Welcome to Seerat.ca
Welcome to Seerat.ca

ਅੰਡੇਮਾਨ ਤੇ ਭਾਰਤੀ ਜੇਲ੍ਹਾਂ ਵਿੱਚ (1917-1920)

 

- ਰਘਬੀਰ ਸਿੰਘ

ਗਦਰ ਲਹਿਰ ਦੀ ਕਵਿਤਾ : ਸਮਕਾਲ ਦੇ ਰੂ-ਬ-ਰੂ

 

- ਸੁਰਜੀਤ

ਆਜ਼ਾਦੀ ਸੰਗਰਾਮ ਵਿੱਚ ਜਨਵਰੀ ਦਾ ਮਹੀਨਾ

 

- ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ

27 ਜਨਵਰੀ

 

- ਗੁਰਮੁਖ ਸਿੰਘ ਮੁਸਾਫ਼ਿਰ

ਚਿੱਟੀਓਂ ਕਾਲੀ, ਕਾਲੀਓਂ ਚਿੱਟੀ

 

- ਜਸਵੰਤ ਜ਼ਫ਼ਰ

ਬਾਜਵਾ ਹੁਣ ਗੱਲ ਨਹੀਂ ਕਰਦਾ

 

- ਜ਼ੁਬੈਰ ਅਹਿਮਦ

ਗੁਰਭਜਨ ਸਿੰਘ ਗਿੱਲ ਨਾਲ ਗੱਲਾਂ-ਬਾਤਾਂ

 

- ਹਰਜੀਤ ਸਿੰਘ ਗਿੱਲ

ਘਾਟੇ ਵਾਲਾ ਸੌਦਾ

 

- ਹਰਪ੍ਰੀਤ ਸੇਖਾ

ਰਾਬਤਾ (ਕਹਾਣੀ)

 

- ਸੰਤੋਖ ਧਾਲੀਵਾਲ

ਕਹਾਣੀ / ਬਦਮਾਸ਼ ਔਰਤ

 

- ਡਾ. ਸਾਥੀ ਲੁਧਿਆਣਵੀ

ਸਿੱਖ ਜਾਣਾ ਮੇਰਾ ਵੀ ਕੰਪਿਊਟਰ ਨੂੰ ਕੁਤਕਤਾਰੀਆਂ ਕਢਣੀਆਂ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਕੈਨੇਡਾ: ਪੂਰਬ ਕਿ ਪਛਮ, ਦਿਨ ਕਿ ਰਾਤ?

 

- ਗੁਰਦੇਵ ਚੌਹਾਨ

ਪੰਜਾਬ ਦੀ ਵੰਡ, ਇਸ਼ਤਿਆਕ ਅਹਿਮਦ ਤੇ ਮੈਂ-2

 

- ਗੁਲਸ਼ਨ ਦਿਆਲ

ਪੰਜਾਬੀ ਗੀਤਾਂ ਵਿੱਚ ਅਸ਼ਲੀਲਤਾਂ ਦੇ ਬੀਅ

 

- ਜੋਗਿੰਦਰ ਬਾਠ ਹੌਲੈਂਡ

ਮੇਰੇ ਦੀਵੇ ਵੀ ਲੈ ਜਾਓ ਕੋਈ.....!

 

- ਲਵੀਨ ਕੌਰ ਗਿੱਲ

‘ਮੈਂ ਮਰੀਅਮ ਹੁੰਦੀ, ਆਪਣਾ ਪੁੱਤ ਆਪੇ ਜੰਮ ਲੈਂਦੀ‘ - ਅਫ਼ਜ਼ਲ ਤੌਸੀਫ਼

 

- ਅਜਮੇਰ ਸਿੱਧੂ

ਗਾਮੀ ਯਾਰ

 

- ਰਾਜਾ ਸਾਦਿਕ਼ਉੱਲਾ

ਧੂੜ ਵਿਚਲੇ ਕਣ

 

- ਵਰਿਆਮ ਸਿੰਘ ਸੰਧੂ

ਮੁਸ਼ਕ

 

- ਇਕਬਾਲ ਰਾਮੂਵਾਲੀਆ

ਗ਼ਦਰ ਸ਼ਤਾਬਦੀ ਕਮੇਟੀ ਟਰਾਂਟੋ ਵਲੋਂ ਗ਼ਦਰੀ ਕੈਲੰਡਰ: 2013 ਲੋਕ-ਅਰਪਨ

 

- ਉਂਕਾਰਪ੍ਰੀਤ

Satguru Jagjit Singh
1920-2012

 

- Amarjit Chandan

Hanging of Ajmal Kasab: A sad news

 

- Abhai Singh

ਹੁੰਗਾਰੇ

 

ਕਹਾਣੀ
ਬਦਮਾਸ਼ ਔਰਤ
- ਡਾ. ਸਾਥੀ ਲੁਧਿਆਣਵੀ
 

 

