ਗੁਰਭਜਨ ਸਿੰਘ ਗਿੱਲ ਦਾ ਨਾਂਅ ਪੰਜਾਬੀ ਪਾਠਕਾਂ ਲਈ ਕਿਸੇ ਵੀ ਜਾਣ-ਪਛਾਣ ਦਾ ਮੁਥਾਜ਼ ਨਹੀਂ
ਹੈ ਕਿਉਂਕਿ ਇਨ੍ਹਾਂ ਦਾ ਨਾਂਅ ਪੰਜਾਬੀ ਸਾਹਿਤ ਜਗਤ ਵਿਚ ਇਕ ਸਥਾਪਤ ਲੇਖਕ ਵਜੋਂ ਜਾਣਿਆ
ਜਾਂਦਾ ਹੈ। ਇਹ ਉੱਘੇ ਲੇਖਕ ਹਨ ਅਤੇ ਇਨ੍ਹਾਂ ਦੀ ਲੇਖਣੀ ਵੀ ਅਗਾਂਹਵਧੂ ਵਿਚਾਰਧਾਰਾ ਨੂੰ
ਸਮਰਪਿਤ ਹੈ। ਸਮਾਜ ਵਿਚ ਜਿੰਨੀਆਂ ਵੀ ਬੁਰਾਈਆਂ ਨੇ, ਉਨ੍ਹਾਂ ਦੇ ਵਿਰੋਧ ਵਿਚ ਹਮੇਸ਼ਾਂ
ਇਨ੍ਹਾਂ ਨੇ ਕਲਮ ਦੀ ਵਰਤੋਂ ਕੀਤੀ ਹੈ ਅਤੇ ਜਾਗਰੂਕਤਾ ਪੈਦਾ ਕੀਤੀ ਹੈ। ਪ੍ਰੋਫੈਸਰ ਗੁਰਭਜਨ
ਸਿੰਘ ਗਿੱਲ ਦਾ ਜਨਮ ਗੁਰਦਾਸਪੁਰ ਜ਼ਿਲੇ੍ਹ ਦੀ ਬਟਾਲਾ ਤਹਿਸੀਲ ਦੇ ਨਿੱਕੇ ਜਿਹੇ ਪਿੰਡ ਬਸੰਤ
ਕੋਟ ਵਿਖੇ ਸਰਦਾਰ ਹਰਨਾਮ ਸਿੰਘ ਦੇ ਘਰ ਮਾਤਾ ਤੇਜ ਕੌਰ ਦੀ ਕੁੱਖੋਂ 2 ਮਈ, 1953 ਨੂੰ
ਹੋਇਆ। ਧਿਆਨਪੁਰ ਤੋਂ ਦਸਵੀਂ ਤਕ ਦੀ ਪੜ੍ਹਾਈ ਮੁਕੰਮਲ ਕਰਨ ਉਪਰੰਤ ਗੌਰਮਿੰਟ ਕਾਲਜ ਕਾਲਾ
ਅਫ਼ਗਾਨਾ ਤੋਂ ਦੋ ਜਮਾਤਾਂ ਪਾਸ ਕਰਕੇ 1971 ਵਿਚ ਆਪਣੇ ਵੱਡੇ ਵੀਰ ਸਰਦਾਰ ਜਸਵੰਤ ਸਿੰਘ ਕੋਲ
ਲੁਧਿਆਣਾ ਚਲੇ ਗਏ। ਇਥੇ ਡਾ. ਐਸ.ਪੀ. ਸਿੰਘ ਵੱਲੋਂ ਮਿਲੀ ਪ੍ਰੇਰਨਾ ਸਦਕਾ (ਜੋ ਬਾਅਦ ਵਿਚ
ਵਾਈਸ-ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚੋਂ ਰਿਟਾਇਰ ਹੋਏ) ਅਤੇ
ਪ੍ਰਸਿੱਧ ਲੇਖਕ ਅਤੇ ਗੀਤਕਾਰ ਸ਼ਮਸ਼ੇਰ ਸਿੰਘ ਸੰਧੂ ਦੇ ਮਿਲੇ ਸਾਥ ਨਾਲ ਗੁਰਭਜਨ ਗਿੱਲ ਨੇ
ਸਾਹਿਤ ਸਿਰਜਣਾ ਆਰੰਭ ਕੀਤੀ। ਜੀ.ਜੀ.ਐਨ. ਖਾਲਸਾ ਕਾਲਜ ਵਿਚ ਪੜ੍ਹਦਿਆਂ ਸਾਹਿਤਕ ਸਰਗਰਮੀਆਂ
ਨਾਲ ਜੁੜ ਗਏ ਅਤੇ ਇਨ੍ਹਾਂ ਸਰਗਰਮੀਆਂ ਦੇ ਪ੍ਰਬੰਧ ਬਾਰੇ ਵੀ ਚੰਗੀ ਮੁਹਾਰਤ ਹਾਸਲ ਕੀਤੀ।
ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਅਤੇ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਉਂ ਵਿਚ ਲੈਕਚਰਾਰ
ਵਜੋਂ ਪੜ੍ਹਾਇਆ। 1983 ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਚੰਗੀ ਖੇਤੀ
ਨਾਂਅ ਦੇ ਰਸਾਲੇ ਦੇ ਸੰਪਾਦਕ ਹਨ। ਪ੍ਰੋ. ਮੋਹਣ ਸਿੰਘ ਫਾਊਂਡੇਸ਼ਨ ਅਤੇ ਪੰਜਾਬੀ ਸਾਹਿਤ
ਅਕਾਦਮੀ ਲੁਧਿਆਣਾ ਦੀਆਂ ਕਈ ਜ਼ਿੰਮੇਵਾਰੀਆਂ ਨਿਭਾਈਆਂ। ਅੱਜ ਕੱਲ੍ਹ ਉਹ ਪੰਜਾਬੀ ਸਾਹਿਤ
ਅਕਾਦਮੀ ਲੁਧਿਆਣਾ ਦੇ ਪ੍ਰਧਾਨ ਦੇ ਪਦ ‘ਤੇ ਸੁਸ਼ੋਭਿਤ ਹਨ। ਪ੍ਰੋ. ਗੁਰਭਜਨ ਗਿੱਲ ਪੰਜਾਬੀ
ਕਵਿਤਾ ਤਾਂ ਲਿਖਦੇ ਹੀ ਹਨ, ਨਾਲ ਦੀ ਨਾਲ ਉਨ੍ਹਾਂ ਦਾ ਪੰਜਾਬੀ ਗੀਤਕਾਰੀ ਵਿਚ ਵੱਖਰਾ ਸਥਾਨ
ਹੈ। ਉਨ੍ਹਾਂ ਦੀ ਲੇਖਣੀ ਵਿਚ ਨਿਰੋਲ ਪੰਜਾਬੀ ਮੁਹਾਵਰਾ ਭਾਰੂ ਹੈ ਅਤੇ ਉਨ੍ਹਾਂ ਨੇ ਅਨੇਕਾਂ
ਹੀ ਕਵਿਤਾਵਾਂ, ਗਜ਼ਲਾਂ ਅਤੇ ਗੀਤ ਰਚੇ ਹਨ। ਉਨ੍ਹਾਂ ਦੀ ਜੀਵਨ ਸਾਥਣ ਸ੍ਰੀਮਤੀ ਜਸਵਿੰਦਰ ਕੌਰ
ਹਨ ਅਤੇ ਪੁੱਤਰ ਪੁਨੀਤ ਦੇ ਨਾਲ ਰਹਿੰਦਿਆਂ ਹੋਇਆਂ ਉਨ੍ਹਾਂ ਨੇ ਆਪਣੇ ਵਿਰਸੇ ਤੋਂ ਵਰਤਮਾਨ
ਤਕ ਪਹੁੰਚਦਿਆਂ ਜ਼ਿੰਦਗੀ ਦੀ ਮਾਣੀ ਹਰ ਧੁੱਪ-ਛਾਂ ਦਾ ਵੇਰਵਾ ਆਪਣੀਆਂ ਰਚਨਾਵਾਂ ਵਿਚ ਦਰਜ
ਕੀਤਾ ਹੈ, ਜੋ ਉਨ੍ਹਾਂ ਦੀਆਂ ਕਵਿਤਾਵਾਂ ਵਿੱਚੋਂ ਸਹਿਜੇ ਹੀ ਪਛਾਣਿਆ ਜਾ ਸਕਦਾ ਹੈ।
ਪੇਸ਼ ਹੈ ਪ੍ਰੋ. ਗੁਰਭਜਨ ਗਿੱਲ ਨਾਲ ਇਕ ਮੁਲਾਕਾਤ :
ਪੰਜਾਬੀ ਟਾਈਮਜ਼:- ਪ੍ਰੋਫੈਸਰ ਸਾਹਿਬ! ਪੰਜਾਬੀ ਟਾਈਮਜ਼ ਅਖਬਾਰ ਵੱਲੋਂ ਪਾਠਕਾਂ ਨਾਲ ਸਾਂਝ
ਪਾਉਣ ਲਈ ਅਸੀਂ ਤੁਹਾਨੂੰ ਜੀ ਆਇਆਂ ਆਖਦੇ ਹਾਂ।
ਪ੍ਰੋਫੈਸਰ ਗਿੱਲ:- ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇਸ ਧਰਤੀ ‘ਤੇ ਵੱਸਦੇ
ਆਪਣੇ ਪੰਜਾਬੀ ਵੀਰਾਂ ਨਾਲ ਸਾਂਝ ਪਾਉਣ ਦਾ ਮੌਕਾ ਦਿੱਤਾ।
ਪੰਜਾਬੀ ਟਾਈਮਜ਼:- ਗਿੱਲ ਸਾਹਿਬ, ਇਥੇ ਵੱਸਦੇ ਪੰਜਾਬੀ ਭਾਈਚਾਰੇ ਦੇ ਲੋਕ ਪੰਜਾਬ ਨਾਲ ਭਾਵੁਕ
ਤੌਰ ‘ਤੇ ਜੁੜੇ ਹੋਏ ਹਨ ਅਤੇ ਤੁਹਾਡੇ ਵਰਗੀਆਂ ਸ਼ਖ਼ਸੀਅਤਾਂ, ਜਿਨ੍ਹਾਂ ਅੰਦਰ ਪੰਜਾਬ ਪ੍ਰਤੀ
ਪਿਆਰ ਅਤੇ ਪੰਜਾਬ ਦਾ ਦਰਦ ਠਾਠਾਂ ਮਾਰਦਾ ਹੈ, ਨਾਲ ਰੂ-ਬ-ਰੂ ਹੋ ਕੇ ਖੁਸ਼ੀ ਮਹਿਸੂਸ ਕਰਨਗੇ।
ਪ੍ਰੋਫੈਸਰ ਗਿੱਲ:- ਜੀ ਸਾਹਿਤ ਨੂੰ ਪਿਆਰ ਕਰਨ ਵਾਲੇ ਜ਼ਰੂਰ ਅਜਿਹਾ ਮਹਿਸੂਸ ਕਰਦੇ ਹਨ ਪਰ
ਆਪਣੇ ਵਧੇਰੇ ਲੋਕ ਸਿਆਸਤਦਾਨਾਂ ਮਗਰ, ਗਾਉਣ ਵਾਲਿਆਂ ਮਗਰ, ਰਾਗੀਆਂ-ਰਬਾਬੀਆਂ ਦੇ ਮਗਰ ਫਿਰਨ
ਵਾਲੀਆਂ ਫੌਜਾਂ ਨੇ। ਇਹ ਤਾਂ ਐਵੇਂ ਇਕ ਭਰਮ ਹੈ ਕਿ ਲੇਖਕ ਨੂੰ ਵੀ ਕੋਈ ਏਨਾ ਪਿਆਰ ਦਿੰਦਾ
ਹੋਵੇਗਾ। ਇਹ ਤਾਂ ਤੁਹਾਡੀ ਇਕ ਫਰਾਖ਼ਦਿਲੀ ਹੈ ਕਿ ਤੁਸੀਂ ਮੈਨੂੰ ਲੱਭਿਆ ਅਤੇ ਆਪਣੇ ਪਾਠਕਾਂ
ਨਾਲ ਗੱਲਬਾਤ ਦਾ ਮੌਕਾ ਦਿੱਤਾ।
ਪੰਜਾਬੀ ਟਾਈਮਜ਼:- ਗਿੱਲ ਸਾਹਿਬ, ਵੈਸੇ ਵੀ ਟੋਰਾਂਟੋ ਹੁਣ ਸਾਨੂੰ ਪੰਜਾਬ ਦੇ ਇਕ ਸ਼ਹਿਰ ਵਰਗਾ
ਹੀ ਨਜ਼ਰ ਆਉਂਦਾ ਹੈ। ਪੰਜਾਬੀਆਂ ਦੀ ਸੰਘਣੀ ਵਸੋਂ ਵਾਲਾ ਸ਼ਹਿਰ ਹੋਣ ਕਾਰਨ ਬਹੁਤ ਸਾਰੇ ਸਿਆਸੀ
ਲੀਡਰ, ਗਾਇਕ, ਲੇਖਕ ਅਤੇ ਹੋਰ ਸ਼ਖ਼ਸੀਅਤਾਂ ਇਥੇ ਫੇਰਾ ਪਾਉਂਦੀਆਂ ਰਹਿੰਦੀਆਂ ਹਨ। ਖ਼ਾਸ ਕਰਕੇ
ਗਰਮੀਆਂ ਦੇ ਮਹੀਨਿਆਂ ਵਿਚ ਕੋਈ ਵੀ ਹਫ਼ਤਾ ਐਸਾ ਨਹੀਂ ਹੁੰਦਾ, ਜਿਸ ਵਿਚ ਕੋਈ ਨਾ ਕੋਈ
ਸ਼ਖ਼ਸੀਅਤ ਇਥੇ ਮੌਜੂਦ ਨਾ ਹੋਵੇ ਅਤੇ ਬੜਾ ਚੰਗਾ ਲਗਦਾ ਹੈ ਕਿ ਇਥੇ ਬੈਠਿਆਂ ਹੀ ਪੰਜਾਬ ਦਾ
ਰੰਗ ਨਜ਼ਰ ਆਉਂਦਾ ਹੈ।
ਪ੍ਰੋਫੈਸਰ ਗਿੱਲ:- ਇਹ ਉਹ ਮਹੀਨੇ ਹਨ, ਜਦੋਂ ਜੱਟਾਂ ਦੇ ਪੁੱਤ ਸਾਧ ਹੋ ਕੇ ਘਰੋਂ ਭੱਜ
ਤੁਰਦੇ ਨੇ ਪਰ ਮੈਂ ਗਰਮੀ ਦਾ ਭਜਾਇਆ ਹੋਇਆ ਨਹੀਂ ਆਇਆ, ਸਗੋਂ ਮਿੱਤਰਾਂ ਦੇ ਮੋਹ ਦਾ ਬੱਝਾ
ਇਸ ਧਰਤੀ ‘ਤੇ ਪਹੁੰਚਿਆ ਹਾਂ। ਸੱਚ ਜਾਣਿਓਂ, ਮੈਨੂੰ ਤਾਂ ਸਗੋਂ ਇਥੇ ਬਹੁਤਾ ਸੇਕ ਲੱਗ ਰਿਹਾ
ਹੈੇ। ਇਸ ਸੁਸਾਇਟੀ ਦੀਆਂ ਜਿਹੜੀਆਂ ਗੁੰਝਲਦਾਰ ਬੁਝਾਰਤਾਂ ਨੇ, ਉਨ੍ਹਾਂ ਨੂੰ ਸਮਝਦਿਆਂ ਕਾਫ਼ੀ
ਗਰਮੀ ਮਹਿਸੂਸ ਕਰਦਾ ਹਾਂ। ਗਰਮੀ ਸਿਰਫ਼ ਸਰੀਰਕ ਹੀ ਨਹੀਂ ਹੁੰਦੀ, ਕਈ ਗੁੰਝਲਾਂ ਅਜਿਹੀਆਂ
ਹੁੰਦੀਆਂ ਹਨ, ਜਿਨ੍ਹਾਂ ਨੂੰ ਸੁਲਝਾਉਂਦਿਆਂ ਤੁਹਾਨੂੰ ਰਾਤੀਂ ਨੀਂਦ ਨਹੀਂ ਪੈਂਦੀ। ਇਹ
ਉਲਝਣਾਂ ਤੁਹਾਨੂੰ ਰਾਤ-ਰਾਤ ਭਰ ਜਗਾ ਕੇ ਰੱਖਦੀਆਂ ਹਨ ਅਤੇ ਮਨੁੱਖ ਸੋਚਣ ਲਈ ਮਜਬੂਰ ਹੋ
ਜਾਂਦਾ ਹੈ ਅਤੇ ਤੁਸੀਂ ਉਦਾਸ ਹੋ ਜਾਂਦੇ ਹੋ ਕਿ ਅੱਜ ਕੀ ਦਾ ਕੀ ਬਣ ਰਿਹਾ ਹੈ?
