ਅਜੇ ਦਿਨ ਦਾ ਚਾਨਣ
ਲਾਹੌਰ ਦੇ ਪਿੰਡੇ ਨੂੰ ਸੁਨਹਿਰੀ ਕਿਰਨਾਂ ਦੇ ਪੋਟਿਆਂ ਨਾਲ ਸਹਿਲਾ ਹੀ ਰਿਹਾ ਸੀ ਜਦੋਂ
ਅਸੀਂ ਚਾਹ ਪਾਣੀ ਪੀ ਕੇ ‘ਮਸਊਦ ਖ਼ੱਦਰ ਪੋਸ਼ ਟਰੱਸਟ’ ਵਾਲੇ ਸਮਾਗਮ ਤੋਂ ਵਿਹਲੇ ਵੀ ਹੋ
ਗਏ। ਰਘਬੀਰ ਸਿੰਘ ਦੀ ਪਤਨੀ ਸੁਲੇਖਾ ਨੇ ਮੈਨੂੰ ਇਸ਼ਾਰਾ ਕੀਤਾ ਕਿ ਜੇ ਜਗਤਾਰ ਹੁਰੀਂ ਮੰਨ
ਜਾਣ ਤਾਂ ਆਪਾਂ ਅਨਾਰਕਲੀ ਬਾਜ਼ਾਰ ਵੱਲ ਸ਼ਹਿਰ ਦਾ ਇਕ ਗੇੜਾ ਹੀ ਕੱਢ ਆਈਏ। ਉਮਰ ਗਨੀ ਅੱਜ
ਲਾਹੌਰ ਵਿਚ ਹੀ ਰੁਕ ਗਿਆ ਸੀ। ਕਾਰ ਸਾਡੇ ਕੋਲ ਸੀ। ਜਗਤਾਰ ਨੂੰ ਤਾਂ ਅਸਾਂ ਮਨਾ ਹੀ ਲੈਣਾ
ਸੀ।
ਉਮਰ ਗਨੀ ਦੀ ਵੱਡੀ ਕਾਰ ਵਿਚ ਮੈਂ, ਰਘਬੀਰ ਤੇ ਸੁਲੇਖਾ ਪਿੱਛੇ ਬੈਠੇ ਤੇ ਜਗਤਾਰ ਤੇ ਉਮਰ
ਗਨੀ ਡਰਾਈਵਰ ਵਾਲੀ ਸੀਟ ਦੇ ਨਾਲ। ਗੱਡੀ ਲਾਹੌਰ ਦੀਆਂ ਸੜਕਾਂ ਉਤੇ ਤੈਰ ਰਹੀ ਸੀ। ਸੜਕਾਂ
‘ਤੇ ਕਾਰਾਂ, ਟੈਕਸੀਆਂ, ਥਰੀ-ਵੀਲ੍ਹਰਾਂ ਦੀ ਭੀੜ ਸੀ। ਫੁੱਟ-ਪਾਥਾਂ ਉਤੇ ਲੋਕ ਪਾਕਿਸਤਾਨ
ਦਾ ਕੌਮੀ ਲਿਬਾਸ ਕੁੜਤਾ-ਸਲਵਾਰ ਪਹਿਨੀਂ ਭੀੜਾਂ ਦੇ ਰੂਪ ਵਿਚ ਤੁਰੇ ਫਿਰਦੇ ਸਨ। ਲਾਹੌਰ
ਵਿਚ ਚੱਲਣ ਵਾਲੇ ਥਰੀ-ਵੀਲ੍ਹਰਾਂ ਦੀ ਪਿਛਲੀ ਤਿੰਨਾਂ ਵਾਲੀ ਸੀਟ ‘ਤੇ ਮਸਾਂ ਦੋ ਬੰਦਿਆਂ
ਦੇ ਬੈਠਣ ਜੋਗੀ ਜਗ੍ਹਾ ਹੁੰਦੀ ਹੈ। ਤੀਜਾ ਬੰਦਾ ਮਸਾਂ ਫਸ ਕੇ ਹੀ ਬੈਠਦਾ ਹੈ। ‘ਹੋਰ ਨੂੰ
ਹੋਰੀ ਦੀ’ ਦੇ ਅਖਾਣ ਮੁਤਾਬਕ ਕੱਲ੍ਹ ਇਕ ਥਰੀ-ਵੀਲ੍ਹਰ ਵਾਲਾ ਪੁੱਛਣ ਲੱਗਾ, ‘ਸਰਦਾਰ ਜੀ!
