Welcome to Seerat.ca

ਰੇਸ਼ਮਾ

 

- ਬਲਵੰਤ ਗਾਰਗੀ

ਅਦੀਬਾਂ ਦੀ ਜੋੜੀ

 

- ਸੁਰਜੀਤ ਪਾਤਰ

ਗੋਰਕੀ ਦੀ ਕਾਲ਼-ਕੋਠੜੀ

 

- ਅਮਰਜੀਤ ਚੰਦਨ

ਵਗਦੀ ਏ ਰਾਵੀ / ਅਨਾਰਕਲੀ ਬਾਜ਼ਾਰ ਵਿਚ

 

- ਵਰਿਆਮ ਸਿੰਘ ਸੰਧੂ

ਯਾਦਾਂ ਦੇ ਬਾਲ ਝਰੋਖੇ 'ਚੋਂ'-2
ਸ਼ੱਕ ਦਾ ਸੇਕ

 

- ਸੁਪਨ ਸੰਧੂ

ਕਹਾਣੀ / ਆਸ

 

- ਕਰਨੈਲ ਸਿੰਘ

ਲੇਖ / ਮੇਰਾ ਦੇਸ਼ ਮੇਰਾ ਮੁਲਕ ਮੇਰਾ ਇਹ ਵਤਨ, ਸ਼ਾਤੀ ਦਾ ਉਨੱਤੀ ਦਾ ਪਿਆਰ ਦਾ ਚਮਨ..!!

 

- ਰਵੀ ਸਚਦੇਵਾ

ਭਗਤ ਸਿੰਘ ਅਤੇ ਉਸ ਦਾ ਮਜ਼ਾਕੀਆ ਸੁਭਾਅ

 

- ਰਾਜਾ ਰਾਮ ਸ਼ਾਸ਼ਤਰੀ

ਜੰਡ, ਜਿਸ ਉੱਤੇ ਤਰਕਸ਼ ਟੰਗ ਕੇ ਸਾਹਿਬਾਂ ਨੇ ਮਾੜੀ ਕੀਤੀ!

 

- ਹਰਨੇਕ ਸਿੰਘ ਘੜੂੰਆਂ

ਆਪਣੀ ਮਾਂ

 

- ਵਰਿਆਮ ਸਿੰਘ ਸੰਧੂ

ਇੱਕ ਫੌਲਾਦੀ ਬੰਦੇ ਦੀ ਕਹਾਣੀ

 

- ਡਾ: ਬਲਜਿੰਦਰ ਨਸਰਾਲੀ

ਹੁੰਗਾਰੇ

 


ਇੱਕ ਫੌਲਾਦੀ ਬੰਦੇ ਦੀ ਕਹਾਣੀ
- ਡਾ: ਬਲਜਿੰਦਰ ਨਸਰਾਲੀ

 

