ਸ਼ੇਖ਼ ਸਾਅਦੀ ਬੜਾ ਵੱਡਾ
ਦਾਨਿਸਵਰ ਹੋਇਆ ਏ। ਬਹੁਤ ਸਿਆਣਾ ਵਿਦਵਾਨ। ਉਹਦੀਆਂ ਲਿਖੀਆਂ ਪੁਸਤਕਾਂ, ‘ਗੁਲਿਸਤਾਂ’ ਅਤੇ
‘ਬੋਸਤਾਂ’ ਸੰਸਾਰ ਪ੍ਰਸਿੱਧ ਪੁਸਤਕਾਂ ਨੇ। ਇਹਨਾਂ ਵਿਚ ਸ਼ੇਖ਼ ਸਾਅਦੀ ਹੁਰਾਂ ਨੇ ਆਪਣੇ
ਗਿਆਨ ਦਾ ਨਿਚੋੜ ਪੇਸ਼ ਕੀਤਾ ਏ। ਉਹਨਾਂ ਵੱਲੋਂ ਲਿਖੀਆਂ ਨਿੱਕੀਆਂ ਨਿੱਕੀਆਂ ਨੀਤੀ-ਕਥਾਵਾਂ
ਵੀ ਸੰਸਾਰ ਪ੍ਰਸਿੱਧ ਨੇ।
ਇਕ ਕਥਾ ਤੁਹਾਡੇ ਨਾਲ ਸਾਂਝੀ ਕਰਨ ਨੂੰ ਜੀ ਕਰ ਆਇਆ ਏ।
ਇਕ ਵਾਰ ਦੀ ਗੱਲ ਏ ਕਿ ਸ਼ੇਖ਼ ਸਾਅਦੀ ਕਿਤੇ ਜਾ ਰਹੇ ਸਨ. ਵੇਲਾ ਢੂੰਘੀ ਉਤਰ ਰਹੀ ਸ਼ਾਮ ਦਾ
ਸੀ। ਇਕ ਬੱਚਾ ਆਪਣੇ ਹੱਥ ਵਿਚ ਦੀਵਾ ਲੈ ਕੇ ਸਾਹਮਣਿਓਂ ਤੁਰਿਆ ਆ ਰਿਹਾ ਸੀ. ਸੇਖ਼ ਸਾਅਦੀ
ਬੱਚੇ ਨੂੰ ਪੁੱਛਣ ਲੱਗਾ, “ਬੇਟਾ ਕੀ ਤੂੰ ਦੱਸ ਸਕਦਾ ਏਂ ਕਿ ਦੀਵੇ ਵਿਚ ਜੋ ਰੌਸ਼ਨੀ ਤੇ ਅੱਗ
ਹੈ ਇਹ ਕਿੱਥੋਂ ਆਈ ਹੈ?
ਸਾਅਦੀ ਦਾ ਸਵਾਲ ਸੁਣ ਕੇ ਬੱਚੇ ਨੇ ਇਕ ਪਲ ਲਈ ਸੋਚਿਆ ਤੇ ਅਗਲੇ ਪਲ ਹੀ ਬੱਚੇ ਨੇ ਦੀਵੇ ਨੂੰ
ਫੂਕ ਮਾਰ ਕੇ ਬੁਝਾ ਦਿੱਤਾ।
ਸ਼ੇਖ਼ ਸਾਅਦੀ ਕਹਿਣ ਲੱਗਾ, “ ਬੇਟਾ ਇਹ ਕੀ ਕੀਤਾ ਈ?”
ਬੱਚਾ ਕਹਿਣ ਲੱਗਾ, “ਜੀ, ਮੈਂ ਤਾਂ ਦੀਵਾ ਬੁਝਾਂ ਕੇ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਏ।”
“ਉਹ ਕਿਵੇਂ ਭਈ?” ਸ਼ੇਖ਼ ਨੇ ਪੁੱਛਿਆ।
ਬੱਚੇ ਨੇ ਕਿਹਾ, “ ਬਜ਼ੁਰਗੋ! ਦੀਵੇ ਨੂੰ ਫੂਕ ਮਾਰਨ ਤੋਂ ਬਾਅਦ ਇਹ ਰੋਸ਼ਨੀ ਜਿੱਥੇ ਚਲੀ ਗਈ
ਏ, ਓਥੋਂ ਈ ਆਈ ਸੀ। ਤੁਸੀਂ ਸਿਆਣੇ ਓਂ, ਸੋ ਮੈਨੂੰ ਦੱਸੋ ਕਿ ਰੌਸ਼ਨੀ ਹੁਣ ਕਿੱਥੇ ਗਈ ਏ?”
ਪਿਆਰਿਓ! ਬੜੀ ਪਤੇ ਦੀ ਗੱਲ ਏ। ਦੁਨਆਂ ਵਿਚ ਨਾ ਗਿਆਨ ਹੋਣ ਦੇ ਬਾਵਜੂਦ ਇਹ ਨਹੀਂ ਦੱਸਿਆ ਜਾ
ਸਕਦਾ ਕਿ ਅੱਗ ਜਾਂ ਰੌਸ਼ਨੀ ਕਿੱਥੋਂ ਆਉਂਦੀ ਏ ਕਿੱਥੇ ਚਲੀ ਜਾਂਦੀ ਏ!
ਇੰਜ ਹੀ ਕੀ ਅਸੀਂ ਦੱਸ ਸਕਦੇ ਹਾਂ ਕਿ ਅਸੀਂ ਕਿੱਥੋਂ ਆਏ ਹਾਂ ਤੇ ਕਿੱਥੇ ਚਲੇ ਜਾਣਾ ਏਂ।
ਮੈਨੂੰ ਤਾਂ ਪਤਾ ਨਹੀਂ ਜੀ, ਤੁਹਾਡੇ ਵਿਚੋਂ ਕਿਸੇ ਨੂੰ ਪਤਾ ਹੋਵੇ ਤਾਂ ਦੱਸ ਸਕਦਾ ਏ।
ਇਸਤੋਂ ਇਕ ਗੱਲ ਇਹ ਵੀ ਪਤਾ ਲੱਗਦੀ ਏ ਕਿ ਬੱਚਾ ਵੀ ਕਈ ਵਾਰ ਵੱਡਿਆਂ ਨੂੰ ਨਵੀਆਂ ਗੱਲਾਂ
ਸਿਖਾ ਸਕਦਾ ਏ। ਏਸੇ ਕਰ ਕੇ ਤਾਂ ਕਿਹਾ ਜਾਂਦਾ ਏ ਕਿ, “ਚਾਈਲਡ ਇਜ਼ ਦਾ ਫ਼ਾਦਰ ਔਫ ਮੈਨ।
ਮਤਲਬ ਕਿ ਬੱਚਾ ਮਨੁੱਖ ਦਾ ਬਾਪ ਹੁੰਦਾ ਏ।”
ਸੋ ਬੰਦਾ, ਬੱਚਿਆਂ ਤੋਂ ਵੀ ਕੁਝ ਸਿੱਖ ਸਕਦਾ ਏ।
ਬੱਚਿਆਂ ਤੋਂ ਇਲਾਵਾ ਕੁਝ ਹੋਰ ਲੋਕਾਂ ਤੋਂ ਵੀ ਬੰਦਾ ਸਿੱਖ ਸਕਦਾ ਏ।
ਸ਼ੇਖ਼ ਸਾਅਦੀ ਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਏਨੀ ਅਕਲ ਕਿੱਥੋਂ ਲਈ ਏ?
ਤਾਂ ਉਹਨੇ ਜਵਾਬ ਦਿੱਤਾ,“ਮੈਂ ਸਾਰੀ ਅਕਲ ਮੂਰਖ਼ਾਂ ਤੇ ਜਾਹਲਾਂ ਕੋਲੋਂ ਲਈ ਏ।”
“ਕਿਵੇਂ”
“ਮੈਂ ਸੁਚੇਤ ਹੋ ਗਿਆ ਕਿ ਉਹਨਾਂ ਵਿਚ ਜਿਹੜੀ ਗੱਲ ਵੇਖਾਂ ਉਹ ਮੇਰੇ ਵਿਚ ਨਾ ਹੋਵੇ.”
2
ਵਾਰ ਇੱਕ ਬੁੱਧ ਪੁਰਸ਼ ਨੇ ਅਪਣੇ ਦੋ ਅਜ਼ੀਜ਼ ਚੇਲਿਆਂ ਨੂੰ ਬੁਲਾਇਆ ਤੇ ਕਿਹਾ, ਕਿ ਤੁਸੀ ਦੋਨਾਂ
ਨੇ ਇਸ ਜਗਾ ਤੋਂ ਸੌ ਮੀਲ ਦੂਰ ਵੱਖੋ ਵੱਖਰੀਆਂ ਦਿਸ਼ਾਵਾਂ ‘ਚ ਜਾਣਾ ਹੈ !