ਉਧਰ ਸੁਣਾਓ ਰਿਕਸਿ਼ਆਂ ਦਾ ਤੇ ਕਿਰਾਏ ਭਾੜੇ ਦਾ। ਸਾਡਾ ਤਾਂ ਐਹਨਾਂ ਮੋਟਰ ਸਾਈਕਲ ਰਿਕਸ਼ਾ
ਵਾਲਿਆਂ ਕੰਮ ਖਰਾਬ ਕਰ ਦਿੱਤਾ ਏ।’’
ਅਕਸਰ ਥਰੀ-ਵੀਲ੍ਹਰ ਵਾਲੇ ਸਵਾਰੀ ਤੋਂ ਉਹਦੇ ਮੁਕਾਮ ‘ਤੇ ਪੁੱਜਣ ਦੇ ਉੱਕੇ-ਪੱਕੇ ਪੈਸੇ
ਲੈਂਦੇ ਹਨ ਤੇ ‘ਸਾਲਮ’ ਰਿਕਸ਼ਾ ਕਰਦੇ ਹਨ ਜਦ ਕਿ ਮੋਟਰ-ਸਾਈਕਲ ਨਾਲ ਚੱਲਣ ਵਾਲੇ ਉਸ
ਰਿਕਸ਼ੇ ਦੀਆਂ ਟਾਂਗੇ ਦੀਆਂ ਸੀਟਾਂ ਵਾਂਗ ਅੱਗੇ-ਪਿੱਛੇ ਸੀਟਾਂ ਹੋਣ ਕਰਕੇ ਤੇ ਰਸਤੇ ਵਿਚ
ਸਵਾਰੀਆਂ ਲਾਹੇ-ਚੜ੍ਹਾਏ ਜਾਣ ਦੀ ਛੋਟ ਹੋਣ ਕਰਕੇ ਬਹੁਤੀਆਂ ਸਵਾਰੀਆਂ ਉਸ ਵਿਚ ਸੌਖੇ ਹੋ
ਕੇ ਬੈਠਣ ਨੂੰ ਪਹਿਲ ਦਿੰਦੀਆਂ ਨੇ। ਥੋੜ੍ਹੇ ਚਿਰ ਤੋਂ ਚੱਲੇ ਇਸ ਮੋਟਰ ਸਾਈਕਲ ਰਿਕਸ਼ਾ ਨੇ
ਥਰੀ-ਵੀਲ੍ਹਰਾਂ ਦੀ ਅਜਾਰੇਦਾਰੀ ਖ਼ਤਮ ਕਰ ਦਿੱਤੀ ਸੀ ਤੇ ਇਸੇ ਨਾਰਾਜ਼ਗੀ ਵਿਚੋਂ ਹੀ ਬੋਲ
ਰਿਹਾ ਸੀ ਉਹ ਥਰੀ-ਵੀਲ੍ਹਰ ਵਾਲਾ। ਉਮਰ ਗਨੀ ਤੇ ਜਗਤਾਰ ਅੱਗੇ ਬੈਠੇ ਸਮੇਂ ਸਮੇਂ ਸੂਚਨਾ
ਦਿੰਦੇ ਜਾ ਰਹੇ ਸਨ: ਮਿਊਜ਼ੀਅਮ, ਜਿ਼ਲਾ ਕਚਹਿਰੀਆਂ, ਹਜ਼ਰਤ ਦਾਤਾ ਗੰਜ ਬਖ਼ਸ਼ ਦੀ
ਯਾਦਗਾਰ ਤੇ ਵੱਡਾ ਡਾਕਖ਼ਾਨਾ। ਅਸੀਂ ਲੰਘਦੀਆਂ ਇਮਾਰਤਾਂ ਤੇ ਲੋਕਾਂ ਦੀ ਭੀੜ ਨੂੰ ਨਜ਼ਰਾਂ
ਵਿਚ ਸਥਿਰ ਕਰਨ ਦੀ ਅਸਫ਼ਲ ਕੋਸਿ਼ਸ਼ ਕਰਦੇ।
ਅਨਾਰਕਲੀ ਦੇ ਨਜ਼ਦੀਕ ਜਾ ਕੇ ਗੱਡੀ ਪਾਰਕ ਕਰਨੀ ਸੀ। ਸੜਕਾਂ ‘ਤੇ ਹੀ ਇਕ ਪਾਸੇ ਪਾਰਕਿੰਗ
ਦਾ ਪ੍ਰਬੰਧ ਸੀ। ਅਸੀਂ ਗੱਡੀ ਪਾਰਕ ਕਰਕੇ ਹੇਠਾਂ ਉਤਰੇ ਤਾਂ ਮੁੰਡੇ ਨੇ ‘ਪਾਰਕਿੰਗ ਫੀਸ’
ਪੰਜ ਰੁਪਏ ਮੰਗੀ। ਉਮਰ ਗਨੀ ਕੋਲ ਖੁੱਲ੍ਹੇ ਪੰਜ ਰੁਪਏ ਨਹੀਂ ਸਨ ਤੇ ਮਹਿਮਾਨ ਨਿਵਾਜ਼ੀ
ਨੂੰ ਮੁੱਖ ਰੱਖਦਿਆਂ ਉਹ ਸਾਨੂੰ ਪੈਸੇ ਖਰਚਣ ਨਹੀਂ ਸੀ ਦਿੰਦਾ। ਉਸ ਨੇ ਮੁੰਡੇ ਨੂੰ ਵੱਡਾ
