ਪਿਛਲੇ ਸਾਲ ਰੇਸ਼ਮਾ ਅਚਾਨਕ
ਪਾਕਿਸਤਾਨ ਤੋਂ ਨਵੀਂ ਦਿੱਲੀ ਆਈ। ਕਿਸੇ ਨੂੰ ਇਸ ਦਾ ਪਤਾ ਨਹੀਂ ਸੀ। ਬਸ ਰਾਜਕੁਮਾਰੀ ਅਨੀਤਾ
ਸਿੰਘ ਨੂੰ ਬੰਬਈ ਤੋਂ ਟੈਲੀਫ਼ੂਨ ਆਇਆ ਕਿ ਪੰਜ ਵਜੇ ਹਵਾਈ ਜਹਾਜ਼ ਆ ਰਿਹਾ ਹੈ ਤੇ ਉਹ ਰੇਸ਼ਮਾ
ਨੂੰ ਹਵਾਈ ਅੱਡੇ ਤੇ ਮਿਲੇ।
ਕਪੂਰਥਲੇ ਦੇ ਸ਼ਾਹੀ ਘਰਾਣੇ ਦੀ ਰਾਜਕੁਮਾਰੀ ਅਨੀਤਾ ਸਿੰਘ ਰਾਜਾ ਪਦਮਜੀਤ ਸਿੰਘ ਦੀ ਲਾਡਲੀ
ਬੇਟੀ ਹੇ। ਮੋਟੀਆਂ ਸਿਆਹ ਅੱਖਾਂ, ਘਨਘੋਰ ਸਿਆਹ ਵਾਲ, ਚੰਪਾਈ ਰੰਗ, ਉਹ ਦਿੱਲੀ ਦੀਆਂ ਕਲਚਰਲ
ਮਹਿਫ਼ਲਾਂ ਦੀ ਜਾਨ ਹੈ। ਹਰ ਵੱਡਾ ਸੰਗੀਤਕਾਰ ਤੇ ਗਵੱਈਆ- ਵਲਾਇਤ ਖਾਂ, ਰਵੀ ਸ਼ੰਕਰ, ਕਿਸ਼ੋਰੀ
ਅਮੋਨਕਰ, ਪ੍ਰਵੀਨ ਸੁਲਤਾਨਾ, ਮੁਨੱਵਰ ਅਲੀ ਖ਼ਾਂ, ਪਾਕਿਸਤਾਨ ਤੋਂ ਆਏ ਗ਼ੁਲਾਮ ਅਲੀ ਤੇ ਤਫ਼ੈਲ
ਨਿਆਜ਼ੀ- ਅਨੀਤਾ ਸਿੰਘ ਦੇ ਘਰ ਦੀਆਂ ਮਹਿਫ਼ਲਾਂ ਵਿਚ ਬਿਰਾਜਦੇ ਰਹੇ ਹਨ। ਹਰ ਵੱਡਾ ਗਵੱਈਆ ਜੋ
ਰਾਜਧਾਨੀ ਵਿਚ ਆਉਂਦਾ ਹੈ ਅਨੀਤਾ ਸਿੰਘ ਉਹਨਾਂ ਦੀ ਖ਼ਾਤਰ ਮਦਾਰਤ ਤੇ ਉਹਨਾਂ ਦੀ ਸੰਗੀਤ
ਮਹਿਫ਼ਲ ਸਜਾਉਣ ਵਿਚ ਮੋਹਰੀ ਹੁੰਦੀ ਹੈ।
ਹੁਣ ਰੇਸ਼ਮਾ ਆ ਰਹੀ ਸੀ।
ਰੇਸ਼ਮਾ ਦਾ ਜਦੋਂ ਪਹਿਲਾ ਰਿਕਾਰਡ ‘ਹਾਏ ਓ ਰੱਬਾ, ਨਹੀਂ ਲੱਗਦਾ ਦਿਲ ਮੇਰਾ‘ 1969 ਵਿਚ ਲੰਡਨ
ਰਾਹੀਂ ਹਿੰਦੁਸਤਾਨ ਆਇਆ ਤਾਂ ਸਾਰੇ ਅੱਗ ਲੱਗ ਗਈ। ਇਹੋ ਜਿਹੀ ਆਵਾਜ਼ ਜਿਸ ਵਿਚ ਜੰਗਲੀ ਕਬੀਲੇ
ਦਾ ਹੁਸਨ ਤੇ ਦਿਲ ਨੂੰ ਧੂਹ ਪਾਉਣ ਵਾਲੀ ਹੂਕ ਸੀ, ਕਦੇ ਨਹੀਂ ਸੀ ਸੁਣੀ ਕਿਸੇ ਨੇ। ਇਸ ਵਿਚ
ਪੰਜਾਬ ਦੀ ਰੂਹ ਗੂੰਜਦੀ ਸੀ। ਜੇ ਕੋਈ ਰੇਸ਼ਮਾ ਦੇ ਗੀਤ ਨੂੰ ਸੁਣਦਾ ਦਿਲ ਫੜ ਕੇ ਬੈਠ ਜਾਂਦਾ।
ਉਹਨੀਂ ਦਿਨੀਂ ਸ਼ਿਵ ਕੁਮਾਰ ਬਟਾਲਵੀ ਨੇ ਮੈਨੂੰ ਪੁਛਿਆ, ‘‘ਤੂੰ ਸੁਣਿਐ ਰੇਸ਼ਮਾ ਦੀ ਗੀਤ? ਨੱਸ
ਗਈ ਸੱਪਣੀ, ਰੋਵੇ ਸਪੇਰਾ, ਹਾਏ ਓ ਰੱਬਾ, ਨਹੀਓ ਲਗਦਾ ਦਿਲ ਮੇਰਾ।‘ ਸ਼ਿਵ ਨੇ ਇਹ ਗੀਤ ਆਪਣੀ
ਆਵਾਜ਼ ਵਿਚ ਸੁਣਾਇਆ। ਇਸ ਵਿਚ ਅਜੀਬ ਵੈਣ ਤੇ ਦਰਦ ਸੀ ।
ਰੇਸ਼ਮਾ ਝੱਟ ਪਟ ਹੀ ਇਕ ਅਚੰਭੇ ਭਰੀ ਕਥਾ ਬਣ ਗਈ।
ਉਸ ਦੇ ਰੀਕਾਰਡ ਦੇ ਟੇਪ ਬਣੇ ਤੇ ਲੋਕਾਂ ਨੇ ਅੱਗੋਂ ਇਸ ਟੇਪ ਦੀ ਨਕਲ, ਤੇ ਟੇਪ-ਦਰ-ਟੇਪ ਦੀ
ਨਕਲ ਕਰਕੇ ਲੱਖਾਂ ਘਰਾਂ ਵਿਚ ਰੇਸ਼ਮਾ ਦਾ ਗੀਤ ਪਹੁੰਚ ਗਿਆ। ਰੇ²ਸ਼ਮਾ ਦੀ ਆਵਾਜ਼ ਵਿਚ ਇਤਨੀ
ਸ਼ਕਤੀ ਤੇ ਸੋਜ਼ ਸੀ ਕਿ ਅਸਲ ਗੀਤ ਦੀਆਂ ਨਕਲਾਂ ਵਿਚ ਵੀ ਜਾਦੂ ਭਰੀ ਕਸ਼ਿਸ਼ ਨਹੀਂ ਸੀ ਟੁੱਟੀ।
ਅਨੀਤਾ ਸਿੰਘ ਤੋਂ ਪਤਾ ਲੱਗਾ ਕਿ ਰੇ²ਸ਼ਮਾ ਅਚਾਨਕ ਹੀ ਕਰਾਚੀ ਤੋਂ ਬੰਬਈ ਆਈ। ਦਲੀਪ ਕੁਮਾਰ
ਨੂੰ ਪਤਾ ਲੱਗਾ ਤਾਂ ਉਹ ਕਾਰ ਲੈ ਕੇ ਉਸ ਦੇ ਨਿੱਕੇ ਹੋਟਲ ਵਿਚ ਉਸ ਨੂੰ ਮਿਲਣ ਗਿਆ ਤੇ ਆਖਣ
ਲੱਗਾ, ‘‘ਰੇਸ਼ਮਾ, ਮੈਂ ਤਾਂ ਤੇਰਾ ਫ਼ੈਨ ਹਾਂ।‘‘
ਦਲੀਪ ਕੁਮਾਰ ਨੇ ਰੇਸ਼ਮਾ ਤੇ ਉਸ ਦੇ ਦੋ ਰਿਸ਼ਤੇਦਾਰਾਂ ਦਾ ਫ਼ਾਈਵ ਸਟਾਰ ਹੋਟਲ ‘ਸੀ ਰਾਕ‘ ਵਿਚ
ਠਹਿਰਨ ਦਾ ਇੰਤਜ਼ਾਮ ਕਰ ਦਿੱਤਾ। ਉਸ ਦੇ ਸਾਰੇ ਖ਼ਰਚ ਵਰਚ ਦਾ ਜ਼ਿੰਮਾ ਲਿਆ। ਰਾਤ ਨੂੰ ਉਸ ਨੇ
ਪਾਲੀ ਹਿਲ ਉਤੇ ਆਪਣੇ ਬੰਗਲੇ ਵਿਚ ਰੇਸ਼ਮਾ ਲਹੀ ਇਕ ਪਾਰਟੀ ਦਿੱਤੀ ਜਿਸ ਵਿਚ ਬਹੁਤ ਸਾਰੇ
ਫ਼ਿਲਮ ਸਟਾਰ ਤੇ ਮਿਊਜ਼ਿਕ ਡਾਇਰੈਕਟਰ ਸਨ। ਸਾਇਰਾ ਬਾਨੋ ਵੱਡਾ ਥਾਲ ਲਈ ਲੋਕਾਂ ਨੂੰ ਮਿਸਰੀ
ਵੰਡ ਰਹੀ ਸੀ। ਸਾਇਰਾ ਬਾਨੋ ਦੀ ਮਾਂ ਨਸੀਮ ਬਾਨੋ ਜੋ ਕਿਸੇ ਵੇਲੇ ਆਪਣੀ ਖ਼ੂਬਸੂਰਤੀ ਲਈ
ਮਸ਼ਹੂਰ ਸੀ ਤੇ ਜਿਸ ਨੇ ‘ਪੁਕਾਰ‘ ਫ਼ਿਲਮ ਵਿਚ ਹੀਰੋਇਨ ਦਾ ਪਾਰਟ ਕੀਤਾ ਸੀ ਤੇ ਜਿਸ ਨੂੰ ‘ਪਰੀ
ਚਿਹਰਾ ਨਸੀਮ‘ ਆਖਿਆ ਜਾਂਦਾ ਸੀ, ਇਸ ਪਾਰਟੀ ਵਿਚ ਰੇਸ਼ਮਾ ਨੂੰ ਸੁਣਨ ਲਈ ਉਤਾਵਲੀ ਬੈਠੀ ਸੀ।
ਨਸੀਮ ਬਾਨੋ ਦੀ ਮਾਂ ਸ਼ਮਸ਼ਾਦ ਬਾਈ ਜੋ 1930-32 ਵਿਚ ਮਸ਼ਹੂਰ ਗਾਉਣ ਵਾਲੀ ਸੀ ਤੇ ਸ਼ਮੀਆਂ ਦੇ
ਨਾਂ ਨਾਲ ਮਸ਼ਹੂਰ ਸੀ ਸੋਟੀ ਟੇਕਦੀ ਹੋਈ ਬੁੱਢੀ ਨਾਨੀ ਦੇ ਰੂਪ ਵਿਚ ਰੇਸ਼ਮਾ ਦੀ ਆਵਾਜ਼ ਸੁਣਨ
ਨੂੰ ਬੈਠੀ ਸੀ।
ਰੇ²ਸ਼ਮਾ ਗਾ ਰਹੀ ਸੀ ਤੇ ਫ਼ਿਲਮੀ ਜਗਤ ਦੇ ਸੁਪਰ ਸਟਾਰ ਬਾਰ ਬਾਰ ਵਾਹ ਵਾਹ ਕਰਦੇ ਉਸ ਦੇ ਸਦਕੇ
ਵਾਸਤੇ ਕੀਤੀ। ਇਸ ਤੋਂ ਪਿਛੋਂ ਅਮਜਦ ਖਾਂ ਨੇ ਬਹੁਤ ਵੱਡੀ ਪਾਰਟੀ ਰੇਸ਼ਮਾ ਵਾਸਤੇ ਕੀਤੀ। ਉਸ
ਪਿਛੋਂ ਰਾਜ ਕਪੂਰ ਨੇ ਆਪਣੀ ਮਸ਼ਹੂਰ ਕਾਟੇਜ ਵਿਚ ਦਾਅਵਤ ਦਿਤੀ ਜਿਸ ਵਿਚ ਸਾਰਾ ਕਪੂਰ ਖ਼ਾਨਦਾਨ
ਤੇ ਹੋਰ ਫ਼ਿਲਮੀ ਸਿਤਾਰੇ ਮੌਜੂਦ ਸਨ। ਰੇਸ਼ਮਾ ਇਹਨਾਂ ਸੁਪਰ ਸਟਾਰਜ਼ ਸੀ ਸਟਾਰ ਸੀ।
ਰਾਤ ਦੇ ਤਿੰਨ ਵਜੇ ਤੀਕ ਰੇਸ਼ਮਾ ਗਾਉਂਦੀ ਰਹੀ। ਰਾਜ ਕਪੂਰ ਬਾਰ ਬਾਰ ਆਪਣੇ ਸੀਨੇ ਉਤੇ ਮੁੱਕੇ
ਮਾਰ ਰਿਹਾ ਸੀ ਤੇ ਆਖ ਰਿਹਾ ਸੀ, ‘‘ਹਾਏ ਓ ਰੱਬਾ! ਕੁਰਬਾਨ ਜਾਵਾਂ.... ਹਾਏ ਓ ਰੱਬਾ!‘‘ ਉਸ
ਦੀਆਂ ਅੱਖਾਂ ਵਿਚ ਖ਼ੁਸ਼ੀ ਤੇ ਦਰਦ ਦੇ ਹੰਝੂ ਸਨ।
ਕੀ ਇਹੋ ਜਿਹੀ ਆਵਾਜ਼ ਸਚਮੁਚ ਜ਼ਿੰਦਾ ਸੀ? ਕੀ ਕੋਈ ਰੇਸ਼ਮਾ ਵਾਕਿਆ ਹੀ ਮੌਜੂਦ ਸੀ? ਕੀ ਇਹ
ਹਕੀਕਤ ਸੀ?
