ਮੈਂ ਭਗਤ ਸਿੰਘ ਅਤੇ ਆਪਣੀ
ਯਾਰੀ ਦੇ ਸੰਬੰਧਾਂ ਬਾਰੇ ਲਿਖਣਾ ਚਾਹੁੰਦਾ ਹਾਂ ਤਾਂ ਕਿ ਇਹ ਜਾਣਿਆ ਜਾ ਸਕੇ ਕਿ ਉਹ ਕਿਹੋ
ਜਿਹੇ ਖ਼ੁਸ਼ ਮਿਜਾਜ਼ ਅਤੇ ਮਜ਼ਾਕੀਆ ਸੁਭਾਅ ਦੇ ਮਨੁੱਖ ਸਨ। ਆਮ ਨੌਜਵਾਨਾਂ ਵਾਂਗੂੰ ਉਹ ਕਿਸ
ਤਰ੍ਹਾਂ ਦੀਆਂ ਸ਼ਰਾਰਤਾਂ ਕਰਦੇ ਹੁੰਦੇ ਸਨ ।
ਰਾਤ ਦਾ ਸਮਾਂ ਹੈ। ਮੈਂ ਗੂੜ੍ਹੀ ਨੀਂਦ ਸੌਂ ਰਿਹਾ ਹਾਂ। ਮੇਰੇ ਦਰਵਾਜ਼ੇ ਉੱਤੇ ਸਹਿਜੇ
ਸਹਿਜੇ ਤਿੰਨ ਠੋਕਰਾਂ ਲੱਗਦੀਆਂ ਹਨ। ਦਰਵਾਜ਼ਾ ਖੁੱਲ੍ਹਦਿਆਂ ਹੀ ਭਗਤ ਸਿੰਘ ਅਤੇ ਸੁਖਦੇਵ
ਮੇਰੇ ਕਮਰ ੇ’ਚ ਦਾਖਲ ਹੁੰਦੇ ਹਨ। ਮੈਂ ਮੰਜੇ ਉੱਤੇ ਲੇਟ ਜਾਂਦਾ ਹਾਂ ਅਤੇ ਉਹ ਦੋਵੇਂ ਆਪਣੇ
ਕੱਪੜੇ ਉਤਾਰਨ ਲੱਗਦੇ ਹਨ। ਮੇਰਾ ਕਮਰਾ ਬਹੁਤ ਹੀ ਛੋਟਾ ਸੀ। ਉਸ ’ਚ ਸਿਰਫ਼ ਇੱਕ ਹੀ ਮੰਜੀ
ਡਹਿ ਸਕਦੀ ਸੀ । ਪਰ ਉਸ ਸਮੇਂ ਅਸੀਂ ਤਿੰਨ ਸਾਂ । ਕਿਹੜਾ ਕਿੱਥੇ ਸੌਂਵੇਂ? ਇਹ ਸਵਾਲ ਸੀ।
ਹੁੰਦਾ ਕੀ ਹੈ ਕਿ ਮੈਂ ਸੌਣ ਦਾ ਬਹਾਨਾ ਲਾ ਕੇ ਆਪਣੀ ਮੰਜੀ ਤੇ ਘੇਸਲ ਮਾਰ ਕੇ ਲੰਮਾਂ ਪੈ
ਜਾਂਦਾ ਹਾਂ। ਉਹ ਦੋਵੇਂ ਪਹਿਲਾਂ ਧੀਮੀ ਧੀਮੀ ਆਵਾਜ ਼’ਚ ਤੇ ਫਿ਼ਰ ਉੱਚੀ ਉੱਚੀ ਆਵਾਜ ਼’ਚ
ਵਿਸ਼ੇਸ਼ ਕਰਕੇ ਮੈਨੂੰ ਸੁਣਾਉਣ ਲਈ ਗੱਲਾਂ ਕਰਨ ਲੱਗਦੇ ਹਨ। ਭਗਤ ਸਿੰਘ, ਸੁਖਦੇਵ ਨੂੰ
ਕਹਿੰਦੇ ਹਨ ਕਿ ਰਾਜਾ ਰਾਮ ਨੂੰ ਸੌਣ ਦਿਓ, ਅਸੀਂ ਦੋਵੇਂ ਬਹਿ ਕੇ ਸਹਿਜੇ ਸਹਿਜੇ ਗੱਲਾਂ
ਕਰਾਂਗੇ। ਇਹ ਕਹਿੰਦਿਆਂ ਹੋਇਆਂ ਉਹ ਦੋਵੇਂ ਮੰਜੇ ਉੱਤੇ ਮੇਰੇ ਦੋਵੇਂ ਪਾਸੇ ਬੈਠ ਜਾਂਦੇ ਹਨ
ਅਤੇ ਗੱਲਾਂ ਕਰਨ ਲੱਗਦੇ ਹਨ। ਗੱਲਾਂ ਹੋਣ ਲੱਗਦੀਆਂ ਹਨ ਅਤੇ ਉਹ ਦੋਵੇਂ ਮੈਨੂੰ ਦੋਹਾਂ
ਪਾਸਿਆਂ ਤੋਂ ਧੱਕਣਾ ਸ਼ੁਰੂ ਕਰ ਦਿੰਦੇ ਹਨ, ਕੁਝ ਚਿਰ ਪਿੱਛੋਂ ਦੋਵੇਂ ਮੈਨੂੰ ਵਿਚਕਾਰ ਲੈ
ਕੇ ਲੇਟ ਜਾਂਦੇ ਹਨ, ਦੋਵੀਂ ਪਾਸੀਂ। ਗੱਲਾਂ ਦਾ ਤਾਂ ਬਹਾਨਾ ਹੀ ਸੀ, ਅਸਲ ਮਕਸਦ ਤਾਂ ਮੈਨੂੰ
ਪ੍ਰੇਸ਼ਾਨ ਕਰਨ ਦਾ ਸੀ। ਹੁੰਦਾ ਇਹ ਹੈ ਕਿ ਉਹ ਦੋਵੇਂ ਇੱਕ ਦੂਜੇ ਪਾਸਿਓਂ ਨੇੜੇ ਹੁੰਦੇ
ਜਾਂਦੇ ਹਨ ਅਤੇ ਮੈਂ ਦੋਹਾਂ ਵਿਚਕਾਰ ਲਗਪਗ ਦੱਬਿਆ ਜਾਂਦਾ ਹਾਂ। ਅਖੀਰ ਮੈਂ ਹੀ ਦੁਖੀ ਹੋ ਕੇ
ਮੰਜੇ ਤੋਂ ਉੱਠ ਜਾਂਦਾ ਹਾਂ ਅਤੇ ਜ਼ਮੀਨ ’ਤੇ ਸੌਂ ਜਾਂਦਾ ਹਾਂ। ਇਉਂ ਮੇਰੇ ਮੰਜੀ ਤੋਂ ਉੱਠਣ
ਸਾਰ ਹੀ ਉਹ ਦੋਵੇਂ ਪੈਰ ਪਸਾਰ ਕੇ ਮੰਜੇ ’ਤੇ ਕੱਠੇ ਹੀ ਲੇਟ ਜਾਂਦੇ ਹਨ ।
ਸਮਾਜਵਾਦ ਦਾ ਪਾਠ
ਇਹ ਨਾਟਕ ਇੱਥੇ ਹੀ ਖ਼ਤਮ ਨਹੀਂ ਹੋ ਜਾਂਦਾ। ਭਗਤ ਸਿੰਘ ਸੁਖਦੇਵ ਨੂੰ ਕਹਿੰਦੇ ਹਨ, “
ਸੁਖਦੇਵ ਵੀਰੇ ਇਹ ਤਾਂ ਮੰਨਣਾ ਹੀ ਪਊਗਾ ਕਿ ਰਾਜਾ ਰਾਮ ਹੈ ਬਹੁਤ ਨੇਕ ਸਾਥੀ। ਉਹਦੇ ਤੋਂ
ਸਾਡਾ ਕਸ਼ਟ ਸਹਿਣ ਨਹੀਂ ਹੋਇਆ ਅਤੇ ਆਪਣਾ ਲੱਗਾ ਲਗਾਇਆ ਬਿਸਤਰਾ ਛੱਡ ਦਿੱਤਾ।” ਸੁਖਦੇਵ
ਜਵਾਬ ਦਿੰਦਾ ਹੈ, “ਭਗਤ ਸਿੰਹਾਂ ਰਾਜਾਰਾਮ ਬੜਾ ਪੱਕਾ ਸਾਥੀ ਹੈ ਜਿਹੜਾ ਆਪਣੇ ਮਿੱਤਰਾਂ ਦਾ
ਬਹੁਤ ਖਿਲਆਲ ਰੱਖਦਾ ਹੈ। ਵਿਚਾਰਾ ਇੱਕ ਸ਼ਬਦ ਵੀ ਨਹੀਂ ਬੋਲਿਆ ਅਤੇ ਚੁੱਪ ਚਾਪ ਜ਼ਮੀਨ’ਤੇ
ਸੌਂ ਗਿਆ ।” ਮੈਂ ਇੱਕਦਮ ਗੁੱਸੇ ’ਚ ਭੜਕ ਉੱਠਦਾ ਹਾਂ ਤੇ ਕਹਿੰਦਾ ਹਾਂ, “ਬੰਦ ਕਰੋ ਇਹ
ਬਕਵਾਸ! ਇੱਕ ਤਾਂ ਮੇਰਾ ਮੰਜਾ ਖੋਹ ਲਿਆ ਅਤੇ ਫ਼ਰਸ਼ ਉੱਤੇ ਲੇਟਣ ਲਈ ਮਜਬੂਰ ਕਰ ਦਿੱਤਾ,
ਉੱਤੋਂ ਮੇਰਾ ਹੀ ਮੌਜੂ ਬਣਾ ਰਹੇ ਹੋ! ਬੱਸ, ਹੁਣ ਚੁੱਪ ਚਾਪ ਸੌਂ ਜਾਓ। ਨਹੀਂ ਤਾਂ ਮੈਂ
ਡੰਡਾ ਚੁੱਕ ਕੇ ਮਾਰੂੰਗਾ ਅਤੇ ਰੌਲਾ ਪਾ ਦਿਆਂਗਾ, ਫਿ਼ਰ ਦੋਹਾਂ ਨੂੰ ਬਾਹਰ ਜਾਣਾ ਪਵੇਗਾ।”
ਇਸ ਉੱਤੇ ਭਗਤ ਸਿੰਘ ਕਹਿੰਦੇ, “ਰਾਜਾ ਰਾਮ ਦਾ ਗੁੱਸਾ ਤਾਂ ਮੈਨੂੰ ਵਾਜਬ ਲੱਗਦਾ ਹੈ,
ਸਮਾਜਵਾਦ ਤਾਂ ਇਹੋ ਕਹਿੰਦਾ ਹੈ ਕਿ ਅਸੀਂ ਦੋਵੇਂ ਵੀ ਮੰਜੇ ਨੂੰ ਚੁੱਕ ਕੇ ਉਹਦੇ ਨਾਲ ਹੀ
ਭੁੰਜੇ ਫ਼ਰਸ਼ ’ਤੇ ਲੇਟ ਜਾਈਏ।” ਫਿਰ ਕੀ ਹੁੰਦਾ ਹੈ, ਮੰਜਾ ਉਹਨਾਂ ਖੜ੍ਹਾ ਕਰ ਦਿੱਤਾ ਅਤੇ
ਅਸੀਂ ਤਿੰਨੇਂ ਹੀ ਭੁੰਜੇ ਲੇਟ ਗਏ। ਇਉਂ ਹੱਸਦਿਆਂ ਮਜ਼ਾਕ ਕਰਦਿਆਂ, ਸਾਰੇ ਦੇ ਸਾਰੇ ਗੂੜ੍ਹੀ
