Welcome to Seerat.ca

ਦਾਰੇ ਦੁਲਚੀਪੁਰੀਏ ਦੀ ਦਾਸਤਾਨ

 

- ਪ੍ਰਿੰ. ਸਰਵਣ ਸਿੰਘ

ਬਾਰੀ ਵਿਚ ਖੜ੍ਹੀ ਔਰਤ

 

- ਅਮਰਜੀਤ ਚੰਦਨ

ਸਰਗਮ ਦਾ ਸਫ਼ਰਨਾਮਾ

 

- ਸਰਗਮ ਸੰਧੂ

ਵਗਦੀ ਏ ਰਾਵੀ
ਰੌਸ਼ਨੀਆਂ ਦਾ ਸ਼ਹਿਰ

 

- ਵਰਿਆਮ ਸਿੰਘ ਸੰਧੂ

ਸਮੇਂ ਦਾ ਹਾਣੀ: ਗੁਰਚਰਨ ਰਾਮਪੁਰੀ

 

- ਚੰਦਰ ਮੋਹਨ

ਮੇਰੀ ਅੱਖਰ ਮਾਲਾ ਚੇਤਨਾ

 

- ਸੁਰਿੰਦਰ ਪਾਮਾ

ਨਜ਼ਮ

 

- ਉਂਕਾਰਪ੍ਰੀਤ

ਕਹਾਣੀ / ਕੀ ਕੀਤਾ ਜਾਵੇ

 

- ਵਕੀਲ ਕਲੇਰ

ਇਉਂ ਵੇਖਿਆ ਮੈ ਕੇਨਜ਼ ਦਾ ਪਹਿਲਾ ਸਿੱਖ ਖੇਡ ਮੇਲਾ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਦੋ ਕਵਿਤਾਵਾਂ

 

- ਗੁਰਦਾਸ ਮਿਨਹਾਸ

ਮੇਰੀ ਜਾਣਕਾਰੀ ਭਰਪੂਰ ਚੀਨ ਯਾਤਰਾ

 

- ਸਤਵੰਤ ਸਿੰਘ

ਪੰਜਾਬੀ ਫ਼ਿਲਮ ‘ਅੰਨ੍ਹੇ ਘੋੜੇ ਦਾ ਦਾਨ’ ਲੰਡਨ ਦੇ ਕੌਮਾਂਤਰੀ ਫ਼ਿਲਮ ਮੇਲੇ ਚ

 

- ਸੁਖਦੇਵ ਸਿੱਧੂ

 


 ਮੇਰੀ ਜਾਣਕਾਰੀ ਭਰਪੂਰ ਚੀਨ ਯਾਤਰਾ
- ਸਤਵੰਤ ਸਿੰਘ

 

ਵਿਸ਼ਵ ਦੇ ਰਮਣੀਕ ਸਥਾਨਾਂ ਦੀ ਯਾਤਰਾ ਜੀਵਨ ਨੂੰ ਚਿੰਤਾ ਰਹਿਤ ਕਰਦੀ ਅਤੇ ਲੰਬੀ ਉਮਰ ਵਿੱਚ ਸਹਾਈ ਹੁੰਦੀ ਹੈ। (ਵਿਸ਼ਵ ਦੇ ਇੱਕ ਬਜੁ਼ਰਗ ਯਾਤਰੀ ਦੇ ਵਿਚਾਰ)

