Welcome to Seerat.ca

ਰੇਸ਼ਮਾ

 

- ਬਲਵੰਤ ਗਾਰਗੀ

ਅਦੀਬਾਂ ਦੀ ਜੋੜੀ

 

- ਸੁਰਜੀਤ ਪਾਤਰ

ਗੋਰਕੀ ਦੀ ਕਾਲ਼-ਕੋਠੜੀ

 

- ਅਮਰਜੀਤ ਚੰਦਨ

ਵਗਦੀ ਏ ਰਾਵੀ / ਅਨਾਰਕਲੀ ਬਾਜ਼ਾਰ ਵਿਚ

 

- ਵਰਿਆਮ ਸਿੰਘ ਸੰਧੂ

ਯਾਦਾਂ ਦੇ ਬਾਲ ਝਰੋਖੇ 'ਚੋਂ'-2
ਸ਼ੱਕ ਦਾ ਸੇਕ

 

- ਸੁਪਨ ਸੰਧੂ

ਕਹਾਣੀ / ਆਸ

 

- ਕਰਨੈਲ ਸਿੰਘ

ਲੇਖ / ਮੇਰਾ ਦੇਸ਼ ਮੇਰਾ ਮੁਲਕ ਮੇਰਾ ਇਹ ਵਤਨ, ਸ਼ਾਤੀ ਦਾ ਉਨੱਤੀ ਦਾ ਪਿਆਰ ਦਾ ਚਮਨ..!!

 

- ਰਵੀ ਸਚਦੇਵਾ

ਭਗਤ ਸਿੰਘ ਅਤੇ ਉਸ ਦਾ ਮਜ਼ਾਕੀਆ ਸੁਭਾਅ

 

- ਰਾਜਾ ਰਾਮ ਸ਼ਾਸ਼ਤਰੀ

ਜੰਡ, ਜਿਸ ਉੱਤੇ ਤਰਕਸ਼ ਟੰਗ ਕੇ ਸਾਹਿਬਾਂ ਨੇ ਮਾੜੀ ਕੀਤੀ!

 

- ਹਰਨੇਕ ਸਿੰਘ ਘੜੂੰਆਂ

ਆਪਣੀ ਮਾਂ

 

- ਵਰਿਆਮ ਸਿੰਘ ਸੰਧੂ

ਇੱਕ ਫੌਲਾਦੀ ਬੰਦੇ ਦੀ ਕਹਾਣੀ

 

- ਡਾ: ਬਲਜਿੰਦਰ ਨਸਰਾਲੀ

ਹੁੰਗਾਰੇ

 
 

ਕਹਾਣੀ
ਆਸ

- ਕਰਨੈਲ ਸਿੰਘ

 

