( 1 )
ਬਾਬਾ ਰਾਮ ਦੇਵ ਜੀ
.................................
ਕਸਰਤ
(।)
................................
ਭਾਰਤ ‘ਚ ਮਾਰੂ ਫਜ਼ਾ
ਬਣ ਰਹੀ ਹੈ
ਨਾਗਾਂ ਦੇ ਡੰਗ,
ਹਵਾ ਬਣ ਰਹੀ ਹੈ
”ਰਾਮ ਦੇਵ ਬਾਬੇ” ਦੀ
ਮਿਹਰ ਦੇ ਸਦਕੇ
”ਕਸਰਤ” ਵੀ
ਧਰਮ-ਨੁਮਾ ਬਣ ਰਹੀ ਹੈ ।
.............................................
ਪਰਦੇਦਾਰੀ
( ।। )
.................................
ਕਪਟ ‘ਤੇ ਕਰਦੇ
ਧਰਮ ਦੀ ਪਰਦੇਦਾਰੀ ਹਨ
ਨੀਤੀ ਦੇ ਜੋ
ਵੱਡੇ ਬਣੇ ਖਿਡਾਰੀ ਹਨ
”ਬਾਬੇ ਰਾਮ ਦੇਵ” ਦੀ
ਚੜ੍ਹਤ ਹੀ ਵੇਖ ਲਵੋ !
ਬਣ ਗਏ ਸਨਿਆਸੀ ਵੀ
ਅੱਜ ਵਪਾਰੀ ਹਨ ।
.....................................................
ਡਰਦੇ ਮਾਰੇ
(।।। )
ਵਾਪਸ ਕਾਲ਼ੇ ਧਨ ਦਾ ਜੋ ਇਕਰਾਰ,
ਕਿੱਥੇ ਹੈ ? ਕਿੱਥੇ ਹੈ ?? ਕਿੱਥੇ ਹੈ ???
ਲੱਖਾਂ ਸਿਰ ਜਿਸ ਵੱਢਣੇ ਹਨ
ਤਲਵਾਰ ਕਿੱਥੇ ਹੈ ? ਕਿੱਥੇ ਹੈ ?? ਕਿੱਥੇ ਹੈ ???
ਡਰਦੇ ਮਾਰੇ ਭੇਸ ਬਦਲ ਜਦ
ਮੰਚ ‘ਤੋਂ ਸੀ ਦੌੜੇ
ਬਾਬਾ ਜੀ ! ਜਰਾ ਦੱਸੋ
ਉਹ ਸਲਵਾਰÛ ਕਿੱਥੇ ਹੈ ? ਕਿੱਥੇ ਹੈ ? ਕਿੱਥੇ ਹੈ ???
(Ûਸ਼ਾਇਰ ਵੱਲੋਂ ਥੋੜੀ ਜਹੀ ਸਖ਼ਤ ਭਾਸ਼ਾ ਲਈ ਖਿਮਾਂ-ਯਾਚਨਾ ਪਰੰਤੂ ਹੈ ਇਹ ਨਿਰੋਲ ਸੱਚ )
..............................................................................................
( 2 )
ਬਿਊਟੀ ਪਾਰਲਰ
.....................................
ਨਜ਼ਰ, ਨਜ਼ਰ ‘ਚ
ਮੁਲਾਕਾਤ ਹੋ ਸਕਦੀ ਹੈ
ਮੋਹ, ਮੁਹੱਬਤ ਦੀ
ਬਰਸਾਤ ਹੋ ਸਕਦੀ ਹੈ
ਬਿਊਟੀ ਪਾਰਲਰ ਦੀ
ਅਤਿ ਸ਼ੁਕੀਨ ਨਾਰੇ !
ਸਾਦਗੀ ਵਿਚ ਵੀ
ਕਰਾਮਾਤ ਹੋ ਸਕਦੀ ਹੈ ।
.....................................................
