(ਕਾਮਰੇਡ ਅਰਜਨ ਸਿੰਘ
ਗੜਗੱਜ ਅਜਿਹੇ ਹੀ ਮਹਾਨ ਸੁਤੰਤਰਤਾ ਸੰਗਰਾਮੀ ਹੋਏ ਨੇ ਜਿਨ੍ਹਾਂ ਦਾ ਸਾਰਾ ਜੀਵਨ ਬੇਮਿਸਾਲ
ਕੁਰਬਾਨੀ ਦੀ ਦਾਸਤਾਨ ਹੈ। ਉਹਨਾਂ ਨੇ ਆਪਣੇ ਜੀਵਨ-ਸੰਘਰਸ਼ ਦੀ ਬਾਤ ਪਾਉਂਦੀਆਂ ਕੁਝ
ਪੁਸਤਕਾਂ ਦੀ ਰਚਨਾ ਕੀਤੀ ਹੈ, ਜਿਨ੍ਹਾਂ ਵਿਚ ਉਹਨਾਂ ਨੇ ਆਪਣੇ 1919 ਤੋਂ ਲੈ ਕੇ 1947 ਤੱਕ
ਦੇ ਸੰਘਰਸ਼ ਵਿਚ ਸ਼ਾਮਲ ਸਾਥੀਆਂ ਦੀ ਕੁਰਬਾਨੀ ਦਾ ਵੇਰਵਾ ਦਿੱਤਾ ਹੈ। ਅੱਜ ਅਸੀਂ ਉਹਨਾਂ
ਵੱਲੋਂ ਲਿਖੇ ਇਕ ਅਜਿਹੇ ਸੂਰਮੇ ਦੀ ਬਾਤ ਸਾਂਝੀ ਕਰਨ ਲੱਗੇ ਹਾਂ, ਜਿਸਨੂੰ ਗੜਗੱਜ ਸਾਹਿਬ
'ਗੁੰਮਨਾਮ ਹੀਰੋ'ਆਖ ਕੇ ਯਾਦ ਕਰਦੇ ਨੇ।)
ਪੰਜਾਬ ਯੋਧਿਆਂ ਦਾ ਦੇਸ਼ ਹੈ ਪਰ ਏਥੇ ਪੜ੍ਹਣ ਲਿਖਣ ਦਾ ਸ਼ੌਕ ਬਹੁਤ ਘੱਟ ਹੈ। ਕਿਸੇ ਲਹਿਰ
ਵਿਚ ਕੈਦ ਹੋਣ ਲਈ ਦਸ-ਪੰਦਰਾਂ ਹਜ਼ਾਰ ਆਦਮੀ ਝੱਟ ਨਿਕਲ ਆਉਣਗੇ ਪਰ ਉਸ ਲਹਿਰ ਬਾਰੇ ਐਸੀ
ਕਿਤਾਬ ਲਿਖਣ ਵਾਲਾ, ਜਿਸ ਤੋਂ ਉਸ ਲਹਿਰ ਦਾ ਅਸਲੀ ਰੰਗ ਉਘੜੇ, ਮਿਲਣਾ ਮੁਸ਼ਕਲ ਹੈ। ਸੌ ਡੇਢ
ਸੌ ਸਾਲ ਪਹਿਲਾਂ ਦੇ ਪੰਜਾਬ ਨੂੰ ਜੇ ਕੋਈ ਵਿਸਥਾਰ ਨਾਲ ਜਾਨਣਾ ਚਾਹੇ ਤਾਂ ਬਦੇਸ਼ੀ
ਸੈਲਾਨੀਆਂ ਦੇ ਸਫ਼ਰਨਾਮਿਆਂ ਤੋਂ ਸਿਵਾ ਹੋਰ ਕੁਝ ਸਹਾਇਤਾ ਨਹੀਂ ਕਰਦਾ। ਏਸੇ ਕਰ ਕੇ
ਪੰਜਾਬੀਆਂ ਬਾਰੇ ਇਹ ਅਕਸਰ ਕਿਹਾ ਜਾਂਦਾ ਹੈ ਕਿ ਇਹ ਇਤਿਹਾਸ ਬਣਾਉਂਦੇ ਤਾਂ ਹਨ ਪਰ ਇਤਿਹਾਸ
ਲਿਖਦੇ ਨਹੀਂ। ਜਦੋਂ ਇਹਨਾਂ ਦਾ ਇਤਿਹਾਸ ਕੋਈ ਹੋਰ ਲਿਖੇਗਾ ਤਾਂ ਉਹ ਉਸ ਵਿਚ ਆਪਣਾ ਨਜ਼ਰੀਆ
ਤੇ ਸੋਚਣ ਢੰਗ ਵੀ ਸ਼ਾਮਲ ਕਰ ਦਏਗਾ। ਇੰਜ ਇਤਿਹਾਸ ਦਾ ਅਸਲੀ ਚਿਹਰਾ ਮੁਹਰਾ ਹਕੀਕਤ ਦੀ ਸੱਚੀ
ਸੁਚੀ ਤਸਵੀਰ ਪੇਸ਼ ਕਰਨ ਜੋਗਾ ਨਹੀਂ ਰਹਿੰਦਾ।
ਇਹ ਤਾਂ ਹੋਈ ਇਕ ਗੱਲ- ਦੂਜੀ ਗੱਲ ਇਹ ਹੈ ਕਿ ਜਦੋਂ ਕੋਈ ਲਹਿਰ ਖੜੀ ਹੁੰਦੀ ਹੈ ਤਾਂ ਉਸਦੀ
ਕਾਮਯਾਬੀ ਵਿਚ ਆਮ ਲੋਕਾਂ ਦਾ ਰੋਲ ਬਹੁਤ ਵੱਡਾ ਹੁੰਦਾ ਹੈ। ਏਸੇ ਕਰ ਕੇ ਕਿਹਾ ਜਾਂਦਾ ਹੈ ਕਿ
ਇਤਿਹਾਸ ਨੂੰ ਲੋਕ ਸਿਰਜਦੇ ਹਨ। ਪਰ ਇਹ ਵੀ ਦੁੱਖ ਦੀ ਗੱਲ ਹੈ ਕਿ ਇਤਿਹਾਸ ਵਿਚ ਸਦਾ ਗਿਣੇ
ਚੁਣੇ ਆਗੂਆਂ ਦਾ ਜਿ਼ਕਰ-ਜ਼ਕਾਰ ਹੀ ਪੜ੍ਹਨ ਸੁਣਨ ਨੂੰ ਮਿਲਦਾ ਹੈ, ਜਦ ਕਿ ਆਮ ਲੋਕਾਂ ਦੀਆਂ