ਪਹਿਲੇ ਚੇਲੇ ਨੂੰ ਇੱਕ ਬੋਰੀ ਖਾਣ ਵਾਲੀਆਂ ਵਸਤੂਆਂ ਨਾਲ ਭਰ ਕੇ ਦੇ ਦਿੱਤੀ ਤੇ ਕਿਹਾ ਜਿੱਥੇ
ਵੀ ਤੈਨੂੰ ਕੋਈ ਜ਼ਰੂਰਤਮੰਦ ਮਿਲੇ ਉਸਨੂੰ ਖਾਣ ਲਈ ਕੁਝ ਨਾ ਕੁਝ ਜ਼ਰੂਰ ਦੇ ਦੇਣਾ ਤੇ ਜਿੱਥੇ
ਜਾ ਕੇ ਇਹ ਬੋਰੀ ਖਾਲੀ ਹੋ ਜਾਵੇ ਤਾਂ ਵਾਪਸ ਆਸ਼ਰਮ ਵੱਲ ਨੂੰ ਚਾਲੇ ਪਾ ਦੇਣਾ।
ਤੇ ਦੂਸਰੇ ਚੇਲੇ ਨੂੰ ਇੱਕ ਖਾਲੀ ਬੋਰੀ ਦੇ ਦਿੱਤੀ ਤੇ ਕਿਹਾ ਕਿ ਰਸਤੇ ਵਿੱਚ ਜੋ ਵੀ ਕੋਈ
ਕੀਮਤੀ ਸਮਾਨ ਮਿਲੇ ਤਾਂ ਚੁੱਕ ਕੇ ਬੋਰੀ ਵਿੱਚ ਪਾ ਲੈਣਾ,ਜਦ ਬੋਰੀ ਭਰ ਜਾਵੇ ਤਾਂ ਵਾਪਸ
ਆਸ਼ਰਮ ਆ ਜਾਣਾ !
ਦੋਨੋ ਚੇਲੇ ਵੱਖ ਵੱਖ ਦਿਸ਼ਾਵਾਂ ਨੂੰ ਚੱਲ ਪਏ, ਜਿਸ ਚੇਲੇ ਦੀ ਬੋਰੀ ਭਰੀ ਸੀ ਉਹ ਬੜੀ
ਮੁਸ਼ਕਿਲ ਨਾਲ ਹੌਲੀ ਹੌਲੀ ਕਦਮ ਪੱਟ ਰਿਹਾ ਸੀ ਪਰ ਖਾਲੀ ਬੋਰੀ ਵਾਲਾ ਬੜੇ ਅਰਾਮ ਨਾਲ ਚੱਲ
ਰਿਹਾ ਸੀ! ਥੋੜੀ ਦੂਰ ਜਾਣ ਤੋਂ ਬਾਅਦ ਉਸਨੂੰ ਰਸਤੇ ਵਿੱਚ ਪਈ ਇੱਕ ਸੋਨੇ ਦੀ ਇੱਟ ਮਿਲੀ ਜੋ
ਉਸਨੇ ਚੁੱਕ ਕੇ ਬੋਰੀ ਵਿੱਚ ਪਾ ਲਈ, ਥੋੜੀ ਦੂਰ ਜਾ ਕਿ ਉਸਨੂੰ ਇੱਕ ਹੋਰ ਇੱਟ ਮਿਲੀ ਉਸ ਨੇ
ਫਿਰ ਚੁੱਕ ਕੇ ਬੋਰੀ ਵਿੱਚ ਪਾ ਲਈ, ਜਿਵੇਂ ਜਿਵੇਂ ਉਹ ਅੱਗੇ ਚੱਲਦਾ ਰਿਹਾ ਉਸਨੂੰ ਸੋਨੇ
ਦੀਆਂ ਇੱਟਾਂ ਰਸਤੇ ਵਿੱਚੋਂ ਮਿਲਦੀਆਂ ਰਹੀਆਂ ਤੇ ਉਹ ਚੁੱਕ ਕੇ ਬੋਰੀ ਵਿੱਚ ਪਾਉਂਦਾ ਰਿਹਾ,
ਹੌਲੀ ਹੌਲੀ ਬੋਰੀ ਦਾ ਵਜ਼ਨ ਵਧਣ ਲੱਗਾ ਤੇ ਉਸ ਨੂੰ ਚੱਲਣ ਵਿੱਚ ਵੀ ਮੁਸ਼ਕਿਲ ਆਉਣ ਲੱਗੀ,
ਹੌਲੀ ਹੌਲੀ ਉਸਦਾ ਸਾਹ ਫੁੱਲਣ ਲੱਗਾ ਤੇ ਇੱਕ ਕਦਮ ਚੱਲਣਾ ਵੀ ਮੁਸ਼ਕਿਲ ਹੋ ਗਿਆ!
ਦੂਜਾ ਚੇਲਾ ਜਿਵੇਂ ਜਿਵੇਂ ਚੱਲਦਾ ਗਿਆ ਉਸ ਨੂੰ ਰਸਤੇ ਵਿੱਚ ਕੋਈ ਨਾ ਕੋਈ ਜ਼ਰੂਰਤਮੰਦ
ਵਿਅਕਤੀ ਮਿਲਦਾ ਗਿਆ ਕੇ ਉਹ ਹਰ ਇੱਕ ਨੂੰ ਜਰੂਰਤ ਅਨੁਸਾਰ ਖਾਣ ਵਾਲੀਆਂ ਵਸਤੂਆਂ ਵੰਡਦਾ
ਗਿਆ, ਹੌਲੀ ਹੌਲੀ ਬੋਰੀ ਦਾ ਭਾਰ ਘੱਟਦਾ ਗਿਆ ਤੇ ਅਖੀਰ ਵਿੱਚ ਬੋਰੀ ਖਾਲੀ ਹੋ ਗਈ ਤੇ ਉਹ
ਵਾਪਸ ਅਪਣੀ ਮੰਜਿਲ ਵੱਲ ਨੂੰ ਵੱਧਣ ਲੱਗਾ ਪਰ ਦੂਸਰੇ ਵਿਅਕਤੀ ਦਾ ਭਾਰ ਵਧਦਾ ਗਿਆ ਤੇ ਉਹ
ਰਸਤੇ ਵਿੱਚ ਹੀ ਦਮ ਤੋੜ ਗਿਆ!