ਮੈਂ ਸਾਰੀਆਂ ਗੱਲਾਂ ਸੋਚ ਰਿਹਾ ਸਾਂ।
ਇਕ ਦਿਨ ਤਿੰਨ ਵਜੇ ਅਨੀਤਾ ਸਿੰਘ ਦਾ ਟੈਲੀਫ਼ੂਨ ਆਇਆ ਕਿ ਮੈਂ ਫ਼ੌਰਨ ਆ ਜਾਵਾਂ। ਰੇਸ਼ਮਾ ਨੇ
ਸਾਢੇ ਤਿੰਨ ਵਜੇ ਕਿਤੇ ਜਾਣਾ ਸੀ। ਇਹੀ ਵੇਲਾ ਸੀ ਉਸ ਨੂੰ ਮਿਲਣ ਦਾ।
ਮੈਂ ਦਸ ਮਿੰਟ ਵਿਚ ਜੋਰਬਾਗ਼ ਦੇ ਗੈਸਟ ਹਾਊਸ ਵਿਚ ਪਹੁੰਚਿਆ। ਕੈਮਰਾ, ਟੇਪ ਰੀਕਾਰਡਰ ਤੇ
ਕਾਗ਼ਜ਼ ਪੈਨਸਿਲ ਨਾਲ ਲੈ ਗਿਆ ਸੀ, ਕਿਉਂਕਿ ਸ਼ਾਇਦ ਮੈਨੂੰ ਦੁਬਾਰਾ ਮੌਕਾ ਨਸੀਬ ਨਾ ਹੋਵੇ ਕਿ
ਮੈਂ ਇਸ ਜਾਦੂਭਰੀ ਟੱਪਰੀਵਾਸਣ ਨੂੰ ਮਿਲ ਸਕਾਂ।
ਦਰਬਾਨ ਨੇ ਮੇਰਾ ਨਾਉਂ ਪੁਛਿਆ ਤੇ ਕਮਰੇ ਵੱਲ ਇਸ਼ਾਰਾ ਕੀਤਾ ਕਿ ਮੈਂ ਅੰਦਰ ਚਲਾ ਜਾਵਾਂ।
ਮੈਂ ਕੈਮਰਾ ਬਾਹਰ ਹੀ ਛੱਡ ਗਿਆ। ਕੈਮਰਾ ਹੱਥ ਵਿਚ ਹੋਵੇ ਤਾਂ ਆਦਮੀ ਇਉਂ ਲਗਦਾ ਹੈ ਕਿ
ਜਿਵੇਂ ਕੋਈ ਬੰਦੂਕ ਚੁੱਕੀ ਕਿਸੇ ਜੋਗਣ ਦੇ ਦਰਸ਼ਨਾਂ ਲਈ ਜਾਵਾਂ। ਮੈਨੂੰ ਦੱਸਿਆ ਗਿਆ ਸੀ ਕਿ
ਰੇਸ਼ਮਾ ਕੈਮਰੇ ਤੇ ਟੇਪ ਰੀਕਾਰਡਰ ਤੋਂ ਬਹੁਤ ਘਬਰਾਉਂਦੀ ਹੈ।
ਦਸਤਕ ਦੇ ਕੇ ਅੰਦਰ ਦਾਖ਼ਲ ਹੋਇਆ ਤਾਂ ਦੇਖਿਆ ਉਹ ਵੱਡੇ ਪਲੰਘ ਤੇ ਬੈਠੀ ਪਾਨ ਖਾ ਰਹੀ ਸੀ। ਉਸ
ਦੇ ਨੱਕ ਵਿਚ ਹੀਰਿਆਂ ਜੜਿਆ ਲੌਂਗ ਸੀ, ਗੁੱਟ ਉੱਤੇ ਸੋਨੇ ਦਾ ਮੋਟਾ ਕੜਾ ਤੇ ਪੈਰਾਂ ਵਿਚ
ਪੰਜੇਬਾ। ਸਿਰ ਉਤੇ ਟਿਮਕਣਿਆਂ ਵਾਲੀ ਹਰੀ ਚੁੰਨੀ, ਖੁਲ੍ਹੀ ਕਮੀਜ਼ ਚੌੜੇ ਪੌਂਚਿਆਂ ਵਾਲੀ
ਸਲਵਾਰ।
ਇਕ ਪਾਸੇ ਦੋ ਆਦਮੀ ਬੈਠੇ ਸਨ, ਸਲੇਟੀ ਸਲਵਾਰ ਤੇ ਕੁੜਤਾ ਪਾਈ- ਉਸਦੇ ਰਿਸ਼ਤੇਦਾਰ ਜੋ
ਪਾਕਿਸਤਾਨ ਤੋਂ ਉਸ ਦੇ ਨਾਲ ਆਏ ਸਨ। ਅਨੀਤਾ ਸਿੰਘ ਨਾਲ ਦੀ ਮੰਜੀ ਉਤੇ ਬੈਠੀ ਸੀ।
ਮੇਰੇ ਬਾਰੇ ਅਨੀਤਾ ਸਿੰਘ ਨੇ ਪਹਿਲਾਂ ਹੀ ਰੇਸ਼ਮਾ ਨੂੰ ਦੱਸ ਦਿੱਤਾ ਸੀ। ਰੇਸ਼ਮਾ ਮੈਨੂੰ ਦੇਖ
ਕੇ ਖੜੀ ਹੋ ਗਈ ਤੇ ਉਸ ਨੇ ਆਪਣੇ ਦੋਵੇਂ ਹੱਥ ਅੱਗੇ ਕਰ ਦਿੱਤੇ। ਮੈਂ ਉਸ ਦੇ ਹੱਥਾਂ ਨੂੰ
ਸਤਿਕਾਰ ਨਾਲ ਫੜਿਆ ਤੇ ਝੁਕ ਕੇ ਆਖਿਆ, ‘‘ਬਹੁਤ ਖ਼ੁਸ਼ੀ ਹੋਈ ਤੁਹਾਨੂੰ ਮਿਲ ਕੇ।‘‘
‘‘ਤਸ਼ਰੀਫ਼ ਰਖੋ,‘‘ ਉਹ ਬੋਲੀ।
ਉਸ ਦੇ ਪਹਿਲੇ ਬੋਲ ਹੀ ਗੂੰਜਵੇਂ ਸਨ।
ਅਸੀਂ ਗੱਲਾਂ ਕਰਨ ਲੱਗੇ।
ਰੇਸ਼ਮਾ ਦਾ ਸਰੀਰ ਭਰਵਾਂ, ਨੈਣ ਨਕਸ਼ ਤਿੱਖੇ, ਅੱਖਾ ਕਰੰਜੀ ਜੋ ਰੇਗਿਸਤਾਨ ਵਿਚ ਰਹਿਣ ਵਾਲੇ
ਦੀਆਂ ਹੁੰਦੀਆ ਹਨ। ਉਸ ਦੇ ਬੁੱਲ੍ਹਾਂ ਉੱਤੇ ਟੱਪਰੀਵਾਸਣਾਂ ਦਾ ਖੁੱਲ੍ਹਾ ਅੰਦਾਜ਼ ਸੀ, ਸੁਭਾਅ
ਖੁੱਲ੍ਹਾ ਡੁੱਲ੍ਹਾ ਜਿਸ ਉੱਤੇ ਆਧੁਨਿਕ ਕਲਚਰ ਦਾ ਕੋਈ ਲੇਪ ਨਹੀਂ ਸੀ।
ਉਸ ਨੂੰ ਦੇਖ ਕੇ ਤੇ ਮਿਲ ਕੇ ਅਹਿਸਾਸ ਹੋਇਆ ਜਿਵੇਂ ਮੈਂ ਇਸ ਔਰਤ ਨੂੰ ਬਹੁਤ ਵਾਰ ਦੇਖਿਆ
ਹੈ। ਉਸ ਦੀ ਸ਼ੁਹਰਤ ਦਾ ਸ਼ਾਹਨਾ ਰੋਹਬ ਫ਼ੌਰਨ ਹੀ ਮਿਟ ਗਿਆ ਤੇ ਉਹ ਤਕੜੇ ਜੁੱਸੇ ਵਾਲੀ
ਸਿਕਲੀਗਰਨੀ ਜਾਪਣ ਲੱਗੀ।
ਥੋੜ੍ਹੀਆਂ ਜਿਹੀਆਂ ਰਸਮੀ ਗੱਲਾਂ ਹੋਣ ਪਿਛੋਂ ਉਸ ਪੁØਛਿਆ, ‘‘ਕੀ ਪੀਓਗੇ? ਠੰਢਾ ਕਿ ਗਰਮ?‘‘
ਮੈਂ ਆਖਿਆ, ‘‘ਠੰਢਾ।‘‘
ਉਸ ਪਲੰਘ ਉੱਤੇ ਬੈਠੀ ਨੇ ਨੌਕਰ ਨੂੰ ਆਖਿਆ, ‘‘ਬਲਵੰਤ ਜੀ ਲਈ ਵਿਮਟੋ ਲੈ ਆਉ।‘‘
ਅਨੀਤਾ ਸਿੰਘ ਬੋਲੀ, ‘‘ਵਿਮਟੋ ਨਹੀਂ, ਲਿਮਕਾ।‘‘
ਰੇ²ਸ਼ਮਾ ਨੇ ਸ਼ਾਇਦ ਬਚਪਨ ਵਿਚ ਕਿਸੇ ਮੇਲੇ ਵਿਚ ਵਿਮਟੋ ਪੀਤਾ ਹੋਵੇਗਾ ਜਾਂ ਸੁਣਿਆ ਹੋਵੇਗਾ।
ਉਸ ਨੂੰ ਕੋਕਾ ਕੋਲਾ, ਲਿਮਕਾ, ਫੈਂਟਾ- ਸਭ ਵਿਮਟੋ ਲਗ ਰਹੇ ਸਨ।
ਮੈਂ ਪੁਛਿਆ, ‘‘ਤੁਸੀਂ ਗਾਣਾ ਕਿਥੋਂ ਸਿਖਿਆ?‘‘
‘‘ਅੱਲਾ ਨੇ ਦਿਤਾ ਹੈ।‘‘
‘‘ਮੇਰਾ ਮਤਲਬ ਹੈ ਤੁਹਾਡੀ ਏਨੀ ਮੰਝੀ ਹੋਈ ਆਵਾਜ਼ ਹੈ, ਇਹ ਬਗ਼ੈਰ ਸਿੱਖੇ ਜਾਂ ਰਿਆਜ਼ ਦੇ
ਮੁਮਕਿਨ ਨਹੀਂ ਹੈ।‘‘
‘‘ਅੱਲਾ ਜਾਣਦਾ ਹੈ ਕਿ ਮੈਂ ਕਿਤੇ ਨਹੀਂ ਸਿਖਿਆ। ਅਸੀਂ ਬੀਕਾਨੇਰ ਦੇ ਰਹਿਣ ਵਾਲੇ ਹਾਂ....
