ਲੁਧਿਆਣੇ ਵਿਚ ਅਜਾਇਬ
ਚਿੱਤ੍ਰਕਾਰ ਤੇ ਕ੍ਰਿਸ਼ਨ ਅਦੀਬ ਦੀ ਜੋੜੀ ਮਸ਼ਹੂਰ ਰਹੀ ਹੈ। ਹਰ ਸਵੇਰ ਉਹ ਸਾਈਕਲਾਂ ਤੇ
ਸਵਾਰ ਹੋ ਕੇ ਘਰਾਂ ਤੋਂ ਨਿਕਲਦੇ ਤੇ ਡੂੰਘੀ ਰਾਤ ਗਿਆਂ ਘੋੜਿਆਂ ਤੇ ਸਵਾਰ ਘਰੀਂ ਪਰਤਦੇ। ਉਸ
ਵੇਲੇ ਉਹ ਸਾਰੇ ਸੰਸਾਰ ਨੂੰ ਆਪਣੀ ਸ਼ਾਇਰੀ ਨਾਲ ਫ਼ਤਿਹ ਕਰ ਕੇ ਮੁੜ ਰਹੇ ਹੁੰਦੇ, ਸਿਰਫ਼
ਦੋਹਾਂ ਦੀਆਂ ਤਲਵਾਰਾਂ ਆਹਮੋ ਸਾਹਮਣੇ ਲਿਸ਼ਕਣ ਤੇ ਆਪਸ ਵਿਚ ਖਵਕਣ ਦੀ ਸੰਭਾਵਨਾ ਬਾਕੀ
ਹੁੰਦੀ ਪਰ ਇਹ ਤਲਵਾਰਾਂ ਆਪਸ ਵਿਚ ਕਦੀ ਇਸ ਤਰ੍ਹਾਂ ਨਾ ਖੜਕੀਆਂ ਕਿ ਅਗਲੀ ਸਵੇਰ ਇਹ
ਸ਼ਾਹਸਵਾਰਾਂ ਦੀ ਜੋੜੀ ਫਿਰ ਇਕੱਠੀ ਨਾ ਨਿਕਲ ਸਕੇ।
ਕ੍ਰਿਸ਼ਨ ਅਦੀਬ ਕਿਹਾ ਕਰਦਾ ਸੀ:
ਅਬ ਇਰਾਦੋਂ ਪੇ ਭਰੋਸਾ ਹੈ ਨਾ ਤੌਬਾ ਪੇ ਯਕੀਂ
ਮੁਝ ਕੋ ਲੇ ਜਾਏ ਕਹਾਂ ਤਸ਼ਨਾ ਲਬੀ ਸ਼ਾਮ ਕੇ ਬਾਅਦ
ਅਦੀਬ ਨੂੰ ਰਾਤ ਨੂੰ ਘਰ ਮੋੜ ਕੇ ਲਿਆਉਣ ਦਾ ਕੰਮ ਅਕਸਰ ਅਜਾਇਬ ਨੂੰ ਹੀ ਕਰਨਾ ਪੈਂਦਾ।
ਉਹਨੂੰ ਘਰ ਮੋੜ ਕੇ ਲਿਆਉਣ ਦੀਆਂ ਕੋਸ਼ਸ਼ਾਂ ਦੌਰਾਨ ਹੀ ਅਜਾਇਬ ਨੇ ਇਹ ਉਰਦੂ ਸ਼ੇਅਰ ਲਿਖਿਆ
ਹੋਵੇਗਾ:
ਬਾਇਸੇ ਤਸਕੀਨ ਤੇਰਾ ਆਜ ਮੈਖ਼ਾਨਾ ਤੋ ਹੈ
ਅਪਨਾ ਘਰ ਫਿਰ ਅਪਨਾ ਘਰ ਹੈ ਅਪਨੇ ਘਰ ਜਾਨਾ ਤੋ ਹੈ