ਮੈਂ ਸਤਾਰਾਂ ਸਾਲ ਪਹਿਲਾਂ ਜਦੋਂ ਸਰਵਮੀਤ ਮੈਨੂੰ ਪੰਜਾਬੀ ਯੁਨੀਵਰਸਿਟੀ ਪਟਿਆਲੇ ਮਿਲਣ ਲੱਗਾ ਤਾਂ ਉਸਦੇ ਪਿਛਲੇ ਜੀਵਨ ਦੀਆਂ ਵੱਡੀਆਂ ਵੱਡੀਆਂ ਘਟਨਾਵਾਂ ਦੀ ਇੱਕ ਪੂਰੀ ਭੀੜ ਦਿਸਦੀ ਸੀ। ਇਹਨਾਂ ਘਟਨਾਵਾਂ ਬਾਰੇ ਉਸਦੇ ਮਸਾਲੇਦਾਰ ਟੋਟਕੇ ਸੁਣਦਿਆਂ ਉਸਨੂੰ ਮੈੱਸ ਵਿੱਚ ਰੋਟੀ ਖਵਾ ਦੇਣੀ ਜਾਂ ਕਦੇ-ਕਦੇ ਦਾਰੂ ਪਿਆ ਦੇਣੀ ਜਾਂ ਕਦੇ-ਕਦੇ ਦਾਰੂ ਪਿਆ ਦੇਣੀ ਮੇਰੇ ਵਰਗੇ ਪੇਂਡੂ ਹੋਸਟਲਰ ਨੂੰ ਵੀ ਮਹਿੰਗੀ ਨਹੀਂ ਸੀ ਜਾਪਦੀ।
“ਯਾਰ ਅੱਜ ਚਿਕਨ ਖਾਣ ਨੂੰ ਬੜਾ ਦਿਲ ਕਰਦੈ, ਪੂਰੇ ਪੰਜ ਦਿਨ ਹੋਗੇ ਚਿਕਨ ਦਾ ਮੂੰਹ ਦੇਖੇ ਨੂੰ………,” ਉਹ ਆਖਦਾ।
“ਪੰਜ ਦਿਨ…ਸਾਡੇ ਘਰਾਂ ਵਿੱਚ ਤਾਂ ਲੋਹੜੀ, ਦੀਵਾਲੀ ਜਾਂ ਕਿਸੇ ਖਾਸ ਪਰਾਹੁਣੇ ਦੇ ਆਏ ਤੇ ਮੁਰਗਾ ਵੱਢਿਆ ਜਾਂਦਾ,” ਮੈਂ ਆਖਦਾ।
“ਤੁਸੀਂ ਮਲਵਈ ਵੀ ਬੱਸ………ਵਾਹਯਾਤ!” ਉਹ ਚੁੱਪ ਕਰ ਜਾਂਦਾ।
ਉਹ ਆਪਣੇ ਬਾਪੂ ਨਾਲ ਲੜ-ਝਗੜਕੇ ਆਪਣਾ ਪੁਸ਼ਤੈਨੀ ਘਰ ਛੱਡ ਚੁੱਕਾ ਸੀ। ਪੱਤਰਕਾਰ ਬਣਨ ਦਾ ਕੀੜਾ ਉਸਦੇ ਦਿਮਾਗ ਵਿੱਚ ਪਿੰਡ ਰਹਿੰਦਿਆਂ ਹੀ ਵੜ ਚੁੱਕਾ ਸੀ। ਗਿਆਰਵੀਂ ਬਾਰਵੀਂ ਵਿੱਚ ਪੜ੍ਹਦਿਆਂ ਪਿੰਡ ਉਸਨੇ ਇੱਕ ‘ਕੰਧ ਅਖਬਾਰ’ ਸ਼ੁਰੂ ਕੀਤਾ ਜਿਸਦਾ ਸੰਪਾਦਕ ਉਹ ਆਪ ਸੀ। ਉਸਦੇ ਲਫੰਗਿਆਂ ਵਰਗੇ ਯਾਰ ਇਸਦੇ ‘ਸੰਵਾਦਦਾਤਾ’ ਸਨ। ਹਫ਼ਤਾ ਭਰ ਉਹ ਪਿੰਡ ਵਿੱਚ ਵਾਪਰਨ ਵਾ
ਲੀਆਂ ਨਿੱਕੀਆਂ ਵੱਡੀਆਂ ਘਟਨਾਵਾਂ ਤੇ ਨਜ਼ਰ ਰੱਖਦੇ। ਇਸ ਪਿੰਡ ਪੱਧਰ ਦੇ ਪੰਜ ਕਾਪੀਆਂ ਵਾਲੇ ਸਰਕੂਲੇਸ਼ਨ ਵਾਲੇ ਅਖਬਾਰ ਵਿੱਚ ਇੱਕ ਦਿਨ ਉਸਨੇ ਪਿੰਡ ਦੇ ਇੱਕ ਬੁੱਢੇ ਦੇ ਆਪਣੀ ਜਵਾਨ ਨੂੰਹ ਨਾਲ ਸੰਬੰਧਾਂ ਦਾ ਕਿੱਸਾ ਛਾਪ ਦਿੱਤਾ। ਅਖ਼ਬਾਰ ਕੰਧਾਂ ਤੇ ਚਿਪਕਿਆ ਹੀ ਸੀ ਕਿ ਪਿੰਡ ਵਿੱਚ ਤਾਂ ਤੂਫ਼ਾਨ ਆ ਗਿਆ। ਪੰਚਾਇਤ ਇਕੱਠੀ ਹੋਈ; ਬਾਪੂ ਨੇ ਛਿੱਤਰ ਪਰੇਡ ਕੀਤੀ;ਅੰਤ ਦੇਸ਼ ਨਿਕਾਲਾ ਦੇ ਦਿੱਤਾ ਗਿਆ।
ਉਸਦੀ ਜਿ਼ੰਦਗੀ ਆਦਮੀਆਂ ਦੇ ਜੰਗਲ ਵਿੱਚ ਭਟਕਣ ਭਰੀ ਕਥਾ ਹੈ। ਪਿੰਡ ਗਦਲੀ ਛੱਡ ਕੇ ਉਸਨੇ ਪ੍ਰੀਤ ਨਗਰ ਨੂੰ ਆਪਣਾ ਪਿੰਡ ਬਣਾ ਲਿਆ। ਭਾਪੇ ਨੂੰ ਛੱਡ ਪੰਜਾਬੀ ਲੇਖਕ ਮੁਖਤਾਰ ਗਿੱਲ ਨੂੰ ਆਪਣਾ ਬਾਪੂ ਬਣਾ ਲਿਆ। ਬਾਪੂ ਨੂੰ ਪੁੱਤਰ ਨੇ ਪਹਿਲਾ ਆਦੇਸ਼ ਦਿੱਤਾ, “ਬਾਪੂ ਜੀ, ਤੁਸੀਂ ਹੁਣ ਕਹਾਣੀਆਂ ਲਿਖਣੀਆਂ ਬੰਦ ਕਰੋ, ਕਹਾਣੀ ਇਸ ਤਰ੍ਹਾਂ ਨਹੀਂ ਲਿਖੀ ਜਾਂਦੀ। ਕਹਾਣੀ ਕਲਾ ਬੜੀ ਅੱਗੇ ਲੰਘ ਗਈ ਐ। ਕਹਾਣੀ ਹੁਣ ਤੁਹਾਡਾ ਪੁੱਤਰ ਲਿਖੇਗਾ।”
“‘ਓਪਰੀ ਸ਼ੈਅ’ ਵਰਗੀ ਕਹਾਣੀ ਸਰਵਮੀਤ ਤੋਂ ਬਿਨਾਂ ਹੋਰ ਲਿਖਦੂ?” ਉਸਦੀ ਮੌਤ ਦੀ ਖ਼ਬਰ ਸੁਣਕੇ ਦਹਿਸ਼ਤਜ਼ਦਾ ਹੋਇਆ ਬਲਵਿੰਦਰ ਗਰੇਵਾਲ ਕਹਿ ਰਿਹਾ ਸੀ।
ਓਪਰੀ ਸ਼ੈਅ। ਸਮਾਂ 1989-90 ਦਾ। ਖਾੜਕੂਵਾਦੀ ਹਿੰਸਕ ਦੌਰ ਦਾ ਸਮਾਂ। ਜ਼ਰਾ ਦ੍ਰਿਸ਼ ਚਿਤਰਨ ਦੇਖੋ: ਢਾਬ ਆਲਿਆਂ ਦੇ ਕੁੱਕੜਾਂ ਨੇ ਅੱਗੜ-ਪਿੱਛੜ ਬਾਂਗਾਂ ਦਿੱਤੀਆਂ ਤਾਂ ਬੁੱਢਾ ਦਾਰੀ ‘ਏਹੋ ਜਿਹੀਆਂ ਸੁਗਾਤਾਂ ਰੱਖਣ ਵਾਲਿਆਂ ਨੂੰ’ ਬਦ-ਅਸੀਸਾਂ ਦਿੰਦਾ ਹੋਇਆ ਹਵੇਲੀਓਂ ਉੱਠ ਘਰ ਨੂੰ ਵਗ ਗਿਆ। ਠੱਠੀ ਵਾਲੇ ਪਾਸੇ ‘ਆ-ਗੀ…ਉਏ……ਆ……ਗੀ……ਉਏ’ ਦੀ ਖੱਪ ਪਾਉਂਦੀ ਮਜ੍ਹਬੀ ਸਿੱਖਾਂ ਦੀ ‘ਪੋਹ ਮਾਘ ਦੀ ਪਨੀਰੀ’ ਮਾਸਟਰ ਚੈਂਚਲ ਦੇ ਘਰ ਟੈਲੀਵਿਜ਼ਨ ਵੇਖਣ ਵੜ ਗਈ। ਵੱਡੇ ਗੁਰਦੁਆਰੇ ਦੇ ਨਿਸ਼ਾਨ ਸਾਹਬ ਤੇ ਜਗਦੇ ਵੱਡੇ ਲਾਟੂ ਨੇ ਪਿੰਡ ਦੇ ਛੋਟੇ-ਵੱਡੇ ਲਾਟੂਆਂ’ਤੇ ਰੋਅਬਦਾਰ ਨਜ਼ਰ ਸੁੱਟੀ।
