ਰਹਿ ਰਹਿ ਕੇ ਬਚਪਨ ਦੀ
ਯਾਦ ਆਉਦੀ ਹੈ,
ਉਹ ਪਹਿਲਾਂ ਹਸਾਉਂਦੀ ਤੇ ਫਿਰ ਮੈਨੂੰ ਰਵਾਉਂਦੀ ਹੈ ।
ਨੰਗੇ ਪੈਰੀਂ ਦੌੜਦੇ ਅਤੇ ਖੇਡਦੇ ਸਾਂ,
ਇਕ ਦੂਜੇ ਨੂੰ ਿਠੱਬੀ ਲਾ ਕੇ ਡੇਗਦੇ ਸਾਂ।
ਮੱਝਾਂ ਤੇ ਚੜਦੇ,ਢਾਬ ਚ ਚੁੱਬੀਆਂ ਲਾਉਂਦੇ ਸਾਂ,
ਹੱਸਦੇ ਸਾਂ ਖੇਡਦੇ ਸਾਂ ਅਤੇ ਗੀਤ ਗਾਉਂਦੇ ਸਾਂ।
ਫਿਰ ਛੇਤੀ ਹੀ ਇਕ ਉਦਾਸੀ ਦਾ ਦੌਰ ਆ ਗਿਆ,
ਐਸਾ ਭਾਣਾ ਵਰਤਿਆ, ਇੱਕ ਨਵਾਂ ਹੀ ਮੋੜ ਆ ਗਿਆ।
ਅਚਾਨਕ ਪਿਉ ਦਾ ਮਰ ਜਾਣਾ ਬਦਨਸੀਬੀ ਸੀ,
ਘਰ ਦੀ ਹਾਲਤ ਚੰਗੀ ਨਹੀਂ ਸੀ ਅਤੇ ਗਰੀਬੀ ਸੀ।
ਸਮੇਂ ਦੇ ਨਾਲ ਨਾਲ ਮੈਂ ਜਿਉਂ ਜਿਉਂ ਵੱਡਾ ਹੋਣ ਲੱਗਾ,
ਘਰ ਦੀਆਂ ਜੁੰਮੇਂਵਾਰੀਆਂ ਦਾ ਅਹਿਸਾਸ ਹੋਣ ਲੱਗਾ।
ਸਵੇਰੇ ਸਕੂਲੇ ਜਾਂਦਾ, ਤ੍ਰਿਕਾਲਾਂ ਨੂੰ ਪੱਠੇ ਵੱਡ ਲਿਆਉਂਦਾ ਸਾਂ,
ਫਿਰ ਹੱਥ ਵਾਲੇ ਟੋਕੇ ਨਾਲ ਕੁਤਰ ਕੇ ਡੰਗਰਾਂ ਨੂੰ ਪਾਉਂਦਾ ਸਾਂ।
ਫਿਰ ਆਪਣੇ ਛੋਟੇ ਭਰਾ ਨੂੰ ‘ੳ ਅ‘ ਪੜਾਉਂਦਾ ਸਾਂ।
ਮਾਂ ਜੋ ਵੀ ਖਾਣ ਨੂੰ ਦੇਂਦੀ ਚੁੱਪ ਚਾਪ ਖਾ ਜਾਂਦਾ ਸਾਂ,
ਫਿਰ ਕੋਠੇ ਤੇ ਮੰਜੀ ਡਾਹ ਕੇ ਸੌਂ ਜਾਂਦਾ ਸਾਂ।
ਸੌਂਣ ਤੋਂ ਪਹਿਲਾਂ ਕਦੀ ਕਦੀ ਤਾਰਿਆਂ ਵੱਲ ਵੇਖ ਕੇ,
ਗੀਤ ਗੁਣ ਗੁਣਾਉਂਦਾ ਸਾਂ।
ਸੁਪਨੇ ਚ ਪਿਉ ਨੇ ਆਖਿਆ ਪੁੱਤ ਚੰਗੀ ਤਰਾਂ ਪੜਿਆ ਕਰ,
