ਅੰਡੇਮਾਨ ਨੂੰ ਰਵਾਨਗੀ
- ਪਹਿਲੇ ਲਾਹੌਰ ਸਾਜਿਸ਼ ਕੇਸ ਦਾ ਫੈਸਲਾ ਸੁਣਾਏ ਜਾਣ ‘ਤੇ ਸਜ਼ਾ ਪ੍ਰਾਪਤ ਸਭ ਗ਼ਦਰੀ ਦੇਸ਼
ਭਗਤਾਂ ਨੂੰ ਉਤਰੀ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਭੇਜ ਦਿੱਤਾ ਗਿਆ। ਕੇਵਲ ਉਹੀ ਕੈਦੀ
ਲਾਹੌਰ ਸੈਂਟਰਲ ਜੇਲ੍ਹ ਵਿੱਚ ਰਖੇ ਗਏ, ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ। ਬਾਕੀ ਸਭ,
ਜਿਨ੍ਹਾਂ ਵਿੱਚ ਉਮਰ ਕੈਦ ਤੇ ਕਾਲੇ ਪਾਣੀ ਦੀ ਸਜ਼ਾ ਵਾਲੇ ਵੀ ਸਨ, ਰਾਵਲਪਿੰਡੀ, ਮੁਲਤਾਨ ਤੇ
ਦਿੱਲੀ ਆਦਿ ਜੇਲ੍ਹਾਂ ਵਿੱਚ ਵੰਡ ਦਿੱਤੇ ਗਏ। ਭਾਈ ਜਵਾਲਾ ਸਿੰਘ, ਪਿਆਰਾ ਸਿੰਘ ਲੰਗੇਰੀ,
ਇੰਦਰ ਸਿੰਘ ਸੁਰਸਿੰਘ ਤੇ ਰੋਡਾ ਸਿੰਘ, ਰਾਵਲਪਿੰਡੀ ਜੇਲ੍ਹ ਵਿੱਚ ਭੇਜੇ ਗਏ। ਭਾਈ ਗੁਰਮੁਖ
ਸਿੰਘ ਤੇ ਕਾਲਾ ਸਿੰਘ ਸੁਰਸਿੰਘ ਦਿੱਲੀ ਦੀ ਜੇਲ੍ਹ ਵਿੱਚ ਬੰਦ ਕੀਤੇ ਗਏ। ਇਸ ਤਰ੍ਹਾਂ ਗ਼ਦਰੀ
ਚਾਰ-ਚਾਰ, ਪੰਜ-ਪੰਜ ਦੇ ਗਰੁੱਪਾਂ ਵਿੱਚ ਜੇਹਲੀਂ ਡੱਕੇ ਗਏ।
ਜਿਸ ਸਮੇਂ ਸਜ਼ਾ ਪ੍ਰਾਪਤ ਕੈਦੀਆਂ ਵਜੋਂ ਗ਼ਦਰੀ ਦੇਸ਼ ਭਗਤਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ
ਗਿਆ, ਉਸ ਸਮੇਂ ਜੇਲ੍ਹਾਂ ਦੀ ਦਸ਼ਾ ਅਤਿਅੰਤ ਭੈਅ ਦਾਇਕ ਸੀ। ਸਭ ਗ਼ਦਰੀਆਂ ਨੂੰ ਤੀਸਰੇ ਦਰਜੇ
ਵਿੱਚ ਕੈਦ ਰਖਿਆ ਗਿਆ ਸੀ ਅਤੇ ਇਨ੍ਹਾਂ ਨਾਲ ਰਾਜਸੀ ਕੈਦੀਆਂ ਵਜੋਂ ਕੋਈ ਵੱਖਰਾ ਅਥਵਾ ਉਚੇਚਾ
ਵਿਉਹਾਰ ਨਹੀਂ ਸੀ ਕੀਤਾ ਗਿਆ। ਸਭ ਨੂੰ ਵੱਖਰੀਆਂ-ਵੱਖਰੀਆਂ ਕੋਠੜੀਆਂ ਵਿੱਚ ਬੰਦ ਕਰਕੇ ਚੱਕੀ
ਆਦਿ ਦੀਆਂ ਮੁਸ਼ੱਕਤਾਂ ਦਿੱਤੀਆਂ ਗਈਆਂ। ਖ਼ੁਰਾਕ ਵੀ ਬਹੁਤ ਘਟੀਆ ਅਤੇ ਮਨੁੱਖੀ ਪੱਧਰ ਤੋਂ
ਕਿਤੇ ਹੇਠਲੀ ਹੁੰਦੀ ਸੀ। ਜਿਸ ਵਿੱਚ ਦੋ ਵਾਰ ਰੋਟੀ ਦੇਣ ਤੋਂ ਬਿਨ੍ਹਾਂ ਹੋਰ ਕੁਝ ਸ਼ਾਮਲ
ਨਹੀਂ ਸੀ ਅਤੇ ਰੋਟੀ ਵੀ ਅੱਧੀ ਕੱਚੀ-ਅੱਧੀ ਪੱਕੀ ਹੁੰਦੀ। ਸਾਬਣ ਤੇਲ ਆਦਿ ਦੀ ਕੋਈ ਸਹੂਲਤ
ਨਹੀਂ ਸੀ। ਇਸ ਸਭ ਤੋਂ ਉਪਰ ਜੇਲ੍ਹ ਅਧਿਕਾਰੀਆਂ ਦਾ ਵਤੀਰਾ ਬਹੁਤ ਹੈਂਕੜ ਭਰਿਆ ਅਤੇ ਰਾਜਸੀ
ਕੈਦੀਆਂ ਨੂੰ ਬੇਲੋੜੇ ਤੌਰ ‘ਤੇ ਤੰਗ ਕਰਨ ਵਾਲਾ ਹੁੰਦਾ ਸੀ। ਸਾਰੇ ਕੈਦੀ ਬੇੜੀਆਂ ਹੱਥਕੜੀਆਂ
ਵਿੱਚ ਜਕੜੇ ਹੁੰਦੇ ਸਨ। ਰਾਤ ਨੂੰ ਸੌਣ ਸਮੇਂ ਬੇੜੀਆਂ ਵਿੱਚੋਂ ਦੀ ਸੰਗਲ ਲੰਘਾ ਕੇ ਕੋਠੜੀ
ਦੇ ਦਰਵਾਜ਼ੇ ਨਾਲ ਬੰਨ੍ਹਿਆ ਹੁੰਦਾ ਸੀ। ਟੱਟੀ ਪਿਸ਼ਾਬ ਵੀ ਨਿੱਕੀ ਜਿਹੀ ਕੋਠੜੀ ਦੇ ਅੰਦਰ ਹੀ
ਕਰਨਾ ਹੁੰਦਾ ਸੀ। ਕੋਠੜੀ ਦਾ ਦਰਵਾਜ਼ਾ ਦਿਨ ਰਾਤ ਬੰਦ ਰਹਿੰਦਾ। ਕੇਵਲ ਸਵੇਰ ਦੇ ਸਮੇਂ ਹੀ
ਦਰਵਾਜ਼ਾ ਥੋੜੇ ਸਮੇਂ ਲਈ ਸਫ਼ਾਈ ਦੀ ਖਾਤਰ ਖੋਲ੍ਹਿਆ ਜਾਂਦਾ। ਉਸ ਸਮੇਂ ਕੋਠੜੀ ਤੋਂ ਬਾਹਰ
ਬਰਾਮਦੇ ਦੇ ਬੂਹੇ ਨੂੰ ਤਾਲਾ ਲੱਗ ਜਾਂਦਾ ਸੀ। ਸਿੱਖਾਂ ਨੂੰ ਜੇਲ੍ਹ ਵਿੱਚ ਪਗੜੀ ਬੰਨ ਸਕਣ
ਦੀ ਆਗਿਆ ਨਹੀਂ ਸੀ। ਉਨ੍ਹਾਂ ਨੂੰ ਟੋਪੀ ਲੈਣ ਲਈ ਮਜਬੂਰ ਕੀਤਾ ਜਾਂਦਾ ਸੀ।
ਕੁਦਰਤੀ ਤੌਰ ‘ਤੇ ਗ਼ਦਰੀ ਦੇਸ਼ ਭਗਤ ਅਜਿਹੀ ਅਵਸਥਾ ਵਿੱਚ ਚੁੱਪ ਕਰਕੇ ਨਹੀਂ ਸਨ ਬੈਠ ਸਕਦੇ।
ਉਂਝ ਵੀ ਉਨ੍ਹਾਂ ਦੇ ਜੇਲ੍ਹ ਵਿੱਚ ਡੱਕੇ ਜਾਣ ਦਾ ਅਰਥ ਇਹ ਨਹੀਂ ਸੀ ਕਿ ਉਨ੍ਹਾਂ ਦਾ ਸੰਗਰਾਮ
ਖ਼ਤਮ ਹੋ ਗਿਆ ਸੀ। ਜੇਲ੍ਹ ਨਿਵਾਸ ਨੂੰ ਉਹ ਆਪਣੇ ਸੰਗਰਾਮ ਦੇ ਇਕ ਬਦਲਦੇ ਰੂਪ ਵਜੋਂ ਹੀ
ਵੇਖਦੇ ਸਨ। ਅੰਗਰੇਜ਼ ਸਰਕਾਰ ਵਲੋਂ ਜੇਲ੍ਹਾਂ ਵਿੱਚ ਹੁੰਦੀ ਨਿਰਾਦਰੀ ਨੂੰ ਉਨ੍ਹਾਂ ਨੇ ਸਹਿਣ
ਕਰਨ ਤੋਂ ਇਨਕਾਰ ਕੀਤਾ। ਭਾਵੇਂ ਉਹ ਧਾਰਮਿਕ ਤੌਰ ‘ਤੇ ਸਨਾਤਨੀ ਕਿਸਮ ਦੇ ਸਿੱਖ ਨਹੀਂ ਸਨ
ਅਤੇ ਅਮਰੀਕਾ ਆਦਿ ਦੇਸ਼ਾਂ ਵਿੱਚ ਰਹਿਣ ਨਾਲ ਉਨ੍ਹਾਂ ਵਿੱਚ ਧਾਰਮਿਕ ਤੰਗ-ਨਜ਼ਰੀ ਨਹੀਂ ਸੀ
ਰਹੀ, ਤਦ ਵੀ ਪਗੜੀ ਪਹਿਨਣ ਉਪਰ ਪਾਬੰਦੀ ਨੂੰ ਉਨ੍ਹਾਂ ਆਪਣੇ ਰਾਸ਼ਟਰੀ ਗੌਰਵ ਦੇ ਵਿਰੁੱਧ
ਸਮਝਿਆ ਅਤੇ ਟੋਪੀ ਪਹਿਨਣ ਤੋਂ ਇਨਕਾਰ ਕੀਤਾ ਅਤੇ ਪਗੜੀ ਤੇ ਦੂਸਰੇ ਕਪੜਿਆਂ ਲਈ ਵਿਆਪਕ
ਸੰਘਰਸ਼ ਕੀਤਾ ਸੀ। ਸੰਤ ਵਿਸਾਖਾ ਸਿੰਘ ਇਸ ਸੰਘਰਸ਼ ਦੇ ਚਿੰਨ੍ਹ ਸਨ।
ਰਾਵਲਪਿੰਡੀ ਦੀ ਘਟਨਾ - ਜੇਲ੍ਹ ਅੰਦਰਲੀ ਅਣਮਨੁੱਖੀ ਦਸ਼ਾ ਦੇ ਵਿਰੁੱਧ ਵੱਖ-ਵੱਖ ਥਾਈਂ ਰੋਸ
ਕੀਤਾ ਗਿਆ ਅਤੇ ਕੁਝ ਥਾਵਾਂ ਉਪਰ ਜੇਲ੍ਹ ਨੂੰ ਭੰਨਕੇ ਬਾਹਰ ਨਿਕਲ ਜਾਣ ਦੇ ਮਨਸੂਬੇ ਵੀ ਬਣਾਏ
ਗਏ। ਰਾਵਲਪਿੰਡੀ ਜੇਲ੍ਹ ਦੀ ਘਟਨਾ ਇਸ ਸਬੰਧ ਵਿੱਚ ਵਰਨਣਯੋਗ ਹੈ। ਇਸ ਜੇਲ੍ਹ ਵਿੱਚ ਭਾਈ
ਜਵਾਲਾ ਸਿੰਘ ਠੱਠੀਆਂ, ਭਾਈ ਇੰਦਰ ਸਿੰਘ ਸੁਰਸਿੰਘ, ਭਾਈ ਪਿਆਰਾ ਸਿੰਘ ਲੰਗੇਰੀ, ਭਾਈ ਰੋਡਾ
ਸਿੰਘ ਤੇ ਜਮਨਾ ਦਾਸ ਆਦਿ ਬੰਦ ਸਨ। ਜੇਲ੍ਹ ਦਾ ਗੋਰਾ ਸੁਪਰਡੈਂਟ ਗ਼ਦਰੀਆਂ ਨੂੰ ਬਹੁਤ ਤੰਗ
ਕਰਦਾ ਸੀ ਤੇ ਅਕਾਰਨ ਹੀ ਸਜ਼ਾ ਦਿੰਦਾ ਰਹਿੰਦਾ ਸੀ। ਬੇੜੀ, ਡੰਡਾ ਬੇੜੀ, ਖੜੀ ਹੱਥਕੜੀ, ਟਾਟ
ਵਰਦੀ ਤੇ ਘੱਟ ਖ਼ੁਰਾਕ ਦੀਆਂ ਲਗਾਤਾਰ ਸਜ਼ਾਵਾਂ ਤੋਂ ਉਹ ਤੰਗ ਪੈ ਗਏ। ਇਸ ਅਵਸਥਾ ਵਿੱਚ ਭਾਈ
ਜਵਾਲਾ ਸਿੰਘ ਨੇ ਜੇਲ੍ਹ ਸੁਪਰਡੈਂਟ ਅਤੇ ਦਰੋਗੇ ਨੂੰ ਬੰਬਾਂ ਨਾਲ ਉਡਾਉਣ ਉਪਰੰਤ ਜੇਲ੍ਹ
‘ਚੋਂ ਭੱਜ ਨਿਕਲਣ ਦੀ ਯੋਜਨਾ ਸਾਹਮਣੇ ਰੱਖੀ। ਭਾਈ ਪਿਆਰਾ ਸਿੰਘ ਨੇ ਆਪਣੇ ਭਰਾ ਅਤੇ ਇਕ
ਮਿੱਤਰ ਪਾਸੋਂ ਬਾਹਰੋਂ ਕੁਝ ਪੈਸੇ ਮੰਗਾਏ, ਜਿਨ੍ਹਾਂ ਨਾਲ ਵਾਰਡਨ ਨੂੰ ਗ਼ਦਰੀਆਂ ਨੇ ਆਪਣੇ
ਨਾਲ ਗੰਢਿਆਂ ਤੇ ਬੰਬ ਬਣਾਉਣ ਦਾ ਮਸਾਲਾ ਅੰਦਰ ਮੰਗਵਾ ਲਿਆ।
ਕੁਝ ਇਖ਼ਲਾਕੀ ਕੈਦੀਆਂ ਨੂੰ ਭਰੋਸੇ ਵਿੱਚ ਲੈ ਕੇ ਇਹ ਸਕੀਮ ਬਣਾਈ ਗਈ ਕਿ 8 ਦਸੰਬਰ ਨੂੰ ਗ਼ਦਰੀ
ਜੇਲ੍ਹ ਸੁਪਰਡੈਂਟ ਤੇ ਉਸ ਦੇ ਸਟਾਫ ਨੂੰ ਬੰਬਾਂ ਨਾਲ ਉਡਾ ਦੇਣਗੇ ਤੇ ਇਖ਼ਲਾਕੀ ਕੈਦੀ ਇਸ
ਸਮੇਂ ਜੇਲ੍ਹ ਦੇ ਬੂਹੇ ਉਤੇ ਹਮਲਾ ਕਰਕੇ ਜੇਲ੍ਹ ਤੋੜ ਦੇਣਗੇ। ਇਸ ਤਰ੍ਹਾਂ ਸਾਰੇ ਭੱਜ
ਜਾਣਗੇ। ਪਰ ਇਕ ਪਠਾਣ ਇਖ਼ਲਾਕੀ ਕੈਦੀ ਨੇ ਆਪਣੇ ਇਕ ਸਬੰਧੀ ਨੂੰ 8 ਤਾਰੀਖ ਨੂੰ ਬਾਹਰ ਆ ਜਾਣ
ਦੀ ਗੱਲ ਦੱਸ ਦਿੱਤੀ, ਜਿਸ ਪਾਸੋਂ ਜੇਲ੍ਹ ਅਧਿਕਾਰੀਆਂ ਨੂੰ ਸਾਰੀ ਵਿਉਂਤ ਦਾ ਪਤਾ ਲੱਗ ਗਿਆ।
ਜੇਲ੍ਹ ਅਧਿਕਾਰੀਆਂ ਨੇ ਝੱਟ ਹੀ ਗ਼ਦਰੀਆਂ ਦੀਆਂ ਤਲਾਸ਼ੀਆਂ ਲਈਆਂ, ਜਿਨ੍ਹਾਂ ਪਾਸੋਂ ਬੰਬਾਂ ਦਾ
ਮਸਾਲਾ ਫੜ ਲਿਆ। ਸਬੰਧਤ ਵਾਰਡਨ ਨੂੰ ਨੌਕਰੀ ਤੋਂ ਬਰਖ਼ਾਸਤ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ
ਗਿਆ। ਇਸ ਤਰ੍ਹਾਂ ਇਹ ਬਹਾਦਰੀ ਭਰਿਆ ਕਾਰਨਾਮਾ ਵਾਪਰਨ ਤੋਂ ਰਹਿ ਗਿਆ।
ਸਰਕਾਰ ਰਾਵਲਪਿੰਡੀ ਜੇਲ੍ਹ ਦੀ ਇਸ ਘਟਨਾ ਤੋਂ ਕਿਸ ਹੱਦ ਤੱਕ ਭੈ ਭੀਤ ਸੀ, ਇਸ ਦਾ ਅੰਦਾਜ਼ਾ
ਪੰਜਾਬ ਦੀਆਂ ਜੇਲ੍ਹਾਂ ਦੇ ਪ੍ਰਬੰਧ ਦੀ ਰਿਪੋਰਟ ਤੋਂ ਲੱਗਦਾ ਹੈ। ਇਸ ਘਟਨਾ ਦਾ ਜ਼ਿਕਰ
ਕਰਦਿਆਂ ਰਿਪੋਰਟ ਵਿਚ ਲਿਖਿਆ ਗਿਆ ਹੈ,‘‘ਸਭ ਤੋਂ ਖ਼ਤਰਨਾਕ ਘਟਨਾ ਰਾਵਲਪਿੰਡੀ ਜੇਲ੍ਹ ਵਿੱਚ
ਵਾਪਰੀ, ਜਿਥੇ ਕੈਦੀਆਂ ਨੇ ਜੇਲ੍ਹ ਦੇ ਸੁਪਰਡੈਂਟ ਤੇ ਦੂਸਰੇ ਅਫ਼ਸਰਾਂ ਨੂੰ ਬੰਬਾਂ ਦੁਆਰਾ
ਮਾਰ ਮੁਕਾ ਦੇਣ ਦੀ ਸਾਜਿਸ਼ ਰਚੀ, ਜਿਸ ਦੀ ਖਾਤਰ ਮਸਾਲਾ ਸਟਾਫ਼ ਦੇ ਕੁਝ ਮੈਂਬਰਾਂ ਰਾਹੀਂ
ਜੇਲ੍ਹ ਵਿੱਚ ਆਇਆ ਸੀ। ਇਸ ਮਾਮਲੇ ਵਿੱਚ ਰਿੰਗ ਲੀਡਰ ਲਾਹੌਰ ਸਾਜ਼ਿਸ਼ ਕੇਸ ਵਿੱਚ ਸਜ਼ਾ ਪ੍ਰਾਪਤ
ਵਾਪਸ ਆਏ ਪ੍ਰਵਾਸੀ ਸਨ। ਖੁਸ਼ਕਿਸਮਤੀ ਨਾਲ ਇਹ ਛੜਯੰਤਰ ਸਮੇਂ ਸਿਰ ਦੇਖ ਲਿਆ ਗਿਆ ਭਾਵੇਂ ਕਿ
ਸਥਾਨਕ ਜੇਲ੍ਹ ਅਧਿਕਾਰੀ ਸ਼ੁਰੂ ਵਿੱਚ ਇਸਦੀ ਗੰਭੀਰਤਾ ਨੂੰ ਜਾਣ ਸਕਣ ਵਿੱਚ ਅਸਫ਼ਲ ਰਹੇ।‘‘
ਲਾਹੌਰ ਸਾਜਿਸ਼ ਕੇਸ ਦੇ ਮੁਕੱਦਮਿਆਂ ਵਿੱਚ ਲਗਭਗ ਸਭ ਮੁਖੀ ਗ਼ਦਰੀ ਜੇਲ੍ਹਾਂ ਵਿੱਚ ਡੱਕ ਦਿੱਤੇ
ਗਏ ਸਨ। ਸਰਕਾਰ ਆਪਣੇ ਤੌਰ ‘ਤੇ ਗ਼ਦਰ ਦੀ ਸਾਰੀ ਸਾਜਿਸ਼ ਤੋਂ ਬਹੁਤ ਘਬਰਾ ਚੁੱਕੀ ਸੀ। ਉਸ ਨੇ
ਦੇਸ਼ ਵਿੱਚ ਦਹਿਸ਼ਤ ਦਾ ਦੌਰ ਆਰੰਭ ਕੀਤਾ ਹੋਇਆ ਸੀ। ਸਰਕਾਰ ਦੇ ਇਸ ਦਹਿਸ਼ਤ ਦੇ ਕਦਮਾਂ ਦੀ
ਤਸਵੀਰ 1917-18 ਦੀ ਪ੍ਰਬੰਧਕ ਰਿਪੋਰਟ ਦੀ ਹੇਠਲੀ ਲਿਖਤ ਤੋਂ ਪ੍ਰਗਟ ਹੈ,‘‘ਕੁਝ ਰਾਜਸੀ
ਮੁਕੱਦਮੇ ਜਿਹੜੇ ਚਲਾਏ ਗਏ, ਉਹ 1915-16 ਦੀ ਵਡੇਰੀ ਗ਼ਦਰ ਸਾਜਿਸ਼ ਦਾ ਹੀ ਅੰਗ ਮਾਤਰ ਸਨ।
ਇਨ੍ਹਾਂ ਮੁਕੱਦਮਿਆਂ ਨੂੰ ਸਫ਼ਲਤਾ ਨਾਲ ਨੇਪਰੇ ਚਾੜ੍ਹਿਆ ਗਿਆ। ਵਿਭਾਗ ਦੀ ਸ਼ਾਂਤੀ ਮੁੱਖ ਤੌਰ
‘ਤੇ ਕੁਝ ਸੈਂਕੜੇ ਪ੍ਰਵਾਸੀਆਂ ਦੀ ਨਿਗਰਾਨੀ ਕਰਨ ਉਪਰ ਹੀ ਕੇਂਦਰਤ ਰਹੀ, ਜਿਨ੍ਹਾਂ ਵਿੱਚ ਉਹ
ਵੀ ਸ਼ਾਮਲ ਸਨ, ਜੋ ਅਮਰੀਕਾ ਤੋਂ ਦੂਰ ਪੂਰਬ ਵਿੱਚ ਗ਼ਦਰ ਲਹਿਰ ਨਾਲ ਘਟ ਜਾਂ ਵੱਧ ਸਿੱਧੇ ਤੌਰ
‘ਤੇ ਸਬੰਧਿਤ ਸਨ, ਜੋ ਇਸ ਵਰ੍ਹੇ ਆਪਣੇ ਘਰੀਂ ਪਰਤੇ ਸਨ। ਇਹਨਾਂ ਵਿਚੋਂ 27 ਨੂੰ ਇਨਗਰੈਸ
ਆਰਡੀਨੈਂਸ ਅਧੀਨ ਪਿੰਡਾਂ ਵਿੱਚ ਬੰਦ ਕਰ ਦਿੱਤਾ ਗਿਆ। 1917 ਦੇ ਅਖੀਰ ਵਿੱਚ ਜ਼ਮਾਨਤ ਉਪਰ
ਛੱਡੇ ਅਥਵਾ ਪਿੰਡਾਂ ਵਿੱਚ ਬੰਦ ਵਿਅਕਤੀਆਂ ਦੀ ਗਿਣਤੀ 469 ਸੀ। ਇਸ ਤੋਂ ਪਹਿਲੇ ਵਰ੍ਹੇ ਇਸ
ਤੋਂ ਵੀ ਜ਼ਿਆਦਾ ਵਿਅਕਤੀ ਪਿੰਡ ਬੰਦ ਸਨ।‘‘
ਨਾ ਕੇਵਲ ਗ਼ਦਰ ਪਾਰਟੀ ਦੇ ਮੈਂਬਰਾਂ ਤੇ ਹਮਦਰਦਾਂ, ਸਗੋਂ ਉਨ੍ਹਾਂ ਨਾਲ ਦੂਰੋਂ ਨੇੜਿਉਂ
ਸਬੰਧਤ ਹਰੇਕ ਵਿਅਕਤੀ ਨੂੰ ਵੀ ਸਰਕਾਰ ਨੇ ਆਪਣੇ ਜਬਰ ਦਾ ਨਿਸ਼ਾਨਾ ਬਣਾਇਆ ਸੀ। ਨਤੀਜੇ ਵਜੋਂ
ਸਾਰੇ ਪੰਜਾਬ ਅਤੇ ਉਤਰੀ ਭਾਰਤ ਵਿੱਚ ਲੋਕ ਸਹਿਮ ਦੀ ਅਵਸਥਾ ਵਿੱਚ ਦਿਨ ਕੱਟ ਰਹੇ ਸਨ। ਏਨੀਆਂ
ਨਾ ਮੁਆਫ਼ਕ ਸਥਿਤੀਆਂ ਵਿੱਚ ਵੀ ਗ਼ਦਰੀਆਂ ਨੇ ਆਪਣੇ ਨਿਸ਼ਾਨੇ ਨੂੰ ਪਲ ਭਰ ਲਈ ਵੀ ਅੱਖੋਂ ਪਰੋਖੇ
ਨਹੀਂ ਕੀਤਾ, ਸਗੋਂ ਅੰਗਰੇਜ਼ ਸਾਮਰਾਜ ਵਿਰੁੱਧ ਆਪਣੇ ਸੰਘਰਸ਼ ਨੂੰ ਜੇਲ੍ਹਾਂ ਵਿੱਚ ਵੀ ਜਾਰੀ
ਰਖਿਆ। ਗ਼ਦਰੀਆਂ ਨੇ ਵੱਖ-ਵੱਖ ਜੇਲ੍ਹਾਂ ਵਿੱਚ, ਜਦੋਂ ਜੇਲ੍ਹ ਅਧਿਕਾਰੀਆਂ ਵਿਰੁੱਧ ਟੱਕਰ ਲਈ
ਅਤੇ ਜੇਲ੍ਹਾਂ ਭੰਨਣ ਦੀਆਂ ਸਕੀਮਾਂ ਬਣਾਈਆਂ, ਤਾਂ ਉਨ੍ਹਾਂ ਦੇ ਨਾਲ ਜੇਲ੍ਹੀਂ ਬੰਦ ਬਹੁਤ
ਸਾਰੇ ਇਖ਼ਲਾਕੀ ਕੈਦੀਆਂ ਵਿੱਚ ਵੀ ਹੁਕਮਾਂ ਦੀ ਉਲੰਘਣਾ ਕਰਨ ਤੇ ਜੇਲ੍ਹਾਂ ਤੋੜ ਕੇ ਭੱਜ
ਨਿਕਲਣ ਦਾ ਸਾਹਸ ਵਧਿਆ। ਪੰਜਾਬ ਸਰਕਾਰ ਦੀ ਆਪਣੀ ਰਿਪੋਰਟ ਅਨੁਸਾਰ ਰਾਵਲਪਿੰਡੀ ਜੇਲ੍ਹ ਘਟਨਾ
ਦੇ ਨਾਲ ਹੀ ਮੁਲਤਾਨ ਜ਼ਿਲ੍ਹਾ ਜੇਲ੍ਹ ਵਿੱਚ ਇਕ ਉਘਾ ਜੇਲ੍ਹ ਤੋੜਕ ਇਕ ‘ਸਿੱਖ ਬਾਗ਼ੀ‘ ਨਾਲ
ਸੁਰ ਮਿਲਾ ਕੇ ਬਾਹਰ ਨਿਕਲ ਗਿਆ। ਦੋਨੋਂ ਆਦਮੀ ਕੋਠੀਆਂ ਵਿੱਚ ਬੰਦ ਸਨ। ਇਕ ਕੈਦੀ ਆਪਣੀ
ਬੇੜੀਆਂ ਤੋੜਨ ਤੇ ਆਟਾ ਪੀਸਣ ਵਾਲੀ ਚੱਕੀ ਦੀ ਹੱਥੀ ਪੁੱਟਣ ਵਿੱਚ ਸਫ਼ਲ ਹੋ ਗਿਆ। ਇਨ੍ਹਾਂ
ਦੋਹਾਂ ਚੀਜ਼ਾਂ ਨਾਲ ਹਥਿਆਰਬੰਦ ਹੋ ਕੇ ਉਹ ਰੋਸ਼ਨਦਾਨ ਉਤੇ ਚੜ੍ਹ ਗਿਆ। ਉਥੋਂ ਉਸਨੇ ਛੱਤ ਵਿੱਚ
ਮੋਘਾ ਕਰ ਦਿੱਤਾ ਅਤੇ ਇਸ ਤਰ੍ਹਾਂ ਬਾਹਰ ਨਿਕਲ ਗਿਆ ਤੇ ਫਿਰ ਉਸ ਨੇ ਦੂਸਰੇ ਕੈਦੀ ਦੀ ਕੋਠੜੀ
ਵਿੱਚ ਮਘੋਰਾ ਕਢਿਆ। ਦੋਨੋਂ ਆਦਮੀ ਨਾਲ ਦੀਆਂ ਕੋਠੜੀਆਂ ਦੀਆਂ ਛੱਤਾਂ ਉਤੋਂ ਦੀ ਹੁੰਦੇ ਹੋਏ
ਦਰੀ ਬੁਨਣ ਵਾਲੇ ਅਹਾਤੇ ਵਿੱਚ ਚਲੇ ਗਏ, ਜਿਥੇ ਉਹਨਾਂ ਕੁਝ ਬਾਂਸ ਚੁੱਕੇ ਤੇ ਉਨ੍ਹਾਂ ਦੀ
ਪੌੜੀ ਬਣਾ ਲਈ। ਇਕ ਦਰਖਤ ਹੇਠਾਂ ਝੁਕ ਕੇ ਉਨ੍ਹਾਂ ਬਾਹਰਲੀ ਦੀਵਾਰ ਦੇ ਸੰਤਰੀ ਨੂੰ ਤਾੜਿਆ
ਅਤੇ ਮੌਕਾ ਪਾ ਕੇ ਛੇਤੀ ਨਾਲ ਪੌੜੀ ਦੀਵਾਰ ਨਾਲ ਲਾਈ ਤੇ ਕੰਧ ਉਤੇ ਚੜ੍ਹ ਗਏ।
