ਪ੍ਰੇਮ ਕਵਿਤਾਵਾਂ, ਚੋਣਵੀਂ ਕਵਿਤਾ, ਸਫ਼ੇ 121, ਭੇਟਾ 100 ਦਮੜੇ, ਗੁਰਵਿੰਦਰ ਸਿੰਘ ਦੀ
ਸ਼ਿੰਗਾਰੀ ਹੋਈ,
ਨਵਯੁਗ ਪ੍ਰਕਾਸ਼ਨ, 2011
ਲਹੌਰੀਏ ਅਹਿਮਦ ਜ਼ੋਏ ਦੀ ਕਲਾ ਕਿਰਤ
ਪੰਜਾਬੀ ਦੀ ਧਾਰਮਿਕ ਤੇ ਵਿਧਾਰਮਿਕ (ਸੈਕੂਲਰ) ਕਵਿਤਾ ਵਿਚ ਦੋ ਵੱਡੇ ਥੀਮ ਹਨ: ਵਸਲ ਤੇ
ਸੰਭੋਗ। ਉਨ੍ਹੀਵੀਂ ਸਦੀ ਦੇ ਆਖ਼ਿਰ ਚ ਚੱਲੀਆਂ ਸਮਾਜ-ਸੁਧਾਰਕ ਲਹਿਰਾਂ ਦਾ ਅਜੋਕੇ ਪੰਜਾਬੀ
ਸਾਹਿਤ ਖ਼ਾਸ ਕਰਕੇ ਕਵਿਤਾ ਨਾਲ਼ ਨੇੜੇ ਦਾ ਰਿਸ਼ਤਾ ਹੈ। ਧਰਮ ਦੇ ਪੁਨਰਉੱਥਾਨ ਨੇ ਨਵਾਂ ਸਾਹਿਤਕ
ਸਦਾਚਾਰ ਲਾਗੂ ਕਰ ਦਿੱਤਾ ਤੇ ਇਨ੍ਹਾਂ ਦੋਹਵਾਂ ਥੀਮਾਂ ਨੂੰ ਕਾਮਵਾਸਨਾ ਵਿਸ਼ੇ-ਵਕਾਰ ਅਸ਼ਲੀਲ
ਆਖ ਕੇ ਵਰਜ ਦਿੱਤਾ। ਫੇਰ ਮਾਰਕਸੀ ਸਮਾਜ-ਸੁਧਾਰਕ ਲਹਿਰ ਦੇ ਅਸਰ ਹੇਠ ਲਿਖੇ ਗਏ ਸਾਹਿਤ ਦੇ
ਸਦਾਚਾਰਕ ਕੋਡ ਵੀ ਪਹਿਲਾਂ ਵਾਲ਼ੇ ਹੀ ਰਹੇ। ਹਸ਼ਰ ਇਹ ਹੋਇਆ ਕਿ ਵੇਲੇ ਨਾਲ਼ ਵਸਲ ਸੰਭੋਗ ਦੀ
ਗੱਲ ਸਾਹਿਤ ਸਿਰਜਣਾ ਚੋਂ ਅਲੋਪ ਹੀ ਹੋ ਗਈ। ਮਨੁੱਖੀ ਭਾਵੁਕ ਸੰਸਕ੍ਰਿਤੀ ਤੇ ਜੀਵਨ ਵਿਚ
ਇਨ੍ਹਾਂ ਦੀ ਪਹਿਲਾਂ ਵਾਲ਼ੀ ਥਾਂ ਵੀ ਨਾ ਰਹੀ। ਵਸਲ-ਵਸਾਲ ਸਜਿੰਦ ਸੰਸਕ੍ਰਿਤੀ ਦਾ ਚਸ਼ਮਾ ਹੈ।
ਇਹ ਪ੍ਰੇਮ ਕਵਿਤਾ ਨੂੰ ਡੂੰਘਾਈ ਤੇ ਪਸਾਰ ਬਖ਼ਸ਼ਦਾ ਹੈ। ਇਹ ਇਨਸਾਨ ਨੂੰ ਪ੍ਰਬੁੱਧ ਤੇ ਨਮਰ