ਇਸਦੀ ਉਸਨੂੰ ਕੋਈ ਆਸ ਨਹੀਂ ਸੀ।
ਬਿਲਕੁੱਲ ਵੀ ਨਹੀਂ।
“ ਵੈਸੇ ਵੀ ਜੇਕਰ ਤੁਸੀਂ ਆਸ ਰੱਖੋਗੇ, ਤਾਂ ਹੀ ਨਿਰਾਸ਼ ਹੋਵੋਗੇ। ਜੇ ਆਸ ਨਹੀਂ ਰੱਖੋਗੇ ਤਾਂ ਕਦੇ ਵੀ ਨਿਰਾਸ਼ਾ ਨਹੀਂ ਹੋਵੇਗੀ। ਨਾ ਹੋਵੇਗਾ ਬਾਂਸ,ਨਾ ਬਜੇਗੀ ਬਾਂਸੁਰੀ।” ਅਕਸਰ ਉਹ ਸੋਚਦਾ। “ ਕਿੰਨਾ ਸਿੱਧਾ ਤੇ ਸਾਦਾ ਹੈ ਇਹ ਜਿ਼ੰਦਗੀ ਦਾ ਫਲਸਫਾ। ਬਿਲਕੁੱਲ ਸਰਲ ਤੇ ਸਪਾਟ।”
‘ਜੀਵੇ ਆਸਾ ਮਰੇ ਨਿਰਾਸ਼ਾ’ ਲੋਕ ਸੋਚਦੇ। ਕਿੰਨਾ ਅਸਪੱਸ਼ਟ ਤੇ ਗੁੰਝਲਦਾਰ ਹੈ ਇਸ ਤਰ੍ਹਾ ਦਾ ਜਿ਼ੰਦਗੀ ਦਾ ਫਲਸਫਾ। ਬਿਲਕੁੱਲ ਜਿ਼ੰਦਗੀ ਵਾਂਗ ਹੀ ਗੁੰਝਲਦਾਰ। ਜਲੇਬੀ ਦੀ ਤਰ੍ਹਾਂ। ਜਿ਼ੰਦਗੀ ਸਿੱਧੀ ਤੇ ਸਾਦੀ ਹੋਣ ਬਾਵਯੂਦ ਅਕਸਰ ਕਿੰਨੇ ਵਿੰਗ ਵਲੇਵੇਂ ਖਾ ਜਾਂਦੀ ਹੈ। ਕਈ ਵਾਰ ਤਾਂ ਚੱਕਰ ਕੱਟ ਕੇ ਫਿਰ ਉਸੇ ਹੀ ਥਾਂ ਆ ਪਹੁੰਚੀਦਾ ਹੈ , ਜਿੱਥੋਂ ਕਿ ਤੁਰੇ ਹੁੰਦੇ ਹਾਂ। ਪਰ ਫਿਰ ਵੀ ਕਿਤੇ ਨਾ ਕਿਤੇ, ਕੁੱਝ ਨਾ ਕੁੱਝ ਤਾਂ ਬਚਦਾ ਹੀ ਹੈ। ਕਦੇ ਕਿਸੇ ਚੀਜ਼ ਦਾ ਬੀਜਨਾਸ ਨਹੀਂ ਹੁੰਦਾ। ਕੁੱਝ ਨਾ ਕੁੱਝ ਤਾਂ ਹਮੇਸ਼ਾਂ ਦੁਨੀਆਂ ਤੇ ਰਹੇਗਾ ਹੀ। ਸਿੱਧਾ, ਸਰਲ, ਸਹਿਜ, ਕੁਦਰਤੀ ਤੇ ਸੁਭਾਵਕ। ਸ਼ਾਇਦ। ਜਾਂ ਸ਼ਾਇਦ ਨਹੀਂ ਵੀ।’ ਇਹ ਉਸਦਾ ਵਹਿਮ ਸੀ, ਜਾਂ ਉਹਦਾ ਵਿਸ਼ਵਾਸ਼ ਸੀ। ਖੈਰ ਕੋਈ ਗੱਲ ਨਹੀਂ।
“ਆਸ਼ਾ-ਨਿਰਾਸ਼ਾ ਜਾਂ ਨਿਰਾਸ਼ਾ -ਆਸ਼ਾ”
ਸਿੱਧਾ-ਪੁੱਠਾ ਜਾਂ ਪੁੱਠਾ-ਸਿੱਧਾ। ਦੋਹੇਂ ਹੀ। ਜਾਂ ਸ਼ਾਇਦ ਦੋਹੇਂ ਹੀ ਨਹੀਂ।
ਸਿੱਧੀ-ਸਾਦੀ, ਸਰਲ, ਸਹਿਜ, ਕੁਦਰਤੀ ਤੇ ਸੁਭਾਵਿਕ । ਉਹ ਚਾਹੁੰਦਾ ਸੀ, ਜਿ਼ੰਦਗੀ ਹੋਵੇ। ਝੂਠੀਆਂ ਫਾਰਮੈਲਟੀਆਂ, ਫਰੇਬਾਂ, ਧੋਖਿਆਂ, ਸ਼ੱਕਾਂ ਤੇ ਬਦਨੀਅਤਾਂ ਤੋਂ ਰਹਿਤ। ਜਿੰਨੀ ਵੀ ਹੋ ਸਕੇ। ਭਾਂਵੇਂ ਥੋੜ੍ਹੀ ਜਿੰਨੀ ਹੀ ਸਹੀ। ਕਈ ਵਾਰ ਨਿੱਕੀ ਜਿਹੀ ਗੱਲ ਵੀ ਸੰਤੁਸ਼ਟੀ ਦੇ ਸਕਦੀ ਹੈ। ਜੀਣ ਦਾ ਮਕਸਦ ਬਣ ਸਕਦੀ ਹੈ। ਜੀਣ ਦਾ ਢੰਗ। ਆਪਣੇ ਤਰੀਕੇ ਨਾਲ। ਲੋਕਾਂ ਦੀ ਭੀੜ ਵਾਂਗ ਨਹੀਂ। ਵੈਸੇ......ਜਰੂਰੀ ਨਹੀਂ ਕਿ ਭੀੜ ਹਮੇਸ਼ਾਂ ਭੇਡ-ਚਾਲ ਹੋਵੇ। ਜ਼ਰੂਰੀ ਨਹੀਂ ਕਿ ਭੇਡ-ਚਾਲ ਹਮੇਸ਼ਾਂ ਗਲਤ ਹੀ ਹੋਵੇ। ਜ਼ਰੂਰੀ ਨਹੀਂ ਕਿ ਗਲਤ ਹਮੇਸ਼ਾਂ ‘ਗਲਤ’ ਹੀ ਹੋਵੇ। ਹੋ ਸਕਦਾ ਹੈ ਕਿ ਕੁੱਝ ਹਾਲਾਤਾਂ ਵਿੱਚ ‘ਗਲਤ’ ‘ਠੀਕ’ ਵੀ ਹੋਵੇ। ਸਮਝਣ ਦਾ ਫਰਕ ਹੈ। ਸੋਚ ਦਾ ਫਰਕ ਹੈ। ਵਿਚਾਰਧਾਰਾ ਦਾ ਫਰਕ ਹੈ। ਜਿ਼ੰਦਗੀ ਪ੍ਰਤੀ ਫਲਸਫੇ ਦਾ ਫਰਕ।
‘ਸਿੱਧਾ, ਸਾਦਾ,ਸਰਲ, ਸਹਿਜ, ਸੁਭਾਵਿਕ ਤੇ ਕੁਦਰਤੀ। ਆਸ਼ਾ-ਨਿਰਾਸ਼ਾ ਜਾਂ ਨਿਰਾਸ਼ਾ-ਆਸ਼ਾ।’
----
‘ਪਰ ਨਹੀਂ, ਸ਼ਾਇਦ ਉਹ ਵੀ ਗਲਤ ਨਹੀ ਸੀ। ਪੜ੍ਹੀ ਲਿਖੀ। ਅਗਾਂਹਵਧੂ ਵਿਚਾਰਾ ਵਾਲੀ। ਜਿ਼ੰਮੇਵਾਰ। ‘ਮਾਡਰਨ’ ਸ਼ਕਲ ਤੇ ਸੋਚ ਵੀ ਸ਼ਾਇਦ। ਇੱਕ ਟੀਚਰ।’ ਉਹ ਸੋਚ ਰਿਹਾ ਸੀ। ‘ਮੈਂ ਖੁਦ ਵੀ ਤਾਂ ਇੱਕ ਅਧਿਆਪਕ ਰਿਹਾ ਹਾਂ। ਤੇ ਅੰਦਰੋਂ ਸ਼ਾਇਦ ਹਮੇਸ਼ਾਂ ਹੀ ਰਹਾਂਗਾ। ਇੱਕ ‘ਬੋਰਨ’ ਟੀਚਰ। ਜਿਸ ਲਈ ਪੜਾਉਣਾ ਸਿਰਫ ਇੱਕ ਪੇਸ਼ਾ ਹੀ ਨਹੀਂ, ਇਸ ਤੋਂ ਵੱਧ ਕੇ ਬਹੁਤ ਕੁੱਝ ਹੋਰ ਵੀ। ਇਸੇ ਲਈ ਸ਼ਾਇਦ ਮੇਰਾ ‘ਦਿਲ’ ਤੜਫਦਾ ਹੈ,ਫਿਰ ਜਾ ਕੇ ਉਹੀ ਪੇਸ਼ਾ ਅਪਣਾ ਲਵਾਂ। ਪੈਸਾ ਤਾਂ ਸਭ ਕੁੱਝ ਜਿੰ਼ਦਗੀ ਵਿੱਚ ਨਹੀਂ ਹੁੰਦਾ,ਮਨ ਦਾ ਸਕੂਨ ਵੀ ਬਹੁਤ ਵੱਡੀ ਚੀਜ਼ ਹੈ। ਮੇਰੇ ਲਈ ਪੜਾਉਣਾ ਇੱਕ ਲਕਸ਼ ਸੀ, ਇੱਕ ਜਨੂਨ, ਇੱਕ ਜੀਣ ਦਾ ਮਕਸਦ। ਇੱਕ ਅਧਿਆਪਕ ਦਾ ਕੰਮ ਆਪਣੇ ਵਿਦਿਆਰਥੀਆਂ ਨੂੰ ਠੀਕ ਜਾਂ ਗਲਤ ਵਿੱਚ ਫਰਕ ਦੱਸਣਾ ਹੀ ਨਹੀਂ ਹੁੰਦਾ, ਬਲਕਿ ਉਹਨਾਂ ਨੂੰ ਇਸ ਦੇ ਕਾਬਿਲ ਬਣਾਉਣਾ ਕਿ ਉਹ ਖੁਦ ਠੀਕ-ਜਾਂ ਗਲਤ ਵਿੱਚ ਠੀਕ-ਠੀਕ ਅੰਤਰ ਸਮਝ ਸਕਣ।