ਇਸ ਪੈਰ੍ਹੇ ਦੀਆਂ ਅੰਤਮ-ਸਤਰਾਂ ਉਸ ਦਹਿਸ਼ਤ ਦੀ ਕੰਨਸੋਅ ਪ੍ਰਤੀਕਾਤਮਕ ਤਰੀਕੇ ਨਾਲ ਦੇ ਜਾਂਦੀਆਂ ਹਨ ਜਿਹੜੀ ਸਮੁੱਚੀ ਕਹਾਣੀ ਵਿੱਚ ਛਾਈ ਰਹਿੰਦੀ ਹੈ। ਗੁਰਦੁਆਰੇ ਦੇ ਵੱਡੇ ਲਾਟੂ ਨੇ ਜੇਕਰ ਮੋਟੇ ਲਾਟੂਆਂ ਤੇ ਰੋਅਬਦਾਰ ਨਜ਼ਰ ਮਾਰੀ ਹੈ ਤਾਂ ਮਾਫ਼ ਛੋਟਿਆਂ ਨੂੰ ਵੀ ਨਹੀਂ ਕੀਤਾ। ਇਸ ਲਹਿਰ ਨੇ ਜੇਕਰ ਵੱਡਿਆਂ ਵੱਡਿਆਂ ਨੂੰ ਡਰਾਇਆ ਜਾਂ ਮੁਕਾਇਆ ਤਾਂ ਮਾਫ਼ ਹਣਸੂ ਵਰਗੇ ਮੋਚੀ ਨੂੰ ਵੀ ਨਹੀਂ ਕੀਤਾ। ਇਹ ਕਹਾਣੀ ਪੰਜਾਬ ਸੰਕਟ ਦੇ ਦਿਨਾਂ ਦੌਰਾਨ ਹਣਸੂ ਦੇ ਡਰ ਰਾਹੀਂ ਆਮ ਆਦਮੀ ਦੇ ਡਰ ਨੂੰ ਕਮਾਲ ਦੀ ਬਾਰੀਕਬੀਨੀ ਨਾਲ ਚਿਤਰਦੀ ਹੈ।
‘ਓਪਰੀ ਸ਼ੈਅ’ ਅਤੇ ‘ਕਲਾਣ’ ਨੇ ਉਸਨੂੰ ਤੂਈਆਂ ਕੱਢ ਰਹੀ ਚੌਥੀ ਪੀੜ੍ਹੀ ਦੇ ਮੂਹਰਲੇ ਕਹਾਣੀਕਾਰਾਂ ਵਿੱਚ ਲਿਆ ਖੜ੍ਹਾ ਕੀਤਾ। ਉਸਨੇ ਇੰਜੀਨੀਅਰ ਬਣਨ ਦੀ ਥਾਂ, ਆਪਣਾ ਡਿਪਲੋਮਾ ਪੂਰਾ ਹੁੰਦੀ ਸਾਰ, ‘ਨਵਾਂ ਜ਼ਮਾਨਾ’ ਅਖ਼ਬਾਰ ਵਿੱਚ ਨੌਕਰੀ ਜੁਆਇਨ ਕਰ ਲਈ। ਕਾਮਰੇਡਾਂ ਦੇ ਅਖ਼ਬਾਰ ਵਿੱਚ ਰਹਿ ਕੇ ਵੀ ਉਹ ਕਾਮਰੇਡਾਂ ਨੂੰ ਮੰਦਾ-ਚੰਗਾ ਬੋਲਦਾ ਰਹਿੰਦਾ। ਕੁਝ ਦਿਨਾਂ ਬਾਅਦ ਕਿਸੇ ਨਾਲ ਉੱਚਾ-ਨੀਵਾਂ ਬੋਲ ਕੇ ਨੌਕਰੀ ਛੱਡ ਦਿੱਤੀ।
ਉਂਜ ਨੌਨ-ਕਾਮਰੇਡਾਂ ਦੇ ਮੂੰਹੋਂ ਉਹ ਕਾਮਰੇਡਾਂ ਬਾਰੇ ਇੱਕ ਵੀ ਮਾੜਾ ਸ਼ਬਦ ਨਹੀਂ ਸੀ ਸੁਣ ਸਕਦਾ। ਆਪਣੇ ਲੰਮੇ ਕੂਚ ਤੋਂ ਕੁਝ ਦਿਨ ਪਹਿਲਾਂ ਹੀ ਉਹ ਮੁਖਤਾਰ ਗਿੱਲ ਨਾਲ ਫੋਨ’ਤੇ ਬਹਿਸ ਰਿਹਾ ਸੀ, “ਭਾਅ ਜੀ ਆਹ ਤੁਹਾਡਾ ਲੇਖ ਪੜ੍ਹਨ ਡਿਆਂ- ਨਕਸਲੀ ਸਮੱਸਿਆ ਨਾਲ ਕਿਵੇਂ ਨਜਿੱਠੀਏ-ਨਕਸਲੀ ਲਹਿਰ ਸਮੱਸਿਆ ਕਿੱਦਾਂ ਬਣ ਗਈ?”
ਉਦੋਂ ਮੈਂ ਪੰਜਾਬੀ ਯੂਨੀਵਰਸਿਟੀ ਵਿੱਚ ਐਮ:ਫਿ਼ਲ ਕਰ ਰਿਹਾ ਸੀ। ਅਸੀਂ- ਸ਼ਮੀਲ, ਰਾਣਾ ਰਣਬੀਰ ਤੇ ਸਰਵਮੀਤ ਅਕਸਰ ਮਿਲਦੇ ਸਾਂ। ਮੈਂ ਆਪਣੀਆਂ ਜਮਾਤਣਾਂ ਨਾਲ ਪੰਜਾਬੀ ਵਿਭਾਗ ਦੇ ਸਾਹਮਣੇ ਵਾਲੇ ਲਾਅਨ ਵਿੱਚ ਬੈਠਾ ਹੋਇਆ ਸਾਂ। ਇੱਕ ਕਲੀਨਸ਼ੇਵ ਹਾਣੀ ਨੇ ਮੈਨੂੰ ਹਾਕ ਮਾਰੀ। ਮੈਂ ਗਿਆ।
‘ਮੇਰਾ ਨਾਂ ਸਰਵਮੀਤ ਹੈ। ਮੈਂ ਬਲਜਿੰਦਰ ਨਸਰਾਲੀ ਨੂੰ ਮਿਲਣੈ, ਤੁਸੀਂ ਜੇ……?’
ਅਗਲੇ ਹੀ ਪਲ ਅਸੀਂ ਇੱਕ ਦੂਜੇ ਦੀਆਂ ਬਾਹਾਂ ਵਿੱਚ ਸਾਂ। ਜਿਵੇਂ ਚਿਰਾਂ ਦੇ ਜਾਣੂ ਹੋਈਏ, ਜਿਵੇਂ ਮੁੱਦਤਾਂ ਦੇ ਵਿੱਛੜੇ ਹੋਈਏ।
“ਬੜਾ ਰੰਨਾਂ ਵਿੱਚ ਧੰਨਾਂ ਬਣਿਆ ਬੈਠੈਂ।”
“ਇਹ ਤਾਂ ਮੇਰੀਆਂ ਜਮਾਤਣਾਂ ਨੇ……।”
“ਆਹੋ ਮੈਂ ਕਿਹੜਾ ਕਿਹਾ ਕੁਝ ਹੋਰ ਕਹਿਨੈਂ, ਮੇਰੀ ਵੀ ਜਾਣ ਪਛਾਣ ਕਰਾਦੇ ਯਾਰ……ਕਿਸੇ ਨਾਲ।”
ਕੁਝ ਮਹੀਨਿਆਂ ਬਾਅਦ ਹੀ ਉਸਦੀ ਪਛਾਣ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦੀ ਸਭ ਤੋਂ ਵੱਧ ਸਖ਼ਤ-ਮਿਜਾਜ਼ ਦੀ ਕੁੜੀ ਦਵੀ ਦਵਿੰਦਰ ਕੌਰ ਨਾਲ ਹੋ ਗਈ। ਫਿ਼ਰ ਉਹ ਉਸਨੂੰ ਫਸਾਉਣ ਦੇ ਸੁਪਨੇ ਵੇਖਣ ਲੱਗਾ। ਜਦੋਂ ਇਹ ਮੰਜਿ਼ਲ ਵੀ ਸਰ ਹੋ ਗਈ ਤਾਂ ਉਹ ਵਿਆਹ ਦੇ ਸੁਪਨੇ ਵੇਖਣ ਲੱਗਾ। ਤੇ ਫਿ਼ਰ ਜਦੋਂ ਉਹ ਉਸਦੀ ਦੁਲਹਨ ਬਣ ਗਈ ਤਾਂ ਉਹ ਉਸਨੂੰ ਖੁਸ਼ ਰੱਖਣ ਦੇ ਸੁਪਨੇ ਦੇਖਣ ਲੱਗਾ। ਸਿਰਫ਼ ਇਸ ਆਖਰੀ ਯਤਨ ਵਿੱਚ ਉਹ ਲਟਾ-ਪੀਂਘ ਹੁੰਦਾ ਹੋਇਆ ਵੀ ਮਾਤ ਖਾ ਗਿਆ।
ਇੱਕ ਦਿਨ ਅਸੀਂ ਦੋਵੇਂ ਮੇਰੇ ਕਮਰੇ ਵਿੱਚ ਬੈਠੇ ਉਸਦੀ ਇੱਕ ਨਵੀਂ ਕਹਾਣੀ ਪੜ੍ਹ ਰਹੇ ਸਾਂ। ਕਹਾਣੀ ਦਾ ਪਾਤਰ ਅੰਮ੍ਰਿਤਸਰ ਦੇ ਕਿਸੇ ਬਾਹਰਲੇ ਅੱਡੇ ਤੇ ਬੈਠਾ ਕਿਸੇ ਨੂੰ ਉਡੀਕ ਰਿਹਾ ਸੀ। ਸਰਵਮੀਤ ਬਿੰਦ ਕੁ ਪਿੱਛੋਂ ਇੱਕ ਸਤਰ ਬੋਲਦਾ, ‘ਇੱਕ ਘੜੁੱਕਾ ਹੋਰ ਲੰਘ ਗਿਆ।’
‘ਇਹ ਘੜੁੱਕਾ ਕੀ ਹੁੰਦਾ?’ ਮੈਂ ਟੋਕ ਕੇ ਪੁੱਛਿਆ।