ਬੱਸ ਹੁਣ ਤੁਸੀਂ ਸਿਰਫ ਇਹ ਸੋਚਣਾ ਏ ਕਿ ਤੁਸੀਂ ਜਿੰਦਗੀ ਵਿੱਚ ਕੀ ਵੰਡਿਆ ਤੇ ਕੀ ਇਕੱਠਾ
ਕੀਤਾ,
ਤੇ ਤੁਸੀਂ ਮੰਜ਼ਿਲ ਤੱਕ ਅਸਾਨੀ ਨਾਲ ਪਹੁੰਚਣਾ ਚਾਹੁੰਦੇ ਹੋ ਜਾਂ ਰਸਤੇ ਵਿੱਚ ਥੱਕ ਹਾਰ ਕੇ
ਘਿਸੜ ਘਿਸੜ ਕੇ ਮਰਨਾ ਚਾਹੁੰਦੇ ਹੋ।
3
ਜਿਹੜੀ ਗੱਲ ਹੁਣ ਕਰਨ ਲੱਗਾ ਹਾਂ ਇਹ ਕਿਸੇ ਵੱਡੇ ਲੇਖਕ ਦੀ ਲਿਖੀ ਹੋਈ ਏ।
ਉਹ ਦੱਸਦਾ ਏ:
ਇੱਕ ਸੜਕ ਦੇ ਕਿਨਾਰੇ ਇੱਕ ਭਿਖਾਰੀ ਤੀਹ ਸਾਲ ਤੋਂ ਵੀ ਜਿਆਦਾ ਦੇਰ ਤੋਂ ਬੈਠ ਰਿਹਾ ਸੀ।
ਇੱਕ ਦਿਨ ਇੱਕ ਅਜਨਬੀ ਉੱਥੋਂ ਲੰਘਿਆ। ਭਿਖਾਰੀ ਅਪਣਾ ਬਾਟਾ ਅੱਗੇ ਕਰਦਾ ਹੋਇਆ ਬੋਲਿਆ,
‘ਕੁੱਝ ਦਾਨ ਕਰੋਗੇ ?‘।
ਅਜਨਬੀ ਬੋਲਿਆ, ‘ਮੇਰੇ ਕੋਲ ਤੈਨੂੰ ਦੇਣ ਲਈ ਕੁੱਝ ਨਹੀਂ ਹੈ ।‘ ਫੇਰ ਉਸਨੇ ਪੁੱਛਿਆ,
‘ਜਿਸਤੇ ਤੂੰ ਬੈਠਿਆ ਏਂ ਉਹ ਕੀ ਹੈ?‘
ਭਿਖਾਰੀ ਨੇ ਜਵਾਬ ਦਿੱਤਾ, ‘ਕੁੱਝ ਵੀ ਨਹੀਂ ਹੈ। ਬੱਸ ਇੱਕ ਪੁਰਾਣਾ ਡੱਬਾ ਹੈ ਜਿਸਤੇ ਮੈਂ
ਬੈਠਦਾ ਹਾਂ, ਜਿੱਥੋਂ ਤੱਕ ਮੈਨੂੰ ਯਾਦ ਹੈ ।‘
ਅਜਨਬੀ ਨੇ ਪੁੱਛਿਆ। “ਕਦੇ ਇਸ ਡੱਬੇ ਦੇ ਅੰਦਰ ਦੇਖਿਆ ਹੈ ?-
ਭਿਖਾਰੀ ਨੇ ਜਵਾਬ ਦਿੱਤਾ, ‘ਨਹੀਂ । ਪਰ ਇਹ ਕੀ ਗੱਲ ਬਣੀ? ਇਸਦੇ ਵਿੱਚ ਕੁੱਝ ਨਹੀਂ ਹੈ।‘
ਅਜਨਬੀ ਨੇ ਜੋਰ ਪਾ ਕੇ ਕਿਹਾ।-“ਇੱਕ ਵਾਰ ਇਸਦੇ ਅੰਦਰ ਦੇਖ ਤਾਂ ਸਹੀ‘-
ਭਿਖਾਰੀ ਨੇ ਡੱਬਾ ਖੋਲ ਕੇ ਦੇਖਣ ਦਾ ਫੈਸਲਾ ਕਰ ਹੀ ਲਿਆ।
ਰਹੱਸ ,ਅਵਿਸ਼ਵਾਸ ਅਤੇ ਉਤਸਾਹ ਨਾਲ, ਉਸਨੇ ਜਦੋਂ ਖੋਲ ਕੇ ਦੇਖਿਆ ਤਾਂ ਡੱਬਾ ਸੋਨੇ ਨਾਲ ਭਰਿਆ
ਪਿਆ ਸੀ।
ਮੈਂ ਉਹ ਅਜਨਬੀ ਹਾਂ ਜਿਸ ਕੋਲ ਤੁਹਾਨੂੰ ਦੇਣ ਲਈ ਕੁੱਝ ਨਹੀਂ ਹੈ ਤੇ ਤੁਹਾਨੂੰ ਅਪਣੇ ਅੰਦਰ
ਦੇਖਣ ਲਈ ਕਹਿ ਰਿਹਾ ਹਾਂ। ਕਥਾ ਦੇ ਦ੍ਰਿਸ਼ ਵਾਲੇ ਕਿਸੇ ਡੱਬੇ ਅੰਦਰ ਨਹੀਂ, ਪਰ ਹੋਰ ਵੀ
ਕਿਤੇ ਬਹੁਤ ਨੇੜੇ, ਤੁਹਾਡੇ ਅਪਣੇ ਅੰਦਰ।
ਮੈਂ ਸਮਝ ਸਕਦਾ ਹਾਂ ਕਿ ਤੁਸੀਂ ਇਹ ਕਹੋਗੇ, ‘ ਅਸੀਂ ਭਿਖਾਰੀ ਨਹੀਂ ਹਾਂ।‘
ਜਿਹਨਾਂ ਨੇ ਅਪਣੀ ਅਸਲੀ ਦੌਲਤ ਨਹੀਂ ਲੱਭੀ, ਜਿਨ੍ਹਾਂ ਨੇ ਆਪਣੇ ਅੰਦਰ ਲੁਕੇ ਖੇੜੇ ਤੇ ਆਨੰਦ
ਨੂੰ ਨਹੀਂ ਵੇਖਿਆ ਉਹ ਭਿਖਾਰੀ ਹੀ ਹਨ, ਭਾਵੇਂ ਉਹਨਾਂ ਕੋਲ ਕਿੰਨੀ ਵੀ ਪਦਾਰਥਕ ਅਮੀਰੀ
ਹੋਵੇ। ਉਹ ਪ੍ਰਸਿੱਧੀ, ਸੁਰੱਖਿਆ , ਸੰਤੁਸ਼ਟੀ ਜਾਂ ਖੁਸ਼ੀ ਨੂੰ ਬਾਹਰ ਦੇਖ ਰਹੇ ਹਨ। ਜਦੋਂ ਕਿ
ਉਹਨਾਂ ਦੇ ਅੰਦਰ ਇੱਕ ਖਜਾਨਾ ਹੈ ਜੋ ਨਾ ਕੇਵਲ ਇਹ ਸਾਰੀਆਂ ਚੀਜਾਂ ਸਮੇਤ ਹੈ, ਸਗੋਂ ਦੁਨੀਆ
ਦੁਆਰਾ ਪੇਸ਼ ਕੀਤੀ ਗਈ ਕਿਸੇ ਵੀ ਚੀਜ਼ ਤੋਂ ਮਹਾਨ ਹੈ।
4-
ਡਾਕਟਰ ਜਸਵੰਤ ਸਿੰਘ ਨੇਕੀ ਨੂੰ ਮਾਨਸਿਕ ਬੀਮਾਰੀਆਂ ਦੇ ਬਹੁਤ ਵੱਡੇ ਮਾਹਿਰ ਡਾਕਟਰ ਵਜੋਂ
ਜਾਣਿਆਂ ਜਾਂਦਾ ਏ। ਉਹ ਪੀ ਜੀ ਆਈ ਚੰਡੀਗੜ੍ਹ ਦੇ ਡਾਇਰੈਕਟਰ ਵੀ ਰਹੇ ਸਨ।
ਇਸਤੋਂ ਇਲਾਵਾ ਉਹ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਤੇ ਲੇਖਕ ਵੀ ਸਨ। ਉਹਂਨ ਨੇ ਆਪਣੇ ਜੀਵਨ
ਦੀਆਂ ਕੁਝ ਯਾਦਾਂ ਵੀ ਪੰਜਾਬੀ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਨੇ। ਉਹਨਾਂ ਵਿਚ ਡੂੰਘੇ