ਐਵੇਂ ਨਾਂ ਆਪਣੇ ਛੋਟੇ ਭਰਾ ਨਾਲ ਲੜਿਆ ਕਰ।
ਨੀਂਦ ਦੇ ਇੱਕੋ ਹੁਲਾਰੇ ਨਾਲ ਰਾਤ ਮੁੱਕ ਜਾਂਦੀ ਸੀ,
ਸਵੇਰੇ ਮਾਂ ਦੀ ਮਿੱਠੀ ਅਵਾਜ਼ ਕੰਨਾਂ ਵਿੱਚ ਪੈਂਦੀ ਸੀ।
ਉੱਠ ਮੇਰੇ ਲਾਲ ਵੇ ਇੱਕ ਦੋ ਕੰਮ ਮੁੱਕਾ ਦੇ,
ਮੈਂ ਧਾਰ ਚੋਣ ਲੱਗੀ ਹਾਂ ਤੂੰ ਮੱਝ ਨੂੰ ਭਾੜਾ ਪਾ ਦੇ।
ਫਿਰ ਪਿੰਡੇ ਨਹਾ ਚੰਗੀ ਤਰਾਂ ਅਤੇ ਰੋਟੀ ਖਾ ਲੈ ਰੱਜ ਕੇ,
ਬਸਤਾ ਗਲ ਵਿੱਚ ਪਾ ਅਤੇ ਸਕੂਲੇ ਵੜ ਜਾ ਭੱਜ ਕੇ।
ਮੈਂ ਛੇਤੀ ਨਾਲ ਉੱਠ ਕੇ ਥੱਲੇ ਉਤਰ ਆਉਂਦਾ ਸਾਂ,
ਮਾਂ ਦੇ ਦੱਸੇ ਹੋਏ ਕੰਮ ਝੱਟ ਕਰ ਮੁਕਉਂਦਾ ਸਾਂ।
ਮਾਂ ਦੇ ਨਾਲ ਗੁਜ਼ਾਰੇ ਦਿਨ ਜਦੋਂ ਵੀ ਚੇਤੇ ਆਉਂਦੇ ਨੇ
ਉਹ ਪਹਿਲਾਂ ਮੈਨੂੰ ਹਸਾਉਂਦੇ ਫਿਰ ਮੈਨੂੰ ਤੜਫਾਉਂਦੇ ਨੇ।
ਫਿਰ ਉਸ ਪਿਆਰੇ ਅਤੇ ਸੁਹਣੇ ਬਚਪਨ ਵਿੱਚ ਜਾਣਾ ਚਾਹੁੰਦਾ ਹਾਂ,
ਫਿਰ ਯਾਰਾਂ ਨਾਲ ਰਲ ਕੇ ਹੱਸਣਾ ਤੇ ਗਾਉਣਾ ਚਾਹੁੰਦਾ ਹਾਂ।
ਫਿਰ ਟਾਹਲੀ ਵਾਲੀ ਪੈਲੀ ਚੋਂ ਪੱਠੇ ਲਿਆਉਣਾ ਚਾਹੁੰਦਾ ਹਾਂ,
ਫਿਰ ਮਾਂ ਦੇ ਹੱਥਾਂ ਦਾ ਪੱਕਿਆ ਪਰਾਉਂਠਾ ਖਾਣਾ ਚਾਹੁੰਦਾ ਹਾਂ।
ਪਰ ਮੈਂ ਜਾਣਦਾ ਹਾਂ ਉਹ ਸਮਾਂ ਮੁੜ ਕੇ ਆ ਨਹੀਂ ਸਕਦਾ,
ਕਿਉਂਕਿ ਮੈਂ ਸਮੇਂ ਦੀ ਸੂਈ ਨੂੰ ਪੁੱਠਾ ਘੁਮਾ ਨਹੀਂ ਸਕਦਾ।
-0- |