‘ਤੈਨੂੰ ਘੜੁੱਕੇ ਦਾ ਨੀਂ ਪਤਾ? ਹੋਰ ਕੀ ਸਵਾਹ ਪਤਾ ਹੋਊ!’ ਉਹ ਅਕਸਰ ਇਸੇ ਤਰ੍ਹਾਂ ਤਿੱਖਾ ਬੋਲਦਾ ਸੀ। ‘ਕਿਸੇ ਟੁੱਟੀ ਗੱਡੀ ਦੀ ਚੈਨੀ ਉੱਪਰ ਇੱਕ ਪੀਟਰ ਇੰਜਣ……।’
‘ਅੱਛਿਆ ਪੀਟਰ ਰੇਹੜਾ। ਸਾਡੇ ਮਾਲਵੇ ਵਿੱਚ ਉਸਨੂੰ ਮਾਰੂਤਾ ਵੀ ਆਖਦੇ ਨੇ,’ ਮੈਂ ਸਮਝ ਗਿਆ ਸੀ।
‘ਬਲਜਿੰਦਰ ਪੁਲਿਸ ਆ ਰਹੀ ਏ। ਕਮਰਿਆਂ ਦੀ ਚੈਕਿੰਗ ਹੋ ਰਹੀ ਐ…’ ਗੁਆਂਢੀ ਮੁੰਡੇ ਨੇ ਮੈਨੂੰ ਸੁਚੇਤ ਕੀਤਾ।
ਉਹਨਾਂ ਦਿਨਾਂ ਵਿੱਚ ਖਾੜਕੂ ਲਹਿਰ ਦਮ ਤੋੜ ਰਹੀ ਸੀ। ਪੁਲਿਸ ਦੀ ਲੱਤ ਉੱਤੇ ਸੀ। ਯੂਨੀਵਰਸਿਟੀਆਂ ਉੱਪਰ ਘੋਖਵੀਂ ਨਜ਼ਰ ਰੱਖੀ ਜਾਂਦੀ ਸੀ। ਹੋਸਟਲਾਂ ਦੀ ਤਲਾਸ਼ੀ ਅਕਸਰ ਹੁੰਦੀ ਰਹਿੰਦੀ। ਛਾਪੇ ਵੇਲੇ ਬਿਨਾਂ ਆਗਿਆ ਰਹਿਣ ਵਾਲੇ ਮੁੰਡੇ ਏਧਰ-ਓਧਰ ਹੋ ਜਾਂਦੇ। ਸਰਵਮੀਤ ਸ਼ਮੀਲ ਨਾਲ ਰਹਿ ਗਿਆ ਸੀ। ਉਸਨੂੰ ਖਿਸਕਣ ਦਾ ਵਕਤ ਨਾ ਮਿਲਿਆ। ਮੈਂ ਉਸਨੂੰ ਚੁੱਪ-ਚਾਪ ਅੰਦਰ ਹੀ ਪਿਆ ਰਹਿਣ ਲਈ ਆਖ ਕੇ, ਕਮਰੇ ਨੂੰ ਬਾਹਰੋਂ ਜਿੰਦਾ ਲਗਾਕੇ ਪੌੜੀਆਂ ਉੱਤਰ ਆਇਆ। ਮੇਨ ਲਾਇਬਰੇਰੀ ਕੋਲ ਮੇਰੀ ਜਮਾਤ ਦੇ ਮੁੰਡੇ ਕੁੜੀਆਂ ਕੋਈ ਪਾਰਟੀ ਕਰ ਰਹੇ ਸਨ। ਉਹਨਾਂ ਨੇ ਮੈਨੂੰ ਹਾਕ ਮਾਰ ਲਈ। ਮੰੈਂ ਤਿੰਨ ਘੰਟੇ ਉਹਨਾਂ ਵਿੱਚ ਅਜਿਹਾ ਰੁੱਝਿਆ ਕਿ ਸਰਵਮੀਤ ਨੂੰ ਭੁੱਲ ਹੀ ਗਿਆ।
ਯਾਦ ਆਊਂਦੀ ਸਾਰ ਮੈਂ ਹੋਸਟਲ ਵੱਲ ਛੂਟ ਵੱਟ ਲਈ। ਪੁਲਿਸ ਦੀਆਂ ਗੱਡੀਆਂ ਜਾ ਚੁੱਕੀਆਂ ਸਨ। ਹੋਸਟਲ ਹੁਣ ਤਣਾਅ ਰਹਿਤ ਸੀ। ਮੈਂ ਜਿੰਦਾ ਖੋਲ੍ਹਿਆ ਤਾਂ ਉਹ ਖ਼ਫ਼ਾ ਖੂਨ ਹੋਇਆ ਬੈਠਾ ਸੀ।
“ਤੂੰ ਜ਼ਰੂਰ ਕੁੜੀਆਂ ਦੇ ਹੋਸਟਲ ਜਾ ਬੈਠਿਆ ਹੋਵੇਂਗਾ। ਤੁਸੀਂ ਮਲਵਈ ਹਮੇਸ਼ਾਂ ਸਾਨੂੰ ਮਝੈਲਾਂ ਨੂੰ ਹਰਾਮੀ ਸਿੱਧ ਕਰਨ ਵਿੱਚ ਰੁੱਝੇ ਰਹਿੰਦੇ ਜੇ……ਤੁਸੀਂ ਕੀ ਜੇ? ਇਹ ਕੋਈ ਤਰੀਕਾ ਬੰਦੇ ਨੂੰ ਅੰਦਰ ਡੱਕ ਕੇ ਭੁੱਲ ਹੀ ਜਾਉ! ਮੰੈਂ ਡਰਦਾ ਮਾਰਿਆ ਦਰਵਾਜ਼ਾ ਵੀ ਨਹੀਂ ਸੀ ਖੜਕਾ ਸਕਦਾ। ਇੱਕ ਇਹ ਭੈਣ’ਚੋ ਪੁਲਿਸ ਤੀਜੇ ਦਿਨ……।”
ਹੱਸਦੇ ਹੱਸਦੇ ਮੈਨੂੰ ਖਾਂਸੀ ਆ ਗਈ। ਮੈਂ ਹਾਸਾ ਰੋਕਦੇ ਹੋਏ ਕੰਧ ‘ਤੇ ਹੱਥ ਮਾਰਿਆ ਜਿੱਥੇ ਅਜੇ ਮੈਂ ਕੱਲ੍ਹ ਹੀ ਖਾਂਸੀ ਦੀ ਦਵਾਈ ਲਿਆ ਕੇ ਰੱਖੀ ਸੀ।
“ਕੀ ਦੇਖਣ ਡਿਹੈਂ? ਖਾਂਸੀ ਵਾਲੀ ਸ਼ੀਸ਼ੀ? ਔਹ ਪਈ ਐ।” ਉਸਨੇ ਪਰੇ ਮੇਜ਼ ਥੱਲੇ ਸੁੱਟੀ ਪਈ ਖਾਲੀ ਸ਼ੀਸ਼ੀ ਵੱਲ ਇਸ਼ਾਰਾ ਕੀਤਾ।
“ ਤੂੰ ਪੀ ਗਿਆ? ਸਾਰੀਓ?”
“ਹਾਂ ਬਿਲਕੁਲ। ਕੋਈ ਸ਼ੱਕ ਐ? ਤੂੰ ਤਾਂ ਮੁੜਿਆ ਈ ਨੀਂ। ਮੈਂ ਕਮਲਾ ਹੋਣਾ ਸੀ? ਤਿੰਨ ਘੰਟੇ ਤੋਂ ਉੱਪਰ ਹੋਗੇ। ਹੱਦ ਹੁੰਦੀ ਐ ਕਿਸੇ ਚੀਜ਼ ਦੀ।”
“ਯਾਰ ਮੈਂ ਤਾਂ ਅਜੇ ਸੀਲ ਵੀ ਨਹੀਂ ਸੀ ਤੋੜੀ। ਮੈਨੂੰ ਡਾਕਟਰ ਨੇ ਲਿਖੀ ਸੀ।”
“ਉਹ ਤਾਂ ਮੈਂ ਤੋੜ ਲਈ ਸੀ।” ਉਸਨੇ ਲਾਪਰਵਾਹੀ ਨਾਲ ਕਿਹਾ।
“ਸਾਰੀਓ ਪੀ ਗਿਆ?”
“ਹਾਂ ਮੈਂ ਦੋ ਵੀ ਪੀ ਸਕਦਾਂ। ਤੁਸੀਂ ਮਲਵਈ ਵੀ ਬੱਸ……।”
“ਪਰ ਤੈਨੂੰ ਕਿਹੜਾ ਖਾਂਸੀ ਲੱਗੀ ਹੋਈ ਐ?”
“ਮਹਾਰਾਜ ਜੀ ਫੈਂਸੀ ਵਿੱਚ ਨਸ਼ਾ ਹੁੰਦੈ।”
“ਇਹ ਫੈਂਸੀ ਸੀ?” ਮੈਂ ਸ਼ੀਸ਼ੀ’ਤੇ ਚਿਪਕੀ ਪਰਚੀ ਵੱਲ ਨਜ਼ਰ ਮਾਰੀ। ਸੱਚ-ਮੁੱਚ ਫੈਂਸੀਡਿਲ ਲਿਖਿਆ ਹੋਇਆ ਸੀ। ਮੈਂ ਇਸਨੂੰ ਕੁਝ ਹੋਰ ਹੀ ਪੜ੍ਹਦਾ ਰਿਹਾ ਸੀ। ਮੈਂ ਮਾੜਾ-ਮੋਟਾ ਹੀ ਸੁਣਿਆ ਹੋਇਆ ਸੀ ਕਿ ਮੁੰਡੇ-ਕੁੜੀਆਂ ੁਿੲਸਨੂੰ ਨਸ਼ੇ ਵਜੋਂ ਵਰਤਦੇ ਸਨ।
ਉਹ ‘ਚੜ੍ਹਦੀ ਕਲਾ’ ਅਖ਼ਬਾਰ ਵਿੱਚ ਸਬ-ਐਡੀਟਰ ਵਜੋਂ ਕੰਮ ਕਰਦਾ ਸੀ। ਹਰਚਰਨ ਬੈਂਸ, ਦਵੀ ਅਤੇ ਸ਼ਮੀਲ ਨੂੰ ਵੀ ਅਖ਼ਬਾਰ ਵਾਲਿਆਂ ਨੇ ਨੌਕਰੀਆਂ ਦੇ ਦਿੱਤੀਆਂ ਸਨ। ਚਾਰਾਂ ਸਦਕਾ ਅਖ਼ਬਾਰ ਨਿਖਰਨ ਵੀ ਲੱਗ ਪਿਆ ਸੀ ਤੇ ਸਰਕੂਲੇਸ਼ਨ ਵੀ ਵਧਣ ਲੱਗ ਪਈ ਸੀ। ਕਈ ਲੋਕ ਇਹਨਾਂ ਦੇ ਕਾਲਮ ਪੜ੍ਹਨ ਲਈ ਹੀ ਅਖ਼ਬਾਰ ਖਰੀਦਦੇ।
