ਅੱਜ ਮੈੱਕਸਲ ਦਾ ਜਨਮ ਦਿਨ
ਹੈ ਤੇ ਇਸ ਸੰਬੰਧ ਵਿਚ ਖੂਬ ਜਸ਼ਨ ਮਨਾਏ ਜਾ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਉਸ ਦੇ
ਜਸ਼ਨਾਂ ਵਾਸਤੇ ਤਿਆਰੀ ਚੱਲ ਰਹੀ ਹੈ। ਹਰ ਰੋਜ਼ ਉਸ ਨੂੰ ਨੁਹਾ ਧੁਆ ਕੇ ਲਿਸ਼ਕਾਇਆ ਸ਼ਿੰਗਾਰਿਆ
ਜਾਂਦਾ ਰਿਹਾ ਹੈ। ਉਸ ਦੇ ਦੰਦਾਂ ਦੀ ਫਲਾਸ ਕਰ ਕੇ ਦੰਦ ਲਿਸ਼ਕਾਏ ਜਾਂਦੇ ਹਨ। ਵਾਲ ਭਰਵੱਟੇ
ਕੱਟ ਕੇ ਉਸ ਨੂੰ ਨਿਹਾਰਿਆ ਜਾਂਦਾ ਹੈ। ਪੈਰਾਂ ਦੇ ਮਖਮਲੀ ਮੌਜੇ ਸਪੈਸ਼ਲ ਸਾਈ ਦੇ ਕੇ ਬੁਟੀਕ
ਕੋਲੋਂ ਬਣਵਾਏ ਗਏ ਹਨ।
ਇਸ ਘਰ ਪੈਰ ਪਾਇਆਂ ਅੱਜ ਉਸ ਨੂੰ ਇੱਕ ਸਾਲ ਹੋ ਗਿਆ ਹੈ। ਉਸ ਦੇ ਦੰਦ ਸਾਫ਼ ਕਰਾਉਣ ਵਾਸਤੇ ਉਸ
ਨੂੰ ਡਾਕਟਰ ਕੋਲ ਲੈ ਗਏ। ਵੈਟਰਨਰੀ ਡਾਕਟਰ ਨੇ ਮੁਆਇਨਾ ਕਰ ਕੇ ਕੁੱਝ ਸਾਫ਼ ਕਰ ਦਿੱਤੇ ਤੇ
ਦੱਸਿਆ ਕਿ ਇਸ ਦੇ ਦੰਦਾਂ ਦੀ ਡੀਪ-ਕਲੀਨਿੰਗ ਕਰਨ ਦੀ ਲੋੜ ਹੈ ਤੇ ਪਿਛਲਾ ਇੱਕ ਦੰਦ ਹਿੱਲਦਾ
ਹੈ, ਉਹ ਕੱਢਣਾ ਪਵੇਗਾ।
‘ਇਸ ਦੀ ਧੌਣ ਵਿਚ ਜ਼ਖਮ ਹੈ! ਇਸ ਨੂੰ ਕਿਸੇ ਨੇ ਮਾਰਿਆ ਹੈ। ਇਸ ਤਰ੍ਹਾਂ 'ਐਨੀਮਲ ਕਰੂਅਲ਼ਟੀ
ਐਕਟ' ਦੇ ਅਧੀਨ ਕੇਸ ਰਜਿਸਟਰ ਕਰਨਾ ਬਣਦਾ ਹੈ।’ ਡਾਕਟਰ ਨੇ ਹੋਰ ਸੋਹਲਾ ਸੁਣਾ ਕੇ ਭੰਬਲਭੂਸਾ
ਖੜ੍ਹਾ ਕਰ ਦਿੱਤਾ ਤੇ ਨਾਲ ਮੁਕੱਦਮੇ ਦੀ ਧਮਕੀ ਜਿਹੀ ਵੀ ਦੇ ਦਿੱਤੀ।
ਉਸ ਨੂੰ ਬੇਨਤੀ ਕਰਨ ਤੇ ਉਸ ਨੇ ਗੂੰਦ ਵਰਗੀ ਇੱਕ ਲੇਸਦਾਰ ਦਵਾਈ ਉਸ ਦੇ ਜ਼ਖਮ ਤੇ ਲਗਾ
ਦਿੱਤੀ।
‘ਇਸ ਦਾ ਜ਼ਖਮ ਆਪੇ ਭਰ ਜਾਂਦਾ ਹੈ... ਫ਼ਿਕਰ ਵਾਲੀ ਗੱਲ ਨਹੀਂ। ਇਸ ਨੂੰ ਖੁੱਲ੍ਹਾ ਰਹਿਣ
ਦਿਓ। ਦੋ ਚਾਰ ਦਿਨ ਵਿਚ ਠੀਕ ਹੋ ਜਾਏਗਾ।’ ਡਾਲਰਾਂ ਦੀ ਕਰਾਮਾਤ ਨੇ ਡਾਕਟਰ ਦਾ ਬਿਆਨ ਬਦਲ
ਦਿੱਤਾ। ਮੈਨੂੰ ਇਸ ਗੱਲ ਦਾ ਭਲੀ ਭਾਂਤ ਪਤਾ ਸੀ ਕਿ ਕੁੱਤਾ ਆਪਣੀ ਜ਼ਬਾਨ ਨਾਲ ਚੱਟ ਕੇ ਆਪਣਾ
ਘਾਉ ਆਪੇ ਠੀਕ ਕਰ ਲੈਂਦਾ ਹੈ ਤੇ ਡਾਕਟਰ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਸੀ।
‘ਇਸ ਦੀ ਡਾਕਟਰੀ ਮੁਲਾਕਾਤ ਦਾ ਹੋਰ ਸਮਾਂ ਲੈ ਲਓ। ਅਗਲੇ ਹਫ਼ਤੇ ਇਸ ਨੂੰ ਸਾਰਾ ਦਿਨ ਹਸਪਤਾਲ
ਭਰਤੀ ਕਰਾਉਣਾ ਪਵੇਗਾ। ਬੇਹੋਸ਼ੀ ਵਾਲਾ ਟੀਕਾ ਲਗਾ ਕੇ ਬੇਹੋਸ਼ ਕਰ ਕੇ ਇਸ ਦਾ ਦੰਦ ਕੱਢਾਂਗੇ
ਤੇ ਨਾਲ ਹੀ ਲੱਗਦੇ ਹੱਥ ਸਾਰੇ ਦੰਦਾਂ ਦੀ ਡੀਪ-ਕਲੀਨਿੰਗ ਕਰ ਦਿਆਂਗੇ।’
ਨਿਰਧਾਰਿਤ ਸਮੇਂ ਉਸ ਨੂੰ ਦਾਖਲਾ ਮਿਲ ਗਿਆ। ਸਪੈਸ਼ਲ ਕਮਰਾ ਉਸ ਨੂੰ ਅਲਾਟ ਹੋ ਗਿਆ। ਉਨ੍ਹਾਂ
ਨੇ ਆਪਣੀ ਕਾਰਜ ਪ੍ਰਣਾਲੀ ਕਰ ਕੇ ਸਾਡੇ ਤੇ ਅਹਿਸਾਨ ਚੜ੍ਹਾ ਦਿੱਤਾ। ਮੈੱਕਸਲ ਅਰਧ ਹੋਸ਼
ਅਵਸਥਾ ਵਿਚ ਲੜਖੜਾ ਰਿਹਾ ਸੀ। ਡਾਕਟਰ ਨੇ ਡਿਸਚਾਰਜ-ਸਲਿਪ ਦੇ ਕੇ ਕੁੱਝ ਹਦਾਇਤਾਂ ਨਾਲ ਉਸ
ਨੂੰ ਸਾਡੇ ਸਪੁਰਦ ਕਰਦੇ ਕੁੱਝ ਦਵਾਈ ਦੇ ਦਿੱਤੀ।
‘ਇਸ ਨੂੰ ਇਹ ਪਾਊਡਰ ਮੁਰਗ਼ੇ ਦੇ ਸੂਪ ਵਿਚ ਘੋਲ ਕੇ ਤਿੰਨ ਚਾਰ ਵੇਰਾਂ ਪਿਲਾਉਣਾ ਹੈ। ਇਸ ਦੀ
ਤਾਕਤ ਮੁੜ ਨਾਰਮਲ ਹੋ ਜਾਵੇਗੀ। ਜੇ ਦੋ ਘੰਟੇ ਵਿਚ ਨਾਰਮਲ ਨਾ ਹੋਇਆ ਤਾਂ ਸਾਨੂੰ ਕਾਲ ਕਰ
ਲਿਉ.. ਸਾਡਾ ਹਸਪਤਾਲ ਰਾਤ ਗਿਆਰਾਂ ਵਜੇ ਤੱਕ ਖੁੱਲ੍ਹਾ ਰਹਿੰਦਾ ਹੈ।’ ਅਰਧ-ਹੋਸ਼ ਹਾਲਤ ਵਿਚ
ਉਸ ਨੂੰ ਲੈ ਕੇ ਅਸੀਂ ਸ਼ਾਮ ਨੂੰ ਘਰ ਪਹੁੰਚ ਗਏ।
ਅਗਲੇ ਦਿਨ ਉਸ ਦਾ ਬਿਊਟੀ ਪਾਰਲਰ ਵਿਚ ਮੁਲਾਕਾਤ ਟਾਈਮ ਸੀ। ਉੱਥੇ ਉਸ ਨੂੰ ਸ਼ੀਸ਼ੇ ਸਾਹਮਣੇ
ਇੱਕ ਸਜੀ ਹੋਈ ਕੁਰਸੀ ਤੇ ਬਿਠਾ ਦਿੱਤਾ ਗਿਆ। ਉਹ ਬੜੇ ਮਜ਼ੇ ਨਾਲ ਸ਼ੀਸ਼ੇ ਵਿਚ ਆਪਣਾ ਚਿਹਰਾ
ਨਿਹਾਰਦਾ, ਲੰਬੀ ਜ਼ਬਾਨ ਬਾਹਰ ਕੱਢਦਾ ਸਬਰ ਸੰਤੋਖ ਨਾਲ ਬੈਠਾ ਅੱਖਾਂ ਮਟਕਾਉਂਦਾ ਰਿਹਾ। ਉਸ
ਦੀਆਂ ਅੱਖਾਂ ਵਿਚ ਦਵਾਈ ਦੇ ਤੁਪਕੇ ਪਾਏ ਗਏ। ਦਵਾਈ ਭਿੱਜੇ ਰੂੰ ਦੇ ਫੰਭੇ ਨਾਲ ਸਾਫ਼ ਕੀਤੇ
ਭਰਵੱਟੇ ਸ਼ਿੰਗਾਰੇ ਗਏ। ਕੰਨਾਂ ਦੀ ਮੈਲ ਕੱਢਣ ਵਾਸਤੇ ਖ਼ਾਸ ਕਿਸਮ ਦੇ ਯੰਤਰ ਨਾਲ ਕੰਨ ਸਾਫ਼
ਕੀਤੇ। ਦਵਾਈ ਪਾ ਕੇ ਨੱਕ ਦੇ ਚੂਹੇ ਤੇ ਸੀਂਢ ਪਹਿਲਾਂ ਸਰਿੰਜ ਨਾਲ ਖਿੱਚੇ ਤੇ ਫਿਰ ਦਸਤਾਨੇ
ਪਾਈ ਤਕਨੀਕੀ ਮਾਹਿਰਾਂ ਨੇ ਉਂਗਲਾਂ ਫੇਰ ਕੇ ਚੰਗੀ ਤਰ੍ਹਾਂ ਸਾਫ਼ ਕੀਤੇ। ਉਸ ਨੇ ਨਸਵਾਰ ਲੈਣ
ਵਾਂਗ ਬਾਰ ਬਾਰ ਨਿੱਛਾਂ ਮਾਰੀਆਂ।
‘ਤੁਹਾਨੂੰ ਮੁਬਾਰਕ ਹੋਵੇ.. ਇਹ ਹੁਣ ਮੁਕੰਮਲ ਤੌਰ ਤੇ ਠੀਕ ਹੈ .. ਸਾਰੇ ਬੰਦ ਪਏ ਕਪਾਟ
ਖੁੱਲ ਗਏ ਹਨ... ਨਹੀਂ ਤੇ ਸਾਨੂੰ ਇਸ ਦਾ ਵੀ ਓਪਰੇਸ਼ਨ ਕਰਨਾ ਪੈਣਾ ਸੀ।’ ਉਨ੍ਹਾਂ ਖ਼ੁਸ਼ਖ਼ਬਰੀ
ਦੇਣ ਵਾਂਗ ਅਹਿਸਾਨ ਜਤਾਇਆ।
ਉਸ ਦੇ ਨਹੁੰ ਕੱਟਣ ਦੀ ਵਾਰੀ ਆਈ। ਉਹ ਬੀਬੇ ਬੱਚੇ ਵਾਂਗ ਬੈਠਾ ਨਹੁੰ ਕਟਾਉਂਦਾ ਰਿਹਾ। ਨਹੁੰ
ਕੱਟਣ ਤੋਂ ਬਾਅਦ ਬਰਾਊਨ ਰੰਗ ਦੀ ਉਸ ਦੇ ਵਾਲਾਂ ਨਾਲ ਮੇਚ ਕਰਦੀ ਨਹੁੰ-ਪਾਲਿਸ਼ ਲਗਾਈ ਗਈ।
ਅੱਖਾਂ ਵਿਚ ਪਹਿਲਾਂ ਲੋਸ਼ਨ ਪਾਇਆ ਗਿਆ ਸੀ, ਹੁਣ ਕਾਲਾ ਕਜਲਾ ਪਾਇਆ ਗਿਆ। ਉਹ ਨਵੀਂ ਦੁਲਹਨ
ਵਾਂਗ ਅੱਖਾਂ ਝਮਕਦਾ ਸੁਰਮਾ ਮਟਕਾਉਣ ਲੱਗਾ।
ਐਮਲੀ ਅੱਜ ਕੁੱਝ ਜ਼ਿਆਦਾ ਹੀ ਖ਼ੁਸ਼ ਸੀ। ਉਸੇ ਦੀ ਪਹਿਲਕਦਮੀ ਤੇ ਹੀ ਇਹ ਸਾਰਾ ਖਲਜਗਣ ਰਚਾਇਆ
ਗਿਆ ਸੀ। ਸਕੂਲ ਵਿਚ ਆਪੋ-ਹਾਣੀ ਬੱਚੇ ਜਦ ਆਪਣੇ ਘਰ ਦੇ ਪਾਲਤੂ ਕੁੱਤਿਆਂ ਬਿੱਲੀਆਂ ਦੀ ਗੱਲ
ਕਰਦੇ ਤਾਂ ਐਮਲੀ ਦਾ ਮਨ ਵੀ ਲਲਚਾ ਉੱਠਦਾ। ਉਸ ਨੇ ਮਨ ਹੀ ਮਨ ਵਿਚ ਫ਼ੈਸਲਾ ਕਰ ਲਿਆ ਕਿ ਅਸੀਂ
ਵੀ ਕੋਈ ਪੱਪ ਘਰ ਵਿਚ ਲਿਆਵਾਂਗੇ, ਉਸ ਨਾਲ ਖੇਡਿਆਂ ਕਰਾਂਗੇ, ਉਸ ਨੂੰ ਸੈਰ ਕਰਾਇਆ ਕਰਾਂਗੇ।
ਇਹੀ ਸਿਫ਼ਾਰਿਸ਼ ਉਸ ਨੇ ਘਰ ਆ ਕੇ ਆਪਣੀ ਮੰਮੀ ਕੋਲ ਕੀਤੀ ਤੇ ਮੰਮੀ ਨੇ ਅੱਗੇ ਪਾਪਾ ਕੋਲ
ਫ਼ਰਮਾਇਸ਼ ਪਾ ਕੇ ਪੱਪ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਵਿਲਸਨ ਨੇ ਵੀ ਭੈਣ ਦੀ ਸਿਫ਼ਾਰਿਸ਼ ਤੇ ਸਹੀ
ਮਾਰ ਦਿੱਤੀ।
ਇੰਟਰਨੈੱਟ ਦੀ ਫੋਲਾ-ਫਾਲੀ ਕਰਦੇ ‘ਐਨੀਮਲ ਸ਼ੈੱਲਟਰ‘ ਕੋਲ ਕਈ ਕੁੱਤੇ ਕੁੱਤੀਆਂ ਦੀ ਦੱਸ ਪੈ
ਗਈ ਜੋ ਆਪਣੇ ਨਵੇਂ ਘਰਾਂ ਦੀ ਤਲਾਸ਼ ਵਿਚ ਸਨ। ਬਿਨਾਂ ਕਿਸੇ ਦੇਰੀ ਦੇ ਉੱਥੇ ਪਹੁੰਚੇ। ਸਵੇਰੇ
ਨੌਂ ਵਜੇ ਹੀ ਗੇਟ ਦੇ ਬਾਹਰ ਦਰਸ਼ਕਾਂ ਤੇ ਗਾਹਕਾਂ ਦੀ ਲੰਬੀ ਲਾਈਨ ਲੱਗੀ ਹੋਈ ਸੀ। ਅੰਦਰ ਦਾ
ਨਜ਼ਾਰਾ ਬਹੁਤ ਹੈਰਾਨਕੁਨ ਸੀ। ਇਹ ਜਗ੍ਹਾ ਐਨੀਮਲ ਅਡਾਪਸ਼ਨ ਸੈਂਟਰ ਦੇ ਤੌਰ ਤੇ ਵੀ ਕੰਮ
ਕਰਦਾ ਹੈ। ਮੇਲੇ ਵਾਂਗ ਕੁੱਤੇ ਬਿੱਲੀਆਂ ਦੀ ਮੰਡੀ ਲੱਗੀ ਹੋਈ ਸੀ। ਵੱਖ-ਵੱਖ ਪਿੰਜਰਿਆਂ,
ਖ਼ਾਨਿਆਂ, ਕਮਰਿਆਂ ਵਿਚ ਬੰਦ ਵੱਖ-ਵੱਖ ਜਾਤ ਉਮਰ ਦੇ ਕੁੱਤੇ, ਕੁੱਤੀਆਂ, ਕਤੂਰੇ ਨੱਚ ਟੱਪ
ਰਹੇ, ਸੀਖਾਂ ਵਾਲੀਆਂ ਕੰਧਾਂ ਨਾਲ ਲਟਕਦੇ ਆਪਣੇ ਗਾਹਕਾਂ ਨੂੰ ਆਕਰਸ਼ਿਕ ਕਰਨ ਦੀ ਪੂਰੀ ਵਾਹ
ਲਾ ਰਹੇ ਸਨ। ਵੀਹ ਡਾਲਰ ਤੋਂ ਇੱਕ ਸੌ ਪੰਜਾਹ ਡਾਲਰ ਉਨ੍ਹਾਂ ਦੀ ਕੀਮਤ ਲਿਖੀ ਹੋਈ ਸੀ ਜੋ
ਇਨ੍ਹਾਂ ਦੇ ਰੋਜ਼ਾਨਾ ਆਏ ਖ਼ਰਚ ਦਾ ਜੋੜ ਲਗਾ ਕੇ ਫਿਕਸ ਕੀਤੇ ਗਏ ਸਨ। ਅਸਲ ਵਿਚ ਇਹ ਸੜਕਾਂ,
ਪਾਰਕਾਂ ਜਾਂ ਉਜਾੜ ਥਾਵਾਂ ਤੋਂ ਫੜੇ, ਘਰੋਂ ਦੌੜੇ ਜਾਂ ਗੁੰਮ ਹੋਏ ਜਾਨਵਰ ਸਨ ਜੋ ਚੰਗੀ
ਕਿਸਮਤ ਨੂੰ ਲੋਕਾਂ ਨੇ ਫ਼ੋਨ ਕਰ ਕੇ ਇਸ ਸ਼ੈੱਲਟਰ ਹੋਮ ਨੂੰ ਸੂਚਿਤ ਕਰ ਦਿੱਤਾ ਤੇ ਇਨ੍ਹਾਂ ਦੇ
ਵਲੰਟੀਅਰ ਫੜ ਕੇ ਇੱਥੇ ਲੈ ਆਏ।
ਦੋ ਸਾਲਾਂ ਦੀ ਉਮਰ ਦਾ ਤਸਦੀਕਸ਼ੁਦਾ ‘ਜੈਕ‘ ਸਾਡੇ ਪਸੰਦ ਆ ਗਿਆ। ਡੱਬ-ਖੜੱਬਾ ਭੂਰਾ ਕਾਲਾ
ਚਿੱਟਾ ਰੰਗ ਜਿਵੇਂ ਕੁਦਰਤ ਨੇ ਆਪ ਬੁਰਸ਼ ਫੜ ਕੇ ਘੜਿਆ ਹੋਵੇ। ਕਾਲੇ ਮੱਥੇ ਤੇ ਚਿੱਟਾ ਚਪਟਾ
ਦਾਗ਼ ਤੇ ਵਿਚਕਾਰ ਕਾਲਾ ਤਿਲ... ਕਾਲੀ ਬਿੰਦੀ ਜਿਵੇਂ ਨਜ਼ਰਾਂ ਤੋਂ ਬਚਾ ਕਰਨ ਵਾਸਤੇ ਲਗਾਈ ਗਈ
ਹੋਵੇ। ਪਿਛਲੇ ਸੱਤ ਦਿਨਾਂ ਤੋਂ ਉਹ ਇੱਥੇ ਤਾੜਿਆ ਹੋਇਆ ਆਪਣੇ ਪੁਰਾਣੇ ਜਾਂ ਨਵੇਂ ਮਾਲਕ ਦੀ
ਤਲਾਸ਼ ਕਰ ਰਿਹਾ ਸੀ। ਇੱਥੇ ਕਈ ਬਦਕਿਸਮਤ ਜਾਨਵਰ ਜਿਨ੍ਹਾਂ ਦਾ ਪੰਦਰਾਂ ਦਿਨ ਵਾਸਤੇ ਕੋਈ
ਵਾਲੀ ਵਾਰਸ ਨਹੀਂ ਬਹੁੜਦਾ ਜਾਂ ਕੋਈ ਖ਼ਰੀਦਦਾਰ ਕਦਰਦਾਨ ਨਹੀਂ ਬਣਦਾ ਤਾਂ ਉਸ ਨੂੰ ਟੀਕਾ ਲਾ
ਦਿੱਤਾ ਜਾਂਦਾ ਸੁਣਿਆ ਹੈ। ਪੜ੍ਹੇ ਲਿਖੇ ਜਾਪਦੇ ਕੁੱਝ ਦਰਸ਼ਕ ਆਪਣੀ ਵਾਕਫ਼ੀ ਵਟਾ ਰਹੇ ਸਨ ਸੀ
ਕਿ ਆਵਾਰਾ ਜਾਨਵਰ ਏਨੀ ਜ਼ਿਆਦਾ ਗਿਣਤੀ ਵਿਚ ਆ ਰਹੇ ਹਨ ਕਿ ਇਨ੍ਹਾਂ ਨੂੰ ਜੇ ਨਾ ਫੜਿਆ ਜਾਵੇ
ਤਾਂ ਇਹ ਸੜਕਾਂ ਤੇ ਭਟਕਦੇ ਟਰੈਫ਼ਿਕ ਦਾ ਬਹੁਤ ਨੁਕਸਾਨ ਕਰ ਸਕਦੇ ਹਨ। ਸਬੰਧਿਤ ਏਜੰਸੀਆਂ
ਸਰਕਾਰ ਨੂੰ ਕਈ ਵੇਰਾਂ ਸਿਫ਼ਾਰਿਸ਼ ਕਰ ਚੁੱਕੀਆਂ ਹਨ ਕਿ ਨਿਸ਼ਚਿਤ ਮਿਆਦ ਤੋਂ ਬਾਦ ਕਲੇਮ ਨਾ
ਕੀਤਾ ਜਾਣ ਵਾਲਾ ਜਾਨਵਰ ਜਾਂ ਮਾਰਨ ਦੀ ਆਗਿਆ ਦਿੱਤੀ ਜਾਵੇ ਜਾਂ ਇਨ੍ਹਾਂ ਦੇ ਰੱਖਣ ਤੇ ਸਾਂਭ
ਸੰਭਾਲ ਦਾ ਨਾ-ਝੱਲਣਯੋਗ ਖਰਚਾ ਸਰਕਾਰ ਬਰਦਾਸ਼ਤ ਕਰੇ ਪਰ ਸਰਕਾਰ ਅਜੇ ਚੁੱਪ ਹੈ। ਮਨੁੱਖੀ
ਅਧਿਕਾਰਾਂ ਵਾਂਗ ਪਸ਼ੂ ਪੰਛੀਆਂ ਦੇ ਵੀ ਆਪਣੇ ਅਧਿਕਾਰ ਨਿਰਧਾਰਿਤ ਕੀਤੇ ਗਏ ਹਨ ਤੇ ਇਸ
ਤਰ੍ਹਾਂ ਉਨ੍ਹਾਂ ਦੇ ਅਧਿਕਾਰਾਂ ਤੇ ਛਾਪਾ ਮਾਰਨ ਦਾ ਹੀਹਾ ਕੋਈ ਵੀ ਸਰਕਾਰ ਨਹੀਂ ਕਰ ਸਕਦੀ।
‘ਏਦਾਂ ਜਾਪਦਾ ਹੈ ਇਹ ਆਪਣੇ ਮਾਲਕਾਂ ਦੀ ਬੇਰੁਖ਼ੀ ਜਾਂ ਕਰੋਪੀ ਦਾ ਸ਼ਿਕਾਰ ਹੋਇਆ ਹੈ। ਅਸੀਂ
ਇਸ ਦਾ ਅੰਦਰ ਫਰੋਲਣ ਦੀ ਬੜੀ ਵਾਹ ਲਾਈ ਪਰ ਇਸ ਨੇ ਕੋਈ ਸਿਰਾ ਬੰਨਾ ਨਹੀਂ ਫੜਾਇਆ। ਸਾਨੂੰ
