Welcome to Seerat.ca

ਦਾਰੇ ਦੁਲਚੀਪੁਰੀਏ ਦੀ ਦਾਸਤਾਨ

 

- ਪ੍ਰਿੰ. ਸਰਵਣ ਸਿੰਘ

ਬਾਰੀ ਵਿਚ ਖੜ੍ਹੀ ਔਰਤ

 

- ਅਮਰਜੀਤ ਚੰਦਨ

ਸਰਗਮ ਦਾ ਸਫ਼ਰਨਾਮਾ

 

- ਸਰਗਮ ਸੰਧੂ

ਵਗਦੀ ਏ ਰਾਵੀ
ਰੌਸ਼ਨੀਆਂ ਦਾ ਸ਼ਹਿਰ

 

- ਵਰਿਆਮ ਸਿੰਘ ਸੰਧੂ

ਸਮੇਂ ਦਾ ਹਾਣੀ: ਗੁਰਚਰਨ ਰਾਮਪੁਰੀ

 

- ਚੰਦਰ ਮੋਹਨ

ਮੇਰੀ ਅੱਖਰ ਮਾਲਾ ਚੇਤਨਾ

 

- ਸੁਰਿੰਦਰ ਪਾਮਾ

ਨਜ਼ਮ

 

- ਉਂਕਾਰਪ੍ਰੀਤ

ਕਹਾਣੀ / ਕੀ ਕੀਤਾ ਜਾਵੇ

 

- ਵਕੀਲ ਕਲੇਰ

ਇਉਂ ਵੇਖਿਆ ਮੈ ਕੇਨਜ਼ ਦਾ ਪਹਿਲਾ ਸਿੱਖ ਖੇਡ ਮੇਲਾ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਦੋ ਕਵਿਤਾਵਾਂ

 

- ਗੁਰਦਾਸ ਮਿਨਹਾਸ

ਮੇਰੀ ਜਾਣਕਾਰੀ ਭਰਪੂਰ ਚੀਨ ਯਾਤਰਾ

 

- ਸਤਵੰਤ ਸਿੰਘ

ਪੰਜਾਬੀ ਫ਼ਿਲਮ ‘ਅੰਨ੍ਹੇ ਘੋੜੇ ਦਾ ਦਾਨ’ ਲੰਡਨ ਦੇ ਕੌਮਾਂਤਰੀ ਫ਼ਿਲਮ ਮੇਲੇ ਚ

 

- ਸੁਖਦੇਵ ਸਿੱਧੂ

 
 


ਮੇਰੀ ਅੱਖਰ ਮਾਲਾ ਚੇਤਨਾ

- ਸੁਰਿੰਦਰ ਪਾਮਾ, ਗੁਨੋਪੁਰੀਆ
 

 

(ਉਪ੍ਰੋਕਤ ਨਾਂ ਵਾਲੀ ਸੁਰਿੰਦਰ ਪਾਮਾ ਦੀ ਪੁਸਤਕ ਛਪਣ-ਅਧੀਨ ਹੈ। ਉਸਦੇ ਕੁਝ ਅੰਸ਼ ਪਾਠਕਾਂ ਦੀ ਦਿਲਚਸਪੀ ਲਈ ਛਾਪੇ ਜਾ ਰਹੇ ਹਨ-ਸੰਪਾਦਕ)

ਧੂੰਏਂ ਤੇ ਬੈਠੇ ਬਜ਼ੂਰਗਾਂ ਤੋਂ ਅੰਗਰੇਜ਼ੀ ਰਾਜ ਸਮੇਂ ਦੀਆਂ ਗੱਲਾਂ ਬਾਤਾਂ ਸੁਣ ਕੇ ਚੇਤਨਾ ਚੇਤੰਨ ਹੋਈ

ਮੈਨੂੰ ਵਿਦਿਆਰਥੀ ਜੀਵਨ ਸਮੇਂ ਧੂੰਏਂ ਤੇ ਬੈਠੇ ਬਜ਼ੂਰਗਾਂ ਤੋਂ ਅੰਗਰੇਜ਼ ਤੇ ਅੰਗਰੇਜ਼ੀ ਰਾਜ ਬਾਬਤ ਗੱਲਾਂ ਬਾਤਾਂ ਸੁਣਨ ਦਾ ਠਰਕ ਪੈ ਗਿਆ। ਮੇਰੀ ਜੰਮਣ ਭੌਂਇ ਪੰਜਾਬ ਦੀ ਵੰਡ ਦਾ ਦੁਖਾਂਤ ਹੰਢਾ ਚੁੱਕੇ ਬਜ਼ਰਗਾਂ ਦੀਆਂ ਜੀਵਨ ਦੁਸਵਾਰੀਆ ਅਤੇ ਗੋਰਿਆਂ ਦੀ ਤੇਜ਼ ਤਰਾਰ ਬੁੱਧੀ ਦੀਆਂ ਗੱਲਾ ਸੁਣ ਸੁਣ ਕੇ ਮੈਨੂੰ ਵਿਦਿਆ ਪ੍ਰਾਪਤੀ ਕਰਨ ਅਤੇ ਗੋਰਿਆਂ ਦਾ ਮੌਲਿਕ ਦੇਸ ਅਤੇ ਉਨ੍ਹਾਂ ਦੀ ਜੀਵਨਸ਼ੈਲੀ ਦੇਖਣ ਦੇ ਠਰਕ ਵਾਲੀ ਲਾਲਸਾ ਲੱਗ ਗਈ ਤੇ ਮੇਰੀ ਚੇਤਨਾ ਚੇਤੰਨ ਹੋਈ। ਇਸੇ ਠਰਕ ਵਿਚੋਂ ਦੋ ਸੋਚਾਂ ਮੇਰੇ ਦਿਮਾਗ ਤੇ ਹਾਵੀ ਹੋ ਗਈਆਂ। ਇਕ ਸੋਚ ਸੀ ਵਿਦਿਆ ਦੀ ਪ੍ਰਾਪਤੀ ਤੇ ਦੂਸਰੀ ਸੋਚ ਸੀ ਤਿੰਨ ਕੱਕਿਆਂ ਦੀ ਪ੍ਰਾਪਤੀ। ਉਹ ਹਨ ਕਿਰਤ, ਕੁਰਸੀ ਅਤੇ ਕਾਰ। ਮੱਗਰ ਸਿੰਘ ਦੇ ਧੁਏਂ ਤੇ ਬੈਠਿਆਂ ਸਨੁਕੜੇ ਦੀ ਸਲੇਗਣੀ ਨਾਲ ਜਨਵਰੀ ਮਹੀਨੇ ਦੀ ਚਾਨਣੀ ਰਾਤ ਵਿੱਚ ਠੰਡ ਨਾਲ ਬੁਝ ਰਹੀ ਅੱਗ ਨੂੰ ਫੋਲਦਿਆਂ ਸੁਣਿਆ ਸੀ ਕਿ ਦੇਸ ਦੀ ਵੰਡ ਤੋਂ ਪਹਿਲਾਂ ਮੱਗਰ ਸਿੰਘ ਤੇ ਗੋਪਾਲ ਸਿੰਘ ਰਾਵੀ ਤੋਂ ਪਾਰ ਦੇ ਇਲਾਕੇ ਤੋਂ ਸੁੱਕ ਰਹੇ ਝੋਨੇ ਨੂੰ ਬਚਾਉਣ ਲਈ ਗੁਆਰੇ ਤੇ ਹਲਟੀ ਚਲਾਉਣ ਲਈ ਝਲਾਰ ਲੈ ਕੇ ਆ ਰਹੇ ਸਨ। ਉਨ੍ਹਾਂ ਨੇ ਨਹਿਰ ਦੀ ਪਟੜੀ ਤੇ ਧੂੜ ਉਡਦੀ ਆਉਂਦੀ ਵੇਖੀ। ਗੱਡੇ ਜੁੱਤੇ ਬਲਦਾਂ ਨੂੰ ਕੁੱਟ ਕੁੱਟ ਕੇ ਪੂਰਾ ਭਜਾਇਆ ਤਾਂ ਕਿ ਨਾਨੋਨੰਗਲ ਦੇ ਪੁੱਲ ਤੋਂ ਬਣੇ ਰੈਂਪ ਤੋਂ ਗੱਡਾ ਪਟੜੀ ਤੋਂ ਥੱਲੇ ਉਤਰ ਜਾਵੇ। ਪਰ ਕਾਰ ਤੇ ਗੱਡੇ ਦਾ ਕੀ ਮੁਕਾਬਲਾ।
ਸਾਹਮਣੇ ਕਾਰ ਰੁਕ ਗਈ, ਗੱਡਾ ਵੀ ਰੁਕ ਗਿਆ। ਅੰਗਰੇਜ਼ੀ ਅਫਸਰ ਨੇ ਕਾਰ ਵਿਚੋਂ ਬਾਹਰ ਨਿਕਲਦੇ ਸਾਰ ਹੀ ਜਿ਼ਮੀਦਾਰਾਂ ਦੇ ਹੱਥ ‘ਚ ਫੜੀ ਪਰੈਣੀ ਖੋਹ ਕੇ ਦੋ ਦੋ ਜੜ ਦਿੱਤੀਆਂ ਤੇ ਦੇਸੀ ਅਫਸਰ ਨੂੰ ਕਹਿਣ ਲੱਗਾ, ‘ਗੱਡਾ ਰੈਸਟ ਹਾਊਸ ਲੈ ਜਾਓ ਤੇ ਬਲਦਾਂ ਨੂੰ ਫਾਟਕ ਵਿੱਚ ਬੰਦ ਕਰ ਦੇਵੋ’। ਦੇਸੀ ਅਫਸਰ ਓਵਸੀਅਰ ਸੀ (ਸੈਕਸ਼ਨਲ ਅਫ਼ਸਰ)। ਮੱਗਰ ਸਿੰਘ ਹੁਰਾਂ ਨੇ ਓਵਰਸੀਅਰ ਦੇ ਗੋਡੀਂ ਹੱਥ ਲਾ ਕੇ ਕਿਹਾ ਕਿ ਅਸੀਂ ਤਾਂ ਸ਼ਹਿਰ ਵੀ ਕਦੇ ਕਦਾਈ ਹੀ ਆਉਂਦੇ ਹਾਂ। ਜੇਕਰ ਆਈਏ ਤਾਂ ਪੈਦਲ ਹੀ ਆਈਦਾ ਹੈ। ਅਸੀਂ ਮਜਬੂਰੀ ਵਿੱਚ ਪਹਿਲੀ ਵਾਰ ਗੱਡਾ ਲੈ ਕੇ ਪਿੰਡੋਂ ਬਾਹਰ ਝਲਾਰ ਲੈਣ ਆਏ ਹਾਂ। ਸਾਡੇ ਇਲਾਕੇ ਵਿੱਚ ਬਾਸਮਤੀ ਦੇ ਚੌਲ ਬਹੁਤ ਖੁਸ਼ਬੂਦਾਰ ਤੇ ਸਵਾਦੀ ਹੁੰਦੇ ਹਨ। ਸਾਬ ਨੂੰ ਕਹਿ ਸਾਨੂੰ ਮੁਆਫ ਕਰ ਦੇ, ਅਸੀਂ ਅੱਗੋਂ ਤੋਂ ਕਦੇ ਵੀ ਗੱਡਾ ਨਹਿਰ ਦੀ ਪਟੜੀ ਤੇ ਨਹੀਂ ਚਲਾਵਾਂਗੇ ਤੇ ਤੁਹਾਨੂੰ ਸਾਰਿਆਂ ਨੂੰ ਖੁਸ਼ਬੂਦਾਰ ਚੌਲ਼ ਵੀ ਸਿਰ ਤੇ ਚੁੱਕ ਕੇ ਪਹੁੰਚਾਵਾਂਗੇ। ਮੁੱਛਾਂ ਤੇ ਤੁੰਬੀ ਬਜਾਉਣ ਵਾਂਗ ਉੰਗਲ ਮਾਰ ਕੇ ਓਵਰਸੀਅਰ ਬੜੇ ਰੋਹਬ ਵਿੱਚ ਕਹਿਣ ਲੱਗਾ, ‘ਭਾਈ ਭੜੂਓ, ਦੇਖੋ ਬੇਲਦਾਰਾਂ ਨੇ ਕਿਸ ਤਰ੍ਹਾਂ ਡਾਕ ਲਗਾ ਕੇ ਤੇ ਕੜੂ ਫੇਰ ਫੇਰ ਕੇ ਪਟੜੀ ਲਿਸਕਾਈ ਹੋਈ ਹੈ। ਬਾਲਟੀਆਂ ਲੈ ਕੇ ਨਹਿਰ ਚੋਂ ਪਾਣੀ ਸੁੱਟ ਸੁੱਟ ਕੇ ਕੇ ਘੱਟਾ ਬਠਾ ਰਹੇ ਹਨ। ਤੁਸੀਂ ਬਲਦਾਂ ਦੀਆਂ ਖੁਰੀਆਂ ਅਤੇ ਗੱਡੇ ਦੇ ਪਹੀਆਂ ਨਾਲ ਪਟੜੀ ਦੀ ਜੜ੍ਹ ਵੱਡ ਦਿੱਤੀ ਆ। ਹੁਣ ਤੁਹਾਨੂੰ ਹਵਾਲਾਤ ਕੱਟਣੀ ਪਊ ਤੇ ਤੁਹਾਡੇ ਬਲਦਾਂ ਨੂੰ ਫਾਟਕ ਵਿੱਚ ਫਾਕੇ ਕੱਟਣੇ ਪੈਣਗੇ। ਜ਼ੁਰਮਾਨਾ ਵੀ ਹੋ ਸਕਦਾ ਹੈ’। ਅਨਪੜ੍ਹਤਾ ਦਾ ਸਿ਼ਕਾਰ ਜਿ਼ਮੀਦਾਰ ਲੋਕ ਅੰਗਰੇਜ਼ ਦੇ ਰਾਜ ਸਮੇਂ ਮਾਲਕੀ ਦੇ ਲਿਹਾਜ਼ ਨਾਲ ਵੋਟ ਪਾਉਣ ਦਾ ਹੱਕ ਰੱਖਣ ਵਾਲੇ ਇਹ ਭੋਲੇ ਭਾਲੇ ਕਿਰਸਾਨ ਓਵਰਸੀਅਰ ਦੇ ਗੋਡੇ ਛੱਡ ਕੇ ਗੋਰੇ ਅਫਸਰ ਦੇ ਸਾਹਮਣੇ ਹੱਥ ਜੋੜ ਕੇ ਮੁਆਫੀ ਮੰਗਣ ਲਈ ਵਾਸਤੇ ਪਾਉਣ ਲੱਗ ਪਏ। ਗੋਰੇ ਨੇ ਪੁੱਛਿਆ, ‘ਇਹ ਕੀ ਚਾਹੁੰਦੇ ਹਨ’ ? ਓਵਰਸੀਅਰ ਨੇ ਕਿਹਾ ਕਿ ਇਹ ਕਹਿੰਦੇ ਹਨ ਕਿ ਅਸੀਂ ਕੀਤੀ ਹੋਈ ਗਲਤੀ ਸਵੀਕਾਰਦੇ ਹੋਏ ਮੁਆਫੀ ਮੰਗਦੇ ਹਾਂ ਤੇ ਇਕ ਹਫਤਾ ਅਸੀਂ ਬੇਲਦਾਰਾਂ ਨਾਲ ਪਟੜੀ ਦੇ ਸੁਧਾਰ ਲਈ ਵਲੰਟੀਅਰ ਸੇਵੇਵਾਂ ਕਰਾਂਗੇ। ਇਸ ਤਰ੍ਹਾਂ ਕਹਿ ਕੇ ਓਵਰਸੀਅਰ ਨੇ ਮੱਗਰ ਸਿੰਘ ਹੁਰਾਂ ਦੀ ਖਲਾਸੀ ਕਰਵਾਈ, ਬੇਲਦਾਰਾਂ ਦੀ ਬਲਦਾਂ ਦੀ ਰਾਖੀ ਕਰਨ ਦੀ ਖੇਚਲ ਮੁਕਾਈ ਤੇ ਵਾਧੂ ਦੀ ਲਿਖਾ ਪੜ੍ਹੀ ਤੇ ਜਿ਼ੰਮੀਦਾਰਾਂ ਨਾਲ ਅਣਚਾਹੀ ਦੁਸ਼ਮਣੀ ਪੈਣੋ ਵੀ ਬਚਾਈ। ਅੱਜ ਜਿਸ ਮੁਕਾਮ ਤੇ ਪਹੁੰਚਾ ਹਾਂ, ਬਚਪਨ ਵਿਚ ਬਜ਼ੂਰਗਾਂ ਦੀਆਂ ਸੁਣੀਆਂ ਗੱਲਾਂ ਬਾਤਾਂ ਵੀ ਪ੍ਰੇਰਨਾ ਸਰੋਤ ਬਣੀਆ ।


