Welcome to Seerat.ca

ਰੇਸ਼ਮਾ

 

- ਬਲਵੰਤ ਗਾਰਗੀ

ਅਦੀਬਾਂ ਦੀ ਜੋੜੀ

 

- ਸੁਰਜੀਤ ਪਾਤਰ

ਗੋਰਕੀ ਦੀ ਕਾਲ਼-ਕੋਠੜੀ

 

- ਅਮਰਜੀਤ ਚੰਦਨ

ਵਗਦੀ ਏ ਰਾਵੀ / ਅਨਾਰਕਲੀ ਬਾਜ਼ਾਰ ਵਿਚ

 

- ਵਰਿਆਮ ਸਿੰਘ ਸੰਧੂ

ਯਾਦਾਂ ਦੇ ਬਾਲ ਝਰੋਖੇ 'ਚੋਂ'-2
ਸ਼ੱਕ ਦਾ ਸੇਕ

 

- ਸੁਪਨ ਸੰਧੂ

ਕਹਾਣੀ / ਆਸ

 

- ਕਰਨੈਲ ਸਿੰਘ

ਲੇਖ / ਮੇਰਾ ਦੇਸ਼ ਮੇਰਾ ਮੁਲਕ ਮੇਰਾ ਇਹ ਵਤਨ, ਸ਼ਾਤੀ ਦਾ ਉਨੱਤੀ ਦਾ ਪਿਆਰ ਦਾ ਚਮਨ..!!

 

- ਰਵੀ ਸਚਦੇਵਾ

ਭਗਤ ਸਿੰਘ ਅਤੇ ਉਸ ਦਾ ਮਜ਼ਾਕੀਆ ਸੁਭਾਅ

 

- ਰਾਜਾ ਰਾਮ ਸ਼ਾਸ਼ਤਰੀ

ਜੰਡ, ਜਿਸ ਉੱਤੇ ਤਰਕਸ਼ ਟੰਗ ਕੇ ਸਾਹਿਬਾਂ ਨੇ ਮਾੜੀ ਕੀਤੀ!

 

- ਹਰਨੇਕ ਸਿੰਘ ਘੜੂੰਆਂ

ਆਪਣੀ ਮਾਂ

 

- ਵਰਿਆਮ ਸਿੰਘ ਸੰਧੂ

ਇੱਕ ਫੌਲਾਦੀ ਬੰਦੇ ਦੀ ਕਹਾਣੀ

 

- ਡਾ: ਬਲਜਿੰਦਰ ਨਸਰਾਲੀ

ਹੁੰਗਾਰੇ

 


ਜੰਡ, ਜਿਸ ਉੱਤੇ ਤਰਕਸ਼ ਟੰਗ ਕੇ ਸਾਹਿਬਾਂ ਨੇ ਮਾੜੀ ਕੀਤੀ!
- ਹਰਨੇਕ ਸਿੰਘ ਘੜੂੰਆਂ
 

 

