ਮੈਂ ਇੱਕ ‘ਘਟਨਾ’ ਦਾ
ਜਿ਼ਕਰ ਕਰ ਰਿਹਾ ਹਾਂ। ਓਦੋਂ ਮੈਂ ਨਵਾਂ ਨਵਾਂ ਸਿੱਖ ਬਣਿਆ ਸਾਂ। ਮਜ਼੍ਹਬ ਦੀ ਤਬਦੀਲੀ ਨੇ
ਮੇਰੇ ਅੰਦਰ ਅੰਨ੍ਹਾ ਅਤੇ ਬੇਪਨਾਹ ਜੋਸ਼ ਭਰ ਦਿੱਤਾ ਸੀ ਅਤੇ ਇਸ ਜੋਸ਼ ਦੇ ਪ੍ਰਗਟਾਓ ਲਈ ਮੈਂ
ਆਪਣੀ ਇੱਕ ਜੋਸ਼ੀਲੀ ਪਾਰਟੀ ਦਾ ਮੋਢੀ ਬਣ ਗਿਆ ਸਾਂ।
ਜਿਸ ਮਹਾਂਪੁਰਸ਼ ਦੇ ਪ੍ਰਭਾਵ ਨੇ ਮੇਰੇ ਅੰਦਰ ਸਭ ਤੋਂ ਪਹਿਲਾਂ ਸਿੱਖ ਧਰਮ ਲਈ ਪਿਆਰ ਜਾਗਇਆ
ਸੀ, ਉਸ ਪਾਸੋਂ ਮੈਂ ਇਹਨੀਂ ਦਿਨੀਂ ਲਗਦੀ ਵਾਹ ਦੂਰ ਦੂਰ ਰਹਿਣ ਦੀ ਕੋਸਿ਼ਸ਼ ਕਰਦਾ ਸਾਂ।
ਸ਼ਾਇਦ ਇਸ ਲਈ ਕਿ ਉਸ ਬਜ਼ੁਰਗ ਵਿੱਚ ਮੈਨੂੰ ਸਿੱਖ ਸਪਿਰਟ ਦੀ ਘਾਟ ਜਾਪਣ ਲੱਗ ਪਈ ਸੀ। ਮੈਂ
ਤੇ ਮੇਰੇ ਸਾਥੀ, ਜਿਨ੍ਹਾਂ ਕੰਮਾਂ ਵਿੱਚ ਸਰਗਰਮ ਹਿੱਸਾ ਲੈ ਰਹੇ ਸਾਂ, ਉਹ ਕੰਮ ਉਸ ਨੂੰ
ਪਸੰਦ ਨਹੀਂ ਸਨ, ਜਿਨ੍ਹਾਂ ਬਾਰੇ ਕਦੀ ਕਦੀ ਉਹ ਸਾਨੂੰ ਰੋਕਣ ਵਰਜਣ ਦੇ ਯਤਨ ਵੀ ਕਰਦਾ
ਰਹਿੰਦਾ ਸੀ।
ਘਟਨਾ ਇੰਜ ਹੋਈ, ਕਿ ਸਿਆਲ ਦੇ ਇੱਕ ਰਾਤੀਂ, ਜਦੋਂ ਮੈਂ ਕੁਝ ਸਾਥੀਆਂ ਸਮੇਤ ਆਪਣੇ ਮਕਾਨ ‘ਤੇ
ਬੈਠਾ ਕਿਸੇ ਵਿਸ਼ੇਸ਼ ਗੋਸ਼ਟੀ ਵਿੱਚ ਰੁੱਝਾ ਹੋਇਆ ਸਾਂ, ਤਾਂ ਅਚਾਨਕ ਸਾਡਾ ਸਭਨਾਂ ਦਾ ਧਿਆਨ
ਇੱਕ ਹੋਰ ਪਾਸੇ ਖਿੱਚਿਆ ਗਿਆ।
ਰਾਤ ਹਨੇਰੀ ਸੀ – ਬਾਰਾਂ ਸਾਢੇ ਬਾਰਾਂ ਦਾ ਵਕਤ ਹੋਵੇਗਾ। ਮੀਂਹ ਵਰ੍ਹ ਰਿਹਾ ਸੀ, ਤੇ ਸਰਦੀ
ਖ਼ੂ਼ਬ ਕੜਾਕੇ ਦੀ ਪੈ ਰਹੀ ਸੀ। ਅਸੀਂ ਸੱਭੋ ਪੰਜ ਛੇ ਬੰਦੇ ਅੱਗ ਸੇਕਦੇ ਹੋਏ ਆਪਣੇ ਕਿਸੇ