ਸਤੀਸ਼ ਨੂੰ ਜਦੋਂ ਪਤਾ ਲੱਗਾ ਕਿ ਉਹਦੀ ਰਹਿ ਚੁੱਕੀ ਭਰਜਾਈ ਆਪਣੇ ਨਾਲ਼ ਕੰਮ ਕਰਦੇ ਕਿਸੇ ਗੋਰੇ ਨਾਲ਼ ਬਾਹਰ ਅੰਦਰ ਜਾਂਦੀ ਹੈ ਤਾਂ ਉਹਦੇ ਸੱਤੀਂ ਕੱਪੜੀਂ ਅੱਗ ਲੱਗ ਗਈ।ਉਹਨੂੰ ਸੱਭ ਤੋਂ ਵੱਧ ਗੁੱਸਾ ਇਸ ਗੱਲ ਦਾ ਸੀ ਕਿ ਕਿਸੇ ਦੇਸੀ ਬੰਦੇ ਦੀ ਥਾਂ ਉਹ ਕਿਸੇ ਗੋਰੇ ਬੰਦੇ ਨਾਲ਼ ਕਿਓਂ ਆਸ਼ਨਾਈ ਕਰ ਰਹੀ ਸੀ? ਗੋਰਿਆਂ ਦੀ ਕੌੰਮ ਦਾ ਕੀ ਆ? ਤੀਮੀਆਂ ਇਨ੍ਹਾ ਦੀਆਂ ਸੌ ਸੌ ਖ਼ਸਮ ਹੰਢਾਉਂਦੀਆਂ ਨੇ ਤੇ ਮਰਦ ਵਫ਼ਾ ਨਹੀਂ ਕਰਦੇ।ਮੌਰਲ ਵੈਲਯੂਜ਼ ਤਾਂ ਇਨ੍ਹਾਂ ਦੀਆਂ ਹੈ ਹੀ ਨਹੀਂ।ਸਤੀਸ਼ ਨੂੰ ਤਾਂ ਉੱਦਾਂ ਹੀ ਬਰਦਾਸ਼ਤ ਨਹੀਂ ਸੀ ਹੋ ਸਕਦਾ ਕਿ ਉਰਮਿਲਾ ਕਿਸੇ ਨਾਲ਼ ਵੀ ਅੱਖ਼ ਮਟੱਕਾ ਕਰੇ।ਉਹਦਾ ਜੀਅ ਕੀਤਾ ਕਿ ਉਹ ਉਰਮਿਲਾ ਦੇ ਟੁਕੜੇ ਟੁਕੜੇ ਕਰ ਦੇਵੇ।ਇੰਝ ਅਰਮਿਲਾ ਦੇ ਟੁਕੜੇ ਟੁਕੜੇ ਕਰਨ ਦੀ ਗੱਲ ਉਸ ਨੇ ਉਦੋਂ ਵੀ ਸੋਚੀ ਸੀ ਜਦੋਂ ਉਰਮਿਲਾ ਨੇ ਉਹਦੇ ਭਰਾ ਨੂੰ ਤਲਾਕ ਦੇ ਦਿੱਤਾ ਸੀ।ਕੀ ਹੋਇਆ ਜੇ ਅਹੁਦਾ ਬੜਾ ਭਰਾ ਲਹਿਰੀ ਰਾਮ ਉਰਮਿਲਾ ਦੇ ਕਦੇ ਕਦਾਈਂ ਮਾੜੀ ਮੋਟੀ ਪੀ ਕੇ ਚਾਰ ਕੁ ਲਗਾ ਦਿੰਦਾ ਸੀ।ਜਨਾਨੀ ਨੂੰ ਸਿੱਧਿਆਂ ਰੱਖ਼ਣ ਲਈ ਬੰਦੇ ਤੋਂ ਕਦੇ ਕਦਾਈਂ ਉੱਚਾ ਨੀਵਾਂ ਵੀ ਬੋਲ ਹੋ ਜਾਂਦਾ ਹੈ ਤੇ ਕਦੇ ਕਦਾਈਂ ਹੱਥ ਵੀ ਚੁੱਕ ਹੋ ਜਾਂਦਾ ਹੈ।ਕਦੇ ਕਦਾਈਂ ਗੁੱਸੇ ਵਿਚ ਆ ਕੇ ਮਾੜੀ ਜਿਹੀ ਕਰਾਰੀ ਜਿਹੀ ਚੁਪੇੜ ਵੀ ਲੱਗ ਜਾਂਦੀ ਹੈ ਜਿਸ ਨਾਲ਼ ਮਾੜੀ ਮੋਟੀ ਝਰੀਟ ਵੀ ਪੈ ਜਾਂਦੀ ਹੈ। ਪਰ ਇਥੇ ਯੂ ਕੇ ਵਿਚ ਤਾਂ ਜਨਾਨੀਆਂ ਮਾੜੀ ਜਿਹੀ ਗੱਲ ਉੱਤੇ ਹੀ ਪਲੀਸ ਬੁਲਾ ਲੈਂਦੀਆਂ ਹਨ।ਮੁਲਕ ਜੁ ਕਸੂਤਾ ਹੋਇਆ।ਤੀਮੀਆਂ ਤਾਂ ਸਾਲ਼ੀਆਂ ਇੱਥੇ ਬਾਹਲ਼ੀਆਂ ਹੀ ਭੂਤਰੀਆਂ ਹੋਈਆਂ ਨੇ।ਉੱਪਰੋਂ ਇਨ੍ਹਾ ਦੇ ਹੱਕਾਂ ਲਈਂ ਸਰਕਾਰੀ ਖ਼ਜ਼ਾਨੇ ਦੀ ਮਦਦ ਨਾਲ਼ ਬੇਸ਼ੁਮਾਰ ਅਦਾਰੇ ਖ਼ੁਲ੍ਹੇ ਹੋਏ ਨੇ।ਬੰਦੇ ਦੀ ਤਾਂ ਇਥੇ ਜੂਨ ਹੀ ਕੋਈ ਨਹੀਂ ਯਾਰੋ।ਆਹ ਸਾਡੇ ਹੀ ਘਰ ‘ਚ ਦੇਖ਼ ਲਓ।ਆਹ ਮੇਰੀ ਭਰਜਾਈ ਨੇ ਤਾਂ ਮੇਰੇ ਭਰਾ ਨੂੰ ਗਲ਼ੀਆਂ ਦਾ ਕੱਖ਼ ਬਣਾ ਕੇ ਰੱਖ਼ ਦਿਤਾ ਬਈ। ਭਲਮਾਣਸੀ ਦਾ ਤਾਂ ਜ਼ਮਾਨਾ ਹੈ ਹੀ ਨਹੀਂ ਮਾਪਿਓ। ਆਦਮੀਆਂ ਦੇ ਤਾਂ ਇਨ੍ਹਾਂ ਜਨਾਨੀਆਂ ਨੇ ਪੂਰੀ ਤਰ੍ਹਾਂ ਨਕੇਲ ਪਾਈ ਹੋਈ ਆ।ਚਾਰ ਕੁ ਲਾ ਦੇਵੇ ਤਾਂ ਬਾਈਫ਼ ਬੀਟਰ ਹੋ ਜਾਂਦੈ।ਦਾਰੂ ਦੇ ਚਾਰ ਕੁ ਘੁੱਟ ਪੀ ਲਵੇ ਤਾਂ ਐਲਕੋਹਿਲਿਕ ਹੋ ਜਾਂਦੈ।ਗੱਲ ਤਾਂ ਜੀ ਦਰਅਸਲ ਪੈਸੇ ‘ਤੇ ਆ ਜਾਂਦੀ ਐ।ਕੰਮ ਕਰਕੇ ਪੈਸੇ ਕਮਾਉਣ ਵਾਲ਼ੀਆਂ ਤੀਮੀਆਂ ਤਾਂ ਨੱਕ ਉੱਤੇ ਮੱਖੀ ਨਹੀਂ ਬਹਿਣ ਦਿੰਦੀਆਂ।ਵਿਹਲੀਆਂ ਵਾਸਤੇ ਵੈਲਫ਼ੇਅਰ ਜ਼ਿੰਦਾਬਾਦ।ਅਗਰ ਜ਼ਿਆਦਾ ਹੀ ਕਹਿਰ ਟੁੱਟ ਪਵੇ ਤਾਂ ਪਾਰਟ ਟਾਈਮ ਜੌਬ ਤਾਂ ਵੱਟ ‘ਤੇ ਪਈ ਆ।ਐਹੋ ਜਿਹੀਆਂ ਸਹੂਲਤਾਂ ਦੇ ਹੁੰਦਿਆਂ ਹੋਇਆਂ ਭਲਾ ਮਰਦ ਜ਼ਾਤ ਨੂੰ ਕੌਣ ਪੁੱਛਦਾ? ਇੰਡੀਅਨ ਲੋਕਾਂ ਨਾਲ਼ ਸਤੀਸ਼ ਅਕਸਰ ਹੀ ਇਹੋ ਜਿਹੀਆਂ ਗੱਲਾਂ ਕਰਦਾ ਰਹਿੰਦਾ।
ਸਤੀਸ਼ ਦੇ ਵੱਡੇ ਭਰਾ ਲਹਿਰੀ ਰਾਮ ਨੂੰ ਸਾਰੇ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਦੇ ਸਮਝਾਉਣ ਦੇ ਬਾਵਜੂਦ ਵੀ ਉਹਦੀ ਬੀਵੀ ਉਰਮਿਲਾ ਨੇ ਤਲਾਕ ਦੇ ਦਿੱਤਾ ਸੀ।ਉਹਦਾ ਕਹਿਣਾ ਸੀ ਕਿ ਲਹਿਰੀ ਰਾਮ ਸ਼ਰਾਬ ਪੀ ਕੇ ਉਹਨੂੰ ਮਾਰਦਾ ਕੁੱਟਦਾ ਸੀ।ਉਸ ਦਾ ਇਹ ਵੀ ਕਹਿਣਾ ਸੀ ਕਿ ਉਸ ਦਾ ਖ਼ਾਬੰਦ ਉਸ ਨੂੰ ਉਹਦੀ ਮਰਜ਼ੀ ਤੋਂ ਉਲਟ ਹਮਬਿਸਤਰੀ ਲਈ ਵੀ ਮਜਬੂਰ ਕਰਦਾ ਰਹਿੰਦਾ ਸੀ ਤੇ ਕਈ ਵੇਰ ਇਹ ਗੱਲ ਬਲਾਤਕਾਰ ਤੋਂ ਘੱਟ ਨਹੀਂ ਸੀ ਹੁੰਦੀ।ਉਹ ਉਰਮਿਲਾ ਨੂੰ ਬਾਹਰ ਅੰਦਰ ਜਾਣ ਦੀ ਵੀ ਆਗਿਆ ਨਹੀਂ ਸੀ ਦਿੰਦਾ ਤੇ ਬਾਹਰ ਜਾ ਕੇ ਕੰਮਕਾਰ ਵੀ ਨਹੀਂ ਸੀ ਕਰਨ ਦਿੰਦਾ।ਉਹ ਪੈਸੇ ਧੇਲੇ ਵਲੋਂ ਵੀ ਤੰਗ ਹੀ ਰਹਿੰਦੀ ਸੀ।ਲਹਿਰੀ ਰਾਮ ਨਾ ਸਿਰਫ਼ ਉਹਨੂੰ ਰੇਪ ਹੀ ਕਰਦਾ ਸੀ ਸੱਗੋਂ ਉਹ ਉਰਮਿਲਾ ਦੇ ਕੋਮਲ ਭਾਵਾਂ ਨੂੰ ਵੀ ਨਹੀਂ ਸੀ ਸਮਝਦਾ।ਉਹ ਉਹਨੂੰਂ ਕਿਤਾਬਾਂ ਵੀ ਨਹੀਂ ਸੀ ਖ਼ਰੀਦਣ ਦਿੰਦਾ।ਇਥੋਂ ਤੱਕ ਕਿ ਅਗਰ ਉਹ ਲਾਇਬਰੇਰੀ ਤੋਂ ਕਿਤਾਬਾਂ ਲੈ ਆਉਂਦੀ ਤਾਂ ਪੜ੍ਹਨ ਨਾ ਦਿੰਦਾ।ਸ਼ਾਇਦ ਉਹਨੂੰ ਲਗਦਾ ਸੀ ਕਿ ਕਿਤਾਬਾਂ ਪੜ੍ਹ ਕੇ ਉਹਦੀ ਤੀਮੀਂ ਵਿਗੜ ਜਾਵੇਗੀ।ਆਪਣੇ ਵਿਹਾਉਤਾ ਜੀਵਨ ਦੌਰਾਨ ਲਹਿਰੀ ਰਾਮ ਉਹਨੂੰ ਕਦੇ ਵੀ ਕਿਧਰੇ ਛੁੱਟੀਆਂ ਕੱਟਣ ਲਈ ਨਹੀਂ ਸੀ ਲੈ ਕੇ ਗਿਆ। ਉਹਦੇ ਭਾਣੇ ਤਾਂ ਛੁੱਟੀਆਂ ਸਿਰਫ਼ ਇੰਡੀਆਂ ਵਿਚ ਹੀ ਕੱਟੀਆਂ ਜਾ ਸਕਦੀਆਂ ਸਨ।ਉਹ ਇਹ ਵੀ ਕਹਿੰਦੀ ਸੀ ਕਿ ਲਹਿਰੀ ਰਾਮ ਨੂੰ ਸ਼ਰਾਬ ਅਤੇ ਸਿਗਰਟ ਨੋਸ਼ੀ ਦੇ ਨਾਲ਼ ਨਾਲ਼ ਜੂਆ ਖ਼ੇਡਣ ਦੀ ਵੀ ਲੱਤ ਸੀ। ਉਹ ਕਹਿੰਦੀ ਸੀ ਕਿੰਝ ਲਹਿਰੀ ਰਾਮ ਨੂੰ ਆਪਣੀਆਂ ਤਿੰਨ ਧੀਆਂ ਦੇ ਭਵਿੱਖ਼ ਦਾ ਵੀ ਕੋਈ ਫ਼ਿਕਰ ਫ਼ਾਕਾ ਨਹੀਂ ਸੀ।ਇਹ ਤਿੰਨੋਂ ਕੁੜੀਆਂ ਦਿਨੋ ਦਿਨ ਧਰੇਕਾਂ ਵਾਂਗੂੰ ਵਧ ਰਹੀਆਂ ਸਨ।ਵੱਡੀ ਧੀ ਵਿਤੋਂ ਵੱਧ ਫ਼ੈਸ਼ਨਦਾਰ ਹੋ ਰਹੀ ਸੀ ਤੇ ਛੋਟੀਆਂ ਬੜੀ ਭੈਣ ਦੀ ਨਕਲ ਕਰ ਰਹੀਆਂ ਸਨ।