ਨੀਂਦ ’ਚ ਡੁੱਬ ਜਾਂਦੇ ਹਾਂ। ਜਦੋਂ ਕਦੇ ਉਹ ਦੋਵੇਂ ਰਾਤ ਦੇ ਸਮੇਂ ਆ ਜਾਂਦੇ ਸਨ, ਤਾਂ ਇਹ
ਡਰਾਮਾ ਅਕਸਰ ਹੀ ਦੁਹਰਾਇਆ ਜਾਂਦਾ ਸੀ।
ਖਾਣਾ ਖਾਣ ਸਮੇਂ ਵੀ ਹਾਸਾ ਮਜ਼ਾਕ
ਭਗਤ ਸਿੰਘ ਮਜ਼ਾਕੀਆ ਸੁਭਾਅ ਦੇ ਸਨ, ਅਤੇ ਜਦੋਂ ਕਿਤੇ ਵੀ ਮੌਕਾ ਹੱਥ ਲੱਗਦਾ ਉਹ ਹਾਸਾ
ਮਜ਼ਾਕ ਕਰਨੋਂ ਨਹੀਂ ਸਨ ਟਲਦੇ। ਦੁਪਹਿਰ ਜਾਂ ਸ਼ਾਮ ਨੂੰ ਰਾਮ ਕ੍ਰਿਸ਼ਨ ਦੇ ਹੋਟਲ ਉੱਤੇ ਉਹ
ਬਹੁਤੀ ਵਾਰੀ ਮੇਰੇ ਨਾਲ ਛੇੜਖਾਨੀ ਕਰਨ ਲਈ ਆ ਜਾਂਦੇ ਸਨ। ਮੈਨੂੰ ਉੱਥੇ ਰੋਟੀ ਖਾਂਦਿਆਂ ਵੇਖ
ਕੇ ਮੇਰੇ ਕੋਲ ਆਉਣਾ ਉਹ ਕਦੇ ਨਾ ਭੁੱਲਦੇ। ਉਹਨਾਂ ਦਾ ਤਰੀਕਾ ਹੀ ਇਹ ਸੀ, ਮੇਰੇ ਸਾਹਮਣੇ
ਵਾਲੀ ਕੁਰਸੀ ਤੇ ਆ ਕੇ ਬੈਠ ਜਾਂਦੇ ਸਨ ਅਤੇ ਆਉਂਦਿਆਂ ਹੀ ਕੋਈ ਮਨੋਰੰਜਕ ਗੱਲ ਸ਼ੁਰੂ ਕਰ
ਦਿੰਦੇ ਸਨ। ਇਉਂ ਗੱਲਾਂ ਕਰਦਿਆਂ ਕਰਦਿਆਂ ਉਹ ਸਹਿਜੇ ਸਹਿਜੇ ਹੱਥ ਵਧਾ ਕੇ ਥਾਲੀ ਵਿੱਚੋਂ
ਰੋਟੀ ਦੀ ਬੁਰਕੀ ਤੋੜਨ ਲੱਗਦੇ ਸਨ। ਮੈਂ ਕਹਿੰਦਾ, “ਭਲੇਮਾਣਸੋ, ਪਹਿਲਾਂ ਹੱਥ ਤਾਂ ਧੋ ਲਵੋ,
ਫਿਰ ਥਾਲੀ ਨੂੰ ਹੱਥ ਲਾਇਓ। ਇਸ ਤਰ੍ਹਾਂ ਮੈਨੂੰ ਬਿਨਾਂ ਪੁੱਛੇ ਕਿਉਂ ਖਾਣ ਲੱਗ ਪੈਂਦੇ ਹੋ?
ਮੈਨੂੰ ਇਹ ਤਰੀਕਾ ਬਿਲਕੁਲ ਵੀ ਪਸੰਦ ਨਹੀਂ। ਜੇ ਰੋਟੀ ਖਾਣੀ ਹੀ ਹੈ ਤਾਂ ਕਹੋ, ਮੈਂ ਦੂਸਰੀ
ਥਾਲੀ ਮੰਗਵਾ ਦਿਆਂ ?” ਭਗਤ ਸਿੰਘ ਬਹੁਤ ਭੋਲੇ ਭਾਲੇ ਢੰਗ ਨਾਲ ਕਹਿੰਦੇ, “ਖਾਣ ਦੀ ਕੋਈ
ਖ਼ਾਸ ਇੱਛਾ ਤਾਂ ਨਹੀਂ ਹੈ, ਫਿਰ ਵੀ ਜੇ ਤੁਸੀਂ ਨਹੀਂ ਮੰਨਦੇ ਤਾਂ ਮੰਗਵਾ ਲਵੋ ਦੂਜੀ
ਥਾਲੀ।” ਅਤੇ ਜਦ ਦੂਜੀ ਥਾਲੀ ਆ ਜਾਂਦੀ ਤਾਂ ਕਹਿੰਦੇ, “ਥੋੜ੍ਹਾ ਘਿਓ ਵੀ ਮੰਗਵਾ ਲਵੋ” ਕੁਝ
ਦੇਰ ਪਿੱਛੋਂ ਕਹਿੰਦੇ, “ਰੋਟੀ ਖਾਣ ਪਿੱਛੋਂ ਕੁਝ ਮਿੱਠੀ ਚੀਜ਼ ਖਾਣ ਦਾ ਰਿਵਾਜ ਚੰਗਾ ਹੁੰਦਾ
ਹੈ। ਇਸ ਨਾਲ ਰੋਟੀ ਦਾ ਸਵਾਦ ਵਧ ਜਾਂਦਾ ਹੈ।” ਇਹ ਕਹਿੰਦੇ ਸਾਰ ਹੀ ਉਹ ਦੋ ਕੌਲੀਆਂ ਖ਼ੀਰ
ਦਾ ਆਰਡਰ ਵੀ ਦੇ ਦਿੰਦੇ। ਜਦੋਂ ਖੂ਼ਬ ਰੱਜ ਕੇ ਢਿੱਡ ਭਰ ਲੈਂਦੇ ਤਾਂ ਕਹਿੰਦੇ, “ਰਾਜਾਰਾਮ
ਕੀ ਤੁਸੀਂ ਇੱਥੇ ਰੋਜ਼ ਆਉਂਦੇ ਹੁੰਦੇ ਹੋ? ਕਿਸ ਸਮੇਂ ਆਉਂਦੇ ਹੋ? ਜੇ ਬੁਰਾ ਨਾ ਮਨਾਓ ਤਾਂ
ਦੱਸ ਦਿਓ।” ਮੈਂ ਕਹਿੰਦਾ, “ਜੀ ਹਾਂ, ਤੁਹਾਨੂੰ ਦੱਸ ਦਿਆਂ ਤਾਂ ਜੋ ਤੁਸੀਂ ਓਸੇ ਸਮੇਂ ਆ
ਧਮਕੋ ਅਤੇ ਮੇਰੀ ਰੋਟੀ ਜੂਠੀ ਕਰ ਦਿਓ। ਜੇ ਗੱਲਾਂ ਹੀ ਕਰਨੀਆਂ ਹੁੰਦੀਆਂ ਹਨ ਤਾਂ ਘਰ ਆ ਕੇ
ਕਿਉਂ ਨਹੀਂ ਕਰਦੇ । ਸੜਕ ’ਤੇ, ਉਹ ਵੀ ਹੋਟਲ ’ਚ ਬਹਿ ਕੇ ਗੱਪਾਂ ਮਾਰਨ’ਚ ਕੀ ਖ਼ਾਸ ਗੱਲ
ਹੈ?” ਇਸ ਤਰ੍ਹਾਂ ਅਸੀਂ ਦੋਵੇਂ ਰੋਟੀ ਵੀ ਖਾਦੇ ਰਹਿੰਦੇ ਅਤੇ ਛੇੜਖਾਨੀਆਂ ਵੀ ਕਰਦੇ ਰਹਿੰਦੇ
।
ਜਦੋਂ ਕਿਸੇ ਦਿਨ ਭਗਤ ਸਿੰਘ ਅਤੇ ਸੁਖਦੇਵ ਦੋਵੇਂ ਇਕੱਠੇ ਹੀ ਆ ਜਾਂਦੇ ਤਾਂ ਫਿਰ ਕਹਿਣਾ ਹੀ
ਕੀ ਸੀ। ਆਉਂਦਿਆਂ ਮੇਰੇ ਦੋਹੀਂ ਪਾਸੀਂ ਥਾਂ ਮੱਲ ਲੈਂਦੇ। ਇੱਕ ਸੱਜੇ ਇੱਕ ਖੱਬੇ ਪਾਸੇ ਬੈਠ
ਜਾਂਦੇ। ਫਿਰ ਦੋਵੇਂ ਆਰਡਰ ਤੇ ਆਰਡਰ ਦੇਈ ਜਾਂਦੇ ਅਤੇ ਇਹ ਵੀ ਵਿੱਚ ਵਿੱਚ ਕਹਿੰਦੇ ਰਹਿੰਦੇ,
“ਰਾਜਾਰਾਮ ਨੂੰ ਇਹ ਚੀਜ਼ ਬਹੁਤ ਪਸੰਦ ਹੈ। ਉਹ ਚੀਜ਼ ਵੀ ਬਹੁਤ ਪਸੰਦ ਹੈ। ਇਹਦੇ ਬਾਰੇ
ਸੋਚਣਾ ਹੀ ਕੀ ਹੈ। ਆਰਡਰ ਦੇ ਦਿਓ, ਰਾਜਾਰਾਮ ਮਨ੍ਹਾਂ ਥੋੜ੍ਹਾ ਕਰਨ ਲੱਗੇ ਹਨ ।” ਇਸੇ ਮੌਜ
ਮਸਤੀ ’ਚ ਦੋਵੇਂ ਖੂ਼ਬ ਡਟ ਕੇ ਪਰਸ਼ਾਦਾ ਪਾਣੀ ਛਕਦੇ। ਕਦੇ ਕਦੇ ਮੈਂ ਨਾਰਾਜ਼ ਹੋ ਕੇ ਕਹਿ
ਦਿੰਦਾ, “ਤੁਸੀਂ ਜੋ ਖਾਣਾ ਹੈ ਖਾ ਲਵੋ, ਮੇਰਾ ਨਾਂ ਵਿੱਚ ਕਿਉਂ ਘਸੀਟਦੇ ਹੋ ?” ਭਗਤ ਸਿੰਘ
ਰਸਗੁੱਲੇ ਖਾਣ ਦਾ ਬਹੁਤ ਸ਼ੌਕੀਨ ਸੀ। ਉਹ ਰਸਗੁੱਲਿਆਂ ਦੇ ਧੜਾ ਧੜ ਆਰਡਰ ਦੇ ਦਿੰਦੇ ਤੇ
ਬੇਧੜਕ ਖਾਂਦੇ ਰਹਿੰਦੇ। ਰੋਟੀ ਦੇ ਸਮਿਆਂ ਦੀ ਇਹ ਛੇੜਛਾੜ ਦੀ ਯਾਦ ਅੱਜ ਵੀ ਮੈਨੂੰ ਉਸੇ
ਬੀਤੇ ਦੌਰ ਵਿੱਚ ਪਹੁੰਚਾ ਦਿੰਦੀ ਹੈ। ਕਾਸ਼! ਉਹ ਦਿਨ ਫਿਰ ਮੁੜ ਸਕਦੇ ।
ਭਗਤ ਸਿੰਘ ਦੀ ਸ਼ਰਾਰਤੀ ਚੁਹਲਬਾਜ਼ੀ