ਪਰੋਗਰਾਮ ਦੀ ਵੰਡ ਵੇਤਰ ਵਿੱਚ ਲੱਗੇ ਹੋਏ ਸਾਂ, ਕਿ ਸਾਹਮਣੀ ਸੜਕ ‘ਤੇ ਇੱਕ ਹਿੰਦੂ ਨੌਜਵਾਨ
ਤੁਰਿਆ ਜਾਂਦਾ ਸਾਡੀ ਨਜ਼ਰੀਂ ਪੈ ਗਿਆ, ਇੱਕ ਛੋਟਾ ਜਿਹਾ ਬਿਸਤਰਾ ਉਸ ਕੱਛੇ ਮਾਰਿਆ ਹੋਇਆ
ਸੀ- ਸ਼ਾਇਦ ਉਹ ਸਾਢੇ ਯਾਰਾਂ ਗੱਡੀ ਤੋਂ ਉੱਤਰਿਆ ਸੀ ਅਤੇ ਰਸਤਾ ਭੁੱਲ ਕੇ ਏਧਰ ਆ ਨਿਕਲਿਆ
ਸੀ।
ਮੇਰੀ ਬੈਠਕ ਅੱਗੇ ਉਹ ਗੱਭਰੂ ਰੁਕਿਆ, ਤੇ ਸਾਨੂੰ ਸੰਬੋਧਨ ਕਰ ਕੇ ਉਸ ਨੇ ਕਿਸੇ ਬਾਜ਼ਾਰ ਜਾਂ
ਮੁਹੱਲੇ ਦਾ ਪਤਾ ਪੁੱਛਿਆ। ਤੇ ਬਜਾਇ ਇਸ ਦੇ ਕਿ ਸਾਡੇ ਵਿੱਚੋਂ ਕੋਈ ਉਸ ਨੂੰ ਰਾਹੇ ਪਾਣ ਦਾ
ਯਤਨ ਕਰਦਾ, ਅਸੀਂ ਸਾਰੇ ਦੇ ਸਾਰੇ ਉਸ ਉੱਤੱੇ ਟੁੱਟ ਕੇ ਪੈ ਗਏ। ਅਸਾਂ ਵਿੱਚੋਂ ਇੱਕ ਪਾਸ
ਛਤਰੀ ਸੀ, ਤੇ ਇੱਕ ਹੋਰ ਪਾਸ ਮੋਟੀ ਸਾਰੀ ਸੋਟੀ। ਮੈਨੂੰ ਜਦ ਹੋਰ ਕੁਝ ਨਾ ਲੱਭਾ ਤਾਂ ਨੁੱਕਰ
ਵਿੱਚ ਪਿਆ ਲੋਹੇ ਦਾ ਸਰੀਆ ਹੀ ਚੁੱਕ ਲਿਆ।
ਸਾਰਾ ਕੰਮ ਇਤਨੀ ਫ਼ੁਰਤੀ ਨਾਲ ਹੋਇਆ ਕਿ ਪੰਜਾਂ ਹੀ ਮਿੰਟਾਂ ਬਾਅਦ ਅਸੀਂ ਉਸ ਗੱਭਰੂ ਨੂੰ
ਲਹੂ ਵਿੱਚ ਲੱਥ ਪੱਥ ਵੇਖਿਆ, ਜਿਹੜਾ ਸੜਕ ਦੇ ਵਿਚਕਾਰ ਚੁਫ਼ਾਲ ਡਿੱਗਾ ਪਿਆ ਸੀ। ਫੜੇ ਜਾਣ
ਦੇ ਡਰੋਂ ਅਸਾਂ ਸਭਨਾਂ ਨੇ ਉਸ ਨੂੰ ਘਸੀਟ ਕੇ ਪਿਛਵਾੜੇ ਦੇ ਇੱਕ ਖੋਲੇ ਵਿੱਚ ਜਾ ਸੁੱਟਿਆ।
ਏਸ ਕੰਮੋਂ ਵਿਹਲੇ ਹੋ ਕੇ ਅਸੀਂ ਸਾਰੇ ਖਿੰਡ ਪੁੰਡ ਗਏ।
ਮੈਂ ਆਪਣੇ ਇਸ ‘ਕਾਰਨਾਮੇ’ ਉੱਤੇ ਗਰਵ ਕਰਦਾ ਹੋਇਆ ਅੰਦਰ ਜਾ ਕੇ ਬਿਸਤਰੇ ਵਿੱਚ ਲੇਟ ਗਿਆ।
