Welcome to Seerat.ca
Welcome to Seerat.ca

ਮਾਂ ਬੋਲੀ ਪੰਜਾਬੀ, ਸਾਡੇ ਪਿੰਡ ਦੀ ਭਾਬੀ

 

- ਅਮੀਨ ਮਲਿਕ

ਜਦੋਂ ਮੈਂ ਨਵਾਂ ਨਵਾਂ ਸਿੱਖ ਬਣਿਆਂ

 

- ਨਾਨਕ ਸਿੰਘ

ਗੁੰਮਨਾਮ ਹੀਰੋ

 

- ਅਰਜਨ ਸਿੰਘ ਗੜਗੱਜ

ਅਜਮੇਰ ਸਿੰਘ ਔਲਖ ਤੇ ਇਕਬਾਲ ਰਾਮੂ ਵਾਲੀਆ ਦੀ ਯਾਦ ਵਿਚ

 

- ਵਰਿਆਮ ਸਿੰਘ ਸੰਧੂ

ਜਦੋਂ ਸਥਾਪਤੀ ਦਾ ਤੋਤਾ ਮੇਰੇ ਸਿਰ ਤੇ ਅਚਾਣਕ ਆ ਬੈਠਾ

 

- ਅਜਮੇਰ ਸਿੰਘ ਔਲਖ

ਸੁਖ ਸਾਗਰ ਦੀਆਂ ਲਹਿਰਾਂ ਵਿਚ

 

- ਇਕਬਾਲ ਰਾਮੂਵਾਲੀਆ

ਨਾਟਕ ਤੇ ਰੰਗ ਮੰਗ ਦੇ ਸੂਰਮੇ ਨੂੰ ਸਲਾਮ

 

-  ਪ੍ਰਿੰ. ਸਰਵਣ ਸਿੰਘ

ਸਿਨੇਮਾ ਤੇ ਮੈਂ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਪੰਜਾਬ ਰਾਜ ਸਭਿਆਚਾਰਕ ਨੀਤੀ (ਖਰੜਾ 1)

 

- ਸੁਰਜੀਤ

ਜ਼ਾਬਤਾ

 

- ਚਰਨਜੀਤ ਸਿੰਘ ਪੰਨੂ

'ਉਹ ਅਫਰੀਕਨ ਕੁੜੀ'

 

- ਵਕੀਲ ਕਲੇਰ

ਛੋਟੀਆਂ ਨਜ਼ਮਾਂ 

 

- ਗੁਰਨਾਮ ਢਿੱਲੋਂ

ਇਕ ਕਵਿਤਾ ਪ੍ਰਛਾਵਾਂ ਤੇ ਕੁਝ ਅਸ਼ਆਰ

 

- ਮੁਸ਼ਤਾਕ

ਸਫ਼ਰ

 

- ਦਿਲਜੋਧ ਸਿੰਘ

ਹੱਥ ਵਾਲਾ ਟੋਕਾ

 

- ਲਖਬੀਰ ਸਿੰਘ ਕਾਹਲੋਂ

ਸਰਬੱਤ ਦਾ ਭਲਾ

 

- ਨਰੇਸ਼ ਸ਼ਰਮਾ

ਬੰਦਾ ਕਿਧਰ ਗਿਆ

 

-  ਓਮ ਪ੍ਰਕਾਸ਼

ਕੁਝ ਪੜ੍ਹਨ-ਯੋਗ ਕਥਾਵਾਂ-ਸੰਗ੍ਰਹਿ ਕਰਤਾ ਅਦਾਰਾ ਸੀਰਤ

 

Online Punjabi Magazine Seerat


ਮਾਂ ਬੋਲੀ ਪੰਜਾਬੀ, ਸਾਡੇ ਪਿੰਡ ਦੀ ਭਾਬੀ
- ਅਮੀਨ ਮਲਿਕ
 

 