ਅਜਾਇਬ ਨੇ ਬਹੁਤ ਸਾਰੀਆਂ ਉਰਦੂ ਗ਼ਜ਼ਲਾਂ ਲਿਖੀਆਂ, ਕਿਤਾਬ ਵੀ ਛਾਪੀ। ਉਰਦੂ ਗ਼ਜ਼ਲਾਂ ਦੀ
ਸ਼ੁਰੂਆਤ ਸ਼ਾਇਦ ਏਥੋਂ ਹੀ ਹੋਈ। ਕ੍ਰਿਸ਼ਨ ਅਦੀਬ ਨੇ ਵੀ ਪੰਜਾਬੀ ਗ਼ਜ਼ਲਾਂ ਲਿਖੀਆਂ।
ਉਸਦੀਆਂ ਪੰਜਾਬੀ ਗ਼ਜ਼ਲਾਂ ਦਾ ਰੰਗ ਪਾਕਿਸਤਾਨੀ ਪੰਜਾਬੀ ਗ਼ਜ਼ਲ ਨਾਲ ਮਿਲਦਾ ਸੀ।
ਅਜਾਇਬ ਚਿੱਤ੍ਰਕਾਰ ਬੇਹੱਦ ਸਾਊ, ਨਿੱਘਾ ਤੇ ਹਲੀਮ ਇਨਸਾਨ ਹੈ ਪਰ ਕਵਿਤਾ ਪੜ੍ਹਨ ਵੇਲੇ ਉਸ
ਦੀ ਆਵਾਜ਼ ਵਿਚ ਖ਼ਾਸ ਗੜ੍ਹਕਾ ਹੁੰਦਾ ਹੈ। ਆਵਾਜ਼ ਦਾ ਇਹ ਗੜ੍ਹਕਾ ਪਤਾ ਨਹੀਂ ਲੱਗਣ ਦਿੰਦਾ
ਕਿ ਉਹ 75 ਟੱਪ ਚੁੱਕਾ ਹੈ। ਆਵਾਜ਼ ਦੇ ਇਸ ਅੰਦਾਜ਼ ਵਿਚ ਉਹਦਾ ਪ੍ਰਗਤੀਵਾਦੀ ਕਾਨਫ੍ਰੰਸਾਂ
ਦਾ ਪਿਛੋਕੜ ਵੀ ਸ਼ਾਮਲ ਹੈ ਤੇ ਉਹਦੇ ਮੁਤਾਬਕ ਇਕ ਨੁਸਖ਼ਾ ਵੀ ਜੋ ਉਹਨੂੰ ਉਸਦੇ ਦੋਸਤ
ਚਿੱਤ੍ਰਕਾਰ ਹਰਕ੍ਰਿਸ਼ਨ ਲਾਲ ਤੋਂ ਮਿਲਿਆ ਸੀ। ਅਜਾਇਬ ਨੇ ਮੈਨੂੰ ਦੱਸਿਆ: ਮੈਂ ਰੋਜ਼ ਸਵੇਰੇ
ਬਦਾਮਾਂ ਦੀਆਂ ਸੱਤ ਗਿਰੀਆਂ, ਚਾਰ ਕਾਲੀਆਂ ਮਿਰਚਾਂ, ਦੋ ਲਸਣ ਦੀਆਂ ਪੋਥੀਆਂ ਰਗੜਦਾ ਹਾਂ,
ਇਕ ਆਂਡੇ ਦੀ ਜ਼ਰਦੀ ਤੇ ਆਂਡੇ ਦੇ ਖੋਲ ਵਿਚ ਪੈਣ ਜਿੰਨੀ ਰੰਮ, ਡੇਢ ਚਮਚ ਸ਼ਹਿਦ ਇਕ ਦੁੱਧ
ਦੇ ਗਿਲਾਸ ਵਿਚ ਘੋਲ ਕੇ ਪੀਂਦਾ ਹਾਂ।
ਪਹਿਲੀ ਵਾਰ ਮੈਂ ਅਜਾਇਬ ਨੂੰ ਜਲੰਧਰ ਰੇਡੀਓ ਸਟੇਸ਼ਨ ਤੇ ਦੇਖਿਆ ਸੀ ਜਿੱਥੇ ਉਹ