ਇਹ ਸਮੁੰਦਰੀ ਕੰਢੇ ਤੋਂ ਮਿਲਿਆ ਸੀ। ਇਸ ਦੇ ਕੋਈ ਮਾਲਕ ਡੌਗ-ਬੀਚ ਤੇ ਘੁੰਮਣ ਆਏ, ਆਪਣੀਆਂ
ਰੰਗ-ਰਲ਼ੀਆਂ ਵਿਚ ਏਨੇ ਮਸਤ ਹੋ ਗਏ ਕਿ ਇਸ ਨੂੰ ਵਿਸਾਰ ਕੇ ਉੱਥੇ ਛੱਡ ਗਏ।’
‘ਇਹ ਤਾਂ ਕੁੱਤਾ ਐ ਜੀ, ਕਈ ਤਾਂ ਇਸ਼ਕ-ਭੂਤ ਦੇ ਜ਼ਬਰ ਥੱਲੇ ਆਪਣੇ ਛੋਟੇ ਬੱਚੇ ਵੀ ਇੱਥੇ ਛੱਡ
ਜਾਂਦੇ ਨੇ ਜੋ ਬਾਦ ਵਿਚ ਰੋਂਦੇ ਕੁਰਲਾਉਂਦੇ ਸਿਕਿਉਰਿਟੀ ਵਾਲਿਆਂ ਦੀ ਨਜ਼ਰੀਂ ਚੜ੍ਹਦੇ ਨੇ।’
ਬਿਨ-ਬੁਲਾਈ ਇੱਕ ਔਰਤ ਨੇ ਮੱਲੋ-ਮੱਲੀ ਟੰਗ ਅੜਾ ਦਿੱਤੀ।
‘ਵੈਸੇ ਇਨ੍ਹਾਂ ਰੱਬ ਦੇ ਜਾਇਆਂ ਬੇਜ਼ਬਾਨ ਕੁੱਤਿਆਂ ਬਿੱਲੀਆਂ ਨੂੰ ਕਈ ਤਾਂ ਆਪਣੇ ਜੰਮੇ
ਬੱਚਿਆਂ ਨਾਲੋਂ ਵੀ ਜ਼ਿਆਦਾ ਤੇਹ ਕਰਦੇ ਹਿੱਕ ਨਾਲ ਲਾ ਕੇ ਰੱਖਦੇ ਨੇ।’ ਇੱਕ ਹੋਰ ਗਾਹਕ ਨੇ
ਗੱਲ ਮੁਕੰਮਲ ਕਰ ਦਿੱਤੀ।
ਅਸੀਂ ਉਸ ਦੀ ਟੈਗ ਪਰਚੀ ਦਾ ਨੰਬਰ ਲਿਖ ਕੇ ਸਵਾਗਤੀ ਕਾਊਂਟਰ ਤੇ ਹਾਜ਼ਰੀ ਜਾ ਲਗਾਈ।
‘ਮੁਬਾਰਕ! ਬਹੁਤ ਸੁੰਦਰ ਸੁਚੱਜੀ ਚੋਣ ਹੈ ਤੁਹਾਡੀ...। ਇਹ ਬਹੁਤ ਸਿਆਣਾ, ਸਭਿਅਕ ਤੇ ਸੀਲ
ਨਸਲ ਦਾ ਜਾਨਵਰ ਹੈ। ਹੋ ਸਕਦਾ ਮਾਲਕਾਂ ਦੀਆਂ ਝਿੜਕਾਂ ਜਾਂ ਡੰਡਿਆਂ ਤੋਂ ਤੰਗ ਆ ਕੇ ਬਾਗ਼ੀ
ਹੋਇਆ ਦੌੜਿਆ ਹੁਣ ਪਛਤਾਉਂਦਾ ਹੈ, ਨਾ ਪਿੱਛੇ ਜੋਗਾ ਨਾ ਅੱਗੇ ਜੋਗਾ। ਅਸੀਂ ਇਸ ਦੇ ਦੰਦ ਤੇ
ਡੀਲ-ਡੌਲ ਜਾਚ ਕੇ ਇਸ ਦੀ ਉਮਰ ਦੋ ਸਾਲ ਆਂਕੀ ਹੈ। ਪਛਾਣ ਵਾਸਤੇ ਇਸ ਦਾ ਨਾਂ ਜੈਕ ਰੱਖਿਆ
ਹੈ, ਤੁਸੀਂ ਜੋ ਮਰਜ਼ੀ ਰੱਖ ਲਿਉ। ਇਸ ਨੂੰ ਸਿਟੀ ਦਫ਼ਤਰ ਵਿਚ ਰਜਿਸਟਰੇਸ਼ਨ ਕਰਵਾ ਲਿਉ ਤੇ ਹਰ
ਦੋ ਸਾਲ ਬਾਦ ਐਂਟੀ-ਰੇਬੀਜ਼ ਟੀਕੇ ਲਗਵਾਉਂਦੇ ਰਿਹਾ ਕਰਿਓ।‘ ਲੰਬੀ ਚੌੜੀ ਭੂਮਿਕਾ ਬੰਨ੍ਹ ਕੇ
ਰੱਖਿਆ-ਸਥਾਨ ਦੇ ਗਾਰਡ ਨੇ ਉਸ ਦੀ ਕੁੱਝ ਤਾਰੀਫ਼ ਕੀਤੀ, ਉਸ ਦੀ ਹਿਸਟਰੀ ਦੇ ਕੁਝ ਪੋਤੜੇ
ਉਧੇੜੇ ਤੇ ਸਾਨੂੰ ਅਗਾਊਂ ਹਦਾਇਤਾਂ ਦੇ ਕੇ ਸਤਰਕ ਕਰ ਦਿੱਤਾ। ਸਾਡੇ ਕੋਲੋਂ ਅਰਜ਼ੀ ਅਤੇ
ਪਨਾਹਗਾਹ ਦੀਆਂ ਸ਼ਰਤਾਂ ਦਾ ਸਹਿਮਤੀ ਪੱਤਰ ਲੈ ਕੇ ਦਸ ਡਾਲਰ ਰੋਜ਼ ਦੇ ਖ਼ਰਚੇ ਦੇ ਹਿਸਾਬ 70
ਡਾਲਰ ਬਣਾਏ। ਐਂਟੀ-ਰੇਬੀਜ਼ ਅਤੇ ਨਿਪੁੰਸੀਕਰਨ ਦੇ ਟੀਕਿਆਂ ਦਾ ਮੁੱਲ ਪਾ ਕੇ ਉਸ ਦਾ ਭੁੱਗਾ
ਮੁੱਲ ਟੋਟਲ ਇੱਕ ਸੌ ਬਣਿਆ ਜੋ ਭੁਗਤਾ ਦਿੱਤਾ ਗਿਆ। ਸੇਵਾਦਾਰ ਨੇ ਜੈਕ ਬਾਰੇ ਲੋੜੀਂਦੀ
ਜਾਣਕਾਰੀ ਲਿਖ ਕੇ ਉਸ ਦੀ ਆਈ. ਡੀ. ਵਾਲਾ ਪਟਾ ਉਸ ਦੇ ਗਲ਼ ਪਾ ਦਿੱਤਾ।
‘ਇਸ ਨੂੰ ਘਰ ਵਿਚ ਬੱਚਿਆਂ ਵਾਂਗ ਪ੍ਰੇਮ ਪਿਆਰ ਨਾਲ ਸਾਂਭ ਸੰਭਾਲ ਕਰਨੀ ਹੈ ਤੇ ਮਾਰਨਾ
ਝਿੜਕਣਾ ਨਹੀਂ। ਜੇ ਅਜੇਹੀ ਕੋਈ ਸ਼ਕਾਇਤ ਆਈ ਤਾਂ ਤੁਹਾਡੇ ਤੇ ਕੇਸ ਚੱਲ ਸਕਦਾ ਹੈ।’ ਇੱਕ
ਸਰਟੀਫਿਕੇਟ ਸਾਨੂੰ ਦੇ ਕੇ ਗੁੱਡ ਲੱਕ ਕਹਿੰਦੇ ਵਾਰਨਿੰਗ ਵੀ ਦੇ ਦਿੱਤੀ।
‘ਅਸੀਂ ਇਸ ਦਾ ਨਾਂ ਮੈੱਕਸਲ ਰੱਖਾਂਗੇ... ।’ ਐਮਲੀ ਪਹਿਲਾਂ ਹੀ ਧਾਰੀ ਬੈਠੀ ਸੀ, ਉਸ ਨੇ
ਝਟਪਟ ਨਾਂ ਵਾਲੇ ਮਸਲੇ ਦਾ ਹੱਲ ਕੱਢ ਲਿਆ। ਵਿਲਸਨ ਨੇ ਵੀ ਉਸ ਦਾ ਸੁਝਾ ਨਹੀਂ ਮੋੜਿਆ।
ਮੈੱਕਸਲ ਨਾਂ ਪੱਕਾ ਹੋ ਗਿਆ। ਦੋਹਾਂ ਬੱਚਿਆਂ ਦੀ ਖ਼ੁਸ਼ੀ ਲਈ ਇਹ ਸਾਰਾ ਆਡੰਬਰ ਰਚਾਇਆ ਗਿਆ
ਸੀ, ਇਸ ਲਈ ਹੋਰ ਕਿਸੇ ਵੱਲੋਂ ਇਸ ਬਾਰੇ ਉਜ਼ਰ ਇਤਰਾਜ਼ ਕਰਨ ਦੀ ਕੋਈ ਗੁੰਜਾਇਸ਼ ਨਹੀਂ ਸੀ।
‘ਲੈ ਪਈ ਦੋਸਤ! ਅੱਜ ਤੋਂ ਤੇਰਾ ਨਾਂ ਮੈੱਕਸਲ ਹੈ.. ਯਾਦ ਰਹੇਗਾ ਨਾ?’ ਵਿਲਸਨ ਦੇ ਇਸ਼ਾਰੇ
ਤੇ ਜੈਕ ਨੇ ਪੂਛ ਲਿਹਾ ਕੇ ਆਪਣੇ ਨਵੇਂ ਨਾਂ ਦੀ ਰਜ਼ਾਮੰਦੀ ਦੇ ਦਿੱਤੀ।
ਅਸੀਂ ਉਸ ਦੇ ਭੁੱਗੇ ਦੀ ਭਰਪਾਈ ਕਰ ਕੇ ਪੁਚਕਾਰ ਦੇ ਕਾਰ ਵਿਚ ਬਿਠਾ ਕੇ ਘਰ ਲੈ ਆਏ। ਉਹ ਬੜੇ
ਆਰਾਮ ਨਾਲ ਸੀਟ ਤੇ ਬੈਠਾ ਸਾਰੇ ਮੈਂਬਰਾਂ ਵੱਲ ਅੱਖਾਂ ਝਮਕਦਾ ਰਿਹਾ ਜਿਵੇਂ ਉਨ੍ਹਾਂ ਦੀ
ਪਹਿਚਾਣ ਪੱਕੀ ਕਰ ਰਿਹਾ ਹੋਵੇ। ਨਵੀਂ ਵਹੁਟੀ ਵਾਂਗ ਉਹ ਆਪਣੇ ਨਵੇਂ ਘਰ ਜਾ ਰਿਹਾ ਸੀ।
ਆਉਂਦੇ ਸਾਰ ਪਹਿਲਾਂ ਉਸ ਨੇ ਸਾਰੇ ਬੈਕ-ਯਾਰਡ ਵਿਚ ਭਲਵਾਨੀ ਗੇੜਾ ਕੱਢਿਆ ਜਿਵੇਂ ਉਸ ਨੂੰ
ਪਤਾ ਸੀ ਕਿ ਉਸ ਦਾ ਟਿਕਾਣਾ ਬੈਕ-ਯਾਰਡ ਵਿਚ ਹੀ ਬਣੇਗਾ। ਇੱਕ ਇੱਕ ਪੌਦੇ ਨੂੰ ਸੁੰਘਿਆ। ਇੱਕ
ਇੱਕ ਚੀਜ਼ ਨੂੰ ਅੱਖਾਂ ਵਿਚਦੀ ਕੱਢਿਆ। ਪੂਲ ਦੇ ਚੁਫੇਰੇ ਗੇੜਾ ਲਾਇਆ ਜਿਵੇਂ ਨਹਾਉਣ ਵਾਸਤੇ
ਛਾਲ ਮਾਰਨੀ ਚਾਹੁੰਦਾ ਹੋਵੇ। ਉਹ ਇੱਕ ਕੈਦ ਵਿਚੋਂ ਛੁੱਟ ਕੇ ਦੂਸਰੀ ਤੇ ਸ਼ਾਇਦ ਹੁਣ ਤੀਸਰੀ
ਕੈਦ ਵਿਚ ਸੀ। ਉਹ ਬੇਜ਼ਬਾਨ ਸੀ ਪਰ ਬੇਜਾਨ ਨਹੀਂ ਸੀ ਜੋ ਉਸ ਦੇ ਮਾਨਸਿਕ ਹਾਵ-ਭਾਵ, ਉਸ ਦੀਆਂ
ਅੱਖਾਂ ਦੀਆਂ ਹਿੱਲਦੀਆਂ ਪੁਤਲੀਆਂ ਤੇ ਸੁੰਘਣ ਦੀ ਚੇਸ਼ਟਾ ਤੋਂ ਸਪਸ਼ਟ ਹੋ ਰਿਹਾ ਸੀ। ਲੱਕੜ ਦੀ
ਕੰਧ (ਫੈਂਸ) ਪਾਰ ਤੋਂ ਗਵਾਂਢੀਆਂ ਦੀ ਕੋਕੋ ਨੇ ਸ਼ਾਇਦ ਡੌਗ-ਸਮੈੱਲ ਮਹਿਸੂਸ ਕੇ ਚਊਂ ਚਊਂ
ਕੀਤੀ। ਉਸ ਨੇ ਉੱਚਾ ਮੂੰਹ ਚੁੱਕ ਕੇ ਫੈਂਸ ਦੀ ਹਾਥ ਲਗਾਈ ਤੇ ਬੜੇ ਸੁਘੜ ਸਲੀਕੇ ਨਾਲ ਹੌਲੀ
ਜਿਹੀ ‘ਬਹੂੰ ਚੂੰਅਅਅ’ ਨਾਲ ਉਸ ਦਾ ਹੁੰਗਾਰਾ ਭਰਿਆ। ਇਸ ਨੇ ਬੁੱਲ੍ਹਾ ਤੇ ਜ਼ਬਾਨ ਫੇਰੀ
ਜਿਵੇਂ ਕਹਿ ਰਿਹਾ ਹੋਵੇ,
‘ਧੰਨਵਾਦ ਮੇਰੀ ਜਾਨ! ਮੈਂ ਤੈਨੂੰ ਹੀ ਲੱਭਦਾ ਸੀ... ਹੁਣ ਦਿਨ ਸੌਖੇ ਗੁਜ਼ਰ ਜਾਣਗੇ’। ਅਸੀਂ
ਉਸ ਦੀਆਂ ਹਰਕਤਾਂ ਵੇਖ ਕੇ ਹੱਸਣ ਲੱਗੇ ਕਿ ਇਹ ਇੱਥੇ ਵੀ ਪਹਿਲਾਂ ਹੀ ਵਾੜ ਟੱਪਣ ਤੇ ਦੌੜਨ
ਦਾ ਰਸਤਾ ਜਾਂਚ ਰਿਹਾ ਹੈ।
‘ਇਹ ਖਰੂਦ ਕਰੇਗਾ... ਪੌਦੇ ਪੁੱਟੇਗਾ, ਖਾਏਗਾ, ਖ਼ਰਾਬ ਕਰੇਗਾ! ਮੇਰੀ ਕੀਤੀ ਕਰਾਈ ਖੇਤੀ ਤੇ
ਤਬਾਹੀ ਮਚਾਏਗਾ... ਗਵਾਂਢੀਆਂ ਤੋਂ ਉਲਾਂਭਾ ਦਿਵਾਏਗਾ।’ ਮੇਰੇ ਮਨ ਵਿਚ ਸੰਭਾਵਿਕ ਤੌਖਲਾ
ਉੱਭਰ ਆਇਆ।
ਉਹ ਥੋੜ੍ਹੇ ਦਿਨਾਂ ਵਿਚ ਹੀ ਘਰ ਦੇ ਚੌਗਿਰਦੇ ਵਿਚ ਰਚ ਮਿਚ ਕੇ ਘਰ ਦਾ ਜ਼ਰੂਰੀ ਮੈਂਬਰ ਬਣ
ਗਿਆ। ਉਸ ਵਾਸਤੇ ਨਵਾਂ ਮੋਬਾਈਲ-ਹੋਮ ਆ ਗਿਆ ਜਿਸ ਵਿਚ ਉਸ ਦਾ ਬੈੱਡ, ਗਦੇਲੇ ਸਿਰਹਾਣੇ,
ਟੇਬਲ, ਕੁਰਸੀ, ਸ਼ੀਸ਼ਾ, ਸ਼ਿੰਗਾਰ ਬਕਸ, ਕੰਘੀਆਂ ਆਦਿ ਰੱਖੀਆਂ ਗਈਆਂ। ਰਬੜ ਦੇ ਖਿਡਾਉਣੇ ਤੇ
ਬਣਾਉਟੀ ਹੱਡੀਆਂ ਰੱਖੀਆਂ ਗਈਆਂ ਜਿਨ੍ਹਾਂ ਨੂੰ ਚਿੱਥਦਾ ਉਹ ਆਪਣੇ ਦੰਦਾਂ ਦਾ ਅਭਿਆਸ ਕਰਦਾ
ਰਹਿੰਦਾ ਤੇ ਉਨ੍ਹਾਂ ’ਚੋਂ ਨਿਕਲਦੇ ਸੰਗੀਤ ਨਾਲ ਖੇਡਦਾ ਆਪਣੇ ਆਪ ਨੂੰ ਉਲਝਾਈ ਰੱਖਦਾ।
ਥੋੜ੍ਹੇ ਦਿਨਾਂ ਅੰਦਰ ਹੀ ਉਹ ਪੈੜਾਂ ਨੱਪਦਾ ਨੱਪਦਾ ਬੱਚਿਆਂ ਦੇ ਕਮਰੇ ਆ ਵੜਿਆ ਤੇ ਉਨ੍ਹਾਂ
ਨਾਲ ਹੀ ਸੌਣ ਵਾਸਤੇ ਉਸ ਦਾ ਮਨ ਬੇਈਮਾਨ ਹੋ ਗਿਆ। ਉਸ ਦਾ ਰੌਂ ਤੇ ਬੱਚਿਆਂ ਦੀ ਰਿਹਾੜ ਵੇਖ
ਕੇ ਇੱਕ ਵਾਧੂ ਗੱਦੇ ਦਾ ਪ੍ਰਬੰਧ ਵੀ ਬੱਚਿਆਂ ਦੇ ਨੇੜੇ ਹੀ ਕਰ ਕਰ ਦਿੱਤਾ ਗਿਆ। ਸਾਰੀ ਰਾਤ
ਬਾਹਰ ਰੈਂਚ ਦੇ ਦੁਆਲੇ ਗਸ਼ਤ ਕਰਦਾ ਤੇ ਛੱਤ ਉੱਪਰ ਘੁੰਮਦਾ ਚੌਕੀਦਾਰੀ ਕਰਦਾ ਹੈ। ਦਿਨੇ
ਬਰੇਕਫਾਸਟ ਲੈ ਕੇ ਘੋੜੇ ਵੇਚ ਕੇ ਆਏ ਸੌਦਾਗਰ ਵਾਂਗ ਰੱਜ ਕੇ ਗੂੜ੍ਹੀ ਘੂਕੀ ਨੀਂਦੇ ਸੌਂ
ਜਾਂਦਾ ਹੈ।
‘ਪੌਂਡ’ ਦੀ ਸਿਫ਼ਾਰਿਸ਼ ਤੇ ਇੱਕ ਹਫ਼ਤੇ ਵਾਸਤੇ ਉਸ ਨੂੰ ਹਰ ਰੋਜ਼ ਦੋ ਘੰਟੇ ਸਿਖਲਾਈ ਸਕੂਲ
ਭੇਜਿਆ ਜਾਂਦਾ ਰਿਹਾ। ਕਾਰ ਵਿਚ ਬੈਠਣ ਦੇ ਸਲੀਕੇ ਤੋਂ ਲੈ ਕੇ ਬੱਚਿਆਂ ਨਾਲ ਗੇਮ ਖੇਡਣੀ, ਘਰ
ਦੇ ਤੇ ਬਾਹਰਲੇ ਮੈਂਬਰਾਂ ਦੀ ਜਾਣਕਾਰੀ, ਭਾਸ਼ਾ ਦੀ ਜਾਣਕਾਰੀ ਇਸ਼ਾਰੇ ਅਤੇ ਹੋਰ ਘਰ ਦੇ
ਵਿਵਹਾਰਿਕ ਰੁਝੇਵਿਆਂ ਬਾਰੇ ਉਸ ਨੂੰ ਸਿਖਿਆ ਦਿਵਾਈ ਗਈ। ਉਸ ਦੀ ਵਿਸ਼ੇਸ਼ ਟਰੇਨਿੰਗ ਵਿਚ ਘਰ
ਦੀ ਰਖਵਾਲੀ ਕਰਨੀ, ਬੱਚਿਆਂ ਨਾਲ ਦੋਸਤਾਨਾ ਮਾਹੌਲ ਵਿਚ ਗੇਂਦ-ਬਾਲ ਅਤੇ ਹੋਰ ਗੇਮਾਂ ਖੇਡਣਾ
ਸ਼ਾਮਲ ਸੀ। ਪੋਟੀ ਸੁਸੂ ਵਾਸਤੇ ਵੀ ਉਹ ਟਰੇਂਡ ਹੋ ਗਿਆ। ਸਵੇਰ ਸ਼ਾਮ ਰੈਂਚ ਪਿਛਲੇ
ਬੈਕ-ਯਾਰਡ ਦੀ ਇੱਕ ਨੁੱਕਰੇ ਉਸ ਨੇ ਆਪੇ ਹੀ ਨਿਵੇਕਲੀ ਜਗ੍ਹਾ ਨੀਯਤ ਕਰ ਲਈ। ਜਦ ਕਦੇ ਅੰਦਰ
ਉਸ ਨੂੰ ਬੇਟੈਮੀ ਹਾਜਤ ਹੁੰਦੀ ਤਾਂ ਉਹ ਦਰਵਾਜ਼ੇ ਮੂਹਰੇ ਬੈਠ ਕੇ ਹਾਜ਼ਰ ਮੈਂਬਰਾਂ ਵੱਲ
ਇਸ਼ਾਰਾ ਕਰ ਕੇ ਚੂੰ ਚੂੰ ਕਰਨ ਲੱਗ ਜਾਂਦਾ। ਉਹ ਭਾਵੇਂ ਬੋਲ ਨਹੀਂ ਸਕਦਾ ਸੀ ਪਰ ਉਸ ਦੀ
ਬਾਡੀ-ਲੈਗੁਇਜ਼ ਉਸ ਦੀਆਂ ਸਾਰੀਆਂ ਹਰਕਤਾਂ ਦੀ ਚੰਗੀ ਤਰ੍ਹਾਂ ਤਰਜਮਾਨੀ ਕਰ ਦਿੰਦੀ ਸੀ।
ਖੁਸ਼ੀ ਵੇਲੇ ਉਸ ਦੀ ਆਵਾਜ਼ ਤੇ ਅੰਦਾਜ਼ ਹੋਰ ਹੁੰਦੀ ਪਰ ਮੁਸ਼ਕਲ ਵੇਲੇ ਉਸ ਦੀ ਕਰੁਣਮਈ
ਆਵਾਜ਼ ਵਿਚ ਚੀਕਾਂ ਕੁਰਲਾਹਟਾਂ ਵਰਗੀਆਂ ਹੁੰਦੀਆਂ।
ਬੱਚੇ ਸ਼ੌਕੀਆ ਉਸ ਦੇ ਦੰਦਾਂ ਨੂੰ ਬੁਰਸ਼ ਨਾਲ ਸਾਫ਼ ਕਰ ਦਿੰਦੇ, ਡਾਕਟਰ ਦੀ ਹਦਾਇਤ ਅਨੁਸਾਰ
ਫਲਾਸ ਵੀ ਕਰਦੇ ਹਨ। ਉਹ ਬੜੇ ਬੀਬੇ ਬਾਲ ਵਾਂਗ ਬੈਠ ਕੇ ਇਹ ਸਾਰੀਆਂ ਸੇਵਾਵਾਂ ਕਰਵਾ ਲੈਂਦਾ।
ਕਦੇ ਕਦੇ ਘਾਹ ਦੀਆਂ ਤਿੜ੍ਹਾਂ ਤੋੜ ਕੇ ਖਾ ਲੈਂਦਾ, ਜੁਗਾਲੀ ਕਰੀਂ ਜਾਂਦਾ ਤੇ ਫਿਰ ਆਪੇ
ਉਗਲੱਛ ਕੇ ਆਪਣਾ ਅੰਦਰ ਸਾਫ਼ ਕਰ ਲੈਂਦਾ।
ਬਾਗ਼ਬਾਨ ਹਫ਼ਤੇ ਵਿਚ ਇੱਕ ਵੇਰਾਂ ਆ ਕੇ ਸਾਰੇ ਬਗੀਚੇ ਦੀ ਸਫ਼ਾਈ ਕਰ ਕੇ ਕਾਟ ਛਾਂਟ ਕਰ ਜਾਂਦਾ।
ਉਹ ਉਸ ਦੇ ਨਾਲ ਨਾਲ ਫਿਰਦਾ ਰਹਿੰਦਾ ਜਿਵੇਂ ਨਿਗਰਾਨੀ ਕਰਦਾ ਹੋਵੇ। ਨਵੇਂ ਆਏ ਥਾਣੇਦਾਰ
ਵਾਂਗ ਪੂਲ-ਮਾਸਟਰ ਨੂੰ ਪਹਿਲਾਂ ਬੜ੍ਹਕ ਮਾਰ ਕੇ ਉਸ ਦੀਆਂ ਦੌੜਾਂ ਕਢਾ ਦਿੱਤੀਆਂ ਪਰ ਜਲਦੀ