ਰਾਜਸਥਾਨ ਦੇ, ਰੇਗਿਸਤਾਨ ਦੇ। ਰਤਨ ਗੜ੍ਹ ਦਾ ਨਾਂ ਸੁਣਿਆ ਹੋਵੇਗਾ ਤੁਸੀਂ? ਉਸ ਤੋਂ ਤਿੰਨ
ਮੀਲ ਸਾਡਾ ਪਿੰਡ ਸੀ। ਮੇਰਾ ਬਾਪ ਵਪਾਰ ਕਰਦਾ ਸੀ ਘੋੜਿਆਂ ਤੇ ਊਠਾਂ ਦਾ। ਅਸੀਂ ਬਣਜਾਰੇ
ਹਾਂ। ਅੱਜ ਇੱਥ ਤੇ ਕਲ੍ਹ ਉਥੇ। ਜਦ ਸਾਡਾ ਕਾਫ਼ਲਾ ਚਲਦਾ ਤਾਂ ਜਿਥੇ ਰਾਤ ਪੈ ਜਾਂਦੀ ਉਥੇ
ਅਸੀਂ ਡੇਰਾ ਲਾ ਲੈਂਦੇ ਤੇ ਤਾਰਿਆਂ ਹੇਠ ਸੌਂ ਜਾਂਦੇ। ਸਾਡੇ ਕਬੀਲੇ ਦੇ ਪੰਦਰਾਂ ਵੀਹ ਟੱਬਰ
ਸਨ ਤੇ ਡੇਢ ਦੋ ਸੌ ਜੀਅ। ਸਾਰੇ ਇਕੱਠੇ ਹੀ ਤੁਰਦੇ ਰਹਿੰਦੇ ਤੇ ਆਪਸ ਵਿਚ ਦੇ ਸ਼ਗਨਾਂ
ਤਿਉਹਾਰਾਂ ਨੂੰ ਮਨਾਉਂਦੇ। ਚਾਰ ਚਾਰ ਸੌ ਮੀਲ ਲੰਮਾ ਸਫ਼ਰ ਕੀਤਾ ਇਕੋ ਵੇਲੇ। ਪੈਦਲ। ਰੇਤ
ਵਿਚ। ਬੀਕਾਨੇਰ ਤੋਂ ਬਹਾਵਲਪੁਰ, ਮੁਲਤਾਨ, ਸਿੰਧ, ਹੈਦਰਾਬਾਦ। ਊਠਾਂ ਦੀਆਂ ਘੰਟੀਆਂ ਵਜਦੀਆਂ
ਤੇ ਮੈਂ ਉੱਚੀ ਆਵਾਜ਼ ਵਿਚ ਗਾਉਂਦੀ ਮੀਲਾਂ ਤੱਕ ਤੁਰੀ ਜਾਂਦੀ। ਖੁੱਲ੍ਹੀ ਫ਼ਿਜ਼ਾ ਵਿਚ ਗਾਣ ਦਾ
ਆਪਣਾ ਹੀ ਮਜ਼ਾ ਹੈ। ਅੱਲਾ ਤੁਹਾਡੇ ਨਾਲ ਹੁੰਦਾ ਹੈ।
‘‘ਮੈਂ ਬੀਆਬਾਨ ਤੇ ਉਜਾੜ ਵਿਚ ਗਾਉਣ ਦੀ ਆਦੀ ਸਾਂ। ਮੈਂ ਬੰਦ ਕਮਰੇ ਵਿਚ ਬੈਠ ਕੇ ਗਾਉਣ
ਬਾਰੇ ਸੋਚ ਹੀ ਨਹੀਂ ਸਾਂ ਸਕਦੀ। ਮੈਂ ਕੋਈ ਰਿਆਜ਼ ਨਹੀਂ ਕੀਤੀ। ਰਿਆਜ਼ ਕਰਨ ਨਾਲ ਕੀ ਹੁੰਦਾ
ਹੈ। ਜੇ ਤੁਹਾਡੇ ਅੰਦਰ ਸੁਰ ਨਹੀਂ ਤਾਂ ਸਾਰੀ ਉਮਰ ਰਿਆਜ਼ ਕਰਦੇ ਰਹੋ ਕੁਝ ਨਹੀਂ ਬਣਦਾ। ਇਹ
ਅੱਲਾ ਦੀ ਦੇਣ ਹੈ ਜਿਸ ਨੂੰ ਚਾਹੇ ਬਖ਼ਸ਼ ਦੇਵੇ।‘‘
ਥੋੜ੍ਹੀ ਦੇਰ ਰੁਕ ਕੇ ਬੋਲੀ, ‘‘ਅੱਲਾ ਜਾਣਦਾ ਹੈ ਮੈਨੂੰ ਇਹ ਨਹੀਂ ਪਤਾ ਕਿ ਮੈਂ ਕਦੋਂ
ਗਾਉਣਾ ਸ਼ੁਰੂ ਕੀਤਾ। ਬਚਪਨ ਤੋਂ ਹੀ ਸ਼ੌਕ ਸੀ। ਮੇਲਿਆਂ ਵਿਚ ਅਸੀਂ ਘੋੜੇ ਤੇ ਊਠ ਵੇਚਣ ਜਾਂਦੇ
ਤਾਂ ਉਥੇ ਮੈਂ ਕੱਵਾਲੀਆਂ ਸੁਣਦੀ ਜਾਂ ਕੋਈ ਖੇਡਾਂ ਜਾਂ ਤਮਾਸ਼ਾ ਹੋ ਰਿਹਾ ਹੁੰਦਾ ਤੇ ਉਸ ਦੇ
ਗੀਤ ਸੁਣਦੀ। ਮੈਂ ਸੋਚਦੀ, ਰੇਸ਼ਮਾ ਇਹ ਲੋਕ ਕਿੰਨਾ ਚੰਗਾ ਗਾਉਂਦੇ ਨੇ। ਰੱਬ ਕਰੇ ਰੇਸ਼ਮਾ ਤੂੰ
ਵੀ ਇਸ ਤਰ੍ਹਾਂ ਕਦੇ ਗਾ ਸਕੇਂ। ਤੇਰਾ ਵੀ ਕਦੇ ਨਾਂ ਹੋਵੇ। ਮੈਂ ਸੁਣ ਸੁਣ ਕੇ ਹੀ ਗਾਣਾ
ਸਿਖਿਆ। ਤੁਰਦੀ ਫਿਰਦੀ ਰੇਸਿਸਤਾਨਾਂ ਨੂੰ ਗਾਹੁੰਦੀ ਮੈਂ ਉੱਚੀ ਆਵਾਜ਼ ਵਿਚ ਗੀਤ ਗਾਉਂਦੀ ਸੀ।
ਕੀ ਪਤਾ ਸੀ ਕਿ ਕਿਸੇ ਦਿਨ ਬਣਜਾਰਨ ਲੰਡਨ ਦੇ ਵੱਡੇ ਸਟੂਡੀਓ ਵਿਚ ਗਾਵੇਗੀ ਤੇ ਨਿਊਯਾਰਕ ਵਿਚ
ਪ੍ਰੋਗਰਾਮ ਕਰੇਗੀ। ਮੈਂ ਅੱਲਾ ਦੀ ਸ਼ੁਕਰਗੁਜ਼ਾਰ ਹਾਂ। ਮੇਰੇ ਗਲੇ ਵਿਚ ਅੱਲਾ ਵਸਦਾ ਹੈ। ਮੇਰੇ
ਸਾਹ ਵਿਚ ਉਸ ਦਾ ਸਾਹ ਹੈ। ਉਸੇ ਦਾ ਕਰਮ ਤੇ ਉਸੇ ਦਾ ਫ਼ਜ਼ਲ।‘‘
ਰੇਸ਼ਮਾ ਦੀ ਕਹਾਣੀ ਹੁਣ ਸਭ ਨੂੰ ਪਤਾ ਹੈ। ਉਸ ਦੇ ਵੱਡੇ-ਵੱਡੇ ਰਾਜਸਥਾਨ ਦੇ ਰਹਿਣ ਵਾਲੇ ਸਨ।
ਇਕ ਵਾਰ ਉਹਨਾਂ ਦਾ ਕਾਫ਼ਲਾ ਪਿਸ਼ਾਵਰ ਉਤਰਿਆ ਤਾਂ ਉਥੇ ਹੀ ਰੇਸ਼ਮਾ ਪੈਦਾ ਹੋਈ। ਦੇਸ਼ ਦੀ ਵੰਡ
ਵੇਲੇ ਉਸ ਦੀ ਉਮਰ ਦੋ ਸਾਲ ਦੀ ਸੀ। ਉਹ ਖ਼ੇਮਿਆਂ ਤੇ ਕਾਫ਼ਲਿਆਂ ਵਿਚ ਜਵਾਨ ਹੋਈ। ਉਹ ਇੱਕੀ
ਸਾਲ ਦੀ ਸੀ ਜਦੋਂ ਉਸ ਨੇ ਆਪਣੇ ਭਰਾ ਦੀ ਮੰਨਤ ਮੰਨੀ। ਉਹਨਾਂ ਦਾ ਕਾਫ਼ਲਾ ਹੈਦਰਾਬਾਦ ਸਿੰਧ
ਗਿਆ ਤੇ ਉਹ ਪਿੰਡ ਸੇਵਨ ਵਿਚ ਸ਼ਾਹ ਕਲੰਦਰ ਦੇ ਮਜ਼ਾਰ ਉਤੇ ਗਈ। ਉਥੇ ਉਸ ਨੇ ਕੱਵਾਲੀ ਗਾਈ।
ਕੱਵਾਲੀ ਦੇ ਬੋਲ ਤੇ ਧੁਨ ਉਸ ਨੇ ਖ਼ੁਦ ਹੀ ਘੜੀ ਸੀ ਤੇ ਇਹ ਸੀ : ਦਮਾ ਦਮ ਕਸਤ ਕਲੰਦਰ। ਇਸ
ਮੌਕੇ ਉੱਤੇ ਸ਼ਰਧਾਲੂਆਂ ਵਿਚ ਪਾਕਿਸਤਾਨ ਰੇਡੀਓ ਦੇ ਡਾਇਰੈਕਟਰ ਸਲੀਮ ਗਿਲਾਨੀ ਵੀ ਮੌਜੂਦ ਸਨ।
ਸਲੀਮ ਗਿਲਾਨੀ ਇਹ ਆਵਾਜ਼ ਸੁਣ ਕੇ ਹੈਰਾਨ ਰਹਿ ਗਿਆ ਤੇ ਉਸ ਨੇ ਆਖਿਆ, ‘‘ਤੂੰ ਬਹੁਤ ਸੁਹਣਾ
ਗਾਉਂਦੀ ਹੈਂ। ਤੇਰਾ ਨਾਂ ਕੀ ਐ ਕੁੜੀਏ?‘‘ ਰੇਸ਼ਮਾ ਨੇ ਆਪਣਾ ਨਾਂ ਦੱਸਿਆ ਤਾਂ ਸਲੀਮ ਗਿਲਾਨੀ
ਨੇ ਪੁਛਿਆ, ‘‘ਰੇਡੀਓ ਉੱਤੇ ਗਾਵੇਂਗੀ?‘‘ ਰੇਸ਼ਮਾ ਨੇ ਆਖਿਆ, ‘‘ਮੈਨੂੰ ਨਹੀਂ ਪਤਾ।‘‘
ਗਿਲਾਨੀ ਨੇ ਆਪਣਾ ਕਾਰਡ ਤੇ ਪਤਾ ਦਿਤਾ ਤੇ ਆਖਿਆ ਕਿ ਉਸ ਦੇ ਟੱਬਰ ਦੇ ਸਾਰੇ ਲੋਕਾਂ ਦਾ
ਕਿਰਾਇਆ ਤੇ ਖ਼ਰਚ ਵਰਚ ਰੇਡੀਓ ਪਾਕਿਸਤਾਨ ਦੇਵੇਗਾ ਜੇ ਉਹ ਕਰਾਚੀ ਜਾ ਕੇ ਰੇਡੀਓ ਉੱਤੇ ਗਾਵੇ।
ਰੇਸ਼ਮਾ ਨੇ ਕਾਰਡ ਆਪਣੀ ਕੁੜਤੀ ਦੀ ਜੇਬ ਵਿਚ ਰਖ ਲਿਆ। ਤੇ ਆਖਿਆ, ‘ਅੱਛਾ।‘
ਇਸ ਪਿਛੋਂ ਉਹਨਾਂ ਦਾ ਕਾਫ਼ਲਾ ਤੁਰ ਗਿਆ।