ਫ਼ਸਲਫੇ ਨੂੰ ਪੇਸ਼ ਕੀਤਾ ਗਿਆ ਏ। ਉਹਨਾਂ ਦੀ ਇਕ ਨਿੱਕੀ ਜਿਹੀ ਅਰਥਵਾਨ ਯਾਦ ਤੁਹਾਡੇ ਨਾਲ
ਸਾਂਝੀ ਕਰਨ ਲੱਗਾ ਹਾਂ।
ਉਹ ਕਹਿੰਦੇ ਨੇ ਉਹਨਾਂ ਦੇ ਘਰ ਇਕ ਵਾਰ ਇਕ ਫਕੀਰ ਆਇਆ। ਨੇਕੀ ਸਾਹਿਬ ਉਦੋਂ ਜਵਾਨ ਉਮਰ ਵਿਚ
ਸਨ। ਉਹਨਾਂ ਦੇ ਘਰ ਦਾ ਬੂਹਾ ਖੜਕਾਇਆ। ਨੇਕੀ ਨੇ ਸਮਝਿਆ ਕੋਈ ਮੰਗਤਾ ਹੋਵੇਗਾ। ਉਹਨਾਂ ਨੇ
ਦਰਵਾਜ਼ਾਂ ਖੋਲ੍ਹਿਆ ਤਾਂ ਸਾਹਮਣੇ ਇਕ ਫ਼ਕੀਰ ਦਿਸਿਆ। ਨੇਕੀ ਹੁਰਾਂ ਸਮਝਿਆ ਕਿ ਇਹ ਮੰਗਣ ਲਈ
ਹੀ ਆਇਆ ਹੈ। ਨੇਕੀ ਹੁਰਾਂ ਨੇ ਫ਼ਕੀਰ ਨੂੰ ਕਿਹਾ, “ਇਕ ਮਿੰਟ ਠਹਿਰੋ ਮੈਂ ਹੁਣੇ ਕੁਝ ਲੈ ਕੇ
ਆਉਂਦਾ ਹਾਂ।” ਪਰ ਫ਼ਕੀਰ ਨੇ ਕਿਹਾ , “ਬੱਚਿਆ! ਮੈਂ ਮੰਗਣ ਨਹੀਂ ਆਇਆ ਸਗੋਂ ਮੈਂ ਤਾਂ
ਤੁਹਾਡੇ ਦਾਦਾ ਜੀ ਨੂੰ ਮਿਲਣ ਆਇਆ ਹਾਂ।
ਨੇਕੀ ਸਾਹਿਬ ਹੈਰਾਨ ਰਹਿ ਗਏ। ਕੀ ਇਹ ਵਾਕਿਆ ਈ ਮੇਰੇ ਦਾਦਾ ਜੀ ਨੂੰ ਈ ਮਿਲਨ ਆਇਆ ਏ। ਉਸ
ਫ਼ਕੀਰ ਦਾ ਸਰੀਰ ਵੀ ਬੜਾ ਭੱਦਾ ਸੀ। ਉਹਦੇ ਸਿਰ ‘ਤੇ ਵਾਲਾਂ ਦੀਆਂ ਲਿਟਾਂ ਵੀ ਬੱਝੀਆਂ
ਹੋਈਆਂ ਸਨ। ਉਹਦੇ ਕੱਪੜੇ ਵੀ ਮੈਲੇ ਕੁਚੈਲੇ ਸਨ। ਉਹਦੀ ਦਿੱਖ ਤੋਂ ਇਹ ਲੱਗ ਈ ਨਹੀਂ ਸੀ
ਰਿਹਾ ਕਿ ਉਹਦੀ ਉਹਦੇ ਦਾਦਾ ਜੀ ਨਾਲ ਕੋਈ ਜਾਣ-ਪਛਾਣ ਵੀ ਹੋ ਸਕਦੀ ਏ।
ਏਨੇ ਚਿਰ ਵਿਚ ਉਹਦੇ ਦਾਦਾ ਜੀ ਨੇ ਅੰਦਰੋਂ ਦੇਖਿਆ ਕਿ ਨੌਜਵਾਨ ਡਾ ਨੇਕੀ ਫ਼ਕੀਰ ਦਾ ਰਸਤਾ
ਰੋਕੀ ਖਲੋਤਾ ਏ। ਦਾਦਾ ਜੀ ਝੱਟ ਬਾਹਰ ਆਏ ਤੇ ਬੜੇ ਪਿਆਰ ਅਤੇ ਅਪਣੱਤ ਨਾਲ ਫ਼ਕੀਰ ਨੂੰ
ਮਿਲੇ। ਤੇ ਫਿਰ ਬੜੇ ਆਦਰ ਨਾਲ ਫਕੀਰ ਨੂੰ ਆਪਣੇ ਨਾਲ ਆਪਣੇ ਕਮਰੇ ਅੰਦਰ ਲੈ ਗਏ।
ਫਕੀਰ ਲਈ ਖਾਣ-ਪੀਣ ਲਈ ਵੀ ਉਚੇਚ ਕੀਤਾ ਗਿਆ। ਦੋਵੇਂ ਜਣੇ ਕਮਰੇ ਵਿਚ ਦੋ-ਤਿੰਨ ਘੰਟੇ ਬੈਠੇ
ਆਪਸ ਵਿਚ ਗੱਲਬਾਤ ਕਰਦੇ ਰਹੇ। ਲੰਮਾ ਸਮਾਂ ਗੱਲਬਾਤ ਕਰਨ ਤੋਂ ਬਾਅਦ ਜਦੋਂ ਫ਼ਕੀਰ ਜਾਣ ਲੱਗਾ
ਤਾਂ ਦਾਦਾ ਜੀ ਫਕੀਰ ਨੂੰ ਵਿਦਾ ਕਰਨ ਵਾਸਤੇ ਦਰਵਾਜ਼ੇ ਤਕ ਆਪ ਚੱਲ ਕੇ ਬਾਹਰ ਆਏ ਤੇ ਬੜੇ
ਤਪਾਕ ਨਾਲ ਉਸ ਫ਼ਕੀਰ ਨੂੰ ਵਿਦਾ ਕੀਤਾ।
ਜਾਣ ਲੱਗਿਆਂ ਫਿਰ ਜਦੋਂ ਫਕੀਰ ਨੇਕੀ ਕੋਲੋਂ ਦੀ ਲੰਘਿਆ ਤਾਂ ਉਸਨੂੰ ਬੜੀ ਕਚਿਆਣ ਆਈ। ਦਾਦਾ
ਜੀ ਨੂੰ ਪਤਾ ਸੀ ਕਿ ਨੇਕੀ ਨੂੰ ਫ਼ਕੀਰ ਦਾ ਉਹਨਾਂ ਕੋਲ ਮਿਲਨ ਆਉਣਾ ਅਜੀਬ ਜਿਹਾ ਲੱਗਾ ਸੀ।
ਦਾਦਾ ਜੀ ਨੇ ਨੇਕੀ ਦੀ ਜੁਗਿਆਸਾ ਸ਼ਾਂਤ ਕਰਨ ਲਈ ਉਹਨੂੰ ਦੱਸਣ ਲੱਗੇ : " ਜਸਵੰਤ! ਇਹ ਫਕੀਰ
ਬੜਾ ਵਿਦਵਾਨ ਪੁਰਸ਼ ਏ। ਇਸ ਨਾਲ ਮੁਲਾਕਾਤ ਵਿਚੋਂ ਮੈਨੂੰ ਸਦਾ ਈ ਬੜਾ ਕੁਝ ਮਿਲਦਾ ਏ। ਅੱਜ
ਦੀ ਮੁਲਾਕਾਤ ਵਿਚ ਵੀ ਮੈਨੂੰ ਬੜਾ ਕੁਝ ਲੱਭਾ ਏ।"
ਨੌਜਵਾਨ ਨੇਕੀ ਨੇ ਪੁੱਛਿਆ, "ਬਾਬਾ ਜੀ ਤੁਸੀਂ ਉਸਨੂੰ ਆਪਣੇ ਕੋਲ ਬੜੀ ਦੇਰ ਬਿਠਾਈ ਰੱਖਿਆ,
ਤੁਹਾਨੂੰ ਕਚਿਆਣ ਨਹੀਂ ਆਈ?"
ਬਾਬਾ ਜੀ ਕਹਿਣ ਲੱਗੇ "ਮੈਂ ਉਸਦੀ ਵਿੱਦਿਆ ਦਾ ਗਾਹਕ ਹਾਂ ਉਸਦੇ ਸਰੀਰ ਦਾ ਨਹੀਂ। ਨਾਲੇ
ਬੇਟਾ! ਯਾਦ ਰੱਖੀਂ ਧੁੱਪ ਭਾਵੇਂ ਫੁੱਲਾਂ ‘ਤੇ ਪਵੇ ਤੇ ਭਾਵੇਂ ਚਿੱਕੜ ‘ਤੇ ਪਵੇ ਤਾਂ ਵੀ
ਨਿਰਮਲ, ਸਾਫ਼ ਤੇ ਪਵਿੱਤਰ ਹੀ ਰਹਿੰਦੀ ਹੈ।"
5
ਕੋਈ ਬੱਚਾ ਬਾਪ ਨੂੰ ਪੁੱਛਣ ਲੱਗਾ, “ਪਾਪਾ! ਤੁਹਾਡੇ ਚਾਚਾ ਜੀ ਕੋਲ ਕਾਰ ਕਿਉਂ ਨਹੀਂ?
