(ਉਂਕਾਰਪ੍ਰੀਤ-ਟਰਾਂਟੋ): ਗ਼ਦਰ ਸ਼ਤਾਬਦੀ ਕਮੇਟੀ ਟਰਾਂਟੋ ਵੱਲੋਂ ਅਪਣੇ
ਦਸੰਬਰ-2012 ਦੇ ਜਨਤਕ ਸਮਾਗਮ ਮੌਕੇ ਗ਼ਦਰ ਲਹਿਰ ਨਾਲ ਸੰਬੰਧਤ ਵੱਡਮੁੱਲੀ
ਇਤਹਾਸਕ ਮਹੱਤਤਾ ਵਾਲੀ ਜਾਣਕਾਰੀ ਨਾਲ ਭਰਪੂਰ ਗ਼ਦਰੀ ਕੈਲੰਡਰ-2013
ਰਿਲੀਜ਼ ਕੀਤਾ ਗਿਆ। ਵਰਨਣਯੋਗ ਹੈ ਕਿ ਗ਼ਦਰ ਸ਼ਤਾਬਦੀ ਕਮੇਟੀ ਵਲੋਂ ਇਹ
ਇਤਹਾਸਕ ਕੈਲੰਡਰ ਵੱਡੀ ਗਿਣਤੀ ‘ਚ ਪੰਜਾਬੀ ਅਤੇ ਅੰਗ੍ਰੇਜ਼ੀ ਭਾਸ਼ਾਵਾਂ ‘ਚ
ਛਾਪਿਆ ਗਿਆ ਹੈ ਜਿਸਦਾ ਸ਼ਾਹਮੁਖੀ ਐਡੀਸ਼ਨ ਜਲਦੀ ਹੀ ਪਾਕਿਸਤਾਨੀ ਪੰਜਾਬ
ਵਿੱਚ ਛਪੇਗਾ। ਇਸ ਵਿਚਲੀ ਇਤਹਾਸਕ ਸਮਗਰੀ
ਨੂੰ ਪੰਜਾਬੀ ਮੂਲ-ਰੂਪ ‘ਚ ਡਾ. ਵਰਿਆਮ ਸਿੰਘ ਸੰਧੂ ਹੁਰਾਂ ਵਲੋਂ ਲਿਖਿਆ
ਗਿਆ ਹੈ ਅਤੇ ਇਸਦਾ ਅੰਗ੍ਰੇਜ਼ੀ ਅਨੁਵਾਦ ਪ੍ਰਸਿੱਧ ਕਵੀ ਅਤੇ ਲੇਖਕ ਇਕਬਾਲ
ਰਾਮੂੰਵਾਲੀਆ ਹੁਰਾਂ ਨੇ ਕੀਤਾ ਹੈ। ਗ਼ਦਰ ਲਹਿਰ ਦੇ ਇਤਹਾਸ ਦੀ ਲੜੀ ਵਜੋਂ
ਏਸ ਜਨਤਕ ਸਮਾਮਗਮ ਦੀ ਵਿਸ਼ੇਸ਼ ਪੇਸ਼ਕਸ਼ ‘ਗ਼ਦਰ ਲਹਿਰ ਸਥਾਨਿਕਤਾ ਅਤੇ
ਅੰਤਰਰਾਸ਼ਟਰੀਅਤਾ ਦੇ ਸੰਯੋਗ-ਵਿਯੋਗ ਦੀ ਕਹਾਣੀ’, ਡਾ. ਵਰਿਆਮ ਸਿੰਘ ਸੰਧੂ
ਹੁਰਾਂ ਵਲੋਂ ਕੀਤੀ ਗਈ। ਗ਼ਦਰ ਲਹਿਰ ਲਈ ਸਥਾਨਕ ਇਤਿਹਾਸ ਦੇ ਮਹੱਤਵ ਬਾਰੇ
ਚਾਨਣਾ ਪਾਉਂਦੇ ਹੋਏ, ਦੇਸ਼ ਭਗਤ ਯਾਦਗ਼ਾਰ ਕਮੇਟੀ ਦੇ ਟਰੱਸਟੀ ਅਤੇ ਵਿਸ਼ਵ
ਪ੍ਰਸਿੱਧ ਕਥਾਕਾਰ ਅਤੇ ਚਿੰਤਕ ਡਾ ਸੰਧੂ ਨੇ ਕਿਹਾ ਕਿ ਗ਼ਦਰੀਆਂ ਨੇ ਨਿਸਚੈ