ਪਰਭਾਤ ਵੇਲੇ ਮਸਾਂ ਕਿਤੇ ਜਾ ਕੇ ਮੇਰੀ ਅੱਖ ਲੱਗੀ,।
ਅਜੇ ਝਪਕੀ ਹੀ ਆਈ ਸੀ ਕਿ ਬਾਹਰੋਂ ਕਿਸੇ ਨੇ ਬੂਹਾ ਖੜਕਾਇਆ। ਡਰ ਨਾਲ ਮੇਰੇ ਸੋਤਰ ਸੁੱਕਣ
ਲੱਗੇ- ਭਾਵੇਂ ਪੁਲਸ ਆ ਗਈ ਹੈ। ਪਰ ਬੂਹਾ ਖੋਲ੍ਹਣ ‘ਤੇ ਮੇਰਾ ਡਰ ਦੂਰ ਹੋ ਗਿਆ, ਜਦ ਸਾਹਮਣੇ
ਮੈਂ ਗੁਰਦੁਆਰੇ ਦੇ ਗ੍ਰੰਥੀ- ਓਸੇ ਮਹਾਂਪੁਰਸ਼ ਦੇ ਸੇਵਾਦਾਰ ਨੂੰ ਖੜ੍ਹਾ ਤੱਕਿਆ, ਜਿਹੜਾ
ਸਖ਼ਤ ਘਬਰਾਇਆ ਹੋਇਆ, ਤੇ ਬੜੀ ਕਾਹਲੀ ਵਿੱਚ ਜਾਪਦਾ ਸੀ।
“ਬਾਬਾ ਜੀ ਨੇ ਕਿਹਾ ਹੈ, ‘ਛੇਤੀ ਨਾਲ ਜਾ ਕੇ ਕਿਸੇ ਡਾਕਟਰ ਨੂੰ ਸੱਦ ਲਿਆਵੋ। ਕਹਿਣਾ,
ਮਲ੍ਹਮ ਪੱਟੀ ਦਾ ਸਮਾਨ ਨਾਲ ਲੈ ਕੇ ਆਵੇ।” ਇਤਨਾ ਕਹਿੰਦਾ ਹੋਇਆ ਉਹ ਸੱਜਣ ਪਿਛਲੇ ਪੈਰੀਂ
ਮੁੜ ਗਿਆ- ਕੁਝ ਪੁੱਛਣ ਗਿੱਛਣ ਦਾ ਉਸ ਮੈਨੂੰ ਮੌਕਾ ਹੀ ਨਾ ਦਿੱਤਾ।
ਮੈਂ ਸੋਚੀਂ ਪੈ ਗਿਆ, ‘ਕੀ ਬਾਬਾ ਜੀ ਕਿਤੇ ਡਿੱਗ ਢੱਠ ਪਏ ਨੇ?’
ਨਿੱਘੀ ਰਜਾਈ ‘ਚੋਂ ਉੱਠ ਕੇ ਏਡੀ ਸਰਦੀ ਤੇ ਮੀਂਹ ਵਿੱਚ ਬਾਹਰ ਨਿਕਲਣਾ ਬੜਾ ਮੁਸ਼ਕਲ ਸੀ ਪਰ
ਬਾਬਾ ਜੀ ਦਾ ਹੁਕਮ ਵੀ ਤਾਂ ਟਾਲਿਆ ਨਹੀਂ ਸੀ ਜਾ ਸਕਦਾ। ਮੰਨਿਆਂ ਕਿ ਪਿਛਲੇ ਕੁਝ ਚਿਰ ਤੋਂ
ਮੈਂ ਉਹਨਾਂ ਨਾਲ ਕਾਫ਼ੀ ਵੱਟਿਆ ਹੋਇਆਂ ਸਾਂ, ਪਰ ਉਹ ਇੱਕ ਤਾਂ ‘ਅਸੂਲੀ’ ਮੱਤ-ਭੇਦ ਸੀ ਨਾ।
ਕੀ ਏਡਾ ਅਕ੍ਰਿਤਘਣ ਵੀ ਹੋ ਸਕਦਾ ਸਾਂ ਕਿ ਕਿਸੇ ‘ਮਤਭੇਦ’ ਬਦਲੇ ਉਹਨਾਂ ਦੇ ਉਪਕਾਰਾਂ ਨੂੰ
ਵਿਸਾਰ ਦੇਂਦਾ ਜਿਹੜੇ ਉਹਨਾਂ ਮੇਰੇ ਉੱਤੇ ਕੀਤੇ ਸਨ?