ਕੀਤੀਆਂ ਕੁਰਬਾਨੀਆਂ ਨੂੰ ਕੋਈ ਲਿਖਤ ਵੀ ਗੌਲਦੀ ਨਹੀਂ। ਪਰ ਇਹ ਵੀ ਸਚਾਈ ਹੈ ਕਿ ਕਈ ਵਾਰ
ਇਤਿਹਾਸ ਦੇ ਕੁਝ ਪਲਾਂ ਵਿਚ ਕੁਝ ਸਾਧਾਰਨ ਜਿਹੇ ਲੋਕ ਅਜਿਹੀ ਹਿੰਮਤ ਤੇ ਹੌਸਲਾ ਵਿਖਾਉਂਦੇ
ਹਨ ਕਿ ਉਹਨਾਂ ਦੇ ਕੀਤੇ ਨੂੰ ਵੇਖ ਜਾਣ ਕੇ ਉਸ ਵੇਲੇ ਦੇ ਲੋਕ ਹੈਰਾਨ ਰਹਿ ਜਾਂਦੇ ਹਨ। ਪਰ
ਸਮਾਂ ਬੀਤ ਜਾਣ 'ਤੇ ਉਹਨਾਂ ਦੀ ਉਹ ਖ਼ਾਸ ਪਲਾਂ ਦੀ ਕਹਾਣੀ ਕਿਧਰੇ ਸਮੇਂ ਦੀ ਧੂੜ ਵਿਚ ਗੁੰਮ
ਗਵਾਚ ਜਾਂਦੀ ਹੈ।
ਇਹ ਗੱਲ 1923 ਦੇ ਸਾਲ ਦੀ ਹੈ।
ਲਾਹੌਰ ਦੀ ਮਾਲ ਰੋਡ ਨੂੰ ਠੰਢੀ ਸੜਕ ਵੀ ਕਿਹਾ ਜਾਂਦਾ ਸੀ। ਜਦੋਂ ਦੀ ਇਹ ਗੱਲ ਹੈ, ਉਹਨਾਂ
ਵੇਲਿਆਂ ਵਿਚ ਇਸ ਸੜਕ 'ਤੇ ਅੰਗਰੇਜ਼ਾਂ ਦੀ ਬੜੀ ਆਵਾਜਾਈ ਰਹਿੰਦੀ ਸੀ। ਸਾਹਿਬ ਲੋਕਾਂ ਲਈ
ਸੜਕ ਨੂੰ ਠੰਢਾ ਬਣਾਈ ਰੱਖਣ ਲਈ ਵਾਰ ਵਾਰ ਪਾਣੀ ਛਿੜਕਾਏ ਜਾਂਦੇ ਤੇ ਕਈ ਹੀਲੇ ਕੀਤੇ ਜਾਂਦੇ
ਕਿ ਇਸ ਸੜਕ 'ਤੇ ਥੋੜਾ ਜਿਹਾ ਘੱਟਾ-ਮਿੱਟੀ ਵੀ ਨਾ ਉਡੇ। ਸ਼ਾਮ ਵੇਲੇ ਇਸ ਸੜਕ 'ਤੇ ਖ਼ਾਸੀ
ਰੌਣਕ ਹੋ ਜਾਂਦੀ ਸੀ।
ਇਸ ਠੰਢੀ ਸੜਕ 'ਤੇ , ਜਿੱਥੇ ਵੱਡੀਆਂ ਵੱਡੀਆਂ ਸ਼ਾਨਦਾਰ ਬਿਲਡਿੰਗਾਂ ਸਨ, ਓਥੇ ਹੀ ਕਈ ਬੁੱਤ
ਵੀ ਖੜੇ ਕੀਤੇ ਗਏ ਸਨ। ਉਹਨਾਂ ਸਮਿਆਂ ਵਿਚ ਇਸ ਸੜਕ 'ਤੇ ਜਿਹੜੇ ਬੁੱਤ ਲੱਗੇ ਹੋਏ ਸਨ, ਉਹ
ਬਹੁਤੇ ਅੰਗਰੇਜ਼ ਹੁਕਮਰਾਨਾਂ ਦੇ ਹੀ ਸਨ। ਇਹਨਾਂ ਵਿਚੋਂ ਐਡਵਰਡ, ਮਲਿਕਾ ਵਿਕਟੋਰੀਆ ਤੇ
ਲਾਰਡ ਲਾਰੈਂਸ ਦੇ ਬੁੱਤ ਵਰਨਣਯੋਗ ਸਨ। ਮਾਲ ਰੋਡ ਨੇੜੇ ਲਾਹੌਰ ਦਾ ਪ੍ਰਸਿੱਧ ਬਾਗ਼ ਲਾਰਡ
ਲਾਰੈਂਸ ਦੇ ਨਾਂ 'ਤੇ ਲਾਰੈਂਸ ਗਾਰਡਨ ਵੱਜਦਾ ਸੀ। ਲਾਰਡ ਲਾਰੈਂਸ ਦਾ ਬੁੱਤ ਸਰ ਗੰਗਾ ਰਾਮ
ਲਾਇਬ੍ਰੇਰੀ ਕੋਲ ਲੱਗਾ ਹੋਇਆ ਸੀ। ਇਹ ਬੁੱਤ ਖ਼ਾਸ ਕਰ ਕੇ ਪੰਜਾਬ ਦੇ ਮੱਥੇ 'ਤੇ ਲੱਗਾ
ਕਾਲਖ਼ ਦਾ ਧੱਬਾ ਸੀ। ਲਾਰੈਂਸ ਦੇ ਬੁੱਤ ਦੇ ਇਕ ਹੱਥ ਵਿਚ ਕਲਮ ਸੀ ਤੇ ਦੂਜੇ ਹੱਥ ਵਿਚ
ਤਲਵਾਰ ਵਿਖਾਈ ਗਈ ਸੀ। ਬੁੱਤ ਉੱਤੇ ਹਿੰਦੁਸਤਾਨੀਆਂ ਨੂੰ ਸੰਬੋਧਨ ਕਰ ਕੇ ਲਿਖਿਆ ਹੋਇਆ ਸੀ:
“ਹਿੰਦੋਸਤਾਨੀਓ! ਹਕੂਮਤ ਕਲਮ ਨਾਲ ਚਾਹੁੰਦੇ ਹੋ ਜਾਂ ਤਲਵਾਰ ਨਾਲ?”