ਪੰਜਾਬੀ ਟਾਈਮਜ਼:- ਜੀ ਗਿੱਲ ਸਾਹਿਬ! ਸਾਡੇ ਪੰਜਾਬੀਆਂ ਦੇ ਸੁਭਾਅ ਅਨੁਸਾਰ ਬਹੁਤ ਸਾਰੇ ਮਸਲੇ
ਤਾਂ ਸਾਡੇ ਸਾਂਝੇ ਹੀ ਨੇ। ਕੁਝ ਮਸਲੇ ਤਾਂ ਪੰਜਾਬ ਦੀ ਧਰਤੀ ‘ਤੇ ਵਿਚਰਦਿਆਂ ਵੀ ਅਸੀਂ
ਵੇਖਦੇ ਹਾਂ ਅਤੇ ਕੁਝ ਵੱਖਰੀ ਤਰ੍ਹਾਂ ਦੇ ਮਸਲੇ ਸਾਨੂੰ ਇਥੇ ਵੀ ਦਰਪੇਸ਼ ਹਨ, ਜਿਨ੍ਹਾਂ
ਵਿੱਚੋਂ ਖ਼ਾਸ ਕਰਕੇ ਡਰੱਗ ਦੀ ਗੱਲ ਕਰੀਏ ਜਾਂ ਹੋਰ ਕਈ ਮਸਲੇ, ਜੋ ਸਾਡੇ ਸੁਭਾਅ ਦਾ ਅੰਗ ਹਨ,
ਈਰਖਾ ਅਤੇ ਹੋਰ ਕਈ ਨਾਂਹ-ਮੁਖੀ ਰੁਝਾਨ ਸਾਡੇ ਸਾਂਝੇ ਮਸਲੇ ਨੇ, ਭਾਵੇਂ ਕਿ ਪੰਜਾਬੀਆਂ ਵਿਚ
ਪਿਆਰ ਦੀ ਭਾਵਨਾ ਵੀ ਬਹੁਤ ਪ੍ਰਬਲ ਹੈ। ਇਥੇ ਦੂਰ-ਦੁਰਾਡੇ ਦੇ ਮੁਲਕਾਂ ਵਿਚ ਜਿਥੇ ਅਲੱਗ
ਤਰ੍ਹਾਂ ਦੇ ਨਿਯਮ ਅਤੇ ਕਾਇਦੇ-ਕਾਨੂੰਨ ਨੇ, ਅਲੱਗ ਤਰ੍ਹਾਂ ਦਾ ਕਲਚਰ ਅਤੇ ਰਹਿਣ-ਸਹਿਣ ਹੈ।
ਇਸ ਵਿਚ ਵਿਚਰਦਿਆਂ ਹੋਇਆਂ ਸਾਡੇ ਬਹੁਤ ਸਾਰੇ ਨੌਜਵਾਨ ਉਹ ਗੱਲਾਂ ਅਪਣਾ ਲੈਂਦੇ ਨੇ, ਜੋ
ਸਾਡੀ ਵਿਰਾਸਤ ਅਤੇ ਸਭਿਆਚਾਰ ਨਾਲ ਮੇਲ ਨਹੀਂ ਖਾਂਦੀਆਂ। ਇਥੇ ਆ ਕੇ ਕਈ-ਕਈ ਗੁੰਝਲਾਂ ਪੈਦਾ
ਹੁੰਦੀਆਂ ਹਨ। ਇਥੇ ਵਿਦੇਸ਼ਾਂ ਦੀ ਧਰਤੀ ‘ਤੇ ਵੱਸਦੇ ਸਾਡੇ ਪੰਜਾਬੀਆਂ ਦੀਆਂ ਘਰੇਲੂ ਜ਼ਿੰਦਗੀ
ਦੀਆਂ ਅਜਿਹੀਆਂ ਬਹੁਤ ਸਾਰੀਆਂ ਗੁੰਝਲਾਂ ਨੇ, ਜਿਨ੍ਹਾਂ ਨੂੰ ਖੋਲ੍ਹਣ ਲੱਗੀਏ ਤਾਂ ਸ਼ਾਇਦ ਇਹ
ਗੱਲਬਾਤ ਬਹੁਤ ਲੰਮੀ ਹੋ ਜਾਵੇ।
ਪ੍ਰੋਫੈਸਰ ਗਿੱਲ:- ਜਿਹੜੀ ਤੁਹਾਡੀ ਸੋਚ ਹੈ ਨਾ ਕਿ ਇਹ ਗੁੰਝਲਾਂ ਸਿਰਫ਼ ਕੈਨੇਡਾ ਵਿਚ ਹੀ
ਨੇ, ਇਹ ਵੀ ਤੁਹਾਡਾ ਇਕ ਬੜਾ ਖ਼ੂਬਸੂਰਤ ਭਰਮ ਹੈ। ਪਹਿਲਾਂ ਤਾਂ ਇਸ ਤੋਂ ਮੁਕਤੀ ਦੀ ਲੋੜ ਹੈ।
ਇਹ ਗੁੰਝਲਾਂ ਸਿਰਫ਼ ਕੈਨੇਡਾ ਵਿਚ ਹੀ ਨਹੀਂ, ਸਗੋਂ ਜਿਥੇ ਕਿਤੇ ਵੀ ਸਰਮਾਏ ਦੀ ਸਰਦਾਰੀ ਹੈ,
ਉਥੇ ਮੌਜੂਦ ਨੇ। ਮਨੁੱਖੀ ਰਿਸ਼ਤਿਆਂ ਦੀ ਥਾਂ ਜਦੋਂ ਪਹਿਲ ਧਨ ਲੈ ਜਾਂਦਾ ਏ, ਦੌਲਤ ਲੈ ਜਾਂਦੀ
ਏ, ਮਿੱਟੀ ਦੀਆਂ ਢੇਰੀਆਂ ਲੈ ਜਾਂਦੀਆਂ ਨੇ, ਉਥੇ-ਉਥੇ ਹੀ ਇਹ ਸਮੱਸਿਆਵਾਂ ਅਕਸਰ ਆ ਜਾਂਦੀਆਂ
ਨੇ। ਆਪਾਂ ਸਾਰੇ ਜਾਣਦੇ ਹਾਂ ਕਿ ਸਾਨੂੰ ਪੰਜਾਬ ਦੀ ਧਰਤੀ ਦੇ ਜੰਮੇ ਜਾਏ ਲੋਕਾਂ ਨੂੰ ਗੁਰੂ
ਸਾਹਿਬ ਨੇ ਇਕ ਹੀ ਆਦੇਸ਼ ਦਿੱਤਾ ਸੀ ਕਿ ਭਾਈ ਕਿਰਤ ਵੀ ਕਰਨੀ ਏਂ, ਨਾਮ ਵੀ ਜਪਣਾ ਏਂ ਤੇ ਵੰਡ
ਕੇ ਵੀ ਛਕਣਾ ਏਂ। ਇਹਦੇ ਵਿੱਚੋਂ ਇਕੱਲੀ ਨਾਮ ਜਪਣ ਵਾਲੀ ਗੱਲ ਤਾਂ ਅਸੀਂ ਟਾਵੀਂ-ਟੱਲੀ
ਕਰੀ-ਕੁਰੀ ਜਾਨੇ ਆਂ। ਮਾੜੀ-ਮੋਟੀ ਉਹ ਵੀ ਆਤਮ ਚਿੰਤਨ ਵਾਸਤੇ ਨਹੀਂ, ਆਤਮ ਸਾਧਨਾ ਵਾਸਤੇ ਵੀ
ਨਹੀਂ, ਸਗੋਂ ਇਸ ਵਾਸਤੇ ਕਿ ਅਸੀਂ ਆਪਣੇ ਬੀਤੇ ਤੋਂ ਮੁਕਤੀ ਚਾਹੁੰਦੇ ਹਾਂ ਅਤੇ ਭਵਿੱਖ ਨੂੰ
ਬਿਹਤਰ?ਸ਼ਾਨਦਾਰ ਬਣਾਉਣਾ ਚਾਹੁੰਦੇ ਹਾਂ। ਸਿਰਫ਼ ਭਰਮ ਜਾਲ ਵਿਚ ਫਸ ਕੇ ਪਰਮਾਰਥ ਦੇ ਅਸਲ ਮਾਰਗ
ਦੀ ਸੋਝੀ ਦੀ ਥਾਂ ‘ਤੇ ਅਸੀਂ ਇਕ ਸੰਸਾਰਕ ਵਿਧੀ-ਵਿਧਾਨ ਵਿਕਸਿਤ ਕਰ ਲਿਆ, ਜਿਸ ਨੂੰ ਮਾਣੀ
ਜਾ ਰਹੇ ਹਾਂ ਪਰ ਸੱਚ ਤਾਂ ਇਹ ਹੈ ਕਿ ਜਿਹੜੀ ਚੌਗਿਰਦ ਹਮਾਰੇ ਰਾਮ ਕਰ’ ਬਣਨੀ ਸੀ, ਜਿਸ ਨੇ
ਸਾਨੂੰ ਕਾਮ ਤੋਂ, ਕ੍ਰੋਧ ਤੋਂ, ਲੋਭ ਤੋਂ, ਮੋਹ ਤੋਂ ਅਤੇ ਹੰਕਾਰ ਤੋਂ ਮੁਕਤ ਕਰਨਾ ਸੀ,
ਅਸੀਂ ਇਨ੍ਹਾਂ ਸਾਰੀਆਂ ਹੀ ਵਹਿਬਤਾਂ ਤੋਂ ਬਚਣਾ ਸੀ, ਜਿਸ ਵਿਚ ਅਸੀਂ ਅੱਜ ਗ੍ਰਸੇ ਹੋਏ ਹਾਂ।
ਭਾਵੇਂ ਜਗਰਾਵੀਂ ਰਹਿੰਦਾ ਹੋਵੇ ਕੋਈ ਤੇ ਭਾਵੇਂ ਲੁਧਿਆਣੇ ਤੇ ਭਾਵੇਂ ਰਹਿੰਦਾ ਹੋਵੇ ਕੋਈ
ਜੰਡਿਆਲਾ ਗੁਰੂ ਤੇ ਭਾਵੇਂ ਕੋਈ ਰਹਿੰਦਾ ਹੋਵੇ ਭਾਅ ਤੇਰੇ ਪਿੰਡ ਜਗਦੇਈਂ! ਅਸੀਂ ਹਰ ਥਾਂ
‘ਤੇ ਇਕੋ ਤਰ੍ਹਾਂ ਦੇ ਰੋਗ ਤੋਂ ਪੀੜਤ ਹਾਂ ਅਤੇ ਉਹ ਰੋਗ ਹੈਗਾ ਸਾਨੂੰ ਰਾਤੋ-ਰਾਤ ਅਮੀਰ ਹੋਣ
ਦਾ। ਆਪਣੇ ਕਸ਼ਟ, ਮਨ ਦੀਆਂ ਜਿਹੜੀਆਂ ਗੁੰਝਲਾਂ ਨੇ, ਉਨ੍ਹਾਂ ਤੋਂ ਮੁਕਤੀ ਲਈ ਨਸ਼ੇ ਰਾਹੀਂ
ਲੁਕਣ ਦਾ, ਬਚਣ ਦਾ ਅਸਕੇਪ ਹੈ ਇਹ ਸਾਰੇ ਦਾ ਸਾਰਾ। ਇਹ ਧਰਤੀ ਚਾਹੇ ਟੋਰਾਂਟੋ ਦੀ ਹੋਵੇ,
ਚਾਹੇ ਸਿਆਟਲ ਹੋਵੇ ਤੇ ਭਾਵੇਂ ਭਾਅ ਮੇਰਿਆ ਹੋਵੇ ਨਿਊਯਾਰਕ ਤੇ ਭਾਵੇਂ ਹੋਵੇ ਵੈਨਕੂਵਰ। ਹਰ
ਥਾਂ ‘ਤੇ ਸਿਆਪਾ ਇਕੋ ਹੀ ਏ ਕਿ ਅਸੀਂ ਅਸਕੇਪ ਲੱਭ ਰਹੇ ਹਾਂ, ਲੁਕ ਰਹੇ ਹਾਂ। ਅਸੀਂ ਆਪਣੀ
ਜ਼ਿੰਦਗੀ ਦੀਆਂ ਹਕੀਕਤਾਂ ਤੋਂ, ਸੱਚ ਤੋਂ, ਜਿਹੜੇ ਸੱਚ ਸਾਡੇ ਸਾਹਮਣੇ ਨੇ, ਉਹ ਸਾਨੂੰ ਸੌਣ
ਨਹੀਂ ਦਿੰਦੇ ਫਿਰ ਅਸੀਂ ਉਸ ਵੇਲੇ ਇਸ ਰਾਹ ਤੁਰਦੇ ਹਾਂ। ਦੂਸਰਾ ਅਸੀਂ ਰਾਤੋ-ਰਾਤ ਅਮੀਰ ਹੋ
ਜਾਣਾ ਚਾਹੁੰਦੇ ਹਾਂ। ਬਹੁਤ ਸਾਰੇ ਸਾਡੇ ਵੀਰ ਤਾਂ ਇਸ ਧਰਤੀ ‘ਤੇ ਕਿ ਇਥੇ ਦਾ ਜਿਹੜਾ ਹਰ
ਰੁੱਖ ਹੈ, ਉਸ ਨੂੰ ਪੱਤੇ ਸੋਨੇ ਦੇ ਲਗਦੇ ਆ ਤੇ ਢਾਡਾਂ ਮਾਰ-ਮਾਰ ਕੇ ਪਹਿਲਾਂ ਥੱਲੇ ਸੁੱਟ
ਲਵਾਂਗੇ, ਫਿਰ ਉਨ੍ਹਾਂ ਨੂੰ ਕੈਸ਼ ਕਰਵਾ ਲਵਾਂਗੇ। ਫਿਰ ਉਨ੍ਹਾਂ ਨਾਲੋਂ ਡਾਲਰਾਂ ਦੇ ਜਿਹੜੇ
ਪੱਤੇ ਝੜਦੇ ਨੇ, ਉਸ ਨਾਲ ਆਪਣੀ ਅਮੀਰੀ ਦਾ ਵਿਖਾਵਾ ਕਰਾਂਗੇ। ਠੀਕ ਹੈ ਪਦਾਰਥਕ ਅਮੀਰੀ ਤਾਂ
ਆ ਜਾਵੇਗੀ ਪਰ ਜਿਹੜੀ ਤੁਹਾਡੀ ਇਕ ਪਰਮਾਰਥਕ ਅਮੀਰੀ ਸੀ, ਜਿਹੜੀ ਪੰਜ ਸਦੀਆਂ ਪੂਰਾ ਜ਼ੋਰ ਲਾ
ਕੇ ਪੁਰਖਿਆਂ ਨੇ, ਉਸ ਤੋਂ ਪਹਿਲਾਂ ਵੀ ਲਿਆਕਤ ਦੀ ਧਰਤੀ ਹਾਂ, ਅਸੀਂ ਜੋ ਕੁਝ ਪ੍ਰਾਪਤ ਕੀਤਾ
ਸੀ, ਗਿਆਨ ਹਾਸਲ ਕੀਤਾ ਸੀ, ਜੋ ਸਟੇਟਸ ਹਾਸਲ ਕੀਤਾ ਸੀ, ਉਸ ਸਟੇਟਸ ਨੂੰ ਤਿਆਗ ਕੇ ਜਿਹੜੀ
ਅਮੀਰੀ ਅਸੀਂ ਭਾਲ ਰਹੇ ਹਾਂ, ਉਹ ਸਿਰਫ਼ ਪਦਾਰਥ ਦੀ ਏ, ਕਾਰਾਂ ਦੀ ਏ, ਕੋਠੀਆਂ ਦੀ ਏ,
ਮਹਿਲਾਂ ਦੀ ਏ, ਭਵਨਾਂ ਦੀ ਏ, ਸੋਨੇ ਦੀ ਏ, ਗਹਿਣੇ ਗੱਟੇ ਦੀ ਏ, ਇਕ ਦੂਸਰੇ ਤੋਂ
ਉੱਚ-ਦੁਮਾਲੜੇ ਭਵਨ ਉਸਾਰਨ ਦੀ ਏ, ਗੁਰੂ ਘਰਾਂ ਦੇ ਨਾਂਅ ‘ਤੇ, ਖੇਡਾਂ ਦੇ ਨਾਂਅ ‘ਤੇ ਅਜੀਬ
ਤਰ੍ਹਾਂ ਦਾ ਇਕ ਤਾਣਾ-ਪੇਟਾ ਅਸੀਂ ਬੁਣ ਲਿਆ ਹੈ, ਜਿਸ ਵਿਚ ਸਾਡੀ ਹਾਲਤ ਉਸ ਮੱਕੜੀ ਵਰਗੀ
ਹੈ, ਜਿਹੜੀ ਆਪਣੇ ਥੁੱਕ ਨਾਲ ਆਪਣਾ ਜਾਲ ਬੁਣਦੀ ਏ ਅਤੇ ਆਪੇ ਹੀ ਉਸ ਵਿਚ ਫਸ ਜਾਂਦੀ ਏ।
ਪੰਜਾਬੀ ਟਾਈਮਜ਼:- ਗਿੱਲ ਸਾਹਿਬ, ਬਿਲਕੁਲ ਠੀਕ ਤੁਸੀਂ ਕਿਸੇ ਵੀ ਸੁਆਲ ਦਾ ਜੁਆਬ ਦੇ,
ਪਹਿਲਾਂ ਹੀ ਉਸ ਮਸਲੇ ਦੀ ਜੜ੍ਹ ਤਕ ਪਹੁੰਚੇ ਹੋ। ਖ਼ਾਸ ਕਰਕੇ ਅਸੀਂ ਪੰਜਾਬੀ, ਜਦੋਂ ਅਸੀਂ
ਬੜੇ ਮਾਣ ਨਾਲ ਕਹਿੰਦੇ ਹਾਂ ਕਿ ਸਾਡਾ ਵਿਰਸਾ, ਸਾਡੇ ਜਿਹੜੇ ਰਿਸ਼ਤੇ ਤੇ ਉਨ੍ਹਾਂ ਦੀ
ਪਵਿੱਤਰਤਾ ਦੀ ਦੁਹਾਈ ਦਿੰਦੇ ਹਾਂ, ਦੁਨੀਆਂ ਭਰ ਵਿਚ, ਪਰ ਜਦੋਂ ਅਸੀਂ ਆਪਣੇ ਅੰਦਰ ਝਾਤ
ਮਾਰਦੇ ਹਾਂ ਤਾਂ ਬਿਲਕੁਲ ਖੋਖਲਾ ਜਿਹਾ ਇਹ ਸਭ ਕੁਝ ਸੱਭਿਆਚਾਰ ਲੱਗਣ ਲਗਦਾ ਹੈ ਕਿਉਂਕਿ ਖ਼ਾਸ
ਕਰਕੇ ਇਥੇ ਵਿਦੇਸ਼ ਦੀ ਧਰਤੀ ‘ਤੇ ਆ ਕੇ ਜਿੰਨਾ ਖੋਖਲਾਪਣ ਲੋਕਾਂ ਵਿਚ ਵੇਖਿਆ ਹੈ, ਏਨਾ ਸ਼ਾਇਦ
ਉਥੇ ਨਹੀਂ ਹੈ, ਉਥੇ ਗਰੀਬੀ ਭਾਵੇਂ ਹੋਵੇ।
ਪ੍ਰੋਫੈਸਰ ਗਿੱਲ:- ਨਹੀਂ, ਕਸਰ ਹੁਣ ਉਥੇ ਵੀ ਨਹੀਂ ਰਹੀ। ਖੋਖਲੇ ਤਾਂ ਇਸ ਧਰਤੀ ਉੱਤੇ
ਪਦਾਰਥ ਦੀ ਦੌੜ ਦੌੜਨ ਵਾਲੇ ਸਾਰੇ ਲੋਕੀਂ ਹੀ ਹੋਏ ਪਏ ਹਨ। ਜੇ ਪਦਾਰਥ ਦੀ ਦੌੜ ਦੌੜਨ ਵਾਲੇ
ਲੋਕ ਖੋਖਲੇ ਨਾ ਹੁੰਦੇ ਤਾਂ ਉਹ ਪਰਮਾਰਥ ਦੇ ਮਾਰਗ ਵੱਲ ਨੂੰ ਨਾ ਤੁਰਦੇ। ਪੂਰਾ ਯੋਰਪ