ਇਸ ਤਰ੍ਹਾਂ ਦੀਆਂ ਘਟਨਾਵਾਂ ਮਿੰਟਗੁਮਰੀ, ਧਾਰੀਵਾਲ ਜੇਲ੍ਹ ਅਤੇ ਹੋਰਨੀਂ ਥਾਈਂ ਵਾਪਰੀਆਂ
ਤਾਂ ਸਰਕਾਰ ਨੇ ਗ਼ਦਰੀਆਂ ਨੂੰ ਝਬਦੇ ਹੀ ਏਥੋਂ ਭੇਜਣਾ ਦਰੁਸਤ ਸਮਝਿਆ। ਕਾਲੇ ਪਾਣੀ ਦੀ ਸਜ਼ਾ
ਵਾਲੇ ਸਾਰੇ ਹੀ ਕੈਦੀਆਂ ਨੂੰ ਉਨ੍ਹੀਂ ਦਿਨੀਂ ਅੰਡੇਮਾਨ ਨਹੀਂ ਸੀ ਭੇਜਿਆ ਜਾਂਦਾ, ਸਗੋਂ
ਬਹੁਤ ਸਾਰਿਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਹੀ ਰੱਖ ਲਿਆ ਜਾਂਦਾ ਸੀ। ਸਰਕਾਰੀ
ਅੰਕੜਿਆਂ ਅਨੁਸਾਰ ਸਾਲ 1916 ਵਿੱਚ ਹੀ 263 ਮੁਲਜ਼ਮਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਸੀ,
ਜਦ ਕਿ ਵਾਸਤਵ ਵਿੱਚ ਕੇਵਲ 173 ਹੀ ਅੰਡੇਮਾਨ ਭੇਜੇ ਗਏ। ਇਸ ਸਾਲ ਦੇ ਅਖੀਰ ਵਿੱਚ ਕਾਲੇ
ਪਾਣੀ ਦੀ ਸਜ਼ਾ ਵਾਲੇ 938 ਮੁਲਜ਼ਮ ਪੰਜਾਬ ਦੀਆਂ ਜੇਲ੍ਹਾਂ ਵਿੱਚ ਸਨ। 1915 ਵਿੱਚ ਅਜਿਹੇ
ਕੈਦੀਆਂ ਦੀ ਗਿਣਤੀ ਇਸ ਤੋਂ ਵੀ ਵੱਧ ਅਥਵਾ 1220 ਸੀ। ਗ਼ਦਰੀਆਂ ਨੂੰ ਵੀ ਸ਼ਾਇਦ ਸਰਕਾਰ
ਅੰਡੇਮਾਨ ਨਹੀਂ ਸੀ ਭੇਜਣਾ ਚਾਹੁੰਦੀ, ਪਰ ਜੇਲ੍ਹਾਂ ਅੰਦਰ ਉਨ੍ਹਾਂ ਦੀਆਂ ਸਰਗਰਮੀਆਂ ਅਤੇ
ਦੂਸਰੇ ਕੈਦੀਆਂ ਉਪਰ ਉਨ੍ਹਾਂ ਦੇ ਪੈਂਦੇ ਪ੍ਰਭਾਵ ਨੇ ਸਰਕਾਰ ਨੂੰ ਕਾਹਲ ਕਰਨ ਲਈ ਮਜ਼ਬੂਰ
ਕੀਤਾ। ਇਹ ਕਾਰਨ ਇਸ ਤੱਥ ਤੋਂ ਹੀ ਪ੍ਰਤੱਖ ਹੈ ਕਿ ਰਾਵਲਪਿੰਡੀ ਬੰਬ ਘਟਨਾ ਤੋਂ ਸੱਤ ਦਿਨ
ਪਿਛੋਂ ਹੀ ਗ਼ਦਰੀਆਂ ਨੂੰ ਅੰਡੇਮਾਨ ਲਈ ਰਵਾਨਾ ਕਰ ਦਿੱਤਾ ਗਿਆ।
ਗ਼ਦਰੀਆਂ ਨੂੰ ਅੰਡੇਮਾਨ ਭੇਜਣ ਦੇ ਫੈਸਲੇ ਪਿਛੇ ਉਪਰੋਕਤ ਕਾਰਨ ਤੋਂ ਬਿਨ੍ਹਾਂ ਦੋ ਹੋਰ ਵੀ
ਮਹੱਤਵਪੂਰਨ ਗੱਲਾਂ ਕੰਮ ਕਰਦੀਆਂ ਸਨ। ਭਾਵੇਂ ਸਰਕਾਰ ਨੇ ਗ਼ਦਰ ਦੀ ਸਕੀਮ ਨੂੰ ਨਾਕਾਮ ਕਰ
ਦਿੱਤਾ ਸੀ ਅਤੇ ਸਰਕਾਰ ਨੇ ਪੰਜਾਬ ਵਿੱਚ ਕਿਸੇ ਵੀ ਅਜਿਹੀ ਸਰਕਾਰ ਵਿਰੋਧੀ ਸਰਗਰਮੀ ਦਾ ਰਾਹ
ਰੋਕਣ ਲਈ ਦਹਿਸ਼ਤ ਫੈਲਾ ਰੱਖੀ ਸੀ, ਤਦ ਵੀ ਉਹ ਖ਼ਿਆਲ ਕਰਦੀ ਸੀ ਕਿ ਗ਼ਦਰੀਆਂ ਦਾ ਪੰਜਾਬ ਵਿੱਚ
ਜਨਤਕ ਪ੍ਰਭਾਵ ਪੈਦਾ ਹੋ ਚੁਕਿਆ ਹੈ, ਖਾਸ ਕਰ ਉਨ੍ਹਾਂ ਦੇ ਅਨੇਕ ਸਾਥੀਆਂ ਵਲੋਂ ਦੇਸ਼ ਦੀ
ਅਜ਼ਾਦੀ ਦੀ ਖਾਤਰ ਖਿੜੇ ਮੱਥੇ ਸੂਲੀ ‘ਤੇ ਲਟਕ ਜਾਣ ਦੀ ਲਾਮਿਸਾਲ ਕੁਰਬਾਨੀ ਨੇ ਤਾਂ ਉਨ੍ਹਾਂ
ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਹੋਰ ਵੀ ਜ਼ਿਆਦਾ ਹੀਰੋ ਬਣਾ ਦਿੱਤਾ ਸੀ। ਇਸ ਲਈ ਸਰਕਾਰ ਨੂੰ
ਡਰ ਸੀ ਕਿ ਜੇ ਗ਼ਦਰੀ ਪੰਜਾਬ ਦੀਆਂ ਜੇਲ੍ਹਾਂ ਵਿੱਚ ਰਹਿੰਦੇ ਹਨ ਤਾਂ ਉਨ੍ਹਾਂ ਦਾ ਜਨਤਕ
ਪ੍ਰਭਾਵ ਕਿਸੇ ਵੀ ਸਮੇਂ ਭਿਆਨਕ ਘਟਨਾ ਨੂੰ ਜਨਮ ਦੇ ਸਕਦਾ ਹੈ। ਇਸ ਤੋਂ ਬਿਨਾਂ ਇਹ ਵੀ
ਸਪੱਸ਼ਟ ਹੋ ਚੁੱਕਿਆ ਸੀ ਕਿ ਗ਼ਦਰੀਆਂ ਨੇ ਆਪਣੇ ਪ੍ਰਸਤਾਵਤ ਇਨਕਲਾਬ ਦੀ ਸਫ਼ਲਤਾ ਲਈ ਸਥਾਨਕ
ਫੌਜੀ ਛਾਉਣੀਆਂ ਵਿੱਚ ਕੁਝ ਕੰਮ ਕੀਤਾ ਸੀ। ਭਾਵੇਂ ਗ਼ਦਰ ਦੀ ਸਕੀਮ ਨਾਲ ਸਬੰਧਿਤ ਫੌਜੀਆਂ ਦਾ
ਕੋਰਟ ਮਾਰਸ਼ਲ ਕੀਤਾ ਗਿਆ ਸੀ ਤੇ ਉਨ੍ਹਾਂ ਵਿਚੋਂ ਵੀ ਕਈ ਫਾਂਸੀ ਦੇ ਰੱਸਿਆਂ ਉਪਰ ਝੂਲ ਗਏ ਸਨ
ਜਾਂ ਜੇਲ੍ਹੀਂ ਪੈ ਗਏ ਸਨ, ਫੇਰ ਵੀ ਗ਼ਦਰੀਆਂ ਦੀ ਮੌਜੂਦਗੀ ਪੰਜਾਬ ਦੀਆਂ ਫੌਜੀ ਛਾਉਣੀਆਂ ਦੇ
ਪ੍ਰਸੰਗ ਵਿੱਚ ਵੀ ਸਰਕਾਰ ਲਈ ਮਹਿੰਗੀ ਸਾਬਿਤ ਹੋ ਸਕਦੀ ਸੀ। ਇਹਨਾਂ ਸਭ ਕਾਰਨਾਂ ਕਰ ਕੇ
ਗ਼ਦਰੀਆਂ ਨੂੰ ਦਸੰਬਰ, 1915 ਵਿੱਚ ਅੰਡੇਮਾਨ ਲਿਜਾਇਆ ਗਿਆ।
ਪਹਿਲੇ ਜਥੇ ਵਿੱਚ ਉਹ ਕੈਦੀ ਭੇਜੇ ਗਏ, ਜਿਨ੍ਹਾਂ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਹੋਈ ਸੀ ਅਤੇ
ਮਗਰੋਂ ਉਮਰ ਕੈਦ ਵਿੱਚ ਪਰਤਾ ਦਿੱਤੀ ਗਈ ਸੀ। ਦੂਸਰੇ ਜਥੇ ਵਿੱਚ ਉਹ ਸਭ ਗ਼ਦਰੀ ਭੇਜੇ ਗਏ,
ਜਿਨ੍ਹਾਂ ਨੂੰ ਉਮਰ ਕੈਦ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਹੋਈ ਸੀ। ਭਾਵੇਂ ਰਵਾਇਤ ਇਹ ਸੀ ਕਿ
ਚਾਲੀ ਸਾਲ ਦੀ ਉਮਰ ਤੋਂ ਜ਼ਿਆਦਾ ਦਾ ਕੋਈ ਵੀ ਕੈਦੀ ਅੰਡੇਮਾਨ ਨਹੀਂ ਸੀ ਭੇਜਿਆ ਜਾਂਦਾ, ਪਰ
ਗ਼ਦਰ ਪਾਰਟੀ ਦੇ ਇਨ੍ਹਾਂ ਖ਼ਤਰਨਾਕ ਕੈਦੀਆਂ ਉਪਰ ਇਹ ਨਿਯਮ ਲਾਗੂ ਨਾ ਕੀਤਾ ਗਿਆ ਅਤੇ ਸਭ
ਕੈਦੀਆਂ ਨੂੰ ਬਿਨਾਂ ਉਮਰ ਦਾ ਖ਼ਿਆਲ ਕੀਤੇ ਜਾਂ ਕਿਸੇ ਪ੍ਰਕਾਰ ਦੀ ਡਾਕਟਰੀ ਪੜਤਾਲ ਦੇ
ਅੰਡੇਮਾਨ ਲਈ ਤਿਆਰ ਕੀਤਾ ਗਿਆ। ਸੱਠ-ਸੱਠ ਸਾਲ ਦੇ ਬੁੱਢੇ ਵੀ ਅੰਡੇਮਾਨ ਭੇਜੇ ਗਏ। ਕੇਵਲ
ਖ਼ੜਕ ਸਿੰਘ ਬੋਪਾਰਾਏ ਅਤੇ ਪੂਰਨ ਸਿੰਘ ਈਸੇਵਾਲ ਹੀ ਦੇਸ਼ ਵਿੱਚ ਰੱਖੇ ਗਏ, ਕਿਉਂਕਿ ਇਨ੍ਹਾਂ
ਦੀ ਉਮਰ ਬਹੁਤ ਛੋਟੀ ਸੀ ਅਤੇ ਉਹ ਬਾਲਗ ਵੀ ਨਹੀਂ ਸਨ। ਆਮ ਤੌਰ ‘ਤੇ ਕੈਦੀਆਂ ਨੂੰ ਕਾਲੇਪਾਣੀ
ਤੋਰਨ ਤੋਂ ਪਹਿਲਾਂ ਉਨ੍ਹਾਂ ਦੇ ਵਾਰਸਾਂ ਨਾਲ ਮੁਲਾਕਾਤ ਕਰਾਈ ਜਾਂਦੀ ਸੀ, ਪਰ ਗ਼ਦਰੀਆਂ ਨੂੰ
ਆਪਣੇ ਸਬੰਧੀਆਂ ਨਾਲ ਅਜਿਹੀ ਮੁਲਾਕਾਤ ਦਾ ਵੀ ਮੌਕਾ ਨਾ ਦਿੱਤਾ ਗਿਆ। ਸਭ ਜਲਾਵਤਨੀਆਂ ਨੂੰ
ਲਾਹੌਰ ਦੀ ਮੀਆਂ ਮੀਰ ਛਾਉਣੀ ਦੇ ਸਟੇਸ਼ਨ ਉਤੇ ਇਕੱਠਾ ਕਰ ਲਿਆ ਗਿਆ ਅਤੇ ਲੋਹੇ ਦੀਆਂ ਸੀਖਾਂ
ਵਾਲੇ ਡੱਬਿਆਂ ਵਿੱਚ ਬੰਦ ਕਰਕੇ ਕਲੱਕਤੇ ਨੂੰ ਜਾਣ ਵਾਲੀ ਗੱਡੀ ਵਿੱਚ ਬਿਠਾਇਆ ਗਿਆ। ਗੱਡੀ
ਦੇ ਤਿੰਨ ਦਿਨ ਤੇ ਰਾਤਾਂ ਦੇ ਸਫ਼ਰ ਦੌਰਾਨ ਬੇੜੀਆਂ ਤੋਂ ਬਿਨਾਂ ਇਕੋ ਹੱਥਕੜੀ ਨਾਲ ਦੋ-ਦੋ
ਗ਼ਦਰੀ ਜਕੜੇ ਹੋਏ ਸਨ। ਜਦ ਗੱਡੀ ਕਲੱਕਤੇ ਪੁੱਜੀ, ਤਾਂ ਰੇਲਵੇ ਸਟੇਸ਼ਨ ਉਤੇ ਪੰਜਾਬ ਦੀ ਖ਼ੁਫੀਆ
ਪੁਲੀਸ ਦੇ ਮੈਂਬਰ ਚੋਖੀ ਗਿਣਤੀ ਵਿੱਚ ਉਥੇ ਜਮ੍ਹਾਂ ਸਨ। ਜੇ ਕੋਈ ਬੰਗਾਲੀ ਬਾਬੂ ਬੇੜੀਆਂ ਤੇ
ਹੱਥਕੜੀਆਂ ਵਿੱਚ ਜਕੜੇ ਗ਼ਦਰੀਆਂ ਨੂੰ ਵੇਖਕੇ ਉਨ੍ਹਾਂ ਬਾਬਤ ਸਵਾਲ ਪੁੱਛਦਾ ਤਾਂ ਖੁਫ਼ੀਆ
ਪੁਲੀਸ ਦੇ ਆਦਮੀ ਝੱਟ ਹੀ ਆਖ ਦਿੰਦੇ ਕਿ ਉਹ ਡਾਕੂ ਹਨ। ਗ਼ਦਰੀ ਵੀ ਬੋਲ ਉਠਦੇ ਕਿ ਉਤਰ ਦੇਣ
ਵਾਲਾ ਬਕਵਾਸ ਕਰ ਰਿਹਾ ਹੈ ਤੇ ਉਹ ਸੀ.ਆਈ.ਡੀ. ਦਾ ਆਦਮੀ ਹੈ।
ਅੰਡੇਮਾਨ ਲਈ ਕੈਦੀ ਅਤੇ ਹੋਰ ਮੁਸਾਫ਼ਰ ਲਿਜਾਣ ਦਾ ਕੰਮ ਇਕੋ ‘ਮਹਾਰਾਜਾ‘ ਨਾਉਂ ਦਾ ਜਹਾਜ਼
ਕਰਦਾ ਸੀ। ਇਸ ਲਈ ਅੰਡੇਮਾਨ ਭੇਜੇ ਜਾਣ ਵਾਲੇ ਉਤਰੀ ਭਾਰਤ ਦੇ ਸਭ ਕੈਦੀਆਂ ਨੂੰ ਜਹਾਜ਼ ਦੀ
ਉਡੀਕ ਵਿੱਚ ਕੁਝ ਸਮਾਂ ਆਮ ਤੌਰ ‘ਤੇ ਕਲੱਕਤੇ ਦੀ ਅਲੀਪੁਰ ਜੇਲ੍ਹ ਵਿੱਚ ਅਟਕਣਾ ਪੈਂਦਾ ਸੀ।
ਗ਼ਦਰੀ ਕੈਦੀਆਂ ਦੀ ਪਹਿਲੀ ਟੋਲੀ ਨੂੰ ਵੀ ਇਸੇ ਤਰ੍ਹਾਂ ਇਕ ਹਫ਼ਤਾ ਅਲੀਪੁਰ ਜੇਲ੍ਹ ਵਿੱਚ ਰੱਖਣ
ਉਪਰੰਤ 7 ਦਸੰਬਰ ਨੂੰ ਹੋਰ ਬਹੁਤ ਸਾਰੇ ਇਖ਼ਲਾਕੀ ਕੈਦੀਆਂ ਨਾਲ ‘ਮਹਾਰਾਜਾ‘ ਜਹਾਜ਼ ਉਪਰ ਸਵਾਰ
ਕੀਤਾ ਗਿਆ। ਤਿੰਨ ਦਿਨ ਪਿਛੋਂ ਜਹਾਜ਼ ਪੋਰਟ ਬਲੇਅਰ ਅੰਡੇਮਾਨ ਵਿੱਚ ਜਾ ਲੱਗਾ। ਸਭ ਕੈਦੀਆਂ
ਨੂੰ ਡਾਕਟਰੀ ਜਾਂਚ ਮਗਰੋਂ ਪੁਲੀਸ ਹਿਰਾਸਤ ਵਿੱਚ ਸੈਲੂਲਰ ਜੇਲ੍ਹ ਵਿੱਚ ਪੁਚਾ ਦਿੱਤਾ ਗਿਆ
ਜੋ ਨਵੇਂ ਜਾਣ ਵਾਲੇ ਜਲਾਵਤਨੀਆਂ ਲਈ ਨਿਯਤ ਸੀ। ਕੁਝ ਹੀ ਸਮੇਂ ਪਿਛੋਂ ਗ਼ਦਰੀਆਂ ਦਾ ਦੂਸਰਾ
ਜੱਥਾ ਵੀ ਉਥੇ ਪੁੱਜ ਗਿਆ।
ਅੰਡੇਮਾਨ ਜੇਲ੍ਹ ਦੀ ਸਥਾਪਨਾ ਰਾਜਸੀ ਕੈਦੀਆਂ ਲਈ ਹੀ ਕੀਤੀ ਗਈ ਸੀ ਅਤੇ ਰਾਜਸੀ ਕੈਦੀਆਂ ਨੇ
ਹੀ ਇਸ ਨੂੰ ਖ਼ਤਮ ਕਰਵਾਇਆ ਸੀ। 1857 ਦੇ ਗ਼ਦਰ ਪਿਛੋਂ ਏਨੇ ਆਦਮੀਆਂ ਨੂੰ ਸਜ਼ਾ ਦਿੱਤੀ ਗਈ ਸੀ
ਕਿ ਭਾਰਤੀ ਜੇਲ੍ਹਾਂ ਵਿੱਚ ਉਨ੍ਹਾਂ ਲਈ ਜਗ੍ਹਾ ਨਹੀਂ ਸੀ ਰਹਿ ਗਈ। ਇਸ ਲਈ ਸਰਕਾਰ ਨੇ ਉਹਨਾਂ
ਨੂੰ ਅੰਡੇਮਾਨ ਭੇਜਣ ਦਾ ਪ੍ਰਬੰਧ ਕੀਤਾ ਸੀ। ਉਨ੍ਹੀਂ ਦਿਨੀਂ ਅੰਡੇਮਾਨ ਜੇਲ੍ਹ ਲਈ ਜਾਣਾ
ਅਤਿਅੰਤ ਅਣ-ਸੁਖਾਵਾਂ ਸੀ। ਅੱਜ-ਕਲ੍ਹ ਅੰਡੇਮਾਨ ਵਿੱਚ ਕਿੰਨੇ ਹੀ ਸੁੰਦਰ ਸ਼ਹਿਰ ਵੇਖਣ ਨੂੰ
ਮਿਲਦੇ ਹਨ। ਇਹ ਸ਼ਹਿਰ ਉਹਨਾਂ ਰਾਜਨੀਤਕ ਕੈਦੀਆਂ ਦੀ ਲਾਸ਼ਾਂ ਉਤੇ ਉਸਰੇ ਹਨ। ਅਭਾਗੇ ਕੈਦੀਆਂ
ਨੇ ਧੁੱਪਾਂ ਵਿੱਚ ਸੜਕੇ, ਮੀਂਹ ਵਿੱਚ ਭਿਜ ਕੇ, ਮਲੇਰੀਏ ਤੇ ਪੇਚਿਸ਼ ਨਾਲ ਲੜਾਈ ਲੜ ਕੇ,
ਜੰਗਲ ਕੱਟ ਕੇ ਛੋਟੇ-ਛੋਟੇ ਸ਼ਹਿਰਾਂ ਦੀ ਨੀਂਹ ਰੱਖੀ ਸੀ। ਪਹਿਲਾਂ ਤਾਂ ਏਥੇ ਰਾਜਸੀ ਕੈਦੀ ਹੀ
ਭੇਜੇ ਗਏ ਸਨ। ਮਗਰੋਂ ਸਾਧਾਰਣ ਇਖ਼ਲਾਕੀ ਕੈਦੀ ਵੀ ਭੇਜੇ ਜਾਣ ਲੱਗੇ। ਸਾਧਾਰਣ ਕੈਦੀਆਂ ਨੂੰ
ਅੰਡੇਮਾਨ ਜੇਲ੍ਹ ਵਿੱਚ ਤਿੰਨ ਮਹੀਨੇ ਤੋਂ ਲੈ ਕੇ ਦੋ ਸਾਲ ਤੱਕ ਰਖਿਆ ਜਾਂਦਾ ਸੀ। ਮਗਰੋਂ
ਉਨ੍ਹਾਂ ਨੂੰ ਭਿੰਨ-ਭਿੰਨ ਟਾਪੂਆਂ ਵਿੱਚ ਭੇਜ ਦਿੱਤਾ ਜਾਂਦਾ ਸੀ। ਉਥੇ ਵੀ ਉਨ੍ਹਾਂ ਨੂੰ
ਲੰਮੇ ਸਮੇਂ ਤੱਕ ਕੈਦੀਆਂ ਵਾਂਗ ਹੀ ਰਹਿਣਾ ਪੈਂਦਾ ਸੀ। ਸਰਕਾਰੀ ਕੰਮ ਕਰਨਾ ਪੈਂਦਾ ਅਤੇ
ਸਰਕਾਰ ਵਲੋਂ ਹੀ ਉਨ੍ਹਾਂ ਨੂੰ ਖਾਣਾ ਮਿਲਦਾ ਸੀ। ਪਰ ਉਥੇ ਇਨ੍ਹਾਂ ਨੂੰ ਜੇਲ੍ਹ ਤੋਂ ਕੁਝ ਕੁ
ਅਜ਼ਾਦੀ ਵੀ ਸੀ। ਰਾਜਨੀਤਕ ਕੈਦੀਆਂ ਲਈ ਅਜਿਹਾ ਕੋਈ ਵੱਖ ਪ੍ਰਬੰਧ ਨਹੀਂ ਸੀ ਕੀਤਾ ਜਾਂਦਾ।
ਉਨ੍ਹਾਂ ਨੂੰ ਲਗਾਤਾਰ ਜੇਲ੍ਹ ਵਿੱਚ ਹੀ ਰਹਿਣਾ ਪੈਂਦਾ ਸੀ।
ਸੈਲੂਲਰ ਜੇਲ੍ਹ - ਸੈਲੂਲਰ ਜੇਲ੍ਹ ਸੱਤ ਬੈਰਕਾਂ ਵਿੱਚ ਵੰਡੀ ਹੋਈ ਤਿੰਨ ਮੰਜ਼ਲੀ
ਇਮਾਰਤ ਸੀ। ਹਰ ਬੈਰਕ ਕੇਂਦਰੀ ਬੁਰਜ ਨਾਲ ਜੁੜਦੀ ਸੀ। ਇਹਨਾਂ ਸੱਤ ਬੈਰਕਾਂ ਦੇ ਦੁਆਲੇ
ਦਾਇਰੇ ਦੀ ਸ਼ਕਲ ਵਿੱਚ ਇਕ ਤਕੜੀ ਕੰਧ ਸੀ। ਬੈਰਕ ਦੀ ਹਰ ਮੰਜ਼ਲ ਵਿੱਚ ਕੋਠੜੀਆਂ ਦੀ ਇਕ ਕਤਾਰ
ਸੀ, ਜਿਨ੍ਹਾਂ ਵਿੱਚ ਬੂਹਿਆਂ ਦੀ ਥਾਂ ਸੀਖਾਂ ਲੱਗੀਆਂ ਹੋਈਆਂ ਸਨ। ਕੋਠੜੀਆਂ ਦੇ ਮੁਹਰਲਾ
ਬਰਾਂਡਾ ਵੀ ਸੀਖਾਂ ਨਾਲ ਬੰਦ ਹੁੰਦਾ ਸੀ। ਸਭਨਾਂ ਬੈਰਕਾਂ ਦੇ ਬਰਾਂਡਿਆਂ ਦੇ ਬੂਹੇ ਕੇਂਦਰੀ
ਬੁਰਜ ਵਿੱਚ ਖੁਲਦੇ ਸਨ। ਇਸ ਲਈ ਕਿਸੇ ਵੀ ਬੈਰਕ ਅਥਵਾ ਕੋਠੜੀ ਵਿੱਚ ਪੁੱਜਣ ਲਈ ਕੇਂਦਰੀ
ਬੁਰਜ ਤੋਂ ਹੀ ਹੋ ਕੇ ਲੰਘਣਾ ਪੈਂਦਾ ਸੀ। ਇਸ ਪ੍ਰਕਾਰ ਇਸ ਬੁਰਜ ਤੋਂ ਹੀ ਸਾਰੀ ਜੇਲ੍ਹ ਦੀ
ਨਿਗਰਾਨੀ ਹੋ ਜਾਂਦੀ ਸੀ। ਇਕ ਬੈਰਕ ਦਾ ਦੂਸਰੀ ਨਾਲ ਕੇਂਦਰੀ ਬੁਰਜ ਤੋਂ ਬਿਨਾਂ ਆਪਸ ਵਿੱਚ
ਕੋਈ ਸਿੱਧਾ ਸੰਬੰਧ ਨਹੀਂ ਸੀ। ਹਰ ਬੈਰਕ ਦੇ ਸਾਹਮਣੇ ਅਹਾਤੇ ਸਨ, ਜਿਥੇ ਕੰਮ ਦੀਆਂ
ਵਰਕਸ਼ਾਪਾਂ ਸਨ ਅਤੇ ਨਹਾਣ ਧੋਣ ਲਈ ਇਕ ਸ਼ੈਡ ਹੁੰਦਾ ਸੀ, ਜਿਥੇ ਸਮੁੰਦਰ ਦਾ ਪਾਣੀ ਮਿਲਦਾ ਸੀ।
ਗ਼ਦਰੀ ਦੇਸ਼ ਭਗਤਾਂ ਨੂੰ ਜੇਲ੍ਹ ਦੀਆਂ ਸੱਤ ਹੀ ਬੈਰਕਾਂ ਵਿੱਚ ਖਿੰਡਾ ਕੇ ਵੱਖ-ਵੱਖ ਕੋਠੜੀਆਂ
ਵਿੱਚ ਇਕੱਲੇ-ਇਕੱਲੇ ਬੰਦ ਕਰ ਦਿੱਤਾ ਗਿਆ।
ਇਨ੍ਹਾਂ ਗ਼ਦਰੀ ਦੇਸ਼ ਭਗਤਾਂ ਦੇ ਇਥੇ ਪੁੱਜਣ ਤੋਂ ਪਹਿਲਾਂ ਕਈ ਹੋਰ ਦੇਸ਼ ਭਗਤ ਜਲਾਵਤਨ ਜਿਹਾ
ਕਿ ਵਨਾਇਕ ਸਾਵਰਕਰ, ਗਨੇਸ਼ ਸਾਵਰਕਰ ਮਰਹੱਟੇ, ਵਰਿੰਦਰ ਘੋਸ਼, ਉਪਿੰਦਰ ਨਾਥ ਬੈਨਰਜੀ, ਆਸ਼ੂਤੋਸ਼
ਲਹਿਰੀ, ਤਰਲੋਕੀ ਨਾਥ ਚੱਕਰਵਰਤੀ, ਪੁਲਿਨ ਬਿਹਾਰੀ ਦਾਸ, ਜਿਓਤਸ਼ ਚੰਦਰ ਪਾਲ, ਭੁਪਿੰਦਰ ਨਾਥ
ਘੋਸ਼ ਆਦਿ ਅਨੁਸ਼ੀਲਨ ਸਮਿਮਤੀ ਅਤੇ ਹੋਰ ਕ੍ਰਾਂਤੀਕਾਰੀ ਲਹਿਰਾਂ ਨਾਲ ਸਬੰਧਤ ਬੰਗਾਲੀ ਵੀ ਇਥੇ
ਮੌਜੂਦ ਸਨ। ਲਾਹੌਰ ਸਾਜ਼ਿਸ਼ ਕੇਸ ਦੇ ਗ਼ਦਰੀਆਂ ਦੇ ਆਉਣ ਤੋਂ ਪਹਿਲਾਂ ਖਾਲਸਾ ਕਾਲਜ ਅੰਮ੍ਰਿਤਸਰ
ਦੇ ਪ੍ਰਿੰਸੀਪਲ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਹੋਏ ਭਾਈ ਚਤਰ ਸਿੰਘ ਵੀ ਇਥੇ ਪੁੱਜੇ ਹੋਏ
ਸਨ। ਇਹਨਾਂ ਦੀ ਜ਼ਬਾਨੀ ਹੀ ਜੇਲ੍ਹ ਅਧਿਕਾਰੀਆਂ ਦੀ ਤਸ਼ਦੱਦ ਵਾਲੀ ਨੀਤੀ ਅਤੇ ਕੋਹਲੂ ਵਰਗੀਆਂ
ਗ਼ੈਰ-ਇਨਸਾਨੀ ਮੁਸ਼ਕੱਤਾਂ ਬਾਬਤ ਪਤਾ ਲਗਿਆ। ਸਭ ਤੋਂ ਸਖ਼ਤ ਤੇ ਘਿਨਾਉਣੀ ਮੁਸ਼ਕੱਤ ਕੋਹਲੂ ਦੀ