ਵਿਦਿਆਰਥੀ ਜੀਵਨ ਸਮੇਂ ਅਖਰਮਾਲਾ-ਚੇਤਨਾ ਦਾ ਜਨਮ ਅਤੇ ਭੂਮਿਕਾ

ਪੰਜਵੀਂ ਜਮਾਤ ਤੱਕ ਤਾਂ ਪਤਾ ਹੀ ਨਾ ਲੱਗਾ ਕਿ ਕੀ ਪੜ੍ਹਿਆ ਤੇ ਕੀ ਲਿਖਿਆ। ਪੰਜੀ ਵਾਲੇ ਸਕੂਲ ਫੱਟੀ ਪੋਚਦੇ ਤੇ ਸਕਾਉਂਦੇ ਰਹਿਣਾ, ਲਿਖਣੀ ਤੇ ਫੇਰ ਪੋਚਦਿਆਂ ਤੇ ਦੋ ਦੂਣੀ ਚਾਰ ਕਰਦਿਆਂ ਸਮਾਂ ਬੀਤ ਜਾਂਦਾ। ਸਕੂਲੋਂ ਛੁੱਟੀ ਤੋਂ ਬਾਅਦ ਗੁੱਲੀ ਡੰਡਾ, ਬਾਂਟੇ ਤੇ ਪਤੰਗ ਚੜਾਉਣ ਤੋਂ ਹੀ ਵਿਹਲ ਨਹੀਂ ਮਿਲਦੀ ਸੀ। ਗੌਰਮਿੰਟ ਹਾਇਰ ਸੈਕੰਡਰੀ ਸਕੂਲ ਗਰੁਦਾਸਪੁਰ ਵਿਖੇ ਛੇਵੀਂ ਜਮਾਤ ਵਿੱਚ ਪੜ੍ਹਦੇ ਸਮੇਂ ਇਕ ਪਤੰਗ ਡਰਾਇੰਗ ਵਾਲੇ ਮਾਸਟਰ ਸ੍ਰੀ ਨਿਵਾਸ ਦੇ ਬ਼ਲੈਕ ਬੋਰਡ ਤੇ ਆ ਕੇ ਡਿੱਗ ਪਿਆ। ਉਹ ਪਤੰਗ ਕਿਸੇ ਅਮੀਰਜ਼ਾਦੇ ਦਾ ਬੋ ਹੋ ਕੇ ਆਇਆ ਲੱਗਦਾ ਸੀ, ਕਿਉਂਕਿ ਉਸ ਦੀ ਸਕਲ ਆਮ ਪਤੰਗਾਂ ਨਾਲੋਂ ਕੁਝ ਵੱਖਰੀ ਸੀ। ਅਜਿਹੇ ਪਤੰਗ ਆਮ ਪਤੰਗਾਂ ਨਾਲੋਂ ਕੁਝ ਮਹਿੰਗੇ ਅਤੇ ਸਪੈਸ਼ਲ ਜਿਹੇ ਹੁੰਦੇ ਸਨ । ਅਸੀਂ ਆਪਣੀ ਪੇਂਡੂ ਭਾਸ਼ਾ ਅਨੁਸਾਰ ਅਜਿਹੇ ਵੱਖਰੀ ਜਿਹੀ ਸ਼ਕਲ ਵਾਲੇ ਪਤੰਗਾਂ ਨੂੰ ਪਰੀ ਪਤੰਗ ਕਹਿੰਦੇ ਹੁੰਦੇ ਸੀ। ਲੋਹੜੀ ਵਾਲਾ ਦਿਨ ਸੀ ਤੇ ਅਕਾਸ਼ ਵੱਲ ਤੱਕਿਆਂ ਪਤੰਗਾਂ ਦੇ ਪੇਚਿਆਂ ਦੀ ਭਰਮਾਰ ਸੀ।
ਡਰਾਇੰਗ ਦਾ ਪੀਰੀਅਡ ਧੁੱਪੇ ਘਾਹ ਵਾਲੀ ਪਾਰਕ ਵਿਚ ਲੱਗਾ ਹੋਇਆ ਸੀ। ਡਰਾਇੰਗ ਵਾਲੇ ਸ੍ਰੀ ਨਿਵਾਸ ਮਾਸਟਰ ਨੇ ਖੱਬੇ ਹੱਥ ਪਤੰਗ ਫੜ ਲਿਆ ਤੇ ਸੱਜ਼ੇ ਹੱਥ ਸੋਟੀ ਫੜ ਕੇ ਛੇਵੀਂ ਜਮਾਤ ਦੇ ਏ ਸੈਕਸ਼ਨ ਵਿੱਚ ਚਲਾ ਗਿਆ । ਡਰਾਇੰਗ ਪੜ੍ਹਨ ਵਾਲੇ ਖੜ੍ਹੇ ਹੋ ਜਾਓ । ਵਿਦਿਆਰਥੀ ਖੜ੍ਹੇ ਹੋ ਗਏ। ਉਏ ਇਹ ਕੀ ਹੈ ? ਮਾਸਟਰ ਜੀ ਪਤੰਗ। ਓਏ ਪਤੰਗ ਦਿਆ ਪੁਤਰਾ, ਡਰਾਇੰਗ ਮਨੁਸਾਰ ਇਸ ਦੀ ਸ਼ਕਲ ਕਿਹੜੀ ਹੈ । ਇਕ ਨੇ ਆਇਤਾਕਾਰ ਕਿਹਾ, ਮਾਸਟਰ ਚੁੱਪ ਰਿਹਾ, ਇਸ ਤਰ੍ਹਾਂ ਹੀ ਸਾਰੇ ਤੁਕੇ ਮਾਰਦੇ ਗਏ। ਮਾਸਟਰ ਗੁਸੇ ਵਿੱਚ ਲਾਲ ਪੀਲਾ ਜਿਹਾ ਹੋ ਕੇ ਕਹਿਣ ਲੱਗਾ, ‘ਕੁੱਤੀ ਦਿਓ ਪੁਤਰੋ, ਅਜੇ ਕੱਲ੍ਹ ਮੈਂ ਤੁਹਾਨੂੰ ਪੜ੍ਹਇਆ ਸੀ, ਤੁਸੀਂ ਉਸ ਵੇਲੇ ਆਕਾਸ਼ ਵਿੱਚ ਉਡਦੇ ਪਤੰਗ ਦੇਖ ਰਹੇ ਸੀ, ਮੇਰੇ ਡਰਾਇੰਗ ਬੋਰਡ ਵੱਲ ਤੁਸੀਂ ਤਵੱਜ਼ੋ ਲਾ ਕੇ ਨਹੀਂ ਦੇਖ ਰਹੇ ਸੀ। ਇਹ ਪਤੰਗ ਅੱਜ ਇਸ ਲਈ ਮੇਰੇ ਕੋਲ ਆ ਕੇ ਡਿਗਿਆ ਹੈ ਕਿ ਤੁਸੀਂ ਦੱਸ ਸਕੋ ਕਿ ਕਿਹੜੀ ਕਿਹੜੀ ਕਿਸਮ ਦੇ ਪਤੰਗ ਹਵਾ ਵਿੱਚ ਉਡ ਰਹੇ ਸਨ। ਪੜ੍ਹਨ ਸਕੂਲ ਆਉਂਦੇ ਹਨ ਤੇ ਤੱਕਦੇ ਆਕਾਸ਼ ਵਿੱਚ ਰਹਿੰਦੇ ਹਨ, ਨਲਾਇਕ ਉਲੂ ਦੇ ਪੱਠੇ, ਕਹਿੰਦਾ ਹੋਇਆ ਮਾਸਟਰ ਬੀ ਕਲਾਸ ਵਿੱਚ ਤੇ ਫਿਰ ਏਸੇ ਤਰ੍ਹਾਂ ਹੀ ਸੀ ਡੀ ਈ ਕਲਾਸ ਵਿੱਚੋਂ ਹੁੰਦਾ ਹੋਇਆ ਐਫ ਸੈਕਸ਼ਨ ਵਾਲੀ ਕਲਾਸ ਵਿੱਚ ਪਹੁੰਚ ਗਿਆ। ਐਫ ਸੈਕਸ਼ਨ ਵਿੱਚ ਲੇਟ ਦਾਖਲ ਹੋਣ ਵਾਲੇ ਬਹੁਤੇ ਅਕਲ ਦੇ ਅੰਨੇ ਪੇਂਡੂ ਬੱਚੇ ਹੀ ਹੁੰਦੇ ਸਨ । ਨਾ ਚੱਜ ਨਾਲ ਬੋਲਣ ਦੀ ਜਾਚ, ਨਾ ਟਿਕ ਕੇ ਬਹਿਣ ਦੀ ਜਾਚ। ਗੱਲ ਬਾਅਦ ਵਿੱਚ ਤੇ ਪਹਿਲਾਂ ਤਕੀਆਂ ਕਲਾਮ ਵਰਤਦੇ ਸਨ । ਭਾਵ ਕਿ ਗੱਲ ਗੱਲ ਤੇ ਗਾਲ ਕੱਢਣੀ ਬਹੁਤਿਆਂ ਦਾ ਸੁਭਾਅ ਸੀ। ਼ਲੜਨਾ ਝਗੜਨਾ ਪੰਗੇ ਲੈਣੇ ਤੇ ਲੱਚਰ ਗੀਤ ਗਾਉਣੇ ਸ਼ਾਇਦ ਉਸ ਵੇਲੇ ਸਮੇਂ ਦੇ ਹਾਲਾਤ ਸਨ ਜਾਂ ਪੰਜਾਬੀ ਨੱਡਿਆਂ ਦੇ ਸੱਭਿਆਚਾਰ ਦਾ ਹਿਸਾ ਹੀ ਸੀ।
ਵਾਰੀ ਵਾਰੀ ਸਾਰਿਆਂ ਨੂੰ ਪੁੱਛਦਾ ਮਾਸਟਰ ਮੇਰੇ ਕੋਲ ਆ ਕੇ ਕਹਿਣ ਲੱਗਾ, ‘ਮਨੀਟਰਾ ਤੂੰ ਦੱਸ ਇਹ ਡਰਾਇੰਗ ਅਨੁਸਾਰ ਕਿਹੜੀ ਕਿਸਮ ਦਾ ਪਤੰਗ ਹੈ’ ? ਮੈਂ ਕਿਹਾ, ‘ਮਾਸਟਰ ਜੀ ਰਾਂਬਸ ਹੈ’। ਮਾਸਟਰ ਕਹਿੰਦਾ ਇਕ ਵਾਰ ਹੋਰ ਸੋਚ ਲੈ। ਮੈਂ ਜਵਾਬ ਵਿਚ ਕਿਹਾ ਕਿ ਇਸ ਤੋਂ ਇਲਾਵਾ ਹੋਰ ਕੁਝ ਕਹਿ ਨਹੀਂ ਸਕਦਾ । ਮਾਸਟਰ ਕਹਿੰਦਾ, ‘ਤੈਨੂੰ ਪਤੰਗ ਇਨਾਮ ‘ਚ ਦੇਣੋ ਹੁਣ ਮੈਂ ਰਹਿ ਨਹੀਂ ਸਕਦਾ’। ਸਵਾਲ ਦਾ ਸਹੀ ਜਵਾਬ ਮਿਲਣ ਤੇ ਪਤੰਗ ਇਨਾਮ ਵਜੋਂ ਦੇ ਕੇ ਮਾਸਟਰ ਚਲਾ ਗਿਆ। ਭਾਂਵੇਂ ਆਪਣੀ ਜਮਾਤ ਦਾ ਮਨੀਟਰ ਹੋਣ ਦਾ ਮੈਨੂੰ ਮਾਣ ਤਾਂ ਸੀ, ਪਰ ਇਸ ਇਨਾਮ ਨੇ ਮੇਰੀ ਹਉਮੈ ਨੂੰ ਪੱਠੇ ਪਾਉਣ ਵਿੱਚ ਕੋਈ ਕਸਰ ਬਾਕੀ ਨਾ ਰਹਿਣ ਦਿੱਤੀ। ਜਿਹੜੇ ਜੈਲਦਾਰਾਂ ਦੇ ਪੁੱਤ ਕਹਿੰਦੇ ਹੁੰਦੇ ਸਨ, ਮਨੀਟਰਾ ਜੇ ਅੰਗਰੇਜ਼ੀ ਦੇ ਪਰਚੇ ‘ਚ ਨਕਲ ਨਾ ਮਰਾਈ ਤਾਂ ਤੇਰੇ ਸਾਈਕਲ ਦੇ ਦੋਨੋ ਟਾਇਰ ਪ੍ਰਕਾਰ ਮਾਰ ਕੇ ਪੈਂਚਰ ਕਰ ਦਿਆਂਗੇ, ਉਹ ਹੁਣ ਮੈਨੂੰ ਇਸ ਤਰ੍ਹਾਂ ਕਹਿਣੋ ਹਟ ਗਏ ਸਨ। ਅੜਬਾਂ ਨੇ ਮੇਰੇ ਨਾਲ ਸਾਂਝ ਬਣਾ ਲਈ ਤੇ ਫੇਵਰ ਲੈਣ ਦੀ ਕੋਸ਼ਿਸ਼ ਕਰਨ ਲਗ ਪਏ। ਕਈ ਵਾਰ ਗੁਰੂਕਾਲ ਸਮੇਂ ਦੇ ਸਮਝੇ ਜਾਂਦੇ ਇਤਿਹਾਸਕ ਝੁਲਣਾ ਮਹਿਲ ਦੇਖਣ ਵੀ ਮੇਰੇ ਜਮਾਤੀ ਮੈਨੂੰ ਲੈ ਜਾਂਦੇ । ਅੱਧੀ ਛੁੱਟੀ ਵੇਲੇ ਅਸੀਂ ਅਕਸਰ ਕੜੂ ਵਾਲੇ ਗਲਾਸ ਵਿਚ ਪਈ ਬਰਫ ਵਾਲੀ ਠੰਡੀ ਲੱਸੀ ਪੀਂਦੇ ਤੇ ਆਲੂ ਮਟਰਾਂ ਵਾਲੇ ਸਮੋਸੇ ਵੀ ਖਾਦੇ। ਉਸ ਸਮੇਂ ਗੌਰਮਿੰਟ ਸਕੂਲਾਂ ਵਿੱਚ ਮਾਸਟਰ ਆਮ ਹੀ ਉ਼ਲੂ ਦਾ ਪੱਠਾ, ਕੁੱਤੀ ਦਾ ਪੁੱਤਰ, ਨਲਾਇਕ ਦਾ ਬੱਚਾ ਕਹਿ ਦਿੰਦੇ ਸਨ । ਜੇਕਰ ਬੱਚੇ ਨੇ ਮਾਸਟਰ ਦੇ ਸਵਾਲ ਦਾ ਜਵਾਬ ਨਾ ਦਿੱਤਾ ਤਾਂ ਲੱਤਾਂ ਵਿੱਚੋਂ ਕੰਨ ਵੀ ਫੜਾ ਦਿੰਦੇ ਸਨ । ਵਿਦਿਆਰਥੀ ਸਭ ਕੁਝ ਚੁੱਪ ਚਾਪ ਸੁਣ ਲੈਂਦੇ ਸਨ। ਕਿਉਂਕਿ ਵਿਦਿਆਰਥੀ ਸਮਝਦੇ ਸਨ ਕਿ ਮਾਸਟਰ ਵਿਦਿਆ ਦਾਨੀ ਅਤੇ ਗਿਆਨ ਦੇਣ ਵਾਲੇ ਗੁਰੂ ਹਨ ।