ਕਈ ਵਰ੍ਹੇ ਪਹਿਲਾਂ ਲਹਿਰੀ ਰਾਮ ਇੰਡੀਆ ਤੋ ਆ ਕੇ ਇਥੇ ਇੰਗਲੈਂਡ ਆਣ ਵਸਿਆ ਸੀ।ਇਕੱਲਾ ਸੀ।ਦੱਬ ਕੇ ਕੰਮਕਾਰ ਕਰਦਾ ਸੀ।ਦੱਬ ਕੇ ਸ਼ਰਾਬ ਪੀਂਦਾ ਸੀ।ਉਸ ਨੇ ਇਕ ਘਟੀਆ ਕਿਸਮ ਦੀ ਤੇ ਸ਼ਰਾਬਣ ਟਾਈਪ ਗੋਰੀ ਵੀ ਰੱਖ਼ੀ ਹੋਈ ਸੀ।ਕਹਿੰਦੇ ਨੇ ਕਿ ਨਾ ਉਹ ਦਾਰੂ ਨਾਲ਼ ਰੱਜਦੀ ਸੀ ਤੇ ਨਾ ਹੀ ਸੈਕਸ ਨਾਲ਼।ਭਰਵੇਂ ਜੁੱਸੇ ਵਾਲ਼ਾ ਲਹਿਰੀ ਰਾਮ ਬੁੱਲੇ ਵੱਢਦਾ ਤੇ ਮੌਜਾਂ ਲੁੱਟਦਾ।ਛੇਕੜ ਨੂੰ ਜਦੋਂ ਉਹਦੇ ਮਾਂ ਬਾਪ ਨੂੰ ਇੰਡੀਆ ਵਿਚ ਉਹਦੇ ਲੱਛਣਾਂ ਦਾ ਪਤਾ ਲੱਗਾ ਤਾਂ ਸੱਖ਼ਤ ਚਿਠੀਆਂ ਆਉਣ ਲੱਗੀਆਂ ਕਿ ਉਹ ਭਲਾ ਮਾਣਸ ਬਣਕੇ ਇੰਡੀਆਂ ਆ ਜਾਵੇ ਤੇ ਇਥੇ ਆਕੇ ਵਿਆਹ ਕਰਾਵੇ।ਉਹ ਲਿਖ਼ਦੇ ਸਨ ਕਿ ਉਸ ਲਈ ਕੁੜੀਆਂ ਦਾ ਕੋਈ ਘਾਟਾ ਨਹੀਂ ਹੋਵੇਗਾ।ਵਲੈਤੀ ਮੁੰਡਿਆਂ ਦੀ ਤਾਂ ਕਦਰ ਹੀ ਬਹੁਤ ਸੀ।…ਤੇ ਅਖ਼ੀਰ ਉਹ ਇੰਡੀਆ ਗਿਆ ਤੇ ਸੁਹਣੀ, ਸੁਨੱਖੀ,ਲੰਮੀ, ਝੰਮੀ ਤੇ ਪੜ੍ਹੀ ਲਿਖ਼ੀ ਉਰਮਿਲਾ ਨੂੰ ਵਿਆਹ ਲਿਆਇਆ।
ਉਰਮਿਲਾ ਰੱਜ ਕੇ ਸੁਹਣੀ ਸੀ।ਪਿੱਛਿਓਂ ਚੰਗੇ ਘਰ ਦੀ ਸੀ।ਪਰ ਵਲੈਤ ਦੀ ਕਿਰਪਾ ਨਾਲ਼ ਉਸ ਤੋਂ ਕਿਤੇ ਘੱਟ ਪੜ੍ਹੇ ਲਿਖ਼ੇ ਲਹਿਰੀ ਰਾਮ ਨਾਲ਼ ਵਿਆਹੀ ਗਈ।ਇਸ ਰਿਸ਼ਤੇ ਤੋਂ ਖ਼ੁਸ਼ ਤਾਂ ਉਹ ਪਹਿਲਾਂ ਵੀ ਨਹੀਂ ਸੀ ਪਰ ਇਥੇ ਆਕੇ ਤਾਂ ਧਾਹਾਂ ਮਾਰ ਕੇ ਰੋਈ।ਵਲੈਤ ਵਿਚਲੀ ਏਨੀ ਕਠੋਰ ਜ਼ਿੰਦਗ਼ੀ ਦੀ ਉਹਨੇ ਆਸ ਨਹੀਂ ਸੀ ਕੀਤੀ।ਏਨੀਆਂ ਬਿਪਤਾਵਾਂ ਦੀ ਵੀ ਉਸ ਨੂੰ ਉਮੀਦ ਨਹੀਂ ਸੀ।ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੇ ਸੁਪਨਿਆਂ ਦਾ ਮਹਿਲ ਇੰਝ ਢਹਿ ਢੇਰੀ ਹੋ ਜਾਵੇਗਾ।ਨਾ ਕੋਈ ਨੇੜੇ ਤੇੜੇ ਦਾ ਰਿਸ਼ਤੇਦਾਰ-ਨਾ ਕੋਈ ਸੰਗੀ ਸਾਥੀ-ਨਾ ਕੋਈ ਸਹੇਲੀ ਨਾ ਮਹਿਰਮ।ਇਕ ਤਾਂ ਉਹ ਦੁਨਿਆਵੀ ਤੌਰ ‘ਤੇ ਇਕੱਲੀ ਸੀ ਤੇ ਦੂਜੇ ਮਾਨਸਿਕ ਅਤੇ ਦਿਮਾਗ਼ੀ ਤੌਰ ‘ਤੇ ਤਨਹਾ ਸੀ।ਸਭ ਤੋਂ ਦੁਖ਼ਦਾਈ ਚੀਜ਼ ਜ਼ਿਹਨੀ ਅਤੇ ਇੰਟਲੈਕਚੂਐਲ ਇਕੱਲਤਾ ਹੁੰਦੀ ਹੈ।ਦੁਨਿਆਵੀ ਇਕੱਲਤਾ ਤਾਂ ਦੋਸਤਾਂ,ਸਹੇਲੀਆਂ ਤੇ ਰਿਸ਼ਤੇਦਾਰਾਂ ਨਾਲ਼ ਦੂਰ ਹੋ ਸਕਦੀ ਹੈ ਪਰ ਮਾਨਸਿਕ ਤੇ ਦਿਮਾਗ਼ੀ ਇਕੱਲਤਾ ਕਿੰਝ ਦੂਰ ਹੋਵੇ?ਇਸ ਨੂੰ ਦੂਰ ਕਰਨ ਵਾਸਤੇ ਤਾਂ ਕੋਈ ਹਮਖ਼ਿਆਲ ਸਾਥੀ ਚਾਹੀਦਾ ਹੈ।ਕੋਈ ਹਮਖ਼ਿਆਲ ਦੋਸਤ ਚਾਹੀਦਾ ਹੈ।ਇਸ ਵਾਸਤੇ ਤਾਂ ਕੋਈ ਹਮਖ਼ਿਆਲ ਮਹਿਰਮ ਲੋੜੀਂਦਾ ਹੈ ਜਿਹੜਾ ਤੁਹਾਡੇ ਵਾਂਗਰ ਸੋਚ ਸਕੇ।ਤੁਹਾਡੇ ਵਰਗੀਆਂ ਗੱਲਾਂ ਕਰ ਸਕੇ।ਤੁਹਾਡੇ ਵਰਗੇ ਉਹਦੇ ਸ਼ੌਂਕ ਹੋਣ।ਤੁਹਾਡੇ ਵਰਗੀਆਂ ਉਹ ਕਿਤਾਬਾਂ ਪੜ੍ਹਨ ਦਾ ਸ਼ੌਕੀਨ ਹੋਵੇ।ਤੁਹਾਡੇ ਵਰਗੀਆਂ ਫ਼ਿਲਮਾਂ ਵੇਖ਼ਣ ਵਾਲ਼ਾ ਹੋਵੇ।ਉਹ ਫ਼ੁੱਲਾਂ ਵਰਗੀਆਂ ਗੱਲਾਂ ਕਰਦਾ ਹੋਵੇ।ਕਵਿਤਾ ਵਰਗੇ ਉਹਦੇ ਬੋਲ ਹੋਣ ਜਿਹੜੇ ਮਨ ਦੀਆਂ ਤਰਬਾਂ ਨੂੰ ਛੇੜ ਛੇੜ ਜਾਣ।ਦਿਮਾਗੀ ਇਕੱਲਤਾਂ ਵਾਲ਼ਾ ਬੰਦਾ ਤਾਂ ਭੀੜ ਵਿਚ ਵੀ ਇਕੱਲਾ ਹੁੰਦਾ ਹੈ।ਕੁਝ ਇਹੋ ਜਿਹਾ ਹਾਲ ਹੀ ਉਰਮਿਲਾ ਦਾ ਸੀ।ਉਹ ਵੀ ਇਸ ਭੀੜ ਵਿਚ ਇਕੱਲੀ ਸੀ।ਉਸ ਦਾ ਵੀ ਕੋਈ ਨਹੀਂ ਸੀ।ਉਹ ਆਲ਼ੇ ਦੁਆਲੇ ਦੀਆਂ ਇੰਡੀਅਨ ਤੀਮੀਆਂ ਨੂੰ ਵੀ ਮਿਲ਼ਦੀ ਤਾਂ ਉਸ ਨੂੰ ਉਹਨਾਂ ਕੋਲ਼ੋਂ ਬੇਸਿਕ ਜਿਹੀਆਂ ਗੱਲਾਂ ਤੋਂ ਵੱਧ ਕੁਝ ਵੀ ਨਾ ਮਿਲ਼ਦਾ।ਉਹ ਸੁਰਖ਼ੀਆਂ, ਬਿੰਦੀਆਂ,ਸੂਟਾਂ,ਸਾੜ੍ਹੀਆਂ,ਗਹਿਣਿਆਂ ਤੇ ਸੱਸ ਸਹੁਰੇ ਦੀਆਂ ਬਦਖ਼ੋਹੀਆਂ ਤੋਂ ਵੱਧ ਕੁਝ ਵੀ ਨਾ ਜਾਣਦੀਆਂ।ਉਰਮਿਲਾ ਕੇਵਲ ਤੇ ਕੇਵਲ ਇਕ ਪਦਾਰਥਵਾਦੀ ਮਾਹੌਲ ਵਿਚ ਆ ਗਈ ਸੀ।ਇਹੋ ਜਿਹਾ ਮਾਹੌਲ ਜਿੱਥੇ ਸਿਵਾਏ ਪਦਾਰਥਵਾਦੀ ਪ੍ਰਾਪਤੀਆਂ ਤੇ ਅਪ੍ਰਾਪਤੀਆਂ ਤੋਂ ਕੁਝ ਵੀ ਨਹੀਂ ਸੀ ਵਾਪਰਦਾ।ਜ਼ਿੰਦਗੀ ਇਕ ਪਾਸੜ ਜਿਹੀ ਸੀ।ਇਸ ਚੋਂ ਸੁਹਜ ਸੁਆਦ ਤੇ ਸੂਖ਼ਮ ਭਾਵ ਗ਼ੈਰਹਾਜ਼ਰ ਸਨ।ਇਕ ਖ਼ਿਲਾਅ ਜਿਹਾ ਸੀ ਉਰਮਿਲਾ ਦੇ ਜੀਵਨ ਵਿਚ।ਇਕ ਸੂਨਅ ਜਿਹਾ ਸੀ ਉਰਮਿਲਾ ਦੇ ਜੀਵਨ ਵਿਚ।ਇਸ ਖ਼ਿਲਾਅ, ਇਸ ਸ਼ੁਨਯ ਨੂੰ ਲਹਿਰੀ ਰਾਮ ਤਾਂ ਬਿਲਕੁਲ ਹੀ ਨਹੀਂ ਸੀ ਭਰ ਸਕਦਾ।ਉਹ ਭਾਵੇਂ ਪੜ੍ਹਿਆ ਲਿਖ਼ਿਆ ਸੀ ਪਰ ਉਸ ਨੂੰ ਸੂਖ਼ਮ-ਭਾਵੀ ਗੱਲਾਂ ਤਾਂ ਬਿਲਕੁਲ ਨਹੀਂ ਸੀ ਆਉਂਦੀਆਂ।ਉਹ ਕੰਮ ਕਾਰ ਵੀ ਇਥੇ ਆਪਣੀ ਪੜ੍ਹਾਈ ਦੇ ਹਾਣ ਦਾ ਨਹੀਂ ਸੀ ਕਰ ਰਿਹਾ।