ਇਸ ਭਾਬੀ ਵਾਲੇ ਅੱਖਾਣ ਤੋਂ ਮੇਰੇ ਜਿਹੇ ਨਿੱਕੇ ਨਿੱਕੇ ਅਤੇ ਪਿੰਡਾਂ ਵਾਲੇ ਲੋਕ ਤਾ ਸੱਭ ਜਾਣੂ ਹਨ ਪਰ ਕੀ ਕੀਤਾ ਜਾਏ ਉਹਨਾਂ ਸ਼ਹਿਰੀ ਬਾਬੂਵਾਂ ਦਾ ਜਿਹੜੇ ਐਮ-ਏ ਪੰਜਾਬੀ ਕਰ ਕੇ ਮਾਸਟਰ ਅਤੇ ਪੀ-ਐਚ-ਡੀ ਕਰ ਕੇ ਡਾਕਟਰ ਵੀ ਬਣ ਗਏ ਪਰ ਪੰਜਾਬੀ ਦੇ ਵਗਦੇ ਦਰਿਆ ਕੰਣੇ ਬਹਿ ਕੇ ਵੀ ਪੰਜਾਬੀਅਤ ਦੀ ਚੁੱਲੀ ਭਰ ਕੇ ਨਾ ਪੀ ਸਕੇ। ਕਿਤਾਬਾਂ ਦੇ ਣੇਰ ਵਿੱਚੋਂ ਮਾਸਟਰੀਆਂ ਡਾਕਟਰੀਆਂ ਦੀ ਮੱਛੀ ਤਾਂ ਫੜੀ ਜਾਂਦੀ ਏ ਪਰ ਜੇ ਪੰਜਾਬੀਅਤ ਦੀ ਰਮਜ਼ ਨਾ ਪਛਾਣੀ ਗਈ ਤੇ ਫੂਕਣਾ ਏ ਕਿਤਾਬੀ ਇਲਮ ਨੂੰ। ਵੱਡੀਆਂ ਵੱਡੀਆਂ ਡਿਗਰੀਆਂ ਪਰਾਪਤ ਕਰਨ ਵਾਲੇ ਜਿਸ ਪੰਜਾਬੀ ਨੂੰ ਇਹ ਨਹੀਂ ਪਤਾ ਕਿ ਸੰਘਾੜਾ, ਕੁਮੀਆਂ ਅਤੇ ਸ਼ਕਰਕੰਦੀ ਕਿਸਰਾਂ ਅਤੇ ਕਿੱਥੇ ਉੱਗਦੇ ਨੇਂ? ਵਿਆਹਾਂ ਵਿੱਚ ਖਾਰਿਓਂ ਲਹਿਣਾ, ਘੋੜੀਆਂ ਗਾਊਣਾ, ਸਿੱਠਣੀਆਂ, ਵਾਗ ਫੜਾਈ, ਹੱਥ ਭਰੇ ਦਾ ਜੋੜਾ, ਗਾਣਾ ਖੇਡਣਾ, ਨਾਨਕੀਛੱਕ, ਕੌੜਾ ਵੱਟਾ ਅਤੇ ਕੁਣੱਣ ਦਾ ਲਾਗ ਕੀ ਹੁੰਦਾ ਏ? ਯਾਂ ਮੱਝ, ਗਾਂ, ਬਕਰੀ ਭੇਡ ਅਤੇ ਹਰਨੀ ਦੇ ਜਵਾਕ ਦੇ ਨਾਂ ਦਾ ਨਹੀਂ ਪਤਾ, ਉਹਨੂੰ ਕੀ ਹੱਕ ਹੈ ਕਿ ਉਹ ਪੰਜਾਬੀ ਦਾ ਉਸਤਾਦ ਬਣ ਕੇ ਮੁੰਡਿਆਂ ਨੂੰ ਓਪਰੀ ਬੋਲੀ ਦੀ ਖਿੱਚੜੀ ਪਕਾ ਪਕਾ ਕੇ ਖਵਾਂਦਾ ਰਹਿਵੇ। ਸ਼ਿਵ ਕੁਮਾਰ ਪੀ-ਐਚ-ਡੀ ਨਹੀਂ ਸੀ ਪਰ ਉਸ ਤੋਂ ਵੱਡਾ ਡਾਕਟਰ ਵੀ ਕੋਈ ਨਹੀਂ। ਜੇ ਪੰਜਾਬੀ ਦੀ ਸੱਭ ਤੋਂ ਉੱਚੀ ਡਿਗਰੀ ਲੈ ਕੇ ਵੀ ਸਿਵਾਏ ਚੰਗੀ ਨੋਕਰੀ ਲੈਣ ਤੋਂ ਪੰਜਾਬੀ ਦਾ ਅੰਗ ਪੱਖ ਨਹੀਂ ਆਉਂਦਾ ਤੇ ਆਉਂਦੀ ਨਸਲ ਨੂੰ ਕਾਹਦੇ ਲਈ ਪੁੱਠੀ ਰਾਹੇ ਪਾਇਆ ਜਾਏ। ਬਸ ਇਹ ਹੀ ਇਲਮ ਅਤੇ ਵਿਦਿਆ ਅੱਜ ਤੀਕ ਹਾਸਿਲ ਹੋਈ ਹੈ ਕਿ ਅੰਮ੍ਰਿਤਸਰ ਦੇ ਮੁਹੱਲੇ ਲੂਣ ਮੰਡੀ ਦਾ ਨਾਂ ਨਮਕ ਮੰਡੀ ਰੱਖ ਦਿੱਤਾ ਗਿਆ ਹੈ। ਬੋਲੀ ਵਿੱਚ ਇੰਜ ਦੀਆਂ ਸੱਭ ਸੋਗ਼ਾਤਾਂ 47 ਤੋਂ ਬਾਅਦ ਹੀ ਆਈਆਂ। ਇਸ ਪੰਜਾਬੀ ਬੋਲੀ ਦੇ ਕੁਦਰਤੀ ਮੁਖੜੇ ਉੱਤੇ ਪਰਾਈ ਬੋਲੀਆਂ ਦਾ ਲੇਪ ਕਰ ਕੇ ਇਸ ਨੂੰ ਹਸੀਨੋ ਜਮੀਲ ਬਣਾਣ ਵਾਲੇ ਪਤਾ ਨਹੀਂ ਕਿਸ ਦੀ ਉਂਗਲ ਲਗ ਕੇ ਇੰਜ ਦੀਆਂ ਸਾਜ਼ਿਸ਼ਾਂ ਕਰ ਰਹੇ ਨੇਂ। ਇਸ ਗੁਲਾਬ ਨੂੰ ਬੇਗਾਨੀ ਪੇਵੰਦ ਲਾ ਕੇ ਅਖੋਤੀ ਹੁਸਨ ਦੇਣ ਦੀ ਕੋਸ਼ਿਸ਼ ਨੇ ਇਸ ਬੋਲੀ ਦੀ ਦਿਲਕਸ਼ ਵਾਸ਼ਨਾ ਖੋਹ ਲਈ ਹੈ। 47 ਤੋਂ ਬਾਅਦ ਦੂਜਾ ਕਾਰਨਾਮਾ ਮੇਰੇ ਪੇਕੇ ਪੰਜਾਬ ਨੇ ਇਹ ਕੀਤਾ ਕਿ ਬੱਬੇ ਨੂੰ ਵਾਵਾ ਅਤੇ ਵਾਵੇ ਨੂੰ ਬੱਬਾ ਆਖਣ ਦਾ ਵਲ ਸਿੱਖ ਲਿਆ। ਬੋਲੀ ਵੇਖ ਸੁਣ ਕੇ ਪਿੱਟਣ ਨੂੰ ਜੀ ਕਰਦਾ ਏ। ਮੇਰੇ ਵੀਰ ਫ਼ਰਮਾਂਦੇ ਨੇਂ: ਆਈ ਐਮ ਬਰਕਿੰਗ (ਵਰਕਿੰਗ) ਮੇਰਾ ਬੀਜਾ (ਵੀਜ਼ਾ) ਲੱਗ ਗਿਆ ਹੈ। ਕੱਲ ਮੈਂ ਸੋਡਾ ਬਾਟਰ ਪੀਤਾ। ਵਾਲੀ ਬਾਲ ਨੂੰ ਬਾਲੀ ਬਾਲ। ਅੱਜ ਹਬਾ (ਹਵਾ) ਚਲ ਰਹੀ ਏ। ਅੱਗੋਂ ਬੱਬੇ ਨੂੰ ਵਾਵੇ ਦਾ ਕਫ਼ਨ ਕਿਵੇਂ ਪਾਉਂਦੇ ਨੇਂ, ਜ਼ਰਾ ਵੰਗੀ ਵੇਖ ਲਵੋ: ਅੱਜ ਵੱਦਲ ਹੋਇਆ ਏ। ਵਾਰਿਸ਼ ਜ਼ਰੂਰ ਹੋਵੇ ਗੀ। ਡਾਕਟਰ ਇਕਵਾਲ (ਇਕਬਾਲ) ਬੜਾ ਵੱਡਾ ਸ਼ਾਇਰ ਸੀ। ਉਹ ਬੜਾ ਵੇਬਫ਼ਾ ਨਿਕਲਿਆ। ਬਾਵਜੂਦ ਨੂੰ ਵਾਬਜੂਦ ਆਖਣ ਲੱਗਿਆਂ ਕਿਸੇ ਨੂੰ ਸੰਗ ਝੱਕ ਨਹੀਂ ਆਉਂਦੀ ਕਿ ਅਸੀਂ ਕਿਵੇਂ ਜ਼ਮਾਨੇ ਦਾ ਮਖ਼ੋਲ ਤੇ ਹਾਸਾ ਬਣ ਗਏ ਹਾਂ। ਇਸ ਤੋਂ ਪਹਿਲਾਂ ਮੈਂ ਜੱਜੇ ਦੇ ਪੈਰੀਂ ਬਿੰਦੀ ਪਾ ਕੇ ਜੁਰਮਾਨੇ ਨੂੰ ਜ਼ੁਰਮਾਨਾ, ਮਜਾਲ ਨੂੰ ਮਜ਼ਾਲ ਏ ਕਾਲਿਜ ਨੂੰ ਕਾਲਿਜ਼ ਆਖਣ ਦਾ ਤਮਾਸ਼ਾ ਕਰਨ ਵਾਲਿਆਂ ਨੂੰ ਕਈ ਵਰਾਂ ਰੋ ਪਿੱਟ ਬੈਠਾਂ ਹਾਂ। ਇੰਜ ਸਿਰ ਭਰਣੇ ਕੀਤੀ ਗਈ ਬੋਟੀ ਤੇ ਅੰਗਰੇਜ਼ੀ ਵੀ ਹੱਸਦੇ ਅਤੇ ਲਹਿੰਦੀ ਪੰਜਾਬ ਵਾਲੇ ਵੀ ਖਿੱਲੀ ਉਡਾਂਦੇ ਹਨ। ਇੰਜ ਦੀਆਂ ਲੁੱਤ ਘੁੱਤੀਆਂ ਨੇ ਬੋਲੀ ਦੀ ਜੱਖੜਾਂ ਪੁੱਟ ਸੁੱਟੀ ਹੈ। ਇਹ ਮੁੱਣ ਕਦੀਮ ਤੋਂ ਪੀਰਾਂ ਫ਼ਕੀਰਾਂ ਅਤੇ ਵਲੀਆਂ ਅਵਤਾਰਾਂ ਦੀ ਬੋਲੀ ਨਾ ਜਾਣੇ ਕਿਸ ਦੇ ਣਾਹੇ ਚੜ੍ਹ ਗਈ ਏ। ਇਸ ਫ਼ਕੀਰ ਜਿਹੀ ਮਾਅਸੂਮ ਬੋਲੀ ਦੇ ਤਣੇ ਹੋਏ ਰੇਸ਼ਮੀ ਤਾਣੇ ਵਿੱਚ ਲੋਗੜ ਦੇ ਧਾਗੇ ਦਾ ਪੇਟਾ ਵਾਹ ਕੇ ਇਸ ਸੁੱਚੇ ਰੇਸ਼ਮ ਨੂੰ ਤੱਪੜ ਪਤਾ ਨਹੀਂ ਕਿਉਂ ਬਣਾ ਦਿੱਤਾ ਗਿਆ ਹੈ।
ਇੰਜ ਦਾ ਵੇਦਾ ਪਿੱਟਣਾ ਮੇਰਾ ਸ਼ੋਕ ਨਹੀਂ, ਮਜਬੂਰੀ ਹੈ। ਬੜੀ ਵਰਾਂ ਦੰਦਾਂ ਥੱਲੇ ਜੀਭ ਦੇ ਕੇ ਦੜ ਵੱਟੀ ਕਿ ਜਿਹਨਾਂ ਤਿਲਾਂ ਵਿੱਚੋਂ ਤੇਲ ਨਹੀਂ ਨਿਕਲਣਾ, ਕਾਹਦੇ ਲਈ ਕੋਲ੍ਹੂ ਵਾਹੀ ਜਾਂਦਾ ਹਾਂ। ਪਰ ਕੀ ਕਰਾਂ, ਫ਼ਿਰ ਕੋਈ ਨਾ ਕੋਈ ਧੁਖ਼ਣੀ ਲਾ ਕੇ ਮੇਰੇ ਅੰਦਰ ਧੂਣੀ ਧੁਖ਼ਾਵਣ ਦੀ ਖੁੱਤ ਛੇੜ ਦੇਂਦਾ ਏ। ਇਸ ਖੁੱਤ ਛੇੜਨ ਵਾਲੇ ਦੀ ਗੱਲ ਤਾਂ ਅੱਗੇ ਜਾ ਕੇ ਕਰਾਂ ਗਾ, ਪਹਿਲਾਂ ਇਸ ਗੱਲ ਦਾ ਇੱਕ ਜੀਊਂਦਾ ਜਾਗਦਾ ਸਬੂਤ ਪੇਸ਼ ਕਰ ਦੇਵਾਂ ਕਿ ਕਿਤਾਬਾਂ ਦੇ ਣੇਰ ਉੱਤੇ ਖਲੋ ਕੇ ਉੱਚੇ ਹੋ ਗਏ ਪ੍ਰੋਫ਼ੈਸਰਾਂ ਅਤੇ ਡਾਕਟਰ ਵੀਰਾਂ ਨੇ ਬਾਲਾਂ ਨੂੰ ਪੰਜਾਬੀਅਤ ਦੇ ਨਾਂ ਤੇ ਪੁੱਠੇ ਸਿੱਧੇ ਸ਼ਬਦ ਤਾਂ ਸਿਖਾ ਦਿੱਤੇ ਪਰ ਉਹਨਾਂ ਨੂੰ ਨਾ ਪੰਜਾਬੀ ਪੜ੍ਹ ਸਕੇ ਨਾ ਸਿਖਾ ਸਕੇ। ਸ਼ਾਇਦ ਕਿਸੇ ਨੂੰ ਅਜੇ ਵੀ ਯਾਦ ਹੋਵੇ ਕਿ ਕਈ ਵਰ੍ਹੇ ਪਹਿਲਾਂ ਮੇਰੀ ਜੰਮਣ ਭੂਈਂ ਦੇ ਪੰਜਾਬੀ ਤੋਂ ਐਮ ਏ ਪਾਸ ਵਿਆਹ ਕੇ ਲੰਦਨ ਆਈ। ਨਵੀਂ ਨਵੀਂ ਇੱਕ ਕੁੜੀ ਸਪੋਕਨ ਇੰਗਲਿਸ਼ ਕਲਾਸ ਵਿੱਚ ਉਸ ਵਚਾਰੀ ਨੇ ਜਦੋਂ ਅੱਜ ਦੀ ਪੰਜਾਬੀ ਨੇ ਸਿਖਾਏ ਅੱਖਰ ਬੋਲੇ ਤਾਂ ਕਲਾਸ ਵਿੱਚ ਤਮਾਸ਼ਾ ਬਣ ਗਈ। ਲੋਕਾਂ ਦਾ ਹਾਸਾ ਬਰਦਾਸ਼ਤ ਨਾ ਕਰ ਸਕੀ ਤੇ ਪ੍ਰੋਫ਼ੈਸਰਾਂ ਨੂੰ ਪੱਲਾ ਪਾ ਕੇ ਰੋਂਦੀ ਹੋਈ ਘਰ ਚਲੀ ਗਈ।
ਅੱਜ ਇੰਜ ਦਾ ਹੀ ਇੱਕ ਹੋਰ ਕਾਰਨਾਮਾ ਤੁਹਾਨੂੰ ਸੁਨਣਾ ਪੱਵੇ ਗਾ। ਲੰਦਨ ਇੱਕ ਨਿਜੀ ਟੀ ਵੀ ਉੱਤ ਵੀਹ ਬਾਈ ਵਰ੍ਹਿਆਂ ਦੀ ਕੁੜੀ ਪੰਜਾਬੀ ਪ੍ਰੋਰਗਰਾਮ ਕਰਨ ਐਂਕਰ ਬਣ ਕੇ ਆ ਗਈ। ਉਹ ਵੀ ਜਾਲੰਧਰ ਦੇ ਕਿਸੇ ਥਾਂ ਤੋਂ ਨਵੀਂ ਨਵੀਂ ਵਿਆਹ ਕੇ ਆਈ ਸੀ। ਪੰਜਾਬੀ ਬੋਲੀ ਨਾੇ ਕੁੱਝ ਲੋਕ ਮੈਨੂੰ ਜਾਣਦੇ ਸਨ। ਕੁੜੀ ਨੇ ਕਿਧਰੋਂ ਪਤਾ ਲੈ ਕੇ ਫ਼ੋਨ ਕੀਤਾ ਤੇ ਆਪਣੇ ਪ੍ਰੋਰਗਰਾਮ ਵਿੱਚ ਆਣ ਦੀ ਦਾਅਵਤ ਦਿੱਤੀ। ਅਸੀਂ ਮੀਆਂ ਬੀਵੀ ਚਲੇ ਗਏ। ਉਹ ਬੀਬੀ ਅਕਲੋਂ, ਸ਼ਕਲੋਂ ਅਤੇ ਅਖ਼ਲਾਕੋਂ ਬੜੀ ਚੰਗੀ ਤੇ ਨਿੱਘੀ ਸੀ। ਉਹ ਮੈਨੂੰ ਆਪਣੀ ਕਾਰਗੁਜ਼ਾਰੀ ਬਾਰੇ ਪੁੱਛਦੀ ਰਹੀ। ਮੈਂ ਆਪਣੀ ਮਾੜੀ ਮੋਟੀ ਅਕਲ ਮੁਵਜਬ ਕੁੱਝ ਗੱਲਾਂ ਬਾਤਾਂ ਦੱਸੀਆਂ ਤੇ ਉਹ ਖ਼ੁਸ਼ ਹੋ ਗਈ। ਉਸ ਨੇ ਦੱਸਿਆ ਕਿ ਉਹ ਐਮ ਏ ਪੰਜਾਬੀ ਹੈ।
ਉਹ ਮੇਰੇ ਪੰਜਾਬ ਦੀ ਧੀ ਸੀ ਤੇ ਉਹਦੀ ਕਾਮਯਾਬੀ ਨਾਲ ਦਿਲਚਸਪੀ ਸੀ। ਇੱਕ ਦਿਨ ਘਰ ਬੈਠੇ ਉਸ ਦਾ ਪ੍ਰੋਗਰਾਮ ਵੇਖ ਰਿਹਾ ਸਾਂ ਕਿ ਉਸ ਵਚਾਰੀ ਨੇ ਇੱਕ ਲੋੜ੍ਹਾ ਮਾਰ ਕੱਣਿਆ। ਆਖਣ ਲੱਗੀ ਲੋ ਵਈ, ਮੈਂ ਪੰਜਾਬੀ ਦਾ ਕੁੱਝ ਸ਼ਬਦ ਪੁੱਛਾਂ ਗੀ ਤੇ ਤੁਸੀਂ ਕਾਲ ਕਰ ਕੇ ਉਹਨਾਂ ਦੇ ਅਰਥ ਦੱਸਿਓ। ਉਸ ਨੇ ਹੋਰ ਸ਼ਬਦਾਂ ਦੇ ਨਾਲ ਇਹ ਵੀ ਪੁੱਛ ਲਿਆ ਕਿ ਖੱਸੀ ਕੀ ਹੁੰਦਾ ਏ। ਰੱਬ ਜਾਣੇ ਉਸ ਨੇ ਇਹ ਕਿੱਥੋਂ ਸੁਣ ਲਿਆ ਸੀ। ਮੈਂ ਉਸ ਦੇ ਮੂਹੋਂ ਟੀਵੀ ਉੱਤੇ ਇਹ ਸ਼ਬਦ ਸੁਣ ਕੇ ਪਾਣੀ ਪਾਣੀ ਹੋ ਗਿਆ। ਉਸ ਦੇ ਭੋਲਪਣ ਉੱਤੇ ਤਰਸ ਵੀ ਆਇਆ ਕਿ ਪੰਜਾਬੀ ਬੋਲੀ ਦੀ ਮਾਸਟਰ ਡਿਗਰੀ ਕਰ ਕੇ ਵੀ ਪੰਜਾਬੀ ਪੱਲੇ ਨਾ ਪਈ। ਜੇ ਉਸ ਨੂੰ ਪ੍ਰੋਫ਼ੈਸਰਾਂ ਡਾਕਟਰਾਂ ਨੇ ਬੁੱਲ੍ਹੇ ਸ਼ਾਹ ਪੜ੍ਹਾਇਆ ਹੁੰਦਾ ਤੇ ਉਹ ਇੰਜ ਨਾ ਕਰਦੀ। ਮੈਂ ਛੇਤੀ ਨਾਲ ਉਹਦਾ ਮੋਬਾਇਲ ਮਿਲਾਇਆ ਪਰ ਉਹ ਬੰਦ ਸੀ। ਉੱਥੇ ਹੀ ਇੱਕ ਪਾਕਿਸਤਾਨੀ ਮੁੰਡਾ ਸੀ ਜਿਸ ਨੂੰ ਮੈਂ ਫ਼ੋਨ ਕਰ ਕੇ ਆਖਿਆ ।। ਕੌਰ ਐਂਕਰ ਨੂੰ ਦੱਸ ਕਿ ਇਹ ਸ਼ਬਦ ਖ਼ਰਾਬ ਹੈ ਤੇ ਉਹ ਆਪਣਾ ਵਿਸ਼ੇ ਬਦਲ ਲੱਵੇ। ਪਰ ਕੁੱਤੇ ਦ ਕੁੱਤਾ ਵੈਰੀ। ਮੈਨੂੰ ਜਾਪਿਆ ਉਸ ਮੁੰਡੇ ਦੀ ਸਗੋਂ ਮੋਜ ਹੀ ਬਣ ਗਈ ਕਿ ਚੰਗਾ ਹੋਇਆ ਏ, ਹੁਣ ਭੰਡੀ ਪੱਵੇ ਗੀ। ਉਸ ਏਰਖਾ ਦੇ ਮਾਰੇ ਹੋਏ ਨੇ ਅੱਗੋਂ ਆਖਿਆ ਰਹਿਣ ਦਿਓ ਮਲਿਕ ਜੀ, ਇਹ ਵੀ ਬੜੀ ਮੱਛਰੀ ਹੋਈ ਸੀ ਉਹ ਕਮੀਨਾ ਕੋਈ ਆਪਣੀ ਕਿੜ ਕੱਣ ਰਿਹਾ ਸੀ। ਮੈਂ ਕਿਸੇ ਹੋਰ ਦਾ ਤਰਲਾ ਮਾਰਿਆ ਤੇ ਉਸ ਨੇ ਕੁੜੀ ਨੂੰ ਮੇਰਾ ਸੁਨੇਹਾ ਦੇ ਕੇ ਡੱਕ ਦਿੱਤਾ। ਪਰ ਉਸ ਵਚਾਰੀ ਨੂੰ ਅਜੇ ਵੀ ਇਸ ਗੱਲ ਦਾ ਪਤਾ ਨਾ ਲੱਗਾ ਕਿ ਇਸ ਖੱਸੀ ਸ਼ਬਦ ਵਿੱਚ ਕਿਹੜੀ ਖ਼ਰਾਬੀ ਹੈ। ਪ੍ਰੋਗਰਾਮ ਮੁੱਕਣ ਤੇ ਉਸ ਨੇ ਮੈਨੂੰ ਫ਼ੋਨ ਕੀਤਾ ਤੇ ਆਖਣ ਲੱਗੀ ਕਿ ਇਸ ਖੱਸੀ ਸ਼ਬਦ ਵਿੱਚ ਕਿਹੜੀ ਖ਼ਰਾਬੀ ਹੈ। ਪ੍ਰੋਗਰਾਮ ਮੁੱਕਣ ਤੇ ਉਸ ਨੇ ਮੈਨੂੰ ਫ਼ੋਨ ਕੀਤਾ ਤੇ ਆਖਣ ਲੱਗੀ ਅੰਕਲ, ਮੈਂ ਤੁਹਾਡੇ ਆਖੇ ਵਿਸ਼ੇ ਤਾਂ ਬਦਲ ਲਿਆ ਪਰ ਇਹ ਦੱਸੋ ਇਸ ਸ਼ਬਦ ਖੱਸੀ ਵਿੱਚ ਕੀ ਬੁਰਾਈ ਹੈ? ਹੁਣ ਇੱਕ ਬੱਚੀ ਨਾਲ ਇਸ ਸ਼ਬਦ ਦੀ ਵਜ਼ਾਹਤ ਵਿਆਖਿਆ ਕਰਨਾ ਵੀ ਮੇਰੇ ਲਈ ਓਖਾ ਸੀ। ਮੈਂ ਐਧਰੋਂ ਓਧਰੋਂ ਸ਼ਬਦਾਂ ਨੂੰ ਘੇਰ ਘੱਪ ਕੇ ਗੋਲ ਮੋਲ ਣੰਗ ਨਾਲ ਖੱਸੀ ਦਾ ਖ਼ੁਲਾਸਾ ਕੀਤਾ ਤੇ ਉਹ ਵਚਾਰੀ ਸ਼ਰਮਿੰਦਾ ਹੋਏ ਇਨਾ ਹੀ ਆਖ ਸਕੀ ਓ ਮਾਈ ਗਾਡ! ਮੈਂ ਤਾਂ ਇਸ ਦੇ ਹੋਰ ਹੀ ਅਰਥ ਸਮਝਦੀ ਰਹੀ ਹਾਂ। ਹੁਣ ਕੀ ਬਣੇ ਗਾ? ਮੈਂ ਕਿਹਾ ਕਿ ਵਹਿਮ ਕਰਨ ਦੀ ਲੋੜ ਨਹੀਪ। ਜੇ ਪੰਜਾਬੀ ਦਾ ਐਮ ਏ ਕਰ ਕੇ ਸ਼ਬਦ ਖੱਸੀ ਦਾ ਨਹੀਂ ਪਤਾ ਤੈਨੂੰ ਤੇ ਬਾਕੀ ਵੀ ਇੰਜ ਹੀ ਹਨ। ਇਸ ਟੀਵੀ ਦਾ ਮਾਲਿਕ ਮੇਰਾ ਸੱਜਣ ਹੈ। ਹੈ ਤੇ ਉਹ ਪੰਜਾਬੀ ਪਰ ਅਸੀਲ ਨਹੀਪ, ਕਾਠਾ ਪੰਜਾਬੀ ਹੈ। ਜੇ ਉਹ ਪੁੱਛ ਵੀ ਲੱਵੇ ਤੇ ਆਖੀਂ ਮੈਂ ਖੱਸੀ ਨਹੀਂ, ਖੇਸੀ ਆਖਿਆ ਸੀ। ਨਾਲੇ ਯਾਦ ਰੱਖੀਂ ਖੇਸ ਮੰਜੀ ਉੱਤੇ ਵਛਾਈ ਦਾ ਏ ਤੇ ਖੇਸੀ ਦੀ ਬੁੱਕਲ ਮਾਰੀ ਦੀ ਏ। ਕੁੜੀ ਵਚਾਰੀ ਹੱਸ ਕੇ ਖ਼ੁਸ਼ ਹੋ ਗਈ। ਅੱਜ ਸੋਚਦਾ ਹਾਂ ਕਿ ਪੰਜਾਬੀ ਦੀ ਡਾਕਟਰੀ ਕਰਨ ਵਾਲਿਆਂ ਨੇ ਇੰਜ ਦੇ ਮਰੀਜ਼ ਨੂੰ ਐਮ-ਏ ਕਰਦੇ ਹੋਏ ਬੁੱਲ੍ਹੇ ਸ਼ਾਹ ਪੜ੍ਹਿਆ ਹੁੰਦਾ ਤੇ ਉਸ ਨੂੰ ਪਤਾ ਹੁੰਦਾ ਕਿ ਖੱਸੀ ਦਾਂਦ ਅਤੇ ਭੇਡਾਂ ਸੱਸੀਆਂ ਕੀ ਹੁੰਦੀਆਂ ਨੇਂ। ਪਰ ਉਹਨਾਂ ਨੇ ਤੇ 47 ਤੋਂ ਬਾਅਦ ਇੱਕੋ ਹੀ ਗੱਲ ਦਾ ਧਿਆਨ ਰੱਖਿਆ ਕਿ ਪੰਜਾਬੀ ਨੂੰ ਸੰਸਕਰਿਤ ਦੀ ਪੁੱਠ ਕਿਵੇਂ ਚਾੜ੍ਹਣੀ ਏ। ਕਿਹੜੀ ਲੋੜ ਸੀ ਕਿ ਸਿੱਧੇ ਸਾਦੇ ਸ਼ਬ ਆਜ਼ਾਦੀ ਨੂੰ ਸੰਤੰਤਰਤਾ ਆਖਣ ਦੀ? ਇਹ ਸ਼ਬਦ ਸਿਰਫ਼ ਡਾਕਟਰਾਂ ਆਪਣੀ ਲੋੜ ਲਈ ਹੀ ਪੰਜਾਬੀ ਵਿੱਚ ਵਾੜਿਆ ਏ। ਵਰਨਾ ਇਸ ਨੂੰ ਨਾ ਤੇ ਮੇਰੇ ਵਰਗੇ ਅਣਪੜ੍ਹ ਅਤੇ ਪਿੰਡਾਂ ਵਾਲੇ ਸਮਝਦੇ ਨੇਂ ਤੇ ਨਾ ਹੀ ਲਹਿੰਦੇ ਪੰਜਾਬ ਦਾ ਇਸ ਡਾਕਟਰੀ ਤੋਂ ਕੋਈ ਜਾਣੀ ਹੈ। ਕਿਹੜੀ ਲੋੜ ਹਅ ਬਾਰਡਰ ਤੋਂ ਪਰਲੇ ਪਾਸੇ ਵੱਸਣ ਵਾਲੇ ਪੰਜਾਬੀ ਭਰਾਵਾਂ ਨੂੰ ਵੱਖ ਕਰਨ ਦੀ। ਬੋਲੀ ਵੱਖਰੀ ਹੋ ਗਈ ਤਾਂ ਆਪੇ ਹੀ ਪਾੜ ਪੈ ਜਾਣ ਗੇ। ਹਿੰਦੁਸਤਾਨ ਨੂੰ ਆਜ਼ਾਦੀ ਮਿਲੀ ਤਾਂ ਵਿਦਵਾਨਾਂ ਨੇ ਆਜ਼ਾਦੀ ਦਾ ਨਾਂ ਸੰਤੰਤਰਤਾ ਰੱਖ ਦਿੱਤਾ। ਸਦਕੇ ਜਾਵਾਂ, ਇਸ ਪੰਜਾਬੀ ਬੋਲੀ ਨੂੰ ਗਤਾਵੇ ਦੀ ਖੁਰਲੀ ਤੋਂ ਖੋਲ੍ਹ ਕੇ ਫੱਕ ਵਾਲੀ ਖੁਰਲੀ ਤੇ ਬੰਨ੍ਹਣ ਵਾਲਿਆਂ ਤੋਂ। ਸੋਚਦਾ ਹਾਂ ਕਿ ਕਲ ਨੂੰ ਜੁੱਤੀ, ਰੋਟੀ, ਮੰਜੀ ਅਤੇ ਧੋਤੀ ਕੁੜਤੇ ਦਾ ਨਾਂ ਪਤਾ ਨਹੀਂ ਕੀ ਰੱਖਿਆ ਜਾਵੇ ਗਾ। ਇਸ ਐਮ-ਏ ਪਾਸ ਕੁੜੀ ਦੀ ਗੱਲ ਦੱਸਣ ਦੀ ਲੋੜ ਇਸ ਕਰ ਕੇ ਪਈ ਹੈ ਕਿ ਕੋਈ ਡਾਕਟਰ ਪਾਠਕ ਮੈਨੂੰ ਇਹ ਨਾ ਆਖੇ ਕਿ ਸਾਨੂੰ ਸ਼ਕਰਕੰਦੀ, ਕੁਮੀਆਂ, ਮੁੰਜਰਾਂ, ਸੰਘਾੜੇ, ਖਾਰੇ ਚੜ੍ਹਣਾ, ਵਾਗ ਫੜਾਈ ਯਾਂ ਕੱਟੀਆਂ ਵੱਛੀਆਂ, ਵਛੇਰੇ ਵਛੇਰੀਆਂ ਯਾਂ ਪੱਠਾਂ ਪਠੂਰਿਆਂ ਨਾਲ ਕੀ ਤਅਲੁੱਕ ਵਾਸਤਾ ਹੈ। ਇੱਥੇ ਮੈਂ ਇਹ ਹੀ ਆਖਾਂ ਗਾ ਕਿ ਜੇ ਨੀਅੱਤ ਦੀ ਅੱਖ ਵਿੱਚ ਫੋਲਾ ਅਤੇ ਇਨਸਾਫ਼ ਦੀ ਤੱਕੜੀ ਵਿੱਚ ਪਾਸਕੂ ਨਾ ਹੋਵੇ ਤਾਂ ਇਹ ਸੱਭ ਕੁੱਝ ਹੀ ਤੇ ਪੰਜਾਬੀਅਤ ਹੈ। ਯਾਦ ਰਹਿਵੇ ਕਿ ਇੰਜ ਦਾ ਆਰਾ ਪਾਊਣਾ ਯਾਂ ਵੇਦਾ ਵਿੱਣਣਾ ਮੇਰਾ ਸ਼ੋਕ ਨਹੀਂ ਮਜਬੂਰੀ ਏ। ਜਦੋਂ ਵੀ ਕਿਧਰੇ ਕੋਈ ਪੰਜਾਬੀ ਬੋਲੀ ਬਾਰੇ ਧੁੱਖਣੀ ਲਾਉਂਦਾ ਏ ਤੇ ਮੇਰੀਆਂ ਸੋਚਾਂ ਦੀ ਕੁੱਖ ਵਿੱਚੋਂ ਇੰਜ ਦੀ ਸੜੀ ਬਲੀ ਲਿਖਤ ਜਨਮ ਲੈਂਦੀ ਏ। ਅੱਜ ਦੀ ਖੁੱਤ ਛੇੜਨ ਵਾਲੇ ਵੀਰ ਸੁਭਾਸ਼ ਪਰਿਹਾਰ ਦੀ ਗੱਲ ਤਾਂ ਅੱਗੇ ਜਾ ਕੇ ਕਰਾਂ ਗਾ, ਪਹਿਲਾਂ ਉਸ ਵਚਾਰੀ ਐਂਕਰ ਕੁੜੀ ਦੀ ਨਮੋਸ਼ੀ ਨੂੰ ਬਿੱਲੇ ਲਾਉਂਦੇ ਹੋਏ ਇਹ ਤਾਂ ਦੱਸਾਂ ਕਿ ਜੇ ਕਿਸੇ ਦੁਸ਼ਮਣ ਵਰਗੇ ਸੱਜਣ ਦਾ ਇਸ ਮਾਂ ਬੋਲੀ ਨਾਲ ਸਾਜ਼ਿਸ਼ ਸ਼ਰਾਰਤ ਕਰਨ ਦਾ ਇਰਾਦਾ ਨਾ ਹੁੰਦਾ ਤੇ ਘੱਟੋਘੱਟ ਐਮ-ਏ ਕਰਨ ਵਾਲੇ ਬਾਲਾਂ ਨੂੰ ਸਿਰਫ਼ ਸ਼ਿਵ ਕੁਮਾਰ ਯਾਂ ਪ੍ਰੋਫ਼ੈਸਰ ਮੋਹਨ ਸਿੰਘ ਦਾ ਹੀ ਪੂਰਾ ਕਲਾਮ ਘੋਟ ਕੇ ਪਿਆ ਦਿੱਤਾ ਹੁੰਦਾ ਤਾਂ ਬੋਲੀ ਦੀ ਕਣਕ ਵਿੱਚ ਇੰਜ ਦਾ ਬਗਾਟ ਨਾ ਉੱਗਦਾ। ਕਲ ਨੂੰ ਲਹਿੰਦੇ ਪੰਜਾਬ ਵਾਲੇ ਜੁੱਤੀ ਨੂੰ ਪਾਪੋਸ਼, ਚਿਮਟੇ ਨੂੰ ਦਸਤਪਨਾਹ ਅਤੇ ਥਾਲੀ ਨੂੰ ਤਸ਼ਤਰੀ ਲਿਖਣ ਲੱਗ ਪਏ ਤੇ ਬੋਲੀ ਦੀ ਸਾਂਝ ਵਾਲਾ ਚੁੱਲ੍ਹਾ ਤਾਂ ਆਪੇ ਹੀ ਵੱਖਰਾ ਹੋ ਜਾਵੇ ਗਾ। ਸਿਆਸੀ ਕੰਧਾਂ ਤਾਂ ਵੱਜ ਗਈਆਂ ਪਰ ਤੁਸੀਂ ਆਪਣਾ ਚੌਂਤਰਾ ਵੱਖਰਾ ਤੇ ਨਾ ਕਰੋ। ਇੰਜ ਤਾਂ ਸਾਡੀ ਰੋਟੀ ਬੇਟੀ ਵੀ ਇੱਕ ਨਹੀਂ ਰਹਿਵੇ ਗੀ। ਫ਼ਿਰ ਮੈਨੂੰ ਅੰਮ੍ਰਿਤਸਰ ਤੇ ਤੁਹਾਨੂੰ ਲਾਹੌਰ ਵੇਖਣ ਦਾ ਚਾਅ ਤੇ ਮੁੱਕ ਜਾਏ ਗਾ। ਕਿੱਥੇ ਗਏ ਉਹ ਉੱਚੇ ਖਨਵਾਦੇ ਦੇ ਲੋਕ ਪ੍ਰੋਫ਼ੈਸਰ ਮੋਹਨ ਸਿੰਘ ਨੇ 1932 ਵਿੱਚ ਉਰਦੂ ਫ਼ਾਰਸੀ ਵਿੱਚ ਐਮ-ਏ ਕੀਤਾ ਪਰ ਆਪਣੀ ਮਾਂ ਬੋਲੀ ਦੀ ਹੀ ਉਂਗਲੀ ਫੜੀ ਰੱਖੀ। ਡਾਕਟਰਾਂ ਵਾਲਾ ਰਲਾਅ ਵੀ ਨਾ ਪਾਇਆ। ਇਸ ਕਰ ਕੇ ਹੀ ਤਾਂ ਉਹ ਸਵਰਗੀ ਜ਼ਿੰਦਾ ਹੈ ਅਤੇ ਅਮਰ ਹੋ ਗਿਆ ਸ਼ਿਵ ਕੁਮਾਰ ਬਟਾਲਵੀ ਵਾਂਗ। ਜੇ ਅੱਜ ਦੀ ਪੰਜਾਬੀ ਬੋਲੀ ਇੰਜ ਹੀ ਸਾਡੀ ਬੋਲੀ ਦੀਆਂ ਬੇੜੀਆਂ ਵਿੱਚ ਵੱਟੇ ਪਾਉਂਦੀ ਰਹੀ ਤਾਂ ਵਾਹਗੇ ਦੇ ਆਰ ਪਾਰ ਵਾਲੀ ਸਾਂਝ ਮੁੱਕ ਜਾਏ ਗੀ। ਪਰ ਯਾਦ ਰੱਖੀਓ, ਇਹ ਜਜ਼ਬਾਤੀ ਸੱਟ ਅਤੇ ਘਾਟੇ ਦੀ ਡਾਂਗ ਸਿਰਫ਼ ਪੰਜਾਬੀਆਂ ਨੂੰ ਹੀ ਵੱਜੇ
ਗੀ। ਸਾਜ਼ਿਸ਼ਾਂ ਸ਼ਰਾਰਤਾਂ ਵਾਲਿਆਂ ਦੇ ਘਰ ਤਾਂ ਲੁੱਡੀ ਪੱਵੇ ਗੀ ਅਤੇ ਚਰਾਗ਼ ਬਾਲੇ ਜਾਣ ਗੇ। ਜੀਊਂਦੇ ਜਾਗਦੇ ਲੋਕ ਮਾਂ ਦੀ ਬੋਲੀ ਨੂੰ ਵੀ ਮਾਂ ਹੀ ਸਮਝਦੇ ਨੇਂ। ਤੇ ਜੇ ਵਾਕਿਆ ਹੀ ਇਹ ਮਾਂ ਹੈ ਤੇ ਫ਼ਿਰ ਕੋਈ ਪੁੱਤ ਵੀ ਮਾਂ ਦੇ ਨੈਨ ਪ੍ਰੈਨ, ਰੰਗ ਰੂਪ ਅਤੇ ਚਾਲ ਣਾਲ ਯਾਂ ਮਾਣ ਤਰਾਣ ਨਹੀਂ ਗਵਾਚਣ ਦੇਂਦਾ। ਜ਼ਰਾ ਝਾਤੀ ਮਾਰੋ ਰਕ ਪ੍ਰੋਫ਼ੈਸਰ ਮੋਹਨ ਸਿੰਘ ਜਿਹੇ ਕੈਸੇ ਲੋਕ ਸਨ ਜਿਹੜੇ ਐਮ-ਏ ਉਰਦੂ ਫ਼ਾਰਸੀ ਹੋ ਕੇ ਵੀ ਆਖ ਗਏ ਕਿ ਮੇਰੇ ਮਰਣ ਤੋਂ ਬਾਅਦ ਮੇਰੀ ਆਖ਼ਰੀ ਨਿਸ਼ਾਨੀ ਨੂੰ ਵੀ ਗੰਗਾ ਦੀ ਬਿਜਾਏ ਚਨ੍ਹਾਂ ਦੇ ਹਵਾਲੇ ਕਰਿਓ ਕਿ ਮੈਂ ਪੰਜਾਬੀਅਤ ਵਿੱਚ ਹੀ ਗ਼ਰਕ ਹੋਵਾਂ।
ਇਹ ਜਜ਼ਬਾਤੀ ਗੱਲਾਂ ਕਦੀ ਕਦੀ ਪਾਣੀ ਬਣ ਕੇ ਅੱਖਾਂ ਵਿੱਚੋਂ ਵੱਗ ਪੈਂਦੀਆਂ ਨੇਂ। ਇਹ ਖ਼ਿਆਲ ਅਕਸਰ ਮੈਨੂੰ ਸਵਾਲ ਕਰਦਾ ਏ ਕਿ ਇੰਜ ਦੀਆਂ ਬਾਰੀਕ ਅਤੇ ਮਹੀਣ ਸੋਚਾਂ ਦੀ ਚੌਂਭੜ ਕਿਸੇ ਹੋਰ ਨੂੰ ਵੀ ਲਗਦੀ ਏ ਕਿ ਸਰਫ਼ ਮੈਂ ਹੀ ਆਪਣੇ ਅਹਿਸਾਸ ਦੀ ਇਸ ਤੱਪਦੀ ਭੱਠੀ ਵਿੱਚ ਪੰਜਾਬੀਅਤ ਦੇ ਗ਼ਮ ਦਾ ਬਾਲਣ ਡਾਹੀ ਜਾਂਦਾ ਹਾਂ। ਪਰ ਚਲੋ! ਪਾਣੀ ਦਈ ਜਾਂਦਾ ਹਾਂ, ਫ਼ਸਲ ਉੱਤੇ ਬੂਰ ਲੱਗੇ ਨਾ ਲੱਗੇ।