ਸੀ। ਇਹ ਕੋਹਲੂ ਕੋਠੜੀਆਂ ਵਿੱਚ ਹੀ ਲੱਗੇ ਹੋਏ ਸਨ। ਕੈਦੀ ਨੂੰ ਨਾਰੀਅਲ ਦਾ ਛਿਲਕਾ ਦਿੱਤਾ
ਜਾਂਦਾ ਸੀ ਅਤੇ ਉਸ ਤੋਂ ਦਿਨ ਵਿੱਚ ਨਾਰੀਅਲ ਦੇ 30 ਪੌਂਡ ਤੇਲ ਦੀ ਮੰਗ ਕੀਤੀ ਜਾਂਦੀ ਸੀ।
ਜੇ ਕੋਈ ਕੈਦੀ 30 ਪੌਂਡ ਤੋਂ ਥੋੜ੍ਹਾ ਜਿੰਨਾ ਵੀ ਘੱਟ ਤੇਲ ਦਿੰਦਾ ਤਾਂ ਸੁਪਰਡੈਂਟ ਜੇਲ੍ਹ
ਜੇ.ਆਰ. ਮਰੇ, ਜੋ ਅਤਿਅੰਤ ਸਖ਼ਤ ਸੁਭਾਅ ਦਾ ਅੰਗਰੇਜ਼ ਸੀ, ਝੱਟ ਹੀ ਤੀਹ ਬੈਂਤਾਂ ਦੀ ਸਜ਼ਾ ਲਿਖ
ਦੇਂਦਾ। ਬੈਂਤ ਵੀ ਇੰਨੇ ਸਖ਼ਤ ਲਗਾਏ ਜਾਂਦੇ ਕਿ ਕੈਦੀ ਦੇ ਖ਼ੂਨ ਵਹਿਣ ਲੱਗ ਜਾਂਦਾ ਅਤੇ ਉਸ ਦਾ
ਮਾਸ ਤੱਕ ਉਡ ਜਾਂਦਾ। ਕਈ ਵਾਰ ਇਸ ਤਰ੍ਹਾਂ ਵਾਪਰਿਆ ਕਿ ਅੱਜ ਕੈਦੀ ਦੇ ਬੈਂਤ ਵੱਜੇ ਅਤੇ
ਕੱਲ੍ਹ ਉਹ ਹਸਪਤਾਲ ਵਿੱਚ ਜਾ ਕੇ ਦਮ ਤੋੜ ਗਿਆ। ਇਨਸਾਨੀ ਜ਼ਿੰਦਗੀ ਦੀ ਕੀਮਤ ਜੇਲ੍ਹ
ਅਧਿਕਾਰੀਆਂ ਲਈ ਚੂਹੇ ਦੀ ਜ਼ਿੰਦਗੀ ਦੇ ਬਰਾਬਰ ਸੀ। ਕੈਦੀਆਂ ਦਾ ਬੈਂਤਾਂ ਦੀ ਸਜ਼ਾ ਨਾਲ
ਕਰਾਹੁਣਾ ਜੇਲ੍ਹ ਸੁਪਰਡੈਂਟ ਅਤੇ ਜੇਲ੍ਹਰ ਬੇਰੀ ਲਈ ਇਕ ਸ਼ੁਗਲ ਸੀ। ਇਸ ਅੰਤਾਂ ਦੇ ਤਸ਼ਦੱਦ
ਹੱਥੋਂ ਤੰਗ ਆ ਕੇ ਬਹੁਤ ਸਾਰੇ ਕੈਦੀ ਆਤਮ ਹੱਤਿਆ ਕਰ ਲੈਂਦੇ ਸਨ। ਅੰਡੇਮਾਨ ਦੀਆਂ ਸਰਕਾਰੀ
ਰਿਪੋਰਟਾਂ ਅਨੁਸਾਰ ਹਰ ਮਹੀਨੇ ਔਸਤਨ ਤਿੰਨ ਕੈਦੀ ਆਤਮ ਹੱਤਿਆ ਕਰਦੇ ਸਨ। ਜੇਲ੍ਹਰ ਬੇਰੀ ਨੇ
ਖ਼ੁਦ ਪਠਾਣ ਨੰਬਰਦਾਰ ਰੱਖੇ ਹੋਏ ਸਨ, ਜਿਨ੍ਹਾਂ ਹੱਥੋਂ ਉਹ ਅਨੇਕਾਂ ਹੀ ਕੈਦੀਆਂ ਦੇ ਕਤਲ
ਕਰਵਾ ਚੁੱਕਿਆ ਸੀ। ਜੇਲ੍ਹ ਅੰਦਰਲੇ ਇਸ ਅਤਿ ਦੇ ਗ਼ੈਰ-ਮਨੁੱਖੀ ਵਾਤਾਵਰਣ ਅਤੇ ਭਿਆਨਕ ਤਸ਼ੱਦਦ
ਦੇ ਸਿੱਟੇ ਵਜੋਂ ਮੌਤਾਂ ਦੀ ਸਿਖਰ ਦੀ ਗਿਣਤੀ ਨੂੰ ਖ਼ੁਦ ਭਾਰਤ ਸਰਕਾਰ ਵੱਲੋਂ ਉਹਨੀਂ ਦਿਨੀਂ
ਸਥਾਪਤ ਕੀਤੀ ਗਈ ‘ਇੰਡੀਅਨ ਜੇਲ੍ਹ ਕਮੇਟੀ‘ ਨੇ ਵੀ ਪ੍ਰਵਾਨ ਕੀਤਾ, ਜਿਸ ਨੇ ਆਪਣੀ ਰਿਪੋਰਟ
ਵਿੱਚ ਆਖਿਆ ਕਿ,‘‘ਇਸ ਤੱਥ ਨੂੰ ਅੱਖੋਂ ਪਰੋਖੇ ਕਰ ਸਕਣਾ ਅਸੰਭਵ ਹੈ ਕਿ ਅੰਡੇਮਾਨ ਵਿੱਚ
ਕੈਦੀਆਂ ਦੀ ਸਿਹਤ ਨਿਰੰਤਰ ਮਾੜੀ ਰਹੀ ਹੈ।‘‘ ਮੌਤਾਂ ਦੀ ਇਥੋਂ ਦੀ ਗਿਣਤੀ ਦੇ ਹਿਸਾਬ 1000
ਕੈਦੀਆਂ ਵਿਚੋਂ ਵੀਹਾਂ ਸਾਲਾਂ ਵਿੱਚ ਕੇਵਲ 340 ਹੀ ਬਚ ਸਕਦੇ ਸਨ। ਕੈਦੀਆਂ ਵਿੱਚ ਮੌਤਾਂ ਦੀ
ਇਸ ਸਿਖਰ ਦੀ ਮਾਤਰਾ ਦਾ ਕਾਰਨ ਜੇਲ੍ਹ ਅਧਿਕਾਰੀਆਂ ਦਾ ਉਹਨਾਂ ਪ੍ਰਤੀ ਗੈਰ-ਮਨੁੱਖੀ ਵਤੀਰਾ
ਹੀ ਹੋ ਸਕਦਾ ਸੀ। ਜਿਸ ਦੀ ਪੁਸ਼ਟੀ ਇਸ ਤੱਥ ਤੋਂ ਹੋ ਜਾਂਦੀ ਹੈ ਕਿ ਇਸ ਟਾਪੂ ਉਪਰ ਜੇਲ੍ਹ
ਤੋਂ ਬਾਹਰ ਆਜ਼ਾਦੀ ਨਾਲ ਰਹਿੰਦੇ ਦੂਸਰੇ ਲੋਕਾਂ ਅਤੇ ਪੁਲੀਸ ਅਧਿਕਾਰੀਆਂ ਦੀਆਂ ਮੌਤਾਂ ਦੀ
ਗਿਣਤੀ ਇਸ ਤੋਂ ਕਿਤੇ ਘੱਟ ਸੀ। 1919 ਦੇ ਮੁਕਦੇ ਸਾਲ ਤੱਕ ਉਸ ਤੋਂ ਪਹਿਲਾਂ ਦੇ ਦਸ ਸਾਲਾਂ
ਵਿੱਚ ਕੈਦੀਆਂ ਅਤੇ ਦੂਸਰੇ ਵਿਅਕਤੀਆਂ ਵਿੱਚ ਮੌਤ ਦਰ ਦੇ ਫ਼ਰਕ ਸਬੰਧੀ ਨਿਮਨ ਲਿਖਤ ਨਕਸ਼ਾ ਇਸ
ਤੱਥ ਨੂੰ ਹੋਰ ਵੀ ਸਪੱਸ਼ਟ ਕਰਦਾ ਹੈ:
ਸਾਲ ਕੈਦੀ ਸਵੈ ਨਿਰਭਰ ਸਿਪਾਹੀ
1910 44.51 18.08 7.15
1911 26.28 15.85 8.85
1912 34.20 18.49 2.94
1913 26.77 17.33 ਪ੍ਰਾਪਤ ਨਹੀਂ
1914 28.38 12.36 6.98
1915 47.28 30.64 10.64
1916 36.68 20.82 10.64
1917 50.08 19.30 13.80
1918 46.73 31.15 20.44
1919 37.65 24.39 14.33
ਔਸਤ 37.65 20.84 9.57
ਇਸ ਤੋਂ ਬਿਨਾਂ ਅੰਡੇਮਾਨ ਦਾ ਜਲਵਾਯੂ ਹੀ ਸਿਹਤ ਦੇ ਪੱਖ ਤੋਂ ਬਹੁਤ ਖ਼ਤਰਨਾਕ ਸੀ।
ਟੱਟੀਆਂ-ਉਲਟੀਆਂ, ਤਪਦਿਕ, ਮਲੇਰੀਆ ਇਥੋਂ ਦੀਆਂ ਸਾਧਾਰਨ ਬੀਮਾਰੀਆਂ ਸਨ। ਅੰਡੇਮਾਨ ਦਾ ਟਾਪੂ
ਦੱਖਣ ਪੱਛਮੀ ਮੌਨਸੂਨ ਦੇ ਰਾਹ ਵਿੱਚ ਆਉਂਦਾ ਹੈ ਅਤੇ ਇਸ ਦੇ ਨਤੀਜੇ ਵਜੋਂ ਇਥੇ ਬਾਰਸ਼ ਬਹੁਤ
ਹੁੰਦੀ ਹੈ। ਖ਼ਾਸਕਰ ਮਈ, ਜੂਨ, ਜੁਲਾਈ, ਅਗਸਤ, ਸਤੰਬਰ ਤੇ ਅਕਤੂਬਰ ਦੇ ਮਹੀਨਿਆਂ ਵਿੱਚ ਤਾਂ
ਲੋਹੜੇ ਦੀ ਵਰਖਾ ਹੁੰਦੀ ਹੈ। ਜਨਵਰੀ, ਫਰਵਰੀ ਤੇ ਮਾਰਚ ਦੇ ਮਹੀਨੇ ਹੀ ਇਥੇ ਵਰਖਾ ਕੈਦੀਆਂ
ਦੀ ਸਿਹਤ ਉਤੇ ਮਾਰੂ ਪ੍ਰਭਾਵ ਪਾਉਂਦੀ ਸੀ। ਖ਼ਾਸ ਤੌਰ ‘ਤੇ ਉਹ ਹਾਲਤ ਵਿੱਚ ਜਦੋਂ ਕਿ ਕੈਦੀ
ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲਿਆਂਦੇ ਹੁੰਦੇ ਸਨ, ਜਿਨ੍ਹਾਂ ਲਈ ਇਹ ਜਲਵਾਯੂ ਨਵਾਂ ਹੋਣ
ਕਰਕੇ ਉਕਾ ਹੀ ਸੁਖਾਵਾਂ ਨਹੀਂ ਸੀ। ਵਰਖਾ ਕਾਰਨ ਅਤੇ ਸਮੁੰਦਰ ਵਿਚਲੇ ਲੂਣੇ ਪਾਣੀ ਕਾਰਨ ਇਥੇ
ਮੱਛਰ ਵੀ ਅੰਤਾਂ ਦਾ ਸੀ, ਜਿਸ ਕਾਰਨ ਮਲੇਰੀਏ ਦੀ ਬੀਮਾਰੀ ਇਥੇ ਇਕ ਵਿਆਪਕ ਬੀਮਾਰੀ ਬਣੀ ਹੋਈ
ਸੀ। ‘ਇੰਡੀਅਨ ਜੇਲ੍ਹ ਕਮੇਟੀ‘ ਨੇ ਆਪਣੀ ਰਿਪੋਰਟ ਵਿੱਚ ਮਲੇਰੀਏ ਦੀ ਬੀਮਾਰੀ ਦਾ ਬਹੁਤ
ਵਿਸਥਾਰ ਨਾਲ ਜ਼ਿਕਰ ਕੀਤਾ ਹੈ। ਬਾਰਸ਼ ਕਾਰਨ ਜੰਗਲ ਵਿੱਚ ਜੋਕਾਂ ਵੀ ਆਮ ਹੋ ਜਾਂਦੀਆਂ ਸਨ। ਜੋ
ਕੈਦੀ ਜੰਗਲ ਵਿੱਚ ਲਕੜੀ ਕੱਟਦੇ ਸਨ, ਜੋਕਾਂ ਉਹਨਾਂ ਦੀ ਬੁਰੀ ਹਾਲਤ ਕਰਦੀਆਂ ਸਨ। ਉਨ੍ਹਾਂ
ਕੈਦੀਆਂ ਨੂੰ ਖਾਣਾ ਵੀ ਘੱਟ ਨਸੀਬ ਹੁੰਦਾ ਸੀ। ਜਦ ਪੱਤਰ ਉਤੇ ਚਾਵਲ ਦਿੱਤੇ ਜਾਂਦੇ ਤਾਂ
ਉਪਰੋਂ ਵਰਖਾ ਹੁੰਦੀ ਅਤੇ ਉਸ ਕਾਰਨ ਚਾਵਲ ਤੇ ਦਾਲ ਥੱਲੇ ਵਹਿ ਜਾਂਦੇ। ਮੁਸ਼ਕਲ ਨਾਲ ਕੈਦੀ
ਅੱਧ ਪਚੱਧੇ ਚਾਵਲ ਹੀ ਖਾ ਸਕਦਾ ਸੀ। ਕੱਪੜਿਆਂ ਦੇ ਕੇਵਲ ਤਿੰਨ ਜੋੜੇ ਦਿੱਤੇ ਜਾਂਦੇ ਸਨ। ਜੋ
ਕੈਦੀ ਬਾਹਰ ਕੰਮ ਕਰਦੇ ਸਨ, ਉਨ੍ਹਾਂ ਦੇ ਕੱਪੜੇ ਆਮ ਤੌਰ ‘ਤੇ ਭਿੱਜੇ ਹੀ ਰਹਿੰਦੇ ਸਨ।
ਉਨ੍ਹਾਂ ਨੂੰ ਆਮ ਤੌਰ ‘ਤੇ ਗਿੱਲੇ ਕੱਪੜਿਆਂ ਵਿੱਚ ਹੀ ਸੌਣਾ ਪੈਂਦਾ ਸੀ। ਬੀਮਾਰਾਂ ਦੀ
ਗਿਣਤੀ ਇਥੇ ਭਾਰਤ ਦੀਆਂ ਜੇਲ੍ਹਾਂ ਨਾਲੋਂ ਕਿਤੇ ਜ਼ਿਆਦਾ ਹੁੰਦੀ ਸੀ ਤੇ ਮੌਤਾਂ ਦੀ ਔਸਤ ਭਾਰਤ
ਦੀਆਂ ਜੇਲ੍ਹਾਂ ਦੇ ਟਾਕਰੇ ਦੁੱਗਣੀ ਸੀ। ਤਦ ਵੀ ਜੇਲ੍ਹ ਵਿੱਚ ਕੋਈ ਯੋਗ ਹਸਪਤਾਲ ਦਾ ਪ੍ਰਬੰਧ
ਨਹੀਂ ਸੀ। ਇਕੋ ਕਮਰੇ ਦਾ ਛੋਟਾ ਜਿਹਾ ਹਸਪਤਾਲ ਸੀ, ਜਿਸ ਵਿੱਚ ਕੋਈ ਅਪਰੇਸ਼ਨ ਸੈਂਟਰ ਵੀ
ਨਹੀਂ ਸੀ।
ਭਾਵੇਂ ਗ਼ਦਰੀ ਦੇਸ਼ ਭਗਤਾਂ ਨੂੰ ਤੇ ਦੂਸਰੇ ਰਾਜਸੀ ਕੈਦੀਆਂ ਨੂੰ ਖ਼ਤਰਨਾਕ ਸਮਝ ਕੇ ਅਤੇ ਤਸੀਹੇ
ਦੇਣ ਦੇ ਮੰਤਵ ਨਾਲ ਵੱਖ-ਵੱਖ ਕੋਠੜੀਆਂ ਵਿੱਚ ਬੰਦ ਕੀਤਾ ਹੋਇਆ ਸੀ, ਪਰ ਸਮੁੱਚੇ ਤੌਰ ‘ਤੇ
ਅੰਡੇਮਾਨ ਦੀਆਂ ਜੇਲ੍ਹਾਂ ਵਿੱਚ ਬਹੁਤ ਭੀੜ ਸੀ। ‘ਇੰਡੀਅਨ ਜੇਲ੍ਹ ਕਮੇਟੀ‘ ਅਨੁਸਾਰ 1920
ਵਿੱਚ ਉਥੇ 15 ਹਜ਼ਾਰ ਕੈਦੀ ਸਨ, ਜਦ ਕਿ ਥਾਂ ਕੇਵਲ 1500 ਵਾਸਤੇ ਸੀ।
ਗ਼ਦਰੀ ਦੇਸ਼ ਭਗਤਾਂ ਨੇ ਇਸ ਅਣਮਨੁੱਖੀ ਵਾਤਾਵਰਣ ਵਿੱਚ ਰਹਿਣ ਤੋਂ ਮੁੱਢੋਂ ਹੀ ਇਨਕਾਰ ਕੀਤਾ।
ਉਹਨਾਂ ਨੇ ਜੇਲ੍ਹ ਅਧਿਕਾਰੀਆਂ ਵਲੋਂ ਇਨਸਾਨੀ ਜ਼ਿੰਦਗੀ ਉਪਰ ਢਾਏ ਜਾਂਦੇ ਜ਼ੁਲਮਾਂ ਉਤੇ ਵਿਚਾਰ
ਕੀਤਾ ਅਤੇ ਇਹ ਨਿਸ਼ਚਾ ਕੀਤਾ ਕਿ ਜਾਂ ਉਹ ਅੰਡੇਮਾਨ ਵਿਚਲੇ ਰਾਜਸੀ ਤੇ ਇਖ਼ਲਾਕੀ ਕੈਦੀਆਂ ਉਪਰ
ਹੋ ਰਹੇ ਜ਼ੁਲਮਾਂ ਨੂੰ ਖ਼ਤਮ ਕਰ ਦੇਣਗੇ ਜਾਂ ਕੈਦੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਆਪਣੀਆਂ
ਜਾਨਾਂ ਤੱਕ ਦੇ ਦੇਣਗੇ। ਆਪਣੇ ਸੰਘਰਸ਼ ਦਾ ਆਰੰਭ ਗ਼ਦਰੀਆਂ ਨੇ ਕੋਹਲੂ ਦੀ ਅਣ-ਮਨੁੱਖੀ ਮੁਸ਼ੱਕਤ
ਕਰਨ ਤੋਂ ਇਨਕਾਰ ਨਾਲ ਕੀਤਾ। ਗ਼ਦਰੀਆਂ ਦੇ ਆਉਣ ਤੋਂ ਪਹਿਲਾਂ ਬੰਗਾਲੀ ਦੇਸ਼ ਭਗਤਾਂ ਅਤੇ
ਸਾਵਰਕਰ ਭਾਈਆਂ ਨੇ ਕਾਫ਼ੀ ਬਹਾਦਰੀ ਨਾਲ ਜੇਲ੍ਹ ਅਧਿਕਾਰੀਆਂ ਦਾ ਟਾਕਰਾ ਕੀਤਾ। ਪਰ ਉਹ ਬਹੁਤਾ
ਚਿਰ ਆਪਣੇ ਸੰਘਰਸ਼ ਨੂੰ ਜਾਰੀ ਨਹੀਂ ਸਨ ਰੱਖ ਸਕੇ। ਇਸ ਤਰ੍ਹਾਂ ਜੇਲ੍ਹ ਦੇ ਹਾਕਮ ਬੜੇ ਰੋਅਬ
ਤੇ ਹੈਂਕੜ ਵਿੱਚ ਰਹਿੰਦੇ ਸਨ। ਗ਼ਦਰੀਆਂ ਦਾ ਫੈਸਲਾ, ਜਿਸ ਦਾ ਕਮਜ਼ੋਰ ਪੈ ਚੁੱਕੇ ਪਹਿਲੇ
ਕੈਦੀਆਂ ਰਾਹੀ ਜੇਲ੍ਹ ਵਾਲਿਆਂ ਨੂੰ ਪਤਾ ਲੱਗ ਚੁਕਿਆ ਸੀ, ਸੁਪਰਡੈਂਟ ਮਰੇ ਅਤੇ ਜੇਲ੍ਹਰ
ਬੇਰੀ ਲਈ ਇਕ ਮਹੱਤਵਪੂਰਨ ਮਸਲਾ ਬਣ ਗਿਆ, ਜਿਸ ਦੇ ਟਾਕਰੇ ਲਈ ਉਨ੍ਹਾਂ ਨੇ ਤਿਆਰੀ ਆਰੰਭ
ਦਿੱਤੀ।
ਜਿਥੋਂ ਤੱਕ ਕੋਹਲੂ ਦੀ ਮੁਸ਼ੱਕਤ ਦਾ ਸਬੰਧ ਹੈ, ਇਹ ਨਹੀਂ ਕਿ ਗ਼ਦਰੀ ਇਹ ਮੁਸ਼ੱਕਤ ਕਰ ਨਹੀਂ ਸਨ
ਸਕਦੇ, ਸਗੋਂ ਉਹ ਦੂਜੇ ਪ੍ਰਦੇਸ਼ਾਂ ਦੇ ਦੇਸ਼ ਭਗਤਾਂ ਦੇ ਟਾਕਰੇ ਬਹੁਤ ਬਲਵਾਨ ਸਨ ਅਤੇ ਉਨ੍ਹਾਂ
ਵਿੱਚ ਦੋ-ਦੋ ਸੌ, ਢਾਈ-ਢਾਈ ਸੌ ਪੌਂਡ ਦੇ ਵਜ਼ਨ ਵਾਲੇ ਜੁਆਨ ਸਨ। ਉਨ੍ਹਾਂ ਕੋਹਲੂ ਦੀ ਮੁਸ਼ੱਕਤ
ਵਿਰੁੱਧ ਫੈਸਲਾ ਇਸੇ ਕਰਕੇ ਲਿਆ ਕਿ ਇਹ ਮੁਸ਼ੱਕਤ ਗ਼ੈਰ-ਮਨੁੱਖੀ ਸੀ। ਗ਼ਦਰੀਆਂ ਦੇ ਇਸ ਫੈਸਲੇ
ਨਾਲ ਬੰਗਾਲ ਤੇ ਮਹਾਂਰਾਸ਼ਟਰ ਵਾਲੇ ਦੇਸ਼ ਭਗਤ ਵੀ ਹੌਂਸਲਾ ਧਾਰ ਆਏ ਅਤੇ ਉਹ ਵੀ ਗ਼ਦਰੀਆਂ ਨਾਲ
ਸ਼ਾਮਲ ਹੋ ਗਏ। ਇਸ ਪ੍ਰਕਾਰ ਨਾ ਤਾਂ ਸਾਜਿਸ਼ ਕੇਸ ਦੇ ਗ਼ਦਰੀਆਂ ਨੇ ਕੋਹਲੂ ਗੇੜਿਆ ਅਤੇ ਨਾ ਹੀ
ਮਗਰੋਂ ਜਾਣ ਵਾਲੇ ਮਾਰਸ਼ਲ ਲਾਅ ਦੇ ਪੰਜਾਬੀ, ਮਦਰਾਸੀ, ਗੁਜਰਾਤੀ ਆਦਿ ਦੇਸ਼ ਭਗਤਾਂ ਨੇ ਕੋਹਲੂ
ਗੇੜਿਆ। ਜੇਲ੍ਹ ਅਧਿਕਾਰੀਆਂ ਨੂੰ ਗ਼ਦਰੀਆਂ ਦੇ ਫੈਸਲੇ ਦਾ ਪਤਾ ਲੱਗ ਗਿਆ। ਫਲਸਰੂਪ ਉਨ੍ਹਾਂ
ਆਪਣੇ ਆਪ ਹੀ ਉਨ੍ਹਾਂ ਨੂੰ ਕੋਹਲੂ ਦੀ ਸਖ਼ਤ ਮੁਸ਼ੱਕਤ ਦੇਣ ਦੀ ਜੁਰਅਤ ਨਾ ਕੀਤੀ। ਪਰ ਹੋਰਨਾਂ
ਤਰੀਕਿਆਂ ਨਾਲ ਗ਼ਦਰੀਆਂ ਦਾ ਇਮਤਿਹਾਨ ਆਰੰਭ ਕਰ ਦਿੱਤਾ। ਦੇਸ਼ ਵਿੱਚੋਂ ਜੋ ਨਵੇਂ ਕੈਦੀ ਆਉਂਦੇ
ਸਨ, ਉਨ੍ਹਾਂ ਨੂੰ ਕੁਰਾਟੀਨ ਵਜੋਂ ਪੰਦਰਾਂ ਸੋਲਾਂ ਦਿਨ ਕੋਠੀਆਂ ਵਿੱਚ ਬੰਦ ਰੱਖਦੇ ਸਨ।
ਪਿਛੋਂ ਕਮਿਸ਼ਨਰ ਜਾਂਚ ਕਰਦਾ ਸੀ। ਕਮਿਸ਼ਨਰ ਦੀ ਜਾਂਚ ਪਿਛੋਂ ਕੈਦੀ ਨੂੰ ਮੁਸ਼ੱਕਤ ਦਿੱਤੀ
ਜਾਂਦੀ ਸੀ। ਕੁਰਾਟੀਨ ਦੇ ਦਿਨੀਂ ਕੈਦੀ ਦੀ ਮੁਸ਼ੱਕਤ ਚਾਹੇ ਥੋੜੀ ਹੋਵੇ ਚਾਹੇ ਪੂਰੀ, ਰਿਕਾਰਡ
ਨਹੀਂ ਸੀ ਹੁੰਦੀ। ਜੇਲ੍ਹਰ ਉਸ ਦਾ ਨੋਟਿਸ ਨਹੀਂ ਸੀ ਲੈਂਦਾ ਅਤੇ ਨਾ ਹੀ ਪੇਸ਼ੀ ਲਿਖੀ ਜਾਂਦੀ
ਸੀ।
ਪਰਮਾਨੰਦ ਝਾਂਸੀ ਨੂੰ ਸਜ਼ਾ - ਜੇਲ੍ਹਰ ਨੇ ਸ਼ਰਾਰਤ ਨਾਲ ਪਹਿਲੇ ਹੀ ਦਿਨ ਗ਼ਦਰੀਆਂ ਨੂੰ
ਕੁੱਟਣ ਵਾਸਤੇ ਨਾਰੀਅਲ ਦਾ ਸੁੱਕਾ ਛਿਲਕਾ ਦਿੱਤਾ, ਜਦਕਿ ਦੂਸਰੇ ਕੈਦੀਆਂ ਨੂੰ ਹਰਾ ਛਿਲਕਾ
ਦਿੱਤਾ ਜਾਂਦਾ ਸੀ। ਇਕ ਤਾਂ ਮੁਸ਼ੱਕਤ ਦਾ ਪਹਿਲਾ ਦਿਨ ਸੀ, ਦੂਸਰਾ ਛਿਲਕਾ ਸੁੱਕਾ ਸੀ, ਜਿਸ
ਨੂੰ ਪੁਰਾਣਾ ਮੁਸ਼ੱਕਤੀ ਵੀ ਮੁਸ਼ਕਲ ਨਾਲ ਕੁੱਟ ਸਕਦਾ ਸੀ। ਇਸ ਲਈ ਦੇਸ਼ ਭਗਤਾਂ ਦੇ ਹੱਥਾਂ ਉਪਰ
ਛਾਲੇ ਪੈ ਗਏ ਅਤੇ ਮੁੱਠੀ ਮੀਚਣੀ ਵੀ ਮੁਸ਼ੱਕਲ ਹੋ ਗਈ। ਦੂਸਰੀ ਸ਼ਰਾਰਤ ਜੇਲ੍ਹਰ ਨੇ ਇਹ ਕੀਤੀ
ਕਿ ਭਾਈ ਪਰਮਾਨੰਦ ਅਤੇ ਪਰਮਾਨੰਦ ਝਾਂਸੀ, ਦੋਨਾਂ ਨੂੰ ਬੁਲਾ ਲਿਆ ਅਤੇ ਧਮਕੀਆਂ ਦੇਣੀਆਂ
ਸ਼ੁਰੂ ਕੀਤੀਆਂ ਕਿ ਕੱਲ੍ਹ ਮੁਸ਼ੱਕਤ ਪੂਰੀ ਨਾ ਹੋਈ ਤਾਂ ਅੱਛਾ ਨਹੀਂ ਹੋਵੇਗਾ। ਭਾਈ ਪਰਮਾਨੰਦ
ਤਾਂ ਅੱਛਾ ਕਹਿ ਕੇ ਮੁੜ ਆਏ, ਪਰ ਪਰਮਾਨੰਦ ਝਾਂਸੀ ਚੁੱਪ-ਚਾਪ ਖਲੋਤੇ ਰਹੇ। ਜੇਲ੍ਹਰ ਨੇ
ਪਰਮਾਨੰਦ ਝਾਂਸੀ ਨੂੰ ਧਮਕੀ ਦਿੰਦਿਆ ਕਿਹਾ ਕਿ ਜਾਓ ਕੱਲ੍ਹ ਮੁਸ਼ੱਕਤ ਪੂਰੀ ਕਰਨਾ ਅਤੇ ਨਾਲ
ਹੀ ਟੈਂਡਲ ਨੂੰ ਇਸ਼ਾਰਾ ਕੀਤਾ ਕਿ ਇਸ ਨੂੰ ਕੱਲ੍ਹ ਦਫ਼ਤਰ ਵਿੱਚ ਹਾਜ਼ਰ ਕਰੋ।
ਅਗਲੇ ਦਿਨ ਫਿਰ ਉਹੀ ਛਿਲਕਾ ਦਿੱਤਾ ਗਿਆ ਤਾਂ ਹੱਥਾਂ ਉਪਰ ਛਾਲੇ ਪੈ ਗਏ ਹੋਣ ਕਰਕੇ ਪਹਿਲਾਂ
ਨਾਲੋਂ ਵੀ ਘੱਟ ਮੁਸ਼ੱਕਤ ਹੋ ਸਕੀ। ਜੇਲ੍ਹਰ ਦੇ ਹੁਕਮ ਉਤੇ ਟੈਂਡਲ ਪਰਮਾਨੰਦ ਝਾਂਸੀ ਨੂੰ ਪੇਸ਼