ਕੱਪੜਾ ਲੱਤਾ ਪਹਿਨ ਕੇ, ਤੇ ਛੱਤਰੀ ਤਾਣ ਕੇ ਮੈਂ ਘਰੋਂ ਨਿਕਲਿਆ। ‘ਡਾਕਟਰ ਵੱਲ ਜਾਣ ਤੋਂ
ਪਹਿਲਾਂ ਇੱਕ ਵਾਰੀ ਬਾਬਾ ਜੀ ਨੂੰ ਵੇਖਦਾ ਚੱਲਾਂ’ , ਸੋਚ ਕੇ ਮੈਂ ਗੁਰਦੁਆਰੇ ਵੱਲ ਰੁਖ਼
ਕੀਤਾ- ਕੋਲ ਹੀ ਤਾਂ ਗੁਰਦੁਆਰਾ ਸੀ, ਕੁੱਲ ਪੰਦਰਾਂ ਵੀਹਾਂ ਕਦਮਾਂ ਦੀ ਵਾਟ ‘ਤੇ।
ਸੋਚਦਾ ਜਾਂਦਾ ਸਾਂ, ‘ਪਤਾ ਨਹੀਂ ਕਿਤੇ ਤਿਲਕ ਪਏ ਹੋਣ, ਜਾਂ ਹਨੇਰੇ ਵਿੱਚ ਚੜ੍ਹਦਿਆਂ
ਉੱਤਰਦਿਆਂ ਪੌੜੀਆਂ ਤੋਂ ਡਿੱਗ ਪਏ ਹੋਣ। ਸੱਟਾਂ ਜਿ਼ਆਦਾ ਹੀ ਲੱਗੀਆਂ ਹੋਣਗੀਆਂ। ਮਾੜੀ ਮੋਟੀ
ਮਲ੍ਹਮ ਪੱਟੀ ਤਾਂ ਉਹ ਆਪ ਵੀ ਕਰ ਸਕਦੇ ਸਨ।’
ਪਰ ਓਥੇ ਜਾ ਕੇ ਮੈਂ ਜੋ ਕੁਝ ਤੱਕਿਆ, ਇਸ ਨਾਲ ਮੇਰੇ ਅਸਚਰਜ ਦਾ ਕੋਈ ਠਿਕਾਣਾ ਨਾ ਹਿਰਹਾ।
ਓਹੀ ਹਿੰਦੂ ਗੱਭਰੂ- ਜਿਸ ਨੂੰ ਮੈਂ ਤੇ ਮੇਰੇ ਸਾਥੀ ਫੇਹ ਕੇ ਖੋਲੇ ਵਿੱਚ ਸੁੱਟ ਆਏ ਸਾਂ-
ਮੰਜੇ ‘ਤੇ ਫੈਲਿਆ ਹੋਇਆ ਸੀ- ਬੇ-ਮਲੂੰਮੀ ਜਿਹੀ ਹੋਸ਼ ਸੀ ਉਸ ਨੂੰ। ਕਈਆਂ ਅੰਗਾਂ ਤੇ
ਪੱਟੀਆਂ ਬੰਨ੍ਹੀਆਂ ਹੋਈਆਂ ਤੇ ਉਹਨਾਂ ਦੇ ਉੱਤੋਂ ਲਹੂ ਸਿਮ ਰਿਹਾ ਸੀ- ਖ਼ਾਸ ਕਰ ਕੇ ਮੱਥੇ
ਦੀ ਪੱਟੀ ਤੋਂ।
“ਆਇਆ ਡਾਕਟਰ?” ਬਾਬਾ ਜੀ ਨੇ ਬੜਾ ਕਾਹਲਾ ਅਤੇ ਬੇਸਬਰ ਸਵਾਲ ਕੀਤਾ ਮੇਰੇ ਉੱਤੇ। ਤੇ “ਹੁਣੇ
ਲਿਆਇਆ ਜੀ” ਕਹਿ ਕੇ ਮੈਂ ਪਿਛਲੇ ਪੈਰੀਂ ਦੌੜਿਆ ਗਿਆ ਡਾਕਟਰ ਵੱਲ।