ਬਣਾਉਂਦਾ ਹੈ ਤੇ ਉਹਨੂੰ ਅਪਣੀ ਸੀਮਾ ਤੋਂ ਆਗਾਹ ਕਰਦਾ ਹੈ। ਏਸ ਬੇਬਾਕੀ ਤੋਂ ਬਿਨਾਂ ਬਹੁਤੀ
ਅਜੋਕੀ ਪੰਜਾਬੀ ਕਵਿਤਾ ਵਿਚ ਕੀ ਨਜ਼ਰ ਆਉਂਦਾ ਹੈ: ਥੋਹੜ-ਚਿਰੀ ਤੜਪ ਤੇ ਚੰਦ-ਕੁ
ਮਿੱਠੀਆਂ-ਕੌੜੀਆਂ ਯਾਦਾਂ ਦੀ ਕਸੀਸ; ਜਾਂ ਬਿਰਹੋਂ ਦੇ ਕੀੜੇ, ਹੰਝੂਆਂ ਦੇ ਗਾਹ ਤੇ ਜ਼ਖ਼ਮਾਂ
ਦੀ ਫ਼ਸਲ।
ਅਮਰਜੀਤ ਚੰਦਨ ਨੇ ਇਹ ਕਵਿਤਾਵਾਂ ਰਚ ਕੇ ਪੰਜਾਬੀ ਬੋਲੀ ਦੇ ਸ਼ਬਦਾਂ ਦੀ ਤਸਵੀਰ, ਤਾਸੀਰ ਤੇ
ਤਕਦੀਰ ਮੁੱਢੋਂ-ਸੁੱਢੋਂ ਬਦਲ ਕੇ ਰਖ ਦਿੱਤੀ ਹੈ। ਇਹ ਇਹਦੀ ਸਦੀਵੀ ਪ੍ਰਾਪਤੀ ਹੈ, ਜੋ
ਇੱਕੀਵੀਂ ਸਦੀ ਵਿਚ ਸੋਚਵਾਨ ਲੇਖਕਾਂ ਦੀ ਪੰਜਾਬੀ ਭਾਸ਼ਾ ਤੇ ਕਵਿਤਾ ‘ਤੇ ਡੂੰਘਾ ਅਸਰ ਪਾਉਂਦੀ
ਰਹੇਗੀ
ਅਮਰਜੀਤ ਚੰਦਨ ਦੀਆਂ ਇਹ ਪ੍ਰੇਮ ਕਵਿਤਾਵਾਂ ਪ੍ਰੇਮ ਬਾਰੇ ਉਹ ਸਭ ਕੁਝ ਦਸਦੀਆਂ ਹਨ, ਜਿਹਦਾ
ਜਾਂ ਤਾਂ ਸਾਨੂੰ ਬਹੁਤਿਆਂ ਨੂੰ ਪਤਾ ਹੀ ਨਹੀਂ ਜਾਂ ਪਤਾ ਕਰਨੋਂ ਡਰ ਲਗਦਾ ਹੈ। ਵੈਰਾਗ ਨਾ
ਹੋਣ ਦੀ ਸੂਰਤ ਵਿਚ ਇਨ੍ਹਾਂ ਕਵਿਤਾਵਾਂ ਦਾ ‘ਸਹੀ’ ਪਾਠ ਇਹ ਝਉਲ਼ਾ ਵੀ ਪਾ ਸਕਦਾ ਹੈ ਕਿ ਇਹ
ਓਹੀ ਪ੍ਰੇਮ ਕਵਿਤਾਵਾਂ ਹਨ, ਜਿਨ੍ਹਾਂ ਵਿਚ ਨਦੀ ਕੰਢੇ ਪ੍ਰੇਮੀ ਘੁੱਟ-ਘੁੱਟ ਜੱਫੀ ਪਾਉਂਦੇ
ਹਨ। ਅਸਲ ਵਿਚ ਇਹ ਕਿਸੇ ਪ੍ਰੇਮ-ਗਿਆਨ ਜਾਂ ਗਿਆਨ-ਪ੍ਰੇਮ ਦੀਆਂ ਰਮਜ਼ਾਂ ਨੂੰ ਪੰਜਾਬੀ ਬੋਲੀ
ਵਿਚ ਫੜਨ ਦਾ ਜਤਨ ਹੈ, ਕਿਉਂਕਿ ਬੋਲੀ ਇਜੇਹੀਆਂ ਰਮਜ਼ਾਂ ਦਾ ਤਾਣਾਬਾਣਾ ਹੀ ਤਾਂ ਹੈ। ਇਸ ਲਈ