ਕਰਨ ਲਈ ਦਫ਼ਤਰ ਲੈ ਗਿਆ। ਜੇਲ੍ਹਰ ਨੇ ਧਮਕੀ ਦਿੱਤੀ ਅਤੇ ਗਾਲ੍ਹ ਕੱਢੀ। ਪਰਮਾਨੰਦ ਝਾਂਸੀ ਨੇ
ਵੀ ਗਾਲ੍ਹ ਦਾ ਜੁਆਬ ਗਾਲ੍ਹ ਵਿੱਚ ਦਿੱਤਾ। ਜੇਲ੍ਹਰ ਪਰਮਾਨੰਦ ਨੂੰ ਮਾਰਨ ਲਈ ਉਠ ਕੇ ਉਸ ਵੱਲ
ਵੱਧਣ ਲੱਗਾ ਤਾਂ ਪਰਮਾਨੰਦ ਨੇ ਬੜੀ ਫੁਰਤੀ ਨਾਲ ਉਸ ਦੀ ਗੋਗੜ ਉਤੇ ਜ਼ੋਰ ਦੀ ਲੱਤ ਮਾਰੀ।
ਜੇਲ੍ਹਰ ਕੁਰਸੀ ਸਮੇਤ ਪਿਛੇ ਉਲਰ ਗਿਆ ਤੇ ਫਰਸ਼ ਉਪਰ ਡਿਗ ਪਿਆ। ਜੇਲ੍ਹਰ ਦੇ ਆਦਮੀਆਂ ਨੇ ਝੱਟ
ਪਰਮਾਨੰਦ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਕੁੱਟਿਆ। ਏਥੋਂ ਤੱਕ ਕਿ ਉਨ੍ਹਾਂ ਦੇ ਸਿਰ ਵਿਚੋਂ
ਖੂਨ ਵਗਣ ਲੱਗ ਪਿਆ ਅਤੇ ਉਹਨਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਪੁਚਾਇਆ ਗਿਆ। ਇਸ
ਘਟਨਾ ਦਾ ਸਾਰੀ ਜੇਲ੍ਹ ਵਿੱਚ ਰੌਲਾ ਪੈ ਗਿਆ ਕਿ ਜੇਲ੍ਹ ਦੇ ਖੁਦਾ ਨੂੰ, ਜੋ ਆਖਿਆ ਕਰਦਾ
ਸੀ,‘‘ਜੇਲ੍ਹ ਵਿੱਚ ਮੇਰਾ ਰਾਜ ਹੈ, ਮੇਰੇ ਅਧਿਕਾਰਾਂ ਵਿੱਚ ਪ੍ਰਮਾਤਮਾ ਵੀ ਦਖ਼ਲ ਨਹੀਂ ਦੇ
ਸਕਦਾ। ਮੈਂ ਏਥੇ ਤੀਹ ਸਾਲ ਤੋਂ ਹਾਂ, ਪਰ ਰੱਬ ਨੂੰ ਆਪਣੇ ਅਧਿਕਾਰਾਂ ਵਿੱਚ ਦਖ਼ਲ ਦੇਂਦਿਆਂ
ਨਹੀਂ ਵੇਖਿਆ।‘‘... ਇਉਂ ਇਕ ਬੱਚੇ ਨੇ ਉਸ ਨੂੰ ਪਛਾੜ ਦਿੱਤਾ ਸੀ। ਜੇਲ੍ਹਰ ਬੇਰੀ ਲਈ ਇਹ
ਪਹਿਲਾ ਮੌਕਾ ਸੀ ਕਿ ਉਹ ਕਿਸੇ ਕੈਦੀ ਹੱਥੋਂ ਕੁੱਟਿਆ ਗਿਆ ਹੋਵੇ। ਆਪਣੀ ਬਹੁਤ ਬੇਇਜ਼ਤੀ ਹੋਈ
ਸਮਝ, ਉਹ ਓਸੇ ਸਮੇਂ ਕਮਿਸ਼ਨਰ ਦੇ ਬੰਗਲੇ ਉਤੇ ਗਿਆ ਅਤੇ ਆਪਣਾ ਅਸਤੀਫ਼ਾ ਲਿਖ ਕੇ ਉਸ ਦੀ ਮੇਜ਼
ਉਪਰ ਰੱਖ ਦਿੱਤਾ ਅਤੇ ਕਿਹਾ ਕਿ ਜਾਂ ਮੈਨੂੰ ਪੂਰੀ ਇਮਦਾਦ ਦਿਓ ਜਾਂ ਅਸਤੀਫ਼ਾ ਪ੍ਰਵਾਨ ਕਰੋ।
ਸਾਰੀ ਗੱਲ ਸੁਣਕੇ ਕਮਿਸ਼ਨਰ ਨੇ ਗੋਰਿਆਂ ਦੀ ਗਾਰਦ ਸਦਾ ਲਈ ਜੇਲ੍ਹ ਵਿੱਚ ਬਿਠਾ ਦਿੱਤੀ। ਜਦੋਂ
ਤੱਕ ਗ਼ਦਰੀ ਵਾਪਸ ਨਹੀਂ ਆਏ, ਗੋਰਿਆਂ ਦੀ ਇਹ ਗਾਰਦ ਉਥੇ ਹੀ ਰਹੀ, ਜੋ ਦਾਰੂ ਸਿੱਕਾ ਭਰ ਕੇ
ਹਮੇਸ਼ਾ ਇਸ ਉਡੀਕ ਵਿੱਚ ਰਹਿੰਦੀ ਕਿ ਕਦੋਂ ਹੁਕਮ ਹੋਏ ਅਤੇ ਉਹ ਹਰਕਤ ਵਿੱਚ ਆਏ। ਪਰ ਇਸ ਮਾਰ
ਤੋਂ ਪਿਛੋਂ ਜੇਲ੍ਹਰ ਦਾ ਰੋਅਬ ਖ਼ਤਮ ਹੋ ਗਿਆ ਅਤੇ ਸਾਧਾਰਨ ਕੈਦੀ ਬਹੁਤ ਸੰਤੁਸ਼ਟ ਤੇ ਹਮਦਰਦ
ਬਣ ਗਏ। ਪਰਮਾਨੰਦ ਝਾਂਸੀ ਨੂੰ ਤੀਹ ਬੈਂਤਾਂ ਦੀ ਸਜ਼ਾ ਹੋਈ, ਜੋ ਉਨ੍ਹਾਂ ਆਪਣੇ ਸਰੀਰ ਉਤੇ
ਝੱਲੀਆਂ। ਪਰ ਇਕ ਇਨਕਲਾਬੀ ਵਾਂਗ ਮੂੰਹ ਤੋਂ ਉਈ ਤੱਕ ਨਹੀਂ ਕਿਹਾ।
ਜਿਉਂ ਹੀ ਪਰਮਾਨੰਦ ਝਾਂਸੀ ਨੂੰ ਸਜ਼ਾ ਦਿੱਤੇ ਜਾਣ ਦੀ ਖ਼ਬਰ ਗ਼ਦਰੀਆਂ ਤੱਕ ਪੁੱਜੀ ਤਾਂ ਉਹਨਾਂ
ਸਭਨਾਂ ਨੇ ਕੰਮ ਦੀ ਹੜਤਾਲ ਕਰ ਦਿੱਤੀ ਕਿਉਂਕਿ ਉਹ ਸਮਝਦੇ ਸਨ ਕਿ ਵਧੀਕੀ ਜੇਲ੍ਹਰ ਦੀ ਸੀ।
ਪਰਮਾਨੰਦ ਝਾਂਸੀ ਨੇ ਜੋ ਕੁਝ ਕੀਤਾ ਸੀ, ਉਹ ਸਵੈ-ਰੱਖਿਆ ਲਈ ਕੀਤਾ ਸੀ। ਹੜਤਾਲ ਹੋਣ ‘ਤੇ
ਜੇਲ੍ਹ ਅਧਿਕਾਰੀ ਕਾਫ਼ੀ ਘਬਰਾ ਗਏ ਅਤੇ ਉਨ੍ਹਾਂ ਭਾਈ ਪਰਮਾਨੰਦ ਰਾਹੀਂ ਸੁਲਹ ਕਰਨ ਦੀ ਕੋਸ਼ਿਸ਼
ਕੀਤੀ ਅਤੇ ਉਨ੍ਹਾਂ ਨੂੰ ਦਫ਼ਤਰ ਬੁਲਾ ਕੇ ਜੇਲ੍ਹਰ ਨੇ ਕਿਹਾ ਕਿ ਮੈਂ ਬੱਚਾ ਸਮਝਕੇ ਪਰਮਾਨੰਦ
ਝਾਂਸੀ ਨੂੰ ਕੁਝ ਕਹਿ ਬੈਠਾਂ, ਐਵੇਂ ਮਾਮਲਾ ਵੱਧ ਗਿਆ। ਅਗਾਂਹ ਤੋਂ ਮੇਰੇ ਵਲੋਂ ਅਜਿਹੀ ਗੱਲ
ਨਹੀਂ ਹੋਵੇਗੀ ਅਤੇ ਉਸ ਨੇ ਬੇਨਤੀ ਕੀਤੀ ਕਿ ਗ਼ਦਰੀ ਕੰਮ ਉਤੇ ਲੱਗ ਜਾਣ।
ਸਾਰੀ ਗੱਲ ਭਾਈ ਪਰਮਾਨੰਦ ਨੇ ਗ਼ਦਰੀਆਂ ਨਾਲ ਕੀਤੀ ਤਾਂ ਉਹਨਾਂ ਕਿਹਾ ਕਿ ਜ਼ਿਆਦਤੀ ਜੇਲ੍ਹਰ ਦੀ
ਹੈ, ਫਿਰ ਵੀ ਉਹ ਮਾਮਲੇ ਨੂੰ ਵਧਾਉਣਾ ਨਹੀਂ ਚਾਹੁੰਦਾ। ਪਰਮਾਨੰਦ ਝਾਂਸੀ ਨੂੰ ਜੋ ਬੈਂਤ ਲੱਗ
ਚੁੱਕੇ ਸਨ, ਉਹ ਤਾਂ ਮੁੜਨੋਂ ਰਹੇ, ਪਰ ਉਸ ਦੀਆਂ ਬਾਕੀ ਸਜ਼ਾਵਾਂ ਜੇਲ੍ਹ ਅਧਿਕਾਰੀ ਵਾਪਸ ਲੈ
ਲੈਣ ਤਾਂ ਉਹ ਹੜਤਾਲ ਛੱਡ ਦੇਣਗੇ। ਜੇਲ੍ਹਰ ਨੇ ਇਹ ਕੁਝ ਪ੍ਰਵਾਨ ਕਰ ਲਿਆ ਤੇ ਕਿਹਾ ਕਿ
ਤੁਸੀਂ ਕੰਮ ਉਪਰ ਚਲੇ ਜਾਓ, ਮੈਂ ਸੁਪਰਡੈਂਟ ਨੂੰ ਕਹਿ ਕੇ ਸਜ਼ਾ ਮੁਆਫ਼ ਕਰਾ ਦਿਆਂਗਾ। ਗ਼ਦਰੀ
ਕੰਮ ਉਤੇ ਚਲੇ ਗਏ। ਇਕ ਮਹੀਨਾ ਲੰਘ ਗਿਆ ਪਰ ਜੇਲ੍ਹਰ ਨੇ ਆਪਣਾ ਵਾਅਦਾ ਪੂਰਾ ਨਾ ਕੀਤਾ।
ਪਰਮਾਨੰਦ ਝਾਂਸੀ ਦੀ ਡੰਡਾ ਬੇੜੀ ਦੀ ਸਜ਼ਾ ਉਸੇ ਤਰ੍ਹਾਂ ਕਾਇਮ ਸੀ। ਭਾਈ ਪਰਮਾਨੰਦ ਰਾਹੀਂ
ਫੇਰ ਜੇਲ੍ਹ ਅਧਿਕਾਰੀਆਂ ਨੂੰ ਕਾਫ਼ੀ ਕਿਹਾ ਸੁਣਿਆ ਗਿਆ। ਆਖ਼ਰ ਭਾਈ ਪਰਮਾਨੰਦ ਨੇ ਵੀ ਨਿਰਾਸ਼ਤਾ
ਪ੍ਰਗਟ ਕਰ ਦਿੱਤੀ। ਭਾਈ ਪਰਮਾਨੰਦ ਦਾ ਕਹਿਣਾ ਸੀ ਕਿ ਭਾਵੇਂ ਬੇਰੀ ਮੌਕਾ ਬਣਨ ਉਤੇ ਮਿੱਠੇ
ਸ਼ਬਦ ਬੋਲ ਸਕਦਾ ਸੀ ਪਰ ਉਸ ਦਾ ਦਿਲ ਜ਼ਹਿਰ ਨਾਲ ਭਰਿਆ ਹੋਇਆ ਸੀ। ਉਹ ਬਦਲੇ ਦੇ ਖ਼ਿਆਲ ਨਾਲ ਸੜ
ਬਲ ਰਿਹਾ ਸੀ। ਉਸ ਨੇ ਗ਼ਦਰੀਆਂ ਤੋਂ ਪਹਿਲੇ ਆਏ ਰਾਜਸੀ ਕੈਦੀਆਂ ਵਿਚੋਂ ਪੁਰਾਣੇ ਇਕ ਦੋ ਕੈਦੀ
ਆਪਣੇ ਵੱਲ ਕਰ ਲਏ ਅਤੇ ਆਪਣੀ ਖੇਡ ਖੇਡਣ ਲਈ ਤਿਆਰ ਹੋ ਗਿਆ। ਨਾ ਕੇਵਲ ਪਰਮਾਨੰਦ ਝਾਂਸੀ ਦੀ
ਸਜ਼ਾ ਮਨਸੂਖ਼ ਕਰਨ ਤੋਂ ਹੀ ਇਨਕਾਰ ਕੀਤਾ ਗਿਆ ਸਗੋਂ ਇਸ ਦੇ ਟਾਕਰੇ ਜੇਲ੍ਹ ਅਧਿਕਾਰੀਆਂ ਦੇ
ਸਮੁੱਚੇ ਵਤੀਰੇ ਵਿੱਚ ਹੀ ਸਖ਼ਤੀ ਆ ਗਈ।
ਭੁੱਖ ਹੜਤਾਲ - ਆਖ਼ੀਰ ਜਦੋਂ ਜੇਲ੍ਹਰ ਵਲੋਂ ਪੂਰੀ ਨਿਰਾਸ਼ਤਾ ਹੋ ਗਈ ਅਤੇ ਉਸ ਦੀ ਅਗਾਂਹ ਦੀ
ਨੀਤੀ ਵੀ ਸਾਹਮਣੇ ਆਈ ਤਾਂ ਮਜਬੂਰ ਹੋ ਕੇ 13 ਜਨਵਰੀ, 1916 ਨੂੰ ਗ਼ਦਰੀਆਂ ਨੇ ਕੰਮ ਦੀ
ਹੜਤਾਲ ਕਰ ਦਿੱਤੀ। ਕੰਮ ਦੀ ਇਸ ਹੜਤਾਲ ਵਿੱਚ ਭਾਈ ਪਰਮਾਨੰਦ ਤੋਂ ਬਿਨਾਂ ਪਹਿਲੇ ਲਾਹੌਰ
ਸਾਜਿਸ਼ ਕੇਸ ਦੇ ਸਾਰੇ ਹੀ ਕੈਦੀ ਸ਼ਾਮਲ ਸਨ। ਪਹਿਲੀ ਹੜਤਾਲ ਵਿੱਚ ਭਾਗ ਲੈਣ ਵਾਲਿਆਂ ਦੇ ਨਾਓਂ
ਇਸ ਪ੍ਰਕਾਰ ਹਨ:
1. ਨਿਧਾਨ ਸਿੰਘ ਚੁੱਘਾ, 2. ਜਵਾਲਾ ਸਿੰਘ ਠੱਠੀਆਂ, 3. ਕੇਸਰ ਸਿੰਘ, 4. ਊਧਮ ਸਿੰਘ ਕਸੇਲ,
5. ਮੰਗਲ ਸਿੰਘ, 6. ਪੰਡਿਤ ਜਗਤ ਰਾਮ, 7. ਪ੍ਰਿਥਵੀ ਸਿੰਘ, 8. ਹਰਨਾਮ ਸਿੰਘ ਟੁੰਡੀਲਾਟ,
9. ਹਿਰਦੇ ਰਾਮ, 10. ਖੁਸ਼ਾਲ ਸਿੰਘ, 11. ਰਾਮ ਸਰਨ ਦਾਸ, 12. ਸਾਵਣ ਸਿੰਘ, 13. ਵਸਾਵਾ
ਸਿੰਘ, 14. ਨੰਦ ਸਿੰਘ, 15. ਰੁਲੀਆ ਸਿੰਘ, 16. ਕ੍ਰਿਪਾਲ ਸਿੰਘ, 17. ਅਰੂੜ ਸਿੰਘ, 18.
ਪਿਆਰਾ ਸਿੰਘ ਲੰਗੇਰੀ, 19. ਲਾਲ ਸਿੰਘ, 20. ਗੁਰਮੁਖ ਸਿੰਘ ਲਲਤੋਂ, 21. ਕਾਲਾ ਸਿੰਘ, 22.
ਜਵੰਦ ਸਿੰਘ, 23. ਬਿਸ਼ਨ ਸਿੰਘ, 24. ਰੋਡਾ ਸਿੰਘ, 25. ਚੂਹੜ ਸਿੰਘ ਲੀਲ, 26. ਸੋਹਣ ਸਿੰਘ
ਭਕਨਾ, 27. ਪਰਮਾਨੰਦ ਝਾਂਸੀ। ਇਹ ਹੜਤਾਲ ਕਰਨ ਦੇ ਦੋਸ਼ ਵਿੱਚ ਸਭ ਹੜਤਾਲੀਆਂ ਨੂੰ ਛੇ-ਛੇ
ਮਹੀਨੇ ਲਈ ਕੋਠੀਬੰਦ, ਡੰਡਾ ਬੇੜੀ, ਹੱਥਕੜੀ ਅਤੇ ਘੱਟ ਖ਼ੁਰਾਕ ਦੀਆਂ ਸਜ਼ਾਵਾਂ ਦਿੱਤੀਆਂ
ਗਈਆਂ। ਇਸ ਸਮੇਂ ਦੌਰਾਨ ਹੀ ਪਰਮਾਨੰਦ ਝਾਂਸੀ ਦੀ ਸਜ਼ਾ ਦਾ ਸਮਾਂ ਵੀ ਬੀਤ ਗਿਆ। ਇਸ ਲਈ ਨਾਲ
ਹੀ ਸਭਨਾਂ ਗ਼ਦਰੀਆਂ ਦੀ ਹੜਤਾਲ ਵੀ ਮੁੱਕ ਗਈ। ਇਸ ਹੜਤਾਲ ਦਾ ਜੇਲ੍ਹ ਅਧਿਕਾਰੀਆਂ ਉਤੇ ਚੰਗਾ
ਪ੍ਰਭਾਵ ਪਿਆ। ਭਾਵੇਂ ਥੋੜੇ ਸਮੇਂ ਲਈ ਹੀ ਇਉਂ ਜਾਪਦਾ ਸੀ, ਜਿਵੇਂ ਸਭ ਕੁਝ ਠੀਕ ਠਾਕ ਹੋ
ਗਿਆ ਹੈ। ਪਰ ਛੇਤੀ ਹੀ ਫੇਰ ਜੇਲ੍ਹ ਦੇ ਅਫ਼ਸਰਾਂ ਦਾ ਵਤੀਰਾ ਪਹਿਲਾਂ ਵਰਗਾ ਹੋ ਗਿਆ। ਉਨ੍ਹਾਂ
ਵਲੋਂ ਰਾਜਸੀ ਕੈਦੀਆਂ ਦਾ ਗੱਲ ਗੱਲ ਉਪਰ ਨਿਰਾਦਰ ਕੀਤਾ ਜਾਣ ਲੱਗਾ ਅਤੇ ਉਨ੍ਹਾਂ ਦੀ ਜ਼ਿੰਦਗੀ
ਨੂੰ ਦੋਜ਼ਖ ਭਰਪੂਰ ਬਣਾਇਆ ਜਾਣ ਲੱਗਾ ਜਿਵੇਂ ਕਿ ਹੇਠ ਦਿੱਤੀਆਂ ਘਟਨਾਵਾਂ ਤੋਂ ਸਪੱਸ਼ਟ ਹੋ
ਜਾਵੇਗਾ:
ਆਸ਼ੂਤੋਸ਼ ਲਹਿਰੀ ਜੋ ਕਲੱਕਤਾ ਯੂਨੀਵਰਸਿਟੀ ਦਾ ਗਰੈਜੂਏਟ ਸੀ, ਲੰਮੇ ਸਮੇਂ ਤੱਕ ਸਖ਼ਤ ਤੋਂ ਸਖ਼ਤ
ਕੰਮ ਕਰਦਾ ਆ ਰਿਹਾ ਸੀ। ਉਸ ਨੇ ਅੱਠ ਮਹੀਨੇ ਤੱਕ ਨਾਰੀਅਲ ਦਾ ਛਿਲਕਾ ਕੁਟਣ ਦਾ ਕੰਮ ਕੀਤਾ।
ਭਾਵੇਂ ਅੱਠ ਮਹੀਨੇ ਬੀਤ ਗਏ ਅਤੇ ਸੁਪਰਡੈਂਟ ਨੂੰ ਉਸਨੇ ਬਾਰ-ਬਾਰ ਬੇਨਤੀ ਕੀਤੀ, ਤਦ ਵੀ ਉਸ
ਨੂੰ ਹਲਕਾ ਕੰਮ ਨਾ ਦਿੱਤਾ ਗਿਆ। ਆਖਰਕਾਰ ਉਸ ਨੇ ਸਖ਼ਤ ਮੁਸ਼ੱਕਤ ਕਰਨ ਤੋਂ ਇਨਕਾਰ ਕਰ ਦਿੱਤਾ।
ਪਰ ਉਸ ਦੇ ਇਨਕਾਰ ਕਰਨ ‘ਤੇ ਹੈਂਕੜਬਾਜ਼ ਅੰਗਰੇਜ਼ ਸੁਪਰਡੈਂਟ ਮਰੇ ਨੇ ਮੁੜ-ਮੁੜ ਉਸ ਨੂੰ
ਸਜ਼ਾਵਾਂ ਦਿੱਤੀਆਂ। ਅਖੀਰ 9 ਜੂਨ, 1916 ਨੂੰ ਉਸ ਨੂੰ 15 ਬੈਂਤਾਂ ਅਤੇ ਛੇ ਮਹੀਨੇ ਲਈ ਡੰਡਾ
ਬੇੜੀ ਅਤੇ ਕੋਠੀ ਬੰਦ ਦੀ ਸਜ਼ਾ ਦਿੱਤੀ ਗਈ। ਭਾਵੇਂ ਉਸ ਨੇ ਅੱਠ ਮਹੀਨੇ ਕੰਮ ਕੀਤਾ ਸੀ ਅਤੇ
ਉਸ ਨੇ ਕੇਵਲ ਹਲਕੇ ਕੰਮ ਲਈ ਹੀ ਬੇਨਤੀ ਕੀਤੀ ਸੀ, ਤਦ ਵੀ ਉਸ ਨੂੰ ਬੈਂਤਾਂ ਦੀ ਸਜ਼ਾ ਸਹਿਣੀ
ਪਈ। ਛੇ ਮਹੀਨੇ ਬੀਤਣ ਉਪਰੰਤ ਉਸ ਨੂੰ ਫੇਰ ਉਹੀ ਸਖ਼ਤ ਮੁਸ਼ੱਕਤ ਦਿੱਤੀ ਗਈ ਅਤੇ ਸੁਪਰਡੈਂਟ ਨੇ
ਇਹ ਧਮਕੀ ਵੀ ਦਿੱਤੀ ਕਿ ਜੇ ਉਸ ਨੇ ਦੁਬਾਰਾ ਇਨਕਾਰ ਕੀਤਾ ਤਾਂ ਉਸ ਦੀ ਸਜ਼ਾ ਵਧਾ ਦਿੱਤੀ
ਜਾਵੇਗੀ। ਗ਼ਦਰੀ ਦੇਸ਼ ਭਗਤ ਸ੍ਰੀ ਲਹਿਰੀ ਦੀ ਹਮਦਰਦੀ ਵਿੱਚ ਹੜਤਾਲ ਕਰਨ ਲਈ ਤਿਆਰ ਸਨ, ਪਰ
ਪੁਰਾਣੇ ਬੰਗਾਲੀ ਰਾਜਸੀ ਕੈਦੀਆਂ ਨੇ ਸਾਥ ਦੇਣ ਤੋਂ ਇਨਕਾਰ ਕੀਤਾ। ਸਿੱਟੇ ਵਜੋਂ ਸ੍ਰੀ
ਆਸ਼ੂਤੋਸ਼ ਲਹਿਰੀ ਨੂੰ ਮੁੜ ਉਹੀ ਕੰਮ ਕਰਨ ਲਈ ਮਜਬੂਰ ਹੋਣਾ ਪਿਆ। ਇਸੇ ਤਰ੍ਹਾਂ ਜੁਲਾਈ 1916
ਵਿੱਚ ਇਕ ਐਤਵਾਰ ਨੂੰ ਕੁਝ ਗ਼ਦਰੀਆਂ ਨੂੰ ਘਾਹ ਕੱਟਣ ਅਤੇ ਅਹਾਤਾ ਸਾਫ਼ ਕਰਨ ਲਈ ਕਿਹਾ ਗਿਆ।
ਐਤਵਾਰ ਕਿਉਂਕਿ ਛੁੱਟੀ ਹੁੰਦੀ ਸੀ, ਇਸ ਲਈ ਉਨ੍ਹਾਂ ਨੇ ਘਾਹ ਕੱਟਣ ਤੋਂ ਨਾਂਹ ਕਰ ਦਿੱਤੀ।
ਬਾਕੀ ਅਹਾਤਿਆਂ ਦੇ ਨੰਬਰਦਾਰਾਂ ਨੇ ਤਾਂ ਇਹ ਹੁਕਮ ਮੰਨਵਾਉਣ ਲਈ ਜ਼ੋਰ ਨਾ ਦਿੱਤਾ ਪਰ ਪੰਜ
ਨੰਬਰ ਅਹਾਤੇ ਵਿੱਚ ਜਿਥੇ ਮਾਸਟਰ ਚਤਰ ਸਿੰਘ, ਪੰਡਤ ਜਗਤ ਰਾਮ, ਸਾਵਣ ਸਿੰਘ, ਹਜ਼ਾਰਾ ਸਿੰਘ,
ਖੁਸ਼ਾਲ ਸਿੰਘ, ਕਿਹਰ ਸਿੰਘ ਮਰਹਾਣਾ ਅਤੇ ਇਕ ਹੋਰ ਗ਼ਦਰੀ ਕੈਦੀ ਸਨ, ਨੰਬਰਦਾਰਾਂ ਵਲੋਂ ਘਾਹ
ਕਟਾਉਣ ਲਈ ਅੜੀ ਕੀਤੀ ਗਈ। ਉਨ੍ਹਾਂ ਦੇ ਇਨਕਾਰ ਕਰਨ ‘ਤੇ ਸੱਤਾਂ ਨੂੰ ਹੀ ਸਜ਼ਾਵਾਂ ਲੁਵਾਈਆਂ
ਗਈਆਂ। ਦੋ ਨੂੰ ਤਿੰਨ ਮਹੀਨੇ ਕੋਠੀ ਬੰਦ ਅਤੇ ਘੱਟ ਖੁਰਾਕ ਦੀ ਸਜ਼ਾ ਦਿੱਤੀ ਗਈ। ਘੱਟ ਖੁਰਾਕ
ਬੜੀ ਨਿਗੂਣੀ ਜਿਹੀ ਖੁਰਾਕ ਹੈ, ਜੋ ਸਧਾਰਨ ਆਦਮੀ ਦੀ ਭੁੱਖ ਵੀ ਤ੍ਰਿਪਤ ਨਹੀਂ ਕਰ ਸਕਦੀ ਸੀ,
ਕੱਦਾਵਰ ਪੰਜਾਬੀਆਂ ਦੀ ਭੁੱਖ ਦਾ ਇਸ ਨਾਲ ਮਿਟਣਾ ਤਾਂ ਬਹੁਤ ਦੂਰ ਦੀ ਗੱਲ ਸੀ। ਤੰਗ ਕੋਠੜੀ
ਵਿੱਚ ਛੇ-ਛੇ ਮਹੀਨੇ ਲਗਾਤਾਰ ਇਕੱਲਿਆਂ ਰਹਿਣ ਅਤੇ ਇਸ ਲੰਮੇ ਸਮੇਂ ਵਿੱਚ ਨਿਰੰਤਰ ਭੁੱਖ ਦੀ
ਅਵਸਥਾ ਵਿੱਚ ਰਹਿਣ ਦਾ ਕੈਦੀਆਂ ਦੇ ਸਰੀਰ ਅਤੇ ਦਿਮਾਗ ਉਪਰ ਮਾਰੂ ਪ੍ਰਭਾਵ ਪੈਂਦਾ ਸੀ ਅਤੇ
ਇਸ ਹਾਲਤ ਵਿੱਚ ਕੈਦੀ ਦੀ ਸਿਹਤ ਨੂੰ ਗਿਰਾਉਣ ਵਿੱਚ ਉਥੋਂ ਦਾ ਜਲਵਾਯੂ ਹੋਰ ਵੀ ਸਹਾਇਕ ਹੋ
ਜਾਂਦਾ ਸੀ।
ਬੇਰੀ ਇਸ ਗੱਲ ਉਪਰ ਅੜਿਆ ਹੋਇਆ ਸੀ ਕਿ ਸਾਰੇ ਕੈਦੀ ਵੱਖ-ਵੱਖ ਰਹਿਣ। ਉਸ ਨੇ ਇਹ ਨਿਸ਼ਾਨਾ
ਪ੍ਰਾਪਤ ਕਰਨ ਲਈ ਕੋਈ ਕਸਰ ਬਾਕੀ ਨਾ ਛੱਡੀ। ਉਹ ਕੈਦੀਆਂ ਨੂੰ ਭੜਕਾਹਟ ਵਿੱਚ ਲਿਆਉਂਦਾ,
ਉਨ੍ਹਾਂ ਦੀ ਬੇਪਤੀ ਕਰਦਾ ਅਤੇ ਜਦ ਉਹ ਬਦਲੇ ਵਿੱਚ ਉਸ ਦਾ ਨਿਰਾਦਰ ਕਰਦੇ ਤਾਂ ਉਹ ਸਜ਼ਾਵਾਂ
ਸੁਣਾ ਦਿੰਦਾ। ਕਈ ਵਾਰ ਉਹ ਫਾਲਤੂ ਕੰਮ ਕਰਨ ਦੇ ਨਾ-ਵਾਜਬ ਹੁਕਮ ਜਾਰੀ ਕਰ ਦਿੰਦਾ ਅਤੇ ਜੇ
ਉਹ ਇਨਕਾਰ ਕਰਦੇ ਤਾਂ ਉਨ੍ਹਾਂ ਨੂੰ ਕੋਠੀ ਬੰਦ ਦੀਆਂ ਸਜ਼ਾਵਾਂ ਸੁਣਾ ਦਿੰਦਾ।
ਭਾਈ ਭਾਨ ਸਿੰਘ ਸੁਨੇਤ - ਅਜਿਹੇ ਦੁਰ-ਵਿਵਹਾਰ ਤੇ ਨਿਰਾਦਰ ਦੀ ਤੀਸਰੀ ਘਟਨਾ ਭਾਈ
