ਦਿੱਲੀ ਦੇ ਜੰਮਪਲ਼
ਨੌਜਵਾਨ ਪੰਜਾਬੀ ਫ਼ਿਲਮਕਾਰ ਗੁਰਵਿੰਦਰ ਸਿੰਘ ਨੇ ਪੰਜਾਬੀ ਲੇਖਕ ਗੁਰਦਿਆਲ ਸਿੰਘ ਦੇ ਨਾਵਲ
‘ਅੰਨ੍ਹੇ ਘੋੜੇ ਦਾ ਦਾਨ’ ‘ਤੇ ਪੰਜਾਬੀ ਫ਼ਿਲਮ ਬਣਾ ਕੇ ਨਾਮਣਾ ਖੱਟ ਵਿਖਾਇਆ ਹੈ। ਪੰਜਾਬੀ ਚ
ਫ਼ਿਲਮ ਦਾ ਨਾਂ ਵੀ ਨਾਵਲ ਵਾਲ਼ਾ ਹੀ ਹੈ ਤੇ ਅੰਗਰੇਜ਼ੀ ਵਿਚ ਇਹ ਹੈ: Alms of the Blind
Horse. ਭਾਰਤ ਦੀ ਨੈਸ਼ਨਲ ਫ਼ਿਲਮ ਡਿਵੈਲਪਮੈਂਟ ਕੌਰਪੇਰੇਸ਼ਨ ਇਸ ਫ਼ਿਲਮ ਦੀ ਨਿਰਮਾਤਾ ਹੈ।
ਗੁਰਵਿੰਦਰ ਸਿੰਘ ਪੁਨੇ ਵਾਲ਼ੀ ਫ਼ਿਲਮ ਇੰਸਟੀਚਿਊਟ ਦਾ ਗਰੈਜੂਏਟ ਹੈ। ਗੁਰਵਿੰਦਰ ਸਿੰਘ ਨੇ
ਪਹਿਲਾਂ ਪੰਜਾਬੀ ਲੋਕ ਗਾਇਕਾਂ ਬਾਰੇ ਪੰਜਾਬ ਚ ਤਿੰਨ ਸਾਲ ਪਿੰਡ-ਪਿੰਡ ਜਾ ਕੇ ਦਸਤਾਵੇਜ਼ੀ
ਫ਼ਿਲਮਾਂ ਬਣਾ ਕੇ ਧਿਆਨ ਖਿੱਚਿਆ ਸੀ। ਪੰਜਾਬੀ ਦੇ ਮਸ਼ਹੂਰ ਨਾਵਲ ‘ਅੰਨ੍ਹੇ ਘੋੜੇ ਦਾ ਦਾਨ’
ਫ਼ਿਲਮ ਦੀ ਕਹਾਣੀ ਮਾਲਵੇ ਦੇ ਕਿਸੇ ਪਿੰਡ ਚ ਜੱਟਾਂ ਤੇ ਕੰਮੀਆਂ ਦੇ ਆਪਸੀ ਭੇੜ ਦੁਆਲ਼ੇ
ਘੁੰਮਦੀ ਹੈ। ਗੁਰਦਿਆਲ ਸਿੰਘ ਦੇ ਇਕ ਹੋਰ ਨਾਵਲ ਦੀ ਵੀਹ ਕੁ ਸਾਲ ਪਹਿਲਾਂ ‘ਮੜ੍ਹੀ ਦਾ
ਦੀਵਾ’ ਨਾਂ ਦੀ ਵੀ ਪੰਜਾਬੀ ਫ਼ਿਲਮ ਬਣੀ ਸੀ। ਕਿਸੇ ਪੰਜਾਬੀ ਫ਼ਿਲਮਕਾਰ ਦੀ ਪੰਜਾਬੀ ਬੋਲੀ ਚ
ਬਣਾਈ ਇਹ ਪਹਿਲੀ ਫ਼ਿਲਮ ਹੈ, ਜੋ ਕੌਮਾਂਤਰੀ ਫ਼ਿਲਮ ਮੇਲਿਆਂ ਚ ਜਾ ਰਹੀ ਹੈ। ਇਹ ਪਹਿਲੀ ਵਾਰ