ਫਿਰ ਉਹ ਇੱਕ ਟੀਚਰ ਹੋਣ ਦੇ ਬਾਵਯੂਦ ਇੰਨੀ ਵੱਡੀ ਗਲਤੀ ਕਰ ਗਈ ! ਆਪਣੇ ਜੀਵਨ ਦਾ ਏਨਾ ਵੱਡਾ ਫੈਸਲਾ ਗਲਤ ਲੈ ਗਈ। ਪਰ ਨਹੀਂ, ਸ਼ਾਇਦ ਇਹ ਉਸਦੀ ਗਲਤੀ ਨਾ ਹੀ ਹੋਵੇ। ਇਹਦੇ ਪਿੱਛੇ ਕੋਈ ਜ਼ਾਇਜ ਕਾਰਣ ਹੋਵੇ। ਇਨਸਾਨ ਦੇ ਦਿਲ ਦੀ ਸਾਰ ਪਾਉਣਾ ਏਨਾ ਆਸਾਨ ਵੀ ਤਾਂ ਨਹੀਂ। ਹੋ ਸਕਦਾ ਹੈ ਕਿ ਜੋ ਉਸਨੇ ਜੋ ਫੈਸਲਾ ਲਿਆ , ਉਹ ਸੋਚ ਸਮਝ ਕੇ ਹੀ ਲਿਆ ਹੋਵੇ ਅਤੇ ਉਹਦੇ ਪਿਛਲਾ ਕਾਰਣ ਵੀ ਕੋਈ ਸਾਰਥਕ ਹੀ ਹੋਵੇ। ਨਵੀਂ ਪੀੜ੍ਹੀ, ਨਵੇਂ ਤੇ ਅਜ਼ਾਦ ਖਿਆਲਾਂ ਦੀ ਧਾਰਨੀ ਹੈ। ਨਿੱਤ ਦਿਹਾੜੇ ਅਖਬਾਰਾਂ ਵਿੱਚ ਛਪਦੀਆਂ ਪੰਜਾਬੀ ਕੁੜੀਆਂ ਦੀ ਵਿਦੇਸ਼ੀ ਲਾੜਿਆਂ ਹੱਥੋਂ ਹੁੰਦੀ ਦੁਰਦਸ਼ਾ ਵੀ ਸ਼ਾਇਦ ਉਹਦੇ ਫੈਸਲੇ ਨੂੰ ਬਣਾਉਣ ਵਿੱਚ ਸ਼ਾਮਿਲ ਹੋਣ। ਇਹ ਠੀਕ ਹੈ ਕਿ ਕੁੱਝ ਸਮਾਂ ਪਹਿਲਾਂ ਤੇ ਹਾਲੇ ਵੀ ਬਹੁਤ ਵੇਰਾਂ ਪੰਜਾਬ ਵਿੱਚੋਂ ਮੁੰਡੇ-ਕੁੜੀਆਂ ਸਿਰਫ ‘ਬਾਹਰ’ ਪਹੁੰਚਣ ਲਈ ਅਨਜੋੜ ਰਿਸ਼ਤਿਆਂ ਨੂੰ ਪ੍ਰਵਾਨ ਕਰ ਲੈਂਦੇ ਹਨ। ਭਾਂਵੇਂ ਇਸ ਮਾਮਲੇ ਵਿੱਚ ਕੋਈ ਅਨਜੋੜਪਨ ਨਹੀਂ ਸੀ, ਪਰ ‘ਬਾਹਰਲਿਆਂ’ ਦੀ ਔਕਾਤ ਤੋਂ ਅੱਜਕੱਲ੍ਹ ਕੌਣ ਵਾਕਿਫ ਨਹੀਂ ਹੈ। ਪਰ ਸਿਰਫ ਸੁਣੀਆਂ ਸੁਣਾਈਆਂ ਗੱਲਾਂ ਦੇ ਅਧਾਰ ਤੇ ਕਿਸੇ ਨੂੰ ਵੇਖੇ ਪਰਖੇ ਬਗੈਰ ਉਹਦੇ ਪ੍ਰਤੀ ਆਪਣੀ ਰਾਇ ਬਣਾ ਲੈਣੀ ਵੀ ਕੋਈ ਬਹੁਤੀ ਸਮਝਦਾਰੀ ਨਹੀਂ ਕਹੀ ਜਾ ਸਕਦੀ। ਨਾਲੇ ਸਾਰੀ ਦੁਨੀਆਂ ਇੱਕੋ ਜਿਹੀ ਤਾਂ ਨਹੀਂ ਹੁੰਦੀ। ਚੰਗੇ ਨੂੰ ਲੋਕ ਘੱਟ ਤੇ ਮਾੜੇ ਨੂੰ ਵੱਧ ਵੇਖਦੇ ਨੇ ਤੇ ਫਿਰ ਬੱਸ ਐਂਵੇਂ ਦੁੱਧ ਦਾ ਜਲਿਆ ਵੀ ਐਂਵੇਂ ਲੱਸੀ ਨੂੰ ਫੂਕਾਂ ਮਾਰਨ ਲੱਗ ਪੈਂਦਾ ਹੈ। ਪਰ ਜੇ ਸਿਰਫ ਉਹਨੇ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਦੇ ਅਧਾਰ ਤੇ ਹੀ ਆਪਣਾ ਫੈਸਲਾ ਬਣਾ ਲਿਆ ਹੋਵੇਗਾ ਤਾਂ ਬਿਨਾਂ ਸ਼ੱਕ ਇਹ ਉਸਦੀ ਬਹੁਤ ਵੱਡੀ ਗਲਤੀ ਹੋਵੇਗੀ। ਜੇਕਰ ਇਹ ਵਾਕਿਆ ਹੀ ਉਸਦੀ ਗਲਤੀ ਸੀ ਤਾਂ ਉਹਦੇ ਸਟੂਡੈਂਟਸ ਵੀ ਸ਼ਾਇਦ ਉਹਨੂੰ ਏਨਾ ਹੀ ਚਾਹੁੰਦੇ ਹੋਣ, ਜਿੰਨਾ ਮੈਨੂੰ ਮੇਰੇ ਸਟੂਡੈਂਟਸ ਚਾਹੁੰਦੇ ਸੀ। ਓਨਾ ਹੀ ਉਸਨੂੰ ਪੂਜਦੇ ਹੋਣ, ਓਨਾ ਹੀ ਵਿਸ਼ਵਾਸ਼ ਕਰਦੇ ਹੋਣ। ਅੱਖਾਂ ਮੀਟ ਕੇ। ਅੰਧ-ਵਿਸ਼ਵਾਸ ਵਾਂਗ।...ਤੇ ਜੇ ਇਹ ਉਹਦੀ ‘ਗਲਤੀ’ ਸੀ ਤਾਂ ਫਿਰ ਸ਼ਾਇਦ ਉਹ ਟੀਚਰ ਬਣਨ ਦੀ ਹੱਕਦਾਰ ਨਹੀਂ ਹੈ। ਅਧਿਆਪਕ ਕਹਾਉਣ ਦੀ ਹੱਕਦਾਰ ਨਹੀ।’ ਉਸਤਾਦ ਜਾਂ ਗੁਰੂ ਦਾ ਰੁਤਬਾ ਉਸਨੂੰ ਨਹੀਂ ਸ਼ੋਭਦਾ। ਜੇ ਇਸ ਤਰ੍ਹਾਂ ਹੋਵੇਗਾ ਤਾਂ ਜਰੂਰ ਉਹਦੇ ‘ਸਟੂਡੈਂਟ’ ਉਹਦੀ ‘ਕਦਰ’ ਨਹੀਂ ਕਰਦੇ ਹੋਣਗੇ। ਉਹਦੇ ‘ਝੂਠ’ ਨੂੰ ‘ਸੱਚ’ ਨਹੀਂ ਸਮਝਦੇ ਹੋਣਗੇ। ਸੰਭਵ ਹੈ। ਵੈਸੇ ਤਾਂ ਇਹੋ ਜਿਹੇ ਫੈਸਲੇ ਕਿਸੇ ਉਪਰ ਥੋਪੇ ਨਹੀਂ ਜਾ ਸਕਦੇ। ਦਿਲ ਮਿਲਿਆਂ ਦੇ ਮੇਲੇ ਹੁੰਦੇ ਨੇ। ‘ਮੇਲੇ ਦਿਲ ਮਿਲਿਆਂ ਦੇ’।
ਲੋਕ ਤਾਂ ਬਹੁਤ ਕੁੱਝ ਕਹਿੰਦੇ ਨੇ। ਲੋਕਾਂ ਦਾ ਕੰਮ ਹੀ ਕੁੱਝ ਨਾਂ ਕੁੱਝ ਕਹਿਣਾ ਹੈ। ‘ਕਿਆ ਕਸੂਰ ਉਨਕਾ, ਯੇਹ ਤੋ ਰੀਤ ਚਲੀ ਆਈ, ਉਂਗਲੀਆਂ ਰਖਤੇ ਹੈਂ ਵੁਹ, ਹਮ ਪੇ ਉਠਾਨੇ ਕੇ ਲੀਏ।’ “ਉਸਦਾ ਜਰੂਰ ਕਿਸੇ ਮੁੰਡੇ ਨਾਲ ਚੱਕਰ ਹੋਊ। ਬੜੀ ਬੇਵਕੂਫ ਨਿਕਲੀ। ਐਨੀ ਆਕੜਖੋਰ। ਪੜ੍ਹਾਉਣ ਲਿਖਾਉਣ ਦਾ ਇਹੀ ਫਾਇਦਾ ਕਿ ਧੀਆਂ ਮਾਪਿਆਂ ਦੀ ਇੱਕ ਵੀ ਨਾ ਮੰਨਣ। ਉਹ ਵੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ। ਤੇ ਉਹ ਵੀ ਜਦੋਂ ਸਭ ਕੁੱਝ ਠੀਕ ਹੋਵੇ। ਲੋੜੋਂ ਵੱਧ ਠੀਕ।” ਲੋਕਾਂ ਆਖਿਆ।
‘ਸ਼ਾਇਦ ਸਭ ਕੁੱਝ ਠੀਕ ਨਹੀਂ ਸੀ। ਉਸਨੇ ਜੋ ਕੀਤਾ, ਸ਼ਾਇਦ ਠੀਕ ਹੀ ਕੀਤਾ। ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਉਸ ਸਮੇਂ ਮੈਂ ਵੀ ਤਾਂ ਸ਼ਾਇਦ ਗਲਤ ਜਾ ਰਿਹਾ ਸਾਂ। ਗਲਤ ਕਰ ਰਿਹਾ ਸਾਂ। ਆਪਣੀ ਸੋਚ ਦੇ ਉਲਟ। ਆਪਣੇ ਹਾਲਾਤਾਂ ਦੇ ਉਲਟ। ਤੇ ਸ਼ਾਇਦ ਸੱਚਾਈ ਦੇ ਵੀ ਉਲਟ। ਲੋਕਾਂ ਸਾਹਮਣੇ ਬੰਦਾ ਜਿੰਨਾ ਮਰਜ਼ੀ ਪਾਖੰਡ ਕਰ ਲਵੇ, ਆਪਣੇ ਆਪ ਨੂੰ ਕਦੇ ਧੋਖਾ ਨਹੀਂ ਦਿੱਤਾ ਜਾ ਸਕਦਾ। ਲੋਕਾਂ ਨੂੰ ਉਹਲੇ ਵਿੱਚ ਰੱਖਿਆ ਜਾ ਸਕਦਾ ਹੈ, ਪਰ ਬਹੁਤੀ ਦੇਰ ਨਹੀਂ। ਜੋ ਹੋਇਆ ਸ਼ਾਇਦ ਠੀਕ ਹੀ ਹੋਇਆ। ਜੇ ਇਸ ਤਰ੍ਹਾਂ ਵੇਖਿਆ ਜਾਵੇ ਤਾਂ ਉਹ ਗਲਤ ਨਹੀਂ ਸਗੋਂ ਮੈਂ ਖੁਦ ਗੁਨਾਹਗਾਰ ਹਾਂ। ਆਪਣੀਆਂ ਨਜ਼ਰਾਂ ਵਿੱਚ। ਸੱਚਾਈ ਦੇ ਅੱਗੇ। ਸਿਰਫ ਮੇਰੀ ਗਲਤੀ ਕਾਰਣ ਹੀ ਉਹਨੂੰ ਆਪਣੇ ਘਰਦਿਆਂ ਦੀ ਨਮੋਸ਼ੀ ਝੱਲਣੀ ਪਈ। ਲੋਕਾਂ ਦੀਆਂ ਗੱਲਾ ਸੁਣਨੀਆਂ ਪਈਆਂ ਤੇ ਸ਼ਾਇਦ ਉਹ ਹੌਲੀ ਹੌਲੀ ਆਪਣੇ ਆਪ ਨੂੰ ਗਲਤ ਹੀ ਸਮਝਣ ਲੱਗ ਪਈ ਹੋਵੇ। ਹਰ ਇਨਸਾਨ ਨੂੰ ਆਪਣੀ ਜਿ਼ੰਦਗੀ ਜੀਣ ਦਾ ਪੂਰਾ ਹੱਕ ਹੈ। ਆਪਣੇ ਫੈਸਲੇ ਆਪ ਕਰਨ ਦਾ।ਉਹਨੂੰ ਵੀ ਤਾਂ ਆਪਣਾ ਭਲਾ ਬੁਰਾ ਸੋਚਣ ਦਾ ਹੱਕ ਹੈ। ਜੇ ਉਹਨੇ ਇਹ ਹੱਕ ਵਰਤ ਲਿਆ ਤਾਂ ਕੀ ਗੁਨਾਹ ਕਰ ਲਿਆ। ਅਸਲੀ ਗੁਨਾਹਗਾਰ ਤਾਂ ਮੈਂ ਹਾਂ ਸ਼ਾਇਦ।’ ਉਹ ਸੋਚ ਰਿਹਾ ਸੀ।