ਪਿਆਰੇ ਸਤਿਕਾਰਯੋਗ ਪਾਠਕ ਜੀਓ,
ਮੈਂ ਆਪ ਜੀ ਦੀ ਸੇਵਾ ਵਿੱਚ ਆਪਣੀ ਤੀਸਰੀ ਅੰਤਰਰਾਸ਼ਟਰੀ ਯਾਤਰਾ ਸਬੰਧੀ ਇਹ ਲੇਖ-ਲੜੀ ਆਰੰਭ ਕਰ ਰਿਹਾ ਹਾਂ। ਆਪ ਜੀ ਮੇਰੀ ਪਹਿਲੀ ਅਭੁੱਲ ਯੂਰਪ ਯਾਤਰਾ 2002 ਵਿੱਚ ਅਤੇ ਬਾਅਦ ਵਿੱਚ ਭਾਰਤ ਪਾਕਿਸਤਾਨ ਦੇ ਇਤਿਹਾਸਕ ਧਾਰਮਿਕ ਸਥਾਨਾਂ ਦੀ ਯਾਤਰਾ ਸੰਨ 2004 ਪੜ੍ਹ ਚੁੱਕੇ ਹੋ। ਹੁਣ ਚੀਨ ਅਤੇ ਵੈਨਕੁਵਰ ਦੀ ਦੋ ਹਫ਼ਤਿਆਂ ਦੀ ਯਾਤਰਾ 2007 ਪੜ੍ਹਕੇ ਮੈਨੂੰ ਖੁਸ਼ੀ ਦਾ ਮੌਕਾ ਦਿਉਗੇ। ਉਮੀਦ ਹੈ ਕਿ ਪਹਿਲਾਂ ਵਾਂਗੂੰ ਹੀ ਟੈਲੀਫੂਨ ਦੁਆਰਾ ਆਪਣੀ ਅਮੁੱਲੀ ਰਾਇ ਨਾਲ ਜਾਣੂੰ ਕਰਵਾਉਗੇ ਅਤੇ ਹੌਸਲਾ ਅਫ਼ਜ਼ਾਈ ਕਰੋਗੇ।
ਮੈਂ ਇਹ ਯਾਤਰਾ ਆਪਣੇ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ ਮੇਰੇ, ਪਤਨੀ, ਬੇਟੇ ਅਤੇ ਪੋਤੇ ਨਾਲ ਕੀਤੀ । ਇਹ ਯਾਤਰਾ ਐਸ ਓ ਟੀ ਸੀ (SOTC) ਮੁੰਬਈ (ਭਾਰਤ) ਤੋਂ ਪੈਕੇਜ ਟੂਰ ਰਾਹੀਂ, ਪੰਜ ਅਗਸਤ 2007 ਤੋਂ 20 ਅਗਸਤ 2007 ਤੱਕ, ਪੂਰੀ ਕੀਤੀ। ਇਹ ਟੂਰਿਸਟ ਕੰਪਨੀ ਵਿਸ਼ਵ ਦੇ ਭਿੰਨ ਂਿਭੰਨ ਦੇਸ਼ਾਂ ਦੀ ਯਾਤਰਾਵਾਂ ਦਾ ਪ੍ਰਬੰਧ ਕਰਦੀ ਹੈ। ਇਸਦੀਆਂ 13 ਦੇਸ਼ਾਂ ਵਿੱਚ ਬਰਾਚਾਂ ਹਨ। ਏਅਰ ਕੈਨੇਡਾ ਏਅਰਲਾਈਨਜ਼ ਦੁਆਰਾ ਅਸੀਂ ਪੀਅਰਸਨ ਏਅਰਪੋਰਟ ਟੋਰਾਂਟੋ ਤੋਂ ਪੰਜ ਅਗਸਤ ਸ਼ਾਮੀ ਚਾਰ ਵਜੇ ਬੀਜਿੰਗ ਲਈ ਚੱਲ ਪਏ ਅਤੇ ਛੇ ਅਗਸਤ 2007 ਨੂੰ ਸ਼ਾਮੀ ਚਾਰ ਵਜੇ ਪਹੁੰਚੇ। ਏਅਰਪੋਰਟ ਉੱਤੇ ਚੀਨ ਦੇ ਵੱਖ ਵੱਖ ਖੇਤਰਾਂ ਦੇ ਦ੍ਰਿਸ਼ਾਂ ਦੀਆਂ ਫੋਟੋਆਂ ਲੱਗੀਆ ਹੋਈਆਂ ਸਨ ਜਿਨ੍ਹਾਂ ਤੋਂ ਚੀਨ ਬਾਰੇ ਕਾਫ਼ੀ ਗਿਆਨ ਮਿਲਦਾ ਸੀ। ਬੀਜਿੰਗ ਏਅਰਪੋਰਟ ਉੱਤੇ ਐਸ ਓ ਟੀ ਸੀ ਕੰਪਨੀ ਦਾ ਪ੍ਰਤੀਨਿੱਧ ਪਹਿਲਾਂ ਹੀ ਪਹਿਚਾਣ ਵਾਲੀ ਤਖ਼ਤੀ ਫੜ ਕੇ ਖੜਾ ਸੀ। ਇਸ ਯਾਤਰਾ ਵਿੱਚ ਕੁੱਲ 28 ਯਾਤਰੀ ਸਨ। ਇਹਨਾਂ ਵਿੱਚ ਅੱਠ ਭਾਰਤ ਤੋਂ(ਦੋ ਕਪੂਰਥਲੇ ਦੇ ਪੰਜਾਬੀ, ਚਾਰ ਕਰਨਾਟਕ ਤੋਂ ਦੋ ਮਦਰਾਸ ਤੋਂ), ਛੇ ਇੰਗਲੈਂਡ ਤੋਂ, ਤਿੰਨ ਦੁਬਈ ਤੋਂ, ਚਾਰ ਕੈਨੇਡਾ ਤੋਂ ਅਤੇ ਇੱਕ ਮੁੰਬਈ ਤੋਂ ਸਨ। ਟੂਰ ਮੈਨੇਜਰ ਲੜਕੀ ਸੀ ਜਦੋਂ ਕਿ ਬਾਕੀ ਸਾਰੇ ਅਮਰੀਕਨ ਸਨ। ਅਸੀਂ ਸਾਰੇ ਸ਼ਾਮੀ ਛੇ ਵਜੇ ਪਹਿਲਾਂ ਨਿਰਧਾਰਿਤ ਕੀਤੇ ਇੰਡੀਅਨ ਖਾਣਾ ਪਰੋਸਣ ਵਾਲੇ ਹੋਟਲ ਵਿੱਚ ਪਹੁੰਚ ਗਏ ਜਿੱਥੇ ਚੀਨੀ ਲੜਕੀਆਂ ਸਲਵਾਰ ਕਮੀਜ਼ਾਂ ਪਹਿਨ ਕੇ ਭਾਰਤੀ ਦਿੱਖ ਦਾ ਨਮੂਨਾ ਪੇਸ਼ ਕਰ ਰਹੀਆਂ ਸਨ। ਇਸ ਹਵਾਈ ਸਫ਼ਰ ਮੈਂ ਆਪਣੇ ਲੜਕੇ ਨਾਲ ਕੁੱਝ ਸਮਾਂ ਤਾਸ਼ ਦੀ ਸੀਪ ਖੇਡ ਕੇ ਅਤੇ ਬਾਕੀ ਸਾਥੀ ਯਾਤਰੀਆਂ ਨਾਲ ਗੱਪਾਂ-ਸ਼ੱਪਾਂ ਮਾਰਕੇ ਬਹੁਤ ਖੁਸ਼ੀ ਨਾਲ ਪੂਰਾ ਕੀਤਾ।
ਕਰਮਵਾਰ ਸਥਾਨਾਂ ਦੀ ਸੈਰ ਦਾ ਵਰਨਣ ਕਰਨ ਤੋਂ ਪਹਿਲਾਂ ਮੈਂ ਮੁਨਾਸਿਬ ਸਮਝਦਾ ਹਾਂ ਕਿ ਚੀਨ ਦੇਸ਼ ਦੇ ਬਾਰੇ ਕੁੱਝ ਜਾਣਕਾਰੀ ਆਪਣੇ ਪਿਆਰੇ ਪਾਠਕਾਂ ਨਾਲ ਸਾਂਝੀ ਕਰਾਂ। ਵੱਸੋਂ ਪੱਖੋਂ ਇਹ ਦੇਸ਼ ਦੁਨੀਆ ਦੇ ਪਹਿਲੇ ਨੰਬਰ ਉੱਤੇ ਹੈ। ਇਸ ਸਮੇਂ ਇਸਦੀ ਜਨਸੰਖਿਆ ਇੱਕ ਅਰਬ ਇਕੱਤੀ ਕਰੋੜ ਤੋਂ ਜਿ਼ਆਦਾ ਹੈ ਜਦੋਂ ਕਿ ਭਾਰਤ ਦੀ ਵੱਸੋਂ ਇੱਕ ਅਰਬ ਸੱਤ ਕਰੋੜ ਹੀ ਹੈ। ਇਸ ਦੇਸ਼ ਦੀ ਸੱਭਿਅਤਾ ਲੱਗਭੱਗ ਚਾਰ ਹਜ਼ਾਰ ਸਾਲ ਪੁਰਾਣੀ ਹੈ। ਚਾਰ ਹਜ਼ਾਰ ਸਾਲ ਪਹਿਲਾਂ ਵੀ ਇੱਥੇ ਦੇ ਲੋਕ ਧਾਤਾਂ ਦੀ ਵਰਤੋਂ ਕਰਨ ਅਤੇ ਲਿਖਣ ਕਲਾ ਤੋਂ ਵਾਕਿਫ਼ ਸਨ। ਇਸ ਦੇਸ਼ ਵਿੱਚ ਦੁਨੀਆਂ ਵਿੱਚ ਸਭ ਤੋਂ ਪਹਿਲਾਂ ਚਾਹ ਅਤੇ ਰੇਸ਼ਮ ਦੀ ਖੋਜ ਕੀਤੀ ਗਈ। ਇਟਲੀ ਦੇਸ਼ ਦੇ ਵੀਨਸ ਸ਼ਹਿਰ ਦੇ ਮਾਰਕੋ ਪੋਲੋ ਨੇ ਇਸ ਦੇਸ਼ ਦੀ ਖੋਜ ਤੇਰ੍ਹਵੀਂ ਸਦੀ ਵਿੱਚ ਕੀਤੀ ਸੀ ਅਤੇ ਕਿਹਾ ਸੀ ਕਿ ਇਹ ਦੇਸ਼ ਇਟਲੀ ਤੋਂ ਵੀ ਵਧੇਰੇ ਅਮੀਰ ਅਤੇ ਸੱਭਿਅਕ ਹੈ। ਚੀਨ ਖੇ਼ਤਰਫਲ ਵਿੱਚ ਦੁਨੀਆਂ ਦਾ ਤੀਜੇ ਨੰਬਰ ਦਾ ਦੇਸ਼ ਹੈ। ਪਹਿਲੇ ਸਥਾਨ ਉੱਤੇ ਰੂਸ ਹੈ ਜਿਸਦਾ ਖੇ਼ਤਰਫਲ ਇੱਕ ਕਰੋੜ ਸੱਤਰ ਲੱਖ ਵਰਗ ਕਿਲੋਮੀਟਰ ਹੈ। ਕੈਨੇਡਾ ਦੂਜੇ ਨੰਬਰ ਉੱਤੇ ਹੈ, ਜਿਸਦਾ ਖ਼ੇਤਰਫਲ ਨੱੜ੍ਹਿਨਵੇਂ ਲੱਖ ਛਿਹਤੱਰ ਹਜ਼ਾਰ ਵਰਗ ਕਿਲੋਮੀਟਰ ਹੈ। ਤੀਜੇ ਨੰਬਰ ਉੱਤੇ ਚੀਨ ਆਉਂਦਾ ਹੈ ਜਿਸਦਾ ਖੇ਼ਤਰਫਲ ਪਚਾਨਵੇਂ ਲੱਖ ਬਹੱਤਰ ਹਜ਼ਾਰ ਵਰਗ ਕਿਲੋਮੀਟਰ ਹੈ। ਚੀਨ ਦੇਸ਼ 22 ਸੂਬਿਆਂ ਅਤੇ ਪੰਜ ਖ਼ੁਦਮੁਖਤਿਆਰ ਖ਼ੇਤਰਾਂ (ਜਿਨ੍ਹਾਂ ਵਿੱਚ ਅੰਦਰੂਨੀ ਮੰਗੋਲੀਆ (ਮੰਗੋਲੀਆ ਇੱਕ ਵੱਖਰਾ ਦੇਸ਼ ਵੀ ਹੈ) ਅਤੇ ਤਿੱਬਤ ਵਰਗੇ ਖੰਡ ਹਨ) ਵਿਚ ਵੰਡਿਆ ਹੋਇਆ ਹੈ। ਇਹਨਾਂ ਤੋਂ ਬਿਨਾ ਚਾਰ ਖੁਦਮੁਖਤਿਆਰ ਕਾਰਪੋਰੇਸ਼ਨ ਨਗਰ ਹਨ। ਇਸ ਦੇਸ਼ ਵਿੱਚ ਸਰਕਾਰ ਕਿਸੇ ਧਰਮ ਦੀ ਸਰਪ੍ਰਸਤੀ ਨਹੀਂ ਕਰਦੀ ਅਤੇ 70% ਲੋਕ ਪ੍ਰਮਾਤਮਾ ਵਿੱਚ ਯਕੀਨ ਨਹੀਂ ਰੱਖਦੇ। 5% ਬੋਧੀ, 2% ਈਸਾਈ ਅਤੇ 2% ਮੁਸਲਿਮ ਧਰਮ ਦੇ ਪੈਰੋਕਾਰ ਹਨ ਜਦੋ ਕਿ 21% ਤਾਓ ਅਤੇ ਕਨਫਿਊਸ਼ੀਅਸ ਫਿ਼ਲਾਸਫ਼ੀ ਦੇ ਧਾਰਨੀ ਹਨ। ਚੀਨ ਵਿੱਚ ਬੁੱਧ ਧਰਮ ਦਾ ਸਰੂਪ ਭਾਰਤ ਨਾਲੋਂ ਵੱਖਰਾ ਹੈ ਜਿਸਦੇ ਪੈਰੋਕਾਰਾਂ ਨੂੰ ਬੋਧੀ ਲਾਮੇ ਕਿਹਾ ਜਾਂਦਾ ਹੈ। ਦੇਸ਼ ਵਿੱਚ ਹਰ ਦਸ ਸਾਲ ਬਾਅਦ ਜਨਗਣਨਾ ਹੁੰਦੀ ਹੈ। ਸੰਨ 2000 ਵਿੱਚ ਇੱਕ ਕਰੋੜ ਤਿਰਾਸੀ ਲੱਖ ਮੁਸਲਿਮ, 7 ਕਰੋੜ 65 ਲੱਖ ਇਸਾਈ ਅਤੇ 10 ਕਰੋੜ 81 ਬੋਧੀ ਲਾਮੇ ਸਨ। ਹਰ ਇੱਕ ਨੂੰ ਆਪਣੀ ਇੱਛਾ ਅਨੁਸਾਰ ਧਰਮ ਨੂੰ ਮੰਨਣ ਦੀ ਖੁੱਲ੍ਹ ਹੈ। ਸਰਕਾਰ ਕੋਈ ਦਖ਼ਲ ਨਹੀਂ ਦੇਂਦੀ, ਪਰ ਵਿਦੇਸ਼ੀ ਧਰਮ ਪ੍ਰਚਾਰਕਾਂ ਨੂੰ ਲੋਕਾਂ ਨੂੰ ਵਰਗਲਾ ਕੇ ਧਰਮ ਪ੍ਰਵਰਤਨ ਦੀ ਆਗਿਆ ਵੀ ਨਹੀਂ ਹੈ। ਦੇਸ ਦੇ਼ 49% ਲੋਕ ਖੇਤੀ ਦਾ ਧੰਦਾ, 22% ਕਾਰਖਾਨਿਆਂ ਵਿੱਚ ਅਤੇ 29% ਲੋਕ ਨੌਕਰੀ ਕਰਦੇ ਹਨ। ਇਸ ਦੇਸ਼ ਦੀਆਂ ਹੱਦਾਂ ਆਊਟਰ ਮੰਗੋਲੀਆ, ਰੂਸ, ਅਫ਼ਗਾਨਿਸਤਾਨ, ਪਾਕਿਸਤਾਨ, ਕਜ਼ਾਕਸਤਾਨ, ਭਾਰਤ, ਭੂਟਾਨ, ਨਿਪਾਲ, ਬਰਮਾ, ਵੀਅਤਨਾਮ, ਲਾਊਸ ਅਤੇ ਉੱਤਰੀ ਕੋਰੀਆ ਨਾਲ ਜੁੜਦੀਆਂ। ਇਸ ਦੇਸ਼ ਵਿੱਚ 31 ਸਥਾਨਾਂ ਨੂੰ ਯੂ ਐਨ ਓ ਦੀ ਯੂਨੇਸਕੋ ਸੰਸਥਾ ਵੱਲੋਂ ਮਾਨਤਾ ਪ੍ਰਾਪਤ ਹੈ। ਉਹ ਇਹਨਾਂ ਥਾਵਾਂ ਦੀ ਸਾਂਭ ਸੰਭਾਲ ਲਈ ਆਰਥਿਕ ਸਹਾਇਤਾ ਕਰਦੀ ਹੈ। ਦੁਨੀਆਂ ਦੇ ਸੱਤ ਅਜੂਬਿਆਂ ਵਿੱਚੋਂ ‘ਗਰੇਟ ਵਾਲ ਆਫ ਚਾਈਨਾ” (ਚੀਨ ਦੀ ਮਹਾਨ ਦੀਵਾਰ) ਇੱਕ ਹੈ। ਇਸਦੀ ਲੰਬਾਈ 6400 ਕਿਲੋਮੀਟਰ ਹੈ ਅਤੇ 2200 ਸਾਲ ਤੋਂ ਵੀ ਵੱਧ ਪੁਰਾਣੀ ਹੈ। ਇਹ ਦੇਸ਼ ਦੀ ਰਾਜਧਾਨੀ ਬੀਜਿੰਗ ਤੋਂ 65 ਕਿਲੋਮੀਟਰ ਤੋਂ ਦੂਰ ਹੈ। ਇਸਨੂੰ ਮੰਗੋਲਾਂ ਵੱਲੋਂ ਕੀਤੇ ਜਾਂਦੇ ਹਮਲਿਆਂ ਨੂੰ ਰੋਕਣ ਲਈ ਬਣਾਇਆ ਗਿਆ ਸੀ। ਇਸ ਦੀਵਾਰ ਦਾ 100 ਕਿਲੋਮੀਟਰ ਬਾਗ਼ ਬੀਜਿੰਗ ਸ਼ਹਿਰ ਵਿੱਚ ਹੈ। ਚੀਨ ਦੇਸ਼ ਵਿੱਚ ਸੰਨ 2002 ਵਿੱਚ ਤਿੰਨ ਕਰੋੜ 68 ਲੱਖ ਯਾਤਰੀ ਬਾਹਰੋਂ ਆਏ ਜਿਸਤੋਂ ਸਰਕਾਰ ਨੂੰ 20 ਅਰਬ 38 ਕਰੋੜ 50 ਲੱਖ ਅਮਰੀਕਨ ਡਾਲਰਾਂ ਦੀ ਆਮਦਨ ਹੋਈ। ਚੀਨ ਵਿੱਚੋਂ ਸੈਰ ਸਪਾਟੇ ਲਈ ਇੱਕ ਕਰੋੜ 65 ਲੱਖ ਲੋਕ ਬਾਹਰ ਗਏ। ਦੇਸ਼ ਵਿੱਚ ਨੌ ਸਾਲਾਂ ਦੀ ਵਿੱਦਿਆ ਮੁਫ਼ਤ ਅਤੇ ਲਾਜ਼ਮੀ ਹੈ। ਛੇ ਸਾਲਾਂ ਦੀ ਵਿੱਦਿਆ ਪ੍ਰਾਈਮਰੀ ਸਕੂਲਾਂ ਵਿੱਚ ਅਤੇ ਤਿੰਨ ਸਾਲਾਂ ਦੀ ਪੜਾਈ ਸੈਕੰਡਰੀ ਸਕੂਲਾਂ ਵਿੱਚ ਕਰਵਾਈ ਜਾਂਦੀ ਹੈ। ਦੇਸ਼ ਵਿੱਚ 1300 ਪ੍ਰਾਈਵੇਟ ਉੱਚ ਸਿੱਖਿਆ ਸੰਸਥਾਵਾਂ ਹਨ ਅਤੇ ਬਾਰਾਂ ਪ੍ਰਾਈਵੇਟ ਯੂਨੀਵਰਸਿਟੀਆਂ ਹਨ। ਦੇਸ਼ ਦੇ 93.3% ਲੋਕ ਸਾਖ਼ਰ ਹਨ। ਸਿਰਫ ਵੱਡੀ ਉਮਰ ਦੇ ਲੋਕ ਹੀ ਅਨਪੜ੍ਹ ਹਨ।
ਚੀਨ ਦੇਸ਼ ਵਿੱਚ ਮੁੱਖ ਦੋ ਹੀ ਭਾਸ਼ਾਵਾਂ ਹਨ। ਇੱਕ ਚੀਨੀ ਭਾਸ਼ਾ ਹੈ, ਜਿਸਨੂੰ ਮੈਂਡਰਿਨ ਕੰਹਿਦੇ ਹਨ ਅਤੇ ਇਸਨੂੰ 70% ਲੋਕ ਬੋਲਦੇ ਹਨ। ਦੂਜੀ ਭਾਸ਼ਾ ਕੈਂਟੋਨੀਜ਼ ਹੈ, ਜਿਸਨੂੰ 66 ਮਿਲੀਅਨ ਲੋਕ ਬੋਲਦੇ ਹਨ। ਦੇਸ਼ ਵਿੱਚ 77 ਮਿਲੀਅਨ ਉਹ ਮੁਢਲੇ ਵਾਸੀ ਵੀ ਹਨ ਜੋ ਵੂ ਭਾਸ਼ਾ ਬੋਲਦੇ ਹਨ। ਕੈਂਟੋਨੀਜ਼ ਭਾਸ਼ਾ ਜਿਆਦਾਤਰ ਹਾਂਗਕਾਂਗ ਅਤੇ ਮਕਾਊ ਟਾਪੂਆਂ ਵਿੱਚ ਬੋਲੀ ਜਾਂਦੀ ਹੈ। ਚੀਨ ਦੇਸ਼ ਵਿੱਚ ਕੁੱਲ 808 ਜਿ਼ਲ੍ਹੇ ਹਨ ਅਤੇ 658 ਹੋਰ ਨਗਰ ਅਤੇ ਸ਼ਹਿਰ ਹਨ। ਸਮਾਜ ਦੇ ਕਮਜ਼ੋਰ ਵਰਗਾਂ ਲਈ ਸਿਹਤ ਸਹੂਲਤਾਂ ਕਾਫ਼ੀ ਹਨ ਅਤੇ ਇਲਾਜ ਮੁਫ਼ਤ ਹੁੰਦਾ ਹੈ। ਮੱਧ ਵਰਗ ਦੇ ਲੋਕਾਂ ਅਤੇ ਕਰਮਚਾਰੀਆਂ ਨੂੰ ਇਲਾਜ ਲਈ ਕੁੱਝ ਪੈਸੇ ਦੇਣੇ ਪੈਂਦੇ ਹਨ। ਦੇਸ਼ ਵਿੱਚ 2649 ਪਬਲਿਕ ਲਾਇਬਰੇਰੀਆਂ ਹਨ। ਨੈਸ਼ਨਲ ਲਾਇਬਰੇਰੀ ਆਫ ਚਾਈਨਾ ਏਸ਼ੀਆ ਦੀ ਸਭ ਤੋਂ ਵੱਡੀ ਲਾਇਬਰੇਰੀ ਹੈ ਜਿਸ ਵਿੱਚ ਦੋ ਕਰੋੜ ਵੀਹ ਲੱਖ ਪੁਸਤਕਾਂ ਅਤੇ ਹੋਰ ਸੱਮਗਰੀ ਹੈ। ਦੇਸ਼ ਵਿੱਚ 2002 ਵਿੱਚ 2137 ਵੱਖ ਵੱਖ ਨਾਵਾਂ ਥੱਲੇ ਅਖ਼ਬਾਰਾਂ ਛਪਦੀਆਂ ਸਨ ਅਤੇ 8700 ਰਿਸਾਲੇ ਛੱਪਦੇ ਸਨ। 1980 ਵਿੱਚ ਸਿਰਫ 400 ਅਖ਼ਬਾਰ ਹੀ ਛੱਪਦੇ ਸਨ। ਪਿਛਲੇ 22 ਸਾਲ ਵਿੱਚ ਪੰਜ ਗੁਣਾ ਵਾਧਾ ਹੋਇਆ ਹੈ। ਚੀਨ ਵਿੱਚ ਸਮਾਚਾਰ ਦੇਣ ਲਈ ਦੋ ਨਿਊਜ਼ ਏਜੰਸੀਆਂ ਹਨ ਜਿਨ੍ਹਾਂ ਦੇ ਨਾਮ ਨਿਊ ਚਾਈਨਾ ਨਿਊਜ਼ ਏਜੰਸੀ ਅਤੇ ਚਾਈਨਾ ਨਿਊਜ਼ ਸਰਵਿਸ ਹਨ।
