ਉਹ ਲੱਗਭਗ ਸੱਤ-ਅੱਠ ਜਣੇ
ਸਨ । ਸਭ ਕੋਲ ਅਸਲਾ ਸੀ । ਪਹਿਲਾਂ ਉਹ ਬਾਰ ਖੜਕਾਉਂਦੇ ਰਹੇ । ਜਦੋਂ ਕਿਸੇ ਨੇ ਕੁੰਡਾ ਨਾ
ਖੋਲਿਆ ਤਾਂ ਚਾਰ ਜਣੇ ਕੰਧ ਟੱਪ ਅੰਦਰ ਦਾਖਿਲ ਹੋ ਗਏ ।
"ਜਦੋਂ ਉਹਨਾਂ ਕੁੰਡਾ ਖੜਕਾਇਆ ਤਾਂ ਅਸੀਂ ਚੁਕੰਨੇ ਹੋ ਗਏ ।" ਉਹ ਲੱਗਭਗ 25 ਵਰੇ ਪੁਰਾਣੀ
ਘਟਨਾ ਨੂੰ ਯਾਦ ਕਰ ਦੱਸਣ ਲੱਗੀ, "ਅਸੀਂ ਮੋਰੀ ਥਾਈਂ ਦੇਖ ਲਿਆ ਸੀ । ਇੱਕ ਮੁੰਡਾ ਪੇਟੀ
ਹੇਠਾਂ, ਦੂਸਰਾ ਸੰਦੂਕ ‘ਚ, ਤੀਸਰਾ ਕਣਕ ਦੇ ਢੋਲ ਉਹਲੇ ਲੁਕੋ ਦਿੱਤੇ । ਕੁੜੀ ਨੂੰ ਰਸੋਈ ‘ਚ
ਵਾੜ ਜਿੰਦਾ ਲਾ ਦਿੱਤਾ । ਅਸੀਂ ਉਹਨਾਂ ਦੀਆਂ ਮਿੰਨਤਾਂ ਕੀਤੀਆਂ, ‘ਸਾਡਾ ਕਸੂਰ ਤਾਂ ਦੱਸੋ
?‘ ਉਹਨਾਂ ਕੋਈ ਨਾ ਸੁਣੀ । ਸੁਖਦੇਵ ਦੇ ਬਾਪੂ ਨੂੰ ਗੋਲੀਆਂ ਮਾਰ ਦਿੱਤੀਆਂ । ਉਹ ਥਾਂ ‘ਤੇ
ਹੀ ਡਿੱਗ ਗਿਆ...... ਪੂਰਾ ਹੋ ਗਿਆ ।"
ਪਲ ਭਰ ਲਈ ਉਹ ਚੁੱਪ ਹੋ ਗਈ । ਉਸਦੀਆਂ ਅੱਖਾਂ ‘ਚ ਹੰਝੂ ਸਨ । ਚੁੰਨੀ ਦੇ ਪੱਲੇ ਨਾਲ ਉਸ
ਅੱਖਾਂ ਪੂੰਝੀਆਂ । ਉਸਦੀ ਨੂੰਹ ਚੁੱਪ-ਚਾ‘ ਮੰਜੇ ‘ਤੇ ਇੱਕ ਪਾਸੇ ਬੈਠੀ ਸੀ । ਉਹ ਵੀ ਉਸ
ਸਮੇਂ ਦੀ ਚਸਮਦੀਦ ਸੀ । ਇੱਕ ਨੌਜਵਾਨ ਪੋਤਰਾ, ਜਿਸਦਾ ਜਨਮ ਇਸ ਘਟਨਾ ਤੋਂ ਬਾਅਦ ਦਾ ਹੈ, ਉਹ
ਡੌਰ-ਭੌਰ ਹੋਇਆ ਦੇਖ-ਸੁਣ ਰਿਹਾ ਸੀ ।
"ਜੂਪੇ ਦਾ ਢੋਲ ‘ਚ ਪੈਰ ਵੱਜ ਗਿਆ, ਖੜਕਾ ਹੋ ਗਿਆ । ਉਹਨਾਂ ਉਸਦੇ ਵੀ ਕਈ ਗੋਲੀਆਂ ਮਾਰ
ਦਿੱਤੀਆਂ ।"