ਭਾਨ ਸਿੰਘ ਸੁਨੇਤ ਦੀ ਹੈ। ਭਾਈ ਭਾਨ ਸਿੰਘ ਨੂੰ ਇਕ ਯੂਰਪੀਅਨ ਵਾਰਡਰ ਨੇ ਗਾਲ੍ਹ ਕੱਢੀ।
ਅੱਗੋਂ ਉਨ੍ਹਾਂ ਨੇ ਵੀ ਉਸੇ ਤਰ੍ਹਾਂ ਦਾ ਜਵਾਬ ਦਿੱਤਾ। ਭੈੜੇ ਵਿਹਾਰ ਦੇ ਦੋਸ਼ ਵਿੱਚ ਉਨ੍ਹਾਂ
ਦੀ ਪੁੱਛ-ਪੜਤਾਲ ਕੀਤੀ ਗਈ ਅਤੇ ਉਨ੍ਹਾਂ ਨੂੰ ਛੇ ਮਹੀਨੇ ਲਈ ਡੰਡਾ ਬੇੜੀ, ਕੋਠੀ ਬੰਦ ਅਤੇ
ਘੱਟ ਖੁਰਾਕ ਦੀ ਸਜ਼ਾ ਦਿੱਤੀ। ਬੇਰੀ ਸਮੇਂ-ਸਮੇਂ ਉਨ੍ਹਾਂ ਨੂੰ ਉਸ ਕੋਠੜੀ ਵਿੱਚ ਵੇਖਣ
ਜਾਂਦਾ। ਇਕ ਦਿਨ ਉਸ ਨੇ ਭਾਈ ਭਾਨ ਸਿੰਘ ਨੂੰ ਬੁਰਾ ਭਲਾ ਕਿਹਾ ਅਤੇ ਜਵਾਬ ਵਿੱਚ ਭਾਈ ਸਾਹਿਬ
ਨੇ ਉਸੇ ਤਰ੍ਹਾਂ ਦੀਆਂ ਸੁਣਾਈਆਂ। ਬੇਰੀ ਨੇ ਨੰਬਰਦਾਰਾਂ ਆਦਿ ਨੂੰ ਭਾਈ ਭਾਨ ਸਿੰਘ ਨੂੰ ਸਬਕ
ਸਿਖਾਉਣ ਦਾ ਹੁਕਮ ਦਿੱਤਾ। ਅੱਠ ਵਜੇ ਸਵੇਰੇ ਤਿੰਨ ਚਾਰ ਆਦਮੀ ਉਨ੍ਹਾਂ ਦੀ ਕੋਠੜੀ ਵਿੱਚ ਗਏ
ਅਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਦਸ ਵਜੇ ਬੇਰੀ ਇਕ ਦਰਜਨ ਯੂਰਪੀ, ਹਿੰਦੁਸਤਾਨੀ
ਵਾਰਡਰਾਂ, ਜਮਾਂਦਾਰਾਂ ਤੇ ਟੈਂਡਲਾਂ ਸਮੇਤ ਆਇਆ ਅਤੇ ਭਾਈ ਸਾਹਿਬ ਨੂੰ ਬੰਦ ਕੋਠੜੀ ਵਿੱਚ
ਲਿਜਾ ਕੇ ਬੁਰੀ ਤਰ੍ਹਾਂ ਕੁੱਟਿਆ।
ਜਦੋਂ ਬੇਰੀ, ਵਾਰਡਰਾਂ, ਨੰਬਰਦਾਰਾਂ ਤੇ ਟੈਂਡਲਾਂ ਨੂੰ ਲੈ ਕੇ ਭਾਈ ਭਾਨ ਸਿੰਘ ਨੂੰ ਮਾਰਨ
ਲਈ ਗਿਆ, ਉਸ ਸਮੇਂ ਤੱਕ ਉਸੇ ਅਹਾਤੇ ਵਿੱਚ ਬੰਦ ਦੂਸਰੇ ਗ਼ਦਰੀਆਂ ਊਧਮ ਸਿੰਘ ਕਸੇਲ, ਗੁਰਮੁਖ
ਸਿੰਘ ਲਲਤੋਂ, ਸੰਤ ਵਿਸਾਖਾ ਸਿੰਘ ਤੇ ਪਰਮਾਨੰਦ ਝਾਂਸੀ ਆਦਿ ਨੂੰ ਪਤਾ ਲੱਗ ਗਿਆ। ਆਪਣੇ
ਸਾਥੀ ਦੀ ਸੁਰੱਖਿਆ ਲਈ ਉਹ ਜੋ ਕੁਛ ਵੀ ਉਨ੍ਹਾਂ ਦੇ ਹੱਥ ਆਇਆ, ਲੈ ਕੇ ਭਾਈ ਭਾਨ ਸਿੰਘ ਦੀ
ਕੋਠੜੀ ਵੱਲ, ਜੋ ਉਪਰਲੀ ਮੰਜ਼ਲ ਉਤੇ ਸੀ, ਭੱਜੇ। ਪਰ ਜੇਲ੍ਹ ਕਰਮਚਾਰੀਆਂ ਨੇ ਉਨ੍ਹਾਂ ਨੂੰ
ਦੇਖ ਕੇ ਬੂਹਾ ਬੰਦ ਕਰ ਲਿਆ। ਭਾਈ ਭਾਨ ਸਿੰਘ ਨਾਲ ਕੀਤੀ ਗਈ ਸਖ਼ਤੀ ਨੇ ਬਾਕੀ ਰਾਜਸੀ ਕੈਦੀਆਂ
ਵਿੱਚ ਰੋਸ ਭਰ ਦਿੱਤਾ। ਨਤੀਜੇ ਵਜੋਂ ਲਗਭਗ ਸੱਠ ਕੈਦੀਆਂ ਨੇ ਕੰਮ ਦੀ ਹੜਤਾਲ ਕਰ ਦਿੱਤੀ।
ਅੰਡੇਮਾਨ ਦੇ ਕਮਿਸ਼ਨਰ ਨੇ ਭਾਈ ਭਾਨ ਸਿੰਘ ਦੇ ਕੇਸ ਨੂੰ ਅਤੇ ਹੜਤਾਲ ਦੇ ਕਾਰਨਾਂ ਨੂੰ ਗਲਤ
ਤੌਰ ‘ਤੇ ਪੇਸ਼ ਕਰਦਿਆਂ ਆਪਣੀ ਸਫਾਈ ਵਿੱਚ 26 ਜੁਲਾਈ, 1918 ਦੇ ‘ਰੋਜ਼ਾਨਾ ਬੰਗਾਲੀ‘ ਅਖ਼ਬਾਰ
ਵਿੱਚ ਚਿੱਠੀ ਛਪਵਾਈ, ਜਿਸ ਵਿੱਚ ਉਸ ਨੇ ਲਿਖਿਆ,‘‘ਭਾਨ ਸਿੰਘ ਨੇ ਹੜਤਾਲ ਜਾਰੀ ਰੱਖੀ।
ਅਕਤੂਬਰ, 1917 ਨੂੰ ਹੱਥਕੜੀ ਲਾਏ ਜਾਣ ਸਮੇਂ ਉਸ ਨੇ ਜ਼ਬਰਦਸਤ ਮੁਕਾਬਲਾ ਕੀਤਾ। ਹੱਥਕੜੀ
ਲਾਉਣ ਦੀ ਸਜ਼ਾ ਉਸ ਨੂੰ ਇਸ ਵਾਸਤੇ ਦਿੱਤੀ ਗਈ ਕਿ ਉਹ ਪਰੇਡ ਵੇਲੇ ਉਠਦਾ ਵੀ ਨਹੀਂ ਸੀ। ਭਾਨ
ਸਿੰਘ ਨੇ ਬਿਆਨ ਦਿੱਤਾ ਕਿ ਉਸ ਨੂੰ ਮਾਰਿਆ ਗਿਆ ਸੀ। ਪਰ ਬੜੇ ਗਹੁ ਨਾਲ ਕੀਤੀ ਤਫ਼ਤੀਸ਼ ‘ਤੇ
ਪਤਾ ਲੱਗਾ ਕਿ ਇਹ ਗੱਲ ਗਲਤ ਸੀ। ਕੁਝ ਦਿਨਾਂ ਪਿਛੋਂ 29 ਹੋਰ ਗ਼ਦਰੀਆਂ ਨੇ ਇਸ ਅਧਾਰ ਉਤੇ
ਹੜਤਾਲ ਕਰ ਦਿੱਤੀ ਕਿ ਭਾਨ ਸਿੰਘ ਨੂੰ ਕੁੱਟਿਆ ਗਿਆ ਅਤੇ ਉਸ ਨਾਲ ਇਨਸਾਫ਼ ਨਹੀਂ ਸੀ ਕੀਤਾ
ਗਿਆ।‘‘ ਇਸ ਸਬੰਧ ਵਿੱਚ ਬਾਬਾ ਸੋਹਨ ਸਿੰਘ ਭਕਨਾ ਦਾ ਕਹਿਣਾ ਹੈ ਕਿ ਜਦੋਂ ਜੇਲ੍ਹ
ਅਧਿਕਾਰੀਆਂ ਦੇ ਜ਼ੁਲਮ ਹੱਦ ਤੋਂ ਵੱਧ ਗਏ ਤਾਂ ਕੰਮ ਦੀ ਦੂਸਰੀ ਵੱਡੀ ਹੜਤਾਲ ਕੀਤੀ ਗਈ।
ਜੇਲ੍ਹ ਅਧਿਕਾਰੀਆਂ ਦੇ ਇਸ ਸਮੇਂ ਦੇ ਅਜਿਹੇ ਜ਼ਾਲਮ ਵਤੀਰੇ ਦਾ ਚਿਤਰ ‘ਰੋਜ਼ਾਨਾ ਬੰਗਾਲੀ‘ ਦੇ
ਹਵਾਲੇ ਨਾਲ ਅਖ਼ਬਾਰ ‘ਮਾਡਰਨ ਰਿਵੀਊ‘ ਵਿੱਚ ਇਸ ਤਰ੍ਹਾਂ ਪ੍ਰਕਾਸ਼ਤ ਹੋਇਆ,‘‘ਰਾਜਸੀ ਕੈਦੀਆਂ
ਨੂੰ ਜਿਨ੍ਹਾਂ ਕਠੋਰ ਤੇ ਅਣਸੁਖਾਵੀਆਂ ਹਾਲਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਦਾ
ਅੰਦਾਜ਼ਾ ਕਰੋ। ਹਰੇਕ ਬਲਾਕ ਵਿੱਚ ਦਸ ਜਾਂ ਬਾਰਾਂ ਰਾਜਸੀ ਕੈਦੀ ਰਹਿੰਦੇ ਅਤੇ ਇਕੱਠੇ ਕੰਮ
ਕਰਦੇ ਹਨ, ਪਰ ਉਨ੍ਹਾਂ ਨੂੰ ਆਪੋ ਵਿੱਚ ਗੱਲ ਕਰਨ ਦੀ ਆਗਿਆ ਨਹੀਂ ਹੈ। ਕੀ ਇਹ ਮਨੁੱਖੀ ਤੌਰ
‘ਤੇ ਸੰਭਵ ਹੈ ਕਿ ਦਸ ਜਾਂ ਬਾਰਾਂ ਆਦਮੀ ਇਕੋ ਥਾਂ ਰਹਿਣ ਤੇ ਉਹ ਇਕ ਦੂਜੇ ਨਾਲ ਕੋਈ ਗੱਲ ਨਾ
ਕਰਨ ਤੇ ਜੋ ਕਰਨ ਤਾਂ ਅਧਿਕਾਰੀ ਸਖ਼ਤ ਤੋਂ ਸਖ਼ਤ ਸਜ਼ਾਵਾਂ ਲਾਗੂ ਕਰਦੇ ਹਨ। ਪਿਛੇ ਜਿਹੇ ਕੁਝ
ਵਿਅਕਤੀਆਂ ਨੂੰ ਮਹਿਜ਼ ਇਸ ਲਈ ਕੋਠੀ ਬੰਦ ਅਤੇ ਡੰਡਾ ਬੇੜੀ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ
ਕਿਉਂਕਿ ਉਨ੍ਹਾਂ ਨੇ ਇਕ ਦੂਜੇ ਨੂੰ ਅਦਾਬ ਬੁਲਾਈ ਸੀ। ਕੈਦੀਆਂ ਨੂੰ ਪੁਸਤਕਾਂ ਪੜ੍ਹਨ ਬਦਲੇ
ਵੀ ਸਜ਼ਾ ਦਿੱਤੀ ਜਾਂਦੀ ਹੈ। ਦੂਸਰੀ ਹੜਤਾਲ ਜੇਲ੍ਹ ਵਾਲਿਆਂ ਦੇ ਅਜਿਹੇ ਵਤੀਰੇ ਦੇ ਪਿਛੋਕੜ
ਵਿੱਚ ਖਾਸ ਕਰਕੇ ਭਾਈ ਭਾਨ ਸਿੰਘ ਨਾਲ ਕੀਤੇ ਜ਼ੁਲਮ ਵਿਰੁੱਧ ਰੋਸ ਵਜੋਂ 2 ਨਵੰਬਰ, 1917 ਨੂੰ
ਹੋਈ, ਜੋ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਸੀ। ਪਹਿਲੇ ਬਰਮਾ ਕੇਸ ਦੇ ਸ੍ਰੀ ਕਿਰਪਾ
ਰਾਮ, ਚੇਤ ਰਾਮ, ਜੀਵਨ ਸਿੰਘ, ਕਪੂਰ ਸਿੰਘ, ਹਰਦਿੱਤ ਸਿੰਘ ਅਤੇ ਬੁੱਢਾ ਸਿੰਘ ਤਾਂ ਪਹਿਲਾਂ
ਹੀ ਅੰਡੇਮਾਨ ਆ ਚੁੱਕੇ ਸਨ। ਇਸ ਹੜਤਾਲ ਦੇ ਦੌਰਾਨ ਦੂਜੇ ਬਰਮਾ ਕੇਸ ਦੇ ਮੁਸਤਫ਼ਾ ਹੁਸੈਨ,
ਅਮਰ ਸਿੰਘ ਇੰਜੀਨੀਅਰ, ਅਲੀ ਅਹਿਮਦ ਸਦੀਕੀ ਅਤੇ ਰਾਮ ਰੱਖਾ ਵੀ ਏਥੇ ਪਹੁੰਚ ਗਏ। ਉਹ ਵੀ
ਆਉਂਦਿਆਂ ਹੀ ਹੜਤਾਲ ਵਿੱਚ ਸ਼ਾਮਲ ਹੋ ਗਏ ਅਤੇ ਨਤੀਜੇ ਵਜੋਂ ਇਹ ਜੱਦੋ-ਜਹਿਦ ਹੋਰ ਵੀ ਤੇਜ਼ ਹੋ
ਗਈ। ਜੇਲ੍ਹ ਸੁਪਰਡੈਂਟ ਮਰੇ ਲਈ ਸੁਭਾਵਕ ਹੀ ਇਹ ਦੁੱਖ ਵਾਲੀ ਗੱਲ ਸੀ। ਅੰਡੇਮਾਨ ਦੇ ਕਮਿਸ਼ਨਰ
ਨੂੰ ਆਪਣੇ 16 ਫਰਵਰੀ 1918 ਦੇ ਪੱਤਰ ਵਿੱਚ ਇਸ ਜੱਦੋਜਹਿਦ ਬਾਰੇ ਰਿਪੋਰਟ ਦਿੰਦਿਆਂ ਉਸ ਨੇ
ਲਿਖਿਆ,‘‘ਪਿਛਲੇ ਹਫ਼ਤੇ ਅਤਿਅੰਤ ਖ਼ਤਰਨਾਕ ਕਿਸਮ ਦੇ ਚਾਰ ਹੋਰ ਬਾਗ਼ੀਆਂ ਦੇ ਆਉਣ ਨਾਲ ਸਥਿਤੀ
ਹੋਰ ਵੀ ਵਿਗੜ ਗਈ ਹੈ। ਉਨ੍ਹਾਂ ਵਿਚੋਂ ਤਿੰਨ ਨੇ ਆਉਣ ਸਾਰ ਹੀ ਭੁੱਖ ਹੜਤਾਲ ਅਤੇ
ਅਧਿਕਾਰੀਆਂ ਦੇ ਹੁਕਮਾਂ ਦੀ ਉਲੰਘਣਾ ਕਰ ਦਿੱਤੀ ਹੈ ਅਤੇ ਆਪਣੇ ਇਸ ਵਤੀਰੇ ਨੂੰ ਉਹ ਜਾਰੀ
ਰੱਖ ਰਹੇ ਹਨ।‘‘ ਹਰ ਘਟਨਾ ਨੂੰ ਮਜ਼ਹਬੀ ਵਿਤਕਰੇ ਦੀ ਦ੍ਰਿਸ਼ਟੀ ਤੋਂ ਵੇਖਣ ਵਾਲੇ ਇਸ ਅੰਗਰੇਜ਼
ਅਫ਼ਸਰ ਲਈ ਹੋਰ ਵੀ ਦੁੱਖ ਵਾਲੀ ਗੱਲ ਸੀ ਕਿ ਭੁੱਖ ਹੜਤਾਲ ਕਰਨ ਵਾਲੇ ਦੋ ਗ਼ਦਰੀ ਮੁਸਤਫ਼ਾ
ਹੁਸੈਨ ਅਤੇ ਅਲੀ ਅਹਿਮਦ ਸਦੀਕੀ ਮੁਸਲਮਾਨ ਹਨ, ਜਿਵੇਂ ਮੁਸਲਮਾਨ ਗ਼ਦਰੀਆਂ ਲਈ ਆਪਣੇ ਹਿੰਦੂ
ਸਿੱਖ ਭਾਈਆਂ ਨਾਲ ਮਿਲ ਕੇ ਜਦੋ-ਜਹਿਦ ਕਰਨਾ ਅਣਹੋਣੀ ਤੇ ਅਚੰਭੇ ਵਾਲੀ ਗੱਲ ਹੋਵੇ। ਅੰਡੇਮਾਨ
ਦੇ ਕਮਿਸ਼ਨਰ ਨੇ ਹੜਤਾਲੀਆਂ ਦੀ ਗਿਣਤੀ ਘਟਾ ਕੇ 29 ਦੱਸੀ ਹੈ ਜਦਕਿ ਇਸ ਵਿੱਚ 43 ਰਾਜਸੀ
ਕੈਦੀਆਂ ਨੇ ਭਾਗ ਲਿਆ ਸੀ। ਇਸ ਹੜਤਾਲ ਵਿੱਚ ਲਾਹੌਰ ਸਾਜਿਸ਼ ਕੇਸ, ਬਰਮਾ ਕੇਸ ਦੇ ਗ਼ਦਰੀਆਂ
ਤੋਂ ਬਿਨ੍ਹਾਂ ਉਹ ਬੰਗਾਲੀ ਕੈਦੀ ਵੀ ਸ਼ਾਮਿਲ ਸਨ, ਜੋ ਗ਼ਦਰ ਲਹਿਰ ਵਿੱਚ ਹਿੱਸਾ ਲੈਣ ਦੇ ਦੋਸ਼
ਵਿੱਚ ਹੀ ਨਵੇਂ-ਨਵੇਂ ਏਥੇ ਆਏ ਸਨ। ਬਾਬਾ ਸੋਹਣ ਸਿੰਘ ਭਕਨਾ ਅਨੁਸਾਰ ਇਸ ਹੜਤਾਲ ਵਿੱਚ ਭਾਗ
ਲੈਣ ਵਾਲਿਆਂ ਦੇ ਨਾਉਂ ਇਸ ਪ੍ਰਕਾਰ ਹਨ: ਭਾਈ ਵਸਾਖਾ ਸਿੰਘ, ਕਪੂਰ ਸਿੰਘ, ਕਿਹਰ ਸਿੰਘ
ਮਰਹਾਣਾ, ਨੰਦ ਸਿੰਘ ਬੁਰਜ, ਰੁਲੀਆ ਸਿੰਘ ਸਰਾਭਾ, ਇੰਦਰ ਸਿੰਘ ਗ੍ਰੰਥੀ, ਨੰਦ ਸਿੰਘ ਕੈਲੇ,
ਕਿਹਰ ਸਿੰਘ ਅਮਲੀ, ਹਜ਼ਾਰਾ ਸਿੰਘ, ਪ੍ਰਿਥਵੀ ਸਿੰਘ, ਜਵੰਦ ਸਿੰਘ, ਕਾਲਾ ਸਿੰਘ, ਗੁਰਦਿੱਤਾ
ਸਿੰਘ, ਚੂਹੜ ਸਿੰਘ, ਮਦਨ ਸਿੰਘ ਗਾਗਾ, ਹਰਦਿੱਤ ਸਿੰਘ, ਹਰਨਾਮ ਸਿੰਘ, ਅਰੂੜ ਸਿੰਘ ਚੂਹੜ
ਚੱਕ, ਕੇਸਰ ਸਿੰਘ, ਝੰਡਾ ਸਿੰਘ ਰੋਡੇ, ਜੀਵਨ ਸਿੰਘ, ਬਿਸ਼ਨ ਸਿੰਘ ਪਹਿਲਵਾਨ, ਸਾਵਣ ਸਿੰਘ,
ਖੁਸ਼ਹਾਲ ਸਿੰਘ ਪੱਧਰੀ, ਸ਼ੇਰ ਸਿੰਘ ਵੇਈਂ ਪੋਈ, ਕਿਸ਼ਨ ਸਿੰਘ, ਮੰਗਲ ਸਿੰਘ, ਇੰਦਰ ਸਿੰਘ
ਭਸੀਨ, ਬਾਬੂ ਭੁਪਿੰਦਰ ਨਾਥ, ਸਚਿੰਦਰ ਨਾਥ ਸਨਿਆਲ, ਅੰਮ੍ਰਿਤ ਬਾਬੂ, ਤਰਲੋਕੀ ਨਾਥ
ਚੱਕਰਵਰਤੀ, ਜੋਤੀਸ਼ ਬਾਬੂ, ਜੋਤਿਨ ਬਾਬੂ, ਪੰਡਤ ਰਾਮ ਰੱਖਾ, ਮੌਲਵੀ ਮੁਸਤਫ਼ਾ ਹੁਸੈਨ, ਅਲੀ
ਅਹਿਮਦ ਸਦੀਕੀ, ਬਾਬੂ ਅਮਰ ਸਿੰਘ, ਚੰਦਰ ਸਿੰਘ, ਨਿਧਾਨ ਸਿੰਘ ਚੁੱਘਾ, ਜਵਾਲਾ ਸਿੰਘ, ਹਰਨਾਮ
ਸਿੰਘ ਟੁੰਡੀਆਨ, ਸੋਹਣ ਸਿੰਘ ਭਕਨਾ ਅਤੇ ਗੁਰਮੁਖ ਸਿੰਘ ਲਲਤੋਂ। ਉਪਰੋਕਤ ਸਭ ਦੇਸ਼ ਭਗਤਾਂ ਨੇ
ਜਿਥੇ ਕੰਮ ਦੀ ਹੜਤਾਲ ਕੀਤੀ, ਉਥੇ ਪ੍ਰਿਥਵੀ ਸਿੰਘ, ਸੋਹਣ ਸਿੰਘ ਭਕਨਾ, ਜਵੰਦ ਸਿੰਘ ਸੁਰ
ਸਿੰਘ, ਮੁਸਤਫਾ ਹੁਸੈਨ ਅਤੇ ਪੰਡਤ ਰਾਮ ਰੱਖਾ ਨੇ ਕੰਮ ਦੇ ਨਾਲ ਭੁੱਖ ਹੜਤਾਲ ਵੀ ਕਰ ਦਿੱਤੀ।
ਇਸ ਕੰਮ ਦੀ ਹੜਤਾਲ ਅਤੇ ਭੁੱਖ ਹੜਤਾਲ ਵਿੱਚ ਹੜਤਾਲੀਆਂ ਉਤੇ ਬੇਪਨਾਹ ਜ਼ੁਲਮ ਢਾਏ ਗਏ। ਕੋਠੀ
ਬੰਦ, ਬੇੜੀ, ਹੱਥਕੜੀ, ਘੱਟ ਖੁਰਾਕ ਹੜਤਾਲੀਆਂ ਲਈ ਆਮ ਸੀ। ਇਸ ਤੋਂ ਬਿਨਾਂ ਭੁੱਖ ਹੜਤਾਲੀਆਂ
ਨੂੰ ਸਰਦੀਆਂ ਵਿੱਚ ਸਵੇਰੇ ਸਮੁੰਦਰ ਦੇ ਪਾਣੀ ਨਾਲ ਨੁਹਾਇਆ ਜਾਂਦਾ। ਉਹਨਾਂ ਉਪਰ ਲਗਾਤਾਰ
ਅੱਧਾ-ਅੱਧਾ ਘੰਟਾ ਪਾਣੀ ਸੁਟਵਾਇਆ ਜਾਂਦਾ, ਕੰਬਲ ਕੱਢ ਕੇ ਠੰਡੀਆਂ ਕੋਠੀਆਂ ਵਿੱਚ ਉਸੇ
ਤਰ੍ਹਾਂ ਸੁੱਟ ਦਿੱਤਾ ਜਾਂਦਾ, ਭੁੱਖ ਹੜਤਾਲ ਦੀ ਸੂਰਤ ਵਿੱਚ ਜਦੋਂ ਸਰੀਰ ਬਹੁਤ ਕਮਜ਼ੋਰ ਸੀ,
ਉਨ੍ਹਾਂ ਨੂੰ ਬੇੜੀਆਂ ਤੋਂ ਫੜ ਕੇ ਅੱਗੇ ਖਿਚਿਆ ਜਾਂਦਾ ਅਤੇ ਦੋਨਾਂ ਪਾਸਿਆਂ ਤੋਂ ਫੜਕੇ
ਚੱਲਣ ਲਈ ਮਜਬੂਰ ਕੀਤਾ ਜਾਂਦਾ। ਭਾਈ ਰੁਲੀਆ ਸਿੰਘ ਸਰਾਭਾ ਅਤੇ ਨੰਦ ਸਿੰਘ ਬੁਰਜ ਇਸੇ ਠੰਡ
ਦਾ ਸ਼ਿਕਾਰ ਹੋਏ ਅਤੇ ਇਸੇ ਜਦੋ-ਜਹਿਦ ਦੌਰਾਨ ਸ਼ਹੀਦੀ ਪਾ ਗਏ। ਭਾਈ ਰੁਲੀਆ ਸਿੰਘ ਨੂੰ ਬੁਰੀ
ਤਰ੍ਹਾਂ ਠੰਡ ਲੱਗ ਗਈ ਸੀ। ਠੰਡੀ ਕੋਠੜੀ ਵਿੱਚ ਉਨ੍ਹਾਂ ਦਾ ਕੰਬਲ ਅਤੇ ਕੰਬਲ ਦਾ ਕੋਟ ਉਤਾਰ
ਲਿਆ ਗਿਆ ਸੀ। ਬਹੁਤ ਬੀਮਾਰ ਹੋਣ ਦੀ ਸੂਰਤ ਵਿੱਚ ਉਹ 4 ਨਵੰਬਰ 1917 ਨੂੰ ਹਸਪਤਾਲ ਲਿਜਾਏ
ਗਏ। ਉਨ੍ਹਾਂ ਨੂੰ ਤਪਦਿਕ ਹੋ ਗਈ ਅਤੇ ਉਹ ਚਲਾਣਾ ਕਰ ਗਏ। ਭਾਈ ਭਾਨ ਸਿੰਘ ਨੂੰ ਪਹਿਲਾਂ 18
ਅਕਤੂਬਰ, 1917 ਅਤੇ ਫੇਰ 1918 ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਹ ਜੇਲ੍ਹ ਅਧਿਕਾਰੀਆਂ
ਵੱਲੋਂ ਕੀਤੀ ਸਖ਼ਤੀ ਅਤੇ ਮਾਰਕੁਟਾਈ ਦੀ ਤਾਬ ਨਾ ਝੱਲ ਸਕੇ ਅਤੇ 2 ਮਾਰਚ, 1918 ਨੂੰ ਚਲਾਣਾ
ਕਰ ਗਏ। ਭਾਈ ਨੰਦ ਸਿੰਘ ਅਤੇ ਕੇਹਰ ਸਿੰਘ ਮਰਹਾਣਾ ਵੀ ਲਗਭਗ ਇਸੇ ਸਮੇਂ ਚਲਾਣਾ ਕਰ ਗਏ।
ਏਸੇ ਸੰਘਰਸ਼ ਦੌਰਾਨ ਹੀ ਪੰਡਤ ਰਾਮ ਰੱਖਾ ਨੇ ਸ਼ਹੀਦੀ ਪਾਈ। ਅੰਡੇਮਾਨ ਵਿੱਚ ਬ੍ਰਾਹਮਣਾਂ ਦਾ
ਜਨੇਊ ਉਤਾਰ ਲਿਆ ਜਾਂਦਾ ਸੀ ਜਦਕਿ ਸਿੱਖਾਂ, ਮੁਸਲਮਾਨਾਂ ਨੂੰ ਕੁਝ ਨਹੀਂ ਸੀ ਕਿਹਾ ਜਾਂਦਾ,
ਸ਼ਾਇਦ ਇਸ ਕਰਕੇ ਕਿ ਉਹ ਵਧੇਰੇ ਲੜਾਕੂ ਸਨ। ਕਿਸੇ ਵੀ ਬ੍ਰਾਹਮਣ ਨੇ ਜਨੇਊ ਉਤਾਰਨ ਵਿਰੁੱਧ
ਕਦੇ ਰੋਸ ਨਹੀਂ ਸੀ ਕੀਤਾ। ਬਰਮਾ ਕੇਸ ਦੇ ਗ਼ਦਰੀ ਪੰਡਤ ਰਾਮ ਰੱਖਾ ਨੇ ਇਤਰਾਜ਼ ਕੀਤਾ ਅਤੇ
ਕਿਹਾ ਕਿ ਜਿੰਨਾਂ ਚਿਰ ਉਨ੍ਹਾਂ ਪਾਸ ਜਨੇਊ ਨਹੀਂ ਹੋਵੇਗਾ, ਉਹ ਆਪਣੇ ਧਾਰਮਿਕ ਸੰਸਕਾਰਾਂ
ਅਨੁਸਾਰ ਖਾਣਾ ਨਹੀਂ ਖਾ ਸਕਣਗੇ। ਪੰਡਤ ਰਾਮ ਰੱਖਾ ਨੇ ਇਹ ਕੁਝ ਕਿਸੇ ਧਾਰਮਿਕ ਦ੍ਰਿਸ਼ਟੀ
ਕਾਰਨ ਨਹੀਂ ਸੀ ਕੀਤਾ, ਸਗੋਂ ਉਹ ਇਕ ਅਸੂਲ ਦੀ ਗੱਲ ਕਰਦੇ ਸਨ, ਜਿਸ ਨਾਲ ਉਨ੍ਹਾਂ ਦਾ ਕੌਮੀ