ਇਸ ਤੋਂ ਅਗਲੀ ਵਾਰਤਾ ਕੋਈ ਮਹੱਤਵ ਭਰੀ ਨਹੀਂ, ਸਾਧਾਰਣ ਹੀ ਸਮਝੋ। ਡਾਕਟਰ ਆਇਆ, ਮਲ੍ਹਮ
ਪੱਟੀ ਨਵੇਂ ਸਿਰੇ ਹੋਈ, ਪੀਣ ਨੂੰ ਤਾਕਤ ਦੀ ਦਵਾਈ ਦਿੱਤੀ ਗਈ (ਟੀਕੇ ਦਾ ਰਿਵਾਜ ਓਦੋਂ ਨਹੀਂ
ਸੀ), ਥੋੜ੍ਹੀ ਕੁ ਮਰੀਜ਼ ਨੂੰ ਹੋਸ਼ ਆ ਗਈ, ਤੇ ਉਸ ਤੋਂ ਬਾਅਦ ਕੁਝ ਦਿਨਾਂ ਤੀਕ ਇਹੋ
ਦੁਆ-ਦਾਰੂ ਤੇ ਮਲ੍ਹਮ-ਪੱਟੀ ਦਾ ਕ੍ਰਮ ਜਾਰੀ ਰਿਹਾ। ਛੇਕੜ ਮਰੀਜ਼ ਤੰਦਰੁਸਤ ਹੋ ਕੇ ਆਪੇ ਚਲਾ
ਗਿਆ, ਜਾਂ ਉਸ ਦਾ ਕੋਈ ਸੰਬੰਧੀ ਆ ਕੇ ਉਸ ਨੂੰ ਲੈ ਗਿਆ? ਇਹ ਮੈਨੂੰ ਯਾਦ ਨਹੀਂ।
ਸਾਧਾਰਣ ਨਜ਼ਰੇ ਦੇਖਿਆਂ ਇਸ ਵਿੱਚ ‘ਘਟਨਾ’ ਵਾਲੀ ਐਸੀ ਕੋਈ ਵੀ ਗੱਲ ਨਹੀਂ ਜਾਪੇਗੀ। ਫਿ਼ਰ
ਮੇਰੇ ਲਈ, ਜਿਸ ਨੇ ਆਪ ਹੀ ਇਹ ਕਾਰਾ ਕੀਤਾ ਹੋਵੇ। ਪਰ ਜਿਹੜੀ ਗੱਲ ਨੇ ਮੇਰੇ ਲਈ ਇਸ ਨੂੰ
‘ਘਟਨਾ’ ਦਾ ਦਰਜਾ ਦੇ ਦਿੱਤਾ, ਉਹ ਇੱਕ ਹੋਰ ਹੀ ਸੀ।
ਮੇਰੇ ਪਹੁੰਚਣ ‘ਤੇ ਜਿਸ ਵੇਲੇ ਬਾਬਾ ਜੀ ਨੇ ਮਰੀਜ਼ ਵੱਲੋਂ ਧਿਆਨ ਮੋੜ ਕੇ ਮੇਰੇ ਵੱਲ
ਤੱਕਦਿਆਂ ਪੁੱਛਿਆ ਸੀ- “ਆਇਆ ਡਾਕਟਰ?” ਉਸ ਵੇਲੇ ਮੇਰੀ ਨਜ਼ਰ ਉਹਨਾਂ ਦੀਆਂ ਅੱਖਾਂ ਉੱਤੇ
ਸੀ, ਜਿਨ੍ਹਾਂ ਵਿੱਚੋਂ ਉਸ ਤੋਂ ਪਹਿਲਾਂ ਕਦੀ ਵੀ ਮੈਂ ਨਮੀ ਨਹੀਂ ਸੀ ਤੱਕੀ। ਬਲਕਿ ਇੱਥੋਂ
ਤੱਕ ਕਿ ਕੁਝ ਸਾਲ ਪਹਿਲਾਂ ਜਦ ਮੇਰੀ ਸਭ ਤੋਂ ਪਿਆਰੀ ਚੀਜ਼ ਇਸ ਦੁਨੀਆਂ ਤੋਂ ਚਲੀ ਗਈ ਸੀ