ਦੋ ਸਾਲਾਂ ਪਿਛੋਂ ਕਾਫ਼ਲਾ ਘੁੰਮਦਾ ਘੁਮਾਉਂਦਾ ਮੁਲਤਾਨ ਆਇਆ। ਰੇਸ਼ਮਾ ਦੇ ਅੱਬਾ, ਤੇ ਮਾਂ ਤੇ
ਟੱਬਰ ਦੇ ਲੋਕਾਂ ਨੇ ਸੋਚਿਆ, ਕਰਾਚੀ ਸ਼ਾਹਿਰ ਬਹੁਤ ਸੁਹਣਾ ਤੇ ਵੱਡਾ ਸੁਣੀਂਦਾ ਹੈ। ਉਥੇ
ਚਲੀਏ ਤੇ ਚੱਲ ਕੇ ਸ਼ਹਿਰ ਦੇਖੀਏ।
ਉਹ ਕਰਾਚੀ ਆਏ ਤਾਂ ਰੇਸ਼ਮਾ ਨੇ ਸਲੀਮ ਗਿਲਾਨੀ ਦਾ ਪੁਰਾਣਾ ਕਾਰਡ ਕੱਢ ਕੇ ਰੇਡੀਓ ਦਾ ਪਤਾ
ਕੀਤਾ ਤੇ ਪੁਛਦੇ ਪੁਛਾਉਂਦੇ ਇਹ ਲੋਕ ਰੇਡੀਓ ਦੇਖਣ ਆ ਗਏ। ਉਥੇ ਦਰਬਾਨ ਨੇ ਅੰਦਰ ਨਾ ਜਾਣ
ਦਿਤਾ। ਬਹੁਤ ਮਿੰਨਤਾਂ ਕੀਤੀਆਂ ਤੇ ਆਖਿਆ ਕਿ ਉਸ ਨੂੰ ਸਲੀਮ ਗਿਲਾਨੀ ਨੇ ਬੁਲਾਇਆ ਹੈ। ਇਕ
ਕਰਮਚਾਰੀ ਨੇ ਪੁਛਿਆ, ‘‘ਕਦੋਂ? ‘ਦੋ ਸਾਲ ਹੋਏ‘ ਰੇਸ਼ਮਾ ਨੇ ਆਖਿਆ। ਉਹ ਕਰਮਚਾਰੀ ਬੋਲਿਆ,
‘ਬਹੁਤ ਛੇਤੀ ਆ ਗਏ ਤੁਸੀਂ।‘ ਕੁਝ ਲੋਕ ਹੱਸ ਪਏ। ਆਖ਼ਰ ਰੇਸ਼ਮਾ ਤੇ ਉਸਦਾ ਟੱਬਰ ਸਲੀਮ ਗਿਲਾਨੀ
ਨੂੰ ਮਿਲਿਆ ਤਾਂ ਉਹ ਰੇਸ਼ਮਾ ਨੂੰ ਦੇਖ ਕੇ ਬਹੁਤ ਖ਼ੁ²ਸ਼ ਹੋਇਆ। ਰੇਸ਼ਮਾ ਨੂੰ ਸਟੂਡੀਓ ਵਿਚ
ਲਿਜਾ ਕੇ ਗਾਉਣ ਲਈ ਆਖਿਆ ਤਾਂ ਰੇਸ਼ਮਾ ਬੋਲੀ, ‘‘ਮੈਂ ਮਜ਼ਾਰ ਉੱਤੇ ਹੀ ਗਾ ਸਕਦੀ ਹਾਂ ਤੇ ਉਸੇ
ਤਰ੍ਹਾਂ ਹੀ ਗਾਵਾਂਗੀ।‘‘
ਰੇਸ਼ਮਾ ਦੇ ਕਈ ਗਾਣੇ ਰੇਡੀਓ ਡਾਇਰੈਕਟਰ ਨੇ ਰੀਕਾਰਡ ਕਰ ਲਏ। ਇਕ ਫ਼ੋਟੋਗਰਾਫਰ ਨੇ ਰੇਸ਼ਮਾ ਦਾ
ਫ਼ੋਟੋ ਵੀ ਲਿਆ। ਇਸ ਤੋਂ ਉਹ ਨਾਰਾਜ਼ ਹੋ ਗਈ ਤੇ ਕਾਫ਼ਲੇ ਨਾਲ ਚਲੀ ਗਈ।
ਰੇਸ਼ਮਾ ਦੇ ਗਾਣੇ ਬ੍ਰਾਡਕਾਸਟ ਹੋਏ ਤਾਂ ਸਾਰੇ ਪਾਕਿਸਤਾਨ ਵਿਚ ਇਸ ਆਵਾਜ਼ ਦੀ ਸ਼ੁਹਰਤ ਫੈਲ ਗਈ।
ਇਸ ਆਵਾਜ਼ ਵਿਚ ਅਜੀਬ ਦਰਦ ਸੀ। ਇਕ ਚੀਸ, ਫ਼ਿਜ਼ਾ ਵਿਚ ਗੂੰਜਦੀ ਟੂਣੇਹਾਰੀ ਕਸ਼ਿਸ਼।
ਪਰ ਰੇਸ਼ਮਾ ਦਾ ਕੋਈ ਪਤਾ ਨਾ ਲਗਿਆ ਕਿ ਉਹ ਕਿਥੇ ਹੈ। ਉਸ ਦਾ ਨਾ ਕੋਈ ਘਰ ਸੀ, ਨਾ ਪਤਾ, ਨਾ
ਪੱਕਾ ਡੇਰਾ। ਕਾਫ਼ਲਾ ਤੁਰਦਾ ਗਿਆ ਤੇ ਰੇਸ਼ਮਾ ਆਪਣੀ ਸ਼ੁਹਰਤ ਤੋਂ ਬੇਖ਼ਬਰ ਸੀ।
ਫਿਰ ਸਲੀਮ ਗਿਲਾਨੀ ਵਲੋਂ ਇਸ਼ਤਿਹਾਰ ਛਪਿਆ ਜਿਸ ਵਿਚ ਰੇਸ਼ਮਾ ਦੀ ਤਸਵੀਰ ਵੀ ਸੀ ਜੇ ਕੋਈ ਇਸ
ਕੁੜੀ ਦੀ ਖ਼ਬਰ ਦੇਵੇਗਾ ਉਸ ਨੂੰ ਦੋ ਹਜ਼ਾਰ ਰੁਪਿਆ ਇਨਾਮ ਮਿਲੇਗਾ। ਰੇਸ਼ਮਾ ਦੀ ਤਸਵੀਰ ਬਹੁਤ
ਸਾਰੇ ਰਿਸਾਲਿਆਂ ਵਿਚ ਛਪੀ।
ਜਦੋਂ ਰੇਸ਼ਮਾ ਦਾ ਕਾਫ਼ਲਾ ਤੁਰਦਾ ਫਿਰਦਾ ਮੁਲਤਾਨ ਆਇਆ ਤਾਂ ਉਥੇ ਉਸ ਨੇ ਇਕ ਰਸਾਲੇ ਉੱਤੇ
ਆਪਣੀ ਤਸਵੀਰ ਦੇਖੀ। ਉਹ ਦੁਪੱਟਾ, ਉਹੀ ਝੁਮਕੇ। ਰੇਸ਼ਮਾ ਨੇ ਪੁਛਗਿਛ ਕੀਤੀ ਕਿਉਂਕਿ ਉਹ ਖ਼ੁਦ
ਨਹੀਂ ਸੀ ਪੜ੍ਹ ਸਕਦੀ। ਲੋਕਾਂ ਦੇ ਕਹਿਣ ਉਤੇ ਉਸ ਨੇ ਉਰਦੂ ਵਿਚ ਇਕ ਚਿੱਠੀ ਸਲੀਮ ਗਿਲਾਨੀ
ਨੂੰ ਲਿਖਵਾਈ। ਕਬੀਲੇ ਦੇ ਲੋਕ ਰੇਸ਼ਮਾ ਦਾ ਫ਼ੋਟੋ ਦੇਖ ਕੇ ਨਾਰਾਜ਼ ਹੋਏ ਕਿ ਕਿਉਂ ਉਹਨਾਂ ਦੀ
ਬੇਟੀ ਦਾ ਫ਼ੋਟੋ ਬਾਜ਼ਾਰਾਂ ਵਿਚ ਵਿਕ ਰਿਹਾ ਸੀ। ਥੋੜੇ ਦਿਨਾ ਪਿਛੋਂ ਸਲੀਮ ਗਿਲਾਨੀ ਦਾ ਜਵਾਬ
ਆਇਆ ਤੇ ਉਸ ਨੇ ਫਿਰ ਰੇਸ਼ਮਾ ਨੂੰ ਰੇਡੀਓ ਉਤੇ ਗਾਉਣ ਲਈ ਮਿੰਨਤ ਕੀਤੀ ਤੇ ਰੇਸ਼ਮਾ ਮੰਨ ਗਈ।
ਮੇਰੇ ਨਾਲ ਜੋਰਬਾਗ਼ ਦੇ ਗੈਸਟ ਹਾਊਸ ਵਿਚ ਬੈਠੀ ਗੱਲਾਂ ਕਰਦੀ ਰੇਸ਼ਮਾ ਨੇ ਆਖਿਆ:
‘‘ਬਲਵੰਤ ਜੀ, ਮੈਂ ਤਾਂ ਬਣਜਾਰਨ ਸਾਂ। ਖੱਦਰ ਸਾਂ, ਲੋਕਾਂ ਨੇ ਰੇਸ਼ਮ ਬਣਾ ਦਿਤਾ। ਤੁਹਾਡੇ
ਜਿਹੇ ਭਰਾਵਾਂ ਤੇ ਭੈਣਾਂ ਦੀ ਮੈਂ ਸ਼ੁਕਰਗੁਜ਼ਾਰ ਹਾਂ। ਮੈਂ ਪਾਕਿਸਤਾਨ ਦੀ ਸ਼ੁਗਰਗੁਜ਼ਾਰ ਹਾਂ
ਜਿਸ ਨੇ ਮੈਨੂੰ ਥਲਾਂ ਵਿਚੋਂ ਢੂੰਡ ਕੇ ਰੇਸ਼ਮਾ ਬਣਾ ਦਿਤਾ। ਤੁਸੀਂ ਸੁਣੋਗੇ ਕੁਝ? ਮੇਰੇ ਕੋਲ
ਵਾਜਾ ਨਹੀਂ। ਮੈਂ ਇਥੇ ਗਾਉਣ ਨਹੀਂ ਆਈ। ਆਪਣੇ ਰਿਸ਼ਤੇਦਾਰਾਂ ਨੂੰ ਮਿਲਣ। ਕੁਝ ਬੰਬਈ ਵਿਚ ਸਨ
ਤੇ ਕੁਝ ਦਿੱਲੀ ਵਿਚ ਹਨ ਤੇ ਬਾਕੀ ਦੇ ਮੇਰੇ ਪਿੰਡ ਰਤਨਗੜ੍ਹ ਦੇ ਨੇੜੇ। ਮੇਰੇ ਅੱਬਾ ਨੇ
ਆਖਿਆ ਸੀ ਕਿ ਮੈਂ ਆਪਣੇ ਪਿੰਡ ਜ਼ਰੂਰ ਜਾਵਾਂ। ਜੀਅ ਕਰਦਾ ਹੈ ੳਸ ਥਾਂ ਨੂੰ ਦੇਖਾਂ ਜਿਥੇ
ਮੇਰੇ ਦਾਦੇ ਤੇ ਪੜਦਾਦੇ ਦੀਆਂ ਕਬਰਾਂ ਹਨ... ਉਸ ਰੇਤ ਨੂੰ ਹੱਥ ਲਾਉਣ ਨੂੰ ਜੀ ਕਰਦਾ ਹੈ
ਜਿਥੇ ਉਹ ਸੁੱਤੇ ਪਏ ਹਨ.... ਉਸੇ ਸ਼ਹਿਰ ਵਿਚ ਸਾਹ ਲੈਣ ਲਈ... ਮੈਂ ਪੈਂਤੀ ਸਾਲਾਂ ਪਿਛੋਂ
ਪਹਿਲੀ ਵਾਰ ਹਿੰਦੁਸਤਾਨ ਆਈ ਹਾਂ ਤੇ ਇਥੇ ਮੈਨੂੰ ਬਹੁਤ ਪਿਆਰ ਮਿਲਿਆ ਹੈ। ਬੰਬਈ ਵਿਚ ਦਲੀਪ
ਕੁਮਾਰ ਸਾਹਿਬ ਨੂੰ ਮਿਲਣ ਨੂੰ ਜੀਅ ਕਰਦਾ ਸੀ ਤੇ ਉਹ ਮੇਰੇ ਨਿੱਕੇ ਹੋਟਲ ਵਿਚ ਆਏ ਤੇ ਮੈਨੂੰ