ਨੋਟ ਫੜਾਇਆ ਪਰ ਉਹ ‘ਪੰਜਾਂ ਦਾ ਨੋਟ’ ਹੀ ਲੈਣ ‘ਤੇ ਬਜਿ਼ੱਦ ਸੀ। ਉਮਰ ਗਨੀ ਉਸ ਨੂੰ ਪਿਆਰ
ਨਾਲ ਮਨਾਉਣ ਦੀ ਕੋਸਿ਼ਸ਼ ਕਰ ਰਿਹਾ ਸੀ। ਸਾਡੇ ਵੀ ਕਿਸੇ ਕੋਲ ਪੰਜ ਦਾ ਨੋਟ ਨਹੀਂ ਸੀ।
ਜਦੋਂ ਸਭ ਨੇ ਹੀ ਉਸ ਕੋਲ ਆਪਣੀ ਬੇਵਸੀ ਪ੍ਰਗਟ ਕੀਤੀ ਤਾਂ ਉਸ ਨੇ ਖਿੱਝ ਕੇ ਆਖਿਆ,
‘‘ਐਡੀਆਂ-ਐਡੀਆਂ ਕਾਰਾਂ ਲੈ ਕੇ ਆ ਜਾਂਦੇ ਨੇ ਤੇ ਜੇਬ ਵਿਚ ਪੰਜਾਂ ਦਾ ਨੋਟ ਵੀ ਨਹੀਂ
ਹੁੰਦਾ।’’
ਅਸੀਂ ਉਸ ਦੀ ਇਸ ਅਜੀਬ ਜਿ਼ਦ ਤੇ ਟਿੱਪਣੀ ਉਤੇ ਹੱਸਦੇ ਅਨਾਰਕਲੀ ਬਾਜ਼ਾਰ ਨੂੰ ਤੁਰ ਪਏ।
ਇਥੇ ਜਹਾਂਗੀਰ ਨੇ ਆਪਣੀ ਦਾਸੀ ਪ੍ਰੇਮਿਕਾ ਅਨਾਰਕਲੀ ਦੀ ਯਾਦਗਾਰ ਬਣਵਾਈ ਸੀ ਤੇ ਉਸ ਦੇ
ਨਾਂ ਉਤੇ ਹੀ ਇਸ ਬਾਜ਼ਾਰ ਦਾ ਨਾਂ ‘ਅਨਾਰਕਲੀ ਬਾਜ਼ਾਰ’ ਪ੍ਰਸਿੱਧ ਹੋ ਗਿਆ। ਬੜਾ ਨਾਂ
ਸੁਣਿਆ ਸੀ ਇਸ ਬਾਜ਼ਾਰ ਦਾ ਤੇ ਹੁਣ ਸਭ ਤੋਂ ਵੱਡੀ ਖ਼ੁਸ਼ੀ ਇਹੋ ਸੀ ਕਿ ਅਸੀਂ ਇਸ
ਇਤਿਹਾਸਕ ਬਾਜ਼ਾਰ ਦੀਆਂ ਖੁੱਲ੍ਹੀਆਂ ਸੜਕਾਂ ‘ਤੇ ਘੁੰਮ ਰਹੇ ਸਾਂ। ਦੋਹੀਂ ਪਾਸੀਂ
ਦੁਕਾਨਾਂ ਵਿਚ ਗਾਹਕਾਂ ਦੀ ਭੀੜ ਸੀ। ਖ਼ੂਬਸੂਰਤ ਲਾਹੌਰਨਾਂ ਸ਼ਾਮ ਦੇ ਵਕਤ ਪਹਿਨ-ਪੱਚਰ ਕੇ
ਖ਼ਰੀਦਦਾਰੀ ਲਈ ਨਿਕਲੀਆਂ ਸਨ। ਕਿਸੇ ਕਿਸੇ ਔਰਤ ਨੇ ਹੀ ਪਰਦਾ ਕੀਤਾ ਹੋਇਆ ਸੀ। ਸੁਲੇਖਾ
ਤੇ ਰਘਬੀਰ ਸਿੰਘ ਪਾਕਿਸਤਾਨ ਦਾ ਕੌਮੀ ਲਿਬਾਸ ਸਲਵਾਰ-ਕਮੀਜ਼ ਖਰੀਦਣਾ ਚਾਹੁੰਦੇ ਸਨ। ਅਸੀਂ
ਇਕ ਸ਼ੋਅ-ਰੂਮ ਵਿਚ ਦਾਖ਼ਲ ਹੋਏ ਤਾਂ ਸ਼ੋਅ-ਰੂਮ ਦੇ ਮਾਲਕ ਨੇ ‘ਜੀ ਆਇਆ’ ਆਖ ਕੇ ਸਾਡੀ
ਮੰਗ ਪੂਰੀ ਕਰਨ ਲਈ ਇਕ ਵਿਸ਼ੇਸ਼ ਸੇਲਜ਼ਮੈਨ ਦੀ ਡਿਊਟੀ ਲਾਈ। ਉਹ ਸਾਨੂੰ ਸ਼ੋਅ-ਰੂਮ ਦੇ
ਉਪਰਲੇ ਹਿੱਸੇ ਵਿਚ ਲੈ ਗਿਆ। ਵੱਖ-ਵੱਖ ਰੰਗਾਂ ਵਿਚ ਝਮ-ਝਮ ਕਰਦੇ ਸੂਟ ਸ਼ੀਸ਼ੇ ਦੀਆਂ
