ਸੋਵੀਅਤ ਯੂਨੀਅਨ ਜਾਣ ਦਾ
ਬੜੇ ਲੋਕ ਸੁਪਨਾ ਲੈਂਦੇ ਹੁੰਦੇ ਸੀ। ਮੇਰਾ ਇਹ ਸੁਪਨਾ 1989 ਵਿਚ ਓਥੇ ਗਏ ਦਾ ਟੁੱਟਾ। ਕਿਤੇ
ਵੀ ਖੇੜਾ ਨਜ਼ਰ ਨਾ ਆਇਆ ਤੇ ਨਾ ਰੌਣਕ। ਓਦੋਂ ਦੇ ਸਫ਼ਰ ਦੀਆਂ ਖਿੱਚੀਆਂ ਤਸਵੀਰਾਂ ਜਦ ਕਦੇ
ਦੇਖਦਾ ਹਾਂ, ਤਾਂ ਹੌਲ ਪੈਣ ਲਗਦਾ ਹੈ। ਇਨ੍ਹਾਂ ਵਿਚ ਇਕ ਤਸਵੀਰ ਸੇਂਟ ਪੀਟਰਸਬਰਗ ਦੇ ਟਾਪੂ
ਵਿਚ ਬਣੇ ਪੀਟਰ ਪਾਲ ਕਿਲੇ ਵਿਚ ਦੀ ਹੈ, ਜਿਸ ਵਿਚ ਮੈਂ ਬੌਂਦਲ਼ਿਆ ਹੋਇਆ ਕੈਮਰੇ ਵਲ ਝਾਕ
ਰਿਹਾ ਹਾਂ।
ਪੀਟਰ ਪਾਲ ਕਿਲਾ ਜ਼ਾਰਸ਼ਾਹੀ ਦੇ ਵੇਲੇ ਦਾ ਕਾਲ਼ਾਪਾਣੀ ਹੁੰਦਾ ਸੀ। ਹੁਣ ਓਥੇ ਕੈਦੀ ਨਹੀਂ,
ਟੂਰਿਸਟ ਜਾਂਦੇ ਹਨ। ਯੂਰਪ ਦੇ ਕਿਲਿਆਂ ਵਰਗਾ ਕਿਲਾ ਹੈ। ਅੰਨ੍ਹੇਰਾ ਡਿਓੜੀ ਤੋਂ ਹੀ ਸ਼ੁਰੂ
ਹੋ ਜਾਂਦਾ ਹੈ। ਜੇਲਰ ਦੇ ਦਫ਼ਤਰ ਵਿਚ ਹੱਥਕੜੀਆਂ, ਬੇੜੀਆਂ, ਕੈਦੀਆਂ ਦੇ ਫਾਂਸੀ ਦੇ ਵਾਰੰਟ
ਸਜਾ ਕੇ ਰੱਖੇ ਹੋਏ ਹਨ। ਪੌੜੀਆਂ ਚੜ੍ਹ ਕੇ ਕਾਲ਼-ਕੋਠੜੀਆਂ ਦੀ ਪਾਲ਼ ਹੈ। ਇਕ ਕੋਠੜੀ ਦੇ ਬਾਹਰ
ਲਿਖਿਆ ਸੀ: ਇਥੇ ਅਲੈਗਜ਼ਾਂਦਰ ਉਲੀਆਨੋਫ਼ ।ਲੇਨਿਨ ਦਾ ਵੱਡਾ ਭਾਈ॥ ਕੈਦ ਰਿਹਾ। ਇਹ ਏਸੇ ਜੇਲ
ਵਿਚ ਫਾਹੇ ਲੱਗਾ ਸੀ। ਲਾਗਲੀ ਕੋਠੜੀ ਦੇ ਬਾਹਰ ਗੋਰਕੀ ਦਾ ਵੇਰਵਾ ਸੀ ਕਿ ਉਹਨੇ 1905 ਦੇ
ਇਨਕਲਾਬ ਵੇਲੇ ਇਥੇ ਕੈਦ ਕੱਟੀ। ਗੋਰਕੀ ਦੇ ਨਾਂ ਨਾਲ਼ ਹੀ ਸਰੀਰ ਵਿਚ ਝੁਣਝੁਣੀ ਫਿਰ ਗਈ।
ਨਿੱਕੀ ਉਮਰ ਵਿਚ ਇਹਦੀ ਪਹਿਲੀ ਪੜ੍ਹੀ ਕਿਤਾਬ ਮੇਰਾ ਬਚਪਨ ਦੀ ਮਹਿਕ ਯਾਦ ਆ ਗਈ। ਹਿਮਾਚਲ