ਇਹ ਸ਼ਬਦ ਹਿੰਦੁਸਤਾਨੀਆਂ ਲਈ ਵੰਗਾਰ ਸਨ। ਉਹਨਾਂ ਦੀ ਅਣਖ਼ ਨੂੰ ਚੈਲਿੰਜ ਸੀ। ਉਹਨਾਂ ਨੂੰ
ਦਿੱਤਾ ਗਿਆ ਡਰਾਵਾ ਸੀ ਕਿ ਜਾਂ ਤਾਂ ਉਹ ਚੁੱਪ-ਚਾਪ ਕਰ ਕੇ ਅੰਗਰੇਜ਼ਾਂ ਦੀ ਕਲਮ ਜੋ ਲਿਖਦੀ,
ਕਹਿੰਦੀ ਤੇ ਕਰਦੀ ਹੈ, ਉਹਦੇ ਮੁਤਾਬਕ ਆਪਣਾ ਜੀਵਨ ਪਸ਼ੂਆਂ ਵਾਂਗ ਉਹਨਾਂ ਦੇ ਡੰਡੇ ਖਾਂਦੇ
ਹੋਏ ਗ਼ੁਜ਼ਾਰ ਦੇਣ ਤੇ ਜੇ ਉਹ ਅਜਿਹਾ ਨਹੀਂ ਕਰਨਗੇ ਤਾਂ ਉਹਨਾਂ ਦੇ ਸਵੈਮਾਣ ਵਿਚ ਉੱਚੇ
ਉੱਠੇ ਸਿਰਾਂ ਵਾਸਤੇ ਤਲਵਾਰ ਹਾਜ਼ਰ ਹੈ। ਉਹ ਮਰਨਾ ਚਾਹੁੰਦੇ ਨੇ ਤਾਂ ਤਲਵਾਰ ਹੇਠਾਂ ਸਿਰ
ਕਰਨ ਦੀ ਚੋਣ ਕਰ ਲੈਣ ਤੇ ਜੇ ਗੁਲਾਮੀ ਦਾ ਬੋਝ ਤੇ ਜ਼ੁਲਮ ਸਹਿਣ ਲਈ ਤਿਆਰ ਹਨ ਤਾਂ ਜੋ ਵੀ
ਅੰਗਰੇਜ਼ ਕਹਿੰਦਾ ਤੇ ਕਰਦਾ ਹੈ, ਉਹਨੂੰ ਮੰਨੀ ਤੇ ਕਰੀ ਜਾਣ।
ਜਿਹੜਾ ਵੀ ਪੜ੍ਹਦਾ, ਉਹਦਾ ਖ਼ੂਨ ਖ਼ੌਲਣ ਲੱਗ ਜਾਂਦਾ। ਇਹ ਰੋਸ ਏਥੋਂ ਤੱਕ ਫ਼ੈਲ ਗਿਆ ਕਿ
ਗੱਲ ਮਹਾਤਮਾ ਗਾਂਧੀ ਤੱਕ ਵੀ ਪਹੁੰਚ ਗਈ। ਮਹਾਤਮਾ ਗਾਂਧੀ ਨੂੰ ਇਹਨਾਂ ਸ਼ਬਦਾਂ ਵਿਰੁੱਧ
ਜ਼ੋਰਦਾਰ ਪਰੋਟੈੱਸਟ ਕਰਨਾ ਹੀ ਪਿਆ। ਜਦੋਂ ਉਹਨਾਂ ਦੀ ਗੱਲ ਨਾ ਮੰਨੀ ਗਈ ਤਾਂ ਉਹਨਾਂ ਨੇ ਇਹ
ਸ਼ਬਦ ਬੁੱਤ ਉੱਤੋਂ ਮਿਟਾਉਣ ਲਈ ਸੱਤਿਆਗ੍ਰਹਿ ਕਰਨ ਦਾ ਸੱਦਾ ਵੀ ਦੇ ਦਿੱਤਾ। ਅੱਜ ਅਸੀਂ ਜਿਸ
ਗੁੰਮਨਾਮ ਹੀਰੋ ਦੀ ਕਹਾਣੀ ਸਾਂਝੀ ਕਰਨ ਲੱਗੇ ਹਾਂ, ਉਸਨੇ ਵੀ ਆਪਣਾ ਨਾਂ ਸੱਤਿਆਗ੍ਰਹਿ ਲਈ
ਘੱਲ ਦਿੱਤਾ।
ਉਹਨਾਂ ਵੇਲਿਆਂ ਵਿਚ ਵੀ ਲਾਹੌਰ ਵਾਸੀਆਂ ਨੂੰ ਇਹ ਸਹੂਲਤ ਸੀ ਕਿ ਦਿਨ ਚੜ੍ਹਨ ਤੋਂ ਪਹਿਲਾਂ
ਹੀ ਤਾਜ਼ਾ ਅਖ਼ਬਾਰ ਉਹਨਾਂ ਦੀਆਂ ਬਰੂਹਾਂ 'ਤੇ ਪਿਆ ਹੁੰਦਾ ਸੀ।
1 ਮਈ 1923 ਨੂੰ ਨਾ ਸਿਰਫ਼ ਲਾਹੌਰ ਸ਼ਹਿਰ, ਨਾ ਸਿਰਫ਼ ਪੰਜਾਬ ਸਗੋਂ ਹਿੰਦੁਸਤਾਨ ਦੇ ਲੋਕ
ਜਦੋਂ ਸਵੇਰੇ ਆਪਣੀ ਨੀਂਦ ਤੋਂ ਜਾਗੇ, ਉਹਨਾਂ ਨੇ ਅਖ਼ਬਾਰਾਂ ਵਿਚ ਇਕ ਅਜਿਹੀ ਖ਼ਬਰ ਪੜ੍ਹੀ
ਜਿਸ ਨੇ ਤਹਿਲਕਾ ਮਚਾ ਦਿੱਤਾ। ਇਸ ਖ਼ਬਰ ਦਾ ਸਿਰਲੇਖ ਸੀ:
“ਮੈਂ 15 ਮਈ ਨੂੰ ਲਾਰੈਂਸ ਦੇ ਬੁੱਤ ਨੂੰ ਜੜ੍ਹੋਂ ਉਖਾੜਨ ਜਾਵਾਂਗਾ।”
ਓਸੇ ਸਵੇਰ ਨੂੰ ਲਾਹੌਰੀਆਂ ਨੇ ਇਹ ਵੀ ਵੇਖਿਆ ਕਿ ਉਹਨਾਂ ਦੀਆਂ ਦੁਕਾਨਾਂ ਤੇ ਮਕਾਨਾਂ ਨਾਲ
ਹੱਥ ਲਿਖਿਤ ਇਸ਼ਤਿਹਾਰ ਵੀ ਲੱਗੇ ਹੋਏ ਸਨ ਜਿਨ੍ਹਾਂ ਵਿਚ ਅਖ਼ਬਾਰ ਵਾਲੀ ਖ਼ਬਰ ਦਾ ਹੀ
ਮਜ਼ਮੂਨ ਸੀ।
ਸਾਰਾ ਲਾਹੌਰ ਇਹ ਖ਼ਬਰ ਪੜ੍ਹ ਕੇ ਰੁਮਾਂਚਿਤ ਹੋ ਉਠਿਆ ਸੀ। ਆਖ਼ਰ ਇਹ ਉਹਨਾਂ ਸਭਨਾਂ ਦੀ
ਇੱਜ਼ਤ ਤੇ ਅਣਖ਼ ਦਾ ਸਵਾਲ ਸੀ। ਉਹ ਆਪ ਤਾਂ ਅੱਜ ਤੱਕ ਇਸ ਬੁੱਤ ਨੂੰ ਉਖਾੜਨ ਲਈ ਕੁਝ ਨਹੀਂ
ਸਨ ਕਰ ਸਕੇ ਪਰ ਜੇ ਕੋਈ ਹੋਰ ਸੂਰਮਾ ਇਹ ਕੰਮ ਕਰਨ ਲੱਗਾ ਸੀ ਤਾਂ ਸਚਮੁਚ ਸਭਨਾਂ
ਦੇਸ਼ਵਾਸੀਆਂ ਦੇ ਸੀਨੇ ਠੰਢ ਪਾਉਣ ਵਾਲੀ ਗੱਲ ਕਰਨ ਲੱਗਾ ਸੀ।
ਸਾਰਿਆਂ ਦੇ ਮਨ ਵਿਚ ਖ਼ੁਤਖੁਤੀ ਤੇ ਜਗਿਆਸਾ ਸੀ ਕਿ ਕਦੋਂ 15 ਮਈ ਆਵੇ ਤੇ ਕਦੋਂ ਉਹ ਇਹ
ਕੌਤਕ ਵੇਖ ਸਕਣ। ਕੌਤਕ ਹੀ ਤਾਂ ਸੀ। ਨਹੀਂ ਤਾਂ ਲਾਰੈਂਸ ਦੇ ਬੁੱਤ ਨੂੰ ਤੋੜਨਾ ਕੋਈ ਖਾਲਾ
ਜੀ ਦਾ ਵਾੜਾ ਸੀ?