ਅਲਮਾਰੀਆਂ ਵਿਚ ਟੰਗੇ ਹੋਏ ਸਨ।
ਉਸ ਨੌਜਵਾਨ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਸਾਨੂੰ ਵੱਖ ਵੱਖ ਸੂਟ ਵਿਖਾਉਣੇ ਸ਼ੁਰੂ
ਕੀਤੇ। ਰਘਬੀਰ ਸਿੰਘ ਰੋਜ਼-ਮਰਾ ਦੀ ਵਰਤੋਂ ਲਈ ਸੂਟ ਖ਼ਰੀਦਣਾ ਚਾਹੁੰਦਾ ਸੀ। ਉਸ ਨੌਜਵਾਨ
ਨੇ ਕੀਮਤ ਦੀ ਗੱਲ ਉਹਦੇ ਆਪਣੇ ਉਤੇ ਹੀ ਛੱਡਦਿਆਂ ਰੰਗ ਦੀ ਚੋਣ ਕਰਨ ਲਈ ਕਿਹਾ।
‘‘ਤੁਸੀਂ ਸਾਡੇ ਖ਼ਾਸ ਮਹਿਮਾਨ ਹੋ। ਤੁਹਾਥੋਂ ਵੱਧ ਕੀਮਤ ਦਾ ਸੋਚ ਵੀ ਨਹੀਂ ਸਕਦੇ।’’
ਉਸ ਨੇ ਸੂਟ ਦਾ ਸ਼ਾਇਦ ਸਾਢੇ ਤਿੰਨ ਸੌ ਜਾਂ ਚਾਰ ਸੌ ਰੁਪਿਆ ਮੰਗਿਆ ਤੇ ਤਿੰਨ ਸੌ ਵਿਚ
ਸਹਿਜੇ ਹੀ ਮੰਨ ਗਿਆ। ਇਸ ਭਾਅ ਤਾਂ ਇਹ ਕੀਮਤ ਕੁਝ ਵੀ ਨਹੀਂ ਸੀ। ਭਾਰਤੀ ਸਿੱਕੇ ਦੀ ਕੀਮਤ
ਮੁਤਾਬਕ ਸਵਾ ਦੋ ਸੌ ਰੁਪਏ ਵੀ ਨਹੀਂ ਸਨ ਬਣਦੇ। ਮੇਰਾ ਮਨ ਵੀ ਫੁਰਕ ਪਿਆ। ਰੰਗ ਤੇ ਕੱਪੜੇ
ਦੀ ਚੋਣ ਕਰਦਿਆਂ ਕਾਫ਼ੀ ਸਮਾਂ ਲੱਗ ਚੁੱਕਾ ਸੀ। ਮੇਰੀ ਵਾਰੀ ਹੋਰ ਜਿ਼ਆਦਾ ਦੇਰ ਨਾ ਲੱਗ
ਜਾਵੇ, ਇਸ ਲਈ ਜਗਤਾਰ ਨੇ ਕਿਹਾ, ‘‘ਯਾਰ ਛੇਤੀ ਕਰੋ।’’
ਮੈਂ ਤੇ ਉਮਰ ਗਨੀ ਖੜੋਤੇ ਸਾਂ। ਨੌਜਵਾਨ ਨੇ ਪਹਿਲੇ ਹੀ ਦੋ-ਤਿੰਨ ਸੂਟ ਵਿਖਾਏ। ਰੰਗ ਮੇਰੀ
ਨਜ਼ਰ ਨੂੰ ਜਚ ਗਏ ਸਨ। ਮੈਂ ਹੋਰ ਸੂਟ ਕੱਢਣ ਤੋਂ ਉਸ ਨੂੰ ਮਨ੍ਹਾ ਕਰ ਦਿੱਤਾ। ਉਮਰ ਗਨੀ
ਮੇਰੀ ਇਸ ਤੁਰੰਤ ਚੋਣ ਉਤੇ ਬਹੁਤ ਖ਼ੁਸ਼ ਹੋਇਆ।
‘‘ਅਸਲ ਗੱਲ ਤਾਂ ਨਜ਼ਰ ਨੂੰ ਜਚਣ ਦੀ ਹੁੰਦੀ ਹੈ। ਭਾਵੇਂ ਸੌ-ਪੀਸ ਵੇਖੋ ਜੇ ਨਜ਼ਰ ਨੂੰ
ਨਹੀਂ ਜਚਦਾ ਤਾਂ ਕੋਈ ਅਰਥ ਨਹੀਂ। ਇੰਜ ਪਹਿਲੇ ਪੀਸ ਹੀ ਨਜ਼ਰ ਨੂੰ ਚੰਗੇ ਲੱਗ ਜਾਣ ਤਾਂ
ਹੋਰ ਵੇਖਾ-ਵਿਖਾਈ ਦੀ ਕੀ ਲੋੜ?’’