ਵਿਚ ਮੱਕੀ ਦੀ ਪੈਲ਼ੀ ਗੁੱਡਦਾ ਪਹਾੜੀ ਬੁੜ੍ਹਾ ਯਾਦ ਆਇਆ, ਜਿਹਨੇ ਮਾਂ ਨਾਵਲ ਪੜ੍ਹਿਆ ਹੋਇਆ
ਸੀ।
ਕੋਠੜੀ ਤਾਂ ਖ਼ਾਲੀ ਸੀ। ਇਤਿਹਾਸ ਬਣੀ ਥਾਂ ਇਸੇ ਤਰ੍ਹਾਂ ਖ਼ਾਲੀ ਹੁੰਦੀ ਹੈ। ਘਰ ਦੀ ਸੱਖਣ ਬੜੀ
ਵੱਖਰੀ ਹੁੰਦੀ ਹੈ - ਇਹ ਧੁੰਦ ਵਾਂਙ ਲਟਕਦੀ ਹੈ। ਕੈਦ ਦੀ ਸੱਖਣ ਪਥਰੀਲੀ ਹੁੰਦੀ ਹੈ। ਕੰਧ
ਵਿਚ ਲੋਹੇ ਦਾ ਮੰਜਾ ਤੇ ਮੇਜ਼ ਜੜਿਆ ਹੋਇਆ ਸੀ; ਮੇਜ਼ ਦੇ ਉੱਤੇ ਬਿਜਲੀ ਦੇ ਲਾਟੂ ਦਾ ਆਲ਼ਾ।
ਹੱਗਣ-ਮੂਤਣ ਲਈ ਖੂੰਜੇ ਵਿਚ ਰੱਖੀ ਬਾਲ਼ਟੀ। ਸਿਰ ਤੋਂ ਉਤਾਂਹ ਦੋਹਰੇ ਜੰਗਲ਼ਿਆਂ ਵਾਲ਼ਾ
ਰੋਸ਼ਨਦਾਨ। ਕੈਦ ਦੇ ਘੁਪ ਅੰਨ੍ਹੇਰੇ ਵਿਚ ਇਹੀ ਚਮਕਦਾ ਟੁਕੜਾ ਹੁੰਦਾ ਹੋਵੇਗਾ। ਆਸਮਾਨ ਨਹੀਂ
ਦਿਸਦਾ ਸੀ। ਬੰਦਾ ਆਸਮਾਨ ਨਾ ਦੇਖ ਸਕੇ; ਸੂਰਜ ਤੇ ਚੰਨ ਤਾਰੇ ਨਾ ਦੇਖ ਸਕੇ; ਇਸ ਤੋਂ ਭੈੜੀ
ਸਜ਼ਾ ਹੋਰ ਕੀ ਹੋ ਸਕਦੀ ਹੈ? ਅਮ੍ਰਿਤਸਰ ਜੇਲ ਦੀ ਕੋਠੜੀ ਜਿਥੇ ਮੈਂ ਦੋ ਸਾਲ ਕੱਟੇ ਸਨ, ਇਸ
ਕੋਠੜੀ ਨਾਲ਼ੋਂ ਹਵਾਹਾਰੀ ਸੀ। ਪਰ ਓਥੇ ਮੇਜ਼ ਤੇ ਮੰਜਾ ਨਹੀਂ ਸੀ ਹੁੰਦਾ।
ਉਸ ਖ਼ਾਲੀ ਕੋਠੜੀ ਅੰਦਰ ਹੋਰ ਕੀ ਦੇਖਣਾ ਸੀ। ਬਾਹਰ ਲਿਖਿਆ ਸੀ: ਫ਼ੋਟੋ ਲਾਹੁਣਾ ਮਨ੍ਹਾ ਹੈ।
ਮੈਂ ਅਪਣੇ ਨਾਲ਼-ਦੇ ਨੂੰ ਆਖ ਕੇ ਫ਼ੋਟੋ ਖਿਚਵਾ ਲਈ। ਅੱਜ ਇਹ ਫ਼ੋਟੋ ਦੇਖ ਕੇ ਮੈਨੂੰ ਸ਼ਰਮ
ਆਉਂਦੀ ਹੈ। ਮੈਨੂੰ ਓਥੇ ਜਾਣਾ ਹੀ ਨਹੀਂ ਸੀ ਚਾਹੀਦਾ। ਮੈਂ ਬੁੱਚੜਖ਼ਾਨਾ ਕਿਉਂ ਦੇਖਿਆ?