ਸੰਨ 2005 ਵਿੱਚ ਦੇਸ਼ ਵਿੱਚੋਂ 752 ਬਿਲੀਅਨ ਅਮਰੀਕਨ ਡਾਲਰ ਮੁੱਲ ਦਾ ਸਮਾਨ ਬਾਹਰ ਭੇਜਿਆ ਗਿਆ ਅਤੇ 632 ਬਿਲੀਅਨ ਅਮਰੀਕਨ ਡਾਲਰ ਦਾ ਸਮਾਨ ਦਰਾਮਦ ਕੀਤਾ ਗਿਆ। ਦੇਸ਼ ਵਿੱਚ ਮਰਦਾਂ ਦੀ ਔਸਤ ਉਮਰ 71 ਸਾਲ ਅਤੇ ਇਸਤਰੀਆਂ ਦੀ 74.5 ਸਾਲ ਹੈ। 1949 ਵਿੱਚ ਦੇਸ਼ ਦੀ ਔਸਤ ਉਮਰ ਸਿਰਫ 32 ਸਾਲ ਸੀ। ਚੀਨ ਕਰੰਸੀ ਨੂੰ ਯੂਆਨ ਜਾਂ ਅੰਗਰੇਜ਼ੀ ਵਿੱਚ ਆਰ ਐਮ ਬੀ ਕਿਹਾ ਜਾਂਦਾ ਹੈ। 15 ਅਗਸਤ 2007 ਨੂੰ ਇੱਕ ਕੈਨੇਡੀਅਨ ਡਾਲਰ ਦੇ ਸੱਤ ਯੂਆਨ ਮਿਲਦੇ ਸਨ। ਦੇਸ਼ ਵਿੱਚ ਰੇਲ ਪਟੜੀ ਦੀ ਲਾਈਨ 44,675 ਮੀਲ ਲੰਬੀ ਹੈ। ਚੀਨ ਵਿੱਚ 403 ਏਅਰਪੋਰਟ ਹਨ। 1979 ਵਿੱਚ ਪਰਿਵਾਰ ਵਿੱਚ ਇੱਕ ਬੱਚੇ ਦੀ ਪਾਲਸੀ ਦਾ ਐਲਾਨ ਕੀਤਾ ਗਿਆ ਸੀ ਪਰ ਘੱਟ ਗਿਣਤੀਆਂ ਦੇ ਲੋਕ ਇਸ ਕਾਨੂੰਨ ਤੋਂ ਮੁਕਤ ਸਨ। ਦੇਸ਼ ਵਿੱਚ ਘੱਟ ਗਿਣਤੀ ਦੀਆਂ 55 ਸ਼੍ਰੇਣੀਆਂ ਪ੍ਰਵਾਨਿਤ ਹਨ। 1998 ਵਿੱਚ ਇੱਕ ਕਿਸਾਨ ਪਰਿਵਾਰ ਨੂੰ ਪਹਿਲਾ ਬੱਚਾ ਲੜਕੀ ਹੋਣ ਉੱਤੇ ਚਾਰ ਸਾਲ ਬਾਅਦ ਇੱਕ ਹੋਰ ਬੱਚਾ ਪੈਦਾ ਕਰਨ ਦੀ ਆਗਿਆ ਹੁੰਦੀ ਸੀ ਪਰ ਸਿ਼ੰਘਾਈ ਸੂਬੇ ਵਿੱਚ ਇਸ ਕਾਨੂੰਨ ਤੋਂ ਛੋਟ ਹੈ। ਉੱਥੇ ਕੋਈ ਜਿੰਨੇ ਮਰਜ਼ੀ ਬੱਚੇ ਪੈਦਾ ਕਰ ਸਕਦਾ ਹੈ। ਸ਼ੰਘਾਈ ਵਾਲਾ ਗਾਈਡ ਸਾਨੂੰ ਦੱਸਦਾ ਸੀ ਕਿ ਉਹ ਪੰਜ ਭੈਣ ਭਰਾ ਹਨ। ਜੇ ਕਿਸੇ ਆਦਮੀ ਨੇ ਪਾਲਸੀ ਤੋੜ ਕੇ ਦੂਜਾ ਬੱਚਾ ਪੈਦਾ ਕਰ ਲਿਆ ਤਾਂ ਉਸਨੂੰ ਸਰਕਾਰੀ ਰਿਆਇਤਾਂ ਵਿੱਚ ਕਮੀ ਹੋ ਜਾਂਦੀ ਹੈ ਅਤੇ ਵੱਧ ਟੈਕਸ ਦੇਣਾ ਪੈਂਦਾ ਹੈ। ਹਰ ਪਿੰਡ ਵਿੱਚ ਇੱਕ ਕਮੇਟੀ ਬਣੀ ਹੋਈ ਹੈ ਜੋ ਇਸ ਪਾਲਸੀ ਨੂੰ ਲਾਗੂ ਕਰਨ ਦਾ ਕੰਮ ਕਰਦੀ ਹੈ। ਜੇ ਕਮੇਟੀ ਚਾਹੇ ਤਾਂ ਦੂਜੇ ਬੱਚੇ ਦਾ ਗਰਭ ਵੀ ਗਿਰਵਾ ਸਕਦੀ ਹੈ। ਪਰ ਹੁਣ ਕਿਹਾ ਜਾ ਰਿਹਾ ਹੈ ਕਿ ਸਰਕਾਰ ਇਸ ਪਾਲਸੀ ਵਿੱਚ ਨਰਮੀ ਕਰਨ ਜਾ ਰਹੀ ਹੈ।
ਚੀਨ ਦਾ ਸੰਵਿਧਾਨ 20 ਸਤੰਬਰ 1954 ਨੂੰ ਲਾਗੂ ਹੋਇਆ ਸੀ ਜਿਸ ਵਿੱਚ ਹੁਣ ਤੱਕ ਤਿੰਨ ਵਾਰ (1988, 1993 ਅਤੇ 1998 ਵਿੱਚ) ਸੋਧ ਕੀਤੀ ਗਈ ਹੈ ਜਿਸ ਦੁਆਰਾ ਯੂਰਪੀ ਦੇਸ਼ਾਂ ਨਾਲ ਖੁੱਲ੍ਹਾ ਵਿਉਪਾਰ ਅਤੇ ਨਿੱਜੀ ਜਾਇਦਾਦ ਬਣਾਉਣ ਦਾ ਅਧਿਕਾਰ ਦਿੱਤਾ ਗਿਆ ਹੈ। ਦੇਸ਼ ਦੇ 22 ਸੂਬੇ, ਪੰਜ ਖੇਤਰੀ ਖੰਡ ਅਤੇ ਚਾਰ ਖੁਦਮੁਖਤਿਆਰ ਨਗਰਾਂ ਦੇ ਲੋਕ ਪੀਪਲਜ਼ ਕਾਂਗਰਸ ਦੇ 2985 ਮੈਂਬਰ ਚੁਣਦੇ ਹਨ। ਇਹ ਕਾਂਗਰਸ ਇੱਕ ਸਾਲ ਵਿੱਚ ਸਿਰਫ ਇੱਕ ਵਾਰ ਇੱਕਤਰ ਹੁੰਦੀ ਹੈ ਜਿਸ ਵਿੱਚ ਉਹ ਉੱਚੇ ਤੋਂ ਉੱਚੇ ਅਫ਼ਸਰ ਨੂੰ ਹਟਾ ਸਕਦੀ ਹੈ, ਸੰਵਿਧਾਨ ਵਿੱਚ ਸੋਧ ਕਰ ਸਕਦੀ ਅਤੇ ਇੱਕ ਸਟੈਂਡਿੰਗ ਕਮੈਟੀ ਦੀ ਨਿਯੁਕਤੀ ਕਰਦੀ ਹੈ ਜੋ ਅੱਗੋਂ ਰਾਸ਼ਟਰਪਤੀ ਅਤੇ ਉੱਪ ਰਾਸ਼ਟਰਪਤੀ ਦੀ ਚੋਣ ਕਰਦੀ ਹੈ। ਜਦੋਂ ਪੀਪਲਜ਼ ਕਾਂਗਰਸ ਦੀ ਇੱਕਤਰਤਾ ਨਹੀਂ ਹੁੰਦੀ ਤਾਂ ਇਹ ਸਟੈਂਡਿੰਗ ਕਮੇਟੀ ਪੀਪਲਜ਼ ਕਾਂਗਰਸ ਦੀ ਡਿਊਟੀ ਨਿਭਾਉਂਦੀ ਹੈ। ਸਨ 2002 ਤੋਂ ਦੇਸ਼ ਦੇ ਚੇਅਰਮੈਨ ਹੂ ਜਿੰਟਾਊ ਅਤੇ ਪ੍ਰਧਾਨ ਮੰਤਰੀ ਵੈੱਨ ਜਿਨ ਵਾਊ ਹਨ। ਇੱਕ ਅਕਤੂਬਰ 1949 ਨੂੰ ਚੀਨ ਨੂੰ ‘ਪੀਪਲਜ਼ ਰਿਪਬਲਿਕ ਆਫ ਚਾਈਨਾ” ਐਲਾਨਿਆ ਗਿਆ ਜਿਸਦੇ ਪਹਿਲੇ ਚੇਅਰਮੈਨ ਮਾਊ ਜ਼ੇ ਤੁੰਗ ਅਤੇ ਪ੍ਰਧਾਨ ਮੰਤਰੀ ਚਾਊ ਐਨ ਲਾਈ ਸਨ। ਮਾਊ ਜ਼ੇ ਤੁੰਗ 1949 ਤੋਂ 1976 ਤੱਕ ਚੇਅਰਮੈਨ ਦੇ ਅਹੁਦੇ ਉੱਤੇ ਰਹੇ। 1947 ਤੋਂ 1949 ਤੱਕ ਦੋ ਸਾਲ ਚੀਨ ਨੂੰ ਬਹੁਤ ਖ਼ਤਰਨਾਕ ਘਰੋਗੀ ਲੜਾਈ ਦਾ ਸਾਹਮਣਾ ਕਰਨਾ ਪਿਆ। ਮਾਊ ਜ਼ੇ ਤੁੰਗ ਦੇ ਕਮਿਊਨਿਸਟ ਹਾਮੀਆਂ ਅਤੇ ਚਿਆਂਗ ਕਾਈ ਸ਼ੇਕ ਦੇ ਹਾਮੀਆਂ ਵਿਚਕਾਰ ਹੋਈ ਲੜਾਈ ਵਿੱਚ ਇੱਕ ਕਰੋੜ ਵੀਹ ਲੱਖ ਲੋਕ ਮਾਰੇ ਗਏ। ਜਪਾਨ ਨੇ 1937 ਤੋਂ 1945 ਤੱਕ ਅੱਠ ਸਾਲ ਚੀਨ ਉੱਤੇ ਰਾਜ ਕੀਤਾ ਅਤੇ ਬਹੁਤ ਕਤਲੋਗ਼ਾਰਤ ਕੀਤੀ। ਦੂਜੇ ਵਿਸ਼ਵ ਯੁੱਧ ਵਿੱਚ ਜਾਪਾਨ ਨੂੰ ਹਾਰ ਹੋਣ ਉੱਤੇ ਜਾਪਾਨ ਨੇ ਚੀਨ ਨੂੰ 15 ਅਗਸਤ 1945 ਨੂੰ ਛੱਡ ਦਿੱਤਾ। 1997 ਵਿੱਚ ਹਾਂਗਕਾਂਗ ਦੀ ਬਸਤੀ ਇੰਗਲੈਂਡ ਨੇ ਚੀਨ ਨੂੰ ਵਾਪਿਸ ਕਰ ਦਿੱਤੀ ਅਤੇ 1999 ਵਿੱਚ ਮਕਾਊ ਦਾ ਟਾਪੂ ਚੀਨ ਨੂੰ ਪੁਰਤਗਾਲ ਨੇ ਹਵਾਲੇ ਕਰ ਦਿੱਤਾ। 1978 ਵਿੱਚ ਅਮਰੀਕਾ ਨੇ ਕਮਿਊਨਿਸਟ ਚੀਨ ਨੂੰ ਮਾਨਤਾ ਪ੍ਰਦਾਨ ਕੀਤੀ ਸੀ ਅਤੇ ਸੰਯੁਕਤ ਰਾਸ਼ਟਰ ਸੰਘ ਵਿੱਚ ਚਿਆਂਗ ਕਾਈ ਸ਼ੇਕ ਦੇ ਪ੍ਰਤੀਨਿੱਧ ਨੂੰ ਹਟਾ ਕੇ ਕਮਿਊਨਿਸਟ ਚੀਨ ਦੇ ਪ੍ਰਤੀਨਿੱਧ ਨੂੰ ਸੀਟ ਦਿੱਤੀ ਗਈ। 1950 ਵਿੱਚ ਚੀਨ ਨੇ ਤਿੱਬਤ ਉੱਤੇ ਜਬਰਦਸਤੀ ਕਬਜ਼ਾ ਕਰ ਲਿਆ ਸੀ ਅਤੇ ਦਲਾਈ ਲਾਮਾ ਨੇ ਚੀਨ ਛੱਡ ਕੇ ਭਾਰਤ ਵਿੱਚ ਸ਼ਰਨ ਲੈ ਲਈ ਸੀ।
ਚੀਨ ਨੇ ਪਹਿਲੀ ਵਾਰ ਐਟਮ ਬੰਬ 1964 ਵਿੱਚ ਟੈਸਟ ਕੀਤਾ ਸੀ ਅਤੇ ਆਖ਼ਰੀ ਵਾਰ 1996 ਵਿੱਚ ਕੀਤਾ ਹੈ। ਕਿਹਾ ਜਾਂਦਾ ਹੈ ਕਿ ਚੀਨ ਕੋਲ ਇਸ ਵਕਤ ਚਾਰ ਸੌ ਐਟਮ ਬੰਬ ਹਨ। 1970 ਵਿੱਚ ਚੀਨ ਅਤੇ ਰੂਸ ਦਰਮਿਆਨ ਅਣਬਣ ਹੋ ਗਈ ਅਤੇ ਚੀਨ ਨੇ ਅਮਰੀਕਾ ਨਾਲ ਦੋਸਤੀ ਦਾ ਹੱਥ ਵਧਾਇਆ। 1976 ਵਿੱਚ ਪ੍ਰਧਾਨ ਡੈਂਗ ਜਿਆਊ ਪੈਂਗ ਨੇ ਵਿਉਪਾਰ ਲਈ ਪੱਛਮੀ ਦੇਸਾਂ ਵਾਸਤੇ ਚੀਨ ਨੂੰ ਖੋਲ੍ਹ ਕੇ ਨਿੱਜੀ ਵਿਉਪਾਰ ਦੀ ਆਗਿਆ ਦੇ ਦਿੱਤੀ। 1989 ਵਿੱਚ ਬੀਜਿੰਗ ਦੇ ਟਿਆਨਾਮਿਨ ਸਕੂਐਰ ਵਿੱਚ ਵਿੱਦਿਆਰਥੀ, ਮਜ਼ਦੂਰਾਂ ਅਤੇ ਕਾਮਿਆਂ ਨੇ ਸਰਕਾਰ ਵਿਰੁੱਧ ਜੋਰਦਾਰ ਮੁਜ਼ਾਹਿਰੇ ਕੀਤੇ ਅਤੇ ਸਰਕਾਰੀ ਜਬਰ ਨੇ 1500 ਤੋਂ ਵੱਧ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸਦੀ ਵਿਸ਼ਵ ਭਰ ਵਿੱਚ ਨਿਖੇਧੀ ਹੋਈ। ਦੇਸ਼ ਵਿੱਚ ਮਈ 1989 ਤੋਂ ਜਨਵਰੀ 1990 ਤੱਕ ਮਾਰਸ਼ਲ ਲਾਅ ਲਾਗੂ ਰਿਹਾ। 2004 ਵਰਸ਼ ਵਿੱਚ ਚੀਨ ਦੇਸ਼ ਦੀ ਸੈਨਾ ਦੀ ਸ਼ਕਤੀ 22 ਲੱਖ 50,000 ਸੈਨਿਕ ਸਨ ਜੋ ਦੁਨੀਆਂ ਦੇ ਸਾਰੇ ਦੇਸ਼ਾਂ ਤੋਂ ਵੱਧ ਸੈਨਿਕ ਸ਼ਕਤੀ ਹੈ। 1962 ਦੇ ਭਾਰਤ-ਚੀਨ ਯੁੱਧ ਦੇ ਸਬੰਧ ਵਿੱਚ ਇਲਾਕਿਆਂ ਬਾਰੇ ਪ੍ਰਧਾਨ ਮੰਤਰੀ ਪੱਧਰ ਉੱਤੇ ਸਮਝੌਤਾ 1993 ਵਿੱਚ ਕੀਤਾ ਗਿਆ। ਚੀਨ ਦੁਨੀਆਂ ਵਿੱਚ ਸਟੀਲ, ਸੂਤੀ ਕੱਪੜੇ ਅਤੇ ਇਲੈਕਟਰਾਨਿਕਸ ਉਤਪਾਦਨ ਵਿੱਚ ਸਭ ਤੋਂ ਅੱਗੇ ਹੈ।
ਪਿਆਰੇ ਪਾਠਕ ਵੀਰੋ, ਮੈਂ ਆਪ ਜੀ ਨੂੰ ਭੂਗੋਲਿਕ, ਇਤਿਹਾਸਕ, ਰਾਜਨੀਤਕ ਅਤੇ ਸਮਾਜਿਕ ਪੱਖਾਂ ਦੀ ਜਾਣਕਾਰੀ ਦੇਣ ਤੋਂ ਬਾਅਦ ਆਪਣੀ ਚੀਨ ਯਾਤਰਾ ਸਬੰਧੀ ਬੜੀਆਂ ਹੀ ਦਿਲਚਸਪ ਗੱਲਾਂ ਆਪ ਜੀ ਨੂੰ ਦੱਸਣ ਜਾ ਰਿਹਾ ਹਾਂ ਜਿਸਨੂੰ ਪੜ ਕੇ ਤੁਸੀਂ ਬਹੁਤ ਆਨੰਦ ਅਨੁਭਵ ਕਰੋਗੇ।
6 ਅਗਸਤ 2007 ਨੂੰ ਸ਼ਾਮ ਦੇ ਛੇ ਵਜੇ ਅਸੀਂ ਟੂਰਿਸਟ ਕੋਚ ਰਾਹੀਂ ਬੀਜਿੰਗ ਏਅਰਪੋਰਟ ਤੋਂ ਆਪਣੇ ਹੋਟਲ ਵਿੱਚ ਚਲੇ ਗਏ। ਬੀਜਿੰਗ ਤੋਂ ਚੀਨੀ ਲੜਕੀ ਸਾਡੀ ਗਾਈਡ ਸੀ। ਉਹ ਬੜੀ ਅੱਛੀ ਅੰਗਰੇਜ਼ੀ ਵਿੱਚ ਆਲੇ ਦੁਆਲੇ ਬਾਰੇ ਦੱਸਦੀ ਜਾ ਰਹੀ ਸੀ। ਸਭ ਤੋਂ ਪਹਿਲੀ ਸਾਡੀ ਬੀਜਿੰਗ ਦੀ ਯਾਤਰਾ ਸੀ ਜੋ ਤਿੰਨ ਦਿਨ ਚੱਲਦੀ ਰਹੀ। ਬੀਜਿੰਗ ਸ਼ਹਿਰ ਅਤੇ ਉਸਦੇ ਮੈਟਰੋ ਏਰੀਆ ਦੀ ਕੁੱਲ ਆਬਾਦੀ ਇੱਕ ਕਰੋੜ 95 ਲੱਖ ਹੈ ਜਿਸ ਵਿੱਚ ਇੱਕਲੇ ਬੀਜਿੰਗ ਸ਼ਹਿਰ ਦੀ ਆਬਾਦੀ 87 ਲੱਖ ਹੈ। ਇਹ ਨਗਰ ਖ਼ੁਦਮੁਖਤਿਾਆਰ ਕਾਰਪੋਰੇਸ਼ਨ ਹੈ ਅਤੇ ਵਸੋਂ ਪੱਖੋਂ ਚੀਨ ਵਿੱਚ ਦੂਜੇ ਨੰਬਰ ਉੱਤੇ ਆਉਂਦਾ ਹੈ। ਪਹਿਲੇ ਸਥਾਨ ਉੱਤੇ ਸ਼ੰਘਾਈ ਸ਼ਹਿਰ ਹੈ ਜਿਸਦੀ ਵਸੋਂ ਦੋ ਕਰੋੜ 37 ਲੱਖ ਹੈ। ਬੀਜਿੰਗ ਸ਼ਹਿਰ ਪਿਛਲੇ 800 ਸਾਲ ਤੋਂ ਚੀਨ ਦੀ ਰਾਜਧਾਨੀ ਚਲਿਆ ਆ ਰਿਹਾ ਹੈ। ਇਥੇ ਅਗਲੇ ਸਾਲ 8 ਅਗਸਤ 2008 ਤੋਂ 23 ਅਗਸਤ 2008 ਤੱਕ ਉਲਪਿੰਕ ਖੇਡਾਂ ਕਰਵਾਈਆਂ ਜਾ ਰਹੀਆਂ ਹਨ; ਜਿਸ ਵਾਸਤੇ ਬਹੁਤ ਹੀ ਸੁੰਦਰ ਸਟੇਡੀਅਮ ਤਿਆਰ ਕੀਤੇ ਜਾ ਰਹੇ ਹਨ। ਕੁੱਝ ਖੇ਼ਤਰ ਜੋ ਵੇਖਣ ਨੂੰ ਸੋਹਣੇ ਨਹੀਂ ਲੱਗਦੇ ਸਨ, ਉਹਨਾਂ ਨੂੰ ਨਵੇਂ ਸਿਰਿਓਂ ਢਾਹ ਕੇ ਖੂਬਸੂਰਤ ਬਣਾਇਆ ਜਾ ਰਿਹਾ ਹੈ। ਸ਼ਹਿਰ ਦੇ ਵਿੱਚਕਾਰ ਇੱਕ ਨਹਿਰ ਵਗ ਰਹੀ ਹੈ ਅਤੇ ਸੜਕਾਂ ਬਹੁਤ ਹੀ ਸਾਫ਼ ਸੁੰਦਰ ਹਨ। ਸੜਕਾਂ ਦੇ ਨਾਲ ਨਾਲ ਸੁੰਦਰ ਫੁੱਲ ਅਤੇ ਰੁੱਖ ਆਦਿ ਯਾਤਰੀਆਂ ਦਾ ਮਨ ਮੋਹ ਰਹੇ ਸਨ। ਬਹੁਤ ਹੀ ਸੋਹਣੀਆਂ ਇਮਾਰਤਾਂ ਅਦੁੱਤੀ ਨਜ਼ਾਰੇ ਪੇਸ਼ ਕਰ ਰਹੀਆਂ ਸਨ। ਸੜਕਾਂ ਦੇ ਆਸੇ ਪਾਸੇ ਕੋਈ ਕਾਗ਼ਜ ਜਾਂ ਕੂੜਾ-ਕਬਾੜ ਵੇਖਣ ਵਿੱਚ ਨਹੀਂ ਆਇਆ। ਬੱਸ ਵਿੱਚ ਜਾਂਦਿਆਂ ਸਾਨੂੰ ਬੱਸ ਕਿਤੇ ਵੀ ਉੱਭੜਦੀ ਪ੍ਰਤੀਤ ਨਹੀਂ ਹੋਈ।
ਰਾਤੀਂ ਨੌ ਵਜੇ ਡਿਨਰ ਤੋਂ ਬਾਅਦ ਹਰੇਕ ਦੋ ਬੰਦਿਆਂ ਲਈ ਹੋਟਲ ਵਿੱਚ ਇੱਕ ਕਮਰਾ ਦਿੱਤਾ ਗਿਆ। ਹੋਟਲ ਚਾਰ ਸਟਾਰ ਦਰਜੇ ਦਾ ਸੀ। ਕਮਰੇ ਵਿੱਚ ਇੱਕ ਪੂਰੇ ਘਰ ਦੀਆਂ ਸਹੂਲਤਾਂ ਦਿੱਤੀਆਂ ਹੋਈਆਂ ਸਨ। ਚਾਹ ਬਣਾਉਣ ਲਈ ਇਲੈਕਟਰਿਕ ਕੇਤਲੀ, ਛੋਟੀ ਰਸੋਈ, ਲੈਪ ਟਾਪ ਕੰਪਿਊਟਰ, ਵਾਸ਼ਰ ਆਦਿ ਰੱਖੇ ਹੋਏ ਸਨ। ਲਿਵਿੰਗ ਅਤੇ ਬੈੱਡ ਰੂਮ ਵੱਖ ਵੱਖ ਸਨ। ਇਹਨਾਂ ਏਅਰਕੰਡੀਸ਼ਨ ਕਮਰਿਆਂ ਵਿੱਚ ਸੋਫੇ਼ ਅਤੇ ਸਟੱਡੀ ਟੇਬਲ ਵੀ ਰੱਖੇ ਹੋਏ ਸਨ। ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਸਾਡੇ ਹੋਟਲ ਦੇ ਕਮਰੇ ਦਾ ਸੁੱਰਖਿਆ ਸਿਸਟਮ ਵੀ ਕੰਪਿਊਟਰੀਕ੍ਰਿਤ ਸੀ, ਜਿਸਦੀ (ਸਲਾਟ) ਸੁਰਾਖ਼ ਵਿੱਚ ਬਾਹਰੋਂ ਕਾਰਡ ਪਾਉਣ ਨਾਲ ਕਮਰੇ ਦਾ ਜਿੰਦਰਾ ਖੁੱਲ੍ਹ ਜਾਂਦਾ ਸੀ ਅਤੇ ਅੰਦਰ ਜਾ ਕੇ ਸਲਾਟ ਵਿੱਚ ਕਾਰਡ ਪਾਉਣ ਨਾਲ ਆਪਣੇ ਆਪ ਹੀ ਲਾਈਟਾਂ ਜਗ ਪੈਂਦੀਆਂ ਸਨ। ਵਾਸ਼ਰੂਮ ਅਤੀ ਸਾਫ਼ ਸੁਥਰੇ ਸਨ ਅਤੇ ਨਹਾਉਣ ਲਈ ਲੋੜੀਂਦੀਆਂ ਸਾਰੀਆਂ ਚੀਜ਼ਾਂ ਰੱਖੀਆਂ ਹੋਈਆਂ ਸਨ। ਜਦੋਂ ਅਸੀਂ ਸ਼ਾਮ ਨੂੰ ਵਾਪਿਸ ਆਉਂਦੇ ਤਾਂ ਬੈੱਡ ਬਹੁਤ ਹੀ ਸਲੀਕੇ ਨਾਲ ਸਜਾਏ ਹੁੰਦੇ ਸਨ। ਅਸੀਂ ਹੋਟਲ ਦੇ ਕਮਰੇ ਦੀ ਤੇਰ੍ਹਵੀਂ ਮੰਜਿ਼ਲ ਤੋਂ ਜਦੋਂ ਥੱਲੇ ਵੇਖਦੇ ਸੀ ਤਾਂ ਸੜਕਾਂ ਉੱਤੇ ਸਾਈਕਲ ਹੀ ਸਾਈਕਲ ਜਾ ਰਹੇ ਹੁੰਦੇ ਸਨ। ਤੁਸੀਂ ਪੜ੍ਹ ਕੇ ਹੈਰਾਨ ਹੋਵੋਗੇ ਕਿ ਚੀਨ ਵਿੱਚ ਸਾਈਕਲ ਚੱਲਣ ਦੀ ਵੱਖਰੀ ਲੇਨ ਹੁੰਦੀ ਹੈ ਅਤੇ ਪਾਰਕਿੰਗ ਲਈ ਵੀ ਵੱਖਰੇ ਸਥਾਨ ਹੁੰਦੇ ਹਨ। ਇਸੇ ਤਰਾਂ ਪੈਦਲ ਚੱਲਣ ਵਾਲਿਆਂ ਲਈ ਲੇਨ ਵੱਖਰੀ ਹੁੰਦੀ ਹੈ। ਚੀਨ ਵਿੱਚ ਸਾਈਕਲ ਦੀ ਸਵਾਰੀ ਬਹੁਤ ਹਰਮਨ ਪਿਆਰੀ ਹੈ ਜੋ ਪ੍ਰਦੂਸ਼ਣ ਨੂੰ ਵੀ ਨਹੀਂ ਫੈਲਾਉਂਦੀ। ਚੀਨ ਵਿੱਚ 90 ਕਰੋੜ ਤੋਂ ਵੀ ਵੱਧ ਸਾਈਕਲ ਹਨ ਅਤੇ ਕਾਰਾਂ ਸਿਰਫ 9 ਕਰੋੜ ਹਨ।