ਤੁਹਾਡਾ ਪੂਰਾ ਨਾਰਥ ਅਮਰੀਕਾ ਐਸ ਵੇਲੇ ਸਾਡੀਆਂ ਜਿਹੜੀਆਂ ਔਰੀਐਂਟਲ ਰੂਟਸ ਨੇ, ਉਨ੍ਹਾਂ ਵੱਲ
ਨੂੰ ਤੁਰ ਰਿਹਾ ਹੈ, ਲੱਭ ਰਿਹਾ ਹੈ ਕਿ ਸਿਆਟਿਕ ਲਾਈਟ ਕੀ ਹੈ। ਸਾਡਾ ਸਪਿਰਚੁਅਲ ਸਿਲਸਿਲਾ,
ਜਿਹਦੇ ਵਿੱਚੋਂ ਤੁਸੀਂ ਅੱਜ ਯੋਗਾ ਦੀ ਮਾਰਕੀਟਿੰਗ ਵੇਖ ਰਹੇ ਹੋ। ਸਾਡਾ ਸਪਿਰਚੁਅਲ ਜਿਹੜਾ
ਮਿਊਜ਼ਿਕ ਹੈ, ਉਸ ਬਾਰੇ ਉਸ ਮਿਊਜ਼ਕੈਟਲੀ ਬਾਰੇ ਜਿੰਨਾ ਸਟੱਡੀ ਅੱਜ ਅੰਗਰੇਜ਼ ਲੋਕ ਕਰ ਰਹੇ ਨੇ,
ਏਨੀ ਤਾਂ ਅਸੀਂ ਵੀ ਨਹੀਂ ਕਰ ਰਹੇ। ਅਸੀਂ ਤਾਂ ਉਸ ਹੈਰੀਟੇਜ਼ ਨੂੰ ਏਨੀ ਬੁਰੀ ਤਰ੍ਹਾਂ ਨਾਲ
ਮਧੋਲਿਆ ਹੈ ਅਤੇ ਤਿਆਗਿਆ ਹੈ ਕਿ ਜਿਵੇਂ ਸਾਡਾ ਕੁਝ ਲਗਦਾ ਹੀ ਨਾ ਹੋਵੇ। ਸਾਰਾ ਕੁਝ, ਜਿਹੜਾ
ਕਿ ਮਹਿੰਗਾ ਸੌਦਾ ਹੁੰਦਾ ਸੀ ਸਾਡਾ। ਅਸੀਂ ਤਾਂ ਉਹ ਜਿਵੇਂ ਗੁਰੂ ਸਾਹਿਬ ਨੇ ਲਿਖਿਆ ਹੈ ਨਾ
ਕਿ ‘ਰਤਨ ਵਿਗਾੜ ਵਿਗੋਏ ਕੁੱਤੀ ਮੋਇਆ ਸਾਰ ਨਾ ਕਾਈ।’ ਅਸੀਂ ਤਾਂ ਉਹ ਰਤਨ ਗੁਆ ਲਏ ਤੇ
ਸਾਨੂੰ ਤਾਂ ਇਹਦੀ ਸਾਰ ਹੀ ਨਹੀਂ ਕਿ ਅਸੀਂ ਕੀ ਕੁਝ ਗੁਆਈ ਜਾ ਰਹੇ ਹਾਂ। ਲਗਾਤਾਰ ਕੀ-ਕੀ
ਗੁਆਈ ਜਾ ਰਹੇ ਹਾਂ। ਜਿਹੜੀ ਸੰਗਤ ਸਾਡੀ ਸੀ, ਸੰਗਤ ਦਾ ਕਨਸੈਪਟ ਮੇਰਾ ਖਿਆਲ ਹੈ ਕਿ ਇਸ ਤੋਂ
ਵੱਡੀ ਸ਼ਕਤੀ ਧਰਤੀ ‘ਤੇ ਕਿਤੇ ਨਹੀਂ ਹੈ। ਜਦੋਂ ਸੁਸਾਇਟੀ ਅੱਜ ਟੋਟੇ-ਦਰ-ਟੋਟੇ ਹੋ ਰਹੀ ਹੈ,
ਕ੍ਰਿਸਟਲ ਵਿਚ ਵੰਡੀ ਜਾ ਰਹੀ ਹੈ, ਡਿਜ਼ਿਟ ਵਿਚ ਵੰਡੀ ਜਾ ਰਹੀ ਹੈ, ਮਨੁੱਖ ਆਪਣੇ-ਆਪ ਵਿਚ
ਟੋਟੇ-ਟੋਟੇ ਹੋ ਗਿਆ ਹੈ, ਤਾਂ ਸੰਗਤ ਹੀ ਜੋੜਦੀ ਹੈ ਨਾ। ਪਰ ਸੰਗਤੀ ਰੂਪ ਵਿਚ ਅਸੀਂ ਕਦੀ
ਬੈਠਦੇ ਹੀ ਨਹੀਂ, ਵਿਚਰਦੇ ਹੀ ਨਹੀਂ। ਉਥੇ ਵੀ ਅਸੀਂ ਇੰਡਵਿਯੂਅਲ ਵਿਚ ਬੈਠੇ ਹੁੰਦੇ ਹਾਂ।
ਪਰਸਨ ਵਿਚ ਬੈਠੇ ਹੁੰਦੇ ਹਾਂ, ਧੜੇ ਵਿਚ ਬੈਠੇ ਹੁੰਦੇ ਹਾਂ, ਧਰਮ ਵਿਚ ਬੈਠੇ ਹੁੰਦੇ ਹਾਂ,
ਜਾਤ, ਗੋਤ ਦੇ ਟੋਟੇ ਬੈਠੇ ਹੁੰਦੇ ਹਾਂ ਅਤੇ ਟੋਟਿਆਂ ਦਾ ਸਮੁੱਚ ਬਣ ਕੇ ਜੇ ਸੰਗਤ ਬਣ ਸਕੇ
ਤਾਂ ਬੜੀ ਚੰਗੀ ਗੱਲ ਹੈ ਪਰ ਮੈਨੂੰ ਲਗਦਾ ਹੈ ਕਿ ਅੱਜ ਅਸੀਂ ਉਸ ਉਪਦੇਸ਼, ਸੰਦੇਸ਼ ਤੋਂ ਲਾਂਭੇ
ਜਾ ਕੇ, ਇਕ ਉਸ ਸਿਲਸਿਲੇ ਦੇ ਧਾਰਨੀ ਬਣ ਗਏ ਹਾਂ, ਜਿਹੜੇ ਸਿਲਸਿਲੇ ਵਿਚ ਸਾਡੇ ਅੰਦਰਲੇ,
ਮੇਰੇ ਅੰਦਰਲਾ ਜਿਹੜਾ ਔਰੰਗਜ਼ੇਬ ਹੈ, ਮੇਰੇ ਅੰਦਰਲਾ ਜਿਹੜਾ ਬੈਠਾ ਮਹਿਮੂਦ ਗਜ਼ਨਵੀ ਹੈ,
ਧਾੜਵੀ ਹੈ, ਮੇਰੇ ਅੰਦਰਲਾ ਜਿਹੜਾ ਬਦ ਹੈ, ਉਹ ਵਾਰ-ਵਾਰ ਜਾਗਦਾ ਹੈ, ਵਾਰ-ਵਾਰ ਬਦੀਆਂ ਕਰਦਾ
ਹੈ ਅਤੇ ਮੈਂ ਉਹਨੂੰ ਭੋਰਾ ਵੀ ਨਹੀਂ ਕਹਿੰਦਾ ਕਿ ਭਾਈ ਸੌਂ ਜਾ, ਜਾਂ ਫਿਰ ਜਾਹ ਨਿਕਲ ਜਾ
ਮੇਰੇ ਵਿਚਲਿਆ ਬਾਂਦਰਾ, ਮਰ ਜਾ। ਅਸੀਂ ਉਸ ਬਾਂਦਰ ਨੂੰ ਪਰਮੋਟ ਕਰ ਰਹੇ ਹਾਂ, ਨਸ਼ਿਆਂ
ਰਾਹੀਂ, ਫੈਸ਼ਨ ਰਾਹੀਂ, ਨੋਟਾਂ ਦੀ ਛਹਿਬਰ ਰਾਹੀਂ, ਵਿਖਾਵੇ ਰਾਹੀਂ। ਅਸੀਂ ਉਸ ਬਾਂਦਰ ਨੂੰ
ਹੋਰ ਭੜਕਾ ਰਹੇ ਹਾਂ, ਹੋਰ ਸ਼ਿੰਗਾਰ ਰਹੇ ਹਾਂ। ਮੈਨੂੰ ਲਗਦਾ ਹੈ ਕਿ ਅੱਜ ਦੇ ਇਸ ਬਲਦੇ ਅਗਨ
‘ਤੇ ਤਰੌਂਕਾ ਮਾਰਨ ਲਈ ਸਿਵਾਏ ਹੈਰੀਟੇਜ਼ ਵਿਚਲੇ ਗਿਆਨ, ਜੋ ਸਾਡਾ ਮਹਾਨ ਗਿਆਨ ਹੈ, ਜਿਸ ਨੂੰ
ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸੰਗ੍ਰਹਿ ਰੂਪ ਵਿਚ ਕਰਕੇ ਦਿੱਤਾ ਹੈ, ਉਸ ਤੋਂ ਬਿਨਾਂ ਮੈਨੂੰ
ਤਾਂ ਨਹੀਂ ਲੱਭਦਾ ਹੋਰ ਕੋਈ ਗਿਆਨ, ਜਿਹੜਾ ਉਸ ਅਗਨ ਨੂੰ ਠਾਰ ਸਕੇ।
ਪੰਜਾਬੀ ਟਾਈਮਜ਼:-ਗਿੱਲ ਸਾਹਿਬ ਜਿਥੋਂ ਤਕ ਸਾਡੇ ਸਮਿਆਂ ਦਾ ਸੰਬੰਧ ਹੈ ਅਤੇ ਅਸੀਂ ਇਥੇ
ਮੌਜੂਦ ਹਾਂ, ਸਾਡੇ ਇਥੇ ਚਲ ਰਹੇ ਜਿਹੜੇ ਨੈਗੇਟਿਵ-ਰੁਝਾਨ ਨੇ ਉਨ੍ਹਾਂ ਤੋਂ ਮੋੜਾ ਕੱਟਣ ਲਈ
ਜੋ ਅਸੀਂ ਕਰ ਸਕਦੇ ਹਾਂ ਜਾਂ ਸਾਡਾ ਯੋਗਦਾਨ ਹੋਣਾ ਚਾਹੀਦਾ ਹੈ, ਸਾਡੇ ਬੁੱਧੀਜੀਵੀ ਵਰਗ ਦੀ
ਜਿਹੜੀ ਡਿਊਟੀ ਹੈ, ਉਹ ਤੁਸੀਂ ਬਾਖ਼ੂਬੀ ਨਿਭਾਅ ਰਹੇ ਹੋ। ਅਸੀਂ ਤੁਹਾਡੀ ਸਾਹਿਤ ਰਚਨਾ ਬਾਰੇ,
ਸਿਰਜਣਾ ਬਾਰੇ ਅਤੇ ਪੰਜਾਬੀ ਮਾਂ ਬੋਲੀ ਬਾਰੇ, ਆਪਣੇ ਸੱਭਿਆਚਾਰ ਬਾਰੇ ਕੁਝ ਗੱਲਾਂ ਸਾਂਝੀਆਂ
ਕਰਨੀਆਂ ਚਾਹੁੰਦੇ ਹਾਂ। ਕਿਉਂਕਿ ਪੰਜਾਬ ਦੇ ਬਹੁਤ ਸਾਰੇ ਮਸਲੇ ਅਤੇ ਸਾਡੀ ਕਮਿਊਨਿਟੀ ਦੇ
ਮਸਲੇ ਬਹੁਤ ਗੁੰਝਲਦਾਰ ਨੇ। ਅਸੀਂ ਇਸ ਗੱਲ ਨੂੰ ਭਾਵੇਂ ਜਿੰਨੀ ਮਰਜ਼ੀ ਲੰਬੀ ਕਰਦੇ ਜਾਈਏ,
ਤਹਿ ਫਰੋਲਦੇ ਜਾਈਏ ਸ਼ਾਇਦ ਅਸੀਂ ਕਿਸੇ ਅੰਤਿਮ ਨਿਰਣੇ ‘ਤੇ ਨਾ ਪਹੁੰਚ ਸਕੀਏ। ਸਾਡਾ ਇਥੇ
ਜਿਹੜਾ ਅਧਿਆਤਮਕਵਾਦ ਹੈ, ਧਰਮ ਹੈ ਅਤੇ ਇਸ ਰਾਹੀਂ ਸਾਨੂੰ ਜੋ ਜੋ ਦੱਸਿਆ ਜਾਂਦਾ ਹੈ ਪਰ
ਸਾਡੀ ਜ਼ਿੰਦਗੀ ਭੋਰਾ ਵੀ ਉਸ ਦੇ ਮੁਤਾਬਕ ਨਹੀਂ ਹੈ। ਮੈਂ ਸ਼ਰਮਿੰਦਾ ਹਾਂ ਕਿ ਜਿਹੜਾ
ਬੁੱਧੀਜੀਵੀ ਵਰਗ ਹੈ, ਉਹਦੇ ਜੋ ਫਰਜ਼ ਬਣਦੇ ਨੇ ਆਪੋ-ਆਪਣੀ ਥਾਂ ‘ਤੇ ਜੇ ਅਸੀਂ ਨਿਭਾਉਂਦੇ
ਜਾਈਏ ਜਿਥੇ-ਜਿਥੇ ਵੀ ਕੋਈ ਬੈਠਾ ਹੈ ਤਾਂ ਕਾਫ਼ੀ ਚੰਗੀ ਇਕ ਸੇਧ ਸਾਡੇ ਸਮਾਜ ਨੂੰ ਮਿਲ ਸਕਦੀ
ਹੈ। ਜੋ ਤੁਸੀਂ ਬੜੀ ਬਾਖ਼ੂਬੀ ਕਰ ਰਹੇ ਹੋ।
ਪ੍ਰੋਫੈਸਰ ਗਿੱਲ:- ਬਿਲਕੁਲ ਠੀਕ ਕਿਹਾ ਤੁਸੀਂ।
ਪੰਜਾਬੀ ਟਾਈਮਜ਼:-ਮੈਂ ਆਪਣੇ ਪਾਠਕਾਂ ਲਈ ਪ੍ਰੋ. ਗਿੱਲ ਦੀ ਸਾਹਿਤ ਰਚਨਾ ਦਾ ਜ਼ਿਕਰ ਕਰਨਾ
ਚਾਹਵਾਂਗਾ। ਅੱਜ-ਕੱਲ੍ਹ ਪ੍ਰੋ. ਗੁਰਭਜਨ ਗਿੱਲ ਖੇਤੀ ਯੂਨੀਵਰਸਿਟੀ ਲੁਧਿਆਣਾ ਵਿਚ ਚੰਗੀ
ਖੇਤੀ’ਰਸਾਲੇ ਦੇ ਸੰਪਾਦਕ ਨੇ, ਉਨ੍ਹਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਨੇ ਜਿਨ੍ਹਾਂ ਵਿੱਚੋਂ
ਸ਼ੀਸ਼ਾ ਝੂਠ ਬੋਲਦਾ ਹੈ,’(ਕਾਵਿ ਸੰਗ੍ਰਹਿ), ਹਰ ਧੁਖਦਾ ਪਿੰਡ ਮੇਰਾ ਹੈ,’(ਗਜ਼ਲ ਸੰਗ੍ਰਹਿ),
ਸੁਰਖ਼ ਸਮੁੰਦਰ’(ਇਕ ਜਿਲਦ ਵਿਚ ਸ਼ਾਮਲ ਉਪਰੋਕਤ ਦੋਵੇਂ ਸੰਗ੍ਰਹਿ), ਦੋ ਹਰਫ਼ ਰਸੀਦੀ,’ਅਗਨ
ਕਥਾ,’ਮਨ ਦੇ ਬੂਹੇ ਬਾਰੀਆਂ,’ਖ਼ੈਰ ਪੰਜਾਂ ਪਾਣੀਆਂ ਦੀ,’ਫੁੱਲਾਂ ਦੀ ਝਾਂਜਰ’ਅਤੇ ਕੈਮਰੇ ਦੀ
ਅੱਖ ਬੋਲਦੀ, ਸ਼ਾਮਲ ਨੇ। ਗਿੱਲ ਸਾਹਿਬ, ਜਿਹੜੇ ਟਾਈਟਲ ਤੁਸੀਂ ਆਪਣੀਆਂ ਰਚਨਾਵਾਂ ਅਤੇ
ਕਿਤਾਬਾਂ ਲਈ ਚੁਣੇ ਨੇ ਉਨ੍ਹਾਂ ਤੋਂ ਹੀ ਪਤਾ ਚਲ ਜਾਂਦਾ ਹੈ ਕਿ ਇਸ ਵਿਚਲੀਆਂ ਰਚਨਾਵਾਂ ਕਿਸ
ਤਰ੍ਹਾਂ ਦੀਆਂ ਹੋਣਗੀਆਂ ਅਤੇ ਕਿਹੜੇ-2 ਟਾਪਿਕ ਤੁਸੀਂ ਇਨ੍ਹਾਂ ਵਿਚ ਲਏ ਹੋਣਗੇ। ਪੰਜਾਬ ਨਾਲ
ਸਬੰਧਤ ਜਾਂ ਫਿਰ ਆਪਣੀ ਕਮਿਊਨਿਟੀ ਨਾਲ ਸਬੰਧਤ ਨੇ, ਉਨ੍ਹਾਂ ਬਾਰੇ ਹੀ ਗੱਲ ਕੀਤੀ ਹੈ।
ਇਨ੍ਹਾਂ ਸਿਰਲੇਖਾਂ ਵਿਚ ਉਭਰਦੀ ਗੱਲ, ਜੋ ਮੈਂ ਪਹਿਲ ਤੁਹਾਡੇ ਨਾਲ ਕਰਨੀ ਚਾਹੁੰਦਾ ਹਾਂ ਉਹ
ਇਹ ਹੈ ਕਿ ਪੰਜਾਬੀ ਮਾਂ ਬੋਲੀ ਦੀ ਜਿਹੜੀ ਮੌਜੂਦਾ ਸਥਿਤੀ ਹੈ, ਉਸ ਬਾਰੇ ਤੁਹਾਡੇ ਕੀ ਖਿਆਲ
ਨੇ ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਦੇਸ਼-ਵਿਦੇਸ਼ ਵਿਚ ਘੁੰਮੇ ਹੋ, ਖ਼ੁਦ ਪੰਜਾਬ ਵਿਚ
ਵਿਚਰਦਿਆਂ ਵੀ ਵੇਖਦੇ ਹੋ ਕਿ ਸਾਡੇ ਪੰਜਾਬ ਵਿਚ ਵੀ ਬੋਲੀ ਪ੍ਰਤੀ ਨਿਘਾਰ ਆਇਆ ਹੈ। ਇਥੇ
ਬੈਠੇ ਅਸੀਂ ਲੋਕ ਚਿੰਤਾ ਤਾਂ ਕਰਦੇ ਹਾਂ ਪਰ ਉਹਦੇ ਬਾਰੇ ਯਤਨਸ਼ੀਲ ਬਹੁਤ ਘੱਟ ਹਾਂ। ਇਸ ਬਾਰੇ
ਆਪਣੇ ਵਿਚਾਰ ਪੰਜਾਬੀ ਟਾਈਮਜ਼ ਦੇ ਪਾਠਕਾਂ ਨਾਲ ਸਾਂਝੇ ਕਰੋ ਜੀ!