ਦੇਖੋ, ਬੰਦਾ ਕਿੰਨਾ ਸ਼ੇਖ਼ੀਖ਼ੋਰਾ ਹੈ, ਜੋ ਐਸੀ ਮਨਹੂਸ ਥਾਂ ਖੜ੍ਹਾ ਵੀ ਸਮਝਦਾ ਹੈ ਕਿ ਜਿਵੇਂ
ਇਹ ਫ਼ੋਟੋਗਰਾਫ਼ਰ ਦਾ ਸਟੂਡੀਓ ਹੋਵੇ। ਐਸ ਤਰ੍ਹਾਂ ਦੀਆਂ ਤਸਵੀਰਾਂ ਤਾਂ ਲੋਕ ਤਾਜ ਮਹਿਲ,
ਪੈਰਿਸ ਦੇ ਆਈਫ਼ਲ ਟਾਵਰ, ਜਾਂ ਲੰਡਨ ਦੇ ਕਬੂਤਰਾਂ ਵਾਲ਼ੇ ਟ੍ਰਫ਼ਾਲਗਰ ਚੌਂਕ ਵਿਚ ਖੜ੍ਹੋ ਕੇ
ਖਿਚਵਾਉਂਦੇ ਹਨ। ਉਨ੍ਹਾਂ ਦੀ ਖ਼ਾਹਿਸ਼ ਹੁੰਦੀ ਹੈ ਕਿ ਫ਼ੋਟੋ ‘ਚੰਗੀ’ ਆਵੇ। ਤਬਾਹੀ ਦੀ ਖਿੱਚੀ
ਤਸਵੀਰ ਵਿਚ ਵੀ ਸੁਚੱਜੀ ਵਿਉਂਤ (ਕੰਪੋਜ਼ੀਸ਼ਨ) ਦਰਕਾਰ ਹੁੰਦੀ ਹੈ। ਕੁਹਜ ਵਿਚ ਦ੍ਰਿਸ਼ਟੀਗਤ
ਸੁਹਜ ਲਭਣਾ ਬੜੀ ਅਜੀਬ ਪ੍ਰਵ੍ਰਿਤੀ ਹੈ। ਮੈਨੂੰ ਪਛਤਾਵਾ ਹੈ ਕਿ ਮੈਂ ਗੋਰਕੀ ਦੀ ਸਮਾਧੀ
ਕਿਉਂ ਭੰਗ ਕੀਤੀ? ਕੈਦੀ ਨੰਗਾ ਹੁੰਦਾ ਹੈ। ਉਹਨੂੰ ਓਹਲਾ ਚੰਗਾ ਲਗਦਾ ਹੈ। ਉਹ ਅਪਣਾ ਨੰਗ
ਨਹੀਂ ਕਿਸੇ ਨੂੰ ਦਿਖਾਉਣਾ ਚਾਹੁੰਦਾ। ਕੈਦੀ ਤੇ ਪਹਿਰੇਦਾਰ ਦੀ ਇਸ ਕਰਕੇ ਵੀ ਹਮੇਸ਼ਾ ਤਣੀ
ਰਹਿੰਦੀ ਹੈ। ਕੈਦੀ ਜਿਥੇ ਖਾਂਦਾ ਹੈ, ਓਥੇ ਹੀ ਹੱਗਦਾ ਹੈ। ਇਸ ਕਾਲ਼-ਕੋਠੜੀ ਵਿਚ
ਸਤਾਲਿਨਸ਼ਾਹੀ ਦਾ ਕਾਰਿੰਦਾ ਨਹੀਂ, ਜ਼ਾਰਸ਼ਾਹੀ ਦਾ ਬਾਗ਼ੀ ਹੁਣ ਵੀ ਕੈਦ ਹੈ। ਇਸ ਕੋਠੜੀ ਨੂੰ