ਕਾਵਿ-ਗੋਸ਼ਠੀ ਵਿਚ ਬੜੇ ਜੋਸ਼ੀਲੇ ਅੰਦਾਜ਼ ਵਿਚ ਆਪਣੀ ਕਵਿਤਾ ਫ਼ਰਿਹਾਦ ਸੁਣਾ ਰਿਹਾ ਸੀ:
ਮੇਰਿਆਂ ਹੱਥਾਂ ਚ ਤੇਸ਼ਾ
ਮੇਰੀਆਂ ਬਾਹਾਂ ਚ ਬਿਜਲੀ
ਮੇਰੀਆਂ ਅੱਖਾਂ ਚ ਸੁਪਨੇ
ਮੇਰਿਆਂ ਕਦਮਾਂ ਚ ਤੇਜ਼ੀ
ਜਨਮ ਤੋਂ ਹੀ ਮੈਂ ਰਿਹਾ ਫ਼ਰਿਹਾਦ ਹਾਂ
ਮੈਨੂੰ ਲੱਗਾ ਰੇਡੀਓ ਦੇ ਮਾਈਕ ਸਾਹਮਣੇ ਅਜਾਇਬ ਚਿੱਤ੍ਰਕਾਰ ਤੇਸ਼ਾ ਚੁੱਕੀ ਖੜ੍ਹਾ ਹੈ। ਮੈਂ
ਜਾਣਦਾ ਸਾਂ ਕਿ ਅਜਾਇਬ ਕਲਮ ਤੇ ਬੁਰਸ਼ ਦੋਹਾਂ ਦਾ ਸਾਧਕ ਹੈ ਪਰ ਉਸ ਮਿਲਣੀ ਤੋਂ ਬਾਅਦ
ਮੈਨੂੰ ਬਹੁਤ ਚਿਰ ਏਹੀ ਲੱਗਦਾ ਰਿਹਾ ਕਿ ਅਜਾਇਬ ਦੇ ਹੱਥਾਂ ਵਿਚ ਤੇਸ਼ਾ ਹੈ। ਜਦੋਂ ਮੈਂ
ਅਜਾਇਬ ਦੀ ਕਿਤਾਬ 'ਆਵਾਜ਼ਾਂ ਦੇ ਰੰਗ' ਪੜ੍ਹੀ ਤੇ ਉਸ ਦਾ ਇਹ ਸ਼ੇਅਰ ਪੜ੍ਹਿਆ:
ਫੁੱਲ ਸਰਘੀ ਦਾ ਖਿੜੇਗਾ ਕਾਲੀਆਂ ਰਾਤਾਂ ਤੋਂ ਬਾਅਦ
ਪੀਂਘ ਸਤਰੰਗੀ ਪਵੇਗੀ ਫੇਰ ਬਰਸਾਤਾਂ ਤੋਂ ਬਾਅਦ
ਤਾਂ ਮੈਨੂੰ ਉਸ ਦੀ ਗ਼ਜ਼ਲ-ਸਿ਼ਲਪ ਦੀ ਨਿਪੁੰਨਤਾ ਦਾ ਅਹਿਸਾਸ ਹੋਇਆ
ਕ੍ਰਿਸ਼ਨ ਅਦੀਬ ਨੂੰ ਉਸਦੀ ਤਸ਼ਨਾਲਬੀ ਸ਼ਾਮ ਨੂੰ ਕਿਤੇ ਵੀ ਲੈ ਜਾਵੇ, ਪਰ ਦੂਜੀ ਸਵੇਰ ਉਹ
ਆਪਣੇ ਘਰੋਂ ਹੀ ਉਦੈ ਹੁੰਦਾ ਸੀ। ਪਰ ਆਖ਼ਰ ਉਹ ਵੀ ਸ਼ਾਮ ਆਈ, ਜਿਸ ਤੋਂ ਅਗਲੀ ਸਵੇਰ ਉਹ ਉਦੈ