ਬੀਜਿੰਗ ਸ਼ਹਿਰ 16800 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਇੱਥੇ ਬੱਸਾਂ ਅਤੇ ਸਬ ਵੇਅ ਟਰੇਨਾਂ ਦੇ ਕਿਰਾਏ ਬਹੁਤ ਹੀ ਘੱਟ ਹਨ। ਇੱਕ ਹੋਰ ਚੰਗੀ ਗੱਲ ਦੱਸਦਾਂ ਹਾਂ ਕਿ ਹੋਟਲ ਵਾਲੇ ਹਰ ਯਾਤਰੀ ਨੂੰ ਇੱਕ ਕਾਰਡ ਦੇਂਦੇ ਸੀ ਜਿਸ ਉੱਪਰ ਹੋਟਲ ਦਾ ਨਾਮ, ਲੋਕੇਸ਼ਨ ਆਦਿ ਲਿਖੀ ਹੁੰਦੀ ਸੀ। ਉਸ ਕਾਰਡ ਉੱਤੇ ਟੈਕਸੀ ਡਰਾਈਵਰ ਆਪਣਾ ਨਾਮ, ਟੈਕਸੀ ਨੰਬਰ ਅਤੇ ਆਪਣੇ ਦਸਤਖ਼ਤ ਕਰਦਾ ਸੀ। ਜੇ ਕੋਈ ਯਾਤਰੀ ਆਪਣੇ ਸਾਥੀਆਂ ਤੋਂ ਵੱਖ ਹੋ ਜਾਵੇ ਜਾਂ ਕਿਸੇ ਹੋਰ ਪਾਸੇ ਜਾਣਾ ਚਾਹੁੰਦਾ ਹੋਵੇ ਤਾਂ ਕਾਰਡ ਦੀ ਸਹਾਇਤਾ ਨਾਲ ਟੈਕਸੀ ਫੇਅਰ ਭਰ ਕੇ ਵਾਪਿਸ ਹੋਟਲ ਆ ਸਕਦਾ ਸੀ। 7 ਅਗਸਤ ਨੂੰ ਅਸੀਂ ਸਭ ਤੋਂ ਪਹਿਲਾਂ ਸਮਰ ਪੈਲੇਸ ਵੇਖਣ ਗਏ। ਇਸ ਸ਼ਾਹੀ ਮਹੱਲ ਦੀਆਂ ਲਾਲ ਰੰਗ ਦੀਆਂ ਕੰਧਾਂ, ਛੱਤਾਂ ਉੱਤੇ ਪੀਲੇ ਰੰਗ ਦੀ ਚਿੱਤਰਕਾਰੀ ਅਤੇ ਅਗਲੇ ਬਾਗ਼ ਵਿੱਚ ਸਜਾਵਟ ਵਾਲੇ ਛਾਂ ਦਾਰ ਰੁੱਖ ਬਹੁਤ ਸੋਹਣੇ ਲੱਗਦੇ ਸਨ। ਪ੍ਰਵੇਸ਼ ਕਰਨ ਤੋਂ ਪਹਿਲਾਂ ਸਥਾਪਿਤ ਸੁੰਦਰ ਬੁੱਤ ਤੁਹਾਡਾ ਧਿਆਨ ਖਿੱਚਦੇ ਹਨ। ਬੀਜਿੰਗ ਸ਼ਹਿਰ ਦਾ ਇਤਿਹਾਸ ਕਰੀਬ ਤਿੰਨ ਹਜ਼ਾਰ ਸਾਲ ਪੁਰਾਣਾ ਹੈ। ਇਹ ਸਮਰ ਪੈਲੇਸ ਬੀਜਿੰਗ ਡਾਊਨ ਟਾਊਨ ਤੋਂ 15 ਕਿਲੋਮੀਟਰ ਉੱਤਰ ਪੱਛਮ ਵੱਲ ਹੈ।
ਇਸ ਸਮਰ ਪੈਲੇਸ ਦੇ ਸਾਹਮਣੇ ਵਾਲੇ ਬਾਗ਼ ਵਿੱਚ ਇੱਕ ਬਨਾਵਟੀ ਝੀਲ ਸੀ ਜੋ ਬਹੁਤ ਹੀ ਸੁੰਦਰ ਦ੍ਰਿਸ਼ ਪੇਸ਼ ਕਰਦੀ ਸੀ। ਝੀਲ ਵਿੱਚ ਕਮਲ ਦੇ ਸੋਹਣੇ ਫੁੱਲ ਵਿਖਾਈ ਦੇ ਰਹੇ ਸਨ। ਇਸ ਪੈਲੇਸ ਦੇ ਪਿਛਲੇ ਪਾਸੇ ਲਾਂਗਵਿਟੀ ਹਿੱਲ ਨਾਮੀ ਇੱਕ ਪਹਾੜੀ ਹੈ। ਇਹ ਸਮਰ ਪੈਲੇਸ, ਝੀਲ ਅਤੇ ਪਹਾੜੀ 290 ਹੈਕਟੇਅਰ ਏਰੀਆ ਵਿੱਚ ਬਣੀ ਹੋਈ ਹੈ। ਇਹ ਪੈਲੇਸ ਜਿਨ ਵੰਸ਼ ਵੱਲੋਂ ਬਾਦਸ਼ਾਹ ਜੈਨ ਜ਼ੁਆਨ ਨੇ ਆਪਣੀ ਹਕੂਮਤ ਦੇ ਸਾਲ 1153 ਵਿੱਚ ਬਣਾਉਣਾ ਸ਼ੁਰੂ ਕੀਤਾ ਸੀ। ਇਸ ਬਨਾਵਟੀ ਝੀਲ ਦੇ ਨਾਲ ਨਾਲ ਇੱਕ ਲਾਬੀ ਬਣੀ ਹੋਈ ਸੀ ਜਿਸਦੀ ਛੱਤ ਅਤੇ ਕੰਧਾਂ ਉੱਤੇ ਸੁੰਦਰ ਚਿੱਤਰਕਾਰੀ ਕੀਤੀ ਹੋਈ ਸੀ। ਇਹ ਲਾਬੀ ਇੱਕ ਕਿਲੋਮੀਟਰ ਲੰਬੀ ਹੈ ਅਤੇ ਦੁਨੀਆਂ ਦੀ ਸਭ ਤੋਂ ਵੱਡੀ ਲਾਬੀ ਹੈ। ਇਸ ਝੀਲ ਵਿੱਚ ਇੱਕ ਪੁਲ਼ ਬਣਿਆ ਹੋਇਆ ਹੈ ਜੋ 17 ਥਮਲਿਆਂ ਉੱਤੇ ਟਿਕਿਆ ਹੋਇਆ ਹੈ। ਝੀਲ ਵਿੱਚ ਅਸੀਂ ਕੋਈ ਅੱਧਾ ਘੰਟਾ ਬੋਟ ਕਰੂਜ਼ ਦਾ ਆਨੰਦ ਮਾਣਿਆ। ਉਸ ਦਿਨ ਵਰਖਾ ਵੀ ਹੋ ਰਹੀ ਸੀ। ਛੱਤਰੀਆਂ ਦੀ ਵਿੱਕਰੀ ਗਰਮਾ ਗਰਮ ਕੇਕਾਂ ਵਾਂਗੂੰ ਹੋ ਰਹੀ ਸੀ। ਇਸ ਰਮਣੀਕ ਸਥਾਨ ਦੀ ਮੂਵੀ ਬਣਾਈ ਅਤੇ ਡਿਜੀਟਲ ਕੈਮਰੇ ਰਾਹੀਂ ਫੋਟੋਆਂ ਵੀ ਖਿੱਚੀਆਂ। ਸਾਡੀ ਯਾਤਰਾ ਦੇ ਪਹਿਲੇ ਪੜਾਅ ਦੇ ਸਥਾਨ ਉੱਤੇ ਖੂਬ ਨਜ਼ਾਰਾ ਬੱਝਿਆ। ਇਸ ਮਹੱਲ ਨੂੰ 1998 ਵਿੱਚ ਯੂਨੈਸਕੋ ਵੱਲੋਂ ਵਿਸ਼ਵ ਸੱਭਿਆਚਾਰਕ ਵਿਰਾਸਤ ਦਾ ਦਰਜਾ ਪ੍ਰਦਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਇਸੇ ਦਿਨ ਅਸੀਂ ‘ਫਾਰਬਿਡਨ ਸਿਟੀ’ ਵੇਖਣ ਵਾਸਤੇ ਵਹੀਰਾਂ ਘੱਤੀਆਂ। ਇਹ ਫਾਰਬਿਡਨ ਸਿਟੀ ਚੀਨ ਦੇ 24 ਸ਼ਹਿਨਸ਼ਾਹਾਂ ਦਾ ਰਿਹਾਇਸ਼ੀ ਸਥਾਨ ਰਿਹਾ ਹੈ ਜਿਨ੍ਹਾਂ ਦੀ ਤਾਜ਼ਪੋਸ਼ੀ ਵੀ ਇੱਥੇ ਹੀ ਹੋਈ ਸੀ। ਇਸਨੂੰ ਬਣਾਉਣ ਵਿੱਚ 200 ਸਾਲ ਲੱਗੇ। ਇਸ ਸ਼ਹਿਰ ਵਿੱਚ ਪ੍ਰਵੇਸ਼ ਕਰਨ ਦੀ ਫੀਸ ਦਸ ਕੈਨੇਡੀਅਨ ਡਾਲਰ ਦੇ ਬਰਾਬਰ ਸੀ। ਇਸਦਾ ਖ਼ੇਤਰਫਲ 7 ਲੱਖ ਵੀਹ ਹਜ਼ਾਰ ਵਰਗ ਮੀਟਰ ਹੈ। ਇਸ ਵਿੱਚ 27 ਭਵਨ ਬਣੇ ਹੋਏ ਹਨ ਜਿਨ੍ਹਾਂ ਵਿੱਚ ਕਮਰਿਆਂ ਦੀ ਗਿਣਤੀ 9999 ਹੈ। ਅੱਜ ਕੱਲ੍ਹ ਇਹ ਸਥਾਨ ਨੈਸ਼ਨਲ ਮਿਊਜ਼ੀਅਮ ਵਜੋਂ ਵੀ ਜਾਣਿਆ ਜਾਂਦਾ ਹੈ। ਚੀਨੀ ਲੋਕ 9 ਦੇ ਅੰਕ ਨੂੰ ਬਹੁਤ ਜਿਆਦਾ ਬਾਗ਼ਾਂਵਾਲਾ ਸਮਝਦੇ ਹਨ ਅਤੇ ਇਸੇ ਕਾਰਣ ਹੀ ਬੀਜਿੰਗ ਸ਼ਹਿਰ ਦੇ 9 ਦਰਵਾਜ਼ੇ ਹਨ। ਇਸ ਅੱਦਭੁੱਤ ਭਵਨ ਨੂੰ ਮਿੰਗ ਅਤੇ ਕੁਇੰਗ ਬਾਦਸ਼ਾਹਾਂ ਦਾ ਭਵਨ ਕਿਹਾ ਜਾਂਦਾ ਹੈ। ਲੱਕੜੀ ਦੀ ਇਮਾਰਤਸਾਜ਼ੀ ਦਾ ਸਭ ਤੋਂ ਪੁਰਾਣਾ ਅਤੇ ਸੋਹਣਾ ਨਮੂਨਾ ਇੱਥੇ ਵੇਖਿਆ ਜਾ ਸਕਦਾ ਹੈ। ਇਸਦੀ ਸੰਭਾਲ ਬਹੁਤ ਹੀ ਲਾਜਵਾਬ ਢੰਗ ਨਾਲ ਕੀਤੀ ਹੋਈ ਹੈ। ਇਸਨੂੰ 1987 ਵਿੱਚ ਯੂਨੇਸਕੋ ਵੱਲੋਂ ਵਿਸ਼ਵ ਵਿਰਾਸਤ ਦਾ ਦਰਜਾ ਮਿਲਿਆ।
ਇਸੇ ਹੀ ਦਿਨ ਅਸੀਂ ਟਿਆਨਾਮਨ ਸੁਕਐਰ ਪਹੁੰਚ ਗਏ। ਇਹ ਸੁਕਐਰ ਦੁਨੀਆਂ ਦਾ ਸਭ ਤੋਂ ਵੱਡਾ ਚੌਂਕ ਹੈ ਜੋ 44 ਹੈਕਟੇਅਰ ਵਿੱਚ ਬਣਿਆ ਹੋਇਆ ਹੈ। ਇਹ ਉਹੀ ਸਥਾਨ ਹੈ ਜਿੱਥੇ 1989 ਵਿੱਚ ਵਿੱਦਿਆਰਥੀਆਂ ਅਤੇ ਕਾਮਿਆਂ ਦੇ ਵਿਦਰੋਹ ਨੂੰ ਸੈਨਾ ਨੇ ਬੇਦਰਦੀ ਨਾਲ ਕੁਚਲਿਆ ਸੀ। ਇਸ ਨੇ ਸਾਨੂੰ ਜੱਲ੍ਹਿਆਂਵਾਲੇ ਬਾਗ਼ ਦਾ ਸਾਕਾ ਚੇਤੇ ਕਰਾ ਦਿੱਤਾ। ਫਾਰਬਿਡਨ ਸਿਟੀ ਦੇ ਇਸ ਸੁਕਐਰ ਵਾਲੇ ਪਾਸੇ ਦੇ ਪ੍ਰਵੇਸ਼ ਦੁਆਰ ਉੱਤੇ ਮਾਊ ਜ਼ੇ ਤੁੰਗ ਦੀ ਫੋਟੋ ਲੱਗੀ ਹੋਈ ਹੈ। ਇਸ ਸੁਕਐਰ ਵਿੱਚ ਦਸ ਲੱਖ ਲੋਕਾਂ ਦੇ ਬੈਠਣ ਦੀ ਥਾਂ ਹੈ। ਇੱਕ ਵੱਡੇ ਸਿਤਾਰੇ ਅਤੇ ਪੰਜ ਛੋਟੇ ਸਿਤਾਰਿਆਂ ਵਾਲਾ ਚੀਨ ਦਾ ਲਾਲ ਰੰਗ ਦਾ ਕੌਮੀ ਝੰਡਾ ਸਵੇਰੇ ਚੜ੍ਹਾਇਆ ਜਾਂਦਾ ਹੈ ਅਤੇ ਸ਼ਾਮ ਨੂੰ ਉਤਾਰਿਆ ਜਾਂਦਾ ਹੈ ਜਿਸਨੂੰ ਵੇਖਣ ਲਈ ਲੋਕਾਂ ਦੀ ਵੱਡੀ ਭੀੜ ਹਰ ਰੋਜ਼ ਇੱਕਠੀ ਹੋ ਜਾਂਦੀ ਹੈ। ਇਸ ਸਥਾਨ ਉੱਤੇ ਚੀਨ ਦਾ ਸੰਸਦ ਭਵਨ ਵੀ ਹੈ ਜਿਸਦੇ ਤਿੰਨ ਬਾਗ਼ ਹਨ। ਪਹਿਲੇ ਬਾਗ਼ ਵਿੱਚ ਆਡੀਟੋਰੀਅਮ ਹੈ ਜਿਸ ਵਿੱਚ ਦਸ ਹਜ਼ਾਰ ਲੋਕ ਬੈਠ ਸਕਦੇ ਹਨ। ਦੂਜੇ ਬਾਗ਼ ਵਿੱਚ ਦਾਅਵਤ ਹਾਲ ਹੈ। ਤੀਜਾ ਹਾਲ ਨੈਸ਼ਨਲ ਕਾਂਗਰਸ ਕਮੇਟੀ ਦਾ ਹੈ। ਨੈਸ਼ਨਲ ਅਜਾਇਬ ਘਰ ਵੀ ਇਸ ਸੇਕਐਰ ਦੇ ਲਾਗੇ ਹੀ ਸਥਿਤ ਹੈ ਜਿਸ ਵਿੱਚ 24 ਸ਼ਹਿਨਸ਼ਾਹਾਂ ਨਾਲ ਸਬੰਧਿਤ 600 ਸਾਲ ਦੇ ਕਰੀਬ ਸ਼ਾਸ਼ਨ ਕਾਲ ਦੀਆਂ ਪੁਰਾਣੀਆਂ ਇਤਿਹਾਸਕ ਵਸਤਾਂ ਸੰਭਾਲ ਕੇ ਰੱਖੀਆਂ ਹੋਈਆਂ ਹਨ। ਇੱਥੇ ਹੀ ਕੌਮੀ ਸੂਰਬੀਰਾਂ ਦੀ ਯਾਦ ਵਿੱਚ ਇੱਕ ਯਾਦਗਾਰ ਬਣੀ ਹੋਈ ਹੈ। ਮਾਊ ਜ਼ੇ ਤੁੰਗ ਦੀ ਯਾਦ ਵਿੱਚ ਯਾਦਗ਼ਾਰੀ ਭਵਨ ਵੀ ਇੱਥੇ ਹੀ ਬਣਿਆ ਹੋਇਆ ਹੈ। ਸਾਡੇ ਗਰੁੱਪ ਦੇ ਯਾਤਰੀਆਂ ਦੀ ਇੱਕ ਗਰੁੱਪ ਫੋਟੋ ਇਸ ਸੁਕਐਰ ਵਿੱਚ ਖਿੱਚੀ ਗਈ। ਉਸ ਦਿਨ ਇਸ ਸੁਕਐਰ ਵਿੱਚ ਜੁੜੀ ਸਮੁੱਚੀ ਭੀੜ ਵਿੱਚ ਸਿਰਫ ਮੈਂ ਹੀ ਇੱਕ ਦਸਤਾਰਧਾਰੀ ਖੁੱਲੀ ਦਾਹੜੀ ਵਾਲਾ ਸਿੰਘ ਦਿੱਸਦਾ ਸੀ। ਕਈ ਬੱਚਿਆਂ ਨੇ ਨਾਲ ਮੇਰੇ ਨਾਲ ਖੜ੍ਹ ਕੇ ਫੋਟੋ ਖਿਚਵਾਉਣ ਦੀ ਇੱਛਾ ਪ੍ਰਗਟ ਕੀਤੀ। ਮੈਂ ਬਹੁਤ ਹੀ ਭਾਵਨਾ ਭਰਪੂਰ ਹੋ ਕੇ ਉਹਨਾਂ ਨਾਲ ਫੋਟੋਆਂ ਖਿਚਵਾ ਕੇ ਆਪਣਾ ਮਾਣ ਸਮਝਿਆ। ਅੱਜ ਦਾ ਦਿਨ ਅਸੀਂ ਇਸ ਤਰਾਂ ਘੁੰਮ ਫਿਰ ਕੇ ਬਿਤਾਇਆ ਅਤੇ ‘ਮਲਿਕਾ ਰੈਸਟੋਰੈਂਟ’ ਵਿੱਚ ਭਾਰਤੀ ਖਾਣੇ ਦਾ ਆਨੰਦ ਮਾਣਿਆ। ਸਾਰੇ ਦਿਨ ਦੀ ਥਕਾਵਟ ਤੋਂ ਬਾਅਦ ਅਸੀਂ ਹੋਟਲ ਵਿੱਚ ਗੂੜੀ ਨੀਂਦ ਦਾ ਆਨੰਦ ਮਾਨਣ ਲਈ ਪਰਤ ਆਏ।
ਅੱਠ ਅਗਸਤ 2007 ਨੂੰ ਅਸੀਂ ਚੀਨ ਦੀ ਸਭ ਤੋਂ ਵੱਧ ਪ੍ਰਸਿੱਧ ਅਤੇ ਦੁਨੀਆਂ ਦੇ ਸੱਤ ਅਜੂਬਿਆਂ ਵਿੱਚੋਂ ਇੱਕ ਗਿਣੀ ਜਾਣ ਵਾਲੀ 2200 ਸਾਲ ਤੋਂ ਵੱਧ ਪੁਰਾਣੀ ‘ਗਰੇਟ ਵਾਲ ਆਫ ਚਾਈਨਾ’ (ਚੀਨ ਦੀ ਮਹਾਨ ਦੀਵਾਰ) ਵੇਖਣ ਗਏ। ਸਵੇਰੇ ਸਾਢੇ ਅੱਠ ਵਜੇ ਬਰੇਕਫਾਸਟ ਲੈ ਕੇ ਟੂਰਿਸਟ ਕੋਚ ਵਿੱਚ ਬੈਠ ਗਏ। ਕੰਧ ਦੀ ਚੌੜਾਈ ਬੇਸ ਲੈਵਲ ਤੋਂ ਇੱਕੀ ਫੁੱਟ ਹੈ ਅਤੇ ਉੱਤੇ ਜਾ ਕੇ ਇਹ ਸਾਢੇ ਸੋਲਾਂ ਫੁੱਟ ਚੌੜੀ ਹੈ। ਇਸ ਉੱਪਰ ਦੋ ਕਾਰਾਂ ਆਸਾਨੀ ਨਾਲ ਚੱਲ ਸਕਦੀਆਂ ਹਨ। ਇਸ ਕੰਧ ਦੀ ਉਚਾਈ 26 ਫੁੱਟ ਹੈ। ਇਹ ਕੰਧ ਕੁਇਨ (Qin) ਵੰਸ਼ ਦੇ ਬਾਦਸ਼ਾਹ ਨੇ ਤੀਜੀ ਸਦੀ ਪੂਰਬ ਈਸਵੀ ਵਿੱਚ ਬਣਾਉਣੀ ਸ਼ੁਰੂ ਕੀਤੀ ਸੀ। ਇਹ ਕੰਧ ਆਊਟਰ ਮੰਗੋਲੀਆ ਦੇ ਹਮਲਿਆਂ ਤੋਂ ਬੱਚਣ ਲਈ ਬਣਾਈ ਗਈ ਸੀ। ਇਸਦੇ ਉਸਾਰੀ ਕਰਨ ਵਿੱਚ ਲੱਗਭੱਗ ਦਸ ਲੱਖ ਮਜ਼ਦੂਰ ਮੌਤ ਦਾ ਸਿ਼ਕਾਰ ਹੋਏ ਸਨ। ਮੋਢਿਆਂ ਉੱਤੇ ਰੱਖੀਆਂ ਵਹਿੰਗੀਆਂ ਦੇ ਦੋਵੇਂ ਪੱਲੜਿਆਂ ਵਿੱਚ ਭਾਰੇ ਭਾਰੇ ਪੱਥਰ ਲਿਜਾਏ ਜਾਂਦੇ ਸਨ। ਪੈਰ ਤਿਲਕਦੇ ਸਾਰ ਹੀ ਵਿਚਾਰਾ ਮਜ਼ਦੂਰ ਰੱਬ ਨੂੰ ਪਿਆਰਾ ਹੋ ਜਾਂਦਾ ਸੀ। ਇਸ ਦੀਵਾਰ ਉੱਤੇ ਚੜ੍ਹਨ ਲਈ ਪੱਥਰ ਦੀ ਪੌੜੀ ਦੇ ਵੱਡੇ ਵੱਡੇ ਸਟੈਪ ਸਨ। ਮੈਂ, ਮੇਰਾ ਲੜਕਾ ਅਤੇ ਪੋਤਾ ਤਿੰਨੋ ਇਸ ਕੰਧ ਉੱਤੇ ਚੜ੍ਹੇ। ਮੇਰੀ ਧਰਮ ਪਤਨੀ ਜੀ ਤਾਂ ਥੱਲੇ ਹੀ ਬੈਠੀ ਰਹੀ। ਉੱਪਰ ਜਾ ਕੇ ਸਾਨੂੰ ਸਰਕਾਰੀ ਦਫ਼ਤਰ ਵਿੱਚੋਂ ਧਾਤ ਦਾ ਯਾਦਗਾਰੀ ਚਿੰਨ (Plaque) ਦਿੱਤਾ ਗਿਆ ਜਿਸ ਉੱਪਰ ਮੇਰੀ ਉਮਰ, ਨਾਮ, ਚੜ੍ਹਨ ਦੀ ਮਿਤੀ ਅਤੇ ਤੈਅ ਕੀਤੀ 888 ਮੀਟਰ ਦੀ ਚੜ੍ਹਾਈ ਦੀ ਪ੍ਰਾਪਤੀ ਨੂੰ ਚੀਨੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਉੱਕਰਿਆ ਹੋਇਆ ਸੀ। ਉਸ ਦਿਨ ਗਰਮੀ ਬਹੁਤ ਜਿ਼ਆਦਾ ਸੀ। ਇਸ ਕੰਧ ਦੇ ਚਾਰੇ ਪਾਸੇ ਬੜੀ ਹੀ ਗੂੜੀ ਹਰੀ ਘਾਹ ਅਤੇ ਸੁੰਦਰ ਰੁੱਖਾਂ ਦਾ ਦ੍ਰਿਸ਼ ਦਿਲ ਨੂੰ ਮੋਂਹਦਾ ਜਾਂਦਾ ਸੀ। ਥੱਲੇ ਉੱਤਰ ਕੇ ਚੀਨ ਦੇ ਪੁਰਾਣੇ ਸ਼ਸ਼ਤਰਾਂ ਦੇ ਮਾਡਲਾਂ ਦੇ ਸਾਹਮਣੇ ਖੜੇ ਹੋ ਕੇ ਮੇਰੇ ਲੜਕੇ ਨੇ ਮੇਰੀ ਫੋਟੋ ਖਿੱਚੀ। ਇਸ ਤਰਾਂ ਮੇਰੀ ਇਸ ਕੰਧ ਨੂੰ ਵੇਖਣ ਦੀ ਚਿਰੋਕਣੀ ਇੱਛਾ ਪੂਰੀ ਹੋਣ ਕਰ ਕੇ ਮਨ ਬਹੁਤ ਪ੍ਰਸੰਨ ਸੀ। ਇਹ ਸਾਰੀ ਉਤਰਾਈ ਚੜ੍ਹਾਈ ਕਰੀਬ ਸੱਤਰ ਮਿੰਟ ਵਿੱਚ ਪੂਰੀ ਕੀਤੀ। ਅਸੀਂ ਗਰਮੀ ਨਾਲ ਹਾਲੋਂ ਬੇਹਾਲ ਹੋ ਿਗਏ ਤੇ ਥੱਲੇ ਆ ਕੇ ਠੰਡੇ ਕੋਕ ਪੀ ਕੇ ਪਿਆਸ ਬੁਝਾਈ।