ਇਹ ਐਲਾਨ ਕਰਨ ਵਾਲੇ ਸਾਡੇ ਗੁੰਮਨਾਮ ਹੀਰੋ ਦਾ ਨਾਂ ਅਮਰੀਕ ਸਿੰਘ ਸੀ। ਉਹਨੀਂ ਦਿਨੀਂ ਉਹਦੀ
ਰਿਹਾਇਸ਼ ਗੁਜਰਾਂਵਾਲੇ ਸ਼ਹਿਰ ਵਿਚ ਸੀ। ਅਮਰੀਕ ਸਿੰਘ ਨੇ ਐਲਾਨ ਕੀ ਕੀਤਾ ਕਿ ਹਕੂਮਤ ਨੂੰ
ਵਖ਼ਤ ਪੈ ਗਿਆ। ਸਾਰੀ ਸੀ ਆਈ ਡੀ ਹਰਕਤ ਵਿਚ ਆ ਗਈ। ਉਹ ਲੱਗੀ ਅਮਰੀਕ ਸਿੰਘ ਦੀ ਭਾਲ ਕਰਨ।
ਅਮਰੀਕ ਸਿੰਘ ਨੇ ਆਪਣਾਂ ਨਾਂ ਦੇ ਕੇ ਇਹ ਖ਼ਬਰ ਛਪਵਾਈ ਸੀ। ਅਮਰੀਕ ਸਿੰਘ ਨੂੰ ਵੀ ਪਤਾ ਸੀ
ਕਿ ਖ਼ਬਰ ਪੜ੍ਹਦਿਆਂ ਹੀ ਉਹਨੂੰ ਫੜਨ ਲਈ ਕਾਰਵਾਈ ਸ਼ੁਰੂ ਹੋ ਜਾਣੀ ਹੈ, ਸੋ ਉਹ ਘਰ ਛੱਡ ਕੇ
ਅੰਡਰ-ਗਰਾਊਂਡ ਹੋ ਗਿਆ। ਉਹਦਾ ਮਕਸਦ ਫੜੇ ਜਾਣਾ ਨਹੀਂ ਸੀ ਸਗੋਂ ਆਪਣੇ ਮਿਥੇ ਨਿਸ਼ਾਨੇ ਨੂੰ
ਫ਼ਤਹਿ ਕਰਨਾ ਸੀ।
ਅਮਰੀਕ ਸਿੰਘ ਨੇ ਹਕੂਮਤ ਨੂੰ ਪੰਦਰਾਂ ਦਿਨ ਦਾ ਨੋਟਸ ਦਿੱਤਾ ਸੀ। ਪੰਦਰਾਂ ਦਿਨ ਹੀ ਪੁਲਸ ਨੇ
ਥਾਂ ਥਾਂ ਦੀ ਖ਼ਾਕ ਛਾਣ ਮਾਰੀ ਪਰ ਅਮਰੀਕ ਸਿੰਘ ਉਹਨਾਂ ਦੇ ਹੱਥ ਨਾ ਆਇਆ। ਜਿਵੇਂ ਸਰਕਾਰਾਂ
ਸਦਾ ਕਰਦੀਆਂ ਆਈਆਂ ਨੇ, ਪੁਲਸ ਨੇ ਅਮਰੀਕ ਸਿੰਘ ਦੇ ਪਰਿਵਾਰ ਵਾਲਿਆਂ, ਉਹਦੇ ਸਾਕਾਂ
ਸੰਬੰਧੀਆਂ ਤੇ ਦੋਸਤਾਂ ਮਿੱਤਰਾਂ ਨੂੰ ਉਹਦਾ ਅਤਾ ਪਤਾ ਪੁੱਛਣ ਲਈ ਬੜਾ ਤੰਗ ਕੀਤਾ।
ਆਂਢ-ਗੁਆਂਢ ਦੇ ਲੋਕਾਂ ਕੋਲੋਂ ਪੁੱਛ-ਪੜਤਾਲ ਕੀਤੀ ਗਈ। ਕਈ ਸ਼ਹਿਰੀਆਂ ਕੋਲੋਂ ਵੀ ਸਖ਼ਤ
ਪੁੱਛ ਗਿੱਛ ਹੋਈ। ਪਰ ਅਮਰੀਕ ਸਿੰਘ ਸੀ ਜੋ ਜਾਂ ਤਾਂ ਖ਼ਬਰੇ ਪਰ ਲਾ ਕੇ ਅਸਮਾਨ ਵਿਚ ਉਡ ਗਿਆ
ਸੀ ਤੇ ਜਾਂ ਕਿਧਰੇ ਜ਼ਮੀਨ ਵਿਚ ਧਸ ਗਿਆ ਹੋਇਆ ਸੀ। ਮਹਾਤਮਾਂ ਗਾਂਧੀ ਨੇ ਤਾਂ ਅਜੇ ਆਪਣਾ
ਸੱਤਿਆਗ੍ਰਹਿ ਕਦੋਂ ਸ਼ੁਰੂ ਕਰਨਾ ਸੀ। ਸੱਤਿਆਗ੍ਰਹਿ ਵਿਚ ਹਿੱਸਾ ਲੈਣ ਦਾ ਇਰਾਦਾ ਰੱਖਣ ਵਾਲੇ
ਤਾਂ ਅਜੇ ਮਹਾਤਮਾ ਗਾਂਧੀ ਨੂੰ ਆਪਣੇ ਨਾਂ ਹੀ ਘੱਲ ਰਹੇ ਸਨ ਜਦ ਕਿ ਦੂਜੇ ਪਾਸੇ ਅਮਰੀਕ ਸਿੰਘ
ਨੇ ਇਸ ਉੱਤੇ ਅਮਲ ਵੀ ਸ਼ੁਰੂ ਕਰ ਦਿੱਤਾ ਸੀ।
ਉਂਜ ਤਾਂ ਸਾਰੇ ਪੰਜਾਬ ਦੇ ਲੋਕ ਬੜੀ ਉਤਸੁਕਤਾ ਨਾਲ 15 ਮਈ ਦੇ ਦਿਨ ਨੂੰ ਉਡੀਕ ਰਹੇ ਸਨ ਪਰ
ਲਾਹੌਰੀਆਂ ਦੇ ਮਨ ਵਿਚ ਇਹ ਖ਼ਦਸ਼ਾ ਵੀ ਸੀ ਕਿ ਉਹਨਾਂ ਦਾ ਹੀਰੋ ਕਿਤੇ ਫੜਿਆ ਨਾ ਜਾਵੇ। ਉਹ
ਉਹਦੇ ਸੁਰੱਖਿਅਤ ਬਚੇ ਰਹਿਣ ਲਈ ਦੁਆਵਾਂ ਵੀ ਕਰ ਰਹੇ ਸਨ ਤੇ ਨਾਲੇ ਉਡੀਕ ਰਹੇ ਸਨ ਉਹ