ਹੀ ਉਨ੍ਹਾਂ ਦਾ ਬਹੁਤ ਗੂੜ੍ਹਾ ਪ੍ਰੇਮ ਪੈ ਗਿਆ। ਉਸ ਦੇ ਪਿਕਅਪ ਦੀ ਆਵਾਜ਼ ਪਛਾਣ ਕੇ ਦੂਰੋਂ
ਹੀ ਜਿੱਥੇ ਵੀ ਅੰਦਰ ਬਾਹਰ ਮਰਜ਼ੀ ਹੋਵੇ ਭੱਜ ਕੇ ਪੂਛ ਹਿਲਾਉਂਦਾ ਉਸ ਨੂੰ ਜੀ ਆਇਆ ਕਹਿੰਦਾ
ਉਸ ਮੂਹਰੇ ਲੇਟਣ ਲੱਗ ਜਾਂਦਾ। ਹੁਣ ਪੂਲ ਵਾਲਾ ਵੀ ਆਉਂਦਾ ਕਰਿਸਪੀ-ਕਰੰਚ/ਕਿਬਲ ਆਪਣੇ ਨਾਲ
ਲੈ ਕੇ ਆਉਂਦਾ ਤੇ ਇੱਕ ਦੋ ਟੁਕੜੇ ਉਸ ਦੇ ਮੂੰਹ ਵੱਲ ਵਧਾਉਂਦਾ ਸਿਰ ਪਲੋਸ ਦਿੰਦਾ। ਉਹ ਉਸ
ਦੇ ਸਿਰ ਤੇ ਹੱਥ ਫੇਰਦਾ, ਪਿੱਠ ਤੇ ਹੱਥ ਫੇਰਦਾ ਉਸ ਦੀ ਮਨਭਾਉਂਦੀ ਖ਼ੁਰਾਕ ਦਿੰਦਾ ਹੈ ਤੇ ਉਹ
ਉਸ ਦੁਆਲੇ ਫੁੰਮ੍ਹਣੀਆਂ ਪਾਉਂਦਾ ਰਹਿੰਦਾ ਹੈ। ਜਿੰਨਾ ਚਿਰ ਉਹ ਪੂਲ ਵਿਚੋਂ ਪੱਤੇ, ਜਿਲਬ,
ਗਾਰ ਸਾਫ਼ ਕਰਦਾ ਹੈ, ਪਾਣੀ ਵਾਲਾ ਲੂਣ ਸੁੱਟਦਾ ਹੈ, ਹੋਰ ਕੈਮੀਕਲ ਪਾਉਂਦਾ ਉਸ ਨੂੰ ਹਫ਼ਤੇ
ਜੋਗਾ ਕਰ ਦਿੰਦਾ ਹੈ, ਉਨ੍ਹਾਂ ਚਿਰ ਇਹ ਉਸ ਦੇ ਸੰਗ ਸਾਥ ਵਿਚਰਦਾ ਬਾਘੀਆਂ ਪਾਉਂਦਾ ਰਹਿੰਦਾ
ਤੇ ਜਾਣ ਸਮੇਂ ਵੀ ਪੂਛ ਹਿਲਾ ਕੇ ਸੀ-ਆਫ਼ ਕਹਿੰਦਾ ਹੈ।
ਰੋਜਾਨਾ ਨਹਾਉਣ ਵੇਲੇ ਉਸ ਦਾ ਚਿਹਰਾ ਉਦਾਸਿਆ ਜਾਂਦਾ। ਉਹ ਲੁਕਦਾ ਫਿਰਦਾ ਕਤਰਾਉਂਦਾ ਰਹਿੰਦਾ
ਤੇ ਜਬਰਦਸਤੀ ਹੀ ਸ਼ਾਵਰ ਥੱਲੇ ਕਰਨਾ ਪੈਂਦਾ ਸੀ। ਪੂਲ ਦੇ ਉਦਾਲੇ ਘੁੰਮਦਾ ਰਹਿੰਦਾ ਪਰ ਪੂਲ
ਤੋਂ ਏਦਾਂ ਡਰਦਾ ਸੀ ਜਿਵੇਂ ਹਲਕਾਇਆ ਪ੍ਰਾਣੀ ਪਾਣੀ ਤੋਂ। ਇਕ ਦਿਨ ਚਾਂਬਲੇ ਬੱਚਿਆਂ ਨੇ
ਵਸਾਹ ਕੇ ਕੰਢੇ ਤੋਂ ਉਸ ਨੂੰ ਜਬਰੀ ਧੱਕਾ ਦੇ ਕੇ ਪੂਲ ਵਿਚ ਸੁੱਟ ਦਿੱਤਾ। ਬੜੀ ਮੁਸ਼ਕਲ
ਲੱਤਾਂ ਬਾਂਹਾਂ ਮਾਰਦਾ ਉਹ ਬਾਹਰ ਨਿਕਲ ਆਇਆ। ਉਸ ਦਿਨ ਤੋਂ ਬਾਦ ਏਨਾ ਗਿੱਝਾ ਕਿ ਬੱਚਿਆਂ ਦੇ
ਨਾਲ ਹੀ ਛਾਲ ਮਾਰਨ ਨੂੰ ਤਿਆਰ ਹੋ ਜਾਂਦਾ। ਹੁਣ ਚੁੱਭੀ ਮਾਰ ਕੇ ਬੱਚਿਆਂ ਦੇ ਡਿੱਗੇ
ਖਿਡਾਉਣੇ ਥੱਲਿਓਂ ਖਿੱਚ ਲਿਆਉਣ ਦਾ ਬਹਾਨਾ ਟੋਲਦਾ ਰਹਿੰਦਾ ਹੈ। ਬੱਚੇ ਕੋਈ ਵਸਤ ਜਾਂ ਗੇਂਦ
ਥੱਲੇ ਸੁੱਟਦੇ ਹਨ, ਉਹ ਚੋਭੇ ਵਾਂਗ ਚੁੱਭੀ ਮਾਰ ਕੇ ਮੂੰਹ ਵਿਚ ਫੜ ਲਿਆਉਂਦਾ ਹੈ।
ਘਰ ਦੀ ਪਿਛਲੀ ਨੁੱਕਰੇ ਗਟਾਰਾਂ ਦੀ ਘੈਂ ਘੈਂ ਸੁਣ ਕੇ ਮੈਂ ਇਕਦਮ ਉੱਧਰ ਦੌੜ੍ਹਿਆ ਕਿ ਇਹ
ਤਾਂ ਸੱਪ ਹੋਣ ਦਾ ਸੰਕੇਤ ਹੈ। ਮੈੱਕਸਲ ਵਫਾਦਾਰ ਅੜਦਲੀ ਵਾਂਗ ਮੇਰੇ ਨਾਲ ਉਸ ਜਗ੍ਹਾ ਤੇ
ਬੂਟੇ, ਪੱਤੇ ਸੁੰਘਦਾ ਰਿਹਾ ਪਰ ਕੁਝ ਨਹੀਂ ਮਿਲਿਆ। ਅਗਲੇ ਦਿਨ ਉਹ ਸਿਰ ਮਾਰਦਾ ਮੇਰੇ ਕੋਲ ਆ
ਖੜ੍ਹਾ। ਮੈਂ ਸੋਚਿਆ ਜਰੂਰ ਕੋਈ ਗੱਲ ਹੈ ਜੋ ਮੈਨੂੰ ਇਹ ਸਮਝਾਉਣਾ ਦੱਸਣਾ ਚਾਹੁੰਦਾ ਹੈ।
‘ਕੀ ਗੱਲ ਮੈਕਸਲ! ਆਰ ਯੂ. ਓ. ਕੇ.?’ ਉਹ ਇਸ਼ਾਰਾ ਕਰਦਾ ਮੇਰੇ ਅੱਗੇ ਚੱਲ ਪਿਆ। ਓਸੇ ਕੱਲ੍ਹ
ਵਾਲੇ ਸਥਾਨ ਤੇ ਸੱਪ ਦਾ ਇੱਕ ਛੋਟਾ ਬੱਚਾ ਦੋ ਕੁ ਫੁੱਟ ਲੰਬਾ ਸਪੋਲੀਆ ਅੱਧਵਰਿੱਤਾ ਜ਼ਖਮੀ
ਹੋਇਆ ਲੁੜਕ ਰਿਹਾ ਸੀ। ਮੈਂ ਸੋਚ ਹੀ ਰਿਹਾ ਸੀ ਕਿ ਇਸ ਦਾ ਧੰਨਵਾਦ ਕਰਾਂ ਕਿ ਰੋਕਾਂ ਕਿਉਂਕਿ
ਉਹ ਵੀ ਤਾਂ ਵਿਚਾਰਾ ਕੁਦਰਤ ਦਾ ਬਣਾਇਆ ਘੜਿਆ ਜਾਨਵਰ ਹੈ ਜਿਸ ਨੂੰ ਇਸ ਜੰਗਲੀ ਇਲਾਕੇ ਵਿਚ
ਜੀਊਣ ਦਾ ਪੂਰਾ ਹੱਕ ਹੈ ਪਰ ਮੈਂ ਉਸ ਨੂੰ ਰੋਕ ਨਹੀਂ ਸਕਿਆ। ਮੈੱਕਸਲ ਨੇ ਮੈਨੂੰ ਦਿਖਾ ਕੇ
ਉਸ ਨੂੰ ਬੱਚਿਆਂ ਵਾਂਗ ਪੰਜੇ ਦੀ ਪਟੋਕੀ ਜਿਹੀ ਮਾਰੀ ਤੇ ਠੰਢਾ ਕਰ ਦਿੱਤਾ।
ਚੰਗਾ ਚੋਖਾ ਖਾ ਕੇ ਉਸ ਦਾ ਭਾਰ ਵਧ ਗਿਆ। ਉਸ ਦੇ ਡਾਕਟਰੀ ਮੁਆਇਨੇ ਤੋਂ ਡਾਕਟਰ ਨੇ ਦੱਸਿਆ
ਕਿ ਉਸ ਦਾ ਭਾਰ ਨਿਯਮਿਤ ਭਾਰ ਤੋਂ ਚਾਰ ਪੌਂਡ ਜਿਆਦਾ ਹੈ। ਉਸ ਨੇ ਉਸ ਵਾਸਤੇ ਇੱਕ ਘੰਟਾ
ਰੋਜ਼ ਜਿ਼ੰਮ ਦੀ ਸਿਫ਼ਾਰਿਸ਼ ਕਰ ਕੇ ਘਰ ਦੇ ਮੈਂਬਰਾਂ ਵਾਸਤੇ ਵੀ ਰੁਝੇਵਾਂ ਵਧਾ ਦਿੱਤਾ।
ਉਹ ਮੇਰਾ ਮਜਾਜ ਪਛਾਣ ਕੇ ਮੇਰੇ ਕੋਲ ਆ ਕੇ ਪੈਰ ਚੱਟਣ ਲੱਗ ਪੈਂਦਾ। ਮੂੰਹ ਨਾਲ ਛਿਛਕਾਰ ਕੇ
ਉਸ ਦੇ ਸਿਰ ਨੂੰ ਪਲੋਸੋ ਤਾਂ ਉਹ ਹੱਥ ਚੱਟਣ ਲੱਗ ਜਾਂਦਾ ਉਂਗਲਾਂ ਚੱਟਦਾ... ਥੱਲੇ ਲੇਟ
ਜਾਂਦਾ, ਲੱਤਾਂ ਉੱਪਰ ਕਰ ਕੇ ਪਲਸੇਟੇ ਮਾਰਦਾ। ਦਬਕਾ ਮਾਰੋ ਤਾਂ ਬਹੁਤ ਗ਼ੁੱਸਾ ਕਰਦਾ... ਚਊਂ
ਚਊਂ ਕਰਦਾ ਕੁਰਸੀ ਮੇਜ਼ ਥੱਲੇ ਜਾ ਲੁਕਦਾ ਹੈ, ਜਿਵੇਂ ਰੁੱਸਿਆ ਹੋਵੇ। ਕਿਸੇ ਨੁੱਕਰ ਵਿਚ
ਜਾਂ ਬਾਹਰ ਵਿਹੜੇ ਵਿਚ ਕਿਤੇ ਵੀ ਹੋਵੇ ਉਸ ਦਾ ਨਾਂ ਲੈ ਕੇ ਪੁਕਾਰੋ ਤਾਂ ਇਕਦਮ ਘੁੰਗਰੀਆਂ
ਛਣਕਾਉਂਦਾ ਭੱਜਾ ਆਉਂਦਾ ਹੈ। ਜਦ ਕਦੇ ਬੱਚੇ ਖੇਲ੍ਹਣ ਦੇ ਮੂਡ ਨਾਲ ਪੁੱਚ ਪੁੱਚ ਕਰ ਕੇ ਉਸ
ਦਾ ਧਿਆਨ ਖਿੱਚਦੇ ਤਾਂ ਇਹ ਦੂਰੋਂ ਹੀ ਪੂਛ ਹਿਲਾਉਂਦਾ ਅੱਖਾਂ ਵਿਚ ਸਵਾਲੀਆ ਨਿਸ਼ਾਨ ਲੈ ਕੇ
ਆ ਖੜਦਾ ਹੈ। ਇਹ ਬੜਾ ਸੀਲ ਤੇ ਸਾਊ ਸੁਭਾ ਦਾ ਮਾਲਕ ਹ। ਬੱਚੇ ਪਲਾਕੀ ਮਾਰ ਕੇ ਘੋੜੇ ਵਾਂਗ
ਉਸ ਤੇ ਸਵਾਰ ਹੋ ਕੇ ਕੰਨ ਖਿੱਚਣ ਲਗਦੇ ਪਰ ਉਹ ਕਸੀਸ ਵੱਟ ਕੇ ਸਹਿੰਦਾ ਰਹਿੰਦਾ ਤੇ ਜੇ ਅੱਤ
ਹੋ ਜਾਂਦੀ ਤਾਂ ਮੱਠੀ ਜਿਹੀ ਚੀਕ ਮਾਰ ਕੇ ਆਪਣੇ ਦਰਦ ਦਾ ਇਜ਼ਹਾਰ ਕਰ ਦਿੰਦਾ। ਕਈ ਵੇਰਾਂ ਜਦ
ਉਸ ਨੂੰ ਝਿੜਕ ਮਾਰੋ ਤਾਂ ਪੈਰਾਂ ਹੇਠ ਵਿਛ ਜਾਂਦਾ ਹੈ ਜਿਵੇਂ ਆਪਣੀ ਕੀਤੀ ਤੇ ਪਸਚਾਤਾਪ ਕਰ
ਰਿਹਾ ਹੋਵੇ।
ਉਹ ਬਾਹਰ ਸੈਰ ਕਰਨ ਦਾ ਬਹੁਤ ਸ਼ੌਕੀਨ ਹੈ। ਬਾਹਰਲਾ ਦਰਵਾਜ਼ਾ ਖੁੱਲ੍ਹਣ ਦੀ ਬਿੜਕ ਨਾਲ
ਬੈਕ-ਯਾਰਡ ਦੇ ਗੇਟ ਥੱਲਿਓਂ ਬੂਥੀ ਬਾਹਰ ਕਰ ਕੇ ਭਊਂ ਭਊਂ ਚੂੰ ਚੂੰ ਕਰਦਾ ਆਪਣੀ ਹੋਂਦ ਦਾ
ਅਹਿਸਾਸ ਕਰਾਉਂਦਾ ਹੈ ਕਿ ਕਿਤੇ ਮੈਨੂੰ ਨਾ ਛੱਡ ਜਾਇਓ। ਪਟਾ ਹੱਥ ਵਿਚ ਫੜਨ ਦੀ ਦੇਰ ਕਿ ਉਸ
ਨੂੰ ਬਾਹਰ ਜਾਣ ਦੀ ਖ਼ਬਰ ਹੋ ਜਾਂਦੀ ਹੈ ਤੇ ਬੜੇ ਪੋਜ਼ ਬਣਾਉਂਦਾ ਭੱਜਾ ਆਉਂਦਾ ਸਿਰ ਨਿਵਾ
ਦਿੰਦਾ ਹੈ। ਕਾਰ ਵਿਚ ਜਾਣਾ ਹੋਵੇ ਤਾਂ ਝੱਟ ਛਾਲ ਮਾਰ ਕੇ ਆਪਣੀ ਪਿਛਲੀ ਸੀਟ ਮੱਲ ਲੈਂਦਾ
ਹੈ।
‘ਡੌਗ-ਚੋ’ ਦੀ ਇੱਕ ਪਿਆਲੀ ਸਵੇਰੇ ਤੇ ਇੱਕ ਸ਼ਾਮ ਯਾਨੀ ਕਿ ਉਸ ਦਾ ਲੰਚ ਅਤੇ ਡਿਨਰ ਉਸ ਦੀ
ਰੋਜ਼ਾਨਾ ਖ਼ੁਰਾਕ ਹੈ ਜੋ ਹਰ ਵੇਲੇ ਬੋਰੀ ਉਸ ਦੇ ਘੁਰਨੇ ਵਿਚ ਜਮਾਂ ਰਹਿੰਦੀ ਹੈ। ਹਰ ਤੀਜੇ
ਦਿਨ ਇਕ ਮਲਟੀ-ਵਿਟਾਮਿਨ ਤੇ ਇਕ ਐਲਰਜੀ ਦੀ ਗੋਲੀ ਉਸ ਵਾਸਤੇ ਰੈਗੂਲਰ ਸਪਲੀਮੈਂਟ ਖੁਰਾਕ ਹੈ।
ਦੂਜੇ ਤੀਜੇ ਦਿਨ ਚਾਕਲੇਟ-ਸਟਿੱਕ ਵੀ ਜੇ ਨਾ ਦਿੱਤੀ ਜਾਵੇ ਤਾਂ ਰੁੱਸਿਆਂ ਵਾਂਗ ਵਿਵਹਾਰ ਕਰਨ
ਲਗਦਾ ਹੈ। ਗੈਰਤਮੰਦਾਂ ਵਾਂਗ ਖਾਣਾ ਬੜੇ ਮਜਾਜ਼ ਨਾਲ ਖਾਂਦਾ ਹੈ। ਜੇ ਪ੍ਰੇਮ ਨਾਲ ਆਵਾਜ਼
ਮਾਰ ਕੇ ਹੌਲੀ ਜਿਹੀ ਸਮਾਨ ਉਸ ਦੀ ਪਲੇਟ ਵਿਚ ਪਾਓ ਤਾਂ ਖਾਣ ਲਗਦਾ ਹੈ, ਪਰ ਜੇ ਭਈਆਂ ਦੇ
ਹੱਥਾਂ 'ਚ ਸੁੱਟਣ ਵਾਂਗ ਭਵਾਂ ਕੇ ਸੁੱਟੋ ਤਾਂ ਮੂੰਹ ਵੱਲ ਵੇਖਦਾ ਬੇਇਜ਼ਤੀ ਸਮਝ ਕੇ ਪਰੇ ਹੋ
ਜਾਂਦਾ ਹੈ ਤੇ ਫਿਰ ਪੁਚਕਾਰਨਾ ਪੈਂਦਾ ਹੈ। ਸਾਫ਼ ਨਿਰਮਲ ਪਾਣੀ ਪੀਂਦਾ ਹੈ, ਮਾੜਾ ਗੰਧਲਾ ਜਾਂ
ਜੂਠੇ ਪਾਣੀ ਨੂੰ ਉਹ ਮੂੰਹ ਨਹੀਂ ਲਗਾਉਂਦਾ ਬੇਸ਼ੱਕ ਜਿੰਨਾ ਮਰਜ਼ੀ ਭੁੱਖਾ ਤਿਹਾਇਆ ਹੋਵੇ। ਘਰ
ਦੇ ਚੌਂਕੇ ਚੁੱਲ੍ਹੇ ਦੀ ਰਾਖੀ ਕਰਦਾ ਹੈ ਤੇ ਕਿਸੇ ਚੀਜ਼ ਨੂੰ ਬਿਨਾ ਕਹੇ ਮੂੰਹ ਨਹੀਂ
ਲਗਾਉਂਦਾ।
ਇੱਕ ਦਿਨ ਘਰ ਆਏ ਮਹਿਮਾਨਾਂ ਦੇ ਨਾਲ ਉਨ੍ਹਾਂ ਦੀ ਛੁਲਕੀ ਜਿਹੀ ਲੂਸੀ ਵੀ ਆ ਗਈ। ਉਹ ਉਸ ਨੂੰ
ਸ਼ਰੀਕ ਸਮਝ ਕੇ ਬਹੁਤ ਦੇਰ ਘੂਰਦਾ ਰਿਹਾ। ਜਦ ਟੱਬਰ ਦੇ ਮੈਂਬਰਾਂ ਨੇ ਹੋਰ ਮਹਿਮਾਨਾਂ ਨੂੰ
ਦਸਤ ਪੰਜਾ ਕਰਨ ਦੇ ਨਾਲ ਉਸ ਦਾ ਵੀ ਸਿਰ ਪਿੰਡਾ ਪਲੋਸਿਆ ਤਾਂ ਉਹ ਸਾੜੇ ਵਿਚ ਰੁੱਸਿਆਂ
ਵਾਂਗਰ ਵਿਵਹਾਰ ਕਰਦਾ ਘੁਰ ਘੁਰ ਕਰਨ ਲੱਗਾ। ਉਸ ਨੂੰ ਨੇੜੇ ਕਰ ਕੇ ਲੂਸੀ ਦੀ ਮੁਲਾਕਾਤ
ਕਰਵਾਈ ਗਈ ਤੇ ਦੱਸਿਆ ਗਿਆ ਕਿ ਇਹ ਆਪਣੀ ਮਹਿਮਾਨ ਤਿੰਨ ਚਾਰ ਦਿਨ ਤੇਰੇ ਕੋਲ ਘੁਰਨੇ ਵਿਚ
ਰਹੇਗੀ। ਬੜੇ ਆਰਾਮ ਨਾਲ ਉਹ ਸੁਣਦਾ ਰਿਹਾ ਤੇ ਜਲਦੀ ਹੀ ਉਸ ਗਰਲ ਫਰੈਂਡ ਨਾਲ ਘੁਲ ਮਿਲ ਗਿਆ।
‘ਵੇਖੋ ਸ਼ਾਇਦ ਇਨ੍ਹਾਂ ਦੀ ਮਿਲਣੀ ਕੁੱਝ ਵਾਧਾ ਕਰ ਦੇਵੇ!’ ਮਾਲੀ ਮੁਸਕੜੀਆਂ ਵਿਚ ਹੱਸਿਆ।
‘ਨਹੀਂ ਜੀ! ਇਨ੍ਹਾਂ ਦੇ ਹਥਿਆਰ ਜਮ੍ਹਾਂ ਕਰਵਾ ਛੱਡੇ ਹਨ। ਹੁਣ ਤਾਂ ਫੋਕੇ ਫਾਇਰ ਨੇ, ਜਿੰਨੇ
ਮਰਜੀ ਕਰੀ ਜਾਣ। ਉਸ ਦੀ ਵੀ ਮਸ਼ੀਨਰੀ ਕਢਵਾ ਛੱਡੀ ਹੈ।’ ਦੋਹਾਂ ਦੇ ਮਾਲਕ ਨਜ਼ਰਾਂ ਨਜ਼ਰਾਂ
ਵਿਚ ਹੱਸਣ ਲੱਗੇ।
ਚਾਰ ਦਿਨ ਇਕੱਠੇ ਹੀ ਨੱਚਦੇ ਟੱਪਦੇ ਟਪੂਸੀਆਂ ਮਾਰਦੇ ਘਾਹ ਤੇ ਇੱਕ ਦੂਸਰੇ ਉੱਪਰ ਲਿਟਦੇ
ਲਾਡੀਆਂ ਕਰਦੇ ਇੱਕ ਦੂਜੇ ਦੇ ਮੂੰਹ ਵਿਚ ਮੂੰਹ ਪਾ ਕੇ ਇਸ਼ਕ ਫ਼ਰਮਾਉਂਦੇ ਰਹੇ। ਮਹਿਮਾਨਾਂ ਦੇ
ਜਾਣ ਦਾ ਟਾਈਮ ਹੋ ਗਿਆ। ਲੂਸੀ ਵੀ ਮਾਲਕਾਂ ਦੇ ਇਸ਼ਾਰੇ ਨਾਲ ਉਨ੍ਹਾਂ ਪਿੱਛੇ ਹੋ ਤੁਰੀ।
ਮੈੱਕਸਲ ਦਾ ਪਸੀਨਾ ਛੁੱਟ ਗਿਆ। ਉਹ ਬਹੁਤ ਅਵਾਜ਼ਾਰ ਹੋਇਆ। ਗੇਟ ਨੂੰ ਪੌਂਚੇ ਪੰਜੇ ਮਾਰਦਾ
ਉੱਪਰ ਝਪਟਣ ਲਈ ਕਲਵਲ ਹੁੰਦਾ ਰਿਹਾ ਕਿ ਮੈਨੂੰ ਵੀ ਨਾਲ ਲੈ ਜਾਇਓ। ਕੋਈ ਵਾਹ ਵਾਸਤਾ ਨਾ
ਚੱਲਦਾ ਵੇਖ ਕੇ ਗੇਟ ਦੀ ਝੀਤ ਵਿਚ ਦੀ ਮੂੰਹ/ਬੂਥੀ ਟਿਕਾ ਕੇ ਬੁਸਕਣ ਲੱਗਾ। ਪ੍ਰਾਹੁਣਿਆਂ ਦੀ
ਕਾਰ ਵਿਚ ਨਾਲ ਬੈਠੀ ਲੂਸੀ ਵੀ ਛੜੱਪਾ ਮਾਰ ਕੇ ਉੱਤਰ ਆਈ ਤੇ ਚੂੰ ਚੂੰ ਕਰਦੀ ਬੁਸਕਦੇ
ਮੈੱਕਸਲ ਕੋਲ ਪਹੁੰਚ ਗਈ। ਉਹ ਦਰਵਾਜ਼ੇ ਥੱਲਿਓਂ ਆਪਣੀ ਲੰਬੀ ਬੂਥੀ ਉਸ ਵੱਲ ਵਧਾ ਕੇ ਕੋਈ
ਸੰਦੇਸ਼ ਦੇ ਗਈ ਜਿਵੇਂ ਕਹਿ ਰਹੀ ਹੋਵੇ, ‘ਮੈਂ ਛੇਤੀ ਫੇਰ ਫੇਰਾ ਪਾਵਾਂਗੀ ਮੇਰੇ ਪਿਆਰੇ!