(ਹਰਨੇਕ ਸਿੰਘ ਘੜੂਆਂ ਭਾਵੇਂ ਪੰਜਾਬ ਦਾ ਸਾਬਕਾ ਮਾਲ ਮੰਤ੍ਰੀ ਰਹਿ ਚੁੱਕਾ ਹੈ ਪਰ ਸਾਡੇ ਮਨ ਵਿਚ ਉਸਦੀ ਕਦਰ ਇੱਕ ਬਹੁਤ ਹੀ ਸੰਵੇਦਨਸ਼ੀਲ ਅਤੇ ਨਿੱਘੇ ਮਨੁੱਖ ਦੇ ਨਾਲ ਨਾਲ ਇੱਕ ਚੰਗੇ ਸੁਹਜਭਾਵੀ ਲੇਖਕ ਵਜੋਂ ਵੀ ਹੈ। ਉਸਨੇ ਪਾਕਿਸਤਾਨੀ ਪੰਜਾਬ ਦੇ ਲੋਕਾਂ , ਕਲਾਕਾਰਾਂ ਨਾਲ ਅਜਿਹੀ ਪੀਚਵੀਂ ਸਾਂਝ ਪਾਈ ਹੈ ਕਿ ਉਹ ਓਥੇ ਉਸਨੂੰ ਚੜ੍ਹਦੇ ਪੰਜਾਬ ਦਾ ਸਭਿਆਚਾਰਕ ਦੂਤ ਸਮਝਿਆ ਜਾਂਦਾ ਹੈ। ਉਹ ਜਦੋਂ ਵੀ ਕਦੀ ਪਾਕਿਸਤਾਨੀ ਪੰਜਾਬ ਦਾ ਗੇੜਾ ਮਾਰ ਕੇ ਆਉਂਦਾ ਹੈ ਉਦੋਂ ਹੀ ਆਪਣੇ ਨਾਲ ਇਧਰਲੇ ਪੰਜਾਬੀ ਪਾਠਕਾਂ ਲਈ ਬੜੀ ਹੀ ਮੁੱਲਵਾਨ ਸਾਮੱਗਰੀ ਵੀ ਲੈ ਕੇ ਆਉਂਦਾ ਹੈ। ਉਸਨੇ ਪੱਛਮੀ ਪੰਜਾਬ ਵਿਚ ਲੁਕੀਆਂ ਅਜਿਹੀਆਂ ਥਾਵਾਂ ਤੇ ਬੰਦੇ ਲੱਭ ਕੇ ਇਧਰਲੇ ਪੰਜਾਬ ਵਿਚ ਉਹਨਾਂ ਦੀ ਪਹਿਲੀ ਦੱਸ ਪਾਈ ਹੈ। ‘ਸੀਰਤ’ ਦੇ ਪਹਿਲੇ ਅੰਕ ਵਿਚ ‘ਜੱਗੇ ਡਾਕੂ’ ਬਾਰੇ ਦਿੱਤੀ ਉਸਦੀ ਜਾਣਕਾਰੀ ਪੰਜਾਬੀ ਪਾਠਕਾਂ ਨਾਲ ਸਾਂਝੀ ਕੀਤੀ ਸਭ ਤੋਂ ਪਹਿਲੀ ਅਤੇ ਨਿਵੇਕਲੀ ਜਾਣਕਾਰੀ ਸੀ। ਇਸ ਵਾਰ ਅਸੀਂ ‘ਸੀਰਤ’ ਦੇ ਪਾਠਕਾਂ ਲਈ ਉਸਦਾ ਮਿਰਜ਼ੇ ਦੀ ਕਬਰ ਬਾਰੇ ਲਿਖਿਆ ਲੇਖ ਛਾਪ ਰਹੇ ਹਾਂ। ਉਮੀਦ ਹੈ ਪਾਠਕਾਂ ਨੂੰ ਪਸੰਦ ਆਵੇਗਾ।-ਸੰਪਾਦਕ)
ਪਾਕਿਸਤਾਨ ਮੈਂ ਇੱਕ ਪੱਕੀ ਨੀਤੀ ਧਾਰ ਕੇ ਗਿਆ ਸੀ ਕਿ ਮਿਰਜ਼ੇ ਦੇ ਪਿੰਡ ਜ਼ਰੂਰ ਜਾ ਕੇ ਆਉਣਾ ਏ। ਕਈ ਦਿਨ ਤਾਂ ਇਹੀ ਪਤਾ ਨਹੀਂ ਲੱਗਿਆ ਕਿ ਮਿਰਜ਼ੇ ਦਾ ਪਿੰਡ ਕਿਹੜੇ ਪਾਸੇ ਹੈ। ਪਰ ਜਦੋਂ ਪਤਾ ਲੱਗਿਆ, ਹਰ ਕਿਸੇ ਨੇ ਇਹ ਕਹਿ ਕੇ ਰੋਕ ਦਿੱਤਾ, “ਛੱਡੋ ਜੀ, ਉਸ ਇਲਾਕੇ ਵਿੱਚ ਯੂਸਫ਼ ਸ਼ਾਹੀ ਡਾਕੂ ਰਹਿੰਦਾ ਹੈ, ਜਿਸ ਦਾ ਟੋਲਾ ਘੱਟੋ ਘੱਟ ਤੀਹ ਬੰਦਿਆਂ ਦਾ ਹੈ ਅਤੇ ਤੀਹਾਂ ਕੋਲ ਘੋੜੀਆਂ ਤੇ ਮਣਾਂ ਮੂੰਹੀਂ ਅਸਲਾ ਹੈ। ਪੁਲੀਸ ਵੀ ਉਹਨਾਂ ਕੋਲੋਂ ਕੰਨੀਂ ਕਤਰਾਉਂਦੀ ਹੈ।” ਇਹ ਸਾਰਾ ਕੁਝ ਜਾਨਣ ਦੇ ਬਾਵਜੂਦ ਪਤਾ ਨਹੀਂ ਕਿਉਂ ਮੈਂ ਆਪਣੇ ਅੰਦਰਲੇ ਨੂੰ ਨਹੀਂ ਮਨਾ ਸਕਿਆ।