ਨਾ ਹੋਇਆ। ਉਸ ਦੀ ਦੇਹੀ ਅਗਨੀ ਦੇ ਸਪੁਰਦ ਹੋ ਗਈ। ਉੰਜ ਉਸਦੀ ਦੇਹੀ ਅਜਿਹੀ ਦੇਹੀ ਸੀ, ਜਿਸ
ਦੀ ਸਪੁਰਦਗੀ ਬਾਰੇ ਅਗਨੀ ਤੇ ਮਿੱਟੀ ਵਿਚ ਝਗੜਾ ਹੋ ਸਕਦਾ ਸੀ, ਕਿਉਂਕਿ ਉਸਦੀ ਸ਼ਾਇਰੀ ਤੋਂ,
ਉਸਦੀਆਂ ਗੱਲਾਂ ਤੋਂ, ਉਸਦੇ ਜੀਅ ਜਾਮੇ ਤੋਂ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਸੀ ਕਿ ਉਹ ਕਿਸ
ਮਜ਼ਹਬ ਨਾਲ ਸਬੰਧ ਰੱਖਦਾ ਹੈ। ਉਹ ਗੱਲ ਗੱਲ ਵਿਚ ਖੁ਼ਦਾ ਕਸਮ ਕਿਹਾ ਕਰਦਾ ਸੀ।
ਮੈਂ ਇਕ ਵਾਰ ਕਿਹਾ ਸੀ: ਕ੍ਰਿਸ਼ਨ ਅਦੀਬ ਕ੍ਰਿਸ਼ਨ ਘੱਟ ਤੇ ਅਦੀਬ ਜਿ਼ਆਦਾ ਹੈ। ਮੇਰੇ ਇਸ
ਵਾਕ ਵਿਚ ਉਪਰੋਕਤ ਭਾਵ ਵੀ ਲੁਕੇ ਹੋਏ ਸਨ, ਪਰ ਨਾਲ ਹੀ ਮੈਂ ਇਹ ਵੀ ਕਹਿਣਾ ਚਾਹੁੰਦਾ ਸਾਂ
ਕਿ ਉਹ ਦੁਨੀਆਂਦਾਰੀ ਤੋਂ ਬਹੁਤ ਦੂਰ ਸਾਹਿਤਕਾਰੀ ਵਿਚ ਗੁਆਚਿਆ ਹੋਇਆ ਸੀ। ਆਪਣੇ ਸਾਈਕਲ ਦੀ
ਟੋਕਰੀ ਵਿਚ ਉਹ ਬੇਸ਼ੱਕ ਮਿੱਟੀ ਦੇ ਤੇਲ ਦੀ ਬੋਤਲ, ਹਲਦੀ ਤੇ ਮਿਰਚਾਂ ਦੇ ਪੈਕਟ ਰੱਖੀ ਆ
ਰਿਹਾ ਹੁੰਦਾ ਪਰ ਉਹ ਕਦੇ ਵਧਦੀਆਂ ਕੀਮਤਾਂ, ਵਿਗੜਦੀ ਰਾਜਨੀਤੀ, ਬਦਲਦੇ ਸਮਾਜ ਦੀ ਗੱਲ ਨਹੀਂ
ਕਰਦਾ ਸੀ। ਉਹ ਜਦ ਵੀ ਮਿਲਦਾ ਅਦਬ ਦੀਆਂ ਗੱਲਾਂ ਕਰਦਾ, ਅਦੀਬਾਂ ਦੇ ਲਤੀਫ਼ੇ ਸੁਣਾਉਂਦਾ ਜਾਂ
ਆਪਣੀ ਨਵੀਂ ਲਿਖੀ ਗ਼ਜ਼ਲ ਦੀਆਂ ਤਹਿਆਂ ਖੋਲ੍ਹ ਲੈਂਦਾ।
ਕ੍ਰਿਸ਼ਨ ਹੋਣ ਦੇ ਨਾਤੇ ਉਹ ਯੁਨੀਵਰਸਿਟੀ ਦਾ ਇਕ ਆਮ ਫੋ਼ਟੋਗ੍ਰਾਫ਼ਰ ਸੀ, ਪਰ ਅਦੀਬ ਹੋਣ ਦੇ
ਨਾਤੇ ਉਹ ਸ਼ਹਿਨਸ਼ਾਹ ਸੀ। ਵੱਡੇ ਤੋਂ ਵੱਡੇ ਅਫ਼ਸਰ ਨੂੰ ਵੀ ਮਿਲਦਾ ਤਾਂ ਹੈਂਡਸ਼ੇਕ ਲਈ ਹੱਥ
ਵਧਾ ਕੇ ਮਾਣ ਨਾਲ ਕਹਿੰਦਾ: ਮੀਟ ਕ੍ਰਿਸ਼ਨ ਅਦੀਬ।
ਉਹ ਆਪ ਬਹੁਤ ਮਸ਼ਹੂਰ ਸੀ ਪਰ ਉਸਦੀ ਸ਼ਰਾਬ ਬਹੁਤ ਬਦਨਾਮ। ਜਦੋਂ ਜਗਜੀਤ ਨੇ ਉਸਦੀ ਗ਼ਜ਼ਲ
ਗਾਈ ਤਾਂ ਕ੍ਰਿਸ਼ਨ ਅਦੀਬ ਦੀ ਮਸ਼ਹੂਰੀ ਤੇ ਬਦਨਾਮੀ ਦੋਵੇਂ ਕਈ ਗੁਣਾ ਵਧ ਗਈਆਂ। ਅਦੀਬ ਨੇ
ਇਸ ਮਸ਼ਹੂਰੀ ਬਾਰੇ ਇਕ ਸ਼ੇਅਰ ਲਿਖਿਆ:
ਮੁਲਕੋਂ ਮੁਲਕੋਂ ਲੇ ਉੜੀ ਆਵਾਜ਼ ਅਬ ਜਗਜੀਤ ਕੀ
ਵਰਨਾ ਮੇਰੀ ਸ਼ਾਇਰੀ ਕਾ ਇਸ ਕਦਰ ਚਰਚਾ ਨਾ ਥਾ
ਤੇ ਉਸ ਬਦਨਾਮੀ ਬਾਰੇ ਇਕ ਦੋਸਤ ਨੇ ਆਪਣਾ ਸੁਪਨਾ ਸੁਣਾਇਆ ਕਿ ਅਦੀਬ ਇਕ ਪੁਰਾਣੀ
ਗ੍ਰਾਮੋਫ਼ੋਨ ਮਸ਼ੀਨ ਲੈ ਕੇ ਮਿਸ਼ਰੇ ਦੇ ਠੇਕੇ ਸਾਹਮਣੇ ਬੈਠਾ ਵਾਰ ਵਾਰ ਮਸ਼ੀਨ ਨੂੰ ਚਾਬੀ
ਦੇ ਕੇ ਜਗਜੀਤ ਦੀ ਆਵਾਜ਼ ਵਿਚ ਆਪਣੀ ਗ਼ਜ਼ਲ ਵਜਾਉਂਦਾ ਹੈ। ਉਸ ਦੇ ਜਜਮਾਨ, ਉਸ ਦੇ ਸ਼ਰਧਾਲੂ
ਉਸ ਅੱਗੇ ਅਧੀਏ ਪਊਏ ਚੜ੍ਹਾਈ ਜਾਂਦੇ ਹਨ।
ਅਦੀਬ ਵਾਸਤੇ ਲਫ਼ਜ਼ ਮੁਕੱਦਸ ਸਨ, ਸ਼ਾਇਰੀ ਮੁਕੱਦਸ ਸੀ, ਮੁਹੱਬਤ ਮੁਕੱਦਸ ਸੀ। ਇੰਨ੍ਹਾਂ