ਹੀ ਆਪਣੀ ਆਪਣੀ ਧਾਰਮਿਕ ਮੁਹਾਵਰੇ ਵਾਲੀ ਇਨਕਲਾਬੀ ਵਿਰਾਸਤ ਤੋਂ ਪ੍ਰੇਰਨਾ
ਤੇ ਅਗਵਾਈ ਲਈ ਪਰ ਨਾਲ ਹੀ ਅੰਤਰਰਾਸ਼ਟਰੀ ਪੱਧਰ ਦੇ ਇਨਕਲਾਬੀ ਇਤਿਹਾਸ ਅਤੇ
ਸਿਧਾਂਤ ਤੋਂ ਰੌਸ਼ਨੀ ਵੀ ਲਈ। ਉਹਨਾਂ ਕਿਹਾ ਕਿ ਗ਼ਦਰ ਲਹਿਰ ਵਿਚ ਸਾਰੇ
ਧਰਮਾਂ ਤੇ ਵਿਸ਼ਵਾਸਾਂ ਦੇ ਲੋਕਾਂ ਦੀ ਸ਼ਮੂਲੀਅਤ ਸੀ; ਗ਼ਦਰੀਆਂ ਨੇ ਧਰਮ
ਨੂੰ ਨਿੱਜੀ ਮਾਮਲਾ ਸਮਝਿਆ ਤੇ ਦੇਸ਼ ਦੀ ਆਜ਼ਾਦੀ ਲਈ ਸਾਰੇ ਭਾਈਚਾਰਿਆਂ ਨੇ
ਮਿਲ ਕੇ ਸੰਘਰਸ਼ ਕੀਤਾ। ਧਾਰਮਿਕ ਕੱਟੜਤਾ ਕਦੀ ਵੀ ਉਹਨਾਂ ਦੇ ਰਾਹ ਦਾ
ਰੋੜਾ ਨਾ ਬਣ ਸਕੀ।
ਅੱਜ ਗ਼ਦਰ ਲਹਿਰ ਨੂੰ ਨਿਰੋਲ ਸਿੱਖਾਂ ਦੀ ਲਹਿਰ ਕਹਿ ਕੇ ਪ੍ਰਚਾਰਿਤ ਕਰਨਾ
ਗ਼ਦਰ ਲਹਿਰ ਦੇ ਇਤਿਹਾਸ ਦੀ ਬੇਅਦਬੀ ਕਰਨ ਵਾਂਗ ਹੈ। ਉਹਨਾਂ ਕਿਹਾ ਕਿ
ਗ਼ਦਰ ਲਹਿਰ ਬਾਰੇ ਸਮੇਂ ਸਮੇਂ ਨਾਂਹ ਵਾਚਕ ਸਵਾਲ ਖੜੇ ਕੀਤੇ ਜਾਂਦੇ ਰਹੇ,
ਨਾ ਕੇਵਲ ਅੰਗਰੇਜ਼ ਹਕੂਮਤ ਨੇ ਇਸ ਲਹਿਰ ਨੂੰ ਡਾਕੂਆਂ ਤੇ ਕਾਤਲਾਂ ਦੀ
ਲਹਿਰ ਕਹਿ ਕੇ ਬਦਨਾਮ ਕੀਤਾ ਸਗੋਂ ਆਜ਼ਾਦੀ ਤੋਂ ਪਹਿਲਾਂ ਕਾਂਗਰਸ ਨੇ
ਇਸਨੂੰ ਹਿੰਸਕ ਅੰਦੋਲਨ ਕਹਿ ਕੇ ਵਿੱਥ ‘ਤੇ ਰੱਖਿਆ ਤੇ ਆਜ਼ਾਦੀ ਤੋਂ ਬਾਅਦ
ਵੀ ਸਥਾਪਤ ਤਾਕਤਾਂ ਨੇ ਇਸ ਲਹਿਰ ਨੂੰ ਹਾਸ਼ੀਏ ‘ਤੇ ਰੱਖਣ ਲਈ ਇਸ ਬਾਰੇ
ਖ਼ਾਮੋਸ਼ੀ ਧਾਰਨ ਕੀਤੀ ਰੱਖੀ। ਉਹਨਾਂ ਗ਼ਦਰ ਪਾਰਟੀ ਦੇ ਮੋਢੀ ਪ੍ਰਧਾਨ,
