ਮੈ ਪੁੱਛਿਆ ਕਿ ਵੇਖਣ ਨੂੰ ਤੁਹਾਡੀ ਉਮਰ ਤਾਂ ਮੰਤਰੀ ਜਿਡੀ ਨਹੀ ਲੱਗਦੀ; ਕਿਤੇ ਐਵੇਂ ਘਿਵੇਂ ਤੇ ਨਹੀ ਤੁਹਾਨੂੰ ਮੰਤਰੀ ਵਜੋਂ ਪੇਸ਼ ਕਰ ਦਿਤਾ ਗਿਆ! ਮੰਤਰੀ ਜੀ ਨੇ ਮੁਸਕਰਾ ਕੇ ਹਾਂ ਵਿਚ ਸਿਰ ਹਿਲਾਇਆ ਜਿਸ ਦਾ ਮੈ ਅਰਥ ਇਹ ਸਮਝਿਆ ਕਿ ਉਹ ਸਚੀਂ ਮੁਚੀਂ ਦੇ ਮੰਤਰੀ ਹੀ ਹਨ। ਮੈਨੂੰ ਦੱਸਿਆ ਗਿਆ ਕਿ ਪਹਿਲਾਂ ਇਹਨਾਂ ਦੇ ਪਿਤਾ ਜੀ, ਮਿਸਟਰ ਵਾਰਨ ਪਿੱਟ, ਮੰਤਰੀ ਸਨ ਤੇ ਹੁਣ ਉਹਨਾਂ ਦੀ ਥਾਂ ਇਹਨਾਂ ਦੇ ਹਿੱਸੇ ਇਹ ਸੇਵਾ ਆਈ ਹੈ। ਇਹ ਸਭ ਤੋਂ ਛੋਟੀ ਉਮਰ ਦੇ ਆਸਟ੍ਰੇਲੀਆ ਵਿਚ ਮੰਤਰੀ ਹਨ। ਸਥਾਨਕ ਐਮ.ਪੀ. ਮਿਸਟਰ ਐਨਟਿਸ਼, ਪਹਿਲਾਂ ਕੀਤੇ ਗਏ ਕਿਸੇ ਹੋਰ ਇਕਰਾਰ ਸਦਕਾ, ਇਸ ਮੇਲੇ ਵਿਚ ਪਹੁੰਚਣ ਤੋਂ ਅਸਮਰਥ ਰਹੇ। ਸ਼ਹਿਰ ਕੇਨਜ਼ ਦੀ ਮੇਅਰੈਸ ਬਲ ਸ਼ਰੀਅਰ ਨੇ ਵੀ ਇਸ ਮੌਕੇ ਹਾਜਰ ਹੋ ਕੇ ਰੌਣਕ ਨੂੰ ਵਧਾਇਆ ਅਤੇ ਖਿਡਾਰੀਆਂ ਤੇ ਪ੍ਰਬੰਧਕਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਬਾਹਰੋਂ ਆਏ ਪਤਵੰਤਿਆਂ ਦਾ ਵੀ ਮੰਤਰੀ ਜੀ ਦੇ ਹੱਥੋਂ ਸਨਮਾਨ ਚਿੰਨ੍ਹ ਦਿਵਾ ਕੇ ਉਹਨਾਂ ਦਾ ਮਾਣ ਵਧਾਇਆ ਗਿਆ। ਉਹਨਾਂ ਵਿਚ ਖਾਸ ਸਨ: ਸਿਡਨੀ ਤੋਂ ਪਹੁੰਚੇ ਪ੍ਰਸਿਧ ਸਾਇੰਸਦਾਨ ਅਤੇ ਸਿੱਖ ਭਾਈਚਾਰੇ ਦੇ ਆਗੂ ਡਾ. ਗੁਰਚਰਨ ਸਿੰਘ ਸਿਧੂ, ਮੈਲਬਰਨ ਤੋਂ ਪ੍ਰਸਿਧ ਕਾਲਮ ਨਵੀਸ ਸ. ਮਨਜੀਤ ਸਿੰਘ ਔਜਲਾ, ‘ਦੀ ਪੰਜਾਬ’ ਅਖ਼ਬਾਰ ਦੇ ਮੁਖ ਸੰਪਾਦਕ ਸ. ਮਨਜੀਤ ਸਿੰਘ ਬੋਪਾਰਾਇ ਆਦਿ ਨੂੰ ਆਦਰ ਸਹਿਤ ਸਨਮਾਨਤ ਕੀਤਾ ਗਿਆ; ਅਤੇ “ਵਿਚ ਸਾਡਾ ਵੀ ਨਾਂ ਬੋਲੇ” ਅਨੁਸਾਰ, ਮੈਨੂੰ ਵੀ ਇਕ ਟਰਾਫ਼ੀ ਮਿਲ਼ ਗਈ।