ਉਸ ਦਾ ਮੁੱਦਾ ਤਾਂ ਬੱਸ ਪੈਸੇ ਕਮਾਉਣਾ ਹੀ ਸੀ ਬੱਸ।ਉਹ ਜਦੋਂ ਇੱਥੇ ਆਇਆ ਸੀ ਤਾਂ ਉਹ ਕਿਸੇ ਅਜਿਹੀ ਜੌਬ ਦੀ ਤਲਾਸ਼ ਵਿਚ ਨਹੀਂ ਸੀ ਜਿਸ ਵਿਚ ਉਹ ਸੂਟ ਟਾਈ ਨਾਲ਼ ਦਫ਼ਤਰ ਜਾ ਸਕਦਾ ਹੋਵੇ।ਜਾਂ ਉਸ ਦੇ ਮਨ ਵਿਚ ਇਹ ਤਮੰਨਾ ਹੋਵੇ ਕਿ ਆਪਣੀ ਜੌਬ ਅਤੇ ਪ੍ਰੌਸਪੈਕਟਸ ਦੀ ਬਿਹਤਰੀ ਲਈ ਹੋਰ ਪੜ੍ਹ ਕੇ ਤੇ ਮਿਹਨਤ ਕਰਕੇ ਅੱਗੇ ਵੱਧ ਸਕਦਾ ਹੋਵੇ।ਉਹ ਜਿਓਂ ਹੀ ਇੱਥੇ ਆਇਆ ਕਿ ਇਕ ਫ਼ੈਕਟਰੀ ਵਿਚ ਇਕ ਰੁਟੀਨ,ਮੋਨੋਟਨਸ ਤੇ ਬੋਰਿੰਗ ਜਿਹੀ ਜੌਬ ਉੱਤੇ ਲੱਗ ਗਿਆ ਸੀ। ਉਸ ਫ਼ੈਕਟਰੀ ਵਿਚ ਮਕਾਨਾਂ ਨੂੰ ਰੋਗਨ ਕਰਨ ਵਾਲ਼ੇ ਰੋਗਨ ਬਣਦੇ ਸਨ।ਲਹਿਰੀ ਰਾਮ ਦੀ ਜੌਬ ਸਿਰਫ਼ ਇਹ ਸੀ ਕਿ ਉਹ ਇਕ ਲੰਮੇ ਪਟੇ ਉੱਤੇ ਆਉਂਦੇ ਡੱਬਿਆਂ ਉੱਤੇ ਢੱਕਣ ਰੱਖੀ ਜਾਂਦਾ ਸੀ ਜਿਹਨੂੰ ਅਗਲੀ ਮਸ਼ੀਨ ਏਅਰ ਟਾਈਟ ਤੌਰ ‘ਤੇ ਸੀਲ ਕਰੀ ਜਾਂਦੀ ਸੀ। ਉਹਨੂੰ ਇਹ ਜੌਬ ਏਨੀ ਸੌਖ਼ੀ ਲੱਗੀ ਕਿ ਉਸ ਨੇ ਇਹਨੂੰ ਬਦਲਣ ਦੀ ਕਦੇ ਲੋੜ ਹੀ ਮਹਿਸੂਸ ਨਾ ਕੀਤੀ।ਉਹ ਬਾਰਾਂ ਬਾਰਾਂ ਘੰਟੇ ਦੀਆਂ ਸ਼ਿਫ਼ਟਾਂ ਲਾਉਂਦਾ ਸੀ।ਕਈ ਵੇਰ ਉਹ ਸੱਤੇ ਹੀ ਦਿਨ ਫ਼ੈਕਟਰੀ ਵਿਚ ਵੜਿਆ ਰਹਿੰਦਾ ਸੀ।ਦਿਨ ਦੀ ਸ਼ਿਫ਼ਟ ਲਾਕੇ ਜਦੋਂ ਉਹ ਘਰ ਆਉਂਦਾ ਤਾਂ ਉਹਨੂੰ ਦੂਜੇ ਦਿਨ ਸਵੇਰੇ ਛੇ ਵਜੇ ਕੰਮ ‘ਤੇ ਜਾਣ ਦਾ ਫ਼ਿਕਰ ਹੁੰਦਾ। ਉਹ ਘਰ ਪਹੁੰਚਣ ਵਿਚ ਵੀ ਅਕਸਰ ਹੀ ਲੇਟ ਹੁੰਦਾ ਸੀ।ਰਾਹ ਵਿਚ ਪੈਂਦੇ ਪੱਬ ਚੋਂ ਉਹ ਦਾਰੂ ਨਾਲ਼ ਰੱਜ ਕੇ ਘਰ ਪਹੁੰਚਦਾ ਸੀ।ਘਰ ਵੜਦਿਆਂ ਹੀ ਉਹ ਉਰਮਿਲਾ ਨੂੰ ਖਿਝ ਖਿਝ ਪੈਂਦਾ।ਨੰਨ੍ਹੀਆਂ ਦੋਹਾਂ ਧੀਆਂ ਨਾਲ਼ ਲਾਡ ਪਿਆਰ ਦੀਆਂ ਗੱਲਾਂ ਨਾ ਕਰਦਾ।ਉਹਦੇ ਆਉਂਦਿਆਂ ਹੀ ਸਾਰੇ ਘਰ ਵਿਚ ਰੋਗਨ ਦਾ ਮੁਸ਼ਕ ਫ਼ੈਲ ਜਾਂਦਾ।ਭਾਵੇਂ ਕਿ ਉਰਮਿਲਾ ਉਹਦੇ ਕਪੜਿਆਂ ਨੂੰ ਮਲ਼ ਮਲ਼ ਧੋਂਦੀ ਤੇ ਚੰਗੇ ਚੰਗੇ ਤੇ ਖ਼ੁਸ਼ਬੂਦਾਰ ਡੀਟਰਜੈਂਟਸ ਦਾ ਇਸਤੇਮਾਲ ਕਰਦੀ।ਪਰ ਬੂਅ ਸੀ ਕਿ ਜਾਂਦੀ ਹੀ ਨਹੀਂ ਸੀ। ਉਹਨੂੰ ਇਹ ਮੁਸ਼ਕ ਬਹੁਤ ਹੀ ਭੈੜਾ ਤੇ ਜੀਅ ਕੱਚਾ ਕੱਚਾ ਕਰ ਦੇਣ ਵਾਲ਼ ਲਗਦਾ ਸੀ।ਉਰਮਿਲਾ ਨੂੰ ਰੋਗਨ ਦਾ ਮੁਸ਼ਕ ਘਰ ਦੇ ਹਰ ਖ਼ੂੰਜੇ ਅਤੇ ਹਰ ਨੁੱਕਰ ਵਿਚੋਂ ਆਉਂਦਾ ਸੀ।ਇਥੋਂ ਤੀਕ ਕਿ ਦਾਲ਼ਾਂ ਸਬਜ਼ੀਆਂ ਵਿਚੋਂ ਵੀ ਉਹਨੂੰ ਐਂਓਂ ਲਗਦਾ ਜਿਵੇਂ ਉਨ੍ਹਾਂ ਵਿਚੋਂ ਵੀ ਰੋਗਨ ਅਤੇ ਪੇਂਟ ਦਾ ਸੁਆਦ ਆ ਰਿਹਾ ਹੋਵੇ।ਰੋਟੀ ਖਾਂਦੀ ਤਾਂ ਵੀ ਉਹਨੂੰ ਐਂਓਂ ਲਗਦਾ ਜਿਵੇਂ ਪਾਣੀ ਦੀ ਥਾਂ ਆਟੇ ਵਿਚ ਪੇਂਟ ਥਿੰਨਰ ਪਾ ਦਿੱਤਾ ਹੋਵੇ।ਲਹਿਰੀ ਰਾਮ ਜਦੋਂ ਘਰ ਵੜਦਾ ਤਾਂ ਘਰ ਦੀ ਤਾਜ਼ਗ਼ੀ ਪੇਂਟ ਦੇ ਮੁਸ਼ਕ ਅਤੇ ਸ਼ਰਾਬ ਦੀ ਬੂਅ ਵਿਚ ਗਰਕ ਜਾਂਦੀ।ਉਰਮਿਲਾ ਜਦੋਂ ਏਅਰ ਫ਼ਰੈਸ਼ਨਰ ਸਪਰੇਅ ਕਰਦੀ ਤਾਂ ਲਹਿਰੀ ਰਾਮ ਹੋਰ ਵੀ ਖਿਝਦਾ ਤੇ ਉਹਨੂੰ ਝਈਆਂ ਲੈ ਲੈ ਪੈਂਦਾ।ਜਦੋਂ ਲਹਿਰੀ ਰਾਮ ਰਾਤ ਦੀਆਂ ਸ਼ਿਫ਼ਟਾਂ ਉੱਤੇ ਹੁੰਦਾ ਤੇ ਜਦੋਂ ਉਹ ਸਵੇਰੇ ਸਾਰ ਆਕੇ ਉਰਮਿਲਾ ਨਾਲ਼ ਨਿੱਘੇ ਬਿਸਤਰੇ ਵਿਚ ਪੈਂਦਾ ਤਾਂ ਉਰਮਿਲਾ ਦਾ ਦਮ ਘੁੱਟਣ ਲਗਦਾ।ਉਹ ਕਚੀਚੀਆਂ ਵੱਟ ਵੱਟ ਉਹਦਾ ਸੰਗ ਕਰਦੀ।ਉਹ ਕੁਝ ਦੇਰ ਲਈ ਠੰਡੇ ਗੋਸ਼ਤ ਵਾਂਗ ਉਹਦਾ ਸੰਗ ਕਰਕੇ ਉਸ ਤੋਂ ਵੱਖ ਹੋ ਜਾਂਦੀ।ਉਹ ਪਲਟ ਕੇ ਦੇਖ਼ਦੀ ਤਾਂ ਲਹਿਰੀ ਰਾਮ ਘੁਰਾੜੇ ਮਾਰ ਰਿਹਾ ਹੁੰਦਾ।ਇਸ ਕਿਸਮ ਦੇ ਪਿਆਰ-ਰਹਿਤ ਕਰਤਵ ਕਰਦਿਆਂ ਉਸ ਨੇ ਉਪਰੋਥਲ਼ੀ ਤਿੰਨ ਕੁੜੀਆਂ ਜੰਮ ਛੱਡੀਆਂ ਸਨ।ਉਸ ਦੀ ਜ਼ਿੰਦਗ਼ੀ ਇੱਕ ਵਿਅਰਥ ਜਿਹੀ ਸਥਿੱਤੀ ਵਿੱਚੀਂ ਗੁਜ਼ਰ ਰਹੀ ਸੀ ਜਿਸਦੇ ਕੋਈ ਮਾਅਨੇ ਨਹੀਂ ਸਨ।ਜਿਸਦਾ ਕੋਈ ਮਤਲਬ ਨਹੀਂ ਸੀ।ਬੱਚਿਆਂ ਦਾ ਪੈਦਾ ਹੋਣਾ ਉਸ ਲਈ ਇਕ ਭੌਤਿਕ ਕਰਮ ਹੀ ਸੀ।ਉਹਦੇ ਬੱਚੇ ਉਹਦੇ ‘ਤੇ ਉਹਦੀ ਪਤਨੀ ਦੇ ਪਿਆਰ ਚੋਂ ਨਹੀਂ ਸਨ ਜਨਮੇ।ਸਰੀਰਕ ਕਰਮ ਦਾ ਕੋਈ ਤਾਂ ਪ੍ਰਤੀਕਰਮ ਹੋਣਾ ਹੀ ਸੀ ਤੇ ਇਸ ਪ੍ਰਤੀਕਰਮ ਚੋਂ ਹੀ ਇਹ ਤਿੰਨ ਧੀਆਂ ਇਹਨੂੰ ਰੱਬ ਨੇ ਦੇ ਦਿੱਤੀਆਂ ਸਨ। ਧੀਆਂ ਕੀ ਸਨ ਸੰਗਮਰਮਰ ਦੀਆਂ ਮੂਰਤਾਂ ਹੀ ਤਾਂ ਸਨ।ਉਰਮਿਲਾ ਵੀ ਤਾਂ ਆਖ਼ਰ ਸੁਹਣੀ ਸੀ ਤੇ ਲਹਿਰੀ ਰਾਮ ਵੀ ਸ਼ਕਲ ਸੂਰਤ ਤੋਂ ਮਾੜਾ ਨਹੀਂ ਸੀ।ਇਨ੍ਹਾਂ ਦੋਹਾਂ ਦੇ ਸਰੀਰਕ ਸੰਗਮ ਚੋਂ ਸੁੰਦਰ ਬੱਚੇ ਹੀ ਤਾਂ ਪੈਦਾ ਹੋਣੇ ਸਨ।ਪਰੰਤੂ ਇਹ ਖ਼ੂਬਸੂਰਤ ਧੀਆਂ ਜੰਮਣ ਉਪਰੰਤ ਉਰਮਿਲਾ ਦਾ ਜੀਵਨ ਹੋਰ ਵੀ ਕੋਝਾ ਹੋ ਗਿਆ।ਲਹਿਰੀ ਰਾਮ ਉਸ ਨਾਲ਼ ਹੋਰ ਵੀ ਰੁੱਖ਼ਾ ਹੋ ਗਿਆ ਸੀ ਤੇ ਹੋਰ ਵੀ ਕੁਰੱਖ਼ਤ ਹੋ ਗਿਆ ਸੀ।ਉਹ ਉਸ ਨੂੰ ਇਕ ਧੀਆਂ ਜੰਮਣ ਵਾਲ਼ੀ ਮਸ਼ੀਨ ਆਖ਼ਦਾ।ਉਹ ਉਹਨੂੰ ਅਜਿਹੀਆਂ ਗੱਲਾਂ ਆਖ਼ਦਾ ਜਿਸ ਨਾਲ਼ ਉਰਮਿਲਾ ਪੀੜੋ ਪੀੜ ਹੋ ਜਾਂਦੀ।