ਮੰਗਤੇ ਦਾ ਕੰਮ ਸਦਾ ਲਗਾਣਾ ਹਰ ਬੂਹਾ ਖੜਕਾਵੇ, ਸਖ਼ੀਆਂ ਦਾ ਕੰਮ ਖ਼ੈਰ ਹੈ ਪਾਣਾ, ਪਾਵੇ ਯਾਂ ਨਾ ਪਾਵੇ
ਪੰਜਾਬੀ ਵੀਰੋ! ਵਾਹਗੇ ਦੀ ਸਿਆਸੀ ਲਕੀਰ ਤਾਂ ਵੱਜ ਗਈ, ਕਿਧਰੇ ਸਾਡੇ ਭਾਈਚਾਰੇ ਅਤੇ ਸਭਿਆਚਾਰਕ ਭਿਆਲੀ ਵਿੱਚ ਪਾੜੇ ਨਾ ਪੈ ਜਾਣ। ਰੱਬ ਕਰੇ ਮੇਰੀ ਇਸ ਸੋਲ੍ਹ ਜਿਹੀ ਸੋਚ ਨੂੰ ਕਿਧਰੇ ਠੇਡਾ ਨਾ ਲਗ ਜਾਏ। ਮਾਂ ਬੋਲੀ ਦੀ ਸਾਂਝ ਇੱਕ ਕੁੰਜੀ ਹੈ, ਜੇ ਗਵਾਚ ਗਈ ਤਾਂ ਸਦੀਆਂ ਦੇ ਯਾਰਾਨੇ ਦੇ ਜੰਦਰੇ ਨੂੰ ਜ਼ੰਗਾਲ ਲਗ ਜਾਏ ਗਾ। ਦੋਸਤੋ! ਇੱਥੋਂ ਤੀਕ ਹੀ ਨਹੀਂ, ਮੈਂ ਆਖਾਂ ਗਾ ਕਿ ਰੱਬ ਕਰੇ ਦਿੱਲੀ ਹੱਸਦੀ ਰਹਿਵੇ, ਇਸਲਾਮਆਬਾਦ ਵੱਸਦਾ ਰਹਿਵੇ। ਗੰਗਾ ਕਦੀ ਨਾ ਸੁੱਕੇ ਤੇ ਚਨ੍ਹਾਂ ਵਗਦਾ ਰਹਿਵੇ। ਅੰਮ੍ਰਿਤਸਰ ਬੋਲਦਾ ਰਹਿਵੇ ਤੇ ਲਾਹੌਰ ਹੰਗੂਰਾ ਦੇਂਦਾ ਰਹਿਵੇ। ਹਿੰਦੀ ਸੰਸਕਰਿਤ, ਉਰਦੂ ਅਤੇ ਪੰਜਾਬੀ ਚਾਰੇ ਹੀ ਆਪਣੇ ਆਪਣੇ ਘਰ ਆਬਾਦ ਰਹਿਣ ਅਤੇ ਰਲ ਕੇ ਈਦ, ਦੀਵਾਲੀ ਮੱਸਿਆ ਵਸਾਖੀ ਤੇ ਜਾਇਆ ਕਰਨ। ਇਹ ਹੀ ਮੇਰੀ ਸੱਭ ਤੋਂ ਵੱਡੀ ਇੱਛਿਆ ਤੇ ਖ਼ਾਹਿਸ਼ ਹੈ। ਕਿਉਂ ਜੇ ਮੈਂ ਇੱਕ ਅਜਿਹੀ ਕੁੜੀ ਹਾਂ ਜਿਹੜੀ ਅੰਮ੍ਰਿਤਸਰ ਦੇ ਪੇਕੇ ਘਰੋਂ ਉੱਧਲ ਨਾ ਸਕੀ ਅਤੇ ਲਾਹੌਰ ਦੇ ਸੋਹਰੇ ਘਰੋਂ ਲਿਖਤ ਨਾ ਲੈ ਸਕੀ। ਕੀ ਕਰਾਂ! ਮੈਨੂੰ ਦੋਹਾਂ ਦੀ ਲੱਜ ਪਿਆਰੀ ਹੈ। ਰਹਿ ਰਹਿ ਕੇ ਇਹ ਖ਼ਿਆਲ ਸੋਚਣ ਤੇ ਮਜਬੂਰ ਕਰਦਾ ਏ ਕਿ ਮੇਰੀ ਮਾਂ ਅੰਮ੍ਰਿਤਸਰ ਦੇ ਇੱਕ ਨਿੱਕੇ ਜਿਹੇ ਪਿੰਡ ਜੰਮੀ ਪਲੀ ਤੇ ਉੱਥੇ ਹੀ ਵਿਆਹੀ ਵਿਰਜੀ ਗਈ। ਮੈਂ ਚਾਲ੍ਹੀ ਵਰ੍ਹੇ ਉਹਦਾ ਸੰਗ ਮਾਣਿਆ। ਮੇਰੇ ਦੋ ਭਰਾਵਾਂ ਨੇ ਸਨ ਪੰਤਾਲ੍ਹੀ ਵਿੱਚ ਅੰਮ੍ਰਿਤਸਰ ਦੀ ਤਹਿਸੀਲ ਅਜਨਾਲੇ ਦੇ ਹਾਈ ਸਕੂਲ ਚੋਂ ਮੈਟਰਕ ਪਾਸ ਕੀਤੀ ਜੋ ਸਵਰਗੀ ਰਜੇਸ਼ਵਰੀ ਚਮਿਆਰੀ ਦੇ ਜਮਾਅਤੀ ਸਨ। ਹੇਰਾਨ ਹਾਂ ਕਿ ਮੈਂ ਇਹਨਾਂ ਕਿਸੇ ਦੇ ਮੂਹੋਂ ਵੀ ਅੱਜ ਤਕ ਅੱਜ ਦੀ ਹਦਰੰਗ ਹੋਈ ਯਾਂ ਪੋਲੀਓ ਹੋਈ ਇੰਜ ਦੀ ਪੰਜਾਬੀ ਦਾ ਕਦੀ ਵੀ ਕੋਈ ਸ਼ਬਦ ਨਾ ਸੁਣਿਆ ਜੋ ਮੈਂ ਸੰਤਾਲੀ ਤੋਂ ਬਾਅਦ ਚੜ੍ਹਦੇ ਪੰਜਾਬ ਦੇ ਸ਼ਹਿਰੀ ਬਾਬੂ ਡਾਕਟਰ ਬਾਬੇ ਫ਼ਰੀਦ ਦੀ ਬੋਲੀ ਦਾ ਹਸ਼ਰ ਨਸ਼ਰ ਕਰ ਰਹੇ ਨੇਂ। ਇਸ ਤੋਂ ਉੱਤੇ ਦੁਖ ਵਾਲੀ ਗੱਲ ਕਿਹੜੀ ਹੈ ਕਿ ਲਹਿੰਦੇ ਪੰਜਾਬ ਦੀ ਚੜ੍ਹਦੇ ਪੰਜਾਬ ਨਾਲੋਂ ਸਾਂਝ ਹੀ ਟੁੱਟਦੀ ਜਾ ਰਹੀ ਹੈ। ਬਾਕੀ ਭਿਆਲੀਆਂ ਤੇ ਸਿਆਸਤ ਨੇ ਚੱਟ ਲਈਆਂ ਪਰ ਬੋਲੀ ਵਿੱਚ ਕੰਧ ਤਾਂ ਨਾ ਮਾਰੋ। ਅਸੀਂ ਲਹਿੰਦੇ ਪੰਜਾਬ ਵਾਲੇ ਤੁਹਾਡੇ ਪੰਜਾਬ ਲਈ ਗੁੰਗੇ ਤੇ ਤੁਸੀਂ ਸਾਡੇ ਲਈ ਬੋਲੇ ਹੋ ਗਏ ਹੋ। ਬਾਕੀ ਜ਼ੁਲਮ ਤਾਂ ਚਲੋ ਰੱਬੋਂ ਹੋ ਗਏ ਪਰ ਸਾਡਾ ਮਿਲਣ ਵਰਤਣ ਅਤੇ ਕੂਣ ਸਹੇਨ ਤੇ ਨਾ ਮੁੱਕੇ। ਵੀਜ਼ੇ ਲਈ ਹਾੜੇ ਕਰਨੇ ਤਾਂ ਸਾਡੇ ਪੱਲੇ ਪੈ ਗਏ ਪਰ ਬੋਲੀ ਦੀ ਸਾਂਝ ਤੇ ਨਹੀਂ ਟੁੱਟਣੀ ਚਾਹੀਦੀ। ਲਹਿੰਦੀ ਪੰਜਾਬ ਵਾਲੇ ਅਸੀਂ ਹੱਥ ਬੰਨ੍ਹ ਕੇ ਤਰਲਾ ਕਰਦੇ ਹਾਂ ਕਿ ਸਾਡੇ ਨਾਲ ਰਲ ਕੇ ਬਹਿਣਾ ਅਤੇ ਹਸਣਾ ਖੇਡਣਾ ਤੇ ਮੁੱਕ ਗਿਆ ਏ, ਹੁਣ ਗਵਾਂਣ ਮੱਥਾ ਤੇ ਨਾ ਮਕੁਾਓ। ਬਾਂਹ ਨਾ ਫੜੋ, ਉਂਗਲੀ ਤੇ ਨਾ ਛੁਡਾਓ। ਲਹਿੰਦੇ ਪੰਜਾਬ ਵਾਲਿਆਂ ਨੇ ਅਪਣੇ ਅਤੀਤ ਨੂੰ ਮਰਣ ਤੋਂ ਬਚਾਂਦੇ ਹੋਏ ਸਾਕੀ ਨਿਭਾਣ ਲਈ ਬਹੁਤ ਸਾਰੇ ਲੋਕੀਂ ਗੁਰਮੁਖੀ ਲਿੱਪੀ ਸਿਖ ਰਹੇ ਨੇਂ ਕਿ ਵਾਹਗੇ ਤੋਂ ਪਾਰ ਵਾਲਾ ਸਾਹਤ ਪੜ੍ਹ ਸਕੀਏ। ਪਰ ਦਿਨੋ ਦਿਨੀਂ ਡਾਕਟਰ ਪ੍ਰੋਫ਼ੈਸਰਾਂ ਨੇ ਅਜਿਹੇ ਟੈਸਟ ਟੀਊਬ ਵਾਲੇ ਸ਼ਬਦਾਂ ਦੇ ਬਾਲ ਜਮਾਏ ਕਿ ਉਹਨਾਂ ਨੂੰ ਪਛਾਨਣਾ ਵੀ ਓਖਾ ਹੋ ਗਿਆ। ਅਖੇ ਤੇਲੀ ਵੀ ਕੀਤਾ ਤੇ ਸੁੱਕੀ ਵੀ ਖਾਦੀ। ਕਦੀ ਕਦੀ ਪਾਕਿਸਤਾਨੀ ਮੈਨੂੰ ਪੁੱਛਦੇ ਨੇਂ ਅਮੀਨ! ਤੇਰੀਆਂ ਤੇ ਉਹਨਾਂ ਨਾਲ ਰਲ ਕੇ ਚੁੱਗੀਦਆਂ ਨੇਂ, ਤੂੰ ਉਹਨਾਂ ਦਾ ਲਿਖਿਆ ਡਾਕਟਰੀ ਸਾਹਤ ਸਮਝ ਲੈਂਦਾ ਏਂ ਯਾਂ ਕਿ ਇਵੇਂ ਗੁੰਗੇ ਦੀਆਂ ਰਮਜ਼ਾਂ ਗੁੰਗੇ ਦੀ ਮਾਂ ਹੀ ਜਾਣੇ ਮੈਂ ਕੀ ਦੱਸਾਂ? ਜਿੱਥੇ ਇਹ ਸਮਾਗਮ ਵਿੱਚ ਪਰਚੇ ਪੜ੍ਹ ਰਹੇ ਹੁੰਦੇ ਨੇਂ, ਉੱਥੇ ਮੈਂ ਨੀਂਦ ਦਾ ਠੌਂਕਾ ਲਾ ਲੈਂਦਾ ਹਾਂ। ਕਿਤਾਬਾਂ ਮੈਂ ਨਾਨਕ ਸਿੰਗ, ਗੁਰਦਿਆਲ ਸਿੰਘ ਸਰਣਾ, ਪਰਿੰਸਿਪਲ ਤੇਜਾ ਸਿੰਘ, ਪ੍ਰੋਫ਼ੈਸਰ ਪਰੀਤਮ ਸਿੰਘ, ਪ੍ਰੋਫ਼ੈਸਰ ਮੋਹਨ ਸਿੰਘ, ਵਰਿਆਮ ਸਿੰਧੂ ਅਤੇ ਸ਼ਿਵ ਕੁਮਾਰ ਤੋਂ ਵੱਖ ਹੋਰ ਵੀ ਭਾਈ ਵੀਰ ਸਿੰਘ ਜਿਹੇ ਹਨ ਜਿਹਨਾਂ ਦਾ ਨਾਂ ਨਹੀਂ ਲਿਖ ਸਕਿਆ, ਉਹ ਮੁਆਫ਼ ਕਰ ਦੇਣ ਤਾਂ ਮਹਿਰਬਾਨੀ ਹੋਵੇ ਗੀ। ਇੱਕ ਬੀਬੀ ਸੁਖਵੰਤ ਕੌਰ ਮਾਣ ਦੀ ਕਹਾਣੀ ਜਿੱਤ ਪੜ੍ਹੀ ਤੇ ਉਹਦੇ ਹੱਥ ਚੁੰਮਣ ਨੂੰ ਜੀ ਕੀਤਾ। ਗੁਰਬਚਨ ਭੁੱਲਰ ਸਿੰਤੋਖ ਧੀਰ ਵੀ ਪੜ੍ਹਿਆ। ਗਲ ਕੀ, ਡਾਕਟਰਾਂ ਤੋਂ ਪਹਿਲਾਂ ਵਾਲੇ ਬੜੇ ਪੜ੍ਹੇ। ਹੁਣ ਉਹਨਾਂ ਦੀ ਯਾਦ ਹੀ ਸੀਨੇ ਨਾਲ ਲਾਈ ਬੈਠਾ ਹਾਂ। ਇਸ ਤੋਂ ਬਾਅਦ ਕੀ ਦੱਸਾਂ, ਧੜ ਜਨਾਨੀ ਦਾ, ਮੂੰਹ ਮੱਛੀ ਦਾ ਹੋਵੇ ਤੇ ਉਸ ਦਾ ਕੀ ਨਾਂ ਲਵਾਂ। ਅੰਬ ਦੇ ਬੂਟੇ ਨੂੰ ਤਰਾਂ, ਖੀਰੇ ਲੱਗੇ ਹੋਣ ਤੇ ਉਸ ਰੁਖ ਦੀ ਕਿਹਨੂੰ ਸਮਝ ਆਵੇ। ਹੁਣ ਤਾਂ ਇਹ ਹਾਲ ਹੋ ਰਿਹਾ ਏ ਕਿ ਗੱਲ ਵਿੱਚ ਕੋਟ ਤੇ ਟਾਈ, ਤੀੜ ਤਹਿਮੰਦ ਅਤੇ ਹੱਥ ਵਿੱਚ ਕੌਕਿਆਂ ਵਾਲਾ ਖੂੰਡ ਫੜੇ ਬੰਦੇ ਨੂੰ ਲੰਦਨ ਆਖਾਂ ਕਿ ਲੁਧਿਆਣਾ। ਸੰਨ ਸੰਤਾਲੀ ਤੋਂ ਪਿੱਛੋਂ ਸਾਡੀ ਬੋਲੀ ਨੂੰ ਇੰਜ ਦਾ ਬਣਾ ਕੇ ਰੱਬ ਜਾਣੇ ਸੋਨੇ ਦੇ ਵਰਕ ਵਿੱਚ ਧਤੂਰਾ ਲ੍ਹਵੇਟ ਕੇ ਸਾਨੂੰ ਕਿਸ ਖਵਾਇਆ ਹੈ। ਇਹ ਕਿਸ ਨੇ ਸੰਨ੍ਹ ਲਾਈ ਅਤੇ ਕਿੱਥੇ ਸਾਜ਼ਿਸ਼ਾਂ ਸ਼ਰਾਰਤਾਂ ਹੋਈਆਂ। ਮੰਗਵੇਂ ਗਹਿਣੇ ਨੇ ਰੂਪ ਹੀ ਵਗਾੜ ਦਿੱਤਾ। ਇਹ ਸੱਭ ਕੁੱਝ ਪੰਜਾਬੀ ਮਾਂ ਬੋਲੀ ਨਾਲ ਹੀ ਕਿਉਂ ਹੋਇਆ? ਅਸੀਂ ਕਿਹੜੀਆਂ ਕੀਤੀਆਂ ਨੂੰ ਫੜੇ ਗਏ ਅਤੇ ਕਿਹੜੀ ਪੱਕੀ ਭੂਈਂ ਉੱਤੇ ਮੂਤਿਆ ਗਿਆ ਕਿ ਹੁਣ ਬਾਹਰਲੀਆਂ ਸਾਡਾ ਖਹਿੜਾ ਨਹੀਂ ਛਡਦੀਆਂ। ਅਸੀਂ ਉਹ ਲੋਕ ਹਾਂ ਕਿ ਜਸ ਨੇ ਲਾਈ ਗੱਲੀਂ, ਉਸੇ ਨਾਲ ਉਠ ਚੱਲੀ। ਖ਼ੁਦਾ ਜਾਣੇ ਇਸ ਘਾਟੇ ਦਾ ਕਿਸੇ ਹੋਰ ਦੇ ਅਹਿਸਾਸ ਦੇ ਣਿੱਡ ਵਿੱਚ ਵੀ ਸੂਕ ਪੈਂਦਾ ਹੈ ਕਿ ਨਹੀਂ। ਪੈਸਾ ਧੇਲਾ ਗਵਾਚ ਜਾਏ ਤੇ ਕਿਧਰੋਂ ਹੋਰ ਮਿਲ ਜਾਏ ਗਾ। ਇਹ ਮਾਂ ਬੋਲੀ ਉੱਜੜ ਗਈ ਤੇ ਇਸ ਥਹਿ ਵਿੱਚ ਠੀਕਰੀਆਂ ਹੀ ਰਹਿ ਜਾਣ ਗੀਆਂ। ਮੈਂ ਤਾਂ ਸੱਚ ਦਾ ਹੌਕਾ ਦਈ ਜਾਵਾਂ ਗਾ, ਇਹ ਵੱਖਰੀ ਗੱਲ ਹੈ ਕਿ ਹਰ ਸੱਚੇ ਮੁਕੱਦਰ ਵਿੱਚ ਗਾਲ੍ਹਾਂ ਤੋਂ ਵੱਖ ਕੁੱਝ ਨਹੀਂ ਹੁੰਦਾ। ਮੈਂ ਲਹਿੰਦੇ ਪੰਜਾਬ ਨੂੰ ਇੱਕ ਸੱਚੀ ਗੱਲ ਆਖੀ ਕਿ ਪੰਜਾਬੀ ਲਿਖਣ ਪੜ੍ਹਣ ਲਈ ਮੁਕੰਮਲ ਲਿੱਪੀ ਸਿਰਫ਼ ਗੁਰਮੁਖੀ ਹੈ। ਇਸ ਦੇ ਜਵਾਬ ਵਿੱਚ ਮੈਨੂੰ ਤੋਏ ਲਾਅਨਤ ਹੋਈ ਅਤੇ ਜੂਤ ਪਲਾਨ ਤੋਂ ਸਿਵਾ ਕੁਜ ਹੱਥ ਨਾ ਆਇਆ। ਪਰ ਫ਼ਿਰ ਵੀ ਰੱਬ ਦਾ ਕਰਮ ਹੈ ਕਿ ਅੱਜ ਕਲ ਬਹੁਤ ਲੋਕ ਇਹ ਲਿੱਪੀ ਸਿਖ ਰਹੇ ਹਨ। ਮੇਰੀਆਂ ਪੰਜ ਕਿਤਾਬਾਂ ਐਧਰ ਗੁਰਮੁਖੀ ਲਿੱਪੀ ਵਿੱਚ ਛਾਪੀਆਂ ਗਈਆਂ।
ਬੰਦਾ ਬੀ ਖਲਾਰਦਾ ਰਹਿਵੇ ਤਾਂ ਕਦੀ ਤਾਂ ਇਸ ਬੰਜਰ ਧਰਤੀ ਵਿੱਚ ਕੁੱਝ ਉੱਗ ਹੀ ਪੱਵੇ ਗਾ। ਸਾਜ਼ਿਸ਼ਾਂ ਸ਼ਰਾਰਤਾਂ ਕਰਨ ਵਾਲਿਆਂ ਨੇ ਤਾਂ ਘੱਟ ਨਹੀਂ ਕੀਤੀ ਪਰ ਕੋਸ਼ਿਸ਼ ਵੀ ਨਹੀਂ ਛਡਣੀ ਚਾਹੀਦੀ। ਭਾਵੇਂ ਹੀ ਚੜ੍ਹਦੇ ਪੰਜਾਬ ਵਿੱਚ ਪੰਜਾਬੀਅਤ ਦੀ ਮਾਂ ਬਾਂਝ ਹੁੰਦੀ ਜਾ ਰਹੀ ਹੈ ਅਤੇ ਹੁਣ ਤੰਦਰੁਸਤ ਬਾਲ ਦੀ ਬਿਜਾਏ ਟੈਸਟ ਟੀਊਬ ਬੇਬੀ ਜੰਮ ਰਹੇ ਹਨ ਪਰ ਮੈਂ ਆਪਣੀ ਵਾਹ ਲਾਈ ਜਾਵਾਂ ਗਾ। ਇੱਕ ਦਿਨ ਸਪੋਕਸਮੈਨ ਦੇ ਮੁਖ ਸੰਮਪਾਰਕ ਜਨਾਬ ਜੋਗਿੰਦਰ ਸਿੰਘ ਜੀ ਨਾਲ ਗੱਲ ਹੋਈ ਤਾਂ ਸੁਣ ਕੇ ਬੜਾ ਹੀ ਉਦਾਸ ਹੋ ਗਿਆ। ਉਹਨਾਂ ਨੇ ਇੱਕ ਸੱਚੀ ਗੱਲ ਦੱਸੀ ਕਿ ਅਮੀਨ, ਉਹ ਪੁਰਾਣੇ ਲੋਕ ਜੋ ਪੰਜਾਬੀ ਬੋਲਦੇ ਲਿਖਦੇ ਸਨ ਤੇ ਬਹੁਤੇ ਸੰਤਾਲੀ ਤੋਂ ਬਾਅਦ ਲਹਿੰਦੇ ਪੰਜਾਬ ਵੱਲੋਂ ਆਏ ਸਨ, ਹੁਣ ਹੋਲੀ ਹੋਲੀ ਮੁਕਦੇ ਜਾ ਰਹੇ ਹਨ ਅਤੇ ਇਹ ਬੋਲੀ ਵੀ ਮੁਕਦੀ ਨਜ਼ਰ ਆਉਂਦੀ ਏ ਇਹ ਗੱਲ ਬੜੀ ਹੀ ਦੁਖ ਦਾਇਕ ਹੈ। ਅੱਜ ਪੰਜਾਬੀ ਪੜ੍ਹ ਕੇ ਡਾਕਟਰ ਬਣਿਆ ਹਿੰਦੀ ਸੰਸਕਰਿਤ ਦੇ ਟੀਕੇ ਲਾ ਰਿਹਾ ਹੈ। ਪੜ੍ਹਿਆ ਬਰਨਾਲਾ ਹੈ ਪਰ ਬੋਲਦਾ ਬਰੇਲੀ ਹੈ।
ਹੁਣ ਮੈਂ ਕੋਸ਼ਿਸ਼ ਕਰਾਂ ਗਾ ਕਿ ਬੋਲੀ ਬਾਰੇ ਆਪਣੇ ਮੁੱਦੇ ਨੂੰ ਬਿੱਲੇ ਲਾਉਂਦੇ ਹੋਏ ਇਸ ਦੀ ਹਿਮਾਇਅਤ ਯਾਂ ਪੱਖ ਵਿੱਚ ਆਪਣਾ ਕੋਈ ਪੇਣਾ ਜਿਹਾ ਮੁਵਕਿਫ਼, ਸਟੈਂਡ ਯਾਂ ਸੰਕਲਪ ਪੇਸ਼ ਕਰਾਂ। ਇਸ ਤੋਂ ਪਹਿਲਾਂ ਮੇਰੀ ਬੇਂਤੀ ਹੈ ਕਿ ਹਰ ਕਿਸਮ ਦੇ ਜਜ਼ਬਾਤੀ ਯਾਂ ਭਾਵਕ ਪੱਧਰ ਤੋਂ ਉੱਤੇ ਉਠਦੇ ਹੋਏ ਨਿਰ ਪੱਖ ਹੋ ਕੇ ਮੇਰੀ ਦਲੀਲ ਨੂੰ ਇਨਸਾਫ਼ ਦੀ ਤੱਕੜੀ ਤੋਲ ਕੇ ਫ਼ੈਸਲਾ ਕਰਿਓ। ਮੈਂ ਸਾਬਤ ਕਰਨ ਲੱਗਾ ਹਾਂ ਕਿ ਪੰਜਾਬੀ ਮਾਂ ਬੋਲੀ ਨੂੰ ਓਭੜ ਓਪਰੀਆਂ ਬੋਲੀਆਂ ਤੋਂ ਪਾਕ, ਖ਼ਾਲਿਸ ਅਤੇ ਨਿਰਮਲ ਹੀ ਰੱਖਿਆ ਜਾਏ ਤਾਂ ਲੇਖਕ ਦੀਆਂ ਲਿਖਤਾਂ ਇਸ ਦੁਨੀਆ ਵਿੱਚ ਜ਼ਿੰਦਾ ਰਹਿੰਦੀਆਂ ਨੇਂ। ਤਜੁਰਬਾ ਅਤੇ ਵੇਲਾ ਇਸ ਗੱਲ ਦੀ ਤਸਦੀਕ ਅਤੇ ਗਵਾਹੀ ਦੇ ਚੁਕਾ ਹੈ ਕਿ ਹਿੰਦੀ ਉਰਦੂ ਯਾਂ ਸੰਸਕਰਿਤ ਦੀ ਦਵਾਤ ਵਿੱਚੋਂ ਡੋਬਾ ਲੈ ਕੇ ਲਿਖੀ ਹੋਈ ਅੱਜ ਤੀਕ ਕੋਈ ਪੰਜਾਬੀ ਲਿਖਤ ਯ ਕੋਈ ਲੇਖਕ ਉਹ ਮਕਾਮ ਯਾਂ ਅਸਥਾਨ ਹਾਸਿਲ ਨਹੀਂ ਕਰ ਸਕਿਆ ਜੋ ਬਾਬਾ ਫ਼ਰੀਦ, ਵਾਰਿਸ ਸ਼ਾਹ, ਬੁੱਲ੍ਹਾ, ਬਾਹੂ, ਭਾਈ ਵੀਰ ਸਿੰਘ, ਪ੍ਰੋਫ਼ੈਸਰ ਪੂਰਣ ਸਿੰਘ, ਮੋਹਨ ਸਿੰਘ ਅਤੇ ਆਖ਼ਰੀ ਹੀਰਾ ਸ਼ਿਵ ਕੁਮਾਰ ਬਟਾਲਵੀ ਜਿਵੇਂ ਆਪਣੇ ਆਪ ਨੂੰ ਅਮਰ ਕਰ ਗਏ। ਇੱਥੋਂ ਤੀਕ ਕਿ ਨੰਦ ਲਾਲ ਨੂਰ ਪੂਰੀ, ਫ਼ੇਰੋਜ਼ ਦੀਨ ਸ਼ਰਫ਼ ਯਾਂ ਸ਼ਾਹ ਮੁਹੰਮਦ ਜਿਹੇ ਵੀ ਇਸ ਖ਼ੂਬੀ ਨਾਲ ਹੀ ਅੱਜ ਤੀਕ ਜ਼ਿੰਦਾ ਹਨ। ਆਪਣੇ ਮੈਂ ਇਸ ਸੰਕਲਪ ਨੂੰ ਇੱਕ ਹੋਰ ਥੱਮੀ ਦੇਣ ਲਈ ੱਿਕ ਨਾਂ ਹੋਰ ਲੈਂਦੇ ਹੋਏ ਨਾ ਭੁੱਲਣ ਵਾਲੇ ਰੇਡੀਓ ਪਾਕਿਸਤਾਨ ਵਾਲੇ ਸਵਰਗੀ ਚੋਧਰੀ ਨਜ਼ਾਮ ਦੀਨ ਦਾ ਜ਼ਿਕਰ ਵੀ ਜ਼ਰੂਰ ਕਰਾਂ ਗਾ ਜੋ ਅੱਜ ਵੀ ਦੁਕਾਨਾਂ ਤੇ ਵਿਕ ਰਿਹਾ ਏ। ਪੰਜਾਬੀ ਦੀ ਹਰ ਮਹਿਫ਼ਲ ਵਿੱਚ ਅੱਜ ਵੀ ਉਹਦਾ ਜ਼ਿਕਰ ਜ਼ਰੂਰ ਹੁੰਦਾ ਹੈ। ਇੰਜ ਹੀ ਆਸਾ ਸਿੰਘ ਮਸਤਾਨਾ, ਆਲਿਮ ਲੋਹਾਰ ਅਤੇ ਸਰੀਂਦਰ ਕੌਰ ਨਹੀਂ ਭੁਲਾਏ ਜਾ ਸਕਦੇ। ਇਹਨਾਂ ਤੋਂ ਬਾਅਦ ਅਨੇਕਾਂ ਲੇਖਕ ਅਤੇ ਗਵੱਈਏ ਵੀ ਆਏ ਪਰ ਉਹ ਸਾਵਣ ਦੀ ਘਟਾ ਵਾਂਗ ਆਏ ਪਰ ਵੱਸਣ ਤੋਂ ਪਹਿਲਾਂ ਹੀ ਉੱਜੜ ਗਏ। ਇੰਜ ਦੇ ਮਾਣ ਜੋਗ ਨਾਮ ਹੋਰ ਵੀ ਬਹੁਤ ਹਨ ਜਿਹਨਾਂ ਦਾ ਮੈਂ ਜ਼ਿਕਰ ਨਹੀਂ ਕਰ ਸਕਿਆ, ਉਹਨਾਂ ਤੋਂ ਮੁਆਫ਼ੀ ਮੰਗਦਾ ਹਾਂ।
ਗੱਲ ਇਹ ਨਹੀਂ ਕਿ ਅੱਜ ਕਿਸੇ ਨੂੰ ਗਲ ਕਰਨੀ ਨਹੀਂ ਆਉਂਦੀ ਯਾਂ ਗੱਲਾਂ ਕਰਨ ਦੀ ਜਾਚ ਭੁਲ ਗਈ ਹੈ। ਇਸ ਦੀ ਮਿਸਾਲ ਇੰਜ ਦਿੱਤੀ ਜਾ ਸਕਦੀ ਹੈ ਕਿ ਫ਼ਿਲਮ ਦਾ ਅਦਾਕਾਰ ਵੀ ਚੰਗਾ ਹੋਵੇ, ਅੰਦਾਜ਼ ਵੀ ਸ਼ਾਨਦਾਰ ਹੋਵੇ ਪਰ ਮੁਕਾਲਮਾ ਯਾਂ ਡਾਇਲਾਗ ਗ਼ਲਤ ਬੋਲਿਆ ਜਾਵੇ ਤਾਂ ਉਸ ਨੂੰ ਕੱਟ ਕਰ ਦਿੱਤਾ ਜਾਂਦਾ ਏ। ਜੇ ਇਸ ਮਿਸਾਲ ਨੇ ਘਰ ਪੂਰਾ ਨਹੀਂ ਕੀਤਾ ਤਾਂ ਮੈਂ ਇਹ ਆਖਾਂ ਗਾ ਕਿ ਅਗਰ ਕੋਈ ਖ਼ਾਨਸਾਮਾ ਯਾਂ ਬਾਵਰਚੀ ਕਿੰਨਾ ਵੀ ਕਾਰੀਗਰ ਯਾਂ ਮਾਹਿਰ ਹੋਵੇ ਪਰ ਜੇ ਉਹ ਕੱਦੂ ਦੇ ਕਰੇਲੇ ਰਲਾ ਕੇ ਪਕਾ ਸੁੱਟੇ ਤਾਂ ਉਸ ਨੂੰ ਕੌਣ ਖਾਵੇ ਗਾ? ਅੱਜ ਜਿਹਰੇ ਅੰਦਾਜ਼ ਤੇ ਣੰਗ ਨਾਲ ਵਾਰਤਕ ਅਤੇ ਸ਼ਾਇਰੀ ਲਿਖੀ ਜਾ ਰਹੀ ਹੈ ਉਸ ਵਿੱਚ ਖ਼ੂਬਸੂਰਤ ਪੰਜਾਬੀ ਦੇ ਅਖਾਣ, ਮੁਹਾਵਰੇ, ਰਾਤ ਨੂੰ ਭੱਠੀ ਉੱਤੇ ਬੈਠੇ ਮੱਛਰੇ ਹੋਏ ਮੁਸ਼ਟੰਡੇ ਮੁੰਡਿਆਂ ਦੀਆਂ ਗੱਲਾਂ, ਖੂਹ ਦੀ ਮਣ ਉੱਤੇ ਬੈਠੀ ਟੋਲੀ ਦੇ ਮਖ਼ੋਲ ਠੱਠੇ ਅਤੇ ਮੇਲੇ ਜਾਂਦੇ ਜਵਾਨਾਂ ਦੇ ਲਲਕਰੇ ਬਲਬਲੇ ਕਿਧਰੇ ਨਜ਼ਰ ਨਹੀਂ ਆਉਂਦੇ। ਕਿਧਰੇ ਵੀ ਕੁੜੀਆਂ ਦਾ ਗਿੱਦਾ ਯਾਂ ਕਿਕਲੀ ਦੀ ਆਵਾਜ਼ ਸੁਣਾਈ ਨਹੀਂ ਦੇਂਦੀ। ਪਿੰਡ ਦੇ ਗਲੀਆਂ ਮੁਹੱਲਿਆਂ ਦਾ ਕੂਣ ਬੋਲਣ ਸੁਣਾਈ ਨਹੀਂ ਦੇਂਦਾ। ਪੰਜਾਬੀ ਮਾਂ ਬੋਲੀ ਸ਼ਹਿਰਾਂ ਦੇ ਬੰਗਲੇ ਕੋਠੀਆਂ ਦੀ ਜ਼ੁਬਾਨ ਨਹੀਂ। ਜਿਸ ਪੰਜਾਬੀ ਲਿਖਤ ਵਿੱਚੋਂ ਪੰਜ ਪਾਣੀਆਂ ਯਾਂ ਪੰਜਾਬ ਦੀ ਮਿੱਟੀ ਦੀ ਖ਼ੁਸ਼ਬੂ ਨਹੀਂ ਆਉਂਦੀੁ, ਉਸ ਲਿਖਤ ਨੂੰ ਪੰਜਾਬੀ ਕੌਣ ਆਖੇ ਗਾ। ਜਿਸ ਉਸਾਰੀ ਕੰਧ ਨੂੰ ਛੱਪੜ ਦ ਥੋਬਾ ਨਾ ਲੱਗੇ ਉਹ ਕੰਧ ਨਹੀਂ ਅਖਵਾਂਦੀ। ਉਸ ਸੰਗਿ ਮਰਮਰ ਲੱਗੀ ਕੰਧ ਨੂੰ ਸਿਰਫ਼ ਦੀਵਾਰ ਹੀ ਆਖਿਆ ਜਾਵੇ ਗਾ। ਅੱਜ ਦੀਆਂ ਲਿਖਤਾਂ ਪੰਜਾਬ ਦੀ ਕੰਧ ਨਹੀਂ, ਸ਼ਹਿਰੀ ਕੋਠੀ ਦੀ ਦੀਵਾਰ ਹੀ ਆਖਾਂ ਗੇ।
ਕੋਈ ਇਲਮ, ਬੋਲੀ, ਸਭਿਆਚਾਰ ਯਾਂ ਕਿਸੇ ਤਬਕੇ ਦਾ ਵਰਤ ਵਰਤਾਰਾ ਸਿਖਣਾ ਜਾਨਣਾ ਇਸ ਲਈ ਨਹੀਂ ਹੁੰਦਾ ਕਿ ਅਸਾਂ ਉਸ ਨੂੰ ਹੱਥੀਂ ਕਰਨਾ ਏ। ਮਸਲਨ ਹੁਣ ਨਾੜ ਦੀ ਛਾਬੀ ਯਾਂ ਨਾਲੇ ਖੇਸ ਦਰੀਆਂ ਘਰਾਂ ਵਿੱਚ ਕੌਣ ਬਣਾਉਂਦਾ ਏ ਤੇ ਕੌਣ ਡੋਰੇ ਵਟਦਾ ਏ। ਪਰ ਜਦੋਂ ਅਸੀਂ ਐਮ-ਏ ਯਾਂ ਪੀ ਐਚ ਡੀ ਪੰਜਾਬੀ ਦੀ ਕਰਦੇ ਹਾਂ ਤੇ ਇਸ ਪੰਜਾਬੀਅਤ ਦੀ ਦੁਨੀਆ ਦਾ ਹਰ ਪੱਖ ਜਾਣ ਲੈਣ ਦੀ ਲੋੜ ਹੈ। ਹੁਣ ਛੋਲੇ ਯਾਂ ਕਣਕ ਦੇ ਘਾਅ ਵੀ ਨਹੀਂ ਪੈਂਦੇ ਹੋਣ ਗੇ। ਖੂਹ ਤਾਂ ਸੁੱਕ ਕੇ ਖੱਡਲਾਂ ਹੀ ਬਣ ਗਏ ਨੇਂ। ਪਰ ਸਾਨੂੰ ਮਾਲ੍ਹ, ਗਾਧੀ, ਣੋਲ, ਝਵੱਕਲੀ, ਆਡਾਂ ਕਿਆਰੀਆਂ ਦਾ ਤਾਂ ਪਤਾ ਹੋਣਾ ਚਾਹੀਦਾ ਏ।
ਬੁੱਲ੍ਹਾਂ ਸ਼ਾਹ ਆਪਣੀ ਸ਼ਾਇਰੀ ਵਿੱਚ ਸੱਸੀਆਂ ਭੇਡਾਂ, ਚਾਮ ਚਿੱਠਾਂ, ਡੱਡੂ ਮੱਛੀਆਂ ਅਤੇ ਖੱਸੀ ਦਾਂਦ ਲਿਖ ਗਿਆ ਏ, ਉਸ ਨੇ ਕੰਮ ਹੱਥੀਂ ਨਹੀਂ ਸਨ ਕੀਤੇ। ਅਮੀਨ ਮਲਿਕ ਨੇ ਵੀ ਲੰਦਨ ਵਿੱਚ ਹਲ ਪੰਜਾਲੀਆਂ ਯਾਂ ਕਪਾਹ ਕੋਈ ਨਹੀਂ ਗੌਡਣੀ। ਅਜ ਮੈਂ ਜੇ ਡਾਕਟਰਾਂ, ਪ੍ਰੋਫ਼ੈਸਰਾਂ ਨੂੰ ਪੁੱਛਾਂ ਕਿ ਸ਼ਿਵ ਕੁਮਾਰ ਲਿਖ ਗਿਆ ਏ ਮੇਰੇ ਪਿਆਰ ਦੀਆਂ ਮੁੰਜਰਾਂ ਦਾ ਦੁੱਧ ਸੁੱਕਿਆ, ਮੈਨੂੰ ਮੱਟੀ ਆਗ ਦੀ ਹੀ ਚੂਪਣੀ ਪਈ। ਹੰਜੂ ਕਚਾਵੀਂ ਬਹਾਲ ਕੇ ਡਾਚੀਆਂ ਧੂੜੀਂ ਗਵਾਚੀਆਂ। ਇਹ ਪੀਹਲੂ ਗਰਨੇ ਅਤੇ ਡੇਲੜੇ।।।।। ਹੁਣ ਕਚਾਵਾ ਕੌਣ ਦੱਸੇ ਕੀ ਹੁੰਦਾ ਏ? ਇਹ ਗਰਨੇ, ਪੀਹਲੜੂ ਅਤੇ ਆਗ ਦੀ ਮੱਟੀ ਕੀ ਹੈ? ਜੇ ਘੱਟੋਘੱਟ ਸ਼ਿਵ ਕੁਮਾਰ ਹੀ ਘੋਟ ਕੇ ਪੀ ਜਾਈਏ ਤਾਂ ਮੁਕੰਮਲ ਪੰਜਾਬੀ ਬਣ ਜਾਂਦਾ ਹੈ ਬੰਦਾ।
ਸਵਰਗੀ ਮੋਹਨ ਸਿੰਘ ਆਪਣੀ ਨਜ਼ਮ ਇੱਕ ਥੇਹ ਵਿੱਚ ਲਿਖਦਾ ਏ ਨਾਅਲ ਪੁਰਾਣੇ, ਪਾਟੇ ਪਰੋਲੇ, ਚਿੱਬੇ ਛੱਲੇ, ਬੋੜੇ ਲੋਟੇ, ਬਿੱਜੂ ਦੇ ਘੋਰਣੇ, ਕਾਨੇ ਕੌੜੇ, ਤੌੜੀ ਵਿੱਚ ਪਕਾਏ ਡੌਲੇ, ਠਿਬ ਖੜਿੱਬੇ ਪੌਲੇ, ਚੰਨੇ ਦੇ ਓਲ੍ਹ੍ਹੇ ਅੱਜ ਪੁੱਛਾਂ ਕਿ ਇਹ ਡੋਲੇ, ਚੰਨਾਂ, ਇਹ ਣੋਲਣੇ ਅਤੇ ਮੱਝਾਂ ਗਲ ਪਾਏ ਗਟ, ਇਹ ਛੰਨਾਂ ਅਤੇ ਡਾਹਰੇ ਕੀ ਹੁੰਦੇ ਨੇਂ ਤੇ ਮੈਨੂੰ ਕਿਹੜਾ ਡਾਕਟਰ ਪ੍ਰੋਫ਼ੈਸਰ ਦੱਸੇ ਗਾ? ਮੈਨੂੰ ਤੇ ਰਾਤ ਵੇਲੇ ਕਈ ਡਾਕਟਰਾਂ ਦਾ ਫ਼ੋਨ ਆਉਂਦਾ ਏ ਕਿ ਅਮੀਨ ਇਹ ਹਰਕ ਮੱਦਖ ਯਾਂ ਫੂਹੜੀ ਕੀ ਹੁੰਦੀ ਏ। ਮੈਂ ਸੜ ਕੇ ਉਹਨਾਂ ਦੀ ਛੋਈ ਲਾਹੁੰਦਾ ਹਾਂ ਤੇ ਅੱਗੋਂ ਆਖਦੇ ਨੇਂ ਇਹ ਸੱਭ ਕੁੱਝ ਪਰਾਤਨ ਹੋ ਗਿਆ ਹੈ ਮੈਂ ਸ਼ਬਦ ਪਰਾਤਨ ਸੁਣ ਕੇ ਪੁੱਛਦਾ ਹਾਂ ਕਿ ਇਹ ਕੀ ਬਲਾ ਹੈ? ਹੱਸ ਕੇ ਨਿਮੋਸ਼ੀ ਨਾਲ ਅੱਗੋਂ ਆਖਦੇ ਓਏ ਯਾਰ ਲਫ਼ਜ਼ ਪੂਰਾਣੇ ਨੂੰ ਅਸੀਂ ਪਰਾਤਨ ਆਖਦੇ ਹਾਂ ਮੈਨੂੰ ਆਖ਼ਿਰ ਇਹ ਹੀ ਆਖਣਾ ਪੈਂਦਾ ਹੈ ਕਿ ਡਾਕਟਰ ਇਹ ਪਰਾਤਨਾ ਨੇ ਹੀ ਤੇ ਚੁੜੇਲ ਬਣ ਕੇ ਪੰਜਾਬੀ ਬੋਲੀ ਨੂੰ ਖਾ ਲਿਆ ਏ। ਤੁਸੀਂ ਵੀ ਮੇਰੀ ਉਮਰ ਦੇ ਹੀ ਹੋ, ਤੁਹਾਨੂੰ ਕੀ ਵੱਗ ਗਈਆਂ।।।।।?