ਇਸ ਇਲਾਕੇ ਦੀ ਮਾਣਯੋਗ ਸ਼ਖ਼ਸੀਅਤ ਸ. ਰਣਜੀਤ ਸਿੰਘ ਮਾਵੀ ਜੀ ਵੱਲੋਂ ਦਿਤੀ ਗਈ ਹੌਸਲਾ ਅਫ਼ਜ਼ਾਈ ਸਦਕਾ ਇਸ ਪੱਖੋਂ ਇਹ ਪਹਿਲਾ ਕਾਰਜ ਸਿਰੇ ਚੜ੍ਹਿਆ।
ਇਸ ਕਾਰਜ ਵਿਚ ਬਹੁਤ ਸਾਰੇ ਸੱਜਣਾਂ ਵੱਲੋਂ ਤਨ, ਮਨ ਤੇ ਧਨ ਨਾਲ਼ ਸ਼ਮੂਲੀਅਤ ਕੀਤੀ ਗਈ। ਮਾਵੀ ਪਰਵਾਰ, ਸ. ਪੁਰਸ਼ੋਤਮ ਸਿੰਘ, ਸ. ਜਸਬੀਰ ਸਿੰਘ, ਸ. ਅਵਤਾਰ ਸਿੰਘ, ਸ. ਮੋਹਨ ਸਿੰਘ ਗਰੇਵਾਲ, ਸ. ਸਤਿਨਾਮ ਸਿੰਘ, ਸ. ਪਲਵਿੰਦਰ ਸਿੰਘ ਨਾਹਲ ਅਤੇ ਹੋਰ ਬਹੁਤ ਸਾਰੇ ਸੱਜਣਾਂ ਨੇ ਪਰਵਾਰਾਂ ਸਮੇਤ ਸਹਿਯੋਗ ਦਿਤਾ। ਗੁਰਦੁਆਰਾ ਸਾਹਿਬ ਇਨਸਫਿ਼ਲ ਦੀਆਂ ਬੀਬੀਆਂ ਆਪਣੀਆਂ ਘਰੋਗੀ ਜੁੰਮੇਵਾਰੀਆਂ ਚੋਂ ਸਮਾ ਕਢ ਕੇ ਕਈ ਦਿਨ ਲੰਗਰ ਅਤੇ ਮਿਠਿਆਈਆਂ ਤਿਆਰ ਕਰਨ ਦੀ ਸੇਵਾ ਸ਼ਰਧਾ ਸਹਿਤ ਕਰਦੀਆਂ ਰਹੀਆਂ।
ਗੁਰਦੁਆਰਾ ਗੁਰੂ ਨਾਨਕ ਸਿੱਖ ਐਜੂਕੇਸ਼ਨ ਸੈਂਟਰ ਇਨਸਫ਼ੇਲ ਦੇ ਪ੍ਰਧਾਨ, ਸ. ਸੋਨਾ ਸਿੰਘ ਨੇ ਮਹੀਨਿਆਂ ਬਧੀ ਇਸ ਕਾਰਜ ਲਈ ਆਪਣਾ ਸਮਾ ਤੇ ਸਾਧਨ ਵਰਤੇ। ਬਾਹਰੋਂ ਆਏ ਕਲਾਕਾਰਾਂ, ਖਿਡਾਰੀਆਂ, ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਨੂੰ ਆਪਣੇ ਹੋਟਲ ‘ਸਨ ਸ਼ਾਈਨ ਟਾਵਰ’ ਵਿਚ ਠਹਿਰਾ ਕੇ ਉਹਨਾਂ ਦੇ ਪ੍ਰਸ਼ਾਦ ਪਾਣੀ ਆਦਿ ਦਾ ਪ੍ਰਬੰਧ ਵੀ ਸੁਚੱਜਤਾ ਨਾਲ਼ ਕੀਤਾ। ਸ. ਸੋਨਾ ਸਿੰਘ ਦਾ ਹਮੇਸ਼ਾ ਯਤਨ ਹੁੰਦਾ ਹੈ ਕਿ ਲੋੜਵੰਦ ਦੀ ਹਰ ਪ੍ਰਕਾਰ ਸਹਾਇਤਾ ਕੀਤੀ ਜਾਵੇ। ਏਸੇ ਕਾਰਨ ਕਈ ਵਾਰੀਂ ਉਹ ਆਪਣੇ ਲਈ ਸਮੱਸਿਆ ਵੀ ਖੜ੍ਹੀ ਕਰ ਲੈਂਦਾ ਹੈ।
ਇਸ ਸਾਰੇ ਖੇਡ ਅਤੇ ਸਭਿਆਚਾਰਕ ਫੰਕਸ਼ਨ ਨੂੰ ਸਰੰਜਾਮ ਦੇਣ ਵਿਚ, ਖੇਡ ਕਮੇਟੀ ਦੇ ਨੌਜਵਾਨ ਅਤੇ ਉਤਸ਼ਾਹੀ ਪ੍ਰਧਾਨ, ਸ. ਗੁਰਵਿੰਦਰ ਸਿੰਘ ਮਾਵੀ ਦਾ ਉਦਮ ਅਤੇ ਪ੍ਰਬੰਧ ਵੀ ਹਰ ਪੱਖੋਂ ਸ਼ਲਾਘਾ ਦੇ ਯੋਗ ਸੀ।