ਇਨ੍ਹਾਂ ਕਵਿਤਾਵਾਂ ਦੇ ਸਤਹੀ ਤੌਰ ‘ਤੇ ‘ਸਹੀ’ ਪਾਠ ਤੋਂ ਚੇਤੰਨ ਹੋ ਕੇ ਬਚਣ ਦੀ ਲੋੜ ਹੈ।
ਚੰਦਨ-ਕਾਵਿ ਪੰਜਾਬੀ ਬੋਲੀ ਵਿਚ ਅਚੰਭੇ ਵਾਂਙ ਵਰਤ ਰਿਹਾ ਹੈ। ਚੇਤਨਤਾ ਦੇ ਨਵੇਂ ਦਿਸਹੱਦਿਆਂ
ਦੇ ਦਰਸ਼ਨ ਕਰਵਾਉਂਦੀ ਹਰ ਕਵਿਤਾ ਪ੍ਰੇਮ-ਪੁਲਾੜ ਦੀ ਯਾਤਰਾ ਹੈ। ਹਰ ਕਵਿਤਾ ਕਿਸੇ ਨਵੇਂ
ਗ੍ਰਹਿ ਦੀ ਖੋਜ ਕਰਨ ਲਾਉਂਦੀ ਹੈ। ਬਹੁਤ ਸਾਰੀਆਂ ਕਵਿਤਾਵਾਂ ਸਾਡੇ ਸਮੁੱਚੇ ਵਜੂਦ ਨੂੰ
ਹੁਲਾਰਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਪੰਜਾਬੀ ਭਾਸ਼ਾ ਤੇ ਸੰਸਕ੍ਰਿਤੀ ਦੇ ਆਦਿ-ਬਿੰਬਾਂ
ਦੀ ਅਨੂਠੀ ਚਿਣਾਈ ਇਨਸਾਨੀ ਰਿਸ਼ਤਿਆਂ ਦੇ ਬਹੁਤ ਸਾਰੇ ਅਦਿੱਖ ਪੱਖਾਂ ਨੂੰ ਦ੍ਰਿਸ਼ਟੀਮਾਨ ਕਰਦੀ
ਹੈ। ਦੂਰੋਂ ਸਾਧਾਰਣ ਦਿਸਦੇ ਸ਼ਬਦ ਕੋਲ਼ ਪਹੁੰਚਿਆਂ ਅਸਾਧਾਰਣ ਬਣ ਜਾਂਦੇ ਹਨ; ਨਵੇਂ ਰੰਗ
ਦਿਖਾਉਣ ਲਗਦੇ ਹਨ, ਜਿਵੇਂ ਉਹ ਵੀ ਸਾਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋਣ।
ਨਿਤ ਵਰਤੋਂ ਦੀ ਪੰਜਾਬੀ ਦਾ ਸ਼ਾਇਦ ਹੀ ਕੋਈ ਸ਼ਬਦ ਹੋਵੇ, ਜੋ ਚੰਦਨ ਦੇ ਪ੍ਰੇਮ-ਕਾਵਿ
ਪ੍ਰਸੰਗਾਂ ਦਾ ਸਾਂਝੀਵਾਲ਼ ਨਾ ਹੋਵੇ। ਐਸੇ ਸਾਧਾਰਣ ਸ਼ਬਦ ਬਹੁਤ ਹਨ, ਜਿਨ੍ਹਾਂ ਦਾ ਕੋਸ਼ ਬਣ