ਗੌਰਵ ਸਬੰਧਤ ਸੀ। ਪੰਡਤ ਰਾਮ ਰੱਖਾ ਚੀਨ, ਜਾਪਾਨ, ਥਾਈਲੈਂਡ ਵਿੱਚ ਘੁੰਮੇ ਸਨ ਅਤੇ ਉਨ੍ਹਾਂ
ਵਿੱਚ ਧਾਰਮਿਕ ਕੱਟੜਪੁਣਾ ਬਿਲਕੁਲ ਨਹੀਂ ਸੀ, ਤਦ ਵੀ ਉਨ੍ਹਾਂ ਨੇ ਕਿਹਾ ਇਹ ਅਸੂਲ ਹੈ ਕਿ
ਜੇਲ੍ਹ ਅਧਿਕਾਰੀਆਂ ਨੂੰ ਉਨ੍ਹਾਂ ਦਾ ਜਨੇਊ ਉਤਾਰਨ ਦਾ ਹੱਕ ਨਹੀਂ ਹੈ ਅਤੇ ਉਨ੍ਹਾਂ ਇਸ ਖਾਤਰ
ਭੁੱਖ ਹੜਤਾਲ ਕਰ ਦਿੱਤੀ। ਇਸੇ ਦੌਰਾਨ ਜੇਲ੍ਹ ਵਿੱਚ ਦੂਸਰੀ ਵਿਆਪਕ ਹੜਤਾਲ ਸ਼ੁਰੂ ਹੋਈ ਤਾਂ
ਉਹ ਉਸ ਵਿੱਚ ਸ਼ਾਮਲ ਹੋ ਗਏ, ਹਾਲਾਂਕਿ ਪਹਿਲਾਂ ਹੀ ਬਰਮਾ ਦੀਆਂ ਜੇਲ੍ਹਾਂ ਵਿੱਚ ਬਹੁਤ ਤਸੀਹੇ
ਸਹਿੰਦੇ ਰਹਿਣ ਕਰਕੇ ਉਨ੍ਹਾਂ ਦਾ ਸਰੀਰ ਕਮਜ਼ੋਰ ਸੀ। ਇਸ ਹੜਤਾਲ ਵਿੱਚ ਉਨ੍ਹਾਂ ਨੂੰ ਤਪਦਿਕ
ਹੋ ਗਈ। ਉਨ੍ਹਾਂ ਨੂੰ ਹਸਪਤਾਲ ਲਿਆਇਆ ਗਿਆ ਤੇ ਉਥੇ ਉਹ ਪਹਿਲੀ ਜੂਨ 1915 ਨੂੰ ਚਲਾਣਾ ਕਰ
ਗਏ।
ਇਸੇ ਤਰ੍ਹਾਂ ਅੰਡੇਮਾਨ ਦੇ ਜੇਲ੍ਹ ਅਧਿਕਾਰੀਆਂ ਦੇ ਜ਼ੁਲਮਾਂ ਵਿਰੁੱਧ ਅਤੇ ਰਾਜਸੀ ਅਤੇ
ਇਖ਼ਲਾਕੀ ਕੈਦੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਗ਼ਦਰੀ ਦੇਸ਼ ਭਗਤਾਂ ਨੇ ਲਗਾਤਾਰ ਜੱਦੋ ਜਹਿਦ
ਜਾਰੀ ਰੱਖੀ। ਜਦ ਜੇਲ੍ਹ ਅਧਿਕਾਰੀ ਸਜ਼ਾਵਾਂ ਦਿੰਦੇ ਥੱਕ ਗਏ ਅਤੇ ਸਜ਼ਾਵਾਂ ਪਾਉਣ ਵਾਲੇ ਕਈ
ਦੇਸ਼ ਭਗਤ ਆਪਣੀਆਂ ਜਾਨਾਂ ਉਤੇ ਖੇਲ ਗਏ, ਪਰ ਆਪਣੇ ਸੰਘਰਸ਼ ਤੋਂ ਪਿਛੇ ਨਾ ਹਟੇ, ਤਾਂ ਜੇਲ੍ਹ
ਵਾਲਿਆਂ ਸਜ਼ਾਵਾਂ ਦੇਣ ਦਾ ਇਕ ਨਵਾਂ ਤਰੀਕਾ ਲਭਿਆ। ਹਰੇਕ ਬੈਰਕ ਦੇ ਆਖਰੀ ਸਿਰੇ ਉਪਰ ਲੋਹੇ
ਦੇ ਪਿੰਜਰੇ ਬਣਵਾਏ, ਜਿਨ੍ਹਾਂ ਵਿੱਚ ਆਦਮੀ ਲੰਮਾ ਪੈ ਸਕਦਾ ਜਾਂ ਖੜਾ ਹੋ ਸਕਦਾ ਸੀ। ਬਹੁਤ
ਸਾਰੇ ਗ਼ਦਰੀਆਂ ਨੂੰ ਸਜ਼ਾ ਵਜੋਂ ਹਰ ਸਮੇਂ ਲੋਹੇ ਦੇ ਪਿੰਜਰੇ ਵਿੱਚ ਰਖਿਆ ਜਾਂਦਾ, ਇਕ ਸੈਕਿੰਡ
ਲਈ ਵੀ ਬਾਹਰ ਨਹੀਂ ਸੀ ਕਢਿਆ ਜਾਂਦਾ। ਹਾਲਾਂ ਕਿ ਜੇਲ੍ਹ ਅਧਿਕਾਰੀ ਖੁਦ ਪ੍ਰਵਾਨ ਕਰਦੇ ਸਨ
ਕਿ ਇਸ ਤਰ੍ਹਾਂ ਦੀ ਅੱਠ ਹੱਥ ਲੰਮੀ ਤੇ ਪੰਜ ਫੁੱਟੀ ਚੌੜੀ ਕੋਠੜੀ ਦੀ ਕੈਦ ਵਿੱਚ ਰੱਖਣ ਨਾਲ
ਕੈਦੀਆਂ ਦੀ ਸਿਹਤ ਉਤੇ ਬਹੁਤ ਬੁਰਾ ਅਸਰ ਪੈਂਦਾ ਸੀ ਅਤੇ ਇਹ ਵੀ ਮੰਨਦੇ ਸਨ ਕਿ ਇਸੇ ਕਾਰਨ
ਹੀ ਬਹੁਤ ਸਾਰੇ ਕੈਦੀਆਂ ਨੂੰ ਤਪਦਿਕ ਹੋ ਗਈ ਸੀ। ਮਾਸਟਰ ਚਤਰ ਸਿੰਘ ਚਾਰ ਸਾਲ ਤੱਕ ਪਿੰਜਰੇ
ਵਿੱਚ ਬੰਦ ਰਹੇ। ਭਾਈ ਭਾਨ ਸਿੰਘ ਸੁਨੇਤ, ਅਮਰ ਸਿੰਘ ਇੰਜੀਨੀਅਰ ਨੂੰ ਹੜਤਾਲ ਵਿੱਚ ਸ਼ਾਮਲ
ਹੋਣ ਕਾਰਨ ਜਦੋਂ ਕੋਠੀ ਵਿੱਚ ਬੰਦ ਕੀਤਾ ਗਿਆ ਤਾਂ ਹੜਤਾਲੀਆਂ ਦੀ ਸਜ਼ਾ ਦੀ ਮਿਆਦ ਖਤਮ ਹੋਣ
ਪਿਛੋਂ ਵੀ ਉਹ ਕੋਠੜੀ ਵਿਚੋਂ ਬਾਹਰ ਨਹੀਂ ਨਿਕਲੇ, ਹਾਲਾਂਕਿ ਉਨ੍ਹਾਂ ਦੀ ਕੋਠੜੀ ਦਾ ਬੂਹਾ
ਖੋਲ੍ਹ ਦਿੱਤਾ ਗਿਆ ਸੀ।
ਸੈਲੂਲਰ ਜੇਲ੍ਹ ਦੇ ਅਧਿਕਾਰੀਆਂ ਨੂੰ ਸਰਕਾਰ ਨੇ ਮੁਕੰਮਲ ਤੌਰ ‘ਤੇ ਇਕ ਸਲਤਨਤ ਦੇ ਮਾਲਕ
ਬਣਾਇਆ ਹੋਇਆ ਸੀ। ਆਪਣੇ ਹਰ ਪ੍ਰਕਾਰ ਦੇ ਜ਼ੁਲਮ ਨੂੰ ਉਹ ਜਾਰੀ ਰੱਖ ਸਕਦੇ ਸਨ। ਇਸਦਾ ਕਾਰਨ
ਇਹ ਵੀ ਸੀ ਕਿ ਇਸ ਸਭ ਕੁਝ ਦੀ ਬਾਹਰ ਉਕਾ ਹੀ ਭਿਣਕ ਨਹੀਂ ਸੀ ਪੈਂਦੀ। ਦੇਸ਼ ਵਿਚਲੇ ਕੁਝ ਦੇਸ਼
ਭਗਤਾਂ ਨਾਲ ਅੰਡੇਮਾਨ ਵਿਚਲੇ ਕੈਦੀ ਚਿੱਠੀ ਪੱਤਰ ਕਰਦੇ ਸਨ, ਪਰ ਉਨ੍ਹਾਂ ਦੀ ਸਾਰੀ ਡਾਕ
ਸੈਂਸਰ ਹੋ ਕੇ ਜਾਂਦੀ ਸੀ। ਇਸ ਤਰ੍ਹਾਂ ਅੰਡੇਮਾਨ ਵਿੱਚ ਤਿੰਨ ਸਾਲ ਤੱਕ ਗ਼ਦਰੀ ਦੇਸ਼ ਭਗਤਾਂ
ਨੇ ਜੋ ਸੰਗਰਾਮ ਕੀਤਾ ਅਤੇ ਜੇਲ੍ਹ ਵਿੱਚ ਉਨ੍ਹਾਂ ਨੂੰ ਕਿਹੋ ਜਿਹੀਆਂ ਹਾਲਤਾਂ ਦਾ ਸਾਹਮਣਾ
ਸੀ, ਉਸ ਬਾਰੇ ਕੋਈ ਵੀ ਸੂਚਨਾ ਬਾਹਰ ਨਾ ਆ ਸਕੀ। ਆਖ਼ਰ ਬੰਗਾਲੀ ਇਨਕਲਾਬੀਆਂ ਦੇ ਯਤਨਾਂ ਨਾਲ
ਕਲਕੱਤੇ ਦੇ ਰੋਜ਼ਾਨਾ ਅਖ਼ਬਾਰ ‘ਬੰਗਾਲੀ‘ ਵਿੱਚ ਸੈਲੂਲਰ ਜੇਲ੍ਹ ਦੇ ਸਭ ਹਾਲਾਤ ਛਪ ਗਏ, ਜੋ
ਮਗਰੋਂ ਅੰਗਰੇਜ਼ੀ ਮਾਸਕ ਪੱਤਰ ‘ਮਾਡਰਨ ਰਿਵੀੳ‘ ਨੇ ਪ੍ਰਕਾਸ਼ਤ ਕੀਤੇ। ‘ਮਾਡਰਨ ਰਿਵੀਊ‘ ਵਿੱਚ
ਇਹ ਕੁਝ ਪ੍ਰਕਾਸ਼ਤ ਹੋਣ ਪਿਛੋਂ ਅੰਡੇਮਾਨ ਵਿਚਲੇ ਰਾਜਸੀ ਕੈਦੀਆਂ ਉਪਰ ਹੁੰਦੇ ਜ਼ੁਲਮਾਂ ਦਾ
ਪਤਾ ਦੇਸ਼ ਵਾਸੀਆਂ ਨੂੰ ਲੱਗ ਗਿਆ। ਸੁਰਿੰਦਰ ਨਾਥ ਬੰਧੋਉਪਾਧਿਆਏ ਨੇ ਕੌਂਸਲ ਵਿੱਚ ਬਹੁਤ
ਸਾਰੇ ਸਵਾਲ ਵੀ ਪੁੱਛੇ। ਸਰਕਾਰ ਨੇ ਕਿਹਾ ਕਿ ਕੁਝ ਬਦਮਾਸ਼ ਗੜਬੜੀ ਮਚਾ ਰਹੇ ਹਨ। ਹੜਤਾਲ ‘ਚ
ਕੋਈ ਆਗੂ ਸ਼ਾਮਲ ਨਹੀਂ ਹੋਇਆ ਅਤੇ ਇਸ ਨਾਲ ਉਹਨਾਂ ਦੀ ਹਮਦਰਦੀ ਵੀ ਨਹੀਂ ਹੈ। ਉਪਰੋਂ ਉਪਰੋਂ
ਇਹ ਝੂਠ ਬੋਲਣ ਤੇ ਰੋਅਬ ਵਿਖਾਉਣ ਦੇ ਬਾਵਜੂਦ ਅੰਦਰੋਂ ਸਰਕਾਰ ਹਿਲ ਚੁੱਕੀ ਸੀ ਅਤੇ ਉਸ ਨੇ
ਜਨਤਕ ਦਬਾਅ ਅਧੀਨ ਅੰਡੇਮਾਨ ਦੇ ਕਮਿਸ਼ਨਰ ਤੋਂ ਇਸ ਸੰਬੰਧ ਵਿਚ ਪੜਤਾਲ ਕਰਵਾਈ, ਜਿਸ ਦੇ
ਨਤੀਜੇ ਵਜੋਂ ਜੇਲ੍ਹ ਅਧਿਕਾਰੀਆਂ ਦੇ ਵਤੀਰੇ ਵਿੱਚ ਕਾਫੀ ਨਰਮੀ ਆ ਗਈ। ਸ਼ਹੀਦ ਗ਼ਦਰੀਆਂ ਤੋਂ
ਬਿਨ੍ਹਾਂ ਹੋਰ ਬਹੁਤ ਸਾਰੇ ਇਨਕਲਾਬੀਆਂ ਦੀ ਸਿਹਤ ਉਪਰ ਜੇਲ੍ਹ ਵਿਚਲੇ ਜ਼ੁਲਮਾਂ ਅਤੇ ਸੰਘਰਸ਼ਾਂ
ਦੇ ਨਤੀਜੇ ਵਜੋਂ ਮਾਰੂ ਪ੍ਰਭਾਵ ਪਿਆ, ਪਰ ਇਸ ਦਾ ਚੰਗਾ ਅਸਰ ਇਹ ਹੋਇਆ ਕਿ ਜੇਲ੍ਹ ਵਿਚਲੇ
ਇਖ਼ਲਾਕੀ ਕੈਦੀਆਂ ਨੇ ਵੀ ਜੇਲ੍ਹ ਅਧਿਕਾਰੀਆਂ ਦੇ ਤਸ਼ੱਦਦ ਅਤੇ ਦਬਾਅ ਨੂੰ ਪ੍ਰਵਾਨ ਕਰਨ ਤੋਂ
ਇਨਕਾਰ ਕਰਨਾ ਆਰੰਭ ਦਿੱਤਾ। ਕਈ ਇਖ਼ਲਾਕੀ ਕੈਦੀ ਤਾਂ ਉਤਸ਼ਾਹਤ ਹੋਏ ਬੇਰੀ ਦੀ ਬੇਇੱਜ਼ਤੀ ਵੀ ਕਰ
ਦਿੰਦੇ ਸਨ ਜਿਵੇਂ ਕਿ ਜੇਲ੍ਹ ਦੇ ਸੁਪਰਡੈਂਟ ਮਰੇ ਨੇ ਖੁਦ ਮੰਨਿਆ ਹੈ। ਉਸ ਨੇ ਗ਼ਦਰੀਆਂ ਦੀ
ਨਵੰਬਰ 1917 ਦੀ ਮਹਾਨ ਹੜਤਾਲ ਦਾ ਹਵਾਲਾ ਦਿੰਦਿਆ ਅੰਡੇਮਾਨ ਟਾਪੂ ਦੇ ਕਮਿਸ਼ਨਰ ਨੂੰ ਦਸਿਆ
ਕਿ ਜੇਲ੍ਹ ਵਿੱਚ ਕੈਦੀਆਂ ਦੇ ਚੌਥੇ ਭਾਗ ਦਾ ਅਜਿਹਾ ਵਰਤਾਓ ਲਾਜ਼ਮੀ ਤੌਰ ‘ਤੇ ਦੂਸਰਿਆਂ ਉਤੇ,
ਜੋ ਕਿ ਜਿਵੇਂ ਤੁਸੀਂ ਜਾਣਦੇ ਹੋ, ਅਤਿਅੰਤ ਖ਼ਤਰਨਾਕ ਕੈਦੀ ਹਨ, ਬੁਰਾ ਪ੍ਰਭਾਵ ਪਵੇਗਾ।
ਭਾਵੇਂ ਸੈਲੂਲਰ ਜੇਲ੍ਹ ਵਿੱਚ ਸੁਪਰਡੈਂਟ ਮਰੇ ਅਤੇ ਜੇਲ੍ਹਰ ਬੇਰੀ ਅੰਡੇਮਾਨ ਵਿੱਚ ਅੰਗਰੇਜ਼
ਸਾਮਰਾਜ ਦੇ ਅਤਿਅੰਤ ਜਾਬਰ ਅਫ਼ਸਰਾਂ ਵਿਚੋਂ ਸਨ, ਜਿਨ੍ਹਾਂ ਕਰਕੇ ਅੰਡੇਮਾਨ ਦੇ ਕੈਦੀਆਂ ਨੂੰ
ਅਤਿਅੰਤ ਸਖ਼ਤੀ ਦੀ ਹਾਲਤ ਵਿਚੋਂ ਗੁਜ਼ਰਨਾ ਪਿਆ ਸੀ, ਜਿਸ ਦੇ ਫਲਸਰੂਪ ਅਨੇਕਾਂ ਕੈਦੀ ਜਾਨ ਉਤੇ
ਖੇਡ ਗਏ ਅਤੇ ਕਈ ਜੀਵਨ ਭਰ ਲਈ ਮਾਰੂ ਰੋਗਾਂ ਦੇ ਸ਼ਿਕਾਰ ਹੋ ਗਏ ਸਨ, ਪਰ ਗ਼ਦਰੀਆਂ ਦੀ
ਦ੍ਰਿੜਤਾ ਦੇ ਸਾਹਮਣੇ ਉਨ੍ਹਾਂ ਨੂੰ ਨਾ ਕੇਵਲ ਇਖ਼ਲਾਕੀ ਤੌਰ ‘ਤੇ, ਸਗੋਂ ਵਾਸਤਵਿਕ ਰੂਪ ਵਿੱਚ
ਵੀ ਹਾਰ ਮੰਨਣੀ ਪਈ। ਜੇਲ੍ਹ ਦਾ ਪ੍ਰਬੰਧ ਚਲਾ ਸਕਣਾ, ਉਨ੍ਹਾਂ ਲਈ ਔਖੇ ਤੋਂ ਔਖਾ ਹੁੰਦਾ ਜਾ
ਰਿਹਾ ਸੀ ਤੇ ਸਿੱਟੇ ਵਜੋਂ ਉਹਨਾਂ ਆਪ ਕਿਹਾ ਕਿ ਉਨ੍ਹਾਂ ਨੂੰ ਛੁੱਟੀ ਦੇ ਕੇ ਹੋਰਨਾਂ ਨੂੰ
ਜ਼ਿੰਮੇਵਾਰੀ ਸੌਂਪੀ ਜਾਵੇ। ਸੁਪਰਡੈਂਟ ਮਰੇ ਦੇ ਇਹ ਸ਼ਬਦ ਇਸ ਸਥਿਤੀ ਨੂੰ ਬਹੁਤ ਸਪਸ਼ੱਟ ਰੂਪ
ਵਿੱਚ ਦਰਸਾਉਂਦੇ ਹਨ,‘‘ਮੈਂ ਇਹ ਵੀ ਆਖਾਂਗਾ ਕਿ ਰਾਜਸੀ ਕੈਦੀਆਂ ਦੀ ਇਸ ਟੋਲੀ ਨੂੰ ਕਾਬੂ
ਵਿੱਚ ਰੱਖਣ ਦੇ ਯਤਨ ਵਿੱਚ ਜੇਲ੍ਹ ਦੇ ਸਟਾਫ਼ ਨੂੰ ਖਾਸਕਰ ਉਵਰਸੀਅਰਾਂ ਨੂੰ ਅਤੇ ਮੈਨੂੰ ਬਹੁਤ
ਬੋਝ ਸਹਿਣਾ ਪੈ ਰਿਹਾ ਹੈ... ਹੁਣ ਸਮਾਂ ਆ ਗਿਆ ਹੈ ਕਿ ਕੋਈ ਹੋਰ ਅਧਿਕਾਰੀ ਇਨ੍ਹਾਂ ਕੈਦੀਆਂ
ਦੀ ਜ਼ਿੰਮੇਵਾਰੀ ਸੰਭਾਲਣ ਦੀ ਆਪਣੀ ਵਾਰੀ ਲਏ। ਮੇਰਾ ਅਜੇ ਵੀ ਇਹ ਮੱਤ ਹੈ ਕਿ ਉਹਨਾਂ ਨੂੰ
ਕਿਸੇ ਨਿਵੇਕਲੀ ਜਗ੍ਹਾ ਉਤੇ ਬੰਦ ਕੀਤਾ ਜਾਵੇ, ਜਿਥੇ ਉਹ ਕਿਸੇ ਹੋਰ ਦੇ ਸੰਪਰਕ ਵਿੱਚ ਨਾ
ਆਉਣ ਅਤੇ ਉਨ੍ਹਾਂ ਦੀ ਰਾਖੀ ਵੀ ਗੋਰਾ ਫੌਜ ਕਰੇ।‘‘ ਇਨ੍ਹਾਂ ਹਾਲਤਾਂ ਵਿੱਚ ਸੁਪਰਡੈਂਟ ਮਰੇ
ਨੇ ਤਬਾਦਲਾ ਕਰਾ ਲਿਆ ਅਤੇ ਉਸ ਦੀ ਥਾਂ ਮੇਜਰ ਬਾਰਕਰ ਸੁਪਰਡੈਂਟ ਬਣ ਕੇ ਆਇਆ। ਜੇਲ੍ਹਰ ਬੇਰੀ
ਵੀ ਬੀਮਾਰ ਹੋ ਕੇ ਹਿੰਦੁਸਤਾਨ ਚਲਿਆ ਗਿਆ ਤੇ ਉਥੇ ਜਾ ਕੇ ਮਰ ਗਿਆ। ਉਸ ਦੀ ਥਾਂ ਡਿਗਾਲ
ਜੇਲ੍ਹਰ ਬਣ ਕੇ ਆ ਗਿਆ। ਨਵਾਂ ਜੇਲ੍ਹਰ ਡਿਗਾਲ ਬੇਰੀ ਦੇ ਐਨ ਉਲਟ ਸੀ। ਅਧਿਕਾਰੀਆਂ ਦੇ ਇਸ
ਚੰਗੇ ਵਤੀਰੇ ਦਾ ਹੀ ਅਸਰ ਸੀ ਕਿ ਅਮਰ ਸਿੰਘ ਇੰਜੀਨੀਅਰ, ਜੋ ਚਾਰ ਸਾਲ ਕੋਠੀ ਵਿੱਚ ਹੀ ਰਹੇ
ਸਨ, ਖੁਸ਼ੀ ਖੁਸ਼ੀ ਬਾਹਰ ਆ ਗਏ। ਇਸ ਤਰ੍ਹਾਂ ਅਫ਼ਸਰਾਂ ਦੀ ਤਬਦੀਲੀ ਨਾਲ ਜੇਲ੍ਹ ਅੰਦਰ ਆਪਣੇ
ਅਣਮਨੁੱਖੀ ਜੀਵਨ ਤੋਂ ਤੰਗ ਪੈ ਕੇ ਆਤਮਘਾਤ ਕਰਨ ਦੀਆਂ ਘਟਨਾਵਾਂ ਵਾਪਰਨ ਤੋਂ ਹੱਟ ਗਈਆਂ ਪਰ
ਤਦ ਵੀ ਗ਼ਦਰੀਆਂ ਨੂੰ ਸਮੇਂ-ਸਮੇਂ ਕਈ ਜਦੋਜਹਿਦਾਂ ਕਰਨੀਆਂ ਪਈਆਂ।
ਮਾਸਟਰ ਚਤਰ ਸਿੰਘ ਲੰਮੇ ਸਮੇਂ ਤੋਂ ਪਿੰਜਰੇ ਵਿੱਚ ਬੰਦ ਸਨ। ਜਦੋਂ ਆਸ਼ੂਤੋਸ਼ ਲਹਿਰੀ ਨੂੰ ਸਜ਼ਾ
ਹੋਈ ਸੀ ਤਾਂ ਪੁਰਾਣੇ ਬੰਗਾਲੀ ਰਾਜਸੀ ਕੈਦੀਆਂ ਵਿੱਚ ਫੁਟ ਕਾਰਨ ਉਸ ਦੀ ਖਾਤਰ ਕੁਝ ਨਹੀਂ ਸੀ
ਕੀਤਾ ਗਿਆ, ਪਰ ਰਾਜਸੀ ਕੈਦੀਆਂ ਵਿੱਚ ਸੁਪਰਡੈਂਟ ਮਰੇ ਵਿਰੁੱਧ ਰੋਹ ਬਹੁਤ ਸੀ। ਇਸ ਲਈ ਸੱਤ
ਨੰਬਰ ਬਾਰਕ ਦੇ ਕੈਦੀਆਂ ਨੇ ਮੇਜਰ ਮਰੇ ਨੂੰ ਸਬਕ ਸਿਖਾਉਣ ਦੀ ਸਲਾਹ ਬਣਾਈ। ਇਸ ਸਲਾਹ
ਅਨੁਸਾਰ ਜਦੋਂ ਐਤਵਾਰ ਵਾਲੇ ਦਿਨ ਮੇਜਰ ਮਰੇ ਦੇ ਸਾਹਮਣੇ ਸੱਤ ਨੰਬਰ ਬਾਰਕ ਵਿੱਚ ਮਾਸਟਰ ਚਤਰ
ਸਿੰਘ ਦਾ ਵਜ਼ਨ ਹੋ ਰਿਹਾ ਸੀ ਤਾਂ ਉਨ੍ਹਾਂ ਕੰਡੇ ਤੋਂ ਉਲਰਕੇ ਮੇਜਰ ਮਰੇ ਦੇ ਮੂੰਹ ਉਤੇ ਇਕ
ਕਰਾਰੀ ਚਪੇੜ ਲਾਈ ਅਤੇ ਕਿਹਾ ਕਿ ‘‘ਬੈਂਤਾਂ ਨਾਲ ਵੀ ਇਸੇ ਤਰ੍ਹਾਂ ਪੀੜ ਹੁੰਦੀ ਹੈ।‘‘ ਇਸ
ਪਿਛੋਂ ਮਾਸਟਰ ਚਤਰ ਸਿੰਘ ਨੂੰ ਅਧਿਕਾਰੀਆਂ ਨੇ ਇੰਨਾ ਕੁਟਿਆ ਕਿ ਉਹ ਬੇਹੋਸ਼ ਹੋ ਗਏ। ਮਗਰੋਂ
ਉਨ੍ਹਾਂ ਨੂੰ ਪਿੰਜਰੇ ਵਿੱਚ ਬੰਦ ਕਰ ਦਿੱਤਾ। ਲੰਮੇ ਸਮੇਂ ਤੱਕ ਪਿੰਜਰੇ ਵਿੱਚ ਬੰਦ ਹੋਣ
ਕਾਰਨ ਉਨ੍ਹਾਂ ਦੀ ਸਿਹਤ ਬੁਰੀ ਤਰ੍ਹਾਂ ਖਰਾਬ ਹੋ ਗਈ ਸੀ। ਉਹ ਮਰਨ ਅਵਸਥਾ ਨੂੰ ਪਹੁੰਚਣ
ਵਾਲੇ ਸਨ। ਇਸ ਹਾਲਤ ਵਿੱਚ ਇਕ ਪਰੇਡ ਸਮੇਂ ਮੇਜਰ ਬਾਰਕਰ ਨੂੰ ਸੋਹਣ ਸਿੰਘ ਭਕਨਾ ਨੇ ਕਿਹਾ
ਕਿ ਮਾਸਟਰ ਚਤਰ ਸਿੰਘ ਨੂੰ ਪਿੰਜਰੇ ਤੋਂ ਕਢਿਆ ਜਾਵੇ, ਨਹੀਂ ਤਾਂ ਉਹ ਭੁੱਖ ਹੜਤਾਲ ਕਰ
ਦੇਣਗੇ। ਜਦੋਂ ਸੁਪਰਡੈਂਟ ਬਿਨਾਂ ਸੁਣੇ ਅੱਗੇ ਤੁਰ ਗਿਆ ਤਾਂ ਕੇਸਰ ਸਿੰਘ ਰਾਹੀਂ ਸਭ ਗ਼ਦਰੀਆਂ
ਨੂੰ ਅਖਵਾ ਭੇਜਿਆ ਕਿ ਜੇ ਸੁਪਰਡੈਂਟ ਮਾਸਟਰ ਚਤਰ ਸਿੰਘ ਨੂੰ ਪਿੰਜਰੇ ‘ਚੋਂ ਬਾਹਰ ਨਹੀਂ
ਕਢੇਗਾ ਤਾਂ ਉਹ ਸਾਰੇ ਆਪ ਭੁੱਖ ਹੜਤਾਲ ਕਰ ਦੇਣਗੇ। ਨਤੀਜੇ ਵਜੋਂ ਮੇਜਰ ਬਾਰਕਰ ਨੇ ਤਿੰਨ
ਚਾਰ ਦਿਨ ਪਿਛੋਂ ਹੀ ਮਾਸਟਰ ਚਤਰ ਸਿੰਘ ਨੂੰ ਪਿੰਜਰੇ ਤੋਂ ਬਾਹਰ ਕੱਢ ਦਿੱਤਾ।
ਗ਼ਦਰੀ ਦੇਸ਼ ਭਗਤਾਂ ਨੇ ਜਦੋਂ ਤੋਂ ਕੋਹਲੂ ਨਾ ਚਲਾਉਣ ਦਾ ਫੈਸਲਾ ਕੀਤਾ ਸੀ, ਉਸ ਸਮੇਂ ਤੋਂ
ਜੇਲ੍ਹ ਅਧਿਕਾਰੀਆਂ ਨੂੰ ਕਿਸੇ ਰਾਜਸੀ ਕੈਦੀ ਨੂੰ ਕੋਹਲੂ ਦੀ ਮੁਸ਼ੱਕਤ ਦੇਣ ਦਾ ਹੌਂਸਲਾ ਨਹੀਂ
ਸੀ ਪਿਆ ਕਿਉਂਕਿ ਅਧਿਕਾਰੀ ਜਾਣਦੇ ਸਨ ਕਿ ਉਹ ਇਸ ਮੰਤਵ ਵਿੱਚ ਸਫ਼ਲ ਨਹੀਂ ਹੋਣਗੇ। ਪ੍ਰੰਤੂ
ਜਦੋਂ ਪੰਜਾਬ ਅਤੇ ਗੁਜਰਾਤ ਦੇ ਮਾਰਸ਼ਲ ਲਾਅ ਦੇ ਕੈਦੀ ਅੰਡੇਮਾਨ ਵਿੱਚ ਗਏ ਤਾਂ ਜੇਲ੍ਹ
ਅਧਿਕਾਰੀਆਂ ਨੇ ਫੇਰ ਅਜਮਾਇਸ਼ ਆਰੰਭੀ। ਆਉਂਦਿਆਂ ਹੀ ਉਹਨਾਂ ਨੂੰ ਕੋਹਲੂ ਦਿੱਤਾ ਗਿਆ। ਉਹਨਾਂ
ਦੀਆਂ ਮੁਸ਼ਕਾਂ ਕੋਹਲੂ ਨਾਲ ਬੰਨਕੇ ਦੂਜਿਆਂ ਨੂੰ ਘੁੰਮਾਉਣ ਲਈ ਕਿਹਾ ਗਿਆ। ਇਸ ਤਰ੍ਹਾਂ ਉਹ