ਸਾਫ਼ ਜ਼ਾਹਰ ਸੀ ਕਿ ਲਹਿਰੀ ਰਾਮ ਉਰਮਿਲਾ ਦੀ ਮਾਨਸਿਕਤਾ ਨੂੰ ਨਹੀਂ ਸੀ ਸਮਝਦਾ।ਉਹ ਉਹਦੀ ਮਾਨਸਿਕ ਇਕੱਲਤਾ ਤੋਂ ਸੁਚੇਤ ਨਹੀਂ ਸੀ। ਉਹ ਉਸ ਦੇ ਸੰਗੀਤ,ਕਵਿਤਾ ਤੇ ਕਿਤਾਬਾਂ ਪੜ੍ਹਨ ਦੇ ਸ਼ੌਕ ਤੋਂ ਅਗਿਆਤ ਸੀ।ਉਹ ਤਾਂ ਇਹ ਵੀ ਨਹੀਂ ਸੀ ਸਮਝਦਾ ਕਿ ਆਦਮੀ ਤੇ ਤੀਵੀਂ ਵਿਚਕਾਰ ਇਕੱਲਾ ਲਿੰਗ-ਕਰਮ ਹੀ ਨਹੀਂ ਹੁੰਦਾ। ਇਸ ਲਿੰਗ ਕਰਮ ਵੱਲ ਚੜ੍ਹਨ ਵਾਲ਼ੀਆਂ ਪੌੜੀਆਂ ਵੀ ਬੜਾ ਮਹੱਤਵ ਰਖ਼ਦੀਆਂ ਹਨ।ਉਹ ਤਾਂ ਇਕ ਦਮ ਲਿੰਗ-ਕਰਮ ਵਾਲ਼ੇ ਕੋਠੇ ਉੱਤੇ ਚੜ੍ਹਦਾ ਸੀ ਤੇ ਉਸੇ ਤੇਜ਼ੀ ਨਾਲ਼ ਹੇਠਾਂ ਉੱਤਰ ਅਉੰਦਾ ਸੀ।ਉਸ ਲਈ ਲਿੰਗ-ਕਰਮ ਇਕ ਕੋਮਲ ਭਾਵੀ ਰਿਸ਼ਤਾ ਨਹੀਂ ਸੀ।
ਉਰਮਿਲਾ ਇਹੋ ਜਿਹੀ ਮੋਨੋਟੋਨਸ ਲਾਈਫ਼ ਤੋਂ ਤੰਗ ਆ ਗਈ ਸੀ।ਉਹ ਬਾਹਰ ਜਾਂਦੀ ਤਾਂ ਵਾਤਾਵਰਣ ਦੀ ਸਵੱਛ ਹਵਾ ਚੋਂ ਤਾਜ਼ਗ਼ੀ ਭਾਲਦੀ।ਜ਼ਿੰਦਗ਼ੀ ਜਿਉਣ ਲਈ ਕਿਸੇ ਨਾ ਕਿਸੇ ਢੰਗ ਨਾਲ਼ ਨਵੀਂ ਪ੍ਰੇਰਨਾ ਦੀ ਤਲਾਸ਼ ਕਰਦੀ।ਲਇਬਰੇਰੀ ਜਾਂਦੀ ਤਾਂ ਜ਼ਿੰਦਗ਼ੀ ਵਿਚ ਨਵੀਂ ਰੂਹ ਫ਼ੂਕਣ ਵਾਲ਼ੀਆਂ ਕਿਤਾਬਾਂ ਤਲਾਸ਼ ਕਰਦੀ।ਉਸ ਨੇ ਅੰਗਰੇਜ਼ੀ ਦੀਆਂ ਚੰਗੀਆਂ ਚੰਗੀਆਂ ਕਿਤਾਬਾਂ ਪੜ੍ਹ ਛੱਡੀਆਂ। ਇੰਝ ਕਰਨ ਨਾਲ਼ ਨਾ ਸਿਰਫ਼ ਉਹਦੇ ਵਿਚ ਅੰਗਰੇਜ਼ੀ ਪੜ੍ਹਨ ਦੀ ਮੁਹਾਰਤ ਹੀ ਪੈਦਾ ਹੋ ਗਈ ਸੀ ਸੱਗੋਂ ਉਸ ਵਿਚਲੀ ਔਰਤ ਵਿਚ ਵਿਦਰੋਹ ਦਾ ਸੁੱਤਾ ਸ਼ੇਰ ਵੀ ਜਾਗ ਪਿਆ ਸੀ।ਇਸੇ ਲਈ ਇਕ ਦਿਨ ਜਦੋਂ ਲਹਿਰੀ ਰਾਮ ਨੇ ਖ਼ਿਝ ਕੇ ਉਸ ਦੀਆਂ ਕਿਤਾਬਾਂ ਬਾਹਰ ਸੁੱਟ ਦਿਤੀਆਂ ਸਨ ਤੇ ਸਟੀਰੀਓ ਤੋੜ ਦਿਤਾ ਸੀ ਤਾਂ ਉਹ ਭੁੱਖ਼ੀ ਸ਼ੇਰਨੀ ਵਾਂਗ ਡੱਟ ਗਈ ਸੀ।ਉਸ ਨੇ ਜੋ ਮਨ ਵਿਚ ਆਇਆ ਉਸ ਦਿਨ ਲਹਿਰੀ ਰਾਮ ਨੂੰ ਕਹਿ ਛੱਡਿਆ।ਜਿਸ ਦੇ ਸਿੱਟੇ ਵਜੋਂ ਲਹਿਰੀ ਰਾਮ ਨੇ ਉਹਨੂੰ ਖ਼ੂਬ ਕੁੱਟਿਆ।ਕੁੜੀਆਂ ਡਰ ਕੇ ਆਪੋ ਆਪਣਿਆਂ ਕਮਰਿਆ ਵਿਚ ਵੜ ਗਈਆਂ।ਪਰ ਔਰਮਿਲਾ ਉਸ ਦਿਨ ਰੋਈ ਨਹੀਂ।ਚੁੱਪ ਚਾਪ ਆਪਣੇ ਪਤੀ ਕੋਲ਼ੋਂ ਕੁੱਟ ਖਾ ਗਈ।ਥੱਕ ਕੇ, ਹਫ਼ ਕੇ ਲਹਿਰੀ ਰਾਮ ਪੱਬ ਨੂੰ ਚਲਾ ਗਿਆ।ਪਰ ਅਜੇ ਉਸ ਨੇ ਬੀਅਰ ਦਾ ਪਹਿਲਾ ਗਲਾਸ ਵੀ ਨਹੀਂ ਸੀ ਪੀਤਾ ਕਿ ਪੁਲੀਸ ਦੇ ਇਕ ਕੰਨਸਟੇਬਲ ਨੇ ਉਹਨੂੰ ਬਾਹੋਂ ਫ਼ੜ ਕੇ ਪੁਲੀਸ ਦੇ ਲੋਗੋ ਵਾਲ਼ੀ ਕਾਰ ਵਿਚ ਬਿਠਾ ਲਿਆ।
ਉਹ ਲਹਿਰੀ ਰਾਮ ਨੂੰ ਪੁਲੀਸ ਸਟੇਸ਼ਨ ਲੈ ਆਏ।ਲਹਿਰੀ ਰਾਮ ਹੱਕਾ ਬੱਕਾ ਰਹਿ ਗਿਆ।ਉਸ ਦੇ ਹੱਥਾਂ ਦੇ ਉਦੋਂ ਤਾਂ ਤੋਤੇ ਹੀ ਉੜ ਗਏ ਜਦੋਂ ਉਸ ਨੇ ਦੇਖਿਆ ਕਿ ਉਰਮਿਲਾਂ ਤੇ ਉਨ੍ਹਾਂ ਦੀਆਂ ਧੀਆਂ ਵੀ ਪਲੀਸ ਸਟੇਸ਼ਨ ਹੀ ਬੈਠੀਆਂ ਸਨ। ਬਲਕਿ ਛੋਟੀਆਂ ਦੋ ਤਾਂ ਰੋ ਵੀ ਰਹੀਆਂ ਸਨ।ਉਰਮਿਲਾ ਹੁਣ ਉੱਚੀ ਉੱਚੀ ਬੋਲ ਰਹੀ ਸੀ,"ਮੈਂ ਇਸ ਜ਼ਾਲਮ ਬੰਦੇ ਨਾਲ਼ ਨਹੀਂ ਰਹਿ ਸਕਦੀ।ਮੈਨੂੰ ਇਸ ਬੁੱਚੜ ਕੋਲ਼ੌਂ ਬਚਾਓ।ਮੇਰੀ ਰੱਖ਼ਿਆ ਕਰੋ।ਮੇਰੀਆਂ ਧੀਆਂ ਦੀ ਸਾਰ ਲਵੋ।"
ਲਹਿਰੀ ਰਾਮ ਨੇ ਮੌਕੇ ਨੂੰ ਸੰਭਾਂਲਣ ਵਿਚ ਚੁਸਤੀ ਦਿਖ਼ਾਈ।ਉਸ ਨੇ ਪੁਲੀਸ ਕੋਲ਼ ਆਪਣੇ ਜੁਰਮ ਦਾ ਇਕਬਾਲ ਕਰ ਲਿਆ ਤੇ ਆਖ਼ਿਆ ਕਿ ਉਸ ਦੀ ਮੂਰਖ਼ਤਾ ਕਰ ਕੇ ਹੀ ਇਹ ਕੁਝ ਹੋ ਗਿਆ ਸੀ ਤੇ ਉਹ ਇਸ ਵਾਸਤੇ ਬਹੁਤ ਹੀ ਅਫ਼ਸੋਸ ਜ਼ਾਹਰ ਕਰਦਾ ਹੈ ਤੇ ਆਪਣੀ ਕੀਤੀ ਉੱਤੇ ਬਹੁਤ ਸ਼ਰਮਿੰਦਾ ਵੀ ਹੈ।ਉਸ ਨੇ ਇਹ ਵਚਨ ਵੀ ਦੇ ਦਿੱਤਾ ਕਿ ਅੱਗੋਂ ਤੋਂ ਉਹ ਉਰਮਿਲਾ ਉੱਤੇ ਹੱਥ ਨਹੀਂ ਚੁੱਕੇਗਾ।
ਉਹ ਘਰ ਪਰਤ ਆਏ।ਪਰ ਉਸ ਤੋਂ ਬਾਅਦ ਸਾਰਾ ਕੁਝ ਹੀ ਬਦਲ ਗਿਆ।ਉਰਮਿਲਾ ਕੁੜੀਆਂ ਦੇ ਕਮਰੇ ਵਿਚ ਸੌਣ ਲੱਗ ਪਈ।ਬੱਚੇ ਪਿਓ ਤੋਂ ਡਰੇ ਡਰੇ ਰਹਿਣ ਲੱਗੇ।ਉਰਮਿਲਾ ਨੌਕਰੀ ਦੀ ਤਲਾਸ਼ ਕਰਨ ਲੱਗ ਪਈ।ਪੜ੍ਹੀ ਲਿਖ਼ੀ ਸੀ।ਉਸ ਨੂੰ ਛੇਤੀ ਹੀ ਸੋਸ਼ਲ ਸਿਕਿਉਰਿਟੀ ਦੇ ਦਫ਼ਤਰ ਵਿਚ ਬਤੌਰ ਕਲਰਕ ਦੇ ਇਕ ਵਧੀਆ ਜੌਬ ਮਿਲ਼ ਗਈ।
ਲਹਿਰੀ ਰਾਮ ਇਕ ਜ਼ਹਿਰੀ ਤੇ ਅੱਧ ਮੋਏ ਸੱਪ ਵਾਂਗ ਜ਼ਹਿਰ ਘੋਲ਼ ਰਿਹਾ ਸੀ।ਉਸ ਦੀ ਜ਼ਿੰਦਗ਼ੀ ਇਕ ਝੱਟਕੇ ਨਾਲ਼ ਹੀ ਅਰਥਹੀਣ ਹੋ ਕੇ ਰਹਿ ਗਈ ਸੀ।ਉਹਦਾ ਛੋਟਾ ਭਰਾ ਸਤੀਸ਼ ਤਾਂ ਬਹੁਤ ਹੀ ਗੱਸੇ ਵਿਚ ਸੀ।ਉਹਦਾ ਗੁੱਸਾ ਉਂਝ ਵੀ ਸਾਰੇ ਭਾਈਚਾਰੇ ਵਿਚ ਮੰਨਿਆ ਹੋਇਆ ਸੀ।ਉਹਨੂੰ ਇੰਡੀਆ ਤੋਂ ਮੰਗਵਾਇਆ ਵੀ ਲਹਿਰੀ ਰਾਮ ਨੇ ਹੀ ਸੀ।ਆਪਣੇ ਵੱਡੇ ਭਰਾ ਦੀ ਹਾਲਤ ਵੇਖ਼ ਕੇ ਸਤੀਸ਼ ਅੱਗ ਉੱਤੇ ਲੇਟਿਆ ਪਿਆ ਸੀ।ਉਹਦਾ ਜੀਅ ਕੀਤਾ ਕਿ ਆਪਣੀ ਭਰਜਾਈ ਦਾ ਗਲ਼ਾ ਘੱਟ ਦੇਵੇ।ਇਕ ਦਿਨ ਉਹ ਲਹਿਰੀ ਰਾਮ ਦੇ ਘਰ ਆਕੇ ਉਰਮਿਲਾ ਨੂੰ ਮੰਦਾ ਚੰਗਾ ਵੀ ਬੋਲਿਆ ਸੀ।