ਦਿਹਾੜਾ, ਜਿਸ ਦਿਨ ਉਹਨਾਂ ਦੇ ਮਨ ਦੀ ਮੁਰਾਦ ਪੂਰੀ ਹੋਣੀ ਸੀ ਤੇ ਲਾਰੈਂਸ ਦਾ ਬੁੱਤ ਉਖਾੜਿਆ
ਜਾਣਾ ਸੀ।
ਪੁਲਸ ਉਹਨੂੰ ਫੜਨ ਲਈ ਥਾਂ ਥਾਂ ਛਾਪੇ ਮਾਰ ਰਹੀ ਸੀ, ਲੋਕਾਂ ਕੋਲੋਂ ਪੁੱਛ ਗਿੱਛ ਕਰ ਰਹੀ ਸੀ
ਪਰ ਅਮਰੀਕ ਸਿੰਘ ਉਹਨਾਂ ਦੇ ਕਾਬੂ ਨਹੀਂ ਸੀ ਆਇਆ। ਆਪਾਂ ਜਾਣਦੇ ਹਾਂ ਕਿ ਸ਼ੇਖ਼ੂਪੁਰਾ ਵੀ
ਗੁਜਰਾਂਵਾਲੇ ਵਾਂਗ ਪਾਕਿਸਤਾਨ ਦਾ ਹੀ ਇਕ ਸ਼ਹਿਰ ਹੈ। ਇਹ ਸ਼ਹਿਰ ਰਕਬੇ ਦੇ ਲਿਹਾਜ਼ ਨਾਲ
ਗੁਜਰਾਂਵਾਲੇ ਨਾਲੋਂ ਛੋਟਾ ਹੈ। ਪਰ ਵਿਰਕਾਂ ਦੀ ਵਸੋਂ ਵਾਲਾ ਇਹ ਸ਼ਹਿਰ ਵੀ ਆਪਣੀ ਤਰ੍ਹਾਂ
ਦਾ ਆਪ ਹੀ ਹੈ।
15 ਮਈ 1923 ਦਾ ਦਿਨ ਉਹ ਦਿਨ ਸੀ, ਜਿਸ ਦਿਨ ਅਮਰੀਕ ਸਿੰਘ ਨੇ ਲਾਰੈਂਸ ਦੇ ਬੁੱਤ ਨੂੰ
ਜੜ੍ਹੋਂ ਉਖਾੜਨਾ ਸੀ। ਏਸੇ ਦਿਨ ਸਵੇਰੇ ਜਾਣ-ਪਛਾਣ ਵਾਲੇ ਲੋਕਾਂ ਵੱਲੋਂ ਅਮਰੀਕ ਸਿੰਘ ਨੂੰ
ਸ਼ੇਖ਼ੂਪੁਰਾ ਸ਼ਹਿਰ ਵਿਚ ਵੇਖਿਆ ਗਿਆ ਸੀ। ਉਹ ਹੁਣ ਇਸ ਫਿ਼ਕਰ ਵਿਚ ਸੀ ਕਿ ਲਾਹੌਰ ਕਿਵੇਂ
ਪਹੁੰਚਿਆ ਜਾਵੇ। ਉੇਹਨੇ ਬੁੱਤ ਵਾਲੀ ਥਾਂ 'ਤੇ ਪੁੱਜਣ ਦਾ ਵਕਤ ਦਿਨ ਦੇ ਬਾਰਾਂ ਵਜੇ ਦਾ
ਦਿੱਤਾ ਹੋਇਆ ਸੀ। ਉਹ ਸੋਚ ਰਿਹਾ ਸੀ ਕਿ ਜੇ ਸਟੇਸ਼ਨ 'ਤੇ ਜਾ ਕੇ ਗੱਡੀ 'ਤੇ ਸਵਾਰ ਹੁੰਦਾ
ਹੈ ਤਾਂ ਐਨ ਸੰਭਵ ਹੈ ਕਿ ਪੁਲਸ ਉਹਨੂੰ ਰਸਤੇ ਵਿਚ ਹੀ ਬੋਚ ਲਵੇ। ਮੋਟਰ ਵਿਚ ਜਾਣਾ ਵੀ
ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਉਹਨੇ ਸੋਚਿਆ ਕਿ ਸਮੇਂ ਸਿਰ ਟਿਕਾਣੇ 'ਤੇ ਪਹੁੰਚਣਾ ਵੀ
ਜ਼ਰੂਰੀ ਹੈ। ਪਰ ਪਹੁੰਚਿਆ ਕਿਵੇਂ ਜਾਵੇ। ਸਾਰੇ ਰਾਹ ਬੰਦ ਜਾਪਦੇ ਸਨ। ਹਾਂ ਇਹ ਹੋ ਸਕਦਾ ਸੀ
ਕਿ ਕਿਸੇ ਸਾਧਾਰਨ ਜਿਹੇ ਸਟੇਸ਼ਨ ਤੋਂ ਗੱਡੀ ਫੜੀ ਜਾਵੇ ਜਿੱਥੇ ਪੁਲਸ ਜਾਂ ਸੀ ਆਈ ਡੀ
ਵਾਲਿਆਂ ਦੀ ਨਜ਼ਰ ਨਾ ਪਵੇ।
ਉਹਨੇ ਕੀ ਕੀਤਾ, ਇਕ ਘੋੜਾ ਲਿਆ ਤੇ ਉਹਦੇ ਉੱਤੇ ਸਵਾਰ ਹੋ ਕੇ ਚੀਚੋਕੇ ਮੱਲ੍ਹੀਆਂ ਨਾਂ ਦੇ
ਸਟੇਸ਼ਨ 'ਤੇ ਚਲਾ ਗਿਆ। ਓਥੋਂ ਉਹ ਗੱਡੀ 'ਤੇ ਸਵਾਰ ਹੋ ਗਿਆ ਤੇ ਲਾਹੌਰ ਤੋਂ ਪਹਿਲਾਂ ਹੀ
ਪੈਂਦੇ ਕਿਸੇ ਹੋਰ ਸਟੇਸ਼ਨ 'ਤੇ ਉਤਰ ਗਿਆ।
ਸਟੇਸ਼ਨ ਤੋਂ ਉਤਰ ਕੇ ਉਹਨੇ ਵੇਖਿਆ ਕਿ ਕੁਝ ਰਾਜ ਮਿਸਤਰੀ ਇਮਾਰਤ ਦੀ ਉਸਾਰੀ ਦਾ ਕੰਮ ਕਰ
ਰਹੇ ਸਨ। ਉਹਨੇ ਉਹਨਾਂ ਕੋਲੋਂ ਤਿੰਨਾਂ ਰੁਪਿਆਂ ਵਿਚ ਇਕ ਤੇਸੀ ਲਈ ਤੇ ਉਸ ਤੇਸੀ ਨੂੰ ਆਪਣੀ