ਕੋਹਲੂ ਦੇ ਦੁਆਲੇ ਘਸੀਟੇ ਜਾਣ ਲੱਗੇ। ਉਨ੍ਹਾਂ ਦੇ ਹੱਥਾਂ ਪੈਰਾਂ ਤੇ ਪਿੱਠ ਦੀ ਚਮੜੀ ਲੱਥ
ਗਈ। ਝੱਟ ਹੀ ਖ਼ਬਰ ਗ਼ਦਰੀਆਂ ਤੇ ਬੰਗਾਲੀ ਦੇਸ਼ ਭਗਤਾਂ ਦੇ ਕੰਨਾਂ ਤੱਕ ਪੁੱਜੀ। ਨਿਧਾਨ ਸਿੰਘ,
ਤਰਲੋਕੀ ਨਾਥ ਚੱਕਰਵਰਤੀ ਤੇ ਹੋਰਨਾਂ ਕਈਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਗੜਬੜ ਦਾ
ਖ਼ਤਰਾ ਵੇਖ ਕੇ ਜੇਲ੍ਹ ਅਧਿਕਾਰੀਆਂ ਨੂੰ ਉਹਨਾਂ ਨੂੰ ਖੋਲ੍ਹਣਾ ਪਿਆ ਅਤੇ ਹੱਲਾ ਮਚਾਉਣ ਵਾਲੇ
ਕੋਠੀਆਂ ਵਿੱਚ ਬੰਦ ਕਰ ਦਿੱਤੇ ਗਏ। ਪਰ ਹੁਣ ਰਾਜਸੀ ਕੈਦੀਆਂ ਵਿੱਚ ਸੰਗਠਨ ਬਹੁਤ ਸੀ ਅਤੇ
ਉਨ੍ਹਾਂ ਨੂੰ ਇਖ਼ਲਾਕੀ ਕੈਦੀਆਂ ਦੀ ਭਰਪੂਰ ਹਮਾਇਤ ਵੀ ਪ੍ਰਾਪਤ ਸੀ। ਇਸ ਲਈ ਜਦੋਂ ਗ਼ਦਰੀ ਤੇ
ਬੰਗਾਲੀ ਦੇਸ਼ ਭਗਤ ਮੁਕਾਬਲੇ ਉਪਰ ਡੱਟ ਗਏ, ਤਾਂ ਜੇਲ੍ਹ ਅਧਿਕਾਰੀਆਂ ਨੂੰ ਕੋਹਲੂ ਦੀ ਮੁਸ਼ੱਕਤ
ਪੱਕੇ ਰੂਪ ਵਿੱਚ ਵਾਪਸ ਲੈ ਕੇ ਨਵੇਂ ਆਏ ਕੈਦੀਆਂ ਨੂੰ ਵੀ ਦੂਸਰੀਆਂ ਮੁਸ਼ੱਕਤਾਂ ਦੇਣੀਆਂ
ਪਈਆਂ।
ਇਸ ਤੋਂ ਪਿਛੋਂ ਅੰਡੇਮਾਨ ਦੇ ਸਭ ਕੈਦੀਆਂ ਦਾ ਤੇਲ ਦਾ ਰਾਸ਼ਨ ਕਮਿਸ਼ਨਰ ਨੇ ਘੱਟ ਕਰ ਦਿੱਤਾ।
ਤੇਲ ਦੀ ਵਰਤੋਂ ਰੋਜ਼ ਹੁੰਦੀ ਸੀ। ਉਂਝ ਵੀ ਅੰਡੇਮਾਨ ਦੇ ਜਲਵਾਯੂ ਅਤੇ ਜੇਲ੍ਹ ਦੀ ਨਕਾਰਾ
ਖੁਰਾਕ ਦੇ ਪੇਸ਼ੇ ਨਜ਼ਰ ਤੇਲ ਦੀ ਕੈਦੀਆਂ ਲਈ ਬਹੁਤ ਮਹੱਤਤਾ ਸੀ। ਜਦੋਂ ਜੇਲ੍ਹ ਅਧਿਕਾਰੀਆਂ ਨੇ
ਤੇਲ ਦਾ ਰਾਸ਼ਨ ਘੱਟ ਕੀਤਾ, ਉਸ ਸਮੇਂ ਗ਼ਦਰੀਆਂ ਨੂੰ ਵਾਪਸ ਭੇਜਣ ਦਾ ਲਗਭਗ ਫੈਸਲਾ ਹੋ ਚੁਕਿਆ
ਸੀ। ਪਰ ਇਸ ਗੱਲ ਦੀ ਪ੍ਰਵਾਹ ਕੀਤੇ ਬਿਨਾਂ ਕਿ ਵਾਪਸੀ ਉਪਰ ਕੀ ਅਸਰ ਪਏਗਾ, ਗ਼ਦਰ ਪਾਰਟੀ ਦੇ
ਇਨਕਲਾਬੀ ਅੰਡੇਮਾਨ ਦੇ ਸਭ ਕੈਦੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਫਿਰ ਮੈਦਾਨ ਵਿੱਚ ਆ ਗਏ।
ਇਸ ਐਜੀਟੇਸ਼ਨ ਵਿੱਚ ਪਹਿਲ ਕਰਨ ਵਾਲੇ ਭਾਈ ਗੁਰਮੁੱਖ ਸਿੰਘ ਲਲਤੋਂ, ਨਿਧਾਨ ਸਿੰਘ ਚੁੱਘਾ,
ਅਰੂੜ ਸਿੰਘ, ਹਰਨਾਮ ਸਿੰਘ ਟੁੰਡੀਲਾਟ, ਪ੍ਰਿਥਵੀ ਸਿੰਘ ਅਤੇ ਮਾਰਸ਼ਲ ਲਾਅ ਦੇ ਗੁਜਰਾਤੀ ਕੈਦੀ
ਹੁਸੈਨ ਤੇ ਚਾਕਲ ਸਨ। ਦੂਸਰੇ ਸਭ ਦੇਸ਼ ਭਗਤ ਇਨ੍ਹਾਂ ਦੀ ਪਿੱਠ ਪਿਛੇ ਸਨ। ਨਤੀਜਾ ਇਹ ਹੋਇਆ
ਕਿ ਕਮਿਸ਼ਨਰ ਨੂੰ ਆਪਣਾ ਹੁਕਮ ਵਾਪਸ ਲੈਣਾ ਪਿਆ। ਇਸ ਤਰ੍ਹਾਂ ਗ਼ਦਰੀ ਦੇਸ਼ ਭਗਤਾਂ ਦੀ ਹਿੰਮਤ
ਨਾਲ ਪੰਦਰਾਂ ਹਜ਼ਾਰ ਕੈਦੀਆਂ ਦਾ ਤੇਲ ਦਾ ਰਾਸ਼ਨ ਘਟਣ ਤੋਂ ਬਚ ਗਿਆ।
ਜੇਲ੍ਹ ਅਧਿਕਾਰੀਆਂ ਜਦੋਂ ਵੇਖਿਆ ਕਿ ਰਾਜਸੀ ਕੈਦੀ ਉਨ੍ਹਾਂ ਦੀਆਂ ਗੱਲਾਂ ਵਿੱਚ ਨਹੀਂ ਆਉਣ
ਲੱਗੇ ਤਾਂ ਉਨ੍ਹਾਂ ਇਹ ਚਾਲ ਖੇਡੀ ਕਿ ਕੁਝ ਕੁ ਉਨ੍ਹਾਂ ਆਦਮੀਆਂ ਨੂੰ ਛੱਡ ਕੇ, ਜਿਨ੍ਹਾਂ
ਉਤੇ ਉਨ੍ਹਾਂ ਨੂੰ ਭਰੋਸਾ ਸੀ ਕਿ ਉਹ ਅਧਿਕਾਰੀਆਂ ਦੇ ਵਿਰੁੱਧ ਕੁਝ ਨਹੀਂ ਕਹਿਣਗੇ, ਜਿਸ ਦਿਨ
ਜੇਲ੍ਹ ਕਮੇਟੀ ਨੇ ਆਉਣਾ ਸੀ, ਸਭ ਰਾਜਸੀ ਕੈਦੀਆਂ ਨੂੰ ਜੇਲ੍ਹ ਦੀ ਤੀਜੀ ਛੱਤ ਉਤੇ ਕੋਠੀਆਂ
ਵਿੱਚ ਬੰਦ ਕਰ ਦਿੱਤਾ। ਜਦ ਜੇਲ੍ਹ ਕਮੇਟੀ ਆਈ ਤਾਂ ਰਾਜਸੀ ਕੈਦੀਆਂ ਨਾਲ ਹਮਦਰਦੀ ਰੱਖਣ ਵਾਲੇ
ਨੰਬਰਦਾਰਾਂ ਨੇ ਉਪਰ ਇਸ਼ਾਰੇ ਕੀਤੇ ਅਤੇ ਕਮੇਟੀ ਦੇ ਮੈਂਬਰ ਉਪਰ ਆ ਗਏ। ਇਸ ਤਰ੍ਹਾਂ ਜੋ ਗੱਲ
ਜੇਲ੍ਹ ਅਧਿਕਾਰੀਆਂ ਨੇ ਆਪਣੇ ਬਚਾਅ ਲਈ ਕੀਤੀ ਸੀ, ਉਹ ਰਾਜਸੀ ਕੈਦੀਆਂ ਦੇ ਹੱਕ ਵਿੱਚ ਚਲੀ
ਗਈ। ਕਮੇਟੀ ਦੇ ਮੈਂਬਰਾਂ ਦੇ ਪੁੱਛਣ ‘ਤੇ ਉਪਰ ਸਭ ਨੇ ਦਸਿਆ ਕਿ ਉਹ ਰਾਜਸੀ ਕੈਦੀ ਹਨ ਤੇ
ਅੱਜ ਉਨ੍ਹਾਂ ਨੂੰ ਇਸ ਤੀਜੀ ਛੱਤ ਉਤੇ ਡਕਿਆ ਗਿਆ ਸੀ, ਤਾਂ ਕਿ ਉਹ ਉਥੋਂ ਦੀ ਸਹੀ ਹਾਲਤ
ਕਮੇਟੀ ਅੱਗੇ ਸਪੱਸ਼ਟ ਨਾ ਕਰ ਦੇਣ। ਕਮੇਟੀ ਨੇ ਦੇਸ਼ ਭਗਤਾਂ ਨੂੰ ਆਪਣੇ ਬਿਆਨ ਲਿਖ ਕੇ ਦੇਣ ਲਈ
ਕਿਹਾ। ਛੇ ਬਿਆਨ ਪ੍ਰਵਾਨ ਕੀਤੇ ਗਏ। ਤਿੰਨ ਪੰਜਾਬੀਆਂ ਵਲੋਂ, ਦੋ ਬੰਗਾਲੀਆਂ ਵਲੋਂ ਅਤੇ ਇਕ
ਮਹਾਰਾਸ਼ਟਰ ਵਾਲਿਆਂ ਵਲੋਂ। ਰਾਜਸੀ ਕੈਦੀਆਂ ਪਾਸ ਮਿਸਾਲਾਂ ਤਾਂ ਮੌਜੂਦ ਹੀ ਸਨ। ਬੈਂਤਾਂ ਨਾਲ
ਮਰਨ ਵਾਲਿਆਂ ਅਤੇ ਆਤਮਘਾਹ ਕਰਨ ਵਾਲਿਆਂ ਦੀਆਂ ਤਰੀਖਾਂ ਉਨ੍ਹਾਂ ਨੋਟ ਕੀਤੀਆਂ ਹੋਈਆਂ ਸਨ।
ਬੀਮਾਰੀਆਂ, ਉਥੋਂ ਦਾ ਜਲਵਾਯੂ ਅਤੇ ਮੌਤਾਂ ਦੀ ਗੱਲ ਕੋਈ ਲੁਕੀ ਛਿਪੀ ਨਹੀਂ ਸੀ। ਅਣਮਨੁੱਖੀ
ਮੁਸ਼ੱਕਤ ਦਾ ਵੀ ਰਿਕਾਰਡ ਮੌਜੂਦ ਸੀ। ਇਸ ਤੋਂ ਬਿਨ੍ਹਾਂ ਅੰਡੇਮਾਨ ਦੇ ਸੁਧਾਰ ਅਤੇ ਕੈਦੀਆਂ
ਦੇ ਅਧਿਕਾਰਾਂ ਉਪਰ ਵੀ ਇਹਨਾਂ ਬਿਆਨਾਂ ਵਿੱਚ ਪੂਰੀ ਰੌਸ਼ਨੀ ਪਾਈ ਗਈ। ਉਥੋਂ ਦੀਆਂ ਬੀਮਾਰੀਆਂ
ਅਤੇ ਮੌਤਾਂ ਨੂੰ ਉਥੋਂ ਦਾ ਹੈਲਥ ਅਫ਼ਸਰ ਵੀ ਨਹੀਂ ਲੁਕੋ ਸਕਦਾ ਸੀ। ਉਸ ਦੀ ਰਿਪੋਰਟ ਵੀ
ਅੰਡੇਮਾਨ ਜੇਲ੍ਹ ਰੱਖਣ ਦੇ ਹੱਕ ਵਿੱਚ ਨਹੀਂ ਸੀ। ਦੇਸ਼ ਭਗਤਾਂ ਦੇ ਬਿਆਨਾਂ ਵਿੱਚ ਬਹੁਤ ਜ਼ੋਰ
ਅੰਡੇਮਾਨ ਤੋੜਨ ਉਪਰ ਦਿੱਤਾ ਗਿਆ ਸੀ। ਇਸ ਸਭ ਕੁਝ ਦਾ ਨਤੀਜਾ ਸੀ ਕਿ ਕਮੇਟੀ ਨੇ ਆਪਣੀ
ਰਿਪੋਰਟ ਵਿੱਚ ਕਿਹਾ,‘‘ਕਿਉਂ ਜੋ ਅੰਡੇਮਾਨ ਆਪਣਾ ਰੋਕੂ ਪ੍ਰਭਾਵ ਗੁਆ ਚੁੱਕਾ ਹੈ, ਕਿਉਂ ਜੋ
ਇਸ ਨਾਲ ਖਰਚ ਬਹੁਤ ਜ਼ਿਆਦਾ ਹੁੰਦਾ ਹੈ, ਕਿਉਂ ਜੋ ਇਹ ਕੈਦੀ ਨੂੰ ਤਬਾਹਕੁੰਨ ਪੌਣ ਪਾਣੀ ਦੀਆਂ
ਪ੍ਰਸਥਿਤੀਆਂ ਵਿੱਚ ਸੁੱਟਦਾ ਹੈ ਅਤੇ ਕਿਉਂ ਜੋ ਪ੍ਰਬੰਧਕੀ ਦ੍ਰਿਸ਼ਟੀ ਤੋਂ ਹਰ ਇਕ ਕੈਦੀ ਨੂੰ
ਏਥੇ ਭੇਜਣ ਦੀ ਲੋੜ ਨਹੀਂ, ਇਸ ਲਈ ਅਸੀਂ ਇਹ ਸਮਝਣ ਵਿੱਚ ਅਸਮਰੱਥ ਹਾਂ ਕਿ ਏਥੇ ਬਹੁਸੰਮਤੀ
ਕੈਦੀਆਂ ਦੇ ਸਬੰਧ ਵਿੱਚ ਇਸ ਜੇਲ੍ਹ ਨੂੰ ਜਾਰੀ ਰੱਖਣ ਦੀ ਕੀ ਅਵਸ਼ਕਤਾ ਹੈ।‘‘ ਪੋਰਟ ਬਲੇਅਰ
ਜੇਲ੍ਹ ਦੇ ਅਧਿਕਾਰੀਆਂ ਨੇ ਗ਼ਦਰੀਆਂ ਦੀ ਅਗਵਾਈ ਵਿੱਚ ਚਲਣ ਵਾਲੇ ਰਾਜਸੀ ਕੈਦੀਆਂ ਦੇ ਸੰਘਰਸ਼
ਤੋਂ ਤੰਗ ਪੈ ਕੇ ਹਿੰਦ ਸਰਕਾਰ ਨੂੰ ਨਾ ਕੇਵਲ ਇਹ ਹੀ ਆਖਿਆ ਕਿ ਅਗਾਂਹ ਤੋਂ ਇਸ ਤਰ੍ਹਾਂ ਦੇ
ਕੈਦੀ ਉਥੇ ਨਾ ਭੇਜੇ ਜਾਣ, ਸਗੋਂ ਵਾਰ-ਵਾਰ ਇਹ ਵੀ ਬੇਨਤੀ ਕੀਤੀ ਕਿ ਉਨ੍ਹਾਂ ਵਿਚੋਂ ਕੁਝ
ਨੂੰ ਵਾਪਸ ਮੰਗਾ ਕੇ ਜੇਲ੍ਹ ਅਧਿਕਾਰੀਆਂ ਦਾ ਬੋਝ ਘਟਾਇਆ ਜਾਵੇ। ਜੂਨ, 1918 ਵਿੱਚ ਕੀਤੀ
ਅਜਿਹੀ ਬੇਨਤੀ ਨਾਲ ਪੰਦਰਾਂ ਅਜਿਹੇ ਕੈਦੀਆਂ ਦੀ ਲਿਸਟ ਦਿੱਤੀ, ਜੋ ਬਿਨ੍ਹਾਂ ਕੋਈ ਖਤਰਾ
ਸਹੇੜੇ ਦੇਸ਼ ਵਿੱਚ ਭੇਜੇ ਜਾ ਸਕਦੇ ਸਨ। ਇਨ੍ਹਾਂ ਵਿੱਚ ਗ਼ਦਰੀ ਬਿਸ਼ਨ ਸਿੰਘ, ਨੱਥਾ ਸਿੰਘ, ਰਾਮ
ਸਰਨ ਦਾਸ, ਭਾਈ ਪਰਮਾਨੰਦ, ਗੁਰਦਿਤ ਸਿੰਘ ਅਤੇ ਸ਼ਿਵ ਸਿੰਘ ਸ਼ਾਮਲ ਸਨ। ਜੇਲ੍ਹ ਦੇ ਅਧਿਕਾਰੀਆਂ
ਦਾ ਕਹਿਣਾ ਸੀ ਕਿ ਉਨ੍ਹਾਂ ਕੈਦੀਆਂ ਦਾ ਜੇਲ੍ਹ ਵਿੱਚ ਵਿਵਹਾਰ ਚੰਗਾ ਰਿਹਾ ਹੈ। ਇਸ ਲਈ
ਇਨ੍ਹਾਂ ਦੇ ਵਾਪਸ ਦੇਸ਼ ਜਾਣ ਨਾਲ ਕੋਈ ਬਹੁਤ ਸਮੱਸਿਆ ਉਤਪੰਨ ਨਹੀਂ ਹੋਵੇਗੀ। ਹਿੰਦ ਸਰਕਾਰ
ਨੇ ਜਦੋਂ ਪੰਜਾਬ ਸਰਕਾਰ ਨੂੰ ਇਹ ਛੇ ਕੈਦੀ ਵਾਪਸ ਲੈਣ ਦੀ ਤਜਵੀਜ਼ ਭੇਜੀ ਤਾਂ ਪੰਜਾਬ ਸਰਕਾਰ
ਨੇ ਉਨ੍ਹਾਂ ਨੂੰ ਵਾਪਸ ਭੇਜਣ ਵਿਰੁੱਧ ਬਹੁਤ ਹਾਲ ਦੁਹਾਈ ਪਾ ਦਿੱਤੀ। ਆਪਣੇ 23 ਜੁਲਾਈ,
1918 ਦੇ ਪੱਤਰ ਵਿੱਚ ਵਿਸਥਾਰ ਨਾਲ ਉਨ੍ਹਾਂ ਨੂੰ ਵਾਪਸ ਭੇਜਣ ਵਿਰੁੱਧ ਦਲੀਲਾਂ ਦਿੰਦਿਆਂ
ਪੰਜਾਬ ਸਰਕਾਰ ਨੇ ਕਿਹਾ ਕਿ ‘‘ਇਹ ਸਭ ਬਹੁਤ ਖ਼ਤਰਨਾਕ ਕਿਸਮ ਦੇ ਇਨਕਲਾਬੀ ਹਨ... ਤਿੰਨ ਤਾਂ
ਮਾਝੇ ਦੇ ਇਲਾਕੇ ਦੇ ਨਾਲੋਂ ਨਾਲ ਲਗਦੇ ਪਿੰਡਾਂ (ਸੁਰ ਸਿੰਘ ਅਤੇ ਢੋਟੀਆਂ) ਦੇ ਹਨ, ਜੋ ਗ਼ਦਰ
ਲਹਿਰ ਦੇ ਮੰਨੇ ਹੋਏ ਕੇਂਦਰ ਸਨ। ਰਾਵਲਪਿੰਡੀ, ਮਿੰਟਗੁਮਰੀ, ਮੁਲਤਾਨ ਜੇਲ੍ਹਾਂ ਦਾ ਤਾਜ਼ਾ
ਤਜ਼ਰਬਾ ਦਰਸਾਉਂਦਾ ਹੈ ਕਿ ਇਸ ਪ੍ਰਕਾਰ ਦੇ ਲੋਕਾਂ ਨੂੰ ਜੇਲ੍ਹ ਸਟਾਫ ਉਤੇ ਪ੍ਰਭਾਵ ਪਾਉਣ ਅਤੇ
ਆਪਣੇ ਪੁਰਾਣੇ ਸਾਥੀਆਂ ਨਾਲ ਤਾਲ ਮੇਲ ਕਰ ਸਕਣ ਤੋਂ ਰੋਕਣਾ ਕਿੰਨਾ ਕਠਿਨ ਹੈ।‘‘ ਪੱਤਰ ਵਿੱਚ
ਕਿਹਾ ਗਿਆ ਕਿ ਇਨ੍ਹਾਂ ਕੈਦੀਆਂ ਨੂੰ ਤਾਂ ਪੰਜਾਬ ਵਿੱਚ ਸਾਂਭਣਾ ਹੀ ਮੁਸ਼ਕਿਲ ਹੈ, ਜਿਥੇ ਕਿ
ਅਧਿਕਾਰੀ ਉਨ੍ਹਾਂ ਦੇ ਵਾਕਫ਼ ਹਨ। ਹਜ਼ਾਰੀਬਾਗ ਜੇਲ੍ਹ ਦੀ ਘਟਨਾ ਦਾ ਹਵਾਲਾ ਦਿੰਦਿਆਂ ਇਹ ਸਿੱਧ
ਕਰ ਦਿੱਤਾ ਕਿ ਉਨ੍ਹਾਂ ਨੂੰ ਪੰਜਾਬ ਤਾਂ ਕੀ ਹਿੰਦੁਸਤਾਨ ਵਿੱਚ ਵੀ ਨਹੀਂ ਲਿਆਉਣਾ ਚਾਹੀਦਾ
ਅਤੇ ਪੱਤਰ ਵਿੱਚ ਸਲਾਹ ਦਿੱਤੀ ਕਿ ਅੰਡੇਮਾਨ ਵਿੱਚ ਹੀ ਬਾਗ਼ੀ ਕੈਦੀਆਂ ਵਾਸਤੇ ਵੱਖਰੀ ਜੇਲ੍ਹ
ਉਸਾਰ ਲਈ ਜਾਵੇ।
ਇਸ ਤਰ੍ਹਾਂ 1918 ਵਿੱਚ ਕੈਦੀਆਂ ਨੂੰ ਅੰਸ਼ਕ ਰੂਪ ਵਿੱਚ ਅੰਡੇਮਾਨ ‘ਚੋਂ ਭੇਜਣ ਦੀ ਸਕੀਮ
ਪੰਜਾਬ ਸਰਕਾਰ ਦੇ ਗ਼ਦਰੀਆਂ ਤੋਂ ਸਹਿਮ ਦੇ ਕਾਰਨ ਸਿਰੇ ਨਾ ਚੜ੍ਹੀ।
ਸ਼ਾਹੀ ਐਲਾਨ - ਪੰਜਾਬ ਸਰਕਾਰ ਦਾ ਗ਼ਦਰੀਆਂ ਤੋਂ ਸਹਿਮ ਇਸ ਤੋਂ ਥੋੜ੍ਹਾ ਚਿਰ ਪਿੱਛੋਂ
ਫਿਰ ਪ੍ਰਗਟ ਹੋਇਆ, ਜਦੋਂ ਪਹਿਲੇ ਸੰਸਾਰ ਯੁੱਧ ਦੇ ਖਾਤਮੇ ਉਤੇ ਸ਼ਾਹੀ ਐਲਾਨ ਅਨੁਸਾਰ ਕੈਦੀਆਂ
ਦੀ ਰਿਹਾਈ ਲਈ ਵਿਚਾਰ ਸ਼ੁਰੂ ਹੋਈ। ਪੰਜਾਬ ਸਰਕਾਰ ਗ਼ਦਰੀਆਂ ਨੂੰ ਰਿਹਾਅ ਕਰਨ ਲਈ ਰਜ਼ਾਮੰਦ
ਨਹੀਂ ਸੀ ਪਰ ਸ਼ਾਹੀ ਐਲਾਨ ਅਨੁਸਾਰ ਉਸ ਲਈ ਆਪਣੇ ਸਟੈਂਡ ਉਤੇ ਖਲੋ ਸਕਣਾ ਸੰਭਵ ਨਹੀਂ ਸੀ। ਇਸ
ਲਈ ਪੰਜਾਬ ਦੇ ਲੈਫਟੀਨੈਂਟ ਗਵਰਨਰ ਨੇ ਉਨ੍ਹਾਂ ਹੀ ਜੱਜਾਂ ਨੂੰ ਜਿਨ੍ਹਾਂ ਨੇ ਗ਼ਦਰੀਆਂ ਦੇ
ਕੇਸਾਂ ਦੇ ਫੈਸਲੇ ਕੀਤੇ ਸਨ ਅਤੇ ਸਰਕਾਰੀ ਵਕੀਲ ਬਵੈਸ ਪਿਟਮੈਨ (ਜੋ ਹੁਣ ਹਾਈਕੋਰਟ ਦਾ ਜੱਜ
ਸੀ) ਨੂੰ ਸਾਰੇ ਗ਼ਦਰੀਆਂ ਦੇ ਕੇਸਾਂ ਉਤੇ ਨਜ਼ਰਸਾਨੀ ਕਰਕੇ ਇਹ ਸੁਝਾਅ ਦੇਣ ਲਈ ਕਿਹਾ ਕਿ
ਕਿਨ੍ਹਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਕਿਨ੍ਹਾਂ ਨੂੰ ਨਾ ਕੀਤਾ ਜਾਵੇ। ਉਨ੍ਹਾਂ ਨੇ 35
ਬਾਰੇ ਕੋਈ ਰਾਏ ਨਾ ਦਿੱਤੀ। ਪੰਜ ਬਾਰੇ ਕਿਹਾ ਕਿ ਉਹ ਰਿਹਾਅ ਨਾ ਕੀਤੇ ਜਾਣ ਅਤੇ 40 ਨੂੰ
ਰਿਹਾਅ ਕਰਨ ਦੀ ਸਿਫਾਰਸ਼ ਕੀਤੀ। ਇਨ੍ਹਾਂ ਵਿਚੋਂ (ੳ) 17, ਉਹ ਸਨ ਜਿਨ੍ਹਾਂ ਨੂੰ ਪਹਿਲਾਂ
ਫਾਂਸੀ ਦੀ ਸਜ਼ਾ ਹੋਈ ਸੀ ਅਤੇ ਮਗਰੋਂ ਉਮਰ ਕੈਦ ਤੇ ਕਾਲੇ ਪਾਣੀ ਵਿੱਚ ਪਰਤਾ ਦਿੱਤੀ ਗਈ ਸੀ।
(ਅ) 39 ਉਹ ਸਨ, ਜਿਨ੍ਹਾਂ ਨੂੰ ਉਮਰ ਕੈਦ ਤੇ ਕਾਲੇ ਪਾਣੀ ਦੀ ਸਜ਼ਾ ਹੋਈ ਸੀ ਅਤੇ ਫਿਰ ਇਹ
ਸਜ਼ਾ ਭੁਗਤ ਰਹੇ ਸਨ ਅਤੇ (ੲ) 39, ਛੋਟੀਆਂ ਸਜ਼ਾਵਾਂ ਵਾਲੇ ਸਨ। ਪੰਜਾਬ ਸਰਕਾਰ ਨੇ ਉਕਤ
ਸਿਫਾਰਸ਼ਾਂ ਦੇ ਉਲਟ ਰਿਹਾਈਆਂ ਲਈ ਇਹ ਨਿਯਮ ਬਣਾਇਆ ਕਿ ਪਹਿਲੇ ਨੰਬਰ ਨੂੰ ਬਿਲਕੁਲ ਨਾ ਛਡਿਆ
ਜਾਵੇ, ਦੂਸਰੇ ਨੰਬਰ ਵਾਲਿਆਂ ਨੂੰ ਸ਼ਰਤਾਂ ਉਤੇ ਰਿਹਾਅ ਕੀਤਾ ਜਾਵੇ ਅਤੇ ਤੀਸਰੇ ਨੰਬਰ
ਵਾਲਿਆਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕੀਤਾ ਜਾਵੇ। ਇਸ ਨਿਯਮ ਵਿੱਚ ਛੋਟ ਇਹ ਕੀਤੀ ਗਈ ਕਿ ਭਾਈ
ਪਰਮਾਨੰਦ ਨੂੰ, ਜਿਸ ਉਤੇ ਜੇਲ੍ਹ ਅਧਿਕਾਰੀ ਖੁਸ਼ ਸਨ, ਰਿਹਾਅ ਕਰ ਦਿੱਤਾ ਜਾਵੇ, ਜਦਕਿ ਜਵਾਲਾ
ਸਿੰਘ, ਸੋਹਣ ਸਿੰਘ ਭਕਨਾ ਤੇ ਰਣਧੀਰ ਸਿੰਘ ਨੂੰ, ਜੋ ਸਰਕਾਰ ਦੀ ਨਿਗਾਹ ਵਿੱਚ ਖ਼ਤਰਨਾਕ ਸਨ,
ਰਿਹਾਅ ਨਾ ਕੀਤਾ ਜਾਵੇ।
ਹਿੰਦ ਸਰਕਾਰ ਭਾਈ ਚੂਹੜ ਸਿੰਘ, ਗੁਰਮੁਖ ਸਿੰਘ ਅਤੇ ਚੌਦਾਂ ਹੋਰਨਾਂ ਨੂੰ ਰਿਹਾ ਕਰਨ ਦੇ ਪੱਖ
ਵਿੱਚ ਨਹੀਂ ਸੀ। ਜਿਹਨਾਂ ਗ਼ਦਰੀਆਂ ਨੇ ਫੌਜਾਂ ਵਿੱਚ ਕੰਮ ਕੀਤਾ ਸੀ, ਉਨ੍ਹਾਂ ਦੇ ਕੇਸ ਬਾਰੇ
ਹਿੰਦ ਸਰਕਾਰ ਨੇ ਫੌਜੀ ਅਧਿਕਾਰੀਆਂ ਦੀ ਰਾਏ ਲਈ। ਫੌਜੀ ਅਧਿਕਾਰੀਆਂ ਨੇ ਸਲਾਹ ਦਿੱਤੀ ਕਿ
ਕੋਈ ਵੀ ਰਿਹਾਅ ਨਾ ਕੀਤਾ ਜਾਵੇ। ਇਨ੍ਹਾਂ ਵਿੱਚ ਭਾਈ ਗੁਰਮੁਖ ਸਿੰਘ ਅਤੇ ਊਧਮ ਸਿੰਘ ਕਸੇਲ