( 3 )
ਅਲਵਿਦਾ
.................................
ਨਾ ਤੇਰੇ ਸ਼ਬਦਾਂ ‘ਚ ਲੋਅ ਹੈ
ਨਾ ਤੇਰੇ ਅਰਥਾਂ ‘ਚ ਖੁਸ਼ਬੂ
ਤੈਂਨੂੰ ਇਹ ਰੌਣਕ ਮੁਬਾਰਕ !
ਮੈਂ, ਤੇਰੀ ਮਹਿਫ਼ਲ ‘ਚੋਂ
ਉਠ ਕੇ ਜਾ ਰਿਹਾਂ !
ਹਾਂ ਜਾ ਰਿਹਾਂ !!
..........................................................................
( 4 )
ਨਾਂਗੇ ਬਾਬੇ
............................
ਭਾਰਤ ਮਾਂ ਦੇ ਸਾਰੇ
ਧੋਣੇ, ਧੋਣੇ ਹਨ
ਭਗਵੇਂਧਾਰੀ
ਹਰ ਥਾਂ ਕਾਬਜ਼ ਹੋਣੇ ਹਨ
ਅੱਜ ਤਾਂ
ਯੋਗੀ-ਨਾਥ ਹੀ ਤਖਤ ‘ਤੇ ਹੈ ਬੈਠਾ
ਕੱਲ੍ਹ ਨੂੰ
”ਨਾਂਗੇ” ਬਾਬੇ ਉੱਠ ਖਲੋਣੇ ਹਨ !
.....................................................................
( 5 )
ਚਸ਼ਮਦੀਦ-ਗਵਾਹ
..............................
ਸੂਰਜ ਵੇਖੇ, ਅੰਬਰ ਵੇਖੇ,
ਦੇਵ ਵੇਖਦੇ ਸਾਰੇ
ਪਸ਼ੂ ਦੀ ਸ਼ਰਧਾ ਖ਼ਾਤਰ ਜਾਂਦੇ
ਕੁੱਟ ਕੁੱਟ ਬੰਦੇ ਮਾਰੇ
ਬਹੁਗਿਣਤੀ ਫ਼ਿਰਕੇ ਦੇ ਦੋਸ਼ੀ
ਪਰ ਨਾ ਜਾਣ ਪਛਾਣੇ
ਵਿਚ ਕਚਹਿਰੀ ਜਾ ਕੇ ਫੌਰਨ
ਛੁੱਟ ਜਾਂਦੇ ਹਤਿਆਰੇ
..............................................................................................
( 6 )
ਇਸ਼ਰਤ ਜਹਾਂ
......................................
ਅੱਜ,ਭਾਰਤ ਵਿਚ ਚਲਦਾ
ਜਿਸ ਨੇਤਾ ਦੇ ਨਾਂ ਦਾ
ਭਗਵਾਂ,ਫਾਸ਼ੀ,ਫਿਰਕੂ,ਖੋਟਾ
ਸਿੱਕਾ ਹੈ
ਉਹ ਸਮੁੰਦਰ ਦੀ ਕੁਰਸੀ ‘ਤੇ ਬੈਠਾ
ਸ਼ਹਿਰ ਵਿਚ ਵਗ ਰਹੇ
ਇਕ ਨਾਲੇ ਤੋਂ ਵੀ ਨਿੱਕਾ ਹੈ
ਉਸ ਦੇ ਮੱਥੇ ਉੱਤੇ ਸਜਦਾ ਟਿੱਕਾ
ਚੰਦਨ ਦਾ ਟਿੱਕਾ ਹਰਗਿਜ਼ ਨਹੀਂ
ਇਹ ਤਾਂ ਹਾਇ! ਹਾਇ!! ਹਾਇ!!!