ਉਹਨਾਂ ਕੋਲ ਤਾਂ ਟੁੱਟਾ ਜਿਹਾ ਸਾਈਕਲ ਈ ਏ... ਨਾਲੇ ਉਹਨਾਂ ਸ਼ਹਿਰ ਆਪਣੇ ਵਰਗੀ ਕੋਠੀ ਕਿਉਂ
ਨਹੀਂ ਪਾਈ... ਉਹ ਖੇਤਾਂ ‘ਚ ਕਿਉਂ ਰਹਿੰਦੇ ਆ?‘‘
ਬਾਪ ਦੇ ਮੂੰਹੋਂ ਸੁਭਾਵਿਕ ਹੀ ਨਿਕਲ ਜਾਂਦਾ ਹੈ, “ਵੇਖ ਬੇਟਾ, ਤੂੰ ਇਹ ਗੱਲਾਂ ਛੱਡ।
ਪੜ੍ਹਾਈ ਟਾਈਮ ਨਾਲ ਕਰਿਆ ਕਰ... ਨਾਲੇ ਵੇਖ ਜਿਹੜੇ ਬੱਚੇ ਪੜ੍ਹਾਈ ਨਹੀਂ ਕਰਦੇ, ਉਹ ਜ਼ਿੰਦਗੀ
‘ਚ ਕੁਝ ਨਹੀਂ ਬਣਦੇ।‘‘
“ਪਾਪਾ! ਕੁਝ ਨਹੀਂ ਬਣਦੇ, ਇਹਦਾ ਕੀ ਮਤਲਬ ਹੋਇਆ?‘‘ ਬੱਚੇ ਨੇ ਝੱਟ ਅਗਲਾ ਸੁਆਲ ਕਰ ਦਿੱਤਾ।
ਬਾਪ ਨੇ ਟਾਲਣ ਲਈ ਕਿਹਾ , “ਮੇਰਾ ਮਤਲਬ ਹੈ ਕਿ ਜਿਹੜੇ ਬੱਚੇ ਨਹੀਂ ਪੜ੍ਹਦੇ, ਉਹ ਕੁਝ ਨਹੀਂ
ਬਣਦੇ, ਮਤਲਬ ਉਹਨਾਂ ਨੂੰ ਕਾਰ, ਕੋਠੀ ਵਗ਼ੈਰਾ ਕੁਝ ਨਹੀਂ ਮਿਲਦਾ।‘‘
ਦੋ ਕੁ ਮਹੀਨਿਆਂ ਬਾਅਦ ਬਾਪ ਦੇ ਸਾਈਕਲ ਵਾਲੇ ਚਾਚੇ ਦੇ ਲੜਕੇ ਦਾ ਵਿਆਹ ਸੀ।
ਵਿਆਹ ਬੜੀ ਧੂਮ-ਧਾਮ ਨਾਲ ਹੋਇਆ। ਕੁੜੀ ਵਾਲਿਆਂ ਵਿੱਤੋਂ ਵੱਧ ਜ਼ੋਰ ਲਾ ਦਿੱਤਾ।
ਦਾਜ-ਦਹੇਜ ਦੀਆਂ ਵਸਤਾਂ ਦਾ ਕੋਈ ਅੰਤ ਨਹੀਂ ਸੀ। ਮੋਟਰ ਸਾਈਕਲ, ਕਾਰ, ਫਰਨੀਚਰ ਆਦਿ ਸਾਰਾ
ਕੁਝ ਦਹੇਜ ਵਿੱਚ ਸ਼ਾਮਲ ਸੀ।
ਬੱਚਾ ਹਰ ਚੀਜ਼ ਬੜੇ ਗਹੁ ਨਾਲ ਵੇਖ ਰਿਹਾ ਸੀ। ਉਹ ਬਾਪ ਦੀ ਬਾਂਹ ਫੜ ਕੇ ਉਹਨੂੰ ਕਾਰ ਕੋਲ ਲੈ
ਗਿਆ।
‘‘ਪਾਪਾ ਇਹ ਨਵੀਂ ਕਾਰ ਕੀਹਦੀ ਆ?‘‘ ਉਹਨੇ ਕਾਲੇ ਰੰਗ ਦੇ ਰਿਬਨਾਂ ਨਾਲ ਸਵਾਰੀ ਨਵੀਂ ਕਾਰ
ਵੱਲ ਵੇਖ ਕੇ ਪੁੱਛਿਆ।
‘‘ਬੇਟਾ ਇਹ ਤੇਰੇ ਚਾਚੂ ਮਨਦੀਪ ਦੇ ਦਾਜ ‘ਚ ਆਈ ਆ।‘‘
‘‘ਪਾਪਾ ਦਾਜ ਕੀ ਹੁੰਦਾ ਏ?‘‘
‘‘ਬੇਟਾ ਕੁੜੀ ਦੇ ਮਾਪੇ ਇਹ ਚੀਜ਼ਾਂ, ਵਿਆਹ ਵੇਲੇ ਆਪਣੀ ਧੀ ਨੂੰ ਦਿੰਦੇ ਨੇ। ਇਹਨੂੰ ਈ ਦਾਜ
ਕਹਿੰਦੇ ਨੇ।‘‘
ਬਾਪ ਨੇ ਸੰਖੇਪ ਜਿਹਾ ਜਵਾਬ ਦਿੱਤਾ।
‘‘ਪਾਪਾ ਇਹ ਦਾਜ ਹਰ ਇਕ ਨੂੰ ਮਿਲਦਾ ਏ?‘‘
‘‘... ਹਾਂ-ਤਕਰੀਬਨ ਮਿਲ ਈ ਜਾਂਦਾ ਏ।‘‘
‘‘ਤਾਂ ਪਾਪਾ ਫਿਰ ਜਦੋਂ ਮੇਰਾ ਵਿਆਹ ਹੋਊਗਾ, ਮੈਨੂੰ ਵੀ ਦਾਜ ਮਿਲੂਗਾ?‘‘
ਬਾਪ ਨੂੰੇ ਇਸ ਸੁਆਲ ਦੀ ਆਸ ਨਹੀਂ ਸੀ।
ਉਹਨੇ ਖਹਿੜਾ ਛੁਡਾਉਣ ਲਈ ਕਹਿ ਦਿੱਤਾ, ‘‘ਬੇਟਾ ਦਾਜ ਦੀ ਆਸ ਨਹੀਂ ਰੱਖੀਦੀ, ਤੂੰ ਬੱਸ
ਪੜ੍ਹਿਆ ਕਰ। ਪੜ੍ਹ ਲਿਖ ਕੇ ਚੰਗੀ ਨੌਕਰੀ ‘ਤੇ ਲੱਗ ਕੇ ਆਪੇ ਸਾਰਾ ਕੁਝ ਬਣਾ ਲਈਂ। ਅੱਗੇ
ਮੈਂ ਵੀ ਤਾਂ ਸਾਰਾ ਕੁਝ ਬਣਾ ਈ ਲਿਆ ਏ।‘‘
ਬਾਪ ਦੀ ਗੱਲ ਖਤਮ ਹੁੰਦਿਆ ਈ ਬੱਚੇ ਨੇ ਫਿਰ ਅਗਲਾ ਸੁਆਲ ਕਰ ਦਿੱਤਾ, ‘‘ਪਾਪਾ ਤੁਸੀਂ ਤਾਂ
ਕਹਿੰਦੇ ਸੀ, ਪੜ੍ਹੇ-ਲਿਖੇ ਤੇ ਮਿਹਨਤ ਕੀਤੇ ਬਗੈਰ ਕੁਝ ਨਹੀਂ ਮਿਲਦਾ, ਪਰ ਮਨਦੀਪ ਚਾਚੂ ਤਾਂ
ਬਹੁਤਾ ਪੜ੍ਹਿਆ ਨਹੀਂ, ਉਹਨਾਂ ਨੂੰ ਤਾਂ ਸਾਰਾ ਕੁਝ ਮਿਲ ਈ ਗਿਆ ਹੈ। ਫਿਰ ਪੜ੍ਹਨ ਤੇ ਮਿਹਨਤ
ਕਰਨ ਦੀ ਕੀ ਲੋੜ ਹੈ? ਵਿਆਹ ਤੋਂ ਬਾਅਦ ਤਾਂ ਮੈਨੂੰ ਸਾਰਾ ਕੁਝ ਮਿਲ ਈ ਜਾਣਾ ਏ।‘‘
ਬੱਚੇ ਦੇ ਮੂੰਹੋ ਇਹ ਗੱਲ ਸੁਣ ਕੇ ਬਾਪ ਹੱਕਾ-ਬੱਕਾ ਰਹਿ ਗਿਆ।
(ਸੁਖਦੇਵ ਸੇਖੋਂ)
6-
ਪੁਰਾਣੇ ਵੇਲਿਆਂ ਦੀ ਗੱਲ ਏ। ਇਕ ਵਿਦਵਾਨ ਕਿਤੇ ਦੂਰ ਦੇਸ਼ ਨੂੰ ਜਾ ਰਿਹਾ ਸੀ। ਰਾਹ ਵਿਚ
ਦਰਿਆ ਪੈਂਦਾ ਸੀ। ਉਦੋਂ ਦਰਿਆਵਾਂ ‘ਤੇ ਪੁਲ ਨਹੀਂ ਸਨ ਹੁੰਦੇ। ਼ਲੋਕ ਬੇੜੀਆਂ ‘ਤੇ ਸਵਾਰ ਹੋ
ਕੇ ਦਰਿਆ ਪਾਰ ਕਰਦੇ ਸਨ।
ਵਿਦਵਾਨ ਨੇ ਵੇਖਿਆ ਕਿ ਦਰਿਆ ਦੇ ਕਿਨਾਰੇ ਇਕ ਮਲਾਹ ਬੇੜੀ ਦਾ ਪੂਰ ਦੂਜੇ ਕੰਢੇ ‘ਤੇ ਲਾ ਕੇ
ਵਾਪਸ ਆ ਰਿਹਾ ਸੀ। ਹੁਣ ਉਹ ਓਧਰੋਂ ਲਿਆਂਦੀਆਂ ਸਵਾਰੀਆਂ ਏਧਰਲੇ ਕੰਢੇ ‘ਤੇ ਲਾਹ ਰਿਹਾ ਸੀ।
ਜਦੋਂ ਉਤਰੀਆਂ ਸਵਾਰੀਆਂ ਤੁਰ ਗਈਆਂ ਤਾਂ ਦਰਿਆ ਕਿਨਾਰੇ ਮਲਾਹ ਅਤੇ ਉਹ ਵਿਦਵਾਨ ਈ ਰਹਿ ਗਏ।
ਵਿਦਵਾਨ ਨੇ ਕਿਹਾ ਕਿ ਉਹਨੂੰ ਦਰਿਆ ਦੇ ਪਾਰ ਲੈ ਜਾਵੇ। ਮਲਾਹ ਨੇ ਕਿਹਾ, “ ਅਜੇ ਕੁਝ ਦੇਰ
ਰੁਕ ਜਾ। ਂਨਾਲੇ ਹੋਰ ਸਵਾਰੀਆਂ ਆ ਜਾਣਗੀਆਂ ਨਾਲੇ ਮੌਸਮ ਕੁਝ ਖ਼ਰਾਬ ਏ ਉਹ ਵੀ ਏਨੇ ਚਿਰ
ਨੂੰ ਠੀਕ ਹੋ ਜਾਵੇਗਾ।”
ਵਿਦਵਾਨ ਨੇ ਕਿਹਾ ਕਿ ਉਹ ਉਹਨੂੰ ਵੱਧ ਪੈਸੇ ਦੇਵੇਗਾ। ਪੈਸਿਆਂ ਦੀ ਉਹਨੂੰ ਕੋਈ ਘਾਟ ਨਹੀਂ।
ਮਲਾਹ ਨੇ ਉਹਦੀ ਗੱਲ ਮੰਨ ਲਈ। ਉਹਨੇ ਬੇੜੀ ਉੱਛਲ ਰਹੇ ਦਰਿਆ ਵਿਚ ਠੇਲ੍ਹ ਦਿੱਤੀ।
ਗੱਲ-ਬਾਤ ਤੋਰਨ ਲਈ ਵਿਦਵਾਨ ਨੇ ਮਲਾਹ ਨੂੰ ਪੁੱਛਿਆ, “ ਕੀ ਤੂੰ ਹਿਸਟਰੀ ਪੜ੍ਹਿਆ ਹੋਇਆ
ਏਂ?”