ਉਸ ਸਮੇਂ ਜਮਾਤ ਵਿੱਚ ਮਨੀਟਰ ਦਾ ਰੁਤਬਾ ਵੀ ਠਾਣੇ ਦੇ ਮੁਣਸੀ ਤੋਂ ਘੱਟ ਨਹੀਂ ਸੀ ਹੁੰਦਾ । ਪੰਜਾਬੀ ਵਾਲਾ ਮਾਸਟਰ ਫਸਲ ਦੀ ਬੀਜਾਈ ਤੇ ਕਟਾਈ ਸਮੇਂ ਕਈ ਵਾਰ ਲੇਟ ਵੀ ਹੋ ਜਾਂਦਾ ਸੀ। ਉਸ ਨੇ ਮੈਨੂੰ ਕਿਹਾ ਹੁੰਦਾ ਸੀ ਕਿ ਸਵੇਰੇ ਹਾਜ਼ਰੀ ਲਾ ਕੇ ਪ੍ਰਿਸੀਪਲ ਦੇ ਦਫਤਰ ਦੇ ਬਾਹਰ ਲੱਗੇ ਬੋਰਡ ਤੇ ਲਿਖ ਆਇਆ ਕਰ ਕਿ ਕੁਲ---ਹਾਜ਼ਰ---ਗੈਰ ਹਾਜ਼ਰ । ਮੈਂ ਏਸੇ ਤਰ੍ਹਾਂ ਹੀ ਰੋਜ਼ਾਨਾ ਆਪਣੀ ਜਮਾਤ ਵਾਲਾ ਖਾਨਾ ਭਰ ਆਉਂਦਾ ਸੀ। ਮੇਰੇ ਅੜਬ ਜਮਾਤੀ ਮਾਸਟਰ ਦੇ ਪਿੰਡਾਂ ਵੱਲੋ ਸਾਈਕਲਾਂ ਤੇ ਆਉਂਦੇ ਹੁੰਦੇ ਸਨ, ਨੂੰ ਪਤਾ ਲੱਗ ਗਿਆ ਕਿ ਮਾਸਟਰ ਤਾਂ ਆਪ ਵੀ ਕਈ ਵਾਰ ਲੇਟ ਆਉਂਦਾ ਹੈ। ਉਨ੍ਹਾਂ ਅੜਬਾਂ ਨੇ ਮੈਨੂੰ ਕਹਿਣਾ ਕਿ ਘਰ ਤਾਂ ਅਸੀਂ ਰਹਿਣਾ ਨਹੀਂ, ਖੇਤੀ ਦਾ ਕੰਮ ਘਰ ਦੇ ਕਰਵਾਉਂਦੇ ਹਨ, ਲੇਟ ਅਸੀਂ ਥੋੜਾ ਬਹੁਤਾ ਹੋ ਹੀ ਜਾਈਦਾ ਹੈ, ਪੀ.ਟੀ.ਡਰਿਲ ਖਤਮ ਹੁੰਦੇ ਤੱਕ ਅਸੀਂ ਪਹੁੰਚ ਹੀ ਜਾਂਦੇ ਹਾਂ । ਮਨੀਟਰਾ ਸਾਡੀ ਹਾਜਰੀ ਹਾਜਰਾਂ ਵਿੱਚ ਲਾ ਦਿਆ ਕਰ । ਇਹ ਇਕ ਨਵੀਂ ਸਮੱਸਿਆ ਮਾਸਟਰ ਦੇ ਲੇਟ ਆਉਣ ਦੀ ਵਜ੍ਹਾ ਕਾਰਨ ਮੇਰੇ ਸਾਹਮਣੇ ਖੜ੍ਹੀ ਹੋ ਗਈ।
ਜੇਕਰ ਮੈਂ ਲੇਟ ਆਉਣ ਵਾਲਿਆਂ ਨੂੰ ਹਾਜਰ ਦਰਸਾਉਂਦਾ ਸੀ ਤਾਂ ਮਾਸਟਰ ਦੀ ਸੋਟੀ ਦਾ ਡਰ ਤੇ ਜੇਕਰ ਅੜਬਾਂ ਦੀ ਗੱਲ ਨਹੀਂ ਸੀ ਮੰਨਦਾ ਤਾਂ ਉਹ ਪ੍ਰਕਾਰ ਨਾਲ ਮੇਰੇ ਸਾਈਕਲ ਦੇ ਟਾਇਰ ਪੰਚਰ ਕਰਨ ਦੇ ਡਰਾਵੇ ਦਿੰਦੇ । ਪਤੰਗ ਇਨਾਮ ਦੇਣ ਵਾਲਾ ਮਾਸਟਰ ਏਨਾ ਗੁਸੇਖੋਰ ਸੀ ਕਿ ਜੇ ਕਿਸੇ ਦੀ ਡਰਾਇੰਗ ਵਿੱਚ ਗਲਤੀ ਹੁੰਦੀ ਸੀ ਤਾਂ ਲਾਲ ਪੀਲਾ ਹੋਇਆ ਮੁੰਹ ਵਿੱਚ ਪੈਨਸਲ ਪਾ ਕੇ ਬਹੁਤ ਕੁੱਟਦਾ ਹੁੰਦਾ ਸੀ। ਪਤੰਗ ਇਨਾਮ ਦੇਣ ਵਾਲੇ ਦਿੱਨ ਤੋਂ ਬਾਅਦ ਉਹ ਮਾਸਟਰ ਵੀ ਮੇਰੇ ਨਾਲ ਪਹਿਲਾਂ ਨਾਲੋਂ ਕੁਝ ਵੱਖਰੇ ਸਲੀਕੇ ਨਾਲ ਵਿਚਰਨ ਲੱਗ ਪਿਆ । ਮੈਂ ਸੋਚ ਲਿਆ ਕਿ ਰੋਜ਼ਾਨਾ਼ ਸਾਈਕਲ ਪੰਚਰ ਕਰਵਾਉਣ ਨਾਲੋ ਚੰਗਾ ਹੈ ਕਿ ਹਾਜਰੀ ਬੋਰਡ ਤੇ ਲਾ ਆਵਾਂਗਾ । ਜੇਕਰ ਪਹਿਲੇ ਪੀਰਡ ਤੋਂ ਬਾਅਦ ਤਕ ਨਾ ਆਏ ਤਾਂ ਚਾਕ ਨਾਲ ਲਿਖਿਆ ਪੂੰਜ ਕੇ ਅਸਲੀ ਗਿਣਤੀ ਲਿਖ ਆਵਾਂਗਾ । ਲੱਠਮਾਰਾਂ ਨਾਲ ਸਾਂਝ ਪਾਲਣ ਲਈ ਤੇ ਸਾਈਕਲ ਪੰਚਰ ਹੋਣੋ ਬਚਾਉਣ ਖਾਤਰ ਇਸੇ ਤਰ੍ਹਾਂ ਹੀ ਕਰਦਾ।
ਇਕ ਦਿੱਨ ਇਕ ਪੰਗੇਬਾਜ਼ ਵਿਦਿਆਰਥੀ ਦੀ ਕਿਸੇ ਪੰਗੇ ਵਿੱਚ ਸਮੂਲੀਅ੍ਹਤ ਹੋਣ ਕਰਕੇ ਪ੍ਰਿਸੀਪਲ ਦੇ ਦਫਤਰ ਵਿਚ ਉਸ ਬਾਬਤ ਇਨਕੁਆਰੀ ਹੋਣੀ ਸੀ। ਉਹ ਸਕੂਲ ਆਇਆ ਨਹੀਂ ਸੀ ਤੇ ਹਾਜਰੀ ਮੁਤਾਬਕ ਉਹ ਬੋਰਡ ਤੇ ਹਾਜਰ ਸੀ। ਪ੍ਰਿੰਸੀਪਲ ਨੇ ਪੰਜਾਬੀ ਵਾਲੇ ਮਾਸਟਰ ਨੂੰ ਇਸ ਹੇਰਾ ਫੇਰੀ ਬਾਰੇ ਤਾੜਨਾ ਕੀਤੀ। ਫੇਰ ਕੀ ਸੀ ਪਹਾੜ ਤੋਂ ਪਾਣੀ ਢਲਾਨਾ ਵੱਲ ਹੀ ਆਉਣਾ ਸੀ। ਉਹ ਦਿਨ ਤਾਂ ਬੀਤ ਗਿਆ। ਅਗਲੇ ਦਿੱਨ ਪਹਿਲਾ ਪੀਰੀਅਡ, ਹੈ ਵੀ ਪੰਜਾਬੀ ਵਾਲੇ ਮਾਸਟਰ ਦਾ। ਇਕ ਪਿੰ੍ਰਸੀਪਲ ਦੀਆਂ ਝਿੜਕਾਂ ਤੇ ਦੂਜਾ ਹੁਣ ਮਾਸਟਰ ਨੂੰ ਵੀ ਟਾਈਮ ਤੇ ਆਉਣਾ ਪੈਣਾ ਸੀ। ਉਸ ਦਿਨ ਮਾਸਟਰ ਨੇ ਮੇਰਾ ਉਸ ਤਰ੍ਹਾਂ ਦਾ ਹਾਲ ਕੀਤਾ ਜਿਸ ਤਰ੍ਹਾਂ ਦਾ ਅਮਿਤ੍ਰਸਰ ਅਕਾਲੀ ਦਲ ਦੇ ਪ੍ਰਧਾਨ ਮਾਨ ਸਾਹਿਬ ਦਾ ਕੱਥੂਨੰਗਲ ਵਿਖੇ ਕਾਨਫਰੰਸ ਕਰਨ ਗਏ ਬਾਦਲ ਦੇ ਲੱਠਮਾਰ ਬੰਦਿਆਂ ਨੇ ਕੀਤਾ ਸੀ। ਮੇਰੀ ਪ੍ਰੈਸ ਕੀਤੀ ਹੋਈ ਖਾਖੀ ਵਰਦੀ ‘ਚ ਪੈ ਗਏ ਭੰਨ ਤੇ ਲਾਲ ਰੰਗ ਦੀ ਪੱਗ ਦੇ ਉਖੜ ਗਏ ਪੇਚ, ਅੱਖਾਂ ਚੋਂ ਵਗਣ ਪਾਣੀ ਦੇ ਦਰਿਆ, ਨਾ ਕੋਈ ਛਡਾਉਣ ਵਾਲਾ ਤੇ ਨਾ ਕੋਈ ਕਹਿਣ ਵਾਲਾ, ਮਾਸਟਰ ਜੀ ਬੱਸ ਕਰੋ, ਇਨੇ ਕੁ ਨਾਲ ਹੀ ਸਰ ਜਾਵੇਗਾ । ਦੇ ਤੇਰੇ ਦੀ ਸੋਟੀ ਤੇ ਸੋਟੀ ਖੜਕਦੀ ਰਹੀ। ਗੁੱਸਾ ਠੰਡਾ ਕਰਕੇ ਮਾਸਟਰ ਵਿਆਕਰਣ ਪੜ੍ਹਾਉਣ ਲੱਗ ਪਿਆ। ਪੜ੍ਹਾਉਂਦਾ ਪੜ੍ਹਾਉਂਦਾ ਮਾਸਟਰ ਕੁਝ ਇਸ ਤਰ੍ਹਾਂ ਵੀ ਕਹਿ ਦਿੰਦਾ ਜਿਸ ਨਾਲ ਬੱਚੇ ਹੱਸ ਪੈਂਦੇ। ਮੈਂ ਜਦੋਂ ਵੀ ਅੱਖਾਂ ਚੋਂ ਵਹਿੰਦੇ ਦਰਿਆਵਾਂ ਨੂੰ ਬੰਨ ਲਾਉਣ ਦੀ ਕੋਸ਼ਿਸ਼ ਕਰਦਾ ਤਾਂ ਮੇਰੇ ਧੂਹ ਅੰਦਰੋਂ ਹੂਕ ਉਠਦੀ ਕਿ ਇਸ ਗਲਤੀ ਦੀ ਜੜ੍ਹ ਤਾਂ ਮਾਸਟਰ ਖੁਦ ਹੀ ਹੈ। ਸਰਦਾਰ ਗਿਆਨੀ ਪਾਸ ਪੰਜਾਬੀ ਸਿੱਖ ਹੁੰਦੇ ਹੋਏ ਨੂੰ ਵੀ ਸੋਝੀ ਨਹੀਂ ਆਈ ਕਿ ਝੋਟੇ ਵਾਲੀ ਕੁਟ ਮਾਰ ਨਾਲੋਂ ਜੇਕਰ ਦਲੀਲ ਨਾਲ ਅੱਗੇ ਤੋਂ ਅਜਿਹਾ ਨਾ ਕਰਨ ਲਈ ਕਹਿ ਦਿੰਦਾ ਤਾਂ ਕਿੰਨਾ ਚੰਗਾ ਹੁੰਦਾ! ਮਨੀਟਰੀ ਵੀ ਏਸੇ ਮਾਸਟਰ ਨੇ ਹੀ ਦੇ ਕੇ ਟੌਹਰ ਬਣਾਈ ਸੀ ਤੇ ਜਮਾਤ ਵਿਚ ਬੇਅਜਤੀ ਕਰਨ ਵਿਚ ਵੀ ਕੋਈ ਕਸਰ ਬਾਕੀ ਨਾ ਰਹਿਣ ਦਿਤੀ। ਉਹ ਦਿੱਨ ਵੀ ਬੀਤ ਗਿਆ ।
ਸ਼ਨਿਚਰਵਾਰ ਅਖੀਰਲਾ ਪੀਰੀਅਡ ਵੀ ਪੰਜਾਬੀ ਦਾ ਹੁੰਦਾ ਸੀ । ਗੀਤ ਕਵਿਤਾਵਾਂ ਵਿਦਿਆਰਥੀ ਸੁਣਦੇ ਤੇ ਸਣਾਉਂਦੇਂ ਸੀ। ਮਨ ‘ਚ ਗੁੱਸਾ ਵੀ ਸੀ ਕਿ ਮਾਸਟਰ ਆਪ ਵੀ ਲੇਟ ਆਉਂਦਾ ਤੇ ਜਿਹੜਾ ਮੁੰਡਾ ਲੇਟ ਆਇਆ ਉਸ ਨੂੰ ਏਨੇ ਫਿਟੇ ਮੂੰਹ ਵੀ ਨਹੀਂ ਆਖਿਆ । ਸ਼ਾਇਦ ਇਸ ਕਰਕੇ ਕਿ ਮਾਸਟਰ ਵੀ ਆਪਣਾ ਲੰਬਰੇਟਾ ਸਕੂਟਰ ਪੰਚਰ ਨਹੀਂ ਕਰਵਾਉਣਾ ਚਾਹੂੰਦਾ ਹੋਵੇਗਾ ਜਾਂ ਹੋ ਸਕਦਾ ਕਿ ਮਾਸਟਰ ਦੀ ਕੋਈ ਨਾ ਕੋਈ ਰਿਸਤੇਦਾਰੀ ਵੀ ਅੜਬ ਮੁੰਢਿਆਂ ਦੇ ਪਿੰਡ ਸੀ। ਬਚਪਨ ਵਿਚ ਹੀ 1746 ਦੇ ਸ਼ਹੀਦਾਂ ਦੇ ਅਸਥਾਨ ਛੋਟੇ ਘਲੂਘਾਰੇ ਛੰਭ ਕਾਹਨੂਂੰਵਾਨ ਦੇ ਗੁਰਦੁਆਰੇ ਦੀ ਸਟੇਜ ਤੇ ਸਾਲਾਨਾ ਦੀਵਾਨ ਉਤੇ ਜੋਗਾ ਸਿੰਘ ਜੋਗੀ ਦੀ ਕਵੀਸ਼ਰੀ ਸੁਣਨ ਕਰਕੇ ਅਤੇ ਤਵਿਆਂ ਵਾਲੇ ਬਾਜੇ ਦੇ ਰੀਕਾਰਡ ਸੁਣ ਸੁਣ ਕੇ ਮੈਨੂੰ ਸਿੱਧੀ ਜਿਹੀ ਤੁੱਕ ਬੰਦੀ ਕਰਨੀ ਆ ਗਈ ਸੀ। ਸਪੀਕਰ ਦੇ ਰੀਕਾਰਡ ਸੁਣ ਕੇ ਛੁੱਟੀ ਵਾਲੇ ਦਿਨ ਢਾਹਿਆਂ ਤੇ ਡੰਗਰ ਚਾਰਦਿਆਂ ਥੋੜਾ ਬਹੁਤਾ ਗਾਉਣ ਦਾ ਸੌਂਕ ਵੀ ਪਾਲ ਲਈਦਾ ਸੀ। ਇਕ ਸ਼ਨਿਚਰਵਾਰ ਮੈਂ ਆਪਣੇ ਮਨ ਦੀ ਭੜਾਸ ਕੱਢਣ ਲਈ ਤੇ ਮਾਸਟਰ ਦੀ ਮੰਜ਼ੀ ਠੋਕਣ ਲਈ ਇਕ ਅੱਖਰਮਾਲਾ ਜਮਾਤ ਵਿੱਚ ਹੀ ਜੋੜ ਕੇ ਮਾਸਟਰ ਤੇ ਮੁੰਡਿਆਂ ਨੂੰ ਸੁਣਾ ਦਿਤੀ।