ਬਾਬਾ ਸੋਹਣ ਸਿੰਘ ਭਕਨਾ ਦੀ ਲਿਖਤ ਦਾ ਹਵਾਲਾ ਦੇ ਕੇ ਦੱਸਿਆ ਕਿ ਜਦੋਂ
ਕਾਲੇ ਪਾਣੀ ਭੇਜਣ ਲਈ ਗ਼ਦਰੀ ਬਾਬੇ ਲਾਹੌਰ ਤੋਂ ਕਲਕੱਤੇ ਵੱਲ ਲਿਜਾਏ ਜਾ
ਰਹੇ ਸਨ ਤਾਂ ਜਿੱਥੇ ਵੀ ਗੱਡੀ ਖਲੋਦੀ ਸੀ ਤਾਂ ਲੋਕ ਹੱਥਕੜੀਆਂ ਤੇ ਬੇੜੀਆਂ
ਵਿਚ ਜਕੜੇ ਦੇਸ਼ ਭਗਤਾਂ ਨੂੰ ਵੇਖਣ ਤੇ ਉਹਨਾਂ ਬਾਰੇ ਜਾਨਣ ਲਈ ਉਲਰਦੇ ਸਨ
ਤਾਂ ਪਹਿਲਾਂ ਤੋਂ ਪਲੇਟਫਾਰਮਾਂ ‘ਤੇ ਖੜੇ ਸੀ ਆਈ ਡੀ ਦੇ ਬੰਦੇ ਉਹਨਾਂ ਨੂੰ
ਕਾਤਲ ਤੇ ਡਾਕੂ ਦੱਸਦੇ। ਇਸਤੇ ਦੇਸ਼ ਭਗਤ ਚੀਕ ਚੀਕ ਕੇ ਦੱਸਦੇ ਕਿ
ਅਸੀਂ ਡਾਕੂ ਨਹੀਂ, ਦੇਸ਼ ਭਗਤ ਹਾਂ। ਇਸੇ ਹਵਾਲੇ ਨਾਲ ਉਹਨਾਂ ਦਸਿਆ ਕਿ
ਜਦੋਂ ਉਹਨਾਂ ਨੇ ਆਪਣੇ ਬਾਬੇ ਨੂੰ ਆਪਣੇ ਪਿੰਡ ਦੇ ਸ਼ਹੀਦ ਗ਼ਦਰੀ ਭਾਈ ਜਗਤ
ਸਿੰਘ ਤੇ ਭਾਈ ਪ੍ਰੇਮ ਸਿੰਘ ਬਾਰੇ ਪੁੱਛਿਆ ਤਾਂ ਉਸਦਾ ਜਵਾਬ ਸੀ ਕਿ ਉਹ
ਕਨੇਡਾ ਚੋਂ ਆਏ ਸਨ ਤੇ ਡਾਕੇ ਮਾਰਨ ਕਰਕੇ ਫੜੇ ਗਏ ਤੇ ਫਾਹੇ ਲੱਗ ਗਏ। ਇੰਝ
ਅੰਗਰੇਜ਼ਾਂ ਨੇ ਜਿੱਥੇ ਉਸ ਸਮੇਂ ਗ਼ਦਰੀਆਂ ਦਾ ਬਿੰਬ ਆਮ ਲੋਕਾਂ ਦੇ ਮਨਾਂ
ਵਿਚ ਵਿਗਾੜਨ ਦੀ ਕੋਸਿ਼ਸ਼ ਕੀਤੀ ਓਥੇ ਉਸ ਵੇਲੇ ਦੀਆਂ ਸਥਾਪਤ ਸਿੱਖ
ਤਾਕਤਾਂ ਨੇ ਉਹਨਾਂ ਨੂੰ ਸਿੱਖ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਸੀ। ਗ਼ਦਰ
ਤਹਿਰੀਕ ਵਿਚ ਮੁਸਲਮਾਨਾਂ ਦੇ ਯੋਗਦਾਨ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ
ਲਾਹੌਰ ਦੀ ਮੀਆਂ ਮੀਰ ਛਾਉਣੀ ਵਿਚ ਗ਼ਦਰ ਲਹਿਰ ਦੀ ਅਸਫ਼ਲਤਾ ਤੋਂ ਬਾਅਦ
23ਵੇਂ ਰਿਸਾਲੇ ਦੇ ਬਾਰਾਂ ਦੇਸ਼ ਭਗਤਾਂ ਨੂੰ ਫਾਂਸੀ ਦੀ ਸਜ਼ਾ ਦਾ ਐਲਾਨ
ਹੋਇਆ। ਉਹਨਾਂ ਵਿਚ ਅਬਦੁੱਲਾ ਨਾਂ ਦਾ ਇਕ ਮੁਸਲਮਾਨ ਗ਼ਦਰੀ ਵੀ ਸੀ ਜਿਸਤੇ
ਉਸਦੇ ਰਿਸ਼ਤੇਦਾਰ ਇੰਸਪੈਕਟਰ ਵੱਲੋਂ ਸਰਕਾਰੀ ਗਵਾਹ ਬਣ ਜਾਣ ਲਈ ਜ਼ੋਰ
ਪਾਇਆ ਜਾ ਰਿਹਾ ਸੀ। ਜਦੋਂ ਉਹਦੇ ਸਾਥੀ ਦਫ਼ੇਦਾਰ ਲਛਮਣ ਸਿੰਘ ਚੂਸਲੇਵੜ ਨੇ
ਉਸਨੂੰ ਮਜ਼ਾਕ ਵਿਚ ਕਿਹਾ ਕਿ ਉਹਨਾਂ ਤਾਂ ਫ਼ਾਂਸੀ ਲੱਗਣਾ ਹੀ ਹੈ ਉਹ ਗਵਾਹ
ਬਣ ਕੇ ਆਪਣੀ ਜਾਨ ਬਚਾ ਲਵੇ। ਇਸਤੇ ਅਬਦੁੱਲਾ ਰੋ ਪਿਆ ਤੇ ਕਹਿਣ ਲੱਗਾ ਕਿ
ਮੈਂ ਤਾਂ ਅੱਗੇ ਹੀ ਸ਼ਰਮਿੰਦਾ ਹਾਂ ਕਿ ਅਸੀਂ ਅੱਠ ਕਰੋੜ ਹਾਂ, ਤੁਸੀਂ
ਗਿਆਰਾਂ ਜਣੇ ਸਿੱਖ ਹੋ ਤੇ ਮੈਂ ਇਕੱਲ੍ਹਾ ਮੁਸਲਮਾਨ। ਮੈਨੂੰ ਆਪਣੇ ਤੋਂ
ਅੱਡ ਕਰਕੇ ਮੇਰੀ ਪੱਗ ਨੂੰ ਦਾਗ਼ ਲਵਾਉਣ ਬਾਰੇ ਨਾ ਆਖੋ। ਫ਼ਾਂਸੀ ਲੱਗਣ
ਤੋਂ ਪਹਿਲਾਂ ਅਬਦੁੱਲਾ ਨੇ ਇਹ ਮੰਗ ਵੀ ਕੀਤੀ ਕਿ ਉਹ ਬਾਰਾਂ ਜਣੇ ਕਿਉਂਕਿ
‘ੱਿੲਕ-ਜਾਨ’ ਹਨ ਇਸ ਕਰਕੇ ਉਹਨਾਂ ਨੂੰ ਇਕੱਠਿਆਂ ਹੀ ਦਫ਼ਨਾਇਆ ਜਾਂ ਸਾੜਿਆ
ਜਾਵੇ। ਡਾ. ਸੰਧੂ ਨੇ ਸਿੰਘਾਪੁਰ ਵਿਚ ਪੰਜਵੀਂ ਮੁਸਲਿਮ ਪਲਟਨ ਵੱਲੋਂ ਕੀਤੀ
ਬਗ਼ਾਵਤ ਵਿਚ 41 ਜਣਿਆਂ ਨੂੰ ਗੋਲੀ ਮਾਰ ਕੇ ਉਡਾਉਣ ਤੇ 125 ਨੂੰ ਉਮਰ ਕੈਦ