ਜੇ ਸਾਨੂੰ ਬੁਰਾ ਨਾ ਲੱਗੇ ਤਾਂ ਇਹ ਸੜੀ ਬਲੀ ਤਲਖ਼ ਜਿਹੀ ਗੱਲ ਆਖਣੀ ਹੀ ਪੱਵੇ ਗੀ ਕਿ ਸ਼ਾਇਦ ਅਸੀਂ ਉਹਨਾਂ ਕੋਮਾਂ ਵਿੱਚੋਂ ਹੈ ਹੀ ਨਹੀਂ ਜਿਹਨਾਂ ਨੂੰ ਆਪਣੇ ਵਿਰਸੇ ਯਾਂ ਸਭਿਆਚਾਰ ਦੀ ਪਿਓ ਦਾਦੇ ਦੀ ਇੱਜ਼ਤ ਵਾਂਗ ਪਿਆਰੀ ਹੋਵੇ। ਸਭਿਆਚਾਰ ਯਾਂ ਵਿਰਸੇ ਨੂੰ ਤਾਂ ਕਾਠ ਮਾਰੋ, ਸਾਨੂੰ ਤਾਂ ਪਿਓ ਦਾਦੇ ਦੀ ਬੋਲੀ ਬੋਲਣ ਤੇ ਸ਼ਰਮ ਆਉਂਦੀ ਹੈ। ਅਸੀਂ ਅੰਗਰੇਜ਼ੀ, ਹਿੰਦੀ, ਉਰਦੂ ਦੇ ਓਲ੍ਹੇ ਲੁਕਦੇ ਫਿਰਦੇ ਹਾਂ। ਅਸੀਂ ਉੱਚੇ ਹੋਣ ਦੇ ਚਾਅ ਵਿੱਚ ਹੀ ਲੋਕਾਂ ਦੇ ਪੈਰੀਂ ਡਿੱਗ ਪਏ ਹਾਂ। ਦਰਅਸਲ ਅਸੀਂ ਹੀਣਤਾ ਦੇ ਮਾਰੇ ਹੋਏ ਕੰਮਜ਼ਰਫ਼ ਲੋਕ ਹਾਂ। ਉੱਚੇ ਲੋਕਾਂ ਦੀ ਇੱਕ ਹੀ ਮਿਸਾਲ ਕਾਫ਼ੀ ਹੈ ਕਿ ਲਤਾ ਮੰਗੇਸ਼ਕਰ ਨੇ ਪੰਜਾਹ ਸਾਲ ਫ਼ਿਲਮੀ ਦੁਨੀਆ ਉੱਤੇ ਰਾਜ ਕੀਤਾ ਅਤੇ ਅਮੀਰ ਤਰੀਨ ਔਰਤ ਹੈ। ਉਸ ਨੇ ਆਪਣੇ ਨਿੱਕੇ ਭਰਾ ਹਰੀ ਦੀਨਾ ਨਾਥ ਦੀ ਧੀ ਆਪਣੇ ਕੋਲ ਰੱਖੀ ਹੋਈ ਏ ਤੇ ਉਸ ਆਪਣੀ ਭਤੀਜੀ ਨੂੰ ਉਸ ਨੇ ਆਪਣੀ ਮਾਂ ਬੋਲੀ ਦੀ ਇੱਜ਼ਤ ਕਰਦੇ ਹੋਏ ਮਰਹਟੀ ਪੜ੍ਹਾਏ ਜਾਣ ਵਾਲੇ ਸਕੂਲ ਵਿੱਚ ਦਾਖ਼ਿਲ ਕਰਾਇਆ ਹੈ। ਉਸ ਸਕੂਲ ਵਿੱਚ ਮਰਹਟੀ ਹੀ ਪੜ੍ਹਾਈ ਜਾਂਦੀ ਏ। ਨਾਲੇ ਲਤਾ ਖ਼ੁਦ ਆਪਣੇ ਘਰ ਵਿੱਚ ਮਰਹਟੀ ਜ਼ੁਬਾਨ ਹੀ ਬੋਲਦੀ ਏ। ਇਹ ਹੈ ਉੱਚੇ ਲੋਕਾਂ ਦਾ ਜ਼ਰਫ਼।
ਉੱਤੋਂ ਬਲਦੀ ਉੱਤੇ ਤੇਲ ਪਾਵਣ ਵਾਲੇ ਸਾਡੇ ਗਾਇਅਕ ਗਵੱਈਏ ਆ ਗਏ। ਪਹਿਲੀ ਗੱਲ ਤਾਂ ਇਹ ਹੈ ਕਿ ਮਾਂ ਅਜੇ ਛਿਲੇ ਵਿੱਚ ਹੀ ਹੁੰਦੀ ਏ ਤੇ ਪੁੱਤ ਆਪੇ ਹੀ ਸ਼ਾਇਰ ਤੇ ਆਪੇ ਹੀ ਗਵੱਈਆਂ ਬਣ ਜਾਂਦਾ ਏ। ਗੱਲ ਇਹ ਨਹੀਂ ਕਿ ਹੁਣ ਗਾਣ ਵਾਲਿਆਂ ਦੇ ਗਲ ਵਿੱਚ ਗਿੱਲ੍ਹੜ ਹੋ ਗਿਆ ਏ ਪਰ ਬੇਉਸਤਾਦੇ ਅਤੇ ਸੰਗੀਤ ਦੀ ਅਲਿਫ਼ ਬੇ ਤੋਂ ਅਨਜਾਣ ਬੇਸੁਰੇ। ਲਤਾ ਨੇ ਛੇ ਸਾਲ ਦੀ ਉਮਰ ਵਿੱਚ ਸਿਖਣਾ ਸ਼ੁਰੂ ਕੀਤਾ ਤੇ ਮੁਹੰਮਦ ਰਫ਼ੀ ਦੱਸ ਸਾਲ ਦੀ ਸਿਖਿਆ ਤੋਂ ਬਾਅਦ ਕਿਧਰੇ ਧੱਕੇ ਖਾ ਕੇ ਕਾਮਯਾਬ ਹੋਇਆ। ਅਗੋਂ ਗਾਣੇ ਸੁਣ ਲਵੋ ਅੱਜ ਦੇ ਪੰਜਾਬੀ ਗਾਇਕਾਂ ਦੇ। ਅਖੇ ਬਾਈ ਗਾਡ ਤੇਰੇ ਨਾਲ ਲੱਵ ਹੋ ਗਿਆ, ਅਸਾਂ ਤੇ ਜਾਣਾ ਏ ਬਿੱਲੋ ਦੇ ਘਰ, ਗੱਡੇ ਤੇ ਨਾ ਚੜ੍ਹਦੀ ਗਡੀਰੇ ਤੇ ਨਾ ਚੜ੍ਹਦੀ, ਛੜਿਆਂ ਦੇ ਟੱਪੂ ਉੱਤੇ ਟੱਠ ਚੜ੍ਹਦੀ, ਕੰਜਰੀ ਕਲੋਲ ਕਰਦੀ। ਵਾਰੇ ਵਾਰੇ ਜਾਵਾਂ ਸ਼ਾਇਰੀ ਦੇ ਅਤੇ ਸੁਰੀਲੇ ਪਨ ਦੇ। ਹੁਣ ਗਾਣੇ ਸੁਣ ਕੇ ਸਵਾਦ ਨਹੀਂ, ਸਗੋਂ ਸ਼ਰਮ ਆਉਂਦੀ ਏ। ਕਿਸੇ ਸੱਜਰ ਸੂਈ ਮੱਝ ਨੂੰ ਉਹਦੇ ਕੱਟੇ ਕੋਲੋਂ ਖੋਲ੍ਹ ਕੇ ਦੂਰ ਕਰੀਏ ਤੇ ਕੱਟਾ ਵੀ ਮਾਂ ਦੇ ਹਿਜਰ ਅਤੇ ਦਰਦ ਫ਼ਰਾਕ ਵਿੱਚ ਸੁਰ ਨਾਲ ਅੜਿੰਗਦਾ ਏ। ਹਾਏ ਹਾਏ! ਕਿੱਥੇ ਗਏ ਉਹ ਲਿਖਣ ਵਾਲੇ? ਅਖੇ ਉੱਥੇ ਡਾਂਗ ਨਹੀਂ ਕਿਸੇ ਦੀ ਚਲਦੀ ਨੀ, ਜਿੱਥੇ ਚੱਲੇ ਤੀਰ ਅੱਖ ਦਾ। ਮੈਨੂੰ ਵਾਂਗ ਸ਼ੁਦਾਈਆਂ ਝਾਕੇ ਹਾਏ ਨੀ ਮੁੰਡਾ ਲੰਬੜਾਂ ਦਾ, ਵਾਲ ਵਾਹੁੰਦੀ ਨੇ ਧਿਆਨ ਜਦੋਂ ਮਾਰਿਆ ਤੇ ਸ਼ੀਸ਼ੇ ਵਿੱਚ ਤਰੇੜ ਪੈ ਗਈ। ਜਦੋਂ ਹਸਦੀ, ਭੁਲੇਖਾ ਮੈਨੂੰ ਪੈਂਦਾ ਵੇ ਹਾਸਿਆਂ ਵਿੱਚ ਤੂੰ ਹੱਸਦਾ। ਵੇ ਇੱਕ ਮੇਰੀ ਅੱਖ ਕਾਸ਼ਨੀ, ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ।।।।। ਮੈਂ ਲਤਾ ਮੰਗੇਸ਼ਕਰ ਦੀ ਗੱਲ ਤੋਂ ਖ਼ੁਸ਼ ਹੋਇਆ ਤੇ ਇੱਕ ਕੰਮ ਮੇਰੇ ਭੋਲੇ ਭਾਲੇ ਜਿਹੇ ਪੁੱਤ ਨੇ ਵੀ ਇੰਜ ਦਾ ਹੀ ਕੀਤਾ ਕਿ ਆਪਣੇ ਪੁੱਤ ਦਾ ਨਾਮ ਉਸ ਨੇ ਅਮੀਨ ਮਲਿਕ ਰਖ ਲਿਆ ਤੇ ਮੈਂ ਹੇਰਾਨ ਹੋ ਕੇ ਵਝਾ ਪੁੱਛੀ ਤੇ ਆਖਣ ਲੱਗਾ ਅੱਬੂ, ਮੈਂ ਆਪਣੇ ਪਿਓ ਨੂੰ ਭੁਲਣਾ ਨਹੀਂ ਚਾਹੁੰਦਾ। ਸਾਡੇ ਘਰੋਂ ਅਮੀਨ ਮਲਿਕ ਜਾਣਾ ਨਹੀਂ ਚਾਹੀਦਾ। ਮੈਨੂੰ ਅਫ਼ਸੋਸ ਹੋਇਆ ਕਿ ਮੈਂ ਆਪਣੀ ਕਿਸੇ ਧੀ ਦਾ ਨਾਂ ਆਪਣੀ ਮਾਂ ਦੇ ਨਾਂ ਤੇ ਫ਼ਾਤਮਾ ਕਿਉਂ ਨਾ ਰਖਿਆ।
ਅੱਗੋਂ ਦੂਜੀ ਗਲ ਛਹੁੰਦੇ ਹੋਏ ਬੜੀ ਨਮ੍ਰਿਤਾ ਨਾਲ ਅਰਜ਼ ਕਰਾਂ ਗਾ ਕਿ ਚਲੋ, ਮੇਰੀਆਂ ਇਹ ਲੂਸਣੀਆਂ ਯਾਂ ਕੌੜੀਆਂ ਕੁਸੈਲੀਆਂ ਗੱਲਾਂ ਤਾਂ ਛੱਡੋ, ਹੋ ਸਕਦਾ ਏ ਮੇਰਾ ਇਹ ਜ਼ਹਿਨੀ ਫ਼ਤੂਰ ਯਾਂ ਅੰਦਰਲਾ ਕੋਈ ਫ਼ਸਾਦ ਹੋਵੇ ਯਾਂ ਮੈਂ ਇਵੇਂ ਸ਼ੁਦਾਅ ਹੀ ਘੋਲਦਾ ਹੋਵਾਂ। ਪਰ ਆਖ਼ਿਰ ਹਰ ਗਲ ਦਾ ਇੱਕ ਪੇਮਾਨਾ, ਪਰਖ ਪਰਚੋਲ, ਨਾਪ ਤੋਲ ਯਾਂ ਮਾਪ ਡੰਡ ਤਾਂ ਹੁੰਦਾ ਹੀ ਹੈ। ਮੈਂ ਤੁਹਾਡੇ ਹੀ ਇਨਸਾਫ਼ ਦੀ ਤਕੜੀ ਵਿੱਚ ਰੱਖ ਕੇ ਬੇਂਤੀ ਕਰਾਂ ਗਾ ਕਿ ਮੇਰੀਆਂ ਚੰਦ ਗੱਲਾਂ ਦਾ ਭਾਰ ਬਗ਼ੈਰ ਡੰਡੀ ਮਾਰਿਓਂ ਕਿਸੇ ਧਰਮੀ ਕੰਡੇ ਜੋਖ ਕੇ ਆਪ ਹੀ ਦੱਸੋ ਕਿ ਪੰਜਾਬੀ ਬੋਲੀ ਬਾਰੇ ਮੇਰਾ ਇਹ ਰੋਣਾ ਧੋਣਾ, ਖੱਪ ਖੱਪਈਆ, ਪਿੱਟ ਪਟੱਈਆ ਯਾਂ ਦੁਹਾਈ ਪਾਹਰਿਆ ਸੱਚਾ ਹੈ ਕਿ ਨਹੀਂ? ਪਹਿਲਾਂ ਦੁਖ ਤਾਂ ਇਹ ਹੈ ਕਿ ਪਾਕਿਸਤਾਨ ਦੀ ਵੀਹ ਕਰੋੜ ਦੀ ਆਬਾਦੀ ਵਿੱਚੋਂ ਚਧਾਂ ਕਰੋੜ ਪੰਜਾਬੀ ਨੇਂ ਜਿਹੜੇ ਭਾਰਤੀ ਪੰਜਾਬ ਦੀ ਡਾਕਟਰੀ ਕਿਸਮ ਦੀ ਸਾਹਿਤਕ ਬੋਲੀ ਤੋਂ ਵਾਂਝੇ ਜਾਂਦੇ ਹਨ। ਦੂਜੇ ਇਹ ਕਿ ਚੜ੍ਹਦੇ ਪੰਜਾਬ ਵਿੱਚ ਵੀ ਤਕਰੀਬਨ ਅੱਸੀ ਫ਼ੀਸਦੀ ਲੋਕ ਮੇਰੇ ਜਿਹੇ ਹਨ ਜੋ ਪਿੰਡਾਂ ਵਿੱਚ ਵਸੂੰ ਕਰਦੇ ਨੇਂ। ਉਹ ਵੀ ਮੈਂ ਰੋਂਦੇ ਵੇਖੇ ਕਿ ਪ੍ਰੋਫ਼ੈਸਰਾਂ ਦੇ ਚੜ੍ਹਾਏ ਹੋਏ ਚੰਨ ਦੀ ਰੋਸ਼ਨੀ ਨੇ ਸਾਡੀਆਂ ਅੱਖੀਆਂ ਅੰਨ੍ਹੀਆਂ ਕਰ ਦਿੱਤੀਆਂ ਹਨ। ਚੰਗੇ ਭਲੇ ਪੜ੍ਹੇ ਲਿਖੇ ਲੋਕਾਂ ਨੇ ਵੀ ਮੈਨੂੰ ਦੱਸਿਆ ਕਿ ਅਮੀਨ ਇਹ ਤੇਰਾ ਹੀ ਰੋਣਾ ਨਹੀਂ, ਜੋ ਅੱਜ ਲਿਖਿਆ ਜਾ ਰਿਹਾ ਏ, ਉਹ ਸਾਡੀ ਸਮਝੋਂ ਵੀ ਬਾਹਿਰ ਏ। ਤੀਜੇ ਮੈਨੂੰ ਇਹ ਦੱਸਿਆ ਜਾਏ ਕਿ ਜੋ ਵੀ ਭਾਰਤੀ ਪੰਜਾਬੀ ਪਾਕਿਸਤਾਨ ਤੋਂ ਹੋ ਕੇ ਆਉਂਦੇ ਏ ਉਹ ਆਖਦਾ ਏ ਯਾਰ, ਉੱਥੇ ਦੇ ਲੋਕਾਂ ਦੀ ਬੋਲੀ ਬੜੀ ਮਿੱਠੀ ਬਲਕਿ ਟਾਂਗੇ ਵਾਲਾ ਵੀ ਸਾਡੇ ਨਾਲ ਜਿਹੜੀ ਪੰਜਾਬੀ ਬੋਲਦਾ ਏ ਉਹ ਸਵਾਦਲੀ ਹੁੰਦੀ ਏ ਹੁਣ ਮੈਂ ਪੁੱਛਾਂ ਗਾ ਕਿ ਇਹ ਗੱਲ ਆਖਣ ਦੀ ਕੀ ਵਝਾ ਹੈ? ? ਅਸਲ ਗੱਲ ਇਹ ਹੈ ਕਿ ਦਰਅਸਲ ਪਾਕਿਸਤਾਨ ਿਵੱਚ 1947 ਤੋਂ ਪਹਿਲਾਂ ਵਾਲੀ ਹੀ ਪੰਜਾਬੀ ਬੋਲਦੇ ਨੇਂ। ਇਹ ਵੱਖਰੀ ਗੱਲ ਏ ਕਿ ਉਰਦੂ ਨੂੰ ਕੋਮੀ ਜ਼ੁਬਾਨ ਬਣਾ ਕੇ ਉਰਦੂ ਪਰਧਾਨ ਬਣ ਗਈ ਪਰ ਜਿਹੜੇ ਪੰਜਾਬੀ ਬੋਲਦੇ ਨੇਂ ਉਹ ਖ਼ਾਲਿਸ ਅਤੇ ਨਿਰੋਲ ਹੁੰਦੀ ਹੈ। ਮੈਂ ਸ਼ਿਵ ਕੁਮਾਰ ਨੂੰ ਅੱਜ ਵੀ ਸਰ੍ਹਾਣੇ ਥੱਲੇ ਰੱਖੀ ਬੈਠਾ ਹਾਂ। ਮਨਿੰਆ ਕਿ ਉਹਦੇ ਖ਼ਿਆਲਾਂ ਦੀ ਉਡਾਰੀ ਬੜੀ ਉੱਚੀ ਸੀ ਪਰ ਮੈਂ ਉਹਦੀ ਬੋਲੀ ਅਤੇ ਪੰਜਾਬੀ ਸਭਿਆਚਾਰ ਦੀ ਜਾਣਕਾਰੀ ਦਾ ਬਹੁਤਾ ਆਸ਼ਿਕ ਹਾਂ। ਉਸ ਆਪਣੇ ਇੱਕ ਸ਼ਿਅਰ ਵਿੱਚ ਲਿਖਿਆ ਹੈ ਮੇਰੇ ਪਿਆਰ ਦੀਆਂ ਮੁੰਜਰਾਂ ਚੋਂ ਦੁੱਧ ਸੁਕਿਆ ਕੋਈ ਡਾਕਟਰ ਇਸ ਦੀ ਵਸਥਾਰ ਵਿਆਖਿਆ ਕਰ ਸਕੇ ਗਾ? ਕੌਣ ਜਾਣੇ ਗਾ ਕਿ ਕੁੰਜ ਮੇਲ ਦੀ ਕੀ ਹੁੰਦੀ ਏ। ਉਹ ਕਹਿੰਦਾ ਏ ਮੇਰੇ ਲੇਖਾਂ ਦੀ ਛਤੂਤੀਂ ਭਾਵੇਂ ਲਗਿਆ ਮਖੀਰ ਹੈ, ਪਰ ਮੈਨੂੰ ਮੱਟੀ ਸਦਾ ਆਗ ਦੀ ਹੀ ਚੁਪਣੀ ਪਈ ਕੌਣ ਦੱਸੇ ਗਾ ਕਿ ਆਗ ਦੀ ਮੱਟੀ ਕੀ ਹੈ ਅਤੇ ਉਸ ਵਿੱਚ ਕੀ ਬੁਰਾਈ ਹੈ? ਸ਼ਿਵ ਆਖਦਾ ਏ ਵੇ ਮੈਂ ਗ਼ੰਮਾਂ ਦੇ ਦਖੀਂਦੇ ਨੈਨੀਂ ਕੁੰਜ ਹੇ ਛੁਹਾਈ ਇੱਕ ਬੰਨੇ ਉਹ ਮੇਲ ਦੀ ਕੁੰਜ ਆਖਦਾ ਹੈ ਤੇ ਫ਼ਿਰ ਉਹ ਦੁਖਦੀਆਂ ਅੱਖਾਂ ਨੂੰ ਕੁੰਜ ਛੁਹਾ ਰਿਹਾ ਏ। ਇਹ ਗੱਲਾਂ ਕੌਣ ਦੱਸੇ ਗਾ ਕਿ ਇਹ ਕਿਹੜੀ ਕਿਹੜੀ ਕੁੰਜ ਹੈ ਅਤੇ ਕੀ ਕੀ ਕਰਦੀ ਏ? ਫ਼ਿਰ ਉਹ ਕੰਮਲਾ ਸ਼ਾਇਰ ਆਖ ਗਿਆ ਕਿ ਮੈਂ ਕੱਚੀਆਂ ਨਿਮੋਲੀਆਂ ਚੋਂ ਜ਼ਹਿਰ ਡੀਕ ਲਾਂ ਅੱਗੋਂ ਉਹ ਅੱਜ ਦੇ ਸ਼ਹਿਰੀ ਬਾਬੂ ਪ੍ਰੋਫ਼ੈਸਰਾਂ ਨੂੰ ਦੱਸ ਰਿਹਾ ਏ ਕੂਚਦੀ ਮਰ ਗਈ ਹਿਜਰ ਦੀਆਂ ਅੱਡੀਆਂ, ਪਰ ਇਹ ਨਾ ਗਈਆਂ ਇਹ ਬਿਆਈਆਂ ਖੌਹਰੀਆਂ ਜਿਹਨਾਂ ਲੋਕਾਂ ਨੂੰ ਉਸ ਸੂਰਮੇ ਸ਼ਾਇਰ ਦੇ ਇਹ ਸ਼ਿਅਰ ਸਮਝ ਆਉਂਦੇ ਨੇਂ ਮੈਂ ਉਹਨਾਂ ਨੂੰ ਸਲਾਮ ਕਰਦਾ ਹਾਂ, ਪਰ ਉਹ ਬੜਾ ਹੀ ਟਾਵਾਂ ਟਾਵਾਂ ਕੋਈ ਮਾਈ ਦਾ ਲਾਲ ਹੋਵੇ ਗਾ। ਇੱਥੇ ਇਹ ਫ਼ਿਰ ਆਖਣਾ ਹੀ ਬਣਦਾ ਏ ਕਿ ਜੇ ਸ਼ਿਵ ਕੁਮਾਰ ਦੀ ਸ਼ਾਇਰੀ ਕਿਸੇ ਡਾਕਟਰ ਪ੍ਰੋਫ਼ੈਸਰ ਨੂੰ ਨਹੀਂ ਆਉਂਦੀ ਤੇ ਫ਼ਿਰ ਪੰਜਾਬੀ ਬੋਲੀ ਦੀ ਸੱਭ ਤੋਂ ਉੱਚੀ ਡਿਗਰੀ ਨੂੰ ਅੱਗ ਲਾ ਦੇਣੀ ਚਾਹੀਦੀ ਏ। ਜਿਹੜੇ ਲੋਕਾਂ ਨੂੰ ਆਉਂਦੀ ਏ, ਮੈਂ ਉਹਨਾਂ ਤੋਂ ਮੁਆਫ਼ੀ ਮੰਗਦੇ ਹੋਏ ਇਹ ਗੱਲ ਕਰ ਰਿਹਾਂ। ਨਾਲੇ ਮੈਂ ਇਹ ਵੀ ਦੱਸ ਦੇਵਾਂ ਕਿ ਮੈਂ ਭਾਰਤੀ ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਦੇ ਵਦਿਆਰਥੀਆਂ ਨਾਲ ਮੁਖ਼ਾਤਿਬ ਹੋ ਕੇ ਜੋ ਜੋ ਕੁੱਝ ਵੀ ਪੁੱਛਿਆ ਉਹਦੇ ਨਤੀਜੇ ਨੂੰ ਮੁਖ ਰਖਦੇ ਹੋਏ ਮੈਂ ਇਹ ਸਾਰੀਆਂ ਗੱਲਾਂ ਕਰ ਰਿਹਾ ਹਾਂ। ਮੇਰਾ ਗਵਾਹ ਮਾਣ ਜੋਗ ਵਰਿਆਮ ਸਿੰਘ ਸਿੰਧੂ ਵੀ ਹੈ। ਮੈਂ ਤੇ ਰੱਬ ਦਾ ਸ਼ੁਕਰ ਅਦਾ ਕਰਦਾ ਹਾਂ ਕਿ ਮੈਂ ਕਿਧਰੇ ਬਹੁਤਾ ਪੜ੍ਹ ਲਿਖ ਨਹੀਂ ਗਿਆ, ਵਰਨਾ ਮੈਂ ਸ਼ਿਵ ਕੁਮਾਰ ਦੀ ਸ਼ਾਇਰੀ ਦਾ ਅਨੰਦ ਵੀ ਨਹੀਂ ਸੀ ਮਾਣ ਸਕਨਾ। ਅੱਜ ਉਹਦੀ ਇਡੀ ਮੋਟੀ ਕਿਤਾਬ ਵਿੱਚੋਂ ਮੈਨੂੰ ਕਿਸੇ ਕੋਲੋਂ ਕੁੱਝ ਵੀ ਪੁੱਛਣ ਦੀ ਲੋੜ ਨਹੀਂ ਪੈਂਦੀ। ਉਹ ਮੇਰੀ ਮਾਂ ਦੀ ਹੀ ਬੋਲੀ ਬੋਲ ਰਿਹਾ ਏ। ਇੰਜ ਲਗਦਾ ਏ ਇਹ ਕਿਤਾਬ ਉਸ ਨੇ ਮੇਰੇ ਲਈ ਲਿਖੀ ਸੀ। ਇਸ ਕਰਮਾਂ ਵਾਲੇ ਸ਼ਾਇਰ ਨੇ ਡਾਕਟਰੀ ਬੋਲੀ ਬੋਲਿਓਂ ਬਗ਼ੈਰ ਹੀ ਸ਼ਾਇਰੀ ਦਾ ਇਨਾ ਵੱਡਾ ਰੁਤਬਾ ਹਾਸਿਲ ਕੀਤਾ ਹੈ।
ਹੁਣ ਮੈਂ ਡਾਕਟਰਾਂ ਦੀ ਟੀਕਾ ਲੱਗੀ ਬੋਲੀ ਦੇ ਮੁਕਾਬਲੇ ਤੇ ਅਸਲ ਪੰਜਾਬੀ ਜ਼ੁਬਾਨ ਦੀ ਕਦਰੋਕੀਮਤ ਬੜੀ ਖੋਲ੍ਹ ਕੇ ਦੱਸ ਦਿੱਤੀ ਹੈ। ਮੈਂ ਆਪਣੀ ਜ਼ੁਬਾਨ ਯਾਂ ਆਪਣੀਆਂ ਲਿਖਤਾਂ ਦੀ ਕੋਈ ਸਲਾਹਣਾ ਨਹੀਂ ਕਰਾਂ ਗਾ ਕਿਉਂਕਿ ਝੋਣੇ ਵਾਲਾ ਪਿੰਡ ਪਰਾਲੀ ਤੋਂ ਹੀ ਪਛਾਣਿਆ ਜਾਂਦਾ ਹੈ। ਇਹ ਫ਼ੈਸਲਾ ਲੋਕੀ ਹੀ ਕਰ ਚੁਕੇ ਹਨ। ਲਿਹਾਜ਼ਾ ਮੈਂ ਖੋਲ੍ਹ ਕੇ ਚੰਗੇ ਮੰਦੇ ਦਾ ਨਖੇੜਾ ਕਰ ਚੁਕਾ ਹਾਂ। ਸਾਰਾ ਜੋਖ ਤੋਲ ਹੋ ਚੁਕਾ ਹੈ। ਆਖ਼ਿਰ ਤੇ ਇਹ ਫ਼ਿਰ ਕਹਿਣਾ ਹੀ ਪੱਵੇ ਗਾ ਕਿ ਇਸ ਬੋਲੀ ਦੀਆਂ ਬੇੜੀਆਂ ਵਿੱਚ ਵੱਟੇ ਕਿਸ ਨੇ ਪਾਏ। ਇਸ ਬੋਲੀ ਦੇ ਹਦਵਾਣੇ ਦੀ ਕੁਦਰਤੀ ਮਿਠਾਸ ਨੂੰ ਹੋਰ ਮਿੱਠਾ ਕਰਨ ਲਈ ਓਪਰੀ ਖੰਡ ਕਿਸ ਨੇ ਧੂੜੀ? ਇਹ ਹਦਵਾਣਾ ਸੰਤਾਲੀ ਦੀ ਵੰਡ ਤੋਂ ਬਾਅਦ ਹੀ ਇਨਾ ਫਿੱਕਾ ਕਿਉਂ ਹੋ ਗਿਆ ਜਿਸ ਨੂੰ ਬੱਜ ਲਾ ਕੇ ਮਿੱਠਾ ਕਰਨ ਦੀ ਲੋੜ ਪੈ ਗਈ? ਇੱਕ ਮਿਸਾਲ ਦੇਂਦੇ ਹੋਏ ਇਨਾ ਕੂ ਪੁੱਚਣ ਦੀ ਆਗਿਆ ਦਿਓ ਕਿ ਪੰਜਾਬੀ ਦੇ ਸ਼ਬਦ ਅੰਗ ਨਖੇੜਾ ਆਖਣ ਦੀ ਬਿਜਾਏ ਵਿਸ਼ੇਲਸ਼ਨ ਆਖਣ ਨਾਲ ਕਿੰਨਾ ਕੂ ਰੂਪ ਚੜ੍ਹ ਜਾਏ ਗਾ ਪੰਜਾਬੀ ਬੋਲੀ ਨੂੰ? ਸ਼ਬਦ ਮੁਖ ਵਖਾਈ ਯਾਂ ਘੁੰਡ ਚੁਕਾਈ ਨੂੰ ਵਮੋਚਨ ਅਤੇ ਬਰਾਜਮਾਨ ਜਿਹੇ ਸੋਖੇ ਸ਼ਬਦ ਨੂੰ ਉਪਸਥਿੱਤ ਆਖ ਕੇ ਕਿਹੜਾ ਜੱਸ ਖੱਟ ਲਵੋ ਗੇ? ਸ਼ਬਦ ਹੋਂਦ ਨੂੰ ਅਸਤਿਤਵ ਆਖਣ ਨਾਲ ਉਂਜ ਹੀ ਜੀਭ ਨੂੰ ਕੱੜਲ ਪੈ ਜਾਂਦੀ ਏ। ਵੈਸੇ ਵੀ ਇਹ ਸਭ ਕੁੱਝ ਇੰਜ ਲਗਦਾ ਏ ਜਿਵੇਂ ਸਿੱਧੀ ਸਾਦੀ ਸਵਾਦਲੀ ਬੋਲੀ ਨੂੰ ਕੋਈ ਕੁਤਕੁਤਾਰੀਆਂ ਕੱਣ ਰਿਹਾ ਏ। ਮੈਨੂੰ ਅੱਜ ਤਕ ਸਮਝ ਨਹੀਂ ਆਈ ਕਿ ਸਾਡੀ ਬੋਲੀ ਨੂੰ ਇਹ ਸੰਨ੍ਹ ਕਿਸ ਨੇ ਅਤੇ ਕਿਉਂ ਲਾਈ? ਅੱਜ ਮੈਂ ਪੰਜਾਬੀ ਲਿਖਦੇ ਹੋਏ ਪਿਆਲੀ ਯਾਂ ਕੌਲੀ ਨੂੰ ਰਕਾਬੀ ਆਖਾਂ ਤੇ ਅਗਲਿਆਂ ਮੇਰੇ ਤੇ ਜੁੱਤੀ ਲਾਹ ਲੈਣੀ ਹੈ। ਪਰ ਚੜ੍ਹਦੇ ਪਾਸੇ ਅਜਿਹਾ ਆਵਾ ਊਤਿਆ ਹੈ ਕਿ ਕੋਈ ਕਿਸੇ ਨੂੰ ਠਾਕਣ ਛੇਕਣ ਵਾਲਾ ਨਹੀਂ ਰਿਹਾ। ਮੈਂ ਅੰਮ੍ਰਿਤਸਰ ਯੂਨੀਵਰਸਿਟੀ ਦੀ ਐਮ-ਏ ਜਮਾਅਤ ਨੂੰ ਜਦੋਂ ਪੰਜਾਬੀ ਦੇ ਦੋ ਚਾਰ ਸ਼ਿਅਰ ਸ਼ਿਵ ਕੁਮਾਰ ਦੇ ਹੀ ਪੁੱਛੇ ਤੇ ਮੇਰੇ ਵਲ ਉਹ ਇੰਜ ਵੇਖਣ ਲੱਗ ਪਏ ਜਿਵੇਂ ਕਿਸੇ ਡੰਗਰ ਚਾਰਦੇ ਨਾਲ ਅੰਗਰੇਜ਼ੀ ਬੋਲ ਗਿਆ ਹਾਂ। ਪ੍ਰੋਫ਼ੈਸਰ ਵੀ ਮੇਰੇ ਨਾਲ ਹੀ ਖੜੇ ਸਨ। ਮੈਂ ਡਰ ਖ਼ੋਫ਼ ਦੀ ਚਾਦਰ ਲਾਹ ਕੇ ਪਰਾਂਹ ਸੁੱਟੀ ਤੇ ਸਾਫ਼ ਹੀ ਆਖ ਦਿੱਤਾ ਓਏ ਮੁੰਡਿਓ, ਜਾਓ ਪਿੰਡ ਦੇ ਕਿਸੇ ਬਾਬੇ ਕੋਲੋਂ ਜਾ ਕੇ ਪੰਜਾਬੀ ਪੜ੍ਹ ਲਵੋ, ਇਹਨਾਂ ਪ੍ਰੋਫ਼ੈਸਰਾਂ ਦੇ ਖਰਾਸ ਵਿੱਚੋਂ ਆਟਾ ਨਹੀਂ, ਘੱਟਾ ਮਿੱਟੀ ਹੀ ਤੁਹਾਡੇ ਪੱਲੇ ਪੱਵੇ ਗੀ ਮੇਰੇ ਨਾਲ ਉਹਨਾਂ ਪ੍ਰੋਫ਼ੈਸਰਾਂ ਚੰਗੀ ਭਲੀ ਕੁੱਤੇ ਖਾਣੀ ਕੀਤੀ। ਪੇਰ ਮੇਰੀ ਮਜ਼ਦੂਰੀ ਦਾ ਇਹ ਹੀ ਲਾਗ ਮੇਰੇ ਲਈ ਲੱਖਾਂ ਵਰਗਾ ਸੀ। ਮੈਂ ਸ਼ਾਬਾਸ਼ ਲੈਣ ਦਾ ਸ਼ੋਕੀਨ ਵੀ ਨਹੀਂ। ਮੈਂ ਤਾਂ ਉਸ ਮਰਾਸੀ ਜਿਹਾ ਹਾਂ ਜਿਸ ਨੇ ਆਖਿਆ ਸੀ ਇਸ ਕੁੜੀ ਦਾ ਜੋਦਂ ਵੀ ਵਿਆਹ ਹੋਇਆ, ਮੈਨੂੰ ਜੁੱਤੀਆਂ ਹੀ ਪਈਆਂ ਕਿਉਂਕਿ ਕੁੜੀ ਵੱਸਦੀ ਨਹੀਂ ਸੀ ਕਿਸੇ ਘਰ ਤੇ ਮਰਾਸੀ ਸਮਝਾਣ ਦੀ ਕੋਸ਼ਿਸ਼ ਕਰਦਾ ਤੇ ਉਸ ਨੂੰ ਜੁੱਤੀਆਂ ਪੈਂਦੀਆਂ ਸਨ।
ਪਤਾ ਨਹੀਂ ਇਹ ਪੰਜਾਬੀ ਡਾਕਟਰ ਵੀਰ ਕਿਸ ਦੀ ਣਾਹੇ ਚੜ੍ਹ ਗਏ ਨੇਂ। ਸਿੱਧੇ ਸਾਦੇ ਸ਼ਬਦਾਂ ਨੂੰ ਇੰਜ ਵਗਾੜਿਆ ਹੈ ਕਿ ਬੋਲਣ ਲਗਿਆਂ ਬਾਚੀਆਂ ਵਿੰਗੀਆਂ ਹੋ ਜਾਂਦੀਆਂ ਨੇਂ। ਕੀ ਲੋੜ ਪਈ ਸੀ ਮੰਗਵੇਂ ਗਹਿਣੇ ਨੂੰ ਪਾ ਕੇ ਰੂਪ ਵਗਾੜਨ ਦੀ। ਜੇ ਕਦ ਵਧਾਣ ਲਈ ਉੱਚੀ ਅੱਡੀ ਵਾਲੀ ਲਿਫ਼ਟੀ ਪਾ ਕੇ ਇੰਜ ਹੀ ਟੁਰਨਾ ਏ ਜਿਵੇਂ ਬਲਦ ਨੂੰ ਫਾਲਾ ਵੱਜਾ ਹੁੰਦਾ ਏ ਯਾਂ ਭੇਡ ਨੂੰ ਪੇਵਾ ਹੋਇਆ ਹੁੰਦਾ ਏ ਤੇ ਕਾਹਦੀ ਲੋੜ ਹੈ ਵਖ਼ਤਾਂ ਵਿੱਚ ਪੈਣ ਦੀ। ਸੋਚਦਾਂ ਹਾਂ ਕਿ ਲਹਿੰਦੀ ਪੰਜਾਬ ਵਾਲੇ ਗੁਰਮੁਖੀ ਲਿੱਪੀ ਧੜਾ ਧੜ ਸਿੱਖ ਰਹੇ ਨੇਂ। ਕੀ ਉਹ ਸਿਖ ਕੇ ਵੀ ਚੜ੍ਹਦੇ ਪੰਜਾਬ ਨਾਲ ਸਾਹਿਤਕ ਗੱਲ ਬਾਤ ਕਰਨ ਨੂੰ ਇੱਕ ਦਿਨ ਤਰਸਦੇ ਮਰ ਜਾਣ ਗੇ?