ਭਗਤ ਸਿੰਘ ਵਿੱਚ ਉਹ ਸਭ ਨਟਖਟ ਪੁਣਾ ਅਤੇ ਸ਼ਰਾਰਤਾਂ ਸਨ, ਜੋ ਆਮ ਤੌਰ ’ਤੇ ਉਸ ਉਮਰ ਦੇ
ਨੌਜਵਾਨਾਂ ਵਿੱਚ ਹੁੰਦੀਆਂ ਹਨ। ਇੱਕ ਦਿਨ ਭਗਤ ਸਿੰਘ ਹੱਸਦਿਆਂ ਹੋਇਆਂ ਆ ਕੇ ਮੇਰੇ ਕੋਲ
ਕਹਿਣ ਲੱਗੇ, “ਰਾਜਾਰਾਮ ਜੇ ਤੂੰ ਮੇਰਾ ਪੱਕਾ ਮਿੱਤਰ ਏਂ ਤਾਂ ਮੇਰਾ ਇੱਕ ਕੰਮ ਹੀ ਕਰ ਛੱਡ,
ਮੈਂ ਤੇਰਾ ਬੜਾ ਹੀ ਅਹਿਸਾਨਮੰਦ ਹੋਵਾਂਗਾ।” ਮੈਂ ਕਿਹਾ, “ਜੇ ਕੰਮ ਕਰਨ ਜੋਗਾ ਹੋਵੇਗਾ ਤਾਂ
ਜ਼ਰੂਰ ਕਰਾਂਗਾ।” ਉਹਨੇ ਜੇਬ ’ਚੋਂ ਇੱਕ ਤਸਵੀਰ ਕੱਢੀ, ਜੋ ਕਿਤਾਬ ਜਾਂ ਕਿਸੇ ਮਾਸਿਕ ਪਰਚੇ
’ਚੋਂ ਪਾੜੀ ਹੋਈ ਲੱਗਦੀ ਸੀ। ਇੱਕ ਬਹੁਤ ਹੀ ਸੁੰਦਰ ਬਣ-ਮਾਨਸ ਦੀ ਤਸਵੀਰ ਸੀ ਉਹ! ਸਾਡੇ
ਸਾਰਿਆਂ ਦਾ ਵੀ ਇੱਕ ਗੂੜ੍ਹਾ ਮਿੱਤਰ ਸੀ ਜਿਸ ਦੀ ਸ਼ਕਲ ਵੀ ਉਸ ਬਣਮਾਨਸ ਨਾਲ ਮਿਲਦੀ ਜੁਲਦੀ
ਸੀ। ਉਸ ਮਿੱਤਰ ਨੂੰ ਭਗਤ ਸਿੰਘ ਗੱਲਬਾਤ ਦੌਰਾਨ ਇਸੇ ਨਾਂ ਨਾਲ ਯਾਦ ਕਰਿਆ ਕਰਦੇ ਸਨ। ਭਗਤ
ਸਿੰਘ ਨੇ ਮੈਨੂੰ ਕਿਹਾ ਕਿ ਕਿਸੇ ਤਰ੍ਹਾਂ ਇਹ ਤਸਵੀਰ ਉਹਨਾਂ ਤੱਕ ਪਹੁੰਚਾ ਦਿਓ ਅਤੇ ਫਿਰ ਆ
ਕੇ ਦੱਸੋ ਕਿ ਇਸ ਉੱਤੇ ਉਸ ਦਾ ਕੀ ਪ੍ਰਤੀਕਰਮ ਹੋਇਆ ਹੈ ।”
ਉਹ ਤਸਵੀਰ ਵੇਖ ਕੇ ਮੈਨੂੰ ਬੜਾ ਹਾਸਾ ਆਇਆ ਅਤੇ ਮੈਂ ਕਿਹਾ, “ਭਗਤ ਸਿੰਹਾਂ, ਤੂੰ ਬੜਾ
ਸ਼ਰਾਰਤੀ ਏਂ। ਐਨਾਂ ਮਜ਼ਾਕ ਠੀਕ ਨਹੀਂ। ਜੇ ਉਹਨੂੰ ਇਹ ਪਤਾ ਲੱਗ ਗਿਆ ਕਿ ਉਹਨੂੰ ਇਹ ਤਸਵੀਰ
ਤੂੰ ਹੀ ਭਿਜਵਾਈ ਹੈ ਤਾਂ ਉਹ ਤੇਰੇ ਨਾਲ ਬਹੁਤ ਭੈੜੀ ਕਰੂਗਾ ਅਤੇ ਇਹ ਵੀ ਹੋ ਸਕਦਾ ਹੈ ਕਿ
ਉਹ ਤੇਰੇ ਨਾਲ ਗੁੱਸੇ ਵੀ ਹੋ ਜਾਵੇ। ਨਾਂ ਭਰਾਵਾ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ। ਭਗਤ
ਸਿੰਘ ਕਹਿਣ ਲੱਗੇ, “ ਪਰ ਮੈਥੋਂ ਰਿਹਾ ਨਹੀਂ ਜਾਂਦਾ। ਜੇ ਤੂੰ ਨਹੀਂ ਲਿਜਾਵੇਂਗਾ ਤਾਂ ਮੈਂ
ਕਿਸੇ ਹੋਰ ਤਰ੍ਹਾਂ ਭਿਜਵਾ ਦਿਆਂਗਾ। ਪਰ ਭਿਜਵਾਵਾਂਗਾ ਲਾਜ਼ਮੀ। ਰਹੀ ਗੱਲ ਨਾਰਾਜ਼ ਹੋਣ ਦੀ,
ਭਲਾ ਇਸ ‘ਚ ਨਾਰਾਜ਼ ਹੋਣ ਵਾਲੀ ਕਿਹੜੀ ਗੱਲ ਹੈ? ਉਹ ਤਾਂ ਮੇਰਾ ਲੰਗੋਟੀਆ ਯਾਰ ਹੈ। ਜੇ
ਨਾਰਾਜ਼ ਹੋ ਗਿਆ ਤੁਸੀਂ ਸਾਰਿਆਂ ਨੇ ਮਿਲ ਕੇ ਮੈਨੂੰ ਖ਼ੂਬ ਡਾਂਟਣਾ , ਝਿੜਕਣਾ। ਬੱਸ ਉਸਦਾ
ਗੁੱਸਾ ਠੰਡਾ ਹੋ ਜਾਵੇਗਾ।” ਪਰ ਭਗਤ ਸਿੰਘ ਦੇ ਹਜ਼ਾਰ ਵਾਰ ਕਹਿਣ ’ਤੇ ਵੀ ਜਦੋਂ ਮੈਂ ਤਿਆਰ
ਨਾ ਹੋਇਆ ਤਾਂ ਉਹਨਾਂ ਨੇ ਕਿਹਾ, “ਮੈਂ ਇਹਨੂੰ ਡਾਕ ਰਾਹੀਂ ਭੇਜ ਦਿਆਂਗਾ ਅਤੇ ਹੇਠਾਂ ਤੇਰਾ
ਨਾਂ ਲਿਖ ਦਿਆਂਗਾ ਅਤੇ ਉਹਨੂੰ ਯਕੀਨ ਦੁਆ ਦਿਆਂਗਾ ਕਿ ਇਹ ਸ਼ਰਾਰਤ ਤੂੰ ਹੀ ਕੀਤੀ ਹੈ।
ਥੋੜ੍ਹੀ ਦੇਰ ਤੱਕ ਸਾਡੇ ਦੋਹਾਂ ਵਿਚਕਾਰ ਹਾਸਾ ਮਜ਼ਾਕ ਹੁੰਦਾ ਰਿਹਾ ਅਤੇ ਅੰਤ ਵਿੱਚ ਭਗਤ
ਸਿੰਘ ਚਲੇ ਗਏ। ਮੈਨੂੰ ਯਾਦ ਨਹੀਂ ਕਿ ਇਹ ਤਸਵੀਰ ਭਗਤ ਸਿੰਘ ਹੋਰਾਂ ਨੇ ਉਹਨਾਂ ਕੋਲ ਭੇਜੀ
ਕਿ ਨਹੀਂ। ਹਾਂ ਐਨੀ ਕੁ ਸ਼ਰਾਰਤ ਉਹਨਾਂ ਨੇ ਫਿਰ ਵੀ ਕੀਤੀ ਕਿ ਉਸ ਚਿੱਤਰ ਹੇਠਾਂ ਸਾਡੇ ਉਸ
ਮਿੱਤਰ ਦਾ ਨਾਮ ਲਿਖ ਦਿੱਤਾ।
ਐਨਾ ਅਰਸਾ ਲੰਘ ਗਿਆ, ਫਿਰ ਵੀ ਮੈਨੂੰ ਭਗਤ ਸਿੰਘ ਦਾ ਉਹ ਹੱਸਦਾ ਹੋਇਆ ਪਰ ਸ਼ਰਾਰਤਾਂ ਨਾਲ
ਭਰਿਆ ਚਿਹਰਾ ਸਾਫ ਸਾਫ ਦਿਖਾਈ ਦਿੰਦਾ ਹੈ। ਸੱਚੀਉਂ ਹੀ ਉਹ ਬਹੁਤ ਹੀ ਭੋਲੇ ਭਾਲੇ, ਸੱਚੇ ਤੇ
ਭਰੋਸੇਯੋਗ ਦੋਸਤ ਸਨ ।
ਤੇਲ ਦੀ ਸ਼ੀਸ਼ੀ ਅਤੇ ਇਨਕਲਾਬ ‘ਤੇ ਬਹਿਸ
ਭਗਤ ਸਿੰਘ ਨਾਲ ਛੋਟੀ ਤੋਂ ਛੋਟੀ ਗੱਲ ’ਤੇ ਵੀ ਕਈ ਵਾਰ ਮੇਰੀ ਬਹਿਸ ਹੋ ਜਾਂਦੀ ਹੁੰਦੀ ਸੀ।
ਇੱਕ ਦਿਨ ਮੈਂ ਬਾਜ਼ਾਰੋਂ ਕੁਝ ਸਮਾਨ ਲੈ ਕੇ ਆਇਆ। ਉਸ ’ਚ ਤੇਲ ਦੀ ਇੱਕ ਛੋਟੀ ਜਿਹੀ ਸ਼ੀਸ਼ੀ
ਵੀ ਸੀ। ਥੋੜ੍ਹੀ ਦੇਰ ਪਿੱਛੋਂ ਭਗਤ ਸਿੰਘ ਵੀ ਆ ਗਏ। ਇੱਧਰ ਓਧਰ ਦੀਆਂ ਕੁਝ ਗੱਲਾਂ ਕਰਨ
ਪਿੱਛੋਂ ਭਗਤ ਸਿੰਘ ਨੇ ਆਪਣਾ ਸਿਰ ਖੁਰਕਿਆ ਅਤੇ ਕਿਹਾ, “ਭਰਾਵਾ ਇਸ ਸ਼ੀਸ਼ੀ ’ਚੋਂ ਥੋੜ੍ਹਾ
ਜਿਹਾ ਤੇਲ ਮੈਨੂੰ ਵੀ ਦੇ ਦੇ। ਕਈ ਦਿਨਾਂ ਤੋਂ ਮੈਂ ਤੇਲ ਨਹੀਂ ਲਾ ਸਕਿਆ ਅਤੇ ਸਿਰ ’ਚ ਖੁਰਕ
ਹੋ ਰਹੀ ਹੈ ।”