ਨਾਲ ਲੈ ਗਏ। ਰਾਜ ਕਪੂਰ ਸਾਹਿਬ ਦਾ ਜਵਾਬ ਨਹੀਂ। ਉਹਨਾਂ ਦੇ ਪੁੱਤ ਨੇ ਮੈਨੂੰ ਆਪਣੀ ਨਵੀਂ
ਫ਼ਿਲਮ ਦਿਖਾਈ। ਕੀ ਨਾਂ ਹੈ ਉਹਨਾਂ ਦੇ ਪੁੱਤ ਦਾ? ਤੇ ਅਮਜ਼ਦ ਖਾਂ ਤੇ ਕਲਿਆਣ ਜੀ ਆਨੰਦ ਜੀ ਤੇ
ਹੋਰ ਬਹੁਤ ਸਾਰੇ ਲੋਕ। ਕਿਸ ਕਿਸ ਦਾ ਨਾਂ ਲਵਾਂ? ਤੇ ਰਾਜ ਕੁਮਾਰੀ ਅਨੀਤਾ ਮੇਰੀ ਦੇਖ ਭਾਲ
ਕਰ ਰਹੀ ਹੈ ਇਥੇ ਦਿੱਲੀ ਵਿਚ। ਇਹ ਮੇਰੀ ਭੈਣ ਹੈ... ਮੈਂ ਇਥੇ ਰਿਸ਼ਤੇਦਾਰਾਂ ਨੂੰ ਮਿਲਣ ਆਈ
ਹਾਂ, ਗਾਉਣ ਨਹੀਂ ਆਈ। ਮੈਂ ਹਜ਼ਰਤ ਨਿਜ਼ਾਮ-ਉ-ਦੀਨ ਔਲੀਆ ਦੀ ਦਰਗਾਹ ਉਤੇ ਗਈ। ਉਹਨਾਂ ਦੇ
ਹਜ਼ੂਰ ਵਿਚ ਹਾਜ਼ਰੀ ਭਰੀ। ਨਿਆਜ਼ ਵੰਡੀ। ਚਾਦਰ ਚਾੜ੍ਹੀ। ਹਜ਼ਰਤ ਅਮੀਰ ਖ਼ੁਸਰੋ ਦੇ ਦਰਬਾਰ ਵਿਚ
ਵੀ ਗਈ। ਕਲ੍ਹ ਮੈਂ ਗ਼ਾਲਿਬ ਨੂੰ ਮਿਲਣ ਗਈ ਸਾਂ। ਬੜਾ ਸਕੂਨ ਮਿਲਿਆ। ਬੜਾ ਪਿਆਰ ਮਿਲਿਆ। ਬਸ
ਤਿੰਨ ਚਾਰ ਦਿਨਾਂ ਵਿਚ ਮੈਂ ਅਜਮੇਰ ਸ਼ਰੀਫ਼ ਜਾਵਾਂਗੀ, ਗ਼ਰੀਬ ਨਿਵਾਜ਼ ਦੇ ਦਰਬਾਰ ਵਿਚ ਹਾਜ਼ਰੀ
ਭਰਨ ਤੇ ਨਿਆਜ਼ ਵੰਡਣ। ਮੈਨੂੰ ਪੀਰਾਂ ਫ਼ਕੀਰਾਂ ਤੇ ਔਲੀਆਵਾਂ ਨਾਲ ਅਕੀਦਤ ਹੈ। ਜਦ ਮੈਂ
ਗਾਉਂਦੀ ਹਾਂ ਤਾਂ ਉਹਨਾਂ ਦਾ ਸਾਇਆ ਮੇਰੇ ਸਿਰ ਉਤੇ ਹੁੰਦਾ ਹੈ।‘‘
ਮੈਂ ਆਖਿਆ, ‘‘ਰੇਸ਼ਮਾ ਜਦ ਨੂੰ ਹੀਰ ਗਾਉਂਦੀ ਹੈਂ ਤਾਂ ਸ਼ੁੱਧ ਭੈਰਵੀ ਹੁੰਦੀ ਹੈ।‘‘
ਉਸ ਨੇ ਆਖਿਆ, ‘‘ਤੁਹਾਨੂੰ ਭੈਰਵੀ ਪਸੰਦ ਹੈ ਨਾਂ? ਇਥੇ ਮੇਰੇ ਕੋਲ ਵਾਜਾ ਨਹੀਂ। ਅਸੀਂ ਕੋਈ
ਸਾਜ਼ ਵੀ ਤਾਂ ਨਹੀਂ ਲੈ ਕੇ ਆਏ। ਚਲੋ, ਬਗ਼ੈਰ ਵਾਜੇ ਦੇ ਸੀ ਸਹੀ।‘‘
ਉਸ ਨੇ ਸੁਰ ਲਾਇਆ ਤੇ ਵਾਰਸ ਸ਼ਾਹ ਦੀ ਹੀਰ ਦੇ ਇਹ ਬੋਲ ਗਾਉਣ ਲੱਗੀ:
‘‘ਹੀਰ ਆਖਿਆ ਜੋਗੀਆ ਝੂਠ ਆਖੇਂ
ਕੌਣ ਰੁਠੜੇ ਯਾਰ ਮਨਾਂਵਦਾ ਈ।‘‘
ਕਮਰਾ ਉਸ ਦੀ ਆਵਾਜ਼ ਨਾਲ ਗੂੰਜ ਉਠਿਆ। ਦੋ ਵਾਰ ਟੈਲੀਫ਼ੋਨ ਦੀ ਘੰਟੀ ਵੱਜੀ, ਏਅਰਕੰਡੀਸ਼ਨਰ ਦੀ
ਆਵਾਜ਼ ਵੀ ਸੀ, ਪਰ ਰੇਸ਼ਮਾ ਦੀ ਆਵਾਜ਼ ਇਹਨਾਂ ਉਤੋਂ ਦੀ ਫ਼ਿਜਾ ਵਿਚ ਉੱਚੇ ਗੁੰਬਦ ਤੇ ਮੀਨਾਰ
ਉਸਾਰ ਰਹੀ ਸੀ। ਉਸ ਦੀ ਆਵਾਜ਼ ਵਿਚ ਸਹਿਰਾ ਦੀ ਅਜ਼ਾਨ ਸੀ, ਇਕ ਮਿਕਨਾਤੀਸੀ ਤਾਕਤ। ਉਸ ਦਾ
ਚਿਹਰਾ ਪਿਘਲ ਗਿਆ ਤੇ ਹੁਸੀਨ ਹੋ ਗਿਆ। ਉਸ ਦੀ ਆਵਾਜ਼ ਨੂੰ ਸਿਰਫ਼ ਮੇਰੇ ਕੰਨ ਹੀ ਨਹੀਂ ਸਨ
ਸੁਣ ਰਹੇ ਸਗੋਂ ਮੇਰੇ ਜਿਸਮ ਦਾ ਹਰ ਮਸਾਮ ਇਸ ਨੂੰ ਮਹਿਸੂਸ ਕਰ ਰਿਹਾ ਸੀ।
ਇਸ ਅਵਾਜ਼ ਵਿਚ ਕੀ ਸੀ? ਇਸ ਵਿਚ ਕਾਲੇ ਨਾਗ ਸਨ- ਇਕ ਅਜੀਬ ਜ਼ਹਿਰੀਲੀ ਕਸ਼ਿਸ਼ ਜੋ ਮੈਨੂੰ ਡੱਸ
ਰਹੀ ਸੀ। ਕਦੇ ਕਦੇ ਸਿਰ ਤੋਂ ਪੈਰਾਂ ਤੀਕ ਝੁਣਝੁਣੀ ਦੌੜ ਜਾਂਦੀ। ਇਕ ਸੇਕ ਆ ਰਿਹਾ ਸੀ ਤੇ
ਉਸ ਦੀ ਆਵਾਜ਼ ਵਿਚੋਂ।
ਇਹ ਗੀਤ ਭੈਰਵੀ ਵਿਚ ਸੀ। ਉਹ ਆਖ ਰਹੀ ਸੀ, ‘ਕੌਣ ਰੁਠੜੇ ਯਾਰ ਮਨਾਂਵਦਾ ਈ।‘‘ ਉਸ ਨੇ
ਦਿਲ-ਸੱਲਵੀਂ ਹੇਕ ਲਾ ਕੇ ਆਖਿਆ:
‘‘ਦੇਵਾਂ ਚੂਰੀਆਂ ਘਿਉ ਦੇ ਬਾਲ ਦੀਵੇ
ਵਾਰਸਸ਼ਾਹ ਜੇ ਸੁਣਾਂ ਮੈਂ ਆਂਵਦਾ ਈ।‘‘
ਇਸ ਵਿਚ ਪੰਜਾਬ ਦੇ ਰੁਠੜੇ ਮਿੱਤਰਾਂ ਨੂੰ ਮਿਲਾਉਣ ਦੇ ਝੂਠੇ ਸੁਪਨਿਆਂ ਦੀ ਪੁਕਾਰ ਸੀ। ਅਜੀਬ
ਤਰ੍ਹਾਂ ਹਿੰਦੁਸਤਾਨ ਤੇ ਪਾਕਿਸਤਾਨ ਦੇ ਪੰਜਾਬੀ ਦੋਸਤਾਂ, ਰਿਸ਼ਤੇਦਾਰਾਂ ਤੇ ਮਹਿਬੂਬ ਸਾਥੀਆਂ
ਦੇ ਵਿਛੜਨ ਦੇ ਗ਼ਮ ਵਿਚ ਡੁੱਬੀ ਹੋਈ ਆਵਾਜ਼। ਇਹ ਸਿਰਫ਼ ਸ਼ਬਦ ਨਹੀਂ ਸਨ, ਉਸ ਦੀ ਆਵਾਜ਼ ਨੇ
ਸ਼ਬਦਾਂ ਨੂੰ ਪ੍ਰਭੌਤਿਕ ਅਰਥ ਬਖ਼ਸ਼ ਦਿੱਤੇ ਸਨ ਤੇ ਨਵੀਂ ਭਾਸ਼ਾ ਦੇ ਮੰਤਰ ਫੂਕ ਦਿਤੇ ਸਨ।
ਰੇਸ਼ਮਾ ਦੇ ਗਾਉਣ ਦਾ ਅੰਦਾਜ਼ ਬਹੁਤ ਵਚਿੱਤਰ ਤੇ ਨਿਵੇਕਲਾ ਹੈ। ਉਹ ਸੁਰ ਦੀ ਪੂਰੀ ਸ਼ਕਤੀ ਨੂੰ
ਨਿਚੋੜ ਕੇ ਇਸ ਦਾ ਰਸ ਪਿਲਾਉਂਦੀ ਹੈ। ਉਹ ਲਤਾ ਮੰਗੇਸ਼ਕਰ ਤੇ ਬੇਗਮ ਅਖ਼ਤਰ ਜਾਂ ਸੁਰਿੰਦਰ ਕੌਰ
ਨਾਲ ਨਹੀਂ ਮਿਲਾਈ ਜਾ ਸਕਦੀ ਕਿਉਂਕਿ ਇਹ ਮਹਿਫ਼ਲਾ ਵਿਚ ਗਾਉਣ ਵਾਲੀਆਂ ਹਨ। ਰੇਸ਼ਮਾ ਦੀ ਆਵਾਜ਼
ਵਿਚ ਲਾਟਾਂ ਬਲਦੀਆਂ ਹਨ।
ਗੀਤ ਮੁਕਿਆ ਤਾਂ ਰੇਸ਼ਮਾ ਆਖਣ ਲੱਗੀ, ‘‘ਇਸ ਵਾਰ ਮੈਂ ਸ਼ਾਇਦ ਪੰਜਾਬ ਨਾ ਜਾ ਸਕਾਂ ਪਰ
ਚੰਡੀਗੜ੍ਹ ਤੇ ਜਲੰਧਰ ਜਾਣ ਨੂੰ ਬਹੁਤ ਜੀਅ ਕਰਦਾ ਹੈ। ਆਪਣੇ ਪੰਜਾਬੀ ਭਰਾਵਾਂ ਨੂੰ ਗਾ ਕੇ
ਸੁਣਾਉਣ ਦੀ ਬੜੀ ਤਮੰਨਾ ਹੈ। ਇੰਸ਼ਾ ਅੱਲਾ ਮੈਂ ਕਦੇ ਜ਼ਰੂਰ ਜਾਵਾਂਗੀ।‘‘