 ਯਾਦ ਆਉਂਦਾ ਏ ਬਾਰ ਬਾਰ ਪ੍ਰੋਫ਼ੈਸਰ ਮੋਹਨ ਸਿੰਘ ਜੋ ਆਪਣੀ ਆਖ਼ਰੀ ਸਵਾਹ ਦੇ ਸਾੜ ਨੂੰ ਵੀ ਚੰਨ੍ਹਾਂ ਦੇ ਪਾਣੀ ਵਿੱਚ ਪੰਜਾਬੀਅਤ ਨਾਲ ਠੰਡ ਪਾਣਾ ਚਾਹੁੰਦਾ ਸੀ।।।।। ਇੱਕ ਗੱਲ ਮੈਨੂੰ ਬਾਰ ਬਾਰ ਆਖਣੀ ਪੈਂਦੀ ਹੈ ਕਿ ਮੈਂ ਕਿਸੇ ਦੂਸਰੀ ਜ਼ੁਬਾਨ ਦਾ ਦੋਖੀ ਨਹੀਂ ਤੇ ਨਾ ਹੀ ਕਿਸੇ ਦੀ ਮਾਂ ਬੋਲੀ ਉੱਤੇ ਛਿੱਟਾਂ ਪਾਣ ਦਾ ਪਾਪ ਕਰਾਂ ਗਾ। ਮੈਂ ਕਿਸੇ ਦੇ ਚਬਾਰੇ ਦਾ ਵੈਰੀ ਨਹੀਂ ਪਰ ਆਪਣੀ ਕੱਖਾ ਦੀ ਕੁੱਲੀ ਨੂੰ ਅੱਗ ਲੱਗੀ ਵੇਖ ਕੇ ਤਾਂ ਕਲੇਜਾ ਸੜਦਾ ਹੀ ਹੈ। ਮੈਂ ਇੰਜ ਦੀਆਂ ਲਿਖਤਾਂ ਬਾਰ ਬਾਰ ਲਿਖ ਕੇ ਆਪਣੀ ਮਾਂ ਬੋਲੀ ਦੀ ਸੜਦੀ ਕੁੱਲੀ ਨੂੰ ਛੱਟੇ ਮਾਰਦਾ ਰਹਿੰਦਾ ਹਾਂ। ਇਸ ਤੋਂ ਵੱਡੀ ਇੱਛਿਆ ਜੋ ਮੈਨੂੰ ਵੱਣ ਵੱਣ ਖਾਂਦੀ ਏ ਉਹ ਇਹ ਹੈ ਕਿ ਮੇਰੇ ਪੇਕੇ ਅੰਮ੍ਰਿਤਸਰ ਅਤੇ ਸੋਹਰੇ ਤਾਂ ਲਾਹੌਰ ਦੀ ਸਾਂਝ ਨਾ ਟੁੱਟੇ। ਇੱਕੋ ਵੇੜ੍ਹੇ ਵਿੱਚ ਵੱਸਦੇ ਵੱਸਦੇ ਵਖਰੇ ਹੋ ਗਏ ਗਵਾਂਣੀ ਬਣ ਗਏ ਹਾਂ ਤੇ ਘੱਟੋਘੱਟ ਕੰਧ ਉੱਤੋਂ ਮੂੰਹ ਕੱਣ ਕੇ ਹਾਲ ਚਾਲ ਦਾ ਪੁੱਛਣ ਜੋਗਰੇ ਰਹਿ ਜਾਈਏ। ਮੇਰੀਆਂ ਕੌੜੀਆਂ ਕੁਸੈਲੀਆਂ ਗੱਲਾਂ ਸੁਣ ਕੇ ਮੁਆਫ਼ ਕਰ ਦੇਣ ਵਾਲਿਓ, ਜੀ ਮੇਰਾ ਵੀ ਕਰਦਾ ਏ ਕਿ ਆਪਣੀਆਂ ਲਿਖਤਾਂ ਵਿੱਚ ਉਰਦੂ ਦੇ ਉੱਚੇ ਉੱਚੇ ਅਤੇ ਓਖੇ ਓਖੇ ਸ਼ਬਦ ਵਰਤ ਕੇ ਪਰਾਏ ਗਹਿਣੇ ਨਾਲ ਰੂਪ ਵਧਾਵਾਂ। ਪਰ ਮੈਂ ਚੜ੍ਹਦੇ ਪਾਸੇ ਵਾਲੇ ਆਪਣੇ ਗਵਾਂਣੀ ਵੀਰਾਂ ਨੂੰ ਓਖਿਆਈ ਵਿੱਚ ਨਹੀਂ ਪਾ ਸਕਦਾ। ਮੈਂ ਅਣ ਘੜਿਆ, ਅਣ ਪੜ੍ਹਿਆ ਯਾਂ ਅਣ ਗੁੜ੍ਹਿਆ ਅਖਵਾ ਸਕਦਾ ਹਾਂ। ਕਦੀ ਕਦੀ ਲਿਖਦੇ ਲਿਖਦੇ ਕੋਈ ਅੜੋਨੀ ਪੈ ਜਾਂਦੀ ਏ ਕਿ ਪੰਜਾਬੀ ਦਾ ਸਿੱਧਾ ਸਾਦਾ ਲਫ਼ਜ਼ ਨਹੀਂ ਲਭਦਾ ਪਰ ਮੈਂ ਫ਼ਿਰ ਵੀ ਉੱਥੇ ਉਰਦੂ ਦਾ ਸ਼ਬਦ ਵਰਤਣ ਦੀ ਬਿਜਾਏ ਆਪਣੇ ਪੇਕੇ ਥਾਂ ਦਾ ਪਖ ਕਰਦੇ ਹੋਏ ਹਿੰਦੀ ਸੰਸਕਰਿਤ ਵਰਤਦਾ ਹਾਂ। ਮਸਲਨ ਲਫ਼ਜ਼ ਮਾਜ਼ੀ ਨੂੰ ਅਤੀਤ, ਤਸੱਵੁਰ ਨੂੰ ਕਲਪਨਾ, ਤਫ਼ਸੀਲ ਨੂੰ ਵਸਥਾਰ ਅਤੇ ਜਬਿਲੱਤ ਨੂੰ ਪਰਵਿਰਤੀ ਲਿਖਦਾ ਹਾਂ। ਮੈਂ ਉਰਦੂ ਦਾ ਵੈਰੀ ਨਹੀਂ ਪਰ ਪਾਠਕਾਂ ਨੂੰ ਕਿਉਂ ਓਖਾ ਕਰਾਂ। ਲਿਹਜ਼ਾ ਇੰਜ ਕਰਨ ਨਾਲ ਮੇਰੇ ਸੋਹਰੇ ਘਰ ਲਾਹੌਰ ਨੂੰ ਤਾਂ ਇਹਨਾਂ ਸ਼ਬਦਾਂ ਦੀ ਮਸਝ ਨਹੀਂ ਆਉਂਦੀ ਪਰ ਆਪਣੇ ਪੇਕੇ ਅੰਮ੍ਰਿਤਸਰ ਨੂੰ ਨਾਰਾਜ਼ ਨਹੀਂ ਕਰ ਸਕਦਾ। ਸਮਝੋ ਕਿ ਮੈਂ ਪਿੱਛਲਖੁਰੀ ਹਾਂ। ਇਨਾ ਤੇ ਪਤਾ ਹੋਵੇ ਗਾ ਹੀ ਕਿ ਪੇਕਿਆਂ ਦਾ ਹਰ ਵੇਲੇ ਰੋਣਾ ਰੋਣ ਵਾਲੀ ਅਤੇ ਪੱਖ ਲੈਣ ਵਾਲੀ ਜਨਾਨੀ ਨੂੰ ਪਿੱਛਲਖੁਰੀ ਆਖਦੇ ਨੇਂ। ਪਿਛਲਿਆਂ ਦਾ ਬਹੁਤਾ ਖਹਿੜਾ ਕਰਨ ਵਾਲੀ ਜਨਾਨੀ ਕਦੀ ਸੋਹਰੇ ਚੰਗੀ ਤਰ੍ਹਾਂ ਨਹੀਂ ਵਸਦੀ ਵੇਖੀ। ਇਹ ਗਲ ਮੈਂ ਸਭਾਈਂ ਲਿਖ ਗਿਆ ਹਾਂ ਪਰ ਨਾਲ ਹੀ ਸੋਚ ਆਈ ਹੈ ਕਿ ਹੁਣ ਕਿਧਰੇ ਹਰ ਜਣਾ ਖਣਾ ਆਪਣੀ ਜਨਾਨੀ ਨੂੰ ਗੱਲ ਗੱਲ ਉੱਤੇ ਮੇਰਾ ਹਵਾਲਾ ਦੇ ਕੇ ਪਿੱਛਲਖੁਰੀ ਹੀ ਨਾ ਆਖਦਾ ਰਹਿਵੇ। ਜਦੋਂ ਵੀ ਕਿਸੇ ਪਿੱਛਲਖੁਰੀ ਬੀਬੀ ਨੇ ਆਪਣੇ ਜਣੇ ਨੂੰ ਆਖਣਾ ਏ ਵੇ ਸ਼ੇਰ ਸਿੰਘਾ, ਅੱਗੋਂ ਚੇਤਰ ਵਿੱਚ ਮੇਰੀ ਭਣੇਵੀਂ ਦਾ ਵਿਆਹ ਏ ਤੇ ਬਣਦਾ ਸਰਦਾ ਕੁੜੀ ਲਈ ਝੱਗਾ ਚੁੰਨੀ ਅਤੇ ਦੋ ਟੂੰਬਾਂ ਵੀ ਖੜਨੀਆਂ ਪੈਣੀਆਂ ਨੇਂ। ਮੈਂ ਪਹਿਲਾਂ ਹੀ ਤੇਰੇ ਕੰਨਾਂ ਵਿੱਚੋਂ ਕੱਣ ਦਿੱਤਾ ਈ ਕਿ ਉਸ ਵੇਲੇ ਨਾ ਵਿੱਸ ਘੋਲੀਂ ਤੇ ਨਾ ਬੁੜਬੁੜ ਕਰੀਂ। ਅੱਗੋਂ ਖ਼ਾਵੰਦ ਨੇ ਨਾਲ ਹੀ ਆਖਣਾ ਏ ਅਮੀਨ ਮਲਿਕ ਨੇ ਸੱਚ ਹੀ ਆਖਿਆ ਸੀ ਕਿ ਪਿੱਛਲਖੁਰੀ ਤੇ ਸੱਭ ਤੋਂ ਬੁਰੀ ਜਨਾਨੀ ਨੇ ਸੁਣ ਕੇ ਅਮੀਨ ਮਲਿਕ ਤੇ ਛਿੱਤਰ ਲਾਹ ਲੈਣਾ ਏ ਤੇ ਆਖਣਾ ਏ ਚੁੱਲ੍ਹੇ ਵਿੱਚ ਨਹੀਂ ਪੈਂਦਾ ਅਮੀਨ ਮਲਿਕ। ਇੰਜ ਦੇ ਸਬਕ ਪੜ੍ਹਾਵਣ ਵਾਲਾ ਵੱਡਾ ਕਾਹਿਨ। ਉਹਦੀ ਆਪਣੀ ਰੰਨ ਹੀ ਹੋਵੇ ਗੀ ਪਿੱਛਲਖੁਰੀ।।।।। ਉਸ ਬੀਬੀ ਨੂੰ ਹੁਣ ਕੌਣ ਦੱਸੇ ਕਿ ਇਹ ਰਾਣੀ ਤੇ ਵਿਆਹ ਤੇ ਮੈਂ ਪਾਕਿਸਤਾਨ ਸੱਦ ਲਈ ਜਿਹੜੀ ਮਾਪਿਆਂ ਦੀ ਕੱਲੀ ਕੱਲੀ ਧੀ ਲੰਦਨ ਮੋਜ ਲੁੱਟਦੀ ਸੀ। ਅੱਗੋਂ ਲਾਹੌਰ ਅਸਾਂ ਘਰ ਤੰਦੂਰ ਗੱਡ ਲਿਆ ਤੇ ਘਰ ਵਿੱਚ ਸਿਵਾਏ ਚੱਟੂ ਵੱਟਾ, ਛੱਜ ਛਾਨਣੀ ਅਤੇ ਚਿਮਟਾ ਫੂਕਣੀ ਤੋਂ ਹੋਰ ਹੈ ਵੀ ਕੁੱਝ ਨਹੀਂ ਸੀ। ਫ਼ਿਰ ਉਸ ਕਰਮਾਂ ਵਾਲੀ ਨੇ ਸਤਾਰ੍ਹਾਂ ਵਰ੍ਹੇ ਭੋਂ ਕੇ ਲੰਦਨ ਦਾ ਨਾਂ ਵੀ ਨਾ ਲਿਆ। ਇਸ ਲਈ ਹਰ ਖ਼ਾਵੰਦ ਅੱਗੇ ਮੇਰਾ ਤਰਲਾ ਹੈ ਕਿ ਕਿਸੇ ਨੂੰ ਮੇਰਾ ਹਵਾਲਾ ਦੇ ਕੇ ਪਿੱਛਲਖੁਰੀ ਨਾ ਆਖਿਓ। ਉਹਨਾਂ ਮੇਰੇ ਹੀ ਲੱਤੇ ਲੈਣੇ ਨੇਂ ਤੇ ਮਿੱਟੀ ਪਲੀਤ ਕਰਣੀ ਏ।
ਮੁਆਫ਼ ਕਰਿਓ ਗੰਦੀ ਆਦਤ ਹੋਣ ਕਰ ਕੇ ਵਿਸ਼ੇ ਨੂੰ ਛਡ ਜਾਂਦਾ ਹਾਂ। ਪਿੱਛਲਖੁਰੀ ਵਲ ਟੁਰ ਪਿਆ ਹਾਂ। ਵਿਸ਼ੇ ਤਾਂ ਇਹ ਵੀ ਦਿਲਚਸਪ ਹੈ ਪਰ ਕਦੀ ਇੱਕ ਕਹਾਣੀ ਪਿੱਛਲਖੁਰੀ ਜ਼ਰੂਰ ਪੇਸ਼ ਕਰਾਂ ਗਾ।
ਤੇ ਮੈਂ ਆਖ ਰਿਹਾ ਸਾਂ ਕਿ ਮੈਨੂੰ ਪਾਕਿਸਤਾਨ ਵਿੱਚ ਇਨਾ ਚੰਗਾ ਨਹੀਂ ਆਖਿਆ ਜਾਂਦਾ ਕਿ ਮੈਂ ਉਰਦੂ ਦੀ ਬਿਜਾਏ ਆਪਣੀ ਮਾਂ ਬੋਲੀ ਪੰਜਾਬੀ ਦਾ ਰੋਣਾ ਰੋਂਦਾ ਰਹਿੰਦਾ ਹਾਂ। ਉਹ ਮੈਨੂੰ ਹੁੱਜ ਮਾਰ ਕੇ ਆਖਦੇ ਨੇਂ ਕਿ ਉਰਦੂ ਸਾਡੀ ਕੋਮੀ ਜ਼ੁਬਾਨ ਹੈ। ਪਰ ਮੇਰਾ ਜਵਾਬ ਹੈ ਕਿ ਪਹਿਲਾਂ ਮਾਂ ਬੱਚੇ ਜੰਮਦੀ ਏ ਤੇ ਫ਼ਿਰ ਕੋਮ ਬਣਦੀ ਹੈ। ਇਸ ਕਰ ਕੇ ਮਾਂ ਨਾਲੋਂ ਕੋਮ ਅੱਗੇ ਨਹੀਂ ਹੋ ਸਕਦੀ। ਇਹ ਵੀ ਦੱਸਦਾ ਜਾਵਾਂ ਕਿ ਪਾਕਿਸਤਾਨ ਵਿੱਚ ਛਪਣ ਵਾਲੀਆਂ ਮੇਰੀਆਂ ਕਿਤਾਬਾਂ ਦੋਹਾਂ ਲਿੱਪੀਆਂ ਵਿੱਚ ਹੀ ਛਪੀਆਂ ਨੇਂ। ਮੈਂ ਗੁਰਮੁਖੀ ਲਿੱਪੀ ਨੂੰ ਵੀ ਮਤਰਈ ਨਹੀਂ ਜਾਣ ਸਕਿਆ। ਇਸ ਕਰ ਕੇ ਮਾਂ ਬੋਲੀ ਪੰਜਾਬੀ ਬਾਰੇ ਕੋੜੀਆਂ ਕੜਾਂਘੀਆਂ ਗੱਲਾਂ ਨੂੰ ਮੇਰਾ ਤਅੱਸੁਬ, ਵੈਰ ਵਿਰੋਧ ਯਾਂ ਵਦਕਰਾ ਜਾਨਣ ਦੀ ਬਿਜਾਏ ਮੇਰੇ ਇਸ਼ਕ ਦੀ ਮਜਬੂਰੀ ਆਖੋ ਗੇ ਤਾਂ ਮੈਂ ਧੰਨਵਾਦੀ ਹੋਵਾਂ ਗਾ। ਆਖ਼ਿਰ ਮੈਨੂੰ ਕੀ ਔਹਰ ਹੈ ਯਾਂ ਵੇਲਣੇ ਵਿੱਚ ਬਾਂਹ ਆਈ ਹੋਈ ਹੈ ਕਿ ਲੰਦਨ ਬੈਠਾ ਫ਼ਾਰਸੀ ਲਿੱਪੀ ਵਿੱਚ ਲਿਖ ਕੇ ਸਾਰੀਆਂ ਲਿਖਤਾਂ ਪਹਿਲਾਂ ਲਾਹੌਰੋਂ ਲਿੱਪੀ ਅੰਤਰ ਕਰਵਾਂਦਾ ਹਾਂ ਤੇ ਫ਼ਿਰ ਆਪਣੇ ਚੜ੍ਹਦੇ ਪਾਸੇ ਵਾਲੇ ਭਰਾਵਾਂ ਵਲ ਟੋਰਦਾ ਹਾਂ। ਇੰਜ ਕਰਨ ਨਾਲ ਮੈਨੂੰ ਘੱਟੋਘੱਟ ਚਾਲ੍ਹੀ ਹਜ਼ਾਰ ਰੁਿਪਆ ਸਾਲਾਨਾ ਖ਼ਰਚ ਵੀ ਕਰਨਾ ਪੈਂਦਾ ਹੈ। ਇਸ ਕਰ ਕੇ ਮੇਰੀ ਕੁਸੈਲੀ ਜਿਹੀ ਅਲੋਚਨਾ ਦਾ ਗ਼ੁੱਸਾ ਕਰਨ ਦੀ ਬਿਜਾਏ ਮਾਂ ਬੋਲੀ ਦੀ ਸ਼ਦੀਦ ਮੁਹੱਬਤ ਹੀ ਆਖੋ ਗੇ ਤੇ ਖ਼ੁਸ਼ੀ ਹੋਵੇ ਗੀ।
ਦੋਸਤੋ! ਮੈਂ ਤੇ ਆਪਣੀ ਮਾਂ ਦੀ ਬਖ਼ਸ਼ੀ ਹੋਈ ਅਮਾਨਤ ਦਾ ਅਮੀਨ ਹਾਂ। ਮੈਂ ਤੇ ਇਸ ਸਦੀਆਂ ਪੁਰਾਣੀ ਜਾਗੀਰ ਦਾ ਰਾਖਾ ਹਾਂ। ਮੈਂ ਕੋਈ ਆਗੂ, ਚੋਧਰੀ ਯਾਂ ਜੱਥੇਦਾਰ ਅਖਵਾਣ ਦਾ ਸ਼ੋਂਕੀ ਨਹੀਂ। ਕੁਦਰਤੀ ਗੱਲ ਹੈ ਕਿ ਸ਼ਾਇਦ ਇਸੇ ਹੀ ਵਾਸਤੇ ਮੇਰੀ ਮਾਂ ਨੇ ਮੇਰਾ ਨਾਂ ਅਮੀਨ ਰੱਖ ਦਿੱਤਾ ਸੀ। ਯਾਦ ਰਹਿਵੇ ਕਿ ਅਮੀਨ ਦਾ ਮਤਲਬ ਈਮਾਨਦਾਰ ਯਾਂ ਅਮਾਨਤ ਦੀ ਹਿਫ਼ਾਜ਼ਤ ਕਰਨ ਵਾਲਾ ਹੁੰਦਾ ਏ।
ਮੇਰਾ ਖ਼ਿਆਲ ਹੈ ਕਿ ਲੰਮੀ ਚੋੜੀ ਭੂਮਿਕਾ ਯਾਂ ਤਹਿਮੀਦ ਤੋਂ ਪਿੱਛਾ ਛਡਾ ਕੇ ਹੀ ਹੁਣ ਇਸ ਧੁਖ਼ਦੇ ਲੇਖ ਦੇ ਸਿਰਲੇਖ ਦੀ ਵਿਆਖਿਆ ਤੋਂ ਬਾਅਦ ਆਪਣੇ ਇੱਕ ਸੱਜਣ ਸੁਭਾਸ਼ ਪਰਿਹਾਰ ਦੀ ਉਸ ਲਿਖਤ ਉੱਤੇ ਚਾਨਣਾ ਪਾਵਾਂ ਜਿਸ ਨੇ ਮੈਨੂੰ ਅੱਜ ਫ਼ਿਰ ਇੱਕ ਧੁਖ਼ਨੀ ਲਾਈ ਤੇ ਮੈਂ ਵਖ਼ਤ ਵੇਦੇ ਵਿੱਚ ਪੈ ਕੇ ਆਪਣੀ ਮਾਂ ਬੋਲੀ ਵੀ ਫ਼ਸਲ ਨੂੰ ਵਾੜ੍ਹ ਦੇਣ ਲੱਗ ਪਿਆ ਹਾਂ। ਇਹ ਫ਼ਸਲ ਰੱਬ ਨਾ ਕਰੇ ਨੱਖਸੱਮੀ ਹੋ ਜਾਏ ਤਾਂ ਵਾੜ੍ਹ ਤੋਂ ਬਗ਼ੈਰ ਹਰ ਪੱਸੂ ਇਸ ਦਾ ਉਜਾੜ ਕਰਨ ਟੁਰ ਪੈਂਦਾ ਹੈ। ਮੇਰੀ ਜਾਚੇ ਕੋਈ ਵੀ ਪੰਜਾਬੀ ਅਜਿਹਾ ਨਹੀਂ ਹੋਣਾ ਜਿਹੜਾ ਇਸ ਅੱਖਾਣ ਤੋਂ ਅਨਜਾਣ ਹੋਵੇ ਕਿ ਗ਼ਰੀਬ ਦੀ ਬੀਵੀ, ਪਿੰਡ ਦੀ ਭਾਬੀ ਹੋ ਸਕਦਾ ਏ ਕੋਈ ਸ਼ਹਿਰੀ ਬਾਬੂ, ਡਾਕਟਰ, ਪ੍ਰੋਫ਼ੈਸਰ ਇਸ ਅੱਖਾਣ ਦੇ ਪਿਛੋਕੜ ਨੂੰ ਵੀ ਇਸ ਕਰ ਕੇ ਪਿਛਾੜ ਗਿਆ ਹੋਵੇ ਕਿ ਪਿੰਡਾਂ ਦੇ ਅਖਾਣਾਂ ਨੂੰ ਅਸਾਂ ਤੀਲ੍ਹੀ ਲਾਣੀ ਏ। ਮੇਰੀ ਇਸ ਸੱਚਾਈ ਨੂੰ ਸੁੱਟ ਨਾ ਪਾਈਓ। ਤਿੰਨ ਦਿਨ ਪਹਿਲਾਂ ਪ੍ਰੋਫ਼ੈਸਰ ਮੋਹਨ ਸਿੰਘ ਦੀ ਕਿਤਾਬ ਵਿੱਚੋਂ ਮੈਂ ਇੱਕ ਕਵਿਤਾ ਆਪਣੇ ਬੇਲੀ ਡਾਕਟਰ ਬਲਵੰਤ ਸਿੰਘ ਨੂੰ ਫ਼ੋਨ ਉੱਤੇ ਸੁਣਾ ਰਿਹਾ ਸਾਂ। ਅਜੇ ਪੰਜ ਸਤਰਾਂ ਹੀ ਸੁਣਾਈਆਂ ਤੇ ਡਾਕਟਰ ਪੀ ਐਚ ਡੀ ਪੰਜਾਬੀ ਸਾਹਿਬ ਨੇ ਪੁੱਛਿਆ ਕਿ ਤਿੜਕੇ ਹੋਏ ਬੇੜੇ, ਠਿੱਬ ਖੜਿੱਬੇ ਪੌਲੇ, ਕਾਨੇ ਘੋਘੇ, ਮਲ੍ਹੇ ਨਾਲ ਅੜੇ ਹੋਏ ਪਰੋਲੇ ਅਤੇ ਛੰਨਾਂ ਡਾਹਰੇ ਕੀ ਹੁੰਦੇ ਨੇਂ? ਇੱਥੋਂ ਤੀਕ ਕਿ ਸ਼ਬਦ ਫੂਹੜੀ, ਵੇਦਾ, ਕਣਕ ਦਾ ਬੁੱਥਾ, ਚੱਕੀ ਦਾ ਗੰਡ, ਖੂਹ ਦਾ ਚੰਨਾ, ਭੱਠੀ ਦੀ ਲੂੰਬੀ ਅਤੇ ਗਵਾਂਣੀ ਦੀ ਪੋਖੋ ਤਕ ਇਹ ਡਾਕਟਰ ਲੋਕ ਮੇਰੇ ਜਿਹੇ ਅਣ ਪੜ੍ਹ ਕੋਲੋਂ ਜਦੋਂ ਪੁੱਛਦੇ ਨੇਂ ਤੇ ਰੱਬ ਦਾ ਸ਼ੁਕਰ ਕਰਦਾ ਹਾਂ ਕਿ ਮੈਂ ਕਿਧਰੇ ਬਹੁਤਾ ਪੜ੍ਹ ਨਹੀਂ ਗਿਆ। ਭਾਵੇਂ ਮੈਂ ਪਹਿਲੀ ਤੋਂ ਲੈ ਕੇ ਦੱਸਵੀਂ ਤਕ ਉਰਦੂ ਅੰਗਰੇਜ਼ੀ ਹੀ ਪੜ੍ਹੀ, ਬੱਤੀ ਸਾਲ ਅੰਗਰੇਜ਼ੀ ਵਿੱਚ ਦਫ਼ਤਰੀ ਕੰਮ ਕੀਤੇ ਅਤੇ ਵਾਲਟਨ ਟਰੇਨਿੰਗ ਕਾਲਿਜ ਵਿੱਚ ਮੁੰਡਿਆਂ ਨੂੰ ਅੱਠ ਵਰ੍ਹੇ ਅੰਗਰੇਜ਼ੀ ਵਿੱਚ ਇੰਜੀਨਿਅਰਇੰਗ ਪੜ੍ਹਾਈ ਪਰ ਇਹ ਓਭੜ ਬੋਲੀਆਂ ਮੇਰੀ ਮਾਂ ਬੋਲੀ ਨੂੰ ਕੋਈ ਬੋਲੀ ਨਾ ਮਾਰ ਸਕੀਆਂ। ਕੀ ਯਕੀਨ ਕਰੋ ਗੇ ਕਿ ਸ਼ਬਦ ਓਭੜ ਵੀ ਮੇਰੇ ਵੀਰ ਨਹੀਂ ਸਮਝਦੇ।
ਮੈਨੂੰ ਇਸੇ ਹੀ ਮੱਦਖ ਦਾ ਦੁਖ ਹੈ ਕਿ ਜਿਸ ਨੂੰ ਆਪਣੀ ਮਾਂ ਬੋਲੀ ਪੂਰੀ ਨਹੀਂ ਆਉਂਦੀ ਉਹ ਲੋਕਾਂ ਦੇ ਦਵਾਰੇ ਓਪਰੇ ਸ਼ਬਦਾਂ ਲਈ ਝੋਲੀ ਕਿਉਂ ਅੱਡੀ ਫਿਰਦਾ ਏ? ਅੱਡੀਆਂ ਚੁਕ ਕੇ ਕਦ ਨਹੀਂ ਵਧਾ ਸਕਦਾ, ਬੇਗਾਨੀ ਪੱਗ ਮੰਗ ਕੇ ਜੰਜ ਵੇਖਣਾ ਕਿੱਥੋਂ ਦਾ ਚੱਜ ਹੈ? ਪਰਾਏ ਮੋਣੇ ਉੱਤੇ ਚੜ੍ਹ ਕੇ ਜਹਾਨ ਕਿਉਂ ਵੇਖਣਾ। ਜੇ ਆਪਣੀ ਛਾਬੀ ਵਿੱਚ ਰੋਟੀ ਦਾ ਖੰਨਾ ਚੱਪਾ ਨਹੀਂ ਤੇ ਪੀਜ਼ੇ ਦੀ ਤਾਂਘ ਕਰਨਾ ਅਣਖ ਦਾ ਜਨਾਜ਼ਾ ਕੱਣਣ ਵਾਲੀ ਗੱਲ ਹੈ। ਮੈਂ ਇੱਕ ਡਾਕਟਰ ਸਾਹਿਬ ਨੂੰ ਇਹ ਆਖਦੇ ਸੁਣਿਆ ਕਿ ਸਾਡੇ ਵਲ ਹੁਣ ਬਟਣ ਪਰਚੱਲਤ ਹੈ ਇਸ ਵਾਸਤੇ ਬੀੜਾ ਕੋਈ ਨਹੀਂ ਆਖਦਾ ਇਸ ਦਾ ਮਤਲਬ ਹੋਇਆ ਕਿ ਡਾਕਟਰ ਲੋਕ ਹੁਣ ਗਲਮਾ ਭੁਲ ਕੇ ਗਿਰੇਬਾਨ ਹੀ ਆਖਦੇ ਹਨ।
ਕਦੀ ਕਦੀ ਮੈਨੂੰ ਇਹ ਸੋਚ ਵੀ ਹੁੱਜ ਮਾਰਦੀ ਅਤੇ ਇਹ ਇਹ ਖ਼ਿਆਲ ਵੀ ਪੱਛ ਲਾਉਂਦਾ ਕਿ ਮਾਂ ਬੋਲੀ ਬਾਰੇ ਮੇਰੇ ਇਸ ਸ਼ਦੀਦ ਇਸ਼ਕ ਨੂੰ ਕੋਈ ਇਹ ਤਾਂ ਨਹੀਂ ਸਮਝਦਾ ਕਿ ਅਮੀਨ ਜੱਥੇਦਾਰੀ ਯਾਂ ਹੋਂਦ ਵਖਾਈ ਯਾਂ ਚੋਧਰੀ ਅਖਵਾਣ ਦਾ ਸ਼ੋਂਕੀ ਹੈ। ਇੰਜ ਦਾ ਲੋਭ ਲਾਭ ਅਤੇ ਵਡਿਆਈ ਵਖਾਣ ਵਾਲਾ ਬੰਦਾ ਹੌਲਾ ਅਤੇ ਹੋਛਾ ਹੁੰਦਾ ਏ। ਮੇਰੇ ਜਿਹੇ ਨੱਸ ਭੱਜ ਕੇ ਦੱਸ ਜਮਾਅਤਾਂ ਪਾਸ ਕਰ ਜਾਣ ਵਾਲੇ ਨੂੰ ਆਲਿਮ ਫ਼ਾਜ਼ਿਲ ਯਾਂ ਵਿਦਵਾਨ ਅਖਵਾਣ ਦਾ ਕੀ ਹਕ ਹੈ। ਮੇਰਾ ਬਚਪਨ ਤਾਂ ਭੀਖ ਮੰਗਦੇ ਲੰਘਿਆ ਹੈ। ਮੈਂ ਜੱਥੇਦਾਰੀ ਦੀ ਤਾਂਘ ਯਾਂ ਦਾਅਵੇ ਕਰਨ ਜੋਗਾ ਕਿੱਥੋਂ ਹੋਇਆ। ਮੇਰੀ ਇਹ ਵੀ ਬੇਂਤੀ ਹੈ ਕਿ ਕੋਈ ਇਹ ਨਾ ਆਖੇ ਕਿ ਅਮੀਨ ਮਾਂ ਬੋਲੀ ਬਾਰੇ ਸਿਰਫ਼ ਚੜ੍ਹਦੇ ਪੰਜਾਬ ਦੇ ਵੀਰਾਂ ਨੂੰ ਹੀ ਤਰਾਂਬਲ ਚਾੜ੍ਹੀ ਰਖਦਾ ਹਾਂ। ਮੇਰੇ ਲਈ ਤਾਂ ਦੋਵੇਂ ਹੀ ਪੰਜਾਬ ਮੇਰੇ ਹਨ। ਪਾਕਿਸਤਾਨ ਵੀ ਮੇਰਾ ਤੇ ਭਾਰਤ ਵੀ ਮੇਰਾ ਹੈ। ਮੈਂ ਮਹਾਤਮਾ ਗਾਂਧੀ ਦੀ ਜੀਊਣੀ ਵੀ ਉਸੇ ਪਿਆਰ ਨਾਲ ਹੀ ਪੜ੍ਹੀ ਜਿਵੇਂ ਮੁਹੰਮਦ ਅਲੀ ਜਿਨਾਹ ਦੀ ਹਿਆਤੀ ਨੂੰ ਪੜ੍ਹਿਆ ਸੀ। ਇਹ ਸ਼ਹੀਦ ਉੱਧਮ ਸਿੰਘ, ਭਗਤ ਸਿੰਘ, ਰਾਜ ਗੁਰੂ, ਸੁਖਦੇਵ ਅਤੇ ਕਾਕੋਰੀ ਰੇਲਵੇ ਸਟੇਸ਼ਨ ਉੱਤੇ ਗੋਰਿਆਂ ਦੇ ਮਾਲ ਉੱਤੇ ਡਾਕਾ ਮਾਰਣ ਵਾਲੇ ਸ਼ਹੀਦ ਅਸ਼ਫ਼ਾਕਉੱਲਾਹ ਅਤੇ ਰਾਮ ਪਰਸ਼ਾਦ ਬਿਸਮਿਲ ਵੀ ਮੇਰੇ। ਮੈਂ ਦੁੱਲਾ ਭੱਟੀ ਤੇ ਅਹਿਮਦ ਖਰਲ ਨੂੰ ਵਖਰਾ ਨਹੀਂ ਕਰਦਾ। ਵਾਰਿਸ ਸ਼ਾਹ ਤੇ ਸ਼ਿਵ ਕੁਮਾਰ ਵੀ ਮੇਰੇ, ਬਾਬਾ ਫ਼ਰੀਦ ਅਤੇ ਗੁਰੂ ਨਾਨਕ ਦੇਵ ਜੀ ਵੀ ਮੇਰੇ। ਤੁਹਾਨੂੰ ਕਿਵੇਂ ਦੱਸਾਂ ਕਿ ਮੈਨੂੰ ਕਿਹੜਾ ਕਿਹੜਾ ਦੁਖ ਖਾਂਦਾ ਏ। ਜਦੋਂ ਹਿੰਦੀ ਫ਼ਿਲਮਾਂ ਡਰਾਮਿਆਂ ਵਿੱਚ ਪੰਜਾਬੀਅਤ, ਪੰਜਾਬੀ ਬੋਲੀ ਅਤੇ ਸਭਿਆਚਾਰ ਦਾ ਜਲੂਸ ਕੱਣ ਕੇ ਮਖ਼ੋਲ ਠੱਠਾ ਯਾਂ ਖਿੱਲੀ ਉਡਾਣੀ ਹੋਵੇ ਤਾਂ ਕਿਸੇ ਟਰਕ ਡਰਾਈਵਰ ਯਾਂ ਣਾਬੇ ਵਾਲੇ ਪੰਜਾਬੀ ਕੋਲੋਂ ਸ਼ੁਦਾਈਆਂ ਵਾਂਗ ਓਏ ਓਏ ਅਖਵਾ ਦਿੱਤਾ ਜਾਂਦਾ ਏ ਯਾਂ ਪੁੱਠੀਆਂ ਸਿੱਧੀਆਂ ਗੱਲਾਂ ਕਰਵਾ ਕੇ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਏ ਕਿ ਸਾਡੀ ਬੋਲੀ ਅਤੇ ਸਭਿਆਚਾਰ ਸਿਰਫ਼ ਮਖ਼ੋਲ ਠੱਠੇ ਦੇ ਕਾਬਿਲ ਹੀ ਹੈ। ਗੱਲਾਂ ਹੋਰ ਵੀ ਬਹੁਤ ਹਨ ਪਰ ਮੈਂ ਦੂਰ ਤੀਕ ਨਹੀਂ ਜਾਣਾ ਚਾਹੁੰਦਾ। ਇੱਥੇ ਹੁਣ ਜੇ ਮੈਂ ਪੰਜਾਬੀਆਂ ਦੀਆਂ ਖ਼ੂਬੀਆਂ ਦਾ ਜ਼ਿਕਰ ਕਰਨ ਲਗ ਪਿਆ ਯਾਂ ਇਹਨਾਂ ਦੀਆਂ ਬਹਾਦੁਰੀਆਂ ਅਤੇ ਧਰਤੀ ਦਾ ਸੀਨਾ ਚੀਰ ਕੇ ਅਨਾਜ ਅਤੇ ਜ਼ਮਾਨੇ ਦਾ ਅਣ ਪਾਣੀ ਪੈਦਾ ਕਰਨ ਦੀ ਗੱਲ ਛੇੜਾਂ ਯਾਂ ਲਾਇਲਪੂਰ ਦੇ ਪੂਰੇ ਜ਼ਿਲ੍ਹਾ ਅਤੇ ਬੰਜਰ ਬਾਰ ਅਤੇ ਜੰਡ ਕਰੀਰਾਂ ਨੂੰ ਪੁੱਟ ਕੇ ਇੱਕ ਬੇਬਹਾ ਵੱਡੀ ਉਜਾੜ ਨੂੰ ਵਸਾਇਆ ਯਾਂ ਸਰਸਬਜ਼ ਕੀਤਾ ਤੇ ਉਹ ਸਿਰਫ਼ ਪੰਜਾਬੀ ਹੀ ਸਨ। ਓਏ ਓਏ ਕਰਨ ਵਾਲੇ ਜੀਦਾਰਾਂ ਦੇ ਕਾਰਨਾਮੇ ਗਿਨਣ ਲਗ ਪਿਆ ਤੇ ਮੈਨੂੰ ਮੁਤਅੱਸਬ ਯਾਂ ਪਾਖੀ ਨਾ ਆਖਣ ਲਗ ਪੱਵੇ ਕੋਈ।
ਮੈਂ ਕਿਸੇ ਦਾ ਦੋਖੀ ਪਾਖੀ ਨਹੀਂ ਹਾਂ। ਭਾਈ ਵੀਰ ਸਿੰਘ ਨੇ ਸ਼ੇਗ਼ ਸਾਅਦੀ ਦੇ ਸ਼ਿਅਰ ਦਾ ਤਰਜੁਮਾ ਕਰਦੇ ਹੋਏ ਆਖਿਆ ਸੀ ਕਿ ਹੱਕ ਸੱਚ ਦੀ ਰਾਹ ਦੇ ਰਾਹੀ ਬੇਰੋਣਕ ਦੁਕਾਨ ਦੇ ਗਾਹਕ ਹੀ ਹੁੰਦੇ ਨੇਂ। ਮੈਂ ਵੀ ਹਕ ਸੱਚ ਛੱਡ ਦੇਂਦਾ ਤੇ ਇਨੇ ਧੱਕੇ ਨਾ ਖਾਂਦਾ। ਪਰ ਮੈਂ ਫ਼ਿਰ ਵੀ ਰੱਬ ਦਾ ਸ਼ੁਕਰ ਅਦਾ ਕਰਦਾ ਹਾਂ ਕਿ ਮੈਂ ਇਹ ਰਾਹ ਨਾ ਛੱਡਿਆ ਤੇ ਮੇਰੇ ਜਿਹੇ ਨਿੱਕੇ ਨਿੱਕੇ ਲੱਖਾਂ ਪੰਜਾਬੀਆਂ ਨੇ ਮੇਰੇ ਰਾਹ ਵਿੱਚ ਅੱਖਾਂ ਵਛਾਈਆਂ। ਜੋ ਮੈਂ ਕਮਾਇਆ ਉਹ ਕਿਸੇ ਡਾਕਟਰ ਪ੍ਰੋਫ਼ੈਸਰ ਦੇ ਹਿੱਸੇ ਨਹੀਂ ਆਇਆ। ਪੰਜਾਬੀਅਤ ਨਾਲ ਮੇਰਾ ਇਸ਼ਕ ਮੈਨੂੰ ਲੋਕਾਂ ਦੇ ਦਿਲਾਂ ਵਿੱਚ ਵਸਾ ਗਿਆ ਹੈ। ਕੀ ਦੱਸਾਂ ਕੌਣ ਕੌਣ ਫ਼ੋਨ ਕਰ ਕੇ ਕੀ ਕੀ ਆਖਦਾ ਏ ਅਤੇ ਕੌਣ ਰੋ ਰੋ ਕੇ ਮੇਰੇ ਲਈ ਦੁਆਵਾਂ ਮੰਗਦਾ ਏ। ਅਜੇ ਕਲ ਦੀ ਗੱਲ ਏ ਕਿ ਬੀਬੀ ਸੁਰਮੀਤ ਕੌਰ ਨਾਲ ਗੱਲ ਹੋਈ ਤੇ ਰੋਂਦੀ ਰੋਂਦੀ ਇੱਕੋ ਹੀ ਗਲ ਕਰ ਸਕੀ ਤੇ ਆਖਣ ਲੱਗੀ ਅਮੀਨ ਮਲਿਕ ਮੇਰਾ ਰੱਬ ਹੈ ਮੈਂ ਆਖਿਆ, ਨਹੀਂ ਧੀਏ, ਅਮੀਨ ਤੇਰਾ ਬਾਬੁਲ ਹੈ। ਕੋਈ ਦੱਸੇ ਕਿ ਇਸ ਮੁਹੱਬਤ ਦਾ ਕੋਈ ਮੁਲ ਹੈ ਕਿਧਰੇ? ਇਸ਼ਕ ਮਾਰੂ ਵੀ ਹੈ ਤੇ ਉਸਾਰੂ ਵੀ। ਇਹ ਡੋਬੂ ਵੀ ਹੈ ਤੇ ਤਾਰੂ ਵੀ। ਜਿਹਨਾਂ ਨੂੰ ਰੱਬ ਨਾਲ ਇਸ਼ਕ ਹੋਇਆ ਉਹ ਕੱਖਾਂ ਦੀ ਕੱਲੀ ਵਿੱਚ ਹਿਆਤੀ ਗੁਜ਼ਾਰ ਕੇ ਅਮਰ ਹੋ ਗਏ। ਇਸ਼ਕ ਹੋ ਜਾਂਦਾ ਹੈ, ਕੀਤਾ ਨਹੀਂ ਜਾਂਦਾ। ਇਸ਼ਕ ਇੱਕ ਬੇਵਸੀ ਦਾ ਨਾਂ ਹੈ ਜਿਸ ਵਿੱਚ ਆਸ਼ਿਕ ਨੂੰ ਨਾਮਤਾ ਯਾਂ ਮਹਾਣਤਾ ਦੀ ਲੋੜ ਨਹੀਂ ਰਹਿੰਦੀ। ਇਸ਼ਕ ਵਿੱਚ ਪਿਆਰ ਮੁਹੱਬਤ ਦਾ ਮੁਲ ਯਾਂ ਮਜ਼ਦੂਰੀ ਨਹੀਂ ਮੰਗੀ ਜਾਂਦੀ। ਪਰ ਕਈ ਮਾਰੂ ਇਸ਼ਕ ਦੇ ਮੁਸਾਫ਼ਿਰਾਂ ਨੂੰ ਸਿਆਸੀ ਕੁਰਸੀ ਨਾਲ ਇਸ਼ਕ ਹੋ ਗਿਆ ਤੇ ਦਿਨ ਰਾਤ ਗ਼ੰਮਾਂ ਦੇ ਹਵਾਲੇ ਹੋ ਗਏ। ਦਿਲ ਦੇ ਦੋਰੇ ਪਏ, ਬਲਡ ਪਰੈਸ਼ਰ ਵੱਧ ਗਏ ਤੇ ਰਾਤ ਨੂੰ ਰੱਬ ਦੀ ਦਿੱਤੀ ਕੁਦਰਤੀ ਮਿੱਠੀ ਨੀਂਦਰ ਤੋਂ ਵਾਂਝੇ ਜਾਣ ਨਾਲ ਨੀਂਦਰ ਦੀਆਂ ਗੋਲੀਆਂ ਖਾਂਦੇ ਮਰ ਗਏ। ਕਈਆਂ ਨੂੰ ਦੇਸ ਨਿਕਾਲਾ ਮਿਲਿਆ ਤੇ ਕਈ ਕੁਰਸੀ ਦੇ ਇਸ਼ਕ ਵਿੱਚ ਫਾਂਸੀ ਚੜ੍ਹ ਗਏ। ਕਈਆਂ ਨੇ ਦੋਲਤ ਨਾਲ ਇਸ਼ਕ ਕਰ ਕੇ ਦੋਲਤ ਹੱਥੋਂ ਹੀ ਜਾਨ ਗਵਾ ਲਈ। ਇਹ ਮਾਰੂ ਇਸ਼ਕ ਰੱਬ ਕਿਸੇ ਦੇ ਪੱਲੇ ਨਾ ਪਾਵੇ।