ਪਰੀ ਜਹੀ ਮਾਲੂਕ,ਮਾਸੂਮ
ਧਰਤੀ ਦੀ ਪੁੱਤਰੀ
ਇਸ਼ਰਤ ਜਹਾਂ ਦੇ
ਸੜਕ ‘ਤੇ ਡੁੱਲ੍ਹੇ
ਤਾਜੇ,ਗਰਮ ਖ਼ੂਨ ਦਾ ਟਿੱਕਾ ਹੈ ।
( Û19 ਸਾਲਾ ਇਸ਼ਰਤ ਜਹਾਂ ਨੂੰ ਮੋਦੀ ਸਰਕਾਰ ਵੇਲੇ 15 ਜੂਨ 2004 ਨੂੰ ਫ਼ਰਜ਼ੀ ਪੁਲਸ ਮੁਕਾਬਲੇ
ਵਿਚ ਗੁਜ਼ਰਾਤ ਦੇ ਸ਼ਹਿਰ ਅਹਿਮਦਾਬਾਦ ਨੇੜੇ ਮਾਰ ਦਿੱਤਾ ਗਿਆ ਸੀ )
..............................................................................................
( 7 )
ਕਵਿਤਾ
..........................................
ਖ਼ੁਸ਼ਕ ਨਦੀ
ਆਬਸ਼ਾਰ ਬਣ ਗਈ ਹੈ
ਲਹੂ ਦੀ ਲਕੀਰ
ਗੰਗਾ ਦੀ ਧਾਰ ਬਣ ਗਈ ਹੈ
ਵਿਕ ਚੁੱਕੀ ਹੈ
ਕਵੀਆਂ ਦੀ ਜ਼ਮੀਰ
ਕਵਿਤਾ ਵੀ
ਇਕ ਵਿਉਪਾਰ ਬਣ ਗਈ ਹੈ ।
..........................................................................
( 8 )
ਰਖਵਾਲਾ
.........................................
ਵਿੱਤ-ਪੂੰਜੀ ਦਾ
ਬੋਲ ਬਾਲਾ ਹੋ ਗਿਆ ਹੈ
ਹਾਏ ! ਸੂਹਾ ਗੁਲਾਬ
ਕਾਲ਼ਾ ਹੋ ਗਿਆ ਹੈ
ਕੀ ਕੀ ਹੋਇਆ ਨਹੀਂ
ਦੇਸ਼ ਵਿਚ ਅਸਾਡੇ
ਕੰਸ,
ਕ੍ਰਿਸ਼ਨ ਦਾ ਰੱਖਵਾਲਾ ਹੋ ਗਿਆ ਹੈ ।
...........................................................................
( 9 )
ਤਸਕਰੀ
.............................................
ਮੱਥਿਆਂ ਉੱਤੇ ਗੂੜ੍ਹੇ
ਤਿਲਕ ਲਗਾਉਂਦੇ ਹਨ
ਸਿਰ ਉੱਤੇ ਸੁੰਦਰ
ਦਸਤਾਰ ਸਜਾਉਂਦੇ ਹਨ
ਉਸ ਦੇਸ਼ ਹੀ ਹਾਲਤ
ਕੀਕਣ ਸੁਧਰੇ ਗੀ
ਤਸਕਰੀ ਜਿੱਥੇ
ਖ਼ੁਦ ਨੇਤਾ ਕਰਵਾਉਂਦੇ ਹਨ ।
.........................................................................
( 10 )
ਇਨਕਲਾਬ
.......................................
ਇਹ ਵਾਅਦਾ ਰਿਹਾ
ਇਕ ਦਿਨ ਆਵਾਂ ਗਾ ਮੈਂ
ਉਜੜੇ ਘਰਾਂ ‘ਚ
ਰੌਣਕ ਲਿਆਵਾਂ ਗਾ ਮੈਂ
ਜੋ ਆਖਣ ਸਦਾ ਲਈ
ਮਰ ਗਿਆ ਸੂਰਜ
ਉਨ੍ਹਾਂ ਕਲਮਾਂ ਨੂੰ
ਸ਼ੀਸ਼ਾ ਵਿਖਾਵਾਂ ਗਾ ਮੈਂ ।
.........................................................................