ਪ੍ਰੋਫੈਸਰ ਗਿੱਲ:- ਪੰਜਾਬ ਵਿਚ ਗੁਰੂ ਸਾਹਿਬ ਤੋਂ ਵੀ ਪਹਿਲਾਂ ਸਾਡਾ ਜਿਹੜਾ ਮਾਣਮੱਤਾ
ਸੱਭਿਆਚਾਰ ਹੈ, ਉਸ ਵਿਚ ਸ਼ਬਦ ਦੀ ਬਹੁਤ ਵੱਡੀ ਥਾਂ ਹੈ। ਭਾਵੇਂ ਉਹ ਰਿਗਵੇਦ ਹੋਵੇ ਜਾਂ ਸਾਡਾ
ਕੋਈ ਵੀ ਹੋਰ ਸਿਲਸਲਾ ਹੋਵੇ, ਉਹ ਸਾਰਾ ਸ਼ਬਦ ਦਾ ਸਿਲਸਲਾ ਹੈ। ਗੁਰੂ ਅਰਜਨ ਸਾਹਿਬ ਨੇ ਜਦੋਂ
ਗੁਰੂ ਗ੍ਰੰਥ ਸਾਹਿਬ ਨੂੰ ਸੰਪਾਦਤ ਕੀਤਾ ਤਾਂ ਉਸ ਵਿਚ ਸਭ ਤੋਂ ਪਹਿਲੀ ਬੇਸਿਕ ਗੱਲ ਜਿਹੜੀ
ਹੈ, ਉਹ ਲੋਕਾਂ ਨੂੰ ਦਿਸਦੀ ਹੈ ਜਾਂ ਨਹੀਂ ਦਿਸਦੀ ਮੈਂ ਸਪੱਸ਼ਟ ਕਰਨੀ ਚਾਹਵਾਂਗਾ ਕਿ ਗੁਰੂ
ਸਾਹਿਬ ਨੇ ਆਮ ਆਦਮੀ ਨੂੰ ਇਹ ਗੱਲ ਜਚਾਈ ਕਿ ਭਾਈ ਬੰਦਿਉ ਰੱਬ ਦਿਓ ਤੁਸੀਂ ਪ੍ਰਮਾਤਮਾ ਨਾਲ
ਆਪਣਾ ਡਾਇਲਾਗ, ਗੱਲਬਾਤ ਆਪਣੀ ਲੋਕ ਭਾਸ਼ਾ ਵਿਚ ਵੀ ਕਰ ਸਕਦੇ ਹੋ। ਜਿਹੜਾ ਸਕਰਿਪਟ ਗੁਰੂ
ਅੰਗਦ ਸਾਹਿਬ ਨੇ ਡਿਵੈਲਪ ਕੀਤਾ ਗੁਰਮੁਖੀ ਸਕਰਿਪਟ’ਗੁਰਮੁਖੀ ਲਿਪੀ, ਜਿਸ ਨੂੰ ਆਖਦੇ ਹਾਂ
ਗੁਰਮੁਖੀ ਭਾਸ਼ਾ ਵੀ ਕਈ ਲੋਕ ਆਖ ਦਿੰਦੇ ਨੇ ਪਰ ਉਹ ਲਿਪੀ ਹੈ ਪੰਜਾਬੀ ਭਾਸ਼ਾ ਵੱਖਰੀ ਗੱਲ ਹੈ।
ਪੰਜਾਬੀ ਭਾਸ਼ਾ ਦੀ ਜਿਹੜੀ ਸਤਿਕਾਰ ਯੋਗਤਾ ਬਣਾਈ ਗੁਰੂ ਅਰਜਨ ਸਾਹਿਬ ਨੇ ਉਸ ਨੂੰ ਪਛਾਨਣ ਦੀ
ਲੋੜ ਹੈ ਕਿ ਆਮ ਸਾਧਾਰਨ ਵਿਅਕਤੀ ਨੂੰ ਇਸ ਦਾ ਸਵੈਮਾਣ ਦਿੱਤਾ ਕਿ ਤੇਰੀ ਗੱਲ ਜਿਹੜੀ ਹੈ ਉਹ
ਵੀ ਪ੍ਰਮਾਤਮਾ ਨਾਲ ਸਿੱਧੀ ਏਸ ਤੇਰੇ ਵਾਲੀ ਜ਼ੁਬਾਨ ਨਾਲ ਹੋ ਸਕਦੀ ਹੈ। ਤੈਨੂੰ ਕੋਈ ਵੱਖਰੀ
ਸੰਸਕ੍ਰਿਤ ਜਾਂ ਵਿਦਵਤਾ ਦੀ ਲੋੜ ਨਹੀਂ। ਤੈਨੂੰ ਕਿਧਰੇ ਕਾਸ਼ੀ ਜਾਣ ਦੀ ਲੋੜ ਨਹੀਂ ਜਾਂ ਹੋਰ
ਕਿਧਰੇ ਜਾਣ ਦੀ ਲੋੜ ਨਹੀਂ, ਕੋਈ ਵੱਖਰਾ ਗਿਆਨ ਹਾਸਲ ਕਰਨ ਦੀ ਲੋੜ ਨਹੀਂ ਜਿਹੜਾ ਕਿ ਉਸ
ਵੇਲੇ ਦੇ ਪੰਡਤਾਂ ਨੇ ਜਾਂ ਉਸ ਸਮੇਂ ਦੇ ਪਰਮਾਰਥ ਦੇ ਜਿਹੜੇ ਵਣਜਾਰੇ ਸਨ, ਉਨ੍ਹਾਂ ਨੇ ਜਚਾਈ
ਹੋਈ ਸੀ ਕਿ ਪ੍ਰਮਾਤਮਾ ਨਾਲ ਗੱਲ ਸਿਰਫ਼ ਅਤੇ ਸਿਰਫ਼ ਇਕ ਵੱਖਰੀ ਭਾਸ਼ਾ ਵਿਚ ਹੀ ਕੀਤੀ ਜਾ ਸਕਦੀ
ਹੈ। ਮੈਨੂੰ ਲਗਦਾ ਹੈ ਕਿ ਜਿਹੜਾ ਗੁਰਮੁਖੀ ਸ਼ਬਦ ਦਾ ਸਤਿਕਾਰ ਸੀ, ਮਾਣ ਸੀ, ਮਰਿਆਦਾ ਸੀ, ਉਸ
ਨੂੰ ਤਿਆਗ ਕੇ ਅਸੀਂ ਬਹੁਤ ਸਾਰੀਆਂ ਨਵੀਆਂ ਗੁੰਝਲਾਂ ਵਿਚ ਫਸ ਰਹੇ ਹਾਂ। ਮੇਰਾ ਹਰਜੀਤ ਭਾਅ
ਜੀ ਇਹ ਵਿਸ਼ਵਾਸ ਹੈ ਕਿ ਜਿਹੜੀ ਗੱਲ ਅਸੀਂ ਸਮਝਦੇ ਹਾਂ ਭਰਮ ਵਿਚ, ਭਾਵਂੇ ਪਰਦੇਸ ‘ਚ, ਤੇ
ਭਾਵੇਂ ਲੁਧਿਆਣੇ ਬੈਠਿਆਂ ਕਿ ਅਸੀਂ ਆਪਣੇ ਘਰਾਂ ਵਿਚ ਪੰਜਾਬੀ ਬੋਲ ਕੇ ਪੰਜਾਬੀ ਜ਼ੁਬਾਨ ਨੂੰ
ਬਚਾ ਸਕਾਂਗੇ। ਮੈਨੂੰ ਲਗਦਾ ਏ ਕਿ ਬੋਲਚਾਲ ਦੀ ਭਾਸ਼ਾ ਕਦੇ ਵੀ ਨਹੀਂ ਬਚ ਸਕਦੀ ਉਹਨੇ ਮਰਨਾ
ਹੀ ਮਰਨਾ ਹੈ ਕਿਉਂਕਿ ਜਿੰਨਾ ਚਿਰ ਅਸੀਂ ਉਸ ਦੇ ਲਿਖਤੀ ਸਰੂਪ ਨੂੰ, ਟੈੇਕਸਟ ਦੇ ਲਿਖਣ ਦੇ
ਵਿਧਾਨ ਨੂੰ ਨਹੀਂ ਅਪਣਾਵਾਂਗੇ ਅਤੇ ਆਪਣੀ ਅਗਲੀ ਪੀੜ੍ਹੀ ਨੂੰ ਨਹੀਂ ਦੇਵਾਂਗੇ ਤਾਂ ਸਾਡੀ
ਹਾਲਤ ਵੀ ਸੰਸਕ੍ਰਿਤ ਵਾਲੀ ਹੀ ਹੋ ਜਾਵੇਗੀ। ਦੂਸਰੀ ਗੱਲ ਇਹ ਹੈ ਕਿ ਸਾਨੂੰ ਨਵੀਆਂ ਧਰਤੀਆਂ
ਦੇ ਨਵੇਂ ਚੈਲਿੰਜ ਜਿਹੜੇ ਨੇ ਖ਼ਾਸ ਕਰਕੇ ਅਮਰੀਕਾ, ਕੈਨੇਡਾ, ਇੰਗਲਂੈਡ, ਸਿੰਗਾਪੁਰ,
ਮਲੇਸ਼ੀਆ, ਥਾਈਲੈਂਡ ਵਿਚ ਵੱਸਦੇ ਬੱਚਿਆਂ ਦੀਆਂ ਜਿਹੜੀਆਂ ਲੋੜਾਂ ਨੇ ਉਹ ਘੱਟੋ-ਘੱਟ ਸਾਡੇ
ਮੋਗੇ ਜਾਂ ਫਿਰੋਜ਼ਪੁਰ, ਬਟਾਲੇ ਜਾਂ ਡੇਰਾ ਬਾਬਾ ਨਾਨਕ ਦੇ ਬੱਚਿਆਂ ਦੀਆਂ ਤਾਂ ਨਹੀਂ ਹਨ।
ਇਨ੍ਹਾਂ ਦੀਆਂ ਲੋੜਾਂ ਹੋਰ ਨੇ ਇਨ੍ਹਾਂ ਦਾ ਸੋਚਣ ਦਾ ਢੰਗ ਹੋਰ ਹੈ, ਇਨ੍ਹਾਂ ਦਾ ਵੱਖਰਾ
ਕਲਚਰਲ ਐਟੇਲਿਉਏਸ਼ਨ ਸਿਸਟਮ ਡਿਵੈਲਪ ਹੋ ਰਿਹਾ ਹੈ। ਇਹ ਬੱਚੇ ਜਦੋਂ ਵੱਖਰੀ ਦੂਸਰੀ
ਕਮਿਉੂਨਿਟੀ ਦੇ ਬੱਚਿਆਂ ਨਾਲ ਵਿਚਰਦੇ ਨੇ, ਸਮਝਦੇ ਵੀ ਨੇ, ਰਿਜੈਕਟ ਵੀ ਕਰਦੇ ਨੇ, ਉਨ੍ਹਾਂ
ਦੇ ਨਾਲ ਮੁਕਾਬਲੇਬਾਜ਼ੀ ਵਿਚ ਵੀ ਆਉਂਦੇ ਨੇ, ਸਿਲੈਕਟ ਵੀ ਕਰਦੇ ਨੇ ਸਾਨੂੰ ਉਨ੍ਹਾਂ ਦੇ ਹਾਣ
ਦਾ ਵਿਧੀ ਵਿਧਾਨ ਵਿਕਸਤ ਕਰਨਾ ਪਵੇਗਾ ਕਿ ਉਸ ਬਾਲ-ਮਾਨਸਿਕਤਾ ਨੂੰ ਇਸ ਧਰਤੀ ‘ਤੇ ਰਹਿੰਦਿਆਂ
ਕਿਹੜੀ ਚੀਜ਼ ਰੁਝਾਉਂਦੀ ਹੈ। ਸਾਡਾ À-ਊਠ ਉਨ੍ਹਾਂ ਦੀਆਂ ਨਜ਼ਰਾਂ ‘ਚ ਨਹੀਂ ਆਉਂਦਾ ਜਾਂ ਫਿਰ
ਅਸੀਂ ਉਹ ਕਲਚਰ ਏਥੇ ਨਹੀਂ ਵੇਚ ਸਕਦੇ। ਸੋ ਸਾਨੂੰ ਉਹ ਸਭ ਵਿਕਸਤ ਕਰਨਾ ਪਵੇਗਾ, ਜੋ ਏਥੇ ਦੇ
ਬੱਚਿਆਂ ਦੀਆਂ ਲੋੜਾਂ ਵਿਚ ਸ਼ਾਮਿਲ ਹੈ। ਮੈਨੂੰ ਬੜਾ ਵਧੀਆ ਲੱਗਿਆ। ਮੈਂ ਪਿਛੇ ਜਿਹੇ
ਨਿਊਯਾਰਕ ਵਿਚ ਸਾਂ ਜਾਂ ਫਿਰ ਮੈਨੂੰ ਸੈਕਰਾਮੈਂਟੋ ਮਿਲੇ ਆਪਣੇ ਮਿੱਤਰ ਜਸਪ੍ਰੀਤ ਸਿੰਘ
ਐਡਵੋਕੇਟ ਉਨ੍ਹਾਂ ਦੱਸਿਆ ਕਿ ਉਹ ਡਿਜਨੀਲੈਂਡ ਦੇ ਆਰਟਿਸਟਾਂ ਦੀ ਮਦਦ ਨਾਲ ਜਿਹੜਾ ਸਾਡਾ À ਅ
 ਪੈਂਤੀ ਅੱਖਰੀ ਹੈ, ਉਸ ਉਪਰ ਇਕ ਫਿਲਮ ਬਣਾ ਰਹੇ ਨੇ ਬੱਚਿਆਂ ਦੇ ਕਾਰਟੂਨ ਫਿਲਮ ਦੇ ਸਿਸਟਮ
ਰਾਹੀਂ ਅਤੇ ਬੜੇ ਦਿਲਚਸਪ ਗੀਤ ਉਸ ਵਿਚ ਭਰੇ ਨੇ ਜਿਹੜੇ ਅੰਗਰੇਜ਼ੀ ਵਿਚ ਉਸ ਦੀ ਇੰਟਰਪਰੀਟੇਸ਼ਨ
ਵੀ ਦਿੰਦੇ ਨੇ ਨਾਲ ਦੀ ਨਾਲ ਪੰਜਾਬੀ ਵਿਚ ਵੀ ਉਸ ਦਾ ਵਿਧਾਨ ਸਾਰਾ ਦੱਸਿਆ ਹੈ। ਉਸ ਨੂੰ
ਕਿਵੇਂ ਉਚਾਰਨਾ ਹੈ ਕਿਵੇਂ ਇਸ ਨੂੰ ਸ਼ੇਪ ਦੇਣੀ ਹੈ। ਮੈਨੂੰ ਲਗਦਾ ਹੈ ਕਿ ਇਹ ਨਵੇਂ ਜਿਹੜੇ
ਸੰਚਾਰ ਦੇ ਢੰਗ ਨੇ ਇਹ ਸਾਨੂੰ ਕਾਇਦਿਆਂ ਤੋਂ ਹਟ ਕੇ ਜਾਂ ਆਰੰਭ ਕਰਕੇ ਸਾਡਾ ਜਿਹੜਾ ਨਵਾਂ
ਵਿਧੀ ਵਿਧਾਨ ਹੈ ਸੰਚਾਰ ਦਾ ਉਸਨੂੰ ਅਪਣਾ ਕੇ ਹੀ ਅਸੀਂ ਅੱਗੇ ਵਧ ਸਕਾਂਗੇ। ਏਸੇ ਤਰ੍ਹਾਂ
ਨਾਲ ਹੀ ਮੇਰੇ ਹੋਰ ਇਕ ਮਿੱਤਰ ਮੈਨੂੰ ਮਿਲੇ ਸੈਨ ਹਾਉਜ਼ੇ ਵਿਚ ਸੁਰਿੰਦਰ ਸਿੰਘ ਧਨੋਆ।
ਉਨ੍ਹਾਂ ਨੇ ਇਕ ਫਿਲਮ ਤਿਆਰ ਕੀਤੀ ਏ ਪੰਜਾਬੀ ਫੋਕ ਡਾਂਸ ਭੰਗੜਾ ਬਾਰੇ। ਅੱਜ ਤੁਸੀਂ ਵੇਖਦੇ
ਹੋ ਕਿ ਜਿਹੜਾ ਭੰਗੜਾ ਅੱਜ ਪੈ ਰਿਹਾ ਹੈ ਉਹ ਭੰਗੜੇ ਦੀ ਫਾਰਮ ਦਾ ਬੜਾ ਹੀ ਭੈੜਾ ਕੈਰੀ ਕੇਚਰ
ਹੈ ਪਰ ਉਸ ਦਾ ਉਰੀਜੀਨਲ ਜਿਹੜਾ ਫਾਰਮ ਹੈਗਾ ਭਰਿਆ ਭਕੁੰਨਾ ਸਾਡਾ ਮਤਲਬ ਹੋਲ ਬਾਡੀ ਡਾਂਸ
ਸੀਗਾ, ਜਿਹੜਾ ਸਾਡੀ ਬਾਡੀ ਦੀ ਲੈਂਗੁਏਜ਼ ਨੂੰ ਏਨਾ ਵਧੀਆ ਇੰਟਰਪਰੈਟ ਕਰਦਾ ਸੀ ਕਿ ਉਹਦੀ ਥਾਂ
‘ਤੇ ਅੱਜ ਅਸੀਂ ਭੜਕੀਲੇ ਸਟੈਪਸ, ਪੀਟੀ ਸ਼ੋਅ ਵਰਗਾ ਸਾਰਾ ਨਿਜ਼ਾਮ ਉਸਾਰ ਲਿਆ ਹੈ ਇੰਟਰਨੈਸ਼ਨਲ
ਲੈਵਲ ਤੇ ਅਸੀਂ ਉਸ ਨੂੰ ਭਾਂਗੜਾ ਭਾਂਗੜਾ ਕਰਕੇ ਬੜੇ ਖੁਸ਼ ਹੁੰਦੇ ਹਾਂ, ਭੰਗੜਾ ਤਾਂ ਉਸ
ਵਿੱਚੋਂ ਉਡ ਗਿਆ ਕਿੱਧਰੇ। ਇਸ ਧਰਤੀ ਤੋਂ ਵੀ ਸੁਨੇਹੇ ਜਾ ਰਹੇ ਨੇ ਜਿਹੜੇ ਉਸ ਧਰਤੀ ਦੇ
ਲੋਕਾਂ ਵਾਸਤੇ ਬੜੇ ਜ਼ਰੂਰੀ ਨੇ। ਉਸ ਧਰਤੀ ‘ਤੇ ਅਸੀਂ ਯਤਨ ਕਰ ਰਹੇ ਹਾਂ। ਖ਼ਾਸ ਕਰਕੇ ਪੰਜਾਬੀ
ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਇਸ ਕਿਸਮ ਦੇ ਕੁਝ ਕਾਇਦੇ ਡਵੈਲਪ ਕਰਕੇ ਦੇ ਰਹੇ ਹਾਂ
ਜਿਹੜੇ ਇਥੇ ਦੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ। ਇਥੋਂ ਦੇ ਲੇਖਕਾਂ ਦੀ ਮਦਦ ਨਾਲ ਮੈਂ
ਵੀ ਯਤਨ ਕਰਾਂਗਾ ਕਿ ਅਸੀਂ ਮਿਲ ਕੇ ਕੋਈ ਸਿਸਟਮ ਉਸਾਰ ਸਕੀਏ, ਕੁਝ ਆਡੀਉ ਕੈਸਿਟਸ, ਕੁਝ
ਵੀ.ਡੀ.ਓ. ਕੈਸਿਟਸ ਆਦਿ ਮੇਰੇ ਮਿੱਤਰ ਜਮਨੇਜਾ ਸਿੰਘ ਜੌਹਲ ਨੇ ਕੁਝ ਕੰਮ ਸਿੰਗਾਪੁਰ-ਮਲੇਸ਼ੀਆ
ਦੇ ਬੱਚਿਆਂ ਲਈ ਕੀਤਾ ਵੀ ਏ। ਏਸੇ ਤਰ੍ਹਾਂ ਕੰਵਲਜੀਤ ਨੀਲੋਂ ਨੇ ਕੁਝ ਨਸਰੀ ਰਾਇਮ ਜਿਹੜੇ
ਤਿਆਰ ਕੀਤੇ ਨੇ ਸਿੰਗਾਪੁਰ, ਮਲੇਸ਼ੀਆ ਦੇ ਸਕੂਲਾਂ ਵਿਚ ਉਹ ਪੜ੍ਹਾਏ ਵੀ ਜਾ ਰਹੇ ਨੇ। ਸੁਣਾਏ
ਵੀ ਜਾ ਰਹੇ ਨੇ। ਇਹ ਜਿਹੜੇ ਸਾਰੇ ਯਤਨ ਨੇ ਨਾ ਇਨ੍ਹਾਂ ਯਤਨਾਂ ਦਾ ਮੈਨੂੰ ਲਗਦਾ ਹੈ ਕਿ
ਨਤੀਜਾ ਪਾਜੈਟਿਵ ਨਿਕਲੇਗਾ ਅਤੇ ਪੰਜਾਬੀ ਜ਼ੁਬਾਨ ਦੀ ਚਿੰਤਾ ਦੇ ਨਾਲ-ਨਾਲ ਸਾਨੂੰ ਚਿੰਤਨ ਦੀ
ਵੀ ਲੋੜ ਹੈ ਤਾਂ ਹੀ ਅਸੀਂ ਆਪਣੀ ਮਾਂ ਬੋਲੀ ਦੀ ਸਹੀ ਸੇਵਾ ਕਰ ਸਕਾਂਗੇ।
ਪੰਜਾਬੀ ਟਾਈਮਜ਼:-ਜੀ ਵਾਕਿਆ ਹੀ ਅਗਰ ਅਸੀਂ ਪੰਜਾਬੀ ਲਈ ਕੋਈ ਕੰਮ ਗੰਭੀਰਤਾ ਨਾਲ ਕਰਨਾ ਹੈ
ਤਾਂ ਉਸ ਨੂੰ ਸਮੇਂ ਦੇ ਹਾਣ ਦੀ ਬਣਾਉਣ ਲਈ ਵੀ ਯਤਨ ਕਰਨੇ ਚਾਹੀਦੇ ਨੇ। ਜਿਵੇਂ ਕਿ ਭਾਸ਼ਾ
ਨੂੰ ਧਰਮ ਨਾਲ ਜੋੜਨ ਕਰਕੇ ਅਸੀਂ ਬੜਾ ਭਾਰੀ ਇਹਦਾ ਨੁਕਸਾਨ ਕਰ ਬੈਠੇ ਹਾਂ ਅਤੇ ਜਿਹੜੀ
ਦੂਸਰੀ ਕਮਿਊਨਿਟੀ ਦੇ ਲੋਕ ਨੇ ਉਹ ਸਮਝਦੇ ਨੇ ਕਿ ਇਹ ਸਿੱਖਾਂ ਦੀ ਹੀ ਸ਼ਾਇਦ ਜ਼ੁਬਾਨ ਹੈ, ਖ਼ਾਸ
ਕਰਕੇ ਲਿੱਪੀ ਬਾਰੇ ਬੜੇ ਭਰਮ ਨੇ।
ਪ੍ਰੋਫੈਸਰ ਗਿੱਲ: ਨਹੀਂ... ਨਹੀਂ ... ਨਹੀਂ ! ! ! ਇਹ ਬੜਾ ਵੱਡਾ ਭੁਲੇਖਾ ਹੈ। ਇਸ ਜ਼ੁਬਾਨ
ਦੀ ਰਸਪੈਕਟੇਬਿਲਟੀ, ਇਸ ਜ਼ੁਬਾਨ ਦਾ ਸਾਇੰਟੇਫਿਕ ਆਊਟ ਲੁੱਕ ਬਚ ਹੀ ਤਾਂ ਸਕਿਆ ਹੈ ਕਿ ਇਹ
ਧਰਮ ਨਾਲ ਜੁੜ ਚੁੱਕੀ ਸੀ। ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਨਾ ਕਿ ਧਰਮ ਨਾਲ ਜੁੜਨ ਕਰਕੇ
ਨੁਕਸਾਨ ਹੋਇਆ ਹੈ, ਉਹ ਬੜੇ ਵੱਡੇ ਭਰਮ ਦੇ ਵਿਚ ਨੇ ਜੀ। ਜਿਨ੍ਹਾਂ ਨੇ ਇਸ ਨੂੰ ਅਪਨਾਉਣਾ ਏ
ਉਹ ਅੱਜ ਵੀ ਅਪਣਾ ਰਹੇ ਨੇ, ਜਿਨ੍ਹਾਂ ਨੇ ਛੱਡਣਾ ਹੈ ਉਹ ਅੱਜ ਵੀ ਛੱਡ ਰਹੇ ਨੇ। ਚਾਹੇ ਸਿਰ
‘ਤੇ ਦਸਤਾਰਾਂ ਨੇ, ਮੂੰਹ ‘ਤੇ ਦਾੜ੍ਹੀਆਂ ਨੇ, ਇਹ ਰਿਸ਼ਤੇ ਹੀ ਹੋਰ ਨੇ ਜ਼ੁਬਾਨ ਨਾਲ ਜਿਹੜੇ
ਰਿਸ਼ਤੇ ਨੇ ਉਹ ਧਰਮ ਨਾਲ, ਜਾਤ ਨਾਲ ਤਾਂ ਨਹੀਂ ਨੇ ਨਾ। ਇਹ ਇਕ ਸਿਆਸੀ ਗੱਲ ਹੈ ਕਿ ਪੰਜਾਬ
ਦੇ ਹਿੰਦੂ ਆਪਣੀ-ਆਪਣੀ ਮਾਤ ਭਾਸ਼ਾ ਜੇਕਰ ਹਿੰਦੀ ਲਿਖਵਾ ਦੇਣਗੇ ਤਾਂ ਉਹਦੇ ਨਾਲ ਪੰਜਾਬ
ਕਮਜ਼ੋਰ ਹੋ ਜਾਵੇਗਾ। ਇਹ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਹੈਗੀਆਂ। ਹਰਿਆਣਾ ‘ਚ ਵਸਦੇ
ਪੰਜਾਬੀ ਵੀਰ ਨੇ, ਜਿਹੜੇ ਉਹ ਪੰਜਾਬੀ ਲਿਖਵਾ ਰਹੇ ਨੇ। ਕੋਈ ਐਸੀ ਗੱਲ ਨਹੀਂ ਹੈ, ਉਹ
ਪੰਜਾਬੀ ਲਿਖਵਾ ਤਾਂ ਰਹੇ ਨੇ ਪਰ ਪੰਜਾਬੀ ਪੜ੍ਹਨ ਤੋਂ ਐਸ ਵੇਲੇ ਵਿਰਵੇ ਨੇ ਉਹ ਇਥੋਂ ਤਕ ਕਿ
ਗੁਰਮੁਖੀ ਅੱਖਰ ਨਹੀਂ ਪੜ੍ਹ ਸਕਦੇ। ਮੇਰੇ ਆਪਣੇ ਪਰਿਵਾਰ ਵਿਚ ਇਕ ਬੱਚੀ ਆਈ ਹੈ, ਨੂੰਹ ਬਣ
ਕੇ ਅਤੇ ਉਸ ਬੱਚੀ ਦੇ ਮਨ ਦੀ ਮੈਂ ਵੇਦਨਾ ਪਹਿਚਾਣਦਾ ਹਾਂ। ਮੈਨੂੰ ਕਹਿੰਦੀ ਹੈ ਕਿ ਅੰਕਲ
ਮੈਂ ਏਹ ਜਿਹੜੀਆਂ ਤੁਹਾਡੀਆਂ ਕਿਤਾਬਾਂ ਨੇ ਉਨ੍ਹਾਂ ਨੂੰ ਪੜ੍ਹਨਾ ਚਾਹੁੰਦੀ ਹਾਂ ਪਰ ਮੈਂ
ਕਿਵੇਂ ਪੜ੍ਹਾਂ, ਮੈਂ ਅੱਖਰ ਨਹੀਂ ਜਾਣਦੀ। ਹੁਣ ਦੱਸੋ ਤੁਸੀਂ ਇਸ ਨੂੰ ਕੀ ਆਖੋਗੇ। ਮੇਰੇ
ਨਾਲ ਪੰਜਾਬੀ ਵਿਚ ਉਹ ਗੱਲ ਕਰ ਰਹੀ ਹੈ ਪਰ ਉਹ ਗੁਰਮੁਖੀ ਅੱਖ਼ਰ ਨਹੀਂ ਜਾਣਦੀ। ਫਿਰ ਇਸ ਵਿਚ
ਕਰਤੂਤ ਸਾਡੇ ਵੱਡਿਆਂ ਦੀ ਹੀ ਸੀ ਨਾ, ਜਿਨ੍ਹਾਂ ਨੇ ਪੰਜਾਬੀ ਸੂਬੇ ਦੇ ਨਾਂ ‘ਤੇ ਸੂਬਾ ਇਹੋ
ਜਿਹਾ ਕਰ ਦਿੱਤਾ। ਕਿਥੇ ਸਾਡੀ ਲੇਖਿਕਾ ਦਲੀਪ ਕੌਰ ਟਿਵਾਣਾ ਪਹਿਲੀ ਪੋਸਟਿੰਗ ਧਰਮ ਸ਼ਾਲਾ ਵਿਚ
ਬਤੌਰ ਪੰਜਾਬੀ ਪ੍ਰੋਫੈਸਰ ਪੜ੍ਹਾ ਰਹੀ ਸੀ। ਮਹਿੰਦਰਗੜ੍ਹ ਦੇ ਵਿਚ ਪ੍ਰੋ. ਮਹਿੰਦਰ ਸਿੰਘ
ਚੀਮਾ ਪੰਜਾਬੀ ਦੇ ਅਧਿਆਪਕ ਰਹੇ ਨੇ, ਗੁੜਗਾਉਂ ਵਿਚ ਪ੍ਰੋ. ਰਹੇ ਨੇ ਅੱਜ ਉਥੇ ਪੰਜਾਬੀ
ਪੜ੍ਹਾਉਣ ਵਾਲਾ ਕੋਈ ਨਹੀਂ। ਇਹ ਛੱਡੋ ਕੋਈ ਪੜ੍ਹਨ ਵਾਲਾ ਹੀ ਨਹੀਂ। ਉਥੇ ਲੋਕ ਜਿਹੜੇ ਸੀਗੇ
ਆਖਰ ਪੰਜਾਬੀ ਪੜ੍ਹਦੇ ਸਨ ਤਾਂ ਹੀ ਅਧਿਆਪਕ ਸਨ ਨਾ, ਸੋ ਕੁਲ ਮਿਲਾ ਕੇ ਅਸੀਂ ਟੋਟਿਆਂ ਵਿਚ
ਵੰਡ ਕੇ ਪੰਜਾਬ ਨੂੰ ਨਿੱਕਾ ਕਰਕੇ ਪੰਜਾਬੀ ਭਾਸ਼ਾ ਦਾ ਕੋਈ ਫਾਇਦਾ ਨਹੀਂ ਕੀਤਾ ਸਗੋਂ ਬਹੁਤ
ਵੱਡਾ ਨੁਕਸਾਨ ਕੀਤਾ ਅਤੇ ਆਪਣੇ ਹੱਥੀਂ ਕੀਤਾ। ਸ਼ਿਵ ਕੁਮਾਰ ਨੇ ਕਿਹਾ ਸੀ ਨਾ ਕਿ ਮੈਂ ਉਹ
ਬਦਕਿਸਮਤ ਹਾਂ, ਜਿਸਦੇ ਬਾਪ ਨੇ ਆਪਣੇ ਹੱਥੀਂ ਕਲੀਰੇ ਆਪ ਲਾਹੇ। ਮੈਨੂੰ ਲਗਦਾ ਹੈ ਕਿ
ਫਿਰੋਜ਼ਦੀਨ ਸ਼ਰਫ ਦੀ ਇਕ ਸਤਰ ਮੈਨੂੰ ਹੁਣ ਚੇਤੇ ਆ ਰਹੀ ਹੈ ਅਤੇ ਮਨ ਉਦਾਸ ਵੀ ਹੋ ਰਿਹਾ ਹੈ,
ਇਹ ਸੋਚ ਕੇ ਸਾਰੀ ਗੱਲ ਕਿ ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ ਮੇਰੀ ਵੇ ਮੈਂ ਬੋਲੀ ਹਾਂ
ਉਨ੍ਹਾਂ ਪੰਜਾਬੀਆਂ ਦੀ।
ਪੰਜਾਬੀ ਟਾਈਮਜ਼:-ਗਿੱਲ ਸਾਹਿਬ! ਤੁਹਾਡੇ ਵਰਗੀ ਬਹੁਪੱਖੀ ਸ਼ਖ਼ਸੀਅਤ ਨਾਲ ਅਸੀਂ ਪੰਜਾਬ ਅਤੇ
ਆਪਣੇ ਭਾਈਚਾਰੇ ਦੇ ਦੂਸਰੇ ਮਸਲਿਆਂ ਬਾਰੇ ਵੀ ਗੱਲ ਕਰਨੀ ਚਾਹਵਾਂਗੇ, ਜੋ ਬਹੁਤ ਗੰਭੀਰ ਨੇ
ਅਤੇ ਤੁਸੀਂ ਖ਼ੁਦ ਵੀ ਉਨ੍ਹਾਂ ਸਰੋਕਾਰਾਂ ਬਾਰੇ ਬੜੇ ਚਿੰਤਤ ਹੋ। ਖ਼ਾਸ ਕਰਕੇ ਸਾਡੇ ਸਮਾਜ ਵਿਚ
ਬੱਚੀਆਂ ਨੂੰ ਕੁੱਖ ਵਿਚ ਹੀ ਕਤਲ ਕਰਨ (ਭਰੂਣ ਹੱਤਿਆ) ਦਾ ਜਿਹੜਾ ਰੁਝਾਨ ਚਲ ਰਿਹਾ ਹੈ, ਉਸ
ਬਾਰੇ ਵੀ ਗੱਲ ਕਰਦੇ ਹਾਂ। ਇਹ ਰੁਝਾਨ ਸਾਡੀਆਂ ਸਿੱਖੀ ਦੀਆਂ ਪ੍ਰੰਪਰਾਵਾਂ ਨਾਲ ਵੀ ਮੇਲ
ਨਹੀਂ ਖਾਂਦਾ। ਇਸ ਬਾਰੇ ਅਕਾਲ ਤਖ਼ਤ ਸਾਹਿਬ ਤੋਂ ਵੀ ਹੁਕਮਨਾਮਾ ਜਾਰੀ ਹੋ ਚੁੱਕਾ ਹੈ। ਪਰ ਇਸ
ਵਿਚ ਕੋਈ ਖ਼ਾਸ ਕਮੀ ਨਹੀਂ ਆ ਰਹੀ। ਅਸੀਂ ਅੱਜ ਦੀ ਇਸ ਮੁਲਾਕਾਤ ਵਿਚ ਇਸ ਨੈਗੇਟਿਵ ਰੁਝਾਨ
ਬਾਰੇ ਵੀ ਥੋੜ੍ਹੀ ਚਰਚਾ ਕਰ ਲਈਏ ਉਸ ਤੋਂ ਬਾਅਦ ਤੁਹਾਡੀ ਸਾਹਿਤ ਰਚਨਾ ਵੱਲ ਮੁੜਦੇ ਹਾਂ ਜੀ।
ਪ੍ਰੋਫੈਸਰ ਗਿੱਲ:- ਮੈਂ ਹਰਜੀਤ ਵੀਰੇ ਇਸ ਸਬੰਧ ਵਿਚ ਆਪਣੀ ਰਚਨਾ ਲੋਰੀ ਵੀ ਸਾਂਝੀ ਕਰਾਂਗਾ।
ਭਰੂਣ ਹੱਤਿਆ ਦੇ ਪ੍ਰਸੰਗ ਵਿਚ ਵੀ ਕੁਝ ਆਪਣੇ ਵਿਚਾਰ ਦੱਸਾਂਗਾ ਪਰ ਉਸ ਤੋਂ ਪਹਿਲਾਂ ਮੈਂ
ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ ਬਾਰੇ ਜਿਹੜੀ ਇਕ ਗੱਲ ਮੇਰੇ ਮਨ ਵਿਚ ਰੜਕਦੀ ਏ, ਉਸ
ਬਾਰੇ ਗੱਲ ਕਰਨੀ ਪਸੰਦ ਕਰਾਂਗਾ।
ਪੰਜਾਬੀ ਟਾਈਮਜ਼:- ਜੀ ਤੁਸੀਂ ਕਹੋ ਆਪਣੀ ਗੱਲ।
ਪ੍ਰੋ. ਗਿੱਲ :- ਤੁਸੀਂ ਇਕ ਗੱਲ ਨੋਟ ਕੀਤੀ ਹੋਣੀ ਹੈ ਕਿ ਇਨ੍ਹਾਂ ਸਾਰੇ ਗੀਤਾਂ ਵਿਚ ਇਕੋ
ਹੀ ਗੱਲ ਮਿਲਦੀ ਹੈ ਨਾ, ਕਿ ਪੰਜਾਬੀ ਵਿਚ ਗੁਰਬਾਣੀ ਰਚੀ ਹੈ, ਪੰਜਾਬੀ ਵਿਚ ਲੋਰੀਆਂ ਨੇ,
ਸੁਹਾਗ ਨੇ, ਸਿੱਠਣੀਆਂ ਨੇ, ਘੋੜੀਆਂ ਨੇ, ਕੀਰਨੇ ਨੇ, ਪੰਜਾਬੀ ਵਿਚ ਗਾਲ੍ਹਾਂ ਨੇ, ਪੰਜਾਬ
ਵਿਚ ਆਹ ਹੈ, ਉਹ ਹੈ, ਪੰਜਾਬੀ ਬੋਲ ਕੇ ਸੁਆਦ ਆ ਜਾਂਦਾ ਹੈ, ਹੋਰ ਬੋਲੀ ਬੋਲਣ ਨਾਲ ਅਫਾਰਾ