ਇੱਕ ਵਾਰ ਫਿਰ ਤੋਂ ਚੁੱਪ ਵਰਤ ਗਈ ।
ਫੇਰ ਉਹ ਮੈਨੂੰ ਉਸ ਕਮਰੇ ‘ਚ ਲੈ ਗਏ ਜਿੱਥੇ ਇਹ ਸਭ ਵਾਪਰਿਆ । ਉਸਨੇ ਉਹ ਸੰਦੂਕ ਦਿਖਾਇਆ
ਜਿਸ ‘ਚ ਵੜ ਕੇ ਉਸਦੇ ਇੱਕ ਪੁੱਤਰ ਨੇ ਜਾਨ ਬਚਾਈ ਸੀ । ਉਹ ਪੇਟੀ ਜਿਸ ਹੇਠਾਂ ਵੜ ਦੂਸਰੇ ਨੇ
ਜਾਨ ਬਚਾਈ । ਉਸਨੇ ਦੱਸਿਆ ਕਿ ਕਿਸ ਤਰਾਂ ਉਹਨਾਂ ਕਮਰੇ ‘ਚ ਪਿਆ ਸੂਤ ਤੇ ਹੋਰ ਕੱਪੜੇ ਪੇਟੀ
ਦੇ ਆਲੇ-ਦੁਆਲੇ ਲਾ ਦਿੱਤੇ ਸਨ ।
ਉਹ ਥਾਂ ਜਿਥੇ ਉਸਦੇ ਪਤੀ ਦੀ ਲਾਸ ਸਾਰੀ ਰਾਤ ਖੂਨ ਨਾਲ ਲੱਥ-ਪੱਥ ਹੋਈ ਪਈ ਰਹੀ । ਉਹ ਜਗਾ
ਜਿੱਥੇ ਉਸਦਾ ਨੌਜਵਾਨ ਪੁੱਤਰ ਸਾਰੀ ਰਾਤ ਮੌਤ ਨਾਲ ਦੋ-ਚਾਰ ਹੁੰਦਾ ਰਿਹਾ ।
ਉਹ ਕਹਿਰ ਵਰਤਾ ਕੇ ਚਲੇ ਗਏ ।
ਜੂਪੇ ਨੂੰ ਹਸਪਤਾਲ ਲਿਜਾਣ ਲਈ ਉਸ ਪਿੰਡ ‘ਚ ਕਈ ਘਰਾਂ ਦੇ ਕੁੰਡੇ ਖੜਕਾਏ । ਕਿਸੇ ਨੇ ਬਾਰ
ਨਾ ਖੋਲਿਆ ।
"ਸਮਾਂ ਹੀ ਅਜਿਹਾ ਸੀ ।" ਉਸ ਕਿਹਾ, "ਕਿਸੇ ਦਾ ਕੋਈ ਕਸੂਰ ਨਹੀਂ ਸੀ, ਸਭ ਡਰਦੇ ਸਨ ।"
ਸਵੇਰੇ ਕੋਈ ਪੰਜ ਵਜੇ ਪ੍ਰ੍ਬੰਧ ਕਰ ਜੂਪੇ ਨੂੰ ਹਸਪਤਾਲ ਲਿਜਾਇਆ ਗਿਆ ।
ਸਾਮ ਨੂੰ ਉਸਦੇ ਪਤੀ ਦਾ ਸੰਸਕਾਰ ਕਰ ਦਿੱਤਾ ਗਿਆ । ਸੱਤਵੇਂ ਦਿਨ ਉਸਦਾ ਪੁੱਤਰ ਵੀ ਪਰਾਣ
ਤਿਆਗ ਗਿਆ ।
"ਜੇ ਸਮੇਂ ਸਿਰ ਜੂਪੇ ਨੂੰ ਹਸਪਤਾਲ ਲਿਜਾਇਆ ਜਾਂਦਾ ਤਾਂ ਉਸ ਬਚ ਜਾਣਾ ਸੀ ।" ਉਸ ਲੰਬਾ
ਹੌਕਾ ਲੈਦਿਆਂ ਆਖਿਆ, "ਹੇ ਵਾਹਿਗੁਰੂ ...।"
ਹੁਣ ਫਿਰ ਹੰਝੂ ਉਸਦੀਆਂ ਅੱਖਾਂ ਚੋਂ ਬੇ-ਮੁਹਾਰੇ ਡਿੱਗ ਰਹੇ ਸਨ ।