“ਨਹੀਂ ਜੀ ਮੈਨੂੰ ਕੀ ਪਤਾ ਕਿ ਹਿਸਟਰੀ ਕੀ ਹੁੰਦੀ ਏ। ਮੈਨੂੰ ਤਾਂ ਆਪਣਾ ਤੇ ਆਪਣੇ ਟੱਬਰ ਦਾ
ਈ ਪਤਾ ਏ।”
ਵਿਦਵਾਨ ਨੇ ਨਿਰਾਸ ਹੋ ਕੇ ਕਿਹਾ, “ਫਿਰ ਤਾਂ ਭਰਾਵਾ ਤੇਰੀ ਇਕ ਚੌਥਾਈ ਜਿ਼ੰਦਗੀ ਸਮਝ ਐਵੇਂ
ਚਲੀ ਗਈ। ਹਿਸਟਰੀ ਦੇ ਗਿਆਨ ਬਿਨਾਂ ਤਾਂ ਬੰਦੇ ਦੀ ਜਿ਼ੰਦਗੀ ਦਾ ਚੌਥਾ ਹਿੱਸਾ ਮਰਿਆਂ ਸਮਾਨ
ਸਮਝੋ।”
ਕੁਝ ਦੇਰ ਬਾਅਦ ਵਿਦਵਾਨ ਨੇ ਮਲਾਹ ਨੂੰ ਪੁੱਛਿਆ, “ ਕੀ ਤੂੰ ਹਿਸਾਬ ਪੜ੍ਹਿਆ ਹੋਇਆ ਏ?”
“ਨਹੀਂ ਜਨਾਬ! ਮੈਂ ਤਾਂ ਬੱਸ ਆਪਣੇ ਕਿਰਾਏ-ਭਾੜੇ ਦਾ ਈ ਹਿਸਾਬ ਕਰਨ ਜੋਗਾ ਹਾਂ।”
ਮਲਾਹ ਦਾ ਜਵਾਬ ਸੁਣ ਕੇ ਵਿਦਵਾਨ ਨੇ ਕਿਹਾ, “ਜਾਹ ਉਏ ਕਮਲਿਆ! ਂਨਾ ਤੂੰ ਹਿਸਾਬ ਤੇ ਨਾ
ਇਤਿਹਾਸ ਪੜ੍ਹਿਆ ਏ । ਤੇਰੀ ਤਾਂ ਫਿਰ ਅੱਧੀ ਜਿ਼ੰਦਗੀ ਐਵੇਂ ਬਰਬਾਦ ਹੋ ਗਈ।”
ਦਰਿਆ ਵਿਚਲਾ ਤੂਫ਼ਾਨ ਵਧਦਾ ਜਾ ਰਿਹਾ ਸੀ।
ਹੁਣ ਵਿਦਵਾਨ ਨੇ ਪੁੱਛਿਆ, “ ਜੋਤਸ਼ ਬਾਰੇ ਤਾਂ ਕੁਝ ਜਾਣਦਾ ਹੋਵੇਂਗਾ?”
“ਨਹੀਂ ਹਜ਼ੂਰ! ਮੈਨੂੰ ਜੋਤਸ਼ ਬਾਰੇ ਕੀ ਪਤਾ ਹੋਣਾ ਏਂ ਅਨਪੜ੍ਹ ਬੰਦੇ ਨੂੰ।”
“ਫਿਰ ਤਾਂ ਭਰਾਵਾ! ਤੇਰੀ ਪੌਣੀ ਜਿ਼ੰਦਗੀ ਐਵੇਂ ਗਵਾਚ ਗਈ।”
ਦਰਿਆ ਦੀਆਂ ਛੱਲਾਂ ਨਾਲ ਬੇੜੀ ਡੋਲਨ ਲੱਗੀ। ਤੂਫ਼ਾਨ ਸ਼ੂਕਣ ਲੱਗ ਪਿਆ।
ਪਾਣੀ ਦੀਆਂ ਛੱਲਾਂ ਬੇੜੀ ਵਿਚ ਡਿਗਣ ਲੱਗੀਆਂ। ਬੇੜੀ ਡੁੱਬਣ ਲੱਗੀ ਤਾਂ ਮਲਾਹ ਨੇ ਵਿਦਵਾਨ
ਨੂੰ ਪੁੱਛਿਆ, “ ਹਜ਼ੂਰ! ਕੀ ਤੁਹਾਨੂੰ ਤਰਨਾ ਆਉਂਦਾ ਏ?”
