...ਇੰਗਲੈਂਡ ਵਿਚ ਆਏ ਇੱਲੀਗਲ ਇਮੀਗਰਾਂਟਸ ਦੇ ਦਰਦ ਤੇ ਤ੍ਰਾਸਦੀ ਨੂੰ ਬਿਆਨ ਕਰਦੀ
ਇਕ ਨਜ਼ਮ
ਯਾਰ ਬੇਲੀ ਜੁੜਨਗੇ ਅੱਜ ਸ਼ਾਮ ਨੂੰ।
ਖ਼ਬਰੇ ਕਿੱਥੋਂ ਮੁੜਨਗੇ ਅੱਜ ਸ਼ਾਮ ਨੂੰ।
ਹੋਏ ਸੀ ਜੋ ਖ਼ੁਦ ਬਖ਼ੁਦ ਬੇਵਤਨੀਏ,
ਓਪਰੇ ਥਾਂ ਟੁਰਨਗੇ ਅੱਜ ਸ਼ਾਮ ਨੂੰ।
ਨੇਰ੍ਹਿਆਂ ਪਰਛਾਵਿਆਂ ਤੋਂ ਡਰਨਗੇ,
ਜਾਨ ਤਲ਼ੀਏਂ ਧਰਨਗੇ ਅੱਜ ਸ਼ਾਮ ਨੂੰ।
ਪੁਲਸ ਦੀ ਗੱਡੀ ਨੂੰ ਤੱਕਣਗੇ ਜਦੋਂ,
ਬੇਤਹਾਸ਼ਾ ਡਰਨਗੇ ਅੱਜ ਸ਼ਾਮ ਨੂੰ।
ਜ਼ਿੰਦਗ਼ੀ ਦੀ ਖ਼ੈਰ ਮੰਗਣ ਟੁਰੇ ਸੀ,
ਕਈ ਵੇਰਾਂ ਮਰਨਗੇ ਅੱਜ ਸ਼ਾਮ ਨੂੰ।
ਜਿਸ ਲਈ ਪੂਰਬ ਤੋਂ ਪੱਛਮ ਬਦਲਿਆ,
ਤਲ਼ੀ ‘ਤੇ ਹੱਥ ਧਰਨਗੇ ਅੱਜ ਸ਼ਾਮ ਨੂੰ।
ਪੀਣਗੇ ਪੈਮਾਨਿਆਂ ਚੋਂ ਤਲਖ਼ੀਆਂ,
ਜ਼ਖ਼ਮ ਅੱਲ੍ਹੇ ਭਰਨਗੇ ਅੱਜ ਸ਼ਾਮ ਨੂੰ।
ਸਾਗ਼ਰਾਂ ਦੇ ਕਹਿਰ ਤੋਂ ਤਾਂ ਬਚ ਗਏ,
ਗ਼ਮ ਦਾ ਸਾਗ਼ਰ ਤਰਨਗੇ ਅੱਜ ਸ਼ਾਮ ਨੂੰ।
ਵੇਖ਼ਕੇ ਹੱਥਾਂ ਦੇ ਛਾਲੇ ਰੋਣਗੇ,
ਰੇਤ ਵਾਂਗੂੰ ਭੁਰਨਗੇ ਅੱਜ ਸ਼ਾਮ ਨੂੰ।
ਠਰੇ ਹੋਏ ਹੱਡਾਂ ਨੂੰ ਸੇਕਣਗੇ ਜਦੋਂ,
ਗ਼ਮ ਦੀ ਭੱਠੀ ਸੜਨਗੇ ਅੱਜ ਸ਼ਾਮ ਨੂੰ।
ਹੱਸਣਗੇ ਚਗ਼ਲ਼ੇ ਲਤੀਫ਼ੇ ਸੁਣ ਸੁਣਾ,
ਅੱਖ਼ ਫ਼ਿਰ ਵੀ ਭਰਨਗੇ ਅੱਜ ਸ਼ਾਮ ਨੂੰ।
ਤੋੜਕੇ ਖ਼ਾਲੀ ਪਿਆਲੇ ਦੋਸਤੋ,
ਇੰਝ ਮਾਤਮ ਕਰਨਗੇ ਅੱਜ ਸ਼ਾਮ ਨੂੰ।
ਦੇਰ ਤੱਕ ਜਦ ਨੀਦ ਨਹੀਂਓ ਆੲਗੀ,
ਯਾਦ ਦੀ ਤੰਦ ਫ਼ੜਨਗੇ ਅੱਜ ਸ਼ਾਮ ਨੂੰ।
ਕਾਸ਼! ਅੱਜ ਸੁਪਨੇ ‘ਚ ਮਾਂ ਆਕੇ ਮਿਲ਼ੇ,
ਇਹ ਦੁਆਵਾਂ ਕਰਨਗੇ ਅੱਜ ਸ਼ਾਮ ਨੂੰ।
ਨਾ ਕੋਈ “ਸਾਥੀ”, ਨਾ ਮਹਿਰਮ ਇਸ ਜਗ੍ਹਾ,
ਤਨਹਾ ਤਨਹਾ ਮਰਨਗੇ ਅੱਜ ਸ਼ਾਂਮ ਨੂੰ।
-0-
|