ਵੀ ਸ਼ਾਮਲ ਸਨ। ਵਾਇਸਰਾਏ ਨੇ ਇਹ ਮੱਤ ਪ੍ਰਗਟਾਇਆ ਕਿ ਅਜਿਹਾ ਕੋਈ ਵਿਅਕਤੀ ਰਿਹਾਅ ਨਾ ਕੀਤਾ
ਜਾਵੇ, ਜੋ ਆਪਣੇ ਪਿਛਲੇ ਚਰਿੱਤਰ ਅਤੇ ਵਰਤਮਾਨ ਪੁਜੀਸ਼ਨ ਕਾਰਣ ਖ਼ਤਰਨਾਕ ਪ੍ਰਚਾਰ ਜਾਰੀ ਰੱਖਣ
ਦੀ ਸਥਿਤੀ ਵਿੱਚ ਹੋਵੇ।
ਇਸ ਤਰ੍ਹਾਂ ਲੰਮੇ ਵਿਚਾਰ ਵਟਾਂਦਰੇ ਪਿਛੋਂ 8 ਫਰਵਰੀ 1920, 24 ਫਰਵਰੀ 1920 ਅਤੇ 6 ਮਾਰਚ
1920 ਦੇ ਤਿੰਨ ਵੱਖ-ਵੱਖ ਹੁਕਮਾਂ ਅਨੁਸਾਰ 51 ਬਾਗ਼ੀ ਕੈਦੀਆਂ ਨੂੰ ਸ਼ਾਹੀ ਐਲਾਨ ਦੁਆਰਾ
ਰਿਹਾਅ ਕੀਤਾ ਗਿਆ। ਇਨ੍ਹਾਂ ਵਿੱਚ ਅੰਡੇਮਾਨ ਤੋਂ ਰਿਹਾਅ ਹੋਣ ਵਾਲੇ ਵੀਹ ਮਾਰਸ਼ਲ ਲਾਅ ਦੇ
ਪੰਜਾਬੀ ਕੈਦੀ ਸਨ ਜਿਨ੍ਹਾਂ ਵਿੱਚ ਤੇਜਾ ਸਿੰਘ ਚੂਹੜਕਾਣਾ ਸ਼ਾਮਲ ਸੀ। 15 ਲਾਹੌਰ ਸਾਜਿਸ਼ ਕੇਸ
ਦੇ ਕੈਦੀ ਸਨ, ਜਿਨ੍ਹਾਂ ਵਿੱਚ ਭਾਈ ਪਰਮਾਨੰਦ, ਪਿਆਰਾ ਸਿੰਘ ਲੰਗੇਰੀ, ਸੰਤ ਵਿਸਾਖਾ ਸਿੰਘ,
ਮੰਗਲ ਸਿੰਘ, ਗੁਰਦਿੱਤ ਸਿੰਘ, ਬਿਸ਼ਨ ਸਿੰਘ ਪਹਿਲਵਾਨ, ਹਜ਼ਾਰਾ ਸਿੰਘ, ਲਾਲ ਸਿੰਘ ਭੂਰੇ,
ਜਵੰਦ ਸਿੰਘ ਅਤੇ ਕਿਰਪਾਲ ਸਿੰਘ ਬੋਪਾਰਾਏ ਸ਼ਾਮਲ ਸਨ ਅਤੇ ਦੋ ਬਰ੍ਹਮਾ ਕੇਸ ਦੇ ਜੀਵਨ ਸਿੰਘ
ਅਤੇ ਚੇਤ ਰਾਮ ਸਨ। ਬਰ੍ਹਮਾ ਸਰਕਾਰ ਨੇ ਵੀ ਪੰਜਾਬ ਸਰਕਾਰ ਵਾਂਗ ਹੀ ਛੇ ਗ਼ਦਰੀਆਂ ਅਲੀ ਅਹਿਮਦ
ਸਦੀਕੀ, ਅਮਰ ਸਿੰਘ ਇੰਜੀਨੀਅਰ, ਕਿਰਪਾ ਰਾਮ, ਹਰਦਿੱਤ ਸਿੰਘ, ਕਪੂਰ ਸਿੰਘ, ਜੀਵਨ ਸਿੰਘ ਦੀ
ਰਿਹਾਈ ਜਾਂ ਸਜ਼ਾ ਘਟਾਉਣ ਦੀ ਇਹ ਕਹਿਕੇ ਵਿਰੋਧਤਾ ਕੀਤੀ ਸੀ ਕਿ ਉਹ ਬਹੁਤ ਖ਼ਤਰਨਾਕ ਇਨਕਲਾਬੀ
ਸਨ।
ਸਵੈਮਾਨ ਤੇ ਸੰਘਰਸ਼ ਦਾ ਜੀਵਨ - ਅੰਡੇਮਾਨ ਧਰਤੀ ਉਤੇ ਦੁੱਖ ਤਾਂ ਸੀ ਪਰ ਗ਼ਦਰੀਆਂ ਨੇ
ਇਥੇ ਵੀ ਸੰਘਰਸ਼ ਜਾਰੀ ਰੱਖ ਕੇ ਅਤੇ ਆਪਣੀ ਬੀਰਤਾ ਸਦਕਾ ਹਰ ਪਾਸਿਉਂ ਪ੍ਰਸ਼ੰਸਾ ਪ੍ਰਾਪਤ
ਕੀਤੀ। ਇਨ੍ਹਾਂ ਜੇਲ੍ਹ ਵਿੱਚ ਵੀ ਆਪਣੇ ਸਵੈਮਾਨ ਨੂੰ ਬਣਾਈ ਰਖਿਆ। ਅੰਗਰੇਜ਼ ਸਾਮਰਾਜੀ
ਅਧਿਕਾਰੀ ਉਨ੍ਹਾਂ ਉਤੇ ਜ਼ੁਲਮ ਤਾਂ ਕਰ ਸਕਦੇ ਸਨ, ਪਰ ਉਨ੍ਹਾਂ ਪਾਸੋਂ ਈਨ ਨਹੀਂ ਸਨ ਮੰਨਵਾ
ਸਕੇ, ਸਗੋਂ ਸਮਾਂ ਲੰਘਣ ਉਤੇ ਗ਼ਦਰੀ ਉਨ੍ਹਾਂ ਦਾ ਅਪਮਾਨ ਕਰਕੇ ਖੁਸ਼ ਹੁੰਦੇ ਸਨ। ਜਿਸ ਦੀਆਂ
ਅਨੇਕਾਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ। ਇਕ ਦਿਨ ਸ਼ਾਮ ਨੂੰ ਜੇਲ੍ਹਰ ਆਇਆ। ਸਭ ਨੇ
ਆਪਣਾ ਕੰਮ ਮੁਕਾ ਲਿਆ ਸੀ। ਅਮਰ ਸਿੰਘ ਬਰਾਮਦੇ ਦੇ ਵਿੱਚ ਚਹਿਲਕਦਮੀ ਕਰ ਰਿਹਾ ਸੀ। ਜੇਲ੍ਹਰ
ਨੇ ਉਸ ਨੂੰ ਡਾਂਟਦਿਆਂ ਕਿਹਾ,‘‘ਤੂੰ ਟਹਿਲ ਕਿਉਂ ਰਿਹਾ ਏਂ? ‘‘ ਅਮਰ ਸਿੰਘ ਨੇ ਜਵਾਬ
ਦਿੱਤਾ,‘‘ਮੈਂ ਕੀ ਤੇਰੇ ਪਿਉ ਦੇ ਸਿਰ ਉਪਰ ਟਹਿਲ ਰਿਹਾ ਹਾਂ।‘‘ ਕੈਦੀ ਖਾਣਾ ਖਾਣ ਬੈਠੇ ਸਨ।
ਜੇਲ੍ਹਰ ਮੁਆਇਨਾ ਕਰਨ ਆਇਆ। ਨਿਧਾਨ ਸਿੰਘ ਤੋਂ ਉਸਨੇ ਪੁਛਿਆ ਕਿ ਕਿਵੇਂ ਹੈਂ? ਨਿਧਾਨ ਸਿੰਘ
ਦਾ ਉਤਰ ਸੀ,‘‘ਕਿਉਂ ਆਪਣੀ ਕੁੜੀ ਵਿਆਹੁਣੀ ਹੈ ਕੀ? ਮੇਰੀ ਸੁਖ ਸਾਂਦ ਪੁੱਛ ਰਿਹਾ ਹੈ, ਕੀ
ਕੁੜੀ ਲਈ ਵਰ ਲੱਭ ਰਿਹੈ? ਪੈਰਾਂ ਵਿੱਚ ਬੇੜੀਆਂ, ਦਿਨ ਰਾਤ ਕੋਠੀ ਵਿੱਚ ਬੰਦ, ਘੱਟ ਖੁਰਾਕ,
ਫਿਰ ਵੀ ਪੁਛਦੈਂ ਕਿਵੇਂ ਹਾਂ? ਮਖੌਲ ਕਰ ਰਿਹੈਂ, ਸ਼ਰਮ ਨਹੀਂ ਆਉਂਦੀ? ਜਾਹ ਮੇਰੇ ਸਾਹਮਣਿਓਂ
ਹਟ ਜਾਹ?‘‘ ਅਜਿਹੀਆਂ ਗੱਲਾਂ ਸੁਪਰਡੈਂਟ ਤੇ ਜੇਲ੍ਹਰ ਨੂੰ ਸੁਣਨੀਆਂ ਪੈਂਦੀਆਂ। ਉਹ ਸਜ਼ਾ ਹੀ
ਦੇ ਸਕਦੇ ਸਨ ਅਤੇ ਇਸ ਨਾਲ ਉਨ੍ਹਾਂ ਦਾ ਰੋਹ ਹੋਰ ਵੀ ਵਧਦਾ ਸੀ। ਗ਼ਦਰੀ ਉਨ੍ਹਾਂ ਨੂੰ ਚਿੜਾਉਣ
ਦਾ ਮੌਕਾ ਨਹੀਂ ਸਨ ਜਾਣ ਦਿੰਦੇ। ਇਕ ਵਾਰ ਚੀਫ਼ ਕਮਿਸ਼ਨਰ ਜੇਲ੍ਹ ਵਿੱਚ ਆਇਆ। ਉਸ ਨੇ ਵੇਖਿਆ
ਕਿ ਇਕ ਕੋਠੜੀ ਦੇ ਦਰਵਾਜ਼ੇ ਵੱਲ ਪਿੱਠ ਕਰਕੇ ਇਕ ਗ਼ਦਰੀ ਬੈਠਾ ਸੀ। ਜੇਲ੍ਹਰ ਨੇ ਉਸ ਨੂੰ ਖੜਾ
ਹੋਣ ਦਾ ਹੁਕਮ ਦਿੱਤਾ, ਪਰ ਉਸ ਨੇ ਸੁਣਿਆ ਹੀ ਨਹੀਂ। ਕੁਝ ਦੇਰ ਅਗਾਂਹ ਵਧਣ ਤੇ ਵੇਖਿਆ ਕਿ
ਉਹ ਗ਼ਦਰੀ ਲੇਟਿਆ ਹੋਇਆ ਸੀ। ਜੇਲ੍ਹਰ ਨੇ ਉਸ ਨੂੰ ਬੁਲਾਇਆ ਤਾਂ ਉਸ ਨੇ ਆਖਿਆ - ‘‘ਮੈਂ ਨੀਂਦ
ਵਿੱਚ ਖਲਲ ਨਾ ਪਾ, ਏਥੋਂ ਚਲਿਆ ਜਾ। ਮੈਂ ਤਾਂ ਤੈਨੂੰ ਨਹੀਂ ਬੁਲਾਇਆ, ਫਿਰ ਤੂੰ ਕਿਉਂ
ਮੈਨੂੰ ਪ੍ਰੇਸ਼ਾਨ ਕਰਨ ਆ ਗਿਐ? ‘‘
ਸਾਰੇ ਗ਼ਦਰੀ ਦੋ-ਦੋ ਸੌ, ਢਾਈ-ਢਾਈ ਸੌ ਪੌਂਡ ਭਾਰ ਵਾਲੇ ਕੱਦਾਵਰ ਵਿਅਕਤੀ ਸਨ। ਇਕ ਆਦਮੀ
ਪੂਰਾ ਬੱਕਰਾ ਖਾ ਸਕਦਾ ਸੀ। ਜੇਲ੍ਹ ਦੇ ਸਧਾਰਨ ਖਾਣੇ ਨਾਲ ਉਨ੍ਹਾਂ ਦਾ ਪੇਟ ਨਹੀਂ ਭਰਦਾ ਸੀ,
ਤਾਂ ਸਜ਼ਾ ਵੇਲੇ ਘੱਟ ਖ਼ੁਰਾਕ ਨਾਲ ਕੀ ਪੇਟ ਦਾ ਕੁਝ ਭਰਨਾ ਹੋਇਆ। ਇਸ ਹਾਲਤ ਵਿੱਚ ਕਈ ਆਖਦੇ,
ਨਾ ਖਾਣਾ ਹੀ ਚੰਗਾ, ਘੱਟ ਖਾਣਾ ਖਾਣ ਨਾਲ ਤਾਂ ਸਗੋਂ ਭੁੱਖ ਵਧਦੀ ਹੈ, ਏਥੇ ਆ ਕੇ ਹਰੇਕ ਦਾ
ਭਾਰ ਚਾਲੀ-ਚਾਲੀ, ਪੰਜਾਹ-ਪੰਜਾਹ ਪੌਂਡ ਘੱਟ ਗਿਆ ਸੀ। ਸਰੀਰਾਂ ਦੀ ਤਕੜਾਈ ਕਰਕੇ ਜੇਲ੍ਹ
ਵਿੱਚ ਦੂਸਰੇ ਰਾਜਸੀ ਕੈਦੀ ਭਾਈ ਜਵਾਲਾ ਸਿੰਘ ਨੂੰ ‘ਭਾਈ ਢੋਲ‘ ਅਤੇ ਸ਼ੇਰ ਸਿੰਘ ਨੂੰ ‘ਭਾਈ
ਹਾਜੀ‘ ਆਖਦੇ ਸਨ। ਇਕ ਦਿਨ ਹਸਪਤਾਲ ਵਿੱਚ ਸ਼ੇਰ ਸਿੰਘ ਨੇ ਇਕ ਬਾਲਟੀ ਦੁੱਧ ਮੂੰਹ ਲਾ ਕੇ
ਸਾਰਾ ਪੀ ਗਿਆ। ਡਾਕਟਰ ਬੁਰੀ ਤਰ੍ਹਾਂ ਕ੍ਰੋਧ ਵਿਚ ਆ ਗਿਆ ਪਰ ਉਸ ਦੀ ਅਦਭੁੱਤ ਸਮਰਥਾ ਵੇਖ
ਕੇ ਪ੍ਰਸੰਨ ਵੀ ਹੋਇਆ। ਸ਼ੇਰ ਸਿੰਘ ਨੇ ਹੀ ਇਕ ਦਿਨ ਇਕ ਸੇਰ ਸਰੋਂ ਦਾ ਤੇਲ ਪੀ ਕੇ ਹਜ਼ਮ ਕਰ
ਲਿਆ ਸੀ। ਗੱਲ ਇਹ ਹੋਈ ਕਿ ਇਕ ਦਿਨ ਇਕ ਬੰਗਾਲੀ ਰਾਜਸੀ ਕੈਦੀ ਫਨੀ ਬਾਬੂ ਨੇ ਦੂਸਰੇ ਬੰਗਾਲੀ
ਕੈਦੀ ਤਰਲੋਕੀ ਨਾਥ ਚੱਕਰਵਰਤੀ ਨੂੰ ਇਕ ਸੇਰ ਤੇਲ ਦਾ ਬੰਦੋਬਸਤ ਕਰਨ ਲਈ ਅਖਵਾ ਭੇਜਿਆ। ਉਸ
ਨੇ ਕੋਹਲੂਆਂ ‘ਚੋਂ ਇਕ ਆਦਮੀ ਰਾਹੀਂ ਬੰਦੋਬਸਤ ਕਰ ਲਿਆ, ਪਰ ਤੇਲ ਲਿਆਉਂਦਿਆਂ ਹੋਇਆ ਪਕੜਿਆ
ਗਿਆ। ਟੈਂਡਲ ਉਸ ਨੂੰ ਅਧਿਕਾਰੀਆਂ ਦੇ ਪੇਸ਼ ਕਰਨ ਲਈ ਲਿਜਾ ਰਿਹਾ ਸੀ। ਐਨ ਮੌਕੇ ‘ਤੇ ਸ਼ੇਰ
ਸਿੰਘ ਨੇ ਟੈਂਡਲ ਨੂੰ ‘ਸਰਕਾਰੇ‘, ‘ਜਨਾਬੇ‘ ਆਦਿ ਸਤਿਕਾਰ ਵਾਲੇ ਸ਼ਬਦਾਂ ਨਾਲ ਸੰਬੋਧਨ ਕਰਕੇ
ਪੁਛਿਆ ਕਿ ਮਾਮਲਾ ਕੀ ਹੈ? ਟੈਂਡਲ ਨੇ ਦਸਿਆ ਕਿ ਇਸ ਬੰਗਾਲੀ ਨੇ ਤੇਲ ਚੋਰੀ ਕੀਤਾ ਹੈ। ਸ਼ੇਰ
ਸਿੰਘ ਨੇ ਕਿਹਾ,‘‘ਇਹ ਗੱਲ ਹੈ, ਇਹ ਤਾਂ ਬਹੁਤ ਮਾੜੀ ਹੈ। ਦੇਖਾਂ ਕਿੰਨਾ ਕੁ ਤੇਲ ਚੁਰਾਇਆ
ਹੈ? ‘‘ ਇਹ ਕਹਿ ਕੇ ਦੇਖਣ ਲਈ ਟੈਂਡਲ ਦੇ ਹੱਥੋਂ ਤੇਲ ਦਾ ਬਰਤਨ ਲੈ ਕੇ ਇਕੋ ਸਾਹੇ ਸਾਰਾ
ਤੇਲ ਪੀ ਸੁਟਿਆ। ਟੈਂਡਲ ਨੇ ਵੇਖਿਆ ਕਿ ਏਥੇ ਜ਼ੋਰ ਜ਼ਬਰਦਸਤੀ ਨਾਲ ਕੰਮ ਨਹੀਂ ਚਲਣਾ, ਮਾਲ ਵੀ
ਨਹੀਂ, ਕੋਈ ਗਵਾਹ ਵੀ ਨਹੀਂ ਮਿਲਣਾ। ਉਹ ਗੁੱਸੇ ਵਿੱਚ ਬੁੜਬੁੜਾਉਂਦਾ ਚਲਾ ਗਿਆ। ਘੱਟ ਖਾਣਾ
ਮਿਲਣ ਨਾਲ ਸ਼ੇਰ ਸਿੰਘ ਵਰਗੇ ਗ਼ਦਰੀਆਂ ਨੂੰ ਬੜੀ ਤਕਲੀਫ਼ ਹੁੰਦੀ ਸੀ, ਪਰ ਕਿਸੇ ਨੇ ਵੀ ਕਮਜ਼ੋਰੀ
ਨਹੀਂ ਵਿਖਾਈ।
ਅੰਡੇਮਾਨ ਜੇਲ੍ਹ ਦੀਆਂ ਕੋਠੜੀਆਂ ਵਿੱਚ ਇਕੱਲੇ-ਇਕੱਲੇ ਬੰਦ ਇਹ ਰਾਜਸੀ ਕੈਦੀ ਕਈ ਤਰ੍ਹਾਂ
ਨਾਲ ਮਨ ਪਰਚਾਉਂਦੇ ਰਹਿੰਦੇ। ਉਹ ਹੇਕਾਂ ਲਾ-ਲਾ ਕੇ ਗ਼ਦਰ ਦੀਆਂ ਗੂੰਜਾਂ ਦਾ ਗਾਇਨ ਕਰਦੇ:
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਬਹੁਤ ਸੁਖੱਲੀਆਂ ਨੇ।
ਉਹ ਫਾਂਸੀ ਉਤੇ ਝੂਲ ਗਏ ਸਰਾਭੇ ਵਰਗੇ ਆਪਣੇ ਸਾਥੀਆਂ ਦੀ ਸ਼ਾਨ ਵਿੱਚ ਲਿਖੇ ਸ਼ੇਅਰ
ਗੁਣ-ਗੁਣਾਉਂਦੇ। ਇਨ੍ਹਾਂ ਵਿਚੋਂ ਕੋਈ ਕਵੀ ਤਾਂ ਨਹੀਂ ਸੀ, ਪਰ ਕਵਿਤਾ ਬਣਾ ਕੇ ਆਪਣਾ ਸਮਾਂ
ਕੱਢਦੇ। ਲਿਖਣ ਲਈ ਉਨ੍ਹਾਂ ਪਾਸ ਕਾਗਜ਼, ਕਲਮ ਤੇ ਸਿਆਹੀ ਨਹੀਂ ਸੀ। ਇਸ ਲਈ ਲੋੜ ਵੀ ਨਹੀਂ
ਸੀ। ਕੋਠੜੀ ਦਾ ਫਰਸ਼, ਕੰਧ ਅਤੇ ਸੁਰਖੀ ਉਨ੍ਹਾਂ ਲਈ ਕਾਗਜ਼, ਸਿਆਹੀ ਤੇ ਕਲਮ ਦਾ ਕੰਮ ਦਿੰਦੇ।
ਉਹ ਭਾਰਤ ਦੇ ਭਵਿੱਖ ਬਾਰੇ ਵੀ ਕਦੇ-ਕਦੇ ਬਹਿਸ ਕਰਦੇ ਸਨ। ਦੇਸ਼ ਆਜ਼ਾਦ ਹੋਣ ਪਿਛੋਂ ਕਿਹੋ
ਜਿਹੀ ਸਰਕਾਰ ਬਣੇਗੀ, ਰਾਜਧਾਨੀ ਕਿਥੇ ਹੋਵੇਗੀ, ਰਾਸ਼ਟਰ ਭਾਸ਼ਾ ਕਿਹੜੀ ਹੋਵੇਗੀ ਆਦਿ। ਉਹ
ਹਿੰਸਾ, ਅਹਿੰਸਾ, ਮਾਸਾਹਾਰੀ, ਸ਼ਾਕਾਹਾਰੀ ਖਾਣੇ ਨੂੰ ਲੈ ਕੇ ਵੀ ਬਹਿਸਾਂ ਕਰਦੇ। ਮਾਸਾਹਾਰੀ
ਭੋਜਨ ਬਾਰੇ ਕੇਸਰ ਸਿੰਘ ਕਿਹਾ ਕਰਦੇ ਸਨ ਕਿ ‘‘ਅਸੀਂ ਮੱਛੀ ਮਾਸ ਕਿਉਂ ਨਾ ਖਾਈਏ? ਇਨ੍ਹਾਂ
ਨਾਲ ਦੇਸ਼ ਦਾ ਕਿਹੜਾ ਉਪਕਾਰ ਹੋ ਰਿਹਾ ਹੈ, ਜੋ ਇਨ੍ਹਾਂ ਨੂੰ ਖਾਣ ਨਾਲ ਨੁਕਸਾਨ ਹੋਵੇਗਾ।
ਬੱਕਰੇ ਦੀ ਜੇ ਮਜਿਸਟਰੇਟ ਬਨਣ ਦੀ ਸੰਭਾਵਨਾ ਹੁੰਦੀ ਜਾਂ ਜੇ ਉਹ ਦੇਸ਼ ਭਗਤ ਬਣ ਕੇ ਦੇਸ਼ ਦੀ
ਅਜ਼ਾਦੀ ਲਈ ਲੜ ਸਕਦਾ ਤਾਂ ਉਸ ਨੂੰ ਮਾਰ ਕੇ ਪੇਟ ਭਰਨਾ ਅਨਿਆਂ ਹੁੰਦਾ। ਜਦ ਅਜਿਹੀ ਕੋਈ
ਸੰਭਾਵਨਾ ਹੀ ਨਹੀਂ ਤਾਂ ਉਸ ਨੂੰ ਕਿਉਂ ਨਾ ਖਾਈਏ? ਸਾਡੇ ਆਹਾਰਾਂ ਲਈ ਹੀ ਤਾਂ ਉਹ ਬਣਾਏ ਗਏ
ਹਨ।‘‘ ਅੰਡੇਮਾਨ ਵਿੱਚ ਤਿੰਨ ਵਰ੍ਹੇ ਤੱਕ ਗ਼ਦਰੀਆਂ ਤੇ ਦੂਸਰੇ ਰਾਜਸੀ ਕੈਦੀਆਂ ਦਾ ਸੰਘਰਸ਼
ਚਲਿਆ। ਲਗਭਗ ਸਾਰੇ ਗ਼ਦਰੀ ਏਥੇ ਗੜਬੜ ਮਚਾਉਣ ਵਾਲਿਆਂ ਵਜੋਂ ਮਸ਼ਹੂਰ ਸਨ। ਇਨ੍ਹਾਂ ਨਾਲ ਨਵੇਂ
ਬੰਗਾਲੀ ਕੈਦੀ ਸ਼ਾਮਲ ਹੁੰਦੇ ਸਨ। ਬੈਂਤਾਂ, ਡੰਡਾ ਬੇੜੀ, ਖੜੀ ਹੱਥਕੜੀ, ਮੁਸ਼ਕੀ ਹੱਥਕੜੀ,
ਰਾਤ ਹੱਥਕੜੀ, ਘੱਟ ਖੁਰਾਕ, ਕੋਠੜੀ ਬੰਦ ਹਰ ਪ੍ਰਕਾਰ ਦੀਆਂ ਸਜ਼ਾਵਾਂ ਉਹ ਝਲਦੇ ਸਨ। ਬੇੜੀ ਪਾ
ਪਾ ਕੇ ਪੈਰਾਂ ਵਿੱਚ ਟੋਏ ਪੈ ਗਏ ਸਨ। ਕਈ ਅਜਿਹੀ ਹਾਲਤ ਨੂੰ ਪਹੁੰਚ ਗਏ ਕਿ ਬੇੜੀ
ਪਹਿਨੇ-ਪਹਿਨੇ ਦੌੜ ਵੀ ਸਕਦੇ ਸਨ। ਕਦੇ ਕਦੇ ਪੈਰੀਂ ਬੇੜੀਆਂ ਸਮੇਤ ਉਹ ਫੁਟਬਾਲ ਵੀ ਖੇਡ
ਲੈਂਦੇ। ਇਕ ਤਰ੍ਹਾਂ ਆਪਣੇ ਦੋਜ਼ਖ ਦੇ ਜੀਵਨ ਨੂੰ ਉਹ ਜਿੰਨਾ ਸੰਭਵ ਹੋ ਸਕਦਾ, ਖੁਸ਼ਗਵਾਰ
ਬਣਾਉਣ ਦਾ ਯਤਨ ਕਰਦੇ ਤਾਂ ਕਿ ਉਹ ਮੁਸ਼ਕਿਲਾਂ ਤੋਂ ਡਰਕੇ ਘਬਰਾਉਣ ਨਾ, ਸਗੋਂ ਦ੍ਰਿੜਤਾ ਨਾਲ
ਉਹਨਾਂ ਦਾ ਟਾਕਰਾ ਕਰਦੇ ਰਹਿਣ। ਜੇਲ੍ਹ ਦੇ ਸਾਰੇ ਲੋਕ ਹੁਕਮਰਾਨਾਂ ਦੇ ਵਿਰੁੱਧ ਇਨ੍ਹਾਂ
ਖੁਸ਼ੀ ਭਰੇ ਆਦਮੀਆਂ ਦੇ ਸੰਘਰਸ਼ ਅਤੇ ਬਹਾਦਰੀ ਨੂੰ ਵੇਖਦੇ ਤਾਂ ਹਰ ਕੋਈ ਪੁਕਾਰ
ਉਠਦਾ-‘‘ਸ਼ਾਬਾਸ਼ ਬੰਬ ਵਾਲਾ।‘‘ ਅਜਿਹੀ ਹਾਲਤ ਵਿੱਚ ਕਈ ਇਖਲਾਕੀ ਕੈਦੀ ਸ਼ਰਧਾ ਵਜੋਂ ਸਜ਼ਾਵਾਂ
ਪ੍ਰਾਪਤ, ਰਾਜਸੀ ਕੈਦੀਆਂ ਨੂੰ ਸੁਪਰਡੈਂਟ ਜਾਂ ਜੇਲ੍ਹਰ ਦੀ ਗ਼ੈਰ-ਮੌਜੂਦਗੀ ਵਿੱਚ ਕਈ
ਰਿਆਇਤਾਂ ਦੇ ਜਾਂਦੇ। ਉਹੀ ਇਖਲਾਕੀ ਕੈਦੀ, ਜੋ ਪਹਿਲਾਂ ਇਨ੍ਹਾਂ ਉਤੇ ਜਬਰ ਕਰਨ ਲਈ ਵਰਤੇ
ਜਾਂਦੇ ਸਨ, ਉਨ੍ਹਾਂ ਦੇ ਸੰਗਰਾਮਸ਼ੀਲ ਜੇਲ੍ਹ ਜੀਵਨ ਦੇ ਮਗਰਲੇ ਪੜਾਅ ਵਿੱਚ ਉਨ੍ਹਾਂ ਦੇ
ਪ੍ਰਸ਼ੰਸਕ ਤੇ ਸਹਾਇਕ ਬਣ ਗਏ ਸਨ।
ਰੀਫ਼ਾਰਮ ਸਕੀਮ - 1921 ਦੇ ਸ਼ੁਰੂ ਵਿੱਚ ਸਰਕਾਰ ਨੇ ਅੰਡੇਮਾਨ ਸੰਬੰਧੀ ਆਪਣੀ ਰੀਫ਼ਾਰਮ
ਸਕੀਮ ਦਾ ਐਲਾਨ ਕੀਤਾ ਜਿਸ ਅਨੁਸਾਰ ਸਿਵਾਏ ਚੋਰੀ ਦੇ ਮੁਲਜ਼ਮਾਂ ਤੋਂ ਹਿੰਦੁਸਤਾਨ ਤੋਂ ਜਾਣ
ਵਾਲੇ ਕਿਸੇ ਵੀ ਕੈਦੀ ਨੂੰ ਜੇਲ੍ਹ ਬੰਦ ਨਹੀਂ ਸੀ ਕੀਤਾ ਜਾਂਦਾ। ਚੋਰੀ ਦੇ ਮੁਲਜ਼ਮ ਵੀ ਕੇਵਲ
ਦੋ ਤਿੰਨ ਮਹੀਨੇ ਹੀ ਡੱਕੇ ਜਾਂਦੇ ਸਨ। ਹੁਣ ਰਾਜਸੀ ਕੈਦੀਆਂ ਨੂੰ ਬਾਹਰ ਟਾਪੂਆਂ ਵਿੱਚ ਕੰਮ
ਦਿੱਤੇ ਗਏ। ਨਤੀਜੇ ਵਜੋਂ ਲਾਹੌਰ ਸਾਜਿਸ਼ ਕੇਸ ਨਾਲ ਸਬੰਧਤ ਗ਼ਦਰੀਆਂ ਨੂੰ ਵੀ ਜੇਲ੍ਹ ਤੋਂ
ਬਾਹਰ ਭੇਜਿਆ ਗਿਆ। ਜੇਲ੍ਹ ਦੇ ਰਾਜਸੀ ਕੈਦੀਆਂ ਨਾਲ ਵੀ ਮੁਲਾਕਾਤ ਕੀਤੀ। ਉਸ ਨਾਲ ਗੱਲਬਾਤ
ਤੋਂ ਪਤਾ ਲਗਿਆ ਕਿ ਰਾਜਸੀ ਕੈਦੀ ਛੇਤੀ ਹੀ ਵਾਪਸ ਦੇਸ਼ ਭੇਜੇ ਜਾ ਰਹੇ ਹਨ।
-0-
|