ਵਿਦਵਾਨ ਨੇ ਨਾਂਹ ਵਿਚ ਸਿਰ ਹਿਲਾਇਆ।
ਮਲਾਹ ਨੇ ਕਿਹਾ, “ਜਨਾਬ! ਫਿਰ ਤਾਂ ਸਮਝੋ ਤੁਹਾਡੀ ਤਾਂ ਸਾਰੀ ਜਿ਼ੰਦਗੀ ਗਈ।” ਏਨੀ ਆਖ ਕੇ
ਉਹਨੇ ਦਰਿਆ ਵਿਚ ਛਾਲ ਮਾਰ ਦਿੱਤੀ ਤੇ ਤਰ ਕੇ ਦਰਿਆ ਪਾਰ ਕਰ ਗਿਆ।
ਬਹੁਤਾ ਪੜ੍ਹੇ-ਲਿਖੇ ਵਿਦਵਾਨ ਨਾਲ ਕੀ ਬੀਤੀ, ਤੁਸੀਂ ਜਾਣ ਈ ਗਏ ਹੋਵੋਗੇ।”
7
ਮੇਰੇ ਮਨ ਵਿਚ ਖਿ਼ਆਲ ਆਇਆ ਏ ਕਿ ਤੁਹਾਡੇ ਨਾਲ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨੇ ਦੇ
ਪਹਿਲੇ ਮਿਲਾਪ ਦੀ ਕਥਾ ਤੁਹਾਡੇ ਨਾਲ ਸਾਂਝੀ ਕਰਾਂ।
ਇਹ ਨਹੀਂ ਸੀ ਕਿ ਛੋਟੇ ਜਿਹੇ ਪਿੰਡ ਤਲਵੰਡੀ ਵਿਚ ਰਹਿੰਦਿਆਂ ਉਹ ਦੋਵੇਂ ਇਕ ਦੂਜੇ ਨੂੰ
ਪਹਿਲਾਂ ਮਿਲੇ ਹੀ ਨਾ ਹੋਣਗੇ । ਰੋਜ਼ ਇਕ ਦੂਜੇ ਨੂੰ ਰਾਹ-ਖਹਿੜੇ ਲੰਘਦੇ-ਵੜਦੇ ਜ਼ਰੂਰ ਮਿਲਦੇ
ਹੋਣਗੇ, ਸਾਹਬ-ਸਲਾਮ ਵੀ ਕਰਦੇ ਹੋਣਗੇ। ਗੱਲ-ਬਾਤ ਵੀ ਹੁੰਦੀ ਹੋਵੇਗੀ। ਪਰ ਅਸੀਂ ਜਿਸ ਮਿਲਣੀ
ਦਾ ਜ਼ਿਕਰ ਕਰਨਾ ਹੈ, ਉਹ ਖ਼ਾਸ ਮਿਲਣੀ ਹੈ। ਇਹ ਦੋਵਾਂ ਵਿਚਲੀ ਫ਼ੈਸਲਾਕੁਨ ਮਿਲਣੀ ਸੀ।
ਭਾਈ ਮਰਦਾਨਾ ਗੁਰੂ ਜੀ ਨਾਲੋਂ ਉਮਰ ਵਿਚ ਦਸ ਸਾਲ ਵੱਡਾ ਸੀ।
ਕਹਿੰਦੇ ਨੇ ਆਪਣੇ ਜੀਵਨ ਦੇ ਪਹਿਲੇ ਸਾਲਾਂ ਵਿਚ, ਗੁਰੂ ਨਾਨਕ ਦੇਵ ਜੀ ਆਪਣੇ ਪਿੰਡ ,
ਰਾਇ-ਭੋਇ ਦੀ ਤਲਵੰਡੀ ਦੇ ਖੇਤਾਂ ਵਿਚ ਤੁਰੇ ਜਾ ਰਹੇ ਸਨ ਤਾਂ ਉਹਨਾਂ ਨੇ ਸੁਣਿਆਂ ਕਿ ਕਿਸੇ
ਵਣ ਦੇ ਰੁੱਖ ਹੇਠਾਂ ਭਾਈ ਮਰਦਾਨਾ ਰਬਾਬ ਵਜਾ ਰਿਹਾ ਸੀ। ਰਬਾਬ ਦੀਆਂ ਤਾਰਾਂ ਵਿਚੋਂ
ਨਿਕਲਦੀਆਂ ਮਿੱਠੀਆਂ ਸੁਰਾਂ ਨੇ ਸਾਰਾ ਮਾਹੌਲ ਜਿਵੇਂ ਕੀਲ ਲਿਆ ਹੋਵੇ। ਸਾਰੀ ਬਨਸਪਤੀ ਜਿਵੇਂ
ਸੁਰਾਂ ਦੀ ਸੰਗਤ ਵਿਚ ਮੌਲਣ ਲੱਗ ਪਈ ਹੋਵੇ।
ਗੁਰੂ ਜੀ ਮਰਦਾਨੇ ਕੋਲ ਬੈਠ ਗਏ।
ਮਰਦਾਨੇ ਨੇ ਰਬਾਬ ਵਜਾਉਣੀ ਬੰਦ ਕੀਤੀ ਤਾਂ ਗੁਰੂ ਜੀ ਨੇ ਆਖਿਆ:
”ਭਾਈ ਮਰਦਾਨਿਆਂ! ਤੂੰ ਬਹੁਤ ਸੋਹਣੀ ਰਬਾਬ ਵਜਾਉਂਦਾ ਏਂ। ਤੇਰੇ ਹੱਥਾਂ ਵਿਚ ਤਾਂ ਜਾਦੂ ਹੈ।
ਤੂੰ ਤਾਰਾਂ ਨੂੰ ਗੱਲਾਂ ਕਰਨ ਲਾ ਦੇਂਦਾ ਏਂ। ਪਰ ਅੱਜ ਤੱਕ ਤੂੰ ਇਹ ਰਬਾਬ ਆਪੇ ਜਜਮਾਨਾਂ ਲਈ
ਵਜਾਈ ਹੈ। ਉਹਨਾਂ ਦੀ ਝੂਠੀ ਤੇ ਫੋਕੀ ਵਡਿਆਈ ਕਰਨ ਲਈ ਰਬਾਬ ਨੂੰ ਵਰਤਦਾ ਆਇਐਂ ਤਾਕਿ ਤੂੰ
ਉਹਨਾਂ ਤੋਂ ਕੁਝ ਸਿੱਕੇ ਮੰਗ ਸਕੇਂ।”
“ਤਾਂ ਫਿਰ ਮੈਨੂੰ ਕੀ ਕਰਨਾ ਚਾਹੀਦਾ ਏ ਮੇਰੇ ਮਾਲਕ?”
”ਆ! ਭਾਈ ਮਰਦਾਨਿਆਂ! ਆਪਣੀ ਰਬਾਬ ਦੀਆਂ ਸੁਰਾਂ ਨਾਲ ਉਸ ਸੋਹਣੇ ਰੱਬ ਦੀ ਵਡਿਆਈ ਦਾ ਸ਼ਬਦ
ਜੋੜ ਲੈ। ਫੇਰ ਵੇਖ ਕੀ ਰੰਗ ਬਣਦਾ ਹੈ! ਜੇ ਮੰਗਣਾਂ ਵੀ ਹੈ ਤਾਂ ਉਸ ਸੋਹਣੇ ਰੱਬ ਤੋਂ ਮੰਗ।
ਲੋਕਾਂ ਤੋਂ ਕਿੁਂ ਮੰਗਣਾ ਹੋਇਆ।”
“ਮੇਰੇ ਮਾਲਕਾ! ਤੂੰ ਮੇਰੀਆਂ ਅੱਖਾਂ ਖੋਲ ਦਿੱਤੀਆਂ ਨੇ। ਅੱਜ ਤੋਂ ਮੇਰੀ ਰਬਾਬ ਕਿਸੇ
ਦੁਨਿਆਵੀ ਜਜਮਾਨ ਲਈ ਨਹੀਂ ਵੱਜੇਗੀ। ਅੱਜ ਤੋਂ ਮੇਰੀ ਰਬਾਬ ਦੀਆਂ ਸੁਰਾਂ ਤੇਰੇ ਸ਼ਬਦ ਦੀਆਂ
ਗੁਲਾਮ ਹੋ ਗਈਆਂ।”
ਤੇ ਭਾਈ ਮਰਦਾਨੇ ਨੇ ਮਰਦੇ ਦਮ ਤੱਕ ਗੁਰੂ ਜੀ ਦੇ ਸ਼ਬਦ ਨਾਲ ਆਪਣੀਆਂ ਸੁਰਾਂ ਨੂੰ ਜੋੜੀ
ਰੱਖਿਆ।
ਦੋਸਤੋ! ਅਜੋਕੇ ਸੰਗੀਤ ਨਾਲ ਕਿਹੋ ਜਿਹੇ ਸ਼ਬਦ ਦਾ ਕਿਹੋ ਜਿਹਾ ਰਿਸ਼ਤਾ ਬਣ ਚੁੱਕਾ ਏ। ਇਹਦੇ
ਬਾਰੇ ਦੱਸਣ ਦੀ ਲੋੜ ਨਹੀਂ। ਇਹ ਤੁਸੀਂ ਮੇਰੇ ਨਾਲੋਂ ਵੱਧ ਜਾਣਦੇ ਓ।
8
ਦਿਲ ਨੂੰ ਛੂਹਣ ਵਾਲੀ ਇਕ ਹੋਰ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ।
ਸੁਆਰੀਆਂ ਨਾਲ ਭਰੀ ਬੱਸ ਅੱਡੇ ਤੇ ਆਕੇ ਰੁਕੀ ਹੀ ਸੀ ਕੇ ਕੰਡਕਟਰ ਦੀ ਨਜਰ ਭੁੰਜੇ ਡਿੱਗੇ
ਬਟੂਏ ਤੇ ਜਾ ਪਈ !
ਬਟੂਏ ਵਿਚੋਂ ਥੋੜੇ ਜਿਹੇ ਪੈਸੇ ਤੇ ਇਕ ਬਾਬੇ ਨਾਨਕ ਦੀ ਫੋਟੋ ਤੋਂ ਇਲਾਵਾ ਕੁਝ ਨਾ ਨਿਕਲਿਆ
!
ਕੰਡਕਟਰ ਨੇ ਉੱਚੀ ਸਾਰੀ ਹੋਕਾ ਦੇ ਕਿਹਾ ਬਈ ਗੁਆਚਾ ਬਟੂਆ ਲੱਭਾ ਹੈ ਤੇ ..ਨਿਸ਼ਾਨੀ ਦੱਸ ਕੇ
ਲੈ ਜਾਵੋ !