ਬੁੱਕਲ ਵਿਚ ਲੁਕਾ ਕੇ ਲਾਹੌਰ ਸ਼ਹਿਰ ਵੱਲ ਚਾਲੇ ਪਾ ਲਏ।
ਓਧਰ ਲਾਹੌਰ ਸ਼ਹਿਰ ਦੇ ਵਸਨੀਕ ਤਾਂ ਇਸ ਦਿਨ ਦੀ ਸਾਹ ਰੋਕ ਕੇ ਉਡੀਕ ਕਰ ਰਹੇ ਸਨ। 15 ਮਈ ਦੀ
ਸਵੇਰ ਨੂੰ ਲਾਹੌਰ ਸ਼ਹਿਰ ਦੇ ਵਸਨੀਕ ਘਰਾਂ ਵਿਚੋਂ ਆਪ ਮੁਹਾਰੇ ਨਿਕਲਣ ਲੱਗੇ ਤੇ ਗਲੀਆਂ
ਮੁਹੱਲਿਆਂ ਵਿਚੋਂ ਹੌਲੀ ਹੌਲੀ ਤੁਰਦੇ ਠੰਢੀ ਸੜਕ ਵੱਲ ਵਧਣ ਲੱਗੇ। ਇਹਨਾਂ ਵਿਚ ਹਿੰਦੂ,
ਸਿੱਖ ਤੇ ਮੁਸਲਮਾਨ ਸਾਰੇ ਮਜ਼੍ਹਬਾਂ ਦੇ ਲੋਕ ਸ਼ਾਮਲ ਸਨ। ਇਹ ਸਾਰਿਆਂ ਦੀ ਇੱਜ਼ਤ ਤੇ ਅਣਖ਼
ਦਾ ਸਵਾਲ ਸੀ। ਏਥੇ ਮਜ੍ਹਬਾਂ ਦੇ ਵੱਟਾਂ ਬੰਨੇ ਕੋਈ ਅਰਥ ਨਹੀਂ ਸਨ ਰੱਖਦੇ। ਹੌਲੀ ਹੌਲੀ
ਠੰਢੀ ਸੜਕ 'ਤੇ ਲੋਕਾਂ ਦੀ ਬੇਸ਼ੁਮਾਰ ਭੀੜ ਇਕੱਠੀ ਹੋ ਗਈ । ਲੋਕ ਟੋਲੀਆਂ ਬੰਨ੍ਹ ਬੰਨ੍ਹ ਕੇ
ਵੀ ਖਲੋਤੇ ਸਨ ਤੇ ਏਧਰ ਓਧਰ ਫਿਰਦੇ ਵੀ ਵਿਖਾਈ ਦੇ ਰਹੇ ਸਨ। ਪੁਲਸ ਦੇ ਕਈ ਦਸਤੇ ਲਾਰਡ
ਲਾਰੈਂਸ ਦੇ ਬੁੱਤ ਉਦਾਲੇ ਘੇਰਾ ਪਾਈ ਪਹਿਰਾ ਦੇ ਰਹੇ ਸਨ। ਬੰਦੂਕਾਂ ਨਾਲ ਲੈਸ ਪੁਲਸ ਹਰ
ਖ਼ਤਰੇ ਦਾ ਮੁਕਾਬਲਾ ਕਰਨ ਲਈ ਤਿਆਰ-ਬਰ-ਤਿਆਰ ਖੜੀ ਸੀ। ਪੁਲਸ ਵਾਲੇ ਕਿਸੇ ਨੂੰ ਵੀ ਬੁੱਤ ਦੇ
ਨੇੜੇ ਤੇੜੇ ਫੜਕਣ ਨਹੀਂ ਸਨ ਦੇ ਰਹੇ। ਉਹ ਹਰ ਇਕ ਨੂੰ ਸ਼ੱਕ ਦੀ ਨਜ਼ਰ ਨਾਲ ਵੇਖ ਰਹੇ ਸਨ।
ਓਧਰ ਲੋਕ ਬਾਰ ਬਾਰ ਆਪਣੀਆਂ ਘੜੀਆਂ ਵੇਖ ਰਹੇ ਸਨ। ਜਦੋਂ ਕੁਝ ਵੀ ਅਜਿਹਾ ਨਾ ਦਿਸਿਆ, ਜਿਸ
ਦੀ ਕਿ ਆਸ ਸੀ ਤਾਂ, ਕਈ ਤਾਂ ਇਹਨੂੰ ਸ਼ੁਗਲ-ਮੇਲਾ ਹੀ ਸਮਝਣ ਲੱਗ ਪਏ ਕਿ ਇਹ ਐਵੇਂ ਕਿਸੇ ਨੇ
ਸਰਕਾਰ ਨੂੰ ਮੂਰਖ਼ ਬਨਾਉਣ ਦੀ ਤਰਕੀਬ ਸੋਚੀ ਹੈ।
ਕੋਈ ਕਹਿੰਦਾ, “ਲੈ ਭਈ, ਕਿਸੇ ਨੇ ਚੰਗਾ ਸਰਕਾਰ ਨੂੰ ਬੁੱਧੂ ਬਣਾਇਆ ਹੈ।”
ਕੋਈ ਕਹਿ ਰਹਿਾ ਸੀ, “ਜੀ ਕੌਣ ਭਲਾਮਾਣਸ ਅਜਿਹਾ ਕੰਮ ਕਰ ਕੇ ਆਪਣੇ ਆਪ ਨੂੰ ਮੁਸੀਬਤ ਦੇ
ਮੂੰਹ ਪਾਉਂਦਾ ਹੈ?”
ਕਿਸੇ ਦੇ ਮੂੰਹੋਂ ਨਿਕਲਦਾ, “ਪਰ ਜੀ, ਸਾਨੂੰ ਕੌਣ ਭਲਾਮਾਣਸ ਆਖੇ ਜਿਹੜੇ ਅਖ਼ਬਾਰਾਂ ਦੀਆਂ
ਖ਼ਬਰਾਂ 'ਤੇ ਇਤਬਾਰ ਕਰ ਕੇ ਆਪਣੇ ਕੰਮ ਕਾਰ ਛੱਡ ਕੇ ਏਥੇ ਆ ਗਏ ਹਾਂ।”
ਇਹ ਗੱਲ ਸੁਣ ਕੇ ਕੋਈ ਹੋਰ ਜਵਾਬ ਦਿੰਦਾ, “ਜੇ ਅਖ਼ਬਾਰਾਂ ਵਾਲੇ ਅਜਿਹੀਆਂ ਖ਼ਬਰਾਂ ਨਾ ਛਾਪਣ
ਤਾਂ ਉਹਨਾਂ ਦੇ ਅਖ਼ਬਾਰ ਕਿਵੇਂ ਵਿਕਣ?”