ਇਹ ਇਸ਼ਕ ਵਾਲੀ ਗੱਲ ਤਾਂ ਇਵੇਂ ਕਰ ਗਿਆ ਹਾਂ।।।।। ਅਸਲ ਗੱਲ ਵਲ ਟੁਰਦੇ ਹੋਏ ਆਖਾਂ ਗਾ ਕਿ ਅਸੀਂ ਪੰਜਾਬੀ ਲੋਕ ਆਪਣੇ ਆਪ ਨੂੰ ਧਲੰੱਤਰ, ਕਾਹਿਨ, ਨਾਣੋ ਸਰਾਫ਼ ਅਤੇ ਫੰਨੇ ਖ਼ਾਨ ਸਮਝਦੇ ਹੋਏ ਪੈਰ ਪੈਰ ਉੱਤੇ ਆਖਦੇ ਫਿਰਦੇ ਹਾਂ ਪੰਜਾਬੀਆਂ ਦੀ ਹੋ ਗਈ ਬੱਲੇ ਬੱਲੇ ਅਤੇ ਪੰਜਾਬੀਆਂ ਨੇ ਫੱਟੇ ਚੁੱਕਤੇ ਅਸੀਂ ਫੱਟੇ ਚੁਕਦੇ ਫਿਰਦੇ ਹਾਂ ਪਰ ਆਪਣੀਆਂ ਸਾਡੀਆਂ ਚੂਲਾਂ ਹਿੱਲੀਆਂ ਪਈਆਂ ਨੇਂ। ਬੜੇ ਚਤਰ ਚਾਲਾਕ ਅਤੇ ਚਾਤਰ ਬਣੇ ਫਿਰਦੇ ਹਾਂ। ਪਰ ਅਸਾਂ ਆਪਣੀ ਬੋਲੀ ਬਾਰੇ ਕਦੀ ਨਹੀਂ ਸੋਚਿਆ ਕਿ ਅਸੀਂ ਵੀ ਉਸ ਚਾਤਰ ਕਾਂ ਵਰਗੇ ਹੀ ਹਾਂ ਜਿਸ ਦੇ ਆਲ੍ਹਣੇ ਵਿੱਚ ਕੋਇਲ ਚੁਪ ਕਰ ਕੇ ਆਂਡੇ ਦੇ ਜਾਂਦੀ ਏ ਤੇ ਉਹ ਕੰਮਲਾ ਕਾਂ ਕੋਇਲ ਦੇ ਹੀ ਬੱਚੇ ਪਾਲਦਾ ਰਹਿੰਦਾ ਏ। ਇਹ ਦੱਸਣ ਦੀ ਲੋੜ ਤੇ ਨਹੀਂ ਕਿ ਕੋਇਲ ਨਾ ਆਪਣਾ ਆਲ੍ਹਣਾ ਬਣਾਉਂਦੀ ਏ ਤੇ ਨਾ ਉਹਦੇ ਵਿੱਚ ਆਂਡੇ ਦੇ ਕੇ ਆਪਣੇ ਬੱਚੇ ਕੱਣਦੀ ਏ। ਉਹ ਮਲਕੜੇ ਹੀ ਚੋਰੀ ਚੋਰੀ ਕਾਂ ਦੇ ਆਲ੍ਹਣੇ ਵਿੱਚੋਂ ਕਾਂ ਦਾ ਆਂਡਾ ਇੱਕ ਇੱਕ ਕਰ ਕੇ ਅਡੋਲ ਹੀ ਥੱਲੇ ਸੁੱਟੀ ਜਾਂਦੀ ਏ ਤੇ ਆਪਣਾ ਆਂਡਾ ਰੋਜ਼ ਹੀ ਦੇ ਜਾਂਦੀ ਏ। ਉਹ ਸਾਡੇ ਵਰਗੇ ਚਾਤਰ ਕਾਂ ਇਹ ਆਪਣੇ ਆਂਡੇ ਸਮਝ ਕੇ ਕੋਇਲ ਦੇ ਬੱਚੇ ਕੱਣਦਾ ਤੇ ਪਾਲਦਾ ਏ। ਜਿਵੇਂ ਬਤਖ਼ ਦੇ ਆਂਡੇ ਲੋਕੀਂ ਪਾੜੇ ਬੈਠੀ ਕੁੱਕੜੀ ਥੱਲੇ ਰੱਖ ਦੇਂਦੇ ਨੇਂ ਤੇ ਬਤਖ਼ ਫ਼ਿਰ ਮਾਲਿਕ ਬਣ ਕੇ ਆਪਣਾ ਟੱਬਰ ਪਾਲ ਲੈਂਦੀ ਏ। ਸੋ! ਅਸੀਂ ਫੱਟੇ ਚੁਕ ਦੇਣ ਵਾਲੇ ਚਾਤਰ ਲੋਕਾਂ ਦੇ ਭਾਗੀਂ ਹੀ ਜੰਮੇ ਹਾਂ। ਚੋਧਰੀ ਹੋ ਕੇ ਵੀ ਸੀਪੀ ਬਨਣ ਦਾ ਸ਼ੋਕ ਹੈ ਸਾਨੂੰ। ਲਹਿੰਦੇ ਪੰਜਾਬ ਵਲ ਹੀ ਵੇਖ ਲਵੋ। ਸੱਠ ਸੱਤਰ ਫ਼ੀਸਦੀ ਆਬਾਦੀ ਪੰਜਾਬੀਆਂ ਦੀ ਹੈ ਪਰ ਸਾਡੇ ਆਲ੍ਹਣੇ ਵਿੱਚ ਉਰਦੂ ਦੇ ਆਂਡੇ ਰਖ ਦਿੱਤੇ ਗਏ। ਅਸੀਂ ਉਹੀ ਬੱਚੇ ਕਣਦੇ ਅਤੇ ਉਹਨਾਂ ਨੂੰ ਹੀ ਚੋਗਾ ਚਾਰੀ ਜਾਂਦੇ ਹਾਂ। ਇਹ ਇੱਕ ਪੰਜਾਬ ਦੀ ਹੀ ਬੇੜੀ ਵੱਟੇ ਨਹੀਂ ਪਏ, ਸਗੋਂ ਹਰ ਦੋ ਲਾਅਨਤ ਹੈ। ਹੁਣ ਆਪਣੇ ਸੋਗ ਦੀ ਫੂਹੜੀ ਲ੍ਹਵੇਟਦੇ ਹੋਏ ਆਖ਼ਰੀ ਵੈਣ ਇੰਜ ਹੀ ਪਾਵਾਂ ਗਾ ਕਿ ਚੁੱਲ੍ਹਾ ਚੌਂਕਾ ਸਾਡਾ ਪਰ ਰੋਟ ਲੋਕਾਂ ਦੇ ਪਕਦੇ, ਕਪੜਾ ਸਾਡਾ ਤੇ ਕੋਟ ਬੇਗਾਨਿਆਂ ਦੇ ਸੀਪਦੇ ਅਤੇ ਆਲ੍ਹਣਾ ਸਾਡਾ ਤੇ ਵਿੱਚ ਬੋਟ ਲੋਕਾਂ ਦੇ ਪਲਦੇ ਨੇਂ। ਸਾਡੇ ਨਾਲ ਤਾਂ ਇੰਜ ਹੋਈ ਹੈ ਕਿ ਜ਼ਾਤ ਦੀ ਨੋਕਰਾਨੀ ਤੇ ਮਾਲਿਕਾਂ ਨੂੰ ਜੱਫੇ। ਇਸ ਤੋਂ ਵੱਡਾ ਕੀ ਜ਼ੁਲਮ ਹੋਵੇ ਗਾ ਕਿ ਪਾਕਿਸਤਾਨ ਵਿੱਚ ਸੱਤਰ ਫ਼ੀਸਦੀ ਪੰਜਾਬੀ ਪਰ ਪੰਜਾਬ ਇਸਮਬਲੀ ਵਿੱਚ ਕੋਈ ਜੁਰਅਤ ਨਾ ਕਰ ਸਕਿਆ ਉਹ ਆਪਣੀ ਮਾਂ ਬੋਲੀ ਵਿੱਚ ਹਲਫ਼ ਯਾਂ ਸ਼ਪਤ ਚੁਕ ਸਕੇ। ਨਿੱਕੇ ਜਿਹੇ ਇਲਾਕੇ ਸਿੰਧ ਵਿੱਚ ਆਪਣੀ ਮਰਜ਼ੀ ਨਾਲ ਆਪਣੀ ਬੋਲੀ ਵਿੱਚ ਹਲਫ਼ ਚੁਕਦੇ ਨੇਂ। ਇਹ ਬਹੁਤੇ ਸਿਆਣੇ ਪੰਜਾਬੀ ਕਾਂ ਲੋਕਾਂ ਦੇ ਬੋਟ ਪਾਲਣ ਵਾਲੇ ਸਰਕਾਰੀ ਤੋਰ ਉੱਤੇ ਨਾ ਕੋਈ ਅਖ਼ਬਾਰ ਕੱਣ ਸਕੇ ਤੇ ਨਾ ਸਕੂਲਾਂ ਵਿੱਚ ਪੰਜਾਬੀ ਨੂੰ ਅੰਦਰ ਵੜਨ ਦਿੱਤਾ। ਇੱਕ ਮੇਰੇ ਵਰਗਾ ਸ਼ੁਦਾਈ ਪ੍ਰੋਫ਼ੈਸਰ ਜਮੀਲ ਪਾਲ ਹੈ ਜੋ ਆਪਣੇ ਬੱਚਿਆਂ ਨੂੰ ਕਰਾਏ ਦੇ ਮਕਾਨ ਵਿੱਚ ਰਖ ਕੇ ਆਪਣੀ ਸਾਰੀ ਤਨਖ਼ਾਹ ਫੂਕ ਕੇ ਇੱਕ ਪੰਜਾਬੀ ਅਖ਼ਬਾਰ ਕੱਣੀ ਆਉਂਦਾ ਏ। ਜਾਅਲੀ ਅਤੇ ਅਖੋਤੀ ਆਗੂ ਇਲਿਆਸ ਘੁੱਮਣ ਅਤੇ ਫ਼ਖ਼ਰ ਜ਼ਮਾਨ ਵਰਗੇ ਮੋਸਮੀ ਖੁੰਬਾਂ ਵਾਂਗ ਉੱਗੇ ਪਰ ਦੁੱਧ ਪੀਣ ਵਾਲੇ ਨਜਨੂੰ ਖ਼ੂਨ ਦੇਣ ਦਾ ਵੇਲਾ ਆਇਆ ਤੇ ਅੰਦਰ ਵੜ ਕੇ ਬੂਹਾ ਣੌ ਲਿਆ। ਫ਼ੋਟੋ ਲਹਾਣ ਦੇ ਸ਼ੋਂਕੀ ਅਜ ਕਲ ਦੜ ਮਾਰ ਕੇ ਆਖਦੇ ਨੇਂ, ਅਸਾਂ ਕੀ ਲੈਣਾ ਏ ਇਸ ਸੂਰ ਦੇ ਸ਼ਿਕਾਰ ਵਿੱਚੋਂ। ਦੋਸਤੋ! ਕੇਡੀ ਸ਼ਰਮ ਵਾਲੀ ਗੱਲ ਹੈ ਕਿ ਸੰਧ ਵਿੱਚ ਪੰਦਰ੍ਹਾਂ ਅਖ਼ਬਾਰ ਸਿੰਧੀ ਜ਼ੁਬਾਨ ਵਿੱਚ ਨਿਕਲਦੇ ਅਤੇ ਸਕੂਲਾਂ ਵਿੱਚ ਸਿੰਧੀ ਪੜ੍ਹਾਈ ਜਾਂਦੀ ਹੈ। ਕੀ ਉਹਨਾਂ ਦੀ ਕੋਮੀ ਜ਼ੁਬਾਨ ਉਰਦੂ ਨਹੀਂ? ਪਰ ਉਹੀ ਗੱਲ ਕਿ ਅਸੀਂ ਲੋਕਾਂ ਦੇ ਭਾਗੀਂ ਜੰਮੇ, ਆਪਣੀ ਪੱਗ ਬਾਲ ਕੇ ਲੋਕਾਂ ਨੂੰ ਛੱਲੀਆਂ ਭੁਣ ਭੁਣ ਦੇਂਦੇ ਹਾਂ।
ਇਹ ਮੈਂ ਦੱਸ ਚੁਕਾ ਹਾਂ ਕਿ ਪੰਜਾਬੀ ਕੋਮ ਬਹਾਦੁਰ, ਜੀ ਦਾਰ, ਦਲੇਰ, ਮਹਿਨਤੀ ਅਤੇ ਯਾਰਾਂ ਦੀ ਯਾਰ ਹੈ। ਪਰ ਜੇ ਬਹਾਦੁਰੀ ਦਲੇਰੀ ਵਿੱਚੋਂ ਅਕਲਮਤ ਕੱਣ ਲਈਏ ਤਾਂ ਫ਼ਿਰ ਆਪੇ ਹੀ ਸੋਚ ਲਵੋ ਕਿ ਬਾਕੀ ਕੀ ਰਹਿ ਜਾਂਦਾ ਏ? ਬਦਾਮ ਬੜੀ ਤਾਕਤਵਰ ਸ਼ੈ ਹੈ ਪਰ ਵਿੱਚੋਂ ਗਰੀ ਕੱਣ ਕੇ ਸੁੱਟ ਦਈਏ ਤਾਂ ਬਾਕੀ ਸਿਰਫ਼ ਛਿੱਲੜ ਹੀ ਰਹਿ ਜਾਂਦੀ ਏ। ਸਾਡੀ ਦਲੇਰੀ ਦੇ ਰੁਖ ਉੱਤੇ ਬੜਾ ਫਲ ਲਗਦਾ ਏ ਪਰ ਜਦੋਂ ਵੀ ਇਹ ਰੁੱਖ ਫੁੱਲਾਂ ਤੇ ਆਉਂਦਾ ਏ ਅਸੀਂ ਡਾਂਗ ਫੜ ਕੇ ਹੱਥੀਂ ਝਾੜ ਦੇਂਦੇ ਹਾਂ। ਪੰਜਾਬੀ ਮਨੁਖ ਦੀਆਂ ਦਾਸਤਾਨਾਂ ਸੋਨੇ ਦੇ ਪਾਣੀ ਨਾਲ ਲਿਖਣ ਵਾਲੀਆਂ ਹਨ ਪਰ ਬੇਵਕੂਫ਼ ਬਹਾਦੁਰ ਦੇ ਹੱਥ ਲਾਠੀ ਫੜਾ ਦਈਏ ਤਾਂ ਜੀ ਕਰੇ ਉਹ ਆਪਣਿਆ ਦੇ ਹੀ ਖੁੰਨੇ ਪਾੜੀ ਜਾਵੇ ਤੇ ਸਜਣਾਂ ਦੇ ਤਾਲੂ ਹੀ ਸੇਕੀ ਜਾਵੇ। 1947 ਦੀ ਵੰਡ ਵੇਲੇ ਜੋ ਬਹਾਦੁਰੀ ਹੂੜਮਤ ਇਹਨਾਂ ਕੀਤੀ ਤੁਸਾਂ ਵੇਖ ਲਈ ਹੋਵੇ ਗੀ। ਇਹਨਾਂ ਹਮੇਸ਼ਾ ਹੀ ਕੁਥਾਂ ਮੂਤਿਆ ਹੈ। ਇਹ ਵੰਡ ਤਾਂ ਸਿੰਧ, ਯੂਪੀ, ਬਿਲੋਚਿਸਤਾਨ ਵਿੱਚ ਵੀ ਹੋਈ ਸੀ, ਕਿਸੇ ਨੇ ਕਿਸੇ ਨੂੰ ਉਂਗਲੀ ਨਹੀਂ ਲਾਈ। ਪੰਜਾਬ ਵਿੱਚ ਧੀਆਂ ਭੈਣਾਂ ਨੂੰ ਵੀ ਮੁਆਫ਼ ਨਾ ਕੀਤਾ ਗਿਆ। ਨਾ ਲਹਿੰਦੇ ਪੰਜਾਬੀਆਂ ਘੱਟ ਕੀਤੀ ਤੇ ਨਾ ਚੜ੍ਹਦੇ ਪੰਜਾਬ ਨੇ ਹਿਆ ਨੂੰ ਹੱਥ ਮਾਰਿਆ। ਸ਼ੇਰਿ ਪੰਜਾਬ ਰੰਜੀਤ ਸਿੰਘ ਦੀ ਹਕੂਮਤ ਨੂੰ ਕਿਸੇ ਬੇਗਾਨੇ ਨੇ ਤਾਂ ਨਹੀਂ ਸੀ ਉਜਾੜਿਆ, ਇਹ ਅਸਾਂ ਆਪ ਹੀ ਕਾਰਨਾਮੇ ਕੀਤੇ ਸਨ। ਪਰ ਕੀ ਕੀਤਾ ਜਾਏ! ਇਹ ਸੱਭ ਕੁੱਝ ਸਾਡੀ ਗੁੜ੍ਹਤੀ ਵਿੱਚੋਂ ਹੀ ਮਿਲਿਆ ਹੈ। ਅਸੀਂ ਪੋਤੜਿਆਂ ਦੇ ਵਿਗੜੇ ਕਿਵੇਂ ਸਿੱਧੇ ਹੋਈਏ। ਆਦਤਾਂ ਅਤੇ ਖ਼ਸਲਤਾਂ ਅਖ਼ੀਰ ਤਕ ਨਾਲ ਰਹਿੰਦੀਆਂ ਨੇਂ। ਬਸ ਇਸ ਹਕੀਕਤ ਦੀ ਮਿਸਾਲ ਇਹ ਹੀ ਣੁੱਕਦੀ ਏ ਕਿ ਚੁੱਲ੍ਹਾ ਨਾ ਰੱਜੇ ਅੰਗਾਰਿਆਂ ਤੇ, ਪੁੱਤਾਂ ਰੱਜੇ ਨਾ ਮਾਂ। ਮਰਦ ਨਾ ਰੱਜੇ ਜਨਾਨੀਆਂ ਤੇ ਰੋਟੀਓਂ ਰੱਜੇ ਨਾ ਕਾਂ।।।।। ਇਹ ਖ਼ਸਲਤ ਅਤੇ ਫ਼ਿਤਰਤ ਹੈ ਪੰਜਾਬੀਆਂ ਦੀਆਂ ਖ਼ੂਬੀਆਂ ਅਤੇ ਖ਼ਰਾਬੀਆਂ ਨੂੰ ਜਦੋਂ ਵੀ ਤਰਾਜ਼ੂ ਵਿੱਚ ਰਖਦਾ ਹਾਂ ਤੇ ਦੋਵੇਂ ਪਲੜੇ ਇੱਕੋ ਜਿਹੇ ਨਜ਼ਰ ਆਉਂਦੇ ਨੇਂ। ਦੁਨੀਆ ਦੇ ਕਿਸੇ ਵੀ ਬੰਦੇ ਨੂੰ ਫਾਂਸੀ ਦਾ ਹੁਕਮ ਹੋ ਜਾਏ ਤੇ ਮਰਣ ਤੋਂ ਪਹਿਲਾਂ ਹੀ ਅੱਧਾ ਮਰ ਜਾਂਦਾ ਏ ਪਰ ਪੰਜਾਬੀ ਸ਼ੇਰਾਂ ਨੇ ਫਾਹੀ ਦੇ ਫੰਦੇ ਨੂੰ ਚੁਮ ਕੇ ਕੈਂਠਾ ਸਮਝ ਕੇ ਗੱਲ ਪਾਇਆ ਹੈ। ਇਹ ਅਜਿਹੇ ਅਸੀਲ ਕੁੱਕੜ ਨੇਂ ਜਿਹੜੇ ਪਿੜ ਕਦੀ ਨਹੀਂ ਛਡ ਕੇ ਜਾਂਦੇ। ਇਹ ਗਲ ਤੇ ਮਰਣ ਨੂੰ ਹੀ ਬਹਾਦੁਰੀ ਸਮਝਦੇ ਹਨ। ਇਹਨਾਂ ਬਾਰੇ ਬੜਾ ਸੋਚਿਆ ਪਰ ਕੋਈ ਨਤੀਜਾ ਯਾਂ ਸਿੱਟਾ ਮੇਰੇ ਹੱਥ ਨਹੀਂ ਆਉਂਦਾ ਕਿ ਇਹਨਾਂ ਨੂੰ ਤਖ਼ਤ ਉੱਤੇ ਬਿਠਾਵਾਂ ਕਿ ਤਖ਼ਤੇ ਉੱਤੇ ਪਾ ਕੇ ਆਖਾਂ ਕਿ ਲੋ ਹੁਣ ਚੁਕਦੇ ਰਹੋ ਫੱਟੇ।।।।।
ਗੱਲ ਪਤਾ ਨਹੀਂ ਕਿੱਥੋਂ ਦੀ ਕਿੱਥੇ ਚਲੀ ਗਈ ਹੈ। ਮੇਰੇ ਜਜ਼ਬਾਤ ਵੀ ਅਲਕ ਵੈਹੜਕੇ ਅਤੇ ਅੱਥਰੇ ਵਛੇਰੇ ਵਰਗੇ ਹਨ ਜੋ ਵੱਸੋਂ ਬਾਹਿਰ ਹੋ ਜਾਂਦੇ ਨੇਂ ਯਾਂ ਮੰਦੀ ਆਦਤ ਆਖ ਲਵੋ ਕਿ ਗਲ ਨੂੰ ਲੱਸੀ ਅਤੇ ਲੜਾਈ ਵਾਂਗ ਵਧਾਈ ਜਾਂਦਾ ਹਾਂ। ਮੇਰਾ ਸਰਲੇਖ ਤਾਂ ਕੁੱਝ ਹੋਰ ਆਖਦਾ ਏ, ਗਲ ਮੈਂ ਣਾਕੇ ਬੰਗਾਲੇ ਦੀ ਕਰ ਗਿਆ ਹਾਂ। ਵੇਰਵਾ ਵਿਆਖਿਆ ਤੇ ਇਹ ਕਰਨ ਲਗਾ ਸਾਂ ਕਿ ਮਾੜੇ ਦੀ ਜਨਾਨੀ ਸਾਰੇ ਪਿੰਡ ਦੀ ਭਾਬੀ ਵਚਾਰੀ ਕਿਉਂ ਅਤੇ ਕਿਵੇਂ ਬਣਾਈ ਜਾਂਦੀ ਏ। ਅਸਲ ਗੱਲ ਹੈ ਕਿ ਮਾੜੇ ਕੋਲ ਬੂਥਾ ਭੰਨਣ ਦੀ ਦਿੜਤਾ ਨਹੀਂ ਹੁੰਦੀ। ਜਦੋਂ ਪਿੱਛਾ ਕੰਮਜ਼ੋਰ ਹੋਵੇ ਤਾਂ ਹਰ ਸ਼ਹੁਦੇ ਛਰਲੇ ਕੋਲੋਂ ਭਾਬੀ ਅਖਵਾਣ ਵਾਲੀ ਸ਼ਰੀਫ਼ ਜਨਾਨੀ ਕਿਹੜੇ ਆਸਰੇ ਤੇ ਛਿੱਤਰ ਲਾਹ ਲੱਵੇ। ਇਸ ਕਰ ਕੇ ਪਿੰਡ ਦੇ ਵਾਧੂ ਵੱਚੇ ਆਪਣਾ ਮਨ ਕਰਾਰਾ, ਦਿਲ ਪਿਸ਼ੌਰੀ ਅਤੇ ਅੱਖਾਂ ਸਲੂਣੀਆਂ ਕਰਨ ਲਈ ਉਸ ਗ਼ਰੀਬ ਦੀ ਬੀਵੀ ਨੂੰ ਭਾਬੀ ਆਖ ਕੇ ਆਪਣੀ ਜੀਭ ਦੀ ਉੱਲੀ ਲਾਹ ਲੈਂਦੇ ਨੇਂ। ਅਖੇ ਸੁਣਾ ਭਾਬੀ ਕਿੱਥੋਂ ਆਈ ਏਂ? ਅੱਜ ਤੇ ਬੜੀ ਟੱਸ ਕੱਣੀ ਊ। ਬਸ ਇਨੀ ਗੱਲ ਨਾਲ ਹੀ ਰੂਹ ਸਰਸਰਾ ਕਰਨ ਵਾਲੇ ਇੰਜ ਦੇ ਨਾਕਾਮ ਹਸਰਤਾਂ, ਹਾਰੇ ਹੋਏ ਅਰਮਾਨ ਅਤੇ ਠਰੇ ਹੋਏ ਜਜ਼ਬਿਆਂ ਵਾਲੇ ਮੁਸ਼ਟੰਡੇ ਬਗ਼ੈਰ ਪੀਂਘ ਤੋਂ ਹੂਟਾ ਲੈਣ ਵਾਲੇ ਵਧੇਕਲ ਗ਼ਰੀਬ ਦੀ ਜਨਾਨੀ ਨੂੰ ਭੈਣ ਦੀ ਬਿਜਾਏ ਭਾਬੀ ਦਾ ਸਾਕ ਬਣਾ ਕੇ ਦੋ ਮਿੱਠੀਆਂ ਫਿੱਕੀਆਂ ਕਰ ਕੇ ਬੁੱਲ੍ਹਾ ਉੱਤੇ ਜੀਭ ਫੇਰ ਲੈਂਦੇ ਨੇਂ। ਇਹ ਸ਼ਹੁਦੇ ਵੀ ਕੀ ਕਰਨ, ਜਿਹਨਾਂ ਨੂੰ ਕਦੀ ਗੰਨਾ ਨਾ ਜੁੜਿਆ ਹੋਵੇ, ਉਹ ਆਗ ਦੀ ਗੁੱਲੀ ਚੂਪ ਕੇ ਹੀ ਮੂੰਹ ਮਿੱਠਾ ਕਰ ਲੈਂਦੇ ਨੇਂ। ਦੁੱਧ ਦੀ ਲੱਪ ਨਾ ਲੱਭੇ ਤਾਂ ਕਾੜ੍ਹਣੀ ਚੱਟ ਕੇ ਹੀ ਝਟ ਲੰਘਾਉਂਦੇ ਨੇਂ। ਇੰਜ ਦੇ ਬੇਕਦਰੇ, ਥੋੜਾਂ ਦੇ ਮਾਰੇ, ਘਾਟਿਆਂ ਦੇ ਫੰਡੇ ਹੋਏ ਲੋਕ ਭਾਬੀ ਦਾ ਰਿਸ਼ਤਾ ਜਗਾ ਕੇ ਦਿਲ ਦੇ ਬੁੱਝੇ ਹੋਏ ਦੀਵੇ ਦੀ ਵੱਟੀ ਨੂੰ ਅੱਗ ਲਾਣ ਦੀ ਕੋਸ਼ਿਸ਼ ਕਰਦੇ ਨੇਂ। ਅਖੇ ਨਾਲੇ ਮਾਸੀ ਤੇ ਨਾਲੇ ਚੂੰਣੀਆਂ। ਜੇ ਉਸ ਗ਼ਰੀਬ ਦੀ ਬੀਵੀ ਵਚਾਰੀ ਨੇ ਕਦੀ ਝੱਗਾ ਚੁੰਨੀ ਫੁਲਕ ਕੇ ਗਲ ਪਾਇਆ ਹੋਵੇ ਤੇ ਆਖਦੇ ਨੇਂ ਅੱਜ ਤੇ ਬੜੀ ਨਿਖੜੀ ਏਂ ਭਾਬੀ, ਕਿਦਰੇ ਵਿਆਹ ਦੀ ਤਿਆਰੀ ਤੇ ਨਹੀਂ? ਅਗਲੇ ਹੀ ਮੋੜ ਤੇ ਕਿਸੇ ਕਾਮੇ ਨੂੰ ਦੁੱਧ ਦਾ ਕਰਮੰਡਲ ਚਕਵਾਈ ਆਉਂਦੀ ਫ਼ਰੀਦ ਦੋਲਤਾਨੇ ਦੀ ਜਨਾਨੀ ਟੱਕਰ ਜਾਏ ਤਾਂ ਬੜੇ ਅਦਬ ਨਾਲ ਮੱਥੇ ਉੱਪਰ ਹੱਥ ਰਖ ਕੇ ਆਖਦੇ ਨੇਂ ਸਲਾਮ ਆਖਦਾ ਹਾਂ ਭੈਣ ਜੀ।।।।। ਇਹ ਬੇਜ਼ਮੀਰੇ ਮਰਦਾਂ ਉੱਤੇ ਪਈ ਹੋਈ ਫਿਟਕਾਰ ਅਤੇ ਬੇਵਸੀ ਦੀ ਲਾਅਨਤ ਹੈ।
ਅਪਣੇ ਲੇਖ ਦੇ ਸਰਲੇਖ ਵੀ ਵਿਆਖਿਆ ਲਈ ਨਿੱਕੀ ਜਿਹੀ ਗੱਲ ਨੂੰ ਬਹੁਤਾ ਇਸ ਕਰ ਕੇ ਖੋਲ੍ਹਿਆ ਹੈ ਕਿ ਗ਼ਰੀਬ ਦੀ ਬੀਵੀ ਵੀ ਮੇਰੀ ਮਾਂ ਬੋਲੀ ਪੰਜਾਬੀ ਵਾਂਗ ਇੱਕ ਸ਼ਾਮਲਾਥ ਵਰਗੀ ਜ਼ਮੀਨ ਹੈ ਜਿੱਥੋਂ ਜਿਹੜਾ ਮਰਜ਼ੀ ਮਿੱਟੀ ਪੁੱਟ ਲੱਵੇ ਅਤੇ ਜਿਹੜਾ ਮਰਜ਼ੀ ਆ ਕੇ ਆਪਣੇ ਡੰਗਰ ਬੰਨ੍ਹ ਲੱਵੇ। ਹਰ ਕੋਈ ਇਸ ਨਾਲ ਸਾਕਾਦਾਰੀ ਜਗਾ ਕੇ ਇਸ ਦੇ ਚੁੱਲ੍ਹੇ ਉੱਪਰ ਆ ਬੈਠਦਾ ਏ। ਅਖੇ, ਨਾ ਸੱਦੀ ਨਾ ਬੁਲਾਈ ਤੇ ਮੈਂ ਮੁੰਡੇ ਦੀ ਤਾਈ। ਇਹ ਲਾਵਾਰਿਸੀ ਜਿਹੀ ਬੋਲੀ ਰੂੜੀਆਂ ਉੱਤੇ ਉੱਗੀ ਹੋਈ ਅਜਿਹੀ ਬੇਰੀ ਹੈ ਜਿਸ ਨੂੰ ਹਰ ਕੋਈ ਆਪਣੀ ਮਲਕੀਅਤ ਆਖ ਕੇ ਬੇਰਾਂ ਲਈ ਰੋੜੇ ਮਾਰ ਲੈਂਦਾ ਏ।
ਪਾਠਕ ਵੀ ਸੋਚਦੇ ਹੋਣ ਗੇ ਕਿ ਬੰਦਾ ਆਪਣੇ ਸਰਲੇਖ ਵਲ ਕਦੋਂ ਮੁਹਾਰ ਮੋੜੇ ਗਾ। ਆਖ਼ਿਰ ਐਧਰ ਓਧਰ ਦੀਆਂ ਗੱਲਾਂ ਦਾ ਇਹ ਟੰਟਾ ਕਦੋਂ ਮੁੱਕੇ ਗਾ। ਇਸ ਲੇਖ ਦੀ ਮੱਝ ਨੇ ਬੜੇ ਚਿਰ ਦੇ ਪੁੜੇ ਤੋੜੇ ਹੋਏ ਨੇਂ ਤੇ ਕੱਟੀ ਕੱਟਾ ਕਦੋਂ ਨਿਕਲੇ ਗਾ। ਮੈਨੂੰ ਪਤਾ ਹੈ ਕਿ ਤੁਸੀਂ ਬੜੇ ਘੂਰਦੇ ਘੁਰਕਦੇ ਹੋਵੋ ਗੇ ਕਿ ਅਮੀਨ ਮਲਿਕ ਨੂੰ ਪਤਾ ਨਹੀਂ ਫ਼ਜ਼ੂਲ ਤਾਣਾ ਤਨਣ ਦੀ ਕਿਸ ਜੋਲਾਹੇ ਕੋਲੋਂ ਪੋਖੋ ਆ ਗਈ ਸੀ। ਕੀ ਕਰਾਂ! ਇਹ ਮੇਰੀ ਆਦਤ ਵੀ ਇੱਕ ਐਸੀ ਚਕੂੰਧਰ ਹੈ ਜੋ ਮੇਰੇ ਕੋਲੋਂ ਘੇਰੀ ਨਹੀਂ ਜਾਂਦੀ। ਤੁਹਾਡਾ ਗਿਲਾ ਸਿਰ ਅੱਖਾਂ ਉੱਤੇ। ਮੈਂ ਬੜੀ ਆਜਜ਼ੀ, ਇਨਕਸਾਰੀ ਅਤੇ ਨਮ੍ਰਿਤਾ ਨਾਲ ਮੁਆਫ਼ੀ ਮੰਗਣ ਪਿੱਛੋਂ ਉਸ ਖੁੱਤ ਵਲ ਪੈਰ ਪੁੱਟਣ ਲੱਗਾ ਹਾਂ ਜਿਹੜੀ ਇੱਕ ਮਹਿਰਬਾਨ ਨੇ ਛੇੜੀ ਤੇ ਮੈਂ ਛਿੜ ਗਿਆ।।।।। ਖੱਖਰ ਵਾਂਗ।।।।। ਹੋਇਆ ਇੰਜ ਕਿ ਹਮੇਸ਼ਾ ਵਾਂਗ ਚੰਦੀ ਗੜ੍ਹ ਤੋਂ ਇੱਕ ਮਹਿਰਬਾਨ ਜਿਹੀ ਬੀਬੀ ਨੇ ਆਪਣਾ ਰਿਸਾਲਾ ਘੱਲਣ ਦੀ ਕ੍ਰਿਪਾ ਕੀਤੀ ਤੇ ਉਸ ਵਿੱਚ ਇੱਕ ਵਿਦਵਾਨ ਸੱਜਣ ਸੁਭਾਸ਼ ਪਰਿਹਾਰ ਦਾ ਇੱਕ ਲੇਖ ਪੜ੍ਹ ਬੈਠਾ ਜਿਸ ਦਾ ਸਰਲੇਖ ਸੀ ਉਰਦੂ, ਫ਼ਾਰਸੀ ਅਤੇ ਅਰਬੀ ਮੈਂ ਇਹ ਲੇਖ ਕਾਹਦਾ ਪੜ੍ਹਿਆ, ਇੰਜ ਲੱਗਾ ਜਿਵੇਂ ਲੇਖ ਹੀ ਸੜ ਗਏ। ਸਬਰ ਕਰਨ ਲਈ ਬੜੀ ਦੰਦਾਂ ਥੱਲੇ ਜੀਭ ਦਿੱਤੀ ਰੱਖੀ ਪਰ ਮੇਰੀ ਕਾਲ੍ਹੀ ਆਦਤ ਦਾ ਨਗੌਰੀ ਸਾਹਨ ਬਦੋਬਦੀ ਰੱਸਾ ਤੁੜਾ ਗਿਆ।
ਵੀਰ ਸੁਭਾਸ਼ ਜੀ ਨੇ ਆਪਣੇ ਮਤਲਬ ਦੀ ਅੱਗ ਬਾਲ ਕੇ ਆਪਣੇ ਹੀ ਮਕਸਦ ਦੀ ਰੋਟੀ ਪਕਾਉਂਦੇ ਹੋਏ ਆਖਿਆ ਹੈ ਕਿ ਸਵਰਗੀ ਸੋਹਨ ਸਿੰਘ ਜੋਸ਼ ਭਾਸ਼ਨ ਦੇ ਰਿਹਾ ਸੀ ਤੇ ਆਖ ਰਿਹਾ ਸੀ ਕਿ ਪ੍ਰੋਫ਼ੈਸਰ ਗਲਵੰਤ ਸਿੰਘ ਪੰਜਾਬੀ ਬੋਲੀ ਵਿੱਚ ਓਪਰੇ ਸ਼ਬਦ ਵਾੜ ਕੇ ਪੰਜਾਬੀ ਜ਼ੁਬਾਨ ਨਾਲ ਦੁਸ਼ਮਣੀ ਕਰ ਰਿਹਾ ਹੈ। ਇਹ ਗੱਲ ਸੁਣ ਕੇ ਵਿੱਚੋਂ ਹੀ ਕਿਸੇ ਨੇ ਆਖਿਆ ਕਿ ਗਲਵੰਗ ਸਿੰਘ ਵੀ ਇੱਥੇ ਹੀ ਮੋਜੂਦ ਹੈ, ਉਸ ਨੂੰ ਵੀ ਟਾਇਮ ਦਿੱਤਾ ਜਾਏ। ਗਲਵੰਤ ਸਿੰਘ ਨੇ ਉਠ ਕੇ ਆਖਿਆ ਕਿ ਸੋਹਨ ਸਿੰਘ ਜੋਸ਼ ਨੂੰ ਪੁੱਛਿਆ ਜਾਏ ਕਿ ਸੋਹਨ ਸਿੰਘ ਤਾਂ ਹੋਇਆ ਪਰ ਨਾਲ ਸ਼ਬਦ ਜੋਸ਼ ਲਾਣ ਲਈ ਏਰਾਨ ਵਿੱਚੋਂ ਫ਼ਾਰਸੀ ਮੰਗਣ ਕਿਉਂ ਗਿਆ ਹੈ? ਤੁਹਾਡੇ ਕੋਲ ਤੁਹਾਡੀ ਸੱਕੀ ਭੈਣ ਸੰਸਕਰਿਤ ਜੂ ਹੈ।
ਸੁਭਾਸ਼ ਜੀ ਨੇ ਸਾਨੂੰ ਇਹ ਗੱਲ ਸੁਣਾਉਂਦੇ ਹੋਏ ਗਲਵੰਤ ਸਿੰਘ ਦੀ ਦਲੀਲ ਨੂੰ ਜੀਤੂ ਕਰਾਰ ਦੇਣ ਲਈ ਅੱਗੋਂ ਸੋਹਣ ਸਿੰਘ ਜੋਸ਼ ਦਾ ਕੋਈ ਉੱਤਰ ਜਵਾਬ ਨਹੀਂ ਦੱਸਿਆ। ਸੁਭਾਸ਼ ਜੀ ਦੱਸਦੇ ਵੀ ਕਿਉਂ? ਕਿਉਂਕਿ ਸੁਭਾਸ਼ ਜੀ ਨੂੰ ਤੇ ਇਹ ਹੀ ਗਲ ਵਾਰੇ ਆਉਂਦੀ ਅਤੇ ਚੰਗੀ ਲਗਦੀ ਏ। ਨਾਲੇ ਉਹਨਾਂ ਦੇ ਮਨ ਦਾ ਮੁੱਦਾ ਵੀ ਤੇ ਇਸ ਤਰ੍ਹਾਂ ਹੀ ਪੁੱਗਦਾ
ਏ। ਹਾਲਾਂਕਿ ਇਹ ਕਿਵੇਂ ਹੋ ਸਕਦਾ ਏ ਕਿ ਗਲਵੰਤ ਸਿੰਘ ਦੀ ਸੁਣ ਕੇ ਸੋਹਨ ਸਿੰਘ ਅੱਗੋਂ ਚੁਪ ਰਹ ਕੇ ਗੋਡੇ ਟੇਕ ਗਿਆ ਹੋਵੇ ਤੇ ਪ੍ਰੋਫ਼ੈਸਰ ਗਲਵੰਤ ਸਾਹਿਬ ਨੂੰ ਖੜੀ ਮਾਲੀ ਫੜਾ ਦਿੱਤੀ ਹੋਵੇ। ਇਸ ਗਲ ਤੋਂ ਤੇ ਮੇਰੇ ਜਿਹਾ ਵੀ ਮੋਣੇ ਨਹੀਂ ਲਵਾਂਦਾ ਤੇ ਸੋਹਨ ਸਿੰਘ ਜੋਸ਼ ਵਰਗੇ ਤਾਂ ਪਿੰਡੇ ਉੱਤੇ ਮਿੱਟੀ ਨਹੀਂ ਸਨ ਲਗਣ ਦੇਂਦੇ। ਪਰ ਸੁਭਾਸ਼ ਜੀ ਨੇ ਫ਼ੈਸਲਾ ਪ੍ਰੋਫ਼ੈਸਰ ਗਲਵੰਤ ਸਿੰਘ ਦੇ ਹੱਕ ਵਿੱਚ ਦੇ ਕੇ ਡਿਗਰੀ ਦੇਂਦੇ ਹੋਏ ਸੰਸਕਰਿਤ ਨੂੰ ਪੰਜਾਬੀ ਦੀ ਸੱਕੀ ਭੈਣ ਬਣਾ ਦਿੱਤਾ ਤੇ ਨਾਲ ਡਿਗਰੀ ਦੇਂਦੇ ਹੋਏ ਆਖ ਦਿੱਤਾ ਕਿ ਦੂਜੀਆਂ ਬੋਲੀਆਂ ਵਿੱਚੋਂ ਸ਼ਬਦ ਲੈ ਲੈਣ ਨਾਲ ਕੋਈ ਹਰਜ ਨਹੀਂ। ਉੱਤੋਂ ਇਸ ਵੀਰ ਨੇ ਇੱਕ ਹੋਰ ਸੜਦਾ ਬਲਦਾ ਫ਼ਰਮਾਨ ਜਾਰੀ ਕੀਤਾ ਕਿ ਜੱਥੇਦਾਰ ਟਾਇਪ ਲੋਕ ਜ਼ੁਬਾਨਾਂ ਦੇ ਸ਼ੁਧ ਹੋਣ ਦਾ ਰੋਲਾ ਪਾਉਂਦੇ ਰਹਿੰਦੇ ਹਨ ਹੁਣ ਮੈਂ ਸੰਸਕਰਿਤ ਦਾ ਪੰਜਾਬੀ ਨਾਲ ਸੱਕੀ ਭੈਣ ਵਾਲਾ ਰਿਸ਼ਤਾ ਅਤੇ ਸਾਕਾਦਾਰੀ ਤੇ ਬਾਅਦ ਵਿੱਚ ਜਗਾਵਾਂ ਗਾ, ਪਹਿਲਾਂ ਸੁਭਾਸ਼ ਜੀ ਦੀ ਇਸ ਗੱਲ ਦਾ ਜਵਾਬ ਦੇ ਲਵਾਂ ਕਿ ਦੂਜੀਆਂ ਬੋਲੀਆਂ ਵਿੱਚੋਂ ਸ਼ਬਦ ਲੈ ਲੈਣ ਨਾਲ ਕੋਈ ਹਰਜ ਨਹੀਂ। ਕੀ ਇਹ ਅਸੂਲ ਯਾਂ ਹੁਕਮ ਸਿਰਫ਼ ਪੰਜਾਬੀ ਜ਼ੁਬਾਨ ਵਾਸਤੇ ਹੀ ਹੈ ਕਿ ਯਾਂ ਦੂਜੀਆਂ ਬੋਲੀਆਂ ਵੀ ਪੰਜਾਬੀ ਜ਼ੁਬਾਨ ਵਿੱਚੋਂ ਸ਼ਬਦ ਲੈਂ ਲੈਂਦੀਆਂ ਹਨ? ਮੈਂ ਪੰਜਾਬੀਆਂ ਨੂੰ ਇਹ ਤਾਂ ਕਹਿੰਦੇ ਸੁਣਿਆ ਹੈ ਕਿ ਅੱਜ ਅਸਾਂ ਚਿਕਨ ਯਾਂ ਮੁਰਗ਼ੀ ਪੱਕੀ ਹੈ ਲੇਕਿਨ ਕਿਸੇ ਉਰਦੂ ਸੰਸਕਰਿਤ ਵਾਲੇ ਨੂੰ ਇਹ ਆਖਦੇ ਸੁਣਿਆ ਜੇ ਕਦੀ ਕਿ ਅਜ ਹਮ ਨੇ ਕੁੱਕੜੀ ਕੀ ਹਾਂਡੀ ਪਕਾਈ ਹੈ? ਕਿਸੇ ਨੂੰ ਕਦੇ ਇਹ ਆਖਦੇ ਸੁਣਿਆ ਜੇ ਕਿ ਅਜ ਮੇਰੇ ਗੋਡੇ ਮੇਂ ਬੜੀ ਪੀੜ ਹੋ ਰਹੀ ਹੈ ਕਿਸੇ ਨੇ ਕਦੀ ਆਖਆਿ ਕਿ ਮਾਰ ਇਸ ਕੀ ਧੋਨ ਮੇਂ ਮੁੱਕੀ ਮਹਿਰਬਾਨੋ! ਉਰਦੂ ਸੰਸਕਰਿਤ ਵਿੱਚ ਇੰਜ ਦਾ ਕੋਈ ਪੰਜਾਬੀ ਸ਼ਬਦ ਵਾੜ ਕੇ ਵੇਖੋ, ਜੇ ਅਗਲਿਆਂ ਜੁੱਤੀ ਨਾ ਲਾਹ ਲਈ ਤੇ। ਕਿੰਨੀ ਹੇਰਾਨਗੀ ਅਤੇ ਪਰੇਸ਼ਾਨੀ ਦੀ ਗਲ ਹੈ ਕਿ ਸਿਰਫ਼ ਗ਼ਰੀਬ ਦੀ ਜਨਾਨੀ ਪੰਜਾਬੀ ਨੂੰ ਹੀ ਹੁਕਮ ਹੈ ਕਿ ਓਪਰੀ ਬੋਲੀ ਵਿੱਚੋਂ ਸ਼ਬਦ ਲੈਣ ਨਾਲ ਕੋਈ ਹਰਜ ਨਹੀਂ। ਇਸ ਹੱਥਲੇ ਲੇਖ ਦੀ ਅੱਗ ਵਿੱਚ ਅਜੇ ਸੜ ਹੀ ਰਿਹਾ ਸਾਂ ਕਿ ਸਪੋਕਸ ਮੈਨ ਵਿੱਚ ਲਿਖੇ ਮੇਰੇ ਮਜ਼ਮੂਨ ਦੀ ਸਲਾਹਣਾ ਕਰਦੇ ਹੋਏ ਫ਼ਰੀਦ ਕੋਟ ਤੋਂ ਹਵਾਲਦਾਰ ਅਮਰਜੀਤ ਸਿੰਘ ਦਾ ਫ਼ੋਨ ਆ ਗਿਆ ਪੁੱਠੇ ਪੈਰੀਂ ਟੁਰੀ ਪੰਜਾਬੀ ਦੀ ਗਲ ਕਰ ਕੇ ਆਖਣ ਲੱਗਾ ਮਲਿਕ ਜੀ, ਥੱਕ ਟੁੱਟ ਗਿਆ ਹਾਂ ਕਿ ਸਾਡੇ ਖੇਤੀ ਬਾਰੀ ਮੰਤਰੀ ਦੀ ਮੋਤ ਹੋ ਗਈ ਤੇ ਜਨਾਜ਼ੇ ਤੇ ਖਲੋਣਾ ਪਿਆ ਇੱਥੋਂ ਹੀ ਵੇਖ ਲਵੋ ਸੁਭਾਸ਼ ਜੀ, ਮਾਂ ਬੋਲੀ ਪੰਜਾਬੀ ਦੇ ਚੁੱਲ੍ਹੇ ਉੱਤੇ ਤਾਂ ਪੁੱਛਿਓਂ ਬਗ਼ੈਰ ਹੀ ਓਪਰੀਆਂ ਭੈਣਾਂ ਛਾਬੀ ਤੇ ਆਣ ਬਹਿੰਦੀਆਂ ਨੇਂ। ਸਿਰਫ਼ ਧੁਤਕਾਰੀ ਹੋਈ, ਠੁਕਰਾਈ ਹੋਈ ਅਤੇ ਵਸਾਰੀ ਹੋਈ ਗ਼ਰੀਬ ਦੀ ਬੋਲੀ ਪੰਜਾਬੀ ਹੀ ਅਜਿਹੀ ਅਛੂਤ ਹੈ ਜੋ ਕਿਸੇ ਪਰਾਈ ਬੋਲੀ ਦੇ ਚੌਂਤਰੇ ਉਪੱਰ ਨਹੀਂ ਚੜ੍ਹ ਸਕਦੀ।

