500 ਸਾਲ ਬਾਅਦ ਖ਼ਤ
ਬਾਬਾ ਜੀਓ!
ਐਤਵਾਰ ਦੀ ਤੜਕਸਾਰ
ਇਹ ਖ਼ਤ ਮੈਂ ਲਾਲੋਆਂ ਦੇ ਮੁਹੱਲੇ ‘ਚ ਬੈਠਾ ਲਿਖ ਰਿਹਾਂ।
1511 ਤੋਂ 2011 ਤੀਕ
ਬਦਲ ਗਿਆ ਹੈ ਬਹੁਤ ਕੁਝ।
਼ਲਾਲੋ ਹੁਣ ਸਿਰਫ਼ ਏਮਨਾਬਾਦ ਹੀ ਨਹੀਂ ਰਹਿੰਦਾ॥
ਲਾਲੋਆਂ ਦੇ ਏਸ...ਕਨੇਡਾ-ਦੇਸ
ਹੁਣ ਪੱਕੇ ਮਕਾਨ ਹਨ।
ਮਕਾਨਾਂ ਦੇ ਬਾਹਰ ਕਾਰਾਂ
ਛੇਤੀਂ ਘਰੋਂ ਕੰਮ ਤੇ ਜਾਣ ਲਈ।
ਡਿਉੜੀਆਂ ਉੱਪਰ ਡਿੱਸ਼ਾਂ,
ਅੰਦਰਲੀ ਬਾਹਰਲੀ ਬੇਰਾਮੀ ਪਰਚਾਣ ਲਈ।
ਕਿੳਂਕਿ-
ਲਾਲੋਆਂ ਦੇ ਉਹ ਰੰਦੇ-ਸੰਦੇ... ਅੱਡੇ-ਗੱਡੇ
ਉਹਨਾਂ ਦੇ ਅਪਣੇ ਨਹੀਂ ਰਹੇ
ਉਹ ਸਭ ਤਾਂ ਅੱਧੇ-ਪੌਣੇ ਘੰਟੇ ਦੀ ਵਿੱਥ ਤੇ
ਭਾਗੋ ਦੇ ਕਾਰਖਾਨਿਆਂ ‘ਚ ਫਿੱਟ ਨੇ।
ਜਿੱਥੇ ਡੋਲ੍ਹ ਡੋਲ੍ਹ ਅਪਣਾ ਖੂੰਨ-ਪਸੀਨਾ
ਲਾਲੋਆਂ ਨੂੰ ਇਵਜ਼ ‘ਚ ਮਿਲੇ
ਬਿੱਲ-ਬੱਤੀਆਂ ਜੋਗਾ ਮਹੀਨਾ।
ਬਾਬਾ ਜੀ!
ਮਲਕ-ਭਾਗੋ ਦਾ ਉਹ ਤੁਹਾਡੇ ਵੇਲੇ ਦਾ ਜਗੀਰੂ ਚਿਹਰਾ
ਕਈ ਨਿੱਕੇ ਮੋਟੇ ‘ਕਾਗ਼ਜ਼ੀ-ਇਨਕਲਾਬਾਂ’ ਨੇ ਧੋਅ ਛੱਡਿਆ ਹੈ
ਅਪਣੇ ਨਿਖਰੇ ਨਵੇਂ ਰੂਪ ‘ਚ ਉਸੇ ‘ਮਲਕ’ ਦਾ ਹੁਣ
ਸੂਈ ਤੋਂ ਜਹਾਜ਼ਾਂ ਤੀਕ ਸਭ ਕਾਰੋਬਾਰ
ਰੇਡੀਓ, ਟੀ ਵੀ, ਅਖਬਾਰ
ਕਣ ਕਣ ਉਸਦੀ ਗਜਾਉਂਦੇ ਜੈ-ਕਾਰ।
ਉਸਦੇ ਕਾਰੋਬਾਰਾਂ ‘ਚ ਕੀ ਹੋਇਆ ਜੇ
ਲਾਲੋਆਂ ਦੇ ਹੱਕਾਂ ਦਾ ਹੁੰਦਾ ਹੈ ਘਾਣ
ਤਾਂ-
ਲਾਲੋਆਂ ਨੂੰ ਸਮਝਾਣ, ਬੁਝਾਣ ਲਈ
ਭਾਗੋ ਦੀਆਂ ਅਪਣੀਆਂ ਹੀ ਫਰੈਂਚਾਈਜ਼
ਵਰਕਰ-ਯੂਨੀਅਨਾਂ ਹਨ ਕਈ।
ਜਿਹਨਾਂ ਦੀ ਵਾਗਡੋਰ ਸੰਭਾਲਦੇ
ਖੁਦ ਨੂੰ ਕਹਾਉਂਦੇ
‘ਲਾਲੋਆਂ ਦੇ ਨਾਲ ਦੇ’॥
ਬਾਬਾ ਜੀ!