ਸਕਦਾ ਹੈ। ਸ਼ਾਇਦ ਕਵੀ ਇਹ ਕਹਿਣਾ ਚਾਹੁੰਦਾ ਹੈ ਕਿ ਪੰਜਾਬੀ ਦਾ ਹਰ ਸ਼ਬਦ ਪ੍ਰੇਮ ਕਵਿਤਾ ਬਣ
ਸਕਦਾ ਹੈ। ਇਹ ਗੱਲ ਉਨ੍ਹਾਂ ਨੂੰ ਹੀ ਸਮਝ ਆ ਸਕਦੀ ਹੈ, ਜਿਨ੍ਹਾਂ ਪ੍ਰੇਮ ਲੀਲਾ ਰਚਾਈ ਹੋਵੇ।
ਉਂਜ ਇਹ ਕਿਤਾਬ ਹਰ ਉਸ ਇਨਸਾਨ ਤਕ ਪੁੱਜਣ ਦੇ ਸਮਰੱਥ ਹੈ, ਜਿਹਨੂੰ ਪ੍ਰੇਮ ਦੀ ਲੋਚਾ ਹੈ।
ਪੰਜਾਬੀ ਵਿਚ ਤੇਹ ਐਸਾ ਸ਼ਬਦ ਹੈ, ਜਿਹਦਾ ਹਰ ਪ੍ਰਾਣੀ ਨੂੰ ਅਹਿਸਾਸ ਹੁੰਦਾ ਹੈ। ਪਰ ਚੰਦਨ ਇਸ
ਸ਼ਬਦ ਦੇ ਅੰਦਰ ਤੇ ਬਾਹਰ ਐਸੇ ਰੰਗ ਜਗਾਉਂਦਾ ਹੈ ਕਿ ਇਹ ਤੇਹ ਸ਼ਬਦ ਕੁਝ ਹੋਰ ਹੀ ਹੋ ਜਾਂਦਾ
ਹੈ - ਸਾਹ ਲੈਣ ਲਗਦਾ ਹੈ; ਉੜਦਾ ਪੰਛੀ ਬਣ ਜਾਂਦਾ ਹੈ; ਅੱਖਾਂ ਮੁੰਦ ਕੇ ਹਉਮੈ ਹਰਦਾ ਹੈ ਤੇ
ਨਾ ਜਾਣੇ ਹੋਰ ਕੀ-ਕੀ ਕਰਤਬ ਕਰਦਾ ਹੈ। ਠੰਢੇ ਪਏ ਸ਼ਬਦਾਂ ਦੇ ਪਿੰਡਿਆਂ ਚ ਨਵੀਂ ਜਾਨ
ਧੜਕਾਉਣੀ ਚੰਦਨ-ਕਾਵਿ ਦਾ ਖ਼ਾਸ ਅੰਦਾਜ਼ ਹੈ।
ਤੇਹ ਉਹ ਬੋਲ ਜਿਸਦਾ ਕੋਈ ਨਾ ਸਾਨੀ
ਕੋਈ ਜੋ ਮੈਨੂੰ ਤੇਹ ਕਰਦਾ ਹੈ
ਜਿਸਨੂੰ ਮੇਰੀ ਤੇਹ ਹੈ ਲੱਗੀ
ਪਾਣੀ ਵੀ ਬਿਨ ਤੇਹ ਦੇ ਕਾਹਦਾ ਪਾਣੀ
ਤੇਹ ਤਾਂ ਦਿਲ ਨੂੰ ਪੈਂਦੀ ਖੋਹ ਹੈ
ਜਿਸਨੂੰ ਕੋਈ ਦਿਲ ਵਾਲ਼ਾ ਭਰਦਾ
ਤੇਹ ਉੜਦਾ ਟਿਕਿਆ ਪੰਛੀ
ਜਿਸਦੇ ਪੈਰ ਨਾ ਥੱਲੇ ਲੱਗਦੇ
ਤੇਹ ਤਾਂ ਉਸ ਪੰਛੀ ਦਾ ਸਾਹ ਹੈ
ਤੇਹ ਤਾਂ ਉਸਦੀ ਛਾਂ ਹੈ ਖੰਭ ਵਲ੍ਹੇਟ ਕੇ ਬੈਠੀ
ਤੇਹ ਤਾਂ ਉਹਦਾ ਨਾਂ ਹੈ
ਜਿਸਨੂੰ ਲਿਆਂ ਮੂੰਹ ਮਿੱਠਾ ਹੋਵੇ