ਤੂੰ ਐਵੇਂ ਚਿੱਤ ਨਾ ਹੌਲ਼ਾ ਕਰੀਂ।’
‘ਇਨ੍ਹਾਂ ਦਾ ਵਿਆਹ ਕਰ ਦੇਈਏ, ਚੰਗੀ ਜੋੜੀ ਫਬੇਗੀ।’ ਮਹਿਮਾਨ ਨੇ ਜਾਂਦੇ ਜਾਂਦੇ ਛੁਰਲੀ
ਜਿਹੀ ਛੱਡ ਕੇ ਹਾਸੜ ਪਾ ਦਿੱਤੀ। ਮੈੱਕਸਲ ਰੱਬ ਦਾ ਭਾਣਾ ਮੰਨ ਕੇ ਜਾਂ ਲੂਸੀ ਦਾ ਇਕਰਾਰ ਸੁਣ
ਕੇ ਪਿੱਛੇ ਆਪਣੇ ਬੈੱਡ ਤੇ ਜਾ ਪਿਆ।
ਕੁੱਝ ਖ਼ਾਸ ਰੁਝੇਵਿਆਂ ਕਾਰਨ ਕਈ ਦਿਨ ਉਸ ਨੂੰ ਸੈਰ ਲਈ ਸੁਲ੍ਹਾ ਨਾ ਮਾਰ ਹੋਈ। ਉਹ ਬਾਹਰ ਨਾ
ਜਾ ਸਕਿਆ। ਅੰਦਰਲੇ ਚੌਗਿਰਦੇ ਵਿਚ ਉਸ ਦਾ ਦਿਲ ਘੁੱਟਣ ਲੱਗਾ। ਉੱਚੀ ਉੱਚੀ ਭੌਂਕ ਕੇ ਉਸ ਨੇ
ਹਵਾਵਾਂ ਦਾ ਸੀਨਾ ਵੀ ਅਸ਼ਾਂਤ ਕਰ ਸੁੱਟਿਆ। ਕਦੇ ਕਦਾਈਂ ਵਾੜ ਤੋਂ ਪਾਰੋਂ ਇੱਕ ਮੱਧਮ ਜਿਹੀ
ਆਵਾਜ਼ ਉਸ ਦਾ ਹੁੰਗਾਰਾ ਭਰਦੀ ਪਰ ਉਹ ਝਬਦੇ ਹੀ ਨਪੀੜੀ ਜਾਂਦੀ। ਇੱਕ ਦਿਨ ਮੌਕਾ ਤਾੜ ਕੇ
ਗੇਟ ਦੀ ਮਾੜੀ ਜਿਹੀ ਝੀਤ ਨੂੰ ਪੈਰਾਂ ਨਾਲ ਪਾਸੇ ਖਿਸਕਾ ਕੇ ਗੋਲੀ ਵਾਂਗ ਬਾਹਰ ਛੂਟ ਵੱਟ
ਗਿਆ। ਕੈਦ ਤਾਂ ਕੈਦ ਹੀ ਹੈ। ਜਿੰਨੀ ਮਰਜ਼ੀ ਚੂਰੀ ਪਾਓ, ਪਿਆਰ ਕਰੋ, ਦੁੱਧ ਪਿਆਓ ਉਸ ਦੀ ਫੀਡ
ਦਿਓ ਪਰ ਆਜ਼ਾਦੀ ਤਾਂ ਹਰੇਕ ਜੀਵ ਜੰਤੂ ਦੀ ਜਮਾਂਦਰੂ ਤਾਂਘ ਰਹਿੰਦੀ ਹੈ। ਉਸ ਨੇ ਆਪੇ ਹੀ
ਆਪਣੀਆਂ ਬੰਦਿਸ਼ ਬੇੜੀਆਂ ਖੋਲ੍ਹਣ ਦੀ ਪਹਿਲ ਕਰ ਲਈ। ਉਸ ਦਿਨ ਗੁਸਤਾਖ਼ੀ ਨਾਲ ਘਰੋਂ ਦੌੜ੍ਹ
ਗਿਆ। ਕਿਸੇ ਨੂੰ ਪਤਾ ਨਹੀਂ ਲੱਗਾ। ਰਾਤ ਖਾਓ ਪੀਓ ਵੇਲੇ ਉਸ ਨੂੰ ਡਿਨਰ ਦੇਣ ਦਾ ਸਮਾਂ ਆਇਆ,
ਆਸੇ ਪਾਸੇ ਟੋਲਿਆ, ਉਸ ਦੇ ਬੈੱਡ ਤੇ ਵੇਖਿਆ, ਬੈੱਡ ਖ਼ਾਲੀ ਸੀ। ਆਵਾਜ਼ ਮਾਰੀ... ਜੁਆਬ ਵਿਚ
ਕੋਈ ਹੁੰਗਾਰਾ ਹੂਕਰ ਨਹੀਂ ਆਇਆ, ਨਾ ਹੀ ਉਸ ਦੀਆਂ ਘੁੰਗਰੀਆਂ ਛਣਕੀਆਂ। ਉਸ ਦੀਆਂ ਹਰਕਤਾਂ
ਦੀ ਨਿਸ਼ਾਨਦੇਹੀ ਕਰਦਾ ਗਲ਼ ਦੇ ਪਟੇ ਵਿਚ ਪਿਆ ਜੀ. ਪੀ. ਐੱਫ. ਵੀ ਬੰਦ ਹੋ ਗਿਆ, ਬੈਟਰੀ
ਮੁੱਕ ਗਈ ਜਾਂ ਕਿਸੇ ਨੇ ਗਲ਼ੋਂ ਲਾਹ ਲਿਆ, ਕੋਈ ਪਰਦਰਸ਼ਕ ਸੰਕੇਤ ਨਹੀਂ ਦੇ ਰਿਹਾ ਸੀ। ਉਸ
ਦੇ ਦੌੜ੍ਹਨ ਦਾ ਅਲਾਰਮ ਜਾਂ ਬਿੜਕ ਘਰ ਦੇ ਕਿਸੇ ਮੈਂਬਰ ਦੇ ਫੋਨ ਵਿਚ ਨਹੀਂ ਆਈ ਜਿਵੇਂ
ਤਵੱਕੋ ਕੀਤੀ ਜਾਂਦੀ ਹੈ।
ਗਵਾਂਢੀਆਂ ਨੂੰ ਪੁੱਛਣ ਤੇ ਉਨ੍ਹਾਂ ਅਗਿਆਨਤਾ ਵਿਚ ਨੰਨਾ ਧਰ ਦਿੱਤਾ। ਉਨ੍ਹਾਂ ਨਾਲ ਇਸ ਬਾਰੇ
ਜਾਣਕਾਰੀ ਵਟਾਈ ਗਈ ਤਾਂ ਉਨ੍ਹਾਂ ਦੱਸਿਆ ਕਿ ਕਦੇ ਕਦਾਈਂ ਇਹ ਪਿਆਰੀ ਰੋਮਾਂਟਿਕ ਜਿਹੀ ਆਵਾਜ਼
ਮਾਰਦਾ ਸੀ ਤੇ ਉਨ੍ਹਾਂ ਦੀ ਕੋਕੋ ਵੀ ਉਧਰੋਂ ਛਿਲਤਰ ਜਿਹੀ ਸੁੱਟ ਕੇ ਹੁੰਗਾਰਾ ਭਰ ਦਿੰਦੀ
ਸੀ। ਇਹ ਇੱਧਰ ਉੱਧਰ ਸ਼ਰਾਰਤਾਂ ਵਾਲੀਆਂ ਹਰਕਤਾਂ ਕਰਦੇ ਵੇਖੇ ਸੁਣੇ ਗਏ ਸਨ ਪਰ ਉਨ੍ਹਾਂ ਨੂੰ
ਡੇਟ ਕਰਨ ਦਾ ਕਦੇ ਸਮਾਂ ਨਹੀਂ ਲੱਗਾ। ਉਨ੍ਹਾਂ ਨੇ ਹੋਰ ਖ਼ਦਸ਼ਾ ਜ਼ਾਹਿਰ ਕੀਤਾ ਕਿ ਹੋ ਸਕਦਾ ਇਹ
ਉਸ ਲੂਸੀ ਦਾ ਪਿੱਛਾ ਕਰਦਾ ਉਸ ਦੀ ਤਲਾਸ਼ ਵਿਚ ਦੌੜਿਆ ਹੋਵੇ ਜੋ ਪਹਿਲਾਂ ਇਹਦੇ ਨਾਲ ਕੁੱਝ
ਦਿਨ ਕੱਟ ਕੇ ਗਈ ਹੈ। ਗਵਾਂਢੀ ਦੀ ਖਚਰੀ ਜਿਹੀ ਮੁਸਕਾਨ ਤੋਂ ਪ੍ਰਭਾਵਿਤ ਹੋ ਕੇ ਮੈ ਇਸ ਪਾਸੇ
ਸੋਚਣ ਲਈ ਮਜਬੂਰ ਹੋ ਗਿਆ। ਲੂਸੀ ਦੇ ਮਾਲਕਾਂ ਨੂੰ ਫ਼ੋਨ ਕਰਨ ਤੇ ਉਨ੍ਹਾਂ ਨੇ ਵੀ ਨਾਂਹ ਕਰਦੇ
ਹੈਰਾਨੀ ਪ੍ਰਗਟਾਈ। ਮੈਨੂੰ ਵੀ ਇੱਕ ਮੁਹਾਵਰਾ ‘ਇਸ਼ਕ ਦੀ ਮਾਰੀ ਕੁੱਤੀ ਸੌ ਮੀਲ ਚੱਲ ਕੇ
ਲਾਹੌਰ ਚਲੀ ਜਾਂਦੀ ਹੈ’ ਯਾਦ ਕਰ ਕੇ ਕੁੱਝ ਸੰਭਾਵਨਾ ਪੈਦਾ ਹੋ ਗਈ। ਨਾਲ ਇਹ ਪੂਰਾ ਯਕੀਨ ਵੀ
ਸੀ ਕਿ ਉਹ ਟਰੈਫ਼ਿਕ ਭਰੇ ਹਜਾਰ ਬਾਰਾਂ ਸੌ ਮੀਲ ਹਾਈਵੇ ਤੇ ਚੱਲ ਕੇ ਉਸ ਪਿੱਛੇ ਸਿਆਟਲ ਤਾਂ
ਨਹੀਂ ਪਹੁੰਚ ਸਕਦਾ ਪਰ ਇਹ ਆਸ਼ੰਕਾ ਪੈਦਾ ਹੋ ਗਈ ਕਿ ਉਸ ਨੂੰ ਲੱਭਦਾ ਦੌੜਿਆ ਅੰਨ੍ਹਾ ਹੋਇਆ
ਉਹ ਕਿਤੇ ਖੂਹ ਟੋਭੇ ਵਿਚ ਨਾ ਜਾ ਡਿੱਗਾ ਹੋਵੇ।
ਸਭਨਾਂ ਦੇ ਫ਼ਿਕਰ ਹੱਦਾਂ ਬੰਨੇ ਟੱਪ ਗਿਆ। ਐਮਲੀ ਰੋਣਹਾਕੀ ਹੋ ਗਈ। ਉਹ ਉਸ ਦਾ ਬਹੁਤ ਨੇੜਲਾ
ਹਮਜੋਲੀ ਸੀ ਤੇ ਦੋਹੇ ਦੋਸਤ ਇੱਕ ਦੂਸਰੇ ਨੂੰ ਬਹੁਤ ਵਫ਼ਾਦਾਰੀ ਨਾਲ ਪਿਆਰ ਕਰਦੇ ਸਨ। ਉਹ ਉਸ
ਨੂੰ ਸਕੂਲ ਜਾਣ ਸਮੇਂ ਸ਼ੁੱਭ ਵਿਦਾਈ ਦਿੰਦਾ ਤੇ ਆਉਣ ਸਮੇਂ ਲੰਮੇ ਪੈ ਕੇ ਜੀ ਆਇਆਂ ਕਹਿੰਦਾ।
ਉਹ ਕਸਰਤ ਇਕੱਠੇ ਕਰਦੇ। ਮੈੱਕਸਲ ਉਸ ਨਾਲ ਬਾਲ ਖੇਡਦਾ ਸੀ, ਉਹ ਗੇਂਦ ਸੁੱਟਦੀ... ਮੈੱਕਸਲ
ਦੌੜ ਕੇ ਮੂੰਹ ਵਿਚ ਬਾਲ ਲੈ ਆਉਂਦਾ। ਉਹ ਫੇਰ ਸੁੱਟਦੀ... ਮੈੱਕਸਲ ਟਪੂਸੀ ਮਾਰ ਕੇ ਡਿਗਦੇ
ਬਾਲ ਨੂੰ ਮੂੰਹ ਵਿਚ ਬੋਚ ਕੇ ਆਸੇ ਪਾਸੇ ਦੌੜਦਾ ਉਸ ਨੂੰ ਭਕਾਉਂਦਾ ਬਹੁਤ ਚਾਂਭਲ ਜਾਂਦਾ। ਉਹ
ਪਿੱਛੇ ਪਿੱਛੇ ਆਵਾਜ਼ਾਂ ਮਾਰਦੀ ਦੌੜਦੀ... ਉਹ ਤਰਲੇ ਕਢਵਾ ਕੇ ਉਸ ਨੂੰ ਫੜਾ ਦਿੰਦਾ। ਉਹ
ਟ੍ਰੈਂਪਲਿਨ ਵਿਚ ਇਕੱਠੇ ਭੁੜਕਦੇ ਆਪਣੀ ਮਾਮਾ ਨੂੰ ਹਸਾਈ ਜਾਂਦੇ। ਦੋਵੇਂ ਇੱਕ ਦੂਸਰੇ ਦਾ
ਮਨੋਰੰਜਨ ਵੀ ਕਰਦੇ ਕਸਰਤ ਵੀ ਕਰਦੇ ਕਰਾਉਂਦੇ ਰਹਿੰਦੇ।
ਆਪਣੇ ਆਪ ਵਿਚ ਚਿੰਤਾਤੁਰ ਐਮਲੀ ਦੀ ਅੰਮਾ ਕਿਰਨ ਨੇ ਦੱਸਿਆ ਕਿ ਅੱਜ ਗੋਫਰਾਂ ਨੂੰ ਲੱਭਦੇ
ਲੱਭਦੇ ਮੈੱਕਸਲ ਨੇ ਕਿਆਰੀਆਂ ਦੇ ਫ਼ੁਲ, ਬੂਟੇ, ਟਮਾਟਰ ਤੇ ਗੋਂਗਲੂ, ਮੂਲ਼ੀਆਂ ਪੁੱਟ ਕੇ
ਖੇਹ-ਖ਼ਰਾਬ ਕੀਤੀਆਂ ਸਨ, ਇਸ ਲਈ ਉਸ ਨੇ ਉਸ ਨੂੰ ਝਿੜਕਿਆ ਤੇ ਦੋ ਪਟੋਕੀਆਂ ਵੀ ਲਗਾਈਆ ਸਨ।
ਸ਼ਾਇਦ ਏਸੇ ਸ਼ਰਮਿੰਦਗੀ ਖ਼ਾਤਰ ਰੁੱਸ ਕੇ ਘਰੋਂ ਨਿਕਲ ਗਿਆ ਹੈ। ਫੈਂਸ ਨੇੜੇ ਨਹੁੰਦਰਾਂ
ਪੰਜਿਆਂ ਨਾਲ ਵੱਡਾ ਸਾਰਾ ਟੋਆ ਪੁੱਟਿਆ ਵੇਖ ਕੇ ਮੈਂ ਸਮਝ ਗਿਆ ਕਿ ਇਹ ਤਾਂ ਗੋਫਰਾਂ ਦੀ
ਤਲਾਸ਼ ਵਿਚ ਉਨ੍ਹਾਂ ਦੀਆਂ ਖੁੱਡਾਂ ਪੁੱਟਦਾ ਹੋਵੇਗਾ ਜਾਂ ਇਹ ਵਿਚਾਰਾ ਫ਼ਰਹਾਦ ਆਪਣੀ ਅਣਦੇਖੀ
ਗਵਾਂਢਣ ਸ਼ੀਰੀ ਨੂੰ ਕੰਧੋਂ ਪਾਰ ਮਿਲਣ ਵਾਸਤੇ ਸੁਰੰਗ ਪੁੱਟ ਰਿਹਾ ਹੋਵੇਗਾ ਪਰ ਚੋਰ ਸੰਨ੍ਹ
ਤੋਂ ਫੜਿਆ ਗਿਆ।
ਉਸ ਦੀ ਗ਼ੈਰਹਾਜ਼ਰੀ ਨਾਲ ਸਾਰੇ ਘਰ ਵਿਚ ਤਰਥੱਲੀ ਮੱਚ ਗਈ। ਪਹਿਲਾਂ ਯਕਦਮ ਨੇਬਰਹੁੱਡ-ਸਿਸਟਮ
ਵਿਚ ਈ-ਮੇਲ ਨਾਲ ਉਸ ਦੀ ਫ਼ੋਟੋ ਟੈਗ ਕਰ ਦਿੱਤੀ ਗਈ ਕਿ ਜੇ ਕਿਸੇ ਨੇ ਮੈੱਕਸਲ ਵੇਖਿਆ ਹੈ ਤਾਂ
ਇਸ ਫ਼ੋਨ ਨੰਬਰ ਤੇ ਇਤਲਾਹ ਦੇਵੇ। ਸਿਟੀ ਕਲੀਨਿਕ ਜਿੱਥੋਂ ਉਸ ਦੀ ਹਰ ਮਹੀਨੇ ਚੈੱਕਅਪ ਹੁੰਦੀ
ਰਹਿੰਦੀ ਹੈ, ਦਾ ਉਹ ਪੂਰਾ ਵਾਕਫ਼ ਹੈ ਤੇ ਡਾਕਟਰ ਵੀ ਉਸ ਨਾਲ ਬੜਾ ਤੇਹ ਤੇ ਪਿਆਰ ਜਤਾਉਂਦੀ
ਹੈ। ਉਹ ਉਸ ਨੂੰ ਉਸ ਦੀ ਮਨਪਸੰਦ ਖ਼ੁਰਾਕ ਬਿਸਕੁਟ ਦੇ ਕੇ ਪਲੋਸਦੀ ਰਹਿੰਦੀ ਤੇ ਇਸੇ ਕਰ ਕੇ
ਉਹ ਉਸ ਦਾ ਪੱਕਾ ਮਨਪਸੰਦ ਗਾਹਕ ਬਣ ਗਿਆ। ਪਿਛਲੀ ਵੇਰਾਂ ਵੀ ਜਦ ਉਹ ਇਸ ਤਰ੍ਹਾਂ ਗੁੰਮ ਹੋ
ਗਿਆ ਸੀ ਤਾਂ ਹੋਰ ਸਾਰੇ ਤਲਾਸ਼ ਕਰ ਕੇ ਹਾਰ ਹੰਭ ਗਏ ਸਨ। ਅਖੀਰਲੀ ਵਾਰ ਉਸ ਕਲੀਨਿਕ ਨੂੰ ਖ਼ਬਰ
ਦਿੱਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਤੁਹਾਡਾ ਮੈੱਕਸਲ ਸਾਡੇ ਗੇਮ-ਰੂਮ ਵਿਚ ਬੈਠਾ ਖੇਡ ਰਿਹਾ
ਹੈ, ਤਾਂ ਜਾ ਕੇ ਸਾਰੇ ਟੱਬਰ ਦਾ ਸਾਹ ਵਿਚ ਸਾਹ ਆਇਆ ਤੇ ਧੰਨਵਾਦ ਸਹਿਤ ਉਸ ਨੂੰ ਉੱਥੋਂ ਲੈ
ਕੇ ਆਏ ਸਨ। ਅੱਜ ਉੱਥੇ ਵੀ ਨਹੀਂ ਮਿਲਿਆ। ਸੈਰ ਕਰਨ ਦਾ ਰੂਟ ਜਿੱਥੇ ਉਹ ਹਰ ਰੋਜ਼ ਸਾਰੇ
ਮੈਂਬਰਾਂ ਦੀ ਅਗਵਾਈ ਕਰਦਾ ਸੀ, ਵੀ ਫੋਲ ਮਾਰਿਆ। ਜਿੱਥੇ ਕਿਤੇ ਉਸ ਨੂੰ ਲੈ ਕੇ ਕਦੇ ਗਏ, ਹਰ
ਥਾਂ ਵੇਖਿਆ ਪਰ ਪਤਾ ਨਹੀਂ ਲੱਗਾ ਕਿੱਥੇ ਛਿਪਣ ਹੋ ਗਿਆ।
ਸੂਰਜ ਦੀ ਰੌਸ਼ਨੀ ਵੀ ਅਲੋਪ ਹੋਣ ਪਿੱਛੋਂ ਚਾਰ ਚੁਫੇਰੇ ਬੱਤੀਆਂ ਜਗ ਪਈਆਂ ਸਨ। ਕੜਕਵੀਂ ਠੰਢ
ਪੈਰੋ ਪੈਰ ਵਧ ਰਹੀ ਸੀ। ਸਾਰੇ ਮੈਂਬਰਾਂ ਨੂੰ ਫ਼ਿਕਰ ਸੀ ਕਿ ਗਦੇਲਿਆਂ ਤੇ ਮਖ਼ਮਲੀ ਰਜਾਈਆਂ
ਵਿਚ ਸੌਣ ਵਾਲਾ ਮੈੱਕਸਲ ਕਿੱਥੇ ਜਾ ਕੇ ਠਰਦਾ ਪਛਤਾਉਂਦਾ ਹੋਵੇਗਾ... ਕਿਸੇ ਝਾੜੀ ਵਿਚ, ਜਾਂ
ਕਿਸੇ ਘਰ ਦੇ ਬਾਹਰਲੇ ਵਾਧਰੇ ਜਾਂ ਡਿਉਢੀ ਦੀ ਓਟ ਵਿਚ। ਰਾਤ ਦਸ ਵਜੇ ਤੱਕ ਸਾਰੀ ਆਸ ਉਮੀਦ
ਲਾਹ ਬੈਠੇ। ਐਨੀਮਲ ਸ਼ੈੱਲਟਰ ਨੂੰ ਵੀ ਖ਼ਬਰ ਕਰ ਦਿੱਤੀ ਗਈ ਪਰ ਉਧਰੋਂ ਨਾਂਹ ਵੀ ਆ ਗਈ ਤੇ
ਉਨ੍ਹਾਂ ਨੇ ਸਾਡੀ ਲਾਪਰਵਾਹੀ ਵਾਸਤੇ ਸਾਨੂੰ ਖ਼ਬਰਦਾਰ ਵੀ ਕੀਤਾ।
‘ਇਹ ਆਪਣੇ ਆਪ ਬਾਹਰ ਨਹੀਂ ਜਾਂਦਾ। ਜੇ ਜਾਊ ਤਾਂ ਆਪੇ ਵਾਪਸ ਆ ਜਾਊ। ਇਹ ਬੜਾ ਸਿਆਣਾ ਸੀਲ
ਜਾਨਵਰ ਹੈ ਤੇ ਹੋ ਸਕਦਾ ਕਿਸੇ ਨੇ ਉਧਾਲ਼ ਲਿਆ ਹੋਵੇ। ਜੇ ਕੋਈ ਕਾਰ ਵਿਚ ਬਿਠਾ ਕੇ ਦੂਰ ਨੇੜੇ
ਲੈ ਗਿਆ ਤਾਂ ਫਿਰ ਨਹੀਂ ਮਿਲਣਾ।‘
ਉਨ੍ਹਾਂ ਦੀ ਚੇਤਾਵਨੀ ਨਾਲ ਐਮਲੀ ਨੇ ਰੋਣਾ ਜਿਹਾ ਮੂੰਹ ਬਣਾ ਲਿਆ।
ਰਸਤੇ ਵਿਚ ਜਾਂਦੇ ਆਉਂਦੇ ਹਰ ਸੈਰ ਕਰਦੇ ਨੂੰ ਉਸ ਦਾ ਹੁਲੀਆ ਦੱਸ ਕੇ ਪੁੱਛਦੇ ਰਹੇ ਪਰ ਕਿਸੇ
ਨੇ ਕੋਈ ਸੂਹ ਨਹੀਂ ਦਿੱਤੀ।
‘ਕਿੰਨੀ ਕੁ ਉਮਰ ਸੀ ਤੁਹਾਡੇ ਡੌਗੀ ਦੀ?’ ਫੁੱਟਪਾਥ ਤੇ ਚਲਦੇ ਜੋਗਿੰਗ ਕਰਦੇ ਇਕ ਰਾਹਗੀਰ ਨੇ
ਚਾਲ ਮੱਧਮ ਕਰ ਕੇ ਫ਼ੋਨ ਕੱਢ ਲਿਆ। ਉਹ ਸਾਡੀ ਪ੍ਰੇਸ਼ਾਨੀ ਭਾਂਪ ਕੇ ਆਪੇ ਹੀ ਖੜੋ ਗਿਆ।
‘ਸੈਨਫ੍ਰਾਂਸਿਸਕੋ ਵਿਖੇ ਮੱਟਵਿੱਲਾ ਨਾਂ ਦੀ ਇੱਕ ਸੰਸਥਾ ਹੈ ਜਿੱਥੇ ਪੁਰਾਣੇ ਬੁੱਢੇ ਹੋਏ
ਜਾਨਵਰ ਖ਼ਾਸ ਕਰ ਕੇ ਕੁੱਤਿਆਂ ਬਿੱਲੀਆਂ ਨੂੰ ਰੱਖਿਆ ਜਾਂਦਾ ਹੈ। ਇਹ ਵਿਕਰਾਲ ਰੂਪ ਵਿਚ ਲੰਙੇ
ਲੂਲ੍ਹੇ ਬੇਆਸਰੇ ਜਾਨਵਰਾਂ ਦਾ ਸ਼ੈੱਲਟਰ ਸਥਲ ਹੈ। ਮਨੁੱਖਾਂ ਦੇ ਬਿਰਧ ਆਸ਼ਰਮ ਵਾਂਗ ਇਹ ਵੀ
ਸੀਨੀਅਰ ਬੇਘਰੇ ਜਾਨਵਰਾਂ ਦਾ ਆਸ਼ਰਮ ਹੈ ਤੇ ਇਹ ਉਨ੍ਹਾਂ ਵਾਸਤੇ ਪੱਕੇ ਤੌਰ ਤੇ ਖਾਣ-ਪਾਣ ਤੇ
ਰਹਿਣ ਵਾਸਤੇ ਘਰ ਦਾ ਬੰਦੋਬਸਤ ਕਰਦੀ ਹੈ। ਆਮ ਕਰ ਕੇ ਇਨ੍ਹਾਂ ਜਾਨਵਰਾਂ ਨੂੰ ਪਿਆਰ ਕਰਨ
ਵਾਲੇ ਮਾਲਕ ਇਨ੍ਹਾਂ ਦੇ ਮਰਨ ਤੱਕ ਇਨ੍ਹਾਂ ਦੀ ਸਾਂਭ ਸੰਭਾਲ ਰੱਖਦੇ ਦਵਾਈ ਬੂਟੀ ਦਿੰਦੇ
ਸੰਸਕਾਰ ਤੱਕ ਬੜੇ ਅਦਬ ਸਤਿਕਾਰ ਵਾਂਗ ਘਰ ਦੇ ਮੈਂਬਰ ਵਾਂਗ ਹੀ ਸਾਰੇ ਰਸਮ ਰਿਵਾਜ ਕਰਦੇ ਹਨ।
ਕਈ ਬਹੁਤ ਘੱਟ ਪ੍ਰਤੀਸ਼ਤ ਇਹੋ ਜਿਹੇ ਵੀ ਮਿਲ ਜਾਂਦੇ ਹਨ ਜੋ ਇਨ੍ਹਾਂ ਦੇ ਅਸਾਧ ਬਿਮਾਰੀ ਦੇ
ਸਿ਼ਕਾਰ ਹੋਣ ਜਾਂ ਬਿਰਧ ਹੋਣ ਤੇ ਘਰੋਂ ਬਾਹਰ ਦੂਰ ਛੱਡ ਦੇ ਹਨ। ਇਨ੍ਹਾਂ ਦੇ ਸਹਾਰੇ ਵਾਸਤੇ
ਸੈਨਫ੍ਰਾਂਸਿਸਕੋ ਦੀ ਇਹ ਸਮਾਜ ਸੇਵੀ ਸੰਸਥਾ ਇਨ੍ਹਾਂ ਜਾਨਵਰਾਂ ਦੀ ਅਖੀਰ ਤੱਕ ਦੇਖ ਭਾਲ,
ਇਲਾਜ ਕਰਦੀ ਹੈ। ਚਿੰਤਾ ਨਾ ਕਰੋ... ਉੱਥੇ ਫ਼ੋਨ ਕਰ ਲਓ ਕਿਸੇ ਨੇ ਉੱਥੇ ਨਾ ਪਹੁੰਚਾ ਦਿੱਤਾ
ਹੋਵੇ।’
‘ਧੰਨਵਾਦ ਤੁਹਾਡਾ ਹਮਦਰਦੀ ਦਾ... ਪਰ ਉਹ ਤਾਂ ਅਜੇ ਭਰ ਜੁਆਨੀ ਵਿਚ ਸੀ, ਦੋ ਸਾਲ ਦਾ ਬੜਾ
ਕੋਮਲ ਚੰਚਲ ਜਿਹਾ ਸ਼ਰਾਰਤੀ।’
‘ਹਾਂ ਤੇ ਹੋਰ ਸੁਣੋ! ਇੱਥੇ ਕਈ ਕੁੱਤਿਆਂ ਦੇ ਸਿ਼ਕਾਰੀ ਵੀ ਹੁੰਦੇ ਹਨ ਜੋ ਇਨ੍ਹਾਂ ਕੂਲੇ
ਨਰਮ ਜਾਨਵਰਾਂ ਦਾ ਮੀਟ ਬੜੇ ਸ਼ੌਕ ਨਾਲ ਖਾਂਦੇ ਹਨ। ਜੇ ਕਿਤੇ ਉਨ੍ਹਾਂ ਕੁੱਤੇ-ਖਾਣਿਆਂ ਦੇ
ਢਾਏ ਚੜ੍ਹ ਗਿਆ ਤਾਂ ਫਿਰ ਉਸ ਦੀ ਹੱਡੀ ਪੱਸਲੀ ਵੀ ਨਹੀਂ ਮਿਲਣੀ।’ ਉਹ ਅਜੇ ਵੀ ਭਰਵੱਟੇ
ਖਿਲਾਰੀ ਖੜ੍ਹਾ ਸੀ। ਅਸੀਂ ਉਸ ਨੂੰ ਅਣਗੌਲੇ ਹੋ ਕੇ ਵਿਸਾਰ ਦਿੱਤਾ ਤੇ ਚਾਰੇ ਕੰਨੀਆਂ ਝਾੜਦੇ
ਘਰ ਮੁੜ ਆਏ।
ਆਖ਼ਰੀ ਕੋਸ਼ਿਸ਼! ਸਾਰੇ ਮੈਂਬਰ ਕਾਰ ਵਿਚ ਬੈਠ ਕੇ ਰੋਜ਼ਾਨਾ ਸੈਰ ਵਾਲੇ ਰਸਤੇ ਰਾਤ ਦੀ ਸ਼ਾਂਤ
ਫ਼ਿਜ਼ਾ ਵਿਚ ਮੈਕਸਲ!... ਮੈਕਸਲ! ... ਉੱਚੀ ਉੱਚੀ ਆਵਾਜ਼ਾਂ ਪੁਕਾਰਦੇ ਹੋਲੀ ਹੋਲੀ ਚੱਕਰ ਕੱਟਣ
ਲੱਗੇ। ਇੱਕ ਥਾਂ ਮੈਕਸਲ... ਮੈਕਸਲ... ਦੀ ਆਵਾਜ਼ ਦੇ ਪ੍ਰਤੀਕਰਮ ਵਜੋਂ ‘ਬਹੂੰ...