ਏਨਾ ਕੁਝ ਬਦਲ ਜਾਣ ਦੇ ਬਾਦ ਵੀ
‘ਧੁਰ ਕੀ ਬਾਣੀ’ ਤਾਂ ਨਹੀਂ ਬਦਲੀ।
ਉਸ ਚੋਂ ਤਾਂ ਅੱਜ ਵੀ ਮਹਿਕਦੀ
ਲਹੂ-ਪਸੀਨੇ ਗੁੱਧੀ...ਸੁੱਚੀ ਮਿੱਟੀ।
ਉਸ ਚੋਂ ਅੱਜ ਵੀ ਉੱਠਦੀ
ਕਿਰਤ ਦੇ ਰੱਟਣਾਂ ਦੀ ਟੀਸ
ਮਿਹਨਤ ਦੇ ਪੱਛਾਂ ਦੀ ਚੀਸ
ਲੁੱਟੇ ਪੁੱਟਿਆਂ ਨੂੰ ਲੁੱਟਣ ਵਾਲਿਆਂ ਲਈ ਦੁਰ-ਅਸੀਸ।
ਅੱਜ ਵੀ ਸ਼ਾਇਰ ‘ਧੁਰ’ ਧਰਤ ਦੇ
‘ਰੱਤ ਕਾ ਕੁੰਗੂ’ ਪਹਿਨਦੇ।
ਕਿ ਏਨਾ ਕੁਝ ਬਦਲੇ ਵੀ
ਹੈਨ ਹਾਲੇ ਵੀ ਸ਼ਾਇਰ ਕਿਤੇ ਕਿਤੇ ਉਹੀ।
ਬਾਬਾ ਜੀ!
ਇਹ ਗੱਲ ਵੱਖਰੀ ਹੈ
ਕਿ ਅਜਿਹੇ ਸ਼ਾਇਰ ਹੁਣ ਗੁੰਮਨਾਮ ਹਨ
‘ਨਾਮੀ-ਸ਼ਾਇਰਾਂ’ ਵਿੱਚ ਬਦਨਾਮ ਹਨ।
ਉਹਨਾਂ ਤੇ ਦੋਸ਼ ਹੈ ਕਿ-
ਉਹਨਾਂ ਕੋਲ ਨਹੀਂ ਗੁਣ ‘ਡਿੱਠੇ ਨੂੰ ਅਣਡਿੱਠ’ ਕਰਨ ਦਾ।
ਉਹਨਾਂ ਨੂੰ ਪਤਾ ਨਹੀਂ ਕਿ ‘ਭਾਗੋਆਂ’ ਦੀ ਆਲੋਚਨਾ
ਨੂੰ ਕਿੰਝ ‘ਬੇਰੜਕ’, ‘ਚਾਪਲੂਸ’ ਫਿਕਰਿਆਂ’ ‘ਚ ਹੈ ਬੀੜਨਾ।
ਕਿ ਉਹਨਾ ਦੇ ਲਫ਼ਜ਼ ਹਨ ਰੁੱਖੇ, ਖੁਸ਼ਕ ਅਤੇ ਤਿੱਖੇ
ਜਿਹਨਾਂ ਨੂੰ ‘ਊਣੇ’ ਦੱਸਦੇ
ਭਾਗੋ ਦੇ ਕਾਰਖਾਨੇ ‘ਚ ਬਣੇ
ਤਰਾਜ਼ੂ ਸਾਹਿਤ ਦੇ।
ਬਾਬਾ ਜੀ!
ਸ਼ਾਇਰ ‘ਧੁਰ-ਧਰਤ’ ਦੇ
ਅੱਜ ਮਜ਼ਬੂਰ ਬੜੇ
ਕਿ ਉਹ ਚਾਹ ਕੇ ਵੀ
ਤੁਹਾਡੇ ਵਾਂਗ ਉਦਾਸੀਆਂ ਧਾਰ ਨਾ ਸਕਦੇ
ਜਗਤ-ਜਲੰਦਾ ਤਾਰ ਨਾ ਸਕਦੇ
ਕਿ ‘ਗੋਸ਼ਟ’ ਰਚਾਉਣ ਘਰੋਂ ਨਿਕਲਣ ਲਈ
ਉਹਨਾਂ ਨੂੰ ‘ਮਲਕ-ਭਾਗੋ’ ਤੋਂ ਰਾਹਦਾਰੀ ਚਾਹੀਦੀ
ਸੌ ਤਰਾਂ ਦੀ॥
ਉਂਝ ਵੈਸੇ ਬਾਬਾ ਜੀ!