"ਉਹਨਾਂ ਤੁਹਾਡੇ ਤੇ ਕੀ ਦੋਸ ਲਾਇਆ ?" ਮੈ ਪੁੱਛਿਆ ।
"ਕਹਿੰਦੇ ਪੁਲਿਸ ਮੁਖਬਰ ਸਨ ।" ਉਸ ਕਿਹਾ ।
"ਜੇ ਇਹ ਸੱਚ ਨਹੀਂ ਸੀ ਤਾਂ ਉਹਨਾਂ ਇਹ ਦੋਸ਼ ਕਿਉਂ ਲਾਇਆ ?" ਮੈ ਸਵਾਲ ਕੀਤਾ ।
"ਇੱਕ ਦਿਨ ਪਿੰਡ ‘ਚ ਪੁਲਿਸ ਆ ਗਈ ।" ਉਹ ਦੱਸਣ ਲੱਗੀ, "ਉਹਨੀਂ ਦਿਨੀ ਪੁਲਿਸ ਨੂੰ ਕੋਈ
ਕਿਸੇ ਦਾ ਘਰ-ਬਾਰ ਨਹੀਂ ਦੱਸਦਾ ਸੀ । ਸਾਡਾ ਛੋਟਾ ਮੁੰਡਾ ਨਿਆਣਾ ਸੀ । ਉਹ ਬਾਰ ‘ਚ ਖੜਾ ਸੀ
। ਉਹਨਾਂ ਉਸਨੂੰ ਕਿਸੇ ਦਾ ਘਰ ਦੱਸਣ ਲਈ ਗੱਡੀ ‘ਚ ਬੈਠਾ ਲਿਆ । ਅੱਗੋਂ ਉਸ ਘਰੋਂ ਅਸਲਾ
ਫੜਿਆ ਗਿਆ । ਬਾਦ ‘ਚ ਉਹ ਮੁੰਡਾ ਖਾੜਕੂਆਂ ‘ਚ ਭੱਜ ਗਿਆ ।"
"ਤਾਂ ਫਿਰ ਉਹ ਮੁੰਡਾ ਮਾਰਨ ਵਾਲਿਆਂ ‘ਚ ਸੀ ?" ਮੈ ਪੁੱਛਿਆ ।
"ਅਸੀਂ ਅੱਜ ਤੱਕ ਕਿਸੇ ਨੂੰ ਦੱਸਿਆ ਤਾਂ ਨਹੀਂ " ਉਸ ਭੇਦਪੂਰਨ ਢੰਗ ਨਾਲ ਕਿਹਾ, "ਪਰ ਪੁੱਤ
ਅੱਜ ਤੂੰ ਬਹੁਤ ਹਮਦਰਦੀ ਨਾਲ ਪੁੱਛਿਆ ਏਸ ਲਈ ਦੱਸਦੀ ਆਂ, ਉਹ ਵੀ ਸੀ ਤੇ ਪਿੰਡ ਦਾ ਹੀ ਇੱਕ
ਹੋਰ ਮੁੰਡਾ ਵੀ ਸੀ । ਪੁਲਿਸ ਵਾਲਿਆਂ ਨੇ ਬਥੇਰਾ ਪੁੱਛਿਆ ਅਸੀਂ ਤਾਂ ਕਹਿ ਦਿੱਤਾ ਸੀ ਕਿ
ਮੂੰਹ ਬੰਨੇ ਹੋਏ ਸਨ ਸਾਨੂੰ ਕਿਸੇ ਦੀ ਸਿਆਣ ਨੀ ਆਈ ।"
"ਹੁਣ ਉਹ ਮੁੰਡੇ ਹਨ ?" ਮੈ ਪੁਛਿਆ ।
"ਨਹੀਂ, ਬਾਦ ‘ਚ ਉਹ ਮੁਕਾਬਲਿਆਂ ‘ਚ ਮਾਰੇ ਗਏ ।"
"ਤਹਾਨੂੰ ਉਹਨਾਂ ਦੇ ਪਰਿਵਾਰਾਂ ਨਾਲ ਹੁਣ ਕੋਈ ਗਿਲਾ ਸਿਕਵਾ ਹੈ ?"