ਬਜ਼ਾਰ ’ਚੋਂ ਮੈਂ ਅਜੇ ਆਇਆ ਹੀ ਸਾਂ ਅਤੇ ਥੱਕਾ ਟੁੱਟਾ ਵੀ ਸਾਂ। ਸ਼ੀਸ਼ੀ ਵੀ ਮੈਂ ਖੋਹਲੀ
ਨਹੀਂ ਸੀ। ਪਰ ਉਹਨਾਂ ਨੇ ਉਹਨੂੰ ਵੇਖਦਿਆਂ ਹੀ ਤੇਲ ਦੀ ਫ਼ਰਮਾਇਸ਼ ਸ਼ੁਰੂ ਕਰ ਦਿੱਤੀ। ਇਸ
ਉੱਤੇ ਮੈਂ ਕੁਝ ਚਿੜ੍ਹ ਗਿਆ ਅਤੇ ਕਿਹਾ, “ਯਾਰ ਤੇਰੇ ਸੁਭਾਅ ਨੂੰ ਸਮਝਣਾ ਬੜ੍ਹਾ ਔਖਾ ਹੈ।
ਜਦੋਂ ਮੈਂ ਰੋਟੀ ਖਾਣ ਲੱਗਦਾ ਹਾਂ ਤਾਂ ਤੁਸੀਂ ਆ ਕੇ ਮੇਰੀ ਥਾਲੀ ’ਚੋਂ ਰੋਟੀ ਦੀ ਬੁਰਕੀ
ਤੋੜ ਕੇ ਖਾਣ ਲੱਗਦੇ ਹੋ ਅਤੇ ਜੇ ਹੁਣ ਤੇਲ ਖ਼ਰੀਦ ਕੇ ਲਿਆਇਆ ਹਾਂ ਤਾਂ ਇਹਨੂੰ ਵੇਖਦਿਆਂ ਹੀ
ਤੁਹਾਡੇ ਸਿਰ ’ਚ ਸਿੱਕਰੀ ਖੁਰਕ ਕਰਨ ਲੱਗ ਪਈ ਹੈ। ਪਤਾ ਨਹੀਂ ਤੁਹਾਨੂੰ ਇਹਦੀ ਸੱਚਮੁੱਚ ਲੋੜ
ਹੈ ਜਾਂ ਮੈਨੂੰ ਚਿੜਾਉਣ ਲਈ ਹੀ ਮਜ਼ੇ ਲੈਂਦੇ ਰਹਿੰਦੇ ਹੋ? ਕੁਝ ਵੀ ਹੋਵੇ ਮੈਂ ਤੁਹਾਨੂੰ
ਤੇਲ ਨਹੀਂ ਦਿਆਂਗਾ।” ਇਸਦੇ ਬਾਵਜੂਦ ਭਗਤ ਸਿੰਘ ਅੜ ਗਏ ਅਤੇ ਕਹਿਣ ਲੱਗੇ, “ਜਦੋਂ ਤੁਹਾਡੇ
ਪਾਸ ਤੇਲ ਹੈ ਤੇ ਮੈਨੂੰ ਇਹਦੀ ਲੋੜ ਹੈ ਤਾਂ ਫਿਰ ਉਹਨੂੰ ਲਏ ਬਿਨਾਂ ਮੈਂ ਨਹੀਂ ਮੰਨਾਂਗਾ।
ਖੁ਼ਸ਼ੀ ਨਾਲ ਦੇ ਦਿਓ ਤਾਂ ਚੰਗੀ ਗੱਲ ਹੈ ਨਹੀਂ ਤਾਂ ਮੈਂ ਜ਼ਬਰਦਸਤੀ ਲੈ ਲਵਾਂਗਾ ਅਤੇ ਹੋ
ਸਕਦਾ ਹੈ ਕਿ ਖਿੱਚ ਧੂਹ ਵਿੱਚ ਸ਼ੀਸ਼ੀ ਹੀ ਟੁੱਟ ਜਾਵੇ ਅਤੇ ਅਸੀਂ ਦੋਵੇਂ ਤੇਲ ਤੋਂ ਵਾਂਝੇ
ਹੋ ਜਾਈਏ। ਜੇ ਇਉਂ ਹੋ ਗਿਆ ਤਾਂ ਅਸੀਂ ਦੋਵੇਂ ਹੱਥ ਮਲਦੇ ਰਹਿ ਜਾਵਾਂਗੇ।” ਮੈਂ ਕਿਹਾ,
“ਤੁਸੀਂ ਧਮਕਾ ਕੇ ਮੇਰੀ ਚੀਜ਼ ਮੈਥੋਂ ਖੋਹਣਾ ਚਾਹੁੰਦੇ ਹੋ, ਇਹ ਡਕੈਤੀ ਨਹੀਂ ਤਾਂ ਹੋਰ ਕੀ
ਹੈ ?” ਉਹਨਾਂ ਨੇ ਕਿਹਾ, “ਤੁਸੀਂ ਇਸ ਨੂੰ ਦੋਸਤੀ ਸਮਝੋ ਜਾਂ ਡਕੈਤੀ ਮੈਂ ਤਾਂ ਇਸ ਨੂੰ ਲੈ
ਕੇ ਹੀ ਰਹਾਂਗਾ।” ਇਸ ਤੋਂ ਪਿੱਛੋਂ ਸਾਡੇ ਦੋਹਾਂ ਵਿਚਕਾਰ ਸ਼ੀਸ਼ੀ ਲੈਣ ਲਈ ਖੋਹ-ਖਿੱਚ ਅਤੇ
ਜ਼ੋਰ-ਅਜ਼ਮਾਈ ਹੋਣੀ ਸ਼ੁਰੂ ਹੋ ਗਈ। ਕੁਝ ਚਿਰ ਤੱਕ ਸਾਡੇ ਦੋਹਾਂ ਵਿਚਕਾਰ ਤਾਕਤ ਦਾ ਵਿਖਾਵਾ
ਹੁੰਦਾ ਰਿਹਾ। ਅੰਤ ’ਚ ਭਗਤ ਸਿੰਘ ਨੇ ਮੇਰੀ ਕੂਹਣੀ ਮਰੋੜ ਕੇ ਸ਼ੀਸ਼ੀ ਮੇਰੇ ਹੱਥ ’ਚੋਂ ਖੋਹ
ਲਈ ਅਤੇ ਉਹਦਾ ਢੱਕਣ ਖੋਹਲ ਕੇ ਉਸਨੂੰ ਆਪਣੇ ਸਿਰ ਵਿੱਚ ਉਲੱਦ ਲਿਆ। ਉਹ ਤੇਲ ਪਾਉਂਦਾ ਜਾਂਦਾ
ਸੀ ਅਤੇ ਆਪਣਾ ਜੂੜਾ ਖੋਲ੍ਹ ਕੇ, ਵਾਲਾਂ ਨੂੰ ਖਿਲਾਰਕੇ ਤਲੀ ਨਾਲ ਤੇਲ ਝੱਸੀ ਜਾਂਦਾ ਸੀ। ਇਹ
ਦ੍ਰਿਸ਼ ਵੇਖਣ ਹੀ ਵਾਲਾ ਸੀ। ਤੇਲ ਨਾਲ ਗੜੁੱਚ ਹੋ ਕੇ ਵਾਲ ਥੰਦੇ ਹੀ ਨਹੀਂ ਸਨ ਹੋ ਗਏ,
ਸਗੋਂ ਇਉਂ ਲੱਗਣ ਲੱਗਾ ਜਿਵੇਂ ਭਗਤ ਸਿੰਘ ਦੇ ਵਾਲਾਂ ’ਚੋਂ ਤੇਲ ਵਗਣ ਹੀ ਲੱਗਾ ਹੈ। ਭਗਤ
ਸਿੰਘ ਬੜੇ ਮਜ਼ੇ ਨਾਲ ਕਹਿਣ ਲੱਗਾ, “ਹੁਣ ਵਾਲਾਂ ਨੂੰ ਲੱਗੀ ਤੇਲ ਦੀ ਭੁੱਖ ਸ਼ਾਂਤ ਹੋ
ਜਾਵੇਗੀ ਅਤੇ ਇੱਕ ਹਫ਼ਤੇ ਤੱਕ ਤੇਲ ਦੀ ਲੋੜ ਨਹੀਂ ਪਵੇਗੀ ।” ਸਾਰਾ ਤੇਲ ਨਿਚੋੜ ਲੈਣ
ਪਿੱਛੋਂ ਉਸਨੇ ਤੇਲ ਦੀ ਸ਼ੀਸ਼ੀ ਖ਼ਾਲੀ ਕਰਕੇ ਮੇਰੇ ਹੱਥ ਫੜਾਉਣ ਲਈ ਆਪਣਾ ਹੱਥ ਵਧਾਇਆ ।
ਮੈਂ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਨੇ ਖ਼ਾਲੀ ਸ਼ੀਸ਼ੀ ਮੇਜ ਼’ਤੇ ਰੱਖ ਦਿੱਤੀ।
ਇਨਕਲਾਬ ਦੀ ਸਿੱਖਿਆਦਾਇਕ ਵਿਆਖਿਆ
ਇਸ ਘਟਨਾ ਤੋਂ ਪਿੱਛੋਂ ਸਾਡੇ ਦੋਹਾਂ ਦਰਮਿਆਨ ਉਸ ਦਿਨ ਜਿਹੜੀ ਬਹਿਸ ਹੋਈ ਉਹ ਬਹੁਤ ਹੀ
ਮਨੋਰੰਜਕ ਅਤੇ ਸਿੱਖਿਆਦਾਇਕ ਸੀ। ਭਗਤ ਸਿੰਘ ਨੇ ਕਿਹਾ ਕਿ, ‘ਵੇਖ ਭਰਾਵਾ ਜੋ ਕੁਝ ਹੋਣਾ ਸੀ
ਉਹ ਤਾਂ ਹੋ ਗਿਆ। ਇਸ ਤੋਂ ਸਬਕ ਲੈਣਾ ਚਾਹੀਦਾ ਹੈ। ਜੇ ਥੋੜ੍ਹਾ ਜਿਹਾ ਤੇਲ ਤੂੰ ਹੱਸ ਕੇ ਦੇ
ਦਿੰਦਾ ਤਾਂ ਤੈਨੂੰ ਸਾਰੀ ਸ਼ੀਸ਼ੀ ਤੋਂ ਹੱਥ ਨਾ ਧੋਣੇ ਪੈਂਦੇ। ਸਿਆਣਪ ਇਸੇ ’ਚ ਹੀ ਹੈ ਕਿ
ਥੋੜ੍ਹਾ ਦੇ ਕੇ ਜਿ਼ਆਦਾ ਨੂੰ ਬਚਾਇਆ ਜਾ ਸਕਦਾ ਹੈ ਤਾਂ ਜ਼ਰੂਰ ਹੀ ਬਚਾ ਲੈਣਾ ਚਾਹੀਦਾ ਹੈ,
“ਮੈਂ ਕਿਹਾ ਕਿ, “ਇਹ ਸਿੱਧਾਂਤ ਕਾਇਰਤਾ ਦਾ ਹੈ ਕਿ ਜੇ ਡਾਕੂ ਸਾਹਮਣੇ ਆ ਜਾਵੇ ਅਤੇ ਸਾਥੋਂ
ਧੱਕੋ ਜ਼ੋਰੀ ਮੰਗਣ ਲੱਗੇ ਤਾਂ ਕੀ ਬਿਨਾਂ ਕਿਸੇ ਵਿਰੋਧ ਦੇ ਉਸ ਨੂੰ ਦੇ ਦੇਣੀ ਚਾਹੀਦੀ ਹੈ?