ਇਹ ਆਖ ਕੇ ਮੈਂ ਟੰਗੇ ਹੋਏ ਸੂਟਾਂ ਵਿਚੋ ਇਕ ਸੂਟ ਪਸੰਦ ਕੀਤਾ। ਕਰੀਮ ਰੰਗ ਦਾ ਤੇ ਉਪਰ
ਨਸਵਾਰੀ ਕਢਾਈ ਵਾਲੀ ਵਾਸਕਟ। ਮੈਂ ਸੋਚਿਆ ਆਪਣੇ ਪੁੱਤਰ ਸੁਪਨਦੀਪ ਲਈ ਖ਼ਰੀਦ ਲਵਾਂ।
‘‘ਦਿਲ ਕਰਦੈ ਤਾਂ ਸੁਪਨ ਲਈ ਖ਼ਰੀਦ ਲਵੋ। ਰਘਬੀਰ ਹੁਰੀਂ ਅਗਲੇ ਮਹੀਨੇ ਕੈਨੇਡਾ ਜਾ ਰਹੇ
ਨੇ। ਸੁਪਨ ਵਾਸਤੇ ਸੂਟ ਲਈ ਜਾਣਗੇ’’ ਸੁਲੇਖਾ ਨੇ ਕਿਹਾ।
ਮੈਂ ਭਾਅ ਪੁੱਛਿਆ। ਉਸ ਨੇ ਅਠਾਰਾਂ ਸੌ ਰੁਪਏ ਦੱਸਿਆ। ਕਰ-ਕਰਾ ਕੇ ਉਹ ਚੌਦਾਂ ਸੌ ਰੁਪਏ
ਨੂੰ ਦੇਣਾ ਮੰਨ ਗਿਆ। ਮੇਰੇ ਮਨ ਵਿਚ ਦੁਬਿਧਾ ਸੀ ਕਿ ਪਤਾ ਨਹੀਂ ਸੁਪਨਦੀਪ ਇਸ ਨੂੰ
ਪਹਿਨਣਾ ਪਸੰਦ ਵੀ ਕਰੇ ਜਾਂ ਨਾ। ਸੁਲੇਖਾ ਨੇ ਕਿਹਾ, ‘‘ਜੇ ਬਾਰਾਂ ਸੌ ਦਾ ਦੇਣਾ ਏ ਤਾਂ
ਵੇਖ ਲੈ।’’
ਉਸ ਨੂੰ ਸੌਦਾ ਮਨਜ਼ੂਰ ਨਹੀਂ ਸੀ। ਹੇਠਾਂ ਆਏ ਤਾਂ ਪੈਸੇ ਦੇਂਦਿਆਂ ਅਸੀਂ ਕਾਉਂਟਰ ‘ਤੇ
ਬੈਠੇ ਬਜ਼ੁਰਗ ਨੂੰ ਉਸ ਸੂਟ ਬਾਰੇ ਆਖਿਆ ਤਾਂ ਉਹ ਮੁੰਡੇ ਨੂੰ ਕਹਿਣ ਲੱਗਾ, ‘‘ਵੇਖ ਲੈ,
ਜੇ ਲੱਗੀ ਕੀਮਤ ਬਾਰਾਂ ਸੌ ਤਕ ਹੈ ਤਾਂ ਦੇ ਦੇਹ, ਸਰਦਾਰ ਹੁਰਾਂ ਕਿਹੜਾ ਰੋਜ਼-ਰੋਜ਼
ਆਉਣੈ।’’
ਪਰ ਮੁੰਡਾ ਨਾ ਮੰਨਿਆ। ਸ਼ਾਇਦ ਉਸ ਨੂੰ ਸੱਚ-ਮੁੱਚ ਹੀ ਘਾਟਾ ਪੈਂਦਾ ਸੀ।
ਦੁਕਾਨਦਾਰ ਨੇ ਆਖਿਆ, ‘‘ਸਰਦਾਰ ਜੀ! ਇੰਡੀਆ ਜਾ ਕੇ ਵੀ ਯਾਦ ਕਰੋਗੇ, ਹੋਰ ਸੂਟ ਲੈ ਆਉਂਦੇ