...ਤੇ ਅੱਜ ਉਹ ਵਾਪਿਸ ਜਾ ਰਿਹਾ ਸੀ। ਵਾਪਿਸ ਫਿਰ ਉਸ ਬਿਗਾਨੀ ਧਰਤੀ ਤੇ, ਜਿੱਥੇ ਰਹਿਣ ਨੂੰ ਉਸਦਾ ਦਿਲ ਨਹੀਂ ਸੀ ਕਰਦਾ। ਸਿਰਫ ਜਾ ਰਿਹਾ ਸੀ, ਨਾ-ਚਾਹੁੰਦਿਆਂ ਵੀ। ਕੁੱਝ ਮਜ਼ਬੂਰੀਆਂ ਤੇ ਕੁੱਝ ਝੂਠੇ ਲੋਕ ਵਿਖਾਵਿਆਂ ਵਿੱਚ ਬੱਝਾ। ਅਮ੍ਰਿਤਸਰ ਤੋਂ ਲੰਡਨ , ਏਅਰ ਇੰਡੀਆ ਦੀ ਉਡਾਨ ਰਾਹੀਂ। ਅੱਜ ਤੋਂ ਤਿੰਨ ਸਾਲ ਪਹਿਲਾਂ ਜਦੋਂ ਉਹ ਇੱਥੇ ਆਇਆ ਸੀ ਤਾਂ ਉਹਦੇ ਦਿਲ ਵਿੱਚ ਬਹੁਤ ਸਾਰੀਆਂ ਉਮੰਗਾਂ ਸਨ, ਢੇਰ ਸਾਰੇ ਸੁਪਨੇ ਸਨ, ਅੰਬਰ ਜਿੱਡੀਆਂ ਆਸਾਂ ਸਨ , ਖੁਦ ਕੋਲੋਂ। ਭਵਿੱਖ ਕੋਲੋਂ।ਸਮਾਂ ਲੰਘਿਆ, ਉਹਦੀਆਂ ਬਹੁਤ ਸਾਰੀਆਂ ਆਸਾਂ ਪੂਰੀਆਂ ਹੋਈਆਂ ਤੇ ਬਹੁਤੀਆ ਅਧੂਰੀਆਂ ਵੀ ਰਹੀਆਂ। ਪ੍ਰਦੇਸਾਂ ਦੇ ਦੁੱਖ ਜਿ਼ਆਦਾ ਤੇ ਸੁੱਖ ਥੋੜ੍ਹੇ।ਪਰ ਹੁਣ ਜਦੋਂ ਉਹ ਦੂਜੀ ਵਾਰ ਉਸੇ ਹੀ ਸਥਾਨ ਤੇ ਜਾ ਰਿਹਾ ਸੀ ਤਾਂ ਸ਼ਾਇਦ ਪਹਿਲਾਂ ਵਾਲਾ ਕੁੱਝ ਵੀ ਨਹੀਂ ਸੀ। ਬਹੁਤ ਕੁੱਝ ਬਦਲ ਚੁੱਕਿਆ ਸੀ, ਉਹਦੀ ਸੋਚ , ਉਹਦੇ ਹਾਲਾਤ ... ਤੇ ਉਹਦਾ ਦਿਲ ਵੀ।ਉਹਨੂੰ ਲੱਗਿਆ ਜਿਵੇਂ ਜੋ ਕੁੱਝ ਉਹਨੇ ਚਾਹਿਆ ਸੀ, ਉਸ ਤੋਂ ਬਹੁਤ ਵੱਡੀ ਨਿਰਾਸ਼ਾ ਉਹਦੇ ਪੱਲੇ ਪਈ ਸੀ, ਜੋ ਕੁੱਝ ਉਸਨੇ ਚਾਹਿਆ ਸੀ, ਸਰਲ,ਸਾਦਾ, ਸਹਿਜ , ਸੁਭਾਵਿਕ ਤੇ ਕੁਦਰਤੀ। ਪਰ ਨਹੀਂ, ਦੂਜੇ ਹੀ ਪਲ ਉਹਦੇ ਮਨ ‘ਚ ਖਿਆਲ ਆਇਆ, ‘ਨਹੀਂ ਸਭ ਕੁੱਝ ਸਰਲ, ਸਾਦਾ,ਸਹਿਜ, ਸੁਭਾਵਿਕ ਤੇ ਕੁਦਰਤੀ ਹੀ ਤਾਂ ਹੋਇਆ ਹੈ, ਬਿਲਕੁੱਲ ਮੇਰੀ ‘ਆਸ’ ਵਾਂਗ।’
ਸਮਾਂ ਤਾਂ ਬਦਲਦਾ ਹੀ ਰਹਿੰਦਾ ਹੈ। ਬਦਲਾਵ ਹੀ ਜਿੰ਼ੰਦਗੀ ਦਾ ਦੂਜਾ ਨਾਮ ਹੈ। ਖੜੇ ਤਾਂ ਪਾਣੀ ਵੀ ਬੁੱਸ ਜਾਇਆਂ ਕਰਦੇ ਨੇ। ਉਹਦੀ ਜਿੰ਼ਦਗੀ ਵੀ ਸ਼ਾਇਦ ਇਸੇ ਤਰ੍ਹਾਂ ਦੇ ਹੀ ਬਦਲਾਵਾਂ ਨਾਲ ਭਰੀ ਪਈ ਸੀ। ਉਹ ਅਤੀਤ ਅਤੇ ਵਰਤਮਾਨ ਦੇ ਗਹਿਗੱਚ ਵਿੱਚ ਫਸਿਆ ਹੋਇਆ ਸੀ।
ਉਹਦਾ ਜਨਮ ਪੰਜਾਬ ਦੇ ਇੱਕ ਪੇਂਡੂ ਕਿਸਾਨੀ ਪਰਿਵਾਰ ਵਿੱਚ ਹੋਇਆ ਸੀ। ਸਾਇੰਸ ਵਿੱਚ ਗਰੈਜੂਏਸ਼ਨ ਤੇ ਅੰਗਰੇਜ਼ੀ ਸਾਹਿਤ ਦੀ ਐਮ ਏ ਕਰਨ ਤੋਂ ਬਾਦ ਬੀ ਐਡ ਕਰਕੇ ਇੱਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਟੀਚਰ ਦੀ ਜਾਬ ਕਰ ਲਈ ਸੀ। ਉਹਦਾ ਬਚਪਨ ਤੋਂ ਹੀ ਇੱਕ ਸੁਪਨਾ ਸੀ ਕਿ ਉਹ ਇੱਕ ਟੀਚਰ ਬਣੇ, ਜੋ ਕਿ ਪੁਰਾ ਹੋ ਗਿਆ ਸੀ। ਟੀਚਿੰਗ ਉਸ ਲਈ ਸਿਰਫ ਇੱਕ ਕਿੱਤਾ ਹੀ ਨਹੀਂ ਸਗੋਂ ਇੱਕ ਜਨੂਨ ਸੀ, ਇੱਕ ਜੀਣ ਦਾ ਮਕਸਦ ਸੀ।ਚਾਹੇ ਕਿ ਜ਼ਮਾਨਾ ਬਹੁਤ ਹੀ ਪਦਾਰਥਵਾਦੀ ਬਣ ਗਿਆ ਹੈ ਪਰ ਫਿਰ ਵੀ ਅਧਿਆਪਨ ਦਾ ਕਿੱਤਾ ਹਾਲੇ ਵੀ ਬਾਕੀ ਕਿੱਤਿਆਂ ਨਾਲੋਂ ਸਭ ਤੋਂ ਵੱਧ ਆਦਰਸ਼ ਗਿਣਿਆ ਜਾਂਦਾ ਹੈ। ਖਾਸ ਤੌਰ ਤੇ ਭਾਰਤੀ ਸਮਾਜ ਵਿੱਚ ਤਾਂ ਅਧਿਆਪਕ ਨੂੰ ‘ਗੁਰੂ’ ਦਾ ਦਰਜ਼ਾ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਲਈ ਆਪਣੇ ਅਧਿਆਪਕ ਦੀ ਕਹੀ ਗੱਲ ਹੀ ‘ਠੀਕ’ ਅਤੇ ‘ਸੱਚੀ’ ਹੁੰਦੀ ਹੈ। ਭਾਂਵੇਂ ਉਹ ਬਿਲਕੁੱਲ ‘ਝੂਠ’ ਹੀ ਕਿਉਂ ਨਾ ਹੋਵੇ। ਨਾਲ ਦੀ ਨਾਲ ਉਹਨੇ ਪੱਤਰਕਾਰੀ ਦੇ ਖੇਤਰ ਵਿੱਚ ਵੀ ਹੱਥ ਥੋੜਾ ਬਹੁਤ ਹੱਥ ਅਜਮਾਉਣ ਲੱਗ ਪਿਆ ਸੀ। ਪਰ ਉਹਨੂੰ ਦੁੱਖ ਹੁੰਦਾ ਸੀ ਇਹ ਵੇਖਕੇ ਜਦੋਂ ਬਹੁਤ ਸਾਰੇ ਪੱਤਰਕਾਰ ਚੰਦ ਛਿੱਲੜਾਂ, ਝੂਠੀ ਸ਼ਾਨ,ਝੂਠੀ ਟੌਹਰ ਜਾਂ ਕੱਟੜਵਾਦ ਪਿੱਛੇ ਵਿਕ ਕੇ ਖਬਰ ਨੂੰ ਕੀ ਦਾ ਕੀ ਬਣਾ ਦਿੰਦੇ।