ਬਹੂੰ...ਚੌਂ ਚੌਂ...’ ਦੀ ਮੱਧਮ ਭਿੱਜੀ ਜਿਹੀ ਆਵਾਜ਼ ਸੁਣਾਈ ਦਿੱਤੀ ਜਿਵੇਂ ਕਿਸੇ ਮੁਸ਼ਕਲ
ਵਿਚ ਫਸਿਆ ਉਹ ਮਦਦ ਲਈ ਗੁਹਾਰ ਲਗਾ ਰਿਹਾ ਹੋਵੇ।
‘ਠਹਿਰੋ ਵੇਖੋ ਸੁਣੋ... ਮੈਕਸਲ! ਹਾਂ ਮੈੱਕਸਲ ਦੀ ਆਵਾਜ਼ ਪਛਾਣ ਲਈ ਮੈਂ।’ ਐਮਲੀ ਦੇ ਚਿਹਰੇ
ਤੇ ਰੌਣਕ ਟਪਕ ਆਈ। ਏਦਾਂ ਜਾਪਿਆ ਜਿਵੇਂ ਕਿਸੇ ਝਾੜੀ ਵਿਚ ਫਸਿਆ ਹੋਇਆ ਮੈੱਕਸਲ ਹੁੰਗਾਰਾ ਭਰ
ਰਿਹਾ ਹੈ। ਫੇਰ ਆਵਾਜ਼ ਦਿੱਤੀ, ਅੱਗੋਂ ਫੇਰ ਅਜੇਹੀ ਆਵਾਜ਼ ਆਈ। ਗੱਡੀ ਰੋਕ ਕੇ ਵੌੜ ਲੈਣ ਲੱਗੇ
ਕਿ ਹੋ ਸਕਦਾ ਉਹ ਕਿਸੇ ਦੀ ਗਰਾਜ ਵਿਚ ਚੁਪਕੇ ਵੜ ਕੇ ਦੜਿਆ ਬੈਠਾ ਹੋਵੇ। ਫੇਰ ਆਵਾਜ਼ ਮਾਰੀ।
ਅੱਗੋਂ ਹੁੰਗਾਰਾ ਆਇਆ ਪਰ ਨਾਲ ‘ਬਹੂੰ... ਬਹੂੰ’ ਕਰਦੀਆਂ ਕੁਤੀੜ-ਵਾਧੇ ਦੀਆਂ ਕਈ ਹੋਰ
ਆਵਾਜ਼ਾਂ ਨੇ ਉਹ ਇੱਕ ਆਵਾਜ਼ ਰੋਲੇ-ਘਚੋਲੇ ਵਿਚ ਰੋਲ ਦਿੱਤੀ। ਇਹ ਆਵਾਜ਼ ਸੁਣ ਕੇ ਨੇੜਲੇ ਘਰਾਂ
ਦੇ ਦੂਸਰੇ ਕੁੱਤੇ ਵੀ ਭੌਂਕਣ ਲੱਗ ਪਏ ਸਨ। ਕੁਝ ਹੱਥ ਪੱਲੇ ਨਾ ਪੈਂਦਾ ਵੇਖ ਕੇ ਅਸੀਂ ਹੌਸਲਾ
ਹਾਰ ਕੇ ਘਰ ਪਰਤ ਆਏ।
‘ਨਹੀਂ ਇਹ ਸਾਡਾ ਮੈੱਕਸਲ ਨਹੀਂ... ਹੋਰਨਾਂ ਘਰਾਂ ਵਾਲਿਆਂ ਦੇ ਕੁੱਤਿਆਂ ਦੀਆਂ ਆਵਾਜ਼ਾਂ ਹਨ
ਜੋ ਸਾਡੀਆਂ ਆਵਾਜ਼ਾਂ ਦੇ ਪ੍ਰਤੀਕਰਮ ਕਾਰਨ ਭੌਂਕ ਰਹੇ ਹਨ।‘
ਐਮਲੀ ਉੱਚੀ ਉੱਚੀ ਹੁਬਕੀਂ ਰੋਣ ਲੱਗ ਪਈ। ਉਸ ਦਾ ਬਹੁਤ ਬੁਰਾ ਹਾਲ ਹੋ ਰਿਹਾ ਸੀ। ਡਿਨਰ
ਕਿਸੇ ਨਹੀਂ ਕੀਤਾ। ਮੈਕਸਲ ਦੇ ਡਿਨਰ ਦਾ ਟਾਈਮ ਲੰਘ ਗਿਆ ਸੀ, ਉਸ ਨੇ ਡਿਨਰ ਕਿੱਥੋਂ ਕੀਤਾ
ਹੋਊ! ਨੀਂਦ ਕਿਸੇ ਨੂੰ ਨਹੀਂ ਆਈ। ਸੌਣ ਸਮੇਂ ਉਹ ਸਾਰੇ ਮੈਂਬਰਾਂ ਦੇ ਦਰ ਮੂਹਰੇ ਜਾ ਕੇ
ਗੁੱਡ ਨਾਈਟ ਕਹਿੰਦਾ ਪੁਸ਼ਟੀ ਕਰਦਾ ਸੀ ਕਿ ਸਾਰੇ ਆਪਣੀ ਆਪਣੀ ਜਗ੍ਹਾ ਟਿਕ ਗਏ ਹਨ, ਪਰ ਅੱਜ
ਉਸ ਦੀ ਅਣਹੋਂਦ ਰੜਕਦੀ ਰਹੀ।
ਖਾੜਕੂਵਾਦ ਦਾ ਸਮਾਂ ਮੈਂ ਹੱਡਾਂ ਤੇ ਹੰਢਾਇਆ ਸੀ। ਅੱਜ ਉਸ ਕਾਲੇ ਦੌਰ ਦੀ ਯਾਦ ਆ ਗਈ। ਜਦ
ਕਿਸੇ ਘਰ ਦਾ ਨੌਜੁਆਨ ਬੰਦਾ ਮੁੰਡਾ ਲਾਪਤਾ ਹੋ ਜਾਂਦਾ ਤਾਂ ਪਿੱਛੇ ਘਰ ਦੇ ਜੀਆਂ ਦੀ ਜਾਨ
ਕਿਵੇਂ ਖੁੱਸਦੀ ਹੈ, ਓਸੀ ਰਾਤ ਅੱਜ ਅਸੀਂ ਆਪਣੇ ਹੱਡਾਂ ਤੇ ਹੰਢਾ ਰਹੇ ਸਾਂ। ਸਾਰੇ ਆਪਣੇ
ਆਪਣੇ ਥਾਂ ਸੁਮਕੇ ਮਾਰ ਰਹੇ ਸਨ।
ਰਾਤ ਸਾਢੇ ਗਿਆਰਾਂ ਵਜੇ ਫ਼ੋਨ ਦੀ ਘੰਟੀ ਖੜਕੀ। ਕਿਰਨ ਨੇ ਫ਼ੋਨ ਉਠਾਇਆ।
‘ਆਰ ਯੂ ਦੀ ਮਾਮ ਆਫ਼ ਮੈੱਕਸਲ?’ ਲੇਡੀ ਆਵਾਜ਼ ਪਛਾਣ ਕੇ ਉਨ੍ਹਾਂ ਪੁੱਛਿਆ।
‘ਯਾ ਯੈਸ! ਵਿਅਰ ਹੀ ਇਜ਼?’ ਕਿਰਨ ਜਜ਼ਬਾਤਾਂ ਦੇ ਹੜ੍ਹ ਵਿਚ ਅੱਧੀ ਕੁ ਰੋਈ ਤੇ ਅੱਧੀ ਕੁ
ਹੱਸੀ।
‘ਤੁਹਾਡਾ ਮੈੱਕਸਲ ਸਾਡਾ ਮਹਿਮਾਨ ਹੈ... ਸਾਡੇ ਕੋਲ ਬੈਠਾ ਮਸਤੀ ਕਰ ਰਿਹਾ ਹੈ। ਤੁਸੀਂ ਚਾਹੋ
ਤਾਂ ਹੁਣੇ ਲੈ ਜਾ ਸਕਦੇ ਹੋ... ਨਹੀਂ ਤਾਂ ਸਵੇਰੇ ਆ ਜਾਣਾ। ਉਸ ਦੇ ਗਲ ਦੇ ਪਟੇ ਤੇ ਉਸ ਦਾ
ਨਾਂ, ਥਾਂ ਟਿਕਾਣਾ, ਫ਼ੋਨ ਨੰਬਰ ਪੜ੍ਹ ਕੇ ਤੁਹਾਨੂੰ ਇਤਲਾਹ ਦੇ ਰਹੇ ਹਾਂ।’
‘ਹਾਂ... ਯਾ... ਥੈਂਕ ਯੂ... ਵੁਈ ਮਿੱਸ ਹਿਮ... ਵੀ ਆਰ ਕਮਿੰਗ ਜਸਟ ਨਾਓ।’
ਸਾਰੇ ਮੈਂਬਰਾਂ ਦੇ ਬੁੱਝੇ ਹੋਏ ਚਿਹਰੇ ਖਿੜ ਉੱਠੇ। ਐਮਲੀ ਤੇ ਵਿਲਸਨ ਦੇ ਚਿਹਰੇ ਤੇ
ਫੁਲਝੜੀਆਂ ਮੱਚ ਪਈਆਂ। ਸਵੇਰ ਹੋਣ ਤੱਕ ਕੌਣ ਉਡੀਕ ਕਰ ਸਕਦਾ ਸੀ! ਇੰਟਰਨੈੱਟ ਤੇ ਫ਼ੋਨ ਦੇ
ਦੱਸੇ ਮਕਾਨ ਦਾ ਸਿਰਨਾਵਾਂ ਪਾ ਕੇ ਵੇਖਿਆ, ਉਹ ਘਰ ਤੋਂ ਬਹੁਤੀ ਦੂਰ ਨਹੀਂ ਸੀ। ਸਿਰਫ਼ ਤੀਸਰੀ
ਕੋਰਟ ਵਿਚ ਸੀ ਤੇ ਇਹ ਉਹੀ ਜਗ੍ਹਾ ਸੀ, ਜਿੱਥੋਂ ਸਾਡੀ ਆਵਾਜ਼ ਦਾ ਮੈੱਕਸਲ ਹੁੰਗਾਰਾ ਭਰ ਰਿਹਾ
ਸੀ। ਅਸੀਂ ਪਹੁੰਚੇ। ਜਬਰੀ ਬਣਿਆ ਮਹਿਮਾਨ ਮੈੱਕਸਲ, ਦੇ ਹੋਸਟ ਤੀਵੀਂ ਆਦਮੀ ਦੋਵੇਂ ਉਸ ਨੂੰ
ਵਿਸ਼ੇਸ਼ ਪ੍ਰਾਹੁਣੇ ਵਾਂਗ ਸੇਵਾ ਕਰਦੇ ਲਾਡ ਲਡਾ ਰਹੇ ਸਨ। ਉਹ ਉਨ੍ਹਾਂ ਨਾਲ ਬੜੀ ਜਲਦੀ ਆੜੀ
ਪਾ ਬੈਠਾ ਸੀ। ਉਨ੍ਹਾਂ ਦੱਸਿਆ ਕਿ ਇਸ ਦੀ ਲੀਸ਼ ਝਾੜੀਆਂ ਵਿਚ ਫਸਣ ਕਾਰਨ ਜਕੜਿਆ ਇਹ ਕੁਰਲਾਟ
ਮਚਾ ਰਿਹਾ ਸੀ। ਆਵਾਜ਼ ਸਾਡੇ ਕੰਨੀਂ ਪੈਣ ਕਾਰਨ ਅਸੀਂ ਖ਼ਤਰਾ ਸਹੇੜ ਕੇ ਖੁੰਘੀ ਨਾਲ ਫਸਿਆ ਇਸ
ਦਾ ਪਟਾ ਲਾਹ ਕੇ ਇਸ ਨੂੰ ਮੁਕਤ ਕਰਾਇਆ। ਤੁਹਾਡਾ ਫ਼ੋਨ ਮਿਲਣ ਦੀ ਤਾਕ ਵਿਚ ਇਹ ਵੀ ਬੜੀ
ਸੰਜੀਦਗੀ ਨਾਲ ਸਾਡੀ ਗੁਫ਼ਤਗੂ ਸੁਣ ਰਿਹਾ ਸੀ ਤੇ ਤੁਹਾਡੀ ਆਵਾਜ਼ ਸੁਣ ਕੇ ਇਸ ਨੇ ਉਮੀਦਾਂ
ਭਰੀ ਖ਼ੁਸ਼ੀ ਸੰਗ ਅੱਖਾਂ ਟਮਕਾਈਆਂ ਸਨ। ਮੈੱਕਸਲ ਸਾਨੂੰ ਵੇਖ ਕੇ ਸ਼ਰਮਿੰਦਿਆਂ ਦੇ ਤਾਣ
ਲੇਟਣੀਆਂ ਲੈਂਦਾ ਪੈਰਾਂ ਹੇਠ ਆਣ ਡਿੱਗਾ। ਵਿਲਸਨ ਨੇ ਕੁੱਛੜ ਚੁੱਕ ਕੇ ਦੋ ਚਾਰ ਪਿਆਰੀਆਂ
ਜਿਹੀਆਂ ਪਟੋਕੀਆਂ ਜੜ ਦਿੱਤੀਆਂ।
ਕੁੱਝ ਦਿਨਾਂ ਬਾਦ ਸੈਰ ਕਰਦੇ ਸਮੇਂ ਉਸ ਦੀ ਕੁਤੇ-ਝਾਕ ਨਹੀਂ ਮੁੱਕੀ। ਥਾਂ ਥਾਂ ਲੱਤ ਚੁੱਕ
ਕੇ ਮੂਤੀਂ ਜਾਣਾ, ਥਾਂ-ਥਾਂ ਝਾੜੀਆਂ ਸੁੰਘਦੇ ਕੁੱਝ ਨਾ ਕੁੱਝ ਮੂੰਹ ‘ਚ ਪਾਈ ਜਾਣਾ, ਉਸ ਦੀ
ਕੁੱਤਿਆਂ ਵਰਗੀ ਆਦਤ ਸ਼ਾਇਦ ਫਿਰ ਜਾਗ ਪਈ ਸੀ। ਕਿਸੇ ਸਿਆਣੇ ਨੇ ਠੀਕ ਹੀ ਕਿਹਾ ਹੈ, ‘ਕੁੱਤਾ
ਰਾਜ ਬਹਾਲੀਏ ਮੁੜ ਚੱਕੀ ਚੱਟੇ।’ ਇੱਕ ਦਿਨ ਹੱਡੀ ਵਰਗੀ ਕੋਈ ਸਖ਼ਤ ਚੀਜ਼ ਉਸ ਨੇ ਮੂੰਹ ਵਿਚ ਪਾ
ਲਈ। ਬਹੁਤ ਦੇਰ ਚੱਬਦਾ ਉਹ ਤੜਫ਼ਦਾ ਰਿਹਾ। ਉਹ ਉਸ ਦੇ ਸੰਘ ਵਿਚ ਫਸ ਗਈ। ਉਸ ਨੂੰ ਉਲਟੇ
ਸਿੱਧੇ ਹੁੰਦੇ ਵੇਖ ਕੇ ਨਿਆਣੇ ਹਾਲ ਪਾਰ੍ਹਿਆ ਕਰਨ ਲੱਗੇ। ਮੈਂ ਇਕਦਮ ਫੜ ਕੇ ਉਸ ਦੇ ਸੰਘ
ਵਿਚ ਉਂਗਲ ਪਾ ਕੇ ਕੱਢਣ ਦੀ ਕੋਸ਼ਿਸ਼ ਕੀਤੀ। ਕੂਲ਼ਾ ਜਿਹਾ ਨਵਾਂ ਮਾਸ ਸਮਝ ਕੇ ਉਸ ਨੇ ਪਲਕ
ਝਪਕ ਵਿਚ ਮੇਰੀ ਉਂਗਲ ਵਿਚ ਵੀ ਦੰਦ ਖੁੱਭੋ ਦਿੱਤੇ ਤੇ ਚੱਬ ਸੁੱਟੀ। ਮੈਂ ਦੂਸਰੇ ਹੱਥ ਨਾਲ
ਉਸ ਦਾ ਜਬਾੜਾ ਖੋਲ੍ਹ ਕੇ ਬੜੀ ਮੁਸ਼ਕਲ ਆਪਣੀ ਉਂਗਲੀ ਬਾਹਰ ਕੱਢੀ। ਉਂਗਲੀ ਦਾ ਪੋਟਾ ਤੋਰੀ
ਵਾਂਗ ਨਾਲ ਲਟਕ ਰਿਹਾ ਖ਼ੂਨੋ-ਖ਼ੂਨ ਹੋ ਗਿਆ। ਉਸ ਦੇ ਮੂੰਹ ਵਿਚਲੀ ਪੱਥਰ-ਹੱਡੀ ਟੁੱਟ ਕੇ ਕੁੱਝ
ਉਸ ਦੇ ਅੰਦਰ ਤੇ ਕੁੱਝ ਬਾਹਰ ਡਿਗ ਪਈ ਸੀ। ਜੇ ਮੈਂ ਦੂਸਰੇ ਹੱਥ ਨਾਲ ਉਸ ਦਾ ਜਬਾੜਾ ਘੁੱਟ
ਕੇ ਨਾ ਖੋਲ੍ਹਦਾ ਤਾਂ ਉਸ ਨੇ ਮੇਰੀ ਉਂਗਲ ਨਿਗਲ ਜਾਣੀ ਸੀ। ਲਗਾਤਾਰ ਖ਼ੂਨ ਦੀ ਤਤੀਰ੍ਹੀ ਨਾਲ
ਮੈਂ ਵੀ ਘਬਰਾ ਗਿਆ ਤੇ ਬੱਚੇ ਮੇਰੇ ਤੋਂ ਵੀ ਵੱਧ ਮਸ੍ਹੋਸੇ ਗਏ ਸਨ। ਉਂਗਲ ਨੂੰ ਠਾਠੀ ਨਾਲ
ਘੁੱਟਦੇ ਮੇਰਾ ਮਨ ਅੰਮ੍ਰਿਤਸਰ ਦੇ ਚੀਚਾ-ਭਕਨਾ ਵਾਲੇ ਠਾਕਰਾਂ ਦੀਆਂ ਪੌੜੀਆਂ ਚੜ੍ਹ ਗਿਆ ਜੋ
ਕੁੱਤੇ ਦੇ ਵੱਢੇ ਦਾ ਇਲਾਜ ਘਰ ਦੀਆਂ ਪੱਕੀਆਂ ਰੋਟੀਆਂ ਦੇ ਟੁੱਕੜੇ ਨਾਲ ਕਰਦੇ ਸਨ।
ਘਰ ਆਉਣ ਤੱਕ ਖ਼ੂਨ ਚੋਣੋਂ ਨਹੀਂ ਹਟਿਆ। ਜੇਬ ਦੀ ਠਾਠੀ ਜਿਸ ਨਾਲ ਮੈਂ ਜ਼ਖਮ ਘੁੱਟਿਆ, ਉਹ
ਸਾਰੀ ਖ਼ੂਨ ਨਾਲ ਲੱਥਪੱਥ ਹੋ ਗਈ। ਮੈਂ ਤਾਂ ਕੋਈ ਪ੍ਰਵਾਹ ਨਹੀਂ ਮੰਨੀ ਪਰ ਬੇਟੀ ਕਿਰਨ ਤੇ
ਉਨ੍ਹਾਂ ਦੀ ਵੱਡੇ ਮੰਮਾ ਘਬਰਾ ਗਈਆਂ। ਕਿਰਨ ਨੇ ਚਾਬੀ ਫੜੀ ਤੇ ਮੈਨੂੰ ਗੱਡੀ ਵੱਲ ਇਸ਼ਾਰਾ
ਕੀਤਾ। ਹੋਰ ਉਡੀਕਣ ਤੇ ਖ਼ਤਰਾ ਸਹੇੜਨ ਦੀ ਬਿਜਾਏ ਕਾਈਜ਼ਰ ਹਸਪਤਾਲ ਦਾ ਐਮਰਜੈਂਸੀ ਦਰਵਾਜ਼ਾ ਜਾ
ਖੜਕਾਇਆ। ਮਾਈਨਰ ਅਪ੍ਰੇਸ਼ਨ ਥੀਏਟਰ ਵਿਚ ਉਨ੍ਹਾਂ ਮੇਰੀ ਉਗਲ ਸੁੰਨ ਕਰ ਕੇ ਲਟਕ ਰਿਹਾ ਪੋਟਾ
ਸਿੱਧਾ ਕਰ ਕੇ ਕਈ ਟਾਂਕੇ ਲਾਏ ਤੇ ਜੋੜ ਕੇ ਬੰਨ੍ਹ ਦਿੱਤਾ। ਪੱਟੀ ਲਪੇਟ ਕੇ ਬਾਂਹ ਗਲ ਵਿਚ
ਪਾ ਦਿੱਤੀ। ਬੜੀ ਬਰੀਕੀ ਨਾਲ ਮੇਰੀ ਹਿਸਟਰੀ ਤੇ ਕੁੱਤੇ ਦੀ ਹਿਸਟਰੀ ਪੁੱਛੀ। ਉਨ੍ਹਾਂ
ਮੁਬਾਰਕ ਦਿੱਤੀ ਕਿ ਚੰਗੀ ਕਿਸਮਤ ਨੂੰ ਉਂਗਲ ਬੜੀ ਮੁਸ਼ਕਲ ਨਾਲ ਬਚ ਗਈ ਹੈ। ਮੈਨੂੰ ਪਹਿਲਾਂ
ਲੱਗੇ ਟੀਕੇ ਏ. ਟੀ. ਐੱਸ. ਵਗ਼ੈਰਾ ਤੇ ਮੈੱਕਸਲ ਦੇ ਲੱਗੇ ਟੀਕਿਆਂ ਦਾ ਪਿਛਲਾ ਰਿਕਾਰਡ
ਉਨ੍ਹਾਂ ਘੋਖ ਲਿਆ। ਕਿਉਂਕਿ ਜ਼ਖ਼ਮ ਬਹੁਤ ਡੂੰਘੇ ਸਨ ਤੇ ਇਨਫੈਕਸ਼ਨ ਹੋਣ ਦਾ ਖ਼ਤਰਾ ਸੀ ਇਸ ਲਈ
ਰੋਗਾਣੂ-ਨਾਸ਼ਕ ਗੋਲੀਆਂ ਲਿਖ ਦਿੱਤੀਆਂ। ਕਈ ਹਦਾਇਤਾਂ ਨਾਲ ਬੈਂਡ-ਏਡ ਤੇ ਵਾਧੂ ਦਸਤਾਨੇ ਘਰ
ਵਾਸਤੇ ਦੇ ਦਿੱਤੇ ਤਾਂ ਜੋ ਲੋੜ ਪੈਣ ਤੇ ਮੈਂ ਜ਼ਖ਼ਮ ਪੱਟੀ ਦੋਬਾਰਾ ਖੋਲ੍ਹ ਕੇ ਆਪੇ ਕਰਦਾ
ਰਹਾਂ।
ਮੈਨੂੰ ਯਾਦ ਆਇਆ ਕੋਈ ਪੰਜਾਹ ਕੁ ਸਾਲ ਪਹਿਲਾਂ ਅਸੀਂ ਅੰਮ੍ਰਿਤਸਰ ਵਾਲੇ ਘਰ ਵਿਚ ਵੀ ਇੱਕ
ਪਾਲਤੂ ਕਾਲਾ ਕੁੱਤਾ ਰੱਖਿਆ ਹੋਇਆ ਸੀ। ਕਿਸੇ ਸਿਆਣੇ ਨੇ ਦੱਸਿਆ ਸੀ ਪਈ ਕਾਲਾ ਕੁੱਤਾ ਜਾਂ
ਕੁੱਤੀ ਘਰ ਵਿਚ ਓਪਰੀਆਂ ਬਦਰੂਹਾਂ ਨੂੰ ਅੰਦਰ ਨਹੀਂ ਵੜਨ ਦਿੰਦੀ।
‘ਕੂਕਰ ਦਰਵੇਸ਼ ਹੈ, ਇਹ ਰੱਬ ਦੇ ਬਹੁਤ ਨੇੜੇ ਹੁੰਦਾ ਹੈ। ਇਸ ਦੇ ਮੂੰਹੋਂ ਨਿਕਲੀ ਹਰ ਆਵਾਜ਼
ਵਰ, ਸਰਾਪ, ਦੁਆ ਜਾਂ ਬਦ-ਦੁਆ ਬਣ ਜਾਦੀ ਹੈ। ਤੂਫ਼ਾਨ, ਭੂਚਾਲ ਆਦਿ ਕੁਦਰਤੀ ਕਹਿਰਾਂ ਬਾਰੇ
ਇਨ੍ਹਾਂ ਨੂੰ ਪਹਿਲਾਂ ਜਾਣਕਾਰੀ ਮਿਲ ਜਾਂਦੀ ਹੈ। ਇਸੇ ਕਰ ਕੇ ਕੁੱਤੇ ਦਾ ਰੋਣਾ ਨਹਿਸ਼ ਤੇ
ਬਦਸਗਨੀ ਸਮਝੀ ਜਾਦੀ ਹੇ।’ ਮੇਰੀ ਦਾਦੀ ਨੇ ਵੀ ਇਸ ਦੀ ਪ੍ਰੋੜ੍ਹਤਾ ਕੀਤੀ ਸੀ।
ਘਰ ਦੇ ਜੀਆਂ ਦੀ ਸਲਾਮਤੀ ਵਾਸਤੇ ਇੱਕ ਛੋਟਾ ਜਿਹਾ ਕਾਲੇ ਰੰਗ ਦਾ ਕਤੂਰਾ ਘਰ ਲੈ ਆਂਦਾ।
ਥੋੜ੍ਹੀ ਦੇਰ ਵਿਚ ਉਹ ਦੁੱਧ ਘਿਉ ਤੇ ਸੰਖੀਆਂ, ਅੰਡੇ ਚੰਗੀ ਖ਼ੁਰਾਕ ਖਾ ਕੇ ਜਲਦੀ ਜਵਾਨੀ
ਚੜ੍ਹ ਆਇਆ। ਸਾਰੇ ਮੈਂਬਰਾਂ ਦਾ ਭੇਤੀ ਹੋ ਗਿਆ। ਬੱਚਿਆਂ ਵਾਂਗ ਸਾਰੇ ਉਸ ਨੂੰ ਕੁੱਛੜ ਚੁੱਕੀ
ਰੱਖਦੇ। ਉਹ ਪਿਆਰ ਕਰਦਾ ਸਾਰਿਆਂ ਦੇ ਹੱਥ ਪੈਰ ਚੁੰਮਦਾ ਚੱਟਦਾ ਰਹਿੰਦਾ, ਹੱਥਾਂ ਪੈਰਾਂ ਦੀ
ਜਲੂਣ ਕਰਦਾ ਉਹ ਖ਼ਰਮਸਤੀਆਂ ਕਰਦਾ ਰਹਿੰਦਾ। ਰੋਂਦੇ ਹੋਏ ਛੋਟੇ ਬੱਚਿਆਂ ਕੋਲ ਆ ਕੇ ਉਨ੍ਹਾਂ
ਦੇ ਮੂੰਹ ਮੱਥਾ ਚੱਟਦਾ ਤੇ ਉਹ ਰੋਂਦੇ ਰੋਂਦੇ ਹੱਸਣ ਲੱਗ ਜਾਂਦੇ। ਹਵੇਲੀ ਦੇ ਆਪਣੇ ਡੰਗਰਾਂ
ਨੂੰ ਸੁੰਘਦਾ ਚੱਟਦਾ ਉਨ੍ਹਾਂ ਨਾਲ ਵੀ ਯਾਰੀ ਲਾ ਬੈਠਾ। ਇੱਕ ਦਿਨ ਗਿੱਝਾ ਗਿੱਝਾ ਬਾਹਰ ਆਪਣੇ
ਖੇਤਾਂ ਵਿਚ ਫਿਰਦੇ ਆਵਾਰਾ ਪਸ਼ੂਆਂ ਨੂੰ ਭਜਾਉਣ ਲਈ ਬਾਹਰ ਜਾ ਨਿਕਲਿਆ ਤੇ ਘੂਰਦਾ ਲਲਕਾਰਨ
ਲੱਗਾ। ਬਿਗਾਨੇ ਪਸ਼ੂ ਅੜ ਕੇ ਤਾਂਘੜ ਪਏ। ਉਹ ਮਾੜੇ ਭਲਵਾਨ ਵਾਂਗ ਉਨ੍ਹਾਂ ਦੀਆਂ ਲੱਤਾਂ ਨੂੰ
ਜਾ ਪਿਆ। ਅੱਕੇ ਹੋਏ ਗਧੇ ਨੇ ਪਛੰਡਾ ਮਾਰ ਕੇ ਪਰੇ ਵਗਾਹ ਮਾਰਿਆ। ਉਹ ਸੱਟਾਂ ਖਾ ਕੇ
ਲੜਖੜਾਉਂਦਾ ਹਾਲ ਪਾਰ੍ਹਿਆ ਕਰਦਾ ਘਰ ਆ ਕੇ ਡੰਗਰਾਂ ਦੇ ਢਾਰੇ ਵਿਚ ਬੈਠ ਗਿਆ। ਉਸ ਦੇ
ਮੂੰਹੋਂ ਝੱਗ ਨਿਕਲਣ ਲੱਗੀ ਤੇ ਕਈ ਦਿਨ ਤੜਫ਼ਦਾ ਰਿਹਾ। ਸਲੋਤਰੀ ਨੇ ਮੌਕਾ ਵੇਖ ਕੇ ਘਰਦਿਆਂ
ਨੂੰ ਦਬਕਣਾ ਸ਼ੁਰੂ ਕਰ ਦਿੱਤਾ।
‘ਜੇ ਜਾਨਵਰ ਰੱਖਣ ਦਾ ਸ਼ੌਕ ਹੈ ਤਾਂ ਇਨ੍ਹਾਂ ਦੀ ਸਾਂਭ ਸੰਭਾਲ ਕਰਨਾ ਵੀ ਸਿੱਖੋ। ਇਨ੍ਹਾਂ
ਨੂੰ ਆਵਾਰਾ ਨਹੀਂ ਛੱਡਣਾ। ਬਾਹਰੋਂ ਗੰਦੇ ਮੰਦੇ ਥਾਂ ਮੂੰਹ ਮਾਰ ਕੇ ਸੱਪ-ਸਲੁੱਪੀ ਸੁੰਘ ਕੇ
ਜਾਂ ਖਾ ਕੇ ਇਹ ਪਾਗਲ ਹੋ ਸਕਦਾ ਹੈ... ਪਸ਼ੂਆਂ ਤੋਂ ਇਹਨੂੰ ਚਮਜੂੰਆਂ ਚਿੰਬੜ ਜਾਂਦੀਆਂ
ਹਨ।’ ਉਸ ਨੇ ਅੱਖਾਂ ਭੰਗਾਰਦੇ ਕਈ ਖ਼ਦਸ਼ੇ ਪ੍ਰਗਟ ਕਰ ਦਿੱਤੇ।
‘ਹੋ ਸਕਦਾ ਇਹ ਕੋਈ ਸਪੋਲੀਆਂ ਜਾਂ ਕੋਹੜ ਕਿਰਲੀ ਨਿਗਲ ਗਿਆ ਹੋਵੇ ਜਾਂ ਇਸ ਨੂੰ ਕਿਸੇ ਨੇ
ਜ਼ਹਿਰੀਲੀ ਚੀਜ਼ ਦੇ ਦਿੱਤੀ ਹੋਵੇ।’ ਡਾਕਟਰ ਨੇ ਝੱਗ ਦੀ ਬਿਮਾਰੀ ਨੂੰ ਹਲ਼ਕਾਅ ਦਾ ਨਾਂ ਦੇ
ਦਿੱਤਾ। ਉਸ ਨੂੰ ਤੁਰੰਤ ਗੋਲੀ ਦੇ ਕੇ ਉਸ ਦੀ ਮੁਕਤੀ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ
ਸੀ। ਉਸ ਨੇ ਸਾਰੇ ਟੱਬਰ ਦੇ ਜੀਅ ਅਤੇ ਪਸ਼ੂ ਜੋ ਇਸ ਦੇ ਸੰਪਰਕ ਵਿਚ ਆਏ ਨੂੰ ਟੀਕੇ ਲਵਾਉਣ
ਦਾ ਹੁਕਮ ਚਾੜ੍ਹ ਦਿੱਤਾ। ਆਸੇ ਪਾਸੇ ਵੇਖਣ ਸੁਣਨ ਵਾਲੇ ਵੀ ਇਕੱਠੇ ਹੋ ਗਏ। ਕੋਈ ਕਹੇ ਇਸ ਨੇ
ਮੈਨੂੰ ਵੀ ਚੱਟਿਆ ਸੀ... ਹੱਥਾਂ ਤੇ ਨਹੁੰਦਰਾਂ ਖੁਭੋਈਆਂ ਸਨ। ਕੋਈ ਕਹੇ, ਮੇਰੇ ਪੈਰਾਂ ਵਿਚ
ਵੀ ਇਹ ਕਿੰਨਾ ਚਿਰ ਮਸਾਜ ਕਰਦਾ ਰਿਹਾ ਸੀ। ਇਸ ਦੇ ਇਲਾਜ ਲਈ ਪੇਟ/ਧੁੰਨੀ ਵਿਚ ਗਿੱਠ ਲੰਬੇ
ਕਈ ਸੂਏ ਲਗਾਉਣ ਦੇ ਡਰ ਨਾਲ ਉਨ੍ਹਾਂ ਦੇ ਚਿਹਰੇ ਉਦਾਸੀ ਵਿਚ ਲਟਕ ਗਏ। ਕਿਸੇ ਨੇ ਸਲਾਹ
ਦਿੱਤੀ ਕਿ ਚੀਚਾ ਭਕਨਾ ਪਿੰਡ ਵਿਖੇ ਕਿਸੇ ਡੇਰੇ ਨੂੰ ਪਿਤਾ-ਪੁਰਖੀ ਬਖ਼ਸ਼ ਹੈ ਕਿ ਉਸ ਦਾ
ਦਿੱਤਾ ਰੋਟ ਪ੍ਰਸ਼ਾਦ ਖਾਣ ਨਾਲ ਹਲ਼ਕਾਅ ਦੇ ਟੀਕੇ ਲਗਾਉਣ ਦੀ ਕੋਈ ਲੋੜ ਨਹੀਂ ਰਹਿੰਦੀ ਤੇ ਉਸ
ਦਾਤੇ ਦੀ ਮਿਹਰ ਹੋ ਜਾਂਦੀ ਹੈ। ਇਹ ਸੌਖਾ ਕੰਮ ਸੀ। ਮਾਤਾ ਨੇ ਸਾਰੇ ਜੀਆਂ ਅਤੇ ਡੰਗਰਾਂ ਦੀ
ਗਿਣਤੀ ਕੀਤੀ ਜਿਨ੍ਹਾਂ ਨੂੰ ਇਸ ਲਾਗ ਦਾ ਖ਼ਤਰਾ ਹੋ ਸਕਦਾ ਸੀ। ਚਾਰ ਘਰ ਦੇ ਮੈਂਬਰ, ਚਾਰ
ਪਸ਼ੂ ਤੇ ਦੋ ਬਾਹਰਲੇ ਗਵਾਂਢੀ... ਦਸ ਦੀ ਗਿਣਤੀ ਕਰ ਕੇ ਮਾਤਾ ਨੇ ਬੇਰੜੇ ਵਾਲੇ ਆਟੇ ਦੇ ਦਸ
ਰੋਟ ਬਣਾ ਦਿੱਤੇ ਤੇ ਉੱਥੇ ਜਾਣ ਦੀ ਮੇਰੀ ਡਿਊਟੀ ਲੱਗਾ ਦਿੱਤੀ। ਦਸ ਬਾਰਾਂ ਮੀਲ ਸਾਈਕਲ ਚਲਾ
ਕੇ ਮੈਂ ਪੁੱਛਦਾ ਪੁਛਾਉਂਦਾ ਟਿਕਾਣੇ ਪਹੁੰਚਿਆ।
‘ਔਹ ਗੁੰਬਦ ਵਾਲਾ ਕੋਠਾ ਹੈ ਜੋ ਹਲਕੇ ਕੁੱਤਿਆਂ ਦਾ ਇਲਾਜ ਕਰਦਾ ਹੈ।’ ਬਾਹਰੋਂ ਦਰਿਆਫ਼ਤ ਕਰਨ
ਤੇ ਹੀ ਮੈਨੂੰ ਇੱਕ ਖੋਤੀ-ਸਵਾਰ ਨੇ ਸੇਧ ਦੇ ਦਿੱਤੀ।
ਪਿੰਡੋਂ ਬਾਹਰ ਦੂਸਰੇ ਪਾਸੇ ਮੜ੍ਹੀਆਂ ਲਾਗੇ ਇੱਕ ਬਗੀਚੀ ਅੰਦਰ ਕੁੱਤਿਆਂ ਦੀਆਂ ਹੇੜ੍ਹਾਂ
ਦੌੜ ਕੇ ਮੇਰੇ ਮੂਹਰੇ ਆਣ ਖੜ੍ਹੀਆਂ। ਮੈਂ ਉਨ੍ਹਾਂ ਤੋਂ ਡਰਦੇ ਡਰਦੇ ਕੰਨੀ ਕਤਰਾਉਂਦੇ ਝੋਲਾ
ਬਚਾ ਕੇ ਕੁਟੀਆ ਅੰਦਰ ਜਾ ਮੱਥਾ ਟੇਕਿਆ ਤੇ ਦੋੜਾਂ ਵਾਲਾ ਝੋਲਾ ਉੱਥੇ ਰੱਖ ਦਿੱਤਾ।
‘ਦੱਕਸ਼ਣਾ...?’ ਪੰਡਿਤ ਦੇ ਇਸ਼ਾਰੇ ਤੇ ਮੈਂ ਵੱਖੀ ਵਾਲੀ ਜੇਬ ਵਿਚ ਹੱਥ ਮਾਰਿਆ ਤੇ ਇੱਕ
ਰੂਪੈ ਦਾ ਚਾਂਦੀ ਸਿੱਕਾ ਕੱਢ ਕੇ ਫੇਰ ਸਿਰ ਨਿਵਾ ਦਿੱਤਾ। ਉਸ ਨੇ ਘੂਰੀ ਜਿਹੀ ਵੱਟੀ। ਮੈਂ
ਰੋਣਾ ਜਿਹਾ ਮੂੰਹ ਬਣਾ ਕੇ ਉਸ ਦੀ ਹਮਦਰਦੀ ਲੈਣ ਖ਼ਾਤਰ ਆਪਣੇ ਘਰ ਵਾਪਰੇ ਹਾਦਸੇ ਦਾ ਵਿਖਿਆਨ
ਕੀਤਾ।
‘ਨਵਾਂ ਆਇਆਂ ਲਗਦਾਂ!... ਮਰੀਜ਼ ਦਸ ਤੇ ਰੁਪੱਈਆ ਇੱਕ!’ ਮੈਂ ਗੁੰਗਿਆਂ ਵਾਂਗ ਚੁੱਪ ਕਰ ਕੇ
ਫੇਰ ਹੱਥ ਜੋੜ ਦਿੱਤੇ। ਉਸ ਨੇ ਇਹ ਸੱਜਰੇ ਤਾਜ਼ਾ ਰੋਟ ਛਾਬੇ ਵਿਚ ਢੇਰੀ ਕਰ ਲਏ ਤੇ ਚੰਗੇਰ
ਵਿਚੋਂ ਪਏ ਪੁਰਾਣੇ ਬਹੇ ਟੁਕੜੇ ਮੇਰੇ ਝੋਲੇ ਵਿਚ ਤੁੰਨ ਕੇ ਮੈਨੂੰ ਫੜਾ ਦਿੱਤੇ।
‘ਕਾਕਾ ਜੀ! ਤੁਹਾਨੂੰ ਲਹਿੰਦੀ ਬਾਹੀ ਦੂਸਰੇ ਮੰਦਰ ਵੀ ਜਾਣਾ ਪਵੇਗਾ। ਉੱਥੇ ਜਾਣ ਤੋਂ ਬਿਨਾਂ
ਤੁਹਾਡੀ ਇਹ ਫੇਰੀ ਨਿਹਫਲ ਤੇ ਅਧੂਰੀ ਰਹਿ ਜਾਣੀ ਹੈ।’
‘ਚੰਗਾ ਮਿਸ਼ਰ ਜੀ... ਸੱਤ ਬਚਨ ਜੀ!’ ਗਰਮੀ ਵਿਚ ਮੇਰੇ ਮੂੰਹੋਂ ਹੋਰ ਗਰਮ ਹਉਕਾ ਨਿਕਲਿਆ।
ਦੱਸੀ ਹੋਈ ਦੂਸਰੀ ਜਗ੍ਹਾ ਜਾ ਕੇ ਮੈਂ ਝੋਲਾ ਰੱਖ ਕੇ ਮੱਥਾ ਟੇਕਿਆ। ਤਿਲਕਧਾਰੀ ਪੁਜਾਰੀ ਨੇ
ਅੱਖਾਂ ਟੱਡੀਆਂ ਤੇ ਮੱਥਾ ਸੁਕੇੜਿਆ। ਮੈਂ ਉਸ ਦੀ ਰਮਜ਼ ਸਮਝ ਗਿਆ ਪਰ ਮੇਰੇ ਕੋਲ ਹੈ ਹੀ ਇੱਕ
ਰੁਪੈਆ ਸੀ ਜੋ ਮੈਂ ਪਿੱਛੇ ਚੜ੍ਹਾ ਆਇਆ ਸਾਂ। ਮੇਰੀ ਗੱਲ ਸੁਣ ਸਮਝ ਕੇ ਉਹ ਅੱਗ-ਬਗੋਲਾ ਹੋ
ਗਿਆ ਤੇ ਮੇਰਾ ਰੋਟੀਆਂ ਵਾਲਾ ਥੈਲਾ ਪਰੇ ਪਿੱਛੇ ਖਿਸਕਾ ਲਿਆ।
‘ਬੇਟਾ! ਤੂੰ ਭੇਟਾ ਤਾਂ ਨਕਲੀ ਜਗ੍ਹਾ ਚੜ੍ਹਾ ਆਇਆ ਹੈਂ ਤੇ ਇੱਥੋਂ ਮੇਰੇ ਕੋਲੋਂ ਆਪਣੇ
ਖ਼ਣਵਾਦੇ ਦੇ ਇਲਾਜ ਲਈ ਉਮੀਦਾਂ ਕਰਦਾ ਫਿਰਦਾ ਐਂ?’