ਗਰੇਟ ਵਾਲ ਆਫ ਚਾਈਨਾ ਤੋਂ ਉੱਤਰਦੇ ਹੋਏ ਲੇਖਕ ਅਤੇ ਉਸਦੇ ਬੇਟੇ ਦੀ ਫੋਟੋ

ਇਸ ਤੋਂ ਬਾਅਦ ਅਸੀਂ ਮਿੰਗ ਵੰਸ਼ ਦੇ 13 ਬਾਦਸ਼ਾਹਾਂ ਦੇ ਮਕਬਰੇ ਵੇਖੇ ਜੋ ਬਹੁਤ ਹੀ ਗਹਿਰਾਈ ਵਿੱਚ ਜ਼ਮੀਨ ਦੇ ਥੱਲੇ ਬਣੇ ਹੋਏ ਸਨ। ਦੋ ਅੰਡਰ ਗਰਾਊਂਡ ਮਹੱਲ ਵੀ ਸਨ। ਇਸ ਵਿੱਚ ਤਿੰਨ ਹੋਰ ਵੱਡੇ ਹਾਲ ਵੀ ਬਣੇ ਹੋਏ ਸਨ ਜਿਨ੍ਹਾਂ ਵਿੱਚ ਸੁੰਦਰ ਯਾਦਗਾਰੀ ਚੀਜ਼ਾਂ ਰੱਖੀਆਂ ਹੋਈਆਂ ਸਨ। ਇਹ ਸਥਾਨ ਅਸੀਂ ਇੱਕ ਘੰਟੇ ਵਿੱਚ ਵੇਖ ਕੇ ਉੱਪਰ ਆ ਗਏ। ਇਹ ਵੀ ਚੀਨ ਦੀ ਮਹਾਨ ਦੀਵਾਰ ਵਾਗੂੰ ਬਹੁਤ ਉਤਰਾਈ ਅਤੇ ਚੜ੍ਹਾਈ ਹੋਣ ਕਰਕੇ ਥਕਾ ਦੇਣ ਵਾਲੀ ਸੀ।
ਫਿਰ ਅਸੀਂ ਸੇਕਰਡ ਵੇਅ (ਪੱਵਿਤਰ ਮਾਰਗ) ਦੀ ਯਾਤਰਾ ਦਾ ਆਨੰਦ ਮਾਣਿਆ। ਪੰਜਾਬ ਦੇ ਟੈਂਪੂਆਂ ਦੀ ਸ਼ਕਲ ਵਰਗੀ ਗੱਡੀ ਵਿੱਚ ਸਾਨੂੰ ਪੰਦਰਾਂ ਮਿੰਟ ਸੈਰ ਕਰਵਾਈ ਗਈ। ਰਸਤੇ ਦੇ ਦੋਵੇਂ ਪਾਸੇ ਊਠ, ਹਾਥੀ ਆਦਿ ਪਸ਼ੂਆਂ ਦੇ ਬੁੱਤ ਲਗਾਏ ਹੋਏ ਸਨ। ਸੁੰਦਰ ਫੁੱਲਾਂ ਅਤੇ ਸਜਾਵਟੀ ਰੁੱਖਾਂ ਦਾ ਬਹੁਤ ਹੀ ਸੁੰਦਰ ਦ੍ਰਿਸ਼ ਸੀ। ਇੱਥੇ ਵਸਤੂਆਂ ਨੂੰ ਖ੍ਰੀਦਣ ਸਮੇਂ ਬਹੁਤ ਸੌਦੇਬਾਜ਼ੀ ਚੱਲਦੀ ਸੀ। ਇੱਕ ਚੀਜ਼ ਦਾ ਮੁੱਲ 100 ਯੁਆਨ ਦੱਸ ਕੇ ਪੰਦਰਾਂ ਜਾਂ ਵੀਹ ਯੁਆਨ ਵਿੱਚ ਦੇ ਦਿੰਦੇ ਸਨ। ਅਸੀਂ ਕਰਿਸਟਲ ਦੇ ਡਰੈਗਨ ਅਤੇ ਹਾਥੀ ਆਦਿ ਖਰੀਦੇ।
ਉਸਤੋਂ ਬਾਅਦ ਅਸੀਂ ਜੇਡ ਫੈਕਟਰੀ ਨੂੰ ਵੇਖਣ ਗਏ। ਜੇਡ ਇੱਕ ਕੀਮਤੀ ਪੱਥਰ ਦੀ ਕਿਸਮ ਹੈ ਜਿਸ ਨੂੰ ਪਹਿਨਣਾ ਚੀਨੀ ਲੋਕ ਸਿਹਤ ਵਾਸਤੇ ਚੰਗਾ ਸਮਝਦੇ ਹਨ। ਇਸ ਫੈਕਟਰੀ ਵਿੱਚ ਹਰ ਚੀਜ਼ ਜੇਡ ਪੱਥਰ ਦੀ ਵਰਤੋਂ ਕਰਕੇ ਬਣਾਈ ਜਾਂਦੀ ਹੈ। ਜੇਡ ਪੱਥਰ ਦਾ ਬਣਿਆ ਇੱਕ ਸ਼ੋਅ ਪੀਸ 44,303 ਅਮਰੀਕਨ ਡਾਲਰ ਦਾ ਸੀ। ਜੇਡ ਫਰਨੀਚਰ ਦਾ ਇੱਕ ਸੈੱਟ 6700 ਅਮਰੀਕਨ ਡਾਲਰ ਦੇ ਮੁੱਲ ਦਾ ਸੀ। ਇੱਕ ਬਲਦ 19800 ਯੂਆਨ ਦਾ ਸੀ।
ਇਸ ਉਪਰੰਤ ਅਸੀਂ ਫਰੈਂਡਸਿ਼ੱਪ ਸਟੋਰ ਦੇ ਨਾਮ ਦੀ ਫ਼ੈਕਟਰੀ ਵਿੱਚ ਗਏ ਜਿਸ ਵਿੱਚ ਭਾਂਡਿਆਂ ਉੱਤੇ ਬਹੁਤ ਹੀ ਸੁੰਦਰ ਚਿੱਤਰਕਾਰੀ ਕੀਤੀ ਜਾਂਦੀ ਸੀ। ਇੱਕ ਸੁੰਦਰ ਚਿੱਤਰ ਵਾਲੇ ਫਲਾਵਰ ਬੇਸ ਦੀ ਕੀਮਤ ਦੋ ਲੱਖ ਅਠਤਾਲੀ ਹਜ਼ਾਰ ਯੂਆਨ ਸੀ। ਇੱਕ ਘੋੜਾ ਜਿਸਨੂੰ ਬਹੁਤ ਸੁੰਦਰ ਢੰਗ ਨਾਲ ਦੌੜਦਾ ਹੋਇਆ ਵਿਖਾਇਆ ਗਿਆ ਸੀ, ਉਸਦਾ ਮੁੱਲ 26 ਲੱਖ 78 ਹਜ਼ਾਰ ਯੂਆਨ ਸੀ। ਮੈਂ ਵੀ ਇੱਕ ਛੇ ਇੰਚ ਦੀ ਚਿੱਤਰਕਾਰੀ ਕੀਤੀ ਹੋਈ ਕਿਰਪਾਨ 108 ਯੂਆਨ ਅਤੇ ਇੱਕ ਪੈੱਨ 100 ਯੂਆਨ ਦਾ ਮੁੱਲ ਲਿਆ। ਅੱਧਾ ਘੰਟਾ ਇਸ ਸਟੋਰ ਨੂੰ ਵੇਖਣ ਤੋਂ ਬਾਅਦ ਅਸੀਂ ਸਿਲਕ ਫ਼ੈਕਟਰੀ ਵਿੱਚ ਚਲੇ ਗਏ ਜਿੱਥੇ ਰੇਸ਼ਮ ਦੇ ਕੀੜਿਆਂ ਤੋਂ ਸ਼ੁਰੂ ਕਰਕੇ ਰੇਸ਼ਮ ਤਿਆਰ ਕਰਨ ਦੀ ਵਿਧੀ ਵਿਖਾਈ ਗਈ ਸੀ। ਸ਼ਾਮੀ ਸਾਢੇ ਛੇ ਵਜੇ ਪੰਜਾਬੀ ਖਾਣਿਆਂ ਦਾ ਆਨੰਦ ਮਾਨਣ ਤੋਂ ਬਾਅਦ ਸਾਢੇ ਸੱਤ ਵਜੇ ਵਿਸ਼ਵ ਪ੍ਰਸਿੱਧ ਕੰਗਫੂ ਦਾ ਸ਼ੋਅ ਵੇਖਿਆ। ਅਸੀਂ ਇਸਦੀ ਇੱਕ ਮੂਵੀ ਵੀ ਖਰੀਦੀ। ਅਸੀਂ ਚਾਰਾਂ ਨੇ ਇੱਕ ਹਜ਼ਾਰ ਯੂਆਨ ਦੀਆਂ 4 ਟਿਕਟਾਂ ਲੈ ਕੇ ਰੈਡ ਥੀਏਟਰ ਵਿੱਚ ਪ੍ਰਵੇਸ਼ ਕੀਤਾ। ਡੇਢ ਘੰਟੇ ਦਾ ਸ਼ੋਅ ਵੇਖ ਕੇ ਸਾਢੇ ਨੌ ਵਜੇ ਅਸੀਂ ਆਪਣੇ ਹੋਟਲ ਵਿੱਚ ਆ ਕੇ ਗੂੜੀ ਨੀਂਦ ਦਾ ਆਨੰਦ ਮਾਣਿਆ। ਥੱਕੇ ਹੋਣ ਕਰਕੇ ਇਸ਼ਨਾਨ ਕਰਨ ਤੋਂ ਬਾਅਦ ਬਹੁਤ ਛੇਤੀ ਨੀਂਦ ਆ ਜਾਂਦੀ ਸੀ। ਇਸ ਤਰਾਂ ਬੀਜਿੰਗ ਸ਼ਹਿਰ ਦੀ ਯਾਤਰਾ ਦਾ ਦੂਜਾ ਦਿਨ ਪੂਰਾ ਹੋ ਗਿਆ।
ਨੌ ਅਗਸਤ 2007 ਨੂੰ ਅਸੀਂ ਬਰੇਕਫ਼ਾਸਟ ਤੋਂ ਬਾਅਦ ਚੀਨ ਦਾ ਸਭ ਤੋਂ ਸੁੰਦਰ ਵਿਸ਼ਵ ਪ੍ਰਸਿੱਧ ਟੈਂਪਲ ਆਫ ਹੈਵਨ ਵੇਖਣ ਲਈ ਕੋਚ ਵਿੱਚ ਸਵਾਰ ਹੋ ਗਏ। ਇਹ ਸਵਰਗ ਮੰਦਰ ਇੱਕ ਬਹੁਤ ਵੱਡੀ ਪਾਰਕ ਵਿੱਚ ਸਥਿਤ ਹੈ ਜਿਸਦਾ ਖੇ਼ਤਰਫਲ ਦੋ ਲੱਖ ਤਿਹੱਤਰ ਹਜ਼ਾਰ ਵਰਗ ਮੀਟਰ ਹੈ। ਚੀਨੀ ਲੋਕ ਆਪਣੇ ਦੇਸ਼ ਦੇ ਰਵਾਇਤੀ ਢੰਗ ਨਾਲ ਯੋਗਾ ਕਰ ਰਹੇ ਸਨ ਜਿਸ ਨੂੰ ਉਹ ਟਾਇਚੀ ਆਖਦੇ ਹਨ। ਕਈ ਲੋਕ ਪਾਰਕ ਵਿੱਚ ਸਵੇਰ ਵੇਲੇ ਡਾਂਸ ਕਰ ਰਹੇ ਸਨ, ਕਈ ਰਬੜ ਦੀਆਂ ਰਿੰਗਾਂ ਸੁੱਟ ਕੇ ਦੂਰ ਖੜੇ ਬੰਦੇ ਦੇ ਗਲ ਵਿੱਚ ਪਾ ਕੇ ਖੇਡ ਦਾ ਆਨੰਦ ਮਾਣ ਰਹੇ ਸਨ। ਕਪੂਰਥਲਾ ਤੋਂ ਆਏ ਦੋ ਦੋਸਤ ਮਿਸਟਰ ਗੁਪਤਾ ਅਤੇ ਮਿਸਟਰ ਗੋਇਲ, ਜੋ ਭੱਠਾ ਮਾਲਕ ਸਨ, ਅਤੇ ਮੇਰਾ ਲੜਕਾ ਇਸ ਖੇਡ ਵਿੱਚ ਸ਼ਾਮਲ ਹੋ ਗਏ। ਇਸਦੀਆਂ ਅਸੀਂ ਕਈ ਫੋਟੋਆਂ ਵੀ ਉਤਾਰੀਆਂ। ਫਿਰ ਅਸੀਂ ਕੁੱਝ ਚੜ੍ਹਾਈ ਕਰਕੇ ਚੀਨ ਦਾ ਸਭ ਤੋਂ ਸੁੰਦਰ ਮੰਦਰ ਵੇਖਿਆ। ਯਾਂਗਲ ਬਾਦਸ਼ਾਹ ਨੇ ਇਹ ਮੰਦਰ ਬੀਜਿੰਗ ਦੇ ਦੱਖਣ ਵਿੱਚ 1406 ਤੋਂ 1420 ਤੱਕ ਚੌਦਾਂ ਸਾਲਾਂ ਦੇ ਵਿੱਚ ਬਣਵਾਇਆ ਸੀ। ਇਸ ਮੰਦਰ ਵਿੱਚ ਮਿੰਗ ਅਤੇ ਕੁਇੰਗ ਵੰਸ਼ਾਂ ਦੇ ਬਾਦਸ਼ਾਹ ਆਪਣੇ ਦੇਵਤਿਆਂ ਨੂੰ ਖੁਸ਼ ਕਰਨ ਲਈ ਵਰਖਾ ਅਤੇ ਚੰਗੀ ਫ਼ਸਲ ਦੇ ਵਾਸਤੇ ਪ੍ਰਾਰਥਨਾ ਕਰਦੇ ਸਨ। ਇਸ ਮੰਦਰ ਦੀ ਭਵਨ ਕਲਾ ਵੇਖਣ ਤੋਂ ਹੀ ਪਤਾ ਲੱਗਦੀ ਹੈ; ਜਿਸਦਾ ਵਰਨਣ ਨਹੀਂ ਕੀਤਾ ਜਾ ਸਕਦਾ। ਇਸ ਮੰਦਰ ਨੂੰ ਵੀ 1998 ਵਿੱਚ ਯੂ ਐਨ ਓ ਨੇ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਸੀ। ਇਸ ਮੰਦਰ ਵਿੱਚ ਇੱਕ ‘ਹਾਲ ਆਫ ਪਰੇਅਰ’ ਬਣਿਆ ਹੋਇਆ ਹੈ ਜਿਸਦੀਆਂ ਤਿੰਨ ਖੂਬਰਸ੍ਰੂਰਤ ਨੀਲੇ ਰੰਗ ਦੀਆਂ ਛੱਤਾਂ ਹਨ ਜਿਨ੍ਹਾਂ ਉੱਪਰ ਬੜੀ ਸੁੰਦਰ ਚਿੱਤਰਕਾਰੀ ਕੀਤੀ ਹੋਈ ਹੈ। ਇਸ ਪ੍ਰਾਰਥਨਾ ਹਾਲ ਵਿੱਚ ਚਾਰ ਥੰਮ ਹਨ, ਜਿਨ੍ਹਾਂ ਉੱਤੇ ਸੁਨਹਿਰੀ ਚਿੱਤਰਕਾਰੀ ਕੀਤੀ ਹੋਈ ਹੈ। ਇਸਤੋਂ ਇਲਾਵਾ 28 ਛੋਟੇ ਥੰਮ ਵੀ ਹਨ ਜੋ ਚਾਰ ਮੌਸਮਾਂ, ਬਾਰਾਂ ਮਹੀਨਿਆਂ ਅਤੇ ਹੋਰ ਬਾਰਾਂ ਅਕਾਸ਼ੀ ਗ੍ਰਹਿਾਂ ਦੇ ਪ੍ਰਤੀਕ ਹਨ। ਇਸ ਮੰਦਰ ਵਿੱਚ ਬਾਦਸ਼ਾਹ ਸਾਲ ਵਿੱਚ ਦੋ ਵਾਰ ਆਉਂਦਾ ਸੀ ਅਤੇ ਦੱਖਣ ਦੁਆਰ ਵੱਲੋਂ ਪ੍ਰਵੇਸ਼ ਕਰਦਾ ਸੀ। ਕਿਸੇ ਵੀ ਇਸਤਰੀ ਨੂੰ ਮੰਦਰ ਵਿੱਚ ਦਾਖ਼ਲ ਹੋਣ ਦੀ ਆਗਿਆ ਨਹੀਂ ਸੀ ਹੁੰਦੀ। ਸਿਰਫ ਮਰਦ ਸ਼ਹਿਨਸ਼ਾਹ ਹੀ ਅੰਦਰ ਜਾ ਸਕਦੇ ਸਨ। ਬਾਦਸ਼ਾਹ ਦੇ ਆਉਣ ਵੇਲੇ ਚੁੱਪ ਰਹਿਣ ਦੀ ਪੂਰੀ ਪਾਲਣਾ ਕੀਤੀ ਜਾਂਦੀ ਸੀ। ਟਰੈਫਿ਼ਕ ਪੂਰੀ ਤਰਾਂ ਬੰਦ ਕਰ ਦਿੱਤਾ ਜਾਂਦਾ ਸੀ। ਇਹ ਮੰਦਰ ਵੇਖਣ ਤੋਂ ਬਾਅਦ ਅਸੀਂ ਘਰੇਲੂ ਹਵਾਈ ਉਡਾਣ ਭਰ ਕੇ ਸ਼ੀਆਨ ਪ੍ਰਾਂਤ ਵਿੱਚ ਡੇਢ ਘੰਟੇ ਵਿੱਚ ਪਹੁੰਚ ਗਏ ਅਤੇ ਰਾਤ ਨੂੰ ਚਾਈਨੀਜ਼ ਖਾਣੇ ਵਾਲੇ ਹੋਟਲ ਦੀ 19ਵੀਂ ਮੰਜਿ਼ਲ ਉੱਤੇ ਸ਼ੀਆਨ ਹੋਟਲ ਵਿੱਚ ਖਾਣਾ ਖਾ ਕੇ ਆਪੋ ਆਪਣੇ ਕਮਰਿਆਂ ਵਿੱਚ ਸੌਣ ਲਈ ਚਲੇ ਗਏ।
ਦਸ ਅਗਸਤ ਨੂੰ ਸਵੇਰੇ ਬਰੇਕਫ਼ਾਸਟ ਕਰਕੇ ਅਸੀਂ ਸ਼ੀਆਨ ਸ਼ਹਿਰ ਦੀ ਯਾਤਰਾ ਲਈ ਕੋਚ ਵਿੱਚ ਬੈਠ ਗਏ। ਇਹ ਸ਼ਹਿਰ ਸ਼ਨਾਕਸ਼ੀ ਪ੍ਰਾਂਤ ਦੀ ਰਾਜਧਾਨੀ ਹੈ। ਇਸ ਨਗਰ ਦੀ ਵੱਸੋਂ 26 ਲੱਖ ਹੈ। ਇਸ ਸ਼ਹਿਰ ਨੂੰ ਚੀਨ ਦਾ ਇਤਿਹਾਸਕ ਧੁਰਾ ਸਮਝਿਆ ਕਿਹਾ ਜਾਂਦਾ ਹੈ ਅਤੇ ਇਹ ਬਹੁਤ ਵੱਡਾ ਇਤਿਹਾਸਕ ਵਿਰਸਾ ਸੰਭਾਲੀ ਬੈਠਾ ਹੈ। ਇਸ ਸ਼ਹਿਰ ਦੇ ਚਾਰੇ ਪਾਸੇ ਬਣੀ ਹੋਈ ਕੰਧ, ਚੀਨ ਵੱਲੋਂ ਸਭ ਤੋਂ ਵੱਧ ਸੰਭਾਲ ਕੇ ਰੱਖੀ ਗਈ ਪੁਰਾਤਨ ਭਵਨ ਕਲਾ ਦੀ ਸ਼ਾਨਦਾਨ ਉਦਾਹਰਣ ਹੈ। ਇਸ ਕੰਧ ਦੇ ਚਾਰੇ ਪਾਸੇ ਚਾਰ ਪ੍ਰਵੇਸ਼-ਦੁਆਰ ਬਣੇ ਹਨ। ਹਰ ਦਰਵਾਜ਼ੇ ਉੱਤੇ ਇੱਕ ਟਾਵਰ ਵੀ ਬਣਿਆ ਹੋਇਆ ਹੈ। ਦੀਵਾਰ ਦੇ ਚਾਰੇ ਪਾਸੇ ਪਾਣੀ ਦੀ ਭਰੀ ਹੋਈ ਇੱਕ ਖਾਈ ਬਣੀ ਹੋਈ ਹੈ। ਖਾਈ ਤੋਂ ਪਰੇ ਹਰੀ ਭਰੀ ਘਾਹ, ਸਜਾਵਟੀ ਬੂਟੇ ਅਤੇ ਫੁੱਲ ਲੱਗੇ ਹੋਏ ਹਨ ਜੋ ਇਸ ਇਤਿਹਾਸਕ ਸ਼ੀਆਨ ਸ਼ਹਿਰ ਦੀ ਖੂਬਸੂਰਤੀ ਵਿੱਚ ਚੋਖਾ ਵਾਧਾ ਕਰਦੇ ਹਨ। ਇੱਕ ਦਰਵਾਜ਼ੇ ਤੋਂ ਲੰਘਦੇ ਸਾਰ ਹੀ ਡੋਲੀ ਰੱਖੀ ਹੋਈ ਸੀ ਜਿਸ ਵਿੱਚ ਨਵੇਂ ਵਿਆਹੇ ਜੋੜੇ ਬੈਠਦੇ ਸਨ ਅਤੇ ਚਾਰ ਆਦਮੀਆਂ ਦੁਆਰਾ ਸੈਰ ਦਾ ਆਨੰਦ ਮਾਣਦੇ ਸਨ। ਇਸ ਵਿੱਚ ਬੈਠਣਾ ਇੱਕ ਸ਼ੁਭ ਰਿਵਾਜ ਮੰਨਿਆ ਜਾਂਦਾ ਸੀ। ਮੈਂ ਅਤੇ ਮੇਰੀ ਪਤਨੀ ਨੇ ਵੀ ਡੋਲੀ ਵਿੱਚ ਬੈਠ ਕੇ ਆਪਣਾ ਚਾਅ ਪੂਰਾ ਕੀਤਾ ਅਤੇ ਫੋਟੋ ਖਿਚਵਾਈ। ਯਾਤਰੀਆਂ ਵਿੱਚੋਂ ਕਈ ਹੋਰ ਜੋੜਿਆਂ ਨੇ ਭੀ ਸਾਥੋਂ ਬਾਅਦ ਫੋਟੋਆਂ ਖਿਚਵਾਈਆਂ। ਇਹ ਕੰਧ ਲੱਗਭੱਗ 13.75 ਕਿਲੋਮੀਟਰ ਲੰਬੀ, 12 ਮੀਟਰ ਉੱਚੀ ਹੈ ਅਤੇ ਇਸਦੀ ਚੌੜਾਈ ਧਰਤੀ ਉੱਤੇ 18 ਮੀਟਰ ਅਤੇ ਉੱਤੇ ਜਾ ਕੇ 16 ਮੀਟਰ ਹੈ। ਇਸ ਕੰਧ ਉੱਤੇ ਸੈਰ ਕਰਵਾਉਣ ਵਾਲੀ ਗੱਡੀ ਵਿੱਚ ਛੇ ਯਾਤਰੀ ਬੈਠ ਸਕਦੇ ਸਨ। ਅਸੀਂ 50 ਯੂਆਨ ਪ੍ਰਤੀ ਯਾਤਰੀ ਦੇ ਹਿਸਾਬ ਦੇ ਕੇ ਕੋਈ ਅੱਧਾ ਘੰਟਾ ਸ਼ਹਿਰ ਦੀ ਸੈਰ ਦਾ ਆਨੰਦ ਮਾਣਿਆ। ਕੰਧ ਦੇ ਉੱਪਰ ਬਣੀ ਸੜਕ ਉੱਤੇ ਬਣੇ ਇੱਕ ਖੂਬਸੂਰਤ ਪੈਗੋਡਾ (ਬੁੱਧ ਮੰਦਰ) ਕੋਲ ਰੁਕ ਕੇ ਫੋਟੋ ਖਿਚਵਾਈ। ਇਸ ਸ਼ਹਿਰ ਦੇ ਵਿੱਚ ਬਹੁਤ ਸੋਹਣੀਆਂ ਇਮਾਰਤਾਂ, ਸਕੂਲ ਅਤੇ ਬਹੁਤ ਸਾਰੇ ਰਿਹਾਇਸ਼ੀ ਮਕਾਨ ਸਨ ਜਿਨ੍ਹਾਂ ਵਿੱਚ ਸੋਲਰ ਸਿਸਟਮ ਦੇ ਦੁਆਰਾ ਬਿਜਲੀ ਦਿੱਤੀ ਜਾਂਦੀ ਸੀ। ਹਰੇਕ ਇਮਾਰਤ ਦੀ ਛੱਤ ਉੱਤੇ ਸੂਰਜੀ ਬਿਜਲੀ ਪੈਦਾ ਕਰਨ ਵਾਲਾ ਯੰਤਰ ਸਥਾਪਿਤ ਸੀ। ਦੀਵਾਰ ਉੱਤੇ ਬਣੀ ਸੜਕ ਉੱਤੇ ਕਈ ਲੋਕ ਪੈਦਲ ਤੁਰ ਕੇ ਜਾ ਰਹੇ ਸਨ ਜਦੋਂ ਕਿ ਕੁੱਝ ਸਾਈਕਲਾਂ ਉੱਤੇ ਵੀ ਜਾ ਰਹੇ ਸਨ। ਇਸ ਕੰਧ ਨੂੰ ਮਿੰਗ ਖਾਨਦਾਨ ਦੇ ਬਾਦਸ਼ਾਹ ਜ਼ਹੂ ਯੂਆਨ ਹੈੰਗ ਦੇ 76 ਸਾਲਾਂ ਦੇ ਰਾਜ ਵਿੱਚ 1370 ਤੋਂ 1378 ਵਿਚਕਾਰ ਬਣਾਇਆ ਗਿਆ ਸੀ। ਇਸ ਨੂੰ ਚੀਨ ਸਰਕਾਰ ਦੀ ਸਟੇਟ ਕਾਉਂਸਲ ਵੱਲੋਂ ਪੁਰਾਤਨ ਯਾਦਗਾਰੀ ਭਵਨਾਂ ਦੇ ਤੌਰ ਉੱਤੇ ਸੰਭਾਲਣ ਦੀ ਪੂਰੀ ਜੁੰਮੇਵਾਰੀ ਲਈ ਹੋਈ ਹੈ। ਇਸ ਕੰਧ ਵਿੱਚ ਜੁਲਾਈ 2006 ਵਿੱਚ ਭਾਰੀ ਬਾਰਸ਼ਾਂ ਨਾਲ ਸੱਤ ਥਾਵਾਂ ਉੱਤੇ ਤਿੰਨ ਤੋਂ ਪੰਜ ਸੈਂਟੀਮੀਟਰ ਚੌੜੀਆਂ ਤੇ ਪੰਜ ਤੋਂ ਛੇ ਕਿਲੋਮੀਟਰ ਲੰਬੀਆਂ ਤਰੇੜਾਂ ਪੈ ਗਈਆਂ ਸਨ। ਇਹਨਾਂ ਵਿੱਚੋਂ ਛੇ ਥਾਵਾਂ ਉੱਤੇ ਜ਼ਰੂਰੀ ਮੁਰਮੰਤ ਕਰ ਦਿੱਤੀ ਗਈ ਹੈ। ਹੁਣ ਪੁਰਾਣੀ ਮਿੱਟੀ ਕੱਢ ਕੇ ਉੱਚ ਕੁਆਲਟੀ ਦੀ ਨਵੀਂ ਮਿੱਟੀ ਤੇ ਚੂਨੇ ਨਾਲ ਵਾਟਰ ਪਰੂ਼ਫ ਸਮਾਨ ਮਿਲਾ ਕੇ ਅੱਗੇ ਵਾਸਤੇ ਨੁਕਸਾਨ ਹੋਣ ਤੋਂ ਬਚਾ ਲਈ ਗਈ ਹੈ। ਅੰਦਾਜ਼ਾ ਹੈ ਕਿ ਇਸ ਪ੍ਰੋਜੈਕਟ ਉੱਤੇ 20 ਲੱਖ ਯੂਆਨ ਦਾ ਖ਼ਰਚ ਆਇਆ ਹੈ। ਇਸਦੀ ਮੁਰੰਮਤ ਮਸ਼ੀਨਰੀ ਦੀ ਥਾਂ ਹੱਥੀਂ ਲੇਬਰ ਕਰਕੇ ਕੀਤੀ ਗਈ ਹੈ। ਇਹਨਾਂ ਸੱਤਾਂ ਥਾਵਾਂ ਉੱਤੇ ਸਾਰਾ ਕੰਮ ਸਤੰਬਰ ਦੇ ਅਖ਼ੀਰ ਤੱਕ ਪੂਰਾ ਕਰ ਲਏ ਜਾਣ ਦੀ ਉਮੀਦ ਹੈ। ਇਸ ਸਥਾਨ ਦੀ ਯਾਤਰਾ ਵੀ ਅਭੁੱਲ ਬਣ ਗਈ ਹੈ।