ਸਤੀਸ਼ ਦੀ ਬੀਵੀ ਨੇ ਵੀ ਉਰਮਿਲਾ ਨਾਲ਼ ਮਿਲਨਾ ਵਰਤਣਾ ਛੱਡ ਦਿੱਤਾ ਸੀ।ਉਹਨਾਂ ਨੇ ਉਰਮਿਲਾ ਦੇ ਇੰਡੀਆ ਵਿਚ ਰਹਿੰਦੇ ਮਾਂ, ਬਾਪ, ਭੈਣਾਂ, ਭਰਾਵਾਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਵੀ ਉਸ ਦੀ ਬਦਖ਼ੋਈ ਦੀਆਂ ਚਿੱਠੀਆਂ ਲਿਖ਼ ਦਿੱਤੀਆਂ ਸਨ।ਉਰਮਿਲਾ ਦੇ ਪਰਵਾਰ ਵਾਲ਼ਿਆਂ ਨੇ ਟੈਲੀਫ਼ੋਨਾਂ ਅਤੇ ਚਿੱਠੀਆਂ ਰਾਹੀਂ ਉਹਨੂੰ ਸਮਝਾਉਣ ਦੀ ਬੜੀ ਕੋਸ਼ਸ਼ ਕੀਤੀ ਪਰ ਉਰਮਿਲਾ ਸੀ ਕਿ ਟੱਸ ਤੋਂ ਮੱਸ ਨਹੀਂ ਸੀ ਹੋ ਰਹੀ।ਉਹ ਨਹੀਂ ਸੀ ਚਾਹੁੰਦੀ ਕਿ ਉਹ ਆਪਣੀ ਬਾਕੀ ਦੀ ਜ਼ਿੰਦਗ਼ੀ ਇਸੇ ਤਰ੍ਹਾਂ ਹੀ ਹਵਾ ਵਿਚ ਲਟਕਦਿਆਂ ਹੀ ਗੁਜ਼ਾਰ ਦੇਵੇ।ਉਸ ਨੇ ਤਲਾਕ ਦੀ ਅਰਜ਼ੀ ਦੇ ਦਿੱਤੀ।ਪਰ ਜਿਓਂ ਹੀ ਇਸ ਗੱਲ ਦਾ ਇਲਮ ਲਹਿਰੀ ਰਾਮ ਨੂੰ ਹੋਇਆ ਤਾਂ ਉਹ ਇਕ ਵੇਰ ਫ਼ੇਰ ਵਸੋਂ ਬਾਹਰ ਹੋ ਗਿਆ। ਉਸ ਨੇ ਆਪਣੇ ਭਰਾ ਸਤੀਸ਼ ਨੂੰ ਵੀ ਘਰ ਬੁਲਾ ਲਿਆ।ਉਰਮਿਲਾ ਅਤੇ ਲਹਿਰੀ ਰਾਮ ਛੇਤੀਂ ਹੀ ਉਲਝ ਪਏ।ਲਹਿਰੀ ਰਾਮ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।ਇਥੋਂ ਤੱਕ ਕਿ ਸਤੀਸ਼ ਨੇ ਵੀ ਚਾਰ ਲਗਾ ਦਿੱਤੀਆਂ।ਉਸ ਨੇ ਇਹ ਵੀ ਕਹਿ ਦਿੱਤਾ ਕਿ ਉਹ ਉਸ ਦੇ ਟੁਕੜੇ ਟੁਕੜੇ ਕਰਕੇ ਥੇਮਜ਼ ਦਰਿਆ ਵਿਚ ਸੁੱਟ ਦੇਵੇਗਾ।ਇਸ ਮਾਰ ਕੁਟਾਈ ਨੂੰ ਦੇਖ਼ ਕੇ ਤੇ ਮਾਂ ਦੇ ਦੁੱਖ਼ ਨੂੰ ਦੇਖ਼ ਕੇ ਕੁੜੀਆਂ ਚੀਕਾਂ ਮਾਰਨ ਲੱਗ ਪਈਆਂ।ਲਹਿਰੀ ਰਾਮ ਨੇ ਉਨ੍ਹਾਂ ਦੇ ਵੀ ਚਾਰ ਟਿਕਾ ਦਿੱਤੀਆਂ।ਉਰਮਿਲਾ ਕਿਸੇ ਤਰ੍ਹਾਂ ਘਰੋਂ ਦੌੜ ਗਈ ਤੇ ਉਸ ਨੇ ਬਾਹਰੋਂ ਫ਼ੋਨ ਬੌਕਸ ਚੋਂ ਪੁਲੀਸ ਨੂੰ ਫ਼ੋਨ ਕਰ ਦਿਤਾ।ਮਿੰਟਾਂ ਵਿਚ ਹੀ ਪੁਲੀਸ ਦੀਆਂ ਦੋ ਗੱਡੀਆਂ ਹੂਟਰ ਵਜਾਉਂਦੀਆਂ ਹੋਈਆਂ ਉਨ੍ਹਾਂ ਦੇ ਘਰ ਮੂਹਰੇ ਆ ਖ਼ੜੋਈਆਂ।ਨਿੱਕੀਆ ਬੱਚੀਆਂ ਦੀ ਹਾਲਤ ਵੇਖ਼ ਕੇ ਤੇ ਉਰਮਿਲਾ ਦੇ ਲੱਗੀਆਂ ਸੱਟਾਂ ਨੂੰ ਵੇਖ਼ ਕੇ ਉਨ੍ਹਾਂ ਨੇ ਸਤੀਸ਼ ਤੇ ਲਹਿਰੀ ਰਾਮ ਨੂੰ ਗਰਿਫ਼ਤਾਰ ਕਰ ਲਿਆ ਤੇ ਥਾਣੇ ਲਿਆ ਕੇ ਡੀਟੈਨਸ਼ਨ ਰੂਮ ਵਿਚ ਬੰਦ ਕਰ ਦਿੱਤਾ।ਕੁੜੀਆਂ ਵਾਰੇ ਪੁਲੀਸ ਨੇ ਸੋਸ਼ਲ ਸਰਵਿਸਜ਼ ਦੇ ਅਫ਼ਸਰਾਂ ਨੂੰ ਵੀ ਇਤਲਾਹ ਦੇ ਦਿੱਤੀ ਸੀ। ਦੂਸਰੇ ਦਿਨ ਉਰਮਿਲਾ ਅਤੇ ਕੁੜੀਆਂ ਨੂੰ ਘਰਾਂ ਦੀਆਂ ਮਾਰ ਕੁਟਾਈਆਂ ਤੋਂ ਤੰਗ ਆਈਆਂ ਹੋਈਆਂ ਔਰਤਾਂ ਅਤੇ ਬੱਚਿਆਂ ਦੇ ਰਿਫ਼ਿਊਜ ਸੈਂਟਰ ਵਿਚ ਭੇਜ ਦਿੱਤਾ।
ਪੁਲੀਸ ਦੀ ਕਸਟੱਡੀ ਤੋਂ ਛੁੱਟ ਕੇ ਜਦੋਂ ਲਹਿਰੀ ਰਾਮ ਸੁੰਝੇ ਘਰ ਵਿਚ ਦਾਖ਼ਲ ਹੋਇਆ ਤਾਂ ਉਸ ਦੀਆਂ ਧਾਹਾਂ ਨਿਕਲ਼ ਗਈਆਂ।ਉਹਦੀ ਹਾਲਤ ਇਕ ਉਸ ਘਾਇਲ ਹੋ ਗਏ ਬੰਦੇ ਵਰਗੀ ਹੋ ਗਈ ਸੀ ਜਿਸ ਵਿਚ ਜੀਉਣ ਨਾਲ਼ੋਂ ਮਰਨ ਦੀ ਲੋਚਾ ਵਧੇਰੇ ਸੀ।ਉਸ ਦੀਆਂ ਅੱਖ਼ਾਂ ਸਾਹਵੇਂ ਇਕ ਹਨ੍ਹੇਰੇ ਅਤੇ ਇਕੱਲੇ ਭਵਿੱਖ਼ ਦੇ ਭੂਤ ਨੱਚਣ ਲੱਗੇ।ਉਹ ਹਰ ਹੀਲੇ ਇਸ ਹਨ੍ਹੇਰੇ ਖੁੂਹ ਚੋਂ ਨਿਕਲਣਾ ਚਾਹੁੰਦਾ ਸੀ।ਪਰ ਉਹ ਇਕ ਅਜਿਹੀ ਹਨ੍ਹੇਰੀ ਗੁਫ਼ਾ ਵਿਚ ਵੜ ਗਿਆ ਸੀ ਜਿਸ ਚੋਂ ਨਿਕਲਣਾ ਕਿਸੇ ਤਰ੍ਹਾਂ ਵੀ ਸੌਖਾ ਨਹੀਂ ਸੀ।
ਤਲਾਕ ਦਾ ਮੁਕੱਦਮਾ ਚਲਿਆ।ਉਰਮਿਲਾ ਨੂੰ ਤਲਾਕ ਮਿਲ਼ ਗਿਆ।ਕੁੜੀਆਂ ਦੀ ਕਸਟੱਡੀ ਵੀ ਉਸ ਨੂੰ ਮਿਲ਼ ਗਈ। ਪਿਓ ਨੂੰ ਹਰ ਦੂਜੇ ਵੀਕ ਐਂਡ ਉਨ੍ਹਾਂ ਨੂੰ ਦੇਖ਼ਣ ਦੀ ਇਜਾਜ਼ਤ ਮਿਲ਼ੀ। ਲਹਿਰੀ ਰਾਮ ਨੂੰ ਇਹ ਵੀ ਆਦੇਸ਼ ਦਿੱਤੇ ਗਏ ਕਿ ਉਹ ਆਪਣੇ ਬੱਚਿਆਂ ਦੀ ਲਗਾਤਾਰ ਆਰਥਕ ਸੱਪੋਰਟ ਕਰੇ।ਉਹ ਵਿਆਹੁਤਾ ਘਰੋਂ ਚਲਿਆ ਜਾਵੇ ਤੇ ਉਹ ਆਪਣੀ ਸਾਬਕਾ ਬੀਵੀ ਅਤੇ ਬੱਚਿਆਂ ਦੇ ਘਰ ਤੋਂ ਦੋ ਮੀਲਾਂ ਦੇ ਫ਼ਾਸਲੇ ਤੋਂ ਉਰ੍ਹਾਂ ਰਿਹਾਇਸ਼ ਨਹੀਂ ਸੀ ਰੱਖ਼ ਸਕਦਾ।
ਉਹ ਆਪਣੇ ਭਰਾ ਸਤੀਸ਼ ਦੇ ਘਰ ਮੂਵ ਹੋ ਗਿਆ।ਪਰੰਤੂ ਨਾ ਤਾਂ ਇਸ ਸ਼ਰਾਬੀ ਤਾਏ ਨੂੰ ਸਤੀਸ ਦੇ ਬੱਚੇ ਹੀ ਪਸੰਦ ਕਰਦੇ ਸਨ ਤੇ ਨਾ ਹੀ ਉਹਦੀ ਬੀਵੀ।ਕੌਣ ਭਲਾ ਘਰ ਦੇ ਤੇ ਬਾਹਰ ਦੇ ਕੰਮਾਂ ਤੋ ਥੱਕ ਟੁੱਟ ਕੇ ਕਿਸੇ ਹੋਰ ਦੀਆਂ ਰੋਟੀਆਂ ਦੀ ਜ਼ਿੰਮੇਵਾਰੀ ਲਵੇ? ਇਹ ਇੰਡੀਆ ਤਾਂ ਹੈ ਨਹੀਂ ਕਿ ਸਿਰਫ਼ ਰੋਟੀਆਂ ਹੀ ਬਣਾਉਣੀਆਂ ਹਨ।ਬਾਹਰ ਕੰਮ ਤੇ ਵੀ ਤਾਂ ਜਾਣਾ ਪੈਂਦਾ ਹੈ ਤੇ ਬੱਚਿਆ ਦੀ ਵੀ ਕੋਈ ਰੁਟੀਨ ਹੁੰਦੀ ਹੈ।ਲਹਿਰੀ ਰਾਮ ਛੇਤੀ ਹੀ ਭਾਂਪ ਗਿਆ ਕਿ ਉਹ ਇਕ ਅਣਚਾਹਿਆ ਪ੍ਰਾਹੁਣਾ ਸੀ।ਉਹ ਛੇਤੀਂ ਹੀ ਕਿਧਰੇ ਹੋਰ ਥਾਂ ਇਕ ਕਮਰਾ ਲੈ ਕੇ ਰਹਿਣ ਲੱਗਿਆ।