ਅਚਾਨਕ ਇੱਕ ਦਿਨ ਪ੍ਰਿੰਸੀਪਲ ਗੁਲਾਮ ਰਸੂਲ ਆਜ਼ਾਦ ਭੱਜਿਆ ਭੱਜਿਆ ਆਇਆ, “ਸਰਦਾਰ ਸਾਹਬ, ਆਪਣਾ ਮਿਰਜ਼ੇ ਦੇ ਪਿੰਡ ਜਾਣ ਦਾ ਪ੍ਰਬੰਧ ਹੋ ਗਿਆ। ਮੇਰਾ ਪੁਰਾਣਾ ਵਿਦਿਆਰਥੀ ਰਾਏ ਮੁਰਾਤਬ ਅਲੀ ਸਾਨੂੰ ਓਥੇ ਲੈ ਜਾਏਗਾ। ਯੂਸਫ਼ ਸ਼ਾਹੀ ਉਸ ਦੇ ਅੱਗੇ ਨਹੀਂ ਆਉਂਦਾ।”
ਅਗਲੇ ਦਿਨ ਸਵੇਰੇ ਹੀ ਰਾਏ ਮੁਰਾਤਬ ਅਲੀ ਦੇ ਪਿੰਡ ਅੰਭਿਆਂ ਵਾਲੀ ਪਹੁੰਚ ਗਏ ਜੋ ਨਨਕਾਣਾ ਸਾਹਬ ਤੋਂ ਮਾਂਗਟਾਂਵਾਲੀ ਸੜਕ ਦੇ ਨਾਲ ਚਾਰ ਕੁ ਕਿੱਲੋਮੀਟਰ ਉੱਤੇ ਹੈ। ਜਿਉਂ ਹੀ ਅਸੀਂ ਰਾਏ ਮੁਰਾਤਬ ਅਲੀ ਦੇ ਘਰ ਪਹੁੰਚੇ, ਬਾਹਰ ਖੜ੍ਹੇ ਪਹਰਿੇਦਾਰ ਨੇ ਸਾਨੂੰ ਡੱਕ ਦਿੱਤਾ ਅਤੇ ਸਾਡਾ ਸੁਨੇਹਾ ਲੈ ਕੇ ਅੰਦਰ ਚਲਾ ਗਿਆ। ਅੰਦਰੋਂ ਪ੍ਰਵਾਨਗੀ ਮਿਲਦੇ ਸਾਰ ਹੀ ਸਾਨੂੰ ਭੁੱਲ-ਭੁਲੱਈਆਂ ਦੇ ਵਿੱਚੋਂ ਲੰਘਾਉਂਦਾ ਹੋਇਆ ਉਹ ਉਸ ਕਮਰੇ ਵਿੱਚ ਲੈ ਗਿਆ ਜਿੱਥੇ ਮੁਰਾਤਬ ਅਲੀ ਸਾਡਾ ਇੰਤਜ਼ਾਰ ਕਰ ਰਿਹਾ ਸੀ।
ਮੁਰਾਤਬ ਅਲੀ ਦੀ ਆਪਣੀ ਦੁਨੀਆਂ ਹੈ। ਜਿੰਨੀਂ ਦੇਰ ਨਵਾਜ ਸ਼ਰੀਫ਼ ਦੀ ਪਾਰਟੀ ਦੀ ਸਰਕਾਰ ਰਹਿੰਦੀ ਰਹੀ , ਉਸ ਦੀਆਂ ਚੰਮ ਦੀਆਂ ਚੱਲਦੀਆਂ ਰਹੀਆਂ ਅਤੇ ਜਦੋਂ ਸਰਕਾਰ ਕਿਸੇ ਹੋਰ ਦੀ ਪਾਰਟੀ ਆ ਜਾਂਦੀ ਤਾਂ ਉਹ ਘਰ-ਬਾਰ ਛੱਡ ਕੇ ਅੰਡਰਗਰਾਊਂਡ ਹੋ ਜਾਂਦਾ ਹੈ। ਕਿਸੇ ਵੇਲੇ ਇਹ ਘਰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਸਰਗਰਮੀ ਦਾ ਅੱਡਾ ਵੀ ਰਿਹਾ ਹੈ। ਇਸ ਘਰ ਵਿੱਚ ਕਿਸੇ ਵੇਲੇ ਪੰਡਤ ਜਵਾਹਰ ਲਾਲ ਨਹਿਰੂ ਅਤੇ ਛੋਟੀ ਉਮਰੇ ਇੰਦਰਾ ਗਾਂਧੀ ਗਏ ਸਨ। ਮੁਰਾਤਬ ਅਲੀ ਦੇ ਤਾਇਆ ਜੀ, ਹਾਜ਼ੀ ਮੁਹੰਮਦ ਸਾਦਿਕ ਲੰਮਾਂ ਸਮਾਂ ਜਿ਼ਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ। ਉਹ ਆਜ਼ਾਦੀ ਤੋਂ ਥੋੜ੍ਹਾ ਸਮਾਂ ਪਹਿਲਾਂ ਮੁਸਲਮ ਲੀਗ ਵਿੱਚ ਸ਼ਾਮਲ ਹੋ ਗਏ ਸਨ।
ਲਾਹੌਰ ਤੋਂ ਲੈ ਕੇ ਕਮਾਲੀਏ ਤੀਕ ਖਰਲਾਂ ਦੇ ਪਿੰਡ ਵੱਡੀ ਗਿਣਤੀ ਵਿੱਚ ਹਨ। ਇਹ ਇਲਾਕਾ ਗੰਜੀਬਾਰ ਕਹਾਉਂਦਾ ਹੈ। ਖਰਲ ਗੋਤ ਮੁਸਲਮਾਨ ਰਾਜਪੂਤਾਂ ਅਤੇ ਜੱਟਾਂ ਦਾ ਗੋਤ ਹੈ। ਰਾਏਮੁਰਾਤਬ ਅਲੀ ਦਾ ਗੋਤ ਵੀ ਖਰਲ ਹੈ। ਖਰਲਾਂ ਨੂੰ ਸ਼ਾਹਜਹਾਨੀਆਂ ਫਕੀਰ ਨੇ ਪ੍ਰੇਰਨਾ ਰਾਹੀਂ ਮੁਸਲਮਾਨ ਬਣਾਇਆ ਸੀ। ਅੱਜ ਵੀ ਜਦੋਂ ਖਰਲਾਂ ਦੇ ਬੱਚਾ ਜੰਮਦਾ ਹੈ ਤਾਂ ਸ਼ਾਹਜਹਾਨੀਆਂ ਦੇ ਚੇਲੇ ਇਨ੍ਹਾਂ ਤੋਂ ਨਜ਼ਰਾਨਾ ਲੈਂਦੇ ਹਨ। ਖਰਲਾਂ ਦੇ ਅੱਗੇ ਇੱਕੀ ਉਪ ਗੋਤ ਹਨ, ਸ਼ਾਹੀ ਕੇ, ਨੂੰਹੇ ਕੇ, ਵੇਜ਼ੇ ਕੇ ਆਦਿ। ਮਿਰਜ਼ੇ ਜੱਟ ਦਾ ਸੰਬੰਧ ਖਰਲਾਂ ਵਿੱਚੋਂ ਸ਼ਾਹੀ ਗੋਤ ਨਾਲ ਹੈ। ਖਰਲਾਂ ਦੀ ਬੋਲੀ ਜਾਂਗਲੀ ਹੈ।
ਜਿਉਂ ਹੀ ਅਸੀਂ ਅੱਭਿਆਂਵਾਲੀ ਤੋਂ ਤੁਰ ਕੇ ਜੜ੍ਹਾਂਵਾਲਾ ਦੇ ਨੇੜੇ ਇੱਕ ਕਸਬੇ ‘ਚ ਰੁਕੇ, ਲੋਕੀਂ ਮੇਰੀ ਪਗੜੀ ਵੇਖ ਕੇ ਦੁਆਲੇ ਹੋ ਗਏ। ਲੋਕਾਂ ਨੇ ਚਾਹ-ਪਾਣੀ ਪੀਣ ਲਈ ਜਿ਼ੱਦ ਕੀਤੀ। ਨਾਂਹ-ਨੁੱਕਰ ਕਰਨ ਦੇ ਬਾਵਜੂਦ ਉਹਨਾਂ ਨੇ ਦੁੱਧ-ਸੋਢੇ ਦੇ ਗਲਾਸ ਸਾਡੇ ਹੱਥਾਂ ਵਿੱਚ ਫੜਾ ਦਿੱਤੇ। ਜਦੋਂ ਉਹਨਾਂ ਨੂੰ ਸਾਡਾ ਮਿਰਜ਼ੇ ਦੇ ਪਿੰਡ ਜਾਣ ਦਾ ਪਤਾ ਲੱਗਾ ਤਾਂ ਉਹਨਾਂ ਨੇ ਇੱਕਦਮ ਸਾਨੂੰ ਓਥੇ ਜਾਣ ਤੋਂ ਵਰਜਿਆ ਕਿ ਉਹ ਤਾਂ ਯੂਸਫ਼ ਸ਼ਾਹੀ ਡਾਕੂ ਦਾ ਇਲਾਕਾ ਹੈ। ਮੇਰੇ ਕੋਲ ਖੜ੍ਹਾ ਮਰਾਤਬ ਅਲੀ ਬੋਲ ਉੱਠਿਆ, “ਕੋਈ ਗੱਲ ਨਹੀਂ ਅੱਲਾ ਭਲੀ ਕਰਸੀ।”