ਜੱਟ ਮਜ੍ਹਬੀ ਦੀ ਅਨੋਖੀ ਯਾਰੀ
ਜੱਟ ਨੇ ਮਿਸਤਰੀ ਢਾਹ ਲਿਆ
ਮਜ੍ਹਬੀ ਨੇ ਸਿਰ ‘ਚ ਤੇਸੀ ਮਾਰੀ।

ਅੜਬ ਜੱਟ ਨੇ ਬਾਹਮਣ ਢਾਹਿਆ
ਮਾਸਟਰ ਦੀ ਸੋਟੀ ਨੇ ਪਾਏ ਸ਼ਾਲੇ
ਅੜਬ ਕਰੀ ਜਾਣ ਘਾਲੇ ਮਾਲੇ।


ਲੋਕਾਂ ਡੰਗਰ ਵੱਛੇ ਪਾਲੇ
ਮੁੰਡਿਆਂ ਨੂੰ ਕਹਿੰਦੇ ਪੜ੍ਹੀ ਜਾਓ
ਮਾਸਟਰਾਂ ਸੂਰ ਤੇ ਕੁੱਕੜ ਪਾਲੇ ।

ਪੇਚੇ ਲੱਗੇ ਪਤੰਗ ਮੁੰਡੇ ਫੜਦੇ
ਪਾਟੇ ਪਤੰਗ ਦਰੱਖਤਾਂ ‘ਚ ਫਸਣ
ਪਰੀ ਪਤੰਗ ਬਲੈਕ ਬੋਰਡ ‘ਚ ਅੜਦੇ।

ਉਏ ਮਨੀਟਰਾ, ਤੂੰ ਤੇ ਕਮਾਲ ਕਰ ਦਿੱਤੀ ਆ, ਮਾਸਟਰ ਨੇ ਖੁਸ਼ ਹੋ ਕੇ ਕਿਹਾ। ਮੁੰਡੇ ਵੀ ਖੁੱਸ਼, ਮਾਸਟਰ ਨੇ ਵੀ ਵਾਹ ਪਈ ਵਾਹ ਕਹਿ ਦਿੱਤਾ । ਮੇਰੇ ਅੰਦਰ ਗੁੱਸੇ ਵਾਲਾ ਉਬਾਲ ਹਵਾ ਵਿੱਚ ਖਿੱਲਰ ਗਿਆ ਤੇ ਫਿਰ ਤੋਂ ਮੇਰਾ ਵਿਦਿਆਰਥੀ ਜੀਵਨ ਨਾਰਮਲ ਹੋ ਗਿਆ । ਪਰ ਹੁਣ ਮੈਂ ਉਨ੍ਹੇ ਹੀ ਬੋਰਡ ਤੇ ਲਿਖਦਾ ਸੀ ਜਿਨੇ ਕੁ ਹਾਜਰ ਹੁੰਦੇ ਸਨ ।
ਉਸ ਸਮੇਂ ਬਹੁਤੇ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ਼ਾਂ ਵਿਚ ਹੀ ਦਾਖਲ ਕਰਵਾਉਂਦੇ ਸਨ । ਅੱਜਕਲ੍ਹ ਵਰਗੀਆਂ ਵਿਦਿਆਂ ਵੇਚਣ ਵਾਲੀਆਂ ਦੁਕਾਨਾਂ ਦਾ ਰਵਾਜ ਘੱਟ ਹੀ ਪਿਆ ਸੀ। ਮੇਰੇ ਸਕੂਲ ਵਿਚ ਸਿਰਫ ਮੁੰਡੇ ਹੀ ਪੜ੍ਹਦੇ ਸਨ ਤੇ ਕੁੜੀਆਂ ਦਾ ਹਾਇਰ ਸੈਕੰਡਰੀ ਸਕੂਲ ਸੜਕ ਦੇ ਪਾਰ ਸਾਹਮਣੇ ਹੀ ਸੀ। ਜਮਾਤ ਵਿੱਚ ਸਿਵਲ ਅਫਸਰਾਂ ਦੇ ਮੁੰਡੇ, ਐਸ ਐਸ ਓ ਦਾ ਮੁੰਡਾ, ਡੀ.ਈ.ਓ ਦਾ ਮੁੰਡਾ ਤੇ ਵੱਡੇ ਵੱਡੇ ਸ਼ਾਹੂਕਾਰਾਂ ਦੇ ਮੁੰਡੇ ਵੀ ਮੇਰੇ ਜਮਾਤੀ ਸਨ । ਭਾਂਵੇ ਉਹ ਆਰਥਿਕ ਪੱਖੋ ਬਹੁਤ ਖੁਸ਼ਹਾਲ ਪਰਿਵਾਰਾਂ ਨਾਲ ਸਬੰਧ ਰੱਖਦੇ ਸਨ, ਫਿਰ ਵੀ ਮੈਨੂੰ ਏਨੀ ਕੁ ਅਹਿਮੀਅਤ ਦੇ ਹੀ ਦਿੰਦੇ ਸਨ, ਜਿਨੀ ਕੁ ਅੰਨਿਆਂ ‘ਚ ਕਾਣੇ ਰਾਜੇ ਦੀ ਹੁੰਦੀ ਹੈ। ਹਿਸਾਬ ਵਾਲੇ ਮਾਸਟਰ ਦੀਆਂ ਮੁੱਛਾਂ ‘ਚ ਆਮ ਤੌਰ ਤੇ ਥੁੱਕ ਲੱਗਾ ਹੀ ਰਹਿੰਦਾ ਸੀ ਤੇ ਉਸਨੂੰ ਮੁੰਡੇ ਥੁਕੂ ਮਾਸਟਰ ਵੀ ਕਹਿੰਦੇ ਸਨ। ਉਹ ਜਮਾਤ ਵਿਚ ਵੀ ਲੇਟ ਹੀ ਆਉਂਦਾ ਹੁੰਦਾ ਸੀ। ਮੈਂ ਮੁੰਡਿਆਂ ਨੂੰ ਕੰਟਰੋਲ ਕਰਨ ਲੱਗਦਾ ਤਾਂ ਅੱਧੇ ਇਕੋ ਆਵਾਜ਼ ਵਿੱਚ ਗਾਉਣ ਲੱਗ ਪੈਂਦੇ, ‘ ਇਸ ਤੋਂ ਇਲਾਵਾ ਹੋਰ ਕੁਝ ਕਹਿ ਨਹੀਂ ਸਕਦਾ, ਤੇ ਅੱਧੇ ਮੁੰਡੇ ਕਹਿ ਦਿੰਦੇ, ਪਤੰਗ ਦੇਣੋ ਮੈਂ ਰਹਿ ਨਹੀਂ ਸਕਦਾ’। ਜਮਾਤੀ ਮੁੰਡਿਆਂ ਦੇ ਇਸ ਸ਼ੁਗਲ ਵਿੱਚੋਂ ਅਤੇ ਇਨਸਾਨੀਅਤ ਦੀ ਖ਼ਾਹ-ਮਖ਼ਾਹ ਹੋ ਰਹੀ ਬੇਕਦਰੀ ਬਦੋਲਤ ਮੇਰੀ ਅਖਰਮਾਲਾ ਦਾ ਸੁਭਾਵਕ ਹੀ ਜਨਮ ਹੋਣਾ ਸ਼ੁਰੂ ਹੋ ਗਿਆ। ਜੀਵਨ ਦੇ ਖੱਟੇ ਮਿਠੇ ਤੇ ਕੌੜੇ ਕੁਸੈ਼ਲੇ ਤਜਰਬਿਆਂ ਸਦਕਾ ਚੇਤਨਾ ਚੇਤੰਨ ਹੋਣ ਲੱਗ ਪਈ ਤੇ ਮੈਂ ਅੱਖਰਾਂ ਦੀ ਮਾਲਾ ਪਰੋਣ ਦੀ ਕੋਸ਼ਿਸ਼ ਕਰਦਾ ਰਿਹਾ।
ਇਕ ਵਾਰ ਫਿਰ ਇਸ ਤਰ੍ਹਾਂ ਹੀ ਹੋਇਆ ਕਿ ਪੰਜਾਬੀ ਵਾਲਾ ਮਾਸਟਰ ਲੇਟ ਆਇਆ। ਖਾਲੀ ਪੀਰੀਅਡ ਵਿੱਚ ਮੇਰੇ ਜਮਾਤੀ ਮੁੰਡੇ ਓਵਰਸੀਅਰ ਦੇ ਪੁੱਤਰ ਤੇ ਦਿਲਬਾਗ ਸਿੰਘ ਦਾਲੇ ਦੀ ਖਾਹਮਖਾਹ ਵਾਲੀ ਕੁਸਤੀ ਹੋਣ ਲੱਗ ਪਈ। ਸੇਬ ਵਰਗੀਆਂ ਲਾਲ ਗਲ੍ਹਾਂ, ਅੰਗਰੇਜ਼ਾਂ ਵਰਗਾ ਦੁੱਧ ਚਿਟਾ ਰੰਗ ਤੇ ਦੋਧੀਆਂ ਦੀ ਕੱਟੀ ਵਾਂਗ ਗੁੱਥੇ ਹੋਏ ਸ਼ਰੀਰ ਵਾਲਾ ਬ੍ਰਾਹਮਣਾ ਦਾ ਮੁੰਡਾ ਝਿੱਲਜੱਫੇ ਜੱਟ ਨਾਲ ਆਡਾ ਤੇ ਲੈ ਬੈਠਾ, ਜਦੋਂ ਵੀ ਉਹ ਚੁੱਕ ਕੇ ਦਾਲੇ ਨੂੰ ਥੱਲੇ ਰੱਖੇ, ਜੱਟ ਦਾ ਪੁੱਤ ਪਾਸਾ ਮਾਰ ਕੇ ਕਹਿ ਦੇਵੇ ਪਈ ਅਜੇ ਮੇਰਾ ਮੋਡਾ ਪੂਰੀ ਤਰ੍ਹਾਂ ਨਹੀਂ ਲੱਗਾ । ਮੋਡਾ ਲਾਉਣ ਦੇ ਚੱਕਰ ਵਿੱਚ ਬਾਮਣ ਨੇ ਲਾਏ ਖੂਬ ਰਗੜੇ ਤੇ ਦਾਲੇ ਨੇ ਆਪਣੀ ਜਾਨ ਛਡਾਉਣ ਲਈ ਅੱਕ ਥੱਕ ਕੇ ਥੱਲੇ ਪਏ ਨੇ ਕਾਂਤ ਦੀ ਗਲ੍ਹ ਤੇ ਰਿਚਰਡ ਗੇਰ ਵਾਂਗ ਚੁੰਮੀ ਲੈਂਦੇ ਨੇ ਦੰਦੀ ਵੱਡ ਦਿੱਤੀ। ਦੰਦੀ ਵੀ ਇਹੋ ਜਿਹੀ ਵੱਡੀ ਕਿ ਉਹਦੀ ਗਲ੍ਹ ਤੇ ਦੰਦ ਹੀ ਦੰਦ ਦਿਖਾਈ ਦੇ ਰਹੇ ਸਨ । ਪ੍ਰਿੰਸੀਪਲ ਦੇ ਦਫਤਰ ਵਿੱਚ ਪੇਸ਼ੀ ਮੈਨੂੰ ਭੁਗਤਣੀ ਪਈ ਕਿ ਮਾਸਟਰ ਦੀ ਗੈਰਹਾਜਰੀ ਵਿਚ ਜਮਾਤ ਨੂੰ ਕੰਟਰੋਲ ਕਰਨਾ ਮਨੀਟਰ ਦੀ ਡਿਉਟੀ ਹੈ। ਇਸ ਹੋਈ ਕੁਤਾਹੀ ਲਈ ਦਾਲੇ ਨੂੰ ਤਾਂ ਬਹੁਤਾ ਫਰਕ ਨਾ ਪਿਆ ਪਰ ਮੈਨੂੰ ਉਹਦੀ ਕੁਤਾਈ ਦੀ ਸਜਾ ਫਿਰ ਭੁਗਤਣੀ ਪਈ। ਜਿਸ ਘਟਨਾ ਤੋਂ ਬਾਅਦ ਇਹ ਅੱਖਰਮਾਲਾ ਲਿਖੀ ਗਈ।