ਨਹੀਂ, ਜਦੋਂ ਤੱਕ ਤਾਕਤ ਹੋਵੇ, ਉਦੋਂ ਤੱਕ ਬਰਾਬਰ ਉਹਦੇ ਨਾਲ ਲੜਨਾ ਚਾਹੀਦਾ ਹੈ। ਬਿਨਾਂ
ਕਿਸੇ ਵਿਰੋਧ ਕੀਤਿਆਂ ਜਾਬਰ ਦੇ ਸਾਹਮਣੇ ਝੁਕ ਜਾਣ ਨਾਲ ਉਹਦਾ ਹੌਂਸਲਾ ਹੋਰ ਵਧ ਜਾਵੇਗਾ।”
ਹੁੰਦਿਆਂ ਹੁੰਦਿਆਂ ਸਾਡੇ ਦੋਹਾਂ ਵਿਚਕਾਰ ਇਨਕਲਾਬ ਦੇ ਵਿਸ਼ੇ ‘ਤੇ ਬਹਿਸ ਆ ਗਈ। ਭਗਤ ਸਿੰਘ
ਦਾ ਕਹਿਣਾ ਸੀ ਕਿ, “ਜਦੋਂ ਕਮਜ਼ੋਰ ਕੌਮ ਨੂੰ ਆਪਣੇ ਤੋਂ ਤਾਕਤਵਰ ਕੌਮ ਨਾਲ ਜੂਝਣਾ ਪੈਂਦਾ
ਹੈ ਤਾਂ ਕਦੀ ਕਦੀ ਇਹ ਸਿਆਣਪ ਹੁੰਦੀ ਹੈ ਕਿ ਮੌਕਾ ਹੱਥ ਆਉਣ ’ਤੇ ਸਮਝੌਤਾ ਕਰ ਲਿਆ ਜਾਵੇ
ਅਤੇ ਜਿਹੜਾ ਸਮਾਂ ਮਿਲੇ, ਉਸ ਵਿੱਚ ਆਪਣੀ ਤਾਕਤ ਇਕੱਠੀ ਕਰਦੇ ਰਹੀਏ। ਇਹ ਕਾਇਰਤਾ ਨਹੀਂ
ਸਿਆਣਪ ਹੈ।” ਮੈਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜੇ ਤੁਹਾਡਾ ਪੱਖ ਨਿਆਂਪੂਰਨ
ਹੈ ਤਾਂ ਹਾਰ ਅਤੇ ਤਬਾਹੀ ਨੂੰ ਸਾਹਮਣੇ ਵੇਖ ਕੇ ਵੀ ਮੁੱਠੀ ਭਰ ਆਜ਼ਾਦੀ ਪ੍ਰੇਮੀ ਆਪਣੇ ਤੋਂ
ਕਈ ਗੁਣਾ ਤਾਕਤਵਰ, ਵਿਰੋਧੀ ਜਾਬਰਾਂ ਦੀ ਫੌਜ ਨਾਲ ਜੂਝ ਪੈਣ ਅਤੇ ਅੰਤ ਤੱਕ ਬਿਨਾਂ ਸਿਰ
ਝੁਕਾਏ ਮੌਤ ਦੇ ਮੂੰਹ ’ਚ ਚਲੇ ਜਾਣ। ਮੈਂ ਇਤਹਾਸ ’ਚ ਹਲਦੀਘਾਟੀ, ਕਰਬਲਾ ਆਦਿ ਦੀਆਂ
ਘਟਨਾਵਾਂ ਦਾ ਉਦਹਾਰਣ ਦਿੰਦਿਆਂ ਆਪਣੇ ਪੱਖ ’ਚ ਦਲੀਲ ਦਿੱਤੀ। ਦੂਜੇ ਪਾਸੇ ਭਗਤ ਸਿੰਘ ਨੇ
ਰੂਸੀ ਰਾਜਕੀ ਇਨਕਲਾਬ ਦੇ ਸਮੇਂ ਬ੍ਰੇਸਟ ਲੀਟੋਵਸ਼ਖ ਦੀ ਜਰਮਨ ਰੂਸੀ ਸੰਧੀ ਦਾ ਜਿ਼ਕਰ ਕੀਤਾ
ਅਤੇ ਲੈਨਿਨ ਦੀ ਸਿਆਣਪ ਦੀ ਪ੍ਰਸ਼ੰਸਾ ਕੀਤੀ। ਉਸ ਦਿਨ ਅਸੀਂ ਪਤਾ ਨਹੀਂ ਕਿਹੜੇ ਮੂਡ ’ਚ ਆ
ਗਏ ਸਾਂ ਕਿ ਦੋਹਾਂ ਵਿੱਚੋਂ ਕੋਈ ਵੀ ਹਾਰ ਮੰਨਣ ਲਈ ਤਿਆਰ ਨਹੀਂ ਸੀ ਅਤੇ ਇਨਕਲਾਬ ਦੀ ਬਹਿਸ
ਕਰਦਿਆਂ ਕਰਦਿਆਂ ਅਸੀਂ ਦੋਵੇਂ ਥੱਕ ਗਏ ਸਾਂ। ਪਿੱਛੋਂ ਭਗਤ ਸਿੰਘ ਨੇ ਹੱਸਦਿਆਂ ਹੋਇਆਂ
ਕਿਹਾ, “ਭਰਾਵਾ ਇਨਕਲਾਬ ਤੇ ਬਹਿਸ ਤਾਂ ਕਾਫ਼ੀ ਹੋ ਚੁੱਕੀ ਹੈ, ਜੇ ਠੀਕ ਸਮਝੇਂ ਤਾਂ ਫਲਾਣੀ
ਦੁਕਾਨ ਤੇ ਚੱਲ ਕੇ ਲੱਸੀ ਪੀਤੀ ਜਾਵੇ, ਕਿਵੇਂ ਰਹੇਗਾ।” ਬੱਸ ਅਸੀਂ ਲੱਸੀ ਪੀਣ ਚਲੇ ਗਏ ।
ਉਸ ਦਿਨ ਦੀ ਗੱਲ ਮੈਨੂੰ ਕਦੀ ਨਹੀਂ ਭੁੱਲੀ। ਝਗੜਾ ਸ਼ੁਰੂ ਹੋਇਆ ਸੀ ਛੋਟੀ ਤੇਲ ਦੀ ਸ਼ੀਸ਼ੀ
ਤੋਂ ਅਤੇ ਇਨਕਲਾਬ ਦੇ ਵਿਸ਼ੇ ਉੱਤੇ ਲੰਮੀ ਬਹਿਸ ਕਰਦਿਆਂ ਕਰਦਿਆਂ ਉਸ ਦਾ ਅੰਤ ਹੋਇਆ ਲੱਸੀ
ਦੀ ਦੁਕਾਨ ਤੇ ਜਾ ਕੇ। ਪਿੱਛੋਂ ਇਸ ਘਟਨਾ ਨੂੰ ਯਾਦ ਕਰਕੇ ਅਸੀਂ ਦੋਵੇਂ ਬਹੁਤ ਹੱਸਿਆ ਕਰਦੇ
ਸਾਂ। ਕਿਹੋ ਜਿਹੀਆਂ ਸਨ ਉਹ ਘੜੀਆਂ! ਇਨਕਲਾਬ ਦੇ ਤੂਫ਼ਾਨ ਦਾ ਪਾਲਣ ਪੋਸ਼ਣ ਕਿਹੋ ਜਿਹੇ
ਆਨੰਦ, ਕਿਹੋ ਜਿਹੀ ਖੁਸ਼ੀ ਅਤੇ ਕਿਹੋ ਜਿਹੇ ਅਨੋਖੇ ਅਚੰਭੇ ਦੇ ਨਾਲ ਕੀਤਾ ਜਾ ਰਿਹਾ ਸੀ। ਇਹ
ਸਾਰਾ ਕੁਝ ਯਾਦ ਕਰਕੇ ਇੱਕ ਹੂਕ ਜਿਹੀ ਉੱਠਦੀ ਹੈ। ਇੱਕ ਕਰੁਣ ਭਾਵਨਾ ਜਾਗ ਕੇ ਸਾਰੀ ਹੋਂਦ
ਨੂੰ ਝੰਜੋੜ ਜਾਂਦੀ ਹੈ ਅਤੇ ਉਸ ਸਮੇਂ ਦਾ ਅਨੋਖਾ ਅੰਦਾਜ਼ ਅੱਜ ਦੁੱਖ ਬਣ ਕੇ ਅੱਖਾਂ ’ਚੋਂ
ਟਪਕਣ ਲੱਗ ਪੈਂਦਾ ਹੈ।
ਭਗਤ ਸਿੰਘ ਤੇ ਔਰਤ ਪ੍ਰੇਮ
ਸਾਡੇ ਦਰਮਿਆਨ ਕਦੇ ਕਦੇ ਪ੍ਰੇਮ ਸੰਬੰਧੀ ਵਿਸ਼ੇ ’ਤੇ ਵੀ ਦਿਲਚਸਪ ਗੱਲਾਂ ਹੁੰਦੀਆਂ ਸਨ।
ਵਿਸ਼ੇਸ਼ ਕਰਕੇ ਉਦੋਂ ਜਦੋਂ ਯਸ਼ਪਾਲ ਆਇਆ ਸੀ। ਭਗਤ ਸਿੰਘ ਦਾ ਇਹ ਸੁਭਾਅ ਹੀ ਸੀ ਕਿ ਉਹ
ਆਪਣੇ ਵੱਲੋਂ ਪ੍ਰੇਮ ਦੇ ਵਿਸ਼ੇ ਨੂੰ ਕਦੇ ਨਹੀਂ ਸਨ ਛੇੜਦੇ। ਪਰ ਜਦੋਂ ਮਿੱਤਰਾਂ ’ਚ ਇਹ
ਵਿਸ਼ਾ ਛਿੜ ਹੀ ਪੈਂਦਾ ਸੀ, ਤਾਂ ਉਹ ਇਸ ਵਿਸ਼ੇ ’ਚ ਹਿੱਸਾ ਲੈਂਦੇ ਸਨ। ਆਪਣੇ ਹੀ ਢੰਗ ਨਾਲ
ਕਦੇ ਕਦੇ ਸੁਖਦੇਵ ਆ ਕੇ ਦੱਸਦੇ ਹੁੰਦੇ ਸਨ ਕਿ, “ਯਸ਼ਪਾਲ ਅੱਜ ਕੱਲ੍ਹ ਬੜਾ ਅਭਿਆਸ ਕਰਦਾ
ਹੈ। ਕਿਸੇ ਗੁਰੂ ਤੋਂ ਗੁਰਜ, ਗਤਕੇ ਅਤੇ ਛੁਰੇਬਾਜ਼ੀ ਦੀ ਕਲਾ ਸਿੱਖਦਾ ਹੈ, ਪਰ ਅਖਾੜੇ ਜਾਂ