ਬਾਰੇ ਗੱਲ ਕਰਦਿਆਂ ਉਸਦੀਆਂ ਅੱਖਾਂ ਵਿਚ ਅਜੀਬ ਕਿਸਮ ਦੀ ਮਾਸੂਮੀਅਤ, ਪਿਆਸ ਅਤੇ ਤ੍ਰਿਪਤੀ
ਝਲਕ ਉੱਠਦੀ; ਲੱਗਦਾ ਇਸ ਗੋਦੜੀ ਵਿਚ ਜ਼ਰੂਰ ਕਿਤੇ ਲਾਲ ਛੁਪਿਆ ਹੈ, ਇਸ ਸਹਿਰਾ ਵਿਚ ਜ਼ਰੂਰ
ਕਿਤੇ ਨਖ਼ਲਿਸਤਾਨ ਹੈ ਤੇ ਇਸ ਕਾਫ਼ਰ ਨੇ ਜ਼ਰੂਰ ਕਿਤੇ ਖ਼ੁਦਾ ਦੀ ਝਲਕ ਦੇਖੀ ਹੈ:
ਮੈਂ ਬੀਆਬਾਨੇ ਮੁਹੱਬਤ ਕੀ ਸਦਾ ਹੋ ਜਾਊਂ
ਹਾਥ ਜੋ ਤੁਝ ਕੋ ਲਗਾਊਂ ਤੋ ਫ਼ਂਨਾ ਹੋ ਜਾਊਂ
ਯਾ ਖਿਲਾਓਂ ਮੇਂ ਗਿਰੂੰ ਟੂਟਤੇ ਤਾਰੋਂ ਕੀ ਤਰਹ
ਯਾ ਕਿਸੀ ਚਾਂਦ ਸੇ ਚਿਹਰੇ ਕੀ ਸਦਾ ਹੋ ਜਾਊਂ
ਵੋ ਜੋ ਥੀ ਸੀਮਤਨ ਖੁਸ਼ਨਵਾ ਲੜਕੀਆਂ
ਜਿਨਕੀ ਆਖੋਂ ਮੇਂ ਖੁਸ਼ਬੂ ਭਰੇ ਖ਼ਵਾਬ ਥੇ
ਉਨ ਕੀ ਸੀਨੋਂ ਮੇਂ ਹੈਂ ਮਕਬਰੋਂ ਕਾ ਸਮਾਂ
ਉਨ ਕੀ ਆਂਖੋਂ ਮੇਂ ਹੈਂ ਦਰਕ ਕੇ ਕਾਫਿ਼ਲੇ
ਜਿਨ ਕੀ ਆਵਾਜ਼ ਥੀ ਸਾਗ਼ਰੋਂ ਕੀ ਖਲਨਕ
ਜਿਨ ਕੇ ਲਹਿਜੇ ਮੈਂ ਸੰਗੀਤ ਕਾ ਲੋਚ ਥਾ
ਵੋ ਦਯਾਰੇ ਤਮੰਨਾ ਕੀ ਸ਼ਹਿਜ਼ਾਦੀਆਂ
ਉਨ ਕੇ ਚਿਹਰੇ ਨਾ ਫਿਰ ਦੇਖਨੇ ਕੋ ਮਿਲੇ
ਅੱਜ ਪੀ ਏ ਯੂ ਕੈਂਪਸ ਚੋਂ ਲੰਘਦਿਆਂ ਸੀਮਤਨ ਖੁਸ਼ਨਵਾ ਚਿਹਰੇ ਵੀ ਦੇਖੇ, ਉਨ੍ਹਾਂ ਦੀਆਂ
ਅੱਖਾਂ ਵਿਚ ਖੁਸ਼ਬੂ ਭਰੇ ਖ਼ਾਬ ਵੀ ਦੇਖੇ। ਉਨ੍ਹਾਂ ਦੇ ਹਾਸਿਆਂ ਵਿਚ ਸਾਗਰਾਂ ਦੀ ਖ਼ਨਕ ਵੀ