ਹੋਣ ਬਾਰੇ ਦਸਿਆ। 130ਵੀਂ ਬਲੋਚ ਰਜਮੈਂਟ ਵੱਲੋਂ ਰੰਗੂਨ ਵਿਚ ਕੀਤੀ
ਬਗ਼ਾਵਤ ਵਿਚ ਚਾਰ ਜਣਿਆਂ ਦੇ ਫ਼ਾਂਸੀ ਲੱਗਣ ਦਾ ਜਿ਼ਕਰ ਕਰਦਿਆਂ ਦੱਸਿਆ ਕਿ
ਇਸ ਬਗ਼ਾਵਤ ਵਿਚ 59 ਮੁਸਲਮਾਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ। ਇਸ ਤੋਂ
ਇਲਾਵਾ ਹੋਰ ਕੇਸਾਂ ਵਿਚ ਵੀ ਕਈ ਮੁਸਲਮਾਨ ਸਾਥੀ ਸ਼ਹੀਦ ਹੋਏ। ਦੋਵਾਂ
ਬਗ਼ਾਵਤਾਂ ਵਾਲਾ ਇਤਿਹਾਸ ਦਾ ਉਹ ਹਨੇਰਾ ਕਾਂਡ ਹੈ ਜਿਸ ਬਾਰੇ ਅਜੇ ਹੋਰ
ਬਹੁਤ ਖੋਜ ਕਰਨ ਦੀ ਲੋੜ ਹੈ ਤੇ ਉਹਨਾਂ ਮੁਸਲਮਾਨ ਗ਼ਦਰੀ ਸ਼ਹੀਦਾਂ ਦੇ,
ਜਿਨ੍ਹਾਂ ਦਾ ਕਦੀ ਕਿਸੇ ਗੀਤ ਨਹੀਂ ਗਾਇਆ, ਨਾਵਾਂ ਨੂੰ ਜੱਗ-ਜ਼ਾਹਿਰ ਕਰਨ
ਦੀ ਲੋੜ ਹੈ। ਡਾ. ਸੰਧੂ ਨੇ ਦੱਸਿਆ ਕਿ ਗ਼ਦਰੀਆਂ ਨੇ ਆਪਣੇ ਵਿਸ਼ਵਾਸ ਦੀ
ਲੜਾਈ ਵੀ ਲੜੀ ਤੇ ਇਸ ਵਿਚ ਇਕ ਦੂਜੇ ਦਾ ਸਾਥ ਦਿੰਦਿਆਂ ਇਸ ਵਿਸ਼ਵਾਸ ਨੂੰ
ਆਜ਼ਾਦੀ ਦੀ ਲੜਾਈ ਤਕ ਫੈਲਾ ਲਿਆ। ਗ਼ਦਰੀਆਂ ਦਾ ਇਹ ਵਤੀਰਾ ਦੱਸਦਾ ਹੈ ਕਿ
ਉਹ ਮਜ਼੍ਹਬ ਦੀਆਂ ਹੱਦਾਂ ਤੋਂ ਉੱਪਰ ਉੱਠ ਕੇ ਇਕ ਦੂਜੇ ਦੀ ਦੇਹ-ਜਾਨ ਸਨ।
ਡਾ ਸੰਧੂ ਨੇ ਵਿਅੰਗ ਕਰਦਿਆਂ ਕਿਹਾ ਕਿ ਕੈਸੀ ਵਿਡੰਬਨਾਂ ਹੈ ਕਿ ਜਿਨ੍ਹਾਂ
ਗ਼ਦਰੀਆਂ ਨੂੰ ਕਦੀ ਸਿੱਖ ਮੰਨਿਆਂ ਹੀ ਨਹੀਂ ਸੀ ਗਿਆ ਅੱਜ ਉਹਨਾਂ ਨੂੰ
‘ਸਿੱਖ’ ਆਖ ਕੇ ਗ਼ਦਰੀਆਂ ਦੀ ਵੱਡੀ ਲੜਾਈ ਨੂੰ ਆਪਣੇ ਮਕਸਦ ਵਾਲੀ ਸੀਮਤ