ਡੰਡੇ ਦੇ ਸਹਾਰੇ ਤੁਰਦਾ ਬਜ਼ੁਰਗ ਅਗਾਂਹ ਆਇਆ ਤੇ ਕਹਿੰਦਾ ਕੇ ਪੁੱਤ ਇਹ ਮੇਰਾ ਗੁਆਚਾ ਹੋਇਆ
ਬਟੂਆ ਹੈ ਤੇ ਇਸਦੀ ਨਿਸ਼ਾਨੀ ਇਹ ਹੈ ਕਿ ਇਸ ਵਿਚ ਬਾਬੇ ਨਾਨਕ ਦੀ ਫੋਟੋ ਲੱਗੀ ਹੈ !
ਕੰਡਕਟਰ ਨੇ ਪੁਛਿਆ, “.ਬਾਬਾ! ਇਹ ਦੱਸ ਕਿ ਬਟੂਏ ਵਿਚ ਤੂੰ ਆਪਦੀ ਫੋਟੋ ਕਿਓਂ ਨਹੀਂ ਲਾਈ
.....?
ਬਜ਼ੁਰਗ ਲੰਮਾ ਸਾਹ ਲੈ ਕਹਿੰਦਾ ਪੁੱਤ ਗੱਲ ਥੋੜੀ ਲੰਮੀ ਹੈ ਧਿਆਨ ਨਾਲ ਸੁਣੀ ... ਇਹ ਬਟੂਆ
ਨਿੱਕੇ ਹੁੰਦਿਆਂ ਮੇਰੇ ਬੇਬੇ ਬਾਪੂ ਨੇ ਲੈ ਕੇ ਦਿੱਤਾ ਸੀ ..ਨਾਲੇ ਰੋਜ ਰੋਜ ਪੈਸੇ ਦਿੰਦੇ
ਸੀ ਖਰਚਣ ਨੂੰ ..ਬੜੇ ਚੰਗੇ ਲੱਗਦੇ ਸੀ ...ਇੱਕ ਦਿਨ ਇਸ ਬਟੂਏ ਵਿਚ ਓਹਨਾ ਦੀ ਫੋਟੋ ਲਾ ਲਈ
!
ਫੇਰ ਜੁਆਨ ਹੋਇਆ ...ਖੁੱਲੀ ਖੁਰਾਕ ..ਗੱਲਾਂ ਦਾ ਲਾਲ ਸੂਹਾ ਰੰਗ ..ਫੜਕਦੇ ਡੌਲੇ ..ਜੁਆਨੀ
ਵਾਲਾ ਜ਼ੋਰ ..ਘੰਟਿਆਂ ਬੱਧੀ ਸ਼ੀਸ਼ੇ ਅੱਗੇ ਖਲੋਤਾ ਆਪਣੇ ਆਪ ਨੂੰ ਦੇਖਦਾ ਰਹਿੰਦਾ ਸੀ
....ਭੁਲੇਖਾ ਪੈ ਗਿਆ ਕੇ ਸ਼ਾਇਦ ਦੁਨੀਆ ਦਾ ਸਭ ਤੋਂ ਖੂਬਸੂਰਤ ਤੇ ਤਾਕਤਵਰ ਇਨਸਾਨ ਮੈਂ ਹੀ
ਸਾਂ !
ਜੁਆਨੀ ਦੇ ਲੋਰ ਵਿਚ ਇੱਕ ਦਿਨ ਬਟੂਏ ਚੋਂ ਮਾਪਿਆਂ ਦੀ ਫੋਟੋ ਕੱਢੀ ਤੇ ਆਪਣੇ ਆਪ ਦੀ ਲਾ
ਲਈ...!
ਫੇਰ ਵਿਆਹ ਹੋ ਗਿਆ ..ਸੋਹਣੀ ਵਹੁਟੀ ਦੇਖ ਸਰੂਰ ਜਿਹਾ ਚੜ ਗਿਆ .. ਆਪਣੀ ਫੋਟੋ ਕੱਢੀ ਤੇ
ਉਸਦੀ ਲਾ ਲਈ ...!
ਫੇਰ ਸੋਹਣੇ ਪੁੱਤ ਨੇ ਘਰ ਜਨਮ ਲਿਆ ...ਗਿੱਠ ਗਿੱਠ ਭੋਇੰ ਤੋਂ ਉਚਾ ਹੋ ਹੋ ਤੁਰਨ ਲੱਗਿਆ
..ਜੁਆਨ ਹੁੰਦਾ ਪੁੱਤ ਦੇਖ ਇੱਕ ਦਿਨ ਬਟੂਏ ਚੋਂ ਵਹੁਟੀ ਦੀ ਫੋਟੋ ਕੱਢ ਕੇ ਪੁੱਤ ਦੀ ਲਾ
ਲਈ...!
ਫੇਰ ਸਮੇ ਦਾ ਚੱਕਰ ਚਲਿਆ ...ਜੁਆਨੀ ਵਾਲਾ ਜ਼ੋਰ ਜਾਂਦਾ ਰਿਹਾ ..ਮਾਂ ਪਿਓ ਵੀ ਤੁਰ ਗਏ
ਦੁਨੀਆ ਤੋਂ ..ਵਹੁਟੀ ਵੀ ਸਦਾ ਵਾਸਤੇ ਸਾਸਰੀ ਕਾਲ ਬੁਲਾ ਗਈ ਇੱਕ ਦਿਨ !
ਫੇਰ ਇੱਕ ਦਿਨ ਜਿਹੜੇ ਪੁੱਤ ਤੇ ਇਨਾਂ ਮਾਣ ਸੀ ਉਹ ਵੀ ਕੱਲਾ ਛੱਡ ਟੱਬਰ ਲੈ ਦੂਜੇ ਸ਼ਹਿਰ
ਚਲਿਆ ਗਿਆ ...ਤੇ ਜਾਂਦਿਆਂ ਕਹਿ ਗਿਆ ਮਗਰੇ ਨਾ ਆਵੀਂ ..ਘਰੇ ਕਲੇਸ਼ ਪੈਂਦਾ !
ਫੇਰ ਇਕ ਦਿਨ ਸਾਰਾ ਕੁਝ ਗੁਆ ਕੇ ਮੱਸਿਆ ਦੇ ਮੇਲੇ ਵਿਚ ਕਮਲਿਆਂ ਵਾਂਗ ਕੱਲੇ ਤੁਰੇ ਫਿਰਦੇ
ਨੂੰ ਬਾਬੇ ਨਾਨਕ ਦੀ ਫੋਟੋ ਦਿਸ ਪਈ ...ਓਸੇ ਵੇਲੇ ਮੁੱਲ ਲੈ ਬਟੂਏ ਵਿਚ ਲਾ ਲਈ..
.ਬਸ ਉਸ ਦਿਨ ਤੋਂ ਬਾਅਦ ਮੈਂ ਤੇ ਮੇਰਾ ਬਾਬਾ ਨਾਨਕ ..ਜਿੰਦਗੀ ਦੀ ਗੱਡੀ ਤੁਰੀ ਜਾਂਦੀ ਇਸੇ
ਤਰਾਂ ..ਕਈ ਵਾਰੀ ਗੱਲਾਂ ਕਰ ਲਈਦੀਆਂ ਦੁੱਖ ਸੁਖ ਕਰ ਲਈਦੇ ਬਾਬੇ ਨਾਨਕ ਨਾਲ !
ਬੁੱਤ ਬਣੇ ਕੰਡਕਟਰ ਨੇ ਬਾਪੂ ਨੂੰ ਬਟੂਆ ਮੋੜ ਦਿੱਤਾ ਤੇ ਬਾਪੂ ਆਪਣੇ ਰਾਹ ਪੈ ਗਿਆ !
ਥੋੜੀ ਦੇਰ ਬਾਅਦ ਅੱਖਾਂ ਪੂੰਝਦਾ ਕੰਡਕਟਰ ਅੱਡੇ ਤੇ ਹੀ ਫੋਟੋਆਂ ਕਲੰਡਰਾਂ ਵਾਲੀ ਦੁਕਾਨ ਤੇ
ਖਲੋਤਾ ਦੁਕਾਨਦਾਰ ਨੂੰ ਕਹਿ ਰਿਹਾ ਸੀ .." ਭਾਈ ਸਾਬ ਇੱਕ ਬਾਬੇ ਨਾਨਕ ਦੀ ਫੋਟੋ ਦੇਣਾ..
ਬਟੂਏ ਵਿਚ ਲਾਉਣੀ ਹੈ "
-0- |