ਗੱਲ ਕੀ ਜਿੰਨੇ ਮੂੰਹ , ਓਨੀਆਂ ਗੱਲਾਂ ਹੋ ਰਹੀਆਂ ਸਨ।
ਬਾਰਾਂ ਵੱਜਣ ਵਾਲੇ ਸਨ ਪਰ ਬੁੱਤ ਤੋੜਨ ਵਾਲੇ ਦੀ ਕੋਈ ਉਘ ਸੁਘ ਨਹੀਂ ਸੀ। ਲੋਕਾਂ ਨੇ
ਸਮਝਿਆ, ਉਹਨਾਂ ਨਾਲ ਧੋਖਾ ਹੋਇਆ ਹੈ।
ਉਹ ਨਿਰਾਸ਼ਾ ਦੇ ਆਲਮ ਵਿਚ ਸਨ ਜਦੋਂ ਘੜਿਆਲ ਨੇ ਇਕ ਇਕ ਕਰ ਕੇ ਬਾਰਾਂ ਵਜਾ ਦਿੱਤੇ ਤਾਂ ਓਸੇ
ਵੇਲੇ ਉਚੀ ਆਵਾਜ਼ ਗੂੰਜੀ:
“ਨਹੀਂ ਰੱਖਣੀ ਸਰਕਾਰ, ਜ਼ਾਲਮ ਨਹੀਂ ਰੱਖਣੀ।”
ਇਕ ਨੌਜਵਾਨ ਮੋਢੇ 'ਤੇ ਤੇਸੀ ਰੱਖੀ ਗਾਉਂਦਾ ਹੋਇਆ ਲਾਰੈਂਸ ਦੇ ਬੁੱਤ ਵੱਲ ਤੇਜ਼ ਕਦਮੀ ਅੱਗੇ
ਨੂੰ ਵਧਿਆ। ਲੋਕਾਂ ਵਿਚ ਇਹ ਵੇਖ-ਸੁਣ ਕੇ ਸੰਨਾਟਾ ਛਾ ਗਿਆ। ਪੁਲਸ ਨੇ ਬੜੀ ਹੀ ਫੁਰਤੀ ਨਾਲ
ਅਮਰੀਕ ਸਿੰਘ ਨੂੰ ਘੇਰੇ ਵਿਚ ਲੈ ਲਿਆ। ਬੰਦੂਕਾਂ ਤੇ ਮਸ਼ੀਨ ਗੰਨਾਂ ਤਣ ਗਈਆਂ। ਪੁਲਸ ਅਫ਼ਸਰ
ਅਮਰੀਕ ਸਿੰਘ ਨੂੰ ਹੱਥਕੜੀ ਲਾਉਣ ਲਈ ਅੱਗੇ ਵਧੇ, ਪਰ ਅਮਰੀਕ ਸਿੰਘ ਨੇ ਉਹਨਾਂ ਨੂੰ ਤੇਸੀ ਦਾ
ਡਰਾਵਾ ਦੇ ਕੇ ਤੇ ਪਿੱਛੇ ਹਟਾ ਕੇ ਬੁੱਤ ਵੱਲ ਵਧਣਾ ਸ਼ੁਰੂ ਕੀਤਾ। ਜ਼ਾਹਿਰ ਹੈ ਕਿ ਇਕੱਲੇ
ਜਣੇ ਦੀ ਪੁਲਸ ਦੀ ਹਥਿਆਰਾਂ ਨਾਲ ਲੈਸ ਭੀੜ ਅੱਗੇ ਕੀ ਵਾਹ ਚੱਲਣੀ ਸੀ। ਪਰ ਉਹਨੇ ਆਪਣੀ ਹਰ
ਵਾਹ ਲਾਈ ਤੇ ਪੁਲਸ ਦਾ ਘੇਰਾ ਤੋੜ ਕੇ ਅੱਗੇ ਵਧਣ ਦੀ ਹਰ ਸੰਭਵ ਕੋਸਿ਼ਸ਼ ਵੀ ਕੀਤੀ। ਪਰ
ਪੁਲਸ ਨੇ ਘੇਰ ਕੇ ਉਹਨੂੰ ਜੱਫਾ ਮਾਰ ਲਿਆ ਤੇ ਹੱਥਕੜੀ ਲਾ ਕੇ ਗ੍ਰਿਫ਼ਤਾਰ ਕਰ ਲਿਆ।
ਲਾਹੌਰੀਆਂ ਦੇ ਮਨ ਖ਼ੁਸ਼ ਹੋ ਗਏ। ਕੀ ਹੋਇਆ ਜੇ ਬੁੱਤ ਨੂੰ ਤੋੜ ਨਹੀਂ ਸਕਿਆ ਪਰ ਕੋਈ ਮਰਦ
ਨਿੱਤਰਿਆ ਤਾਂ ਸਹੀ ਸਰਕਾਰ ਨੂੰ ਇਸ ਅੰਦਾਜ਼ ਵਿਚ ਟੱਕਰਨ ਲਈ।
ਜ਼ਾਹਿਰ ਹੈ ਅਮਰੀਕ ਸਿੰਘ 'ਤੇ ਮੁਕੱਦਮਾ ਚੱਲਣਾ ਹੀ ਸੀ।
ਜਦੋਂ ਉਸਨੂੰ ਜਿ਼ਲ੍ਹਾ ਮਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਮਜਿਸਟਰੇਟ ਨੇ ਅਮਰੀਕ
ਸਿੰਘ ਨੂੰ ਕਿਹਾ, “ਤੂੰ ਕਹਿ ਦੇ ਕਿ ਮੇਰਾ ਦਿਮਾਗ਼ ਖ਼ਰਾਬ ਹੋ ਗਿਆ ਸੀ।”
ਸਰਕਾਰ ਦਾ ਮਨਸ਼ਾ ਸੀ ਕਿ ਉੇਹਦੇ ਇਸ ਐਕਸ਼ਨ ਨੂੰ 'ਪਾਗ਼ਲਪਨ' ਕਰਾਰ ਦੇ ਕੇ ਲੋਕਾਂ ਦੇ
ਅੱਖੀਂ ਘੱਟਾ ਪਾਇਆ ਜਾ ਸਕੇ ਕਿ ਕੋਈ ਅਕਲਮੰਦ ਭਾਰਤੀ ਅਜਿਹੀ ਗੱਲ ਨਹੀਂ ਕਹਿ ਤੇ ਕਰ ਸਕਦਾ
ਜੋ ਅਮਰੀਕ ਸਿੰਘ ਨੇ ਕੀਤੀ ਸੀ।
ਪਰ ਅਮਰੀਕ ਸਿੰਘ ਨੇ ਜਵਾਬ ਦਿੱਤਾ, “ਦਿਮਾਗ਼ ਮੇਰਾ ਨਹੀਂ ਖ਼ਰਾਬ, ਸਗੋਂ ਅੰਗਰੇਜ਼ਾਂ ਦਾ
ਖ਼ਰਾਬ ਹੈ ਜਿਨ੍ਹਾ ਨੇ ਸਾਨੂੰ ਗੁਲਾਮ ਬਣਾਇਆ ਹੋਇਆ ਏ।”
“ਜੇ ਤੈਨੂੰ ਹੁਣ ਛੱਡ ਦਿੱਤਾ ਜਾਵੇ ਤਾਂ ਕਿੱਥੇ ਜਾਵੇਂਗਾ?” ਮੈਜਿਸਟਰੇਟ ਨੇ ਜਾਨਣਾ ਚਾਹਿਆ