ਲੜਾਈ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਜਿੱਥੇ ਅੱਜ ਇਸ ਗੱਲ ਦੀ ਲੋੜ ਹੈ ਕਿ ਗ਼ਦਰੀ ਬਾਬਿਆਂ ਨੂੰ
ਫਿ਼ਰਕੂ ਵੰਡ ਵਿਚ ਸਿਮਟਣ ਨਾ ਦਿੱਤਾ ਜਾਵੇ ਓਥੇ ਅਗਾਂਹਵਧੂ ਲਹਿਰਾਂ ਦਾ ਵੀ
ਓਨਾ ਚਿਰ ਕਲਿਆਣ ਨਹੀਂ ਹੋਣਾ ਜਿਨਾਂ ਚਿਰ ਉਹ ਆਪਣੀ ਇਨਕਲਾਬੀ ਵਿਰਾਸਤ ਨਾਲ
ਨਾਤਾ ਨਹੀਂ ਜੋੜਦੇ। ਉਹਨਾਂ ਸਿੱਟਾ ਕੱਢਿਆ ਕਿ ਸਥਾਨਕ ਇਨਕਲਾਬੀ ਇਤਿਹਾਸ
ਦੀ ਜ਼ਮੀਨ ‘ਤੇ ਖਲੋ ਕੇ ਤੇ ਸਿਰ ਅੰਤਰਰਸ਼ਟਰੀ ਗਿਆਨ ਨਾਲ ਜੋੜਨ ਨਾਲ ਹੀ
ਲੋਕ ਲਹਿਰ ਉਸਰ ਸਕੇਗੀ। ਇਸ ਮੌਕੇ ਹਾਜ਼ਰ ਲੋਕਾਂ ਨੇ ਗ਼ਦਰੀ ਕੈਲੰਡਰ-2013
ਪ੍ਰਤੀ ਭਾਰੀ ਉਤਸ਼ਾਹ ਦਿਖਾਉਂਦਿਆਂ ਜਿੱਥੇ ਇਸ ਨੂੰ ਅਪਣੇ ਘਰਾਂ ਲਈ
ਪ੍ਰਾਪਤ ਕੀਤਾ ਓਥੇ ਇਸਨੂੰ ਹੋਰਨਾਂ ਤੀਕ ਪੁਜਾਣ ਦੀ ਜਿ਼ੰਮੇਵਾਰੀ ਵੀ ਬੜੇ
ਚਾਅ ਅਤੇ ਉਮਾਹ ਨਾਲ ਲਈ। ਇਸ ਜਨਤਕ ਸਮਾਗਮ ਵਿੱਚ ਟਰਾਂਟੋ ਅਤੇ ਆਸਪਾਸ ਦੇ
ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਅਦੀਬ, ਮੀਡੀਆਕਾਰ, ਰੰਗਕਰਮੀ, ਸਮਾਜਿਕ,
ਰਾਜਨੀਤਕ, ਧਾਰਮਿਕ ਕਾਰਕੁੰਨ ਅਤੇ ਅਗਾਂਹਵਧੂ ਸੰਸਥਾਵਾਂ ਦੇ ਮੈਂਬਰ
ਹੁਮ-ਹੁਮਾ ਕੇ ਸ਼ਾਮਲ ਹੋਏ। ਗ਼ਦਰ ਸ਼ਤਾਬਦੀ ਕਮੇਟੀ ਦਾ ਅਗਲਾ ਜਨਤਕ ਸਮਾਗਮ
ਜਨਵਰੀ 27, 2013 ਨੂੰ ਸੰਤ ਸਿੰਘ ਸੇਖੋਂ ਹਾਲ ਵਿਖੇ ਹੀ ਸ਼ਾਮੀਂ 3:30
ਤੋਂ 5:30ਵਜੇ ਤੀਕ ਹੋਵੇਗਾ।
-0-
|