ਅਸੀਂ ਸਵੇਰੇ ਸਵੇਰੇ ਚਾਹ ਦੀ ਚੁਸਕੀਆਂ ਲੈਂਦੇ ਹੋਏ ਅਖ਼ਬਾਰਾਂ ਪੜ੍ਹਦੇ। ਉਹਨਾਂ ਕੋਲ ਕਈ ਦਿੱਲੀ ਵਾਲੇ ਅਖ਼ਬਾਰ ਵੀ ਆਉਂਦੇ ਸਨ। ਉਹ ਰੋਟੀ ਬਿਨਾਂ ਸਾਰ ਲੈਂਦੇ ਸਨ ਪਰ ਅਖਬਾਰਾਂ ਬਿਨਾਂ ਨਹੀਂ।
“ਛਪਣ ਗਿਣਤੀ ਕਿੰਨੀ ਐ ਤੁਹਾਡੇ ਅਖਬਾਰ ਦੀ?” ਮੈਂ ਸ਼ਮੀਲ ਨੂੰ ਪੁੱਛਿਆ।
ਸ਼ਮੀਲ ਨੇ ਯਾਦ ਨਹੀਂ ਕਿੰਨੀ ਦੱਸੀ ਸੀ। ਸਰਵਮੀਤ ਉਸਨੂੰ ਭੱਜ ਕੇ ਪਿਆ, “ ਤੈਨੂੰ ਜਰਨਲਿਜ਼ਮ ਦੀ ਡਿਗਰੀ ਕਿਹੜੇ ਭੜੂਏ ਨੇ ਦੇਤੀ……ਆਪਣੇ ਅਖ਼ਬਾਰ ਦੀ ਅਸਲ ਸਰਕੂਲੇਸ਼ਨ ਨਹੀਂ ਕਿਸੇ ਨੂੰ ਦੱਸੀਦੀ।
ਐਮ:ਫਿ਼ਲ ਦੇ ਪੇਪਰ ਦਿੰਦੇ ਸਾਰ ਹੀ ਮੈਂ ਡੀ:ਏ:ਵੀ ਕਾਲਜ ਜਲੰਧਰ ਲੈਕਚਰਾਰ ਜਾ ਲੱਗਿਆ। ਇਹਨਾਂ ਹੀ ਦਿਨਾਂ ਵਿੱਚ ਮੈਨੂੰ ਅਚਾਨਕ ਵਿਆਹ ਕਰਾਉਣਾ ਪੈ ਗਿਆ। ਵਿਆਹ ਸਾਦਾ ਸੀ ਇਸ ਲਈ ਮੈਂ ਉਸਨੂੰ ਬੁਲਾ ਨਾ ਸਕਿਆ। ਪਟਿਆਲੇ ਉਸਨੂੰ ਮਿਲਣ ਜਾਣ ਤੋਂ ਪਹਿਲਾਂ ਮੈਨੂੰ ਇਸ ਗੱਲ ਦਾ ਪਾਪ ਵਰਗਾ ਅਹਿਸਾਸ ਰਹਿ-ਰਹਿ ਕੇ ਹੋ ਰਿਹਾ ਸੀ। ਉਸਨੂੰ ਆਪਣੇ ਵਿਆਹ ਵਿੱਚ ਸ਼ਾਮਿਲ ਕਰਨ ਲਈ ਤੇ ਆ.ਣਾ ਪਿਆਰ ਜਤਲਾਉਣ ਲਈ ਮੈਂ ਆਪਣੇ ਸਹੁਰਿਆਂ ਵੱਲੋਂ ਦਿੱਤੀਆਂ ਪੰਜ ਪੁਸ਼ਾਕਾਂ ਵਿੱਚੋਂ ਦੋ ਸੂਟ ਉਸ ਲਈ ਤੇ ਸ਼ਮੀਲ ਲਈ ਕੱਢ ਲਏ। ਮੇਰੇ ਯਾਦ ਸੀ ਕਿ ਉਹਨਾਂ ਦੋਹਵਾਂ ਕੋਲ ਇੱਕ ਇੱਕ ਪੈਂਟ ਕਮੀਜ਼ ਹੀ ਸੀ। ਕਈ ਵਾਰ ਉਹ ਡਿਊਟੀ ਤੇ ਜਾਣ ਤੋਂ ਪਹਿਲਾਂ ਕੱਪੜੇ ਸੁੱਕਣ ਦੀ ਉਡੀਕ ਕਰਦੇ ਹੁੰਦੇ ਸਨ। ਮੈਨੂੰ ਆਸ ਸੀ ਕਿ ਉਹ ਆਪਣੇ ਖ਼ਾਸ ਮਝੈਲ ਅੰਦਾਜ਼ ਵਿੱਚ ਗਾਲ੍ਹਾਂ ਕੱਢੇਗਾ ਤੇ ਵਿਆਹ ਤੇ ਨਾ ਸੱਦਣ ਦਾ ਸਿ਼ਕਵਾ ਕਰੇਗਾ। ਪਰ ਉਸਨੇ ਕੁਝ ਨਾ ਕਿਹਾ ਤੇ ਚਾਈਂ ਚਾਈਂ ਸ਼ਾਮ ਦੀ ਪਾਰਟੀ ਦਾ ਪ੍ਰਬੰਧ ਕਰਨ ਵਿੱਚ ਰੁੱਝ ਗਿਆ।
ਮੀਟ ਬਣਾਊਣ ਦੇ ਉਹ ਅਨੇਕਾਂ ਤਰੀਕੇ ਜਾਣਦਾ ਸੀ। ਰਾਤ ਦੀ ਪੀਤੀ ਦੇ ਸਾਈਡ ਇਫੈਕਟਾਂ ਤੋਂ ਖਹਿੜਾ ਕਿਵੇਂ ਛੁਡਾਉਣਾ ਹੈ ਉਸਦੇ ਸੈਂਕੜੇ ਨੁਸਖੇ ਯਾਦ ਸਨ।
ਇੱਕ ਦਿਨ ਉਹ ਚੜ੍ਹਦੀ ਕਲਾ ਦੇ ਦਫ਼ਤਰ ਡਿਊਟੀ ਤੇ ਜਾ ਰਿਹਾ ਸੀ। ਰਸਤੇ ਵਿੱਚ ਰੋਡ ਲੰਗਰ ਵਾਲਿਆਂ ਨੇ ਜਾਮ ਲਾਇਆ ਹੋਇਆ ਸੀ। ਲੇਟ ਹੋ ਗਿਆ। ਮਾਲਕ ਨਾਲ ਤੂੰ-ਤੂੰ ਮੈਂ-ਮੈਂ ਹੋ ਗਈ। ਗੁੱਸੇ ਵਿੱਚ ਰੋਡ ਲੰਗਰਾਂ ਦੇ ਖਿ਼ਲਾਫ਼ ਖਾਸ ਕਰਕੇ ਪਟਿਆਲੇ ਦੇ ਵੱਡੇ ਦੁਕਾਨਦਾਰ ਭਾਪਿਆਂ ਦੇ ਖਿਲਾਫ਼ ਕਾਲਮ ਲਿਖ ਦਿੱਤਾ ਜਿਹੜੇ ਦੁਕਾਨਾਂ ਵਿੱਚ ਰੱਜ ਕੇ ਲੋਕਾਂ ਦੀ ਛਿੱਲ ਲਾਹੁੰਦੇ ਸਨ ਫਿ਼ਰ ਜਦੋਂ ਪਾਪਾਂ ਦੇ ਬੋਝ ਨਾਲ ਉਹਨਾਂ ਦੀ ਆਤਮਾ ਕੋਹਝੀ ਹੋ ਜਾਂਦੀ ਸੀ ਤਾਂ ਉਹ ਭੁੱਲ ਬਖਸ਼ਾਉਣ ਲਈ ਸੜਕਾਂ ਤੇ ਲੋਕਾਂ ਨੂੰ ਮਿੱਠਾ ਪਾਣੀ ਪਿਆਉਂਦੇ ਸਨ। ਅਗਲੇ ਦਿਨ ਉਹ ਅਜੇ ਦਫ਼ਤਰ ਪੁੱਜਾ ਹੀ ਸੀ ਕਿ ਦੁਕਾਨਦਾਰਾਂ ਨੇ ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਜਿ਼ੰਦਾਬਾਦ-ਮੁਰਦਾਬਾਦ ਕਰਨੀ ਸ਼ੁਰੂ ਕਰ ਦਿੱਤੀ। ਮਾਲਕਾਂ ਨੇ ਸਰਵਮੀਤ ਨੂੰ ਮੁਆਫ਼ੀ ਮੰਗਕੇ ਬਲਾ ਟਾਲਣ ਲਈ ਕਿਹਾ ਪਰ ਉਹ ਅਸਤੀਫ਼ਾ ਦੇ ਕੇ ਬਾਹਰ ਆ ਗਿਆ।
ਹੁਣ ਉਹ ਹੋਸਟਲ ਛੱਡ ਕੇ ਸੁਖਦਰਸ਼ਨ ਨੱਤ ਦੇ ਇੰਜੀਨਅਰ ਦੋਸਤਾਂ ਦੀ ਖਾਲੀ ਪਈ ਕੋਠੀ ਵਿੱਚ ਇਕੱਲਾ ਰਹਿ ਰਿਹਾ ਸੀ। ਮੈਂ ਉਸਨੂੰ ਮਿਲਣ ਗਿਆ ਤਾਂ ਉਹ ਮੈਨੂੰ ਕੋਠੀ ਦੇ ਵੱਡੇ ਵਿਹੜੇ ਵਿੱਚ ਲਾਈਆਂ ਸਬਜ਼ੀਆਂ ਦੀਆਂ ਕਿਆਰੀਆਂ ਦਿਖਾਉਣ ਲੱਗਾ, “ਆਹ ਵੇਖ ਕਚਰੀਂਡੇ………ਆਹ ਕਕੜੀਆਂ……ਹਾਈਬ੍ਰਿਡ ਟਮਾਟਰ, ਟਿੰਡੋ……ਘਰਚੂ। ਖਾਧਾ ਕਦੇ ਘਰਚੂ? ਨਹੀਂ……ਕੱਲ੍ਹ ਪਰੌਂਠਿਆਂ ਵਿੱਚ ਪਾ ਕੇ ਖਵਾਊਂ।”