ਜਿਉਂ ਹੀ ਲੋਕਾਂ ਨੂੰ ਪਤਾ ਲੱਗਾ ਕਿ ਇਹ ਮੁਰਾਤਬ ਅਲੀ ਹੈ ਤਦ ਝੱਟ ਸਾਰਿਆਂ ਨੇ ਕਿਹਾ, “ਫਿਰ ਕੋਈ ਖ਼ਤਰਾ ਨਹੀਂ।”
ਤੁਰਨ ਲੱਗਿਆਂ ਗੁਲਾਮ ਰਸੂਲ ਆਜ਼ਾਦ ਨੇ ਇੱਕ ਵਿਅਕਤੀ ਨੂੰ ਪੁੱਛਿਆ, “ਤੇਰੀ ਕਿਹੜੀ ਜਾਤ ਹੈ?” ਉਸ ਨੇ ਝੱਟ ਕਿਹਾ, “ਬਲੋਚ।” ਗੁਲਾਮ ਰਸੂਲ ਆਜ਼ਾਦ ਨੇ ਟਕੋਰ ਮਾਰੀ, “ਤੁਸੀਂ ਵੀ ਸੱਸੀ ਨਾਲ ਘੱਟ ਨਹੀਂ ਕੀਤੀ।”
ਉਹ ਵਿਅਕਤੀ ਬਲੋਚਾਂ ਦੀ ਪਿੱਠ ਨਹੀਂ ਸੀ ਲੱਗਣ ਦੇਣੀ ਚਾਹੁੰਦਾ। ਉਸ ਨੇ ਆਲਾ-ਦੁਆਲਾ ਵੇਖ ਕੇ ਜਵਾਬ ਦਿੱਤਾ, “ਗੱਲ ਤੋਂ ਹੀ ਵੇਖੋ, ਅਖ਼ੀਰ ਸਾਡੇ ਬਜ਼ੁਰਗ ਦੀ ਕਬਰ ਵੀ ਤਾਂ ਸੱਸੀ ਦੇ ਨਾਲ ਬਣੀ ਹੈ।” ਉਸ ਦੀ ਗੱਲ ਸੁਣ ਕੇ ਸਾਰੇ ਹੱਸ ਪਏ।
ਅਸੀਂ ਮਿਰਜ਼ੇ ਦੀ ਕਬਰ ਦਾ ਰਸਤਾ ਪੁੱਛ ਕੇ ਨਹਿਰ ਦੀ ਪਟੜੀ ਪੈ ਗਏ। ਇਹ ਨਹਿਰ ਲਾਇਲਪੁਰ ਤੋਂ ਕੱਢ ਕੇ ਰਾਵੀ ਵਿੱਚ ਸੁੱਟੀ ਗਈ ਹੈ। ਇਹ ਇਲਾਕੇ ਦੀ ਸੇਮ ਦਾ ਪਾਣੀ ਖਿੱਚ ਕੇ ਰਾਵੀ ਵਿੱਚ ਸੁੱਟੀ ਗਈ ਹੈ। ਇਹ ਇਲਾਕੇ ਦੀ ਸੇਮ ਦਾ ਪਾਣੀ ਖਿੱਚ ਕੇ ਰਾਵੀ ਵਿੱਚ ਪਾਉਂਦੀ ਹੈ। ਕੁਝ ਕਿੱਲੋਮੀਟਰ ਜਾਣ ਉੱਤੇ ਪਤਾ ਲੱਗਿਆ ਕਿ ਨਹਿਰ ਦੇ ਦੂਜੇ ਪਾਸੇ ਚਾਰ ਕੁ ਫਰਲਾਂਗ ਉੱਤੇ ਮਿਰਜ਼ੇ ਦੀ ਕਬਰ ਹੈ। ਦੂਰ ਤੱਕ ਨਹਿਰ ਉੱਤੇ ਕੋਈ ਪੁਲ ਨਜ਼ਰ ਨਹੀਂ ਸੀ ਆ ਰਿਹਾ ਅਤੇ ਨਾ ਹੀ ਉਸ ਕਬਰ ਨੂੰ ਕੋਈ ਰਸਤਾ ਮਿਲਾਉਂਦਾ ਸੀ। ਅਖ਼ੀਰ ਅਸੀਂ ਨਹਿਰ ਦੇ ਆਸ-ਪਾਸ ਪਈਆਂ ਲੋਹੇ ਦੀਆਂ ਨਾਲਾਂ ਉੱਤੋਂ ਦੀ ਹੌਲੀ-ਹੌਲੀ ਪੈਰ-ਘਸਰਾਉਂਦੇ ਹੋਏ ਦੂਜੇ ਪਾਸੇ ਪਹੁੰਚ ਗਏ।
ਮਿਰਜ਼ੇ ਦੀ ਕਬਰ ਜਿ਼ਲ੍ਹਾ ਲਾਇਲਪੁਰ, ਤਹਿਸੀਲ ਜੜ੍ਹਾਂਵਾਲਾ, ਚੱਕ ਨੰਬਰ 585, ਪਿੰਡ ਸੋਣੇ ਦੀ ਵਾਂ ਵਿੱਚ ਹੈ। ਮਿਰਜ਼ੇ ਦੀ ਕਬਰ ਦੇ ਨਾਲ ਦੋ ਕਬਰਾਂ ਹੋਰ ਹਨ। ਇੱਕ ਸਾਹਿਬਾਂ ਦੀ ਅਤੇ ਦੂਜੀ ਬੱਕੀ ਦੀ। ਮਿਰਜ਼ੇ ਦਾ ਜੱਦੀ ਪਿੰਡ ਕਬਰਾਂ ਤੋਂ ਤਿੰਨ ਕੁ ਮੀਲ ਦੇ ਫ਼ਾਸਲੇ ਉੱਤੇ ਦਾਨਾਬਾਦ ਹੈ ਜਿਹੜਾ ਜਿ਼ਲ੍ਹਾ ਸ਼ੇਖੂਪੁਰਾ, ਤਹਿਸੀਲ ਨਨਕਾਣਾ ਸਾਹਿਬ ਵਿੱਚ ਪੈਂਦਾ ਹੈ। ਦਾਨਾਬਾਦ ਦਾ ਨਾਮ ਦਾਨੇ ਖੱਤਰੀ ਤੋਂ ਪਿਆ ਹੈ। ਅੱਜਕੱਲ੍ਹ ਮਿਰਜ਼ੇ ਦੇ ਖ਼ਾਨਦਾਨ ਦੇ ਲੋਕ ਪਿੰਡ ਸ਼ਾਹੀਕੇ ਵਿੱਚ ਰਹਿੰਦੇ ਹਨ ਜੋ ਦਾਨਾਬਾਦ ਤੋਂ 2-3 ਕਿੱਲੋਮੀਟਰ ਹਟਵਾਂ ਰਾਵੀ ਦੇ ਕੰਢੇ ਉੱਤੇ ਵਸਿਆ ਹੈ। ਮਿਰਜ਼ੇ ਦੀ ਕਬਰ ਤੋਂ ਕੋਈ ਦਸ ਕੁ ਗਜ਼ ਦੇ ਫ਼ਾਸਲੇ ਉੱਤੇ ਉਹ ਜੰਡ ਖੜ੍ਹਾ ਹੈ ਜਿਸ ਹੇਠਾਂ ਮਿਰਜ਼ਾ ਸੁੱਤਾ ਹੋਇਆ ਕਤਲ ਕੀਤਾ ਗਿਆ ਸੀ। 40-50 ਗਜ਼ ਦੇ ਫਾਸਲੇ ਉੱਤੇ ਉਹ ਛੱਪੜ ਹੈ ਜਿਸ ਵਿੱਚ ਮੀਰ-ਸ਼ਮੀਰ ਦੇ ਕੁੱਤਿਆਂ ਦੇ ਵੜਨ ਦਾ ਪੀਲੂ ਦੀ ਕਿਤਾਬ ਵਿੱਚ ਜਿ਼ਕਰ ਕੀਤਾ ਗਿਆ ਹੈ। ਇਹਨਾਂ ਕਬਰਾਂ ਉੱਤੇ ਦਸ ਚੇਤ ਨੂੰ ਮੇਲਾ ਲਗਦਾ ਹੈ। ਸ਼ਾਇਦ ਇਹੀ ਦਿਨ ਮਿਰਜ਼ੇ ਦੇ ਕਤਲ ਦਾ ਹੋਵੇਗਾ।
ਮੈਂ ਕਿੰਨੀਂ ਦੇਰ ਓਸ ਖੋਖਲੇ ਹੋਏ ਜੰਡ ਵੱਲ ਵੇਖਦਾ ਰਿਹਾ ਕਿ ਕਿਸ ਤਰ੍ਹਾਂ ਇੱਥੇ ਮਿਰਜ਼ੇ ਨੇ ਆਪਣੇ ਤੀਰ-ਕਮਾਨ ਟੰਗੇ ਹੋਣਗੇ, ਕਿਸ ਤਰ੍ਹਾਂ ਸਾਹਿਬਾਂ ਨੇ ਮਿਰਜ਼ੇ ਦੀ ਬਹਾਦਰੀ ਤੋਂ ਡਰਦਿਆਂ ਆਪਣੇ ਭਰਾਵਾਂ ਦੇ ਮੋਹ ਵਿੱਚ ਆ ਕੇ ਤੀਰ-ਕਮਾਨ ਤੋੜੇ ਹੋਣਗੇ, ਕਿਸ ਜੋਸ਼ ਨਾਲ ਮਿਰਜ਼ਾ ਦੁਸ਼ਮਣਾਂ ਦਾ ਮੁਕਾਬਲਾ ਕਰਨ ਵਾਸਤੇ ਗੱਜਿਆ ਹੋਵੇਗਾ ਅਤੇ ਆਪਣੇ ਟੁੱਟੇ ਹੋਏ ਤੀਰਾਂ ਨੂੰ ਵੇਖ ਕੇ ਲਾਚਾਰ ਸਾਹਿਬਾਂ ਨੂੰ ਕੋਸਦਾ ਮਾਂ-ਜੰਮੇ ਭਰਾਵਾਂ ਨੂੰ ਯਾਦ ਕਰਦਾ ਹੋਵੇਗਾ। ਉਹ ਕਿਸ ਤਰ੍ਹਾਂ ਦੀ ਘੜੀ ਹੋਵੇਗੀ ਜਦੋਂ ਸਾਹਿਬਾਂ ਮਿਰਜ਼ੇ ਦੀ ਜਾਨ ਬਚਾਉਣ ਲਈ ਮਿੰਨਤਾਂ-ਤਰਲੇ ਕਰਦੀ ਹੋਵੇਗੀ। ਜਿੰਨੀ ਦੇਰ ਮੈਂ ਉੱਥੇ ਰੁਕਿਆ ਰਿਹਾ, ਇਹ ਸਾਰਾ ਦ੍ਰਿਸ਼ ਮੇਰੇ ਦਿਮਾਗ ਵਿੱਚ ਘੁੰਮਦਾ ਰਿਹਾ। ਮੈਨੂੰ ਇਹ ਵੇਖ ਕੇ ਬੜਾ ਅਫਸੋਸ ਹੋਇਆ, ਖੋਖਲੇ ਹੋਏ ਜੰਡ ਦੀ ਕੋਈ ਸੰਭਾਲ ਨਹੀਂ ਸੀ ਅਤੇ ਉਹ ਹਵਾ ਦੇ ਤੇਜ਼ ਬੁੱਲੇ ਨਾਲ ਢਹਿ ਢੇਰੀ ਹੋ ਸਕਦਾ ਹੈ। ਜਿਸ ਮਿਰਜ਼ੇ ਦੀ ਗਾਥਾ ਗਾ ਕੇ ਗਵੱਈਆਂ ਨੇ ਲੱਖਾਂ ਰੁਪਏ ਕਮਾ ਲਏ, ਉਹ ਮਿਰਜ਼ਾ ਪਿੱਲੀਆਂ ਇੱਟਾਂ ਦੇ ਚਾਰ ਕੁ ਟੋਕਰਿਆਂ ਹੇਠ ਸਿਮਟਿਆ ਪਿਆ ਸੀ।
ਸਾਨੂੰ ਵੇਖ ਕੇ ਓਥੇ ਕੁਝ ਲੋਕ ਹੋਰ ਇਕੱਠੇ ਹੋ ਗਏ। ਮੈਂ ਉਹਨਾਂ ਨੂੰ ਪੁੱਛਿਆ, “ਤੁਹਾਡੇ ਵਿੱਚੋਂ ਖਰਲ ਕਿਹੜਾ ਕਿਹੜਾ ਹੈ?”
“ਅਸੀਂ ਸਾਰੇ ਹੀ ਖਰਲ ਹਾਂ।”
ਮੈਂ ਉਹਨਾਂ ਨੂੰ ਪੁੱਛਿਆ, “ਓਏ ਖਰਲੋ, ਇਸ ਜੰਡ, ਛੱਪੜ ਅਤੇ ਕਬਰਾਂ ਦਾ ਪੰਜਾਬ ਦੇ ਹਰ ਅਖਾੜੇ ਵਿੱਚ ਜਿ਼ਕਰ ਹੁੰਦਾ ਹੈ, ਤੁਸੀਂ ਇਸ ਦਾ ਮੂੰਹ ਮੱਥਾ ਨਹੀਂ ਬਣਾ ਸਕਦੇ?” ਉਹਨਾਂ ਨੇ ਝੱਟ ਦੋਸ਼ੀਆਂ ਵਾਂਗ ਜਵਾਬ ਦਿੱਤਾ, “ਗੱਲ ਤਾਂ ਸਰਦਾਰ ਸਾਹਬ ਤੁਹਾਡੀ ਬਿਲਕੁਲ ਠੀਕ ਹੈ। ਤੁਸੀਂ ਅਗਲੀ ਵੇਰ ਚੇਤਰ ਦੇ ਮੇਲੇ ਆਇਓ, ਕਬਰਾਂ ਅੱਛੀ ਹਾਲਤ ਵਿੱਚ ਹੋਣਗੀਆਂ।”
ਮੈਂ ਉਹਨਾਂ ਲੋਕਾਂ ਕੋਲ ਮਿਰਜ਼ੇ ਦੇ ਖ਼ਾਨਦਾਨ ਦੇ ਬੰਦਿਆਂ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਉਹਨਾਂ ਨੇ ਜਵਾਬ ਦਿੱਤਾ, “ਉਹਨਾਂ ਨੂੰ ਮਿਲਣਾ ਬੜਾ ਮੁਸ਼ਕਲ ਏ। ਉਹਨਾਂ ਦੀ ਆਪਸੀ ਦੁਸ਼ਮਣੀ ਵਿੱਚ ਦਰਜਨਾਂ ਕਤਲ ਹੋ ਗਏ ਨੇ। ਜਿ਼ਆਦਾਤਰ ਲੋਕੀਂ ਛੁਪ ਕੇ ਰਹਿੰਦੇ ਨੇ।”
ਇਹਨਾਂ ਲੋਕਾਂ ਨੂੰ ਮੈਂ ਯੂਸਫ ਸ਼ਾਹੀ ਡਾਕੂ ਬਾਰੇ ਪੁੱਛਿਆ, “ਤੁਹਾਨੂੰ ਉਸ ਤੋਂ ਡਰ ਨਹੀਂ ਆਉਂਦਾ?” ਉਹਨਾਂ ਨੇ ਕਿਹਾ, “ਡਰ ਕਿਸ ਗੱਲ ਦਾ, ਉਹ ਤਾਂ ਅਮੀਰਾਂ ਨੂੰ ਲੁੱਟਦਾ ਏ, ਸਾਡੀ ਕਈ ਵੇਰ ਮਾਲੀ ਮਦਦ ਵੀ ਕਰ ਦਿੰਦਾ ਏ।”