ਪੁੱਤ ਜੱਟ ਦਾ ਭਾਵੇਂ ਕਮਜੋਰ ਹੋਵੇ
ਜਣਾ ਖਣਾ ਘਲਾਟੂ ਨਹੀਂ ਢਾਹ ਸਕਦਾ ।

ਗਾਲ ਕੱਢ ਕੇ ਜੱਟ ਦੇ ਬੂਹੇ ਮੁਹਰੇ
ਬੰਦਾ ਭੱਜ ਕੇ ਨਹੀਂ ਜਾਨ ਬਚਾ ਸਕਦਾ ।

ਝੋਟਾ ਜੱਟ ਦੀ ਖੁਰਲੀ ਤੇ ਪਲ੍ਹੇ ਜਿਹੜਾ
ਕਾਹੀ ਸਰਵਾੜ ਨਹੀਂ ਉਹ ਖਾ ਸਕਦਾ ।

ਹੰਕਾਰ ਵਿੱਚ ਜੇ ਕਦੇ ਨਾ ਜੱਟ ਆਵੇ
ਉਹਨੂੰ ਥੱਲੇ ਨਹੀਂ ਕੋਈ ਲਾ ਸਕਦਾ ।

ਕਾਂਤ ਵਰਗਾ ਦਾਲੇ ਨਾਲ ਲੜ ਕੁਸਤੀ
ਗਲ੍ਹ ਦੰਦੀ ਤੋਂ ਕਿਵੇਂ ਬਚਾ ਸਕਦਾ !

ਮੇਰੇ ਬਚਪਨ ਸਮੇਂ ਪੇਂਡੂ ਲੋਕਾਂ ਦੇ ਮਨੋਰੰਜ਼ਨ ਦਾ ਸਾਧਨ ਰਾਮ ਲੀਲਾ, ਰਾਸਲੀਲਾ, ਭੰਡਾਂ ਦੀਆਂ ਨਕਲਾਂ, ਬਾਜੀਕਰਨੀਆਂ ਦਾ ਗਿੱਧਾ ਤੇ ਵਿਆਹ ਸ਼ਾਦੀਆਂ ਤੇ ਗਾਉਣ ਵਾਲੀਆਂ ਦੀਆਂ ਸਟੇਜ਼ਾਂ ਮਨੋਰੰਜ਼ਨ ਦੇ ਸਾਧਨ ਹੁੰਦੇ ਸਨ । ਟੀ ਵੀ ਅਜੇ ਆਏ ਨਹੀਂ ਸਨ ਤੇ ਰੇਡੀਓ ਵੀ ਪਿੰਡ ‘ਚ ਦੋ ਚਾਰ ਹੀ ਹੁੰਦੇ ਸਨ। ਵੋਟਾਂ ਵਿਚ ਜਗਤ ਸਿੰਘ ਜੱਗੇ ਹੁਰਾਂ ਦਾ ਚਮਟਾਂ ਤੇ ਲਖਬੀਰ ਸਿੰਘ ਲੱਖੇ ਹੁਰਾਂ ਦੀਆਂ ਤੁੰਬੀਆਂ ਖੜਕਦੀਆਂ ਹੁੰਦੀਆਂ ਸਨ। ਗੀਤ ਹੁੰਦੇ ਸਨ ਘੜਾ ਬੱਜਦਾ ਘੜੌਲੀ ਬੱਜਦੀ, ਕਦੇ ਮੈਨੂੰ ਵੀ ਬੱਜਦੀ ਸੁਣ ਮੁੰਡਿਆਂ…। ਉਸ ਸਮੇਂ ਵਿਆਹ ਦੀਆਂ ਸਟੇਜਾਂ ਤੇ ਗਾਉਂਦਿਆਂ ਰਵਾਇਤੀ ਅਖਾੜਿਆਂ ‘ਚ ਰਵਾਇਤੀ ਸਮਾਜਕ ਪਹਿਰਾਵਾ ਪਾ ਕੇ ਸਰੀਰ ਢੱਕਿਆ ਹੁੰਦਾ ਸੀ। ਮੇਰੇ ਬਚਪਨ ‘ਚ ਵਿਦਿਆਰਥੀ ਜੀਵਨ ਸਮੇਂ ਅੱਜਕਲ੍ਹ ਦੀ ਤਰ੍ਹਾਂ ਸਟੇਜਾਂ ਤੇ ਨੰਗੇ ਪੱਟ ਅਤੇ ਛਾਤੀਆਂ ਦਿਖਾਉਣ ਦਾ ਰਵਾਜ਼ ਨਹੀਂ ਸੀ । ਗੀਤ ਵੀ ਇਸ ਤਰ੍ਹਾਂ ਦੇ ਨਹੀਂ ਹੁੰਦੇ ਸਨ, ਮੈਂ ਤੁਝਕੋ ਮਿਲਨੇ ਆਈ, ਮੰਦਰ ਜਾਨੇ ਕੇ ਬਹਾਨੇ । ਉਹ ਸ਼ਰੇਆਮ ਹੀ ਕਹਿ ਦਿੰਦੀਆਂ ਸਨ, ਲਾਲੀ ਮੇਰੀਆਂ ਅੱਖਾਂ ਵਿਚ ਰੜਕੇ, ਅੱਖ ਸਾਰੇ ਪਿੰਡ ਦੀ ਦੁਖੇ। ਕੰਜਰੀਆਂ ਦੇ ਅੱਡੇ ਮਸ਼ਹੂਰ ਹੁੰਦੇ ਸਨ ਜਿਹਨਾ ਨੂੰ ਅੱਜ ਵੀ ਪੁਰਾਤਨ ਪੁੱਲ, ਕੋਠੇ ਜਾਂ ਚੁਬਾਰੇ ਕਾਇਮ ਰੱਖੀ ਬੈਠੇ ਹਨ । ਕੰਜ਼ਰੀ ਦਾ ਪੁੱਲ, ਕੰਜ਼ਰੀ ਦਾ ਕੋਠਾ ਜਾਂ ਕੰਜ਼ਰੀ ਦੇ ਚੁਬਾਰੇ ਦੇ ਨਾਮ ਨਾਲ ਅੱਜ ਵੀ ਕੰਜ਼ਰੀਆਂ ਦੇ ਕਰਤੱਵ ਅਤੇ ਕੰਜ਼ਰਖਾਨੇ ਯਾਦ ਕੀਤੇ ਜਾਂਦੇ ਹਨ ।
ਮੇਰੇ ਬਚਪਨ ਸਮੇਂ ਮੇਰੇ ਬਾਬੇ ਦਾ ਭਰਾ ਤੇ ਮੇਰਾ ਚਾਚਾ ਡੰਗਰ ਚਾਰਦੇ ਚਾਰਦੇ ਹੇਕਾਂ ਲਾ ਲਾ ਕੇ ਗੀਤ ਗਾਉਣ ਲੱਗ ਪਏ। ਸਾਡੇ ਪਿੰਡ ਰਾਸਲੀਲਾ ਹੋ ਰਹੀ ਸੀ। ਲੋਕਾਂ ਨੇ ਕਿਹਾ ਪਈ ਤੁਸੀਂ ਡੰਗਰ ਚਾਰਦੇ ਬਹੁਤ ਵਧੀਆ ਗਾਉਂਦੇ ਹੋ, ਆਓ ਅੱਜ ਤੁਹਾਨੂੰ ਮੌਕਾ ਦਿੰਦੇ ਹਾਂ। ਗੀਤ ਦੇ ਬੋਲ ਸਨ, ਬੱਕਰੀ ਮੋੜ ਮੁੰਡਿਆ, ਮੇਰੀ ਲਗਰ ਤੂਤ ਦੀ ਖਾ ਲਈ…। ਸੂਰੂ ਕਰਨਾ ਸੀ ਚਾਚੇ ਨੇ, ਪਰ ਜਦੋਂ ਭਤੀਜੇ ਨੇ ਆਪਣੇ ਅਧਖੜ ਚਾਚੇ ਨੂੰ ਸੰਬੋਧਨ ਹੁੰਦਿਆਂ ਕਿਹਾ, ‘ ਬੱਕਰੀ ਮੌੜ ਮੂੰਡਿਆਂ ਮੇਰੀ ਲਗਰ ਤੂਤ ਦੀ ਖਾ ਲਈ…ਚਾਚੇ ਨੇ ਅਜੇ ਕਹਿਣਾ ਸੀ, ਬੱਕਰੀ ਨਹੀਓ ਮੋੜਨੀ ਭਾਵਂੇ ਤੂਤ ਤੇਰਾ ਖਾਅ ਜਾਵੇ……। ਲੋਕਾਂ ਨੇ ਹਾਸਾ ਪਾ ਦਿੱਤਾ … ਉਹ ਦੋਨੋ ਗੀਤ ਅਧੂਰਾ ਹੀ ਛੱਡ ਕੇ ਲੋਈਆਂ ਦੀਆਂ ਬੁੱਕਲਾਂ ਮਾਰ ਕੇ ਬੈਠ ਗਏ। ਦੂਸਰੇ ਦਿਨ ਕਿਸੇ ਨੇ ਬੋਲੀ ਮਾਰੀ ਕਿ ਗੀਤ ਮਰਾਸੀਆਂ ਦੇ ਪੁੱਤਾਂ ਤੋਂ ਬਿਨਾ ਕਿਥੇ ਗਾਏ ਜਾ ਸਕਦੇ ਹਨ। ਮੈਨੂੰ ਖੂੰਦਕ ਜਿਹੀ ਆਈ ਤੇ ਮੈਂ ਕਿਹਾ ਕਿ ਹੁਣ ਮੈਂ ਸੁਣਾ ਕੇ ਦੱਸਾਂਗਾ। ਮੇਰਾ ਬਾਬਾ ਝੱਟ ਬੋਲਿਆ, ‘ ਇਹ ਕਲਾਕਾਰੀ ਮਰਾਸੀਆਂ ਕੋਲ ਹੀ ਸੋਭਦੀ ਹੈ, ਖ਼ਬਰਦਾਰ ਇਹੋ ਜਿਹੇ ਕੰਜ਼ਰਖਾਨਿਆ ‘ਚ ਜੇ ਤੂੰ ਗਿਆ। ਬਾਬੇ ਦੀ ਖ਼ਬਰਦਾਰ ਸਦਕਾ ਹੀ ਮੈਂ ਅਜਿਹੇ ਰੁਝਾਨਾਂ ਅਤੇ ਮੇਲਿਆਂ ਮਸਾਵਿਆਂ ਵਿਚ ਆਪਣੀ ਸਿਰਕਤ ਨੂੰ ਵਰਜਦਾ ਰਿਹਾ । ਪਰ ਹੁਣ ਸਮੇਂ ਦੇ ਬਦਲਾਅ ਨਾਲ ਉਸ ਸਮੇਂ ਦੇ ਆਦਰਸ਼ਵਾਦੀ ਪੇਡੂੰ ਸਮਾਜ ਵਿਚ ਪੁਕਾਰੇ ਜਾਂਦੇ ‘ਅਖਾੜੇ’ ਅੱਜ ਸੱਭਿਆਚਾਰਕ ਪ੍ਰੋਗਰਾਮ ਦੇ ਰੂਪ ਵਿਚ ਪ੍ਰਫੁਲਤ ਹੋ ਕੇ ਜਿਨਾ ਮਰਜੀ ਨੰਗੇਜ਼ ਟੀ ਵੀ ਤੇ ਦਿਖਾਈ ਜਾਣ ਜਾਂ ਲੱਚਰਤਾ ਵਾਲੇ ਗੀਤਾਂ ਦੀ ਖਿਚੜੀ ਬਣਾਈ ਜਾਣ , ਕਿਸੇ ਨੂੰ ਕੀ ਮਤਲਬ ਵਾਲੀ ਗੱਲ ਹੀ ਬਣੀ ਹੋਈ ਹੈ। ਸਮਾਜਕ ਚੇਤਨਾ ਪ੍ਰਤੀ ਬੁੱਢਿਆਂ ਤੋਂ ਗੱਲਾਂ ਸੁਣ ਕੇ ਓਦੋਂ ਵੀ ਗੰਢਤੁਪ ਕਰਦਾ ਹੁੰਦਾ ਸਾਂ ।
ਜਦੋਂ ਦੀ ਚਾਹ ਪੰਜਾਬ ਆਈ
ਕਰਨ ਲੱਗ ਪਈ ਲੱਸੀ ਵਾਈ,
ਵਿਸਕੀ ਰੰਮ ਪਲਾ ਗਿਆ ਗੋਰਾ
ਅਮਲੀਆਂ ਦੀ ਹੋਸ਼ ਭੁਲਾਈ,
ਚਲਾਕਾਂ ਨਾਲ ਪੈ ਗਈ ਯਾਰੀ
ਉਨ੍ਹਾਂ ਪੰਗਿਆਂ ਵਿਚ ਫਸਾਇਆ,
ਕਈ ਕੁਝ ਸਿੱਖਣ ਨੂੰ ਮਿਲਿਆ
ਅੱਖਰਾਂ ਮੈਨੂੰ ਲਿਖਣਾ ਸਿਖਾਇਆ ।