( 11 )
ਦੌਰ
..........................................
ਬਦਚਲਨ,
ਚਲਨ ਦੇ ਸਬਕ ਪੜ੍ਹਾ ਰਹੇ ਹਨ
ਕਊਏ
ਕਲਿਆਨ ਰਾਗ ਗਾ ਰਹੇ ਹਨ
ਡਿਜੀਟਲ ਦਾ ਕੈਸਾ
ਦੌਰ ਹੈ ਯਾਰੋ !
ਦਰਿਆ ਉਲਟੇ
ਪਰਬਤ ਵੱਲ ਧਾਅ ਰਹੇ ਹਨ ।
.............................................................................................
( 12 )
ਚਾਰਾ
.......................................
ਸੰਘੀ
ਪ੍ਰਸਪਰ ਪਿਆਰ ਦੀ
ਦੋਖੀ ਨਾ ਘੁੱਟ ਜਾਏ ਕਿਤੇ
ਹੱਥ ‘ਚੋਂ ਪੂਣੀ ਸਾਂਝ ਦੀ
ਹਾੜਾ! ਨਾ ਛੁੱਟ ਜਾਏ ਕਿਤੇ
ਫਿਰਕਿਆਂ ਵਿਚ ਜ਼ਹਿਰ ਦੇ
ਆਸਾਰ ਦੱਸਦੇ ਨੇ ਪਏ
ਚਾਰਾਗਰੋ !
ਚਾਰਾ ਕਰੋ
ਭਾਰਤ ਨਾ ਟੁੱਟ ਜਾਏ ਕਿਤੇ ।
.........................................................................
( 13 )
ਨੋਟ ਬੰਦੀ
................................
ਨੈਤਿਕ ਕਦਰਾਂ ਦਾ
ਉਧਾਲਾ ਹੋ ਗਿਆ ਹੈ
ਅੱਜ ਰਵੀ ਦਾ ਮੂੰਹ
ਕਾਲ਼ਾ ਹੋ ਗਿਆ ਹੈ
”ਨੋਟ ਬੰਦੀ” ਨੇ ਹੈ
ਕੀਤਾ ਨਕ ”ਚ ਦਮ
ਐਪਰ ”ਉਹ” ਆਖਣ
ਉਜਾਲਾ ਹੋ ਗਿਆ ਹੈ ।
..................................................................
( 14 )
ਇਸ਼ਕ ਦੀ ਬਾਜ਼ੀ
........................................
ਅੰਬਰ ਨੇ ਮੁੱਖੜੇ ‘ਤੇ ਓੜੀ
ਹੀਰੇ,ਮੋਤੀ ਮਾਣਕਾਂ ਦੀ
ਚਾਦਰ ਵੀ ਤਾਂ ਹੋ ਸਕਦੀ ਹੈ
ਬੱਦਲਾਂ ਦੀ ਕੁੱਖ ਵਿਚ ਖ਼ਾਲੀ
ਗਾਗਰ ਵੀ ਤਾਂ ਹੋ ਸਕਦੀ ਹੈ!
ਜਰੂਰੀ ਨਹੀਂ ਹੈ
ਇਸ ਵਿਚ ਇਕ ਜਿੱਤੇ, ਦੂਜਾ ਹਾਰੇ
ਇਸ਼ਕ ਦੀ ਬਾਜ਼ੀ
ਬਰਾਬਰ ਵੀ ਤਾਂ ਹੋ ਸਕਦੀ ਹੈ ।
...............................................................................
( 15 )
ਅਦਾਲਤ
......................................