ਰੇਸ਼ਮਾ ਦੇ ਗਾਣੇ ਅੰਦਰ ਤਿੰਨ ਮਹਾਨ ਗਾਉਣ ਵਾਲੀਆਂ ਦਾ ਸੁਮੇਲ ਹੈ ਜਿਨ੍ਹਾਂ ਨੂੰ ਮੈਂ ਆਪਣੀ
ਜ਼ਿੰਦਗੀ ਵਿਚ ਸੁਣਿਆ : ਜੋਨ ਬਾਇਜ਼ ਜੋ ਕੈਲੀਫੋਰਨੀਆਂ ਵਿਚ ਜਵਾਨਾਂ ਦੇ ਖੁੱਲ੍ਹੇ ਜਲਸਿਆਂ
ਵਿਚ ਜੰਗ ਦੇ ਖ਼ਿਲਾਫ਼ ਗੀਤ ਗਾਉਂਦੀ ਹੈ ਤੇ ਲੋਕਾਂ ਦਾ ਦਿਲ ਮੋਂਹਦੀ ਹੈ। (ਉਸ ਦੀਆਂ ਨਸਾਂ
ਵਿਚ ਸਪੇਨ ਦੇ ਟੱਪਰੀਵਾਸਾਂ ਦਾ ਖ਼ੂਨ ਹੈ); ਮਿਸਰ ਦੀ ਮਸ਼ਹੂਰ ਗਾਇਕਾ ਕੁਲਸੁਮ ਜਿਸ ਦੀ ਆਵਾਜ਼
ਵਿਚ ਕੁਰਾਨ ਦੀਆਂ ਆਇਤਾਂ ਲਰਜ਼ਦੀਆਂ ਹਨ; ਰਾਇਆ ਜਿਸ ਨੂੰ ਮੈਂ ਮਾਸਕੋ ਦੇ ਜਿਪਸੀ ਥੀਏਟਰ ਵਿਚ
ਨੱਚਦੇ ਤੇ ਗਾਉਂਦੇ ਸੁਣਿਆ ਤੇ ਜਿਸ ਨੇ ਮੇਰੇ ਨਾਟਕ ‘ਸੋਹਣੀ ਮਹੀਂਵਾਲ‘ ਵਿਚ ਸੋਹਣੀ ਦੀ
ਸਹੇਲੀ ਰੇਸ਼ਮਾ ਦਾ ਪਾਰਟ ਕੀਤਾ ਸੀ।
ਰੇਸ਼ਮਾ ਨੂੰ ਇਹ ਨਹੀਂ ਪਤਾ ਕਿ ਐਮ.ਐਫ਼. ਹੁਸੈਨ ਕੌਣ ਹੈ, ਯਾਮਨੀ ਕ੍ਰਿਸ਼ਨਾ-ਮੂਰਤੀ ਕੌਣ ਹੈ,
ਅਲਕਾਜ਼ੀ ਕੌਣ ਹੈ, ਖ਼ੁਸ਼ਵੰਤ ਸਿੰਘ ਕੌਣ ਹੈ। ਪਰ ਇਹ ਸਾਰੇ ਜਾਣਦੇ ਹਨ ਕਿ ਰੇਸ਼ਮਾ ਕੌਣ ਹੈ।
ਰੇਸ਼ਮਾ ਨੂੰ ਪਾਕਿਸਤਾਨ ਸਰਕਾਰ ਨੇ ਲੰਡਨ ਭੇਜਿਆ ਜਿਥੇ ਉਸ ਨੇ ਹਜ਼ਾਰਾਂ ਦੇ ਹਜੂਮ ਅੱਗੇ ‘ਦਮ
ਦਮ ਮਸਤ ਕਲੰਦਰ‘ ਗਾਇਆ। ਇਹ ਗੀਤ ਕਈਆਂ ਨੇ ਨਕਲ ਕਰਕੇ ਸ਼ੁਹਰਤ ਹਾਸਲ ਕੀਤੀ-ਬੰਗਲਾ ਦੇਸ਼ ਦੀ
ਰੂਨਾ ਲੈਲਾ ਨੇ ਇਸੇ ਗੀਤ ਨੂੰ ਗਾ ਕੇ ਬੰਬਈ ਤੇ ਦਿੱਲੀ ਨੂੰ ਮੋਹਿਆ; ਜਲੰਧਰ ਦੀ ਬੀਬੀ
ਨੂਰਾਂ ਨੇ ਵੀ ਰੇਸ਼ਮਾ ਦੇ ਅੰਦਾਜ਼ ਨੂੰ ਅਪਣਾ ਕੇ ਇਸੇ ਗੀਤ ਨੂੰ ਪੰਜਾਬ ਵਿਚ ਤੋਰਿਆ। ਪਰ
ਰੇਸ਼ਮਾ ਜਦੋਂ ਗਾਉਂਦੀ ਹੈ ਤਾਂ ਉਸ ਦਾ ਮਨ ਤੇ ਧਿਆਨ ਆਪਣੇ ਪੀਰ ਵੱਲ ਹੁੰਦਾ ਹੈ ਤੇ ਜਜ਼ਬੇ ਦਾ
ਸਿਦਕ ਹੱਦੋਂ ਡੂੰਘਾ। ਉਹ ਪੀਰਾਂ ਫ਼ਕੀਰਾਂ ਦੀਆਂ ਮਨੌਤਾਂ ਕਰਦੀ ਹੈ। ਉਸ ਦੀ ਪੀਰਾਂ ਫ਼ਕੀਰਾਂ
ਦੀ ਲਗਨ ਤੇ ਉਹਨਾਂ ਦੇ ਦਰਬਾਰ ਵਿਚ ਹਾਜ਼ਰੀ ਦੇਣ ਦਾ ਜਜ਼ਬਾ ਸੁੱਚਾ ਹੈ। ਉਹ ਇਸੇ ਤਰਜ਼ ਦਾ
ਜੀਵਨ ਜੀਊਂਦੀ ਹੈ। ਉਸ ਦੇ ਸਾਹਾਂ ਵਿਚ ਪੀਰਾਂ ਫ਼ਕੀਰਾਂ ਦੀ ਧੜਕਣ ਹੈ।
ਉਹ ਦੁਨੀਆਂ ਦੇ ਵੱਡੇ ਸ਼ਹਿਰਾਂ ਵਿਚ ਜਾ ਕੇ ਉਤਸਵਾਂ ਤੇ ਮੇਲਿਆਂ ਵਿਚ ਗਾ ਚੁੱਕੀ ਹੈ। ਯੂਰਪ,
ਅਮਰੀਕਾ, ਮਿਡਲ ਈਸਟ। ਤੁਰਕੀ ਵਿਚ ਉਸ ਨੂੰ ਅੰਤਰ-ਰਾਸ਼ਟਰੀ ਮੇਲੇ ਉੱਤੇ ਗਾਉਣ ਲਈ ਸੋਨੇ ਦਾ
ਮੈਡਲ ਮਿਲਿਆ। ਪਾਕਿਸਤਾਨ ਨੇ ਉਸ ਨੂੰ 1980 ਵਿਚ ‘ਫ਼ਖ਼ਰ-ਇ-ਪਾਕਿਸਤਾਨ‘ ਦੇ ਖ਼ਿਤਾਬ ਨਾਲ
ਨਿਵਾਜ਼ਿਆ ਅਤੇ ਪੰਜਾਹ ਹਜ਼ਾਰ ਰੁਪਿਆ ਤੇ ਜ਼ਮੀਨ ਦਿਤੀ।
ਜਦੋਂ ਮੈਂ ਪੁੱਛਿਆ ਕਿ ਪੰਜਾਬ ਦੇ ਗਾਉਣ ਵਾਲਿਆਂ ਵਿਚੋਂ ਉਸ ਨੂੰ ਕੌਣ ਪਸੰਦ ਹੈ, ਤਾਂ ਉਸ
ਉੱਤਰ ਦਿਤਾ, ‘‘ਬੜੇ ਗ਼ੁਲਾਮ ਅਲੀ ਖ਼ਾਂ ਤੇ ਸੁਰਿੰਦਰ ਕੌਰ ਮੈਨੂੰ ਬਹੁਤ ਪਸੰਦ ਹਨ।
ਦਿੱਲੀ ਵਿਚ ਰੇਸ਼ਮਾ ਬਾਰਾਂ ਦਿਨ ਰਹੀ। ਉਸ ਨੇ ਕਈ ਮਹਿਫ਼ਲਾਂ ਵਿਚ ਰਾਤ ਦੇ ਤਿੰਨ ਤਿੰਨ ਵਜੇ
ਤੀਕ ਗਾਣਾ ਗਾਇਆ। ਉਸ ਦੇ ਪ੍ਰਸੰਸਕ ਉਸ ਦੇ ਦਰਸ਼ਨਾਂ ਨੂੰ ਤਰਸਦੇ ਰਹੇ।
ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਘਰੋਂ ਮੈਨੂੰ ਟੈਲੀਫ਼ੋਨ ਆਇਆ ਕਿ ਰੇਸ਼ਮਾ ਕਿਥੇ ਹੈ।
ਪ੍ਰਧਾਨ ਮੰਤਰੀ ਦੇ ਕਰਮਚਾਰੀ ਰੇਸ਼ਮਾ ਦਾ ਪਤਾ ਕਰ ਰਹੇ ਸਨ। ਇੰਦਰਾ ਗਾਂਧੀ ਨੇ ਖ਼ਾਹਿਸ਼ ਜ਼ਾਹਿਰ
ਕੀਤੀ ਸੀ ਰੇਸ਼ਮਾ ਨੂੰ ਮਿਲਣ ਦੀ ਤੇ ਉਸ ਦਾ ਗਾਣਾ ਸੁਣਨ ਦੀ।
ਪਿਛਲੀ ਰਾਤ ਰੇਸ਼ਮਾ ਨੇ ਮੈਨੂੰ ਦਸਿਆ ਸੀ ਕਿ ਅਗਲੀ ਸਵੇਰ ਉਹ ਅਜਮੇਰ ਸ਼ਰੀਫ਼ ਚਲੀ ਜਾਵੇਗੀ ਤੇ
ਉਥੇ ਜਾ ਕੇ ਖਵਾਜ਼ਾ ਚਿਸ਼ਤੀ ਦੀ ਦਰਗਾਹ ਉੱਤੇ ਨਿਆਜ਼ ਚੜ੍ਹਾਏਗੀ। ਸ਼ਾਇਦ ਚਲ ਹੀ ਨਾ ਗਈ ਹੋਵੇ।
ਮੈਂ ਝੱਟ ਅਨਤਾ ਨੂੰ ਟੈਲੀਫ਼ੋਨ ਕੀਤਾ ਤੇ ਉਸ ਪਿਛੋਂ ਜੋਰਬਾਗ਼ ਦੇ ਗੈਸਟ ਹਾਊਸ। ਤਿੰਨ ਚਾਰ
ਥਾਵਾਂ ਉਤੇ ਟੈਲੀਫ਼ੋਨ ਕਰਕੇ ਮੈਂ ਆਖ਼ਿਰ ਉਸ ਨੂੰ ਲੱਭ ਲਿਆ। ਉਹ ਅਜੇ ਅਜਮੇਰ ਨਹੀਂ ਸੀ ਗਈ।
ਮੈਂ ਉਸ ਨਾਲ ਗੱਲ ਕੀਤੀ ਤਾਂ ਉਹ ਬਹੁਤ ਖ਼ੁਸ਼ ਹੋਈ। ਪ੍ਰਧਾਨ ਮੰਤਰੀ ਦੇ ਘਰੋਂ ਉਸ ਨੂੰ
ਟੈਲੀਫ਼ੋਨ ਗਿਆ ਤੇ ਗੱਲ ਪੱਕੀ ਹੋ ਗਈ ਕਿ ਉਹ ਪੰਜ ਵਜੇ ਇੰਦਰਾ ਗਾਂਧੀ ਦੀ ਕੋਠੀ ਪਹੁੰਚ
ਜਾਵੇਗੀ।
ਮੈਂ ਰੇਸ਼ਮਾ ਕੋਲ ਚਾਰ ਵਜੇ ਹੀ ਪੁਜ ਗਿਆ ਤਾਂ ਜੁ ਉਹ ਤਿਆਰ ਹੋ ਜਾਵੇ।
ਉਹ ਆਖਣ ਲੱਗੀ, ‘‘ਅੱਲਾ ਦਾ ਫ਼ਜ਼ਲ ਹੈ ਕਿ ਮੇਰੀ ਆਵਾਜ਼ ਇੰਦਰਾ ਗਾਂਧੀ ਦੇ ਕੰਨ ਤਕ ਪਹੁੰਚੇਗੀ।