ਸਤਾਲਿਨਸ਼ਾਹੀ ਵੇਲੇ ਦੇ ਅਣਖੀ ਲੇਖਕਾਂ ਦੀਆਂ ਕਾਲ਼-ਕੋਠੜੀਆਂ ਮੂੰਹ ਚਿੜਾਉਂਦੀਆਂ ਹਨ।
ਏਕਾਂਤ ਕੈਦ ਤੋਂ ਮਾੜੀ ਹੋਰ ਕੋਈ ਸਜ਼ਾ ਨਹੀਂ ਹੁੰਦੀ। ਇਹ ਸਰੀਰ ’ਤੇ ਨਹੀਂ, ਮਨ ‘ਤੇ ਮਾਰ
ਕਰਦੀ ਹੈ। ਇਹਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਉਫ਼, ਉਹ ਥਾਂ; ਜਿਥੇ ਇਨਸਾਨ
ਇਨਸਾਨ ਨੂੰ ਨਾ ਛੁਹ ਸਕੇ। ਛੁਹ ਨੂੰ ਤਾਂ ਜਾਨਵਰ ਵੀ ਤਰਸਦੇ ਹਨ। ਕੈਦ ਵਿਚ ਦਿਨ ਬੜਾ ਔਖਾ
ਲੰਘਦਾ ਹੈ, ਸਾਲ ਲੰਘਦਿਆਂ ਦਾ ਪਤਾ ਹੀ ਨਹੀਂ ਲਗਦਾ। ਉਸ ਥਾਂ ਉਹਦਾ ਸਰੀਰ ਹੀ ਹੁੰਦਾ ਹੈ।
ਕੈਦ ਤਾਂ ਜਾਨਵਰ ਵੀ ਨਹੀਂ ਹੋਣਾ ਚਾਹੁੰਦੇ। ਓਥੇ ਹੁਣ ਦਾ ਵੇਲਾ ਛਪਨ ਹੋ ਜਾਂਦਾ ਹੈ, ਓਥੇ
ਜਾਂ ਲੰਘ ਗਿਆ ਵੇਲਾ ਹੁੰਦਾ ਹੈ ਜਾਂ ਆਉਣ ਵਾਲ਼ਾ। ਵਿਚਾਲੇ ਬੰਦੇ ਦਾ ਘਾਣ ਹੁੰਦਾ ਹੈ। ਏਕਾਂਤ
ਕੈਦ ਬੰਦੇ ਨੂੰ ਸਹਿਕਣ ਜੋਗਾ ਹੀ ਛੱਡਦੀ ਹੈ। ਏਨਾ ਜਬਰ ਤਾਂ ਜਾਨਵਰ ਵੀ ਅਪਣੀ ਨਸਲ ‘ਤੇ
ਨਹੀਂ ਕਰਦੇ। ਜੇਲਖ਼ਾਨੇ ਧਰਤੀ ਦੇ ਸੀਨੇ ‘ਤੇ ਰਿਸਦੇ ਘਾਉ ਹਨ। ਬੰਦੀਖ਼ਾਨਾ ਦੁਨੀਆ ਦੀ ਸਭ ਤੋਂ
ਅੰਨੇਰ੍ਹੀ ਥਾਂ ਹੁੰਦੀ ਹੈ। ਜਿਥੇ ਕਿਤੇ ਵੀ ਇਨਸਾਨ ਕੈਦ ਕੀਤਾ ਜਾਂਦਾ ਹੈ, ਉਹ ਸਭ ਤੋਂ