ਗੁਲਸਤਾਨ ਦੀ ਰੌਣਕ
ਕਬਰਸਤਾਨ ਹੋ ਰਹੀ ਹੈ
ਗੁਲਾਬਾਂ ਦੀ ਆਤਮਾ
ਲਹੂ-ਲੁਹਾਨ ਹੋ ਰਹੀ ਹੈ
ਕੁੱਝ ਤਾਂ ਫ਼ਿਕਰ ਕਰੋ ਯਾਰੋ!
ਕੁੱਝ ਤਾਂ ਉੱਦਮ ਕਰੋ ਯਾਰੋ!!
ਹੁਣ ਤਾਂ ਅਦਾਲਤ ਵੀ
ਹਿੰਦੂ, ਸਿੱਖ, ਮੁਸਲਮਾਨ ਹੋ ਰਹੀ ਹੈ ।
..................................................................................
( 16 )
ਅੰਨੇ
.......................................
ਹਵਾ ਵਿਚ ਜ਼ਹਿਰ
ਦਿਲਾਂ ਵਿਚ ਨਫ਼ਰਤ ਭਰ ਦਿੰਦਾ ਹੈ
ਬੰਬ, ਬਾਰੂਦ, ਗੋਲ਼ੇ
ਤਲ਼ੀਆਂ ‘ਤੇ ਧਰ ਦਿੰਦਾ ਹੈ
ਮਾਸੂਮਾਂ ਨੂੰ ਲੂਹਣ ਲੱਗੇ
ਰਤਾ ਤਰਸ ਨਹੀਂ ਖਾਂਦੇ
ਧਾਰਮਕ ਜਾਨੂੰਨ ਬੰਦਿਆਂ ਨੂੰ
”ਸੂਰ ਦਾਸ” ਜਾਂ
”ਸੂਰਮੇਂ ਸਿੰਘ” ਕਰ ਦਿੰਦਾ ਹੈ ।
.......................................................
( 17 )
ਇੱਕ-ਟੁੱਕ
..............................
ਜੇ ਇਹ ਦਿਨ ਹੈ
ਤਾਂ ਇਹ ਰਾਤ ਨਹੀਂ ਹੋ ਸਕਦੀ
ਜੇ ਹੈ ਸ਼ਾਮ ਦਾ ਘੁੱਪ ਹਨੇਰਾ
ਇਹ ਪ੍ਰਭਾਤ ਨਹੀਂ ਹੋ ਸਕਦੀ
ਜੇ ਹਨ ਹੰਝੂਆਂ ਵਿਚ ਡੁੱਬੇ
ਚੁੱਲ੍ਹੇ ,ਖੇਤ ਖਲਿਆਣ
ਤਾਂ ਖੁਸ਼ੀਆਂ,ਖੇੜਿਆਂ ਦੀ
ਬਰਸਾਤ ਨਹੀਂ ਹੋ ਸਕਦੀ
ਰਣ ਵਿਚ ਜੂਝਣ ਵਾਲੇ ,
ਇਸ ਤੱਥ ਤੋਂ ਹਨ
ਭਲੀਭਾਂਤ ਵਾਕਫ਼
ਜੇ ਵੱਜੇ ਵਿਜੈ ਦਾ ਨਗਾਰਾ
ਫਿਰ ਇਹ ਮਾਤ ਨਹੀਂ ਹੋ ਸਕਦੀ
ਬਹਾਰ ਜਾਂ ਆਉਂਦੀ ਹੈ
ਜਾਂ ਨਾ-ਆਉਂਦੀ ਹੈ
ਹੈ ਇਹ ਪੂਰਨ ਸੱਚ
ਇਹ ਝੂਠੀ ਬਾਤ ਨਹੀਂ ਹੋ ਸਕਦੀ ।
..........................................................................
( 18 )
ਸੰਗਰਾਮ
......................................