ਮੈਦਾਨ ’ਚ ਨਹੀਂ ਸਗੋਂ ਕੋਠੇ ਦੀ ਛੱਤ ਉੱਤੇ ।” ਉਹ ਇਹ ਵੀ ਦੱਸਦੇ ਸਨ ਕਿ, “ਯਸ਼ਪਾਲ ਕਦੇ
ਕਦੇ ਆਪਣੀਆਂ ਸਖ਼ਤ ਬਾਹਵਾਂ ਅਤੇ ਸਰੀਰ ਦੀਆਂ ਮਾਸਪੇਸ਼ੀਆਂ ਦਾ ਵਿਖਾਵਾ ਵੀ ਕਰਦਾ ਹੈ ।”
ਭਗਤ ਸਿੰਘ ਮਜ਼ਾਕ ’ਚ ਕਹਿੰਦੇ, “ਯਸ਼ਪਾਲ ਸੱਚੋ ਸੱਚ ਦੱਸ ਕਿ ਤੂੰ ਅਭਿਆਸ ਕਰਦਾ ਹੈਂ ਕਿ
ਕਿਸੇ ਕੁੜੀ ਨੂੰ ਆਪਣੇ ਵੱਲ ਖਿੱਚਣ ਦੀ ਕੋਸਿ਼ਸ਼ ਕਰਦਾ ਹੈਂ?” ਇਸ ਤੇ ਯਸ਼ਪਾਲ ਹੱਸ ਕੇ
ਜਵਾਬ ਦਿੰਦਾ ਕਿ ਮੈਂ ਤਾਂ ਕਸਰਤ ਕਰਦਾ ਹਾਂ, ਜੇ ਕੋਈ ਮੇਰੇ ਵੱਲ ਵੇਖ ਹੀ ਲਵੇਗੀ ਤਾਂ ਮੈਂ
ਕੀ ਕਰ ਸਕਦਾ ਹਾਂ।” ਫਿਰ ਤਾਂ ਬਕਾਇਦਾ ਪ੍ਰੇਮ ਵਿਗਿਆਨ ਤੇ ਹਲਕੀ ਫੁਲਕੀ ਬਹਿਸ ਛਿੜ ਪੈਂਦੀ।
ਗੁਲਾਮੀ ’ਚ ਪ੍ਰੇਮ ਕਿਹੋ ਜਿਹਾ
ਇੱਕ ਦਿਨ ਮੈਂ ਭਗਤ ਸਿੰਘ ਨੂੰ ਪੁੱਛਿਆ ਕਿ ਇਨਕਲਾਬ ਹੀ ਕਰਦੇ ਰਹੋਗੇ ਜਾਂ ਕਦੀ ਵਿਆਹ ਕਰਨ
ਦੀ ਵੀ ਗੱਲ ਸੋਚੋਗੇ। ਭਗਤ ਸਿੰਘ ਕਹਿਣ ਲੱਗੇ, “ਭਰਾਵਾ ਉੱਚ ਪਾਏ ਦਾ ਪ੍ਰੇਮ ਕਰਨ ਦੇ ਲਈ
ਸਮਾਜ ਵਿੱਚ ਆਜ਼ਾਦੀ ਦਾ ਮਾਹੌਲ ਚਾਹੀਦਾ ਹੈ। ਜਿੱਥੇ ਮੁੰਡੇ ਕੁੜੀਆਂ ਪ੍ਰੇਮ-ਮਈ ਜਿ਼ੰਦਗੀ
ਬਤੀਤ ਕਰ ਸਕਣ ਅਤੇ ਉਹਨਾਂ ਵੱਲ ਕੋਈ ਉਂਗਲੀ ਨਾ ਉਠਾ ਸਕੇ। ਅਸੀਂ ਗੁਲਾਮੀ ਦੇ ਮਾਹੌਲ ਵਿੱਚ
ਪੈਦਾ ਹੋਏ ਹਾਂ। ਸਾਡਾ ਸਮਾਜ ਅਜਿਹਾ ਨਹੀਂ ਹੈ, ਜਿੱਥੇ ਮੁੰਡੇ ਕੁੜੀਆਂ ਹਕੀਕੀ ਪ੍ਰੇਮ ਕਰਨ
ਦੇ ਲਈ ਆਜ਼ਾਦ ਹੋਣ। ਸੱਚਾ ਪ੍ਰੇਮ ਇਨਸਾਨ ਨੂੰ ਬਹੁਤ ਉੱਚਾ ਉਠਾ ਲੈਂਦਾ ਹੈ। ਮੁਸੀਬਤ ’ਚ
ਢਾਰਸ ਬੰਨ੍ਹਾਉਂਦਾ ਹੈ। ਇਕ ਦੂਜੇ ਉੱਤੋਂ ਆਪਾ ਵਾਰਨ ਦੀ ਭਾਵਨਾ ਨੂੰ ਜਾਗਰਿਤ ਕਰਦਾ ਹੈ ਪਰ
ਉਦੋਂ ਜਦੋਂ ਪ੍ਰੇਮ ਪ੍ਰੇਮ ਹੋਵੇ ਸਿਰਫ਼ ਵਿਲਾਸਤਾ ਨਾ ਹੋਵੇ ।”
ਸਾਨੂੰ ਪਿਆਰ ਹੋ ਗਿਆ ਸਿਰਫ਼ ਕੁਰਬਾਨੀ ਨਾਲ
ਇੱਕ ਵਾਰੀ ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਕਰਦਿਆਂ ਕਰਦਿਆਂ ਉਹ ਕੁਝ ਗੰਭੀਰ ਜਿਹੇ
ਹੋ ਗਏ। ਮੈਂ ਪੁੱਛਿਆ, “ਭਰਾ ਕੀ ਹੋ ਗਿਆ, ਤੂੰ ਚੁੱਪ ਕਿਉਂ ਹੋ ਗਿਆ ਏਂ?” ਭਗਤ ਸਿੰਘ ਕਹਿਣ
ਲੱਗੇ, “ਅਸੀਂ ਗੁਲਾਮ ਮੁਲਕ ਦੇ ਨੌਜਵਾਨ ਹਾਂ। ਸਾਡੇ ਸਾਹਮਣੇ ਸਭ ਤੋਂ ਵੱਡਾ ਅਤੇ ਸਭ ਤੋਂ
ਪ੍ਰਮੁੱਖ ਸਵਾਲ ਤਾਂ ਖੜ੍ਹਾ ਹੈ ਆਪਣੀ ਮਾਤ-ਭੂਮੀ ਦੀਆਂ ਜ਼ੰਜੀਰਾਂ ਕੱਟਣ ਦੀ ਜ਼ੁੰਮੇਵਾਰੀ
ਦਾ, ਇਸ ਜਨਮ ਵਿੱਚ ਤਾਂ ਅਸੀਂ ਆਪਣੇ ਦੇਸ਼ ਲਈ ਬਲੀਦਾਨ ਕਰਨਾ ਹੀ ਹੈ। ਫਾਂਸੀ ਦਾ ਫੰਦਾ ਵੀ
ਚੁੰਮਣਾ ਪੈ ਸਕਦਾ ਹੈ। ਇਸ ਮਾਹੌਲ ਅਤੇ ਮਾਨਸਿਕ ਹਾਲਤ ਵਿੱਚ ਅਸੀਂ ਪ੍ਰੇਮ ਵੱਲ ਕਿਵੇਂ ਜਾ
ਸਕਦੇ ਹਾਂ? ਇਸ ਜਨਮ ਵਿੱਚ ਤਾਂ ਅਸੀਂ ਫਾਂਸੀ ਉੱਤੇ ਝੁਲਣਾ ਹੈ। ਦੇਸ਼ ਦੇ ਆਜ਼ਾਦ ਹੋਣ ’ਤੇ
ਜੇਕਰ ਮੈਨੂੰ ਦੂਜਾ ਜਨਮ ਲੈਣ ਦਾ ਮੌਕਾ ਮਿਲਿਆ, ਤਾਂ ਮੈਂ ਜ਼ਰੂਰ ਕਿਸੇ ਪ੍ਰੇਮਿਕਾ ਦੀ ਗੋਦ
ਵਿੱਚ ਖੇਡਾਂਗਾ ਅਤੇ ਜਿ਼ੰਦਗੀ ਦੀ ਪੂਰੀ ਤਾਕਤ ਅਤੇ ਸਵਾਸਾਂ ਨਾਲ ਉਹਦੇ ਪ੍ਰੇਮ ਵਿੱਚ ਗੜੁੱਚ
ਹੋ ਜਾਵਾਂਗਾ। ਭਰਾਵਾ; ਇਸ ਜਨਮ ਵਿੱਚ ਤਾਂ ਮੈਂ ਵਿਆਹ ਨਹੀਂ ਕਰਾਵਾਂਗਾ। ਉਂਝ ਮੈਂ ਵੀ
ਨੌਜਵਾਨ ਹਾਂ, ਮੇਰੀਆਂ ਰਗਾਂ ਵਿੱਚ ਵੀ ਗਰਮ ਖ਼ੂਨ ਵਹਿੰਦਾ ਹੈ। ਮੇਰੇ ਮਨ ਵਿੱਚ ਵੀ ਪ੍ਰੇਮ
ਦੀਆਂ ਭਾਵਨਾਵਾਂ ਜ਼ੋਰ ਫੜਦੀਆਂ ਰਹਿੰਦੀਆਂ ਨੇ। ਪਰ ਉਹ ਏਨੀਆਂ ਬਲਵਾਨ ਨਹੀਂ ਹਨ ਕਿ ਮੈਨੂੰ
ਮੇਰੇ ਕਰਤੱਵ ਤੋਂ ਬੇਮੁੱਖ ਕਰ ਸਕਣ।” ਉਸ ਦਿਨ ਲੰਮੇਂ ਸਮੇਂ ਤੱਕ ਸਾਡੇ ਵਿਚਕਾਰ ਇਸੇ ਵਿਸ਼ੇ
ਉੱਤੇ ਵਿਚਾਰ-ਵਟਾਂਦਰਾ ਹੁੰਦਾ ਰਿਹਾ ।
ਜਦੋਂ ਭਗਤ ਸਿੰਘ ਨੂੰ ਮੈਂ ਚੁਪੇੜ ਮਾਰੀ
ਇਸ ਸੰਬੰਧੀ ਇੱਕ ਬਹੁਤ ਹੀ ਦਿਲਚਸਪ ਘਟਨਾ ਮੇਰੇ ਯਾਦ ਆ ਰਹੀ ਹੈ। ਦਵਾਰਕਾ ਦਾਸ ਲਾਇਬਰੇਰੀ