ਆਪਣੀ ਮਿਹਨਤ, ਲਿਆਕਤ ਅਤੇ ਮਿੱਠੇ ਸੁਭਾਅ ਕਾਰਣ ਉਹ ਹਰ ਇੱਕ ਦਾ ਚਹੇਤਾ ਸੀ। ਪੜ੍ਹਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ਤੇ ਆਲ ਰਾਊਂਡ ਸ਼ਖਸ਼ੀਅਤ ਕਾਰਣ ਉਹ ਸਿਰਫ ਆਪਣੇ ਸਕੂਲ ਵਿੱਚ ਹੀ ਨਹੀਂ ਬਲਕਿ ਪੂਰੇ ਇਲਾਕੇ ਵਿੱਚ ਚੰਗੀ ਤਰ੍ਹਾਂ ਜਾਣਿਆ ਪਹਿਚਾਣਿਆ ਜਾਣ ਲੱਗ ਪਿਆ ਸੀ। ਉਹਦੇ ਬਾਰੇ ਸੁਣ ਕੇ ਦੂਜੇ ਸਕੂਲਾਂ ਤੋਂ ਹਟ ਕੇ ਵੀ ਵਿਦਿਆਰਥੀ ਉਸਦੇ ਸਕੂਲ ਵਿੱਚ ਆਉਂਦੇ। ਉਹਦਾ ਵਿਦਿਆਰਥੀਆਂ ਨਾਲ ਰਿਸ਼ਤਾ ਸਿਰਫ ਮਕੈਨੀਕਲ ਨਾ ਹੋ ਕੇ ਦਿਲ ਤੱਕ ਪਹੁੰਚਣ ਦਾ ਜ਼ਰੀਆ ਸੀ। ਆਪਣੇ ਵਿਦਿਆਰਥੀਆਂ ,ਸਾਥੀ ਕਰਮਚਾਰੀਆਂ ਦੇ ਹਰ ਸੁੱਖ ਦੁੱਖ ਵਿੱਚ ਉਹ ਸ਼ਰੀਕ ਹੁੰਦਾ।
ਪਰ ਕਹਿੰਦੇ ਨੇ ਕਿ ਅੱਗੇ ਵਧਣ ਦੀ ਲਾਲਸਾ ਹਰ ਬੰਦੇ ਦੇ ਮਨ ਵਿੱਚ ਹੁੰਦੀ ਹੈ। ਕੁੱਝ ਨਵਾਂ ਕਰਨ ਦੀ, ਕੁੱਝ ਨਵਾਂ ਪਾਉਣ ਦੀ ਲਾਲਸਾ । ਕੁੱਝ ਨਵਾਂ ਸਿੱਖਣ, ਕੁੱਝ ਜਿ਼ਆਦਾ ਕਮਾਉਣ ਲਈ ਉਹਨੇ ਇੰਗਲੈਂਡ ਦੇ ਵਰਕ ਵੀਜ਼ੇ ਲਈ ਅਪਲਾਈ ਕਰ ਦਿੱਤਾ। ਪਰ ਦਿਲੋਂ ਉਹਦਾ ਦਿਲ ਆਪਣੀ ਧਰਤੀ, ਆਪਣੇ ਲੋਕਾਂ ਤੋਂ ਦੂਰ ਜਾਣ ਨੂੰ ਬਿਲਕੁੱਲ ਨਹੀਂ ਸੀ ਕਰਦਾ।
ਉਹਦੇ ਕੰਮ-ਕਾਰ ਤੇ ਹਰਮਨ ਪਿਆਰਤਾ ਤੋਂ ਖੁਸ਼ ਹੋ ਕੇ ਸਕੂਲ ਮੈਨੇਜਮੈਨਟ ਨੇ ਉਹਨੂੰ ਹੈਡ ਟੀਚਰ ਦੇ ਅਹੁਦੇ ਲਈ ਚੁਣ ਲਿਆ। ਇੱਕ ਸਤਾਈ ਸਾਲ ਦੇ ਛੜੇ ਛੜਾਂਗ ਮੁਂੰਡੇ ਦੇ ਸਿਰ 1200 ਵਿਦਿਆਰਥੀਆਂ ਤੇ 100 ਤੋਂ ਵੱਧ ਸਟਾਫ ਵਾਲੇ ਵਿਦਿਅਕ ਅਦਾਰੇ ਦੀ ਏਨੀ ਵੱਡੀ ਜਿ਼ੰਮੇਵਾਰੀ ਦੇਣਾ ਕੋਈ ਛੋਟੀ ਗੱਲ ਨਹੀਂ ਸੀ।
ਤੇ ਇਸੇ ਦਰਮਿਆਨ ਹੀ ਉਸਦਾ ਇੰਗਲੈਂਡ ਦਾ ਵਰਕ ਵੀਜ਼ਾ ਲੱਗ ਗਿਆ ਤੇ ਉਹ ਸਭ ਕੁੱਝ ਛੱਡ ਛੁਡਾ ਕੇ ਇੰਗਲੈਡ ਚਲਾ ਗਿਆ। ਇੱਕ ਬਿਲਕੁੱਲ ਨਵੀਂ ਦੁਨੀਆਂ ਵਿੱਚ। ਉਹ ਸਭ ਕੁੱਝ ਛੱਡ ਛੁਡਾ ਕੇ ਜਿਹੜਾ ਉਸਨੂੰ ਆਪਣਾ ਆਪਣਾ ਲੱਗਦਾ ਸੀ। ਰੂਹ ਦੇ ਕੋਲ। ਉਹਨਾਂ ਲੋਕਾਂ ਨੂੰ ਛੱਡ ਕੇ ਜਿਹਨਾਂ ਦੀਆਂ ਖੁਸ਼ੀਆਂ ਉਹਨੂੰ ਆਪਣੀਆਂ ਲੱਗਦੀਆਂ। ਜਿਹਨਾਂ ਦਾ ਦੁੱਖ ਆਪਣਾ ਸਮਝ ਕੇ ਉਹ ਹਮੇਸ਼ਾਂ ਸ਼ਰੀਕ ਹੁੰਦਾ। ਉਹਨਾਂ ਲੋਕਾਂ ਨੂੰ ਛੱਡ ਕੇ ਜਿਹੜੇ ਉਸਨੂੰ ਆਪਣਾ ਸਮਝਦੇ। ਉਹ ਲੋਕ ਜਿਨ੍ਹਾਂ ਨੂੰ ਉਹ ਆਪਣੇ ਸਮਝਦਾ।ਜਿਨਂ੍ਹਾਂ ਤੋਂ ਬਿਨਾਂ ਉਸਨੂੰ ਆਪਣਾ ਆਪ ਅਧੂਰਾ ਪ੍ਰਤੀਤ ਹੁੰਦਾ ਸੀ। ਉਹ ਲੋਕ ਜਿਹੜੇ ਉਸ ਤੋਂ ਬਗੈਰ ਖੁਦ ਨੂੰ ਅਧੂਰਾ ਮਹਿਸੂਸ ਕਰਦੇ ਸਨ। ਪਤਾ ਨਹੀਂ ਉਸ ਵਿੱਚ ਕੁੱਝ ਖਾਸ ਸੀ ਜਾਂ ਫਿਰ ਇਹਨਾਂ ਲੋਕਾਂ ਨੇ ਹੀ ਉਸਨੂੰ ਖਾਸ ਬਣਾਇਆ ਹੋਇਆ ਸੀ।ਉਹ ਦੂਰ ਚਲਾ ਗਿਆ ਸੀ, ਪਰਦੇਸ। ਆਪਣਾ ਦੇਸ਼ ਛੱਡ ਕੇ। ਜਿੱਥੇ ਉਹਨੂੰ ਕੋਈ ਜਾਨਣ ਵਾਲਾ ਨਹੀਂ ਸੀ, ਚਾਹੁਣ ਵਾਲਾ ਨਹੀਂ ਸੀ। ਉਹਦੇ ਨਾਲ ਰੁੱਸਣ ਵਾਲਾ ਨਹੀਂ ਸੀ, ਉਹਨੂੰ ਮਨਾਉਣ ਵਾਲਾ ਨਹੀਂ ਸੀ।ਉਹਨਾਂ ਲੋਕਾਂ ਵਿਚਕਾਰ ਚਲਾ ਗਿਆ ਸੀ ਜਿੱਥੇ ਇਨਸਾਨ, ਇਨਸਾਨ ਨਹੀਂ ਮਸ਼ੀਨਾਂ ਨੇ। ਮਸੀ਼ਨਾਂ ਜੋ ਕਿਸੇ ਦਾ ਦੁੱਖ ਨਹੀਂ ਸੁਣਦੀਆਂ।ਬੱਸ ਸਰੀਰ ਜਰਦਾ ਹੈ ਤੇ ਇੱਕ ਦਿਨ ਹਾਰ ਹੁੱਟ ਕੇ ਮਰ ਜਾਦਾ ਹੈ। ਤੇ ਕੋਈ ਹਾਅ ਦਾ ਨਾਅਰਾ ਵੀ ਨਹੀਂ ਮਾਰਦਾ।
ਇੰਗਲੈਂਡ ‘ਚ ਪਹੁੰਚ ਕੇ ਕੰਮ ਲੱਭਣਾ ਉਸ ਲਈ (ਵੈਸੇ ਹਰ ਇੱਕ ਲਈ ਹੀ) ਮਾਊਂਟ ਐਵਰੈਸਟ ਨੂੰ ਸਰ ਕਰਨ ਤੋਂ ਘੱਟ ਨਹੀਂ ਸੀ। ਇੰਡੀਆਂ ਤੋਂ ਹਾਸਿਲ ਕੀਤੀਆਂ ਡਿਗਰੀਆਂ ਦਾ ਥੱਬਾ, ਉਹਦੇ ਕਿਸੇ ਕੰਮ ਨਹੀਂ ਸੀ, ਕਿਉਂਕਿ ਉਥੇ ਇਹਨਾਂ ਨੂੰ ਮਾਨਤਾ ਨਹੀਂ ਸੀ।ਇਹਨਾਂ ਨੂੰ ਬਾਲ ਕੇ ਤਾਂ ਚਾਹ ਵੀ ਨਹੀਂ ਸੀ ਬਣਾਈ ਜਾ ਸਕਦੀ। ਪ੍ਰਦੂਸ਼ਣ ਹੋਣ ਦੇ ਡਰੋਂ। ਜਿੱਥੇ ਵੀ ਕਿਤੇ ਉਹ ਕਿਸੇ ਕੋਲ ਕੰਮ ਲਈ ਪੁੱਛਣ ਜਾਂਦਾ, ਅਗਲੇ ਏਦਾਂ ਵੇਖਦੇ ਜਿਵੇਂ ਪਤਾ ਨਹੀਂ ਕਿੰਨਾ -! ਮੂੰਹੋਂ ਤੇ ਭਾਂਵੇਂ ਕੋਈ ਕੁੱਝ ਬਾਹਲਾ ਨਾ ਕਹਿੰਦਾ, ਪਰ ਅਗਲੇ ਦੀਆਂ ਅੱਖਾਂ ਉਹ ਸਭ ਕੁੱਝ ਕਹਿ ਜਾਂਦੀਆਂ ਜੋ ਪੰਜਾਬ ਵਿੱਚ ਬਿਹਾਰੀ ਭਈਆਂ ਨੂੰ ਵੇਖਕੇ ਪੰਜਾਬੀਆਂ ਦੀਆਂ ਕਹਿੰਦੀਆਂ ਹਨ। ਤੇ ਉਹਨੂੰ ਉਹ ਸਾਰੇ ਸੁਪਨੇ ਖਿੱਲਰਦੇ ਪ੍ਰਤੀਤ ਹੁੰਦੇ, ਟੁੱਟਦੇ ਪ੍ਰਤੀਤ ਹੁੰਦੇ, ਜਿਹੜੇ ਲੈ ਕੇ ਉਹ ਉਥੇ ਪਹੁੰਚਿਆ ਸੀ।