ਇਸ ਸਤੰਬਰ ਦੇ ਪਹਿਲੇ ਹਫ਼ਤੇ ਚ ਲੱਗੇ ਵੈਨਿਸ ਦੇ ਅਠਾਟਵੇਂ ਕੌਮਾਂਤਰੀ ਫ਼ਿਲਮ ਮੇਲੇ ਚ ਦਿਖਾਈ
ਗਈ ਹੈ। ਇਸ ਦਾ ਮਹੱਤਵ ਇਹਦੇ ਵਿਸ਼ੇ ਕਰਕੇ ਵੀ ਹੈ ਤੇ ਕਾਸਟ ਕਰਕੇ ਵੀ ਤੇ ਗੁਰਵਿੰਦਰ ਸਿੰਘ
ਦੀ ਫ਼ਿਲਮ ਬਨਾਉਣ ਦੀ ਤਕਨੀਕ ਕਰਕੇ ਵੀ ਹੈ। ਫ਼ਿਲਮ ਵਿਚ ਕੰਮ ਕਰਨ ਵਾਲਿਆਂ ਚੋਂ ਇੱਕੋ ਹੀ
ਪੇਸ਼ਾਵਰ ਐਕਟਰ ਹੈ - ਸੈਮੂਅਲ ਸਿਕੰਦਰ ਜ੍ਹੌਨ; ਬਾਕੀ ਦੇ ਸਾਰੇ ਰੋਲ ਆਮ ਲੋਕਾਂ ਨੇ ਕੀਤੇ
ਹਨ। ਸੈਮੂਅਲ ਲੋਕ ਨਾਟਕ ਨੂੰ ਸਮਰਤਪਿਤ ਹੈ। ਵਿਹੜਿਆ, ਸੱਥਾਂ, ਸਕੂਲਾਂ, ਕਾਲਜਾਂ ਚ ਜਾ ਕੇ
ਕਿਰਤੀਆਂ ਤੇ ਨੀਵੀਂ ਕਿਸਾਨੀ ਦੇ ਮਸਲੇ ਉਭਾਰਦਾ ਹੈ।
ਇਹ ਫ਼ਿਲਮ ਅਗਲੇ ਮਹੀਨੇ ਲੰਡਨ ਦੇ 12 ਅਕਤੂਬਰ ਤੋਂ 27 ਅਕਤੂਬਰ ਤੀਕ ਹੋਣ ਵਾਲ਼ੇ ਪਚਵੰਜਵੇਂ
ਬ੍ਰਿਟਿਸ਼ ਫ਼ਿਲਮ ਮੇਲੇ ਚ 17 ਤੇ 19 ਤਾਰੀਖ਼ ਨੂੰ ਸਾਊਥ ਬੈਂਕ ਵਾਲ਼ੇ ਨੈਸ਼ਨਲ ਫ਼ਿਲਮ ਥੀਏਟਰ ਚ
ਵੀ ਦਿਖਾਈ ਜਾਣੀ ਹੈ। ਇਸ ਤੋਂ ਇਲਾਵਾ ਇਹ ਦੱਖਣ ਕੋਰੀਆ, ਆਬੂਧਾਬੀ ਤੇ ਸਪੇਨ ਦੇ ਕੌਮਾਂਤਰੀ
ਫ਼ਿਲਮ ਮੇਲਿਆਂ ਚ ਵੀ ਜਾਣ ਵਾਲ਼ੀ ਹੈ। ਗੁਰਵਿੰਦਰ ਸਿੰਘ ਨੇ ਅਪਣੀ ਅਗਲੀ ਫ਼ਿਲਮ ਵਰਿਆਮ ਸੰਧੂ
ਦੀ ਕਹਾਣੀ ਚੌਥੀ ਕੂੰਟ ਦੀ ਬਣਾਉਣੀ ਹੈ, ਜੋ ਸੰਨ ਅੱਸੀਆਂ ਚ ਪੰਜਾਬ ਚੱਲੇ ਖੂਨੀ ਸਿਆਸੀ
ਝੱਖੜ ਬਾਰੇ ਹੈ।
ਗੁਰਵਿੰਦਰ ਸਿੰਘ
ਸੈਮੂਅਲ ਸਿਕੰਦਰ ਜ੍ਹੌਨ ਜੋ ਫ਼ਿਲਮ ਚ ਮੇਲੂ ਬਣਦਾ ਹੈ
ਫਿਲਮ ਦਾ ਇਕ ਸੀਨ
-0- |