ਜਨਰਲ ਰਜਿੰਦਰ ਸਿੰਘ ਸਪੈਰੋਂ ਪਹਿਲੀ ਵਾਰ ਪਾਰਲੀਮੈਂਟ ਦੀ ਇਲੈਕਸ਼ਨ ਲੜਨ ਸਮੇਂ ਸਾਡੇ ਪਿੰਡ ਆ ਕੇ ਈਸਾਈਆਂ ਦੀ ਠੱਠੀ ਵਿਚ ਵੋਟਾਂ ਮੰਗ ਰਿਹਾ ਸੀ। ਫੋਜਾਂ ਦਾ ਜਰਨੈਲ ਵੋਟਾਂ ਮੰਗਦਾ ਵੇਖ ਕੇ ਮੈਨੂੰ ਬੜਾ ਅਜੀਬ ਜਿਹਾ ਲੱਗਾ। ਮੈਂ ਓਦੋਂ ਨਵੀਂ ਨਵੀਂ ਅੰਗਰੇਜ਼ੀ ਸਿੱਖੀ ਸੀ ਤੇ ਚਿੜੇ ਨੂੰ ਅੰਗਰੇਜ਼ੀ ‘ਚ ਸਪੈਰੋਂ ਕਹਿਣ ਬਾਰੇ ਮੈਨੂੰ ਗਿਆਨ ਹੋ ਚੁੱਕਾ ਸੀ। ਪਿੰਡ ਵਿਚ ਬੁੱਢਿਆਂ ਕੋਲੋਂ ਕਈ ਵਾਰ ਸੁਣਿਆਂ ਹੋਇਆ ਸੀ, ਉਹ ਤਾਂ ਚਿੜਾ ਜਿਹਾ ਆ, ਉਹਨੇ ਕੀ ਕਰਨਾ। ਓਦੋਂ ਮਾਸਟਰਾਂ ਨਾਲ ਗੱਲਾਂ ਬਾਤਾਂ ਕਰਨ ਕਰਕੇ ਮੇਰਾ ਝਾਕਾ ਖੁੱਲ ਚੁੱਕਾ ਸੀ। ਮੈਂ ਪੁੱਛ ਬੈਠਾ ਕਿ ਤੁਹਾਨੂੰ ਸਪੈਰੋਂ ਕਿਉਂ ਕਹਿੰਦੇ ਹਨ ? ਉਸਨੇ ਬੜੇ ਪਿਆਰ ਨਾਲ ਦੱਸਿਆ ਕਿ ਜਦੋ ਕਾਲਜ ਵਿਚ ਮੈਨੂੰ ਨਵੀਂ ਨਵੀਂ ਸੁਨਿਹਰੀ ਵਾਲਾਂ ਵਾਲੀ ਦਾੜੀ ਠੋਡੀ ਤੇ ਆਈ ਤਾਂ ਮੇਰੇ ਜਮਾਤੀ ਮੈਂਨੂੰ ਚਿੜਾ ਕਹਿਣ ਲੱਗ ਪਏ। ਮੈਂ ਗੁੱਸਾ ਕਰਨ ਦੀ ਵਜਾਏ ਆਪਣੇ ਨਾਮ ਨਾਲ ਸਪੈਰੋਂ ਜੋੜ ਲਿਆ ਜੋ ਫੋਜ ਵਿਚ ਵੀ ਚਲਦਾ ਰਿਹਾ ਤੇ ਹੁਣ ਵੀ ਮੇਰੇ ਨਾਲ ਹੀ ਹੈ। ਉਹ ਇਲੈਕਸ਼ਨ ਹਾਰ ਗਿਆ ਤੇ ਮੁੜ ਕੇ ਕਦੇ ਵੀ ਸਾਡੇ ਪਿੰਡ ਵੋਟਰਾਂ ਦਾ ਧੰਨਵਾਦ ਕਰਨ ਨਾ ਆਇਆ ਤੇ ਮੈਂ ਕਵਿਤਾ ਗੰਢ ਲਈ।

ਸਪੈਰੋਂ ਮਾਰ ਉਡਾਰੀ ਉਡ ਗਿਆ
ਪੰਜ ਸਾਲਾਂ ਬਾਅਦ ਮੁੜ ਆਊ,
ਵੋਟਾਂ ਵੇਲੇ ਕਰੂਗਾ ਵਾਇਦੇ
ਹਥ ਹਰ ਇਕ ਨਾਲ ਮਿਲਾਊ,
ਗਊ ਦੇ ਜਾਏ ਬਲਦਾਂ ਦੀ ਜੋੜੀ
ਅਗਲੀ ਵਾਰ ਭਾਵੇ ਜਿੱਤ ਜਾਊ ,
ਵੋਟਾਂ ਉਨ੍ਹੂੰ ਪਾਇਓ ਲੋਕੋ
ਜਿਹੜਾਂ ਪੱਕੀ ਸੜਕ ਬਣਾਊ …।


ਪਰ ਹੁਣ ਸਮਾਂ ਤੇ ਹਾਲਾਤ ਬਦਲਣ ਤੇ ਮੈਂ ਬਾਬੇ ਦੇ ਕਹੇ ਦੇ ਉਲਟ ਹਰ ਪ੍ਰਕਾਰ ਦੇ ਕਲਾਕਾਰਾਂ ਦਾ ਕਦਰਦਾਨ ਹਾਂ ਅਤੇ ਕਲਾਕਾਰੀ ਕਰਨ ਦਾ ਸੌਕ ਵੀ ਪਾਲਣ ਲੱਗ ਪਿਆ ਹਾਂ ।

ਮੈਂ ਮਾਸਟਰ ਤਾਂ ਲੱਗਾ, ਪਰ ਪੰਜਾਬੀ ਵਾਲੇ ਮਾਸਟਰ ਦੀ ਸਲਾਹ ਦੇ ਉਲਟ

ਸਕੂਲ ਪੜ੍ਹਦਿਆਂ ਪੰਜਾਬੀ ਵਾਲਾ ਮਾਸਟਰ ਮੈਨੂੰ ਸਲਾਹ ਦਿੰਦਾ ਹੁੰਦਾ ਸੀ ਕਿ ਤੂੰ ਪੰਜਾਬੀ ਵਿਸ਼ੇ ਵਿੱਚ ਉਚ ਵਿਦਿਆ ਪ੍ਰਾਪਤ ਕਰਕੇ ਟੀਚਿੰਗ ਲਾਈਨ ਵਿੱਚ ਆ ਜਾਵੀਂ। ਜਿਸ ਸਾਲ ਸਕੂਲੀ ਵਿਦਿਆ ਸਮਾਪਤ ਹੋਈ ਉਸੇ ਸਾਲ ਹੀ ਸਾਡਾ ਪਿੰਡ ਲਮੀਣ ਵੀ ਉਨ੍ਹਾਂ ਸੱਤਾਂ ਪਿੰਡਾਂ ਦੇ ਨਾਲ ਹੀ ਉਜੜ ਗਿਆ ਜਿਹਨਾਂ ਨੂੰ ਤਿਬੜੀ ਛਾਉਣੀ ਦੇ ਨਿਰਮਾਣ ਕਰਨ ਲਈ ਬਹੁਤ ਥੋੜੇ ਥੋੜੇ ਮੁਆਵਜੇ ਦੇ ਕੇ ਉਠਾ ਦਿੱਤਾ ਗਿਆ ਸੀ। ਜ਼ਮੀਨ ਦੇ ਮੁਕੱਦਮੇ ਤੇ ਖਾਹਮਖਾਹ ਲਾਗ ਡਾਟ ਸ਼ੁਰੂ ਹੋਣ ਕਾਰਣ ਹੁਣ ਮੇਰਾ ਵਿਸ਼ਾ ਉਚ ਵਿਦਿਆ ਪ੍ਰਾਪਤੀ ਕਰਨ ਪੱਖੋਂ ਤਬਦੀਲ ਹੋ ਚੁੱਕਾ ਸੀ। ਡਾਂਗਾਂ, ਸੋਟੇ ਤੇ ਕਾਰਤੂਸ ਇਕੱਠੇ ਕਰਨਾ ਮਜਬੂਰੀ ਬਣ ਗਈ ਸੀ। ਹਾਲਾਤ ਅਤੇ ਸਮੇਂ ਦੀ ਕਰਵਟ ਨੇ ਉਚੀ ਵਿਦਿਆ ਪ੍ਰਾਪਤੀ ਕਰਨ ਵੱਲੋਂ ਮੇਰਾ ਧਿਆਨ ਮੋੜ ਕੇ ਅਜਿਹੀ ਤਕਨੀਕੀ ਸਿਖਿਆ ਵੱਲ ਮੋੜ ਲਿਆ, ਜਿਸ ਨੂੰ ਛੇਤੀ ਸਮਾਪਤ ਕਰਕੇ ਵਧੀਆ ਨੌਕਰੀ ਕਰਨ ਦੇ ਕਾਬਲ ਹੋ ਸਕਾਂ। ਦੱਬੀਆਂ ਰਹਿ ਗਈਆਂ ਮਾਨਸਿਕ ਭਾਵਨਾਵਾਂ ਨੂੰ ਉਜਾਗਰ ਕਰਨ ਦੇ ਨਾਲ ਨਾਲ ਪਰਿਵਾਰਕ ਤੇ ਆਰਥਿਕ ਤਰੱਕੀ ਕਰਨ ਦੀ ਭਾਵਨਾ ਸਦਕਾ ਗੌਰਮਿੰਟ ਪੋਲੀਟੈਕਨਿਕ ਕਾਲਜ ਬਟਾਲਾ ਤੋਂ ਇਲੈਕਟਰੀਕਲ ਇੰਜੀਨਰਿੰਗ ਦਾ ਡਿਪਲੋਮਾ ਕਰ ਲਿਆ। ਸਬੱਬ ਨਾਲ ਹੀ ਮੈਨੂੰ ਕੇਂਦਰੀ ਵਿਦਿਆਲਿਆ ਤਿਬੜੀ ਕੈਂਟ ਸੈਂਟਰ ਸਕੂਲ ਵਿਚ ਵਰਕ ਐਕਸਪੀਰੀਐਂਸ ਟੀਚਰ ਦੀ ਨੌਕਰੀ ਮਿਲ ਗਈ। ਉਸ ਵੇਲੇ ਟੀ ਜੀ ਟੀ ਦੇ ਸੈਂਟਰ ਦੇ 440 ਵਾਲੇ ਸਕੇਲ ਦੇ ਬਰਾਬਰ ਮੇਰਾ ਸਕੇਲ ਸੀ। ਮਾਸਟਰ ਤਾਂ ਲੱਗਾ, ਪਰ ਪੰਜਾਬੀ ਵਾਲੇ ਮਾਸਟਰ ਦੀ ਸਲਾਹ ਦੇ ਉਲਟ। ਮੇਰਾ ਨਿਸ਼ਾਨਾ ਮਾਸਟਰੀ ਨਹੀਂ, ਸੈਕਸ਼ਨਲ ਅਫਸਰ ਲੱਗਣਾ ਸੀ। ਫੇਰ ਬਿਜਲੀ ਬੋਰਡ ਜਾਇਨ ਕਰ ਲਿਆ ਤੇ ਦੋ ਸਾਲ ਦੇ ਤਜਰਬੇ ਬਾਅਦ ਸੈਕਸ਼ਨਲ ਅਫਸਰ ਦੀ ਨੌਕਰੀ ਸਿੰਚਾਈ ਵਿਭਾਗ ਚੰਡੀਗੜ੍ਹ ਵਿਖੇ ਮਿਲ ਗਈ। ਜ਼ਿੰਦਗੀ ਦਾ ਰੰਗੀਨ ਸਮਾਂ ਮਨਮਾਨੀਆ ਤੇ ਮੌਜ ਮਸਤੀ ਕਰਨ ਦੀ ਥਾਂ ਪਰਿਵਾਰਕ ਆਰਥਿਕਤਾ ਨੂੰ ਮਜ਼ਬੂਤ ਕਰਨ ਵਾਲੀ ਜਦੋਜਿਹਿਦ ਵਿਚ ਹੀ ਜੁਟਿਆ ਰਿਹਾ ।
ਮੁਢਲੀ ਅਫਸਰੀ ਵਾਲਾ ਸਮਾਂ ਬੜਾ ਰੰਗੀਨ ਮਜਾਜ਼ਾਂ ਵਾਲਾ ਸੀ
ਜੁਆਨੀ ਦਾ ਜੋਸ਼, ਅਫਸਰੀ ਠਾਠ ਤੇ ਮੋਟਰ ਸਾਈਕਲ ਦੀ ਸਵਾਰੀ ਸਦਕਾ ਜਨਵਰੀ 1982 ਤੋਂ ਦਸੰਬਰ 1985 ਤੱਕ ਦਾ ਮੁਢਲੀ ਅਫਸਰੀ ਵਾਲਾ ਸਮਾਂ ਬੜਾ ਰੰਗੀਨ ਮਜਾਜ਼ਾਂ ਵਾਲਾ ਸੀ। ਉਸ ਵੇਲੇ ਸਮਾਜਕ ਮਾਰਕੀਟ ਵੀ ਰਿਸਤਾ ਜੋੜਨ ਲਈ ਸਿਖਰਾਂ ਤੇ ਸੀ। ਇਸ ਸਮੇਂ ਅਮਿਤ੍ਰਸਰ ਸ਼ਹਿਰ ਵਿਖੇ ਹੀ ਸੈਕਸ਼ਨਲ ਅਫਸਰ ਨਹਿਰੀ ਵਿਭਾਗ ਵਿਚ ਲੱਗਾ ਹੋਇਆਂ ਸਾਂ । ਵੱਖਵਾਦ ਤੇ ਅੱਤਵਾਦ ਦੀ ਲਹਿਰ ਦਾ ਕੇਂਦਰ ਵੀ ਅਮ੍ਰਿਤਸਰ ਹੀ ਬਣਿਆ ਹੋਇਆ ਸੀ। ਲਿਖਦਾ ਜ਼ਰੂਰ ਸੀ ਪਰ ਼ਿਲਖ ਕੇ ਉਸ ਨੂੰ ਸਾਂਭ ਕੇ ਰੱਖਣ ਦਾ ਸੁਭਾਅ ਨਹੀਂ ਸੀ ਬਣਿਆਂ । ਉਸ ਸਮੇਂ ਲੇਖਕ ਵਾਲਾ ਲੇਬਲ ਲਵਾਉਣ ਦੀ ਚੇਸਟਾ ਵੀ ਨਹੀਂ ਸੀ। ਉਸ ਸਮੇਂ ਵਿੱਚ ਬਹੁਤ ਅਜੀਬ ਘਟਨਾਵਾਂ ਵੀ ਘਟੀਆਂ, ਜਿਹਨਾਂ ਸਦਕਾ ਜ਼ਿੰਦਗੀ ਹੰਢਾਉਣ ਦੀ ਥਾਂ ਜੀਉਣ ਅਤੇ ਲੋਕ ਭਲਾਈ ਕਰਨ ਦੀਆਂ ਭਾਵਨਾਵਾਂ ਉਜਾਗਰ ਵੀ ਹੋਈਆਂ। ਜ਼ਮੀਨ ਦੀ ਮੁਕੱਦਮੇਬਾਜੀ ਕਾਰਣ ਪਰੀਆਂ ਦੇ ਇਸ਼ਕ ਜਾਲ ‘ਚ ਨਾ ਫਸਣ ਸਦਕਾ ਖਾ-ਮਖਾ ਉਪਜੇ ਵਿਰੋਧ ਤੇ ਦਵੈਖ ਨੇ ਮੈਨੂੰ ਕਈ ਵਾਰ ਸ਼ਹੀਦਾਂ ਦੇ ਪੂਰਨਿਆਂ ਤੇ ਤੁਰਨ ਲਈ ਵੰਗਾਰਿਆ, ਪਰ ‘ਚੇਤਨਾ’ ਨੇ ਮੈਨੂੰ ਅਜਿਹਾ ਨਾ ਕਰਨ ਦਾ ਉਦੇਸ਼ ਦੇ ਕੇ ਨਵੀਆਂ ਪੈੜਾਂ ਬਨਾਉਣ ਲਈ ਪ੍ਰੇਰਿਆ। ਨਵੀਂ ਸੋਚ ਉਤਪਨ ਹੋਈ, ਨਿਸਚੇ ਨਾਲ ਨਵੇਂ ਰਿਸਤਿਆਂ ਤੇ ਰਸਤਿਆਂ ਤੇ ਤੁਰਨ ਲਈ ਪ੍ਰੇਰਨਾ ਮਿਲੀ। ਮਜਬੂਰੀਆਂ, ਦੁਸਵਾਰੀਆਂ, ਦਵੈਖ ਕਰਨ ਵਾਲੇ ਲੋਕਾਂ ਦੀ ਸੋਚ ਸਦਕਾ ਵਿਹਲ ਦੇ ਪਲਾਂ ਵਿਚ ਅੱਖਰਮਾਲਾ-ਚੇਤਨਾ ਇਕ ਵਿਸ਼ਾ ਬਣ ਕੇ ਸੋਚ ਤੇ ਕਲਮ ਦੇ ਸੁਮੇਲ ਨਾਲ ਮੈਨੂੰ ਦੁਨਿਆਵੀ ਭਵਸਾਗਰ ਪਾਰ ਕਰਨ ਲਈ ਪ੍ਰੇਰਦੀ ਰਹੀ। ਦੇਸ ਪਰਦੇਸ ਵਿਚ ‘ਅੱਖਰਮਾਲਾ ਚੇਤਨਾ’ ਹੀ ਮੇਰੇ ਲਈ ਲੋਕ ਸੰਪਰਕ ਬਨਾਉਣ ਦਾ ਵਸੀਲਾ ਬਣ ਗਿਆ।