ਹਰੇਕ ਕੰਮ ਵਿਚ ਕੋਈ ਨਾ ਕੋਈ ਊਣਤਾਈ ਦਾ ਰਹਿ ਜਾਣਾ ਤਕਰੀਬਨ ਜਰੂਰੀ ਹੁੰਦਾ ਹੈ; ਇਸ ਲਈ ਇਹ ਸਾਰਾ ਕਾਰਜ ਵੀ ਊਣਤਾਈ ਤੋਂ ਖਾਲੀ ਨਹੀ ਸੀ। ਮੈ ਗਰਾਊਂਡ ਵਿਚ ਵੇਖ ਰਿਹਾ ਸਾਂ ਕਿ ਕਈ ਜਾਣੇ ਪਛਾਣੇ ਚੇਹਰੇ ਨਜ਼ਰ ਨਹੀ ਸਨ ਆ ਰਹੇ। ਪਤਾ ਲੱਗਾ ਕਿ ਇਲਾਕੇ ਦੇ ਸਿੱਖ ਵਸਨੀਕਾਂ ਦੇ ਇਕ ਵੱਡੇ ਭਾਗ ਨੇ ਨਾ ਕੇਵਲ ਇਸ ਮੇਲੇ ਸ਼ਾਮਲ ਹੋਣ ਤੋਂ ਹੀ ਗੁਰੇਜ਼ ਕੀਤਾ ਬਲਕਿ ਇਸ ਦਾ ਬਾਈਕਾਟ ਵੀ ਕੀਤਾ। ਠੀਕ ਹੈ, ਹਰੇਕ ਕਾਰਜ ਲਈ ਹਰੇਕ ਨੂੰ ਖ਼ੁਸ਼ ਨਹੀ ਕੀਤਾ ਜਾ ਸਕਦਾ; ਕੋਈ ਨਾ ਕੋਈ ਸੱਜਣ ਵਿਚਾਰ ਵਿਖੇਵੇਂ ਕਾਰਨ ਕਾਰਜ ਤੋਂ ਬਾਹਰ ਰਹਿ ਸਕਦਾ ਹੈ ਪਰ ਏਥੇ ਬਹੁਤ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਨਾ ਹੋ ਸਕੇ। ਇਸ ਲਈ ਹਜਾਰਾਂ ਵਾਸਤੇ ਤਿਆਰ ਕੀਤਾ ਗਿਆ ਲੰਗਰ ਵੀ ਕੁਝ ਸੈਂਕੜੇ ਹੀ ਛਕ ਸਕੇ ਤੇ ਬਹੁਤ ਸਾਰਾ ਲੰਗਰ ਬਚ ਗਿਆ।
ਜਦੋਂ ਆਸਟ੍ਰੇਲੀਆ ਦੀਆਂ ਸਿੱਖ ਗੇਮਾਂ 1988 ਵਿਚ ਐਡੀਲੇਡ ਵਿਖੇ ਆਰੰਭ ਹੋਈਆਂ ਸਨ ਤਾਂ ਓਦੋਂ ਓਥੋਂ ਦੇ ਸਾਰੇ ਸਿੱਖਾਂ ਨੇ ਹੀ ਸ਼ਮੂਲੀਅਤ ਕੀਤੀ ਸੀ ਪਰ ਇਸ ਵਾਰੀਂ ਓਥੇ ਹੋਈਆਂ ਗੇਮਾਂ ਵਿਚ ਵੀ ਇਕ ਵੱਡੇ ਭਾਗ ਨੇ ਹਿੱਸਾ ਨਹੀ ਸੀ ਲਿਆ। ਇਹ ਵੀ ਹੈ ਕਿ 1988 ਦੇ ਮੁਕਾਬਲੇ ਹੁਣ 2011 ਵਿਚ ਸਾਡੀ ਗਿਣਤੀ ਵਿਚ ਵੀ ਖਾਸਾ ਵਾਧਾ ਹੋਇਆ ਹੈ ਤੇ ਇਸ ਤਰ੍ਹਾਂ ਵਿਚਾਰ ਵਿਖੇਵੇਂ ਵੀ ਵਧੇ ਹਨ ਤੇ ਜਥੇਬੰਦੀਆਂ ਦੀ ਗਿਣਤੀ ਵੀ ਵਧੀ ਹੈ। ਸਮੇ ਨਾਲ਼ ਮੱਤ ਭੇਦ ਪੈਦਾ ਹੁੰਦੇ ਵੀ ਨੇ ਸਮੇ ਤੇ ਨਾਲ਼ ਮਿਟ ਵੀ ਜਾਂਦੇ ਨੇ। ਹੋ ਸਕਦਾ ਹੈ ਕਿ ਪ੍ਰਬੰਧਕਾਂ ਵੱਲੋਂ ਰੁੱਸੇ ਸੱਜਣਾਂ ਨੂੰ ਮੰਨਾਉਣ ਦਾ ਯੋਗ ਉਪ੍ਰਾਲਾ ਨਾ ਕੀਤਾ ਗਿਆ ਹੋਵੇ!