ਖੈਰ ਕਹਿੰਦੇ ਨੇ ਕਿ ਜੇ ਹਿੰਮਤ ਤੇ ਹੌਂਸਲਾ ਹੋਵੇ ਤਾਂ ਰਸਤੇ ਆਪਣੇ ਆਪ ਹੀ ਬਣ ਜਾਦੇ ਹਨ।ਇੰਗਲੈਂਡ ਵਿੱਚ ਪੰਜਾਬੀਆਂ ਦੀ ਵੱਧ ਰਹੀ ਗਿਣਤੀ ਦਾ ਇੱਥੋਂ ਪਤਾ ਲਗਾਇਆਂ ਪਤਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਵਜੋਂ ਅੰਗਰੇਜ਼ੀ ਤੋਂ ਬਾਦ ਦੂਜੇ ਨੰਬਰ ਤੇ ਪੰਜਾਬੀ ਹੈ।ਪੰਜਾਬੀ ਲੋਕਾ ਦੀ ਗਿਣਤੀ ਵਧਣ ਨਾਲ ਇੱਥੇ ਪੰਜਾਬੀ ਰੇਡੀਓ ਤੇ ਪੰਜਾਬੀ ਅਖਬਾਰਾਂ ਦਾ ਕਾਫੀ ਬੋਲਬਾਲਾ ਹੋ ਰਿਹਾ ਹੈ। ਉਹਨੂੰ ਵੀ ਇੱਕ ਅਖਬਾਰ ਵਿੱਚ ਸਹਾਇਕ ਸੰਪਾਦਕ ਦੀ ਨੌਕਰੀ ਮਿਲ ਗਈ। ਬੜੇ ਹੀ ਥੋੜ੍ਹੇ ਸਮੇਂ ਵਿੱਚ ਉਹਨੇ ਪਾਠਕਾਂ ਦੇ ਦਿਲਾ ਅੰਦਰ ਇੱਕ ਪੱਤਰਕਾਰ ਤੇ ਲੇਖਕ ਵਜੋਂ ਪਹਿਚਾਣ ਸਥਾਪਿਤ ਕਰ ਲਈ ।
ਹੁਣ ਜਦੋਂ ਉਹ ਪੂਰੀ ਤਰ੍ਹਾਂ ਕੰਮ-ਕਾਜ ਵਿੱਚ ਸੈਟਲ ਹੋ ਗਿਆ ਸੀ ਤਾਂ ਉਹਦੇ ਸਾਹਮਣੇ ਵਿਆਹ ਕਰਵਾਕੇ ਜਿ਼ੰਦਗੀ ਵਿੱਚ ਸੈਟਲ ਹੋਣ ਦਾ ਸਵਾਲ ਸੀ। ਉਹਦੇ ਬਹੁਤ ਸਾਰੇ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੇ ਉਹਨੂੰ ਇੰਗਲੈਂਡ ਵਿੱਚ ਵਿਆਹ ਕਰਵਾਕੇ ਸੈਟਲ ਹੋਣ ਲਈ ਆਖਿਆ। ਪੰਜਾਬ ਵਿੱਚੋਂ ਇੰਗਲੈਂਡ ਆਉਣ ਲਈ ਲੋਕ ਕੀ ਕੀ ਪਾਪੜ ਨਹੀਂ ਵੇਲਦੇ। ਅਨਜੋੜ ਰਿਸ਼ਤੇ, ਲੱਖਾਂ ਰੁਪਈਆਂ ਦੀ ਬਰਬਾਦੀ, ਗੈਰਕਾਨੂੰਨੀ ਢੰਗ ਨਾਲ ਆ ਕੇ ਜਾਨ ਦਾ ਖੌਅ। ਕਬੂਤਰ ਬਣਕੇ। ਭਰਾ ਭੈਣਾਂ ਅਤੇ ਭੈਣਾਂ ਆਪਣੇ ਸਕੇ ਭਰਾਵਾਂ ਨਾਲ ਵਿਆਹ ਦੇ ਡਰਾਮੇ ਰਚ ਕੇ। ਇੰਗਲੈਂਡ ਪਹੁੰਚ ਕੇ ਫਿਰ ਨਰਕ ਤੋਂ ਬਦਤਰ ਜਿ਼ੰਦਗੀ। ਹਫਤੇ ਦੇ ਸੱਤੇ ਦਿਨ 16 -16 ਘੰਟੇ ਕੰਮ ਤੇ ਉਹ ਵੀ ਚੋਰ ਬਣਕੇ।ਹਰ ਵੇਲੇ ਫੜੇ ਜਾਣ ਦਾ ਗਮ, ਡਿਪੋਰਟ ਹੋਣ ਦਾ ਡਰ। ਫਿਰ ਲੱਖਾਂ ਪੌਂਡਾਂ ਦੇ ਸੌਦਿਆਂ ਤਹਿਤ ਪੱਕੇ ਹੋਣ ਦਾ ਵਪਾਰ। ਪਤਾ ਨਹੀਂ ਜਿ਼ੰਦਗੀ ਨੂੰ ਲੋਕਾਂ ਨੇ ਕੀ ਬਣਾ ਦਿੱਤਾ ਹੈ। ਉਹਨੂੰ ਖਿਝ ਆਉਂਦੀ ਲੋਕਾਂ ਦੀ ਅਜਿਹੀ ਸੋਚ ਤੋਂ। ਪਿਛਲੇ ਵੀਹ ਵੀਹ ਸਾਲਾਂ ਤੋਂ ਨਰਕ ਭੋਗ ਰਹੇ, ਪੱਕੇ ਹੋਣ ਦੇ ਲਾਲਚ ਵਿੱਚ ਪਰਿਵਾਰਾਂ ਨੂੰ ਮਿਲਣ ਤੋਂ ਤਰਸੇ ਹੋਏ ਪੰਜਾਬੀਆਂ ਨੂੰ ਵੇਖਕੇ ਉਹਨੂੰ ਆਪਣੇ ਪੰਜਾਬੀ ਹੋਣ ਉਤੇ ਨਫਰਤ ਜਿਹੀ ਹੋਣ ਲੱਗਦੀ। ਉਹਦੇ ਲਈ ਤਾਂ ਭਾਵੇਂ ਸਭ ਕੁੱਝ ਠੀਕ ਸੀ, ਪਰ ਫਿਰ ਵੀ ਉਹਦਾ ਦਿਲ ਕਰਦਾ ਸੀ ਕਿ ਪੰਜਾਬ ਵਿੱਚੋਂ ਹੀ ਕਿਸੇ ਕੁੜੀ ਨਾਲ ਵਿਆਹ ਕਰਵਾਏ। ਕਿਉਂਕਿ ਜੇ ਕਦੇ ਦੂਰ ਜਾਂ ਨੇੜੇ ਭਵਿੱਖ ਵਿੱਚ ਉਹਦਾ ਦਿਲ ਪੰਜਾਬ ਜਾ ਕੇ ਰਹਿਣ ਨੂੰ ਕੀਤਾ ਤਾਂ ਕੋਈ ਔਖ ਨਹੀਂ ਹੋਵੇਗੀ। ਦੂਜਾ ਉਹਨੂੰ ਭੂਰੀ ਚਮੜੀ ਵਾਲੀਆਂ ‘ਦੇਸੀ’ ਅੰਗਰੇਜ਼ਣਾਂ ਨਾਲੋਂ ‘ਸੁ਼ੱਧ’ ਪੰਜਾਬਣਾ ਕਿਤੇ ਵੱਧ ‘ਮਾਡਰਨ’ ਲੱਗਦੀਆਂ ਸਨ। ਤੇ ਤੀਜਾ ਉਹ ਵਾਪਿਸ ਫਿਰ ਤੋਂ ਇੱਕ ਟੀਚਰ ਬਣਨਾ ਚਾਹੁੰਦਾ ਸੀ। ਤੇ ਜੇ ਕਰ ਜੀਵਨਸਾਥੀ ਵੀ ਇੰਡੀਆ ਵਿੱਚ ਕੁਆਲੀਫਾਈਡ ਟੀਚਰ ਹੀ ਹੋਵੇ ਤਾਂ ਸਭ ਕੁੱਝ ਅਸਾਨੀ ਨਾਲ ਹੋ ਸਕਦਾ ਸੀ। ਸਭ ਕੁੱਝ ਸਿੱਧਾ ਜਿਹਾ ਹੋਵੇ, ਸਰਲ, ਸਹਿਜ, ਸੁਭਾਵਿਕ ਤੇ ਕੁਦਰਤੀ, ਉਹਦਾ ਦਿਲ ਚਾਹੁੰਦਾ ਸੀ।
ਤੇ ਫਿਰ ਤਕਰੀਬਨ ਤਿੰਨ ਕੁ ਸਾਲ ਬਾਦ ਵਾਪਿਸ ਪਰਤਿਆ ਸੀ। ਆਪਣੇ ਲੋਕਾਂ ਵਿਚਕਾਰ। ਉਹ ਲੋਕ ਜਿਹਨਾਂ ਤੋਂ ਉਸਨੂੰ ਬਹੁਤ ਕੁੱਝ ਮਿਲਿਆ ਸੀ।ਐਨਾ ਪਿਆਰ, ਐਨਾ ਸਤਿਕਾਰ, ਐਨਾ ਵਿਸ਼ਵਾਸ, ਐਨਾ ਇਤਬਾਰ ਤੇ ਉਹ ਵੀ ਇਸ ਕਲਯੁੱਗ ਦੇ ਜ਼ਮਾਨੇ ਵਿੱਚ, ਜਦੋਂ ਹਰ ਕੋਈ ਦੂਜੇ ਨੂੰ ਚੂਨਾ ਲਗਾਉਣ ਲਈ ਵੇਲਾ ਲੱਭਦਾ ਰਹਿੰਦਾ ਹੈ। ਆਪਣਾ ਸਿਰ ਦੂਜੇ ਵਿੱਚ ਦੀ ਘਸੋੜ ਕੇ ਤੀਜੇ ਨੂੰ ਮਿੱਧਣ ਦਾ ਯਤਨ ਕਰਦਾ ਹੈ। ਪਰ ਉਹਨੂੰ ਸਭ ਕੁੱਝ ਪਹਿਲਾਂ ਵਾਂਗ ਹੀ ਮਿਲਿਆ ਸੀ। ਹਾਲੇ ਵੀ ਲੋਕ ਪਹਿਲਾਂ ਵਾਂਗ ਹੀ ਉਸਦੇ ‘ਝੂਠ’ ਨੂੰ ‘ਸੱਚ’ ਹੀ ਮੰਂਨਣਾ ਲੋਚਦੇ ਸਨ। ਇਹ ਸਭ ਕੁੱਝ ਵੇਖ ਕੇ ਉਹਦਾ ਦਿਲ ਕਰਦਾ ਸੀ ਕਿ ਹੁਣ ਕਦੇ ਵੀ ਵਾਪਿਸ ਇੰਗਲੈਂਡ ਨਾ ਜਾਵੇ। ਹਮੇਸ਼ਾਂ ‘ਆਪਣੇ’ ਲੋਕਾਂ ਕੋਲ ਹੀ ਰਹੇ। ਹਮੇਸ਼ਾਂ- ਹਮੇਸ਼ਾਂ ਲਈ। ਪਰ ਜੋ ਇਨਸਾਨ ਚਾਹੇ, ਸਭ ਕੁੱਝ ਉਸੇ ਤਰ੍ਹਾਂ ਹੋ ਜਾਵੇ ਜ਼ਰੂਰੀ ਤਾਂ ਨਹੀਂ।