ਉਹ ਤੁਹਾਡੀ ਬਾਦਸ਼ਾਹ ਹੈ... ਤੇ ਮੇਰੀ ਵੀ... ਇਹ ਸਾਡਾ ਫ਼ਰਜ਼ ਹੈ ਕਿ ਬਾਦਸ਼ਾਹ ਦੇ ਹਜੂਰ ਵਿਚ
ਗਾਈਏ। ਅੱਲਾ ਦੀ ਕਰਾਮਾਤ ਹੈ। ਉਹ ਕਿਸੇ ਨੂੰ ਚਾਹੇ ਫ਼ਕੀਰ ਬਣਾ ਦੇਵੇਂ ਚਾਹੇ ਬਾਦਸ਼ਾਹ।‘‘
ਉਸ ਨੇ ਗਲ ਵਿਚ ਸੋਨੇ ਦਾ ਮੋਟਾ ਕੰਠਾ ਪਾ ਲਿਆ, ਨੱਕ ਵਿਚ ਨੱਥ ਜਿਸ ਵਿਚ ਲਾਲ ਨਗ ਜੜੇ ਹੋਏ
ਸਨ ਤੇ ਸਿਰ ਉੱਤੇ ਹਰੇ ਟਿਮਕਣਿਆਂ ਵਾਲੀ ਰਾਜਸਥਾਨੀ ਓੜ੍ਹਣੀ ਲੈ ਲਈ। ਪੈਰਾਂ ਵਿਚ ਚਾਂਦੀ
ਦੀਆਂ ਪੰਜੇਬਾਂ।
ਮੇਰੀ ਛੋਟੀ ਕਾਰ ਵਿਚ ਰੇਸ਼ਮਾ ਤੇ ਉਸ ਦੇ ਸਾਥੀ ਬੈਠੇ ਤੇ ਅਸੀਂ ਪੌਣੇ ਪੰਜ ਵਜੇ 1, ਸਫ਼ਦਗੰਜ
ਰੋਡ, ਪਹੁੰਚ ਗਏ। ਜਦੋਂ ਕੋਠੀ ਅੰਦਰ ਦਾਖ਼ਲ ਹੋਣ ਲੱਗੇ ਤਾਂ ਦੋ ਸਕਿਉਰਿਟੀ ਅਫ਼ਸਰਾਂ ਨੇ ਕਾਰ
ਰੋਕੀ ਤੇ ਸਾਡਾ ਨਾਂ ਪੁੱਛਿਆ। ਮੈਂ ਰੇਸ਼ਮਾ ਦਾ ਨਾਂ ਦਸਿਆ ਤੇ ਆਖਿਆ ਕਿ ਪ੍ਰਧਾਨ ਮੰਤਰੀ ਨਾਲ
ਪੰਜ ਵਜੇ ਮੁਲਾਕਾਤ ਹੈ। ਬਗੈਰ ਕੋਈ ਹੋਰ ਸੁਆਲ ਪੁੱਛੇ ਉਹਨਾਂ ਨੇ ਸਾਨੂੰ ਅੰਦਰ ਜਾਣ ਦਿੱਤਾ।
ਅੱਗੇ ਸੋਸ਼ਲ ਸੈਕਰੇਟਰੀ ਊਸ਼ਾ ਭਗਤ ਖੜੀ ਸੀ ਤੇ ਉਹ ਸਾਨੂੰ ਅੰਦਰ ਲੈ ਗਈ।
ਸਾਧਾਰਣ ਵੱਡੇ ਕਮਰੇ ਵਿਚ ਕਾਲੀਨ ਵਿਛਿਆ ਹੋਇਆ ਸੀ। ਖਿੜਕੀ ਕੋਲ ਦੋ ਸੋਫ਼ੇ ਪਏ ਸਨ, ਤੇ ਦੂਜੇ
ਸਿਰੇ ਉੱਤੇ ਚਿੱਟੀ ਚਾਦਰ ਵਿਛੀ ਹੋਈ ਸੀ ਜਿਸ ਉੱਤੇ ਰੇਸ਼ਮਾ ਤੇ ਉਸ ਦੇ ਸਾਥੀ ਬੈਠ ਗਏ।
ਥੋੜ੍ਹੇ ਚਿਰ ਪਿਛੋਂ ਇੰਦਰਾ ਗਾਂਧੀ ਦਾਖ਼ਿਲ ਹੋਈ ਤਾਂ ਸਾਰੇ ਜਣੇ ਉੱਠ ਖੜ੍ਹੇ ਹੋਏ। ਉਸ ਨਾਲ
ਸੋਨੀਆ ਗਾਂਧੀ ਸੀ, ਮੁਹੰਮਦ ਯੂਨਸ ਤੇ ਅੱਠ ਦਸ ਹੋਰ ਨਿਕਟਵਰਤੀ ਔਰਤਾਂ।
ਇੰਦਰਾ ਗਾਂਧੀ ਰੇਸ਼ਮਾ ਕੋਲ ਗਈ ਤੇ ਉਸ ਨੂੰ ਜੀ-ਆਖਿਆਂ ਆਖਿਆ। ਫਿਰ ਉਹ ਸਾਹਮਣੇ ਸੋਫ਼ੇ ਉੱਤੇ
ਬੈਠ ਗਈ ਤੇ ਉਸ ਦੇ ਨਾਲ ਕਈ ਜਣੀਆਂ ਹੋਰ। ਸੋਨੀਆ ਕਾਲੀਨ ਉੱਤੇ ਬਾਕੀ ਲੋਕਾਂ ਨਾਲ ਬੈਠੀ।
ਰੇਸ਼ਮਾ ਨੇ ਆਪਣੀ ਟੱਪਰੀਵਾਸੀ ਵਿਸ਼ਾਲ ਮੁਸਕਰਾਹਟ ਨਾਲ ਆਖਿਆ, ‘‘ਇਜ਼ਾਜਤ ਹੈ? ਗਾਵਾਂ?‘‘
ਊਸ਼ਾ ਭਗਤ ਨੇ ਰੇ²ਸ਼ਮਾ ਲਈ ਚਾਹ ਦਾ ਆਰਡਰ ਦਿਤਾ ਸੀ ਤੇ ਬਹਿਰਾ ਚਾਹ ਲੈ ਆਇਆ ਸੀ। ਮਿਸਿਜ਼
ਗਾਂਧੀ ਨੇ ਆਖਿਆ, ‘‘ਆਪ ਪਹਿਲੇ ਚਾਏ ਪੀ ਲੇਂ।‘‘
ਰੇਸ਼ਮਾ ਬੋਲੀ, ‘‘ਚਾਏ ਨਹੀਂ, ਅਬ ਤੋ ਗਾਨੇ ਕੋ ਜੀ ਕਰਤਾ ਹੈ।‘‘
ਮਿਸਿਜ਼ ਗਾਂਧੀ ਦੇ ਬੁੱਲ੍ਹਾਂ ਉੱਤੇ ਮੋਤੀਆ ਮੁਸਕਰਾਹਟ ਜਾਗੀ, ‘‘ਹਮਾਰੇ ਪਾਸ ਬਹੁਤ ਵਕਤ
ਹੈ.. ਬਹੁਤ ਵਕਤ... ਆਪ ਪਹਿਲੇ ਚਾਹ ਪੀ ਲੇਂ।‘‘
ਰੇਸ਼ਮਾ ਨੇ ਹੱਥ ਜੋੜ ਕੇ ਆਖਿਆ, ‘‘ਅਬ ਤੋਂ ਸਿਰਫ਼ ਗਾਨੇ ਕੋ ਹੀ ਜੀ ਕਰਤਾ ਹੈ।‘‘
ਕਮਰੇ ਦਾ ਏਅਰ ਕੰਡੀਸ਼ਨਰ ਤੇ ਪੱਖੇ ਬੰਦ ਕਰ ਦਿੱਤੇ ਗਏ। ਸੱਨਾਟਾ ਛਾ ਗਿਆ।
ਰੇਸ਼ਮਾ ਦੀ ਆਵਾਜ਼ ਗੂੰਜੀ, ‘‘ਹਾਏ ਓ ਰੱਬਾ...‘‘
ਇਕ ਕੰਬਣੀ ਫਿਰ ਗਈ ਸੁਣਨ ਵਾਲਿਆਂ ਦੇ ਸਰੀਰ ਵਿਚ।
ਨੇੜੇ ਬੈਠੀ ਸੋਨੀਆ ਨੂੰ ਮੈਂ ਪੁੱਛਿਆ, ‘‘ਤੁਹਾਨੂੰ ਇਸ ਗੀਤ ਦੀ ਸਮਝ ਆਉਂਦੀ ਹੈ?‘‘
ਉਹ ਬੋਲੀ, ‘‘ਸਾਡੇ ਕੋਲ ਰੇਸ਼ਮਾ ਦੇ ਟੇਪ ਹਨ। ਅਸੀਂ ਇਹਨਾਂ ਟੇਪਾਂ ਨੂੰ ਬਾਰ ਬਾਰ ਸੁਣਿਆ
ਹੈ। ਮੈਨੂੰ ਰੇਸ਼ਮਾ ਦੀ ਆਵਾਜ਼ ਬਹੁਤ ਚੰਗੀ ਲਗਦੀ ਹੈ।‘‘
ਰੇਸ਼ਮਾ ਇਕ ਘੰਟਾ ਗਾਉਂਦੀ ਰਹੀ। ਸਾਰੇ ਜਣੇ ਉਸ ਦੀ ਆਵਾਜ਼ ਨਾਲ ਕੀਲੇ ਬੈਠੇ ਸਨ।
ਮਿਸਿਜ਼ ਗਾਂਧੀ ਨੇ ਉੱਠ ਕੇ ਰੇਸ਼ਮਾ ਨੂੰ ਜੱਫੀ ਪਾਈ। ਉਸ ਨੂੰ ਤੋਹਫ਼ੇ ਵਜੋਂ ਇਕ ਸੁਨਹਿਰੀ ਘੜੀ
ਪੇਸ਼ ਕੀਤੀ, ਤੇ ਦਰਵਾਜ਼ੇ ਤੀਕ ਛੱਡਣ ਆਈ।
ਰੇਸ਼ਮਾ ਨੇ ਮੈਨੂੰ ਆਖਿਆ, ‘‘ਯਕੀਨ ਹੀ ਨਹੀਂ ਸੀ ਆ ਰਿਹਾ ਕਿ ਮੇਰੇ ਸਾਹਮਣੇ ਮਿਸਿਜ਼ ਇੰਦਰਾ
ਗਾਂਧੀ ਬੈਠੀ ਮੇਰਾ ਗੀਤ ਸੁਣ ਰਹੀ ਹੇ। ਉਹ ਬਾਦਸ਼ਾਹ ਹੈ। ਪਰ ਮੈਨੂੰ ਇਉਂ ਲਗਿਆ ਜਿਵੇਂ ਮੇਰੀ
ਵੱਡੀ ਭੈਣ ਹੋਵੇ। ਇਹ ਸਭ ਖ਼ਾਬ ਲਗਦਾ ਹੈ।‘‘
ਤਿੰਨ ਦਿਨਾਂ ਪਿਛੋਂ ਅਨੀਤਾ ਸਿੰਘ ਦਾ ਟੈਲੀਫ਼ੋਨ ਆਇਆ ਕਿ ਉਹ ਸ਼ਾਮ ਨੂੰ ਰੇਸ਼ਮਾ ਨਾਲ ਮੇਰੇ ਘਰ
ਖਾਣਾ ਖਾਣ ਆਵੇਗੀ।
ਮੈਂ ਅੱਠ ਦਸ ਦੋਸਤਾਂ ਨੂੰ ਘਰ ਇਕ ਨਿੱਕੀ ਜਿਹੀ ਮਹਿਫ਼ਲ ਵਾਸਤੇ ਬੁਲਾ ਲਿਆ। ਇਹਨਾਂ ਵਿਚ
ਬਹੁਤੇ ਉਹ ਲੋਕ ਸਨ ਜੋ ਆਰਟ ਤੇ ਥੀਏਟਰ ਤੇ ਸੰਗੀਤ ਵਿਚ ਦਿਲਚਸਪੀ ਰਖਦੇ ਸਨ।
ਮੇਰੇ ਨਿੱਕੇ ਵਿਹੜੇ ਵਿਚ ਚੰਲ ਦੀ ਚਾਨਣੀ ਵਿਚ ਰੇਸ਼ਮਾ ਰਾਤ ਦੇ ਦੋ ਵਜੇ ਤੀਕ ਗਾਉਂਦੀ ਰਹੀ।