ਤਾਂ ਚੰਗਾ ਸੀ।’’
ਖ਼ਰੀਦਦਾਰੀ ਕਰਨ ਵਿਚ ਮੈਂ ਤਾਂ ਬਿਲਕੁਲ ਅਨਾੜੀ ਹਾਂ। ਮੈਨੂੰ ਭਾਅ-ਭੱਤਾ ਕਰਨਾ ਨਹੀਂ
ਆਉਂਦਾ। ਮੈਂ ਸੁਲੇਖਾ ਕੋਲ ਆਪਣੀ ਪਤਨੀ ਦੀਆਂ ਚੁੰਨੀਆਂ ਦਾ ਇਕ ਥਾਨ ਖਰੀਦ ਕੇ ਲਿਆਉਣ ਦੀ
ਇੱਛਾ ਦਾ ਪ੍ਰਗਟਾਵਾ ਕੀਤਾ। ਉਸ ਨੇ ਦੱਸਿਆ ਕਿ ਉਹ ਪਹਿਲਾਂ ਦੁਪਹਿਰ ਵੇਲੇ ਦਿੱਲੀ ਦੀਆਂ
ਪ੍ਰੋਫੈਸਰ ਅਰੌਤਾਂ ਨਾਲ ਅਨਾਰਕਲੀ ਦਾ ਗੇੜਾ ਕੱਢ ਗਈ ਸੀ। ਉਸ ਨੂੰ ਇਕ ਦੁਕਾਨ ਦਾ ਵੀ ਪਤਾ
ਸੀ ਜਿਥੋਂ ਇਕ ਨਿਸਚਿਤ ਰੇਟ ‘ਤੇ ਉਨ੍ਹਾਂ ਔਰਤਾਂ ਨੇ ਥਾਨ ਖ਼ਰੀਦਿਆ ਸੀ। ਅਨਾਰਕਲੀ ਦੇ
ਮੁੱਖ ਬਾਜ਼ਾਰ ਦੇ ਵਿਚੋ-ਵਿਚ, ਸਾਈਡਾਂ ਉੱਤੇ ਛੋਟੇ-ਛੋਟੇ ਬਾਜ਼ਾਰ ਨਿਕਲਦੇ ਹਨ। ਅਸੀਂ ਇਕ
ਛੋਟੇ ਬਾਜ਼ਾਰ ਵਿਚੋਂ ਮੋਢੇ ਖਹਿੰਦੀ ਭੀੜ ਵਿਚੋਂ ਲੰਘ ਕੇ ਉਸ ਖ਼ਾਸ ਦੁਕਾਨ ‘ਤੇ ਜਾ
ਖੜੋਤੇ। ਸੁਲੇਖਾ ਨੇ ਸ਼ੁਧ ਕੱਪੜੇ ਦੀਆਂ ਚੁੰਨੀਆਂ ਮੰਗੀਆਂ ਤੇ ਦਾਅਵਾ ਕੀਤਾ ਕਿ ਉਸ ਨੂੰ
ਕੱਪੜੇ ਦੀ ਪਛਾਣ ਅਤੇ ਕੀਮਤ ਦਾ ਪਤਾ ਹੈ। ਠੀਕ ਥਾਨ ਵੇਖ ਕੇ ਉਸ ਨੇ ਰੇਟ ਪੁੱਛਿਆ। ਦੁਕਾਨ
ਵਾਲੇ ਨੇ ਸੋਲਾਂ ਸੌ ਰੁਪਏ ਦੱਸਿਆ। ਸੁਲੇਖਾ ਨੇ ਕਿਹਾ, ‘‘ਅਜੇ ਦੁਪਹਿਰ ਵੇਲੇ ਇਹਦੇ ਨਾਲ
ਦਾ ਥਾਨ ਅਸੀਂ ਅੱਠ ਸੌ ਵਿਚ ਲੈ ਕੇ ਗਏ ਹਾਂ।’’
‘‘ਕੀ ਗੱਲ ਕਰਦੇ ਓ ਭੈਣ ਜੀ! ਕੱਪੜਾ ਤੇ ਵੇਖੋ ਹੱਥ ਲਾ ਕੇ... ਉਸ ਰੇਟ ਵਿਚ ਵੀ ਹੈ