ਮੁਕੇਰੀਆਂ ਹਾਈਡਲ ਪ੍ਰੋਜੈਕਟ ਤੇ ਨਿਤ ਨਵੀਆਂ ਘਟਨਾਵਾਂ ਦੇਖਣ ਸੁਣਨ ਨੂੰ ਮਿਲਣ ਲੱਗ ਪਈਆਂ

ਵਿਆਹ ਹੋਣ ਤੋਂ ਬਾਅਦ ਹਾਲਾਤ ਬਦਲ ਗਏ ਤੇ ਮੈਂ ਬਦਲੀ ਕਰਵਾ ਕੇ ਮੁਕੇਰੀਆਂ ਹਾਈਡਲ ਪ੍ਰੋਜੈਕਟ ਤੇ ਪਹੁੰਚ ਗਿਆ। ਬਹੁਤ ਹੀ ਰਮਣੀਕ ਸ਼ਹਿਰ ਤਲਵਾੜਾ ਵਿਖੇ ਮੁਕੇਰੀਆਂ ਹਾਈਡਲ ਪ੍ਰੋਜੈਕਟ ਤੇ ਨਿਤ ਨਵੀਆਂ ਘਟਨਾਵਾਂ ਦੇਖਣ ਸੁਣਨ ਨੂੰ ਮਿਲਣ ਲੱਗ ਪਈਆਂ। ਉਨ੍ਹਾਂ ਦਿਨਾਂ ਵਿਚ ਕੁੰਡੀਆਂ ਮੁੱਛਾਂ ਤੇ ਨਿਬੂੰ ਟਕਾਉਣ ਦਾ ਮੈਨੂੰ ਬੜਾਂ ਸੌਂਕ ਸੀ। ਮੁਲਾਜ਼ਮ ਏਕਤਾ ਅਤੇ ਸੰਗਰਸ਼ ਵਿਡਣ ਲਈ ਅੱਖਰਮਾਲਾ ਲਿਖਣੀ ਸ਼ੁਰੂ ਕਰ ਦਿੱਤੀ । ਹੜਤਾਲ ਸਮੇਂ ਸਾਥੀਆਂ ਨੂੰ ਸੁਣਾਉਂਦਾ ਵੀ ਹੁੰਦਾ ਸਾਂ । ਜਿਸ ਦੀਆਂ ਕੁਝ ਲਿਖਤਾਂ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਦੇ ਬੈਨਰ ਹੇਠ ਦਾਸਤਾਨ-ਏ- ਜੇ. ਈ. ਨਾਂ ਦਾ ਸਾਈਕਲੋਸਟਾਈਲ ਕਿਤਾਬਚਾ ਤਲਵਾੜਾ ਜੋਨ ਦੇ ਜੁਨੀਅਰ ਇੰਜੀਨਅਰਾਂ ਨੇ ਛਾਪ ਕੇ ਪਟਿਆਲਾ ਜੇਲ੍ਹ ਵਿੱਚ 1991 ਵਿੱਚ ਰਿਲੀਜ਼ ਵੀ ਕੀਤਾ ਸੀ। 1991 ਵਿਚ ਐਸ. ਈ. ਅਤੇ ਉਸ ਵੇਲੇ ਦੇ ਗਵਰਨਰ ਪੰਜਾਬ ਦੇ ਰਵੱਈਏ ਨੂੰ ਦ੍ਰਿਸਟੀਮਾਨ ਕਰਦੀਆਂ ਅੱਖਰਮਾਲਾ ਲਿਖੀਆਂ ਅਤੇ ਚੰਡੀਗੜ੍ਹ ਦੀ ਪਰੇਡ ਗਰਾਉਂਡ ਵਿਖੇ ਤਕਰੀਬਨ ਦਸ ਹਜ਼ਾਰ ਦੇ ਇਕੱਠ ਮੁਹਰੇ ਸਟੇਜ਼ ਤੇ ਗਾ ਕੇ ਹੜਤਾਲੀ ਇੰਜੀਨੀਅਰਾਂ ਦਾ ਮਨੋਰੰਜ਼ਨ ਵੀ ਕਰਵਾਇਆ ਅਤੇ ਮਨੋਬਲ ਵੀ ਵਧਾਇਆ।
ਮੇਲਿਆਂ ਮਸਾਵਿਆਂ ਤੇ ਭੀੜ ਭੜੱਕੇ ਤੋਂ ਦੂਰ ਰਹਿਣ ਵਾਲੇ ਸੁਭਾਅ ਕਾਰਨ ਅਤੇ ਬਹੁਤਾ ਸਮਾਂ ਇਕੱਲੇ ਰਹਿ ਕੇ ਸਮਾਂ ਬਿਤਾਉਣ ਕਾਰਨ ਇਸ ਪਾਸੇ ਬਹੁਤਾ ਵਿਕਾਸ ਨਾ ਹੋ ਸਕਿਆ। ਅੱਖਰਮਾਲਾ ਼ਿਲਖਣ ਦਾ ਚਸਕਾ ਅਤੇ ਨਿਧੜਕ ਹੋ ਕੇ ਤਰਕ ਕਰਨ ਦੇ ਗੁਣ ਸਦਕਾ ਨੌਕਰੀ ਕਰਦੇ ਸਮੇਂ ਸਰਬਸੰਮਤੀ ਨਾਲ ਆਪਣੀ ਮੁਲਾਜ਼ਮ ਜਮਾਤ ਦਾ ਡਵੀਜਨਲ ਸੈਕਰਟਰੀ, ਸਰਕਲ ਪ੍ਰਧਾਨ, ਫਾਉਂਡਰ ਜੋਨਲ ਪ੍ਰਧਾਨ ਅਤੇ ਸਟੇਟਬਾਡੀ ਦੇ ਜਾਇੰਟ ਸੈਕਟਰੀ ਦੇ ਅਹੁਦੇ ਵੀ ਨਸੀਬ ਹੁੰਦੇ ਰਹੇ ਜੋ ਸ਼ਰਾਬ ਪਿਲਾ ਕੇ, ਟੇਲ ਕੈਰੀਅਰ ਬਣ ਕੇ ਜਾਂ ਚਮਚਾਗਿਰੀ ਨਾਲ ਨਹੀਂ, ਸਗੋਂ ਕਾਰਗੁਜਾਰੀ ਸਦਕਾ ਸਰਬਸੰਮਤੀ ਨਾਲ ਨਿਰਵਿਰੋਧ ਹੀ ਮਿਲਦੇ ਰਹੇ ।