ਹੋ ਜਾਂਦਾ ਹੈ। ਇਸ ਤੋਂ ਅੱਗੇ ਤੁਰਨਾ ਪੈਣਾ ਹੈ ਵੀਰਿਉ, ਇਹਦੇ ਨਾਲ ਗੁਜ਼ਾਰਾ ਨਹੀਂ ਹੋਣਾ।
ਪੰਜਾਬੀ ਸਾਨੂੰ ਗਿਆਨ ਦੀ ਭਾਸ਼ਾ ਬਣਾਉਣੀ ਪੈਣੀ ਹੈ, ਵਿਗਿਆਨ ਦੀ ਭਾਸ਼ਾ ਬਣਾਉਣੀ ਪੈਣੀ ਹੈ,
ਕਾਨੂੰਨ ਦੀ ਭਾਸ਼ਾ ਬਣਾਉਣੀ ਪੈਣੀ ਹੈ, ਮੈਡੀਸਨ ਦੀ ਭਾਸ਼ਾ ਬਣਾਉਣੀ ਪੈਣੀ ਹੈ। ਉਹ ਕੌਣ
ਬਣਾਵੇਗਾ ? ਪੰਜਾਬੀ ਪੁੱਤਰ ਕਿਉਂ ਨਹੀਂ ਤੁਰਦੇ ਉਸ ਰਾਹ? ਕਿ ਜਿਹੜੀ ਤਕਨਾਲੋਜੀ ਦੀ ਭਾਸ਼ਾ
ਹੈ, ਉਸ ਨੂੰ ਪੰਜਾਬੀ ਵਿਚ ਉਲਥਾਉਣ, ਡਿਕਸ਼ਨਰੀਆਂ ਤਿਆਰ ਹੋਣ, ਕੁਝ ਸ਼ਬਦ ਕੋਸ਼ ਤਿਆਰ ਹੋਣ,
ਕੁਝ ਬਰਾਬਰ ਦੇ ਸ਼ਬਦ ਲੱਭਣ ਲਈ ਕਿਉਂ ਨਹੀਂ ਅਸੀਂ ਉਸ ਰਾਹ ਤੁਰਦੇ? ਸਾਡੇ ਵਕੀਲ ਵੀਰ ਕਿਉਂ
ਨਹੀਂ ਜਾਣਦੇ ਕਿ ਲਿਆਕਤ, ਜਿਹੜੀ ਉਨ੍ਹਾਂ ਨੇ ਪ੍ਰਾਪਤ ਕੀਤੀ ਹੈ ਅੰਗਰੇਜ਼ੀ ਵਿਚ ਉਸ ਨੂੰ
ਕਚਹਿਰੀਆਂ ਵਿਚ ਪੰਜਾਬੀ ਵਿਚ ਵਰਤੀ ਜਾਵੇ, ਠਾਣਿਆਂ ਵਿਚ ਜਿਹੜੇ ਪਰਚੇ ਅਜੇ ਵੀ ਲਿਖੇ ਜਾਂਦੇ
ਨੇ ਉਹ ਉਰਦੂ ਆਦਿ ਦੀ ਬਹੁਤਾਤ ਵਾਲੇ ਹੀ ਨੇ! ਅਸੀਂ ਅਜੇ ਤਕ ਉਹਨੂੰ ਹੀ ਟਰਾਂਸਲੇਟ ਨਹੀਂ ਕਰ
ਸਕੇ। ਅਦਾਲਤੀ ਸਿਸਟਮ ਪੁਰਾਣਾ ਹੈ ਤੇ ਅਸੀਂ ਕਿਹੜੇ ਭੁਲੇਖਿਆਂ ਵਿਚ ਤੁਰੇ ਫਿਰਦੇ ਹਾਂ ਕਿ
ਪੰਜਾਬੀ ਦੀ ਅਸੀਂ ਕੋਈ ਸੇਵਾ ਕਰ ਰਹੇ ਹਾਂ! ਮੈਨੂੰ ਲਗਦਾ ਹੈ ਕਿ ਪੰਜਾਬੀ ਜ਼ੁਬਾਨ ਸਾਡੀ
ਸੇਵਾ ਕਰ ਰਹੀ ਹੈ। ਸਾਨੂੰ ਰੋਟੀ ਇਹ ਦੇ ਰਹੀ ਹੈ। ਅਸੀਂ ਇਸ ਦੀ ਸੈਲੀਬਰੇਸ਼ਨ ਤਾਂ ਕਰ ਰਹੇ
ਹਾਂ ਇਹਦੀ ਸੇਵਾ ਨਹੀਂ ਕਰ ਰਹੇ, ਇਹ ਦਾ ਵਾਧਾ ਨਹੀਂ ਕਰ ਰਹੇ ਇਸੇ ਤਰ੍ਹਾਂ ਹੀ ਸਾਡੇ ਕਵੀਆਂ
ਦਾ ਹਾਲ ਹੈ। ਸ਼ਬਦ ਘਟ ਰਹੇ ਨੇ, ਜਿਊਂਦੇ ਜਾਗਦੇ ਸ਼ਬਦ ਅਸੀਂ ਖੋਰ ਰਹੇ ਹਾਂ ਅਸੀਂ ਵਰਤ ਨਹੀਂ
ਰਹੇ ਆਪਣੀ ਸ਼ਾਇਰੀ ਵਿਚ ਏਸ ਵਾਸਤੇ ਨਹੀਂ ਵਰਤਦੇ ਕਿ ਸਮਝ ਨਹੀਂ ਆਉਂਦੇ ਲੋਕਾਂ ਨੂੰ। ਸਮਝ
ਤਾਂ ਹੀ ਨਹੀਂ ਆਉਂਦੇ ਕਿ ਅਸੀਂ ਵਰਤਦੇ ਹੀ ਨਹੀਂ। ਭਾਸ਼ਾ ਦਾ ਜਿਹੜਾ ਮਰਨਾ ਹੈ, ਉਹ ਏਡੀ ਕੋਈ
ਚੰਗੀ ਗੱਲ ਨਹੀਂ ਹੈ। ਅਸੀਂ ਰਲ-ਮਿਲ ਕੇ ਇਸ ਦੇ ਵਿਕਾਸ ਵਿਚ ਇਸ ਦੇ ਸ਼ਬਦ ਕੋਸ਼ ਵਿਚ ਵਾਧਾ
ਕਰੀਏ। ਸਰਬ ਸਮਿਆਂ ਵਿਚ ਜਿਹੜੀਆਂ ਭਾਸ਼ਾਵਾਂ ਨੇ ਵਿਕਾਸ ਕੀਤਾ ਹੈ, ਹਰਜੀਤ ਵੀਰੇ ਉਨ੍ਹਾਂ ਨੇ
ਆਪਣੇ ਸ਼ਬਦ ਘੜੇ ਨੇ, ਤਕਨਾਲੋਜੀ ਦੇ ਸ਼ਬਦ, ਵਿਗਿਆਨ ਦੇ ਸ਼ਬਦ, ਕਾਨੂੰਨ ਦੇ ਸ਼ਬਦ, ਲਿਆਕਤ ਦੇ
ਸ਼ਬਦ ਵਧਾਏ ਨੇ।
ਪੰਜਾਬੀ ਟਾਈਮਜ਼:- ਗਿੱਲ ਸਾਹਿਬ ਇਹ ਤਾਂ ਤੁਸੀਂ ਸ਼ੁਰੂ ਵਿਚ ਹੀ ਇਸ਼ਾਰਾ ਕੀਤਾ ਹੈ ਕਿ ਜਿੰਨਾ
ਚਿਰ ਅਸੀਂ ਤਕਨਾਲੋਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਹੀਂ ਚਲਦੇ ਅਸੀਂ ਸ਼ਾਇਦ ਭਾਸ਼ਾ ਨੂੰ
ਨਹੀਂ ਬਚਾ ਸਕਦੇ। ਪਰ ਨਾਲ ਦੀ ਨਾਲ ਕੁਝ ਅਜਿਹੇ ਲੋਕ ਵੀ ਨੇ ਜਿਹੜੇ ਇਹ ਸਮਝਦੇ ਨੇ ਕਿ ਇਸ
ਨੂੰ ਬਿਲਕੁਲ ਧਰਮ ਨਾਲ ਹੀ ਜੋੜ ਕੇ ਵੇਖਿਆ ਜਾਵੇ, ਮੈਂ ਤੁਹਾਡੇ ਨੋਟਿਸ ਵਿਚ ਇਕ ਗੱਲ ਲੈ ਕੇ
ਆਉਣੀ ਚਾਹੁੰਦਾ ਹਾਂ। ਅੰਮ੍ਰਿਤਸਰ ਵਿਚ ਇਕ ਸੰਸਥਾ ਹੈ, ਸ਼ਾਇਦ ਸ਼੍ਰੋਮਣੀ ਕਮੇਟੀ ਨਾਲ ਹੀ
ਸਬੰਧਤ ਹੈ ‘ਅਕਾਲ ਪੁਰਖ ਕੀ ਫੌਜ‘।
ਪ੍ਰੋ. ਗਿੱਲ:- ਸ਼੍ਰੋਮਣੀ ਕਮੇਟੀ ਨਾਲ ਇਹਦਾ ਕੋਈ ਸਬੰਧ ਨਹੀਂ ਹੈ।
ਪੰਜਾਬੀ ਟਾਈਮਜ਼:- ਸਰਦਾਰ ਜਸਵਿੰਦਰ ਸਿੰਘ ਐਡਵੋਕੇਟ ਸਾਬਕਾ ਮੈਂਬਰ ਨੇ ਸ਼੍ਰੋਮਣੀ ਕਮੇਟੀ ਦੇ
ਉਹ ਇਸਦੇ ਮੁਖੀ ਨੇ! ਉਨ੍ਹਾਂ ਨੇ ਇਕ ਨਵੀਂ ਪੈਂਤੀ ਅੱਖਰੀ ਕੱਢੀ ਹੈ। ਜਿਹੜੀ ਕਈ ਵਾਰ
ਬੁੱਧੀਜੀਵੀਆਂ ਦੀਆਂ ਮਹਿਫਲਾਂ ਵਿਚ ਮਜ਼ਾਕ ਦਾ ਪਾਤਰ ਵੀ ਬਣੀ ਹੈ। ਉਹ ਲੋਕ ਕਹਿੰਦੇ ਨੇ ਕਿ
ਜਿਹੜੇ ਅੱਖਰ ਨੇ ਉਹ ਬਿਲਕੁਲ ਸਿੱਖ ਕਲਚਰ ਨਾਲ ਜੁੜਵੇਂ ਹੋਣੇ ਚਾਹੀਦੇ ਨੇ ਜਿਵੇਂ ਓ ਤੋਂ
ਇੱਕ ਉਂਮਕਾਰ (¡), ਘ ਤੋਂ ਘਨਈਆ ਜਦੋਂ ਫਿਰ ਅਸੀ ਇਸ ਨੂੰ ਬਾਹਰਲੇ ਲੋਕਾਂ ਨਾਲ ਮਿਲਾਉਂਦੇ
ਹਾਂ ਤਾਂ ਉਨ੍ਹਾਂ ਨੂੰ ਇਹ ਬੜਾ ਅਜੀਬ ਲਗਦਾ ਹੈ।
ਪ੍ਰੋਫੈਸਰ ਗਿੱਲ:- ਮੈਂ ਇਸ ਗੱਲ ਨੂੰ ਰੱਦ ਨਹੀਂ ਕਰਦਾ। ਮੈਂ ਇਸ ਤਰ੍ਹਾਂ ਮਹਿਸੂਸ ਕਰਦਾ
ਹਾਂ ਕਿ ਸੋ ਫੁਲ ਖਿੜਣ ਦਿਉ, ਸੋ ਵਿਚਾਰ ਭਿੜਨ ਦਿਓ। ਇਕ ਅੰਦਾਜ਼ ਹੈ, ਜਿਹੜਾ ਅਕਾਲ ਪੁਰਖ ਕੀ
ਫੌਜ ਵਾਲਿਆਂ ਨੇ ਵਿਕਸਤ ਕੀਤਾ ਹੈ ਤੇ ਉਹ ਵੀ ਇਕ ਵਿਕਾਸ ਦਾ ਹੀ ਮਾਰਗ ਹੈ। ਕੋਈ ਹੋਰ ਅੰਦਾਜ਼
ਅਗਰ ਵਿਦੇਸ਼ ਵਿਚ ਪੈਂਤੀ ਅੱਖਰੀ ਨੂੰ ਲੈ ਕੇ ਕਰਨਾ ਹੈ ਤਾਂ ਉਹ ਇਥੋਂ ਦੀਆਂ ਲੋੜਾਂ ਅਨੁਸਾਰ
ਹੀ ਕਰਨਾ ਪਵੇਗਾ ਇਹਦੇ ਨਾਲ ਵੰਨ-ਸੁਵੰਨਤਾ ਅਤੇ ਬਹੁਲਤਾ ਹੈ, ਜਿਹੜੀ ਉਹ ਦਾ ਵਿਕਾਸ ਹੁੰਦਾ
ਹੈ। ਇਹ ਕੋਈ ਰੱਦ ਕਰਨ ਵਾਲੀ ਜਾਂ ਫਿਰ ਮਜ਼ਾਕ ਨਾਲ ਲੈਣ ਦੀ ਲੋੜ ਨਹੀਂ ਸਗੋਂ ਸਮਝਣ ਦੀ ਲੋੜ
ਹੈ ਕਿ ਸਾਡੀ ਜ਼ੁਬਾਨ ਦੀਆਂ ਸਮਰੱਥਾਵਾਂ ਕਿੰਨੀਆਂ ਨੇ ਉਹਦੀਆਂ ਵੱਖ-ਵੱਖ ਵੰਨਗੀਆਂ ਕਿੰਨੀਆਂ
ਨੇ। ਹੁਣ ਮੇਰੇ ਪਿੰਡਾਂ ਵੱਲ À - ਊਠ ਹੀ ਲਿਖਿਆ ਜਾਂਦਾ ਹੈ ਅਤੇ ਮਾਲਵੇ ਵਿਚ ਉਹ ਬ - ਬੋਤਾ
ਲਿਖਿਆ ਜਾਂਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਉਸ ਦੀ ਸਮੱਰਥਾ ਤੋਂ ਇਨਕਾਰ ਕਰ ਦੇਈਏ
ਤੇ ਉਹਦਾ ਮਜ਼ਾਕ ਉਡਾਈਏ। ਮੇਰਾ ਖਿਆਲ ਹੈ ਕਿ ਲੋਕਾਂ ਨੂੰ ਖਿੜਨ ਦਾ ਅਧਿਕਾਰ ਹੈ, ਵਿਗਸਣ ਦਾ
ਅਧਿਕਾਰ ਹੈ. ਇਸ ਨਾਲ ਜ਼ੁਬਾਨ ਦੀ ਬਹੁਲਤਾ ਦੇ ਦਰਸ਼ਨ ਹੁੰਦੇ ਨੇ।
ਪੰਜਾਬੀ ਟਾਈਮਜ਼:-ਪ੍ਰੋ. ਸਾਹਿਬ ਇਕ ਵਾਰ ਫਿਰ ਭਰੂਣ ਹੱਤਿਆ ਵੱਲ ਮੁੜਦੇ ਹਾਂ। ਤੁਹਾਡੀਆਂ
ਬਹੁਤ ਸਾਰੀਆਂ ਕਵਿਤਾਵਾਂ ਅਤੇ ਗੀਤਾਂ ਦਾ ਇਹ ਵਿਸ਼ਾ ਹੈ ਜਿਵੇਂ ਲੋਰੀ, ਮਾਏ ਅਟੇਰਨ ਅਟੇਰਦੀਏ
ਆਦਿ। ਇਹ ਇਕ ਅਜਿਹਾ ਵਿਸ਼ਾ ਹੈ, ਜਿਸ ਉਪਰ ਜਿੰਨੀ ਵੀ ਗੱਲ ਕਰੀਏ ਘੱਟ ਹੈ। ਇਸ ਬੁਰੀ ਰਵਾਇਤ
ਦੇ ਵਿਰੁੱਧ ਜਿੰਨੀ ਵੀ ਆਵਾਜ਼ ਉਠਾ ਸਕੀਏ ਚੰਗੀ ਗੱਲ ਹੈ, ਇਸ ਨੂੰ ਰੋਕਣ ਦੇ ਵੀ ਗੰਭੀਰ
ਉਪਰਾਲੇ ਕਰਨੇ ਚਾਹੀਦੇ ਨੇ। ਇਕ ਗੱਲ ਹੋਰ ਕਿ ਭਰੂਣ ਹੱਤਿਆ ਪਿਛੇ ਜਿਹੜੇ ਕਾਰਨ ਨੇ ਉਨ੍ਹਾਂ
ਦੀ ਨਿਸ਼ਾਨਦੇਹੀ ਕਰਨੀ ਹੋਰ ਵੀ ਜ਼ਰੂਰੀ ਹੈ। ਮੈਂ ਅੱਜ ਹੀ ਆਪਣੀ ਬੇਟੀ ਨਾਲ ਇਸ ਵਿਸ਼ੇ ‘ਤੇ
ਗੱਲ ਕਰ ਰਿਹਾ ਸੀ। ਉਹ ਮੈਨੂੰ ਕਹਿ ਰਹੀ ਸੀ ਕਿ ਲੇਖਕ ਸਾਡੇ ਨੇ ਜਿਹੜੇ, ਜਿਵੇਂ ਤੁਸੀਂ ਦੋ
ਵਾਰੀ ਇਕ ਸ਼ਬਦ ਦੁਹਰਾਇਆ ਅਤੇ ਲੋਰੀ ਵਿਚ ਵੀ ਹੈ ਬਾਬੁਲ ਦੀ ਤਿਊੜੀ ਦੀ ਗੱਲ! ਬੇਟੀ ਦਾ ਸੁਆਲ
ਸੀ ਕਿ ਲੇਖਕ ਬਾਬੁਲ ਨੂੰ ਹਿਟਲਰ ਦੀ ਤਰ੍ਹਾਂ ਕਿਉਂ ਪੇਸ਼ ਕਰਦੇ ਨੇ। ਮਾਂ ਨੂੰ ਤਾਂ ਅਸੀਂ
ਵਾਸਤਾ ਪਾਉਨੇ ਹਾਂ ਆਪਣੇ ਗੀਤਾਂ ਵਿਚ, ਪਰ ਅਸਲ ਵਿਚ ਬੇਟੀ ਦਾ ਸਭ ਤੋਂ ਵੱਧ ਲਗਾਉ ਆਪਣੇ
ਬਾਪ ਨਾਲ ਹੀ ਹੁੰਦਾ ਹੈ। ਸਾਨੂੰ ਬਾਪ ਨੂੰ ਨਿੰਦਣ ਤੋਂ ਇਲਾਵਾ ਇਸ ਵਰਤਾਰੇ ਪਿਛੇ ਛੁਪੇ ਹੋਏ
ਆਰਥਿਕ ਅਤੇ ਸਮਾਜਿਕ, ਜੋ ਕਾਰਨ ਹਨ ਉਨ੍ਹਾਂ ਦੀ ਗੱਲ ਵਧੇਰੇ ਜ਼ੋਰ ਨਾਲ ਹੀ ਉਠਾਣੀ ਚਾਹੀਦੀ