ਵਿੱਚ ਤਾਂ ਅਨੇਕਾਂ ਮਾਸਿਕ ਅਤੇ ਦੋ-ਮਾਸਿਕ ਪੱਤਰਕਾਵਾਂ ਆਉਂਦੀਆਂ ਹੁੰਦੀਆਂ ਸਨ। ਇੱਕ ਦਿਨ
ਇੱਕ ਪਰਚੇ ਦਾ ਬੜਾ ਹੀ ਸੋਹਣਾ ਸਾਲਾਨਾ ਅੰਕ ਆਇਆ। ਮੈਂ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ
ਉਹਦੇ ਵਰਕੇ ਫਰੋਲ ਗਿਆ। ਇੱਕ ਪੰਨੇਂ ਉੱਤੇ ਐਨੀਂ ਸੋਹਣੀ ਤਸਵੀਰ ਵੇਖੀ ਕਿ ਵੇਖਦਾ ਹੀ ਰਹਿ
ਗਿਆ। ਬੇਹੱਦ ਦਿਲ ਖਿੱਚਵੀਂ ਤਸਵੀਰ ਸੀ ਉਹ। ਰਾਤ ਦਾ ਸਮਾਂ ਹੈ। ਚੰਨ ਦੀ ਰੌਸ਼ਨੀ ਚਾਰੇ
ਪਾਸੇ ਫੈਲੀ ਹੋਈ ਹੈ। ਕਿਸੇ ਨਹਿਰ ਦੇ ਝਰਨੇ ਦੇ ਕੰਢੇ ਦੋ ਨੌਜਵਾਨ ਪ੍ਰੇਮੀ ਆਪਸ ਵਿੱਚ
ਪ੍ਰੇਮ ਵਿੱਚ ਭਿੱਜ ਕੇ ਗੱਲਾਂ ਕਰ ਰਹੇ ਹਨ। ਲੜਕੇ ਨੇ ਲੜਕੀ ਦੇ ਪੱਟਾਂ ਤੇ ਸਿਰ ਰੱਖਿਆ
ਹੋਇਆ ਹੈ ਤੇ ਲੇਟਿਆ ਹੋਇਆ ਹੈ। ਲੜਕੀ ਉਹਦੇ ਵਾਲਾਂ ਵਿੱਚ ਹੱਥ ਫੇਰ ਰਹੀ ਹੈ। ਬਹੁਤ ਹੀ
ਪ੍ਰੇਮ-ਮਈ ਦ੍ਰਿਸ਼ਟੀ ਨਾਲ ਉਹ ਇੱਕ-ਦੂਜੇ ਵੱਲ ਵੇਖ ਰਹੇ ਹਨ। ਉਸ ਸਮੇਂ ਉਸ ਕੁਦਰਤੀ
ਵਾਤਾਵਰਨ ਵਿੱਚ ਇਨ੍ਹਾਂ ਨੌਜਵਾਨ ਪ੍ਰੇਮੀਆਂ ਦੇ ਪ੍ਰੇਮ-ਮਿਲਾਪ ਦਾ ਟੁੰਬਵਾਂ ਦ੍ਰਿਸ਼ ਮਨ
ਨੂੰ ਮੋਹਿਤ ਕਰ ਰਿਹਾ ਸੀ। ਉਹ ਤਸਵੀਰ ਮੈਨੂੰ ਬਹੁਤ ਟੁੰਬਵੀਂ ਲੱਗੀ ਸੀ। ਮੇਰੇ ਮਨ ’ਚ
ਖਿ਼ਆਲ ਆਇਆ ਕਿ ਜਿਹੜਾ ਵੀ ਕੋਈ ਨੌਜਵਾਨ ਇਸ ਤਸਵੀਰ ਨੂੰ ਵੇਖੇਗਾ ਉਹ ਲਾਜ਼ਮੀ ਤੌਰ ’ਤੇ ਇਸ
ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕੇਗਾ।
ਦੂਜੇ ਦਿਨ ਜਦੋਂ ਭਗਤ ਸਿੰਘ ਆਏ ਤਾਂ ਮੈਂ ਉਹਨਾਂ ਨੂੰ ਕਈ ਪਰਚਿਆਂ ਦੇ ਨਾਲ ਉਹ ਪਰਚਾ ਵੀ ਦੇ
ਦਿੱਤਾ । ਇੱਕ ਨੁੱਕਰ ਵਾਲੀ ਮੇਜ਼ ਵੱਲ ਇਸ਼ਾਰਾ ਕਰ ਕੇ ਕਹਿ ਦਿੱਤਾ ਕਿ ਉਹ ਉੱਥੇ ਬੈਠ ਕੇ
ਪੜ੍ਹ ਲੈਣ। ਭਗਤ ਸਿੰਘ ਓਥੇ ਇਕਾਂਤ ’ਚ ਜਾ ਕੇ ਪਰਚਿਆਂ ਤੇ ਸਰਸਰੀ ਨਜ਼ਰ ਮਾਰਨ ਲੱਗੇ। ਮੈਂ
ਆਪਣੀ ਮੇਜ਼ ਉੱਤੇ ਬੈਠਾ ਬੈਠਾ ਉਹਨਾਂ ਨੂੰ ਵਾਚਣ ਲੱਗਾ। ਮੈਂ ਵੇਖਿਆ ਕਿ ਉਸ ਪਰਚੇ ਵਿੱਚ
ਜਦੋਂ ਭਗਤ ਸਿੰਘ ਦੀ ਨਜ਼ਰ ਉਸ ਤਸਵੀਰ ਉੱਤੇ ਪਈ ਤਾਂ ਉਹ ਰੁਕ ਗਏ। ਇੱਧਰ ਉੱਧਰ ਵੇਖ ਕੇ
ਸਾਰਿਆਂ ਦੀ ਨਜ਼ਰ ਬਚਾ ਕੇ ਉਹ ਫੇਰ ਉਸੇ ਤਸਵੀਰ ਨੂੰ ਵੇਖਣ ਲੱਗ ਪਏ। ਬਹੁਤ ਦੇਰ ਤੱਕ ਅੱਖ
ਮਟੱਕਾ ਹੁੰਦਾ ਰਿਹਾ। ਪਿੱਛੋਂ ਉੱਥੋਂ ਜਾਂਦਿਆਂ ਹੋਇਆਂ ਉਹਨਾਂ ਨੇ ਮੈਨੂੰ ਕਿਹਾ, ਇਹਨਾਂ
ਪਰਚਿਆਂ ਨੂੰ ਸੰਭਾਲ ਕੇ ਰੱਖਿਓ ਮੈਂ ਕੱਲ੍ਹ ਆ ਕੇ ਇਹਨਾਂ ਨੂੰ ਪੜ੍ਹਾਂਗਾ।” ਭਗਤ ਸਿੰਘ ਨੂੰ
ਇਹ ਨਹੀਂ ਪਤਾ ਲੱਗ ਸਕਿਆ ਕਿ ਮੈਂ ਉਹਨਾਂ ਦੀਆਂ ਇਹਨਾਂ ਹਰਕਤਾਂ ਨੂੰ ਤਾੜ ਰਿਹਾ ਸਾਂ।
ਚਿੱਤਚੋਰ ਤਸਵੀਰ ਦੀ ਚੋਰੀ
ਦੂਜੇ ਦਿਨ ਭਗਤ ਸਿੰਘ ਫਿਰ ਆਏ, ਉਹਨਾਂ ਨੇ ਉਹੀ ਪਰਚੇ ਮੈਥੋਂ ਫਿ਼ਰ ਮੰਗੇ। ਮੈਂ ਉਹਨਾਂ ਨੂੰ
ਸਾਰੇ ਪਰਚੇ ਫੜਾ ਦਿੱਤੇ। ਉਹ ਇਕਾਂਤ ’ਚ ਜਾ ਕੇ ਇੱਕ ਮੇਜ਼ ਤੇ ਬਹਿ ਕੇ ਇਕੱਲੇ ਉਹਨਾਂ ਨੂੰ
ਵਾਚਣ ਲੱਗੇ। ਭਗਤ ਸਿੰਘ ਉਸ ਤਸਵੀਰ ਤੋਂ ਐਨੇ ਵੱਧ ਪ੍ਰਭਾਵਿਤ ਹੋਏ ਕਿ ਉਹਨਾਂ ਤੋਂ ਰਿਹਾ ਨਾ
ਗਿਆ ਅਤੇ ਉਹਨਾਂ ਨੇ ਇੱਕ ਪੇਪਰ ਪਿੰਨ ਦੀ ਮਦਦ ਨਾਲ ਉਸ ਤਸਵੀਰ ਨੂੰ ਉਸ ’ਚੋਂ ਪਾੜ ਲਿਆ ਅਤੇ
ਆਪਣੀ ਕਿਤਾਬ ਵਿੱਚ ਉਸਨੂੰ ਲੁਕਾ ਲਿਆ। ਇਸ ਤੋਂ ਪਿੱਛੋਂ ਉਹ ਸਾਰੇ ਪਰਚੇ ਮੈਨੂੰ ਦੇ ਕੇ
ਲਾਇਬਰੇਰੀ ਵਿੱਚੋਂ ਬਾਹਰ ਚਲੇ ਗਏ। ਮੈਂ ਸਾਰੇ ਦ੍ਰਿਸ਼ ਨੂੰ ਗੌਰ ਨਾਲ ਵੇਖ ਰਿਹਾ ਸਾਂ ਅਤੇ
ਮਨ ਹੀ ਮਨ ਵਿੱਚ ਖ਼ੁਸ਼ ਹੋ ਰਿਹਾ ਸਾਂ। ਪਰ ਭਗਤ ਸਿੰਘ ਨੂੰ ਇਸ ਗੱਲ ਦਾ ਭੋਰਾ ਵੀ ਪਤਾ
ਨਹੀਂ ਸੀ ਕਿ ਉਸ ਦੀ ਇਸ ਹਰਕਤ ਨੂੰ ਚੁੱਪਚਾਪ ਕਿਸੇ ਨੇ ਵੇਖ ਲਿਆ ਹੈ ਅਤੇ ਇਹ ਜਾਣ ਲਿਆ ਹੈ
ਕਿ ਉਹ ਤਸਵੀਰ ਨੂੰ ਪਾੜ ਕੇ ਆਪਣੇ ਨਾਲ ਲੈ ਗਏ ਹਨ ।
ਚੋਰ ਆਖਿਰ ਫੜਿਆ ਹੀ ਗਿਆ