ਕਈ ਵਾਰ ਅਜਿਹਾ ਕੁੱਝ ਵੀ ਹੋ ਜਾਂਦਾ ਹੈ, ਜਿਸ ਬਾਰੇ ਇਨਸਾਨ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ। ਉਹਦੀ ਇੱਕ ‘ਮੂੰਹਬੋਲੀ ਭਾਬੀ’ ਨੇ ਉਹਦੇ ਲਈ ਇੱਕ ਕੁੜੀ ਵੇਖ ਰੱਖੀ ਸੀ, ਆਪਣੀ ਰਿਸ਼ਤੇਦਾਰੀ ਵਿੱਚੋਂ। ਹਰ ਹਿਸਾਬ ਨਾਲ ਉਹਦੇ ਮੇਚ। ਇਹ ‘ਮੂੰਹਬੋਲੀ ਭਾਬੀ’, ਉਹਦੇ ਨਾਲ ਹੀ ਪੜ੍ਹਾਉਂਦੀ ਸੀ,ਪਰ ਉਹਨੂੰ ਹਮੇਸ਼ਾਂ ‘ਮੈਡਮ’ ਦੀ ਥਾਂ ‘ਭਾਬੀ’ ਕਹਿਣ ਲਈ ਹੀ ਕਹਿੰਦੀ। ਅਕਸਰ ਉਹਨਾਂ ਦੇ ਘਰ ਉਹਦਾ ਆਣ ਜਾਣ ਸੀ। ਭਾਬੀ ਦੇ ਸਾਰੇ ਪਰਿਵਾਰ ਵਾਲੇ ਉਹਦੀ ਬਹੁਤ ਕਦਰ ਕਰਦੇ ਤੇ ਇਸ ‘ਸੰਭਾਵੀ’ ਰਿਸ਼ਤੇ ਨਾਲ ਸਾਰਿਆਂ ਨੂੰ ਬਹੁਤ ਖੁਸ਼ੀ ਸੀ। ਲੜਕੀ ਕਿਉਂਕਿ ‘ਭਾਬੀ’ ਦੀ ਰਿਸ਼ੇਦਾਰੀ ਵਿੱਚੋਂ ਸੀ ਤੇ ਭਾਬੀ ਦੀ ਪਸੰਦ ਵੀ ਤੇ ਭਾਬੀ ਦੀ ਹਰ ਗੱਲ ਤੇ ਉਹ ਅੱਖਾ ਮੀਟ ਕੇ ਵਿਸ਼ਵਾਸ ਕਰ ਸਕਦਾ ਸੀ। ਅਕਸਰ ਇੰਗਲੈਡ ਤੋਂ ਵੀ ਉਹ ਉਹਨਾਂ ਦੇ ਘਰ ਫੋਨ ਕਰਦਾ ਰਹਿੰਦਾ, ਸਾਰੇ ਟੱਬਰ ਦੀ ਸੁੱਖ ਸਾਂਦ ਪੁੱਛਦਾ। ਇੱਕ ਰਾਬਤਾ ਜਿਹਾ ਬਣਿਆ ਰਹਿੰਦਾ।ਦੂਜਾ ਉਹਦੀ ਇੱਛਾ ਸੀ ਕਿ ਸਭ ਕੁੱਝ ਸਰਲ ਜਿਹਾ ਹੋਵੇ, ਸੁਭਾਵਿਕ, ਸਾਦਾ, ਸਹਿਜ ਤੇ ਕੁਦਰਤੀ ਜਿਹਾ। ਰੋਸਿਆਂ, ਮਨਾਵਿਆਂ ਤੋਂ ਉਪਰ ਉਠ ਕੇ।
ਭਾਂਵੇਂ ਕਿ ‘ਭਾਬੀ’ ਵਿਚਾਰੀ ਦਾ ਕੁੱਝ ਦਿਨ ਪਹਿਲਾਂ ਹੀ ਅੱਡੀ ਦਾ ਅਪਰੇਸ਼ਨ ਹੋਇਆ ਸੀ, ਪਰ ਦੋ ਸਿਰਾਂ ਨੂੰ ਮਿਲਾਉਣ ਦੇ ਚਾਅ ਨਾਲ ਵਿਚਾਰੀ ਨੇ ਦਿਨ ਰਾਤ ਇੱਕ ਕਰਕੇ, ਭੱਜ ਨੱਠ ਕਰਕੇ ‘ਵੇਖ-ਵਿਖਾਵੇ’ ਦਾ ਦਿਨ ਪੱਕਾ ਕਰ ਲਿਆ ਸੀ। ਤੇ ਹੁਣ ਵਿਚੋਲਣ ਬਣਨ ਦੇ ਚਾਅ ਨਾਲ ‘ਭਾਬੀ’ ਦੀ ‘ਅੱਡੀ’ ਭੁੰਜੇ ਨਹੀ ਸੀ ਲੱਗਦੀ।
ਪਰ ਕਹਿੰਦੇ ਨੇ ਕਿ ਜੋ ਹੋਣਾ ਹੈ, ਸੋ ਹੀ ਹੋਣਾ ਹੈ।ਉਹਨੂੰ ਤੇ ਉਹਦੇ ਘਰਦਿਆਂ ਨੂੰ ਲੜਕੀ ਪਸੰਦ ਸੀ। ਉਹਦੀ ਖਾਹਿਸ਼ ਮੁਤਾਬਿਕ ਪੜ੍ਹੀ ਲਿਖੀ, ਇੱਕ ‘ਅਧਿਆਪਕਾ’ ਤੇ ਮਾਡਰਨ ਹੁੰਦਿਆਂ ਹੋਇਆਂ ਵੀ ਸਾਦਾ ਤੇ ਸਾਦਾ ਹੁੰਦਿਆਂ ਹੋਇਆਂ ਵੀ ਮਾਡਰਨ। ਉਸ ਮਹਾਨ ਗੁਰੂ ਦੀ ਧਰਤੀ ਨਾਲ ਸਬੰਧਿਤ ਜਿਸਨੂੰ ਸਾਰੀ ਦੁਨੀਆਂ ਆਪਣਾ ਕਹਿ ਕੇ ਮਾਣ ਮਹਿਸੂਸ ਕਰਦੀ ਹੈ। ਉਸ ਧਰਤੀ ਨਾਲ ਸਬੰਧਿਤ ਜਿੱਥੋਂ ਉਸ ਮਹਾਨ ਗੁਰੂ ਨੇ ਸੁਚੇਤ ਤੌਰ ਤੇ ਦੁਨੀਆਂ ਨੂੰ ਤਾਰਨ , ‘ਗਲਤ’ ਨੂੰ ਗਲਤ ਕਹਿਣ ਦਾ ਬੀੜਾ ਚੁੱਕਿਆ ਸੀ। ਬਿਲਕੁੱਲ ਉਸ ਥਾਂ ਦੇ ਨਾਲ ਲਗਦੇ ਸਕੂਲ ਵਿੱਚ ਪੜ੍ਹਾਉਂਦੀ ਸੀ, ਜਿੱਥੇ ਬਹਿ ਕੇ ਉਸ ਜਗਤ ਤਾਰਕ ਨੇ ਸਭ ਲਈ ਤੇਰਾ-ਤੇਰਾ ਹੀ ਤੋਲਿਆ ਸੀ ਤੇ ਝੂਠੀਆਂ ਬੰਦਿਸ਼ਾ ਵਿੱਚ ਬੱਝ ਚੁੱਕੀ ਮਾਨਵਤਾ ਨੂੰ ਹਿੰਮਤ ਦਾ ਪਾਠ ਪੜਾਇਆ ਸੀ। ਧਰਤੀ ਵੀ, ਆਲਾ ਦੁਆਲਾ ਵੀ,ਵਾਤਾਵਰਨ ਵੀ ਇਨਸਾਨ ਦੀ ਸ਼ਖਸ਼ੀਅਤ ਨੂੰ ਬਣਾਉਣ ਵਿੱਚ ਆਪਣਾ ਯੋਗਦਾਨ ਨਿਭਾਉਂਦੇ ਨੇ। ਇਹੋ ਜਿਹੀ ਪਵਿੱਤਰ ਧਰਤੀ ਤੇ ਵਸਣ ਵਾਲੇ ਲੋਕ ਵੀ ਤਾਂ ‘ਪਵਿੱਤਰ’ ਤੇ ‘ਚੰਗੇ’ ਹੋਣੇ ਚਾਹੀਦੇ ਹਨ। ਇਹ ਸਭ ਕੁੱਝ ਤੋਂ ਉਪਰ ਉਠ ਕੇ ਵੀ ਉਸ ਸੋਚਿਆ ਤਾਂ ਉਹਨੂਂੰ ਆਪਣਾ ਫੈਸਲਾ ਬਣਾਉਣ ਵਿੱਚ ਕੋਈ ਦੇਰ ਨਾ ਲੱਗੀ। ਸ਼ਾਇਦ ਜਿਹੋ ਜਿਹਾ ਇਨਸਾਨ ਆਪ ਹੋਵੇ ਉਹਨੂੰ ਬਾਕੀ ਵੀ ਉਹੋ ਜਿਹੇ ਹੀ ਲੱਗਦੇ ਨੇ। ਲੜਕੀ ਦੇ ਘਰਦਿਆਂ ਨੂੰ ਉਹ ,ਉਹਦਾ ਕੰਮਕਾਰ, ਘਰ-ਬਾਰ ਪਸੰਦ ਸੀ। ਪਰ ਪਤਾ ਨਹੀਂ ਕਿਉਂ ਲੜਕੀ ਦਾ ਖੁਦ ਦਾ ਚਿਹਰਾ ਸਭ ਕੁੱਝ ਚੰਗਾ ਹੋਣ ਦੇ ਬਾਵਯੂਦ ਉਤਰਿਆ ਹੋਇਆ ਸੀ।ਉਹਦੇ ਮਾਂ-ਪਿਓ , ਭਰਾ-ਭਾਬੀ ਬਾਰ ਬਾਰ ਉਹਨੂੰ ਪੁੱਛ ਰਹੇ ਸਨ, ਪਰ ਉਹਦਾ ਇੱਕ ਹੀ ਜਵਾਬ ਸੀ ਕਿ ਮੈਨੂੰ ਵਕਤ ਚਾਹੀਦਾ ਹੈ। ਮਤਲਬ ਸਾਫ ਸੀ। ਉਹਨੂੰ ਸ਼ਾਇਦ ਸਭ ਕੁੱਝ ਪਸੰਦ ਨਹੀਂ ਸੀ ਆਇਆ।ਉਹਦੇ ਮਾਂ ਪਿਓ ਨੇ, ਉਹਦੇ ਭਰਾ ਭਰਜਾਈ ਤੇ ਵਿਚੋਲਣ ਦੇ ਸਾਰੇ ਪਰਿਵਾਰ ਸਮੇਤ ਸਾਰਿਆਂ ਨੇ ਨੇ ਉਹਨੂੰ ਬਥੇਰਾ ਸਮਝਾਇਆ ਕਿ ਅੱਜ ਕੱਲ੍ਹ ਕੁੜੀਆਂ ਮੁੰਡੇ ਬਾਹਰ ਜਾਣ ਨੂੰ ਕੀ ਕੀ ਨਹੀਂ ਕਰਦੇ ਤੇ ਆਪਣੀ ਬਿਰਾਦਰੀ ਵਿੱਚ ਅੱਜਕੱਲ੍ਹ ਪੜ੍ਹੇ-ਲਿਖੇ, ਹੋਣਹਾਰ ਤੇ ਜਿੰਮੇਵਾਰ ਲੜਕੇ ਹੈ ਈ ਕਿੰਨੇ ਨੇ ! ਜੇ ਅੱਜ ਵਕਤ ਖੁੰਝ ਗਿਆਂ ਤਾਂ ਬਹੁਤ ਪਛਤਾਏਂਗੀ। ਬੂਹਿਓਂ ਆਈ ਕਿਸਮਤ ਨੂੰ ਠੁਕਰਾਉਣ ਤੇ ਸਿਰਫ ਬਾਦ ‘ਚ ਪੱਲੇ ਪਛਤਾਵਾ ਹੀ ਬਚਦਾ ਹੈ। ਪਰ ਉਹ ਜਿਵੇਂ ਆਪਣੀ ਹੀ ਜਿੱਦ ਤੇ ਹੀ ਅੜੀ ਹੋਈ ਸੀ। ਖੈਰ ਜੋ ਹੋਣਾ ਸੀ ਉਹ ਹੀ ਹੋਇਆ। ਉਹਨੂੰ ਲੱਗਿਆ ਜਿਵੇਂ ਬਹੁਤ ਵੱਡੀ ਨਿਰਾਸ਼ਾ ਉਹਦੇ ਪੱਲੇ ਪੈ ਗਈ ਹੋਵੇ। ਉਹਦੀ ਆਸ ਮੁਤਾਬਿਕ ਕੁੱਝ ਵੀ ਸਾਦਾ, ਸਰਲ, ਸਹਿਜ, ਸੁਭਾਵਿਕ ਜਾ ਕੁਦਰਤੀ ਨਹੀਂ ਸੀ ਹੋਇਆ। ਦੁਨੀਆਂ ਵਿੱਚ ਸ਼ਾਇਦ ਇਸ ਤਰ੍ਹਾਂ ਦਾ ਕੁੱਝ ਬਚਿਆ ਹੀ ਨਹੀਂ ਹੈ ਜੋ ਸਾਦਾ , ਸਰਲ ਤੇ ਸਹਿਜ ਹੋਵੇ।ਬੱਸ ਝੂਠੇ ਜਿਹੇ ਵਿਖਾਵਿਆਂ ਦੀ ਹੀ ਦੁਨੀਆਂ ਬਚੀ ਹੈ।