ਨੇ...ਆਹ ਵੇਖੋ।’’ ਉਸ ਨੇ ਇਕ ਹੋਰ ਥਾਨ ਸੁਲੇਖਾ ਅੱਗੇ ਸੁੱਟਿਆ। ਸੁਲੇਖਾ ਨੇ ਉਸ ਥਾਨ
ਵੱਲ ਬੇਮਾਲੂਮੀ ਝਾਤ ਮਾਰ ਕੇ ਪਹਿਲੇ ਥਾਨ ਉਤੇ ਮੁੜ ਹੱਥ ਰੱਖਿਆ, ‘‘ਨਹੀਂ ਅੱਠ ਸੌ
ਵਿਚ।’’
ਮੈਨੂੰ ਆਪਣੀ ਪਤਨੀ ਨਾਲ ਸ਼ਾਪਿੰਗ ਕਰਦਿਆਂ ਇਹ ਅਨੁਭਵ ਹੋ ਚੁੱਕਾ ਸੀ ਕਿ ਜ਼ਨਾਨੀਆਂ ਕਈ
ਵਾਰ ਅਸਲੋਂ ਹੀ ਹੇਠਲੇ ਮੁੱਲ ਤੋਂ ਸ਼ੁਰੂ ਕਰਦੀਆਂ ਹਨ। ਮੈਨੂੰ ਤਾਂ ਦੱਸੇ ਹੋਏ ਮੁੱਲ ਤੋਂ
ਏਨਾ ਘੱਟ ਮੁੱਲ ਲਾਉਂਦਿਆਂ ਉਂਜ ਹੀ ਸੰਗ ਆਉਂਦੀ ਹੈ। ਜਦੋਂ ਮੇਰੀ ਪਤਨੀ ਕਿਸੇ ਵਸਤੂ ਦੇ
ਰੇਟ ਨਿਸਚਿਤ ਕਰ ਰਹੀ ਹੁੰਦੀ ਹੈ ਤਾਂ ਮੈਂ ਨਜ਼ਰ ਬਚਾ ਕੇ ਏਧਰ-ਓਧਰ ਹੋ ਜਾਂਦਾ ਹਾਂ।
ਪਤਨੀ ਆਖੇਗੀ, ‘‘ਤੁਹਾਨੂੰ ਨਹੀਂ ਪਤਾ ਇਨ੍ਹਾਂ ਦਾ।’’
ਹੁਣ ਜਦੋਂ ਸੋਲਾਂ ਸੌ ਦੇ ਥਾਨ ਨੂੰ ਸੁਲੇਖਾ ਅੱਠ ਸੌ ਵਿਚ ਮੰਗ ਰਹੀ ਸੀ ਤਾਂ ਸਾਨੂੰ ਵੀ
ਅਜੀਬ ਲੱਗ ਰਿਹਾ ਸੀ। ਇਕ ਅੱਧੀ ਵਾਰ ਅਸੀਂ ਵੀ ਉਸ ਨੂੰ ‘‘ਝੂਠਾ-ਸੱਚਾ’’ ਕੀਮਤ ਠੀਕ ਲਾਉਣ
ਲਈ ਕਿਹਾ ਤਾਂ ਉਹ ‘ਸਾਡੇ ਮੂੰਹ’ ਨੂੰ ਚੌਦਾਂ ਸੌ ‘ਤੇ ਮੰਨ ਗਿਆ। ਪਰ ਸੁਲੇਖਾ ਤਾਂ ਆਪਣੀ
ਜਿ਼ਦ ਉਤੇ ਸੀ।
‘‘ਭੈਣ ਜੀ! ਸੱਚੀ ਪੁੱਛਦੇ ਓ ਤਾਂ ਤੇਰਾਂ ਸੌ ਨੂੰ ਇਹ ਥਾਨ ਸਾਨੂੰ ਘਰ ਪੈਂਦਾ ਹੈ...
ਅਸੀਂ ਸੌ ਰੁਪਏ ਵੀ ਨਾ ਕਮਾਈਏ ਥਾਨ ‘ਚੋਂ ਤਾਂ ਖਾਣਾ ਕਿੱਥੋਂ ਏ?’’