ਉਸ ਪੁਰਾਣੀ ਜਿਹੀ ਕੋਠੀ ਵਿੱਚ ਉਹ ਇਸ ਤਰ੍ਹਾਂ ਰਹਿੰਦਾ ਸੀ ਜਿਵੇਂ ਸ਼ਾਹੂਕਾਰਾਂ ਦੀ ਬੰਦ ਪਈ ਹਵੇਲੀ ਵਿੱਚ ਕਬੂਤਰਾਂ ਨੇ ਆਲ੍ਹਣਾ ਪਾਇਆ ਹੋਵੇ। ਕਮਰਿਆਂ ਵਿੱਚ ਜਾਲੇ ਲਟਕ ਰਹੇ ਸਨ ਤੇ ਕੰਧਾਂ ਤੋਂ ਥਾਂ ਥਾਂ ਤੋਂ ਕਲੀ ਦੇ ਲਿਓੜ ਲੱਥੇ ਪਏ ਸਨ। ਸਿਰਫ਼ ਇੱਕ ਕਮਰਾ, ਰਸੋਈ ਤੇ ਬਾਥਰੂਮ ਉਸਨੇ ਵਰਤਣ ਲਈ ਸਵਾਰੇ ਹੋਏ ਸਨ।
ਸ਼ਾਮੀਂ ਉਸਦੇ ਇੰਜੀਨੀਅਰ ਦੋਸਤ ਇਕੱਠੇ ਹੋਣੇ ਸ਼ੁਰੂ ਹੋ ਗਏ। ਉਹਨਾਂ ਨੇ ਬੋਤਲ ਲਿਆ ਕੇ ਮੇਜ਼ ਤੇ ਟਿਕਾ ਦਿੱਤੀ। ਸਰਵਮੀਤ ਮੁਰਗਾ ਰਿੰਨਣ ਲੱਗਾ। ਕੁੱਕਰ ਬੰਦ ਕਰਕੇ ਉਹ ਕੋਠੀ ਦੇ ਪਿਛਵਾੜੇ ਵਾਲੇ ਲਾਅਨ ਤੇ ਮੇਜ਼ ਤੇ ਗਲਾਸ ਚਿਣ ਰਿਹਾ ਸੀ।
“ਸਰਵਮੀਤ”, ਬਲਵਿੰਦਰ ਸ਼ਰਮਾ ਉਂਗਲੀ ਖੜ੍ਹੀ ਕਰਕੇ ਕਹਿਣ ਲੱਗਾ, “ ਦੇਖ ਤੂੰ ਕਿਹਾ ਸੀ ਫੀਸ ਭਰਨੀ ਐ ਬੀ:ਏ ਦੀ, ਮੈਂ ਕਿਹਾ ਆਹ ਚੱਕ। ਫ਼ੀਸ ਭਰਨੀ ਕੋਈ ਔਖਾ ਕੰਮ ਨੀਂ। ਪਰ ਹੁਣ ਤੂੰ ਰੋਜ਼ ਐਂ ਸਾਡੇ ਵਿੱਚ ਆ ਕੇ ਨਾ ਫਸਿਆ ਕਰ। ਤੇਰੇ ਪੇਪਰ ਸ਼ੁਰੂ ਹੋ ਰਹੇ ਨੇ। ਅਸੀਂ ਤਾਂ ਨੌਕਰੀਆਂ ਤੇ ਲੱਗੇ ਹੋਏ ਹਾਂ…ਸੈਟਲ ਆਂ……ਤੂੰ ਅਜੇ ਸੈਟਲ ਹੋਣੈ। ਪੜ੍ਹਾਈ ਕਰ।”
ਉਸਨੇ ਇੱਕ ਖਾਲੀ ਗਲਾਸ ਚੁੱਕ ਕੇ ਉਸਦੇ ਹੱਥ ਵਿੱਚ ਫੜ੍ਹਾ ਦਿੱਤਾ।
ਸਰਵਮੀਤ ਮੂੰਹ ਮੋਟਾ ਕਰ ਕੇ ਅੰਦਰ ਚਲਿਆ ਗਿਆ।
“ਨਾਂ ਫ਼ੀਸ ਤੂੰ ਭਰੀ ਐ ਇਹਦੀ? ਫੀਸ ਤਾਂ ਇਹਦੀ ਮੈਂ ਦਿੱਤੀ ਐ?” ਇੱਕ ਇੰਜੀਨੀਅਰ ਬੋਲਿਆ।
“ ਚੱਲ ਛੱਡ……ਹੌਲੀ ਬੋਲ, ਫੇਰ ਟੈਂਸ ਹੋ ਕੇ ਇਹਨੇ ਪੜ੍ਹਨਾ ਨੀਂ।” ਬਲਵਿੰਦਰ ਨੇ ਹੱਥ ਖੜ੍ਹਾ ਕੀਤਾ।
ਮੈਂ ਚੁੱਪ ਰਿਹਾ ਭਾਵੇਂ ਫੀਸ ਉਹ ਮੇਰੇ ਤੋਂ ਵੀ ਅੰਮ੍ਰਿਤਸਰੋਂ ਆਉਂਦਾ ਹੋਇਆ ਜਲੰਧਰ ਉੱਤਰਕੇ ਲੈ ਆਇਆ ਸੀ।
“ ਇੱਕ ਦਿਨ ਇੱਕ ਕਲਰਕ ਕੋਲ ਅਸੀਂ ਕੰਮ ਗਏ”, ਬਲਵਿੰਦਰ ਦੱਸਣ ਲੱਗਾ, “ਇਹਨੂੰ ਨਾਲ ਲੈ ਗਏ। ਦੋ ਬੋਤਲਾਂ ਲੈ ਕੇ ਗਏ। ਉਹ ਕਲਰਕ ਮੁੱਖ ਮੰਤਰੀ ਬੇਅੰਤ ਸਿੰਘ ਦੇ ਨੇੜੇ ਐ। ਅਸੀਂ ਕੰਮ ਲੈਣਾ ਸੀ ਕੋਈ। ਉਹ ਪੈਸੇ ਖਾਂਦਾ ਤੇ ਕੰਮ ਕਰਾ ਦਿੰਦਾ। ਇਹ ਵੱਡਾ ਪੱਤਰਕਾਰ ਚਾਰ ਪੈੱਗ ਲਾਕੇ ਉਹਨੂੰ ਕਹਿਣ ਲੱਗਾ……… ‘ਤਨਖਾਹ ਤਾਂ ਤੇਰੀ ਥੋੜ੍ਹੀ ਜਿਹੀ ਐ, ਏਡੀ ਕੋਠੀ ਕਿੱਥੋਂ ਪਾਈ ਐ? ਪੈਸੇ ਕਿੱਥੋਂ ਆਉਂਦੇ ਨੇ?’ ਕਲਰਕ ਤਾਂ ਜੀ ਵਿਗੜ ਗਿਆ। ਕਹਿੰਦਾ ਇਹ ਕੌਣ ਐ? ਸਾਡਾ ਕੰਮ ਭਰਾਵਾ ਇਹਦੇ ਪੈਰੋਂ ਵਿਗੜ ਗਿਆ।”
ਘੰਟੇ ਕੁ ਬਾਅਦ ਵਿਨੋਦ ਉਸਨੂੰ ਅੰਦਰੋਂ ਪੜ੍ਹਦੇ ਨੂੰ ਉਠਾ ਲਿਆਇਆ। ਪੈੱਗ ਉਸਦੇ ਹੱਥ ਫੜ੍ਹਾ ਦਿੱਤਾ। ਉਹ ਖੜ੍ਹਾ-ਖੜ੍ਹਾ ਇੱਕੋ ਸਾਹੇ ਡੀਕ ਗਿਆ।
“ਥੋਡਾ ਫਿ਼ਰ ਟੌਪਿਕ ਕੀ ਐ ਐਮ:ਫਿ਼ਲ ਦਾ?” ਬਲਵਿੰਦਰ ਨੇ ਮੈਨੂੰ ਪੁੱਛਿਆ।
ਸਰਵਮੀਤ ਲੈੱਗ-ਪੀਸ ਚੁੱਕ ਕੇ ਅੰਦਰ ਚਲਿਆ ਗਿਆ। ਮੈਂ ਟੌਪਿਕ ਦੱਸ ਦਿੱਤਾ।
“ ਨਾ ਤੁਸੀਂ ਸਰਵਮੀਤ ਦੀਆਂ ਕਹਾਣੀਆਂ ਤੇ ਨੀਂ ਕਰ ਰਹੇ,” ਬਲਵਿੰਦਰ ਹੈਰਾਨ ਸੀ।
“ਜਿਨ੍ਹਾਂ ਨੇ ਵੀ ਪੰਜਾਬ ਸੰਕਟ ਬਾਰੇ ਲਿਖਿਆ ਸਾਰਿਆਂ ਤੇ ਰਿਸਰਚ ਕਰ ਰਿਹਾਂ,” ਮੈਂ ਕਿਹਾ।
ਮੰੈਨੂੰ ਕੀ ਪਤਾ ਸੀ ਕਿ ਉਹ ਕੀ ਦੱਸੀ ਫਿਰਦਾ ਸੀ।
“ਇਹ ਤਾਂ ਕਹਿੰਦੈ ਮੇਰੇ’ਤੇ ਕਰ ਰਿਹੈ ਬਲਜਿੰਦਰ?!”
“ਫਿਰ ਬਹੁਤਾ ਤਾਂ ਇਹਦੀਆਂ ਕਹਾਣੀਆਂ ਦਾ ਹੀ ਜਿ਼ਕਰ ਐ,” ਮੈਂ ਗੱਲ ਸੰਭਾਲਣ ਦੀ ਕੋਸਿ਼ਸ਼ ਕਰ ਰਿਹਾ ਸੀ।
“ਚੱਲ ਛੱਡ ਯਾਰ, ਉਹ ਫਿਰ ਅੰਦਰ ਭੱਜ ਗਿਐ। ਕੋਈ ਹੋਰ ਗੱਲ ਕਰੋ,” ਵਿਨੋਦ ਨੇ ਕਿਹਾ।