ਮਿੱਠੀ ਜਿਸਦੀ ਅੱਖਾਂ ਮੁੰਦ ਕੇ ਚੇਤੇ ਕਰਦਾਂ
ਤੇਹ ਅਪਣੇ ਆਪ ਨਾ’ ਗੱਲਾਂ ਕਰਨਾ ਹਉਮੈ ਹਰਨਾ
ਸੱਜਣ ਨੂੰ ਤੱਕਣਾ ਹੌਲ਼ੇ ਹੌਲ਼ੇ
ਤੇਹ ਹਵਾ ਨੂੰ ਪਾਈ ਜੱਫੀ
ਇਨ੍ਹਾਂ ਸਾਰੀਆਂ ਕਵਿਤਾਵਾਂ ਵਿਚ ਪੰਜਾਬੀ ਭਾਸ਼ਾ ਔਰਤ ਦੇ ਹਰ ਰੂਪ ਵਿਚ ਪੰਜਾਬੀ ਬੰਦੇ ਦੀ
ਬੰਦਿਆਈ ਲਭਦੀ ਹੈ। ਜਿਵੇਂ ਕਵੀ ਸਾਨੂੰ ਦੱਸਦਾ ਹੈ: ਬੰਦਿਆ, ਅਪਣੀ ਬੋਲੀ ਦੀ ਸ਼ਰਣ ਤੇ ਪ੍ਰੇਮ
ਬਾਝੋਂ ਇਸ ਦੁਨੀਆ ਵਿਚ ਤੇਰਾ ਹੋਰ
ਕੋਈ ਨਹੀਂ।
ਚੰਦਨ ਦੀ ਕਵਿਤਾ ਨੇ ਪੰਜਾਬੀ ਭਾਵੁਕ ਸੰਸਕ੍ਰਿਤੀ ਦੇ ਹੋਏ ਸਹਿਜ ਵਿਕਾਸ ਉੱਤੇ ਉੱਨ੍ਹੀਵੀਂ
ਸਦੀ ਦੇ ਅੰਤ ਵਿਚ ਬਸਤੀਵਾਦ ਦੀ ਲਾਈ ਵਰਜਨਾ ਨੂੰ ਤੋੜਿਆ ਹੈ। ਗੁਰੂ ਸਾਹਿਬਾਨ ਤੇ ਸੂਫ਼ੀ
ਬਾਬਿਆਂ ਦੀ ਬਾਣੀ ਇਸ ਕਵਿਤਾ ਦਾ ਪ੍ਰੇਰਣਾ-ਸ੍ਰੋਤ ਹੈ। ਇਸ ਤੋਂ ਇਹ ਵੀ ਪ੍ਰਤੱਖ ਹੈ ਕਿ
ਉਨ੍ਹਾਂ ਦੀਆਂ ਸਾਹਿਤਕ ਸੋਚਾਂ-ਜੁਗਤਾਂ ਸਾਡੇ ਵੇਲਿਆਂ ਚ ਵੀ ਓਨੀਆਂ ਹੀ ਨਵੀਂਆਂ ਹਨ।
ਅਮਰਜੀਤ ਚੰਦਨ ਨੇ ਇਹ ਕਵਿਤਾਵਾਂ ਰਚ ਕੇ ਪੰਜਾਬੀ ਬੋਲੀ ਦੇ ਸ਼ਬਦਾਂ ਦੀ ਤਸਵੀਰ, ਤਾਸੀਰ ਤੇ
ਤਕਦੀਰ ਮੁੱਢੋਂ-ਸੁੱਢੋਂ ਬਦਲ ਕੇ ਰਖ ਦਿੱਤੀ ਹੈ। ਇਹ ਇਹਦੀ ਸਦੀਵੀ ਪ੍ਰਾਪਤੀ ਹੈ, ਜੋ
ਇੱਕੀਵੀਂ ਸਦੀ ਵਿਚ ਸੋਚਵਾਨ ਲੇਖਕਾਂ ਦੀ ਪੰਜਾਬੀ ਭਾਸ਼ਾ ਤੇ ਕਵਿਤਾ ‘ਤੇ ਡੂੰਘਾ ਅਸਰ ਪਾਉਂਦੀ
ਰਹੇਗੀ।
-0-
|