ਹੈ, ਬਜਾਏ ਇਸ ਦੇ ਕਿ ਬਾਪ ਨੂੰ ਹੀ ਦੋਸ਼ੀ ਦੀ ਤਰ੍ਹਾਂ ਕਟਹਿਰੇ ਵਿਚ ਖੜ੍ਹਾ ਕਰੀਏ।
ਪ੍ਰੋਫੈਸਰ ਗਿੱਲ:- ਮੈਂ ਆਪਣੀਆਂ ਰਚਨਾਵਾਂ ਵਿਚ ਕੋਸ਼ਿਸ਼ ਕੀਤੀ ਹੈ ਕਿ ਇਸ ਦੀ ਹੀ ਨਿਸ਼ਾਨਦੇਹੀ
ਕੀਤੀ ਜਾਵੇ :
ਡੁੱਬਿਆ ਸੂਰਜ ਸਿਖਰ ਦੁਪਹਿਰੇ ਲਗ ਗਏ ਤੇਰੀ ਕੁੱਖ ‘ਤੇ ਪਹਿਰੇ। ਹਾਕਮ ਹੋ ਗਏ ਗੂੰਗੇ ਬਹਿਰੇ
ਪਰਖ ਮਸ਼ੀਨਾਂ ਚੁਗਲੀ ਕੀਤੀ ਕਾਤਲ ਬਣ ਗਈ ਦਾਈ ਨੀ ਮਾਂ ਇਹ ਕੇਹੀ ਰੁਤ ਆਈ ਨੀ ਮਾਂ। ਮਾਏ ਤੂੰ
ਵੀ ਪੁੱਤਰ ਮੰਗਦੀ ਮੇਰੀ ਵਾਰੀ ਤੂੰ ਕਿਉਂ ਸੰਗਦੀ ਮੈਂ ਬੱਚੀਆਂ ਦੇ ਸੁਆਲ ਦਾ ਜੁਆਬ ਦੇਣਾ
ਚਾਹਵਾਂਗਾ ਅਤੇ ਸਮਾਜ ਨੂੰ ਵੀ ਜੁਆਬ ਦੇਣਾ ਚਾਹਵਾਂਗਾ ਕਿ ਸੁਸਾਇਟੀ ਦੇ ਸਿਆਣਿਆਂ ਦੀ ਜਿਹੜੀ
ਮੇਲ ਡਾਮੀਨੇਸ਼ਨ ਹੈ (ਮਰਦ ਪ੍ਰਧਾਨਤਾ ਹੈ) ਇਹਦੀ ਜੜ੍ਹ ਵਿਚ ਉਹ ਗੱਲ ਬੈਠੀ ਹੈ। ਮਰਦ ਦੀ
ਸਰਦਾਰੀ ਹੈ ਨਾ ਜਿਹੜੀ, ਫੈਸਲੇ ਕਰਨ ਦਾ ਅਧਿਕਾਰ ਹੈ, ਜਿਹੜਾ ਮਰਦਾਂ ਦਾ ਉਸ ਕਰਕੇ ਹੀ
ਇਨਬੈਲੈਂਸ ਹੋ ਰਿਹਾ ਹੈ। ਮਰਦ ਪ੍ਰਧਾਨ ਸਮਾਜ ਵਿਚ ਧੀ ਹੈ, ਜਿਹੜੀ ਉਹ ਇਕ ਵਸਤੂ ਬਣੀ ਰਹੇਗੀ
ਇਕ ਚੀਜ਼ ਬਣੀ ਰਹੇਗੀ। ਬੀਵੀ ਇਕ ਸ਼ਿੰਗਾਰ ਦੀ ਵਸਤੂ ਬਣੀ ਰਹੇਗੀ, ਉਨਾ ਚਿਰ ਕੁਰਹਿਤ ਨਹੀਂ ਜਾ
ਸਕਦੀ। ਅੱਜ ਸਮਾਜ ਵਿਚ ਕੀ ਹੋ ਰਿਹਾ ਹੈ ਕਿ ਪੰਜਾਬ ਦੇ ਪਿੰਡਾਂ ਵਿਚ, ਸ਼ਹਿਰਾਂ ਵਿਚ ਧਾੜਾਂ
ਦੀਆਂ ਧਾੜਾਂ ਫਿਰ ਰਹੀਆਂ ਨੇ ਕੁੜੀਆਂ ਦੇ ਕਾਲਜਾਂ ਦੇ ਸਾਹਮਣੇ ਛੁੱਟੀ ਵੇਲੇ, ਕਾਲਜ-ਸਕੂਲ
ਲੱਗਣ ਵੇਲੇ, ਜਿਸ ਨਾਲ ਉਨ੍ਹਾਂ ਦਾ ਜੀਵਨ ਹਰਾਮ ਕੀਤਾ ਪਿਆ ਹੈ ਤੇ ਜਦੋਂ ਧੀ ਜਵਾਨ ਹੁੰਦੀ
ਹੈ, ਉਸ ਜਵਾਨੀ ਦੇ ਅੰਗ ਜਿਹੜੇ ਨੇ ਵਿਕਸਤ ਹੋਣ ਲਗਦੇ ਨੇ! ਜਿੰਨਾ-ਜਿੰਨਾ ਵੀ ਧੀ ਉਪਰ ਨੂੰ
ਵਧ ਰਹੀ ਹੁੰਦੀ ਹੈ, ਉਨਾ-ਉਨਾ ਹੀ ਪਾਣੀ ਉਪਰ ਨੂੰ ਚੜ੍ਹ ਰਿਹਾ ਹੁੰਦਾ ਹੈ, ਮਾਪਿਆਂ ਦੇ ਗਲ
ਨੂੰ, ਕਿ ਇਹ ਕੱਲ੍ਹ ਜਦੋਂ ਵਿਆਹੁਣੀ ਹੈ ਤੇ ਜਿਹੜੇ ਭਾਰੀ ਭਰਕਮ ਖਰਚੇ ਇਸ ਸਮਾਜ ਨੇ ਵਿਕਸਤ
ਕਰ ਲਏ ਨੇ ਬੋਝਲ ਕਿਸਮ ਦਾ ਇਕ ਅੰਦਾਜ਼ ਬਣਾ ਲਿਆ ਹੈ। ਕੁਝ ਦੋਸਤਾਂ ਨੂੰ ਇਹ ਗੱਲ ਸ਼ਾਇਦ ਚੰਗੀ
ਵੀ ਨਾ ਲੱਗੇ ਕਿ ਜਿਹੜਾ ਸਾਡੇ ਅੰਦਰਲਾ ਮੇਰੇ ਅੰਦਰ ਬੈਠਾ ਉਹ ਬੰਦਾ ਹੈ, ਜਿਹੜਾ ਇਕ ਰਜਵਾੜੇ
ਵਰਗੀ ਸੋਚ ਰੱਖਦਾ ਹੈ, ਜਿਹੜਾ ਇਕ ਅੰਦਰ ਚਾਨਣ ਰੱਖਦਾ ਹੈ ਕਿ ਮੇਰੀ ਸਰਦਾਰੀ ਹੈ, ਮੇਰੀ
ਕਲਗੀ ਨੀਵੀਂ ਨਾ ਹੋ ਜਾਵੇ, ਮੈਂ ਪੁੱਤਰ ਵਿਆਹੁਣ ਚੱਲਿਆਂ, ਮੈਂ ਧਾੜਵੀ ਵਾਂਗ ਚੱਲਿਆਂ
ਜਿਵੇਂ ਹਮਲਾ ਕਰਨ ਜਾਈਦਾ, ਉਵੇਂ ਜਾ ਰਿਹਾ ਹੁੰਦਾ ਹੈ, ਪੁੱਤਰ ਨੂੰ ਵਿਆਹੁਣ। ਅਗੋਂ ਨੱਕ
ਰੱਖਣ ਵਾਸਤੇ ਭਾਰੀ ਭਰਕਮ ਖਰਚੇ ਕਰਨ ਤੋਂ ਧੀਆਂ ਵਾਲੇ ਵੀ ਕਸਰ ਨਹੀਂ ਛੱਡ ਰਹੇ। ਉਹਦੇ ਵਿਚ
ਪਰਦੇਸੀ ਵੀਰ ਵੀ ਉਨੇ ਹੀ ਜ਼ਿੰਮੇਵਾਰ ਹਨ, ਜਿੰਨੇ ਦੇਸੀ ਵੀਰ ਜ਼ਿੰਮੇਵਾਰ ਨੇ, ਅਸੀਂ ਰਲ-ਮਿਲ
ਕੇ ਵਿਆਹ ਦੇ ਪਵਿੱਤਰ ਬੰਧਨ ਨੂੰ ਇਕ ਬਾਜ਼ਾਰ ਦੀ ਵਸਤੂ ਬਣਾ ਦਿੱਤਾ ਹੈ। ਇਸ ਸਮਾਜ ਵਿਚ ਧੀ
ਜੰਮਣੀ ਇੰਨੀ ਸੌਖੀ ਨਹੀਂ ਰਹਿ ਗਈ ਪਾਲਣੀ ਇੰਨੀ ਸੌਖੀ ਗੱਲ ਨਹੀਂ ਰਹਿ ਗਈ। ਅਸਲ ਦੇ ਵਿਚ ਇਹ
ਰੋਗ ਬੀਮਾਰੀਆਂ ਨੇ, ਜਿਹੜੀਆਂ ਅਲਾਮਤਾਂ ਨੇ ਇਨ੍ਹਾਂ ਨੂੰ ਪਛਾਨਣ ਦੀ ਲੋੜ ਹੈ। ਅਸੀਂ ਕੁੱਖ
ਵਿਚ ਧੀ ਨੂੰ ਕਦੋਂ ਮਾਰਦੇ ਹਾਂ। ਜਦੋਂ ਇਹ ਸਾਨੂੰ ਬੋਝ ਲਗਦੀ ਹੈ। ਬੋਝ ਕਦੋਂ ਲੱਗਦਾ ਹੈ
ਜਦੋਂ ਅਸੀਂ ਝੱਲਣ ਜੋਗੇ ਨਹੀਂ ਰਹਿੰਦੇ, ਤੁਰਨ ਜੋਗੇ ਨਹੀਂ ਰਹਿੰਦੇ। ਜਿਹੜਾ ਭਾਰ ਅਸੀਂ
ਸਮਝਦੇ ਹਾਂ ਕਿ ਸਾਨੂੰ ਤੁਰਨ ਨਹੀਂ ਦਿੰਦਾ। ਅਸੀਂ ਉਸ ਨੂੰ ਸੁੱਟੀ ਜਾਂਦੇ ਹਾਂ, ਤਿਆਗੀ
ਜਾਂਦੇ ਹਾਂ। ਤੇ ਧੀ ਬੋਝ ਬਣ ਗਈ ਹੈ। ਅਸੀਂ ਤਿਆਗ ਤਾਂ ਹੀ ਕਰ ਰਹੇ ਹਾਂ। ਅਸੀਂ ਆਪਣੇ ਆਪ
ਨੂੰ ਇਸ ਗੱਲ ਤੋਂ ਅਣਭਿੱਜ ਨਾ ਰੱਖੀਏ ਕਿ ਜਿੰਨਾ ਚਿਰ ਘਰਾਂ ਵਿਚ ਧੀਆਂ ਨਹੀਂ ਹੋਣਗੀਆਂ,
ਭੈਣਾਂ ਨਹੀਂ ਹੋਣਗੀਆਂ, ਤੁਹਾਡਾ ਜਿਹੜਾ ਕਲਚਰਲ ਵੈਲਿਊਏਸ਼ਨ ਸਿਸਟਮ ਵਿਕਸਤ ਨਹੀਂ ਹੋ ਸਕਦਾ।
ਇਹ ਸਿਰਫ ਕੁਝ ਸਿਰਜਣ ਵਾਲੀ ਮਸ਼ੀਨ ਨਹੀਂ ਹੈ, ਕੁੱਖ ਨਹੀਂ ਹੈ ‘ਕੱਲੀ, ਜਿਹੜਾ ਅਸੀਂ ਪਿੱਟਦੇ
ਹਾਂ ਨਾ ਕਿ ਮਾਸੀਆਂ ਨਹੀਂ ਹੋਣਗੀਆਂ, ਭੂਆ ਨਹੀਂ ਹੋਣਗੀਆਂ, ਮਾਮੇ ਨਹੀਂ ਹੋਣਗੇ, ਜੇਕਰ
ਧੀਆਂ ਨਹੀਂ ਹੋਣਗੀਆਂ ਤਾਂ ਮੈਂ ਸਮਝਦਾ ਹਾਂ ਕਿ ਸਾਰਾ ਕੁਝ ਹੀ ਹੋਵੇਗਾ ਪਰ ਜਿਹੜੀ ਗਰੇਸ
ਹੈ, ਉਹ ਨਹੀਂ ਹੋਵੇਗੀ।
ਪੰਜਾਬੀ ਟਾਈਮਜ਼ :- ਜੀ ਗਿੱਲ ਸਾਹਿਬ ਆਉਣ ਵਾਲੇ ਭਿਆਨਕ ਸਮੇਂ ਦਾ ਸ਼ਾਇਦ ਸਾਨੂੰ ਅੰਦਾਜ਼ਾ ਹੀ
ਨਹੀਂ ਰਹਿ ਗਿਆ।
ਪ੍ਰੋਫੈਸਰ ਗਿੱਲ:- ਜੇਕਰ ਮੈਨੂੰ ਇਜ਼ਾਜਤ ਦਿਉ ਤਾਂ ਮੈਂ ਤਾਂ ਇਥੋਂ ਤਕ ਵੇਖ ਰਿਹਾ ਹਾਂ ਅੰਤਰ
ਧਿਆਨ ਹੋ ਕੇ ਕਿ ਉਹ ਆਉਣ ਵਾਲਾ ਸਮਾਂ, ਉਹ ਵਕਤ ਕਰੀਬ ਆਣ ਪਹੁੰਚਾ ਹੈ। ਜਬ ਤਖਤ ਉਛਾਲੇ
ਜਾਏਂਗੇ, ਤਾਜ ਉਛਾਲੇ ਜਾਏਂਗੇ। ਉਹ ਵਕਤ ਆਉਣ ਵਾਲਾ ਹੈ ਕਿ ਸਾਡੇ ਘਰਾਂ ਵਿੱਚੋਂ ਸਾਡੀਆਂ
ਧੀਆਂ ਨੂੰ ਗੁੱਤੋਂ ਫੜ ਕੇ ਲੈ ਜਾਇਆ ਕਰਨਗੇ। ਉਸ ਵੇਲੇ ਦੇ ਖੂੰ-ਖਾਰ ਦਰਿੰਦੇ, ਜਿਹੜੇ
ਕਰਿਮੀਨਲ ਬਣ ਚੁੱਕੇ ਹੋਣਗੇ। ਸੁਸਾਇਟੀ ਦਾ ਮਰਦ, ਜਿਹੜਾ ਹੋਵੇਗਾ ਉਸ ਵੇਲੇ ਉਹ ਆਮ ਰਿਸ਼ਤਿਆਂ
ਦੀ ਪ੍ਰਵਾਹ ਨਹੀਂ ਕਰੇਗਾ ਤੇ ਗੱਲ ਸਾਡੇ ਵਸੋਂ ਬਾਹਰ ਹੋ ਜਾਵੇਗੀ।
ਪੰਜਾਬੀ ਟਾਈਮਜ਼ :- ਪ੍ਰੋ. ਸਾਹਿਬ ਜਿਹੜੀ ਕਵਿਤਾ ਤੁਸੀਂ ਲੋਰੀ ਦੇ ਰੂਪ ਵਿਚ ਲਿਖੀ ਹੈ ਅਤੇ
ਉਸ ਨੂੰ ਪਾਠਕਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ ਹੈ, ਉਸ ਦੇ ਸੰਦਰਭ ਵਿਚ ਕੁਝ ਸ਼ਬਦ ਕਹਿਣਾ
ਚਾਹੋਗੇ।
ਪ੍ਰੋਫੈਸਰ ਗਿੱਲ:- ਮੈਂ ਉਹ ਗੱਲ ਨਹੀਂ ਸੀ ਛੇੜੀ, ਇਥੇ ਕੈਨੇਡਾ ਵਿਚ ਕਿਸੇ ਨਾਲ ਵੀ ਨਹੀਂ
ਗੱਲ ਕੀਤੀ। ਉਹ ਮੈਂ ਤੁਹਾਡੇ ਨਾਲ ਸਾਂਝੀ ਕਰਕੇ ਖੁਸ਼ੀ ਹਾਸਲ ਕਰਨੀ ਚਾਹਵਾਂਗਾ ਕਿ ਉਹ ਇਸ
ਤਰ੍ਹਾਂ ਸੀ ਕਿ ਲੋਰੀ ਲਿਖਣ ਦਾ ਸਬੱਬ ਕੁਝ ਇਸ ਤਰ੍ਹਾਂ ਬਣਿਆ ਕਿ ਲੁਧਿਆਣਾ ਵਿਚ ਮੇਰੇ ਇਕ
ਮਿੱਤਰ ਨੇ, ਪ੍ਰੋ. ਰਵਿੰਦਰ ਭੱਠਲ ਜਨਰਲ ਸਕੱਤਰ ਨੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ।
ਉਨ੍ਹਾਂ ਦੇ ਸਾਲੇ ਦੇ ਘਰ ਬੇਟਾ ਜੰਮਿਆ ਤੇ ਉਹ ਹਸਪਤਾਲ ‘ਚੋਂ ਵੇਖ ਕੇ ਜਦੋਂ ਪਰਤੇ ਤਾਂ
ਚਿਹਰਾ ਉਤਰਿਆ ਹੋਇਆ। ਮੈਂ ਪੁੱਛਿਆ ਭਾਅ ਜੀ ਕੀ ਗੱਲ ਹੋਈ ਤਾਂ ਕਹਿਣ ਲੱਗਾ ਕਿ ਬੱਚਾ ਸਾਡੇ
ਵਾਲਾ ਤਾਂ ਠੀਕ ਹੈ ਪਰ ਜਿਹੜੀ ਨੇੜੇ ਇਕ ਔਰਤ ਦਾਖਲ ਸੀ, ਉਸਦਾ ਚਿਹਰਾ ਨਹੀਂ ਮੈਨੂੰ
ਭੁੱਲਦਾ। ਉਸ ਔਰਤ ਦਾ ਬਾਪ ਆਪ ਉਸ ਨੂੰ ਲੈ ਕੇ ਆਇਆ ਹੋਇਆ ਸੀ, ਅਬਾਰਸ਼ਨ ਕਰਵਾਉਣ ਲਈ। ਜਦੋਂ
ਧਰਤੀ ‘ਤੇ ਕੋਈ ਬਾਪ ਆਪਣੀ ਧੀ ਨੂੰ ਅਬਾਰਸ਼ਨ ਵਾਸਤੇ ਲੈ ਕੇ ਆਉਂਦਾ ਹੈ ਤਾਂ ਮੈਨੂੰ ਨਹੀਂ
ਲਗਦਾ ਕਿ ਇਸ ਤੋਂ ਭੈੜੀ ਕੋਈ ਸੂਰਤ ਹੋ ਸਕਦੀ ਹੈ, ਜਿਹੜੀ ਮਨੁੱਖ ਨੂੰ ਵੇਖਣ ਨੂੰ ਮਿਲੇ।