ਤੇ ਅੱਜ ਉਹ ਵਾਪਿਸ ਜਾ ਰਿਹਾ ਸੀ। ਜ਼ਹਾਜ਼ ਵਿੱਚ ਬੈਠਿਆਂ ਕਈ ਕੁੱਝ ਉਹਦੇ ਜਿਹਨ ਵਿੱਚ ਘੁੰਮ ਰਿਹਾ ਸੀ। “ਉਹਨੇ ਕਿਸ ਗੱਲੋਂ ਇਨਕਾਰ ਕਰ ਦਿੱਤਾ ਜਾਂ ‘ਨਿੰਦ’ ਦਿੱਤਾ, ਇੱਕ ਕਿਸਮ ਦਾ ਦੁਨੀਆਂ ਦਾ ਦਸਤੂਰ ਤੋੜ ਕੇ। ਕੀ ਮੇਰੇ ਵਿੱਚ ਉਹਨੂੰ ਕੋਈ ਕਮੀ ਨਜ਼ਰ ਆਈ ? ਜਾਂ ਕੀ ਉਹ ਆਪਣੇ ਆਪ ਨੂੰ ਐਨੀ ਸੋਹਣੀ ਹੋਣ ਦਾ ਭੁਲੇਖਾ ਪਾਲ ਬੈਠੀ? ਤੇ ਜਾਂ ਕੀ ਫਿਰ ਲੋਕਾਂ ਦੇ ਕਹਿਣ ਦੀ ਤਰ੍ਹਾਂ ਉਹਦਾ ਕਿਸੇ ਨਾਲ ‘ਚੱਕਰ’ ਹੀ ਹੋਵੇ? ਪਰ ਉਹਦੀਆਂ ਗੱਲਾਂ ਤੋਂ ਤਾਂ ਕੁੱਝ ਵੀ ਅਜਿਹਾ ਨਹੀਂ ਲੱਗਿਆ। ਕੀ ਮੈਂ ਹੀ ਖੁਦ ਆਪਣੇ ਆਪ ਨੂੰ ਬਹੁਤ ਚੰਗਾ ਸਮਝਣ ਦਾ ਭਰਮ ਪਾਲ ਬੈਠਾ ਹਾਂ ? ਕੀ ਮੈਨੂੰ ਜਾਨਣ ਵਾਲੇ ਲੋਕ ਹੀ ਮੈਨੂੰਂ ਫੋਕਾ ਜਿਹਾ ‘ਚੰਗਾ’ ਕਹਿ ਕੇ ਮੂਰਖ ਬਣਾਉਂਦੇ ਰਹਿੰਦੇ ਨੇ?ਨਾਲੇ ਪਟਨੇ ‘ਚ ਜੰਮਣ ਵਾਲਾ ਹਰ ਕੋਈ ਗੋਬਿੰਦ ਸਿੰਘ ਨਹੀਂ ਬਣ ਸਕਦਾ ਤਾਂ ਉਸ ਮਹਾਨ ਗੁਰੂ ਦੀ ਵਰਸੋਈ ਧਰਤੀ ਤੇ ਰਹਿਣ ਨਾਲ ਕੋਈ ‘ਚੰਗਾ’ ਜਾਂ ਮਾੜਾ ਕਿਵੇਂ ਬਣ ਸਕਦਾ ਹੈ ।ਜੇ ਜ਼ਹਿਰ ਪੀਣ ਵਾਲੇ ਸਾਰੇ ‘ਸੁਕਰਾਤ’ ਤਾਂ ਨਹੀਂ ਹੁੰਦੇ ਤਾਂ ਫਿਰ ਅਧਿਆਪਕ ਬਣਨ ਵਾਲੇ ਸਾਰੇ ਲੋਕ .... ਕਿਵੇਂ ਹੋ ਸਕਦੇ ਨੇ। ਤੇ ਜਾਂ ਕੀ ਕੋਈ ਹੋਰ ਕਾਰਣ ਸੀ? ਪਰ ਜੋ ਵੀ ਸੀ ਉਹਨੂੰ ਦੱਸਣਾ ਤਾਂ ਚਾਹੀਦਾ ਸੀ। ਫੇਲ੍ਹ ਹੋਣ ਵਾਲੇ ਵਿਦਿਆਰਥੀ ਨੂੰ ਵੀ ਆਪਣੇ ਫੇਲ੍ਹ ਹੋਣ ਦੇ ਕਾਰਨ ਜਾਨਣ ਦਾ ਹੱਕ ਹੈ, ਫਿਰ ਉਹਨੇ ਮੇਰੇ ਨਾਲ ਇੱਕ ਕਿਸਮ ਦੀ ‘ਜਿ਼ਆਦਤੀ’ ਹੀ ਤਾਂ ਕੀਤੀ। ਜੇ ਅਜਿਹਾ ਨਹੀਂ ਹੈ ਤਾਂ ਹੋਰ ਕੀ ਹੈ?” ਉਹਦਾ ਦਿਲ ਕੀਤਾ “ ਇੱਕ ਵਾਰ ਉਹਨੂੰ ਮਿਲ ਕੇ ਜਾਂ ਫੋਨ ਕਰਕੇ ਕਾਰਣ ਪੁੱਛਣਾ ਚਾਹੀਦਾ ਹੈ।ਪਰ ‘ਭਾਬੀ’ ਨੇ ਇਸ ਗੱਲੋਂ ਮਨ੍ਹਾਂ ਕੀਤਾ ਹੈ,। ਪਰ ‘ਭਾਬੀ’ ਨੇ ਇਸ ਗੱਲੋਂ ਵੀ ਕਿਉਂ ਮਨ੍ਹਾਂ ਕੀਤਾਂ? ਕੀ ‘ਭਾਬੀ ਹੀ ਤਾਂ ਕੁੱਝ ਨਹੀ ਛੁਪਾ ਰਹੀ?ਪਰ ਨਹੀਂ , ਸ਼ਾਇਦ.....। ਦੁਨੀਆਂ ਵਿੱਚ ਕੁੱਝ ਵੀ ਹੋ ਸਕਦਾ ਹੈ।” ਤੇ ਉਹ ਇਸੇ ਹੀ ਕਸ਼ਮਕਸ਼ ਵਿੱਚ ਡੁੱਬਿਆ ਹੋਇਆ ਸੀ। “ਜੋ ਹੋਇਆ ਠੀਕ ਹੀ ਤਾਂ ਹੋਇਆ ਹੈ। ਉਹਨੇ ‘ਵਲੈਤੀਆ’ ਦੇ ਮੂੰਹ ਤੇ ਚਪੇੜ ਹੀ ਤਾਂ ਮਾਰੀ ਹੈ। ਇਹਨਾਂ ‘ਵਲੈਤੀਆਂ’ ਨੇ ਵੀ ਤਾਂ ਹੱਦ ਮੁਕਾਈ ਹੋਈ ਹੈ। ਕਣਕ ਦੇ ਨਾਲ ਘੁਣ ਵੀ ਪਿਸ ਹੀ ਜਾਂਦਾ ਹੈ। ......ਸ਼ਾਇਦ ਇਹ ‘ਬਾਹਰਲਿਆਂ’ ਖਿਲਾਫ ਇੱਕ ਨਫਰਤ ਦੀ ਕਰਵਟ ਹੀ ਹੋਵੇ, ਆਪਣੀ ਮਿੱਟੀ ਨਾ ਛੱਡਣ ਦੀ ਕਸਿ਼ਸ਼ ਹੋਵੇ,ਆਮ ਧਾਰਨਾ ਨੂੰ ਤੋੜਨ ਦਾ ਹੌਂਸਲਾ ਹੋਵੇ ਤੇ ਜਾਂ ਫਿਰ ਅਜਿਹਾ ਹੀ ਕੁੱਝ ਹੋਰ, ਜਿਹੜਾ ਕਿ ਆਮ ਲੋਕਾਂ ਦੇ ਕਰਨ ਤਾਂ ਕੀ ਸੋਚਣ ਤੋਂ ਵੀ ਬਾਹਰ। ..ਤੇ ਫਿਰ ਸਮਾਜ ਵਿੱਚ ਬਣ ਚੁੱਕੀਆਂ ਫੋਕੇ ਮਾਪਦੰਡਾਂ ਖਿਲਾਫ ਸੋਚੀ ਸਮਝੀ ‘ਜੰਗ’ ਦੀ ਇੱਕ ਕਿਸਮ ਦੀ ਸ਼ੁਰੂਆਤ ਕੀਤੀ ਹੋਵੇ, ਬਿਲਕੁੱਲ ਉਸੇ ਹੀ ਧਰਤੀ ਤੋਂ ਜਿੱਥੋਂ ਅੱਜ ਤੋਂ ਤਕਰੀਬਨ ਸਵਾ ਪੰਜ ਸੋ ਸਾਲ ਪਹਿਲਾਂ ਉਸ ਮਹਾਨ ‘ਰਹਿਬਰ’ ਨੇ ਕੀਤੀ ਸੀ।”
ਤੇ ਹੁਣ ਉਹਨੂੰ ਪਹਿਲੀ ਵਾਰ ਅਹਿਸਾਸ ਹੋਇਆ “ਮੈਂ ਤਾਂ ‘ਗਲਤ’ ਹੀ ਸੋਚੀ ਜਾ ਰਿਹਾ ਸਾਂ ਹੁਣ ਤੱਕ। ਮੈਨੂੰ ਤਾਂ ਉਸ ਦੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ। ਸਭ ਕੁੱਝ ਮੇਰੀ ‘ਆਸ’ ਮੁਤਾਬਿਕ ਹੀ ਤਾਂ ਹੋਇਆ ਹੈ।”
‘ਸਿੱਧਾ, ਸਾਦਾ,ਸਰਲ, ਸਹਿਜ, ਸੁਭਾਵਿਕ ਤੇ ਕੁਦਰਤੀ।
ਬਿਲਕੁੱਲ ‘ਆਸ’ ਮੁਤਾਬਿਕ।

ਲੋਹੀਆਂ ਖਾਸ
ਜਿਲਾ ਜਲੰਧਰ
9463874778

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346