–ਮੇਰੀ ਮਾਂ। ਤੇ ਜਦ ਮੈਂ ਏਸੇ ਬਿਰਧ ਦੇ ਸਾਹਮਣੇ ਬੈਠਾਂ ਭੁੱਬੀਂ ਰੋ ਰਿਹਾ ਸਾਂ, ਤਾਂ
ਉਹਨਾਂ ਇਹ ਆਖ ਕੇ ਮੈਨੂੰ ਧਰਵਾਸ ਦੇਣ ਦਾ ਯਤਨ ਕੀਤਾ ਸੀ- “ਹਿਸ਼! ਏਡੇ ਸਿਆਣੇ ਹੋ ਕੇ
ਅੱਥਰੂ? ਮੇਰੇ ਅਣਗਿਣਤ ਰਿਸ਼ਤੇਦਾਰ ਚਲੇ ਗਏ- ਪੁੱਤਰ ਤੱਕ ਵੀ, ਪਰ ਮੈਂ ਕਦੀ ਨਹੀਂ ਰੋਇਆ।”
ਇਤਿਆਦਿ। ਪਰ ਉਸ ਵੇਲੇ ਮੈਂ ਓਸ ਬਾਬੇ ਨੂੰ, ਅੱਖਾਂ ਵਿੱਚੋਂ ਗੰਗਾ ਜਮਨਾ ਵਹਾਂਦਿਆਂ ਤੱਕਿਆ।
ਬਸ ਇਹੋ ਸਨ ਖਾਰੇ ਪਾਣੀ ਦੇ ਕੁਝ ਤੁਪਕੇ, ਜਿਨ੍ਹਾਂ ਨੇ ਓਸ ਵਾਕੇ ਨੂੰ ਮੇਰੇ ਲਈ ‘ਘਟਨਾ’
ਬਣਾ ਦਿੱਤਾ।
ਕੀਕਰ ਕਰਾਂ ਓਸ ਅਸਰ ਦੀ ਵਿਆਖਿਆ, ਜਿਹੜਾ ਓਸ ਵੇਲੇ ਮੇਰੇ ਉੱਤੇ ਹੋਇਆ। ਕੋਈ ਸਿ਼ਕਵਾ ਕਰਦੇ,
ਮੇਰੀ ਹਿਮਾਕਤ ਤੋਂ ਨਾਰਾਜ਼ ਹੋ ਕੇ ਕੁਝ ਕੌੜੀਆਂ ਕਸੈਲੀਆਂ ਸੁਣਾ ਦੇਂਦੇ, ਅਥਵਾ ਮੇਰੇ ਮੂੰਹ
‘ਤੇ ਦੋ ਚਾਰ ਚਪੇੜਾਂ ਜੜ ਦੇਂਦੇ, ਤਾਂ ਸ਼ਾਇਦ ਮੇਰਾ ਮਨ ਇਤਨਾ ਦ੍ਰਵੀਭੂਤ ਨਾ ਹੁੰਦਾ। ਪਰ
ਉਹਨਾਂ ਮੈਨੂੰ ਇਸ ਮਾਮਲੇ ਬਾਰੇ ਅਲਫੋਂ ਬੇ ਤੱਕ ਨਾ ਕਿਹਾ- ਛੁੱਟ ਇੱਕ ਕਰੁਣਾ ਭਰੀ ਤੱਕਣੀ
ਤੋਂ, ਤੇ ਛੁੱਟ ਉਹਨਾਂ ਅੱਥਰੂਆਂ ਤੋਂ ਜਿਹੜੇ ਮੈਂ ਜਾਣਦਾ ਸਾਂ ਕੇਵਲ ਮੇਰੀ ਹੀ ਕਾਲੀ ਕਰਤੂਤ
ਨੇ ਉਹਨਾਂ ਦੀਆਂ ਅੱਖਾਂ ਵਿੱਚ ਲਿਆਂਦੇ ਸਨ- ਉਹਨਾਂ ਅੱਖਾਂ ਵਿੱਚ, ਜਿਹੜੀਆਂ ਪੁੱਤਰ ਦੀ ਮੌਤ
ਵੇਲੇ ਵੀ ਨਹੀਂ ਸਨ ਭਿੱਜੀਆਂ।
-0-
|