ਇਸ ਤੋਂ ਬਾਅਦ ਅਸੀਂ ਇਸੇ ਦਿਨ ਉਸ ਥਾਂ ਉੱਤੇ ਗਏ ਜਿੱਥੇ ਚੀਨ ਦੇ ਪਹਿਲੇ ਸ਼ਹਿਨਸ਼ਾਹ ਦਾ ਮਕਬਰਾ ਹੈ ਅਤੇ ਨਾਲ ਹੀ ਸੂਰਬੀਰ ਸਿਪਾਹੀਆਂ, ਘੋੜਿਆਂ,ਰੱਥਾਂ ਦੇ ਚੀਕਣੀ ਮਿੱਟੀ ਦੇ ਬੁੱਤ ਅੱਗ ਵਿੱਚ ਪਕਾ ਕੇ ਤਿੰਨ ਗਹਿਰੇ ਟੋਇਆਂ ਵਿੱਚ ਚਾਰ ਚਾਰ ਕਤਾਰਾਂ ਵਿੱਚ ਖੜੇ ਕੀਤੇ ਗਏ ਹਨ। ਸਭ ਤੋਂ ਵੱਡੇ ਟੋਏ (ਫਟਿ) ਦਾ ਖ਼ੇਤਰਫਲ 16 ਹਜ਼ਾਰ ਵਰਗ ਮੀਟਰ ਹੈ ਅਤੇ ਇਹ 230 ਮੀਟਰ ਲੰਬਾ, 62 ਮੀਟਰ ਚੌੜਾ ਅਤੇ 5 ਮੀਟਰ ਡੂੰਘਾ ਹੈ। ਇਸ ਵਿੱਚ ਛੇ ਹਜ਼ਾਰ ਸੂਰਬੀਰ ਟੈਰਾਕੋਟਾ ਸਿਪਾਹੀਆਂ ਨੂੰ ਹੱਥਾਂ ਵਿੱਚ ਬਰਛ਼ੇ, ਨੇਜ਼ੇ ਅਤੇ ਤੀਰ ਕਮਾਨਾਂ ਨਾਲ ਲੈਸ ਲੜਾਈ ਦੇ ਮੈਦਾਨ ਵਿੱਚ ਖੜਾ ਵਿਖਾਇਆ ਗਿਆ ਹੈ। 30 ਰੱਥ ਹਨ ਜਿਨ੍ਹਾਂ ਨੂੰ ਚਾਰ ਚਾਰ ਘੋੜੇ ਖਿੱਚਦੇ ਵਿਖਾਏ ਗਏ ਹਨ। ਬਹੁਤ ਸਾਰੇ ਘੋੜਿਆਂ ਦੇ ਵੱਖਰੇ ਬੁੱਤ ਵੀ ਮੈਦਾਨ ਏ ਜੰਗ ਦੀ ਤਰਾਂ ਖੜੇ ਕੀਤੇ ਗਏ ਹਨ। ਖੋਜੀਆਂ ਦਾ ਖਿਆਲ ਹੈ ਕਿ ਹੋਰ ਖੁਦਾਈ ਕਰਨ ਉੱਤੇ ਹੋਰ ਬਹੁਤ ਚੀਜ਼ਾਂ ਮਿਲਣ ਦੀ ਆਸ ਹੈ। ਪਿੱਟ ਨੰਬਰ ਦੋ ਅਤੇ ਤਿੰਨ ਜੋ 1976 ਵਿੱਚ ਲੱਭੇ ਹਨ, ਕਰਮਵਾਰ 6 ਹਜ਼ਾਰ ਅਤੇ 520 ਵਰਗਮੀਟਰ ਹਨ ਜਿਨ੍ਹਾਂ ਵਿੱਚ ਕਰਮਵਾਰ 1300 ਅਤੇ 64 ਸਿਪਾਹੀ ਖੜੇ ਕੀਤੇ ਹੋਏ ਹਨ। ਦੂਜੇ ਪਿੱਟ ਵਿੱਚ ਲੱਕੜੀ ਦੇ ਬਣੇ ਹੋਏ 64 ਰੱਥ ਵੀ ਹਨ ਜਿਨ੍ਹਾਂ ਵਿੱਚੋਂ ਹਰ ਇੱਕ ਉੱਤੇ ਰੱਥਵਾਨ ਅਤੇ ਦੋ ਸਿਪਾਹੀ ਹਥਿਆਰਾਂ ਸਮੇਤ ਬੈਠੇ ਹੋਏ ਵਿਖਾਏ ਗਏ ਹਨ। ਤਿੰਨਾਂ ਪਿੱਟਾਂ ਵਿੱਚੋਂ ਭਿੰਨ ਭਿੰਨ ਕਿਸਮਾਂ ਦੇ ਹਥਿਆਰ ਵੀ ਲੱਭੇ ਹਨ। ਇਹਨਾਂ ਮਿੱਟੀ ਦੇ ਬਣੇ ਸਿਪਾਹੀਆਂ ਦਾ ਭਾਰ ਇੱਕ ਸੌ ਤੋਂ ਲੈ ਕੇ ਢਾਈ ਸੌ ਕਿਲੋਗਰਾਮ ਹੈ ਅਤੇ ਉਚਾਈ ਡੇਢ ਮੀਟਰ ਹੈ। ਇਹ ਅਦਭੁੱਤ ਬੁੱਤ ਇਹਨਾਂ ਪਿੱਟਾਂ ਵਿੱਚ ਖੜੇ ਕਰਕੇ ਤੇ ਉੱਤੇ ਲੱਕੜੀ ਦੇ ਫੱਟੇ ਰੱਖ ਕੇ ਮਿੱਟੀ ਪਾ ਕੇ ਛੁਪਾ ਦਿੱਤੇ ਗਏ ਸਨ। ੁਿੲਹਨਾਂ ਹੈਰਾਨੀਜਨਕ ਪੁਰਾਤਨ ਬੁੱਤਾਂ ਦਾ ਉਸ ਵੇਲੇ ਪਤਾ ਲੱਗਾ ਜਦੋਂ ਇੱਕ ਕਿਸਾਨ ਖੂਹ ਪੁੱਟ ਰਿਹਾ ਸੀ ਤਾਂ ਜ਼ਮੀਨ ਥੱਲਿਉਂ ਬੁੱਤ ਮਿਲਣੇ ਸ਼ੁਰੂ ਹੋ ਗਏ। ਬਾਅਦ ਵਿੱਚ ਸਰਕਾਰ ਨੇ ਇਸਦੀ ਖੁਦਾਈ ਸ਼ੁਰੂ ਕੀਤੀ। ਪਤਾ ਨਹੀਂ ਇੱਥੋਂ ਹੋਰ ਕਿੰਨਾ ਕੁੱਝ ਮਿਲੇਗਾ। ਇੱਥੇ ਇੱਕ ਟੈਰਾਕੋਟਾ ਅਜਾਇਬ ਘਰ ਵੀ ਹੈ ਜਿਸ ਵਿੱਚ ਬਹੁਤ ਕੀਮਤੀ ਪੇਟਿੰਗਾਂ ਤੇ ਬੁੱਤ ਆਦਿ ਰੱਖੇ ਹੋਏ ਹਨ। ਇਸੇ ਸਥਾਨ ਉੱਤੇ ਕੁਦਰਤੀ ਦ੍ਰਿਸ਼ਾਂ ਵਾਲੀ ਬਹੁਤ ਸੋਹਣੀ ਪਾਰਕ ਵੀ ਹੈ। ਆਖ਼ਰ ਉੱਤੇ ਵਾਪਿਸ ਜਾਣ ਲੱਗਿਆਂ ਦੁਕਾਨਦਾਰਾਂ ਨੇ ਟੈਰਾਕੋਟਾਂ ਸਿਪਾਹੀਆਂ, ਘੋੜੇ, ਰੱਥਾਂ ਆਦਿ ਦੇ ਸੁੰਦਰ ਮਾਡਲ ਦਸ ਡਾਲਰ ਮੁੱਲ ਦੱਸ ਕੇ ਦੋ ਦੋ ਡਾਲਰਾਂ ਵਿੱਚ ਵੇਚ ਦਿੱਤੇ।
ਇਸ ਤੋਂ ਬਾਅਦ ਅਸੀਂ ਕਰਾਫ਼ਟ ਸੈਂਟਰ ਵੀ ਵੇਖਿਆ ਜਿੱਥੇ 98 ਹਜ਼ਾਰ ਛੇ ਸੌ ਯੂਆਨ ਮੁੱਲ ਦਾ ਜੇਡ ਪੱਥਰ ਦਾ ਬਣਿਆਂ ਸ਼ੇਰ ਸੀ। ਇੱਕ ਕੀਮਤੀ ਪੇਟਿੰਗ ਵੇਖੀ ਜਿਸਦੀ ਕੀਮਤ 1 ਲੱਖ 33 ਹਜ਼ਾਰ 700 ਯੂਆਨ ਸੀ। ਇੱਥੇ ਅਸੀਂ ਜੈਸਮੀਨ ਚੀਨੀ ਚਾਹ ਦਾ ਵੀ ਸੁਆਦ ਲਿਆ। ਉਪਰੰਤ ਅਸੀਂ ਇੱਕ ਹੋਰ ਰੇਸ਼ਮ ਦੀ ਫ਼ੈਕਟਰੀ ਵੇਖੀ। ਰਸਤੇ ਵਿੱਚ ਕੱਪੜਿਆਂ ਦੀ ਪ੍ਰਸਿੱਧ ਮਾਰਕੀਟ ਵੇਖੀ ਜਿਸਦੇ ਦੋ ਐਸਕਲੇਟਰਾਂ ਦੇ ਦਰਮਿਆਨ ਫੁੱਲ ਲਗਾਏ ਹੋਏ ਸਨ ਜੋ ਅਸੀਂ ਕੈਨੇਡਾ ਵਿੱਚ ਨਹੀਂ ਵੇਖਦੇ। ਇੱਥੋਂ ਅਸੀਂ 150 ਯੂਆਨ ਦਾ ਬਹੁਤ ਸੋਹਣਾ ਅਟੈਚੀ ਕੇਸ ਵੀ ਖ਼ਰੀਦਿਆ। ਇਸੇ ਹੀ ਦਿਨ ਅਸੀਂ ਹੂਆ ਕੁਇੰਗ ‘ਗਰਮ ਪਾਣੀ ਦਾ ਚਸ਼ਮਾ’ ਵੇਖਣ ਗਏ। ਇੱਥੇ ਦਾ ਤਾਪਮਾਨ 43 ਡਿਗਰੀ ਸੈਂਟੀਗਰੇਡ ਸੀ। ਫਿਰ ਅਸੀਂ ਬਹੁਤ ਹੀ ਸੁੰਦਰ ਅੱਠ ਮੰਜਿ਼ਲਾ ‘ਬਿੱਗ ਵਾਈਲਡ ਪੈਗੋਡਾ’ ਵੀ ਵੇਖਿਆ। ਉਸਦੇ ਸਾਹਮਣੇ ਹੱਸਦੇ ਬੁਧ ਦਾ ਸਫ਼ੈਦ ਸੰਗਮਰਮਰ ਦਾ ਬੁੱਤ ਲੱਗਿਆ ਹੋਇਆ ਸੀ। ਇਸ ਪੈਗੋਡਾ ਦੀ ਯਾਦਗ਼ਾਰ ਵਜੋਂ ਅਸੀਂ ਆਪਣੇ ਪਰਿਵਾਰ ਦੇ ਨਾਲ ਇੱਕ ਫੋਟੋ ਖਿਚਵਾਈ। ਰਾਤ ਨੂੰ ਸਾਢੇ ਅੱਠ ਤੋਂ ਨੌ ਵੱਜ ਕੇ ਚਾਲੀ ਮਿੰਟ ਤੱਕ ਟੈਂਗ ਡਾਇਨੈਸਟੀ ਦਾ ਸ਼ੋਅ ਵੇਖਿਆ। ਇਹ ਸ਼ੋਅ ਅਸਲ ਵਿੱਚ ਮੁਢਲੇ ਵਾਸੀ ਲੋਕਾਂ ਦਾ ਸੱਭਿਆਚਾਰਕ ਸ਼ੋਅ ਸੀ। ਸਿ਼ਆਨ ਹੋਟਲ ਵਿੱਚ ਡਿਨਰ ਕਰਨ ਤੋਂ ਬਾਅਦ ਅਸੀਂ ਆਪੋ ਆਪਣੇ ਬਿਸਤਰਿਆਂ ਉੱਤੇ ਜਾ ਪਏ।ੇ ਸਿ਼ਆਨ ਪ੍ਰਾਂਤ ਦੀ ਸਾਡੀ ਯਾਤਰਾ ਪੂਰੀ ਹੋ ਗਈ।
11 ਅਗਸਤ 2007 ਨੂੰ ਅਸੀਂ ਈਸਟਰਨ ਚਾਈਨਾ ਏਅਰਲਾਈਨਜ਼ ਦੁਆਰਾ ਸਿ਼ਆਨ ਤੋਂ ਪੌਣੇ ਦੋ ਘੰਟੇ ਵਿਚ ਚੀਨ ਦੇ ਖੂਬਸੂਰਤ ਨਜ਼ਾਰਿਆਂ ਨਾਲ ਭਰਪੂਰ ਗੁਇਲਿਨ ਸ਼ਹਿਰ ਪਹੁੰਚ ਗਏ। ਏਅਰਪੋਰਟ ਉੱਤੇ ਪਹਿਲਾਂ ਹੀ ਗਾਈਡ ਸਮੇਤ ਟੂਰਿਸਟ ਕੋਚ ਸਾਡਾ ਇੰਤਜ਼ਾਰ ਕਰ ਰਹੀ ਸੀ। ਯਾਤਰੀ ਕੋਚ ਵਿੱਚ ਸਮਾਨ ਰੱਖ ਕੇ ਅਰਾਮਦਾਇਕ ਸੀਟਾਂ ਉੱਤੇ ਬਿਰਾਜਮਾਨ ਹੋ ਗਏ। ਰਸਤੇ ਵਿੱਚ ਸ਼ਹਿਰ ਦੀਆਂ ਸੁੰਦਰ ਇਮਾਰਤਾਂ ਅਤੇ ਮਨਮੋਹਣੇ ਦ੍ਰਿਸ਼ਾਂ ਦਾ ਆਨੰਦ ਮਾਣਦੇ ਹੋਏ ਗੁਇਲਿਨ ਪਲਾਜ਼ਾ ਹੋਟਲ ਵਿੱਚ ਪੁੱਜ ਗਏ। ਇਸ਼ਨਾਨ ਤੋਂ ਬਾਅਦ ਡਿੱਨਰ ਲੈ ਕੇ ਸੌਂ ਗਏ। ਹਰ ਕਮਰੇ ਵਿੱਚ ਦੋ ਦੋ ਸਿੰਗਲ ਬੈੱਡ ਸੋਹਣੇ ਬਿਸਤਰਿਆਂ ਨਾਲ ਸਜਾਏ ਹੋਏ ਮੌਜੂਦ ਸਨ। ਇਹ ਸ਼ਹਿਰ ਕੋਈ ਇੱਕੀ ਸੌ ਸਾਲ ਪੁਰਾਣਾ ਹੈ ਅਤੇ ਇਸਦੀ ਅਬਾਦੀ ਸਾਢੇ ਛੇ ਲੱਖ ਹੈ। ਇਸਦਾ ਖੇਤਰਫਲ 2800 ਵਰਗ ਕਿਲੋਮੀਟਰ ਹੈ। ਅਸੀਂ 12 ਅਗਸਤ ਨੂੰ ਬਰੇਕਫ਼ਾਸਟ ਕਰਨ ਤੋਂ ਬਾਅਦ ਟੂਰ ਉੱਤੇ ਨਿਕਲ ਪਏ। ਸਭ ਤੋਂ ਪਹਿਲਾਂ ਲਿਆਂਗ ਰਿਵਰ ਵਿੱਚ ਬੋਟ ਕਰੂਜ਼ ਦੇ ਲਈ ਚੱਲ ਪਏ। ਇਹ ਕਰੂਜ਼ ਬੋਟ ਤਿੰਨ ਮੰਜ਼ਲਾ ਸੀ। 83 ਕਿਲੋਮੀਟਰ ਦੀ ਬੋਟ ਕਰੂਜ਼ ਦਾ ਆਨੰਦ ਮਾਣਿਆ ਜੋ ਹਮੇਸ਼ਾ ਚਿੱਤ ਵਿੱਚ ਤਾਜ਼ਾ ਰਹੇਗਾ। ਦਰਿਆ ਦੇ ਇੱਕ ਪਾਸੇ ਇੱਕ ਹਜ਼ਾਰ ਤੋਂ ਬਾਰਾਂ ਸੌ ਦੇ ਦਰਮਿਆਨ ਛੋਟੀਆਂ ਵੱਡੀਆਂ ਪਹਾੜੀਆਂ ਸਨ ਜਿਨ੍ਹਾਂ ਉੱਪਰ ਮਖ਼ਮਲੀ ਗੂੜ੍ਹੀ ਹਰੀ ਘਾਹ ਅਤੇ ਬਾਂਸ ਦੇ ਰੁੱਖਾਂ ਦਾ ਇੱਕ ਵੱਖਰਾ ਹੀ ਨਜ਼ਾਰਾ ਨਜ਼ਰ ਆਉਂਦਾ ਸੀ। ਇਹ ਪਹਾੜੀਆਂ ਕਰੀਬ ਇੱਕ ਸੌ ਮੀਟਰ ਉੱਚੀਆਂ ਸਨ। ਗਾਈਡ ਦੇ ਦੱਸਣ ਅਨੁਸਾਰ ਪਹਿਲਾਂ ਇਥੇ ਸਮੁੰਦਰ ਹੁੰਦਾ ਸੀ ਪਰ ਭੂਚਾਲ ਆਉਣ ਤੋਂ ਬਾਅਦ ਧਰਤੀ ਥੱਲਿਉਂ ਪਹਾੜੀਆਂ ਉੱਭਰ ਆਈਆਂ। ਇਹਨਾਂ ਦੀ ਸੁੰਦਰਤਾ ਨੂੰ ਵੇਖ ਕੇ ਹੀ ਮਾਣਿਆ ਜਾ ਸਕਦਾ ਹੈ। ਇਹ ਪਹਾੜੀਆਂ ਅੰਦਰੋਂ ਖੋਖਲੀਆਂ ਹਨ ਅਤੇ ਇਹਨਾਂ ਵਿੱਚੋਂ 14 ਪਹਾੜੀਆਂ ਦਾ ਤਾਂ ਕਹਿਣਾ ਹੀ ਕੀ ਹੈ। ਇੱਕ ਪਹਾੜੀ, ਜਿਸ ਨੂੰ ਰੀਡ ਫਲੂਟ ਕੇਵ ਕਹਿੰਦੇ ਹਨ, ਦਾ ਵਿਸ਼ੇਸ਼ ਜਿ਼ਕਰ ਮੈਂ ਲੀਅ ਰਿਵਰ ਦੀ ਬੋਟ ਕਰੂਜ਼ ਤੋਂ ਬਾਅਦ ਕਰਾਂਗਾ। ਇਸ ਸੁੰਦਰ ਸਥਾਨ ਦੀਆਂ ਪਹਾੜੀਆਂ ਦਾ ਦ੍ਰਿਸ਼ ਕੈਮਰੇ ਵਿੱਚ ਬੰਦ ਕਰਨ ਲਈ ਮੂਵੀ ਅਤੇ ਫੋਟੋ ਕੈਮਰੇ ਦੀ ਖੂਬ ਵਰਤੋਂ ਕੀਤੀ। ਸਭ ਤੋਂ ਪਹਿਲਾਂ ਸੀਟਾਂ ਉੱਤੇ ਬੈਠਿਆਂ ਨੂੰ ਜੈਸਮੀਨ ਚਾਹ ਦਾ ਕੰਪਲੀਮੈਂਟਰੀ ਪਿਆਲਾ ਦਿੱਤਾ ਗਿਆ। ਅਸੀਂ ਚਾਰ ਜਣਿਆਂ ਮੈਂ, ਮੇਰਾ ਲੜਕਾ, ਪੋਤਾ ਅਤੇ ਕਪੂਰਥਲੇ ਤੋਂ ਗੋਇਲ ਸਾਹਿਬ ਨੇ ਸੀਪ ਦੀ ਬਾਜ਼ੀ ਦਾ ਆਨੰਦ ਮਾਣਿਆ। ਤੀਜੀ ਮੰਜ਼ਲ ਉੱਤੇ ਜਾ ਕੇ ਹੋਰ ਬੋਟਾਂ ਅਤੇ ਮਨਮੋਹਣੇ ਦ੍ਰਿਸ਼ਾਂ ਨੂੰ ਸੰਭਾਲਣ ਲਈ ਪਰਿਵਾਰ ਦੀਆਂ ਫੋਟੋਆਂ ਅਤੇ ਮੂਵੀ ਬਣਾਈ। ਬੋਟ ਦਾ ਵਾਸ਼ਰੂਮ ਬਹੁਤ ਗੰਦਾ ਸੀ।
ਥੋੜੇ ਚਿਰ ਬਾਅਦ ਸਥਾਨਕ ਲੋਕ ਚੀਨੀ ਵਸਤੂਆਂ ਵੇਚਣ ਲਈ ਬੋਟ ਵਿੱਚ ਆ ਗਏ। ਸੁੰਦਰ ਚਿੱਤਰਕਾਰੀ ਵਾਲੀ ਪੱਖੀਆਂ ਅਤੇ ਹੋਰ ਕਈ ਵਸਤੂਆਂ ਬਹੁਤ ਸੌਦੇਬਾਜ਼ੀ ਤੋਂ ਬਾਅਦ ਵੀਹ ਡਾਲਰ ਦੀ ਥਾਂ ਦੋ ਡਾਲਰ ਦੀਆਂ ਮਿਲ ਗਈਆਂ। ਚੀਨ ਵਿੱਚ ਰੇਟਾਂ ਵਿੱਚ ਬਹੁਤ ਸੌਦੇਬਾਜ਼ੀ ਕਰਨੀ ਪੈਂਦੀ ਹੈ। ਬੋਟ ਕਰੂਜ਼ ਦੀ ਸਮਾਪਤੀ ਉੱਤੇ ਭਿੰਨ ਭਿੰਨ ਪੰਛੀਆਂ ਦੇ ਤਮਾਸ਼ੇ ਵੇਖੇ। ਪੰਜ ਯੂਆਨ ਦੇ ਕੇ ਤੁਸੀਂ ਆਪਣੇ ਮੋਢੇ ਉੱਤੇ ਬਾਜ਼ ਬਿਠਾ ਕੇ ਫੋਟੋ ਖਿਚਵਾ ਸਕਦੇ ਸੀ। ਇਸ ਕਰੂਜ਼ ਦੀ ਸੈਰ ਵਿੱਚ ਕਈ ਛੋਟੇ ਛੋਟੇ ਪਿੰਡਾਂ ਕੋਲੋਂ ਲੰਘੇ। ਪੇਂਡੂ ਲੋਕ ਮੱਛੀਆਂ ਫੜ ਰਹੇ ਸਨ, ਇਸਤਰੀਆਂ ਕੱਪੜੇ ਧੋ ਰਹੀਆਂ ਸਨ, ਆਪਣੇ ਹੱਥਾਂ ਦੇ ਇਸ਼ਾਰਿਆਂ ਨਾਲ ਉਹ ਲੋਕ ਸਾਡਾ ਸੁਆਗਤ ਕਰ ਰਹੇ ਸਨ। ਅੰਤ ਵਿੱਚ ਅਸੀਂ ਕਿਸ਼ਤੀ ਵਿੱਚੋਂ ਉੱਤਰ ਕੇ ਸਿ਼ਮਪਿੰਗ ਪਿੰਡ ਦੇ ਫੁੱਲ ਫਲ ਆਦਿ ਵੇਖੇ। ਫਲਾਂ ਵਿੱਚ ਇੱਕ ਵੱਡੇ ਨਿੰਬੂ ਵਰਗਾ ਫਲ ਵੇਖਿਆ ਜਿਸਨੂੰ ਉਹ ਪਾਮੇਲਾ ਕਹਿੰਦੇ ਹਨ। ਰਸਤੇ ਵਿੱਚ ਝੋਨਾ, ਕਮਾਦ ਅਤੇ ਮੱਕੀ ਦੇ ਖੇਤ ਵੇਖੇ ਜੋ ਵੇਖਣ ਵਿੱਚ ਬਹੁਤ ਹੀ ਸੁੰਦਰ ਦਿੱਸ ਰਹੇ ਸੀ। ਅਸੀਂ ਇਸ ਪਿੰਡ ਤੋਂ ਯੰਗਸ਼ੂ ਸ਼ਹਿਰ ਤੱਕ ਕੋਈ 45 ਮਿੰਟ ਵਿੱਚ ਪਹੁੰਚ ਗਏ। ਸ਼ਹਿਰ ਜਾ ਕੇ ਸ਼ਾਮ ਨੂੰ ਕੇ ਐਫ ਸੀ ਵਿੱਚ ਚਿਪਸ ਫਰਾਈ ਅਤੇ ਬਰਗਰ ਆਦਿ ਨਾਲ ਚਾਹ ਪਾਣੀ ਪੀਤਾ।