‘ਮੁਆਫ਼ ਕਰਨਾ ਪੰਡਿਤ ਜੀ! ਭੁੱਲ ਹੋ ਗਈ... ਉਧਾਰ ਕਰ ਲਓ।’ ਮੈਂ ਤਰਲਾ ਕੀਤਾ।
‘ਇਹ ਥੈਲਾ ਇੱਥੇ ਪਿਆ ਰਹਿਣ ਦੇਹ ਤੇ ਦਸ ਦਮੜੇ ਜਾਂ ਘੱਟੋ ਘੱਟ ਪੰਜ ਲੈ ਕੇ ਆ... ਨਹੀਂ ਤੇ
ਸਾਰਾ ਟੱਬਰ ਝੱਗ ਕੇਰਦੇ ਫਿਰੋਗੇ... ਪਾਣੀ ਤੋਂ ਦੂਰ ਨੱਸੋਗੇ... ਕਿਸੇ ਨੇ ਲਾਗੇ ਨਹੀਂ
ਲੱਗਣਾ।’
ਉਸ ਦੇ ਸਰਾਪ ਵਰਗੇ ਬੋਲਾਂ ਨੇ ਮੈਨੂੰ ਅੰਮ੍ਰਿਤਸਰ ਹਸਪਤਾਲ ਦੇ ਹਲ਼ਕਾਅ ਵਾਰਡ ਵਿਚ ਪਹੁੰਚਾ
ਦਿੱਤਾ ਜਿੱਥੇ ਮੈਂ ਕੁੱਝ ਦਿਨ ਪਹਿਲਾਂ ਹਲਕੇ ਕੁੱਤੇ ਦਾ ਕੱਟਿਆ ਇੱਕ ਨੌਜੁਆਨ ਮਰੀਜ਼ ਮੰਜੇ
ਨਾਲ ਬੱਧਾ ਤੜਫ਼ਦਾ ਵੇਖਿਆ ਸੀ। ਉੱਥੇ ਹਲ਼ਕਿਆ ਹੋਇਆ ਇਕ ਬੰਦਾ ਹਸਪਤਾਲ ਦੀ ਇਕ ਹਟਵੀਂ ਵਾਰਡ
ਵਿਚ ਦਾਖਲ ਸੀ। ਧੁੰਨੀ ਦੁਆਲੇ ਲੰਬੇ ਲੰਬੇ ਟੀਕੇ ਲਾ ਕੇ ਉਸ ਨੂੰ ਬਚਾਉਣ ਦੇ ਸਾਰੇ ਯਤਨ
ਫ਼ੇਲ੍ਹ ਹੋ ਗਏ ਸਨ ਤੇ ਉਹ ਕਈ ਦਿਨ ਤੜਫ਼ਦਾ ਪੁਕਾਰਦਾ ਆਖ਼ਰ ਲੁੜ੍ਹਕ ਗਿਆ ਸੀ।
‘ਮਾਫ਼ੀ ਦਿਓ ਮਹਾਤਮਾ ਜੀ! ਥੋੜ੍ਹੀ ਮੁਹਲਤ ਦਿਓ ... ਮੈਂ ਹੁਣੇ ਲੈ ਕੇ ਆਉਂਦਾ ਹਾਂ।’ ਮੈਂ
ਅੰਦਰ ਤੱਕ ਘਬਰਾ ਗਿਆ ਸਾਂ।
ਉਸੇ ਪਿੰਡ ਦੇ ਇੱਕ ਹੋਰ ਵਾਕਫ਼ਕਾਰ ‘ਮਾਸੜ ਮਾਸੀ’ ਦੀ ਮੈਨੂੰ ਯਾਦ ਆਈ। ਮਾਤਾ ਨੇ ਕਿਹਾ ਸੀ
ਪਈ ਮੈਂ ਆਪਣੀ ਮਾਸੀ ਨੂੰ ਜ਼ਰੂਰ ਮਿਲ ਕੇ ਆਵਾਂ ਪਰ ਮੈਂ ਟਰਕਾਈ ਲਾਉਣੀ ਚਾਹੁੰਦਾ ਸੀ। ਹੁਣ
ਮਜਬੂਰਨ ਜਾਣਾ ਪੈ ਗਿਆ ਤੇ ਮੈਂ ਝਕਦੇ ਝਕਦੇ ਉਨ੍ਹਾਂ ਦਾ ਦਰ ਜਾ ਖੜਕਾਇਆ। ਪਹਿਲਾਂ ਮੈਂ
ਉਨ੍ਹਾਂ ਨੂੰ ਕਦੇ ਨਹੀਂ ਮਿਲਿਆ ਨਾ ਹੀ ਵੇਖਿਆ ਸੀ, ਹਾਂ ਸੁਣਿਆ ਜ਼ਰੂਰ ਸੀ। ਲੋੜ ਵੇਲੇ ਗਧੇ
ਨੂੰ ਵੀ ਬਾਪ ਬਣਾਉਣਾ ਪੈਂਦਾ ਹੈ। ਮੈਂ ਆਪਣੀ ਜਾਣ ਪਛਾਣ ਦਿੱਤੀ। ਮਾਸੀ ਬਹੁਤ ਖ਼ੁਸ਼ ਹੋਈ ਤੇ
ਉਸ ਨੇ ਉੱਠ ਕੇ ਮੇਰੇ ਸਿਰ ਤੇ ਪਿਆਰ ਦਿੱਤਾ। ਮੈਂ ਉਸ ਨੂੰ ਆਪਣੀ ਪ੍ਰਾਬਲਮ ਦੱਸ ਕੇ ਦਸ
ਰੁਪੈ ਉਧਾਰੇ ਦੇਣ ਦੀ ਬੇਨਤੀ ਕੀਤੀ।
‘ਚਿੰਤਾ ਨਾ ਕਰ ਬੇਟਾ! ਇਹ ਕਿਹੜੀ ਗੱਲ ਐ! ਲੈ ਤੂੰ ਸ਼ਕੰਜਵੀ ਪਾਣੀ ਛਕ... ਤੇਰਾ ਮਾਸੜ ਤੇਰੇ
ਨਾਲ ਜਾਊਗਾ।’
‘ਨਹੀਂ ਤੁਸੀਂ ਕਸ਼ਟ ਨਾ ਕਰੋ... ਸਿਰਫ਼ ਦਸ ਰੂਪੈ ਦਾ ਸਵਾਲ ਹੈ।’ ਮੈਂ ਨਹੀਂ ਸੀ ਚਾਹੁੰਦਾ
ਕਿ ਇਹ ਮਾਸੜ ਗਰਮਾਈ ਵਿਚ ਜਾ ਕੇ ਕੰਮ ਵਿਚ ਘੜੰਮ ਪਾ ਦੇਵੇ।
‘ਚੱਲ ਪੁੱਤਰਾ... ਤੇਰੇ ਬਹਾਨੇ ਮੈਂ ਵੀ ਪੰਡਿਤ ਨੂੰ ਮੱਥਾ ਟੇਕ ਆਵਾਂ।’ ਉਹ ਕੰਧਾਲਾ ਲੈ ਕੇ
ਡੰਗਰਾਂ ਵਾਲੇ ਅੰਦਰ ਗਿਆ ਤੇ ਇੱਕ ਬੋਤਲ ਪੁੱਟ ਲਿਆਇਆ। ਉਸ ਵਿਚੋਂ ਇੱਕ ਪਊਆ ਭਰ ਕੇ ਜੇਬ
ਵਿਚ ਪਾ ਕੇ ਉਹ ਮੇਰੇ ਨਾਲ ਤੁਰ ਪਿਆ।
‘ਏਨੀ ਕੁ ਔਕਾਤ ਦਾ ਮਾਲਕ ਹੈ ਉਹ।’ ਮੈਂ ਜਿਵੇਂ ਸੁਣਿਆ ਪਰ ਹੁੰਗਾਰਾ ਨਹੀਂ ਦਿੱਤਾ।
ਸਾਨੂੰ ਦੂਰੋਂ ਵੇਖ ਕੇ ਪੰਡਿਤ ਦਾ ਤਿਲਕ ਖਿੱਲਰ ਗਿਆ ਤੇ ਧੋਤੀ ਖਿਸਕ ਪਈ। ਉਹ ਥਿੜਕਦਾ
ਜਾਪਿਆ... ਧੋਤੀ ਸਾਂਭਦਾ ਉੱਠ ਕੇ ਬੜੇ ਆਦਰ ਨਾਲ ਮਾਸੜ ਵੱਲ ਨੂੰ ਅਹੁਲਿਆ।
‘ਧੰਨਭਾਗ ਜਜਮਾਨ! ਤੂੰ ਇਹ ਜ਼ਹਿਮਤ ਕਾਹਨੂੰ ਕੀਤੀ ਸਿਖਰ ਦੁਪਹਿਰੇ? ਮੈਂ ਆਪ ਹੀ ਤੇਰੇ ਹਾਜ਼ਰ
ਹੋ ਜਾਂਦਾ... ਨਾਲੇ ਜਜਮਾਨਣੀ ਕੋਲੋਂ ਲੱਸੀ ਪਾਣੀ ਪੀ ਆਉਂਦਾ।’
‘ਕੋਈ ਨਾ ਪੰਡਤਾ! ਮੈਂ ਵੀ ਤੇਰੇ ਵਾਸਤੇ ਇੱਕ ਸੌਗਾਤ ਲੈ ਕੇ ਆਇਆ ਹਾਂ। ਵੇਖ ਕਿਵੇਂ ਕੰਗਣੀ
ਮਾਰਦੀ ਹੈ ਕੁੰਗੂ ਵਾਂਗ ਨਿੱਤਰੀ... ਤੂੰ ਇਹ ਦਾਰੂ ਪੀ ਕੇ ਨਜ਼ਾਰਾ ਲੈ ਤੇ ਇਹਨੂੰ ਇਸ ਦੀ
ਦਵਾ ਦੇ ਦੇਹ।’
‘ਸ਼ੁਕਰ ਮੇਰੇ ਜਜਮਾਨ! ਧੰਨਭਾਗ... ਜਿਵੇਂ ਹੁਕਮ ਸਰਕਾਰ।’ ਪੰਡਿਤ ਦੀਆਂ ਵਰਾਛਾਂ ਖਿੜ
ਗਈਆਂ। ਚੋਰ ਦੀ ਮਾਂ ਵਾਂਗ ਉਸ ਨੇ ਸ਼ੀਸ਼ੀ ਸੁੰਘੀ ਤੇ ਪਿੱਛੇ ਲੈ ਗਿਆ।
‘ਲੈ ਬੱਲਿਆ! ਇਹ ਪ੍ਰਸ਼ਾਦ ਸਾਰੇ ਹਲਕ-ਪੀੜਤ ਮਰੀਜ਼ਾਂ ਨੂੰ ਦੇਣਾ ਹੈ ਤੇ ਸਾਰਿਆਂ ਨੇ ਬੜੇ
ਸਤਿਕਾਰ, ਨਿਹਚੇ, ਪਰਹੇਜ਼ ਨਾਲ ਬਾਬੇ ਲਾਲ ਦਾ ਨਾਂ ਲੈ ਕੇ ਛਕਣਾ ਹੈ। ਹੋਰ ਕੋਈ ਦਵਾਈ ਜੇ
ਚਾਹੋ ਤਾਂ ਲੈ ਸਕਦੇ ਹੋ ਪਰ ਇਸ ਦੀ ਜ਼ਰੂਰਤ ਨਹੀਂ... ਮਾਲਕ ਭਲੀ ਕਰੇਗਾ।’
ਪੀਪੇ ਵਿਚੋਂ ਫੁੱਲੀਆਂ ਦੀ ਇੱਕ ਮੁੱਠ ਪਾ ਕੇ ਉਸ ਨੇ ਮੇਰਾ ਝੋਲਾ ਮੇਰੇ ਹਵਾਲੇ ਕਰ ਦਿੱਤਾ।
ਪੰਡਿਤ ਦੇ ਹੁਕਮ ਅਨੁਸਾਰ ਉਹ ਟੁੱਕ-ਪ੍ਰਸ਼ਾਦ ਬੜੇ ਸ਼ਗਨਾਂ ਸ਼ਰਧਾ ਨਾਲ ਸਾਰਿਆਂ ਨੇ ਖਾਧਾ
ਤੇ ਕੁੱਝ ਭੋਰ ਕੇ ਪਸ਼ੂਆਂ ਨੂੰ ਪੱਠਿਆਂ ਵਿਚ ਪਾਇਆ। ਇਹ ਪਤਾ ਨਹੀਂ ਵਹਿਮ ਭਰਮ ਦੀ ਦਵਾ ਸੀ
ਜਾਂ ਕੋਈ ਕਰਾਮਾਤ ਕਿ ਕਿਸੇ ਨੂੰ ਕੋਈ ਅਹੁਰ ਜਾਂ ਲਾਗ ਨਹੀਂ ਹੋਈ। ਦੋ ਕੁ ਹਫ਼ਤੇ ਬਾਦ ਡਾਕਟਰ
ਨੇ ਰਿਮਾਈਂਡਰ ਦੇ ਭੇਜਿਆ ਕਿ ਹਲ਼ਕਾਅ ਦੀ ਇਹ ਵਾਇਰਸ ਬਹੁਤ ਫੈਲ ਰਹੀ ਹੈ, ਇਸ ਲਈ ਟੀਕੇ
ਲਗਾਉਣੇ ਜ਼ਰੂਰੀ ਹਨ। ਧੁੰਨੀ ਵਿਚ ਗਿੱਠ ਲੰਬੇ ਟੀਕਿਆਂ ਦੀ ਸ਼ੁਰੂਆਤ ਹੋ ਗਈ। ਛੇ ਛੇ ਟੀਕਿਆਂ
ਦਾ ਦੋ ਮਹੀਨੇ ਵਿਚ ਕੋਰਸ ਪੂਰਾ ਕਰ ਕੇ ਕੰਨਾਂ ਨੂੰ ਹੱਥ ਲਾਇਆ।
ਸੌ ਛਿੱਤਰ ਵੀ ਖਾਧੇ ਤੇ ਸੌ ਗੰਢੇ ਵੀ ਖਾਣੇ ਪਏ ਦੇ ਮੁਹਾਵਰੇ ਵਾਂਗ ਇਹ ਘਟਨਾ ਯਾਦ ਕਰ ਕੇ
ਮੇਰਾ ਵਜੂਦ ਕੰਬ ਉੱਠਿਆ। ਉਸ ਤੋਂ ਬਾਦ ਮੈਨੂੰ ਇਸ ਜਾਤ ਤੋਂ ਏਨੀ ਨਫ਼ਰਤ ਹੋ ਗਈ ਕਿ ਪੰਜਾਹ
ਸਾਲ ਤੱਕ ਘਰ ਵਿਚ ਕੁੱਤਾ ਰੱਖਣ ਦਾ ਹੀਹਾ ਨਹੀਂ ਕੀਤਾ।
ਹੁਣ ਵੀ ਮੈੱਕਸਲ ਦੇ ਚੱਕਰ ਵਿਚ ਐਮਲੀ ਦੀ ਰਿਹਾੜ ਅੱਗੇ ਗੋਡੇ ਟੇਕਣੇ ਪਏ। ਮੈਂ ਫਿਰ ਵੀ ਉਸ
ਨੂੰ ਬਹੁਤਾ ਮੂੰਹ ਨਹੀਂ ਲਾਇਆ ਕਿ ਦੋ ਚਾਰ ਮਹੀਨੇ ਬੱਚੇ ਦਾ ਸ਼ੌਕ ਪੂਰਾ ਹੋਣ ਤੇ ਕੁੱਤਾ
ਵਾਪਸ ਕਰ ਦਿਆਂਗੇ ਪਰ ਥੋੜ੍ਹੇ ਦਿਨਾਂ ਵਿਚ ਹੀ ਉਹ ਘਰ ਦੀ ਰੌਣਕ ਦਾ ਜ਼ਰੂਰੀ ਅੰਗ ਬਣ ਗਿਆ।
ਉਸ ਦੇ ਗਲ ਪਈਆਂ ਛੋਟੀਆਂ ਘੁੰਗਰੀਆਂ ਸੰਗੀਤ ਛੇੜਦੀਆਂ ਘਰ ਦੇ ਚੁਗਿਰਦੇ ਨੂੰ ਟਣਕਾਈ
ਰੱਖਦੀਆਂ। ਹੁਣ ਮੈਂ ਤਾਂ ਛੱਡਦਾ ਹਾਂ ਪਰ ਕੰਬਲੀ ਨਹੀਂ ਛੱਡਦੀ ਵਾਲੀ ਗੱਲ ਬਣ ਗਈ। ਸਵੇਰੇ
ਉੱਠਦੇ ਹੀ ਫ਼ੌਜੀ ਸਿਪਾਹੀਆਂ ਵਾਂਗ ਉਹ ਅਗਲੇ ਦੋਵੇਂ ਪੈਰਾਂ ਤੇ ਭਾਰ ਪਾ ਕੇ ਝੁਕਦਾ ਅਕੜਾਅ
ਕੇ ਨਮਸਕਾਰ ਕਰਦਾ। ਬੱਚਿਆਂ ਨੂੰ ਜਗਾਉਣ ਲਈ ਉਨ੍ਹਾਂ ਉੱਪਰੋਂ ਬਲੈਂਕਟ ਦੀ ਕੰਨੀ ਜਾ
ਖਿੱਚਦਾ। ਉਸ ਦੀਆਂ ਨਟਖਟ ਅਦਾਵਾਂ ਤੇ ਪਿਆਰ ਨੇ ਏਨਾ ਕ੍ਰਿਸ਼ਮਾ ਦਿਖਾਇਆ ਕਿ ਘਰ ਦੇ
ਰੁਝੇਵਿਆਂ ਦਾ ਉਹ ਚੌਕੀਦਾਰ ਬਣ ਗਿਆ।
ਮੇਰੇ ਹੱਥ ਆਪਮੁਹਾਰੇ ਉਸ ਦੀ ਕੰਡ ਤੇ ਜਾ ਟਿਕੇ ਤੇ ਉਹ ਮੇਰੇ ਪੈਰਾਂ ਤੇ ਵਿਸ਼ ਗਿਆ। ਮੈਂ
ਸੰਗਲੀ ਚੁੱਕੀ, ਉਸ ਨੇ ਧੌਣ ਅੱਗੇ ਕਰ ਦਿੱਤੀ। ਕਿਰਨ ਨੇ ਪਲਾਸਟਿਕ ਦਾ ਲਿਫ਼ਾਫ਼ਾ ਮੇਰੇ ਹੱਥ
ਫੜਾ ਦਿੱਤਾ ਤੇ ਮੈਂ ਉਸ ਨੂੰ ਲੈ ਕੇ ਬਾਹਰ ਸੈਰ ਨੂੰ ਹੋ ਤੁਰਿਆ। ਇਸ ਤਰ੍ਹਾਂ ਉਹ ਸਵੇਰੇ
ਸ਼ਾਮ ਮੇਰੀ ਰੋਜ਼ਾਨਾ ਸੈਰ ਦਾ ਸਾਥੀ ਬਣ ਗਿਆ।
ਜਨਮ ਦਿਨ ਦੇ ਨਜ਼ਰਾਨੇ ਵਜੋਂ ਪੁਰਾਣੀ ਜਾਕਟ ਲਾਹ ਕੇ ਨਵੀਂ ਜਾਕਟ ਉਸ ਦੇ ਗਲ ਪਾ ਦਿੱਤੀ ਗਈ।
ਪਸ਼ਮੀਨੇ ਦੀ ਇਹ ਜਾਕਟ ਐਮਲੀ ਦੀ ਸਿਫ਼ਾਰਿਸ਼ ਤੇ ‘ਵੱਡੇ ਮੰਮਾ’ ਨੇ ਆਪਣੇ ਹੱਥੀਂ ਬੁਣੀ ਸੀ।
ਸੋਨੇ ਦਾ ਲਾਕਟ ਉਸ ਨੂੰ ਜਨਮ ਦਿਨ ਦਾ ਤੋਹਫ਼ਾ ਮਿਲ ਗਿਆ, ਜੋ ਉਸ ਦੇ ਪਛਾਣ-ਪਟੇ ਦੇ ਨਾਲ
ਲਟਕਾ ਦਿੱਤਾ ਗਿਆ। ਪੈਰੀਂ ਮੌਜੇ ਤੇ ਲੱਤਾਂ ਵਿਚ ਝਾਂਜਰਾਂ ਫਬ ਗਈਆਂ। ਸਿਰ ਤੇ ‘ਹੈਪੀ ਬਰਥ
ਡੇ’ ਵਾਲਾ ਮੁਕਟ ਸਜਾ ਦਿੱਤਾ ਗਿਆ।
ਕੇਕ ਕੱਟਿਆ ਗਿਆ। ‘ਹੈਪੀ ਬਰਥ ਡੇ ਮੈੱਕਸਲ।’ ਸੁਣ ਕੇ ਪੂਛ ਹਿਲਾ ਕੇ ਉਹ ਉਨ੍ਹਾਂ ਦਾ ਸਵਾਗਤ
ਕਰ ਰਿਹਾ ਸੀ। ਉਸ ਦੀਆਂ ਫ਼ੋਟੋ ਲਈਆਂ ਗਈਆਂ। ਬੱਚਿਆਂ ਨੇ ਤਾੜੀਆਂ ਮਾਰੀਆਂ। ਐਮਲੀ ਤੇ ਵਿਲਸਨ
ਨੇ ਉਸ ਦੇ ਮੂੰਹ ਚਮਚਾ ਪਾਉਂਦੇ ਨਿਵੇਕਲੇ ਅੰਦਾਜ਼ ਵਿਚ ਫ਼ੋਟੋ ਖਿਚਵਾਈਆਂ। ਪਲੇਟਾਂ ਵਿਚ ਕੇਕ
ਪਾ ਕੇ ਸਾਰੇ ਮਹਿਮਾਨਾਂ ਵਾਸਤੇ ਟੇਬਲ ਤੇ ਸਜਾ ਦਿੱਤਾ ਗਿਆ।
ਬੱਚੇ ਉਸ ਦੇ ਮੂੰਹ ਵਿਚ ਬਿਸਕੁਟ ਤੁੰਨ ਰਹੇ ਉਸ ਨੂੰ ਭਕਾ ਰਹੇ ਸਨ... ਫੀਡ ਦਿਖਾ ਕੇ ਉਸ
ਅੱਗੇ ਦੌੜਦੇ ਉਸ ਨੂੰ ਦੁੜਾ ਰਹੇ ਸਨ... ਨਚਾ ਰਹੇ ਸਨ। ਉਨ੍ਹਾਂ ਦਾ ਧਿਆਨ ਖਾਣ ਪੀਣ ਨਾਲੋਂ
ਉਸ ਨਾਲ ਖੇਡਣ ਵੱਲ ਜ਼ਿਆਦਾ ਸੀ।
‘ਮੈੱਕਸਲ ਸਿੱਟ!‘ ਉਹ ਬਿਸਕੁਟ ਵੱਲ ਨੀਝ ਲਗਾਈ ਢੂਈ ਥੱਲੇ ਲਗਾ ਕੇ ਬੈਠ ਜਾਂਦਾ।
‘ਮੈੱਕਸਲ ਸਟੈਂਡ।‘ ਉਹ ਖੜ੍ਹਾ ਹੋ ਜਾਂਦਾ।
‘ਮੈੱਕਸਲ ਸ਼ੇਕ ਹੈਂਡ।’ ਉਹ ਪੈਰ ਦਾ ਇੱਕ ਪੰਜਾ ਅੱਗੇ ਕਰ ਕੇ ਹੱਥ ਤੇ ਰੱਖ ਦਿੰਦਾ।
‘ਮੈੱਕਸਲ ਰੋਲ ਓਵਰ।‘ ਉਹ ਉਲਟਾ ਲੋਟਣੀਆਂ ਲੈਣ ਲੱਗਦਾ।
‘ਮੈੱਕਸਲ ਡੈਂਸ।’ ਉਹ ਦੋਹਾਂ ਲੱਤਾਂ ਤੇ ਖੜੋ ਕੇ ਨੱਚਦਾ ਪੈਰਾਂ ਦੀਆਂ ਝਾਂਜਰਾਂ ਛਣਕਾਉਣ
ਲੱਗਦਾ।
ਹੀਰੋ ਵਾਂਗ ਉਹ ਆਪਣੇ ਦੁਆਲੇ ਝੁਰਮਟ ਪਾਈ, ਬਾਘੀਆਂ ਪਾਉਂਦੇ ਬੱਚੇ ਵੇਖ ਕੇ ਮੱਛਰਦਾ ਜਾ
ਰਿਹਾ ਸੀ। ਬੱਚੇ ਉਸ ਨੂੰ ਤਰ੍ਹਾਂ ਤਰ੍ਹਾਂ ਦੇ ਪਦਾਰਥ ਦਿਖਾ ਰਹੇ ਸਨ। ਉਹ ਪਚਾਕੇ ਮਾਰਦਾ
ਖ਼ਰਮਸਤੀਆਂ ਕਰ ਰਿਹਾ ਸੀ। ਬੱਚੇ ਉਸ ਨੂੰ ਬਾਰ ਬਾਰ ‘ਹੈਪੀ ਬਰਥ ਡੇ‘ ਕਹਿ ਰਹੇ ਸਨ, ਤਾੜੀਆਂ
ਮਾਰ ਰਹੇ ਸਨ, ਉਸ ਦਾ ਸਿਰ ਪਲੋਸ ਰਹੇ ਸਨ, ਉਸ ਦਾ ਪਿੰਡਾ ਪਲੋਸ ਰਹੇ ਸਨ। ਉਹ ਬੜਾ ਸ਼ਰੀਫ਼
ਬਣਿਆ ਸਾਰਿਆਂ ਦੇ ਹੱਥਾਂ ਦੀ ਛੋਹ ਸਵੀਕਾਰਦਾ ਲੱਤਾਂ ਵਿਚ ਵਿਛਦਾ ਜਾ ਰਿਹਾ ਸੀ। ਉਹ ਗੋਪੀਆਂ
ਵਿਚ ਘਿਰਿਆ ਕਾਹਨ ਡਿਸਕੋ-ਡੈਂਸ ਕਰਦਾ ਨੱਚਦਾ ਟੱਪਦਾ ਵਿਚ-ਵਿਚਾਲੇ ਪੱਦ ਫੂਸੀਆਂ ਮਾਰੀ ਜਾ
ਰਿਹਾ ਸੀ। ਨਿਆਣੇ ਹੱਸ ਹੱਸ ਲੋਟ ਪੋਟ ਹੋ ਰਹੇ ਸਨ। ਉਸ ਦੀ ਹਰੇਕ ਪਾਰੀ ਨਾਲ ਹਾਸੇ ਦਾ
ਛਣਕਾਟਾ ਉੱਠਦਾ ਜਿਵੇਂ ਇਹ ‘ਲਾਫਿੰਗ ਸ਼ੋ‘ ਹੋਵੇ।
ਗੇਟ ਤੇ ਵੱਜੀ ਘੰਟੀ ਨੇ ਸਾਰਿਆਂ ਦੇ ਕੰਨਾਂ ਦੀ ਤਵੱਜੋ ਖਿੱਚੀ।
‘ਮੇਰੀ ਫਰੈਂਡ ਹੋਵੇਗੀ।‘ ਐਮਲੀ ਦਾ ਯਕੀਨ ਸੀ। ਉਸ ਨੇ ਆਪਣੀਆਂ ਕਈ ਦੋਸਤਾਂ ਨੂੰ ਮੈੱਕਸਲ ਦੇ
ਜਨਮ ਦਿਨ ਤੇ ਦਾਅਵਤ ਦੇ ਰੱਖੀ ਸੀ। ਉਨ੍ਹਾਂ ਦੀ ਵੱਡੇ ਮੰਮਾ ਦਰਵਾਜ਼ਾ ਖੋਲ੍ਹਣ ਲੱਗੀ।
‘ਕੈਰਮ ਨੂੰ ਵੀ ਮੈਂ ਬਰਥ ਡੇ ਤੇ ਬੁਲਾਇਆ ਸੀ, ਉਹੀ ਹੋਵੇਗੀ... ਲੇਟ ਹੋ ਗਈ ਹੈ।’ ਐਮਲੀ
ਉਤਸੁਕ ਨਜ਼ਰਾਂ ਨਾਲ ਦਰਵਾਜ਼ੇ ਵੱਲ ਝਾਕੀ।