“ਸਿੱਧਾ ਲਾਰੈਂਸ ਦੇ ਬੁੱਤ ਵੱਲ ਜਾਵਾਂਗਾ ਉਹਨੂੰ ਤੋੜਨ ਲਈ।”ਅਮਰੀਕ ਸਿੰਘ ਨੇ ਗਰਜ ਕੇ
ਕਿਹਾ।
“ਪਰ ਤੂੰ ਇਹ ਕੰਮ ਕਿਉਂ ਕਰਨਾ ਚਾਹੁੰਦਾ ਏਂ?” ਮੈਜਿਸਟਰੇਟ ਨੇ ਪੁੱਛਿਆ।
ਅਮਰੀਕ ਸਿੰਘ ਨੇ ਆਖਿਆ, “ਇਸ ਬੁੱਤ ਦੀ ਮੌਜੂਦਗੀ, ਮੇਰੇ ਸਰੀਰਕ ਬੁੱਤ ਦੀ ਤੌਹੀਨ ਹੈ, ਮੇਰੇ
ਹੋਣ ਦੀ ਬੇਇਜ਼ਤੀ ਹੈ।”
ਪਰ ਮਜਿਸਟਰੇਟ ਨੇ ਕਈ ਤਰ੍ਹਾਂ ਦੇ ਸਵਾਲ-ਜਵਾਬ ਕਰਨ ਤੋਂ ਬਾਅਦ ਉਹਨੂੰ ਪਾਗ਼ਲ ਕਰਾਰ ਦੇ ਕੇ
ਲਾਹੌਰ ਦੇ ਪਾਗ਼ਲ਼ਖ਼ਾਨੇ ਵਿਚ ਭਿਜਵਾ ਦਿੱਤਾ ਜਿੱਥੇ ਖ਼ਤਰਨਾਕ ਕਿਸਮ ਦੇ ਪਾਗ਼ਲ਼ ਰਹਿੰਦੇ
ਸਨ। ਓਥੇ ਕੋਈ ਪਾਗ਼ਲ਼ ਅਮਰੀਕ ਸਿੰਘ ਨੂੰ ਰੋੜੇ ਮਾਰਦਾ, ਕੋਈ ਉਸ 'ਤੇ ਗੰਦਗੀ ਸੁੱਟਦਾ ਤੇ
ਕੋਈ ਉਹਨੂੰ ਗਾਲ੍ਹਾਂ ਕੱਢਦਾ। ਗੱਲ ਕੀ ਪਾਗ਼ਲ਼ਾਂ ਨੇ ਚੰਗੇ-ਭਲੇ ਅਮਰੀਕ ਸਿੰਘ ਨੂੰ ਸਰੀਕਰਕ
ਤੇ ਮਾਨਸਿਕ ਤੌਰ 'ਤੇ ਏਨਾ ਤੰਗ ਕੀਤਾ ਕਿ ਅਸਲੀ ਅਰਥਾਂ ਵਿਚ ਉਹਦੇ ਪਾਗ਼ਲ਼ ਬਣ ਜਾਣ ਵਿਚ
ਥੋੜੀ ਹੀ ਕਸਰ ਬਾਕੀ ਰਹਿ ਗਈ ਸੀ।
ਪੂਰੇ ਦੋ ਮਹੀਨੇ ਪਾਗ਼ਲ਼ ਖ਼ਾਨੇ ਵਿਚ ਰੱਖਣ ਪਿੱਛੋਂ ਦਫ਼ਾ 107 ਹੇਠ ਅਮਨ-ਕਾਨੂੰਨ ਵਿਚ
ਖ਼ਲਲ ਪਾਉਣ ਦੇ ਦੋਸ਼ ਵਿਚ ਉਹਨੂੰ ਇਕ ਸਾਲ ਕੈਦ ਦੀ ਸਜ਼ਾ ਦਿੱਤੀ ਗਈ ਤੇ ਉਹਨੂੰ ਮੁਲਤਾਨ
ਜੇਲ੍ਹ ਵਿਚ ਭੇਜ ਦਿੱਤਾ ਗਿਆ ਜਿੱਥੇ ਕਾਮਰੇਡ ਅਰਜਨ ਸਿੰਘ ਗੜਗੱਜ ਹੁਰੀਂ ਵੀ ਸਜ਼ਾ ਭੁਗਤ
ਰਹੇ ਸਨ। ਗੜਗੱਜ ਹੁਰੀਂ ਦੱਸਦੇ ਨੇ ਕਿ ਦੇਸ਼ ਦੀ ਵੰਡ ਹੋਣ ਤੋਂ ਬਾਅਦ ਅਮਰੀਕ ਸਿੰਘ ਦਾ
ਪਰਿਵਾਰ ਜਲੰਧਰ ਆ ਕੇ ਵੱਸ ਗਿਆ ਸੀ। ਉਹਨਾਂ ਵੇਲਿਆਂ ਵਿਚ ਜਲੰਧਰ ਦੇ ਸ਼ੇਖਾਂ ਬਾਜ਼ਾਰ ਵਿਚ
ਜਾਣ ਵਾਲੇ ਲੋਕਾਂ ਨੇ ਵੇਖਿਆ ਹੋਵੇਗਾ ਕਿ ਅਧਖੜ ਉਮਰ ਦਾ, ਸਰੀਰ ਦਾ ਦੁਬਲਾ ਪਤਲਾ ਮਨੁੱਖ,
ਡਰਾਈ-ਕਲੀਨਿੰਗ ਦੀ ਦੁਕਾਨ ਕਰਦਾ ਹੁੰਦਾ ਸੀ। ਇਹੋ ਹੀ ਸੀ ਸਾਡਾ ਗੁੰਮਨਾਮ ਹੀਰੋ ਅਮਰੀਕ
ਸਿੰਘ। ਕਿਸੇ ਨੂੰ ਨਹੀਂ ਸੀ ਪਤਾ ਕਿ ਇਸ ਸਾਧਾਰਨ ਜਿਹੇ ਦਿਸਦੇ ਬੰਦੇ ਪਿੱਛੇ ਕਿਸੇ ਵੇਲੇ ਦਾ
ਕਿੰਨਾ ਵੱਡਾ ਇਤਿਹਾਸਕ ਵਾਕਿਆ ਛੁਪਿਆ ਹੋਇਆ ਹੈ।
ਅੱਜ ਭਾਵੇਂ ਕਿਸੇ ਨੂੰ ਵੀ ਉਸਦਾ ਚਿੱਤ-ਖਿ਼ਆਲ ਨਾ ਹੋਵੇ ਪਰ ਉਹ ਹਿੰਦੁਸਤਾਨ ਦੀ ਆਜ਼ਾਦੀ ਦੀ
ਜੰਗ ਦੇ ਦਿਨਾਂ ਵਿਚ ਉਸ ਘਟਨਾ ਦਾ ਸਚਮੁਚ ਦਾ ਹੀਰੋ ਹੈ, ਜਿਸਨੂੰ ਕਦੀ ਕਿਸੇ ਇਤਿਹਾਸ ਵਿਚ
ਨਹੀਂ ਸੀ ਲਿਖਿਆ ਜਾਣਾ ਜੇ ਗੜਗੱਜ ਸਾਹਿਬ ਉਹਦੀ ਕਹਾਣੀ ਲਿਖ ਕੇ ਸਾਡੇ ਤੱਕ ਅੱਪੜਦੀ ਨਾ
ਕਰਦੇ। ਅਜਿਹੇ ਹਜ਼ਾਰਾਂ ਗੁੰਮਨਾਮ ਸੂਰਮਿਆਂ ਦੀ ਅਣਲਿਖੀਆਂ ਕਹਾਣੀਆਂ ਅਸੀਂ ਕਦੀ ਵੀ ਨਹੀਂ
ਜਾਣ ਸਕਣੀਆਂ।
-0-
|