"ਨਹੀਂ ਕੋਈ ਨਹੀ ।" ਉਸ ਦੋ ਟੁੱਕ ਕਿਹਾ, "ਅਸੀਂ ਤਾਂ ਉਹਨਾਂ ਦੇ ਘਰੀਂ ਅਫਸੋਸ ਕਰਨ ਵੀ ਗਏ
। ਹੁਣ ਵੀ ਸੁੱਖ-ਦੁੱਖ ‘ਚ ਉਹਨਾਂ ਦੇ ਘਰੀਂ ਆਉਂਦੇ ਜਾਂਦੇ ਹਾਂ ।"
"ਅਸੀਂ ਗੁਰੂ ਦੇ ਸਿੱਖ ਹਾਂ ।" ਉਸ ਗਾਤਰੇ ਵੱਲ ਇਸਾਰਾ ਕਰਦਿਆਂ ਕਿਹਾ, "ਸਾਡਾ ਗੁਰੂ ਗਰੰਥ
ਸਾਹਿਬ ਹੈ ਜਿਸ ‘ਚ ਬੁਰੇ ਦਾ ਭਲਾ ਕਰਨ ਲਈ ਕਿਹਾ ਗਿਐ......ਅਸੀਂ ਤਾਂ ਕਿਸੇ ਦਾ ਵੀ ਬੁਰਾ
ਨਹੀਂ ਚਾਹੁੰਦੇ, ਸਰਬੱਤ ਦਾ ਭਲਾ ਮੰਗਦੇ ਆਂ ।"
ਗੱਲਬਾਤ ਦੌਰਾਨ ਮੈਨੂੰ ਪਤਾ ਲੱਗਾ ਕਿ ਉਹ ‘ਸੁਖਮਨੀ ਸਾਹਿਬ ਸੇਵਾ ਸੁਸਾਇਟੀ‘ ਦੀ ਮੈਂਬਰ ਹੈ
ਤੇ ਉਸਨੂੰ ਗੁਰੂ ਗਰੰਥ ਸਾਹਿਬ ਬਾਰੇ ਵਾਹਵਾ ਗਿਆਨ ਹੈ ।
"ਤੁਸੀਂ ਹੋਰ ਕੁਝ ਕਹਿਣਾ ਹੈ ?" ਮੈ ਅਖੀਰ ‘ਚ ਪੁੱਛਿਆ ।
"ਮੈ ਤਾਂ ਬਸ ਇਹੋ ਕਹਿਨੀ ਆਂ" ਉਸ ਦੋਵੇਂ ਹੱਥ ਜੋੜ ਉੱਪਰ ਅਸਮਾਨ ਵੱਲ ਮੂੰਹ ਕਰਦਿਆਂ ਕਿਹਾ,
"ਹੇ ਸੱਚਿਆ ਪਾਤਸਾਹ, ਜੋ ਦੁੱਖ ਅਸੀਂ ਦੇਖਿਐ ਇਹੋ ਜਾ ਦੁੱਖ ਕਿਸੇ ਦੁਸਮਣ ਨੂੰ ਵੀ ਨਾ
ਦਿਖਾਈਂ ।"
ਵਾਪਿਸ ਪਰਤਦਿਆਂ ਮੈ ਬਾਬੇ ਫਰੀਦ ਦੇ ਕਹੇ, "ਫਰੀਦਾ ਬੁਰੇ ਦਾ ਭਲਾ ਕਰ ....." ਦਾ ਅਰਥ
ਸਮਝਣ ਦੀ ਕੋਸਿਸ ਕਰ ਰਿਹਾ ਸਾਂ ।
ਮੁੱਖ ਸੜਕ ਤੇ ਚੜ ਮੈ ਆਡੀਓ ਪਲੇਅਰ ਆਨ ਕਰ ਲਿਆ ।
ਰਵਿੰਦਰ ਗਰੇਵਾਲ ਦੀ ਆਵਾਜ ਪੂਰੀ ਗੱਡੀ ‘ਚ ਬਿਖਰ ਗਈ ..
"ਚਾਰੇ ਪਾਸੇ ਸੁੱਖ ਹੋਣ, ਕਿਸੇ ਨੂੰ ਨਾ ਦੁੱਖ ਹੋਣ,
ਆਵੀਂ ਬਾਬਾ ਨਾਨਕਾ ਤੂੰ ਆਵੀਂ ਬਾਬਾ ਨਾਨਕਾ..."
ਨੋਟ: ਇਹ ਗੱਲਬਾਤ ਮਈ 2015 ‘ਚ ਕੀਤੀ ਗਈ ਸੀ )
-0- |