ਅਸੀਂ ਹਾਂ
ਹਰ ਪਲ ਰਹੇ ਗੂੰਜਦੇ,
ਗੂੰਜਦੇ ਰਹਿਣਾ ਹੈ
ਹੰਸ ਨੂੰ ਕਹਿਣਾ ਹੰਸ
ਅਤੇ
ਕਾਂ ਨੂੰ ਕਾਂ ਕਹਿਣਾ ਹੈ
ਜਦ ਤਕ ਸਾਹ ਨੇ ਚਲਦੇ
ਹੈ ਸੰਗਰਾਮ ਵੀ ਜਾਰੀ
ਦਿਲ ਛੱਡ ਕੇ ਨਹੀਂ ਬੈਠੇ
ਨਾ ਦਿਲ ਛੱਡ ਕੇ ਬਹਿਣਾ ਹੈ ।
......................................................................
( 19 )
ਹੁਣ
...............................
ਬੇਈਮਾਨ,
ਈਮਾਨ ਦਾ ਪਾਲਣਹਾਰ ਬਣ ਗਿਆ ਹੈ
ਮਹਾਂਗੁੰਡਾ,
ਕੌਮ ਦਾ ਸਿਪਾਹ-ਸਲਾਰ ਬਣ ਗਿਆ ਹੈ
ਹੁਣ ਕਾਲਖ ਅਤੇ ਲਿਸ਼ਕ ਵਿਚ
ਕੋਈ ਅੰਤਰ ਨਹੀਂ ਰਿਹਾ ਯਾਰੋ!
ਕਾਲਖ ਦਾ ਰੰਗ-ਰੂਪ ਵੀ
ਚਮਕਦਾਰ ਬਣ ਗਿਆ ਹੈ ।
..................................................................................
( 20 )
ਹੂੰਝਦੇ ਰਹੋ
..........................................
ਆਸ ਨਾ ਛੱਡੋ
ਜੂਝਦੇ ਰਹੋ
ਸਮਿਆਂ ਦੀ ਕਾਲਖ
ਪੂੰਝਦੇ ਰਹੋ
ਬਾਗ ਅਸਾਡਾ ਵੀ
ਮਹਿਕੇ ਗਾ ਇਕ ਦਿਨ
ਕੂੜਾ ‘ਤੇ ਕੰਡੇ
ਹੂੰਝਦੇ ਰਹੋ ।
........................................................
( 21 )
ਨਾਂਗੇ ਬਾਬੇ
............................
ਭਾਰਤ ਮਾਂ ਦੇ ਸਾਰੇ
ਧੋਣੇ, ਧੋਣੇ ਹਨ
ਭਗਵੇਂਧਾਰੀ
ਹਰ ਥਾਂ ਕਾਬਜ਼ ਹੋਣੇ ਹਨ
ਅੱਜ ਤਾਂ
ਯੋਗੀ-ਨਾਥ ਹੀ ਤਖਤ ‘ਤੇ ਹੈ ਬੈਠਾ
ਕੱਲ੍ਹ ਨੂੰ
”ਨਾਂਗੇ” ਬਾਬੇ ਉੱਠ ਖਲੋਣੇ ਹਨ !
.....................................................................
( 22 )
ਚਸ਼ਮਦੀਦ-ਗਵਾਹ
..............................
ਸੂਰਜ ਵੇਖੇ, ਅੰਬਰ ਵੇਖੇ,
ਦੇਵ ਵੇਖਦੇ ਸਾਰੇ
ਪਸ਼ੂ ਦੀ ਸ਼ਰਧਾ ਖ਼ਾਤਰ ਜਾਂਦੇ
ਕੁੱਟ ਕੁੱਟ ਬੰਦੇ ਮਾਰੇ
ਬਹੁਗਿਣਤੀ ਫ਼ਿਰਕੇ ਦੇ ਦੋਸ਼ੀ
ਪਰ ਨਾ ਜਾਣ ਪਛਾਣੇ
ਵਿਚ ਕਚਹਿਰੀ ਜਾ ਕੇ ਫੌਰਨ
ਛੁੱਟ ਜਾਂਦੇ ਹਤਿਆਰੇ
.............................................................
-0- |