ਫਿਰ ਅਸੀਂ ਸੰਸਾਰ ਪ੍ਰਸਿੱਧ ਪਹਾੜੀ ਗੁਫ਼ਾ ਵੇਖਣ ਗਏ ਜਿਸਨੂੰ ਰੀਡ ਫਲੂਟ ਕੇਵ ਕਿਹਾ ਜਾਂਦਾ ਹੈ। ਇਹ ਗੁਫ਼ਾ ਇੱਕ ਖੋਖਲੀ ਪਹਾੜੀ ਦੇ ਵਿੱਚ ਹੈ ਜੋ 240 ਮੀਟਰ ਡੂੰਘੀ ਅਤੇ 500 ਮੀਟਰ ਲੰਬੀ ਹੈ। ਇਸਦਾ ਪੂਰਾ ਆਨੰਦ ਮਾਨਣ ਲਈ ਪੰਜ ਸੌ ਯੂਆਨ ਦੇ ਕੇ ਮੈਂ ਅਤੇ ਮੇਰੀ ਪਤਨੀ ਦੋ ਅੱਡ ਅੱਡ ਡੋਲੀਆਂ ਵਿੱਚ ਸਵਾਰ ਹੋਏ। ਇੱਕ ਡੋਲੀ ਨੂੰ ਦੋ ਬੰਦੇ ਅੱਗੇ ਅਤੇ ਪਿੱਛੇ ਤੋਂ ਚੁੱਕਦੇ ਸਨ। ਇਸ ਤਰਾਂ ਸਾਰੀ ਗੁਫ਼ਾ ਨੂੰ ਬਹੁਤ ਸਹਿਜ ਤਰੀਕੇ ਨਾਲ ਵੇਖਿਆ। ਇਸ ਗੁਫ਼ਾ ਵਿੱਚ ਛੱਤ ਤੋਂ ਡਿੱਗਦੇ ਪਾਣੀ ਦੇ ਕਤਰੇ ਅਤੇ ਚੂਨੇ ਦੇ ਮਿਸ਼ਰਣ ਨਾਲ ਵੱਖ ਵੱਖ ਅਕਾਰ ਦੀਆਂ ਕਰੀਬ ਤੀਹ ਤਰਾਂ ਦੀਆਂ ਮੂਰਤੀਆਂ ਬਣੀਆਂ ਦਿੱਸਦੀਆਂ ਸਨ, ਜਿਨ੍ਹਾਂ ਵਿੱਚ ਸ਼ੇਰ, ਹਾਥੀ, ਪਿੰਗੂ, ਫੁੱਲ, ਮੰਦਰਾਂ ਦੇ ਥੰਮ ਆਦਿ ਕੁਦਰਤ ਵੱਲੋਂ ਚਮਤਕਾਰੀ ਢੰਗ ਨਾਲ ਬਣਨ ਨਾਲ ਯਾਤਰੀਆਂ ਨੂੰ ਹੈਰਾਨ ਕਰ ਰਹੇ ਸਨ। ਇਹਨਾਂ ਨੂੰ ਕਿਸੇ ਮਨੁੱਖ ਵੱਲੋਂ ਨਹੀਂ ਬਣਾਇਆ ਗਿਆ ਸਗੋਂ ਕੁਦਰਤੀ ਕਿਰਿਆ ਦਾ ਸਿੱਟਾ ਹਨ। ਇਹ ਦੱਸਣ ਤੋਂ ਪਰੇ ਦੀ ਗੱਲ ਹੈ ਕਿ ਇਹ ਕਿਵੇਂ ਬਣੀਆਂ ਹਨ ਅਤੇ ਪ੍ਰਮਾਤਮਾ ਦਾ ਇਸਨੂੰ ਅਦੁੱਤੀ ਚਮਤਕਾਰ ਹੀ ਕਿਹਾ ਜਾ ਸਕਦਾ ਹੈ। ਜਿਸ ਕਿਸੇ ਨੇ ਵੀ ਹੈਰਾਨਕੁੰਨ ਕੁਦਰਤੀ ਕ੍ਰਿਸ਼ਮਾ ਵੇਖਿਆ, ਉਹ ਬਣਾਉਣ ਵਾਲੇ ਦੀ ਸ਼ਕਤੀ ਉੱਤੇ ਦੰਗ ਰਹਿ ਗਿਆ। ਇਹਨਾਂ ਸਾਰੀਆਂ ਕੁਦਰਤੀ ਬਣੀਆਂ ਸ਼ਕਲਾਂ ਨੂੰ ਹੋਰ ਸੋਹਣਾ ਬਣਾਉਣ ਲਈ ਵੱਖ ਵੱਖ ਕਿਸਮ ਦੀਆਂ ਲਾਈਟਾਂ ਪਾ ਕੇ ਬਹੁਤ ਸੁੰਦਰ ਦਿੱਖ ਪੈਦਾ ਕੀਤੀ ਹੋਈ ਸੀ। ਬਹੁਤ ਹੀ ਮਨਮੋਹਣਾ ਸੰਗੀਤ ਵੀ ਵੱਜ ਰਿਹਾ ਸੀ। ਇਸ ਗੁਫ਼ਾ ਦੀ ਕੋਈ ਅੱਧੇ ਘੰਟੇ ਦੀ ਸੈਰ ਦੁਨੀਆਂ ਦੀਆਂ ਹੋਰ ਵੇਖੀਆਂ ਥਾਵਾਂ ਨੂੰ ਮਾਤ ਪਾ ਰਹੀ ਸੀ। ਵਾਹ! ਪ੍ਰਮਾਤਮਾ ਤੇਰੀ ਕੁਦਰਤ ਦਾ ਕੋਈ ਅੰਤ ਨਹੀਂ ਹੈ।
ਗੁਫ਼ਾ ਦੀ ਸੈਰ ਤੋਂ ਬਾਅਦ ਅਸੀਂ ਲੀ ਰਿਵਰ ਦੇ ਕੰਢੇ ਉੱਤੇ ਬਣੀ ਇੱਕ ਹਜ਼ਾਰ ਸਾਲ ਤੋਂ ਵੀ ਪੁਰਾਣੀ ਫੂਬੋ ਹਿੱਲ ਗੁਫ਼ਾ ਨੂੰ ਵੇਖਣ ਗਏ। ਇਹ ਪਹਾੜੀ ਦੇ ਥੱਲੇ ਜਮੀਨ ਦੇ ਹੇਠਾਂ ਬਣੀ ਹੋਈ ਹੈ। ਮਹਾਤਮਾ ਬੁੱਧ, ਭਿਕਸ਼ੂਆਂ ਅਤੇ ਦੇਵੀਆਂ, ਘੋੜੇ ਉੱਤੇ ਸਵਾਰ ਬਾਦਸ਼ਾਹਾਂ ਆਦਿ ਦੇ ਬੁੱਤ ਇਸ ਗੁਫ਼ਾ ਦੇ ਸੁਹੱਪਣ ਨੂੰ ਚਾਰ ਚੰਨ ਲਾ ਰਹੇ ਸਨ। ਬੋਧੀ ਭਜਨਾਂ ਦੇ ਸੰਗੀਤਕ ਰਿਕਾਰਡ ਚੱਲ ਰਹੇ ਸਨ। ਮੋਮਬੱਤੀਆਂ ਅਤੇ ਧੂਫ਼ ਨਾਲ ਸਾਰੀ ਗੁਫ਼ਾ ਮਹਿਕ ਰਹੀ ਸੀ। ਗੁਫ਼ਾ ਤੋਂ ਬਾਹਰ ਆ ਕੇ ਦੌੜਦੇ ਹੋਏ ਘੋੜੇ ਉੱਤੇ ਸਵਾਰ ਬਾਦਸ਼ਾਹ ਦੇ ਬੁੱਤ ਕੋਲ ਖੜ ਕੇ ਸਾਰੇ ਪਰਿਵਾਰ ਦੀ ਫੋਟੋ ਲਈ। ਦੁਕਾਨਾਂ ਤੋਂ ਬੱਚਿਆਂ ਲਈ ਖਿਡੌਣੇ ਅਤੇ ਹੋਰ ਵਸਤਾਂ ਖ਼ਰੀਦੀਆਂ। ਇਸ ਤਰਾਂ ਅਸੀਂ ਚੀਨ ਦੇ ਸੁੰਦਰ ਦ੍ਰਿਸ਼ਾਂ ਭਰਪੂਰ ਤੀਜੇ ਸਥਾਨ ਦੀ ਯਾਤਰਾ ਪੂਰੀ ਕੀਤੀ।
13 ਅਗਸਤ 2007 ਨੂੰ ਈਸਟਰਨ ਚਾਈਨਾ ਏਅਰਲਾਈਨਜ਼ ਦੀ ਫਲਾਈਟ ਰਾਹੀਂ ਸਿ਼ੰਘਾਈ ਦੇ ਏਅਰਪੋਰਟ ਪੁੱਜੇ। ਉੱਥੋਂ ਅਸੀਂ ਸਿੱਧੇ ਸਜ਼ੂਹੋ ਸ਼ਹਿਰ ਲਈ ਚੱਲ ਪਏ। ਇਹ ਸ਼ਹਿਰ 2500 ਸਾਲ ਪੁਰਾਣਾ ਹੈ ਅਤੇ ਟੈਹੂ ਝੀਲ ਦੇ ਕੰਢੇ ਉੱਤੇ ਵੱਸਿਆ ਹੋਇਆ ਹੈ। ਇਸ ਸ਼ਹਿਰ ਨੂੰ ਪੁਰਾਤਨ ਸਮੇਂ ਤੋਂ ਧਰਤੀ ਉੱਤੇ ਵੱਸਿਆ ਸਵਰਗ ਕਿਹਾ ਜਾਂਦਾ ਹੈ। ਬਹੁਤ ਖੂਬਸੂਰਤ ਸ਼ਹਿਰ ਹੈ ਸਜ਼ੂਹੋ। ਰਾਤ ਨੂੰ ਅਸੀਂ ‘ਮਾਸਟਰ ਆਫ ਨੈਟਸ’ ਗਾਰਡਨ ਵੇਖਣ ਗਏ ਜਿੱਥੇ ਅਸੀਂ ਚੀਨ ਨਾਲ ਸੰਬਧਿਤ ਸੰਗੀਤ, ਨਾਚ, ਚੀਨੀ ਭੰਡ ਅਤੇ ਚੀਨੀ ਸੱਭਿਆਚਾਰ ਦੀਆਂ ਕਈ ਹੋਰ ਆਈਟਮਾਂ ਵੇਖਣ ਦਾ ਸੁਬਾਗ਼ ਪ੍ਰਾਪਤ ਕੀਤਾ। ਰਾਤ ਦੇ ਖਾਣੇ ਲਈ ਮਾਸਾਹਾਰੀ ਅਤੇ ਸ਼ਾਕਾਹਾਰੀ ਦੋ ਵੱਖਰੇ ਵੱਖਰੇ ਮੇਜ਼ਾਂ ਉੱਤੇ ਬਹਿ ਕੇ ਖਾਣਾ ਖਾਧਾ ਅਤੇ ਰਾਤ ਨੂੰ ਆਰਾਮ ਕਰਨ ਲਈ ਕਮਰਿਆਂ ਵਿੱਚ ਚਲੇ ਗਏ।
14 ਅਗਸਤ ਨੂੰ ਅਸੀਂ ਸਜ਼ੂਹੋ ਸ਼ਹਿਰ ਦੀ ਸੈਰ ਵਾਸਤੇ ਗਰੈਂਡ ਕੈਨਾਲ ਦੇ ਸ਼ਾਨਦਾਰ ਬੋਟ ਕਰੂਜ਼ ਦਾ ਆਨੰਦ ਮਾਣਿਆ। ਇਹ ਕੈਨਾਲ ਬੀਜਿੰਗ ਸ਼ਹਿਰ ਤੋਂ ਹੰਗਚੂ ਤੱਕ 1794 ਕਿਲੋਮੀਟਰ ਲੰਬੀ ਹੈ। ਇਹ ਨਹਿਰ ਕਰੀਬ 1300 ਸਾਲ ਪੁਰਾਣੀ ਹੈ ਜੋ ਉੱਤਰ ਤੋਂ ਦੱਖਣ ਵੱਲ ਜਾਂਦੀ ਹੈ। ਇਸ ਨਹਿਰ ਦੁਆਰਾ ਕਈ ਵਸਤੂਆਂ ਭੀ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਪਹੁੰਚਾਈਆਂ ਜਾਂਦੀਆਂ ਹਨ। ਇਹ ਬੋਟ ਕਰੂਜ਼ ਦੋ ਘੰਟੇ ਦਾ ਸੀ। ਇਸ ਉੱਤੇ ਇੱਕ ਛੇ ਸੌ ਸਾਲ ਪੁਰਾਣਾ ਪੁਲ ਬਣਿਆ ਵੇਖਿਆ। ਇਸ ਨਹਿਰ ਦੇ ਦੋਵੇਂ ਪਾਸੇ ਬਹੁਤ ਹੀ ਸੁੰਦਰ ਇਮਾਰਤਾਂ ਬਣੀਆਂ ਹੋਈਆਂ ਸਨ। ਥੋੜੀ ਦੂਰ ਜਾ ਕੇ ਇੱਕ ਸੁਨਿਹਰੀ ਰੰਗ ਦੀ ਖੂਬਸੂਰਤ ਚਿੱਤਰਕਾਰੀ ਵਾਲੀ ਇੱਕ ਹੋਰ ਬੋਟ ਵੇਖ ਕੇ ਸਾਰੇ ਯਾਤਰੀ ਅਸ਼ ਅਸ਼ ਕਰ ਉੱਠੇ। ਬੋਟ ਦੇ ਵਿੱਚ ਹੀ ਇੱਕ ਚੀਨੀ ਆਪਣੀਆਂ ਵਸਤਾਂ ਵੇਚਣ ਵਾਸਤੇ ਆਇਆ। ਉਸਤੋਂ ਮੈਂ ਪਲਾਸਟਿਕ ਕਾਰਡਾਂ ਉੱਤੇ ਬਣੀਆਂ ਚੀਨ ਦੀਆਂ ਵੇਖਣਯੋਗ ਥਾਵਾਂ ਦੀਆਂ ਤਸਵੀਰਾਂ ਵਾਲੀਆਂ ਤਿੰਨ ਤਾਸ਼ਾਂ ਖਰੀਦੀਆਂ। ਇੱਕ ਆਪਣੇ ਲਈ, ਦੂਜੀ ਆਪਣੇ ਦੋਸਤ ਸ੍ਰੀ ਬਾਬੂ ਲਾਲ ਸਾਬਕਾ ਸੀ ਈ ਓ ਨਾਭਾ ਅਤੇ ਤੀਜੀ ਧਰਮ ਪਤਨੀ ਦੇ ਭਰਾ ਮਲਕੀਤ ਸਿੰਘ ਲਈ ਖ਼ਰੀਦੀ। ਹੱਸਦੇ ਹਸਾਉਂਦੇ ਬੋਟ ਕਰੂਜ਼ ਦਾ ਮਜ਼ਾ ਲੈ ਰਹੇ ਸਾਂ।
ਹੁਣ ਮੈਂ ਤੁਹਾਨੂੰ ਇੱਕ ਬਹੁਤ ਹੀ ਹਾਸੇ ਵਾਲੀ ਗੱਲ ਦੱਸਣ ਲੱਗਿਆਂ ਹਾਂ ਜਿਸਨੂੰ ਸੁਣ ਕੇ ਤੁਸੀਂ ਬਹੁਤ ਖੁਸ਼ ਹੋਵੋਗੇ। ਗਾਈਡ ਕਹਿਣ ਲੱਗਿਆ,”ਕੀ ਤੁਸੀਂ ਜਾਣਦੇ ਹੋ ਕਿ ਸਭ ਤੋਂ ਖੁਸ਼ਕਿਸਮਤ ਅਤੇ ਬਦਕਿਸਮਤ ਵਿਅਕਤੀ ਕੌਣ ਹੁੰਦਾ ਹੈ?” ਸਾਡੇ ਵੱਲੋਂ ਆਪੋ ਆਪਣੇ ਵਿਚਾਰ ਦੱਸਣ ਤੋਂ ਬਾਅਦ ਉਸਨੇ ਦੋਵਾਂ ਕਿਸਮਾਂ ਦੇ ਵਿਅਕਤੀਆਂ ਬਾਰੇ ਦੱਸਿਆ। ਸਭ ਤੋਂ ਖੁਸ਼ਕਿਸਮਤ ਇਨਸਾਨ ਉਹ ਹੈ ਜਿਸ ਨੂੰ ਚਾਰ ਹੇਠ ਲਿਖੀਆਂ ਗੱਲਾਂ ਪ੍ਰਾਪਤ ਹੋ ਜਾਣ। ਪਹਿਲੀ ਅਮਰੀਕਨ ਤਨਖ਼ਾਹ, ਦੂਜਾ ਚਾਈਨੀਜ਼ ਖਾਣਾ, ਤੀਜੀ ਜਪਾਨੀ ਪਤਨੀ ਜੋ ਰਾਤ ਨੂੰ ਪਤੀ ਦੇ ਪੈਰ ਧੋਂਦੀ ਹੈ, ਉਸਦੇ ਘਰ ਆਉਣ ਤੋਂ ਪਹਿਲਾਂ ਖਾਣਾ ਨਹੀਂ ਖਾਂਦੀ ਅਤੇ ਨਾ ਹੀ ਸੌਂਦੀ ਹੈ ਅਤੇ ਚੌਥੀ ਗੱਲ ਇੰਗਲਿਸ਼ ਹਾਊਸ ਹੈ ਜੋ ਬਹੁਤ ਹੀ ਸਾਫ ਸੁੰਦਰ, ਸੱਜਿਆ ਹੋਇਆ ਅਤੇ ਸਿਹਤ ਦੇ ਅਸੂਲਾਂ ਦੇ ਅਨੁਸਾਰ ਬਣਿਆ ਹੁੰਦਾ ਹੈ। ਫਿਰ ਉਸਨੇ ਬਦਕਿਸਮਤ ਬੰਦੇ ਬਾਰੇ ਦੱਸਿਆ। ਉਸਨੂੰ ਅਮਰੀਕਨ ਵਹੁਟੀ, ਜਪਾਨੀ ਘਰ, ਚੀਨੀ ਤਨਖ਼ਾਹ ਅਤੇ ਇੰਗਲਿਸ਼ ਖਾਣਾ ਪ੍ਰਾਪਤ ਹੋਵੇ। ਯਾਦ ਰਹੇ ਕਿ ਅੱਜ ਕੱਲ ਇੱਕ ਚੀਨੀ ਦੀ ਔਸਤ ਆਮਦਨ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ 700 ਯੂਆਨ ਅਰਥਾਤ ਸੌ ਕੈਨੇਡੀਅਨ ਡਾਲਰ ਦੇ ਬਰਾਬਰ ਹੈ। ਇਹ ਭੀ ਯਾਦ ਰੱਖਣ ਵਾਲੀ ਗੱਲ ਹੈ ਕਿ ਆਮ ਕਰਕੇ ਯੂਰਪੀਨ ਦੇਸ਼ਾਂ ਬਾਰੇ ਤਿੰਨ ਡਬਲਿਊ ਮਸ਼ਹੂਰ ਹਨ ਕਿ ਇੱਥੇ ਵੈਦਰ, ਵਰਕ ਅਤੇ ਵਾਈਫ ਦਾ ਕੋਈ ਭਰੋਸਾ ਨਹੀਂ। ਇਸ ਤਰਾਂ ਅਸੀਂ ਗੱਲਾਂਬਾਤਾਂ ਕਰਦੇ ਇਹ ਸੈਰ ਪੂਰੀ ਕੀਤੀ।
ਇਸਤੋਂ ਬਾਅਦ ਅਸੀਂ ਉਸ ਸਥਾਨ ਉੱਤੇ ਜਾ ਰਹੇ ਹਾਂ ਜਿਸ ਨੂੰ ਚੀਨ ਦਾ ਸ਼ਾਨਦਾਰ ਵਿਸ਼ੇਸ਼ ਸੱਭਿਆਚਾਰਕ ਖ਼ਜ਼ਾਨਾ ਕਿਹਾ ਜਾਂਦਾ ਹੈ। ਇਸ ਥਾਂ ਦਾ ਨਾਮ ਟਾਈਗਰ ਹਿੱਲ ਹੈ ਜੋ ਸੁੱਹਪਣ ਦਾ ਲਾਮਿਸਾਲ ਵਿਰਸਾ ਦਰਸਾਉਂਦੀ ਹੈ। ਇਹ ਪੱਚੀ ਸੌ ਸਾਲ ਪੁਰਾਣੇ ਸਜ਼ੂਹੋ ਸ਼ਹਿਰ ਦੇ ਪੱਛਮ ਵਿੱਚ ਸਥਿਤ ਹੈ। ਇਹ ਸ਼ਹਿਰ ਦੀ ਨੰਬਰ ਇੱਕ ਵੇਖਣਯੋਗ ਥਾਂ ਹੈ। ਇਸ ਪਹਾੜੀ ਬਾਰੇ ਚੀਨ ਦੇ ਇੱਕ ਕਵੀ ਨੇ ਕਿਹਾ ਹੈ ਕਿ ਜੇ ਕੋਈ ਵਿਅਕਤੀ ਇਸ ਸ਼ਹਿਰ ਵਿੱਚ ਆ ਕੇ ਟਾਈਗਰ ਹਿੱਲ ਨਹੀਂ ਵੇਖਦਾ ਤਾਂ ਉਸ ਵਰਗਾ ਮੰਦਬਾਗ਼ਾ ਕੋਈ ਨਹੀਂ ਹੋ ਸਕਦਾ। ਇਸ ਹਿੱਲ ਉੱਤੇ ਹੈਰਾਨ ਕਰ ਦੇਣ ਵਾਲੀਆਂ ਤਿੰਨ ਅਤਿ ਸੋਹਣੀਆਂ ਥਾਵਾਂ ਹ। ਇਸ ਥਾਂ ਉੱਤੇ ਨੌ ਵੱਖ ਵੱ਼ਖ ਢੰਗਾਂ ਨਾਲ ਲੱਗਣ ਵਾਲੇ ਮੇਲੇ ਅਤੇ 18 ਹੋਰ ਸੁੰਦਰ ਥਾਵਾਂ ਹਨ ਜਿਨ੍ਹਾਂ ਦਾ ਅੱਗੇ ਚੱਲ ਕੇ ਕੁੱਝ ਵਰਨਣ ਕਰਾਂਗਾ। ਇੱਥੇ ਇੱਕ ਬਾਦਸ਼ਾਹ ਵੂ ਦਾ ਭੇਤ ਭਰਿਆ ਮਕਬਰਾ ਹੈ ਜਿਸ ਵਿੱਚ ਉਸਦੀਆਂ ਕੀਮਤੀ ਤਲਵਾਰਾਂ ਵੀ ਦਫਨਾਈਆਂ ਹੋਈਆਂ ਹਨ। ਜਿਨ੍ਹਾਂ ਇੱਕ ਹਜ਼ਾਰ ਮਜ਼ਦੂਰਾਂ ਨੇ ਇਸ ਨੂੰ ਬਣਾਇਆ ਸੀ ਉਹਨਾਂ ਨੂੰ ਬਾਅਦ ਵਿੱਚ ਮਾਰ ਦਿੱਤਾ ਗਿਆ ਸੀ ਤਾਂ ਕਿ ਕਿਸੇ ਨੂੰ ਅੱਗੇ ਪਤਾ ਨਾ ਲੱਗੇ ਕਿ ਬਾਦਸ਼ਾਹ ਕਿੱਥੇ ਦਫਨਾਇਆ ਗਿਆ ਹੈ। ਇਸ ਪਹਾੜੀ ਉੱਤੇ ਚੜ੍ਹਨ ਲਈ ਬਹੁਤ ਡੁੰਘੇ ਡੂੰਘੇ 53 ਸਟੈੱਪ ਹਨ। ਰਾਹ ਵਿੱਚ ਜੌੜੇ ਖੂਹ ਵੀ ਬਣੇ ਵੇਖੇ। ਇੱਕ ਥਾਂ ਅਜਿਹੀ ਵੀ ਵੇਖੀ ਜਿੱਥੇ ਵਿਆਹੇ ਜੋੜੇ ਉੱਚੀ ਢਲਵੀਂ ਥਾਂ ਉੱਤੇ ਪੱਥਰ ਸੁੱਟਦੇ ਸਨ। ਜੇ ਪੱਥਰ ਉੱਤੇ ਟਿਕ ਗਿਆ ਤਾਂ ਜਰੂਰ ਲੜਕਾ ਹੀ ਪੈਦਾ ਹੋਵੇਗਾ। ਇੱਕ ਥਾਂ ਬਹੁਤ ਸੋਹਣਾ ਉੱਚਾ ਫੁਹਾਰਾ ਉੱਠ ਰਿਹਾ ਸੀ। ਇਸ ਪਹਾੜੀ ਉੱਤੇ ਲੱਗਭੱਗ ਦਸ ਹਜ਼ਾਰ ਸੋਹਣੇ ਵੇਖਣਯੋਗ ਕੁਦਰਤੀ ਨਜ਼ਾਰੇ ਹਨ। ਇੱਕ ਥਾਂ ਉੱਤੇ ਤਲਵਾਰ ਦੀ ਪਰਖ਼ ਕਰਨ ਲਈ ਤਲਵਾਰ ਟੈਸਟਿੰਗ ਸਟੋਨ ਪਿਆ ਹੋਇਆ ਸੀ। ਇਸ ਪਹਾੜੀ ਉੱਤੇ ਕਾਬਲੇ ਫਖ਼ਰ ਯਾਦਗ਼ਾਰ ‘ਯਨਯਾਨ’ ਮੰਦਰ ਪਗੋਡਾ ਹੈ ਜੋ ਕਿ ਇੱਕ ਹਜ਼ਾਰ ਸਾਲ ਪੁਰਾਣਾ ਹੈ। ਥੋੜਾ ਜਿਹਾ ਇਟਲੀ ਦੇ ਟਾਵਰ ਆਫ ਪੀਸਾ ਵਾਗੂੰ ਇਹ ਦੋ ਤੋਂ ਤਿੰਨ ਡਿਗਰੀ ਉੱਤਰ ਵੱਲ ਝੁਕਿਆ ਹੋਇਆ ਹੈ। ਇਸਨੂੰ ਸਜ਼ੂਹੋ ਦਾ ਲੀਨਿੰਗ ਟਾਵਰ ਕਿਹਾ ਜਾਂਦਾ ਹੈ। ਇਸਦੀਆਂ ਸੱਤ ਮੰਜ਼ਲਾਂ ਹਨ ਅਤੇ ਸਾਢੇ ਸੰਤਾਲੀ ਮੀਟਰ ਉੱਚਾ ਹੈ। ਇਸ ਵਿੱਚ ਸੱਤ ਪਵਿੱਤਰ ਪੁਸਤਕਾਂ ਅਤੇ ਮੁਸ਼ਕ ਕਫੂਰ ਦੇ ਕੁੱਝ ਛੋਟੇ ਡੱਬੇ ਰੱਖੇ ਹੋਏ ਹਨ। ਇਹ ਸਾਰਾ ਇੱਟਾਂ ਦਾ ਬਣਿਆ ਹੋਇਆ ਹੈ। ਇਸ ਯਾਦਗਾਰੀ ਪਗੋਡੇ ਦੀ ਵੀ ਇੱਕ ਫੋਟੋ ਉਤਾਰੀ ਗਈ। ਇਹ ਇੱਕ ਬਹੁਤ ਵੱਡੇ ਜੰਗਲ ਵਰਗੇ ਪਾਰਕ ਵਿੱਚ ਸਥਿਤ ਹੈ। ਇਸ ਵਿੱਚ ਇੱਕ ਚਿੱਟੇ ਕੰਵਲ ਦੇ ਫੁੱਲਾਂ ਨਾਲ ਭਰਿਆ ਹੋਇਆ ਸਰੋਵਰ ਵੀ ਸੀ। ਇਸ ਸਥਾਨ ਉੱਤੇ 1990 ਤੋਂ ਪ੍ਰਸਿੱਧ ‘ਫਲਾਵਰ ਸ਼ੋਅ’ ਵੀ ਹੁੰਦਾ ਹੈ ਜੋ ਹਰ ਬਸੰਤ ਰੁੱਤ ਵਿੱਚ ਲੱਗਦਾ ਹੈ। ਇਸ ਵੇਲੇ ਪਹਾੜੀ ਖੂਸ਼ਬੂਦਾਰ ਫੁੱਲਾਂ ਦੇ ਨਾਲ ਲੱਦੀ ਹੋਈ ਹੁੰਦੀ ਹੈ ਅਤੇ ਲੋਕ ਫੁੱਲਾਂ ਅਤੇ ਸੰਗੀਤਸਾਜ਼ਾਂ ਨਾਲ਼ ਆਪਣੇ ਰਵਾਇਤੀ ਸ਼ਾਨ ਵਾਲੇ ਕੱਪੜੇ ਪਾ ਕੇ ਆਪਣੀ ਕਲਾ ਦਾ ਮੁਜ਼ਾਹਿਰਾ ਕਰਦੇ ਹੋਏ ਯਾਤਰੀਆਂ ਦਾ ਦਿਲ ਮੋਹ ਲੈਂਦੇ ਹਨ। ਦੂਜਾ ਪੱਤਝੜ ਵਿੱਚ ਲੱਗਣ ਵਾਲਾ ਮੇਲਾ ਮੰਦਰਾਂ ਵਿੱਚ ਜਾਣ ਵਾਲੇ ਲੋਕਾਂ ਲਈ ਹੁੰਦਾ ਹੈ। ਇਸ ਟਾਈਗਰ ਹਿੱਲ ਉੱਤੇ ਮਹਾਵੀਰ ਦਾ ਮੰਦਰ ਵੀ ਹੈ।
ਇਸ ਤੋਂ ਬਾਅਦ ਅਸੀਂ ਹੰਬਲ ਐਡਮਿਨਿਸਟਰੇਟਰ ਗਾਰਡਨ ਵੇਖਣ ਲਈ ਚੱਲ ਪਏ। ਇਸ ਬਾਗ਼ ਨੂੰ ਯੂਨੇਸਕੋ ਵੱਲੋਂ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਹੋਇਆ ਹੈ। ਇਸ ਬਾਗ਼ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਬਹੁਤ ਸਾਰੇ ਸਰੋਵਰ, ਛੋਟੀਆਂ ਛੋਟੀਆਂ ਨਦੀਆਂ ਵੱਗਦੀਆਂ ਹਨ ਜਿਨ੍ਹਾਂ ਉੱਤੇ ਬਹੁਤ ਸਾਰੇ ਛੋਟੇ ਛੋਟੇ ਪੁੱਲ ਬਣੇ ਹੋਏ ਹਨ। ਇਸ ਬਾਗ਼ ਵਿੱਚ ਚਿੱਟੇ ਅਤੇ ਗੁਲਾਬੀ ਰੰਗ ਦੇ ਕੰਵਲ ਦੇ ਖਿੜੇ ਫੁੱਲ ਦਿਲ ਨੂੰ ਬਹੁਤ ਭਾਅ ਰਹੇ ਸਨ। ਇੱਕ ਪੁੱਲ ਤਾਂ ਸੱਤਰੰਗੀ ਪੀਂਘ ਦੀ ਸ਼ਕਲ ਵਰਗਾ ਉਸਾਰਿਆ ਹੋਇਆ ਸੀ। ਇਸ ਥਾਂ ਉੱਤੇ ਬਹੁਤ ਸੁੰਦਰ ‘ਮਹੋਗਨੀ’ ਲੱਕੜ ਦਾ ਫਰਨੀਚਰ ਰੱਖਿਆ ਹੋਇਆ ਸੀ। ਇਸ ਬਾਗ਼ ਵਿੱਚ ਬਿਮਾਰੀਆਂ ਨੂੰ ਠੀਕ ਕਰਨ ਵਾਲੀਆਂ ਜੜੀਆਂ ਬੂਟੀਆਂ ਅਤੇ ਰੁੱਖ ਉੱਗੇ ਹੋਏ ਸਨ ਜਿਵੇਂ ਕਿ ਜਿਨਸੈੰਗ ਦੇ ਰੁੱਖ ਖੜੇ ਸਨ। ਇਸ ਵਿੱਚ ਬੈਠਣ ਲਈ ਪੈਗੋਡਾ ਟਾਈਪ ਲਾਲ ਰੰਗ ਪੇਂਟ ਕੀਤੀ ਹੋਈ ਲੱਕੜੀ ਦੇ ਬਣੇ ਹੋਏ ਭਵਨ ਸਨ। ਸਰੋਵਰ, ਛੋਟੀਆਂ ਨਦੀਆਂ ਅਤੇ ਪੁੱਲਾਂ ਕਰਕੇ ਇਸ ਥਾਂ ਨੂੰ ਚੀਨ ਦਾ ਵੀਨਸ ਕਿਹਾ ਜਾਂਦਾ ਹੈ। ਇਸ ਬਾਗ਼ ਨੂੰ 1509 ਈਸਵੀ ਵਿੱਚ ਮਿੰਗ ਵੰਸ਼ ਦੇ ਬਾਦਸ਼ਾਹ ਜ਼ੈਂਗਡੇ ਨੇ ਸਵਾ ਪੰਜ ਹੈਕਟੇਅਰ ਰਕਬੇ ਵਿੱਚ ਬਣਾਇਆ ਸੀ। ਇਸ ਨੂੰ 1997 ਵਿੱਚ ਵਿਸ਼ਵ ਵਿਰਾਸਤ ਥਾਂ ਐਲਾਨਿਆ ਗਿਆ। 2003 ਵਿੱਚ ਚੀਨ ਸਰਕਾਰ ਨੇ ਵੀ ਕੌਮੀ ਟੂਰਿਸਟ ਖਿੱਚ ਵਾਲੇ ਸਥਾਨ ਵਜੋਂ 4ੳ ਦਾ ਦਰਜਾ ਪ੍ਰਦਾਨ ਕੀਤਾ। ਇੱਥੇ ਅਸੀਂ ਪੰਜਾਬ ਵਰਗੇ ਆਦਮੀਆਂ ਵੱਲੋਂ ਖਿੱਚੇ ਜਾਣ ਵਾਲੇ ਰਿਕਸ਼ੇ ਵੀ ਵੇਖੇ। ਚਿੱਟੇ ਸੰਗਮਰਮਰ ਦਾ ਬਣਿਆ ਨੌਰਥ ਪੈਗੋਡਾ ਵੀ ਵੇਖਿਆ। ਫਿਰ ਅਸੀਂ ਸ਼ਾਮ ਨੂੰ 7 ਵਜੇ ਸੰਸਾਰ ਪ੍ਰਸਿੱਧ ਐਕਰੋਬੈਟਿਕ ਸ਼ੋਅ ਵੇਖਿਆ ਜਿਸ ਲਈ ਹਰ ਇੱਕ ਨੇ ਦੋ ਸੌ ਯੂਆਨ ਪ੍ਰਤੀ ਵਿਅਕਤੀ ਟਿਕਟ ਲਈ। ਇਸ ਤਰਾਂ ਦਾ ਅਤੀ ਹੈਰਾਨੀਜਨਕ ਅਤੇ ਲਾਮਿਸਾਲ ਸ਼ੋਅ ਅਸੀਂ ਪਹਿਲੀ ਵਾਰ ਵੇਖਿਆ। ਦਰਸ਼ਕ ਖੁਸ਼ੀ ਵਿੱਚ ਤਾੜੀਆਂ ਮਾਰ ਕੇ ਕਲਾਕਾਰਾਂ ਦਾ ਹੌਸਲਾ ਵਧਾ ਰਹੇ ਸਨ। ਇਹ ਟਰੁੱਪ 1990 ਤੋਂ ਕੋਈ 19 ਦੇਸ਼ਾਂ ਵਿੱਚ ਸ਼ੋਅ ਵਿਖਾ ਚੁੱਕਿਆ ਹੈ। ਇਸ ਬਾਰੇ ਐਨਾ ਹੀ ਕਿਹਾ ਜਾ ਸਕਦਾ ਹੈ ਕਿ ਮੋਮ ਵਰਗੇ ਲਚਕੀਲੇ ਸਰੀਰਾਂ ਵਾਲੇ ਲੜਕੇ ਲੜਕੀਆਂ ਨੇ ਤਾਂ ਕਮਾਲ ਹੀ ਕਰ ਦਿੱਤੀ। ਇੱਕ ਖੇਡ ਵਿੱਚ ਸੱਤ ਕੁਰਸੀਆਂ ਨੂੰ ਦੋ ਦੋ ਪੈਰਾਂ ਉੱਤੇ ਖੜਾ ਕਰਕੇ ਆਖ਼ਰੀ ਕੁਰਸੀ ਉੱਤੇ ਇੱਕ ਲੜਕੀ ਬੈਠ ਗਈ ਅਤੇ ਟਿਕਟਾਂ ਦੇ ਪੈਸੇ ਪੂਰੇ ਹੋਣ ਦਾ ਹੱਕ ਅਦਾ ਕਰ ਦਿੱਤਾ। ਇਸ ਸ਼ੋਅ ਦਾ ਸ਼ਬਦਾਂ ਵਿੱਚ ਵਰਨਣ ਕਰਨਾ ਮੁਸ਼ਕਲ ਹੈ ਅਤੇ ਸਿਰਫ਼ ਵੇਖ ਕੇ ਹੀ ਆਨੰਦ ਲਿਆ ਜਾ ਸਕਦਾ ਹੈ। ਇਹ ਸ਼ੋਅ ਵੇਖ ਕੇ ਅਸੀਂ ਇੰਡੀਅਨ ਖਾਣੇ ਵਾਲੇ ਰੈਸਟੋਰੈਂਟ ਵਿੱਚ ਬਹੁਤ ਸੁਆਦਿਸ਼ਟ ਡਿੱਨਰ ਕੀਤਾ। ਇਹ ਰੈਸਟੋਰੈਂਟ, ਜੋ ਕਿ ਸਿ਼ੰਘਾਈ ਵਿੱਚ ਸਥਿਤ ਹੈ, ਦੀਆਂ ਛੇ ਲੋਕੇਸ਼ਨਾਂ ਹਨ। ਇਸ ਵਿੱਚ ਕੰਮ ਕਰਨ ਵਾਲੇ ਇੱਕ ਪੰਜਾਬੀ ਮੁੰਡੇ ਨੇ ਬਾਕੀ ਯਾਤਰੀਆਂ ਨਾਲ ਰਲਕੇ ਭੰਗੜਾ ਵੀ ਪਾਇਆ। ਯਾਤਰੀਆਂ ਵਿੱਚ ਸ਼ਰਾਬ ਦੇ ਸ਼ੁਕੀਨਾਂ ਨੇ ਜਾਮ ਲਾਏ ਅਤੇ ਡਿਨਰ ਤੋਂ ਬਾਅਦ ਆਪਣੇ ਹੋਟਲ ਵਿੱਚ ਆ ਗਏ।
ਪੰਦਰਾਂ ਅਗਸਤ ਨੂੰ ਅਸੀਂ ਦਿਨ ਵੇਲੇ ਸਿੰ਼ਘਾਈ ਸ਼ਹਿਰ ਦੀ ਟੂਰਿਸਟ ਕੋਚ ਵਿੱਚ ਸੈਰ ਕੀਤੀ ਅਤੇ ਯਾਤਰੀਆਂ ਨੇ ਭਾਰਤ ਦਾ ਅਜ਼ਾਦੀ ਦਿਵਸ ਬੱਸ ਵਿੱਚ ਹੀ ਮਨਾਇਆ। 'ਜਨ ਮਨ ਗਨ' ਦਾ ਕੌਮੀ ਗੀਤ ਗਾ ਕੇ ਬਾਅਦ ਵਿੱਚ ਮਿਠਾਈ ਵੰਡੀ ਗਈ। ਇਸੇ ਦਿਨ ਹੀ ਸਿ਼ੰਘਾਈ ਵਿੱਚ ਨਨਜਿੰ਼ਗ ਰੋਡ, ਜੋ 5 ਕਿਲੋਮੀਟਰ ਲੰਬੀ ਹੈ ਅਤੇ ਸਿ਼ੰਘਾਈ ਦਾ ਸਭ ਤੋਂ ਵੱਧ ਰੌਣਕ ਵਾਲਾ ਸਥਾਨ ਹੈ, ਉੱਤੇ ਬਹੁਤ ਉੱਚੀਆਂ ਉੱਚੀਆਂ ਸੁੰਦਰ ਇਮਾਰਤਾਂ ਵੇਖੀਆਂ। ਸਿ਼ੰਘਾਈ ਵਿੱਚ ਹੀ ਪ੍ਰਸਿੱਧ ਪਰਲ ਟੀਵੀ ਟਾਵਰ ਵੇਖਿਆ ਜੋ 1995 ਵਿੱਚ ਤਿਆਰ ਹੋਇਆ ਸੀ। ਇਸਦੀ ਉਚਾਈ 1536 ਫੁੱਟ ਹੈ ਅਤੇ ਇਹ ਦੁਨੀਆਂ ਦਾ ਤੀਜੇ ਨੰਬਰ ਦਾ ਉੱਚਾ ਟਾਵਰ ਹੈ। ਇਸ ਟਾਵਰ ਨੂੰ ਰਾਤ ਵੇਲੇ ਵੇਖਣ ਦਾ ਹੋਰ ਹੀ ਸੁੰਦਰ ਨਜ਼ਾਰਾ ਸੀ। ਸਿੰਘਾਈ ਸ਼ਹਿਰ ਵਿੱਚ 88 ਮੰਜ਼ਲੀ ਇਮਾਰਤ, ਜੋ ਦੁਨੀਆਂ ਵਿੱਚ ਚੌਥੇ ਨੰਬਰ ਉੱਤੇ ਆਉਂਦੀ ਹੈ, ਨੂੰ ਵੀ ਵੇਖਿਆ। ਇਹ ਸਾਰੀ ਇਮਾਰਤ ਸੁਨਿਹਰੀ ਰੰਗ ਦੀ ਹੈ ਜਿਸਨੂੰ ਵੇਖ ਕੇ ਦਿਮਾਗ ਦੰਗ ਰਹਿ ਗਿਆ। ਇੱਥੇ ਹੀ ਇੱਕ ਸੁਰੰਗ ਵੀ ਬਣੀ ਹੋਈ ਹੈ ਜੋ ਦੋ ਕਿਲੋਮੀਟਰ ਲੰਬੀ ਹੈ। ਸਿ਼ੰਘਾਈ ਸ਼ਹਿਰ ਚੀਨ ਦੀ ਆਰਥਿਕ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ। ਇਹ ਸ਼ਹਿਰ ਚੀਨ ਦਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੇ ਮੈਟਰੋ ਏਰੀਆ ਨੂੰ ਰਲਾ ਕੇ ਕੁੱਲ ਵੱਸੋਂ ਦੋ ਕਰੋੜ 37 ਲੱਖ ਹੈ।
ਇਸੇ ਦਿਨ ਕੋਚ ਰਾਹੀਂ ਅਜਿਹੀ ਥਾਂ ਉੱਤੇ ਗਏ ਜਿਸਨੇ ਸਭ ਨੂੰ ਹੈਰਾਨ ਕਰ ਦਿੱਤਾ। ਇੱਥੇ ਅਸੀਂ ਇੱਕ ਟਰੇਨ ਵੇਖੀ ਜੋ ਮੈਗਲਵ ਟਰੇਨ ਦੇ ਨਾਮ ਨਾਲ ਪ੍ਰਸਿੱਧ ਹੈ ਅਤੇ ਚੁੰਬਕੀ ਟਰੇਨ ਕਹੀ ਜਾਂਦੀ ਹੈ। ਇਹ ਗੱਡੀ ਪੱਟੜੀ ਤੋਂ ਛੇ ਇੰਚ ਉੱਚੀ ਚੱਲਦੀ ਹੈ ਅਤੇ ਬਿਨਾਂ ਪਹੀਆਂ ਤੋਂ ਹੈ। ਇਸ ਗੱਡੀ ਦੀ ਰਫਤਾਰ ਅੱਠ ਮਿੰਟਾਂ ਦੇ ਵਿੱਚ ਹੀ 431 ਕਿਲੋਮੀਟਰ ਪ੍ਰਤੀ ਘੰਟਾ ਹੋ ਗਈ। ਟੂਰ ਮੈਨੇਜ਼ਰ ਨੇ ਸਾਡੇ ਪਾਸੋਂ ਇਸ ਗੱਡੀ ਨੂੰ ਵਿਖਾਉਣ ਲਈ ਅਤੇ ਸਿੰਘਾਈ ਐਟ ਨਾਈਟ ਦਾ ਨਜ਼ਾਰਾ ਤੱਕਣ ਲਈ 180 ਯੂਆਨ ਲਏ। ਚੁੰਬਕ ਨਾਲ ਚੱਲਣ ਵਾਲੀ ਟਰੇਨ ਸਭ ਤੋਂ ਪਹਿਲਾਂ ਜਾਪਾਨ ਵਿੱਚ ਚੱਲੀ ਸੀ। ਅਸੀਂ ਵੀ ਇਸ ਗੱਡੀ ਵਿੱਚ ਸਫ਼ਰ ਕਰਕੇ ਵਿਸ਼ਵ ਦੀ ਅਦਭੁੱਤ ਚੀਜ਼ ਦਾ ਆਨੰਦ ਮਾਣਿਆ। ਇਸੇ ਦਿਨ ਅਸੀਂ ਜੇਡ ਬੁੱਧਾ ਮੰਦਰ ਦੇ ਦਰਸ਼ਨ ਕੀਤੇ। ਅੰਦਰ ਪ੍ਰਵੇਸ਼ ਕਰਦੇ ਹੀ ਦੀਵਾਰਾਂ ਉੱਤੇ ਮਹਾਤਮਾ ਬੁੱਧ ਦੀਆਂ ਖੂਬਸੂਰਤ ਛੋਟੀਆਂ 2 ਅਣਗਿਣਤ ਮੂਰਤੀਆਂ ਲੱਗੀਆਂ ਹੋਈਆਂ ਸਨ। ਥੋੜਾ ਜਿਹਾ ਅੱਗੇ ਜਾ ਕੇ ਸੁੱਤੇ ਹੋਏ ਬੁੱਧ ਦਾ ਚਿੱਟੇ ਸੰਗਮਰਮਰ ਦਾ ਉੱਚੀ ਥਾਂ ਉੱਤੇ ਟਿਕਾਇਆ ਹੋਇਆ ਬੁੱਤ ਵੇਖਿਆ। ਇੱਕ ਬੁੱਧ ਧਰਮ ਦਾ ਪੈਰੋਕਾਰ ਬਾਹਵਾਂ ਨੂੰ ਉੱਪਰ ਥੱਲੇ ਕਰਕੇ ਉਸਦੀ ਪੂਜਾ ਕਰ ਰਿਹਾ ਸੀ। ਇਹ ਮੰਦਰ ਵੇਖਣ ਤੋਂ ਬਾਅਦ ਡਿਨਰ ਕੀਤਾ ਅਤੇ ਸਿੰਘਾਈ ਐਟ ਨਾਈਟ ਵੇਖਣ ਚਲੇ ਗਏ। ਰਾਤ ਵੇਲੇ ਪਰਲ ਟੀਵੀ ਟਾਵਰ, ਜੋ ਸੁੱਚੇ ਮੋਤੀਆਂ ਦਾ ਬਣਿਆ ਹੋਇਆ ਹੈ; 88 ਮੰਜਲਾਂ ਭਵਨ ਤੇ ਭਿੰਨ ਭਿੰਨ ਰੰਗ ਬਦਲਣ ਵਾਲੀ ਇੱਕ ਹੋਰ ਇਮਾਰਤ ਵੇਖੀ। ਉਸ ਇਮਾਰਤ ਦੇ ਬਦਲਦੇ ਹੋਏ ਰੰਗਾਂ ਦਾ ਅਕਸ ਝੀਲ ਵਿੱਚ ਪੈਂ ਰਿਹਾ ਸੀ। ਵੇਖ ਕੇ ਮਨ ਬਹੁਤ ਖੁਸ਼ ਹੋਇਆ। ਹੁਣ ਆਖਰ ਵਿੱਚ ਅਸੀਂ ਕੁੱਝ ਸ਼ਬਦ ਜੋ ਚੀਨੀ ਭਾਸ਼ਾ ਦੇ ਸਿੱਖੇ, ਉਹ ਦੱਸਣ ਲੱਗਾਂ ਹਾਂ। ਮਿਸਾਲ ਦੇ ਤੌਰ ਉੱਤੇ ‘ਐਸਾ ਵੈਸਾ ਹੀ ਹੈ” ਨੂੰ ‘ਮਾ ਮਾ ਹੋ ਹੋ’ ਕਹਿੰਦੇ ਸਨ। ਹੈਲੋ ਨੂੰ ਉਹ ਨੀ ਹਾਓ ਕਹਿੰਦੇ ਸਨ। ਨੀ ਹਾਓਮਾ ਦਾ ਮਤਲਬ ‘ਤੁਹਾਡਾ ਕੀ ਹਾਲ ਹੈ’ ਅਤੇ ਹੰਗ ਹਾਓ ਦਾ ਮਤਲਬ ‘ਬਹੁਤ ਚੰਗਾ’ ਹੈ। ਬੂਯਾਓ ਦਾ ਮਤਲਬ ‘ਨਹੀਂ, ਸ਼ੁਕਰੀਆ” ਹੈ। ਚੀਨੀ ਲੋਕਾਂ ਦੇ ਆਮ ਕਰਕੇ ਦੋ ਨਾਮ ਰੱਖੇ ਜਾਂਦੇ ਹਨ, ਇੱਕ ਚੀਨੀ ਅਤੇ ਦੂਜਾ ਅੰਗਰੇਜ਼ੀ। ਅਸੀਂ ਸਾਰੇ ਸਾਥੀ ਯਾਤਰੀਆਂ ਨੇ ਪਰਲ ਟੀਵੀ ਟਾਵਰ ਦੇ ਸਾਹਮਣੇ ਖੂਬਸੂਰਤ ਫੁੱਲਾਂ ਵਾਲੇ ਲਾਅਨ ਵਿੱਚ ਗਰੁੱਪ ਫੋਟੋ ਕਰਵਾਈ। ਇਹ ਸਾਡੀ ਚੀਨ ਯਾਤਰਾ ਦਾ ਅੰਤਿਮ ਦਿਨ ਸੀ।

ਫੋਨ ਨੰਬਰ 905 450 0156

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346