ਮਲਕ-ਭਾਗੋ ਹੁਣ ਖੁਦ ਸਪੌਂਸਰ ਕਰਦਾ ਹੈ
ਉਦਾਸੀਆਂ ਵੀ।
ਉਹਨਾਂ ਸ਼ਾਇਰਾਂ, ਚਿੰਤਕਾਂ ਦੇ ਵਾਸਤੇ
ਜੋ ‘ਮਲਕ’ ਦੀ ਕੰਪਨੀ ਦੀਆਂ ਬਣੀਆਂ
ਕਲਗੀਆਂ ਨੇ ਪਹਿਨਦੇ।
ਜਿਹਨਾਂ ਲਈ ਸਦਾ ਖੁੱਲ੍ਹੇ ਹਨ
ਉਹਨਾਂ ਦੇ ਘਰਾਂ ਤੋਂ
ਦੇਸੀ-ਵਿਦੇਸ਼ੀ, ਹੋਟਲ-ਮੋਟਲਾਂ ਦੇ ਰਾਸਤੇ।
ਅਜਿਹੇ ‘ਸਪੌਸਰਡ’ ਜੱਥੇ
ਕਲਗੀ ਵਾਲੇ ਸ਼ਾਇਰਾਂ-ਚਿੰਤਕਾਂ ਦੇ
ਬਾਬਾ ਜੀ!
ਅਕਸਰ ਏਸ ਮੁਹੱਲੇ ਵਿੱਚ ਦੀਂ ਲੰਘਦੇ
‘ਕੋਧਰੇ ਦੀ ਰੋਟੀ’ ਠੁਕਰਾ
‘ਡਿੱਠੇ ਨੂੰ ਅਣਡਿੱਠ’ ਕਰਦੇ
‘ਸੱਚ ਕੀ ਬੇਲਾ’ ਨੂੰ ਕਰਦੇ ਝੇਡਾਂ
‘ਰੱਤ ਕੇ ਕੁੰਗੂ’ ਨੂੰ ਠਿੱਠ ਕਰਦੇ।
ਬਾਬਾ ਜੀ!
ਏਸ ਸਭ ਦੇ ਬਾਵਜੂਦ
ਤੁਹਾਡੇ ਇਸ ਗੁੰਮਨਾਮ, ਸ਼ਾਇਰ ਨੇ
ਤੁਹਾਨੂੰ ਖ਼ਤ ਇਹ ਲਿਖ ਕੇ
ਉਸ ਰਾਹ ਤੇ ਪਹਿਰਾ ਲਾਉਣਾ ਹੈ
ਜਿਸ ਰਾਹੇ ਸਪੌਸਰਡ ਸ਼ਾਇਰਾਂ-ਚਿੰਤਕਾਂ ਨੇ
‘ਮਲਕ’ ਦਾ ਹੁਕਮ ਬਜਾ ਕੇ
ਸ਼ਾਹੀ ਨਿਉਂਦਾ ਖਾ ਕੇ ਜਦ ਵਾਪਿਸ ਆਉਣਾ ਹੈ
ਤਦ ਮੈਂ-
‘ਅਪਣੇ ਮੂਲ ਤੋਂ ਬੇਪਛਾਣ’ ਹੋਏ ਅਪਣਿਆਂ ਦੀਆਂ
ਲਹੂ ਲਿੱਬੜੀਆਂ ਬਰਾਛਾਂ ਨੂੰ
ਅਪਣੇ ਹੰਝੂਆਂ ਨਾਲ ਧੋਣਾ ਹੈ।
ਬਾਬਾ ਜੀਓ!
ਐਤਵਾਰ ਦੀ ਤੜਕਸਾਰ
ਇਹ ਖ਼ਤ ਮੈਂ ਲਾਲੋਆਂ ਦੇ ਮੁਹੱਲੇ ‘ਚ ਬੈਠਾ ਲਿਖ ਰਿਹਾਂ।
1511 ਤੋਂ 2011 ਤੀਕ
ਬਦਲ ਗਿਆ ਹੈ ਬਹੁਤ ਕੁਝ।
-0-
|