ਮੈਂ ਉਸ ਨੂੰ ਜੋਰਬਾਗ਼ ਦੇ ਗੈੱਸਟ ਹਾਊਸ ਵਿਚ ਦੁਬਾਰਾ ਮਿਲਣ ਲਈ ਗਿਆ। ਦਰਬਾਨ ਨੇ ਅੰਦਰ ਜਾਣ
ਦਾ ਇਸ਼ਾਰਾ ਕੀਤਾ।
ਰੇਸ਼ਮਾ ਵੱਡੇ ਪਲੰਘ ਉੱਤੇ ਚੌਂਕੜੀ ਮਾਰੀ ਬੈਠੀ ਸੀ ਤੇ ਉਸ ਦੇ ਅੱਗੇ ਮੀਟ ਦੀ ਹਾਂਡੀ,
ਸਰ੍ਹੋਂ ਦੇ ਸਾਗ ਦਾ ਵੱਡਾ ਕੌਲਾ ਤੇ ਮੱਕੀ ਦੀਆਂ ਰੋਟੀਆਂ ਦੀ ਚੰਗੇਰ ਰੱਖੀ ਹੋਈ ਸੀ। ਇਹ
ਪਲੰਘ ਹੀ ਉਸ ਦਾ ਦਸਤਰਖ਼ਾਨ ਸੀ। ਉਸਨੇ ਇਕੋ ਗ੍ਰਾਹੀ ਤੋੜੀ ਸੀ ਕਿ ਮੈਂ ਅੰਦਰ ਦਾਖ਼ਲ ਹੋਇਆ।
ਉਹ ਬੋਲੀ, ‘‘ਆਉ ਆਉ, ਬਲਵੰਤ ਜੀ, ਇਥੇ ਹੀ ਆ ਜਉ ਤੇ ਸਾਡੇ ਨਾਲ ਰੋਟੀ ਖਾਉ।‘‘
ਮੈਂ ਟੇਪ ਰੀਕਾਰਡਰ ਤੇ ਕੈਮਰਾ ਇਕ ਪਾਸੇ ਰਖ ਦਿਤਾ ਤੇ ਉਸ ਨਾਲ ਖਾਣਾ ਖਾਣ ਬੈਠ ਗਿਆ।
ਉਸ ਦੇ ਵਾਲ ਖੁੱਲ੍ਹੇ ਸਨ, ਖੁੱਲ੍ਹਾ ਗਲਮਾਂ।
ਉਹ ਬੋਲੀ, ‘‘ਮੈਨੂੰ ਹੋਟਲ ਦਾ ਖਾਣਾ ਪਸੰਦ ਨਹੀਂ। ਹਿੰਦੂਆਂ ਦੇ ਘਰ ਸਭ ਕੁਝ ਹੈ ਪਰ ਗੋਸ਼ਤ
ਪਕਾਣਾ ਨਹੀਂ ਆਉਂਦਾ। ਮੇਰਾ ਭਰਾ ਜਾਮਾ ਮਸਜਦ ਜਾ ਕੇ ਗੋਸ਼ਤ ਲੈ ਕੇ ਆਇਆ। ਇਥੇ ਖ਼ੁਦ ਪਕਾਇਆ।
ਹਾਂਡੀ ਦੇ ਗੋਸ਼ਤ ਦੀ ਗੱਲ ਹੀ ਹੋਰ ਹੈ.... ਲਓ ਸਰ੍ਹੋਂ ਦਾ ਸਾਗ, ਮੱਖਣ ਨਾਲ.... ਮੈਨੂੰ
ਬਾਜਰੇ ਦੀ ਰੋਟੀ ਬਹੁਤ ਚੰਗੀ ਲਗਦੀ ਹੈ ਪਰ ਇਥੇ ਮਿਲਦੀ ਨਹੀਂ। ਮੇਰੀ ਮਾਂ ਬਾਜਰੇ ਦੀ ਰੋਟੀ
ਥੱਪਦੀ ਸੀ, ਨਾਲ ਪਤਲੀ ਲੱਸੀ ਦਾ ਛੰਨਾ.... ਅਸੀਂ ਬੀਕਾਨੇਰ ਦੇ ਹਾਂ ਨਾ.... ਸਹਿਰਾ ਵਿਚ
ਬਾਜਰਾ ਹੀ ਹੁੰਦਾ ਹੈ.....।‘‘
ਮੈਨੂੰ ਬਠਿੰਡੇ ਦੇ ਟਿੱਬੇ ਯਾਦ ਆ ਗਏ ਜਿਥੇ ਬਾਜਰੇ ਦੇ ਖੇਤ ਸਨ ਤੇ ਬਾਜਰੇ ਦੇ ਲੰਮੇ
ਸਿੱਟੇ।
ਰੇਸ਼ਮਾ ਰੋਟੀ ਖਾਂਦੀ ਹੋਈ ਘਰ ਦੀਆਂ ਗੱਲਾਂ ਕਰਦੀ ਰਹੀ, ‘‘ਮੈਂ ਆਪਣਾ ਪਿੰਡ ਦੇਖਣ ਆਈ ਹਾਂ
ਜਿਥੇ ਮੇਰੇ ਬਜ਼ਰੁਗਾਂ ਦੀਆਂ ਕਬਰਾ ਹਨ.... ਰਤਨਗੜ੍ਹ ਤੋਂ ਤਿੰਨ ਮੀਲ ਦੂਰ... ਉਥੇ ਕੋਈ
ਪੱਕੀ ਸੜਕ ਨਹੀਂ ਜਾਂਦੀ... ਉਥੇ ਹੁਣ ਵੀ ਲੋਕਾਂ ਲਈ ਪੀਣ ਦਾ ਪਾਣੀ ਨਹੀਂ। ਮੈਂ ਦੁਬਾਰਾ
ਤੁਹਾਡੀ ਬਾਦਸ਼ਾਹ ਗਾਂਧੀ ਨੂੰ ਮਿਲ ਕੇ ਅਰਜ਼ ਕਰਾਂਗੀ ਕਿ ਉਥੇ ਸੜਕ ਤਾਂ ਬਣਵਾ ਦੇਣ.... ਮੈਂ
ਅਗਲੀ ਵਾਰ ਆਈ ਤਾਂ ਵੱਡੀਆਂ ਮਹਿਫ਼ਲਾ ਵਿਚ ਗਾ ਕੇ ਰੁਪਿਆ ਇਕੱਠਾ ਕਰਾਂਗੀ ਆਪਣੇ ਪਿੰਡ ਲਈ।
ਪਰ ਹੁਣ ਮੈਂ ਸਿਰਫ਼ ਰਿਸ਼ਤੇਦਾਰਾਂ ਨੂੰ ਮਿਲਣ ਆਈ ਹਾਂ, ਗਾਉਣ ਲਈ ਨਹੀਂ.... ਤੁਸੀਂ ਗੋਸ਼ਤ ਤੇ
ਸਾਗ ਤਾਂ ਹੋਰ ਲਓ। ਆਉ ਤਾਂ ਮੈਨੂੰ ਜ਼ਰੂਰ ਮਿਲਣਾ... ਮੇਰਾ ਪਤਾ ਲਿਖ ਲਓ..... ਮੇਰੇ ਨਾਂ
ਨਾਲ ਰੇਡੀਓ ਸਿੰਗਰ ਲਿਖਣਾ ਤੇ ਇਹ ਵੀ ਲਿਖਣਾ ‘ਨਜ਼ਦੀਕ ਸ਼ਮ੍ਹਾ ਸਿਨੇਮਾ‘ ਤੇ ਸੜਕ ਦਾ ਨਾਂ ਵੀ
ਨੋਟ ਕਰ ਲਓ...।‘‘
ਉਹ ਇਸ ਗੱਲ ਉੱਤੇ ਬਹੁਤ ਜ਼ੋਰ ਦੇ ਰਹੀ ਸੀ ਕਿ ਉਸ ਦਾ ਪੂਰਾ ਪਤਾ ਲਿਖਿਆ ਜਾਵੇ ਮਤਾਂ ਚਿੱਠੀ
ਗੁਆਚ ਜਾਵੇ। ਉਸ ਨੂੰ ਨਹੀਂ ਸੀ ਪਤਾ ਕਿ ਰੇਸ਼ਮਾ ਨਾਂ ਹੀ ਕਾਫ਼ੀ ਹੈ ਪਾਕਿਸਤਾਨ ਵਿਚ। ਸਭ
ਡਾਕੀਏ ਉਸ ਦਾ ਸ਼ਹਿਰ ਤੇ ਗਲੀ ਤੇ ਮੁਹੱਲਾ ਜਾਣਦੇ ਹਨ। ਦਰਅਸਲ ਜੇ ਕੋਈ ਸ਼ਮ੍ਹਾ ਸਿਨੇਮਾ ਦਾ
ਐਡਰੈੱਸ ਪੁਛੇ ਤਾਂ ਉਹਨਾਂ ਨੂੰ ਇਹੋ ਦੱਸਣਾ ਪਵੇਗਾ ‘ਰੇਸ਼ਮਾ ਦੇ ਘਰ ਦੇ ਕੋਲ‘।
ਮੈਂ ਪੁੱਛਿਆ, ‘‘ਰੇਸ਼ਮਾ, ਤੂੰ ਬੀਕਾਨੇਰੀ ਘੱਗਰਾ ਤੇ ਬਾਂਕਾ ਕਿਉਂ ਨਹੀਂ ਪਾਉਂਦੀ?‘‘
‘ਪਹਿਲਾਂ ਮੈਂ ਘੱਗਰਾ ਹੀ ਪਾਉਂਦੀ ਸਾਂ। ਪੰਜ ਸੇਰ ਪੱਕੀ ਚਾਂਦੀ ਦੀਆਂ ਬਾਂਕਾਂ ਤੇ ਕੜੇ।
ਅਸੀਂ ਟੱਪਰੀਵਾਸਣਾਂ ਜਵਾਨੀ ਵਿਚ ਜੋ ਬਾਂਕਾਂ ਪਾਉਂਦੀਆਂ ਹਾਂ ਉਹ ਸਾਡੇ ਨਾਲ ਹੀ ਦਫ਼ਨ
ਹੁੰਦੀਆਂ ਹਨ... ਮੇਰੀਆਂ ਚਾਚੀਆਂ ਤਾਈਆਂ ਮੇਰੇ ਕਬੀਲੇ ਵਿਚ ਹੁਣ ਵੀ ਘੱਗਰਾ ਪਾਉਂਦੀਆਂ ਹਨ।
ਤੀਹ ਗਜ਼ ਦਾ ਘੱਗਰਾ.... ਤੁਰਦੀਆਂ ਹਨ ਤਾਂ ਘੱਗਰਾ ਝਕੋਲੇ ਖਾਂਦਾ ਹੈ.... ਮੈਂ ਵੀ ਘੱਗਰਾ
ਹੀ ਪਾਉਂਦੀ ਸਾਂ। ਪਰ ਹੁਣ ਸ਼ਹਿਰ ਵਿਚ ਆਈ ਤਾਂ ਪੜ੍ਹੇ ਲਿਖੇ ਲੋਕਾਂ ਨੂੰ ਇਹ ਲਿਬਾਸ ਪਸੰਦ
ਨਹੀਂ ਸੀ... ਪਾਕਿਸਤਾਨ ਦਾ ਕੌਮੀ ਲਿਬਾਸ ਸਲਵਾਰ ਕਮੀਜ਼ ਹੈ, ਇਸ ਲਈ ਮੈਂ ਹੁਣ ਇਹੋ ਬਿਲਾਸ
ਪਾਉਂਦੀ ਹਾਂ।‘‘
ਰੇਸ਼ਮਾ ਦਾ ਲਿਬਾਸ ਭਾਵੇਂ ਬਦਲ ਗਿਆ ਪਰ ਉਸ ਦੀ ਆਵਾਜ਼ ਵਿਚ ਉਹੀ ਰੇਗਿਸਤਾਨੀ ਗੂੰਜ ਤੇ ਦਿਲ
ਹਿਲਾ ਦੇਣ ਵਾਲੇ ਉੱਚੇ ਸੁਰ ਹਨ। ਸੁਭਾਅ ਵਿਚ ਉਹੀ ਖੁਲ੍ਹਾਪਣ ਹੈ। ਉਹੀ ਲਾਪ੍ਰਵਾਹੀ, ਉਹੀ
ਬਾਦਸ਼ਾਹਤ।
-0-
|