ਦਰਵਾਜ਼ਾ ਖੋਲ੍ਹਣ ਤੇ ਸਾਹਮਣੇ ਨੀਲੀ ਵਰਦੀ ਵਾਲੀ ਇੱਕ ਮੋਟੀ ਤਾਜ਼ੀ ਪੁਲਸੀਆ ਜਾਪਦੀ ਔਰਤ
ਖੜ੍ਹੀ ਸੀ।
‘ਹੈਲੋ! ਗੁੱਡ ਨੂਨ।’ ਉਸ ਨੇ ਮੁਸਕਰਾਹਟ ਸੁੱਟੀ।
ਵੱਡੇ ਮੰਮਾ ਉਸ ਨੂੰ ਵੇਖ ਕੇ ਭਮੰਤਰ ਗਈ। ਇਸ ਤਰ੍ਹਾਂ ਅਚਾਨਕ ਆ ਕੇ ਕਿਸੇ ਪੁਲਸੀਏ ਦਾ ਰੰਗ
ਵਿਚ ਭੰਗ ਪਾਉਣਾ ਉਸ ਨੂੰ ਬੇਸਗਨਾ ਜਿਹਾ ਲੱਗਾ। ਉੱਨੀ ਸੌ ਚੁਰਾਸੀ ਦੇ ਗੇੜ ਦੌਰਾਨ ਪੰਜਾਬ
ਪੁਲੀਸ ਦੇ ਉਸ ਨੂੰ ਪਹਿਲਾਂ ਹੀ ਕਰਾਰੇ ਹੱਥ ਲੱਗੇ ਹੋਏ ਸਨ ਕਿਵੇਂ ਉਹ ਬਿਨ-ਬੁਲਾਏ ਜ਼ਬਰਦਸਤੀ
ਘੁੱਸ ਕੇ ਲੋਕਾਂ ਦਾ ਨੱਕ ਵਿਚ ਦਮ ਕਰ ਕੇ ਉਨ੍ਹਾਂ ਨੂੰ ਲੁੱਟ ਪੁੱਟ ਕੇ ਲੈ ਜਾਂਦੇ ਸਨ। ਉਸ
ਨੇ ਦਰਵਾਜ਼ਾ ਭੇੜ ਦਿੱਤਾ ਤੇ ਪਿੱਛੇ ਮੁੜ ਆਈ।
‘ਪੁਲੀਸ ਆ ਗਈ! ਹਾਏ ਪੁਲੀਸ!‘ ਘਬਰਾਹਟ ਨਾਲ ਉਸ ਦੇ ਮੂੰਹੋਂ ਗੱਲ ਨਹੀਂ ਨਿਕਲ ਰਹੀ ਸੀ।
‘ਪਸ਼ੂਆਂ ਨਾਲ ਕਰੂਅਲ਼ਿਟੀ ਨਾਲ ਪੇਸ਼ ਆਉਣਾ ਇੱਕ ਗੰਭੀਰ ਜੁਰਮ ਹੈ ਤੇ ਇੱਥੇ ਇਸ ਦੀ ਪਾਲਨਾ ਵੀ
ਗੰਭੀਰਤਾ ਨਾਲ ਹੀ ਕੀਤੀ ਜਾਂਦੀ ਹੈ ਤੇ ਇਸ ਵਾਸਤੇ ਵੱਖਰਾ ਮਹਿਕਮਾ ਕੰਮ ਕਰਦਾ ਹੈ।’ ਡਾਕਟਰ
ਕਲੀਨਿਕ ਦੀ ਚੇਤਾਵਨੀ ਯਾਦ ਕਰ ਕੇ ਕਿਰਨ ਵੀ ਸਹਿਮ ਗਈ।
‘ਜ਼ਰੂਰ ਉਸੇ ਕਮਜ਼ਾਤ ਨੇ ਪੁਲਸ ਨੂੰ ਇਤਲਾਹ ਦੇ ਦਿੱਤੀ ਹੋਵੇਗੀ।’ ਉਸ ਦੇ ਮਨ ਵਿਚ ਡਾਕਟਰ ਦੀ
ਕਹੀ ਚੇਤਾਵਨੀ ਖੋਰੂ ਪਾਉਣ ਲੱਗੀ।
ਭਾਰਤ ਵਿਚ ਵੀ ਪਿੰਡਾਂ ਤੋਂ ਸ਼ਹਿਰਾਂ ਵੱਲ ਖੋਤੇ, ਘੋੜੇ, ਰੇੜ੍ਹੇ ਤੇ ਜਿਨਸਾਂ ਲੈ ਕੇ ਜਾਂਦੇ
ਘੁਮਿਆਰ ਅੱਗੇ ‘ਬਰਮੀ’ ਵਾਲਿਆਂ ਦਾ ਨਾਕਾ ਸੁਣ ਕੇ ਰਾਹ ਵਿਚ ਰੁਕ ਜਾਂਦੇ ਸਨ। ਟਾਂਗਿਆਂ
ਵਾਲੇ ਆਪਣਾ ਰਸਤਾ ਬਦਲ ਲੈਂਦੇ ਸਨ।
‘ਅੱਗੇ ਬਰ੍ਹਮੀ ਵਾਲੇ ਖੜੇ ਹਨ।‘ ਬਰਮੀ ਦਾ ਮਤਲਬ ਸੀ ਬੇ-ਰਹਿਮੀ। ਉਹ ਜ਼ਖ਼ਮੀ ਹੋਏ ਜਾਂ ਕੰਨ੍ਹ
ਪਏ ਪਸ਼ੂਆਂ ਨੂੰ ਢੋਆ-ਢੁਆਈ ਲਈ ਜੋਣ ਜਾਂ ਵਰਤਣ ਤੋਂ ਰੋਕਦੇ ਸਨ ਤੇ ਅਣਗਹਿਲੀ ਕਰਨ ਵਾਲੇ
ਮਾਲਕਾਂ ਨੂੰ ਜੁਰਮਾਨਾ ਕਰਦੇ ਸਨ।
‘ਅਮਰੀਕਾ ਵਿਚ ਵੀ ਤੁਸੀਂ ਬੱਚਿਆਂ ਵਾਂਗ ਪਸ਼ੂਆਂ ਨੂੰ ਵੀ ਨਹੀਂ ਮਾਰ ਸਕਦੇ, ਉਂਗਲ ਵੀ ਨਹੀਂ
ਲਾ ਸਕਦੇ ਤੇ ਡਾਂਟ ਵੀ ਨਹੀਂ ਸਕਦੇ।’ ਉਸ ਦਿਨ ਮੈੱਕਸਲ ਦੀ ਧੌਣ ਤੇ ਜ਼ਖਮ ਬਾਰੇ ਡਾਕਟਰ ਦੇ
ਸ਼ਬਦ ਯਾਦ ਕਰ ਕੇ ਕੇਸ, ਕਚਹਿਰੀ, ਜੁਰਮਾਨਾ ਸਾਡੀਆਂ ਸਭ ਦੀਆਂ ਨਜ਼ਰਾਂ ਸਾਹਮਣੇ ਗੁਜ਼ਰ ਗਿਆ।
‘ਇਸ ਦੀ ਧੌਣ ਵਿਚ ਜ਼ਖਮ ਹੈ ਤੇ ਇਸ ਨੂੰ ਕਿਸੇ ਨੇ ਮਾਰਿਆ ਹੈ। ਇਸ ਤਰ੍ਹਾਂ ਐਨੀਮਲ
ਕਰੂਅਲ਼ਿਟੀ ਐਕਟ ਦੇ ਅਧੀਨ ਕੇਸ ਰਜਿਸਟਰ ਕਰਨਾ ਬਣਦਾ ਹੈ।’ ਡਾਕਟਰ ਦੀ ਚੇਤਾਵਨੀ ਨੇ
ਭੰਵਰ-ਤਾਰੇ ਦਿਖਾ ਦਿੱਤੇ।
ਮੈੱਕਸਲ ਦੇ ਜ਼ਿਆਦਾ ਭੌਂਕਣ ਦੀ ਆਦਤ ਕਾਰਨ ਗਵਾਂਢੀ ਵੀ ਉਕਤਾ ਗਏ ਸਨ ਤੇ ਪਿਛਲੇ ਦਿਨੀਂ
ਉਨ੍ਹਾਂ ਨੇ ਵੀ ਉਲਾਂਭਾ ਦਿੱਤਾ ਸੀ ਕਿ ਇਸ ਨੂੰ ਚੁੱਪ ਕਰਾ ਕੇ ਰੱਖੋ, ਸਾਡੀ ਨੀਂਦ ਹਰਾਮ ਕਰ
ਛੱਡਦਾ ਹੈ।
‘ਲੈ ਲਾ ਮਾਰੇ ਗਏ... ਉਸ ਡਾਕਟਰ ਨੇ ਜ਼ਖਮ ਦੀ ਸ਼ਿਕਾਇਤ ਕਰ ਦਿੱਤੀ ਜਾਂ ਗਵਾਂਢੀ ਨੇ ਮੂੰਹ
ਮਾਰ ਦਿੱਤਾ ਹੈ!’ ਪਿਛਲੇ ਦਿਨਾਂ ਦੀ ਹੋਈ ਬੀਤੀ ਕਿਰਨ ਦੇ ਜਿ਼ਹਨ ਵਿਚ ਵੀ ਉੱਭਰ ਕੇ ਖ਼ਤਰੇ
ਦੀ ਘੰਟੀ ਖੜਕਾ ਗਈ।
ਪੁਲਸ ਵਰਦੀ ਵਾਲੀ ਅਜਨਬੀ ਬੜੇ ਚੜ੍ਹਦੇ ਰੌਂ ਵਿਚ ਅੰਦਰ ਧੁੱਸ ਆਈ। ਉਸ ਨੂੰ ਅਚਾਨਕ ਵੇਖ ਕੇ
ਬੱਚਿਆਂ ਦੇ ਹੱਥਾਂ ਵਿਚ ਫੜੀਆਂ ਪਲੇਟਾਂ ਥਿੜਕ ਗਈਆਂ। ਸਾਰਾ ਟੱਬਰ ਮੈੱਕਸਲ ਦੇ ਦੁਆਲੇ ਹੋਇਆ
ਵੇਖ ਕੇ ਅਜਨਬੀ ਦਾ ਖਿੜਿਆ ਹੋਇਆ ਚਿਹਰਾ ਹੋਰ ਖਿੜ ਗਿਆ। ਮੈੱਕਸਲ ਦੀ ਤਿਆਰੀ ਤੇ ਲਟਕਦੀਆਂ
ਤਖ਼ਤੀਆਂ, ਬਿੱਲੇ ਵੇਖ ਕੇ ਸਮਝ ਗਈ ਕਿ ਇਸ ਦਾ ਅੱਜ ਬਰਥ-ਡੇ ਹੈ। ਉਸ ਨੇ ਵੀ ਆਉਂਦੇ ਹੀ
ਸਲੀਕੇ ਵਜੋਂ ਮੈੱਕਸਲ ਦਾ ਸਿਰ ਪਲੋਸਿਆ।
‘ਵੈਰੀ ਕਿਊਟ!.. ਹੈਪੀ ਬਰਥ ਡੇ... ਮੈਕਸਲ!‘ ਮੈੱਕਸਲ ਨੂੰ ਸੰਬੋਧਨ ਕਰਦੇ ਅਣਚਾਹੀ ਮਹਿਮਾਨ
ਨੇ ਸਾਰਿਆਂ ਦਾ ਉੱਖੜਿਆ ਹੋਇਆ ਧਿਆਨ ਬਦਲ ਦਿੱਤਾ।
‘ਮੈੱਕਸਲ ਇਜ਼ ਏ ਗੁੱਡ ਬੁਆਏ... ਗੁੱਡ ਫਰੈਂਡ।’ ਅਜਨਬੀ ਨੇ ਉਸ ਤੇ ਹੱਥ ਫੇਰਨਾ ਸ਼ੁਰੂ ਕਰ
ਦਿੱਤਾ। ਆਪਣੀ ਤਾਰੀਫ਼ ਸੁਣ ਕੇ ਮੈੱਕਸਲ ਨੇ ਸਹਿਮਤੀ ਪ੍ਰਗਟਾਉਂਦੇ ਪੂਛ ਹਿਲਾਈ। ਕਿਰਨ ਤੇ
ਹੋਰ ਸਾਰਿਆਂ ਦੇ ਜਿ਼ਹਨ ਵਿਚੋਂ ਡਰ ਦਾ ਪਰਦਾ ਚੁੱਕਿਆ ਗਿਆ ਪਰ ਅਜੇ ਵੀ ਸਾਰੇ ਸ਼ਸ਼ੋਪੰਜ
ਵਿਚ ਸਨ।
‘ਇਹ ਖਰੂਦੀ ਵੀ ਬਹੁਤ ਹੈ।’ ਕਿਰਨ ਨੇ ਹਾਸੇ ਵਿਚ ਉਸ ਦਾ ਜੁਆਬ ਮੋੜਿਆ ਪਰ ਮੈੱਕਸਲ ਨੇ ਕੰਨ
ਫਟਕ ਕੇ ਸਾਰੇ ਪਰੋਸੇ ਪਕਵਾਨ ਤੇ ਪੱਖਾ ਫੇਰ ਦਿੱਤਾ।
ਜੇ ਉਸ ਬਾਰੇ ਕੋਈ ਸ਼ਿਕਾਇਤ ਲਗਾਓ ਤਾਂ ਉਹ ਨਾਮਨਜ਼ੂਰੀ ਵਿਚ ਕੰਨ ਝਟਕ ਦਿੰਦਾ ਹੈ। ਹੁਣ ਵੀ
ਮੈੱਕਸਲ ਨੇ ਕੰਨ ਫਟਕ ਕੇ ਸਾਰੇ ਪਰੋਸੇ ਹੋਏ ਖਾਣੇ ਦਾ ਮਜਾ ਕਿਰਕਿਰਾ ਕਰ ਕੇ ਜਿਵੇਂ ਉਦਘਾਟਨ
ਕਰ ਦਿੱਤਾ। ਮੈਂ ਵੀ ਇਸ ਨੂੰ ਭ੍ਰਿਸ਼ਟ ਸਮਝ ਕੇ ਨੱਕ ਸੁਕੇੜਿਆ ਤੇ ਮੂੰਹ ਪਿੱਛੇ ਕਰ ਲਿਆ। ਉਸ
ਬਿਨ-ਬੁਲਾਈ ਮਹਿਮਾਨ ਨੇ ਵੀ ਪਲੇਟ ਵਿਚੋਂ ਫੋਰਕ ਬੁੱਲ੍ਹਾਂ ਵੱਲ ਵਧਾਉਂਦੇ ਪਲ ਦੀ ਪਲ ਕਸੀਸ
ਵੱਟੀ।
‘ਥੈਂਕਸ ਮੈਕਸਲ! ਸ਼ੁਕਰੀਆ... ਚਲੋ ਜੀ ਖਾ ਲਓ ਹੁਣ... ਕਰ ਦਿੱਤਾ ਸ਼ੁੱਭ ਮਹੂਰਤ ਇਸ ਕੂਕਰ
ਦਰਵੇਸ਼ ਨੇ।’ ਉਹ ਕੱਚੀ ਜਿਹੀ ਹਾਸੀ ਬੁੱਲ੍ਹਾਂ ਤੇ ਲੈ ਆਈ ਤੇ ਚਮਚਾ ਮੂੰਹ ਅੰਦਰ ਉਲੱਦ ਕੇ
ਪਚਾਕੇ ਮਾਰਨ ਲੱਗੀ।
‘ਇਹ ਸਿ਼ਕਾਰੀ ਨਸਲ ਦਾ ਜਾਨਵਰ ਹੈ। ਇਹ ਬੜੀ ਨਟਖਟ ਤੇ ਸੰਗਾਊ ਨਸਲ ਹੈ। ਔਰਤਾਂ ਤੇ ਬੱਚਿਆਂ
ਦੀ ਕੰਪਨੀ ਜ਼ਿਆਦਾ ਪਸੰਦ ਕਰਦਾ ਹੈ ਤੇ ਉਨ੍ਹਾਂ ਨਾਲ ਖ਼ਰਮਸਤੀਆਂ ਕਰ ਕੇ ਬਹੁਤ ਖ਼ੁਸ਼ ਹੁੰਦਾ
ਹੈ।’
ਉਹ ਉਸ ਬਾਰੇ ਵਿਖਿਆਨ ਕਰਦੀ ਉਸ ਦਾ ਸਿਰ ਪਲੋਸੀ ਜਾ ਰਹੀ ਸੀ।
‘ਪਰ ਬੜਾ ਜ਼ਾਲਮ ਵੀ ਹੈ ਸ਼ਰਾਰਤੀ ਜਿਹਾ! ਘਰਦਿਆਂ ਦਾ ਵੀ ਲਿਹਾਜ਼ ਨਹੀਂ ਕਰਦਾ। ਇਸ ਨੇ ਕਿਸੇ
... ਨੂੰ ਵੱਢਿਆ ਸੀ?‘ ਤਫ਼ਤੀਸ਼ੀ ਹੌਲਦਾਰ ਵਾਂਗ ਉਸ ਨੇ ਚਾਰ ਚੁਫੇਰੇ ਅੱਖਾਂ ਘੁਮਾਈਆਂ।
‘ਨਹੀਂ ਜੀ! ਇਸ ਨੇ ਨਹੀਂ ਵੱਢਿਆ, ਮੈਂ ਆਪ ਹੀ ਇਸ ਦੇ ਮੂੰਹ ਵਿਚ ਹੱਥ ਪਾ ਕੇ ਪੰਗਾ ਲਿਆ
ਸੀ। ਇਸ ਦੇ ਮੂੰਹ ਵਿਚ ਕੋਈ ਚੀਜ਼ ਫਸ ਗਈ ਸੀ, ਉਸ ਨੂੰ ਕੱਢਣ ਵਾਸਤੇ ਮੈਂ ਆਪ ਇਸ ਦੇ ਮੂੰਹ
ਵਿਚ ਹੱਥ ਪਾਇਆ ਸੀ।‘ ਮੈਂ ਹੱਸਦਾ ਹੱਸਦਾ ਨੇੜੇ ਹੋ ਕੇ ਉਂਗਲ ਉਸ ਦੇ ਮੂਹਰੇ ਕਰ ਦਿੱਤੀ।
‘ਓਹੋ ਧੰਨਵਾਦ ... ਸੌਰੀ! ਤੁਸੀਂ ਇਸ ਦੀ ਮਦਦ ਕਰਦੇ ਆਪ ਖ਼ਤਰਾ ਸਹੇੜ ਲਿਆ।‘ ਉਹ ਮੇਰੇ ਵੱਲ
ਹੱਥ ਵਧਾਉਂਦੀ ਮੇਰੀ ਪੱਟੀ ਵਾਲੀ ਉਂਗਲ ਫੜ ਕੇ ਟੋਹਣ ਲੱਗੀ।
ਮੈਂ ਜਲਦੀ ਸਮਝ ਗਿਆ ਕਿ ਹਸਪਤਾਲ ਵਾਲਿਆਂ ਨੇ ਜਿੱਥੋਂ ਮੈਂ ਪੱਟੀ ਕਰਵਾਈ ਸੀ, ਕਾਨੂੰਨੀ
ਹਦਾਇਤਾਂ ਅਨੁਸਾਰ ਵੈਟਰਨਰੀ ਮਹਿਕਮੇ ਨੂੰ ਸੂਚਿਤ ਕਰ ਦਿੱਤਾ ਤੇ ਫਾਲੋ-ਅਪ ਵਾਸਤੇ
ਸਲੋਤਰਖਾਨੇ ਵੱਲੋਂ ਉਹ ਆਣ ਪਹੁੰਚੀ ਹੈ। ਮੈਨੂੰ ਅਮਰੀਕੀ ਸਰਕਾਰ ਦੇ ਸੰਚਾਰ ਤਾਣੇ-ਬਾਣੇ ਤੇ
ਹੈਰਾਨੀ ਹੋਈ ਕਿ ਕਿਵੇਂ ਸਾਰੇ ਮਹਿਕਮੇ ਇੱਕ ਦੂਜੇ ਦੇ ਸੰਪਰਕ ਨਾਲ ਜੁੜੇ ਹੋਏ ਹਨ।
‘ਮੈਂ ਮਿਸਲ ਵਿਚੋਂ ਵੇਖ ਲਿਆ ਹੈ, ਇਸ ਨੂੰ ਐਂਟੀ-ਰੇਬੀਜ਼ ਟੀਕੇ ਲੱਗੇ ਹੋਏ ਹਨ ਤੇ ਤੁਹਾਨੂੰ
ਵੀ ਏ. ਟੀ. ਐੱਸ. ਦਾ ਟੀਕਾ ਲੱਗਾ ਹੋਇਆ ਹੈ... ਇਹ ਚੰਗੀ ਸ਼ੁੱਭ ਖ਼ਬਰ ਹੈ।‘ ਉਸ ਨੇ ਆਪਣੀ
ਲੈਪਟਾਪ ਖੋਲ੍ਹ ਲਈ।
‘ਬੜੀ ਨਫ਼ੀਸ ਨਸਲ ਦਾ ਜਾਨਵਰ ਹੈ ਇਹ... ਮਹਾਰਾਣੀ ਐਲਿਜਬੈੱਥ ਨੇ ਇਹ ਨਸਲ ਆਪਣੇ ਸ਼ਾਹੀ ਮਹੱਲ
ਵਿਚ ਪਾਲਤੂ ਰੱਖੀ ਹੋਈ ਸੀ। ਬੜਾ ਕਰਮਾਂ ਵਾਲਾ ਜੀਅ ਹੈ ਇਹ। ਮਲਕਾ ਦੇ ਬੈੱਡ ਤੇ ਸੌਣ ਦਾ
ਮਾਣ ਪ੍ਰਾਪਤ ਹੈ ਇਸ ਨੂੰ।’
ਉਸ ਨੇ ਜਿਵੇਂ ਚਾਪਲੂਸੀ ਵਜੋਂ ਆਪਣਾ ਸੁਨੇਹਾ ਦੇ ਕੇ ਸਾਰੇ ਪਰਿਵਾਰ ਨੂੰ ਮਲਕਾ ਦੇ ਬਰਾਬਰ
ਟੀਸੀ ਤੇ ਚੜ੍ਹਾ ਦਿੱਤਾ।
‘ਉਹ ਖੜ੍ਹੀ ਖੜ੍ਹੀ ਆਪਣੇ ਕੰਮ ਵਿਚ ਰੁੱਝ ਗਈ ਤੇ ਆਪਣੀ ਚਲਾਨ ਬੁੱਕ ਤੇ ਕੁੱਝ ਲਿਖ ਕੇ ਇੱਕ
ਪਰਚੀ ਮੇਰੇ ਹਵਾਲੇ ਕਰ ਦਿੱਤੀ।
‘ਇਸ ਨੂੰ ਤੇ ਤੁਹਾਨੂੰ ਪੰਦਰਾਂ ਦਿਨ ਤੱਕ ਯਾਨੀ ਕਿ 22 ਤਰੀਕ ਤੱਕ ਬਾਹਰ ਜਾਣ ਤੇ ਪਾਬੰਦੀ
ਹੈ। ਸੈਰ ਵਾਸਤੇ ਇਸ ਨੂੰ ਕਿਤੇ ਲੈ ਕੇ ਬਾਹਰ ਨਹੀਂ ਜਾਣਾ ਤੇ ਆਪਣਾ ਖ਼ਿਆਲ ਰੱਖਣਾ ਹੈ। ਮੈਂ
ਇਸ ਦੇ ਡਾਕਟਰ ਕੋਲੋਂ ਤਸਦੀਕ ਕਰ ਲਈ ਹੈ ਕਿ ਇਸ ਨੂੰ ਪੇਸ਼ਬੰਦੀ ਟੀਕੇ ਲੱਗੇ ਹੋਏ ਹਨ ਪਰ
ਫਿਰ ਵੀ ਤੁਸੀਂ ਪੰਦਰਾਂ ਦਿਨ ਇਸ ਦਾ ਵਸਾਹ ਨਹੀਂ ਖਾਣਾ। ਜੇ ਇਹ ਅਸੁਭਾਵਿਕ ਵਿਵਹਾਰ ਕਰੇ,
ਮੂੰਹ ਵਿਚੋਂ ਲਾਰਾਂ ਸੁੱਟੇ ਜਾਂ ਝੱਗ ਕੇਰੇ ਤਾਂ ਇਸ ਨੂੰ ਵੱਖਰੇ ਕਮਰੇ ਵਿਚ ਬੰਦ ਕਰ ਕੇ
ਸਾਨੂੰ ਸੂਚਿਤ ਕਰੋ।’ ਉਸ ਨੇ ਆਪਣਾ ਪਛਾਣ ਕਾਰਡ ਮੇਰੇ ਵੱਲ ਵਧਾਇਆ।
‘ਇਸ ਨੂੰ ਕੋਈ ਖ਼ਤਰਾ ਨਹੀਂ... ਇਹ ਠੀਕ ਠਾਕ ਤੰਦਰੁਸਤ ਹੈ, ਇਸ ਦੇ ਸਾਰੇ ਟੀਕੇ ਅਸੀਂ ਆਪ
ਲਗਵਾਏ ਹੋਏ ਹਨ, ਸਾਨੂੰ ਯਕੀਨ ਹੈ, ਇਸ ਨੂੰ ਕੁੱਝ ਨਹੀਂ ਹੁੰਦਾ।’ ਮੈਂ ਉਸ ਨੂੰ ਆਪਣਾ
ਭਰੋਸਾ ਦਿਵਾਉਣ ਦੀ ਕੋਸਿ਼ਸ਼ ਕੀਤੀ।
‘ਹਾਂ ਇਸ ਨੇ ਇਕ ਦਿਨ ਸੱਪ ਨੂੰ ਪੇਰਾਂ ਨਾਲ ਮਾਰਿਆ ਸੀ ਪਰ ਮੂੰਹ ਨਹੀਂ ਲਗਾਇਆ, ਖਾਧਾ
ਨਹੀਂ।’ ਰਵਨੀਤ ਨੇ ਉਸ ਦੀ ਤਾਰੀਫ ਵਿਚ ਹੋਰ ਵਾਧਾ ਕਰ ਦਿੱਤਾ।
‘ਠੀਕ ਐ ਜਨਾਬ! ਤੁਹਾਡਾ ਕਹਿਣਾ ਵੀ ਉਚਿੱਤ ਹੈ ਕਿ ਇਸ ਕੋਲੋਂ ਤੁਹਾਨੂੰ ਖ਼ਤਰਾ ਨਹੀਂ ਪਰ ਇਸ
ਦੇ ਉਲਟ ਤੁਹਾਡੇ ਕੋਲੋਂ ਵੀ ਤਾਂ ਇਨਫੈਕਸ਼ਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ
ਸਕਦਾ। ਕੁੱਝ ਵੀ ਹੋ ਸਕਦਾ ਹੈ... ਤੁਸੀਂ ਆਪਣਾ ਵੀ ਪਰਹੇਜ਼ ਤੇ ਇਹਤਿਆਤ ਰੱਖਣਾ ਹੈ... ਇਸ
ਨੂੰ ਤੁਹਾਡੇ ਕੋਲੋਂ ਵੀ ਲਾਗ ਲੱਗ ਸਕਦੀ ਹੈ।‘ ਤੀਰਾਂ ਵਰਗੀਆਂ ਉਸ ਦੀਆਂ ਅੱਖਾਂ ਮੇਰੀਆਂ
ਨਜ਼ਰਾਂ ਵਿਚ ਖੁੱਭ ਗਈਆਂ।
‘ਡੈਡੀ ਤੇ ਵੀ ਰੈਸਟਰਿੱਕਸ਼ਨ ਜਾਬਤਾ ਲੱਗ ਗਿਆ ਹੈ... ਆਹਾ ਜੀ।’ ਬੱਚੇ ਹੱਸਣ ਲਗਦੇ ਹਨ।
ਮੈਂ ਇੱਕ ਮੁਜਰਮ ਵਾਂਗ ਨੀਵੀਂ ਪਾ ਲੈਂਦਾ ਹਾਂ।
(ਚਰਨਜੀਤ ਸਿੰਘ ਪੰਨੂ)
-0-
|