 ਅਮਰਜੀਤ ਨੇ ਜਦੋਂ ਖੇਤੀਬਾੜੀ ਮੰਤਰੀ ਆਖਿਆ ਤੇ ਮੇਰੀ ਇੱਕ ਹੋਰ ਹਾਹ ਨਿਕਲੀ ਕਿ ਪੰਜਾਬ ਦਾ ਕਾਮਾ, ਪੰਜਾਬੀ ਸਭਿਆਚਾਰ ਦਾ ਬੰਦਾ ਅਤੇ ਪੰਜਾਬੀਆਂ ਨਾਲ ਹੀ ਵਾਹ ਪਾਣ ਵਾਲਾ ਸ਼ਖ਼ਸ ਵਾਹੀ ਬੀਜੀ ਮੰਤਰੀ ਆਖਣ ਦੀ ਬਿਜਾਏ ਖੇਤੀ ਬਾੜੀ ਮੰਤਰੀ ਆਖਿਆ ਜਾ ਰਿਹਾ ਹੈ। ਉੱਤੋਂ ਅਜੇ ਵੀ ਗਿਲਾ ਹੈ ਕਿ ਅਸੀਂ ਜੱਥੇਦਾਰ ਟਾਇਪ ਲੋਕੀ ਬੋਲੀ ਨੂੰ ਸ਼ੁਧ ਰਖਣਾ ਚਾਹੁੰਦੇ ਹਾਂ। ਕਿੰਨਾ ਸੋਹਣਾ ਸੁਲੱਖਣਾ ਨਾਮ ਹੈ (ਵਾਹੀ ਬੀਜੀ ਮੰਤਰੀ) ਪਰ ਵਾਹੀ ਬੀਜੀ ਆਖੀ ਨਾਲ ਸਾਡੀ ਓਪਰੀ ਭੈਣ ਹਿੰਦੀ ਦੀ ਹੱਤਕ ਕੌਣ ਕਰ ਸਕਦਾ ਏ। ਸੁਭਾਸ਼ ਜੀ ਨੇ ਬੋਲੀ ਸ਼ੁਧ ਹੋਣ ਦਾ ਵਿਰੋਧ ਕੀਤਾ ਹੈ। ਜਦ ਕਿ ਇਹ ਮਨਿੰਆ ਪਰਮਨਿੰਆ ਅਸੂਲ ਯਾਂ ਨੀਅਮ ਹੈ ਕਿ ਹਰ ਸ਼ੈ ਸ਼ੁਧ ਹੋਣੀ ਚਾਹੀਦੀ ਏ। ਜਿਵੇਂ ਦੁੱਧ, ਪਾਣੀ, ਦਹੀ, ਘਿਓ, ਸ਼ਹਿਦ ਯਾਂ ਕੋਈ ਦਵਾਈ। ਸਿੱਧੀ ਗਲ ਕਿ ਮਿਲਾਵਟ ਕਿਸੇ ਵੀ ਤੋਰ ਉੱਤੇ ਕਾਬਲਿ ਕਬੂਲ ਨਹੀਂ। ਹਾਂ! ਕਦੇ ਕਦੇ ਮਜਬੂਰੀਆਂ ਇਸ ਅਸੂਲ ਦੀ ਖ਼ਿਲਾਫ਼ ਵਰਜ਼ੀ ਕਰਵਾ ਦੇਂਦੀਆਂ ਨੇਂ। ਮਸਲਨ ਕਦੀ ਕਦੀ ਕਿਸੇ ਕੰਮਜ਼ੋਰ ਹਾਜ਼ਮੇ ਦੇ ਬਾਲ ਨੂੰ ਦੁੱਧ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਪਿਆਇਆ ਜਾਂਦਾ ਏ। ਇੰਜ ਹੀ ਅਸੀਂ ਰੇਲਵੇ ਟੇਸ਼ਨ, ਸਾਈਕਲ, ਪਲੈਟ ਫ਼ਾਰਮ ਅਤੇ ਇੰਜਨ ਵਗ਼ੈਰਾ ਆਖਣ ਤੇ ਮਜਬੂਰ ਹਾਂ। ਪਰ ਇਹ ਕਿੱਥੋਂ ਦਾ ਇਨਸਾਫ਼ ਹੈ ਕਿ ਮੈਂ ਪੁਰਾਣੇ ਨੂੰ ਪਰਾਤਨ ਅਤੇ ਜ਼ਰੂਰਤ ਯਾਂ ਲੋੜ ਨੂੰ ਆਵਸ਼ਕਤਾ ਆਖਣ ਦਾ ਪੰਗਾ ਲਵਾਂ? ਅਜੇ ਤਾਂ ਦੋ ਹੀ ਸ਼ਬਦ ਲਿਖੇ ਹਨ, ਵਰਨਾ ਪੰਜਾਬੀ ਵਚਾਰੀ ਦਾ ਤਾਂ ਚੁੱਲ੍ਹਾ ਚੌਂਕਾ ਹੀ ਬੇਗਾਨੀ ਅਤੇ ਓਪਰੀ ਭੈਣ ਨੇ ਮੱਲ ਲਿਆ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਮੈਂ ਹਲਫ਼ ਚੁਕ ਕੇ ਆਖਾਂ ਗਾ ਕਿ ਮੈਂ ਹਿੰਦੀ, ਉਰਦੂ, ਸੰਸਕਰਿਤ ਨੂੰ ਸੱਕੀ ਭੈਣ ਹੀ ਨਹੀਂ, ਮਾਂ ਤੋਂ ਵੀ ਵੱਧ ਰੁਤਬਾ ਦੇਂਦਾ
ਹਾਂ। ਆਪਣੀ ਆਪਣੀ ਥਾਂ ਤੇ ਇਹ ਬੜੀਆਂ ਨਫ਼ੀਸ, ਉਮਦਾ ਅਤੇ ਮੁਕਮਲ ਬੋਲੀਆਂ ਹਨ। ਸੰਸਕਰਿਤ ਸਾਡੀ ਮਾਂ ਭੈਣ ਹੀ ਹੈ ਅਤੇ ਰੱਬ ਇਸ ਨੂੰ ਰਹਿੰਦੀ ਦੁਨੀਆ ਤੀਕ ਸਲਾਮਤ ਰੱਖੇ। ਬਲਕਿ ਹਰ ਕਿਸੇ ਦੀ ਬੋਲੀ ਆਪਣੀ ਹੀ ਮਾਂ ਵਰਗੀ
ਹੈ। ਪਰ ਯਾਰੋ! ਜੇ ਕਿਸੇ ਦੀ ਮਾਂ, ਮੇਰੀ ਮਾਂ ਦੀ ਸੋਕਣ ਬਣ ਜਾਏ ਤਾਂ ਇਹ ਜ਼ੁਲਮ ਕਿਸ ਤਰ੍ਹਾਂ ਜਰ ਲਈਏ? ਆਪਣੀ ਮਾਂ ਬੋਲੀ ਦੀ ਇੱਜ਼ਤ ਕਰਨਾ ਯਾਂ ਉਸ ਦੀ ਹਿਮਾਇਅਤ ਕਰਨ ਦਾ ਇਹ ਮਤਲਬ ਨਹੀਂ ਕਿ ਦੂਜੇ ਦੀ ਬੋਲੀ ਨਾਲ ਵੈਰ ਕੀਤਾ ਜਾ ਰਿਹਾ ਏ।
ਪ੍ਰੋਫ਼ੈਸਰ ਮਹਨ ਸਿੰਘ ਜੋਸ਼ ਵੀ ਵਿਲ੍ਹਕ ਵਿਲ੍ਹਕ ਕੇ ਫਾਵਾ ਹੋ ਗਿਆ ਕਿ ਪੰਜਾਬੀ ਮੇਰੀ ਮਾਂ ਬੋਲੀ ਨੂੰ ਕੰਮੀ ਕਮੀਨ ਨਾ ਬਣਾਓ। ਇਹ ਆਪਣੇ ਘਰ ਦੀ ਰਾਣੀ ਹੈ ਤੇ ਇਸ ਦੇ ਘਰ ਦਾਣੇ ਵੀ ਹਨ। ਇਹ ਸੀਦਆਂ ਤੋਂ ਹੀ ਸ਼ਹੁਦੀ ਜਿਵੇਂ ਚਲੀ ਆ ਰਹੀ ਹੈ ਇਸ ਨੂੰ ਇੰਜ ਹੀ ਰਹਿਣ ਦਿਓ।।।।। ਸੋਹਨ ਸਿੰਘ ਜੋਸ਼ ਵਚਾਰੇ ਦੀ ਤਾਂ ਕਿਸੇ ਨਾ ਸੁਣੀ ਪਰ ਮੈਨੂੰ ਤਾਂ ਇਹ ਡਰ ਲਗ ਰਿਹਾ ਏ ਕਿ ਓਪਰੀਆਂ ਸੱਕੀਆਂ ਭੈਣਾਂ ਨੂੰ ਸੱਦਾ ਦੇਣ ਵਾਲੇ ਕਲ ਨੂੰ ਪੰਜਾਬ ਦਾ ਨਾਂ ਹੀ ਪੰਜ ਜਲ ਅਤੇ ਅਮੀਨ ਪੰਜਾਬੀ ਨੂੰ ਅਮੀਨ ਪੰਜ ਜਲਾ ਹੀ ਨਾ ਆਖਣ ਲਗ ਪੈਣ।।।।। ਪਰ ਚਲੋ! ਸੋਹਨ ਸਿੰਘ ਜੋਸ਼ ਗ਼ਰੀਬ ਨੂੰ ਤੇ ਤਾਅਨੇ ਮਹਿਣੇ ਦੇ ਕੇ ਰੱਦ ਕਰ ਛੱਡੋ ਪਰ ਕੁੱਝ ਹੋਰ ਵੀ ਹਨ ਜੋ ਮਰਦੀ ਹੋਈ ਪੰਜਾਬੀ ਬੋਲੀ ਤੋਂ ਮਰ ਮਰ ਜਾਂਦੇ
ਨੇਂ। ਰਜਵੇਂ ਪ੍ਰੋਫ਼ੈਸਰ ਕਿਸ਼ਨ ਸਿੰਘ ਲਿਖਦੇ ਨੇਂ ਅਖੋਤੀ ਪੰਜਾਬੀ ਸਿਖ ਆਪਣੇ ਬਾਲਾਂ ਨੂੰ ਸੰਸਕਰਿਤਾਈ ਹਿੰਦੀ ਪੜ੍ਹਾ ਸਿਖਾ ਰਹੇ ਨੇਂ। ਉਹਨਾਂ ਨਾਲ ਹਿੰਦੀ ਬੋਲਦੇ ਹਨ। ਨਾਲੇ ਉਹਨਾਂ ਦੀਆਂ ਅੱਖਾਂ ਸਾਹਮਣੇ ਸਰਕਾਰੀ ਇਦਾਰਿਆਂ ਵਿੱਚ ਪੰਜਾਬੀ ਦੇ ਨਾਂ ਹੇਠ ਗੁਰਮੁਖੀ ਅੱਖਰਾਂ ਵਿੱਚ ਵਿੱਸ ਸੰਸਕਰਿਤਾਈ ਹਿੰਦੀ ਲਿਖੀ ਜਾ ਰਹੀ ਹੈ।
ਮਿਸਿਜ਼ ਵਿਜੇ ਚੋਹਾਨ ਦੀ ਕੂਕ ਹੈ ਕਿ ਮੇਰੇ ਗਵਾਂਣ ਇੱਕ ਜਗਰਾਤੇ ਵਿੱਚ ਪੰਡਤ ਬਾਰ ਬਾਰ ਕਹਿ ਰਿਹਾ ਸੀ ਕਰਿਪਾ ਕਰ ਕੇ ਸੱਭ ਦਰਸ਼ਕ ਗਨ ਆਪਣਾ ਆਪਣਾ ਸੱਥਾਨ ਗਰਹਿਨ ਕਰੋ ਆਖਣ ਨੂੰ ਤਾਂ ਇਹ ਵੀ ਪੰਜਾਬੀ ਹੀ ਸੀ ਪਰ ਸੁਣ ਕੇ ਮੇਰੇ ਦਿਲ ਵਿੱਚ ਫੱਟ ਵੱਜ ਰਿਹਾ ਸੀ ਸੋਹਨ ਸਿੰਘ ਜੋਸ਼ ਨੇ ਲਿਖਿਆ ਹੈ ਕਿ ਮੇਰੀ ਸੋਚੀ ਸਮਝੀ ਰਾਏ ਹੈ ਕਿ ਪੰਜਾਬੀ ਬੋਲੀ ਬੜੇ ਜ਼ੋਰਾਂ ਨਾਲ ਸੰਸਕਰਿਤਾਈ ਤੇ ਹਿੰਦਿਆਈ ਜਾ ਰਹੀ ਹੈ। ਇਸ ਵੇਲੇ ਕੁੱਝ ਵਿਦਵਾਨਾਂ ਨੇ ਇੱਕ ਹੋਰ ਧੰਦਾ ਫੜਿਆ ਹੋਇਆ ਏ ਕਿ ਉਹ ਉਰਦੂ ਫ਼ਾਰਸੀ ਦੇ ਪਰਚੱਲਤ ਅਤੇ ਸਦੀਆਂ ਤੋਂ ਚੱਲੇ ਆ ਰਹੇ ਪੁਰਾਣੇ ਸ਼ਬਦ ਪੰਜਾਬੀ ਵਿੱਚੋਂ ਕੱਣਵਾ ਕੇ ਹਿੰਦੀ ਸੰਸਕਰਿਤ ਦੇ ਸ਼ਬਦ ਵਾੜ ਰਹੇ ਹਨ। ਜੇ ਇਹ ਕੇਰਣੇ ਅਤੇ ਤਰਲੇ ਕਿਸੇ ਨੂੰ ਘੱਟ ਲਗਦੇ ਨੇਂ ਤਾਂ ਭਾਈ ਵੀਰ ਸਿੰਘ ਦੀ ਚੀਕ ਸੁਣ ਲਵੋ। ਉਹ ਆਪਣੇ ਉਸਤਾਦ ਕੋਲੋਂ ਫ਼ਾਰਸੀ ਪੜ੍ਹ ਰਹੇ ਸਨ ਤੇ ਸ਼ੇਖ਼ ਸਾਅਦੀ ਦੀ ਇੱਕ ਨਜ਼ਮ ਸੀ ਜਿਸ ਦਾ ਤਰਜੁਮਾ ਹੈ ਕਿ ਹੱਕ ਸੱਚ ਦੀ ਰਾਹ ਉੱਤੇ ਚੱਲਣ ਵਾਲੇ ਲੋਕ ਕਿਸੇ ਬੇਰੋਣਕ ਦੁਕਾਨ ਦੇ ਗਾਹਕ ਹੁੰਦੇ ਹਨ ਇਹ ਪੜ੍ਹ ਕੇ ਭਾਈ ਵੀਰ ਜੀ ਨੇ ਕੁੱਝ ਸੋਚਿਆ ਤੇ ਆਖਣ ਲੱਗੇ ਕਿ ਪੰਜਾਬੀ ਮਾਂ ਬੋਲੀ ਦੀ ਦੁਕਾਨ ਹੀ ਵੇਰਾਨ ਪਈ ਹੋਈ ਏ ਓਸੇ ਦਿਨ ਤੋਂ ਉਹ ਪੰਜਾਬੀ ਵਲ ਪਰਤ ਆਏ ਤੇ ਨਾਲ ਹੀ 1894 ਵਿੱਚ ਖ਼ਾਲਸਾ ਟਰੈਕਟ ਸੋਸਾਇਟੀ ਦੀ ਨੀਂਹ ਰਖ ਦਿੱਤੀ (ਮੌਲਾ ਬਖ਼ਸ਼ ਕੁਸ਼ਤਾ, ਸਫ਼ਹਾ 325)।
ਹੁਣ ਮੈਂ ਬੜੇ ਅਦਬ ਅਹਿਤਰਾਮ ਨਾਲ ਵੀਰ ਸੁਭਾਸ਼ ਜੀ ਕੋਲੋਂ ਪੁੱਛਣ ਦੀ ਗੁਸਤਾਖ਼ੀ ਕਰਾਂ ਗਾ ਕਿ ਕੀ ਉਹ ਅਜੇ ਵੀ ਇਸ ਤਾਅਨੇ ਮਹਿਣੇ ਉੱਪਰ ਕਾਇਮ ਹਨ ਕਿ ਕੁਝ ਜੱਥੇਦਾਰ ਟਾਇਪ ਲੋਕ ਭਾਸ਼ਾ ਦੇ ਸ਼ੁਧ ਹੋਣ ਦਾ ਰੋਲਾ ਪਾਉਂਦੇ ਰਹਿੰਦੇ ਨੇਂ। ਸੁਭਾਸ਼ ਜੀ! ਪੰਜਾਬੀਆਂ ਦਾ ਇਹ ਰੋਲਾ ਰੋਣਾ ਜੱਥੇਦਾਰੀ ਨਹੀਂ, ਗਿਲਿਆਜ਼ਾਰੀ, ਆਹੋਜ਼ਾਰੀ, ਪੰਜਾਬੀ ਨੂੰ ਹੁੰਦੀ ਹੋਈ ਚਾਣਮਾਰੀ ਲਈ ਦੁਹਾਈ ਪਾਹਰਿਆ ਹੈ। ਇਸ ਬੀਮਾਰ ਪਈ ਹੋਈ ਪੰਜਾਬੀ ਦੀ ਤੀਮਾਰਦਾਰੀ ਹੈ।
ਲੋਕਾਂ ਨੂੰ ਉਹਨਾਂ ਦੇ ਮਹਿਲ ਮਾੜੀਆਂ ਮੁਬਾਰਕ, ਪਰ ਸਾਨੂੰ ਆਪਣੀ ਕੱਖਾਂ ਦੀ ਕੁੱਲੀ ਬਚਾਊਣ ਤੇ ਵੀ ਤਾਅਨੇ ਤਾਂ ਨਾ ਦਿਓ। ਇਹ ਮੇਰੀ ਫ਼ਰਿਆਦ ਹੈ, ਕਿਧਰੇ ਜੱਥੇਦਾਰ ਨਾ ਆਖ ਦਿਓ। ਮੈਂ ਜੱਥੇਦਾਰ ਬਨਣ ਜੋਗਾ ਕਿੱਥੋਂ ਹੋਇਆ, ਅਖੇ ਲੱਤੋਂ ਲੰਗੀ ਤੇ ਅੰਮ੍ਰਿਤਸਰ ਦਾ ਦਾਇਆ। ਮੈਂ ਜੱਥੇਦਾਰ ਨਹੀਂ, ਇੱਕ ਬੇਵਸ ਜਿਹਾ ਪਹਿਰੇਦਾਰ ਹਾਂ ਜਿਹੜਾ ਸੁੱਤੇ ਪਏ ਪੰਜਾਬੀਆਂ ਦੀ ਅਨ੍ਹੇਰੀਆਂ ਗਲੀਆਂ ਵਿੱਚ ਆਖਦਾ ਫਿਰਦਾ ਏ ਜਾਗਦੇ ਰਹੋ ਪਈ ਜਾਗਦੇ ਰਹੋ।
ਸੁਭਾਸ਼ ਜੀ ਫ਼ਰਮਾਉਂਦੇ ਨੇਂ ਕਿ ਦੂਜੀਆਂ ਬੋਲੀਆਂ ਵਿੱਚੋਂ ਵੀ ਸ਼ਬਦਾਂ ਦੀ ਲੈਣ ਦੇਣ ਹੋਣੀ ਚਾਹੀਦੀ ਏ ਮੈਂ ਤੇ ਇਹ ਹੀ ਵੇਖਿਆ ਕਿ ਪੰਜਾਬੀ ਬੋਲੀ ਦੇ ਵੇੜ੍ਹੇ ਹੀ ਦੂਜੀ ਬੋਲੀ ਦੇ ਸ਼ਬਦਾਂ ਦੀ ਜੰਜ ਨੇ ਬਰੂਹਾਂ ਪੁੱਟ ਮਾਰੀਆਂ ਨੇਂ। ਕਦੀ ਪੰਜਾਬੀ ਨੂੰ ਵੀ ਆਪਣੇ ਘਰ ਸੱਦੋ, ਕਦੀ ਇਹਦੀ ਵੀ ਰੋਟੀ ਵਿਰਜੋ ਅਤੇ ਇਹਦੀ ਡੋਲੀ ਨੂੰ ਵੀ ਮੋਣਾ ਦਿਓ। ਲਗਦਾ ਏ ਇਸ ਬੋਲੀ ਨੂੰ ਤੇ ਸ਼ਾਇਦ ਕਿਸੇ ਦਿਨ ਘਰੋਂ ਹੀ ਕੱਣ ਕੇ ਬੇਗਾਨੀਆਂ ਬੋਲੀਆਂ ਇਹਦੀ ਕੁੱਲੀ ਉੱਤੇ ਮੱਲ ਮਾਰ ਲੈਣ ਗੀਆਂ ਤੇ ਉੱਥੇ ਉਰਦਣ ਸੰਸਕਰਿਤੀ ਹਿੰਦੀ ਜਿਹੀਆਂ ਪਰਭਾਣੀਆਂ ਹੀ ਲੁੱਡਣ ਪਾਣ ਗੀਆਂ। ਊਠ ਨੇ ਆਪਣੀ ਧੋਣ ਤਾਂ ਪੂਰੀ ਅੰਦਰ ਵਾੜ ਲਈ ਏ, ਰੱਬ ਨਾ ਕਰੇ ਕਿਸੇ ਦਿਨ ਸਾਰਾ ਦਾ ਸਾਰਾ ਹੀ ਊਠ ਅੰਦਰ ਆਣ ਵੜੇ। ਅਸੀਂ ਪੰਜਾਬੀ ਕਦੇ ਜੇ ਸੁਚੇਤ ਯਾਂ ਦਾਨਿਸ਼ਮੰਦ ਹੁੰਦੇ ਤਾਂ ਸਾਡਾ ਅਤੀਤ ਇਨਾ ਅਨ੍ਹੇਰ ਨਾ ਹੁੰਦਾ। ਸਾਨੂੰ ਕਾਬਿਲ ਤੋਂ ਆ ਕੇ ਸ਼ਾਹੀਏ ਨਾ ਲੁਟਦੇ ਅਤੇ ਡੋਗਰੇ ਸਾਡੇ ਨਾਲ ਖੇਡਾਂ ਖੇਡ ਕੇ ਤਖ਼ਤ ਲਾਹੌਰ ਨੂੰ ਥਹਿ ਕਰ ਕੇ ਸ਼ੇਰਿ ਪੰਜਾਬ ਦੀ ਖੇਡ ਨਾ ਉਜਾੜਦੇ। ਚਲੋ ਤੁਸੀਂ ਆਖਦੇ ਹੋ ਤਾਂ ਮੈਂ ਇਹ ਵੀ ਮੰਨ ਲੈਂਦਾ ਹਾਂ ਕਿ ਮਾਂ ਬੋਲੀ ਪੰਜਾਬ ਦੇ ਹੱਕ ਵਿੱਚ ਬੋਲਣ ਵਾਲੇ ਜਿਹਨਾਂ ਲੋਕਾਂ ਦਾ ਮੈਂ ਜ਼ਿਕਰ ਕੀਤਾ ਹੈ ਹੋ ਸਕਦਾ ਏ ਮੇਰੇ ਵਾਂਗ ਮਾੜੇ ਮਰੀੜੇ ਹੀ ਹੋਣ ਅਤੇ ਉਹਨਾਂ ਨੂੰ ਕੋਈ ਵੱਡਾ ਮੌਤਬਰ ਨਾ ਸਮਝਦਾ ਹੋਵੇ, ਪਰ ਜੇ ਮੈਂ ਸਵਰਗੀ ਮੌਲਾ ਬਖ਼ਸ਼ ਕੁਸ਼ਤਾ ਜਿਹੇ ਥਮ ਦੀ ਗੱਲ ਕਰਾਂ ਜਿਸ ਨੇ ਇਸ ਮਾਂ ਬੋਲੀ ਤੋਂ ਅੱਖਾਂ ਵੀ ਵਾਰ ਦਿੱਤੀਆਂ ਅਤੇ ਮਨਾਖਾ ਹੋ ਕੇ ਵੀ ਇਸ ਬੋਲੀ ਦੇ ਬਾਗ਼ ਨੂੰ ਸਾਵਾ ਰੱਖਣ ਲਈ ਇੱਕ ਕਾਰਨਾਮਾ ਕਰ ਸੁੱਟਿਆ ਕਿ ਬਾਬਾ ਫ਼ਰੀਦ ਅਤੇ ਗੁਰੂ ਨਾਨਕ ਦੇਵ ਤੋਂ ਲੈ ਕੇ ਅਹਿਮਦ ਰਾਹੀ ਤਕ ਦੇ ਸ਼ਾਇਰਾਂ ਦੀ ਸ਼ਾਇਰੀ ਤੋਂ ਵੱਖ ਇਹਨਾਂ ਦੇ ਜੰਮਣ ਭੂਈਂ ਅਤੇ ਜੰਮਣ ਮਰਣ ਦੇ ਦੇਹਾੜੇ ਵੀ ਇਕੱਠੇ ਕੀਤੇ। 248 ਹੀਰਿਆਂ ਨੂੰ ਇੱਕ ਹਾਰ ਵਿੱਚ ਪਰੋ ਕੇ ਪੰਜਾਬ ਦੇ ਗਲ ਪਾ ਦੇਣਾ ਕਿੰਨਾ ਔਖਾ ਕਾਰਜ ਹੈ। ਇਹਨਾਂ 248 ਮਾਣ ਜੋਗ ਬੇਮਿਸਾਲ ਇਨਸਾਨਾਂ ਉੱਪਰ ਉਂਗਲੀ ਨਹੀਂ ਰੱਖੀ ਜਾ ਸਕਦੀ। ਇਹਨਾਂ ਵਿੱਚ ਨਾ ਤੇ ਸੋਹਣ ਸਿੰਘ ਜੋਸ਼ ਹੈ, ਨਾ ਗਲਵੰਤ ਸਿੰਘ ਅਤੇ ਨਾ ਹੀ ਸੁਬਾਸ਼ ਪਰਿਹਾਰ ਯਾਂ ਅਮੀਨ ਮਲਿਕ ਜਿਹੇ ਐਰੇ ਗ਼ੈਰੇ। ਕੁਸ਼ਤਾ ਜੀ ਦੀ ਇਸ ਸੋਗ਼ਾਤ ਵਰਗੀ ਕਿਤਾਬ ਨੂੰ ਪੰਜਾਬੀ ਦਾ ਸੂਮਾ ਜਾਣ ਕੇ ਘੁੱਟ ਭਰੀਏ ਤੇ ਕਿਧਰੇ ਵੀ ਕਿਸੇ ਨੇ ਸੰਸਕਰਿਤ ਯਾਂ ਹੋਰ ਕਿਸੇ ਓਪਰੀ ਬੋਲੀ ਨੂੰ ਆਪਣੀ ਸੱਕੀ ਭੈਣ ਨਹੀਂ ਮਿੱਥਿਆ ਅਤੇ ਨਾ ਹੀ ਕਿਸੇ ਲਿਖਤ ਵਿੱਚ ਆਪਣੀ ਭੈਣ ਦੀ ਘੋੜੀ ਗਾ ਕੇ ਰਿਸ਼ਤਾ ਜੋੜਿਆ ਏ। ਕੀ ਉਹਨਾਂ ਸਾਰਿਆਂ ਲੋਕਾਂ ਦੀ ਇਸ ਸੱਕੀ ਭੈਣ ਨਾਲ ਖਿੱਟ ਪਿਟ ਯਾਂ ਕੋਈ ਤੂੰ ਤੂੰ ਮੈਂ ਮੈਂ ਹੋ ਗਈ ਸੀ। ਕਿ ਯਾਂ ਵੈਸੇ ਹੀ ਉਹ ਲੋਕ ਆਪਣੀ ਧੀ ਭੈਣ ਦੀ ਇੱਜ਼ਤ ਕਰਨਾ ਨਹੀਂ ਸਨ ਜਾਣਦੇ? ਇਹ ਸੰਸਕਰਿਤ ਸਾਡੀ ਸੱਕੀ ਭੈਣ 1947 ਤੋਂ ਬਾਅਦ ਰੱਬ ਜਾਣੇ ਕਿੱਥੋਂ ਆਈ ਤੇ ਕੌਣ ਇਸ ਨੂੰ ਲੈ ਕੇ ਆਇਆ? ਇਹ ਸਭ ਕੁੱਝ ਤਾਂ ਗਲਵੰਤ ਸਿੰਘ ਜੀ ਦੱਸ ਸਕਦੇ ਸਨ ਤੇ ਯਾਂ ਫ਼ਿਰ ਹੁਣ ਸੁਭਾਸ਼ ਵੀਰ ਜੀ ਦੱਸ ਦੇਣ। ਨਾਲੇ ਇੱਕ ਹੋਰ ਸਵਾਲ ਜੋ ਚੂੰਣੀ ਵੱਡ ਕੇ ਪੁੱਛਦਾ ਏ ਕਿ ਜੇ ਇਹ ਸੰਸਕਰਿਤ ਸਾਡੇ ਸਾਰੇ ਹੀ ਪੰਜਾਬੀਆਂ ਦੀ ਸੱਕੀ ਭੈਣ ਹੈ ਤਾਂ ਲਹਿੰਦੇ ਪੰਜਾਬ ਵਾਲੇ ਪੰਜਾਬੀ ਇਨੇ ਹੀ ਨਾਲੱਜੇ ਨੇਂ ਜਿਹੜੇ ਇਸ ਭੈਣ ਨੂੰ ਜਾਣਦੇ ਪਛਾਣਦੇ ਹੀ ਨਹੀਂ। ਹੇਗੇ ਤਾਂ ਅਸੀਂ ਸਾਰੇ ਇਕੱਠੇ ਹੀ ਸਾਂ। ਇੱਕ ਲਕੀਰ ਵਿੱਚ ਜਾਣ ਨਾਲ ਬੋਲੀ ਦਾ ਇਨਾ ਫ਼ਰਕ ਕਿਉਂ ਪੈ ਗਿਆ? ਲਹਿੰਦੀ ਪੰਜਾਬ ਵਾਲੇ ਅਜ ਵੀ 1947 ਤੋਂ ਪਹਿਲਾਂ ਵਾਲੀ ਬੋਲੀ ਹੀ ਕਿਉਂ ਬੋਲਦੇ ਨੇਂ? ਕੀ ਇਹ ਸਾਡੀ ਭੈਣ ਸੰਤਾਲੀ ਤੋਂ ਪਿੱਛੋਂ ਜੰਮੀ ਸੀ? ਵੰਡ ਤੇ ਜ਼ਮੀਨ ਦੀ ਹੋਈ ਸੀ, ਇਹ ਜ਼ੁਬਾਨ ਕਿਉਂ ਵੰਡੀ ਗਈ? ਅੱਵਲ ਤਾਂ ਵੇਖਿਆ ਜਾਏ ਤੇ ਵੰਡ ਵੀ ਸਿਰਫ਼ ਪੰਜਾਬ ਦੀ ਹੀ ਹੋਈ ਹੈ। ਹੁਣ ਜਦੋਂ ਜੰਗ ਲਗਦੀ ਏ ਤਾਂ ਉੱਜੜਦਾ ਵੀ ਪੰਜਾਬ ਹੀ ਹੈ। ਜਾਲੰਧਰ, ਫ਼ੇਰੋਜ਼ਪੂਰ, ਅੰਮ੍ਰਿਤਸਰ, ਲੁਧਿਆਣਾ, ਪਠਾਣ ਕੋਟ ਅਤੇ ਗੁਰਦਾਸਪੂਰ ਹੀ ਮੁਕੰਮਲ ਤੋਰ ਤੇ ਮੁਸਲਮਾਨ ਪੰਜਾਬੀਆਂ ਨੂੰ ਫਾਂਡਾ ਫਿਰਿਆ ਸੀ। ਤੇ ਦੂਜੇ ਪਾਸੇ ਗੁਜਰਾਂਵਾਲਾ, ਲਾਇਲਪੂਰ, ਮੰਟਗਮਰੀ, ਝੰਗ, ਮੀਆਂਵਾਲੀ, ਪਿੰਡੀ, ਮੁਲਤਾਨ, ਸ਼ੇਖ਼ੂਪੂਰਾ ਹੀ ਸੀ ਜਿੱਥੇ ਪੰਜਾਬੀਆਂ ਦਾ ਉਜਾੜਾ ਹੋਇਆ। ਇਸ ਸਾਰੇ ਇਕਾਲੇ ਵਿੱਚ ਮੈਂ ਅੱਜ ਤੀਕ ਕੋਈ ਹਿੰਦੂ ਸਿਖ ਪੰਜਾਬੀ ਨਾ ਵੇਖ
ਸਕਿਆ। ਪਿਸ਼ਾਵਰ, ਬਿਲੋਚਿਸਤਾਨ ਅਤੇ ਸਿੰਧ ਵਿੱਚ ਕਿਸੇ ਨੇ ਕਿਸੇ ਨੂੰ ਉਂਗਲੀ ਨਾ ਲਾਈ। ਸਿੱਟਾ ਇਹ ਨਿਕਲਿਆ ਕਿ ਬਿਜਲੀ ਜਦੋਂ ਵੀ ਡਿੱਗੀ ਪੰਜਾਬੀਆਂ ਉੱਤੇ। ਭਾਵੇਂ ਹੁਣ ਸਾਡੀ ਆਪਣੀ ਇਸ ਕਰਣੀ ਦਾ ਪਛਤਾਵਾ ਦਿਲ ਸਾੜਦਾ ਏ ਪਰ ਉਹੀ ਗੱਲ ਕਿ ਲੋਕੀਂ ਕਰਨ ਤੋਂ ਪਹਿਲਾਂ ਸੋਚਦੇ ਨੇਂ ਤੇ ਅਸੀਂ ਕਰ ਕੇ ਸੋਚਦੇ ਹਾਂ। ਯਾਂ ਖ਼ੋਰੇ ਸੋਚਦੇ ਹੀ ਕੁੱਝ ਨਹੀਂ।।।।।
ਗਲ ਮਾਂ ਬੋਲੀ ਦੀ ਹੋ ਰਹੀ ਸੀ। ਗਲ ਚੱਲੀ ਸੀ ਕਿ ਗਲਵੰਤ ਸਿੰਘ ਜੀ ਨੇ ਸੋਹਣ ਸਿੰਘ ਜੋਸ਼ ਜੀ ਨੂੰ ਪੱਚੀ ਯਾਂ ਲਾਜਵਾਬ ਕਰਨ ਲਈ ਆਪਣੇ ਵੱਲੋਂ ਬੜੀ ਦੂਰ ਦੀ ਕੌਡੀ ਲਿਆਂਦੀ ਤੇ ਆਖਿਆ ਕਿ ਚਲੋ ਸੋਹਣ ਸਿੰਘ ਤਾਂ ਹੋਇਆ ਪਰ ਨਾਲ ਜੋਸ਼ ਦਾ ਸ਼ਬਦ ਏਰਾਨ ਵਿੱਚੋਂ ਮੰਗਣ ਕਿਉਂ ਗਏ ਹੋ? ਇਸ ਗੱਲ ਨੂੰ ਹੀ ਬੁਨਿਆਦ ਬਣਾ ਕੇ ਸੁਭਾਸ਼ ਜੀ ਨੇ ਚਾਈਂ ਚਾਈਂ ਗਲਵੰਤ ਸਿੰਘ ਦੇ ਬੇਬੁਨਿਆਦ ਬਹੁਤਾਨ ਨੂੰ ਘੋੜੇ ਚਾੜ੍ਹਣ ਦੀ ਕੋਸ਼ਿਸ਼ ਕੀਤੀ ਹੈ ਕਿ ਵਾਕਿਆ ਹੀ ਸੰਸਕਰਿਤ ਪੰਜਾਬੀਆਂ ਦੀ ਅੱਕੀ ਭੈਣ ਹੈ ਤੇ ਇਸ ਤੋਂ ਵੱਖ ਕਿਸੇ ਹੋਰ ਬੋਲੀ ਦਾ ਸ਼ਬਦ ਸਾਡਾ ਘਰ ਪੂਰਾ ਨਹੀਂ ਕਰ ਸਕਦਾ। ਪਹਿਲੀ ਗਲ ਤਾਂ ਇਹ ਹੈ ਕਿ ਸਦੀਆਂ ਤੋਂ ਪੰਜਾਬੀ ਬੋਲੀ ਦੇ ਅੰਗ ਸੰਗ ਬਣ ਗਏ ਅਤੇ ਰੱਚ ਮੱਚ ਗਏ ਸ਼ਬਦ ਜੋਸ਼ ਨੂੰ ਹੁਣ ਏਰਾਨ ਤੋਂ ਮੰਗੀ ਹੋਈ ਭੀਕ ਮਿਥਣਾ ਕੋਈ ਦਾਨਿਸ਼ਮੰਦੀ ਨਹੀਂ। ਪਿੰਡ ਦੀ ਜਨਾਨੀ ਵੀ ਆਖ ਰਹੀ ਹਅ ਨੀ ਦੋਸ਼ਾਂ, ਵੇਸਨ ਦੀ ਕੜ੍ਹੀ ਨੂੰ ਇੱਕ ਵਰਾਂ ਜੋਸ਼ ਆ ਜਾਏ ਤਾਂ ਥੱਲੇ ਲਾਹ ਲਵੀਂ। ਕੋਈ ਬੰਦਾ ਦੂਜੇ ਨੂੰ ਆਖਦਾ ਏ ਓਏ ਤੈਨੂੰ ਕਾਹਦਾ ਜੋਸ਼ ਚੜ੍ਹ ਗਿਆ ਏ ਇੰਜ ਹੀ ਇਹ ਸ਼ਬਦ ਹਰ ਥਾਂ ਪੈਰ ਪੈਰ ਉੱਤੇ ਵਰਤਿਆ ਜਾਂਦਾ ਏ। ਨਾਲੇ ਸੋਹਣ ਸਿੰਘ ਦੇ ਉਪ ਨਾਮ ਯਾਂ ਤਖ਼ੱਲੁਸ ਜੋਸ਼ ਉੱਤੇ ਕਾਹਨੂੰ ਜੋਸ਼ ਆਇਆ ਹੈ? ਹੁਣ ਸਾਈਕਲ, ਟੇਸ਼ਨ, ਇੰਜਨ ਅਤੇ ਪਲੈਟਫ਼ਾਰਮ ਨੂੰ ਆਖੋ ਗੇ ਕਿ ਅੰਗਰੇਜ਼ੀ ਤੋਂ ਭੀਕ ਕਿਉਂ ਮੰਗੀ ਹੈ। ਇੰਜ ਹੀ ਐਸਪਰੋ, ਜੀ ਟੀ ਰੋਡ ਯਾਂ ਆਇਸਕਰੀਮ ਦਾ ਕੀ ਕਰੀਏ? ਚਲੋ ਅੰਗਰੇਜ਼ੀ ਵੀ ਜਾਣ ਦਿਓ। ਸ਼ਬਦ ਪਾਪ, ਪਾਜਾਮਾ, ਪੁਰਬਾਸ਼, ਪਰਚਾ, ਮਾਲਿਸ਼ ਯਾਂ ਅਸੀਂ ਆਖਦੇ ਹਾਂ ਕਿ ਦਾਤਰੀ ਦਾ ਦਸਤਾ। ਇਹ ਸਾਰੇ ਸ਼ਬਦ ਫ਼ਾਰਸੀ ਦੇ ਹਨ। ਦੱਸੋਂ ਇਹਨਾਂ ਤੋਂ ਬਗ਼ੈਰ ਕਿੱਧਰ ਜਾਈਏ? ਅੱਗੋਂ ਰਜਾਈ, ਪਰਾਇਆ, ਮੋਤ ਮੁੱਦਆ ਤੇ ਹੋਰ ਵੀ ਬਹੁਤ ਸਾਰੇ ਅਰਬੀ ਦੇ ਸ਼ਬਦ ਪੰਜਾਬੀ ਵਿੱਚ ਸਦੀਆਂ ਦੇ ਆਣ ਵੜੇ ਹਨ, ਹੁਣ ਤੁਸੀਂ ਆਖੋ ਗੇ ਸਓਦੀ ਅਰਬ ਭੀਕ ਮੰਗਣ ਕਿਉਂ ਜਾਂਦੇ ਹੋ। ਸੱਕੀ ਭੈਣ ਸੰਸਕਰਿਤ ਹੀ ਤੁਹਾਡੇ ਸਾਰੇ ਘਾਟੇ ਪੂਰੇ ਕਰੇ ਗੀ। ਇਹ ਉਹ ਭੈਣ ਹੈ ਜਿਸ ਨੇ ਬੜੇ ਘਾਟੇ ਪਾਏ ਅਤੇ ਮੇਰੇ ਜਿਹੇ ਸੁਣ ਕੇ ਬਿਟਰ ਬਿਟਰ ਵੇਖੀ ਜਾਂਦੇ ਨੇਂ, ਸਮਝ ਕੋਈ ਨਹੀਂ ਆਉਂਦੀ। ਇੱਥੋਂ ਤੀਕ ਕਿ ਸੁਭਾਸ਼ ਜੀ ਦੇ ਲੇਖ ਵਿੱਚ ਵੀ ਨੋਂ ਲਫ਼ਜ਼ ਐਸੇ ਆਏ ਕਿ ਮੈਨੂੰ ਉਹਨਾਂ ਦੀ ਸਮਝ ਹੀ ਕੋਈ ਨਹੀਂ ਆਈ।।।।। ਗੱਲ ਇੱਥੇ ਹੀ ਨਹੀਂ ਮੁਕਦੀ, ਉਰਦੂ, ਫ਼ਾਰਸੀ, ਅਰਬੀ ਦੇ ਸ਼ਬਦਾਂ ਨੂੰ ਭੀਕ ਆਖ ਕੇ ਰੱਦ ਕੀਤਾ ਜਾ ਰਿਹਾ ਏ ਪਰ ਜਿਹੜੇ ਅਸੀਂ ਖ਼ੁਸ਼ੀ ਨਾਲ ਪੰਜਾਬੀ ਮਾਂ ਬੋਲੀ ਵਿੱਚ ਹਿੰਦੀ ਦੇ ਸ਼ਬਦ ਬੋਲ ਰਹੇ ਹਾਂ ਤੁਸਾਂ ਤੇ ਉਹਨਾਂ ਨੂੰ ਵੀ ਰਦ ਕਰ ਦਿੱਤਾ ਹੈ ਅਤੇ ਉਹਨਾਂ ਦੇ ਤਾਲੂ ਉੱਤੇ ਵੀ ਸੰਸਕਰਿਤ ਲੱਦੀ ਜਾ ਰਹੀ ਹੈ। ਮਸਲਨ ਪਤੀਲਾ, ਪਰਸੋਂ, ਪਰਨਾਲਾ, ਪਿੰਜਰਾ, ਪਸ਼ੂ, ਪਰਾਤ, ਪੰਛੀ ਯਾਂ ਪੁਰਾਨਾ, ਬਰਾਜਮਾਨ, ਮਾਸੀ। ਇਹ ਲਫ਼ਜ਼ ਹਿੰਦੀ ਦੇ ਹਨ ਪਰ ਇਹਨਾਂ ਨੂੰ ਕਿਉਂ ਪੰਜਾਬੀ ਬੋਲ ਸਮਝ ਕੇ ਅਛੂਤ ਜਾਣਦੇ ਹੋਏ ਸਾਡੀ ਭੈਣ ਸੰਸਕਰਿਤ ਦੀ ਫਾਂਸੀ ਚਾੜ੍ਹਿਆ ਜਾ ਰਿਹਾ