ਅੰਨੇਰ੍ਹੀ ਥਾਂ ਹੁੰਦੀ ਹੈ। ਇਨਸਾਨ ਦੀ ਯਾਦਗਾਰ ਉਹ ਹੈ, ਜਿਹਦੀ ਜ਼ਿਆਰਤ ਕਰਕੇ ਰੂਹ ਖਿੜ
ਜਾਏ। ਉਸ ਸੁਪਨੇ ਦੀ ਤਾਂਘ ਹੋਏ, ਜਿਹੜਾ ਗੋਰਕੀ ਨੇ ਇਸ ਕਾਲ਼-ਕੋਠੜੀ ਵਿਚ ਦੇਖਿਆ ਸੀ। ਵੱਡੇ
ਬੰਦਿਆਂ ਦੇ ਦਰਸ਼ਨ ਆਜ਼ਾਦੀ ਦੀਆਂ ਪੌੜੀਆਂ ਚੜ੍ਹ ਕੇ ਹੁੰਦੇ ਹਨ; ਗ਼ੁਲਾਮੀ ਦੀਆਂ ਨਹੀਂ।
ਤੋਲਸਤੋਇ ਨੇ ਕਿਹਾ ਸੀ ਕਿ ਗੋਰਕੀ ਅਪਣੀ ਲਿਖਤ ਨਾਲ਼ੋਂ ਵੱਡਾ ਹੈ।
ਜਿਵੇਂ ਸੁਪਨੇ ਵਿਚ ਕਰੀਦੀਆਂ ਹਨ, ਮੈਂ ਗੋਰਕੀ ਨਾਲ਼ ਬੇਆਵਾਜ਼ ਗੱਲਾਂ ਕਰਦਾ ਹਾਂ। ਗੱਲਾਂ
ਅਸੀਂ ਪੰਜਾਬੀ ਵਿਚ ਕਰਦੇ ਹਾਂ, ਜੋ ਕਦੇ ਮੁੱਕਦੀਆਂ ਨਹੀਂ। ਮੈਂ ਆਉਣ ਦੀ ਖਿਮਾ ਮੰਗਦਾ ਹਾਂ।
ਮੈਂ ਦਸਦਾ ਹਾਂ ਕਿ ਮੈਂ ਉਹਦੇ ਜਿੰਨਾ ਹੀ ਬੇਵੱਸ ਹਾਂ। ਪਰ ਮੈਨੂੰ ਲਗਦਾ ਹੈ, ਗੋਰਕੀ ਨੇ
ਮੈਨੂੰ ਮੁਆਫ਼ ਨਹੀਂ ਕਰਨਾ। ਅਜਾਇਬਘਰ ਵਧੀਆ ਸ਼ਬਦ ਹੈ - ਅਜੀਬ, ਅਨੋਖੀ, ਅਦਭੁਤ ਥਾਂ। ਪਾਲ
ਪੀਟਰ ਕਿਲੇ ਵਿਚ ਗੋਰਕੀ ਦੀ ਕਾਲ਼-ਕੋਠੜੀ ਦਾ ਕੀ ਮਤਲਬ ਹੋ ਸਕਦਾ ਹੈ, ਜਦ ਅਗਲਿਆਂ ਨੇ ਸਾਰਾ
ਮੁਲਕ ਹੀ ਕੈਦਖ਼ਾਨਾ ਬਣਾਇਆ ਹੋਇਆ ਸੀ। ਕੈਦਖ਼ਾਨੇ ਅਜਾਇਬਘਰ ਓਦੋਂ ਹੀ ਬਣੇ ਸੋਭਾ ਦੇਣਗੇ, ਜਦ
ਇਕ ਵੀ ਕੈਦਖ਼ਾਨਾ ਨਾ ਰਿਹਾ। ਗੋਰਕੀ ਦੀ ਅਸਲ ਯਾਦਗਾਰ ਉਹਦਾ ਲਿਖਿਆ ਸ਼ਬਦ ਹੈ।
-0-
|