ਅਗਲੇ ਦਿਨ ਭਗਤ ਸਿੰਘ ਲਾਇਬਰੇਰੀ ਜਾਣ ਤੋਂ ਪਹਿਲਾਂ ਮੇਰੇ ਕਮਰੇ ਵਿੱਚ ਆਏ। ਸਾਡੇ ਦੋਹਾਂ
ਦਰਮਿਆਨ ਪਹਿਲਾਂ ਪੜ੍ਹਨ ਲਿਖਣ ਦੇ ਸੰਬੰਧ ਵਿੱਚ ਗੱਲ ਹੁੰਦੀ ਰਹੀ। ਮੈਂ ਕਿਹਾ, “ ਭਗਤ ਸਿੰਘ
ਇਸ ਕਾਲਜ ਦੇ ਨੌਜਵਾਨ ਬੜੇ ਸ਼ਰਾਰਤੀ ਨੇ, ਵੇਖ ਕਿੰਨਾਂ ਸੋਹਣਾ ਵਿਸ਼ੇਸ਼ ਅੰਕ ਸੀ ਪਰਚੇ ਦਾ।
ਇਸ ’ਚ ਇੱਕ ਬੜੀ ਸੋਹਣੀ ਤਸਵੀਰ ਸੀ। ਮੈਂ ਸੋਚਿਆ ਸੀ ਕਿ ਉਹ ਤੈਨੂੰ ਲਾਜ਼ਮੀ ਵਿਖਾਂਵਾਂਗਾ
ਅਤੇ ਤੁਸੀਂ ਉਸਨੂੰ ਬਹੁਤ ਹੀ ਪਸੰਦ ਕਰੋਗੇ। ਪਰ ਮੁੰਡਿਆਂ ਦੀ ਸ਼ਰਾਰਤ ਵੇਖੋ ਕਿਸੇ ਨੇ ਇਸ
ਪਰਚ ੇ’ਚੋਂ ਉਹ ਤਸਵੀਰ ਹੀ ਪਾੜ ਲਈ ਹੈ। ਗੁੱਸਾ ਤਾਂ ਮੈਨੂੰ ਬੜਾ ਹੀ ਆ ਰਿਹਾ ਹੈ। ਪਰ ਕੀ
ਕਰਾਂ, ਕੁਝ ਸਮਝ ਨਹੀਂ ਆ ਰਿਹਾ।” ਭਗਤ ਸਿੰਘ ਬਹੁਤ ਹੀ ਸਹਿਜ-ਭਾ ਨਾਲ ਕਹਿਣ ਲੱਗੇ, “ਇਹ
ਤਾਂ ਬੜੀ ਮਾੜੀ ਗੱਲ ਹੈ, ਇਸ ਤਸਵੀਰ ਨੂੰ ਨਹੀਂ ਸੀ ਪਾੜਨਾ ਚਾਹੀਦਾ। ਇਹ ਕਿਸੇ ਸ਼ਰਾਰਤੀ
ਮੁੰਡੇ ਦਾ ਕੰਮ ਹੈ। ਪਰ ਜਦੋਂ ਕਿਸੇ ਨੇ ਵੇਖਿਆ ਹੀ ਨਹੀਂ ਤਾਂ ਕਿਸੇ ਨੂੰ ਡਾਂਟਿਆ
ਫਿਟਕਾਰਿਆ ਕਿਵੇਂ ਜਾਵੇ?” ਇਸ ’ਤੇ ਮੈਂ ਕਿਹਾ, “ ਹੁਣ ਗੱਲ ਵਧਾਉਣ ਦਾ ਕੀ ਲਾਭ ਹੈ। ਉਂਝ
ਮੈਂ ਚੋਰ ਨੂੰ ਵੇਖ ਤਾਂ ਲਿਆ ਹੈ। ਸਿ਼ਕਾਇਤ ਕਰਨ ’ਤੇ ਉਹ ਮੇਰੇ ਨਾਲ ਲੜਨ ਲੱਗੇਗਾ। ਇਸ ਲਈ
ਮੈਂ ਚੁੱਪ ਹੀ ਹਾਂ। ਜੇ ਤੁਸੀਂ ਮੇਰਾ ਸਾਥ ਦਿਓ ਤਾਂ ਮੈਂ ਉਸ ਨੂੰ ਲਾਜ਼ਮੀ ਸਜ਼ਾ ਦਿਆਂਗਾ।”
ਇਹ ਸਭ ਮੈਂ ਕਹਿੰਦਾ ਵੀ ਜਾ ਰਿਹਾ ਸਾਂ ਅਤੇ ਉਹਨਾਂ ਦੇ ਚਿਹਰੇ ਨੂੰ ਨਿਹਾਰਦਾ ਵੀ ਜਾ ਰਿਹਾ
ਸਾਂ। ਭਗਤ ਸਿੰਘ ਨੇ ਇਹ ਸੋਚ ਕੇ ਕਿ ਕਿਸੇ ਮੁੰਡੇ ਦਾ ਇਹ ਨਾਂ ਲੈਣਗੇ ਅਤੇ ਉਹ ਬਚ ਜਾਵੇਗਾ,
ਮੈਨੂੰ ਕਿਹਾ, “ਤੁਸੀਂ ਉਸ ਮੁੰਡੇ ਨੂੰ ਲਾਜ਼ਮੀ ਫੜੋ ਅਤੇ ਜੋ ਚਾਹੋ ਸਜ਼ਾ ਦਿਓ। ਜੇ ਉਸ ਨੇ
ਕੁਝ ਵੀ ਤੁਹਾਨੂੰ ਕਿਹਾ ਜਾਂ ਤੁਹਾਡੇ ਨਾਲ ਲੜਿਆ ਤਾਂ ਮੈਂ ਉਸ ਨੂੰ ਜ਼ਰੂਰ ਮਾਰਾਂਗਾ ਅਤੇ
ਤੁਹਾਡਾ ਸਾਥ ਦਿਆਂਗਾ।” ਮੈਂ ਕਈ ਵਾਰ ਉਹਨਾਂ ਤੋਂ ਕਹਾ ਲਿਆ ਅਤੇ ਉਹਨਾਂ ਨੇ ਮੇਰਾ ਹੀ ਸਾਥ
ਦੇਣ ਦਾ ਹਰ ਵਾਰ ਵਚਨ ਦਿੱਤਾ ਅਤੇ ਮੈਂ ਬੜੇ ਹੀ ਪਿਆਰ ਨਾਲ ਅਤੇ ਸਹਿਜੇ ਜਿਹੇ ਭਗਤ ਸਿੰਘ ਦੀ
ਸੱਜੀ ਗੱਲ੍ਹ ਉੱਤੇ ਇੱਕ ਚੁਪੇੜ ਜੜ ਦਿੱਤੀ। ਉਹ ਛਟਪਟਾ ਕੇ ਕਹਿਣ ਲੱਗੇ, “ਇਹ ਕੀ? ਇਹ ਕੀ?”
ਮੈਂ ਕਿਹਾ, “ਮੈਂ ਆਪਣੇ ਮਿੱਤਰ ਭਗਤ ਸਿੰਘ ਨੂੰ ਨਹੀਂ ਉਸ ਸ਼ਰਾਰਤੀ ਮੁੰਡੇ ਨੂੰ ਚੁਪੇੜ
ਮਾਰੀ ਹੈ, ਜਿਹਨੇ ਉਹ ਤਸਵੀਰ ਪਾੜੀ ਸੀ।” ਉਹ ਚੁੱਪ ਹੋ ਗਏ ਅਤੇ ਪਿੱਛੋਂ ਕਹਿਣ ਲੱਗੇ, “
ਭਰਾਵਾ ਮੈਂ ਕੀ ਕਰਾਂ, ਤੁਹਾਨੂੰ ਵਿਖਾਉਣ ਲਈ ਹੀ ਤਾਂ ਮੈਂ ਉਸ ਨੂੰ ਪਾੜ ਲਿਆ ਸੀ। ਤੁਸੀਂ
ਤਸਵੀਰ ਨੂੰ ਵੇਖੋਗੇ ਤਾਂ ਖੁਸ਼ ਹੋ ਜਾਓਗੇ।” ਫਿਰ ਅਸੀਂ ਇੱਕ ਦੂਸਰੇ ਦੇ ਗਲੇ ਮਿਲੇ। ਮੈਂ
ਕਿਹਾ, “ਭਰਾ ਮੇਰੀ ਖ਼ਾਤਿਰ ਤੂੰ ਅਪਰਾਧ ਕੀਤਾ ਅਤੇ ਹੱਸਦਿਆਂ ਹੱਸਦਿਆਂ ਸਜ਼ਾ ਵੀ ਕੱਟ ਲਈ।
ਖ਼ੈਰ ਜੋ ਹੋਇਆ, ਸੋ ਹੋਇਆ। ਭਵਿੱਖ ਵਿੱਚ ਏਦਾਂ ਕਦੇ ਨਾ ਕਰਨਾ।” ਮੈਂ ਸੁਆਦ ਲੈਂਦਿਆਂ
ਕਿਹਾ, “ਤੁਹਾਨੂੰ ਤਾਂ ਪ੍ਰੇਮ ਪਿਆਰ ਕਦੇ ਸਤਾਉਂਦਾ ਹੀ ਨਹੀਂ, ਫਿ਼ਰ ਇਹ ਤਸਵੀਰ ਕਿਉਂ ਏਨੀਂ
ਜਿ਼ਆਦਾ ਪਸੰਦ ਆ ਗਈ ਕਿ ਤੁਸੀਂ ਉਸ ਨੂੰ ਪਾੜ ਹੀ ਲਿਆ।” ਉਹਨਾਂ ਨੇ ਕਿਹਾ, “ਭਰਾ ਕਿਸੇ ਦੇ
ਪ੍ਰੇਮ ਜਾਲ ਵਿੱਚ ਫਸਣਾ ਇੱਕ ਅਲੱਗ ਗੱਲ ਹੈ ਅਤੇ ਕਿਸੇ ਕਲਾਕਾਰ ਦੀ ਕਲਾ ਨੂੰ ਪਸੰਦ ਕਰਨਾ
ਦੂਸਰੀ ਗੱਲ।” ਇਸ ਘਟਨਾ ਦਾ ਜਿ਼ਕਰ ਅਸੀਂ ਫਿਰ ਕਿਸੇ ਨਾਲ ਨਹੀਂ ਕੀਤਾ। ਹਾਂ ਕਦੇ ਕਦੇ ਭਗਤ
ਸਿੰਘ ਨਾਲ ਛੇੜਖਾਨੀ ਕਰਨ ਲਈ ਮੈਂ ਇਕਾਂਤ ’ਚ ਹਾਸੇ ਮਜ਼ਾਕ ਦੇ ਸਮੇਂ ਇਸ ਦਾ ਜਿ਼ਕਰ ਜ਼ਰੂਰ
ਛੇੜ ਲੈਂਦਾ ਸਾਂ ।
-0-
|