ਸੁਣੀ, ਪਰ ਉਨ੍ਹਾਂ ਵਿਚ ਤਮੰਨਾ ਦੇ ਦਯਾਰ ਦੀਆਂ ਸ਼ਹਿਜ਼ਾਦੀਆਂ ਕਿਤੇ ਨਾ ਦਿਸੀਆਂ। ਉਨ੍ਹਾਂ
ਬਿਨਾ ਇਹ ਦਯਾਰ ਬੀਆਬਾਨੇ ਮੁਹੱਬਤ ਲੱਗਾ। ਮੈੇਨੂੰ ਅਦੀਬ ਤੇ ਅਜਾਇਬ ਦੀ ਜੋੜੀ ਬਹੁਤ ਯਾਦ
ਆਈ। ਅਦੀਬ ਤਾਂ ਧੁੱਪ, ਪਾਣੀ, ਹਵਾ ਹੋ ਗਿਆ ਬਾਕੌਲ ਨਿਦਾ ਫ਼ਾਜ਼ਲੀ:
ਆਪ ਕੈਸੇ ਜੁਦਾ ਹੋ ਗਏ
ਧੂਪ ਪਾਨੀ ਹਵਾ ਹੋ ਗਏ
ਤੇ 86 ਸਾਲਾਂ ਦਾ ਅਜਾਇਬ ।। ਯਾਰੋਂ ਨੇ ਕਿਤਨੀ ਦੂਰ ਬਸਾ ਲੀ ਹੈਂ ਬਸਤੀਆਂ।
ਪਰ ਜੀ ਨਹੀਂ ਕਰਦਾ ਇਹ ਕਹਾਣੀ ਮੈਂ ਇਉਂ ਖ਼ਤਮ ਕਰਾਂ।
ਏਥੇ ਮੈਂ ਫਿਰ ਓਹੀ ਸ਼ੌਟ ਲਾਉਣਾ ਚਾਹੁੰਦਾ ਹਾਂ।
ਓਹੀ ਕਿ ਲੁਧਿਆਣੇ ਵਿਚ ਅਜਾਇਬ ਚਿਤ੍ਰਕਾਰ ਤੇ ਕ੍ਰਿਸ਼ਨ ਅਦੀਬ ਦੀ ਜੋੜੀ ਮਸ਼ਹੂਰ ਹੈ। ਹਰ
ਸਵੇਰ ਉਹ ਸਾਈਕਲਾਂ ਤੇ ਸਵਾਰ ਹੋ ਕੇ ਘਰਾਂ ਤੋਂ ਨਿਕਲਦੇ ਤੇ ਡੂੰਘੀ ਰਾਤ ਗਿਆਂ ਘੋੜਿਆਂ ਤੇ
ਸਵਾਰ ਘਰੀਂ ਪਰਤਦੇ ਹਨ। ਉਸ ਵੇਲੇ ਉਹ ਸਾਰੇ ਸੰਸਾਰ ਨੂੰ ਆਪਣੀ ਸ਼ਾਇਰੀ ਨਾਲ ਫ਼ਤਿਹ ਕਰ ਕੇ
ਮੁੜ ਰਹੇ ਹੁੰਦੇ, ਸਿਰਫ਼ ਦੋਹਾਂ ਦੀਆਂ ਤਲਵਾਰਾਂ ਆਹਮੋ ਸਾਹਮਣੇ ਲਿਸ਼ਕਣ ਅਤੇ ਆਪਸ ਵਿਚ
ਖੜਕਣ ਦੀ ਸੰਭਾਵਨਾ ਬਾਕੀ ਹੁੰਦੀ। ਇਹ ਲਿਸ਼ਕੀਆਂ ਅਤੇ ਖੜਕੀਆਂ ਵੀ, ਪਰ ਕਦੀ ਇਸ ਤਰ੍ਹਾਂ
ਨਹੀਂ ਕਿ ਅਗਲੀ ਸਵੇਰ ਇਹ ਸ਼ਾਹਸਵਾਰਾਂ ਦੀ ਜੋੜੀ ਫਿਰ ਇਕੱਠੀ ਨਾ ਨਿਕਲ ਸਕੇ।
-0-
|