ਦਿਨ ਛਿਪਣ ਉੱਤੇ ਆਇਆ ਸੀ। ਅਸੀਂ ਲੋਕਾਂ ਨੂੰ ਸਲਾਮ ਕਹਿ ਕੇ ਗੱਡੀਆਂ ਵਾਲੇ ਪਾਸੇ ਤੁਰ ਪਏ। ਜਿਉਂ ਹੀ ਗੱਡੀਆਂ ਤੁਰੀਆਂ, ਮੈਨੂੰ ਕਿੱਕਰਾਂ ਦੇ ਝੁੰਡ ਪਿੱਛੋਂ ਧੂੜ ਉੱਡਦੀ ਨਜ਼ਰ ਆਈ। ਝੱਟ ਖਿ਼ਆਲ ਆਇਆ, ਇਹ ਜ਼ਰੂਰ ਯੂਸਫ਼ ਸ਼ਾਹੀ ਡਾਕੂ ਦੇ ਘੋੜਿਆਂ ਦੀ ਧੂੜ ਹੋਵੇਗੀ। ਡਰ ਵਾਲੀ ਗੱਲ ਇਹ ਸੀ ਕਿ ਗੱਡੀਆਂ ਵੀ ਉਸੇ ਪਾਸੇ ਵੱਲ ਜਾ ਰਹੀਆਂ ਸਨ। ਮੇਰੇ ਜਿ਼ਹਨ ਵਿੱਚ ਕਈ ਤਰ੍ਹਾਂ ਦੇ ਸਵਾਲ ਆ ਰਹੇ ਸਨ। ਜੇ ਯੂਸਫ਼ ਸ਼ਾਹੀ ਸਾਡੇ ਗਲ ਆ ਪਿਆ ਤਾਂ ਅਸੀਂ ਕੀ ਕਰਾਂਗੇ। ਪਰ ਫਿਰ ਸੋਚਿਆ ਕਿ ਰਾਏ ਮੁਰਾਤਬ ਅਲੀ ਸਾਡੇ ਨਾਲ ਹੈ। ਪਰ ਜੇ ਇਹਨਾਂ ਦਾ ਮੁਕਾਬਲਾ ਹੋ ਗਿਆ ਤਾਂ ਮੁਸ਼ਕਲ ਬਣ ਜਾਵੇਗੀ। ਫਿਰ ਸੋਚਿਆ, ਕਹਿ ਦਿਆਂਗੇ, ‘ਅਸੀਂ ਤਾਂ ਤੇਰੇ ਬਜ਼ੁਰਗ ਦੀ ਕਬਰ ਉੱਤੇ ਹੀ ਜਾ ਕੇ ਆਏ ਹਾਂ।’ ਇਸ ਤਰ੍ਹਾਂ ਦੀਆਂ ਸੋਚਾਂ ਵਿੱਚ ਮੈਂ ਘੜੀ-ਮੁੜੀ ਗਰਦਨ ਬਾਹਰ ਕੱਢ ਕੇ ਉਸ ਧੂੜ ਵੱਲ ਝਾਕ ਰਿਹਾ ਸੀ।
ਅਚਾਨਕ ਕਿੱਕਰਾਂ ਦੇ ਝੁੰਡ ਵਿੱਚੋਂ ਇੱਕ ਸੋਟੀ ਵਰਗਾ ਹਥਿਆਰ ਨਿਕਲਿਆ। ਮੈਂ ਅੰਦਾਜ਼ਾ ਲਾ ਰਿਹਾ ਸੀ ਕਿ ਇਹ ਕੀ ਹਥਿਆਰ ਹੋ ਸਕਦਾ ਹੈ। ਝੱਟ ਧੂੜ ਉਡਾਉਂਦੀਆਂ ਬੱਕਰੀਆਂ ਕਿੱਕਰਾਂ ਦੇ ਝੁੰਡ ਤੋਂ ਬਾਹਰ ਆ ਗਈਆਂ। ਮੇਰੇ ਸਾਹ ਵਿੱਚ ਸਾਹ ਆਇਆ।
ਬਾਅਦ ਵਿੱਚ ਯੂਸਫ਼ ਸ਼ਾਹੀ ਕਿਸੇ ਸ਼ਾਦੀ ਵਿੱਚ ਇਹਨਾਂ ਸੱਜਣਾਂ ਨੂੰ ਮਿਲਿਆ ਸੀ। ਉਹਨਾਂ ਨੂੰ ਦੱਸਿਆ, “ਮੈਨੂੰ ਬਾਬਾ ਜੀ ਦੀ ਕਬਰ ਉੱਤੇ ਤੁਹਾਡੇ ਆਉਣ ਦੀ ਖ਼ਬਰ ਮਿਲ ਗਈ ਸੀ। ਮੇਰਾ ਤੁਹਾਨੂੰ ਮਿਲਣ ਨੂੰ ਵੀ ਬੜਾ ਦਿਲ ਕੀਤਾ। ਸਿਰਫ ਇਸ ਕਰਕੇ ਉਸ ਪਾਸੇ ਨਹੀਂ ਆਇਆ ਕਿ ਕੋਈ ਗ਼ਲਤਫਹਿਮੀ ਨਾ ਪੈਦਾ ਨਾ ਹੋ ਜਾਵੇ।”

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346