ਐਸੋਸੀਏਸ਼ਨ ਵੱਲੋਂ ਇਕ ਸੋਵੀਨਰ ਵੀ ਕੱਢਿਆ ਗਿਆ

63ਵੇਂ ਜਨਰਲ ਇਜਲਾਸ ਜੋ ਕਿ 13 ਅਗੱਸਤ 1994 ਨੂੰ ਲੁਧਿਆਣਾ ਵਿਖੇ ਡਿਪਲੋਮਾ ਇੰਨਜੀਨੀਅਰਜ਼ ਐਸੋਸੀਏਸ਼ਨ ਸਿੰਚਾਈ ਵਿਭਾਗ ਪੰਜਾਬ ਵੱਲੋਂ ਕੀਤਾ ਗਿਆ ਸੀ। ਇਸ ਵਿਚ 1912 ਤੋਂ ਚਲੀ ਆਉਂਦੀ ਡਿਪਲੋਮਾ ਇੰਜੀਨਅਰਜ਼ ਐਸੋਸੀਏਸ਼ਨ ਵੱਲੋਂ ਇਕ ਸੋਵੀਨਰ ਵੀ ਕੱਡਿਆ ਗਿਆ, ਜਿਸ ਵਿੱਚ ਪੰਜਾਬੀ ਸੈਕਸ਼ਨ ਦੇ ਸ਼ੁਰੂ ਵਾਲੇ ਪੇਜ਼ ਤੇ 63ਵਾਂ ਇਜਲਾਸ ਸਿਰਲੇਖ ਹੇਠ ਮੇਰੀਆਂ ਦੋ ਅੱਖਰਮਾਲਾ ਛਪੀਆਂ । ਜਿਹਨਾਂ ਦਾ ਵਿਸ਼ਾ ਏਕਤਾ, ਮਿਹਨਤ ਅਤੇ ਸਮਾਜ ਉਸਾਰੀ ਵਿੱਚ ਜੁਨੀਅਰ ਇੰਜੀਨੀਅਰ ਦੇ ਯੋਗਦਾਨ ਪ੍ਰਤੀ ਸੀ। ਉਸ ਸੋਵੀਨਰ ਦੇ ਅਹਿਮ ਪੰਨੇ ਤੇ ਮੇਰੀਆਂ ਅੱਖਰਮਾਲਾ ਦੇ ਛਪਣ ਦੇ ਦੋ ਕਾਰਨ ਸਨ । ਪਹਿਲਾ ਕਾਰਣ ਸੀ ਅੱਖਰਮਾਲਾ ਦਾ ਵਿਸ਼ਾ ਅਤੇ ਦੂਸਰਾ ਕਾਰਨ ਸੀ ਹਾਈ ਕਮਾਂਡ ਵਿਚ ਮੇਰੀ ਪਹਿਚਾਣ ਅਤੇ ਸਾਰੀਆਂ ਡਵੀਜਨਾਂ ਦੇ ਮੈਂਬਰਾਂ ਨੂੰ ਏਕੇ ਦਾ ਨਾਅਰਾ ਲਵਾਉਣਾ। ਨਵੇਂ ਜੋਨ ਦੀ ਵਿਉਂਤਬੰਦ ਉਸਾਰੀ ਕਰਨੀ ਅਤੇ ਉਸ ਦਾ ਪ੍ਰਧਾਨ ਬਣ ਕੇ ਯੁਨੀਅਨ ਦੀਆਂ ਮੀਟਿੰਗਾਂ ਤੇ ਜਾਣ ਸਮੇਂ ਦਾ ਖਰਚਾ ਆਪਣੀ ਜੇਬ ਵਿੱਚੋਂ ਹੀ ਕਰਨਾ ਨਾ ਕਿ ਸਾਥੀਆਂ ਜਾਂ ਯੂਨੀਅਨ ਦੇ ਫੰਡ ਵਿਚੋਂ ਆਪਣਾ ਤੋਰੀ ਫੁਲਕਾ ਚਲਾਉਣਾ। ਜਿਥੇ ਮੁਲਾਜ਼ਮਤ ਸਮੇਂ ਜਮਾਤ ਦੇ ਕੰਮ ਕਰਨ ਵਿੱਚ ਕਾਮਯਾਬੀ ਮਿਲੀ ਉਥੇ ਹੀ ਆਪਣੇ ਇਲਾਕੇ ਦੇ ਧੁੱਸੀ ਬੰਧ, ਡਰੇਨਾ ਅਤੇ ਪੁਲਾਂ ਦੀ ਮੁਰੰਮਤ ਅਤੇ ਉਸਾਰੀ ਸਬੰਧੀ ਰੂਰਲ ਡਿਵੈਲਪਮੈਂਟ ਫੰਡ ਮੁਹੱਈਆ ਕਰਵਾਉਣ ਵਿੱਚ ਵੀ ਅਹਿਮ ਭੁਮਿਕਾ ਨਿਭਾਉਣ ਦਾ ਮੌਕਾ ਮਿਲਿਆ। ਨੌਕਰੀ ਦੇ ਨਾਲ ਨਾਲ ਸਮਾਜ ਸੇਵਾ ਕਰਨ ਦਾ ਨਤੀਜਾ ਹੀ ਸੀ ਕਿ ਕਾਹਨੂੰਵਾਨ ਬੇਟ ਇਲਾਕੇ ਦੀਆਂ ਬਹੁਤ ਸਾਰੀਆਂ ਪੰਚਾਇਤਾਂ ਨੇ ਉਸ ਸਮੇਂ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ ਸਿੰਘ ਬਾਦਲ ਨੂੰ ਮੋਹਰਾਂ ਲਾ ਕੇ ਮੰਗ ਪੱਤਰ ਭੇਜਿਆ ਸੀ ਕਿ ਇੰਜੀਨੀਅਰ ਸੁਰਿੰਦਰ ਸਿੰਘ ਦੀਆਂ ਵਿਕਾਸ ਪੱਖੀ ਤੇ ਲੋਕ ਭਲਾਈ ਪੱਖੀ ਸੇਵਾਵਾਂ ਪ੍ਰਤੀ ਇਮਾਨਦਾਰੀ ਨਾਲ ਨੋਕਰੀ ਕਰਨ ਬਦਲੇ ਅਗਲੇ ਪੰਜ ਸਾਲ ਤੱਕ ਬਦਲੀ ਨਾ ਕੀਤੀ ਜਾਵੇ।
ਉਸ ਵੇਲੇ ਦੇ ਬਾਦਲ ਸਰਕਾਰ ਦੇ ਤਕਰੀਬਨ ਦਸ ਕੁ ਐਮ ਐਲ ਏਜ਼ ਨੇ ਵੀ ਚੀਫ ਇੰਜੀਨੀਅਰ ਮਿਸਟਰ ਬੇਰੀ ਨੂੰ ਨਾਟ ਟੂ ਬੀ ਟਰਾਂਸਫਰ ਦੇ ਪੱਤਰ ਦੇਣ ਲਈ ਲਿਖ ਕੇ ਦਿੱਤੇ। ਬਾਦਲ ਸਰਕਾਰ ਵੱਲੋਂ ਬਦਲੀਆਂ ਦੀ ਲਿਸਟ ਵਿਚ ਮੇਰਾ ਨਾਮ ਸੀਰੀਅਲ ਨੰਬਰ ਇਕ ਤੇ ਪਾਉਣ ਦਾ ਕਾਰਨ ਇਹ ਬਣਾਇਆ ਕਿ ਮੇਰਾ ਮਨਮਰਜ਼ੀ ਦਾ ਸੈਕਸ਼ਨ ਮੇਰੀ ਤਲਵਾੜੇ ਤੋਂ ਬਦਲੀ ਸਮੇਂ ਉਸ ਸਮੇਂ ਦੇ ਕਾਹਨੂੰਵਾਨ ਹਲਕੇ ਦੇ ਐਮ ਐਲ ਏ ਸ.ਪ੍ਰਤਾਪ ਸਿੰਘ ਬਾਜਵਾ ਨੇ ਸ.ਹਰਚਰਨ ਸਿੰਘ ਬਰਾੜ ਇਰੀਗੇਸ਼ਨ ਮਨਿਸਟਰ ਦੇ ਹੁਕਮਾਂ ਨਾਲ ਕਰਵਾਏ ਸਨ। ਭਾਵੇਂ ਕਿ ਇਸ ਤੋਂ ਪਹਿਲਾਂ ਫੀਲਡ ਮਕੈਨੀਕਲ ਅਮ੍ਰਿਤਸਰ ਵਿਖੇ ਏਸੇ ਹੀ ਹਲਕੇ ਦੇ ਉਸ ਵੇਲੇ ਦੇ ਐਮ.ਐਲ.ਏ.ਜਥੇਦਾਰ ਉਜਾਗਰ ਸਿੰਘ ਸੇਖਵਾਂ ਨੇ ਮੈਨੂੰ ਮੇਰੀ ਮਨਮਰਜ਼ੀ ਦੇ ਸਟੇਸ਼ਨ ਅਮ੍ਰਿਤਸਰ ਅਡਜਸਟ ਕਰਵਾਇਆ ਸੀ। ਮੇਰੇ ਸਬੰਧਤ ਏਰੀਏ ਵਿਚ ਜਿਹੜਾ ਵੀ ਰਾਜਸੀ ਲੀਡਰ ਹੁੰਦਾ ਸੀ, ਉਸ ਤੱਕ ਮੇਰੀ ਨਿਜੀ ਪਹੁੰਚ ਤੇ ਉਸ ਨੂੰ ਮੇਰੀ ਪਹਿਚਾਣ ਹੁੰਦੀ ਸੀ। ਇਸ ਲਈ ਜਿਨਾ ਚਿਰ ਸਰਕਾਰੀ ਨੌਕਰੀ ਕੀਤੀ ੳਤੁਨਾ ਚਿਰ ਲੋੜ ਮੁਤਾਬਕ ਚੌਧਰ ਦਾ ਛੱਜ ਵੀ ਸ਼ੱਟਦੇ ਰਹੇ ਤੇ ਅਫਸਰੀ ਤੇ ਯੁਨੀਅਨ ਦੀ ਕਾਰਗੁਜਾਰੀ ਵੀ ਜਿ਼ਮੇਵਾਰੀ ਨਾਲ ਨਿਭਾਈ।

ਕੁਝ ਹੋਰ ਤੇ ਕੁਝ ਹੋਰ ਲਿਖਣ ਦੀ ਚੇਸਟਾ ਤਾਂ ਕੈਨੇਡਾ ਆ ਕੇ ਹੀ ਪਈ

ਕੁਝ ਹੋਰ ਤੇ ਕੁਝ ਹੋਰ ਲਿਖਣ ਦੀ ਚੇਸਟਾ ਤਾਂ ਕੈਨੇਡਾ ਆ ਕੇ ਹੀ ਪਈ। ਕੈਨੇਡਾ ਆ ਕੇ ਗੁਰਦੀਪ ਸਿੰਘ ਚੌਹਾਨ ਹੁਰਾਂ ਦੀ ਮੌਤ ਤੋਂ ਬਾਅਦ ਬੰਦ ਪਏ ਪਰਦੇਸੀ ਪੰਜਾਬ ਅਖਬਾਰ ਨੂੰ ਮਾਰਕੀਟਿੰਗ ਪੱਖੋਂ ਪੂਰਨ ਰੂਪ ਵਿੱਚ ਸਥਾਪਤ ਕਰਨ ਵਿਚ ਬਹੁਤ ਕਾਮਯਾਬੀ ਮਿਲੀ। ਥੋੜਾ ਚਿਰ ਚਲਣ ਤੋਂ ਬਾਅਦ ਪਰਦੇਸੀ ਪੰਜਾਬ ਬੰਦ ਹੋਣ ਤੇ ਨਾਗਾਰਾ ਅਖ਼ਬਾਰ ਵਿੱਚ ਬਤੌਰ ਐਸੋ਼ਸੀਏਟ ਐਡੀਟਰ ਅਤੇ ਮਾਰਕੀਟਿੰਗ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਉਣ ਦਾ ਮੋਕਾ ਮਿਲਿਆ। ਤਕਰੀਬਨ ਤਿੰਨ ਕੁ ਸਾਲ ਅੱਖਰਮਾਲਾ ਲਗਾਤਾਰ ਅਖਬਾਰਾਂ ਵਿਚ ਛਪਦੀ ਰਹੀ। ਮੈਨੂੰ ਕੁਝ ਤਜਰਬਾ ਵੀ ਹੋਇਆ, ਪਹਿਚਾਣ ਵੀ ਬਣੀ ਤੇ ਮੇਰੀ ਲੇਖਣੀ ਅਣਜਾਣੇ ਵਿਚ ਹੀ ਥੋੜੀ ਬਹੁਤੀ ਲੈ ਬਹਿਰ ਤੇ ਪਿੰਗਲ ਦੇ ਨੇੜੇ ਨੂੰ ਆਉਣੀ ਸ਼ੁਰੂ ਹੋਣ ਲੱਗ ਪਈ। ‘ਪੰਜਾਬ ਡੇ’ ਨਵੰਬਰ 2005 ਤੋਂ ਕੈਨੇਡਾ ਵਿਚ ਮੈਨੂੰ ਚੇਤਨਾ ਮੈਗਜ਼ੀਨ ਕੱਡਣ ਦਾ ਮੌਕਾ ਮਿਲਿਆ ਹੋਇਆ ਹੈ। ਜੋ ਪਹਿਲਾਂ ਮਹੀਨਾਵਾਰ ਸੀ, ਪਰ ਹੁਣ ਸਾਲ ਵਿਚ ਚਾਰ ਵਾਰੀ ਆਉਂਦਾ ਹੈ। ਆਪ ਹੀ ਲਿਖਣਾ, ਛਪਾਉਣਾ ਅਤੇ ਵੰਡਣ ਦੀ ਸੇਵਾ ਵੀ ਮਿਲ ਗਈ। ਚੇਤਨਾ ਰਾਹੀਂ ਮੈਨੂੰ ਪੰਜਾਬੀਅਤ, ਪੰਜਾਬ ਅਤੇ ਪੰਜਾਬੀ ਪ੍ਰਤੀ ਕੁਝ ਲਿਖਣ ਅਤੇ ਬੋਲਣ ਕਰਕੇ ਮਾਂ ਬੋਲੀ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹਇਆ ਹੈ। ਜੋ ਮੈਂ ਮਨੋਂ ਤਨੋਂ ਪੂਰੇ ਸਿਦਕ ਨਾਲ ਕਰ ਕਰਨ ਦੀ ਕੋਸਿ਼ਸ਼ ਕਰ ਰਿਹਾ ਹਾਂ। ਇਹ ਪਰਚਾ ਇੰਟਰਨੈਟ ਤੇ ਵੀ ਪੜ੍ਹਿਆ ਜਾ ਸਕਦਾ ਹੈ ।
ਪੰਜੀ ਵਾਲੇ ਪੰਜਾਬ ਦੇ ਸਕੂਲ ਵਿਚੋਂ ੳ ਉਠ ਨੂੰ ਬੋਤਾ ਕਹਿੰਦਿਆਂ ਤੇ ਅੜਬਾਂ ਨਾਲ ਆਡਾ ਲੈਂਦਿਆਂ ਪੰਜਾਬ ਵਿਚੋਂ ਤੁਰੀ ਮੇਰੀ ਅੱਖਰਮਾਲਾ ਸੰਸਾਰ ਦੇ ਅਤਿ ਸੁੰਦਰ ਮੁਲਕ ਕੈਨੇਡਾ ਦੇ ਵਸਨੀਕਾਂ ਤੱਕ ਪਹੁੰਚ ਗਈ ਹੈ। ਜਿਸ ਨੂੰ ਪਾਠਕਾਂ ਦੇ ਸਹਿਯੋਗ ਸਦਕਾ ਮੈਂ ਆਪਣੀ ਖੁਸ਼ਨਸੀਬੀ ਹੀ ਸਮਝਦਾ ਹਾਂ। ਪਾਠਕ ਇਸਨੂੰ ਪੜ੍ਹਦੇ ਹਨ, ਕਈ ਪ੍ਰਸੰਸਾ ਵੀ ਕਰਦੇ ਹਨ, ਅਲੋਚਨਾ ਵੀ ਹੁੰਦੀ, ਇਸ ਤਰ੍ਹਾਂ ਅਗਿਆਨਤਾ ਵਿਚ ਲਿਖੀ ਅੱਖਰਮਾਲਾ ਚੇਤਨਾ ਸਹਿਜੇ ਸਹਿਜੇ ਵਿਕਾਸ ਵਲ ਵਧਦੀ ਜਾ ਰਹੀ ਹੈ। । ਜਦੋਂ ਦਾ ਮੈਂ ਕੈਨੇਡਾ ਆ ਕੇ ਲਿਖਣਾ ਸ਼ੁਰੂ ਕੀਤਾ ਹੈ, ਜਿਤਨੀ ਦੇਰ ਤੱਕ ਕਰਨੈਲ ਸਿੰਘ ਪਾਰਸ ਏਥੇ ਸੀ, ਉਹ ਫੋਨ ਰਾਹੀਂ ਪ੍ਰਸੰ਼ਸਾ ਤੇ ਅਲੋਚਨਾ ਵੀ ਕਰਿਆ ਕਰਦਾ ਸੀ। ਹੱਲਾਸ਼ੇਰੀ ਦੇ ਕੇ ਇਸ ਵਿੱਚ ਹੋਰ ਨਿਖਾਰ ਲਈ ਪ੍ਰੇਰਦਾ ਵੀ ਹੁੰਦਾ ਸੀ। ਜਦ ਤੱਕ ਮਜਬੂਰੀਆਂ ਤੇ ਦੁਸਵਾਰੀਆਂ ਕਾਰਣ ਮੈ ਰਾਈਡ ਦੇਣ ਤੋਂ ਬੇਮੁੱਖ ਨਹੀਂ ਹੋਇਆ, ਤਦ ਤੱਕ ਮਹਾਨ ਲੇਖਕ ਬਲਬੀਰ ਸਿੰਘ ਮੋਮੀ ਮੇਰੀਆਂ ਅੱਖਰਮਾਲਾ ਟਾਈਪ ਕਰ ਕੇ ਦੂਰ ਦੁਰਾਡੇ ਦੀਆਂ ਅਖਬਾਰਾਂ ਵਿਚ ਵੀ ਭੇਜ ਦਿੰਦਾ ਸੀ। ਟਰਾਂਟੋ ਵਿੱਚ ਹੁੰਦੇ ਫੰਕਸ਼ਨਾਂ ਵਿੱਚ ਸੱਦਾ ਪੱਤਰ ਮਿਲਣ ਤੇ ਮੈਂ ਜ਼ਰੂਰ ਪਹੁੰਚਦਾ ਹਾਂ ਤੇ ਮੋਕੇ ਮੁਤਾਬਕ ਹੀ 35 ਅਖਰਾਂ ਦੀ ਬਣੀ ਅੱਖਰਮਾਲਾ ਲਿਖਦਾ ਤੇ ਸੁਣਾ ਵੀ ਦਿੰਦਾ । ਮੈਨੂੰ ਆਪ ਲਿਖ ਕੇ ਖੁਦ ਬੋਲਣ ਦਾ ਮਜ਼ਾ ਆਉਂਦਾ ਹੈ, ਮੈਨੂੰ ਚੂਪੇ ਹੋਏ ਗੰਨੇ ਚੂਪਣ ਦਾ ਰਤੀ ਵੀ ਸੌਂਕ ਨਹੀਂ ਹੈ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346