ਸਰਵਮੀਤ ਨੂੰ ਬਾਹਰ ਲਿਆਂਦਾ ਗਿਆ। ਸਿ਼ਕਵੇ ਸਿ਼ਕਾਇਤਾਂ ਕੌੜੇ ਪਾਣੀ ਹੇਠ ਦੱਬ ਗਈਆਂ। ਰਾਤ ਦੇ ਦਸ ਵੱਜੇ ਸਨ। ਦਾਰੂ ਮੁੱਕ ਗਈ। ਮੈਂ ਤੇ ਸਰਵਮੀਤ ਇੰਜੀਨੀਅਰਾਂ ਦਾ ਮੋਟਰ-ਸਾਈਕਲ ਲੈ ਕੇ ਹੋਰ ਲੈਣ ਚਲੇ ਗਏ। ਮੁੜੇ ਆ ਰਹੇ ਸੀ ਤਾਂ ਮੋੜ ਉੱਤੇ ਇੱਕ ਥਾਣੇਦਾਰ ਰਿਕਸ਼ੇ ਤੇ ਬੈਠਾ ਆ ਰਿਹਾ ਸੀ। ਸਰਵਮੀਤ ਪਿਛਲੀ ਸੀਟ’ਤੇ ਬੈਠਾ ਬੋਲਿਆ, “ਅਰੇ ਓਏ ਥਾਣੇਦਾਰਾ, ਸਾਲਿਆ ਕੁੱਤਿਆ!”
ਥਾਣੇਦਾਰ ਸੀਟ ਤੋਂ ਇਸ ਤਰ੍ਹਾਂ ਬੁੜਕਿਆ ਜਿਵੇਂ ਉਸਨੂੰ ਠੂੰਹੇਂ ਨੇ ਦੰਦੀ ਵੱਢੀ ਹੋਵੇ।
“ਖੜ੍ਹਾ ਥੋਡੀ………।”
ਪਰ ਥਾਣੇਦਾਰ ਨਾਲੋਂ ਵੱਧ ਮੈਂ ਬੁੜਕਿਆ। ਮੈਂ ਮੋਟਰ-ਸਾਈਕਲ ਦੀਆਂ ਚੀਕਾਂ ਕਢਾ ਦਿੱਤੀਆਂ। ਕਿਸੇ ਗਲੀ ਵਿੱਚ ਮੋੜ ਲਿਆ। ਘੁੰਮ-ਘੁੰਮਾ ਕੇ ਕੋਠੀ ਪਹੁੰਚੇ। ਸਰਵਮੀਤ ਟੇਪ ਬਾਹਰ ਫਿੱਟ ਕਰਕੇ ਨੱਚਣ ਦਾ ਜੁਗਾੜ ਕਰਨ ਲੱਗਾ। ਪਤਾ ਨਹੀਂ ਕਿਸ ਖੁਸ਼ੀ ਵਿੱਚ ਅਸੀਂ ਅੱਧੀ ਰਾਤ ਤੱਕ ਨੱਚੀ ਗਏ।
ਸਵੇਰੇ ਉਹ ਮੈਨੂੰ ਹਿਲਾ ਹਿਲਾ ਜਗਾ ਰਿਹਾ ਸੀ, “ ਗੱਲ ਸੁਣ ਤੇਰੇ ਪਰਸ ਵਿੱਚੋਂ ਮੈਂ ਦਸ ਰੁਪਏ ਕੱਢੇ ਨੇ, ਮੇਰਾ ਪੇਪਰ ਐ, ਸਾਲੀ ਅੱਖੇ ਨੀਂ ਖੁਲ੍ਹੀ ਮੈਂ ਰਿਕਸ਼ਾ ਕਰਕੇ ਜਾ ਰਿਹਾਂ………ਸੌਂ ਜਾਹ।”
ਬੀ:ਏ ਪਾਸ ਕਰਕੇ ਉਹ ਵਾਇਆ ‘ਹਿਮਾਲੀਆ ਦਰਪਣ’, ‘ਪੰਜਾਬੀ ਵਰਲਡ ਚੈਨਲ’, ‘ਜਨਸੱਤਾ’ ਹੁੰਦਾ ਹੋਇਆ ‘ਦੈਨਿਕ ਭਾਸਕਰ’ ਵਿੱਚ ਸੀਨੀਅਰ ਸਟਾਫ਼ ਰਿਪੋਰਟਰ ਆ ਲੱਗਾ ਸੀ। ਜੇ ਕੋਈ ਉਸਨੂੰ ਉਸਦੀ ਕੁਆਲੀਫਿ਼ਕੇਸ਼ਨ ਪੁੱਛਦਾ ਤਾਂ ਉਹ ਆਪਣੇ ਆਪ ਨੂੰ ਦਸਵੀਂ ਪਾਸ ਦੱਸਦਾ। ਕਹਿੰਦਾ ਪੱਤਰਕਾਰੀ ਦੀਆਂ ਡਿਗਰੀਆਂ ਲੈ ਕੇ ਨਹੀਂ ਪੱਤਰਕਾਰੀ ਆਉਂਦੀ।
ਦਵੀ ਦਵਿੰਦਰ ਨਾਲ ਵਿਆਹ ਤੇ ਨੌਕਰੀ ਮਿਲਣ ਤੋਂ ਬਾਅਦ ਆਰਥਿਕ ਪੱਖੋਂ ਉਸਦੇ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਗਈ ਸੀ। ਉਹ ਤੀਲੀ ਤੀਲੀ ਜੋੜ ਕੇ ਘਰ ਬਣਾ ਰਹੇ ਸਨ। ਘਰ, ਫਰਨੀਚਰ, ਕੰਪਿਊਟਰ, ਕਾਰ, ਲੈਪ-ਟਾਪ, ਕੋਠੇ ਤੇ ਝੌਂਪੜੀ, ਕਨੇਡਾ ਦਾ ਗੇੜਾ, ਘਰ ਦੀ ਬਾਰ ਵਿੱਚ ਚਿਣੀਆਂ ਬੋਤਲਾਂ ਕਿੰਨਾਂ ਹੀ ਕੁਝ ਉਹ ਚਾਅ ਨਾਲ ਦਿਖਾਉਂਦਾ ਸੀ। ਉਹ ਦੋਸਤਾਂ ਦੀ ਮੁਹੱਬਤ ਦੁਗਣੀ ਕਰ ਕਰ ਮੋੜ ਰਿਹਾ ਸੀ।
ਹਰ ਵਾਰ ਜਦੋਂ ਚੰਡੀਗੜ੍ਹ ਨੂੰ ਤੁਰਨਾ ਤਾਂ ਵਾਰ-ਵਾਰ ਫੋਨ ਆਈ ਜਾਣਾ,
“ਕਿੱਥੇ ਕੁ ਪੁੱਜ ਗਿਆ? ਅੱਛਾ ਆਜਾ ਮੈਂ’ਡੀਕੀ ਜਾਨਾਂ………।”
ਕਦੇ ਪਰੈੱਸ ਕਲੱਬ ਤੇ ਕਦੇ ਕਿਸੇ ਵਧੀਆ ਰੈਸਟੋਰੈਂਟ ਵਿੱਚ ਉਹ ਮੁਹੱਬਤ ਦਾ ਚਿਰਾਗ ਬਾਲੀ ਬੈਠਾ ਹੁੰਦਾ ਸੀ। ਮੈਂ ਕਹਿੰਦਾ- ਤੂੰ ਮਕਾਨ ਦੀਆਂ ਕਿਸ਼ਤਾਂ ਭਰ ਰਿਹੈਂ, ਖਰਚਾ ਬਹੁਤਾ ਹੋਊ। ਤਾਂ ਉਸਨੇ ਉਹੀ ਕੌੜੇ ਝਿੜਕਣ ਵਾਲੇ ਅੰਦਾਜ਼ ਵਿੱਚ ਕਹਿਣਾ- ਤੂੰ ਦੇਣੇ ਐ? ਰਾਮ ਨਾਲ ਬੈਠਾ ਰਹਿ। ਤੇਰਾ ਵੀਰ ਕਮਾਉਂਦੈ। ਲੋਕ ਕਨੇਡਾ ਤੋਂ ਆਏ ਪਰਾਹੁਣਿਆਂ ਤੋਂ ਵੀ ਪੀਈ ਜਾਂਦੇ ਐ, ਬਈ ਇਹਨਾਂ ਕੋਲ ਡਾਲਰਾਂ ਦੀ ਕਮਾਈ ਐ। ਮੰੈਂ ਨੀਂ ਪੀਂਦਾ। ਆਪਣੇ ਕੋਲੋਂ ਪਿਔਨਾਂ।
“ਏਨੇ ਪੈਸੇ ਕਿੱਥੋਂ ਆਉਂਦੇ ਐ?” ਮੈਂ ਪੁੱਛਦਾ।
“ਮੈਂ ਮਿਹਨਤ ਕਰਦਾਂ। ਹੁਣ ਮੈਂ ਕਨੇਡਾ ਇੱਕ ਵੀਕਲੀ ਅਖ਼ਬਾਰ ਸ਼ੁਰੂ ਕਰਨ ਦੇ ਚੱਕਰ ਵਿੱਚ ਗਿਆ ਸੀ। ਓਥੇ ਰਾਮੂਵਾਲੀਆ ਕਨੇਡਾ ਦੀਆਂ ਸਿਫ਼ਤਾਂ ਕਰੀ ਜਾਵੇ, ਮੈਂ ਕਿਹਾ ਰੋਕ ਗੱਡੀ ਤੂੰ ਕਨੇਡਾ ਦੀਆਂ ਪੰਦਰਾਂ ਸਿਫ਼ਤਾਂ ਕਰਕੇ ਦਿਖਾ, ਨਹੀਂ ਤੈਨੂੰ ਮੈਂ ਲੁਧਿਆਣੇ ਦੀਆਂ ਵੀਹ ਸਿਫ਼ਤਾਂ ਦੱਸਦਾਂ। ਸਾਡਾ ਪਟਿਆਲਾ ਚੰਡੀਗੜ੍ਹ ਰੋਡ ਕਿਸੇ ਗੱਲੋਂ ਘੱਟ ਐ।”