ਮੈਂ ਉਸ ਗੱਲ ਨੂੰ ਸੁਣਿਆ। ਉਹ ਕਹਿਣ ਲੱਗੇ ਕਿ ਉਸ ਔਰਤ ਦੇ ਬਾਪ ਨੂੰ ਜਦੋਂ ਪੁੱਛਿਆ ਕਿ
ਬਾਪੂ ਜੀ ਤੁਸੀਂ ਕਿਉਂ ਲੈ ਕੇ ਆਏ ਹੋ, ਆਪਣੀ ਬੇਟੀ ਨੂੰ? ਕਿਉਂ ਇਹ ਦੁੱਖ ਤੁਹਾਨੂੰ ਝੱਲਣਾ
ਪਿਆ ਤਾਂ ਉਨ੍ਹਾਂ ਆਖਿਆ ਕਿ ਮੈਂ ਆਪ ਤਾਂ ਨਹੀਂ ਆਇਆ ਪੁੱਤਰਾ ਮੇਰੇ ਜਵਾਈ ਨੇ ਮੈਨੂੰ ਆਖਿਆ
ਹੈ ਕਿ ਪਹਿਲਾਂ ਹੀ ਦੋ ਧੀਆਂ ਨੇ ਤੇਰੀ ਧੀ ਦੇ ਘਰ ਤੇ ਹੁਣ ਤੀਸਰੀ ਵਾਰੀ ਵੀ ਅਸੀਂ ਕਰਵਾਈ
ਹੈ ਸਕੈਨਿੰਗ ਤੇ ਉਹ ਵੀ ਬੱਚੀ ਹੀ ਨਿਕਲੀ ਹੈ ਤੇ ਜੇ ਤੂੰ ਇਸ ਦੀ ਅਬਾਰਸ਼ਨ ਕਰਵਾ ਸਕਦਾ ਹੈਂ
ਤਾਂ ਬੇਸ਼ੱਕ ਮੇਰੇ ਘਰ ਲੈ ਆਵੀਂ, ਜੇ ਨਹੀਂ ਕਰਵਾ ਸਕਦਾ ਤਾਂ ਇਸਨੂੰ ਆਪਣੇ ਨਾਲ ਹੀ ਲੈ
ਜਾਵੀਂ। ਮੇਰੇ ਘਰ ਨਾ ਵਾੜ ਕੇ ਜਾਵੀਂ ਆਪਣੀ ਧੀ ਨੂੰ। ਇਹ ਗੱਲ ਕਰਕੇ ਬਜ਼ੁਰਗ ਰੋ ਪਿਆ। ਇਹ
ਗੱਲ ਪ੍ਰੋ. ਭੱਠਲ ਅਤੇ ਉਨ੍ਹਾਂ ਦੀ ਸਰਦਾਰਨੀ ਸੁਰਿੰਦਰ ਕੌਰ ਨੇ ਮੈਨੂੰ ਸੁਣਾਈ ਤਾਂ ਸੱਚ
ਜਾਣਿਉਂ ਮੇਰਾ ਵੀ ਮਨ ਬਹੁਤ ਤਰਲ ਹੋਇਆ। ਔਰ ਸੱਚ ਜਾਣਿਉਂ ਅਸੀਂ ਰੋਟੀ ਖਾ ਰਹੇ ਸੀ ਜਦੋਂ ਇਹ
ਗੱਲ ਹੋਈ ਤਾਂ ਰੋਟੀ ਨਹੀਂ ਸੀ ਅੰਦਰ ਲੰਘ ਰਹੀ। ਰਾਤ ਭਰ ਮੈਂ ਸੌਂ ਨਾ ਸਕਿਆ। 12 ਸਾਢੇ
ਬਾਰਾਂ ਵਜੇ ਤਕ ਤਾਂ ਪਲਸੇਟੇ ਮਾਰਦਾ ਰਿਹਾ। ਇਕ ਵਜੇ ਦੇ ਕਰੀਬ ਇਹ ਰਚਨਾ ਲਿਖੀ :
ਲੋਰੀ
ਮਾਏ ਨੀ ਅਣਜੰਮੀ ਧੀ ਨੂੰ, ਆਪਣੇ ਨਾਲੋਂ ਵਿੱਛੜੇ ਜੀਅ ਨੂੰ, ਜਾਂਦੀ ਵਾਰੀ ਮਾਏ ਨੀ ਇਕ ਲੋਰੀ
ਦੇ ਦੇ।
ਬਾਬਲ ਤੋਂ ਭਾਵੇਂ ਚੋਰੀ ਨੀ ਇਕ ਲੋਰੀ ਦੇ ਦੇ। ਮੰਨਿਆ ਤੇਰੇ ਘਰ ਵਿਚ ਵਧ ਗਏ, ਧੀਆਂ ਵਾਲੇ
ਗੁੱਡੀ ਪਟੋਲੇ। ਤੇਰੇ ਦਿਲ ਦਾ ਹਉਕਾ ਨੀ ਮੈਂ, ਸੁਣਦੀ ਰਹੀ ਆਂ ਤੇਰੇ ਓਹਲੇ। ਮੈਨੂੰ ਮਾਰ
ਮੁਕਾਉਣ ਦੀ ਗੱਲ ਕਿਉਂ, ਤੂੰਹੀਉਂ ਪਹਿਲਾਂ ਤੋਰੀ, ਨੀ ਇਕ ਲੋਰੀ ਦੇ ਦੇ।
ਮਾਏ ਨੀ ਤੇਰੀ ਗੋਦੀ ਅੰਦਰ, ਬੈਠਣ ਨੂੰ ਮੇਰਾ ਜੀਅ ਕਰਦਾ ਸੀ। ਬਾਬਲ ਦੀ ਤਿਊੜੀ ਨੂੰ ਤੱਕ
ਕੇ, ਹਰ ਵਾਰੀ ਮੇਰਾ ਜੀਅ ਡਰਦਾ ਸੀ। ਧੀਆਂ ਬਣ ਕੇ ਜੰਮਣਾ ਏਥੇ , ਕਿਉਂ ਬਣ ਗਈ ਕਮਜ਼ੋਰੀ, ਨੀ
ਇਕ ਲੋਰੀ ਦੇ ਦੇ। ਮਾਏ ਨੀ ਮੇਰੀ ਨਾਨੀ ਦੇ ਘਰ, ਤੂੰ ਵੀ ਸੀ ਕਦੇ ਧੀ ਬਣ ਜੰਮੀ। ਕੁੱਖ ਵਿਚ
ਕਤਲ ਕਰਾਵਣ ਵਾਲੀ, ਕਿਉਂ ਕੀਤੀ ਤੁੂੰ ਗੱਲ ਨਿਕੰਮੀ, ਵੀਰਾ ਲੱਭਦੀ ਲੱਭਦੀ ਹੋ ਗਈ, ਕਿਉਂ
ਮਮਤਾ ਤੋਂ ਕੋਰੀ... ? ਨੀ ਇਕ ਲੋਰੀ ਦੇ ਦੇ। ਹਸਪਤਾਲ ਦੇ ਕਮਰੇ ਅੰਦਰ, ਪਈਆਂ ਨੇ ਜੋ ਅਜਬ
ਮਸ਼ੀਨਾਂ। ਪੁੱਤਰਾਂ ਨੂੰ ਇਹ ਕੁਝ ਨਾ ਆਖਣ, ਸਾਡੇ ਲਈ ਕਿਉਂ ਬਣਨ ਸੰਗੀਨਾਂ। ਡਾਕਟਰਾਂ ਚਹੁੰ
ਸਿੱਕਿਆਂ ਖਾਤਰ, ਕੱਟੀ ਜੀਵਨ ਡੋਰੀ... ਨੀ ਇਕ ਲੋਰੀ ਦੇ ਦੇ।
ਧੀ ਤਿਤਲੀ ਨੂੰ ਮਸਲਣ ਵੇਲੇ, ਚੁੱਪ ਖੜ੍ਹੇ ਕਿਉਂ ਧਰਮਾਂ ਵਾਲੇ, ਗੂੰਗੇ ਬੋਲੇ ਹੋ ਗਏ ਸਾਰੇ,
ਨੱਕ ਨਮੂਜ਼ਾਂ ਸ਼ਰਮਾਂ ਵਾਲੇ। ਬਿਨ ਡੋਲੀ ਤੋਂ ਧਰਮੀ ਮਾਪਿਆਂ, ਕਿੱਧਰ ਨੂੰ ਧੀ ਤੋਰੀ ...? ਨੀ
ਇਕ ਲੋਰੀ ਦੇ ਦੇ। ਸੁੱਤਿਆਂ ਲਈ ਸੌ ਯਤਨ ਵਸੀਲੇ, ਜਾਗਦਿਆਂ ਨੂੰ ਕਿਵੇਂ ਜਗਾਵਾਂ
? ਰੱਖੜੀ ਦੀ ਤੰਦ ਖ਼ਤਰੇ ਵਿਚ ਹੈ, ਚੁੱਪ ਨੇ ਕੁੱਲ ਧਰਤੀ ਦੀਆਂ ਮਾਵਾਂ। ਅੰਮੜੀਏ! ਮੈਨੂੰ
ਗੁੜ੍ਹਤੀ ਦੀ ਥਾਂ, ਦੇਈਂ ਨਾ ਜ਼ਹਿਰ ਕਟੋਰੀ ... ਨੀ ਇਕ ਲੋਰੀ ਦੇ ਦੇ।
ਇਸ ਨਜ਼ਮ ਲੋਰੀ ਦਾ ਇਕ ਡਾਕਟਰ ਐਲ.ਐਸ. ਚਾਵਲਾ, ਜੋ ਵਾਈਸ-ਚਾਂਸਲਰ ਨੇ ਬਾਬਾ ਫਰੀਦ
ਯੂਨੀਵਰਸਿਟੀ ਦੇ, ਨੇ ਇਕ ਕਾਰਡ ਅੰਗਰੇਜ਼ੀ ਅਤੇ ਪੰਜਾਬੀ ਵਿਚ ਬਣਾ ਕੇ ਦੁਨੀਆਂ ਭਰ ਵਿਚ
ਭੇਜਿਆ ਅਤੇ ਇਹ ਕਾਰਡ, ਲੁਧਿਆਣਾ ਦੇ ਇਕ ਉਦਯੋਗਪਤੀ ਨੇ, ਸੋਹਣ ਲਾਲ ਪਾਹਵਾ ਉਨ੍ਹਾਂ ਤਕ
ਪਹੁੰਚਿਆ। ਜਿਨ੍ਹਾਂ ਦੀ ਉਮਰ 85 ਸਾਲ ਹੈ, ਉਨ੍ਹਾਂ ਨੇ ਉਸ ਕਾਰਡ ਨੂੰ ਵੇਖ ਕੇ ਆਪਣੇ ਦੋ
ਹਸਪਤਾਲਾਂ ਵਿਚ ਹੰਬੜਾ ਅਤੇ ਲੁਧਿਆਣਾ ਵਿਚ ਪਾਹਵਾ ਹਸਪਤਾਲ ਨੇ ਉਨ੍ਹਾਂ ਦੇ ਅਤੇ ਉਨ੍ਹਾਂ ਨੇ
ਫੈਸਲਾ ਕੀਤਾ ਕਿ ਮੇਰੇ ਹਸਪਤਾਲ ਵਿਚ ਜਿਹੜੀਆਂ ਵੀ ਬੱਚੀਆਂ ਪੈਦਾ ਹੋਣਗੀਆਂ, ਉਨ੍ਹਾਂ ਤੋਂ
ਕੋਈ ਮੈਡੀਕਲ ਖਰਚਾ ਨਹੀਂ ਲਿਆ ਜਾਵੇਗਾ ਅਤੇ 18 ਸਾਲ ਦੀ ਉਮਰ ਤਕ ਦੀ ਮੈਡੀਕਲ ਇੰਨਸ਼ੋਰੈਂਸ
ਵੀ ਹੋਵੇਗੀ। ਇੱਕ ਕਰੋੜ ਰੁਪਿਆ ਇਸ ਪ੍ਰੋਜੈਕਟ ‘ਤੇ ਖਰਚਣ ਦਾ ਫੈਸਲਾ ਕੀਤਾ ਅਤੇ ਉਹ ਧੀਆਂ
ਨੂੰ ਗਿਫਟਡ ਚਾਈਲਡ ਦੇ ਰੂਪ ਵਿਚ ਸਵੀਕਾਰ ਕਰ ਰਹੇ ਹਨ। ਪ੍ਰੋ. ਗੁਰਭਜਨ ਗਿੱਲ ਦੀਆਂ ਦੋ
ਰਚਨਾਵਾਂ ਮਾਏ ਅਟੇਰਨ ਟੇਰਦੀਏ ਮਾਏ ਅਟੇਰਨਟੇਰਦੀਏ, ਹੁਣ ਤੰਦ ਤੋਂ ਬਣ ਗਈ ਛੱਲੀ ਨੀ ਮੈਨੂੰ
ਦੁਸ਼ਮਣ ਫੌਜਾਂ ਘੇਰ ਲਿਆ, ਮੈਂ ਘਿਰ ਗਈ ਕੱਲ-ਮ-ਕੱਲੀ ਨੀ
ਨਾ ਸ਼ਰਮ-ਸ਼ਰ੍ਹਾ ਦਾ ਪਰਦਾ ਨੀ ਜਿਸ ਜੋ ਮੂੰਹ ਆਈ ਕਰਦਾ ਨੀ ਜੱਗ ਧੀ ਜੰਮਣੋਂ ਕਿਉਂ ਡਰਦਾ ਨੀ
? ਮੈਨੂੰ ਧਰਤੀ ਆਉਣੋਂ ਵਰਜ ਰਹੇ, ਮੈਂ ਕੀ ਕਰ ਸਕਦੀ ’ਕੱਲੀ ਨੀ। ਵਿਛਿਆ ਏ ਅਗਨ ਵਿਛਾਉਣਾ
ਨੀ ਉੱਤੇ ਦਾਜ ਦਾ ਦੈਂਤ ਡਰਾਉਣਾ ਨੀ ਜੋ ਬਣਿਆ ਫਿਰੇ ਪ੍ਰਾਹੁਣਾ ਨੀ ਮੇਰੀ ਜਨਮ ਘੜੀ ਤੋਂ
ਪਹਿਲਾਂ ਹੀ, ਕਿਉਂ ਮੱਚ ਗਈ ਤਰਥੱਲੀ ਨੀ। ਤੇਰੇ ਵੱਲ ਨਰਸਾਂ ਤੁਰੀਆਂ ਨੇ ਹੱਥ ਤੇਜ਼ ਕਟਾਰਾਂ
ਛੁਰੀਆਂ ਨੇ ਬਾਬਲ ਦੀਆਂ ਨੀਤਾਂ ਬੁਰੀਆਂ ਨੇ ਮੇਰੀ ਧੜਕਣ ਦੀ ਇਹ ਅਤਿ ਘੜੀ, ਮੈਂ ਦੂਰ ਦੇਸ
ਨੂੰ ਚੱਲੀ ਨੀ। ਜੇ ਘਿਰ ਗਈ ਏਂ ਘਬਰਾਈਂ ਨਾ ਤੂੰ ਬੇਬੱਸ ਹੋ ਪਥਰਾਈਂ ਨਾ ਅੱਖੀਆਂ ‘ਚੋਂ ਨੀਰ
ਵਹਾਈਂ ਨਾ ਬਾਬਲ ਦਾ ਧਰਮ ਗੁਆਚ ਗਿਆ, ਤਾਂ ਹੀ ਧੀ ਕਬਰਾਂ ਵੱਲ ਘੱਲੀ ਨੀ। ਕੁਝ ਬੋਲ! ਬੇ
ਜੀਭੀ ਗਾਂ ਨਹੀਂ ਤੂੰ ਜੇ ਨਾ ਬੋਲੀ ਫਿਰ ਮਾਂ ਨਹੀਂ ਤੂੰ ਇਕ ਚਿਖ਼ਾ ਨਿਰੰਤਰ, ਛਾਂ ਨਹੀਂ ਤੂੰ
ਹੁਣ ਬੋਲ ਧਰਤੀਏ ਮਾਏਂ ਨੀ, ਖਤਰੇ ਦੀ ਖੜਕੇ ਟੱਲੀ ਨੀ।
(2) ਇਹ ਕੇਹੀ ਰੁੱਤ ਆਈ ਇਹ ਕੇਹੀ ਰੁੱਤ ਆਈ ਨੀ ਮਾਂ, ਇਹ ਕੇਹੀ ਰੁੱਤ ਆਈ ਘਿਰ ਗਈ ਮੇਰੀ
ਜਾਨ ਇਕੱਲੀ, ਬਾਬੁਲ ਬਣੇ ਕਸਾਈ ਨੀ ਮਾਂ। ਡੁੱਬਿਆ ਸੂਰਜ ਸਿਖਰ ਦੁਪਹਿਰੇ ਲਗ ਗਏ ਤੇਰੀ ਕੁੱਖ
‘ਤੇ ਪਹਿਰੇ ਹਾਕਮ ਹੋ ਗਏ ਗੂੰਗੇ ਬਹਿਰੇ ਪਰਖ ਮਸ਼ੀਨਾਂ ਚੁਗਲੀ ਕੀਤੀ, ਕਾਤਲ ਬਣ ਗਈ ਦਾਈ ਨੀ
ਮਾਂ ਇਹ ਕੇਹੀ ਰੁੱਤ ਆਈ ਨੀ ਮਾਂ। ਮਾਏਂ ਤੂੰ ਵੀ ਪੁੱਤਰ ਮੰਗਦੀ ਮੇਰੀ ਵਾਰੀ ਤੂੰ ਕਿਉਂ
ਸੰਗਦੀ ? ਅਣਜੰਮੀ ਨੂੰ ਸੂਲੀ ਟੰਗਦੀ ਆਪਣੀ ਆਂਦਰ ਨੂੰ ਕਿਉਂ ਕੀਤਾ, ਤੂੰ ਵੀ ਅੱਜ ਅਣਚਾਹੀ
ਨੀ ਮਾਂ ਇਹ ਕੇਹੀ ਰੁੱਤ ਆਈ ਨੀ ਮਾਂ। ਸੁਣੀਂ ਬਾਬਲਾ ਸੁਣ ਅਰਜ਼ੋਈ ਦਾਜ ਦੇ ਦਾਨਵ ਲਾਹ ਲਈ
ਲੋਈ ਮੇਰਾ ਇਸ ਵਿਚ ਦੋਸ਼ ਨਾ ਕੋਈ ਲਾਲਚ ਵਾਲੀ ਡੋਰੀ ਬਣ ਗਈ ਮੇਰੇ ਗਲ ਵਿਚ ਫਾਹੀ ਨੀ ਮਾਂ ਇਹ
ਕੇਹੀ ਰੁੱਤ ਆਈ ਨੀ ਮਾਂ। ਦਾਦੀ ਨਾਨੀ ਮਾਵਾਂ ਬੋਲੋ ਪੈ ਗਈ ਜਿਹੜੀ ਦੰਦਲ ਖੋਲੋ ਧਰਮ
ਗ੍ਰੰਥੋਂ ਵਰਕੇ ਫੋਲੋ ਕੁੱਖ ਨੂੰ ਨਿਰੀ ਮਸ਼ੀਨ ਨਾ ਸਮਝੋ, ਰੋਕੋ ਹੋਰ ਤਬਾਹੀ ਨੀ ਮਾਂ ਇਹ
ਕੇਹੀ ਰੁੱਤ ਆਈ ਨੀ ਮਾਂ।
-0-
|