ਸਭ ਕੁਝ ਵਿਚਾਰਨ ਤੋਂ ਉਪ੍ਰੰਤ ਇਹ ਆਖਿਆ ਹੀ ਜਾ ਸਕਦਾ ਹੈ ਕਿ ਇਸ ਦੂਰ ਦੁਰਾਡੇ ਇਲਾਕੇ ਵਿਚ ਇਹ ਪਹਿਲਾ ਚੰਗਾ ਕਦਮ ਉਠਾਇਆ ਗਿਆ ਸੀ। ਇਸ ਵਾਸਤੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਉਹਨਾਂ ਦਾ ਵਿਚਾਰ ਹੈ ਕਿ ਅਜਿਹਾ ਖੇਡ ਮੇਲਾ ਹਰੇਕ ਸਾਲ ਕੀਤਾ ਜਾਇਆ ਕਰੇਗਾ। ਇਹ ਚੰਗਾ ਕਾਰਜ ਹੈ ਤੇ ਇਸ ਦੀ ਸ਼ਲਾਘਾ ਕਰਨੀ ਬਣਦੀ ਹੈ। ਨਾਲ਼ ਇਹ ਦੋ ਸੁਝਾ ਵੀ ਹਨ ਕਿ ਅਗਲੇ ਮੇਲੇ ਵਾਸਤੇ ਰੁੱਸੇ ਸੱਜਣਾਂ ਨੂੰ ਮੰਨਾ ਕੇ, ਇਸ ਕਾਰਜ ਵਿਚ ਸ਼ਾਮਲ ਕਰਨ ਦਾ ਯਤਨ ਕੀਤਾ ਜਾਵੇ ਤੇ ਦੂਸਰੀ ਗੱਲ ਇਹ ਹੈ ਕਿ ਜਰੂਰੀ ਨਹੀ ਕਿ ਅਸੀਂ ਏਥੇ ਅਜਿਹੇ ਸਮਿਆਂ ਤੇ ਹਰੇਕ ਵਾਰੀਂ ਲੋੜੋਂ ਵਧ ਖ਼ਰਚ ਤੇ ਖੇਚਲ਼ ਕਰਕੇ ਦੇਸੋਂ ਹੀ ਗਵਈਏ ਸੱਦੀਏ। ਲੋਕਲ ਕਲਾਕਾਰ ਏਨਾ ਚੰਗਾ ਪ੍ਰੋਗਰਾਮ ਦੇ ਸਕਦੇ ਹਨ ਕਿ ਵੇਖ ਅਤੇ ਸੁਣ ਕੇ ਦਰਸ਼ਕ ਤੇ ਸਰੋਤੇ ਅੱਸ਼ ਅੱਸ਼ ਕਰ ਉਠਣ। ਵਿਦਿਆਰਥੀਆਂ ਦੇ ਰੂਪ ਵਿਚ ਹਰ ਖੇਤਰ ਦੇ ਬਹੁਤ ਸਾਰੇ ਕਲਾਕਾਰ ਆਸਟ੍ਰੇਲੀਆ ਵਿਚ ਮੌਜੂਦ ਹਨ। ਇਹਨਾਂ ਨੂੰ ਪਛਾਣ ਕੇ ਅੱਗੇ ਲਿਆਉਣ ਦੀ ਲੋੜ ਹੈ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346