ਹੈ। ਸਾਦਾ ਲਫ਼ਜ਼ ਪੁਰਾਣਾ ਹੈ, ਇਸ ਨੂੰ ਪਰਾਤਨ ਆਖ ਕੇ ਕਿਹੜਾ ਬਦਲਾ ਲੈ ਰਹੇ ਹੋ ਸਾਡੇ ਕੋਲੋਂ। ਲਫ਼ਜ਼ ਬਰਾਜਮਾਨ ਵੀ ਹਿੰਦੀ ਹੈ ਪਰ ਤੁਸੀਂ ਹੁਣ ਸੱਕੀ ਭੈਣ ਨੂੰ ਤਰੱਕੀ ਦੇਣ ਲਈ ਇਸ ਸ਼ਬਦ ਨੂੰ ਉਪਸਥਿਤ ਆਖਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਮਤਲਬ ਸਿਰਫ਼ ਇਹ ਹੈ ਕਿ ਸਿਰਫ਼ ਪੰਜਾਬੀ ਦਾ ਬੀ ਮਾਰ ਕੇ ਸੰਸਕਰਿਤ ਚਾਲੂ ਕੀਤੀ ਜਾਏ। ਇੰਜ ਹੀ ਮੁਖ ਵਖਾਈ ਯਾਂ ਘੁੰਡ ਚੁਕਾਈ ਨਾ ਅਸਾਂ ਏਰਾਨ ਵਿੱਚੋਂ ਮੰਗੇ ਨਾ ਅਰਬ ਵਿੱਚੋਂ, ਨਾ ਹੀ ਉਰਦੂ ਤੋਂ ਉਧਾਰ ਲਿਆ। ਇਹ ਤਾਂ ਹਿੰਦੁਸਤਾਨ ਦੀ ਹੀ ਸੋਗ਼ਾਤ ਹੈ ਅਤੇ ਸਦੀਆਂ ਤੋਂ ਪੰਜਾਬੀ ਬੋਲੀ ਦਾ ਹਿੱਸਾ ਹੈ। ਇਸ ਸ਼ਬਦ ਨੂੰ ਵਮੋਚਨ ਆਖਣ ਵਾਲਿਆਂ ਦੀ ਨੀਅੱਤ ਦਾ ਸਾਫ਼ ਪਤਾ ਲਗਦਾ ਏ ਕਿ ਹੋਲੀ ਹੋਲੀ ਸੰਸਕਰਿਤ ਦਾ ਬੀ ਬੀਜਿਆ ਜਾ ਰਿਹਾ ਏ।
ਸੁਬਾਸ਼ ਜੀ! ਮੈਂ ਪੰਜਾਬੀ ਹਾਂ ਤੇ ਸਵਰਗੀ ਸ਼ਿਵ ਕੁਮਾਰ ਜਿਹੇ ਸ਼ਾਇਰ ਦੀ ਡੂੰਘੀ ਕਵਿਤਾ ਵਿੱਚ ਡੁਬ ਕੇ ਵੀ ਖ਼ੂਬਸੂਰਤ ਕੌਡੀ ਕੱਣ ਲਿਆਂਦਾ ਹਾਂ। ਪਰ ਤੁਹਾਡੇ ਲੇਖ ਦਾ ਅੱਧਾ ਹਿੱਸਾ ਮੇਰੇ ਪੱਲੇ ਨਹੀਂ ਪਿਆ। ਇੱਕ ਸ਼ਬਦ ਤੁਸਾਂ ਸਥਾਕਥਿਤ ਲਿਖਿਆ ਹੈ ਜਿਹੜਾ ਮੇਰੇ ਕੋਲੋਂ ਬੋਲਿਆ ਹੀ ਨਹੀਂ ਜਾਂਦਾ ਤੇ ਸਮਝਣਾ ਮੈਂ ਘੱਟਾ ਹੈ। ਮੈਂ ਚੜ੍ਹਦੇ ਪੰਜਾਬ ਦਾ ਸਾਹਿਤ ਪੜ੍ਹਣ ਲਈ ਗੁਰਮੁਖੀ ਲਿੱਪੀ ਸਿੱਖੀ ਪਰ ਕੀ ਫ਼ਾਇਦਾ ਹੋਇਆ। ਤੇਲੀ ਵੀ ਕੀਤਾ ਤੇ ਸੁੱਕੀ ਹੀ ਖਾਈ ਪਈ। ਜਿਹੜੇ ਬੰਦੇ ਪਰਸਤੁਤ ਜਿਹੇ ਸ਼ਬਦ ਲਿਖਦੇ ਹਨ, ਮੈਂ ਉਹਨਾਂ ਕੋਲੋਂ ਅਰਥ ਪੁੱਛਣ ਕਿੱਥੇ ਜਾਵਾਂ?
ਸੌ ਹੱਥ ਰੱਸਾ ਤੇ ਸਿਰੇ ਤੇ ਗੰਣ। ਅਸਲ ਗਲ ਇੰਜ ਹੈ ਕਿ ਅਰਬੀ ਦੀ ਕਪਾਹ ਵੇਲੀ, ਉਰਦੂ ਦੀਆ ਪੂਣੀਆਂ ਵੱਟੀਆਂ, ਸੰਸਕਰਿਤ ਦੇ ਚਰਖ਼ੇ ਤੇ ਇਸ ਨੂੰ ਕੱਤਿਆ, ਫ਼ਾਰਸੀ ਦਾ ਤਾਣਾ ਤਣ ਕੇ ਹਿੰਦੀ ਦੀ ਖੱਡੀ ਉੱਤੇ ਬੁਣ ਕੇ ਪੰਜਾਬੀ ਦਾ ਥਾਨ ਲਾਹ ਲਿਆ ਗਿਆ ਹੈ। ਇਹ ਪੰਜਾਬੀ ਜ਼ੁਬਾਨਾਂ ਦਾ ਤਾਣਾ ਪੇਟਾ ਦੱਸਦਾ ਏ ਕਿ ਇਸ ਬੋਲੀ ਅਤੇ ਇਸ ਨੂੰ ਬੋਲਣ ਵਾਲਿਆਂ ਦਾ ਕਿਸੇ ਨਾਲ ਵੀ ਵੈਰ ਵਦਕਰਾ ਨਹੀਂ। ਇਹ ਸਾਡੀ ਮਾਂ ਬੋਲੀ ਤਾਂ ਸ਼ਹੁਦੀ ਪੰਜਾਂ ਬੋਲੀਆਂ ਦੀ ਜਾਈ ਧੀ ਭੈਣ ਹੈ। ਕਰਿਪਾ ਕਰੋ ਤੇ ਇਸ ਹੱਸਦੇ ਵੱਸਦੇ ਵੇੜ੍ਹੇ ਵਿੱਚ ਕਿਸੇ ਹੋਰ ਬੋਲੀ ਨੂੰ ਇਸ ਦੀ ਸੋਕਣ ਬਣਾ ਕੇ ਨਾ ਲਿਆਓ।।।।। ਕੀ ਮਿਲੇ ਗਾ ਸਲੂਕ ਨਾਲ ਵੱਸਦੇ ਵੇੜ੍ਹੇ ਵਿੱਚ ਕਪੱਤ ਸਹੇੜ ਕੇ? ਅਰਜ਼ੋਈ ਕਰਾਂ ਗਾ ਕਿ ਇਸ ਬੋਲੀ ਵਿੱਚ ਤਾ ਸੰਸਕਰਿਤ ਦੇ ਸ਼ਬਦ ਪਹਿਲਾਂ ਹੀ ਮੋਤੀਆਂ ਵਾਂਗ ਜੜੇ ਹੋਏ ਨੇਂ ਜੋ ਪੰਜਾਬੀ ਬੋਲੀ ਦਾ ਮਾਣ ਹਨ। ਅਫ਼ਸੋਸ ਕਿ ਇਸ ਬੋਲੀ ਨੂੰ ਹੋਰ ਸ਼ਿੰਗਾਰਨ ਦਾ ਬਹਾਨਾ ਬਣਾ ਕੇ ਸੰਨ੍ਹ ਲਾਣ ਦੀ ਕੋਸ਼ਿਸ਼।।।।। ਇਹ ਅਲੋਕਾਰ ਕਿਸਮ ਦੇ ਸਾਹਿਤਕਾਰ ਨਾ ਹੀ ਕਰਨ ਤੇ ਚੰਗਾ ਏ। ਉਹਨਾਂ ਲਈ ਇਹ ਮਿਸਾਲ ਣੁਕਦੀ ਏ ਕਿ ਫ਼ਰਜ਼ ਕਰੋ ਕੋਈ ਬੰਦਾ ਆਖਦਾ ਏ ਕਿ ਭਗਤ ਸਿੰਘ ਨੇ ਯੁੱਧ ਕਰਨ ਵੇਲੇ ਪਹਿਲਾ ਹੱਲਾ ਮਾਰਿਆ ਮੈਂ ਐਸੇ ਵਾਕ ਨੂੰ ਹੀ ਵਧੇਰੇ ਸ਼ਿੰਗਾਰਨ ਲਈ ਵੱਡਾ ਸਾਹਿਤਕਾਰ ਬਨਣ ਲਈ ਯਾਂ ਬਦਨੀਅੱਤੀ ਦਾ ਕਫ਼ਨ ਪਾਉਂਦੇ ਹੋਏ ਇੰਜ ਲਿਖਾਂ ਕਿ ਭਗਤ ਸਿੰਤ ਨੇ ਹਰਬ ਦੇ ਦੋਰਾਨ ਇਬਤਦਾਈ ਕਾਰਨਾਮਾ ਸਰਅੰਜਾਮ ਦਿੱਤਾ ਹੁਣ ਤੁਸੀਂ ਦੱਸੋ ਕਿ ਬੋਲੀ ਵਿਗਾੜਨ ਵਾਲੇ ਸ਼ਿੰਗਾਰਾ ਖ਼ਾਨਾਂ ਨੂੰ ਮੇਰਾ ਇਹ ਵਾਕ ਵਾਰਾ ਖਾਏ ਗਾ?
ਤੇ ਜੇ ਅਜੇ ਵੀ ਮੈਂ ਆਪਣਾ ਮੁੱਦਆ ਬਿਆਨ ਨਹੀਂ ਕਰ ਸਕਿਆ ਤੇ ਫ਼ਿਰ ਇਹ ਹੀ ਆਖ ਦਿਓ ਕਿ ਪੰਜਾਬੀ ਜ਼ੁਬਾਨ ਦਾ ਬਾਬਾ ਆਦਮ ਪਹਿਲਾ ਸੂਫ਼ੀ ਸ਼ਾਇਰ ਬਾਬਾ ਫ਼ਰੀਦ ਇਸ ਬੋਲੀ ਨੂੰ ਜਿਹੜੇ ਘਾਟੇ ਪਾ ਗਿਆ ਸੀ ਅਸੀਂ ਹੁਣ ਉਹ ਪੂਰੇ ਕਰ ਰਹੇ ਹਾਂ? ਨਾਲ ਹੀ ਇਹ ਵੀ ਆਖ ਦਿਓ ਕਿ ਅਸੀਂ ਮਟਖੀ ਰਾਮ, ਪੰਡਤ ਕਾਲੀਦਾਸ, ਅਮਰਨਾਥ ਜਜ ਮੁਨਸਿਫ਼, ਬੁੱਲ੍ਹਾ, ਵਾਰਿਸ, ਬਾਹੂ, ਪੂਰਣ ਸਿੰਘ, ਭਾਈ ਵੀਰ ਸਿੰਘ ਯਾਂ ਮੋਹਨ ਸਿੰਘ ਦੀਵਾਨਾ ਨਾਲੋਂ ਅੱਗੇ ਲੰਘਣ ਲੱਗਾ ਹਾਂ।
ਚਲੋ ਆਪਣੇ ਵੀਰ ਸੁਭਾਸ਼ ਮੁਵਜਬ ਮੈਂ ਇਸ ਗੱਲ ਤੋਂ ਵੀ ਨਾਬਰ ਨਹੀਂ ਹੁੰਦਾ ਕਿ ਜ਼ਰੂਰਤ ਵੇਲੇ ਜੇ ਲੋੜ ਪੱਵੇ ਤਾਂ ਐਧਰੋ ਓਧਰੋਂ ਸ਼ਬਦ ਲੈਣ ਵਿੱਚ ਹਰਜ ਨਹੀਂ। ਪਰ ਵੇਖਣਾ ਇਹ ਹੈ ਕਿ ਜ਼ਰੂਰਤ ਕਿਸ ਨੂੰ ਆਖਦੇ ਨੇਂ? ਜ਼ਰੂਰਤ ਦਾ ਮਤਲਬ ਹੈ ਕਿ ਮੇਰੇ ਘਰ ਸੱਭ ਕੁੱਝ ਹੈ ਪਰ ਹਾਂਡੀ ਲਈ ਹਲਦੀ ਨਹੀਂ ਤੇ ਗਵਾਂਣੀਆਂ ਕੋਲੋਂ ਫੜ ਲਵੋ। ਪਰ ਜੇ ਇੱਕ ਬੰਦਾ ਆਖਦਾ ਏ ਯਾਰ ਮੇਰੇ ਕੋਲ ਰੱਸਾ ਤਾਂ ਹੈ ਬਸ ਇੱਕ ਮੱਝ ਕਿਸੇ ਕੋਲੋਂ ਮੰਗਣ ਚਲਿਆ ਹਾਂ, ਬੋਜੇ ਦਾ ਕਪੜਾ ਹਅ ਪਰ ਹੁਣ ਕੁੜਤੇ ਲਈ ਕਿਧਰੋਂ ਫੜਨ ਚਲਿਆ ਹਾਂ। ਚੇਨ ਕੋਲ ਹੈ ਬਸ ਸਾਈਕਲ ਦੀ ਲੋੜ ਹੈ। ਮਿਸਿਜ਼ ਵਿਜੇ ਚੋਹਾਨ ਦੀ ਗਲ ਮੁਤਾਬਿਕ ਇੱਕ ਪੰਡਤ ਆਖ ਰਿਹਾ ਏ ਦਰਸ਼ਕ ਆਪਣਾ ਅਸਥਾਨ ਕਰਿਪਾ ਕਰ ਕੇ ਗਰਹਿਨ ਕਰ ਲਵੋ ਹੁਣ ਦੱਸੋਂ ਇਸ ਵਾਕ ਵਿੱਚ ਪੰਜਾਬੀ ਕਿਹੜੀ ਹੈ ਤੇ ਮੰਗਿਆ ਹੋਇਆ ਸ਼ਬਦ ਕਿਹੜਾ ਹੈ? ਲਗਦਾ ਹੈ ਰੱਸਾ ਹੀ ਪੰਜਾਬੀ ਦਾ ਹੈ, ਮੱਝ ਤਾਂ ਸਾਰੀ ਦੀ ਸਾਰੀ ਕਿਸੇ ਹੋਰ ਖੁਰਲੀ ਤੋਂ ਮੰਗੀ ਹੋਈ ਏ। ਪਰ ਹੁਣ ਫ਼ਿਰ ਵੀ ਕੋਈ ਆਖੇ ਕਿ ਇਹ ਹੀ ਪੰਜਾਬੀ ਬੋਲੀ ਹੈ, ਤੇ ਫ਼ਿਰ ਇਹ ਧੱਕਾ ਧੋਂਸ ਯਾਂ ਧਾਂਦਲੀ ਹੀ ਹੋਵੇ ਗੀ। ਇਸ ਤਰ੍ਹਾਂ ਦਾ ਲੈਣ ਦੇਣ ਤਾਂ ਚੋਰੀ ਡਾਕਾ ਹੀ ਲਗਦਾ ਏ। ਅੱਜ ਮੈਂ ਸੁਭਾਸ਼ ਵੀਰ ਦਾ ਜੋ ਲੇਖ ਪੜ੍ਹਿਆ ਸੀ ਜਿਸ ਵਿੱਚ ਨੋਂ ਸ਼ਬਦਾਂ ਦੇ ਅਰਥ ਮੈਨੂੰ ਨਹੀਂ ਆਉਂਦੇ। ਫ਼ਿਰ ਇਹ ਹੀ ਆਖਣਾ ਪੱਵੇ ਗਾ ਕਿ ਮੈਂ ਕੈਸਾ ਭਰਾ ਹਾਂ ਜਿਹੜਾ ਆਪਣੀ ਸੱਕੀ ਭੈਣ ਨੂੰ ਵੀ ਨਹੀਂ ਪਛਾਣ ਸਕਿਆ। ਵਝਾ ਇਹ ਹੈ ਕਿ ਲਹਿੰਦੇ ਪੰਜਾਬ ਲਈ ਇਹ ਭੈਣ 1947 ਤੋਂ ਜੰਮੀ ਹੈ। ਅੱਗੋਂ ਮੇਰੇ ਜਿਹੇ ਸ਼ੁਦਾਈ ਪੰਜਾਬੀ ਵੀਰ ਪਰਾਇਆ ਤੂੜੀ ਦਾਣਾ ਖਾ ਕੇ ਓਪਰੇ ਟੇਟਣੇ ਮਾਰਣ ਲੱਗ ਪਏ ਤੇ ਆਪਣੇ ਕਿੱਲੇ ਉੱਤੇ ਮੰਗੀ ਹੋਈ ਪਰਾਈ ਮੱਝ ਲਿਆ ਕੇ ਬੰਨ੍ਹ ਲਈ। ਇਸ ਤਰ੍ਹਾਂ ਦੇ ਲਵੇਰੇ ਨਾਲ ਸਾਹਿਤ ਦੀ ਰੋਟੀ ਚੋਪੜਨ ਨਾਲੋਂ ਸੁੱਕੀ ਖਾ ਲੈਣਾ ਹੀ ਇੱਜ਼ਤ ਹੈ।
ਇਸ ਵਿੱਚ ਕੋਈ ਭੁਲੇਖਾ ਨਹੀਂ ਕਿ ਸੰਸਕਰਿਤ ਬੜੀ ਇੱਜ਼ਤ ਜੋਗ ਆਲਿਮਾਂ ਫ਼ਾਜ਼ਿਲਾਂ ਅਤੇ ਵਿਦਵਾਨਾਂ ਦੀ ਜ਼ੁਬਾਨ ਹੈ। ਜੇ ਇਸ ਗੱਲ ਨੂੰ ਮੁਖ ਰਖ ਕੇ ਇਸ ਨੂੰ ਜੱਫਾ ਪਾਇਆ ਹੈ ਤੇ ਫ਼ਿਰ ਸ਼ੇਕਸਪੀਅਰ ਦੀ ਬੋਲੀ ਕਿਉਂ ਨਾ ਬੋਲੀ ਜਾਏ।।।।। ਅਸਲ ਗੱਲ ਇਹ ਹੈ ਕਿ ਅਸੀਂ ਦੁਨੀਆ ਦੇ ਮੰਨੇ ਪਰਮੰਨੇ ਗਏ ਪੰਜਾਬ ਦੇ ਸ਼ੇਕਸਪੀਅਰ ਮੀਆਂ ਵਾਰਿਸ ਸ਼ਾਹ ਦੀ ਬੋਲੀ ਬੋਲਦੇ ਹੀ ਚੰਗੇ ਲਗਦੇ ਹਾਂ।
ਇੱਕ ਵਰਾਂ ਫ਼ਿਰ ਹੱਥ ਬੰਨ੍ਹ ਕੇ ਮੁਆਫ਼ੀ ਦਾ ਤਲਬਗਾਰ ਹਾਂ ਕਿ ਆਪਣੀ ਮਾਂ ਬੋਲੀ ਦੀ ਮੁਹੱਬਤ ਦੇ ਮੂੰਹ ਜ਼ੋਰ ਜਜ਼ਬੇ ਵਿੱਚ ਗ਼ਰਕ ਹੋ ਕੇ ਕੋਈ ਗੁਸਤਾਖ਼ੀ ਯਾਂ ਖਨਾਮੀ ਕਰ ਗਿਆ ਹੋਵਾਂ ਤੇ ਮਜਬੂਰੀ ਹੀ ਜਾਣਿਓ।।।।। ਕੀ ਕਰਾਂ, ਬੇਵੱਸੀ ਹੈ ਕਿ ਆਪਣੇ ਅਹਿਸਾਸ ਦੀ ਕੁੱਖ ਵਿੱਚੋਂ ਇਹ ਦੁਖ ਨਾ ਕੱਣ ਸਕਿਆ ਕਿ ਸਾਡਾ ਪੰਜਾਬ ਤੇ ਦੋ ਟੋਟੇ ਹੋ ਗਿਆ, ਕਿਧਰੇ ਪੰਜਾਬੀਅਤ ਦੇ ਇਸ ਭਾਈਚਾਰੇ ਵਿੱਚ ਵੀ ਕੰਦ ਨਾ ਵੱਜ ਜਾਵੇ। ਇਹਨਾਂ ਪੰਜਾਂ ਦਰਿਆਵਾਂ ਵਿੱਚੋਂ ਰੱਬ ਕਰੇ ਕੋਈ ਵੀ ਨਾ ਸੁੱਕੇ। ਰੱਬ ਅੱਗੇ ਦੁਆ ਹੈ ਕਿ ਸਾਡੀ ਵੱਖੋ ਵੱਖ ਹੋ ਗਈ ਜਿਸਮਾਨੀ ਜੁਦਾਈ ਦਾ ਰੂਹਾਨੀ ਭਾਈਚਾਰਾ ਤੇ ਭਰੱਪਾ ਕਦੀ ਵੀ ਨਾ ਮੁੱਕੇ। ਸੰਤਾਲੀ ਦੇ ਲੱਗੇ ਫੱਟ ਹੀ ਬਥੇਰੇ ਨੇਂ। ਜੇ ਬੋਲੀ ਨੇ ਨਖੇੜੇ ਪਾ ਦਿੱਤੇ ਤਾਂ ਕਿਧਰੇ ਕੂਣ ਸਹਿਣ ਵੀ ਨਾ ਜਾਂਦਾ ਰਹਿਵੇ। ਕਿਵੇਂ ਦੱਸਾਂ ਕਿ ਜਦੋਂ ਕਦੀ ਵੀਜ਼ੇ ਦੀ ਖ਼ੈਰ ਪੈ ਜਾਂਦੀ ਏ ਤਾਂ ਲਾਹੌਰ ਜਾਣ ਨਾਲੋਂ ਅੰਮ੍ਰਿਤਸਰ ਜਾਣ ਦਾ ਚਾਅ ਦੁਗਣਾ ਹੁੰਦਾ ਏ। ਇਹ ਚਾਅ ਸਿਰਫ਼ ਮੇਰਾ ਹੀ ਨਹੀਂ, ਮਮਬਈ ਤੋਂ ਫ਼ਿਲਮੀ ਅਦਾਕਾਰ ਘੁੱਗੀ ਆਪਣੇ ਪਿਤਾ ਜੀ ਸਰਦਾਰ ਗੁਰਨਾਮ ਸਿੰਘ ਵੜਾਇਚ ਨੂੰ ਲੈ ਕੇ ਜਦੋਂ ਅੰਮ੍ਰਿਤਸਰ ਮੇਰੇ ਲਾਰੰਸ ਹੋਟਲ ਵਿੱਚ ਅੱਪੜਿਆ ਤੇ ਆਖਣ ਲੱਗਾ ਮੇਰੇ ਪਿਓ ਨੇ ਆਖਿਆ ਏ ਜੇ ਤੂੰ ਮੈਨੂੰ ਅਮੀਨ ਮਲਿਕ ਨਾ ਮਿਲਾਇਆ ਤੇ ਮਰਣ ਲਗਿਆਂ ਮੈਂ ਤੈਨੂੰ ਬਖ਼ਸ਼ਨਾ ਨਹੀਂ। ਤੁਸੀਂ ਹੀ ਦੱਸੋ ਕਿ ਮੈਂ ਇਹਨਾਂ ਮੁਹੱਬਤਾਂ ਦੀ ਹੱਥਕੜੀ ਵਿੱਚੋਂ ਆਪਣੇ ਜੂੜੇ ਹੋਏ ਹੱਥ ਕਿਵੇਂ ਖਿੱਚ ਲੱਵਾਂ? ਫ਼ੇਰੋਜ਼ ਪੂਰ ਦਾ ਇੱਕ ਪੁਲਿਸ ਮੁਲਾਜ਼ਿਮ ਓਸੇ ਹੋਟਲ ਵਿੱਚ ਆ ਕੇ ਆਖਣ ਲਗਾ ਅਮੀਨ ਜੀ, ਅਖ਼ਬਾਰ ਵਿੱਚ ਤੁਹਾਡਾ ਨਾਂ ਪੜ੍ਹ ਕੇ ਦੋੜ ਆਇਆ ਹਾਂ, ਪਿੱਛੋਂ ਨੋਕਰੀ ਦਾ ਰੱਬ ਵਾਰਿਸ ਦਰਅਸਲ ਮੈਂ ਤੇ ਵੀਰਾਂ ਦੇ ਦਿੱਤੇ ਹੋਏ ਪਿਆਰ ਦਾ ਉਧਾਰ ਲਾਹ ਰਿਹਾ ਹਾਂ। ਪਤਾ ਨਹੀਂ ਮੈਂ ਆਪਣੀਆਂ ਜਜ਼ਬਾਤੀ ਗੱਲਾਂ ਦੇ ਵਹਿਣ ਵਿੱਚੋਂ ਕਦੋਂ ਨਿਕਲ ਸਕਾਂ ਗਾ। ਜਦੋਂ ਅੰਮ੍ਰਿਤਸਰ ਦੇ ਨਿੱਕੇ ਜਿਹੇ ਆਪਣੇ ਪਿੰਡ ਗੁਜਰਾਂਵਾਲੀ ਦੀ ਜੁਦਾਈ ਦੀ ਫੂਹੜੀ ਤੇ ਬਹਿ ਜਾਂਦਾ ਹਾਂ ਤੇ ਕੇਰਣੇ ਮੁਕਦੇ ਹੀ ਨਹੀਂ। ਬੰਦੇ ਦੇ ਸੀਨੇ ਵਿੱਚ ਅਹਿਸਾਸ ਭਰਿਆ ਦਿਲ ਹੋਵੇ ਤੇ ਆਪਣੀ ਮਿੱਟੀ ਤੋਂ ਵਿਛੜਨ ਦਾ ਸੱਲ ਸਾਰੀ ਹਿਆਤੀ ਰਿਸਦਾ ਰਹਿੰਦਾ ਏ।
ਕੀ ਕਰਾਂ! ਮੁਹੱਬਤਾਂ ਦਾ ਮਾਰਿਆ ਹੋਇਆ ਇਨਸਾਨ ਹਾਂ। ਬਚਪਨ ਦੇ ਬੂਟੇ ਨੂੰ ਮੁਹੱਬਤ ਦਾ ਸੌਕਾ ਲੱਗ ਜਾਏ ਤੇ ਉਸ ਨੂੰ ਪਾਣੀਆਂ ਦੀ ਨਹੀਂ, ਮਹਿਰਬਾਨੀਆਂ ਦੀ ਲੋੜ ਹੁੰਦੀ ਏ। ਸ਼ਾਇਦ ਇਹ ਹੀ ਮੇਰਾ ਨਫ਼ਸਿਆਤੀ ਯਾਂ ਮਾਨਸਿਕ ਮਸਲਾ ਹੈ। ਉਂਜ ਵੀ ਸਾਡੇ ਲਖ ਵਿਛੋੜੇ ਯਾਂ ਜੁਦਾਈਆਂ ਪੈ ਜਾਣ ਪਰ ਉਸ ਪਵਿੱਤਰ ਅਤੇ ਮੁਬਾਰਿਕ ਕਿਤਾਬ ਦਾ ਕੀ ਕਰੋ ਗੇ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਬਾਬਾ ਫ਼ਰੀਦ ਅੱਜ ਵੀ ਰਲ ਕੇ ਬੈਠੇ ਹੋਏ ਨੇਂ। ਅਸੀਂ ਆਪਣੀ ਹੱਥੀਂ ਜੇ ਕਿਸੇ ਸਾਜ਼ਿਸ਼ ਸ਼ਰਾਰਤ ਲਈ ਵਿਛੋੜੇ ਪਾ ਲਈਏ ਤਾਂ ਵੱਖਰੀ ਗੱਲ ਹੈ। ਵਰਨਾ ਤੇ ਸੰਸਕਰਿਤ ਵੀ ਸਾਡੀ ਪੰਜਾਬੀ ਬੋਲੀ ਦਾ ਪਹਿਲਾਂ ਹੀ ਹਿੱਸਾ ਹੈ। ਸ਼ਬਦ ਸਾਂਝ, ਤਾਪ, ਤੱਤ, ਸੁਰਤ ਅਤੇ ਪੇਸ਼ਾਬ ਜਿਹੇ ਸੰਸਕਰਿਤ ਦੇ ਲਫ਼ਜ਼ ਅਸੀਂ ਸਦੀਆਂ ਤੋਂ ਬੋਲ ਰਹੇ ਹਾਂ। ਸੰਸਕਰਿਤ ਵੀ ਪੰਜਾਬੀ ਦਾ ਹੀ ਤੰਦ ਹੈ ਪਰ ਮਹਿਰਬਾਨੀ ਕਰੋ ਤੇ ਇਸ ਨੂੰ ਇਥੋਂ ਤੀਕ ਹੀ ਰਹਿਣ ਦਿਓ। ਇਸ ਸਾਡੀ ਭੈਣ ਨੂੰ ਸੋਕਣ ਬਣਾ ਕੇ ਇੱਕ ਦੂਜੀ ਦੀ ਗੁੱਤ ਅਤੇ ਗਲਮਾ ਨਾ ਫੜਾਓ। ਮੇਰਾ ਨਹੀਂ ਜੀ ਕਰਦਾ ਕਿ ਲਾਹੌਰ ਚੂਣਾ ਮੰਡੀ ਦੇ ਜੰਮ ਪਲ ਗੁਰੂ ਰਾਮ ਦਾਸ ਜੀ ਨੂੰ ਕਸੂਰ ਦੀ ਮਿੱਟੀ ਬਾਬਾ ਬੁੱਲ੍ਹੇ ਸ਼ਾਹ ਨਾਲੋਂ ਵੱਖੋ ਵੱਖ ਕਰ ਦੇਵਾਂ। ਕੀ ਹੋਇਆ ਜੇ ਮੋਹਨ ਸਿੰਘ ਰਾਵਲਪਿੰਡੀ ਦੇ ਪਿੰਡ ਧਮਿਆਲ ਅਤੇ ਫ਼ੇਰੋਜ਼ ਦੀਨ ਸ਼ਰਫ਼ ਰਾਜੇ ਸਾਂਸੀ ਦੇ ਪਿੰਡ ਤੋਲਾ ਨੰਗਲ ਜੰਮੇ ਪਲੇ ਤਾਂ ਸਭਿਆਚਾਰ ਅਤੇ ਵਿਚਾਰ ਤਾਂ ਵੱਖੋ ਵੱਖ ਨਹੀਂ ਹੋਏ। ਭੂਈਂ ਦੀ ਲਕੀਰ ਨਾਲ ਦੇਸਾਂ ਦੀ ਤਕਦੀਰ ਹੀ ਬਦਲੀ ਏ, ਮਿੱਟੀ ਦੀ ਤਾਸੀਰ ਤਾਂ ਨਹੀਂ ਬਦਲੀ। ਦੇਸ ਬਦਲ ਗਏ ਨੇਂ, ਸਾਡੇ ਭੇਸ ਤਾਂ ਅੱਜ ਵੀ ਉਹੀ ਨੇਂ। ਹਾਲਾਤ ਨੇ ਸਾਥ ਨਹੀਂ ਦਿੱਤਾ ਤੇ ਕੋਈ ਗੱਲ ਨਹੀਂ, ਸਾਡੇ ਖ਼ਿਆਲਾਤ ਵਿੱਚ ਤਾਂ ਸਾਡੇ ਵਿੱਚ ਹੀ ਹਨ।
ਚਲੋ ਅਸੀਂ ਦੋਹਾਂ ਪੰਜਾਬਾਂ ਦੇ ਆਖ਼ਰੀ ਦੋ ਹੀਰੇ ਸ਼ਿਵ ਕੁਮਾਰ ਤੇ ਉਸਤਾਦ ਦਾਮਨ ਨੂੰ ਇੱਕ ਦੂਜੇ ਦੀਆਂ ਅੰਗੂਠੀਆਂ ਵਿੱਚ ਜੜ ਕੇ ਆਪਸ ਵਿੱਚ ਵਟਾ ਲਈਏ। ਕੀ ਲੈਣਾ ਏ ਚੁੱਲ੍ਹੇ ਵੱਖਰੇ ਕਰ ਕੇ। ਸਵਰਗੀ ਮੋਹਨ ਸਿੰਘ ਜੀ ਦੀ ਮੰਨ ਲਈਏ ਜੋ ਆਖ ਗਿਆ ਏ:
ਜੇ ਰਾਂਝਾ ਏ ਤੇ ਝੰਗ ਵਿਆਹ, ਜੇ ਹੀਰ ਏਂ ਤੇ ਤਖ਼ਤ ਹਜ਼ਾਰਾ ਗਾਹ
ਇੱਥੇ ਨਾ ਸੋਭੇ ਕੈਦੋਵਾਂ ਦਾ, ਇਹ ਥਾਂ ਨਾ ਰੰਗ ਪੂਰ ਖੇੜੇ ਦੀ
ਵਾਹ ਰਲ ਵੱਸਣਾ ਪੰਜਾਬੀਆਂ ਦਾ, ਉਹ ਝਗੜਾ ਦੇਵਰਾਂ ਭਾਬੀਆਂ ਦਾ
ਜੇ ਚੁੱਲ੍ਹੇ ਵੱਖਰੇ ਹੋ ਜਾਵਣ, ਉਹ ਬਾਤ ਨਾ ਰਹਿੰਦੀ ਵੇੜ੍ਹੇ ਦੀ
ਰੱਬ ਅੱਗੇ ਆਖ਼ਰੀ ਅਰਦਾਸ ਹੈ ਕਿ:
ਤੇਰੇ ਬੱਦਲਾਂ ਦੀ ਖ਼ੈਰ, ਤੇਰੇ ਸਾਗਰਾਂ ਦੀ ਖ਼ੈਰ, ਮੇਰੀ ਬੋਲੀ ਦੀ ਕਿਆਰੀ ਨੂੰ ਵੀ ਪਾਣੀ ਦੇ
ਓਏ ਜ਼ਿੰਦਗਾਨੀ ਦੀ

ਤੁਹਾਡਾ ਅਮੀਨ ਮਲਿਕ
 London-E-15-2An
Tel: 0208 5192139

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346