ਦੁਕਾਨਦਾਰ ਦੀ ਗੱਲ ਸਾਨੂੰ ਵਾਜਬ ਲੱਗਦੀ ਸੀ। ਅਸੀਂ ਦੁਕਾਨ ਦੇ ਥੜ੍ਹੇ ਤੋਂ ਹੇਠਾਂ ਉਤਰ
ਆਏ। ਮੈਂ ਰਘਬੀਰ ਸਿੰਘ ਨੂੰ ਕਿਹਾ, ‘‘ਇਸ ਤੋਂ ਘੱਟ ਹੁਣ ਉਹ ਦੇਣ ਨਹੀਂ ਲੱਗਾ।’’
‘‘ਇਨ੍ਹਾਂ ਬੀਬੀਆਂ ਦਾ ਵੀ ਸ਼ਾਪਿੰਗ ਕਰਨ ਦਾ ਆਪਣੀ ਹੀ ਅੰਦਾਜ਼ ਹੈ। ਮੈਂ ਤਾਂ ਆਪ ਤੇਰੇ
ਵਾਂਗ ਹੀ ਹਾਂ। ਮੈਨੂੰ ਤਾਂ ਆਪ ਸੰਗ ਆ ਜਾਂਦੀ ਹੈ ਜਦੋਂ ਸਾਡੀਆਂ ਬੀਬੀਆਂ ਇੰਜ ਕਰਦੀਆਂ
ਨੇ। ਚੌਦਾਂ ਸੌ ਦਾ ਥਾਨ ਹੁਣ ਉਹ ਅੱਠ ਸੌ ਦਾ ਦੇ ਵੀ ਕਿਵੇਂ ਦੇਵੇ! ਉਸ ਨੇ ਵੀ ਤਾਂ ਕੁਝ
ਖੱਟਣਾ ਏ।’’ ਰਘਬੀਰ ਸਿੰਘ ਨੇ ਕਿਹਾ।
ਅਜੇ ਸਾਡੀ ਗੱਲ ਪੂਰੀ ਵੀ ਨਹੀਂ ਸੀ ਹੋਈ ਕਿ ਸੁਲੇਖਾ ਦੁਕਾਨ ਤੋਂ ਹੇਠਾਂ ਆਈ ਤੇ ਮੈਨੂੰ
ਕਹਿਣ ਲੱਗੀ, ‘‘ਛੇਤੀ ਛੇਤੀ ਕੱਢੋ ਸਾਢੇ ਅੱਠ ਸੌ ਰੁਪਈਆ...ਉਹ ਮੰਨ ਗਿਐ। ਸਵੇਰੇ ਵੀ
ਉਨ੍ਹਾਂ ਨੇ ਸਾਢੇ ਅੱਠ ਸੌ ‘ਚ ਹੀ ਇਹ ਥਾਨ ਖੜਿਆ ਸੀ। ਮੈਂ ਤਾਂ ਉਂਜ ਹੀ ਅੱਠ ਸੌ ਆਖੀ
ਜਾਂਦੀ ਸਾਂ।’’
ਅਸੀਂ ਸੁਲੇਖਾ ਦੀ ਸਫਲਤਾ ‘ਤੇ ਹੈਰਾਨ ਅਤੇ ਖ਼ੁਸ਼ ਹੋਏ ਤੇ ਸਾਨੂੰ ਮੰਨਣਾ ਪਿਆ ਕਿ
ਸਾਡੀਆਂ ਬੀਬੀਆਂ ਠੀਕ ਹੀ ਹੁੰਦੀਆਂ ਨੇ।
ਸ਼ਾਪਿੰਗ ਲਈ ਸੁਲੇਖਾ ਦੀ ਅਗਵਾਈ ਨਿਸਚਿਤ ਰੂਪ ਵਿਚ ਮੰਨ ਲਈ ਗਈ ਸੀ ਤੇ ਉਸ ਦੀ ਅਗਵਾਈ
ਵਿਚ ਹੀ ਮੈਂ ਆਪਣੀਆਂ ਬੱਚੀਆਂ ਲਈ ਸਿਤਾਰਾ ਸੁਪਨਾ ਲੋਨ ਦੇ ਸੂਟ ਖ਼ਰੀਦ ਲਏ।
ਰੌਸ਼ਨੀਆਂ ਨਾਲ ਅਨਾਰਕਲੀ ਬਾਜ਼ਾਰ ਜਗਮਗਾ ਰਿਹਾ ਸੀ। ਲੱਗਦਾ ਸੀ ਜਿਵੇਂ ਜਲੰਧਰ,
ਅੰਮ੍ਰਿਤਸਰ ਜਾਂ ਲੁਧਿਆਣਾ ਦੇ ਹੀ ਕਿਸੇ ਬਾਜ਼ਾਰ ਵਿਚ ਘੁੰਮ ਰਹੇ ਹੋਈਏ। ਲਾਹੌਰੀਏ
ਦੁਕਾਨਦਾਰ ਨੇ ਰੇਟ ਹੇਠਾਂ ਡੇਗ ਕੇ ਅੰਬਰਸਰੀਏ ਦੁਕਾਨਦਾਰਾਂ ਦਾ ਮਾਣ ਰੱਖ ਲਿਆ ਸੀ।
ਆਖ਼ਰਕਾਰ ਦੋਹਾਂ ਦਾ ਇਕ ਖ਼ਮੀਰ ਸੀ। ਇਸ ਪੱਖੋਂ ਵੀ ਦੋਵੇਂ ਮੁਲਕ ਬਰਾਬਰ ਦੇ ਭਾਈਬੰਦ ਸਨ।
-0- |