ਅਸੀਂ ਕੋਠੇ’ਤੇ ਬੈਠੇ ਸੀ। ਉਸਦੇ ਘਰੇ।
“ ਦਵੀ ਜੇਕਰ ਇਹ ਇਵੇਂ ਪੀਂਦਾ ਰਿਹਾ ਤਾਂ ਤੈਨੂੰ ਕੱਲੀ ਨੂੰ ਛੱਡ ਕੇ ਜਾਊ ਛੇਤੀ।”
“ਵੇ ਵੀਰ ਇਸੇ ਲਈ ਤਾਂ ਮੈਂ ਰੋਕਦੀ ਆਂ।”
“ ਯਾਰ ਲੰਮਾਂ ਜਿਊਣਾ ਕੋਈ ਜ਼ਰੂਰੀ ਹੁੰਦੈ? ਬੰਦੇ ਨੂੰ ਵਧੀਆ ਜਿਊਣਾ ਚਾਹੀਦਾ। ਪਰਸੋਂ ਡਾਕਟਰ ਗੁਰਬਚਨ ਮੇਰੇ ਟਾਈ ਲੱਗੀ ਦੇਖਕੇ ਕਹਿੰਦਾ ਬਣ ਠਣ ਕੇ ਰਿਹਾ ਕਰ।”
ਗੁਆਂਢੀਆਂ ਦੇ ਕੋਠੇ’ਤੇ ਇੱਕ ਬੱਚਾ ਆਪਣੀ ਮੰਮੀ ਨੂੰ ਕਹਿ ਰਿਹਾ ਸੀ, “ ਮੰਮੀ ਔਹ ਦੇਖੋ ਕੁੱਤਾ ਤੁਰਿਆ ਜਾ ਰਿਹੈ।”
“ਬੇਟੇ ਕੁੱਤਾ ਨਹੀਂ ਡੌਗੀ ਹੁੰਦੈ……।”
“ਫਿ਼ਰ ਕੁੱਤਾ ਕਿਹੜਾ ਹੁੰਦੈ?”
“ਕੁੱਤਾ ਬੇਟੇ ਮੈਨੂੰ ਕਹਿ ਲੈ……ਉਹ ਤਾਂ ਡੌਗੀ ਐ,” ਸਰਵਮੀਤ ਬੋਲਿਆ।
ਬੱਚੇ ਦੀ ਮਾਂ ਘੁੱਟਾ ਵੱਟੀ ਝਾਕੀ।
“ਏਨੀਂ ਕਿਉਂ ਪੀਂਦੈਂ ਸਰਵਮੀਤ?”
“ਕੁੱਤੇ ਕਦੇ ਸ਼ਾਕਾਹਾਰੀ ਨਹੀਂ ਹੁੰਦੇ। ਤੂੰ ‘ਫਾਂਊਂਟੇਨ ਹੈੱਡ’ ਪੜ੍ਹਿਐ? ਉਸਦਾ ਹੀਰੋ ਰੋਰਕ ਮੇਰੇ ਅੰਦਰ ਵਸਦੈ।”
“ ਪਹਿਲਾਂ ਤੂੰ ਕਹਿੰਦਾ ਹੁੰਦਾ ਸੀ ਕਿ ਤੁਰਗਨੇਵ ਦੇ ਨਾਵਲ ਪਿਓ-ਪੁੱਤਰ ਦਾ ਵਜਾਰੋਵ ਤੇਰੇ ਅੰਦਰ ਵਸਦੈ?” ਮੈਂ ਕਿਹਾ।
“ ਹਾਂ ਉਹ ਵੀ ਵਸਦੈ। ਇੱਕ ਦਿਨ ਜਨਸੱਤਾ ਦੇ ਐਡੀਟਰ ਨਾਲ ਮੇਰਾ ਝਗੜਾ ਹੋ ਗਿਆ। ਮੈਂ ਅਸਤੀਫ਼ਾ ਦੇ ਦਿੱਤਾ। ਸ਼ਾਮੀਂ ਅਸੀਂ ਪਰੈੱਸ ਕਲੱਬ ਪੀਂਦੇ ਹੋਏ ਟੱਕਰ ਗਏ। ਉਹ ਕਹਿੰਦਾ ਸਰਵਮੀਤ ਆਜ ਆਪ ਠੀਕ ਨਹੀਂ ਬੋਲ ਰਹੇ ਥੇ। ਮੈਂ ਕਿਹਾ ਸਰ ਉਹ ਮੈਂ ਨਹੀਂ ਮਿਸਟਰ ਰੋਰਕ ਬੋਲ ਰਹਾ ਥਾ। ਉਹ ਪੁੱਛਣ ਲੱਗਾ- ਆਈਨ ਰੈਂਡ ਕੇ ਫਾਊਂਟੇਨ ਹੈੱਡ ਵਾਲਾ ਰੋਰਕ? ਆਪ ਨੇ ਪੜ੍ਹਾ ਹੈ ਉਸੇ? ਕਿਆ ਬਾਤ ਹੈ! ਕੱਲ੍ਹ ਆ ਕਰ ਡਿਊਟੀ ਜੁਆਇਨ ਕਰ ਲੇਨਾ।”
“ਬੁੱਧੀਮਾਨ ਲੋਕ ਸ਼ਰਾਬ ਚਿੰਤਨ ਕਰਨ ਲਈ ਪੀਂਦੇ ਹੁੰਦੇ ਨੇ। ਆਪਾਂ ਨੂੰ ਪੰਜਾਬੀ ਲੇਖਕਾਂ ਨੂੰ ਪੀਣੀ ਨਹੀਂ ਆਉਂਦੀ। ਆਪਾਂ ਓਵੇਂ ਪੀਂਦੇ ਆਂ ਜਿਵੇਂ ਅਨਪੜ੍ਹ ਪੰਜਾਬੀ ਪੀਂਦੇ ਨੇ। ਉਹ ਤਾਂ ਅਨਪੜ੍ਹ ਨੇ, ਕਰਜ਼ਾਈ ਨੇ, ਤਾਂ ਪੀਂਦੇ ਨੇ। ਆਪਾਂ ਕਿਸ ਖੁਸ਼ੀ ਵਿੱਚ ਪੀਂਦੇ ਹਾਂ? ਜਾਂ ਦੱਸ ਤੈਨੂੰ ਕੋਈ ਦੁੱਖ ਐ, ਕੀ ਨਹੀਂ ਹੈ ਤੇਰੇ ਕੋਲ? ਇੱਕ ਕਾਰ ਹੈਗੀ ਦੂਜੀ ਲੈਣ ਨੂੰ ਫਿਰਦਾਂ।” ਮੈਂ ਕਹਿੰਦਾ।
ਉਹ ਵਜਾਰੋਵ ਤੋਂ ਬਹੁਤ ਪ੍ਰਭਾਵਿਤ ਸੀ। ਜਿਵੇਂ ਵਜਾਰੋਵ ਦੀ ਮੌਤ ਹੁੰਦੀ ਹੈ ਉਵੇਂ ਉਸਦੀ ਮੌਤ ਦੋਸਤਾਂ ਸੰਬੰਧੀਆਂ ਦਾ ਤਰਾਹ ਕੱਢ ਦਿੰਦੀ ਹੈ- ਬਿਲਕੁਲ ਅਣਕਿਆਸੀ, ਬੇਮੌਕਾ, ਬੇਵਜ੍ਹਾ। ਦਾਰੂ ਨਾਲ ਮਰਨ ਵਾਲਾ ਤਾਂ ਉਹ ਬੰਦਾ ਹੀ ਨਹੀਂ ਸੀ- ਫਿ਼ਰ ਵੀ ਦਾਰੂ ਨਾਲ ਮਰਿਆ।
ਉਸਦੀ ਕਹਾਣੀਕਾਰੀ ਨੂੰ ਉਸਦੀ ਪੱਤਰਕਾਰੀ ਖਾਗੀ। ਉਸਦੀ ਪੱਤਰਕਾਰੀ ਨੂੰ ਚੰਡੀਗੜ੍ਹ ਦੇ ਸਿਆਸਤਦਾਨ ਅਤੇ ਭ੍ਰਿਸ਼ਟ ਅਫ਼ਸਰ ਖਾਗੇ। ਸ਼ਾਇਦ ਇਸ ਖਾਣ-ਖਵਾਉਣ ਦੇ ਸਿਲਸਿਲੇ ਨੂੰ ਭੁੱਲਣ ਲਈ ਉਹ ਹਾਤੇ ਦੀ ਸ਼ਰਣ ਵਿੱਚ ਜਾਂਦਾ ਸੀ ਜਿੱਥੇ ਉਸਦੀ ਕਾਇਆ ਦਾਰੂ ਖਾਗੀ।
ਉਸਦਾ ਜਿਊਣਾ ਇੱਕ ਜੁਰਮ ਵਰਗਾ ਸੀ। ਇਹ ਉਹੀ ਸੀ ਜਿਹੜਾ ਅੱਧੀ ਰਾਤ ਨੂੰ ਚੰਡੀਗੜ੍ਹ ਦੇ ਪੁਲਸੀਆਂ ਨੂੰ ਸ਼ਰਾਬੀ ਹਾਲਤ ਵਿੱਚ ਟੱਕਰਦਾ ਸੀ ਤੇ ਕਹਿੰਦਾ ਸੀ- ਮੈਂ ਹਾਂ ਇੱਕ ਜਰਾਇਮ ਪੇਸ਼ਾ ਆਦਮੀ। ਇਹ ਉਹੀ ਸੀ ਜਿਹੜਾ ਸੁਰਜੀਤ ਪਾਤਰ ਵਰਗੀ ਮਾਇਨਸਾਜ਼ ਹਸਤੀ ਨੂੰ ਅੱਧੀ ਰਾਤ ਉੱਠ ਕੇ ਗਜ਼ਲ ਸੁਣਾਉਣ ਦੀ ਹਿਮਾਕਤ ਕਰ ਸਕਦਾ ਸੀ।
ਸੌਂ ਜਾਵੋ ਪਾਤਰ ਸਾਹਬ ਉਹ ਬੰਦਾ ਨਹੀਂ ਰਿਹਾ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346