….ਪਰ ਹੁਣ ਜਦੋਂ ਸਤੀਸ਼ ਨੂੰ ਪਤਾ ਲੱਗਾ ਕਿ ਉਹਦੀ ਭਰਜਾਈ ਤਾਂ ਕਿਸੇ ਗੋਰੇ ਬੰਦੇ ਨਾਲ਼ ਬਾਹਰ ਅੰਦਰ ਜਾਣ ਲੱਗ ਪਈ ਹੈ ਤਾਂ ਸਤੀਸ਼ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ। ਉਸ ਨੂੰ ਆਪਣੇ ਖ਼ਾਨਦਾਨ ਦੀ ਮਿੱਟੀ ਦਾ ਫ਼ਿਕਰ ਪੈ ਗਿਆ।ਉਸ ਨੂੰ ਇਸ ਮਿੱਟੀ ਵਿਚੋਂ ਬਦਨਾਮੀ ਦਾ ਜ਼ਹਿਰ ਪੁੰਗਰਨ ਦਾ ਭੈਅ ਖ਼ਾਣ ਲੱਗ ਪਿਆ ਹਾਲਾਂਕਿ ਤਲਾਕ ਵੀ ਤਾਂ ਬਦਨਾਮੀ ਵਾਲ਼ੀ ਗੱਲ ਹੀ ਸੀ ਪਰ ਇਕ ਗੋਰੇ ਨਾਲ਼ ਉਹਦੀ ਰਹਿ ਚੁੱਕੀ ਭਰਜਾਈ ਦਾ ਬਾਹਰ ਅੰਦਰ ਜਾਣਾ ਤਾਂ ਉਸ ਨੂੰ ਉੱਕਾ ਹੀ ਗਵਾਰਾ ਨਹੀਂ ਸੀ।ਸਤੀਸ਼ ਨੂੰ ਇਹ ਡਰ ਵੀ ਵੱਢ ਵੱਢ ਖ਼ਾ ਰਿਹਾ ਸੀ ਕਿ ਹੋ ਸਕਦੈ ਕਿ ਉਹ ਗੋਰਾ ਉਹਦੀਆਂ ਭਤੀਜੀਆਂ ਉੱਤੇ ਵੀ ਨਜ਼ਰ ਰਖ਼ਦਾ ਹੋਵੇ।ਉਹ ਦੌੜ ਕੇ ਲਹਿਰੀ ਰਾਮ ਕੋਲ਼ ਗਿਆ ਤੇ ਉਸ ਨੂੰ ਵੀ ਭੜਕਾ ਆਇਆ।ਦੋ ਚਾਰ ਹੋਰ ਬੰਦੇ ਵੀ ਉਨ੍ਹਾਂ ਨੇ ਨਾਲ਼ ਲੈ ਲਏ ਤੇ ਉਰਮਿਲਾ ਦੇ ਘਰ ਆ ਧਮਕੇ।
ਪਰ ਉਰਮਿਲਾ ਪਹਿਲਾਂ ਵਰਗੀ ਉਰਮਿਲਾ ਨਹੀਂ ਸੀ।ਉਹ ਭੁੱਖ਼ੀ ਸ਼ੇਰਨੀ ਵਾਂਗ ਇਨ੍ਹਾਂ ਬੱਦਿਆ ਨੂੰ ਪੈ ਗਈ,"ਤੁਸੀਂ ਉਦੋਂ ਕਿੱਥੇ ਸੀ ਜਦੋਂ ਐਸ ਲਹਿਰੀ ਰਾਮ ਨੇ ਮੇਰੀ ਜ਼ਿੰਦਗ਼ੀ ਨੂੰ ਇਕ ਨਰਕ ਬਨਾਉਣ ਦੀ ਠਾਣੀ ਹੋਈ ਸੀ?ਤੁਸੀਂ ਉਦੋਂ ਕਿੱਥੇ ਸੀ ਜਦੋਂ ਇਹ ਰੋਜ਼ ਮੇਰੇ ਹੱਡ ਸੇਕਦਾ ਹੁੰਦਾ ਸੀ?ਤੁਸੀਂ ਉਦੋਂ ਕਿੱਥੇ ਸੀ ਜਦੋਂ ਇਹ ਰੋਜ਼ ਰਾਤੀਂ ਮੇਰਾ ਮਾਸ ਚਰੂੰਡਦਾ ਹੁੰਦਾ ਸੀ?ਇਹ ਉਹ ਜਾਨਵਰ ਹੈ ਜਿਹੜਾ ਕਿਸੇ ਦੇ ਹੱਡ ਮਾਸ ਦੇ ਨਾਲ਼ ਨਾਲ਼ ਕਿਸੇ ਦੀ ਜ਼ਿੰਦਗ਼ੀ ਨੂੰ ਵੀ ਚਰੂੰਡ ਸਕਦਾ ਹੈ।ਇਹ ਉਹ ਜ਼ਾਲਮ ਹੈ ਜਿਸ ਨੂੰ ਆਪਣੀ ਹਮਸਫ਼ਰ ਨੂੰ ਦੁੱਖ਼ ਪਹੁੰਚਾ ਕੇ ਖ਼ੁਸ਼ੀ ਮਿਲਦੀ ਸੀ।ਏਸ ਬੰਦੇ ਨੂੰ ਤਾਂ ਆਪਣੇ ਨੰਨ੍ਹੇ ਮੁੰਨ੍ਹੇ ਬੱਚਿਆਂ ਦੇ ਕੋਮਲ ਜਜ਼ਬਾਤਾਂ ਦਾ ਵੀ ਪਾਸ ਨਹੀਂ ਸੀ।ਪਿਛਲੀ ਵਾਰੀ ਈਹਦੇ ਸਾਹਮਣੇ ਹੀ ਇਹਦਾ ਭਰਾ ਇਹਦੀ ਤੀਮੀ ਨੂੰ ਕੁੱਟਣ ਲੱਗ ਪਿਆ ਸੀ।ਇਸ ਤੋਂ ਉਹਨੂੰ ਰੋਕਿਆ ਨਹੀਂ ਸੀ ਗਿਆ।ਇਸ ਬੰਦੇ ਵਿਚ ਬੰਦਿਆ ਵਾਲ਼ੀ ਕੋਈ ਗੱਲ ਹੈ ਹੀ ਨਹੀਂ।ਤੁਸੀਂ ਸਮਾਜ ਦੇ ਰਾਖੇ ਅਗ਼ਰ ਮੇਰੀ ਥਾ ਆਪਣੀ ਧੀ ਭੈਣ ਨੂੰ ਰੱਖ ਕੇ ਦੇਖ਼ੋਂ ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਮੈਂ ਕਿਹੜੇ ਕਿਹੜੇ ਕੰਡਿਆਲ਼ਿਆਂ ਰਾਹਾਂ ਚੋਂ ਲੰਘੀ ਆਂ।"
ਕਾਫ਼ੀ ਤੂੰ ਤੂੰ ਮੈਂ ਮੈਂ ਪਿੱਛੋਂ ਸਤੀਸ਼ ਭੜਕ ਕੇ ਬੋਲਿਆ," ਨਾ ਗੱਲ ਸੁਣ ,ਤੂੰ ਜੁ ਇਕ ਗੋਰੇ ਦਾ ਬਿਸਤਰਾ ਨਿੱਘਾ ਕਰਦੀ ਫ਼ਿਰਦੀ ਆਂ, ਤੈਨੂੰ ਸ਼ਰਮ ਨੀ ਆਉਂਦੀ ਕਮਜਾਤੇ?"
"ਨਾ ਤੇਰੇ ਭਰਾ ਨੂੰ ਸ਼ਰਮ ਨੀ ਸੀ ਆਉਂਦੀ ਜਦੋਂ ਇਹ ਇਕ ਗੋਰੀ ਦਾ ਬਿਸਤਰਾ ਨਿੱਘਾ ਕਰਦਾ ਫ਼ਿਰਦਾ ਸੀ?" ਅਰਮਿਲਾ ਹੋਰ ਵੀ ਭੜਕ ਉੱਠੀ,"ਕੀ ਤੈਨੂੰ ਸ਼ਰਮ ਨੀ ਸੀ ਆਉਂਦੀ ਜਦੋਂ ਤੂੰ ਵੂਲਵਰਥ ਵਿਚ ਕੰਮ ਕਰਦੀ ਗੋਰੀ ਕੁੜੀ ਟਰੇਸੀ ਨਾਲ਼ ਖ਼ੇਹ ਖਾਂਦਾ ਫ਼ਿਰਦਾ ਹੁੰਦਾ ਸੀ?ਜਾਨੀ ਮਰਦ ਜੋ ਮਰਜ਼ੀ ਕਰਦਾ ਫ਼ਿਰੇ।ਉਸ ਨੂੰ ਕੋਈ ਸ਼ਰਮ ਨਹੀਂ ਆਉਣੀ ਚਾਹੀਦੀ।ਇੰਡੀਅਨ ਮਰਦ ਲਈ ਹਰ ਗੋਰੀ ਔਰਤ ਕੰਜਰੀ ਆ ਤੇ ਹਰ ਗੋਰਾ ਮਰਦ ਘਟੀਆ ਚਰਿਤਰ ਦਾ ਹੈ।ਬਲੱਡੀ ਹਿੱਪੋਕਰੈਟ ਸਾਰੇ ਜ਼ਮਾਨੇ ਦੇ।"
ਹੁਣ ਲਹਿਰੀ ਰਾਮ ਵੀ ਮੈਦਾਨ ਵਿਚ ਕੁੱਦ ਆਇਆ," ਨਾ ਆਹ ਜਿਹੜੀਆਂ ਤਿੰਨ ਜਮਾਈ ਬੈਠੀ ਐਂ।ਇਹਨਾਂ ਦਾ ਕੀ ਹੋਊ ਜੇ ਤੇਰੇ ਲੱਛਣ ਐਹੋ ਜਿਹੇ ਆ? ਯੂ ਡੋਂਟ ਕੇਅਰ ਅਬਾਊਟ ਦੈਮ।ਡੂ ਯੂ?"।
" ਸੋ ਨਾਓ ਯੂ ਆਰ ਬੀਕੰਮਿੰਗ ਜੱਜਮੈਂਟਲ" ਉਰਮਿਲਾ ਨੇ ਵੀ ਠੋਕਵਾਂ ਜਵਾਬ ਦਿੱਤਾ,"ਤੇਰੇ ਨਾਲ਼ੋਂ ਵੱਧ ਕੇਅਰ ਕਰਦੀ ਆਂ ਇਨ੍ਹਾਂ ਦੀ।ਇਕ ਹੋਰ ਗੱਲ ਵੀ ਕੰਨ ਖ਼ੋਲ੍ਹ ਕੇ ਸੁਣ ਲੈ।ਇਹਨਾਂ ਦੀ ਕਿਸਮਤ ਮੈਂ ਆਪਣੇ ਵਰਗੀ ਨਹੀਂ ਜੇ ਹੋਣ ਦੇਣੀ।ਇਹਨਾਂ ਨੂੰ ਇੰਡੀਪੈਂਡੈਂਟ ਸੋਚਣ ਦਊੰਂ।ਪਰ ਇਨ੍ਹਾਂ ਦੀ ਆਜ਼ਾਦੀ ਵਿਚ ਡਿਸਿਪਲਨ ਹੋਵੇਗਾ।ਦੇ ਆਰ ਮੱਚ ਹੈਪੀਅਰ ਦੈਨ ਵੈਨ ਯੂ ਵਰ ਹੀਅਰ। ਵੱਡਾ ਆਇਆ ਅਕਲਾਂ ਸਿਖ਼ਉਣ ਵਾਲ਼ਾ।ਆਪਣੇ ਗਰੇਵਾਨ ਵਿਚ ਦੇਖ਼ ਪਹਿਲਾਂ।"
ਲਹਿਰੀ ਰਾਮ ਨਿਰੁਤਰ ਹੋ ਗਿਆ ਪਰ ਸਤੀਸ਼ ਤੋਂ ਇਹ ਕਹਿਣੋਂ ਰਹਿ ਨਾ ਹੋਇਆ,"ਇੰਡੀਆ ‘ਚ ਤੂੰ ਹੁੰਦੀ ਤਾਂ ਟੋਟੇ ਕਰਦੇ ਤੇਰੇ।"
"ਇੰਡੀਆ ‘ਚ ਮੈਂ ਹੁੰਦੀ ਤਾਂ ਤੁਹਾਡੇ ਵਰਗੇ ਬੁੱਚੜਾਂ ਦੇ ਪੱਲੇ ਵੀ ਨਹੀਂ ਸੀ ਪੈਣਾ ਮੈਂ"ਉਰਮਿਲਾ ਬਹੁਤ ਹੀ ਤੈਸ਼ ਵਿਚ ਸੀ,"ਮੇਰੇ ਪਿਓ ਦੀ ਇਹ ਬਹੁਤ ਬੜੀ ਗ਼ਲਤੀ ਸੀ ਕਿ ਉਸ ਨੇ ਇੰਗਲੈਂਡ ਦੇ ਨਾਮ ਉੱਤੇ ਮੈਨੂੰ ਤੇਰੇ ਭਰਾ ਦੇ ਫ਼ਾਹੇ ਲਗਾ ਦਿੱਤਾ ਸੀ।ਮੈਂ ਆਪਣੇ ਪਿਓ ਨੂੰ ਵੀ ਹੁਣ ਕਦੇ ਨਹੀਂ ਮਿਲਣਾ। ਆਈ ਹੇਟ ਹਿੰਮ।ਹੀ ਰਿਉਨਡ ਮਾਈ ਲਾਈਫ਼।ਪੈਣ ਸਾਰੇ ਢੱਠੇ ਖ਼ੂਹ ਵਿਚ। ਆਈ ਵਾਂਟ ਟੂ ਲਿਵ ਮਾਈ ਓਨ ਲਾਈਫ਼ ਐਂਡ ਆਈ ਵਾਂਟ ਟੂ ਲੁਕ ਆਫ਼ਟਰ ਮਾਈ ਗਰਲਜ਼।" ਫ਼ਿਰ ਉਹ ਬਿੱਫ਼ਰੇ ਫ਼ਨੀਅਰ ਸੱਪ ਵਾਂਗ ਸਾਰਿਆ ਨੂੰ ਪੈ ਪਈ," ਐਨੀ ਵੇਅ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੀ ਹਿੱੰਮਤ ਕਿਦਾਂ ਪੈ ਗਈ ਇਥੇ ਆਉਣ ਦੀ?ਮੇਰਾ ਤੁਹਾਡਾ ਰਿਸ਼ਤਾ ਹੀ ਕੀ ਹੈ?ਤੁਸੀਂ ਆਪਣੇ ਰਾਹ ਪਵੋ।ਮੇਰਾ ਆਪਣਾ ਰਾਸਤਾ ਹੈ।ਪਰ ਲੈਟ ਮੀ ਵਾਰਨ ਯੂ ਲੌਟ।ਅਗਰ ਇਥੇ ਦੁਬਾਰਾ ਆਉਣ ਦੀ ਗਲਤੀ ਕੀਤੀ ਤਾਂ ਕੋਰਟ ਇੰਜੰਕਸ਼ਨ ਲਗਵਾ ਦਿਆਂਗੀ ਤੇ ਹੋਰ ਚਾਰਜਜ਼ ਲਾਉਣ ਦੀ ਵੀ ਹਿੰਮਤ ਹੈ ਮੇਰੇ ਵਿਚ।ਨਾਓ ਗੈੱਟ ਆਊਟ ਔਫ਼ ਮਾਈ ਹਾਊਸ।ਆ ਗਏ ਆ ਇਥੇ ਪੰਚਾਇਤ ਲੈ ਕੇ ਜਿਵੇਂ ਜਲੰਧਰ ਦੇ ਕਿਸੇ ਪਿੰਡ ‘ਚ ਰਹਿੰਦੇ ਹੋਣ।ਤੇ…।" ਜੇਕਰ ਨਾਲ਼ ਦੇ ਕਮਰੇ ਵਿਚ ਫ਼ੋਨ ਦੀ ਘੰਟੀ ਨਾ ਵੱਜਦੀ ਤਾਂ ਉਸ ਨੇ ਪਤਾ ਨਹੀਂ ਹੋਰ ਕੀ ਕੁੱਝ ਕਹਿ ਜਾਣਾ ਸੀ।
ਉਰਮਿਲਾ ਨਾਲ਼ ਦੇ ਕਮਰੇ ਵਿਚ ਟੈਲੀਫ਼ੋਨ ਸੁਨਣ ਗਈ ਤਾਂ ਲਹਿਰੀ ਤੇ ਸਤੀਸ਼ ਨਾਲ਼ ਗਏ ਇਕ ਭਾਈਬੰਦ ਨੇ ਕਿਹਾ,"ਕਾਹਨੂੰ ਤੁਸੀਂ ਸਾਨੂੰ ਵੀ ਨਾਲ਼ ਲੈ ਆਏ ਯਾਰ।ਇਹ ਕੋਈ ਤੀਮੀਂ ਆਂ ? ਇਹ ਤਾਂ ਆਦਮੀਆਂ ਤੋਂ ਵੀ ਤਕੜੀ ਆ।ਸਾਲ਼ੀ ਤੋਂ ਸਾਡੇ ਵੀ ਜੁੱਤੀਆਂ ਪੁਆ ਦਿੱਤੀਆਂ।ਬੜੀ ਅਵੈੜ ਤੇ ਖਰਾਂਟ ਔਰਤ ਆ ਯਾਰ ਇਹ ਤਾਂ।ਪੜ੍ਹੀ ਲਿਖ਼ੀ ਜਨਾਨੀ ਆ।ਸਾਲਿਓ ਹੱ੍‍ਥ ਕੜੀਆਂ ਲੁਆ ਦਊ ਇਹ ਤਾਂ।"
ਫ਼ਿਰ ਦੁੂਸਰੇ ਜਣੇ ਨੇ ਲਹਿਰੀ ਰਾਮ ਵੱਲ ਉੰਗਲ਼ ਕਰਕੇ ਕਿਹਾ,"ਉਇ ਕਮਲ਼ਿਆ ਤੂੰ ਕਿੱਦਾਂ ਈਹਦੇ ਨਾਲ਼ ਫ਼ਸ ਗਿਆ? ਸੁਹਣੀ ਦੇਖ਼ ਕੇ ਮਰ ਗਿਆ ਹੋਣਾ ਤੇ ਉਹ ਵਲੈਤ ਦੇ ਲਾਲਚ ਵਿਚ ਆ ਗਈ ਹੋਣੀ ਆਂ।ਚਲੋ ਇਥੋਂ ਯਾਰ ਸਾਲ਼ੀ ਕਿਤੇ ਸੀਖ਼ਾਂ ਪਿਛੇ ਹੀ ਨਾ ਕਰਵਾ ਦੇਵੇ।"
"ਆਹੋ ਚਲੋ ਚਲੀਏ ਯਾਰ ਇਥੋਂ," ਇਕ ਹੋਰ ਨੇ ਕਿਹਾ,"ਭੇੈਣ ਦਿਓ ਯਾਰੋ ਹੋਰ ਕੁੱਤ- ਖ਼ਾਣੀ ਜ਼ਰੂਰ ਕਰਵਾਉਣੀ ਆਂ?ਇਹੋ ਜਿਹੀ ਕਮਜ਼ਾਤ ਔਰਤ ਤਾਂ ਕੋਈ ਵੀ ਝੂਠਾ ਇਲਜ਼ਾਮ ਲਗਾ ਸਕਦੀ ਹੈ।ਜਾਨੀ ਕਿ ਇਹ ਵੀ ਕਹਿ ਸਕਦੀ ਹੈ ਕਿ ਅਸੀਂ ‘ਕੱਠੇ ਹੋ ਕੇ ਇਹਦੀ ਕੁੱਟ ਮਾਰ ਕਰਨ ਆ ਗਏ ਸਾਂ।ਤੀਮੀ ਜ਼ਾਤ ਦਾ ਕੀ ਪਤਾ ਕੋਈ ਹੋਰ ਗੱਲ ਵੀ ਕਹਿ ਸਕਦੀ ਹੈ।" ਫ਼ਿਰ ਉਸ ਬੰਦੇ ਨੇ ਲਹਿਰੀ ਰਾਮ ਨੂੰ ਮੁਖ਼ਾਤਵ ਹੁੰਿਦਆਂ ਕਿਹਾ,"ਤੂੰ ਵੀ ਕਮਲ਼ਾ ਹੀ ਆਂ।ਕੀ ਲੈਣਾ ਤੂੰ ਈਹਦੇ ਕੋਲ਼ੋਂ?ਜਦ ਇਹ ਤੇਰੀ ਰਹੀ ਹੀ ਨਹੀਂ ਤਾਂ ਜੀਹਦੇ ਨਾਲ਼ ਇਹ ਮਰਜ਼ੀ ਖ਼ੇਹ ਖ਼ਾਵੇ।ਤੈਨੂ ਕੋਈ ਤੀਮੀਆਂ ਦਾ ਘਾਟਾ?ਇੱਦਾਂ ਦੀਆਂ ਤਾਂ ਇਥੇ ਬਥੇਰੀਆਂ ਟੁਰੀਆਂ ਫ਼ਿਰਦੀਆਂ।ਆਵਾ ਤਾਂ ਊਤਿਆ ਪਿਆ।ਮਾੜੀ ਜਿਹੀ ਗੱਲ ਤੇ ਤਾਂ ਤਲਾਕ ਲੈ ਲੈਂਦੀਆਂ।ਤੈਨੂੰ ਵੀ ਕੋਈ ਛੁੱਟੜ ਮਿਲ਼ ਜਾਊ।"
"ਚਲੋ ਇਥੇ ਕੋਈ ਨਾ ਮਿਲ਼ੀ ਤਾਂ ਇੰਡੀਆ ਗੇੜਾ ਮਾਰ ਆਈਂ।ਨਾਲ਼ੇ ਉੱਥੇ ਚੌਇਸ ਬੁਹਤ ਆ,"ਤੀਜੇ ਬੰਦੇ ਨੇ ਆਪਣੀ ਦਲੀਲ ਦਿੱਤੀ,"ਪਰ ਐਤਕੀਂ ਜ਼ਰਾ ਸੰਭਲ ਕੇ ਪੈਰ ਪੁੱਟੀਂ।ਕਿਤੇ ਐੈਹੋ ਜਿਹੀ ਕੌੜੀ ਤੀਮੀ ਨਾ ਫ਼ੇਰ ਲੈ ਆਈਂ।"
"ਪਰ ਉਰਮਿਲਾ ਤਾਂ ਕਿਸੇ ਗੋਰੇ ਬੰਦੇ ਨਾਲ਼…" ਸਤੀਸ਼ ਨੇ ਆਪਣੀ ਗੱਲ ਹਾਲੀਂ ਪੂਰੀ ਨਹੀਂ ਸੀ ਕੀਤੀ ਕਿ ਉਨ੍ਹਾਂ ਨਾਲ਼ ਆਏ ਬੰਦੇ ਛੇਤੀ ਦੇ ਕੇ ਘਰੋਂ ਬਾਹਰ ਹੋ ਗਏ।ਸਤੀਸ਼ ਤੇ ਲਹਿਰੀ ਰਾਮ ਵੀ ਉਨ੍ਹਾਂ ਦੇ ਮਗਰੇ ਹੋ ਟੁਰੇ।
ਥੋੜ੍ਹੀ ਦੂਰ ਜਾ ਕੇ ਲਹਿਰੀ ਰਾਮ ਨੇ ਪਿਛਾਂਹ ਪਰਤ ਕੇ ਦੇਖ਼ਿਆ ਤਾਂ ਉਰਮਿਲਾ ਬਿਫ਼ਰੀ ਹੋਈ ਸ਼ੇਰਨੀ ਵਾਂਗ ਬੂਹੇ ਵਿਚ ਖੜ੍ਹੀ ਸੀ।ਉਪਰਲੇ ਬੈਡਰੂਮ ਵਿਚ ਪਰਦਿਆਂ ਪਿਛੇ ਹਲਕੀ ਹਲਕੀ ਚਾਨਣੀ ਸੀ।ਸ਼ਾਇਦ ਉਹਦੀਆਂ ਧੀਆਂ ਟੈਲੀਵੀਯਨ ਵੇਖ਼ ਰਹੀਆ ਸਨ।ਘੜੀ ਪਲ ਲਈ ਤਾਂ ਲਹਿਰੀ ਰਾਮ ਦੇ ਦਿਲ ਦਾ ਰੁੱਗ ਭਰ ਆਇਆ।ਆਪਣੇ ਮਾਂ ਬਾਪ ਦੇ ਟੁੱਟੇ ਹੋਏ ਰਿਸ਼ਤੇ ਨੇ ਉਨ੍ਹਾਂ ਉਤੇ ਹੋਰ ਖ਼ਬਰੇ ਕੀ ਕੀ ਅਸਰ ਪਾਉਣਾ ਸੀ?
ਨਾਲ਼ ਦੇ ਬੰਦਿਆਂ ਨੇ ਵੈਨ ਦਾ ਇੰਜਣ ਸਟਾਰਟ ਕਰਕੇ ਲਹਿਰੀ ਰਾਮ ਨੂੰ ਅੰਦਰ ਆਉਣ ਲਈ ਇਸ਼ਾਰਾ ਕੀਤਾ ਤਾਂ ਲਹਿਰੀ ਰਾਮ ਨੇ ਉਰਮਿਲਾਂ ਵੱਲ ਸਿੱਧੀ ਉਂਗਲ਼ ਕਰਕੇ ਗਾਲ੍ਹ ਕੱਢੀ,"ਫ਼ੱਕਿੰਗ ਬਿੱਚ।"
"ਦਫ਼ਾ ਹੋਹ। ਗੈਟ ਲੌਸਟ ਯੂ ਬਾਸਟਰਡ"ਉਰਮਿਲਾ ਨੇ ਵੀ ਉੱਨੀ ਹੀ ਉੱਚੀ ਆਵਾਜ਼ ਵਿਚ ਮੰਦਾ ਬੋਲਿਆ।
ਵੈਨ ਦਾ ਬੁਹਾ ਬੰਦ ਕਰਨ ਲੱਗਿਆਂ ਲਹਿਰੀ ਰਾਮ ਨੇ ਆਖ਼ਰੀ ਸ਼ਬਦ ਸ਼ਾਊਟ ਕੀਤੇ,"ਸਾਲ਼ੀ ਬਦਮਾਸ਼ ਔਰਤ।"
ਜਿੰਨੀ ਜ਼ੋਰ ਨਾਲ਼ ਲਹਿਰੀ ਰਾਮ ਨੇ ਵੈਨ ਦਾ ਬੂਹਾ ਬੰਦ ਕੀਤਾ ਸੀ, ਉੱਨੀ ਹੀ ਜ਼ੋਰ ਨਾਲ਼ ਉਰਮਿਲਾ ਨੇ ਵੀ ਘਰ ਦਾ ਬੂਹਾ ਬੰਦ ਕਰ ਦਿੱਤਾ ਸੀ।

E-mail: drsathi@hotmail.co.uk

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346